ਤਾਜਾ ਖ਼ਬਰਾਂ


ਪਾਕਿ 'ਚ ਹਾਦਸੇ ਦੌਰਾਨ ਮਾਰੇ ਗਏ ਸਿੱਖ ਸ਼ਰਧਾਲੂਆਂ ਦੀ ਮੌਤ 'ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੁੱਖ ਦਾ ਪ੍ਰਗਟਾਵਾ
. . .  4 minutes ago
ਨਵੀਂ ਦਿੱਲੀ, 3 ਜੁਲਾਈ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਦਰਸ਼ਨ ਕਰਦੇ ਪਰਤ....
ਅੰਮ੍ਰਿਤਸਰ 'ਚ ਕੋਰੋਨਾ ਦੇ 11 ਹੋਰ ਮਰੀਜ਼ਾਂ ਦੀ ਪੁਸ਼ਟੀ
. . .  10 minutes ago
ਅੰਮ੍ਰਿਤਸਰ, 3 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 11 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ...
ਪਠਾਨਕੋਟ 'ਚ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  14 minutes ago
ਪਠਾਨਕੋਟ, 3 ਜੁਲਾਈ (ਚੌਹਾਨ/ਸੰਧੂ/ਆਸ਼ੀਸ਼ ਸ਼ਰਮਾ) - ਜ਼ਿਲ੍ਹਾ ਪਠਾਨਕੋਟ 'ਚ ਅੱਜ 2 ਹੋਰ ਕੋਰੋਨਾ ਮਰੀਜ਼ਾਂ ...
ਪੋਸਕੋ ਐਕਟ ਤਹਿਤ ਦਰਜ਼ ਕੇਸ 'ਚ ਮਦਦ ਦੇ ਨਾਮ 'ਤੇ ਕੀਤੀ ਪੌਣੇ ਪੰਜ ਲੱਖ ਦੀ ਧੋਖਾਧੜੀ
. . .  19 minutes ago
ਪੱਤਰਕਾਰ ਮੁਖ਼ਤਿਆਰ ਸਿੰਘ ਧੰਜੂ ਨਹੀ ਰਹੇ
. . .  21 minutes ago
ਫ਼ਿਰੋਜ਼ਪੁਰ, 3 ਜੁਲਾਈ (ਜਸਵਿੰਦਰ ਸਿੰਘ ਸੰਧੂ) - ਪੱਤਰਕਾਰ ਮੁਖ਼ਤਿਆਰ ਸਿੰਘ ਧੰਜੂ ਨਹੀ ਰਹੇ। ਉਹ ਕਰੀਬ 65 ਸਾਲਾ...
ਮਾਰਕੀਟ ਕਮੇਟੀ ਰਾਮਾਂ ਮੰਡੀ ਦੇ ਸੁਖਜੀਤ ਬੰਟੀ ਚੇਅਰਮੈਨ 'ਤੇ ਬਲਜੀਤ ਕੌਰ ਦੀਪਾ ਬੰਗੀ ਬਣੇ ਵਾਇਸ ਚੇਅਰਮੈਨ
. . .  35 minutes ago
ਰਾਮ ਮੰਡੀ, 3 ਜੁਲਾਈ (ਅਮਰਜੀਤ ਸਿੰਘ ਲਹਿਰੀ)- ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ...
ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਰੈਫਰੈਂਡਮ 2020 ਦੇ ਲੱਗੇ ਪੋਸਟਰ
. . .  38 minutes ago
ਤਲਵੰਡੀ ਸਾਬੋ 03 ਜੁਲਾਈ (ਰਣਜੀਤ ਸਿੱਖ ਰਾਜੂ)- ਖ਼ਾਲਿਸਤਾਨ ਪੱਖੀਆਂ ਵੱਲੋਂ ਵਿਦੇਸ਼ਾਂ 'ਚੋ ਚਲਾਈ ਜਾ ਰਹੀ ਰੈਫਰੈਂਡਮ...
ਲੁਧਿਆਣਾ 'ਚ ਕੋਰੋਨਾ ਕਾਰਨ ਇਕ ਹੋਰ ਮਰੀਜ਼ ਦੀ ਹੋਈ ਮੌਤ
. . .  43 minutes ago
ਲੁਧਿਆਣਾ, 3 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਇੱਕ ਹੋਰ ਮਰੀਜ਼...
ਪਰਮਪਾਲ ਸਿੰਘ ਤਖ਼ਤੂਪੁਰਾ ਬਣੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ
. . .  47 minutes ago
ਮੋਗਾ, 3 ਜੁਲਾਈ (ਗੁਰਤੇਜ ਸਿੰਘ ਬੱਬੀ)- ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਕੀਤੇ ਨੋਟੀਫ਼ਿਕੇਸ਼ਨ ਦੇ ਅਨੁਸਾਰ ਐਡਵੋਕੇਟ ਪਰਮਪਾਲ ਸਿੰਘ ਤਖ਼ਤੂਪੁਰਾ ...
ਖੇਮਕਰਨ ਸਰਹੱਦ ਤੋਂ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ
. . .  52 minutes ago
ਖੇਮਕਰਨ, 3 ਜੁਲਾਈ (ਰਾਕੇਸ਼ ਬਿੱਲਾ)- ਖੇਮਕਰਨ ਸੈਕਟਰ 'ਚ ਹਿੰਦ-ਪਾਕਿ ਸਰਹੱਦ ਤੋਂ ਅੱਜ ਸਪੈਸ਼ਲ ਨਾਰਕੋਟਿਕਸ ਸੈਲ ਤਰਨਤਾਰਨ ....
ਪੰਜਾਬ 'ਚ ਘਰੇਲੂ ਯਾਤਰੀਆਂ ਲਈ 14 ਦਿਨਾਂ ਦਾ ਲਾਜ਼ਮੀ ਕੁਆਰੰਟੀਨ ਨਿਯਮ ਖ਼ਤਮ
. . .  about 1 hour ago
ਭਾਈ ਕਰਮਜੀਤ ਸਿੰਘ ਸੁਨਾਮ ਅਕਾਲੀ ਦਲ 'ਚ ਹੋਏ ਸ਼ਾਮਲ
. . .  about 1 hour ago
ਲੌਂਗੋਵਾਲ, 3 ਜੁਲਾਈ (ਵਿਨੋਦ/ਖੰਨਾ) - ਕੇਂਦਰੀ ਹਕੂਮਤਾਂ ਵੱਲੋਂ ਸਿੱਖ ਭਾਈਚਾਰੇ ਨਾਲ ਤਸ਼ੱਦਦ ਕੀਤੇ ਜਾਣ ਦੇ ਖ਼ਿਲਾਫ਼ ਮਰਹੂਮ ਪ੍ਰਧਾਨ ਮੰਤਰੀ...
'ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਇਮਤਿਹਾਨ ਲਈ ਡੇਟਸ਼ੀਟ 'ਚ ਤਬਦੀਲੀ
. . .  about 1 hour ago
ਗੁਆਂਢ 'ਚ ਰਹਿੰਦੇ ਵਿਅਕਤੀ ਨੇ ਆਪਣੇ ਗੁਆਂਢੀ 'ਤੇ ਪਾਇਆ ਤੇਜ਼ਾਬ
. . .  about 1 hour ago
ਨਹਾਉਂਦੇ ਸਮੇਂ ਜਗਦੇਵ ਕਲਾਂ ਨਹਿਰ 'ਚ ਡੁੱਬਿਆ ਨੌਜਵਾਨ
. . .  about 1 hour ago
ਜਗਦੇਵ ਕਲਾਂ, 3 ਜੁਲਾਈ (ਸ਼ਰਨਜੀਤ ਸਿੰਘ ਗਿੱਲ) - ਲਾਹੌਰ ਬਰਾਂਚ ਨਹਿਰ ਪੁਲ ਜਗਦੇਵ ਕਲਾਂ ਨੇੜੇ ਇਕ ਨੌਜਵਾਨ ਦੇ ਨਹਿਰ 'ਚ ਨਹਾਉਂਦੇ...
ਪਾਕਿ 'ਚ ਸਿੱਖ ਸ਼ਰਧਾਲੂਆਂ ਦੀ ਗੱਡੀ ਹਾਦਸਾ ਗ੍ਰਸਤ ਹੋਣ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਦੁੱਖ ਪ੍ਰਗਟ
. . .  about 1 hour ago
ਅੰਮ੍ਰਿਤਸਰ, 3 ਜੁਲਾਈ (ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਦਰਸ਼ਨ ....
ਬਠਿੰਡਾ 'ਚ ਗਰਮੀ ਕਾਰਨ ਇੱਕ ਮਜ਼ਦੂਰ ਦੀ ਹੋਈ ਮੌਤ
. . .  about 1 hour ago
ਬਠਿੰਡਾ, 3 ਜੁਲਾਈ (ਨਾਇਬ ਸਿੱਧੂ)- ਬਠਿੰਡਾ ਵਿਖੇ ਗਰਮੀ ਨਾਲ ਅੱਜ ਇੱਕ ਮਜ਼ਦੂਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ...
ਸਬ ਡਵੀਜ਼ਨ ਜਸਤਰਵਾਲ ਦਾ ਜੇ.ਈ ਅਤੇ ਲਾਈਨ ਮੈਨ ਆਪਸ 'ਚ ਹੋਏ ਗੁੱਥਮ-ਗੁੱਥੀ
. . .  about 1 hour ago
ਓਠੀਆ, 3 ਜੁਲਾਈ (ਗੁਰਵਿੰਦਰ ਸਿੰਘ ਛੀਨਾ) - ਪਾਵਰਕਾਮ ਦੀ ਸਬਡਵੀਜ਼ਨ ਜਸਤਰਵਾਲ ਵਿਖੇ ਤਾਇਨਾਤ ਜੇ.ਈ ਰਜੇਸ਼ ਕੁਮਾਰ ਅਤੇ ਲਾਈਨ ...
ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਨਾਮ 'ਤੇ ਰੱਖਿਆ ਸਰਕਾਰੀ ਮਿਡਲ ਸਕੂਲ ਭੋਜਰਾਜ ਦਾ ਨਾਂਅ
. . .  about 1 hour ago
ਕਲਾਨੌਰ, 3 ਜੁਲਾਈ (ਪੁਰੇਵਾਲ)- ਚਾਈਨਾ ਭਾਰਤ ਸਰਹੱਦ ਤੇ ਤਣਾਅ ਦੌਰਾਨ ਬੀਤੇ ਦਿਨ ਗਲਵਾਨ ਘਾਟੀ 'ਚ ਪਿੰਡ ਭੋਜਰਾਜ ...
ਕਾਂਗਰਸ ਤੇ 'ਆਪ' ਨੂੰ ਨਹੀਂ ਹੈ ਕਿਸਾਨਾਂ ਨਾਲ ਹਮਦਰਦੀ - ਸੁਖਬੀਰ ਬਾਦਲ
. . .  31 minutes ago
ਜਲਾਲਾਬਾਦ,3ਜੁਲਾਈ(ਜਤਿੰਦਰ ਪਾਲ ਸਿੰਘ/ਕਰਨ ਚੁਚਰਾ)- ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਸਿਰਫ਼ ਦਿਖਾਵੇ....
ਜਥੇਦਾਰ ਵੱਲੋਂ ਭੁੱਖ ਹੜਤਾਲ 'ਤੇ ਬੈਠੇ ਬੰਦੀ ਸਿੰਘਾਂ ਦੀਆਂ ਮੁਸ਼ਕਲਾਂ ਹੱਲ ਕਰਾਉਣ ਲਈ ਸੂਬਾ ਸਰਕਾਰ ਨੂੰ ਹਦਾਇਤ
. . .  about 2 hours ago
ਅੰਮ੍ਰਿਤਸਰ, 3 ਜੁਲਾਈ (ਜੱਸ)- ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ...
ਪੁਲਿਸ ਦੇ ਨਾਂਅ 'ਤੇ ਰਿਸ਼ਵਤ ਲੈਣ ਵਾਲੇ ਤਿੰਨ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ
. . .  about 2 hours ago
ਪਾਕਿ 'ਚ ਟਰੇਨ ਅਤੇ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ, 20 ਸਿੱਖ ਸ਼ਰਧਾਲੂਆਂ ਦੀ ਮੌਤ
. . .  1 minute ago
ਅੰਮ੍ਰਿਤਸਰ, 3 ਜੁਲਾਈ (ਸੁਰਿੰਦਰ ਕੋਛੜ)- ਪਾਕਿਸਤਾਨ 'ਚ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਸ਼ਹਿਰ ਫ਼ਾਰੂਖਾਬਾਦ (ਪੁਰਾਣਾ ਨਾਂਅ ਚੂਹੜਕਾਨਾ) ਦੇ ...
ਮੋਗਾ 'ਚ ਪੁਲਿਸ ਮੁਲਾਜ਼ਮ ਸਮੇਤ ਦੋ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਮੋਗਾ, 3 ਜੁਲਾਈ (ਗੁਰਤੇਜ ਸਿੰਘ ਬੱਬੀ)- ਅੱਜ ਆਈਆਂ ਰਿਪੋਰਟਾਂ 'ਚ ਇਕ ਪੁਲਿਸ ਦੇ ਸਹਾਇਕ ਥਾਣੇਦਾਰ ਸਮੇਤ ਦੋ ਦੀ ਕੋਰੋਨਾ...
ਧਨੌਲਾ (ਬਰਨਾਲਾ) 'ਚ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਭਾਰਤ-ਚੀਨ ਝਗੜਾ ਕਿਉਂ?

ਭਾਰਤ ਤੇ ਚੀਨ ਵਿਚਕਾਰਲੀ ਸਰਹੱਦ 2400 ਮੀਲ ਤੋਂ ਵੱਧ ਲੰਮੀ ਹੈ ਅਤੇ ਭਾਰਤ ਤੇ ਚੀਨ ਦੇ ਝਗੜੇ ਦਾ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ਦੀ ਸਥਿਤੀ ਸਪੱਸ਼ਟ ਨਾ ਹੋਣਾ ਹੈ। ਸਤੰਬਰ 1959 ਈ: ਵਿਚ ਚੀਨ ਗਣਰਾਜ ਸਰਕਾਰ ਨੇ, ਜਦੋਂ ਰਾਜ ਪ੍ਰਬੰਧ ਉਹਦੇ ਹੱਥ ਵਿਚ ਆਇਆਂ 10 ਸਾਲ ਹੋ ਗਏ ਸਨ, ਪਹਿਲੀ ਵਾਰ ਭਾਰਤ ਨੂੰ ਦੱਸਿਆ ਕਿ ਚੀਨ ਤੇ ਭਾਰਤ ਦੀ ਸਰਹੱਦ ਰਸਮੀ ਤੌਰ 'ਤੇ ਕਦੇ ਵੱਖ-ਵੱਖ ਨਹੀਂ ਕੀਤੀ ਗਈ। ਫਿਰ ਚੀਨ ਨੇ 50 ਹਜ਼ਾਰ ਵਰਗ ਮੀਲ ਇਲਾਕਾ ਜਿਹੜਾ ਅਸਲ ਵਿਚ ਭਾਰਤ ਦਾ ਸੀ, ਉੱਤੇ ਹੱਕ ਜਤਾ ਦਿੱਤਾ। ਇਸ ਵਿਚੋਂ 14 ਹਜ਼ਾਰ ਵਰਗ ਮੀਲ ਇਲਾਕਾ ਲੱਦਾਖ ਵਿਚ ਤੇ 32 ਹਜ਼ਾਰ ਵਰਗ ਮੀਲ ਨੇਫ਼ਾ ਵਿਚ ਸੀ ਤੇ ਕੁਝ ਛੋਟੇ-ਛੋਟੇ ਇਲਾਕੇ ਹਿਮਾਚਲ ਪ੍ਰਦੇਸ਼, ਉੱਤਰਾਂਚਲ ਰਾਜਾਂ ਦੇ ਸਨ। ਇਸ ਤੋਂ ਇਲਾਵਾ ਚੀਨ ਨੇ ਭੂਟਾਨ ਤੇ ਸਿੱਕਮ ਵਿਚ ਵੀ ਕੁਝ ਇਲਾਕਿਆਂ ਉੱਤੇ ਦਾਅਵਾ ਕੀਤਾ, ਜਿਹੜੇ ਭਾਰਤ ਨਾਲ ਵਿਸ਼ੇਸ਼ ਸੰਧੀਆਂ ਰਾਹੀਂ ਜੁੜੇ ਹੋਏ ਹਨ।
ਭਾਰਤ ਨੇ ਸਰਹੱਦ ਨੂੰ ਨਖੇੜਨ ਵਾਲੀਆਂ ਭੂਗੋਲਿਕ ਸਥਿਤੀਆਂ, ਰਵਾਇਤਾਂ, ਸੰਧੀਆਂ ਤੇ ਪ੍ਰਬੰਧਕੀ ਅਧਿਕਾਰਾਂ ਦੇ ਵਿਸ਼ਾਲ ਸਬੂਤ ਪੇਸ਼ ਕੀਤੇ ਸਨ, ਜਿਨ੍ਹਾਂ ਤੋਂ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਸੀ ਕਿ ਚੀਨ ਜਿਨ੍ਹਾਂ ਇਲਾਕਿਆਂ ਉੱਤੇ ਦਾਅਵਾ ਕਰ ਰਿਹਾ ਸੀ, ਉਹ ਸਦਾ ਭਾਰਤ ਦਾ ਹਿੱਸੇ ਰਹੇ ਹਨ। ਭਾਰਤ ਨੇ ਪ੍ਰਮਾਣਿਕ ਨਕਸ਼ੇ ਪੇਸ਼ ਕੀਤੇ ਤੇ ਇਨ੍ਹਾਂ ਵਿਚ ਵਿਖਾਈ ਗਈ ਸਰਹੱਦ ਨੂੰ ਠੀਕ ਸਾਬਤ ਕਰਨ ਲਈ ਸਰਵੇਖਣਾ ਦੀਆਂ ਰਿਪੋਰਟਾਂ ਪੇਸ਼ ਕੀਤੀਆਂ। ਚੀਨ ਨੇ ਨਕਸ਼ਿਆਂ ਬਾਰੇ ਇਕ ਅਜੀਬ ਰਵੱਈਆ ਧਾਰਨ ਕੀਤਾ ਤੇ ਕਿਹਾ ਕਿ ਨਕਸ਼ੇ ਬਦਲਦੇ ਆਏ ਹਨ ਤੇ ਕੁਝ ਸਾਲਾਂ ਮਗਰੋਂ ਉਨ੍ਹਾਂ ਵਿਚ ਸਰਹੱਦ ਅੱਗੇ-ਅੱਗੇ ਆਉਂਦੀ ਰਹੀ ਹੈ।
ਭਾਰਤ ਜਿਸ ਰੇਖਾ ਨੂੰ ਲੱਦਾਖ, ਤਿੱਬਤ ਤੇ ਸਿੰਕਿਆਂਗ ਵਿਚਕਾਰ ਸਰਹੱਦ ਦੱਸਦਾ ਹੈ, ਉਹ ਇਕ ਰਵਾਇਤੀ ਸਰਹੱਦ ਹੈ, ਜਿਹੜੀ ਘੱਟੋ-ਘੱਟ 10 ਸਦੀਆਂ ਪੁਰਾਣੀ ਹੈ। ਇਹ ਸਰਹੱਦ ਚੰਗੀ ਤਰ੍ਹਾਂ ਜਾਣੀ-ਪਹਿਚਾਣੀ ਰਹੀ ਹੈ ਤੇ ਇਸ ਨੂੰ ਦੋਵੇਂ ਧਿਰਾਂ ਮੰਨਦੀਆਂ ਸਨ। ਰੋਜ਼ਨਾਮਚਿਆਂ, ਯਾਤਰੂਆਂ ਦੀਆਂ ਲਿਖਤਾਂ ਅਤੇ ਚੀਨੀ ਤੇ ਹੋਰ ਨਕਸ਼ਿਆਂ ਤੋਂ ਇਹ ਸਾਬਤ ਹੁੰਦਾ ਸੀ ਕਿ ਇਹ ਸਰਹੱਦ ਠੀਕ ਸੀ। ਲੱਦਾਖ ਦੇ ਰਾਜਿਆਂ ਦੇ ਸ਼ਾਹੀ ਰੋਜ਼ਨਾਮਚਿਆਂ ਤੋਂ ਜਿਹੜੇ 17ਵੀਂ ਸਦੀ ਵਿਚ ਲਿਖੇ ਗਏ ਸਨ, ਤੋਂ ਭਾਰਤ ਵਲੋਂ ਦੱਸੀ ਗਈ ਸਰਹੱਦ ਦੀ ਪੁਸ਼ਟੀ ਹੁੰਦੀ ਸੀ। ਇਕ ਪਾਦਰੀ ਟਿਪੋਲਿਤੋ ਦੇਸੀਦਰੀ, ਜਿਸ ਨੇ 1715-16 ਵਿਚ ਲੇਹ ਤੋਂ ਲੱਦਾਖ ਤੱਕ ਦਾ ਸਫ਼ਰ ਕੀਤਾ ਸੀ, ਜੇਮਜ਼ ਬੇਲ ਫ਼ਰੇਜ਼ਰ ਜਿਸ ਨੇ 1820 ਵਿਚ ਇਸ ਇਲਾਕੇ ਦੀ ਯਾਤਰਾ ਕੀਤੀ ਸੀ ਤੇ ਭਾਰਤੀ ਯਾਤਰੀ ਨੈਨ ਸਿੰਘ (1873) ਨੇ ਜੋ ਕੁਝ ਲਿਖਿਆ, ਉਹ ਸਰਹੱਦ ਦੀ ਭਾਰਤੀ ਵਿਆਖਿਆ ਨਾਲ ਮੇਲ ਖਾਂਦਾ ਸੀ। ਚੀਨ ਦੇ ਨਕਸ਼ਿਆਂ ਤੋਂ ਪਤਾ ਲਗਦਾ ਹੈ ਕਿ 20ਵੀਂ ਸਦੀ ਤੋਂ ਪਹਿਲਾਂ ਚੀਨ ਦਾ ਸਿੰਕਿਆਂਗ ਪ੍ਰਾਂਤ ਦੱਖਣ ਵਿਚ ਕੋਇਨਲੁਨ ਪਰਬਤ ਮਾਲਾ ਤੱਕ ਵੀ ਨਹੀਂ ਸੀ ਫੈਲਿਆ ਹੋਇਆ। ਇਸ ਵਿਚ ਅਕਸਾਈ ਚਿੰਨ ਦਾ ਇਲਾਕਾ ਸ਼ਾਮਿਲ ਨਹੀਂ ਸੀ, ਜਿਹੜਾ ਦੱਖਣ ਵੱਲ ਲੱਦਾਖ ਦੇ ਭਾਰਤੀ ਇਲਾਕੇ ਵਿਚ ਸੀ ਤੇ ਜਿਸ ਦੇ ਆਰ-ਪਾਰ ਚੀਨੀਆਂ ਨੇ ਚੋਰੀ ਛਿਪੇ ਇਕ ਸੜਕ ਬਣਾ ਦਿੱਤੀ ਹੈ। ਛੇਵੀਂ ਸਦੀ ਦੇ ਅਖ਼ੀਰ ਜਿਹੇ ਤਿਆਰ ਕੀਤੇ ਗਏ ਇਕ ਨਕਸ਼ੇ ਵਿਚ ਸਾਫ਼ ਤੌਰ 'ਤੇ ਦਿਖਾਇਆ ਗਿਆ ਕਿ ਕੋਇਨਲੁਨ ਦੇ ਪਹਾੜ ਸਿੰਕਿਆਂਗ ਦੀ ਦੱਖਣੀ ਸਰਹੱਦ ਸਨ। ਚੀਨੀ ਸਾਮਰਾਜ ਦੇ ਪੱਛਮੀ ਇਲਾਕਿਆਂ ਬਾਰੇ 1762 ਵਿਚ ਚੀਨ ਵਲੋਂ ਪ੍ਰਕਾਸ਼ਿਤ ਸਾਲ ਬਾਅਦ ਬਿਰਤਾਂਤਾਂ ਤੇ ਨਕਸ਼ਿਆਂ ਵਿਚ ਕਈ ਨਕਸ਼ੇ ਸਨ ਤੇ ਉਨ੍ਹਾਂ ਸਾਰਿਆਂ ਵਿਚ ਦਰਸਾਇਆ ਗਿਆ ਸੀ ਕਿ ਸਿੰਕਿਆਂਗ ਉਸ ਰੇਖਾ ਤੱਕ ਵੀ ਨਹੀਂ ਸੀ ਫੈਲਿਆ ਹੋਇਆ ਜਿਥੋਂ ਤੱਕ ਕੋਇਨਲੁਨ ਦੇ ਪਹਾੜਾਂ ਦੇ ਨਾਲ-ਨਾਲ ਭਾਰਤ ਦੀ ਸਰਹੱਦ ਦਿਖਾਈ ਗਈ ਸੀ।
ਪੀਕਿੰਗ ਯੂਨੀਵਰਸਿਟੀ ਨੇ 1925 ਵਿਚ ਇਕ ਨਕਸ਼ਾ ਪ੍ਰਕਾਸ਼ਿਤ ਕੀਤਾ ਸੀ, ਜਿਸ ਵਿਚ ਚਿੰਗ ਖ਼ਾਨਦਾਨ ਹੇਠ ਭਾਵ 1911 ਤੋਂ ਪਹਿਲਾਂ, ਚੀਨ ਦਾ ਵੱਧ ਤੋਂ ਵੱਧ ਵਿਸਥਾਰ ਦਿਖਾਇਆ ਗਿਆ ਸੀ। ਇਸ ਨਕਸ਼ੇ ਅਨੁਸਾਰ ਸਿੰਕਿਆਂਗ ਵਿਚ ਲੱਦਾਖ ਦਾ ਅਕਸਾਈ ਚਿੰਨ੍ਹ ਦਾ ਇਲਾਕਾ ਸ਼ਾਮਿਲ ਨਹੀਂ ਸੀ। ਚੀਨ ਦੀ ਨਵੀਂ ਐਟਲਸ ਤੇ ਵਪਾਰਕ ਗੈਜ਼ੇਟੀਅਰ ਵਿਚ ਪੱਛਮੀ ਤਿੱਬਤ ਦੇ ਨਕਸ਼ੇ ਵਿਚ ਜਿਹੜਾ ਚੀਨ ਨੇ ਕਬਜ਼ੇ ਹੇਠਲੇ ਸਰਕਾਰੀ ਸਰਵੇਖਣਾਂ ਦੇ ਆਧਾਰ 'ਤੇ ਦਿਖਾਇਆ ਗਿਆ ਸੀ, ਲੱਦਾਖ ਦੀਆਂ ਉੱਤਰੀ ਤੇ ਪੂਰਬੀ ਸਰਹੱਦਾਂ ਲਗਪਗ ਭਾਰਤ ਦੇ ਅਨੁਕੂਲ ਸਨ। ਇਹੀ ਸਰਹੱਦ ਡਾ: ਜੋਸਫ਼ ਸ਼ਵਾਨ ਦੇ ਕੇਂਦਰੀ ਏਸ਼ੀਆ ਦੇ ਨਕਸ਼ੇ ਵਿਚ ਜਿਹੜਾ ਉਸ ਸਮੇਂ ਤੱਕ ਦੇ ਤਾਜ਼ਾ ਸਾਧਨਾਂ ਤੋਂ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਸੀ ਤੇ 1880 ਵਿਚ ਲਿਪਜ਼ਿਗ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ, ਦਿਖਾਈ ਗਈ ਸੀ।
ਲੱਦਾਖ ਦੇ ਗੁਆਂਢ ਦੇ ਭਾਰਤੀ ਪਿੰਡਾਂ ਦੇ ਲੋਕ ਅਕਸਾਈ ਚਿੰਨ੍ਹ, ਲਿੰਗਜ਼ੀਭਤਾਗ ਤੇ ਹੋਰ ਵੀ ਦੱਖਣ ਵੱਲ ਦੇ ਇਲਾਕਿਆਂ ਦੀਆਂ ਝੀਲਾਂ ਤੋਂ ਬਰਾਬਰ ਲੂਣ ਇਕੱਠਾ ਕਰਿਆ ਕਰਦੇ ਸਨ। ਇਹ ਇਲਾਕੇ ਜਿਨ੍ਹਾਂ ਉੱਤੇ ਚੀਨੀ ਦਾਅਵਾ ਕਰ ਰਹੇ ਸਨ, ਭਾਰਤੀ ਪੇਂਡੂਆਂ ਦੀਆਂ ਰਵਾਇਤੀ ਚਰਾਂਦਾਂ ਸਨ। ਇਨ੍ਹਾਂ ਇਲਾਕਿਆਂ ਵਿਚ ਸ਼ਿਕਾਰੀ ਮੁਹਿੰਮਾਂ ਲਈ ਆਗਿਆ ਪੱਤਰ ਕਸ਼ਮੀਰ ਦੇ ਅਧਿਕਾਰੀਆਂ ਵਲੋਂ ਜਾਰੀ ਕੀਤੇ ਜਾਂਦੇ ਸਨ।
ਇਤਿਹਾਸਕ ਤੇ ਮਹੱਤਵਪੂਰਨ ਇਨ੍ਹਾਂ ਘਟਨਾਵਾਂ ਤੋਂ ਇਲਾਵਾ ਲੱਦਾਖ ਤੇ ਤਿੱਬਤ ਦੀ ਸਰਹੱਦ ਦੀ ਘੱਟੋ-ਘੱਟ ਦੋ ਵਾਰ 1684 ਤੇ 1842 ਵਿਚ ਸੰਧੀਆਂ ਰਾਹੀਂ ਹੋਰ ਪੁਸ਼ਟੀ ਕੀਤੀ ਗਈ ਸੀ ਤੇ ਪ੍ਰਵਾਨਗੀ ਦਿੱਤੀ ਗਈ ਸੀ। ਸੰਨ 1684 ਦਾ ਸਮਝੌਤਾ ਜਿਸ ਉਤੇ ਤਿੱਬਤ ਤੇ ਲੱਦਾਖ ਨੇ ਦਸਤਖਤ ਕੀਤੇ ਸਨ, 18ਵੀਂ ਤੇ 19ਵੀਂ ਵਿਚ ਸਾਰਾ ਸਮਾਂ ਜਾਇਜ਼ ਤੇ ਲਾਗੂ ਰਿਹਾ। ਲੱਦਾਖ-ਤਿੱਬਤ ਦੀ ਸਰਹੱਦ ਦੀ ਪੁਸ਼ਟੀ ਕਰਨ ਲਈ ਸੰਨ 1842 ਵਿਚ ਕੀਤੇ ਗਏ ਦੂਜੇ ਸਮਝੌਤੇ ਉਤੇ ਇਕ ਪਾਸੇ ਕਸ਼ਮੀਰ ਤੇ ਲੱਦਾਖ ਦੇ ਅਤੇ ਦੂਜੇ ਪਾਸੇ ਤਿੱਬਤ ਤੇ ਚੀਨ ਨੇ ਦਸਤਖ਼ਤ ਕੀਤੇ ਸਨ। ਇਸ ਦੀ ਇਕ ਧਾਰਾ ਵਿਚ ਕਿਹਾ ਗਿਆ ਹੈ ਕਿ ਅਸੀਂ ਪੁਰਾਣੇ ਰਿਵਾਜ ਅਨੁਸਾਰ ਸਥਾਪਤ ਲੱਦਾਖ ਤੇ ਉਸ ਦੇ ਨਾਲ ਲਗਦੇ ਮਾਤਹਿਤ ਇਲਾਕਿਆਂ ਦੀਆਂ ਹੱਦਾਂ ਤੱਕ ਕੇ ਇਲਾਕਿਆਂ ਤੱਕ ਕਾਬਜ਼ ਰਹਾਂਗੇ ਤੇ ਪੁਰਾਣੀਆਂ ਮੰਨੀਆਂ-ਪ੍ਰਮੰਨੀਆਂ ਸਰਹੱਦਾਂ ਦੇ ਪਾਰ ਕੋਈ ਉਲੰਘਣਾ ਨਹੀਂ ਕੀਤੀ ਜਾਵੇਗੀ।'
ਚੀਨ ਨੇ ਪਹਿਲੀ ਵਾਰ 1959 ਵਿਚ ਲੱਦਾਖ ਦੇ ਜਿਨ੍ਹਾਂ ਇਲਾਕਿਆਂ ਉੱਤੇ ਦਾਅਵਾ ਜਤਾਇਆ ਸੀ, ਉਨ੍ਹਾਂ ਇਲਾਕਿਆਂ ਉੱਤੇ ਰਵਾਇਤ ਤੇ ਸੰਧੀ ਰਾਹੀਂ ਭਾਰਤ ਦੇ ਇਲਾਕੇ ਹੋਣ ਤੋਂ ਇਲਾਵਾ ਉਨ੍ਹਾਂ ਉੱਤੇ ਸਰਹੱਦ ਤੱਕ ਭਾਰਤੀ ਅਧਿਕਾਰੀਆਂ ਦਾ ਬਾਕਾਇਦਾ ਤੇ ਪੂਰਾ ਅਸਰਦਾਰ ਰਾਜਪ੍ਰਬੰਧ ਰਿਹਾ ਹੈ। ਜਮਾਂਬੰਦੀਆਂ ਵਿਚ ਇਨ੍ਹਾਂ ਇਲਾਕਿਆਂ ਉਤੇ ਭਾਰਤੀ ਰਾਜਪ੍ਰਬੰਧ ਦੇ ਕਾਫੀ ਸਬੂਤ ਮੌਜੂਦ ਹਨ। ਸਮੇਂ-ਸਮੇਂ ਸਰਹੱਦ ਤੱਕ ਦੀ ਵਸੋਂ ਵਾਲੇ ਇਲਾਕਿਆਂ ਤੱਕ ਲਗਾਨ ਦਾ ਬਾਕਾਇਦਾ ਅਨੁਮਾਨ ਲਾਇਆ ਜਾਂਦਾ ਰਿਹਾ ਹੈ, ਜ਼ਮੀਨਾਂ ਦਾ ਬੰਦੋਬਸਤ ਕੀਤਾ ਜਾਂਦਾ ਰਿਹਾ ਹੈ ਤੇ ਮਾਲੀਆ ਇਕੱਠਾ ਕੀਤਾ ਜਾਂਦਾ ਰਿਹਾ ਹੈ। ਜਿਨ੍ਹਾਂ ਇਲਾਕਿਆਂ ਵਿਚ ਵਸੋਂ ਨਹੀਂ ਸੀ ਜਮਾਂਬੰਦੀਆਂ ਵਿਚ ਉਹ ਵੀ ਦਿਖਾਏ ਗਏ ਸਨ, ਵੱਗਾਂ ਤੇ ਚਰਾਂਦਾਂ ਉੱਤੇ ਕਰ, ਕਾਫਲਿਆਂ ਦੇ ਰਾਹਾਂ ਅਤੇ ਆਰਾਮ ਘਰਾਂ ਉਤੇ ਕੰਟਰੋਲ ਅਤੇ ਵਪਾਰਕ ਕਸਬਿਆਂ ਦੀ ਨਿਗਰਾਨੀ 'ਤੇ ਕੰਟਰੋਲ ਦੇ ਰੂਪ ਵਿਚ ਉਨ੍ਹਾਂ ਉੱਤੇ ਵੀ ਰਾਜ ਅਧਿਕਾਰ ਦੀ ਵਰਤੋਂ ਕੀਤੀ ਜਾਂਦੀ ਸੀ। ਸੰਨ 1860-65 ਵਿਚ ਰਵਾਇਤੀ ਸਰਹੱਦ ਤੱਕ ਲਗਾਨ ਬਾਕਾਇਦਾ ਨਿਸਚਿਤ ਕੀਤਾ ਗਿਆ ਸੀ ਤੇ ਸਮੇਂ-ਸਮੇਂ ਉਸ ਨੂੰ ਦੁਹਰਾਇਆ ਗਿਆ ਸੀ।
ਵੱਖ-ਵੱਖ ਸਮਿਆਂ 'ਤੇ ਭਾਰਤ ਸਰਕਾਰ ਵਲੋਂ ਲੱਦਾਖ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜੇ ਗਏ ਸਰਵੇਖਣਕਾਰਾਂ ਦੀਆਂ ਸਰਕਾਰੀ ਰਿਪੋਰਟਾਂ, ਖੋਜਕਾਰਾਂ ਵਲੋਂ ਦੱਸੇ ਗਏ ਬ੍ਰਿਤਾਂਤਾਂ ਤੇ ਸਰਕਾਰੀ ਨਕਸ਼ਿਆਂ ਤੋਂ ਇਸ ਗੱਲ ਦੇ ਹੱਕ ਵਿਚ ਫੈਸਲਾਕੁੰਨ ਸਬੂਤ ਮਿਲ ਜਾਂਦਾ ਹੈ ਕਿ ਇਨ੍ਹਾਂ ਇਲਾਕਿਆਂ ਉਤੇ ਭਾਰਤ ਸਰਕਾਰ ਦਾ ਰਾਜ ਅਧਿਕਾਰ ਸੀ।
ਕੇਂਦਰੀ ਹਲਕਾ : ਕੇਂਦਰੀ ਹਲਕੇ ਵਿਚ ਭਾਰਤ-ਚੀਨ ਸਰਹੱਦ ਤਿੱਬਤ ਨੂੰ ਭਾਰਤ ਦੇ ਰਾਜਾਂ ਹਿਮਾਚਲ ਪ੍ਰਦੇਸ਼ ਤੇ ਉੱਤਰਾਂਚਲ (ਗੜ੍ਹਵਾਲ ਦਾ ਇਲਾਕਾ) ਤੋਂ ਵੱਖ ਕਰਦੀ ਹੈ। ਸਿਪਿਤੀਪਾਰਾ ਜਲ-ਰੇਖਾ ਦੇ ਨਾਲ-ਨਾਲ ਭਾਰਤ ਵਲੋਂ ਦੱਸੀ ਜਾਂਦੀ ਵਰਤਮਾਨ ਸਰਹੱਦ ਰਵਾਇਤੀ ਹੈ, ਮੂਰਕਰਾਫਟ (1819), ਜੀਰਾਰ (1821) ਤੇ ਥਾਮਸਹਟਨ (1838) ਵਰਗੇ ਯਾਤਰੀਆਂ ਨੇ ਪੁਸ਼ਟੀ ਕੀਤੀ ਹੈ।
ਸਾਹਿਤਕ ਤੇ ਇਤਿਹਾਸਕ ਸਾਧਨਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਸਤਲੁਜ-ਗੰਗਾ ਜਲ-ਰੇਖਾ ਗੜ੍ਹਵਾਲ ਦੇ ਇਲਾਕੇ ਵਿਚ ਭਾਰਤ ਤੇ ਤਿੱਬਤ ਵਿਚਕਾਰ ਰਵਾਇਤੀ ਸਰਹੱਦ ਰਹੀ ਹੈ। ਇਕ ਪ੍ਰਾਚੀਨ ਹਿੰਦੂ ਸ਼ਾਸਤਰ ਸਕੰਦ ਪੁਰਾਣ ਵਿਚ ਜ਼ਿਕਰ ਆਉਂਦਾ ਹੈ ਕਿ ਗੰਗਾ ਦੀਆਂ ਸਾਰੀਆਂ ਸਹਾਇਕ ਨਦੀਆਂ ਕੇਦਾਰ ਖੇਤਰ ਵਿਚ ਹਨ। ਪ੍ਰਸਿੱਧ ਚੀਨੀ ਯਾਤਰੀ ਹਿਊਨ ਸਾਂਗ ਜਿਹੜਾ 640 ਈਸਵੀ ਨੂੰ ਭਾਰਤ ਆਇਆ ਸੀ, ਨੇ ਦੇਖਿਆ ਕਿ ਗੜ੍ਹਵਾਲ ਤੇ ਕਮਾਊਂ ਦੇ ਕਟਯੂਰੀ ਰਾਜਿਆਂ ਦੀਆਂ ਤਾਂਬੇ ਦੀਆਂ ਸਿੱਲਾਂ ਉਤੇ ਉਕਰੀਆਂ ਲਿਖਤਾਂ ਤੋਂ ਸਾਬਤ ਹੁੰਦਾ ਹੈ ਕਿ ਗੜ੍ਹਵਾਲ ਦਾ ਹਿੰਦੂ ਰਾਜ ਐਨ ਸਤਲੁਜ-ਗੰਗਾ ਜਲ ਰੇਖਾ ਤੱਕ ਫੈਲਿਆ ਹੋਇਆ ਸੀ।
ਜੂਲਜ ਕਲਾਪਰੋਥ ਵਲੋਂ ਪੈਰਿਸ ਵਿਚ 1836 ਈ: ਨੂੰ ਛਾਪੇ ਗਏ ਕੇਂਦਰੀ ਏਸ਼ੀਆ ਦੇ ਪ੍ਰਸਿੱਧ ਨਕਸ਼ੇ ਤੇ ਜੋਸਫ਼ ਸਵਾਨ ਵਲੋਂ ਤਿਆਰ ਕੀਤੇ ਗਏ ਕੇਂਦਰੀ ਏਸ਼ੀਆ ਦੇ ਨਕਸ਼ੇ ਤੋਂ ਜਿਹੜਾ 1880 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ, ਜਲ ਰੇਖਾ ਦੇ ਨਾਲ-ਨਾਲ ਸਰਹੱਦ ਦਿਖਾਈ ਗਈ ਹੈ। ਸਿਪਿਤੀ ਵਿਚ ਅਖੀਰ ਜਲ-ਰੇਖਾ ਤੱਕ ਦਾ ਇਲਾਕਾ 1851 ਤੋਂ ਅੰਗਰੇਜ਼ ਭਾਰਤੀ ਲਗਾਨੀ ਬੰਦੋਬਸਤ ਵਿਚ ਸ਼ਾਮਿਲ ਕੀਤਾ ਗਿਆ ਸੀ ਤੇ 1850, 1879 ਤੇ ਉਸ ਤੋਂ ਬਾਅਦ ਦੇ ਸਾਲਾਂ ਵਿਚ ਇਸ ਇਲਾਕੇ ਦਾ ਭੂਗੋਲਿਕ ਸਰਵੇਖਣ ਕੀਤਾ ਗਿਆ ਸੀ। ਦੱਖਣ ਵੱਲ, ਸਿਖਰ ਸ਼ਿਪਕੀ ਦੱਰੇ ਤੱਕ ਦਾ ਇਲਾਕਾ ਹਮੇਸ਼ਾ ਨਾਮਗੀਆਂ ਦੇ ਭਾਰਤੀ ਪਿੰਡ ਵਿਚ ਸ਼ਾਮਿਲ ਰਿਹਾ ਹੈ ਤੇ ਇਸ ਦਾ 1882, 1897 ਤੇ 1920 ਵਿਚ ਸਰਵੇਖਣ ਕੀਤਾ ਗਿਆ ਸੀ। ਲੰਮੇ ਸਮੇਂ ਤੋਂ ਭਾਰਤ ਸਰਕਾਰ ਸਿਖਰ ਸ਼ਿਪਕੀ ਦੱਰੇ ਤੱਕ ਭਾਰਤ-ਤਿੱਬਤ ਸੜਕ ਦੀ ਦੇਖ-ਭਾਲ ਕਰਦੀ ਰਹੀ ਹੈ।
ਸਤਲੁਜ-ਗੰਗਾ ਜਲ ਰੇਖਾ ਤੱਕ ਗੜ੍ਹਵਾਲ ਦੇ ਸਰਹੱਦੀ ਇਲਾਕੇ 1815, 1842, 1856, 1896 ਤੇ 1920 ਦੇ ਬੰਦੋਬਸਤ ਵਿਚ ਸ਼ਾਮਿਲ ਸਨ। ਸਰਕਾਰੀ ਸਰਵੇਖਣ ਪਾਰਟੀਆਂ ਨੇ ਉਨ੍ਹਾਂ ਦਾ ਭੂਗੋਲਿਕ ਸਰਵੇਖਣ ਵੀ ਕੀਤਾ ਸੀ।
ਪੂਰਬੀ ਹਲਕਾ : ਭਾਰਤ ਦੀ ਉੱਤਰ-ਪੂਰਬੀ ਸਰਹੱਦ (ਨੇਫਾ) ਹਿਮਾਲਿਆ ਦੀਆਂ ਉਨ੍ਹਾਂ ਸਿਖਰਾਂ ਦੇ ਨਾਲ-ਨਾਲ ਚਲਦੀ ਹੈ, ਜਿਨ੍ਹਾਂ ਨਾਲ ਏਸੇ ਬ੍ਰਹਮ ਪੁੱਤਰ ਦੀ ਉੱਤਰੀ ਜਲ ਰੇਖਾ ਬਣਦੀ ਹੈ, ਸਿਵਾਏ ਉਨ੍ਹਾਂ ਥਾਵਾਂ ਦੇ ਜਿਥੇ ਲੋਹਿਟ, ਡੀਹਾਂਗ, ਸੁਬਾਨਸਿਰੀ ਤੇ ਨਯਾਮਜੰਗ ਨਦੀਆਂ ਆਰ-ਪਾਰ ਵਹਿੰਦੀਆਂ ਹਨ। ਇਹ ਜਲ-ਰੇਖਾ ਕੁਦਰਤ ਦੀ ਇਕ ਸ਼ਾਨਦਾਰ ਦੀਵਾਰ ਹੈ। ਜਿਹੜੀ ਭਾਰਤ-ਚੀਨ ਜਲ ਰੇਖਾ ਸਰਹੱਦ ਦੇ ਦਰਮਿਆਨੀ ਤੇ ਪੱਛਮੀ ਹਲਕਿਆਂ ਦੇ ਮੁਕਾਬਲੇ ਉੱਚੀ ਹੈ। ਰਿਵਾਇਤੀ ਸਰਹੱਦ ਹਿਮਾਲਿਆ ਦੀਆਂ ਚੋਟੀਆਂ ਦੇ ਨਾਲ-ਨਾਲ ਚਲਦੀ ਹੈ।
ਚੀਨੀਆਂ ਦੇ ਤੇ ਹੋਰਨਾਂ ਗ਼ੈਰ-ਸਰਕਾਰੀ ਨਕਸ਼ਿਆਂ ਤੋਂ ਸਾਬਤ ਹੁੰਦਾ ਹੈ ਕਿ ਭਾਰਤੀ ਸਰਹੱਦ ਦਾ ਆਧਾਰ ਰਵਾਇਤੀ ਹੈ। ਚੀਨੀ ਸਮਰਾਟ, ਕਾਂਗ ਹੀ ਦੇ ਹੁਕਮਾਂ ਨਾਲ 1711 ਤੇ 1717 ਦੇ ਵਿਚਕਾਰ ਕੁਝ ਈਸਾਈ ਪ੍ਰਚਾਰਕਾਂ ਤੇ ਲਾਮਿਆਂ ਵਲੋਂ ਤਿਆਰ ਕੀਤੇ ਗਏ ਇਕ ਨਕਸ਼ੇ ਵਿਚ ਤੇ ਨਵੰਬਰ 1925 ਵਿਚ ਪੀਕਿੰਗ ਯੂਨੀਵਰਸਿਟੀ ਵਲੋਂ ਛਾਪੇ ਗਏ ਇਕ ਨਕਸ਼ੇ ਵਿਚ ਭਾਰਤ ਦੀ ਸਰਹੱਦ ਉਹੀ ਦਿਖਾਈ ਗਈ ਹੈ, ਜਿਹੜੀ ਭਾਰਤ ਅੱਜਕਲ੍ਹ ਦੱਸਦਾ ਹੈ।
ਪੂਰਬੀ ਹਲਕੇ ਵਿਚ ਭਾਰਤ ਦੀ ਸਰਹੱਦ ਤੱਕ ਦਾ ਸਾਰਾ ਕਬਾਇਲੀ ਇਲਾਕਾ ਬਰਾਬਰ ਅਹੌਮ ਰਾਜਿਆਂ ਦੇ ਮਗਰੋਂ ਭਾਰਤ ਦੀ ਅੰਗਰੇਜ਼ੀ ਸਰਕਾਰ ਦੇ ਰਾਜ ਪ੍ਰਬੰਧ ਹੇਠ ਰਿਹਾ ਹੈ।
ਮੈਕਮੋਹਨ ਰੇਖਾ : ਭਾਰਤ ਦੀ ਉੱਤਰ-ਪੂਰਬੀ ਸਰਹੱਦੀ ਏਜੰਸੀ (ਨੇਫਾ) ਤੇ ਚੀਨ ਦੇ ਤਿੱਬਤ ਦੇ ਹਲਕੇ ਵਿਚਕਾਰ ਸਰਹੱਦ ਨੂੰ ਕਈ ਵਾਰ ਮੈਕਮੋਹਨ ਰੇਖਾ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਸਰ ਹੈਨਰੀ ਮੈਕਮੋਹਨ, 1914 ਵਿਚ ਉਸ ਸਮੇਂ ਦੀ ਅੰਗਰੇਜ਼ੀ ਭਾਰਤ ਸਰਕਾਰ, ਚੀਨ ਤੇ ਤਿੱਬਤ ਵਿਚਕਾਰ ਸ਼ਿਮਲੇ ਵਿਚ ਹੋਈ ਕਾਨਫਰੰਸ ਵਿਚ ਮੁੱਖ ਬਰਤਾਨਵੀ ਪ੍ਰਤੀਨਿਧ ਸੀ। ਭਾਰਤ ਤੇ ਤਿੱਬਤ 24 ਮਾਰਚ, 1914 ਈ: ਨੂੰ ਇਸ ਰੇਖਾ ਬਾਰੇ ਸਹਿਮਤ ਹੋਏ ਸਨ ਤੇ ਇਸ ਸਮਝੌਤੇ ਦੇ ਮਸੌਦੇ ਨਾਲ ਲਾਏ ਗਏ ਇਕ ਨਕਸ਼ੇ ਵਿਚ ਵੀ ਇਹ ਰੇਖਾ ਦਿਖਾਈ ਗਈ ਸੀ। ਇਸ ਨਕਸ਼ੇ ਉੱਤੇ ਭਾਰਤ, ਚੀਨ ਤੇ ਤਿੱਬਤ ਦੇ ਸਰਵ-ਅਧਿਕਾਰੀ ਪ੍ਰਤੀਨਿਧਾਂ ਨੇ ਦਸਤਖਤ ਕੀਤੇ ਸਨ।
ਚੀਨ ਨੇ ਕਿਹਾ ਕਿ ਮੈਕਮੋਹਨ ਰੇਖਾ 'ਗ਼ੈਰ-ਕਾਨੂੰਨੀ' ਹੈ। ਉਸ ਨੇ ਕਿਹਾ ਕਿ ਚੀਨ ਨੇ ਕਦੇ ਸ਼ਿਮਲੇ ਦੇ ਸਮਝੌਤੇ ਨੂੰ ਨਹੀਂ ਮੰਨਿਆ ਤੇ ਤਿੱਬਤ ਨੂੰ ਭਾਰਤ ਨਾਲ ਸਮਝੌਤਾ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਚੀਨ ਦਾ ਮੈਕਮੋਹਨ ਰੇਖਾ ਨੂੰ ਗ਼ੈਰ-ਕਾਨੂੰਨੀ ਤੇ ਫੇਰ ਨੇਫਾ ਵਿਚ ਭਾਰਤ ਦੇ 32,000 ਵਰਗ ਮੀਲ ਇਲਾਕੇ ਉੱਤੇ ਦਾਅਵਾ ਕਰ ਦੇਣਾ, ਮੌਕਾਪ੍ਰਸਤੀ ਸੀ। ਚੀਨ ਦਾ ਵਪਾਰ ਵੀ ਆਪਣੀ ਕਿਸਮ ਦਾ ਹੈ ਕਿਉਂਕਿ ਹੋਰ ਥਾਂ ਬਰਮਾ ਵਿਚ ਚੀਨ ਨੇ ਮੈਕਮੋਹਨ ਰੇਖਾ ਨੂੰ ਮੰਨ ਲਿਆ ਸੀ।
ਮੈਕਮੋਹਨ ਰੇਖਾ ਦਾ ਇਕ ਬਰਮੀ ਹਿੱਸਾ ਵੀ ਹੈ। ਸ਼ਿਮਲਾ ਕਾਨਫਰੰਸ ਦੇ ਸਮੇਂ ਤੋਂ 1935 ਤੱਕ ਬਰਤਾਨੀਆ ਵਲੋਂ ਬਰਮਾ ਅਤੇ ਭਾਰਤ ਦਾ ਰਾਜ ਪ੍ਰਬੰਧ ਇਕੱਠਿਆਂ ਚਲਾਇਆ ਜਾਂਦਾ ਸੀ। ਚੀਨ ਨੇ ਮਾੜੀ ਜਿੰਨੀ ਵੀ ਤਬਦੀਲੀ ਤੋਂ ਬਿਨਾਂ ਮੈਕਮੋਹਨ ਰੇਖਾ ਦੇ ਬਰਮੀ ਹਿੱਸੇ ਨੂੰ ਸਵੀਕਾਰ ਕਰਕੇ ਇਸ ਨੂੰ ਰਵਾਇਤੀ ਤੇ ਰਿਵਾਜੀ ਸਰਹੱਦ ਮੰਨ ਲਿਆ ਸੀ। ਬਰਮਾ ਵਿਚ ਚੀਨ ਵਲੋਂ ਮੈਕਮੋਹਨ ਰੇਖਾ ਦੀ ਪ੍ਰਵਾਨਗੀ ਚੀਨ ਤੇ ਬਰਮਾ ਦੇ ਸਮਝੌਤੇ ਵਿਚ ਸ਼ਾਮਿਲ ਹੈ, ਜਿਸ ਉਤੇ ਜਨਵਰੀ 1960 ਵਿਚ ਦਸਤਖਤ ਕੀਤੇ ਗਏ ਸਨ।
ਪੰਚਸ਼ੀਲ ਦਾ ਸਮਝੌਤਾ : ਤਿੱਬਤ ਤੇ ਭਾਰਤ ਵਿਚਕਾਰ 29 ਅਪ੍ਰੈਲ, 1954 ਈ: ਨੂੰ ਵਪਾਰ ਤੇ ਆਵਾਜਾਈ ਬਾਰੇ ਇਕ ਸਮਝੌਤੇ ਉੱਤੇ ਦਸਤਖਤ ਹੋਏ ਸਨ, ਜਿਸ ਦੀ 3 ਜੂਨ 1954 ਈ: ਨੂੰ ਪੁਸ਼ਟੀ ਕੀਤੀ ਗਈ ਸੀ। ਇਸ ਸਮਝੌਤੇ ਅਧੀਨ ਭਾਰਤ ਨੇ ਉਹ ਸਾਰੇ ਅਧਿਕਾਰ ਤੇ ਰਿਆਇਤਾਂ ਛੱਡ ਦਿੱਤੀਆਂ ਜਿਹੜੀਆਂ ਭਾਰਤ ਦੀ ਅੰਗਰੇਜ਼ੀ ਸਰਕਾਰ ਨੂੰ ਉਸ ਦੇ ਇਲਾਕੇ ਤੋਂ ਬਾਹਰ ਪ੍ਰਾਪਤ ਸਨ ਤੇ ਭਾਰਤ ਨੇ ਤਿੱਬਤ ਨੂੰ ਚੀਨ ਦਾ ਇਕ ਹਲਕਾ ਮੰਨ ਲਿਆ। ਸਮਝੌਤੇ ਵਿਚ ਵਪਾਰਕ ਏਜੰਸੀਆਂ, ਮੰਡੀਆਂ ਤੇ ਯਾਤਰਾ ਦੇ ਰਸਤੇ ਮਿਥ ਦਿੱਤੇ ਗਏ ਅਤੇ ਭਾਰਤ ਤੇ ਤਿੱਬਤ ਦੀ ਸਾਂਝੀ ਸਰਹੱਦ ਦੇ ਆਰ-ਪਾਰ ਵਪਾਰ, ਆਵਾਜਾਈ ਲਈ ਨਿਯਮ ਬਣਾ ਦਿੱਤੇ ਗਏ।
ਸਮਝੌਤੇ ਦੇ ਮੁੱਖਬੰਧ ਵਿਚ ਦੋਵਾਂ ਦੇਸ਼ਾਂ ਨੇ ਦ੍ਰਿੜ੍ਹਾਇਆ ਕਿ ਉਹ ਸ਼ਾਂਤੀਪੂਰਵਕ ਸਹਿਹੋਂਦ ਦੇ ਪੰਜ ਅਸੂਲਾਂ (ਪੰਚਸ਼ੀਲ) ਦੀ ਪਾਲਣਾ ਕਰਨਗੇ। ਇਹ ਅਸੂਲ ਸਨ, ਇਕ ਦੂਜੇ ਦੀ ਇਲਾਕਾਈ ਸਲਾਮਤੀ ਤੇ ਖੁਦਮੁਖਤਾਰੀ ਦਾ ਸਤਿਕਾਰ, ਇਕ-ਦੂਜੇ ਉੱਤੇ ਹਮਲਾ ਨਾ ਕਰਨਾ, ਇਕ ਦੂਜੇ ਦੇ ਅੰਦਰਲੇ ਮਾਮਲਿਆਂ ਵਿਚ ਦਖਲ ਨਾ ਦੇਣਾ, ਬਰਾਬਰੀ ਦੇ ਪ੍ਰਸਪਰ ਲਾਭ ਤੇ ਸ਼ਾਂਤੀਪੂਰਵਕ ਸਹਿਹੋਂਦ।
ਤਿੱਬਤ ਤੇ ਭਾਰਤ ਵਿਚਕਾਰ ਵਪਾਰ ਤੇ ਆਵਾਜਾਈ ਬਾਰੇ 1954 ਦਾ ਸਮਝੌਤਾ 2 ਜੂਨ, 1962 ਨੂੰ ਉਸ ਸਮੇਂ ਖਤਮ ਹੋਇਆ ਜਦੋਂ ਚੀਨ ਨੇ ਧੋਖੇ ਭਰੇ ਵਿਹਾਰ ਦੇ ਫਲਸਰੂਪ ਇਸ ਸਮਝੌਤੇ ਵਿਚ ਸ਼ਾਮਿਲ ਕੀਤੇ ਗਏ ਮਹਾਨ ਅਸੂਲ, ਭਾਰਤ-ਚੀਨ ਸਰਹੱਦ ਉੱਤੇ ਲੀਰੋ-ਲੀਰ ਕਰ ਦਿੱਤੇ।
ਭਾਰਤ ਸਰਕਾਰ ਨੇ ਚੀਨ ਤੇ ਭਾਰਤ ਦਾ ਝਗੜਾ ਸ਼ਾਂਤੀਪੂਰਵਕ ਨਿਪਟਾਉਣ ਦੇ ਆਪਣੇ ਯਤਨ ਜਾਰੀ ਰੱਖਦਿਆਂ 22 ਅਗਸਤ, 1962 ਈ: ਨੂੰ ਚੀਨ ਸਰਕਾਰ ਅੱਗੇ ਤਜਵੀਜ਼ ਰੱਖੀ ਕਿ ਦੋਵੇਂ ਧਿਰਾਂ ਲੱਦਾਖ ਵਿਚ (ਜਿਥੇ ਚੀਨ ਨੇ ਤਾਕਤ ਰਾਹੀਂ ਭਾਰਤ ਦੇ 12 ਹਜ਼ਾਰ ਵਰਗ ਮੀਲ ਇਲਾਕੇ ਉਤੇ ਕਬਜ਼ਾ ਕਰ ਲਿਆ ਸੀ) ਜਿਉਂ ਦੀ ਤਿਉਂ ਹਾਲਤ ਬਹਾਲ ਕਰਨ ਦੇ ਢੰਗਾਂ-ਤਰੀਕਿਆਂ 'ਤੇ ਵਿਚਾਰ ਕਰਨ ਤਾਂ ਜੋ ਸਰਹੱਦ ਦਾ ਮਸਲਾ ਹੱਲ ਕਰਨ ਲਈ ਹੋਰ ਗੱਲਬਾਤ ਕੀਤੀ ਜਾ ਸਕੇ। ਪਰ ਚੀਨ ਤਾਂ ਕੋਈ ਹੋਰ ਹੀ ਢੰਗ-ਤਰੀਕੇ ਲੱਭ ਰਿਹਾ ਸੀ।
ਚੀਨੀ ਫ਼ੌਜਾਂ ਪਹਿਲੀ ਵਾਰ ਭਾਰਤ ਦੀ ਉੱਤਰ ਪੂਰਬੀ ਸਰਹੱਦ ਦੇ 8 ਸਤੰਬਰ, 1962 ਨੂੰ ਪਾਰ ਆ ਗਈਆਂ ਤੇ ਉਨ੍ਹਾਂ ਇਸ ਇਲਾਕੇ ਵਿਚ ਭਾਰਤ ਦੀਆਂ ਸਰਹੱਦੀ ਚੌਕੀਆਂ ਵਿਚੋਂ ਇਕ ਉਤੇ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਇਕ ਪ੍ਰੈੱਸ ਕਾਨਫਰੰਸ ਵਿਚ ਬੋਲਦਿਆਂ ਸ੍ਰੀ ਚਾਉ ਐਨ ਲਾਈ ਨੇ 25 ਅਪ੍ਰੈਲ 1960 ਈ: ਨੂੰ ਕਿਹਾ ਸੀ ਕਿ 'ਅਸੀਂ ਸਰਹੱਦ ਦੇ ਉਸ ਹਲਕੇ (ਪੂਰਬੀ ਹਲਕੇ) ਵਿਚ ਅੱਜਕਲ੍ਹ ਦੀ ਹਾਲਤ ਕਾਇਮ ਰੱਖਣ ਲਈ ਤਿਆਰ ਹਾਂ, ਅਸੀਂ ਮੈਕਮੋਹਨ ਰੇਖਾ ਨੂੰ ਨਹੀਂ ਟੱਪਾਂਗੇ।'
ਬਿਨਾਂ ਕਿਸੇ ਭੜਕਾਹਟ ਦੇ ਕੀਤੇ ਗਏ ਇਸ ਹਮਲੇ ਦੇ ਬਾਵਜੂਦ ਭਾਰਤ ਨੇ ਚੀਨ ਨਾਲ ਦਲੀਲ ਰਾਹੀਂ ਗੱਲਬਾਤ ਜਾਰੀ ਰੱਖੀ ਤਾਂ ਜੋ ਚੀਨ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਆਪਣੇ ਪਾਸੇ ਵੱਲ ਵਾਪਸ ਚਲੇ ਜਾਣ ਲਈ ਪ੍ਰੇਰਿਆ ਜਾ ਸਕੇ। ਭਾਰਤ ਨੇ 6 ਅਕਤੂਬਰ, 1962 ਈ: ਨੂੰ ਲਿਖਿਆ ਕਿ ਚੀਨ ਨਵੇਂ ਹਮਲੇ ਨਾਲ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਵਿਚਾਰ ਕਰੇ ਤਾਂ ਜੋ ਸਰਹੱਦ ਉਤੇ ਖਿਚਾਅ ਘੱਟ ਕਰਨ ਲਈ ਗੱਲਬਾਤ ਅੱਗੇ ਤੋਰੀ ਜਾ ਸਕੇ। ਪਰ 14 ਦਿਨ ਮਗਰੋਂ ਜੋ ਕੁਝ ਹੋਇਆ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਚੀਨ ਨੇ 20 ਅਕਤੂਬਰ, 1962 ਨੂੰ ਉੱਤਰ ਪੂਰਬ ਤੇ ਲੱਦਾਖ ਵਿਚ ਨਾਲੋ-ਨਾਲ ਭਾਰਤ ਉੱਤੇ ਭਾਰੀ ਹਮਲਾ ਕਰ ਦਿੱਤਾ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 98155-33725.


ਖ਼ਬਰ ਸ਼ੇਅਰ ਕਰੋ

ਮਹਾਰਾਜਾ ਰਣਜੀਤ ਸਿੰਘ ਦੀ ਧਾਰਮਿਕ ਉਦਾਰਤਾ ਦੀ ਨੀਤੀ ਪ੍ਰਤੀ ਇਤਿਹਾਸਕਾਰਾਂ ਦੇ ਵਿਚਾਰ

19ਵੀਂ ਸਦੀ ਦੇ ਸ਼ੁਰੂ ਵਿਚ ਭਾਰਤ ਦੇ ਪੱਛਮੀ ਦਰਵਾਜ਼ੇ ਭਾਵ ਪੰਜਾਬ ਵਿਚ ਬਾਰਾਂ ਮਿਸਲਾਂ ਵਿਚੋਂ ਨਿਖਰ ਕੇ ਸ਼ੁਕਰਚੱਕੀਆ ਮਿਸਲ ਦੇੇ ਸਰਦਾਰ ਰਣਜੀਤ ਸਿੰਘ ਦੀ ਸ਼ਕਤੀ ਦਾ ਉਭਾਰ ਹੋਇਆ ਜਿਸ ਨੇ 1799 ਤੋਂ ਲੈ ਕੇ ਇਕ ਵਿਲੱਖਣ ਤੇ ਸੰਗਠਿਤ ਰਾਜ ਪ੍ਰਦਾਨ ਕੀਤਾ, ਜਿਸ ਨਾਲ ਇਥੋਂ ਦੇ ਲੋਕਾਂ ਨੂੰ ਇਕ ਸ਼ਾਂਤ, ਨਿਆਂਪੂਰਕ ਅਤੇ ਕੁਸ਼ਲ ਰਾਜ ਪ੍ਰਬੰਧ ਮਿਲਿਆ।
ਕਈ ਇਤਿਹਾਸਕਾਰ ਅਤੇ ਲੇਖਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਦੀਆਂ ਮਹਾਨ ਹਸਤੀਆਂ ਨਾਲ ਤੁਲਨਾਇਆ ਹੈ ਜਿਵੇਂ ਕਿ ਸ਼ਾਹਮਤ ਅਲੀ ਰਣਜੀਤ ਸਿੰਘ ਨੂੰ ਮਹਿਮਤ ਅਲੀ ਅਤੇ ਯਾਕਮੋ ਉਸ ਨੂੰ ਛੋਟਾ ਨੈਪੋਲੀਅਨ ਆਖਦਾ ਹੈ। ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਵਿਚ ਉਹ ਦੋਵਾਂ ਨਾਲ ਰਲਦਾ ਹੈ। ਪਰ ਜੇ ਉਹਦੇ ਹਾਲਾਤ ਅਤੇ ਦਰਜੇ ਨੂੰ ਵੇਖ ਕੇ ਉਸ ਦੇ ਚਰਿੱਤਰ ਦਾ ਅੰਦਾਜ਼ਾ ਲਗਾਇਆ ਜਾਏ ਤਾਂ ਸ਼ਾਇਦ ਉਹ ਦੋਹਾਂ ਨਾਲੋਂ ਜ਼ਿਆਦਾ ਉੱਚਾ ਹੈ।
ਕੈਪਟਨ ਮਰੇ ਅਨੁਸਾਰ, ਜਿਸ ਵੇਲੇ ਅਸੀਂ ਇਕ ਐਸੇ ਆਦਮੀ ਦੇ ਜੀਵਨ ਵੱਲ ਗਹੁ ਕਰਦੇ ਹਾਂ ਜਿਸ ਨੇ ਏਨੀਆਂ ਜ਼ਿਆਦਾ ਮੁਸ਼ਕਿਲਾਂ ਵਿਚ ਏਨੀ ਘੱਟ ਸਖ਼ਤੀ ਨਾਲ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਵਿਚ ਇਕ ਸਿੱਧੇ ਸਾਦੇ ਸਰਦਾਰ ਤੋਂ ਉੱਠ ਕੇ ਆਪ ਨੂੰ ਏਨੀ ਵੱਡੀ ਆਜ਼ਾਦ ਹਕੂਮਤ ਦਾ ਬਾਦਸ਼ਾਹ ਬਣਾਇਆ ਹੈ, ਜਿਹੜੀ ਕਿ ਇਕੱਲੀ ਹੀ ਹਿੰਦੁਸਤਾਨ 'ਤੇ ਐਸੀ ਹਕੂਮਤ ਹੈ ਜੋ ਅੰਗਰੇਜ਼ਾਂ ਦੇ ਅਧੀਨ ਨਹੀਂ ਰਹੀ ਤਾਂ ਸਾਡੇ ਲਈ ਉਸ ਦੀ ਉਸਤਤ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ।
ਉਸ ਨੇ ਆਪਣੀ ਪ੍ਰਜਾ ਨੂੰ ਧਿਆਨ ਵਿਚ ਰੱਖਦੇ ਹੋਏ ਸਰਬ ਧਰਮ ਨੀਤੀ ਨੂੰ ਆਪਣੇ ਰਾਜ ਦੀ ਨੀਤੀ ਬਣਾਇਆ ਅਤੇ ਦੂਸਰੇ ਧਰਮ ਦੇ ਹਿਤਾਂ ਵੱਲ ਵੀ ਢੁਕਵਾਂ ਧਿਆਨ ਦਿੱਤਾ, ਜਿਸ ਬਾਰੇ ਵੱਖ-ਵੱਖ ਇਤਿਹਾਸਕਾਰਾਂ ਨੇ ਆਪਣੀਆਂ ਲਿਖਤਾਂ ਵਿਚ ਜ਼ਿਕਰ ਕੀਤਾ। ਜਿਵੇਂ ਕਿ ਡਾ: ਭਗਤ ਸਿੰਘ ਨੇ ਆਪਣੀ ਕਿਤਾਬ, 'ਮਹਾਰਾਜਾ ਰਣਜੀਤ ਸਿੰਘ' ਵਿਚ ਲਿਖਿਆ ਹੈ ਕਿ ਅਜਿਹਾ ਲਗਦਾ ਹੈ ਕਿ ਲਾਹੌਰ ਦਰਬਾਰ ਵਿਚ ਸਭ ਤੋਂ ਉੱਚੇ ਅਹੁਦਿਆਂ 'ਤੇ ਗ਼ੈਰ-ਸਿੱਖਾਂ ਦੀ ਗਿਣਤੀ ਸਿੱਖਾਂ ਦੀ ਗਿਣਤੀ ਨਾਲੋਂ ਜ਼ਿਆਦਾ ਸੀ। ਬੀ. ਜੇ. ਹਸਰਤ ਜਿਸ ਨੇ 'ਲਾਈਫ ਐਂਡ ਟਾਈਮਜ਼ ਆਫ਼ ਮਹਾਰਾਜਾ ਰਣਜੀਤ ਸਿੰਘ' ਨਾਂਅ ਦੀ ਕਿਤਾਬ ਲਿਖੀ, ਉਸ ਅਨੁਸਾਰ ਭਾਵੇਂ ਰਣਜੀਤ ਸਿੰਘ ਦੇ ਸਿੱਖ ਰਾਜਤੰਤਰ ਵਿਚ ਈਸ਼ਵਰ ਸਹਾਇਤਾ (ਅਕਾਲ ਸਹਾਇ) ਨਾਲ ਸਭ ਕੁਝ ਖ਼ਾਲਸਾ ਲਈ ਕੀਤਾ ਗਿਆ, ਫਿਰ ਵੀ ਇਸ ਦਾ ਮੁੱਖ ਗੁਣ ਧਾਰਮਿਕ ਉਦਾਰਤਾ ਅਤੇ ਅਸਲੀ ਰੂਪ ਵਿਚ ਇਸ ਦੀ ਕੁਸ਼ਲਤਾ ਸੀ। 'ਤਾਰੀਖ਼-ਏ-ਪੰਜਾਬ' ਦਾ ਲੇਖਕ ਕਨ੍ਹੱਈਆ ਲਾਲ ਲਿਖਦਾ ਹੈ ਕਿ ਪਿਸ਼ਾਵਰ ਦੀ ਜਿੱਤ ਤੋਂ ਬਾਅਦ ਲਾਹੌਰ ਅਤੇ ਅੰਮ੍ਰਿਤਸਰ ਸ਼ਹਿਰਾਂ ਵਿਚ ਦੀਪਮਾਲਾ ਕਰਵਾਈ। ਸ੍ਰੀ ਹਰਿਮੰਦਰ ਸਾਹਿਬ ਨੂੰ ਭਾਰੀ ਰਕਮ ਭੇਟ ਕੀਤੀ। ਇਸ ਦੇ ਨਾਲ ਹਿੰਦੂ ਅਤੇ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ 'ਤੇ ਜਾ ਕੇ ਬਹੁਤ ਸਾਰਾ ਰੁਪਈਆ ਭੇਟ ਕੀਤਾ। ਗਿਆਨੀ ਗਿਆਨ ਸਿੰਘ, 'ਤਵਾਰੀਖ ਗੁਰੂ ਖ਼ਾਲਸਾ ਭਾਗ ਦੂਜਾ' ਵਿਚ ਦੱਸਦਾ ਹੈ ਕਿ ਭਾਵੇਂ ਮਹਾਰਾਜਾ ਰਣਜੀਤ ਸਿੰਘ ਆਪਣੇ ਸਿੱਖੀ ਧਰਮ ਵਿਚ ਬੜਾ ਹੀ ਪੱਕਾ ਸੀ ਕਿੰਤੂ ਹੱਠ-ਧਰਮੀ ਉੱਕਾ ਹੀ ਨਹੀਂ ਸੀ। ਮੁਸਲਮਾਨ ਤੇ ਹਿੰਦੂ ਸਾਰਿਆਂ ਨੂੰ ਇਕ ਅੱਖ ਨਾਲ ਦੇਖਦਾ ਸੀ।
ਰਣਜੀਤ ਸਿੰਘ ਦੀ ਧਰਮ-ਨਿਰਪੱਖ ਨੀਤੀ ਦਾ ਇਤਿਹਾਸਕ ਪਿਛੋਕੜ ਅਤਿ ਮਹੱਤਵਪੂਰਨ ਹੈ। ਉਸ ਦੀ ਰਾਜ ਪ੍ਰਣਾਲੀ ਦਾ ਸਰੂਪ ਸਿੱਖ ਗੁਰੂ ਸਾਹਿਬਾਂ ਦੀ ਸੋਚ, ਵਿਚਾਰ ਤੇ ਸੁਚੱਜੇ ਕਾਰਜਾਂ ਦੀ ਹੀ ਉਪਜ ਸੀ। ਮਹਾਰਾਜਾ ਦੀ ਧਰਮ-ਨਿਰਪੱਖ ਨੀਤੀ ਦਾ ਮੂਲ ਇਤਿਹਾਸਿਕ ਕਾਰਨ ਵੀ ਗੁਰੂ ਸਾਹਿਬਾਂ ਦੇ ਉੱਤਮ ਉਪਦੇਸ਼ਾਂ ਤੇ ਸਮਾਜਿਕ ਸੁਧਾਰਾਂ ਵਿਚ ਵੇਖਿਆ ਜਾ ਸਕਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਗੁਰੂ ਸਾਹਿਬਾਨ ਦੇ ਉਪਦੇਸ਼ਾਂ, ਗੁਰੂ ਗ੍ਰੰਥ ਸਾਹਿਬ ਅਤੇ ਖ਼ਾਲਸਾ ਉੱਤੇ ਦ੍ਰਿੜ੍ਹ ਵਿਸ਼ਵਾਸ ਸੀ ਅਤੇ ਇਨ੍ਹਾਂ ਦੇ ਉਦਾਰ ਸਿਧਾਂਤਾਂ ਦਾ ਉਸ ਦੀ ਨੀਤੀ ਉੱਤੇ ਪ੍ਰਭਾਵ ਪੈਣਾ ਸੁਭਾਵਿਕ ਹੀ ਸੀ। ਫ਼ੌਜਾ ਸਿੰਘ ਆਪਣੀ ਪੁਸਤਕ 'ਸਮ ਆਸਪੈਕਟਸ ਆਫ਼ ਸਟੇਟ ਐਂਡ ਸੁਸਾਇਟੀ' ਵਿਚ ਲਿਖਦਾ ਹੈ ਕਿ, ਪੰਜਾਬੀ ਸੰਸਕ੍ਰਿਤੀ ਨੇ ਰਣਜੀਤ ਸਿੰਘ ਦੀ ਸ਼ਖ਼ਸੀਅਤ ਅਤੇ ਉਸ ਦੀਆਂ ਨੀਤੀਆਂ ਉੱਤੇ ਡੂੰਘਾ ਪ੍ਰਭਾਵ ਪਾਇਆ। ਇੰਝ ਜਾਪਦਾ ਹੈ ਕਿ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈਣ ਤੋਂ ਬਾਅਦ ਅਨੁਭਵ ਕਰ ਲਿਆ ਸੀ ਕਿ ਸਾਰੇ ਪੰਜਾਬ ਵਿਚ ਵਿਸ਼ਾਲ ਅਤੇ ਸ਼ਕਤੀਸ਼ਾਲੀ ਰਾਜ ਸਥਾਪਤ ਕਰਨ ਲਈ ਉਸ ਨੂੰ ਗ਼ੈਰ-ਸਿੱਖਾਂ ਪ੍ਰਤੀ ਜੋ ਬਹੁ-ਸੰਖਿਆ ਵਿਚ ਹਨ, ਉਦਾਰ ਨੀਤੀ ਅਪਣਾਉਣੀ ਚਾਹੀਦੀ ਹੈ ਅਤੇ ਹਾਰੇ ਹੋਏ ਦੁਸ਼ਮਣਾਂ ਨਾਲ ਨਰਮ ਵਤੀਰਾ ਧਾਰਨ ਕਰਨਾ ਚਾਹੀਦਾ ਹੈ।
ਗੋਕਲ ਚੰਦ ਨਰੰਗ ਨੇ ਆਪਣੀ ਪੁਸਤਕ 'ਟਰਾਂਸਫਾਰਮੇਸ਼ਨ ਆਫ਼ ਸਿੱਖਇਜ਼ਮ' ਵਿਚ ਲਿਖਿਆ ਹੈ, 'ਸਾਰੀ ਦੀ ਸਾਰੀ ਹਿੰਦੂ ਕੌਮ ਨੂੰ ਅਨੁਭਵ ਹੋਇਆ ਕਿ ਰਣਜੀਤ ਸਿੰਘ ਨਾਲ ਇਕ ਵਾਰੀ ਫੇਰ ਹਿੰਦੂ-ਕੀਰਤੀ ਆਪਦੀ ਸਿਖਰ 'ਤੇ ਪੁੱਜ ਗਈ ਹੈ। ਹਿੰਦੂ ਦਿਸਹੱਦੇ 'ਤੇ ਇਕ ਨਵਾਂ ਪ੍ਰਕਾਸ਼ ਜੋਤੀਮਾਨ ਹੋਇਆ ਹੈ।'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ 9814975686
shafique_1981@yahoo.co.in

ਜਿਸ ਮਹਿਫ਼ਿਲ ਨੇ ਠੁਕਰਾਇਆ ਹਮਕੋ...

ਕੁਝ ਲੋਕ ਅਜਿਹੇ ਹੁੰਦੇ ਨੇ, ਜਿਨ੍ਹਾਂ ਨਾਲ ਤੁਹਾਡਾ ਕੋਈ ਖ਼ੂਨ ਜਾਂ ਦੋਸਤੀ ਦਾ ਰਿਸ਼ਤਾ ਨਹੀਂ ਹੁੰਦਾ, ਨਾ ਹੀ ਤੁਹਾਡਾ ਕੋਈ ਭਾਵਨਾਤਮਕ ਝੁਕਾਅ ਉਨ੍ਹਾਂ ਵੱਲ ਜ਼ਿਆਦਾ ਰਿਹਾ ਹੁੰਦਾ ਹੈ, ਪਰ ਫਿਰ ਵੀ ਉਨ੍ਹਾਂ ਨਾਲ ਵਾਪਰਿਆ ਕੁਝ ਬੁਰਾ ਤੁਹਾਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦਾ ਹੈ। ਅਜਿਹਾ ਹੀ ਕੁਝ ਮੈਂ ਤੇ ਨਾ ਜਾਣੇ ਕਿੰਨੇ ਹੀ ਲੋਕ 'ਸੁਸ਼ਾਂਤ ਸਿੰਘ ਰਾਜਪੂਤ' ਦੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਮਹਿਸੂਸ ਕਰ ਰਹੇ ਹਾਂ। 14 ਜੂਨ, 2020 ਨੂੰ ਆਪਣੇ ਘਰ ਵਿਚ ਕੀਤੀ ਸੁਸ਼ਾਂਤ ਸਿੰਘ ਰਾਜਪੂਤ ਦੁਆਰਾ ਖ਼ੁਦਕੁਸ਼ੀ ਅਨੇਕਾਂ ਹੀ ਸਵਾਲ ਖੜ੍ਹੇ ਕਰ ਗਈ ਹੈ।
21 ਜਨਵਰੀ, 1986 ਨੂੰ ਬਿਹਾਰ ਦੇ ਪਟਨਾ ਜਿਹੇ ਛੋਟੇ ਜਿਹੇ ਸ਼ਹਿਰ ਵਿਚ ਜਨਮੇ ਤੇ ਮੁੰਬਈ ਦੀ ਮਾਇਆਨਗਰੀ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਸੁਸ਼ਾਂਤ ਦਾ ਸਫ਼ਰ ਛੋਟਾ ਜ਼ਰੂਰ ਰਿਹਾ, ਪਰ ਇਹ ਬੇਹੱਦ ਜਨੂੰਨ ਭਰਿਆ ਤੇ ਸਫ਼ਲਤਾਪੂਰਨ ਵੀ ਰਿਹਾ। ਸੁਸ਼ਾਂਤ ਦੇ ਜੀਵਨ ਦੀ ਫਲੈਸ਼ਬੈਕ ਵਿਚ ਜਾਈਏ ਤਾਂ ਉਸ ਦੀਆਂ ਕਈ ਪ੍ਰਾਪਤੀਆਂ ਪਿਛੋਕੜ ਵਿਚ ਵੀ ਸਹਿਜੇ ਹੀ ਵੇਖੀਆਂ ਜਾ ਸਕਦੀਆਂ ਹਨ। 2002 ਵਿਚ ਮਾਂ ਦੇ ਦਿਹਾਂਤ ਬਾਅਦ ਸੁਸ਼ਾਂਤ ਤੇ ਉਸ ਦਾ ਪੂਰਾ ਪਰਿਵਾਰ ਦਿੱਲੀ ਆ ਕੇ ਵੱਸ ਗਿਆ। ਸੁਸ਼ਾਂਤ ਨੇ 11ਵੀਂ ਜਮਾਤ ਵਿਚ ਜਿਥੇ 'ਨੈਸ਼ਨਲ ਫਿਜ਼ਿਕਸ ਉਲੰਪੀਅਨ' ਦਾ ਮੁਕਾਬਲਾ ਜਿੱਤਿਆ, ਉਥੇ ਹੀ ਆਲ ਇੰਡੀਆ ਇੰਜੀਨੀਅਰਿੰਗ ਦਾਖ਼ਲਾ ਪ੍ਰੀਖਿਆ ਵਿਚ ਸੱਤਵਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦਿੱਲੀ ਕਾਲਜ ਆਫ਼ ਇੰਜੀਨੀਅਰਿੰਗ ਵਿਚ ਉਸ ਨੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕਰ ਲਈ। ਸੁਸ਼ਾਂਤ ਨੇ ਆਪਣੀ ਜ਼ਿੰਦਗੀ 'ਚ ਕਈ ਸੁਪਨੇ ਦੇਖੇ। ਉਸ ਦਾ ਇਕ ਸੁਪਨਾ ਐਸਟਰੋਨੌਟ (ਪੁਲਾੜ ਯਾਤਰੀ) ਬਣਨ ਦਾ ਸੀ। ਇਸ ਸਬੰਧੀ ਉਸ ਨੇ ਇਕ ਵਾਰ 'ਨਾਸਾ' ਯਾਤਰਾ ਵੀ ਕੀਤੀ ਪਰ ਪੜ੍ਹਾਈ ਦੇ ਦੌਰਾਨ ਹੀ ਡਾਂਸ ਦਾ ਸ਼ੌਕ ਰੱਖਣ ਕਾਰਨ ਉਸ ਨੇ ਨਾਲ-ਨਾਲ 'ਸ਼ਿਆਮਕ ਡਾਵਰ' ਦੀਆਂ ਡਾਂਸ ਕਲਾਸਾਂ ਜੁਆਇਨ ਕਰ ਲਈਆਂ। ਇਸ ਤਰ੍ਹਾਂ ਉਸ ਦਾ ਝੁਕਾਅ ਕਲਾ ਵਾਲੇ ਪਾਸੇ ਵਧਦਾ ਗਿਆ ਤੇ ਪੜ੍ਹਾਈ ਵਾਲੇ ਪਾਸਿਓਂ ਬਿਲਕੁਲ ਘਟਦਾ ਗਿਆ, ਜਿਸ ਦੇ ਨਤੀਜੇ ਵਜੋਂ ਉਸ ਨੇ ਇੰਜੀਨੀਅਰਿੰਗ ਦੇ ਤੀਜੇ ਸਾਲ ਹੀ ਕਾਲਜ ਛੱਡ ਦਿੱਤਾ ਤੇ ਪੂਰੀ ਤਰ੍ਹਾਂ ਨਾਲ ਕਲਾ ਦੇ ਖੇਤਰ ਨੂੰ ਹੀ ਸਮਰਪਿਤ ਹੋ ਗਿਆ। 2005 ਵਿਚ ਵੱਡੇ-ਵੱਡੇ ਪ੍ਰੋਗਰਾਮਾਂ 'ਚ ਬਤੌਰ ਬੈਕਗਰਾਉਂਡ ਡਾਂਸਰ ਹੋਣ ਦੇ ਨਾਲ ਨਾਲ ਉਸ ਨੂੰ ਅਦਾਕਾਰੀ ਦੀ ਚੇਟਕ ਵੀ ਲੱਗ ਗਈ ਤੇ ਉਸ ਨੇ ਇਸ ਸੰਦਰਭ ਵਿਚ 'ਨਾਦਿਰਾ ਬੱਬਰ ਥੀਏਟਰ' ਗਰੁੱਪ ਜੁਆਇਨ ਕਰ ਲਿਆ। ਬਸ ਫਿਰ ਕੀ ਸੀ 2008 ਵਿਚ ਬਾਲਾਜੀ ਦੇ ਸੀਰੀਅਲ 'ਕਿਸ ਦੇਸ਼ ਮੇਂ ਹੈ ਮੇਰਾ ਦਿਲ' ਤੇ 'ਪਵਿੱਤਰ ਰਿਸ਼ਤਾ' ਜਿਹੇ ਟੀ.ਵੀ. ਸੀਰੀਅਲਾਂ ਨੇ ਉਸ ਨੂੰ ਸਭ ਦਾ ਪਿਆਰਾ ਬਣਾ ਦਿੱਤਾ। ਇਸ ਤੋਂ ਬਾਅਦ ਸੁਸ਼ਾਂਤ ਨੇ ਦੋ ਰਿਐਲਟੀ ਸ਼ੋਅ 'ਜ਼ਰਾ ਨੱਚ ਕੇ ਦਿਖਾ-2' ਤੇ 'ਝਲਕ ਦਿਖਲਾ ਜਾ-4' ਵੀ ਕੀਤੇ। ਕਹਿੰਦੇ ਨੇ ਜਿਸ ਵਿਚ ਕੁਝ ਕਰ ਗੁਜ਼ਰਨ ਤੇ ਆਪਣਾ ਨਾਮ ਬਣਾਉਣ ਦੀ ਕਾਬਲੀਅਤ ਹੋਵੇ ਉਸ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। 2011 ਵਿਚ ਸੁਸ਼ਾਂਤ ਆਪਣੀ ਅਦਾਕਾਰੀ ਦੀ ਕਲਾ ਨੂੰ ਹੋਰ ਨਿਖਾਰਨ ਦੇ ਲਈ ਫ਼ਿਲਮ ਮੇਕਿੰਗ ਦਾ ਕੋਰਸ ਕਰਨ ਲਈ ਵਿਦੇਸ਼ ਚਲਾ ਗਿਆ। ਵਾਪਸ ਆਉਣ 'ਤੇ ਜਿਵੇਂ ਉਸ ਦੀ ਕਿਸਮਤ ਦਾ ਸਿਤਾਰਾ ਹੋਰ ਚਮਕਣ ਦੇ ਇੰਤਜ਼ਾਰ ਵਿਚ ਹੀ ਸੀ। ਅਭਿਸ਼ੇਕ ਕਪੂਰ ਦੀ 'ਕਾਈ ਪੋ ਛੇ' (2013) ਵਰਗੀ ਬਿਹਤਰੀਨ ਫ਼ਿਲਮ ਕਰਨ ਤੋਂ ਬਾਅਦ ਇਕ ਤੋਂ ਬਾਅਦ ਇਕ ਫ਼ਿਲਮਾਂ ਜਿਵੇਂ 'ਸ਼ੁੱਧ ਦੇਸੀ ਰੁਮਾਂਸ', 'ਪੀ. ਕੇ.' (2014), 'ਡਿਟੈਕਟਿਵ ਬੋਮੇਸ਼ ਬਖਸ਼ੀ' (2015), 'ਐਮ.ਐਸ.ਧੋਨੀ' (2016), 'ਰਾਬਤਾ' (2018), 'ਕੇਦਾਰਨਾਥ' (2018), 'ਸੋਨ ਚਿੜੀਆਂ' (2019) ਤੇ 'ਛੀਛੋਰੇ' (2019) ਜਿਹੀਆਂ ਫ਼ਿਲਮਾਂ ਵਿਚ ਆਪਣੀ ਬਿਹਤਰੀਨ ਅਦਾਕਾਰੀ ਤੇ ਸ਼ਖ਼ਸੀਅਤ ਨਾਲ ਲੋਕਾਂ ਦੇ ਮਨਾਂ 'ਤੇ ਰਾਜ ਕਰ ਲਿਆ।
ਹਮੇਸ਼ਾ ਹੱਸਦੇ ਤੇ ਦੂਜਿਆਂ ਲਈ ਪ੍ਰੇਰਨਾਦਾਇਕ ਬਣਨ ਵਾਲੇ ਇਸ ਬਿਹਤਰੀਨ ਅਦਾਕਾਰ ਦਾ ਅਚਾਨਕ ਇਸ ਤਰ੍ਹਾਂ ਕਦਮ ਚੁੱਕ ਲੈਣਾ ਬੇਹੱਦ ਹੀ ਅਚੰਭੇਪੂਰਨ ਹੈ। ਬਗ਼ੈਰ ਕਿਸੇ ਫ਼ਿਲਮੀ ਪਿਛੋਕੜ ਛੋਟੇ-ਛੋਟੇ ਪਿੰਡਾਂ/ਸ਼ਹਿਰਾਂ ਤੋਂ ਆਉਣ ਵਾਲੇ ਨਾ ਜਾਣੇ ਕਿੰਨੇ ਹੀ ਮੱਧ ਵਰਗੀ ਨੌਜਵਾਨ ਕਲਾਕਾਰਾਂ ਲਈ ਮਾਰਗ ਦਰਸ਼ਕ ਸੀ ਸੁਸ਼ਾਂਤ ਸਿੰਘ ਰਾਜਪੂਤ। ਕਿਸੇ ਵੀ ਇਨਸਾਨ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਖਤਮ ਕਰ ਲੈਣਾ ਕਦੇ ਵੀ ਸੌਖਾ ਨਹੀਂ ਹੁੰਦਾ। ਜ਼ਿੰਮੇਵਾਰ ਹੁੰਦੇ ਨੇ ਕਈ ਹਾਲਾਤ ਜੋ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰਦੇ ਨੇ। ਸੁਸ਼ਾਂਤ ਸਿੰਘ ਦੇ ਕੇਸ ਵਿਚ ਵੀ ਅਸੀਂ ਇਹ ਦੇਖ ਕੇ ਕਹਿ ਸਕਦੇ ਹਾਂ ਕਿ ਇਹ ਮਹਿਜ਼ ਆਤਮ ਹੱਤਿਆ ਨਹੀਂ। ਇਸ ਦਾ ਜ਼ਿੰਮੇਵਾਰ ਹੈ, ਨੈਪੋਟਿਜ਼ਮ ਭਾਵ ਭਤੀਜਾਵਾਦ/ਪਰਿਵਾਰਵਾਦ ਜੋ ਸਾਡੀ ਬਾਲੀਵੁੱਡ ਇੰਡਸਟਰੀ, ਸਾਡੀ ਰਾਜਨੀਤੀ ਅਤੇ ਨਾ ਜਾਣੇ ਹੋਰ ਕਿੰਨੇ ਹੀ ਖੇਤਰਾਂ ਵਿਚ ਆਪਣੇ ਪੈਰ ਪਸਾਰੀ ਬੈਠਾ ਹੈ। ਇਸ ਸੰਕੀਰਨ ਅਤੇ ਸੌੜੀ ਸੋਚ ਤੋਂ ਉਹ ਕਦੇ ਬਾਹਰ ਆਉਣਾ ਸੋਚਦੇ ਹੀ ਨਹੀਂ। ਕਿਸੇ ਖੇਤਰ ਨੂੰ ਆਪਣੀ ਨਿੱਜੀ ਸੱਤਾ ਜਾਂ ਮਲਕੀਅਤ ਸਮਝਣਾ ਮਹਿਜ਼ ਤਾਨਾਸ਼ਾਹੀ ਹੈ। ਅਜਿਹੀ ਹੀ ਤਾਨਾਸ਼ਾਹੀ ਦਾ ਸ਼ਿਕਾਰ ਹੋਇਆ ਸੁਸ਼ਾਂਤ ਸਿੰਘ ਰਾਜਪੂਤ। ਕੰਗਣਾ ਰਣੌਤ ਤੇ ਹੋਰ ਅਦਾਕਾਰਾਂ ਦਾ ਇਸ ਅੰਦਰਖਾਤੇ ਹੋ ਰਹੇ ਵਿਤਕਰੇ ਤੇ ਭੇਦਭਾਵ ਬਾਰੇ ਬੋਲਣਾ ਇਸ ਨੂੰ ਖੁੱਲ੍ਹ ਕੇ ਜੱਗ ਜ਼ਾਹਰ ਕਰਦਾ ਹੈ। ਜਿੱਥੇ ਕਲਾ ਦੇ ਖੇਤਰ ਵਿਚ ਮਹਿਜ਼ ਬਿਹਤਰੀਨ ਕਲਾਕਾਰ ਨੂੰ ਉਹ ਮੌਕੇ ਮਿਲਣੇ ਚਾਹੀਦੇ ਹਨ ਜੋ ਕਈ ਵਾਰ ਕਿਸੇ ਨੈਪੋਟਿਜ਼ਮ ਦੇ ਅਜਿਹੇ ਪ੍ਰੋਡਕਟਾਂ ਨੂੰ ਦੇ ਦਿੱਤੇ ਜਾਂਦੇ ਹਨ ਜਿਸ ਨੂੰ ਅਦਾਕਾਰੀ ਦਾ ਰੱਤੀ ਭਰ ਵੀ ਇਲਮ ਨਹੀਂ ਹੁੰਦਾ। ਅਜਿਹੀਆਂ ਉਦਾਹਰਨਾਂ ਅਸੀਂ ਆਪਣੀ ਬਾਲੀਵੁੱਡ ਇੰਡਸਟਰੀ ਵਿਚ ਕਿੰਨੀਆਂ ਹੀ ਦੇਖ ਸਕਦੇ ਹਾਂ। ਇਸ ਸਭ ਲਈ ਕਿਤੇ ਨਾ ਕਿਤੇ ਅਸੀਂ ਦਰਸ਼ਕ ਵੀ ਜ਼ਿੰਮੇਵਾਰ ਹੁੰਦੇ ਹਾਂ। ਜਿੱਥੇ ਬਿਹਤਰੀਨ ਕਹਾਣੀ, ਬਿਹਤਰੀਨ ਅਦਾਕਾਰੀ ਵਾਲੀ ਫ਼ਿਲਮ ਸਿਰਫ਼ ਤਿੰਨ ਚਾਰ ਕਰੋੜ ਤੱਕ ਹੀ ਅੱਪੜਦੀ ਹੈ, ਉੱਥੇ ਹੀ ਬਿਨਾਂ ਕਿਸੇ ਬਿਹਤਰੀਨ ਕਹਾਣੀ ਵਾਲੀ ਫ਼ਿਲਮ ਸਿਰਫ਼ ਭਾਈ-ਭਤੀਜਾਵਾਦ ਦੇ ਪ੍ਰੋਡਕਟ ਦੇ ਕਾਰਨ ਤਿੰਨ ਸੌ ਜਾਂ ਚਾਰ ਸੌ ਕਰੋੜ ਦਾ ਵਪਾਰ ਕਰ ਜਾਂਦੀ ਹੈ।
ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਨੈਪੋਟਿਜ਼ਮ ਪ੍ਰੋਡਕਟ ਹੀ ਕਲਾ ਤੋਂ ਸੱਖਣੇ ਹੁੰਦੇ ਨੇ, ਪਰ ਜ਼ਿਆਦਾਤਰ ਅਜਿਹੇ ਨੇ ਜੋ ਇਕ ਤੋਂ ਬਾਅਦ ਇਕ ਫ਼ਲਾਪ ਫ਼ਿਲਮਾਂ ਦੇਣ ਤੋਂ ਬਾਅਦ ਵੀ ਇਸ ਇੰਡਸਟਰੀ ਵਿਚ ਸ਼ਾਨ ਨਾਲ ਟਿਕੇ ਹੋਏ ਹਨ। ਫ਼ਿਲਮ ਇੰਡਸਟਰੀ ਵਿਚ ਦਿੱਤੇ ਜਾਣ ਵਾਲੇ ਵੱਡੇ-ਵੱਡੇ ਪੁਰਸਕਾਰ 'ਜ਼ੀ ਸਿਨੇ' ਤੇ 'ਆਈਫਾ' ਅਜਿਹੇ ਨਾ ਜਾਣੇ ਕਿੰਨੇ ਹੀ ਪੁਰਸਕਾਰ ਵੀ ਸਾਡੇ ਸਾਹਮਣੇ ਇਸ ਹੁੰਦੇ ਵਿਤਕਰੇ ਨੂੰ ਪੇਸ਼ ਕਰਦੇ ਹਨ। ਸਾਡੀ ਫ਼ਿਲਮ ਇੰਡਸਟਰੀ ਇਕ ਪਰਿਵਾਰ ਤੇ ਇਸ ਦੇ ਸਾਰੇ ਕਲਾਕਾਰ ਇਸ ਦੇ ਮੈਂਬਰ ਹੋਣੇ ਚਾਹੀਦੇ ਹਨ, ਪਰ ਅਫ਼ਸੋਸ ਅਜਿਹਾ ਹੁੰਦਾ ਨਹੀਂ। ਸਾਡੀ ਫ਼ਿਲਮ ਇੰਡਸਟਰੀ ਵਿਚ ਪੈਰ ਪਸਾਰੀ ਬੈਠੇ ਤਾਨਾਸ਼ਾਹੀ ਲੋਕ ਆਪਣੇ ਆਪ ਨੂੰ ਇਕ 'ਕਲਾਸ' ਸਮਝਣ ਦਾ ਭਰਮ ਪਾਲੀ ਬੈਠੇ ਹਨ। ਕਿਸੇ ਗੌਡਫਾਦਰ ਤੋਂ ਬਿਨਾਂ ਬਾਹਰੋਂ ਆਪਣੇ ਦਮ 'ਤੇ ਇਸ ਇੰਡਸਟਰੀ ਵਿਚ ਆਉਣ ਵਾਲੇ ਕਲਾਕਾਰ ਨੂੰ ਵਾਰ-ਵਾਰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਇਸ ਕਲਾਸ ਵਿਚ ਕਦੇ ਸ਼ਾਮਿਲ ਨਹੀਂ ਹੋ ਸਕਦਾ।
ਬਾਲੀਵੁੱਡ ਦੀ ਕਿਸੇ ਵੀ ਪਾਰਟੀ ਵਿਚ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਾ ਸ਼ਾਮਿਲ ਕਰਕੇ ਉਸ ਨੂੰ ਅਜਿਹੀ ਹੀ ਹੀਣਤਾ ਦਾ ਅਹਿਸਾਸ ਕਰਵਾਇਆ ਗਿਆ ਤੇ ਹੌਲੀ-ਹੌਲੀ ਉਹ ਇਕੱਲਤਾ ਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੁੰਦਾ ਗਿਆ। ਅੰਤ ਉਹ ਇਹ ਮਾਨਸਿਕ ਬੋਝ ਨਾ ਸਹਾਰਦਾ ਹੋਇਆ ਸਦਾ ਲਈ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ।
ਅੱਜ ਨਾ ਜਾਣੇ ਕਿੰਨੀਆਂ ਹੀ ਵੱਡੀਆਂ-ਵੱਡੀਆਂ ਹਸਤੀਆਂ ਦੁਆਰਾ ਉਸ ਦੇ ਚਲੇ ਜਾਣ 'ਤੇ ਹਮਦਰਦੀ ਤੇ ਸਹਾਨੂਭੂਤੀ ਪ੍ਰਗਟ ਕੀਤੀ ਜਾ ਰਹੀ ਹੈ, ਪਰ ਜੇਕਰ ਇਹੀ ਹਮਦਰਦੀ ਉਸ ਨੂੰ ਜਿਊਂਦੇ ਜੀਅ ਮਿਲੀ ਹੁੰਦੀ ਤਾਂ ਉਹ ਅੱਜ ਸ਼ਾਇਦ ਸਾਡੇ ਸਭ ਦੇ ਵਿਚਕਾਰ ਹੁੰਦਾ। ਸਾਡੇ ਸਮਾਜ ਦੀ ਇਕ ਭਿਆਨਕ ਸਚਾਈ ਹੈ ਕਿ ਇੱਥੇ ਹਮਦਰਦੀ ਹਾਸਲ ਕਰਨ ਲਈ ਪਹਿਲਾਂ ਮਰਨਾ ਪੈਂਦਾ ਹੈ। ਇਕ ਖੋਜ ਮੁਤਾਬਿਕ ਪਹਿਲਾਂ ਦੇ ਮੁਕਾਬਲਤਨ 1416 ਫ਼ੀਸਦੀ ਜ਼ਿਆਦਾ ਲੋਕਾਂ ਨੇ ਗੂਗਲ ਉੱਪਰ ਉਸ ਦੇ ਬਾਰੇ ਸਰਚ ਕੀਤਾ ਤੇ ਵਿਦੇਸ਼ੀਆਂ ਦੀ ਸਰਚ ਵਿਚ 1000 ਫ਼ੀਸਦੀ ਵਾਧਾ ਹੋਇਆ ਹੈ। ਇੱਥੇ ਜਿਊਂਦੇ ਜੀ ਮਰਨ ਦੇ ਹਾਲਾਤ ਪੈਦਾ ਕਰ ਦਿੱਤੇ ਜਾਂਦੇ ਹਨ ਤੇ ਫਿਰ ਮਰਨ ਉਪਰੰਤ ਉਨ੍ਹਾਂ ਨੂੰ ਖੋਜਿਆ ਜਾਂਦਾ ਹੈ।
ਸੁਸ਼ਾਂਤ ਦੇ ਇਸ ਤਰ੍ਹਾਂ ਚਲੇ ਜਾਣ 'ਤੇ ਕਈ ਦਰਸ਼ਕ ਗੁੱਸੇ ਤੇ ਰੋਹ ਵਿਚ ਦੇਖੇ ਜਾ ਰਹੇ ਹਨ ਤੇ ਉਹ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ। ਸੋਸ਼ਲ ਮੀਡੀਆ ਉੱਪਰ ਵੀ ਉਸ ਦੀਆਂ ਲਗਾਤਾਰ ਪਾਈਆਂ ਜਾ ਰਹੀਆਂ ਤਸਵੀਰਾਂ ਵੇਖੀਆਂ ਜਾ ਸਕਦੀਆਂ ਹਨ। ਪਰ ਇਹ ਸਭ ਤਾਂ ਸਫ਼ਲ ਹੋ ਸਕਦਾ ਹੈ ਜੇਕਰ ਉਸ ਨਾਲ ਜੋ ਹੋਇਆ ਉਸ ਨੂੰ ਮਹਿਜ਼ ਕੁਝ ਹੀ ਦਿਨਾਂ ਵਿਚ ਭੁੱਲਿਆ ਨਾ ਜਾਏ ਤੇ ਇਸ ਸ਼ਰ੍ਹੇਆਮ ਹੁੰਦੀ ਤਾਨਾਸ਼ਾਹੀ ਨੂੰ ਖ਼ਤਮ ਕਰਨ ਦੇ ਠੋਸ ਕਦਮ ਉਠਾਏ ਜਾਣ ਤਾਂ ਕਿ ਭਵਿੱਖ ਵਿਚ ਅਜਿਹਾ ਕਿਸੇ ਵੀ ਹੋਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਹੁੰਦਾ ਨਾ ਵੇਖ ਸਕੀਏ!!!
ਜਿਸ ਮਹਿਫ਼ਿਲ ਨੇ ਠੁਕਰਾਇਆ ਹਮਕੋ, ਕਿਉਂ ਉਸ ਮਹਿਫ਼ਿਲ ਕੋ ਯਾਦ ਕਰੇਂ....ਆਗੇ ਲਮਹੇਂ ਬੁਲਾ ਰਹੇ ਹੈਂ, ਆਓ ਉਨਕੇ ਸਾਥ ਚਲੇਂ!!!

(ਖੋਜਾਰਥੀ) ਪੰਜਾਬੀ ਯੂਨੀਵਰਸਿਟੀ ਪਟਿਆਲਾ।
avleenmaan2222@gmail.com

ਕੁਦਰਤੀ ਖੇੜੇ ਦਾ ਨਜ਼ਾਰਾ 'ਫੁੱਲਾਂ ਦੀ ਘਾਟੀ'

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਸਥਿਤ ਵਿਸ਼ਵ ਵਿਰਾਸਤ 'ਫੁੱਲਾਂ ਦੀ ਘਾਟੀ' ਕੁਦਰਤੀ ਖੇੜੇ ਦਾ ਅਜਿਹਾ ਮੁਜੱਮਸਾ ਹੈ ਜਿਥੇ ਵੱਖ-ਵੱਖ ਦੇਸ਼ਾਂ 'ਚ ਪਾਏ ਜਾਣ ਵਾਲੇ 500 ਤੋਂ ਵਧੇਰੇ ਕਿਸਮਾਂ ਦੇ ਮੌਸਮੀ ਫੁੱਲ ਆਪ ਮੁਹਾਰੇ ਖਿੜਦੇ ਹਨ। ਉਥੇ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੀਆਂ ਹੋਈਆਂ ਗਗਨਚੁੰਬੀ ਪਹਾੜੀਆਂ 'ਚ ਕਲ-ਕਲ ਵੱਗਦੇ ਝਰਨਿਆਂ ਦੀ ਮਿੱਠੀ ਆਵਾਜ਼ ਵਿਚ ਰੰਗਦਾਰ ਗਲੀਚੇ ਵਾਂਗ ਚਮਕਦੀ ਰੰਗ ਬਿਰੰਗੇ ਫੁੱਲਾਂ ਦੀ ਘਾਟੀ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। 87.5 ਵਰਗ ਕਿੱਲੋਮੀਟਰ 'ਚ ਫੈਲੀ ਇਸ ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ ਨੂੰ ਦੇਖਣ ਲਈ ਹਰ ਸਾਲ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਹਜ਼ਾਰਾਂ ਸੈਲਾਨੀ ਅਲੌਕਿਕ ਨਜ਼ਾਰਿਆਂ ਦਾ ਆਨੰਦ ਮਾਣਨ ਲਈ ਪਹੁੰਚਦੇ ਹਨ।
ਵਿਸ਼ਵ ਪ੍ਰਸਿੱਧ ਫੁੱਲਾਂ ਦੀ ਇਹ ਘਾਟੀ ਹਿਮਾਲਿਆ ਦੀਆਂ ਖ਼ੂਬਸੂਰਤ ਪਹਾੜੀਆਂ ਦੀ ਗੋਦੀ 'ਚ ਸੁਸ਼ੋਭਿਤ ਸ੍ਰੀ ਹੇਮਕੁੰਟ ਸਾਹਿਬ (ਉੱਤਰਾਖੰਡ) ਦੀ ਪੈਦਲ ਯਾਤਰਾ ਦੇ ਦੂਜੇ ਪੜਾਅ ਗੋਬਿੰਦਧਾਮ (ਘਾਂਘਰੀਆ) ਤੋਂ ਲਸ਼ਮਣ ਗੰਗਾ ਪੁਲੀ ਦੇ ਖੱਬੇ ਹੱਥ 4 ਕਿੱਲੋਮੀਟਰ ਦੂਰ ਸਥਿਤ ਹੈ। 1931 'ਚ ਬ੍ਰਿਟਿਸ਼ ਪਰਬਤਰੋਹੀ ਫ੍ਰੈਂਕ ਸਮਿਥ, ਏਰਿਕ ਸਿਪਟਨ ਅਤੇ ਆਰ. ਐਲ. ਹੋਲਡਸਵਰਥ ਮਾਊਂਟ ਕਾਮੇਤ ਦੀ ਸਫ਼ਲ ਮੁਹਿੰਮ ਤੋਂ ਪਰਤਣ ਵੇਲੇ ਆਪਣਾ ਰਾਹ ਗੁਆ ਬੈਠੇ ਅਤੇ ਗ਼ਲਤੀ ਨਾਲ ਇਸ ਜਗ੍ਹਾ 'ਤੇ ਪਹੁੰਚ ਗਏ। ਉਹ ਫੁੱਲਾਂ ਨਾਲ ਭਰੀ ਹੋਈ ਇਸ ਘਾਟੀ ਦੀ ਸੁੰਦਰਤਾ ਵੱਲ ਖਿੱਚੇ ਗਏ ਅਤੇ ਉਨ੍ਹਾਂ ਵਲੋਂ ਇਸਦਾ ਨਾਂਅ 'ਫੁੱਲਾਂ ਦੀ ਘਾਟੀ' ਰੱਖਿਆ ਗਿਆ। ਇਸ ਘਾਟੀ ਤੋਂ ਪ੍ਰਭਾਵਿਤ ਹੋ ਕੇ ਫ੍ਰੈਂਕ ਸਮਿਥ ਨੇ 'ਵੈਲੀ ਆਫ਼ ਫਲਾਵਰ' ਨਾਂਅ ਦੀ ਇਕ ਕਿਤਾਬ ਵੀ ਲਿਖੀ। ਹਿਮਾਲਿਆ ਪਹਾੜਾਂ ਨਾਲ ਘਿਰਿਆ ਅਤੇ ਫੁੱਲਾਂ ਦੀਆਂ 500 ਤੋਂ ਵਧ ਕਿਸਮਾਂ ਨਾਲ ਸਜਿਆ ਇਹ ਖੇਤਰ ਹੁਣ ਮਾਹਿਰਾਂ ਅਤੇ ਫੁੱਲਾਂ ਦੇ ਪ੍ਰੇਮੀਆਂ ਲਈ ਇਕ ਵਿਸ਼ਵ ਪ੍ਰਸਿੱਧ ਸਥਾਨ ਬਣ ਗਿਆ ਹੈ। ਗੜ੍ਹਵਾਲ ਖੇਤਰ ਵਿਚ ਜੋਸ਼ੀਮਠ ਨੇੜੇ ਭੂੰਦਾਰ ਗੰਗਾ ਦੇ ਉਪਰਲੇ ਹਿੱਸਿਆਂ ਵਿਚ ਸਮੁੰਦਰ ਤਲ ਤੋਂ 12000 ਹਜ਼ਾਰ ਫੁੱਟ ਦੀ ਉਚਾਈ 'ਤੇ ਸਜੀ ਹੋਈ ਫੁੱਲਾਂ ਦੀ ਘਾਟੀ ਵਿਖੇ 1939 'ਚ ਜੌਨ ਮਾਰਗ੍ਰੇਟ ਲੇਗੇ ਬਨਸਪਤੀ ਵਿਗਿਆਨੀ ਫੁੱਲਾਂ ਦਾ ਅਧਿਐਨ ਕਰਨ ਲਈ ਇਸ ਘਾਟੀ ਪਹੁੰਚੀ ਸੀ। ਇਸ ਦੌਰਾਨ ਪਹਾੜ ਤੋਂ ਡਿਗਣ ਕਰਕੇ ਉਸ ਦੀ ਮੌਤ ਹੋ ਗਈ, ਜਿਸ ਦੀ ਇਕ ਯਾਦਗਾਰ ਅੱਜ ਵੀ ਇਥੇ ਸਥਾਪਤ ਹੈ।
ਵਿਸ਼ਵ ਦੀਆਂ ਕੁਝ ਕੁ ਘਾਟੀਆਂ 'ਚ ਸ਼ੁਮਾਰ ਇਸ ਫੁੱਲਾਂ ਦੀ ਘਾਟੀ ਵਿਖੇ 500 ਤੋਂ ਜ਼ਿਆਦਾ ਵੱਖ-ਵੱਖ ਕਿਸਮਾਂ ਦੇ ਫੁੱਲ ਖਿੜਦੇ ਹਨ, ਜਿਸ 'ਚ ਪੋਟੈਟਿਲਾ, ਪ੍ਰਿਮਊਲਾ, ਏਨੀਮੋਨ, ਏਰੀਸੀਮਾ, ਵਾਈਲਡ ਰੋਜ਼, ਈਮੋਨਾਈਟਮ, ਬਲੂ ਪੌਪੀ, ਆਇਰਸ, ਮਾਸ ਮੇਰੀ ਗੋਲਡ, ਬ੍ਰਹਮ ਕਮਲ, ਸਨ ਫ਼ਲਾਰਵਜ਼, ਫੈਨ ਕਮਲ ਆਦਿ ਫੁੱਲਾਂ ਤੋਂ ਇਲਾਵਾ ਇਥੇ ਬਨਸਪਤੀ ਅਤੇ ਜੜ੍ਹੀ ਬੂਟੀਆਂ ਦਾ ਭੰਡਾਰ ਹੈ ਜਦਕਿ ਇਥੇ ਦੁਰਲੱਭ ਕਿਸਮ ਦੇ ਜੀਵ ਜੰਤੂਆਂ 'ਚ ਕਸਤੂਰੀ ਹਿਰਨ, ਹਿਮਾਲੀਅਨ ਕਾਲਾ ਭਾਲੂ, ਬਰਫ਼ ਚੀਤੇ, ਲਾਲ ਲੂੰਬੜੀ, ਨੀਲੀਆਂ ਭੇਡਾਂ, ਹਿਮ ਤੇਂਦੂਆ ਅਤੇ 250 ਤੋਂ ਵਧੇਰੇ ਕਿਸਮ ਦੇ ਪੰਛੀ ਵੀ ਦਿਖਾਈ ਦਿੰਦੇ ਹਨ। ਫੁੱਲਾਂ ਦੀ ਘਾਟੀ ਹੋਣ ਕਰਕੇ ਇਥੇ ਲਗਪਗ 70 ਕਿਸਮ ਦੀਆਂ ਦੁਰਲੱਭ ਤਿੱਤਲੀਆਂ ਦਾ ਵੀ ਸੰਸਾਰ ਹੈ। ਨੰਦਾ ਦੇਵੀ ਨੈਸ਼ਨਲ ਪਾਰਕ ਦੇ ਅਧੀਨ ਆਉਂਦੀ ਇਸ ਘਾਟੀ ਨੂੰ ਖ਼ੂਬਸੂਰਤੀ ਕਾਰਨ 6 ਸਤੰਬਰ 1982 ਨੂੰ 'ਨੈਸ਼ਨਲ ਪਾਰਕ' ਅਤੇ 2005 'ਚ ਯੂਨੈਸਕੋ ਵਲੋਂ 'ਵਿਸ਼ਵ ਵਿਰਾਸਤ' ਦਾ ਦਰਜਾ ਦਿੱਤਾ ਗਿਆ। ਵਿਸ਼ਵ ਭਰ 'ਚ ਮਸ਼ਹੂਰ ਫੁੱਲਾਂ ਦੀ ਇਸ ਘਾਟੀ ਨੂੰ ਜੰਗਲਾਤ ਵਿਭਾਗ ਵਲੋਂ ਖੋਲ੍ਹਿਆ ਤਾਂ ਗਿਆ ਹੈ ਪਰ ਕੋਵਿਡ-19 ਕਾਰਨ ਸੈਲਾਨੀਆਂ ਦੀ ਆਮਦ 'ਤੇ ਫਿਲਹਾਲ ਰੋਕ ਲੱਗੀ ਹੋਈ ਹੈ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮਈ ਦੇ ਅਖੀਰਲੇ ਹਫਤੇ ਤੋਂ ਸ਼ੁਰੂ ਹੋ ਕੇ ਅਕਤੂਬਰ ਤੱਕ ਚੱਲਦੀ ਹੈ ਅਤੇ ਇਸ ਦੌਰਾਨ ਹੀ ਫੁੱਲਾਂ ਦੀ ਘਾਟੀ ਸੈਲਾਨੀਆਂ ਲਈ ਖੋਲ੍ਹੀ ਜਾਂਦੀ ਹੈ, ਜਿਸ ਦੀ ਦੇਖ-ਰੇਖ ਜੰਗਲਾਤ ਵਿਭਾਗ ਵਲੋਂ ਕੀਤੀ ਜਾਂਦੀ ਹੈ ਅਤੇ ਸੈਲਾਨੀਆਂ ਪਾਸੋਂ ਬਕਾਇਦਾ ਫੀਸ ਵੀ ਵਸੂਲ ਕੀਤੀ ਜਾਂਦੀ ਹੈ।
-੦-

ਪਾਕਿਸਤਾਨ ਦਾ ਭਾਰਤੀ ਸ਼ੋਅ ਬਿਜ਼ਨਸ ਉੱਪਰ ਪ੍ਰਭਾਵ

ਸੰਨ 1947 ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੋ ਅੱਡ-ਅੱਡ ਮੁਲਕ ਨਹੀਂ ਸਨ, ਸਗੋਂ ਹਿੰਦੁਸਤਾਨ ਨਾਂਅ ਥੱਲੇ ਜਾਣੇ ਜਾਂਦੇ ਸਨ। ਵੱਖ-ਵੱਖ ਕਾਰਨਾਂ ਕਰਕੇ ਇਹ ਵੰਡੇ ਗਏ। ਇੰਜ ਦੋਵਾਂ ਮੁਲਕਾਂ ਦੀ ਉਮਰ 72-73 ਸਾਲ ਮਿਥ ਲਈ ਜਾਵੇ। ਇਸ ਅਰਸੇ ਦੌਰਾਨ ਦੋਵਾਂ ਦੇ ਸੰਬੰਧ ਵਧੇਰੇ ਕਰਕੇ ਖੱਟੇ, ਤਣਾਅ ਭਰਪੂਰ ਅਤੇ ਦੁਸ਼ਮਣੀ ਪਾਲਣ ਵਾਲੇ ਹੀ ਰਹੇ ਪਰ ਵੰਡ ਤੋਂ ਪਹਿਲਾਂ ਭਾਸ਼ਾਈ, ਸਾਹਿਤਕ ਅਤੇ ਸੱਭਿਆਚਾਰਕ ਸਾਂਝਾਂ ਹੋਣ ਕਰਕੇ ਬਟਵਾਰੇ ਦੀ ਲੀਕ ਬਹੁਤੀ ਗੂੜ੍ਹੀ ਨਾ ਹੋ ਸਕੀ ਅਤੇ ਸ਼ਾਇਦ ਭਵਿੱਖ ਵਿਚ ਵੀ ਨਹੀਂ ਹੋ ਸਕੇਗੀ। ਸੱਭਿਆਚਾਰੀਕਰਨ ਦੀ ਇਹ ਪ੍ਰਕਿਰਿਆ ਜਿਥੇ ਬੀਤੇ ਸਮੇਂ ਵਿਚ ਸਦੀਆਂ ਤੱਕ ਚਲਦੀ ਰਹੀ, ਉਥੇ ਇਹ ਅੱਜ ਵੀ ਕਿਸੇ ਨਾ ਕਿਸੇ ਜਾਂ ਸੂਖਮ ਰੂਪ ਵਿਚ ਕਾਰਜਸ਼ੀਲ ਹੈ। ਭਾਰਤ ਨੂੰ ਪਾਕਿਸਤਾਨ ਦਾ ਵੱਡਾ ਭਰਾ ਵੀ ਕਿਹਾ ਗਿਆ ਹੈ। ਆਮ ਕਰਕੇ ਵੱਡੇ ਭਰਾ ਦਾ ਛੋਟੇ ਉਪਰ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵ ਪੈਣਾ ਕੁਦਰਤੀ ਮੰਨਿਆ ਗਿਆ ਹੈ ਪਰ ਜੇ ਵੱਡੇ ਨਾਲੋਂ ਛੋਟਾ ਆਪਣੇ ਕਲਾਤਮਕ ਗੁਣਾਂ ਅਤੇ ਵਿਸ਼ੇਸ਼ਤਾਵਾਂ ਕਰਕੇ ਅੱਗੇ ਨਿਕਲ ਜਾਵੇ ਤਾਂ ਇਹ ਗੰਗਾ ਉਲਟੀ ਵਗਣੀ ਵੀ ਸ਼ੁਰੂ ਹੋ ਜਾਂਦੀ ਹੈ। ਹਥਲਾ ਯਤਨ ਏਸੇ ਉਲਟੀ ਗੰਗਾ ਨੂੰ ਪਛਾਨਣ ਦਾ ਯਤਨ ਹੈ।
ਸਭ ਤੋਂ ਪਹਿਲਾਂ ਗੀਤ ਸੰਗੀਤ ਅਤੇ ਫ਼ਿਲਮਾਂ ਦੀ ਗੱਲ ਲੈਂਦੇ ਹਾਂ। ਫ਼ਿਲਮਾਂ ਕਈ ਕਲਾਵਾਂ ਦਾ ਮਿਸ਼ਰਣ ਹਨ, ਜਿਨ੍ਹਾਂ ਵਿਚ ਗੀਤ ਸੰਗੀਤ ਅਤੇ ਕਿਰਦਾਰਾਂ ਦੀ ਭੂਮਿਕਾ ਬਹੁਤ ਵੱਡੀ ਹੈ। ਹਿੰਦੀ ਫ਼ਿਲਮਾਂ ਦੇ ਗੀਤ ਸੰਗੀਤ ਬਾਰੇ ਗੱਲ ਪਿਛੋਂ ਕਰਾਂਗੇ, ਪਹਿਲਾਂ ਪੰਜਾਬੀ ਫ਼ਿਲਮਾਂ ਅਤੇ ਗੀਤ ਸੰਗੀਤ ਦੀ ਗੱਲ ਕਰਨੀ ਬਣਦੀ ਹੈ। ਪੰਜਾਬੀ ਦੋਹਾਂ ਪੰਜਾਬਾਂ ਵਿਚ ਬੋਲੀ ਜਾਂਦੀ ਇਕ ਸਾਂਝੀ ਜ਼ੁਬਾਨ ਹੀ ਨਹੀਂ, ਸਗੋਂ ਇਹ ਪਾਕਿਸਤਾਨ ਦੀ ਸਭ ਤੋਂ ਵੱਡੀ ਜਾਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਜ਼ੁਬਾਨ ਵੀ ਹੈ। ਇਸ ਲਈ ਇਸ ਜ਼ੁਬਾਨ ਵਿਚ ਫ਼ਿਲਮਾਂ ਬਣਨੀਆਂ ਕੁਦਰਤੀ ਹੀ ਸਨ। ਵੰਡ ਤੋਂ ਪਹਿਲਾਂ ਉਂਝ ਵੀ, ਲਾਹੌਰ ਪੰਜਾਬੀ ਫ਼ਿਲਮ ਨਿਰਮਾਣ ਦਾ ਸਭ ਤੋਂ ਵੱਡਾ ਕੇਂਦਰ ਸੀ। ਪੰਜਾਬੀ ਫ਼ਿਲਮਾਂ ਲਾਹੌਰ ਵਿਚ ਹੀ, ਪਹਿਲੇ ਪਹਿਲ ਬਣਨੀਆਂ ਸ਼ੁਰੂ ਹੋਈਆਂ। ਲਾਹੌਰ, ਪਾਕਿਸਤਾਨ ਦੇ ਹਿੱਸੇ ਵਿਚ ਆਉਣ ਕਰਕੇ ਪੰਜਾਬੀ ਫ਼ਿਲਮ ਨਿਰਮਾਣ ਦਾ ਕੰਮ ਅੱਗੇ ਵਧਦਾ ਗਿਆ। ਮੁਨਾਫ਼ੇ ਵਾਲਾ ਕਾਰੋਬਾਰ ਹੋਣ ਕਰਕੇ ਗ਼ੈਰ-ਪੰਜਾਬੀ ਲੋਕ ਵੀ ਇਸ ਨਾਲ ਜੁੜਨ ਲੱਗੇ। ਸਾਰਾ ਪਾਕਿਸਤਾਨ ਹੀ ਪੰਜਾਬੀ ਫ਼ਿਲਮਾਂ ਦਾ ਖੇਤਰ ਬਣ ਜਾਣ ਕਰਕੇ ਇਨ੍ਹਾਂ ਦੇ ਨਿਰਮਾਣ ਨੂੰ ਹੋਰ ਹੁਲਾਰਾ ਮਿਲਿਆ।
ਪਾਕਿਸਤਾਨ ਵਿਚ ਖੇਤੀ ਦਾ ਵਧੇਰੇ ਮਸ਼ੀਨੀਕਰਨ ਨਾ ਹੋਣ ਕਰਕੇ ਅਤੇ ਜ਼ਮੀਨੀ ਸੁਧਾਰ ਨਾ ਹੋਣ ਕਰਕੇ ਮੱਧਕਾਲ ਦੀ ਰਜਵਾੜਾਸ਼ਾਹੀ ਜਾਂ ਸਾਮੰਤਸ਼ਾਹੀ ਬਰਕਰਾਰ ਰਹੀ, ਬੇਸ਼ੱਕ ਨਾਂਅ ਨਵੇਂ ਰੱਖ ਲਏ ਗਏ। ਸਿੰਧ ਦਾ ਵਡੇਰਾ, ਪੰਜਾਬ ਦਾ ਚੌਧਰੀ ਅਤੇ ਬਲੋਚਿਸਤਾਨ ਦਾ ਖ਼ਾਨ ਸਾਮੰਤਸ਼ਾਹੀ ਦੀ ਰਹਿੰਦ-ਖੂੰਹਦ ਹੀ ਹੈ। ਅਮੀਰੀ, ਗ਼ਰੀਬੀ ਦਾ ਪਾੜਾ ਵਧਦੇ ਰਹਿਣ ਕਰਕੇ ਏਥੇ ਮੱਧ ਵਰਗ ਬਹੁਤਾ ਪਨਪ ਨਾ ਸਕਿਆ। ਸਨਅਤੀਕਰਨ ਦਾ ਹੱਥ ਵੀ ਏਸ ਪਾੜੇ ਨੂੰ ਵਧਾਉਣ ਦਾ ਕਾਰਨ ਬਣਿਆ। ਪਾਕਿਸਤਾਨ ਵਿਚ ਅੱਜ ਵੀ ਸਾਧਨ ਸੰਪੰਨ ਅਤੇ ਸਾਧਨਹੀਣ ਦੋ ਹੀ ਵਰਗ ਹੀ ਹਨ। ਏਸੇ ਲਈ ਫ਼ਿਲਮਾਂ ਦੀਆਂ ਕਹਾਣੀਆਂ ਜਾਂ ਪਲਾਟਾਂ ਵਿਚ ਇਨ੍ਹਾਂ ਦੀ ਝਲਕ ਬੜੀ ਉਘੜਵੀਂ ਹੈ। ਭਾਰਤ ਵਿਚ ਜ਼ਮੀਨੀ ਸੁਧਾਰ, ਸਨਅਤੀਕਰਨ, ਸੇਵਾਵਾਂ, ਵਿੱਦਿਆ ਆਦਿ ਨੇ ਕਾਫ਼ੀ ਅਸਰ ਪਾਇਆ ਅਤੇ ਏਥੇ ਮੱਧ ਵਰਗ ਵੀ ਵਿਕਸਿਤ ਹੋਣਾ ਸ਼ੁਰੂ ਹੋਇਆ, ਪਰ ਮਾਨਸਿਕਤਾ ਅਤੇ ਸੋਚ ਨਾ ਬਦਲੀ। ਭਾਰਤ ਦੇ ਪੰਜਾਬੀ ਫ਼ਿਲਮ-ਸਾਜ਼ਾਂ ਨੇ ਥੋੜ੍ਹੀ ਬਹੁਤੀ ਤਬਦੀਲੀ ਨਾਲ ਉਹੋ ਪਲਾਟ ਆਪਣੀਆਂ ਫ਼ਿਲਮਾਂ ਲਈ ਚੁਣਨੇ ਆਰੰਭ ਕਰ ਦਿੱਤੇ। ਏਸੇ ਲਈ ਭਾਰਤੀ ਪੰਜਾਬੀ ਫ਼ਿਲਮਾਂ ਵਿਚ ਵੀ ਜਗੀਰਦਾਰ, ਜ਼ੈਲਦਾਰ, ਨੰਬਰਦਾਰ, ਸਫ਼ੈਦਪੋਸ਼ ਅਤੇ ਸਰਪੰਚ ਆਦਿ ਕਿਰਦਾਰ ਪ੍ਰਮੁੱਖਤਾ ਹਾਸਲ ਕਰ ਗਏ। ਹੋਰ ਤਾਂ ਹੋਰ ਅੱਜ ਤੱਕ ਵੀ ਪੰਜਾਬੀ ਫ਼ਿਲਮਾਂ ਅਜਿਹੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੀਆਂ। ਗੀਤ ਸੰਗੀਤ ਦੇ ਨਾਂ ਉਪਰ ਜੱਟਾਂ ਦੀ ਜੋ ਨੇਕ ਨਾਮੀ ਜਾਂ ਬਦਨਾਮੀ (ਜੋ ਮਰਜ਼ੀ ਕਹਿ ਲਵੋ) ਹੋ ਰਹੀ ਹੈ, ਉਹ ਏਸੇ ਸਾਮੰਤਵਾਦੀ ਸੋਚ ਦਾ ਸਿੱਟਾ ਹੈ। ਗੀਤਾਂ ਦੇ ਫ਼ਿਲਮਾਂਕਣ ਵਿਚ ਮਹਿੰਗੀਆਂ ਗੱਡੀਆਂ, ਭੜਕੀਲੇ ਲਿਬਾਸ ਅਤੇ ਚਕਾਚੌਂਧ ਪੈਦਾ ਕਰਨ ਵਾਲੀਆਂ ਹੋਰ ਵਸਤਾਂ ਏਸੇ ਲਾਲਸਾ ਜਾਂ ਹਉਮੈ ਦਾ ਪ੍ਰਤਿਫਲ ਹਨ। ਪਾਕਿਸਤਾਨੀ ਫ਼ਿਲਮਾਂ, 'ਜੱਟ ਦਾ ਗੰਡਾਸਾ', 'ਮੌਲਾ ਜੱਟ' ਆਦਿ ਨੇ ਭਾਰਤੀ ਪੰਜਾਬੀ ਫ਼ਿਲਮਾਂ ਵਿਚ ਜੱਟਵਾਦ ਦਾ ਅਜਿਹਾ ਦੌਰ ਚਲਾਇਆ ਕਿ ਇਸ ਦਾ ਪ੍ਰਭਾਵ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਵੇਖਿਆ ਜਾ ਸਕਦਾ ਹੈ। ਸੁਲਤਾਨ ਰਾਹੀ, ਸ਼ਫਕਤ ਚੀਮਾ ਆਦਿ ਖਲਨਾਇਕਾਂ ਨੇ ਉੱਚੀ ਸੁਰ ਵਿਚ ਸੰਵਾਦ ਬੋਲਣ ਦੀ ਅਜਿਹੀ ਪਿਰਤ ਪਾਈ ਕਿ ਭਾਰਤੀ ਪੰਜਾਬੀ ਫ਼ਿਲਮਾਂ ਵੀ ਇਸ ਤੋਂ ਬਚ ਨਾ ਸਕੀਆਂ। ਖ਼ਲਨਾਇਕਾਂ ਦੇ ਹੱਥਾਂ ਵਿਚ ਗੰਡਾਸੇ, ਟਕੂਏ, ਕਿਰਪਾਨਾਂ, ਛਵੀਆਂ ਅਤੇ ਬੰਦੂਕਾਂ ਉਨ੍ਹਾਂ ਦੀ ਦਿੱਖ ਦੇ ਜ਼ਰੂਰੀ ਅੰਗ ਬਣ ਗਏ। ਇਹ ਸਭ ਕੁਝ ਪਾਕਿਸਤਾਨੀ ਫ਼ਿਲਮਾਂ ਦੀ ਨਕਲ ਜਾਂ ਪੈਰਵੀ ਦਾ ਸਿੱਟਾ ਹੈ।
ਭਾਰਤੀ ਪ੍ਰਸੰਗ ਵਿਚ ਪਾਕਿਸਤਾਨੀ ਗੀਤ ਸੰਗੀਤ ਦਾ ਪ੍ਰਭਾਵ ਹੋਰ ਵੀ ਗੂੜ੍ਹਾ ਹੈ। ਗੀਤਕਾਰੀ ਦਾ ਜੋ ਮੰਦਾ ਹਾਲ ਭਾਰਤੀ ਹਿੰਦੀ ਫ਼ਿਲਮਾਂ ਵਿਚ ਹੈ, ਉਸ ਤੋਂ ਸਾਰਾ ਸੰਸਾਰ ਜਾਣੂੰ ਹੈ। ਕਈ ਵਾਰੀ ਤਾਂ ਏਦਾਂ ਲਗਣ ਲੱਗ ਜਾਂਦਾ ਹੈ ਕਿ ਭਾਰਤ ਵਿਚ ਗੀਤਕਾਰੀ ਦਾ ਫਾਤਿਹਾ ਪੜ੍ਹਿਆ ਜਾ ਚੁੱਕਾ ਹੈ। ਪੋਟਿਆਂ ਉਪਰ ਕੁਝ ਕੁ ਗਿਣੇ ਜਾਣ ਵਾਲੇ ਗੀਤਕਾਰਾਂ ਨੂੰ ਛੱਡ ਕੇ ਬਾਕੀ ਗੀਤਕਾਰੀ 'ਤੂੰ ਮੇਰੀ ਪੈਪਸੀ ਅਤੇ ਮੈਂ ਤੇਰਾ ਕੋਕਾ ਕੋਲਾ' ਵਰਗੀ ਹੀ ਹੈ। ਇਸ ਲਈ ਕੁਝ ਬਿਹਤਰ ਕਰਨ ਅਤੇ ਫ਼ਿਲਮਾਂ ਵਿਚ ਜਜ਼ਬਿਆਂ ਦਾ ਕੁਝ ਰੰਗ ਭਰਨ ਲਈ ਪਾਕਿਸਤਾਨੀ ਫ਼ਿਲਮੀ ਅਤੇ ਗ਼ੈਰ-ਫ਼ਿਲਮੀ ਗੀਤਾਂ ਦੀ ਨਕਲ ਦਾ ਦੌਰ ਸ਼ੁਰੂ ਹੋ ਗਿਆ। 'ਮੇਰਾ ਪੀਆ ਘਰ ਆਇਆ ਓ ਰਾਮ ਜੀ', 'ਅਸਲ ਵਿਚ ਮੇਰਾ ਪੀਆ ਘਰ ਆਇਆ ਲਾਲ ਜੀ' ਦੀ ਹੀ ਭੱਦੀ ਨਕਲ ਸੀ। ਬੁੱਲ੍ਹੇ ਸ਼ਾਹ ਦੀ ਇਹ ਕਾਫੀ ਮੂਲ ਰੂਪ ਵਿਚ ਪਾਕਿਸਤਾਨੀ ਗਾਇਕ ਨੁਸਰਤ ਫ਼ਤਹਿ ਅਲੀ ਖਾਂ ਦੀ ਗਾਈ ਹੋਈ ਹੈ। ਇਕ ਹੋਰ ਪਾਕਿਸਤਾਨੀ ਗਾਇਕ ਗੁਲਾਮ ਅਲੀ ਦੀ ਗ਼ਜ਼ਲ ਬਹੁਤ ਪ੍ਰਸਿੱਧ ਹੋਈ ਸੀ, 'ਰਫ਼ਤਾ ਰਫ਼ਤਾ ਵੋ ਮੇਰੀ ਹਸਤੀ ਕਾ ਸਾਮਾਂ ਹੋ ਗਏ। ਇਸ ਦੀ ਨਕਲਬਾਜ਼ੀ ਫ਼ਿਲਮਾਂ ਵਿਚਲਾ ਗਾਣਾ 'ਧੀਰੇ ਧੀਰੇ ਆਪ ਮੇਰੇ ਦਿਲ ਕੇ ਮਹਿਮਾਂ ਹੋ ਗਏ' ਵਿਚ ਮਿਲਦਾ ਹੈ। ਹਦੀਕਾ ਕਿਆਨੀ ਅੱਜਕਲ੍ਹ ਪਾਕਿਸਤਾਨ ਦੀ ਪ੍ਰਸਿੱਧ ਗਾਇਕਾ ਹੈ ਜਿਸ ਦਾ ਇਕ ਪੰਜਾਬੀ ਗੀਤ 'ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ, ਆਵਾਂਗੀ ਹਵਾ ਬਣ ਕੇ' ਥੋੜ੍ਹਾ ਚਿਰ ਹੋਇਆ ਹਰੇਕ ਦੀ ਜ਼ੁਬਾਨ ਉੱਪਰ ਸੀ। ਇਸ ਧੁਨੀ ਦੀ ਨਕਲ 'ਦਿਲ ਲਗਾ ਲੀਆ ਮੈਨੇ ਤੁਝੇ ਪਿਆਰ ਕਰਕੇ' ਵਿਚ ਮਿਲਦੀ ਹੈ। ਮੁਸੱਰਤ ਨਜ਼ੀਰ ਇਕ ਹੋਰ ਮਸ਼ਹੂਰ ਗਾਇਕਾ ਹੈ ਜਿਸ ਦਾ ਗਾਇਆ ਗੀਤ ''ਮੇਰਾ ਲੌਂਗ ਗੁਆਚਾ', ਦੋਵਾਂ ਮੁਲਕਾਂ ਵਿਚ ਬਹੁਤ ਪ੍ਰਸਿੱਧ ਹੋਇਆ। ਏਸੇ ਗਾਇਕਾ ਦਾ ਇਕ ਹੋਰ ਉਰਦੂ ਗੀਤ 'ਚਲੇ ਤੋ ਕਟ ਹੀ ਜਾਏਗਾ ਸਫ਼ਰ, ਆਹਿਸਤਾ ਆਹਿਸਤਾ।' ਮਹੇਸ਼ ਭੱਟ ਦੀ ਇਕ ਫ਼ਿਲਮ ਸੀ 'ਸੜਕ'। ਇਸ ਧੁਨੀ ਦੀ ਨਕਲ ਏਸ ਫ਼ਿਲਮ ਦੇ ਇਕ ਗੀਤ 'ਤੁਝੇ ਅਪਨਾ ਬਨਾਨੇ ਕੀ ਕਸਮ ਖਾਈ ਹੈ', ਵਿਚ ਵੇਖੀ ਜਾ ਸਕਦੀ ਹੈ। ਇਕ ਹੋਰ ਫ਼ਿਲਮ ਬਣੀ ਸੀ 'ਰਾਜਾ ਹਿੰਦੁਸਤਾਨੀ'। ਇਸ ਦਾ ਇਕ ਗਾਣਾ 'ਕਿਤਨਾ ਸੋਹਣਾ ਤੁਝੇ ਰੱਬ ਨੇ ਬਨਾਇਆ' ਹੈ। ਇਸ ਉਪਰ ਵੀ ਨੁਸਰਤ ਫਤਹਿ ਅਲੀ ਖ਼ਾਨ ਦੇ ਗਾਏ ਗੀਤ 'ਕਿੰਨਾ ਸੁਹਣਾ ਤੈਨੂੰ ਰੱਬ ਨੇ ਬਣਾਇਆ,ਜੀਅ ਕਰੇ ਵੇਖਦਾ ਰਹਾਂ' ਦਾ ਅਸਰ ਪ੍ਰਤੱਖ ਤੌਰ 'ਤੇ ਵੇਖਿਆ ਜਾ ਸਕਦਾ ਹੈ। ਗੱਲ ਕੇਵਲ ਏਥੇ ਹੀ ਨਹੀਂ ਮੁੱਕਦੀ। ਉਪਰੋਕਤ ਬੂਹੇ ਬਾਰੀਆਂ ਵਾਲੇ ਗੀਤ ਵਿਚ ਹਵਾ ਬਣ ਕੇ ਆਉਣਾ ਤੇਜ਼ ਰਫ਼ਤਾਰੀ ਦਾ ਸੂਚਕ ਸੀ। ਹੱਦ ਤਾਂ ਉਦੋਂ ਹੋਈ ਜਦੋਂ ਇਸ ਦੀਆਂ ਸਤਰਾਂ ਬੱਸਾਂ ਦੇ ਪਿੱਛੇ ਲਿਖੀਆਂ ਗਈਆਂ। ਬੱਸ ਦਾ ਸੰਬੰਧ ਕਿਉਂਕਿ ਤੇਜ਼ ਰਫ਼ਤਾਰੀ ਨਾਲ ਹੈ, ਏਸ ਲਈ ਇਹ ਸਤਰਾਂ ਬੜੀਆਂ ਢੁੱਕਵੀਆਂ ਜਾਣ ਕੇ ਬੱਸਾਂ ਦੇ ਪਿੱਛੇ ਲਿਖਾ ਲਈਆਂ ਗਈਆਂ।
ਕਹਿਣ ਦੀ ਲੋੜ ਨਹੀਂ ਕਿ ਇਹ ਸਾਰਾ ਕੁਝ ਸੁਭਾਵਿਕ ਨਹੀਂ, ਸਗੋਂ ਇਸ ਦਾ ਕੋਈ ਨ ਕੋਈ ਪਿਛੋਕੜ ਸਾਹਮਣੇ ਆਉਂਦਾ ਹੈ। ਹਰ ਚੰਗੀ ਅਤੇ ਮਿਆਰੀ ਚੀਜ਼ ਦਾ ਅਸਰ ਹੋਣਾ ਸੁਭਾਵਿਕ ਹੈ ਪਰ ਏਸੇ ਸੁਭਾਵਿਕਤਾ ਨਾਲੋਂ ਵੱਧ ਚੇਤਨਾ, ਨਕਲ, ਮਹਿਰੂਮੀ ਜਾਂ ਕਮੀ ਅਤੇ ਬਿਹਤਰੀ ਪੈਦਾ ਕਰਨ ਦੀ ਲਾਲਸਾ ਹੈ। ਅਸੀਂ ਤਾਂ ਦੇਗ਼ ਵਿਚੋਂ ਦਾਣਾ ਹੀ ਟੋਹਿਆ ਹੈ, ਜੇਕਰ ਪੂਰੀ ਦੇਗ਼ ਦੀ ਪੜਚੋਲ ਕੀਤੀ ਜਾਵੇ ਤਾਂ ਹੋਰ ਵੀ ਕਈ ਕੁਝ ਨਵਾਂ ਮਿਲ ਸਕਦਾ ਹੈ।

-ਮੋਬਾਈਲ : 98889-39808

ਸੌਖਾ ਨਹੀਂ 'ਹਾੜ੍ਹ' ਨੂੰ ਖ਼ੁਸ਼ਆਮਦੀਦ ਕਹਿਣਾ

ਉੱਤਰੀ ਭਾਰਤ ਦੇ ਇਸ ਖਿੱਤੇ ਵਿਚ ਜਿਸ ਨੂੰ ਅਸੀਂ ਪੰਜਾਬ ਕਹਿੰਦੇ ਹਾਂ, ਹਾੜ੍ਹ ਦਾ ਮਹੀਨਾ ਸਿਖਰਲੀ ਗਰਮੀ ਦਾ ਮਹੀਨਾ ਹੁੰਦਾ ਹੈ। ਉਹ ਸੂਰਜ ਦੇਵਤਾ ਜਿਸ ਨੂੰ ਸਰਦੀਆਂ ਵਿਚ ਅੱਡੀਆਂ ਚੁੱਕ-ਚੁੱਕ ਉਡੀਕਿਆ ਜਾਂਦਾ ਹੈ, ਹੁਣ ਅੱਖੀਆਂ ਨੂੰ ਰਤਾ ਨਹੀਂ ਸੁਖਾਉਂਦਾ। ਕਹਿਰਵਾਨ ਤੇ ਵੱਡ-ਪ੍ਰਤਾਪੀ ਰੂਪ ਅਖ਼ਤਿਆਰ ਕਰ ਚੁੱਕਾ ਇਹ ਅਗਨ ਗੋਲਾ ਸਵੇਰੇ ਹੀ ਕਿਰਨਾਂ ਦੇ ਅੰਗਿਆਰ ਸੁੱਟਣ ਲੱਗ ਪੈਂਦਾ ਹੈ। ਇਨ੍ਹੀਂ ਦਿਨੀਂ ਇਸ ਦੀ ਅੱਖ ਵਿਚ ਅੱਖ ਪਾ ਸਕਣਾ ਅਸੰਭਵ ਹੋ ਜਾਂਦਾ ਹੈ। ਦੁਪਹਿਰ ਤੱਕ ਧਰਤੀ ਲੂਸਣ ਲਗਦੀ ਹੈ ਤੇ ਅਸਮਾਨ ਤੰਦੂਰ ਵਾਂਗ ਭਖਣ ਲਗਦਾ ਹੈ। 14-14 ਘੰਟੇ ਲੰਮੇ ਦਿਨਾਂ ਦੀ ਦੁਪਹਿਰ ਮਸੀਂ ਕਿਤੇ ਢਲਣ ਵਿਚ ਆਉਂਦੀ ਹੈ ਤੇ ਤਪਸ਼ ਦਾ ਜਲੌਅ ਕੁਝ ਘਟਣ ਲਗਦਾ ਹੈ। ਰੁੱਖ, ਮਨੁੱਖ, ਪਸ਼ੂ, ਪੰਛੀ, ਵਣ-ਤ੍ਰਿਣ, ਸਭ ਹਿੱਸੇ-ਹਿੱਸੇ ਤੇ ਲਿੱਸੇ-ਲਿੱਸੇ ਨਜ਼ਰ ਆਉਂਦੇ ਹਨ। ਕਹਿਰਵਾਨ ਕੁਦਰਤ ਸਭ ਨੂੰ ਹਫਣ ਅਤੇ ਹਵਾਂਕਣ ਲਾ ਦਿੰਦੀ ਹੈ। ਕਾਂ, ਟਟੀਹਿਰੀ, ਕੋਇਲ, ਬੰਬੀਹਾ, ਬੀਂਡਾ, ਸਭ ਕੁਰਲਾ ਉੱਠਦੇ ਹਨ। ਪਾਣੀ ਦੇ ਸਰੋਤ ਸੁੱਕਣ ਲੱਗਦੇ ਹਨ ਤੇ ਗਰਮੀ ਦਾ ਕਹਿਰ ਹੋਰ ਵਡੇਰਾ ਤੇ ਅਸਿਹ ਹੋਣ ਜਾਂਦਾ ਹੈ।
ਪੁਰਾਤਨ ਪੇਂਡੂ ਪੰਜਾਬ ਵਿਚ ਇਨ੍ਹਾਂ ਦਿਨਾਂ ਵਿਚ ਬਹੁਤ ਸਾਰੀਆਂ ਸਮਾਜਿਕ-ਗਤੀਵਿਧੀਆਂ ਨੂੰ ਵਿਰਾਮ ਦੇ ਦਿੱਤਾ ਜਾਂਦਾ ਸੀ, ਪਰ ਫਿਰ ਵੀ ਖੇਤੀ ਦੇ ਅਤਿ ਜ਼ਰੂਰੀ ਰੁਝੇਵੇਂ ਤਾਂ ਕਰਨੇ ਹੀ ਪੈਂਦੇ ਸਨ, ਤੇ ਇਹ ਕਾਰਜ ਅੰਦਰ ਵੜ ਕੇ ਨਹੀਂ ਸਨ ਹੋ ਸਕਦੇ। ਪਸ਼ੂਆਂ ਲਈ ਖੇਤਾਂ ਵਿਚੋਂ ਜਾ ਕੇ ਪੱਠੇ ਵੱਢਣੇ, ਢੋਣੇ ਤੇ ਟੋਕੇ ਤੇ ਹੱਥੀਂ ਕੁਤਰਨੇ, ਕੋਈ ਸੌਖੇ ਕੰਮ ਨਹੀਂ ਸਨ। ਉਨ੍ਹਾਂ ਨੂੰ ਵਾਰ-ਵਾਰ ਪਾਣੀ ਪਿਲਾਉਣਾ, ਨਹਾਉਣਾ-ਧਵਾਉਣਾ, ਛਾਵੇਂ ਬੰਨ੍ਹਣਾ ਬੇਹੱਦ ਜ਼ਰੂਰੀ ਸੀ। ਲੱਖ ਯਤਨਾਂ ਦੇ ਬਾਵਜੂਦ ਪਸ਼ੂ ਲਿੱਸੇ ਪੈਣ ਲਗਦੇ ਤੇ ਲਵੇਰੀਆਂ ਦੁੱਧ ਸੁਕਾਉਣ ਲਗਦੀਆਂ। ਹਾੜ੍ਹੀ ਦੀ ਫ਼ਸਲ ਦੀ ਤਿਆਰੀ ਕਰਨ ਲਈ ਹਲ ਵੀ ਜੋਣੇ ਪੈਂਦੇ ਤੇ ਖੂਹ ਵੀ ਚਲਾਉਣੇ ਪੈਂਦੇ। ਪਾਣੀ ਦੀ ਕਿੱਲਤ ਕਰਕੇ ਹਰੀਆਂ ਸਬਜ਼ੀਆਂ ਅਤੇ ਚਾਰਾ ਵੀ ਮੁਰਝਾਉਣ ਲੱਗਦਾ। ਖੂਹ ਦੀਆਂ ਵਾਰੀਆਂ ਤੋਂ ਜੱਟ ਅਕਸਰ ਖਹਿਬੜ ਪੈਂਦੇ। ਪਿੰਡ ਦੀਆਂ ਖੂਹੀਆਂ 'ਤੇ ਭੀੜਾਂ ਲੱਗ ਜਾਂਦੀਆਂ ਤੇ ਝਗੜੇ-ਝੇੜੇ ਵਧ ਜਾਂਦੇ। ਹਰ ਵਿਅਕਤੀ ਖਪਿਆ-ਤਪਿਆ ਤੇ ਖਿਝਿਆ-ਕਰਿਝਿਆ ਨਜ਼ਰ ਆਉਂਦਾ ਤੇ ਨਿੱਕੀ-ਨਿੱਕੀ ਗੱਲ 'ਤੇ ਕੱਪੜਿਆਂ ਤੋਂ ਬਾਹਰ ਹੋ ਹੋ ਪੈਂਦਾ। ਸਰੀਰ 'ਤੇ ਕੱਪੜੇ ਘਟਦੇ ਜਾਂਦੇ ਹਨ ਪਰ ਅੰਦਰ ਦਾ ਤਾਪ ਹੱਦਾਂ-ਬੰਨੇ ਟੱਪਣ ਲਗਦਾ।
ਪੰਜਾਬਣਾਂ ਵਿਚਾਰੀਆਂ ਦਾ ਤਾਂ ਹੋਰ ਵੀ ਬੁਰਾ ਹਾਲ ਹੋ-ਹੋ ਜਾਂਦਾ। ਪੂਰੇ ਕੱਪੜੇ ਪਾਏ ਹੋਣ ਕਰਕੇ ਪਸੀਨੋ-ਪਸੀਨੀ ਹੋਈ ਫਿਰਦੀਆਂ। ਅੱਗ ਸਾਹਵੇਂ ਬੈਠ ਰਸੋਈ-ਕਾਰਜ ਕਰਨੇ ਉਨ੍ਹਾਂ ਲਈ ਵੱਡੀ ਮੁਸੀਬਤ ਬਣ ਜਾਂਦਾ। ਬੱਚਿਆਂ ਨੂੰ ਧੁੱਪ ਤੋਂ ਬਚਾ ਕੇ ਰੱਖਣਾ ਵੀ ਵੱਡੀ ਵੰਗਾਰ ਵਰਗੀ ਗੱਲ ਸੀ। ਮਰਦਾਂ ਨੂੰ ਖ਼ਾਸ ਤੌਰ 'ਤੇ ਬਾਹਰ ਖੇਤਾਂ ਵਿਚ ਸਿਖਰ-ਦੁਪਿਹਰੇ ਜਾਣ ਤੋਂ ਵਰਜਣ ਲਈ ਕਈ ਵਹਿਮ-ਭਰਮ ਤੇ ਡਰ-ਭਾਓ ਘੜੇ ਜਾਂਦੇ। ਜੇਕਰ ਕਿਸੇ ਦੇ ਖੇਤ ਮੜ੍ਹੀਆਂ ਜਾਂ ਕਬਰਾਂ ਵੱਲ ਹੋਣ ਤਾਂ ਉਸ ਨੂੰ ਸਭ ਵਲੋਂ ਵਿਸ਼ੇਸ਼ ਤਾਕੀਦ ਕੀਤੀ ਜਾਂਦੀ ਕਿ ਦੁਪਿਹਰ ਢਲੇ 'ਤੇ ਹੀ ਉਸ ਰਸਤੇ ਲੰਘਿਆ ਜਾਵੇ। ਕੱਲਰ ਤੇ ਕਲਰਾਠੀ ਧਰਤੀ ਦੇ ਨਾਗ-ਨਾਗਣੀਆਂ ਤਪਸ਼ ਦੇ ਦਿਨਾਂ ਵਿਚ ਬੜੇ ਕੁਸੈਲੇ, ਗੂਸੈਲੇ ਤੇ ਵਿਹੁਲੇ ਹੋ ਜਾਂਦੇ ਹਨ। ਸ਼ਿਵ ਕੁਮਾਰ ਬਟਾਲਵੀ ਇਨ੍ਹਾਂ ਪ੍ਰਸਥਿਤੀਆਂ ਨੂੰ ਆਪਣੀ ਕਵਿਤਾ 'ਡਰ' ਵਿਚ ਇੰਝ ਪੇਸ਼ ਕਰਦਾ ਹੈ:
ਜੇਠ ਹਾੜ੍ਹ ਦੀ ਬਲਦੀ ਰੁੱਤੇ
ਪੀਲੀ ਪਿੱਤਲ ਰੰਗੀ ਧੁੱਪੇ
ਮੜ੍ਹੀਆਂ ਵਾਲੇ ਮੰਦਰ ਉੱਤੇ
ਬੈਠੀ ਚੁੱਪ ਤ੍ਰਿੰਜਣ ਕੱਤੇ
ਧੁੱਪ-ਛਾਵਾਂ ਦਾ ਮੁੱਢਾ ਲੱਥੇ
ਗਿਰਝਾਂ ਦਾ ਪਰਛਾਵਾਂ ਨੱਪੇ.....
................................
ਇਸ ਪਿੱਤਲ-ਰੰਗੀ ਧੁੱਪ ਤੋਂ ਨਿਜਾਤ ਪਾਉਣ ਲਈ ਇੰਦਰ ਦੇਵਤਾ ਨੂੰ ਫੁੱਲੀਆਂ ਪਾਉਣੀਆਂ ਪੈਂਦੀਆਂ ਜਿਸ ਲਈ ਕਈ ਟੂਣੇ-ਟਾਮਣ ਕੀਤੇ ਜਾਂਦੇ। ਗੁੱਡੀ-ਗੁੱਡਾ ਸਾੜਿਆ ਜਾਂਦਾ ਅਤੇ ਸਮੂਹਿਕ-ਪੁਕਾਰ ਕੀਤੀ ਜਾਂਦੀ :
ਗੁੱਡੀ-ਗੁੱਡਾ ਸਾੜਿਆ, ਵੱਸ ਮੀਹਾਂ ਕਾਲਿਆ
ਗੁੱਡੀ-ਗੁੱਡਾ ਪਿੱਟਿਆ, ਵੱਸ ਮੀਹਾਂ ਚਿੱਟਿਆ
ਜੇ ਔੜ ਥੋੜ੍ਹੀ ਜਿਹੀ ਲੰਬੀ ਹੋ ਜਾਂਦੀ ਤਾਂ ਜਲ-ਧਰਤ-ਆਕਾਸ਼ ਦੇ ਜੀਵ ਕੁਰਲਾ ਉਠਦੇ। ਪਾਣੀ ਘਟਣ ਕਾਰਨ ਜਲ-ਜੀਵ ਤੜਫਣ ਲਗਦੇ :
ਉੱਚਾ ਟੁਰ ਗਿਆ ਅੰਬਰ ਦਾ ਰਾਜਾ
ਜਲ ਵਿਚ ਰੋਣ ਮੱਛੀਆਂ
ਪੰਜਾਬੀਆਂ ਨੂੰ ਇਨ੍ਹਾਂ ਦਿਨਾਂ ਵਿਚ ਬੰਬੀਹਾ ਬੋਲਦਾ ਬੜਾ ਪਿਆਰਾ ਲਗਦਾ। ਉਹ ਵੀ ਉਸ ਦੀ ਅਰਜੋਈ ਵਿਚ ਸ਼ਾਮਿਲ ਹੋ ਜਾਂਦੇ :
ਬੰਬੀਹਾ ਜਿਸ ਨੋ ਤੂ ਪੁਕਾਰਦਾ
ਤਿਸ ਨੋ ਲੋਚੈ ਸਭਿ ਕੋਇ
ਆਪਣੀ ਕਿਰਪਾ ਕਰਕੇ ਵੱਸਸੀ
ਵਣ-ਤ੍ਰਿਣ ਹਰਿਆ ਹੋਇ
ਅਰਦਾਸਾਂ ਅਤੇ ਅਰਜੋਈਆਂ ਦੇ ਉਨ੍ਹਾਂ ਜ਼ਮਾਨਿਆਂ ਦੇ ਮੁਕਾਬਲੇ ਅੱਜ ਦੇ ਮਸ਼ੀਨੀ ਅਤੇ ਤਕਨੀਕੀ ਯੁੱਗ ਵਿਚ ਮਨੁੱਖ ਬਹੁਤ ਅੱਗੇ ਨਿਕਲ ਗਿਆ ਹੈ ਅਤੇ ਅਸੀਂ ਪੰਜਾਬੀ ਵੀ ਬਹੁਤੇ ਪਿੱਛੇ ਨਹੀਂ ਰਹੇ। ਅਜੋਕੀ ਪੀੜ੍ਹੀ ਕੀ ਜਾਣੇ ਭਲਾ ਕੀ ਹੁੰਦੇ ਹਨ ਬੰਬੀਹਾ ਤੇ ਕੀ ਹੁੰਦੀਆਂ ਹਨ ਸਵਾਂਤੀ ਬੂੰਦਾਂ? ਪੁਰਾਣੇ ਸਮਿਆਂ ਦੇ ਮੁਕਾਬਲੇ ਆਧੁਨਿਕ ਜੀਵਨ-ਸ਼ੈਲੀ ਬਹੁਤ ਸੁਖਾਲੀ ਹੋ ਗਈ ਹੈ। ਪੰਜਾਬਣਾਂ ਇਕ ਚੁਟਕੀ ਨਾਲ ਅੱਗ ਮਘਾ ਲੈਂਦੀਆਂ ਹਨ। ਉਂਗਲ ਘੁਮਾਉਂਦੀਆਂ ਹਨ ਤੇੇ ਪਾਣੀ ਸਿਜਦਾ ਕਰਨ ਲਗਦਾ ਹੈ, ਨਿਉਂ ਨਿਉਂ ਪੈਂਦੈੈ। ਇਸ਼ਾਰਿਆਂ ਨਾਲ ਵਾਸ਼-ਰੂਮ ਦੇ ਸ਼ਾਵਰ ਚੱਲ ਪੈਂਦੇ ਹਨ। ਪੱਖੇ, ਕੂਲਰ ਅਤੇ ਏ.ਸੀ. ਦੀਆਂ ਸੁਵਿਧਾਵਾਂ ਨੇ ਬਹੁਤ ਹੱਦ ਤੱਕ ਕੁਦਰਤੀ ਤਪਸ਼ ਤੇ ਫ਼ਤਿਹ ਪਾ ਲਈ ਹੈ। ਟਰੈਕਟਰਾਂ, ਕੰਬਾਈਨਾਂ ਅਤੇ ਹੋਰ ਕਈ ਕਿਸਮ ਦੀਆਂ ਮਸ਼ੀਨਾਂ ਨੇ ਖੇਤੀ ਬਹੁਤ ਆਸਾਨ ਕਰ ਦਿੱਤੀ ਹੈ। ਹੁਣ ਰੁੱਖਾਂ ਦੀ ਛਾਵੇਂ ਕੌਣ ਬੈਠਦਾ ਹੈ ਤੇ ਮੜ੍ਹੀਆਂ ਦੇ ਕੋਲੋਂ ਪੈਦਲ ਕੌਣ ਲੰਘਦਾ ਹੈ?
ਪਰ ਹੈਰਾਨੀਜਨਕ ਤਾਂ ਇਹ ਹੈ ਕਿ ਇਨ੍ਹਾਂ ਸੁਖ-ਸਹੂਲਤਾਂ ਨੇ ਜਿਥੇ ਸਰੀਰਕ ਅਤੇ ਭੌਤਿਕ ਸੁੱਖਾਂ ਵਿਚ ਵਾਧਾ ਕੀਤਾ ਹੈ, ਉੱਥੇ ਜ਼ਿੰਦਗੀ ਦੇ ਮੂਲ ਅਰਥਾਂ ਨੂੰ ਬਦਲਣ ਵਿਚ ਕੋਈ ਵੱਡਾ ਰੋਲ ਅਦਾ ਨਹੀਂ ਕੀਤਾ। ਪੁਰਾਤਨ ਸਮਿਆਂ ਵਿਚ ਅਤਿ ਮੁਸ਼ਕਿਲਾਂ ਦੇ ਬਾਵਜੂਦ ਕੋਈ ਜੀਵਨ-ਲੀਲ੍ਹਾ ਖ਼ਤਮ ਕਰਨ ਬਾਰੇ ਸੋਚ ਵੀ ਨਹੀਂ ਸੀ ਸਕਦਾ। ਪਰ ਮੌਜੂਦਾ ਦੌਰ ਵਿਚ ਮੁਕਾਬਲੇ ਦੀ ਦੌੜ ਵਿਚ ਨਿਰਾਸ਼ਾ ਦਾ ਆਲਮ ਪਹਿਲਾਂ ਤੋਂ ਕਿਤੇ ਵਡੇਰਾ ਨਜ਼ਰ ਆਉਂਦਾ ਹੈ। ਸਹਿਹੋਂਦ ਅਤੇ ਆਪਸੀ ਸਾਂਝ ਖ਼ਤਰੇ ਵਿਚ ਹੈ। ਵਾਤਾਨੁਕੂਲ ਘਰਾਂ ਨੇ ਬਹਿਰੂਨੀ ਠੰਢਕ ਤਾਂ ਪ੍ਰਦਾਨ ਕੀਤੀ ਹੈ, ਪਰ ਅੰਦਰੂਨੀ ਤਪਸ਼ ਸਗੋਂ ਵਧਾ ਦਿੱਤੀ ਹੈ। ਮਾਨਸਿਕ ਪ੍ਰੇਸ਼ਾਨੀਆਂ ਵਿਚ ਕਈ ਗੁਣਾ ਇਜ਼ਾਫ਼ਾ ਹੋ ਗਿਆ ਹੈ। ਆਤਮ-ਘਾਤ ਅਤੇ ਘਰੇਲੂ ਹਿੰਸਕ-ਪੀੜਤਾਂ ਦੀ ਗਿਣਤੀ ਕਿਤੇ ਵਧੇਰੇ ਅੰਕਿਤ ਕੀਤੀ ਜਾ ਰਹੀ ਹੈ।
ਬਹਿਰੂਨੀ ਸਹੂਲਤਾਂ ਦੇ ਨਾਲ-ਨਾਲ ਅੰਦਰੂਨੀ ਤਪਸ਼ ਅਤੇ ਤੜਪਨਾ ਦੇ ਕਾਰਨਾਂ ਨੂੰ ਸਮਝਣਾ ਅਤੇ ਜਾਨਣਾ ਬੇ-ਹੱਦ ਜ਼ਰੂਰੀ ਹੈ। ਜਿਸਮਾਨੀ ਨਾਲੋਂ ਕਿਤੇ ਵੱਧ ਹੈ ਰੂਹਾਨੀ ਸਕੂਨ। ਜੇ ਅਤੇ ਜਦੋਂ ਮਾਨਸਿਕਤਾ ਵਿਚ ਤਪਦੇ ਜੇਠ-ਹਾੜ੍ਹ ਵਿਚ ਠਹਿਰਾਓ ਆ ਜਾਵੇਗਾ, ਉਦੋਂ ਹੀ ਬਹਿਰੂਨੀ ਸੁੱਖ ਸੁਹੰਡਣੇ ਹੋਣਗੇ। ਉਦੋਂ ਤਪ ਰਿਹਾ ਸੂਰਜ ਅਤੇ ਝੁਲਸ ਰਹੀ ਧਰਤੀ ਵੀ ਉਸ ਕੁਦਰਤ ਦੇ ਕਿਸੇ ਵਿਸ਼ਾਲ ਵਰਤਾਰਿਆਂ ਦਾ ਹਿੱਸਾ ਲੱਗਣ ਲੱਗ ਪਵੇਗੀ। ਫਿਰ ਸ਼ਾਇਦ ਹਾੜ੍ਹ ਵੀ 'ਸੁਹੰਦਾ' ਅਤੇ 'ਭਲਾ' ਮਹਿਸੂਸ ਹੋਣ ਲੱਗੇ। ਪਰੰਤੂ ਇਸ ਅਵਸਥਾ ਨੂੰ ਪਹੁੰਚਣਾ ਕੋਈ ਆਸਾਨ ਪ੍ਰਾਪਤੀ ਨਹੀਂ ਹੁੰਦੀ।

-ਨਡਾਲਾ (ਕਪੂਰਥਲਾ)
ਮੋਬਾਈਲ : 98152-53245

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ

ਲਤਾ ਤੇ ਆਸ਼ਾ ਤੋਂ ਪਹਿਲਾ ਪੰਜਾਬੀ ਗੀਤ ਗਵਾਉਣ ਵਾਲਾ ਸੰਗੀਤਕਾਰ ਸੀ-ਸਰਦੂਲ ਕਵਾਤੜਾ

 (ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਗੋਰੀਏ ਗੰਨੇ ਦੀਏ ਪੋਰੀਏ ਨੀ...
-0-
ਨੀ ਮੈਂ ਕੱਜਲੇ ਦੀ ਪਾਨੀ ਆਂ ਧਾਰ
ਲੈ ਲੈ ਨਾਂਅ ਤੇਰਾ
-0-
ਕੌਲਾਂ ਦਿਆਂ ਕੱਚਿਆ ਵੇ
ਦਿਲਾਂ ਦਿਆਂ ਖੋਟਿਆ ਵੇ...
-0-
ਚੱਲੀ ਪਿਆਰ ਦੀ ਹਵਾ ਮਸਤਾਨੀ
ਕਿ ਘੁੰਡ ਲਹਿ ਗਏ ਕਲੀਆਂ ਦੇ...
ਸਰਦੂਲ ਦੀ ਇਸ ਲੋਕ-ਗੀਤ ਨੂੰ ਪ੍ਰਮੁੱਖਤਾ ਦੇਣ ਵਾਲੀ ਸ਼ੈਲੀ ਨੂੰ ਆਸ਼ਾ ਭੌਂਸਲੇ ਨੇ ਵੀ ਸਵੀਕਾਰ ਕੀਤਾ ਸੀ। ਜਦੋਂ ਆਸ਼ਾ ਨੇ 'ਪੋਸਤੀ' ਵਿਚਲਾ ਗੀਤ 'ਮਾਏ ਮੇਰੀਏ ਨੀ ਮੈਨੂੰ ਬੜਾ ਚਾਅ' ਰਿਕਾਰਡ ਕਰਵਾਇਆ ਸੀ ਤਾਂ ਸਰਦੂਲ ਨੇ ਉਸ ਨੂੰ ਪੰਜਾਬੀ ਲੋਕ ਸੰਗੀਤ ਦੇ ਕਈ ਰਹੱਸ ਸਮਝਾਏ ਸਨ। ਸ਼ਾਇਦ ਇਸ ਲਈ ਹੀ ਆਸ਼ਾ ਨੇ ਇਕ ਵਾਰ ਕਿਹਾ ਸੀ 'ਜਦੋਂ ਵੀ ਮੈਂ ਕਿਸੇ ਪੰਜਾਬੀ ਸ਼ੈਲੀ ਦੇ ਗੀਤ ਦੀ ਰਿਕਾਰਡਿੰਗ ਕਰਵਾਉਂਦੀ ਹਾਂ ਤਾਂ ਮੈਨੂੰ ਸਰਦੂਲ ਦਾ ਚਿਹਰਾ ਜ਼ਰੂਰ ਯਾਦ ਆਉਂਦਾ ਹੈ। ਇਹ ਸਰਦੂਲ ਹੀ ਸੀ, ਜਿਸ ਨੇ ਮੈਨੂੰ ਪੰਜਾਬੀ ਸੰਗੀਤ ਦੀ ਖ਼ੁਸ਼ਬੋ ਨਾਲ ਸੁਗੰਧਿਤ ਕੀਤਾ ਸੀ।
ਇਸੇ ਤਰ੍ਹਾਂ ਹੀ 1953 ਵਿਚ ਰਿਲੀਜ਼ ਹੋਈ 'ਕੌਡੇ ਸ਼ਾਹ' ਦੇ ਗੀਤ ਵੀ ਸੁਪਰਹਿੱਟ ਸਿੱਧ ਹੋਏ ਸਨ। ਇਸ ਫ਼ਿਲਮ ਦੇ ਗੀਤ ਵੀ 'ਪੋਸਤੀ' ਦੀ ਤਰ੍ਹਾਂ ਮਨੋਹਰ ਸਿੰਘ ਸਹਿਰਾਈ ਨੇ ਲਿਖੇ ਸਨ ਅਤੇ ਇਨ੍ਹਾਂ 'ਚ ਮੁਹੰਮਦ ਰਫ਼ੀ, ਤਲਤ ਮਹਿਮੂਦ ਅਤੇ ਸ਼ਮਸ਼ਾਦ ਬੇਗਮ ਦੀਆਂ ਆਵਾਜ਼ਾਂ ਪ੍ਰਮੁੱਖ ਤੌਰ 'ਤੇ ਹਾਵੀ ਰਹੀਆਂ ਸਨ। ਇਸ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਗੀਤਾਂ ਦੇ ਸਦੀਵੀਪਨ ਦਾ ਪਤਾ ਇਨ੍ਹਾਂ ਦੇ ਸ਼ੁਰੂ ਦੇ ਬੋਲਾਂ ਤੋਂ ਹੀ ਲੱਗ ਜਾਂਦਾ ਹੈ।
ਲਿਹਾਜ਼ਾ 'ਕੱਚੀ ਕਲੀ ਤੇ ਨਾਜ਼ੁਕ ਦਿਲ ਮੇਰਾ', 'ਸੁਣ ਵੇ ਮਾਝੇ ਦਿਆ ਜੱਟਾ, ਛੱਡ ਦੇ ਤੂੰ ਮੇਰਾ ਦੁਪੱਟਾ', 'ਅੱਜ ਸੋਹਣੇ ਕੱਪੜੇ ਤੇ ਚੁੰਨੀ ਵੀ ਬਰੀਕ ਏ', 'ਆਸਾਂ ਨੇ ਟੁੱਟ ਗਈਆਂ', 'ਛਨ ਛਨ ਕਰਦੀ ਗਲੀ 'ਚੋਂ ਲੰਘਦੀ', 'ਤੁਣਕਾ ਤੁਣਕਾ ਮਾਰ ਤੁਣਕਾ', 'ਵੇ ਮੈਂ ਗਲ ਵਿਚ ਪਾ ਕੇ ਪੱਲਾ' ਵਰਗੇ ਗੀਤ ਪੰਜਾਬ ਦੇ ਘਰ-ਘਰ ਵਿਚ ਪ੍ਰਚਲਤ ਹੋਏ ਸਨ। ਇਨ੍ਹਾਂ 'ਚੋਂ ਤਲਤ ਮਹਿਮੂਦ ਦਾ ਗਾਇਆ ਹੋਇਆ ਗੀਤ 'ਆਸਾਂ ਨੇ ਟੁੱਟ ਗਈਆਂ' ਸ਼ਾਇਦ ਉਸ ਦਾ ਪਹਿਲਾ ਅਤੇ ਆਖਰੀ ਪੰਜਾਬੀ ਗੀਤ ਸੀ।
ਵੈਸੇ ਸਰਦੂਲ ਸਿੰਘ ਕਵਾਤਰਾ ਨੇ ਕੁਝ ਹੋਰ ਪੰਜਾਬੀ ਫ਼ਿਲਮਾਂ 'ਵਣਜਾਰਾ', 'ਬਿੱਲੋ' ਵਿਚ ਵੀ ਸੰਗੀਤ ਦਿੱਤਾ ਸੀ ਪਰ ਇਹ ਕਿਰਤਾਂ ਦਰਸ਼ਕਾਂ/ਸਰੋਤਿਆਂ ਨੂੰ ਬਹੁਤੀਆਂ ਚੰਗੀਆਂ ਨਹੀਂ ਸਨ ਲੱਗੀਆਂ। ਦੂਜੇ ਪਾਸੇ ਉਸ ਦਾ ਗ੍ਰਾਫ਼ ਹਿੰਦੀ ਫ਼ਿਲਮਾਂ ਦੇ ਖੇਤਰ 'ਚ ਕੋਈ ਬਹੁਤ ਵਧੀਆ ਨਹੀਂ ਸੀ ਰਿਹਾ। ਇਸ ਲਈ ਸਰਦੂਲ ਨੇ ਮੁੰਬਈ ਛੱਡ ਦਿੱਤਾ ਅਤੇ ਚੰਡੀਗੜ੍ਹ ਆ ਕੇ ਸੰਗੀਤ ਅਕੈਡਮੀ ਖੋਲ੍ਹ ਲਈ ਸੀ। ਪਰ ਇਥੋਂ ਵੀ ਉਹ ਛੇਤੀ ਹੀ ਉਪਰਾਮ ਹੋ ਗਿਆ ਸੀ। ਲਿਹਾਜ਼ਾ ਉਸ ਨੇ ਦੇਸ਼-ਵਿਦੇਸ਼ ਘੁੰਮਣਾ ਸ਼ੁਰੂ ਕਰ ਦਿੱਤਾ ਸੀ। ਉਸ ਦੀ ਉਮਰ ਦਾ ਅਖੀਰਲਾ ਪੜਾਅ ਅਮਰੀਕਾ ਸੀ। ਇਥੇ ਹੀ ਉਸ ਦਾ 2005 ਵਿਚ ਦਿਹਾਂਤ ਹੋ ਗਿਆ ਸੀ।

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)। ਮੋਬਾ : 099154-93043.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX