ਤਾਜਾ ਖ਼ਬਰਾਂ


ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਹੋਰ ਖ਼ਬਰਾਂ..

ਲੋਕ ਮੰਚ

ਭਾਸ਼ਾ ਦੇ ਚੰਗੇ ਸ਼ਬਦਾਂ ਤੇ ਨਿਮਰਤਾ ਨੂੰ ਅਪਣਾਓ

ਆਪਣੀ ਬੋਲੀ ਵਿਚ ਸਾਨੂੰ ਸੋਹਣੇ ਅਤੇ ਸੁਚੱਜੇ ਢੰਗ ਦੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡਾ ਸਮਾਜ ਵਿਚ ਤਾਂ ਮਾਣ-ਸਤਿਕਾਰ ਹੋਵੇਗਾ ਹੀ, ਪਰ ਨਾਲ ਦੀ ਨਾਲ ਤੁਹਾਡੇ ਆਪਣੇ ਅੰਦਰ ਵੀ ਇਕ ਸੋਹਣਾ ਚਰਿੱਤਰ ਸਿਰਜਿਆ ਜਾਵੇਗਾ। ਇਸ ਨਾਲ ਤੁਹਾਡੇ ਗੁੱਸੇ 'ਤੇ ਵੀ ਕਾਬੂ ਰਹੇਗਾ। ਮੈਂ ਕਈ ਲੋਕ ਅਜਿਹੇ ਦੇਖੇ ਹਨ ਜੋ ਕਿਸੇ ਦੀ ਗਲਤੀ 'ਤੇ ਵੀ ਦੂਸਰੇ ਨੂੰ ਬਹੁਤ ਹੀ ਪਿਆਰ ਦਿੰਦੇ ਹਨ ਅਤੇ ਸੋਹਣੇ ਢੰਗ ਨਾਲ ਬਿਆਨ ਕਰਦੇ ਹਨ। ਇਸ ਸਭ ਚੀਜ਼ਾਂ ਤੁਹਾਡੀ ਸਿਆਣਪ ਨੂੰ ਦਰਸਾਉਂਦੀਆਂ ਹਨ। ਪਰ ਕੁਝ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਜਿੰਨਾ ਮਰਜ਼ੀ ਪਿਆਰ ਅਤੇ ਸਤਿਕਾਰ ਨਾਲ ਸਮਝਾ ਲਓ ਜਾਂ ਗੱਲ ਕਰ ਲਓ, ਉਹ ਤੁਹਾਨੂੰ ਕੌੜਾ ਹੀ ਬੋਲਣਗੇ। ਉਨ੍ਹਾਂ ਦੇ ਗੱਲ ਕਰਨ ਦੇ ਢੰਗ ਵਿਚ ਹਮੇਸ਼ਾ ਗੁੱਸਾ ਤੇ ਕੌੜਾਪਨ ਹੀ ਨਜ਼ਰ ਆਵੇਗਾ। ਇਹੋ ਜਿਹੇ ਲੋਕ ਸਮਾਜ ਵਿਚ ਆਪਣੇ ਚਰਿੱਤਰ ਨੂੰ ਆਪ ਹੀ ਖਰਾਬ ਕਰ ਲੈਂਦੇ ਹਨ। ਫਿਰ ਉਨ੍ਹਾਂ ਨਾਲ ਕੋਈ ਵੀ ਗੱਲ ਕਰਨੀ ਪਸੰਦ ਨਹੀਂ ਕਰਦਾ। ਇਕ ਗੱਲ ਇਥੇ ਧਿਆਨ ਦੇਣ ਯੋਗ ਹੈ ਕਿ ਮਿੱਠਾ ਬੋਲਣ ਤੋਂ ਭਾਵ ਇਹ ਨਹੀਂ ਕਿ ਅਸੀਂ ਦੂਸਰੇ ਇਨਸਾਨਾਂ ਦੀਆਂ ਝੂਠੀਆਂ ਤਾਰੀਫਾਂ ਜਾਂ ਪ੍ਰਸੰਸਾ ਕਰਨੀ ਸ਼ੁਰੂ ਕਰ ਦਈਏ। ਮਿੱਠਾ ਬੋਲਣ ਤੋਂ ਭਾਵ ਹੈ ਸਹੀ ਅਤੇ ਸੁਚੱਜੇ ਸ਼ਬਦਾਂ ਦੀ ਚੋਣ ਕਰਨੀ, ਜਿਸ ਨਾਲ ਅਗਲੇ ਨੂੰ ਤੁਹਾਡੇ ਮਨ ਦੇ ਭਾਵਾਂ ਦੀ ਸਮਝ ਵੀ ਆ ਜਾਵੇ ਅਤੇ ਅਗਲੇ ਨੂੰ ਕੋਈ ਦੁੱਖ ਵੀ ਨਾ ਲੱਗੇ। ਅੱਜ ਰਿਸ਼ਤਿਆਂ ਵਿਚ ਲੜਾਈ-ਝਗੜੇ, ਕਲੇਸ਼ ਸਿਰਫ ਸਾਡੀ ਬੋਲ ਚਾਲ ਦੇ ਭੈੜੇ ਅਤੇ ਮੰਦ ਸ਼ਬਦਾਵਲੀ ਦੀ ਵਰਤੋਂ ਕਾਰਨ ਹੀ ਹਨ। ਸਾਡੀ ਸੋਚ ਅਤੇ ਵਿਚਾਰ ਹੀ ਸਾਨੂੰ ਦੱਸਣਗੇ ਕਿ ਅਸੀਂ ਕਿਹੋ ਜਿਹੇ ਸ਼ਬਦਾਂ ਦੀ ਵਰਤੋਂ ਕਰਨੀ ਹੈ, ਪਰ ਇਹ ਸੋਚ ਅਤੇ ਵਿਚਾਰ ਸੁਚੱਜੇ ਹੋਣ, ਜਿਸ ਦਾ ਸਾਨੂੰ ਖ਼ਾਸ ਧਿਆਨ ਦੇਣਾ ਪਵੇਗਾ। ਇਸ ਵਿਚ ਸਭ ਤੋਂ ਪਹਿਲੀ ਜ਼ਿੰਮੇਵਾਰੀ ਆਉਂਦੀ ਹੈ ਸਾਡੇ ਮਾਂ-ਪਿਓ ਦੀ ਜਿਨ੍ਹਾਂ ਨੇ ਬੱਚੇ ਦੇ ਮੂਲ ਸਿਧਾਂਤ ਨੂੰ ਬਚਾਉਣਾ ਹੁੰਦਾ ਹੈ। ਫਿਰ ਆਉਂਦੀ ਹੈ ਗੱਲ ਅਧਿਆਪਕ ਵਰਗ ਜਾਂ ਤੁਹਾਡੀ ਸੰਗਤ ਦੀ, ਉਸ ਤੋਂ ਬਾਅਦ ਬੰਦੇ ਦੀਆਂ ਆਪਣੀਆਂ ਰੁਚੀਆਂ ਅਤੇ ਸੋਚ ਬਣਦੀ ਹੈ, ਜਿਸ ਨਾਲ ਉਸ ਦਾ ਇਕ ਚਰਿੱਤਰ ਪੇਸ਼ ਹੁੰਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਚਰਿੱਤਰ ਸਾਫ-ਸੁਥਰਾ ਅਤੇ ਮਹਾਨ ਹੋਵੇ ਤਾਂ ਸਭ ਪਹਿਲਾਂ ਤੁਹਾਨੂੰ ਆਪਣੀ ਬੋਲਬਾਣੀ ਨੂੰ ਸੋਹਣੀ ਬਣਾਉਣੀ ਪਵੇਗੀ। ਕੁਝ ਲੋਕ ਕਹਿੰਦੇ ਹਨ ਕਿ 'ਅਸੀਂ ਤਾਂ ਜੀ ਸੱਚ ਬੋਲੀਦਾ, ਫਿਰ ਚਾਹੇ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ।' ਜ਼ਰੂਰ ਸੱਚ ਬੋਲਣਾ ਬਹੁਤ ਚੰਗੀ ਗੱਲ ਹੈ ਅਤੇ ਸਾਨੂੰ ਹਮੇਸ਼ਾ ਹੀ ਸੱਚ ਬੋਲਣਾ ਚਾਹੀਦਾ ਹੈ ਪਰ ਅਸੀਂ ਬੋਲਣ ਲੱਗਿਆਂ ਕਿਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਾਂ ਜਾਂ ਸਾਡਾ ਸਾਡਾ ਢੰਗ ਕਿਸ ਤਰ੍ਹਾਂ ਦਾ ਹੈ, ਇਹ ਗੱਲ ਮਾਅਨੇ ਰੱਖਦੀ ਹੈ। ਇਸ ਲਈ ਦੋਸਤੋ ਹਮੇਸ਼ਾ ਸੋਹਣੇ ਸ਼ਬਦਾਂ ਦੀ ਵਰਤੋਂ ਕਰੋ, ਇਸ ਨਾਲ ਤੁਹਾਡਾ ਮਨ ਤਾਂ ਸ਼ਾਂਤ ਰਹੇਗਾ ਹੀ, ਨਾਲ ਹੀ ਕੰਨਾਂ ਵਿਚ ਵੀ ਮਿਸ਼ਰੀ ਘੁਲ ਜਾਵੇਗੀ। ਤੁਹਾਨੂੰ ਸਮਾਜ ਵਿਚ ਇੱਜ਼ਤ ਮਿਲੇਗੀ ਅਤੇ ਚਰਿੱਤਰ ਦਾ ਨਿਰਮਾਣ ਹੋਵੇਗਾ।

-ਅਸਟਰੀਆ। ਫੋਨ : +436607370487


ਖ਼ਬਰ ਸ਼ੇਅਰ ਕਰੋ

ਮਾਣ-ਮੱਤੇ ਅਧਿਆਪਕ-24

ਸਿੱਖਿਆ, ਸਾਹਿਤ ਅਤੇ ਸਮਾਜ ਸੇਵਾ ਦੀ ਤ੍ਰਿਵੇਣੀ-ਡਾ: ਗੁਰਚਰਨ ਕੌਰ ਕੋਚਰ

ਸਿੱਖਿਆ ਜਗਤ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਡਾ: ਗੁਰਚਰਨ ਕੌਰ ਕੋਚਰ ਨੇ 25 ਜੁਲਾਈ, 1970 ਨੂੰ ਗੌਰਮਿੰਟ ਹਾਈ ਸਕੂਲ ਗੁਰੂ ਹਰਸਹਾਏ (ਫਿਰੋਜ਼ਪੁਰ) ਤੋਂ ਨੌਕਰੀ ਦੀ ਸ਼ੁਰੂਆਤ ਕੀਤੀ। ਹਮੇਸ਼ਾ ਹੀ ਬੱਚਿਆਂ ਨੂੰ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਪੜ੍ਹਾਉਣ ਵਾਲੇ ਸ੍ਰੀਮਤੀ ਕੋਚਰ ਦੀ ਬਦਲੀ ਦੋ ਸਾਲ ਬਾਅਦ ਗੌਰਮਿੰਟ ਸੀਨੀ: ਸੈਕੰਡਰੀ ਮਾਡਲ ਸਕੂਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋ ਗਈ ਅਤੇ ਇਸ ਸਕੂਲ ਵਿਚ ਪੜ੍ਹਾਈ ਵਿਚ ਕਮਜ਼ੋਰ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਕੂਲ ਲੱਗਣ ਤੋਂ ਪਹਿਲਾਂ ਅਤੇ ਛੁੱਟੀ ਹੋਣ ਤੋਂ ਬਾਅਦ ਜਿਥੇ ਵਾਧੂ ਸਮਾਂ ਦਿੱਤਾ, ਉੱਥੇ ਗਰਮੀ ਅਤੇ ਸਰਦੀ ਦੀਆਂ ਛੁੱਟੀਆਂ ਵਿਚ ਵੀ ਉਨ੍ਹਾਂ ਨੂੰ ਸਕੂਲ ਬੁਲਾ ਕੇ ਪੜ੍ਹਾਉਣਾ ਉਨ੍ਹਾਂ ਦੇ ਹਿੱਸੇ ਆਇਆ। ਸਿੱਟੇ ਵਜੋਂ ਪੂਰੀ ਨੌਕਰੀ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅੱਠਵੀਂ, ਦਸਵੀ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਵਿਚ ਉਨ੍ਹਾਂ ਦੇ ਨਤੀਜੇ ਹਮੇਸ਼ਾ 100 ਫੀਸਦੀ ਰਹੇ ਅਤੇ ਬੱਚੇ ਮੈਰਿਟ ਵਿਚ ਵੀ ਆਉਂਦੇ ਰਹੇ। ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਭਾਸ਼ਣ ਪ੍ਰਤੀਯੋਗਤਾ, ਸਵਾਲ-ਜਵਾਬ, ਕਵਿਤਾ ਉਚਾਰਨ ਅਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਉਨ੍ਹਾਂ ਦੇ ਵਿਦਿਆਰਥੀ ਹਮੇਸ਼ਾ ਪਹਿਲਾ ਜਾਂ ਦੂਜਾ ਸਥਾਨ ਹਾਸਲ ਕਰਦੇ ਰਹੇ। ਉਨ੍ਹਾਂ ਦੀ ਮਿਹਨਤ ਸਦਕਾ ਬੱਚਿਆਂ ਨੇ ਗਰਲ-ਗਾਈਡ ਦੌਰਾਨ ਰਾਜ ਪੱਧਰ ਤੇ ਕੌਮੀ ਪੱਧਰ ਤੱਕ ਦੇ ਇਨਾਮ ਜਿੱਤੇ। ਆਪਣੀ ਤਨਖਾਹ ਵਿਚੋਂ ਲੋੜਵੰਦ ਵਿਦਿਆਰਥੀਆਂ ਨੂੰ ਫ਼ੀਸਾਂ, ਗਰਮੀ-ਸਰਦੀ ਦੀਆਂ ਵਰਦੀਆਂ ਅਤੇ ਹੋਰ ਵਿੱਤੀ ਸਹਾਇਤਾ ਕਰਨਾ ਉਨ੍ਹਾਂ ਦੀ ਸੋਚ ਰਹੀ ਹੈ। ਸਾਖ਼ਰਤਾ ਮੁਹਿੰਮ, ਰਾਹਤ ਕੈਂਪ, ਅੱਖਾਂ ਦੇ ਕੈਂਪ ਅਤੇ ਖੂਨ ਦਾਨ ਕੈਂਪ ਆਦਿ ਵਿਚ ਲਗਾਤਾਰ ਸੇਵਾਵਾਂ ਦੇਣ ਵਾਲੇ ਡਾ: ਕੋਚਰ 16 ਵਾਰ ਆਪਣਾ ਖੂਨ ਦਾਨ ਕਰਕੇ ਔਰਤਾਂ ਲਈ ਮਿਸਾਲ ਬਣ ਚੁੱਕੇ ਹਨ। ਉਨ੍ਹਾਂ ਦੀਆਂ ਵਡਮੁੱਲੀਆਂ ਪ੍ਰਾਪਤੀਆਂ ਕਿਸੇ ਕਾਲਮ ਵਿਚ ਸਮਾ ਜਾਣ ਵਾਲੀਆਂ ਨਹੀਂ, ਕਿਉਂਕਿ ਉਨ੍ਹਾਂ ਦੇ ਕੰਮਾਂ 'ਤੇ ਤਾਂ ਇਕ ਨਾਵਲ ਵੀ ਘੱਟ ਪੈ ਸਕਦਾ ਹੈ, ਇਸੇ ਲਈ ਉਨ੍ਹਾਂ ਨੂੰ ਅਧਿਆਪਕ ਰਾਜ ਤੇ ਕੌਮੀ ਪੁਰਸਕਾਰ ਸਮੇਤ ਦਰਜਨਾਂ ਵੱਕਾਰੀ ਸਨਮਾਨ ਪ੍ਰਾਪਤ ਹੋ ਚੁੱਕੇ ਹਨ, ਜਿਹੜੇ ਵਿਰਲੇ ਇਨਸਾਨਾਂ ਦੇ ਹਿੱਸੇ ਹੀ ਆਇਆ ਕਰਦੇ ਹਨ। ਉਹ ਵਾਤਾਵਰਨ ਦੀ ਸੰਭਾਲ ਲਈ ਵੀ ਤਤਪਰ ਹਨ। ਇਕ ਕੌਮਾਂਤਰੀ ਪੱਧਰ ਤੱਕ ਪਹਿਚਾਣ ਬਣਾ ਚੁੱਕੇ ਲੇਖਕ ਵੀ ਹਨ। ਡਾ: ਕੋਚਰ ਪਿਛਲੇ ਢਾਈ ਦਹਾਕਿਆਂ ਤੋਂ ਜਿਥੇ ਲੋੜਵੰਦ ਬੱਚਿਆਂ ਨੂੰ ਫ਼ੀਸਾਂ, ਵਰਦੀਆਂ ਆਦਿ ਰਾਹੀਂ ਮਦਦ ਕਰ ਰਹੇ ਹਨ, ਉਥੇ ਸਿਰਫ਼ ਲੁਧਿਆਣਾ ਦੀਆਂ ਹੀ ਨਹੀਂ, ਬਲਕਿ ਪੰਜਾਬ ਦੀਆਂ ਵਿਪਤਾ ਮਾਰੀਆਂ, ਘਰੇਲੂ ਹਿੰਸਾ, ਦਾਜ ਪ੍ਰਥਾ ਅਤੇ ਹੋਰ ਵੱਖ-ਵੱਖ ਸ਼ੋਸ਼ਣ ਦੀਆਂ ਸ਼ਿਕਾਰ ਔਰਤਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਂਦੇ ਹੋਏ ਉਨ੍ਹਾਂ ਦੇ ਘਰ ਵਸਾਉਣ ਦਾ ਵੱਡਾ ਕਾਰਜ ਕਰ ਰਹੇ ਹਨ। ਭਾਰਤ ਜਨ ਗਿਆਨ ਵਿਗਿਆਨ ਜਥਾ (ਰਜਿ:) ਦੀ ਉਪ ਪ੍ਰਧਾਨ ਵਜੋਂ ਵਾਤਾਵਰਨ ਦੀ ਸੰਭਾਲ ਲਈ ਵੀ ਬਹੁਤ ਕੰਮ ਕਰ ਰਹੇ ਹਨ। ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਨਾਲ ਜੁੜੀ ਹੋਣ ਕਰਕੇ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਹੋਰ ਕਲਾਵਾਂ ਦੀ ਪ੍ਰਫੁੱਲਤਾ, ਪ੍ਰਚਾਰ ਅਤੇ ਪ੍ਰਸਾਰ ਲਈ ਨਿਰੰਤਰ ਯਤਨ ਕਰ ਰਹੇ ਹਨ। ਸੈਂਕੜੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਡਾ: ਕੋਚਰ ਦਾ ਕਹਿਣਾ ਹੈ ਕਿ ਮੇਰੇ ਲਈ ਇਹ ਸਭ ਤੋਂ ਵੱਡਾ ਪੁਰਸਕਾਰ ਹੈ ਕਿ ਅੱਜ ਵੀ ਮੇਰੇ ਵਿਦਿਆਰਥੀ ਮੈਨੂੰ ਮੇਰੇ ਜਨਮ ਦਿਨ ਅਤੇ ਮੇਰੀ ਵਿਆਹ ਦੀ ਵਰ੍ਹੇਗੰਢ 'ਤੇ ਵਧਾਈਆਂ ਦੇਣੀਆਂ ਨਹੀਂ ਭੁੱਲਦੇ, ਮੇਰੇ ਲਈ ਇਹ ਵੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਸਾਰੇ ਬੁੱਧੀਜੀਵੀਆਂ, ਵਿਦਵਾਨਾਂ ਅਤੇ ਸਾਹਿਤਕਾਰਾਂ ਨੇ ਮੈਨੂੰ 'ਸਿੱਖਿਆ, ਸਾਹਿਤ ਅਤੇ ਸਮਾਜ ਸੇਵਾ ਦੀ ਤ੍ਰਿਵੇਣੀ' ਹੋਣ ਦਾ ਮਾਣ ਬਖਸ਼ਿਆ ਹੈ। ਸਿੱਖਿਆ ਵਿਭਾਗ ਵਿਚੋਂ ਸੇਵਾ-ਮੁਕਤ ਹੋ ਕੇ ਲੁਧਿਆਣਾ ਵਿਖੇ ਰਹਿ ਰਹੇ ਡਾ: ਕੋਚਰ ਸਮਾਜ ਲਈ ਸਾਰਾ ਜੀਵਨ ਹੀ ਨਿਛਾਵਰ ਕਰਨ ਵਾਲਿਆਂ ਵਿਚੋਂ ਹਨ। ਦਿਲ ਕਰਦਾ ਹੈ ਅਜਿਹੀ ਮਾਣਮੱਤੀ ਸ਼ਖ਼ਸੀਅਤ ਨੂੰ ਵਾਰ-ਵਾਰ ਸਿਜਦਾ ਕਰਾਂ। ਅਕਾਲ ਪੁਰਖ ਅੱਗੇ ਅਰਦਾਸ ਹੈ ਉਨ੍ਹਾਂ ਦੀ ਉਮਰ ਲੋਕ ਗੀਤ ਜਿੰਨੀ ਹੋਵੇ, ਤਾਂ ਜੋ ਉਹ ਹਮੇਸ਼ਾ ਸਮਾਜ ਦੀ ਸੇਵਾ ਕਰਦੇ ਰਹਿਣ।

-ਪਿੰਡ ਪੰਜਗਰਾਈਆਂ (ਸੰਗਰੂਰ)।

ਕਿਸੇ ਦੀ ਪੈ ਜਾਵੇ ਨਾ ਕਿਤੇ ਅੱਲ

ਲਫਜ਼ ਬੜੇ ਜ਼ਿੱਦੀ ਹੁੰਦੇ ਹਨ, ਪੱਕੇ ਢੀਠ। ਇਹ ਜਿਹੜੇ ਅਰਥਾਂ ਨੂੰ ਧਾਰਨ ਕਰ ਲੈਂਦੇ ਹਨ, ਫਿਰ ਛੇਤੀ ਕੀਤਿਆਂ ਛੱਡਦੇ ਨਹੀਂ। ਭਾਸ਼ਾ ਵਿਗਿਆਨੀਆਂ ਦਾ ਵੀ ਮੰਨਣਾ ਹੈ ਕਿ ਸ਼ਬਦ ਦਾ ਸੁਭਾਅ ਮਸਨੂਈ ਹੁੰਦਾ ਹੈ। ਲਫਜ਼ ਕਿਸੇ ਚੀਜ਼, ਕਿਸੇ ਵਿਅਕਤੀ ਦੇ ਖਹਿੜੇ ਪੈ ਜਾਣ ਤਾਂ ਕਈ-ਕਈ ਪੀੜ੍ਹੀਆਂ ਤੱਕ ਖਹਿੜਾ ਨਹੀਂ ਛੱਡਦੇ। ਕੋਠੀਆਂ, ਜਾਇਦਾਦਾਂ ਦੇ ਮਾਲਕਾਂ ਨੂੰ ਜਦੋਂ ਕੋਈ 'ਨੰਗਾਂ ਦਾ ਲਾਣਾ' ਕਹਿ ਕੇ ਬੁਲਾਉਂਦਾ ਹੈ ਤਾਂ ਇਹਦਾ ਇਹੋ ਅਰਥ ਹੁੰਦਾ ਹੈ ਕਿ ਕਿਸੇ ਸਮੇਂ ਇਹ ਵਿਚਾਰੇ ਗ਼ਰੀਬ ਰਹੇ ਹੋਣਗੇ, ਉਦੋਂ ਇਨ੍ਹਾਂ ਨਾਲ 'ਨੰਗ' ਲਫਜ਼ ਜੁੜ ਗਿਆ ਤੇ ਇਹ ਲਫਜ਼ ਹੁਣ ਇਨ੍ਹਾਂ ਦਾ ਖਹਿੜਾ ਨਹੀਂ ਛੱਡ ਰਿਹਾ। ਇਵੇਂ-ਜਿਵੇਂ ਕਿਸੇ ਪਰਿਵਾਰ ਨੂੰ ਬੜੇ ਸਹਿਜ ਨਾਲ 'ਦਾਲ ਪੀਣੇ' ਕਹਿ ਲਿਆ ਜਾਂਦਾ ਹੈ ਭਾਵੇਂ ਉਨ੍ਹਾਂ ਦੇ ਘਰ ਬਣਨ ਵਾਲੇ ਪਕਵਾਨਾਂ ਦੀ ਸੂਚੀ ਕਿੰਨੀ ਵੀ ਲੰਮੀ ਕਿਉਂ ਨਾ ਹੋਵੇ। ਮੇਰੇ ਇਕ ਮਿੱਤਰ ਨੇ ਆਪ ਬੀਤੀ ਸ਼ੁਰੂ ਕਰਦਿਆਂ ਦੱਸਿਆ ਕਿ ਇਹ ਗੱਲ ਸੌ ਫੀਸਦੀ ਦਰੁਸਤ ਹੈ ਕਿ ਪਿੱਛੇ ਪਏ ਸ਼ਬਦ ਜਾਂ ਅੱਲ ਕਈ ਪੀੜ੍ਹੀਆਂ ਤੱਕ ਪਿੱਛਾ ਨਹੀਂ ਛੱਡਦੀ। ਉਸ ਨੇ ਦੱਸਿਆ ਕਿ ਸਾਡੇ ਪਿੰਡ ਵਿਚ ਇਕ ਪਰਿਵਾਰ 'ਪਾਲੇ ਮਾਰੀਆਂ' ਦਾ ਵੱਜਦਾ ਹੈ, ਸਾਡੇ ਵੱਡੇ ਦੱਸਿਆ ਕਰਦੇ ਸਨ ਕਿ ਉਨ੍ਹਾਂ ਦੇ ਵਡੇਰੇ ਠੰਢ ਦਾ ਮੌਸਮ ਲੰਘ ਜਾਣ ਤੋਂ ਬਾਅਦ ਵੀ ਧੂੰਆਂ ਬਾਲ ਕੇ ਸੇਕਦੇ ਰਹਿੰਦੇ ਸਨ। ਪਿੰਡ ਵਾਸੀ ਉਨ੍ਹਾਂ ਨੂੰ 'ਪਾਲੇ ਮਾਰੀਆਂ' ਦਾ ਟੱਬਰ ਕਹਿਣ ਲੱਗ ਪਏ। ਇਸ ਤਰ੍ਹਾਂ ਇਕ ਪਰਿਵਾਰ ਨੂੰ ਪਿੰਡ ਦੇ ਲੋਕ ਬੁੱਚੜਾਂ ਦਾ ਟੱਬਰ ਭਾਵ ਬੁੱਚੜ-ਬੁੱਚੜ ਕਿਹਾ ਕਰਦੇ ਸਨ। ਉਨ੍ਹਾਂ ਸੋਚਿਆ ਕਿ ਲੋਕ ਸਾਨੂੰ ਬੁੱਚੜ ਭਾਵ ਜ਼ਾਲਮ ਦੇ ਵਿਸ਼ਲੇਸ਼ਣ ਨਾਲ ਜਾਣਦੇ ਹਨ, ਕਿਉਂ ਨਾ ਅਸੀਂ ਅਜਿਹਾ ਦਾਨ-ਪੁੰਨ ਵਾਲਾ ਕਾਰਜ ਕਰੀਏ ਕਿ ਇਸ ਅੱਲ ਤੋਂ ਸਾਡਾ ਖਹਿੜਾ ਛੁੱਟ ਜਾਵੇ। ਸੋ, ਇਸੇ ਸੋਚ ਦੇ ਸਨਮੁਖ ਉਨ੍ਹਾਂ ਗੁੜ ਦੇ ਚੌਲਾਂ ਦੀਆਂ ਦੇਗਾਂ ਲਵਾਈਆਂ ਅਤੇ ਸਾਰੇ ਪਿੰਡ ਨੂੰ ਸੱਦਾ ਦੇ ਕੇ ਚੌਲ ਵੰਡੇ। ਪਿੰਡ ਵਾਸੀ ਥਾਲ ਭਰਾ-ਭਰਾ ਕੇ ਲਈ ਜਾਣ ਤੇ ਨਾਲੇ ਦੱਸਦੇ ਜਾਣ, 'ਬੁੱਚੜਾਂ ਨੇ ਚੌਲਾਂ ਦੀਆਂ ਦੇਗਾਂ ਵੰਡੀਆਂ ਹਨ, ਜਾਹ ਭਾਈ ਤੂੰ ਵੀ ਲੈ ਆ... ਤੂੰ ਵੀ ਲੈ ਆ।' ਜਿਹੜੀ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਅੱਲ ਦਾ ਪਤਾ ਨਹੀਂ ਸੀ, ਉਨ੍ਹਾਂ ਨੂੰ ਵੀ ਪਤਾ ਲੱਗ ਗਿਆ। ਕਹਿਣ ਤੋਂ ਭਾਵ ਇਹ ਕਿ ਅੱਲ ਕਈ ਪੀੜ੍ਹੀਆਂ ਤੱਕ ਖਹਿੜਾ ਨਹੀਂ ਛੱਡਦੀ।

-ਪੱਟੀ (ਤਰਨ ਤਾਰਨ)।
ਮੋਬਾ: 98147-64344

ਪਿੰਡ ਦੀ ਸੱਥ

ਪੰਜਾਬ ਦੇ ਹਰ ਪਿੰਡ ਵਿਚ ਸੱਥ ਲਾਜ਼ਮੀ ਹੁੰਦੀ ਹੈ ਅਤੇ ਸੱਥ ਪਿੰਡ ਦੀ ਸਾਂਝੀ ਜਗ੍ਹਾ 'ਤੇ ਹੀ ਹੁੰਦੀ ਹੈ। ਪਿੰਡ ਦੀ ਸੱਥ ਪੰਜਾਬੀ ਸੱਭਿਆਚਾਰ ਦਾ ਇਕ ਅਨਮੋਲ ਅਤੇ ਅਨਿੱਖੜਵਾਂ ਅੰਗ ਹੈ। ਕਿਸੇ ਸਮੇਂ ਪਿੰਡ ਦੀ ਸੱਥ ਹੀ ਪਿੰਡ ਦਾ ਪੰਚਾਇਤੀ ਘਰ, ਲੋਕ-ਕਚਹਿਰੀ ਹੁੰਦੇ ਸਨ। ਪਿੰਡ ਵਿਚ ਕਿਸੇ ਵੀ ਵਿਅਕਤੀ ਸਮੂਹ ਦਾ ਕੋਈ ਵੀ ਝਗੜਾ-ਮਸਲਾ ਹੁੰਦਾ ਤਾਂ ਉਹ ਆਖਰ ਵਿਚ ਪਿੰਡ ਦੀ ਸੱਥ ਵਿਚ ਹੀ ਨਿਬੜਦਾ ਸੀ। ਪਿੰਡ ਦੀ ਸੱਥ ਦਾ ਬਹੁਤ ਮਹੱਤਵ ਸਮਝਿਆ ਜਾਂਦਾ ਸੀ। ਜੇਕਰ ਪਿੰਡ ਕਿਸੇ ਨੇਤਾ, ਅਫਸਰ, ਕਲਾਕਾਰਾਂ ਨੇ ਆਉਣਾ ਹੁੰਦਾ ਸੀ ਤਾਂ ਉਹ ਵੀ ਸਭ ਪਿੰਡ ਦੀ ਸੱਥ ਵਿਚ ਹੀ ਆਉਂਦੇ ਸਨ। ਪਿੰਡ ਦੀ ਸੱਥ ਸਰਬਸਾਂਝੀ ਜਗ੍ਹਾ ਸਮਝੀ ਜਾਂਦੀ ਸੀ। ਪਿੰਡ ਦੀ ਸੱਥ ਕਦੇ ਵੀ ਖਾਲੀ ਨਹੀਂ ਰਹਿੰਦੀ ਸੀ, ਭਾਵੇਂ ਕੋਈ ਵੀ ਮੌਸਮ ਭਾਵ ਹਾੜ੍ਹੀ, ਸਾਉਣੀ, ਬੇਸ਼ੱਕ ਕੰਮ ਦੀ ਰੁੱਤ ਹੁੰਦੀ, ਸੱਥ ਵਿਚ 15-20 ਸਿਆਣੇ ਬਜ਼ੁਰਗ ਬੈਠੇ ਹੀ ਰਹਿੰਦੇ ਸਨ, ਜੋ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਰਹਿੰਦੇ ਸਨ ਅਤੇ ਪਿੰਡ ਵਿਚ ਸਰਬ-ਸਾਂਝੇ ਕੰਮਾਂ ਦੇ ਅੰਕੜੇ ਕੱਢਦੇ ਰਹਿੰਦੇ ਸਨ। ਪਿੰਡ ਦੀ ਸੱਥ ਵਿਚੋਂ ਦੀ ਜੇਕਰ ਕੋਈ ਵੀ ਪਿੰਡ ਦਾ ਜਾਂ ਕਿਸੇ ਹੋਰ ਪਿੰਡ ਦਾ ਵਿਅਕਤੀ ਲੰਘਦਾ ਸੀ ਤਾਂ ਉਥੇ ਬੈਠੇ ਬਜ਼ੁਰਗਾਂ ਨੂੰ ਨਮਸਤੇ, ਸਤਿ ਸ੍ਰੀ ਅਕਾਲ ਆਦਿ ਕਹਿ ਕੇ ਲੰਘਣ ਦਾ ਇਕ ਆਮ ਰੁਤਬਾ ਪ੍ਰਾਪਤ ਕਰਨ ਬਰਾਬਰ ਹੁੰਦਾ ਸੀ। ਪਿੰਡਾਂ ਦੀਆਂ ਸੱਥਾਂ ਪਿੰਡਾਂ ਦੀ ਸ਼ਾਨ ਹੁੰਦੀਆਂ ਸਨ। ਪਿੰਡ ਦੀ ਸੱਥ ਤੋਂ ਹੀ ਪਿੰਡ ਦੇ ਭਾਈਚਾਰੇ, ਸਾਂਝੀਵਾਲਤਾ ਅਤੇ ਰੁਤਬੇ ਦਾ ਪਤਾ ਲੱਗ ਜਾਂਦਾ ਸੀ ਪਈ ਪਿੰਡ ਕਿੰਨੇ ਕੁ ਪਾਣੀ ਵਿਚ ਹੈ। ਪਿੰਡ ਦੇ ਕਿਸੇ ਵੀ ਵਿਅਕਤੀ ਦੀਆਂ ਪਿੰਡ ਦੀ ਸੱਥ ਵਿਚ ਗੱਲਾਂ ਹੋਈਆਂ, ਗੱਲਾਂ ਭਾਵੇਂ ਚੰਗੇ ਚਰਿੱਤਰ ਕਰਕੇ ਹੋਣ, ਚਾਹੇ ਮਾੜੇ ਕਰਕੇ, ਬਸ ਇਹ ਗੱਲਾਂ ਤਾਂ ਰਾਈ ਦਾ ਪਹਾੜ ਬਣ ਜਾਂਦੀਆਂ ਸਨ। ਫਿਰ ਚਾਰੇ ਪਾਸੇ ਉਹ ਵਿਅਕਤੀ ਚਰਚਾ ਦਾ ਵਿਸ਼ਾ ਹੀ ਬਣ ਜਾਂਦਾ ਸੀ ਪਰ ਅੱਜ ਦੇ ਡਿਜੀਟਲ ਯੁੱਗ ਵਿਚ ਪਿੰਡਾਂ ਦੀਆਂ ਸੱਥਾਂ ਅਲੋਪ ਹੋ ਰਹੀਆਂ ਹਨ, ਜੋ ਬਹੁਤ ਹੀ ਚਿੰਤਾ ਵਾਲੀ ਗੱਲ ਹੈ। ਪਿੰਡ ਦੀ ਸੱਥ ਵਿਚ ਸਿਆਣੇ ਕਹਿੰਦੇ ਹਨ ਕਿ 'ਰੱਬ ਦਾ ਘਰ ਹੁੰਦਾ ਹੈ।' ਜਿਥੇ ਉਹ ਬਾਬੇ, ਬਜ਼ੁਰਗ ਹੁੰਦੇ ਹਨ, ਜਿਨ੍ਹਾਂ ਨੇ ਆਪਣੇ ਅੱਖੀਂ ਉਸੇ ਪਿੰਡ ਦੀ ਬਦਲਵੀਂ ਤਸਵੀਰ ਖੁਦ ਦੇਖੀ ਹੁੰਦੀ ਹੈ। ਪਿੰਡ ਦੀ ਸੱਥ ਦਾ ਅੱਜ ਵੀ ਓਨਾ ਹੀ ਮਹੱਤਵ ਹੈ ਪਰ ਲੋਕਾਂ ਕੋਲ ਅੱਜ ਸਮੇਂ ਦੀ ਕਮੀ ਕਰਕੇ ਸੱਥਾਂ ਵਿਚ ਬੈਠਣ ਦਾ ਸਮਾਂ ਨਹੀਂ ਰਿਹਾ। ਕਿਸੇ ਦਿਨ ਇਨ੍ਹਾਂ ਸੱਥਾਂ ਦੀ ਏਨੀ ਮਹੱਤਤਾ ਹੁੰਦੀ ਸੀ ਕਿ ਗੀਤਾਂ-ਗਾਣਿਆਂ ਵਿਚ ਸੱਥਾਂ ਦਾ ਆਮ ਹੀ ਜ਼ਿਕਰ ਹੁੰਦਾ ਸੀ। ਫਿਲਮਾਂ/ਨਾਟਕਾਂ ਵਿਚ ਸੱਥਾਂ ਦੇ ਦ੍ਰਿਸ਼ ਆਮ ਹੀ ਦਿਖਾਏ ਜਾਂਦੇ ਸਨ। ਕਿਸੇ ਪਿੰਡ ਦੀ ਸੱਥ ਇਕ ਖੁੱਲ੍ਹਾ ਮਹਿਲਨੁਮਾ ਦਰਵਾਜ਼ਾ ਅਤੇ ਉੱਚਾ ਥੜ੍ਹਾ ਹੀ ਹੁੰਦਾ ਸੀ ਪਰ ਅੱਜ ਵੀ ਪੰਜਾਬ ਦੇ ਕਈ ਪਿੰਡਾਂ ਵਿਚ ਇਸ ਸੱਭਿਆਚਾਰ ਦੇ ਅਨਮੋਲ ਤੋਹਫ਼ੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਪੰਜਾਬ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ, ਕਮੇਟੀਆਂ ਆਦਿ ਨੇ ਆਪਣੇ-ਆਪਣੇ ਪਿੰਡ ਦੀ ਯਾਦਗਾਰ ਪੱਖੋਂ ਸੱਥਾਂ ਦੀ ਚੰਗੀ ਦੇਖਭਾਲ/ਸਾਂਭ-ਸੰਭਾਲ ਕਰ ਰੱਖੀ ਹੈ, ਜੋ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਪਰ ਅਫਸੋਸ, ਕਈ ਪਿੰਡਾਂ ਵਿਚ ਤਾਂ ਇਹ ਸੱਥਾਂ ਬਿਲਕੁਲ ਅਲੋਪ ਹੀ ਹੋ ਚੁੱਕੀਆਂ ਹਨ। ਅੱਜਕਲ੍ਹ ਸੋਸ਼ਲ ਮੀਡੀਆ ਯੁੱਗ ਵਿਚ ਤਾਂ ਵੱਟਸਐਪ, ਫੇਸਬੁੱਕ ਅਤੇ ਹੋਰ ਸੋਸ਼ਲ ਸਾਈਟਾਂ ਰਾਹੀਂ ਲੋਕ ਇਨ੍ਹਾਂ ਸੱਥਾਂ ਵਿਚ ਬੈਠੇ ਬਾਬੇ, ਬਜ਼ੁਰਗਾਂ ਦੀਆਂ ਤਸਵੀਰਾਂ ਪਾ ਕੇ ਇਨ੍ਹਾਂ ਨੂੰ ਸੀ. ਸੀ. ਟੀ. ਵੀ. ਕੈਮਰੇ ਦੱਸ ਕੇ ਮਜ਼ਾਕ ਦੇ ਪਾਤਰ ਬਣਾਉਂਦੇ ਹਨ, ਜੋ ਕਿ ਬਹੁਤ ਹੀ ਗ਼ਲਤ ਰੁਝਾਨ ਹੈ।

-ਮੋਬਾ: 98888-26778

ਨੌਜਵਾਨਾਂ ਨੂੰ ਰੁਜ਼ਗਾਰ ਦਾ ਚੋਗਾ ਪਾ ਵੋਟਾਂ ਬਟੋਰ ਰਹੀਆਂ ਹਨ ਸਿਆਸੀ ਪਾਰਟੀਆਂ

ਹਰੇਕ ਦੇਸ਼ ਅਤੇ ਸੂਬੇ ਦਾ ਭਵਿੱਖ ਉਸ ਦਾ ਨੌਜਵਾਨ ਵਰਗ ਹੁੰਦਾ ਹੈ, ਜਿਸ ਕਾਰਨ ਦੇਸ਼ ਦੀ ਖੁਸ਼ਹਾਲੀ ਇਸ ਵਰਗ 'ਤੇ ਹੀ ਟਿਕੀ ਹੁੰਦੀ ਹੈ। ਜੇਕਰ ਇਹ ਵਰਗ ਖ਼ੁਦ ਹੀ ਨਿਰਾਸ਼ਾ ਦੇ ਆਲਮ ਵਿਚ ਡੁੱਬਿਆ ਹੋਵੇ ਤਾਂ ਤਰੱਕੀ ਦੀ ਆਸ ਕਿਵੇਂ ਪ੍ਰਗਟਾਈ ਜਾ ਸਕਦੀ ਹੈ? ਭਰਪੂਰ ਊਰਜਾ ਅਤੇ ਜੋਸ਼ 'ਚ ਜਿਊਣ ਵਾਲੇ ਨੌਜਵਾਨ ਵਰਗ ਨੂੰ ਸਹੀ ਦਿਸ਼ਾ ਦੇਣ ਦੀ ਜ਼ਰੂਰਤ ਹੁੰਦੀ ਹੈ। ਜੇਕਰ ਉਨ੍ਹਾਂ ਨੂੰ ਸਹੀ ਰਸਤੇ ਪਾਉਣ ਦੀ ਬਜਾਏ ਗਲਤ ਪਾਸੇ ਮੋੜ ਵੱਲ ਦਿੱਤਾ ਜਾਵੇ ਤਾਂ ਦੇਸ਼ ਦੀ ਤਰੱਕੀ ਬਾਰੇ ਸੋਚਣਾ ਇਕ ਮੂਰਖਤਾ ਦੇ ਬਰਾਬਰ ਹੈ। ਅਫ਼ਸੋਸ ਸਾਡੇ ਦੇਸ਼ ਵਿਚ ਵੋਟ ਬੈਂਕ ਦੇ ਚੱਕਰ ਵਿਚ ਅਜਿਹਾ ਕੁਝ ਹੀ ਹੋ ਰਿਹਾ ਹੈ। ਇੱਥੇ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਢੰਗ ਨਾਲ ਵਰਤਣ ਦੀ ਬਜਾਏ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਵਰਤਿਆ ਜਾਂਦਾ ਹੈ, ਜਿਸ ਕਾਰਨ ਅੱਜ ਅਨੇਕਾਂ ਮੁਸ਼ਕਿਲਾਂ ਸਾਡੇ ਸਨਮੁੱਖ ਹਨ। ਪਿਛਲੇ ਸਮਿਆਂ ਵੱਲ ਝਾਤ ਮਾਰੀ ਜਾਵੇ ਤਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਦਾ ਰਾਗ ਅਲਾਪਣ ਦਾ ਸਿਲਸਿਲਾ ਤੇਜ਼ ਹੋ ਰਿਹਾ ਹੈ। ਜਦਕਿ ਇਸ 'ਚ ਸਚਾਈ ਕੋਈ ਨਹੀਂ ਹੁੰਦੀ, ਵੋਟਾਂ ਪੈਣ ਮਗਰੋਂ ਇਹ ਵਾਅਦਾ ਇਕ 'ਸਿਆਸੀ ਜੁਮਲਾ' ਹੀ ਹੋ ਨਿਬੜਦਾ ਹੈ। ਇਹ ਜੁਮਲਾ ਨੌਜਵਾਨ ਵੋਟਰਾਂ ਦੀ ਵਧਦੀ ਗਿਣਤੀ ਨੂੰ ਦੇਖ ਕੇ ਅਪਣਾਇਆ ਜਾਣ ਲੱਗਾ, ਕਿਉਂਕਿ ਜੇਕਰ 2011 ਦੀ ਮਰਦਮਸ਼ੁਮਾਰੀ ਦੇ ਵੇਰਵਿਆਂ ਦੀ ਘੋਖ ਕਰਦੇ ਹਾਂ ਤਾਂ ਹਰੇਕ ਵਰ੍ਹੇ ਲਗਭਗ 2 ਕਰੋੜ ਨੌਜਵਾਨ 18 ਸਾਲ ਦੇ ਹੋ ਕੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਕਾਬਲ ਹੋ ਜਾਂਦੇ ਹਨ। ਜਿਸ ਕਰਕੇ ਨੌਜਵਾਨ ਵਰਗ ਨੂੰ ਵੋਟਾਂ ਲਈ ਵਰਤਣ ਦੇ ਵਸੀਲੇ ਅਪਣਾਏ ਜਾਂਦੇ ਹਨ। ਜੇਕਰ ਪੰਜਾਬ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਨੌਜਵਾਨ ਵਰਗ ਨੂੰ ਅੱਗੇ ਰੱਖ ਕੇ ਚੋਣਾਂ ਲੜੀਆਂ ਜਾਣ ਲੱਗ ਪਈਆਂ ਹਨ। ਹੁਣ ਪੰਜਾਬ ਦੀ ਸੱਤਾ 'ਤੇ ਰਾਜ ਕਰ ਰਹੀ ਕਾਂਗਰਸ ਸਰਕਾਰ ਨੇ ਘਰ-ਘਰ ਨੌਕਰੀ ਦੇਣ ਦਾ ਨਾਅਰਾ ਲਗਾ ਕੇ ਸਰਕਾਰ ਬਣਾਉਣ 'ਚ ਕਾਮਯਾਬੀ ਹਾਸਲ ਕਰ ਲਈ। ਪ੍ਰਾਈਵੇਟ ਕੰਪਨੀਆਂ ਦੇ ਰੁਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਭਾਰਤ ਵਿਕਸਿਤ ਦੇਸ਼ਾਂ ਦੇ ਨਕਸ਼ੇ ਤੋਂ ਪਿਛਾਂਹ ਵੱਲ ਹਟਦਾ ਨਜ਼ਰੀਂ ਪੈ ਰਿਹਾ ਹੈ, ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਦਾ ਸਤਾਇਆ ਹੋਇਆ ਨੌਜਵਾਨ ਵਰਗ ਵਿਦੇਸ਼ ਜਾਣ ਨੂੰ ਹੀ ਆਪਣਾ ਟੀਚਾ ਸਮਝ ਰਿਹਾ ਹੈ। ਜਿਸ ਦੇਸ਼ ਦਾ ਇਹ ਵਰਗ ਆਪਣਾ ਮੁਲਕ ਛੱਡਣ ਲਈ ਤਰਲੋਮੱਛੀ ਹੋ ਰਿਹਾ ਹੋਵੇ, ਉਸ ਦਾ ਭਵਿੱਖ ਹਨੇਰਗਰਦੀ ਵਾਲਾ ਹੋਣਾ ਤਾਂ ਸੁਭਾਵਿਕ ਹੀ ਹੈ। ਬਾਕੀ ਹੁਣ ਇਸ ਸਾਲ ਫਿਰ ਤੋਂ ਦੇਸ਼ ਦੀ ਸਰਕਾਰ ਚੁਣਨ ਦੀ ਵਾਗਡੋਰ ਆਮ ਲੋਕਾਂ ਕੋਲ ਆਵੇਗੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨੇਤਾਵਾਂ ਦੇ ਪਿਛਲੇ ਸਮੇਂ 'ਚ ਕੀਤੇ ਅਧੂਰੇ ਵਾਅਦਿਆਂ ਤੋਂ ਲੋਕ ਕੀ ਸਬਕ ਲੈਂਦੇ ਹਨ? ਅਤੇ ਰਾਜਸੀ ਧਿਰਾਂ ਹੁਣ ਨੌਜਵਾਨਾਂ ਵਾਸਤੇ ਕੀ ਨਵੀਆਂ ਸਿਆਸੀ ਛੁਰਲੀਆਂ ਛੱਡਣਗੀਆਂ?

-ਧਨੌਲਾ (ਬਰਨਾਲਾ)-148105. ਮੋਬਾ: 97810-48055

ਅਵਾਰਾ ਪਸ਼ੂ ਕਿਸਾਨਾਂ ਅਤੇ ਰਾਹਗੀਰਾਂ ਲਈ ਕਹਿਰ

ਸਰਕਾਰਾਂ ਦੀਆਂ ਨੀਤੀਆਂ ਕਾਰਨ ਸੰਸਾਰ ਭਰ ਹੋਰਨਾਂ ਕਿੱਤਿਆਂ ਦੇ ਮੁਕਾਬਲੇ ਫਾਡੀ ਮੰਨੇ ਜਾਂਦੇ ਕਿਸਾਨੀ ਕਿੱਤੇ ਦੀ ਜੇ ਪੰਜਾਬ ਵਿਚਲੀ ਤਰਸਯੋਗ ਹਾਲਤ ਵੱਲ ਧਿਆਨ ਕੀਤਾ ਜਾਵੇ ਤਾਂ ਇਕ ਪਾਸੇ ਦਿਨੋ-ਦਿਨ ਵਧ ਰਹੀ ਖੇਤੀ ਲਾਗਤ ਦਰ ਦੇ ਮੁਕਾਬਲੇ ਆਮਦਨ ਦੀ ਮੱਠੀ ਰਫਤਾਰ ਕਿਸਾਨ ਨੂੰ ਆਰਥਿਕ ਬੋਝ ਹੇਠ ਦੱਬਦੀ, ਦੂਜੇ ਪਾਸੇ ਅਵਾਰਾ ਪਸ਼ੂਆਂ ਦੇ ਝੁੰਡਾਂ ਵਲੋਂ ਔਲਾਦ ਤੋਂ ਪਿਆਰੀ ਫਸਲ ਦੇ ਉਜਾੜੇ ਦਾ ਕਹਿਰ ਕਿਸੇ ਆਤੰਕੀ ਸਾਏ ਤੋਂ ਘੱਟ ਨਜ਼ਰ ਨਹੀਂ ਆਉਂਦੀ ਹੈ। ਕੀ ਕਿਸੇ ਤੋਂ ਲੁਕਿਆ-ਛੁਪਿਆ ਹੈ ਕਿ ਪਸ਼ੂਆਂ ਦਾ ਝੁੰਡ ਜਦੋਂ ਕਿਸੇ ਖੇਤ 'ਚੋਂ ਲੰਘਦਾ ਹੈ ਤਾਂ ਕੀ ਛੱਡਦਾ ਹੋਵੇਗਾ ਜਾਂ ਸੜਕਾਂ 'ਤੇ ਮੜਕ-ਚਾਲ ਤੁਰਦੇ/ਆਰਾਮ ਫਰਮਾਉਂਦੇ ਪਸ਼ੂਆਂ ਦੇ ਝੁੰਡ ਜ਼ਿੰਦਗੀ ਦੀ ਰਫਤਾਰ ਨੂੰ ਰੋਕ ਲਾਉਂਦੇ ਨੇ ਜਾਂ ਵੱਡੇ ਹਾਦਸੇ ਦਾ ਕਾਰਨ ਬਣਦੇ ਹਨ। ਅਜਿਹੇ 'ਚ ਡੰਗ ਟਪਾਉਣ 'ਚ ਮਾਹਿਰ ਸਰਕਾਰਾਂ ਗਊ ਸੈੱਸ ਲਗਾ ਕੇ, ਗਊਸ਼ਾਲਾਂ ਬਣਾਉਣ ਦੇ ਲਾਰੇ ਲਗਾ ਕੇ ਅਤੇ ਪ੍ਰਸ਼ਾਸਨ ਬੈਠਕ ਕਰਕੇ, ਮੀਡੀਏ ਵਾਲੇ ਖ਼ਬਰਾਂ ਪ੍ਰਕਾਸ਼ਤ ਕਰਕੇ ਕਿਸਾਨਾਂ ਦੇ ਖੇਤਾਂ 'ਚ ਅਵਾਰਾ ਪਸ਼ੂਆਂ ਦੇ ਆਤੰਕ ਦੇ ਸਾਏ ਅਤੇ ਸੜਕਾਂ 'ਤੇ ਫਿਰਦੇ ਝੁੰਡਾਂ ਨੂੰ ਰੋਕਣ 'ਚ ਸਮੱਸਿਆ ਨੂੰ ਟੱਸ ਤੋਂ ਮੱਸ ਨਹੀਂ ਕਰ ਸਕੇ। ਅਵਾਰਾ ਪਸ਼ੂਆਂ ਦੇ ਝੁੰਡਾਂ ਦੀ ਹਰਕਤ ਸਬੰਧੀ ਵਿਚਾਰਿਆ ਜਾਵੇ ਤਾਂ ਇਹ ਦਿਨ ਵੇਲੇ ਤਾਂ ਆਰਾਮ ਕਰਦੇ ਨੇ, ਜਦਕਿ ਸੂਰਜ ਢਲਦਿਆਂ ਹੀ ਖੇਤਾਂ ਵੱਲ ਵਹੀਰਾਂ ਘੱਤ ਫਸਲ ਦਾ ਉਜਾੜਾ ਕਰਦੇ ਹਨ। ਇਕ ਪਾਸੇ ਤਾਂ ਅੰਨਦਾਤਾ ਲਈ ਖੇਤੀ ਲਾਗਤ ਅਤੇ ਕਰਜ਼ੇ ਦੇ ਬੋਝ ਨੇ ਦੱਬਿਆ ਹੈ, ਦੂਜੇ ਪਾਸੇ ਅਵਾਰਾ ਪਸ਼ੂਆਂ ਦੇ ਆਤੰਕੀ ਸਾਏ ਹੇਠ ਅਤੇ ਫਸਲਾਂ ਦੇ ਉਜਾੜੇ ਕਾਰਨ ਆਪਣੇ ਕਰਮਾਂ ਨੂੰ ਧਾਂਹਾਂ ਮਾਰਦਾ ਦੁਖੀ ਹੈ, ਜਿਸ ਦੀ ਫਰਿਆਦ ਕੋਈ ਸੁਣਨ ਵਾਲਾ ਵਿਖਾਈ ਨਹੀਂ ਦਿੰਦਾ। ਖੇਤੀ ਮਹਿੰਗੀ ਹੀ ਨਹੀਂ, ਸਗੋਂ ਜੋਖਮ ਭਰਿਆ ਕਿੱਤਾ ਬਣ ਗਿਆ ਹੈ। ਸਰਕਾਰਾਂ ਤੋਂ ਬਾਹਰ ਸਿਆਸੀ ਆਗੂ ਕਦੇ ਸਕੂਲਾਂ/ਸਰਕਾਰੀ ਅਦਾਰਿਆਂ ਦੀ ਚਾਰਦੀਵਾਰੀ 'ਚ ਅਵਾਰਾ ਪਸ਼ੂਆਂ ਨੂੰ ਬੰਦ ਕਰਕੇ ਸਿਆਸਤ ਚਮਕਾਉਣ ਦੀਆਂ ਖ਼ਬਰਾਂ ਨਾਲ ਇਸ ਪਾਸਿਓਂ ਧਿਆਨ ਹਟਾਉਣ ਦਾ ਯਤਨ ਵੀ ਕਰਦੇ ਹਨ। ਕਈ ਵਾਰੀ ਤਾਂ ਸੜਕ 'ਤੇ ਤੁਰਦੇ ਪਸ਼ੂਆਂ ਦੇ ਝੁੰਡ ਵੇਖ ਸੋਚਣ ਲਈ ਮਜਬੂਰ ਹੋਈਦੈ ਕਿ ਇਹ ਸੜਕ ਹੈ ਜਾਂ ਪਸ਼ੂਆਂ ਦੀ ਸੈਰਗਾਹ? ਇਨ੍ਹਾਂ ਨਾਲ ਦੁਰਘਟਨਾਵਾਂ ਹੁੰਦੀਆਂ ਹਨ। ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਹੈ, ਵੱਡੀ ਬਿਆਨਬਾਜ਼ੀ ਵੀ ਹੁੰਦੀ ਹੈ, ਜਿਸ ਨਾਲ ਸਾਰਾ ਸਾਲ ਸਿਆਸੀ ਪਾਰਾ ਵੀ ਸਿਰੇ ਤੱਕ ਚੜ੍ਹਿਆ ਰਹਿੰਦਾ ਹੈ। ਪਰ ਅਵਾਰਾ ਪਸ਼ੂਆਂ ਦੇ ਖੇਤਾਂ 'ਚ ਫਿਰਦੇ ਝੁੰਡ ਵੇਖ ਸੋਚਣ ਲਈ ਮਜਬੂਰ ਹੋਈਦੈ ਕਿ ਇਹ ਕਿਸਾਨ ਦਾ ਖੇਤ ਹੈ ਜਾਂ ਚਰਾਂਦ, ਸੜਕਾਂ 'ਤੇ ਘੁੰਮਦਿਆਂ ਆਪਣੇ-ਆਪ 'ਚ ਸਵਾਲ ਉਠਦੈ ਇਹ ਸੜਕ ਹੈ ਜਾਂ ਡੰਗਰਾਂ ਦੀ ਸੈਰਗਾਹ।

-ਪਿੰਡ ਤੇ ਡਾਕ: ਘਵੱਦੀ (ਲੁਧਿਆਣਾ)-141206. ਮੋਬਾ: 94178-70492

ਵਿਕਾਸ ਦੀ ਰਾਹੇ ਜਾਂ ਕੁਰਾਹੇ?

ਦੀਵਾਲੀ ਦੀ ਰਾਤ ਜੈਵਿਕ ਪਰਲੋ ਦੀ ਰਾਤ ਹੋ ਨਿਬੜਦੀ ਹੈ। ਇਸ ਵਾਰ ਭਾਵੇਂ ਸਰਕਾਰ ਨੇ ਪਟਾਕੇ ਚਲਾਉਣ ਦਾ ਸਮਾਂ ਨਿਸਚਿਤ ਕੀਤਾ ਸੀ ਪਰ ਫਿਰ ਵੀ ਕੌਣ ਪ੍ਰਵਾਹ ਕਰਦਾ ਕਿਸੇ ਦੇ ਹੁਕਮ ਦੀ? ਰਾਤ ਨੂੰ ਜਦੋਂ ਮੈਂ ਛੱਤ 'ਤੇ ਦੀਵਾਲੀ ਦਾ ਆਨੰਦ ਲੈਣ ਲਈ ਅਤੇ ਮਿੱਟੀ ਦੇ ਦੀਵੇ ਜਗਾਉਣ ਲਈ ਚੜ੍ਹਿਆ ਤਾਂ ਅਸਮਾਨ ਵਿਚ ਪਟਾਕਿਆਂ ਦਾ ਪ੍ਰਦੂਸ਼ਣ ਸਰਕਾਰੀ ਹੁਕਮਾਂ ਨੂੰ ਦੰਦੀਆਂ ਚਿੜਾ ਰਿਹਾ ਸੀ। ਜਦ ਮੈਂ ਛੱਪੜ 'ਤੇ ਲੱਗੇ ਡੇਢ ਕੁ ਸਾਲ ਪਹਿਲਾਂ ਰੁੱਖਾਂ ਵੱਲ ਨਜ਼ਰ ਮਾਰੀ ਤਾਂ ਉਨ੍ਹਾਂ ਉੱਪਰ ਅਸਮਾਨ ਬਿਲਕੁਲ ਸਾਫ਼। ਪਤਾ ਨਹੀਂ ਕੀ ਪਾਣੀ ਜਾਂ ਰੁੱਖਾਂ ਦਾ ਪ੍ਰਤਾਪ, ਕਾਰਨ ਭਾਵੇਂ ਕੋਈ ਵੀ ਹੋਵੇ ਪਰ ਰੁੱਖ ਤੇ ਪਾਣੀ ਹਨ ਮਨੁੱਖ ਦੇ ਸੱਚੇ ਸਾਥੀ। ਰੁੱਖਾਂ ਅਤੇ ਪਾਣੀ ਦੀ ਉਤਪਤੀ ਕੁਦਰਤ ਨੇ ਮਨੁੱਖਤਾ ਦੇ ਭਲੇ ਲਈ ਕੀਤੀ ਹੈ ਪਰ ਅੱਜ ਅਸੀਂ ਦੋਵਾਂ ਪ੍ਰਤੀ ਲਾਪ੍ਰਵਾਹ ਹੋ ਰਹੇ ਹਾਂ। ਦਰੱਖਤਾਂ ਨੂੰ ਜੜ੍ਹੋਂ ਉਖਾੜ ਅੱਜ ਚਾਰ ਮਾਰਗੀ ਜਾਂ ਛੇ ਮਾਰਗੀ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਵਿਕਾਸ ਕਿਹਾ ਜਾਵੇ ਤਾਂ ਵਿਨਾਸ਼? ਅੱਜ ਤੇਜ਼ੀ ਨਾਲ ਸੜਕਾਂ 'ਤੇ ਜਾ ਰਹੇ ਐਂਬੂਲੈਂਸ ਵਿਚ ਮਰੀਜ਼ ਨੂੰ ਪੁੱਛੋ ਕੀ ਕੀਮਤ ਹੈ ਆਕਸੀਜਨ ਜਾਂ ਪਾਣੀ ਦੀ ਪਰ ਅਸੀਂ ਤਾਂ ਅੱਗ ਲੱਗੀ 'ਤੇ ਮਛਕਾਂ ਦਾ ਭਾਅ ਪੁੱਛਣ ਜਾਣਦੇ ਹਾਂ। ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਕੁਝ ਘੱਟ ਲੱਗੀ ਹੋਣ ਕਾਰਨ ਮੌਸਮ ਸੁਖਾਵਾਂ ਰਿਹਾ। ਪਰ ਹਾਲੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਯਾਦ ਰਹੇ, ਸਾਡੇ ਛੋਟੇ-ਛੋਟੇ ਉਪਰਾਲਿਆਂ ਦੇ ਨਾਲ ਵਾਤਾਵਰਨ ਵਿਚ ਵੱਡਾ ਸੁਧਾਰ ਕੀਤਾ ਜਾ ਸਕਦਾ ਹੈ। ਸੜਕਾਂ ਤੋਂ ਪੁੱਟੇ ਗਏ ਵੱਡੇ ਬੋਹੜਾਂ, ਟਾਹਲੀਆਂ, ਕਿੱਕਰਾਂ ਦਾ ਛੇਤੀ ਕੋਈ ਬਦਲ ਲੱਭਣਾ ਪੈਣਾ। ਆਮ ਤੌਰ 'ਤੇ ਅਸੀਂ ਨਰਸਰੀਆਂ ਤੋਂ ਦਰੱਖਤ ਖਰੀਦਦੇ ਹਾਂ ਜਾਂ ਫਿਰ ਸਰਕਾਰ ਦੁਆਰਾ ਦਿੱਤੇ ਜਾ ਰਹੇ ਮੁਫਤ ਪੌਦਿਆਂ ਉੱਪਰ ਜ਼ਿਆਦਾ ਟੇਕ ਰੱਖਦੇ ਹਾਂ ਪਰ ਜੇਕਰ ਅਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ, ਕਿਉਂ ਨਾ ਘਰਾਂ ਵਿਚ 10-10, 15-15 ਪੌਦੇ ਹੱਥੀਂ ਤਿਆਰ ਕਰਕੇ ਉਨ੍ਹਾਂ ਨੂੰ ਲਾਈਏ ਤਾਂ ਕਿ ਅੰਞਾਣੇ ਬੱਚੇ ਜਿਹਾ ਮੋਹ ਸਾਨੂੰ ਉਸ ਪੌਦੇ ਦਾ ਆਵੇ, ਜਿਸ ਦੀ ਸੰਭਾਲ ਵੀ ਫਿਰ ਅਸੀਂ ਉਚੇਚ ਨਾਲ ਕਰਾਂਗੇ, ਕਿਉਂਕਿ ਉਹ ਸਾਡਾ ਆਪਣਾ ਹੱਥੀਂ ਤਿਆਰ ਜੁ ਕੀਤਾ ਹੋਇਆ ਹੈ। ਰੁੱਖ ਸਾਡੇ ਅਸਲ ਮਿੱਤਰ ਹਨ ਅਤੇ ਆਕਸੀਜਨ ਦਾ ਇਨ੍ਹਾਂ ਤੋਂ ਬਿਨਾਂ ਹੋਰ ਕੋਈ ਦੂਜਾ ਬਦਲ ਨਹੀਂ। ਯਾਦ ਰਹੇ, ਚੰਗਾ ਕੰਮ ਦਾ ਚੰਗਾ ਨਤੀਜਾ ਹੁੰਦਾ ਹੈ। ਅਸੀਂ ਸਰਦੀਆਂ ਵਿਚ ਰੁੱਖਾਂ ਵੱਲ ਓਨਾ ਧਿਆਨ ਨਹੀਂ ਦਿੰਦੇ, ਜਿੰਨਾ ਅਸੀਂ ਬਰਸਾਤ ਦੇ ਮੌਸਮ ਜਾਂ ਫਰਵਰੀ-ਮਾਰਚ ਵਿਚ ਦਿੰਦੇ ਹਾਂ। ਜੀਵਨ ਨੇ ਸਦਾ ਚਲਦੇ ਰਹਿਣਾ, ਫਿਰ ਰੁੱਖਾਂ ਲਈ ਮੌਸਮ ਨਿਸਚਿਤ ਕਿਉਂ। ਜੇਕਰ ਤੁਸੀਂ ਕੁਦਰਤ ਵੱਲ ਦੋ ਕਦਮ ਚਲਦੇ ਹੋ ਤਾਂ ਕੁਦਰਤ ਤੁਹਾਡੇ ਵੱਲ ਚਾਰ ਕਦਮ ਚਲਦੀ ਹੈ। ਖੁਸ਼ੀ ਦੀ ਗੱਲ ਹੈ ਕਿ ਸਾਡੇ ਧਾਰਮਿਕ ਪ੍ਰਚਾਰ ਕਰਨ ਵਾਲੇ ਆਗੂ ਵੀ ਅੱਜਕਲ੍ਹ ਧਾਰਮਿਕ ਪ੍ਰਚਾਰ ਦੇ ਨਾਲ ਵਾਤਾਵਰਨ ਸੰਭਾਲ ਦਾ ਸੰਦੇਸ਼ ਦੇ ਰਹੇ ਹਨ, ਜਿਨ੍ਹਾਂ ਤੋਂ ਸਾਡੇ ਸਮਾਜ ਨੂੰ ਸੇਧ ਲੈਣੀ ਬਣਦੀ ਹੈ। ਰੋਗ ਰਹਿਤ ਸਮਾਜ ਹੀ ਤਰੱਕੀ ਦੀ ਬੁਨਿਆਦ ਰੱਖ ਸਕਦਾ ਹੈ। ਰੁੱਖ ਲਾਉਣਾ ਸਾਡੀ ਮਜਬੂਰੀ ਨਹੀਂ, ਸ਼ੌਕ ਹੋਣਾ ਚਾਹੀਦਾ ਹੈ। ਰੁੱਖਾਂ ਨਾਲ ਕੇਵਲ ਸਾਡਾ ਜੀਵਨ ਹੀ ਨਹੀਂ, ਬਲਕਿ ਪਸ਼ੂ-ਪੰਛੀਆਂ ਦਾ ਜੀਵਨ ਵੀ ਜੁੜਿਆ ਹੋਇਆ ਹੈ। ਜੇਕਰ ਅਸੀਂ ਵਾਤਾਵਰਨ ਨਾਲ ਨਹੀਂ ਜੁੜਦੇ ਤਾਂ ਆਉਣ ਵਾਲਾ ਸਮਾਂ ਪ੍ਰਦੂਸ਼ਣ ਅਤੇ ਦੁਸ਼ਵਾਰੀਆਂ ਨਾਲ ਭਰਪੂਰ ਹੋਵੇਗਾ। ਉਦੋਂ ਤੱਕ ਸਮਾਂ ਬਹੁਤ ਅੱਗੇ ਲੰਘ ਚੁੱਕਾ ਹੋਵੇਗਾ। ਆਓ! ਸੂਝਵਾਨ ਦੋਸਤੋ, ਵਿਕਾਸ ਦੀ ਰਾਹ 'ਤੇ ਚਲਦੇ-ਚਲਦੇ ਕਿਤੇ ਅਸੀਂ ਵਿਨਾਸ਼ ਨਾ ਸਹੇੜ ਬੈਠੀਏ। ਇਸ ਲਈ ਆਓ ਰੁੱਖਾਂ ਨਾਲ ਮੋਹ ਪਾ ਕੁਦਰਤ ਨਾਲ ਨੇੜਤਾ, ਪ੍ਰੇਮ, ਪਿਆਰ ਦਾ ਸਬੂਤ ਦੇਈਏ ਤਾਂ ਕਿ ਹਰਿਆਵਲ ਕਦੇ ਖ਼ਤਮ ਨਾ ਹੋਵੇ।

-ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ (ਲੁਧਿਆਣਾ)।
ਮੋਬਾ: 98156-88236

ਕਦੋਂ ਮੁੱਕਣਗੇ ਧਰਨੇ, ਰੈਲੀਆਂ ਤੇ ਹੜਤਾਲਾਂ

ਸ਼ਾਇਦ ਹੀ ਕੋਈ ਅਜਿਹਾ ਵਿਭਾਗ ਹੋਵੇ ਜਿਸ ਦੇ ਮੁਲਾਜ਼ਮਾਂ ਨੇ ਕਦੇ ਧਰਨੇ, ਰੈਲੀਆਂ ਤੇ ਹੜਤਾਲਾਂ ਨਾ ਕੀਤੀਆਂ ਹੋਣ। ਸਰਕਾਰਾਂ ਨੂੰ ਤੇ ਆਮ ਲੋਕਾਂ ਨੂੰ ਅਕਸਰ ਅਜਿਹੀਆਂ ਰੈਲੀਆਂ, ਹੜਤਾਲਾਂ ਵੇਖ ਕੇ ਇਹ ਮਹਿਸੂਸ ਹੁੰਦਾ ਹੋਵੇਗਾ ਕਿ ਇਹ ਮੁਲਾਜ਼ਮ ਐਵੇਂ ਹੀ ਨਿੱਤ-ਦਿਨ ਅਜਿਹੇ ਕੰਮ ਕਰਦੇ ਰਹਿੰਦੇ ਹਨ ਤੇ ਆਮ ਲੋਕਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਵਿਚ ਵਿਘਨ ਪਾਉਂਦੇ ਰਹਿੰਦੇ ਹਨ। ਪਰ ਨਹੀਂ, ਇਹ ਰੈਲੀਆਂ, ਇਹ ਹੜਤਾਲਾਂ ਐਵੇਂ ਨਹੀਂ। ਕਿਸੇ ਨੂੰ ਚਾਅ ਨਹੀਂ ਆਉਂਦਾ ਕਿ ਉਹ ਪੱਲਿਓਂ ਪੈਸੇ ਖਰਚ ਕਰਕੇ ਇਨ੍ਹਾਂ ਰੈਲੀਆਂ, ਧਰਨਿਆਂ ਦਾ ਆਯੋਜਨ ਕਰੇ, ਚੰਡੀਗੜ੍ਹ ਦੇ ਮਟਕਾ ਚੌਕ ਵਿਚ ਜਾ ਖੜ੍ਹੇ, ਭਾਰੀ ਪੁਲਸ ਫੋਰਸ ਨਾਲ ਦਸਤ-ਪੰਜਾ ਲਾਵੇ, ਕਾਨੂੰਨ ਦਾ ਬੱਧਾ, ਬੇਵਸੀ ਦੀ ਹਾਲਤ ਵਿਚ ਮੌਰ ਭੰਨਵਾਵੇ! ਕਿਸੇ ਨੂੰ ਸ਼ੌਕ ਨਹੀਂ ਹੁੰਦਾ ਕਿ ਉਹ ਆਪਣੇ ਵਰਗੀ ਆਮ ਜਨਤਾ ਦੇ ਕਾਰ-ਵਿਹਾਰ ਵਿਚ ਵਿਘਨ ਪਾਵੇ, ਕਿਸੇ ਨੂੰ ਸ਼ੌਕ ਨਹੀਂ ਹੁੰਦਾ ਕਿ ਉਹ ਖੁਦ ਨੂੰ ਬਾਗੀ ਅਖਵਾਵੇ। ਸਾਡੀਆਂ ਸਰਕਾਰਾਂ ਜੇ ਥੋੜ੍ਹਾ ਜਿਹਾ ਸ਼ਾਂਤੀ, ਗੰਭੀਰਤਾ ਤੇ ਇਨਸਾਨੀਅਤ ਦੇ ਮਾਦੇ ਨਾਲ ਆਤਮ ਮੰਥਨ ਕਰਨ ਦੀ ਖੇਚਲ ਕਰਨ ਤਾਂ ਉਨ੍ਹਾਂ ਨੂੰ ਇਹ ਮੰਨਣ ਵਿਚ ਕੋਈ ਦਿੱਕਤ ਨਹੀਂ ਹੋਵੇਗੀ ਕਿ ਇਹ ਰੈਲੀਆਂ, ਹੜਤਾਲਾਂ ਤੇ ਧਰਨੇ ਸਭ ਉਨ੍ਹਾਂ ਦੀ ਹੀ ਦੇਣ ਹਨ, ਉਨ੍ਹਾਂ ਦੀਆਂ ਨੀਤੀਆਂ ਦੀ ਹੀ ਦੇਣ ਹਨ, ਉਨ੍ਹਾਂ ਦੀ ਕਾਰਜਸ਼ੈਲੀ ਦਾ ਹੀ ਸਿੱਟਾ ਹਨ। ਕਿਸੇ ਵੀ ਭਰਤੀ ਤੋਂ ਪਹਿਲਾਂ ਜੇ ਸਰਕਾਰਾਂ ਆਪਣੇ ਹਿਤਾਂ ਵਾਂਗੂੰ, ਆਮ ਲੋਕਾਂ ਦੇ ਹਿਤਾਂ ਤੇ ਅਧਿਕਾਰਾਂ ਦਾ ਵੀ ਰੱਤੀ ਭਰ ਖਿਆਲ ਰੱਖ ਲੈਣ ਤਾਂ ਉਹ ਕਦੇ ਵੀ ਕਿਸੇ ਲੰਗੜੀ ਨੀਤੀ ਤਹਿਤ ਜਾਂ ਸ਼ੋਸ਼ਣਮਈ ਸ਼ਰਤਾਂ ਅਧੀਨ ਕਿਸੇ ਵੀ ਵਿਭਾਗ ਵਿਚ ਨਵੀਂ ਭਰਤੀ ਲਈ ਵਿਗਿਆਪਨ ਨਾ ਦੇਣ। ਪਤਾ ਨਹੀਂ ਕਿਉਂ ਸਾਡੀਆਂ ਸਰਕਾਰਾਂ ਆਮ ਲੋਕਾਂ ਦੇ ਹਿਤਾਂ ਦਾ ਧਿਆਨ ਨਹੀਂ ਰੱਖਦੀਆਂ? ਸਰਕਾਰਾਂ ਵਲੋਂ ਪਤਾ ਨਹੀਂ ਕਿਉਂ ਆਮ ਲੋਕਾਂ ਦੀ ਗਰੀਬੀ, ਬੇਕਾਰੀ ਤੇ ਬੇਵਸੀ ਦਾ ਮਜ਼ਾਕ ਉਡਾਇਆ ਜਾਂਦਾ ਹੈ? ਪਤਾ ਨਹੀਂ ਕਿਉਂ ਸਰਕਾਰਾਂ ਨੌਕਰੀਆਂ ਦੇਣ ਵੇਲੇ ਕਿਸੇ ਰਾਜੇ-ਮਹਾਰਾਜੇ ਵਾਂਗ ਲੋਕਾਂ 'ਤੇ ਅਹਿਸਾਨ ਜਤਾਉਂਦੀਆਂ ਹਨ? ਖਾਲੀ ਅਸਾਮੀਆਂ ਨੂੰ ਭਰਨਾ ਸਰਕਾਰਾਂ ਆਪਣਾ ਨੈਤਿਕ ਫਰਜ਼ ਨਹੀਂ ਸਮਝਦੀਆਂ, ਸਗੋਂ ਭੁੱਲ-ਭੁਲੇਖੇ ਜੇ ਕਿਤੇ ਅਜਿਹਾ ਕਰਦੀਆਂ ਹਨ ਤਾਂ ਉਹ ਆਮ ਲੋਕਾਂ ਨੂੰ ਇਹ ਨੌਕਰੀਆਂ ਦੇ ਕੇ ਉਨ੍ਹਾਂ ਨੂੰ ਭੀਖ ਦੇਣ ਜਿਹਾ ਵਿਵਹਾਰ ਕਰਕੇ, ਅਹਿਸਾਨ ਜਤਾਉਂਦੀਆਂ ਹਨ। ਸਰਕਾਰਾਂ, ਸਰਮਾਏਦਾਰ ਜਾਂ ਆਮ ਲੋਕ ਇਸ ਗੱਲ ਦਾ ਇਲਜ਼ਾਮ ਬੇਰੁਜ਼ਗਾਰ ਲੋਕਾਂ ਉੱਤੇ ਲਗਾ ਸਕਦੇ ਹਨ ਕਿ ਉਹ ਮਾੜੀਆਂ ਸੇਵਾ-ਸ਼ਰਤਾਂ ਅਧੀਨ ਭਰਤੀ ਨੂੰ ਕਿਉਂ ਸਵੀਕਾਰਦੇ ਹਨ। ਇਸ ਗੱਲ ਦੀ ਹਕੀਕਤ ਉਹ ਲੋਕ ਨਹੀਂ ਸਮਝ ਸਕਦੇ ਜੋ ਸਰਮਾਏਦਾਰ ਹਨ, ਜਿਨ੍ਹਾਂ ਨੂੰ ਬਿਨਾਂ ਕੰਮ ਕੀਤਿਆਂ ਚੰਗੀ ਰੋਟੀ ਮਿਲਦੀ ਹੈ ਤੇ ਜੋ ਅਧਿਕ ਯੋਗਤਾ ਰੱਖਦਿਆਂ ਪ੍ਰਾਈਵੇਟ ਸੰਸਥਾਵਾਂ ਵਿਚ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਨ ਲਈ ਮਜਬੂਰ ਹਨ, ਕੁੱਲੀ, ਗੁੱਲੀ, ਜੁੱਲੀ ਦੇ ਖਰਚ ਤੋਰਨ ਲਈ ਕੁਝ ਵੀ ਕਰਨ ਲਈ ਤਿਆਰ ਹਨ। ਸਾਡੇ ਦੇਸ਼ ਵਿਚ ਨਿੱਜੀ ਖੇਤਰ ਦੀਆਂ ਸੇਵਾ-ਸ਼ਰਤਾਂ ਦਾ ਕੋਈ ਵਧੀਆ ਵਿਧੀ-ਵਿਧਾਨ ਨਾ ਹੋਣਾ, ਸਰਮਾਏਦਾਰਾਂ ਦਾ ਸਿਰਫ ਆਪਣਾ ਹੀ ਫਾਇਦਾ ਸੋਚਣਾ, ਗਰੀਬਾਂ ਦਾ ਜਿੰਨਾ ਸੰਭਵ ਹੋਵੇ ਸ਼ੋਸ਼ਣ ਕਰਨਾ ਆਦਿ ਦੀਆਂ ਪ੍ਰਵਿਰਤੀਆਂ ਦੇ ਕਾਰਨ ਹੀ ਭਾਰਤੀ ਲੋਕਾਂ ਦੀ ਸਰਕਾਰੀ ਨੌਕਰੀ ਵੱਲ ਰੁਚੀ ਜ਼ਿਆਦਾ ਰਹਿੰਦੀ ਹੈ ਤੇ ਆਮ ਭਾਰਤੀਆਂ ਦੀਆਂ ਨਜ਼ਰਾਂ ਵਿਚ ਸਰਕਾਰੀ ਨੌਕਰੀ ਵਾਲਾ ਵਿਅਕਤੀ ਬਾਕੀ ਸਭ ਕੰਮਾਂ ਵਾਲਿਆਂ ਨਾਲੋਂ ਚੰਗਾ ਸਮਝਿਆ ਜਾਂਦਾ ਹੈ। ਇਸੇ ਕਰਕੇ ਹੀ ਸਰਕਾਰੀ ਨੌਕਰੀਆਂ ਪ੍ਰਤੀ ਲੋਕਾਂ ਦੇ ਮਨਾਂ ਵਿਚ ਖਿੱਚ ਹਮੇਸ਼ਾ ਹੀ ਬਰਕਰਾਰ ਰਹੀ ਹੈ । ਬਾਕੀ 'ਮਰਦਾ ਕੀ ਨਾ ਕਰਦਾ' ਦੇ ਮੁਹਾਵਰੇ ਅਨੁਸਾਰ ਵਿਹਲਾ ਫਿਰਦਾ ਵਿਅਕਤੀ ਚੰਗੀਆਂ-ਮਾੜੀਆਂ ਸੇਵਾ ਸ਼ਰਤਾਂ ਦੀ ਪ੍ਰਵਾਹ ਕੀਤਿਆਂ ਬਿਨਾਂ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਉਤਾਵਲਾ ਹੋਇਆ ਰਹਿੰਦਾ ਹੈ। ਸਰਕਾਰਾਂ ਨੂੰ ਕਿਸੇ ਵੀ ਭਰਤੀ ਸਮੇਂ ਪੜ੍ਹੇ-ਲਿਖੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ਜੋ ਪਹਿਲਾਂ ਹੋ ਚੁੱਕਾ ਹੈ, ਉਸ ਨੂੰ ਇਨਸਾਨੀਅਤ ਦੇ ਨਾਤੇ, ਖੁਦ ਹੀ ਪਹਿਲ ਕਰਕੇ ਸੁਧਾਰ ਲੈਣਾ ਚਾਹੀਦਾ ਹੈ ਤੇ ਭਵਿੱਖ ਵਿਚ ਨਵਾਂ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜੋ ਆਮ ਲੋਕਾਂ ਨੂੰ ਧਰਨੇ, ਰੈਲੀਆਂ ਤੇ ਭੁੱਖ ਹੜਤਾਲਾਂ ਕਰਨ ਲਈ ਮਜਬੂਰ ਕਰੇ। ਜੀਓ ਤੇ ਜਿਊਣ ਦਿਓ ਦੇ ਸਿਧਾਂਤ ਨੂੰ ਅਪਣਾਈਏ, ਰਜਵਾੜਾਸ਼ਾਹੀ ਸੋਚਾਂ ਨੂੰ ਮੁਕਾਈਏ, ਕੁਦਰਤ ਦੇ ਹਰ ਜੀਵ ਨੂੰ ਗਲ ਲਾਈਏ ਤਾਂ ਹੀ ਭਲਾਈ ਹੈ। ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਬਿਨ ਮੰਗਿਆਂ ਕਰੀਏ, ਠੱਗੀਆਂ, ਰਿਸ਼ਵਤਾਂ ਨਾਲ ਆਪਣੇ ਘਰ ਨਾ ਭਰੀਏ, ਤਾਂ ਹੀ ਭਲਾਈ ਹੈ। ਸੱਚੀਂ-ਮੁੱਚੀਂ ਸੇਵਕ ਬਣ ਕੇ ਸੇਵ ਕਮਾਈਏ, ਤਾਨਾਸ਼ਾਹੀ ਦਾ ਤਾਜ ਸਿਰੋਂ ਲਾਹੀਏ ਤਾਂ ਹੀ ਭਲਾਈ ਹੈ।

-ਬੀ-29, 1251/ਸੀ/392, ਈਸ਼ਰ ਨਗਰ, ਬਲਾਕ ਸੀ, ਲੁਧਿਆਣਾ। ਮੋਬਾ: 99140-09160


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX