ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਹੋਰ ਖ਼ਬਰਾਂ..

ਬਾਲ ਸੰਸਾਰ

ਵੱਡਿਆਂ ਦਾ ਆਦਰ

ਪਿਆਰੇ ਬੱਚਿਓ! ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜਕਲ੍ਹ ਤਕਨਾਲੋਜੀ ਦਾ ਯੁਗ ਚੱਲ ਰਿਹਾ ਹੈ, ਜਿਸ ਵਿਚ ਸੋਸ਼ਲ ਮੀਡੀਆ ਜ਼ੋਰ-ਸ਼ੋਰ ਨਾਲ ਆਪਣੇ ਪੈਰ ਪਸਾਰ ਰਿਹਾ ਹੈ | ਸੋਸ਼ਲ ਮੀਡੀਆ ਦੇ ਵਧਦੇ ਅਸਰ ਕਾਰਨ ਹਰ ਬੱਚਾ ਆਪਣੇ-ਆਪ ਨੂੰ ਸਮੇਂ ਤੋਂ ਪਹਿਲਾਂ ਸਿਆਣਾ ਸਮਝਣ ਲੱਗ ਪਿਆ ਹੈ ਅਤੇ ਆਪਣੇ ਵੱਡਿਆਂ ਦਾ ਆਦਰ ਕਰਨਾ ਭੱੁਲ ਗਿਆ ਹੈ |
ਪਿਆਰੇ ਬੱਚਿਓ! ਵੱਡਿਆਂ ਦਾ ਆਦਰ ਕਰਨਾ ਹਰ ਇਕ ਲਈ ਬਹੁਤ ਮਹੱਤਵਪੂਰਨ ਹੈ | ਇਹ ਜਾਣਨਾ ਵੀ ਮਹੱਤਵਪੂਰਨ ਹੈ ਕਿ ਸਾਡੇ ਵੱਡੇ-ਵਡੇਰੇ ਜ਼ਿੰਦਗੀ ਦੇ ਤਜਰਬਿਆਂ ਨੂੰ ਹਾਸਲ ਕਰਦੇ ਹੋਏ ਵਡੇਰੀ ਉਮਰ ਨੂੰ ਪਹੁੰਚੇ ਹਨ, ਉਨ੍ਹਾਂ ਨੇ ਵੀ ਤੁਹਾਡੀ ਤਰ੍ਹਾਂ ਬਚਪਨ ਹੰਢਾਇਆ ਹੁੰਦਾ ਹੈ, ਜ਼ਿੰਦਗੀ ਦੇ ਕੌੜੇ-ਮਿੱਠੇ ਅਨੁਭਵਾਂ ਨੂੰ ਲੈ ਕੇ ਇਥੋਂ ਤੱਕ ਪਹੁੰਚੇ ਹਨ |
ਜੇਕਰ ਤੁਸੀਂ ਅੱਜ ਆਪਣੇ ਵੱਡਿਆਂ ਦਾ ਆਦਰ ਕਰੋਗੇ ਤਾਂ ਭਵਿੱਖ ਵਿਚ ਆਉਣ ਵਾਲੀ ਪੀੜ੍ਹੀ ਵੀ ਤੁਹਾਡੇ ਨਕਸ਼ੇ-ਕਦਮਾਂ 'ਤੇ ਚਲਦੀ ਹੋਈ ਤੁਹਾਡੀ ਵੀ ਇੱਜ਼ਤ ਕਰੇਗੀ |
ਸਾਡੇ ਵੱਡੇ-ਵਡੇਰਿਆਂ ਨੇ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੁੰਦੀ ਹੈ | ਸਾਨੂੰ ਆਪਣੀ ਜ਼ਿੰਦਗੀ ਵਿਚ ਕਾਮਯਾਬੀ ਦੀ ਸਿਖਰ ਨੂੰ ਛੂਹਣ ਲਈ ਉਨ੍ਹਾਂ ਦੀ ਕੀਤੀ ਮਿਹਨਤ ਅਤੇ ਤਜਰਬੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ | ਸਾਡੇ ਵੱਡੇ-ਵਡੇਰੇ (ਮਾਤਾ-ਪਿਤਾ/ਦਾਦਾ-ਦਾਦੀ) ਬਹੁਤ ਮਾਣ ਮਹਿਸੂਸ ਕਰਦੇ ਹਨ ਜਦੋਂ ਅਸੀਂ ਉਨ੍ਹਾਂ ਦੇ ਦੱਸੇ ਨਕਸ਼ੇ-ਕਦਮਾਂ 'ਤੇ ਚਲਦੇ ਹਾਂ ਅਤੇ ਸਫਲਤਾ ਪ੍ਰਾਪਤ ਕਰਦੇ ਹਾਂ |
ਸਾਡਾ ਇਹ ਵੀ ਫਰਜ਼ ਹੈ ਕਿ ਜਦੋਂ ਸਾਡੇ ਬਜ਼ੁਰਗਾਂ ਨੂੰ ਲੋੜ ਹੋਵੇ ਤਾਂ ਅਸੀਂ ਉਨ੍ਹਾਂ ਦੀ ਮਦਦ ਕਰੀਏ ਪਰ ਬਦਕਿਸਮਤੀ ਨਾਲ ਅੱਜ ਦੇ ਯੱੁਗ ਵਿਚ ਸਾਡੇ ਸਮਾਜ ਵਿਚ ਵੱਡਿਆਂ-ਬਜ਼ੁਰਗਾਂ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ ਜਾਂਦਾ, ਜਿਸ ਦੇ ਉਹ ਹੱਕਦਾਰ ਹਨ |
ਹੁਣ ਵੇਲਾ ਹੈ-ਸਾਨੂੰ ਸਮਝਣਾ ਚਾਹੀਦਾ ਹੈ ਕਿ ਵੱਡਿਆਂ ਦਾ ਆਦਰ ਕਰਨਾ ਬਹੁਤ ਜ਼ਰੂਰੀ ਹੈ | ਅਸੀਂ ਆਪਣੇ ਵਡੇਰਿਆਂ ਤੋਂ ਬਿਨਾਂ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਉ ਅਤੇ ਮਾਣ ਨਹੀਂ ਸਕਦੇ |
ਸੋ, ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਉਹ ਸਾਨੂੰ ਬਿਨਾਂ ਸ਼ਰਤ ਪਿਆਰ ਕਰਦੇ ਹਨ | ਉਨ੍ਹਾਂ ਕੋਲ ਸਾਡੇ ਤੋਂ ਕਿਤੇ ਵੱਧ ਜ਼ਿੰਦਗੀ ਦੇ ਤਜਰਬੇ ਹਨ ਅਤੇ ਸਾਨੂੰ ਦੇਣ ਲਈ ਬਹੁਤ ਸਾਰੇ ਗਿਆਨ ਦਾ ਭੰਡਾਰ ਹੈ |
ਜੇਕਰ ਅੱਜ ਅਸੀਂ ਆਪਣੇ ਵੱਡਿਆਂ ਦਾ ਆਦਰ ਕਰਾਂਗੇ ਤਾਂ ਜਦੋਂ ਅਸੀਂ ਉਨ੍ਹਾਂ ਦੀ ਉਮਰ ਦੇ ਹੋ ਜਾਵਾਂਗੇ ਤਾਂ ਅਸੀਂ ਵੀ ਇੱਜ਼ਤ ਲੈਣ ਦੇ ਹੱਕਦਾਰ ਹੋਵਾਂਗੇ |

-ਪੰਜਾਬੀ ਮਿਸਟ੍ਰੈੱਸ, ਸਰਕਾਰੀ ਮਿਡਲ ਸਕੂਲ, ਅਕਬਰਪੁਰਾ (ਤਰਨ ਤਾਰਨ) |


ਖ਼ਬਰ ਸ਼ੇਅਰ ਕਰੋ

ਆਓ ਪੰਜਾਬ ਦੇ ਰਾਜ ਪੰਛੀ ਬਾਜ਼ ਬਾਰੇ ਜਾਣੀਏ

ਬਾਜ਼ ਇਕ ਚਲਾਕ ਤੇ ਸ਼ਿਕਾਰੀ ਪੰਛੀ ਹੈ | ਅੰਗਰੇਜ਼ੀ ਵਿਚ ਇਸ ਨੂੰ ਨਾਰਦਰਨ ਗੋਸ਼ਾਕ ਕਹਿੰਦੇ ਹਨ | ਇਸ ਦਾ ਤਕਨੀਕੀ ਨਾਂਅ ਏਸੀਪੀਟਰ ਜੇਨਟੀਲਿਸ ਹੈ | ਇਨ੍ਹਾਂ ਦੇ ਪਰਿਵਾਰ ਨੂੰ ਏਸੀਪੀਟ੍ਰੀਡੇਈ ਕਿਹਾ ਜਾਂਦਾ ਹੈ | ਚਿੱਟੇ ਬਾਜ਼ ਦਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਹੋਣ ਕਰਕੇ, ਚਿਰਾਂ ਤੋਂ ਪੰਜਾਬ ਨਾਲ ਇਸ ਦੀ ਸਾਂਝ ਹੋਣ ਕਰਕੇ, ਇਕ ਬਹਾਦਰ, ਹਿੰਮਤੀ, ਵਫਾਦਾਰ ਤੇ ਨਿਡਰ ਪੰਛੀ ਹੋਣ ਕਰਕੇ 15 ਮਾਰਚ, 1989 ਵਿਚ ਬਾਜ਼ ਨੂੰ ਪੰਜਾਬ ਦਾ ਰਾਜ ਪੰਛੀ ਘੋਸ਼ਿਤ ਕੀਤਾ ਗਿਆ ਹੈ |
ਇੱਲ ਦੀ ਦਿੱਖ ਵਰਗਾ ਬਾਜ਼ (ਮਾਦਾ ਪੰਛੀ) ਇਕ ਤਕੜੇ ਸਰੀਰ ਵਾਲਾ ਮਾਸਾਹਾਰੀ ਪੰਛੀ ਹੈ | ਮਾਦਾ ਦੀ ਲੰਬਾਈ 55 ਤੋਂ 70 ਸੈਂਟੀਮੀਟਰ, ਖੰਭਾਂ ਦਾ ਪਸਾਰ 100 ਤੋਂ 125 ਸੈਂਟੀਮੀਟਰ, ਪੂਛ ਦੀ ਲੰਬਾਈ 18 ਤੋਂ 28 ਸੈਂਟੀਮੀਟਰ ਅਤੇ ਭਾਰ ਨਰ ਨਾਲੋਂ ਜ਼ਿਆਦਾ ਹੁੰਦਾ ਹੈ | ਇਨ੍ਹਾਂ ਦੀ ਪਿੱਠ ਸਲੇਟੀ ਭੂਰੀ ਅਤੇ ਅੱਖਾਂ ਮੋਟੀਆਂ ਲਾਲ ਹੁੰਦੀਆਂ ਹਨ | ਸਿਰ ਉੱਤੇ ਗੂੜ੍ਹੀ ਸਲੇਟੀ ਭੂਰੇ ਰੰਗ ਦੀ ਛੋਟੀ ਜਿਹੀ ਟੋਪੀ ਤੇ ਭਰਵੱਟੇ ਚਿੱਟੇ ਰੰਗ ਦੇ ਹੁੰਦੇ ਹਨ | ਛਾਤੀ ਤੇ ਸਰੀਰ ਦਾ ਢਿੱਡ ਵਾਲਾ ਪਾਸਾ ਚਿੱਟਾ ਜਾਂ ਸਲੇਟੀ ਹੁੰਦਾ ਹੈ, ਜਿਸ ਉੱਤੇ ਲੇਟਵੇਂ ਤੇ ਸਿੱਧੇ ਰੂਪ ਵਿਚ ਨੇੜੇ-ਨੇੜੇ ਗੂੜ੍ਹੇ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ | ਇਨ੍ਹਾਂ ਦੀ ਪੂਛ ਹਲਕੀ ਭੂਰੀ ਤੇ ਸਲੇਟੀ ਰੰਗ ਦੀ ਹੁੰਦੀ ਹੈ, ਜਿਸ ਉੱਤੇ ਪੱਟੀਆਂ ਹੁੰਦੀਆਂ ਹਨ | ਇਨ੍ਹਾਂ ਦੇ ਨਹੁੰ ਤਿੱਖੇ, ਪੀਲੀ ਭਾਹ ਮਾਰਦੀਆਂ ਛੋਟੀਆਂ ਲੱਤਾਂ ਤੇ ਛੋਟੀ ਪਰ ਅੱਗੋਂ ਮੁੜੀ ਹੋਈ ਤਿੱਖੀ ਚੁੰਝ ਹੰਦੀ ਹੈ | ਬਾਜ਼ ਆਪਣੀਆਂ ਤੇਜ਼ ਅੱਖਾਂ ਨਾਲ ਦੂਰੋਂ ਹੀ ਆਪਣੇ ਸ਼ਿਕਾਰ ਨੂੰ ਲੱਭ ਕੇ ਬਹੁਤ ਹੀ ਫੁਰਤੀ ਨਾਲ ਝਪਟਾ ਮਾਰ ਕੇ ਉਸ ਨੂੰ ਪੰਜਿਆਂ ਵਿਚ ਜਕੜ ਲੈਂਦਾ ਹੈ ਤੇ ਆਪਣਾ ਭੋਜਨ ਕਰਦਾ ਹੈ | ਸ਼ਿਕਾਰ ਕਰਨ ਸਮੇਂ ਇਹ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡਦਾ ਹੈ | ਇਸ ਦਾ ਸ਼ਿਕਾਰ ਆਮ ਤੌਰ 'ਤੇ ਤਿੱਤਰ, ਮੁਰਗਾਬੀ, ਬੱਤਖਾਂ, ਚੂਚੇ, ਬਟੇਰੇ, ਸਹੇ, ਚੂਹੇ ਆਦਿ ਹੁੰਦੇ ਹਨ | ਬਾਜ਼ ਦਾ ਬੱਚੇ ਪੈਦਾ ਕਰਨ ਦਾ ਸਮਾਂ ਮਾਰਚ ਤੋਂ ਜੂਨ ਵਿਚਕਾਰ ਹੁੰਦਾ ਹੈ | ਇਸ ਸਮੇਂ ਮਾਦਾ ਹਵਾ ਵਿਚ ਕਲਾਬਾਜ਼ੀਆਂ ਲਗਾ ਕੇ ਨਰ ਨੂੰ ਆਪਣੇ ਵੱਲ ਆਕਰਸ਼ਤ ਕਰਦੀ ਹੈ | ਇਹ ਆਪਣਾ ਆਲ੍ਹਣਾ ਦਰੱਖਤਾਂ ਵਿਚ ਛਿੱਲੜਾਂ, ਸੋਟੀਆਂ, ਟਾਹਣੀਆਂ ਤੇ ਪੱਤਿਆਂ ਨੂੰ ਇਕੱਠਾ ਕਰਕੇ ਬਣਾਉਂਦੇ ਹਨ | ਮਾਦਾ ਉਸ ਵਿਚ 2 ਤੋਂ 4 ਤੱਕ ਆਂਡੇ ਦਿੰਦੀ ਹੈ | ਆਂਡਿਆਂ ਨੂੰ ਬਹੁਤਾ ਸਮਾਂ ਮਾਦਾ ਹੀ ਸੇਕਦੀ ਹੈ | ਅੰਡਿਆਂ ਵਿਚੋਂ 30 ਤੋਂ 38 ਦਿਨਾਂ ਵਿਚ ਬੱਚੇ ਨਿਕਲ ਆਉਂਦੇ ਹਨ | ਥੋੜ੍ਹੇ ਵੱਡੇ ਹੋਣ 'ਤੇ ਬੱਚੇ ਆਪਣਾ ਆਲ੍ਹਣਾ ਛੱਡ ਦਿੰਦੇ ਹਨ ਪਰ ਕਾਫੀ ਸਮਾਂ ਇਹ ਆਪਣੇ ਮਾਤਾ-ਪਿਤਾ ਕੋਲੋਂ ਹੀ ਭੋਜਨ ਖਾਂਦੇ ਹਨ | ਮਾਦਾ ਦਾ ਰੰਗ ਆਪਣੇ ਬੱਚਿਆਂ ਵਾਂਗ ਭੂਰਾ ਹੀ ਹੁੰਦਾ ਹੈ ਤੇ ਇਸ ਦੀ ਆਵਾਜ਼ ਨਰ ਨਾਲੋਂ ਉੱਚੀ ਹੁੰਦੀ ਹੈ | ਮਾਦਾ ਦੀ ਔਸਤ ਉਮਰ 12 ਸਾਲ ਹੁੰਦੀ ਹੈ | ਬਾਜ਼ (ਮਾਦਾ ਪੰਛੀ) ਊਰਦੂ ਭਾਸ਼ਾ ਦਾ ਸ਼ਬਦ ਹੈ | ਨਰ (ਜੁਰਰਾ) ਮਾਦਾ ਨਾਲੋਂ ਸਰੀਰ ਅਤੇ ਭਾਰ ਵਿਚ ਛੋਟੇ ਹੁੰਦੇ ਹਨ | ਬਾਜ਼ ਦੀਆਂ ਕਈ ਕਿਸਮਾਂ ਹੁੰਦੀਆਂ ਹਨ | ਕਈ ਮੁਲਕਾਂ ਨੇ ਬਾਜ਼ ਨੂੰ ਆਪਣਾ ਕੌਮੀ ਪੰਛੀ ਐਲਾਨਿਆ ਹੋਇਆ ਹੈ ਤੇ ਇਸ ਦੀ ਤਸਵੀਰ ਵਾਲੀਆਂ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਹਨ | ਚੱਕੀਰਾਹੇ ਤੋਂ ਬਾਅਦ ਪੰਜਾਬ ਦਾ ਰਾਜ ਪੰਛੀ ਐਲਾਨੇ ਗਏ ਬਾਜ਼ ਨੂੰ ਲੱਭਣ ਲਈ ਜੰਗਲਾਤ ਵਿਭਾਗ ਕਾਫ਼ੀ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਹੁਣ ਤੱਕ ਇਸ ਪੰਛੀ ਨੂੰ ਦੇਖਣ ਤੋਂ ਪੰਜਾਬ ਦੇ ਲੋਕ ਵਾਂਝੇ ਹੀ ਰਹੇ ਹਨ | ਅੱਜ ਲੋੜ ਹੈ ਇਸ ਪੰਛੀ ਨੂੰ ਸਾਂਭਣ ਲਈ ਇਸ ਦੇ ਕੁਝ ਜੋੜੇ ਉੱਤਰੀ ਧਰੁਵ ਵਾਲੇ ਉੱਚੇ ਜੰਗਲਾਂ ਤੇ ਠੰਢੇ ਇਲਾਕਿਆਂ 'ਚੋਂ ਲੱਭੇ ਜਾਣ ਜਾਂ ਵਿਦੇਸ਼ ਤੋਂ ਮੰਗਵਾ ਕੇ ਇਨ੍ਹਾਂ 'ਚੋਂ ਬੱਚੇ ਲਏ ਜਾਣ, ਤਾਂ ਕਿ ਰਾਜ ਪੰਛੀ ਬਾਜ਼ ਦੇ ਦਰਸ਼ਨ ਹਰੇਕ ਨੂੰ ਹੋ ਸਕਣ | ਆਓ, ਇਸ ਪੰਛੀ ਦੀ ਸੰਭਾਲ ਲਈ ਸਾਰਥਕ ਉਪਰਾਲੇ ਕਰੀਏ |

-ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ |
sohianshamsher@gmail.com

ਬਾਲ ਕਹਾਣੀ: ਖ਼ੁਸ਼ੀ ਦਾ ਰਾਜ਼

ਇਕ ਪਿੰਡ ਵਿਚ ਇਕ ਚੋਰ ਰਹਿੰਦਾ ਸੀ | ਉਸ ਦੇ ਬਿਲਕੁਲ ਗੁਆਂਢ ਇਕ ਮਜ਼ਦੂਰ ਵੀ ਰਹਿੰਦਾ ਸੀ | ਚੋਰ ਨੇ ਚੋਰੀਆਂ ਕਰ-ਕਰ ਕੇ ਕਾਫੀ ਧਨ-ਦੌਲਤ ਇਕੱਠੀ ਕੀਤੀ ਹੋਈ ਸੀ | ਉਹ ਮਨਭਾਉਂਦਾ ਖਾਂਦਾ ਤੇ ਵਧੀਆ ਪਹਿਨਦਾ ਭਾਵ ਕਿ ਪੂਰੇ ਐਸ਼ੋ-ਆਰਾਮ ਦੀ ਜ਼ਿੰਦਗੀ ਬਸਰ ਕਰਦਾ | ਪਰ ਏਨਾ ਕੁਝ ਹੁੰਦਿਆਂ ਉਸ ਦਾ ਮਨ ਬੇਚੈਨ ਰਹਿੰਦਾ | ਇਕ ਪਲ ਵੀ ਉਸ ਦਾ ਮਨ ਖੁਸ਼ ਨਾ ਹੁੰਦਾ ਪਰ ਉਹ ਗੁਆਂਢ ਰਹਿੰਦੇ ਮਜ਼ਦੂਰ ਨੂੰ ਦੇਖਦਾ ਤਾਂ ਉਹ ਉਸ ਨੂੰ ਹਮੇਸ਼ਾ ਹੀ ਖੁਸ਼ ਦੇਖਦਾ | ਚੋਰ ਨੇ ਸੋਚਿਆ ਕਿ ਮੇਰੇ ਕੋਲ ਅੰਤਾਂ ਦਾ ਧਨ-ਦੌਲਤ ਹੈ, ਮੈਂ ਪੂਰੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਬਤੀਤ ਕਰਦਾ ਹਾਂ ਪਰ ਇਹ ਮਜ਼ਦੂਰ ਹੈ, ਹੱਡ-ਭੰਨਵੀਂ ਮਿਹਨਤ ਕਰਕੇ ਵੀ ਬੇਹੱਦ ਖੁਸ਼ ਰਹਿੰਦਾ ਹੈ | ਕਿਉਂ ਨਾ ਕਿਸੇ ਦਿਨ ਉਸ ਤੋਂ ਹੀ ਪੱੁਛਿਆ ਜਾਵੇ ਕਿ ਆਖਰ ਉਸ ਦੀ ਖੁਸ਼ੀ ਦਾ ਰਾਜ਼ ਕੀ ਹੈ?
ਇਕ ਦਿਨ ਉਸ ਚੋਰ ਨੇ ਉਸ ਮਜ਼ਦੂਰ ਨੂੰ ਪੱੁਛ ਹੀ ਲਿਆ ਕਿ ਭਰਾਵਾ, ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਕੋਲ ਧਨ-ਦੌਲਤ ਦੀ ਕੋਈ ਕਮੀ ਨਹੀਂ, ਬਹੁਤ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦਾ ਹਾਂ ਪਰ ਮਨ ਨੂੰ ਸ਼ਾਂਤੀ ਨਹੀਂ, ਪਰ ਤੰੂ ਸਾਰੀ ਦਿਹਾੜੀ ਹੱਡ-ਭੰਨਵੀਂ ਮਿਹਨਤ ਕਰਦਾ ਤੇ ਰੋਟੀ ਖਾਂਦਾ ਹੈਾ, ਫਿਰ ਵੀ ਤੰੂ ਰੱਬ ਦਾ ਸ਼ੁਕਰਗੁਜ਼ਾਰ ਹੈਾ ਤੇ ਬਹੁਤ ਖੁਸ਼ ਰਹਿੰਦਾ ਹੈਾ | ਆਖਰ ਤੇਰੀ ਖੁਸ਼ੀ ਦਾ ਕੀ ਰਾਜ਼ ਹੈ? ਉਸ ਮਜ਼ਦੂਰ ਨੇ ਉਸ ਨੂੰ ਦੱਸਿਆ ਕਿ ਤੰੂ ਜਿਸ ਤਰ੍ਹਾਂ ਰੋਟੀ ਕਮਾ ਕੇ ਖਾਂਦਾ ਹੈਾ ਤੇ ਮੈਂ ਜਿਸ ਤਰ੍ਹਾਂ ਰੋਟੀ ਕਮਾ ਕੇ ਖਾਂਦਾ ਹਾਂ, ਉਸ ਵਿਚ ਜ਼ਮੀਨ-ਅਸਮਾਨ ਦਾ ਫਰਕ ਹੈ | ਮੈਂ ਸਖ਼ਤ ਮਿਹਨਤ ਕਰਕੇ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਹਾਂ, ਰੱਬ ਦਾ ਸ਼ੁਕਰ ਅਦਾ ਕਰਦਾ ਹਾਂ | ਇਸ ਮਿਹਨਤ ਦੀ ਰੋਟੀ 'ਚੋਂ ਮੈਨੂੰ ਸਬਰ-ਸਬੂਰੀ ਦੀ ਮਹਿਕ ਆਉਂਦੀ ਹੈ | ਪਰਮਾਤਮਾ ਦਾ ਇਸ ਲਈ ਸ਼ੁਕਰ ਅਦਾ ਕਰਦਾ ਹਾਂ ਕਿ ਉਸ ਨੇ ਮੈਨੂੰ ਮੁਫਤ 'ਚ ਹੱਥ-ਪੈਰ ਦਿੱਤੇ ਹਨ, ਦੋ ਅੱਖਾਂ ਦਿੱਤੀਆਂ ਹਨ, ਦਿਮਾਗ ਦਿੱਤਾ ਹੈ ਤੇ ਮੈਂ ਮਿਹਨਤ ਕਰਕੇ ਖਾਂਦਾ ਹਾਂ ਤਾਂ ਅੰਤਾਂ ਦੀ ਖੁਸ਼ੀ ਮਿਲਦੀ ਹੈ ਪਰ ਤੰੂ ਤਾਂ ਕਿਸੇ ਦੂਜੇ ਦਾ ਮਿਹਨਤ ਨਾਲ ਕਮਾਇਆ ਧਨ-ਦੌਲਤ ਲੱੁਟ ਕੇ ਖਾਂਦਾ ਹੈਾ ਤਾਂ ਤੈਨੂੰ ਕਿੱਥੋਂ ਖੁਸ਼ੀ ਮਿਲੇਗੀ? ਚੋਰ ਨੇ ਉਸ ਮਜ਼ਦੂਰ ਦੀ ਗੱਲ ਸੁਣੀ ਤਾਂ ਧੁਰ ਅੰਦਰੋਂ ਹਲੂਣਿਆ ਗਿਆ | ਚੋਰ ਨੂੰ ਮਜ਼ਦੂਰ ਦੀ ਖੁਸ਼ੀ ਦਾ ਰਾਜ਼ ਪਤਾ ਲੱਗ ਗਿਆ ਤੇ ਉਸ ਨੇ ਪ੍ਰਣ ਲਿਆ ਕਿ ਉਹ ਅੱਜ ਤੋਂ ਇਸ ਮਜ਼ਦੂਰ ਵਾਂਗ ਹੱਕ-ਹਲਾਲ ਦੀ ਕਮਾਈ ਕਰੇਗਾ | ਉਸੇ ਵੇਲੇ ਹੀ ਚੋਰ ਬਦਲਿਆ-ਬਦਲਿਆ ਮਹਿਸੂਸ ਕਰਨ ਲੱਗਾ |

-511, ਖਹਿਰਾ ਇਨਕਲੇਵ,
ਜਲੰਧਰ-144007

ਚੁਟਕਲੇ

• ਕਾਰ ਡਰਾਈਵਰ (ਸ਼ਿੰਕੂ ਨੂੰ )-ਬਾਬੂ ਜੀ, ਮੈਂ ਮੀਟਰ ਚਾਲੂ ਕਰਨਾ ਭੱੁਲ ਗਿਆ ਹਾਂ, ਇਸ ਲਈ ਸੋਚ ਰਿਹਾ ਹਾਂ ਕਿ ਤੁਹਾਡੇ ਕੋਲੋਂ ਕਿੰਨੇ ਪੈਸੇ ਲਵਾਂ?
ਸ਼ਿੰਕੂ-ਇਸ ਵਿਚ ਪ੍ਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ, ਕਿਉਂਕਿ ਮੈਂ ਵੀ ਆਪਣਾ ਬਟੂਆ ਘਰ ਭੱੁਲ ਗਿਆ ਹਾਂ |
• ਇਕ ਤਲਾਕ ਦੇ ਮੁਕੱਦਮੇ ਵਿਚ ਜੱਜ (ਮਹਿਲਾ ਨੂੰ )-ਕੀ ਤੁਹਾਡਾ ਪਤੀ ਤੁਹਾਨੂੰ ਮਾਰਦਾ ਵੀ ਸੀ?
ਮਹਿਲਾ-ਹਾਂ ਜੀ, ਗੱੁਸੇ ਵਿਚ ਕੰਧ 'ਤੇ ਜ਼ੋਰ-ਜ਼ੋਰ ਨਾਲ ਮੱੁਕੇ ਮਾਰਦਾ ਸੀ ਅਤੇ ਕਹਿੰਦਾ ਸੀ ਕਾਸ਼! ਤੰੂ ਇਸ ਜਗ੍ਹਾ 'ਤੇ ਹੁੰਦੀ |
• ਰਾਜੇਸ਼ (ਰਾਜੀਵ ਨੂੰ )-ਵੀਰ, ਸ਼ਰਾਬ ਏਨੀ ਨਾ ਪੀਆ ਕਰ, ਇਸ ਨੂੰ ਸਲੋਪਾਇਜ਼ਨ ਕਿਹਾ ਜਾਂਦਾ ਹੈ |
ਰਾਜੀਵ-ਠੀਕ ਹੈ, ਮੈਨੂੰ ਵੀ ਮਰਨ ਦੀ ਕੋਈ ਛੇਤੀ ਨਹੀਂ ਹੈ |
• ਦੰਦਾਂ ਦਾ ਡਾਕਟਰ (ਮਰੀਜ਼ ਨੂੰ )-ਚੀਕਾਂ ਮਾਰਨੀਆਂ ਹੁਣ ਬੰਦ ਕਰੋ, ਅਜੇ ਤੱਕ ਤਾਂ ਮੈਂ ਤੁਹਾਡੇ ਦੰਦਾਂ ਨੂੰ ਹੱਥ ਵੀ ਨਹੀਂ ਲਾਇਆ |
ਮਰੀਜ਼-ਦੰਦਾਂ ਨੂੰ ਹੱਥ ਤਾਂ ਨਹੀਂ ਲਾਇਆ ਪਰ ਤੁਸੀਂ ਮੇਰੇ ਸੱਜੇ ਪੈਰ ਦੇ ਅੰਗੂਠੇ ਉੱਤੇ ਖੜ੍ਹੇ ਹੋ |

-ਹੁਸਨਰ ਰੋਡ, ਗਿੱਦੜਬਾਹਾ |

ਬਾਲ ਨਾਵਲ-98: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਇਹ ਤਾਂ ਬਹੁਤ ਚੰਗੀ ਗੱਲ ਏ, ਵੀਰ ਜੀ | ਮੈਂ ਨਾਲ ਲੱਗ ਕੇ ਕਮਰਾ ਖਾਲੀ ਕਰਵਾ ਦਿਆਂਗਾ', ਹਰੀਸ਼ ਜਲਦੀ ਤੋਂ ਜਲਦੀ ਕੁਝ ਕਰਨਾ ਚਾਹੁੰਦਾ ਸੀ |
'ਕਮਰੇ ਦੀ ਤੰੂ ਚਿੰਤਾ ਨਾ ਕਰ, ਉਹ ਮੈਂ ਆਪੇ ਕਰਵਾ ਲਵਾਂਗਾ | ਤੇਰੇ ਹਸਪਤਾਲੋਂ ਆਉਂਦਿਆਂ ਤੱਕ ਕਮਰਾ ਸੈੱਟ ਹੋਵੇਗਾ | ਇਕ ਹੋਰ ਗੱਲ ਮੈਂ ਸੋਚ ਰਿਹਾ ਹਾਂ, ਆਪਣੇ ਸਾਰੇ ਵਿਦਿਆਰਥੀਆਂ ਨੂੰ ਇਕੱਠਿਆਂ ਕਰਕੇ ਅਨਾਊਾਸ ਵੀ ਕਰ ਦੇਈਏ ਕਿ ਕੱਲ੍ਹ ਸ਼ਾਮ ਤੋਂ ਇਕ ਵੱਡੇ ਡਾਕਟਰ ਇਥੇ ਸਕੂਲ ਵਿਚ ਹੀ ਸ਼ਾਮੀਂ ਦੋ ਘੰਟੇ ਮਰੀਜ਼ ਦੇਖਣ ਆਇਆ ਕਰਨਗੇ | ਜਿਸ ਕਿਸੇ ਦੇ ਘਰ ਕਿਸੇ ਨੂੰ ਕੋਈ ਤਕਲੀਫ ਹੋਵੇ, ਉਹ ਉਸ ਸਮੇਂ ਵਿਚ ਆ ਕੇ ਬਿਨਾਂ ਕਿਸੇ ਫੀਸ ਦੇ ਡਾਕਟਰ ਸਾਹਿਬ ਨੂੰ ਦਿਖਾ ਸਕਦਾ ਹੈ |'
ਸਿਧਾਰਥ ਦੀ ਹਰ ਗੱਲ ਹਰੀਸ਼ ਨੂੰ ਪਸੰਦ ਆ ਰਹੀ ਸੀ | ਅਗਲੇ ਦਿਨ ਹਰੀਸ਼ ਨੇ ਹਸਪਤਾਲੋਂ ਆ ਕੇ ਸਕੂਲ ਵਿਚ ਕਮਰਾ ਦੇਖਿਆ ਤਾਂ ਉਹ ਉਸ ਦੀ ਉਮੀਦ ਨਾਲੋਂ ਕਿਤੇ ਵੱਧ ਸੈੱਟ ਸੀ | ਉਸ ਨੇ ਆਪਣੇ ਕਮਰੇ ਵਿਚ ਜਾ ਕੇ ਸਟੈਥੋਸਕੋਪ, ਬੀ. ਪੀ. ਆਪਰੇਟਸ, ਥਰਮਾਮੀਟਰ ਅਤੇ ਇਕ-ਦੋ ਹੋਰ ਚੀਜ਼ਾਂ, ਜਿਨ੍ਹਾਂ ਵਿਚੋਂ ਕੁਝ ਉਹ ਦੋ ਦਿਨ ਪਹਿਲਾਂ ਹੀ ਖਰੀਦ ਕੇ ਲਿਆਇਆ ਸੀ, ਚੱੁਕੀਆਂ ਅਤੇ ਆਪਣੇ ਨਵੇਂ ਕਲੀਨਿਕ ਵੱਲ ਤੁਰ ਪਿਆ |
ਥੋੜ੍ਹੀ ਦੇਰ ਬਾਅਦ ਸਿਧਾਰਥ ਮਾਤਾ ਜੀ ਨੂੰ ਲੈ ਕੇ ਉਥੇ ਆ ਗਿਆ | ਮਾਤਾ ਜੀ ਅਤੇ ਸਿਧਾਰਥ, ਆਪਣੇ ਡਾ: ਹਰੀਸ਼ ਨੂੰ ਨਵੇਂ ਕਲੀਨਿਕ ਵਿਚ ਬੈਠੇ ਦੇਖ ਕੇ ਖੁਸ਼ ਹੋ ਰਹੇ ਸਨ | ਅੱਜ ਹਰੀਸ਼ ਨੇ ਆਪਣੀ ਜ਼ਿੰਦਗੀ ਦੇ ਅਸਲ ਨਿਸ਼ਾਨੇ ਵੱਲ ਪਹਿਲਾ ਕਦਮ ਪੱੁਟਿਆ ਸੀ |
ਅੱਜ ਸਕੂਲ ਵਾਲੇ ਕਲੀਨਿਕ ਨੂੰ ਸ਼ੁਰੂ ਕੀਤਿਆਂ ਤਿੰਨ ਮਹੀਨੇ ਹੋ ਗਏ ਸਨ | ਹੌਲੀ-ਹੌਲੀ ਇਸ ਕਲੀਨਿਕ ਦੀ ਐਨੀ ਮਸ਼ਹੂਰੀ ਹੋ ਗਈ ਸੀ ਕਿ ਦੂਰੋਂ-ਦੂਰੋਂ ਮਰੀਜ਼ ਆਉਣੇ ਵੀ ਸ਼ੁਰੂ ਹੋ ਗਏ | ਪਹਿਲੇ ਦਿਨ ਕੇਵਲ ਦੋ ਮਰੀਜ਼ ਆਏ ਸਨ | ਦੋ ਮਰੀਜ਼ਾਂ ਨੂੰ ਦੇਖਣ ਤੋਂ ਬਾਅਦ ਹਰੀਸ਼ ਖੁਸ਼ ਸੀ ਪਰ ਦਿਨ-ਬ-ਦਿਨ ਮਰੀਜ਼ ਵਧਣੇ ਸ਼ੁਰੂ ਹੋ ਗਏ | ਹੁਣ ਮਰੀਜ਼, ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਹੀ ਲਾਈਨ ਬਣਾ ਕੇ ਖੜ੍ਹੇ ਹੁੰਦੇ | ਕਈ ਵਾਰੀ ਤਾਂ ਹਰੀਸ਼ ਨੂੰ ਮਰੀਜ਼ ਦੇਖਦੇ-ਦੇਖਦੇ ਰਾਤ ਦੇ 10 ਵੀ ਵੱਜ ਜਾਂਦੇ ਸਨ |
ਸਿਧਾਰਥ ਨੂੰ ਵੀ ਐਨੇ ਮਰੀਜ਼ ਦੇਖ ਕੇ ਕਾਫੀ ਉਤਸ਼ਾਹ ਮਿਲ ਰਿਹਾ ਸੀ | ਇਸੇ ਕਰਕੇ ਉਸ ਨੇ ਬੜੀ ਦੌੜ-ਭੱਜ ਕਰਕੇ ਹਸਪਤਾਲ ਦਾ ਨਕਸ਼ਾ ਪਾਸ ਕਰਵਾ ਲਿਆ | ਹੁਣ ਉਸ ਦਾ ਮਨ ਸੀ ਕਿ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰਵਾ ਕੇ ਨਕਸ਼ੇ ਮੁਤਾਬਿਕ ਦੋ-ਤਿੰਨ ਕਮਰੇ ਤਿਆਰ ਕਰਵਾ ਲਏ ਜਾਣ | ਕਿਉਂਕਿ ਮਰੀਜ਼ ਦਿਨ-ਬ-ਦਿਨ ਵਧ ਰਹੇ ਸਨ ਅਤੇ ਉਨ੍ਹਾਂ ਦੇ ਬੈਠਣ ਲਈ ਕੋਈ ਢੰਗ ਦੀ ਥਾਂ ਵੀ ਨਹੀਂ ਸੀ | ਮਾਤਾ ਜੀ ਦੀਆਂ ਬੇਟੀਆਂ ਵਲੋਂ ਅਤੇ ਸਿਧਾਰਥ ਦੇ ਬਾਹਰ ਰਹਿੰਦੇ ਜਮਾਤੀਆਂ ਵਲੋਂ ਐਨੀ ਕੁ ਆਰਥਿਕ ਮਦਦ ਆ ਗਈ ਸੀ, ਜਿਸ ਨਾਲ ਦੋ-ਤਿੰਨ ਕਮਰੇ ਬਣ ਸਕਦੇ ਸਨ |
ਅਗਲੇ ਚਾਰ ਮਹੀਨਿਆਂ ਵਿਚ ਹਸਪਤਾਲ ਦੇ ਤਿੰਨ ਕਮਰੇ ਤਿਆਰ ਹੋ ਗਏ | ਹਸਪਤਾਲ ਲਈ ਜ਼ਰੂਰੀ ਮੱੁਢਲਾ ਸਾਮਾਨ ਵੀ ਆ ਗਿਆ | ਇਕ ਕਮਰੇ ਵਿਚ ਮਰੀਜ਼ਾਂ ਲਈ ਦੋ ਬੈੱਡ ਵੀ ਲਿਆ ਕੇ ਲਗਾ ਦਿੱਤੇ ਗਏ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ-34

ਮਨੁੱਖ ਨਾਲ ਮੇਰਾ ਨਿੱਤ ਦਾ ਵਾਹ,
ਉੱਠਣ ਸਾਰ ਹੀ ਪਿਆਵਾਂ ਚਾਹ |
ਤੱਤੇ ਪਾਣੀ ਦੇ ਨਾਲ ਨਹਾਵਾਂ,
ਗਰਮਾ-ਗਰਮ ਖਾਣਾ ਖਵਾਵਾਂ |
ਸਾਥ ਮਨੁੱਖ ਦਾ ਦੇਵਾਂ ਪੂਰਾ,
ਮੇਰੇ ਬਿਨ ਮਨੁੱਖ ਅਧੂਰਾ |
ਜਦ ਕਦੇ ਮੈਨੂੰ ਗੁੱਸਾ ਚੜ੍ਹਦਾ,
ਮੇਰੇ ਅੱਗੇ ਕੁਝ ਨਾ ਅੜਦਾ |
ਪੈ ਜਾਵਾਂ ਮੈਂ ਜਿਹੜੇ ਰਾਹ,
ਸਭ ਕੁਝ ਹੁੰਦਾ ਜਾਵੇ ਤਬਾਹ |
ਬੱਚਿਓ ਬੁਝਾਰਤ ਹੋਈ ਪੂਰੀ,
ਤੁਹਾਡੇ ਉੱਤਰ ਬਿਨਾਂ ਅਧੂਰੀ |
ਭਲੂਰੀਆ ਜੀ ਇਹ ਔਖੀ ਬਾਤ,
ਬੁੱਝ ਸਕੀਏ ਨਾ ਸਾਡੀ ਔਕਾਤ |
           --0--
ਜਨਮ ਤੋਂ ਮਰਨ ਤੱਕ ਸਾਡੇ ਸੰਗ
ਪਿਆਰੇ ਬੱਚਿਓ ਇਹ ਹੈ ਅੱਗ |

-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਰੰਗਲੀ ਲਿਖਾਈ
(ਰੰਗ ਭਰ ਕੇ ਪੰਜਾਬੀ ਅੱਖਰਾਂ ਦੀ ਪਹਿਚਾਣ)
ਪੇਸ਼ਕਸ਼ : ਜਨਮੇਜਾ ਸਿੰਘ ਜੌਹਲ
ਪੰਨੇ : 40, ਮੁੱਲ : ਅੰਕਿਤ ਨਹੀਂ
ਸੰਪਰਕ : 98159-45018
ਜਨਮੇਜਾ ਸਿੰਘ ਜੌਹਲ ਨੇ ਵਿਲੱਖਣਤਾ ਭਰਪੂਰ ਫੋਟੋਗ੍ਰਾਫੀ ਦੇ ਨਾਲ-ਨਾਲ ਸਾਹਿਤ ਰਚਨਾ ਦੇ ਖੇਤਰ ਵਿਚ ਵੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ | ਉਹ ਆਪਣੀਆਂ ਰਚਨਾਵਾਂ ਵਿਚ ਹਮੇਸ਼ਾ ਬੱਚਿਆਂ ਨੂੰ ਵਧੀਆ ਢੰਗ ਨਾਲ ਸਿੱਖਿਆ ਦੇਣ ਬਾਰੇ ਗੱਲ ਕਰਦੇ ਰਹੇ ਹਨ | ਚਾਹੇ ਫੋਟੋਗ੍ਰਾਫੀ ਹੋਵੇ ਤੇ ਚਾਹੇ ਕੰਪਿਊਟਰ ਹੋਵੇ, ਉਨ੍ਹਾਂ ਹਮੇਸ਼ਾ ਵੱਖਰੀ ਹੀ ਤਰ੍ਹਾਂ ਦੀ ਜਾਣਕਾਰੀ ਪੇਸ਼ ਕੀਤੀ ਹੈ |
ਉਨ੍ਹਾਂ ਦੀ ਹਥਲੀ ਪੁਸਤਕ 'ਰੰਗਲੀ ਲਿਖਾਈ' ਦਾ ਮੰਤਵ ਬੱਚਿਆਂ ਨੂੰ ਰੌਚਿਕ ਢੰਗ ਨਾਲ ਗੁਰਮੁਖੀ ਵਰਣਮਾਲਾ ਵਿਚ ਰੰਗ ਭਰ ਕੇ ਗੁਰਮੁਖੀ ਅੱਖਰਾਂ ਦਾ ਗਿਆਨ ਦੇਣਾ ਅਤੇ ਉਨ੍ਹਾਂ ਨੂੰ ਪੰਜਾਬੀ ਮਾਂ-ਬੋਲੀ ਸਿੱਖਣ ਲਈ ਪ੍ਰੇਰਿਤ ਕਰਨਾ ਹੈ | ਸੋ, ਇਹ ਪੁਸਤਕ ਛੋਟੇ ਬੱਚਿਆਂ ਨੂੰ ਸੌਖੇ ਅਤੇ ਵਧੀਆ ਢੰਗ ਨਾਲ ਪੰਜਾਬੀ ਅੱਖਰਾਂ ਨਾਲ ਪਹਿਚਾਣ ਕਰਵਾਉਂਦੀ ਹੈ | ਇਸ ਵਿਚ ਉਨ੍ਹਾਂ ਨੇ ਬੱਚਿਆਂ ਨੂੰ ਪੰਜਾਬੀ ਦੇ ਵੱਖ-ਵੱਖ ਅੱਖਰਾਂ ਵਿਚ ਰੰਗ ਭਰਨ ਦੀ ਜਾਚ ਦੱਸੀ ਹੈ | ਇਸ ਅਭਿਆਸ ਨਾਲ ਬੱਚਿਆਂ ਦਾ ਅੱਖਰਾਂ ਨਾਲ ਬੌਧਿਕ ਨਾਤਾ ਜੋੜਨ ਦਾ ਨਿਵੇਕਲਾ ਯਤਨ ਕੀਤਾ ਗਿਆ ਹੈ | ਇਸ ਸਮੇਂ ਇਹ ਪੁਸਤਕ ਪੰਜਾਬੀ ਸਿੱਖਣ ਜਾਂ ਸਿਖਾਉਣ ਵਾਲਿਆਂ ਲਈ ਇਕ ਮੁਢਲੀ ਕਿਤਾਬ ਦਾ ਰੂਪ ਲੈ ਚੱੁਕੀ ਹੈ |
ਜਨਮੇਜਾ ਸਿੰਘ ਜੌਹਲ ਵਲੋਂ ਪੰਜਾਬੀ ਮਾਂ-ਬੋਲੀ ਸਬੰਧੀ ਜੋ ਇਸ ਤਰ੍ਹਾਂ ਬੱਚਿਆਂ ਨੂੰ ਪ੍ਰੇਰਨਾਦਾਇਕ ਢੰਗ ਨਾਲ ਸਿੱਖਿਆ ਦੇਣ ਦਾ ਯਤਨ ਕੀਤਾ ਗਿਆ ਹੈ, ਉਸ ਦਾ ਸਵਾਗਤ ਕੀਤਾ ਜਾਣਾ ਬਣਦਾ ਹੈ | ਉਮੀਦ ਕਰਦੇ ਹਾਂ ਕਿ ਉਹ ਪਹਿਲਾਂ ਵਾਂਗ ਇਸ ਮਹੱਤਵਪੂਰਨ ਕਾਰਜ ਲਈ ਯਤਨਸ਼ੀਲ ਰਹਿਣਗੇ | ਮੈਨੂੰ ਯਕੀਨ ਹੈ ਕਿ ਪੰਜਾਬੀ ਭਾਈਚਾਰਾ ਇਸ ਨਵੀਂ ਪੁਸਤਕ 'ਰੰਗਲੀ ਲਿਖਾਈ' ਦਾ ਸਵਾਗਤ ਕਰੇਗਾ |

-ਹਰਜਿੰਦਰ ਸਿੰਘ
ਮੋਬਾ: 98726-60161

ਬਾਲ ਗੀਤ: ਮੇਰੀ ਪਤੰਗ

ਮੇਰੀ ਪਤੰਗ ਹੈ ਰੰਗ ਬਰੰਗੀ,
ਤਾਹੀਂ ਤਾਂ ਮੈਨੂੰ ਲੱਗਦੀ ਚੰਗੀ |
ਖੱੁਲ੍ਹੇ ਥਾਂ ਮੈਂ ਜਾ ਕੇ ਚੜ੍ਹਾਵਾਂ,
ਬੱਦਲਾਂ ਨਾਲ ਇਹਨੂੰ ਲਾਵਾਂ |
ਰਹਿ ਜਾਂਦੇ ਨੇ ਪਿੱਛੇ ਸੰਗੀ,
ਤਾਹੀਂ ਤਾਂ ਮੈਨੂੰ.......... |
ਹੋਰ ਪਤੰਗ ਜਦ ਪੇਚਾ ਪਾਵੇ,
ਉਹਨੂੰ ਨਾ ਫਿਰ ਕੋਈ ਬਚਾਵੇ |
ਅੱਖ ਝਮੱਕੇ ਪਈ ਏ ਅੜੰਗੀ,
ਤਾਹੀਂ ਤਾਂ ਮੈਨੂੰ........... |
'ਤਲਵੰਡੀ' ਤਾਇਆ ਪਾਵੇ ਸ਼ੋਰ,
ਵਰਤਣੀ ਨਹੀਓਾ ਚੀਨੀ ਡੋਰ |
ਲੜਨਾ-ਭਿੜਨਾ ਗੱਲ ਨ੍ਹੀਂ ਚੰਗੀ,
ਤਾਹੀਂ ਤਾਂ ਮੈਨੂੰ.......... |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: 94635-42896

ਬੁਝਾਰਤਾਂ

1. ਨਾਲੇ ਜਾਵੇ ਹੱਸੀ, ਨਾਲੇ ਕਰੇ ਗੱਲਾਂ,
ਜਿਹੜਾ ਮੇਰੀ ਬਾਤ ਬੱੁਝੇ, ਉਸ ਨੂੰ ਮੈਂ ਮੰਨਾਂ |
2. ਆਲਾ ਭਰਿਆ ਕੌਡੀਆਂ ਦਾ, ਵਿਚ ਤੋਤਕੜੀ ਨੱਚੇ |
3. ਤੁਸੀਂ ਚੱਲੋ, ਮੈਂ ਆਇਆ |
4. ਮਾਂ ਲੀਰਾਂ-ਪਚੀਰਾਂ, ਪੱੁਤ ਘੋਨ-ਮੋਨ |
5. ਮੈਂ ਕੱਟਾਂ, ਮੈਂ ਮਰਾਂ, ਤੰੂ ਕਾਹਤੋਂ ਰੋਵੇਂ |
ਉੱਤਰ : (1) ਮੋਬਾਈਲ, (2) ਜੀਭ, (3) ਖੂਹ ਦੀਆਂ ਟਿੰਡਾਂ, (4) ਤਰਬੂਜ਼ ਦੀ ਵੇਲ, (5) ਗੰਢਾ |

-ਜਗਤਾਰ ਗਿੱਲ,
ਪਿੰਡ ਤੇ ਡਾਕ: ਮਲੋਟ (ਸ੍ਰੀ ਮੁਕਤਸਰ ਸਾਹਿਬ) | ਮੋਬਾ: 94172-29410

ਅਨਮੋਲ ਬਚਨ

• ਦੂਜਿਆਂ ਦੀਆਂ ਕਮੀਆਂ ਕੱਢਣ ਵਾਲੇ ਲੋਕ ਉਸ ਮੱਖੀ ਦੀ ਤਰ੍ਹਾਂ ਹੁੰਦੇ ਹਨ ਜੋ ਸਾਰਾ ਸਰੀਰ ਛੱਡ ਕੇ ਸਿਰਫ ਜ਼ਖ਼ਮ ਵਾਲੀ ਥਾਂ 'ਤੇ ਹੀ ਬੈਠਦੀ ਹੈ |
• ਰਿਸ਼ਤਿਆਂ ਦੀ ਕਦਰ ਕਰਨੀ ਹੈ ਤਾਂ ਜਿਉਂਦੇ ਜੀਅ ਕਰੋ, ਕਿਉਂਕਿ ਅਰਥੀ ਚੱੁਕਣ ਲੱਗਿਆਂ ਤਾਂ ਦੁਸ਼ਮਣ ਵੀ ਰੋ ਪੈਂਦੇ ਹਨ |
• ਜੇ ਦੱੁਖ ਨਾ ਹੋਣ ਤਾਂ ਖੁਸ਼ੀ ਦੀ ਕੀਮਤ ਨਹੀਂ ਹੁੰਦੀ | ਜੇ ਸਭ ਕੁਝ ਚਾਹੁਣ ਨਾਲ ਮਿਲ ਜਾਵੇ ਤਾਂ ਪਰਮਾਤਮਾ ਦੀ ਜ਼ਰੂਰਤ ਨਾ ਪੈਂਦੀ |
• ਵਕਤ ਤੋਂ ਪਹਿਲਾਂ ਕੁਝ ਨਹੀਂ ਮਿਲਦਾ, ਬਸ ਉਮੀਦ ਨੂੰ ਕਦੇ ਟੱੁਟਣ ਨਾ ਦਿਓ |
• ਜ਼ਿੰਦਗੀ ਵਿਚ ਜੋ ਸਬਕ ਖਾਲੀ ਪੇਟ, ਖਾਲੀ ਜੇਬ ਤੇ ਮਾੜਾ ਸਮਾਂ ਸਿਖਾ ਦਿੰਦਾ ਹੈ, ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾ ਸਕਦੀ |
• ਜਦੋਂ ਆਪਣੇ ਹੀ ਆਪਣਿਆਂ ਨੂੰ ਮਾਰਦੇ ਹਨ ਤਾਂ ਦਰਦ ਜ਼ਿਆਦਾ ਹੁੰਦਾ ਹੈ |
• ਦੁਆਵਾਂ ਕਦੇ ਰੱਦ ਨਹੀਂ ਹੁੰਦੀਆਂ, ਬਸ ਇਕ ਖਾਸ ਸਮੇਂ 'ਤੇ ਕਬੂਲ ਹੁੰਦੀਆਂ ਹਨ |

-ਬਲਵਿੰਦਰ ਜੀਤ ਕੌਰ,
ਪਿੰਡ ਚੱਕਲਾਂ (ਰੋਪੜ) |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX