ਤਾਜਾ ਖ਼ਬਰਾਂ


ਅਸਮ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 30 ਲੋਕਾਂ ਦੀ ਮੌਤ, 7 ਔਰਤਾਂ ਵੀ ਸ਼ਾਮਲ
. . .  1 minute ago
ਗੁਹਾਟੀ, 22 ਫਰਵਰੀ - ਅਸਮ ਦੇ ਗੋਲਾਘਾਟ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 30 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਵਧੇਰੇ ਬਿਮਾਰ ਪੈ ਗਏ ਹਨ। ਮ੍ਰਿਤਕਾਂ ਵਿਚ 7 ਔਰਤਾਂ ਵੀ ਸ਼ਾਮਲ ਹਨ। ਮਾਮਲੇ ਦੀ...
ਚੌਕਸੀ ਵਿਭਾਗ ਦੀ ਟੀਮ ਵਲੋਂ ਏ.ਐਸ.ਆਈ ਰਿਸ਼ਵਤ ਲੈਂਦਾ ਕਾਬੂ
. . .  about 3 hours ago
ਕੋਟਕਪੂਰਾ, 22 ਫ਼ਰਵਰੀ (ਮੋਹਰ ਸਿੰਘ ਗਿੱਲ) - ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਚੌਕਸੀ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵੱਲੋਂ ਅਚਾਨਕ ਮਾਰੇ ਛਾਪੇ ਦੌਰਾਨ ਇਕ ਏ.ਐਸ.ਆਈ ਨੂੰ 8 ਹਜ਼ਾਰ ਰੁਪਿਆ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤੇ ਜਾਣ ਦੀ ਸੂਚਨਾ...
ਵਿਸ਼ਵ ਕੱਪ 'ਚ ਮੁਕਾਬਲੇ ਤੋਂ ਹਟਣ ਦੀ ਬਜਾਏ ਪਾਕਿਸਤਾਨ ਨੂੰ ਹਰਾਉਣਾ ਬਿਹਤਰ - ਸਚਿਨ ਤੇਂਦੁਲਕਰ
. . .  about 3 hours ago
ਨਵੀਂ ਦਿੱਲੀ, 22 ਫਰਵਰੀ - ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਮੈਚ ਨਾਲ ਖੇਡ ਕੇ ਦੋ ਅੰਕ ਗੁਆਉਣਾ ਠੀਕ ਨਹੀਂ ਲੱਗ ਰਿਹਾ। ਕਿਉਂਕਿ ਇਸ ਨਾਲ ਵਿਸ਼ਵ ਕੱਪ 'ਚ ਵਿਰੋਧੀ ਟੀਮ ਨੂੰ ਹੀ ਫ਼ਾਇਦਾ ਹੋਵੇਗਾ। ਤੇਂਦੁਲਕਰ...
ਸਾਡਾ ਦੇਸ਼ ਜੰਗ ਨਹੀਂ ਚਾਹੁੰਦਾ, ਜੇ ਹੋਈ ਤਾਂ ਭਾਰਤ ਨੂੰ ਹੋਵੇਗੀ ਹੈਰਾਨਗੀ - ਪਾਕਿਸਤਾਨ
. . .  about 4 hours ago
ਇਸਲਾਮਾਬਾਦ, 22 ਫਰਵਰੀ - ਪਾਕਿਸਤਾਨੀ ਫੌਜ ਨੇ ਪੁਲਵਾਮਾ ਹਮਲੇ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ਕੀਤੀ। ਪਾਕਿਸਤਾਨ ਫੌਜ ਦੀ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਡੀਜੀ ਮੇਜਰ ਜਨਰਲ ਆਸਿਫ ਗ਼ਫ਼ੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਜੰਮੂ...
ਟੈਸਟਿੰਗ ਨਾ ਕਰਵਾਉਣ ਵਾਲੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਣੇ ਸ਼ੁਰੂ
. . .  about 4 hours ago
ਮਾਹਿਲਪੁਰ 22 ਫਰਵਰੀ (ਦੀਪਕ ਅਗਨੀਹੋਤਰੀ)- ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵਲੋਂ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਜਿਲਾ ਸਿਖਿਆ ਅਫਸਰਾਂ ਰਾਹੀਂ ਪੱਤਰ ਜਾਰੀ ਕਰਕੇ ਅਜਿਹੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਅਧਿਆਪਕਾਂ ਨੇ ਪੜ੍ਹੋ...
ਸੋਪੋਰ ਮੁੱਠਭੇੜ ਵਿਚ ਦੋ ਅੱਤਵਾਦੀ ਢੇਰ
. . .  about 4 hours ago
ਸ੍ਰੀਨਗਰ, 22 ਫਰਵਰੀ - ਜੰਮੂ ਕਸ਼ਮੀਰ ਮੁੱਠਭੇੜ 'ਚ ਪੁਲਿਸ ਮੁਤਾਬਿਕ ਦੋ ਅੱਤਵਾਦੀ ਢੇਰ ਹੋ ਗਏ ਹਨ। ਗੋਲਾ ਬਰੂਦ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੀ ਪਹਿਚਾਣ ਤੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ...
'ਪੜ੍ਹੋ ਪੰਜਾਬ ਪੜਾਓ ਪੰਜਾਬ' ਤਹਿਤ ਬੱਚਿਆ ਦਾ ਟੈਸਟ ਲੈਣ ਆਈ ਟੀਮ ਦਾ ਅਧਿਆਪਕਾਂ ਵੱਲੋਂ ਬਾਈਕਾਟ
. . .  about 4 hours ago
ਧਮਾਕਾਖ਼ੇਜ਼ ਸਮਗਰੀ ਰੱਖਣ ਦੇ ਮਾਮਲੇ 'ਚੋਂ ਭਾਈ ਜਗਤਾਰ ਸਿੰਘ ਤਾਰਾ ਬਰੀ
. . .  1 minute ago
ਬਠਿੰਡਾ, 22 ਫਰਵਰੀ (ਸੁਖਵਿੰਦਰ ਸਿੰਘ ਸੁੱਖਾ) - ਧਮਾਕਾਖ਼ੇਜ਼ ਸਮਗਰੀ ਰੱਖਣ, ਗੈਰ ਕਾਨੂੰਨੀ ਕਾਰਵਾਈਆਂ ਕਰਨ ਅਤੇ ਨਜਾਇਜ਼ ਅਸਲਾ ਰੱਖਣ ਦੇ ਦੋਸ਼ਾਂ ਤਹਿਤ ਦਰਜ ਮਾਮਲੇ ਵਿਚ ਅੱਜ ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਕੇ. ਐਸ. ਬਾਜਵਾ ਦੀ ਅਦਾਲਤ ਨੇ ਭਾਈ ਜਗਤਾਰ...
'ਪੜ੍ਹੋ ਪੰਜਾਬ ਪੜਾਓ ਪੰਜਾਬ' ਦੀ ਟੈਸਟਿੰਗ ਖ਼ਿਲਾਫ਼ ਅਧਿਆਪਕਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਘਿਰਾਓ ਕੀਤਾ
. . .  about 5 hours ago
ਖਮਾਣੋਂ 22 ਫਰਵਰੀ (ਮਨਮੋਹਨ ਸਿੰਘ ਕਲੇਰ)- ਪੰਜਾਬ ਭਰ 'ਚ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੜ੍ਹੋ ਪੰਜਾਬ ,ਪੜਾਓ ਪੰਜਾਬ ਦੀ ਪਹਿਲੀ ਤੋ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ ਸਬੰਧਿਤ ਸਕੂਲਾਂ 'ਚ ਚੱਲ ਰਹੀ ਟੈਸਟਿੰਗ ਦੇ ਅੱਜ ਬਾਈਕਾਟ ਦੇ ਸੱਦੇ 'ਤੇ ਜਿੱਥੇ ....
ਅਧਿਆਪਕ ਸੰਘਰਸ਼ ਕਮੇਟੀ ਨੇ ਅਜਨਾਲਾ 'ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਸਾੜਿਆ ਪੁਤਲਾ
. . .  about 5 hours ago
ਅਜਨਾਲਾ, 22 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨਣ ਦੇ ਵਿਰੋਧ 'ਚ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਅੱਜ ਬਲਾਕ ਅਜਨਾਲਾ ਨਾਲ ਸੰਬੰਧਿਤ ਅਧਿਆਪਕਾਂ ਵੱਲੋਂ ਰੋਸ ਮਾਰਚ ਕਰਨ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਡਾ: ਸਾਥੀ ਲੁਧਿਆਣਵੀ ਦਾ ਤੁਰ ਜਾਣਾ...

ਡਾ: ਸਾਥੀ ਲੁਧਿਆਣਵੀ ਆਪਣੇ ਆਪ ਵਿਚ ਇਕ ਸੰਸਥਾ ਸਨ | ਉਨ੍ਹਾਂ ਨੇ ਪ੍ਰਵਾਸੀ ਜ਼ਿੰਦਗੀ ਹੰਢਾਈ ਵੀ ਅਤੇ ਇਸ ਬਾਰੇ ਖੁੱਲ੍ਹ ਕੇ ਲਿਖਿਆ ਵੀ | ਨਵਾਂਸ਼ਹਿਰ ਅੱਜਕਲ੍ਹ ਸ਼ਹੀਦ ਭਗਤ ਸਿੰਘ ਨਗਰ ਦੇ ਨੇੜਲੇ ਪਿੰਡ ਉੱਚਾ ਲਧਾਣਾ ਵਿਚ ਜਨਮੇ ਸਾਥੀ, ਬਾਅਦ ਵਿਚ ਲੁਧਿਆਣਾ ਜਾ ਕੇ ਰਹਿਣ ਲੱਗੇ ਜਿੱਥੇ ਉਨ੍ਹਾਂ ਨੂੰ ਸਾਥੀ ਲੁਧਿਆਣਵੀ ਨਾਂਅ ਮਿਲਿਆ ਭਾਵੇਂ ਉਨ੍ਹਾਂ ਦਾ ਬਚਪਨ ਦਾ ਨਾਂਅ ਹੋਰ ਸੀ, ਪਰ ਉਨ੍ਹਾਂ ਦੀ ਪਹਿਚਾਣ ਸਾਥੀ ਲੁਧਿਆਣਵੀ ਕਰਕੇ ਬਣੀ ਅਤੇ ਉਹ ਹਮੇਸ਼ਾ ਇਸੇ ਨਾਂਅ ਨਾਲ ਹੀ ਖੁਦ ਨੂੰ ਲੋਕਾਂ ਸਾਹਮਣੇ ਪੇਸ਼ ਕਰ ਕੇ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਸਨ | ਇਕ ਮੁਲਾਕਾਤ ਦੌਰਾਨ ਉਨ੍ਹਾਂ ਨੇ ਮੈਨੂੰ ਰੋਕਿਆ ਸੀ ਕਿ ਉਹ ਜ਼ਿੰਦਗੀ ਦਾ ਹਰ ਵਰਕਾ ਖੋਲ੍ਹ ਸਕਦਾ ਹੈ ਪਰ ਮੇਰਾ ਨਾਂਅ ਨਹੀਂ ਪੁਛਣਾ |
1962 ਵਿਚ ਲੁਧਿਆਣੇ ਤੋਂ ਲੰਡਨ ਪਹੁੰਚੇ ਡਾ: ਸਾਥੀ ਲੁਧਿਆਣਵੀ ਨੇ ਆਮ ਪੰਜਾਬੀਆਂ ਵਾਂਗ ਮਿਹਨਤ ਕੀਤੀ ਅਤੇ ਦੁਕਾਨਦਾਰੀ ਵੀ ਕੀਤੀ ਪਰ ਇਸ ਸਭ ਦੇ ਨਾਲ-ਨਾਲ ਉਨ੍ਹਾਂ ਆਪਣੀ ਸਾਹਿਤਕ ਸੋਚ ਅਤੇ ਸ਼ੌਕ ਨੂੰ ਕਦੇ ਪਾਸੇ ਨਹੀਂ ਕੀਤਾ | ਸੰਨ 1990 'ਚ ਯੂ. ਕੇ. ਅਤੇ ਯੂਰਪ ਵਿਚ ਰੇਡੀਓ ਟੀ. ਵੀ. ਲਈ ਪੰਜਾਬੀ ਖ਼ਬਰਾਂ ਪੜ੍ਹਨ ਦੀ ਸ਼ੁਰੂਆਤ ਕਰਨ ਵਾਲੇ ਉਹ ਪਹਿਲੇ ਪੇਸ਼ਕਾਰ ਸਨ | ਪ੍ਰਵਾਸੀਆਂ ਦੀ ਜ਼ਿੰਦਗੀ ਬਾਰੇ ਲਗਪਗ ਦੋ ਦਹਾਕੇ ਲਗਾਤਾਰ 'ਸਮੁੰਦਰੋਂ ਪਾਰ' ਕਾਲਮ ਰਾਹੀਂ ਪ੍ਰੀਤਲੜੀ ਪਰਚੇ ਵਿਚ ਲਿਖੇ ਲੇਖਾਂ ਨੇ ਸਾਥੀ ਨੂੰ ਪੰਜਾਬੀ ਨਾਲ ਮੋਹ ਰੱਖਣ ਵਾਲੇ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪਾਠਕਾਂ ਦਾ ਹਰਮਨ-ਪਿਆਰਾ ਲੇਖਕ ਬਣਾ ਦਿੱਤਾ | ਉਨ੍ਹਾਂ ਪੰਜਾਬੀ ਟਿ੍ਬਿਊਨ ਵਿਚ ਇਹੀ ਕਾਲਮ ਅਤੇ 'ਅਜੀਤ' ਵਿਚ 'ਵਿਸ਼ਵਸਾਰ' ਕਾਲਮ ਕਈ ਵਰ੍ਹੇ ਲਿਖਿਆ |
ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ 1986 ਵਿਚ ਉਨ੍ਹਾਂ ਨੂੰ 'ਪ੍ਰਵਾਸੀ ਪੰਜਾਬੀ ਸ਼੍ਰੋਮਣੀ ਸਾਹਿਤਕਾਰ' ਪੁਰਸਕਾਰ ਨਾਲ ਨਿਵਾਜਿਆ ਗਿਆ | ਡਾ: ਸਾਥੀ ਦੀਆਂ ਰੇਡੀਓ, ਟੀ. ਵੀ. ਪੇਸ਼ਕਾਰੀ ਸੇਵਾਵਾਂ, ਲੇਖਕ ਅਤੇ ਪੱਤਰਕਾਰੀ ਖੇਤਰ ਵਿਚ ਪਾਏ ਯੋਗਦਾਨ ਬਦਲੇ ਯੂਨੀਵਰਸਿਟੀ ਆਫ ਲੰਡਨ ਨੇ ਉਨ੍ਹਾਂ ਨੂੰ ਸੰਨ 2009 ਵਿਚ ਆਨਰੇਰੀ ਡਾਕਟਰੇਟ ਆਫ ਆਰਟ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ ਸੀ |
1962 ਵਿਚ ਜਿੱਥੇ ਇਕ ਪਾਸੇ ਪੰਜਾਬੀਆਂ ਵਲੋਂ ਘੱਟ ਗਿਣਤੀਆਂ ਨਾਲ ਹੋ ਰਹੇ ਵਿਤਕਰਿਆਂ ਨੂੰ ਠੱਲ੍ਹ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਸਨ, ਉੱਥੇ ਹੀ ਸਾਥੀ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਕਾਰਜ ਦੇ ਨਾਲ-ਨਾਲ ਪੰਜਾਬੀ ਬੋਲੀ ਲਈ ਪ੍ਰਚਾਰ ਅਤੇ ਪ੍ਰਸਾਰ ਲਈ ਸਾਹਿਤਕ ਸਰਗਰਮੀਆਂ ਵੀ ਕਰ ਰਹੇ ਸਨ | ਉਨ੍ਹਾਂ ਯੂ. ਕੇ. ਵਿਚ ਪਹਿਲੀ ਪੰਜਾਬੀ ਸਾਹਿਤ ਸਭਾ ਯੂ ਕੇ ਕਾਇਮ ਕੀਤੀ ਅਤੇ ਕਈ ਵਰ੍ਹੇ ਉਸ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਰਹੇ | ਇਸ ਤੋਂ ਇਲਾਵਾ ਪੰਜਾਬੀ ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ, ਸਾਊਥਾਲ ਦੇ ਵੀ ਉਹ ਸਕੱਤਰ ਬਣੇ | ਡਾ: ਸਾਥੀ ਲੁਧਿਆਣਵੀ ਦੀਆਂ ਸਰਗਰਮੀਆਂ ਆਖਰੀ ਦਮ ਤੱਕ ਜਾਰੀ ਰਹੀਆਂ, ਉਹ ਬੀਤੇ ਕੁਝ ਵਰਿ੍ਹਆਂ ਤੋਂ ਪੰਜਾਬੀ ਸਾਹਿਤ ਕਲਾ ਕੇਂਦਰ ਯੂ. ਕੇ. ਦੇ ਪ੍ਰਧਾਨ ਸਨ |
ਡਾ: ਸਾਥੀ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ, ਹਿੰਦੀ ਅਤੇ ਉਰਦੂ ਦੇ ਚੰਗੇ ਮਾਹਿਰ ਹੋਣ ਕਰਕੇ ਉਨ੍ਹਾਂ ਦਾ ਦਾਇਰਾ ਬਹੁਤ ਵਿਸ਼ਾਲ ਸੀ | ਉਨ੍ਹਾਂ ਵਲੋਂ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਅਕਸਰ ਚਹੁੰ ਭਾਸ਼ੀ ਹੋਇਆ ਕਰਦੇ ਸਨ ਅਤੇ ਹਰ ਵਿਸ਼ੇ 'ਤੇ ਸਾਥੀ ਦੀ ਪਕੜ ਬਾ-ਕਮਾਲ ਸੀ | ਇਕ ਵਾਰ ਪ੍ਰੋਗਰਾਮ ਸ਼ੁਰੂ ਹੋ ਜਾਵੇ ਤਾਂ ਕਿਸੇ ਦਾ ਵੀ ਵਿਚਾਲੇ ਛੱਡਣ ਨੂੰ ਮਨ ਨਹੀਂ ਸੀ ਕਰਦਾ | ਉਨ੍ਹਾਂ ਅੰਦਰ ਸਰੋਤੇ ਨੂੰ ਘੰਟਿਆਂਬੱਧੀ ਬੰਨ੍ਹੀ ਰੱਖਣ ਦੀ ਕਾਬਲੀਅਤ ਸੀ |
ਸਾਥੀ ਲੁਧਿਆਣਵੀ ਦੀਆਂ ਕਿਤਾਬਾਂ ਦਾ ਜ਼ਿਕਰ ਕਰੀਏ ਤਾਂ ਉਨ੍ਹਾਂ ਨੇ ਕੁੱਲ੍ਹ 19 ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆ ਹਨ ਜਿਨ੍ਹਾਂ ਵਿਚੋਂ 4 ਲੇਖ ਸੰਗ੍ਰਹਿ 'ਸਮੁੰਦਰੋਂ ਪਾਰ', 'ਅੱਗ ਖਾਣ ਪਿੱਛੋਂ', 'ਸਮੇਂ ਦੇ ਪੈਰ ਚਿੰਨ੍ਹ', 'ਇਤਿਹਾਸ ਟੁਰਦਾ ਹੈ' ਲਿਖੇ, 5 ਕਾਵਿ ਸੰਗ੍ਰਹਿ 'ਪ੍ਰੇਮ ਖੇਲਨ ਕਾ ਚਾਓ', 'ਤਿੜਕਿਆ ਸ਼ਹਿਰ', 'ਕਦੇ ਸਾਹਿਲ ਕਦੇ ਸਮੁੰਦਰ', 'ਪੱਥਰ', 'ਕਵੀ ਕਵਿਤਾ ਕਹੋ', 3 ਕਹਾਣੀ ਸੰਗ੍ਰਹਿ ਪੰਜਾਬੀ ਅਤੇ ਇਕ ਹਿੰਦੀ ਵਿਚ ਲਿਖੇ 'ਉੱਡਦੀਆਂ ਤਿਤਲੀਆਂ ਮਗਰ', 'ਮੌਸਮ ਖਰਾਬ ਹੈ', 'ਗਰੌਸਰੀ' ਪੰਜਾਬੀ ਅਤੇ ਹਿੰਦੀ ਵਿਚ ਸਨ | ਇਕ ਗਜ਼ਲ ਸੰਗ੍ਰਹਿ 'ਸ਼ੇਅਰ ਅਰਜ਼ ਹੈ' ਤੋਂ ਇਲਾਵਾ ਉਨ੍ਹਾਂ ਨਾਮਵਰ ਸਖਸ਼ੀਅਤਾਂ ਨਾਲ ਕੀਤੀਆਂ ਮੁਲਾਕਾਤਾਂ ਨੂੰ 'ਨਿੱਘੇ ਮਿੱਤਰ ਮੁਲਾਕਾਤਾਂ' ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ | ਉਹ ਤਿੰਨ ਹੋਰ ਕਿਤਾਬਾਂ 'ਸੱਜਰੇ ਫੁੱਲ' ਦੇ ਸੰਪਾਦਕ, 'ਗੋਰੀ ਧਰਤੀ' ਦੇ ਸਹਿ-ਸੰਪਾਦਕ ਅਤੇ ਅੰਗਰੇਜ਼ੀ ਵਿਚ 'ਰੇਨਬੋ' ਦੇ ਸਹਿ-ਸੰਪਾਦਕ ਸਨ | ਉਨ੍ਹਾਂ ਦਾ ਪਲੇਠਾ ਨਾਵਲ 'ਸਾਹਿਲ' ਅਜੇ ਕੁਝ ਮਹੀਨੇ ਪਹਿਲਾਂ ਹੀ ਆਇਆ ਸੀ | ਸਾਥੀ ਲੁਧਿਆਣਵੀ ਦੀਆਂ ਅਣਗਿਣਤ ਅਣਛਪੀਆਂ ਹੋਰ ਵੀ ਰਚਨਾਵਾਂ ਹਨ | ਸਾਥੀ ਦੇ ਲਿਖੇ ਕਈ ਗੀਤ ਦੀਦਾਰ ਸਿੰਘ ਪ੍ਰਦੇਸੀ ਅਤੇ ਹੋਰ ਗਾਇਕਾਂ ਨੇ ਗਾਏ ਹਨ |
ਡਾ: ਸਾਥੀ ਅਜਿਹੇ ਲੇਖਕ ਸਨ ਜਿਨ੍ਹਾਂ ਨੇ ਆਪਣੇ ਕੋਲ ਪੁਰਾਣੇ ਲੇਖਕਾਂ ਦੀਆਂ ਯਾਦਾਂ ਦਾ ਭੰਡਾਰ ਇਕੱਠਾ ਕੀਤਾ ਹੋਇਆ ਸੀ | ਸ਼ਿਵ ਕੁਮਾਰ ਬਟਾਲਵੀ, ਗਾਇਕ ਜਗਜੀਤ ਸਿੰਘ, ਸ਼ੋਭਾ ਸਿੰਘ, ਅੰਮਿ੍ਤਾ ਪ੍ਰੀਤਮ, ਰੇਸ਼ਮਾ ਆਦਿ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਅਕਸਰ ਹੀ ਮਿਲਣੀਆਂ ਹੁੰਦੀਆਂ ਰਹੀਆਂ ਸਨ | ਇੰਗਲੈਂਡ ਦੀ ਹਰ ਮਹਿਫਲ ਦਾ ਸ਼ਿੰਗਾਰ ਸਨ ਸਾਥੀ ਲੁਧਿਆਣਵੀ | ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਕਰਕੇ ਉਨ੍ਹਾਂ ਦਾ ਸਤਿਕਾਰ ਹੁੰਦਾ ਸੀ ਅਤੇ ਲੱਗਪਗ ਹਰ ਸਾਹਿਤਕ ਸਮਾਗਮ ਵਿਚ ਉਨ੍ਹਾਂ ਨੂੰ ਕਿਸੇ ਨਾ ਕਿਸੇ ਹਿੱਸੇ ਦੀ ਪ੍ਰਧਾਨਗੀ ਦੀ ਕੁਰਸੀ ਮਿਲਦੀ | ਸਾਥੀ ਨੂੰ ਭਾਵੇਂ ਅਜੇ ਕੁਝ ਮਹੀਨੇ ਪਹਿਲਾਂ ਹੀ ਪਤਾ ਲੱਗਾ ਸੀ ਕਿ ਉਨ੍ਹਾਂ ਨੂੰ ਉਸੇ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਹੈ ਜਿਸ ਨੇ ਕਦੇ ਉਨ੍ਹਾਂ ਦੇ ਬੇਟੇ ਪ੍ਰਵੀਨ ਨੂੰ ਨਿਗਲ ਲਿਆ ਸੀ, ਪਰ ਆਖਰੀ ਦਿਨਾਂ ਵਿਚ ਵੀ ਉਨ੍ਹਾਂ ਦਾ ਸਾਹਿਤ ਵਲੋਂ ਜੀਅ ਨਹੀਂ ਸੀ ਉੱਕਿਆ | ਆਖਰੀ ਸਮੇਂ ਤੱਕ ਉਨ੍ਹਾਂ ਅਖ਼ਬਾਰਾਂ ਦਾ ਸਾਥ ਨਹੀਂ ਛੱਡਿਆ | ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸਰਗਰਮੀ ਲਗਾਤਾਰ ਜਾਰੀ ਰਹੀ | ਕਈ ਮਹੀਨੇ ਉਹ ਆਪਣੀ ਧਰਮ-ਪਤਨੀ ਯਸ਼ ਸਾਥੀ ਨਾਲ ਮਿਲ ਕੇ ਕੈਂਸਰ ਨਾਲ ਲੜਦਾ ਰਿਹਾ | ਅਖੀਰ ਇਕ ਦਿਨ ਜਨਤਕ ਕਰ ਦਿੱਤਾ ਕਿ ਉਹ ਕੈਂਸਰ ਨਾਲ ਲੜ ਰਿਹਾ ਹੈ | ਡਾ: ਸਾਥੀ ਲੁਧਿਆਣਵੀ ਨਵੇਂ ਲੇਖਕਾਂ ਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਅਤੇ ਲੋੜ ਪੈਣ 'ਤੇ ਉਨ੍ਹਾਂ ਦੀਆਂ ਗ਼ਲਤੀਆਂ ਵੱਲ ਧਿਆਨ ਵੀ ਦਿਵਾਉਂਦੇ ਰਹੇ | ਪੰਜਾਬੀ ਵਿਚ ਗ਼ੈਰ-ਪੰਜਾਬੀ ਸ਼ਬਦਾਂ ਦੀ ਆਮਦ ਦਾ ਉਹ ਹਮੇਸ਼ਾ ਸਵਾਗਤ ਕਰਦੇ ਅਤੇ ਕਿਹਾ ਕਰਦੇ ਸਨ, ਇਨ੍ਹਾਂ ਦਾ ਸਤਿਕਾਰ ਕਰੋ, ਸਮਾਂ ਬਦਲ ਰਿਹਾ ਹੈ ਪਰ ਪੰਜਾਬੀ ਨਾ ਭੁੱਲੋ |
ਪੰਜਾਬੀ ਮਾਂ-ਬੋਲੀ ਦਾ ਮਹਾਨ ਸਪੂਤ ਆਪਣੇ ਪਿੱਛੇ ਪਤਨੀ ਯਸ਼ ਸਾਥੀ, ਬੇਟੇ ਨਵੀਨ, ਨੂੰ ਹ ਸ਼ਰਨਜੀਤ, ਪੋਤੇ ਨਿਹਾਲ, ਆਕਾਸ਼ ਅਤੇ ਪੋਤੀ ਨਯਾ ਸਾਥੀ ਸਮੇਤ ਆਪਣੇ ਲੱਖਾਂ ਪਾਠਕਾਂ ਨੂੰ ਛੱਡ 17 ਜਨਵਰੀ, 2019 ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ | ਉਸ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ |

-ਫੋਨ: 07899798363
msbadhni@yahoo.co.uk


ਖ਼ਬਰ ਸ਼ੇਅਰ ਕਰੋ

ਹਿੰਦੀ ਵਿਅੰਗ- ਕੀ ਸੀ ਉਹ ਆਦਮੀ

ਅੱਜ ਸਵੇਰੇ ਉਹ ਮਰ ਗਿਆ | ਮਰਿਆ ਵੀ ਐਤਵਾਰ ਨੂੰ | ਛੁੱਟੀ ਵਾਲੇ ਦਿਨ | ਮੀਂਹ-ਕਣੀ ਦਾ ਮੌਸਮ ਸੀ, ਪਰ ਉਹ ਸੁੱਕੇ ਦਿਨ ਮਰਿਆ | ਸਵੇਰੇ ਮਰਨ ਕਰਕੇ ਅਸੀਂ ਤਿੰਨ ਚਾਰ ਘੰਟਿਆਂ ਵਿਚ ਉਸ ਦਾ ਸਸਕਾਰ ਕਰ ਦਿੱਤਾ ਸੀ | ਦਿਲ ਫੇਲ੍ਹ ਹੋਣ ਕਾਰਨ, ਇਕੋ ਝਟਕੇ 'ਚ ਹੀ ਚਲ ਵਸਿਆ | ਕਿਸੇ ਨੂੰ ਸੇਵਾ ਕਰਨ ਦੀ ਤਕਲੀਫ਼ ਨਹੀਂ ਦਿੱਤੀ ਸੀ | ਸਨਿਚਰਵਾਰ ਨੂੰ ਤਨਖਾਹ ਲੈ ਕੇ ਆਇਆ, ਕਿਰਿਆ ਕਰਮ ਦਾ ਖਰਚਾ ਵੀ ਛੱਡ ਕੇ ਮਰਿਆ | ਵਸੀਅਤ ਲਿਖ ਕੇ ਮਰਿਆ, ਤਾਂ ਜੋ ਪਿੱਛੋਂ ਜੁਆਕ ਲੜਨ-ਝਗੜਨ ਨਾ | ਜਿਵੇਂ ਜਿਊਾਦਾ ਰਿਹਾ, ਉਸੇ ਤਰ੍ਹਾਂ ਨਾਲ ਮਰਿਆ |
ਸ਼ਾਮ ਨੂੰ ਵਰਾਂਡੇ ਵਿਚ ਬੈਠਾ, ਮੈਂ ਉਸ ਦੇ ਬਾਰੇ ਹੀ ਸੋਚ ਰਿਹਾ ਸਾਂ | ਬੇਤਰਤੀਬੀਆਂ ਕਿੰਨੀਆਂ ਹੀ ਯਾਦਾਂ ਜ਼ਿਹਨ 'ਚ ਆ ਰਹੀਆਂ ਸਨ | ਸਾਡੇ ਬੂਹੇ ਤੋਂ ਉਨ੍ਹਾਂ ਦੀਆਂ ਪੌੜੀਆਂ ਦੀਹਦੀਆਂ ਸਨ | ਉਸ ਨੂੰ ਮੈਂ ਪੌੜੀ ਚੜ੍ਹਦਾ-ਉਤਰਦਾ ਵਿੰਹਦਾ ਸਾਂ | ਪੌੜੀ 'ਤੇ ਹੌਲੀ-ਹੌਲੀ ਪੈਰ ਧਰਦਾ | ਭੋਰਾ ਖੜਾਕ ਨਾ ਕਰਦਾ | ਇਉਂ ਜਾਪਦਾ ਜਿਵੇਂ ਆਪਣੇ ਹੀ ਘਰੇ ਕੋਈ ਚੋਰੀ ਕਰਨ ਚਲਿਆ ਹੋਵੇ | ਜਿਵੇਂ ਉਹ ਤਾਂ ਪੌੜੀ ਤੋਂ ਵੀ ਿਖ਼ਮਾ ਮੰਗਦਾ ਜਾਪਦਾ ਸੀ, ਮੁਆਫ਼ ਕਰੀਂ, ਮੈਨੂੰ ਤੇਰੇ 'ਤੇ ਪੈਰ ਧਰਨਾ ਪੈ ਰਿਹਾ | ਮੇਰੀ ਮਜਬੂਰੀ ਹੈ | ਮੈਨੂੰ ਘਰ ਤਾਂ ਜਾਣਾ ਹੀ ਪੈਣਾ ਹੈ |
ਜਗ੍ਹਾ ਘੱਟ ਹੈ | ਪੌੜੀਆਂ ਕੋਲ ਤਿੰਨ ਚਾਰ ਸਾਈਕਲ ਰੱਖੇ ਹੁੰਦੇ ਹਨ | ਉਹ ਸਾਈਕਲ ਪਰ੍ਹੇ ਕਰਕੇ ਰਸਤਾ ਨਾ ਬਣਾਉਂਦਾ | ਇਕ ਲਹਿਰ ਵਾਂਗ ਸਾਈਕਲ ਵਿਚੋਂ ਨਿਕਲ ਜਾਂਦਾ | ਕਿਸੇ ਸਾਈਕਲ ਨੂੰ ਛੰੂਹਦਾ ਵੀ ਨਾ | ਮੈਨੂੰ ਵਰਾਂਡੇ ਵਿਚ ਬੈਠੇ ਉਹ 'ਨਮਸਤੇ' ਬੁਲਾਉਂਦਾ | ਹੌਲੀ ਦੇਣੇ ਇਕ ਹੱਥ ਅੱਧਾ ਉਤਾਂਹ ਚੁੱਕ ਕੇ, ਹੌਲੀ ਜਿਹੇ 'ਨਮਸਤੇ' ਕਹਿੰਦਾ | ਜਦੋਂ ਉਸ ਦਾ ਹੱਥ ਥੱਲੇ ਆ ਜਾਂਦਾ, ਉਦੋਂ ਮੈਨੂੰ ਸਿਰਫ਼ 'ਤੇ' ਹੀ ਸੁਣਾਈ ਦਿੰਦੀ | ਉਸ ਨੇ ਕਈ ਗਰਮਜੋਸ਼ੀ ਨਾਲ, ਦੋਵੇਂ ਹੱਥ ਜੋੜ ਕੇ ਨਮਸਤੇ ਨਹੀਂ ਸੀ ਬੁਲਾਈ | ਜਦੋਂ ਕਦੀ ਮੈਂ ਪਹਿਲਾਂ ਹੀ ਜ਼ੋਰ ਨਾਲ 'ਨਮਸਤੇ' ਬੁਲਾਉਂਦਾ ਤਾਂ ਉਹ ਠਠੰਬਰ ਜਾਂਦਾ, ਪਲ ਭਰ ਲਈ ਸਥਿਤੀ ਦਾ ਜਾਇਜ਼ਾ ਲੈਂਦਾ, ਫੇਰ ਅੱਧਾ ਹੱਥ ਉਤਾਂਹ ਚੁੱਕ ਕੇ 'ਤੇ' ਕਹਿੰਦਾ ਅਤੇ ਪੌੜੀ ਦੇ ਡੰਡੇ 'ਤੇ ਪੈਰ ਰੱਖ ਦਿੰਦਾ |
ਕਦੀ-ਕਦੀ ਉਹ ਮੇਰੇ ਕੋਲ ਦੋ ਮਿੰਟ ਬੈਠ ਵੀ ਜਾਂਦਾ ਸੀ | ਇਕ ਵਾਰ ਉਹ ਬੈਠਾ ਸੀ | ਮੱਖੀਆਂ ਬਹੁਤ ਸਨ | ਮੈਂ ਇਕ ਰਿਸਾਲੇ ਨਾਲ ਮੱਖੀਆਂ ਉਡਾ ਰਿਹਾ ਸੀ | ਮੈਂ ਦੇਖਿਆ ਕਿ ਉਸ ਦੇ ਨੱਕ ਉਤੇ ਵੀ ਦੋ ਮੱਖੀਆਂ ਬੈਠੀਆਂ ਸਨ | ਉਸ ਨੇ ਹੌਲੀ-ਹੌਲੀ ਹੱਥ ਮਾਰ ਕੇ ਮੱਖੀਆਂ ਨੂੰ ਉਡਾ ਦਿੱਤਾ ਸੀ | ਮੈਨੂੰ ਲੱਗਿਆ ਜਿਵੇਂ ਉਹ ਮੱਖੀਆਂ ਕੋਲੋਂ ਵੀ ਿਖ਼ਮਾ ਮੰਗ ਰਿਹਾ ਸੀ, ਮੁਆਫ਼ ਕਰਨਾ ਭੋਰਾ ਵੀ ਤੁਹਾਨੂੰ ਤੰਗ ਕਰਨ ਦਾ ਮਨ ਨਹੀਂ ਹੈ, ਪਰ ਤੁਸੀਂ ਮੇਰੇ ਨੱਕ 'ਤੇ ਹੀ ਚੜ੍ਹ ਕੇ ਬੈਠ ਗਈਆਂ | ਥੋੜ੍ਹਾ ਉਰੇ-ਪਰੇ ਹੋ ਜਾਂਦੀਆਂ | ਤੁਹਾਡਾ ਦਿਲ ਕਰੇ, ਫਿਰ ਆ ਕੇ ਬੈਠ ਜਾਇਓ, ਨੱਕ ਤੁਹਾਡਾ ਆਪਣਾ ਹੀ ਹੈ |
ਇਕ ਦਿਨ ਸ਼ਾਮੀਂ ਬਿਜਲੀ ਚਲੀ ਗਈ ਸੀ | ਮੈਂ ਮੋਮਬੱਤੀ ਬਾਲੀ ਬੈਠਾ ਸਾਂ | ਉਹ ਵੀ ਆ ਕੇ ਮੇਰੇ ਕੋਲ ਬੈਠ ਗਿਆ | ਮੈਂ ਕਿਹਾ, 'ਬਿਜਲੀ ਚਲੀ ਗਈ ਹੈ |'
ਉਹ ਬੋਲਿਆ, 'ਹਾਂ ਜੀ, ਬੜਾ ਨ੍ਹੇਰਾ ਹੋ ਗਿਆ ਹੈ |'
ਮੈਂ ਕਿਹਾ, 'ਮੇਰੀ ਥੋੜ੍ਹੀ ਤਬੀਅਤ ਸਹੀ ਨਹੀਂ ਹੈ | ਤੁਸੀਂ ਉਸ ਸਾਹਮਣੇ ਮਕਾਨ ਤੋਂ ਫੋਨ ਕਰ ਦਿਓ ਤਾਂ ਕਿ ਬਿਜਲੀ ਆ ਜਾਵੇ |'
ਉਹ ਕਹਿੰਦਾ, 'ਆ ਜਾਊਗੀ ਜੀ, ਸਾਰਿਆਂ ਘਰਾਂ 'ਚ ਨ੍ਹੇਰਾ ਹੈ |' ਉਹ ਨਹੀਂ ਗਿਆ | ਮੈਂ ਦੁਬਾਰਾ ਵੀ ਕਿਹਾ, ਤਾਂ ਵੀ ਉਸ ਨੇ ਉਹੀ ਜਵਾਬ ਦਿੱਤਾ, 'ਸਭ ਦੇ ਘਰਾਂ 'ਚ ਨ੍ਹੇਰਾ ਹੈ |'
ਮੈਨੂੰ ਸਮਝ 'ਚ ਨਹੀਂ ਆ ਰਿਹਾ ਸੀ ਕਿ ਸਭ ਦੇ ਘਰੀਂ ਨ੍ਹੇਰਾ ਹੈ, ਇਸ ਨਾਲ ਉਸ ਦੇ ਘਰ ਉਜਾਲਾ ਕਿਵੇਂ ਹੋ ਜਾਂਦਾ? ਪਰ ਉਹ ਤਾਂ ਸਬਰ ਸੰਤੋਖ ਨਾਲ ਬੈਠਾ ਸੀ | ਮੀਂਹ ਨਾਲ ਸਾਹਮਣੀ ਥਾਂ 'ਤੇ ਪਾਣੀ ਭਰ ਗਿਆ ਸੀ | ਚਿੱਕੜ ਹੋ ਗਿਆ ਸੀ | ਉਹ ਅਕਸਰ ਕਹਿੰਦਾ, 'ਚਿੱਕੜ ਦੀ ਬੜੀ ਤਕਲੀਫ਼ ਹੁੰਦੀ ਹੈ |'
ਮੈਂ ਕਿਹਾ, 'ਇਥੇ ਥੋੜ੍ਹੇ ਰੋੜੇ ਪੱਥਰ ਪੁਆ ਦਿਓ |'
'ਸਭ ਨੂੰ ਤਕਲੀਫ਼ ਹੈ', ਉਹ ਇਹ ਕਹਿੰਦਾ ਪੈਰ, ਜੁੱਤੀ ਤੇ ਕੱਪੜੇ ਖਰਾਬ ਕਰਕੇ ਚਿੱਕੜ 'ਚੋਂ ਲੰਘ ਗਿਆ | ਇਕ ਗੁਆਂਢੀ ਨੇ ਉਸ ਥਾਂ ਇੱਟਾਂ ਰੋੜੇ ਪੁਆ ਦਿੱਤੇ ਤਾਂ ਉਸ ਨੂੰ ਵੀ ਸੌਖ ਹੋ ਗਈ ਸੀ | ਕਿੰਨੀਆਂ ਹੀ ਛੋਟੀਆਂ-ਛੋਟੀਆਂ ਗੱਲਾਂ ਹਨ | ਬੜਾ ਅਜੀਬੋ-ਗਰੀਬ ਇਨਸਾਨ ਸੀ ਉਹ | ਭੋਰਾ ਵੀ ਵਿਰੋਧ ਨਹੀਂ ਕਰਦਾ ਸੀ ਉਹ | ਇਕ ਦਿਨ ਬਾਹਰੋਂ ਕਿਤੋਂ ਆਇਆ | ਮੇਰੇ ਕੋਲ ਬੈਠ ਗਿਆ | ਕਹਿੰਦਾ, 'ਮੈਨੂੰ ਤਾਂ ਗੁਆਂਢੀ ਦੇ ਕੁੱਤੇ ਨੇ ਵੱਢ ਲਿਆ |'
ਮੈਂ ਕਿਹਾ, 'ਦਿਖਾ ਤਾਂ ਕਿੱਥੇ ਵੱਢਿਆ?'
ਉਹ ਕਹਿੰਦਾ, 'ਮੈਂ ਜਾ ਰਿਹਾ ਸੀ | ਕੁੱਤਾ ਮੇਰੇ ਤੇ ਲੁਪਟ ਗਿਆ | ਪੈਰ 'ਤੇ ਮੰੂਹ ਮਾਰਿਆ | ਸ਼ੁਕਰ ਹੈ ਦੰਦ ਪੈਰ 'ਚ ਨਹੀਂ ਵੜਿਆ | ਪੈਂਟ ਫਟ ਗਈ ਹੈ | ਆਹ ਦੇਖੋ |'
ਮੈਨੂੰ ਗੁੱਸਾ ਆ ਗਿਆ, ਮੈਂ ਕਿਹਾ, 'ਇਸ ਕੁੱਤੇ ਨੇ ਕਈਆਂ ਬੰਦਿਆਂ ਨੂੰ ਵੱਢਿਆ ਹੈ | ਤੂੰ ਪੁਲਿਸ ਕੋਲ ਸ਼ਿਕਾਇਤ ਕਰ |'
ਉਹ ਕਹਿੰਦਾ, 'ਰਿਪੋਰਟ ਕਾਹਨੂੰ ਕਰਨੀ ਆਂ, ਕੁੱਤੇ ਸਾਰੇ ਹੀ ਵੱਢਦੇ ਹਨ |'
ਮੈਂ ਕਿਹਾ, 'ਤੇਰੀ ਪੈਂਟ ਫਟ ਗਈ ਹੈ | ਤੂੰ ਕੁੱਤੇ ਦੇ ਮਾਲਕ ਕੋਲੋਂ ਪੈਂਟ ਦੇ ਪੈਸੇ ਮੰਗ |'
ਉਹ ਸ਼ਾਂਤੀ ਨਾਲ ਬੋਲਿਆ, 'ਛੱਡੋ ਜੀ, ਸਾਰੇ ਈ ਕੁੱਤੇ ਵੱਢਦੇ ਨੇ |'
ਇਕ ਦਿਨ ਉਸ ਦੀ ਕੁੜੀ ਸ਼ਾਮੀਂ ਦੇਰ ਨਾਲ ਘਰ ਪਰਤੀ | ਉਸ ਦੀ ਮਾਂ ਪ੍ਰੇਸ਼ਾਨ ਸੀ | ਪਰ ਉਹ ਗੰਭੀਰ ਹੋਇਆ ਬੈਠਾ ਸੀ | ਉਸ ਦੀ ਪਤਨੀ ਵਾਰ-ਵਾਰ ਉਸ ਨੂੰ ਕਹਿੰਦੀ, 'ਜਾਓ ਜਾ ਕੇ ਕਿਤੇ ਪਤਾ ਕਰੋ | ਨ੍ਹੇਰਾ ਬੜਾ ਗੂੜ੍ਹਾ ਹੋਈ ਜਾ ਰਿਹਾ ਹੈ | ਜ਼ਮਾਨਾ ਬੜਾ ਖਰਾਬ ਹੈ |' ਉਹ ਕਹਿੰਦਾ, 'ਜ਼ਮਾਨਾ ਸਭ ਲਈ ਖਰਾਬ ਹੈ |' ਥੋੜ੍ਹੀ ਦੇਰ ਪਿੱਛੋਂ ਕੁੜੀ ਘਰ ਆ ਗਈ ਸੀ | ਮੈਂ ਸੋਚ ਰਿਹਾ ਸੀ ਹੁਣ ਉਹ ਕੁੜੀ ਨੂੰ ਬੁਰਾ ਭਲਾ ਬੋਲੇਗਾ | ਉਹ ਕਹਿੰਦਾ, 'ਬੇਬੀ, ਤੂੰ ਬਹੁਤ ਤੰਗ ਕਰਦੀ ਏਾ' ਆਪਣੀ ਗੱਲ ਅੱਗੇ ਤੋਰਦਾ ਕਹਿੰਦਾ, 'ਸਾਰੀਆਂ ਬੇਬੀਆਂ ਤੰਗ ਕਰਦੀਆਂ ਹਨ |' ਗੱਲ ਖ਼ਤਮ |
ਇਕ ਦਿਨ ਮੈਂ ਕਿਹਾ, 'ਸੁਣਿਆ ਹੈ, ਸਰਕਾਰ ਮਹਿੰਗਾਈ ਭੱਤੇ ਦੀ ਕਿਸ਼ਤ ਨਹੀਂ ਦੇ ਰਹੀ |'
ਉਹ ਕਹਿੰਦਾ, 'ਹਾਂ ਜੀ, ਸਭ ਨੂੰ ਨਹੀਂ ਦੇ ਰਹੀ |'
ਮੈਂ ਕਿਹਾ, 'ਤੁਸੀਂ ਲੋਕ ਕੁਝ ਕਰ ਰਹੇ ਹੋ?'
ਉਹ ਕਹਿੰਦਾ, 'ਕੀ ਕਰੀਏ? ਦੇਣ ਵਾਲੀ ਸਰਕਾਰ, ਅਸੀਂ ਤਾਂ ਲੈਣ ਵਾਲੇ ਹਾਂ | ਜਦੋਂ ਸਰਕਾਰ ਦੇਵੇਗੀ, ਉਦੋਂ ਲੈ ਲਵਾਂਗੇ |'
ਥੋੜ੍ਹੇ ਦਿਨਾਂ ਪਿੱਛੋਂ ਹੜਤਾਲ ਦਾ ਐਲਾਨ ਹੋ ਗਿਆ | ਮੈਂ ਉਸ ਨੂੰ ਕਿਹਾ, 'ਕੱਲ੍ਹ ਤੁਹਾਡੀ ਹੜਤਾਲ ਹੈ | ਤੂੰ ਤਾਂ ਕੰਮ 'ਤੇ ਨਹੀਂ ਜਾਏਾਗਾ?'
ਉਹ ਕਹਿੰਦਾ, 'ਮੈਂ ਤਾਂ ਕੰਮ 'ਤੇ ਜਾਵਾਂਗਾ |'
ਮੈਂ ਕਿਹਾ, 'ਹੜਤਾਲ ਨਹੀਂ ਕਰੇਂਗਾ?'
ਉਸ ਦਾ ਜਵਾਬ ਸੀ, 'ਸਾਰੇ ਹੜਤਾਲ ਕਰ ਰਹੇ ਹਨ | ਮੈਂ ਨਹੀਂ ਕਰਾਂਗਾ ਤਾਂ ਕੀ ਬਿਗੜ ਜਾਵੇਗਾ?'
ਮੈਂ ਕਿਹਾ, 'ਤਾਂ ਤੁਸੀਂ ਮਹਿੰਗਾਈ ਭੱਤਾ ਨਹੀਂ ਲਓਗੇ |'
ਉਹ ਕਹਿੰਦਾ, 'ਸਭ ਨੂੰ ਮਿਲੂਗਾ ਤਾਂ ਮੈਂ ਵੀ ਲਵਾਂਗਾ |'
ਅਜੀਬੋ-ਗਰੀਬ ਬੰਦਾ ਸੀ ਉਹ | ਹਰ ਸਥਿਤੀ 'ਚੋਂ ਬਚ ਕੇ ਨਿਕਲ ਜਾਂਦਾ ਸੀ |
ਚੋਣਾਂ ਹੋ ਰਹੀਆਂ ਸਨ | ਮੇਰੇ ਕੋਲ ਉਸ ਤੋਂ ਇਲਾਵਾ ਦੋ ਹੋਰ ਬੰਦੇ ਬੈਠੇ ਸਨ | ਅਸੀਂ ਪਾਰਟੀਆਂ ਬਾਰੇ, ਉਮੀਦਵਾਰਾਂ ਬਾਰੇ, ਗੱਲਾਂ ਕਰ ਰਹੇ ਸਾਂ | ਉਨ੍ਹਾਂ ਦੇ ਗੁਣ-ਦੋਸ਼ਾਂ 'ਤੇ ਚਰਚਾ ਹੋ ਰਹੀ ਸੀ |
ਇਕ ਕਹਿੰਦਾ, 'ਇਸ ਵਾਰ ਜਨਤਾ ਪਾਰਟੀ ਜ਼ਰੂਰ ਜਿੱਤੇਗੀ |'
ਦੂਜਾ ਕਹਿੰਦਾ, 'ਨਹੀਂ, ਕੁਝ ਵੀ ਹੋਵੇ, ਕਾਂਗਰਸ ਦੇ ਜਿੱਤਣ ਦੇ ਆਸਾਰ ਹਨ | ਉਸ ਨੇ ਹੌਲੀ ਦੇਣੇ ਕਿਹਾ,'ਦੋਖੋ ਜੀ, ਦੋ ਜਣੇ ਲੜਦੇ ਹਨ, ਤਾਂ ਇਕ ਨੇ ਤਾਂ ਜਿੱਤਣਾ ਹੀ ਹੁੰਦਾ ਹੈ |'
ਮੈਂ ਕਿਹਾ, 'ਪਰ ਤੁਹਾਨੂੰ ਕਿਹੜੀ ਪਾਰਟੀ ਪਸੰਦ ਹੈ?'
ਉਹ ਕਹਿੰਦਾ, 'ਮੈਨੂੰ ਤਾਂ ਦੋਵੇਂ ਹੀ ਚੰਗੀਆਂ ਹਨ |'
ਮੈਂ ਕਿਹਾ, 'ਵੋਟ ਕੀਹਨੂੰ ਪਾਏਾਗਾ?'
ਉਹ ਕਹਿੰਦਾ, 'ਮੈਂ ਵੋਟ ਪਾਣ ਜਾਣਾ ਈ ਨਹੀਂ | ਸਾਰੇ ਵੋਟਾਂ ਪਾਵਣਗੇ, ਮੇਰੀ ਕੀ ਜ਼ਰੂਰਤ ਹੈ |'
ਮੈਂ ਕਿਹਾ, 'ਜਾਣੀ ਤੇਰੇ ਲਈ ਕੋਈ ਵੀ ਸਰਕਾਰ ਬਣ ਜੇ?'
ਉਹ ਕਹਿੰਦਾ, 'ਹਾਂ ਜੀ, ਸਭ ਸਰਕਾਰਾਂ ਇਕੋ ਜਿਹੀਆਂ ਹੀ ਹੁੰਦੀਆਂ ਹਨ |'
ਉਸ ਦੀਆਂ ਬੜੀਆਂ ਗੱਲਾਂ ਚੇਤੇ ਆ ਰਹੀਆਂ ਹਨ | ਕਿਹੋ ਜਿਹਾ ਇਨਸਾਨ ਸੀ ਉਹ? ਅੱਜ ਸਵੇਰੇ ਉਹ ਮਰ ਗਿਆ | ਮਰਨ ਤੋਂ ਪਹਿਲਾਂ ਉਸ ਨੂੰ ਥੋੜ੍ਹੇ ਸਮੇਂ ਲਈ ਹੋਸ਼ ਵੀ ਆਇਆ ਸੀ | ਉਸ ਨੇ ਅੱਖਾਂ ਖੋਲ੍ਹ ਕੇ ਚਾਰੇ ਪਾਸੇ ਦੇਖਿਆ ਤੇ ਹੌਲੀ ਦੇਣੇ ਬੋਲਿਆ, 'ਸਾਰੇ ਈ ਮਰਦੇ ਨੇ ਜੀ |' ਬਸ ਫਿਰ ਉਹ ਮਰ ਗਿਆ |
ਸੋਚ ਰਿਹਾ ਹਾਂ, ਕਿਹੋ ਜਿਹਾ ਆਦਮੀ ਸੀ ਉਹ? ਕਿਤੇ ਅੜਦਾ ਨਹੀਂ ਸੀ | ਹਿੱਕ ਤਾਣ ਕੇ ਖਲੋਂਦਾ ਨਹੀਂ ਸੀ | ਕੀੜੀ ਤੋਂ ਵੀ ਬਚ ਕੇ ਲੰਘਦਾ ਸੀ | ਕਦੀ ਨਾਂਹ ਨੁੱਕਰ ਨਹੀਂ ਕਰਦਾ ਸੀ | ਉਸ ਨੂੰ ਕੁਝ ਵੀ ਅਸਹਿਣਸ਼ੀਲ ਨਹੀਂ ਲਗਦਾ ਸੀ | ਇਕ ਅਜਿਹਾ ਆਦਮੀ ਸੀ, ਜੀਹਦੇ ਕੋਲੇ ਜਗਦੀ ਮਸ਼ਾਲ ਵੀ ਲੈ ਜਾਓ ਤਾਂ ਉਹ ਵੀ ਬੁੱਝ ਜਾਵੇਗੀ, ਮੈਂ ਸੋਚ ਰਿਹਾ ਹਾਂ | ਇਕ ਗੁਆਂਢੀ ਦੋਸਤ ਆ ਗਿਆ | ਉਹ ਵੀ ਵਿਛੜੇ ਸਾਥੀ ਸਬੰਧੀ ਕੁਝ ਕਹਿ ਰਿਹਾ ਸੀ | ਕਹਿੰਦਾ, 'ਭਾਈ ਆਦਮੀ ਨਹੀਂ, ਉਹ ਤਾਂ ਇਕ ਸੰਤ ਸੀ |' ਮੈਂ ਕੁਝ ਨਾ ਬੋਲਿਆ | ਉਹ ਮੈਨੂੰ ਪੁੱਛਣ ਲੱਗਾ, 'ਦੱਸੋ ਉਹ ਕਿਹੋ ਜਿਹਾ ਆਦਮੀ ਸੀ?' ਮੈਂ ਚੁੱਪ ਰਿਹਾ | ਉਹ ਫਿਰ ਪੁੱਛਣ ਲੱਗਾ, 'ਕਿਹੋ ਜਿਹਾ ਆਦਮੀ ਸੀ ਉਹ?'
ਮੈਂ ਸੋਚ ਰਿਹਾ ਸੀ | ਉਸੇ ਵੇਲੇ, ਮੇਰੇ ਪੈਰ ਨੂੰ ਕਿਸੇ ਗਿੱਲੀ ਗੁਦਗੁਦੀ ਚੀਜ਼ ਨੇ ਛੂਹ ਲਿਆ ਸੀ | ਮੈਂ ਪੈਰ ਨੂੰ ਝਟਕਾ ਮਾਰਿਆ | ਨਾਲ ਚਿਪਕਿਆ ਗੰਡ-ਗੰਡੋਲਾ ਦੂਰ ਜਾ ਡਿੱਗਿਆ |
ਉਹ ਮੈਨੂੰ ਫਿਰ ਪੁੱਛਣ ਲੱਗਾ, 'ਦੱਸੋ ਤਾਂ ਕਿਹੋ ਜਿਹਾ ਸੀ ਉਹ ਆਦਮੀ?'
ਮੈਂ ਜ਼ੋਰ ਦੀ ਕਿਹਾ, 'ਗੰਡ-ਗੰਡੋਲਾ ਸੀ ਉਹ |'

-ਅਨੁਵਾਦ : ਹਰੀ ਕ੍ਰਿਸ਼ਨ ਮਾਇਰ
ਮੋਬਾਈਲ : 97806-67686.
mayer_hk@yahoo.com

2018 ਦਾ ਪੰਜਾਬੀ ਰੰਗਮੰਚ- ਨਵੀਆਂ ਸੰਭਾਵਨਾਵਾਂ ਦੇ ਨਾਂਅ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸੇ ਸਾਲ ਪੰਜਾਬੀ ਨਾਟਕ ਦੀ ਨੁੱਕੜ ਦਾਾਦੀ 'ਨੌਰਾ ਰਿਚਰਡਜ਼' ਦੇ ਜਨਮ ਦਿਹਾੜੇ ਉਪਰ 'ਅੰਧਰੇਟਾ' (ਪਾਲਮਪੁਰ) ਵਿਖੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਦੋ ਰੋਜ਼ਾ ਨਾਟਕ ਉਤਸਵ ਅਤੇ ਰੰਗਮੰਚ ਸੰਵਾਦ 100 ਤੋਂ ਵੱਧ ਨੌਜਵਾਨ ਰੰਗਕਰਮੀਆਂ ਨਾਲ ਕੀਤਾ ਗਿਆ | ਇਸ ਮੌਕੇ 'ਤੇ ਬਲਜੀਤ ਮੋਗਾ ਵਲੋਂ ਇਕ ਪਾਤਰੀ ਨਾਟਕ ਅਤੇ ਗੁਰਮੇਲ ਸ਼ਾਮ ਨਗਰ ਵਲੋਂ ਨਾਟਕ 'ਗਿੱਲੀ ਮਿੱਟੀ' ਪੇਸ਼ ਕੀਤੇ ਗਏ | ਇਸ ਵਰੇ੍ਹ ਜਿਥੇ ਨਾਟਕਕਾਰ 'ਡਾ: ਸਵਰਾਜਬੀਰ' ਨੇ ਨਵਾਂ ਨਾਟਕ 'ਮਹਾਂਦੰਡ' ਲਿਖਿਆ ਹੈ | ਬਠਿੰੰਡੇ ਵਾਲੇ ਨੌਜਵਾਨ ਰੰਗਕਰਮੀ ਕੀਰਤੀ ਕਿਰਪਾਲ ਨੇ ਵੀ ਆਪਣੀਆਂ ਨਾਟ ਸਰਗਰਮੀਆਂ ਦੀ ਲਗਾਤਾਰਤਾ ਆਪਣੇ ਨਾਟਕਾਂ 'ਤੂੰ ਮੁੜ ਆ ਲਾਮਾਂ ਤੋਂ', (ਆਤਮਜੀਤ), 'ਸੌਦਾਗਰ' (ਨਿਰਮਲ ਜੌੜਾ), 'ਤੂੰ ਜਾਹ ਡੈਡੀ', ਛਿਲਤਰਾਂ' (ਗੁਰਮੀਤ ਕੜਿਆਲਵੀ) ਨਾਲ 50 ਤੋਂ ਵੱਧ ਸ਼ੋਅ ਵੀ ਕੀਤੇ ਹਨ ਤੇ 10 ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਵੀ ਬਠਿੰਡੇ ਵਿਚ ਕੀਤਾ ਹੈ | ਇਸੇ ਤਰ੍ਹਾਂ ਡਾ: ਲੱਖਾ ਲਹਿਰੀ ਨੇ ਆਪਣੇ ਨਾਟ ਗਰੁੱਪ ਨਾਲ ਨਾਟਕ 'ਸੰੁਦਰੀ, 'ਲਾਟਰੀ', 'ਮਾਇਆਵੀ ਸਰੋਵਰ', 'ਅਵੇਸਲੇ ਯੁੱਧਾਂ ਦੀ ਨਾਇਕਾ', ਆਸਿਫ਼ਾ ਦੀ ਚੀਖ', 'ਉਧਾਰਾ ਪਤੀ' ਅਤੇ 'ਹੁੰਮਸ' ਦੀਆਂ ਲਗਭਗ 25 ਪੇਸ਼ਕਾਰੀਆਂ ਕੀਤੀਆਂ ਹਨ | ਹੁਣ ਜਲੰਧਰ ਵਿਚ ਵੀ ਫੇਰ ਤੋਂ ਨੀਰਜ ਕੌਸ਼ਿਕ, ਹੈਪੀ ਕਾਲਿਜਪੁਰੀਆ ਅਤੇ ਅੰਕੁਰ ਸ਼ਰਮਾ ਦੀਆਂ ਨਾਟਕੀ ਪੇਸ਼ਕਾਰੀਆਂ ਨਾਲ ਰੰਗਮੰਚੀ ਹਿਲਜੁਲ ਹੋਣੀ ਸ਼ੁਰੂ ਹੋਈ ਹੈ | ਪ੍ਰੋ: ਅੰਕੁਰ ਨੇ ਸੱਤ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਵੀ ਕੀਤਾ ਹੈ |
ਇਹ ਮਾਣ ਵਾਲੀ ਗੱਲ ਹੈ ਕਿ ਹੁਣ ਪੰਜਾਬ, ਰੰਗਮੰਚ ਮੇਲਿਆਂ ਦੀ ਵੀ ਧਰਤੀ ਬਣ ਗਿਆ ਹੈ | ਇਕ ਨਵੰਬਰ ਦੀ ਰਾਤ ਨੂੰ ਪਿਛਲੇ 28 ਸਾਲ ਤੋਂ ਲਗਾਤਾਰ ਸਾਰੀ ਰਾਤ ਦਾ ਨਾਟਕ ਮੇਲਾ ਹੁੰਦਾ ਹੈ, ਇਹ ਨਾਟਕ ਮੇਲਾ ਹੁਣ ਪੰਜਾਬ ਦੇ ਅਗਾਂਹਵਧੂ ਸੱਭਿਆਚਾਰ ਦਾ ਹਿੱਸਾ ਬਣ ਗਿਆ ਹੈ, ਜਿਥੇ ਲਗਭਗ ਦੇਸ਼-ਵਿਦੇਸ਼ ਤੋਂ ਪੰਦਰਾਂ ਹਜ਼ਾਰ ਦਰਸ਼ਕ ਸਾਰੀ ਰਾਤ ਨਾਟਕਾਂ ਦਾ ਅਨੰਦ ਮਾਣਦੇ ਹਨ | ਇਸੇ ਤਰ੍ਹਾਂ ਪੰਜਾਬ ਲੋਕ ਸੱਭਿਆਚਾਰਕ ਮੰਚ ਵਲੋਂ ਇਕ ਮਈ ਦੀ ਰਾਤ ਲੁਧਿਆਣੇ ਪੰਜਾਬੀ ਭਵਨ ਵਿਚ ਪਿਛਲੇ 35 ਸਾਲਾਂ ਤੋਂ ਲੱਗਣ ਵਾਲਾ ਨਾਟਕ ਮੇਲਾ ਵੀ ਨਵੀਆਂ ਨਰੋਈਆਂ ਕਦਰਾਂ ਕੀਮਤਾਂ ਦੀ ਬਾਤ ਪਾਉਂਦਾ ਹੈ | ਪਲਸ ਮੰਚ ਵਲੋਂ ਵੀ ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ ਵਿਚ 'ਇਨਕਲਾਬੀ ਰੰਗਮੰਚ ਦਿਵਸ' ਦੇ ਤੌਰ 'ਤੇ ਹਰ ਸਾਲ ਬਰਨਾਲਾ ਵਿਖੇ 27 ਸਤੰਬਰ ਦੀ ਰਾਤ ਦਾ ਨਾਟਕ ਮੇਲਾ ਲੱਗਦਾ ਹੈ | ਅੰਮਿ੍ਤਸਰ ਵਿਚ ਪਿਛਲੇ 18 ਸਾਲ ਤੋਂ ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਨੈਸ਼ਨਲ ਥੀਏਟਰ ਫੈਸਟੀਵਲ ਵਿਰਸਾ ਵਿਹਾਰ ਵਿਖੇ ਕੀਤਾ ਜਾਂਦਾ ਹੈ, ਜਿਸ ਵਿਚ ਸਾਰੇ ਭਾਰਤ ਵਿਚੋਂ ਉੱਚ-ਕੋਟੀ ਦੀਆਂ ਟੀਮਾਂ ਨਾਟਕ ਪੇਸ਼ ਕਰਦੀਆਂ ਹਨ | ਮਰਹੂਮ ਰੰਗਕਰਮੀ ਸੁਖਦੇਵ ਪ੍ਰੀਤ ਦੀ ਯਾਦ ਵਿਚ ਰੰਗਕਰਮੀ ਮੰਚ ਅੰਮਿ੍ਤਸਰ (ਮੰਚਪ੍ਰੀਤ) ਵਲੋਂ ਪੰਜ ਰੋਜ਼ਾ ਨਾਟਕ ਮੇਲਾ ਪੰਜਾਬ ਨਾਟਸ਼ਾਲਾ ਵਿਚ ਕੀਤਾ ਜਾਂਦਾ ਹੈ | ਬਠਿੰਡਾ ਵਿਖੇ ਨਾਟਿਅਮ (ਕੀਰਤੀ ਕਿਰਪਾਲ) ਵਲੋਂ ਹਰ ਸਾਲ ਅਕਤੂਬਰ ਮਹੀਨੇ ਨੈਸ਼ਨਲ ਥੀਏਟਰ ਫੈਸਟੀਵਲ ਕੀਤਾ ਜਾਂਦਾ ਹੈ | ਚੰੰਡੀਗੜ੍ਹ ਵਿਚ ਅਨੀਤਾ ਸ਼ਬਦੀਸ਼ (ਸੁਚੇਤਕ ਥੀਏਟਰ) ਵਲੋਂ ਪੰਜ ਰੋਜ਼ਾ ਗੁਰਸ਼ਰਨ ਸਿੰਘ ਉਤਸਵ ਕੀਤਾ ਜਾਂਦਾ ਹੈ | ਡਾ: ਸਾਹਿਬ ਸਿੰਘ ਵਲੋਂ 'ਅਦਾਕਾਰੀਆਂ' ਰੰਗਮੰਚ ਉਤਸਵ ਮੁਹਾਲੀ ਵਿਖੇ ਕੀਤਾ ਜਾਂਦਾ ਹੈ | 'ਸੁਦੇਸ਼ ਸ਼ਰਮਾ' ਦੀ ਟੀਮ 'ਥੀਏਟਰ ਫਾਰ ਥੀਏਟਰ' ਵਲੋਂ ਚੰਡੀਗੜ੍ਹ ਵਿਖੇ ਇਕ ਮਹੀਨੇ ਦਾ ਰੰਗਮੰਚ ਉਤਸਵ ਕੀਤਾ ਜਾਂਦਾ ਹੈ | ਸੰਗੀਤਾ ਗੁਪਤਾ ਅਤੇ ਚਕਰੇਸ਼ ਸ਼ਰਮਾ ਵੀ ਆਪਣੇ-ਆਪਣੇ ਨਾਟ ਗਰੁੱਪਾਂ ਨਾਲ ਥੀਏਟਰ ਫੈਸਟੀਵਲ, ਚੰਡੀਗੜ੍ਹ ਵਿਚ ਕਰਦੇ ਰਹਿੰਦੇ ਹਨ | 'ਦਾ ਥੀਏਟਰ ਪਰਸਨਜ਼' (ਅਨੀਤਾ ਦੇਵਗਨ, ਹਰਦੀਪ ਗਿੱਲ) ਵਲੋਂ ਵੀ ਸੱਤ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਕੀਤਾ ਜਾਂਦਾ ਹੈ | ਪੰਜਾਬ ਨਾਟਸ਼ਾਲਾ ਵਲੋਂ ਰੰਗਮੰਚ ਦਿਹਾੜੇ ਨੂੰ ਸਮਰਪਿਤ ਸ੍ਰੀ ਜਤਿੰਦਰ ਬਰਾੜ ਵਲੋਂ ਸੱਤ ਰੋਜ਼ਾ ਅੰਮਿ੍ਤਸਰ ਰੰਗਮੰਚ ਉਤਸਵ 2018 ਕੀਤਾ ਗਿਆ ਹੈ | ਪਟਿਆਲਾ ਵਿਖੇ ਡਾ: ਲੱਖਾ ਲਹਿਰੀ ਵਲੋਂ ਹਰ ਸਾਲ ਸੱਤ ਰੋਜ਼ਾ ਨੈਸ਼ਨਲ ਥੀਏਟਰ ਉਤਸਵ ਕਰਵਾਇਆ ਜਾਂਦਾ ਹੈ | ਸਾਲ 2018 ਵਿਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਪੰਜ ਰੋਜ਼ਾ ਰੰਗਮੰਚ ਅਤੇ ਲੋਕ ਉਤਸਵ ਵੀ ਕਰਵਾਇਆ ਹੈ | 'ਰੈੱਡ ਆਰਟਸ' ਮੋਗਾ ਦੀ ਟੀਮ ਵਲੋਂ ਆਪਣੀ ਲਗਾਤਾਰਤਾ ਨੂੰ ਜਾਰੀ ਰੱਖਦਿਆਂ ਆਪਣੇ ਨਾਟਕਾਂ ਰਾਹੀਂ ਸਮਾਜਿਕ ਬੁਰਾਈਆਂ ਿਖ਼ਲਾਫ਼ ਮੁਹਿੰਮ ਜਾਰੀ ਰੱਖਦੇ ਹੋਏ ਲਗਭਗ 1500 ਤੋਂ ਵੱਧ ਪਿੰਡਾਂ ਵਿਚ ਨੁੱਕੜ ਨਾਟਕ 'ਜੈ ਪ੍ਰਦੂਸ਼ਣ', 'ਵਹਿੰਗੀ', 'ਬਾਤ ਦਾ ਬਤੰਗੜ' ਕੀਤੇ ਗਏ | 2018 ਵਿਚ ਰਾਜਵਿੰਦਰ ਸਮਰਾਲਾ, ਪ੍ਰੀਤਮ ਰੁਪਾਲ ਅਤੇ ਮਾਸਟਰ ਤਰਲੋਚਨ ਨੇ ਵੀ ਆਪਣੇ-ਆਪਣੇ ਹਿੱਸੇ ਦਾ ਰੰਗਮੰਚ ਜਾਰੀ ਰੱਖਿਆ | ਇਸ ਸਾਲ ਇਪਟਾ ਲਹਿਰ ਦੀ 75ਵੀਂ ਵਰ੍ਹੇਗੰਢ ਵਜੋਂ ਵੀ ਯਾਦ ਰਹੇਗਾ | ਇਪਟਾ ਲਹਿਰ ਦੇ ਰਾਹੀਂ ਪ੍ਰਤੀਬੱਧ ਨਾਟਕਕਾਰਾਂ ਤੇ ਗਾਇਕਾਂ ਨੇ ਪੰਜਾਬ ਦੇ ਪਿੰਡ-ਪਿੰਡ ਵਿਚ ਜਾ ਕੇ ਨਵੇਂ ਸਮਾਜ ਦੀ ਸਿਰਜਣਾ ਦਾ ਮੁੱਢ ਬੰਨਿ੍ਹਆ ਸੀ |
ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਨਿੱਜੀ ਕੋਸ਼ਿਸ਼ਾਂ ਨਾਲ ਉਸਾਰੇ ਰੰਗਮੰਚ ਭਵਨਾਂ ਵਿਚ ਵੀ ਪੰਜਾਬੀ ਰੰਗਮੰਚ ਦੀਆਂ ਪੇਸ਼ਕਾਰੀਆਂ ਦੀ ਕਨਸੋਅ 2018 ਵਿਚ ਲਗਾਤਾਰ ਮਿਲਦੀ ਰਹੀ ਹੈ | ਗੁਰਸ਼ਰਨ ਨਾਟ-ਭਵਨ ਮੁੱਲਾਂਪੁਰ ਵਿਖੇ ਹਰ ਮਹੀਨੇ ਆਖਰੀ ਸ਼ਨੀਵਾਰ ਨਾਟਕਾਂ ਦੀਆਂ ਪੇਸ਼ਕਾਰੀਆਂ ਜਾਰੀ ਰਹੀਆਂ | ਬਲਰਾਜ ਸਾਹਨੀ ਓਪਨ ਏਅਰ ਥੀਏਟਰ ਪ੍ਰੀਤ ਨਗਰ ਵਿਖੇ ਵੀ ਮਹੀਨੇ ਦੇ ਹਰ ਤੀਸਰੇ ਬੁੱਧਵਾਰ ਨਾਟਕ ਹੁੰਦੇ ਰਹੇ ਹਨ | ਰਾਏਕੋਟ ਵਿਖੇ ਡਾ: ਸੋਮਪਾਲ ਹੀਰਾ ਦੀ ਅਗਵਾਈ ਵਿਚ ਬਣੇ ਓਪਨ ਏਅਰ ਥੀਏਟਰ, ਬਿਆਸ ਵਿਚ ਨਾਟਕਕਾਰ ਹੰਸਾ ਸਿੰਘ ਵਲੋਂ ਉਸਾਰੇ ਓਪਨ ਏਅਰ ਥੀਏਟਰ ਇਨਪੁਟ ਨਾਟ ਭਵਨ, ਵੇਰਕਾ ਵਿਖੇ ਬਲਵਿੰਦਰ ਕਾਸ਼ ਵਲੋਂ ਉਸਾਰੇ ਓਪਨ ਏਅਰ ਥੀਏਟਰ ਅਤੇ ਫਗਵਾੜਾ ਵਿਖੇ ਰਣਜੀਤ ਬਾਂਸਲ ਵਲੋਂ ਬਣਾਏ ਪੰਜਾਬੀ ਵਿਹੜਾ ਨਾਟ ਘਰ ਵਿਖੇ ਵੀ 2018 ਵਿਚ ਨਾਟਕ ਸਰਗਰਮੀਆਂ ਜਾਰੀ ਰਾਹੀਆਂ ਹਨ | ਅੰਮਿ੍ਤਸਰ ਦੀ ਪੰਜਾਬ ਨਾਟਸ਼ਾਲਾ ਵਿਖੇ ਜਤਿੰਦਰ ਬਰਾੜ ਦੀ ਅਗਵਾਈ ਵਿਚ ਪੂਰਾ ਸਾਲ ਸ਼ਨੀ-ਐਤਵਾਰ ਨਾਟਕਾਂ ਦੀ ਪੇਸ਼ਕਾਰੀ ਜਾਰੀ ਰਹੀ | ਸਾਲ 2018 ਵਿਚ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਵਲੋਂ ਕਾਲੀਦਾਸ ਆਡੀਟੋਰੀਅਮ ਵਿਚ ਪ੍ਰਸਿੱਧ ਕਹਾਣੀਕਾਰ 'ਮੁਨਸ਼ੀ ਪ੍ਰੇਮ ਚੰਦ' ਦੀਆਂ ਰਚਨਾਵਾਂ ਉਤੇ ਅਧਾਰਿਤ ਦਸ ਰੋਜ਼ਾ ਨਾਟਕ ਉਤਸਵ ਹੋਇਆ, ਜੋ ਕਿ ਇਸ ਸਾਲ ਦੀ ਵਿਸ਼ੇਸ਼ ਰੰਗਮੰਚ ਪ੍ਰਾਪਤੀ ਬਣਦਾ ਹੈ | ਨਾਟਕਾਰ ਪ੍ਰੋ: ਅਜਮੇਰ ਔਲਖ ਦੇ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਅਤੇ ਉਨ੍ਹਾਂ ਦੇ ਕਲਾਕਾਰਾਂ ਨੇ 'ਲੋਕ ਕਲਾ ਮੰਚ ਮਾਨਸਾ' ਵਲੋਂ ਔਲਖ ਸਾਹਿਬ ਦੇ ਲਿਖੇ ਨਾਟਕ 'ਅੰਨ੍ਹੇ ਨਿਸ਼ਾਨਚੀ',, 'ਬੇਗਾਨੇ ਬੋਹੜ ਦੀ ਛਾਂ', 'ਐਸੇ ਜਨ ਵਿਰਲੇ ਸੰਸਾਰਾ' ਅਤੇ 'ਅਵੇਸਲੇ ਯੁੱਧਾਂ ਦੀ ਨਾਇਕਾ' ਦੀਆਂ ਪੇਸ਼ਕਾਰੀਆਂ ਨਾਲ ਲਗਾਤਾਰ ਨਾਟ ਸਰਗਰਮੀਆਂ ਕੀਤੀਆਂ ਹਨ | ਹੁਣ ਪੰਜਾਬ ਵਿਚ 'ਥੀਏਟਰ ਵਰਕਸ਼ਾਪ' ਦਾ ਰੁਝਾਨ ਵੀ ਕਾਫ਼ੀ ਹੈ | ਸਾਲ 2018 ਵਿਚ 'ਮੰਚ-ਰੰਗਮੰਚ ਅੰਮਿ੍ਤਸਰ' ਵਲੋਂ 18ਵੀਂ ਨੈਸ਼ਨਲ ਥੀਏਟਰ ਵਰਕਸ਼ਾਪ ਕੀਤੀ ਗਈ, ਜਿਸ ਵਿਚ ਨਾਟਕ 'ਸੁਰਖੀਆਂ', 'ਰਾਮੂ ਕੁਮਾਰ', 'ਮਹਾਂਦੰਡ', 'ਮੈਂ ਜਲਿ੍ਹਆਂਵਾਲਾ ਬਾਗ਼ ਬੋਲਦਾ ਹਾਂ', 'ਮੈਂ ਧੀ ਕਿਉਂ ਜੰਮਾਂ', ' ਸਿਆਸੀ ਦੰਦ ਕਥਾ' ਅਤੇ 'ਦਰ ਦੀਵਾਰਾਂ' ਤਿਆਰ ਕਰਕੇ ਵਿਰਸਾ ਵਿਹਾਰ ਵਿਖੇ ਕੀਤੇ ਗਏ | ਇਸੇ ਤਰ੍ਹਾਂ ਇਸ ਸਾਲ ਮਲੋਟ ਵਿਖੇ ਗੁਰਤੇਜ ਪੰਡਿਤ ਵਲੋਂ ਨੌਜਵਾਨ ਰੰਗਕਰਮੀਆਂ ਨਾਲ ਥੀਏਟਰ ਵਰਕਸ਼ਾਪ ਵੀ ਕੀਤੀ ਗਈ | ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਬਾਲ ਰੰਗਮੰਚ ਵਰਕਸ਼ਾਪਾਂ ਦਾ ਅਯੋਜਨ ਕੀਤਾ ਗਿਆ | ਪ੍ਰਸਿੱਧ ਰੰਗਕਰਮੀ ਜੋੜੀ ਪ੍ਰਾਣ ਸਭਰਵਾਲ ਤੇ ਸੁਨੀਤਾ ਸਭਰਵਾਲ ਵਲੋਂ ਪਟਿਆਲਾ ਵਿਖੇ ਨੌਜਵਾਨ ਬੱਚਿਆਂ ਨਾਲ ਥੀਏਟਰ ਵਰਕਸ਼ਾਪ ਕੀਤੀ ਗਈ | 2018 ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿਚ 100 ਦੇ ਕਰੀਬ ਨਾਟ ਪੇਸ਼ਕਾਰੀਆਂ ਪੰਜਾਬ ਦੇ ਵੱਖ-ਵੱਖ ਨਾਟ ਟੋਲਿਆਂ ਕੋਲੋਂ ਕਰਵਾਈਆਂ ਗਈਆਂ | ਅਕਾਦਮੀ ਦੇ ਇਨ੍ਹਾਂ ਯਤਨਾਂ ਨਾਲ ਫੇਰ ਤੋਂ ਇਕ ਰੰਗਮੰਚ ਲਹਿਰ ਤੁਰਦੀ ਨਜ਼ਰ ਆਉਂਦੀ ਹੈ | ਸਾਲ 2018 ਵਿਚ ਅਕਾਦਮੀ ਵਲੋਂ ਨਾਟਕਕਾਰ ਕਪੂਰ ਸਿੰਘ ਘੁੰਮਣ ਦੇ 90ਵੇਂ ਜਨਮ ਦਿਨ ਮੌਕੇ ਦੋ ਰੋਜ਼ਾ ਨਾਟ ਉਤਸਵ ਅਤੇ ਸੈਮੀਨਾਰ ਵੀ ਪੰਜਾਬੀ ਦਰਸ਼ਕਾਂ ਦੇ ਚੇਤਿਆਂ ਦਾ ਹਿੱਸਾ ਬਣਦਾ ਹੈ | ਸਾਲ 2018 ਵਿਚ ਬਹੁਤ ਸਾਰੇ ਸੁਹਿਰਦ ਰੰਗਰਕਮੀਆਂ ਨੇ ਕਾਮੇਡੀ ਨਾਟਕਾਂ ਦਾ ਰਸਤਾ ਫੜਿਆ ਹੈ | ਕੁਝ ਇਕ ਸੰਤੁਲਿਤ ਕਾਮੇਡੀ, ਵਿਅੰਗ ਨੂੰ ਛੱਡ ਕੇ ਬਹੁਤਿਆਂ ਨੇ ਫੂਹੜ ਕਿਸਮ ਦੀਆਂ ਕਾਮੇਡੀ ਨਾਟ ਪੇਸ਼ਕਾਰੀਆਂ ਕੀਤੀਆਂ ਹਨ | ਇੱਕਾ-ਦੁੱਕਾ ਲੋਕਾਂ ਵਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਲੋਕ ਰੁਝੇਵਿਆਂ ਤੇ ਥਕੇਵਿਆਂ ਭਰੀ ਜ਼ਿੰਦਗੀ ਵਿਚ ਸ਼ਾਮ ਨੂੰ ਕੁਝ ਦੇਰ ਮਨੋਰੰਜਨ ਚਾਹੁੰਦੇ ਹਨ, ਇਸ ਲਈ ਉਹ ਫੂਹੜ ਕਿਸਮ ਦੀ ਕਾਮੇਡੀ ਤੇ ਫ਼ਿਲਮੀ ਗਾਣਿਆਂ ਨਾਲ ਭਰਪੂਰ ਚਿੱਤਰਹਾਰਨੁਮਾ ਨਾਟਕਾਂ ਨੂੰ ਪ੍ਰਮੋਟ ਕਰਦੇ ਹਨ | (ਇਹੀ ਗੱਲ ਕਹਿ-ਕਹਿ ਕੇ ਸਪਰੂ ਹਾਊਸ ਦੇ ਦੋ ਅਰਥੀ ਨਾਟਕਾਂ ਨੂੰ ਪ੍ਰਮੋਟ ਕੀਤਾ ਗਿਆ ਸੀ, ਤੇ ਲਾਹੌਰ ਵਿਚ ਦੋ ਅਰਥੀ ਤੇ ਅਸ਼ਲੀਲ ਤਨਜ਼ਾ ਵਾਲੇ ਥੀਏਟਰ ਨੂੰ ਪ੍ਰਮੋਟ ਕੀਤਾ ਗਿਆ ਸੀ) ਖ਼ਾਸ ਤੌਰ 'ਤੇ ਕੁਝ ਅਸਿੱਖਿਅਤ (ਅਨਟਰੇਂਡ ਅਤੇ ਐਮੇਚੁਅਰ) ਨੌਜਵਾਨ ਨਿਰਦੇਸ਼ਕਾਂ ਨੇ ਇਹ ਸੌਖਾ ਤਰੀਕਾ ਵੀ ਲੱਭਿਆ ਹੈ, ਪਰ ਰੰਗਮੰਚ ਤਾਂ ਹਮੇਸ਼ਾ ਉੱਚੀਆਂ ਤੇ ਸੁੱਚੀਆਂ ਕਦਰਾਂ-ਕੀਮਤਾਂ ਦੀ ਗੱਲ ਕਰਦਾ ਹੈ, ਇਨ੍ਹਾਂ ਕਦਰਾਂ-ਕੀਮਤਾਂ ਬਾਰੇ ਦਾਰੀਓ ਫੋ, ਗੋਲਦੋਨੀ, ਮੌਲੀਅਰ ਅਤੇ ਹੋਰ ਬਹੁਤ ਸਾਰੇ ਨਾਟਕਕਾਰਾਂ ਨੇ ਆਪਣੇ ਹਾਸ ਵਿਅੰਗ ਪਰ ਉੱਚ ਪਾਏ ਦੇ ਨਾਟਕਾਂ ਰਾਹੀਂ ਸਮਾਜ ਦੇ ਕੋਝ ਅਤੇ ਧਾਰਮਿਕ ਪਾਖੰਡਵਾਦ 'ਤੇ ਵੀ ਗੱਲ ਕੀਤੀ ਹੈ | ਮੌਲੀਅਰ ਨੂੰ ਤਾਂ ਪਾਦਰੀਆਂ ਉਪਰ ਵਿਅੰਗ ਕੱਸਣ 'ਤੇ ਦੇਸ਼ ਨਿਕਾਲਾ ਵੀ ਹੋਇਆ ਤੇ 'ਦਾਰੀਓ ਫੋ' ਨੂੰ ਕਈ ਮੁਸੀਬਤਾਂ ਸਹਿਣੀਆਂ ਪਈਆਂ | ਮੈਂ 2018 ਦੇ ਰੰਗਮੰਚ ਦੇ ਫ਼ਿਕਰ ਤੇ ਪ੍ਰਾਪਤੀਆਂ ਸਾਂਝੀਆਂ ਕਰਦੇ ਹੋਏ ਇਨ੍ਹਾਂ ਨੌਜਵਾਨ ਰੰਗਕਰਮੀਆਂ ਤੋਂ ਇਹ ਜ਼ਰੂਰ ਉਮੀਦ ਰੱਖਦਾਂ ਕਿ ਉਹ ਵੀ ਆਪਣੇ ਹਾਸ ਰੰਗ ਤੇ ਵਿਅੰਗ ਦੇ ਨਾਟਕਾਂ ਵਿਚ ਉੱਚ ਪਾਏ ਦੀ ਰੰਗਮੰਚ ਕਲਾ ਅਤੇ ਸਮਾਜਿਕ ਵਰਤਾਰਿਆਂ ਦੀ ਨਿਸ਼ਾਨਦੇਹੀ ਜ਼ਰੂਰ ਕਰਨਗੇ | ਪ੍ਰਸਿੱਧ ਨਾਟਕਕਾਰ ਬਰੈਖ਼ਤ ਕਹਿੰਦਾ ਹੈ ਕਲਾ ਸਿਰਫ਼ ਅਸਲੀਅਤ ਨੂੰ ਪੇਸ਼ ਕਰਨ ਵਾਲਾ ਸ਼ੀਸ਼ਾ ਹੀ ਨਹੀਂ ਹੈ, ਇਹ ਇਕ ਹਥੋੜਾ ਵੀ ਹੈ, ਤਾਂ ਕਿ ਉਸ ਨੂੰ ਇੱਛਤ ਆਕਾਰ ਦਿੱਤਾ ਜਾਵੇ | (ਸਮਾਪਤ)

-ਮੋਬਾਈਲ : 98142-99422

ਆਪਣਿਆਂ ਤੋਂ ਬਚੋ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਮੈਨੂੰ ਇਕ ਵਾਰ ਕਿਸੇ ਨੇ ਪੁੱਛਿਆ ਕਿ ਬਦਲਣ ਤੋਂ ਕੀ ਭਾਵ ਹੈ ਤਾਂ ਮੈਂ ਸੋਚ ਵਿਚ ਪੈ ਗਿਆ ਕਿ ਮੈਂ ਇਸ ਨੂੰ ਮੌਸਮ ਬਦਲਣ ਬਾਰੇ ਕਹਾਂ ਜਾਂ ਆਪਣਿਆਂ ਵਲੋਂ ਬਦਲਣ ਬਾਰੇ ਕਹਾਂ | ਪਰ ਫਿਰ ਮੈਂ ਸੋਚ ਕੇ ਉਸ ਨੂੰ ਕਿਹਾ ਕਿ ਮੈਂ ਇਹ ਜ਼ਰੂਰ ਮੰਨਦਾ ਹਾਂ ਕਿ ਮੌਸਮ ਭਾਵੇਂ ਜਿੰਨਾ ਵੀ ਬਦਲੇ ਪਰ ਮਨੁੱਖ ਤੋਂ ਜ਼ਿਆਦਾ 'ਬਦਲਣ' ਦਾ ਹੁਨਰ ਉਸ ਕੋਲ ਨਹੀਂ ਹੈ |
• ਕਿਸੇ ਨੇ ਕਿਸੇ ਨੂੰ ਪੁੱਛਿਆ ਕਿ ਜ਼ਿੰਦਗੀ ਵਿਚ ਆਪਣਿਆਂ ਦਾ ਕੀ ਮਹੱਤਵ ਹੈ ਤਾਂ ਉਸ ਨੇ ਉੱਤਰ ਦਿੱਤਾ ਕਿ ਜੋ ਆਪਣਿਆਂ ਤੋਂ ਬਿਨਾਂ ਜੀਵਿਆ ਜਾਵੇ, ਉਹ ਉਮਰ ਹੈ ਅਤੇ ਜੋ ਆਪਣਿਆਂ ਨਾਲ ਜੀਵਿਆ ਜਾਵੇ, ਉਹ ਜ਼ਿੰਦਗੀ ਹੈ |
• ਸਿਆਣੇ ਕਹਿੰਦੇ ਹਨ ਕਿ ਜਿਸ ਨੇ ਅਪਣੱਤ ਗੁਆਈ, ਉਸ ਨੇ ਸਭ ਕੁਝ ਗੁਆ ਦਿੱਤਾ |
• ਦੋ ਗੱਲਾਂ ਇਨਸਾਨ ਨੂੰ ਆਪਣਿਆਂ ਤੋਂ ਦੂਰ ਕਰਦੀਆਂ ਹਨ | ਇਕ ਤਾਂ ਉਸ ਦਾ ਹੰਕਾਰ ਅਤੇ ਦੂਸਰਾ ਉਸ ਦਾ ਵਹਿਮ |
• ਕਈ ਆਪਣਿਆਂ ਵਿਚ ਬੇਗਾਨੇ ਅਤੇ ਕਈ ਬੇਗਾਨਿਆਂ ਵਿਚ ਆਪਣੇ ਹੁੰਦੇ ਹਨ ਜਿਨ੍ਹਾਂ ਦੀ ਪਹਿਚਾਣ ਕਰਨਾ ਲਾਜ਼ਮੀ ਹੁੰਦਾ ਹੈ |
• ਇਹ ਚੀਜ਼ਾਂ ਆਦਮੀ ਦੇ ਦਿਲ ਨੂੰ ਬਿਨਾਂ ਅੱਗ ਦੇ ਹੀ ਜ਼ਿਊਾਦਾ ਸਾੜ ਦਿੰਦੀਆਂ ਹਨ: 1 ਭੈੜੇ ਪਿੰਡ ਵਿਚ ਰਹਿਣਾ, 2 ਆਪਣਿਆਂ ਦਾ ਵਰਤਾਓ ਤੇ ਨੀਅਤ ਮਾੜੀ ਹੋਣੀ, 3. ਖਰਾਬ ਭੋਜਨ, 4. ਲੜਾਕੀ ਪਤਨੀ, 5. ਮੂਰਖ ਬੇਟਾ |
• ਜ਼ਿੰਦਗੀ ਵਿਚ ਇਹ ਆਮ ਹੀ ਗੱਲ ਹੈ ਕਿ ਕਈ ਲੋਕ ਕਦੇ ਦੂਜਿਆਂ ਨੂੰ ਧੋਖਾ ਦਿੰਦੇ ਹਨ ਅਤੇ ਕਦੇ ਆਪਣੇ-ਆਪ ਨੂੰ |
• ਸ਼ਿਅਰ :
ਗਜ਼ਬ ਦੀ ਏਕਤਾ ਦੇਖੀ ਹੈ ਇਸ ਜ਼ਮਾਨੇ ਦੀ,
ਜੋ ਜਿਊਾਦਾ ਹੈ ਉਸ ਨੂੰ ਗਿਰਾਉਣ ਦੀ
ਤੇ ਜੋ ਮਰ ਗਿਆ ਉਸ ਨੂੰ ਉਠਾਉਣ ਦੀ |
• ਬੰਦਾ ਉਦੋਂ ਆਪਣੇ ਹੀ ਘਰ ਵਿਚ ਬੇਗਾਨਾ ਹੋ ਜਾਂਦਾ ਹੈ, ਜਦੋਂ ਫੁੱਟ ਪੈ ਜਾਵੇ ਇਹ ਕਹਿ ਕੇ ਕਿ ਤੂੰ ਇਸ ਘਰ ਲਈ ਕੀ ਕੀਤਾ ਹੈ |
• ਕੌਣ ਕਿੰਨਾ ਕਿਸੇ ਦਾ ਆਪਣਾ ਹੁੰਦਾ ਹੈ, ਵਕਤ ਹਰ ਕਿਸੇ ਦੀ ਔਕਾਤ ਦਿਖਾ ਦਿੰਦਾ ਹੈ |
• ਵਿਚਾਰਾਂ ਦਾ ਕਦੀ ਅੰਤ ਨਹੀਂ ਹੁੰਦਾ | ਫਰਕ ਨਜ਼ਰ ਦਾ ਹੁੰਦਾ ਹੈ, ਜਿਵੇਂ ਇਕ ਸ਼ਾਇਰ ਕਹਿੰਦਾ ਹੈ:
ਉੜਨੇ ਦੇ ਇਨ ਪਰਿੰਦੋ ਕੋ ਆਜ਼ਾਦ ਫ਼ਿਜ਼ਾ ਮੇਂ
ਗਾਲਿਬ ਜੋ ਤੇਰੇ ਹੋਂਗੇ ਲੌਟ ਆਏਾਗੇ |
ਦੂਜੇ ਦਾ ਉੱਤਰ:
ਨਾ ਰੱਖ ਉਮੀਦ ਏ ਵਫ਼ਾ ਕਿਸੀ ਪਰਿੰਦੇ ਸੇ,
ਜਬ ਪਰ ਨਿਕਲਤੇ ਹੈਾ ਤੋ ਅਪਨੇ ਭੀ
ਆਸ਼ਿਆਨਾ ਭੂਲ ਜਾਤੇ ਹੈਾ |
• ਦੁਸ਼ਮਣ ਕੇਵਲ ਸਰੀਰ 'ਤੇ ਜ਼ਖ਼ਮ ਕਰਦਾ ਹੈ, ਪਰ ਆਪਣੇ ਦਿਲ 'ਤੇ ਕਰਦੇ ਹਨ |
• ਅੱਜ ਹਾਲਾਤ ਕੁਝ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ 'ਆਪਣਿਆਂ ਦੇ ਮੈਂ ਗਿੱਟੇ ਭੰਨਾਂ, ਪਰ ਚੰੁਮਾਂ ਪੈਰ ਪਰਾਇਆਂ ਦੇ |'
• ਸੱਪ ਤਾਂ ਮਜਬੂਰ ਹੋ ਕੇ ਬੰਦੇ ਨੂੰ ਡੰਗ ਮਾਰਦਾ ਹੈ ਤੇ ਉਹ ਵੀ ਇਕ ਵਾਰ ਡੰਗ ਮਾਰਦਾ ਹੈ ਪਰ ਬੰਦਾ ਬੰਦੇ ਨੂੰ ਵਾਰ-ਵਾਰ ਡੰਗ ਮਾਰਦਾ ਹੈ |
• ਆਪਣਿਆਂ ਦੀ ਕੋਈ ਗੱਲ ਬੁਰੀ ਲੱਗੇ ਤਾਂ ਖਾਮੋਸ਼ ਹੋ ਜਾਓ, ਜੇਕਰ ਉਹ ਤੁਹਾਡੇ ਆਪਣੇ ਨੇ ਤਾਂ ਜ਼ਰੂਰ ਸਮਝ ਜਾਣਗੇ | ਜੇਕਰ ਉਹ ਨਹੀਂ ਸਮਝੇ ਤਾਂ ਤੁਸੀਂ ਸਮਝ ਲੈਣਾ ਕਿ ਉਹ ਤੁਹਾਡੇ ਆਪਣੇ ਨਹੀਂ |
• ਸੁਧਾਰ ਦੀ ਸ਼ੁਭ ਸ਼ੁਰੂਆਤ ਆਪਣੇ ਤੋਂ ਕਰਨੀ ਚਾਹੀਦੀ ਹੈ |
• ਸੱਚ ਸਿਆਣੇ ਕਹਿੰਦੇ ਨੇ, ਆਪਣੇ ਹੀ ਲੈ ਬੈਂਹਦੇ ਨੇ |
• ਕਿਸੇ ਵਿਅਕਤੀ ਨੂੰ ਕੋਈ ਹੋਰ ਨਹੀਂ, ਉਹ ਖੁਦ ਹੀ ਸੁਧਾਰ ਸਕਦਾ ਹੈ | ਦੂਜਿਆਂ ਦੀ ਨਿੰਦਾ ਕਰਕੇ ਕਿਸੇ ਨੂੰ ਕੁਝ ਨਹੀਂ ਮਿਲਿਆ ਜਿਸ ਨੇ ਖੁਦ ਨੂੰ ਸੁਧਾਰਿਆ, ਉਸ ਨੇ ਬਹੁਤ ਕੁਝ ਹਾਸਲ ਕੀਤਾ ਹੈ | (ਚਲਦਾ)

ਮੋਬਾਈਲ : 99155-63406.

ਲਘੂ ਕਹਾਣੀ: ਮਾਪੇ

'ਪੁੱਤਰ ਹੇਠਾਂ ਆ ਜਾ ਬਾਕੀ ਕੰਮ ਆਥਣੇ ਛਾਂ ਹੋਈ ਤੋਂ ਕਰਲੀਂ, ਧੁੱਪ ਬਹੁਤ ਆ ਗਰਮੀ ਲੱਗਜੂ', ਬਿੱੱਕਰ ਸਿਉਂ ਨੇ ਘਰ ਦੀ ਛੱਤ ਤੇ ਕੰਮ ਕਰਦੇ ਆਪਣੇ ਪੁੱਤਰ ਨੂੰ ਕਿਹਾ |
'ਕਿਧਰੇ ਨੀ ਗਰਮੀ ਲਗਦੀ ਮੈਨੂੰ, ਐਾਵੇ ਨਾ ਟੋਕੀ ਜਾਇਆ ਕਰੋ ਸਾਰੇ, ਕੰੰਮ ਕਰ ਲੈਣ ਦਿਆ ਕਰੋ', ਦਿਆਲੇ ਨੇ ਗੁੱਸੇ ਨਾਲ ਆਪਣੇ ਪਿਤਾ ਨੂੰ ਜਵਾਬ ਦਿੱਤਾ | ਬਿੱਕਰ ਸਿੳਾ ਚੁੱਪ-ਚਾਪ ਅੰਦਰ ਵੜ ਗਿਆ |
ਤਕਰੀਬਨ ਪੰਦਰਾਂ ਮਿੰਟ ਬਾਅਦ ਬਿੱਕਰ ਆਪਣੇ ਛੋਟੇ ਪੋਤੇ ਨੂੰ ਗੋਦੀ ਚੁੱਕ ਕੇ ਧੁੱਪ ਵਿੱਚ ਆ ਖੜ੍ਹਾ ਹੋਇਆ | ਦਿਆਲਾ ਇੱਕਦਮ ਫਿਰ ਗੁੱਸੇ 'ਚ ਬੋਲਿਆ, 'ਬਾਪੂ! ਤੂੰ ਬਿਮਾਰ ਕਰਨਾ ਮੁੰਡੇ ਨੂੰ ? ਧੁੱਪੇ ਲਈ ਖੜ੍ਹਾਂ ਐਾਵੇ |'
ਬਿੱਕਰ ਸਿੳਾ ਨੇ ਬੜੇ ਠਰੰ੍ਹਮੇ ਨਾਲ ਕਿਹਾ, 'ਪੁੱਤਰਾ ਜਿੰਨਾ ਫਿਕਰ ਤੈਨੰੂ ਤੇਰੀ ਔਲਾਦ ਦਾ ਹੈ, ਓਨਾ ਹੀ ਫਿਕਰ ਮੈਨੂੰ ਵੀ ਆਪਣੀ ਔਲਾਦ ਦਾ ਹੈ |' ਇਹ ਗੱਲ ਸੁਣਦੇ ਹੀ ਦਿਆਲੇ ਦੀਆਂ ਅੱਖਾਂ ਭਰ ਆਈਆਂ ਤੇ ਦੌੜ ਕੇ ਆਪਣੇ ਪਿਉ ਤੇ ਪੁੱਤਰ ਨੂੰ ਜੱਫੀ ਪਾ ਲਈ ਜਿਵੇਂ ਉਸ ਨੂੰ ਕੋਈ ਅਣਮੁੱਲੀ ਗੱਲ ਸਮਝ ਆ ਗਈ ਹੋਵੇ |

-ਕੁਲਵੰਤ ਲੋਹਗੜ੍ਹ
ਜ਼ਿਲ੍ਹਾ ਬਰਨਾਲਾ | ਮੋਬਾਈਲ : 9814624320.

ਨਹਿਲੇ 'ਤੇ ਦਹਿਲਾ ਚੰਗਾ ਹੋਇਆ ਤੂੰ ਆ ਗਿਆ ਏ

ਮਨੁੱਖ ਨੂੰ ਜ਼ਿੰਦਗੀ ਮਿਲੀ ਹੈ, ਹਰ ਤਰ੍ਹਾਂ ਦੇ ਸੁੱਖ ਮਾਨਣ ਲਈ | ਪੰ੍ਰਤੂ ਸੁੱਖ ਦੇ ਨਾਲ ਇਸ ਨੂੰ ਦੁੱਖ ਵੀ ਮਿਲਦੇ ਹੀ ਹਨ | ਦੁੱਖ ਵੀ ਇਕ ਤਰ੍ਹਾਂ ਦੇ ਨਹੀਂ ਹੁੰਦੇ | ਤਨਹਾਈ, ਇਕੱਲਾਪਨ ਵੀ ਇਕ ਦੁੱਖ ਹੀ ਹੁੰਦਾ ਹੈ | ਮਨੁੱਖ ਇਕੱਲੇਪਨ ਨੂੰ ਦੁੱਖ ਮਹਿਸੂਸ ਕਰਦਾ ਹੈ | ਇਕੱਲਾਪਨ ਸੰਵੇਦਨਸ਼ੀਲ ਮਨੁੱਖ ਲਈ ਵੱਡਾ ਦੁੱਖ ਬਣ ਜਾਂਦਾ ਹੈ | ਸਾਡੇ ਮਾਣਮੱਤੇ ਉਰਦੂ ਸ਼ਾਇਰ ਫਿਰਾਕ ਗੋਰਖਪੁਰੀ ਸਾਹਿਬ ਦੀ ਬਹੁਤੀ ਜ਼ਿੰਦਗੀ ਤਨਹਾਈ ਵਿਚ ਹੀ ਗੁਜ਼ਰੀ | ਉਨ੍ਹਾਂ ਦਾ ਘਰ ਬਹੁਤ ਵੱਡਾ ਸੀ, ਜਿਸ ਵਿਚ ਰਹਿੰਦੇ ਹੋਏ ਉਹ ਇਕੱਲੇਪਨ ਦੇ ਸ਼ਿਕਾਰ ਹੁੰਦੇ ਰਹਿੰਦੇ ਸਨ | ਘਰ ਵਿਚ ਨੌਕਰ ਤਾਂ ਸਨ ਪਰ ਨੌਕਰਾਂ ਨਾਲ ਇਕੱਲਾਪਨ ਦੂਰ ਨਹੀਂ ਸੀ ਹੁੰਦਾ | ਸ਼ਾਮ ਨੂੰ ਇਕੱਲਾਪਨ ਹੋਰ ਡੰੂਘਾ ਹੋ ਜਾਂਦਾ ਸੀ |
ਇਕ ਵਾਰੀ ਉਨ੍ਹਾਂ ਦਾ ਨੌਕਰ ਸੌਦਾ ਲੈਣ ਬਾਜ਼ਾਰ ਗਿਆ ਸੀ, ਉਹ ਘਰ ਵਿਚ ਇਕੱਲੇ ਬੈਠੇ ਸਿਗਰਟ ਪੀ ਰਹੇ ਸਨ ਕਿ ਇਕ ਗੰੁਡਾ ਲੁਟੇਰਾ ਚੁੱਪ ਕਰਕੇ ਅੰਦਰ ਆ ਵੜਿਆ, ਉਸ ਨੇ ਚਾਕੂ ਫਿਰਾਕ ਸਾਹਿਬ ਦੇ ਸੀਨੇ 'ਤੇ ਰੱਖ ਦਿੱਤਾ, 'ਮੋਟੀ ਰਕਮ ਦੇ ਦੇ ਮੈਨੂੰ, ਨਹੀਂ ਤਾਂ ਮਾਰ ਦਿਆਂਗਾ |' ਫਿਰਾਕ ਸਾਹਿਬ ਚੁੱਪ-ਚਾਪ ਸਭ ਕੁਝ ਵੇਖਦੇ ਸੁਣਦੇ ਰਹੇ ਅਤੇ ਫਿਰ ਕਹਿਣ ਲੱਗੇ, 'ਜੇ ਤੂੰ ਮੇਰੀ ਜਾਨ ਲੈਣੀ ਹੈ ਤਾਂ ਲੈ ਲੈ, ਮੈਂ ਕੁਝ ਨਹੀਂ ਕਹਾਂਗਾ, ਨਾ ਹੀ ਰੌਲਾ ਪਾਵਾਂਗਾ | ਜੇਕਰ ਰੁਪਏ ਚਾਹੁੰਨਾ ਏਾ ਤਾਂ ਮੇਰੇ ਪਾਸ ਹੈ ਨਹੀਂ | ਨੌਕਰ ਬਾਜ਼ਾਰ ਗਿਆ ਹੋਇਆ ਹੈ | ਬਹਿ 'ਜਾ, ਉਹ ਆਏਗਾ ਤਾਂ ਤੈਨੂੰ ਰੁਪਏ ਦੁਆ ਦਿਆਂਗਾ |' ਗੰੁਡਾ ਬੈਠ ਗਿਆ | ਫਿਰਾਕ ਸਾਹਿਬ ਨੇ ਇਕ ਨਜ਼ਰ ਉਸ ਵੱਲ ਫੇਰੀ ਅਤੇ ਕਿਹਾ, 'ਚੰਗਾ ਹੋਇਆ ਤੂੰ ਆ ਗਿਆ ਮੈਂ ਬੜਾ ਇਕੱਲਾਪਨ ਮਹਿਸੂਸ ਕਰ ਰਿਹਾ ਸਾਂ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਮਿੰਨੀ ਕਹਾਣੀਆਂ

ਕੁਵੇਲਾ
ਬਿਰਧ ਆਸ਼ਰਮ ਦੇ ਮੰਜੇ 'ਤੇ ਜੀਅ-ਭਿਆਣੇ ਪਏ ਪਾਖਰ ਸਿੰਘ ਦੀ ਛੱਤ ਵੱਲ ਟਿਕਟਿਕੀ ਲੱਗੀ ਹੋਈ ਸੀ | ਅਚਨਚੇਤ ਸਾਹਮਣੇ ਆ ਕੇ ਖੜ੍ਹੇ ਬੰਦੇ ਨੂੰ ਦੇਖ ਕੇ, ਉਹ ਹੈਰਾਨ ਤੇ ਪ੍ਰੇਸ਼ਾਨ ਜਿਹਾ ਹੋ ਗਿਆ, '...ਤੂੰ... |'
'ਹਾਂ... ਭਾਪਾ ਮੈਂ... |'
'ਪੁੱਤ ਮੈਂ ਕੋਈ ਸੁਪਨਾ ਤਾਂ ਨਹੀਂ ਦੇਖ ਰਿਹਾ... |'
'ਨਹੀਂ ਭਾਪਾ, ਮੈਂ ਹੀ ਆਂ ਤੇਰਾ ਪੁੱਤ ਲੱਖਾ... |'
'ਪੁੱਤ...?...ਪੁੱਤ ਤੈਨੂੰ ਮੇਰਾ ਚੇਤਾ ਆ ਗਿਆ...ਮੇਰੀਆਂ ਅੱਖਾਂ ਦੀ ਆਸ ਤਾਂ ਲਗਪਗ ਮੁੱਕ ਹੀ ਗਈ ਸੀ... ਹੁਣ ਨਹੀਂ ਕਿਸੇ ਮੇਰੇ ਪਿਛੇ ਆਉਣਾ... ਤੂੰ ਕਿਵੇਂ ਰਾਹ ਭੁੱਲ ਕੇ ਏਥੇ ਆ ਗਿਆ... |'
ਲੱਖਾ ਉਵੇਂ ਹੀ ਅੱਖਾਂ 'ਚੋਂ ਅੱਥਰੂ ਕੇਰਦਾ, ਫਰਕਦੇ ਬੁੱਲ੍ਹਾਂ 'ਚੋਂ ਬਾਪੂ ਦੇ ਤੀਰਾਂ ਵਰਗੇ ਬੋਲ ਸੁਣੀ ਜਾ ਰਿਹਾ ਸੀ |
'ਪੁੱਤ... ਤੂੰ ਤਾਂ ਅੱਜ ਮੇਰੀ ਹਾਲਤ ਦੇਖ ਕੇ ਇਉਂ ਹੋ ਗਿਐਾ, ਮੈਂ ਤਾਂ ਵੀਹਾਂ ਵਰਿ੍ਹਆਂ ਤੋਂ ਇਥੇ ਰੋਂਦਾ ਵਿਲਕਦਾ ਪਿਆਂ... ਚੱਲ ਪੁੱਤ ਭਾਵੇਂ ਚਿਰਾਂ ਬਾਅਦ ਹੀ ਆਇਐਾ... ਮੈਨੂੰ ਏਨਾ ਜ਼ਰੂਰ ਹੋ ਗਿਐ, ਕੋਈ ਤਾਂ ਹੈ ਮੇਰਾ ਇਸ ਜਹਾਨ 'ਤੇ, ਨਹੀਂ ਤਾਂ ਮੈਂ ਲਾਵਰਸ ਹੀ ਇਸ ਧਰਤੀ ਤੋਂ ਤੁਰ ਜਾਣਾ ਸੀ... |'
'ਭਾਪਾ ਮੈਨੂੰ ਮੁਆਫ਼ ਕਰੀਂ... ਘਰਵਾਲੀ ਦਾ ਚੁੱਕਿਆ ਮੈਂ ਤੈਨੂੰ ਕਦੇ ਇਥੇ ਛੱਡ ਗਿਆ ਸਾਂ...', ਉਹ ਬਾਪੂ ਦੇ ਪੈਰ ਫੜ ਕੇ ਬੈਠ ਗਿਆ |
'ਪੁੱਤ ਮੈਂ ਤਾਂ ਤੁਹਾਡੇ 'ਤੇ ਘਰ ਲਈ, ਬਥੇਰੀ ਜੱਦੋ-ਜਹਿਦ ਕੀਤੀ, ਆਪਣੀ ਜੁਆਨੀ ਵੀ ਨਾ ਮਾਣੀ... ਪਰ ਤੂੰ ਮੈਨੂੰ ਸਾਂਭਣ ਖੁਣੋਂ ਇਥੇ ਸੁੱਟ ਕੇ ਭੱਜ ਗਿਆ... ਪਿੱਛੇ ਭਉਂ ਕੇ ਵੀ ਨਾ ਕਦੇ ਦੇਖਿਆ... ਚਲ ਮੈਨੂੰ ਏਨੀ ਬੜੀ ਖ਼ੁਸ਼ੀ ਏ, ਮੈਨੂੰ ਗਲੋਂ ਲਾਹ ਕੇ ਤੂੰ ਤਾਂ ਆਪਣੇ ਘਰ ਬੁੱਲ੍ਹੇ ਲੁੱਟਦਾ, ਰਾਜ ਪਿਆ ਕਰਦੈਂ... |'
ਪਰ ਲੱਖਾ ਚੁੱਪ ਖੜ੍ਹਾ ਮੰਜੇ 'ਤੇ ਸੁੱਕ ਕੇ ਲੱਕੜ ਹੋਏ ਤੇ ਤਲੂਸਾਂ ਮਾਰਦੇ ਬਾਪੂ ਦੀ ਹਾਲਤ ਵੱਲ ਦੇਖ ਦੇਖ ਉਵੇਂ ਹੀ ਵਿਲਕੀ ਜਾ ਰਿਹਾ ਸੀ |
'ਕੀ ਗੱਲ ਪੁੱਤ ਕਿਉਂ ਰੋਂਦੈਂ... ਬਸ ਕਰ ਕੀ ਹੋਇਆ... ਐਵੇਂ ਮੇਰੇ ਕਰਕੇ ਹੁਣ ਦਿਲ ਨੂੰ ਨਾ ਲਾ... ਮੈਂ ਤਾਂ ਹੁਣ ਚਾਰ ਦਿਨ ਦਾ ਪ੍ਰਾਹੁਣਾ... ਮੈਨੂੰ ਪਤੈ ਤੈਥੋਂ ਮੇਰੀ ਹਾਲਤ ਜ਼ਰੀ ਨਹੀਂ ਜਾ ਰਹੀ... ਹੁਣ ਪਛਤਾਉਂਨੈ? ਪੁੱਤ ਨਾ ਪਛਤਾਅ ਹੁਣ ਤਾਂ ਸਮਾਂ ਨਿਕਲ ਗਿਆ... ਪਰ ਮੈਂ ਤੈਨੂੰ ਦੇਖਦਿਆਂ ਹੀ ਸਾਰੇ ਗਿਲ੍ਹੇ ਸ਼ਿਕਵੇ ਭੁੱਲ ਗਿਆਂ... ਮੇਰਾ ਪੁੱਤ... ਮੇਰਾ ਲੱਖਾ ਪੁੱਤ ਮੇਰੇ ਕੋਲ ਆਇਐ... ਭਾਵੇਂ ਕੁਵੇਲੇ ਹੀ ਸਹੀ... ਮੈਨੂੰ ਠੰਢ ਪੈ ਗਈ ਏ... ਤੂੰ ਮੇਰਾ ਖ਼ੂਨ ਐਾ... ਮੇਰਾ ਖ਼ੂਨ... ਆਖਰ ਅੱਜ ਖੌਲਿਆ ਤਾਂ ਸਹੀ... |'
'ਨਹੀਂ ਉਏ ਭਾਪਾ... ਇਵੇਂ ਨਹੀਂ ਜਿਵੇਂ ਤੂੰ ਸੋਚਦੈਂ ਉਵੇਂ ਨਹੀਉਂ, ਮੈਂ ਤੈਨੂੰ ਕਿਥੇ ਕਦੇ ਨਿਰਕਮੇ ਨੇ ਯਾਦ ਕਰਨਾ ਸੀ... ਬਾਪੂ ਤੈਨੂੰ ਕੀ ਦੱਸਾਂ ਸ਼ਰਮ ਆਉਂਦੀ ਏ... ਬਾਪੂ ਤੇਰਾ ਪੋਤਾ, ਉਸ ਕੰਜਰ ਦਾ ਵੀ ਖ਼ੂਨ ਸਫੈਦ ਹੋ ਗਿਆ ਈ... ਉਸ ਘਰਵਾਲੀ ਦੇ ਚੁੱਕੇ ਹੋਏ ਨੇ, ਮੈਨੂੰ ਬੁੱਢੇ ਵਾਰੇ ਅੱਜ ਏਥੇ ਲਿਆ ਸੁੱਟਿਆ ਈ... |'
ਇੰਨਾ ਕਹਿੰਦਿਆਂ ਲੱਖਾ ਮੰਜੇ 'ਤੇ ਪਏ ਬਾਪੂ ਦੇ ਗਲੇ ਲੱਗ ਕੇ ਉੱਚੀ-ਉੱਚੀ ਧਾਹਾਂ ਮਾਰਨ ਲੱਗ ਪਿਆ |

-ਡਾ: ਕਰਮਜੀਤ ਸਿੰਘ ਨਡਾਲਾ
ਮੋਬਾਈਲ : 98151-86532.

ਸੀ. ਆਈ. ਡੀ.
ਦਫ਼ਤਰੀ ਕੰਮਾਂ ਅਤੇ ਸਮਾਜਿਕ ਭਲਾਈ ਦੇ ਕੰਮਾਂ ਵਿਚ ਰਜੇਸ਼ ਰੱੁਝਿਆ ਰਹਿੰਦਾ ਸੀ | ਦੁਪਹਿਰ ਦਾ ਖਾਣਾ ਵੀ ਨਹੀਂ ਖਾਂਦਾ ਸੀ ਤੇ ਦੁਪਹਿਰ ਦੇ ਸਮੇਂ ਘੱਟ ਹੀ ਘਰ ਜਾਂਦਾ ਸੀ | ਅੱਜ ਕਈ ਮਹੀਨਿਆਂ ਬਾਅਦ ਘਰ ਵੱਲ ਨੂੰ ਚੱਲ ਪਿਆ ਅਤੇ ਰਾਹ ਵਿਚ ਸੋਚ ਰਿਹਾ ਸੀ ਕਿ ਦੁਪਹਿਰ ਨੂੰ ਘਰ ਰਿਹਾ ਕਰਨਾ ਹੈ ਤੇ ਬੱਚਿਆਂ ਨਾਲ ਖੇਡਿਆ ਕਰਨਾ ਹੈ | ਜ਼ਿਆਦਾ ਤੋਂ ਜ਼ਿਆਦਾ ਸਮਾਂ ਬੱਚਿਆਂ ਨੂੰ ਦਿਆ ਕਰਨਾ ਹੈ | ਉਸ ਦੀ ਪਤਨੀ ਖੁਸ਼ ਹੋਵੇਗੀ ਕਿ ਉਹ ਦੁਪਹਿਰ ਨੂੰ ਘਰ ਆ ਰਿਹਾ ਹੈ | ਇਨ੍ਹਾਂ ਵਿਚਾਰਾਂ ਨਾਲ ਘਰ ਪੁੱਜ ਗਿਆ | ਚਾਹ ਪਾਣੀ ਪੀਣ ਤੋਂ ਬਾਅਦ ਪਤਨੀ ਨਾਲ ਥੋੜ੍ਹੀਆਂ ਬਹੁਤੀਆਂ ਗੱਲਾਂ ਹੋਈਆਂ | ਉਸ ਦੀ ਮੂੰਹ ਫੱਟ ਪਤਨੀ ਕਹਿਣ ਲੱਗੀ, ਤੁਸੀਂ ਘਰ ਥੋੜ੍ਹੀ ਆਏ ਹੋ ਤੁਸੀਂ ਤਾਂ ਘਰ ਦੀ ਸੀ. ਆਈ. ਡੀ. ਕਰਨ ਆਏ ਹੋ | ਸੀ. ਆਈ. ਡੀ. ਸ਼ਬਦ ਨੇ ਉਸ ਨੂੰ ਧੁਰ ਅੰਦਰੋਂ ਤੱਕ ਸੱਟ ਮਾਰੀ ਤੇ ਉਹ ਖੁਸ਼ ਹੋਣ ਦੀ ਬਜਾਏ ਬਹੁਤ ਜ਼ਿਆਦਾ ਦੁਖੀ ਹੋ ਗਿਆ | ਸ਼ਾਇਦ ਉਸ ਦੀ ਖੁਸ਼ੀ ਨੂੰ ਸ਼ੈਤਾਨ ਦੇ ਪਰ ਲੱਗ ਗਏ |

-ਪਿ੍ੰ: ਸਰਬਜੀਤ ਸਿੰਘ ਮਾਹਿਲਪੁਰੀ
ਫੋਨ : 9417758355
sarabjitmahilpuri@gmail.com

ਮਿੰਨੀ ਕਹਾਣੀਆਂ: ਦੋ ਕਿੱਲਿਆਂ ਦੀ ਪੈਲੀ

ਘਰ ਦੀ ਵੰਡ ਵੰਡਾਈ ਤੋਂ ਬਾਅਦ ਧਰਮੇ ਨੂੰ ਦੋ ਕਿੱਲੇ ਪੈਲੀ ਤੇ ਇਕ ਦੋ ਕਮਰਿਆਂ ਵਾਲਾ ਬਾਹਰਲਾ ਘਰ ਮਿਲ ਗਿਆ |
'ਜੀਤੋ, ਆਪਣੇ ਮਾਂ-ਬਾਪ ਤੋਂ ਮਿਲਿਆ ਏਨਾ ਹੀ ਬਹੁਤ ਉਨ੍ਹਾਂ ਨੇ ਵੀ ਮਿਹਨਤ ਮਜ਼ਦੂਰੀ ਕਰ ਕੇ ਬਣਾਇਆ ਹੈ, ਆਪ ਸਾਰੀ ਉਮਰ ਲੱਗੇ ਰਹੀਏ ਏਨਾ ਵੀ ਨਹੀਂ ਬਣਨਾ', ਧਰਮੇ ਨੇ ਜੀਤੋ ਨੂੰ ਕਿਹਾ |
'ਏਨੀ ਮਹਿੰਗਾਈ ਵਿਚ ਆਪਾਂ ਤੋਂ ਇਹੀ ਘਰ ਸੰਵਰ ਜਾਵੇ ਏਨਾ ਹੀ ਬਹੁਤ ਹੈ', ਜੀਤੋ ਨੇ ਕਿਹਾ |
'ਜੀਤੋ, ਤੂੰ ਹੌਸਲਾ ਰੱਖ, ਆਪਾਂ ਵੀ ਮਿਹਨਤ ਕਰ ਕੇ ਸਭ ਕੁਝ ਬਣਾਵਾਂਗੇ | ਹੋਰ ਦੋ ਮਹੀਨਿਆਂ ਨੂੰ ਆਪਾਂ ਕਣਕ ਬੀਜ ਦੇਣੀ ਆ | ਤੂੰ ਵੀ ਕਈ ਸਾਲ ਆਹ ਦੋ ਸੂਟਾਂ ਵਿਚ ਹੀ ਕੱਢੇ ਆ, ਐਤਕੀਂ ਮੈਂ ਤੈਨੂੰ ਦੋ ਸੂਟ ਬਣਵਾ ਦੇਣੇ ਆ ਤੇ ਨਾਲੇ ਸੰੁਨੇ ਕੰਨਾਂ ਵਿਚ ਵਾਲੀਆਂ ਪੁਆ ਦੇਣੀਆਂ |'
'ਨਹੀਂ ਜੀ, ਪਹਿਲਾਂ ਤੁਸੀਂ ਆਪਣੇ ਦੋ ਕੁੜਤੇ ਪਜਾਮੇ ਬਣਾਇਓ, ਉਹੀ ਧੋਨੇ ਤੇ ਉਹੀ ਪਾਉਨੇ ਹੋ |'
'ਤੇ ਬਾਪੂ ਮੈਨੂੰ' ਕੋਲ ਬੈਠੇ ਧਰਮੇ ਦੇ ਮੰੁਡੇ ਨੇ ਕਿਹਾ |
ਐਤਕੀਂ ਤੈਨੂੰ ਵੀ ਇਕ ਕਾਲਾ ਸੂਟ ਕੁੜਤਾ-ਪਜਾਮਾ ਲੈ ਦੇਣਾ, ਤੂੰ ਵੀ ਦੋ-ਤਿੰਨ ਸਾਲਾਂ ਤੋਂ ਕਹੀ ਜਾਂਦਾ ਸੀ |
ਕਣਕ ਦੀ ਬਿਜਾਈ ਦਾ ਸਮਾਂ ਆ ਗਿਆ | ਧਰਮੇ ਨੇ ਆਪਣੀ ਦੋ ਕਿੱਲਿਆਂ ਦੀ ਪੈਲੀ ਵਿਚ ਕਣਕ ਬੀਜ ਦਿੱਤੀ |
ਸਮਾਂ ਆਪਣੀ ਚਾਲ ਚਲਦਾ ਗਿਆ | ਕੜਕਦੀਆਂ ਧੁੱਪਾਂ ਨੇ ਕਣਕ ਦੀਆਂ ਬੱਲੀਆਂ ਨੂੰ ਸੁਨਹਿਰੀ ਕਰ ਦਿੱਤਾ |
'ਜੀਤੋ ਐਤਕੀਂ ਤਾਂ ਸੱੁਖ ਨਾਲ ਕਣਕ ਵੀ ਸੁਨਹਿਰੀ ਹੋਈ ਆ | ਰੱਬ ਵੀ ਪੂਰਾ ਮਿਹਰਬਾਨ ਆ, ਮੀਂਹ-ਕਣੀ ਨਹੀਂ ਆਇਆ | ਅੱਜ ਮੈਂ ਨਵੀਆਂ ਦਾਤੀਆਂ ਲੈ ਕੇ ਆਵਾਂਗਾ | ਕੱਲ੍ਹ ਨੂੰ ਕਣਕ ਦੀ ਕਟਾਈ ਤੂੰ ਸ਼ੁਰੂ ਕਰੀਂ |
ਸ਼ਾਮ ਨੂੰ ਧਰਮਾ ਨਵੀਆਂ ਦਾਤੀਆਂ ਲੈ ਆਇਆ | ਸਵੇਰੇ ਕਣਕ ਦੀ ਕਟਾਈ ਸ਼ੁਰੂ ਕਰਨੀ ਸੀ | ਖ਼ੁਸ਼ੀ ਦੇ ਮਾਰੇ ਰਾਤ ਨੂੰ ਉਨ੍ਹਾਂ ਨੂੰ ਨੀਂਦ ਨਹੀਂ ਸੀ ਆ ਰਹੀ | ਅੱਧੀ ਕੁ ਰਾਤ ਦਾ ਵੇਲਾ ਸੀ | ਧਰਮੇ ਨੂੰ ਪਿੰਡ ਵਿਚ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ | ਉਸ ਨੇ ਜੀਤੋ ਨੂੰ ਉਠਾਇਆ |
'ਜੀਤੋ ਆਹ ਰੌਲਾ ਕਾਹਦਾ |'
ਏਨੇ ਨੂੰ ਧਰਮੇ ਦੇ ਘਰ ਦੇ ਦਰਵਾਜ਼ੇ ਖੜਕਣੇ ਸ਼ੁਰੂ ਹੋ ਗਏ | ਦੇਵੇਂ ਘਬਰਾ ਗਏ | ਹੌਸਲਾ ਕਰ ਕੇ ਧਰਮੇ ਨੇ ਦਰਵਾਜ਼ਾ ਖੋਲਿ੍ਹਆ ਫਿਰ ਇਕ ਮੰੁਡੇ ਨੇ ਆ ਕੇ ਕਿਹਾ, 'ਚਾਚਾ ਕਣਕ ਨੂੰ ਅੱਗ ਲੱਗ ਗਈ |'
ਧਰਮਾ ਤੇ ਜੀਤੋ ਉਥੇ ਹੀ ਬਹਿ ਗਏ ਫਿਰ ਦੋਵੇਂ ਹੌਸਲਾ ਕਰ ਕੇ ਖੇਤਾਂ ਵੱਲ ਭੱਜੇ | ਸਾਰਾ ਪਿੰਡ ਅੱਗ ਬੁਝਾਉਣ ਵਿਚ ਲੱਗਾ ਹੋਇਆ ਸੀ | ਧਰਮੇ ਦੀ ਦੋ ਕਿੱਲੇ ਵਿਚ ਬੀਜੀ ਕਣਕ ਸੜਕ ਕੇ ਸੁਆਹ ਹੋ ਗਈ ਤੇ ਨਾਲ ਸਰਪੰਚ ਦੇ 5-6 ਕਿੱਲੇ ਕਣਕ ਸੜ ਕੇ ਸੁਆਹ ਹੋ ਗਈ | ਜੇ ਪਿੰਡ ਵਾਲੇ ਰਲ ਕੇ ਅੱਗ ਨਾ ਬੁਝਾਉਂਦੇ ਤਾਂ ਪਤਾ ਨਹੀਂ ਕਿੰਨੀ ਹੋਰ ਕਣਕ ਸੜਨੀ ਸੀ | ਧਰਮਾ ਤੇ ਜੀਤੋ ਰੋਣ ਲੱਗ ਪਏ | ਫਿਰ ਧਰਮੇ ਨੇ ਕਣਕ ਦੀਆਂ ਸੜੀਆਂ ਹੋਈਆਂ ਬੱਲੀਆਂ ਨੂੰ ਆਪਣੀ ਛਾਤੀ ਨਾਲ ਲਾਇਆ ਤੇ ਫਿਰ ਰੱਬ ਵੱਲ ਮੰੂਹ ਕਰ ਕੇ ਕਿਹਾ, 'ਰੱਬਾ ਤੂੰ ਇਹ ਕੀ ਕੀਤਾ | ਤੈਨੂੰ ਸਾਡੇ 'ਤੇ ਭੋਰਾ ਤਰਸ ਨਾ ਆਇਆ | ਹੁਣ ਅਸੀਂ ਸਾਰਾ ਸਾਲ ਕੀ ਖਾਵਾਂਗੇ? ਸਾਰੇ ਸੁਪਨੇ ਮੇਰੇ ਸੁਆਹ ਕਰ ਦਿੱਤੇ | ਮੈਂ ਕੀ-ਕੀ ਸੁਪਨੇ ਲਈ ਬੈਠਾ ਸੀ?'
ਫਿਰ ਸਰਪੰਚ ਨੇ ਆ ਕੇ ਧਰਮੇ ਨੂੰ ਉਠਾਇਆ ਤੇ ਕਿਹਾ, 'ਧਰਮਿਆ ਤੂੰ ਹੌਸਲਾ ਰੱਖ ਮੈਂ ਸਰਕਾਰ ਤੋਂ ਸਾਰਾ ਮੁਆਵਜ਼ਾ ਲੈ ਕੇ ਦੇਵਾਂਗਾ ਤੇ ਅਸੀਂ ਵੀ ਸਾਰੇ ਪਿੰਡ ਵਾਲੇ ਤੇਰੀ ਮਦਦ ਕਰਾਂਗੇ, ਫਿਰ ਤੂੰ ਆਪਣੇ ਸੁਪਨੇ ਪੂਰੇ ਕਰ ਲਵੀਂ |'
ਇਹ ਕਹਿ ਕੇ ਧਰਮੇ ਤੇ ਜੀਤੋ ਨੂੰ ਸਰਪੰਚ ਘਰ ਲੈ ਆਇਆ |

-102, ਵਿਜੈ ਨਗਰ, ਜਗਰਾਉਂ | ਮੋਬਾਈਲ : 99146-37239.

ਮਿੰਨੀ ਕਹਾਣੀਆਂ ਪੈਸੇ ਦਾ ਮੋਹ

ਆਪਣੇ ਅਰਬਾਂ-ਖਰਬਾਂ ਦੇ ਕਾਰੋਬਾਰ ਵਿਚੋਂ ਭਾਟੀਆ ਸਾਹਿਬ ਚੌਵੀ ਘੰਟਿਆਂ 'ਚੋਂ ਘੰਟਾ ਦੋ ਘੰਟੇ ਵੀ ਆਪਣੇ ਬੱਚਿਆਂ ਲਈ ਸਮਾਂ ਨਾ ਕੱਢ ਪਾਉਂਦੇ ਤੇ ਉਨ੍ਹਾਂ ਦੀ ਪਤਨੀ ਨੀਲਮ ਬੇਟੇ ਗੌਰਵ ਤੇ ਧੀ ਨੂਰ ਵਲੋਂ ਲਾਪ੍ਰਵਾਹ ਆਪਣੇ ਹੀ ਮੇਕਅੱਪ ਵਿਚ ਵਿਅਸਤ ਰਹਿੰਦੀ | ਉਠਦੀ ਬਹਿੰਦੀ ਹਰ ਵੇਲੇ ਸ਼ੀਸ਼ੇ ਮੂਹਰੇ ਆਪਣੇ-ਆਪ ਨੂੰ ਨਿਹਾਰਦੀ ਰਹਿੰਦੀ | ਆਪਣੇ ਕਾਰੋਬਾਰ ਤੋਂ ਘਰ ਆ ਭਾਟੀਆ ਸਾਹਿਬ ਨੂੰ ਜਦ ਥੋੜ੍ਹੀ ਬਹੁਤੀ ਫੁਰਸਤ ਮਿਲਦੀ ਆਪਣੇ ਬੇਟੇ ਗੌਰਵ ਨੂੰ ਤਾਂ ਲਾਡ ਪਿਆਰ ਕਰਦਾ ਪਰ ਧੀ ਨੂਰ ਵਲੋਂ ਅਵੇਸਲਾ ਰਿਹਾ | ਨੂਰ ਦੇ ਮਾਂ -ਬਾਪ ਆਪਣੇ ਕਾਰੋਬਾਰ, ਆਪਣੀ ਮੌਜਮਸਤੀ ਤੇ ਫਾਈਵ ਸਟਾਰ ਰੈਸਟੋਰੈਂਟਾਂ ਵਿਚ ਡਿਨਰ ਕਰਨ ਵਿਚ ਹੀ ਜ਼ਿੰਦਗੀ ਦੀਆਂ ਸਭੇ ਖੁਸ਼ੀਆਂ ਮਹਿਸੂਸ ਕਰਦੇ ਪਰ ਬੱਚਿਆਂ ਦੀ ਪਰਵਰਿਸ਼ ਬਾਰੇ ਭੋਰਾ ਵੀ ਨਾ ਸੋਚਦੇ | ਨੂਰ ਛੇ ਕੁ ਸਾਲ ਦੀ ਹੋਈ ਤਾਂ ਲਾਇਲਾਜ ਬਿਮਾਰੀ ਪੋਲੀਓ ਨੇ ਸੱਜੀ ਲੱਤ 'ਤੇ ਆ ਦਸਤਕ ਦਿੱਤੀ | ਬੱਚੀ ਮਾਮੂਲੀ ਜਿਹਾ ਲੰਗੜਾਅ ਕੇ ਚੱਲਦੀ ਪਰ ਉਨ੍ਹਾਂ ਇਸ ਵੱਲ ਜ਼ਿਆਦਾ ਗੌਰ ਨਾ ਕੀਤਾ | ਥੋੜੇ੍ਹ ਹੀ ਦਿਨਾਂ ਤੱਕ ਲੱਤ 'ਤੇ ਸੋਕੜਾ ਪੈਣਾ ਸ਼ੁਰੂ ਹੋ ਗਿਆ | ਇਸ ਗੱਲ ਦਾ ਪਤਾ ਜਦ ਮਿਸਿਜ਼ ਭਾਟੀਆ ਨੂੰ ਲੱਗਾ ਤਾਂ ਉਹਨੇ ਆਪਣੇ ਪਤੀ ਨੂੰ ਫੋਨ ਕੀਤਾ | ਸ਼ਾਮ ਨੂੰ ਦੋਵੇਂ ਪਤੀ-ਪਤਨੀ ਵਾਰ-ਵਾਰ ਧੀ ਦੀ ਲੱਤ ਨੂੰ ਦੇਖਦੇ | ਸੱਜੀ ਲੱਤ ਖੱਬੀ ਲੱਤ ਨਾਲੋਂ ਥੋੜ੍ਹੀ ਪਤਲੀ ਪੈ ਚੁੱਕੀ ਸੀ | ਦੋਵੇਂ ਜੀਅ (ਜਣੇ) ਆਪਸ ਵਿਚ ਸਲਾਹਾਂ ਕਰਦੇ ਰਹੇ ਕਿ ਕੱਲ੍ਹ ਨੂੰ ਕਿਹੜੇ ਡਾਕਟਰ ਕੋਲ ਲੈ ਕੇ ਜਾਈਏ | ਇਕ ਦੋ ਡਾਕਟਰ ਨੂੰ ਭਾਟੀਆ ਸਾਹਿਬ ਨੇ ਰਾਤ ਦੇਰ ਗਿਆਂ ਫੋਨ ਵੀ ਕੀਤੇ ਪਰ ਅੱਗੋਂ ਇਹੀ ਜਵਾਬ ਮਿਲਿਆ ਚਿੰਤਾ ਨਾ ਕਰੋ ਭਾਟੀਆ ਸਾਹਿਬ | ਕੱਲ੍ਹ ਸੁਬਾਹ ਬੱਚੀ ਨੂੰ ਨਾਲ ਲੈ ਕੇ ਆਓ | ਅਗਲੇ ਦਿਨ ਉਹ ਬੱਚੀ ਨੂੰ ਸ਼ਹਿਰ ਦੇ ਸਭ ਤੋਂ ਵਧੀਆ ਹਸਪਤਾਲ ਲੈ ਕੇ ਗਏ | ਸਪੈਸ਼ਲਿਸਟ ਡਾਕਟਰ ਨੇ ਚੈੱਕਅੱਪ ਕਰਨ ਤੋਂ ਬਾਅਦ ਕਿਹਾ ਸਰ ਹੁਣ ਕੋਈ ਫਾਇਦਾ ਨਹੀਂ ਹੈ | ਇਸ ਲਾਇਲਾਜ ਬਿਮਾਰੀ ਦਾ ਬਸ ਇਕ ਹੀ ਇਲਾਜ ਹੈ ਕਿ ਆਪਣੇ ਬੱਚਿਆਂ ਨੂੰ ਸਮੇਂ-ਸਮੇਂ 'ਤੇ ਲੱਗਣ ਵਾਲੇ ਟੀਕੇ ਜ਼ਰੂਰ ਲਗਵਾਓ | ਮੈਂ ਕਈਆਂ ਫ਼ਰਮਾਂ ਤੇ ਫੈਕਟਰੀਆਂ ਦਾ ਮਾਲਕ ਹਾਂ | ਤੁਸੀਂ ਪੈਸੇ ਦੱਸੋ ਮੂੰਹ ਮੰਗੇ ਪੈਸੇ ਮਿਲਣਗੇ ਪਰ ਮੇਰੀ ਬੱਚੀ ਨੂੰ ਠੀਕ ਕਰ ਦੇਵੋ ਭਾਟੀਆ ਸਾਹਿਬ ਨੇ ਕਿਹਾ | ਹਰ ਜਗ੍ਹਾ ਪੈਸਾ ਕੰਮ ਨਹੀਂ ਆਉਂਦਾ, ਕੁਛ ਪਰਿਵਾਰਕ, ਕੁਛ ਸਮਾਜਿਕ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ | ਜਦ ਵੀ ਕੋਈ ਇਨਸਾਨ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਭੱਜਦਾ ਹੈ ਤਾਂ ਅਖੀਰ ਇਕ ਦਿਨ ਉਹਦੇ ਹੱਥ ਪਛਤਾਵਾ ਹੀ ਲੱਗਦਾ ਹੈ ਡਾਕਟਰ ਨੇ ਕਿਹਾ | ਇਕ ਹਸਪਤਾਲ ਤੋਂ ਜਵਾਬ ਮਿਲਣ ਤੋਂ ਬਾਅਦ ਉਹ ਦੂਜੇ ਹਸਪਤਾਲ ਵੀ ਗਏ¢ ਪਰ ਪੱਲੇ ਕੁਝ ਨਹੀਂ ਪਿਆ | ਬਦਕਿਸਮਤੀ ਉਸ ਧੀ ਦੀ ਜੋ ਅਰਬਾਂ-ਖ਼ਰਬਾਂ ਦੇ ਮਾਲਕਾਂ ਦੇ ਘਰ ਜਨਮ ਲੈ ਕੇ ਵੀ ਸਰੀਰਕ ਪੱਖੋਂ ਨਕਾਰਾ ਹੋ ਗਈ | ਹੁਣ ਪਤੀ-ਪਤਨੀ ਵਿਚ ਆਪਸੀ ਤਕਰਾਰ ਹੋ ਰਿਹਾ ਸੀ | ਪਤਨੀ ਪਤੀ ਨੂੰ, ਪਤੀ ਪਤਨੀ ਨੂੰ ਦੋਸ਼ ਦੇ ਰਿਹਾ ਸੀ | ਪਤੀ-ਪਤਨੀ ਦੀ ਆਪਸੀ ਤਕਰਾਰ ਵਿਚ ਬੱਚੀ ਬਾਪ ਦੀਆਂ ਲੱਤਾਂ ਨੂੰ ਚਿੰਬੜ ਜਾਂਦੀ | ਪਾਪਾ ਕਿਉਂ ਲੜਦੇ ਹੋਏ? ਭਾਟੀਆ ਸਾਹਿਬ ਬੇਟੀ ਨੂੰ ਗੋਦੀ ਚੁੱਕ ਮਨ ਹੀ ਮਨ ਵਿਚ ਧੀ ਨੂੰ ਜਵਾਬ ਦੇ ਰਿਹਾ ਹੈ ¢ਧੀਏ ਕੀ ਦੱਸਾਂ? ਮੈਂ ਸਾਰੀ ਉਮਰ ਪੈਸੇ ਪਿੱਛੇ ਭੱਜਦਾ ਰਿਹਾ ਪਰ ਅੱਜ ਪੈਸਾ ਵੀ ਮੇਰੇ ਕੰਮ ਨਹੀਂ ਆਇਆ | ਧੀ ਨੂੰ ਗਲ ਨਾਲ ਲਾ ਭਾਟੀਆ ਸਾਹਿਬ ਰੋਈ ਜਾ ਰਿਹਾ ਸੀ | ਧੀਏ ਤੈਨੂੰ ਸਰੀਰਕ ਪੱਖੋਂ ਨਕਾਰਾ ਕਰਨ 'ਚ ਕੋਈ ਹੋਰ ਨਹੀਂ, ਸਗੋਂ ਤੇਰੇ ਮੰਮੀ -ਪਾਪਾ ਹੀ ਨੇ | ਅੱਜ ਉਸ ਨੂੰ ਸਿਆਣਿਆਂ ਦਾ ਕਥਨ ਯਾਦ ਆ ਰਿਹਾ ਸੀ ਕਿ ਇਕ ਛੋਟੀ ਜਿਹੀ ਗਲਤੀ ਇਨਸਾਨ ਦੀ ਜ਼ਿੰਦਗੀ ਬਰਬਾਦ ਕਰ ਦਿੰਦੀ ਏ ¢ਅੱਜ ਭਾਟੀਆ ਸਾਹਿਬ ਦੀ ਅੰਤਰ ਆਤਮਾ ਰੋ ਰਹੀ ਸੀ | ਵੈਸੇ ਵੀ ਸਰੀਰਕ ਸੱਟ ਨਾਲੋਂ ਆਤਮਾ ਨੂੰ ਲੱਗੀ ਸੱਟ ਜ਼ਿਆਦਾ ਤੰਗ ਕਰਦੀ ਏ¢ ਧੀਏ ਦੁੱਖ ਇਸ ਗੱਲ ਦਾ ਏ ਕਿ ਗ਼ਲਤੀ ਸਾਡੀ ਏ ਤੇ ਇਸ ਗ਼ਲਤੀ ਦਾ ਖਮਿਆਜ਼ਾ ਤੈਨੂੰ ਸਾਰੀ ਉਮਰ ਭੋਗਣਾ ਪੈਣਾ ਏ | 'ਧੀਏ ਮੈਨੂ ਮਾਫ਼...' ਵਾਕ ਪੂਰਾ ਨਾ ਕਰ ਸਕਿਆ ਤੇ ਭਾਟੀਆ ਸਾਹਿਬ ਨੂੰ ਐਸਾ ਚੱਕਰ ਆਇਆ ਕਿ ਧੜੱਮ ਕਰਦਾ ਜ਼ਮੀਨ 'ਤੇ ਡਿਗ ਪਿਆ | ਆਪਣੀ ਅਰਬਾਂ-ਖਰਬਾਂ ਦੀ ਜਾਇਦਾਦ ਪਿੱਛੇ ਛੱਡ ਉਹ ਅਗਲੀ ਦੁਨੀਆ 'ਚ ਜਾ ਚੁੱਕਾ ਸੀ ¢

-ਪਿੰਡ: ਵੜੈਚ, ਡਾਕ: ਘੁੰਮਣ ਕਲਾਂ, ਜ਼ਿਲ੍ਹਾ ਗੁਰਦਾਸਪੁਰ |
ਮੋਬਾਈਲ : 81466-35586.

ਨਹਿਲੇ 'ਤੇ ਦਹਿਲਾ: ਸਾਰੇ ਪੈਸੇ ਮੇਰੇ 'ਤੇ ਖਰਚ ਦਿੱਤੇ

ਇਕ ਤਰੱਕੀਪਸੰਦ ਉਰਦੂ ਸ਼ਾਇਰ ਫਿਰਾਕ ਗੋਰਖਪੁਰੀ ਦੇ ਘਰ ਗਏ ਅਤੇ ਆਪਣੀ ਸ਼ਕਲ ਸੂਰਤ ਉਦਾਸ ਜਿਹੀ ਬਣਾ ਕੇ ਕਹਿਣ ਲੱਗੇ, 'ਗੱਲ ਇੱਜ਼ਤ ਆਬਰੂ ਦੀ ਹੈ, ਮੈਂ ਬਹੁਤ ਪ੍ਰੇਸ਼ਾਨ ਹਾਂ | ਕਿਰਪਾ ਕਰਕੇ ਤੀਹ ਕੁ ਰੁਪਏ ਉਧਾਰ ਦੇ ਦਿਓ, ਮੈਂ ਛੇਤੀ ਹੀ ਵਾਪਸ ਕਰ ਦਿਆਂਗਾ |' ਫਿਰਾਕ ਸਾਹਿਬ ਕੋਈ ਜਵਾਬ ਦਿੰਦੇ, ਉਹ ਫਿਰ ਕਹਿਣ ਲੱਗਾ, 'ਵੇਖੋ ਨਾਂਹ ਨਹੀਂ ਕਰਨੀ, ਮੇਰੇ ਇੱਜ਼ਤ ਆਬਰੂ ਖਤਰੇ ਵਿਚ ਹੈ |'
ਫਿਰਾਕ ਸਾਹਿਬ ਨੇ ਜੇਬ ਵਿਚ ਹੱਥ ਪਾਇਆ ਅਤੇ ਤੀਹ ਰੁਪਏ ਕੱਢ ਕੇ ਉਸ ਦੇ ਹਵਾਲੇ ਕਰ ਦਿੱਤੇ | ਉਹ ਬੰਦਾ ਰੁਪਏ ਲੈ ਤੁਰੰਤ ਚਲਾ ਗਿਆ |
ਥੋੜ੍ਹੀ ਦੇਰ ਬਾਅਦ ਇਕ ਟਾਂਗਾ ਫਿਰਾਕ ਸਾਹਿਬ ਦੇ ਘਰ ਦੇ ਮੂਹਰੇ ਆ ਕੇ ਰੁਕਿਆ | ਟਾਂਗੇ ਵਿਚੋਂ ਉਹੀ ਸ਼ਾਇਰ ਉਤਰਿਆ ਅਤੇ ਫਿਰਾਕ ਸਾਹਿਬ ਕੋਲ ਆ ਕੇ ਬੋਲਿਆ, 'ਤੁਸੀਂ ਫਟਾਫਟ ਇਸ ਟਾਂਗੇ ਵਿਚ ਬੈਠ ਜਾਓ |' ਫਿਰਾਕ ਸਾਹਿਬ ਨੇ ਪੁੱਛਿਆ, 'ਅਰੇ ਭਾਈ ਮਾਮਲਾ ਕੀ ਏ?' ਬਿਨਾਂ ਜਵਾਬ ਦਿੱਤੇ ਹੀ ਉਸ ਨੇ ਫਿਰਾਕ ਸਾਹਿਬ ਨੂੰ ਟਾਂਗੇ ਵਿਚ ਬਿਠਾ ਲਿਆ | ਟਾਂਗਾ ਸਿੱਧਾ ਸ਼ਰਾਬਖਾਨੇ ਪਹੁੰਚਿਆ ਤਾਂ ਉਨ੍ਹਾਂ ਦੀ ਖਾਤਰ, ਸੇਵਾ ਆਦਿ ਉਨ੍ਹਾਂ ਦੇ ਪੈਸੇ ਨਾਲ ਕੀਤੀ ਗਈ | ਸ਼ਰਾਬ ਕਬਾਬ ਦੇ ਦੌਰ ਤੋਂ ਬਾਅਦ ਉਨ੍ਹਾਂ ਨੂੰ ਉਸੇ ਟਾਂਗੇ ਵਿਚ ਬਿਠਾ ਕੇ ਘਰ ਵਾਪਸ ਭੇਜ ਦਿੱਤਾ ਗਿਆ |
ਦੂਜੇ ਦਿਨ ਫਿਰਾਕ ਸਾਹਿਬ ਨੇ ਆਪਣੇ ਇਕ ਕਰੀਬੀ ਦੋਸਤ ਨਾਲ ਇਹ ਘਟਨਾ ਸਾਂਝੀ ਕੀਤੀ ਅਤੇ ਕਿਹਾ, 'ਮੇਰੇ ਤੀਹ ਰੁਪਏ ਗਏ | ਮੈਂ ਕਿਸ ਮੰੂਹ ਨਾਲ ਆਪਣੇ ਪੈਸੇ ਵਾਪਸ ਮੰਗਾਂਗਾ | ਉਸ ਨੇ ਸਾਰੇ ਪੈਸੇ ਤਾਂ ਮੇਰੇ 'ਤੇ ਖਰਚ ਕਰ ਦਿੱਤੇ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਮਸਲਾ ਗ਼ਰੀਬ ਦਾ


ਪੰਜਾਬ 'ਚ ਤਾਂ ਕੋਈ ਵੀ ਲਾੜਾ ਬਿਨਾਂ ਊਚ-ਨੀਚ ਦੇ ਭੇਦਭਾਵ ਦੇ ਜਦੋਂ ਲਾੜੀ ਨੂੰ ਵਿਆਹੁਣ ਲਈ ਆਪਣੇ ਘਰੋਂ ਜੰਝ (ਬਰਾਤ) ਲੈ ਕੇ ਵਾਜੇ-ਗਾਜੇ ਨਾਲ ਲਾੜੀ ਦੇ ਘਰ ਵੱਲ ਕੂਚ ਕਰਦਾ ਹੈ ਤਾਂ ਉਹ ਇਕ ਸਜੀ ਹੋਈ ਘੋੜੀ 'ਤੇ ਸਵਾਰ ਹੁੰਦਾ ਹੈ | ਉਹਦੇ ਨਾਲ ਉਹਦੇ ਸਕਿਆਂ 'ਚੋਂ ਇਕ ਨਿੱਕਾ ਨਿਆਣਾ ਸਰਬਾਲਾ ਵੀ ਹੁੰਦਾ ਹੈ | ਘੋੜੀ 'ਤੇ ਸਵਾਰ ਸਿਹਰਿਆਂ ਵਾਲਾ, ਕੀ ਗੋਰਾ ਕੀ ਕਾਲਾ, ਕੀ ਸਰਦਾਰ ਕੀ ਲਾਲਾ, ਕੀ ਗ਼ਰੀਬ ਕੀ ਦੌਲਤ ਵਾਲਾ, ਘੋੜੀ ਚੜਿ੍ਹਆ ਤਾਂ ਕਹਾਵੇ ਲਾੜਾ, ਸਿਹਰਿਆਂ ਵਾਲਾ |
ਇੱਕੀਵੀਂ ਸਦੀ ਵਿਚ ਰਤਾ ਬਦਲਾਓ ਆਇਆ ਹੈ, ਕਈ ਲਾੜੇ ਘੋੜੀ ਚੜ੍ਹਨ ਦੀ ਥਾਂ ਸਿੱਧਾ ਕਾਰ ਵਿਚ ਬਹਿ ਕੇ ਆਨੰਦ ਵਾਲਾ ਕਾਰਜ ਨਿਭਾਉਣ ਲਈ ਲਾੜੀ ਦੇ ਘਰ ਜਾਣਾ ਪਸੰਦ ਕਰਦੇ ਹਨ | ਪਹਿਲਾਂ ਰਿਵਾਜ ਇਹ ਸੀ ਕਿ ਲਾੜੀ ਦੀ ਡੋਲੀ ਸੱਚਮੁੱਚ ਇਕ ਸਜੀ ਹੋਈ ਡੋਲੀ ਹੀ ਹੁੰਦੀ ਸੀ, ਚਾਰ ਕਹਾਰ, ਮੋਢਿਆਂ 'ਤੇ ਚੁੱਕ ਕੇ ਸਹੁਰੇ ਘਰ ਲੈ ਜਾਂਦੇ ਸਨ ਪਰ ਹੁਣ ਤਾਂ ਡੋਲੀ ਵੀ ਕਾਰਾਂ 'ਚ ਹੀ ਜਾਂਦੀ ਹੈ, ਧੀ ਦੇ ਮਾਤਾ-ਪਿਤਾ, ਭਰਾ-ਭਾਈ, ਨੇੜੇ ਦੇ ਰਿਸ਼ਤੇਦਾਰ ਜਦ ਕਾਰ ਚਲਦੀ ਹੈ, 'ਹਾਰਸ ਪਾਵਰ' ਵਾਲੇ ਇੰਜਣ ਨਾਲ, ਕਾਰ ਨੂੰ ਪਿਛਿਉਂ ਹੱਥਾਂ ਨਾਲ ਇਉਂ ਧੱਕਣ ਦਾ ਵਿਖਾਵਾ ਕਰਦੇ ਹਨ ਜਿਵੇਂ ਸੱਚਮੁੱਚ ਉਨ੍ਹਾਂ ਦੇ ਧੱਕਾ ਲਾਉਣ ਨਾਲ ਹੀ ਕਾਰ ਅਗਾਂਹ ਵਧ ਰਹੀ ਹੈ, ਇਹ ਵਿਦਾਈ ਜਾਂ ਡੋਲੀ ਦਾ ਨਵਾਂ ਸਰੂਪ ਹੈ | ਸੱਚ ਹੈ, ਕਾਰ ਵੀ ਆਪਣੇ ਹਾਰਸ ਪਾਵਰ ਯਾਨਿ ਘੋੜੇ-ਘੋੜਿਆਂ ਦੀ ਤਾਕਤ ਨਾਲ ਹੀ ਚਲਦੀ ਹੈ | ਪਰ ਜਿਹੜੀ ਪਰੰਪਰਾ ਹੈ, ਉਹਦਾ ਸਤਿਕਾਰ ਉਹੀਓ ਹੈ:
'ਵੀਰ ਮੇਰਾ ਘੋੜੀ ਚੜਿ੍ਹਆ'
ਪਰ ਕਈ ਹੋਰਨਾਂ ਸੂਬਿਆਂ ਦੇ ਲਾੜੇ ਘੋੜੀ 'ਤੇ ਨਹੀਂ, ਘੋੜੇ 'ਤੇ ਸਵਾਰ ਹੁੰਦੇ ਹਨ | ਬਈ ਪੁਰਾਣੀਆਂ ਜੰਗਾਂ ਤੇ ਲੜਾਈਆਂ ਯਾਦ ਕਰੋ, ਸਦਾ ਲੜਾਕੂ ਸਿਪਾਹੀ ਤੇ ਜਰਨੈਲ ਘੋੜੇ 'ਤੇ ਹੀ ਸਵਾਰ ਹੁੰਦੇ ਸਨ | ਰਾਣੀ ਲਕਸ਼ਮੀ ਬਾਈ ਵੀ ਖੂਬ ਲੜੀ ਮਰਦਾਨੀ, ਘੋੜੇ 'ਤੇ ਸਵਾਰ ਹੋ ਕੇ ਹੀ ਦੁਸ਼ਮਣਾਂ ਨਾਲ ਲੜੀ ਸੀ | ਮਹਾਰਾਣਾ ਪ੍ਰਤਾਪ ਤੇ ਅਕਬਰ ਵੀ ਘੋੜੇ 'ਤੇ ਹੀ ਸਵਾਰ ਸਨ |
ਕਿਉਂ ਭਾਈ ਘੋੜੇ 'ਤੇ ਸਵਾਰ ਹੋ ਕੇ ਹੱਥ 'ਚ ਤਲਵਾਰ ਲੈ ਕੇ ਲਾੜੇ ਵਿਆਹ ਕਰਨ ਚੱਲੇ ਨੇ ਕਿ ਜੰਗ ਲੜਨ? ਵਿਆਹ ਮਗਰੋਂ, ਆਪਸ 'ਚ ਮੀਆਂ-ਬੀਵੀ ਦੀ ਜ਼ਬਾਨੀ ਜੰਗ ਤੇ ਛੋਟੀਆਂ-ਮੋਟੀਆਂ ਜ਼ਬਾਨੀ ਲੜਾਈਆਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ, ਕਿਸੇ ਸੱਚ ਹੀ ਆਖਿਆ ਹੈ, 'ਵਿਆਹ ਵੀ ਇਕ 'ਜੰਗ' ਹੈ |'
ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਦੇ ਨੇੜੇ ਕਾਸਗੰਜ 'ਚ ਠਾਕੁਰਾਂ ਤੇ ਦਲਿਤ ਪਰਿਵਾਰਾਂ ਦਾ ਵਾਸਾ ਹੈ | ਇਥੇ ਇਕੋ ਦਿਨ ਇਕ ਠਾਕੁਰ ਪਰਿਵਾਰ ਤੇ ਇਕ ਦਲਿਤ ਪਰਿਵਾਰ ਦੇ ਮੰੁਡੇ ਦਾ ਵਿਆਹ ਸੀ | ਠਾਕੁਰਾਂ ਦਾ ਮੰੁਡਾ ਵੀ ਆਪਣੀ ਜੰਝ ਲਈ ਘੋੜੇ 'ਤੇ ਸਵਾਰ ਹੋ ਕੇ ਆਪਣੀ ਹੋਣ ਵਾਲੀ ਜੀਵਨ ਸਾਥਣ ਦੇ ਘਰ ਵੱਲ ਚੜ੍ਹਾਈ ਕਰ ਰਿਹਾ ਸੀ ਤੇ ਦਲਿਤ ਪਰਿਵਾਰ ਦਾ ਮੰੁਡਾ ਵੀ ਇਸੇ ਕਾਰਜ ਨੂੰ ਫ਼ਤਹਿ ਕਰਨ ਲਈ ਸਿਹਰਾ ਬੰਨ੍ਹੀ ਘੋੜੇ 'ਤੇ ਸਵਾਰ ਜੰਝ ਲਈ ਜਾ ਰਿਹਾ ਸੀ | ਠਾਕੁਰ ਤੇ ਦਲਿਤ ਜੰਝਾਂ ਦਾ ਇਕ ਥਾਂ ਆਹਮਣਾ-ਸਾਹਮਣਾ ਹੋ ਗਿਆ | ਇਹ ਕੀ? ਦਲਿਤ ਸਾਡਾ ਮੁਕਾਬਲਾ ਕਰ ਰਹੇ ਹਨ? ਉਨ੍ਹਾਂ ਦਲਿਤ ਦੀ ਜੰਝ 'ਤੇ ਹੱਲਾ ਬੋਲ ਦਿੱਤਾ | ਉਨ੍ਹਾਂ ਵਿਚਾਰੇ ਲਾੜੇ ਨੂੰ ਘੋੜੇ ਤੋਂ ਉਤਰਨ ਲਈ ਮਜਬੂਰ ਕਰ ਦਿੱਤਾ | ਇਹ ਇਕਲੌਤਰੀ ਘਟਨਾ ਨਹੀਂ ਹੈ, ਏਦਾਂ ਦੀਆਂ ਕਈ ਹੋਰ ਘਟਨਾਵਾਂ ਵੀ ਵਾਪਰੀਆਂ ਹਨ | ਦਿਲ ਦੁਖਦਾ ਹੈ, ਇਹੋ ਜਿਹੀਆਂ ਘਟਨਾਵਾਂ ਦਾ ਵੇਰਵਾ ਪੜ੍ਹ ਕੇ |
ਮਹਾਤਮਾ ਗਾਂਧੀ ਨੂੰ ਵੀ ਜਾਤ-ਪਾਤ ਪਸੰਦ ਨਹੀਂ ਸੀ |
'ਦਾਲ' ਦਲੀ ਦੀ ਹੈ, ਤੁਹਾਨੂੰ ਪਤਾ ਹੀ ਹੈ ਕਿੱਦਾਂ ਕਿਸੇ ਚੀਜ਼ ਨੂੰ ਕੁੱਟ-ਕੁੱਟ ਦਲੀ ਦਾ ਹੈ, ਸਾਡੇ ਸੰਵਿਧਾਨ 'ਚ ਹਰੇਕ ਸ਼ਹਿਰੀ ਨੂੰ ਬਰਾਬਰ ਦਾ ਹੱਕ ਹੈ | ਸਿਰਫ਼ ਲਿਖੇ ਸ਼ਬਦਾਂ 'ਚ ਹੀ ਹੈ | ਇਕ ਤੱਥ ਅੱਜ ਤਾੲੀਂ ਸਮਝ ਤੋਂ ਬਾਹਰ ਹੈ, ਦਲਿਤ ਸਮਾਜ 'ਦਲਿਤ' ਰਹਿਣਾ ਹੀ ਕਿਉਂ ਪਸੰਦ ਕਰਦਾ ਹੈ |
ਦਲਿਤਾਂ ਲਈ ਕਈ ਹੱਕ ਰਾਖਵੇਂ ਹਨ... ਉਨ੍ਹਾਂ ਦੇ ਲੀਡਰ ਵੀ ਰਾਖਵੇਂ ਹੀ ਹਨ, ਉਨ੍ਹਾਂ ਲੀਡਰਾਂ ਦਾ ਵੀ ਇਕੋ-ਇਕ ਹੀ ਮਕਸਦ ਹੈ, ਇਕੋ ਨਾਅਰਾ ਹੈ, ਅਸੀਂ ਆਪਣੇ ਹੱਕ ਲੈ ਕੇ ਰਹਿਣੇ ਹਨ, ਰਿਜ਼ਰਵੇਸ਼ਨ ਕਾਇਮ ਰੱਖਣੀ ਹੈ, ਸਗੋਂ ਇਸ ਲਈ ਹੋਰ ਜੂਝਣਾ ਹੈ, ਦਲਿਤਾਂ ਨੂੰ ਬਰਾਬਰੀ ਖ਼ਾਤਰ ਉੱਚਾ ਚੁੱਕਣਾ ਹੈ |
ਦਲਿਤਾਂ ਦੇ ਲੀਡਰ ਆਪ ਉੱਚੇ ਚੁੱਕੇ ਗਏ, ਇਹ ਆਪਣੀਆਂ-ਆਪਣੀਆਂ ਪਾਰਟੀਆਂ ਦੇ ਉੱਚ ਦਰਜੇ ਦੇ ਲੀਡਰ ਬਣੇ, ਸਰਕਾਰਾਂ 'ਚ ਵਜ਼ੀਰ ਬਣੇ, ਇਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਲਈ ਬਾਕੀ ਸਭੇ ਪਾਰਟੀਆਂ ਵੇਲੇ ਸਿਰ ਇਨ੍ਹਾਂ ਦੇ ਸਾਹਮਣੇ ਹਰ ਤਰ੍ਹਾਂ ਝੁਕਣ ਲਈ ਤਤਪਰ ਹਨ ਪਰ...
ਪ੍ਰਸਿੱਧ ਦਲਿਤ ਨੇਤਾ ਹੈਨ... ਕੁਮਾਰੀ, 'ਬਹਿਨ ਮਾਇਆਵਤੀ' ਇਹਦੀ ਪਾਰਟੀ ਹੈ ਬਹੁਜਨ ਸਮਾਜ ਪਾਰਟੀ |
ਸਰਕਾਰ ਬਣਾਉਣੀ ਹੈ ਤਾਂ ਸਭਨਾਂ ਵਰਗਾਂ ਨੂੰ ਨਾਲ ਮਿਲਾਉਣਾ ਪੈਣਾ ਸੀ, ਮਾਇਆਵਤੀ ਨੇ ਇਕ ਸਤੀਸ਼ ਸ਼ਰਮਾ ਨਾਲ ਮਿਲ ਕੇ ਸਮਾਜ ਦੇ ਸਾਰੇ ਵਰਣਾਂ ਦਾ ਸਵਾਗਤ ਕਰਕੇ ਆਪਣੀ ਪਾਰਟੀ ਦਾ ਨਾਂਅ ਬਦਲ ਦਿੱਤਾ, 'ਬਹੁਜਨ ਸਮਾਜ ਪਾਰਟੀ |'
ਬਹੁਜਨ ਧਨ-ਧਨ... ਮਨੂੰਵਾਦੀਆਂ ਨਾਲ ਮਿਲ ਕੇ ਮਾਇਆਵਤੀ ਤਿੰਨ ਵਾਰ ਯੂ.ਪੀ. ਦੀ ਮੁੱਖ ਮੰਤਰੀ ਬਣ ਗਈ ਪਰ ਮੁੱਖ ਤੌਰ 'ਤੇ ਅੱਜ ਵੀ ਅਖਵਾਉਂਦੀ ਦਲਿਤਾਂ, ਪਛੜੇ ਵਰਗਾਂ ਵਾਲੇ ਗ਼ਰੀਬਾਂ ਦੀ ਹੀ ਨੇਤਾ ਹੈ |
ਦਲਿਤਾਂ ਦੇ ਨੇਤਾ ਕਿੰਨੇ ਹੀ ਹਨ, ਸਭਨਾਂ ਦਾ ਪੂਜਣਯੋਗ ਨੇਤਾ ਇਕੋ ਹੈ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ, ਜਿਨ੍ਹਾਂ ਭਾਰਤ ਦੇ ਸੰਵਿਧਾਨ ਦੀ ਰਚਨਾ ਕੀਤੀ ਹੈ | ਉਨ੍ਹਾਂ ਨੂੰ ਆਪਣਾ ਪੂਜਣਯੋਗ ਨੇਤਾ ਕਰਾਰ ਦੇ ਕੇ, ਦਲਿਤਾਂ ਨੇ ਕਈ ਪਾਰਟੀਆਂ ਬਣਾ ਲਈਆਂ ਹਨ, ਵੱਖ-ਵੱਖ ਨਾਂਅ ਰੱਖ ਕੇ, ਇਕ ਤਾਂ ਡਾ: ਅੰਬੇਡਕਰ ਦੇ ਪੋਤੇ ਹਨ, ਪ੍ਰਕਾਸ਼ ਅੰਬੇਡਕਰ, ਇਨ੍ਹਾਂ ਦੀ ਪਾਰਟੀ ਤੋਂ ਟੁੱਟ-ਟੁੱਟ ਕੇ ਬਣੇ ਰਾਮਦਾਸ ਅਠਾਵਲੇ ਦਲਿਤਾਂ ਦੀ ਮਿਹਰਬਾਨੀ... ਰਾਮ ਵਿਲਾਸ ਪਾਸਵਾਨ, ਕੇਂਦਰੀ ਸਰਕਾਰ 'ਚ ਕੈਬਨਿਟ ਮੰਤਰੀ ਹਨ, ਇਨ੍ਹਾਂ ਦਾ ਸਪੁੱਤਰ ਚਿਰਾਗ ਪਾਸਵਾਨ... ਮੰੁਬਈ ਬਾਲੀਵੁੱਡ 'ਚ ਹੀਰੋ ਬਣਨ ਆਇਆ ਸੀ, ਆਪਣੀ ਹਿੰਦੀ ਫ਼ਿਲਮ ਬਣਾਈ, ਇਕ ਦਿਨ ਨਹੀਂ ਚੱਲੀ, ਹੱਥ ਪੁਰਾਣੇ ਖੋਸੜੇ, ਬਸੰਤਾ ਘਰ ਆਇਆ | ਪਹੁੰਚ ਗਿਆ ਕਰੋੜਾਂ ਰੁਪਏ ਗਵਾ ਕੇ, ਬਿਹਾਰ ਵਾਪਸ... 'ਪੁੱਤ ਕੀ ਹੋਇਆ, ਫ਼ਿਲਮੀ ਹੀਰੋ ਨਹੀਂ ਬਣਿਆ... ਅਸੀਂ ਤੈਨੂੰ ਪੁਲਿਟੀਕਲ ਹੀਰੋ ਬਣਾ ਦਿੰਨੇ ਹਾਂ |' ਉਹ ਦੀ ਲੋਕ ਜਨ ਸ਼ਕਤੀ ਪਾਰਟੀ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ |
ਅੱਜ ਵੀ ਉਹ ਦਲਿਤ ਲੀਡਰ ਹੈ, ਕਾਰਾਂ 'ਚ ਘੰੁਮਦਾ ਹੈ | ਕੁਝ ਦਿਨ ਪਹਿਲਾਂ ਤੱਕ, ਵੇਖਿਐ ਕਿਵੇਂ ਅਮਿਤ ਸ਼ਾਹ ਦੀ ਭੂਤਨੀ ਭਵਾਈ ਹੋਈ ਸੀ | ਰਿਜ਼ਰਵ ਕਰਵਾ ਲਈਆਂ 6 'ਐਮ.ਪੀ. ਲਈ ਸੀਟਾਂ ਬਿਹਾਰ 'ਚ ਪਾਰਟੀ ਲਈ... ਕੀ ਇਹ ਪਰਿਵਾਰਵਾਦੀ ਪਾਰਟੀ ਨਹੀਂ?'
ਮਾਇਆਵਤੀ ਦਾ ਸਕਾ ਭਰਾ ਆਨੰਦ, ਨੋਟਬੰਦੀ ਵੇਲੇ ਇਹਨੇ ਇਕੱਲੇ ਨੇ... ਸੌ ਕਰੋੜ ਤੋਂ ਜ਼ਿਆਦਾ ਰੁਪਏ ਬੈਂਕ 'ਚ ਜਮ੍ਹਾਂ ਕਰਾਏ | ਮਾਇਆਵਤੀ ਨੇ ਇਹਨੂੰ ਵੀ ਆਪਣੀ ਪਾਰਟੀ ਦਾ ਜਨਰਲ ਸਕੱਤਰ ਥਾਪ ਦਿੱਤਾ | ਕੀ ਇਹ ਪਰਿਵਾਰਵਾਦੀ ਨਹੀਂ?
ਮੈਂ ਇਸ ਲੇਖ ਦਾ ਅੰਤ ਕਰਨ ਵਾਲਾ ਸਾਂ ਕਿ ਇਕ ਨਵੀਂ ਖ਼ਬਰ ਆ ਗਈ-ਮੋਦੀ ਸਰਕਾਰ ਨੇ ਲੋਕ ਸਭਾ 'ਚ ਉੱਚੀਆਂ, ਸਵਰਣ ਜਾਤੀ ਵਾਲਿਆਂ ਗ਼ਰੀਬਾਂ ਲਈ ਵੀ ਆਰਥਿਕ ਆਧਾਰ 'ਤੇ 10 ਫ਼ੀਸਦੀ ਰਾਖਵਾਂਕਰਨ ਦੇਣ ਵਾਲਾ ਬਿੱਲ ਪਾਸ ਹੋ ਗਿਆ |
ਦਲਿਤਾਂ 'ਚ ਵੀ ਗ਼ਰੀਬ ਹਨ, ਉੱਚੀਆਂ ਜਾਤੀਆਂ ਵਿਚ ਵੀ ਗ਼ਰੀਬ ਹਨ | ਕਬੀਰ ਜੀ ਨੇ ਆਖਿਐ : 'ਨਿਰਧਨ ਆਦਰ ਕੋਏ ਨਾ ਦਏ |' ਜੇ ਕ੍ਰਿਸ਼ਨ ਜੀ ਸੁਦਾਮੇ ਦੇ ਭਗਵਾਨ ਸਨ, ਤਾਂ ਮੋਦੀ....?
ਸੱਪ ਦੇ ਮੰੂਹ 'ਚ ਕੋਹੜ ਕਿਰਲੀ ਪਾ ਦਿੱਤੀ ਹੈ | ਸਭੇ ਪਾਰਟੀਆਂ ਵਾਲੇ ਨਾ ਨਿਗਲ ਸਕਦੇ ਹਨ ਨਾ ਉਗਲ ਸਕਦੇ ਹਨ |

ਆਪਣਿਆਂ ਤੋਂ ਬਚੋ

• ਜੀ. ਟੀ. ਰੋਡ 'ਤੇ ਸਫ਼ਰ ਕਰ ਰਿਹਾ ਸੀ | ਅੱਗੇ ਇਕ ਟਰੱਕ ਜਾ ਰਿਹਾ ਸੀ, ਜਿਸ ਦੇ ਪਿੱਛੇ ਪੰਜਾਬੀ ਵਿਚ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ, 'ਆਪਣਿਆਂ ਤੋਂ ਬਚੋ' | ਇਸ ਤੋਂ ਇਹ ਅਹਿਸਾਸ ਹੋਇਆ ਕਿ ਟਰੱਕ ਦੇ ਮਾਲਕ ਜਾਂ ਡਰਾਈਵਰ ਨਾਲ ਇਨ੍ਹਾਂ ਦੇ ਕਿਸੇ ਆਪਣੇ ਨੇ ਕੋਈ ਵੱਡਾ ਧੋਖਾ ਜਾਂ ਫਰੇਬ ਆਦਿ ਕੀਤਾ ਹੋਵੇਗਾ, ਜਿਸ ਕਰਕੇ ਇਸ ਨੇ ਟਰੱਕ ਦੇ ਪਿੱਛੇ ਪੱਕੇ ਤੌਰ 'ਤੇ ਉਕਤ ਸ਼ਬਦ ਲਿਖ ਦਿੱਤੇ ਹਨ ਤਾਂ ਕਿ ਇਸ ਨੂੰ ਪੜ੍ਹ ਕੇ ਦੂਸਰੇ ਲੋਕ ਆਪਣਿਆਂ ਤੋਂ ਸਾਵਧਾਨ ਰਹਿਣ |
• ਸਾਰੇ ਆਪਣਿਆਂ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ | ਮੇਰੇ ਅਨੁਮਾਨ ਮੁਤਾਬਿਕ 90 ਫ਼ੀਸਦੀ ਆਪਣੇ ਚੰਗੇ ਹੁੰਦੇ ਹਨ ਜੋ ਆਪਣਿਆਂ ਨਾਲ ਚੰਗਾ ਸਲੂਕ ਕਰਦੇ ਹਨ | ਅੱਜ ਪੈਸੇ ਦੀ ਅੰਨ੍ਹੀ ਦੌੜ ਨੇ, ਲੋਭ-ਲਾਲਚ ਤੇ ਮਾੜੀ ਨੀਅਤ ਨੇ ਸਮਾਜ ਦੇ 10 ਫ਼ੀਸਦੀ ਲੋਕਾਂ ਨੂੰ ਮਾੜੇ ਜਾਂ ਭੈੜੇ ਜ਼ਰੂਰ ਬਣਾ ਦਿੱਤਾ ਹੈ, ਜੋ ਪੈਸੇ, ਜਾਇਦਾਦ ਦੇ ਲਾਲਚ ਵਿਚ ਆਪਣਿਆਂ ਨਾਲ ਏਡਾ ਵੱਡਾ ਧੋਖਾ, ਫਰੇਬ, ਠੱਗੀ, ਧੱਕਾ ਆਦਿ ਕਰ ਜਾਂਦੇ ਹਨ ਕਿ ਸਬੰਧਿਤ ਵਿਅਕਤੀ ਨੂੰ ਆਪਣਿਆਂ ਵਲੋਂ ਦਿੱਤਾ ਇਹ ਜ਼ਖ਼ਮ ਸਾਰੀ ਉਮਰ ਨਹੀਂ ਭੁੱਲਦਾ |
• ਅਜਿਹੀ ਮਾੜੀ ਨੀਅਤ ਵਾਲੇ ਵਿਅਕਤੀਆਂ ਨੂੰ ਇਨ੍ਹਾਂ ਗੱਲਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਕਿ ਸੰਤੋਖ ਸਭ ਤੋਂ ਵੱਡਾ ਧਨ ਹੈ, ਸਬਰ ਵਾਲਾ ਰੱਜ ਜਾਂਦਾ ਹੈ ਪਰ ਨੀਅਤ ਦਾ ਭੁੱਖਾ ਕਦੀ ਨਹੀਂ ਰੱਜਦਾ, ਸਬਰ ਜੀਵਨ ਹੈ ਅਤੇ ਬੇਸਬਰੀ ਮੌਤ, ਸੰਤੁਸ਼ਟਤਾ ਇਕ ਕੁਦਰਤੀ ਦੌਲਤ ਹੈ, ਸਬਰ-ਸੰਤੋਖ ਦੀ ਘਾਟ ਕਾਰਨ ਹੀ ਇਨਸਾਨ ਪ੍ਰੇਸ਼ਾਨ ਹੈ | ਸੁਆਰਥ ਤੋਂ ਬਿਨਾਂ ਝੂਠ ਬੋਲਣ ਦੀ ਲੋੜ ਹੀ ਨਹੀਂ ਪੈਂਦੀ | ਤਿੰਨ ਚੀਜ਼ਾਂ ਬੰਦੇ ਨੂੰ ਜ਼ਿੰਦਗੀ ਵਿਚ ਬਹੁਤ ਦੁੱਖ ਦਿੰਦੀਆਂ ਹਨ-ਆਪਣਿਆਂ ਵਲੋਂ ਧੋਖਾ, ਗ਼ਰੀਬੀ ਤੇ ਯਾਦਾਂ |
• ਸਿਆਣਿਆਂ ਦਾ ਕਹਿਣਾ ਹੈ ਕਿ ਲਾਲਚੀ, ਬੇਈਮਾਨ, ਲਾਈਲੱਗ ਤੇ ਸੁਆਰਥੀ ਲੋਕ ਯਕੀਨ ਦੀ ਕੀਮਤ ਨੂੰ ਨਹੀਂ ਜਾਣਦੇ ਅਤੇ ਦੁਨੀਆ ਵਿਚ ਇਹ ਚਾਰ ਥਾਵਾਂ ਕਦੇ ਨਹੀਂ ਭਰਦੀਆਂ : ਸਮੰੁਦਰ, ਤਿ੍ਸ਼ਨਾ ਦਾ ਘੜਾ, ਸਮਸ਼ਾਨਘਾਟ ਤੇ ਬੰਦੇ ਦਾ ਮਨ |
• ਇਸ ਗੱਲ ਨੂੰ ਮੰਨਣਾ ਪਵੇਗਾ ਕਿ ਆਪਣਾਪਨ ਤਾਂ ਹਰ ਕੋਈ ਦਿਖਾਉਂਦਾ ਹੈ ਪਰ ਆਪਣਾ ਕੌਣ ਹੈ, ਇਹ ਤਾਂ ਵਕਤ ਹੀ ਦੱਸਦਾ ਹੈ | ਜੀਵਨ ਵਿਚ ਸਮੇਂ ਤੋਂ ਜ਼ਿਆਦਾ ਆਪਣਾ ਜਾਂ ਪਰਾਇਆ ਨਹੀਂ ਹੁੰਦਾ | ਸਮਾਂ ਆਪਣਾ ਹੁੰਦਾ ਹੈ ਤਾਂ ਸਾਰੇ ਆਪਣੇ ਹੁੰਦੇ ਹਨ | ਜੇਕਰ ਸਮਾਂ ਬੇਮੁਖ ਹੈ ਤਾਂ ਆਪਣੇ ਵੀ ਪਰਾਏ ਹੋ ਜਾਂਦੇ ਹਨ |
• ਸਫ਼ਲਤਾ ਪਾਉਣ ਦੀ ਪ੍ਰਕਿਰਿਆ ਵਿਚ ਜੇਕਰ ਬਦਨਿਅਤੀ ਤੇ ਬੇਈਮਾਨੀ ਨਾਲ ਜੇਕਰ ਤੁਸੀਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਈ ਹੈ ਤਾਂ ਖੁਦ ਨੂੰ ਸਭ ਤੋਂ ਜ਼ਿਆਦਾ ਅਸਫ਼ਲ ਵਿਅਕਤੀ ਮੰਨਣਾ ਚਾਹੀਦਾ ਹੈ |
• ਆਮ ਤੌਰ 'ਤੇ ਇਨਸਾਨਾਂ ਦੀਆਂ ਚਾਰ ਕਿਸਮਾਂ ਮੰਨੀਆਂ ਜਾਂਦੀਆਂ ਹਨ:
ਪਰਉਪਕਾਰੀ : ਜੋ ਬਿਨਾਂ ਕਿਸੇ ਸੁਆਰਥ ਤੋਂ ਦੂਜੇ ਦਾ ਫਾਇਦਾ ਕਰੇ |
ਮਹਾਂਮੂਰਖ : ਜਿਹੜਾ ਅਗਲੇ ਦਾ ਫਾਇਦਾ ਕਰੇ ਤੇ ਆਪਣਾ ਨੁਕਸਾਨ ਕਰੇ |
ਕਾਮਯਾਬ : ਜਿਹੜਾ ਦੂਸਰੇ ਦਾ ਫਾਇਦਾ ਕਰੇ ਤੇ ਨਾਲ ਆਪਣਾ ਵੀ ਕਰੇ |
ਦੁਸ਼ਟ : ਜਿਹੜਾ ਕੇਵਲ ਆਪਣਾ ਫਾਇਦਾ ਸੋਚੇ, ਅਗਲੇ ਦਾ ਨੁਕਸਾਨ ਨਾ ਦੇਖੇ |
ਉਪਰੋਕਤ ਕਿਸਮਾਂ ਪੜ੍ਹਨ ਨਾਲ ਸਾਨੂੰ ਖੁਦ-ਬਖੁਦ ਭਲੀ-ਭਾਂਤ ਪਤਾ ਲੱਗ ਜਾਂਦਾ ਹੈ ਕਿ ਅਸੀਂ ਖੁਦ ਕਿਹੜੀ ਮਿੱਟੀ ਦੇ ਬਣੇ ਹੋਏ ਹਾਂ ਜਾਂ ਅਸੀਂ ਕਿਸ ਔਕਾਤ ਦੇ ਮਾਲਕ ਹਾਂ ਜਾਂ ਕਿਸ ਕਿਸਮ 'ਚ ਆਉਂਦੇ ਹਾਂ | (ਚਲਦਾ)

-ਮੋਬਾਈਲ : 99155-63406.

2018 ਦਾ ਪੰਜਾਬੀ ਰੰਗਮੰਚ ਨਵੀਆਂ ਸੰਭਾਵਨਾਵਾਂ ਦੇ ਨਾਂਅ

ਲਗਪਗ ਸਵਾ ਸਦੀ ਦੇ ਨੇੜੇ ਪਹੁੰਚੇ ਪੰਜਾਬੀ ਰੰਗਮੰਚ ਨੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਕਬੂਲਦੇ ਹੋਏ ਕਈ ਔਕੜਾਂ ਦੇ ਬਾਵਜੂਦ ਆਪਣਾ ਸਫ਼ਰ ਨਿਰੰਤਰ ਜਾਰੀ ਰੱਖਿਆ ਹੈ |
ਬੀਤੇ ਵਰ੍ਹੇ ਪੰਜਾਬੀ ਰੰਗਮੰਚ ਉਦਾਸ ਵੀ ਹੋਇਆ ਕਿਉਂਕਿ, ਦੋਵਾਂ ਮੁਲਕਾਂ ਵਿਚ ਰੰਗਮੰਚ ਦੇ ਛੇਵੇਂ ਦਰਿਆ ਤੇ ਸਾਂਝ ਦੇ ਪੁਲ ਵਜੋਂ ਤੁਰੀ ਫਿਰਦੀ ਸੰਸਥਾ ਲਹਿੰਦੇ ਪੰਜਾਬ ਦੀ ਪ੍ਰਸਿੱਧ ਰੰਗਮੰਚ ਹਸਤੀ 'ਮਦੀਹਾ ਗੌਹਰ' ਸਾਡੇ ਕੋਲੋਂ ਵਿਛੜ ਗਈ | ਮਦੀਹਾ ਗੌਹਰ ਦੇ ਤੁਰ ਜਾਣ ਨਾਲ ਦੋਵੇਂ ਮੁਲਕਾਂ ਵਿਚ ਚੱਲ ਰਹੇ ਦੋਸਤੀ ਤੇ ਅਮਨ ਦੇ ਰਿਸ਼ਤੇ ਵਿਚ ਖੜੋਤ ਜ਼ਰੂਰ ਆਈ ਹੈ | ਮਦੀਹਾ ਗੌਹਰ ਦੀ ਯਾਦ ਨੂੰ ਸਮਰਪਿਤ ਪੰਜ ਰੋਜ਼ਾ ਰੰਗਮੰਚ ਉਤਸਵ 'ਯਾਤਰਾ-1947' ਚੰਡੀਗੜ੍ਹ ਵਿਖੇ ਕੀਤਾ ਗਿਆ, ਜਿਸ ਵਿਚ ਇਨ੍ਹਾਂ ਸਤਰਾਂ ਦੇ ਲੇਖਕ (ਕੇਵਲ ਧਾਲੀਵਾਲ), ਨੀਲਮ ਮਾਨ ਸਿੰਘ, ਡਾ: ਸਾਹਿਬ ਸਿੰਘ, ਪ੍ਰੋ: ਅਜਮੇਰ ਔਲਖ, ਡਾ: ਆਤਮਜੀਤ ਅਤੇ ਅਨੀਤਾ ਸ਼ਬਦੀਸ਼ ਦੀਆਂ ਨਾਟ ਟੀਮਾਂ ਨੇ 1947 ਬਾਰੇ ਲਿਖੇ ਨਾਟਕਾਂ ਦੀ ਪੇਸ਼ਕਾਰੀ ਕੀਤੀ |
ਇੱਕੀਵੀਂ ਸਦੀ ਦੇ ਅੱਜ ਦੇ ਪੰਜਾਬ ਵਿਚ, ਨਸ਼ਿਆਂ ਬਾਰੇ, ਭਰੂਣ ਹੱਤਿਆ ਬਾਰੇ, ਔਰਤਾਂ ਦੀ ਬਰਾਬਰੀ ਬਾਰੇ, ਕਿਸਾਨ ਖੁਦਕੁਸ਼ੀਆਂ ਬਾਰੇ, ਤਿੜਕਦੇ ਰਿਸ਼ਤਿਆਂ ਬਾਰੇ, ਵਿਦੇਸ਼ਾਂ ਨੂੰ ਲੱਗੀ ਦੌੜ ਬਾਰੇ, ਪੰਜਾਬੀ ਮਾਂ ਬੋਲੀ ਬਾਰੇ, ਹਿੰਦ-ਪਾਕਿ ਦੋਸਤੀ ਬਾਰੇ, ਸਿੱਖਿਆ ਢਾਂਚੇ ਬਾਰੇ, ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਬਾਰੇ, ਦਲਿਤ ਚੇਤਨਾ ਬਾਰੇ, ਬਾਲ ਮਜ਼ਦੂਰੀ ਬਾਰੇ, ਧੀਆਂ ਦੀ ਹੁੰਦੀ ਬੇਪਤੀ ਬਾਰੇ, ਮੌਸਮਾਂ ਦੀ ਅਸੰਤੁਲਤਾ ਬਾਰੇ, ਇੱਥੋਂ ਤੱਕ ਕਿ ਪਾਣੀਆਂ ਬਾਰੇ ਵੀ ਸਰੋਕਾਰ ਅੱਜ ਦੇ ਪੰਜਾਬੀ ਨਾਟਕ ਤੇ ਰੰਗਮੰਚ ਦਾ ਹਿੱਸਾ ਬਣੇ ਹਨ ਅਤੇ ਨਵੀਆਂ ਸੰਭਾਵਨਾਵਾਂ ਨੇ ਜਨਮ ਲਿਆ ਹੈ |
ਨੌਜਵਾਨ ਨਾਟ-ਨਿਰਦੇਸ਼ਕਾਂ ਦੀ ਪੈੜ-ਛਾਪ ਵੀ ਭਰਵੇਂ ਰੂਪ ਵਿਚ ਵੇਖਣ ਨੂੰ ਮਿਲੀ ਹੈ | ਕੁਝ ਨੌਜਵਾਨ ਨਾਟਕਕਾਰ ਤੇ ਕੁਝ ਵੱਡੀ ਉਮਰ ਦੇ ਲੇਖਕਾਂ ਨੇ ਨਵੀਆਂ ਨਾਟਕੀ ਕਿਰਤਾਂ ਵੀ ਸਾਂਝੀਆਂ ਕੀਤੀਆਂ ਹਨ | ਚੰਡੀਗੜ੍ਹ ਵਿਖੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਕਰਵਾਏ ਨੌਜਵਾਨ ਨਿਰਦੇਸ਼ਕਾਂ ਦੇ ਰੰਗਮੰਚ ਉਤਸਵ ਦੌਰਾਨ ਪਵੇਲ ਸੰਧੂ ਵਲੋਂ ਨਿਰਦੇਸ਼ਿਤ ਨਾਟਕ 'ਅੱਧੇ ਅਧੂਰੇ' (ਮੋਹਨ ਰਕੇਸ਼), ਵਿਸ਼ੂ ਸ਼ਰਮਾ ਵਲੋਂ 'ਏ ਬਲਾਈਾਡ ਡੇਟ' (ਪ੍ਰਗਟ ਸਿੰਘ), ਦੀਪ ਮਨਦੀਪ ਵਲੋਂ 'ਐ ਜ਼ਿੰਦਗੀ', ਕੁਲਬੀਰ ਮਲਿਕ ਵਲੋਂ 'ਵੇਟਿੰਗ ਫਾਰ ਗੋਦੋ (ਬੈਕਟ), ਸਤਿੰਦਰ ਸਿੰਘ ਵਲੋਂ ਨਿਰਦੇਸ਼ਤ 'ਗਿਦ' (ਵਿਜੇ ਤੇਂਦੁਲਕਰ) ਵਿਸ਼ੇਸ਼ ਤੌਰ 'ਤੇ ਸਾਰਾ ਸਾਲ ਚਰਚਾ ਵਿਚ ਰਹੇ | ਇਸੇ ਤਰ੍ਹਾਂ ਇਕੱਤਰ ਸਿੰਘ ਵਲੋਂ ਖੇਡੇ ਨਾਟਕ 'ਛੱਤ' ਅਤੇ 'ਸੀਸ ਤਲੀ 'ਤੇ' ਨੇ ਵੀ ਪ੍ਰਸੰਸਾ ਹਾਸਲ ਕੀਤੀ ਹੈ | ਨੌਜਵਾਨ ਨਾਟਕਕਾਰ ਤੇ ਨਿਰਦੇਸ਼ਕ ਗੁਰਮੇਲ ਸ਼ਾਮ ਨਗਰ ਨੇ ਵੀ ਆਪਣੇ ਦੋ ਨਾਟਕਾਂ 'ਗਿੱਲੀ ਮਿੱਟੀ' ਅਤੇ 'ਸੁਕਰਾਤ' ਨਾਲ ਨਾਟ ਲੇਖਣ ਅਤੇ ਨਿਰਦੇਸ਼ਨਾਂ ਵਿਚ ਕਦਮ ਧਰਿਆ ਹੈ | ਇਮੈਨੂਅਲ ਸਿੰਘ ਵਲੋਂ ਖੇਡੇ ਦੋ ਨਾਟਕ 'ਫਿਰਦੋਸ' (ਗਾਰਗੀ) ਅਤੇ 'ਰਕਤ ਬੀਜ' ਨੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ ਹੈ | ਰਜਿੰਦਰ ਰਾਜੂ ਦਾ ਨਾਟਕ 'ਭੰਡਾਂ ਦੀ ਪੰਡ' ਅਤੇ 'ਨਿਰਾਲਾ' ਵੀ ਖੇਡੇ ਗਏ | ਸੰਨੀ ਮੈਸਨ ਵਲੋਂ 'ਸੌਾਕਣ' ਅਤੇ 'ਰਾਜਿਆ ਰਾਜ ਕਰੇਂਦਿਆ' ਖੇਡੇ ਗਏ ਹਨ | ਇਸੇ ਲੜੀ ਵਿਚ ਦਲਜੀਤ ਸੋਨਾ ਦਾ ਨਾਟਕ 'ਫੀਕੋ', ਪ੍ਰੀਤਪਾਲ ਰੁਪਾਣਾ ਦਾ ਨਾਟਕ 'ਰਾਮੂ ਕੁਮਾਰ', ਦੀਪਕ ਨਿਆਜ਼ ਵਲੋਂ 'ਆਰਡਰ-ਆਰਡਰ' (ਦੀਪ ਜਗਦੀਪ), ਗੁਰਤੇਜ ਮਾਨ ਦਾ 'ਖੁਦਕੁਸ਼ੀਆਂ', ਸਾਜਨ ਕਪੂਰ ਦਾ 'ਟੋਟਲ ਸਿਆਪਾ', ਅਮਨ ਸ਼ੇਰਗਿੱਲ ਦਾ ਨਾਟਕ 'ਓਫ਼ ਮੇਰੀ ਬੀਵੀਆਂ' ਤੇ 'ਵਿਆਹ ਦੇ ਵਾਜੇ' ਖੇਡੇ ਗਏ | ਸਾਲ 2018 ਵਿਚ ਨਾਵਲਕਾਰ ਮਨਮੋਹਨ ਬਾਵਾ ਨੇ ਨਾਟਕ 'ਸ਼ੇਰਸ਼ਾਹ ਸੂਰੀ ਲਿਖਿਆ, ਡਾ: ਜੋਗਿੰਦਰ ਕੈਰੋਂ ਨੇ 'ਸੁਕਰਾਤ' ਅਤੇ ਮਿੰਨੀ ਕਹਾਣੀ ਲੇਖਕ ਡਾ: ਸ਼ਾਮ ਸੁੰਦਰ ਦੀਪਤੀ ਨੇ 'ਮੈਂ ਧੀ ਕਿਉਂ ਜੰਮਾਂ' ਅਤੇ 'ਸ਼ਹੀਦੀ ਬਾਗ' ਲਿਖੇ, ਇਸੇ ਤਰ੍ਹਾਂ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਨਾਟਕ 'ਛਿਲਤਰਾਂ' ਅਤੇ 'ਤੂੰ ਜਾਹ ਡੈਡੀ' ਵੀ ਲਿਖੇ ਹਨ | ਇਸੇ ਸਾਲ ਹੀ ਪਟਿਆਲਾ ਤੋਂ ਪਰਮਿੰਦਰ ਪਾਲ ਕੌਰ ਦਾ ਨਾਟਕ 'ਐ ਜ਼ਿੰਦਗੀ' ਅਤੇ 'ਬੋਦੀ ਵਾਲਾ ਤਾਰਾ' ਵੀ ਚਰਚਾ ਵਿਚ ਰਹੇ ਹਨ | ਨਾਟਕਕਾਰ ਸ਼ਬਦੀਸ਼ ਨੇ ਵੀ ਨਾਟਕ 'ਮਨ ਮਿੱਟੀ' ਤੇ 'ਅਗਲੀ ਸਦੀ ਦਾ ਸੰਤਾਲੀ' ਰਾਹੀਂ ਔਰਤ ਮਨ ਦੀ ਸੰਵੇਦਨਾ ਪੇਸ਼ ਕੀਤੀ ਹੈ | ਸਤਵਿੰਦਰ ਸੋਨੀ ਵਲੋਂ ਨਾਟਕ 'ਜਿੱਥੇ ਬਾਬਾ ਪੈਰ ਧਰੇ' ਲਿਖਿਆ ਗਿਆ ਹੈ | ਨੌਜਵਾਨ ਨਾਟਕਕਾਰ, ਨਿਰਦੇਸ਼ਕ ਚਕਰੇਸ਼ ਕੁਮਾਰ ਨੇ ਨਾਟਕ 'ਰੋਡੈਂਟ', 'ਲੁਪਤ', 'ਰਾਸ਼ਟਰਵਾਦ ਦਾ ਮਹਾਂਭੋਜ', 'ਪਹਿਲਾ ਅਧਿਆਪਕ' ਅਤੇ 'ਪੋਸਟਰ' ਦੇ ਲਗਭਗ 60 ਤੋਂ ਵੱਧ ਸ਼ੋਅ ਕੀਤੇ ਹਨ |
2018 ਦੀਆਂ ਰੰਗਮੰਚ ਪੈੜਾਂ ਵਿਚ ਜਿੱਥੇ ਨਵੇਂ ਨੌਜਵਾਨ ਨਿਰਦੇਸ਼ਕਾਂ ਦੀ ਆਮਦ ਹੋਈ ਹੈ ਉਸ ਦੇ ਨਾਲ ਹੀ ਸੀਨੀਅਰ ਰੰਗਮੰਚ ਟੀਮਾਂ ਅਤੇ ਵੱਡੇ ਨਾਟਕਕਾਰਾਂ, ਨਿਰਦੇਸ਼ਕਾਂ ਨੇ ਵੀ ਆਪਣੇ ਭਰਵੇਂ ਕੰਮ ਨਾਲ ਲਗਾਤਾਰਤਾ ਬਣਾਈ ਰੱਖੀ ਹੈ | ਪਦਮਸ੍ਰੀ ਨਿਰਦੇਸ਼ਕ ਡਾ: ਨੀਲਮ ਮਾਨ ਸਿੰਘ ਨੇ ਪ੍ਰਸਿੱਧ ਲੇਖਕ ਸਾਅਦਤ ਹਸਨ ਮੰਟੋ ਦੀਆਂ ਲਿਖਤਾਂ ਨੂੰ ਅਧਾਰ ਬਣਾ ਕੇ ਨਾਟਕ 'ਡਾਰਕ ਬਾਰਡਰਜ਼' ਦੀ ਮਾਰਮਿਕ ਪੇਸ਼ਕਾਰੀ ਕੀਤੀ ਹੈ | ਡਾ: ਸਾਹਿਬ ਸਿੰਘ ਨੇ ਇਸ ਸਾਲ ਪ੍ਰਸਿੱਧ ਅੰਤਰਰਾਸ਼ਟਰੀ ਨਾਟ ਸੰਸਥਾ 'ਮੰਚ-ਰੰਗਮੰਚ ਅੰਮਿ੍ਤਸਰ' ਵਲੋਂ ਆਪਣੇ ਨਵੇਂ ਤੇ ਕੁਝ ਪੁਰਾਣੇ ਨਾਟਕਾਂ 'ਭੱਠ ਖੇੜਿਆਂ ਦਾ ਰਹਿਣਾ', 'ਗਗਨ ਮੇਂ ਥਾਲ', 'ਮਿੱਟੀ ਦਾ ਗਡੀਰਾ', 'ਫ਼ਸਲ', 'ਬਸੰਤੀ ਚੋਲਾ', 'ਜਲਿ੍ਹਆਂਵਾਲਾ ਬਾਗ਼', 'ਬੁੱਲ੍ਹਾ', 'ਸੌਾਕਣ', 'ਇਹ ਗੱਲਾਂ ਕਦੇ ਫੇਰ ਕਰਾਂਗੇ', 'ਕਥਾ ਪ੍ਰੇਮ ਚੰਦ', 'ਮਹਾਂਦੰਡ', 'ਰੁੱਤ ਫਿਰੀ ਵਣ ਕੰਬਿਆ', 'ਦਰ ਦੀਵਾਰਾਂ', 'ਸਿਆਸੀ ਦੰਦ ਕਥਾ', 'ਮੈਂ ਧੀ ਕਿਉਂ ਜੰਮਾਂ', 'ਨੌਰਾ' ਅਤੇ 'ਪੁਲ-ਸਿਰਾਤ' ਨਾਟਕਾਂ ਦਾ ਮੰਚਣ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚ 60 ਦੇ ਕਰੀਬ ਸ਼ੋਅ ਕੀਤੇ ਗਏ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 98142-99422


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX