ਤਾਜਾ ਖ਼ਬਰਾਂ


ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  18 minutes ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  22 minutes ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  59 minutes ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  about 1 hour ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  about 1 hour ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  about 1 hour ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  about 2 hours ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 3 hours ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  about 4 hours ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਹੋਰ ਖ਼ਬਰਾਂ..

ਨਾਰੀ ਸੰਸਾਰ

ਬੋਰਡ ਦੀ ਪ੍ਰੀਖਿਆ ਦੀ ਕਿਵੇਂ ਕਰੀਏ ਤਿਆਰੀ?

ਫਰਵਰੀ-ਮਾਰਚ ਦਾ ਮਹੀਨਾ ਬੋਰਡ ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ, ਜਦੋਂ ਉਨ੍ਹਾਂ ਦੀਆਂ ਪ੍ਰੀਖਿਆਵਾਂ ਹੋਣ ਵਾਲੀਆਂ ਹੁੰਦੀਆਂ ਹਨ। ਇਸ ਸਮੇਂ ਇਹ ਵਿਦਿਆਰਥੀ ਆਪਣੀ ਸਮਾਂ ਸਾਰਨੀ ਨਿਸਚਿਤ ਕਰਕੇ ਜੇਕਰ ਪ੍ਰੀਖਿਆ ਦੀ ਤਿਆਰੀ ਕਰਨ ਵਿਚ ਆਪਣਾ ਸਮਾਂ ਲਗਾਉਣ ਤਾਂ ਨਿਸਚੇ ਹੀ ਉਹ ਸਫ਼ਲਤਾ ਦੇ ਝੰਡੇ ਗੱਡ ਸਕਦੇ ਹਨ। ਪ੍ਰੀਖਿਆ ਦੇ ਇਸ ਦੌਰ ਵਿਚ ਉਨ੍ਹਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ, ਤਾਂ ਜੋ ਆਪਣੇ ਬੋਰਡ ਦੀਆਂ ਪ੍ਰੀਖਿਆਵਾਂ ਉਨ੍ਹਾਂ ਵਾਸਤੇ ਇਕ ਮੁਸ਼ਕਿਲ ਕਾਰਜ ਸਾਬਤ ਨਾ ਹੋ ਸਕਣ। ਉਂਜ ਤਾਂ ਮਾਪੇ ਅਤੇ ਅਧਿਆਪਕ ਸਾਰਾ ਸਾਲ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਨ-ਲਿਖਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਪਰ ਪ੍ਰੀਖਿਆਵਾਂ ਦੇ ਨੇੜੇ ਜਦੋਂ ਸਕੂਲ ਦਾ ਸਿਲੇਬਸ ਲਗਪਗ ਖ਼ਤਮ ਹੋ ਜਾਂਦਾ ਹੈ ਤੇ ਵਿਦਿਆਰਥੀਆਂ ਨੇ ਘਰ ਬੈਠ ਕੇ ਤਿਆਰੀ ਕਰਨੀ ਹੁੰਦੀ ਹੈ ਤਾਂ ਇਹ ਸਮਾਂ ਵਧੇਰੇ ਮਹੱਤਵਪੂਰਨ ਹੁੰਦਾ ਹੈ। ਆਓ, ਕੁਝ ਨੁਕਤਿਆਂ 'ਤੇ ਵਿਚਾਰ ਕਰਕੇ ਪ੍ਰੀਖਿਆ ਦੀ ਨਿਯਮਬੱਧ ਤਿਆਰੀ ਕਰਨ ਵਿਚ ਸਫ਼ਲ ਹੋਈਏ-
* ਸਭ ਤੋਂ ਪਹਿਲਾਂ ਬੋਰਡ ਪ੍ਰੀਖਿਆ ਦੀ ਡੇਟ-ਸ਼ੀਟ ਦੇ ਅਨੁਸਾਰ ਮਾਨਸਿਕ ਤੌਰ 'ਤੇ ਤਿਆਰ ਹੋਣਾ ਬਹੁਤ ਹੀ ਜ਼ਰੂਰੀ ਹੈ, ਤਾਂ ਜੋ ਪ੍ਰੀਖਿਆ ਲਈ ਆਪਣੇ ਮਨ ਅਤੇ ਤਨ ਨੂੰ ਤਿਆਰ ਕਰ ਸਕੀਏ। ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ ਦੋਵਾਂ ਦੇ ਪੇਪਰਾਂ ਦੀ ਗਿਣਤੀ ਵਿਚ ਫਰਕ ਹੁੰਦਾ ਹੈ ਪਰ ਦੋਵਾਂ ਦਾ ਪੜ੍ਹਨ ਅਤੇ ਤਿਆਰੀ ਕਰਨ ਦਾ ਢੰਗ ਇਕੋ ਜਿਹਾ ਹੋ ਸਕਦਾ ਹੈ। ਡੇਟ ਸ਼ੀਟ ਦੇ ਅਨੁਸਾਰ ਤਿਆਰੀ ਆਰੰਭ ਕਰਨ ਲਈ ਪਹਿਲਾਂ ਸਭ ਤੋਂ ਅਖੀਰਲੇ ਪੇਪਰ ਤੋਂ ਸ਼ੁਰੂ ਕਰਕੇ ਹੌਲੀ-ਹੌਲੀ ਪਹਿਲੇ ਪੇਪਰਾਂ ਤੱਕ ਆਉਣਾ ਚਾਹੀਦਾ ਹੈ।
* ਪੜ੍ਹਨ ਲਈ ਵੱਧ ਤੋਂ ਵੱਧ ਸਮਾਂ ਨਿਰਧਾਰਤ ਕਰਨਾ ਚਾਹੀਦਾ ਹੈ। ਆਪਣੇ ਪੜ੍ਹਨ ਦਾ ਸਮਾਂ ਨਿਸਚਿਤ ਕਰੋ। ਇਹ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਤੁਹਾਡੇ ਕਿੰਨੇ ਪੇਪਰ ਹਨ ਅਤੇ ਇਸ ਵਾਸਤੇ ਕਿੰਨੇ ਕੁ ਦਿਨ ਚਾਹੀਦੇ ਹਨ। ਕਈ ਵਿਸ਼ਿਆਂ ਨੂੰ ਜ਼ਿਆਦਾ ਦਿਨ ਚਾਹੀਦੇ ਹਨ ਅਤੇ ਕਈਆਂ ਨੂੰ ਘੱਟ। ਕੋਸ਼ਿਸ਼ ਕਰੋ ਕਿ ਦਿਨ ਵਿਚ ਕੇਵਲ ਇਕ ਵਿਸ਼ੇ ਉੱਪਰ ਹੀ ਕੇਂਦਰਤ ਰਹੋ, ਨਾ ਕਿ ਸਾਰੇ ਵਿਸ਼ੇ ਇਕੱਠੇ ਸ਼ੁਰੂ ਕਰ ਲਵੋ। ਇਕ ਪੇਪਰ ਨੂੰ ਤਸੱਲੀਬਖਸ਼ ਦਿਨ ਦੇ ਕੇ ਦੂਜਾ ਪੇਪਰ ਸ਼ੁਰੂ ਕੀਤਾ ਜਾਣਾ ਜ਼ਰੂਰੀ ਹੈ।
* ਆਪਣੇ ਪੜ੍ਹਨ ਦਾ ਸਥਾਨ ਨਿਸਚਿਤ ਕਰਕੇ ਬੈਠੋ, ਕਮਰੇ ਵਿਚ ਢੁਕਵੀਂ ਰੌਸ਼ਨੀ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ। ਆਪਣੇ ਬੈਠਣ ਦਾ ਸਹੀ ਪ੍ਰਬੰਧ, ਆਪਣੀ ਕੰਪਿਊਟਰ ਗੇਮ, ਮੋਬਾਈਲ ਫੋਨ ਆਦਿ ਕੋਲ ਰੱਖ ਕੇ ਨਾ ਪੜ੍ਹੋ, ਕਿਉਂਕਿ ਮਨ ਬਹੁਤ ਚੰਚਲ ਹੈ, ਤੁਹਾਡਾ ਧਿਆਨ ਵੰਡਿਆ ਜਾਵੇਗਾ। ਇਸ ਲਈ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਕੇਵਲ ਆਪਣੇ ਉਦੇਸ਼ 'ਤੇ ਹੀ ਨਿਗ੍ਹਾ ਰੱਖੋ।
* ਜਿਨ੍ਹਾਂ ਵਿਸ਼ਿਆਂ ਜਿਵੇਂ ਸਾਇੰਸ, ਗਣਿਤ ਆਦਿ ਵਿਚ ਡਾਇਆਗ੍ਰਾਮ ਜਾਂ ਕੋਈ ਚਿੱਤਰ ਬਣਾਉਣ ਦੀ ਲੋੜ ਹੁੰਦੀ ਹੈ, ਉਨ੍ਹਾਂ ਦੀ ਪ੍ਰੈਕਟਿਸ ਜਾਂ ਅਭਿਆਸ ਬਹੁਤ ਜ਼ਰੂਰੀ ਹੈ। ਇਸ ਵਾਸਤੇ ਸਮਾਂ ਜ਼ਰੂਰ ਕੱਢੋ ਅਤੇ ਸਿੱਖੋ।
* ਇਕ ਬਹੁਤ ਜ਼ਰੂਰੀ ਨੁਕਤਾ ਕਿ ਪਿਛਲੇ ਬੋਰਡ ਇਮਤਿਹਾਨਾਂ ਦੇ ਪੇਪਰ ਹੱਲ ਕਰਕੇ ਦੇਖੋ ਅਤੇ ਇਹ ਵੀ ਨਿਸਚਿਤ ਕਰੋ ਕਿ ਤੁਹਾਨੂੰ ਕੋਈ ਪੇਪਰ ਹੱਲ ਕਰਨ ਵਿਚ ਕਿੰਨਾ ਸਮਾਂ ਲੱਗ ਜਾਂਦਾ ਹੈ। ਕਿਉਂਕਿ ਪੇਪਰ ਵਿਚ ਸਮੇਂ ਦੀ ਸਹੀ ਵੰਡ ਹੀ ਸਮੇਂ ਸਿਰ ਪੇਪਰ ਖ਼ਤਮ ਕਰਨ ਵਿਚ ਸਹਾਇਤਾ ਕਰ ਸਕਦੀ ਹੈ।
* ਜੇਕਰ ਪਿਛਲੇ ਪੇਪਰਾਂ ਦਾ ਕੋਈ ਪ੍ਰਸ਼ਨ ਹੱਲ ਨਹੀਂ ਹੋ ਰਿਹਾ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ, ਸਗੋਂ ਆਪਣੇ ਅਧਿਆਪਕ ਜਾਂ ਵੱਡੇ ਭੈਣ-ਭਰਾ ਦੀ ਮਦਦ ਲੈ ਕੇ ਉਸ ਦਾ ਹੱਲ ਕਰੋ।
* ਆਪਣੇ ਦੋਸਤਾਂ ਅਤੇ ਭੈਣ-ਭਰਾਵਾਂ ਦੀ ਮਦਦ ਲੈ ਕੇ ਆਪਣੇ ਯਾਦ ਕੀਤੇ ਪ੍ਰਸ਼ਨਾਂ ਦੇ ਉੱਤਰ ਜ਼ਰੂਰਤ ਅਨੁਸਾਰ ਆਪਣੇ ਵੱਡੇ ਭੈਣ-ਭਰਾ ਨੂੰ ਸੁਣਾ ਕੇ ਹੋਰ ਪੱਕੀ ਤਰ੍ਹਾਂ ਯਾਦ ਕਰ ਸਕਦੇ ਹੋ।
* ਆਪਣੀ ਦਿਨ ਭਰ ਦੀ ਪੜ੍ਹਾਈ ਦੌਰਾਨ ਵਿਚ-ਵਿਚ ਥੋੜ੍ਹਾ ਸਮਾਂ ਵਿਹਲ ਵੀ ਜ਼ਰੂਰੀ ਹੈ। ਲਗਾਤਾਰ ਕਈ ਘੰਟੇ ਪੜ੍ਹਨ ਨਾਲ ਊਰਜਾ ਅਤੇ ਸ਼ਕਤੀ ਵਧੇਰੇ ਲਗਦੀ ਹੈ, ਇਸ ਲਈ ਵਿਚ-ਵਿਚ ਉੱਠ ਕੇ ਕੋਈ ਗੀਤ ਸੁਣਨਾ, ਖੇਡਣਾ, ਖਾਣਾ-ਪੀਣਾ, ਵੱਡਿਆਂ ਜਾਂ ਛੋਟਿਆਂ ਨਾਲ ਗੱਲਬਾਤ ਕਰਨੀ ਦਿਮਗ ਤਰੋਤਾਜ਼ਾ ਕਰ ਦਿੰਦੀ ਹੈ। ਕੁਝ ਵਿਦਿਆਰਥੀ ਸਵੇਰ ਵੇਲੇ ਵਧੀਆ ਤਰ੍ਹਾਂ ਮਨ ਲਾ ਕੇ ਪੜ੍ਹ ਸਕਦੇ ਹਨ ਤੇ ਕੁਝ ਦੁਪਹਿਰ ਜਾਂ ਸ਼ਾਮ ਵੇਲੇ ਵਧੇਰੇ ਚੰਗੀ ਤਰ੍ਹਾਂ ਪੜ੍ਹਦੇ ਹਨ, ਇਸ ਲਈ ਆਪਣੀ ਸੁਵਿਧਾ ਅਨੁਸਾਰ ਸਮਾਂ ਚੁਣ ਕੇ ਵਿਚੋਂ ਵਿਹਲ ਮਾਨਣਾ ਵੀ ਜ਼ਰੂਰੀ ਹੈ।
* ਬੋਰਡ ਪ੍ਰੀਖਿਆਵਾਂ ਦੀ ਤਿਆਰੀ ਦੌਰਾਨ ਇਹ ਜ਼ਰੂਰੀ ਹੈ ਕਿ ਭੋਜਨ ਵੀ ਬਹੁਤ ਗੁਣਕਾਰੀ ਖਾਧਾ ਜਾਵੇ। ਕਿਉਂਕਿ ਜੋ ਅਸੀਂ ਖਾਂਦੇ ਹਾਂ, ਉਹ ਸਾਨੂੰ ਊਰਜਾ ਦੇਣ ਵਿਚ ਮਦਦ ਕਰਦਾ ਹੈ। ਮੱਛੀ, ਬਦਾਮ, ਅਖਰੋਟ, ਦਹੀਂ, ਦੁੱਧ, ਪਨੀਰ ਅਤੇ ਵਿਟਾਮਨ ਭਰਪੂਰ ਸਬਜ਼ੀਆਂ ਦਾ ਸੇਵਨ ਕਰਨ ਨਾਲ ਅਸੀਂ ਤਰੋਤਾਜ਼ਾ ਮਹਿਸੂਸ ਕਰਦੇ ਹਾਂ ਤੇ ਵਧੇਰੇ ਸਮਾਂ ਪੜ੍ਹਨ ਵਿਚ ਬਿਤਾ ਸਕਦੇ ਹਾਂ।
* ਕੁਝ ਵਿਦਿਆਰਥੀਆਂ ਦਾ ਬੋਰਡ ਪ੍ਰੀਖਿਆ ਕੇਂਦਰ ਘਰ ਤੋਂ ਨੇੜੇ ਹੁੰਦਾ ਹੈ ਤੇ ਕੁਝ ਦਾ ਦੂਰ ਹੁੰਦਾ ਹੈ। ਇਹ ਨਿਸਚਿਤ ਕਰਕੇ ਚੱਲੋ ਕਿ ਤੁਹਾਨੂੰ ਘਰ ਤੋਂ ਕਿੰਨਾ ਸਮਾਂ ਆਪਣੇ ਪ੍ਰੀਖਿਆ ਕੇਂਦਰ ਤੱਕ ਪਹੁੰਚਣ ਲਈ ਲੱਗੇਗਾ। ਸਮੇਂ ਦੀ ਕਦਰ ਕਰਦੇ ਹੋਏ ਆਪਣੀ ਪ੍ਰੀਖਿਆ ਦੇਣ ਜਾਣ ਦੀ ਦੂਰੀ ਸਬੰਧੀ ਸੁਚੇਤ ਰਹੋ।
* ਪੜ੍ਹਾਈ ਦੌਰਾਨ ਪਾਣੀ ਲਗਾਤਾਰ ਪੀਂਦੇ ਰਹੋ। ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਬਹੁਤ ਧਿਆਨ ਅਤੇ ਸਮਾਂ ਮੰਗਦੀ ਹੈ। ਇਸ ਲਈ ਵਧੇਰੇ ਯਤਨਸ਼ੀਲ ਰਹੋ। ਆਪਣੇ ਸਾਰੇ ਵਿਸ਼ਿਆਂ ਦੀ ਦੁਹਰਾਈ ਦੌਰਾਨ ਪਾਣੀ ਪੀਣ ਲਈ ਲਗਾਤਾਰ ਧਿਆਨ ਦਿਓ। ਇਸ ਨਾਲ ਤਾਜ਼ਗੀ ਅਤੇ ਤੰਦਰੁਸਤੀ ਬਣੀ ਰਹੇਗੀ।
* ਪਿਆਰੇ ਬੱਚਿਓ, ਬਹੁਤ ਹੀ ਜ਼ਰੂਰੀ ਹੈ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਮੁਨਾਸਿਬ ਨੀਂਦ ਲੈਣਾ। ਲੋੜੀਂਦੀ ਨੀਂਦ ਪੂਰੀ ਹੋ ਜਾਣ ਨਾਲ ਹੀ ਆਰਾਮ ਮਹਿਸੂਸ ਹੁੰਦਾ ਹੈ ਤੇ ਪੜ੍ਹੀ ਹੋਈ ਸਮੱਗਰੀ ਯਾਦ ਰਹਿ ਸਕਦੀ ਹੈ।
* ਪ੍ਰਸ਼ਨਾਂ ਦੇ ਉੱਤਰਾਂ ਨੂੰ ਰੱਟਾ ਨਹੀਂ ਲਾਉਣਾ ਚਾਹੀਦਾ, ਸਗੋਂ ਸਮਝ ਕੇ ਪੜ੍ਹਨਾ ਜ਼ਿਆਦਾ ਜ਼ਰੂਰੀ ਹੈ। ਪਹਿਲਾਂ ਕਿਸੇ ਸੰਕਲਪ ਨੂੰ ਸਮਝੋ, ਫਿਰ ਯਾਦ ਕਰੋ।
* ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਤਾਂ ਵਧੇਰੇ ਪੜ੍ਹਨਾ ਜ਼ਰੂਰੀ ਹੈ ਪਰ ਬਿਹਤਰ ਹੈ ਜੇ ਸਾਰਾ ਸਾਲ ਹੀ ਵਧੀਆ ਢੰਗ ਨਾਲ ਤਿਆਰੀ ਕੀਤੀ ਜਾਂਦੀ ਰਹੇ। ਸਮੁੱਚੇ ਸਿਲੇਬਸ ਨੂੰ ਧਿਆਨ ਨਾਲ ਜੇਕਰ ਸ਼ੁਰੂ ਤੋਂ ਹੀ ਪੜ੍ਹਦੇ ਰਹੀਏ ਤਾਂ ਮੁਸ਼ਕਿਲ ਘੱਟ ਆਵੇਗੀ। ਲੋੜ ਤੋਂ ਵਧੇਰੇ ਪੜ੍ਹਨ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ, ਇਸ ਲਈ ਜਾਗਰੂਕ ਰਹਿਣਾ ਚਾਹੀਦਾ ਹੈ।
* ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਜੋ ਚੀਜ਼ਾਂ ਔਖੀਆਂ ਹਨ, ਯਾਦ ਨਹੀਂ ਰਹਿੰਦੀਆਂ, ਉਨ੍ਹਾਂ ਨੂੰ ਇਕ ਚਾਰਟ ਉੱਤੇ ਲਿਖ ਲੈਣਾ ਚਾਹੀਦਾ ਹੈ ਅਤੇ ਆਪਣੇ ਕਮਰੇ ਵਿਚ ਕਿਤੇ ਚਿਪਕਾ ਲੈਣਾ ਚਾਹੀਦਾ ਹੈ।
* ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਸਮੇਂ ਆਪਣਾ ਆਤਮ-ਵਿਸ਼ਵਾਸ ਕਾਇਮ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਕੁਝ ਵੀ ਮੁਸ਼ਕਿਲ ਨਹੀਂ ਹੈ। ਸਿਲੇਬਸ ਦੀ ਦੁਹਰਾਈ ਵੀ ਬਹੁਤ ਜ਼ਰੂਰੀ ਹੈ। ਫਾਰਮੂਲੇ, ਨਕਸ਼ਾ ਜਾਂ ਹੋਰ ਡਾਇਆਗਰਾਮ ਅਲੱਗ ਯਾਦ ਤੇ ਤਿਆਰ ਕਰਨੇ ਚਾਹੀਦੇ ਹਨ।
* ਆਪਣੇ ਅਧਿਆਪਕਾਂ ਨਾਲ ਸੰਪਰਕ ਰੱਖ ਕੇ ਮੁਸ਼ਕਿਲ ਪ੍ਰਸ਼ਨ ਜਾਂ ਕੋਈ ਸੰਕਲਪ ਪੁੱਛ ਲੈਣਾ ਜ਼ਰੂਰੀ ਹੈ।
ਪਿਆਰੇ ਬੱਚਿਓ, ਬੋਰਡ ਦੀ ਪ੍ਰੀਖਿਆ ਚਾਹੇ ਉਹ ਦਸਵੀਂ ਦੀ ਹੋਵੇ ਜਾਂ ਬਾਰ੍ਹਵੀਂ ਦੀ, ਦੋਵੇਂ ਹੀ ਮਿਹਨਤ ਮੰਗਦੀਆਂ ਹਨ। ਇਨ੍ਹਾਂ ਦਿਨਾਂ ਵਿਚ ਆਪਣੇ-ਆਪ ਨੂੰ ਸੋਸ਼ਲ ਮੀਡੀਆ ਅਤੇ ਹੋਰ ਧਿਆਨ ਵੰਡਣ ਵਾਲੀਆਂ ਚੀਜ਼ਾਂ ਤੋਂ ਧਿਆਨ ਹਟਾ ਕੇ ਮਿਹਨਤ ਅਤੇ ਲਗਨ ਜ਼ਰੂਰੀ ਹੈ। ਕਿਸੇ ਵਿਸ਼ੇ ਸਬੰਧੀ ਡਰ ਮਨ ਵਿਚ ਨਾ ਰੱਖਿਆ ਜਾਵੇ, ਨਾ ਹੀ ਆਪਣੀ ਸੋਚ ਨੂੰ ਨਕਾਰਾਤਮਿਕ ਰੱਖਿਆ ਜਾਵੇ। ਕੁਝ ਵੀ ਹੋਵੇ, ਜੇਕਰ ਅਸੀਂ ਸਫ਼ਲਤਾ ਚਾਹੁੰਦੇ ਹਾਂ ਤਾਂ ਲਗਨ, ਮਿਹਨਤ ਜ਼ਰੂਰੀ ਹੈ। ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਆਉਣ ਵਾਲੀਆਂ ਜਮਾਤਾਂ ਅਤੇ ਵਿੱਦਿਅਕ ਕੈਰੀਅਰ ਦਾ ਆਧਾਰ ਹਨ, ਇਨ੍ਹਾਂ ਲਈ ਜੇਕਰ ਤੁਸੀਂ ਸਹੀ ਢੰਗ ਨਾਲ ਮਿਹਨਤ ਕਰ ਲਵੋ ਤਾਂ ਚੰਗੇ ਅੰਕ ਆ ਸਕਦੇ ਹਨ। ਵਿਸ਼ਿਆਂ ਦੀ ਸਹੀ ਤਰਤੀਬ, ਸਮੇਂ ਦੀ ਯੋਗ ਵੰਡ ਅਤੇ ਇਕਾਗਰਤਾ, ਲਗਨ ਅਤੇ ਮਿਹਨਤ ਨਾਲ ਹੀ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ। ਇਸ ਸਭ ਕਾਸੇ ਲਈ ਮਾਪਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਅੰਤ ਵਿਚ 'ਅਜੀਤ' ਦੇ ਸਮੂਹ ਪਾਠਕਾਂ ਨੂੰ, ਜੋ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਲਈ ਯਤਨਸ਼ੀਲ ਹਨ, ਸ਼ੁੱਭ ਇੱਛਾਵਾਂ।

-ਐਚ.ਐਮ.ਵੀ., ਜਲੰਧਰ।


ਖ਼ਬਰ ਸ਼ੇਅਰ ਕਰੋ

ਜ਼ਿੰਦਗੀ ਜਿਊਣ ਲਈ ਰਿਸ਼ਤਿਆਂ ਵਿਚ ਪਿਆਰ ਜ਼ਰੂਰੀ ਹੈ

ਸਰਬ-ਸਾਂਝੀ ਮਨੁੱਖਤਾ ਦਾ ਸੰਦੇਸ਼ ਦੇਣ ਵਾਲੀ ਸਾਡੀ ਸੰਸਕ੍ਰਿਤੀ ਅੱਜ ਦਿਨੋ-ਦਿਨ ਅਲੋਪ ਹੁੰਦੀ ਜਾ ਰਹੀ ਹੈ। ਮਨੁੱਖਤਾ ਲਈ ਪਿਆਰ ਵੰਡਣ ਅਤੇ ਆਪਣਾ ਸਰਬੰਸ ਕੁਰਬਾਨ ਕਰਨ ਵਾਲੀ, ਰਿਸ਼ਤਿਆਂ ਦੀ ਵਿਰਾਸਤ ਅੱਜ ਖੁਦ ਹੀ ਡਾਵਾਂਡੋਲ ਹੋ ਰਹੀ ਹੈ। ਸਾਡੀ ਸੰਸਕ੍ਰਿਤਕ ਵਿਰਾਸਤ ਨੇ ਸਾਡੇ ਮਨਾਂ ਅੰਦਰਲੇ ਅਮੀਰੀ-ਗਰੀਬੀ, ਊਚ-ਨੀਚ ਦੇ ਹਨੇਰੇ ਨੂੰ ਦੂਰ ਕਰ ਸਬਰ, ਹਿੰਮਤ ਤੇ ਹਮੇਸ਼ਾ ਦੂਜਿਆਂ ਲਈ ਮਾਰਗ-ਦਰਸ਼ਕ ਬਣਨ ਦਾ ਸੁਨੇਹਾ ਦਿੱਤਾ। ਸਾਡੀ ਇਕ ਵੱਖਰੀ ਮਰਿਆਦਾ, ਵੱਖਰੀ ਜੀਵਨ ਜਾਚ, ਵੱਖਰੇ ਹੌਸਲੇ, ਵੱਖਰੀ ਸ਼ਖ਼ਸੀਅਤ ਅੱਜ ਗੁਆਚਦੀ ਪ੍ਰਤੀਤ ਹੋ ਰਹੀ ਹੈ।
ਆਪਣੇ ਜੀਵਨ ਦੀਆਂ ਜ਼ਰੂਰਤਾਂ ਤੇ ਲੋੜਾਂ ਨੂੰ ਅਸੀਂ ਬਹੁਤ ਜ਼ਿਆਦਾ ਵਧਾ ਲਿਆ ਹੈ ਅਤੇ ਆਪਣੇ-ਆਪ ਨੂੰ ਹਰ ਪੱਖੋਂ ਮੁਕੰਮਲ ਬਣਾਉਣ ਲਈ ਦਿਨ-ਰਾਤ ਭੱਜ ਰਹੇ ਹਾਂ। ਇਸ ਲਈ ਅਸੀਂ ਹਰ ਰੋਜ਼ ਨਵੇਂ-ਨਵੇਂ ਸ਼ਾਰਟਕੱਟ ਲੱਭਣ ਦੀ ਕੋਸ਼ਿਸ਼ ਕਰਦੇ ਫਿਰਦੇ ਹਾਂ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਝੂਠ, ਫਰੇਬ, ਰਿਸ਼ਵਤਖੋਰੀ ਜਾਂ ਕਿਸੇ ਵੀ ਅਨੈਤਿਕ ਰਾਹ 'ਤੇ ਤੁਰਨ ਤੋਂ ਗੁਰੇਜ਼ ਨਹੀਂ ਕਰਦੇ। ਸਾਡੇ ਵਲੋਂ ਕੀਤੇ ਗਏ ਇਨ੍ਹਾਂ ਕੰਮਾਂ ਦਾ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ 'ਤੇ ਚੰਗਾ ਜਾਂ ਮਾੜਾ ਅਸਰ ਜ਼ਰੂਰ ਪੈਣਾ ਹੈ। ਭੌਤਿਕ ਵਸਤਾਂ ਜ਼ਿੰਦਗੀ ਲਈ ਜ਼ਰੂਰੀ ਹਨ ਪਰ ਜ਼ਿੰਦਗੀ ਤੋਂ ਵੱਧ ਜ਼ਰੂਰੀ ਨਹੀਂ ਹਨ। ਅੱਜਕਲ੍ਹ ਰਿਸ਼ਤਿਆਂ ਵਿਚਲੀ ਸਾਂਝ ਅਤੇ ਪਿਆਰ ਘਟਦਾ ਜਾ ਰਿਹਾ ਹੈ। ਭੈਣ-ਭਰਾ ਦੇ ਰਿਸ਼ਤਿਆਂ ਦੀ ਨਿੱਘ ਦੇ ਤਿਉਹਾਰ ਰੱਖੜੀ ਦੇ ਮੋਹ ਦੇ ਧਾਗੇ ਦੀਆਂ ਤੰਦਾਂ ਅੱਜ ਕਮਜ਼ੋਰ ਪ੍ਰਤੀਤ ਹੋ ਰਹੀਆਂ ਹਨ। ਵਿਆਹ ਦੀ ਰਸਮ ਵੀ ਇਕ ਸੌਦਾ ਬਣਦੀ ਜਾ ਰਹੀ ਹੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪਤੀ-ਪਤਨੀ ਦੇ ਪਾਕ ਰਿਸ਼ਤਿਆਂ ਵਿਚ ਵੀ ਦਰਾੜ ਪੈ ਰਹੀ ਹੈ। ਅੱਜ ਹਰ ਵਿਅਕਤੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਵਿਚ ਆਜ਼ਾਦੀ ਅਤੇ ਖੁੱਲ੍ਹ ਚਾਹੁੰਦਾ ਹੈ ਪਰ ਇਸ ਆਜ਼ਾਦੀ ਲਈ ਉਸ ਨੇ ਆਪਣੀ ਸੋਚ ਨੂੰ ਗੁਲਾਮ ਬਣਾ ਲਿਆ ਹੈ। ਨਾਨੀ-ਦਾਦੀ ਦੀਆਂ ਪਿਆਰ, ਸਬਰ, ਹਿੰਮਤ ਅਤੇ ਕਲਪਨਾ ਸ਼ਕਤੀ ਨਾਲ ਭਰੀਆਂ ਕਹਾਣੀਆਂ ਅੱਜਕਲ੍ਹ ਮੋਬਾਈਲ ਦੀਆਂ ਰਿੰਗ ਟੋਨਾਂ ਪਿੱਛੇ ਗੁਆਚ ਗਈਆਂ ਹਨ।
ਗੱਲ ਸਿਰਫ ਇਹ ਹੈ ਕਿ ਭੌਤਿਕ ਅਵਸਥਾ ਅਤੇ ਸੁੱਖਾਂ ਦੀ ਦੌੜ ਵਿਚ ਅਸੀਂ ਆਪਣੇ ਰਿਸ਼ਤਿਆਂ ਵਿਚਲੀ ਸਾਂਝ ਅਤੇ ਪਿਆਰ ਨੂੰ ਬਹੁਤ ਪਿੱਛੇ ਛੱਡਦੇ ਜਾ ਰਹੇ ਹਾਂ। ਸਾਂਝੇ ਪਰਿਵਾਰ ਟੁੱਟਣ ਕਰਕੇ ਇਕੱਠੇ ਪਰਿਵਾਰਾਂ ਦੀ ਕਹਾਣੀ ਹੋਰ ਵੀ ਦਰਦਨਾਕ ਹੈ। ਜਿਨ੍ਹਾਂ ਪਰਿਵਾਰਾਂ ਵਿਚ ਪਤੀ-ਪਤਨੀ ਦੋਵੇਂ ਹੀ ਨੌਕਰੀਪੇਸ਼ਾ ਹਨ, ਬਹੁਤੇ ਮਾਤਾ-ਪਿਤਾ ਆਪਣੇ ਉਮਰ ਭਰ ਦੀ ਕਮਾਈ ਕਰਨ ਤੋਂ ਬਾਅਦ ਆਪਣਾ ਬੁਢਾਪਾ ਬਿਰਧ ਆਸ਼ਰਮਾਂ ਅਤੇ ਅਨਾਥ ਬੱਚੇ ਯਤੀਮਖਾਨਿਆਂ ਵਿਚ ਬਤੀਤ ਕਰਨ ਲਈ ਮਜਬੂਰ ਹੁੰਦੇ ਜਾ ਰਹੇ ਹਨ। ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲ-ਦਲ ਵਿਚ ਫਸ ਕੇ ਆਪਣੀ ਜਵਾਨੀ ਬਰਬਾਦ ਕਰ ਰਹੀ ਹੈ। ਆਪਣੇ ਚੰਗੇ ਸੰਸਕਾਰਾਂ ਅਤੇ ਫ਼ਰਜ਼ਾਂ ਤੋਂ ਮੂੰਹ ਮੋੜ ਅਸੀਂ ਆਪਣੀਆਂ ਜੜ੍ਹਾਂ ਨੂੰ ਖੋਖਲਾ ਕਰ ਲਿਆ ਹੈ। ਜੜ੍ਹ ਦੇ ਬਿਨਾਂ ਨਾ ਤਾਂ ਕੋਈ ਵਸਤੂ ਜਿਊਂਦਾ ਰਹਿ ਸਕਦੀ ਹੈ ਅਤੇ ਨਾ ਹੀ ਉਸ ਦਾ ਕੋਈ ਵਿਕਾਸ ਹੋ ਸਕਦਾ ਹੈ।
ਅੱਜ ਲੋੜ ਹੈ ਆਪਣੀ ਨਵੀਂ ਪੀੜ੍ਹੀ ਵਿਚ ਚੰਗੇ ਸੰਸਕਾਰਾਂ ਅਤੇ ਫਰਜ਼ਾਂ ਨੂੰ ਬੀਜਣ ਦੀ। ਇਸ ਲਈ ਜ਼ਰੂਰੀ ਹੈ ਸਾਡੇ ਪਵਿੱਤਰ ਰਿਸ਼ਤਿਆਂ ਵਿਚ ਪਿਆਰ ਅਤੇ ਨਿੱਘ ਹੋਵੇ, ਚੰਗੇ ਸਮਾਜ ਦੀ ਸਿਰਜਣਾ ਲਈ ਜ਼ਰੂਰੀ ਹੈ ਸੁਹਜਤਾ ਅਤੇ ਇਮਾਨਦਾਰੀ ਦੀ ਖੁਸ਼ਬੂ ਅਤੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਮਾਂ ਦੇ ਕੇ ਰਿਸ਼ਤਿਆਂ ਦੇ ਨਵੇਂ ਅਤੇ ਸੋਹਣੇ ਫੁੱਲਾਂ ਦਾ ਬੀਜ ਬੀਜੀਏ। ਆਪਣੀ ਵੱਖਰੀ ਸਰਬ-ਸਾਂਝੀ ਸੰਸਕ੍ਰਿਤੀ ਲਈ ਆਪਣੇ ਰਿਸ਼ਤਿਆਂ ਨਾਲ ਹਰੇਕ ਸੁੱਖ-ਦੁੱਖ ਦੇ ਪਲਾਂ ਵਿਚ ਆਪਣੇ ਪਿਆਰ ਰੂਪੀ ਹਵਾ ਨੂੰ ਵੱਧ ਤੋਂ ਵੱਧ ਜਗ੍ਹਾ ਦੇਈਏ। ਮਰ ਰਹੇ ਰਿਸ਼ਤਿਆਂ ਨੂੰ ਮਿਠਾਸ ਅਤੇ ਹੌਸਲੇ ਨਾਲ ਮੁੜ ਤੋਂ ਸੁਰਜੀਤ ਕਰੀਏ, ਕਿਉਂਕਿ ਜ਼ਿੰਦਗੀ ਜਿਊਣ ਲਈ ਰਿਸ਼ਤਿਆਂ ਵਿਚ ਪਿਆਰ ਜ਼ਰੂਰੀ ਹੈ।


-ਸ: ਸ: ਸ: ਮਗਰ ਸਾਹਿਬ।

ਭੋਜਨ ਪਰੋਸਣਾ ਵੀ ਇਕ ਕਲਾ ਹੈ

ਦਾਅਵਤ ਖਵਾਉਂਦੇ ਸਮੇਂ ਇਨ੍ਹਾਂ ਅਸਾਵਧਾਨੀਆਂ ਤੋਂ ਬਚੋ ਤਾਂ ਕਿ ਤੁਹਾਡੀ ਦਾਅਵਤ ਦੀ ਪ੍ਰਸੰਸਾ ਹੋ ਸਕੇ। ਇਹ ਅਸਾਵਧਾਨੀਆਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ ਜਿਵੇਂ ਤੁਸੀਂ ਖਾਣਾ ਖਵਾਉਂਦੇ-ਪਿਲਾਉਂਦੇ ਦੂਜੇ ਕੰਮਾਂ ਵਿਚ ਜੁਟੇ ਹੋਏ ਹੋ। ਅਜਿਹਾ ਵੀ ਹੋ ਸਕਦਾ ਹੈ ਕਿ ਤੁਸੀਂ ਖਾਣਾ ਏਨਾ ਪਰੋਸ ਦਿਓ ਕਿ ਵਿਅਰਥ ਸੁੱਟਣਾ ਪਵੇ ਜਾਂ ਏਨਾ ਘੱਟ ਪਰੋਸੋ ਕਿ ਵਾਰ-ਵਾਰ ਮੰਗਣਾ ਪਵੇ। ਇਨ੍ਹਾਂ ਅਸਾਵਧਾਨੀਆਂ ਤੋਂ ਬਚਣ ਲਈ ਸਮੁੱਚਾ ਪ੍ਰਬੰਧ ਯੋਜਨਾਬੱਧ ਹੋਣਾ ਚਾਹੀਦਾ ਹੈ ਅਤੇ ਭੋਜਨ ਪਰੋਸਦੇ ਸਮੇਂ ਅਤੇ ਖਵਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖੋ-
* ਜਦੋਂ ਖਾਣਾ ਤਿਆਰ ਹੋ ਜਾਵੇ ਤਾਂ ਅਜਿਹੇ ਭਾਂਡਿਆਂ ਵਿਚ ਰੱਖੋ ਜੋ ਤੁਹਾਡੇ ਡਾਇਨਿੰਗ ਟੇਬਲ ਦੀ ਸ਼ੋਭਾ ਵਧਾਉਣ। ਫੁਲ ਪਲੇਟਸ ਵਿਚ ਰੋਟੀ, ਪੂੜੀ, ਨਾਨ ਆਦਿ ਰੱਖੋ। ਚੌਲ ਪੁਲਾਵ ਆਦਿ ਰਾਈਸ ਪਲੇਟਾਂ ਵਿਚ ਰੱਖੋ। ਡੌਂਗਿਆਂ ਵਿਚ ਸਬਜ਼ੀਆਂ ਰੱਖੋ।
* ਰੋਟੀ, ਪੂੜੀ ਆਦਿ ਤੋਂ ਇਲਾਵਾ ਕਿਸੇ ਚੀਜ਼ ਨੂੰ ਹੱਥ ਨਾਲ ਨਾ ਪਰੋਸੋ। ਸਾਰੀਆਂ ਚੀਜ਼ਾਂ ਨੂੰ ਪਰੋਸਣ ਲਈ ਛੋਟੇ-ਵੱਡੇ ਚਮਚ ਦੀ ਵਰਤੋਂ ਕਰੋ। * ਖਾਣੇ ਨੂੰ ਡਾਇਨਿੰਗ ਟੇਬਲ 'ਤੇ ਰੱਖਣ ਦੇ ਪ੍ਰਬੰਧ ਕਰਨ ਤੋਂ ਬਾਅਦ ਤੁਸੀਂ ਪਰੋਸਣ ਦੀ ਉਡੀਕ ਕਰੋ। ਕ੍ਰਾਕਰੀ ਵਿਚ ਫੁਲ ਪਲੇਟਾਂ, ਡੂੰਘੀਆਂ ਪਲੇਟਾਂ, ਟੀ-ਸਪੂਨ, ਛੁਰੀ, ਕਾਂਟੇ, ਖਾਣ ਵਾਲੇ ਮੈਂਬਰਾਂ ਦੇ ਅਨੁਸਾਰ ਮੇਜ਼ ਦੇ ਚਾਰੋ ਪਾਸੇ ਸਲੀਕੇ ਨਾਲ ਰੱਖੋ। ਚਮਚ, ਛੁਰੀ, ਕਾਂਟਾ ਹਰੇਕ ਪਲੇਟ ਦੇ ਨਾਲ ਰੱਖੋ।
* ਪਾਣੀ ਦੇ ਗਿਲਾਸ ਸ਼ੁਰੂ ਵਿਚ ਹੀ ਭਰ ਕੇ ਹਰ ਇਕ ਦੇ ਖੱਬੇ ਹੱਥ ਵੱਲ ਰੱਖ ਦਿਓ ਅਤੇ ਮੇਜ਼ ਦੇ ਵਿਚੋ-ਵਿਚ ਪਾਣੀ ਦਾ ਇਕ ਭਰਿਆ ਹੋਇਆ ਜੱਗ ਰੱਖ ਦਿਓ ਤਾਂ ਕਿ ਲੋੜ ਅਨੁਸਾਰ ਪਾਣੀ ਹੋਰ ਲਿਆ ਜਾ ਸਕੇ। * ਰੋਟੀ ਜਾਂ ਪੂੜੀ ਫੁਲ ਪਲੇਟਾਂ ਵਿਚ ਪਰੋਸੋ, ਡੂੰਘੀਆਂ ਪਲੇਟਾਂ ਜਾਂ ਸਟੀਲ ਦੀਆਂ ਕਟੋਰੀਆਂ ਵਿਚ ਸਬਜ਼ੀਆਂ ਰੱਖੋ। ਦਹੀਂ, ਰਾਇਤਾ ਆਦਿ ਵੀ ਡੂੰਘੀਆਂ ਪਲੇਟਾਂ ਵਿਚ ਪਰੋਸੋ।
* ਭੋਜਨ ਨੂੰ ਡਾਇਨਿੰਗ ਟੇਬਲ 'ਤੇ ਸਜਾ ਕੇ ਤੁਸੀਂ ਮਹਿਮਾਨਾਂ ਨੂੰ ਬੇਨਤੀ ਕਰੋ ਕਿ ਉਹ ਆਪਣੀ ਇੱਛਾ ਅਤੇ ਰੁਚੀ ਅਨੁਸਾਰ ਖੁਦ ਪਰੋਸਣ। ਇਸ ਦਾ ਲਾਭ ਇਹ ਹੁੰਦਾ ਹੈ ਕਿ ਭੋਜਨ ਵਿਅਰਥ ਨਹੀਂ ਜਾਂਦਾ ਅਤੇ ਲੋੜ ਅਨੁਸਾਰ ਮਹਿਮਾਨ ਖੁਦ ਦੁਬਾਰਾ ਲੈ ਸਕਦਾ ਹੈ।
* ਬੱਚਿਆਂ ਨੂੰ ਭੋਜਨ ਪਰੋਸਦੇ ਸਮੇਂ ਵਿਸ਼ੇਸ਼ ਧਿਆਨ ਦਿਓ। ਜੇ ਉਹ ਖੁਦ ਪਰੋਸ ਰਿਹਾ ਹੈ ਜਾਂ ਤੁਸੀਂ ਪਰੋਸ ਰਹੇ ਹੋ ਤਾਂ ਜ਼ਿਆਦਾ ਨਾ ਪਰੋਸੋ। ਬੱਚੇ ਨੂੰ ਥੋੜ੍ਹਾ-ਥੋੜ੍ਹਾ ਪਾ ਕੇ ਦਿਓ ਅਤੇ ਉਸ ਨੂੰ ਵਿਚ-ਵਿਚ ਪੁੱਛਦੇ ਰਹੋ ਕਿ ਉਸ ਨੂੰ ਕੀ ਚਾਹੀਦਾ।
* ਭੋਜਨ ਕਰਦੇ ਸਮੇਂ ਏਨੇ ਸੁਚੇਤ ਰਹੋ ਕਿ ਖਾਣਾ ਖਾਣ ਵਾਲਾ ਕਿਸੇ ਚੀਜ਼ ਦੀ ਕਮੀ ਮਹਿਸੂਸ ਨਾ ਕਰੇ।
* ਭੋਜਨ ਸਮੇਂ ਕਦੇ ਵੀ ਘਰ ਦੀਆਂ ਸਮੱਸਿਆਵਾਂ ਦੀ ਚਰਚਾ ਜਾਂ ਵਾਦ-ਵਿਵਾਦ ਨਹੀਂ ਕਰਨਾ ਚਾਹੀਦਾ।
* ਜਦੋਂ ਭੋਜਨ ਖ਼ਤਮ ਹੋ ਜਾਵੇ ਤਾਂ ਤੁਸੀਂ ਕੁਝ ਮਿੱਠਾ, ਜੋ ਤੁਸੀਂ ਤਿਆਰ ਰੱਖਿਆ ਹੋਇਆ ਹੋਵੇ, ਪਲੇਟ ਜਾਂ ਤਸ਼ਤਰੀ ਵਿਚ ਰੱਖ ਕੇ ਲੈ ਆਓ ਅਤੇ ਪਰੋਸੋ। * ਅੰਤ ਵਿਚ ਤੁਸੀਂ ਹੱਥ ਧੁਆਉਣ ਲਈ ਪਾਣੀ ਅਤੇ ਤੌਲੀਆ ਤਿਆਰ ਰੱਖੋ।
ਇਨ੍ਹਾਂ ਸਭ ਗੱਲਾਂ ਦਾ ਧਿਆਨ ਰੱਖਦੇ ਹੋਏ ਜੇ ਤੁਸੀਂ ਆਪਣੀ ਸੂਝ-ਬੂਝ ਨਾਲ ਕਿਸੇ ਦਾਅਵਤ ਦਾ ਸਹੀ ਪ੍ਰਬੰਧ ਕਰੋਗੇ ਤਾਂ ਤੁਸੀਂ ਸਭ ਦੀ ਪ੍ਰਸੰਸਾ ਦੇ ਪਾਤਰ ਬਣੋਗੇ।

ਗਰਭਵਤੀ ਔਰਤਾਂ ਲਈ ਸੁੰਦਰਤਾ ਟਿਪਸ

ਗਰਭ ਅਵਸਥਾ ਦੌਰਾਨ ਹਾਰਮੋਨਸ ਵਿਚ ਬਦਲਾਅ ਨਾਲ ਕਈ ਔਰਤਾਂ ਦੀ ਚਮੜੀ ਵਿਚ ਨਿਖਾਰ ਆਉਣ ਦੇ ਨਾਲ ਹੀ ਚਿਹਰੇ ਦੀ ਚਮਕ ਵਧ ਜਾਂਦੀ ਹੈ। ਇਸ ਦੌਰਾਨ ਕਈ ਔਰਤਾਂ ਵਿਚ ਨਹੁੰ ਮਜ਼ਬੂਤ ਅਤੇ ਵਾਲ ਸੰਘਣੇ ਅਤੇ ਲੰਬੇ ਹੋ ਜਾਂਦੇ ਹਨ। ਪਰ ਕਈ ਔਰਤਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਗਰਭ ਅਵਸਥਾ ਦੇ ਦੌਰਾਨ ਚਮੜੀ ਸਬੰਧੀ ਕੁਝ ਸਮੱਸਿਆਵਾਂ ਉੱਭਰ ਆਉਂਦੀਆਂ ਹਨ। ਗਰਭ ਅਵਸਥਾ ਦੌਰਾਨ ਚਿਹਰੇ 'ਤੇ ਨਿਖਾਰ ਬਣਾਈ ਰੱਖਣ ਲਈ ਪੌਸ਼ਟਿਕ ਭੋਜਨ, ਲੋੜੀਂਦੀ ਨੀਂਦ ਅਤੇ ਸੰਪੂਰਨ ਆਰਾਮ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਚਮੜੀ ਨੂੰ ਕਲੀਜ਼ਿੰਗ ਜੈੱਲ ਨਾਲ ਹਰ ਰੋਜ਼ ਦੋ ਵਾਰ ਸਾਫ ਕਰਨਾ ਚਾਹੀਦਾ ਹੈ। ਦਿਨ ਵਿਚ ਚਮੜੀ 'ਤੇ ਮਾਇਸਚਰਾਈਜ਼ਿੰਗ ਲੋਸ਼ਨ ਅਤੇ ਸਨਸਕਰੀਨ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਰਾਤ ਨੂੰ ਚੰਗੀ ਗੁਣਵੱਤਾ ਦੀ ਨਾਰਿਸ਼ਿੰਗ ਕ੍ਰੀਮ ਲਗਾ ਕੇ ਚਮੜੀ ਦੀ ਕੁਝ ਮਿੰਟਾਂ ਤੱਕ ਉਪਰਲੇ ਪਾਸੇ ਨੂੰ ਮਾਲਿਸ਼ ਕਰਕੇ ਇਸ ਨੂੰ ਗਿੱਲੇ ਰੂੰ ਨਾਲ ਸਾਫ ਕਰ ਦਿਓ।
ਤੇਲੀ ਚਮੜੀ ਲਈ ਕਲੀਜ਼ਿੰਗ ਲੋਸ਼ਨ ਦੀ ਵਰਤੋਂ ਕਰੋ। ਇਕ ਸਕਰੱਬ ਨੂੰ ਹਫ਼ਤੇ ਵਿਚ 2-3 ਵਾਰ ਵਰਤੋ। ਪਰ ਸਕਰੱਬ ਵਰਤਣ ਤੋਂ ਪਹਿਲਾਂ ਇਹ ਦੇਖ ਲਓ ਕਿ ਚਮੜੀ 'ਤੇ ਕੋਈ ਫੋੜੇ, ਫਿੰਨਸੀਆਂ ਆਦਿ ਨਾ ਹੋਣ। ਇਸ ਨਾਲ ਚਮੜੀ ਦੇ ਮੁਸਾਮਾਂ ਨੂੰ ਤੇਲੀ ਪਦਾਰਥਾਂ ਤੋਂ ਮੁਕਤ ਕਰਨ ਵਿਚ ਮਦਦ ਮਿਲੇਗੀ। ਗਰਭ ਅਵਸਥਾ ਦੌਰਾਨ ਔਰਤਾਂ ਦੇ ਚਿਹਰੇ 'ਤੇ ਦਾਗ, ਧੱਬੇ, ਅਕਸਰ ਉੱਭਰ ਆਉਂਦੇ ਹਨ। ਇਹ ਦਾਗ-ਧੱਬੇ ਅਕਸਰ ਔਰਤਾਂ ਦੀਆਂ ਗੱਲ੍ਹਾਂ, ਮੱਥੇ, ਨੱਕ ਜਾਂ ਠੋਡੀ 'ਤੇ ਜ਼ਿਆਦਾਤਰ ਦੇਖੇ ਜਾ ਸਕਦੇ ਹਨ। ਇਨ੍ਹਾਂ ਦਾਗ-ਧੱਬਿਆਂ ਤੋਂ ਬਚਣ ਲਈ ਸਨਸਕ੍ਰੀਨ ਦੀ ਵਰਤੋਂ ਬਹੁਤ ਮਹੱਤਵਪੂਰਨ ਹੁੰਦੀ ਹੈ। ਜਿਥੋਂ ਤੱਕ ਸੰਭਵ ਹੋਵੇ, ਦੁਪਹਿਰ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਸੂਰਜ ਦੀਆਂ ਸਿੱਧੀਆਂ ਕਿਰਨਾਂ ਦੇ ਸਾਹਮਣੇ ਜਾਣ ਤੋਂ ਪ੍ਰਹੇਜ਼ ਕਰੋ। ਇਸ ਦੌਰਾਨ ਉੱਚ ਐਸ.ਪੀ.ਐਫ. ਵਾਲੀ ਸਨਸਕ੍ਰੀਨ ਦੀ ਹੀ ਵਰਤੋਂ ਕਰੋ। ਇਸ ਸਨਸਕਰੀਨ ਨੂੰ ਘਰੋਂ ਨਿਕਲਣ ਤੋਂ 20 ਮਿੰਟ ਪਹਿਲਾਂ ਲਗਾ ਲਓ ਤਾਂ ਕਿ ਇਹ ਤੁਹਾਡੀ ਚਮੜੀ ਵਿਚ ਪੂਰੀ ਤਰ੍ਹਾਂ ਸੋਖ ਜਾਵੇ। ਜੇ ਤੁਸੀਂ ਸੂਰਜ ਦੀਆਂ ਕਿਰਨਾਂ ਵਿਚ ਲੰਬੇ ਸਮੇਂ ਤੱਕ ਰਹਿੰਦੇ ਹੋ ਤਾਂ ਸਨਸਕ੍ਰੀਨ ਨੂੰ ਦੁਬਾਰਾ ਲਗਾ ਲਓ। ਜੇ ਤੁਹਾਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਸੁੰਦਰਤਾ ਮਾਹਿਰ ਦੀ ਸਲਾਹ ਲੈਣ ਅਤੇ ਇਲਾਜ ਕਰਾਉਣ ਵਿਚ ਕਦੇ ਸੰਕੋਚ ਨਾ ਕਰੋ। ਜੇ ਚਮੜੀ 'ਤੇ ਕੋਈ ਫੋੜੇ, ਫਿੰਨਸੀਆਂ ਆਦਿ ਨਹੀਂ ਹਨ ਤਾਂ ਫੇਸ਼ੀਅਲ ਸਕਰੱਬ ਅਤੇ ਫੇਸ਼ੀਅਲ ਕ੍ਰੀਮ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ।
ਘਰੇਲੂ ਇਲਾਜ ਦੇ ਤੌਰ 'ਤੇ ਦਹੀਂ ਵਿਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਇਸ ਦਾ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਹਰ ਰੋਜ਼ ਦਾਗ-ਧੱਬਿਆਂ 'ਤੇ 20 ਮਿੰਟ ਤੱਕ ਲਗਾ ਕੇ ਬਾਅਦ ਵਿਚ ਇਸ ਨੂੰ ਸਾਫ ਪਾਣੀ ਨਾਲ ਧੋ ਦਿਓ। ਸ਼ਹਿਦ ਅਤੇ ਨਿੰਬੂ ਦੇ ਰਸ ਦਾ ਮਿਸ਼ਰਣ ਤਿਆਰ ਕਰਕੇ ਇਸ ਮਿਸ਼ਰਣ ਨੂੰ ਚਿਹਰੇ ਦੇ ਦਾਗ-ਧੱਬਿਆਂ 'ਤੇ ਹਰ ਰੋਜ਼ 30 ਮਿੰਟ ਲਗਾ ਕੇ ਇਸ ਨੂੰ ਸਾਫ ਤਾਜ਼ੇ ਪਾਣੀ ਨਾਲ ਧੋ ਦਿਓ।
ਇਸ ਦੌਰਾਨ ਹਫ਼ਤੇ ਵਿਚ ਦੋ ਵਾਰ ਫੇਸ ਮਾਸਕ ਦੀ ਜ਼ਰੂਰ ਵਰਤੋਂ ਕਰੋ। 2 ਚਮਚ ਚੋਕਰ, ਇਕ ਚਮਚ ਬਦਾਮ ਦਾ ਚੂਰਾ, ਸ਼ਹਿਦ, ਦਹੀਂ ਅਤੇ ਨਿੰਬੂ ਦੇ ਰਸ ਦਾ ਮਿਸ਼ਰਣ ਬਣਾ ਲਓ ਅਤੇ ਇਸ ਮਿਸ਼ਰਣ ਨੂੰ ਬੁੱਲ੍ਹਾਂ ਅਤੇ ਅੱਖਾਂ ਤੋਂ ਇਲਾਵਾ ਬਾਕੀ ਪੂਰੇ ਚਿਹਰੇ 'ਤੇ ਲਗਾ ਲਓ ਅਤੇ ਅੱਧੇ ਘੰਟੇ ਬਾਅਦ ਸਾਫ, ਤਾਜ਼ੇ ਪਾਣੀ ਨਾਲ ਧੋ ਦਿਓ।
ਇਹ ਦਾਗ-ਧੱਬੇ ਆਮ ਤੌਰ 'ਤੇ ਚਮੜੀ ਵਿਚ ਬਹੁਤ ਜ਼ਿਆਦਾ ਖਿਚਾਅ ਦੀ ਵਜ੍ਹਾ ਨਾਲ ਪੈਂਦੇ ਹਨ। ਚਮੜੀ ਵਿਚ ਬਹੁਤ ਜ਼ਿਆਦਾ ਖਿਚਾਅ ਤੰਤ੍ਰਿਕਾਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਚਮੜੀ ਵਿਚ ਲਚਕੀਲਾਪਨ ਖ਼ਤਮ ਹੋ ਜਾਂਦਾ ਹੈ, ਅਚਾਨਕ ਸਰੀਰਕ ਭਾਰ ਵਧਣ ਤੋਂ ਬਾਅਦ ਭਾਰ ਘਟਣ ਨਾਲ ਵੀ ਦਾਗ-ਧੱਬੇ ਪੈ ਜਾਂਦੇ ਹਨ। ਇਹ ਦਾਗ-ਧੱਬੇ ਚਮੜੀ ਦੇ ਵੱਖ-ਵੱਖ ਭਾਗਾਂ 'ਤੇ ਦੇਖੇ ਜਾ ਸਕਦੇ ਹਨ। ਖਾਸ ਕਰਕੇ ਪੇਟ ਦੀ ਚਮੜੀ 'ਤੇ। ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਹ ਦਾਗ-ਧੱਬੇ ਚਮੜੀ ਦੀ ਬਾਹਰੀ ਪਰਤ 'ਤੇ ਹੀ ਨਹੀਂ ਹੁੰਦੇ, ਸਗੋਂ ਚਮੜੀ ਦੀ ਹੇਠਲੀ ਪਰਤ 'ਤੇ ਖਿਚਾਅ ਕਰਕੇ ਮੁੱਖ ਰੂਪ ਵਿਚ ਪਾਏ ਜਾਂਦੇ ਹਨ।
ਹਾਲਾਂਕਿ ਇਹ ਦਾਗ-ਧੱਬੇ ਕੁਝ ਸਮੇਂ ਬਾਅਦ ਆਪਣੇ-ਆਪ ਹੀ ਫਿੱਕੇ ਪੈ ਜਾਂਦੇ ਹਨ ਪਰ ਇਹ ਪੂਰੀ ਤਰ੍ਹਾਂ ਕਦੇ ਨਹੀਂ ਜਾਂਦੇ। ਇਸ ਲਈ ਗਰਭਧਾਰਨ ਕਰਨ ਤੋਂ ਤੁਰੰਤ ਬਾਅਦ ਤੁਹਾਨੂੰ ਪੇਟ ਦੀ ਮਾਲਿਸ਼ ਲਈ ਇਕ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ, ਜਿਸ ਨਾਲ ਚਮੜੀ ਦਾ ਖਿਚਾਅ ਬਰਕਰਾਰ ਰੱਖਿਆ ਜਾ ਸਕੇ। ਤਿਲ ਜਾਂ ਜੈਤੂਨ ਦੇ ਤੇਲ ਨਾਲ ਪੇਟ ਦੀ ਮਾਲਿਸ਼ ਨਾਲ ਇਹ ਦਾਗ-ਧੱਬੇ ਫਿੱਕੇ ਪੈ ਜਾਂਦੇ ਹਨ।
ਬੇਸਣ ਦੇ ਆਟੇ ਨੂੰ ਦਹੀਂ ਅਤੇ ਹਲਦੀ ਵਿਚ ਮਿਲਾ ਕੇ ਬਣਾਏ ਮਿਸ਼ਰਣ ਨੂੰ ਚਮੜੀ ਦੇ ਪ੍ਰਭਾਵਿਤ ਹਿੱਸਿਆਂ 'ਤੇ ਹਫਤੇ ਵਿਚ ਦੋ ਵਾਰ ਅੱਧੇ ਘੰਟੇ ਤੱਕ ਲਗਾਉਣ ਤੋਂ ਬਾਅਦ ਇਸ ਨੂੰ ਸਾਫ ਤਾਜ਼ੇ ਪਾਣੀ ਨਾਲ ਧੋ ਦਿਓ ਤਾਂ ਇਸ ਨਾਲ ਦਾਗ-ਧੱਬੇ ਮਿਟਾਉਣ ਵਿਚ ਮਦਦ ਮਿਲੇਗੀ।

ਸਰਦੀਆਂ ਦੇ ਪਕਵਾਨ ਬਣਾਓ ਅਤੇ ਖਵਾਓ

ਵੇਸਣ ਦੇ ਸਮੋਸੇ
ਸਮੱਗਰੀ : ਵੇਸਣ 15 ਗ੍ਰਾਮ, ਮੈਦਾ 250 ਗ੍ਰਾਮ, ਪੀਸਿਆ ਧਨੀਆ ਇਕ ਛੋਟਾ ਚਮਚ, ਲਾਲ ਮਿਰਚ ਇਕ ਛੋਟਾ ਚਮਚ, ਅਮਚੂਰ ਇਕ ਛੋਟਾ ਚਮਚ, ਗਰਮ ਮਸਾਲਾ ਇਕ ਚਮਚ, ਘਿਓ 150 ਗ੍ਰਾਮ ਅਤੇ ਨਮਕ ਸਵਾਦ ਅਨੁਸਾਰ।
ਵਿਧੀ : ਵੇਸਣ ਨੂੰ ਦੋ ਵੱਡੇ ਚਮਚ ਘਿਓ ਵਿਚ ਪਾ ਕੇ ਕੜਾਹੀ ਵਿਚ ਭੁੰਨ ਲਓ। ਜਦੋਂ ਵੇਸਣ ਦਾ ਰੰਗ ਬਦਾਮੀ ਹੋਣ ਲੱਗੇ ਅਤੇ ਮਹਿਕ ਆਉਣ ਲੱਗੇ ਤਾਂ ਸਭ ਮਸਾਲੇ ਮਿਲਾ ਕੇ ਅੱਗ ਉੱਤੋਂ ਲਾਹ ਲਓ। ਇਸ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਗਿੱਲਾ ਕਰ ਲਓ। ਹੁਣ ਮੈਦੇ ਵਿਚ ਬਚੇ ਹੋਏ ਘਿਓ ਨੂੰ ਉਂਗਲੀਆਂ ਨਾਲ ਹਲਕਾ-ਹਲਕਾ ਮਿਲਾ ਲਓ।
ਥੋੜ੍ਹਾ ਨਮਕ ਮਿਲਾ ਕੇ ਪੂੜੀ ਦੇ ਆਟੇ ਦੀ ਤਰ੍ਹਾਂ ਗੁੰਨ੍ਹ ਲਓ। ਛੋਟੀਆਂ-ਛੋਟੀਆਂ ਲੋਈਆਂ ਬਣਾ ਕੇ ਪਤਲੀ-ਪਤਲੀ ਵੇਲ ਲਓ। ਫਿਰ ਚਾਕੂ ਨਾਲ ਉਸ ਨੂੰ ਵਿਚਕਾਰੋਂ ਕੱਟ ਕੇ ਦੋ ਬਰਾਬਰ ਹਿੱਸੇ ਬਣਾ ਲਓ। ਜਿਸ ਜਗ੍ਹਾ ਤੋਂ ਕੱਟਿਆ ਗਿਆ ਹੈ, ਉਥੇ ਥੋੜ੍ਹਾ ਜਿਹਾ ਪਾਣੀ ਲਗਾ ਕੇ ਉਸ ਨੂੰ ਗੋਲ ਮੋੜ ਕੇ ਚਿਪਕਾ ਲਓ। ਫਿਰ ਤਿਆਰ ਕੀਤਾ ਹੋਇਆ ਮਸਾਲਾ ਭਰ ਕੇ ਮੂੰਹ ਬੰਦ ਕਰਕੇ ਕੜਾਹੀ ਦੇ ਗਰਮ ਘਿਓ ਵਿਚ ਪਾ ਕੇ ਹਲਕੀ ਅੱਗ ਵਿਚ ਤਲ ਲਓ। ਬੇਸਣ ਦੇ ਸਵਾਦੀ ਸਮੋਸੇ ਤਿਆਰ ਹਨ।
ਸ਼ਿਮਲਾ ਮਿਰਚ ਦੇ ਪਕੌੜੇ
ਸਮੱਗਰੀ : ਸ਼ਿਮਲਾ ਮਿਰਚ 6 ਪੀਸ, ਵੇਸਣ 4 ਵੱਡੇ ਚਮਚ, ਬੇਕਿੰਗ ਪਾਊਡਰ 1/2 ਛੋਟਾ ਚਮਚ, ਜੀਰਾ ਸਾਬਤ ਇਕ ਛੋਟਾ ਚਮਚ, ਧਨੀਆ ਪਾਊਡਰ ਇਕ ਛੋਟਾ ਚਮਚ, ਹਲਦੀ ਪਾਊਡਰ ਇਕ ਛੋਟਾ ਚਮਚ, ਲਾਲ ਮਿਰਚ ਇਕ ਛੋਟਾ ਚਮਚ, ਅਮਚੂਰ ਦੋ ਛੋਟੇ ਚਮਚ, ਗਰਮ ਮਸਾਲਾ ਇਕ ਛੋਟਾ ਚਮਚ, ਕੱਟਿਆ ਹੋਇਆ ਅਦਰਕ, ਕੱਟੇ ਹੋਏ ਧਨੀਏ ਦੇ ਪੱਤੇ, ਦੋ ਉਬਲੇ ਹੋਏ ਆਲੂ ਅਤੇ ਲੂਣ ਸਵਾਦ ਅਨੁਸਾਰ।
ਵਿਧੀ : ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਮਸਲ ਲਓ ਅਤੇ ਇਨ੍ਹਾਂ ਵਿਚ ਲਾਲ ਮਿਰਚ ਪਾਊਡਰ, ਗਰਮ ਮਸਾਲਾ ਪਾਊਡਰ, ਅਮਚੂਰ ਪਾਊਡਰ, ਕੱਟਿਆ ਹੋਇਆ ਧਨੀਆ, ਅਦਰਕ ਅਤੇ ਨਮਕ ਸਵਾਦ ਅਨੁਸਾਰ ਮਿਲਾ ਦਿਓ। ਇਸ ਤੋਂ ਬਾਅਦ ਸ਼ਿਮਲਾ ਮਿਰਚ ਨੂੰ ਚੰਗੀ ਤਰ੍ਹਾਂ ਧੋ ਕੇ ਵਿਚਕਾਰ ਇਕ ਚੀਰਾ ਦੇ ਦਿਓ ਅਤੇ ਉਸ ਵਿਚੋਂ ਬੀਜਾਂ ਨੂੰ ਕੱਢ ਕੇ ਉਸ ਨੂੰ ਵੀ ਤਿਆਰ ਮਸਾਲਿਆਂ ਵਿਚ ਪਾ ਕੇ ਮਿਲਾ ਲਓ।
ਫਿਰ ਇਸ ਸਮੱਗਰੀ ਨੂੰ ਸ਼ਿਮਲਾ ਮਿਰਚ ਦੇ ਵਿਚ ਭਰਵਾਂ ਦੀ ਤਰ੍ਹਾਂ ਭਰ ਲਓ। ਇਸ ਤੋਂ ਬਾਅਦ ਇਕ ਕਟੋਰੀ ਵਿਚ ਬੇਸਣ, ਨਮਕ ਸਵਾਦ ਅਨੁਸਾਰ, ਜੀਰਾ ਪਾਊਡਰ, ਹਲਦੀ ਪਾਊਡਰ ਮਿਲਾ ਕੇ ਥੋੜ੍ਹਾ-ਥੋੜ੍ਹਾ ਪਾਣੀ ਪਾਉਂਦੇ ਹੋਏ ਫੈਂਟ ਲਓ। ਹੁਣ ਇਸ ਵਿਚ ਸ਼ਿਮਲਾ ਮਿਰਚ ਡੁਬੋ ਕੇ ਘਿਓ ਜਾਂ ਤੇਲ ਵਿਚ ਤਲ ਕੇ ਉੱਪਰੋਂ ਦੀ ਕੱਟਿਆ ਹੋਇਆ ਪਿਆਜ਼, ਧਨੀਏ ਦੇ ਪੱਤੇ ਅਤੇ ਟਮਾਟਰ ਦੇ ਨਾਲ ਚਟਣੀ ਪਾ ਕੇ ਪਰੋਸੋ।


-ਪੂਨਮ ਦਿਨਕਰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX