ਤਾਜਾ ਖ਼ਬਰਾਂ


ਖੇਮਕਰਨ : ਪਿੰਡ ਘਰਿਆਲਾ 'ਚ ਕੁਲ ਵੋਟਾਂ 7044 'ਚੋਂ ਕੇਵਲ 3630 ਵੋਟਾਂ ਪੋਲ ਹੋਈਆਂ
. . .  1 day ago
ਲੁਧਿਆਣਾ 'ਚ ਹੋਈ 62.15 ਫ਼ੀਸਦੀ ਵੋਟਿੰਗ
. . .  1 day ago
ਬੱਚੀਵਿੰਡ-ਪਿੰਡ ਸਾਰੰਗੜਾ ਵਿਖੇ ਦੇਰ ਸ਼ਾਮ ਹੋਈ ਹਿੰਸਾ ਵਿਚ ਅਕਾਲੀ ਸਮਰਥਕ ਜ਼ਖਮੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਰਾਣੀਵਾਲਾ ਵਿਖੇ ਵੋਟਿੰਗ ਪਾਰਟੀ ਦੀ ਬੱਸ ਨੂੰ ਘੇਰਿਆ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਦੇਰ ਸ਼ਾਮ ਜਦੋਂ ਵੋਟਿੰਗ ਸਮਾਪਤ ਹੋਈ ਤਾਂ ਵੋਟਿੰਗ ਅਮਲਾ ਆਪਣੇ ਘਰਾਂ ਨੂੰ ਰਵਾਨਾ ਹੋ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਗੱਡੀ ਨੂੰ ਘੇਰੀ ਰੱਖਿਆ ਅਤੇ ਐੱਸ.ਐੱਚ.ਓ...
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਵਿਚ 65.65 ਫ਼ੀਸਦੀ ਵੋਟਾਂ ਪਈਆਂ-ਡਾ. ਪ੍ਰਸ਼ਾਂਤ ਕੁਮਾਰ ਗੋਇਲ
. . .  1 day ago
ਫ਼ਤਿਹਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ਅੱਜ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀਪੂਰਵਕ ਸੰਪੰਨ ਹੋਇਆ ਅਤੇ ਹਲਕੇ ਵਿਚ 65.65 ਫ਼ੀਸਦੀ ਵੋਟਾਂ ਪਈਆਂ। ਸਮੁੱਚੇ ਹਲਕੇ ਵਿਚ ...
ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਵੋਟਾਂ ਦੌਰਾਨ ਹੋਇਆ 64.17 ਫ਼ੀਸਦੀ ਮਤਦਾਨ
. . .  1 day ago
ਤਰਨ ਤਾਰਨ, 19 ਮਈ (ਹਰਿੰਦਰ ਸਿੰਘ, ਲਾਲੀ ਕੈਰੋਂ, ਪਰਮਜੀਤ ਜੋਸ਼ੀ)-ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਪਾਈਆਂ ਗਈਆਂ ਵੋਟਾਂ ਦੌਰਾਨ ਲਗਭਗ 64.17 ਫ਼ੀਸਦੀ ਮਤਦਾਨ ਹੋਇਆ। ਜ਼ਿਲ੍ਹੇ ਵਿਚ ਛੋਟੀਆਂ ਮੋਟੀਆਂ ...
ਸਰਲੀ ਕਤਲ ਕਾਂਡ ਨਾਲ ਵੋਟਾਂ ਦਾ ਕੋਈ ਸੰਬੰਧ ਨਹੀਂ - ਐੱਸ ਐੱਸ ਪੀ ਤਰਨ ਤਾਰਨ
. . .  1 day ago
ਖਡੂਰ ਸਾਹਿਬ ,19 ਮਈ (ਮਾਨ ਸਿੰਘ)- ਐੱਸ. ਐੱਸ. ਪੀ. ਤਰਨ ਤਾਰਨ ਕੁਲਦੀਪ ਸਿੰਘ ਚਾਹਲ ਵੱਲੋਂ ਖ਼ੁਲਾਸਾ ਕੀਤਾ ਗਿਆ ਹੈ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਲੀ ਕਲਾਂ ਵਿਚ ਹੋਏ ...
ਫ਼ਰੀਦਕੋਟ 'ਚ ਸ਼ਾਂਤੀ ਪੂਰਵਕ 62.67 ਫ਼ੀਸਦੀ ਪੋਲਿੰਗ ਹੋਈ
. . .  1 day ago
ਫ਼ਰੀਦਕੋਟ, 19 ਮਈ - (ਜਸਵੰਤ ਪੁਰਬਾ, ਸਰਬਜੀਤ ਸਿੰਘ) - ਫ਼ਰੀਦਕੋਟ ਰਾਖਵੇਂ ਲੋਕ ਸਭਾ ਹਲਕੇ ਲਈ ਅੱਜ ਸ਼ਾਂਤੀ ਪੂਰਵਕ ਵੋਟਾਂ ਪਈਆਂ। ਚੋਣ ਕਮਿਸ਼ਨ ਵੱਲੋਂ ਜਾਰੀ ਸੂਚਨਾ ਮੁਤਾਬਿਕ ਫ਼ਰੀਦਕੋਟ ਲੋਕ ਸਭਾ ਹਲਕੇ ਵਿਚ...
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਅਮਲੋਹ ਚ 72% ਵੋਟ ਪੋਲਿੰਗ ਹੋਈ
. . .  1 day ago
ਬੱਚੀਵਿੰਡ : ਛੋਟਿਆਂ ਪਿੰਡਾਂ ਦੇ ਮੁਕਾਬਲੇ ਵੱਡਿਆਂ ਪਿੰਡਾਂ ਵਿੱਚ ਪੋਲਿੰਗ ਰੇਟ ਘੱਟ
. . .  1 day ago
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਪੈਸਾ ਫੈਂਕ ਤਮਾਸ਼ਾ ਦੇਖ


ਕਿਸੇ ਵੀ ਪ੍ਰਾਇਮਰੀ ਸਕੂਲ 'ਚ, ਦੋ ਸ਼ਖ਼ਸੀਅਤਾਂ ਸਭ ਤੋਂ ਅਹਿਮ ਹੁੰਦੀਆਂ ਹਨ, ਇਕ ਮਾਸਟਰ ਜੀ, ਦੂਜਾ ਚੌਕੀਦਾਰ | ਮਾਸਟਰ ਜੀ ਜਾਂ ਟੀਚਰ ਜੀ ਬੱਚਿਆਂ ਨੂੰ ਪੜ੍ਹਾਉਂਦੇ ਹਨ ਤੇ ਚੌਕੀਦਾਰ ਘੰਟੀ ਵਜਾਉਂਦਾ ਹੈ, ਬੱਚੇ ਖੁਸ਼ ਹੁੰਦੇ ਹਨ, ਜਦ ਚੌਕੀਦਾਰ ਘੰਟੀ ਵਜਾ ਕੇ ਛੁੱਟੀ ਦਾ ਸੰਦੇਸ਼ ਦਿੰਦਾ ਹੈ | ਬੱਚੇ ਖੁਸ਼ੀ ਨਾਲ ਸ਼ੋਰ ਮਚਾਉਂਦੇ ਜਮਾਤਾਂ 'ਚੋਂ ਬਾਹਰ ਭੱਜਦੇ ਹਨ, ਤਾਂ ਉਨ੍ਹਾਂ ਲਈ ਚੌਕੀਦਾਰ ਪ੍ਰਤੀ ਅਪਾਰ ਧੰਨਵਾਦ ਹੁੰਦਾ ਹੈ...
ਭਲਾ ਹੋਇਆ ਤੈਂ ਘੰਟੀ ਵਜਾਈ
ਜਿੰਦ ਅਜ਼ਾਬੋਂ ਛੁੱਟੀ ਵੇ |
(ਅੰਮਿ੍ਤਾ ਪ੍ਰੀਤਮ ਤੋਂ ਮਾਫ਼ੀ ਮੰਗ ਕੇ)
ਬੱਚੇ ਅੱਜਕਲ੍ਹ ਬੜੇ ਸਮਝਦਾਰ ਹੋ ਗਏ ਹਨ | ਜਿਵੇਂ ਪੜ੍ਹੇ-ਲਿਖੇ ਨੌਜਵਾਨ ਬੀ.ਏ., ਐਮ.ਏ. ਪਾਸ ਕਰਨ ਮਗਰੋਂ ਬੇਕਾਰ ਘੰੁਮ ਰਹੇ ਹਨ, ਤਾਂ ਉਨ੍ਹਾਂ ਨੂੰ ਆਖੋ, 'ਪਕੌੜੇ ਤਲ ਲੈ' ਤਾਂ ਉਨ੍ਹਾਂ ਨੂੰ ਲਗਦੈ ਉਨ੍ਹਾਂ ਦੀ ਐਮ.ਏ., ਬੀ.ਏ. ਦੀ ਕੀਤੀ ਪੜ੍ਹਾਈ ਤੇ ਕੋਈ ਲਾਹਨਤ ਭੇਜ ਰਿਹਾ ਹੈ |
ਪਕੌੜੇ ਤੇ ਪੀਜ਼ੇ 'ਚ ਕੀ ਫਰਕ ਹੁੰਦਾ ਹੈ, ਅੱਜਕਲ੍ਹ ਦੇ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਨਿਆਣਿਆਂ ਨੂੰ ਵੀ ਉਹਦਾ ਅਹਿਸਾਸ ਹੈ, ਅਹੁਦੇ ਦਾ ਮਾਣ ਹੈ | ਇਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੇ, ਆਪਣੀ ਜਮਾਤ ਦੇ ਨਿਆਣਿਆਂ ਨੂੰ ਪੁੱਛਿਆ, ਬੱਚਿਓ, ਦੱਸੋ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੋਗੇ?
ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ, ਉਹ ਉੱਠ ਕੇ ਖੜ੍ਹਾ ਹੋ ਜਾਏ |
ਜਮਾਤ ਦੇ ਸਾਰੇ ਬੱਚੇ ਝਟ ਉੱਠ ਕੇ ਖੜ੍ਹੇ ਹੋ ਗਏ |
ਮਾਸਟਰ ਜੀ ਨੇ ਦੂਜਾ ਸਵਾਲ ਕੀਤਾ, 'ਤੁਹਾਡੇ 'ਚੋਂ ਕੌਣ ਚੌਕੀਦਾਰ ਬਣਨਾ ਚਾਹੇਗਾ?'
ਸਾਰੇ ਬੱਚੇ ਝਟ ਇਕੱਠੇ ਵਾਪਸ ਆਪਣੀ ਸੀਟ 'ਤੇ ਬਹਿ ਗਏ |
ਸੰੁਨ ਛਾ ਗਈ |
ਨਿਆਣਿਆਂ ਨੂੰ ਵੀ ਅਹਿਸਾਸ ਹੈ, 'ਲੈ ਪੜ੍ਹ-ਲਿਖ ਕੇ ਚੌਕੀਦਾਰ ਬਣਨਾ ਹੈ |' ਜਿਵੇਂ ਪੜ੍ਹੇ-ਲਿਖੇ ਬੇਕਾਰ ਗਿਲਾ ਕਰਦੇ ਹਨ, 'ਲੈ ਪੜ੍ਹ-ਲਿਖ ਕੇ ਪਕੌੜੇ ਤਲਣੇ ਹਨ?'
ਠੀਕ ਏ ਅੱਜਕਲ੍ਹ ਲੋਕ ਸਭਾ ਦੀਆਂ ਚੋਣਾਂ ਦਾ ਮਾਹੌਲ ਹੈ, ਪਹਿਲੀ ਵਾਰ ਵਿਚਾਰੇ ਚੌਕੀਦਾਰ ਨੂੰ ਚੋਰ ਆਖ ਕੇ ਨਿੰਦਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਵੱਡੇ-ਵੱਡੇ ਲੀਡਰ ਤੇ ਮਨਿਸਟਰ ਕਾਰਜ ਕਰਤਾ ਵੀ ਬੜੇ ਮਾਣ ਨਾਲ ਆਪਣੇ-ਆਪ ਨੂੰ ਚੌਕੀਦਾਰ ਆਖ ਰਹੇ ਹਨ |
ਮੈਂ ਭੀ ਚੌਕੀਦਾਰ, ਮੈਂ ਭੀ ਚੌਕੀਦਾਰ |
ਪਹਿਲਾਂ ਕੀ ਹੁੰਦਾ ਸੀ, ਆਜ਼ਾਦੀ ਮਗਰੋਂ ਸ਼ੁਰੂ-ਸ਼ੁਰੂ 'ਚ ਰਾਜਨੀਤਕ ਪਾਰਟੀਆਂ ਭਾਲਦੀਆਂ ਸਨ, ਕੋਈ ਅਧਿਆਪਕ, ਪ੍ਰੋਫੈਸਰ ਜਾਂ ਪਿੰ੍ਰਸੀਪਲ ਮਿਲ ਜਾਏ, ਇਲੈਕਸ਼ਨ 'ਚ ਉਮੀਦਵਾਰ ਖੜ੍ਹਾ ਹੋਣ ਲਈ, ਕਿਉਂਕਿ ਇਹ ਇਮਾਨਦਾਰ, ਸੱਚੇ-ਸੁੱਚੇ ਹੋਣ ਲਈ ਮਸ਼ਹੂਰ ਹੁੰਦੇ ਹਨ |
ਪਰ ਅੱਜ ਤਾੲੀਂ ਕਿਸੇ ਇਕ ਪਾਰਟੀ ਨੇ ਵੀ ਕਿਸੇ ਚੌਕੀਦਾਰ ਨੂੰ ਟਿਕਟ ਦੇਣ ਲਈ ਸੋਚਿਆ ਹੀ ਨਹੀਂ | ਹੁਣ ਤਾਂ ਇਹ ਹਾਲ ਹੈ ਕਿ ਮਾਸਟਰਾਂ, ਪ੍ਰੋਫੈਸਰਾਂ ਤੇ ਪਿੰ੍ਰਸੀਪਲਾਂ ਨੂੰ ਵੀ ਕੋਈ ਨਹੀਂ ਪੁੱਛਦਾ, ਹੁਣ ਤਾਂ ਕਰੋੜ ਪਤੀਆਂ, ਲੱਖ ਪਤੀਆਂ ਦੀ ਪੁੱਛ ਹੈ ਜੀ |
ਮੁੱਲ ਵਿਕਦੀਆਂ ਵੋਟਾਂ
ਖਰੀਦਦਾਰ ਸੱਜਣ ਮਿਲ ਜਾਵੇ
ਲੈ ਲਵਾਂ ਮੈਂ ਜਿੰਦ ਵੇਚ ਕੇ |
***
ਬਾਪ ਬੜਾ ਨਾ ਭਈਆ
ਸਭ ਸੇ ਬੜਾ ਰੁਪਈਆ
ਸੱਜਣੋ ਸਭ ਸੇ ਬੜਾ ਰੁਪਈਆ |
ਇਮਾਨਦਾਰ ਚਾਹੀਦਾ ਹੈ ਕਿ ਪੈਸੇ ਵਾਲਾ ਮਕਾਰ ਚਾਹੀਦਾ?
ਪੈਸਾ ਫੈਂਕ ਤਮਾਸ਼ਾ ਦੇਖ |
ਇਮਾਨਦਾਰੀ ਦੀ ਕਸੌਟੀ, ਅਜੋਕੀ ਸਿਆਸਤ ਅਨੁਸਾਰ, ਜਦ ਤਾੲੀਂ ਸਜ਼ਾਯਾਫ਼ਤਾ ਨਹੀਂ ਕਰਾਰ ਦਿੱਤੀ ਜਾਂਦੀ, ਤਦ ਤਾੲੀਂ ਉਹ ਗੁਨਾਹਗਾਰ ਨਹੀਂ ਹੈ | ਚੋਣ ਵੀ ਸਿਰਫ਼ ਉਹ ਨਹੀਂ ਲੜ ਸਕਦਾ, ਜਿਹਨੂੰ ਘੱਟੋ-ਘੱਟ ਦੋ ਸਾਲ ਦੀ ਸਜ਼ਾ ਹੋਈ ਹੋਵੇ | ਸਭੇ ਪਾਰਟੀਆਂ ਵਲੋਂ ਜਿਹੜੇ ਵੀ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ, ਕੋਈ ਅਜਿਹਾ ਉਮੀਦਵਾਰ ਹੈ, ਜਿਹੜਾ ਕਰੋੜਾਂ ਪਤੀ ਨਹੀਂ? ਸ਼ਾਇਦ ਇਕ ਅੱਧਾ ਕਿਸੇ ਕਮਿਊਨਿਸਟ ਪਾਰਟੀ ਦਾ ਉਮੀਦਵਾਰ ਹੈ, ਜਿਹੜਾ ਕਰੋੜਪਤੀ ਦਾ ਨਾ ਸਹੀ, ਫਿਰ ਵੀ ਲੱਖਾਂਪਤੀ ਜਾਂ ਲੱਖਪਤੀ ਤਾਂ ਹੈ ਹੀ | ਕਈਆਂ ਉਤੇ ਕਈ ਕਈ ਤਰ੍ਹਾਂ ਦੇ ਮੁਕੱਦਮੇ ਚੱਲ ਰਹੇ ਹਨ, ਚੱਲ ਸੁ ਚੱਲ | ਕਈ ਜ਼ਮਾਨਤਾਂ 'ਤੇ ਹਨ, ਸਭੇ ਬੜੀ ਸ਼ਾਨ ਨਾਲ ਆਪਣੇ-ਆਪਣੇ ਚੋਣ ਪ੍ਰਚਾਰ 'ਚ ਜੁਟੇ ਹਨ |
ਅਬ ਕੀ ਬਾਰ, ਕਿਸਕੀ ਸਰਕਾਰ?
ਮੇਰੀ ਸਰਕਾਰ ਜਾਂ ਤੇਰੀ ਸਰਕਾਰ?
ਆਮਦਾਰ ਦੀ ਸਰਕਾਰ ਜਾਂ ਨਾਮਦਾਰ ਦੀ ਸਰਕਾਰ?
ਚੌਕੀਦਾਰ ਲਿਆਉਣਾ ਹੈ ਕਿ ਚੌਕੀਦਾਰ ਭਜਾਉਣਾ ਹੈ?
ਸਰਕਾਰਾਂ ਐਵੇਂ ਨਹੀਂ ਬਣਾਈਆਂ ਜਾਂਦੀਆਂ |
ਕਾਰਾਂ ਦੁੜਾਈਆਂ ਜਾਂਦੀਆਂ ਹਨ, ਧੂੜਾਂ ਫਕਣੀਆਂ ਪੈਂਦੀਆਂ ਹਨ, ਜਿੰਨਾ ਕਾਲਾ ਧਨ, ਓਨਾ ਹੀ ਧੰਨ-ਧੰਨ | ਮੈਂ ਤਾਂ ਹੈਰਾਨ ਹਾਂ, ਵੇਖੋ ਇਕ ਖ਼ਬਰ ਨਿਆਰੀ, ਕਾਰਾਂ ਵਾਲੇ ਹਰ ਹਾਲਤ 'ਚ ਇਕ ਸਟਿੱਪਣੀ ਰੱਖਦੇ ਹਨ ਨਾ, ਇਕ ਕਾਰ ਦੀ ਸਟਿੱਪਣੀ ਵਾਲੇ ਟਾਇਰ 'ਚ ਲੱਖਾਂ ਰੁਪਿਆਂ ਦੀ ਬੰਡਲ ਲੁਕਾ ਕੇ ਰੱਖੇ ਗਏ ਸਨ | ਫੜੇ ਗਏ | ਕਾਰਾਂ ਦੀਆਂ ਡਿਗੀਆਂ 'ਚੋਂ ਕਰੋੜਾਂ ਦੇ ਬੰਡਲ ਦਾਰੂ ਦੀਆਂ ਪੇਟੀਆਂ ਲੁਕਾ ਕੇ ਰੱਖੀਆਂ ਫੜੀਆਂ ਗਈਆਂ ਹਨ |
ਇਕ ਕਹਾਣੀ ਤੁਸਾਂ ਪੜ੍ਹੀ-ਸੁਣੀ ਹੋਣੀ ਹੈ, ਅਲਾਦੀਨ ਦਾ ਜਾਦੂਈ ਚਿਰਾਗ | ਉਹਦੇ ਅਨੁਸਾਰ ਅਲਾਦੀਨ ਇਕ ਬੜਾ ਹੀ ਗਰੀਬ ਗੁਰਬਾ ਸੀ | ਇਕ ਦਿਨ ਉਹਨੂੰ ਇਕ ਪੁਰਾਣਾ, ਮੈਲਾ ਚਿਰਾਗ ਮਿਲ ਗਿਆ | ਉਹਨੇ ਉਹਨੂੰ ਸਾਫ਼ ਕਰਨ ਲਈ ਉਸ ਚਿਰਾਗ ਨੂੰ ਰਗੜਣਾ ਸ਼ੁਰੂ ਕੀਤਾ ਤੇ ਲਓ ਰੱਬ ਦੀਆਂ ਖ਼ੈਰਾਂ, ਧੰੂਆਂ ਉਠਿਆ ਤੇ ਉਸ ਚਿਰਾਗ 'ਚੋ ਇਕ ਜਿੰਨ ਪ੍ਰਗਟ ਹੋਇਆ ਤੇ ਅਲਾਦੀਨ ਦੇ ਸਾਹਮਣੇ ਹੱਥ ਜੋੜ ਕੇ ਖੜ੍ਹਾ ਹੋ ਗਿਆ | ਅਲਾਦੀਨ ਨੂੰ ਆਖਿਆ, ਬੋਲ ਮੇਰੇ ਆਕਾ ਕੀ ਚਾਹੀਦੈ? ਜੋ ਮੰਗੇਂਗਾ ਮੈਂ ਦਿਆਂਗਾ |' ਅਲਾਦੀਨ ਨੇ ਫਿਰ ਜੋ ਮੰਗਿਆ, ਪੈਸਾ, ਹੀਰੇ, ਮੋਤੀ, ਮਾਲ, ਬੱਘੀਆਂ, ਸਭ ਕੁਝ ਮਿਲ ਗਿਆ |
ਸੱਚੀਂ ਜੇ ਰਤਾ ਗੌਰ ਕਰੀਏ ਤਾਂ ਅੱਜ ਇਹ ਸਾਰੇ ਜਿਹੜੇ ਚੋਣਾਂ ਲੜ ਰਹੇ ਹਨ, ਗਰੀਬ ਜਨਤਾ ਲਈ ਸਮਝੋ ਅਲਾਦੀਨ ਦੇ ਜਿੰਨ ਸਮਾਨ ਹੀ ਨੇ | ਗ਼ਰੀਬਾਂ ਨੂੰ ਹੱਥ ਜੋੜ-ਜੋੜ ਕੇ ਆਖ ਰਹੇ ਹਨ, ਵੋਟ ਤੁਹਾਡਾ ਜਾਦੂਈ ਚਿਰਾਗ ਹੈ, ਤੁਹਾਨੂੰ ਜ਼ਿਆਦਾ ਸ਼ੋਰ ਨਾਲ ਘਸਾਉਣ ਵਾਲੀ ਮੁਸ਼ੱਕਤ ਕਰਨ ਦੀ ਕੋਈ ਲੋੜ ਨਹੀਂ, ਬਸ ਮੇਰੇ ਨਾਂਅ ਵਾਲਾ ਬਟਨ ਦਬਾ ਦੇਣਾ, ਈ.ਵੀ. ਐਮ. ਦਾ, ਬੋਲ ਮੇਰੇ ਆਕਾ ਕੀ ਚਾਹੀਦੈ?
ਨਕਦ ਚਾਹੀਦਾ? ਨਕਦ ਦਿਆਂਗਾ, ਦਾਰੂ ਚਾਹੀਦਾ, ਦਾਰੂ ਦਿਆਂਗਾ, ਮਕਾਨ ਚਾਹੀਦਾ, ਮਕਾਨ ਦਿਆਂਗਾ, ਟੀ.ਵੀ. ਚਾਹੀਦਾ ਹੈ?...ਰੰਗਦਾਰ ਦਿਆਂਗਾ, 72 ਹਜ਼ਾਰ ਰੁਪਏ ਹਰ ਸਾਲ ਦਿਆਂਗਾ | ਬੋਲ ਮੇਰੇ ਆਕਾ ਤੈਨੂੰ ਕੀ ਚਾਹੀਦੈ? ਅਲਾਦੀਨ ਦਾ ਜਿੰਨ ਤਾਂ ਅਲਾਦੀਨ ਨੂੰ ਸਭ ਕੁਝ ਦੇ ਗਿਆ ਸੀ, ਪਰ ਇਹ ਜਿੰਨ ਸਿਰਫ਼ ਤਸੱਲੀਆਂ ਦੇ ਕੇ, ਦਿਲ ਖੁਸ਼ ਕਰਕੇ ਅਜਿਹਾ ਗਾਇਬ ਹੁੰਦਾ ਹੈ ਕਿ ਮੁੜ ਦਿਸਦਾ ਹੀ ਨਹੀਂ |
ਜਿੰਨ, ਕਥਾ ਕਹਾਣੀਆਂ 'ਚ ਹੀ ਹੁੰਦੇ ਹਨ, ਪਰ ਲੋਕਤੰਤਰ 'ਚ, ਕਈ ਕਰਾਮਾਤਾਂ ਤਾਂ ਹੋ ਹੀ ਜਾਂਦੀਆਂ ਨੇ, ਇਕ ਸ਼ਾਖਸਾਤ ਹੈ, ਇਕ ਚਾਹ ਵੇਚਣ ਵਾਲਾ, ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ | ਉਹ ਕਹਿੰਦੈ, ਮੈਂ ਦੇਸ਼ ਦਾ ਚੌਕੀਦਾਰ ਹਾਂ | ਜਿਵੇਂ ਅਲਾਦੀਨ ਇਕ ਹਵਾ 'ਚ ਉੱਡਣ ਵਾਲੀ ਸ਼ਾਨਦਾਰ ਚੱਟਾਈ 'ਤੇ ਬਹਿ ਕੇ, ਆਸਮਾਨ 'ਚ ਉੱਡੀ ਫਿਰਦਾ ਸੀ, ਇਹ ਚਾਹ ਵਾਲਾ... ਹਵਾਈ ਜਹਾਜ਼ਾਂ 'ਚ ਬਹਿ ਕੇ ਸਾਰੀ ਦੁਨੀਆ 'ਚ ਉਡੀ ਫਿਰਦਾ ਹੈ, ਨਾਲੇ ਰਫੇਲ ਵਰਗੇ ਲੜਾਕੂ ਹਵਾਈ ਜਹਾਜ਼ ਵੀ ਦੇਸ਼ ਲਈ ਖਰੀਦੀ ਫਿਰਦਾ ਹੈ | ਜਿਵੇਂ ਅਲਾਦੀਨ ਕੋਲੋਂ, ਜਾਦੂਈ ਚਿਰਾਗ ਖੋਹਣ ਲਈ, ਕਈ ਲਾਲਚੀ ਤੇ ਠੱਗ ਉਹਦੇ ਪਿੱਛੇ ਪੈ ਗਏ ਸਨ, ਇਸੇ ਤਰ੍ਹਾਂ ਜਿੰਨੀਆਂ ਪਾਰਟੀਆਂ ਹਨ, ਉਨ੍ਹਾਂ ਸਭਨਾਂ ਦੇ ਮੁਖੀ ਨੇਤਾ, ਚੌਕੀਦਾਰ ਚੋਰ ਹੈ... ਦੇ ਪਿੱਛੇ ਪਏ ਹੋਏ ਹਨ |
ਇਕ ਬੜੀ ਅਜੀਬ ਹਕੀਕਤ ਹੈ, ਜਲੰਧਰ 'ਚ ਜਿਥੇ ਸਾਡੀ ਅਖ਼ਬਾਰ 'ਅਕਾਲੀ' ਦਾ ਦਫ਼ਤਰ ਸੀ, ਜਿਸ 'ਚ ਮੈਂ ਇਹੀ ਕਾਲਮ ਆਤਿਸ਼ਬਾਜ਼ੀ ਲਿਖਦਾ ਸਾਂ, ਉਹ ਬਿਲਕੁਲ ਪੁਲਿਸ ਦੀ ਚੌਕੀ ਨੰਬਰ 3 ਦੇ ਨੇੜੇ ਸੀ, ਜ਼ਾਹਰ ਹੈ ਕਿ ਪੁਲਿਸ ਥਾਣਿਆਂ ਨੂੰ ਵੀ 'ਚੌਕੀ' ਕਿਹਾ ਜਾਂਦਾ ਹੈ | ਇਸ ਲਈ ਹਰ ਚੌਕੀ ਦਾ ਪੁਲਿਸ ਇੰਚਾਰਜ ਚੌਕੀਦਾਰ ਹੋਇਆ |
ਹੁਣ ਰਾਹੁਲ ਜੀ ਹਰ ਰੈਲੀ ਵਿਚ ਥਾਂ-ਥਾਂ ਉਚਾਰਦੇ ਹਨ, ਚੌਕੀਦਾਰ ਚੋਰ ਹੈ | ਇਹ ਤਾਂ ਸਿੱਧਾ ਸਭੇ ਪੁਲਿਸ ਵਾਲਿਆਂ ਦਾ ਅਪਮਾਨ ਹੈ | ਹੁਣ ਪੁਲਿਸ ਚੌਕੀ ਵਾਲਿਆਂ ਨੂੰ ਰਾਹੁਲ ਜੀ 'ਤੇ ਮਾਣਹਾਨੀ ਦਾ ਕੇਸ ਕਰਨਾ ਚਾਹੀਦਾ ਹੈ |
'ਹਮ ਸੇ ਭੂਲ ਹੋ ਗਈ,
ਹਮ ਕੋ ਮਾਫੀ ਦਈ ਦੇ |'
'ਨਾ ਜੀ ਨਾ', ਕਦੋਂ ਆਖਿਆ ਅਸਾਂ ਨੇ ਹਾਂ, ਜੀ ਹਾਂ, ਚੌਕੀਦਾਰ ਚੋਰ ਹੈ, ਸਾਨੂੰ ਤਾਂ ਇਹੀਓ ਪਤਾ ਨਹੀਂ ਚੌਕੀਦਾਰ ਕੌਣ ਹੈ?
'ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ?'
ਗੁਟਰਗੰੂ, ਗੁਟਰਗੰੂ... ਤੈਨੂੰ ਆਖਿਆ ਸੀ, ਤੈਨੂੰ ਹੋੜਿਆ ਸੀ, ਬੰਦ ਰੱਖ ਆਪਣਾ ਮੰੂਹ... ਬਿੱਲੀ ਝਪੱਟਾ ਮਾਰ ਗਈ ਨਾ |...
ਚਲੋ 23 ਤਰੀਕ ਨੂੰ ਪਤਾ ਲੱਗੇਗਾ ਕਿ ਜਿਹੜੇ ਲੇਖੀ ਨੇ ਲਿਖੇ ਨੇ ਲੇਖ ਤੇਰੇ, ਸੁਪਰੀਮ ਫ਼ੈਸਲਾ ਉਸ ਦਾ ਆਵਣਾ ਜੀ | ਉਂਜ 23 ਮਈ ਨੂੰ ਪਤਾ ਲੱਗੇਗਾ... ਚੌਕੀਦਾਰ ਚੋਰ ਹੈ ਕਿ ਸਿਰਮੌਰ ਹੈ | ਫ਼ੈਸਲਾ ਜਨਤਾ ਦਾ ਸਾਹਮਣੇ ਆਵਣਾ ਜੀ |
ਅੰਤਿਕਾ : ਜੇਕਰ ਮੁੜ ਕੇ ਇਹੋ ਚੌਕੀਦਾਰ ਸਿਰਦਾਰ ਬਣ ਕੇ ਆ ਗਿਆ ਤਾਂ ਸਕੂਲ 'ਚ ਪੜ੍ਹਦੇ ਹਰ ਬੱਚੇ ਨੇ ਇਹੋ ਆਖਣਾ ਹੈ, ਮਾਸਟਰ ਜੀ ਮੈਂ ਵੀ ਚੌਕੀਦਾਰ, ਮੈਂ ਵੀ ਚੌਕੀਦਾਰ |'


ਖ਼ਬਰ ਸ਼ੇਅਰ ਕਰੋ

ਕਾਵਿ-ਮਹਿਫ਼ਲ

ਕੁਝ ਇਕ ਰਿਸ਼ਤੇ ਕੱਚੇ ਧਾਗੀਂ, ਬੱਝੇ ਹੋਏ ਹੁੰਦੇ ਨੇ।
ਪਰ ਕੁਝ ਰਿਸ਼ਤੇ ਮੋਤੀ-ਮਾਲਾ, ਵਾਂਙ ਪਰੋਏ ਹੁੰਦੇ ਨੇ।
ਅੰਬਰ ਵੇਲ ਤਰ੍ਹਾਂ ਹੁੰਦੇ ਨੇ, ਜਜ਼ਬੇ ਗੁੱਧੇ ਰਿਸ਼ਤੇ ਕੁਝ,
ਖੁਸ਼ਬੂ ਵਰਗੇ ਰਿਸ਼ਤੇ ਸਾਹਾਂ ਵਿਚ ਸਮੋਏ ਹੁੰਦੇ ਨੇ।
ਔੜਾਂ ਮਾਰੀ ਭੂਮੀ ਵਾਂਙੂੰ, ਸਹਿਕਣ ਚਾਰ ਕੁ ਛਿੱਟਾਂ ਨੂੰ,
ਤੇ ਕੁਝ ਬਾਰਿਸ਼ ਹੋਵਣ ਮਗਰੋਂ, ਵੱਤਰ ਹੋਏ ਹੁੰਦੇ ਨੇ।
ਮੋਹ ਮਮਤਾ ਦੇ ਸਾਗਰ ਦੇ ਵਿਚ ਡੁੱਬਾ ਨਾਤਾ ਇਕੋ ਹੀ,
ਜਿਸ ਨੇ ਅਪਣੇ ਹੰਝਾਂ ਪਿੱਛੇ ਦਰਦ ਲੁਕੋਏ ਹੁੰਦੇ ਨੇ।
ਕੁਝ ਰਿਸ਼ਤੇ ਹੁੰਦੇ ਨੇ ਜਿਨ੍ਹਾਂ ਕੋਲੋਂ ਮਿਲਦੈ ਨਿੱਘ ਸਦਾ,
ਤੇ ਕੁਝ ਨਿੱਘੇ ਰਿਸ਼ਤੇ ਮੂਲੋਂ, ਠੰਢੇ ਹੋਏ ਹੁੰਦੇ ਨੇ।
ਭਾਵੁਕਤਾ ਦੇ ਵਹਿਣ 'ਚ ਵਹਿੰਦੇ, ਰਿਸ਼ਤੇ ਹੰਢਣਸਾਰ ਬੜੇ,
ਬੋਝ ਤਰ੍ਹਾਂ ਐਪਰ ਕੁਝ ਰਿਸ਼ਤੇ, ਸਿਰ 'ਤੇ ਢੋਏ ਹੁੰਦੇ ਨੇ।
ਜਿਹੜੇ ਵੀ ਰਿਸ਼ਤੇ ਦੀ ਖਾਤਰ, ਖੁਦ. ਨੂੰ ਦਾਅ 'ਤੇ ਲਾਉਂਦੇ ਹੋ,
ਚਰ ਕੇ ਯਾਰ ਅੰਗੂਰੀ ਉਹ ਹੀ, ਪਾਸੇ ਹੋਏ ਹੁੰਦੇ ਨੇ।
ਕੁਝ ਰਿਸ਼ਤੇ ਨੇ ਜਿਨ੍ਹਾਂ ਤਾਈਂ, ਆਪਾਂ ਨਾਂਅ ਨਈਂ ਦੇ ਸਕਦੇ,
'ਸੂਫ਼ੀ' ਦਿਲ ਦੀ ਡੂੰਘੀ ਤਹਿ ਦੇ ਹੇਠ ਲੁਕੋਏ ਹੁੰਦੇ ਨੇ।

-ਏ-1, ਜੁਝਾਰ ਨਗਰ, ਮੋਗਾ-142001.
ਮੋਬਾਈਲ : 98555-43660, 094645-77290.

ਚੋਣ ਪ੍ਰਚਾਰ ਦਾ ਇਕ ਦਿਨ

ਚੋਣ ਦੰਗਲ ਪੂਰੀ ਤਰ੍ਹਾਂ ਭੱਖ ਚੁੱਕਾ ਸੀ | ਪੰਜ ਸਾਲ ਤੱਕ ਭੁੱਲੀ-ਭੁਲਾਈ ਜਨਤਾ ਨੂੰ ਵਰਚਾ ਕੇ, ਇਕ ਵਾਰ ਫਿਰ ਆਉਂਦੇ ਪੰਜ ਵਰਿ੍ਹਆਂ ਲਈ ਲਾਲ ਬੱਤੀ ਵਾਲੀ ਕਾਰ ਦੀ ਰੀਝ ਨਾਲ ਮੰਤਰੀ ਸਾਹਿਬ, ਘਰ-ਘਰ, ਗਲੀ-ਗਲੀ, ਮੁਹੱਲੇ-ਮੁਹੱਲੇ ਦੀ ਖ਼ਾਕ ਛਾਣਦੇ ਫਿਰ ਰਹੇ ਸਨ | ਪਰ ਹਵਾ ਵਿਰੋਧੀ ਧਿਰ ਦੇ ਪੱਖ ਵਿਚ ਹੋਣ ਕਰਕੇ ਘਬਰਾਹਟ ਕੁਝ ਜ਼ਿਆਦਾ ਹੀ ਵਧੀ ਹੋਈ ਸੀ | ਇਸ ਕਰਕੇ ਮੰਤਰੀ ਸਾਹਿਬ ਸਵੇਰੇ ਹੀ ਆਪਣੇ ਲਾਮ-ਲਸ਼ਕਰ ਨੂੰ ਨਾਲ ਲੈ ਕੇ ਵੋਟਾਂ ਮੰਗਣ ਨਿਕਲ ਪੈਂਦੇ | ਅੱਜ ਵੀ, ਆਮ ਵਾਂਗ ਇਕ ਪਿੰਡ ਵਿਚ ਸਵੇਰ ਤੋਂ ਪਿੰਡ ਦੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਮੰਤਰੀ ਸਾਹਿਬ ਆਪਣੀ ਵੋਟਾਂ ਮੰਗਣ ਦੀ ਮੁਹਿੰਮ 'ਤੇ ਸਨ | 
ਘੜੀ 'ਤੇ ਦੁਪਹਿਰ ਦੇ ਦੋ ਵੱਜ ਚੁੱਕੇ ਸਨ | 'ਲਓ ਬਈ ਜੁਆਨੋਂ! ਆਹ ਗਲੀ ਵਿਚਲੇ ਚਾਰ-ਪੰਜ ਘਰੀਂ ਜਾ ਕੇ, ਫਿਰ ਆਪਾਂ ਸਾਰੇ ਪ੍ਰਧਾਨ ਜੀ ਦੇ ਘਰ ਪ੍ਰਸ਼ਾਦੇ ਛਕਾਂਗੇ |' ਇਸ ਤੋਂ ਪਹਿਲਾਂ ਕਿ ਸਮਰਥਕ ਰੋਟੀ ਦਾ ਬਹਾਨਾ ਲਾ ਕੇ ਘਰੋ-ਘਰੀ ਖਿਸਕਣ, ਅੱਗਾ ਵੱਲਦੇ ਹੋਏ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਤਸੱਲੀ ਦਿੱਤੀ |
ਗਲੀ ਵੜਦੇ ਹੀ, ਪਹਿਲੇ ਘਰ ਦੇ ਖੁੱਲ੍ਹੇ ਵਿਹੜੇ ਵਿਚ, ਟੈਂਟ-ਕਨਾਤਾਂ, ਕੁਰਸੀਆਂ ਅਤੇ ਇਕ ਪਾਸੇ ਰੋਟੀ ਵਾਲੇ ਜੂਠੇ ਭਾਂਡਿਆਂ ਦਾ ਢੇਰ ਦੇਖ ਕੇ ਮੰਤਰੀ ਸਾਹਿਬ ਨੂੰ ਲੱਗਾ ਕਿ ਜਿਵੇਂ ਇੱਥੇ ਕੁਝ ਦੇਰ ਪਹਿਲਾਂ ਤੱਕ ਕਾਫੀ ਇਕੱਠ ਸੀ ਅਤੇ ਫਿਰ ਰੁੱਕ ਕੇ ਪਿੰਡ ਦੇ ਪਾਰਟੀ ਪ੍ਰਧਾਨ ਨੂੰ ਪੁੱਛਣ ਲੱਗੇ, 'ਕਿਵੇਂ ਪ੍ਰਧਾਨ ਜੀ, ਲੱਗਦਾ ਜਿਵੇਂ ਅੱਜ ਐਸ ਘਰੇ ਕੋਈ ਪ੍ਰੋਗਰਾਮ ਸੀ ਕਿ... ?'
'ਇਨ੍ਹਾਂ ਦੀ ਬੁੜ੍ਹੀ ਦਾ ਭੋਗ ਸੀ ਜੀ ਅੱਜ |'
'ਕਮਾਲ ਹੋ ਗਈ ਯਾਰ ਥੋਡੇ ਵਾਲੀ ਵੀ, ਪਹਿਲਾਂ ਕਿਉਂ ਨਹੀਂ ਦੱਸੀ ਇਹੋ ਜਿਹੀ ਗੱਲ | ਆਪਾਂ ਭੋਗ ਪੈਣ ਤੋਂ ਪਹਿਲਾਂ ਆਉਂਦੇ, ਨਾਲੇ ਬੁੜ੍ਹੀ ਨੂੰ ਸ਼ਰਧਾਂਜਲੀ ਦੇ ਜਾਂਦੇ ਤੇ ਨਾਲੇ ਗੱਲੀਂ-ਬਾਤੀ ਵੋਟਾਂ ਮੰਗ ਲੈਣੀਆਂ ਸੀ |' ਮੰਤਰੀ ਸਾਹਿਬ ਦੇ ਚਿਹਰੇ ਤੋਂ ਪਛਤਾਵਾ ਇਉਂ ਝਲਕ ਰਿਹਾ ਸੀ ਜਿਵੇਂ ਕੋਈ ਸੁਨਹਿਰੀ ਮੌਕਾ ਹੱਥੋਂ ਚਲਾ ਗਿਆ ਹੋਵੇ |
'ਚਲੋ ਖ਼ੈਰ ਛੱਡੋ ਸਾਰੀਆਂ ਗੱਲਾਂ, ਮੈਂ ਆਪ ਸੰਭਾਲ ਲਊਾ | ਮੈਨੂੰ ਆਏਾ ਦੱਸੋ ਬਈ ਬੁੜ੍ਹੀ ਦਾ ਨਾਂਅ ਕੀ ਸੀ?'
'ਜੀ ਨਸੀਬ ਕੁਰ', ਪ੍ਰਧਾਨ ਇਉਂ ਬੋਲਿਆ ਜਿਵੇਂ ਉਸ ਨੂੰ ਅਹਿਸਾਸ ਹੋ ਗਿਆ ਹੋਵੇ ਕਿ ਉਸ ਤੋਂ ਕਿੰਨੀ ਬਜਰ ਗ਼ਲਤੀ ਹੋ ਚੁੱਕੀ ਹੈ |
ਇੰਜ ਕਾਫੀ ਬੰਦਿਆਂ ਅਤੇ ਮੰਤਰੀ ਸਾਹਿਬ ਨੂੰ ਹੱਥ ਬੰਨ੍ਹੀ ਆਪਣੇ ਵੱਲ ਆਉਂਦਾ ਵੇਖ ਕੇ ਘਰ ਵਿਚ ਇਧਰ-ਉਧਰ ਟੈਂਟ, ਕੁਰਸੀਆਂ ਅਤੇ ਭਾਂਡੇ-ਟੀਂਡੇ ਸੰਭਾਲਦੇ ਨਿੱਕੇ ਮੋਟੇ ਕੰਮ ਨਿਬੇੜਦੇ ਤੁਰੇ ਫਿਰਦੇ, ਵੀਹ-ਪੱਚੀ ਬੰਦੇ ਇਕੱਠੇ ਹੋ ਗਏ | ਮੌਕਾ ਦੇਖਦੇ ਹੀ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਵਿਹੜੇ ਵਿਚ ਪਏ ਮੰਜਿਆਂ-ਕੁਰਸੀਆਂ 'ਤੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਸੈਨਤ ਨਾਲ ਬਾਹਰ ਰਿਕਸ਼ਾ 'ਤੇ ਲੱਗੇ ਸਪੀਕਰ ਵਾਲੇ ਨੂੰ ਬੁਲਾਉਣ ਦਾ ਇਸ਼ਾਰਾ ਕੀਤਾ ਅਤੇ ਆਪ ਉੱਚੀ ਥਾਂ 'ਤੇ ਚੜ੍ਹ ਕੇ ਬੋਲਣ ਲਈ ਚੁਫੇਰੇ, ਕੋਈ ਉੱਚੀ ਥਾਂ ਦੇਖਣ ਲੱਗੇ |
'ਮੰਤਰੀ ਸਾਹਿਬ ਤੁਸੀਂ ਐਸ ਮੰਜੇ ਉੱਪਰ ਖੜ੍ਹੇ ਹੋ ਕੇ ਕਿਉਂ ਨਹੀਂ ਸੰਬੋਧਨ ਕਰ ਦਿੰਦੇ?' ਸਮਰਥਕਾਂ ਵਿਚੋਂ ਇਕ ਜਿਹੜਾ ਸਟੇਜ ਸੈਕਟਰੀ ਬਣਨ ਲਈ ਕਾਹਲਾ ਸੀ, ਨੇ ਰਾਇ ਦਿੱਤੀ |
'ਊਾ ਤਾਂ ਜੀ, ਪਿੱਛੇ ਖੁਰਲੀ ਵੀ ਠੀਕ ਰਹੂ | ਮੱਝਾਂ ਦਰਵਾਜ਼ੇ ਵਿਚ ਬੰਨ੍ਹ ਦਿੰਨੇ ਆਂ |' ਪਿੱਛੋਂ ਕੀਤੀ ਤਾਂ ਕਿਸੇ ਨੇ ਮਸ਼ਕਰੀ ਸੀ ਪਰ ਮੰਤਰੀ ਸਾਹਿਬ ਨੇ ਜਦ ਖੁਰਲੀ ਵੱਲ ਨਿਗ੍ਹਾ ਮਾਰੀ ਤਾਂ ਉਨ੍ਹਾਂ ਨੂੰ ਗੱਲ ਜੱਚ ਗਈ | ਘਰਦਿਆਂ ਤੋਂ ਬਿਨਾਂ ਪੁੱਛੇ-ਦੱਸੇ, ਮੰਤਰੀ ਸਾਹਿਬ ਦਾ ਇਸ਼ਾਰਾ ਪਾ ਕੇ ਵਰਕਰਾਂ ਨੇ ਫਟਾਫਟ ਮੱਝਾਂ ਤੇ ਕੱਟੇ-ਕੱਟੀਆਂ ਅੰਦਰ ਦਰਵਾਜ਼ੇ ਵਿਚ ਬੰਨ੍ਹ ਦਿੱਤੇ | ਏਨੀ ਦੇਰ ਨੂੰ ਆਂਢੀ-ਗੁਆਂਢੀ ਅਤੇ ਸਪੀਕਰ ਵਾਲਾ ਰਿਕਸ਼ਾ ਵੀ ਅੰਦਰ ਆ ਗਿਆ ਅਤੇ ਮੰਤਰੀ ਸਾਹਿਬ ਨੇ ਖੁਰਲੀ ਉੱਪਰ ਚੜ੍ਹ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ |
'ਬਜ਼ੁਰਗੋ, ਮਾਈਓ, ਭੈਣੋਂ, ਭਾਈਓ! ਬੇਬੇ ਨਸੀਬ ਕੌਰ ਦੇ ਪਰਿਵਾਰ ਨਾਲ ਮੇਰੀ ਸਾਂਝ ਕੋਈ ਅੱਜ ਦੀ ਨਹੀਂ? ਅੱਜ ਜਦੋਂ ਮੈਨੂੰ ਬੇਬੇ ਨਸੀਬ ਕੌਰ ਜੀ ਦੇ ਭੋਗ ਦੀ ਖ਼ਬਰ ਮਿਲੀ ਤਾਂ ਮੈਥੋਂ ਰਿਹਾ ਨਹੀਂ ਗਿਆ | ਮੈਂ ਆਪਣੀਆਂ ਸਾਰੀਆਂ ਚੋਣ-ਰੈਲੀਆਂ ਵਿਚੇ ਛੱਡ ਕੇ, ਬੇਬੇ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਧਰ ਨੂੰ ਭੱਜਾ | ਮੇਰਾ ਬੇਬੇ ਜੀ ਨਾਲ ਮੋਹ ਹੀ ਐਨਾਂ ਸੀ ਕਿ ਮੈਨੂੰ ਵਾਰ-ਵਾਰ ਚੇਤੇ ਆ ਰਿਹਾ ਉਹ ਦਿਨ, ਜਦੋਂ ਮੈਂ.... ਅਜੇ ਚਾਰ-ਪੰਜ ਮਹੀਨੇ ਪਹਿਲਾਂ, ਨਵੰਬਰ-ਦਸੰਬਰ ਮਹੀਨੇ ਵਿਚ ਬੇਬੇ ਨੂੰ ਮਿਲਣ ਆਇਆ ਸੀ | ਆਹ ਸਾਹਮਣੇ ਦਰਵਾਜ਼ੇ ਵਿਚ ਬੈਠੀ ਬੇਬੇ ਨੇ ਪਹਿਲਾਂ ਮੈਨੂੰ ਆਪਣੇ ਕੋਲ ਮੰਜੀ 'ਤੇ ਬਿਠਾ ਕੇ ਪਿਆਰ ਦਿੱਤਾ ਤੇ ਫਿਰ ਕਹਿਣ ਲੱਗੀ, ਪੁੱਤਰ ਅਮੀ ਚੰਦ ਵਰਿ੍ਹਆਂ ਪਿੱਛੋਂ ਤੰੂ ਆਇਆਂ, ਸਾਗ ਨਾਲ ਰੋਟੀ ਜ਼ਰੂਰ ਖਾ ਕੇ ਜਾਈਾ... |'
ਅਜੇ ਮੰਤਰੀ ਸਾਹਿਬ ਗੱਲ ਪੂਰੀ ਹੀ ਕਰਨ ਲੱਗੇ ਸਨ ਕਿ ਚਾਰੇ ਪਾਸੇ ਘੁਸਰ-ਮੁਸਰ ਸ਼ੁਰੂ ਹੋ ਗਈ ਅਤੇ ਪ੍ਰਧਾਨ ਮਗਰੇ ਖੁਰਲੀ 'ਤੇ ਚੜ੍ਹ ਕੇ ਮੰਤਰੀ ਸਾਹਿਬ ਦੇ ਕੰਨ ਵਿਚ ਹੌਲੀ ਜਿਹੀ ਕਹਿਣ ਲੱਗਾ, 'ਜਨਾਬ, ਆਹ ਕੀ ਕਹੀ ਜਾਂਦੇ ਓ, ਬੇਬੇ ਨੂੰ ਮਰੇ ਤਾਂ ਪੰਜ ਸਾਲ ਹੋ ਗਏ, ਅੱਜ ਤਾਂ ਬੇਬੇ ਦੀ ਪੰਜਵੀਂ ਬਰਸੀ ਸੀ |'
'ਤੁਸੀਂ ਵੀ ਸਾਰੇ ਇਕ ਤੋਂ ਇਕ ਵੱਧਕੇ ਬੇਵਕੂਫ਼ ਓਾ | ਐਹੋ ਜਿਹੀਆਂ ਗੱਲਾਂ ਪਹਿਲਾਂ ਕਿਉਂ ਨਹੀਂ ਦਸਦੇ', ਮੰਤਰੀ ਸਾਹਿਬ ਨੇ ਖਿਝ ਕੇ ਕਿਹਾ ਅਤੇ ਫਿਰ ਮਾਈਕ 'ਤੇ ਡੱਟ ਗਏ |
'ਮੇਰੇ ਕਹਿਣ ਤੋਂ ਮਤਲਬ ਸੀ ਬਈ, ਮੇਰਾ ਤਾਂ ਬੇਬੇ ਜੀ ਨਾਲ ਮੋਹ ਹੀ ਏਨਾ ਸੀ ਕਿ ਮੈਨੂੰ ਤਾਂ ਪੰਜ ਸਾਲ ਪੁਰਾਣੀਆਂ ਗੱਲਾਂ ਵੀ ਇਉਂ ਲੱਗਦੀਆਂ ਹਨ, ਜਿਵੇਂ ਪੰਜ ਮਹੀਨੇ ਪਹਿਲਾਂ ਦੀਆਂ ਹੋਣ | ਮੈਨੂੰ ਪੱਕਾ ਪਤੈ, ਕਿ ਜੇ ਮੈਂ ਸਾਗ ਦੀ ਰੁੱਤ ਵਿਚ ਬੇਬੇ ਨੂੰ ਮਿਲਣ ਆਉਂਦਾ ਤਾਂ ਬੇਬੇ ਨੇ ਮੈਨੂੰ ਲਾਜ਼ਮੀ, ਆਪਣੇ ਹੱਥਾਂ ਨਾਲ ਬਣੇ ਸਾਗ ਨਾਲ ਰੋਟੀ ਖੁਆ ਕੇ ਹੀ ਭੇਜਣਾ ਸੀ | ਅਕਸਰ ਬੇਬੇ ਮੇਰੇ ਨਾਲ ਗੱਲਾਂ ਕਰਦੀ, ਕਹਿੰਦੀ ਹੁੰਦੀ ਸੀ, ਬਈ ਪੁੱਤ ਅਮੀ ਚੰਦ! ਤੂੰ ਵੋਟਾਂ 'ਚ ਜ਼ਰੂਰ ਖੜ੍ਹਾ ਹੋਇਆ ਕਰੀਂ | ਮੇਰਾ ਤੇਰੇ ਨਾਲ ਵਾਅਦਾ ਐ ਕਿ ਸਾਡੇ ਪਿੰਡ ਦੀ ਇਕ-ਇਕ ਵੋਟ ਤੇਰੇ ਹੱਕ ਵਿਚ ਭਗਤੂ, ਭਾਵੇਂ ਮੈਨੂੰ ਪਚਾਸੀ ਸਾਲ ਦੀ ਉਮਰ 'ਚ ਸੋਟੀ ਫੜ ਕੇ, ਤੇਰੀ ਖਾਤਰ ਘਰੋ-ਘਰੀ ਜਾ ਕੇ, ਇਕ-ਇਕ ਵੋਟ ਕਿਉਂ ਨਾ ਮੰਗਣੀ ਪਵੇ? ਪਰ ਮੇਰੇ ਪਿੰਡ ਦੀਆਂ ਸਾਰੀਆਂ ਵੋਟਾਂ ਪੈਣਗੀਆਂ ਤੈਨੂੰ | ਸੋ ਵੀਰੋ ਤੇ ਭੈਣੋ ਹੁਣ ਸਮਾਂ ਆ ਗਿਆ ਕਿ ਤੁਸੀਂ ਮੇਰੇ ਨਾਲ ਬੀਬੀ ਨਸੀਬ ਕੌਰ ਦਾ ਕੀਤਾ ਵਾਅਦਾ ਯਾਦ ਰੱਖਣੈ ਅਤੇ ਵੋਟ ਮੈਨੂੰ ਹੀ ਪਾਉਣੀ ਹੈ |'
ਮੰਤਰੀ ਸਾਹਿਬ ਨੇ ਅਜੇ ਮਸਾਂ ਗੱਲ ਪੂਰੀ ਹੀ ਕੀਤੀ ਸੀ ਕਿ ਮੰਤਰੀ ਸਾਹਿਬ ਜ਼ਿੰਦਾਬਾਦ ਦੇ ਨਾਅਰੇ ਲੱਗਣ ਲੱਗ ਪਏ ਅਤੇ ਖੁਰਲੀ ਤੋਂ ਉੱਤਰ ਕੇ ਮੰਤਰੀ ਸਾਹਿਬ ਆਪਣੇ ਸਮਰਥਕਾਂ ਸਣੇ ਮੁਹਿੰਮ ਦੇ ਅਗਲੇ ਪੜਾਅ ਵੱਲ ਨੂੰ ਹੋ ਤੁਰੇ |

-ਮਕਾਨ ਨੰ: 13516-ਏ, ਗਲੀ ਨੰਬਰ: 5, ਠਾਕੁਰ ਕਲੋਨੀ, ਗਣੇਸ਼ਾ ਬਸਤੀ, ਬਠਿੰਡਾ |
ਮੋਬਾਈਲ : 9501115200

ਨਹਿਲੇ 'ਤੇ ਦਹਿਲਾ ਲਿਆ ਸੌ ਰੁਪਿਆ ਦੇ

ਦੋ ਉਰਦੂ ਦੇ ਸ਼ਾਇਰ ਮੁਸ਼ਾਇਰੇ ਵਿਚ ਹਿੱਸਾ ਲੈ ਆਪਣੇ-ਆਪਣੇ ਸ਼ਹਿਰਾਂ ਨੂੰ ਪਰਤ ਰਹੇ ਸਨ | ਉਹ ਦੋਵੇਂ ਗੱਡੀ ਦੇ ਰਿਜ਼ਰਵ ਡੱਬੇ ਵਿਚ ਬੈਠ ਗਏ | ਗੱਡੀ ਤੁਰ ਪਈ ਤਾਂ ਉਹ ਦੋਵੇਂ ਲਾਗੇ-ਲਾਗੇ ਹੋ ਕੇ ਮੁਸ਼ਾਇਰੇ ਬਾਰੇ ਚੰਗੀਆਂ ਮਾੜੀਆਂ ਗੱਲਾਂ ਕਰਨ ਲੱਗ ਪਏ | ਅੱਗੇ ਇਕ ਵੱਡਾ ਸਟੇਸ਼ਨ ਆਇਆ ਤਾਂ ਹੋਰ ਸਵਾਰੀਆਂ ਵੀ ਡੱਬੇ ਵਿਚ ਬੈਠ ਗਈਆਂ, ਉਨ੍ਹਾਂ ਦੋਵਾਂ ਦੀਆਂ ਸੀਟਾਂ ਦੇ ਨਾਲ ਦੀ ਸੀਟ 'ਤੇ ਇਕ ਸੋਹਣੀ ਸੁਨੱਖੀ ਗੋਰੀ ਮੇਮ ਨੰਬਰ ਵੇਖ ਕੇ ਆਪਣਾ ਇਟੈਚੀ ਥੱਲੇ ਰੱਖ ਕੇ ਬੈਠ ਗਈ | ਦੋਵੇਂ ਉਰਦੂ ਸ਼ਾਇਰ ਮੁਸਲਮਾਨ ਸਨ | ਹੌਲੀ-ਹੌਲੀ ਉਰਦੂ ਵਿਚ ਗੱਲਾਂ ਕਰਨ ਲੱਗੇ | ਦੋਵੇਂ ਸ਼ਾਇਰ ਹੁਣ ਮੁਸ਼ਾਇਰੇ ਬਾਰੇ ਗੱਲਾਂ ਨਾ ਕਰਕੇ ਉਸ ਸੋਹਣੀ ਸੁਨੱਖੀ ਮੇਮ ਬਾਰੇ ਖੁਸਰ-ਮੁਸਰ ਕਰਦੇ ਪਏ ਸਨ | ਇਕ ਸ਼ਾਇਰ ਨੇ ਦੂਜੇ ਨੂੰ ਕਿਹਾ, 'ਜੇ ਤੂੰ ਇਸ ਗੋਰੀ ਨੂੰ ਕਿੱਸ ਕਰ ਲਵੇਂ ਤਾਂ ਮੈਂ ਤੈਨੂੰ ਸੌ ਰੁਪਏ ਇਨਾਮ ਦਿਆਂਗਾ |' ਦੂਜੇ ਨੇ ਕਿਹਾ, 'ਜੇ ਤੂੰ ਇਨਾਮ ਤੋਂ ਮੱੁਕਰ ਗਿਆ ਤਾਂ?' 'ਖ਼ੁਦਾ ਦੀ ਸਹੰੁ ਜੇ ਤੂੰ ਕਿੱਸ ਕਰ ਲਿਆ ਤਾਂ ਮੈਂ ਤੈਨੂੰ ਸੌ ਰੁਪਿਆ ਦਿਆਂਗਾ | ਜੇਕਰ ਗੋਰੀ ਨੇ ਤੈਨੂੰ ਚੱਪਲਾਂ ਨਾਲ ਕੁੱਟਿਆ ਤਾਂ ਵੀ ਤੈਨੂੰ ਇਨਾਮ ਦਿਆਂਗਾ |' ਫਿਰ ਕਿੱਸ ਕਰਨ ਵਾਲਾ ਸ਼ਾਇਰ ਉੱਠਿਆ ਅਤੇ ਝਟਪਟ ਗੋਰੀ ਦਾ ਮੰੂਹ ਚੰੁਮ ਕੇ ਉੱਚੀ-ਉੱਚੀ ਰੋਣ ਲੱਗ ਪਿਆ, 'ਨੀਂ ਜੰਨਤ ਦੀ ਹੂਰੇ, ਨੀਂ ਚੰਨ ਜਿਹੇ ਮੁਖੜੇ ਵਾਲੀਏ, ਨੀ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਵਰਗੀਏ | ਮੈਂ ਤੈਨੂੰ ਸਲਾਮ ਕਰਦਾ ਹਾਂ | ਤੂੰ ਮੇਰੀ ਵਾਈਫ਼ ਜਾਪਦੀ ਏਾ | ਮੇਰੀ ਵਾਈਫ਼ ਜੋ ਕਈ ਸਾਲ ਪਹਿਲਾਂ ਇਸ ਧਰਤੀ ਤੋਂ ਚਲੀ ਗਈ, ਤੂੰ ਹੂ-ਬਹੂ ਮੇਰੀ ਮਰ ਚੁੱਕੀ ਵਾਈਫ਼ ਵਰਗੀ ਏਾ | ਤੇਰੀ ਸ਼ਕਲ ਸੂਰਤ ਵੇਖ ਕੇ ਮੈਨੂੰ ਮੇਰੀ ਬੇਗਮ ਯਾਦ ਆ ਗਈ ਸੀ | ਮੈਂ ਉਹਨੂੰ ਯਾਦ ਕਰਦਿਆਂ ਤੇਰਾ ਮੰੂਹ ਚੰੁਮ ਲਿਆ | ਹਾਏ-ਹਾਏ, ਹਾਏ-ਹਾਏ ਅਤੇ ਉੱਚੀ-ਉੱਚੀ ਧਾਹਾਂ ਮਾਰਦਾ ਰਿਹਾ | ਲਾਗੇ ਚਾਗੇ ਬੈਠੇ ਬੰਦੇ ਹੌਲੀ-ਹੌਲੀ ਉਨ੍ਹਾਂ ਕੋਲ ਆਉਂਦੇ ਰਹੇ ਅਤੇ ਉਸ ਨੂੰ ਚੁੱਪ ਕਰਾਉਂਦੇ ਰਹੇ | ਗੋਰੀ ਮੇਮ ਵੀ ਚੁੱਪ ਕਰਕੇ ਸਾਰਾ ਤਮਾਸ਼ਾ ਵੇਖਦੀ ਰਹੀ | ਫਿਰ ਅਚਾਨਕ ਗੱਡੀ ਰੁਕੀ ਤਾਂ ਦੋਵੇਂ ਆਪਣਾ-ਆਪਣਾ ਸਾਮਾਨ ਚੁੱਕ ਕੇ ਥੱਲੇ ਉੱਤਰ ਗਏ | ਉਨ੍ਹਾਂ ਦਾ ਸਟੇਸ਼ਨ ਆ ਗਿਆ ਸੀ |
ਸਟੇਸ਼ਨ ਤੋਂ ਬਾਹਰ ਨਿਕਲਦਿਆਂ ਚੰੁਮੀ ਲੈਣ ਵਾਲੇ ਨੇ ਆਪਣੇ ਸਾਥੀ ਨੂੰ ਕਿਹਾ, 'ਲਿਆ ਸੌ ਰੁਪਿਆ ਦੇ |'

-ਮੋਬਾਈਲ : 94170-91668.

ਕਹਾਣੀ ਫ਼ਰਜ਼ ਅਤੇ ਦਾਨ

ਅਸੀਂ ਬਠਿੰਡਾ ਬੱਸ ਅੱਡੇ ਦੇ ਅੰਦਰ, ਲੰਮੇ ਬੈਂਚ 'ਤੇ ਬੈਠੇ ਕਈ ਵਿਅਕਤੀ, ਬੱਸ ਦੀ ਉਡੀਕ ਕਰ ਰਹੇ ਸਾਂ ਤਾਂ ਇਕ ਮੈਲੇ-ਕੁਚੈਲੇ ਕੱਪੜਿਆਂ ਵਾਲੇ ਮੰਗਤੇ ਲੜਕੇ ਨੇ ਸਿਲਵਰ ਦਾ ਚਿੱਬਾ ਜਿਹਾ ਪੁਰਾਣਾ ਕੌਲਾ ਮੇਰੇ ਅੱਗੇ ਕਰਕੇ ਕਿਹਾ, 'ਦਾਨ ਜੀ', ਉਸ ਦੇ ਮੋਢੇ 'ਤੇ ਇਕ ਬਿਰਧ ਮੰਗਤੇ ਨੇ ਸਹਾਰੇ ਲਈ ਹੱਥ ਰੱਖਿਆ ਹੋਇਆ ਸੀ ਅਤੇ ਸ਼ਾਇਦ ਅੱਖਾਂ ਤੋਂ ਅੰਨ੍ਹਾ ਲਗਦਾ ਸੀ | ਬੈਂਚ 'ਤੇ ਬੈਠੇ ਪੰਜ ਛੇ ਜਣਿਆਂ ਨੇ ਉਨ੍ਹਾਂ 'ਤੇ ਤਰਸ ਕਰਕੇ ਇਕ-ਇਕ, ਦੋ-ਦੋ ਜਾਂ ਪੰਜ ਰੁਪਏ ਦਿੱਤੇ | ਮੈਂ ਵੀ ਅਣਮੰਨੇ ਜਿਹੇ ਮਨ ਨਾਲ ਉਸ ਨੂੰ ਪੰਜ ਰੁਪਏ ਦਿੱਤੇ | ਮੈਨੂੰ ਲੜਕੇ 'ਤੇ ਉਸ ਦਾ ਚਿਹਰਾ ਵੇਖ ਕੇ ਕੁਝ ਸ਼ੱਕ ਜਿਹਾ ਪਿਆ | ਮੇਰੇ ਪੁੱਛਣ 'ਤੇ ਉਸ ਦਾ ਜਵਾਬ ਸੁਣ ਕੇ ਮੈਂ ਸੰੁਨ ਜਿਹਾ ਹੋ ਬੈਂਚ 'ਤੇ ਬੈਠ ਗਿਆ | ਪਿਛਲੇ ਚਾਰ-ਪੰਜ ਮਹੀਨੇ ਪਹਿਲਾਂ ਵਾਲੀ ਸਾਰੀ ਘਟਨਾ, ਫ਼ਿਲਮ ਦੇ ਸੀਨ ਵਾਂਗ, ਜਿਵੇਂ ਮੇਰੀਆਂ ਅੱਖਾਂ ਅੱਗੋਂ ਲੰਘਣ ਲੱਗੀ |
ਮੇਰੇ ਯਾਦ ਆਇਆ, ਮੈਂ ਉਸ ਦਿਨ ਗਿੱਦੜਬਾਹਾ ਜਾਣ ਲਈ ਬੇਸ਼ੱਕ ਕਾਹਲੀ ਨਾਲ ਘਰੋਂ ਆਇਆ ਸੀ, ਪਰ ਫਿਰ ਵੀ ਅੱਠ ਵਜੇ ਵਾਲੀ ਬੱਸ ਖੰੁਝ ਗਈ ਸੀ | ਬੇਵਸੀ ਜਿਹੀ ਨਾਲ ਮੈਂ ਬੱਸ ਅੱਡੇ ਦੇ ਵਰਾਂਡਿਆਂ ਵਿਚ ਲੱਗੇ ਲੰਮੇ ਬੈਂਚ 'ਤੇ ਬੈਠ ਕੇ ਗਿੱਦੜਬਾਹਾ ਲਈ ਅਗਲੀ ਬੱਸ ਦੀ ਉਡੀਕ ਕਰਨ ਲੱਗਾ ਸੀ |
ਮੈਂ ਸਮਾਂ ਬਿਤਾਉਣ ਲਈ ਬੱਸ ਅੱਡੇ 'ਤੇ ਹੋ ਰਹੀ ਹਰ ਹਰਕਤ ਨੂੰ ਗਹੁ ਨਾਲ ਵਾਚਣ ਲੱਗਾ | ਉਫ਼, ਕਿੰਨਾ ਸ਼ੋਰ ਸੀ | ਅੱਡੇ 'ਤੇ ਆਉਣ-ਜਾਣ ਵਾਲੇ ਮੁਸਾਫਿਰਾਂ ਦੀ ਕਿੰਨੀ ਭੀੜ ਸੀ | ਲਾਟਰੀ ਵਾਲੀ ਸਟਾਲ 'ਤੇ ਲੱਗਾ ਸਪੀਕਰ ਹਰੇਕ ਨੂੰ ਲੱਖਪਤੀ ਬਣਨ ਲਈ ਲਾਟਰੀ ਦੀ ਇਕ ਟਿਕਟ ਖਰੀਦਣ ਲਈ ਕਹਿ ਰਿਹਾ ਸੀ | ਨਾਲ ਦੀ ਸਟਾਲ 'ਤੇ ਅਖ਼ਬਾਰਾਂ ਵਾਲਾ, ਅੱਜ ਦੀਆਂ ਤਾਜ਼ਾ ਖ਼ਬਰਾਂ ਤੋਂ ਜਾਣੂ ਕਰਵਾਉਣ ਲਈ ਇਕ ਅਖ਼ਬਾਰ ਖਰੀਦਣ ਲਈ ਹੋਕਾ ਦੇ ਰਿਹਾ ਸੀ | ਮੇਰੇ ਪਿੱਛੇ ਚਾਹ ਵਾਲੀ ਕੰਟੀਨ 'ਤੇ ਮੁਸਾਫਿਰਾਂ ਨੂੰ ਠੰਢੇ ਸੋਢੇ, ਸਕੈਸ਼, ਲੱਸੀ, ਚਾਹ, ਬਰੈੱਡ, ਸਮੋਸੇ ਅਤੇ ਗਰਮਾ-ਗਰਮ ਪਰੌਾਠਿਆਂ ਦੀ ਉੱਚੀ ਆਵਾਜ਼ ਵਿਚ ਪੇਸ਼ਕਸ਼ ਕਰ ਰਿਹਾ ਸੀ | ਅੱਡੇ ਤੋਂ ਅੱਡ-ਅੱਡ ਸ਼ਹਿਰਾਂ ਨੂੰ ਜਾਣ ਲਈ ਬੱਸਾਂ ਬੈਕ ਕਰਵਾਉਣ ਸਮੇਂ ਕੰਡਕਟਰਾਂ ਦੀਆਂ ਵਿਸਲਾਂ ਦੀਆਂ ਆਵਾਜ਼ਾਂ, ਬੱਸਾਂ ਦੇ ਹਾਰਨ ਅਤੇ ਇੰਜਣਾਂ ਦਾ ਕਿੰਨਾ ਸ਼ੋਰ ਸੀ | ਅੱਡੇ 'ਤੇ ਲੱਗੀਆਂ ਬੱਸਾਂ ਵਿਚ ਮੁਸਾਫਿਰਾਂ ਨੂੰ ਚੜ੍ਹਾਉਣ ਲਈ ਕੰਡਕਟਰ ਉਸ ਰੂਟ ਦੀਆਂ ਉੱਚੀ-ਉੱਚੀ ਆਵਾਜ਼ਾਂ ਦੇ ਰਹੇ ਸਨ |
'ਆ ਜੋ ਬਈ ਭੁੱਚੋ, ਰਾਮਪੁਰਾ, ਤਪਾ, ਬਰਨਾਲਾ, ਲੁਧਿਆਣਾ ਬਈ...' ਅਗਲੀ ਆਵਾਜ਼ ਆ ਰਹੀ ਸੀ 'ਚਲੋ ਬਈ ਬਰਨਾਲਾ, ਧਨੌਲਾ, ਸੰਗਰੂਰ, ਪਟਿਆਲਾ, ਚੰਡੀਗੜ੍ਹ ਬਈ...' ਇਕ ਹੋਰ ਆਵਾਜ਼ ਸੁਣ ਰਹੀ ਸੀ, 'ਆ ਜੋ ਬਈ ਜੈਤੋ, ਫਰੀਦਕੋਟ, ਮੁਦਕੀ, ਜ਼ੀਰਾ, ਹਰੀਕੇ, ਤਰਨ ਤਾਰਨ, ਸ੍ਰੀ ਅੰਮਿ੍ਤਸਰ ਸਾਹਿਬ...' ਇਕ ਬਜ਼ੁਰਗ ਹਾਕਰ ਦੀ ਜ਼ੋਰ ਨਾਲ ਆਵਾਜ਼ ਬੜੀ ਦਿਲਚਸਪ ਸੀ, ਜਿਸ ਨੇ ਕਾਫ਼ੀ ਮੁਸਾਫਿਰਾਂ ਦਾ ਧਿਆਨ ਖਿੱਚਿਆ ਹੋਇਆ ਸੀ, 'ਚਲੋ ਬਈ ਕੋਟਸ਼ਮੀਰ, ਤਲਵੰਡੀ, ਸਰਦੂਲਗੜ੍ਹ, ਔਤਾਂ ਵਾਲੀ, ਨਪੁੱਤਿਆਂ ਵਾਲੀ, ਮੂਸਾ, ਮਾਨਸਾ, ਬਈ...' ਮੇਰਾ ਹਾਸਾ ਨਿਕਲਣੋਂ ਨਾ ਰਹਿ ਸਕਿਆ, ਕਿਉਂਕਿ ਇਧਰ ਕੋਈ ਨਪੁੱਤਿਆਂ ਵਾਲੀ ਪਿੰਡ ਨਹੀਂ ਸੀ, ਹੋਕੇ ਨੂੰ ਦਿਲਚਸਪ ਬਣਾਉਣ ਲਈ ਉਸ ਨੇ ਔਤਾਂ ਵਾਲੀ ਦੇ ਨਾਲ ਨਪੁੱਤਿਆਂ ਵਾਲੀ ਆਪਣੇ ਕੋਲੋਂ ਹੀ ਜੋੜ ਲਿਆ ਸੀ |
ਮੇਰਾ ਧਿਆਨ ਉਸ ਵਕਤ ਟੁੱਟਿਆ, ਜਦੋਂ ਇਕ ਪੰਦਰਾਂ ਕੁ ਸਾਲ ਦੇ ਮੰੁਡੇ ਨੇ ਆ ਕੇ ਕਿਹਾ, 'ਪਾਲਿਸ਼ ਜੀ, ਬੂਟ ਪਾਲਿਸ਼ ਕਰਦੀਏ, ਬਡੀਆ ਬਣਾ ਦਿਆਂਗੇ, ਚਮਕਾ ਦਿਆਂਗੇ' ਤੇ ਉਹ ਸਹਿਮਤੀ ਲਈ ਮੇਰੇ ਵੱਲ ਤੱਕਣ ਲੱਗਾ | ਮੈਂ ਵੇਖਿਆ ਉਸ ਲੜਕੇ ਦੇ ਕੱਪੜੇ ਸਾਦੇ ਪਰ ਸਾਫ਼ ਸਨ | ਪੈਂਟ, ਸ਼ਰਟ, ਉਪਰਦੀ ਪਹਿਨ ਕੇ ਸਸਤੀ ਜਿਹੀ ਬੈਲਟ, ਨਾਲ ਕਸੀ ਹੋਈ ਸੀ, ਬੂਟ ਵੀ ਸਾਦੇ ਪਰ ਸਾਫ਼ ਅਤੇ ਪਾਲਿਸ਼ ਕੀਤੇ ਹੋਏ ਸਨ | ਉਸ ਨੇ ਵਾਲ ਵਧੀਆ ਸਲੀਕੇ ਨਾਲ ਵਾਹੇ ਹੋਏ ਸਨ | ਰੰਗ ਕਣਕ-ਵੰਨਾ ਅਤੇ ਚਿਹਰੇ ਦੇ ਖੱਬੇ ਪਾਸੇ ਵੱਡਾ ਸਾਰਾ ਤਿਲ ਸੀ | ਹੱਥ ਵਿਚ ਪਾਲਿਸ਼ ਵਾਲਾ ਬਕਸਾ, ਜਿਸ 'ਤੇ ਪਾਲਿਸ਼ ਵਾਲੀਆਂ ਵੱਖਰੇ-ਵੱਖਰੇ ਰੰਗਾਂ ਦੀਆਂ ਸ਼ੀਸ਼ੀਆਂ ਅਤੇ ਡੱਬੀਆਂ ਬੜੀ ਸਫ਼ਾਈ ਨਾਲ ਰੱਖੀਆਂ ਹੋਈਆਂ ਸਨ ਅਤੇ ਸਾਈਡ 'ਤੇ ਕਾਲੇ, ਭੂਰੇ ਅਤੇ ਲਾਲ ਰੰਗ ਦੇ ਪਾਲਿਸ਼ ਕਰਨ ਵਾਲੇ ਬੁਰਸ਼ ਲਮਕ ਰਹੇ ਸਨ | ਵੇਖਣ ਵਿਚ ਉਹ ਸਾਦਾ, ਸ਼ਰੀਫ਼, ਮਿਹਨਤੀ ਅਤੇ ਕੰਮ ਵਿਚ ਨਿਪੰੁਨ ਲਗਦਾ ਸੀ | ਮੈਂ ਇਹ ਸੋਚ ਕੇ ਨਾਂਹ ਵਿਚ ਸਿਰ ਹਿਲਾ ਦਿੱਤਾ, ਮਤੇ ਇਹ ਮੇਰੇ ਬਰੈਂਡਡ ਕੰਪਨੀ ਦੇ ਬੂਟ ਖਰਾਬ ਨਾ ਕਰ ਦੇਵੇ | ਬੈਂਚ 'ਤੇ ਬੈਠੇ ਲਗਪਗ ਪੰਜ ਕੁ ਜਣਿਆਂ ਨੇ ਉਸ ਤੋਂ ਪਾਲਿਸ਼ ਨਾ ਕਰਵਾਈ ਅਤੇ ਅਖੀਰਲੇ ਇਕ ਅੱਧਖੜ ਜਿਹੀ ਉਮਰ ਦੇ ਟੋਪੀ ਵਾਲੇ ਆਦਮੀ ਨੇ ਗਾਰੇ ਨਾਲ ਲਿੱਬੜੇ ਪੁਰਾਣੇ ਜਿਹੇ ਬੂਟ ਪਾਲਿਸ਼ ਲਈ ਉਸ ਅੱਗੇ ਕਰ ਦਿੱਤੇ ਸਨ |
ਮੇਰੇ ਯਾਦ ਹੈ ਕਿ ਉਸ ਨੇ ਪ੍ਰੇਮ ਨਾਲ ਪਹਿਲਾਂ ਬੂਟਾਂ ਤੋਂ ਬੁਰਸ਼ ਨਾਲ ਸਾਰਾ ਗਾਰਾ ਸਾਫ਼ ਕੀਤਾ, ਫਿਰ ਜਿਸ ਜਗ੍ਹਾ ਬੂਟਾਂ ਤੋਂ ਪਾਲਿਸ਼ ਲਹਿ ਚੁੱਕੀ ਸੀ ਉਥੇ ਕਾਲਾ ਰੰਗ ਲਗਾਇਆ, ਫਿਰ ਦੋਵਾਂ ਬੂਟਾਂ 'ਤੇ ਪਾਲਿਸ਼ ਲਾ ਕੇ ਬੁਰਸ਼ ਨਾਲ ਚਮਕਾਏ ਤੇ ਬਾਅਦ ਵਿਚ ਬੂਟਾਂ 'ਤੇ ਥੋੜ੍ਹੀ ਜਿਹੀ ਕਰੀਮ ਲਾ ਕੇ ਫਿਰ ਸਾਫ਼ ਬੁਰਸ਼ ਮਾਰਿਆ ਅਤੇ ਫੀਤੇ ਪਾ ਕੇ ਬੂਟ ਵਿਅਕਤੀ ਦੇ ਅੱਗੇ ਕਰ ਦਿੱਤੇ ਅਤੇ ਕਿਹਾ ਸੀ 'ਜੀ ਦਸ ਰੁਪਏ |'
'ਦਸ ਰੁਪਏ ਕਾਹਦੇ ਓਏ, ਪਾਲਿਸ਼ ਦੇ ਸਾਰੇ ਪੰਜ ਰੁਪਏ ਲੈਂਦੇ ਨੇ', ਬੂਟਾਂ ਵਾਲਾ ਆਦਮੀ ਕੜਕ ਕੇ ਬੋਲਿਆ, 'ਨਹੀਂ ਜੀ, ਸਭ ਦਸ ਰੁਪਏ ਹੀ ਲੇਤੇ ਹੈਾ', ਪਾਲਿਸ਼ ਵਾਲੇ ਨੇ ਨਿਮਰਤਾ ਨਾਲ ਜਵਾਬ ਦਿੱਤਾ ਸੀ |
'ਬਕਵਾਸ ਨਾ ਕਰ, ਪੰਜ ਰੁਪਏ ਲੈਣੇ ਐਾ ਤਾਂ ਲੈ ਨਹੀਂ ਤੁਰਦਾ ਲੱਗ', ਬੂਟਾਂ ਵਾਲੇ ਨੇ ਹੈਾਕੜ ਵਿਖਾਈ |
'ਅਗਰ ਮਿਹਨਤ ਕਰਤੇ ਹੈਾ ਤੋ ਬਕਵਾਸ ਬੋਲਤੇ ਹੋ, ਬੂਟ ਪਾਲਿਸ਼ ਕਾ ਦਸ ਰੁਪਏ ਕਾ ਰੇਟ ਹੈ, ਔਰ ਦਸ ਰੁਪਏ ਲੇਕਰ ਹੀ ਜਾਊਾਗਾ', ਪਾਲਿਸ਼ ਵਾਲੇ ਨੇ ਗੁੱਸੇ ਅਤੇ ਸਖ਼ਤੀ ਨਾਲ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ |
ਬੂਟਾਂ ਵਾਲਾ ਸ਼ਾਇਦ ਸਮਝ ਗਿਆ ਸੀ ਕਿ ਹੁਣ ਉਸ ਦੀ ਦਾਲ ਨਹੀਂ ਗਲਣ ਵਾਲੀ | ਉਸਨੇ ਪਾਲਿਸ਼ ਵਾਲੇ ਨੂੰ ਗੁੱਸਾ ਵਿਖਾਉਂਦੇ ਹੋਏ ਦਸ ਰੁਪਏ ਦਾ ਨੋਟ ਦਿੰਦੇ ਹੋਏ ਕਿਹਾ, 'ਆਹ ਲੈ ਤੇ ਦਫਾ ਹੋ ਜਾ' ਪਾਲਿਸ਼ ਵਾਲਾ ਦਸ ਰੁਪਏ ਦਾ ਨੋਟ ਫੜ ਕੇ ਜਦ ਜਾਣ ਲੱਗਾ ਤਾਂ ਬੂਟਾਂ ਵਾਲੇ ਵਿਅਕਤੀ ਨੇ ਫਿਰ ਕਿਹਾ, 'ਐਦੰੂ ਤਾਂ ਮੰਗਣ ਲੱਗ ਜਾ' ਹੁਣ ਸ਼ਾਇਦ ਬੂਟਾਂ ਵਾਲੇ ਲੜਕੇ ਤੋਂ ਰਿਹਾ ਨਾ ਗਿਆ, ਸ਼ਾਇਦ ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਕਿੱਤੇ, ਮਿਹਨਤ ਅਤੇ ਸਵੈ-ਮਾਣ ਨੂੰ ਕਿਸੇ ਨੇ ਡਾਂਗਾਂ ਨਾਲ ਜ਼ਖ਼ਮੀ ਕਰ ਦਿੱਤਾ ਹੋਵੇ ਅਤੇ ਮੁੜ ਕੇ ਉਸ ਵਿਅਕਤੀ ਨੂੰ ਗੁੱਸੇ ਨਾਲ ਕਹਿਣ ਲੱਗਾ, 'ਅਗਰ ਏਸੇ ਹੀ ਰਹਾ ਤੋ ਯਿਹ ਭੀ ਕਰੇਂਗੇ', ਮੈਨੂੰ ਉਸ ਸਮੇਂ ਉਸ ਲੜਕੇ 'ਤੇ ਬਹੁਤ ਤਰਸ ਆਇਆ ਸੀ | ਮੈਂ ਵੇਖਦਾ ਰਿਹਾ, ਉਹ ਤੁਰਦਾ ਹੋਇਆ ਚਾਹ ਵਾਲੇ ਕੋਲ ਗਿਆ ਅਤੇ ਚਾਹ ਦੇ ਕੱਪ ਨਾਲ ਇਕ ਡਬਲ ਰੋਟੀ ਲੈ ਕੇ ਖਾਣ ਲੱਗਾ | ਸ਼ਾਇਦ ਉਸ ਨੇ ਉਸ ਦਿਨ ਸਵੇਰ ਦੀ ਚਾਹ ਵੀ ਨਹੀਂ ਪੀਤੀ ਸੀ |
ਅੱਜ ਮੈਂ ਸ਼ੱਕ ਪੈਣ 'ਤੇ ਮੰਗਤੇ ਨੂੰ ਪੁੱਛਿਆ ਸੀ ਕਿ ਕੀ ਤੂੰ ਉਹੀ ਲੜਕਾ ਹੈਾ, ਜੋ ਕੁਝ ਮਹੀਨੇ ਪਹਿਲਾਂ ਬੂਟ ਪਾਲਿਸ਼ ਦਾ ਕੰਮ ਕਰਦਾ ਸੀ? ਤਾਂ ਉਸ ਨੇ ਭਰੇ ਜਿਹੇ ਮਨ ਨਾਲ 'ਹਾਂ' ਵਿਚ ਜਵਾਬ ਦਿੱਤਾ ਅਤੇ ਸਾਥੀ ਬਜ਼ੁਰਗ ਮੰਗਤੇ ਨਾਲ ਕਾਹਲੀ ਵਿਚ ਅਗਲੇ ਬੈਂਚ ਵੱਲ ਮੰਗਣ ਲਈ ਚਲਾ ਗਿਆ |
ਮੈਂ ਸ਼ਰਮਿੰਦਗੀ ਜਿਹੀ ਨਾਲ ਸੋਚਣ ਲੱਗਿਆ ਕਿ ਇਕ ਸੱਚੇ-ਸੁੱਚੇ ਮਿਹਨਤੀ ਕਾਮੇ ਲੜਕੇ ਤੋਂ ਉਸ ਨੂੰ ਭਿਖਾਰੀ ਬਣਾਉਣ ਲਈ ਅਸੀਂ ਸਭ ਜ਼ਿੰਮੇਵਾਰ ਹਾਂ | ਜਦੋਂ ਉਹ ਬੂਟ ਪਾਲਿਸ਼ ਕਰਕੇ ਮਿਹਨਤ ਕਰਕੇ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਸੀ ਤਾਂ ਆਪਣੇ ਫ਼ਰਜ਼ ਅਨੁਸਾਰ ਅਸੀਂ ਉਸ ਤੋਂ ਬੂਟ ਪਾਲਿਸ਼ ਨਹੀਂ ਕਰਵਾਏ | ਉਸ ਨੂੰ ਰੁਜ਼ਗਾਰ ਵਿਚ ਉਤਸ਼ਾਹਿਤ ਨਹੀਂ ਕੀਤਾ, ਸਗੋਂ ਜਿਸ ਨੇ ਪਾਲਿਸ਼ ਕਰਵਾਏ ਉਸ ਨੇ ਉਸ ਨੂੰ ਜ਼ਲੀਲ ਕੀਤਾ, ਪੰ੍ਰਤੂ ਜਦੋਂ ਉਹ ਸਮਾਜ 'ਤੇ ਇਕ ਧੱਬਾ, ਮੰਗਤਾ ਬਣ ਕੇ ਸਾਡੇ ਕੋਲ ਆਇਆ ਤਾਂ ਅਸੀਂ ਸਭ ਬੈਂਚ ਵਾਲਿਆਂ ਨੇ ਉਸ ਨੂੰ , ਗਰੀਬ, ਵਿਚਾਰਾ ਸਮਝ ਕੇ, ਤਰਸ ਕਰਕੇ, ਦਾਨ ਸਮਝ ਕੇ ਧੜਾਧੜ ਪੈਸੇ ਦੇ ਦਿੱਤੇ | ਅਸੀਂ ਲੋਕ ਕਿਹੋ ਜਿਹੀ ਭੈੜੀ ਮਨੋਬਿਰਤੀ ਦਾ ਸ਼ਿਕਾਰ ਹੋ ਰਹੇ ਹਾਂ ਅਤੇ ਕਿਹੋ ਜਿਹਾ ਸਮਾਜ ਸਿਰਜ ਰਹੇ ਹਾਂ | ਮੇਰਾ ਧਿਆਨ ਉਸ ਸਮੇਂ ਟੁੱਟਿਆ ਜਦੋਂ ਕੰਡਕਟਰ ਨੇ ਆਵਾਜ਼ ਮਾਰੀ, 'ਚਲੋ ਬਈ ਗਿੱਦੜਬਾਹਾ, ਮਲੋਟ, ਅਬੋਹਰ, ਕੋਈ ਰਾਹ ਦੀ ਸਵਾਰੀ ਨਾ ਹੋਵੇ...' ਅਤੇ ਮੈਂ ਸੋਚੀਂ ਪਿਆ, ਗਿੱਦੜਬਾਹਾ ਜਾਣ ਲਈ ਲੜਖੜਾਉਂਦੇ ਜਿਹੇ ਕਦਮਾਂ ਨਾਲ ਬੱਸ ਵੱਲ ਚੱਲ ਪਿਆ |

-ਸਾਹਿਬਜ਼ਾਦਾ ਜੁਝਾਰ ਸਿੰਘ ਨਗਰ, ਮਲਵਈ ਸੱਥ, ਗਲੀ ਨੰਬਰ 10, ਬਠਿੰਡਾ |
ਮੋਬਾਈਲ : 98151-60994.

ਮਿਹਨਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਮਿਹਨਤ ਤੇ ਇਮਾਨਦਾਰੀ ਜਾਦੂ ਵਰਗਾ ਅਸਰ ਕਰਦੀ ਹੈ, ਮਿਹਨਤ ਕਦੇ ਅਜਾੲੀਂ ਨਹੀਂ ਜਾਂਦੀ ਅਤੇ ਸਫ਼ਲਤਾ ਦੀ ਕੰੁਜੀ ਬਣਦੀ ਹੈ |
• ਮਿਹਨਤ ਕਰਨ ਵਾਲਾ ਕਦੇ ਭੁੱਖਾ ਨਹੀਂ ਮਰਦਾ ਅਤੇ ਮਾੜੀ ਨੀਅਤ ਵਾਲਾ ਕਦੇ ਰੱਜ ਨਹੀਂ ਸਕਦਾ, ਰਿਆਜ਼ ਤੋਂ ਬਿਨਾਂ ਕੋਈ ਸੰਗੀਤ ਨਹੀਂ ਬਣਦਾ |
• ਜਿੱਤਣ ਲਈ ਗੱਠਬੰਧਨ ਬਣਾਉਣੇ ਪੈਂਦੇ ਹਨ ਅਤੇ ਸਖਤ ਮਿਹਨਤ ਵੀ ਕਰਨੀ ਪੈਂਦੀ ਹੈ |
• ਸੁਪਨਾ ਜਾਦੂ ਨਾਲ ਹਕੀਕਤ ਨਹੀਂ ਬਣਦਾ ਬਲਕਿ ਇਹ ਦਿ੍ੜ੍ਹ ਸੰਕਲਪ ਅਤੇ ਸਖਤ ਮਿਹਨਤ ਨਾਲ ਸਾਕਾਰ ਹੁੰਦਾ ਹੈ |
• ਸਫ਼ਲਤਾ ਹਮੇਸ਼ਾ ਮਹਾਨਤਾ ਨਾਲ ਜੁੜੀ ਹੋਵੇ, ਇਹ ਜ਼ਰੂਰੀ ਨਹੀਂ | ਇਹ ਲਗਾਤਾਰ ਮਿਹਨਤ ਦਾ ਨਤੀਜਾ ਹੁੰਦੀ ਹੈ |
• ਜਿਵੇਂ ਪਤਝੜ ਤੋਂ ਬਿਨਾਂ ਰੁੱਖਾਂ ਨੂੰ ਫਲ ਨਹੀਂ ਲਗਦੇ, ਉਸੇ ਤਰ੍ਹਾਂ ਮਿਹਨਤ ਤੋਂ ਬਿਨਾਂ ਸਫਲਤਾ ਨਹੀਂ ਮਿਲਦੀ |
• ਕਿਸਮਤ ਹਮੇਸ਼ਾ ਮਿਹਨਤ ਨਾਲ ਬਣਦੀ ਹੈ | ਸਮੰੁਦਰ ਦੇ ਕੰਢੇ ਬਹਿ ਕੇ ਕੇਵਲ ਘੋਗੇ ਅਤੇ ਸਿੱਪੀਆਂ ਹੀ ਮਿਲਦੀਆਂ ਹਨ ਪਰ ਹੀਰੇ-ਮੋਤੀ ਹਾਸਲ ਕਰਨ ਲਈ ਸਮੰੁਦਰ ਦੀ ਗਹਿਰਾਈ ਤੱਕ ਜਾਣਾ ਪੈਂਦਾ ਹੈ | ਕਹਾਵਤ ਵੀ ਹੈ ਕਿ ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ |
• ਜਿਵੇਂ ਥੋੜ੍ਹੀ ਹਵਾ ਨਾਲ ਹੀ ਅੱਗ ਭੜਕ ਪੈਂਦੀ ਹੈ, ਉਵੇਂ ਥੋੜ੍ਹੀ ਮਿਹਨਤ ਨਾਲ ਕਿਸਮਤ ਚਮਕ ਉੱਠਦੀ ਹੈ |
• ਹਮੇਸ਼ਾ ਯਾਦ ਰੱਖੋ ਕਿ ਦਿਸ਼ਾ ਸਹੀ ਹੋਵੇ ਤਾਂ ਹੀ ਮਿਹਨਤ ਰੰਗ ਲਿਆਉਂਦੀ ਹੈ |
• ਨੀਂਦ ਤੇ ਨਿੰਦਾ ਉੱਤੇ ਜਿਹੜੇ ਵਿਅਕਤੀ ਜਿੱਤ ਹਾਸਲ ਕਰਕੇ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ |
• ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜੰਗਾਲ ਲੱਗ ਕੇ ਖਤਮ ਹੋਣ ਨਾਲੋਂ ਹੰਢ ਕੇ ਖਤਮ ਹੋਣਾ ਕਈ ਗੁਣਾ ਬਿਹਤਰ ਹੈ |
• ਚੰਗੀ ਕਿਸਮਤ ਰੱਬ ਬਣਾਉਂਦਾ ਹੈ, ਇਹ ਆਲਸੀਆਂ ਦਾ ਨਾਅਰਾ ਹੈ, ਮਿਹਨਤ ਕਰਨ ਵਾਲਿਆਂ ਦਾ ਨਹੀਂ |
• ਸੰਘਰਸ਼ ਤੇ ਮਿਹਨਤ ਜਿੰਨੀ ਸਖ਼ਤ ਹੋਵੇਗੀ, ਜਿੱਤ ਵੀ ਓਨੀ ਹੀ ਵੱਡੀ ਮਿਲਣ ਦੀ ਉਮੀਦ ਵਧ ਜਾਵੇਗੀ |
• ਮਿਹਨਤਕਸ਼ ਵਿਅਕਤੀ ਨੂੰ ਉਸ ਦੇ ਪਸੀਨਾ ਸੁੱਕਣ ਤੋਂ ਪਹਿਲਾਂ ਹੀ ਉਸ ਦੀ ਪੂਰੀ ਮਜ਼ਦੂਰੀ ਦੇ ਦੇਣੀ ਚਾਹੀਦੀ ਹੈ ਤੇ ਕੰਮ ਦੌਰਾਨ ਉਸ ਨਾਲ ਇਨਸਾਨੀਅਤ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ |
• ਚੰਗਾ ਲੱਗਦਾ ਹੈ ਜਦੋਂ ਕੋਈ ਕਿਸੇ ਦੀ ਮਿਹਨਤ ਦੀ ਪਛਾਣ ਕਰਦਾ ਹੈ |
• ਕੁਝ ਪ੍ਰਾਪਤ ਕਰਨ ਲਈ ਜੀਅ-ਤੋੜ ਮਿਹਨਤ ਕਰਨੀ ਪੈਂਦੀ ਹੈ | ਇਸ ਲਈ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਮਿਹਨਤੀ ਬਣਾਓ ਤਾਂ ਕਿ ਉਹ ਆਪਣੀ ਮੰਜ਼ਲ ਦੇ ਰਸਤੇ ਵਿਚ ਆਉਣ ਵਾਲੀ ਹਰ ਰੁਕਾਵਟ ਨੂੰ ਆਪਣੀ ਮਿਹਨਤ ਨਾਲ ਦੂਰ ਕਰ ਸਕੇ |
• ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਮਿਹਨਤ ਨੂੰ ਹੀ ਮਿੱਠਾ ਫਲ ਲੱਗਿਆ ਕਰਦਾ ਹੈ |
• ਮਿਹਨਤ ਅਤੇ ਪਵਿੱਤਰਤਾ ਨਾਲ ਜੋ ਆਪਣਾ ਜੀਵਨ ਮਹਿਕਾਉਂਦੇ ਹਨ, ਉਨ੍ਹਾਂ ਦੀ ਖੁਸ਼ਬੂ ਸਦੀਆਂ ਤੱਕ ਕਾਇਮ ਰਹਿੰਦੀ ਹੈ |
• ਕਿਸੇ ਦੇ ਪੈਰਾਂ ਵਿਚ ਡਿੱਗ ਕੇ ਪ੍ਰਸਿੱਧੀ ਹਾਸਲ ਕਰਨ ਦੀ ਬਜਾਏ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਮਿਹਨਤ ਕਰ ਕੇ ਕੁਝ ਬਣਨ ਦੀ ਠਾਣ ਲਵੋ |
• ਆਮ ਵੇਖਿਆ ਜਾਂਦਾ ਹੈ ਕਿ ਸ਼ੇਰ ਆਪਣੇ ਬੱਚੇ ਨੂੰ ਸ਼ਿਕਾਰ ਕਰਨਾ ਭਾਵ ਮਿਹਨਤ ਕਰਨਾ ਤਾਂ ਸਿਖਾਉਂਦਾ ਹੈ ਪਰ ਉਸ ਦੇ ਮੂਹਰੇ ਸ਼ਿਕਾਰ ਕੀਤਾ ਜਾਨਵਰ ਲਿਆ ਕੇ ਨਹੀਂ ਸੁੱਟਦਾ | ਜੇਕਰ ਇੰਜ ਕਰਦਾ ਹੁੰਦਾ ਤਾਂ ਅੱਜ ਤੱਕ ਸ਼ੇਰਾਂ ਦੀ ਨਸਲ ਮੁੱਕ ਜਾਣੀ ਸੀ | ਮਾਂ-ਪਿਓ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਦੀ ਆਦਤ ਪਾਉਣ | (ਚਲਦਾ)

-ਮੋਬਾਈਲ : 99155-63406.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX