ਤਾਜਾ ਖ਼ਬਰਾਂ


550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਸੁੰਦਰ ਜਲੌ
. . .  19 minutes ago
ਅੰਮ੍ਰਿਤਸਰ, 12 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨਤਮਸਤਕ ਹੋਣ ਪੁੱਜ ਰਹੀਆਂ ਹਨ। ਅੱਜ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  8 minutes ago
ਸੁਲਤਾਨਪੁਰ ਲੋਧੀ, 12 ਨਵੰਬਰ (ਅਮਰਜੀਤ ਕੋਮਲ, ਜਗਮੋਹਣ ਸਿੰਘ ਥਿੰਦ)- ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਪਣੀ ਧਰਮ ਪਤਨੀ ਸਵਿਤਾ ਕੋਵਿੰਦ...
550ਵੇਂ ਪ੍ਰਕਾਸ਼ ਪੁਰਬ ਮੌਕੇ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਟੇਕਿਆ ਮੱਥਾ
. . .  43 minutes ago
ਅੰਮ੍ਰਿਤਸਰ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  46 minutes ago
ਸੁਲਤਾਨਪੁਰ ਲੋਧੀ, 12 ਨਵੰਬਰ (ਕੋਮਲ, ਥਿੰਦ, ਹੈਪੀ, ਲਾਡੀ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ...
ਡੇਂਗੂ ਕਾਰਨ 25 ਸਾਲਾ ਨੌਜਵਾਨ ਦੀ ਹੋਈ ਮੌਤ
. . .  46 minutes ago
ਸੁਲਤਾਨਵਿੰਡ, 12 ਨਵੰਬਰ (ਗੁਰਨਾਮ ਸਿੰਘ ਬੁੱਟਰ)- ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਵਾਰਡ ਨੰਬਰ 35 ਪੱਤੀ ਬਹਿਣੀਵਾਲ ਵਿਖੇ ਡੇਂਗੂ ਕਾਰਨ 25 ਸਾਲਾਂ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ...
ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਮੌਕੇ ਨਿਰਮਲਾ ਸੀਤਾਰਮਨ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  58 minutes ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਈ 4 ਲੱਖ ਦੇ ਕਰੀਬ ਸੰਗਤ
. . .  about 1 hour ago
ਸੁਲਤਾਨਪੁਰ ਲੋਧੀ, 12 ਨਵੰਬਰ (ਕੋਮਲ, ਥਿੰਦ, ਹੈਪੀ, ਲਾਡੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਵੇਰ ਤੋਂ ਲੈ ਕੇ ਹੁਣ...
ਸ. ਪ੍ਰਕਾਸ਼ ਸਿੰਘ ਬਾਦਲ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਸੁਲਤਾਨਪੁਰ ਲੋਧੀ, 12 ਨਵੰਬਰ (ਕੋਮਲ, ਥਿੰਦ, ਹੈਪੀ, ਲਾਡੀ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ...
ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਸੁਲਤਾਨਪੁਰ ਲੋਧੀ, 12 ਨਵੰਬਰ (ਅਮਰਜੀਤ ਕੋਮਲ, ਜਗਮੋਹਣ ਸਿੰਘ ਥਿੰਦ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ...
ਰਾਜੋਆਣਾ ਨੂੰ ਵੱਡੀ ਰਾਹਤ, ਸਰਕਾਰ ਨੇ ਉਮਰ ਕੈਦ 'ਚ ਬਦਲੀ ਫਾਂਸੀ ਦੀ ਸਜ਼ਾ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸਜ਼ਾਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ...
ਹੋਰ ਖ਼ਬਰਾਂ..

ਬਾਲ ਸੰਸਾਰ

ਕੀ ਹੁੰਦੀਆਂ ਹਨ ਪੈਰਾਬੈਂਗਣੀ ਕਿਰਨਾਂ

ਪਿਆਰੇ ਬੱਚਿਓ! ਜਦੋਂ ਸੂਰਜੀ ਪ੍ਰਕਾਸ਼ ਨੂੰ ਪਿ੍ਜਮ ਵਿਚੋਂ ਲੰਘਾਇਆ ਜਾਂਦਾ ਹੈ ਤਾਂ ਇਹ ਪ੍ਰਕਾਸ਼ 7 ਰੰਗਾਂ ਵਿਚ ਤਕਸੀਮ ਹੋ ਜਾਂਦਾ ਹੈ | ਇਹ 7 ਰੰਗ ਇਸ ਪ੍ਰਕਾਰ ਹਨ : ਬੈਂਗਣੀ, ਜਾਮਣੀ, ਨੀਲਾ, ਸਲੇਟੀ, ਪੀਲਾ, ਸੰਤਰੀ ਅਤੇ ਲਾਲ | ਜਦੋਂ ਤਰੰਗ ਲੰਬਾਈ ਦੇ ਆਧਾਰ 'ਤੇ ਇਨ੍ਹਾਂ ਦੀ ਵੰਡ ਕੀਤੀ ਜਾਂਦੀ ਹੈ ਤਾਂ ਇਸ ਨੂੰ ਸਪੈਕਟ੍ਰਮ ਕਿਹਾ ਜਾਂਦਾ ਹੈ | ਹਰ ਇਕ ਰੰਗ ਦੀ ਆਪਣੀ ਤਰੰਗ ਲੰਬਾਈ ਹੁੰਦੀ ਹੈ | ਇਹ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪ੍ਰਕਾਸ਼ ਹਮੇਸ਼ਾ ਤਰੰਗਾਂ ਦੇ ਰੂਪ ਵਿਚ ਹੀ ਗਤੀ ਕਰਦਾ ਹੈ |
ਸੂਰਜੀ ਸਪੈਕਟ੍ਰਮ ਦੇ ਸੱਤ ਰੰਗਾਂ ਵਿਚੋਂ ਬੈਂਗਣੀ ਰੰਗ ਦੀ ਤਰੰਗ ਲੰਬਾਈ ਸਭ ਤੋਂ ਘੱਟ ਅਤੇ ਲਾਲ ਰੰਗ ਦੀ ਸਭ ਤੋਂ ਵੱਧ ਹੁੰਦੀ ਹੈ | ਸਾਡੀਆਂ ਅੱਖਾਂ ਲਈ ਸਿਰਫ ਇਨ੍ਹਾਂ 7 ਰੰਗਾਂ ਦਾ ਦਿ੍ਸ਼ਟੀਖੇਤਰ ਹੀ ਦਿ੍ਸ਼ਟੀਮਾਨ ਹੁੰਦਾ ਹੈ | ਸਪੈਕਟ੍ਰਮ ਦੇ ਰੰਗਾਂ ਤੋਂ ਵੀ ਪਰੇ ਕੁਝ ਅਜਿਹੀਆਂ ਤਰੰਗਾਂ ਹਨ, ਜਿਨ੍ਹਾਂ ਦੀ ਤਰੰਗ ਲੰਬਾਈ ਬੈਂਗਣੀ ਤੋਂ ਵੀ ਘੱਟ ਅਤੇ ਲਾਲ ਤੋਂ ਵੀ ਜ਼ਿਆਦਾ ਹੁੰਦੀ ਹੈ ਪਰ ਇਹ ਤਰੰਗਾਂ ਦਿ੍ਸ਼ਟੀਖੇਤਰ ਵਿਚ ਨਹੀਂ ਆਉਂਦੀਆਂ ਭਾਵ ਦਿਖਾਈ ਨਹੀਂ ਦਿੰਦੀਆਂ | ਬੈਂਗਣੀ ਤਰੰਗਾਂ ਤੋਂ ਵੀ ਘੱਟ ਤਰੰਗਾਂ ਨੂੰ ਪੈਰਾਬੈਂਗਣੀ (ਅਲਟਰਾਵਾਇਲਟ) ਆਖਦੇ ਹਨ ਅਤੇ ਲਾਲ ਤਰੰਗਾਂ ਤੋਂ ਵੀ ਜ਼ਿਆਦਾ ਤਰੰਗ ਲੰਬਾਈ ਵਾਲੀਆਂ ਤਰੰਗਾਂ ਨੂੰ ਇਨਫਰਾ-ਰੈੱਡ ਆਖਦੇ ਹਨ | ਇਨਫਰਾ-ਰੈੱਡ ਕਿਰਨਾਂ ਤੋਂ ਪਰੇ ਮਾਈਕ੍ਰੋ ਤਰੰਗਾਂ ਅਤੇ ਇਨ੍ਹਾਂ ਤੋਂ ਵੀ ਪਰ੍ਹੇ ਰੇਡੀਓ ਤਰੰਗਾਂ ਹਨ | ਪੈਰਾਬੈਂਗਣੀ ਕਿਰਨਾਂ ਜਾਂ ਤਰੰਗਾਂ ਤੋਂ ਵੀ ਘੱਟ ਤਰੰਗ ਲੰਬਾਈ ਗਾਮਾ ਕਿਰਨਾਂ ਦੀ ਹੈ | ਜੇਕਰ ਲੰਮੇ ਸਮੇਂ ਤੱਕ ਪੈਰਾਬੈਂਗਣੀ ਕਿਰਨਾਂ ਸਾਡੀ ਚਮੜੀ 'ਤੇ ਪੈਂਦੀਆਂ ਰਹਿਣ ਤਾਂ ਚਮੜੀ ਦੇ ਕੈਂਸਰ ਦਾ ਕਾਰਨ ਬਣਦੀਆਂ ਹਨ | ਸੂਰਜ ਵੱਡੇ ਪੱਧਰ 'ਤੇ ਪੈਰਾਬੈਂਗਣੀ ਕਿਰਨਾਂ ਛੱਡਦਾ ਹੈ ਪਰ ਇਹ ਸਾਡੀ ਚੰਗੀ ਕਿਸਮਤ ਹੈ ਕਿ ਸਾਡੇ ਗ੍ਰਹਿ ਉੱਪਰ ਓਜ਼ੋਨ ਪਰਤ ਮੌਜੂਦ ਹੈ, ਜੋ ਇਨ੍ਹਾਂ ਖ਼ਤਰਨਾਕ ਪੈਰਾਬੈਂਗਣੀ ਕਿਰਨਾਂ ਨੂੰ ਸਾਡੇ ਤੱਕ ਨਹੀਂ ਪੱੁਜਣ ਦਿੰਦੀ |
ਪੈਰਾਬੈਂਗਣੀ ਕਿਰਨਾਂ ਕੁਝ ਹੱਦ ਤੱਕ ਉਪਯੋਗੀ ਵੀ ਹਨ | ਇਹ ਕੁਝ ਖਾਸ ਕਿਸਮ ਦੇ ਜੀਵਾਣੂਆਂ ਨੂੰ ਮਾਰਨ ਵਿਚ ਸਹਾਈ ਹੁੰਦੀਆਂ ਹਨ | ਇਹ ਕਿਰਨਾਂ ਕੁਝ ਰਸਾਇਣਾਂ ਨੂੰ ਵਿਟਾਮਿਨ 'ਡੀ' ਵਿਚ ਤਬਦੀਲ ਕਰਨ ਦੇ ਸਮਰੱਥ ਹੁੰਦੀਆਂ ਹਨ, ਜੋ ਸਰੀਰਕ ਮਜ਼ਬੂਤੀ ਲਈ ਲਾਹੇਵੰਦ ਹੈ | ਪਿਆਰੇ ਵਿਦਿਆਰਥੀਓ, ਆਪਾਂ ਨੂੰ ਪੈਰਾਬੈਂਗਣੀ ਕਿਰਨਾਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ |

-580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ (ਲੁਧਿਆਣਾ) | ਮੋਬਾ: 99144-00151


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਬਾਂਦਰ ਅਤੇ ਜੂੰਆਂ

ਇਕ ਵਾਰ ਜੰਗਲ 'ਚ ਬਾਂਦਰ ਨੇ ਬਾਂਦਰ ਨੂੰ ਕਿਹਾ ਕਿ, 'ਬਾਂਦਰਾ ਕੀ ਕਰਦੈਂ?'
'ਉਹ ਤੂੰ ਵੀ ਮੈਨੂੰ ਬਾਂਦਰ ਈ ਕਹੀ ਜਾਨੈਂ |' ਦੋਵੇਂ ਜਣੇ ਖਿੜਖਿੜਾ ਕੇ ਹੱਸ ਪਏ | ਕਹਿੰਦੇ ਜਦੋਂ ਅਸੀਂ ਦੋਵੇਂ ਹੈਗੇ ਈ ਬਾਂਦਰ ਆਂ ਤਾਂ ਬਾਂਦਰ ਈ ਕਹਿਣੈ! ਇਕ ਬੋਲਿਆ, 'ਚੱਲ ਕਿਸੇ ਹੋਰ ਨੂੰ ਬਾਂਦਰ ਬਣਾਈਏ |' ਦੂਜਾ ਕਹਿੰਦਾ 'ਚੱਲ ਜੰਗਲ ਦੇ ਬਾਦਸ਼ਾਹ ਨੂੰ ਬਣਾਉਂਨੇ ਆਂ |'
'ਉਹ ਸ਼ੇਰ!'
'ਬਾਂਦਰਾ, ਸ਼ੇਰ ਈ ਹੁੰਦੈ ਜੰਗਲ ਦਾ ਬਾਦਸ਼ਾਹ |'
'ਪਰ ਆਪਾਂ ਨੂੰ ਸ਼ੇਰ ਨਾਲ ਪੰਗਾ ਲੈਣਾ ਮਹਿੰਗਾ ਪਊ |' ਦੂਜਾ ਬੋਲਿਆ 'ਜੇ ਸ਼ੇਰ ਨੂੰ ਅੱਜ ਬਾਂਦਰ ਨਾ ਬਣਾਇਆ ਤਾਂ ਸਾਨੂੰ ਵੀ ਬਾਂਦਰ ਕਿਹਨੇ ਕਹਿਣੈ?' ਤੇ ਝੱਟ ਦੇਣੀ ਬਾਂਦਰ ਨੇ ਖਿੱਲਾਂ ਦਾ ਟੋਕਰਾ ਸਿਰ 'ਤੇ ਰੱਖ ਲਿਆ ਅਤੇ ਦੋਵੇਂ ਜਣੇ ਸ਼ੇਰ ਵੱਲ ਨੂੰ ਤੁਰ ਪਏ | ਅੱਗੇ ਭੁੱਖ ਦਾ ਸਤਾਇਆ ਸ਼ੇਰ ਅੱਖਾਂ ਲਾਲ ਕਰੀ ਬੈਠਾ | ਕਹਿਣ ਲੱਗਾ 'ਓ ਬਾਂਦਰੋ ਕਿੱਧਰ ਨੂੰ ਚੱਲੇ ਆਂ?' ਇਕ ਬੋਲਿਆ, 'ਧਰਮ ਰਾਜ ਦੀ ਪੂਜਾ ਕਰਕੇ ਆਏ ਹਾਂ, ਉਹਨੇ ਕਿਹਾ ਮੰਗੋ ਕੀ ਮੰਗਣਾ |'
'ਤੁਸੀਂ ਕੀ ਮੰਗਿਆ?'
'ਅਸੀਂ ਮੰਗਿਆ ਕਿ ਸਾਡੇ ਜੰਗਲ ਦਾ ਬਾਦਸ਼ਾਹ ਬੁੱਢਾ ਹੋ ਗਿਆ, ਸ਼ਿਕਾਰ ਉਹਤੋਂ ਮਾਰ ਨਹੀਂ ਹੁੰਦਾ |'
'ਫਿਰ ਕੀ ਕਿਹਾ ਧਰਮ ਰਾਜ ਨੇ' ਸ਼ੇਰ ਨੇ ਪੁੱਛਿਆ |
'ਧਰਮ ਰਾਜ ਕਹਿੰਦਾ ਕਿ ਹਰ ਸ਼ਾਮ ਨੂੰ ਸ਼ੇਰ ਨੂੰ ਮਰਿਆ ਸ਼ਿਕਾਰ ਮਿਲੇਗਾ ਪਰ ਸ਼ੇਰ ਨੂੰ ਇਹ ਸੌ ਖਿੱਲ ਖਾਣੀ ਪਊ |' ਸ਼ੇਰ ਹੱਸ ਪਿਆ ਤੇ ਕਹਿੰਦਾ 'ਚਲੋ ਖਬਰ ਤਾਂ ਖਰੀ ਦਿੱਤੀ ਐ ਪਰ ਖਿੱਲਾਂ ਸ਼ੇਰ ਦੀ ਖੁਰਾਕ ਨਹੀਂ | ਚਲੋ ਖਾ ਲੈਂਨੇ ਆਂ |'
'ਜਨਾਬ 'ਕੱਲੀ-'ਕੱਲੀ ਖਿੱਲ ਬੋਚਣੀ ਪਵੇਗੀ |'
'ਅੱਜ ਮੈਨੂੰ ਵੀ ਬਾਂਦਰ ਬਣਾਓਗੇ?'
ਦੋਵੇਂ ਜਣੇ ਬੁੱਲ੍ਹਾਂ 'ਚ ਹੱਸ ਪਏ | ਜਾ ਚੜ੍ਹੇ ਦਰੱਖਤ 'ਤੇ ਖਿੱਲਾਂ ਦਾ ਟੋਕਰਾ ਲੈ ਕੇ | ਸ਼ੇਰ ਨੂੰ ਕਹਿਣ 'ਮੂੰਹ ਅੱਡ, ਖਿੱਲ ਪਾਈਏ' ਤੇ ਖਿੱਲ ਬਾਹਰ ਸੁੱਟ ਦਿਆ ਕਰਨ | ਸੌ ਖਿੱਲ ਹੀ ਪੂਰੀ ਨਾ ਹੋਵੇ | ਹਫ ਗਿਆ ਸ਼ੇਰ ਦੋ ਘੰਟਿਆਂ 'ਚ | ਭੁੱਖ ਦਾ ਸਤਾਇਆ ਲਾਲਚ ਨੂੰ ਉੱਛਲਦਾ ਰਿਹਾ | ਆਖਰ ਬਾਂਦਰਾਂ ਨੇ ਸ਼ੇਰ ਨਿਢਾਲ ਕਰ ਦਿੱਤਾ | ਉਹ ਅਧਮੋਇਆ ਜਿਹਾ ਹੋ ਕੇ ਧਰਤੀ 'ਤੇ ਡਿੱਗ ਪਿਆ | ਬਾਂਦਰ ਦਰੱਖਤ ਤੋਂ ਹੇਠਾਂ ਉੱਤਰੇ ਤੇ ਸ਼ੇਰ ਦੇ ਰੱਸਾ ਪਾ ਕੇ ਉਹਨੂੰ ਦਰੱਖਤ ਨਾਲ ਬੰਨ੍ਹ ਦਿੱਤਾ | ਫਿਰ ਦੋਏ ਜਣੇ ਹੱਥ ਜੋੜ ਕੇ ਧਰਮਰਾਜ ਨੂੰ ਧਿਆਉਣ ਲੱਗ ਪਏ | ਬਾਂਦਰਾਂ ਦੀ ਤਪੱਸਿਆ ਦੇਖ ਕੇ ਧਰਮ ਰਾਜ ਪ੍ਰਗਟ ਹੋ ਗਿਆ | ਪੁੱਛਣ ਲੱਗਾ, 'ਬਾਂਦਰੋ ਕੀ ਬਿਪਤਾ ਪੈ ਗਈ?'
ਦੋਵੇਂ ਜਣੇ ਹੱਥ ਜੋੜ ਕੇ ਖੜ੍ਹੇ ਹੋ ਗਏ, 'ਮਹਾਰਾਜ, ਸ਼ੇਰ ਦੀ ਭੁੱਖ ਬਹੁਤ ਵਧ ਗਈ ਐ, ਜੰਗਲ ਦਾ ਕੋਈ ਜਾਨਵਰ ਨਹੀਂ ਛੱਡਿਆ, ਵਾਰੀ ਸਾਡੀ ਵੀ ਆਉਣ ਵਾਲੀ ਐ, ਮਿੰਨਤ ਮੰਨੋ, ਸ਼ੇਰ ਨੂੰ ਚੁੱਕ ਲਓ |' ਧਰਮ ਰਾਜ ਬੋਲਿਆ, 'ਗੱਲ ਈ ਕੋਈ ਨੀਂ, ਮੈਂ ਹੁਣੇ ਈ ਸ਼ੇਰ ਨੂੰ ਪੁੱਛਦਾਂ |' ਸੁੱਤੇ ਪਏ ਸ਼ੇਰ ਅੱਗੇ ਧਰਮ ਰਾਜ ਪ੍ਰਗਟ ਹੋ ਗਿਆ | ਆਖਣ ਲੱਗਾ, 'ਤੈਨੂੰ ਜੰਗਲ ਦਾ ਬਾਦਸ਼ਾਹ ਬਣਾਇਆ, ਤੂੰ ਸਾਰੀ ਪਰਜਾ ਈ ਖਾ ਜਾਏਾਗਾ?' ਬੁੱਢਾ ਸ਼ੇਰ ਗਰਜ ਪਿਆ 'ਤੂੰ ਪਹਿਲਾਂ ਖਿੱਲਾਂ ਦਾ ਲਾਲਚ ਦੇ ਕੇ ਮੈਨੂੰ ਬਾਂਦਰਾਂ ਕੋਲੋਂ ਬਾਂਦਰ ਬਣਾਇਆ ਤੇ ਹੁਣ ਤੂੰ ਮੇਰੇ 'ਤੇ ਜੰਗਲ ਦੇ ਜਾਨਵਰ ਮੁਕਾਉਣ ਦਾ ਇਲਜ਼ਾਮ ਲਾਉਂਨੈਂ?' ਸ਼ੇਰ ਨੇ ਧਰਮ ਰਾਜ ਨੂੰ ਕਲਾਵੇ 'ਚ ਘੁੱਟ ਲਿਆ, 'ਅੱਜ ਕੁਝ ਦੇ ਕੇ ਜਾਏਾਗਾ ਤਾਂ ਛੱਡੂੰ | ਮੇਰੀ ਮਿੰਨਤ ਐ, ਇਨ੍ਹਾਂ ਬਾਂਦਰਾਂ ਨੂੰ ਵਿਹਲਾ ਨਾ ਰਹਿਣ ਦਿਓ, ਵਿਹਲਾ ਮਨ ਸ਼ੈਤਾਨ ਦਾ ਘਰ |' ਧਰਮ ਰਾਜ ਦੋ ਕੁ ਮਿੰਟ ਸੋਚਾਂ 'ਚ ਡੁੱਬਿਆ ਰਿਹਾ ਕਿ ਬਾਂਦਰਾਂ ਨੂੰ ਕਿਹੜੇ ਕੰਮ ਲਾਈਏ ਜਿਹਦੇ 'ਚ ਰੁੱਝੇ ਰਹਿਣ | ਉਹਨੇ ਸ਼ੇਰ ਨੂੰ ਕਿਹਾ, 'ਜਾਹ ਅੱਜ ਤੋਂ ਬਾਂਦਰਾਂ ਦੇ ਜੂੰਆਂ ਨੀ ਮੁੱਕਣਗੀਆਂ | ਇਹ ਜਿੱਥੇ ਵੀ ਇਕੱਠੇ ਹੋ ਕੇ ਬਹਿਣਗੇ, ਇਕ ਦੂਏ ਦੇ ਜੂਆਂ ਈ ਕੱਢਿਆ ਕਰਨਗੇ |' ਤੇ ਬਾਂਦਰ ਤੇ ਜੰੂਆਂ ਦਾ ਰਿਸ਼ਤਾ ਅੱਜ ਤੱਕ ਚਲਿਆ ਆ ਰਿਹਾ |

ashokbhaura@gmail.com

ਗੁਰੂ ਨਾਨਕ ਨਾਲੋਂ ਵੱਡਾ ਦੱਸੋ?

ਚੜਿ੍ਹਆ ਸੋਧਣ ਧਰਤ ਲੋਕਾਈ, ਤੱਕੀ ਜਦੋਂ ਬਰਬਾਦੀ ਸੀ |
ਗੁਰੂ ਨਾਨਕ ਨਾਲੋਂ ਵੱਡਾ ਦੱਸੋ, ਕਿਹੜਾ ਇਨਕਲਾਬੀ ਸੀ |
ਛੱਤੀ ਪ੍ਰਕਾਰ ਦੇ ਭੋਜਨ ਛੱਡ ਕੇ, ਕੋਧਰੇ ਦੀ ਰੋਟੀ ਖਾਈ ਸੀ |
ਲੋਟੂਆਂ ਦੇ ਿਖ਼ਲਾਫ ਉਨ੍ਹਾਂ ਨੇ, ਕਰੜੀ ਆਵਾਜ਼ ਉਠਾਈ ਸੀ |
ਬਾਬਰ ਨੇ ਜਦੋਂ ਜ਼ੁਲਮ ਕੀਤੇ, ਰੱਬ 'ਤੇ ਰੋਸ ਪ੍ਰਗਟਾਇਆ ਸੀ |
ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ ਸੀ |
ਸੱਜਣ ਵਰਗੇ ਸੋਧੇ ਸੀ ਠੱਗ, ਜੋ ਕਰਦੇ ਬਹੁਤ ਖ਼ਰਾਬੀ ਸੀ |
ਗੁਰੂ ਨਾਨਕ ਨਾਲੋਂ ਵੱਡਾ ਦੱਸੋ............. |

ਲੋਕਾਈ ਦੀ ਭਲਾਈ ਦੇ ਲਈ, ਚਾਰ ਉਦਾਸੀਆਂ ਕਰੀਆਂ ਸਨ |
ਸੰਗਤਾਂ ਦੀਆਂ ਸੁੰਨੀਆਂ ਝੋਲਾਂ, ਗਿਆਨ ਦੇ ਨਾਲ ਭਰੀਆਂ ਸਨ |
ਵਹਿਮਾਂ-ਭਰਮਾਂ ਤੋਂ ਉਹ ਵੱਖਰਾ, ਨਵਾਂ ਸਮਾਜ ਕੋਈ ਚਾਹੁੰਦੇ ਸੀ |
ਰਿਧੀਆਂ ਸਿਧੀਆਂ ਵਾਲਿਆਂ ਨੂੰ , ਤਾਹੀਂ ਸਬਕ ਸਿਖਾਉਂਦੇ ਸੀ |
ਵਿਚਾਰ ਗੋਸ਼ਟੀ ਜਦੋਂ ਸੀ ਕਰਦੇ, ਨਾ ਕੋਈ ਉਨ੍ਹਾਂ ਦਾ ਜਵਾਬੀ ਸੀ |
ਗੁਰੂ ਨਾਨਕ ਨਾਲੋਂ ਵੱਡਾ ਦੱਸੋ............. |

ਕਿਰਤ ਕਰਨੀ ਤੇ ਵੰਡ ਕੇ ਛਕਣਾ, ਕਿੱਡਾ ਵਿਚਾਰ ਲਾਸਾਨੀ ਸੀ |
ਟੱਕਰ ਨਾਲ ਹਾਕਮਾਂ ਲੈਣੀ, ਇਹ ਵੀ ਨਹੀਂ ਕੋਈ ਅਸਾਨੀ ਸੀ |
ਸ਼ੁਭ ਅਮਲ ਕਰਨ ਦਾ ਪਾਠ, ਇਹ ਵੀ ਗੁਰੂ ਜੀ ਪੜ੍ਹਾਇਆ ਸੀ |
ਏਕ ਨੂਰ ਤੇ ਸਭ ਜਗ ਉਪਜਿਆ, ਉਨ੍ਹਾਂ ਹੀ ਫੁਰਮਾਇਆ ਸੀ |
ਛੂਤ-ਛਾਤ ਦੀਆਂ ਕੰਧਾਂ ਢਾਹੀਆਂ, ਉਹ ਕਿੰਨੇ ਸਮਾਜਵਾਦੀ ਸੀ |
ਗੁਰੂ ਨਾਨਕ ਨਾਲੋਂ ਵੱਡਾ ਦੱਸੋ............. |

ਉਨ੍ਹਾਂ ਦੀ ਜੋ ਅਨਮੋਲ ਸਿੱਖਿਆ, ਸੰਸਾਰ ਦੇ ਵਿਚ ਫੈਲਾ ਦਈਏ |
ਪ੍ਰਕਿਰਤੀ ਦੇ ਵੀ ਪ੍ਰੇਮੀ ਬਣ ਕੇ, ਧਰਤ ਨੂੰ ਸਵਰਗ ਬਣਾ ਦਈਏ |
ਸਰਬੱਤ ਦੇ ਭਲੇ ਦਾ ਜੋ ਸੰਦੇਸ਼, ਘਰ-ਘਰ ਵਿਚ ਪਹੁੰਚਾ ਦਈਏ |
ਹੋਰ ਵੀ ਜਿੰਨੇ ਨੇ ਭੁੱਲੇ-ਭਟਕੇ, ਸੱਚ ਦਾ ਮਾਰਗ ਵਿਖਾ ਦਈਏ |
ਸੰਗੀਤ ਨਾਲ ਸੀ ਪ੍ਰੇਮ ਉਨ੍ਹਾਂ ਦਾ, ਮਰਦਾਨਾ ਨਾਲ ਰਬਾਬੀ ਸੀ |
ਗੁਰੂ ਨਾਨਕ ਨਾਲੋਂ ਵੱਡਾ ਦੱਸੋ............. |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖ਼ਾ (ਲੁਧਿਆਣਾ) | ਮੋਬਾ: 94635-42896.

ਚੁਟਕਲੇ

• ਰਾਜੀਵ-ਡਾਕਟਰ ਸਾਹਿਬ, ਤੁਸੀਂ ਤਾਂ ਕਿਹਾ ਸੀ ਕਿ ਪਸੀਨਾ ਆਉਣ ਨਾਲ ਬੁਖਾਰ ਉਤਰ ਜਾਵੇਗਾ |
ਡਾਕਟਰ-ਹਾਂ, ਬਿਲਕੁਲ ਕਿਹਾ ਸੀ |
ਰਾਜੀਵ-ਪਰ ਡਾਕਟਰ ਸਾਹਿਬ, ਤੁਹਾਡੀ ਦਵਾਈ ਨਾਲ ਤਾਂ ਮੈਨੂੰ ਪਸੀਨਾ ਆਇਆ ਹੀ ਨਹੀਂ |
ਡਾਕਟਰ-ਕੋਈ ਗੱਲ ਨਹੀਂ | ਪਸੀਨਾ ਤਾਂ ਹੁਣੇ ਬਿੱਲ ਦੇਖ ਕੇ ਆ ਜਾਵੇਗਾ, ਨਾਲ ਹੀ ਬੁਖਾਰ ਉਤਰ ਜਾਵੇਗਾ |
• ਇਕ ਆਦਮੀ ਦੇ ਘਰ ਚੋਰੀ ਹੋ ਗਈ | ਉਸ ਨੇ ਸਵੇਰੇ ਚੌਕੀਦਾਰ ਨੂੰ ਬੁਲਾ ਕੇ ਪੱੁਛਿਆ, 'ਤੁਸੀਂ ਰਾਤ ਨੂੰ ਕੀ ਕਰਦੇ ਹੋ? ਇਥੇ ਚੋਰੀ ਹੋ ਗਈ ਅਤੇ ਤੁਸੀਂ ਰੌਲਾ-ਗੌਲਾ ਵੀ ਨਹੀਂ ਸੁਣਿਆ |'
ਚੌਕੀਦਾਰ-'ਰੌਲਾ ਗੌਲਾ ਤਾਂ ਸੁਣਿਆ ਸੀ ਅਤੇ ਮੈਂ ਪੱੁਛਿਆ ਵੀ ਸੀ ਕਿ ਕੌਣ ਹੈ ਪਰ ਉਸ ਨੇ ਕਿਹਾ ਕੋਈ ਨਹੀਂ | ਸਰਕਾਰ, ਉਹ ਸਿਰਫ ਚੋਰ ਹੀ ਨਹੀਂ, ਝੂਠਾ ਵੀ ਸੀ |
• ਭੂਸ਼ਣ-ਪਿਤਾ ਜੀ, ਤੁਸੀਂ ਗਲ ਵਿਚ ਕੀ ਪਾਇਆ ਹੈ?
ਪਿਤਾ-ਬੇਟਾ, ਇਹ ਟਾਈ ਹੁੰਦੀ ਹੈ |
ਭੂਸ਼ਣ-ਮੈਂ ਸਮਝਿਆ ਖੌਰੇ ਮੰਮੀ ਨੇ ਤੁਹਾਡੇ ਵੀ ਨੱਕ ਸਾਫ਼ ਕਰਨ ਲਈ ਲੰਮੀ ਰੁਮਾਲ ਬੰਨ੍ਹੀ ਹੋਈ ਹੈ |

-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ |
ਮੋਬਾ: 98140-97917

ਬਾਲ ਨਾਵਲ-5: ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਐਹ, ਤੇਰੀ ਲਾਡਲੀ ਧੀ ਨੂੰ |'
'ਅੱਜ ਤੁਸੀਂ ਐਨੀ ਜਲਦੀ ਘਰ ਕਿਸ ਤਰ੍ਹਾਂ ਆ ਗਏ?' ਰਹਿਮਤ ਨੇ ਇੰਦਰਪ੍ਰੀਤ ਨੂੰ ਪੁੱ ਛਿਆ |
'ਅੱਜ ਥੋੜ੍ਹਾ ਜਲਦੀ ਵਿਹਲਾ ਹੋ ਗਿਆ ਸਾਂ | ਮੈਂ ਸੋਚਿਆ ਘਰ ਜਾ ਕੇ ਸਾਰਿਆਂ ਨਾਲ ਗਰਮੀਆਂ ਦੀਆਂ ਛੁੱਟੀਆਂ ਦਾ ਪ੍ਰੋਗਰਾਮ ਬਣਾਉਂਦੇ ਆਂ | ਤੂੰ ਘਰ ਨਹੀਂ ਸੀ ਅਤੇ ਬੱ ਚਿਆਂ ਨੇ ਪਿੰਡ-ਪਿੰਡ ਲਾਈ ਹੋਈ ਐ | ਮੈਂ ਤੇ ਡਲਹੌਜ਼ੀ ਜਾਣ ਬਾਰੇ ਸੋਚ ਰਿਹਾ ਸਾਂ |'
'ਮੈਂ ਐਵੇਂ ਥੋੜ੍ਹੀ ਦੇਰ ਮਿਸਿਜ਼ ਸੰਧੂ ਵੱਲ ਚਲੀ ਗਈ ਸਾਂ | ਠੀਕ ਐ, ਅਸੀਂ ਸਾਰੇ ਡਲਹੌਜ਼ੀ ਚੱਲਾਂਗੇ | ਪਿਛਲੀਆਂ ਗਰਮੀਆਂ ਵਿਚ ਵੀ ਅਸੀਂ, ਤੁਹਾਡੇ ਫੈਕਟਰੀ ਦੇ ਕੰਮਾਂ ਕਰਕੇ ਕਿਤੇ ਨਹੀਂ ਗਏ |'
'ਮੰਮੀ, ਤੁਹਾਨੂੰ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਅਸੀਂ ਛੁੱਟੀਆਂ ਵਿਚ ਪਿੰਡ ਜਾਣੈ', ਸੁਖਮਨੀ ਦੀ ਗੱਲ ਨਾਲ ਨਵਰਾਜ ਵੀ ਸਿਰ ਹਿਲਾ ਕੇ ਆਪਣੀ ਸਹਿਮਤੀ ਦੇਈ ਜਾ ਰਿਹਾ ਸੀ |
'ਤੁਸੀਂ ਤੇ ਕਿਹਾ ਸੀ ਪਰ ਤੁਹਾਡੇ ਪਾਪਾ ਨੇ ਮਸਾਂ ਈ ਆਪਣੇ ਕੰਮ 'ਚੋਂ ਵਿਹਲ ਕੱਢੀ ਐ ਅਤੇ ਤੁਸੀਂ ਨਾਂਹ ਕਰੀ ਜਾ ਰਹੇ ਹੋ |'
'ਤੁਸੀਂ ਸਾਡੇ ਨਾਲ ਚਲੋ, ਮੈਂ ਵਾਇਦਾ ਕਰਦਾਂ ਕਿ ਅਸੀਂ ਜਿੰਨੇ ਦਿਨ ਡਲਹੌਜ਼ੀ ਰਵ੍ਹਾਂਗੇ, ਓਨੇ ਦਿਨ ਮੈਂ ਤੁਹਾਨੂੰ ਰੋਜ਼ ਇਕ ਕਹਾਣੀ ਸੁਣਾਇਆ ਕਰਾਂਗਾ |' ਪਾਪਾ ਨੇ ਬੱ ਚਿਆਂ ਨੂੰ ਲਾਲਚ ਦਿੱਤਾ |
'ਨਾ ਜੀ ਨਾ, ਤੁਹਾਨੂੰ ਨਾਨਾ ਜੀ ਵਾਂਗ ਕਹਾਣੀ ਸੁਣਾਉਣੀ ਨਹੀਂ ਆਉਣੀ | ਤੁਸੀਂ ਕਹਾਣੀ ਸੁਣਾਉਣੀ ਸ਼ੁਰੂ ਕਰਨੀ ਐ ਤਾਂ ਨਾਲ ਈ ਤੁਹਾਡੇ ਮੋਬਾਈਲ ਦੀ ਘੰਟੀ ਵੱਜਣ ਲੱਗ ਪੈਣੀ ਐ', ਸੁਖਮਨੀ ਨੇ ਪਾਪਾ ਨੂੰ ਸਾਫ਼ ਹੀ ਨਾਂਹ ਕਰ ਦਿੱਤੀ |
'ਇਹ ਤਾਂ ਤੂੰ ਬਹਾਨੇਬਾਜ਼ੀ ਕਰ ਰਹੀ ਹੈਂ | ਵੈਸੇ ਮੈਂ ਅੱਜ ਤੋਂ ਹੀ ਕੁਝ ਕਹਾਣੀਆਂ ਯਾਦ ਕਰਨੀਆਂ ਸ਼ੁਰੂ ਕਰ ਦੇਣੀਆਂ ਨੇ | ਤੁਸੀਂ ਇਕ ਵਾਰੀ ਸੋਚ ਕੇ ਮੰਮੀ ਨਾਲ ਸਲਾਹ ਕਰ ਲਓ | ਛੁੱਟੀਆਂ ਹੋਣ 'ਚ ਅਜੇ ਕੁਝ ਦਿਨ ਹੈਨ |'
'ਪਾਪਾ, ਤੁਹਾਨੂੰ ਪਤੈ, ਪਿੰਡ ਮਾਸੀ ਜੀ ਹੋਰੀਂ ਵੀ ਕੁਝ ਦਿਨਾਂ ਲਈ ਆ ਰਹੇ ਨੇ, ਜੀਤੀ ਅਤੇ ਪੰਮੀ ਨੂੰ ਛੱਡਣ | ਉਹ ਦੋਵੇਂ ਵੀ ਛੁੱਟੀਆਂ ਵਿਚ ਪਿੰਡ ਹੀ ਰਹਿਣਗੀਆਂ | ਸਾਡੀ ਪਰਸੋਂ ਮਾਸੀ ਜੀ ਅਤੇ ਜੀਤੀ-ਪੰਮੀ ਨਾਲ ਫ਼ੋਨ 'ਤੇ ਗੱਲ ਹੋਈ ਸੀ | ਅਸੀਂ ਸਾਰੇ ਰਲ ਕੇ ਪੜ੍ਹਾਂਗੇ ਅਤੇ ਖੇਡਾਂਗੇ | ਸੱਚੀਂ ਬੜਾ ਮਜ਼ਾ ਆਏਗਾ |'
'ਠੀਕ ਐ ਬੱ ਚਿਓ, ਹੁਣ ਤੁਸੀਂ ਜ਼ਿਆਦਾ ਈ ਸਿਆਣੇ ਹੋ ਗਏ ਹੋ | ਮੈਨੂੰ ਪਤਾ ਈ ਨਹੀਂ ਤੇ ਤੁਸੀਂ ਆਪਣੀ ਮਾਸੀ ਨਾਲ ਵੀ ਪ੍ਰੋਗਰਾਮ ਬਣਾ ਲਿਐ | ਜਿਵੇਂ ਤੁਹਾਨੂੰ ਠੀਕ ਲੱਗੇ, ਉਸੇ ਤਰ੍ਹਾਂ ਈ ਕਰੋ', ਇੰਦਰਪ੍ਰੀਤ ਨੇ ਥੋੜ੍ਹੀ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਅਤੇ ਆਪਣੇ ਕਮਰੇ ਵਿਚ ਚਲਾ ਗਿਆ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001
ਮੋਬਾਈਲ : 98889-24664

ਬੁਝਾਰਤਾਂ

1. ਸੋਲਾਂ ਧੀਆਂ ਚਾਰ ਜਵਾਈ |
2. ਵਿੰਗ-ਤੜਿੰਗੀ ਲੱਕੜੀ,
ਉਸ ਦਾ ਗੰਨੇ ਵਰਗਾ ਰਸ |
3. ਬਾਹਰੋਂ ਆਏ ਦੋ ਵਪਾਰੀ,
ਮਿੱਟੀ ਉਡਾਉਂਦੇ ਵਾਰੋ-ਵਾਰੀ |
4. ਲੰਮ-ਸਲੰਮਾ ਆਦਮੀ,
ਉਸ ਦੇ ਗਿੱਟੇ ਵਿਚ ਦਾੜ੍ਹੀ |
5. ਬਿਨਾਂ ਸੂਈ ਕੁੜਤਾ ਸੀਤਾ |
ਸਾਲ ਭਰ ਹੰਢਾਇਆ,
ਮੁੜ ਕੇ ਤਹਿ ਕੀਤਾ |
ਉੱਤਰ : (1) ਹੱਥਾਂ-ਪੈਰਾਂ ਦੀਆਂ ਉਂਗਲਾਂ ਤੇ ਅੰਗੂਠੇ, (2) ਜਲੇਬੀ, (3) ਜੱੁਤੀ, (4) ਗੰਨਾ, (5) ਸੱਪ ਦੀ ਕੁੰਜ |

-ਅਵਤਾਰ ਸਿੰਘ ਕਰੀਰ,
ਮੋਗਾ | ਸੰਪਰਕ : 82838-00190

ਬਾਲ ਸਾਹਿਤ

ਪੰਜ ਬਾਲ ਨਾਟਕ
ਲੇਖਕ : ਸੰਤੋਖ ਸਿੰਘ ਸ਼ਹਰਯਾਰ
ਪ੍ਰਕਾਸ਼ਕ : ਕੇ.ਜੀ. ਗ੍ਰਾਫ਼ਿਕਸ, ਅੰਮਿ੍ਤਸਰ |
ਮੁੱਲ : 150 ਰੁਪਏ, ਪੰਨੇ : 84
ਸੰਪਰਕ : 81465-82589

ਪੰਜ ਬਾਲ 'ਨਾਟਕ' ਸੰਤੋਖ ਸਿੰਘ ਸ਼ਹਰਯਾਰ ਦੇ ਪੰਜ ਬਾਲ ਨਾਟਕਾਂ ਦੀ ਨਵੀਂ ਛਪੀ ਪੁਸਤਕ ਹੈ | ਇਹ ਨਾਟਕ ਸਮਾਜਿਕ ਸਮੱਸਿਆਵਾਂ ਨੂੰ ਆਧਾਰ ਬਣਾ ਕੇ ਲਿਖੇ ਗਏ ਹਨ | ਪਹਿਲਾ ਨਾਟਕ 'ਗਾਜਰ ਬੂਟੀ' ਹੈ | ਨਾਟਕਕਾਰ ਨੇ ਜ਼ਹਿਰੀਲੀ ਗਾਜਰ ਬੂਟੀ, ਜੋ ਦਮੇ, ਖੰਘ ਅਤੇ ਖ਼ਾਰਸ਼ ਦਾ ਸਬੱਬ ਬਣਦੀ ਹੈ, ਨੂੰ ਪਾਤਰਾਂ ਦੇ ਮਾਧਿਅਮ ਦੁਆਰਾ ਜੜ੍ਹੋਂ ਉਖਾੜ ਕੇ ਡੂੰਘਾ ਦਫ਼ਨ ਕਰਨ ਦਾ ਸੁਨੇਹਾ ਦਿੱਤਾ ਹੈ, ਤਾਂ ਜੋ ਬੱਚਿਆਂ ਦੇ ਖੇਡਣ ਲਈ ਬੇਖ਼ੌਫ਼ ਫ਼ਿਜ਼ਾ ਮਿਲ ਸਕੇ | ਦੂਜਾ ਬਾਲ ਨਾਟਕ 'ਗਾਲ੍ਹਾਂ' ਵਿਅੰਗਾਤਮਕ ਅੰਦਾਜ਼ ਵਿਚ ਲਿਖਿਆ ਗਿਆ ਹੈ, ਜਿਸ ਵਿਚ ਸਮੇਤ ਔਰਤਾਂ ਚੰਗੇ ਪੜ੍ਹੇ-ਲਿਖੇ ਵਿਦਵਾਨ ਅਤੇ ਅਫ਼ਸਰ ਸ਼ਰ੍ਹੇਆਮ ਗਾਲ੍ਹਾਂ ਕੱਢ ਕੇ ਨੈਤਿਕ ਕਦਰਾਂ-ਕੀਮਤਾਂ ਦਾ ਜਨਾਜ਼ਾ ਕੱਢਦੇ ਵਿਖਾਈ ਦਿੰਦੇ ਹਨ | ਨਾਟਕ ਸਵਾਲ ਛੱਡਦਾ ਹੈ ਕਿ ਜੇ ਅਜਿਹੇ ਲੋਕਾਂ ਦਾ ਇਹ ਹਾਲ ਹੈ ਤਾਂ ਬੱਚਿਆਂ ਵਿਚ ਜੀਵਨ-ਮੁੱਲਾਂ ਨੂੰ ਗ੍ਰਹਿਣ ਕਰਨ ਦੀ ਪ੍ਰੇਰਨਾ ਕੌਣ ਦੇਵੇਗਾ? ਤੀਜਾ ਨਾਟਕ 'ਏਨਾ ਵੱਡਾ ਸੱਚ, ਏਨਾ ਵੱਡਾ ਝੂਠ' ਵਰਤਮਾਨ ਸਿੱਖਿਆ ਪ੍ਰਣਾਲੀ ਦੀ ਵਾਸਤਵਿਕ ਤਸਵੀਰ ਪੇਸ਼ ਕੀਤੀ ਹੈ | ਨਾਟਕ 'ਗੋਲੇ ਕਬੂਤਰ' ਦੀ ਸਿਰਜਣਾ ਦਾ ਮਕਸਦ ਜੀਵਾਂ ਪ੍ਰਤੀ ਮਨੁੱਖੀ ਵਿਵਹਾਰ ਨੂੰ ਪੇਸ਼ ਕਰਕੇ ਇਨ੍ਹਾਂ ਨਾਲ ਪਿਆਰ ਕਰਨਾ ਹੈ | ਆਖ਼ਰੀ ਨਾਟਕ 'ਕੋਇਲਾਂ ਦੇ ਬੱਚੇ ਕਾਵਾਂ ਦੇ ਆਲ੍ਹਣੇ' ਮਨੁੱਖ ਵਾਂਗ ਹਾਵ-ਭਾਵ ਪ੍ਰਗਟ ਕਰਦੇ ਪੰਛੀ-ਪਾਤਰਾਂ 'ਤੇ ਆਧਾਰਤ ਹੈ, ਜਿਸ ਵਿਚ ਪ੍ਰਤੀਕਾਤਮਕ ਰੂਪ ਵਿਚ ਦਰਸਾਇਆ ਗਿਆ ਹੈ ਕਿ ਕਿਵੇਂ ਚਲਾਕੀ ਨਾਲ ਮਨੁੱਖ ਆਪਣਾ ਉੱਲੂ ਸਿੱਧਾ ਕਰਦਾ ਹੈ | ਇਨ੍ਹਾਂ ਬਾਲ ਨਾਟਕਾਂ ਦੇ ਪਾਤਰਾਂ ਦੀ ਬੋਲੀ ਉਨ੍ਹਾਂ ਦੇ ਚਰਿੱਤਰਾਂ ਅਨੁਸਾਰ ਢੁਕਵੀਂ ਹੈ | ਇਹ ਨਾਟਕ ਸਕੂਲੀ ਮੰਚਾਂ 'ਤੇ ਖੇਡੇ ਜਾਣ ਦੀ ਜ਼ਰੂਰਤ ਹੈ, ਤਾਂ ਜੋ ਨਵੀਂ-ਪੀੜ੍ਹੀ ਨੂੰ ਉਸਾਰੂ ਵਾਤਾਵਰਨ ਦਿੱਤਾ ਜਾ ਸਕੇ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਭਵਿੱਖ ਦੀ ਡਾਲ ਉੱਤੇ...

ਭਵਿੱਖ ਦੀ ਡਾਲ ਉੱਤੇ ਖਿੜ ਰਹੇ ਵਰਦਾਨ ਨੇ ਬੱਚੇ |
ਮੇਰੇ ਭਾਰਤ ਦੀ ਉੱਨਤੀ-ਸ਼ਿਲਪ ਦੀ ਪਹਿਚਾਨ ਨੇ ਬੱਚੇ |
ਇਨ੍ਹਾਂ ਨੂੰ ਪਿਆਰ ਤੇ ਸਤਿਕਾਰ ਦੇਵੋ ਸਮਝੋ ਨਾ ਸੇਵਕ,
ਅਣੂ ਯੁਗ ਦੇ ਸਬਲ ਸਿਰਜਕ ਬੜੇ ਵਿਦਵਾਨ ਨੇ ਬੱਚੇ |
ਜਿਨ੍ਹਾਂ ਦੇ ਘਰ ਇਨ੍ਹਾਂ ਦਾ ਵਾਸ ਉਨ੍ਹਾਂ ਤੋਂ ਜ਼ਰਾ ਪੱੁਛੋ,
ਘਰਾਂ ਦੀ ਆਨ ਨੇ ਬੱਚੇ, ਘਰਾਂ ਦੀ ਸ਼ਾਨ ਨੇ ਬੱਚੇ |
ਅਗਰ ਭਗਵਾਨ ਨੂੰ ਪਾਉਣਾ ਤਾਂ ਮੇਰੇ ਨਾਲ ਆ ਜਾਓ,
ਕਿਤੇ ਉਹ ਦੂਰ ਨਈਾ ਯਾਰੋ ਇਹੋ ਭਗਵਾਨ ਨੇ ਬੱਚੇ |
ਕਿਸੇ ਮਾਂ ਤੋਂ ਜ਼ਰਾ ਪੱੁਛੋ ਕਿ ਕੀ ਪਰਿਭਾਸ਼ਾ ਇਨ੍ਹਾਂ ਦੀ,
ਜਿਗਰ ਦਾ ਖੂਨ ਨੇ ਬੱਚੇ, ਦਿਲਾਂ ਦੀ ਜਾਨ ਨੇ ਬੱਚੇ |
ਜੋ ਹੱਸ ਕੇ ਦੇਸ਼ ਦੀ ਖ਼ਾਤਰ ਸ਼ਹੀਦੀ ਜਾਮ ਪੀ ਜਾਂਦੇ,
ਤਿਰੰਗੇ ਵਾਸਤੇ ਇਤਿਹਾਸ ਦਾ ਅਹਿਸਾਨ ਨੇ ਬੱਚੇ |
ਇਨ੍ਹਾਂ ਨੂੰ ਪਿਆਰ ਤੇ ਸ਼ੱੁਭ ਕਾਮਨਾ ਅਸੀਸ ਦੇ ਦੇਣਾ,
ਕਿ ਨਹਿਰੂ ਦੇ ਜਨਮ ਦਿਨ ਵਾਸਤੇ ਮਹਿਮਾਨ ਨੇ ਬੱਚੇ |
ਜਿਹੜੇ ਮਿਹਨਤ ਤੇ ਅਨੁਸ਼ਾਸਨ ਦੇ ਪਹਿਰੇਦਾਰ ਹੁੰਦੇ ਨੇ,
ਅਕੀਦਤ ਦੇ ਸਮਰਪਣ ਵਿਚ ਉਹੀ ਪ੍ਰਵਾਨ ਨੇ ਬੱਚੇ |
ਇਨ੍ਹਾਂ ਹੀ ਚੜ੍ਹਦੇ ਸੂਰਜ ਦੀ ਨਵੀਂ ਹੈ ਦਾਸਤਾਂ ਲਿਖਣੀ,
ਕਿ 'ਬਾਲਮ' ਵਕਤ 'ਚੋਂ ਇਤਿਹਾਸ ਦੇ ਨਿਰਮਾਣ ਨੇ ਬੱਚੇ |

-ਬਲਵਿੰਦਰ ਬਾਲਮ ਗੁਰਦਾਸਪੁਰ,
ਉਂਕਾਰ ਨਗਰ, ਗੁਰਦਾਸਪੁਰ | ਮੋਬਾ: 98156-25409

ਬਾਲ ਕਵਿਤਾ: ਬਜ਼ੁਰਗਾਂ ਦਾ ਸਤਿਕਾਰ

ਬਜ਼ੁਰਗਾਂ ਨੂੰ ਸਦਾ ਸਤਿਕਾਰੋ ਬੱਚਿਓ,
ਇਨ੍ਹਾਂ ਨੂੰ ਨਾ ਕਦੇ ਦਰਕਾਰੋ ਬੱਚਿਓ |
ਬਜ਼ੁਰਗ ਹੁੰਦੇ ਨੇ ਬੱਚਿਆਂ ਬਰਾਬਰ,
ਇਨ੍ਹਾਂ ਨੂੰ ਹਮੇਸ਼ਾ ਹੀ ਪਿਆਰੋ ਬੱਚਿਓ |
ਬਜ਼ੁਰਗਾਂ ਤੋਂ ਲੈਣੀਆਂ ਅਸੀਸਾਂ ਰੱਜ ਕੇ,
ਇਨ੍ਹਾਂ ਨੂੰ ਨਾ ਕਦੇ ਫਿਟਕਾਰੋ ਬੱਚਿਓ |
ਜੋ ਬੱਚੇ ਇਨ੍ਹਾਂ ਨੂੰ ਪਿਆਰ ਕਰਦੇ,
ਦੇਣ ਇਹ ਅਸੀਸਾਂ ਨਾਲ ਤਾਰ ਬੱਚਿਓ |
ਜਿਨ੍ਹਾਂ ਬੱਚਿਆਂ ਨੇ ਇਨ੍ਹਾਂ ਦਾ ਦੁਖਾਇਆ ਦਿਲ ਜੀ,
ਉਨ੍ਹਾਂ ਨੂੰ ਹਜ਼ਾਰਾਂ ਦੱੁਖ ਜਾਣ ਮਿਲ ਜੀ |
ਬਜ਼ੁਰਗ ਨਾ ਸਾਡੇ ਕੋਲੋਂ ਕੁਝ ਮੰਗਦੇ,
ਉਹ ਤਾਂ ਬਸ ਬੱਚਿਓ ਪਿਆਰ ਮੰਗਦੇ |
ਸਾਰੇ ਜਣੇ ਗਲ਼ ਇਨ੍ਹਾਂ ਨੂੰ ਲਾਓ ਜੀ,
ਬਿਨਾਂ ਮੰਗਿਆਂ ਮੁਰਾਦਾਂ ਸਭ ਪਾਓ ਜੀ |
ਗੱਲਾਂ ਮੇਰੀਆਂ 'ਤੇ ਕਰਨਾ ਹੈ ਗੌਰ ਬੱਚਿਓ,
ਵਾਂਗ 'ਬਸਰੇ' ਨਾ ਸਮਝਾਉਣਾ ਕਿਸੇ ਹੋਰ ਬੱਚਿਓ |

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 97790-43348

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX