ਤਾਜਾ ਖ਼ਬਰਾਂ


ਇਨਕਮ ਟੈਕਸ ਵਿਭਾਗ ਦੀ ਪਰੀਤਾ ਹਰਿਤ ਕਾਂਗਰਸ 'ਚ ਹੋਈ ਸ਼ਾਮਿਲ
. . .  1 day ago
ਨਵੀਂ ਦਿੱਲੀ ,20 ਮਾਰਚ -ਮੇਰਠ ਦੀ ਇਨਕਮ ਟੈਕਸ ਮੁਖੀ ਪਰੀਤਾ ਹਰਿਤ ਨੇ ਆਪਣੇ ਅਹੁਦੇ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋ ਗਈ ।ਉੱਤਰ ਪ੍ਰਦੇਸ਼ ਇਕਾਈ ਦੇ ਮੁਖੀ ਰਾਜ ਬਾਬਰ ਨੇ ਉਨ੍ਹਾਂ ਨੂੰ ਜੀ ਆਇਆਂ ...
ਅਣਪਛਾਤੇ ਕਾਰ ਸਵਾਰਾਂ ਨੇ ਚਲਾਈਆਂ ਗੋਲੀਆਂ
. . .  1 day ago
ਢਿਲਵਾਂ{ਕਪੂਰਥਲਾ },20 ਮਾਰਚ {ਪਲਵਿੰਦਰ,ਸੁਖੀਜਾ ,ਪਰਵੀਨ }- 3 ਅਣਪਛਾਤੇ ਕਾਰ ਸਵਾਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ । ਇਸ ਮੌਕੇ 'ਤੇ 2 ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਸਹਿਮ...
ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ - ਸੁਖਬੀਰ ਬਾਦਲ
. . .  1 day ago
ਮਹਿਲ ਕਲਾਂ, 20 ਮਾਰਚ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਹਰਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਲ ਤਕੜਾ ਹਥਿਆਰ ਮੌਜੂਦ ਹੈ, ਜਿਸ ਦਾ ਖੁਲਾਸਾ ਆਉਣ ...
ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 600 ਲੋਕਾਂ ਨੂੰ ਘਰਾਂ-ਜ਼ਮੀਨਾਂ ਤੋਂ ਹਟਾਇਆ
. . .  1 day ago
ਅੰਮ੍ਰਿਤਸਰ, 20 ਮਾਰਚ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਕੋਠੇ ਖ਼ੁਰਦ ਤੇ ਡੋਡੇ ਦੇ ਵਸਨੀਕਾਂ ਨੇ ਪਾਕਿ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਇਆ ਹੈ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ .....
ਪੀ.ਐਨ.ਬੀ. ਘੋਟਾਲਾ : 29 ਮਾਰਚ ਨੂੰ ਹੋਵੇਗੀ ਗ੍ਰਿਫ਼ਤਾਰ ਨੀਰਵ ਮੋਦੀ 'ਤੇ ਅਗਲੀ ਸੁਣਵਾਈ
. . .  1 day ago
ਲੰਡਨ, 20 ਮਾਰਚ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਫ਼ਰਾਰ ਦੋਸ਼ੀ ਨੀਰਵ ਮੋਦੀ ਨੂੰ ਲੰਡਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ....
ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਘੁੜਿਆਣਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਕਰਨਗੇ ਘਰ ਵਾਪਸੀ
. . .  1 day ago
ਅਬੋਹਰ, 20 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਰਦਾਰ ਗੁਰਤੇਜ ਸਿੰਘ ਘੁੜਿਆਣਾ ਅੱਜ ਦੋ ਸਾਲਾਂ ਬਾਅਦ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨਗੇ। ਸਰਦਾਰ ....
ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਸਾਰੇ ਦੋਸ਼ੀ ਬਰੀ
. . .  1 day ago
ਪੰਚਕੂਲਾ, 20 ਮਾਰਚ- ਪੰਚਕੂਲਾ ਦੀ ਵਿਸ਼ੇਸ਼ ਐਨ.ਆਈ.ਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਧਮਾਕਾ ਮਾਮਲੇ 'ਚ ਅਸੀਮਾਨੰਦ ਸਮੇਤ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਸੀਮਾਨੰਦ ਦੇ ਇਲਾਵਾ ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਇਸ ਮਾਮਲੇ ....
ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੋਂ ਪੁੱਛਗਿੱਛ ਕਰੇਗੀ ਈ.ਡੀ.
. . .  1 day ago
ਨਵੀਂ ਦਿੱਲੀ, 20 ਮਾਰਚ - ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ਼ ਸ਼ਾਹ ਤੋਂ ਅੱਤਵਾਦੀ ਫੰਡਿਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਪੁੱਛਗਿੱਛ ਕਰੇਗੀ। ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ.....
ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਨਵੀਂ ਦਿੱਲੀ, 20 ਮਾਰਚ- ਰਾਬਰਟ ਵਾਡਰਾ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਈ.ਡੀ. ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ 'ਚ ਪਟੀਸ਼ਨ ਦਾਇਰ ਕਰਨ ਦੀ.....
ਹਰ ਫਰੰਟ 'ਤੇ ਫੇਲ੍ਹ ਹੋਈ ਕੈਪਟਨ ਸਰਕਾਰ- ਸੁਖਬੀਰ ਬਾਦਲ
. . .  1 day ago
ਤਪਾ ਮੰਡੀ/ਸ਼ਹਿਣਾ, 20 ਮਾਰਚ (ਵਿਜੇ ਸ਼ਰਮਾ, ਸੁਰੇਸ਼ ਗੋਗੀ)- ਸੂਬੇ ਦੀ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ, ਕਿਉਂਕਿ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਸੜਕਾਂ 'ਤੇ ਧਰਨੇ ਦੇ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ...
ਹੋਰ ਖ਼ਬਰਾਂ..

ਨਾਰੀ ਸੰਸਾਰ

ਬੋਰਡ ਦੀ ਪ੍ਰੀਖਿਆ ਦੀ ਕਿਵੇਂ ਕਰੀਏ ਤਿਆਰੀ?

ਫਰਵਰੀ-ਮਾਰਚ ਦਾ ਮਹੀਨਾ ਬੋਰਡ ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ, ਜਦੋਂ ਉਨ੍ਹਾਂ ਦੀਆਂ ਪ੍ਰੀਖਿਆਵਾਂ ਹੋਣ ਵਾਲੀਆਂ ਹੁੰਦੀਆਂ ਹਨ। ਇਸ ਸਮੇਂ ਇਹ ਵਿਦਿਆਰਥੀ ਆਪਣੀ ਸਮਾਂ ਸਾਰਨੀ ਨਿਸਚਿਤ ਕਰਕੇ ਜੇਕਰ ਪ੍ਰੀਖਿਆ ਦੀ ਤਿਆਰੀ ਕਰਨ ਵਿਚ ਆਪਣਾ ਸਮਾਂ ਲਗਾਉਣ ਤਾਂ ਨਿਸਚੇ ਹੀ ਉਹ ਸਫ਼ਲਤਾ ਦੇ ਝੰਡੇ ਗੱਡ ਸਕਦੇ ਹਨ। ਪ੍ਰੀਖਿਆ ਦੇ ਇਸ ਦੌਰ ਵਿਚ ਉਨ੍ਹਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ, ਤਾਂ ਜੋ ਆਪਣੇ ਬੋਰਡ ਦੀਆਂ ਪ੍ਰੀਖਿਆਵਾਂ ਉਨ੍ਹਾਂ ਵਾਸਤੇ ਇਕ ਮੁਸ਼ਕਿਲ ਕਾਰਜ ਸਾਬਤ ਨਾ ਹੋ ਸਕਣ। ਉਂਜ ਤਾਂ ਮਾਪੇ ਅਤੇ ਅਧਿਆਪਕ ਸਾਰਾ ਸਾਲ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਨ-ਲਿਖਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਪਰ ਪ੍ਰੀਖਿਆਵਾਂ ਦੇ ਨੇੜੇ ਜਦੋਂ ਸਕੂਲ ਦਾ ਸਿਲੇਬਸ ਲਗਪਗ ਖ਼ਤਮ ਹੋ ਜਾਂਦਾ ਹੈ ਤੇ ਵਿਦਿਆਰਥੀਆਂ ਨੇ ਘਰ ਬੈਠ ਕੇ ਤਿਆਰੀ ਕਰਨੀ ਹੁੰਦੀ ਹੈ ਤਾਂ ਇਹ ਸਮਾਂ ਵਧੇਰੇ ਮਹੱਤਵਪੂਰਨ ਹੁੰਦਾ ਹੈ। ਆਓ, ਕੁਝ ਨੁਕਤਿਆਂ 'ਤੇ ਵਿਚਾਰ ਕਰਕੇ ਪ੍ਰੀਖਿਆ ਦੀ ਨਿਯਮਬੱਧ ਤਿਆਰੀ ਕਰਨ ਵਿਚ ਸਫ਼ਲ ਹੋਈਏ-
* ਸਭ ਤੋਂ ਪਹਿਲਾਂ ਬੋਰਡ ਪ੍ਰੀਖਿਆ ਦੀ ਡੇਟ-ਸ਼ੀਟ ਦੇ ਅਨੁਸਾਰ ਮਾਨਸਿਕ ਤੌਰ 'ਤੇ ਤਿਆਰ ਹੋਣਾ ਬਹੁਤ ਹੀ ਜ਼ਰੂਰੀ ਹੈ, ਤਾਂ ਜੋ ਪ੍ਰੀਖਿਆ ਲਈ ਆਪਣੇ ਮਨ ਅਤੇ ਤਨ ਨੂੰ ਤਿਆਰ ਕਰ ਸਕੀਏ। ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ ਦੋਵਾਂ ਦੇ ਪੇਪਰਾਂ ਦੀ ਗਿਣਤੀ ਵਿਚ ਫਰਕ ਹੁੰਦਾ ਹੈ ਪਰ ਦੋਵਾਂ ਦਾ ਪੜ੍ਹਨ ਅਤੇ ਤਿਆਰੀ ਕਰਨ ਦਾ ਢੰਗ ਇਕੋ ਜਿਹਾ ਹੋ ਸਕਦਾ ਹੈ। ਡੇਟ ਸ਼ੀਟ ਦੇ ਅਨੁਸਾਰ ਤਿਆਰੀ ਆਰੰਭ ਕਰਨ ਲਈ ਪਹਿਲਾਂ ਸਭ ਤੋਂ ਅਖੀਰਲੇ ਪੇਪਰ ਤੋਂ ਸ਼ੁਰੂ ਕਰਕੇ ਹੌਲੀ-ਹੌਲੀ ਪਹਿਲੇ ਪੇਪਰਾਂ ਤੱਕ ਆਉਣਾ ਚਾਹੀਦਾ ਹੈ।
* ਪੜ੍ਹਨ ਲਈ ਵੱਧ ਤੋਂ ਵੱਧ ਸਮਾਂ ਨਿਰਧਾਰਤ ਕਰਨਾ ਚਾਹੀਦਾ ਹੈ। ਆਪਣੇ ਪੜ੍ਹਨ ਦਾ ਸਮਾਂ ਨਿਸਚਿਤ ਕਰੋ। ਇਹ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਤੁਹਾਡੇ ਕਿੰਨੇ ਪੇਪਰ ਹਨ ਅਤੇ ਇਸ ਵਾਸਤੇ ਕਿੰਨੇ ਕੁ ਦਿਨ ਚਾਹੀਦੇ ਹਨ। ਕਈ ਵਿਸ਼ਿਆਂ ਨੂੰ ਜ਼ਿਆਦਾ ਦਿਨ ਚਾਹੀਦੇ ਹਨ ਅਤੇ ਕਈਆਂ ਨੂੰ ਘੱਟ। ਕੋਸ਼ਿਸ਼ ਕਰੋ ਕਿ ਦਿਨ ਵਿਚ ਕੇਵਲ ਇਕ ਵਿਸ਼ੇ ਉੱਪਰ ਹੀ ਕੇਂਦਰਤ ਰਹੋ, ਨਾ ਕਿ ਸਾਰੇ ਵਿਸ਼ੇ ਇਕੱਠੇ ਸ਼ੁਰੂ ਕਰ ਲਵੋ। ਇਕ ਪੇਪਰ ਨੂੰ ਤਸੱਲੀਬਖਸ਼ ਦਿਨ ਦੇ ਕੇ ਦੂਜਾ ਪੇਪਰ ਸ਼ੁਰੂ ਕੀਤਾ ਜਾਣਾ ਜ਼ਰੂਰੀ ਹੈ।
* ਆਪਣੇ ਪੜ੍ਹਨ ਦਾ ਸਥਾਨ ਨਿਸਚਿਤ ਕਰਕੇ ਬੈਠੋ, ਕਮਰੇ ਵਿਚ ਢੁਕਵੀਂ ਰੌਸ਼ਨੀ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ। ਆਪਣੇ ਬੈਠਣ ਦਾ ਸਹੀ ਪ੍ਰਬੰਧ, ਆਪਣੀ ਕੰਪਿਊਟਰ ਗੇਮ, ਮੋਬਾਈਲ ਫੋਨ ਆਦਿ ਕੋਲ ਰੱਖ ਕੇ ਨਾ ਪੜ੍ਹੋ, ਕਿਉਂਕਿ ਮਨ ਬਹੁਤ ਚੰਚਲ ਹੈ, ਤੁਹਾਡਾ ਧਿਆਨ ਵੰਡਿਆ ਜਾਵੇਗਾ। ਇਸ ਲਈ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਕੇਵਲ ਆਪਣੇ ਉਦੇਸ਼ 'ਤੇ ਹੀ ਨਿਗ੍ਹਾ ਰੱਖੋ।
* ਜਿਨ੍ਹਾਂ ਵਿਸ਼ਿਆਂ ਜਿਵੇਂ ਸਾਇੰਸ, ਗਣਿਤ ਆਦਿ ਵਿਚ ਡਾਇਆਗ੍ਰਾਮ ਜਾਂ ਕੋਈ ਚਿੱਤਰ ਬਣਾਉਣ ਦੀ ਲੋੜ ਹੁੰਦੀ ਹੈ, ਉਨ੍ਹਾਂ ਦੀ ਪ੍ਰੈਕਟਿਸ ਜਾਂ ਅਭਿਆਸ ਬਹੁਤ ਜ਼ਰੂਰੀ ਹੈ। ਇਸ ਵਾਸਤੇ ਸਮਾਂ ਜ਼ਰੂਰ ਕੱਢੋ ਅਤੇ ਸਿੱਖੋ।
* ਇਕ ਬਹੁਤ ਜ਼ਰੂਰੀ ਨੁਕਤਾ ਕਿ ਪਿਛਲੇ ਬੋਰਡ ਇਮਤਿਹਾਨਾਂ ਦੇ ਪੇਪਰ ਹੱਲ ਕਰਕੇ ਦੇਖੋ ਅਤੇ ਇਹ ਵੀ ਨਿਸਚਿਤ ਕਰੋ ਕਿ ਤੁਹਾਨੂੰ ਕੋਈ ਪੇਪਰ ਹੱਲ ਕਰਨ ਵਿਚ ਕਿੰਨਾ ਸਮਾਂ ਲੱਗ ਜਾਂਦਾ ਹੈ। ਕਿਉਂਕਿ ਪੇਪਰ ਵਿਚ ਸਮੇਂ ਦੀ ਸਹੀ ਵੰਡ ਹੀ ਸਮੇਂ ਸਿਰ ਪੇਪਰ ਖ਼ਤਮ ਕਰਨ ਵਿਚ ਸਹਾਇਤਾ ਕਰ ਸਕਦੀ ਹੈ।
* ਜੇਕਰ ਪਿਛਲੇ ਪੇਪਰਾਂ ਦਾ ਕੋਈ ਪ੍ਰਸ਼ਨ ਹੱਲ ਨਹੀਂ ਹੋ ਰਿਹਾ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ, ਸਗੋਂ ਆਪਣੇ ਅਧਿਆਪਕ ਜਾਂ ਵੱਡੇ ਭੈਣ-ਭਰਾ ਦੀ ਮਦਦ ਲੈ ਕੇ ਉਸ ਦਾ ਹੱਲ ਕਰੋ।
* ਆਪਣੇ ਦੋਸਤਾਂ ਅਤੇ ਭੈਣ-ਭਰਾਵਾਂ ਦੀ ਮਦਦ ਲੈ ਕੇ ਆਪਣੇ ਯਾਦ ਕੀਤੇ ਪ੍ਰਸ਼ਨਾਂ ਦੇ ਉੱਤਰ ਜ਼ਰੂਰਤ ਅਨੁਸਾਰ ਆਪਣੇ ਵੱਡੇ ਭੈਣ-ਭਰਾ ਨੂੰ ਸੁਣਾ ਕੇ ਹੋਰ ਪੱਕੀ ਤਰ੍ਹਾਂ ਯਾਦ ਕਰ ਸਕਦੇ ਹੋ।
* ਆਪਣੀ ਦਿਨ ਭਰ ਦੀ ਪੜ੍ਹਾਈ ਦੌਰਾਨ ਵਿਚ-ਵਿਚ ਥੋੜ੍ਹਾ ਸਮਾਂ ਵਿਹਲ ਵੀ ਜ਼ਰੂਰੀ ਹੈ। ਲਗਾਤਾਰ ਕਈ ਘੰਟੇ ਪੜ੍ਹਨ ਨਾਲ ਊਰਜਾ ਅਤੇ ਸ਼ਕਤੀ ਵਧੇਰੇ ਲਗਦੀ ਹੈ, ਇਸ ਲਈ ਵਿਚ-ਵਿਚ ਉੱਠ ਕੇ ਕੋਈ ਗੀਤ ਸੁਣਨਾ, ਖੇਡਣਾ, ਖਾਣਾ-ਪੀਣਾ, ਵੱਡਿਆਂ ਜਾਂ ਛੋਟਿਆਂ ਨਾਲ ਗੱਲਬਾਤ ਕਰਨੀ ਦਿਮਗ ਤਰੋਤਾਜ਼ਾ ਕਰ ਦਿੰਦੀ ਹੈ। ਕੁਝ ਵਿਦਿਆਰਥੀ ਸਵੇਰ ਵੇਲੇ ਵਧੀਆ ਤਰ੍ਹਾਂ ਮਨ ਲਾ ਕੇ ਪੜ੍ਹ ਸਕਦੇ ਹਨ ਤੇ ਕੁਝ ਦੁਪਹਿਰ ਜਾਂ ਸ਼ਾਮ ਵੇਲੇ ਵਧੇਰੇ ਚੰਗੀ ਤਰ੍ਹਾਂ ਪੜ੍ਹਦੇ ਹਨ, ਇਸ ਲਈ ਆਪਣੀ ਸੁਵਿਧਾ ਅਨੁਸਾਰ ਸਮਾਂ ਚੁਣ ਕੇ ਵਿਚੋਂ ਵਿਹਲ ਮਾਨਣਾ ਵੀ ਜ਼ਰੂਰੀ ਹੈ।
* ਬੋਰਡ ਪ੍ਰੀਖਿਆਵਾਂ ਦੀ ਤਿਆਰੀ ਦੌਰਾਨ ਇਹ ਜ਼ਰੂਰੀ ਹੈ ਕਿ ਭੋਜਨ ਵੀ ਬਹੁਤ ਗੁਣਕਾਰੀ ਖਾਧਾ ਜਾਵੇ। ਕਿਉਂਕਿ ਜੋ ਅਸੀਂ ਖਾਂਦੇ ਹਾਂ, ਉਹ ਸਾਨੂੰ ਊਰਜਾ ਦੇਣ ਵਿਚ ਮਦਦ ਕਰਦਾ ਹੈ। ਮੱਛੀ, ਬਦਾਮ, ਅਖਰੋਟ, ਦਹੀਂ, ਦੁੱਧ, ਪਨੀਰ ਅਤੇ ਵਿਟਾਮਨ ਭਰਪੂਰ ਸਬਜ਼ੀਆਂ ਦਾ ਸੇਵਨ ਕਰਨ ਨਾਲ ਅਸੀਂ ਤਰੋਤਾਜ਼ਾ ਮਹਿਸੂਸ ਕਰਦੇ ਹਾਂ ਤੇ ਵਧੇਰੇ ਸਮਾਂ ਪੜ੍ਹਨ ਵਿਚ ਬਿਤਾ ਸਕਦੇ ਹਾਂ।
* ਕੁਝ ਵਿਦਿਆਰਥੀਆਂ ਦਾ ਬੋਰਡ ਪ੍ਰੀਖਿਆ ਕੇਂਦਰ ਘਰ ਤੋਂ ਨੇੜੇ ਹੁੰਦਾ ਹੈ ਤੇ ਕੁਝ ਦਾ ਦੂਰ ਹੁੰਦਾ ਹੈ। ਇਹ ਨਿਸਚਿਤ ਕਰਕੇ ਚੱਲੋ ਕਿ ਤੁਹਾਨੂੰ ਘਰ ਤੋਂ ਕਿੰਨਾ ਸਮਾਂ ਆਪਣੇ ਪ੍ਰੀਖਿਆ ਕੇਂਦਰ ਤੱਕ ਪਹੁੰਚਣ ਲਈ ਲੱਗੇਗਾ। ਸਮੇਂ ਦੀ ਕਦਰ ਕਰਦੇ ਹੋਏ ਆਪਣੀ ਪ੍ਰੀਖਿਆ ਦੇਣ ਜਾਣ ਦੀ ਦੂਰੀ ਸਬੰਧੀ ਸੁਚੇਤ ਰਹੋ।
* ਪੜ੍ਹਾਈ ਦੌਰਾਨ ਪਾਣੀ ਲਗਾਤਾਰ ਪੀਂਦੇ ਰਹੋ। ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਬਹੁਤ ਧਿਆਨ ਅਤੇ ਸਮਾਂ ਮੰਗਦੀ ਹੈ। ਇਸ ਲਈ ਵਧੇਰੇ ਯਤਨਸ਼ੀਲ ਰਹੋ। ਆਪਣੇ ਸਾਰੇ ਵਿਸ਼ਿਆਂ ਦੀ ਦੁਹਰਾਈ ਦੌਰਾਨ ਪਾਣੀ ਪੀਣ ਲਈ ਲਗਾਤਾਰ ਧਿਆਨ ਦਿਓ। ਇਸ ਨਾਲ ਤਾਜ਼ਗੀ ਅਤੇ ਤੰਦਰੁਸਤੀ ਬਣੀ ਰਹੇਗੀ।
* ਪਿਆਰੇ ਬੱਚਿਓ, ਬਹੁਤ ਹੀ ਜ਼ਰੂਰੀ ਹੈ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਮੁਨਾਸਿਬ ਨੀਂਦ ਲੈਣਾ। ਲੋੜੀਂਦੀ ਨੀਂਦ ਪੂਰੀ ਹੋ ਜਾਣ ਨਾਲ ਹੀ ਆਰਾਮ ਮਹਿਸੂਸ ਹੁੰਦਾ ਹੈ ਤੇ ਪੜ੍ਹੀ ਹੋਈ ਸਮੱਗਰੀ ਯਾਦ ਰਹਿ ਸਕਦੀ ਹੈ।
* ਪ੍ਰਸ਼ਨਾਂ ਦੇ ਉੱਤਰਾਂ ਨੂੰ ਰੱਟਾ ਨਹੀਂ ਲਾਉਣਾ ਚਾਹੀਦਾ, ਸਗੋਂ ਸਮਝ ਕੇ ਪੜ੍ਹਨਾ ਜ਼ਿਆਦਾ ਜ਼ਰੂਰੀ ਹੈ। ਪਹਿਲਾਂ ਕਿਸੇ ਸੰਕਲਪ ਨੂੰ ਸਮਝੋ, ਫਿਰ ਯਾਦ ਕਰੋ।
* ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਤਾਂ ਵਧੇਰੇ ਪੜ੍ਹਨਾ ਜ਼ਰੂਰੀ ਹੈ ਪਰ ਬਿਹਤਰ ਹੈ ਜੇ ਸਾਰਾ ਸਾਲ ਹੀ ਵਧੀਆ ਢੰਗ ਨਾਲ ਤਿਆਰੀ ਕੀਤੀ ਜਾਂਦੀ ਰਹੇ। ਸਮੁੱਚੇ ਸਿਲੇਬਸ ਨੂੰ ਧਿਆਨ ਨਾਲ ਜੇਕਰ ਸ਼ੁਰੂ ਤੋਂ ਹੀ ਪੜ੍ਹਦੇ ਰਹੀਏ ਤਾਂ ਮੁਸ਼ਕਿਲ ਘੱਟ ਆਵੇਗੀ। ਲੋੜ ਤੋਂ ਵਧੇਰੇ ਪੜ੍ਹਨ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ, ਇਸ ਲਈ ਜਾਗਰੂਕ ਰਹਿਣਾ ਚਾਹੀਦਾ ਹੈ।
* ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਜੋ ਚੀਜ਼ਾਂ ਔਖੀਆਂ ਹਨ, ਯਾਦ ਨਹੀਂ ਰਹਿੰਦੀਆਂ, ਉਨ੍ਹਾਂ ਨੂੰ ਇਕ ਚਾਰਟ ਉੱਤੇ ਲਿਖ ਲੈਣਾ ਚਾਹੀਦਾ ਹੈ ਅਤੇ ਆਪਣੇ ਕਮਰੇ ਵਿਚ ਕਿਤੇ ਚਿਪਕਾ ਲੈਣਾ ਚਾਹੀਦਾ ਹੈ।
* ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਸਮੇਂ ਆਪਣਾ ਆਤਮ-ਵਿਸ਼ਵਾਸ ਕਾਇਮ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਕੁਝ ਵੀ ਮੁਸ਼ਕਿਲ ਨਹੀਂ ਹੈ। ਸਿਲੇਬਸ ਦੀ ਦੁਹਰਾਈ ਵੀ ਬਹੁਤ ਜ਼ਰੂਰੀ ਹੈ। ਫਾਰਮੂਲੇ, ਨਕਸ਼ਾ ਜਾਂ ਹੋਰ ਡਾਇਆਗਰਾਮ ਅਲੱਗ ਯਾਦ ਤੇ ਤਿਆਰ ਕਰਨੇ ਚਾਹੀਦੇ ਹਨ।
* ਆਪਣੇ ਅਧਿਆਪਕਾਂ ਨਾਲ ਸੰਪਰਕ ਰੱਖ ਕੇ ਮੁਸ਼ਕਿਲ ਪ੍ਰਸ਼ਨ ਜਾਂ ਕੋਈ ਸੰਕਲਪ ਪੁੱਛ ਲੈਣਾ ਜ਼ਰੂਰੀ ਹੈ।
ਪਿਆਰੇ ਬੱਚਿਓ, ਬੋਰਡ ਦੀ ਪ੍ਰੀਖਿਆ ਚਾਹੇ ਉਹ ਦਸਵੀਂ ਦੀ ਹੋਵੇ ਜਾਂ ਬਾਰ੍ਹਵੀਂ ਦੀ, ਦੋਵੇਂ ਹੀ ਮਿਹਨਤ ਮੰਗਦੀਆਂ ਹਨ। ਇਨ੍ਹਾਂ ਦਿਨਾਂ ਵਿਚ ਆਪਣੇ-ਆਪ ਨੂੰ ਸੋਸ਼ਲ ਮੀਡੀਆ ਅਤੇ ਹੋਰ ਧਿਆਨ ਵੰਡਣ ਵਾਲੀਆਂ ਚੀਜ਼ਾਂ ਤੋਂ ਧਿਆਨ ਹਟਾ ਕੇ ਮਿਹਨਤ ਅਤੇ ਲਗਨ ਜ਼ਰੂਰੀ ਹੈ। ਕਿਸੇ ਵਿਸ਼ੇ ਸਬੰਧੀ ਡਰ ਮਨ ਵਿਚ ਨਾ ਰੱਖਿਆ ਜਾਵੇ, ਨਾ ਹੀ ਆਪਣੀ ਸੋਚ ਨੂੰ ਨਕਾਰਾਤਮਿਕ ਰੱਖਿਆ ਜਾਵੇ। ਕੁਝ ਵੀ ਹੋਵੇ, ਜੇਕਰ ਅਸੀਂ ਸਫ਼ਲਤਾ ਚਾਹੁੰਦੇ ਹਾਂ ਤਾਂ ਲਗਨ, ਮਿਹਨਤ ਜ਼ਰੂਰੀ ਹੈ। ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਆਉਣ ਵਾਲੀਆਂ ਜਮਾਤਾਂ ਅਤੇ ਵਿੱਦਿਅਕ ਕੈਰੀਅਰ ਦਾ ਆਧਾਰ ਹਨ, ਇਨ੍ਹਾਂ ਲਈ ਜੇਕਰ ਤੁਸੀਂ ਸਹੀ ਢੰਗ ਨਾਲ ਮਿਹਨਤ ਕਰ ਲਵੋ ਤਾਂ ਚੰਗੇ ਅੰਕ ਆ ਸਕਦੇ ਹਨ। ਵਿਸ਼ਿਆਂ ਦੀ ਸਹੀ ਤਰਤੀਬ, ਸਮੇਂ ਦੀ ਯੋਗ ਵੰਡ ਅਤੇ ਇਕਾਗਰਤਾ, ਲਗਨ ਅਤੇ ਮਿਹਨਤ ਨਾਲ ਹੀ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ। ਇਸ ਸਭ ਕਾਸੇ ਲਈ ਮਾਪਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਅੰਤ ਵਿਚ 'ਅਜੀਤ' ਦੇ ਸਮੂਹ ਪਾਠਕਾਂ ਨੂੰ, ਜੋ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਲਈ ਯਤਨਸ਼ੀਲ ਹਨ, ਸ਼ੁੱਭ ਇੱਛਾਵਾਂ।

-ਐਚ.ਐਮ.ਵੀ., ਜਲੰਧਰ।


ਖ਼ਬਰ ਸ਼ੇਅਰ ਕਰੋ

ਜ਼ਿੰਦਗੀ ਜਿਊਣ ਲਈ ਰਿਸ਼ਤਿਆਂ ਵਿਚ ਪਿਆਰ ਜ਼ਰੂਰੀ ਹੈ

ਸਰਬ-ਸਾਂਝੀ ਮਨੁੱਖਤਾ ਦਾ ਸੰਦੇਸ਼ ਦੇਣ ਵਾਲੀ ਸਾਡੀ ਸੰਸਕ੍ਰਿਤੀ ਅੱਜ ਦਿਨੋ-ਦਿਨ ਅਲੋਪ ਹੁੰਦੀ ਜਾ ਰਹੀ ਹੈ। ਮਨੁੱਖਤਾ ਲਈ ਪਿਆਰ ਵੰਡਣ ਅਤੇ ਆਪਣਾ ਸਰਬੰਸ ਕੁਰਬਾਨ ਕਰਨ ਵਾਲੀ, ਰਿਸ਼ਤਿਆਂ ਦੀ ਵਿਰਾਸਤ ਅੱਜ ਖੁਦ ਹੀ ਡਾਵਾਂਡੋਲ ਹੋ ਰਹੀ ਹੈ। ਸਾਡੀ ਸੰਸਕ੍ਰਿਤਕ ਵਿਰਾਸਤ ਨੇ ਸਾਡੇ ਮਨਾਂ ਅੰਦਰਲੇ ਅਮੀਰੀ-ਗਰੀਬੀ, ਊਚ-ਨੀਚ ਦੇ ਹਨੇਰੇ ਨੂੰ ਦੂਰ ਕਰ ਸਬਰ, ਹਿੰਮਤ ਤੇ ਹਮੇਸ਼ਾ ਦੂਜਿਆਂ ਲਈ ਮਾਰਗ-ਦਰਸ਼ਕ ਬਣਨ ਦਾ ਸੁਨੇਹਾ ਦਿੱਤਾ। ਸਾਡੀ ਇਕ ਵੱਖਰੀ ਮਰਿਆਦਾ, ਵੱਖਰੀ ਜੀਵਨ ਜਾਚ, ਵੱਖਰੇ ਹੌਸਲੇ, ਵੱਖਰੀ ਸ਼ਖ਼ਸੀਅਤ ਅੱਜ ਗੁਆਚਦੀ ਪ੍ਰਤੀਤ ਹੋ ਰਹੀ ਹੈ।
ਆਪਣੇ ਜੀਵਨ ਦੀਆਂ ਜ਼ਰੂਰਤਾਂ ਤੇ ਲੋੜਾਂ ਨੂੰ ਅਸੀਂ ਬਹੁਤ ਜ਼ਿਆਦਾ ਵਧਾ ਲਿਆ ਹੈ ਅਤੇ ਆਪਣੇ-ਆਪ ਨੂੰ ਹਰ ਪੱਖੋਂ ਮੁਕੰਮਲ ਬਣਾਉਣ ਲਈ ਦਿਨ-ਰਾਤ ਭੱਜ ਰਹੇ ਹਾਂ। ਇਸ ਲਈ ਅਸੀਂ ਹਰ ਰੋਜ਼ ਨਵੇਂ-ਨਵੇਂ ਸ਼ਾਰਟਕੱਟ ਲੱਭਣ ਦੀ ਕੋਸ਼ਿਸ਼ ਕਰਦੇ ਫਿਰਦੇ ਹਾਂ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਝੂਠ, ਫਰੇਬ, ਰਿਸ਼ਵਤਖੋਰੀ ਜਾਂ ਕਿਸੇ ਵੀ ਅਨੈਤਿਕ ਰਾਹ 'ਤੇ ਤੁਰਨ ਤੋਂ ਗੁਰੇਜ਼ ਨਹੀਂ ਕਰਦੇ। ਸਾਡੇ ਵਲੋਂ ਕੀਤੇ ਗਏ ਇਨ੍ਹਾਂ ਕੰਮਾਂ ਦਾ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ 'ਤੇ ਚੰਗਾ ਜਾਂ ਮਾੜਾ ਅਸਰ ਜ਼ਰੂਰ ਪੈਣਾ ਹੈ। ਭੌਤਿਕ ਵਸਤਾਂ ਜ਼ਿੰਦਗੀ ਲਈ ਜ਼ਰੂਰੀ ਹਨ ਪਰ ਜ਼ਿੰਦਗੀ ਤੋਂ ਵੱਧ ਜ਼ਰੂਰੀ ਨਹੀਂ ਹਨ। ਅੱਜਕਲ੍ਹ ਰਿਸ਼ਤਿਆਂ ਵਿਚਲੀ ਸਾਂਝ ਅਤੇ ਪਿਆਰ ਘਟਦਾ ਜਾ ਰਿਹਾ ਹੈ। ਭੈਣ-ਭਰਾ ਦੇ ਰਿਸ਼ਤਿਆਂ ਦੀ ਨਿੱਘ ਦੇ ਤਿਉਹਾਰ ਰੱਖੜੀ ਦੇ ਮੋਹ ਦੇ ਧਾਗੇ ਦੀਆਂ ਤੰਦਾਂ ਅੱਜ ਕਮਜ਼ੋਰ ਪ੍ਰਤੀਤ ਹੋ ਰਹੀਆਂ ਹਨ। ਵਿਆਹ ਦੀ ਰਸਮ ਵੀ ਇਕ ਸੌਦਾ ਬਣਦੀ ਜਾ ਰਹੀ ਹੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪਤੀ-ਪਤਨੀ ਦੇ ਪਾਕ ਰਿਸ਼ਤਿਆਂ ਵਿਚ ਵੀ ਦਰਾੜ ਪੈ ਰਹੀ ਹੈ। ਅੱਜ ਹਰ ਵਿਅਕਤੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਵਿਚ ਆਜ਼ਾਦੀ ਅਤੇ ਖੁੱਲ੍ਹ ਚਾਹੁੰਦਾ ਹੈ ਪਰ ਇਸ ਆਜ਼ਾਦੀ ਲਈ ਉਸ ਨੇ ਆਪਣੀ ਸੋਚ ਨੂੰ ਗੁਲਾਮ ਬਣਾ ਲਿਆ ਹੈ। ਨਾਨੀ-ਦਾਦੀ ਦੀਆਂ ਪਿਆਰ, ਸਬਰ, ਹਿੰਮਤ ਅਤੇ ਕਲਪਨਾ ਸ਼ਕਤੀ ਨਾਲ ਭਰੀਆਂ ਕਹਾਣੀਆਂ ਅੱਜਕਲ੍ਹ ਮੋਬਾਈਲ ਦੀਆਂ ਰਿੰਗ ਟੋਨਾਂ ਪਿੱਛੇ ਗੁਆਚ ਗਈਆਂ ਹਨ।
ਗੱਲ ਸਿਰਫ ਇਹ ਹੈ ਕਿ ਭੌਤਿਕ ਅਵਸਥਾ ਅਤੇ ਸੁੱਖਾਂ ਦੀ ਦੌੜ ਵਿਚ ਅਸੀਂ ਆਪਣੇ ਰਿਸ਼ਤਿਆਂ ਵਿਚਲੀ ਸਾਂਝ ਅਤੇ ਪਿਆਰ ਨੂੰ ਬਹੁਤ ਪਿੱਛੇ ਛੱਡਦੇ ਜਾ ਰਹੇ ਹਾਂ। ਸਾਂਝੇ ਪਰਿਵਾਰ ਟੁੱਟਣ ਕਰਕੇ ਇਕੱਠੇ ਪਰਿਵਾਰਾਂ ਦੀ ਕਹਾਣੀ ਹੋਰ ਵੀ ਦਰਦਨਾਕ ਹੈ। ਜਿਨ੍ਹਾਂ ਪਰਿਵਾਰਾਂ ਵਿਚ ਪਤੀ-ਪਤਨੀ ਦੋਵੇਂ ਹੀ ਨੌਕਰੀਪੇਸ਼ਾ ਹਨ, ਬਹੁਤੇ ਮਾਤਾ-ਪਿਤਾ ਆਪਣੇ ਉਮਰ ਭਰ ਦੀ ਕਮਾਈ ਕਰਨ ਤੋਂ ਬਾਅਦ ਆਪਣਾ ਬੁਢਾਪਾ ਬਿਰਧ ਆਸ਼ਰਮਾਂ ਅਤੇ ਅਨਾਥ ਬੱਚੇ ਯਤੀਮਖਾਨਿਆਂ ਵਿਚ ਬਤੀਤ ਕਰਨ ਲਈ ਮਜਬੂਰ ਹੁੰਦੇ ਜਾ ਰਹੇ ਹਨ। ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲ-ਦਲ ਵਿਚ ਫਸ ਕੇ ਆਪਣੀ ਜਵਾਨੀ ਬਰਬਾਦ ਕਰ ਰਹੀ ਹੈ। ਆਪਣੇ ਚੰਗੇ ਸੰਸਕਾਰਾਂ ਅਤੇ ਫ਼ਰਜ਼ਾਂ ਤੋਂ ਮੂੰਹ ਮੋੜ ਅਸੀਂ ਆਪਣੀਆਂ ਜੜ੍ਹਾਂ ਨੂੰ ਖੋਖਲਾ ਕਰ ਲਿਆ ਹੈ। ਜੜ੍ਹ ਦੇ ਬਿਨਾਂ ਨਾ ਤਾਂ ਕੋਈ ਵਸਤੂ ਜਿਊਂਦਾ ਰਹਿ ਸਕਦੀ ਹੈ ਅਤੇ ਨਾ ਹੀ ਉਸ ਦਾ ਕੋਈ ਵਿਕਾਸ ਹੋ ਸਕਦਾ ਹੈ।
ਅੱਜ ਲੋੜ ਹੈ ਆਪਣੀ ਨਵੀਂ ਪੀੜ੍ਹੀ ਵਿਚ ਚੰਗੇ ਸੰਸਕਾਰਾਂ ਅਤੇ ਫਰਜ਼ਾਂ ਨੂੰ ਬੀਜਣ ਦੀ। ਇਸ ਲਈ ਜ਼ਰੂਰੀ ਹੈ ਸਾਡੇ ਪਵਿੱਤਰ ਰਿਸ਼ਤਿਆਂ ਵਿਚ ਪਿਆਰ ਅਤੇ ਨਿੱਘ ਹੋਵੇ, ਚੰਗੇ ਸਮਾਜ ਦੀ ਸਿਰਜਣਾ ਲਈ ਜ਼ਰੂਰੀ ਹੈ ਸੁਹਜਤਾ ਅਤੇ ਇਮਾਨਦਾਰੀ ਦੀ ਖੁਸ਼ਬੂ ਅਤੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਮਾਂ ਦੇ ਕੇ ਰਿਸ਼ਤਿਆਂ ਦੇ ਨਵੇਂ ਅਤੇ ਸੋਹਣੇ ਫੁੱਲਾਂ ਦਾ ਬੀਜ ਬੀਜੀਏ। ਆਪਣੀ ਵੱਖਰੀ ਸਰਬ-ਸਾਂਝੀ ਸੰਸਕ੍ਰਿਤੀ ਲਈ ਆਪਣੇ ਰਿਸ਼ਤਿਆਂ ਨਾਲ ਹਰੇਕ ਸੁੱਖ-ਦੁੱਖ ਦੇ ਪਲਾਂ ਵਿਚ ਆਪਣੇ ਪਿਆਰ ਰੂਪੀ ਹਵਾ ਨੂੰ ਵੱਧ ਤੋਂ ਵੱਧ ਜਗ੍ਹਾ ਦੇਈਏ। ਮਰ ਰਹੇ ਰਿਸ਼ਤਿਆਂ ਨੂੰ ਮਿਠਾਸ ਅਤੇ ਹੌਸਲੇ ਨਾਲ ਮੁੜ ਤੋਂ ਸੁਰਜੀਤ ਕਰੀਏ, ਕਿਉਂਕਿ ਜ਼ਿੰਦਗੀ ਜਿਊਣ ਲਈ ਰਿਸ਼ਤਿਆਂ ਵਿਚ ਪਿਆਰ ਜ਼ਰੂਰੀ ਹੈ।


-ਸ: ਸ: ਸ: ਮਗਰ ਸਾਹਿਬ।

ਭੋਜਨ ਪਰੋਸਣਾ ਵੀ ਇਕ ਕਲਾ ਹੈ

ਦਾਅਵਤ ਖਵਾਉਂਦੇ ਸਮੇਂ ਇਨ੍ਹਾਂ ਅਸਾਵਧਾਨੀਆਂ ਤੋਂ ਬਚੋ ਤਾਂ ਕਿ ਤੁਹਾਡੀ ਦਾਅਵਤ ਦੀ ਪ੍ਰਸੰਸਾ ਹੋ ਸਕੇ। ਇਹ ਅਸਾਵਧਾਨੀਆਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ ਜਿਵੇਂ ਤੁਸੀਂ ਖਾਣਾ ਖਵਾਉਂਦੇ-ਪਿਲਾਉਂਦੇ ਦੂਜੇ ਕੰਮਾਂ ਵਿਚ ਜੁਟੇ ਹੋਏ ਹੋ। ਅਜਿਹਾ ਵੀ ਹੋ ਸਕਦਾ ਹੈ ਕਿ ਤੁਸੀਂ ਖਾਣਾ ਏਨਾ ਪਰੋਸ ਦਿਓ ਕਿ ਵਿਅਰਥ ਸੁੱਟਣਾ ਪਵੇ ਜਾਂ ਏਨਾ ਘੱਟ ਪਰੋਸੋ ਕਿ ਵਾਰ-ਵਾਰ ਮੰਗਣਾ ਪਵੇ। ਇਨ੍ਹਾਂ ਅਸਾਵਧਾਨੀਆਂ ਤੋਂ ਬਚਣ ਲਈ ਸਮੁੱਚਾ ਪ੍ਰਬੰਧ ਯੋਜਨਾਬੱਧ ਹੋਣਾ ਚਾਹੀਦਾ ਹੈ ਅਤੇ ਭੋਜਨ ਪਰੋਸਦੇ ਸਮੇਂ ਅਤੇ ਖਵਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖੋ-
* ਜਦੋਂ ਖਾਣਾ ਤਿਆਰ ਹੋ ਜਾਵੇ ਤਾਂ ਅਜਿਹੇ ਭਾਂਡਿਆਂ ਵਿਚ ਰੱਖੋ ਜੋ ਤੁਹਾਡੇ ਡਾਇਨਿੰਗ ਟੇਬਲ ਦੀ ਸ਼ੋਭਾ ਵਧਾਉਣ। ਫੁਲ ਪਲੇਟਸ ਵਿਚ ਰੋਟੀ, ਪੂੜੀ, ਨਾਨ ਆਦਿ ਰੱਖੋ। ਚੌਲ ਪੁਲਾਵ ਆਦਿ ਰਾਈਸ ਪਲੇਟਾਂ ਵਿਚ ਰੱਖੋ। ਡੌਂਗਿਆਂ ਵਿਚ ਸਬਜ਼ੀਆਂ ਰੱਖੋ।
* ਰੋਟੀ, ਪੂੜੀ ਆਦਿ ਤੋਂ ਇਲਾਵਾ ਕਿਸੇ ਚੀਜ਼ ਨੂੰ ਹੱਥ ਨਾਲ ਨਾ ਪਰੋਸੋ। ਸਾਰੀਆਂ ਚੀਜ਼ਾਂ ਨੂੰ ਪਰੋਸਣ ਲਈ ਛੋਟੇ-ਵੱਡੇ ਚਮਚ ਦੀ ਵਰਤੋਂ ਕਰੋ। * ਖਾਣੇ ਨੂੰ ਡਾਇਨਿੰਗ ਟੇਬਲ 'ਤੇ ਰੱਖਣ ਦੇ ਪ੍ਰਬੰਧ ਕਰਨ ਤੋਂ ਬਾਅਦ ਤੁਸੀਂ ਪਰੋਸਣ ਦੀ ਉਡੀਕ ਕਰੋ। ਕ੍ਰਾਕਰੀ ਵਿਚ ਫੁਲ ਪਲੇਟਾਂ, ਡੂੰਘੀਆਂ ਪਲੇਟਾਂ, ਟੀ-ਸਪੂਨ, ਛੁਰੀ, ਕਾਂਟੇ, ਖਾਣ ਵਾਲੇ ਮੈਂਬਰਾਂ ਦੇ ਅਨੁਸਾਰ ਮੇਜ਼ ਦੇ ਚਾਰੋ ਪਾਸੇ ਸਲੀਕੇ ਨਾਲ ਰੱਖੋ। ਚਮਚ, ਛੁਰੀ, ਕਾਂਟਾ ਹਰੇਕ ਪਲੇਟ ਦੇ ਨਾਲ ਰੱਖੋ।
* ਪਾਣੀ ਦੇ ਗਿਲਾਸ ਸ਼ੁਰੂ ਵਿਚ ਹੀ ਭਰ ਕੇ ਹਰ ਇਕ ਦੇ ਖੱਬੇ ਹੱਥ ਵੱਲ ਰੱਖ ਦਿਓ ਅਤੇ ਮੇਜ਼ ਦੇ ਵਿਚੋ-ਵਿਚ ਪਾਣੀ ਦਾ ਇਕ ਭਰਿਆ ਹੋਇਆ ਜੱਗ ਰੱਖ ਦਿਓ ਤਾਂ ਕਿ ਲੋੜ ਅਨੁਸਾਰ ਪਾਣੀ ਹੋਰ ਲਿਆ ਜਾ ਸਕੇ। * ਰੋਟੀ ਜਾਂ ਪੂੜੀ ਫੁਲ ਪਲੇਟਾਂ ਵਿਚ ਪਰੋਸੋ, ਡੂੰਘੀਆਂ ਪਲੇਟਾਂ ਜਾਂ ਸਟੀਲ ਦੀਆਂ ਕਟੋਰੀਆਂ ਵਿਚ ਸਬਜ਼ੀਆਂ ਰੱਖੋ। ਦਹੀਂ, ਰਾਇਤਾ ਆਦਿ ਵੀ ਡੂੰਘੀਆਂ ਪਲੇਟਾਂ ਵਿਚ ਪਰੋਸੋ।
* ਭੋਜਨ ਨੂੰ ਡਾਇਨਿੰਗ ਟੇਬਲ 'ਤੇ ਸਜਾ ਕੇ ਤੁਸੀਂ ਮਹਿਮਾਨਾਂ ਨੂੰ ਬੇਨਤੀ ਕਰੋ ਕਿ ਉਹ ਆਪਣੀ ਇੱਛਾ ਅਤੇ ਰੁਚੀ ਅਨੁਸਾਰ ਖੁਦ ਪਰੋਸਣ। ਇਸ ਦਾ ਲਾਭ ਇਹ ਹੁੰਦਾ ਹੈ ਕਿ ਭੋਜਨ ਵਿਅਰਥ ਨਹੀਂ ਜਾਂਦਾ ਅਤੇ ਲੋੜ ਅਨੁਸਾਰ ਮਹਿਮਾਨ ਖੁਦ ਦੁਬਾਰਾ ਲੈ ਸਕਦਾ ਹੈ।
* ਬੱਚਿਆਂ ਨੂੰ ਭੋਜਨ ਪਰੋਸਦੇ ਸਮੇਂ ਵਿਸ਼ੇਸ਼ ਧਿਆਨ ਦਿਓ। ਜੇ ਉਹ ਖੁਦ ਪਰੋਸ ਰਿਹਾ ਹੈ ਜਾਂ ਤੁਸੀਂ ਪਰੋਸ ਰਹੇ ਹੋ ਤਾਂ ਜ਼ਿਆਦਾ ਨਾ ਪਰੋਸੋ। ਬੱਚੇ ਨੂੰ ਥੋੜ੍ਹਾ-ਥੋੜ੍ਹਾ ਪਾ ਕੇ ਦਿਓ ਅਤੇ ਉਸ ਨੂੰ ਵਿਚ-ਵਿਚ ਪੁੱਛਦੇ ਰਹੋ ਕਿ ਉਸ ਨੂੰ ਕੀ ਚਾਹੀਦਾ।
* ਭੋਜਨ ਕਰਦੇ ਸਮੇਂ ਏਨੇ ਸੁਚੇਤ ਰਹੋ ਕਿ ਖਾਣਾ ਖਾਣ ਵਾਲਾ ਕਿਸੇ ਚੀਜ਼ ਦੀ ਕਮੀ ਮਹਿਸੂਸ ਨਾ ਕਰੇ।
* ਭੋਜਨ ਸਮੇਂ ਕਦੇ ਵੀ ਘਰ ਦੀਆਂ ਸਮੱਸਿਆਵਾਂ ਦੀ ਚਰਚਾ ਜਾਂ ਵਾਦ-ਵਿਵਾਦ ਨਹੀਂ ਕਰਨਾ ਚਾਹੀਦਾ।
* ਜਦੋਂ ਭੋਜਨ ਖ਼ਤਮ ਹੋ ਜਾਵੇ ਤਾਂ ਤੁਸੀਂ ਕੁਝ ਮਿੱਠਾ, ਜੋ ਤੁਸੀਂ ਤਿਆਰ ਰੱਖਿਆ ਹੋਇਆ ਹੋਵੇ, ਪਲੇਟ ਜਾਂ ਤਸ਼ਤਰੀ ਵਿਚ ਰੱਖ ਕੇ ਲੈ ਆਓ ਅਤੇ ਪਰੋਸੋ। * ਅੰਤ ਵਿਚ ਤੁਸੀਂ ਹੱਥ ਧੁਆਉਣ ਲਈ ਪਾਣੀ ਅਤੇ ਤੌਲੀਆ ਤਿਆਰ ਰੱਖੋ।
ਇਨ੍ਹਾਂ ਸਭ ਗੱਲਾਂ ਦਾ ਧਿਆਨ ਰੱਖਦੇ ਹੋਏ ਜੇ ਤੁਸੀਂ ਆਪਣੀ ਸੂਝ-ਬੂਝ ਨਾਲ ਕਿਸੇ ਦਾਅਵਤ ਦਾ ਸਹੀ ਪ੍ਰਬੰਧ ਕਰੋਗੇ ਤਾਂ ਤੁਸੀਂ ਸਭ ਦੀ ਪ੍ਰਸੰਸਾ ਦੇ ਪਾਤਰ ਬਣੋਗੇ।

ਗਰਭਵਤੀ ਔਰਤਾਂ ਲਈ ਸੁੰਦਰਤਾ ਟਿਪਸ

ਗਰਭ ਅਵਸਥਾ ਦੌਰਾਨ ਹਾਰਮੋਨਸ ਵਿਚ ਬਦਲਾਅ ਨਾਲ ਕਈ ਔਰਤਾਂ ਦੀ ਚਮੜੀ ਵਿਚ ਨਿਖਾਰ ਆਉਣ ਦੇ ਨਾਲ ਹੀ ਚਿਹਰੇ ਦੀ ਚਮਕ ਵਧ ਜਾਂਦੀ ਹੈ। ਇਸ ਦੌਰਾਨ ਕਈ ਔਰਤਾਂ ਵਿਚ ਨਹੁੰ ਮਜ਼ਬੂਤ ਅਤੇ ਵਾਲ ਸੰਘਣੇ ਅਤੇ ਲੰਬੇ ਹੋ ਜਾਂਦੇ ਹਨ। ਪਰ ਕਈ ਔਰਤਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਗਰਭ ਅਵਸਥਾ ਦੇ ਦੌਰਾਨ ਚਮੜੀ ਸਬੰਧੀ ਕੁਝ ਸਮੱਸਿਆਵਾਂ ਉੱਭਰ ਆਉਂਦੀਆਂ ਹਨ। ਗਰਭ ਅਵਸਥਾ ਦੌਰਾਨ ਚਿਹਰੇ 'ਤੇ ਨਿਖਾਰ ਬਣਾਈ ਰੱਖਣ ਲਈ ਪੌਸ਼ਟਿਕ ਭੋਜਨ, ਲੋੜੀਂਦੀ ਨੀਂਦ ਅਤੇ ਸੰਪੂਰਨ ਆਰਾਮ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਚਮੜੀ ਨੂੰ ਕਲੀਜ਼ਿੰਗ ਜੈੱਲ ਨਾਲ ਹਰ ਰੋਜ਼ ਦੋ ਵਾਰ ਸਾਫ ਕਰਨਾ ਚਾਹੀਦਾ ਹੈ। ਦਿਨ ਵਿਚ ਚਮੜੀ 'ਤੇ ਮਾਇਸਚਰਾਈਜ਼ਿੰਗ ਲੋਸ਼ਨ ਅਤੇ ਸਨਸਕਰੀਨ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਰਾਤ ਨੂੰ ਚੰਗੀ ਗੁਣਵੱਤਾ ਦੀ ਨਾਰਿਸ਼ਿੰਗ ਕ੍ਰੀਮ ਲਗਾ ਕੇ ਚਮੜੀ ਦੀ ਕੁਝ ਮਿੰਟਾਂ ਤੱਕ ਉਪਰਲੇ ਪਾਸੇ ਨੂੰ ਮਾਲਿਸ਼ ਕਰਕੇ ਇਸ ਨੂੰ ਗਿੱਲੇ ਰੂੰ ਨਾਲ ਸਾਫ ਕਰ ਦਿਓ।
ਤੇਲੀ ਚਮੜੀ ਲਈ ਕਲੀਜ਼ਿੰਗ ਲੋਸ਼ਨ ਦੀ ਵਰਤੋਂ ਕਰੋ। ਇਕ ਸਕਰੱਬ ਨੂੰ ਹਫ਼ਤੇ ਵਿਚ 2-3 ਵਾਰ ਵਰਤੋ। ਪਰ ਸਕਰੱਬ ਵਰਤਣ ਤੋਂ ਪਹਿਲਾਂ ਇਹ ਦੇਖ ਲਓ ਕਿ ਚਮੜੀ 'ਤੇ ਕੋਈ ਫੋੜੇ, ਫਿੰਨਸੀਆਂ ਆਦਿ ਨਾ ਹੋਣ। ਇਸ ਨਾਲ ਚਮੜੀ ਦੇ ਮੁਸਾਮਾਂ ਨੂੰ ਤੇਲੀ ਪਦਾਰਥਾਂ ਤੋਂ ਮੁਕਤ ਕਰਨ ਵਿਚ ਮਦਦ ਮਿਲੇਗੀ। ਗਰਭ ਅਵਸਥਾ ਦੌਰਾਨ ਔਰਤਾਂ ਦੇ ਚਿਹਰੇ 'ਤੇ ਦਾਗ, ਧੱਬੇ, ਅਕਸਰ ਉੱਭਰ ਆਉਂਦੇ ਹਨ। ਇਹ ਦਾਗ-ਧੱਬੇ ਅਕਸਰ ਔਰਤਾਂ ਦੀਆਂ ਗੱਲ੍ਹਾਂ, ਮੱਥੇ, ਨੱਕ ਜਾਂ ਠੋਡੀ 'ਤੇ ਜ਼ਿਆਦਾਤਰ ਦੇਖੇ ਜਾ ਸਕਦੇ ਹਨ। ਇਨ੍ਹਾਂ ਦਾਗ-ਧੱਬਿਆਂ ਤੋਂ ਬਚਣ ਲਈ ਸਨਸਕ੍ਰੀਨ ਦੀ ਵਰਤੋਂ ਬਹੁਤ ਮਹੱਤਵਪੂਰਨ ਹੁੰਦੀ ਹੈ। ਜਿਥੋਂ ਤੱਕ ਸੰਭਵ ਹੋਵੇ, ਦੁਪਹਿਰ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਸੂਰਜ ਦੀਆਂ ਸਿੱਧੀਆਂ ਕਿਰਨਾਂ ਦੇ ਸਾਹਮਣੇ ਜਾਣ ਤੋਂ ਪ੍ਰਹੇਜ਼ ਕਰੋ। ਇਸ ਦੌਰਾਨ ਉੱਚ ਐਸ.ਪੀ.ਐਫ. ਵਾਲੀ ਸਨਸਕ੍ਰੀਨ ਦੀ ਹੀ ਵਰਤੋਂ ਕਰੋ। ਇਸ ਸਨਸਕਰੀਨ ਨੂੰ ਘਰੋਂ ਨਿਕਲਣ ਤੋਂ 20 ਮਿੰਟ ਪਹਿਲਾਂ ਲਗਾ ਲਓ ਤਾਂ ਕਿ ਇਹ ਤੁਹਾਡੀ ਚਮੜੀ ਵਿਚ ਪੂਰੀ ਤਰ੍ਹਾਂ ਸੋਖ ਜਾਵੇ। ਜੇ ਤੁਸੀਂ ਸੂਰਜ ਦੀਆਂ ਕਿਰਨਾਂ ਵਿਚ ਲੰਬੇ ਸਮੇਂ ਤੱਕ ਰਹਿੰਦੇ ਹੋ ਤਾਂ ਸਨਸਕ੍ਰੀਨ ਨੂੰ ਦੁਬਾਰਾ ਲਗਾ ਲਓ। ਜੇ ਤੁਹਾਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਸੁੰਦਰਤਾ ਮਾਹਿਰ ਦੀ ਸਲਾਹ ਲੈਣ ਅਤੇ ਇਲਾਜ ਕਰਾਉਣ ਵਿਚ ਕਦੇ ਸੰਕੋਚ ਨਾ ਕਰੋ। ਜੇ ਚਮੜੀ 'ਤੇ ਕੋਈ ਫੋੜੇ, ਫਿੰਨਸੀਆਂ ਆਦਿ ਨਹੀਂ ਹਨ ਤਾਂ ਫੇਸ਼ੀਅਲ ਸਕਰੱਬ ਅਤੇ ਫੇਸ਼ੀਅਲ ਕ੍ਰੀਮ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ।
ਘਰੇਲੂ ਇਲਾਜ ਦੇ ਤੌਰ 'ਤੇ ਦਹੀਂ ਵਿਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਇਸ ਦਾ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਹਰ ਰੋਜ਼ ਦਾਗ-ਧੱਬਿਆਂ 'ਤੇ 20 ਮਿੰਟ ਤੱਕ ਲਗਾ ਕੇ ਬਾਅਦ ਵਿਚ ਇਸ ਨੂੰ ਸਾਫ ਪਾਣੀ ਨਾਲ ਧੋ ਦਿਓ। ਸ਼ਹਿਦ ਅਤੇ ਨਿੰਬੂ ਦੇ ਰਸ ਦਾ ਮਿਸ਼ਰਣ ਤਿਆਰ ਕਰਕੇ ਇਸ ਮਿਸ਼ਰਣ ਨੂੰ ਚਿਹਰੇ ਦੇ ਦਾਗ-ਧੱਬਿਆਂ 'ਤੇ ਹਰ ਰੋਜ਼ 30 ਮਿੰਟ ਲਗਾ ਕੇ ਇਸ ਨੂੰ ਸਾਫ ਤਾਜ਼ੇ ਪਾਣੀ ਨਾਲ ਧੋ ਦਿਓ।
ਇਸ ਦੌਰਾਨ ਹਫ਼ਤੇ ਵਿਚ ਦੋ ਵਾਰ ਫੇਸ ਮਾਸਕ ਦੀ ਜ਼ਰੂਰ ਵਰਤੋਂ ਕਰੋ। 2 ਚਮਚ ਚੋਕਰ, ਇਕ ਚਮਚ ਬਦਾਮ ਦਾ ਚੂਰਾ, ਸ਼ਹਿਦ, ਦਹੀਂ ਅਤੇ ਨਿੰਬੂ ਦੇ ਰਸ ਦਾ ਮਿਸ਼ਰਣ ਬਣਾ ਲਓ ਅਤੇ ਇਸ ਮਿਸ਼ਰਣ ਨੂੰ ਬੁੱਲ੍ਹਾਂ ਅਤੇ ਅੱਖਾਂ ਤੋਂ ਇਲਾਵਾ ਬਾਕੀ ਪੂਰੇ ਚਿਹਰੇ 'ਤੇ ਲਗਾ ਲਓ ਅਤੇ ਅੱਧੇ ਘੰਟੇ ਬਾਅਦ ਸਾਫ, ਤਾਜ਼ੇ ਪਾਣੀ ਨਾਲ ਧੋ ਦਿਓ।
ਇਹ ਦਾਗ-ਧੱਬੇ ਆਮ ਤੌਰ 'ਤੇ ਚਮੜੀ ਵਿਚ ਬਹੁਤ ਜ਼ਿਆਦਾ ਖਿਚਾਅ ਦੀ ਵਜ੍ਹਾ ਨਾਲ ਪੈਂਦੇ ਹਨ। ਚਮੜੀ ਵਿਚ ਬਹੁਤ ਜ਼ਿਆਦਾ ਖਿਚਾਅ ਤੰਤ੍ਰਿਕਾਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਚਮੜੀ ਵਿਚ ਲਚਕੀਲਾਪਨ ਖ਼ਤਮ ਹੋ ਜਾਂਦਾ ਹੈ, ਅਚਾਨਕ ਸਰੀਰਕ ਭਾਰ ਵਧਣ ਤੋਂ ਬਾਅਦ ਭਾਰ ਘਟਣ ਨਾਲ ਵੀ ਦਾਗ-ਧੱਬੇ ਪੈ ਜਾਂਦੇ ਹਨ। ਇਹ ਦਾਗ-ਧੱਬੇ ਚਮੜੀ ਦੇ ਵੱਖ-ਵੱਖ ਭਾਗਾਂ 'ਤੇ ਦੇਖੇ ਜਾ ਸਕਦੇ ਹਨ। ਖਾਸ ਕਰਕੇ ਪੇਟ ਦੀ ਚਮੜੀ 'ਤੇ। ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਹ ਦਾਗ-ਧੱਬੇ ਚਮੜੀ ਦੀ ਬਾਹਰੀ ਪਰਤ 'ਤੇ ਹੀ ਨਹੀਂ ਹੁੰਦੇ, ਸਗੋਂ ਚਮੜੀ ਦੀ ਹੇਠਲੀ ਪਰਤ 'ਤੇ ਖਿਚਾਅ ਕਰਕੇ ਮੁੱਖ ਰੂਪ ਵਿਚ ਪਾਏ ਜਾਂਦੇ ਹਨ।
ਹਾਲਾਂਕਿ ਇਹ ਦਾਗ-ਧੱਬੇ ਕੁਝ ਸਮੇਂ ਬਾਅਦ ਆਪਣੇ-ਆਪ ਹੀ ਫਿੱਕੇ ਪੈ ਜਾਂਦੇ ਹਨ ਪਰ ਇਹ ਪੂਰੀ ਤਰ੍ਹਾਂ ਕਦੇ ਨਹੀਂ ਜਾਂਦੇ। ਇਸ ਲਈ ਗਰਭਧਾਰਨ ਕਰਨ ਤੋਂ ਤੁਰੰਤ ਬਾਅਦ ਤੁਹਾਨੂੰ ਪੇਟ ਦੀ ਮਾਲਿਸ਼ ਲਈ ਇਕ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ, ਜਿਸ ਨਾਲ ਚਮੜੀ ਦਾ ਖਿਚਾਅ ਬਰਕਰਾਰ ਰੱਖਿਆ ਜਾ ਸਕੇ। ਤਿਲ ਜਾਂ ਜੈਤੂਨ ਦੇ ਤੇਲ ਨਾਲ ਪੇਟ ਦੀ ਮਾਲਿਸ਼ ਨਾਲ ਇਹ ਦਾਗ-ਧੱਬੇ ਫਿੱਕੇ ਪੈ ਜਾਂਦੇ ਹਨ।
ਬੇਸਣ ਦੇ ਆਟੇ ਨੂੰ ਦਹੀਂ ਅਤੇ ਹਲਦੀ ਵਿਚ ਮਿਲਾ ਕੇ ਬਣਾਏ ਮਿਸ਼ਰਣ ਨੂੰ ਚਮੜੀ ਦੇ ਪ੍ਰਭਾਵਿਤ ਹਿੱਸਿਆਂ 'ਤੇ ਹਫਤੇ ਵਿਚ ਦੋ ਵਾਰ ਅੱਧੇ ਘੰਟੇ ਤੱਕ ਲਗਾਉਣ ਤੋਂ ਬਾਅਦ ਇਸ ਨੂੰ ਸਾਫ ਤਾਜ਼ੇ ਪਾਣੀ ਨਾਲ ਧੋ ਦਿਓ ਤਾਂ ਇਸ ਨਾਲ ਦਾਗ-ਧੱਬੇ ਮਿਟਾਉਣ ਵਿਚ ਮਦਦ ਮਿਲੇਗੀ।

ਸਰਦੀਆਂ ਦੇ ਪਕਵਾਨ ਬਣਾਓ ਅਤੇ ਖਵਾਓ

ਵੇਸਣ ਦੇ ਸਮੋਸੇ
ਸਮੱਗਰੀ : ਵੇਸਣ 15 ਗ੍ਰਾਮ, ਮੈਦਾ 250 ਗ੍ਰਾਮ, ਪੀਸਿਆ ਧਨੀਆ ਇਕ ਛੋਟਾ ਚਮਚ, ਲਾਲ ਮਿਰਚ ਇਕ ਛੋਟਾ ਚਮਚ, ਅਮਚੂਰ ਇਕ ਛੋਟਾ ਚਮਚ, ਗਰਮ ਮਸਾਲਾ ਇਕ ਚਮਚ, ਘਿਓ 150 ਗ੍ਰਾਮ ਅਤੇ ਨਮਕ ਸਵਾਦ ਅਨੁਸਾਰ।
ਵਿਧੀ : ਵੇਸਣ ਨੂੰ ਦੋ ਵੱਡੇ ਚਮਚ ਘਿਓ ਵਿਚ ਪਾ ਕੇ ਕੜਾਹੀ ਵਿਚ ਭੁੰਨ ਲਓ। ਜਦੋਂ ਵੇਸਣ ਦਾ ਰੰਗ ਬਦਾਮੀ ਹੋਣ ਲੱਗੇ ਅਤੇ ਮਹਿਕ ਆਉਣ ਲੱਗੇ ਤਾਂ ਸਭ ਮਸਾਲੇ ਮਿਲਾ ਕੇ ਅੱਗ ਉੱਤੋਂ ਲਾਹ ਲਓ। ਇਸ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਗਿੱਲਾ ਕਰ ਲਓ। ਹੁਣ ਮੈਦੇ ਵਿਚ ਬਚੇ ਹੋਏ ਘਿਓ ਨੂੰ ਉਂਗਲੀਆਂ ਨਾਲ ਹਲਕਾ-ਹਲਕਾ ਮਿਲਾ ਲਓ।
ਥੋੜ੍ਹਾ ਨਮਕ ਮਿਲਾ ਕੇ ਪੂੜੀ ਦੇ ਆਟੇ ਦੀ ਤਰ੍ਹਾਂ ਗੁੰਨ੍ਹ ਲਓ। ਛੋਟੀਆਂ-ਛੋਟੀਆਂ ਲੋਈਆਂ ਬਣਾ ਕੇ ਪਤਲੀ-ਪਤਲੀ ਵੇਲ ਲਓ। ਫਿਰ ਚਾਕੂ ਨਾਲ ਉਸ ਨੂੰ ਵਿਚਕਾਰੋਂ ਕੱਟ ਕੇ ਦੋ ਬਰਾਬਰ ਹਿੱਸੇ ਬਣਾ ਲਓ। ਜਿਸ ਜਗ੍ਹਾ ਤੋਂ ਕੱਟਿਆ ਗਿਆ ਹੈ, ਉਥੇ ਥੋੜ੍ਹਾ ਜਿਹਾ ਪਾਣੀ ਲਗਾ ਕੇ ਉਸ ਨੂੰ ਗੋਲ ਮੋੜ ਕੇ ਚਿਪਕਾ ਲਓ। ਫਿਰ ਤਿਆਰ ਕੀਤਾ ਹੋਇਆ ਮਸਾਲਾ ਭਰ ਕੇ ਮੂੰਹ ਬੰਦ ਕਰਕੇ ਕੜਾਹੀ ਦੇ ਗਰਮ ਘਿਓ ਵਿਚ ਪਾ ਕੇ ਹਲਕੀ ਅੱਗ ਵਿਚ ਤਲ ਲਓ। ਬੇਸਣ ਦੇ ਸਵਾਦੀ ਸਮੋਸੇ ਤਿਆਰ ਹਨ।
ਸ਼ਿਮਲਾ ਮਿਰਚ ਦੇ ਪਕੌੜੇ
ਸਮੱਗਰੀ : ਸ਼ਿਮਲਾ ਮਿਰਚ 6 ਪੀਸ, ਵੇਸਣ 4 ਵੱਡੇ ਚਮਚ, ਬੇਕਿੰਗ ਪਾਊਡਰ 1/2 ਛੋਟਾ ਚਮਚ, ਜੀਰਾ ਸਾਬਤ ਇਕ ਛੋਟਾ ਚਮਚ, ਧਨੀਆ ਪਾਊਡਰ ਇਕ ਛੋਟਾ ਚਮਚ, ਹਲਦੀ ਪਾਊਡਰ ਇਕ ਛੋਟਾ ਚਮਚ, ਲਾਲ ਮਿਰਚ ਇਕ ਛੋਟਾ ਚਮਚ, ਅਮਚੂਰ ਦੋ ਛੋਟੇ ਚਮਚ, ਗਰਮ ਮਸਾਲਾ ਇਕ ਛੋਟਾ ਚਮਚ, ਕੱਟਿਆ ਹੋਇਆ ਅਦਰਕ, ਕੱਟੇ ਹੋਏ ਧਨੀਏ ਦੇ ਪੱਤੇ, ਦੋ ਉਬਲੇ ਹੋਏ ਆਲੂ ਅਤੇ ਲੂਣ ਸਵਾਦ ਅਨੁਸਾਰ।
ਵਿਧੀ : ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਮਸਲ ਲਓ ਅਤੇ ਇਨ੍ਹਾਂ ਵਿਚ ਲਾਲ ਮਿਰਚ ਪਾਊਡਰ, ਗਰਮ ਮਸਾਲਾ ਪਾਊਡਰ, ਅਮਚੂਰ ਪਾਊਡਰ, ਕੱਟਿਆ ਹੋਇਆ ਧਨੀਆ, ਅਦਰਕ ਅਤੇ ਨਮਕ ਸਵਾਦ ਅਨੁਸਾਰ ਮਿਲਾ ਦਿਓ। ਇਸ ਤੋਂ ਬਾਅਦ ਸ਼ਿਮਲਾ ਮਿਰਚ ਨੂੰ ਚੰਗੀ ਤਰ੍ਹਾਂ ਧੋ ਕੇ ਵਿਚਕਾਰ ਇਕ ਚੀਰਾ ਦੇ ਦਿਓ ਅਤੇ ਉਸ ਵਿਚੋਂ ਬੀਜਾਂ ਨੂੰ ਕੱਢ ਕੇ ਉਸ ਨੂੰ ਵੀ ਤਿਆਰ ਮਸਾਲਿਆਂ ਵਿਚ ਪਾ ਕੇ ਮਿਲਾ ਲਓ।
ਫਿਰ ਇਸ ਸਮੱਗਰੀ ਨੂੰ ਸ਼ਿਮਲਾ ਮਿਰਚ ਦੇ ਵਿਚ ਭਰਵਾਂ ਦੀ ਤਰ੍ਹਾਂ ਭਰ ਲਓ। ਇਸ ਤੋਂ ਬਾਅਦ ਇਕ ਕਟੋਰੀ ਵਿਚ ਬੇਸਣ, ਨਮਕ ਸਵਾਦ ਅਨੁਸਾਰ, ਜੀਰਾ ਪਾਊਡਰ, ਹਲਦੀ ਪਾਊਡਰ ਮਿਲਾ ਕੇ ਥੋੜ੍ਹਾ-ਥੋੜ੍ਹਾ ਪਾਣੀ ਪਾਉਂਦੇ ਹੋਏ ਫੈਂਟ ਲਓ। ਹੁਣ ਇਸ ਵਿਚ ਸ਼ਿਮਲਾ ਮਿਰਚ ਡੁਬੋ ਕੇ ਘਿਓ ਜਾਂ ਤੇਲ ਵਿਚ ਤਲ ਕੇ ਉੱਪਰੋਂ ਦੀ ਕੱਟਿਆ ਹੋਇਆ ਪਿਆਜ਼, ਧਨੀਏ ਦੇ ਪੱਤੇ ਅਤੇ ਟਮਾਟਰ ਦੇ ਨਾਲ ਚਟਣੀ ਪਾ ਕੇ ਪਰੋਸੋ।


-ਪੂਨਮ ਦਿਨਕਰ

ਸਰਦੀਆਂ ਵਿਚ ਦੁਲਹਨਾਂ ਦਾ ਸ਼ਿੰਗਾਰ

ਵਿਆਹ ਦੇ ਦਿਨ ਦੁਲਹਨ ਦੀ ਸ਼ਖ਼ਸੀਅਤ ਬਾਹਰੀ ਸੁੰਦਰਤਾ ਦੇ ਨਾਲ-ਨਾਲ ਉਸ ਦੀ ਪੁਸ਼ਾਕ, ਸ਼ਿੰਗਾਰ, ਸੁੰਦਰਤਾ ਪ੍ਰਸਾਧਨਾਂ 'ਤੇ ਵੀ ਨਿਰਭਰ ਕਰਦੀ ਹੈ। ਹਾਲਾਂਕਿ ਮੌਸਮ ਦੇ ਹਿਸਾਬ ਨਾਲ ਸਰਦੀਆਂ ਨੂੰ ਸਦੀਆਂ ਤੋਂ ਸਭ ਤੋਂ ਪਸੰਦੀਦਾ ਮੌਸਮ ਮੰਨਿਆ ਜਾਂਦਾ ਹੈ ਪਰ ਸਰਦ ਰੁੱਤ ਵਿਚ ਮੌਸਮ ਵਿਚ ਨਮੀ ਦੀ ਕਮੀ ਅਤੇ ਸਰਦ ਹਵਾਵਾਂ ਦੀ ਵਜ੍ਹਾ ਨਾਲ ਚਮੜੀ ਅਤੇ ਵਾਲਾਂ ਦੀਆਂ ਕੁਝ ਸੁੰਦਰਤਾ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ, ਜਿਨ੍ਹਾਂ ਦੇ ਹੱਲ ਨੂੰ ਬਹੁਤ ਪਹਿਲ ਦਿੱਤੀ ਜਾਂਦੀ ਹੈ।
ਵਿਆਹ ਦੇ ਦਿਨ ਦੁਲਹਣ ਦਾ ਸੁੰਦਰ ਦਿਸਣਾ ਸਿਰਫ ਮੇਕਅਪ ਜਾਂ ਪੁਸ਼ਾਕ ਨਾਲ ਹੀ ਨਹੀਂ ਜੁੜਿਆ ਹੁੰਦਾ, ਸਗੋਂ ਇਸ ਵਿਚ ਕਾਫੀ ਹਫਤਿਆਂ ਦੀ ਸਖ਼ਤ ਮਿਹਨਤ ਸ਼ਾਮਿਲ ਹੁੰਦੀ ਹੈ। ਜੇ ਵਿਆਹ ਤੋਂ ਕੁਝ ਹਫ਼ਤੇ ਪਹਿਲਾਂ ਚਮੜੀ ਪ੍ਰਤੀ ਸਾਵਧਾਨੀ ਵਰਤੀ ਜਾਵੇ ਤਾਂ ਇਹ ਵਿਆਹ ਵਾਲੇ ਦਿਨ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ। ਸਰਦੀਆਂ ਵਿਚ ਤੇਲੀ ਚਮੜੀ ਵੀ ਖੁਸ਼ਕ ਹੋ ਜਾਂਦੀ ਹੈ ਜਦੋਂ ਕਿ ਖੁਸ਼ਕ ਚਮੜੀ ਨੂੰ ਕ੍ਰੀਮ ਅਤੇ ਤੇਲ ਦੀ ਮਦਦ ਨਾਲ ਮਾਇਸਚਰਾਈਜ਼ ਅਤੇ ਪੋਸ਼ਕ ਬਣਾਉਣਾ ਪੈਂਦਾ ਹੈ।
ਆਪਣੀ ਰੋਜ਼ਾਨਾ ਫੇਸ਼ੀਅਲ ਕੇਅਰ ਰੁਟੀਨ ਦੇ ਅੰਤਰਗਤ ਆਪਣੀ ਚਮੜੀ ਨੂੰ ਦਿਨ ਵਿਚ ਦੋ ਵਾਰ ਸਾਫ਼ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ 'ਤੇ ਜੰਮੀ ਮੈਲ ਨੂੰ ਸਾਫ਼ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਹਰ ਰੋਜ਼ ਚਮੜੀ ਨੂੰ ਸਾਫ਼ ਕਰੋ ਅਤੇ ਸਾਫ਼ ਪਾਣੀ ਨਾਲ ਧੋਵੋ। ਇਸ ਵਾਸਤੇ ਤੁਸੀਂ ਕੋਸਾ ਪਾਣੀ ਵਰਤ ਸਕਦੇ ਹੋ। ਆਮ ਅਤੇ ਖੁਸ਼ਕ ਦੋਵੇਂ ਤਰ੍ਹਾਂ ਦੀ ਚਮੜੀ ਲਈ ਕਲੀਂਜ਼ਿੰਗ ਕ੍ਰੀਮ ਜਾਂ ਜੈੱਲ ਦੀ ਵਰਤੋਂ ਕਰੋ। ਬਦਲਵੇਂ ਰੂਪ ਵਿਚ ਤੁਸੀਂ ਅੱਧੇ ਕੱਪ ਠੰਢੇ ਪਾਣੀ ਵਿਚ ਤਿਲ, ਸੂਰਜਮੁਖੀ ਅਤੇ ਜੈਤੂਨ ਦੇ ਬਨਸਪਤੀ ਤੇਲ ਦੀਆਂ ਪੰਜ ਬੂੰਦਾਂ ਮਿਲਾ ਕੇ ਇਸ ਨੂੰ ਬੋਤਲ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਰੂੰ ਦੀ ਮਦਦ ਨਾਲ ਇਸ ਮਿਸ਼ਰਣ ਨਾਲ ਚਮੜੀ ਨੂੰ ਸਾਫ ਕਰੋ। ਬਾਕੀ ਬਚੇ ਮਿਸ਼ਰਣ ਨੂੰ ਫਰਿੱਜ ਵਿਚ ਰੱਖ ਲਓ। ਜੇ ਤੁਹਾਡੀ ਚਮੜੀ ਤੇਲੀ ਹੈ ਤਾਂ ਕਲੀਂਜ਼ਿੰਗ ਲੋਸ਼ਨ ਜਾਂ ਫੇਸ ਵਾਸ਼ ਦੀ ਵਰਤੋਂ ਕਰੋ। ਤੇਲੀ ਚਮੜੀ ਦੇ ਡੂੰਘੇ ਮੁਸਾਮਾਂ ਨੂੰ ਸਾਫ਼ ਕਰਨ ਦੀ ਲੋੜ ਹੁੰਦੀ ਹੈ। ਚੌਲਾਂ ਦੇ ਪਾਊਡਰ ਨੂੰ ਦਹੀਂ ਨਾਲ ਮਿਲਾ ਕੇ ਹਫ਼ਤੇ ਵਿਚ ਇਕ ਜਾਂ ਦੋ ਵਾਰ ਲਗਾਓ ਅਤੇ ਚਮੜੀ ਦੇ ਦੋਵੇਂ ਪਾਸੇ ਹਲਕੇ ਹੱਥ ਨਾਲ ਰਗੜ ਕੇ ਪਾਣੀ ਨਾਲ ਧੋ ਦਿਓ। ਸਰਦੀਆਂ ਵਿਚ ਤੇਲੀ ਚਮੜੀ ਵਿਚ ਮੱਥੇ 'ਤੇ ਕਾਲੇ ਧੱਬੇ ਪੈ ਸਕਦੇ ਹਨ। ਸਰਦੀਆਂ ਵਿਚ ਤੇਲੀ ਚਮੜੀ ਵੀ ਖੁਸ਼ਕ ਹੋ ਜਾਂਦੀ ਹੈ ਪਰ ਜਦੋਂ ਇਸ ਵਿਚ ਕ੍ਰੀਮ ਲਗਾਈ ਜਾਂਦੀ ਹੈ ਤਾਂ ਇਸ ਨਾਲ ਚਿਹਰੇ 'ਤੇ ਮੁਹਾਸੇ ਆ ਜਾਂਦੇ ਹਨ। ਇਸ ਸਮੱਸਿਆ ਤੋਂ ਛੁਟਕਾਰੇ ਲਈ ਇਕ ਚਮਚ ਸ਼ੁੱਧ ਗਲਿਸਰੀਨ ਨੂੰ 100 ਮਿਲੀਲਿਟਰ ਗੁਲਾਬ ਜਲ ਵਿਚ ਮਿਲਾ ਕੇ ਬੋਤਲ ਨੂੰ ਫਰਿੱਜ ਵਿਚ ਰੱਖ ਦਿਓ। ਇਸ ਲੋਸ਼ਨ ਨੂੰ ਰੋਜ਼ਾਨਾ ਚਮੜੀ ਦੇ ਰੁੱਖੇਪਨ ਨੂੰ ਦੂਰ ਕਰਨ ਲਈ ਵਰਤੋ।
ਸਾਰੇ ਤਰ੍ਹਾਂ ਦੀ ਚਮੜੀ ਵਿਚ ਨਮੀ ਲਿਆਉਣ ਅਤੇ ਮੁਲਾਇਮ ਕਰਨ ਲਈ ਸ਼ਹਿਦ ਅਤੇ ਐਲੋਵੇਰਾ ਜੈੱਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨੂੰ ਚਿਹਰੇ 'ਤੇ ਲਗਾਉਣ ਤੋਂ 20 ਮਿੰਟ ਬਾਅਦ ਚਿਹਰੇ ਨੂੰ ਸ਼ੁੱਧ ਤਾਜ਼ੇ ਪਾਣੀ ਨਾਲ ਧੋ ਦਿਓ। ਸਾਰੇ ਤਰ੍ਹਾਂ ਦੀ ਚਮੜੀ ਦੇ ਮਾਮਲੇ ਵਿਚ ਹਰ ਰੋਜ਼ ਚਮੜੀ ਨੂੰ ਰੂੰ ਦੇ ਫਹੇ ਨਾਲ ਠੰਢੇ ਗੁਲਾਬ ਜਲ ਨਾਲ ਟੋਨ ਕਰੋ। ਚਮੜੀ ਨੂੰ ਸਾਫ਼ ਕਰਕੇ ਸਹਿਲਾਓ ਅਤੇ ਇਸ ਤੋਂ ਬਾਅਦ ਤੇਜ਼ੀ ਨਾਲ ਗੁਲਾਬ ਜਲ ਨਾਲ ਭਿੱਜੇ ਰੂੰ ਦੇ ਫਹੇ ਨਾਲ ਪੂੰਝੋ। ਇਸ ਨਾਲ ਚਮੜੀ ਚਮਕ ਜਾਵੇਗੀ।
ਆਮ ਤੋਂ ਖੁਸ਼ਕ ਚਮੜੀ ਨੂੰ ਰੋਜ਼ਾਨਾ ਰਾਤ ਨੂੰ ਨਰਸ਼ਿੰਗ ਕ੍ਰੀਮ ਨਾਲ ਠੀਕ ਕੀਤਾ ਜਾ ਸਕਦਾ ਹੈ। ਚਮੜੀ ਨੂੰ ਸਾਫ਼ ਕਰਨ ਤੋਂ ਬਾਅਦ ਕ੍ਰੀਮ ਨਾਲ ਪੂਰੇ ਚਿਹਰੇ 'ਤੇ ਹਲਕੀ-ਹਲਕੀ ਮਾਲਿਸ਼ ਕਰਦੇ ਹੋਏ ਲਗਾਤਾਰ 2 ਮਿੰਟ ਬਾਅਦ ਗਿੱਲੇ ਰੂੰ ਨਾਲ ਹਟਾ ਲਓ। ਚਿਹਰੇ ਲਈ ਮਾਸਕ ਦਾ ਮਿਸ਼ਰਣ ਘਰ ਵਿਚ ਬਣਾ ਕੇ ਇਸ ਨੂੰ ਹਫਤੇ ਵਿਚ 2-3 ਵਾਰ ਲਗਾਓ। ਆਮ ਤੋਂ ਖੁਸ਼ਕ ਚਮੜੀ ਲਈ 2 ਚਮਚ ਕੋਰ ਵਿਚ ਇਕ ਚਮਚ ਬਦਾਮ, ਦਹੀਂ ਸ਼ੁੱਧ ਅਤੇ ਗੁਲਾਬ ਜਲ ਮਿਲਾਓ।
ਤੇਲੀ ਅਤੇ ਮਿਸ਼ਰਤ ਚਮੜੀ ਲਈ 3 ਚਮਚ ਜਈ ਵਿਚ ਦਹੀਂ, ਸ਼ਹਿਦ ਅਤੇ ਗੁਲਾਬ ਜਲ ਮਿਲਾਓ। ਇਸ ਸਭ ਦਾ ਪੇਸਟ ਬਣਾ ਕੇ ਬੁੱਲ੍ਹਾਂ ਅਤੇ ਅੱਖਾਂ ਨੂੰ ਧੋ ਕੇ ਬਾਕੀ ਚਿਹਰੇ 'ਤੇ ਲਗਾ ਲਓ ਅਤੇ 20 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਦਿਓ। ਚਿਹਰੇ 'ਤੇ ਫੇਸ ਮਾਸਕ ਲਗਾਉਣ ਤੋਂ ਬਾਅਦ ਰੂੰ ਦੇ ਦੋ ਫਹਿਆਂ ਨੂੰ ਗੁਲਾਬ ਜਲ ਵਿਚ ਭਿਉਂ ਦਿਓ ਅਤੇ ਇਨ੍ਹਾਂ ਨੂੰ ਆਈ ਪੈਡ ਦੀ ਤਰ੍ਹਾਂ ਵਰਤੋ। ਇਨ੍ਹਾਂ ਨੂੰ ਅੱਖਾਂ 'ਤੇ ਰੱਖ ਕੇ ਲੰਮੇ ਪੈ ਕੇ ਆਰਾਮ ਕਰੋ। ਇਸ ਨਾਲ ਸਰੀਰ ਨੂੰ ਕਾਫੀ ਤਾਜ਼ਗੀ ਅਤੇ ਆਰਾਮ ਮਿਲਦਾ ਹੈ। ਗੁਲਾਬ ਜਲ ਦਾ ਕਾਫੀ ਆਰਾਮਦਾਇਕ ਅਤੇ ਸ਼ਾਂਤੀਵਰਧਕ ਪ੍ਰਭਾਵ ਪੈਂਦਾ ਹੈ, ਜਿਸ ਨਾਲ ਥਕਾਨ ਦੂਰ ਹੁੰਦੀ ਹੈ ਅਤੇ ਅੱਖਾਂ ਵਿਚ ਚਮਕ ਆ ਜਾਂਦੀ ਹੈ।
ਅੱਖਾਂ ਦੇ ਆਸ-ਪਾਸ ਦੀ ਚਮੜੀ ਕਾਫੀ ਪਤਲੀ ਅਤੇ ਸੰਵੇਦਨਸ਼ੀਲ ਹੁੰਦੀ ਹੈ। ਇਸ ਭਾਗ ਵਿਚ ਝੁਰੜੀਆਂ ਕਾਫੀ ਅਸਾਨੀ ਨਾਲ ਪੈ ਜਾਂਦੀਆਂ ਹਨ। ਅੱਖਾਂ ਦੇ ਆਸ-ਪਾਸ ਕ੍ਰੀਮ ਲਗਾ ਕੇ 15 ਮਿੰਟ ਬਾਅਦ ਗਿੱਲੇ ਰੂੰ ਨਾਲ ਧੋ ਦਿਓ। ਹਰ ਰੋਜ਼ ਬਦਾਮ ਤੇਲ ਦੀ ਵਰਤੋਂ ਕਰਨ ਅਤੇ ਇਸ ਦੀ ਹਲਕੀ-ਹਲਕੀ ਮਾਲਸ਼ ਕਰਨ ਨਾਲ ਅੱਖਾਂ ਦੇ ਆਸ-ਪਾਸ ਦੀ ਚਮੜੀ ਨਿਖਾਰਨ ਵਿਚ ਕਾਫੀ ਮਦਦ ਮਿਲਦੀ ਹੈ। ਬੁੱਲ੍ਹਾਂ ਦੀ ਚਮੜੀ ਵੀ ਕਾਫੀ ਪਤਲੀ ਹੁੰਦੀ ਹੈ ਅਤੇ ਇਸ ਵਿਚ ਤੇਲੀ ਗ੍ਰੰਥੀਆਂ ਦੀ ਕਮੀ ਹੁੰਦੀ ਹੈ। ਸਰਦੀਆਂ ਵਿਚ ਬੁੱਲ੍ਹ ਆਸਾਨੀ ਨਾਲ ਖੁਸ਼ਕ ਹੋ ਜਾਂਦੇ ਹਨ ਅਤੇ ਫਟ ਜਾਂਦੇ ਹਨ। ਬੁੱਲ੍ਹਾਂ 'ਤੇ ਹਰ ਰੋਜ਼ ਧੋਣ ਤੋਂ ਬਾਅਦ ਬਦਾਮ ਤੇਲ ਜਾਂ ਬਦਾਮ ਕ੍ਰੀਮ ਲਗਾ ਕੇ ਪੂਰੀ ਰਾਤ ਲੱਗੀ ਰਹਿਣ ਦਿਓ।
ਦਿਨ ਵਿਚ ਚਮੜੀ ਵਿਚ ਨਮੀ ਦੀ ਕਮੀ ਨਾ ਹੋਣ ਦਿਓ। ਘਰੋਂ ਨਿਕਲਣ ਤੋਂ ਪਹਿਲਾਂ ਸਨਸਕ੍ਰੀਨ ਦੀ ਚਿਹਰੇ 'ਤੇ ਵਰਤੋਂ ਕਰੋ। ਜ਼ਿਆਦਾਤਰ ਸਨਸਕ੍ਰੀਨ ਕ੍ਰੀਮਾਂ ਵਿਚ ਮਾਇਸਚਰਾਈਜ਼ਰ ਮੌਜੂਦ ਹੁੰਦੇ ਹਨ। ਮਾਇਸਚਰਾਈਜ਼ਰ ਕ੍ਰੀਮ ਅਤੇ ਤਰਲ ਰੂਪ ਵਿਚ ਉਪਲਬਧ ਹੁੰਦੇ ਹਨ। ਜੇ ਤੁਹਾਡੀ ਚਮੜੀ ਵਿਚ ਬਹੁਤ ਜ਼ਿਆਦਾ ਖੁਸ਼ਕੀ ਹੈ ਤਾਂ ਕ੍ਰੀਮ ਦੀ ਵਰਤੋਂ ਕਰੋ।
ਸਰਦੀਆਂ ਵਿਚ ਸਰੀਰ ਦੀ ਚਮੜੀ ਦਾ ਤੇਲੀ ਪੋਸ਼ਾਹਾਰ ਕਰਨਾ ਚਾਹੀਦਾ ਹੈ। ਪੁਰਾਣੇ ਸਮੇਂ ਵਿਚ ਚਮੜੀ ਦੀ ਦੇਖਭਾਲ ਲਈ ਉਬਟਨ ਬਣਾਇਆ ਜਾਂਦਾ ਸੀ। ਸਭ ਤੋਂ ਪਹਿਲਾਂ ਸਰੀਰ ਦੀ ਤਿਲ ਦੇ ਤੇਲ ਨਾਲ ਮਾਲਿਸ਼ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਘਰ ਵਿਚ ਬਣਾਇਆ ਗਿਆ ਉਬਟਨ ਲਗਾਇਆ ਜਾਂਦਾ ਹੈ। ਇਹ ਉਬਟਨ ਮੁੱਖ ਤੌਰ 'ਤੇ ਚੋਕਰ, ਬੇਸਣ, ਦਹੀਂ, ਮਲਾਈ ਅਤੇ ਹਲਦੀ ਦਾ ਮਿਸ਼ਰਣ ਹੁੰਦਾ ਹੈ। ਇਸ ਸਭ ਦਾ ਮਿਸ਼ਰਣ ਕਰਕੇ ਇਸ ਨੂੰ ਨਹਾਉਣ ਤੋਂ ਪਹਿਲਾਂ ਸਰੀਰ 'ਤੇ ਲਗਾਇਆ ਜਾਂਦਾ ਹੈ ਅਤੇ ਅੱਧੇ ਘੰਟੇ ਬਾਅਦ ਉਬਟਨ ਨੂੰ ਰਗੜ ਕੇ ਹਟਾ ਕੇ ਇਸ਼ਨਾਨ ਕੀਤਾ ਜਾਂਦਾ ਹੈ। ਇਸ ਨਾਲ ਨਹਾਉਣ ਦੇ ਦੌਰਾਨ ਚਮੜੀ ਦੀਆਂ ਮ੍ਰਿਤ ਕੋਸ਼ਿਕਾਵਾਂ ਨੂੰ ਸਾਫ਼ ਕਰਨ ਵਿਚ ਮਦਦ ਮਿਲਦੀ ਹੈ, ਜਿਸ ਨਾਲ ਚਮੜੀ ਚਮਕੀਲੀ, ਚਿਕਨੀ ਤੇ ਮੁਲਾਇਮ ਹੋ ਕੇ ਨਿੱਖਰ ਜਾਂਦੀ ਹੈ।
ਚਮਕੀਲੀ ਚਮੜੀ ਲਈ ਸਾਰੇ ਸੰਘਟਕਾਂ ਨੂੰ ਪੋਟਲੀ ਵਿਚ ਪਾ ਕੇ ਪੋਟਲੀ ਨੂੰ ਗਿੱਲਾ ਕਰਕੇ ਸਰੀਰ ਦੇ ਸਾਰੇ ਅੰਗਾਂ 'ਤੇ ਰਗੜੋ ਅਤੇ ਉਸ ਤੋਂ ਬਾਅਦ ਨਹਾ ਲਓ।
ਪਾਊਡਰ, ਦੁੱਧ, ਬਦਾਮ, ਚੌਲ ਪਾਊਡਰ ਅਤੇ ਗੁਲਾਬ ਦੀਆਂ ਪੰਖੜੀਆਂ ਦਾ ਮਿਸ਼ਰਣ ਤਿਆਰ ਕਰ ਲਓ। ਇਸ ਮਿਸ਼ਰਣ ਨੂੰ ਚਮੜੀ 'ਤੇ ਲਗਾਉਣ ਨਾਲ ਚਮੜੀ ਸਾਫ਼, ਮੁਲਾਇਮ ਹੋ ਜਾਂਦੀ ਹੈ ਅਤੇ ਇਸ ਵਿਚ ਕੁਦਰਤੀ ਆਭਾ ਆ ਜਾਂਦੀ ਹੈ। ਇਸ ਨਾਲ ਸਰੀਰ ਰੇਸ਼ਮ ਵਾਂਗ ਮੁਲਾਇਮ ਹੋ ਜਾਂਦਾ ਹੈ ਅਤੇ ਸਰੀਰ ਵਿਚ ਤਾਜ਼ਗੀ ਅਤੇ ਕੁਦਰਤੀ ਸੁਗੰਧ ਆਉਂਦੀ ਹੈ।
ਵਿਆਹ ਤੋਂ ਪਹਿਲਾਂ ਸਾਰੀਆਂ ਦੁਲਹਨਾਂ ਕਿਸੇ ਨਾ ਕਿਸੇ ਤਰ੍ਹਾਂ ਦੇ ਤਣਾਅ ਦੇ ਦੌਰ ਵਿਚੋਂ ਗੁਜ਼ਰਦੀਆਂ ਹਨ, ਜਿਸ ਦਾ ਅਸਰ ਉਨ੍ਹਾਂ ਦੇ ਚਿਹਰੇ 'ਤੇ ਝਲਕਦਾ ਹੈ। ਇਸ ਤਰ੍ਹਾਂ ਦੇ ਮਾਨਸਿਕ ਤਣਾਅ ਤੋਂ ਮੁਕਤੀ ਲਈ ਆਰਾਮ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਸਰੀਰਕ ਕਸਰਤ ਨਾਲ ਮਾਨਸਿਕ ਤਣਾਅ ਤੋਂ ਵੀ ਮੁਕਤੀ ਮਿਲਦੀ ਹੈ। ਵਿਆਹ ਤੋਂ ਕੁਝ ਮਹੀਨੇ ਪਹਿਲਾਂ ਨਿਯਮਤ ਰੂਪ ਨਾਲ ਕਸਰਤ ਕਰੋ ਅਤੇ ਸਵੇਰੇ ਸੈਰ ਲਈ ਨਿਕਲੋ। ਅਸਲ ਵਿਚ ਸਵੇਰ ਦੀ ਸੈਰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਕਾਫੀ ਲਾਭਦਾਇਕ ਸਾਬਤ ਹੁੰਦੀ ਹੈ। ਸਰੀਰ ਅਤੇ ਮਨ ਦੀ ਸ਼ਾਂਤੀ ਲਈ ਲੰਬੇ ਸਾਹ ਅਤੇ ਧਿਆਨ ਕਾਫੀ ਲਾਭਦਾਇਕ ਸਾਬਤ ਹੁੰਦੇ ਹਨ।
**

ਛੋਟੇ ਬੱਚਿਆਂ ਨੂੰ ਸਰਦੀ ਲੱਗਣ ਤੋਂ ਕਿਵੇਂ ਬਚਾਈਏ?

ਸਰਦੀ ਦਾ ਮੌਸਮ ਆਉਂਦਿਆਂ ਹੀ ਛੋਟੇ ਬੱਚਿਆਂ ਪ੍ਰਤੀ ਸਾਡੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ, ਕਿਉਂਕਿ ਸਰਦੀ ਦੇ ਮੌਸਮ ਵਿਚ ਬੱਚਿਆਂ ਨੂੰ ਖਾਂਸੀ, ਜ਼ੁਕਾਮ, ਬੁਖਾਰ, ਨਿਮੋਨੀਆ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ। ਅਸੀਂ ਕੁਝ ਛੋਟੀਆਂ ਪਰ ਲਾਭਦਾਇਕ ਗੱਲਾਂ ਦਾ ਧਿਆਨ ਰੱਖ ਕੇ ਜਿੱਥੇ ਬੱਚੇ ਦਾ ਸਰਦੀ ਦੇ ਮੌਸਮ ਵਿਚ ਸਹੀ ਪਾਲਣ-ਪੋਸ਼ਣ ਕਰ ਸਕਦੇ ਹਾਂ, ਉਥੇ ਹੀ ਸਰਦੀ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਵੀ ਕਰ ਸਕਦੇ ਹਾਂ।
* ਸਰਦੀ ਤੋਂ ਬਚਾਅ ਲਈ ਬੱਚਿਆਂ ਨੂੰ ਗਰਮ ਕੱਪੜੇ ਪਾਉਣੇ ਚਾਹੀਦੇ ਹਨ। ਬੱਚੇ ਦੇ ਸਿਰ ਉਪਰ ਟੋਪੀ ਅਤੇ ਪੈਰਾਂ ਨੂੰ ਜੁਰਾਬਾਂ ਜ਼ਰੂਰ ਪਾਉਣੀਆਂ ਚਾਹੀਦੀਆਂ ਹਨ, ਤਾਂ ਜੋ ਸਿਰ ਅਤੇ ਪੈਰਾਂ ਤੋਂ ਲੱਗਣ ਵਾਲੀ ਠੰਢ ਤੋਂ ਬੱਚੇ ਨੂੰ ਬਚਾਇਆ ਜਾ ਸਕੇ। ਜੇਕਰ ਬੱਚਾ ਤੁਰਨ ਲੱਗ ਪਿਆ ਹੈ ਤਾਂ ਉਸ ਦੇ ਪੈਰ ਨੰਗੇ ਨਹੀਂ ਰਹਿਣੇ ਚਾਹੀਦੇ, ਉਸ ਦੇ ਬੂਟ ਪਾ ਕੇ ਰੱਖੋ।
* ਘਰ ਤੋਂ ਬਾਹਰ ਜਾਂਦੇ ਸਮੇਂ ਬੱਚੇ ਨੂੰ ਚੰਗੀ ਤਰ੍ਹਾਂ ਗਰਮ ਕੰਬਲ ਵਿਚ ਲਪੇਟ ਲਿਆ ਜਾਵੇ, ਕਿਉਂਕਿ ਬਾਹਰ ਦੇ ਖੁੱਲ੍ਹੇ ਵਾਤਾਵਰਨ ਵਿਚ ਬੱਚੇ ਨੂੰ ਠੰਢ ਲੱਗਣ ਦੀਆਂ ਸੰਭਾਵਨਾਵਾਂ ਜ਼ਿਆਦਾ ਵਧ ਜਾਂਦੀਆਂ ਹਨ।
* ਬੱਚਿਆਂ ਦੀ ਸਾਫ਼-ਸਫਾਈ ਦਾ ਧਿਆਨ ਰੱਖਦੇ ਹੋਏ ਸਾਨੂੰ ਉਨ੍ਹਾਂ ਨੂੰ ਕੋਸੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਨਵਜਾਤ ਬੱਚੇ ਨੂੰ 2-3 ਦਿਨ ਛੱਡ ਕੇ ਵੀ ਨਹਾਇਆ ਜਾ ਸਕਦਾ ਹੈ। ਕੱਪੜੇ ਨੂੰ ਕੋਸੇ ਪਾਣੀ ਵਿਚ ਗਿੱਲਾ ਕਰਕੇ ਬੱਚੇ ਦੇ ਸਰੀਰ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਬੱਚਿਆਂ ਦਾ ਡਾਈਪਰ ਸਮੇਂ ਸਿਰ ਬਦਲਦੇ ਰਹਿਣਾ ਚਾਹੀਦਾ ਹੈ।
* ਸਰਦੀਆਂ ਦੇ ਮੌਸਮ ਵਿਚ ਬੱਚਿਆਂ ਨੂੰ ਧੁੱਪ ਵਿਚ ਵੀ ਲੈ ਕੇ ਬੈਠਣਾ ਚਾਹੀਦਾ ਹੈ। ਹੱਡੀਆਂ ਲਈ ਲੋੜੀਂਦਾ ਵਿਟਾਮਿਨ 'ਡੀ' ਧੁੱਪ ਵਿਚੋਂ ਹੀ ਮਿਲਦਾ ਹੈ। ਇਸ ਦੇ ਨਾਲ ਹੀ ਧੁੱਪ ਵਿਚ ਬੱਚਿਆਂ ਦੇ ਸਰੀਰ ਦੀ ਮਾਲਿਸ਼ ਬਦਾਮ ਜਾਂ ਜੈਤੂਨ ਦੇ ਤੇਲ ਨਾਲ ਕਰਨੀ ਚਾਹੀਦੀ ਹੈ।
* ਬੱਚਿਆਂ ਦੇ ਨਾਲ ਹੀ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵੀ ਸਰਦੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਅਕਸਰ ਮਾਵਾਂ ਦੇ ਬਿਮਾਰ ਹੋਣ ਨਾਲ ਬੱਚੇ ਵੀ ਬਿਮਾਰ ਹੋ ਜਾਂਦੇ ਹਨ।
* ਜਦੋਂ ਬੱਚਾ ਮਾਂ ਦੇ ਦੁੱਧ ਤੋਂ ਇਲਾਵਾ ਹੋਰ ਚੀਜ਼ਾਂ ਖਾਣੀਆਂ ਸ਼ੁਰੂ ਕਰ ਦੇਵੇ ਤਾਂ ਉਸ ਨੂੰ ਤਾਜ਼ਾ ਬਣਿਆ ਗਰਮ ਖਾਣਾ ਹੀ ਖਿਲਾਇਆ ਜਾਵੇ।
* ਬੱਚੇ ਦੇ ਬਿਮਾਰ ਹੋਣ 'ਤੇ ਬਿਨਾਂ ਦੇਰੀ ਬੱਚਿਆਂ ਦੇ ਮਾਹਿਰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਅਤੇ ਉਸ ਵਲੋਂ ਦਿੱਤੀਆਂ ਦਵਾਈਆਂ ਸਮੇਂ ਸਿਰ ਦੇਣੀਆਂ ਚਾਹੀਦੀਆਂ ਹਨ। ਜੇਕਰ ਬੱਚਾ ਠੀਕ ਹੁੰਦਾ ਨਾ ਜਾਪੇ ਤਾਂ ਕਿਸੇ ਦੂਸਰੇ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ।
* ਬਿਮਾਰ ਬੱਚੇ ਨੂੰ ਲੈ ਕੇ ਕਦੇ ਸਫ਼ਰ ਨਹੀਂ ਕਰਨਾ ਚਾਹੀਦਾ। ਜੇਕਰ ਮਜਬੂਰੀ ਵੱਸ ਸਫ਼ਰ 'ਤੇ ਜਾਣਾ ਪੈ ਜਾਵੇ ਤਾਂ ਉਸ ਦੀਆਂ ਦਵਾਈਆਂ ਨਾਲ ਲਿਜਾਣੀਆਂ ਨਾ ਭੁੱਲੋ।


-ਤਰਨ ਤਾਰਨ। ਮੋਬਾ: 94787-93231
Email : kanwaldhillon16@gmail.com

ਰਸੋਈ 'ਚ ਗੁਣਕਾਰੀ ਛਿੱਲਾਂ ਦੀ ਵਰਤੋਂ

ਆਮ ਤੌਰ 'ਤੇ ਅਸੀਂ ਫਲਾਂ ਅਤੇ ਸਬਜ਼ੀਆਂ ਦੀਆਂ ਛਿੱਲਾਂ ਸੁੱਟ ਦਿੰਦੇ ਹਾਂ ਜਾਂ ਕਈ ਫਲਾਂ ਨੂੰ ਅਸੀਂ ਛਿੱਲਾਂ ਲਾਹ ਕੇ ਖਾਂਦੇ ਹਾਂ ਪਰ ਇਹ ਛਿੱਲਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਕਿੰਨੀਆਂ ਫਾਇਦੇਮੰਦ ਤੇ ਵਿਟਾਮਿਨਾਂ ਨਾਲ ਭਰਪੂਰ ਹੁੰਦੀਆਂ ਹਨ। ਆਮ ਤੌਰ 'ਤੇ ਇਨ੍ਹਾਂ ਦੇ ਗੁਣਾਂ ਨੂੰ ਬਹੁਤ ਘੱਟ ਲੋਕ ਜਾਣਦੇ ਹੋਣਗੇ। ਆਓ ਇਨ੍ਹਾਂ ਛਿੱਲਾਂ ਦੇ ਗੁਣਾਂ ਬਾਰੇ ਜਾਣੀਏ। ਸੇਬ ਦੀ ਛਿੱਲ ਜੋ ਅਕਸਰ ਅਸੀਂ ਸੁੱਟ ਦਿੰਦੇ ਹਾਂ, ਉਸ ਛਿੱਲ ਵਿਚ ਵਿਟਾਮਿਨ 'ਸੀ' ਦੀ ਮਾਤਰਾ ਸੇਬ ਦੇ ਗੁੱਦੇ ਨਾਲੋਂ 10 ਗੁਣਾ ਜ਼ਿਆਦਾ ਹੁੰਦੀ ਹੈ। ਇਸ ਵਿਚ ਬਹੁਤ ਹੀ ਫਾਈਬਰ ਹੁੰਦੇ ਹਨ, ਜੋ ਪੇਟ ਨੂੰ ਸਾਫ਼ ਰੱਖਣ ਤੇ ਪੇਟ ਦੇ ਰੋਗਾਂ ਲਈ ਕਾਫੀ ਸਹਾਈ ਹੁੰਦੇ ਹਨ। ਇਸੇ ਤਰ੍ਹਾਂ ਟਮਾਟਰ ਦੀਆਂ ਬਾਹਰਲੀਆਂ ਛਿੱਲਾਂ ਵਿਚ ਵਿਟਾਮਿਨ 'ਸੀ' ਦੀ ਮਾਤਰਾ ਉਸ ਦੇ ਗੁੱਦੇ ਨਾਲੋਂ 20 ਗੁਣਾ ਜ਼ਿਆਦਾ ਹੁੰਦੀ ਹੈ। ਪਿਆਜ਼ ਦੇ ਪੀਲੇ ਹਿੱਸੇ ਨੂੰ ਅਸੀਂ ਅਕਸਰ ਹੀ ਕੱਢ ਕੇ ਸੁੱਟ ਦਿੰਦੇ ਹਾਂ ਪਰ ਉਸ ਪੀਲੇ ਭਾਗ ਵਿਚ ਵਿਟਾਮਿਨ 'ਸੀ' ਤੇ ਆਇਰਨ ਦੀ ਕਾਫੀ ਮਾਤਰਾ ਹੁੰਦੀ ਹੈ। ਇਹ ਵਿਟਾਮਿਨ 'ਸੀ' ਸਾਡੇ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਬੰਦਗੋਭੀ ਦੇ ਬਾਹਰਲੇ ਪੱਤਿਆਂ ਨੂੰ ਅਕਸਰ ਹਰ ਕੋਈ ਸੁੱਟ ਦਿੰਦਾ ਹੈ ਪਰ ਉਨ੍ਹਾਂ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ 'ਏ' ਹੁੰਦਾ ਹੈ, ਜਿਹੜਾ ਸਾਡੀਆਂ ਅੱਖਾਂ ਤੇ ਹੋਰ ਸਰੀਰ ਦੇ ਹਿੱਸਿਆਂ ਨੂੰ ਤੰਦਰੁਸਤ ਰੱਖਦਾ ਹੈ। ਇਸ ਤੋਂ ਇਲਾਵਾ ਜਿਹੜੀਆਂ ਛਿੱਲਾਂ ਖਾਣ ਯੋਗ ਨਹੀਂ ਹੁੰਦੀਆਂ, ਉਨ੍ਹਾਂ ਤੋਂ ਵੀ ਅਸੀਂ ਬਹੁਤ ਲਾਭ ਲੈ ਸਕਦੇ ਹਾਂ।
* ਆਲੂ ਦੀਆਂ ਛਿੱਲਾਂ : ਜੇ ਤੁਹਾਡੇ ਕੱਪੜਿਆਂ 'ਤੇ ਕੋਈ ਦਾਗ ਪੈ ਗਿਆ ਹੈ ਤਾਂ ਉਨ੍ਹਾਂ 'ਤੇ ਆਲੂ ਦੀਆਂ ਛਿੱਲਾਂ ਨੂੰ ਰਗੜਨ ਨਾਲ ਦਾਗ ਖ਼ਤਮ ਹੋ ਜਾਂਦੇ ਹਨ।
* ਪਪੀਤੇ ਦੀਆਂ ਛਿੱਲਾਂ : ਇਨ੍ਹਾਂ ਨੂੰ ਸੁਕਾ ਕੇ ਪਾਊਡਰ ਬਣਾ ਲਓ। ਅੱਧਾ ਚਮਚ ਪਾਊਡਰ ਵਿਚ ਗਲਿਸਰੀਨ ਤੇ ਗੁਲਾਬ ਜਲ ਦੇ ਨਾਲ ਮਿਲਾ ਕੇ ਮੂੰਹ 'ਤੇ 15 ਮਿੰਟ ਲੇਪ ਲਗਾਉਣ 'ਤੇ ਮੂੰਹ ਦੀ ਖੁਸ਼ਕੀ ਦੂਰ ਹੁੰਦੀ ਹੈ ਅਤੇ ਨਾਲ ਹੀ ਚਿਹਰੇ 'ਤੇ ਕਾਫੀ ਚਮਕ ਆਉਂਦੀ ਹੈ।
* ਪਿਆਜ਼ ਦੀਆਂ ਛਿੱਲਾਂ : ਜੇ ਤੁਹਾਡੇ ਕੱਪੜਿਆਂ 'ਤੇ ਇਹੋ ਜਿਹਾ ਦਾਗ਼ ਪੈ ਗਿਆ ਜੋ ਸਾਫ਼ ਨਹੀਂ ਹੁੰਦਾ ਤਾਂ ਉਸ ਉੱਤੇ ਪਿਆਜ਼ ਦੀਆਂ ਛਿੱਲਾਂ ਨੂੰ ਚੰਗੀ ਤਰ੍ਹਾਂ ਰਗੜਨ ਅਤੇ ਗਰਮ ਪਾਣੀ ਨਾਲ ਧੋਣ ਨਾਲ ਦਾਗ ਅਸਾਨੀ ਨਾਲ ਸਾਫ਼ ਹੋ ਜਾਵੇਗਾ।


-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ।
ਮੋਬਾ: 98140-97917

ਆਪਣੇ ਵਧਦੇ ਮੋਟਾਪੇ ਨੂੰ ਲੈ ਕੇ ਕਿੰਨੇ ਸੁਚੇਤ ਹੋ?

ਕਹਿੰਦੇ ਹਨ ਸੁਡੌਲ ਕਾਇਆ ਹਰ ਕਿਸੇ ਨੂੰ ਪਸੰਦ ਆਉਂਦੀ ਹੈ, ਇਥੋਂ ਤੱਕ ਕਿ ਦੁੱਧ-ਮੁੰਹੇਂ ਬੱਚੇ ਨੂੰ ਵੀ। ਅਜਿਹਾ ਇਕ ਖੋਜ ਦੌਰਾਨ ਮਨੋਵਿਗਿਆਨੀਆਂ ਨੇ ਪਾਇਆ ਹੈ। ਇਸ ਲਈ ਸੁਡੌਲ ਕਾਇਆ ਭਲਾ ਕੌਣ ਇਸਤਰੀ ਨਹੀਂ ਪਾਉਣਾ ਚਾਹੁੰਦੀ? ਪਰ ਦੁਨੀਆ ਵਿਚ ਕੋਈ ਚੀਜ਼ ਐਵੇਂ ਨਹੀਂ ਮਿਲਦੀ, ਕੁਝ ਪਾਉਣ ਲਈ ਕੁਝ ਖੋਹਣਾ ਪੈਂਦਾ ਹੈ। ਜੇ ਤੁਹਾਡੀ ਸ਼ਿਕਾਇਤ ਹੈ ਕਿ ਤੁਸੀਂ ਕੋਸ਼ਿਸ਼ ਕਰਕੇ ਵੀ ਨਹੀਂ ਪਤਲੇ ਹੋ ਰਹੇ ਤਾਂ ਇਸ ਕੁਇਜ਼ ਵਿਚ ਭਾਗ ਲਓ। ਸ਼ਾਇਦ ਪਤਾ ਚੱਲ ਜਾਵੇ ਕਿ ਕਮੀ ਕਿਥੇ ਹੈ?
1. ਪਤਲੀ ਬਣੋ, ਇਸ ਵਾਸਤੇ ਤੁਸੀਂ ਦਿਨ ਵਿਚ ਕਿੰਨੀ ਵਾਰ ਖਾਣਾ ਖਾਂਦੇ ਹੋ?
(ਕ) ਸਿਰਫ ਦੋ ਵਾਰ, ਸਵੇਰੇ ਨਾਸ਼ਤਾ ਅਤੇ ਰਾਤ ਦਾ ਖਾਣਾ। (ਖ) ਸਿਰਫ ਇਕ ਵਾਰ, ਦਿਨ ਭਰ ਨਿੰਬੂ-ਪਾਣੀ ਅਤੇ ਸ਼ਹਿਦ ਨਾਲ ਕੰਮ ਚਲਾਉਂਦੀ ਹਾਂ। (ਗ) ਇਕ ਨਿਯਮਤ ਫਰਕ ਨਾਲ ਥੋੜ੍ਹਾ-ਥੋੜ੍ਹਾ ਦਿਨ ਵਿਚ ਕਈ ਵਾਰ।
2. ਤੁਹਾਡੇ 'ਤੇ ਚਰਬੀ ਨਾ ਚੜ੍ਹੇ, ਇਸ ਵਾਸਤੇ ਤੁਸੀਂ ਫੈਟੀ ਫੂਡ, ਜੰਕ ਫੂਡ ਅਤੇ ਫਾਸਟ ਫੂਡ-
(ਕ) ਹਫ਼ਤੇ ਵਿਚ ਸਿਰਫ ਇਕ ਵਾਰ ਖਾਂਦੇ ਹੋ। (ਖ) ਜਦੋਂ ਵੀ ਖਾਂਦੇ ਹੋ, ਫਿਰ ਦਿਨ ਭਰ ਕੁਝ ਹੋਰ ਨਹੀਂ ਖਾਂਦੇ। (ਗ) ਹਮੇਸ਼ਾ-ਹਮੇਸ਼ਾ ਲਈ ਛੱਡ ਦਿੱਤਾ ਹੈ।
3. ਖਾਣਾ ਖਾਂਦੇ ਹੋਏ ਆਪਣੀ ਪਲੇਟ ਵਿਚ ਕਿੰਨੀ ਵਾਰ ਖਾਣਾ ਪਾਉਂਦੇ ਹੋ?
(ਕ) ਸਿਰਫ ਇਕ ਵਾਰ। (ਖ) ਜੇ ਕੋਈ ਚੀਜ਼ ਜ਼ਿਆਦਾ ਪਸੰਦ ਆਈ ਤਾਂ ਦੁਬਾਰਾ, ਨਹੀਂ ਤਾਂ ਇਕ ਵਾਰ। (ਗ) ਕੋਈ ਪੱਥਰ ਦੀ ਲਕੀਰ ਨਹੀਂ ਹੈ।
4. ਸਰੀਰਕ ਗਤੀਵਿਧੀ ਦੇ ਤੌਰ 'ਤੇ ਤੁਸੀਂ ਕੀ ਕਰਦੇ ਹੋ?
(ਕ) ਦਫ਼ਤਰ ਹਮੇਸ਼ਾ ਪੌੜੀਆਂ ਚੜ੍ਹ ਕੇ ਜਾਂਦੇ ਹੋ। (ਖ) ਬੱਸ ਸਟਾਪ ਤੋਂ ਘਰ ਤੱਕ ਪੈਦਲ ਜਾਂਦੇ ਹੋ। (ਗ) ਹਰ ਦਿਨ ਪੈਦਲ ਚਲਦੇ ਹੋ, ਯੋਗਾ ਕਰਦੇ ਹੋ ਅਤੇ ਆਊਟਡੋਰ ਖੇਡ ਵੀ ਨਿਯਮਤ ਰੂਪ ਨਾਲ ਖੇਡਦੇ ਹੋ।
5. ਤੁਹਾਨੂੰ ਦੁਪਹਿਰ ਦਾ ਖਾਣਾ ਖਾਣ ਵਿਚ ਸਮਾਂ ਲਗਦਾ ਹੈ-
(ਕ) ਮੁਸ਼ਕਿਲ ਨਾਲ 5-6 ਮਿੰਟ। (ਖ) 7-8 ਮਿੰਟ। (ਗ) ਪੂਰਾ ਅੱਧਾ ਘੰਟਾ, ਕਿਉਂਕਿ ਹੌਲੀ-ਹੌਲੀ ਅਤੇ ਖੂਬ ਚਬਾ ਕੇ ਖਾਂਦੇ ਹੋ।
ਨਤੀਜਾ : ਜੇ ਤੁਸੀਂ ਇਮਾਨਦਾਰੀ ਨਾਲ ਉਨ੍ਹਾਂ ਬਦਲਾਂ 'ਤੇ ਟਿੱਕ ਲਗਾਏ ਹਨ, ਜੋ ਅਸਲ ਵਿਚ ਤੁਹਾਡੇ 'ਤੇ ਲਾਗੂ ਹੁੰਦੇ ਹਨ ਤਾਂ ਮੋਟਾਪੇ ਨੂੰ ਲੈ ਕੇ ਤੁਹਾਡੀ ਸੁਚੇਤਤਾ ਕੁਝ ਇਸ ਤਰ੍ਹਾਂ ਹੈ-
(ਕ) ਜੇ ਤੁਸੀਂ ਕੁੱਲ 10 ਅੰਕਾਂ ਤੋਂ ਘੱਟ ਹਾਸਲ ਕੀਤੇ ਹਨ ਤਾਂ ਮੰਨਣਾ ਪਵੇਗਾ ਕਿ ਪਤਲੀ ਹੋਣਾ ਭਾਵੇਂ ਤੁਹਾਡੀ ਇੱਛਾ ਹੋਵੇ ਪਰ ਉਸ ਵਾਸਤੇ ਤੁਸੀਂ ਕਰਦੇ ਕੁਝ ਨਹੀਂ ਹੋ। ਸਿਵਾਏ ਇਹ ਚਿੰਤਾ ਕਰਨ ਦੇ ਕਿ ਤੁਸੀਂ ਮੋਟੇ ਹੁੰਦੇ ਜਾ ਰਹੇ ਹੋ।
(ਖ) ਜੇ ਤੁਹਾਡੇ ਹਾਸਲ ਅੰਕ 15 ਤੋਂ ਘੱਟ ਹਨ ਤਾਂ ਤੁਸੀਂ ਮੋਟਾਪੇ ਨੂੰ ਲੈ ਕੇ ਸੁਚੇਤ ਤਾਂ ਹੋ, ਪਰ ਲਾਪ੍ਰਵਾਹ ਹੋ। ਲਗਾਤਾਰ ਅਨੁਸ਼ਾਸਤ ਨਹੀਂ ਰਹਿੰਦੇ, ਇਸ ਲਈ ਸੁਚੇਤਤਾ ਦਾ ਭਰਪੂਰ ਫਾਇਦਾ ਨਹੀਂ ਮਿਲਦਾ।
(ਗ) ਜੇ ਤੁਹਾਡੇ ਹਾਸਲ ਅੰਕ 20 ਜਾਂ ਇਸ ਤੋਂ ਜ਼ਿਆਦਾ ਹਨ ਤਾਂ ਤੁਸੀਂ ਆਪਣੇ ਫਿਗਰ ਨੂੰ ਲੈ ਕੇ ਨਾ ਸਿਰਫ ਪੂਰੀ ਤਰ੍ਹਾਂ ਸੁਚੇਤ ਹੋ, ਬਲਕਿ ਇਸ ਦੇ ਲਈ ਪੂਰੀ ਤਰ੍ਹਾਂ ਅਨੁਸ਼ਾਸਤ ਵੀ ਹੋ। ਇਸ ਲਈ ਮੋਟਾਪਾ ਤੁਹਾਡੇ ਨੇੜੇ-ਤੇੜੇ ਵੀ ਨਹੀਂ ਫਟਕੇਗਾ।


-ਪਿੰਕੀ ਅਰੋੜਾ

ਚਾਕਲੇਟ ਕਾਜੂ ਕਟਲੀ

ਸਮੱਗਰੀ : ਸਵਾ ਦੋ ਕੱਪ ਕਾਜੂ, ਇਕ ਕੱਪ ਚੀਨੀ, 100 ਮਿਲੀ: ਪਾਣੀ, ਇਕ ਕੱਪ ਮਿਲਕ ਚਾਕਲੇਟ ਜਾਂ ਗੂੜ੍ਹਾ ਚਾਕਲੇਟ।
ਕਿਵੇਂ ਬਣਾਈਏ ਚਾਕਲੇਟ ਕਾਜੂ ਕਟਲੀ
1. ਚਾਕਲੇਟ ਕਾਜੂ ਕਟਲੀ ਬਣਾਉਣ ਲਈ ਸਭ ਤੋਂ ਪਹਿਲਾਂ ਕਾਜੂ ਨੂੰ ਮਿਕਸੀ ਵਿਚ ਪੀਸ ਕੇ ਬਰੀਕ ਪਾਊਡਰ ਬਣਾ ਲਓ।
2. ਇਕ ਮੋਟੇ ਤਲੇ ਵਾਲਾ ਪੈਨ ਲਓ। ਉਸ ਵਿਚ ਚੀਨੀ ਅਤੇ ਪਾਣੀ ਪਾ ਕੇ ਘੱਟ ਸੇਕ ਉੱਪਰ ਰੱਖ ਕੇ ਉਬਾਲੋ। ਚੀਨੀ ਘੁਲਣ ਪਿੱਛੋਂ ਹਲਕੀ ਅੱਗ 'ਤੇ ਮਿਕਸਚਰ ਨੂੰ ਕੁਝ ਮਿੰਟਾਂ ਲਈ ਉਬਲਣ ਦਿਓ ਅਤੇ ਗਾੜ੍ਹਾ ਹੋਣ ਦਿਓ।
3. ਇਸ ਦੀ ਇਕ ਤਾਰ ਦੀ ਚਾਸ਼ਣੀ ਬਣਾ ਲਓ। ਅਜਿਹਾ ਕਰਨ ਲਈ ਇਕ ਪਲੇਟ ਵਿਚ ਕੁਝ ਤੁਪਕੇ ਪਾ ਕੇ ਉਂਗਲ ਅਤੇ ਅੰਗੂਠੇ ਦੀ ਮਦਦ ਨਾਲ ਇਕ ਤਾਰ ਬਣਾ ਕੇ ਦੇਖ ਸਕਦੇ ਹੋ।
4. ਜੇਕਰ ਇਹ ਮਿਕਸਚਰ ਇਕ ਤਾਰ ਦੀ ਬਣ ਗਈ ਹੈ ਤਾਂ ਇਸ ਵਿਚ ਪੀਸਿਆ ਕਾਜੂ ਪਾਊਡਰ ਪਾਓ ਅਤੇ 4-5 ਮਿੰਟ ਹਿਲਾਓ। ਇਹ ਇਕ ਮੋਟੀ ਪੇਸਟ ਬਣ ਜਾਵੇਗੀ।
5. ਅੱਗ ਤੋਂ ਉਤਾਰ ਕੇ ਇਸ ਨੂੰ ਰੂਮ ਤਾਪਮਾਨ 'ਤੇ ਠੰਢਾ ਹੋਣ ਦਿਓ। ਠੰਢਾ ਹੋਣ 'ਤੇ ਆਪਣੇ ਹੱਥਾਂ ਨੂੰ ਘਿਓ ਲਗਾ ਕੇ ਇਸ ਨੂੰ ਗੁੰਨ੍ਹਣਾ ਸ਼ੁਰੂ ਕਰੋ, ਜਦੋਂ ਤੱਕ ਇਕਸਾਰ ਨਾ ਹੋ ਜਾਵੇ।
6. ਫਿਰ ਇਕ ਪਲੇਨ ਫੱਟੀ ਉੱਪਰ ਬਟਰ ਪੇਪਰ ਦੀ ਇਕ ਸ਼ੀਟ ਵਿਛਾਓ। ਇਸ ਉੱਪਰ ਆਟੇ ਨੂੰ ਰੱਖੋ ਅਤੇ ਆਟੇ ਨੂੰ ਰੋਲਿੰਗ ਪਿੰਨ ਨਾਲ 5-6 ਮਿਲੀਮੀਟਰ ਦੀ ਮੋਟਾਈ ਵਿਚ ਰੋਲ ਕਰੋ।
7. ਇਕ ਪੈਨ ਨੂੰ ਪਾਣੀ ਪਾ ਕੇ ਅੱਗ 'ਤੇ ਰੱਖੋ। ਇਸ ਉੱਪਰ ਇਕ ਹੀਟ ਪਰੂਫ ਬਾਊਲ ਰੱਖੋ ਅਤੇ ਚਾਕਲੇਟ ਨੂੰ ਪਿਘਲਾਓ। ਇਹ ਯਕੀਨੀ ਬਣਾਓ ਕਿ ਉਬਲਦਾ ਪਾਣੀ ਹੀਟ ਪਰੂਫ ਬਾਊਲ ਨੂੰ ਛੂਹੇ ਨਾ।
8. ਜਦੋਂ ਚਾਕਲੇਟ ਠੀਕ ਤਰ੍ਹਾਂ ਪਿਘਲ ਜਾਵੇ ਤਾਂ ਇਸ ਨੂੰ ਰੋਲਡ ਕਾਜੂ ਕਟਲੀ ਦੇ ਪੇੜੇ ਉੱਪਰ ਪਾ ਦਿਓ, ਇਸ ਲਈ ਸਪੈਟੁਲਾ ਦੀ ਮਦਦ ਲਓ।
9. ਇਸ ਨੂੰ 15-20 ਮਿੰਟ ਫਰਿੱਜ ਵਿਚ ਰੱਖ ਕੇ ਠੰਢਾ ਕਰੋ।
10. ਜਦੋਂ ਚਾਕਲੇਟ ਸੈੱਟ ਹੋ ਜਾਵੇ ਤਾਂ ਤੁਸੀਂ ਕਾਜੂ ਕਟਲੀ ਨੂੰ ਆਪਣੀ ਮਨਪਸੰਦ ਸ਼ਕਲ ਵਿਚ ਕੱਟ ਸਕਦੇ ਹੋ। ਇਸ ਨੂੰ ਇਕ ਵਪਾਰਕ ਹੀਰੇ ਦਾ ਆਕਾਰ ਵੀ ਦੇ ਸਕਦੇ ਹੋ।

ਲਾਕਰ ਵਿਚ ਰੱਖੋ ਆਪਣੇ ਕੀਮਤੀ ਗਹਿਣੇ

ਬੈਂਕਾਂ ਵਿਚ ਸਥਾਪਤ ਲਾਕਰ ਅਨੇਕ ਤਰ੍ਹਾਂ ਦੇ ਹੁੰਦੇ ਹਨ। ਗਾਹਕ ਆਪਣੀ ਲੋੜ ਅਤੇ ਇਨ੍ਹਾਂ ਵਿਚ ਰੱਖੇ ਜਾਣ ਵਾਲੇ ਸਾਮਾਨ ਨੂੰ ਧਿਆਨ ਵਿਚ ਰੱਖ ਕੇ ਆਪਣੀ ਲੋੜ ਅਨੁਸਾਰ ਲਾਕਰ ਲੈ ਸਕਦਾ ਹੈ। ਇਨ੍ਹਾਂ ਦਾ ਕਿਰਾਇਆ ਵੀ ਵੱਖ-ਵੱਖ ਹੁੰਦਾ ਹੈ। ਮਹਾਂਨਗਰਾਂ, ਸ਼ਹਿਰੀ ਖੇਤਰਾਂ, ਅਰਧ-ਸ਼ਹਿਰੀ ਜਾਂ ਪੇਂਡੂ ਖੇਤਰਾਂ ਵਿਚ ਕਿਰਾਏ ਦਾ ਫਰਕ ਹੁੰਦਾ ਹੈ। ਲਾਕਰ ਦਾ ਕਿਰਾਇਆ ਪਹਿਲਾਂ ਹੀ ਦੇਣਾ ਪੈਂਦਾ ਹੈ। ਜੇ ਤੁਹਾਡਾ ਖਾਤਾ ਉਸੇ ਸ਼ਾਖਾ ਵਿਚ ਹੈ ਤਾਂ ਤੁਸੀਂ ਬੈਂਕ ਨੂੰ ਅਨੁਸ਼ੇਦ ਦੇ ਸਕਦੇ ਹੋ। ਇਸ ਅਨੁਸ਼ੇਦ ਨਾਲ ਬੈਂਕ ਹਰ ਸਾਲ ਤੁਹਾਡੇ ਖਾਤੇ ਵਿਚੋਂ ਕਿਰਾਏ ਦੇ ਪੈਸੇ ਲੈ ਲਵੇਗਾ ਅਤੇ ਤੁਸੀਂ ਕਿਰਾਇਆ ਜਮ੍ਹਾਂ ਕਰਾਉਣ ਦੇ ਝੰਜਟ ਤੋਂ ਬਚ ਜਾਓਗੇ। ਨਿਰਧਾਰਤ ਮਿਤੀ ਤੱਕ ਕਿਰਾਇਆ ਜਮ੍ਹਾਂ ਨਾ ਕਰਾਉਣ 'ਤੇ ਬੈਂਕ ਤੁਹਾਨੂੰ ਲਾਕਰ ਦੀ ਵਰਤੋਂ ਤੋਂ ਰੋਕ ਸਕਦਾ ਹੈ। ਤੁਹਾਡੇ ਹੀ ਖਰਚੇ 'ਤੇ ਲਾਕਰ ਨੂੰ ਤੁੜਵਾ ਕੇ ਉਸ ਵਿਚ ਰੱਖੀਆਂ ਹੋਈਆਂ ਚੀਜ਼ਾਂ ਨੂੰ ਨੀਲਾਮ ਤੱਕ ਕਰਨ ਦਾ ਅਧਿਕਾਰ ਬੈਂਕ ਕੋਲ ਸੁਰੱਖਿਅਤ ਰਹਿੰਦਾ ਹੈ।
ਹਰੇਕ ਲਾਕਰ ਦੀਆਂ ਦੋ ਚਾਬੀਆਂ ਹੁੰਦੀਆਂ ਹਨ। ਦੋਵੇਂ ਚਾਬੀਆਂ ਦੀ ਇਕੱਠਿਆਂ ਵਰਤੋਂ ਕਰਨ ਨਾਲ ਹੀ ਲਾਕਰ ਖੁੱਲ੍ਹ ਸਕਦਾ ਹੈ। ਇਕ ਚਾਬੀ ਜਿਸ ਨੂੰ 'ਮਾਸਟਰ ਕੀ' ਕਿਹਾ ਜਾਂਦਾ ਹੈ, ਉਹ ਬੈਂਕ ਦੇ ਕੋਲ ਰਹਿੰਦੀ ਹੈ ਅਤੇ ਦੂਜੀ ਚਾਬੀ ਗਾਹਕ ਦੇ ਕੋਲ ਰਹਿੰਦੀ ਹੈ। ਜਦੋਂ ਗਾਹਕ ਲਾਕਰ ਖੋਲ੍ਹਣਾ ਚਾਹੁੰਦਾ ਹੈ ਤਾਂ ਸ਼ੁਰੂਆਤੀ ਕਾਰਵਾਈ ਕਰਾਉਣ ਤੋਂ ਬਾਅਦ ਬੈਂਕ ਦੇ ਨਿਰਧਾਰਤ ਅਧਿਕਾਰੀ ਦੁਆਰਾ ਲਾਕਰ ਵਿਚ ਮਾਸਟਰ ਚਾਬੀ ਲਗਾਈ ਜਾਂਦੀ ਹੈ। ਉਸ ਤੋਂ ਬਾਅਦ ਗਾਹਕ ਆਪਣੀ ਚਾਬੀ ਲਗਾ ਕੇ ਖੋਲ੍ਹ ਸਕਦਾ ਹੈ। ਪਰ ਲਾਕਰ ਨੂੰ ਆਪਣੀ ਇਕੱਲੀ ਚਾਬੀ ਨਾਲ ਹੀ ਬੰਦ ਕੀਤਾ ਜਾ ਸਕਦਾ ਹੈ। ਜੇ ਤੁਸੀਂ ਵੀ ਸੁਰੱਖਿਅਤ ਲਾਕਰ ਦੀ ਵਰਤੋਂ ਕਰ ਰਹੇ ਹੋ ਤਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ-
* ਆਪਣੇ ਲਾਕਰ ਦੇ ਉੱਪਰ ਕੋਈ ਨਿਸ਼ਾਨ ਜਾਂ ਸੰਕੇਤਾਕਸ਼ਰ ਨਾ ਲਗਾਓ। ਇਸ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕਰੋ।
* ਜਿਥੋਂ ਤੱਕ ਸੰਭਵ ਹੋਵੇ, ਆਪਣੇ ਘਰ ਦੀ ਨੇੜਲੀ ਸ਼ਾਖਾ ਵਿਚ ਹੀ ਲਾਕਰ ਪ੍ਰਾਪਤ ਕਰੋ ਅਤੇ ਉਸ ਸ਼ਾਖਾ ਦੇ ਕੰਮ ਦਾ ਸਮਾਂ ਨੋਟ ਕਰ ਲਓ ਤਾਂ ਕਿ ਤੁਹਾਨੂੰ ਕਦੇ ਕੰਮ ਹੋਏ ਬਿਨਾਂ ਨਾ ਮੁੜਨਾ ਪਵੇ।
* ਲਾਕਰ ਦੀ ਚਾਬੀ ਨੂੰ ਹਮੇਸ਼ਾ ਸੁਰੱਖਿਅਤ ਰੱਖੋ ਅਤੇ ਲਾਕਰ ਦੀ ਸੰਖਿਆ, ਕੋਡ ਅਤੇ ਚਾਬੀ ਦੀ ਸੰਖਿਆ ਕਿਸੇ ਨੂੰ ਵੀ ਨਾ ਦੱਸੋ ਅਤੇ ਆਪਣੇ ਤੋਂ ਇਲਾਵਾ ਕਿਸੇ ਦੂਜੇ ਨੂੰ ਲਾਕਰ ਖੋਲ੍ਹਣ ਦਾ ਅਧਿਕਾਰ ਭੁੱਲ ਕੇ ਵੀ ਨਾ ਦਿਓ।
* ਲਾਕਰ ਵਿਚ ਗਹਿਣੇ ਆਦਿ ਰੱਖਦੇ ਜਾਂ ਕੱਢਦੇ ਸਮੇਂ ਸੁਚੇਤ ਰਹੋ, ਨਾਲ ਹੀ ਲਾਕਰ ਵਿਚੋਂ ਸਾਮਾਨ ਕੱਢਣ ਜਾਂ ਰੱਖਣ ਵਿਚ ਜ਼ਿਆਦਾ ਦੇਰ ਨਾ ਲਗਾਓ। ਘਰੋਂ ਹੀ ਸਾਰੀ ਯੋਜਨਾ ਬਣਾ ਕੇ ਤੁਰੋ।
* ਬੈਂਕ ਦੇ ਅਧਿਕਾਰਤ ਸਟਾਫ ਤੋਂ ਲਾਕਰ ਖੁਲ੍ਹਵਾਉਣ ਤੋਂ ਬਾਅਦ ਕੁਝ ਦੇਰ ਉਡੀਕ ਕਰੋ। ਜਦੋਂ ਉਹ ਬਾਹਰ ਚਲਾ ਜਾਵੇ, ਉਦੋਂ ਹੀ ਆਪਣਾ ਲਾਕਰ ਖੋਲ੍ਹੋ। ਲਾਕਰ ਖੋਲ੍ਹਦੇ ਸਮੇਂ ਆਪਣੇ ਨਾਲ ਕਿਸੇ ਹੋਰ ਵਿਅਕਤੀ ਨੂੰ ਲੈ ਕੇ ਨਾ ਜਾਓ।
* ਲਾਕਰ ਛੱਡਣ ਤੋਂ ਪਹਿਲਾਂ ਇਹ ਯਕੀਨੀ ਬਣਾ ਲਓ ਕਿ ਤੁਹਾਡਾ ਕੋਈ ਸਾਮਾਨ ਬਾਹਰ ਤਾਂ ਨਹੀਂ ਰਹਿ ਗਿਆ, ਜਾਂ ਫਿਰ ਤਾਲਾ ਠੀਕ ਤਰ੍ਹਾਂ ਲੱਗ ਗਿਆ ਹੈ ਜਾਂ ਨਹੀਂ। ਲਾਕਰ ਛੱਡਣ ਦੀ ਰਿਪੋਰਟ ਬੈਂਕ ਦੇ ਸਬੰਧਤ ਅਧਿਕਾਰੀ ਨੂੰ ਦੇਣ ਤੋਂ ਬਾਅਦ ਹੀ ਘਰ ਜਾਓ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX