ਤਾਜਾ ਖ਼ਬਰਾਂ


ਨਕਸਲੀਆਂ ਨਾਲ ਮੁੱਠਭੇੜ 'ਚ 1 ਜਵਾਨ ਸ਼ਹੀਦ , 5 ਜ਼ਖ਼ਮੀ
. . .  1 day ago
ਰਾਏਪੁਰ 18 ਮਾਰਚ - ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ 'ਚ ਸੀ ਆਰ ਪੀ ਐਫ ਦਾ ਇਕ ਜਵਾਨ ਹੋ ਸ਼ਹੀਦ ਗਿਆ ਅਤੇ 5 ਜਵਾਨ ਜ਼ਖ਼ਮੀ ਹੋਏ ਹਨ ।
ਅਫ਼ਗ਼ਾਨਿਸਤਾਨ : ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ 45 ਅੱਤਵਾਦੀ ਢੇਰ
. . .  1 day ago
ਮਾਸਕੋ, 18 ਮਾਰਚ- ਅਫ਼ਗ਼ਾਨਿਸਤਾਨ 'ਚ ਸੁਰੱਖਿਆ ਬਲਾਂ ਵੱਲੋਂ ਕੀਤੀ ਕਾਰਵਾਈ 'ਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ 45 ਤਾਲਿਬਾਨੀ ਅੱਤਵਾਦੀ ਢੇਰ ਹੋ ਗਏ ਹਨ। ਇਸ ਦੌਰਾਨ ਕਾਫੀ ਮਾਤਰਾ 'ਚ ਹਥਿਆਰ ਅਤੇ ਗੋਲਾ ...
ਦਾਂਤੇਵਾੜਾ 'ਚ ਹੋਏ ਆਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ
. . .  1 day ago
ਰਾਏਪੁਰ, 18 ਮਾਰਚ- ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਨਕਸਲੀਆਂ ਦੇ ਨਾਲ ਮੁੱਠਭੇੜ ਦੇ ਦੌਰਾਨ ਹੋਏ ਆਈ.ਈ.ਡੀ. ਧਮਾਕੇ 'ਚ ਸੀ.ਆਰ.ਪੀ.ਐਫ. ਦੇ 5 ਜਵਾਨ ਜ਼ਖਮੀ .....
ਕੱਲ੍ਹ ਹੋਵੇਗੀ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ
. . .  1 day ago
ਨਵੀਂ ਦਿੱਲੀ, 18 ਮਾਰਚ- ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਕੱਲ੍ਹ ਸ਼ਾਮ 5.30 ਵਜੇ ਦਿੱਲੀ 'ਚ ਹੋਵੇਗੀ। ਭਾਜਪਾ ਉਮੀਦਵਾਰਾਂ ਦੀ ਪਹਿਲੀ ਲਿਸਟ ਵੀ ਕੱਲ੍ਹ ਹੀ ਜਾਰੀ ਹੋ.....
ਪੰਜ ਤੱਤਾਂ 'ਚ ਵਿਲੀਨ ਹੋਏ ਮਨੋਹਰ ਪਾਰੀਕਰ
. . .  1 day ago
ਪਣਜੀ, 18 ਮਾਰਚ- ਗੋਆ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਰੱਖਿਆ ਮੰਤਰੀ ਰਹਿ ਚੁੱਕੇ ਮਨੋਹਰ ਪਾਰੀਕਰ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਬੇਟੇ .....
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫ਼ਿਕੇਸ਼ਨ ਜਾਰੀ
. . .  1 day ago
ਨਵੀਂ ਦਿੱਲੀ, 18 ਮਾਰਚ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ। ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀਆਂ ਚੋਣਾਂ ਲਈ...
20 ਮਾਰਚ ਨੂੰ ਹੋਵੇਗੀ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ ਦੀ ਅਗਲੀ ਸੁਣਵਾਈ
. . .  1 day ago
ਨਵੀਂ ਦਿੱਲੀ, 18 ਮਾਰਚ- ਸਮਝੌਤਾ ਐਕਸਪ੍ਰੈੱਸ 'ਚ ਹੋਏ ਧਮਾਕੇ ਦੇ ਮਾਮਲੇ 'ਚ ਪੰਚਕੂਲਾ ਸਥਿਤ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ 'ਚ ਅਗਲੀ ਸੁਣਵਾਈ 20 ਮਾਰਚ ਨੂੰ.....
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਨਾਭਾ, 18 ਮਾਰਚ (ਕਰਮਜੀਤ ਸਿੰਘ)- ਨਾਭਾ ਦੇ ਨੇੜੇ ਰੋਹਟੀ ਪੁਲ ਨਾਲ ਲੱਗਦੀ ਇੱਕ ਕਾਲੋਨੀ 'ਚ 20 ਸਾਲਾ ਵਿਜੇ ਕੁਮਾਰ ਨਾਮੀ ਇੱਕ ਨੌਜਵਾਨ ਨੇ ਪ੍ਰੇਮ ਸੰਬੰਧਾਂ 'ਚ ਅਸਫਲ ਰਹਿੰਦੀਆਂ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਖ਼ੁਦਕੁਸ਼ੀ ਕਰਨ ਤੋਂ...
ਪਟਿਆਲਾ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
. . .  1 day ago
ਪਟਿਆਲਾ, 18 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਟਿਆਲਾ ਪਹੁੰਚੇ ਹਨ । ਇੱਥੇ ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਵਿਸ਼ੇਸ਼ .....
ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਲੱਗੀ ਅੱਗ, ਇੱਕ ਬੱਚੇ ਦੀ ਮੌਤ ਅਤੇ ਦੋ ਗੰਭੀਰ ਜ਼ਖ਼ਮੀ
. . .  1 day ago
ਨੂਰਪੁਰ ਬੇਦੀ 18 ਮਾਰਚ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਟਰੱਕ ਯੂਨੀਅਨ ਦੇ ਨਾਲ ਲੱਗਦੀ ਇੱਕ ਦਲਿਤ ਬਸਤੀ 'ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਚ ਅੱਜ ਅੱਗ ਲੱਗਣ ਕਾਰਨ ਇੱਕ ਪੰਜ ਸਾਲਾ ਲੜਕੇ ਦੀ ਮੌਤ ਹੋ ਗਈ, ਜਦਕਿ ਦੋ ਬੱਚੇ ਗੰਭੀਰ ਰੂਪ ਨਾਲ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਫ਼ਲਦਾਰ ਬੂਟਿਆਂ ਦਾ ਕਿਵੇਂ ਕਰੀਏ ਠੰਢ ਅਤੇ ਕੋਰੇ ਤੋਂ ਬਚਾਅ


ਆਮ ਤੌਰ 'ਤੇ ਦਸੰਬਰ-ਜਨਵਰੀ ਤੋਂ ਲੈ ਕੇ ਫਰਵਰੀ ਦੇ ਮੱਧ ਤੱਕ ਕੜਾਕੇ ਦੀ ਠੰਢ ਅਤੇ ਕੋਰਾ ਪੈਂਦਾ ਹੈ ਪਰ ਕਈ ਵਾਰ ਫਰਵਰੀ ਦੇ ਅੰਤ ਵਿਚ ਵੀ ਕੋਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਵੇਂ ਲਾਏ ਬਾਗ਼ਾਂ 'ਤੇ ਘੱਟ ਤਾਪਮਾਨ ਅਤੇ ਕੋਰੇ ਦਾ ਬਹੁਤ ਮਾੜਾ ਅਸਰ ਹੁੰਦਾ ਹੈ। ਪਤਝੜੀ ਫਲਦਾਰ ਰੁੱਖ (ਨਾਸ਼ਪਤੀ ਆੜੂ, ਅਲੂਚਾ, ਅੰਗੂਰ ਆਦਿ) ਤਾਪਮਾਨ ਡਿਗਣ 'ਤੇ ਆਪਣੇ ਪੱਤੇ ਝਾੜ ਕੇ ਸਥਿਲ ਅਵਸਥਾ ਵਿਚ ਆ ਜਾਂਦੇ ਹਨ ਅਤੇ ਠੰਢ ਸਹਾਰਨ ਦੀ ਸਮਰਥਾ ਰੱਖਦੇ ਹਨ, ਜਦੋਂ ਕਿ ਸਦਾਬਹਾਰ (ਨਿੰਬੂ ਜਾਤੀ, ਅਮਰੂਦ, ਅੰਬ ਆਦਿ) ਬੂਟੇ ਆਪਣੇ ਪੱਤੇ ਨਹੀਂ ਝਾੜਦੇ ਪਰ ਇਨ੍ਹਾਂ ਦਾ ਵਾਧਾ ਸਰਦੀ ਵਿਚ ਰੁਕ ਜਾਂਦਾ ਹੈ।
ਠੰਢ ਅਤੇ ਕੋਰੇ ਤੋਂ ਹੋਣ ਵਾਲੇ ਨੁਕਸਾਨ : ਡਿਗਰੀ ਤੋਂ ਥੱਲੇ ਤਾਪਮਾਨ, ਖੁਸ਼ਕ ਹਵਾ ਅਤੇ ਕੋਰਾ ਫ਼ਲਦਾਰ ਬੂਟਿਆਂ 'ਤੇ ਬਹੁਤ ਮਾੜਾ ਪ੍ਰਭਾਵ ਪਾਉਂਦੇ ਹਨ। ਫ਼ਲ ਉਤਪਾਦਕਾਂ ਨੂੰ ਨਵਂੇ ਲਾਏ ਬਾਗ਼ਾਂ ਦਾ ਠੰਢ ਵਿਚ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿੳਂਕਿ ਛੋਟੇ ਬੂਟਿਆਂ ਦੀਆਂ ਕੋਸ਼ਿਕਾਵਾਂ ਵਿਚ ਠੰਢ ਕਾਰਨ ਬਰਫ ਜੰਮ ਜਾਂਦੀ ਹੈ ਅਤੇ ਬੂਟੇ ਦੇ ਵੱਖ-ਵੱਖ ਹਿੱਸੇ ਜ਼ਖ਼ਮੀ ਵੀ ਹੋ ਸਕਦੇ ਹਨ। ਸਿਹਤਮੰਦ ਬੂਟੇ ਠੰਢ ਅਤੇ ਕੋਰੇ ਨੂੰ ਸਹਾਰਨ ਦੀ ਸਮਰੱਥਾ ਰੱਖਦੇ ਹਨ ਅਤੇ ਇਨ੍ਹਾਂ ਵਿਚ ਮੁੜ ਤੋਂ ਰਸਾ ਚਲ ਪੈਂਦਾ ਹੈ। ਲਗਾਤਾਰ 24 ਘੰਟੇ ਜਾਂ ਇਸ ਤੋਂ ਵਧ ਸਮੇਂ ਲਈ 2 ਡਿਗਰੀ ਜਾਂ ਘਟ ਤਾਪਮਾਨ ਫ਼ਲਦਾਰ ਰੁੱਖਾਂ ਦੀਆਂ ਡੰਡੀਆਂ ਨੂੰ ਨੁਕਸਾਨ ਕਰ ਸਕਦਾ ਹੈ ਜਿਸ ਦਾ ਝਾੜ 'ਤੇ ਸਿੱਧਾ ਅਸਰ ਹੁੰਦਾ ਹੈ। ਕੜਾਕੇ ਦੀ ਠੰਢ ਬੂਟਿਆਂ ਦੇ ਨਵਂੇ ਫੁਟਾਰੇ ਲਈ ਸਭ ਤੋਂ ਵੱਧ ਨੁਕਸਾਨਦਾਇਕ ਹੁੰਦੀ ਹੈ। ਨਾਜ਼ੁਕ ਪੱਤੇ ਅਤੇ ਕਰੂੰਬਲਾਂ ਠੰਢ ਵਿਚ ਮਰ ਜਾਂਦੀਆਂ ਹਨ। ਬੂਟਿਆਂ ਦੀਆਂ ਟਾਹਣੀਆਂ ਅਤੇ ਤਣੇ ਦੀ ਛਿਲ ਸੁੱਕ ਕੇ ਪਾਟਣ ਲਗ ਜਾਂਦੀ ਹੈ। ਬੂਟਿਆਂ ਦੀ ਠੰਢ ਅਤੇ ਕੋਰੇ ਨੂੰ ਸਹਾਰਨ ਦੀ ਸਮਰੱਥਾ ਹੋਰ ਵੀ ਕਈ ਗੱਲਾਂ 'ਤੇ ਨਿਰਭਰ ਕਰਦੀ ਹੈ ਜਿਵਂੇ ਕਿ ਬੂਟੇ ਦੀ ਕਿਸਮ, ਉਮਰ, ਸਿਹਤ, ਉਸ ਜਗ੍ਹਾ ਦਾ ਪੌਣ-ਪਾਣੀ ਅਤੇ ਮਿੱਟੀ ਦੀ ਸਿਹਤ ਆਦਿ। ਪਪੀਤਾ, ਕੇਲਾ, ਆਂਵਲਾ ਆਦਿ ਫ਼ਲਦਾਰ ਬੂਟੇ ਠੰਢ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਨਿੰਬੂ ਜਾਤੀ ਵਿਚ ਕਾਗਜ਼ੀ ਨਿੰਬੂ ਦੀ ਕੋਰੇ ਨੂੰ ਸਹਾਰਨ ਦੀ ਸਮਰੱਥਾ ਸਭ ਤੋਂ ਘੱਟ ਹੈ। ਸੰਗਤਰਾ, ਕਿੰਨੂ, ਮਾਲਟਾ ਆਦਿ ਕੋਰੇ ਦਾ ਜ਼ਿਆਦਾ ਵਧੀਆ ਸਾਹਮਣਾ ਕਰ ਸਕਦੇ ਹਨ। ਬੂਟਿਆਂ ਨੂੰ ਕੋਰੇ ਦੀ ਮਾਰ ਤੋਂ ਬਚਾਉਣ ਲਈ ਉਪਾਅ : ਨਵੇਂ ਲਾਏ ਬਾਗ਼ਾਂ ਵਿਚ ਬੂਟਿਆਂ ਨੂੰ ਠੰਢ ਤੇ ਕੋਰੇ ਤੋਂ ਬਚਾਉਣ ਲਈ ਝੋਨੇ ਦੀ ਪਰਾਲੀ ਜਾਂ ਸਰਕੰਡੇ ਦੀਆਂ ਬਣੀਆਂ ਕੁਲੀਆਂ ਨਾਲ ਢਕ ਕੇ ਬਚਾਅ ਕਰਨਾ ਚਾਹੀਦਾ ਹੈ। ਬੂਟਿਆਂ ਨੂੰ ਦਖਣ-ਪੂਰਬ ਦਿਸ਼ਾ ਵਿਚ ਖੁੱਲ੍ਹਾ ਰੱਖਣਾ ਚਾਹੀਦਾ ਹੈ ਤਾਂ ਜੋ ਸੂਰਜ ਦੀ ਰੌਸ਼ਨੀ ਸਹੀ ਤਰ੍ਹਾਂ ਮਿਲ ਸਕੇ। ਫ਼ਲਦਾਰ ਬੂਟਿਆਂ ਦੀ ਨਰਸਰੀ ਨੂੰ ਛੌਰਾ ਕਰਕੇ ਠੰਢ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ। ਜੇ ਸਰਕੰਡਾ ਉਪਲਬੱਧ ਨਾ ਹੋਵੇ ਤਾਂ ਬੂਟਿਆਂ ਨੁੰ ਮੋਮਜਾਮੇ ਦੀ ਪਾਰਦਰਸ਼ੀ ਸ਼ੀਟ ਨਾਲ ਢਕਿਆ ਜਾ ਸਕਦਾ ਹੈ ਅਤੇ ਦੱਖਣ-ਪੂਰਬ ਵਲੋਂ ਹਵਾ ਅਤੇ ਧੁੱਪ ਲਈ ਖੁੱਲ੍ਹਾ ਰੱਖਣਾ ਚਾਹੀਦਾ ਹੈ।
ਕੋਰੇ ਦੀ ਸੰਭਾਵਨਾ ਤੋਂ ਕੁਝ ਚਿਰ ਪਹਿਲਾਂ ਸੁੱਕੇ ਪੱਤੇ, ਟਾਹਣੀਆਂ ਅਤੇ ਫੂਸ ਨੂੰ ਬਾਗ਼ ਵਿਚ ਜਲਾ ਕੇ ਧੂੰਆਂ ਪੈਦਾ ਕਰਨ ਨਾਲ ਬੂਟਿਆਂ ਦੇ ਨੇੜੇ ਨਿੱਘ ਦੀ ਇਕ ਨਿਰੰਤਰ ਪਰਤ ਜਿਹੀ ਬਣੀ ਰਹਿੰਦੀ ਹੈ ਜੋੋ ਬੂਟਿਆਂ ਨੂੰ ਨਿੱਘ ਦੇਣ ਅਤੇ ਠੰਢ ਤੋਂ ਰੋਕਣ ਵਿਚ ਬਹੁਤ ਅਸਰਦਾਰ ਸਾਬਿਤ ਹੁੰਦੀ ਹੈ।
ਸਰਦੀਆਂ ਵਿਚ ਖਾਸ ਕਰ ਜਦੋਂ ਕੋਰੇ ਦੀ ਸੰਭਾਵਨਾ ਹੋਵੇ, ਬੂਟਿਆਂ ਨੂੰ ਘੱਟ ਵਕਫੇ 'ਤੇ ਪਤਲਾ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ ਕਿਉਂਕਿ ਅਚਾਨਕ ਤਾਪਮਾਨ ਡਿੱਗਣ ਤੇ ਮਿੱਟੀ ਵਿਚਲੀ ਨਮੀ ਜੜ੍ਹਾਂ ਨੂੰ ਬਾਹਰੀ ਤਾਪਮਾਨ ਨਾਲੋਂ 1-2 ਡਿਗਰੀ ਤੱਕ ਨਿੱਘਾ ਰੱਖਦੀ ਹੈ ਅਤੇ ਠੰਢ ਦੇ ਨੁਕਸਾਨ ਤੋਂ ਬਚਣ ਲਈ ਮਦਦਗਾਰ ਹੁੰਦੀ ਹੈ। ਠੰਢੀ ਹਵਾ ਭਾਰੀ ਹੋਣ ਕਾਰਨ ਜ਼ਮੀਨ ਦੀ ਸਤਹਿ 'ਤੇ ਬੂਟਿਆਂ ਦੇ ਨੇੜੇ ਹੁੰਦੀ ਹੈ ਅਤੇ ਰੁੱਖਾਂ ਦੀਆਂ ਟਾਹਣੀਆਂ ਅਤੇ ਤਣੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਬੂਟਿਆਂ ਦੀ ਠੰਢ ਤੋਂ ਸੁਰੱਖਿਆ ਲਈ ਤਣੇ ਨੂੰ ਬੋਰਿਆਂ ਅਤੇ ਘਾਹ ਫੂੁਸ ਨਾਲ ਲਪੇਟ ਦੇਣਾ ਚਾਹੀਦਾ ਹੈ। ਹਵਾ ਰੋਕੂ ਵਾੜ ਬੂਟਿਆਂ ਨੂੰ ਸੀਤ ਲਹਿਰ ਤੋਂ ਬਚਾਉਣ ਵਿਚ ਸਹਾਈ ਹੁੰਦੀ ਹੈ। ਇਹ ਵਾੜ ਬਾਗ਼ ਦੀ ਉੱਤਰ-ਪੱਛਮੀ ਦਿਸ਼ਾ ਵਿਚ ਲਗਾਈ ਜਾ ਸਕਦੀ ਹੈ। ਸਫੈਦਾ, ਪੋਪਲਰ, ਅੰਬ, ਅਰਜਨ ਆਦਿ ਹਵਾ ਰੋਧਕ ਵਾੜ ਲਈ ਬਾਗ਼ ਦੇ ਦੁਆਲੇ ਲਾਏ ਜਾਂਦੇ ਹਨ।
ਪਪੀਤਾ, ਕੇਲਾ ਵਰਗੇ ਫਲ ਸਰਦੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਇਸ ਲਈ ਕੋਰੇ ਦੇ ਦਿਨਾਂ ਵਿਚ ਰੁੱਖਾਂ ਦੇ ਫਲਾਂ ਨੂੰ ਮੋਮਜਾਮੇ ਨਾਲ ਉਪਰੋਂ ਢਕ ਦੇਣਾ ਚਾਹੀਦਾ ਹੈ ਤੇ ਥੱਲੇ ਵਾਲੇ ਹਿੱਸੇ ਨੂੰ ਹਵਾ ਲਗਣ ਲਈ ਖੁੱਲ੍ਹਾ ਰੱਖਣਾ ਚਾਹੀਦਾ ਹੈ।
ਬੂਟਿਆਂ ਦੀ ਚੰਗੀ ਸਿਹਤ ਠੰਢ ਦੇ ਬੁਰੇ ਪ੍ਰਭਾਵਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਬਹੁਤ ਘਟਾ ਸਕਦੀ ਹੈ। ਸਹੀ ਸਮੇਂ ਤੇ ਖਾਦਾਂ, ਪਾਣੀ ਅਤੇ ਪੌਦ ਸੁਰੱਖਿਆ ਦੇ ਢੰਗ ਅਪਣਾ ਕੇ ਬੂਟੇ ਤੰਦਰੁਸਤ ਰਹਿੰਦੇ ਹਨ। ਕਮਜ਼ੋਰ ਬੂਟਿਆਂ ਦੀ ਸਹੀ ਢੰਗ ਨਾਲ ਸਿਧਾਈ ਅਤੇ ਕਾਂਟ ਛਾਂਟ ਇਨ੍ਹਾਂ ਦਾ ਢਾਂਚਾ ਮਜ਼ਬੂਤ ਬਣਾਉਂਦੀ ਹੈ ਅਤੇ ਫਲ ਦੀ ਗੁਣਵੱਤਾ ਅਤੇ ਝਾੜ ਵਿਚ ਵਾਧਾ ਕਰਦੀ ਹੈ। ਕੋਰੇ ਨਾਲ ਪ੍ਰਭਾਵਿਤ ਬੂਟਿਆਂ ਦੇ ਨੁਕਸਾਨ ਹੋਏ ਹਿੱਸਿਆਂ ਨੂੰ ਛਾਂਗ ਕੇ ਅਤੇ ਬੋਰਡੋ ਮਿਸ਼ਰਣ (2:2:255) ਦਾ ਸਪਰੇਅ ਕਰਕੇ ਬੂਟੇ ਨੂੰ ਆਉਣ ਵਾਲੀ ਬਹਾਰ ਰੁੱਤ ਵਿਚ ਬਿਮਾਰੀਆਂ ਲੱਗਣ ਤੋਂ ਬਚਾਇਆ ਜਾ ਸਕਦਾ ਹੈ। 'ਸੌ ਹੱਥ ਰੱਸਾ, ਸਿਰੇ 'ਤੇ ਗੰਢ' ਬਾਗ਼ਬਾਨੀ ਲੰਮੇ ਸਮਂੇ ਦਾ ਕਿੱਤਾ ਹੈ ਅਤੇ ਸ਼ੁਰੂ ਵਿਚ ਕੀਤੀਆਂ ਗ਼ਲਤੀਆਂ ਆਉਣ ਵਾਲੇ ਸਮੇਂ ਵਿਚ ਬਹੁਤ ਨੁਕਸਾਨਦਾਇਕ ਸਾਬਿਤ ਹੋ ਸਕਦੀਆਂ ਹਨ। ਇਸ ਲਈ ਨਵਾਂ ਬਾਗ਼ ਲਾਉਣ ਸਮੇਂ ਫਲ ਉਤਪਾਦਕਾਂ ਨੂੰ ਫਲਦਾਰ ਬੂਟੇ ਦੀ ਚੋਣ ਇਲਾਕੇ ਦੇ ਪੌਣ ਪਾਣੀ ਅਤੇ ਉਸ ਖੇਤਰ ਵਿਚ ਬੂਟੇ ਦੇ ਵਧਣ-ਫੁੱਲਣ ਅਤੇ ਚੰਗਾ ਉਤਪਾਦਨ ਦੇਣ ਦੀ ਸਮਰੱਥਾ ਨੂੰ ਧਿਆਨ ਵਿਚ ਰੱਖ ਕੇ ਕਰਨੀ ਚਾਹੀਦੀ ਹੈ ਤਾਂ ਜੋ ਬਾਗ਼ ਤੋਂ ਵੱਧ ਤੋਂ ਵੱਧ ਮੁਨਾਫਾ ਲਿਆ ਜਾ ਸਕੇ। ਇਸ ਤੋਂ ਇਲਾਵਾ ਉਪਰੋਕਤ ਲਿਖੇ ਉਪਾਅ ਕਰਕੇ ਫਲ ਉਤਪਾਦਕ ਆਪਣੇ ਬੂਟਿਆਂ ਨੂੰ ਠੰਢ ਦੀ ਮਾਰ ਤੋਂ ਸੁਰੱਖਿਅਤ ਰੱਖ ਸਕਦੇ ਹਨ।


-ਫ਼ਲ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ


ਖ਼ਬਰ ਸ਼ੇਅਰ ਕਰੋ

ਬਹਾਰ ਰੁੱਤ ਦੀ ਮੱਕੀ ਦੀ ਸਫ਼ਲ ਕਾਸ਼ਤ ਅਤੇ ਪਾਣੀ ਦੀ ਬੱਚਤ ਲਈ ਉੱਤਮ ਤਕਨੀਕਾਂ

ਕਣਕ ਅਤੇ ਝੋਨੇ ਤੋਂ ਇਲਾਵਾ ਮੱਕੀ ਦੀ ਫ਼ਸਲ ਦੀ ਕਾਸ਼ਤ ਬਹੁਤ ਮਹੱਤਵਪੂਰਨ ਹੈ। ਇਸ ਦੀ ਕਾਸ਼ਤ ਸਾਰਾ ਸਾਲ ਵੱਖ-ਵੱਖ ਮੌਸਮਾਂ ਵਿਚ ਹੁੰਦੀ ਹੈ। ਮਨੁੱਖੀ ਅਤੇ ਪਸ਼ੂਆਂ ਦੀੇ ਖੁਰਾਕ ਤੋਂ ਇਲਾਵਾ ਇਸ ਦੀ ਉਦਯੋਗਿਕ ਮਹੱਤਤਾ ਵੀ ਬਹੁਤ ਵੱਧ ਰਹੀ ਹੈ। ਪੰਜਾਬ ਵਿਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਆਲੂ ਦੀ ਫ਼ਸਲ ਤੋਂ ਬਾਅਦ ਫ਼ਸਲੀ ਚੱਕਰ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਪਰ ਪੱਕਣ ਸਮਂੇ ਵਧੇਰੇ ਤਾਪਮਾਨ ਕਾਰਨ ਫ਼ਸਲ ਨੂੰ ਜ਼ਿਆਦਾ ਸਿੰਚਾਈ ਦੀ ਜ਼ਰੂਰਤ ਪੈਂਦੀ ਹੈ। ਫ਼ਸਲ ਦੀ ਸਮੇਂ ਸਿਰ, ਬੈੱਡਾਂ 'ਤੇ ਬਿਜਾਈ ਅਤੇ ਤੁਪਕਾ ਸਿੰਚਾਈ ਰਾਹੀਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਬਹਾਰ ਰੁੱਤ ਦੀ ਸਫ਼ਲ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀੇ ਵੱਲੋਂ ਸਿਫ਼ਾਰਸ਼ ਹੇਠ ਲਿਖੇ ਢੰਗ-ਤਰੀਕੇ ਅਪਨਾਉਣ ਦੀ ਲੋੜ ਹੈ:-
ਉੱਨਤ ਕਿਸਮਾਂ:- ਬਹਾਰ ਰੁੱਤ ਵਿਚ ਵਧੇਰੇ ਝਾੜ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਪੀ.ਐਮ.ਐਚ 10, ਪੀ.ਐਮ.ਐਚ 8, ਪੀ.ਐਮ.ਐਚ 7, ਪੀ.ਐਮ.ਐਚ 1 ਅਤੇ ਡੀ.ਕੇ.ਸੀ 9108 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ।
ਪੀ. ਐਮ. ਐਚ 10 : ਇਹ ਇਕਹਿਰੇ ਮੇਲ ਦੀ ਦੋਗਲੀ ਕਿਸਮ ਹੈ। ਇਸ ਦਾ ਕੱਦ ਦਰਮਿਆਨਾ ਅਤੇ ਛੱਲੀਆਂ ਦਰਮਿਆਨੀ ਉਚਾਈ 'ਤੇ ਲੱਗਦੀਆਂ ਹਨ। ਇਸ ਦੇ ਪੱਤੇ ਚੌੜੇ ਹੁੰਦੇ ਹਨ। ਬਾਬੂ ਝੰਡੇ ਅੱਧ ਖੁੱਲ੍ਹੇ ਅਤੇ ਪਰਾਗ ਥੈਲੀਆਂ ਹਰੇ ਰੰਗ ਦੀਆਂ ਹੁੰਦੀਆਂ ਹਨ। ਇਸ ਦੇ ਸੂਤ ਦਾ ਰੰਗ ਗੁਲਾਬੀ ਹੁੰਦਾ ਹੈ। ਛੱਲੀਆਂ ਦਰਮਿਆਨੀਆਂ ਲੰਬੀਆਂ ਅਤੇ ਦਾਣੇ ਗੋਲ ਦਿਲਖਿੱਚਵੇਂ ਸੰਤਰੀ ਰੰਗ ਦੇ ਹੁੰਦੇ ਹਨ। ਇਹ ਤਕਰੀਬਨ 120 ਦਿਨਾਂ ਵਿਚ ਪੱਕਦੀ ਹੈ ਅਤੇ ਇਸ ਦਾ ਔਸਤ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ।
ਡੀ. ਕੇ. ਸੀ 9108 : ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ, ਜਿਸ ਉਤੇ ਛੱਲੀਆਂ ਘੱਟ ਉਚਾਈ 'ਤੇ ਲੱਗਦੀਆਂ ਹਨ। ਇਸ ਦੇ ਪੱਤੇ ਚੌੜੇ ਅਤੇ ਖੜ੍ਹਵੇ ਹੁੰਦੇ ਹਨ। ਬਾਬੂ ਝੰਡੇ ਹਲਕੇ ਅਤੇ ਦਰਮਿਆਨ ਖੁੱਲ੍ਹੇ ਹੁੰਦੇ ਹਨ। ਪਰਾਗ ਥੈਲੀਆਂ ਅਤੇ ਸੂਤ ਦਾ ਰੰਗ ਹਰਾ ਹੁੰਦਾ ਹੈ। ਛੱਲੀਆਂ ਦਰਮਿਆਨੇ ਆਕਾਰ ਦੀਆਂ ਹੁੰਦੀਆਂ ਹਨ। ਇਸ ਦੇ ਦਾਣੇ ਮੱਧਮ ਪੀਲੇ ਰੰਗ ਦੇ ਲੰਬੇ, ਪਤਲੇ ਅਤੇ ਅੱਧ ਚਿੱਬੇ ਹੁੰਦੇ ਹਨ। ਇਹ ਤਕਰੀਬਨ 122 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 32.0 ਕੁਇੰਟਲ ਪ੍ਰਤੀ ਏਕੜ ਹੈ।
ਪੀ. ਐਮ. ਐਚ 8 : ਇਸ ਦੋਗਲੀ ਕਿਸਮ ਦੇ ਪੌਦੇ ਦਰਮਿਆਨੇ ਉੱਚੇ ਅਤੇ ਛੱਲੀਆਂ ਦਰਮਿਆਨੀ ਉਚਾਈ 'ਤੇ ਲੱਗਦੀਆਂ ਹਨ। ਪੱਤੇ ਦਰਮਿਆਨੇ ਚੌੜੇ ਅਤੇ ਮੁੜੇ ਹੋਏ ਹੁੰਦੇ ਹਨ। ਇਸ ਦਾ ਬਾਬੂ ਝੰਡਾ ਖੁੱਲ੍ਹਾ ਹੁੰਦਾ ਹੈ ਅਤੇ ਸ਼ਾਖਾਵਾਂ ਹੇਠਾਂ ਵੱਲ ਨੂੰ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਪਰਾਗ ਥੈਲੀਆਂ ਅਤੇ ਸੂਤ ਹਰੇ ਰੰਗ ਦੇ ਹੁੰਦੇ ਹਨ। ਛੱਲੀਆਂ ਦਰਮਿਆਨੇ ਅਕਾਰ ਦੀਆਂ ਅਤੇ ਦਾਣੇ ਗੋਲ ਸੰਤਰੀ ਰੰਗ ਦੇ ਹੁੰਦੇ ਹਨ। ਇਹ ਕਿਸਮ 117 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਕਿਸਮ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਹੈ।
ਪੀ. ਐਮ. ਐਚ 7 : ਇਸ ਦਾ ਕੱਦ ਦਰਮਿਆਨਾ ਅਤੇ ਛੱਲੀਆਂ ਦਰਮਿਆਨੀ ਉਚਾਈ 'ਤੇ ਲੱਗਦੀਆਂ ਹਨ। ਇਸ ਦੇ ਬਾਬੂ ਝੰਡੇ ਪੂਰੀ ਤਰ੍ਹਾਂ ਖੁੱਲ੍ਹੇ ਅਤੇ ਸ਼ਾਖਾਂ ਹੇਠਾਂ ਨੂੰ ਝੁਕੀਆਂ ਹੁੰਦੀਆਂ ਹਨ। ਪਰਾਗ ਥੈਲੀਆ ਅਤੇ ਗਲੂਮ ਦਾ ਰੰਗ ਹਰਾ ਹੁੰਦਾ ਹੈ। ਸੂਤ ਦਾ ਰੰਗ ਗੱਠ ਵਿਚੋਂ ਨਿਕਲਣ ਸਮੇਂ ਹਰਾ ਹੁੰਦਾ ਹੈ। ਬੂਰ ਝੜਨ ਅਤੇ ਸੂਤ ਕੱਤਣ ਦਾ ਸਮਾਂ ਮੇਲ ਖਾਂਦਾ ਹੈ। ਛੱਲੀਆਂ ਦਰਮਿਆਨੇ ਆਕਾਰ ਦੀਆਂ ਹੁੰਦੀਆਂ ਹਨ। ਦਾਣਿਆਂ ਦਾ ਰੰਗ ਗੂੜ੍ਹਾ ਸੰਤਰੀ ਹੁੰਦਾ ਹੈ। ਇਹ ਕਿਸਮ 115 ਦਿਨਾਂ ਵਿਚ ਪੱਕਦੀ ਹੈ। ਇਸ ਦਾ ਔਸਤ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਕਣਕ ਵਿਚ ਕੀੜਿਆਂ ਦੀ ਸਮੱਸਿਆ ਤੇ ਰੋਕਥਾਮ

ਕਣਕ ਪੰਜਾਬ 'ਚ ਸਾਡਾ ਸੁਨਹਿਰੀ ਅੰਨ ਭੋਜਨ ਹੈ। ਮੱਕੀਤੋਂ ਬਾਅਦ ਇਹ ਦੁਨੀਆਂ ਭਰ ਵਿਚ ਦੂਸਰੀ ਵੱਡੀਅਨਾਜ ਫ਼ਸਲਗਿਣੀ ਜਾਂਦੀ ਹੈ। ਤੀਸਰੇ ਪੱਧਰ 'ਤੇ ਚੌਲ ਦੀ ਫ਼ਸਲ ਆਉਂਦੀ ਹੈ। ਕਣਕ (ਅਨਾਜ)ਆਟਾਬਣਾਉਣ ਲਈ ਵਰਤੀ ਜਾਂਦੀ ਹੈ ਜੋ ਇਕ ਮਨਭਾਉਂਦਾ ਖਾਣਾ ਹੈ, ਜਾਨਵਰਾਂ ਦੀ ਖੁਰਾਕ ਲਈ ਵਰਤੀ ਜਾਂਦੀ ਹੈ ਅਤੇਬੀਅਰਕੱਢਣ ਵਿਚ ਇਕ ਜ਼ਰੂਰੀ ਅੰਗ ਦੇ ਤੌਰ 'ਤੇ ਵਰਤੀ ਜਾਂਦੀ ਹੈ। ਛਿਲਕਾ ਵਖਰਾ ਕਰ ਕੇ ਛਾਣਬੂਰਾ ਪੀਹ ਕੇ ਵੀ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਕਣਕ ਦੀ ਬਿਜਾਈ ਹਰੇ ਜਾਂ ਸੁੱਕੇਚਾਰੇਦੇ ਤੌਰ 'ਤੇ ਵਰਤੋਂ ਲਈ ਵੀ ਕੀਤੀ ਜਾਂਦੀ ਹੈ। ਅੱਜਕਲ ਕਣਕ ਹਾੜ੍ਹੀ ਦੀ ਮੁੱਖ ਫ਼ਸਲ ਬੀਜੀ ਜਾ ਰਹੀ ਹੈ ਤੇ ਕਈਆਂ ਨੇ ਵਕਤ ਸਿਰ ਇਹ ਕੰਮ ਨੇਪਰੇ ਚਾੜ੍ਹ ਵੀ ਦਿਤਾ ਹੈ। ਦੇਸ਼ ਦੀ ਆਰਥਿਕ ਤਰੱਕੀ ਵਿਚ ਕਣਕ ਦੀ ਫ਼ਸਲ ਬਹੁਤ ਅਹਿਮ ਯੋਗਦਾਨ ਪਾਉਂਦੀ ਹੈ। ਇਹ ਹਰ ਭੁੱਖੇ ਪੇਟ ਨੂੰ ਭਰਦੀ ਹੈ। ਕੀੜਿਆਂ ਦੀ ਕੋਈ ਗੰਭੀਰ ਸਮੱਸਿਆ ਪਹਿਲਾਂ ਕਣਕ ਵਿਚ ਨਹੀਂ ਸੀ। ਕਾਸ਼ਤ ਅਤੇ ਰੱਖ-ਰਖਾਵ ਕਰਨ ਦੀਆਂ ਤਕਨੀਕਾਂ ਦੇ ਬਦਲਣ ਨਾਲ ਕੁਝ ਸਾਲਾਂ ਦੌਰਾਨ ਕਣਕ ਉੱਪਰ ਹਮਲਾ ਕਰਨ ਵਾਲੇ ਕੀੜਿਆਂ ਦੀ ਗਿਣਤੀ ਵੀ ਵਧੀ ਹੈ। ਕਿਸਾਨ ਆਪਣੀ ਫ਼ਸਲ ਉੱਪਰ ਹਮਲਾ ਕਰਨ ਵਾਲੇ ਕੀੜਿਆਂ ਦੀ ਸਹੀ ਪਛਾਣ ਕਰ ਲੈਣ ਇਹ ਜ਼ਰੂਰੀ ਹੈ। ਕੀੜਿਆਂ ਤੋਂ ਹੋਣ ਵਾਲੇ ਨੁਕਸਾਨ ਦਾ ਅਨੁਮਾਨ ਲਗਾ ਸਕਣ, ਫ਼ਸਲ 'ਤੇ ਘੱਟ ਤੋਂ ਘੱਟ ਕੀਟਨਾਸ਼ਕਾਂ ਦਾ ਛਿੜਕਾਅ ਕਰ ਕੇ ਚੰਗਾ ਝਾੜ ਲਿਆ ਜਾ ਸਕੇ ਇਹ ਸਾਰੀ ਜਾਣਕਾਰੀ ਪਹਿਲਾਂ ਹੀ ਲਾਹੇਵੰਦ ਰਹੇਗੀ।
ਕਣਕ ਨੂੰ ਲੱਗਣ ਵਾਲੇ ਮੁੱਖ ਕੀੜੇ
ਕਣਕ ਦੀਆਂ ਜੜ੍ਹਾਂ 'ਤੇ ਸਿਉਂਕ ਦਾ ਹਮਲਾ : ਸਿਉਂਕ ਦਾ ਹਮਲਾ ਫ਼ਸਲ ਉੱਗਣ ਤੋਂ 3-5 ਹਫ਼ਤੇ ਬਾਅਦ ਅਤੇ ਫਿਰ ਆਮ ਤੌਰ 'ਤੇ ਪੱਕਣ ਦੇ ਨੇੜੇ ਦਿਖਾਈ ਦਿੰਦਾ ਹੈ। ਇਹ ਜੜ੍ਹਾਂ ਅਤੇ ਜ਼ਮੀਨ ਹੇਠਲੇ ਹਿੱਸੇ ਨੂੰ ਖਾਂਦੀ ਹੈ। ਬੂਟਾ ਮੁਰਝਾ ਕੇ ਸੁੱਕ ਜਾਂਦਾ ਹੈ। ਜਿੱਥੇ ਬੂਟੇ ਮਰ ਜਾਂਦੇ ਹਨ, ਉੱਥੋਂ ਜ਼ਮੀਨ ਖ਼ਾਲੀ ਹੋ ਜਾਂਦੀ ਹੈ। ਖੇਤ ਵਿਚ ਬੂਟਿਆਂ ਦੀ ਗਿਣਤੀ ਘਟ ਜਾਂਦੀ ਹੈ ਜਿਸ ਕਾਰਨ ਝਾੜ ਘਟ ਜਾਂਦਾ ਹੈ। ਹਮਲਾ ਹੋਏ ਬੂਟੇ ਦੇ ਥੱਲੇ ਤੇ ਆਲੇ-ਦੁਆਲੇ ਸਿਉਂਕ ਦੇਖੀ ਜਾ ਸਕਦੀ ਹੈ। ਪੱਕਣ ਸਮੇਂ ਹਮਲੇ ਨਾਲ ਬੂਟੇ ਦਾ ਸਿੱਟਾ ਵੀ ਸੁੱਕ ਜਾਂਦਾ ਹੈ। ਬੂਟੇ ਨੂੰ ਖਿੱਚਣ 'ਤੇ ਸਾਰਾ ਬੂਟਾ ਹੀ ਉੱਖੜ ਜਾਂਦਾ ਹੈ।
ਸਿਉਂਕ ਦੀ ਰੋਕਥਾਮ: ਖੇਤੀ ਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਬੀਜ ਨੂੰ ਕੀਟਨਾਸ਼ਕਾਂ ਨਾਲ ਸੋਧਣ ਤੋਂ ਬਾਅਦ ਉਲੀਨਾਸ਼ਕਾਂ ਨਾਲ ਵੀ ਸੋਧਣਾ ਜ਼ਰੂਰੀ ਹੈ।
ਕਿਸਾਨਾਂ ਲਈ ਵਾਧੂ ਜਾਣਕਾਰੀ: ਸਿਉਂਕ ਦੀ ਰੋਕਥਾਮ ਲਈ ਵਰਤੀਆਂ ਗਈਆਂ ਜ਼ਹਿਰਾਂ ਹੀ ਗੁੱਝੀਆ ਭੂੰਡੀ ਅਤੇ ਜੜ੍ਹਾਂ ਦੇ ਚੇਪੇ ਨੂੰ ਵੀ ਠੱਲ ਪਾ ਦਿੰਦੀਆਂ ਹਨ।
ਕਣਕ ਦਾ ਚੇਪਾ ਤੇ ਰੋਕਥਾਮ: ਹਰੇ ਭੂਰੇ ਜਾਂ ਕਾਲੇ ਰੰਗ ਦੇ ਛੋਟੇ-ਛੋਟੇ ਇਹ ਜੀਵ ਹੁੰਦੇ ਹਨ। ਫ਼ਸਲ ਦੇ ਪੱਤਿਆਂ ਅਤੇ ਸਿੱਟਿਆਂ ਵਿਚੋਂ ਰਸ ਚੂਸਦੇ ਹਨ। ਹਮਲਾ ਜ਼ਿਆਦਾ ਹੋਣ 'ਤੇ ਫ਼ਸਲ ਪੀਲੀ ਪੈ ਜਾਂਦੀ ਹੈ ਅਤੇ ਪੱਤੇ ਕਾਲੇ ਹੋ ਜਾਂਦੇ ਹਨ। ਚੇਪੇ ਦਾ ਹਮਲਾ ਲਗਪਗ ਹਰ ਸਾਲ ਵੇਖਣ ਨੂੰ ਮਿਲਦਾ ਹੈ। ਚੇਪੇ ਦਾ ਸਿੱਟਿਆਂ ਉੱਪਰ ਹਮਲਾ ਦਾਣੇ ਦਾ ਆਕਾਰ ਵਿਗਾੜ ਦਿੰਦਾ ਹੈ। ਦਾਣੇ ਬਾਰੀਕ ਰਹਿ ਜਾਂਦੇ ਹਨ।
ਜ਼ਰੂਰੀ ਸੂਚਨਾ: ਚੇਪੇ ਦਾ ਹਮਲਾ ਖੇਤ ਦੇ ਬੰਨਿਆਂ ਤੋਂ ਸ਼ੁਰੂ ਹੁੰਦਾ ਹੈ। ਖੇਤ ਨੂੰ ਚਾਰ ਹਿੱਸਿਆਂ ਵਿਚ ਵੰਡ ਕੇ ਹਰ ਹਿੱਸੇ ਵਿਚੋਂ 10 ਸਿੱਟਿਆਂ ਉੱਪਰ ਚੇਪਾ ਵੇਖੋ। ਉਸ ਵੇਲੇ ਸਿਰਫ਼ ਬੰਨਿਆਂ ਉੱਪਰ ਛਿੜਕਾਅ ਕਰਨ ਨਾਲ ਹੀ ਇਸ ਦੇ ਹਮਲੇ ਨੂੰ ਪੂਰੇ ਖੇਤ ਵਿਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਚੇਪੇ ਦੀ ਰੋਕਥਾਮ ਲਈ ਛਿੜਕਾਅ ਸਿਰਫ਼ ਉਸ ਸਮੇਂ ਕਰੋ। ਜਦੋਂ ਇਕ ਸਿੱਟੇ ਉੱਪਰ ਘੱਟੋ-ਘੱਟ ਪੰਜ ਚੇਪੇ ਹੋਣ।
ਕਣਕ ਦੀ ਸੈਨਿਕ ਸੁੰਡੀ: ਕਣਕ ਦੀ ਪਿਛੇਤੀ ਬੀਜੀ ਫ਼ਸਲ ਦਾ ਮਾਰਚ-ਅਪਰੈਲ ਵਿਚ ਕਣਕ ਦੀ ਸੈਨਿਕ ਸੁੰਡੀ ਬਹੁਤ ਭਾਰੀ ਨੁਕਸਾਨ ਕਰਦੀ ਹੈ। ਪਹਿਲਾਂ ਇਹ ਸੁੰਡੀ ਪੱਤਿਆਂ ਨੂੰ ਖਾ ਜਾਂਦੀ ਹੈ ਅਤੇ ਕਈ ਵਾਰ ਬੂਟਾ ਬਿਲਕੁਲ ਪੱਤਿਆਂ ਤੋਂ ਰਹਿਤ ਹੋ ਜਾਂਦਾ ਹੈ। ਜਦੋਂ ਸਿੱਟੇ ਨਿਕਲ ਆਉਂਦੇ ਹਨ ਤਾਂ ਸੁੰਡੀ ਕਸੀਰਾਂ ਸਮੇਤ ਦੋਧੇ ਦਾਣਿਆਂ ਨੂੰ ਵੀ ਖਾ ਜਾਂਦੀ ਹੈ। ਕਣਕ ਦਾ ਝਾੜ 40 ਫ਼ੀਸਦੀ ਤੱਕ ਘਟ ਜਾਂਦਾ ਹੈ। ਇਹ ਸੁੰਡੀ ਜ਼ਿਆਦਾ ਕਰਕੇ ਰਾਤ ਨੂੰ ਨਿਕਲਦੀ ਹੈ। ਬਹੁਤਾ ਹਮਲਾ ਹੋਣ 'ਤੇ ਦਿਨ ਵਿਚ ਵੀ ਵੇਖੀ ਜਾ ਸਕਦੀ ਹੈ। ਬੂਟੇ ਦੇ ਤਣੇ ਕੋਲ ਸੁੰਡੀਆਂ ਅਤੇ ਇਸ ਦੀਆਂ ਭੂਰੇ ਰੰਗ ਦੀਆਂ ਛੋਟੀਆਂ-ਛੋਟੀਆਂ ਮੀਂਗਣਾਂ ਇਸ ਦੇ ਹਮਲੇ ਦੀ ਪਛਾਣ ਹਨ।
ਅਮਰੀਕਨ ਸੁੰਡੀ ਹਮਲੇ ਦੀਆਂ ਮੁੱਖ ਨਿਸ਼ਾਨੀਆਂ: ਜਿਨ੍ਹਾਂ ਖੇਤਾਂ ਵਿਚ ਕਣਕ, ਨਰਮੇ ਜਾਂ ਕਪਾਹ ਤੋਂ ਪਿੱਛੋਂ ਬੀਜੀ ਜਾਂਦੀ ਹੈ, ਉੱਥੇ ਇਸ ਸੁੰਡੀ ਦੇ ਹਮਲੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਬੀ.ਟੀ. ਨਰਮੇ ਦੇ ਆਉਣ ਨਾਲ ਪਿਛਲੇ ਕੁਝ ਸਾਲਾਂ ਤੋਂ ਨਰਮਾ ਪੱਟੀ ਵਿਚ ਇਸ ਸੁੰਡੀ ਦਾ ਹਮਲਾ ਕਣਕ ਉੱਪਰ ਘੱਟ ਵੇਖਣ ਨੂੰ ਮਿਲਦਾ ਹੈ। ਜਿੱਥੇ ਛੋਲਿਆਂ ਦੀ ਕਾਸ਼ਤ ਕੀਤੀ ਜਾਂਦੀ ਹੈ, ਉਨ੍ਹਾਂ ਥਾਂਵਾਂ 'ਤੇ ਇਸ ਦਾ ਹਮਲਾ ਵਧ ਰਿਹਾ ਹੈ। ਇਸ ਦਾ ਸਿੱਟਿਆਂ ਉੱਪਰ ਖਾਂਦਿਆਂ ਦਿਸਣਾ ਅਤੇ ਬਣ ਰਹੇ ਦਾਣੇ ਖਾਧੇ ਨਜ਼ਰ ਆਉਣਾ ਅਤੇ ਜ਼ਮੀਨ ਉੱਪਰ ਚਿੱਟੀਆਂ ਮੀਂਗਣਾਂ ਦਾ ਦਿਸਣਾ, ਇਸ ਹਮਲੇ ਨੂੰ ਨਿਸ਼ਚਿਤ ਕਰਦਾ ਹੈ। ਇਸ ਸੁੰਡੀ ਦਾ ਹਮਲਾ ਕਣਕ ਉੱਪਰ ਮਾਰਚ-ਅਪਰੈਲ ਵਿਚ ਹੁੰਦਾ ਹੈ। ਇਹ ਸਿੱਟਿਆਂ ਵਿਚੋਂ ਦਾਣੇ ਖਾਂਦੀ ਹੈ ਅਤੇ ਬਹੁਤ ਨੁਕਸਾਨ ਕਰਦੀ ਹੈ।
ਭੂਰੀ ਜੂੰ: ਇਸ ਦਾ ਹਮਲਾ ਬਰਾਨੀ ਫ਼ਸਲ ਉੱਪਰ ਜ਼ਿਆਦਾ ਹੁੰਦਾ ਹੈ। ਇਹ ਛੋਟੇ ਆਕਾਰ ਦੀ ਮਾਈਟ ਹੈ। ਫਰਵਰੀ-ਮਾਰਚ ਵਿਚ ਇਸ ਦਾ ਹਮਲਾ ਪਹਿਲਾਂ ਥੱਲੇ ਵਾਲੇ ਪੱਤਿਆਂ ਉੱਪਰ ਹੁੰਦਾ ਹੈ ਅਤੇ ਫਿਰ ਉੱਪਰ ਨੂੰ ਵਧਦਾ ਜਾਂਦਾ ਹੈ। ਇਹ ਪੱਤੇ ਵਿਚੋਂ ਰਸ ਚੂਸਦੀ ਹੈ ਜਿਸ ਨਾਲ ਪੱਤਿਆਂ ਉੱਪਰ ਛੋਟੇ-ਛੋਟੇ ਦਾਗ ਪੈ ਜਾਂਦੇ ਹਨ। ਹਮਲਾ ਜ਼ਿਆਦਾ ਹੋਣ 'ਤੇ ਫ਼ਸਲ ਪੀਲੀ ਪੈ ਜਾਂਦੀ ਹੈ ਤੇ ਝਾੜ ਘਟ ਜਾਂਦਾ ਹੈ।
ਬੇਲੋੜੀਆਂ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਨਾ ਵਰਤੋ। ਇਸ ਨਾਲ ਨਾ ਸਿਰਫ਼ ਕਿਸਾਨਾਂ ਉੱਪਰ ਵਾਧੂ ਵਿੱਤੀ ਬੋਝ ਪੈਂਦਾ ਹੈ। ਸਗੋਂ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ। ਕੀਟਨਾਸ਼ਕ ਦਵਾਈ ਦਾ ਪੱਕਾ ਬਿੱਲ ਅਤੇ ਲਾਟ ਨੰਬਰ ਜ਼ਰੂਰ ਲਿਖਿਆ ਲਵੋ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫ਼ਾਰਸ ਕੀਤੀ ਗਈ ਮਿਕਦਾਰ ਅਨੁਸਾਰ ਹੀ ਫ਼ਸਲਾਂ ਵਿਚ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰੋ


-ਸਾਬਕਾ ਸੀਨੀਅਰ ਕੀਟ ਵਿਗਿਆਨੀ, ਕੀਟ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ।
ਈਮੇਲ :drtanda101@gmail.com

ਖ਼ੂਬਸੂਰਤ ਪੰਜਾਬ

ਅੱਜਕਲ੍ਹ ਇਹੋ ਜਿਹਾ ਮੌਸਮ ਹੈ ਕਿ ਪੰਜਾਬ ਦੇ ਖੇਤਾਂ ਵਿਚ ਮਹਿਕ ਖਿੱਲਰੀ ਪਈ ਹੈ। ਹਰੀ ਕਚੂਰ ਕਣਕ, ਜਿਥੇ ਸੁਪਨੇ ਸਿਰਜ ਰਹੀ ਹੈ, ਉਥੇ ਹੀ ਅੱਖਾਂ ਨੂੰ ਸੁਖਦ ਆਰਾਮ ਵੀ ਦੇ ਰਹੀ ਹੈ। ਰੋਜ਼ਾਨਾ ਜਿਵੇਂ ਹੀ ਧੁੰਦ ਛਟਦੀ ਹੈ, ਹਰਾ ਰੰਗ ਆਪਣੇ ਜੋਬਨ 'ਤੇ ਆ ਜਾਂਦਾ ਹੈ। ਕਣਕ ਦੀ ਹਰਿਆਲੀ ਦਾ ਮੁਕਾਬਲਾ, ਆਲੂਆਂ ਦੇ ਨਾਲ ਫਸਵਾਂ ਹੈ। ਦੋਵੇਂ ਫਸਲਾਂ, ਸਮਾਜ ਵਿਚ ਵਾਪਰ ਰਹੀ ਸਿਆਸੀ ਤੇ ਆਰਥਿਕ ਉਥਲ-ਪੁਥਲ ਤੋਂ ਬੇਖ਼ਬਰ ਹਨ। ਦੋਵਾਂ ਨੇ ਹੀ ਮੰਡੀਆਂ ਵਿਚ ਬੁਰੇ ਦਿਨ ਵੇਖਣੇ ਹਨ, ਇਨ੍ਹਾਂ ਨੂੰ ਇਸ ਦੀ ਭਿਣਕ ਵੀ ਨਹੀਂ, ਪਰ ਫੇਰ ਵੀ ਇਹ ਆਸ ਤੇ ਖੂਬਸੂਰਤੀ ਬਿਖੇਰ ਰਹੀਆਂ ਹਨ। ਇਨ੍ਹਾਂ ਵਿਚ ਖੜ੍ਹੀ ਕਮਾਦ ਦੀ ਫਸਲ, ਆਪਣੇ ਵਿਚਲੇ ਮਿੱਠੇ ਦੇ ਕਣਾਂ ਨੂੰ ਸਿਖ਼ਰ 'ਤੇ ਲਈ ਬੈਠੀ ਹੈ। ਇਸ ਮੌਸਮ ਵਿਚ ਨਿਕਲਿਆ ਗੁੜ ਸਭ ਤੋਂ ਉੱਤਮ ਹੁੰਦਾ ਹੈ। ਮੂਲੀਆਂ, ਸ਼ਲਗਮ ਤੇ ਪਿਆਜ਼, ਸੁਆਦ ਦੀ ਉਤਲੀ ਪੌੜੀ 'ਤੇ ਹੁੰਦੇ ਹਨ। ਕੁੱਲ ਮਿਲਾ ਕੇ ਇਹ ਮੌਸਮ ਖੇਤਾਂ ਨਾਲ ਪਿਆਰ ਕਰਨ ਦਾ ਸਮਾਂ ਹੈ।


-ਮੋਬਾ: 98159-45018

ਨਾ ਖੂਹ ਰਹੇ... ਨਾ ਰਹੀਆਂ ਟਿੰਡਾਂ

ਪੁਰਾਤਨ ਸਮਿਆਂ ਵਿਚ ਪੰਜਾਬ ਦੇ ਖੂਹਾਂ ਦਾ ਪਾਣੀ ਦੁੱਧ ਬਰਾਬਰ ਮੰਨਿਆ ਜਾਂਦਾ ਸੀ। ਭਾਵ ਕਿ ਇੰਨਾ ਸ਼ੁੱਧ ਤੇ ਮਿੱਠਾ ਹੁੰਦਾ ਸੀ। ਸਮੇਂ ਦੇ ਬਦਲਣ ਨਾਲ ਹੁਣ ਨਾ ਤਾਂ ਉਹ ਪੁਰਾਣੇ ਖੂਹ ਰਹੇ ਹਨ ਨਾ ਖੂਹ ਦੀਆਂ ਟਿੰਡਾਂ। ਆਧੁਨਿਕ ਯੁੱਗ ਵਿਚ ਬੇਸ਼ੱਕ ਖੇਤਾਂ ਅਤੇ ਘਰਾਂ ਅੰਦਰ ਬਿਜਲਈ ਮੋਟਰਾਂ ਹਜ਼ਾਰਾਂ ਫੁੱਟ ਡੂੰਘਾ ਪਾਣੀ ਸਾਨੂੰ ਮੁਹੱਈਆ ਕਰਵਾਉਂਦੀਆਂ ਹਨ। ਪਰ ਇਸ ਪਾਣੀ ਵਿਚ ਖੂਹ ਦੀਆਂ ਟਿੰਡਾਂ ਵਾਲੇ ਪਾਣੀ ਵਰਗੀ ਮਿਠਾਸ ਨਹੀਂ ਹੈ। ਸਿਆਣਿਆਂ ਵਲੋਂ ਅਕਸਰ ਹੀ ਇਕ ਕਹਾਵਤ ਬੋਲੀ ਜਾਂਦੀ ਸੀ ਕਿ 'ਚੱਲਦਿਆਂ ਦੇ ਖੂਹ ਤੇ ਮਿਲਦਿਆਂ ਦੇ ਸਾਕ। ' ਕਹਾਵਤ ਮੁਤਾਬਿਕ ਇਨਸਾਨ ਦੇ ਆਪਸ ਵਿਚ ਮਿਲਵਰਤਨ ਅਤੇ ਰਿਸ਼ਤਿਆਂ ਦੀ ਕਾਇਮੀ ਨਾਲ ਕੀਤੀ ਹੈ। ਸਾਡੇ ਵੱਡੇ-ਵਡੇਰਿਆਂ ਨੇ ਇਸ ਅਖਾਣ ਰਾਹੀਂ ਸਾਨੂੰ ਸਮਝਾਇਆ ਕਿ ਜਿਵੇਂ ਖੂਹ ਜਿੰਨਾ ਚਿਰ ਲਗਾਤਾਰ ਗੇੜਿਆ ਜਾਂਦਾ ਹੈ, ਉਸ ਵਿਚੋਂ ਪਾਣੀ ਕੱਢਿਆ ਜਾਂਦਾ ਹੈ। ਓਨਾ ਚਿਰ ਹੀ ਸਹੀ ਅਤੇ ਸਾਫ਼-ਸੁਥਰਾ ਰਹਿੰਦਾ ਹੈ। ਓਵੇਂ ਹੀ ਇਨਸਾਨ ਦੇ ਆਪਸ ਵਿਚਲੇ ਸੰਬੰਧ ਵੀ ਓਨਾ ਚਿਰ ਹੀ ਵਧੀਆ ਰਹਿੰਦੇ ਹਨ। ਜਿੰਨਾ ਚਿਰ ਆਪਸ ਵਿਚ ਸਹਿਚਾਰ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਬਲਦਾਂ ਨੇ ਜੁੜ ਕੇ ਖੂਹ 'ਤੇ ਲੱਗੇ ਹਲਟ ਦੀਆਂ ਟਿੰਡਾਂ ਨੂੰ ਘੁਮਾਉਣਾ ਤਾਂ ਟਿੰਡਾਂ ਨੇ ਭਰ ਭਰ ਕੇ ਪਾੜਸੇ 'ਚ ਡਿੱਗਣਾ। ਨੀਲੇ ਚਿੱਟੇ ਠੰਢੇ ਠਾਰ ਪਾਣੀ ਧਾਰ ਬਣ ਕੇ ਵਗਣਾ। ਜੇਕਰ ਖੂਹ ਕਈ-ਕਈ ਦਿਨ ਨਾ ਚੱਲਦੇ ਤਾਂ ਉਸ ਵਿਚ ਰੁੱਖਾਂ ਦੇ ਪੱਤੇ ਜਾਂ ਹੋਰ ਗੰਦਗੀ ਡਿੱਗ ਕੇ ਖੂਹ ਦੇ ਪਾਣੀ ਦੇ ਉੱਪਰ ਹਰੇ ਰੰਗ ਦੀ ਇਕ ਪਰਤ ਜੰਮ ਜਾਂਦੀ ਸੀ। ਖੂਹ ਦੇ ਪਾਣੀ ਵਿਚੋਂ ਮੁਸਕ ਮਾਰਨ ਲੱਗਦੀ ਸੀ। ਜਦੋਂ ਖੂਹ ਹਰ ਰੋਜ਼ ਨਿਰੰਤਰ ਗਿੜਦਾ ਤਾਂ ਪਾਣੀ ਮੁੜ ਕੇ ਸਾਫ਼ ਹੋ ਜਾਂਦਾ। ਹੁਣ ਸਮਾਂ ਬਦਲ ਗਿਆ ਹੈ। ਪੰਜਾਬ ਦਾ ਕੋਈ ਵਿਰਲਾ ਹੀ ਪਿੰਡ ਹੋਵੇਗਾ 'ਤੇ ਜਿੱਥੇ ਖੂਹ ਹੋਣਗੇ। ਜੇ ਖੂਹ ਕਿਸੇ ਪਿੰਡ ਵਿਚ ਹੈ ਤਾਂ ਉਹ ਬੰਦ ਪਿਆ ਹੋਵੇਗਾ ਜਾਂ ਬੰਦ ਹੋਣ ਕਿਨਾਰੇ ਹੋਵੇਗਾ, ਕਿਉਂਕਿ ਪੰਜਾਬ ਦਾ ਪਾਣੀ ਬਹੁਤ ਡੂੰਘਾ ਹੋ ਗਿਆ ਹੈ। ਖੂਹਾਂ ਨਾਲ ਪੰਜਾਬ ਦੇ ਲੋਕਾਂ ਦਾ ਬੇਹੱਦ ਮੋਹ ਸੀ। ਪੰਜਾਬੀ ਦੇ ਅਮੀਰ ਵਿਰਸੇ ਵਿਚੋਂ ਅਲੋਪ ਹੋਇਆ ਖੂਹ ਸਾਡੀਆਂ ਬਹੁਤ ਸਾਰੀਆਂ ਯਾਦਾਂ ਵੀ ਨਾਲ ਲੈ ਗਿਆ ਹੈ। ਜਦੋਂ ਖੂਹ ਚੱਲਦੇ ਸਨ ਤਾਂ ਘਰਾਂ ਦੀਆਂ ਜ਼ਨਾਨੀਆਂ ਪਿੰਡ ਦੇ ਸਾਂਝੇ ਖੂਹ 'ਤੇ ਕੱਪੜੇ ਧੋਣ ਆਉਂਦੀਆਂ। ਤਿੱਥ ਤਿਉਹਾਰਾਂ ਨੂੰ ਖੂਹ ਦੀ ਮਣ 'ਤੇ ਖ਼ੁਆਜੇ ਪੀਰ ਦੇ ਨਾਂਅ ਦਾ ਆਟੇ ਦਾ ਦੀਵਾ ਬਣਾ ਕੇ ਲਾਇਆ ਜਾਂਦਾ ਸੀ। ਪੰਜਾਬੀ ਗੀਤਾਂ ਤੇ ਕਿੱਸਿਆਂ ਵਿਚ ਜਿਵੇਂ ਕਿ ਜੱਗਾ ਡਾਕੂ, ਜਿਉਣਾ ਮੌੜ ਵਰਗੇ ਸੂਰਮਿਆਂ ਦੀਆਂ ਗਾਥਾਵਾਂ, ਹੀਰ ਰਾਂਝਾ, ਮਲਕੀ ਕੀਮਾ ਦੇ ਕਿੱਸਿਆਂ ਅਤੇ ਗੁਰੂਆਂ ਪੀਰਾਂ ਦੇ ਇਤਿਹਾਸ ਦੇ ਪ੍ਰਸੰਗ, ਬੀਤੇ ਸਮੇਂ ਦੀ ਹਰ ਵੰਨਗੀ ਵਿਚ ਖੂਹ ਦਾ ਜ਼ਿਕਰ ਕਿਤੇ ਨਾ ਕਿਤੇ ਜ਼ਰੂਰ ਮਿਲਦਾ ਹੈ। ਪੁਰਾਣੇ ਸਮਿਆਂ ਵਿਚ ਖੂਹ ਸਿਰਫ਼ ਖੇਤਾਂ ਨੂੰ ਪਾਣੀ ਦੇਣ ਦਾ ਸਾਧਨ ਹੀ ਨਹੀਂ ਸੀ। ਖੂਹਾਂ ਦੇ ਨਾਲ ਪੰਜਾਬੀਆਂ ਦੇ ਜੀਵਨ ਦਾ ਇਕ ਵੱਡਾ ਸਮਾਂ ਬੀਤਦਾ ਸੀ। ਕਿਸਾਨ ਦੀ ਖੂਹਾਂ ਨਾਲ ਦਿਲੀ ਸਾਂਝ ਹੁੰਦੀ ਸੀ ਅਤੇ ਉਹ ਹਰ ਦੁੱਖ-ਸੁੱਖ ਇਨ੍ਹਾਂ ਨਾਲ ਵੰਡਦੇ ਸਨ। ਪਿੰਡਾਂ ਦੀਆਂ ਸੱਥਾਂ ਵਾਂਗ ਖੂਹ ਮਿਲ ਕੇ ਬੈਠਣ ਅਤੇ ਭਾਈਚਾਰਕ ਸਾਂਝ ਦੇ ਗਵਾਹ ਹੁੰਦੇ ਸਨ। ਪੰਜਾਬ ਦਾ ਕਿਸਾਨ ਆਪਣੇ ਖੇਤ, ਬਲਦ, ਖੇਤੀਬਾੜੀ ਦੇ ਸੰਦ ਸਭ ਨੂੰ ਆਪਣੇ ਧੀਆਂ ਪੁੱਤਰਾਂ ਵਾਂਗ ਪਿਆਰ ਕਰਦਾ ਸੀ ਅਤੇ ਟਿੰਡਾਂ ਵਾਲੇ ਖੂਹ ਵੀ ਇਸ ਪਰਿਵਾਰ ਦਾ ਅਹਿਮ ਹਿੱਸਾ ਹੁੰਦੇ ਸਨ। ਅਜੋਕੇ ਸਮੇਂ ਵਿਚ ਪੁਰਾਣੇ ਖੂਹਾਂ ਅਤੇ ਟਿੰਡਾਂ ਨੂੰ ਪੰਜਾਬੀਆਂ ਨੇ ਰੰਗ ਰੋਗਨ ਕਰ ਕੇ ਸੰਭਾਲ ਰੱਖਿਆ ਹੈ।


-ਮੋਬਾਈਲ : 70878-00168

ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਗ਼ੈਰ-ਰਵਾਇਤੀ ਊਰਜਾ ਸਾਧਨਾਂ ਦੀ ਵਰਤੋਂ ਦੀ ਲੋੜ

ਕੁਦਰਤ ਦੀ ਹੋਂਦ ਨੂੰ ਸਭ ਤੋਂ ਵੱਡਾ ਖ਼ਤਰਾ ਹੈ ਵਧ ਰਿਹਾ ਪ੍ਰਦੂਸ਼ਣ, ਜਿਸ ਦਾ ਮੁਕਾਬਲਾ ਕਰਨ ਲਈ ਜਿੱਥੇ ਸਾਡੇ ਵਿਗਿਆਨੀ ਆਪਣੀਆਂ ਖੋਜਾਂ ਰਾਹੀਂ ਉਪਰਾਲੇ ਕਰ ਰਹੇ ਹਨ, ਉੱਥੇ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਲੋਕਾਂ ਨੂੰ ਪ੍ਰਦੂਸ਼ਣ ਸਬੰਧੀ ਜਾਗਰੂਕ ਕਰ ਰਹੀਆਂ ਹਨ। ਲੋਕਾਂ ਨੂੰ ਗ਼ੈਰ-ਰਵਾਇਤੀ ਊਰਜਾ ਦੇ ਸਾਧਨਾਂ ਦੀ ਸੁਚੱਜੀ ਵਰਤੋਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਗੋਬਰ ਗੈਸ, ਸੌਰ ਊਰਜਾ ਅਤੇ ਸੋਲਰ ਪਾਵਰ ਪਲਾਂਟ ਸ਼ਾਮਿਲ ਹਨ। ਗੋਬਰ ਗੈਸ ਨਾਲ ਸਾਨੂੰ ਪ੍ਰਦੂਸ਼ਣ ਤੋਂ ਵੱਡੇ ਪੱਧਰ 'ਤੇ ਨਿਜਾਤ ਮਿਲੀ ਹੈ। ਇਸੇ ਤਰ੍ਹਾਂ ਹੀ ਹੁਣ ਸੋਲਰ ਊਰਜਾ ਤੋਂ ਬਿਜਲੀ ਪੈਦਾ ਕਰਕੇ ਅਸੀਂ ਮਹਿੰਗੇ ਕੋਲੇ ਅਤੇ ਡੀਜ਼ਲ ਦੀ ਵਰਤੋਂ ਨੂੰ ਘੱਟ ਕਰ ਸਕਦੇ ਹਾਂ। ਸੂਰਜ ਦੀ ਇਕ ਦਿਨ ਦੀ ਰੌਸ਼ਨੀ ਤੋਂ ਅਰਬਾਂ-ਖਰਬਾਂ ਰੁਪਏ ਦੀ ਬੱਚਤ ਕਰ ਸਕਦੇ ਹਾਂ। ਪੰਜਾਬ ਵਿਚ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਸਾਂਝੇ ਤੌਰ 'ਤੇ ਸੂਰਜ ਤੋਂ ਬਿਜਲੀ ਪੈਦਾ ਕਰਨ ਦਾ ਨੈੱਟ ਮੀਟਰਰਿੰਗ ਆਨ ਗ੍ਰਿਡ ਸਿਸਟਮ ਚਾਲੂ ਕੀਤਾ ਹੈ, ਜਿਸ ਨਾਲ ਜੋ ਬਿਜਲੀ ਪੈਦਾ ਹੋਵੇਗੀ, ਉਹ ਆਪਣੇ-ਆਪ ਹੀ ਬਿਜਲੀ ਬੋਰਡ ਵਿਚ ਜਮ੍ਹਾਂ ਹੋ ਜਾਵੇਗੀ, ਜਦੋਂ ਤੁਹਾਨੂੰ ਲੋੜ ਹੋਵੇਗੀ, ਤੁਸੀਂ ਵਰਤ ਸਕਦੇ ਹੋ। ਇਸ ਨਾਲ ਬੈਟਰੀਆਂ ਤੋਂ ਵੀ ਨਿਜਾਤ ਮਿਲ ਜਾਵੇਗੀ, ਕਿਉਂਕਿ ਇਸ ਪਲਾਟ ਵਿਚ ਕੋਈ ਬੈਟਰੀ ਲਗਾਉਣ ਦੀ ਲੋੜ ਨਹੀਂ ਹੈ ਅਤੇ ਮਹਿਕਮਾ ਪੇਡਾ ਵਲੋਂ ਇਸ ਪਲਾਂਟ ਉੱਪਰ ਬਣਦੀ ਸਬਸਿਡੀ 17500 ਪ੍ਰਤੀ ਕਿੱਲੋ ਵਾਟ 10 ਕਿੱਲੋ ਵਾਟ ਤੱਕ ਅਤੇ ਇਸ ਤੋਂ ਉੱਪਰ 16 ਹਜ਼ਾਰ ਪ੍ਰਤੀ ਵਾਟ ਦਿੱਤੀ ਜਾਂਦੀ ਹੈ। ਪੰਜਾਬ ਕੋਆਪ੍ਰੇਟਿਵ ਬੈਕ ਵਲੋਂ ਸੋਲਰ ਗ੍ਰੀਨ ਐਨਰਜੀ ਸਕੀਮ ਵੀ ਲਾਂਚ ਕੀਤੀ ਗਈ ਹੈ, ਜੋ ਕਿ ਪਲਾਂਟ ਉੱਪਰ ਖ਼ਰਚੇ ਗਏ 85 ਫੀਸਦੀ ਦਾ ਕਰਜ਼ੇ ਦੇ ਰੂਪ ਵਿਚ ਦੇਵੇਗਾ, ਜਿਸ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਨਜ਼ਦੀਕੀ ਕੋਆਪ੍ਰੇਟਿਵ ਬੈਂਕ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਪੇਂਡੂ ਵਿਕਾਸ ਬੈਂਕ ਅਮਲੋਹ ਦੇ ਸਾਬਕਾ ਡਾਇਰੈਕਟਰ ਅਮਰੀਕ ਸਿੰਘ ਮੇਜੀ ਨੇ ਦੱਸਿਆ ਕਿ 3 ਕਿੱਲੋਵਾਟ ਦਾ ਮੀਟਰ ਸੋਲਰ ਪਲਾਂਟ ਲਗਵਾਉਣ 'ਤੇ 2 ਲੱਖ ਰੁਪਏ ਦੇ ਕਰੀਬ ਖ਼ਰਚ ਆਉਂਦਾ ਹੈ, ਜਿਸ ਵਿਚੋਂ 52 ਹਜ਼ਾਰ 500 ਸਬਸਿਡੀ ਮਿਲ ਜਾਂਦੀ ਹੈ। ਇਸ ਉੱਪਰ 85 ਫੀਸਦੀ ਬੈਂਕ ਤੋਂ ਕਰਜ਼ਾ ਵੀ ਮਿਲ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰਾ ਖਰਚਾ ਬਿੱਲ ਦੇ ਰੂਪ ਵਿਚ 4 ਸਾਲ ਵਿਚ ਵਾਪਸ ਆ ਜਾਵੇਗਾ, ਜਦੋਂਕਿ ਇਸ ਪਲਾਂਟ ਦਾ 35 ਤੋਂ 40 ਸਾਲ ਤੱਕ ਦਾ ਜੀਵਨ ਹੈ। ਇੱਥੇ ਇਹ ਵਰਨਣਯੋਗ ਹੈ ਕਿ 'ਪੇਡਾ' ਤੋਂ ਮਨਜ਼ੂਰਸ਼ੁਦਾ ਕੰਪਨੀ ਤੋਂ ਲਗਵਾਏ ਪਲਾਂਟ ਦੀ ਵਰੰਟੀ 5 ਸਾਲ ਅਤੇ ਪੈਨਲਾਂ ਦੀ ਪ੍ਰਫੋਰਮੈਂਸ ਵਰੰਟੀ 25 ਸਾਲ ਦਿੱਤੀ ਜਾਂਦੀ ਹੈ। ਇਸ ਸਕੀਮ ਦਾ ਵੱਡੀ ਗਿਣਤੀ ਵਿਚ ਲੋਕ ਲਾਭ ਉਠਾ ਰਹੇ ਹਨ। ਇਸ ਸੋਲਰ ਔਨ ਗਰਿੱਡ ਸਕੀਮ ਨਾਲ ਲੋਕ ਬਿਜਲੀ ਦੇ ਬਿੱਲਾਂ ਵਿਚ ਵੱਡੀ ਰਾਹਤ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਖ਼ਤਮ ਕਰਨ ਵਿਚ ਵੀ ਆਪਣਾ ਯੋਗਦਾਨ ਪਾ ਸਕਦੇ ਹਨ।


-ਭੂਸ਼ਨ ਸੂਦ,
ਫ਼ਤਹਿਗੜ੍ਹ ਸਾਹਿਬ। ਮੋਬਾ: 98550-11224

ਵਿਰਸੇ ਦੀਆਂ ਬਾਤਾਂ

ਮੋਤੀਆਂ ਜਿਹੇ ਤ੍ਰੇਲ ਦੇ ਤੁਪਕੇ ਕਿੰਨੇ ਪਿਆਰੇ ਲੱਗਦੇ

ਪਾਲ਼ਾ ਏਨਾ, ਬਸ ਪੁੱਛੋ ਕੁਝ ਨਾ। ਤੜਕੇ ਬੰਦਾ ਰਜਾਈ ਨੂੰ ਛੱਡਣੀ ਚਾਹੁੰਦਾ, ਪਰ ਰਜਾਈ ਨਹੀਂ ਛੱਡਦੀ। ਪੂਰਾ ਦਿਨ ਨਿੱਘ ਭਾਲ਼ਦਿਆਂ ਨਿਕਲ ਜਾਂਦੈ। ਜਿੱਧਰ ਅੱਗ ਬਲਦੀ ਹੋਵੇ, ਭੱਜ ਕੇ ਓਧਰ ਜਾਣ ਨੂੰ ਜੀਅ ਕਰਦੈ। ਗੁੜ ਵਾਲੀ ਚਾਹ ਵਾਰ-ਵਾਰ ਪੀਣ ਨੂੰ ਮਨ ਕਰਦੈ। ਸੂਰਜ ਦੀ ਟਿੱਕੀ ਵੇਖ ਚਾਅ ਚੜ੍ਹ ਜਾਂਦੈ। ਮੂੰਗਫ਼ਲੀ, ਰਿਓੜੀਆਂ, ਗੱਚਕ ਕਿੰਨੀ ਸਵਾਦ ਲੱਗਦੀ ਹੈ। ਧੁੰਦ ਏਨੀ ਕਿ ਮੂਹਰੇ ਜਾਂਦੀ ਚੀਜ਼ ਨਹੀਂ ਦਿਸਦੀ। ਚਾਰੇ ਪਾਸੇ ਤ੍ਰੇਲ ਹੀ ਤ੍ਰੇਲ। ਸੂਰਜ ਚੜ੍ਹਨ ਸਾਰ ਤ੍ਰੇਲ ਦੀਆਂ ਬੂੰਦਾਂ ਮੋਤੀਆਂ ਵਾਂਗ ਚਮਕਦੀਆਂ ਹਨ। ਕਦੇ-ਕਦੇ ਮੋਤੀਆਂ ਦਾ ਹਾਰ ਖਿੱਲਰ ਜਾਣ ਦਾ ਝਲਕਾਰਾ ਪੈਂਦੈ। ਟਾਹਣੀਆਂ, ਪੱਤਿਆਂ ਨਾਲ ਚਿੰਬੜੀਆਂ ਤ੍ਰੇਲ ਦੀਆਂ ਬੂੰਦਾਂ ਮਾਂ ਵਲੋਂ ਕੁੱਛੜ ਚੁੱਕੇ ਨਿਆਣੇ ਵਾਂਗ ਲੱਗਦੀਆਂ। ਕਿੰਨੀ ਗੂੜ੍ਹੀ ਸਾਂਝ ਹੈ ਇਨ੍ਹਾਂ ਦੀ। ਕਿਹੋ ਜਿਹਾ ਮੇਲ ਹੈ। ਧੁੱਪ ਇਨ੍ਹਾਂ ਬੂੰਦਾਂ ਦਾ ਵਿਛੋੜਾ ਪਾਉਂਦੀ ਹੈ ਤੇ ਅਗਲੇ ਦਿਨ ਫਿਰ ਇਹ ਬੂੰਦਾਂ ਦਿਸਦੀਆਂ ਹਨ। ਏਨੀ ਤਰੇਲ, ਕੋਰੇ, ਧੁੰਦ ਵਿਚ ਘਰੋਂ ਬਾਹਰ ਨਿਕਲਣ ਦਾ ਜ਼ੇਰਾ ਕਰਨਾ ਸੌਖਾ ਨਹੀਂ। ਪਰ ਕੰਮ ਤਾਂ ਕੰਮ ਹੈ। ਕੰਮ ਬਿਨਾਂ ਨਹੀਂ ਸਰਦਾ। ਕਿਸਾਨ ਦਿਨ ਚੜ੍ਹਦਿਆਂ ਕਹੀ ਚੁੱਕ ਖੇਤਾਂ ਵੱਲ ਤੁਰ ਪੈਂਦੈ। ਥੋੜ੍ਹਾ ਹੋਰ ਦਿਨ ਚੜ੍ਹੇ ਨਿਆਣੇ ਸਕੂਲ ਵੱਲ ਹੋ ਤੁਰਦੇ ਨੇ। ਘੜੀ ਵੇਖਦਿਆਂ ਸੜਕਾਂ, ਬਜ਼ਾਰਾਂ 'ਚ ਭੀੜ ਵਧਣ ਲੱਗਦੀ ਹੈ। ਇਹੀ ਜ਼ਿੰਦਗੀ ਹੈ, ਜਿਹੜੀ ਕਿਸੇ ਹਾਲਤ ਨਹੀਂ ਰੁਕ ਸਕਦੀ। ਜ਼ਿੰਦਗੀ ਦਾ ਰੁਕ ਜਾਣਾ, ਮਰ ਜਾਣਾ ਹੀ ਤਾਂ ਹੈ।
ਪਿੰਡ ਦੇ ਦਿਨ ਯਾਦ ਆਉਂਦੇ ਹਨ। ਘਰਦਿਆਂ ਲੋਹੜਿਆਂ ਦੀ ਤਰੇਲ ਵਿਚ ਪੱਠੇ ਵੱਢਣ ਲਈ ਕਹਿਣਾ। ਅੱਗੋਂ ਅਸੀਂ ਕਹਿਣਾ, 'ਤ੍ਰੇਲ ਲਹਿ ਜਾਣ ਦਿਓ, ਫੇਰ ਵੱਢ ਲਵਾਂਗੇ।' ਜਵਾਬ ਮਿਲਣਾ, 'ਕੰਮ ਤ੍ਰੇਲ ਜਾਂ ਧੁੰਦ ਮੁਤਾਬਕ ਨਹੀਂ, ਲੋੜ ਮੁਤਾਬਕ ਕਰਨੇ ਨੇ। ਦਾਤੀ ਚੁੱਕੋ ਤੇ ਖੇਤ ਪਹੁੰਚੋ।'
ਪੱਠਿਆਂ ਦੇ ਰੁੱਗ ਨੂੰ ਹੱਥ ਪਾਉਣ ਸਾਰ ਠਾਰੀ ਚੜ੍ਹ ਜਾਣੀ। ਇੰਜ ਲੱਗਣਾ ਦੁਨੀਆ ਦਾ ਸਭ ਤੋਂ ਔਖਾ ਕੰਮ ਇਹੀ ਹੈ। ਪਰ ਉਮਰ ਦੀਆਂ ਪੌੜੀਆਂ ਚੜ੍ਹਿਆਂ ਲੱਗਾ, ਇਸ ਨਾਲੋਂ ਔਖਾ ਕੰਮ ਤਾਂ ਬਰਫ਼ ਵਿਚ ਖੜ੍ਹ ਕੇ ਦੇਸ਼ ਦੀ ਰਾਖੀ ਕਰਨਾ ਹੈ। ਜਿਹੜੇ ਦੇਸ਼ਾਂ ਵਿਚ ਕਈ-ਕਈ ਮਹੀਨੇ ਬਰਫ਼ ਪੈਂਦੀ ਹੈ, ਅਸੀਂ ਉਨ੍ਹਾਂ ਨਾਲੋਂ ਲੱਖ ਦਰਜੇ ਚੰਗੇ ਹਾਂ। ਜੇ ਉਹ ਸੋਚਣ ਕਿ ਜਦੋਂ ਬਰਫ਼ ਪੈਣੋਂ ਹਟ ਗਈ, ਫੇਰ ਕੰਮ ਕਰਾਂਗੇ ਤਾਂ ਸ਼ਾਇਦ ਕੁਝ ਵੀ ਨਾ ਕਰਨ।
ਕੁਦਰਤ ਦਾ ਹਰ ਰੰਗ ਮਾਣਨਯੋਗ ਹੈ। ਜੇ ਪਹਿਲਾਂ ਕਣਕ ਲਈ ਠੰਢ ਚੰਗੀ ਹੈ ਤਾਂ ਉਸੇ ਕਣਕ ਦੇ ਪੱਕਣ ਲਈ ਸੂਰਜ ਦੀ ਲੋੜ ਹੈ। ਆਓ ਸਿਹਤ ਦਾ ਬਚਾਅ ਕਰਦਿਆਂ ਪਾਲ਼ੇ ਨੂੰ ਮਾਣੀਏ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX