ਤਾਜਾ ਖ਼ਬਰਾਂ


ਖੇਮਕਰਨ : ਪਿੰਡ ਘਰਿਆਲਾ 'ਚ ਕੁਲ ਵੋਟਾਂ 7044 'ਚੋਂ ਕੇਵਲ 3630 ਵੋਟਾਂ ਪੋਲ ਹੋਈਆਂ
. . .  1 day ago
ਲੁਧਿਆਣਾ 'ਚ ਹੋਈ 62.15 ਫ਼ੀਸਦੀ ਵੋਟਿੰਗ
. . .  1 day ago
ਬੱਚੀਵਿੰਡ-ਪਿੰਡ ਸਾਰੰਗੜਾ ਵਿਖੇ ਦੇਰ ਸ਼ਾਮ ਹੋਈ ਹਿੰਸਾ ਵਿਚ ਅਕਾਲੀ ਸਮਰਥਕ ਜ਼ਖਮੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਰਾਣੀਵਾਲਾ ਵਿਖੇ ਵੋਟਿੰਗ ਪਾਰਟੀ ਦੀ ਬੱਸ ਨੂੰ ਘੇਰਿਆ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਦੇਰ ਸ਼ਾਮ ਜਦੋਂ ਵੋਟਿੰਗ ਸਮਾਪਤ ਹੋਈ ਤਾਂ ਵੋਟਿੰਗ ਅਮਲਾ ਆਪਣੇ ਘਰਾਂ ਨੂੰ ਰਵਾਨਾ ਹੋ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਗੱਡੀ ਨੂੰ ਘੇਰੀ ਰੱਖਿਆ ਅਤੇ ਐੱਸ.ਐੱਚ.ਓ...
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਵਿਚ 65.65 ਫ਼ੀਸਦੀ ਵੋਟਾਂ ਪਈਆਂ-ਡਾ. ਪ੍ਰਸ਼ਾਂਤ ਕੁਮਾਰ ਗੋਇਲ
. . .  1 day ago
ਫ਼ਤਿਹਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ਅੱਜ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀਪੂਰਵਕ ਸੰਪੰਨ ਹੋਇਆ ਅਤੇ ਹਲਕੇ ਵਿਚ 65.65 ਫ਼ੀਸਦੀ ਵੋਟਾਂ ਪਈਆਂ। ਸਮੁੱਚੇ ਹਲਕੇ ਵਿਚ ...
ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਵੋਟਾਂ ਦੌਰਾਨ ਹੋਇਆ 64.17 ਫ਼ੀਸਦੀ ਮਤਦਾਨ
. . .  1 day ago
ਤਰਨ ਤਾਰਨ, 19 ਮਈ (ਹਰਿੰਦਰ ਸਿੰਘ, ਲਾਲੀ ਕੈਰੋਂ, ਪਰਮਜੀਤ ਜੋਸ਼ੀ)-ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਪਾਈਆਂ ਗਈਆਂ ਵੋਟਾਂ ਦੌਰਾਨ ਲਗਭਗ 64.17 ਫ਼ੀਸਦੀ ਮਤਦਾਨ ਹੋਇਆ। ਜ਼ਿਲ੍ਹੇ ਵਿਚ ਛੋਟੀਆਂ ਮੋਟੀਆਂ ...
ਸਰਲੀ ਕਤਲ ਕਾਂਡ ਨਾਲ ਵੋਟਾਂ ਦਾ ਕੋਈ ਸੰਬੰਧ ਨਹੀਂ - ਐੱਸ ਐੱਸ ਪੀ ਤਰਨ ਤਾਰਨ
. . .  1 day ago
ਖਡੂਰ ਸਾਹਿਬ ,19 ਮਈ (ਮਾਨ ਸਿੰਘ)- ਐੱਸ. ਐੱਸ. ਪੀ. ਤਰਨ ਤਾਰਨ ਕੁਲਦੀਪ ਸਿੰਘ ਚਾਹਲ ਵੱਲੋਂ ਖ਼ੁਲਾਸਾ ਕੀਤਾ ਗਿਆ ਹੈ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਲੀ ਕਲਾਂ ਵਿਚ ਹੋਏ ...
ਫ਼ਰੀਦਕੋਟ 'ਚ ਸ਼ਾਂਤੀ ਪੂਰਵਕ 62.67 ਫ਼ੀਸਦੀ ਪੋਲਿੰਗ ਹੋਈ
. . .  1 day ago
ਫ਼ਰੀਦਕੋਟ, 19 ਮਈ - (ਜਸਵੰਤ ਪੁਰਬਾ, ਸਰਬਜੀਤ ਸਿੰਘ) - ਫ਼ਰੀਦਕੋਟ ਰਾਖਵੇਂ ਲੋਕ ਸਭਾ ਹਲਕੇ ਲਈ ਅੱਜ ਸ਼ਾਂਤੀ ਪੂਰਵਕ ਵੋਟਾਂ ਪਈਆਂ। ਚੋਣ ਕਮਿਸ਼ਨ ਵੱਲੋਂ ਜਾਰੀ ਸੂਚਨਾ ਮੁਤਾਬਿਕ ਫ਼ਰੀਦਕੋਟ ਲੋਕ ਸਭਾ ਹਲਕੇ ਵਿਚ...
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਅਮਲੋਹ ਚ 72% ਵੋਟ ਪੋਲਿੰਗ ਹੋਈ
. . .  1 day ago
ਬੱਚੀਵਿੰਡ : ਛੋਟਿਆਂ ਪਿੰਡਾਂ ਦੇ ਮੁਕਾਬਲੇ ਵੱਡਿਆਂ ਪਿੰਡਾਂ ਵਿੱਚ ਪੋਲਿੰਗ ਰੇਟ ਘੱਟ
. . .  1 day ago
ਹੋਰ ਖ਼ਬਰਾਂ..

ਬਾਲ ਸੰਸਾਰ

ਆਓ ਜਾਣੀਏ ਸੂਰਜੀ ਪਰਿਵਾਰ ਦੇ ਸਭ ਤੋਂ ਵੱਡੇ ਗ੍ਰਹਿ 'ਬ੍ਰਹਸਪਤੀ' ਬਾਰੇ

ਪਿਆਰੇ ਬੱਚਿਓ, ਸੂਰਜ ਕੋਲ ਸਾਡੀ ਪਿ੍ਥਵੀ ਜਿਹੀਆਂ 8 ਹੋਰ ਧਰਤੀਆਂ ਹਨ | ਇਨ੍ਹਾਂ ਨੂੰ ਗ੍ਰਹਿ ਕਿਹਾ ਜਾਂਦਾ ਹੈ | ਇਹ 9 ਧਰਤੀਆਂ ਹਮੇਸ਼ਾ ਸੂਰਜ ਦੁਆਲੇ ਪਰਿਕਰਮਾ ਕਰਦੀਆਂ ਰਹਿੰਦੀਆਂ ਹਨ | ਇਨ੍ਹਾਂ ਧਰਤੀਆਂ ਵਿਚ ਸਭ ਤੋਂ ਵੱਡੀ ਧਰਤੀ ਅਰਥਾਤ ਗ੍ਰਹਿ ਦਾ ਨਾਂਅ ਹੈ 'ਬ੍ਰਹਸਪਤੀ' | ਇਸ ਦਾ ਵਿਆਸ ਧਰਤੀ ਤੋਂ 11 ਗੁਣਾ ਵੱਡਾ ਹੈ | ਹਰ ਰੋਜ਼ 50 ਕਿਲੋਮੀਟਰ ਚੱਲਣ ਵਾਲਾ ਮਨੱੁਖ ਪਿ੍ਥਵੀ ਦੁਆਲੇ ਇਕ ਗੇੜਾ 800 ਦਿਨਾਂ ਵਿਚ ਪੂਰਾ ਕਰ ਸਕਦਾ ਹੈ ਪਰ ਬ੍ਰਹਸਪਤੀ ਦੁਆਲੇ ਚੱਕਰ ਲਗਾਉਣ ਲਈ ਉਸ ਨੂੰ 24 ਸਾਲ ਲੱਗਣਗੇ | ਇਥੇ 12 ਚੰਨ ਚੜ੍ਹਦੇ ਤੇ ਡੱੁਬਦੇ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਚੰਨ ਸਾਡੀ ਧਰਤੀ ਦੇ ਚੰਨ ਨਾਲੋਂ ਵੀ ਵੱਡੇ ਹਨ | ਇਸ ਗ੍ਰਹਿ ਦੀ ਆਕਰਸ਼ਣ ਸ਼ਕਤੀ ਵੀ ਕਾਫੀ ਵੱਧ ਹੈ | ਜਿਹੜੀ ਜਿਊਾਦੀ ਵਸਤੂ ਪਿ੍ਥਵੀ 'ਤੇ 30 ਕਿਲੋਗ੍ਰਾਮ ਭਾਰੀ ਹੋਵੇ, ਉਹ ਬ੍ਰਹਸਪਤੀ 'ਤੇ 70 ਕਿਲੋਗ੍ਰਾਮ ਹੋ ਜਾਂਦੀ ਹੈ | ਇਹ ਗ੍ਰਹਿ ਸੂਰਜ ਤੋਂ ਕਾਫੀ ਦੂਰ ਹੈ | ਇਥੇ ਸੂਰਜ ਦੀ ਗਰਮੀ ਦਾ ਬਹੁਤ ਥੋੜ੍ਹਾ ਭਾਗ ਹੀ ਪੱੁਜ ਸਕਦਾ ਹੈ | ਇਸ ਲਈ ਇਥੇ ਅੰਤਾਂ ਦੀ ਠੰਢ ਹੈ | ਇਥੇ ਦਾ ਪਾਰਾ 1400 ਸੈਂਟੀਗ੍ਰੇਡ ਤੋਂ ਵੀ ਹੇਠਾਂ ਚਲਿਆ ਜਾਂਦਾ ਹੈ | ਬ੍ਰਹਸਪਤੀ ਗ੍ਰਹਿ ਦੀ ਸੂਰਜ ਦੁਆਲੇ ਪਰਿਕਰਮਾ 12 ਸਾਲਾਂ ਵਿਚ ਪੂਰੀ ਹੁੰਦੀ ਹੈ | ਉਥੋਂ ਦਾ ਇਕ ਵਰ੍ਹਾ ਸਾਡੇ 4380 ਦਿਨਾਂ ਦੇ ਬਰਾਬਰ ਹੈ | ਇਥੋਂ ਦੇ ਦਿਨ ਤੇ ਰਾਤ 9 ਘੰਟੇ 54 ਮਿੰਟ ਦੇ ਹਨ | ਇਥੇ ਗ੍ਰਹਿਣ ਬਹੁਤ ਲਗਦੇ ਹਨ | ਇਸੇ ਲਈ ਬ੍ਰਹਸਪਤੀ ਨੂੰ ਗ੍ਰਹਿਣਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ | ਬੱਚਿਓ, ਸੂਰਜੀ ਪਰਿਵਾਰ ਤੇ ਸਭ ਤੋਂ ਵੱਡੇ ਗ੍ਰਹਿ ਸਬੰਧੀ ਜਾਣਕਾਰੀ ਸਾਡੇ ਗਿਆਨ ਭੰਡਾਰ ਦਾ ਹਿੱਸਾ ਬਣਨੀ ਚਾਹੀਦੀ ਹੈ |

-ਕੇ. ਐਸ. ਅਮਰ,
-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਫ਼ੇਲ੍ਹ-ਪਾਸ ਵਾਲੀ ਭੂੰਡੀ

ਜਸ਼ਨ ਅਤੇ ਜੋਤ ਦੋਵੇਂ ਹੁਣੇ-ਹੁਣੇ ਆਪਣੀ ਸਾਲਾਨਾ ਪ੍ਰੀਖਿਆ ਦੇ ਕੇ ਵਿਹਲੇ ਹੋਏ ਸਨ | ਪਿਛਲੇ ਕਈ ਦਿਨਾਂ ਤੋਂ ਆਪਣੇ ਉੱਪਰ ਪਏ ਪੜ੍ਹਾਈ ਦੇ ਬੋਝ ਤੋਂ ਖੁਦ ਨੂੰ ਹਲਕਾ ਮਹਿਸੂਸ ਕਰਦਿਆਂ ਉਹ ਦੋਵੇਂ ਅੱਜ ਜਸ਼ਨ ਹੁਰਾਂ ਦੇ ਖੇਤਾਂ ਵੱਲ ਗੇੜਾ ਮਾਰਨ ਆਏ ਤਾਂ ਖੇਤਾਂ ਦਾ ਮੁਹਾਂਦਰਾ ਉਨ੍ਹਾਂ ਨੂੰ ਕਾਫ਼ੀ ਬਦਲਿਆ ਨਜ਼ਰ ਆਇਆ | ਹਰੀ-ਕਚੂਰ ਕਣਕ ਸੁਨਹਿਰੀ ਹੋ ਗਈ ਸੀ ਤੇ ਸੜਕ ਕਿਨਾਰੇ ਖੜ੍ਹੇ ਅੰਬਾਂ ਦੇ ਬੂਟੇ ਬੂਰ ਨਾਲ ਭਰੇ ਪਏ ਸਨ | ਗੱਲਾਂ ਕਰਦੇ-ਕਰਦੇ ਉਹ ਬਰਸੀਮ ਵਾਲੇ ਖੇਤ ਜਾ ਪੁੱਜੇ, ਜਿੱਥੇ ਜਸ਼ਨ ਦੇ ਪਿਤਾ ਜੀ ਪਸ਼ੂਆਂ ਲਈ ਚਾਰਾ ਵੱਢ ਰਹੇ ਸਨ | ਜਸ਼ਨ ਅਤੇ ਉਸ ਦੇ ਦੋਸਤ ਨੂੰ ਉੱਥੇ ਦੇਖ ਉਹ ਬੜਾ ਖੁਸ਼ ਹੋਏ ਤੇ ਹੱਸਦਿਆਂ ਕਹਿਣ ਲੱਗੇ, 'ਆ ਜਾਓ ਬਈ ਬੱਲਿਓ, ਸ਼ਾਬਾਸ਼! ਮੈਂ ਜ਼ਰਾ ਪਾਣੀ ਦਾ ਨੱਕਾ ਛੱਡ ਆਵਾਂ, ਜਦ ਤੱਕ ਤੁਸੀਂ ਆਹ ਪੱਠੇ ਪੱਲੀ 'ਚ ਪਾ ਦਿਓ, ਠੀਕ ਐ?'
'ਅੱਛਾ ਜੀ!' ਦੋਹਾਂ ਹਾਂ 'ਚ ਸਿਰ ਹਿਲਾਉਂਦਿਆਂ ਕਿਹਾ ਤੇ ਪੱਲੀ ਵਿਛਾ ਉਸ ਵਿਚ ਵੱਢੇ ਹੋਏ ਚਾਰੇ ਨੂੰ ਪਾਉਣ ਲੱਗੇ | ਜਸ਼ਨ ਦੇ ਦਿਮਾਗ 'ਚ ਪੇਪਰਾਂ ਦਾ ਜੋੜ-ਤੋੜ ਹਾਲੇ ਵੀ ਕਿੱਧਰੇ ਘੁੰਮ ਰਿਹਾ ਸੀ | ਅਚਾਨਕ ਇਕ ਛੋਟੀ ਜਿਹੀ, ਕਾਲੇ ਧੱਬਿਆਂ ਵਾਲੀ ਲਾਲ ਭੂੰਡੀ ਬਰਸੀਮ 'ਚ ਘੁੰਮਦੀ ਵੇਖ ਉਹ ਤਪਾਕ ਨਾਲ ਬੋਲਿਆ, 'ਜੋਤ! ਆਹ ਦੇਖ ਓਏ ਫ਼ੇਲ੍ਹ-ਪਾਸ ਵਾਲੀ ਭੂੰਡੀ |'
'ਫ਼ੇਲ੍ਹ-ਪਾਸ ਵਾਲੀ ਭੂੰਡੀ! ਓਹ ਕੀ ਹੁੰਦੀ?' ਜੋਤ ਨੇ ਹੈਰਾਨੀ ਨਾਲ ਪੁੱਛਿਆ ਤਾਂ ਜਸ਼ਨ ਨੇ ਪੋਲੇ ਜਿਹੇ ਉਸ ਭੂੰਡੀ ਨੂੰ ਚੁੱਕ ਆਪਣੇ ਖੱਬੇ ਹੱਥ 'ਤੇ ਬਿਠਾ ਲਿਆ ਤੇ ਨਾਲ ਹੀ ਇਹ ਮੁਹਾਰਨੀ ਬੋਲਣ ਲੱਗਾ, 'ਫ਼ੇਲ੍ਹ, ਪਾਸ... ਫ਼ੇਲ੍ਹ, ਪਾਸ...!'
ਜੋਤ ਇਹ ਸਭ ਬੜੀ ਉਤਸੁਕਤਾ ਨਾਲ ਵੇਖ ਰਿਹਾ ਸੀ | ਜਸ਼ਨ ਨੇ ਆਪਣੀ ਮੁਹਾਰਨੀ ਵਿਚਾਲੇ ਰੋਕ ਜੋਤ ਨੂੰ ਦੱਸਿਆ ਕਿ ਮੈਂ ਸੁਣਿਆ ਕਿ ਸਾਡੇ ਇੰਜ ਬੋਲਦਿਆਂ ਇਹ ਭੂੰਡੀ ਜਿਹੜਾ ਸ਼ਬਦ ਬੋਲਦਿਆਂ ਉੱਡ ਪਏ, ਸਾਡਾ ਨਤੀਜਾ ਉਹੋ ਹੀ ਆਉਂਦਾ | ਇਹ ਆਖ ਉਹ ਉਹੀ ਮੁਹਾਰਨੀ ਫ਼ਿਰ ਤੋਂ ਬੋਲਣ ਲੱਗ ਪਿਆ |
ਥੋੜ੍ਹੀ ਦੇਰ ਪਿੱਛੋਂ ਭੂੰਡੀ ਇਧਰ-ਉਧਰ ਤੁਰਦਿਆਂ, ਜਸ਼ਨ ਦੇ 'ਫ਼ੇਲ੍ਹ' ਸ਼ਬਦ ਆਖਦਿਆਂ ਤੁਰੰਤ ਉੱਡ ਗਈ | ਜਸ਼ਨ ਦਾ ਇਕ ਵਾਰ ਤਾਂ ਦਿਲ ਘਬਰਾ ਗਿਆ ਪਰ ਉਸ ਨੇ ਆਪਣੇ-ਆਪ ਨੂੰ ਸੰਭਾਲਦਿਆਂ ਉਸ ਭੂੰਡੀ ਨੂੰ ਦੁਬਾਰਾ ਫ਼ੜ ਲਿਆ ਤੇ ਜੋਤ ਦੇ ਹੱਥ ਉੱਪਰ ਰੱਖ ਉਸ ਨੂੰ ਉਵੇਂ ਹੀ ਕਰਨ ਲਈ ਕਿਹਾ | ਹੁਣ ਜੋਤ ਵੀ ਉਹੀ ਮੁਹਾਰਨੀ ਬੋਲ ਤਾਂ ਰਿਹਾ ਸੀ ਪਰ ਡਰਦਾ-ਡਰਦਾ ਉਹ ਫ਼ੇਲ੍ਹ ਆਖ ਫ਼ਟਾਫ਼ਟ ਪਾਸ ਸ਼ਬਦ 'ਤੇ ਆ ਜਾਂਦਾ | ਕੁਝ ਚਿਰ ਪਿੱਛੋਂ ਉਹ ਭੂੰਡੀ ਜੋਤ ਦੇ ਵੀ ਫ਼ੇਲ੍ਹ ਆਖਦਿਆਂ ਹੀ ਉੱਡ ਗਈ ਤਾਂ ਉਨ੍ਹਾਂ ਦੋਵਾਂ ਦੇ ਚਿਹਰੇ ਪੀਲੇ ਪੈ ਗਏ | ਮੂੰਹ ਲਟਕਾਅ ਜੋਤ ਜਸ਼ਨ ਨੂੰ ਪੁੱਛਣ ਲੱਗਾ, 'ਤਾਂ ਕੀ ਆਪਾਂ ਸੱਚੀਂ ਫ਼ੇਲ੍ਹ ਹੋ ਜਾਵਾਂਗੇ?'
'ਚਲੋ ਆਪਾਂ ਇਕ ਵਾਰ ਦੁਬਾਰਾ ਕਰਕੇ ਵੇਖ ਲੈਂਦੇ ਹਾਂ |' ਥੋੜ੍ਹਾ ਆਸਵੰਦ ਹੁੰਦਿਆਂ ਜਸ਼ਨ ਨੇ ਜਿਉਂ ਹੀ ਉੱਤਰ ਦਿੱਤਾ ਤਾਂ ਉਸ ਦੇ ਪਿਤਾ ਜੀ ਵੀ ਦੁਬਾਰਾ ਉੱਥੇ ਪੁੱਜ ਚੁੱਕੇ ਸਨ | ਸ਼ਾਇਦ ਉਨ੍ਹਾਂ ਦੋਵਾਂ ਦੀਆਂ ਗੱਲਾਂ ਉਨ੍ਹਾਂ ਸੁਣ ਲਈਆਂ ਸਨ | ਆਉਂਦਿਆਂ ਹੀ ਉਨ੍ਹਾਂ ਦੋਵਾਂ ਬੱਚਿਆਂ ਦੀ ਪਿੱਠ ਥਪਥਪਾਈ ਤੇ ਬੜੇ ਪਿਆਰ ਨਾਲ ਕਹਿਣ ਲੱਗੇ, 'ਪਿਆਰੇ ਪੁੱਤਰੋ! ਤੁਸੀਂ ਐਹ ਕਿਹੜੇ ਚੱਕਰ 'ਚ ਪੈ ਗਏ? ਭਲਾ ਇਹ ਭੂੰਡੀਆਂ ਵੀ ਕਿਸੇ ਨੂੰ ਪਾਸ-ਫ਼ੇਲ੍ਹ ਬਾਰੇ ਕਦੇ ਦੱਸ ਸਕਦੀਆਂ? ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਪੇਪਰ ਕਿਵੇਂ ਹੋਏ ਸਨ?'
ਦੋਵਾਂ ਆਪਣੇ-ਆਪਣੇ ਪੇਪਰਾਂ ਦਾ ਹਿਸਾਬ ਲਾਇਆ ਤੇ ਕਿਹਾ, 'ਜੀ ਬਹੁਤ ਵਧੀਆ |'
'ਫ਼ੇਰ ਪੁੱਤਰ, ਤੁਹਾਨੂੰ ਕੌਣ ਫ਼ੇਲ੍ਹ ਕਰ ਸਕਦਾ?' ਐਵੇਂ ਹੀ ਐਹੋ-ਜਿਹੀਆਂ ਮਨਘੜਤ ਗੱਲਾਂ 'ਚ ਨਹੀਂ ਪਈਦਾ, ਇਹ ਤਾਂ ਇਕ ਨਿੱਕਾ ਜਿਹਾ ਇਮਤਿਹਾਨ ਆ, ਜ਼ਿੰਦਗੀ 'ਚ ਹਾਲੇ ਕਈ ਪ੍ਰੀਖਿਆਵਾਂ ਆਉਣੀਆਂ, ਆਪਣੇ-ਆਪ 'ਤੇ ਦਿ੍ੜ੍ਹ ਇਰਾਦਾ ਰੱਖੀਦਾ | ਜੇਕਰ ਸਾਡੀ ਮਿਹਨਤ ਅਤੇ ਲਗਨ ਸੱਚੀ ਹੋਵੇ ਤਾਂ ਅਸੀਂ ਹਰ ਇਮਤਿਹਾਨ 'ਚੋਂ ਪਾਸ ਹੋ ਸਕਦੇ ਹਾਂ |'
ਜਸ਼ਨ ਦੇ ਪਿਤਾ ਜੀ ਦੇ ਇਹ ਹੌਸਲੇ ਭਰੇ ਬੋਲ ਸੁਣ ਦੋਵਾਂ ਦਾ ਮਨ ਫ਼ਿਰ ਤੋਂ ਖਿੜ ਉੱਠਿਆ ਤੇ ਦੋਵੇਂ ਚਾਈਾ-ਚਾਈਾ ਪੱਠਿਆਂ ਦੀ ਪੰਡ ਨੂੰ ਬੰਨ੍ਹਣ ਲੱਗੇ | ਰੰਗ-ਬਿਰੰਗੀਆਂ ਉਹ ਭੂੰਡੀਆਂ ਹਾਲੇ ਵੀ ਇਧਰ-ਉਧਰ ਉੱਡੀ ਜਾ ਰਹੀਆਂ ਸਨ |

-ਬਗੀਚੀ ਮੁਹੱਲਾ, ਮਾਹਿਲਪੁਰ (ਹੁਸ਼ਿਆਰਪੁਰ) | ਮੋਬਾ: 98550-24495

ਅਭਿਆਸ ਦੀ ਸਫ਼ਲਤਾ ਦਾ ਮੂਲਮੰਤਰ

ਪਿਆਰੇ ਬੱਚਿਓ, ਐਲਬਰਟ ਆਈਨਸਟਾਈਨ ਨਾਂਅ ਦੇ ਬਾਲਕ ਨੂੰ ਅਸਮਾਨ ਉੱਪਰ ਬਦਲਦੇ ਦਿ੍ਸ਼ਾਂ ਨਾਲ ਬਹੁਤ ਪਿਆਰ ਸੀ ਅਤੇ ਉਹ ਹਮੇਸ਼ਾ ਇਹ ਸੋਚਦਾ ਕਿ ਆਖਰ ਇਹ ਦੁਨੀਆ ਚਲਦੀ ਕਿਵੇਂ ਹੈ?
ਇਕ ਦਿਨ ਐਲਬਰਟ ਦੇ ਪਿਤਾ ਨੇ ਉਸ ਨੂੰ ਇਕ ਮੈਗਨੇਟਿਕ ਕੰਪਾਸ ਲਿਆ ਕੇ ਦਿੱਤੀ ਤਾਂ ਐਲਬਰਟ ਦਾ ਸਾਰਾ ਧਿਆਨ ਇਸ ਗੱਲ ਉੱਪਰ ਰਿਹਾ ਕਿ 'ਆਖਰ ਕੰਪਾਸ ਦੀ ਸੂਈ ਇਕ ਹੀ ਦਿਸ਼ਾ ਵੱਲ ਕਿਉਂ ਘੁੰਮ ਰਹੀ ਹੈ |' ਜਦੋਂ ਅਜਿਹੇ ਸਵਾਲ ਉਹ ਆਪਣੇ ਦੋਸਤ ਜਾਂ ਅਧਿਆਪਕਾਂ ਨੂੰ ਕਰਦਾ ਤਾਂ ਉਹ ਸਾਰੇ ਉਸ ਨੂੰ ਮੰਦਬੱੁਧੀ ਮੰਨਣ ਲੱਗੇ | ਹਰ ਕਿਸੇ ਦੁਆਰਾ ਮੰਦਬੱੁਧੀ ਆਖੇ ਜਾਣ 'ਤੇ ਇਕ ਦਿਨ ਐਲਬਰਟ ਨੇ ਆਪਣੇ ਇਕ ਅਧਿਆਪਕ ਤੋਂ ਪੱੁਛਿਆ ਕਿ 'ਆਪਣੀ ਬੱੁਧੀ ਦਾ ਵਿਕਾਸ ਕਿਵੇਂ ਕੀਤਾ ਜਾ ਸਕਦਾ?' ਤਾਂ ਅਧਿਆਪਕ ਨੇ ਜਵਾਬ ਦਿੱਤਾ ਕਿ, 'ਅਭਿਆਸ ਹੀ ਸਫ਼ਲਤਾ ਦਾ ਮੂਲਮੰਤਰ ਹੈ, ਅਭਿਆਸ ਕਰਨ ਨਾਲ ਹੀ ਬੱੁਧੀ ਦਾ ਵਿਕਾਸ ਹੋ ਸਕਦਾ ਹੈ |' ਐਲਬਰਟ ਨੇ ਇਸ ਗੱਲ ਉੱਪਰ ਅਮਲ ਕੀਤਾ ਅਤੇ ਉਹ ਲਗਾਤਾਰ ਅਭਿਆਸ ਕਰਦਾ ਰਿਹਾ, ਨਵੇਂ-ਨਵੇਂ ਤਜਰਬੇ ਕਰਨਾ ਉਸ ਦੀ ਰੋਜ਼ਮਰ੍ਹਾ ਜ਼ਿੰਦਗੀ ਦਾ ਹਿੱਸਾ ਬਣ ਗਿਆ | ਵਿਗਿਆਨ ਦੇ ਖੇਤਰ ਵਿਚ ਉਸ ਦੀ ਰੁਚੀ ਵਧਦੀ ਗਈ, ਉਹ ਹਰ ਤੱਥ ਨੂੰ ਕਿਵੇਂ, ਕਿਉਂ ਦੀ ਨਜ਼ਰ ਨਾਲ ਦੇਖਦਾ | ਦੇਖਦੇ ਹੀ ਦੇਖਦੇ ਐਲਬਰਟ ਨੇ ਕਈ ਥਿਊਰਮਾਂ, ਹਿਸਾਬ ਦੇ ਫਾਰਮੂਲੇ ਰਚ ਦਿੱਤੇ | ਐਲਬਰਟ ਨੂੰ ਸਾਪੇਖਕਤਾ ਦੇ ਸਿਧਾਂਤ ਦਾ ਰਚਣਹਾਰਾ ਮੰਨਿਆ ਜਾਂਦਾ ਹੈ | ਐਲਬਰਟ ਅੰਦਰ ਨਵਾਂ ਕਰਨ ਅਤੇ ਸਿੱਖਣ ਦੀ ਚਾਹਤ ਸੀ ਅਤੇ ਉਸ ਦਾ ਕਹਿਣਾ ਸੀ ਕਿ 'ਸਿੱਖਿਆ ਉਹ ਹੈ, ਜੋ ਤੁਹਾਨੂੰ ਉਦੋਂ ਵੀ ਯਾਦ ਰਹੇ, ਜਦੋਂ ਤੁਸੀਂ ਸਭ ਕੁਝ ਭੱੁਲ ਚੱੁਕੇ ਹੋਵੋ, ਜੋ ਤੁਹਾਨੂੰ ਯਾਦ ਸੀ |' ਇਸ ਤਰ੍ਹਾਂ ਦੁਨੀਆ ਵਲੋਂ ਮੰਦਬੱੁਧੀ ਐਲਾਨਿਆ ਗਿਆ ਬਾਲਕ ਮਹਾਨ ਖੋਜੀ ਬਣਿਆ, ਜਿਸ ਨੂੰ ਇਤਿਹਾਸ ਦਾ ਜੀਨੀਅਸ ਕਿਹਾ ਜਾਂਦਾ ਹੈ | ਸੋ, ਪਿਆਰੇ ਬੱਚਿਓ, ਮਿਹਨਤ ਕਦੇ ਨਾ ਛੱਡੋ, ਅਭਿਆਸ ਕਰਦੇ ਰਹੋ, ਇਕ ਦਿਨ ਸਫ਼ਲਤਾ ਤੁਹਾਡੇ ਪੈਰ ਚੁੰਮੇਗੀ |

-ਪਿੰਡ ਤੇ ਡਾਕ: ਢੱੁਡੀਕੇ (ਮੋਗਾ)-142053.
ਮੋਬਾ: 99146-89690

ਕਵਿਤਾ: ਕਲਮ

ਲੱਕੜੀ ਤੇ ਸਿੱਕੇ ਵਿਚ ਜੜੀ ਹੈ ਕਲਮ,
ਫਿਰ ਵੀ ਹਰ ਜਗ੍ਹਾ 'ਤੇ ਖੜ੍ਹੀ ਹੈ ਕਲਮ |
ਇਸ ਜ਼ਿੰਦਗੀ ਤੇ ਨਾਂਵ ਦੀ ਪਹਿਚਾਣ ਹੈ ਕਲਮ,
ਮਨੱੁਖ ਵਿਚ ਵਹਿੰਦਾ ਗਿਆਨ ਹੈ ਕਲਮ |
ਮਨ ਦੀ ਚੰਚਲ ਤੇ ਕੋਮਲ ਹੈ ਕਲਮ,
ਸਿੱਕੇ ਦੀ ਦੀਵਾਰ 'ਚ ਅੜੀ ਹੈ ਕਲਮ |
ਲੱਕੜੀ ਤੇ ਸਿੱਕੇ ਵਿਚ ਜੜੀ ਹੈ ਕਲਮ....
ਦਿਲ ਦੀ ਬੜੀ ਵਫ਼ਾਦਾਰ ਹੈ ਕਲਮ,
ਮੰੂਹੋਂ ਨਿਕਲੇ ਲਫਜ਼ਾਂ ਦੀ ਤਾਰ ਹੈ ਕਲਮ |
ਵਖਤ ਦੇ ਨਾਲ-ਨਾਲ ਹਾਜ਼ਰ ਹੈ ਕਲਮ,
ਅੱਜ ਸਮੇਂ ਦੇ ਪਹੀਏ ਦੀ ਘੜੀ ਹੈ ਕਲਮ |
ਲੱਕੜੀ ਦੇ ਸਿੱਕੇ ਵਿਚ ਜੜੀ ਹੈ ਕਲਮ...
ਜ਼ਿੰਦਗੀ ਤੇ ਮੌਤ ਦਾ ਇਮਤਿਹਾਨ ਹੈ ਕਲਮ,
ਹਰ ਇਕ ਮਨੱੁਖ ਦਾ ਗਿਆਨ ਹੈ ਕਲਮ |
ਇਸ ਲਈ ਤਾਂ ਸਭ ਤੋਂ ਮਹਾਨ ਹੈ ਕਲਮ,
ਹਰ ਇਕ ਨੇ ਹੱਥ ਵਿਚ ਫੜੀ ਹੈ ਕਲਮ |
ਲੱਕੜੀ ਦੇ ਸਿੱਕੇ ਵਿਚ ਜੜੀ ਹੈ ਕਲਮ... |

-ਰਾਜਵੀਰ ਕੌਰ,
ਸਪੱੁਤਰੀ ਬਾਰੂ ਸਿੰਘ, ਪਿੰਡ ਅਕਲੀਆ (ਮਾਨਸਾ) |
ਮੋਬਾ: 94176-40723

ਬਾਲ ਨਾਵਲ-110: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਸਾਰੇ ਡਾਕਟਰਾਂ ਦੀ ਮਿਹਨਤ ਸਦਕਾ ਹਸਪਤਾਲ ਦਿਨੋ-ਦਿਨ ਤਰੱਕੀ ਕਰਨ ਲੱਗਾ | ਸਮਾਂ ਬੀਤਦਾ ਗਿਆ | ਹਸਪਤਾਲ ਹੋਰ ਵਡੇਰਾ ਹੋਣ ਲੱਗਾ | ਹੁਣ ਹਸਪਤਾਲ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਸਹੂਲਤਾਂ ਮਿਲਣ ਲੱਗ ਪਈਆਂ ਸਨ | ਸਮੇਂ ਦੇ ਨਾਲ-ਨਾਲ ਇਹ ਹਸਪਤਾਲ ਮਰੀਜ਼ਾਂ ਦੇ ਪੱਖ ਤੋਂ ਨੰਬਰ ਇਕ ਬਣ ਗਿਆ ਸੀ | ਛੇਤੀ ਹੀ ਉਹ ਹਰ ਪੱਖ ਤੋਂ ਆਪਣੇ ਸ਼ਹਿਰ ਦਾ ਨੰਬਰ ਇਕ ਹਸਪਤਾਲ ਬਣਨ ਵਾਲਾ ਸੀ |
ਪਿੰ੍ਰਸੀਪਲ ਰਣਬੀਰ ਸਿੰਘ ਮੈਮੋਰੀਅਲ ਵਿੱਦਿਆ ਕੇਂਦਰ ਤੋਂ ਪੜ੍ਹੇ ਕਾਫੀ ਬੱਚੇ ਇੰਜੀਨੀਅਰ ਬਣ ਗਏ ਸਨ | ਕਈ ਬੱਚੇ ਐਮ.ਬੀ.ਏ. ਕਰਕੇ ਵੱਡੀਆਂ-ਵੱਡੀਆਂ ਕੰਪਨੀਆਂ ਵਿਚ ਲੱਗ ਗਏ | ਪੰਜ ਬੱਚੇ ਡਾਕਟਰ ਬਣ ਗਏ | ਉਨ੍ਹਾਂ ਵਿਚੋਂ ਤਿੰਨ ਆਪਣੇ ਹਸਪਤਾਲ ਵਿਚ ਸੇਵਾ ਵੀ ਕਰ ਰਹੇ ਸਨ ਅਤੇ ਐਮ. ਡੀ. ਦੀ ਪੜ੍ਹਾਈ ਵੀ ਕਰ ਰਹੇ ਹਨ | ਦੋ ਬੱਚੇ ਬਾਹਰ ਹੋਰ ਹਸਪਤਾਲਾਂ ਵਿਚ ਨੌਕਰੀ ਕਰ ਰਹੇ ਸਨ | ਉਹ ਸਾਰੇ ਅੱਗੋਂ ਹੋਰ ਕਈ-ਕਈ ਬੱਚਿਆਂ ਦੀ ਮਦਦ ਕਰ ਰਹੇ ਸਨ | ਇਸ ਤਰ੍ਹਾਂ ਇਹ ਜੋਤ ਤੋਂ ਜੋਤ ਜਗਾਉਣ ਦਾ ਸਿਲਸਿਲਾ ਚੱਲੀ ਜਾ ਰਿਹਾ ਸੀ | ਡਾ: ਹਰੀਸ਼, ਡਾ: ਪ੍ਰੀਤੀ ਅਤੇ ਦੂਜੇ ਡਾਕਟਰਾਂ ਦੀ ਮਿਹਨਤ ਅਤੇ ਸੇਵਾ ਭਾਵ ਦੇ ਨਾਲ-ਨਾਲ ਸਿਧਾਰਥ ਦੀ ਲਗਨ, ਮਾਤਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਅਸ਼ੀਰਵਾਦ ਸਦਕਾ ਪਿੰ੍ਰਸੀਪਲ ਰਣਬੀਰ ਸਿੰਘ ਮੈਮੋਰੀਅਲ ਹਸਪਤਾਲ ਅੱਜ ਸ਼ਹਿਰ ਦਾ ਨੰਬਰ ਇਕ ਹਸਪਤਾਲ ਬਣ ਚੱੁਕਾ ਸੀ |
ਪਿੰ੍ਰਸੀਪਲ ਰਣਬੀਰ ਸਿੰਘ ਵੀਰ ਜੀ ਦੀ ਲਗਾਈ ਛੋਟੀ ਜਿਹੀ ਬਗੀਚੀ ਹੁਣ ਵੱਡੀ ਫੁਲਵਾੜੀ ਦਾ ਰੂਪ ਧਾਰਨ ਕਰ ਚੱੁਕੀ ਸੀ | ਉਸ ਫੱੁਲਵਾੜੀ ਦੇ ਸਾਰੇ ਫੱੁਲ ਅਤੇ ਕਲੀਆਂ ਟਹਿਕ-ਮਹਿਕ ਰਹੇ ਸਨ ਅਤੇ ਉਨ੍ਹਾਂ ਦੀ ਖੁਸ਼ਬੋ ਨਾਲ ਮਾਤਾ ਜੀ, ਸਿਧਾਰਥ, ਮੇਘਾ ਅਤੇ ਹੋਰ ਸਾਰੇ ਪੁਰਾਣੇ ਵਿਦਿਆਰਥੀ ਹਰ ਵੇਲੇ ਖਿੜੇ-ਖਿੜੇ ਰਹਿੰਦੇ ਸਨ | ਉਹ ਸਾਰੇ ਇਕ ਖਾਸ ਕਿਸਮ ਦੀ ਖੁਸ਼ੀ ਮਹਿਸੂਸ ਕਰਦੇ ਰਹਿੰਦੇ ਅਤੇ ਉਸੇ ਅੰਤਰੀਵ ਖੁਸ਼ੀ ਸਦਕਾ ਉਨ੍ਹਾਂ ਨੂੰ ਲਗਦਾ ਜਿਵੇਂ ਉਹ ਸੱਤਰੰਗੀ ਪੀਂਘ ਝੂਟ ਰਹੇ ਹੋਣ | (ਸਮਾਪਤ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬਾਲ ਸਾਹਿਤ

ਆਓ ਵੰਡੀਏ ਮੁਸਕਾਨ
(ਬਾਲ ਕਾਵਿ-ਸੰਗ੍ਰਹਿ)
ਲੇਖਿਕਾ : ਕੋਮਲਪ੍ਰੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ |
ਪੰਨੇ : 48, ਮੱੁਲ : 70 ਰੁਪਏ
ਸੰਪਰਕ : 80541-21518

'ਆਓ ਵੰਡੀਏ ਮੁਸਕਾਨ' ਕੋਮਲਜੀਤ ਕੌਰ ਦੀ ਤੀਜੀ ਪੁਸਤਕ ਹੈ, ਜਿਸ ਵਿਚ ਉਨ੍ਹਾਂ ਤਿੰਨ ਦਰਜਨ ਤੋਂ ਵਧੇਰੇ ਬਾਲ ਕਵਿਤਾਵਾਂ ਦਰਜ ਕੀਤੀਆਂ ਹਨ | ਅਧਿਆਪਨ ਕਿੱਤੇ ਨਾਲ ਸਬੰਧ ਹੋਣ ਕਰਕੇ ਲੇਖਿਕਾ ਬੱਚਿਆਂ ਦੀਆਂ ਮਾਨਸਿਕ, ਸਰੀਰਕ ਅਤੇ ਬੌਧਿਕ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ | ਉਹ ਚਾਹੁੰਦੀ ਹੈ ਕਿ ਵਧੀਆ ਸਾਹਿਤ ਦੁਆਰਾ ਬੱਚਿਆਂ ਦੀ ਸੁਯੋਗ ਅਗਵਾਈ ਕੀਤੀ ਜਾਵੇ | ਆਪਣੇ ਮਕਸਦ ਵਿਚ ਉਹ ਪੂਰੀ ਤਰ੍ਹਾਂ ਸਫ਼ਲ ਰਹੀ ਹੈ |
ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦੇ ਵਿਸ਼ੇ ਸਾਹਿਤਕ, ਸੱਭਿਆਚਾਰਕ ਪ੍ਰਕਿਰਤੀ ਰੱੁਤਾਂ-ਮੌਸਮ, ਤਿਉਹਾਰ ਅਤੇ ਜੀਵ-ਜੰਤੂਆਂ ਨਾਲ ਸਬੰਧਿਤ ਹਨ | ਇਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਨ, ਸਮੇਂ ਦੀ ਕਦਰ ਕਰਨ ਅਤੇ ਅਨੁਸ਼ਾਸਨ ਵਿਚ ਰਹਿ ਕੇ ਅਧਿਆਪਕਾਂ ਦਾ ਕਹਿਣਾ ਮੰਨਣ ਦੇ ਮੱੁਖ ਮੰਤਵ ਨੂੰ ਉਜਾਗਰ ਕੀਤਾ ਗਿਆ ਹੈ | ਲੇਖਿਕਾ ਦੀ ਲਿਖਣ ਸ਼ੈਲੀ ਬੱਚਿਆਂ ਨੂੰ ਅਸਾਨੀ ਨਾਲ ਸਮਝ ਆਉਂਦੀ ਹੈ | ਉਹ ਇਨ੍ਹਾਂ ਕਵਿਤਾਵਾਂ ਨੂੰ ਦਿਲਚਸਪੀ ਨਾਲ ਪੜ੍ਹਨਗੇ | ਉਮੀਦ ਕਰਦੇ ਹਾਂ ਕਿ ਆਪਣੇ ਅਗਲੇਰੇ ਬਾਲ ਸਾਹਿਤਕ ਸਫ਼ਰ ਵਿਚ ਲੇਖਿਕਾ ਇਸੇ ਤਰ੍ਹਾਂ ਬੱਚਿਆਂ ਦੀ ਅਗਵਾਈ ਕਰਦੇ ਰਹਿਣਗੇ |

-ਹਰਜਿੰਦਰ ਸਿੰਘ
ਮੋਬਾਈਲ : 98726-60161

ਬੁਝਾਰਤਾਂ

1. ਹਰੀ ਸੁਰੰਗ ਵਿਚ ਨੌਾ ਨਿਆਣੇ,
ਜੁੜ-ਜੁੜ ਬੈਠੇ ਬਣੇ ਸਿਆਣੇ |
2. ਜਾਦੂਗਰ ਦਾ ਦੇਖ ਕਮਾਲ,
ਪਾਵੇ ਹਰਾ ਤੇ ਕੱਢੇ ਲਾਲ |
3. ਗੋਰੀ-ਚਿੱਟੀ ਲੰਮੀ ਰਾਣੀ,
ਸਿਰ 'ਤੇ ਤਾਜ ਹਰਾਂ |
4. ਉੱਤੋਂ ਪੀਲਾ ਵਿਚੋਂ ਚਿੱਟਾ,
ਕੂਲਾ, ਨਰਮ ਤੇ ਮਿੱਟਾ-ਮਿੱਠਾ |
5. ਚੀਜ਼ ਮੇਰੀ ਪਰ ਵਰਤਣ ਲੋਕ |
6. ਬਾਪੂ ਦੇ ਕੰਨ ਵਿਚ ਮਾਂ ਵੜ ਗਈ |
ਉੱਤਰ : (1) ਮਟਰ, (2) ਪਾਨ, (3) ਮੂਲੀ, (4) ਕੇਲਾ, (5) ਨਾਮ, (6) ਜਿੰਦਾ-ਕੁੰਜੀ |

-ਅਵਤਾਰ ਸਿੰਘ ਕਰੀਰ,
ਮੋਗਾ | ਮੋਬਾ: 82838-00190

ਅਨਮੋਲ ਵਿਚਾਰ

• ਜੇਕਰ ਤੁਹਾਡੇ ਤੋਂ ਕੋਈ ਈਰਖਾ ਕਰਦਾ ਹੈ ਤਾਂ ਕਰਨ ਦਿਓ, ਕਿਉਂਕਿ ਉਹ ਜਾਣਦਾ ਹੈ ਕਿ ਤੁਸੀਂ ਉਸ ਤੋਂ ਵੱਧ ਕਾਬਲ ਹੋ |
• ਅਨੁਸ਼ਾਸਨ ਉਥੋਂ ਤੱਕ ਠੀਕ ਹੈ, ਜਿਥੋਂ ਤੱਕ ਉਹ ਵਿਅਕਤੀ ਦੀ ਆਜ਼ਾਦੀ 'ਤੇ ਬੋਝ ਨਾ ਬਣੇ |
• ਇਨਸਾਨ ਨੂੰ ਫੱੁਲਾਂ ਵਾਂਗ ਹੋਣਾ ਚਾਹੀਦਾ ਹੈ, ਜੇਕਰ ਫੱੁਲਾਂ ਨੂੰ ਤੋੜ ਲਈਏ ਤਾਂ ਵੀ ਉਹ ਆਪਣੇ ਸੁਭਾਅ ਅਨੁਸਾਰ ਸੁਗੰਧੀਆਂ ਵੰਡਣਾ ਨਹੀਂ ਛੱਡਦੇ |
• ਜੇਕਰ ਕੰਮ ਦੀ ਸ਼ੁਰੂਆਤ ਚੰਗੀ ਹੋਵੇ ਤਾਂ ਅੰਤ ਵੀ ਚੰਗਾ ਹੋ ਸਕਦਾ ਹੈ |
• ਜਦੋਂ ਅਸੀਂ ਹਰ ਵਾਰ ਹੀ ਕਿਸੇ ਕੰਮ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਤਾਂ ਇਕ ਦਿਨ ਉਸ ਪ੍ਰਤੀ ਸਾਡੀਆਂ ਭਾਵਨਾਵਾਂ ਹੀ ਮਰ ਜਾਂਦੀਆਂ ਹਨ |
• ਰਸਤੇ ਤੋਂ ਭਟਕੇ ਨੂੰ ਸਹੀ ਰਾਹ ਦਿਖਾਉਣ ਲਈ ਤਕਨੀਕੀ ਤਰੀਕੇ ਨਹੀਂ, ਸਗੋਂ ਸਿਆਣਿਆਂ ਦੀਆਂ ਨਸੀਹਤਾਂ ਹੀ ਕੰਮ ਆਉਂਦੀਆਂ ਹਨ |
• ਇਨਸਾਨ ਚਾਨਣ ਦੀ ਉਮੀਦ ਤਾਂ ਹੀ ਕਰਦਾ ਹੈ, ਜੇਕਰ ਉਸ ਦੀ ਜ਼ਿੰਦਗੀ ਵਿਚ ਹਨੇਰਾ ਹੈ |

-ਕੁਲਦੀਪ ਕੌਰ ਛਾਜਲੀ,
ਪਿੰਡ ਤੇ ਡਾਕ: ਛਾਜਲੀ, ਜ਼ਿਲ੍ਹਾ ਸੰਗਰੂਰ |

ਕੀ ਤੁਸੀਂ ਜਾਣਦੇ ਹੋ?

1. ਜਲਿ੍ਹਆਂ ਵਾਲੇ ਬਾਗ ਵਿਚ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ?
2. ਰਾਵਣ ਦੇ ਪਿਤਾ ਦਾ ਕੀ ਨਾਂਅ ਸੀ?
3. ਅਸ਼ੋਕ ਚੱਕਰ ਵਿਚ ਕਿੰਨੀਆਂ ਰੇਖਾਵਾਂ ਹੁੰਦੀਆਂ ਹਨ?
4. ਅਜਿਹਾ ਕਿਹੜਾ ਜੀਵ ਹੈ, ਜੋ ਪਲਕਾਂ ਨਹੀਂ ਝਪਕਦਾ?
5. 1945 ਵਿਚ ਅਮਰੀਕਾ ਨੇ ਜਾਪਾਨ ਦੇ ਕਿਹੜੇ ਦੋ ਸ਼ਹਿਰਾਂ 'ਤੇ ਐਟਮੀ ਬੰਬ ਸੱੁਟੇ ਸਨ?
6. ਸੱਤ ਪਹਾੜੀਆਂ ਦਾ ਦੇਸ਼ ਕਿਸ ਨੂੰ ਕਿਹਾ ਜਾਂਦਾ ਹੈ?
7. ਕਿਹੜਾ ਮਹਾਂਸਾਗਰ ਸਭ ਤੋਂ ਵੱਡਾ ਹੈ?
8. ਬ੍ਰੇਲ (ਨੇਤਰਹੀਣ ਲੋਕਾਂ ਦੀ ਭਾਸ਼ਾ) ਦੀ ਕਾਢ ਕਿਸ ਨੇ ਕੱਢੀ?
9. ਸਾਲ ਦਾ ਸਭ ਤੋਂ ਛੋਟਾ ਦਿਨ ਕਿਹੜਾ ਹੁੰਦਾ ਹੈ?
10. ਅਬਰਾਹਿਮ ਲਿੰਕਨ ਅਮਰੀਕਾ ਦੇ ਕਿੰਨਵੇਂ ਰਾਸ਼ਟਰਪਤੀ ਸਨ?
11. ਕਿਸ ਨੂੰ ਮਹਾਨ ਮੁਗ਼ਲ ਸਮਰਾਟ ਕਿਹਾ ਜਾਂਦਾ ਹੈ?
12. ਸ਼ਾਹਜਹਾਂ ਦੁਆਰਾ ਬਣਵਾਈ ਗਈ ਸਭ ਤੋਂ ਪ੍ਰਸਿੱਧ ਇਮਾਰਤ ਕਿਹੜੀ ਹੈ?
ਉੱਤਰ : (1) ਜਨਰਲ ਡਾਇਰ ਨੇ, (2) ਵਿਸ਼ਰਵਾ, (3) 24 ਰੇਖਾਵਾਂ, (4) ਮੱਛੀ, (5) ਹੀਰੋਸ਼ੀਮਾ ਤੇ ਨਾਗਾਸਾਕੀ, (6) ਰੋਮ, (7) ਪ੍ਰਸ਼ਾਂਤ ਮਹਾਸਾਗਰ, (8) ਲੂਈਸ ਬ੍ਰੇਲ ਨੇ, (9) 24 ਦਸੰਬਰ, (10) 19ਵੇਂ, (11) ਅਕਬਰ, (12) ਤਾਜ ਮਹਿਲ |

-ਚੱਕਲਾਂ (ਰੋਪੜ) |
balwinderjitbajwa9876@gmail.com

ਬਾਲ ਬੋਲੀਆਂ

ਪੌਣੀਂ... ਪੌਣੀਂ... ਪੌਣੀਂ...
ਵਿੱਦਿਆ ਦਾ ਛਿੱਟਾ ਦੇਣਾ ਏ
ਜੋਤ ਘਰ-ਘਰ ਗਿਆਨ ਦੀ ਜਗਾਉਣੀ,
ਅਸਾਂ ਗਿਆਨ ਵਾਲੀ ਜੋਤ ਜਗਾਉਣੀ |
ਸੀਫਾ... ਸੀਫਾ... ਸੀਫਾ...
ਬਾਬਲਾ ਬਣਾ ਦੇ ਵਰਦੀ
ਪੜ੍ਹਾਈ ਕਰੰੂਗੀ ਤੇ ਪਾਊਾਗੀ ਵਜ਼ੀਫਾ
ਵੇ ਉੱਚ ਪੜ੍ਹਾਂਗੀ ਤੇ ਪਾਊਾਗੀ ਵਜ਼ੀਫਾ
ਸੋਨਾ... ਸੋਨਾ... ਸੋਨਾ...
ਪੜ੍ਹ ਡੀ. ਸੀ., ਜੱਜ ਬਣਨਾ
ਚੁੰਘੇ ਦੱੁਧ ਮਾਂ ਦੇ ਦਾ ਮੱੁਲ ਪਾਉਣਾ
ਦੱੁਧ ਮਾਂ ਦੇ ਦਾ ਮੱੁਲ ਪਾਉਣਾ |
ਅੱਖੀਆਂ... ਅੱਖੀਆਂ... ਅੱਖੀਆਂ
ਪੜ੍ਹੇ-ਲਿਖੇ ਮੌਜਾਂ ਮਾਣਦੇ
ਅਨਪੜ੍ਹ ਵਿਹਲੇ ਮਾਰਦੇ ਮੱਖੀਆਂ
ਬੈਠੇ ਖੁੰਡਾਂ 'ਤੇ ਮਾਰਦੇ ਮੱਖੀਆਂ |
ਛੱਲੀਆਂ... ਛੱਲੀਆਂ... ਛੱਲੀਆਂ
ਮਾਏਾ ਕੈਦਾ ਮੈਨੂੰ ਵੀ ਲੈ ਦੇ
ਸਖੀਆਂ ਪੜ੍ਹਨ ਸਕੂਲੇ ਚੱਲੀਆਂ
ਨੀਂ ਮੇਰੀਆਂ ਸਹੇਲੀਆਂ ਸਕੂਲੇ ਚੱਲੀਆਂ |

-ਡਾ: ਸਾਧੂ ਰਾਮ ਲੰਗੇਆਣਾ,
ਪਿੰਡ ਲੰਗੇਆਣਾ ਕਲਾਂ (ਮੋਗਾ) |
ਮੋਬਾ: 98781-17285


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX