ਤਾਜਾ ਖ਼ਬਰਾਂ


ਕਾਰ ਸਵਾਰਾਂ ਕੋਲੋਂ 18 ਲੱਖ ਦੀ ਨਕਦੀ ਬਰਾਮਦ
. . .  9 minutes ago
ਜ਼ੀਰਕਪੁਰ, 26 ਅਪਰੈਲ, {ਹੈਪੀ ਪੰਡਵਾਲਾ}-ਅੱਜ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਕੋਲ਼ੋਂ 18 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ...
ਆਈ ਪੀ ਐੱਲ 2019 -ਮੁੰਬਈ ਨੇ ਚੇਨਈ ਨੂੰ ਦਿੱਤਾ 156 ਦੌੜਾਂ ਦਾ ਟੀਚਾ
. . .  28 minutes ago
ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਦਾ ਚੋਣ ਕਮਿਸ਼ਨ ਨੂੰ ਸੁਝਾਅ- ਜੂਨ ਦੀ ਬਜਾਏ ਨਵੰਬਰ 'ਚ ਹੋਣ ਵਿਧਾਨ ਸਭਾ ਚੋਣਾਂ
. . .  26 minutes ago
ਸ੍ਰੀਨਗਰ, 26 ਅਪ੍ਰੈਲ- ਦੇਸ਼ 'ਚ ਚਲ ਰਹੀਆਂ ਲੋਕ ਸਭਾ ਦੌਰਾਨ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਜਪਾਲ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵਿਚਾਲੇ ਬੈਠਕ ਹੋਈ। ਇਸ ਬੈਠਕ ...
ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  about 2 hours ago
ਰੋਪੜ, 26 ਅਪ੍ਰੈਲ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ....
ਭਾਜਪਾ ਨੇਤਾ ਮਹਾਦੇਵ ਸਰਕਾਰ ਦੇ ਖ਼ਿਲਾਫ਼ ਚੋਣ ਕਮਿਸ਼ਨ ਦੀ ਕਾਰਵਾਈ, ਅਗਲੇ 48 ਘੰਟੇ ਨਹੀਂ ਕਰ ਸਕਣਗੇ ਚੋਣ ਪ੍ਰਚਾਰ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ- ਚੋਣ ਕਮਿਸ਼ਨ ਨੇ ਨਾਦੀਆ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਮਹਾਦੇਵ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ 'ਤੇ 22 ਅਪ੍ਰੈਲ ਨੂੰ ਕ੍ਰਿਸ਼ਨਾ ਨਗਰ ਸਰਕਾਰੀ ਕਾਲਜ 'ਚ ਇਕ ਜਨਤਕ ਮੀਟਿੰਗ ਦੇ ਦੌਰਾਨ ਟੀ.ਐਮ.ਸੀ. ਦੇ ਨਿੱਜੀ ਜੀਵਨ ਨੂੰ ਲੈ ਕੇ .....
ਭੀਖੀ ਥਾਣੇ ਦੇ ਹੌਲਦਾਰ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਭੀਖੀ, 26 ਅਪ੍ਰੈਲ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਦੇ ਹੌਲਦਾਰ ਜੁਗਰਾਜ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਥਾਣੇ ਦੇ ਕਵਾਟਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ....
ਲੋਕਾਂ ਦੀ ਹਿੰਮਤ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਅੱਗ 'ਚ ਸੜਨ ਤੋਂ ਬਚੀ
. . .  about 3 hours ago
ਨੂਰਪੁਰ ਬੇਦੀ, 26 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਕਲਾਂ ਵਿਖੇ ਅੱਜ ਲੋਕਾਂ ਦੀ ਹਿੰਮਤ ਨੇ ਸੈਂਕੜੇ ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਅੱਗ ਦੀ ਲਪੇਟ 'ਚ ਜਾਣ ਤੋਂ ਬਚਾ ਲਿਆ। ਇਸ ਪਿੰਡ ਦੇ ਇੱਕ ਕਿਸਾਨ ਦੇ ਖੇਤ 'ਚ ਅੱਗ ਲੱਗਣ....
ਤਿੰਨ ਬੱਚਿਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 3 hours ago
ਪੁਰਖਾਲੀ, 26 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਅਕਬਰਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਹਰਚੰਦ ਸਿੰਘ ਸਾਬਕਾ ਸਰਪੰਚ 2 ਧੀਆਂ ਅਤੇ ਇੱਕ ਲੜਕੇ ਦਾ ਪਿਉ......
ਤਰੁੱਟੀਆਂ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰ ਸਕੇ ਪ੍ਰੋ. ਸਾਧੂ ਸਿੰਘ
. . .  about 3 hours ago
ਫ਼ਰੀਦਕੋਟ, 26 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਲੋਕ ਸਭਾ ਹਲਕਾ ਰਾਖਵਾਂ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਅੱਜ ਆਪਣੇ ਨਾਮਜ਼ਦਗੀ ਪੱਤਰ 'ਚ ਕੁੱਝ ਤਰੁੱਟੀਆਂ ਕਾਰਨ ਜ਼ਿਲ੍ਹਾ ਚੋਣ ਅਧਿਕਾਰੀ ਕੁਮਾਰ ਸੌਰਭ ਰਾਜ ....
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਰੋਹਿਤ ਸ਼ੇਖਰ ਦੀ ਪਤਨੀ ਅਪੂਰਵਾ
. . .  1 minute ago
ਦੇਹਰਾਦੂਨ, 26 ਅਪ੍ਰੈਲ- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਹੱਤਿਆ ਕਾਂਡ 'ਚ ਪਤਨੀ ਅਪੂਰਵਾ ਤਿਵਾੜੀ ਨੂੰ ਦਿੱਲੀ ਦੀ ਸਾਕੇਤ ਅਦਾਲਤ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਅਪੂਰਵਾ ਤਿਵਾੜੀ ਨੇ ਦਿੱਲੀ ....
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ ਫਰਨਾਂਡਿਜ਼

ਸਿਹਤਾਂ ਕਾਇਮ

33 ਸਾਲ ਦੀ ਜੈਕਲਿਨ ਫਰਨਾਂਡਿਜ਼ ਆਪਣੀ ਚਮਕਦੀ ਸਰੀਰਕ ਦਿੱਖ ਲਈ ਜਾਣੀ ਜਾਂਦੀ ਹੈ। ਇੰਸਟਾਗ੍ਰਾਮ 'ਤੇ ਜੈਕੀ ਦੇ ਚਹੇਤਿਆਂ ਦੀ ਲੰਬੀ ਸੂਚੀ ਹੈ। ਜੈਕੀ ਹਰ ਹਫ਼ਤੇ ਆਪਣੀ ਭੋਜਨ ਦੀ ਇਕ ਸੂਚੀ ਤਿਆਰ ਕਰਦੀ ਹੈ ਤੇ ਉਸ ਅਨੁਸਾਰ ਹੀ ਪੂਰਾ ਹਫ਼ਤਾ ਖਾਣ-ਪੀਣ ਕਰਦੀ ਹੈ। ਜੈਕੀ ਕਹਿ ਰਹੀ ਹੈ ਕਿ ਚਾਹੇ ਉਹ ਸ੍ਰੀ-ਲੰਕਨ ਹੈ ਪਰ ਲੱਖਾਂ ਭਾਰਤੀ ਔਰਤਾਂ ਲਈ ਉਸ ਦੀ ਖੁਰਾਕ ਪ੍ਰੇਰਨਾਦਾਇਕ ਹੋ ਸਕਦੀ ਹੈ ਤੇ ਉਹ ਅਜਿਹਾ ਕਰ ਕੇ ਉਸ ਦੀ ਤਰ੍ਹਾਂ ਹੀ ਸੋਹਣੀਆਂ ਦਿਖਾਈ ਦੇ ਸਕਦੀਆਂ ਹਨ। ਸ਼ਕਰਕੰਦੀ, ਪੀਲੀ ਦਾਲ ਤੇ ਸ਼ਿਮਲਾ ਮਿਰਚ ਇਸ 26 ਜਨਵਰੀ ਵਾਲੇ ਹਫ਼ਤੇ 'ਚ ਉਹ ਸਵੇਰ ਨੂੰ ਖਾਏਗੀ ਪੂਰਾ ਇਕ ਹਫ਼ਤਾ। ਹਲਦੀ, ਅਦਰਕ ਤੇ ਸੇਬ ਦਾ ਰਸ ਰਲ ਜਾਏ ਤੇ ਗਿਲਾਸ 'ਚ ਜੂਸ ਦੀ ਤਰ੍ਹਾਂ ਪੂਰਾ ਹਫ਼ਤਾ ਇਹ ਉਸ ਨੇ ਪੀਣਾ ਹੈ। ਮਤਲਬ ਕਿ ਹਰ ਹਫ਼ਤੇ ਆਪਣੀ ਖੁਰਾਕ ਦੀ ਉਹ ਇਕ ਯੋਜਨਾ ਬਣਾ ਕੇ ਚੱਲ ਰਹੀ ਹੈ ਤੇ ਉਸ ਅਨੁਸਾਰ ਉਹੀ ਚੀਜ਼ਾਂ ਹੀ ਖਾ-ਪੀ ਰਹੀ ਹੈ। ਲਵੋ ਜੀ ਸਿਹਤਾਂ ਤਾਂ ਆਪੇ ਹੀ ਬਣਨੀਆਂ ਹਨ ਤੇ ਸਿਹਤਾਂ ਦੇਖ ਨਿਰਮਾਤਾ ਵੀ ਨਵੇਂ ਤੋਂ ਨਵੇਂ ਪ੍ਰਸਤਾਵ ਜੈਕੀ ਕੋਲ ਲੈ ਕੇ ਆ ਰਹੇ ਹਨ। ਸੰਸਾਰ ਦੇ ਸਭ ਤੋਂ ਤੇਜ਼ ਸਾਈਕਲ ਦੌੜਾਕ ਡੇਬੋਰਾਹ ਹੇਰਾਲਡ 'ਤੇ ਬੀ. ਟਾਊਨ 'ਚ ਬਾਇਓਪਿਕ ਬਣਨ ਜਾ ਰਹੀ ਹੈ। ਇਸ ਦੀ ਰੂਪ-ਰੇਖਾ ਜੈਕਲਿਨ ਤੀਕਰ ਪਹੁੰਚਾਈ ਗਈ ਹੈ। ਅੰਡੇਮਾਨ-ਨਿਕੋਬਾਰ ਦੀ ਵਸਨੀਕ ਡੇਬੋਰਾਹ 2014 ਦੀ ਸੁਨਾਮੀ 'ਚ ਪੂਰਾ ਹਫ਼ਤਾ ਦਰੱਖਤ 'ਤੇ ਭੁੱਖੀ-ਭਾਣੀ ਰਹੀ ਸੀ। ਜੈਕੀ ਹੁਣ ਇਸ ਸੰਘਰਸ਼ ਕਰਕੇ ਉੱਭਰੀ ਡੇਬੋਰਾਹ 'ਤੇ ਬਾਇਓਪਿਕ ਕਰਨ ਜਾ ਰਹੀ ਹੈ। 'ਕਿਰਿਕ ਪਾਰਟੀ' ਵੀ ਉਹ ਕਰ ਰਹੀ ਹੈ। ਪੋਲ ਡਾਂਸ ਲਈ ਪ੍ਰਸਿੱਧ ਜੈਕੀ ਕੋਲ ਵੱਡੀਆਂ ਫ਼ਿਲਮਾਂ ਹਨ। ਰਸਾਲਿਆਂ ਦੇ ਮੁੱਖ ਪੰਨੇ 'ਤੇ ਉਸ ਦੀ ਤਸਵੀਰ ਛਪਦੀ ਹੈ। ਕਰਨ ਜੌਹਰ ਦੀ ਨਵੀਂ ਫ਼ਿਲਮ ਉਹ ਸੁਸ਼ਾਂਤ ਸਿੰਘ ਰਾਜਪੂਤ ਨਾਲ ਕਰਨ ਜਾ ਰਹੀ ਹੈ। 'ਕਿਰਿਕ ਪਾਰਟੀ' ਕਰਨ ਜੌਹਰ ਦੀ ਫ਼ਿਲਮ ਡੇਬੋਰਾਹ 'ਤੇ ਬਾਇਓਪਿਕ, ਸਲਮਾਨ ਖ਼ਾਨ ਦੀ ਪੂਰੀ ਸਹਾਇਤਾ, ਸੋਨਮ ਕਪੂਰ ਦੀ ਦੋਸਤੀ, ਮੀਡੀਆ ਨਾਲ ਚੰਗੇ ਸਬੰਧ ਦੱਸਦੇ ਹਨ ਕਿ ਜੈਕਲਿਨ ਫਰਨਾਂਡਿਜ਼ ਲਈ 2019 ਵੀ ਅਲਾਦੀਨ ਦਾ ਚਿਰਾਗ ਮਿਲਣ ਦੇ ਬਰਾਬਰ ਹੈ। ਇਹ ਸਭ ਕਰਾਮਾਤਾਂ ਜੈਕੀ ਦੀ ਸਿਹਤ ਦੀਆਂ ਹਨ। ਚੰਗਾ ਖਾਣਾ, ਟੌਹਰ ਨਾਲ ਜਿਊਣਾ, ਚਿਹਰਾ ਤਾਂ ਆਪੇ ਦਗਦਗ ਕਰੇਗਾ।


ਖ਼ਬਰ ਸ਼ੇਅਰ ਕਰੋ

ਅਦਿਤੀ ਰਾਓ ਹੈਦਰੀ

ਮਾਰੀ ਉੱਚੀ ਛਾਲ

ਫਿਰ ਆ ਰਹੀ ਹੈ ਅਦਿਤੀ ਰਾਓ ਹੈਦਰੀ ਤੇ ਇਸ ਵਾਰ ਚੋਟੀ ਦੇ ਡਾਇਰੈਕਟਰ ਮਣੀਰਤਨਮ ਦੀ ਕਈ ਭਾਸ਼ਾਵਾਂ ਵਿਚ ਤਿਆਰ ਹੋ ਰਹੀ ਫ਼ਿਲਮ ਉਹ ਕਰ ਰਹੀ ਹੈ। 'ਨਵਾਬ', 'ਪਾਰਵਤੀ' ਇਹ ਦੋ ਨਾਂਅ ਤਾਮਿਲ ਤੇ ਤੇਲਗੂ ਭਾਸ਼ਾਵਾਂ ਦੀਆਂ ਫ਼ਿਲਮਾਂ ਦੇ ਹਨ। ਸੰਜੇ ਲੀਲਾ ਭੰਸਾਲੀ ਤੇ ਮਣੀ ਨਾਲ ਕੰਮ ਕਰਨਾ ਦਰਸਾਉਂਦਾ ਹੈ ਕਿ ਅਦਿਤੀ ਇਕ ਕਾਬਲ ਅਭਿਨੇਤਰੀ ਹੈ। ਮੁੰਬਈ ਦੇ ਇਕ ਫੈਸ਼ਨ ਸ਼ੋਅ 'ਚ ਅਦਿਤੀ ਨੇ ਰੈਂਪਵਾਕ ਪਿਛਲੇ ਦਿਨੀਂ ਕੀਤਾ ਤਾਂ ਬਚਪਨ ਦੀਆਂ ਇਹ ਕੌੜੀਆਂ ਯਾਦਾਂ ਸਾਂਝੀਆਂ ਕੀਤੀਆਂ। ਭਲੇ ਦੇ ਕੰਮ ਲਈ ਅਦਿਤੀ ਨੇ ਰੈਂਪ ਕੀਤਾ। ਹਾਲਾਂਕਿ ਅਦਿਤੀ ਰਾਜਸੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਪਰ ਉੱਚਿਆਂ ਘਰਾਂ ਦੀ ਅੱਗ ਦਾ ਸੇਕ ਸ਼ਾਇਦ ਕੰਧਾਂ ਦੇ ਓਹਲੇ ਹੀ ਭਾਂਬੜ ਬਣ ਮਚਦਾ ਰਹਿੰਦਾ ਹੈ। ਅਜਿਹਾ ਹੀ ਅਦਿਤੀ ਰਾਓ ਹੈਦਰੀ ਨਾਲ ਹੋਇਆ। ਇਹ ਤਾਂ ਅਦਿਤੀ ਦੀ ਮਾਂ ਦੀ ਸਿਆਣਪ ਕਹਿ ਲਵੋ ਕਿ ਪਿਓ ਦੇ ਅਤਿਆਚਾਰਾਂ ਦੇ ਬਾਵਜੂਦ ਉਸ ਨੇ ਸੀ ਨਹੀਂ ਕੀਤੀ ਤੇ ਧੀ 'ਤੇ ਇਸ ਦਾ ਪਰਛਾਵਾਂ ਨਹੀਂ ਪੈਣ ਦਿੱਤਾ। ਹਿੰਦੀ ਫ਼ਿਲਮਾਂ 'ਚ ਫਿਲਹਾਲ ਆਪਣਾ ਸੁਨਹਿਰੀ ਭਵਿੱਖ ਲੱਭ ਰਹੀ ਅਦਿਤੀ ਦੱਖਣ 'ਚ ਚੰਗਾ ਕੰਮ ਕਰ ਰਹੀ ਹੈ। 'ਨਵਾਬ' ਫ਼ਿਲਮ ਦੇ ਪੋਸਟਰ ਪ੍ਰਭਾਵ ਦੇ ਰਹੇ ਹਨ ਕਿ ਮਣੀਰਤਨਮ ਨੇ ਵੱਖਰੀ ਕਿਸਮ ਦਾ ਕੰਮ ਅਦਿਤੀ ਤੋਂ ਇਸ 'ਚ ਲਿਆ ਹੈ। ਅਦਿਤੀ ਲਈ ਚੰਗੀ ਖ਼ਬਰ ਚੜ੍ਹਦੇ ਸਾਲ ਹੀ ਆਈ ਹੈ ਕਿ ਉਹ ਹੁਣ ਆਮਿਰ ਖ਼ਾਨ ਦੀ ਨਵੀਂ ਫ਼ਿਲਮ ਕਰ ਰਹੀ ਹੈ।

ਮੌਨੀ ਰਾਏ

ਖਾਹਮਖਾਹ ਕਰਵਾ ਲਈ ਬੇਇੱਜ਼ਤੀ

'ਆਰ.ਐਚ.ਐਸ. ਗਲੋਬਲ' ਦੀ 'ਉਤਪਾਦ ਪ੍ਰਚਾਰਕਾ' ਦਾ ਤਗਮਾ ਪਾ ਕੇ 'ਗੋਲਡ' ਵਾਲੀ 'ਗੋਲਡਨ ਨਾਇਕਾ' ਮੌਨੀ ਰਾਏ ਖੁਸ਼ ਹੈ ਤੇ ਹੁਣ ਉਹ ਖੁਸ਼ੀ ਨਾਲ ਮਰ ਵੀ ਸਕਦੀ ਹੈ ਕਿਉਂਕਿ ਮਹਾਂਨਾਇਕ ਅਮਿਤਾਭ ਬੱਚਨ ਨਾਲ 'ਬ੍ਰਹਮਸ਼ਾਸਤਰ' ਫ਼ਿਲਮ 'ਚ ਉਸ ਨੇ ਪਰਦੇ ਦਾ ਸਾਹਮਣਾ ਕੀਤਾ ਹੈ। ਜਾਨ ਅਬਰਾਹਮ ਨਾਲ 'ਰਾਅ' ਫ਼ਿਲਮ ਵੀ ਉਹ ਕਰ ਰਹੀ ਹੈ ਤੇ ਰਾਜ ਕੁਮਾਰ ਰਾਓ ਨਾਲ 'ਮੇਡ ਇਨ ਚਾਈਨਾ' ਵੀ ਮੌਨੀ ਰਾਏ ਕੋਲ ਹੈ। ਟੀ.ਵੀ. ਦੀ 'ਨਾਗਿਨ' ਵਾਲੀ ਇਹ ਮੌਨੀ ਰਾਏ ਲਾਲ ਰੰਗ ਦੇ ਪਹਿਰਾਵੇ 'ਚ ਨਵੀਂ ਕਾਮੁਕ ਦਿੱਖ ਵਾਲੀ ਤਸਵੀਰ ਕੀ ਸੋਸ਼ਲ ਮੀਡੀਆ 'ਤੇ ਪੋਸਟ ਕਰ ਗਈ ਕਿ ਲੋਕਾਂ ਨੇ ਮਿਹਣੇ ਮਾਰ-ਮਾਰ ਮੌਨੀ ਰਾਏ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਉਸ ਦਾ ਇਹ ਰੂਪ ਦੇਖ ਕੇ ਇਕ ਨੇ ਕਿਹਾ ਕਿ ਵਿਚਾਰੀ ਭੁੱਖਮਰੀ ਦਾ ਸ਼ਿਕਾਰ ਬਚਪਨ 'ਚ ਹੋਈ ਹੈ। ਇਕ ਨੇ 'ਹੱਡੀਆਂ ਦਾ ਢਾਂਚਾ' ਤੇ ਇਕ ਨੇ 'ਹੱਡੀਆਂ ਜਾ ਰਹੀਆਂ ਹੁਣੇ ਹੀ ਹਰਿਦੁਆਰ' ਨੂੰ ਲਿਖ ਕੇ 'ਨਾਗਿਨ' ਦਾ ਮਜ਼ਾਕ ਉਡਾਇਆ ਹੈ। ਹਵਾ 'ਚ ਉੱਡ ਗਈ ਤਾਂ ਕਿਥੋਂ ਲੱਭਾਂਗੇ 'ਬ੍ਰਹਮਸ਼ਾਸਤਰ' ਵਾਲੀ ਇਹ 'ਗੋਲਡ ਹੀਰੋਇਨ' ਦਾ ਕੁਮੈਂਟ ਵੀ ਵਾਇਰਲ ਹੋਇਆ ਹੈ। ਮੌਨੀ ਨੂੰ ਤਦ ਸ਼ਰਮ ਆਈ ਜਦ ਇਕ ਪ੍ਰਤੀਕਿਰਿਆ ਉਸ ਨੇ ਪੜ੍ਹੀ ਕਿ ਗ਼ਰੀਬ ਤਾਂ ਪੈਸੇ ਦੁੱਖੋਂ ਭੁੱਖ ਨਾਲ ਮਰਦੇ ਹਨ, ਇਹ ਵਿਹਲੜ ਅਮੀਰਜ਼ਾਦੀ ਪੈਸੇ ਹੋਣ ਦੇ ਬਾਵਜੂਦ ਭੁੱਖਮਰੀ ਦਾ ਸ਼ਿਕਾਰ ਲੱਗ ਰਹੀ ਹੈ। ਪਲਾਸਟਿਕ ਸਰਜਰੀ, ਪੋਲੀਓ ਦੀ ਮਰੀਜ਼ ਆਦਿ ਗੱਲਾਂ ਕਹਾ ਕੇ ਜਾਣ-ਬੁੱਝ ਕੇ ਮੌਨੀ ਰਾਏ ਮਜ਼ਾਕ ਦੀ ਪਾਤਰ ਬਣੀ ਹੈ। ਕਰਨਾਟਕਾ ਦੀ ਇਕ ਯੋਜਨਾ ਲਈ 'ਤ੍ਰਿਦੇਵਾ' ਦੇ ਗੀਤ ਦੇ ਰੀਮੇਕ 'ਤੇ ਮੌਨੀ ਰਾਏ ਨੇ ਨੱਚ ਕੇ ਕੈਟਰੀਨਾ ਕੈਫ਼ ਦੇ ਹੋਸ਼ ਭੁਲਾ ਦਿੱਤੇ ਹਨ। 'ਰਾਅ', 'ਮੇਡ ਇਨ ਚਾਈਨਾ', 'ਬ੍ਰਹਮਸ਼ਾਸਤਰ' ਵੱਡਾ ਕੰਮ ਹੈ ਪਰ ਇਕ-ਦੋ ਤਸਵੀਰਾਂ ਨੇ ਕੀਤੇ ਕਰਾਏ 'ਤੇ ਮਿੱਟੀ ਪਾ ਦਿੱਤੀ ਹੈ। ਲੋਕਾਂ ਦੀ ਨਜ਼ਰ 'ਚ ਭੈੜੀ ਦਿੱਖ ਬਣ ਜਾਵੇ ਤਾਂ ਇਹ ਗਰਮ ਤਵੇ 'ਤੇ ਬੈਠ ਕੇ ਵੀ ਸੱਚੀਂ ਰੋਣ ਦਾ ਯਕੀਨ ਕੋਈ ਨਹੀਂ ਕਰਦਾ। ਸ਼ਾਇਦ ਮੌਨੀ ਰਾਏ ਨੂੰ ਇਹ ਪਤਾ ਨਹੀਂ।

ਸਲਮਾਨ ਖ਼ਾਨ

ਸੱਚਮੁੱਚ ਦਬੰਗ

ਅਜੇ ਵੀ ਸਲਮਾਨ ਭਾਈ ਕੁਆਰੇ ਹਨ ਪਰ ਕਦੇ-ਕਦੇ ਆਪਣੀਆਂ ਹੋਣ ਵਾਲੀਆਂ ਜਾਂ ਜੋ ਬਣ ਸਕਦੀਆਂ ਸਨ, ਵਹੁਟੀਆਂ ਸਬੰਧੀ ਗੱਲਾਂ ਖਾਸ ਯਾਰਾਂ ਨਾਲ ਕਰਦੇ ਰਹਿੰਦੇ ਹਨ। ਤਾਜ਼ਾ ਗੱਲ ਨਿਕਲੀ ਹੈ ਕਿ ਸ਼ਿਲਪਾ ਸ਼ੈਟੀ ਵੀ ਸਲਮਾਨ ਦੀ ਬੀਵੀ ਬਣਨ ਲਈ ਆਹਾਂ ਭਰਦੀ ਸੀ। ਸਲਮਾਨ ਜਦ ਸ਼ਿਲਪਾ ਦੇ ਘਰੇ ਉਸ ਦੇ ਪਿਤਾ ਦੇ ਅਕਾਲ ਚਲਾਣੇ 'ਤੇ ਅਫ਼ਸੋਸ ਕਰਨ ਗਿਆ ਸੀ ਤਦ ਸਲਮਾਨ ਨੇ ਮਹਿਸੂਸ ਕੀਤਾ ਸੀ ਕਿ ਸ਼ਿਲਪਾ ਆਪਣੇ ਦਿਲ ਦੀ ਗੱਲ ਕਹਿਣ ਨੂੰ ਫਿਰਦੀ ਹੈ। ਫਿਲਹਾਲ ਸਲਮਾਨ ਖ਼ਾਨ ਦਾ ਕੈਰੀਅਰ ਬੁਲੰਦੀ 'ਤੇ ਹੈ, ਵਹੁਟੀਆਂ ਬਣਨ ਲਈ ਕਈ ਬਹੁਤ ਉਤਾਵਲੀਆਂ ਹਨ ਤੇ ਟੀ.ਵੀ. ਸ਼ੋਅਜ਼ 'ਚ ਹੱਸਦੇ-ਹੱਸਦੇ ਸਲਮਾਨ ਖ਼ਾਨ ਆਪਣਾ ਧਿਆਨ ਚਾਰ-ਚੁਫੇਰੇ ਰੱਖਦਾ ਹੈ, ਭੰਗ ਨਹੀਂ ਹੋਣ ਦਿੰਦਾ। 26 ਜਨਵਰੀ ਦੇ ਸਿਲਸਿਲੇ 'ਚ ਇਕ ਚੈਨਲ 'ਤੇ ਉਸ ਨੇ ਰੁਝੇਵੇਂ ਦੇ ਬਾਵਜੂਦ ਆਪਣਾ ਸਮਾਂ ਕੱਢ ਸੁਨੇਹਾ ਰਿਕਾਰਡ ਕਰਵਾਇਆ। 'ਭਾਰਤ' ਦਾ ਟੀਜ਼ਰ ਆ ਗਿਆ ਹੈ ਤੇ ਭਰਾ ਅਰਬਾਜ਼ ਨੂੰ ਹਰਾ ਸਿਗਨਲ ਉਸ ਦੇ 'ਦਬੰਗ-3' ਲਈ ਦੇ ਦਿੱਤਾ ਜੋ ਕਾਫ਼ੀ ਸਮੇਂ ਤੋਂ ਕਾਗਜ਼ਾਂ 'ਚ ਹੀ ਬਣ ਰਹੀ ਹੈ। ਸਲਮਾਨ ਨੇ ਇਸ ਵਾਰ 'ਦਬੰਗ-3' ਦੀ ਜ਼ਿੰਮੇਵਾਰੀ ਪ੍ਰਭੂਦੇਵਾ ਨੂੰ ਸੌਂਪੀ ਹੈ। 'ਦਬੰਗ-3' ਵਿਚ ਸਲਮਾਨ ਨੇ ਸੋਨਾਲੀ ਬੇਂਦਰੇ ਨੂੰ ਵੀ ਮੌਕਾ ਦੇਣ ਦੀ ਗੱਲ ਕਹੀ ਹੈ। ਇਧਰ ਸਲਮਾਨ ਖ਼ਾਨ ਨੂੰ ਜਿਸ ਸ਼ਰਮ ਨੇ ਮਾਰ ਰੱਖਿਆ ਹੈ, ਉਹ ਹੈ ਉਸ ਦੀ ਸਾਬਕਾ ਭਾਬੀ ਮਲਾਇਕਾ ਅਰੋੜਾ ਖ਼ਾਨ ਦਾ ਅਰਜੁਨ ਕਪੂਰ ਨਾਲ ਵਧਦਾ ਮੇਲ-ਜੋਲ ਤੇ ਇਹ ਮਿਹਣਾ ਵਜਦਾ ਦੇਖ ਸਲਮਾਨ ਨੇ ਬੋਨੀ ਕਪੂਰ ਤੇ ਅਰਜਨ ਕਪੂਰ ਦਾ ਪ੍ਰਵੇਸ਼ ਆਪਣੇ ਘਰ ਬੰਦ ਕਰ ਦਿੱਤਾ ਹੈ। 'ਵਾਂਟੇਡ-2' ਤੇ 'ਨੋ ਐਂਟਰੀ' ਦੇ ਅਗਲੇ ਭਾਗ ਸਲਮਾਨ ਨੇ ਇਸ ਲਈ ਛੱਡ ਦਿੱਤੇ ਹਨ। ਇੱਜ਼ਤ ਪਿਆਰੀ ਹੈ ਸਲਮਾਨ ਨੂੰ ਤੇ 'ਸ਼ਰੀਕੇਬਾਜ਼ੀ' ਦੇ ਕਦਮ ਉਹ ਸਿੱਧਾ ਖ਼ਾਨ ਪਰਿਵਾਰ 'ਤੇ ਹਮਲਾ ਸਮਝਦਾ ਹੈ। ਸਭ ਤੋਂ ਨੇੜੇ ਹੁਣ ਲੂਲੀਆ ਵੇਂਡਰ ਹੈ ਤੇ ਕਸਰਤ ਬਿਨ ਟ੍ਰੇਨਰ ਵੀ ਨਾ ਕਰੋ ਸਬੰਧੀ ਸਲਮਾਨ ਦਾ ਨਵਾਂ ਵੀਡੀਓ ਪ੍ਰਭਾਵ ਦੇ ਰਿਹਾ ਹੈ ਕਿ ਗੁਰੂ ਬਿਨਾਂ ਕਿਸੇ ਵੀ ਕੰਮ 'ਚ ਗਤ ਨਹੀਂ ਹੁੰਦੀ। ਇੱਜ਼ਤ ਦਾ ਰਖਵਾਲਾ 'ਭਾਰਤ' ਸਲਮਾਨ ਖ਼ਾਨ ਸੱਚੀਂ 'ਦਬੰਗ-3' ਹੈ।


-ਸੁਖਜੀਤ ਕੌਰ

ਪ੍ਰਿਆ ਪ੍ਰਕਾਸ਼ ਦਾ ਬਾਲੀਵੁੱਡ ਵਿਚ ਦਾਖ਼ਲਾ

ਫ਼ਿਲਮ ਦੇ ਹਿੱਟ ਹੋਣ ਦੇ ਕੁਝ ਹਫ਼ਤੇ ਬਾਅਦ ਕਿਸੇ ਕਲਾਕਾਰ ਨੂੰ ਸਟਾਰ ਬਣਦੇ ਕਈ ਵਾਰ ਦੇਖਣ ਨੂੰ ਮਿਲਿਆ ਹੈ, ਪਰ ਕੋਈ ਕਲਾਕਾਰ ਇਕ ਪ੍ਰੋਮੋ ਰਿਲੀਜ਼ ਹੋਣ ਦੇ ਚੌਵੀ ਘੰਟੇ ਅੰਦਰ ਸਟਾਰ ਬਣ ਜਾਵੇ ਇਹ ਚਮਤਕਾਰ ਤਾਂ ਪ੍ਰਿਆ ਪ੍ਰਕਾਸ਼ ਵਾਰੀਅਰ ਦੇ ਮਾਮਲੇ ਵਿਚ ਹੀ ਦੇਖਣ ਨੂੰ ਮਿਲਿਆ। ਸਾਲ 2018 ਵਿਚ ਵੈਲੇਨਟਾਈਨ ਡੇਅ ਮੌਕੇ ਪ੍ਰਿਆ ਦੀ ਮਲਿਆਲਮ ਫ਼ਿਲਮ 'ਓਰੂ ਅਦਾਰ ਲਵ' ਦਾ ਪ੍ਰੋਮੋ ਯੂ-ਟਿਊਬ 'ਤੇ ਅੱਪਲੋਡ ਕੀਤਾ ਗਿਆ ਅਤੇ ਦੇਖਦੇ ਹੀ ਦੇਖਦੇ ਇਸ ਦੇ ਹਿੱਟਸ ਦੀ ਗਿਣਤੀ ਲੱਖਾਂ ਵਿਚ ਪਹੁੰਚ ਗਈ ਅਤੇ ਉਹ ਇਕ ਹੀ ਰਾਤ ਵਿਚ ਸਟਾਰ ਬਣ ਗਈ। ਇਸ ਪ੍ਰੋਮੋ ਵਿਚ ਪ੍ਰਿਆ ਨੂੰ ਇਕ ਸਕੂਲ ਕੁੜੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ ਅਤੇ ਉਹ ਆਪਣੀਆਂ ਅਦਾਵਾਂ ਦੇ ਜਲਵੇ ਦਿਖਾਉਂਦੇ ਹੋਏ ਆਪਣੇ ਇਕ ਸਹਿਪਾਠੀ ਨੂੰ ਅੱਖ ਮਾਰਦੀ ਹੈ। ਅੱਖ ਮਾਰਨ ਦੀ ਇਸ ਅਦਾ ਦੀ ਬਦੌਲਤ ਉਸ ਨੂੰ 'ਵਿੰਕ ਗਰਲ' ਦਾ ਨਾਂਅ ਦਿੱਤਾ ਗਿਆ ਤੇ ਜਿਸ ਤਰ੍ਹਾਂ ਨਾਲ ਉਸ ਦੇ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੋ ਗਈ, ਉਸ ਨੂੰ ਦੇਖ ਕੇ ਪ੍ਰਿਆ ਨੂੰ 'ਨੈਸ਼ਨਲ ਕ੍ਰਸ਼' ਦਾ ਤਗਮਾ ਵੀ ਦਿੱਤਾ ਗਿਆ। ਸਾਲ 2018 ਜਦੋਂ ਖਤਮ ਹੋਣ ਵੱਲ ਵਧ ਰਿਹਾ ਸੀ ਉਦੋਂ ਕਈ ਅਖ਼ਬਾਰਾਂ, ਮੈਗਜ਼ੀਨਾਂ ਤੇ ਖ਼ਬਰ ਚੈਨਲਾਂ ਨੇ ਸਾਲ ਦੇ ਲੇਖੇ-ਜੋਖੇ ਵਿਚ ਵੀ ਪ੍ਰਿਆ ਨੂੰ ਚਮਕਾਇਆ ਸੀ। ਇਹੀ ਨਹੀਂ, ਪਿਛਲੇ ਦਿਨੀਂ ਜਦੋਂ ਸੰਸਦ ਵਿਚ ਰਾਹੁਲ ਗਾਂਧੀ ਅੱਖ ਮਾਰਦੇ ਹੋਏ ਦੇਖੇ ਗਏ ਤਾਂ ਉਦੋਂ ਸਮਾਚਾਰ ਚੈਨਲਾਂ ਨੇ ਇਹ ਕਿਹਾ ਕਿ ਰਾਹੁਲ ਨੂੰ 'ਪ੍ਰਿਆ ਫੀਵਰ' ਹੋ ਗਿਆ ਹੈ। ਭਾਵ ਅੱਖ ਮਾਰਨ ਦੀ ਕਿਰਿਆ ਅਤੇ ਪ੍ਰਿਆ ਹੁਣ ਇਕ ਦੂਜੇ ਦੇ ਪੂਰਕ ਬਣ ਗਏ ਹਨ। ਇਸ ਤਰ੍ਹਾਂ ਦੀ ਸੈਂਸੇਸ਼ਨਲ ਸਟਾਰ ਪ੍ਰਿਆ ਨੇ ਹੁਣ ਬਾਲੀਵੁੱਡ ਵਿਚ ਆਗਮਨ ਕਰ ਲਿਆ ਹੈ। ਉਹ 'ਸ੍ਰੀਦੇਵੀ ਬੰਗਲੋ' ਨਾਮੀ ਫ਼ਿਲਮ ਤੋਂ ਹਿੰਦੀ ਫ਼ਿਲਮ ਵਿਚ ਆ ਰਹੀ ਹੈ ਅਤੇ ਇਹ ਪ੍ਰਸ਼ਾਂਤ ਮਾਮਬੁਲੀ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ। ਪ੍ਰਿਆ ਦੇ ਨਾਲ ਇਸ ਵਿਚ ਪ੍ਰਿਆਂਸ਼ੂ ਚੈਟਰਜੀ, ਅਸੀਮ ਅਲੀ ਖਾਨ, ਮੁਕੇਸ਼ ਰਿਸ਼ੀ, ਸਮੀਰ ਸੋਨੀ ਤੇ ਦਿਨੇਸ਼ ਲਾਂਬਾ ਅਭਿਨੈ ਕਰ ਰਹੇ ਹਨ। ਪ੍ਰਿਆ ਵਲੋਂ ਇਸ ਵਿਚ ਸ੍ਰੀਦੇਵੀ ਨਾਮੀ ਸੁਪਰ ਸਟਾਰ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਇਹ ਸ੍ਰੀਦੇਵੀ ਲੰਡਨ ਵਿਚ ਰਹਿੰਦੀ ਹੁੰਦੀ ਹੈ ਅਤੇ ਇਕ ਦਿਨ ਉਹ ਬਾਥਟੱਬ ਵਿਚ ਮ੍ਰਿਤਕ ਪਾਈ ਜਾਂਦੀ ਹੈ। ਫ਼ਿਲਮ ਦੀ ਇਸ ਕਹਾਣੀ ਤੋਂ ਇਹ ਲੱਗਣਾ ਸੁਭਾਵਿਕ ਹੀ ਹੈ ਕਿ ਇਹ ਸ੍ਰੀਦੇਵੀ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ ਪਰ ਨਿਰਦੇਸ਼ਕ ਪ੍ਰਸ਼ਾਂਤ ਇਸ ਨੂੰ ਨਕਾਰਦੇ ਹੋਏ ਕਹਿੰਦੇ ਹਨ ਕਿ ਇਹ ਸਸਪੈਂਸ-ਥ੍ਰਿਲਰ ਫ਼ਿਲਮ ਹੈ ਅਤੇ ਇਸ ਦੀ ਕਹਾਣੀ ਵਿਚ ਕਈ ਤਰ੍ਹਾਂ ਦੇ ਮੋੜ ਹਨ। ਉਹ ਇਹ ਵੀ ਕਹਿੰਦੇ ਹਨ ਕਿ ਜਦੋਂ ਫ਼ਿਲਮ ਬਣਾਉਣ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਸੀ ਉਦੋਂ ਇਸ ਵਿਚ ਕੰਗਨਾ ਰਣੌਤ ਨੂੰ ਲੈਣ ਬਾਰੇ ਸੋਚਿਆ ਗਿਆ ਸੀ ਪਰ ਜਦੋਂ ਪ੍ਰਿਆ ਦੇ ਨਾਂਅ 'ਤੇ ਚਰਚੇ ਸੁਣੇ ਤਾਂ ਉਸ ਨੂੰ ਲੈਣ ਦਾ ਨਿਰਣਾ ਲਿਆ ਗਿਆ। ਇਹ ਫ਼ਿਲਮ ਹਿੰਦੀ ਵਿਚ ਬਣ ਰਹੀ ਹੈ ਅਤੇ ਬਾਅਦ ਵਿਚ ਇਹ ਦੱਖਣ ਦੀਆਂ ਭਾਸ਼ਾਵਾਂ ਵਿਚ ਡੱਬ ਕੀਤੀ ਜਾਵੇਗੀ ਕਿਉਂਕਿ ਉਥੇ ਪ੍ਰਿਆ ਦੇ ਚਾਹੁਣ ਵਾਲਿਆਂ ਦੀ ਗਿਣਤੀ ਬਹੁਤ ਹੈ ਅਤੇ ਹਾਂ, ਇਸ ਹਿੰਦੀ ਫ਼ਿਲਮ ਵਿਚ ਕਿਤੇ ਵੀ ਪ੍ਰਿਆ ਨੂੰ ਅੱਖ ਮਾਰਦੇ ਨਹੀਂ ਦਿਖਾਇਆ ਜਾਵੇਗਾ। ਦੇਖੋ, ਉਹ ਹੁਣ ਇਥੇ ਕੀ ਨਵੀਂ ਅਦਾਕਾਰੀ ਦਿਖਾਉਂਦੀ ਹੈ।


-ਇੰਦਰਮੋਹਨ ਪੰਨੂੰ

ਜ਼ਰੀਨ ਖ਼ਾਨ

ਹੁਣ ਦਰਸ਼ਨ ਟੀ.ਵੀ. ਤੋਂ

ਸਟੋਰਜ਼, ਸ਼ੋਅਰੂਮ ਇਹ ਉਦਘਾਟਨ ਸਮਾਰੋਹ ਕਰਕੇ ਜ਼ਰੀਨ ਖ਼ਾਨ ਆਪਣਾ ਸਮਾਂ ਬਤੀਤ ਕਰ ਰਹੀ ਹੈ। ਔਰੰਗਾਬਾਦ ਵਿਖੇ ਇਕ ਸ਼ੋਅਰੂਮ ਦਾ ਉਦਘਾਟਨ ਕਰਨ ਗਈ ਤਾਂ ਉਥੇ ਭੀੜ ਬੇਕਾਬੂ ਹੋ ਗਈ ਤੇ ਨੌਬਤ ਲਾਠੀਚਾਰਜ ਤੱਕ ਪਹੁੰਚ ਗਈ। ਕੁਝ ਲੋਕ ਕਹਿਣ ਕਿ ਜ਼ਰੀਨ ਭਾਰਤੀ ਕ੍ਰਿਕਟਰ ਛੱਡ ਕੇ ਪਾਕਿਸਤਾਨੀ ਕ੍ਰਿਕਟਰ ਫ਼ਖ਼ਰ ਜ਼ਮਾਨ ਨਾਲ ਪਿਆਰ ਸਿਰੇ ਚਾੜ੍ਹਨ ਦੀ ਤਾਕ 'ਚ ਹੈ, ਇਸ ਲਈ ਉਹ ਗੁੱਸੇ 'ਚ ਹਨ ਪਰ ਇਹ ਤਾਂ ਕੋਈ ਤੁੱਕ ਨਹੀਂ ਹੈ। ਵੈਸੇ ਵੀ ਇਹ ਖ਼ਬਰ ਜ਼ਰੀਨ ਅਨੁਸਾਰ ਘਟੀਆ ਤੇ ਬਕਵਾਸ ਹੈ। ਉਸ ਨੇ ਫ਼ਖ਼ਰ ਨਾਲ ਕਦੇ ਮੁਲਾਕਾਤ ਹੀ ਨਹੀਂ ਕੀਤੀ। ਆਪਣੇ ਮੈਨੇਜਰ ਨਾਲ ਉਸਦਾ ਝਗੜਾ ਚੱਲ ਰਿਹਾ ਹੈ। ਉਸ ਦੀ ਕਾਰ ਥੱਲੇ ਆ ਕੇ ਇਕ ਬਿਨਾਂ ਹੈਲਮੈਟ ਦੇ ਨੌਜਵਾਨ ਮਾਰਿਆ ਗਿਆ। ਇਹ ਕੇਸ ਵੀ ਉਸ 'ਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦਾ ਹੋ ਗਿਆ ਹੈ। ਇਕ ਪੱਤਰਕਾਰ ਨੇ ਕਿਹਾ ਕਿ ਐਨੇ ਜ਼ਿਆਦਾ ਖੁੱਲ੍ਹੇ-ਡੁੱਲ੍ਹੇ ਦ੍ਰਿਸ਼ ਜਦ ਉਹ ਦਿੰਦੀ ਹੈ ਤਾਂ ਸਲਮਾਨ ਖ਼ਾਨ ਦਾ ਕੀ ਵਿਚਾਰ ਹੁੰਦਾ ਹੈ? ਤਾਂ ਉਹ ਟੁੱਟ ਕੇ ਪਈ ਕਿ ਦ੍ਰਿਸ਼ ਉਹ ਦੇਵੇ, ਇਥੇ ਸਲਮਾਨ ਕੀ ਲੈਣ ਆ ਗਿਆ? ਜਦ ਉਸ ਦੀ ਮਾਂ ਨੂੰ ਆਪਣੀ ਧੀ ਦੀ ਕਾਰਗੁਜ਼ਾਰੀ 'ਤੇ ਕੋਈ ਗ਼ਿਲਾ ਨਹੀਂ ਤਾਂ ਕਿਸੇ ਹੋਰ ਨੂੰ ਕਿਉਂ ਹੋਵੇ? 'ਅਕਸਰ-2' ਤੇ '1921' ਮੂਧੇ ਮੂੰਹ ਪਈਆਂ ਹਨ। ਫਿਰ ਜ਼ਰੀਨ ਅਗਾਂਹ ਕੀ ਕਰ ਰਹੀ ਹੈ, ਦਾ ਜਵਾਬ ਟੀ.ਵੀ. 'ਤੇ ਆਉਣ ਵਾਲੀ ਹੈ। 'ਨਾਗਿਨ' ਜਿਹੇ ਸੀਰੀਅਲ ਪਸੰਦ ਹਨ। ਟੀ.ਵੀ. ਤੇ ਫ਼ਿਲਮਾਂ ਬਰਬਾਰ ਹੀ ਹਨ, ਕਹਿ ਕੇ ਜ਼ਰੀਨ ਨੇ ਆਪਣੇ ਭੋਲੇ ਮਨ ਨੂੰ ਸਮਝਾ ਲਿਆ ਹੈ। ਜਲਦੀ ਹੀ ਕਿਸੇ ਵੱਡੇ ਚੈਨਲ ਦੇ ਵੱਡੇ ਸੀਰੀਅਲ 'ਚ ਜ਼ਰੀਨ ਖ਼ਾਨ ਦੇ ਦਰਸ਼ਨ ਹੋਣਗੇ। ਗੱਲ ਡਰਾਉਣੀਆਂ ਫ਼ਿਲਮਾਂ ਦੀ ਤਾਂ ਜ਼ਰੀਨ ਨੇ ਕਿਹਾ ਕਿ ਉਹ ਇਹ ਫ਼ਿਲਮਾਂ ਤਾਂ ਕਰਦੀ ਹੈ ਤਾਂ ਕਿ ਉਸ ਅੰਦਰਲਾ ਡਰ ਖ਼ਤਮ ਹੋ ਜਾਵੇ। ਤਾਮਿਲ ਤੇ ਪੰਜਾਬੀ ਫ਼ਿਲਮਾਂ ਵੀ ਕਰ ਚੁੱਕੀ ਜ਼ਰੀਨ ਖ਼ਾਨ ਕੁੱਲ ਮਿਲਾ ਕੇ ਫਿਰ ਨਿੱਕੇ ਪਰਦੇ ਦਾ ਆਸਰਾ ਲੈ ਕੇ ਕਿਸਮਤ ਅਜ਼ਮਾਉਣ ਤੁਰ ਪਈ ਹੈ। ਕਈ ਵਾਰ ਛੋਟਾ ਪਰਦਾ ਵੀ ਸਹਿਜ-ਸੁਭਾਅ ਨਾਲ ਵੱਡੀ ਸਫ਼ਲਤਾ ਦਿਵਾ ਹੀ ਜਾਂਦਾ ਹੈ।

ਫੈਸਲ ਖਾਨ ਬਣਿਆ ਗਾਇਕ

ਫ਼ਿਲਮ 'ਗ਼ੁਲਾਮ' ਲਈ 'ਆਤੀ ਕਿਆ ਖੰਡਾਲਾ...' ਗਾ ਕੇ ਆਮਿਰ ਖਾਨ ਨੇ ਗਾਇਕੀ ਦੇ ਖੇਤਰ ਵਿਚ ਹੰਗਾਮਾ ਮਚਾ ਦਿੱਤਾ ਸੀ। ਇਹ ਗੀਤ ਏਨਾ ਹਿੱਟ ਹੋਇਆ ਸੀ ਕਿ ਕਈ ਐਵਾਰਡਾਂ ਦੀ ਸੂਚੀ ਵਿਚ ਉਨ੍ਹਾਂ ਨੂੰ ਬੈਸਟ ਪਿੱਠਵਰਤੀ ਗਾਇਕ ਦੇ ਤੌਰ 'ਤੇ ਮਨੋਨੀਤ ਵੀ ਕੀਤਾ ਗਿਆ ਸੀ। ਹੁਣ ਆਪਣੇ ਵੱਡੇ ਭਰਾ ਦੇ ਨਕਸ਼ੇਕਦਮ 'ਤੇ ਚਲਦਿਆਂ ਫੈਸਲ ਖਾਨ ਵੀ ਗਾਇਕ ਬਣ ਗਏ ਹਨ। ਉਨ੍ਹਾਂ ਨੇ ਫ਼ਿਲਮ 'ਇਸ਼ਕ ਤੇਰਾ ਪਲ ਰਹਾ ਮੇਰੇ ਦਿਲੋਜਾਨ ਮੇਂ', 'ਚਿਹਰਾ ਤੇਰਾ ਰੂਬਰੂ ਹਰ ਖ਼ਵਾਬ ਹਰ ਬਾਤ ਮੇਂ...'।
ਇਹ ਫ਼ਿਲਮ ਸ਼ਾਰਿਕ ਮਿਨਹਾਜ਼ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ ਅਤੇ ਫੈਸਲ ਦੇ ਗੀਤ ਗਵਾਉਣ ਬਾਰੇ ਉਹ ਕਹਿੰਦੇ ਹਨ, 'ਮੈਂ ਅਕਸਰ ਫੈਸਲ ਨੂੰ ਮਿਲਦਾ ਰਹਿੰਦਾ ਹਾਂ ਅਤੇ ਮੈਂ ਕਈ ਵਾਰ ਉਨ੍ਹਾਂ ਨੂੰ ਗੁਣਗੁਣਾਉਂਦੇ ਦੇਖਿਆ ਹੈ। ਉਨ੍ਹਾਂ ਦੀ ਗਾਇਕੀ ਵਿਚ ਪ੍ਰੌੜ੍ਹਤਾ ਹੈ। ਇਕ ਦਿਨ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਨਿਰਦੇਸ਼ਕ ਕਾਦਰ ਕਾਸ਼ਮੀਰੀ ਦੀ ਫ਼ਿਲਮ 'ਪਲਟਨ' ਲਈ ਗੀਤ ਗਾਉਣ ਵਾਲੇ ਹਨ। ਬਾਅਦ ਵਿਚ ਉਹ ਫ਼ਿਲਮ ਵੀ ਬੰਦ ਹੋ ਗਈ ਅਤੇ ਫੈਸਲ ਦਾ ਗੀਤ ਗਾਉਣ ਦਾ ਸੁਪਨਾ ਵੀ ਅਧੂਰਾ ਰਹਿ ਗਿਆ। ਹੁਣ ਇਸ ਫ਼ਿਲਮ ਵਿਚ ਉਨ੍ਹਾਂ ਤੋਂ ਗੀਤ ਗਵਾਉਣ ਦਾ ਮੌਕਾ ਨਜ਼ਰ ਆਇਆ ਅਤੇ ਜਦੋਂ ਮੈਂ ਉਨ੍ਹਾਂ ਨੂੰ ਗੀਤ ਗਾਉਣ ਦੀ ਪੇਸ਼ਕਸ਼ ਕੀਤੀ ਤਾਂ ਉਹ ਉਸੇ ਸਮੇਂ ਰਾਜ਼ੀ ਹੋ ਗਏ।' ਗਾਇਕ ਬਣਨ ਬਾਰੇ ਫੈਸਲ ਕਹਿੰਦੇ ਹਨ, 'ਅੱਜਕਲ੍ਹ ਹੀਰੋ ਵਲੋਂ ਗੀਤ ਗਾਉਣਾ ਕੋਈ ਨਵੀਂ ਗੱਲ ਨਹੀਂ ਹੈ। ਮੈਂ ਆਪਣੀ ਗੱਲ ਕਰਾਂ ਤਾਂ ਮੈਂ ਗਾਇਕੀ ਦੀ ਸਿੱਖਿਆ ਵੀ ਲੈ ਰੱਖੀ ਹੈ। ਇਹ ਸਿੱਖਿਆ ਕਾਫੀ ਪਹਿਲਾਂ ਲਈ ਸੀ। ਹੁਣ ਜਦੋਂ ਇਥੇ ਗੀਤ ਗਾਉਣ ਦੀ ਪੇਸ਼ਕਸ਼ ਆਈ ਤਾਂ ਮੈਨੂੰ ਕਾਫੀ ਰਿਆਜ਼ ਕਰਨਾ ਪਿਆ ਅਤੇ ਉਸ ਤੋਂ ਬਾਅਦ ਮੈਂ ਮਾਈਕ ਸਾਹਮਣੇ ਆਇਆ।' ਇਸ ਫ਼ਿਲਮ ਵਿਚ ਫੈਸਲ ਦੀ ਨਾਇਕਾ ਹੈ ਮੇਘਾ ਸ਼ਰਮਾ ਅਤੇ ਦੋਵਾਂ 'ਤੇ ਇਹ ਗੀਤ ਫਰਵਰੀ ਵਿਚ ਗੁਜਰਾਤ ਦੇ ਹਿਲ ਸਟੇਸ਼ਨ ਸਾਪੁਤਾਰਾ ਵਿਚ ਫ਼ਿਲਮਾਇਆ ਜਾਵੇਗਾ। ਇਹ ਵੀ ਅਜੀਬ ਸੰਯੋਗ ਕਿਹਾ ਜਾਵੇਗਾ ਕਿ ਵੱਡੇ ਭਰਾ ਨੇ ਆਪਣੇ ਗੀਤ ਵਿਚ ਮਹਾਰਾਸ਼ਟਰ ਦੇ ਹਿਲ ਸਟੇਸ਼ਨ ਖੰਡਾਲਾ ਦਾ ਜ਼ਿਕਰ ਕੀਤਾ ਸੀ ਤੇ ਛੋਟੇ ਭਰਾ ਦਾ ਗੀਤ ਗੁਜਰਾਤ ਦੇ ਹਿਲ ਸਟੇਸ਼ਨ 'ਤੇ ਫ਼ਿਲਮਾਇਆ ਜਾ ਰਿਹਾ ਹੈ।

-ਪੰਨੂੰ

ਪਹਿਲੀ ਵਾਰ ਕਾਮੇਡੀ ਕਰ ਰਹੀ ਹਾਂ - ਪ੍ਰਤਿਮਾ ਕਨਨ

'ਏਕ ਹਸੀਨਾ ਥੀ', 'ਗ਼ਦਰ ਏਕ ਪ੍ਰੇਮ ਕਥਾ', 'ਪਿੰਜਰ' ਸਮੇਤ ਹੋਰ ਫ਼ਿਲਮਾਂ ਵਿਚ ਨਾਂਹ-ਪੱਖੀ ਕਿਰਦਾਰ ਨਿਭਾਉਣ ਵਾਲੀ ਪ੍ਰਤਿਮਾ ਕਨਨ ਨੇ ਲੜੀਵਾਰਾਂ ਵਿਚ ਵੀ ਕੁਝ ਇਸੇ ਤਰ੍ਹਾਂ ਦੇ ਕਿਰਦਾਰ ਨਿਭਾਏ। ਚਿਹਰੇ 'ਤੇ ਗੁੱਸੇ ਵਾਲੇ ਭਾਵ ਲਿਆ ਕੇ ਉਹ ਹੁਣ ਤੱਕ ਕਿਰਦਾਰਾਂ 'ਤੇ ਆਪਣੀ ਧਾਕ ਜਮਾਉਂਦੀ ਰਹੀ ਹੈ। ਹੁਣ ਮੁਬੂ ਚੈਨਲ 'ਤੇ ਸ਼ੁਰੂ ਹੋਏ ਨਵੇਂ ਲੜੀਵਾਰ 'ਚੋਰ ਫੂਲਿਸ਼' ਵਿਚ ਪ੍ਰਤਿਮਾ ਦਾ ਨਵਾਂ ਰੂਪ ਦਰਸ਼ਕਾਂ ਸਾਹਮਣੇ ਪੇਸ਼ ਹੋਇਆ ਹੈ। ਇਸ ਤਰ੍ਹਾਂ ਦੀ ਅਨੋਖੀ ਭੂਮਿਕਾ ਬਾਰੇ ਪ੍ਰਤਿਮਾ ਕਹਿੰਦੀ ਹੈ, 'ਆਮ ਤੌਰ 'ਤੇ ਲੜੀਵਾਰਾਂ ਵਿਚ ਮਾਂ ਨੂੰ ਆਪਣੀ ਔਲਾਦ ਨੂੰ ਲੈ ਕੇ ਚਿੰਤਾ ਕਰਦੇ ਦਿਖਾਇਆ ਜਾਂਦਾ ਰਿਹਾ ਹੈ। ਜੇਕਰ ਸੱਸ ਹੈ ਤਾਂ ਉਹ ਹਰ ਵੇਲੇ ਨੂੰਹ ਨੂੰ ਤੇਵਰ ਦਿਖਾਉਂਦੀ ਰਹੇਗੀ ਪਰ 'ਚੋਰ ਫੂਲਿਸ਼' ਵਿਚ ਮੇਰੀ ਜੋ ਭੂਮਿਕਾ ਹੈ, ਉਹ ਇਨ੍ਹਾਂ ਭੂਮਿਕਾਵਾਂ ਤੋਂ ਵੱਖਰੀ ਹੈ। ਇਥੇ ਮਾਂ-ਬੇਟੇ ਤੇ ਸੱਸ-ਨੂੰਹ ਦੇ ਰਿਸ਼ਤੇ ਨੂੰ ਅਨੋਖੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਹ ਕਾਮੇਡੀ ਲੜੀਵਾਰ ਹੈ ਅਤੇ ਮੈਂ ਪਹਿਲੀ ਵਾਰ ਕੈਮਰੇ ਸਾਹਮਣੇ ਕਾਮੇਡੀ ਕਰ ਰਹੀ ਹਾਂ।
ਮੈਂ ਰੰਗਮੰਚ ਤੋਂ ਹਾਂ। ਰੰਗਮੰਚ ਦੇ ਕਲਾਕਾਰ ਨੂੰ ਵੱਖ-ਵੱਖ ਕਿਰਦਾਰ ਨਿਭਾਉਣ ਦੀ ਭੁੱਖ ਰਹਿੰਦੀ ਹੈ। ਉਹ ਆਪਣੀ ਇਮੇਜ਼ ਨੂੰ ਲੈ ਕੇ ਜ਼ਿਆਦਾ ਚਿੰਤਾ ਨਹੀਂ ਕਰਦੇ ਹਨ। ਜਦੋਂ ਮੈਨੂੰ ਇਹ ਭੂਮਿਕਾ ਪੇਸ਼ ਹੋਈ ਤਾਂ ਲੱਗਿਆ ਕਿ ਮਾਂ ਦੀਆਂ ਹੋਰ ਭੂਮਿਕਾਵਾਂ ਨਾਲੋਂ ਇਹ ਭੂਮਿਕਾ ਕਿਤੇ ਵੱਖਰੀ ਹੈ। ਲੜੀਵਾਰ ਵਿਚ ਮਾਂ ਦਾ ਇਸ ਤਰ੍ਹਾਂ ਦਾ ਕਿਰਦਾਰ ਪਹਿਲੀ ਵਾਰ ਪੇਸ਼ ਕੀਤਾ ਜਾ ਰਿਹਾ ਹੈ। ਮੈਂ ਇਕ ਨਾਟਕ 'ਮੋਲੀਅਰ' ਵਿਚ ਕਾਮੇਡੀ ਭੂਮਿਕਾ ਨਿਭਾਈ ਸੀ। ਉਹ ਮੋਟੀ ਔਰਤ ਦਾ ਕਿਰਦਾਰ ਸੀ। ਇਸ ਵਜ੍ਹਾ ਕਰਕੇ ਮੈਨੂੰ ਕਾਸਟ ਕੀਤਾ ਗਿਆ ਸੀ। ਇਸ ਵਿਚ ਮੇਰੇ ਹਿੱਸੇ ਕੋਈ ਸੰਵਾਦ ਨਹੀਂ ਸੀ। ਬਸ ਆਪਣੀਆਂ ਹਰਕਤਾਂ ਜ਼ਰੀਏ ਕਾਮੇਡੀ ਪੇਸ਼ ਕਰਨੀ ਸੀ। ਮੈਂ ਨਾਟਕਾਂ ਦੇ ਨਾਲ-ਨਾਲ ਫ਼ਿਲਮਾਂ ਅਤੇ ਲੜੀਵਾਰਾਂ ਵਿਚ ਬਹੁਤ ਕੰਮ ਕੀਤਾ ਹੈ ਪਰ ਇਥੇ ਕਾਮੇਡੀ ਕਰਕੇ ਦੇਖਿਆ ਕਿ ਇਹ ਅਭਿਨੈ ਦੀ ਸਭ ਤੋਂ ਮੁਸ਼ਕਿਲ ਵਿਧਾ ਹੈ। ਕਾਮੇਡੀ ਲਈ ਸਹੀ ਲੇਖਨ ਤੇ ਸਹੀ ਕਿਰਦਾਰ ਦੇ ਨਾਲ-ਨਾਲ ਸਹੀ ਟਾਈਮਿੰਗ ਦੀ ਵੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਤਿੰਨਾਂ ਦਾ ਤਾਲਮੇਲ ਸਹੀ ਬੈਠੇ ਉਦੋਂ ਜਾ ਕੇ ਦਰਸ਼ਕਾਂ ਦੇ ਚਿਹਰੇ 'ਤੇ ਹਾਸਾ ਲਿਆਉਣ ਵਿਚ ਕਾਮਯਾਬੀ ਮਿਲਦੀ ਹੈ।


-ਮੁੰਬਈ ਪ੍ਰਤੀਨਿਧ

ਫਰਹਾਨ ਹੁਣ ਬਾਕਸਰ ਦੀ ਭੂਮਿਕਾ ਵਿਚ

ਫਰਹਾਨ ਅਖ਼ਤਰ ਨੂੰ 'ਭਾਗ ਮਿਲਖਾ ਭਾਗ' ਵਿਚ ਮਿਲਖਾ ਸਿੰਘ ਦੀ ਭੂਮਿਕਾ ਵਿਚ ਚਮਕਾਉਣ ਵਾਲੇ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਹੁਣ ਆਪਣੀ ਅਗਲੀ ਫ਼ਿਲਮ ਵਿਚ ਫਰਹਾਨ ਅਖ਼ਤਰ ਨੂੰ ਬਾਕਸਰ ਦੀ ਭੂਮਿਕਾ ਵਿਚ ਚਮਕਾਉਣਗੇ। ਇਸ ਨਵੀਂ ਫ਼ਿਲਮ ਦਾ ਨਾਂਅ 'ਤੂਫਾਨ' ਰੱਖਿਆ ਗਿਆ ਹੈ ਅਤੇ ਨਿਰਦੇਸ਼ਕ ਇਹ ਸਫਾਈ ਦੇਣਾ ਨਹੀਂ ਭੁੱਲਦੇ ਕਿ ਇਹ ਬਾਇਓਪਿਕ ਨਹੀਂ ਹੈ। ਫ਼ਿਲਮ ਦੀ ਸ਼ੂਟਿੰਗ ਲਈ ਫਰਹਾਨ ਨੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਇਨ੍ਹੀਂ ਦਿਨੀਂ ਬਾਕਸਿੰਗ ਦੀ ਟ੍ਰੇਨਿੰਗ ਲੈ ਰਿਹਾ ਹੈ।


-ਮੁੰਬਈ ਪ੍ਰਤੀਨਿਧ

ਤਾਹਿਰਾ ਕਸ਼ਿਅਪ ਦੀ ਫ਼ਿਲਮ ਵਿਚ ਮਾਧੁਰੀ-ਸੈਂਯਾਮੀ

ਲਘੂ ਫਿਲਮ 'ਟਾਫੀ' ਬਣਾ ਕੇ ਵਾਹ ਵਾਹ ਖੱਟਣ ਵਾਲੀ ਨਿਰੇਦਸ਼ਿਕਾ ਤਾਹਿਰਾ ਕਸ਼ਿਅਪ ਹੁਣ ਫੀਚਰ ਫ਼ਿਲਮ ਨਿਰਦੇਸ਼ਿਤ ਕਰਨ ਜਾ ਰਹੀ ਹੈ। ਤਾਹਿਰਾ ਨੇ ਆਪਣੀ ਫ਼ਿਲਮ ਦਾ ਨਾਂਅ 'ਸ਼ਰਮਾ ਜੀ ਕੀ ਬੇਟੀ' ਰੱਖਿਆ ਹੈ ਅਤੇ ਇਸ ਲਈ ਮਾਧੁਰੀ ਦੀਕਸ਼ਿਤ ਤੇ 'ਮਿਰਜ਼ਿਆਂ' ਫੇਮ ਸੈਂਯਾਮੀ ਖੇਰ ਨੂੰ ਇਕਰਾਰਬੱਧ ਕਰ ਲਿਆ ਹੈ। ਇਸ ਮਹਿਲਾ ਪ੍ਰਧਾਨ ਫ਼ਿਲਮ ਵਿਚ ਸੈਂਯਾਮੀ ਕ੍ਰਿਕਟ ਖਿਡਾਰੀ ਵੀ ਨਜ਼ਰ ਆਵੇਗੀ।


-ਮੁੰਬਈ ਪ੍ਰਤੀਨਿਧ

ਅਮੀਨ ਹਾਜੀ ਨੇ ਪਾਇਆ ਨਿਰਦੇਸ਼ਕ ਦਾ ਚੋਲਾ

ਫ਼ਿਲਮ 'ਲਗਾਨ' ਵਿਚ ਬਾਘਾ ਦੀ ਭੂਮਿਕਾ ਨਿਭਾਉਣ ਵਾਲੇ ਅਮੀਨ ਹਾਜੀ ਬਾਅਦ ਵਿਚ 'ਮੰਗਲ ਪਾਂਡੇ' ਸਮੇਤ ਕੁਝ ਹੋਰ ਫ਼ਿਲਮਾਂ ਵਿਚ ਵੀ ਨਜ਼ਰ ਆਏ। ਕਲਾਕਾਰ ਤੋਂ ਬਾਅਦ ਹੁਣ ਅਮੀਰ ਨਿਰਦੇਸ਼ਕ ਵੀ ਬਣ ਗਏ ਹਨ ਅਤੇ ਉਨ੍ਹਾਂ ਨੇ ਕੁਨਾਲ ਕਪੂਰ ਤੇ ਅਮਾਇਰਾ ਦਸਤੂਰ ਨੂੰ ਲੈ ਕੇ ਥ੍ਰਿਲਰ ਫ਼ਿਲਮ 'ਕੋਈ ਜਾਨੇ ਨਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ਦੀ ਕਹਾਣੀ ਇਕ ਲਘੂ ਕਥਾ ਤੋਂ ਪ੍ਰੇਰਿਤ ਹੈ ਅਤੇ ਫ਼ਿਲਮ ਵਿਚ ਸੱਤ ਗੀਤ ਹੋਣਗੇ।


-ਮੁੰਬਈ ਪ੍ਰਤੀਨਿਧ

ਮਨੋਜ ਵਾਜਪਾਈ ਫਿਰ ਬਣਿਆ ਮਾਨ ਸਿੰਘ

ਸ਼ੇਖਰ ਕਪੂਰ ਵਲੋਂ ਨਿਰਦੇਸ਼ਿਤ ਫ਼ਿਲਮ 'ਬੈਂਡਿਟ ਕੁਈਨ' ਸਾਲ 1994 ਵਿਚ ਪ੍ਰਦਰਸ਼ਿਤ ਹੋਈ ਸੀ। ਇਸ ਫ਼ਿਲਮ ਰਾਹੀਂ ਮਨੋਜ ਵਾਜਪਾਈ ਨੂੰ ਵੱਡਾ ਮੌਕਾ ਮਿਲਿਆ ਸੀ। ਇਸ ਵਿਚ ਉਨ੍ਹਾਂ ਨੇ ਡਾਕੂ ਮਾਨ ਸਿੰਘ ਦੀ ਭੂਮਿਕਾ ਨਿਭਾਈ ਸੀ। ਹੁਣ 25 ਸਾਲ ਬਾਅਦ ਮਨੋਜ ਫਿਰ ਇਕ ਵਾਰ ਫ਼ਿਲਮ 'ਸੋਨਚਿੜੀਆ' ਵਿਚ ਡਾਕੂ ਮਾਨ ਸਿੰਘ ਦੀ ਭੂਮਿਕਾ ਵਿਚ ਦਿਖਾਈ ਦੇਵੇਗਾ। ਅਭਿਸ਼ੇਕ ਚੌਬੇ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਸੁਸ਼ਾਂਤ ਸਿੰਘ ਰਾਜਪੂਤ, ਭੂਮੀ ਪੇਡਣੇਕਰ, ਰਣਵੀਰ ਸ਼ੌਰੀ ਤੇ ਆਸ਼ੂਤੋਸ਼ ਰਾਣਾ ਵੀ ਹੈ।
ਆਪਣੇ ਇਸ ਕਿਰਦਾਰ ਬਾਰੇ ਮਨੋਜ ਕਹਿੰਦੇ ਹਨ, 'ਉਹ ਫ਼ਿਲਮ 'ਬੈਂਡਿਟ ਕੁਈਨ' ਵਿਚ ਮੇਰੀ ਜੋ ਭੂਮਿਕਾ ਸੀ, ਉਹ ਅਸਲ ਕਿਰਦਾਰ 'ਤੇ ਆਧਾਰਿਤ ਸੀ। ਫ਼ਿਲਮ ਵਿਚ ਫੂਲਨ ਦੇਵੀ, ਮਾਨ ਸਿੰਘ, ਵਿਕਰਮ ਮੱਲਾਹ, ਮਾਧੋ ਆਦਿ ਜੋ ਕਿਰਦਾਰ ਸਨ। ਉਹ ਸਾਰੇ ਅਸਲ ਕਿਰਦਾਰਾਂ ਤੋਂ ਪ੍ਰੇਰਿਤ ਸਨ। ਹੁਣ ਇਥੇ ਮੇਰਾ ਜੋ ਕਿਰਦਾਰ ਹੈ, ਉਸ ਦਾ ਨਾਂਅ ਮਾਨ ਸਿੰਘ ਜ਼ਰੂਰ ਹੈ ਪਰ ਇਹ ਭੂਮਿਕਾ ਡਾਕੂ ਮਾਨ ਸਿੰਘ 'ਤੇ ਆਧਾਰਿਤ ਨਹੀਂ ਹੈ। ਫ਼ਿਲਮ ਦੀ ਕਹਾਣੀ ਕਿਸੇ ਅਸਲ ਕਿਰਦਾਰ 'ਤੇ ਆਧਾਰਤ ਨਹੀਂ ਹੈ। ਇਹ ਕਹਾਣੀ ਨਿਰਦੇਸ਼ਕ ਦੀ ਆਪਣੀ ਕਲਪਨਾ ਸ਼ਕਤੀ ਦੀ ਉਪਜ ਹੈ। ਇਸ ਵਜ੍ਹਾ ਕਰ ਕੇ ਇਥੇ ਕਿਰਦਾਰਾਂ ਦੀ ਪੇਸ਼ਕਾਰੀ ਵਿਚ ਵੀ ਕਾਫੀ ਖੁੱਲ੍ਹ ਲਈ ਗਈ ਹੈ। ਹਾਂ, ਜਦੋਂ 'ਬੈਂਡਿਟ ਕੁਈਨ' ਬਣ ਰਹੀ ਸੀ ਉਦੋਂ ਮੈਂ ਕਾਫੀ ਸਮਾਂ ਉਨ੍ਹਾਂ ਪਿੰਡਾਂ ਵਿਚ ਬਿਤਾਇਆ ਸੀ ਜੋ ਡਾਕੂਆਂ ਦੇ ਪ੍ਰਭਾਵ ਹੇਠ ਸਨ। ਉਦੋਂ ਦਾ ਅਨੁਭਵ ਹੁਣ ਇਥੇ ਮੈਨੂੰ ਕਾਫੀ ਕੰਮ ਆਇਆ ਹੈ। ਇਸ ਫ਼ਿਲਮ ਦੀ ਸ਼ੂਟਿੰਗ ਵੀ ਚੰਬਲ ਦੀਆਂ ਘਾਟੀਆਂ ਵਿਚ ਕੀਤੀ ਗਈ ਹੈ ਕਿਉਂਕਿ ਹੁਣ ਪਹਿਲਾਂ ਵਰਗਾ ਡਾਕੂਆਂ ਦਾ ਖੌਫ ਨਹੀਂ ਰਿਹਾ, ਇਸ ਲਈ ਬੇਝਿਜਕ ਕੰਮ ਕਰਦੇ ਰਹੇ ਸਾਂ।
ਹੁਣ ਦੇਖਣਾ ਇਹ ਹੈ ਕਿ ਮਨੋਜ ਦੀ ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ ਵਿਚ ਡਾਕੂਆਂ ਦਾ ਖ਼ੌਫ ਪੈਦਾ ਕਰਨ ਵਿਚ ਕਿੰਨੀ ਕਾਮਯਾਬ ਹੁੰਦੀ ਹੈ।


-ਮੁੰਬਈ ਪ੍ਰਤੀਨਿਧ

ਸਿੱਖਿਆ ਦੇ ਵਪਾਰ 'ਤੇ ਬਣੀ ਬਲੈਕਬੋਰਡ ਵਰਸਿਸ ਵਾਈਟਬੋਰਡ

ਸਾਡੇ ਦੇਸ਼ ਦੀ ਸਿੱਖਿਆ ਵਿਵਸਥਾ ਨੂੰ ਮੁੱਖ ਰੱਖ ਕੇ 'ਥ੍ਰੀ ਈਡੀਅਟਸ', 'ਆਰਕਸ਼ਣ', 'ਪਾਠਸ਼ਾਲਾ', 'ਚਾਕ ਐਂਡ ਡੱਸਟਰ' ਸਮੇਤ ਹੋਰ ਵੀ ਕਈ ਫ਼ਿਲਮਾਂ ਬਣੀਆਂ ਹਨ। ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਨਵੇਂ ਨਿਰਦੇਸ਼ਕ ਤਰੁਣ ਬਿਸ਼ਟ 'ਬੈਲਕਬੋਰਡ ਵਰਸਿਸ ਵਾਈਟਬੋਰਡ' ਲੈ ਕੇ ਆਏ ਹਨ। ਇਥੇ ਪਿੰਡ ਦੀ ਸਕੂਲੀ ਸਿੱਖਿਆ ਪ੍ਰਥਾ ਨੂੰ ਕਹਾਣੀ ਵਿਚ ਪੇਸ਼ ਕੀਤਾ ਗਿਆ ਹੈ। ਅਮਿਤ (ਧਰਮਿੰਦਰ ਸਿੰਘ) ਪੜ੍ਹਾਈ ਵਿਚ ਆਮ ਜਿਹਾ ਮੁੰਡਾ ਹੈ। ਉਹ ਗ੍ਰੈਜੂਏਸ਼ਨ ਵਿਚ ਪਹਿਲੇ ਦਰਜੇ ਵਿਚ ਆਉਣਾ ਚਾਹੁੰਦਾ ਹੈ ਅਤੇ ਨਕਲ ਦਾ ਸਹਾਰਾ ਲੈ ਕੇ ਉਹ ਆਪਣੇ ਮਕਸਦ ਵਿਚ ਕਾਮਯਾਬ ਵੀ ਹੋ ਜਾਂਦਾ ਹੈ। ਜਦੋਂ ਉਹ ਨੌਕਰੀ ਲਈ ਇੰਟਰਵਿਊ ਦੇਣ ਜਾਂਦਾ ਹੈ ਤਾਂ ਉਥੇ ਉਸ ਦੀ ਕਮਜ਼ੋਰ ਪੜ੍ਹਾਈ ਦੀ ਪੋਲ ਖੁੱਲ੍ਹ ਜਾਂਦੀ ਹੈ ਅਤੇ ਉਹ ਚੰਗੀ ਨੌਕਰੀ ਹਾਸਲ ਕਰਨ ਵਿਚ ਨਕਾਮ ਰਹਿੰਦਾ ਹੈ। ਉਦੋਂ ਉਸ ਨੂੰ ਪੜ੍ਹਾਈ ਦੇ ਮਹੱਤਵ ਦਾ ਪਤਾ ਲੱਗਦਾ ਹੈ। ਆਪਣੇ ਨੇੜਲੇ ਸਕੂਲ ਵਿਚ ਪ੍ਰਾਇਮਰੀ ਸਿੱਖਿਅਕ ਦੀ ਨੌਕਰੀ ਹਾਸਲ ਕਰ ਲੈਂਦਾ ਹੈ। ਪਿੰਡ ਦਾ ਮੁਖੀਆ ਗਜ਼ਰਾਜ ਸਿੰਘ (ਅਸ਼ੋਕ ਸਮਰਥ) ਨੇ ਆਪਣਾ ਪ੍ਰਾਈਵੇਟ ਸਕੂਲ ਖੋਲ੍ਹਿਆ ਹੁੰਦਾ ਹੈ ਅਤੇ ਇਸ ਵਜ੍ਹਾ ਨਾਲ ਉਹ ਸਰਕਾਰੀ ਸਕੂਲ ਦੇ ਰੱਖ-ਰਖਾਓ ਪ੍ਰਤੀ ਧਿਆਨ ਨਹੀਂ ਦਿੰਦਾ ਹੈ ਅਤੇ ਸਕੂਲ ਦੇ ਪ੍ਰਿੰਸੀਪਲ ਦੀਨਾਨਾਥ (ਰਘੂਵੀਰ ਯਾਦਵ) ਵੀ ਆਪਣੀ ਸਕੂਲ ਦੀ ਹਾਲਤ ਨੂੰ ਲੈ ਕੇ ਚਿੰਤਤ ਹੈ ਪਰ ਉਹ ਬੇਵੱਸ ਹੈ। ਪਿੰਡ ਦੇ ਸਕੂਲ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਇਕ ਟੀ. ਵੀ. ਰਿਪੋਰਟਰ ਰਸ਼ਿਮ (ਅਲੀਸਮਿਤਾ ਗੋਸਵਾਮੀ) ਉਥੇ ਆਉਂਦੀ ਹੈ ਅਤੇ ਰਸ਼ਿਮ ਦੀ ਵਜ੍ਹਾ ਨਾਲ ਅਮਿਤ ਨੂੰ ਆਪਣੇ ਸਕੂਲ ਦੀ ਹਾਲਤ ਸੁਧਾਰਨ ਦੀ ਪ੍ਰੇਰਣਾ ਮਿਲਦੀ ਹੈ। ਜਦੋਂ ਸਕੂਲ ਦੇ ਪੱਧਰ ਵਿਚ ਸੁਧਾਰ ਹੋ ਜਾਂਦਾ ਹੈ ਤਾਂ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋਣ ਲਗਦਾ ਹੈ ਤੇ ਦੂਜੇ ਪਾਸੇ ਮੁਖੀਆ ਦੇ ਸਕੂਲ ਦੇ ਵਿਦਿਆਰਥੀ ਵੀ ਸਰਕਾਰੀ ਸਕੂਲ ਵਿਚ ਜਾਣਾ ਪਸੰਦ ਕਰਨ ਲਗਦੇ ਹਨ। ਇਸ ਵਜ੍ਹਾ ਕਰਕੇ ਮੁਖੀਆ ਸਰਕਾਰੀ ਸਕੂਲ ਦੇ ਖਿਲਾਫ਼ ਕਾਲੀਆਂ ਕਰਤੂਤਾਂ ਦਾ ਜਾਲ ਬਿਛਾਉਣ ਲਗਦਾ ਹੈ ਅਤੇ ਇਸ ਦਾ ਸਿੱਟਾ ਕੀ ਨਿਕਲਦਾ ਹੈ, ਇਹ ਫ਼ਿਲਮ 'ਚ ਦਿਖਾਇਆ ਗਿਆ ਹੈ।
ਮੁੱਖ ਰੂਪ ਨਾਲ ਰਾਂਚੀ ਨਾਲ ਲਗਦੇ ਪਿੰਡ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਵਿਚ ਪੰਕਜ ਝਾਅ, ਅਖਿਲੇਂਦਰ ਮਿਸ਼ਰਾ, ਸੰਨੀ ਸ਼ਰਮਾ, ਮਧੂ ਰਾਏ, ਸੋਨੂੰ ਸੋਨਾਰ ਆਦਿ ਨੇ ਵੀ ਅਭਿਨੈ ਕੀਤਾ ਹੈ ਅਤੇ ਫ਼ਿਲਮ ਦੀ ਇਕ ਖ਼ਾਸ ਗੱਲ ਇਹ ਵੀ ਹੈ ਕਿ ਰਘੂਵੀਰ ਯਾਦਵ ਨੇ ਇਸ ਦੇ ਦੋ ਗੀਤਾਂ ਲਈ ਆਵਾਜ਼ ਵੀ ਦਿੱਤੀ ਹੈ।

ਐਕਟਿੰਗ ਦਾ ਭੂਤ ਫ਼ਿਲਮਾਂ ਵੱਲ ਲੈ ਆਇਆ-ਮਧੁਮਿਤਾ ਬਿਸਵਾਸ

18 ਜਨਵਰੀ ਨੂੰ ਛੋਟੇ ਬੱਜਟ ਦੀ ਫ਼ਿਲਮ 'ਸਸਪੈਂਸ' ਪ੍ਰਦਰਸ਼ਿਤ ਹੋਈ ਅਤੇ ਇਸ ਦੇ ਨਾਲ ਹੀ ਛੱਤੀਸਗੜ੍ਹ ਦੇ ਰਾਏਪੁਰ ਦੀ ਰਹਿਣ ਵਾਲੀ ਮਧੁਮਿਤਾ ਬਿਸ਼ਵਾਸ ਨੇ ਫ਼ਿਲਮਾਂ ਵਿਚ ਦਾਖ਼ਲਾ ਲੈ ਲਿਆ ਹੈ। ਬਚਪਨ ਵਿਚ ਦੇਖਿਆ ਹੀਰੋਇਨ ਬਣਨ ਦਾ ਸੁਪਨਾ ਹੁਣ ਸੱਚ ਹੋਇਆ ਹੈ। ਉਂਜ ਜਦੋਂ ਉਹ ਪੜ੍ਹਾਈ ਕਰ ਰਹੀ ਸੀ ਤਾਂ ਪਿਤਾ ਦੀ ਇੱਛਾ ਸੀ ਕਿ ਉਹ ਡਾਕਟਰ ਬਣੇ ਅਤੇ ਪਿਤਾ ਦੀ ਇੱਛਾ ਦਾ ਮਾਣ ਰੱਖਦੇ ਹੋਏ ਉਸ ਨੇ ਬਾਇਓ ਤਕਨਾਲੋਜੀ ਵਿਚ ਐਮ. ਐਸ. ਸੀ. ਦੀ ਪੜ੍ਹਾਈ ਕੀਤੀ। ਪੜ੍ਹਾਈ ਪੂਰੀ ਕਰ ਲੈਣ ਤੋਂ ਬਾਅਦ ਉਸ ਨੂੰ ਲੱਗਿਆ ਕਿ ਪਿਤਾ ਦੀ ਇੱਛਾ ਤਾਂ ਪੂਰੀ ਕਰ ਦਿੱਤੀ ਪਰ ਅਭਿਨੈ ਵਿਚ ਨਾਂਅ ਕਮਾਉਣ ਦੀ ਆਪਣੀ ਇੱਛਾ ਅਧੂਰੀ ਰਹਿ ਜਾਵੇਗੀ। ਪਿਤਾ ਦੀ ਰਜ਼ਾਮੰਦੀ ਨਾਲ ਉਸ ਨੇ ਨਾਗਪੁਰ ਦੇ ਐਕਟਿੰਗ ਸਕੂਲ ਵਿਚ ਦਾਖ਼ਲਾ ਲਿਆ। ਉਦੋਂ ਪਿਤਾ ਨੇ ਸੋਚਿਆ ਸੀ ਕਿ ਬੇਟੀ ਦੇ ਸਿਰ ਤੋਂ ਐਕਟਿੰਗ ਦਾ ਭੂਤ ਲੱਥ ਜਾਵੇਗਾ ਅਤੇ ਉਹ ਵਾਪਸ ਆ ਜਾਵੇਗੀ। ਪਰ ਮਧੁਮਿਤਾ ਦੇ ਇਰਾਦੇ ਕੁਝ ਹੋਰ ਹੀ ਸਨ। ਛੇ ਮਹੀਨੇ ਦਾ ਐਕਟਿੰਗ ਕੋਰਸ ਕਰਨ ਤੋਂ ਬਾਅਦ ਉਹ ਮੁੰਬਈ ਪਹੁੰਚ ਗਈ ਅਤੇ ਉਸ ਨੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ।
ਸਤੰਬਰ 2015 ਵਿਚ ਉਹ ਮੁੰਬਈ ਪਹੁੰਚੀ ਅਤੇ ਕੰਮ ਮੰਗਣ ਲਈ ਨਿਰਮਾਤਾਵਾਂ ਨਾਲ ਸੰਪਰਕ ਕਰਨ ਲੱਗੀ। ਤਿੰਨ ਸਾਲ ਤੱਕ ਬਹੁਤ ਆਡੀਸ਼ਨ ਦਿੱਤੇ ਅਤੇ ਉਹ ਹੱਸਦੇ ਹੋਏ ਕਹਿੰਦੀ ਹੈ ਕਿ ਪੜ੍ਹਾਈ ਵਿਚ ਐਮ. ਐਸ. ਸੀ. ਕੀਤੀ ਹੈ ਤਾਂ ਆਡੀਸ਼ਨ ਵਿਚ ਬੀ. ਐਸ. ਸੀ. ਤਾਂ ਕਰ ਹੀ ਲਈ ਹੈ। ਖ਼ੈਰ, ਮੁੰਬਈ ਆਉਣ ਤੋਂ ਕੁਝ ਹਫ਼ਤੇ ਬਾਅਦ, ਉਸ ਨੂੰ ਲੜੀਵਾਰ 'ਭਾਗਿਆ ਲਕਸ਼ਮੀ' ਵਿਚ ਭੂਮਿਕਾ ਮਿਲੀ। ਇਹ ਛੋਟੀ ਜਿਹੀ ਭੂਮਿਕਾ ਸੀ, ਜੋ ਛੇ ਐਪੀਸੋਡ ਵਿਚ ਸਿਮਟ ਗਈ ਸੀ। ਇਸ ਛੋਟੀ ਭੂਮਿਕਾ ਦਾ ਵੱਡਾ ਫਾਇਦਾ ਇਹ ਮਿਲਿਆ ਕਿ ਬੇਟੀ ਨੂੰ ਟੀ. ਵੀ. 'ਤੇ ਦੇਖ ਕੇ ਪਿਤਾ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਆਪਣੇ ਅਭਿਨੈ ਨੂੰ ਲੈ ਕੇ ਕਿੰਨੀ ਗੰਭੀਰ ਹੈ। ਬਾਅਦ ਵਿਚ ਮਧੁਮਿਤਾ ਨੇ 'ਪਵਿੱਤਰ ਬੰਧਨ', 'ਕੁਮਕੁਮ ਭਾਗਿਆ', 'ਇਤਨਾ ਕਰੋ ਨਾ ਪਿਆਰ', 'ਯੇ ਰਿਸ਼ਤਾ ਕਿਆ ਕਹਿਲਾਤਾ ਹੈ', 'ਟੀਵੀ ਬੀਵੀ ਔਰ ਮੈਂ' ਸਮੇਤ ਦਸ ਲੜੀਵਾਰ ਕੀਤੇ ਅਤੇ ਅਖੀਰ 'ਸਸਪੈਂਸ' ਰਾਹੀਂ ਉਹ ਫ਼ਿਲਮ ਵਿਚ ਮੁੱਖ ਭੂਮਿਕਾ ਹਾਸਲ ਕਰਨ ਵਿਚ ਕਾਮਯਾਬ ਹੋ ਗਈ।
ਅਜੈ ਯਾਦਵ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਮਧੁਮਿਤਾ ਵਲੋਂ ਹੀਰੋ ਦੀ ਪਤਨੀ ਦੀ ਭੂਮਿਕਾ ਨਿਭਾਈ ਗਈ ਹੈ ਅਤੇ ਉਸ ਦੇ ਕਿਰਦਾਰ ਦਾ ਨਾਂਅ ਅਨੰਦਿਤਾ ਹੈ। ਇਸ ਕਿਰਦਾਰ ਨੂੰ ਨਿਭਾਉਣ ਲਈ ਉਸ ਨੂੰ ਵਿਸ਼ੇਸ਼ ਮਿਹਨਤ ਨਹੀਂ ਕਰਨੀ ਪਈ, ਕਿਉਂਕਿ ਇਹ ਭੂਮਿਕਾ ਘੁੰਮਣਘੇਰੀ ਵਾਲੀ ਨਹੀਂ ਹੈ।
ਹੁਣ ਇਸ ਫ਼ਿਲਮ ਦੀ ਬਦੌਲਤ ਉਸ ਨੂੰ ਦੋ ਹੋਰ ਵੱਡੀਆਂ ਫ਼ਿਲਮਾਂ ਦੀ ਪੇਸ਼ਕਸ਼ ਹੋਈ ਹੈ ਅਤੇ ਕਿਉਂਕਿ ਹੁਣ ਤੱਕ ਗੱਲ ਫਾਈਨਲ ਨਹੀਂ ਹੋਈ ਹੈ ਇਸ ਲਈ ਉਹ ਇਸ ਬਾਰੇ ਗੱਲ ਕਰਨਾ ਸਹੀ ਨਹੀਂ ਮੰਨਦੀ ਹੈ।
ਉਸ ਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਕਿਸੇ ਗਾਡ ਫਾਦਰ ਦੀ ਮਦਦ ਤੋਂ ਬਗੈਰ ਉਹ ਇਸ ਇੰਡਸਟਰੀ ਵਿਚ ਕਾਮਯਾਬੀ ਵੱਲ ਕਦਮ ਵਧਾਈ ਜਾ ਰਹੀ ਹੈ।






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX