ਤਾਜਾ ਖ਼ਬਰਾਂ


ਯੂਥ ਕਾਂਗਰਸ ਦੀਆਂ ਚੋਣਾਂ 'ਚ ਸੰਗਰੂਰ ਜ਼ਿਲ੍ਹੇ 'ਚ ਬਾਜਵਾ ਅਤੇ ਹਲਕੇ 'ਚ ਕਾਂਗੜਾ ਪਰਿਵਾਰ ਪਿਆ ਭਾਰੂ
. . .  11 minutes ago
ਸੰਗਰੂਰ, 7 ਦਸੰਬਰ (ਦਮਨਜੀਤ ਸਿੰਘ)- ਕਾਂਗਰਸ ਪਾਰਟੀ ਵਲੋਂ ਕਾਰਵਾਈਆਂ ਗਈਆਂ ਯੂਥ ਵਿੰਗ ਦੀਆਂ ਚੋਣਾਂ 'ਚ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨਗੀ 'ਤੇ ਗੋਬਿੰਦਰ ਸਿੰਘ ਨਾਂ ਦੇ ਨੌਜਵਾਨ ਨੇ...
ਯੂਥ ਕਾਂਗਰਸ ਚੋਣਾਂ : ਗੁਰੂਹਰਸਹਾਏ ਤੋਂ ਤੀਜੀ ਵਾਰ ਹਲਕਾ ਪ੍ਰਧਾਨ ਬਣੇ ਵਿੱਕੀ ਸਿੱਧੂ
. . .  29 minutes ago
ਗੁਰੂਹਰਸਹਾਏ, 7 ਦਸੰਬਰ (ਹਰਚਰਨ ਸਿੰਘ ਸਿੱਧੂ)- ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ 'ਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਧੜੇ ਨਾਲ ਸੰਬੰਧਿਤ ਸੁਦਾਗਰ ਸਿੰਘ ਵਿੱਕੀ ਸਿੱਧੂ ਲਗਾਤਾਰ ਤੀਜੀ...
ਬੰਦੂਕ ਦੀ ਨੋਕ 'ਤੇ ਬੈਂਕ 'ਚੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  35 minutes ago
ਟਾਂਗਰਾ, 7 ਦਸੰਬਰ (ਹਰਜਿੰਦਰ ਸਿੰਘ ਕਲੇਰ)- ਅੰਮ੍ਰਿਤਸਰ ਦੇ ਅੱਡਾ ਟਾਂਗਰਾ ਦੇ ਨਜ਼ਦੀਕੀ ਪਿੰਡ ਛੱਜਲਵੱਢੀ ਵਿਖੇ 5-6 ਲੁਟੇਰਿਆਂ ਵਲੋਂ ਬੰਦੂਕ ਦੀ ਨੋਕ 'ਤੇ ਪੰਜਾਬ ਐਂਡ ਸਿੰਧ ਬੈਂਕ 'ਚੋਂ 7 ਲੱਖ, 83 ਹਜ਼ਾਰ ਰੁਪਏ ਦੀ ਨਕਦੀ ਲੁੱਟ...
ਬਲਜੀਤ ਸਿੰਘ ਪਾਹੜਾ ਬਣੇ ਗੁਰਦਾਸਪੁਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ
. . .  49 minutes ago
ਗੁਰਦਾਸਪੁਰ, 7 ਦਸੰਬਰ (ਆਰਿਫ਼)- ਪੰਜਾਬ ਅੰਦਰ ਹੋਈਆਂ ਯੂਥ ਕਾਂਗਰਸ ਦੀਆ ਚੋਣਾਂ 'ਚ ਗੁਰਦਾਸਪੁਰ ਦੇ ਵਿਧਾਇਕ ਬ੍ਰਿੰਦਰਮੀਤ ਸਿੰਘ ਪਾਹੜਾ ਦੇ ਭਰਾ ਅਤੇ ਮਿਲਕ ਪਲਾਂਟ ਗੁਰਦਾਸਪੁਰ...
ਅਮਿਤ ਤਿਵਾੜੀ ਖੰਨਾ ਜ਼ਿਲ੍ਹਾ ਅਤੇ ਅੰਕਿਤ ਸ਼ਰਮਾ ਖੰਨਾ ਵਿਧਾਨ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ
. . .  about 1 hour ago
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)- ਜ਼ਿਲ੍ਹਾ ਯੂਥ ਕਾਂਗਰਸ ਦੀਆਂ ਚੋਣਾਂ 'ਚ ਵਿਧਾਇਕ ਗੁਰਕੀਰਤ ਸਿੰਘ ਦੇ ਨਜ਼ਦੀਕੀ ਅਮਿਤ ਤਿਵਾੜੀ ਜ਼ਿਲ੍ਹਾ ਯੂਥ ਕਾਂਗਰਸ ਖੰਨਾ ਦੇ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਨੂੰ...
ਫ਼ਰੀਦਕੋਟ ਵਿਖੇ ਜਿਨਸੀ ਸ਼ੋਸ਼ਣ ਦੀ ਪੀੜਤ ਮਹਿਲਾ ਡਾਕਟਰ 'ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ, ਜ਼ਖ਼ਮੀ
. . .  about 1 hour ago
ਫ਼ਰੀਦਕੋਟ, 7 ਦਸੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਜਿਨਸੀ ਸ਼ੋਸ਼ਣ ਪੀੜਤ ਔਰਤ ਡਾਕਟਰ ਵਲੋਂ ਇਨਸਾਫ਼ ਲਈ ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ 'ਚ ਅੱਜ ਕੀਤੇ ਰੋਸ ਪ੍ਰਦਰਸ਼ਨ ਦੌਰਾਨ...
ਵਧੀਆਂ ਕੀਮਤਾਂ ਨੂੰ ਲੈ ਕੇ 'ਆਪ' ਵਲੋਂ ਗਲਾਂ 'ਚ ਪਿਆਜ਼ਾਂ ਦੇ ਹਾਰ ਪਾ ਕੇ ਪ੍ਰਦਰਸ਼ਨ
. . .  about 1 hour ago
ਮੋਗਾ, 7 ਦਸੰਬਰ (ਗੁਰਤੇਜ ਬੱਬੀ, ਸੁਰਿੰਦਰਪਾਲ ਸਿੰਘ)- ਅਸਮਾਨੀ ਚੜ੍ਹੀ ਪਿਆਜ਼ ਦੀ ਕੀਮਤ ਨੂੰ ਲੈ ਕੇ ਅੱਜ ਮੋਗਾ ਦੇ ਮੁੱਖ ਚੌਕ 'ਚ ਆਮ ਆਦਮੀ ਪਾਰਟੀ ਦੇ ਆਗੂਆਂ, ਹਲਕਾ ਵਿਧਾਇਕ ਨਿਹਾਲ ਸਿੰਘ ਵਾਲਾ...
ਗੰਭੀਰ ਰੂਪ 'ਚ ਸੜਨ ਕਾਰਨ ਹੋਈ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ- ਸਫਦਰਜੰਗ ਹਸਪਤਾਲ
. . .  about 1 hour ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਉਨਾਓ ਜਬਰ ਜਨਾਹ ਪੀੜਤਾ ਦਾ ਪੋਸਟਮਾਰਟਮ ਹੋ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਹਸਪਤਾਲ ਵਲੋਂ ਬਿਆਨ...
ਰਾਏਕੋਟ ਨੇੜਲੇ ਪਿੰਡ ਬਸਰਾਵਾਂ 'ਚ ਮਾਂ ਅਤੇ ਉਸ ਦੇ ਅਪਾਹਜ ਬੇਟੇ ਦਾ ਕਤਲ
. . .  about 2 hours ago
ਰਾਏਕੋਟ, 7 ਦਸੰਬਰ (ਸੁਸ਼ੀਲ)- ਨੇੜਲੇ ਪਿੰਡ ਬਸਰਾਵਾਂ ਵਿਖੇ ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਵਲੋਂ ਇੱਕ ਮਾਂ ਅਤੇ ਉਸ ਦੇ ਪੁੱਤਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤੇ ਜਾਣ ਦੀ...
ਜੈਤੋ ਵਿਖੇ ਲਾਏ ਧਰਨੇ ਦੌਰਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਜੈਤੋ, 7 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਥਾਨਕ ਐੱਸ. ਡੀ. ਐੱਮ. ਦੇ ਦਫ਼ਤਰ ਅੱਗੇ ਪਿਛਲੇ ਇੱਕ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

5 ਦਸੰਬਰ ਨੂੰ ਵਾਲਟ ਡਿਜ਼ਨੀ ਦੇ ਜਨਮ ਦਿਨ 'ਤੇ ਵਿਸ਼ੇਸ਼

ਡਿਜ਼ਨੀ ਦੀ ਦੁਨੀਆ...

ਉਸ ਦੀ ਦਿ੍ਸ਼ਟੀ ਵਿਚ ਕਲਪਨਾ ਦੀ ਸਿਰਜਣਾ ਦਾ ਸਹੀ ਇਸਤੇਮਾਲ ਦੂਜਿਆਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਦੀਆਂ ਮਾਨਸਿਕ ਅਤੇ ਭੂਗੋਲਿਕ ਦੂਰੀਆਂ ਖ਼ਤਮ ਕਰਕੇ, ਸਭ ਦੀ ਜ਼ਿੰਦਗੀ ਵਿਚ ਉਮੀਦਾਂ, ਖ਼ੁਸ਼ੀਆਂ ਅਤੇ ਖੇੜੇ ਲਿਆਉਣਾ ਸੀ | ਉਸ ਮੁਤਾਬਿਕ ਮਨੋਰੰਜਨ ਦਾ ਸਹੀ ਅਰਥ ਕੇਵਲ ਇਕ ਪੀੜ੍ਹੀ ਲਈ ਹੀ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸੱਚੀ-ਸੁੱਚੀ ਖ਼ੁਸ਼ੀ, ਆਸ ਅਤੇ ਉਮੀਦਾਂ ਦਾ ਪਨਪਣਾ ਸੀ | ਇਹ ਸੀ 20ਵੀਂ ਸਦੀ ਦੀ ਇਕ ਮਹਾਨ ਸ਼ਖ਼ਸੀਅਤ ਜਿਸ ਦੀ ਕਲਪਨਾ ਅੱਜ ਵੀ ਬੱਚਿਆਂ ਵਿਚ ਹੀ ਨਹੀਂ ਸਗੋਂ ਵੱਡਿਆਂ ਦੇ ਮਨ ਅਤੇ ਜ਼ਿੰਦਗੀਆਂ ਨੂੰ ਸਕਾਰਾਤਮਿਕਤਾ, ਆਨੰਦ ਅਤੇ ਖੇੜਿਆਂ ਨਾਲ ਭਰ ਦਿੰਦੀ ਹੈ | ਉਸ ਦਾ ਨਾਂਅ ਸੀ ਵਾਲਟਰ ਇਲਾਇਸ ਡਿਜ਼ਨੀ ਜੋ ਵਾਲਟ ਡਿਜ਼ਨੀ ਨਾਂਅ ਨਾਲ ਪ੍ਰਸਿੱਧ ਹਨ |
ਵਾਲਟ ਡਿਜ਼ਨੀ ਦਾ ਜਨਮ 05 ਦਸੰਬਰ, 1901 ਵਿਚ ਅਮਰੀਕਾ ਦੇ ਸ਼ਿਕਾਗੋ ਨਾਂਅ ਦੇ ਸ਼ਹਿਰ ਵਿਚ ਹੋਇਆ | ਉਨ੍ਹਾਂ ਦਾ ਬਚਪਨ ਅਤਿ-ਗ਼ਰੀਬੀ ਵਿਚ ਬੀਤਿਆ | ਬਚਪਨ ਤੋਂ ਹੀ ਉਨ੍ਹਾਂ ਨੇ ਤਬੇਲੇ ਅਤੇ ਫਾਰਮ ਵਿਚ ਰਹਿ ਕੇ ਜ਼ਿੰਦਗੀ ਬਸਰ ਕੀਤੀ | ਆਪਣੇ ਪਿਤਾ ਦਾ ਹੱਥ ਵੰਡਾਉਣ ਲਈ ਵਾਲਟ ਡਿਜ਼ਨੀ ਨੇ ਬਹੁਤ ਹੀ ਛੋਟੀ ਉਮਰ ਵਿਚ ਚਿੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ | ਆਪਣੇ ਬਣਾਏ ਚਿੱਤਰਾਂ ਨੂੰ ਵੇਚ ਕੇ ਆਪਣੇ ਮਾਤਾ-ਪਿਤਾ, ਤਿੰਨ ਭਰਾਵਾਂ ਅਤੇ ਇਕ ਭੈਣ ਦਾ ਢਿੱਡ ਭਰਿਆ ਅਤੇ ਇਥੋਂ ਤੱਕ ਕਿ ਆਪਣੀ ਸਕੂਲ ਦੀ ਫੀਸ ਵੀ ਉਨ੍ਹਾਂ ਨੇ ਇਨ੍ਹਾਂ ਪੈਸਿਆਂ ਨਾਲ ਹੀ ਭਰੀ | ਪਰ ਪੈਸਿਆਂ ਦੀ ਤੰਗੀ ਕਾਰਨ ਡਿਜ਼ਨੀ ਆਪਣੀ ਸਕੂਲ ਦੀ ਪੜ੍ਹਾਈ ਨਾ ਪੂਰੀ ਕਰ ਸਕੇ |
ਗਰਮੀਆਂ ਦੀਆਂ ਛੁੱਟੀਆਂ ਵਿਚ ਡਿਜ਼ਨੀ ਨੇ ਰੇਲ ਗੱਡੀਆਂ ਵਿਚ ਅਖ਼ਬਾਰ ਆਦਿ ਵੇਚ ਕੇ ਆਪਣਾ ਜੇਬ ਖਰਚ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਨ੍ਹਾਂ ਨੇ ਰਾਤ ਦੇ ਸਮੇਂ ਕਰਵਾਏ ਜਾਂਦੇ ਚਿੱਤਰਕਾਰੀ ਦਾ ਕੋਰਸ ਵੀ ਪੂਰਾ ਕੀਤਾ | 16 ਸਾਲ ਦੀ ਉਮਰ ਵਿਚ ਡਿਜ਼ਨੀ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਅਮਰੀਕੀ ਫ਼ੌਜ ਵਿਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਪਰ ਉਮਰ ਛੋਟੀ ਹੋਣ ਕਾਰਨ ਉਸ ਨੂੰ ਫ਼ੌਜ ਵਿਚ ਸੇਵਾ ਕਰਨ ਦਾ ਮੌਕਾ ਨਾ ਮਿਲਿਆ ਜਿਸ ਕਾਰਨ ਉਨ੍ਹਾਂ ਨੇ ਰੈੱਡ ਕਰਾਸ ਵਿਚ ਐਾਬੂਲੈਸ ਡਰਾਈਵਰ ਦੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ | ਵਿਸ਼ਵ ਯੁੱਧ ਤੋਂ ਬਾਅਦ ਉਸ ਨੇ ਇਕ ਅਖ਼ਬਾਰ ਵਿਚ ਆਰਟਿਸਟ (ਚਿੱਤਰਕਾਰ) ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ | ਡਿਜ਼ਨੀ ਦਾ ਕਹਿਣਾ ਸੀ ਕਿ ਉਸ ਦੇ ਸਾਥੀ ਉਸ 'ਤੇ ਹੱਸਦੇ ਸਨ ਅਤੇ ਉਸ ਦਾ ਮਜ਼ਾਕ ਉਡਾਇਆ ਕਰਦੇ ਸਨ ਕਿਉਂਕਿ ਉਨ੍ਹਾਂ ਦੇ ਵਿਚਾਰ ਅਨੁਸਾਰ ਉਸ ਦੇ ਅੰਦਰ ਨਾ ਤਾਂ ਕਿਸੇ ਕਲਪਨਾ ਅਤੇ ਨਾ ਹੀ ਸਿਰਜਣਾਤਮਿਕਤਾ ਦੇ ਗੁਣ ਸਨ |
ਫਿਰ ਇਕ ਦਿਨ ਇਕ ਨਾਕਾਮ ਬਿਜ਼ਨਸ ਮੀਟਿੰਗ ਤੋਂ ਭਾਰੀ ਮਨ ਨਾਲ ਰੇਲ ਗੱਡੀ ਵਿਚ ਘਰ ਜਾਂਦੇ ਸਮੇਂ ਡਿਜ਼ਨੀ ਨੇ ਇਕ ਚੂਹੇ ਦਾ ਚਿੱਤਰ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਦਾ ਨਾਂਅ 'ਮੋਰਟੀਮਰ ਮਾਊਸ' ਰੱਖਿਆ ਪਰ ਉਸ ਦੀ ਪਤਨੀ, ਲਿੱਲੀਅਨ ਨੇ ਚੂਹੇ ਦਾ ਨਾਂਅ ਬਦਲ ਕੇ 'ਮਿੱਕੀ ਮਾਊਸ' ਰੱਖ ਦਿੱਤਾ | ਇਸੇ 'ਮਿੱਕੀ ਮਾਊਸ' ਨੇ ਡਿਜ਼ਨੀ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਅਤੇ ਇਹ ਗੱਲ ਵਿਸ਼ੇਸ਼ ਵਰਣਨਯੋਗ ਹੈ ਕਿ ਇਸ ਮਿੱਕੀ ਮਾਊਸ ਨੂੰ ਆਵਾਜ਼ ਵੀ ਵਾਲਟ ਡਿਜ਼ਨੀ ਨੇ ਆਪਣੀ ਹੀ ਦਿੱਤੀ | ਅੱਜ ਵੀ ਡਿਜ਼ਨੀ ਦੀ ਹਰੇਕ ਕੰਪਨੀ ਦੀ ਪਛਾਣ ਦਾ ਪ੍ਰਤੀਕ ਇਹ ਮਿੱਕੀ ਮਾਊਸ ਹੀ ਹੈ ਕਿਉਂਕਿ ਇਸੇ ਮਿੱਕੀ ਮਾਊਸ ਨਾਲ ਸ਼ੁਰੂ ਹੋਈ ਸੀ ਡਿਜ਼ਨੀ ਦੀ ਜ਼ਿੰਦਗੀ ਦੀ ਇਕ ਵੱਖਰੀ ਕਹਾਣੀ |
ਵਾਲਟ ਨੇ ਮਿੱਕੀ ਮਾਊਸ ਤੋਂ ਬਾਅਦ ਉਸ ਦੇ ਦੋਸਤਾਂ ਦੀ ਸਿਰਜਣਾ ਕੀਤੀ 'ਡੋਨਲ ਡੱਕ' (ਬੱਤਖ), 'ਮਿੰਨੀ ਮਾਊਸ' (ਚੂਹਾ), 'ਗੂਫੀ' ਅਤੇ ਮਿੱਕੀ ਮਾਊਸ ਦਾ ਪਾਲਤੂ ਕੁੱਤਾ 'ਪਲੂਟੋ' | ਇਸ ਤੋਂ ਬਾਅਦ ਵਾਲਟ ਨੇ ਜ਼ਿੰਦਗੀ ਭਰ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਉਸ ਦੇ ਕਦਮ ਤਰੱਕੀ ਦੀ ਰਾਹ 'ਤੇ ਚੱਲ ਪਏ | ਉਸ ਨੇ ਆਪਣੇ ਭਰਾ ਰੌਏ ਓ ਡਿਜ਼ਨੀ ਨਾਲ 1923 ਵਿਚ ਆਪਣੀ ਪਹਿਲੀ ਕੰਪਨੀ, ''ਡਿਜ਼ਨੀ ਬ੍ਰਦਰਜ਼ ਕਾਰਟੂਨ ਸਟੂਡੀਓ'' ਦੀ ਸਥਾਪਨਾ ਕੀਤੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

5-mail : sarvinder_ajit@yahoo.co.in
2log : sarvinderkaur.wordpress.com


ਖ਼ਬਰ ਸ਼ੇਅਰ ਕਰੋ

ਤੇਗ ਬਹਾਦਰ ਸੀ ਕਿ੍ਆ ਕਰੀ ਨਾ ਕਿਨਹੂੰ ਆਨ |

ਸ੍ਰੀ ਗੁਰੂ ਤੇਗ ਬਹਾਦਰ ਨੇ ਦਿੱਤੀ ਸੀ ਬੁਨਿਆਦੀ ਹੱਕਾਂ ਲਈ ਸ਼ਹਾਦਤ

ਦੁਨੀਆ ਦੇ ਇਤਿਹਾਸ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਵਿੱਥਿਆ ਅਦੁੱਤੀ ਤੇ ਬੇਮਿਸਾਲ ਹੈ | ਵਿਸ਼ਵ ਭਰ ਦੇ ਦਸਤਾਵੇਜ਼ਾਂ ਵਿਚੋਂ ਕਿਧਰੇ ਹੋਰ ਇਹੋ ਜਿਹੀ ਮਿਸਾਲ ਨਹੀਂ ਮਿਲਦੀ ਜਿਸ ਵਿਚ ਕਿਸੇ ਇਤਿਹਾਸਕ ਸ਼ਖ਼ਸੀਅਤ ਨੇ ਉਸ ਵਿਚਾਰ ਦੀ ਰੱਖਿਆ ਲਈ ਆਪਣੀ ਜਾਨ ਦੇ ਦਿੱਤੀ ਹੋਵੇ, ਜਿਸ ਵਿਚਾਰ ਨਾਲ ਉਸ ਦੀ ਆਪਣੀ ਸਹਿਮਤੀ ਨਾ ਹੋਵੇ ਜਾਂ ਫਿਰ ਇਉਂ ਕਹੀਏ ਤਾਂ ਹੋਰ ਸਪੱਸ਼ਟ ਹੋਵੇਗਾ ਕਿ ਧਰਮਾਂ ਦੀ ਦੁਨੀਆ ਵਿਚ ਕੋਈ ਹੋਰ ਐਸੀ ਘਟਨਾ ਵੇਖਣ ਵਿਚ ਨਹੀਂ ਆਉਂਦੀ, ਜਿਸ ਵਿਚ ਇਕ ਧਰਮ ਦੇ ਆਗੂ ਨੇ ਦੂਜੇ ਧਰਮ ਦੇ ਧਰਮ-ਚਿੰਨ੍ਹਾਂ ਦੀ ਹੋਂਦ ਤੇ ਬਰਕਰਾਰੀ ਲਈ ਆਪਣੀ ਸ਼ਹਾਦਤ ਦਿੱਤੀ ਹੋਵੇ |
ਅਸਲ ਵਿਚ, ਗੁਰੂ ਤੇਗ ਬਹਾਦਰ ਜੀ ਦਾ ਸਮੁੱਚਾ ਜੀਵਨ ਮਨੁੱਖਤਾ ਨੂੰ ਸਮਰਪਿਤ ਸੀ | ਦੂਜਿਆਂ ਲਈ ਆਪਾ ਵਾਰਨਾ ਹੀ ਉਨ੍ਹਾਂ ਦੇ ਜੀਵਨ ਦਾ ਸਾਰ ਹੈ | ਤਿਆਗ ਤੇ ਬਲਿਦਾਨ ਹੀ ਉਨ੍ਹਾਂ ਦੀ ਬਾਣੀ ਦਾ ਸੰਦੇਸ਼ ਹੈ | ਇਤਿਹਾਸ ਸਾਖ਼ੀ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਥਾਂ-ਥਾਂ ਜਾ ਕੇ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਗੁਰੂ ਘਰ ਨਾਲ ਜੁੜੀ ਸਿੱਖ-ਸੰਗਤ ਨਾਲ ਜ਼ਾਤੀ ਸੰਪਰਕ ਪੈਦਾ ਕੀਤਾ ਸੀ | ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਆਸਾਮ ਦੀਆਂ ਲੰਮੀਆਂ ਯਾਤਰਾਵਾਂ ਦਾ ਨਤੀਜਾ ਇਹ ਨਿਕਲਿਆ ਕਿ ਸਮੁੱਚੇ ਭਾਰਤ ਵਿਚ ਸਿੱਖ ਸੰਗਤ ਸੰਗਠਿਤ ਹੋ ਗਈ | ਇਹੋ ਸਿੱਖ-ਸੰਗਤ ਬਾਅਦ ਵਿਚ ਜਥੇਬੰਦਕ ਹੋ ਕੇ ਖ਼ਾਲਸਾ ਪੰਥ ਦਾ ਰੂਪ ਧਾਰਨ ਕਰ ਗਈ ਅਤੇ ਫਿਰ ਹਰ ਜ਼ੁਲਮ ਤੇ ਜਬਰ ਨਾਲ ਟੱਕਰਦੀ ਆਪਣੇ ਨਿਸ਼ਾਨੇ ਵੱਲ ਵਧਦੀ ਚਲੀ ਗਈ |
ਪਰ ਵੇਲੇ ਦੇ ਹੁਕਮਰਾਨ ਔਰੰਗਜ਼ੇਬ ਲਈ ਇਹ ਸਭ ਕੁਝ ਨਾਕਾਬਲੇ ਬਰਦਾਸ਼ਤ ਸੀ | ਗੁਰੂ ਸਾਹਿਬ ਦਾ ਫਿਰ-ਤੁਰ ਕੇ ਪ੍ਰਚਾਰ ਕਰਨਾ ਤੇ ਅਨੇਕਾਂ ਲੋਕਾਂ ਦੇ ਸ਼ਰਧਾਲੂ ਬਣਨ ਦੀਆਂ ਖ਼ਬਰਾਂ ਉਸ ਤੱਕ ਪੁੱਜ ਰਹੀਆਂ ਸਨ | ਉਸ ਲਈ ਇਹ ਅਸਹਿ ਸੀ ਕਿ ਇਸਲਾਮ ਦੇ ਇਲਾਵਾ ਕਿਸੇ ਹੋਰ ਧਰਮ ਦਾ ਪ੍ਰਚਾਰ ਉਸ ਦੇ ਰਾਜ ਵਿਚ ਹੋਵੇ | ਰਿਵਾਇਤੀ ਲਿਖਤਾਂ ਵਿਚ ਹਕੂਮਤ ਦੀ ਇਸ ਨੀਤੀ ਦਾ ਜ਼ਿਕਰ ਸਪੱਸ਼ਟ ਸ਼ਬਦਾਂ ਵਿਚ ਮਿਲਦਾ ਹੈ | ਪੰਥ ਪ੍ਰਕਾਸ਼ ਦੀਆਂ ਇਹ ਸਤਰਾਂ ਵੇਖਣ ਵਾਲੀਆਂ ਹਨ :
ਕਿਛ ਲੋਭ ਦਿਖਾਇ ਜੁਲਮ ਕਰਾਇ,
ਤੁਰਕ ਬਣਾਏ ਬਹੁ ਹਿੰਦੂ |
ਬਹੁ ਤਗ ਲਹਾਵਤਿ ਤਿਲਕ ਚਟਾਵਤਿ,
ਅਤਿ ਸਤਾਵਤਿ ਤੁਰਗਿੰਦੂ |

ਅਸਲ ਵਿਚ, ਸ਼ੁਰੂ ਵਿਚ ਨੀਵੀਂ ਕਹੀ ਜਾਣ ਵਾਲੀ ਜਾਤ ਦੇ ਲੋਕਾਂ ਨੂੰ ਅੰਰੌਗਜ਼ੇਬ ਲਾਲਚ ਦੇ ਕੇ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਵਿਚ ਲੱਗਾ ਰਿਹਾ ਪਰ ਜਦੋਂ ਕਾਮਯਾਬੀ ਹੱਥ ਨਾ ਆਈ ਤਾਂ ਫਿਰ ਉਸ ਨੇ ਵਿਚਾਰਿਆ ਕਿ ਜੇ ਹਿੰਦੂਆਂ ਦੇ ਵਿਦਵਾਨ ਤੇ ਧਾਰਮਿਕ ਤਬਕੇ ਦੇ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਲਿਆ ਜਾਵੇ ਤਾਂ ਅਵੱਸ਼ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ | ਇਸ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਕਸ਼ਮੀਰ ਦੇ ਸੂਬੇਦਾਰ ਇਫਤਿਖ਼ਾਰ ਖ਼ਾਨ ਨੇ ਕਸ਼ਮੀਰ ਵਿਚ ਪੰਡਤਾਂ ਨੂੰ ਮੁਸਲਮਾਨ ਬਣਾਉਣ ਲਈ ਪੂਰਾ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ | ਦੂਜੇ ਪਾਸੇ ਸਾਰੇ ਹਿੰਦੁਸਤਾਨੀ ਸਮਾਜ ਵਿਚ ਇਸ ਗੱਲ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਣ ਲੱਗ ਪਿਆ ਕਿ ਇਸ ਬਿਖੜੇ ਸਮੇਂ ਵਿਚ ਕੌਣ ਉਨ੍ਹਾਂ ਦੀ ਸਹਾਇਤਾ ਕਰ ਸਕਦਾ ਹੈ? ਸਾਰਿਆਂ ਦੀ ਨਿਗਾਹ ਗੁਰੂ ਤੇਗ ਬਹਾਦਰ ਵੱਲ ਸੀ ਅਤੇ ਫ਼ੈਸਲਾ ਕੀਤਾ ਗਿਆ ਕਿ ਪੰਡਤ ਕਿ੍ਪਾ ਰਾਮ ਦੀ ਅਗਵਾਈ ਵਿਚ ਕਸ਼ਮੀਰੀ ਪੰਡਤਾਂ ਦੀ ਵਿੱਥਿਆ ਦੱਸਣ ਲਈ, ਇਕ ਜਥਾ ਗੁਰੂ ਤੇਗ ਬਹਾਦਰ ਜੀ ਕੋਲ ਭੇਜਿਆ ਜਾਵੇ |
ਗੁਰੂ ਤੇਗ ਬਹਾਦਰ ਜੀ ਨੇ ਪੰਡਤ ਕਿ੍ਪਾ ਰਾਮ ਅਤੇ ਉਸ ਦੇ ਸਾਥੀਆਂ ਦੀ ਸਾਰੀ ਦੁਖਦਾਈ ਵਿੱਥਿਆ ਸੁਣੀ | ਕਾਫ਼ੀ ਕੁਝ ਉਨ੍ਹਾਂ ਨੂੰ ਪਤਾ ਵੀ ਸੀ | ਪਰ ਇਸ ਕਠਿਨ ਸਮੱਸਿਆ ਦਾ ਹੱਲ ਲੱਭਣਾ ਵੀ ਔਖਾ ਸੀ | ਭਾਰਤ ਦੇ ਇਨ੍ਹਾਂ 500 ਬ੍ਰਾਹਮਣ ਜਾਤੀ ਦੇ, ਹਿੰਦੂ ਧਰਮ ਦੇ ਪ੍ਰਤੀਨਿਧਾਂ ਨੇ ਗੁਰੂ ਸਾਹਿਬ ਨੂੰ ਕੁਝ ਐਸਾ ਉਪਰਾਲਾ ਕਰਨ ਲਈ ਕਿਹਾ ਜਿਸ ਨਾਲ ਸਮੁੱਚੀ ਬ੍ਰਾਹਮਣ ਜਾਤ ਬਚ ਸਕੇ | ਗੁਰੂ ਸਾਹਿਬ ਸੋਚ ਵਿਚ ਡੁੱਬ ਗਏ | 9 ਸਾਲ ਦੇ ਬਾਲਕ ਗੋਬਿੰਦ ਰਾਇ ਜੀ ਨੇ ਜਦੋਂ ਪਿਤਾ ਦੀ ਚਿੰਤਾ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ, 'ਕੋਈ ਮਹਾਂਪੁਰਸ਼ ਔਰੰਗਜ਼ੇਬ ਨੂੰ ਸਮਝਾਏ ਤੇ ਜੇ ਉਹ ਨਾ ਮੰਨੇ ਤਾਂ ਇਨ੍ਹਾਂ ਬ੍ਰਾਹਮਣਾਂ ਦੇ ਤਿਲਕ-ਜੰਞੂ ਖ਼ਾਤਰ, ਇਨ੍ਹਾਂ ਦੀ ਪੂਜਾ ਦੀ ਆਜ਼ਾਦੀ ਖ਼ਾਤਰ ਆਪ ਦਾ ਸੀਸ ਦੇਵੇ | ਇਸ ਕੁਰਬਾਨੀ ਨਾਲ ਔਰੰਗਜ਼ੇਬ ਦੇ ਰਾਜ ਦੀਆਂ ਜੜ੍ਹਾਂ ਹਿੱਲ ਜਾਣਗੀਆਂ ਅਤੇ ਉਸ ਦੀ ਮਤੱਸਬੀ ਨੀਤੀ ਦਾ ਬਿ੍ਛ ਕੁਦਰਤ ਦੇ ਪ੍ਰਤੀਕਰਮ ਦੀਆਂ ਹਨੇਰੀਆਂ ਕਾਰਨ ਮੁੱਢੋਂ ਹੀ ਉੱਖੜ ਜਾਏਗਾ |' ਬਾਲਕ ਗੋਬਿੰਦ ਰਾਇ ਨੇ ਫ਼ਰਮਾਇਆ, 'ਗੁਰਦੇਵ ਪਿਤਾ ਜੀ ਆਪ ਤੋਂ ਵੱਡਾ ਮਹਾਨ ਪੁਰਖ ਇਸ ਯੁੱਗ ਵਿਚ ਹੋਰ ਕੌਣ ਹੈ |'
ਗੁਰੂ ਤੇਗ ਬਹਾਦਰ ਬਾਲਕ ਗੋਬਿੰਦ ਦੇ ਗੰਭੀਰ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ | ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਮੇਰਾ ਗੋਬਿੰਦ ਧੁਰੋਂ ਬਖ਼ਸ਼ਿਸ਼ਾਂ ਲੈ ਕੇ ਆਇਆ ਹੈ ਅਤੇ ਉਹ ਲੋਕਾਂ ਦੀ ਸਹੀ ਰਹਿਨੁਮਾਈ ਕਰ ਸਕਦਾ ਹੈ | ਗੁਰੂ ਸਾਹਿਬ ਨੇ ਆਪਣੇ ਸਰੀਰ ਦੀ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ ਅਤੇ ਆਿਖ਼ਰਕਾਰ ਦਿੱਲੀ ਪਹੁੰਚ ਕੇ ਚਾਂਦਨੀ ਚੌਾਕ ਵਿਚ ਸ਼ਹਾਦਤ ਦੇ ਦਿੱਤੀ |
ਭਾਈ ਰਤਨ ਸਿੰਘ ਭੰਗੂ ਨੇ ਆਪਣੇ ਪ੍ਰੰਥ ਪ੍ਰਕਾਸ਼ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬੜੇ ਸੁੰਦਰ ਤਰੀਕੇ ਨਾਲ ਲਿਖੀ ਹੈ | ਉਨ੍ਹਾਂ ਅਨੁਸਾਰ ਸੰਸਾਰ ਵਿਚ ਆਮ ਪ੍ਰਚਲਤ ਕਹਾਵਤ ਸੀ ਕਿ ਜਿਹੜਾ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਜਾਂਦਾ ਹੈ, ਉਸ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ |
ਚਲੀ ਕਹਾਵਤ ਸਭ ਜਗੈ ਯਹ ਸਾਚੋ ਅਵਤਾਰ |
ਸਰਨੀ ਆਵੈ ਜੋ ਉਸੇ ਸੋਊ ਉਤਰੈ ਪਾਰ |

ਜਦੋਂ ਬ੍ਰਾਹਮਣਾਂ ਨੇ ਫ਼ਰਿਆਦ ਕੀਤੀ 'ਅਬ ਆਇ ਪਰੀ ਹਮਨੈ ਪੈ ਭਾਰੀ | ਅਬ ਹਮਕੋ ਤੁਮ ਲੇਹੁ ਉਬਾਰੀ |' ਤਾਂ ਗੁਰੂ ਤੇਗ ਬਹਾਦਰ ਜੀ ਨੇ ਉੱਤਰ ਦਿੱਤਾ ਕਿ ਜੇ ਮੇਰੇ ਸਿਰ ਦੀ ਕੁਰਬਾਨੀ ਨਾਲ ਤੁਹਾਡੇ ਅਕੀਦੇ ਦੀ ਰੱਖਿਆ ਹੋ ਸਕਦੀ ਹੈ ਤਾਂ ਮੈਂ ਇਕ ਖਿਨ ਦੇਰ ਨਹੀਂ ਕਰਾਂਗਾ-'ਜੇਕਰ ਤੁਮਰੋ ਭਲ ਭਵੈ, ਸਿਰ ਦੇਤ ਨ ਲਾਵੈ ਦੇਰ |' ਕਸ਼ਮੀਰੀ ਪੰਡਤਾਂ ਨੇ ਗੁਰੂ ਸਾਹਿਬ ਦੇ ਸਪੱਸ਼ਟ ਸੰਕੇਤ ਅਨੁਸਾਰ ਜਾ ਕੇ ਹਕੂਮਤ ਨੂੰ ਕਹਿ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਧਰਮ ਗੁਰੂ ਹਨ ਜੋ ਕੁਝ ਇਹ ਕਰਨਗੇ ਅਸੀਂ ਉਹੀ ਕਰਾਂਗੇ | ਗੁਰੂ ਤੇਗ ਬਹਾਦਰ ਦਾ ਧਰਮ ਹੀ ਸਾਡਾ ਧਰਮ ਹੋਵੇਗਾ | ਅਸੀਂ ਉਨ੍ਹਾਂ ਦੇ ਦਰਸਾਏ ਮਾਰਗ ਦਾ ਅਨੁਸਰਣ ਕਰਾਂਗੇ |
ਆਿਖ਼ਰ ਗੁਰੂ ਸਾਹਿਬ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਦਿੱਲੀ ਵਿਚ ਹਕੂਮਤੀ ਕਰਮਚਾਰੀਆਂ ਨੇ ਆਪਣੇ ਬਲ ਦਾ ਵਿਕਰਾਲ ਰੂਪ ਦਰਸਾਉਣ ਦਾ ਹਰ ਸੰਭਵ ਯਤਨ ਕੀਤਾ | ਗੁਰੂ ਸਾਹਿਬ ਦੇ ਸੇਵਕਾਂ ਵਿਚੋਂ ਜਿਹੜੇ ਉਸ ਵੇਲੇ ਉਨ੍ਹਾਂ ਦੇ ਨਾਲ ਸਨ, ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਕੇ ਦੋ-ਫਾੜ ਕਰ ਦਿੱਤਾ ਗਿਆ | ਭਾਈ ਦਿਆਲਾ ਜੀ ਨੂੰ ਉਬਲਦੀ ਦੇਗ਼ ਵਿਚ ਪਾ ਕੇ ਸ਼ਹੀਦ ਕਰ ਦਿੱਤਾ ਗਿਆ | ਭਾਈ ਸਤੀਦਾਸ ਜੀ ਦੇ ਸਰੀਰ ਨੂੰ ਰੂੰ ਵਿਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ | ਇਤਿਹਾਸ ਗਵਾਹ ਹੈ ਹਕੂਮਤ ਦੇ ਤਸੀਹੇ ਅਤੇ ਪ੍ਰਲੋਭਨ ਸਤਿ ਸਰੂਪ ਪਰਮ-ਮੂਰਤ ਗੁਰੂ ਤੇਗ ਬਹਾਦਰ ਦੀ ਤੇਜਸਵੀ ਅਡੋਲਤਾ ਦੇ ਸਾਹਮਣੇ ਵਿਅਰਥ ਸਾਬਤ ਹੋਏ | ਫਿਰ ਸਪੱਸ਼ਟ ਰੂਪ ਵਿਚ ਇਹ ਕਿਹਾ ਗਿਆ ਕਿ ਜਾਂ ਕਰਾਮਾਤ ਦਿਖਾਓ ਜਾਂ ਇਸਲਾਮ ਕਬੂਲ ਕਰ ਲਉ | ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਨ੍ਹਾਂ ਦੋਵਾਂ ਗੱਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ | ਫਿਰ ਕੀ ਸੀ, ਹੁਕਮਰਾਨਾਂ ਨੇ ਸਜ਼ਾ-ਏ-ਮੌਤ ਦਾ ਫ਼ਤਵਾ ਜਾਰੀ ਕਰ ਦਿੱਤਾ | ਜੱਲਾਦ ਨੂੰ ਹੁਕਮ ਹੋਇਆ, ਤਲਵਾਰ ਬੁਲੰਦ ਹੋਈ ਅਤੇ ਪ੍ਰਕਾਸ਼-ਪੁੰਜ ਸੀਸ ਧੜ ਤੋਂ ਅਲੱਗ ਹੋ ਕੇ ਧਰਤੀ ਨੂੰ ਪਵਿੱਤਰ ਬਣਾ ਗਿਆ |
ਦਿੱਲੀ ਦੇ ਇਤਿਹਾਸਕ ਚਾਂਦਨੀ ਚੌਾਕ ਵਿਚ ਸੋਭਾਇਮਾਨ, ਮਹਾਨ ਸ਼ਹੀਦੀ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਹਮੇਸ਼ਾ ਗੁਰੂ ਸਾਹਿਬ ਦੀ ਇਸ ਲਾਮਿਸਾਲ ਕੁਰਬਾਨੀ ਦੀ ਯਾਦ ਦੁਆਉਂਦਾ ਹੈ | ਇਹ ਤਵਾਰੀਖ਼ੀ ਸ਼ਹੀਦੀ ਸਥਾਨ ਪਰਤੀਕ ਹੈ ਉਨ੍ਹਾਂ ਬੁਨਿਆਦੀ ਸਿਧਾਂਤਾਂ ਤੇ ਅਸੂਲਾਂ ਦਾ, ਜਿਹੜੀਆਂ ਇਨਸਾਨੀ ਸਮਾਜ ਦੀ ਕਾਇਮੀ ਤੇ ਵਿਕਾਸ ਲਈ ਜ਼ਰੂਰੀ ਹਨ | ਪ੍ਰਤੀਕ ਹੈ ਇਹ ਮੁਕੱਦਸ ਥਾਂ ਮਨੁੱਖੀ ਇਤਿਹਾਸ ਦੀ ਉਸ ਉਚਤਮ ਪਰੰਪਰਾ ਦਾ, ਜਿਸ ਵਿਚ ਮਨੁੱਖ-ਮਨੁੱਖ ਵਿਚਕਾਰ ਭੇਦ ਕਰਨਾ ਪਾਪ ਮੰਨਿਆ ਜਾਂਦਾ ਹੈ | ਬਿਨਾਂ ਕਿਸੇ ਤਫ਼ਰਕੇ ਦੇ ਹਰੇਕ ਨੂੰ ਪੂਰੀ ਖੁੱਲ੍ਹ ਤੇ ਆਜ਼ਾਦੀ ਹੁੰਦੀ ਹੈ, ਆਪਣੀ ਇੱਛਾ ਮੁਤਾਬਕ ਧਾਰਮਿਕ ਆਚਰਣ ਕਰਨ ਦੀ |
ਸਾਰੇ ਸੰਦਰਭ ਵਿਚ ਇਕ ਹੋਰ ਨੁਕਤਾ ਸਾਂਝਾ ਕਰਨਾ ਚਾਹੁੰਦਾ ਹਾਂ | ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ -'ਸੀਸੁ ਦੀਆ ਪਰ ਸਿਰੁਰ ਨ ਦੀਆ |' ਗੁਰੂ ਜੀ ਨੇ ਸੀਸ ਦੇ ਦਿੱਤਾ, ਸਿਰਰੁ ਨਹੀਂ ਦਿੱਤਾ | ਪਰ ਸੁਆਲ ਹੈ ਕਿ ਇਹ ਸਿਰਰੁ ਹੈ ਕੀ ਸੀ? ਸਿਰਰੁ ਸੀ - ਧਰਮ ਦੀ ਆਜ਼ਾਦੀ ਦਾ, ਮਨੁੱਖੀ ਅਧਿਕਾਰਾਂ ਦੀ ਰਾਖੀ ਦਾ | ਹਰ ਮਨੁੱਖ ਦਾ ਬੁਨਿਆਦੀ ਅਧਿਕਾਰ ਹੈ ਕਿ ਉਹ ਬੇਖੌਫ਼ ਹੋ ਕੇ, ਆਪਣੀ ਮਰਜ਼ੀ ਦੇ ਵਿਸ਼ਵਾਸ ਤੇ ਅਕੀਦੇ ਮੁਤਾਬਕ ਆਚਰਣ ਕਰੇ | ਇਸੇ ਮਨੁੱਖੀ ਅਧਿਕਾਰ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸੀਸ ਦੀ ਕੁਰਬਾਨੀ ਦਿੱਤੀ ਸੀ ਅਤੇ ਇਹੋ 'ਸਿਰਰੁ' ਸੀ, ਗੁਰੂ ਜੀ ਦਾ | ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਕ ਹੋਰ ਬਚਨ ਕੀਤਾ ਸੀ 'ਤੇਗ ਬਹਾਦਰ ਸੀ ਕਿ੍ਆ ਕਰੀ ਨਾ ਕਿਨਹੂੰ ਆਨ |' ਉਹ ਕਿਹੜਾ ਕਾਰਨਾਮਾ ਸੀ ਜਿਹੜਾ ਕਿਸੇ ਹੋਰ ਨੇ ਨਹੀਂ ਕੀਤਾ | ਇਤਿਹਾਸ ਸਾਖ਼ੀ ਹੈ ਗੁਰੂ ਸਾਹਿਬਾਨ, ਤਿਲਕ ਤੇ ਜਨੇਊ ਦੇ ਧਾਰਨੀ ਨਹੀਂ ਸਨ | ਪਰ ਜਦੋਂ ਇਨ੍ਹਾਂ ਧਰਮ-ਚਿੰਨ੍ਹਾਂ ਨੂੰ ਤਲਵਾਰ ਦੀ ਨੋਕ ਨਾਲ ਉਤਾਰਨ ਦਾ ਯਤਨ ਕੀਤਾ ਗਿਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਸ਼ਰੇਆਮ ਸਰੀਰ ਦੀ ਅਹੂਤੀ ਦੇ ਕੇ, ਆਪਣੀ ਸ਼ਹਾਦਤ ਦੇ ਕੇ ਉਨ੍ਹਾਂ ਧਾਰਮਿਕ ਪਛਾਣ-ਚਿੰਨ੍ਹਾਂ ਨੂੰ ਬਚਾ ਲਿਆ |
ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਰਚਨਾ ਦੀਆਂ ਇਹ ਸਤਰਾਂ ਵੀ ਉਚੇਚੇ ਧਿਆਨ ਯੋਗ ਹਨ :
ਠੀਕਰਿ ਫੋਰਿ ਦਿਲੀਸ ਸਿਰ, ਪ੍ਰਭ ਪੁਰ ਕੀਯਾ ਪਯਾਨ |
ਤੇਗ ਬਹਾਦਰ ਸੀ ਕਿ੍ਆ, ਕਰੀ ਨ ਕਿਨਹੂੰ ਆਨ |
ਤੇਗ ਬਹਾਦਰ ਕੇ ਚਲਤ, ਭਯੋ ਜਗਤ ਕੋ ਸੋਕ |
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕ |

                                                                                                                                                            •••

ਅਸੀਂ ਜਾ ਕਿੱਧਰ ਰਹੇ ਹਾਂ?

ਸਾਨੂੰ ਇੰਜ ਲੱਗਦਾ ਰਿਹਾ ਕਿ ਸੰਸਾਰ ਸਾਜਿਆ ਹੀ ਸਾਡੇ ਰਹਿਣ ਲਈ ਸੀ, ਸਦਾ ਲਈ ਰਹਿਣ ਲਈ | ਇਸੇ ਵਿਸ਼ਵਾਸ ਦਾ, ਅੱਜ, ਬੇਸਿਰ-ਪੈਰ ਹੋਣਾ ਲੱਗ ਰਿਹਾ ਹੈ, ਇਸ ਲਈ ਕਿ ਅਸੀਂ ਆਪਣੀ ਹੋਂਦ ਦਾ ਆਧਾਰ ਬਣ ਰਹੀਆਂ ਹਾਲਤਾਂ ਵੱਲ ਧਿਆਨ ਨਹੀਂ ਦੇ ਰਹੇ | ਸਾਡੀ ਹੋਂਦ ਸਾਡੇ ਸੋਚ ਸਕਣ ਨਾਲੋਂ ਵੀ ਵੱਧ ਪੇਚੀਦਾ ਹਾਲਤ ਉੱਪਰ ਨਿਰਭਰ ਹੈ | ਇਹ ਕੁਦਰਤੀ ਸ੍ਰੋਤਾਂ ਉਪਰ ਅਤੇ ਹੋਰਨਾਂ ਜੀਵਾਂ ਉਪਰ ਤਾਂ ਨਿਰਭਰ ਹੈ ਹੀ, ਜਦ ਕਿ ਮੌਸਮਾਂ ਅਤੇ ਰੁੱਤਾਂ ਵਿਚਕਾਰ ਬਣੇ ਸੰਤੁਲਨ ਦੀ ਵੀ ਇਸ ਦੇ ਬਣੇ ਰਹਿਣ 'ਚ ਭੂਮਿਕਾ ਹੈ | ਸੰਸਾਰ ਵਿਚ ਅਸੀਂ ਕਿੰਨੀ ਗਿਣਤੀ 'ਚ ਹਾਂ, ਇਸ ਦਾ ਵੀ ਸਾਡੇ ਬਿਤਾਏ ਜਾ ਰਹੇ ਜੀਵਨ ਦੀ ਵੰਨਗੀ ਲਈ ਮਹੱਤਵ ਹੈ |
ਅਸੀਂ ਲਾਪ੍ਰਵਾਹ ਹੋਏ, ਕੁਦਰਤੀ ਸ੍ਰੋਤਾਂ ਦੀ ਇਸ ਤਰ੍ਹਾਂ ਵਰਤੋਂ ਕਰ ਰਹੇ ਹਾਂ, ਜਿਵੇਂ ਇਹ ਅਮੁੱਕ ਹੋਣ | ਇਕ ਬੰਨੇ, ਮਾਨਵੀ ਵਸੋਂ ਨਾਲ ਪਿ੍ਥਵੀ ਆਫਰ ਰਹੀ ਹੈ ਅਤੇ ਦੂਜੇ ਬੰਨੇ, ਅਸੀਂ ਕੁਦਰਤ ਨਾਲ ਉਸ ਅਹਿਮਕ ਵਾਂਗ ਵਰਤਾ ਕਰ ਰਹੇ ਹਾਂ, ਜਿਹੜਾ ਨਿੱਤ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਦਾ ਪੇਟ, ਸਾਰੇ ਆਂਡੇ ਇਕੋ ਵਾਰ ਹੀ ਹਥਿਆ ਲੈਣ ਦੀ ਨੀਯਤ ਨਾਲ ਚਾਕ ਕਰ ਬੈਠਾ ਸੀ | ਇਹੋ ਨਹੀਂ, ਅਸੀਂ ਹੋਰ ਵੀ ਬਹੁਤ ਕੁਝ ਕੁਦਰਤ ਦਾ ਅਪਮਾਨ ਕਰਨ ਯੋਗ ਕਰ ਰਹੇ ਹਾਂ : ਅਸੀਂ ਪਹਾੜ ਖੋਦ ਰਹੇ ਹਾਂ, ਵਾਦੀਆਂ 'ਚੋਂ ਹਰਿਆਵਲ ਚੂਸ ਰਹੇ ਹਾਂ, ਦਰਿਆਵਾਂ-ਨਦੀਆਂ 'ਚ ਵਗਦੇ ਪਾਣੀਆਂ ਨੂੰ ਰੋਕ ਰਹੇ ਹਾਂ, ਝੀਲਾਂ-ਟੋਭੇ ਪੂਰ ਰਹੇ ਹਾਂ, ਵਣ ਉਜਾੜ ਰਹੇ ਹਾਂ, ਭੂਮੀ ਉਪਰ ਕੀਟਨਾਸ਼ਕੀ ਵਿਹੁਲਾਪਣ ਖਿਲਾਰ ਰਹੇ ਹਾਂ, ਹਵਾ 'ਚ ਤੇਜ਼ਾਬ ਅਤੇ ਪਾਣੀਆਂ 'ਚ ਗੰਦ-ਮੰਦ ਘੋਲ ਰਹੇ ਹਾਂ ਅਤੇ ਅਜਿਹਾ ਕੂੜਾ ਉਪਜਾ ਰਹੇ ਹਾਂ, ਜਿਸ ਦਾ ਨਿਪਟਾਰਾ ਸੰਭਵ ਨਹੀਂ | ਅਸੀਂ ਸ਼ੈਦਾਈ ਬਣੇ ਅਜਿਹਾ ਸਭੋ ਕੁਝ ਪ੍ਰਗਤੀ ਦੇ ਸਿਰਲੇਖ ਅਧੀਨ ਕਰੀ ਜਾ ਰਹੇ ਹਾਂ ਅਤੇ ਨਾਲੋ-ਨਾਲ ਅਜਿਹੇ ਜੀਵਾਂ ਦੇ ਸਹਿਜਵਾਸ ਵੀ ਨਸ਼ਟ ਕਰੀ ਜਾ ਰਹੇ ਹਾਂ, ਜਿਹੜੇ ਸਾਡੀ ਹੋਂਦ ਲਈ ਲਾਭਦਾਇਕ ਹਨ | ਵਾਕਿਆਈ, ਕਿੰਨੇ ਸਿਆਣੇ ਹਾਂ ਅਸੀਂ? ਸਾਡਾ ਤਾਂ ਇਹ ਹਾਲ ਹੈ:
'ਆਏ ਕੁਛ ਅਬਰ, ਕੁਛ ਸ਼ਰਾਬ ਆਏ,
ਉਸ ਕੇ ਬਾਅਦ ਆਏ, ਜੋ ਅਜ਼ਾਬ ਆਏ |'

ਨਿਰਸੰਦੇਹ, ਸੂਝਵਾਨ ਦਿਮਾਗ਼ ਦੇ ਮਾਲਿਕ ਹੋਣ ਕਾਰਨ ਅਸੀਂ ਸੰਸਾਰ ਉਪਰ ਹਾਵੀ ਹਾਂ ਅਤੇ ਧਰਤੀ ਉਪਰਲਾ ਕੋਈ ਵੀ ਥਾਂ ਸਾਡੀ ਹੋਂਦ ਬਿਨਾਂ ਨਹੀਂ ਰਿਹਾ, ਐਨਟਾਰਕਟਿਕ ਦੀਪ ਵੀ ਨਹੀਂ, ਜਿਹੜਾ ਲਗਪਗ ਸਾਰੇ ਦਾ ਸਾਰਾ ਕਿਲੋਮੀਟਰਾਂ ਮੋਟੀ ਬਰਫ਼ ਦੀ ਤਹਿ ਹੇਠ ਦੱਬਿਆ ਹੋਇਆ ਹੈ | ਸਾਡੀ ਪ੍ਰਧਾਨਗੀ ਅਧੀਨ ਸੰਸਾਰ, ਪਲ ਪਲ ਛੋਟਾ ਹੋਈ ਜਾ ਰਿਹਾ ਹੈ | ਹਰ ਕੋਈ ਹਰ ਥਾਂ ਆ-ਜਾ ਰਿਹਾ ਹੈ ਅਤੇ ਹਰ ਕੋਈ ਹਰ ਕਿਸੇ ਨਾਲ ਗੱਲਬਾਤ ਕਰ ਰਿਹਾ ਹੈ | ਸ਼ਾਪਿੰਗ-ਮਾਲ ਉਸਾਰੇ ਜਾ ਰਹੇ ਹਨ ਅਤੇ ਅੱਠ-ਅੱਠ ਲਾਈਨਾਂ ਵਾਲੀਆਂ ਸੜਕਾਂ ਆਵਾਜਾਈ ਲਈ ਵਿਛਾਈਆਂ ਜਾ ਰਹੀਆਂ ਹਨ | ਚੰਦਰਮਾ ਅਤੇ ਮੰਗਲ ਗ੍ਰਹਿ ਉਪਰ ਰਹਿਣ ਦੇ ਸੁਪਨੇ ਵੀ ਲਏ ਜਾ ਰਹੇ ਹਨ | ਜਿਥੇ, ਇਕ ਬੰਨੇ, ਅਜਿਹਾ ਕੁਝ ਹੈ, ਉਥੇ, ਦੂਜੇ ਬੰਨੇ, ਠਾਠਾਂ ਮਾਰਦੀ ਸਾਡੀ ਵਸੋਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ | ਰੋਗ ਵਧ ਰਹੇ ਹਨ, ਵਣ ਸੁੰਗੜ ਰਹੇ ਹਨ, ਕਾਸ਼ਤ ਅਧੀਨ ਭੂਮੀ ਦੀ ਉਪਜ ਨਿਘਰਦੀ ਜਾ ਰਹੀ ਹੈ, ਆਲਾ-ਦੁਆਲਾ ਜ਼ਹਿਰ ਉਗਲ ਰਿਹਾ ਹੈ, ਜੀਵ ਤੇਜ਼ੀ ਨਾਲ ਲੁਪਤ ਹੋ ਰਹੇ ਹਨ ਅਤੇ ਪੰਛੀਆਂ ਦੀ ਚਹਿਚਹਾਟ ਫਿੱਕੀ ਪੈ ਰਹੀ ਹੈ | ਇਹੋ ਨਹੀਂ, ਇਹ ਪ੍ਰਸ਼ਨ ਵੀ ਕੁਝ ਗਿਆਨਵਾਨ ਮਨਾਂ ਅੰਦਰ ਘਰ ਕਰਦਾ ਜਾ ਰਿਹਾ ਹੈ ਕਿ ਅਜਿਹੇ ਹਾਲੀਂ ਅਸੀਂ ਕਦ ਤਕ ਸੰਸਾਰ ਦਾ ਸ਼ਿੰਗਾਰ ਬਣੇ ਰਹਾਂਗੇ ?
ਸਾਡੀ ਹੋਂਦ ਖ਼ਤਰੇ 'ਚ ਹੋਣ ਬਾਰੇ ਵਿਗਿਆਨ ਭਾਵੇਂ ਚੇਤਾਵਨੀ ਦੇ ਰਿਹਾ ਹੈ, ਪਰ ਉਸ ਦੀ ਸੁਣ ਕੋਈ ਨਹੀਂ ਰਿਹਾ : ਨਾ ਸਮਾਜ ਅਤੇ ਨਾ ਸਰਕਾਰਾਂ, ਜਿਨ੍ਹਾਂ ਲਈ ਵਾਤਾਵਰਨ ਦੇ ਕੁਦਰਤੀਪਣੇ ਨੂੰ ਬਣਾਈ ਰੱਖਣ ਦਾ ਕੋਈ ਮਹੱਤਵ ਨਹੀਂ ਅਤੇ ਜਿਨ੍ਹਾਂ ਨੂੰ ਆਰਥਿਕ ਸਮੱਸਿਆਵਾਂ ਸੁਲਝਾਉਣ ਤੋਂ ਬਿਨਾਂ ਹੋਰ ਕੁਝ ਸੁਝਦਾ ਵੀ ਨਹੀਂ | ਜਿਹੜੇ ਵਿਆਪਕ ਸਥਿਤੀ ਨੂੰ ਗੰਭੀਰਤਾ ਸਹਿਤ ਅਨੁਭਵ ਕਰ ਰਹੇ ਹਨ, ਉਹ ਵੀ ਸੋਚ ਰਹੇ ਹਨ ਕਿ ਜਿਸ ਨੇ ਸੰਸਾਰ ਸਾਜਿਆ ਹੈ, ਉਸ ਨੂੰ ਆਪਣੀ ਕਿ੍ਤ ਦਾ ਨਸ਼ਟ ਹੋ ਜਾਣਾ ਕਿਵੇਂ ਸਵੀਕਾਰ ਹੋ ਸਕਦਾ ਹੈ ਅਤੇ ਆਸ ਲਾਈ ਬੈਠੇ ਹਨ ਕਿ ਕੋਈ ਨਾ ਕੋਈ ਰਾਹ ਸਾਡੀ ਹੋਂਦ ਦੇ ਬਣੇ ਰਹਿਣ ਦਾ ਨਿਕਲ ਹੀ ਆਵੇਗਾ | ਪਰ ਅਸੀਂ ਕਿਉਂ ਭੁੱਲ ਜਾਂਦੇ ਹਾਂ ਕਿ ਸੰਸਾਰ ਦੇ ਇਤਿਹਾਸ 'ਚ ਕਰਤਾ ਦੀ ਕਿ੍ਤ, ਕਈ ਵਾਰ, ਵੱਡੇ ਪੈਮਾਨੇ ਤੇ ਉਦੋਂ-ਉਦੋਂ ਨਸ਼ਟ ਹੁੰਦੀ ਰਹੀ, ਜਦ ਜਦ ਵੀ ਹਾਲਾਤ ਜੀਵਨ ਅਨੁਕੂਲ ਨਹੀਂ ਸਨ ਰਹੇ | ਅੱਜ ਵੀ ਵਿਆਪਕ ਜੀਵਨ ਲਈ ਓਹੋ ਜਿਹੇ ਹਾਲਾਤ ਬਣਨੇ ਸ਼ੁਰੂ ਹੋ ਗਏ ਹਨ |
ਅੱਜ ਧਰਤੀ ਉਪਰ ਹਾਲਾਤ ਕੁਦਰਤੀ ਨਹੀਂ, ਸਾਡੇ ਆਪਣੇ ਪੈਰੋਂ ਵਿਗੜ ਰਹੇ ਹਨ | ਸਾਡੇ ਅਪਣਾਏ ਜੀਵਨ-ਢੰਗ ਕਾਰਨ ਕੁਦਰਤ ਬੇਜਾਰ ਹੈ ਅਤੇ ਆਲਾ-ਦੁਆਲਾ ਪਲੀਤ ਹੋਇਆ, ਸਾਡੇ ਲਈ ਰੋਗਾਂ ਦਾ ਕਾਰਨ ਬਣ ਰਿਹਾ ਹੈ | ਨਾ ਹਵਾ ਸਾਹ ਲੈਣ ਯੋਗ ਰਹੀ ਅਤੇ ਨਾ ਪਾਣੀ ਪੀਣ ਯੋਗ ਰਿਹਾ | ਨਦੀਆਂ-ਦਰਿਆਵਾਂ 'ਚ ਵੀ ਪਾਣੀ ਹਟਕੋਰੇ ਲੈ-ਲੈ ਵਗ ਰਿਹਾ ਹੈ, ਇਸ ਲਈ ਕਿ ਇਨ੍ਹਾਂ ਦੇ ਸ੍ਰੋਤ, ਪਹਾੜੀ ਗਲੇਸ਼ੀਅਰ, ਸੁੰਗੜਦੇ ਜਾ ਰਹੇ ਹਨ | ਵਗ ਰਹੇ ਪਾਣੀਆਂ 'ਚ ਵੀ ਹਰ ਤਰ੍ਹਾਂ ਦਾ ਘਰੋਗੀ, ਉਦਯੋਗੀ, ਕਾਸ਼ਤੀ ਨਿਕਾਸ ਘੁਲ-ਘੁਲ, ਇਨ੍ਹਾਂ ਨੂੰ ਤੇਜ਼ਾਬੀ ਕਾੜ੍ਹੇ 'ਚ ਬਦਲ ਰਿਹਾ ਹੈ | ਇਸ ਤਰ੍ਹਾਂ ਵਗਦੇ ਪਾਣੀ ਨਾ ਸਾਡੇ ਲਈ ਵਰਤੋਂ ਯੋਗ ਰਹੇ ਅਤੇ ਨਾ ਜਲ-ਜੀਵਾਂ ਦੇ ਰਹਿਣ ਯੋਗ | ਸਾਗਰ 'ਚ ਸਮਾ ਕੇ ਵੀ ਵਗਦੇ ਪਾਣੀ, ਉਥੋਂ ਦੇ ਜਲ ਅੰਦਰਲੇ ਜੀਵਨ ਲਈ ਘਾਤਕ ਸਿੱਧ ਹੋ ਰਹੇ ਹਨ | ਉਧਰ, ਸਾਗਰ ਆਪ ਵੀ ਡੂੰਘੇ ਹੁੰਦੇ ਹੋਏ ਵੀ ਫੈਲਦੇ ਜਾ ਰਹੇ ਹਨ ਅਤੇ ਟਾਪੂ ਅਤੇ ਤਟਾਂ ਲਾਗਲੇ ਉਪਜਾਊ ਖੇਤਰ, ਇਕ-ਇਕ ਕਰਕੇ, ਇਨ੍ਹਾਂ ਅੰਦਰ ਸਮਾਉਂਦੇ ਜਾ ਰਹੇ ਹਨ | ਸਾਗਰ-ਪੱਧਰ ਇਸ ਲਈ ਉੱਚੇ ਹੋ ਰਹੇ ਹਨ, ਕਿਉਂਕਿ ਧਰਤੀ ਦੇ ਧੁਰਿਆਂ ਉਪਰ ਅਤੇ ਇਨ੍ਹਾਂ ਦੁਆਲੇ ਇਕੱਤਰ ਹੋਈ ਬਰਫ਼ ਪੰਘਰਨ ਲੱਗ ਪਈ ਹੈ | ਧਰਤੀ ਦੇ ਦੱਖਣੀ ਧੁਰੇ ਦੁਆਲੇ ਦੇ ਐਨਟਾਰਕਟਿਕ ਦੀਪ ਉਪਰ ਇੰਨੀ ਬਰਫ਼ ਇਕੱਤਰ ਹੈ ਕਿ ਜੇਕਰ ਇਹ ਸਾਰੀ ਪੰਘਰ ਗਈ, ਤਾਂ ਸੰਸਾਰ ਭਰ ਦੇ ਸਾਗਰ 200 ਫੁੱਟ ਹੋਰ ਡੂੰਘੇ ਹੋ ਜਾਣਗੇ ਅਤੇ ਦੁਆਲੇ ਫੈਲ ਕੇ ਖੁਸ਼ਕੀ ਦੇ ਵੱਡੇ ਭਾਗ ਨੂੰ ਆਪਣੀ ਕੁੱਖ ਅੰਦਰ ਸਮੇਟ ਲੈਣਗੇ | ਫਿਰ, ਮੌਸਮ ਵੀ ਬਦਲ ਰਹੇ ਹਨ | ਵਰਖਾ ਆਪਣੇ ਟੀਚੇ ਬਦਲ ਰਹੀ ਹੈ, ਪਹਿਲਾਂ ਜਿਥੇ ਇਹ ਹੁੰਦੀ ਸੀ, ਉਥੇ ਹੋਣੋਂ ਘਟਦੀ ਜਾ ਰਹੀ ਹੈ ਅਤੇ ਜਿਥੇ ਪਹਿਲਾਂ ਨਹੀਂ ਸੀ ਹੁੰਦੀ, ਉਥੇ ਹੋਣ ਲੱਗ ਪਈ ਹੈ | ਵਰਖਾ ਦਾ ਸੰਜਮੀ ਸਰੂਪ ਵੀ ਨਹੀਂ ਰਿਹਾ, ਜਿਹੜੀ ਆਕਾਸ਼ੋਂ ਡਿਗਦਾ ਪਾਣੀ ਬਣਦੀ ਜਾ ਰਹੀ ਹੈ, ਜਦ ਕਿ ਝੱਖੜ ਅਤੇ ਤੂਫਾਨ ਤਾਂ ਕਹਿਰ ਦਾ ਰੂਪ ਧਾਰਨ ਕਰ ਹੀ ਰਹੇ ਹਨ |
ਅਜਿਹਾ ਸਭ ਕੁਝ ਭੂਗੋਲਿਕ ਤਾਪਮਾਨ ਦੇ ਲਗਾਤਾਰ ਵਧਦੇ ਰਹਿਣ ਕਰਕੇ ਹੋ ਰਿਹਾ ਹੈ ਅਤੇ ਭੂਗੋਲਿਕ ਤਾਪਮਾਨ 'ਚ ਵਾਧਾ ਸਾਡੇ ਅਪਣਾਏ ਜੀਵਨ-ਢੰਗ ਦਾ ਸਿੱਟਾ ਹੈ | ਸਾਡਾ ਜੀਵਨ ਕੁਦਰਤ ਦੀ ਬਜਾਏ ਵਿਗਿਆਨ ਦੀ ਕੁੱਖੋਂ ਜਨਮੀ ਤਕਨਾਲੋਜੀ ਆਸਰੇ ਵੱਧ ਬੀਤ ਰਿਹਾ ਹੈ | ਹਾਲਾਤ ਇਸ ਹੱਦ ਤਕ ਨਹੀਂ ਸਨ ਵਿਗੜਣੇ, ਜੇਕਰ ਤਕਨਾਲੋਜੀ ਵਪਾਰੀਆਂ ਦੇ ਪੱਲੇ ਨਾ ਬੱਝਦੀ | ਵਪਾਰੀਆਂ ਨੂੰ ਨਾ ਕੁਦਰਤ 'ਚ ਦਿਲਚਸਪੀ ਹੈ ਅਤੇ ਨਾ ਅਰੋਗ ਜੀਵਨ ਦੀ ਸਮਝ, ਉਨ੍ਹਾਂ ਨੂੰ ਸਮਝ ਹੈ ਤਾਂ ਕੇਵਲ ਸੋਨੇ-ਚਾਂਦੀ ਦੀ | ਸੋਨੇ-ਚਾਂਦੀ ਦੀ ਚਮਕ-ਦਮਕ ਦੇ ਭਰਮਾਏ, ਇਹ ਹੋਰਨਾਂ ਨੂੰ ਤਾਂ ਕੀ, ਆਪਣੇ-ਆਪ ਨੂੰ ਵੀ ਦਾਅ 'ਤੇ ਲਾਉਣੋਂ ਨਹੀਂ ਝਿਜਕਦੇ | ਵਪਾਰੀ ਤਾਂ ਵਪਾਰੀ, ਸਾਧਾਰਨ ਵਿਅਕਤੀ ਵੀ ਭਵਿੱਖ ਵਲੋਂ ਲਾਪ੍ਰਵਾਹ ਹੈ ਅਤੇ ਸੰਤਾਨ ਉਪਜਾਉਣ 'ਚ ਰੱੁਝਾ ਹੋਇਆ ਹੈ | ਅਜਿਹੇ ਮਾਨਵੀ ਸੁਭਾਅ ਦੇ ਸਿੱਟੇ ਵਜੋਂ ਅੱਜ ਸਾਡੀ ਵਸੋਂ ਧਰਤੀ ਦੀ ਸਹਿਣ ਸ਼ਕਤੀ ਤੋਂ ਉਪਰ ਦੀ ਹੋਈ, ਥੁੜ੍ਹਦੇ ਜਾ ਰਹੇ ਕੁਦਰਤੀ ਸ੍ਰੋਤਾਂ ਨਾਲ ਜੂਝ ਰਹੀ ਹੈ |
ਅਜਿਹਾ ਪਹਿਲਾਂ ਕਦੀ ਵੀ ਨਹੀਂ ਸੀ ਹੋਇਆ | 10 ਹਜ਼ਾਰ ਵਰ੍ਹੇ ਪਹਿਲਾਂ, ਜਦ ਤੋਂ ਕਾਸ਼ਤ ਦਾ ਕਿੱਤਾ ਅਪਣਾ ਲੈਣ ਉਪਰੰਤ, ਅਸੀਂ ਇਕ ਥਾਂ ਟਿੱਕ ਕੇ ਜੀਵਨ ਬਤੀਤ ਕਰਨਾ ਆਰੰਭਿਆ, ਤਦ ਤੋਂ ਧਰਤੀ ਉਪਰਲਾ ਬਣਿਆ ਕੁਦਰਤੀ ਸੰਤੁਲਨ ਇਕ ਵਾਰ ਵੀ ਨਹੀਂ ਸੀ ਡੋਲਿਆ | 1900 ਤਕ ਇਹੋ ਸਥਿਤੀ ਬਣੀ ਰਹੀ | ਫਿਰ, ਦੋ ਗੱਲਾਂ ਨਾਲ-ਨਾਲ ਵਾਪਰੀਆਂ : ਸਾਡੀ ਵਸੋਂ 1 ਅਰਬ ਤੋਂ ਲਗਪਗ 7 ਅਰਬ ਹੋ ਗਈ ਅਤੇ ਦੌਲਤ ਇਕੱਤਰ ਕਰਨ ਦੀ ਭੁੱਖ ਨੂੰ ਤਿ੍ਪਤ ਕਰਨ ਦੇ ਅਤੇ ਸਹੂਲਤਾਂ ਮਾਨਣ ਦੇ ਮੰਤਵ ਨਾਲ ਸਾਡਾ ਜੀਵਨ, ਮੁੱਖ ਰੂਪ 'ਚ ਤਕਨੀਕ ਆਸਰੇ ਬੀਤਣ ਲੱਗਾ | ਤਦ ਤੋਂ ਰਸੋਈ-ਘਰ, ਕਾਰਖ਼ਾਨੇ-ਫੈਕਟਰੀਆਂ, ਪਾਵਰ-ਪਲਾਂਟ, ਕਾਸ਼ਤ ਅਧੀਨ ਭੂਮੀ, ਆਵਾਜਾਈ ਦੇ ਸਾਧਨ ਸਭ ਰਲ-ਮਿਲ ਕੇ, ਆਏ ਵਰ੍ਹੇ, ਅਰਬਾਂ ਟਨ ਕਾਰਬਨ ਉਪਜਾਉਣ ਲੱਗ ਪਏ | ਇੰਨੀ ਮਾਤਰਾ 'ਚ ਉਪਜਾਈ ਜਾ ਰਹੀ ਸਾਰੀ ਕਾਰਬਨ ਨੂੰ ਨਾ ਵਣ ਸਮੇਟ ਸਕਣ ਯੋਗ ਹਨ ਅਤੇ ਨਾ ਇਹ ਸਾਗਰਾਂ 'ਚ ਸਮਾ ਸਕਣਯੋਗ ਹੈ | ਵਾਧੂ ਕਾਰਬਨ, ਜਿਸ ਨੂੰ ਨਾ ਵਣ ਚੂਸ ਸਕੇ ਅਤੇ ਜਿਹੜੀ ਨਾ ਸਾਗਰ 'ਚ ਸਮਾ ਸਕੀ, ਵਾਯੂ ਮੰਡਲ ਦਾ ਭਾਗ ਬਣ ਕੇ, ਦਿਨ ਸਮੇਂ ਧਰਤੀ ਨੂੰ ਗਰਮਾ ਰਹੀ ਸੂਰਜ ਦੀ ਤਪਸ਼ ਨੂੰ ਰਾਤੀਂ ਪੁਲਾੜ ਵਿਖੇ ਖ਼ਾਰਜ ਨਹੀਂ ਹੋਣ ਦੇ ਰਹੀ | ਅਜਿਹਾ ਹੁੰਦੇ ਰਹਿਣ ਕਾਰਨ ਭੂਗੋਲਿਕ ਤਾਪਮਾਨ ਥੋੜ੍ਹਾ-ਥੋੜ੍ਹਾ ਲਗਾਤਾਰ ਵਧਦਾ ਰਿਹਾ ਅਤੇ ਕੁਦਰਤ ਦਾ ਬਣਿਆ ਸੰਤੁਲਨ ਭੰਗ ਹੁੰਦਾ ਰਿਹਾ |
ਕੁਦਰਤ 'ਚ ਆਏ ਉਲਾਰ ਕਾਰਨ ਜੀਵ-ਵੰਨਗੀ ਸੁੰਗੜਦੀ ਜਾ ਰਹੀ ਹੈ, ਨਿੱਘਰਦੇ ਜਾ ਰਹੇ ਭੂਮੀ ਹੇਠਲੇ ਪਾਣੀ ਦੀ ਮੁੜ ਭਰਪਾਈ ਨਹੀਂ ਹੋ ਰਹੀ ਅਤੇ ਅਸੀਂ ਅਣਪਛਾਤੇ ਰੋਗਾਂ 'ਚ ਘਿਰਦੇ ਜਾ ਰਹੇ ਹਾਂ | ਇਹ ਸਥਿਤੀ ਵਧਦੇ ਜਾ ਰਹੇ ਭੂਗੋਲਿਕ ਤਾਪਮਾਨ ਕਾਰਨ ਦਿਨ-ਪਰ-ਦਿਨ ਵਿਗੜਦੀ ਜਾ ਰਹੀ ਹੈ | ਜਿਵੇਂ-ਜਿਵੇਂ ਕੋਇਲਾ, ਡੀਜ਼ਲ, ਪੈਟਰੋਲ, ਗੈਸ ਖ਼ਰਚ ਹੁੰਦੇ ਰਹਿਣਗੇ, ਕਾਰਬਨ ਦੀ ਵਾਯੂ ਮੰਡਲ 'ਚ ਮਾਤਰਾ ਵਧਦੀ ਰਹੇਗੀ | ਨਾਲੋ-ਨਾਲ ਭੂਗੋਲਿਕ ਤਾਪਮਾਨ 'ਚ ਵਾਧਾ ਹੁੰਦਾ ਰਹੇਗਾ ਅਤੇ ਮੌਸਮ ਵੀ ਹੋਰ ਤੁੰਦ ਮਿਜ਼ਾਜ ਧਾਰਨ ਕਰਦੇ ਰਹਿਣਗੇ | ਜੇਕਰ ਹਾਲ ਇਹੋ ਰਿਹਾ, ਤਾਂ ਇੱਕੀਵੀਂ ਸਦੀ ਦਾ ਅੰਤ ਹੋਣ ਤੋਂ ਵੀ ਪਹਿਲਾਂ, ਭੂਗੋਲਿਕ ਤਾਪਮਾਨ 'ਚ 4 ਡਿਗਰੀ ਸੈਲਸੀਅਸ ਦਾ ਵਾਧਾ ਹੋ ਗਿਆ ਹੋਵੇਗਾ ਅਤੇ ਸਾਡੀ ਵਸੋਂ 14 ਅਰਬ ਦਾ ਅੰਕੜਾ ਪਾਰ ਕਰ ਚੁੱਕੀ ਹੋਵੇਗੀ | ਤਦ ਮੌਸਮੀ ਕਹਿਰ ਹੋਰ ਵੀ ਗੰਭੀਰ ਰੂਪ ਧਾਰਨ ਕਰੀ, ਕਾਸ਼ਤੀ ਉਪਜ ਦੀ ਸੰਘੀ ਨੱਪ ਰਹੇ ਹੋਣਗੇ | ਰੋਗ ਉਪਜਾਊ ਰੋਗਾਣੂ ਵੀ ਤਦ, ਉਚੇ ਤਾਪਮਾਨ ਵਾਲੇ ਨਮੀਦਾਰ ਮਾਹੌਲ 'ਚ, ਭਲੀ ਪ੍ਰਕਾਰ ਪਨਪਣਗੇ | ਵੱਡੇ ਤਾਂ ਦੁਖੀ ਹੋਣਗੇ ਹੀ, ਤਦ ਬੱਚਿਆਂ ਲਈ ਵੀ ਅਰੋਗ ਜੀਵਨ ਭੋਗਣਾ ਸੰਭਵ ਨਹੀਂ ਰਹੇਗਾ | ਅਨਾਜ ਅਤੇ ਹੋਰ ਖਾਣ ਪਦਾਰਥਾਂ ਲਈ ਵੀ, ਤਦ, ਲੱਖਾਂ ਨਹੀਂ, ਕਰੋੜਾਂ ਲੋਕ ਤਰਸਣਗੇ, ਜਿਨ੍ਹਾਂ ਨੂੰ ਪਾਣੀ ਦੀ ਥੁੜ੍ਹ ਵੀ ਵੱਖਰੀ ਝਾਘਣੀ ਪਵੇਗੀ |
ਕੀ ਸਾਹਮਣੇ ਨਜ਼ਰ ਆ ਰਹੀ ਇਸ ਸਥਿਤੀ ਤੋਂ ਬਚਿਆ ਜਾ ਸਕਦਾ ਹੈ ? ਅਜਿਹਾ ਤਦ ਹੀ ਸੰਭਵ ਹੈ ਜੇਕਰ ਸਾਡੀ ਵਸੋਂ ਘਟੇ, ਹਰ ਤਰ੍ਹਾਂ ਦਾ ਨਿਕਾਸ ਵਿਸ਼ੈਲੇ-ਅੰਸ਼ਾਂ ਤੋਂ ਬਿਨਾਂ ਰਹੇ ਅਤੇ ਇੰਨੀ ਕਾਰਬਨ ਉਪਜੇ, ਜਿਸ ਨੂੰ ਸਾਰੀ ਦੀ ਸਾਰੀ ਨੂੰ ਵਣ ਅਤੇ ਸਾਗਰ ਆਪਣੇ ਅੰਦਰ ਸਮੇਟ ਸਕਣ | ਅਜਿਹਾ, ਸੋਚ ਅਤੇ ਆਦਤਾਂ ਬਦਲਿਆਂ ਬਿਨਾਂ ਅਤੇ ਲੋੜਾਂ ਨੂੰ ਘੱਟ ਕੀਤਿਆਂ ਬਿਨਾਂ ਸੰਭਵ ਨਹੀਂ | ਜੇਕਰ ਅਸੀਂ ਆਪਣੀ ਨਸਲ ਨੂੰ ਚਲਦਿਆਂ ਰੱਖਣ ਦੇ ਚਾਹਵਾਨ ਹਾਂ, ਤਾਂ ਸਾਨੂੰ ਅਗਾਂਹ ਵਧਣ ਲਈ ਵੱਖਰੀ ਦਿਸ਼ਾ ਅਪਣਾਉਣੀ ਹੀ ਪਵੇਗੀ | ਸਾਡਾ ਜੀਵਨ, ਅੱਜ, ਮੁੱਖ ਰੂਪ 'ਚ, ਬਿਜਲੀ ਉਪਰ ਨਿਰਭਰ ਬੀਤ ਰਿਹਾ ਹੈ, ਜਿਸ ਦੀ ਉਪਜ ਲਈ ਅੱਜ ਵਰਤੋਂ ਅਧੀਨ ਸਾਧਨ ਵੀ ਕਾਰਬਨ ਦਾ ਉਦਾਰ ਸੋਮਾ ਸਿੱਧ ਹੋ ਰਹੇ ਹਨ | ਵਗਦੇ ਪਾਣੀਆਂ ਤੋਂ, ਤੇਜ਼ ਵਗਦੀ ਹਵਾ ਤੋਂ, ਸੂਰਜ ਦੇ ਪ੍ਰਕਾਸ਼ ਤੋਂ, ਸਾਗਰਾਂ ਵਿਚੋਂ ਉੱਠ ਰਹੇ ਜਵਾਰ ਤੋਂ ਵੀ ਬਿਜਲੀ ਉਪਜਾਈ ਜਾ ਸਕਦੀ ਹੈ, ਭਾਵੇਂ ਘੱਟ ਮਾਤਰਾ 'ਚ ਹੀ ਸਹੀ | ਇਨ੍ਹਾਂ ਦੇ ਉਪਯੋਗ ਨੂੰ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ |
ਸਮਾਂ ਬੀਤਦਾ ਜਾ ਰਿਹਾ ਹੈ ਅਤੇ ਕੁਝ ਨਾ ਕੁਝ ਨਵਾਂ ਕਰਨ ਦੀ ਲੋੜ ਹੈ | ਵਿਗੜਦੀ ਜਾ ਰਹੀ ਸਥਿਤੀ ਦੀ ਉਨ੍ਹਾਂ ਨੂੰ ਸਮਝ ਜ਼ਰੂਰ ਆ ਜਾਣੀ ਚਾਹਦੀ ਹੈ, ਜਿਨ੍ਹਾਂ 'ਚ ਵਿਸ਼ਵਾਸ ਰੱਖ ਕੇ ਅਸੀਂ ਉਨ੍ਹਾਂ ਨੂੰ ਮਾਨਵੀ ਹਿੱਤਾਂ ਦੀ ਰਖਵਾਲੀ ਕਰਨ ਲਈ ਚੁਣਿਆ ਹੈ, ਤਾਂ ਜੋ ਅਜਿਹਾ ਸਮਾਂ ਨਾ ਆਏ ਕਿ :
'ਸਕੂਨ ਕੀ ਨੀਂਦ ਹਰਾਮ ਹੋ ਜਾਏ,
ਔਰ ਹਯਾਤ ਤਲਖ਼ ਜਾਮ ਹੋ ਜਾਏ |'

-ਫੋਨ : 98775-47971

ਪਹਾੜੀ 'ਤੇ ਸੁੰਦਰ ਭਵਨ : ਹਿੰਟਨ ਐਪਨਰ ਹਾਊਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕਲਾਕ੍ਰਿਤਾਂ ਨਾਲ ਸਜਿਆ ਡ੍ਰਾਇੰਗ ਰੂਮ : ਇਸ ਤੋਂ ਬਾਅਦ ਅਸੀਂ ਸ਼ਾਨਦਾਰ ਡ੍ਰਾਇੰਗ ਰੂਮ ਵਿਚ ਗਏ ਜੋ ਹਿੰਟਨ ਐਾਪਨਰ ਦਾ ਮੁੱਖ ਆਕ੍ਰਸ਼ਣ ਕੇਂਦਰ ਸੀ | ਕਮਰਾ ਕ੍ਰੀਮ, ਪੀਲੇ ਅਤੇ ਸੁਨਹਿਰੇ ਰੰਗਾਂ ਦੇ ਮਿਸ਼ਰਣ ਨਾਲ ਸ਼ਾਂਤ ਦਿੱਖ ਪ੍ਰਦਾਨ ਕਰ ਰਿਹਾ ਸੀ | ਰਾਜਸੀ ਵਾਲ ਪੇਪਰ, ਫਰਾਂਸ ਦੇਸ਼ ਦਾ ਬਹੁਕੀਮਤੀ ਸਵੋਨੇਰੀ ਕਾਲੀਨ, ਰਾਜਾ ਜਾਰਜ ਯੁੱਗ ਦੀਆਂ ਸੁਨਹਿਰੀ ਕਲਾਕ੍ਰਿਤਾਂ, 18ਵੀਂ ਸਦੀ ਦੀਆਂ ਅਲਮਾਰੀਆਂ, ਸੰਗਮਰਮਰ ਦੇ ਸੁੰਦਰ ਪੀਸੀਜ਼... ਸਭ ਕੁਝ ਆਕਰਸ਼ਕ ਤਰਤੀਬ ਨਾਲ ਸਜਿਆ ਹੋਇਆ ਸੀ |
ਵਾਲੰਟੀਅਰ ਨੇ ਸਾਨੂੰ ਹਰੇ ਗ੍ਰੇਨਾਈਟ ਪੱਥਰ ਦਾ ਗੋਲ ਮੇਜ਼ ਦਿਖਾਇਆ ਜੋ ਕਮਰੇ ਦੇ ਕੇਂਦਰ ਵਿਚ ਰੱਖਿਆ ਹੋਇਆ ਸੀ ਅਤੇ ਉਸ 'ਤੇ ਤਿੰਨ ਸੁਨਹਿਰੀ ਗ੍ਰੀਫਿਨ ਕਲਾਕ੍ਰਿਤੀਆਂ ਬਣਾ ਕੇ ਪਰਫਿਊਮ ਬਰਨਰ ਨਾਲ ਬਣਾਇਆ ਗਿਆ ਸੀ | ਇਸ ਵਿਚ ਸੁਗੰਧੀ ਵਾਲਾ ਤਰਲ ਪਦਾਰਥ ਭਰ ਦਿੱਤਾ ਜਾਂਦਾ ਸੀ ਅਤੇ ਹੇਠਾਂ ਥੋੜ੍ਹੀ ਅੱਗ ਬਾਲ ਕੇ ਉਸ ਦੀ ਸੁਗੰਧਤ ਭਾਫ਼ ਕਮਰਿਆਂ 'ਚ ਭਰ ਜਾਂਦੀ ਸੀ ਤਾਂ ਕਿ ਭੋਜਨ ਅਤੇ ਹੋਰ ਪਦਾਰਥਾਂ ਦੀ ਗੰਧ ਦੂਰ ਹੋ ਸਕੇ | ਸੁੰਦਰ ਥਮਲਿਆਂ ਦੇ ਅੱਗੇ ਦੱਖਣੀ ਡ੍ਰਾਇੰਗ ਰੂਮ ਸੀ ਜਿਸ ਦਾ 5.6 ਫੁੱਟ ਉੱਚਾ ਸੁੰਦਰ ਝੂਮਰ ਅਤਿ ਆਕਰਸ਼ਕ ਹੈ | ਚਮਚਮਾਉਂਦੇ ਝੂਮਰ ਨੂੰ ਦੇਖ ਕੇ ਮੈਂ ਸੋਚਣ ਲੱਗੀ ਕਿ 'ਉਦੋਂ ਅਤੇ ਹੁਣ' ਇਸ ਝੂਮਰ ਨੂੰ ਕਿਵੇਂ ਏਨਾ ਸਾਫ਼ ਅਤੇ ਚਮਕੀਲਾ ਰੱਖਿਆ ਜਾਂਦਾ ਹੋਵੇਗਾ?
ਲਾਇਬ੍ਰੇਰੀ ਵਿਚ ਦੁਬਾਰਾ ਅਗਨੀ ਕਾਂਡ : ਇਸ ਤੋਂ ਬਾਅਦ ਅਸੀਂ ਹਿੰਟਨ ਐਾਪਨਰ ਹਾਊਸ ਦੀ ਲਾਇਬ੍ਰੇਰੀ ਵਿਚ ਦਾਖਲ ਹੋਏ ਜਿਥੇ ਦੂਜੀ ਵਾਰ ਅਗਨੀ ਕਾਂਡ ਹੋਇਆ ਸੀ | ਟਾਈਮ ਮਸ਼ੀਨ ਵਿਚ ਮੈਂ ਆਪਣੇ-ਆਪ ਨੂੰ ਸਾਲ 1960 ਵਿਚ ਪਾਇਆ ਜਦੋਂ ਫਾਇਰ ਪਲੇਸ ਤੋਂ ਨਿਕਲੀ ਚੰਗਿਆੜੀ ਨਾਲ ਨੇੜੇ ਪਏ ਸੋਫੇ ਨੂੰ ਅੱਗ ਲੱਗ ਗਈ ਸੀ ਜੋ ਛੇਤੀ ਨਾਲ ਫੈਲਣ ਲੱਗੀ | ਲਾਰਡ ਸ਼ਰਬਨ ਰੈਫ ਡਿਊਟਨ ਜਦੋਂ ਸੈਰ ਕਰਕੇ ਵਾਪਸ ਆਏ ਤਾਂ ਸੰਪੂਰਨ ਪੁਸਤਕ ਸੰਗ੍ਰਹਿਲਿਆ ਸੜ ਚੁੱਕਾ ਸੀ | ਵਾਲੰਟੀਅਰ ਨੇ ਸਾਨੂੰ ਦੱਸਿਆ ਕਿ ਕੁਝ ਬਹੁਕੀਮਤੀ ਸਾਮਾਨ ਅਤੇ ਪੇਂਟਿੰਗਜ਼ ਖਿੜਕੀਆਂ ਤੋਂ ਬਾਹਰ ਸੁੱਟ ਕੇ ਬਚਾਈਆਂ ਗਈਆਂ | ਭਿਆਨਕ ਅਗਨੀ ਕਾਂਡ ਤੋਂ ਬਾਅਦ ਸੁੰਦਰ ਭਵਨ ਨੂੰ ਦੁਬਾਰਾ ਬਣਾਇਆ ਗਿਆ ਅਤੇ ਵਿਸ਼ਾਲ ਪੁਸਤਕ ਸੰਗ੍ਰਹਿ ਦੁਬਾਰਾ ਖਰੀਦਿਆ ਗਿਆ ਪਰ ਉਸ ਵਿਚ ਜ਼ਿਆਦਾਤਰ ਅੰਗਰੇਜ਼ੀ ਲੇਖਕ, ਕਵੀ ਅਤੇ ਯਾਤਰਾ ਲੇਖਕ ਸ਼ਾਮਿਲ ਸਨ | ਰੈਫ ਖ਼ੁਦ ਵੀ ਲੇਖਕ ਸੀ ਅਤੇ ਹਿੰਟਨ ਐਾਪਨਰ ਲਾਇਬ੍ਰੇਰੀ ਦੀ ਪੜ੍ਹਨ, ਲਿਖਣ ਅਤੇ ਸੰਦਰਭ ਕਥਨ ਲਈ ਜ਼ਿਆਦਾਤਰ ਵਰਤੋਂ ਕਰਦੇ ਸਨ | ਉਨ੍ਹਾਂ ਨੇ 1935 ਤੋਂ 1948 ਦਰਮਿਆਨ ਤਿੰਨ ਹਰਮਨਪਿਆਰੀਆਂ ਪੁਸਤਕਾਂ ਲਿਖੀਆਂ ਜੋ 'ਅੰਗਰੇਜ਼ੀ ਕੰਟਰੀ ਹੋਮਸ', ਉਨ੍ਹਾਂ ਦੇ ਬਾਗ਼-ਬਗ਼ੀਚਿਆਂ ਅਤੇ ਅੰਦਰੂਨੀ ਇੰਟੀਨੀਅਰਜ਼ 'ਤੇ ਆਧਾਰਿਤ ਸੀ | ਉਦੋਂ ਮੈਨੂੰ ਪਹਿਲਾਂ ਪੜਿ੍ਹਆ ਹੋਇਆ ਚੇਤੇ ਆਇਆ ਕਿ ਰੈਫ ਡਿਊਟਨ ਨੇ ਆਪਣੀ ਇਕ ਪੁਸਤਕ ਦੀ ਵਿੱਕਰੀ ਤੋਂ ਇਕੱਠੀ ਹੋਈ ਰਾਸ਼ੀ ਨਾਲ ਆਪਣੇ ਘਰ ਦੇ ਡ੍ਰਾਇੰਗ ਰੂਮ ਲਈ 100 ਪਾਊਾਡ ਦਾ ਸੁਨਹਿਰੀ ਗਿਲਟ ਮੇਜ਼ ਵੀ ਖਰੀਦਿਆ ਜੋ ਉਸ ਸਮੇਂ ਮੁੱਲਵਾਨ ਸੀ | ਸੰਗਮਰਮਰ ਦੀ ਫਾਇਰ ਪਲੇਸ ਦੇ ਪੈਬਲਸ ਫਰਾਂਸ ਦੇਸ਼ ਦੀ ਪ੍ਰਸਿੱਧ ਮਹਾਰਾਣੀ ਮੇਰੀ ਐਾਟੋਨੀਅਰ ਦੇ ਮਹੱਲ ਤੋਂ ਖਰੀਦੇ ਗਏ ਸਨ | ਸਾਡੇ ਆਲੇ-ਦੁਆਲੇ ਭਾਰਤ ਦੇ ਕੋਰੋਮੋਨਡਲ ਤਟੀ ਖੇਤਰ ਅਤੇ ਸ੍ਰੀਲੰਕਾ ਤੋਂ ਮੰਗਵਾਈ ਲੱਕੜੀ ਦਾ ਫਰਨੀਚਰ ਸਜਿਆ ਹੋਇਆ ਸੀ |
ਲਾਇਬ੍ਰੇਰੀ ਦਾ ਹੋਰ ਮੁੱਖ ਆਕਰਸ਼ਨ 'ਪਰਫਰੀ' (ਜਾਮਣੀ ਰੰਗ ਦਾ, ਚਮਕਦੇ ਕ੍ਰਿਸਟਲਸ ਵਾਲਾ ਪੱਥਰ) | ਪੱਥਰ ਦਾ ਸਜਾਵਟੀ ਸਾਮਾਨ ਸੀ ਜਿਵੇਂ ਫੁੱਲਦਾਨ ਅਤੇ ਗਮਲੇ ਆਦਿ | ਕਰਮਚਾਰੀ ਨੇ ਸਾਨੂੰ ਦੱਸਿਆ ਕਿ 'ਪਰਫਰੀ' ਪੱਥਰ ਲਾਰਡ ਸ਼ਰਬਨ ਰੈਫ ਡਿਊਟਨ ਦਾ ਪਸੰਦੀਦਾ ਸੀ |
ਬੈਠਕ ਵਿਚ ਸ਼ੈਕਸਪੀਅਰ : ਇਸ ਤੋਂ ਬਾਅਦ ਅਸੀਂ ਬੈਠਕ ਵਾਲੇ ਕਮਰੇ ਵਿਚ ਗਏ ਜੋ ਬੇਹੱਦ ਆਕਰਸ਼ਕ ਲਾਲ 'ਡਮਾਸਕ ਸਿਲਕ' (ਜਾਮਦਾਨੀ) ਕੱਪੜੇ ਦੀਆਂ ਦੀਵਾਰਾਂ ਨਾਲ ਸਜਿਆ ਹੋਇਆ ਹੈ ਅਤੇ 18ਵੀਂ ਸਦੀ ਦੀ ਖ਼ਾਸ ਚਿੱਤਰਕਲਾ ਨਾਲ ਸਜਿਆ ਹੋਇਆ ਹੈ | 1960 ਦੇ ਅਗਨੀ ਕਾਂਡ ਤੋਂ ਬਾਅਦ ਬੈਠਕ ਨੂੰ ਦੁਬਾਰਾ ਸਜਾਇਆ ਗਿਆ ਹੈ ਅਤੇ ਹੋਰ ਅਨੇਕ ਪੇਂਟਿੰਗਜ਼ ਵਿਚ ਪ੍ਰਸਿੱਧ ਲੇਖਕ ਸ਼ੈਕਸਪੀਅਰ ਦੀ ਵਿੰਟਰ ਟੇਲ ਵੀ ਬਣਵਾਈ ਗਈ ਹੈ | 18ਵੀਂ ਸਦੀ ਤੋਂ ਸ਼ੈਕਸਪੀਅਰ ਦੀਆਂ ਕਹਾਣੀਆਂ ਦਾ ਚਿਤਰਨ ਕਰਨ ਦਾ ਫੈਸ਼ਨ ਚੱਲ ਪਿਆ ਸੀ, ਉਦੋਂ ਤੋਂ ਅਨੇਕਾਂ ਹੋਰ ਭਵਨਾਂ ਵਿਚ ਵੀ ਸਾਨੂੰ ਇਸ ਤਰ੍ਹਾਂ ਦੀਆਂ ਪੇਂਟਿੰਗਜ਼ ਦਿਸੀਆਂ ਸਨ | ਕਰਮਚਾਰੀ ਨੇ ਸਾਨੂੰ ਉਹ ਖਿੜਕੀਆਂ ਵੀ ਦਿਖਾਈਆਂ ਜਿਥੋਂ ਅਗਨੀਕਾਂਡ ਸਮੇਂ ਕਮਰਿਆਂ ਦਾ ਸਾਮਾਨ ਬਾਹਰ ਕੱਢਿਆ ਗਿਆ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

seemaanandchopra@gmail.com

ਭੁੱਲੀਆਂ ਵਿਸਰੀਆਂ ਯਾਦਾਂ

ਪਿੰਡ ਜਗਦੇਵ ਕਲਾਂ ਕਵੀ ਹਾਸ਼ਮ ਸ਼ਾਹ ਦਾ ਪਿੰਡ ਹੈ | ਇਸ ਕਰਕੇ ਪਿੰਡ ਵਾਲੇ ਹਰ ਸਾਲ ਹਾਸ਼ਮ ਸ਼ਾਹ ਦੀ ਯਾਦ ਵਿਚ ਸੱਭਿਆਚਾਰਕ ਮੇਲਾ ਕਰਵਾਉਂਦੇ ਹਨ | ਇਸ ਮੇਲੇ ਵਿਚ ਵੱਖ-ਵੱਖ ਕਲਾਕਾਰਾਂ ਨੂੰ ਹਰ ਸਾਲ ਸੱਦਦੇ ਹਨ | ਇਕ ਸਾਲ ਮੇਲੇ ਦੇ ਪ੍ਰਬੰਧਕਾਂ ਨੇ ਪ੍ਰੀਤੀ ਸਪਰੂ ਨੂੰ ਸੱਦਿਆ ਸੀ | ਇਹ ਤਸਵੀਰ ਉਸ ਮੇਲੇ ਮਸੇਂ ਖਿੱਚੀ ਗਈ ਸੀ | ਉਸ ਮੇਲੇ ਵਿਚ ਪ੍ਰੀਤੀ ਸਪਰੂ ਨੇ ਪਿੰਡ ਵਾਲਿਆਂ ਨੂੰ ਫ਼ਿਲਮਾਂ ਬਾਰੇ ਦੱਸਿਆ ਸੀ ਕਿ ਫ਼ਿਲਮਾਂ ਕਿਸ ਤਰ੍ਹਾਂ ਬਣਦੀਆਂ ਹਨ | ਪਰ ਬਹੁਤੇ ਦਰਸ਼ਕ ਪ੍ਰੀਤੀ ਸਪੂਰ ਨਾਲ ਤਸਵੀਰਾਂ ਖਿਚਵਾਉਣ ਦੇ ਚਾਹਵਾਨ ਸਨ | ਪੁਲਿਸ ਦਾ ਪ੍ਰਬੰਧ ਹੋਣ ਕਰਕੇ ਉਨ੍ਹਾਂ ਦੀ ਇਹ ਰੀਝ ਪੂਰੀ ਨਹੀਂ ਸੀ ਹੋ ਸਕੀ |

-ਮੋਬਾਈਲ : 98767-41231

ਕਿੱਥੇ ਗਏ ਤਿੰ੍ਰਝਣ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਕੰਤ ਨਿਆਣੇ ਦਾ ਮੇਰਾ ਝੇੜਾ ਭਾਰਾ........ |
ਮਾਂ ਮੇਰੀ ਨੇ ਚਰਖਾ ਦਿੱਤਾ, ਪੀੜ੍ਹੀ ਘੜਾ ਦੇ ਤੂੰ,
ਵੇ ਸਾਰੀ ਰਾਤ ਕੱਤਿਆ ਕਰੂੰ, ਕੱਤਿਆ ਕਰੂੰ ਤੇਰਾ ਰੂੰ..., |
• ਕਦੇ ਨਾ ਖਾਧੇ ਤੇਰੇ ਖੱਟੇ ਮਿੱਠੇ ਜਾਮਨੂੰ,
ਕਦੇ ਨਾ ਖਾਧਾ ਵੇ ਕੜਾਹ ਕਰਕੇ,
ਛੱਡ ਗਿਉਂ ਜ਼ਾਲਮਾਂ, ਵੇ ਵਿਆਹ ਕਰਕੇ
• ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ,
ਭੱਜੋ ਵੀਰੋ ਵੇ, ਬਾਪੂ 'ਕੱਲਾ ਮੱਝਾਂ ਚਾਰਦਾ |
ਚਰਖਾ ਮੇਰਾ ਰੰਗਲਾ, ਵਿਚ ਸੋਨੇ ਦੀਆਂ ਮੇਖਾਂ
ਵੇ ਮੈਂ ਤੈਨੂੰ ਯਾਦ ਕਰਾਂ , ਜਦ ਚਰਖੇ ਵੱਲ ਵੇਖਾਂ..... |
• ਚਰਖੇ ਦੀ ਘੂਕ ਸੁਣ ਕੇ, ਜੋਗੀ ਉੱਤਰ ਪਹਾੜੋਂ ਆਇਆ........ |
ਅਜਿਹੀ ਗੂੰਜ ਨੂੰ ਸੁਣ ਕੇ ਜਦੋਂ ਕੁਝ ਮਨਚਲੇ ਗੱਭਰੂ ਤਿੰ੍ਰਝਣ ਵਾਲੇ ਘਰ ਦੇ ਨਾਲ ਲਗਦੀ ਗਲੀ 'ਚੋਂ ਗੁਜ਼ਰਦੇ ਹਨ ਤੇ ਤਿੰ੍ਰਝਣ 'ਚ ਬੈਠੀਆਂ ਮੁਟਿਆਰਾਂ ਨੂੰ ਉਨ੍ਹਾਂ ਦੀ ਕਨਸੋਅ ਹੋ ਜਾਂਦੀ ਹੈ ਤਾਂ ਉਹ ਕਹਿ ਉਠਦੀਆਂ ਹਨ-
(ੳ) ਪੂਣੀਆਂ ਮੈਂ ਤਿੰਨ ਕੱਤੀਆਂ, ਤੇਰਾ ਚੰਦਰਿਆ ਤੇਰ੍ਹਵਾਂ ਗੇੜਾ |
ਤਿੰ੍ਰਝਣ 'ਚ ਆ ਕੇ ਕੱਤਣ ਵਾਲੀਆਂ ਮੁਟਿਆਰਾਂ 'ਚ ਅਕਸਰ ਸਜਣ-ਫਬਣ ਦੀ ਬਿਰਤੀ ਵੀ ਵੇਖਾ-ਵੇਖੀ ਪੈਦਾ ਹੋ ਜਾਂਦੀ ਹੈ | ਇਸੇ ਪ੍ਰਸੰਗ ਵਿਚ ਗਹਿਣਾ-ਗੱਟਾ ਜਾਂ ਕਈ ਪ੍ਰਕਾਰ ਦੀ ਸੱਜ-ਸਜਾਵਟ ਵਾਲੀ ਵੇਸ਼-ਭੂਸ਼ਾ ਨੂੰ ਧਾਰਨ ਕਰਨਾ ਜਾਂ ਗਲੀਆਂ-ਮੁਹੱਲਿਆਂ ਵਿਚ ਫਿਰਦੇ ਵਣਜਾਰਿਆਂ ਕੋਲੋਂ ਚੂੜੀਆਂ, ਗਜਰੇ ਚੜ੍ਹਾ ਲੈਣੇ ਤਾਂ ਆਮ ਜਿਹੀ ਗੱਲ ਹੁੰਦੀ ਹੈ | ਚੂੜੀਆਂ ਚੜ੍ਹਾਉਣ ਸੰਬੰਧੀ ਇਕ ਲੋਕ-ਗੀਤ ਵਿਚ ਛਿਪੇ ਭਾਵਾਂ ਦਾ ਜ਼ਿਕਰ ਵੇਖੋ-
ਗਲੀ ਗਲੀ ਵਣਜਾਰਾ ਫਿਰਦਾ, ਵੰਗੜੀਆਂ ਤਾਂ ਲਵੋ ਨੀ ਚੜ੍ਹਾ |
ਭਲਾ ਜੀ ਮੈਨੂੰ ਤੇਰੀ ਸਹੁੰ , ਵੰਗਾਂ ਵਾਲਾ ਆ ਨੀ ਗਿਆ |
ਸੱਸ ਗਈ ਕੱਤਣ, ਨਣਾਨ ਗਈ ਤੁੰਮਣ, ਵੰਗੜੀਆਂ ਤੇ ਲਈਆਂ ਮੈਂ ਚੜ੍ਹਾ |
ਅੱਗੇ ਤਾਂ ਮੈਂ ਕੱਤਦੀ ਸਾਂ ਦੋ ਚਾਰ ਛੱਲੀਆਂ, ਅੱਜ ਮੈਂ ਕੱਤਿਆ ਈ ਪਾ |
ਭਲਾ ਜੀ ਮੈਨੂੰ ਤੇਰੀ ਸਹੁੰ, ਵੰਗ਼ੜੀਆਂ ਦਾ ਮੈਨੂੰ ਬੜਾ ਚਾਅ |
ਖੂਹ ਉੱਤੇ ਮੈਂ ਪਾਣੀ ਲੈਣ ਜਾਨੀ ਆਂ , ਵੰਗੜੀਆਂ ਦੇ ਚਾਅ,
ਭਲਾ ਜੀ ਮੈਨੂੰ ਤੇਰੀ ਸਹੁੰ, ਵੰਗੜੀਆਂ ਦੇ ਚਾਅ ,
ਭਲਾ ਮੈਨੂੰ ਤੇਰੀ ਸਹੁੰ , ਬਾਂਹ ਤੇ ਲੈਨੀਆਂ ਲਮਕਾ ,
ਬਾਹਰੋਂ ਤੇ ਆਇਆ ਮਾਹੀ ਹੱਸਦਾ ਤੇ ਖੇਡਦਾ , ਭਾਬੀਆਂ ਨੇ ਦਿੱਤਾ ਈ ਸਿਖਾ,
ਭਲਾ ਜੀ ਮੈਨੂੰ ਤੇਰੀ ਸਹੁੰ, ਬਾਂਹ ਤਾਂ ਲੈਨੀਆਂ ਲਮਕਾ,
ਲੈ ਡੰਡਾ ਮਾਹੀ ਹੋਇਆ ਨੀ ਦੁਆਲੇ , ਲਾਹਵਾਂ ਨੀ ਵੰਗੜੀਆਂ ਦਾ ਚਾਅ |
ਭਲਾ ਜੀ ਮੈਨੂੰ ਤੇਰੀ ਸਹੁੰ, ਬਾਂਹ ਤਾਂ ਲੈਨੀਆਂ ਲਮਕਾ |
ਚੁਣ ਚੁਣ ਡੱਕਰੇ ਮੈਂ ਝੋਲੀ ਵਿਚ ਪਾਨੀਆਂ, ਜਾਨੀਆਂ ਮੈਂ ਪੇਕਿਆਂ ਦੇ ਰਾਹ |
ਭਲਾ ਜੀ ਮੈਨੂੰ ਤੇਰੀ ਸਹੁੰ , ਜਾਨੀਆਂ ਮੈਂ ਪੇਕਿਆਂ ਦੇ ਰਾਹ |
ਲੈ ਆਟਾ ਮਾਹੀ ਭਾਬੋ ਵਿਹੜੇ ਜਾਂਦਾ, ਲੈ ਨੀ ਭਾਬੋ ਰੋਟੀਆਂ ਪਕਾ,
ਭਲਾ ਜੀ ਮੈਨੂੰ ਤੇਰੀ ਸਹੁੰ , ਲੈ ਨੀ ਭਾਬੋ ਰੋਟੀਆਂ ਪਕਾ |
ਭਾਬੋ ਫੜ ਆਟਾ , ਚੁੱਕ ਵਿਹੜੇ ਵਿਚ ਮਾਰਿਆ, ਜਾ ਕੇ ਆਪਣੀ ਬੰਨੋਂ ਨੂੰ ਲਿਆ,
*****
ਭਲਾ ਜੀ ਮੈਨੂੰ ਤੇਰੀ ਸਹੁੰ........... |
ਲੈ ਘੋੜਾ ਉੱਤੇ ਰੱਖ ਮਾਹੀਆ ਕਾਠੀ, ਪੈ ਗਿਆ ਨੀ ਸਹੁਰਿਆਂ ਦੇ ਰਾਹ,
ਭਲਾ ਜੀ ਮੈਨੂੰ ਤੇਰੀ ਸਹੁੰ, ਪੈ ਗਿਆ ਨੀ ਸਹੁਰਿਆਂ ਦੇ ਰਾਹ |
ਅਸਾਂ ਨਹੀਓਾ ਜਾਵਣਾ ਵੇ ਅਸਾਂ ਨਹੀਓਾ ਜਾਵਣਾ, ਭਾਬੋ ਦੀਆਂ ਪੱਕੀਆਂ ਈ ਖਾ,
ਭਲਾ ਜੀ ਮੈਨੂੰ ਤੇਰੀ ਸਹੁੰ, ਭਾਬੋ ਦੀਆਂ ਪੱਕੀਆਂ ਈ ਖਾ |
ਭਾਬੋ ਦੀਆਂ ਪੱਕੀਆਂ ਬਥੇਰਾ ਚਿਰ ਖਾਧੀਆਂ, ਤੇਰੀਆਂ ਦਾ ਲੱਥਾ ਨਹੀਉਂ ਚਾਅ,
ਭਲਾ ਜੀ ਮੈਨੂੰ ਤੇਰੀ ਸਹੁੰ, ਤੇਰੀਆਂ ਦਾ ਲੱਥਾ ਨਹੀਉਂ ਚਾਅ |
ਅੱਗੇ ਰੱਤਾ ਡੋਲਾ ਪਿਛੇ ਨੀਲਾ ਘੋੜਾ, ਨੀ ਉਹ ਅੱਗੇ ਤੇ ਆਉਂਦਾ ਈ ਭਜਾ |
ਪੰਜ ਰੁਪਈਏ ਮਾਹੀ ਮੁੱਠ ਵਿਚ ਦੇਂਵਦਾ, ਵੰਗੜੀਆਂ ਤੂੰ ਨਵੀਆਂ ਚੜ੍ਹਾ |
ਭਲਾ ਜੀ ਮੈਨੂੰ ਤੇਰੀ ਸਹੁੰ, ਵੰਗੜੀਆਂ ਤੂੰ ਨਵੀਆਂ ਚੜ੍ਹਾ |
ਤਿ੍ੰਝਣ ਦੇ ਗੀਤ ਨਾਰੀ ਜਾਤੀ ਦੀ ਜੀਵਨ ਤੋਰ ਦਾ ਇਤਿਹਾਸ ਅਤੇ ਮਿਥਿਹਾਸ ਦੋਵੇਂ ਹੀ ਹਨ | ਨਾਰੀ ਸੰਵੇਦਨਾ ਦਾ ਰੂਪ ਇਨ੍ਹਾਂ ਵਿਚੋਂ ਪਰਗਟ ਹੁੰਦਾ ਹੈ | ਨਾਰੀ ਜਾਤੀ ਦੁਆਰਾ ਸਿਰਜਤ ਨਿੱਘ, ਪਿਆਰ , ਉਮਾਹ, ਉਮੰਗ, ਖਾਹਿਸ਼, ਮਿਠਾਸ, ਰੁਸੇਵਾਂ, ਅਕੇਵਾਂ, ਨਰਮਾਈ, ਗਰਮਾਈ, ਲੱਜ-ਹਯਾ, ਸ਼ਾਨੋ-ਸ਼ੌਕਤ, ਚੱਜ-ਆਚਾਰ, ਨੇਹ-ਤੇਹ, ਵਿਯੋਗ-ਸੰਯੋਗ, ਪਿਆਰ-ਕੁਰਬਾਨੀ, ਨਫਰਤ ਅਤੇ ਵਿਸ਼ੇਸ਼ ਰੂਪ 'ਚ ਪਰਿਵਾਰ ਸਿਰਜਣ ਲਈ ਸ਼ਕਤੀ-ਭਗਤੀ ਸਭ ਕੁਝ ਹੀ ਤਿੰ੍ਰਝਣ ਵਿਚੋਂ ਪ੍ਰਤੱਖ ਜਾਂ ਅਪ੍ਰਤੱਖ ਰੂਪ 'ਚ ਪਰਗਟ ਹੋ ਜਾਂਦਾ ਹੈ |
ਤਿੰ੍ਰਝਣ ਦੇ ਲੋਕ-ਗੀਤਾਂ ਦੀ ਕੋਈ ਸੀਮਾਂ ਨਹੀਂ, ਇਥੇ ਹਰ ਪ੍ਰਕਾਰ ਦੇ ਗੀਤ, ਲੋਕ-ਗੀਤ ਗਾਏ ਜਾਂਦੇ ਹਨ | ਸੱਚ ਤਾਂ ਇਹ ਹੈ ਕਿ ਤਿੰ੍ਰਝਣ ਉਹ ਜਗਾ੍ਹ ਹੈ, ਜਿਥੋਂ ਅਨੇਕਾਂ ਲੋਕ-ਗੀਤਾਂ ਨੇ ਜਨਮ ਲਿਆ ਹੈ | ਸੋਹਿਲੜੇ, ਥਾਲ, ਲੋਰੀਆਂ, ਘੋੜੀਆਂ, ਸੁਹਾਗ, ਛੰਦ-ਪਰਾਗੇ ਆਦਿ ਸਭਨਾਂ ਦੀ ਨਰਸਰੀ ਜਾਂ ਟਰੇਨਿੰਗ ਸੈਂਟਰ ਇਹ ਤਿੰ੍ਰਝਣ ਹੀ ਹੁੰਦੇ ਹਨ |
ਤਿੰ੍ਰਝਣ ਮਿਲ ਬੈਠਣ ਲਈ ਹਨ, ਤਿੰ੍ਰਝਣ ਕੱਤਣ ਲਈ ਹਨ ਅਤੇ ਤਿੰਝਣ ਜੀਵਨ ਸਾਂਝਾਂ ਪਾਉਣ ਲਈ ਹਨ | ਤਿੰ੍ਰਝਣ ਧੀਆਂ-ਭੈਣਾਂ, ਨੂਹਾਂ, ਸੁਆਣੀਆਂ ਦੇ ਸੁਹਜ-ਸਿਆਣਪ ਅਤੇ ਅਕੀਦੇ ਦਾ ਪ੍ਰਤੀਕ ਹਨ | ਤਿੰਝਣਾਂ 'ਚ ਬੈਠਣ ਵਾਲੀਆਂ ਮੁਟਿਆਰਾਂ, ਕੁਆਰੀਆਂ ਜਾਂ ਵਿਆਹੀਆਂ ਦਾ ਮੁੜ ਅਗਲੇ ਵਰੇ੍ਹ ਉਸੇ ਰੂਪ 'ਚ ਉਸੇ ਤਰ੍ਹਾਂ ਮਿਲ ਬੈਠਣਾ ਸੰਭਵ ਨਹੀਂ ਹੁੰਦਾ | ਨਵੇਂ ਚਿਹਰੇ, ਨਵੇਂ ਮੁਹਾਂਦਰੇ ਆਉਂਦੇ ਜਾਂਦੇ ਰਹਿੰਦੇ ਹਨ ਤੇ ਤਿੰ੍ਰਝਣ ਸਜਦੇ, ਫੱਬਦੇ ਤੇ ਲਗਦੇ ਰਹਿੰਦੇ ਹਨ | ਇਹ ਅਟੱਲ ਸਚਾਈ ਹੈ ਕਿ-
ਤਿੰਝਣ 'ਚ ਬੈਠੀਆਂ ਕੁੜੀਆਂ ਨੇ
ਕੋਠੇ ਪਰ ਬੈਠੀਆਂ ਚਿੜੀਆਂ ਨੇ
ਇਨ੍ਹਾਂ ਚਿੜੀਆਂ ਘਰੋ ਘਰ ਤੁਰ ਜਾਣਾ
ਇਨ੍ਹਾਂ ਕੁੜੀਆਂ ਘਰੋਂ ਘਰ ਤੁਰ ਜਾਣਾ |
ਰੋਂਦੇ ਛੱਡ ਜਾਣੇ ਮਾਪੇ ਨੇ, ਰੋਂਦੇ ਛੱਡ ਜਾਣੇ ਵੀਰੇ ਨੇ |
ਰੋਂਦੀਆਂ ਛੱਡ ਜਾਣ ਸਹੇਲੜੀਆਂ, ਜੋ ਲਿਖੀਆਂ ਧੁਰ ਤਕਦੀਰਾਂ ਨੇ |
ਤਿੰ੍ਰਝਣ 'ਚ ਬੈਠੀਆਂ ਕੁੜੀਆਂ ਨੇ, ਕੋਠੇ ਪਰ ਬੈਠੀਆਂ ਚਿੜੀਆਂ ਨੇ |
ਇਨ੍ਹਾਂ ਕੁੜੀਆਂ ਘਰੋ ਘਰ ਤੁਰ ਜਾਣਾ.
ਇਨ੍ਹਾਂ ਚਿੜੀਆਂ ਘਰੋ ਘਰ ਉੱਡ ਜਾਣਾ |
ਰੋਂਦੇ ਛੱਡ ਜਾਣੇ ਮਾਮੇ ਨੇ, ਰੋਂਦੀਆਂ ਛੱਡ ਜਾਣੀਆਂ ਮਾਮੀਆਂ ਨੇ |
ਰੋਂਦੀਆਂ ਛੱਡ ਜਾਣੀਆਂ ਸਹੇਲੜੀਆਂ, ਜੋ ਧੁਰ ਲਿਖੀਆਂ ਤਕਦੀਰਾਂ ਨੇ |
ਤਿੰ੍ਰਝਣਾਂ 'ਚ.... |
'ਤਿੰ੍ਰਝਣ' ਪੰਜਾਬੀ ਸੱਭਿਆਚਾਰ ਦਾ ਅਟੁੱਟ ਅੰਗ ਰਿਹਾ ਹੈ, ਪੰਜਾਬੀਅਤ ਦੀ ਪਛਾਣ ਰਿਹਾ ਹੈ, ਪਰੰਤੂ ਅਜੋਕੇ ਮਸ਼ੀਨੀ ਯੁੱਗ ਵਿਚ ਜਦੋਂ ਕਿ ਗਿਆਨ-ਵਿਗਿਆਨ ਅਤੇ ਸੂਚਨਾ ਤਕਨਾਲੋਜੀ ਦੀਆਂ ਅਨੇਕਾਂ ਲੱਭਤਾਂ ਨੇ ਮਨੁੱਖ ਨੂੰ ਖੁਸ਼ਹਾਲ ਕਰ ਦਿੱਤਾ ਹੈ, ਉਥੇ ਬਹੁਤ ਸਾਰੀਆਂ ਕਦਰਾਂ-ਕੀਮਤਾਂ ਨੂੰ ਖੋਰਾ ਵੀ ਲਾਇਆ ਹੈ ਜਿਨ੍ਹਾਂ ਵਿਚੋਂ ਤਿੰ੍ਰਝਣ ਵੀ ਇਕ ਹੈ | ਅਜੋਕੇ ਸਮੇਂ ਵਿਚ ਨਾ ਬਾਲੜੀਆਂ, ਨਾ ਮੁਟਿਆਰਾਂ, ਚਾਹੇ ਉਹ ਵਿਆਹੀਆਂ ਹਨ ਜਾਂ ਕੁਆਰੀਆਂ, ਨਾ ਸੁਆਣੀਆਂ ਅਤੇ ਨਾ ਵਡੇਰੀ ਉਮਰ ਦੀਆਂ ਜ਼ਨਾਨੀਆਂ ਕੋਲ ਏਨਾ ਵਕਤ ਹੈ ਕਿ ਉਹ ਤਿੰ੍ਰਝਣ ਸਜਾ ਫਬਾ ਸੱਕਣ | ਪਿੰ੍ਰਟ ਮੀਡੀਆ ਅਤੇ ਇਲੈਕਟ੍ਰਾਨਿਕ-ਮੀਡੀਆ ਏਨਾ ਹਾਵੀ ਹੋ ਗਿਆ ਹੈ ਕਿ ਲੋਕ ਹੁਣ ਚਿੱਤਰ ਰੂਪਾਂ ਰਾਹੀਂ ਹੀ ਤਿੰ੍ਰਝਣ ਦੇ ਦਿ੍ਸ਼ ਵੇਖਣ ਜੋਗੇ ਹੋ ਕੇ ਰਹਿ ਗਏ ਹਨ | ਅਜੋਕੀਆਂ ਮੁਟਿਆਰਾਂ ਨੂੰ ਤਾਂ ਚਰਖੇ ਤੰਦ ਪਾਉਣੀ ਵੀ ਨਹੀਂ ਆਉਂਦੀ | ਪਰ ਦੋਸ਼ ਇਸ ਵਿਚ ਉਨ੍ਹਾਂ ਦਾ ਹੀ ਨਹੀਂ ਹੈ, ਸਮੁੱਚੀ ਜੀਵਨ-ਚਾਲ ਹੀ ਕੁਝ ਇਸੇ ਰੌਾਅ-ਰੁੱਖ ਹੋ ਕੇ ਤੁਰ ਪਈ ਹੈ | ਪਰ ਫਿਰ ਵੀ ਜ਼ਰੂਰੀ ਬਣਦਾ ਹੈ ਕਿ ਅਸੀਂ ਆਪਣੇ ਇਸ ਅਮੀਰ ਵਿਰਸੇ ਦੀ ਕੁਝ ਤਾਂ ਪਛਾਣ ਬਣਾਈ ਰੱਖੀਏ ਤੇ ਤਿੰ੍ਰਝਣ ਨੂੰ ਮਨੋਂ ਨਾ ਵਿਸਾਰੀਏ ਕਿਉਂਕਿ-
ਬੇੜੀ ਪੂਰ ਤਿ੍ੰਝਣ ਕੁੜੀਆਂ, ਸਬੱਬ ਨਾਲ ਹੋਣ 'ਕੱਠੀਆਂ |
****
ਬੇੜੀ ਪੂਰ ਤਿੰ੍ਰਝਣ ਕੁੜੀਆਂ, ਫੇਰ ਨਾ ਬੈਠਣ ਰਲ ਕੇ |
ਜਿਸ ਪੁਲੋਂ ਪਾਣੀ ਲੰਘ ਜਾਂਦਾ, ਫੇਰ ਨਾ ਆਉਂਦਾ ਮੁੜ ਕੇ |

ਨਿਰਸੰਦੇਹ, 'ਤਿੰ੍ਰਝਣ' ਸਾਡੇ ਸੱਭਿਆਚਾਰ ਦਾ ਅਮੁੱਲ ਖ਼ਜ਼ਾਨਾ ਹੈ, ਜਿਸ ਵਿਚੋਂ ਪੰਜਾਬੀ ਰਹਿਤਲ ਦੀ ਸਦੀਵੀ ਖ਼ੁਸ਼ਬੋ ਮਹਿਕਾਂ ਵੰਡਦੀ ਅਤੇ ਖਿਲਾਰਦੀ ਰਹੇਗੀ | (ਸਮਾਪਤ)

-ਏ-9, ਚਾਹਲ ਨਗਰ, ਫਗਵਾੜਾ—144401
ਮੋਬਾਈਲ : 98142-09732.

ਅਮਰੀਕਾ 'ਚ ਪੰਜਾਬੀ ਰੰਗ ਮੰਚ

ਉੱਤਰੀ ਅਮਰੀਕਾ ਵਿਚ ਪੰਜਾਬ ਲੋਕ ਰੰਗ, ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਕੈਨੇਡਾ ਅਤੇ ਅਮਰੀਕਾ ਵਿਚ ਨਾਟਕ 'ਮਿਟੀ ਧੁੰਧ ਜਗ ਚਾਨਣ ਹੋਆ' ਨੂੰ ਲਾਈਟ ਐਾਡ ਸਾਊਾਡ 'ਤੇ ਵੱਡੀ ਸਕਰੀਨ ਅਤੇ ਆਧੁਨਿਕ ਤਕਨੀਕ ਨਾਲ ਵਿਖਾਉਣ ਦਾ ਸਫਲ ਯਤਨ ਕੀਤਾ |
ਪਿਛਲੇ ਇਕ ਦਹਾਕੇ ਤੋਂ ਜਿਸ ਤਰ੍ਹਾਂ ਅਮਰੀਕਾ, ਬਹੁਤਾ ਕਰਕੇ ਕੈਲੇਫੋਰਨੀਆਂ ਵਿਚ ਰੰਗ¸ਮੰਚ ਉਭਰਿਆ ਹੈ, ਉਹਦੇ ਨਾਲ ਨਾਟਕ ਕਲਾ ਬਹੁਤ ਨਿੱਖਰ ਕੇ ਸਾਹਮਣੇ ਆਈ ਹੈ | ਪਹਿਲੀ ਵਾਰ ਬਾਲੀਵੁਡ ਸਟਾਈਲ ਤੇ ਮਹਿੰਗੇ ਸਟਾਈਲ ਨਾਲ ਹੁਣ ਫਿਲਮਾਂ ਵੀ ਬਣਨ ਲੱਗੀਆਂ ਹਨ | ਪੰਜਾਬੀ ਨਾਟਕਾਂ ਦੀ ਲੀਹ ਇਥੇ ਭਾਜੀ ਗੁਰਸ਼ਰਨ ਸਿੰਘ ਨੇ ਪਾਈ |
ਪਿਛੋਕੜ ਵਿਚ ਰੋਪੜ ਜ਼ਿਲ੍ਹੇ ਦੇ ਬਰੌਲੀ ਪਿੰਡ ਨਾਲ ਤੁਅੱਲਕ ਰੱਖਣ ਵਾਲੇ ਸੁਰਿੰਦਰ ਧਨੋਆ ਨੇ ਕਰੀਬ ਡੇਢ ਕੁ ਦਹਾਕਾ ਪਹਿਲਾਂ ਉਸਾਰੂ ਮਨੋਰੰਜਨ ਦਾ ਮਹੌਲ ਸਿਰਜਿਆ 'ਤੇ ਗਿੱਧੇ, ਭੰਗੜੇ ਤੇ ਮਲਵਈ ਗਿੱਧੇ ਦੇ ਨਾਲ ਸੰਗੀਤਕ ਬੈਲੇ ਵੀ ਕੈਲੇਫੋਰਨੀਆ ਵਿਚ ਪੇਸ਼ ਕਰਕੇ ਪੰਜਾਬੀਆਂ ਲਈ ਪੂਰੀ ਸਿਹਤਮੰਦ ਸੱਭਿਆਚਾਰਕ ਪਿੜ ਤਿਆਰ ਕਰ ਦਿੱਤਾ | ਲੋਕ ਨਾਚਾਂ ਤੋਂ ਬਾਅਦ 'ਬਾਰੀਂ ਬਰਸੀਂ ਖੱਟਣ ਗਿਆ ਸੀ' ਸਿਰਲੇਖ ਹੇਠ ਲਘੂ 'ਤੇ ਹਾਸ¸ਰਸ ਨਾਟਕ ਲੈ ਕੇ ਆਂਦਾ |
ਸੁਰਿੰਦਰ ਧਨੋਆ ਦਾ ਪੰਜਾਬ ਲੋਕ ਰੰਗ ਕਰੀਬ ਪੌਣੀ ਦਰਜਨ ਨਾਟਕ ਪੰਜਾਬੀਆਂ ਲਈ ਪੇਸ਼ ਕਰਕੇ ਪੂਰੀ ਹਰਮਨ-ਪਿਆਰਤਾ ਖੱਟ ਗਿਆ ਹੈ | 'ਮਿੱਟੀ ਰੁਦਨ ਕਰੇ' ਤੇ 'ਉਮਰਾਂ ਲੰਘੀਆਂ ਪੱਬਾਂ ਭਾਰ', 'ਸਰਦਲ ਦੇ ਆਰ ਪਾਰ', 'ਪੱਤਣਾਂ 'ਤੇ ਰੋਣ ਖੜ੍ਹੀਆਂ' ਤਾਂ ਇਸ ਗਰੁੱਪ ਦੇ ਉਹ ਨਾਟਕ ਹਨ ਜਿਨ੍ਹਾਂ ਨੂੰ ਨਾ ਸਿਰਫ ਜੀਅ ਭਰਵੀਂ ਪੰਜਾਬੀਆਂ ਨੇ ਮੁਹੱਬਤ ਦਿੱਤੀ ਸਗੋਂ ਇਹ ਨਾਟਕ ਅਨੇਕਾਂ ਥਾਵਾਂ 'ਤੇ ਵਾਰ ਵਾਰ ਵੀ ਖੇਡੇ ਗਏ | ਇਨ੍ਹਾਂ ਨਾਲ ਹੀ ਥੀਏਟਰ ਨਾਲ ਜੁੜੇ ਬਲਜੀਵਨ ਨੂੰ ਪੰਜਾਬੀਆਂ ਨੇ ਪ੍ਰਵਾਨਿਆਂ ਵੀ ਤੇ ਘੁੱਟ ਕੇ ਗਲ ਨਾਲ ਵੀ ਲਾਇਆ | 'ਮਿੱਟੀ ਰੁਦਨ ਕਰੇ' ਵਿਚਲਾ ਉਹਦਾ ਵੈਲੀ ਬਾਰੂ ਵਾਲਾ ਕਿਰਦਾਰ ਸਾਰਿਆਂ ਦੇ ਚੇਤੇ ਵਿਚ ਵਸਦਾ ਹੈ |
ਰੰਗ ਕਰਮੀ ਹਰਪਾਲ ਟਿਵਾਣਾ ਤੋਂ ਸਿੱਖਿਅਤ 'ਤੇ 'ਚੰਨ ਪ੍ਰਦੇਸੀ' 'ਚ ਕੰਮ ਕਰਨ ਦੇ ਨਾਲ 'ਮੇਲਾ' ਵਰਗੀ ਫਿਲਮ ਦਾ ਨਿਰਮਾਣ ਕਰਨ ਵਾਲਾ ਅਸ਼ੋਕ ਟਾਂਗਰੀ ਸਮੁੱਚੇ ਕੈਲੇਫੋਰਨੀਆਂ ਦੇ ਪੰਜਾਬੀਆਂ ਵਿਚ ਥੀਏਟਰ ਵਾਲੇ ਪੱਖ ਤੋਂ ਵੱਡੀ ਪਹਿਚਾਣ ਵਾਲਾ ਨਾਂਅ ਬਣ ਗਿਆ ਹੈ | ਰੇਅ ਵਾਲੀਆ ਨਾਲ ਰਲ ਕੇ ਉਹ ਅਮਰੀਕਾ ਵਿਚ ਬਾਲੀਵੁੱਡ ਦੀ ਤਰਜ਼ 'ਤੇ ਪੰਜਾਬੀ ਫਿਲਮਾਂ ਆਪਣੇ ਤਿਆਰ ਅਦਾਕਾਰਾਂ ਨੂੰ ਲੈ ਕੇ ਬਣਾਉਣ ਵਿਚ ਸਫਲ ਹੋਇਆ ਹੈ | ਸ਼ੁਰੂਆਤ ਵਿਚ ਉਸ ਨੇ 'ਮਿੱਟੀ ਰੁਦਨ ਕਰੇ' 'ਤੇ 'ਸਰਦਲ ਦੇ ਆਰ¸ਪਾਰ' ਨਾਟਕਾਂ ਵਿਚ ਸੁਰਿੰਦਰ ਧਨੋਆ ਨਾਲ ਕੰਮ ਕੀਤਾ | ਫਿਰ ਉਸ ਨੇ ਮੰਗਲ ਸਿੰਘ 'ਤੇ ਲਾਲੀ ਧਨੋਆ ਨਾਲ ਮਿਲ ਕੇ ਨਾਟਕ 'ਬੋਲ ਸ਼ਰੀਕਾਂ ਦੇ' ਖੇਡਿਆ |
ਨਾਟਕਾਰ ਅਜਮੇਰ ਔਲਖ ਦੀ 'ਨਿਉਂ ਜੜ' ਪੁਸਤਕ ਨੂੰ ਲੈ ਕੇ ਜਿਹੜਾ ਨਾਟਕ ਟਾਂਗਰੀ ਦੀ ਨਿਰਦੇਸ਼ਨਾਂ ਹੇਠ 'ਧੀਆਂ ਮਰ ਜਾਣੀਆਂ' ਦੇ ਨਾਂ ਹੇਠ ਖੇਡਿਆ ਗਿਆ ਉਸ ਨੂੰ ਅਤਿ ਦਰਜੇ ਦੀ ਕਾਮਯਾਬੀ ਮਿਲੀ | ਹੁਣ ਨਾਟਕਕਾਰ ਦਵਿੰਦਰ ਦਮਨ ਨੂੰ ਲੈ ਕੇ ਇਸ ਨਾਟਕ ਨੂੰ ਵਿਸਥਾਰ ਦਿੱਤਾ ਗਿਆ ਹੈ 'ਤੇ ਇਸ ਦਾ ਸੰਵਾਦ 'ਤੇ ਹੋਰ ਲਿਖਤੀ ਕਾਰਜ ਉਸੇ ਨੇ ਹੀ ਮੁਕੰਮਲ ਕੀਤਾ ਹੈ |
ਭਰੂਣ ਹੱਤਿਆ ਨੂੰ ਰੋਕਣ ਦੇ ਉਦੇਸ਼ ਨਾਲ ਉੱਘੇ ਕਾਰੋਬਾਰੀ ਤੇ ਨਿਰਮਾਤਾ ਮਰਹੂਮ ਰੇਅ ਵਾਲੀਆ ਨੇ ਹੁਣੇ ਹੀ ਪੰਜਾਬੀਆਂ ਦੇ ਕੈਲੇਫੋਰਨੀਆਂ ਵਿਚਲੇ ਖੇਤੀਬਾੜੀ ਵਾਲੇ ਸ਼ਹਿਰ ਯੂਬਾਸਿਟੀ ਵਿਚ 'ਧੀਆਂ ਮਰ ਜਾਣੀਆਂ' ਫਿਲਮ ਮੁਕੰਮਲ ਕੀਤੀ ਹੈ | ਖਾਸ ਗੱਲ 'ਤੇ ਪ੍ਰਸ਼ੰਸਾਯੋਗ ਤੱਥ ਇਹ ਹੈ ਕਿ ਇਸ ਦਾ ਤਕਨੀਕੀ, ਫ਼ਿਲਮੀ ਨਿਰਮਾਣ ਬਾਲੀਵੁੱਡ ਦੇ ਕਰਿਊ ਸਟਾਫ, ਤਕਨੀਸ਼ਨਾਂ ਨੂੰ ਲੈ ਕੇ ਮੁਕੰਮਲ ਕੀਤਾ ਗਿਆ ਹੈ | ਨਿਸਚੇ ਜੇ ਰੰਗ ਮੰਚ ਤੋਂ ਤੁਰੀ ਗੱਲ ਫਿਲਮਾਂ ਤੱਕ ਪੁੱਜੀ ਹੈ 'ਤੇ 'ਧੀਆਂ ਮਰ ਜਾਣੀਆਂ' ਨੂੰ ਬ੍ਰੇਕ ਮਿਲਦੀ ਹੈ, ਫਿਲਮ ਮੇਲੇ 'ਤੇ ਪ੍ਰਵਾਨਗੀ ਮਿਲਦੀ ਹੈ ਤਾਂ ਅਮਰੀਕਾ ਵਿਚ ਪੰਜਾਬੀ ਥਿਏਟਰ ਲਈ ਇਹ ਸਭ ਤੋਂ ਉੱਤਮ ਘਟਨਾ ਮੰਨੀ ਜਾਵੇਗੀ |
ਅਸ਼ੋਕ ਟਾਂਗਰੀ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਉਥੇ ਕਾਰੋਬਾਰੀ ਰੇਅ ਵਾਲੀਆ ਦੀ ਇਸ ਪੰਜਾਬੀ ਫਿਲਮ 'ਧੀਆਂ ਮਰ ਜਾਣੀਆਂ' ਵਿਚ ਰੇਅ ਵਾਲੀਆ, ਕੇ ਵਾਲੀਆ, ਹਰਜੀਤ ਉੱਪਲ, ਸਿਮਰਨ ਸੰਘਾ, ਨਰਿੰਦਰ ਕੌਰ, ਡਿੰਪਲ ਬੈਂਸ, ਖੁਦ ਟਾਂਗਰੀ, ਦਵਿੰਦਰ ਦਮਨ ਤੇ ਤਾਰਾ ਸਿੰਘ ਸਾਗਰ ਨੇ ਭੂਮਿਕਾਵਾਂ ਨਿਭਾਈਆਂ ਹਨ | ਰਿਤੇਸ਼ ਰੈਡੀ, ਪ੍ਰਵੀਨ ਕੁਮਾਰ ਸਹਾਇਕ ਨਿਰਦੇਸ਼ਕ ਹਨ |
ਰੌਲੇ¸ਗੌਲੇ ਵਾਲੇ ਸੰਗੀਤ ਤੋਂ ਪਰ੍ਹੇ ਹਟ ਰਹੇ ਅਮਰੀਕਾ ਵਸਦੇ ਪੰਜਾਬੀ ਥਿਏਟਰ ਨਾਲ ਢਿੱਡੋਂ ਜੁੜੇ ਹਨ ਤੇ ਇਹ ਯਤਨ ਪੰਜਾਬੀ ਬੋਲੀ, ਸੱਭਿਆਚਾਰਕ, ਵਿਰਸਾ, ਚੱਜ¸ ਆਚਾਰ ਤੇ ਸੱਭਿਆਚਾਰ ਨੂੰ ਸੰਭਾਲਣ ਵਿਚ ਅਹਿਮ ਹੋਵੇਗਾ, ਇਸ ਦੀ ਪ੍ਰਸੰਸਾ ਕੀਤੀ ਹੀ ਜਾਣੀ ਚਾਹੀਦੀ ਹੈ |

ਲਘੂ ਕਥਾ: ਨੀਂਹ

ਦੂਜੀ ਜਮਾਤ ਵਿਚ ਪੜ੍ਹਦੇ ਬੱਚੇ ਦਾ ਬਾਪ ਅਧਿਆਪਕ ਕੋਲ ਸ਼ਿਕਾਇਤ ਲੈ ਕੇ ਆਇਆ | ਉਹਦੇ ਮੱਥੇ 'ਤੇ ਬੰਨ੍ਹੀ ਪੱਟੀ ਦੇ ਆਲੇ-ਦੁਆਲੇ ਖੂਨ ਦੇ ਨਿਸ਼ਾਨ ਲੱਗੇ ਹੋਏ ਸਨ | ਜ਼ਮਾਤ ਵਿਚ ਬੈਠੇ ਆਪਣੇ ਪੁੱਤ ਵੱਲ ਇਸ਼ਾਰਾ ਕਰਦਿਆਂ ਉਸ ਨੇ ਕਿਹਾ 'ਦੇਖੋ ਜੀ, ਇਹ ਬਾਹਲਾ ਹੀ ਭੂਸਰ ਗਿਐ, ਇਹਨੂੰ ਸੁਆਰ ਕੇ ਕਰੋ ਲੋਟ | ਕੱਲ੍ਹ ਮੈਂ ਤਾਂ ਬੈਠਕ 'ਚ ਸੋਬਤੀ ਬੈਠਾ ਸੀ, ਮੇਰੇ ਮੱਥੇ 'ਚ ਰੋੜਾ ਮਾਰ ਕੇ ਭੱਜ ਗਿਐ, ਫਿਰ ਆਥਣੇ ਘਰ ਵੜਿਐ | ਊਾ ਤਾਂ ਮੈਂ ਇਹਦੇ ਖਾਸਾ ਛਿੱਤਰ ਫੇਰਿਐ, ਫਿਰ ਵੀ ਥੋਡੇ ਚੰਡੇ ਤੋਂ ਹੀ ਲੋਟ ਆਊ | ਥੋਡੇ ਸਪੁਰਦ ਕੀਤੈ, ਚਾਹੇ ਖਲ ਉਧੇੜ ਦਿਉ | ਏਦੂੰ ਪਿੱਛੋਂ ਅੱਖ 'ਚ ਪਾਇਆਂ ਨਾ ਰੜਕੇ |' ਇਹ ਕਹਿੰਦਿਆਂ ਉਹ ਪਰਤ ਆਇਆ |
ਉਹਦੇ ਜਾਣ ਬਾਅਦ ਸੱਤ ਵਰਿ੍ਹਆਂ ਦੇ ਸ਼ੰਕਰ ਨੂੰ ਅਧਿਆਪਕ ਨੇ ਆਪਣੇ ਕੋਲ ਬੁਲਾ ਲਿਆ | ਉਹਨੂੰ ਬੁੱਕਲ ਵਿਚ ਲੈ ਕੇ ਪਿਆਰ ਨਾਲ ਪੁੱਛਿਆ, 'ਤੂੰ ਆਪਣੇ ਬਾਪੂ ਦੇ ਰੋੜਾ ਮਾਰਿਆ ਸੀ?' ਉਸ ਨੇ ਡਰਦੇ-ਡਰਦੇ ਹਾਂ ਵਿਚ ਸਿਰ ਹਿਲਾ ਦਿੱਤਾ |
'ਪਰ ਸ਼ੰਕਰ ਤੂੰ ਰੋੜਾ ਮਾਰਿਆ ਕਿਉਂ?' ਅਧਿਆਪਕ ਗੱਲ ਦੀ ਤਹਿ ਤੱਕ ਜਾਣਾ ਚਾਹੁੰਦਾ ਸੀ | ਅਧਿਆਪਕ ਦੇ ਪਿਆਰ ਨਾਲ ਪੁੱਛਣ ਤੇ ਮੁੰਡਾ ਫਿੱਸ ਪਿਆ, ਹੱਟਕੋਰੇ ਲੈਂਦਿਆਂ ਉਸ ਨੇ ਕਿਹਾ 'ਕੱਲ੍ਹ ਬਾਪੂ ਬੈਠਕ 'ਚ ਬੈਠਾ ਦਾਰੂ ਪੀ ਰਿਹਾ ਸੀ, ਮੈਨੂੰ ਉਹਨੇ ਹਾਕ ਮਾਰ ਕੇ ਪਾਣੀ ਲਿਆਉਣ ਲਈ ਕਿਹਾ | ਮੈਂ ਪਾਣੀ ਦਾ ਗਿਲਾਸ ਜਦੋਂ ਬਾਪੂ ਨੂੰ ਫੜਾਇਆ ਤਾਂ ਉਹਨੇ ਮੈਨੂੰ ਵਾਲਾਂ ਤੋਂ ਫੜ ਕੇ ਥੱਪੜ ਮਾਰਦਿਆਂ ਕਿਹਾ ਕਿ ਪਾਣੀ ਠੰਢਾ ਕਿਉਂ ਲੈ ਕੇ ਆਇਐਾ, ਕੋਸਾ ਪਾਣੀ ਲੈ ਕੇ ਆ | ਫਿਰ ਮੈਂ ਬੇਬੇ ਤੋਂ ਪਾਣੀ ਗਰਮ ਕਰਵਾ ਕੇ ਲੈ ਗਿਆ | ਦੂਜੀ ਵਾਰ ਮੈਨੂੰ ਫਿਰ ਦਾਰੂ ਦੇ ਨਸ਼ੇ ਵਿਚ ਕੁੱਟਿਆ | ਕਹਿੰਦਾ ਏਨਾ ਗਰਮ ਪਾਣੀ ਕਿਉਂ ਲੈ ਕੇ ਆਇਐਾ, ਕੋਸਾ ਪਾਣੀ ਲੈ ਕੇ ਆਉਣਾ ਸੀ | ਜਦੋਂ ਮੇਰੀ ਬੇਬੇ ਮੈਨੂੰ ਛੁਡਵਾਉਣ ਆਈ ਤਾਂ ਮੈਨੂੰ ਛੱਡ ਕੇ ਬੇਬੇ ਨੂੰ ਕੁੱਟਣ ਲੱਗ ਪਿਆ | ਫਿਰ ਜੀ, ਮੇਰੇ ਹੱਥ 'ਚ ਪੱਕਾ ਰੋੜਾ ਆ ਗਿਆ | ਮੈਂ ਬਾਪੂ ਦੇ ਮੱਥੇ 'ਚ ਮਾਰ ਕੇ ਭੱਜ ਗਿਆ |' ਮਾਸੂਮ ਬੱਚਾ ਰੋਂਦਾ ਝੱਲਿਆ ਨਹੀਂ ਸੀ ਜਾ ਰਿਹਾ |
ਹੁਣ ਅਧਿਆਪਕ ਨਿਰਦੋਸ਼ ਬੱਚੇ ਦੇ ਅੱਥਰੂ ਪੁੰਝਦਿਆਂ ਨਿਰਦਈ ਬਾਪ ਤੇ ਦੰਦੀਆਂ ਪੀਸਦਿਆਂ ਸੋਚ ਰਿਹਾ ਸੀ 'ਬੱਚਿਆਂ ਦੀ ਜ਼ਿੰਦਗੀ ਰੂਪੀ ਨੀਂਹ ਕਮਜ਼ੋਰ ਰੱਖਣ ਵਿਚ ਅਜਿਹੇ ਬਾਪ ਹੀ ਜ਼ਿੰਮੇਵਾਰ ਹੁੰਦੇ ਨੇ |'

-ਪ੍ਰੋਜੈਕਟ ਡਾਇਰੈਕਟਰ, ਨਸ਼ਾ ਛੁਡਾਊ ਹਸਪਤਾਲ, ਸੰਗਰੂਰ | ਮੋਬਾਈਲ : 94171-48866

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX