ਤਾਜਾ ਖ਼ਬਰਾਂ


ਕਾਰ ਸਵਾਰਾਂ ਕੋਲੋਂ 18 ਲੱਖ ਦੀ ਨਕਦੀ ਬਰਾਮਦ
. . .  14 minutes ago
ਜ਼ੀਰਕਪੁਰ, 26 ਅਪਰੈਲ, {ਹੈਪੀ ਪੰਡਵਾਲਾ}-ਅੱਜ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਕੋਲ਼ੋਂ 18 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ...
ਆਈ ਪੀ ਐੱਲ 2019 -ਮੁੰਬਈ ਨੇ ਚੇਨਈ ਨੂੰ ਦਿੱਤਾ 156 ਦੌੜਾਂ ਦਾ ਟੀਚਾ
. . .  33 minutes ago
ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਦਾ ਚੋਣ ਕਮਿਸ਼ਨ ਨੂੰ ਸੁਝਾਅ- ਜੂਨ ਦੀ ਬਜਾਏ ਨਵੰਬਰ 'ਚ ਹੋਣ ਵਿਧਾਨ ਸਭਾ ਚੋਣਾਂ
. . .  31 minutes ago
ਸ੍ਰੀਨਗਰ, 26 ਅਪ੍ਰੈਲ- ਦੇਸ਼ 'ਚ ਚਲ ਰਹੀਆਂ ਲੋਕ ਸਭਾ ਦੌਰਾਨ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਜਪਾਲ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵਿਚਾਲੇ ਬੈਠਕ ਹੋਈ। ਇਸ ਬੈਠਕ ...
ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 2 hours ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 3 hours ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  about 3 hours ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  about 4 hours ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਇਤਿਹਾਸਕ ਗੁ: ਸ੍ਰੀ ਨਾਨਕਸਰ ਸਾਹਿਬ ਵੇਰਕਾ (ਅੰਮਿ੍ਤਸਰ)

ਅੰਮਿ੍ਤਸਰ ਤੋਂ ਕੇਵਲ 4 ਕਿਲੋਮੀਟਰ ਦੀ ਦੂਰੀ 'ਤੇ ਬਟਾਲਾ ਨੂੰ ਜਾਂਦੀ ਮੁੱਖ ਜਰਨੈਲੀ ਸੜਕ 'ਤੇ ਵਸਿਆ ਕਸਬਾ ਵੇਰਕਾ ਇਕ ਇਤਿਹਾਸਕ ਕਸਬਾ ਹੈ | ਵੇਰਕਾ ਦੀ ਇਹ ਭਾਗਾਂ ਭਰੀ ਪਵਿੱਤਰ ਧਰਤੀ ਨਿਰੰਕਾਰੀ ਜੋਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਰਕੇ ਪਵਿੱਤਰ ਹੋਈ ਹੈ | ਇਤਿਹਾਸ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਬਟਾਲਾ ਜਾਂਦੇ ਸਮੇਂ ਇਥੇ ਇਕ ਜੰਡ ਦੇ ਰੁੱਖ ਹੇਠ ਬਿਰਾਜੇ ਸਨ ਤੇ ਮਿੱਠੀ ਸੁਰ 'ਚ ਕਰਤਾਰੀ ਬਾਣੀ ਦਾ ਗਾਇਨ ਕਰ ਰਹੇ ਸਨ ਕਿ ਨਗਰ ਦੀ ਇਕ ਦੁਖਿਆਰੀ ਮਾਈ ਖੇਤਾਂ ਤੋਂ ਆਉਂਦੀ ਹੋਈ ਆਪ ਜੀ ਦੀ ਬਾਣੀ ਸੁਣ ਕੇ ਕੋਲ ਬੈਠ ਗਈ | ਇਲਾਹੀ ਨੂਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ | ਮਾਈ ਗੁਰੂ ਚਰਨਾਂ 'ਚ ਮੱਥਾ ਟੇਕ ਕੇ ਘਰ ਚਲੀ ਗਈ ਤੇ ਆਪਣੇ ਬਾਲਕ ਨੂੰ ਚੁੱਕ ਕੇ ਮੁੜ ਗੁਰੂ ਜੀ ਕੋਲ ਪੁੱਜੀ | ਬਾਲਕ ਦੇ ਰੋਣ ਦੀ ਆਵਾਜ਼ ਸੁਣ ਕੇ ਗੁਰੂ ਜੀ ਨੇ ਆਪਣੇ ਨੇਤਰ ਖੋਲ੍ਹੇ | ਗੁਰੂ ਸਾਹਿਬ ਨਾਨਕ ਨਿਰੰਕਾਰ ਨੇ ਉਸ ਬੱਚੇ ਵੱਲ ਮਿਹਰ ਦੀ ਨਿਗ੍ਹਾ ਨਾਲ ਤੱਕਿਆ | ਬਾਲਕ ਮੁਸਕਰਾਉਣ ਲੱਗ ਪਿਆ | ਇਥੇ ਇਕ ਰੱੁਖ ਦੇ ਨਾਲ ਹੀ ਇਕ ਛੱਪੜੀ ਸੀ | ਇਸ ਥਾਂ ਅੱਜ ਇਕ ਸਰੋਵਰ ਮੌਜੂਦ ਹੈ | ਇਸ ਉਪਰੰਤ ਮਾਈ ਘਰ ਗਈ ਤੇ ਗੁਰੂ ਸਾਹਿਬ ਲਈ ਪ੍ਰਸ਼ਾਦ ਤਿਆਰ ਕਰਕੇ ਲਿਆਈ | ਪ੍ਰਸ਼ਾਦ ਛਕਣ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਸੂਕੇ ਹਰੇ ਕੀਏ ਖਿਨ ਮਾਹੇ¨ ਅੰਮਿ੍ਤ ਦਿ੍ਸਟਿ ਸੰਚਿ ਜੀਵਾਏ' ਸ਼ਬਦ ਉਚਾਰਨ ਕੀਤਾ | ਇਤਿਹਾਸ ਮੁਤਾਬਿਕ ਇਸ ਪਵਿੱਤਰ ਸਰੋਵਰ 'ਚ ਲੋਕ ਬੜੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦੇ ਹਨ | ਇਸ ਪਵਿੱਤਰ ਸਰੋਵਰ ਦੀ ਸੇਵਾ ਬੀਬੀ ਬਿਰਜ਼ੀ ਬਾਈ ਸ਼ਿਕਾਰਪੁਰ ਸਿੰਧ ਵਾਲੀ ਨੇ 9 ਜੇਠ ਸੰਮਤ 1956 ਨੂੰ ਕਰਵਾਈ ਸੀ | ਇਸ ਪਵਿੱਤਰ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਕ ਛੋਟੇ ਜਿਹੇ ਕੱਚੇ ਕੋਠੇ ਵਿਚ ਕੀਤਾ ਜਾਂਦਾ ਸੀ ਤੇ ਇਥੋਂ ਦੇ ਪਹਿਲੇ ਮੁੱਖ ਗ੍ਰੰਥੀ ਵੇਰਕਾ ਦੇ ਰਹਿਣ ਵਾਲੇ ਭਾਈ ਰਾਮ ਸਿੰਘ ਸਨ | ਫਿਰ ਇਸ ਪਵਿੱਤਰ ਅਸਥਾਨ ਦੀ ਦੇਖ-ਰੇਖ ਲਈ ਪੰਜ ਮੈਂਬਰੀ ਲੋਕ ਕਮੇਟੀ ਦਾ ਗਠਨ ਕੀਤਾ ਗਿਆ ਤੇ ਇਸ ਕਮੇਟੀ ਨੇ ਇਸ ਇਤਿਹਾਸਕ ਅਸਥਾਨ ਦਾ ਬੇਹੱਦ ਵਿਕਾਸ ਕਰਵਾਇਆ | ਇਸ ਅਸਥਾਨ ਦੀ ਕਾਰ ਸੇਵਾ ਸੰਤ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਨੇ ਕਰਵਾਈ, ਜਿਨ੍ਹਾਂ ਦੇ ਉੱਦਮ ਸਦਕਾ ਹੁਣ ਇਥੇ ਵਿਸ਼ਾਲ ਇਮਾਰਤ, ਲੰਗਰ ਘਰ ਅਤੇ ਦੀਵਾਨ ਹਾਲ ਬਣਾਏ ਗਏ ਹਨ | ਪਿਛਲੇ ਕੁਝ ਸਾਲ ਤੋਂ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਸਾਹਿਬ ਵਲੋਂ ਚਲਾਇਆ ਜਾ ਰਿਹਾ ਹੈ |

-ਮੋਬਾ: 98554-20842


ਖ਼ਬਰ ਸ਼ੇਅਰ ਕਰੋ

ਅੰਮਿ੍ਤਸਰ ਜੀ ਦੇ ਦਰਸ਼ਨਾਂ ਲਈ ਜਾਣ ਵੇਲੇ

ਸ੍ਰੀ ਹਰਿਮੰਦਰ ਸਾਹਿਬ ਦਾ ਅਧਿਆਤਮਕ ਵਾਤਾਵਰਨ ਬਹਾਲ ਰੱਖਣਾ ਜ਼ਰੂਰੀ

'ਸੱਚਖੰਡ ਸ੍ਰੀ ਹਰਿਮੰਦਰ ਸਾਹਿਬ' ਦੇ ਅੰਦਰ ਬੈਠਾ ਧੁਰ ਕੀ ਬਾਣੀ ਦੇ ਕੀਰਤਨ ਦੇ ਅਖੰਡ ਪ੍ਰਵਾਹ 'ਚ ਸੁਰਤ-ਲੀਨ ਹੋਇਆ ਮਨੁੱਖ ਜਦੋਂ ਬਾਹਰ ਸਰੋਵਰ ਵੱਲ ਝਾਤੀ ਮਾਰਦਾ ਹੈ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਮੁੰਦਰ 'ਚ ਲਹਿਰਾਂ ਨੂੰ ਚੀਰਦਾ ਹੋਇਆ ਜਹਾਜ਼ ਮੱਠਾ-ਮੱਠਾ ਝੂਲਦਾ ਹੋਇਆ ਅੱਗੇ ਵਧ ਰਿਹਾ ਹੋਵੇ | ਇਸੇ ਅਨੂਠੇ ਅਨੁਭਵ ਕਾਰਨ ਸਿੱਖ ਅਵਚੇਤਨ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ 'ਭਵ ਸਾਗਰ ਦਾ ਬੋਹਿਥ' ਮੰਨਿਆ ਜਾਂਦਾ ਹੈ | ਸ੍ਰੀ ਹਰਿਮੰਦਰ ਸਾਹਿਬ ਦੁਨੀਆ 'ਤੇ ਇਕੋ-ਇਕ ਅਜਿਹਾ ਧਾਰਮਿਕ ਅਸਥਾਨ ਹੈ, ਜਿੱਥੇ ਹਰ ਵੇਲੇ ਸਿਰਫ਼ ਪਰਮਾਤਮਾ ਦਾ ਜਸ ਹੀ ਗਾਇਆ ਜਾਂਦਾ ਹੈ | ਇਸੇ ਕਾਰਨ ਹੀ ਇਸ ਨੂੰ 'ਸੱਚਖੰਡ ਸ੍ਰੀ ਹਰਿਮੰਦਰ ਸਾਹਿਬ' ਆਖਿਆ ਜਾਂਦਾ ਹੈ | ਸ੍ਰੀ ਹਰਿਮੰਦਰ ਸਾਹਿਬ ਦੀ ਆਭਾ ਲਾਸਾਨੀ ਹੈ | ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਉਪਮਾ 'ਡਿਠੇ ਸਭੇ ਥਾਵ ਨਹੀਂ ਤੁਧੁ ਜੇਹਿਆ¨' ਆਖ ਕੇ ਕੀਤੀ ਹੈ¢
ਜਦੋਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਰਿਕਰਮਾ ਵਿਚ ਪ੍ਰਵੇਸ਼ ਕਰਦਿਆਂ ਸਮਰਪਿਤ ਹੋ ਕੇ ਸੀਸ ਝੁਕਾਉਂਦਾ ਹੈ ਤਾਂ ਮਲੀਨ ਤੋਂ ਮਲੀਨ ਆਤਮਾਵਾਂ ਵੀ ਪਵਿੱਤਰਤਾ, ਨੇਕੀ, ਸੇਵਾ, ਸਚਿਆਈ ਅਤੇ ਨਰੋਏਪਣ ਦੇ ਜਜ਼ਬੇ ਨਾਲ ਵਿਸਮਾਦਤ ਹੋ ਜਾਂਦੀਆਂ ਹਨ | ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰਲਾ ਅਧਿਆਤਮਕ ਮਾਹੌਲ ਉੱਤਮ ਸੋਹਜ ਅਤੇ ਆਤਮਿਕ ਖੇੜੇ ਨੂੰ ਉਭਾਰਦਾ ਹੈ ਅਤੇ ਸੱਖਣਾ ਮਨੁੱਖ ਵੀ ਬਖ਼ਸ਼ਿਸ਼ਾਂ ਨਾਲ ਆਪਣੀਆਂ ਝੋਲੀਆਂ ਭਰ ਕੇ ਮੁੜਦਾ ਹੈ | ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਵਿਚਰਦਿਆਂ ਮਨੁੱਖ ਨੂੰ ਬਾਹਰੀ ਸੰਸਾਰ ਅਤੇ ਮਨ ਦੀਆਂ ਚੰਚਲ ਬਿਰਤੀਆਂ ਦਾ ਬਿਲਕੁਲ ਿਖ਼ਆਲ ਭੁੱਲ ਜਾਂਦਾ ਹੈ ਅਤੇ ਮਨੁੱਖ ਇਕ ਵੱਖਰੇ ਹੀ ਸੰਸਾਰ 'ਚ ਵਿਚਰਦਾ ਮਹਿਸੂਸ ਕਰਦਾ ਹੈ | ਕੋਈ ਸਰੋਵਰ 'ਚ ਇਸ਼ਨਾਨ ਕਰ ਰਿਹਾ ਹੈ, ਕੋਈ ਪਰਿਕਰਮਾ ਕਰ ਰਿਹਾ ਹੈ, ਕੋਈ ਕੀਰਤਨ ਸਰਵਣ ਕਰ ਰਿਹਾ ਹੈ, ਕੋਈ ਪਵਿੱਤਰ ਪਰਿਕਰਮਾ ਦੇ ਕਿਸੇ ਕੋਨੇ ਵਿਚ ਆਪਣੇ ਢੰਗ ਨਾਲ ਆਤਮ-ਚਿੰਤਨ ਵਿਚ ਸੁਰਤ-ਲੀਨ ਹੋਈ ਬੈਠਾ ਹੈ | ਸੇਵਾ ਕਰਨ ਵਾਲੇ ਪ੍ਰੇਮੀ ਆਪਣੇ ਰੰਗ ਵਿਚ ਰੰਗੇ ਦਿਖਾਈ ਦਿੰਦੇ ਹਨ | ਇਕ ਅੰਗਰੇਜ਼ ਇਤਿਹਾਸਕਾਰ ਮਾਈਕਲ ਐਡਵਰਡਜ਼ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਣੇ ਅਨੁਭਵ ਇਤਿਹਾਸ 'ਚ ਦਰਜ ਕੀਤੇ ਹਨ, 'ਮੈਨੂੰ ਇਹ ਵੇਖ ਕੇ ਤਸੱਲੀ ਮਿਲੀ ਹੈ ਕਿ ਦੁਨੀਆ ਵਿਚ ਕਿਧਰੇ ਤਾਂ ਕੋਈ ਐਸਾ ਕੇਂਦਰ ਮੌਜੂਦ ਹੈ, ਜਿਥੇ ਹਰ ਧਰਮ ਦੇ ਪ੍ਰਾਣੀ ਦੀ ਪਛਾਣ ਇਹੀ ਹੈ ਕਿ ਉਹ ਅਕਾਲ ਪੁਰਖ ਦੀ ਸੰਤਾਨ ਹੈ ਅਤੇ ਪੂਰੇ ਸਵੈਮਾਣ ਤੇ ਆਜ਼ਾਦੀ ਨਾਲ ਜੀਣ ਦਾ ਉਸ ਨੂੰ ਪਰਾ ਪੂਰਾ ਹੱਕ ਹੈ |'
ਨਿਰਸੰਦੇਹ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਇਕ ਪਵਿੱਤਰ ਤੀਰਥ ਦੇ ਸਰਬ-ਸਾਂਝਾ ਹੋਣ ਦੀ ਗਵਾਹੀ ਭਰਦੇ ਹਨ ਪਰ ਜਿਵੇਂ ਮੁਸਲਮਾਨ ਲਈ 'ਮੱਕੇ ਤੋਂ ਪਰੇ ਉਜਾੜ' ਹੈ, ਜਿਵੇਂ ਹਿੰਦੂ ਦੀ ਮੁਕਤੀ 'ਹਰਿਦੁਆਰ' ਤੋਂ ਬਿਨਾਂ ਨਹੀਂ ਹੋ ਸਕਦੀ ਅਤੇ ਜਿਵੇਂ ਇਸਾਈਆਂ ਲਈ 'ਵੈਟੀਕਨ ਸਿਟੀ' ਪਵਿੱਤਰ ਹੈ, ਉਵੇਂ 'ਸ੍ਰੀ ਹਰਿਮੰਦਰ ਸਾਹਿਬ' ਤੋਂ ਬਿਨਾਂ ਸਿੱਖ ਅਧੂਰਾ ਹੈ, ਨਿਰਜਿੰਦ ਹੈ | ਸਿੱਖ ਰੋਜ਼ਾਨਾ ਅਰਦਾਸ ਵਿਚ 'ਹਰਿਮੰਦਰ ਸਾਹਿਬ ਜੀ ਦੇ ਦਰਸ਼ਨ-ਇਸ਼ਨਾਨ' ਮੰਗਦਾ ਹੈ | ਸ੍ਰੀ ਹਰਿਮੰਦਰ ਸਾਹਿਬ 'ਸ਼ਮ੍ਹਾ' ਹੈ ਤੇ ਸਿੱਖ 'ਪਰਵਾਨਾ' ਹੈ, ਜਿਸ ਦਾ ਜੀਵਨ ਹੀ ਸ਼ਮ੍ਹਾ 'ਤੇ ਕੁਰਬਾਨ ਹੋਣ ਲਈ ਹੈ | ਇਸ ਅਬਦੀ (ਕਦੇ ਨਾ ਟੱੁਟਣ ਵਾਲਾ) ਰਿਸ਼ਤੇ ਕਾਰਨ ਹੀ ਸਿੱਖ ਹਮੇਸ਼ਾ ਸ੍ਰੀ ਹਰਿਮੰਦਰ ਸਾਹਿਬ ਦੀ ਆਨ, ਬਾਨ ਅਤੇ ਸ਼ਾਨ ਲਈ ਸ਼ਹੀਦੀਆਂ ਪਾਉਂਦੇ ਆਏ ਹਨ | ਪ੍ਰੋ. ਪੂਰਨ ਸਿੰਘ ਲਿਖਦੇ ਹਨ, 'ਅੰਮਿ੍ਤਸਰ ਸਰੋਵਰ ਦੀ ਪਰਿਕਰਮਾ ਕਰਨ ਵੇਲੇ ਸਲੈਬਾਂ ਉਤੇ ਸੰਭਲ-ਸੰਭਲ ਕੇ ਕਦਮ ਰੱਖੋ¢ ਹਰ ਇਕ ਸਲੈਬ ਹੇਠਾਂ ਸੈਂਕੜੇ ਸ਼ਹੀਦ ਸਿੰਘਾਂ ਦੇ ਸਿਰ ਹਨ |'
ਨਿਰਸੰਦੇਹ ਸ੍ਰੀ ਹਰਿਮੰਦਰ ਸਾਹਿਬ ਦੀ ਆਭਾ ਅਤੇ ਮਹੱਤਤਾ ਉਸ ਦੀ ਸਿਰਜਣਾ ਦੇ ਇਤਿਹਾਸਕ ਅਤੇ ਅਧਿਆਤਮਕ ਮਹਾਤਮ ਅਤੇ ਉਥੇ ਹਰ ਵੇਲੇ ਗਾਇਨ ਹੁੰਦੇ ਰੱਬੀ ਜਸ ਕਰਕੇ ਹੈ ਪਰ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਸੁੰਦਰ ਸੁਨਹਿਰੀ ਇਮਾਰਤ ਸ਼ੋਭਾ ਪਾਉਂਦੀ ਹੈ, ਉਸ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ | ਮਹਾਰਾਜਾ ਰਣਜੀਤ ਸਿੰਘ ਦੇ ਹਿਰਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਦਾ ਅਦਭੁੱਤ ਸਤਿਕਾਰ ਸੀ | ਮਹਾਰਾਜਾ ਜਦੋਂ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ ਤਾਂ ਉਹ ਆਪਣੇ ਸ਼ਾਹੀ ਲਾਮ-ਲਸ਼ਕਰ ਨੂੰ ਅੰਮਿ੍ਤਸਰ ਦੀ ਹੱਦ ਤੋਂ ਬਾਹਰ ਹੀ ਛੱਡ ਕੇ ਨੰਗੇ ਪੈਰੀਂ ਹੋ ਤੁਰਦਾ | ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਵਾਪਸੀ ਵੇਲੇ ਕਦੇ ਵੀ ਸ੍ਰੀ ਹਰਿਮੰਦਰ ਸਾਹਿਬ ਵੱਲ ਪਿੱਠ ਕਰਕੇ ਨਹੀਂ ਸੀ ਮੁੜਦਾ | ਜਦੋਂ ਉਹ ਲਾਹੌਰ ਦੇ ਸ਼ਾਹੀ ਤਖ਼ਤ 'ਤੇ ਬੈਠਦਾ ਤਾਂ ਉਸ ਦਾ ਮੂੰਹ ਹਮੇਸ਼ਾ ਸ੍ਰੀ ਹਰਿਮੰਦਰ ਸਾਹਿਬ ਵੱਲ ਹੀ ਹੁੰਦਾ |
ਮਹਾਰਾਜਾ ਰਣਜੀਤ ਸਿੰਘ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕਰਤਾਰੀ ਇਮਾਰਤ 'ਤੇ ਸੋਨਾ ਲਗਵਾਉਣ ਕਾਰਨ ਭਾਵੇਂ ਅੱਜ ਵਿਸ਼ਵ 'ਚ ਇਹ ਪਾਵਨ ਤੀਰਥ 'ਗੋਲਡਨ ਟੈਂਪਲ', ਜਾਂ 'ਸਵਰਨ ਮੰਦਰ' ਕਰਕੇ ਪਛਾਣਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ, ਸਿੱਖਾਂ ਲਈ ਇਸ ਧਰਤੀ 'ਤੇ 'ਸੱਚਖੰਡ', 'ਹਰੀ ਦਾ ਮੰਦਰ', 'ਅਕਾਲ ਪੁਰਖ ਦਾ ਘਰ' ਅਤੇ 'ਅਧਿਆਤਮਕ ਸਾਗਰ' ਹੈ, ਜਿੱਥੇ ਬੇਅੰਤ ਆਤਮ ਜਗਿਆਸੂ ਆਪਣੇ ਆਤਮਕ ਵਿਗਾਸ ਲਈ ਅਕਾਲੀ ਬਾਣੀ ਦੇ ਅੰਮਿ੍ਤ ਸਰੋਵਰ ਵਿਚ ਸੁਰਤ ਤੇ ਸਰੀਰ ਕਰਕੇ ਚੁੱਭੀਆਂ ਮਾਰਨ ਲਈ ਆਉਂਦੇ ਹਨ¢
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਮ ਦਿਨਾਂ 'ਚ ਰੋਜ਼ਾਨਾ ਇਕ ਲੱਖ ਤੋਂ ਵੱਧ ਅਤੇ ਐਤਵਾਰ ਜਾਂ ਦਿਨ-ਤਿਓਹਾਰਾਂ ਦੇ ਦਿਨਾਂ 'ਚ ਰੋਜ਼ਾਨਾ ਪੰਜ ਲੱਖ ਦੇ ਲਗਭਗ ਯਾਤਰੂ ਆਉਂਦੇ ਹਨ | ਪਿਛਲੇ ਕੁਝ ਸਮੇਂ ਤੋਂ ਇਸ ਰੱਬੀ ਅਸਥਾਨ 'ਤੇ ਨਿਰੋਲ ਸੈਰ-ਸਪਾਟਾ ਬਿਰਤੀ ਵਾਲੇ ਯਾਤਰੂਆਂ ਦੀ ਆਮਦ ਕਾਫ਼ੀ ਵਧੀ ਹੈ¢ ਕਿਉਂਕਿ ਪਿਛਲੇ ਅਰਸੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਅਤੇ ਆਲੇ-ਦੁਆਲੇ ਇਮਾਰਤਸਾਜ਼ੀ ਜਾਂ ਸਜਾਵਟ ਇਸ ਤਰੀਕੇ ਦੀ ਕੀਤੀ ਗਈ ਹੈ ਕਿ ਵਿਸ਼ਵ ਵਿਚ ਬਹੁਤੇ ਲੋਕ ਮਨਾਂ 'ਚ ਇਹ ਅਧਿਆਤਮਕ ਸਾਗਰ ਦੀ ਬਜਾਇ ਸੈਰ-ਸਪਾਟਾ ਕੇਂਦਰ ਵਜੋਂ ਜ਼ਿਆਦਾ ਖਿੱਚ ਦਾ ਕੇਂਦਰ ਬਣਿਆ, ਜੋ ਕਿ ਗੁਰਮਤਿ ਦੇ ਦਿ੍ਸ਼ਟੀਕੋਣ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਦੇ ਮੂਲ ਮਨੋਰਥ ਤੋਂ ਬੇਮੇਲ ਹੈ¢ ਨਿਰੋਲ ਸੈਰ-ਸਪਾਟਾ ਦੀ ਬਿਰਤੀ ਨਾਲ ਇੱਥੇ ਆਉਂਦੇ ਯਾਤਰੂਆਂ ਕਾਰਨ ਕਈ ਵਾਰ ਇੱਥੋਂ ਦੀ ਅਧਿਆਤਮਕ ਫ਼ਿਜ਼ਾ ਅਤੇ ਮਰਿਯਾਦਾ ਦੀ ਨਿਰੰਤਰਤਾ 'ਚ ਵੀ ਵਿਘਨ ਪੈਂਦਾ ਨਜ਼ਰ ਆਉਂਦਾ ਹੈ | ਸੈਰ-ਸਪਾਟਾ ਦੀ ਬਿਰਤੀ ਨਾਲ ਆਉਂਦੇ ਯਾਤਰੂ ਸ੍ਰੀ ਹਰਿਮੰਦਰ ਸਾਹਿਬ ਸਮੂਹ ਅੰਦਰ ਕਿਤੇ ਸਰੋਵਰ ਕੰਢੇ ਖੜ੍ਹੇ, ਕਿਤੇ ਸੱਚਖੰਡ ਭਵਨ ਵੱਲ ਪਿੱਠ ਕਰਕੇ ਫੋਟੋਆਂ ਖਿੱਚਦੇ ਅਤੇ ਵੀਡੀਓਗ੍ਰਾਫ਼ੀ ਕਰਦੇ ਹਨ | ਅਧਿਆਤਮਕਤਾ ਦੀ ਨਿਰੰਤਰਤਾ ਅਤੇ ਅਗੰਮੀ ਸਹਿਜ ਵਾਲੇ ਮਾਹੌਲ ਵਿਚ ਫੋਟੋਆਂ ਤੇ ਸੈਲਫ਼ੀਆਂ ਲੈਂਦੇ ਯਾਤਰੂਆਂ ਕਾਰਨ ਉਥੇ ਅਖੰਡ ਕੀਰਤਨ ਦੇ ਲਾਹੇ ਭੁੰਚ ਰਹੇ ਆਤਮ ਜਗਿਆਸੂਆਂ ਦੀ ਬਿਰਤੀ ਵੀ ਖੰਡਤ ਹੁੰਦੀ ਹੈ¢ ਦਰਸ਼ਨਾਂ ਲਈ ਜਾਣ ਵੇਲੇ ਸ਼ਰਧਾਲੂਆਂ ਦੇ ਲਾਂਘੇ 'ਚ ਵੀ ਵਿਘਨ ਪੈਂਦਾ ਹੈ | ਇੱਥੋਂ ਤੱਕ ਕਿ ਦਰਸ਼ਨੀ ਡਿਓਢੀ ਤੋਂ ਅੱਗੇ ਪੁਲ ਦੇ ਉੱਤੇ ਕਤਾਰਾਂ ਵਿਚ ਲੱਗ ਕੇ ਮੱਥਾ ਟੇਕਣ ਜਾ ਰਹੇ ਯਾਤਰੂਆਂ ਵਿਚੋਂ ਵੀ ਕਈ ਵਾਰ ਬਹੁਤ ਸਾਰੇ ਸ਼ਰਧਾਲੂ ਸੁਰਤ ਨੂੰ ਧਿਆਨ ਵਿਚ ਟਿਕਾ ਕੇ 'ਸੁਲੱਖਣੀ ਘੜੀ' ਨੂੰ ਮਾਨਣ ਦੀ ਬਜਾਇ ਹੱਥਾਂ ਵਿਚ ਮੋਬਾਈਲ ਫੋਨ ਫੜੀ ਫੇਸਬੁਕ ਲਾਈਵ ਹੋ ਕੇ 'ਹੋਛਾ ਮਨੋਰੰਜਨ' ਕਰਦੇ ਵੇਖੇ ਜਾਂਦੇ ਹਨ¢
ਹਾਲਾਂਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਪ੍ਰਵੇਸ਼ ਕਰਦਿਆਂ 'ਫੋਟੋ ਖਿੱਚਣ ਦੀ ਮਨਾਹੀ' ਅਤੇ 'ਗੱਲਾਂ ਕਰਨ ਦੀ ਮਨਾਹੀ' ਦੇ ਦੋ ਸੂਚਨਾ ਬੋਰਡ ਸਾਨੂੰ ਹਮੇਸ਼ਾ ਨਜ਼ਰ ਆਉਂਦੇ ਹਨ ਪਰ ਜਦੋਂ ਤੋਂ ਮੋਬਾਈਲ ਫੋਨ ਆਏ, ਪਰਿਕਰਮਾ ਤੋਂ ਲੈ ਕੇ ਸੱਚਖੰਡ ਸਾਹਿਬ ਦੇ ਧੁਰ ਅੰਦਰ ਤੱਕ ਜਾ ਕੇ ਯਾਤਰੂ ਕੰਨਾਂ ਨਾਲ ਮੋਬਾਈਲ ਫੋਨਾਂ 'ਤੇ ਗੱਲਾਂ ਕਰਦੇ ਨਜ਼ਰ ਆਉਂਦੇ ਹਨ¢ ਜੇਕਰ ਕੋਈ ਸੇਵਾਦਾਰ ਕਿਸੇ ਸ਼ਰਧਾਲੂ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਕਈ ਵਾਰ ਸ਼ਰਧਾਲੂ ਝਗੜਾ ਕਰਨ ਤੱਕ ਵੀ ਜਾਂਦੇ ਹਨ | ਅਸੀਂ ਕਿਸੇ ਸਰਕਾਰੀ ਅਧਿਕਾਰੀ ਨੂੰ ਮਿਲਣ ਜਾਈਏ ਤਾਂ ਸਾਨੂੰ ਉਸ ਦੇ ਦਫ਼ਤਰ ਅੰਦਰ ਜਾਣ ਤੋਂ ਪਹਿਲਾਂ ਆਪਣਾ ਮੋਬਾਈਲ ਫ਼ੋਨ ਬੰਦ ਕਰਨਾ ਪੈਂਦਾ ਹੈ ਪਰ ਕਿੱਡੀ ਅਜੀਬ ਗੱਲ ਹੈ ਕਿ ਜਿਸ ਅਸਥਾਨ ਨੂੰ ਅਸੀਂ 'ਸੱਚੇ ਪਾਤਿਸ਼ਾਹ ਦਾ ਦਰ', 'ਇਸ ਧਰਤੀ 'ਤੇ ਸੱਚਖੰਡ' ਮੰਨਦੇ ਹਾਂ ਉਥੇ ਜਾਣ ਲੱਗਿਆਂ ਅਸੀਂ ਮਰਯਾਦਾ ਦੀ ਪਾਲਣਾ ਜ਼ਰੂਰੀ ਨਹੀਂ ਸਮਝਦੇ | ਕਈ ਵਾਰ ਤਾਂ ਅਜਿਹਾ ਵੀ ਵੇਖਣ ਵਿਚ ਆਉਂਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਰੱਬੀ ਬਾਣੀ ਦੇ ਚੱਲ ਰਹੇ ਕੀਰਤਨ ਜਾਂ ਅਰਦਾਸ ਦੌਰਾਨ ਕਿਸੇ ਦੇ ਫੋਨ ਦੀ ਵੱਜ ਰਹੀ ਘੰਟੀ ਸਾਰਿਆਂ ਦੀਆਂ ਸੁਰਤੀਆਂ-ਬਿਰਤੀਆਂ ਭੰਗ ਕਰ ਦਿੰਦੀ ਹੈ | ਅਜਿਹੇ ਰੁਝਾਨ ਵਧਣ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਵਾਤਾਵਰਨ ਅਤੇ ਮਰਯਾਦਾ ਪ੍ਰਭਾਵਿਤ ਹੋਣ ਦੀਆਂ ਸ਼ੋ੍ਰਮਣੀ ਕਮੇਟੀ ਕੋਲ ਗੁਰੂ-ਘਰ ਦੇ ਸ਼ਰਧਾਵਾਨ ਪ੍ਰੇਮੀਆਂ ਵਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ¢ ਪਿਛਲੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਕੰਢੇ ਇਕ ਯਾਤਰੂ ਵਲੋਂ ਯੋਗਾ ਕਰਨ ਦੀ ਤਸਵੀਰ ਅਤੇ ਕੁਝ ਮਨਚਲੇ ਮੁੰਡੇ-ਕੁੜੀਆਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਅੰਦਰ ਖਿਚਵਾਈਆਂ ਇਹੋ ਜਿਹੀਆਂ ਤਸਵੀਰਾਂ ਵਾਇਰਲ ਹੋਈਆਂ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਅਤੇ ਸਿੱਖ ਮਨਾਂ ਨੂੰ ਭਾਰੀ ਠੇਸ ਪਹੁੰਚਾਈ |
ਇੰਨੀ ਵੱਡੀ ਗਿਣਤੀ 'ਚ ਯਾਤਰੂਆਂ ਦੀ ਆਮਦ ਮੌਕੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਅਧਿਆਤਮਕ ਮਰਯਾਦਾ ਨੂੰ ਵੀ ਬਹਾਲ ਰੱਖਣਾ ਅਤੇ ਯਾਤਰੂਆਂ ਦੀ ਸਹੂਲਤ ਦਾ ਵੀ ਿਖ਼ਆਲ ਰੱਖਣਾ ਸ਼ੋ੍ਰਮਣੀ ਕਮੇਟੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਲਈ ਇਕ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ, ਜਿਸ ਕਾਰਨ ਪਿਛਲੇ ਦਿਨੀਂ ਸ਼ੋ੍ਰਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਅੰਦਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ 'ਤੇ ਪਾਬੰਦੀ ਨੂੰ ਲਾਗੂ ਕਰਨ ਦਾ ਫ਼ੈਸਲਾ ਲੈਣਾ ਪਿਆ ਪਰ ਕੁਝ ਯਾਤਰੂਆਂ ਵਲੋਂ ਇਸ ਦਾ ਵੀ ਵਿਰੋਧ ਕੀਤਾ ਗਿਆ | ਹਾਲਾਂਕਿ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਦੂਰ-ਦੁਰਾਡੇ ਤੋਂ ਆਇਆ ਕੋਈ ਸ਼ਰਧਾਲੂ ਮਰਯਾਦਾ 'ਚ ਰਹਿ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਯਾਦਗਾਰੀ ਤਸਵੀਰ ਲੈਣੀ ਚਾਹੇਗਾ ਤਾਂ ਸੇਵਾਦਾਰ ਉਸ ਦੀ ਸਹਾਇਤਾ ਵੀ ਕਰਨਗੇ |
ਸੋ, ਸਾਨੂੰ ਵੀ ਇਹ ਿਖ਼ਆਲ ਰੱਖਣਾ ਚਾਹੀਦਾ ਹੈ ਕਿ ਹਰ ਧਾਰਮਿਕ ਅਸਥਾਨ ਦੀ ਆਪਣੀ ਮਰਯਾਦਾ ਹੁੰਦੀ ਹੈ ਅਤੇ ਸਾਨੂੰ ਉੱਥੇ ਜਾਣ ਲੱਗਿਆਂ ਉਸ ਮਰਯਾਦਾ ਦੀ ਪਾਲਣਾ ਕਰਨੀ ਪੈਂਦੀ ਹੈ | ਇੱਥੋਂ ਤੱਕ ਕਿ ਪਾਰਲੀਮੈਂਟਾਂ, ਡੈਮਾਂ ਅਤੇ ਸੈਰ-ਸਪਾਟੇ ਦੀਆਂ ਮਹੱਤਵਪੂਰਨ ਥਾਵਾਂ 'ਤੇ ਵੀ ਸੁਰੱਖਿਆ ਕਾਰਨਾਂ ਕਰਕੇ ਫ਼ੋਟੋਗ੍ਰਾਫ਼ੀ/ ਵੀਡੀਓਗ੍ਰਾਫ਼ੀ 'ਤੇ ਪਾਬੰਦੀ ਹੁੰਦੀ ਹੈ | ਕਈ ਧਰਮਾਂ ਦੇ ਅਸਥਾਨਾਂ 'ਤੇ ਜਾਣ ਲੱਗਿਆਂ ਮੋਬਾਈਲ ਫ਼ੋਨ ਵੀ ਬਾਹਰ ਰਖਵਾ ਲਏ ਜਾਂਦੇ ਹਨ | ਇਸ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ ਵਾਲੇ ਹਰੇਕ ਯਾਤਰੂ ਨੂੰ ਵੀ ਉੱਥੋਂ ਦੀ ਮਰਯਾਦਾ ਅਤੇ ਪ੍ਰਬੰਧਾਂ ਵਿਚ ਸਹਿਯੋਗ ਦੇਣਾ ਚਾਹੀਦਾ ਹੈ | ਲੱਖਾਂ ਸ਼ਰਧਾਲੂਆਂ ਵਿਚੋਂ ਇਕੱਲੇ-ਇਕੱਲੇ 'ਤੇ ਸੇਵਾਦਾਰਾਂ ਵਲੋਂ ਨਿਗਰਾਨੀ ਰੱਖਣਾ ਅਸੰਭਵ ਹੈ | ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲੱਗਿਆਂ ਸਾਨੂੰ ਇਹ ਿਖ਼ਆਲ ਰੱਖਣਾ ਚਾਹੀਦਾ ਹੈ ਕਿ ਨਿਰਮਲ ਤੇ ਪਵਿੱਤਰ ਜਲ ਦੇ ਐਨ ਵਿਚਕਾਰ ਸਜੀ ਸੁਨਹਿਰੀ ਚਮਕਦੀ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਕੰਵਲ ਦੇ ਫੁੱਲ ਵਾਂਗ ਸ਼ੋਭਾ ਪਾਉਂਦੀ ਹੈ ਅਤੇ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਵੀ ਕਮਲ ਦੇ ਫੁੱਲ ਵਾਂਗ ਇਸ ਸੰਸਾਰ ਅੰਦਰ ਰਹਿੰਦਿਆਂ ਨਿਰਲੇਪ, ਸਹਿਜ, ਸ਼ਾਂਤੀ, ਸੰਤੋਖ, ਪਵਿੱਤਰ ਅਤੇ ਆਪਣੇ ਮੂਲ ਨਾਲ ਸੁਰਤ-ਲੀਨ ਰਹਿਣ ਦਾ ਸੁਨੇਹਾ ਦਿੰਦੀ ਹੈ | ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਵੇਲੇ ਸਾਨੂੰ ਸੰਸਾਰੀ ਚੰਚਲ ਬਿਰਤੀਆਂ ਅਤੇ ਮਨੋਰੰਜਕ ਸੁਭਾਅ ਨੂੰ ਪਰਿਕਰਮਾ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਛੱਡ ਕੇ ਅੰਦਰ ਜਾਣਾ ਚਾਹੀਦਾ ਹੈ | ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਅਤੇ ਸ਼ੋ੍ਰਮਣੀ ਕਮੇਟੀ ਨੂੰ ਵੀ ਗੁਰੂ-ਘਰ ਵਿਚ ਬਰਾਬਰਤਾ ਦੇ ਸਿਧਾਂਤ ਅਨੁਸਾਰ ਹਰੇਕ ਮਰਯਾਦਾ ਨੂੰ ਸਾਰਿਆਂ 'ਤੇ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਆਮ ਯਾਤਰੂਆਂ ਨੂੰ ਵੀ ਕਿਸੇ ਤਰ੍ਹਾਂ ਦੇ ਵਿਤਕਰੇ ਦਾ ਅਹਿਸਾਸ ਨਾ ਹੋਵੇ |
-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ | ਮੋਬਾ: 98780-70008
e-mail : ts1984buttar0yahoo.com

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ- ਪਿਆਰੇ ਭਾਈ ਮੋਹਕਮ ਸਿੰਘ ਜੀ

ਆਪ ਦਾ ਜਨਮ ਦਵਾਰਕਾ (ਗੁਜਰਾਤ) ਵਿਖੇ 5 ਚੇਤ, 1736 ਬਿਕ੍ਰਮੀ ਨੂੰ ਪਿਤਾ ਜਗਜੀਵਨ ਰਾਇ ਅਤੇ ਮਾਤਾ ਸੰਭਲੀ ਦੇ ਘਰ ਹੋਇਆ | ਆਪ ਛੀਂਬਾ ਜਾਤ ਵਿਚੋਂ ਸਨ | ਮੋਹਕਮ ਦਾ ਅਰਥ ਮੋਹ ਘੱਟ ਕਰਨਾ, ਟਿਕਣਾ, ਦਿ੍ੜ੍ਹ ਹੋਣਾ ਹੈ | ਇਹ ਸ੍ਰੀ ਦਸਮੇਸ਼ ਜੀ ਦਾ ਕੌਤਕ ਹੀ ਸੀ ਕਿ ਖ਼ਾਲਸੇ ਵਿਚ ਦਇਆ, ਧਰਮ, ਮੁਹਕਮਤਾਈ, ਹਿੰਮਤ ਅਤੇ ਸਾਹਿਬੀ ਭਰਨੀ ਸੀ | ਬਾਲਕ ਮੋਹਕਮ ਚੰਦ ਨੇ ਪੰਡਿਤ ਲਾਲ ਚੰਦ ਕੋਲੋਂ ਹਿੰਦੀ, ਸੰਸਕ੍ਰਿਤ ਅਤੇ ਬਿ੍ਜ ਭਾਸ਼ਾ ਦੀ ਵਿੱਦਿਆ ਪ੍ਰਾਪਤ ਕੀਤੀ | ਉਸ ਨੂੰ ਸਿਲਾਈ, ਕਢਾਈ, ਛਾਪੇ ਆਦਿ ਦੇ ਕੰਮਾਂ ਵਿਚ ਵੀ ਮੁਹਾਰਤ ਹਾਸਲ ਸੀ | ਬਹੁਤ ਵਧੀਆ ਪੁਸ਼ਾਕਾਂ ਬਣਾਉਣ ਅਤੇ ਉਨ੍ਹਾਂ ਵਿਚ ਕੀਮਤੀ ਮੋਤੀ-ਹੀਰੇ ਜੜਨ ਵਿਚ ਉਹ ਨਿਪੰੁਨ ਸੀ | ਇਹ ਬਾਲਕ ਗੰਭੀਰ ਸੁਭਾਅ ਦਾ ਅਤੇ ਭਗਤੀ ਭਾਵਨਾ ਵਾਲਾ ਸੀ | ਇਸ ਦੇ ਵੱਡੇ-ਵਡੇਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ | ਇਸ ਲਈ ਪਰਿਵਾਰ ਦੇ ਸ਼ੱੁਭ ਸੰਸਕਾਰਾਂ ਵਿਚ ਬਾਲਕ ਵੱਡਾ ਹੋ ਰਿਹਾ ਸੀ |
5 ਅਪ੍ਰੈਲ, 1694 ਈ: ਨੂੰ ਦਵਾਰਕਾ ਦੀ ਸੰਗਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਦਸਮੇਸ਼ ਜੀ ਦੇ ਦਰਸ਼ਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਪੱੁਜੀ | ਭਾਈ ਮੋਹਕਮ ਚੰਦ ਦੇ ਮਾਤਾ-ਪਿਤਾ ਵੀ ਸੰਗਤ ਵਿਚ ਹਾਜ਼ਰ ਸਨ | 15 ਸਾਲ ਦੇ ਮੋਹਕਮ ਚੰਦ ਦਾ ਚਿੱਤ ਸ੍ਰੀ ਕਲਗੀਧਰ ਜੀ ਦੇ ਚਰਨਾਂ ਨਾਲ ਇਸ ਤਰ੍ਹਾਂ ਜੁੜਿਆ ਕਿ ਉਹ ਵਾਪਸ ਨਹੀਂ ਗਏ | ਉਹ ਹਰ ਸਮੇਂ ਸਤਿਗੁਰੂ ਜੀ ਦੇ ਪਿਆਰ, ਸੰਗਤਾਂ ਦੀ ਸੇਵਾ ਅਤੇ ਸਿਮਰਨ ਵਿਚ ਲੀਨ ਰਹਿਣ ਲੱਗੇ | ਸਾਹਿਬੇ ਕਮਾਲ ਹੁਨਰਾਂ ਦੇ ਪਾਰਖੂ ਅਤੇ ਕਦਰਦਾਨ ਸਨ | ਮੋਹਕਮ ਚੰਦ ਨੇ ਪਾਤਸ਼ਾਹ ਜੀ ਲਈ ਸੁੰਦਰ ਪੁਸ਼ਾਕਾਂ ਤਿਆਰ ਕਰਨ ਦੀ ਸੇਵਾ ਲੈ ਲਈ | ਸਾਹਿਬਾਂ ਦੇ ਦੁਲਾਰ ਨੇ ਉਨ੍ਹਾਂ ਨੂੰ ਮਦਮਸਤ ਕਰ ਦਿੱਤਾ | ਉਨ੍ਹਾਂ ਨੇ ਭਾਈ ਦਇਆ ਰਾਮ ਅਤੇ ਭਾਈ ਹਿੰਮਤ ਚੰਦ ਤੋਂ ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਦੀ ਸਿਖਲਾਈ ਲਈ | ਛੇਤੀ ਹੀ ਉਹ ਬਹਾਦਰ ਦਰਸ਼ਨੀ ਜਵਾਨ ਬਣ ਗਏ | ਤਿੰਨ ਸਾਲਾਂ ਮਗਰੋਂ ਦਵਾਰਕਾ ਦੀ ਸੰਗਤ ਫਿਰ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਪੱੁਜੀ | ਸੰਗਤ ਵਿਚੋਂ ਭਾਈ ਹੰਸ ਰਾਜ ਨੇ ਆਪਣੀ ਲੜਕੀ ਬੀਬੀ ਸੁਖਦੇਵੀ ਦੀ ਸ਼ਾਦੀ ਭਾਈ ਮੋਹਕਮ ਚੰਦ ਨਾਲ ਕਰਨ ਲਈ ਮਹਾਰਾਜ ਜੀ ਨੂੰ ਬੇਨਤੀ ਕੀਤੀ |
ਪਾਤਸ਼ਾਹ ਜੀ ਦੀ ਆਗਿਆ ਨਾਲ 5 ਨਵੰਬਰ, 1697 ਨੂੰ ਭਾਈ ਮੋਹਕਮ ਚੰਦ ਦਾ ਅਨੰਦ ਕਾਰਜ ਹੋ ਗਿਆ | ਪਤੀ-ਪਤਨੀ ਗੁਰੂ ਚਰਨਾਂ ਵਿਚ ਰਹਿਣ ਲੱਗੇ | ਇਨ੍ਹਾਂ ਦੀ ਸੰਤਾਨ ਵਿਚ ਦੋ ਸਪੱੁਤਰ ਭਾਈ ਸੁੰਦਰ ਸਿੰਘ ਅਤੇ ਭਾਈ ਹੀਰਾ ਸਿੰਘ ਹੋਏ ਅਤੇ ਇਕ ਸਪੱੁਤਰੀ ਬੀਬੀ ਰਤਨਾਗਰ ਕੌਰ ਹੋਈ | ਸਾਰਾ ਪਰਿਵਾਰ ਸ੍ਰੀ ਕਲਗੀਧਰ ਜੀ ਦੇ ਚਰਨਾਂ ਦਾ ਭਉਰਾ ਸੀ | ਸ੍ਰੀ ਅਨੰਦਪੁਰ ਸਾਹਿਬ ਛੱਡਣ ਉਪਰੰਤ ਇਹ ਵੀ ਮਹਾਰਾਜ ਜੀ ਨਾਲ ਸਰਸਾ ਵੱਲ ਚੱਲ ਪਏ | ਸਰਸਾ ਦੇ ਤੇਜ਼ ਵਹਾਅ ਨੇ ਤਿੰਨ ਕੀਮਤੀ ਜਿੰਦਾਂ ਦੀ ਭੇਟ ਲੈ ਲਈ, ਜਿਨ੍ਹਾਂ ਵਿਚ ਭਾਈ ਮੋਹਕਮ ਸਿੰਘ ਦਾ ਸਪੱੁਤਰ ਸੁੰਦਰ ਸਿੰਘ ਅਤੇ ਸੱਸ-ਸਹੁਰਾ ਸ਼ਾਮਿਲ ਸਨ | ਚਮਕੌਰ ਦੀ ਗੜ੍ਹੀ ਵਿਚ ਵੱਡੇ ਸਾਹਿਬਜ਼ਾਦਿਆਂ ਸਮੇਤ ਭਾਈ ਮੋਹਕਮ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਏ | ਉਸ ਸਮੇਂ ਇਨ੍ਹਾਂ ਦੀ ਉਮਰ ਸਿਰਫ 25 ਸਾਲ 9 ਮਹੀਨੇ ਸੀ | ਇਨ੍ਹਾਂ ਦੀ ਹੀ ਵੰਸ਼ ਵਿਚੋਂ ਮਹਾਨ ਕਵੀ ਭਾਈ ਸੰਤੋਖ ਸਿੰਘ ਚੂੜਾਮਣੀ ਹੋਏ ਹਨ | ਇਨ੍ਹਾਂ ਦੇ ਪੋਤਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸ਼ਹੀਦੀ ਪਾਈ | ਇਉਂ ਇਨ੍ਹਾਂ ਮਰਜੀਵੜਿਆਂ ਨੇ ਇਸ਼ਕ ਦਾ ਮਾਣਮੱਤਾ ਇਤਿਹਾਸ ਸਿਰਜਿਆ ਹੈ |

ਗੋਰਿਆਂ ਨੇ ਚਤਰ ਸਿੰਘ ਨੂੰ ਹਥਿਆਰ ਚੱੁਕਣ ਲਈ ਮਜਬੂਰ ਕਰ ਦਿੱਤਾ

(ਲੜੀ ਜੋੜਨ ਲਈ 8 ਜਨਵਰੀ ਦਾ ਅੰਕ ਦੇਖੋ)
ਮੁਲਤਾਨ ਉੱਪਰ ਕਬਜ਼ੇ ਦੀ ਦੇਰੀ ਨਾਲ ਸਿਪਾਹੀਆਂ ਅੰਦਰ ਬਗਾਵਤ ਦੀਆਂ ਰੁਚੀਆਂ ਵਧਣ ਦੇ ਹੋਰ ਮੌਕੇ ਮਿਲਦੇ ਜਾਂਦੇ ਸਨ | ਮੁਲਤਾਨ ਦੀ ਬਗਾਵਤ ਦਾ ਵਿਰੋਧ ਕਰਨ ਕਰਕੇ ਚਤਰ ਸਿੰਘ ਦੀ ਲੋਕਪਿ੍ਅਤਾ ਕਾਫੀ ਘਟ ਜਾਣ ਤੋਂ ਬਾਅਦ ਉਹ ਨਫਰਤ ਦਾ ਕੇਂਦਰ ਬਣਦਾ ਜਾ ਰਿਹਾ ਸੀ | ਉਸ ਨੇ ਮੂਲ ਰਾਜ ਦੀ ਹਾਰ ਉੱਪਰ ਤੋਪਾਂ ਦੀ ਸਲਾਮੀ ਵੀ ਦਿੱਤੀ ਸੀ | ਇਸ ਤੋਂ ਇਲਾਵਾ ਉਸ ਨੇ ਦੇਖਿਆ ਕਿ ਉਸ ਦੇ ਮਾਤਹਿਤ ਕੰਮ ਕਰਦੇ ਅੰਗਰੇਜ਼ ਅਫ਼ਸਰ ਵੀ ਉਸ ਦੀ ਇੱਜ਼ਤ ਨਹੀਂ ਕਰ ਰਹੇ | ਇਹ ਅਫਵਾਹ ਵੀ ਆਮ ਸੀ ਕਿ ਅੰਗਰੇਜ਼ ਆਪਣਾ ਉਹ ਵਾਅਦਾ ਕਦੇ ਪੂਰਾ ਨਹੀਂ ਕਰਨਗੇ ਕਿ ਮਹਾਰਾਜਾ ਦਲੀਪ ਸਿੰਘ ਦੇ ਬਾਲਗ ਹੋਣ ਬਾਅਦ ਹਕੂਮਤ ਉਸ ਦੇ ਸਪੁਰਦ ਕਰ ਦਿੱਤੀ ਜਾਵੇਗੀ | ਵੱਡੇ ਸਰਦਾਰ ਨੇ ਆਪਣੇ ਪੱੁਤਰ ਨੂੰ ਲਿਖਿਆ ਕਿ ਲੈਫਟੀਨੈਂਟ ਐਡਵਰਡ ਤੋਂ ਰੈਜ਼ੀਡੈਂਟ ਨੂੰ ਖ਼ਤ ਲਿਖਵਾਇਆ ਜਾਵੇ ਕਿ ਉਹ ਮਹਾਰਾਜਾ ਦਲੀਪ ਸਿੰਘ ਦੀ ਸ਼ਾਦੀ ਦਾ ਬੰਦੋਬਸਤ ਕਰੇ, ਜੋ ਉਸ ਦੀ ਬੇਟੀ ਨਾਲ ਹੋਣੀ ਸੀ | ਐਡਵਰਡ ਨੇ ਰੈਜ਼ੀਡੈਂਟ ਨੂੰ ਲਿਖ ਭੇਜਿਆ ਤੇ ਅੱਗੋਂ ਉਸ ਨੇ ਲਿਖਿਆ ਕਿ ਉਹ ਇਸ ਬਾਰੇ ਦਰਬਾਰ ਨਾਲ ਸਲਾਹ-ਮਸ਼ਵਰਾ ਕਰੇਗਾ, ਨਾਲ ਹੀ ਉਸ ਨੇ ਇਹ ਵੀ ਲਿਖਿਆ ਕਿ, 'ਮੈਂ ਨਹੀਂ ਸਮਝਦਾ ਕਿ ਸ਼ਾਦੀ ਦੀਆਂ ਰਸਮਾਂ ਦਾ ਸਰਕਾਰ ਦੀਆਂ ਪੰਜਾਬ ਦੇ ਪ੍ਰਸ਼ਨ ਬਾਰੇ ਭਵਿੱਖ ਦੀਆਂ ਨੀਤੀਆਂ ਨਾਲ ਕੋਈ ਸਬੰਧ ਹੋਵੇਗਾ |'
ਕੈਪਟਨ ਜੇਮਸ ਅੱਬੌਟ ਚਤਰ ਸਿੰਘ ਅਟਾਰੀਵਾਲਾ ਬਾਰੇ ਆਪਣਾ ਰੱੁਖਾ ਤੇ ਵਿਰੋਧੀ ਵਰਤਾਰਾ ਜਾਰੀ ਰੱਖ ਰਿਹਾ ਸੀ | ਅਗਸਤ ਦੇ ਪਹਿਲੇ ਹਫ਼ਤੇ ਬਿਨਾਂ ਕਿਸੇ ਚਿਤਾਵਨੀ ਤੇ ਉਕਸਾਹਟ ਸਰਦਾਰ ਦਾ ਕੈਂਪ ਛੱਡ ਗਿਆ ਤੇ ਕਬਾਇਲੀਆਂ ਨੂੰ ਸਿੱਖਾਂ ਦੇ ਵਿਰੱੁਧ ਭੜਕਾਉਣ ਲੱਗ ਪਿਆ | ਉਸ ਦੇ ਆਪਣੇ ਸ਼ਬਦਾਂ ਵਿਚ ਉਸ ਨੇ ਕਬਾਇਲੀਆਂ ਨੂੰ ਕਿਹਾ ਕਿ ਆਪਣੇ ਪਿਓ-ਦਾਦਿਆਂ ਦੇ ਕਤਲਾਂ ਤੇ ਲੱੁਟਾਂਮਾਰਾਂ ਦਾ ਸਿੱਖਾਂ ਤੋਂ ਤਕੜਾ ਬਦਲਾ ਲੈ ਸਕਦੇ ਹੋ | ਅਗਸਤ ਦੀ 6 ਤਾਰੀਖ ਨੂੰ ਅੱਬੌਟ ਦੇ ਸਿਖਾਏ ਕੁਝ ਕਬਾਇਲੀਆਂ ਨੇ ਚਤਰ ਸਿੰਘ ਨੂੰ ਘੇਰਿਆ | ਆਪਣੀ ਸੁਰੱਖਿਆ ਵਾਸਤੇ ਉਸ ਨੇ ਹਰੀਪੁਰ ਦੇ ਕਿਲ੍ਹੇ ਵਿਚ ਚਲੇ ਜਾਣ ਦੀ ਸੋਚੀ | ਉਸ ਨੇ ਦਰਬਾਰ ਦੇ ਇਕ ਕਰਮਚਾਰੀ ਅਮਰੀਕਨ ਕਰਨਲ ਕੈਨੋਰਾ ਨੂੰ ਹੁਕਮ ਦਿੱਤਾ ਕਿ ਉਸ ਵਾਸਤੇ ਜਗ੍ਹਾ ਬਣਾਈ ਜਾਵੇ | ਅਮਰੀਕਨ ਨੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਜਦੋਂ ਤੱਕ ਕੈਪਟਨ ਅੱਬੌਟ ਉਸ ਨੂੰ ਨਹੀਂ ਕਹਿੰਦਾ | ਚਤਰ ਸਿੰਘ ਨੇ ਸਖ਼ਤ ਚਿਤਾਵਨੀ ਦਿੱਤੀ ਪਰ ਕਰਨਲ ਉੱਪਰ ਕੋਈ ਅਸਰ ਨਹੀਂ ਹੋਇਆ, ਬਲਕਿ ਉਸ ਨੇ ਕਿਲ੍ਹੇ ਅੰਦਰ ਆ ਰਹੇ ਚਤਰ ਸਿੰਘ ਦੇ ਬੰਦਿਆਂ ਵੱਲ ਤੋਪਾਂ ਦੇ ਮੰੂਹ ਕਰਵਾ ਦਿੱਤੇ ਅਤੇ ਤੋਪ ਦਾਗਣ ਦੀਆਂ ਮਸ਼ਾਲਾਂ ਜਗਾ ਲਈਆਂ | ਜਦੋਂ ਇਕ ਹਵਾਲਦਾਰ ਨੇ ਚਤਰ ਸਿੰਘ ਦੇ ਬੰਦਿਆਂ ਉੱਪਰ ਤੋਪ ਚਲਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਉਸ ਨੂੰ ਧੱਕਾ ਮਾਰ ਕੇ ਪਾਸੇ ਕਰ ਦਿੱਤਾ ਤੇ ਖੁਦ ਮਸ਼ਾਲ ਫੜ ਕੇ ਤੋਪ ਦਾਗਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਕਾਰਨ ਤੋਪ ਨਹੀਂ ਚੱਲੀ | ਚਤਰ ਸਿੰਘ ਦੇ ਬੰਦੇ ਕੈਨੋਰਾ ਉੱਪਰ ਟੱੁਟ ਕੇ ਪੈ ਗਏ ਤੇ ਉਸ ਦਾ ਕਤਲ ਕਰ ਦਿੱਤਾ |
ਇਸ ਵਾਕਿਆ ਨੇ ਕੈਪਟਨ ਅੱਬੌਟ ਨੂੰ ਉਹ ਬਹਾਨਾ ਦਿੱਤਾ, ਜਿਸ ਦਾ ਉਹ ਇੰਤਜ਼ਾਰ ਕਰ ਰਿਹਾ ਸੀ | ਉਸ ਨੇ ਚਤਰ ਸਿੰਘ ਉੱਪਰ ਸ਼ਰੇ੍ਹਆਮ ਕਤਲ ਦਾ ਇਲਜ਼ਾਮ ਲਗਾਇਆ ਤੇ ਦਰਬਾਰ ਦੀਆਂ ਫੌਜਾਂ ਵਿਰੱੁਧ ਕਬਾਇਲੀਆਂ ਨੂੰ ਭੜਕਾਉਂਦਾ ਰਿਹਾ | ਰੈਜ਼ੀਡੈਂਟ ਨੇ ਵੀ ਅੱਬੌਟ ਦੇ ਵਿਹਾਰ ਦੀ ਨੁਕਤਾਚੀਨੀ ਕੀਤੀ ਤੇ ਲਿਖਿਆ ਕਿ, 'ਇਹ ਸਾਫ਼ ਹੈ ਕਿ ਚਤਰ ਸਿੰਘ ਦੀ ਬਿ੍ਗੇਡ ਦੀ ਕੁਝ ਵੀ ਮਨਸ਼ਾ ਹੋਵੇ, ਉਨ੍ਹਾਂ ਨੇ ਬਗਾਵਤ ਵਾਲਾ ਕੋਈ ਕੰਮ ਨਹੀਂ ਕੀਤਾ, ਜਦੋਂ ਤੱਕ ਕਿ ਤੰੂ ਹਥਿਆਰਬੰਦ ਕਿਸਾਨਾਂ ਨੂੰ ਦਰਬਾਰ ਦੇ ਵਿਰੱੁਧ ਭੜਕਾਉਣ ਦਾ ਕੰਮ ਨਹੀਂ ਸ਼ੁਰੂ ਕੀਤਾ | ਮੈਂ ਤੈਨੂੰ ਅਜਿਹਾ ਕੋਈ ਹੁਕਮ ਨਹੀਂ ਸੀ ਦਿੱਤਾ ਕਿ ਮਕਾਮੀ ਲੋਕਾਂ ਦੀ ਫੌਜ ਭਰਤੀ ਕਰੇਂ | ਤੇਰੇ ਇਸ ਸਾਰੇ ਕੰਮ ਨਾਲ ਸਾਡੀ ਬਦਨਾਮੀ ਹੈ | ਜੋ ਵੀ ਰਿਪੋਰਟ ਮਿਲੀ ਹੈ, ਉਸ ਨਾਲ ਕੈਨੋਰਾ ਦੀ ਮੌਤ ਇਕ ਕਤਲ ਨਹੀਂ ਸਾਬਤ ਹੁੰਦੀ ਤੇ ਨਾ ਹੀ ਇਹ ਕਿਹਾ ਜਾ ਸਕਦਾ ਹੈ ਕਿ ਉਸ ਵਿਚ ਚਤਰ ਸਿੰਘ ਦਾ ਕੋਈ ਹੱਥ ਸੀ |'
ਅੱਬੌਟ ਨੂੰ ਪਾਈ ਇਸ ਝਾੜ ਦੇ ਬਾਵਜੂਦ ਕੱਰੀ ਨੇ ਅਟਾਰੀਵਾਲਾ ਸਰਦਾਰਾਂ ਨੂੰ ਖ਼ਤਮ ਕਰਨ ਦੀ ਸੋਚ ਰੱਖੀ ਸੀ | ਕੈਪਟਨ ਨਿਕੋਲਸਨ, ਜਿਸ ਨੂੰ ਚਤਰ ਸਿੰਘ ਤੇ ਅੱਬੌਟ ਵਿਚਕਾਰ ਸੁਲਹ-ਸਫਾਈ ਕਰਵਾਉਣ ਵਾਸਤੇ ਭੇਜਿਆ ਸੀ, ਨੇ ਚਤਰ ਸਿੰਘ ਦੀ ਜਗੀਰ ਕੁਰਕ ਕਰਨ ਦਾ ਹੁਕਮ ਸੁਣਾ ਦਿੱਤਾ ਤੇ ਉਸ ਨੂੰ ਉਹ ਹਵਾਲੇ ਕਰਨ ਵਾਸਤੇ ਕਿਹਾ | ਉਸ ਨੇ ਕੱਰੀ ਨੂੰ ਖ਼ਤ ਲਿਖ ਕੇ ਦੱਸਿਆ ਕਿ ਉਸ ਨੇ ਚਤਰ ਸਿੰਘ ਨੂੰ ਇਕ ਪੇਸ਼ਕਸ਼ ਕੀਤੀ ਹੈ ਕਿ ਜੇ ਉਹ ਮੇਰੇ ਸਾਹਮਣੇ ਪੇਸ਼ ਹੁੰਦਾ ਹੈ ਅਤੇ ਆਪਣੇ ਸਿਪਾਹੀਆਂ ਨੂੰ ਪਹਿਲਾਂ ਵਾਲੀਆਂ ਥਾਵਾਂ ਉੱਤੇ ਭੇਜ ਦਿੰਦਾ ਹੈ ਤਾਂ ਮੈਂ ਉਸ ਦੀ ਜਾਨ ਤੇ ਇੱਜ਼ਤ ਦੀ ਗਾਰੰਟੀ ਦਿੰਦਾ ਹਾਂ ਪਰ ਮੈਂ ਉਸ ਦੇ ਨਾਜ਼ਿਮ ਰਹਿਣ ਤੇ ਜਗੀਰ ਰੱਖਣ ਦੀ ਗਰੰਟੀ ਨਹੀਂ ਦੇ ਸਕਦਾ | ਮੈਂ ਉਸ ਨੂੰ ਸਾਫ਼ ਦੱਸ ਦਿੱਤਾ ਹੈ ਕਿ ਉਹ ਜਗੀਰ ਤੇ ਰੁਤਬੇ ਦਾ ਹੱਕਦਾਰ ਨਹੀਂ | ਇਸ ਤੋਂ ਅੱਗੇ ਉਹ ਲਿਖਦਾ ਹੈ ਕਿ, 'ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਹਿਮਤ ਹੋਵੋਗੇ ਕਿ ਨਾਜ਼ਿਮ ਦਾ ਰੁਤਬਾ ਤੇ ਜਗੀਰ ਦਾ ਖੁਸ ਜਾਣਾ ਹੀ ਉਸ ਵਾਸਤੇ ਕਾਫੀ ਸਜ਼ਾ ਹੋਵੇਗੀ | ਮੇਰਾ ਖਿਆਲ ਹੈ ਕਿ ਮੈਂ ਉਸ ਨੂੰ ਠੀਕ ਪੇਸ਼ਕਸ਼ ਕੀਤੀ ਹੈ |'
ਰੈਜ਼ੀਡੈਂਟ ਨੇ ਅਜੇ 15 ਦਿਨ ਪਹਿਲਾਂ ਹੀ ਚਤਰ ਸਿੰਘ ਨੂੰ ਬੇਕਸੂਰ ਮੰਨਿਆ ਸੀ ਪਰ ਉਸ ਨੇ ਪੂਰੀ ਤਰ੍ਹਾਂ ਨਿਕੋਲਸਨ ਦੇ ਐਕਸ਼ਨ ਦੀ ਪੁਸ਼ਟੀ ਕਰ ਦਿੱਤੀ |
ਚਤਰ ਸਿੰਘ ਬਿਰਧ ਆਦਮੀ ਸੀ, ਐਨਕਾਂ ਲਗਾ ਕੇ ਰੱਖਦਾ ਸੀ, ਅੱਖਾਂ ਅੰਦਰ ਚਿਪਕੀਆਂ ਸਨ, ਸੋਟੀ ਦੇ ਸਹਾਰੇ ਚਲਦਾ ਸੀ ਤੇ ਹਮੇਸ਼ਾ ਕਮਜ਼ੋਰ ਸਿਹਤ ਰਹਿੰਦੀ ਸੀ | ਉਹ ਆਪਣਾ ਭਵਿੱਖ ਇਸ ਤਰ੍ਹਾਂ ਦੇਖਦਾ ਸੀ ਕਿ ਉਸ ਦੀ ਬੇਟੀ ਦੀ ਮਹਾਰਾਜਾ ਦਲੀਪ ਸਿੰਘ ਨਾਲ ਸ਼ਾਦੀ ਹੋ ਜਾਵੇ ਤੇ ਉਹ ਆਪਣੇ ਪਿੰਡ ਅਟਾਰੀ ਆਰਾਮ ਨਾਲ ਟਿਕ ਜਾਵੇ | ਨਾ ਉਹ ਚਾਹੁੰਦਾ ਸੀ ਤੇ ਨਾ ਹੀ ਬਗਾਵਤ ਵਾਸਤੇ ਕਾਬਲ ਸੀ ਪਰ ਜਿਸ ਤਰ੍ਹਾਂ ਦਾ ਵਿਹਾਰ ਉਸ ਨਾਲ ਅੱਬੌਟ ਤੇ ਨਿਕੋਲਸਨ ਨੇ ਕੀਤਾ, ਉਸ ਨੂੰ ਮਜਬੂਰ ਕਰ ਦਿੱਤਾ ਕਿ ਉਹ ਆਪਣੇ ਕਮਜ਼ੋਰ ਹੱਥਾਂ ਨਾਲ ਤਲਵਾਰ ਨੂੰ ਮਿਆਨ ਵਿਚੋਂ ਬਾਹਰ ਕੱਢੇ ਤੇ ਉਸ ਨੇ ਇਕ ਵਾਰ ਕੱਢ ਲਈ | ਉਸ ਨੇ ਆਪਣੇ ਪੱੁਤਰ ਨੂੰ ਖਤ ਭੇਜਿਆ ਕਿ ਕਿਵੇਂ ਫਰੰਗੀਆਂ ਨੇ ਉਸ ਨਾਲ ਸਲੂਕ ਕੀਤਾ ਤੇ ਉਸ ਨੂੰ ਕਿਹਾ ਕਿ ਉਹ ਆਪਣੇ ਲੋਕਾਂ ਦਾ ਸਾਥ ਦੇਵੇ ਤੇ ਇਨ੍ਹਾਂ ਵਿਦੇਸ਼ੀਆਂ ਨੂੰ ਮਾਰ ਭਜਾਉਣ ਤੋਂ ਬਿਨਾਂ ਹੁਣ ਹੋਰ ਕੋਈ ਚਾਰਾ ਨਹੀਂ | ਉਦੋਂ ਤੱਕ ਸ਼ੇਰ ਸਿੰਘ ਅਟਾਰੀਵਾਲਾ ਪੂਰੀ ਤਰ੍ਹਾਂ ਅੰਗਰੇਜ਼ਾਂ ਦੀ ਪਿੱਠ ਪਿੱਛੇ ਖਲੋਤਾ ਸੀ | ਉਹ ਬਾਗੀ ਸਿਪਾਹੀਆਂ ਤੇ ਮੂਲ ਰਾਜ ਦਾ ਸੁਨੇਹਾ ਲੈ ਕੇ ਆਏ ਬੰਦਿਆਂ ਦੀ ਗੱਲ ਨਹੀਂ ਮੰਨ ਰਿਹਾ ਸੀ |

(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਅੰਮਿ੍ਤਸਰ ਦੀ ਧਰਤੀ 'ਤੇ ਉਸਾਰਿਆ ਗੁਰਦੁਆਰਾ 'ਗੁਰੂ ਕੇ ਮਹਿਲ'

ਅੰਮਿ੍ਤਸਰ ਦੀ ਧਰਤੀ 'ਤੇ ਨਗਰ ਆਬਾਦ ਹੋਣ ਸਮੇਂ ਉਸਾਰਿਆ ਗਿਆ ਪਹਿਲਾ ਘਰ ਭਾਵ ਰਿਹਾਇਸ਼ੀ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਜੋਂ ਸ਼ਹਿਰ ਦੇ ਗੁਰੂ ਕੇ ਬਾਜ਼ਾਰ ਦੇ ਨਾਲ ਲਗਦੀ ਗਲੀ ਦੇ ਅੰਦਰ ਆਪਣੀਆਂ ਸ਼ਾਨਾਂ ਕਾਇਮ ਰੱਖੇ ਹੋਏ ਹੈ | 'ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ' ਦੇ ਸਫ਼ਾ 305 'ਤੇ ਗਿਆਨੀ ਕਿ੍ਪਾਲ ਸਿੰਘ ਲਿਖਦੇ ਹਨ ਕਿ ਅੰਮਿ੍ਤਸਰ ਵਸਾਉਣ ਸਮੇਂ ਇਸੇ ਅਸਥਾਨ ਉੱਪਰ ਸ੍ਰੀ ਗੁਰੂ ਅਮਰਦਾਸ ਜੀ ਨੇ ਪਹਿਲੀ ਮੋਹੜੀ ਗੱਡੀ ਸੀ | ਜਦੋਂ ਸ਼ਹਿਰ ਵਸਾਉਣ ਅਤੇ ਅੰਮਿ੍ਤ ਸਰੋਵਰ ਤੇ ਸੰਤੋਖਸਰ ਦੀ ਸੇਵਾ ਸ਼ੁਰੂ ਕੀਤੀ ਗਈ ਤਾਂ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਨਿਵਾਸ ਲਈ ਸੰਗਤ ਵਲੋਂ ਪਹਿਲਾਂ ਛਪਰੀਆਂ, ਫਿਰ ਕੱਚੇ ਮਕਾਨ ਅਤੇ ਬਾਅਦ 'ਚ ਪੱਕਾ ਮਕਾਨ ਉਸਾਰਿਆ ਗਿਆ | ਗੁਰਦੁਆਰਾ ਗੁਰੂ ਕੇ ਮਹਿਲ 'ਚ ਤਬਦੀਲ ਹੋ ਚੱੁਕੇ ਉਕਤ ਮੁਕੱਦਸ ਅਸਥਾਨ 'ਤੇ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਿਵਾਸ ਰੱਖਦੇ ਰਹੇ | ਇਸੇ ਅਸਥਾਨ 'ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਪੱੁਤਰਾਂ, ਗੁਰੂ ਤੇਗ਼ ਬਹਾਦਰ ਸਾਹਿਬ, ਸ੍ਰੀ ਸੂਰਜ ਮਲ, ਸ੍ਰੀ ਅਣੀ ਰਾਇ ਤੇ ਬਾਬਾ ਅਟੱਲ ਰਾਇ ਸਾਹਿਬ ਸਮੇਤ ਬੀਬੀ ਵੀਰੋ ਦਾ ਜਨਮ ਹੋਇਆ | ਇਸ ਅਸਥਾਨ ਦੇ ਪਾਸ ਹੀ ਗੁਰੂ ਬਾਜ਼ਾਰ ਦੀ ਨੁੱਕਰ 'ਚ ਗੁਰਦੁਆਰਾ ਚੁਰਸਤੀ ਅਟਾਰੀ ਵੀ ਮੌਜੂਦ ਹੈ | ਛੇਵੇਂ ਪਾਤਿਸ਼ਾਹ ਉਸ ਅਸਥਾਨ 'ਤੇ ਬੈਠ ਕੇ ਸੰਗਤ ਨੂੰ ਦਰਸ਼ਨ ਦਿਆ ਕਰਦੇ ਸਨ |
ਸਿੱਖ ਰਾਜ ਸਮੇਂ ਮੌਜੂਦਾ ਗੁਰਦੁਆਰਾ ਗੁਰੂ ਕੇ ਮਹਿਲ ਦੇ ਸਥਾਨ 'ਤੇ ਪੁਰਾਣੀਆਂ ਮੁਗਲਸ਼ਾਹੀ ਇੱਟਾਂ ਅਤੇ ਚੂਨੇ ਦਾ ਬਣਿਆ ਗੁਰਦੁਆਰਾ ਮੌਜੂਦ ਸੀ | ਗੁਰਦੁਆਰਾ ਸਾਹਿਬ ਦੀ ਇਮਾਰਤ ਕਾਫ਼ੀ ਛੋਟੀ ਸੀ ਅਤੇ ਅੰਦਰ ਪ੍ਰਕਾਸ਼ ਅਸਥਾਨ, ਲੰਗਰ ਘਰ, ਪੁਰਾਣਾ ਖੂਹ ਤੇ ਰਿਹਾਇਸ਼ੀ ਕਮਰੇ ਮੌਜੂਦ ਸਨ | ਇਸ ਅਸਥਾਨ ਦੇ ਆਸ-ਪਾਸ ਬਹੁਤ ਘੱਟ ਰਿਹਾਇਸ਼ੀ ਆਬਾਦੀ ਸੀ |
ਦੇਸ਼ ਦੀ ਵੰਡ ਤੋਂ ਬਾਅਦ ਗੁਰਦੁਆਰੇ ਦੇ ਨੇੜੇ ਕੁਝ ਸਿੱਖਾਂ ਦੇ ਮਕਾਨ ਤੇ ਦੁਕਾਨਾਂ ਬਣ ਗਈਆਂ | ਸਾਲ 1978 'ਚ ਸੰਗਤ ਦੀ ਮੰਗ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਅਸਥਾਨ ਦੀ ਕਾਰ ਸੇਵਾ ਬਾਬਾ ਸੇਵਾ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਪਾਸੋਂ ਸ਼ੁਰੂ ਕਰਵਾਈ, ਜਿਸ ਦੇ ਚੱਲਦਿਆਂ ਸੰਨ 1947 ਦੇ ਬਾਅਦ ਗੁਰਦੁਆਰਾ ਸਾਹਿਬ ਦੇ ਚੁਫੇਰੇ ਬਣੀਆਂ ਲਗਪਗ 91 ਦੁਕਾਨਾਂ ਤੇ ਮਕਾਨ ਖ਼ਰੀਦ ਕੇ ਚੌਕ ਪਾਸੀਆਂ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਖੁੱਲ੍ਹੀ ਸੜਕ ਬਣਾ ਦਿੱਤੀ ਗਈ | ਇਸ ਅਸਥਾਨ 'ਤੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਹੋਇਆ ਹੋਣ ਕਰਕੇ ਕਾਰ ਸੇਵਾ ਦੇ ਦੌਰਾਨ ਪੰਜਾਂ ਪਿਆਰਿਆਂ ਪਾਸੋਂ ਇੱਥੇ ਨੌਾ ਮੰਜ਼ਲੀ ਗੁਰਦੁਆਰੇ ਦੀ ਇਮਾਰਤ ਉਸਾਰੇ ਜਾਣ ਲਈ ਨੀਂਹ ਰਖਵਾ ਕੇ ਉਸਾਰੀ ਸ਼ੁਰੂ ਕਰਵਾਈ ਗਈ | ਮੌਜੂਦਾ ਸਮੇਂ ਬਾਬਾ ਲਾਭ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਦੀ ਅਗਵਾਈ 'ਚ ਦੀਵਾਨ ਹਾਲ, ਜੋੜਾ ਘਰ ਤੇ ਲੰਗਰ ਭਵਨ ਦੀ ਕਾਰ ਸੇਵਾ ਜਾਰੀ ਹੈ |
ਗੁਰਦੁਆਰਾ ਗੁਰੂ ਕੇ ਮਹਿਲ ਦੇ ਸੇਵਾਦਾਰ ਸ: ਗੁਰਵਿੰਦਰ ਸਿੰਘ ਦੱਸਦੇ ਹਨ ਕਿ ਗੁਰਦੁਆਰੇ ਦੀ ਪੁਰਾਣੀ ਇਮਾਰਤ ਨੂੰ ਸੰਗਮਰਮਰੀ ਭੋਰਾ ਸਾਹਿਬ ਦਾ ਰੂਪ ਦੇ ਦਿੱਤਾ ਗਿਆ ਹੈ ਅਤੇ ਗੁਰੂ ਸਾਹਿਬ ਦੇ ਘਰ 'ਚ ਬਣਾਏ ਇਤਿਹਾਸਕ ਖੂਹ ਦਾ ਪਾਣੀ ਸੁੱਕ ਜਾਣ 'ਤੇ ਉਸ ਦੇ ਬਾਹਰ ਵੀ ਸੰਗਮਰਮਰ ਦੀ ਸੇਵਾ ਕਰਵਾ ਦਿੱਤੀ ਗਈ ਹੈ | ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਤੇ ਸ਼ਹੀਦੀ ਦਿਹਾੜੇ ਸਮੇਤ ਹਰ ਐਤਵਾਰ ਨੂੰ ਹਫ਼ਤਾਵਾਰੀ ਦੀਵਾਨ ਸਜਾਏ ਜਾਂਦੇ ਹਨ | ਇਨ੍ਹਾਂ ਦੀਵਾਨਾਂ ਦੀ ਸੇਵਾ ਇਸ਼ਨਾਨ ਸੇਵਕ ਸਭਾ ਗੁਰਦੁਆਰਾ ਗੁਰੂ ਕੇ ਮਹਿਲ ਵਲੋਂ ਕੀਤੀ ਜਾ ਰਹੀ ਹੈ | ਪ੍ਰਚਾਰ ਦੀ ਕਮੀ ਅਤੇ ਅੰਮਿ੍ਤਸਰ ਆਉਣ ਵਾਲੇ ਜ਼ਿਆਦਾਤਰ ਸੈਲਾਨੀਆਂ ਨੂੰ ਗੁਰਦੁਆਰਾ ਸਾਹਿਬ ਦੀ ਹੋਂਦ ਤੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਾ ਹੋਣ ਕਰਕੇ ਇੱਥੇ ਉਕਤ ਦਿਹਾੜਿਆਂ ਤੋਂ ਇਲਾਵਾ ਬਹੁਤ ਘੱਟ ਸ਼ਰਧਾਲੂ ਪਹੁੰਚਦੇ ਹਨ |

-ਅੰਮਿ੍ਤਸਰ | ਮੋਬਾ: 93561-27771

ਕਲਗੀਧਰ ਪਾਤਸ਼ਾਹ ਦੀ ਕਲਮ ਦੀ ਕਲਾ

ਕਲਗੀਧਰ ਪਾਤਿਸ਼ਾਹ-ਸਰਬੰਸਦਾਨੀ, ਅੰਮਿ੍ਤ ਕੇ ਦਾਤੇ ਜਿਥੇ ਤੇਗ਼ ਦੇ ਧਨੀ ਸਨ, ਉਥੇ ਸਤਿਗੁਰਾਂ ਦੀ ਕਲਮ ਦੀ ਕਲਾ (ਸ਼ਕਤੀ) ਦਾ ਪ੍ਰਤਾਪ ਵੀ ਵਿਸ਼ੇਸ਼ ਮਹਾਨਤਾ ਰੱਖਦਾ ਹੈ | ਗੁਰੂ ਜੀ ਦੇ ਰਚਨਾ ਮੰਡਲ ਵਿਚ ਅਧਿਆਤਮਵਾਦ, ਰੂਹਾਨੀ ਰਮਜ਼ਾਂ, ਸ਼ਸਤਰਾਂ ਦੀ ਮਹਿਮਾ, ਚੜ੍ਹਦੀ ਕਲਾ, ਬੀਰ ਰਸ, ਫੋਕਟ ਕਰਮ-ਕਾਂਡਾਂ ਦਾ ਖੰਡਨ, ਵਿਸ਼ਵ ਪ੍ਰੇਮ ਦਾ ਸੰਦੇਸ਼, ਇਤਿਹਾਸਕ ਹਵਾਲੇ, ਖ਼ਾਲਸੇ ਦੀ ਮਰਯਾਦਾ, ਪੁਰਾਤਨ ਸਾਹਿਤ ਦਾ ਅਨੁਵਾਦ ਆਦਿ ਵੱਡਾ ਭੰਡਾਰ ਹੈ | ਭਾਸ਼ਾ ਪਖੋਂ ਇਹ ਖਜ਼ਾਨਾ ਸੰਸਕਿ੍ਤ, ਬਿ੍ਜ ਭਾਸ਼ਾ, ਫ਼ਾਰਸੀ, ਹਿੰਦੀ ਤੇ ਪੰਜਾਬੀ ਆਦਿ ਭਾਸ਼ਾਵਾਂ ਦੇ ਰੰਗ 'ਚ ਰੰਗਿਆ ਹੈ | ਸਤਿਗੁਰਾਂ ਦੀ ਰਚਨਾ ਜਾਪੁ ਸਾਹਿਬ, ਸਵੱਯੇ, ਚੌਪਈ ਤੇ ਅਰਦਾਸ ਦੀ ਪਹਿਲੀ ਪਉੜੀ ਸਿੱਖ ਪੰਥ ਦੇ ਨਿਤਨੇਮ ਤੇ ਅੰਮਿ੍ਤ ਸੰਚਾਰ ਦੀ ਮਰਯਾਦਾ ਦਾ ਮੁੱਖ ਸੂਤਰ ਹੈ |
ਦਸਮ ਪਿਤਾ ਜੀ ਦਾ ਅਰਦਾਸਨੁਮਾ ਸ਼ਬਦ 'ਦੇਹਿ ਸਿਵਾ ਬਰ ਮੋਹਿ ਇਹੈ' ਸੰਸਾਰ ਭਰ ਵਿਚ ਹੁੰਦੇ ਗੁਰਮਤਿ ਸਮਾਗਮਾਂ ਤੇ ਬੇਅੰਤ ਵਿੱਦਿਅਕ ਸੰਸਥਾਵਾਂ ਵਿਚ ਸਮਾਗਮਾਂ ਦੀ ਪ੍ਰਾਰੰਭਤਾ ਸਮੇਂ ਗਾਇਨ ਕੀਤਾ ਜਾਂਦਾ ਹੈ | ਗੁਰੂ ਜੀ ਤਾਂ ਭੰਗਾਣੀ ਦਾ ਯੁੱਧ ਫ਼ਤਹਿ ਕਰ ਕੇ ਵੀ ਕੌਮੀ ਵਾਰਸਾਂ ਨੂੰ ਸਿੱਖਿਆ ਦਿੰਦੇ ਹਨ, 'ਭਈ ਜੀਤ ਮੇਰੀ¨ ਕਿ੍ਪਾ ਕਾਲ ਕੇਰੀ¨' ਭਾਵ ਸਾਡੀ ਜਿੱਤ ਅਕਾਲ ਦੀ ਕਿਰਪਾ ਸਦਕਾ ਹੋਈ ਹੈ | ਸਤਿਗੁਰਾਂ ਦਾ ਇਕ-ਇਕ ਸਿੱਖ ਜੇਕਰ ਸਵਾ-ਸਵਾ ਲੱਖ ਨਾਲ ਯੁੱਧ ਕਰਨ ਦੀ ਸਮਰੱਥਾ ਰੱਖਦਾ ਹੈ ਤਾਂ ਕਲਮ ਦੀ ਸ਼ਕਤੀ ਵੀ ਦੇਖੋ ਕਿ 'ਏਕ ਅਛਰੀ ਛੰਦ' ਰਚ ਕੇ ਇਕ ਅੱਖਰ ਨੂੰ ਵੀ ਅਜਿਹਾ ਬਲ ਪ੍ਰਦਾਨ ਕੀਤਾ ਕਿ ਉਸ ਦੀ ਵਿਆਖਿਆ ਅਨੇਕਾਂ ਸ਼ਬਦਾਂ ਨਾਲ ਕਰਨੀ ਪੈਂਦੀ ਹੈ | ਗੁਰੂ ਜੀ ਦੀ ਕਲਮ ਦੇ ਦਰਸ਼ਨ ਜਾਪੁ ਸਾਹਿਬ, ਅਕਾਲ ਉਸਤਤਿ, ਬਚਿਤ੍ਰ ਨਾਟਕ, ਚੰਡੀ ਚਰਿਤ੍ਰ, ਵਾਰ ਸ੍ਰੀ ਭਗਉਤੀ ਜੀ ਕੀ, ਗਿਆਨ ਪ੍ਰਬੋਧ, ਚਉਬੀਸ ਅਵਤਾਰ, ਸ਼ਬਦ ਹਜਾਰੇ, ਸਵੱਯੇ, ਖ਼ਾਲਸਾ ਮਹਿਮਾ, ਸ਼ਸਤਰਨਾਮ ਮਾਲਾ, ਚਰਿਤ੍ਰੋ ਪਾਖਿਆਨ, ਜ਼ਫ਼ਰਨਾਮਾ, ਹਿਕਾਇਤਾਂ ਆਦਿ ਰਚਨਾਵਾਂ ਦਾ ਦੀਰਘ ਅਧਿਐਨ ਕੀਤਿਆਂ ਹੁੰਦੇ ਹਨ | ਸਤਿਗੁਰਾਂ ਦੀ ਰਾਗਬੱੱਧ ਬਾਣੀ-ਰਾਮਕਲੀ, ਸੋਰਠਿ, ਕਲਿਆਨ, ਤਿਲੰਗ ਕਾਫੀ, ਬਿਲਾਵਲ, ਦੇਵ ਗੰਧਾਰੀ ਆਦਿ ਰਾਗਾਂ ਵਿਚ ਦਰਜ ਹੈ | ਗੁਰੂ ਜੀ ਵਿਸ਼ਵ ਪ੍ਰੇਮ ਦਾ ਸੰਦੇਸ਼ ਦਿੰਦਿਆਂ 'ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ' ਦਾ ਸਬਕ ਦਿ੍ੜਾਉਂਦੇ ਹਨ ਅਤੇ ਪਖੰਡ ਕਰਮੀਆਂ ਨੂੰ 'ਲਿਖੰ ਜੰਤ੍ਰ ਕੇਤੇ ਪੜ੍ਹੰ ਮੰਤ੍ਰ ਕੋਟੰ¨ ਬਿਨਾ ਸਰਨ ਤਾਂ ਕੀ ਨਹੀ ਔਰ ਓਟੰ¨' ਦਾ ਉਪਦੇਸ਼ ਦੇ ਕੇ ਪੂਜਾ ਅਕਾਲ ਕੀ ਦੀ ਮਹਾਨਤਾ ਸਮਝਾ ਦਿੰਦੇ ਹਨ |
ਜ਼ਫ਼ਰਨਾਮਾ (ਫ਼ਤਹਿ ਦਾ ਖ਼ਤ) ਗੁਰੂ ਜੀ ਦੀ ਕਲਮ ਦੀ ਐਸੀ ਸ਼ਕਤੀ ਹੈ ਕਿ ਔਰੰਗ਼ਜ਼ੇਬ ਵਰਗਾ ਜ਼ਾਲਮ ਇਸ ਨੂੰ ਪੜ੍ਹ ਕੇ, ਪਾਪਾਂ ਦਾ ਪਸਚਾਤਾਪ ਕਰਦਾ ਫੌਤ ਹੋ ਗਿਆ | ਜ਼ਫ਼ਰਨਾਮਾ ਵਿਚ ਚਮਕੌਰ ਦੀ ਜੰਗ ਤੇ ਚੌਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਹਵਾਲਾ ਵੀ ਹੈ | ਇਸ ਵਿਚ ਲੋਕਾਈ ਨੂੰ ਸਬਕ ਦਿੰਦਿਆਂ ਸੱਚੇ ਇਨਸਾਨ ਦੀ ਪਰਿਭਾਸ਼ਾ ਵੀ ਦੱਸੀ ਹੈ ਕਿ, 'ਸੱਚਾ ਇਨਸਾਨ ਉਹ ਹੁੰਦਾ ਹੈ ਜੋ ਬਚਨਾਂ ਦਾ ਪੱਕਾ ਹੋਵੇ, ਜਿਸ ਦੇ ਅੰਦਰ ਕੁਝ ਹੋਰ ਤੇ ਮੁੱਖ ਉਤੇ ਕੁਝ ਹੋਰ ਹੋਵੇ ਉਹ ਇਨਸਾਨ ਕਹਾਉਣ ਦਾ ਹੱਕ ਨਹੀਂ ਰੱਖਦਾ | ਬਚਨ ਹਨ: 'ਹਮੂੰ ਮਰਦ ਬਾਯਦ ਸ਼ਵਦ ਸੁਖਨ ਵਰ¨ ਨ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ¨' ਗੁਰੂ ਜੀ ਦੀ ਸਮੁੱਚੀ ਰਚਨਾ ਦਾ ਵਜੂਦ ਸ੍ਰੀ ਦਸਮ ਗ੍ਰੰਥ ਹੈ |

-ਪਿ੍ੰਸੀਪਲ, ਖ਼ਾਲਸਾ ਕਾਲਜ ਸੀ: ਸੈ: ਸਕੂਲ, ਅੰਮਿ੍ਤਸਰ |
-ਮੋਬਾਈਲ: 9815985559.

ਹਿਮਾਲਿਆ ਪਰਬਤ ਦੇ ਪੰਜ ਮਹਾਨ ਤੀਰਥ ਸਥਾਨ-3 : ਤੁੰਗਨਾਥ ਮੰਦਰ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਗੜ੍ਹਵਾਲ ਦੇ ਸਾਰੇ ਮੰਦਰਾਂ, ਤੀਰਥਾਂ 'ਚੋਂ ਤੁੰਗਨਾਥ ਦੀ ਉਚਾਈ ਸਭ ਤੋਂ ਵੱਧ ਹੈ | ਇਸ ਮਹੱਤਵਪੂਰਨ ਤੀਰਥ ਸਥਾਨ ਦੀ ਯਾਤਰਾ ਦਾ ਆਰੰਭ ਹਰਿਦੁਆਰ ਤੋਂ ਹੁੰਦਾ ਹੈ | ਇਥੋਂ ਸਵੇਰੇ ਕੇਦਾਰਨਾਥ ਜਾਣ ਵਾਲੀ ਬੱਸ ਲਈ ਜਾ ਸਕਦੀ ਹੈ | ਇਹ ਬੱਸ ਗੋਰੀਕੁੰਡ ਤੱਕ ਜਾਂਦੀ ਹੈ | ਤੁੰਗਨਾਥ ਜਾਣ ਲਈ ਸਾਨੂੰ ਗੋਰੀਕੁੰਡ ਤੋਂ 40 ਕਿਲੋਮੀਟਰ ਪਹਿਲਾਂ ਹੀ ਕੁੰਡ ਨਾਂਅ ਦੇ ਸਥਾਨ 'ਤੇ ਉਤਰਨਾ ਪੈਂਦਾ ਹੈ | ਕੁੰਡ ਤੋਂ 35 ਕਿਲੋਮੀਟਰ ਤੱਕ ਦਾ ਸਫ਼ਰ ਆਪਣੀ ਗੱਡੀ ਵਿਚ ਵੀ ਕੀਤਾ ਜਾ ਸਕਦਾ ਹੈ | ਇਹ ਚੜ੍ਹਾਈ ਦਾ ਸਫ਼ਰ ਹੈ ਜੋ ਛੋਟੇ ਜਿਹੇ ਕਸਬੇ ਚੋਪਤਾ ਤੱਕ ਹੈ ਜੋ ਸਮੁੰਦਰ ਤਲ ਤੋਂ 2700 ਮੀਟਰ (8860 ਫੱੁਟ) ਦੀ ਉਚਾਈ 'ਤੇ ਸਥਿਤ ਹੈ | ਇਥੇ ਰਹਿਣ ਲਈ ਗੈਸਟ ਹਾਊਸ ਤੇ ਹੋਟਲ ਵੀ ਮਿਲ ਜਾਂਦੇ ਹਨ | ਖਾਣ-ਪੀਣ ਲਈ ਦੁਕਾਨਾਂ ਤੇ ਢਾਬੇ ਵੀ ਹਨ | ਚੋਪਤਾ ਤੋਂ ਛੁਪਦੇ ਸੂਰਜ ਦਾ ਨਜ਼ਾਰਾ ਦੇਖਣਯੋਗ ਹੁੰਦਾ ਹੈ | ਹਿਮਾਲਿਆ ਪਰਬਤ ਦੀਆਂ ਬਰਫਾਨੀ ਚੋਟੀਆਂ ਸੁਨਹਿਰੀ ਰੂਪ ਵਿਚ ਦੇਖ ਕੇ ਮਨ ਬਾਗੋ-ਬਾਗ ਹੋ ਜਾਂਦਾ ਹੈ | ਚੋਪਤਾ ਤੋਂ ਤੁੰਗਨਾਥ ਮੰਦਰ ਦੀ ਪੈਦਲ ਯਾਤਰਾ ਸਾਢੇ ਤਿੰਨ ਕਿਲੋਮੀਟਰ ਦਾ ਰਸਤਾ ਹੈ | ਇਸ ਸਾਰੇ ਰਸਤੇ ਨੂੰ ਪੱਥਰ ਲਾ ਕੇ ਪੱਕਾ ਕੀਤਾ ਹੋਇਆ ਹੈ | ਰਸਤੇ ਵਿਚ ਚਾਹ ਦੀਆਂ ਦੁਕਾਨਾਂ ਵੀ ਹਨ, ਜਿਥੋਂ ਚਾਹ ਪੀ ਕੇ ਤਰੋਤਾਜ਼ਾ ਹੋਇਆ ਜਾ ਸਕਦਾ ਹੈ | ਹੌਲੀ-ਹੌਲੀ ਚੜ੍ਹਾਈ ਚੜ੍ਹਦਿਆਂ ਤੁੰਗਨਾਥ ਮੰਦਰ ਵਿਚ ਆਰਾਮ ਨਾਲ ਪਹੁੰਚਿਆ ਜਾ ਸਕਦਾ ਹੈ | ਇਸ ਪ੍ਰਸਿੱਧ ਤੀਰਥ ਸਥਾਨ ਦੀ ਉਚਾਈ 3680 ਮੀਟਰ ਅਰਥਾਤ 12073 ਫੱੁਟ ਹੈ | ਇਸ ਸਥਾਨ ਦੀ ਯਾਤਰਾ ਦਾ ਵੀ ਹਿੰਦੂ ਧਰਮ ਵਿਚ ਬਹੁਤ ਮਹੱਤਵ ਹੈ | ਇਸ ਸਥਾਨ ਤੋਂ ਹਿਮਾਲਿਆ ਪਰਬਤ ਦੀਆਂ ਮਹਾਨ ਚੋਟੀਆਂ ਜਿਵੇਂ ਚੰਦਰਸ਼ਿਲਾ, ਨਿਪਾਲ ਦੀ ਹੱਦ ਦੀਆਂ ਪੰਚਸੂਲੀ, ਨੰਦਾ ਦੇਵੀ, ਚੌਖੰਥਾ, ਗੰਗੋਤਰੀ ਅਤੇ ਗੜ੍ਹਵਾਲ ਦੀਆਂ ਮਹੱਤਵਪੂਰਨ ਬਰਫ਼ਾਨੀ ਚੋਟੀਆਂ ਦਾ ਅਨੰਦ ਮਾਣਿਆ ਜਾ ਸਕਦਾ ਹੈ | ਬੇਸ਼ੱਕ ਇਹ ਤੀਰਥ ਸਥਾਨ ਹਿਮਾਲਾ ਪਰਬਤ ਦੀਆਂ ਬਰਫਾਨੀ ਚੋਟੀਆਂ ਨਾਲ ਘਿਰਿਆ ਹੋਇਆ ਹੈ ਅਤੇ ਇਥੇ ਬਹੁਤ ਜ਼ਿਆਦਾ ਠੰਢ ਵੀ ਹੁੰਦੀ ਹੈ ਪਰ ਫਿਰ ਵੀ ਇਹ ਯਾਤਰਾ ਬਜ਼ੁਰਗਾਂ ਅਤੇ ਬੱਚਿਆਂ ਵਲੋਂ ਅਸਾਨੀ ਨਾਲ ਕੀਤੀ ਜਾ ਸਕਦੀ ਹੈ | ਸ਼ਰਧਾਪੂਰਵਕ ਤੇ ਕੁਦਰਤ ਦੇ ਹਸੀਨ ਨਜ਼ਾਰੇ ਲੈਣ ਲਈ ਸਾਨੂੰ ਇਸ ਤੀਰਥ ਸਥਾਨ ਦੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ |

(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)
-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343

ਸ਼ਬਦ ਵਿਚਾਰ

ਹਉਮੈ ਕਰਮ ਕਮਾਵਦੇ ਜਮ ਡੰਡੁ ਲਗੈ ਤਿਨ ਆਇ¨

ਸਿਰੀਰਾਗੁ ਮਹਲਾ 3
ਹਉਮੈ ਕਰਮ ਕਮਾਵਦੇ
ਜਮ ਡੰਡੁ ਲਗੈ ਤਿਨ ਆਇ¨
ਜਿ ਸਤਿਗੁਰੁ ਸੇਵਨਿ ਸੇ ਉਬਰੇ
ਹਰਿ ਸੇਤੀ ਲਿਵ ਲਾਇ¨ 1¨
ਮਨ ਰੇ ਗੁਰਮੁਖਿ ਨਾਮੁ ਧਿਆਇ¨
ਧੁਰਿ ਪੂਰਬਿ ਕਰਤੈ ਲਿਖਿਆ
ਤਿਨਾ ਗੁਰਮਤਿ ਨਾਮਿ ਸਮਾਇ¨ 1¨ ਰਹਾਉ¨
ਵਿਣ ਸਤਿਗੁਰ ਪਰਤੀਤਿ ਨ ਆਵਈ
ਨਾਮਿ ਨ ਲਾਗੋ ਭਾਉ¨
ਸੁਪਨੈ ਸੁਖੁ ਨ ਪਾਵਈ
ਦੁਖ ਮਹਿ ਸਵੈ ਸਮਾਇ¨ 2¨
ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ
ਕਿਰਤੁ ਨ ਮੇਟਿਆ ਜਾਇ¨
ਹਰਿ ਕਾ ਭਾਣਾ ਭਗਤੀ ਮੰਨਿਆ
ਸੇ ਭਗਤ ਪਏ ਦਰਿ ਥਾਇ¨ 3¨
ਗੁਰੁ ਸਬਦੁ ਦਿੜਾਵੈ ਰੰਗ ਸਿਉ
ਬਿਨੁ ਕਿਰਪਾ ਲਇਆ ਨ ਜਾਇ¨
ਜੇ ਸਉ ਅੰਮਿ੍ਤੁ ਨੀਰੀਐ
ਭੀ ਬਿਖੁ ਫਲੁ ਲਾਗੈ ਧਾਇ¨ 4¨
ਸੇ ਜਨ ਸਚੇ ਨਿਰਮਲੇ
ਜਿਨ ਸਤਿਗੁਰ ਨਾਲਿ ਪਿਆਰੁ¨
ਸਤਿਗੁਰ ਕਾ ਭਾਣਾ ਕਮਾਵਦੇ
ਬਿਖੁ ਹਉਮੈ ਤਜਿ ਵਿਕਾਰੁ¨ 5¨
ਮਨ ਹਠਿ ਕਿਤੈ ਉਪਾਇ ਨ ਛੂਟੀਐ
ਸਿਮਿ੍ਤ ਸਾਸਤ੍ਰ ਸੋਧਹੁ ਜਾਇ¨
ਮਿਲਿ ਸੰਗਤਿ ਸਾਧੂ ਉਬਰੇ
ਗੁਰ ਕਾ ਸਬਦੁ ਕਮਾਇ¨ 6¨
ਹਰਿ ਕਾ ਨਾਮੁ ਨਿਧਾਨੁ ਹੈ
ਜਿਸੁ ਅੰਤੁ ਨ ਪਾਰਾਵਾਰੁ¨
ਗੁਰਮੁਖਿ ਸੇਈ ਸੋਹਦੇ
ਜਿਨ ਕਿਰਪਾ ਕਰੇ ਕਰਤਾਰੁ¨ 7¨
ਨਾਨਕ ਦਾਤਾ ਏਕੁ ਹੈ
ਦੂਜਾ ਅਉਰੁ ਨ ਕੋਇ¨
ਗੁਰ ਪਰਸਾਦੀ ਪਾਈਐ
ਕਰਮਿ ਪਰਾਪਤਿ ਹੋਇ¨ 8¨ 2¨ 19¨
(ਅੰਗ 65-66)
ਪਦ ਅਰਥ : ਕਰਮ-ਕੰਮ | ਕਮਾਵਦੇ-ਕਰਦੇ ਹਨ | ਡੰਡੁ-ਡੰਡਾ | ਸੇ ਉਬਰੇ-ਉਹ ਬਚ ਜਾਂਦੇ ਹਨ, ਉਨ੍ਹਾਂ ਦਾ ਛੁਟਕਾਰਾ ਹੋ ਜਾਂਦਾ ਹੈ | ਜਿ-ਜਿਹੜੇ | ਸੇਵਨਿ-ਸੇਂਵਦੇ ਹਨ | ਸੇਤੀ-ਨਾਲ | ਪੂਰਬਿ-ਪਹਿਲਾਂ ਕੀਤੇ ਕਰਮਾਂ ਅਨੁਸਾਰ | ਕਰਤੈ-ਕਰਤਾਰ ਨੇ | ਲਿਖਿਆ-ਲੇਖ ਲਿਖ ਦਿੱਤਾ ਹੈ | ਤਿਨਾ-ਉਨ੍ਹਾਂ ਦੇ | ਗੁਰਮਤਿ-ਗੁਰੂ ਦੀ ਮੱਤ, ਗੁਰੂ ਦੇ ਉਪਦੇਸ਼ ਅਨੁਸਾਰ | ਸਮਾਇ-ਸਮਾਈ ਹੁੰਦੀ ਹੈ, ਲੀਨਤਾ ਹੁੰਦੀ ਹੈ | ਪਰਤੀਤਿ-ਸ਼ਰਧਾ | ਭਾਉ-ਪਿਆਰ, ਪ੍ਰੇਮ | ਨ ਪਾਵਈ-ਨਹੀਂ ਪਾਉਂਦਾ, ਨਹੀਂ ਮਿਲਦਾ | ਸਵੈ-ਸੌਾਦਾ ਹੈ | ਸਮਾਇ-ਸਮਾਇਆ ਰਹਿੰਦਾ ਹੈ, ਭੋਗਦਾ ਰਹਿੰਦਾ ਹੈ |
ਕੀਚੈ-ਕਰਨ ਦੀ | ਲੋਚੀਐ-ਇੱਛਾ (ਤਾਂਘ) ਵੀ ਕਰੀਏ | ਕਿਰਤੁ ਨ ਮੇਟਿਆ ਜਾਇ-ਪਿੱਛੇ ਕੀਤੇ ਕਰਮਾਂ ਨੂੰ ਮੇਟਿਆ ਨਹੀਂ ਜਾ ਸਕਦਾ, ਪੂਰਬਲੇ ਕੀਤੇ ਕਰਮਾਂ ਨੂੰ ਮੇਟਿਆ ਨਹੀਂ ਜਾ ਸਕਦਾ | ਭਗਤੀ ਮੰਨਿਆ-ਜਿਨ੍ਹਾਂ ਭਗਤਾਂ ਨੇ ਮੰਨਿਆ ਹੈ | ਪਏ ਦਰਿ ਥਾਇ-ਪ੍ਰਭੂ ਦੇ ਦਰ 'ਤੇ (ਦਹਗਾਹੇ) ਕਬੂਲ ਹੁੰਦੇ ਹਨ |
ਦਿੜਾਵੈ-ਪੱਕਾ ਕਰਦਾ ਹੈ | ਰੰਗ ਸਿਉ-ਪ੍ਰੇਮ ਨਾਲ | ਲਇਆ ਨ ਜਾਇ-ਪ੍ਰਾਪਤ ਨਹੀਂ ਕੀਤਾ ਜਾ ਸਕਦਾ | ਨੀਰੀਐ-ਸਿੰਜੀਐ | ਸਉ-ਸੌ ਵਾਰੀ | ਭੀ-ਫਿਰ ਵੀ | ਬਿਖੁ ਫਲੁ-ਜ਼ਹਿਰ ਰੂਪੀ ਫਲ | ਧਾਇ-ਜਾ ਕੇ, ਮੁੜ ਮੁੜ ਕੇ |
ਅਸ਼ਟਪਦੀ ਦੇ ਆਰੰਭ ਵਿਚ ਗੁਰੂ ਅਮਰਦਾਸ ਜੀ ਦਿ੍ੜ੍ਹ ਕਰਵਾ ਰਹੇ ਹਨ ਕਿ ਜੋ-ਜੋ ਵੀ ਹਉਮੈ ਅਥਵਾ ਹੰਕਾਰ ਵੱਸ ਹੋ ਕੇ ਕਰਮ ਕਰਦੇ ਹਨ, ਉਨ੍ਹਾਂ ਨੂੰ ਜਮਾਂ ਦੀ ਮਾਰ ਪੈਂਦੀ ਹੈ | ਵਾਸਤਵ ਵਿਚ ਹਉਮੈ ਅਤੇ ਨਾਮ ਇਕੱਠੇ ਇਕ ਥਾਂ 'ਤੇ ਨਹੀਂ ਵਸ ਸਕਦੇ, ਕਿਉਂਕਿ ਇਹ ਦੋਵੇਂ ਪਰਸਪਰ ਵਿਰੋਧੀ ਸ਼ਕਤੀਆਂ ਹਨ-
ਹਉਮੈ ਨਾਵੈ ਨਾਲਿ ਵਿਰੋਧੁ ਹੈ
ਦੁਇ ਨ ਵਸਹਿ ਇਕ ਠਾਇ¨
(ਰਾਗੁ ਵਡਹੰਸੁ ਮਹਲਾ 3, ਅੰਗ 560)
ਇਕ ਠਾਇ-ਇਕ ਥਾਂ 'ਤੇ |
ਜਿੰਨੀ ਦੇਰ ਮਨ ਵਿਚ ਹਉਮੈ ਹੈ, ਪ੍ਰਭੂ ਦੀ ਭਗਤੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਉਸ ਦੀ ਰਜ਼ਾ ਦੀ ਸੋਝੀ ਪੈਂਦੀ ਹੈ ਭਾਵ ਪ੍ਰਾਣੀ ਉਸ ਦੀ ਰਜ਼ਾ ਵਿਚ ਨਹੀਂ ਰਹਿੰਦਾ-
ਹਉਮੈ ਵਿਚਿ ਭਗਤਿ ਨ ਹੋਵਈ
ਹੁਕਮੁ ਨ ਬੁਝਿਆ ਜਾਇ¨ (ਅੰਗ 560)
ਜੋਗੀਆਂ ਨੇ ਗੁਰੂ ਬਾਬੇ ਨੂੰ ਪ੍ਰਸ਼ਨ ਕੀਤਾ ਸੀ ਕਿ ਹੇ ਪੁਰਖਾ, ਇਹ ਜਗਤ ਕਿਸ-ਕਿਸ ਵਿਧੀ ਨਾਲ ਉਪਜਦਾ ਹੈ | ਕਿਵੇਂ ਦੱੁਖਾਂ ਵਿਚ ਪੈ ਕੇ ਤੇ ਫਿਰ ਕਿਵੇਂ ਨਾਸ ਹੋ ਜਾਂਦਾ ਹੈ?
ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ
ਕਿਤੁ ਕਿਤੁ ਦੁਖਿ ਬਿਨਸਿ ਜਾਈ¨
(ਰਾਗੁ ਰਾਮਕਲੀ ਮਹਲਾ 1, ਸਿਧ ਗੋਸਟਿ, ਅੰਗ 946)
ਇਸ 'ਤੇ ਗੁਰੂ ਬਾਬੇ ਨੇ ਜੋਗੀਆਂ ਨੂੰ ਉੱਤਰ ਦਿੱਤਾ ਸੀ 'ਹੇ ਪੁਰਖਾ, ਜਗਤ ਹਉਮੈ ਵਿਚ ਹੀ ਪੈਦਾ ਹੁੰਦਾ ਹੈ ਅਤੇ ਨਾਮ ਨੂੰ ਵਿਸਾਰਨ ਸਦਕਾ ਦੱੁਖ ਪਾਉਂਦਾ ਹੈ'-
ਹਉਮੈ ਵਿਚਿ ਜਗੁ ਉਪਜੈ ਪੁਰਖਾ
ਨਾਮਿ ਵਿਸਰਿਐ ਦੁਖੁ ਪਾਈ¨
(ਅੰਗ 946)
ਉਪਜੈ-ਪੈਦਾ ਹੁੰਦਾ ਹੈ |
ਪਰ ਜੋ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦਾ ਹੈ, ਉਹ ਤੱਤ ਗਿਆਨ ਨੂੰ ਵਿਚਾਰਦਾ ਹੈ ਅਤੇ ਗੁਰੂ ਦੇ ਸ਼ਬਦ ਦੁਆਰਾ ਹਉਮੈ ਨੂੰ ਸਾੜ ਸੱੁਟਦਾ ਹੈ, ਜਿਸ ਨਾਲ ਉਸ ਦਾ ਤਨ, ਮਨ ਅਤੇ ਬੋਲ-ਬਾਣੀ ਪਵਿੱਤਰ ਹੋ ਜਾਂਦੇ ਹਨ ਅਤੇ ਸਾਧਕ ਸਦਾ ਥਿਰ ਰਹਿਣ ਵਾਲੇ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ-
ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ
ਹਉਮੈ ਸਬਦਿ ਜਲਾਇ¨
ਤਨੁ ਮਨੁ ਨਿਰਮਲੁ ਨਿਰਮਲ ਬਾਣੀ
ਸਾਚੈ ਰਹੈ ਸਮਾਇ¨ (ਅੰਗ 946)
ਹੇ ਭਾਈ, ਪੂਰਾ ਗੁਰੂ ਬੜੇ ਭਾਗਾਂ ਨਾਲ ਮਿਲਦਾ ਹੈ | ਗੁਰੂ ਦੀ ਸੇਵਾ ਕਰਨ ਅਥਵਾ ਸਰਨੀ ਲੱਗਣ ਨਾਲ ਕੋਈ ਦੱੁਖ ਨੇੜੇ ਨਹੀਂ ਆ ਸਕਦਾ | ਜੇਕਰ ਗੁਰੂ ਦਾ ਸ਼ਬਦ ਇਕ ਵਾਰੀ ਮਨ ਅੰਦਰ ਵਸ ਜਾਵੇ, ਉਸ ਨੂੰ ਫਿਰ ਕੋਈ ਮੇਟ ਨਹੀਂ ਸਕਦਾ | ਹੇ ਭਾਈ, ਗੁਰੂ ਨਾਨਕ ਪਰਮਾਤਮਾ ਦਾ ਹੀ ਸਰੂਪ ਹੈ | ਗੁਰਵਾਕ ਹੈ-
ਗੁਰੁ ਪੂਰਾ ਪਾਈਐ ਵਡਭਾਗੀ¨
ਗੁਰ ਕੀ ਸੇਵਾ ਦੂਖੁ ਨ ਲਾਗੀ¨
ਗੁਰ ਕਾ ਸਬਦੁ ਨ ਮੇਟੈ ਕੋਇ¨
ਗੁਰੁ ਨਾਨਕੁ ਨਾਨਕੁ ਹਰਿ ਸੋਇ¨
(ਰਾਗੁ ਗੋਂਡ ਮਹਲਾ 5, ਅੰਗ 864)
ਅੱਖਰੀ ਅਰਥ : ਜਿਹੜੇ ਹਉਮੈ ਅਥਵਾ ਹੰਕਾਰ ਵਿਚ ਕੰਮ ਕਰਦੇ ਹਨ, ਉਨ੍ਹਾਂ 'ਤੇ ਜਮ ਦਾ ਡੰਡਾ ਆ ਕੇ ਲਗਦਾ ਹੈ ਭਾਵ ਉਹ ਜਮਾਂ ਦੇ ਵੱਸ ਪੈਂਦੇ ਹਨ ਪਰ ਜਿਹੜੇ ਸਤਿਗੁਰ ਨੂੰ ਸੇਂਵਦੇ ਹਨ, ਉਹ ਪਰਮਾਤਮਾ ਵਿਚ ਲਿਵ ਨੂੰ ਜੋੜੀ ਰੱਖਦੇ ਹਨ, ਜਿਸ ਸਦਕਾ ਉਹ (ਜਮ ਦੀ ਮਾਰ ਤੋਂ) ਬਚ ਜਾਂਦੇ ਹਨ |
ਹੇ ਮੇਰੇ ਮਨ, ਗੁਰੂ ਦੀ ਸਰਨੀ ਲੱਗ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ | ਕਰਤਾਰ ਨੇ ਜਿਨ੍ਹਾਂ ਦੇ ਪਿਛਲੇ ਕਰਮਾਂ ਅਨੁਸਾਰ (ਮੱਥੇ 'ਤੇ ਭਾਗ) ਲਿਖ ਦਿੱਤੇ ਹਨ, ਉਹੀ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ | ਸਤਿਗੁਰੂ (ਦੀ ਬਖਸ਼ਿਸ਼) ਤੋਂ ਬਿਨਾਂ ਮਨ ਅੰਦਰ ਪਰਮਾਤਮਾ ਲਈ ਸ਼ਰਧਾ ਪੈਦਾ ਨਹੀਂ ਹੁੰਦੀ ਅਤੇ ਨਾ ਹੀ ਨਾਮ ਵਿਚ ਪਿਆਰ ਬਣਦਾ ਅਰਥਾਤ ਪੈਦਾ ਹੁੰਦਾ ਹੈ | ਅਜਿਹੇ ਪ੍ਰਾਣੀ ਨੂੰ ਸੁਪਨੇ ਵਿਚ ਵੀ ਭਾਵ ਕਦੇ ਵੀ ਆਤਮਿਕ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਉਹ ਸਦਾ ਦੱੁਖਾਂ ਵਿਚ ਹੀ ਸਮਾਇਆ ਰਹਿੰਦਾ ਹੈ ਭਾਵ ਉਸ ਦੀ ਜੀਵਨ ਰੂਪੀ ਰਾਤ ਦੱੁਖਾਂ ਵਿਚ ਹੀ ਬਤੀਤ ਹੁੰਦੀ ਹੈ |
ਜੇਕਰ ਅਜਿਹਾ ਪ੍ਰਾਣੀ ਫਿਰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਤਾਂਘ ਵੀ ਕਰੇ ਤਾਂ ਵੀ ਫਿਰ ਅਜਿਹੇ ਜਗਿਆਸੂ ਦੀ ਇੱਛਾ ਪੂਰੀ ਨਹੀਂ ਹੁੰਦੀ, ਕਿਉਂਕਿ ਉਸ ਦੇ ਪਿਛਲੇ (ਜਨਮ ਵਿਚ) ਕੀਤੇ ਕਰਮਾਂ ਨੂੰ ਮੇਟਿਆ ਨਹੀਂ ਜਾ ਸਕਦਾ | ਜਿਨ੍ਹਾਂ ਭਗਤਾਂ ਨੇ ਪ੍ਰਭੂ ਦੇ ਭਾਣੇ ਨੂੰ (ਸਿਰਮੱਥੇ) ਮੰਨਿਆ ਹੈ, ਅਜਿਹੇ ਭਗਤਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਥਾਂ ਮਿਲ ਜਾਂਦੀ ਹੈ, ਉਹ ਦਰਗਾਹੇ ਕਬੂਲ ਹੋ ਜਾਂਦੇ ਹਨ |
ਗੁਰੂ ਪ੍ਰੇਮ ਨਾਲ (ਸਾਧਕ ਦੇ) ਹਿਰਦੇ ਵਿਚ ਸ਼ਬਦ ਨੂੰ ਪੱਕਾ ਕਰਦਾ ਹੈ ਪਰ ਗੁਰੂ ਦੀ ਕਿਰਪਾ ਤੋਂ ਬਿਨਾਂ ਆਪਣੇ-ਆਪ ਸ਼ਬਦ ਦੀ ਪ੍ਰਾਪਤੀ ਨਹੀਂ ਹੁੰਦੀ | ਜੇਕਰ ਜ਼ਹਿਰ ਨਾਲ ਭਰੇ ਹੋਏ ਬੂਟੇ ਨੂੰ ਸੌ ਵਾਰੀ ਵੀ ਅੰਮਿ੍ਤ ਰੂਪੀ ਜਲ ਨਾਲ ਸਿੰਜੀਏ, ਉਸ ਨੂੰ ਫਿਰ ਵੀ ਜ਼ਹਿਰ ਭਰੇ ਫਲ ਹੀ ਲਗਦੇ ਹਨ ਭਾਵ ਗੁਰੂ ਦੀ ਮੱਤ ਤੋਂ ਬਿਨਾਂ ਹਉਮੈ ਅਤੇ ਹੰਕਾਰ ਨਾਲ ਭਰਿਆ ਹੋਇਆ ਜੀਉੜਾ ਸਦਾ ਪਾਪਾਂ ਅਤੇ ਵਿਕਾਰਾਂ ਦੀ ਜ਼ਹਿਰ ਹੀ ਉਗਲਦਾ ਹੈ |
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)

-217-ਆਰ, ਮਾਡਲ ਟਾਊਨ, ਜਲੰਧਰ |

ਪ੍ਰੇਰਨਾ-ਸਰੋਤ: ਕਰਮ 'ਤੇ ਤੁਹਾਡਾ ਅਧਿਕਾਰ ਹੈ, ਉਸ ਦੇ ਫ਼ਲ 'ਤੇ ਨਹੀਂ

ਇਸ ਦੁਨੀਆ ਵਿਚ ਰਹਿੰਦੇ ਤੇ ਵਿਚਰਦੇ ਕਦੇ ਅਜਿਹੇ ਮੌਕੇ ਵੀ ਆ ਜਾਂਦੇ ਹਨ ਕਿ ਤੁਸੀਂ ਤਾਂ ਲੋਕਾਂ ਦਾ ਭਲਾ ਕਰਦੇ ਹੋ ਪਰ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਹਨ, ਤੁਹਾਡੇ 'ਤੇ ਵਿਸ਼ਵਾਸ ਨਹੀਂ ਕਰਦੇ | ਕਦੇ-ਕਦੇ ਤਾਂ ਲੋਕਾਂ ਪ੍ਰਤੀ ਹਮਦਰਦੀ ਰੱਖਣ ਦੀ ਸਜ਼ਾ ਵੀ ਤੁਹਾਨੂੰ ਭੁਗਤਣੀ ਪੈਂਦੀ ਹੈ | ਸਵਾਮੀ ਵਿਵੇਕਾਨੰਦ ਨੌਜਵਾਨਾਂ ਨੂੰ ਜਾਗਿ੍ਤ ਕਰਨ ਲਈ ਲਿਖਦੇ ਹਨ ਕਿ ਜੇ ਤੁਸੀਂ ਅਜਿਹੇ ਮੌਕੇ 'ਤੇ ਨਿਰਾਸ਼ ਹੋ ਜਾਂਦੇ ਹੋ ਤਾਂ ਤੁਸੀਂ ਮਹਾਨ ਨਹੀਂ ਹੋ ਸਕਦੇ | ਜੇ ਤੁਸੀਂ ਹਰ ਕੰਮ ਦਾ ਫਲ ਉਸੇ ਸਮੇਂ ਭਾਲਦੇ ਹੋ ਤਾਂ ਤੁਹਾਡਾ ਨਿਰਾਸ਼ ਹੋਣਾ ਸੁਭਾਵਿਕ ਹੈ | ਇਹ ਵਿਰੋਧ, ਕਸ਼ਟ, ਤਸੀਹੇ ਹੀ ਮਹਾਂਪੁਰਸ਼ ਲਈ ਵਿਦਿਆਲੇ ਹਨ, ਜਿਥੇ ਹਮਦਰਦੀ, ਸਹਿਣਸ਼ੀਲਤਾ ਅਤੇ ਸਭ ਤੋਂ ਵੱਧ ਇੱਛਾਸ਼ਕਤੀ ਦਾ ਵਿਕਾਸ ਹੁੰਦਾ ਹੈ | ਤੁਹਾਡਾ ਅਧਿਕਾਰ ਤਾਂ ਕੇਵਲ ਕਰਮ 'ਤੇ ਹੈ, ਉਸ ਦੇ ਫਲ 'ਤੇ ਨਹੀਂ | ਮਹਾਨ ਲੋਕ ਤਾਂ ਆਪਣੇ ਕਰਮ ਤੋਂ ਵਿਚਲਿਤ ਨਹੀਂ ਹੁੰਦੇ | ਜੀਵਨ ਵਿਚ ਕਰਮ ਕਰਦੇ ਜਿਨ੍ਹਾਂ ਲੋਕਾਂ ਨੂੰ ਸੱਚ ਰੂਪੀ ਪਰਮਾਤਮਾ ਦਾ ਅਹਿਸਾਸ ਹੋ ਚੱੁਕਾ ਹੈ, ਉਹ ਮਹਾਨ ਹਨ, ਪਰ ਉਸ ਤੋਂ ਵੀ ਮਹਾਨ, ਉਹ ਹਨ ਜੋ ਬੁਰੇ ਲੋਕਾਂ ਵਿਚ ਰਹਿੰਦੇ ਹੋਏ ਵੀ ਉਨ੍ਹਾਂ ਵਿਚ ਚੰਗੇ ਗੁਣ ਭਰਦੇ ਰਹਿੰਦੇ ਹਨ | ਉਹ ਇਸ ਗੱਲ ਨੂੰ ਅਨੁਭਵ ਕਰਦੇ ਹਨ ਕਿ ਉਨ੍ਹਾਂ ਦਾ ਅਧਿਕਾਰ ਤਾਂ ਕਰਮ 'ਤੇ ਹੈ, ਨਾ ਕਿ ਉਸ ਦੇ ਫ਼ਲ 'ਤੇ | ਜੇ ਤੁਰੰਤ ਫਲ ਨਹੀਂ ਪ੍ਰਾਪਤ ਹੁੰਦਾ ਤਾਂ ਨਿਰਾਸ਼ ਨਾ ਹੋਵੋ | ਵਿਗਿਆਨ ਦਾ ਨਿਯਮ ਵੀ ਯਾਦ ਰੱਖੋ ਕਿ ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ | ਤੁਹਾਡੇ ਕਰਮ ਦੀ ਪ੍ਰਤੀਕਿਰਿਆ ਵੀ ਕਰਮ ਫਲ ਦੇ ਰੂਪ ਵਿਚ ਹੋਵੇਗੀ |

-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ | ਮੋਬਾ: 94175-50741

ਧਾਰਮਿਕ ਸਾਹਿਤ

ਗੁਰੂ ਨਾਨਕ : ਜੀਵਨ, ਬਾਣੀ ਤੇ ਚਿੰਤਨ
ਲੇਖਕ :
ਡਾ: ਗੁਰਸ਼ਰਨ ਜੀਤ ਸਿੰਘ
ਪ੍ਰਕਾਸ਼ਕ : ਗੁਰ ਨਿਧ ਪ੍ਰਕਾਸ਼ਨ, ਅੰਮਿ੍ਤਸਰ |
ਪੰਨੇ : 224, ਮੱੁਲ : 180 ਰੁਪਏ
ਸੰਪਰਕ : 99150-48005

ਗੁਰੂ ਨਾਨਕ ਅਣਖ, ਸਵੈਮਾਣ ਵਾਲਾ ਕਰਮਸ਼ੀਲ, ਜ਼ਿੰਮੇਵਾਰ ਸਮਾਜਿਕ ਜੀਵਨ ਜਾਚ ਦਾ ਵਿਗਿਆਨਕ ਮਾਡਲ ਪੇਸ਼ ਕਰਨ ਵਾਲੀ ਬੇਮਿਸਾਲ ਇਤਿਹਾਸਕ ਸ਼ਖ਼ਸੀਅਤ ਦਾ ਨਾਂਅ ਹੈ | ਉਸ ਦਾ ਧਰਮ ਅਫ਼ੀਮ ਵਾਂਗ ਸੁਆਉਂਦਾ ਨਹੀਂ, ਜਗਾਉਂਦਾ ਹੈ | ਕਰਮ ਕਾਂਡਾਂ, ਵਹਿਮਾਂ-ਭਰਮਾਂ ਨਾਲ ਸ਼ੋਸ਼ਿਤ ਨਹੀਂ ਕਰਦਾ | ਕਿਰਤ ਕਰਕੇ ਵੰਡ ਛਕਣ ਦੇ ਰਾਹ ਪਾਉਂਦਾ ਹੈ | ਪਰਵਾਰ ਨਾ ਹੀ ਕਿਸੈ ਕੇਰੀ ਬਾਝ ਸਚੇ ਨਾਇ ਦਾ ਉਪਦੇਸ਼ ਮੰਨ ਕੇ ਨਾਮ ਜਪਦੇ ਭਾਵ ਹਰ ਸਮੇਂ ਇਕੋ ਅਕਾਲ ਪੁਰਖ ਦੇ ਨਿਰਮਲ ਭਉ ਭੈ ਅਧੀਨ ਨਿਰਭਉ ਨਿਰਵੈਰ ਯੋਧੇ ਬਣਾਉਂਦਾ ਹੈ | ਵਾਤਾਵਰਨੀ ਵਿਗਾੜ, ਇਸਤਰੀ/ਦਲਿਤ ਨਾਲ ਅਨਿਆਂ ਦਾ ਵਿਰੋਧ | ਨਿਸਕ੍ਰਿਯ ਕਰਮ ਸਿਧਾਂਤ ਉੱਤੇ ਕਾਟਾ | ਪਾਪਾਂ ਨਾਲ ਮਾਇਆ ਇਕੱਠੀ ਕਰਨ ਵਾਲਿਆਂ ਨੂੰ ਫਿਟਕਾਰ | ਅਨਿਆਂਕਾਰੀ ਹਾਕਮਾਂ ਰਾਜਿਆਂ ਸਿਕਦਾਰਾਂ ਨੂੰ ਕੱੁਤੇ ਕਹਿਣ ਦੀ ਦਲੇਰੀ | ਹਰ ਥਾਂ ਨੀਚ/ਦਲਿਤ ਦਾ ਸਾਥ | ਦੰਭ/ਪਖੰਡ ਦਾ ਵਿਰੋਧ | ਧਰਤੀ/ ਜੀਵਨ/ ਬ੍ਰਹਿਮੰਡ ਦੇ ਅਰੰਭ, ਵਿਸਥਾਰ ਤੇ ਕੁਦਰਤੀ ਨੇਮ ਵਿਧਾਨ ਬਾਰੇ ਵਿਗਿਆਨਕ ਟਿੱਪਣੀਆਂ | ਸਵੈਵਿਸ਼ਵਾਸ ਨਾਲ ਵਕਤ ਦੇ ਵੱਡੇ ਤੋਂ ਵੱਡੇ ਹਾਕਮ, ਧਾਰਮਿਕ/ ਸਮਾਜਿਕ ਨੇਤਾ ਨਾਲ ਮੱਥਾ ਲਾਉਣਾ ਤੇ ਉਸ ਨੂੰ ਵੰਗਾਰਨਾ | ਕਿੰਨਾ ਕੁਝ ਹੈ ਗੁਰੂ ਨਾਨਕ ਕੋਲ | ਹਿੰਦੂ, ਮੁਸਲਿਮ, ਆਸਤਿਕ, ਨਾਸਤਿਕ, ਭਾਰਤੀ, ਗ਼ੈਰ-ਭਾਰਤੀ, ਅਮੀਰ, ਗਰੀਬ, ਔਰਤ, ਮਰਦ, ਪੜ੍ਹੇ, ਅਨਪੜ੍ਹ, ਨੌਕਰ, ਵਪਾਰੀ, ਕਿਸਾਨ, ਆਮ, ਖਾਸ ਹਰ ਕਿਸੇ ਲਈ ਉਨ੍ਹਾਂ ਕੋਲ ਦੇਣ ਲਈ ਬਹੁਤ ਕੁਝ ਹੈ | ਡਾ: ਗੁਰਸ਼ਰਨ ਜੀਤ ਸਿੰਘ ਨੇ ਇਸ ਨੁਕਤੇ ਨੂੰ ਆਪਣੀ ਇਸ ਕਿਤਾਬ ਵਿਚ ਬਾਣੀ ਭਾਈ ਗੁਰਦਾਸ, ਜਨਮ ਸਾਖੀਆਂ, ਪ੍ਰਾਥਮਿਕ, ਦੁਜੈਲੇ ਇਤਿਹਾਸਕ ਹਵਾਲਿਆਂ ਨਾਲ ਬੜੀ ਖੂਬਸੂਰਤੀ ਨਾਲ ਉਜਾਗਰ ਕੀਤਾ ਹੈ |
ਛੇ ਅਧਿਆਵਾਂ ਵਿਚ ਵੰਡੀ ਇਸ ਪੁਸਤਕ ਦੇ ਲੇਖਕ ਨੇ ਆਧੁਨਿਕ ਰੈਸ਼ਨਲਿਸਟ ਦਿ੍ਸ਼ਟੀਕੋਣ ਨਾਲ ਗੁਰੂ ਨਾਨਕ ਦੀ ਨਵੀਨ ਜਨਮ ਸਾਖੀ ਸਿਰਜਣ ਦਾ ਉਪਰਾਲਾ ਕੀਤਾ ਹੈ | ਗੁਰੂ ਸਾਹਿਬ ਦੇ ਵੇਲੇ ਦੇ ਹਾਲਾਤ ਤੇ ਸਰੋਤ ਸਪੱਸ਼ਟ ਕੀਤੇ ਹਨ | ਉਨ੍ਹਾਂ ਦੀ ਸੂਰਤ ਸੀਰਤ ਨੂੰ ਚਿੱਤਰਿਆ ਹੈ | ਗੁਰੂ ਨਾਨਕ ਬਾਣੀ ਦਾ ਬਿਓਰਾ ਦਿੱਤਾ ਹੈ | ਉਸ ਦੇ ਸੰਦੇਸ਼ ਦੀ ਸੰਖੇਪ ਵਿਆਖਿਆ ਕੀਤੀ ਹੈ | ਉਨ੍ਹਾਂ ਦੁਆਰਾ ਘੜੇ ਨਵੇਂ ਮਨੱੁਖ ਦੇ ਲੱਛਣ ਤੇ ਮਹੱਤਵ ਨੂੰ ਉਜਾਗਰ ਕੀਤਾ ਹੈ | ਉਨ੍ਹਾਂ ਦੀ ਯੱੁਗ ਪਰਿਵਰਤਕ ਸ਼ਖ਼ਸੀਅਤ ਤੇ ਸੰਦੇਸ਼ ਨੂੰ ਪੰਜਾਬ/ਸਿੱਖਾਂ ਦੇ ਸੀਮਤ ਘੇਰੇ ਤੋਂ ਪਾਰ ਵਿਸ਼ਵ ਪੱਧਰ ਉੱਤੇ ਪ੍ਰਚਾਰਨ, ਪ੍ਰਸਾਰਨ ਵਿਚ ਸਿੱਖ ਸੰਸਥਾਵਾਂ ਦੀ ਅਸਫਲਤਾ ਉੱਤੇ ਉਸ ਦਾ ਰੋਸ ਵਾਜਬ ਹੈ |

-ਡਾ: ਕੁਲਦੀਪ ਸਿੰਘ ਧੀਰ

ਨਵੀਆਂ ਪੈੜਾਂ ਸਿਰਜ ਰਿਹੈ ਢਾਡੀ ਗੁਰਪ੍ਰੀਤ ਸਿੰਘ ਲਾਂਡਰਾਂ ਦਾ ਢਾਡੀ ਜਥਾ

ਗੁਰੂ ਸਾਹਿਬਾਨ ਵਲੋਂ ਵਰੋਸਾਈ ਢਾਡੀ ਕਲਾ ਨਾਲ ਜੁੜੀ ਢਾਡੀ ਸਿੰਘਾਂ ਦੀ ਨਵੀਂ ਪੀੜ੍ਹੀ ਵਿਚ ਸ਼ਾਮਿਲ ਢਾਡੀ ਗੁਰਪ੍ਰੀਤ ਸਿੰਘ ਲਾਂਡਰਾਂ ਅਤੇ ਉਨ੍ਹਾਂ ਦਾ ਢਾਡੀ ਜਥਾ ਆਪਣੀਆਂ ਪ੍ਰਾਪਤੀਆਂ ਕਰਕੇ ਸਿੱਖ ਸੰਗਤ ਨੂੰ ਧੁਰ ਰੂਹ ਤੋਂ ਮੋਹ ਰਿਹਾ ਹੈ | ਆਪਣੀਆਂ ਮੱੁਖ ਬੁਲਾਰੇ ਵਜੋਂ ਢਾਡੀ ਲਾਂਡਰਾਂ ਨੇ ਆਪਣੀ ਆਵਾਜ਼ ਵਿਚਲੀ ਗੜ੍ਹਕ, ਚੜ੍ਹਕ ਅਤੇ ਮੜ੍ਹਕ ਕਰਕੇ ਵੀ ਅਤੇ ਸ਼ਬਦ ਉਚਾਰਨ ਸਪੱਸ਼ਟਤਾ ਕਰਕੇ ਵੀ ਆਪਣੇ-ਆਪ ਨੂੰ ਇਸ ਮਾਣਮੱਤੀ ਕਲਾ ਵਿਚ ਪ੍ਰਪੱਕ ਸਿੱਧ ਕੀਤਾ ਹੈ |
ਪੰਜਾਬ ਦੇ ਨਾਮੀ ਜ਼ਿਲ੍ਹੇ ਅਜੀਤਗੜ੍ਹ (ਮੁਹਾਲੀ) ਦੇ ਚੋਟੀ ਦੇ ਪਿੰਡ ਲਾਂਡਰਾਂ ਵਿਚ 29 ਮਈ, 1989 ਨੂੰ ਮਾਤਾ ਭੁਪਿੰਦਰ ਕੌਰ ਦੀ ਕੱੁਖੋਂ ਪਿਤਾ ਸ: ਕੁਲਜੀਤ ਸਿੰਘ ਦੇ ਗ੍ਰਹਿ ਵਿਖੇ ਜਨਮ ਲੈਣ ਵਾਲੇ ਗੁਰਪ੍ਰੀਤ ਸਿੰਘ ਲਾਂਡਰਾਂ ਨੂੰ ਗਾਇਕੀ ਦੀ ਚੇਟਕ ਆਪਣੇ ਨਾਨਾ ਜੀ ਸ: ਬਾਰਾ ਸਿੰਘ ਤੋਂ ਲੱਗੀ | ਕਿਉਂਕਿ ਉਹ ਕਿੱਸੇ ਗਾਉਣ ਦਾ ਸ਼ੌਕ ਰੱਖਦੇ ਸਨ | ਘਰ ਅਤੇ ਬਾਹਰ ਗੁਰਮਤਿ ਦੀ ਰੰਗਣ ਵਿਚ ਰੰਗਿਆ ਮਾਹੌਲ ਮਿਲਣ ਕਰਕੇ ਉਸ ਨੇ 12 ਸਾਲ ਦੀ ਉਮਰ ਵਿਚ ਹੀ ਗੁਰਬਾਣੀ ਦੀ ਸੰਥਿਆ ਲੈਣੀ ਆਰੰਭ ਕਰ ਦਿੱਤੀ ਸੀ | ਇਸੇ ਕਰਕੇ ਗੁਰਮਤਿ ਵਿਚਾਰਧਾਰਾ ਅਤੇ ਗੁਰ ਇਤਿਹਾਸ ਉਸ ਦੇ ਰੋਮ-ਰੋਮ ਵਿਚ ਵਸ ਗਿਆ | ਪਿੰਡ ਦੇ ਹਾਈ ਸਕੂਲ ਦੀ ਛੇਵੀਂ ਜਮਾਤ ਵਿਚ ਪੜ੍ਹਦਿਆਂ ਜਦੋਂ ਉਸ ਨੇ ਪਹਿਲੀ ਵਾਰੀ ਕਵੀਸ਼ਰੀ ਗਾਈ ਤਾਂ ਸਭ ਨੂੰ ਬੇਹੱਦ ਪ੍ਰਭਾਵਿਤ ਕੀਤਾ | ਵਿਸ਼ੇਸ਼ ਤੌਰ 'ਤੇ ਪੰਜਾਬੀ ਦੇ ਅਧਿਆਪਕ ਮਾਸਟਰ ਹਰਨੇਕ ਸਿੰਘ ਖਾਨਪੁਰ ਵਲੋਂ ਉਸ ਨੂੰ ਭਰਪੂਰ ਸ਼ਾਬਾਸ਼ ਅਤੇ ਸਹਿਯੋਗ ਮਿਲਣ ਲੱਗਾ | ਉਸ ਦੇ ਕਵੀਸ਼ਰੀ ਜਥੇ ਨੇ ਵਿੱਦਿਅਕ ਮੁਕਾਬਲਿਆਂ ਵਿਚ ਖੂਬ ਮੱਲਾਂ ਮਾਰੀਆਂ | ਮੁਹਾਲੀ ਦੇ ਸਰਕਾਰੀ ਕਾਲਜ 'ਚ ਪੜ੍ਹਦਿਆਂ ਉਸ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਬਣਾਇਆ ਢਾਡੀ ਜਥਾ ਚੰਨ, ਸੂਰਜ ਵਾਂਗ ਸਿੱਖ ਸੰਗਤਾਂ ਦੇ ਸਨਮੁਖ ਲਿਸ਼ਕਣ ਲੱਗਾ | ਇਸ ਸਫਰ ਵਿਚ ਉਸ ਦੇ ਸਾਥੀ ਅਮਨਦੀਪ ਸਿੰਘ ਮਾਣਕ ਢੰਗਰਾਲੀ, ਸੰਦੀਪ ਸਿੰਘ ਬੈਰੋਂਪੁਰੀ ਅਤੇ ਸਾਰੰਗੀ ਮਾਸਟਰ ਸੁਬੇਗ ਸਿੰਘ ਮੱੁਲਾਂਪੁਰੀ ਨੇ ਅਜਿਹਾ ਸਾਥ ਨਿਭਾਇਆ ਕਿ ਸਾਲ 2012 ਤੋਂ ਸਾਲ 2018 ਤੱਕ ਪਹੁੰਚਦੇ-ਪਹੁੰਚਦੇ ਉਨ੍ਹਾਂ ਨੇ ਪ੍ਰਾਪਤੀਆਂ ਦੇ ਉੱਚੇ ਅੰਬਾਰ ਲਗਾ ਦਿੱਤੇ | ਉਸ ਦਾ ਕਹਿਣਾ ਹੈ ਕਿ ਇਹ ਸਭ ਸਿੱਖ ਸੰਗਤ ਦੇ ਭਰਪੂਰ ਪਿਆਰ, ਆਪਣੇ ਬੇਹੱਦ ਸਤਿਕਾਰਯੋਗ ਉਸਤਾਦ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਵਲੋਂ ਮਿਲੀ ਸਿੱਖਿਆ ਅਤੇ ਅਗਵਾਈ ਸਦਕਾ ਸੰਭਵ ਹੋਇਆ ਹੈ |
ਸਾਲ 2012 ਤੋਂ ਆਰੰਭ ਹੋ ਕੇ ਉਸ ਦੇ ਜਥੇ ਨੇ ਲਗਾਤਾਰ ਸੀ.ਡੀਜ਼ ਅਤੇ ਸਿੰਗਲ ਟਰੈਕਾਂ ਨਾਲ ਚਾਰੇ ਪਾਸੇ ਆਪਣੀ ਕਲਾ ਦਾ ਜੋ ਪਸਾਰਾ ਕੀਤਾ ਹੈ, ਉਸ ਵਿਚ ਸੀ.ਡੀ. 'ਜੰਗ ਕਰਤਾਰਪੁਰ ਦੀ', 'ਸਿੰਘ ਸਰਦਾਰ', 'ਦਹਾੜ ਸਿੰਘਾਂ ਦੀ', 'ਖਾੜਕੂ ਨੀ ਤੰੂ ਦਿੱਲੀਏ ਬਣਾਤੇ' ਸ਼ਾਮਿਲ ਹਨ | ਪਰਮਾਤਮਾ ਕਰੇ ਢਾਡੀ ਗੁਰਪ੍ਰੀਤ ਸਿੰਘ ਲਾਂਡਰਾਂ ਅਤੇ ਉਸ ਦਾ ਜਥਾ ਪ੍ਰਾਪਤੀਆਂ ਦਾ ਸਫਰ ਇੰਜ ਹੀ ਜਾਰੀ ਰੱਖੇ |

-ਮੋਬਾ: 98146-81444

ਮਿੱਠੀ ਅਤੇ ਸੁਰੀਲੀ ਆਵਾਜ਼ ਦੇ ਮਾਲਕ : ਭਾਈ ਗੁਰਪ੍ਰੀਤ ਸਿੰਘ ਖ਼ਾਲਸਾ

ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਪਿੰਡ ਮੁਹੰਮਦ ਸ਼ਾਹ ਵਾਲਾ ਉਰਫ ਪੱਲੂਵਾਲਾ (ਮਖੂ) ਤਹਿਸੀਲ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਨ | ਉਨ੍ਹਾਂ ਨੂੰ ਬਚਪਨ ਤੋਂ ਗੁਰੂ-ਘਰ ਅਤੇ ਗੁਰਬਾਣੀ ਨਾਲ ਪਿਆਰ ਹੋਣ ਕਰਕੇ ਗੁਰਬਾਣੀ ਦੀ ਸੰਥਿਆ ਹਾਸਲ ਕੀਤੀ | ਮੁਢਲੀ ਪੜ੍ਹਾਈ ਮਾਤਾ ਅਜਮੇਰ ਕੌਰ ਤੋਂ 10ਵੀਂ ਕੀਤੀ ਅਤੇ ਉਪਰੰਤ ਐਮ.ਏ. ਕੀਰਤਨ ਮਿਊਜ਼ਿਕ ਜਲੰਧਰ ਉਸਤਾਦ ਵਿਨੋਦ ਵਰਮਾ ਤੋਂ ਕੀਤੀ | ਗੁਰਪ੍ਰੀਤ ਸਿੰਘ ਖ਼ਾਲਸਾ ਦੇ ਨਾਲ ਤਬਲਾਵਾਦਕ ਪਰਦੀਪ ਸਿੰਘ ਮੇਲਕ ਤੇ ਸਾਈਡ 'ਤੇ ਬੀਬੀ ਗੁਰਪ੍ਰੀਤ ਕੌਰ ਸਾਥ ਨਿਭਾ ਰਹੇ ਹਨ | ਗੁਰਪ੍ਰੀਤ ਸਿੰਘ ਖ਼ਾਲਸਾ ਦੀਆਂ ਦੋ ਗੁਰਬਾਣੀ ਕੈਸੇਟਾਂ ਮਾਰਕੀਟ ਆਈਆਂ ਹਨ | ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਦੇਸ਼-ਵਿਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਬੁਰਾਈਆਂ ਤੋਂ ਦੂਰ ਰਹਿਣ ਅਤੇ ਅੰਮਿ੍ਤ ਛਕਣ, ਸਿੰਘ ਸਜਣ, ਗੁਰੂ ਵਾਲੇ ਬਣਨ ਲਈ ਪ੍ਰੇਰਦੇ ਹਨ | ਅਰਦਾਸ ਕਰਦੇ ਹਾਂ ਕਿ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਹੋਰ ਵੀ ਚੜ੍ਹਦੀ ਕਲਾ 'ਚ ਕੀਰਤਨ ਦੀ ਸੇਵਾ ਕਰਦੇ ਰਹਿਣ |

-ਮਖੂ (ਫ਼ਿਰੋਜ਼ਪੁਰ) |

ਬਰਸੀ 'ਤੇ ਵਿਸ਼ੇਸ਼ : 108 ਸ੍ਰੀਮਾਨ ਸੰਤ ਬਾਬਾ ਉਦੈ ਸਿੰਘ

ਸੰਤ ਬਾਬਾ ਉਦੈ ਸਿੰਘ ਦਾ ਜਨਮ ਸੰਨ 1843 ਨੂੰ ਪਿੰਡ ਨੰਗਲ ਖੁੰਗਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਰਦਾਰ ਕੇਸਰ ਸਿੰਘ ਦੇ ਗ੍ਰਹਿ ਵਿਖੇ ਹੋਇਆ | ਆਪ ਨੇ ਕੇਵਲ ਪੰਜ ਜਮਾਤਾਂ ਹੀ ਪੜ੍ਹੀਆਂ | ਆਪ ਪਿੰਡ ਦੇ ਨੰਬਰਦਾਰ ਸਨ | ਛੋਟੀ ਉਮਰੇ ਹੀ ਆਪ ਘਰ-ਬਾਰ ਛੱਡ ਕੇ ਸੰਤ ਭਗਵਾਨ ਸਿੰਘ ਨੌਰੰਗਾਬਾਦ ਵਾਲਿਆਂ ਕੋਲ ਅੰਮਿ੍ਤਸਰ ਚਲੇ ਗਏ ਤੇ ਭਜਨ ਬੰਦਗੀ ਕਰਨ ਲੱਗੇ | ਉੱਥੇ ਆਪ ਨੇ ਬਹੁਤ ਤਨ ਮਨ ਨਾਲ ਸੇਵਾ ਕੀਤੀ | ਬਾਬਾ ਜੀ ਦੀ ਸੇਵਾ ਭਾਵਨਾ ਵੇਖ ਕੇ ਸੰਤ ਭਗਵਾਨ ਸਿੰਘ ਨੇ ਆਪ ਨੂੰ ਗੁਰਮੰਤਰ ਬਖਸ਼ਿਆ | ਇਨ੍ਹਾਂ ਮਹਾਂਪੁਰਖਾਂ ਤੋਂ ਬਖਸ਼ਿਸ਼ ਪਾ ਕੇ ਬਾਬਾ ਜੀ ਨੇ ਕਮਾਲ ਸਾਧਨਾ ਸਾਧ ਕੇ ਜੰਗਲ ਵਿਚ ਮੰਗਲ ਲਾਏ | ਫਿਰ ਆਪਣੇ ਇਕ ਸ਼ਰਧਾਲੂ ਕਾਬਲ ਸਿੰਘ ਬੰਗਾ ਦੀ ਬੇਨਤੀ 'ਤੇ ਪਿੰਡ ਮੁਖਲਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਆ ਗਏ | ਇਥੇ ਬਾਬਾ ਜੀ ਦਿਨ-ਰਾਤ ਦਸਮੇਸ਼ ਪਿਤਾ ਦੇ ਮਿਸ਼ਨ ਅਨੁਸਾਰ ਘੋਰ ਤਪੱਸਿਆ ਕਰਦੇ ਰਹੇ ਅਤੇ ਨਾਮ ਬਾਣੀ ਦਾ ਪ੍ਰਵਾਹ ਚਲਾਉਂਦੇ ਰਹੇ | ਇੱਥੇ ਹੁਣ ਗੁਰਦੁਆਰਾ ਹਰਫੁਲਵਾੜੀ ਸਾਹਿਬ ਡੱਬਰੀ ਸੁਸ਼ੋਭਿਤ ਹੈ | ਇੱਥੇ ਹੀ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ, ਸੰਤ ਬਾਬਾ ਘਨੱਈਆ ਸਿੰਘ ਜੀ ਪਠਲਾਵੇ ਵਾਲੇ, ਸੰਤ ਬਾਬਾ ਫੂਲਾ ਸਿੰਘ ਤਨੂੰਲੀ ਵਾਲੇ ਆਦਿ ਅਨੇਕਾਂ ਮਹਾਂਪੁਰਸ਼ ਆਉਂਦੇ ਰਹਿੰਦੇ ਤੇ ਨਾਮ ਬਾਣੀ ਦਾ ਪ੍ਰਵਾਹ ਚਲਦਾ ਰਹਿੰਦਾ |
ਬਾਬਾ ਜੀ 110 ਸਾਲ ਦੀ ਉਮਰ ਭੋਗ ਕੇ ਸੰਨ 1953 ਵਿਚ ਮਾਘ ਦੀ ਪੂਰਨਮਾਸ਼ੀ ਨੂੰ ਵੀਰਵਾਰ ਵਾਲੇ ਦਿਨ ਗੁਰਪੁਰੀ ਪਿਆਨਾ ਕਰ ਗਏ | ਆਪ ਦੀ ਯਾਦ ਵਿਚ ਪਿੰਡ ਮੁਖਲਿਆਣਾ ਵਿਖੇ ਗੁਰਦੁਆਰਾ ਅੰਗੀਠਾ ਸਾਹਿਬ ਉਸਾਰਿਆ ਗਿਆ ਹੈ | ਇਸ ਸਾਲ ਵੀ ਬਾਬਾ ਜੀ ਦੀ ਨਿੱਘੀ ਯਾਦ ਵਿਚ 66ਵੀਂ ਸਾਲਾਨਾ ਬਰਸੀ 21-22 ਜਨਵਰੀ ਨੂੰ ਗੁਰਦੁਆਰਾ ਅੰਗੀਠਾ ਸਾਹਿਬ ਮੁਖਲਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਗੁਰਦੁਆਰਾ ਹਰਫੁਲਵਾੜੀ ਸਾਹਿਬ ਡੱਬਰੀ ਵਿਖੇ ਪੂਰਨ ਸ਼ਰਧਾ ਸਹਿਤ ਮਨਾਈ ਜਾ ਰਹੀ ਹੈ |

-ਮੋਬਾ: 89685-37074


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX