ਤਾਜਾ ਖ਼ਬਰਾਂ


ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ 54 ਉਮੀਦਵਾਰਾਂ ਦੀ ਸੂਚੀ ਜਾਰੀ
. . .  31 minutes ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 54 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਪ੍ਰਿਟਿੰਗ ਪ੍ਰੈੱਸ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  about 1 hour ago
ਲੁਧਿਆਣਾ, 18 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਸੂਦਾਂ ਮੁਹੱਲੇ 'ਚ ਇੱਕ ਪ੍ਰਿਟਿੰਗ ਪ੍ਰੈੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ...
ਅਮਰੀਕਾ ਤੋਂ ਦਿੱਲੀ ਉਡਾਣ ਦੌਰਾਨ ਲੋਹੀਆਂ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  about 2 hours ago
ਲੋਹੀਆਂ ਖ਼ਾਸ, 18 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਮਰੀਕਾ ਦੇ ਕੈਲੇਫੋਰਨੀਆ 'ਚ ਪੈਂਦੇ ਮਨਟੀਕਾ ਸ਼ਹਿਰ ਵਿਖੇ ਪਰਿਵਾਰ ਸਮੇਤ ਰਹਿੰਦੇ ਜਗੀਰ ਸਿੰਘ ਵਾਸੀ ਪਿੰਡ ਬਦਲੀ ਬਲਾਕ ਲੋਹੀਆਂ ਖ਼ਾਸ ਦੇ ਘਰ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ...
ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 18 ਜਨਵਰੀ - ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਰਾਸ਼ਟਰੀ ਸੁਰੱਖਿਆ, ਖ਼ੁਫ਼ੀਆ ਵੰਡ...
ਦਲਿਤ ਵਿਰੋਧੀ ਹਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ - ਅਮਿਤ ਸ਼ਾਹ
. . .  about 2 hours ago
ਬੈਂਗਲੁਰੂ, 18 ਜਨਵਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੁਬਲੀ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ...
10 ਪੀੜੀਆਂ ਬਾਅਦ ਵੀ ਸਾਵਰਕਰ ਦੀ ਹਿੰਮਤ ਦਾ ਮੁਕਾਬਲਾ ਨਹੀਂ ਕਰ ਸਕਦੇ ਰਾਹੁਲ ਗਾਂਧੀ - ਸਮ੍ਰਿਤੀ ਈਰਾਨੀ
. . .  1 minute ago
ਲਖਨਊ, 18 ਜਨਵਰੀ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਮਾਫ਼ੀ ਨਹੀਂ ਮੰਗਣਗੇ। ਉਹ ਰਾਹੁਲ ਸਾਵਰਕਰ ਨਹੀ ਹਨ। ਮੈਂ ਅੱਜ ਰਾਹੁਲ ਗਾਂਧੀ...
ਪ੍ਰਨੀਤ ਕੌਰ ਨੇ ਕੀਤਾ 66 ਕੇ ਵੀ ਸਬ- ਸਟੇਸ਼ਨ ਦਾ ਰਸਮੀ ਉਦਘਾਟਨ
. . .  about 3 hours ago
ਡੇਰਾਬਸੀ, 18 ਜਨਵਰੀ (ਸ਼ਾਮ ਸਿੰਘ ਸੰਧੂ) - ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਡੇਰਾਬਸੀ ਨੇੜਲੇ ਪਿੰਡ ਹਰੀਪੁਰ ਕੂੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ...
ਝਾਰਖੰਡ : ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਦੀ ਰਿਹਾਈ ਦਾ ਰਾਹ ਪੱਧਰਾ
. . .  about 3 hours ago
ਰਾਂਚੀ, 18 ਜਨਵਰੀ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ...
ਹੁਣ ਸ਼੍ਰੋ:ਅ:ਦ (ਬਾਦਲ) ਦੇ ਮਾਲਵਾ ਜੋਨ-2 ਦੇ ਸਕੱਤਰ ਨੇ ਦਿੱਤਾ ਅਸਤੀਫ਼ਾ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ ( ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ...
ਸੀ.ਏ.ਏ 'ਤੇ 10 ਲਾਈਨਾਂ ਬੋਲ ਕੇ ਦਿਖਾਉਣ ਰਾਹੁਲ ਗਾਂਧੀ - ਜੇ.ਪੀ ਨੱਢਾ
. . .  about 4 hours ago
ਨਵੀਂ ਦਿੱਲੀ, 18 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਕੀ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਝੀਲਾਂ, ਪਹਾੜਾਂ, ਝਰਨਿਆਂ ਅਤੇ ਖ਼ੂਬਸੂਰਤ ਵਾਦੀਆਂ ਦੀ ਧਰਤੀ ਸਵਿਟਜ਼ਰਲੈਂਡ

ਸਵਿਟਜ਼ਰਲੈਂਡ ਧਰਤੀ 'ਤੇ ਅਸਲੀਅਤ ਵਿਚ ਵਸਦਾ ਸੁਪਨਲੋਕ ਹੈ | ਦੁਨੀਆਂ ਦੇ ਹਰ ਸੈਲਾਨੀ ਦੀ ਤਮੰਨਾ ਹੈ ਕਿ ਉਹ ਇਸ ਦੇਸ਼ ਵਿਚ ਘੁੰਮਣ ਆਵੇ ਅਤੇ ਜੋ ਏਥੇ ਘੁੰਮ ਚੁੱਕਾ ਹੈ ਉਸ ਦੀ ਤਮੰਨਾ ਹੈ ਕਿ ਉਹ ਵਾਰ-ਵਾਰ ਇਥੇ ਘੁੰਮਣ ਲਈ ਵਾਪਸ ਆਵੇ | ਸਵਿਸ ਦੀਆਂ ਨੀਲੇ ਪਾਣੀਆਂ ਵਾਲੀਆਂ ਹਜ਼ਾਰਾਂ ਝੀਲਾਂ, ਹਰੇ-ਭਰੇ ਪਹਾੜ, ਪਹਾੜਾਂ ਤੋਂ ਕਲ-ਕਲ ਕਰ ਕੇ ਵਹਿੰਦੇ ਅਣਗਿਣਤ ਝਰਨੇ, ਉੱਚੇ ਪਹਾੜਾਂ ਦੀਆਂ ਬਰਫੀਲੀਆਂ ਸਿਖ਼ਰਾਂ ਅਤੇ ਹਰੀਆਂ ਭਰੀਆਂ ਖ਼ੂਬਸੂਰਤ ਵਾਦੀਆਂ ਮਨੁੱਖੀ ਮਨ ਨੂੰ ਨਸ਼ਿਆ ਦਿੰਦੀਆਂ ਹਨ | ਮੌਸਮ ਕੋਈ ਵੀ ਹੋਵੇ , ਸਵਿਸ ਦੀ ਕੁਦਰਤੀ ਖ਼ੂਬਸੂਰਤੀ ਨਵਿਆਈ ਹੀ ਰਹਿੰਦੀ ਹੈ | ਗਰਮ ਮੌਸਮ ਹੋਵੇ ਤਾਂ ਹਰ ਪਾਸੇ ਹੱਸਦੀ ਹੋਈ ਹਰੀ ਕਚੂਰ ਹਰਿਆਲੀ ਸਭ ਦਾ ਸਵਾਗਤ ਕਰਦੀ ਹੈ | ਸਰਦ ਮੌਸਮ ਹੋਵੇ ਤਾਂ ਬਰਫ਼ਾਂ ਲੱਦੇ ਪਹਾੜ ਮਾਨਣਯੋਗ ਨਜ਼ਾਰਾ ਪੇਸ਼ ਕਰਦੇ ਹਨ | ਪਤਝੜ ਹੋਵੇ ਤਾਂ ਸੁਨਹਿਰੀ ਚਾਦਰਾਂ ਵਿਛ ਜਾਂਦੀਆਂ ਹਨ | ਸਵਿਸ ਵਿਚ ਘੁੰਮਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਕੁਦਰਤ ਨੇ ਖੁਸ਼ ਹੋ ਕੇ ਆਪਣੀ ਸਾਰੀ ਖ਼ੂਬਸੂਰਤੀ ਧਰਤੀ ਦੇ ਇਸ ਹਿੱਸੇ 'ਤੇ ਹੀ ਡੋਲ੍ਹ ਦਿੱਤੀ ਹੈ |
ਖੇਤਰੀ ਤੌਰ 'ਤੇ ਸਵਿਟਜ਼ਰਲੈਂਡ ਨੂੰ ਚਾਰੇ ਪਾਸਿਉਂ ਜਰਮਨੀ, ਇਟਲੀ, ਆਸਟਰੀਆ ਅਤੇ ਫਰਾਂਸ ਦੀਆਂ ਹੱਦਾਂ ਲਗਦੀਆਂ ਹਨ ਸੋ, ਜੇਕਰ ਯੂਰਪ ਨੂੰ ਮਨੁੱਖੀ ਸਰੀਰ ਦੇ ਨਜ਼ਰੀਏ ਨਾਲ ਵੇਖਿਆ ਜਾਏ ਤਾਂ ਇਹ ਦੇਸ਼ ਯੂਰਪ ਦਾ ਦਿਲ ਮਹਿਸੂਸ ਹੁੰਦਾ ਹੈ | ਸਾਰਾ ਸਾਲ ਏਥੇ ਪੂਰੀ ਦੁਨੀਆ ਤੋਂ ਆਏ ਸੈਲਾਨੀਆਂ ਦੀ ਭਰਮਾਰ ਰਹਿੰਦੀ ਹੈ | ਸਵਿਸ ਦੀਆਂ ਨੀਲੇ ਪਾਣੀ ਵਾਲੀਆਂ ਝੀਲਾਂ ਸਾਰੀ ਦੁਨੀਆਂ 'ਚ ਮਸ਼ਹੂਰ ਹਨ | ਛੋਟੀਆਂ ਵੱਡੀਆਂ ਸਭ ਝੀਲਾਂ ਮਿਲਾ ਕੇ ਇਨ੍ਹਾਂ ਦੀ ਗਿਣਤੀ ਤਕਰੀਬਨ ਸੱਤ ਹਜ਼ਾਰ ਹੈ | ਇਨ੍ਹਾਂ ਵਿਚੋਂ ਸਭ ਤੋਂ ਵੱਡੀ ਜਨੇਵਾ ਝੀਲ ਹੈ ਜਿਸ ਦਾ ਖੇਤਰ ਤਕਰੀਬਨ 580 ਵਰਗ ਕਿਲੋਮੀਟਰ ਹੈ | ਸਭ ਤੋਂ ਛੋਟੀ ਝੀਲ 'ਲੈਗੋ ਦੀ ਪੋਸ਼ੈਵੋ' (ਫਰਾਂਸੀਸੀ ਨਾਂਅ) ਮੰਨੀ ਜਾਂਦੀ ਹੈ | ਸਰਦੀਆਂ 'ਚ ਸਵਿਸ ਅੰਦਰ ਰੱਜ ਕੇ ਬਰਫ਼ਬਾਰੀ ਹੁੰਦੀ ਹੈ ਅਤੇ ਗਰਮ ਮੌਸਮ 'ਚ ਉਹੀ ਬਰਫ਼ ਪਾਣੀ ਬਣ ਕੇ ਝਰਨਿਆਂ ਦੇ ਰੂਪ 'ਚ ਪਹਾੜਾਂ ਤੋਂ ਹੇਠਾਂ ਤੁਰ ਪੈਂਦੀ ਹੈ | ਤੁਸੀਂ ਸਵਿਸ ਦੇ ਕਿਸੇ ਵੀ ਪਹਾੜੀ ਇਲਾਕੇ ਵਿਚੋਂ ਗੁਜ਼ਰ ਜਾਉ, ਤੁਹਾਨੂੰ ਸੱਜੇ-ਖੱਬੇ ਕੋਈ ਨਾ ਕੋਈ ਖ਼ੂਬਸੂਰਤ ਝਰਨਾ ਵਹਿੰਦਾ ਮਿਲ ਹੀ ਜਾਵੇਗਾ | ਇਨ੍ਹਾਂ ਮਨ ਮੋਹ ਲੈਣ ਵਾਲੇ ਝਰਨਿਆਂ ਦੇ ਪਾਣੀ ਨਾਲ ਕੁਦਰਤ ਹਜ਼ਾਰਾਂ ਝੀਲਾਂ ਦਾ ਨਿਰਮਾਣ ਕਰਦੀ ਹੈ | ਕਈ ਝੀਲਾਂ ਦਾ ਪਾਣੀ ਏਨਾਂ ਸਾਫ ਅਤੇ ਸ਼ੁੱਧ ਹੈ ਕਿ ਤੁਸੀਂ ਬੁੱਕ ਭਰ ਕੇ ਪੀ ਸਕਦੇ ਹੋ | ਬਹੁਤ ਸਾਫ਼ ਹੋਣ ਕਰਕੇ ਜ਼ਿਆਦਾਤਾਰ ਝੀਲਾਂ ਦਾ ਪਾਣੀ ਨੀਲੀ ਭਾਅ ਮਾਰਦਾ ਹੈ | ਇਸ ਦਾ ਕਾਰਨ ਇਹ ਨਹੀਂ ਹੈ ਕਿ ਇਸ ਦਾ ਰੰਗ ਨੀਲਾ ਹੈ, ਬਲਕਿ ਇਹ ਪਾਣੀ ਵਲੋਂ ਨੀਲੇ ਅੰਬਰ ਦੇ ਅਕਸ ਨੂੰ ਜ਼ਜ਼ਬ ਕਰਨ ਕਰਕੇ ਅਜਿਹਾ ਦਿਸਦਾ ਹੈ | ਜਦ ਇਸੇ ਪਾਣੀ ਨੂੰ ਦੋਹਾਂ ਹੱਥਾਂ ਦੀ ਬੁੱਕ ਵਿਚ ਭਰ ਕੇ ਵੇਖਿਆ ਜਾਵੇ ਤਾਂ ਉਹ ਬੇਰੰਗ ਹੀ ਦਿਸਦਾ ਹੈ | ਏਸੇ ਤਰਾਂ ਜੋ ਝੀਲਾਂ ਹਰੇ ਭਰੇ ਵਿਸ਼ਾਲ ਪਹਾੜਾਂ ਦੇ ਕਦਮਾਂ ਵਿਚ ਹਨ, ਉਨ੍ਹਾਂ ਦਾ ਪਾਣੀ ਹਰੇ ਰੰਗ ਦਾ ਵੀ ਨਜ਼ਰ ਆਉਂਦਾ ਹੈ | ਪਹਾੜਾਂ ਉੱਪਰ ਬਹੁਤ ਸਾਰੀਆਂ ਝੀਲਾਂ ਐਸੀਆਂ ਹਨ ਜਿਨ੍ਹਾਂ ਤੱਕ ਕਿਸੇ ਸੜਕ ਦੀ ਪਹੁੰਚ ਨਹੀਂ ਹੈ ਸੋ ਇਨ੍ਹਾਂ ਤੱਕ ਕਿਸੇ ਵਾਹਨ ਜਾਂ ਟਰਾਂਸਪੋਰਟ ਰਾਹੀਂ ਨਹੀਂ ਪਹੁੰਚਿਆ ਜਾ ਸਕਦਾ | ਐਸੀਆਂ ਝੀਲਾਂ ਨੂੰ ਪਸੰਦ ਕਰਨ ਵਾਲੇ ਘੁਮੱਕੜ ਸੈਲਾਨੀ ਪਹਾੜੀ ਰਸਤਿਆਂ ਰਾਹੀਂ ਤੁਰ ਕਰ ਉੱਥੇ ਪਹੁੰਚ ਕੇ ਟਿਕੀ ਹੋਈ ਸ਼ਾਂਤ ਕੁਦਰਤ ਦੀ ਗੋਦ ਮਾਣਦੇ ਹਨ | ਜ਼ਮੀਨੀ ਤੌਰ 'ਤੇ ਸਵਿਟਰਜ਼ਰਲੈਂਡ ਛੋਟਾ ਜਿਹਾ ਦੇਸ਼ ਹੈ ਜੋ ਯੂਰੋਪ ਦਾ 0.4 ਪ੍ਰਤੀਸ਼ਤ ਹਿੱਸਾ ਹੀ ਮੱਲਦਾ ਹੈ ਪਰ ਝੀਲਾਂ ਦੇ ਰੂਪ 'ਚ ਇਸ ਕੋਲ ਯੂਰੋਪ ਦਾ 6 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਪਾਣੀ ਮੌਜੂਦ ਹੈ | ਜੇਕਰ ਤੁਸੀਂ ਸੜਕ ਰਾਹੀਂ ਸਵਿਸ ਵਿਚ ਸਫ਼ਰ ਕਰ ਰਹੇ ਹੋ ਤਾਂ ਤੁਹਾਨੂੰ ਹਰ ਪੰਜ-ਦਸ ਕਿਲੋਮੀਟਰ ਬਾਅਦ ਕਿਸੇ ਖ਼ੂਬਸੂਰਤ ਝੀਲ ਦੇ ਦੀਦਾਰ ਹੋਣੇ ਲਾਜ਼ਮੀ ਹਨ | ਕਈ ਝੀਲਾਂ ਤਾਂ ਮੀਲਾਂ ਤੱਕ ਸੜਕਾਂ ਦੇ ਨਾਲ ਜੁੜੀਆਂ ਹਨ ਅਤੇ ਰਾਹੀਆਂ ਦੀਆਂ ਨਜ਼ਰਾਂ ਨੂੰ ਸਕੂਨ ਬਖਸ਼ਦੀਆਂ ਰਹਿੰਦੀਆਂ ਹਨ |
ਸਵਿਸ ਦਾ ਤਕਰੀਬਨ 60 ਪ੍ਰਤੀਸ਼ਤ ਖੇਤਰ ਪਹਾੜਾਂ ਹੇਠ ਹੈ | ਗੈਰ-ਪਹਾੜੀ ਇਲਾਕਾ ਵੀ ਪੂਰੀ ਤਰ੍ਹਾਂ ਮੈਦਾਨੀ ਨਹੀਂ ਬਲਕਿ ਨੀਮ-ਪਹਾੜੀ ਜਿਹਾ ਹੈ | ਇਨ੍ਹਾਂ ਪਹਾੜਾਂ ਵਿਚ ਸੈਲਾਨੀਆਂ ਦੇ ਮੌਜ ਕਰਨ ਲਈ ਤਕਰੀਬਨ 5000 ਛੋਟੀਆਂ-ਵੱਡੀਆਂ ਕੇਬਲ ਕਾਰਾਂ ਮੌਜੂਦ ਹਨ | ਜੁੰਗਫਰਾਉਜੋਖ ਨਾਂਅ ਦਾ ਯੂਰਪ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ ਵੀ ਇਥੇ ਈ ਹੈ | ਸਵਿਸ ਦੀਆਂ ਬਰਨਿਸ ਪਹਾੜੀਆਂ ਵਿਚ ਦੁਨੀਆ ਦਾ ਸਭ ਤੋਂ ਉੱਚਾ ਪੈਦਲ ਪੌੜੀ-ਰਾਹ ਮੌਜੂਦ ਹੈ | ਪਹਾੜਾਂ ਦੀਆਂ ਉਚਾਈਆਂ ਵੱਲ ਨੂੰ ਜਾਂਦੇ ਇਸ ਪੌੜੀ-ਰਾਹ ਦੀਆਂ ਪੌੜੀਆਂ ਦੀ ਗਿਣਤੀ ਤਕਰੀਬਨ ਬਾਰਾਂ ਹਜ਼ਾਰ ਹੈ | ਕੁਝ ਇਕ ਇਲਾਕਿਆਂ 'ਚ ਖ਼ੂਬਸੂਰਤ ਪਹਾੜਾਂ ਦੀਆਂ ਢਲਾਨਾਂ 'ਤੇ ਅੰਗੂਰਾਂ ਦੇ ਬਾਗਾਂ ਦੀ ਭਰਮਾਰ ਹੈ ਜੋ ਕੁਦਰਤੀ ਖੁਬਸੂਰਤੀ ਨੂੰ ਹੋਰ ਵੀ ਨਿਖਾਰ ਦਿੰਦੇ ਹਨ | ਭਾਵੇਂ ਸਵਿਸ ਇਕ ਬਹੁਤ ਹੀ ਸ਼ਾਂਤ ਦੇਸ਼ ਹੈ ਪਰ ਤਾਂ ਵੀ ਇਹ ਜਾਨਣਾ ਦਿਲਚਸਪ ਹੋਵੇਗਾ ਕਿ ਸਵਿਸ ਸਰਕਾਰ ਨੇ ਸਵਿਸ ਜਨਤਾ ਲਈ ਪਹਾੜੀਆਂ ਵਿਚ ਐਸੇ ਬਹੁਤ ਸਾਰੇ ਬੰਕਰਾਂ ਦਾ ਨਿਰਮਾਣ ਕੀਤਾ ਹੈ, ਜਿਨ੍ਹਾਂ ਅੰਦਰ ਕਿਸੇ ਪਰਮਾਣੂ ਹਮਲੇ ਦੌਰਾਨ ਬਚਾਅ ਲਈ ਲੁਕਣ ਦਾ ਪ੍ਰਬੰਧ ਹੈ | ਇਥੋਂ ਤੱਕ ਕੇ ਨਵੀਆਂ ਬਣ ਰਹੀਆਂ ਰਿਹਾਇਸ਼ੀ ਇਮਾਰਤਾਂ ਦੇ ਤਹਿਖਾਨੇ ਵੀ ਇਸੇ ਹੀ ਵਿਉਂਤਬੰਦੀ ਨਾਲ ਬਣਾਏ ਗਏ ਹਨ |
ਸਵਿਸ ਦਾ ਵਧੇਰੇ ਇਲਾਕਾ ਪਹਾੜੀ ਹੋਣ ਦੇ ਬਾਵਜੂਦ ਵੀ ਇਥੋਂ ਦੀ ਸਰਕਾਰ ਨੇ ਬਾ-ਕਮਾਲ ਹਾਈਵੇਜ਼ ਅਤੇ ਰੇਲਵੇ ਪਟੜੀਆਂ ਦਾ ਨਿਰਮਾਣ ਕੀਤਾ ਜਿਸ ਨੂੰ ਵੇਖਕੇ ਹੈਰਾਨੀਂ ਹੁੰਦੀ ਹੈ | ਬੇਰੋਕ ਆਵਾਜਾਈ ਲਈ ਸੜਕਾਂ ਅਤੇ ਰੇਲਵੇ-ਪਟੜੀਆਂ ਦੀ ਉਸਾਰੀ ਲਈ ਪਹਾੜੀ ਸੁਰੰਗਾਂ ਦਾ ਨਿਰਮਾਣ ਕੀਤਾ ਗਿਆ ਹੈ | ਛੋਟੇ ਜਿਹੇ ਸਵਿਸ ਵਿਚ ਤਕਰੀਬਨ 1800 ਸੜਕੀ ਅਤੇ ਰੇਲਵੇ ਸੁਰੰਗਾਂ ਮੌਜੂਦ ਹਨ | ਜੇਕਰ ਤੁਸੀਂ ਸਵਿਸ ਦੇ ਸ਼ਾਹਰਾਹਾਂ 'ਤੇ ਸਫਰ ਕਰ ਰਹੇ ਹੋ ਤਾਂ ਤੁਹਾਨੂੰ ਹਰ ਪੰਜ-ਸੱਤ ਮਿੰਟ ਬਾਅਦ ਕਿਸੇ ਛੋਟੀ ਜਾਂ ਵੱਡੀ ਸੜਕੀ-ਸੁਰੰਗ ਵਿਚੋਂ ਗੁਜ਼ਰਨਾ ਪੈਂਦਾ ਹੈ | ਦੁਨੀਆ ਦੀ ਸਭ ਤੋਂ ਲੰਮੀ ਆਵਾਜਾਈ ਵਾਲੀ ਸੁਰੰਗ ਵੀ ਇਥੇ ਈ ਹੈ, ਜਿਸ ਦੀ ਲੰਬਾਈ 57 ਕਿਲੋਮੀਟਰ ਹੈ ਅਤੇ ਇਸ ਨੂੰ ਬਣਾਉਣ ਵਿਚ ਸਤਾਰਾਂ ਸਾਲ ਲੱਗ ਗਏ ਸਨ |
ਸਵਿਸ ਦੇ ਲੋਕ ਬਹੁਤ ਨਿਆਂ ਪਸੰਦ ਅਤੇ ਸ਼ਾਂਤ ਹਨ ਅਤੇ ਜੁਰਮ ਦੀ ਅਨੁਪਾਤ ਬਹੁਤ ਥੋੜ੍ਹੀ ਹੈ | ਪੁਲਿਸ ਦਾ ਵਤੀਰਾ ਬਹੁਤ ਹੀ ਨਿਮਰਤਾ ਅਤੇ ਮਦਦ ਵਾਲਾ ਹੈ | ਇਸ ਸਬੰਧ 'ਚ ਮੈਂ ਏਥੇ ਆਪਣਾ ਇਕ ਨਿੱਜੀ ਅਨੁਭਵ ਜ਼ਰੂਰ ਸਾਂਝਾ ਕਰਨਾ ਚਾਹਵਾਂਗਾ | ਇਕ ਵਾਰ ਰਾਤ ਨੂੰ ਇੰਟਰਲਾਕਨ ਤੋਂ ਜਿਊਰਿਖ ਜਾਂਦਿਆਂ ਮੇਰੀ ਕਾਰ ਦਾ ਨੈਵੀਗੇਸ਼ਨ ਸਿਸਟਮ ਜਵਾਬ ਦੇ ਗਿਆ ਤੇ ਮੈਂ ਰਸਤਾ ਭੁੱਲ ਕੇ ਪਹਾੜੀ ਇਲਾਕੇ 'ਚ ਭਟਕ ਗਿਆ | ਏਧਰ-ਓਧਰ ਖੱਜਲ-ਖੁਆਰ ਹੋਣ ਤੋਂ ਬਾਅਦ ਪੁਲਿਸ ਦੀ ਇਕ ਗੱਡੀ ਆਉਂਦੀ ਦਿਸੀ | ਮੈਂ ਗੱਡੀ ਨੂੰ ਹੱਥ ਦੇ ਕੇ ਰੋਕ ਲਿਆ | ਗੱਡੀ 'ਚ ਦੋ ਪੁਲਿਸ ਮੁਲਾਜ਼ਮ ਮੌਜੂਦ ਸਨ | ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਰਸਤਾ ਭੁੱਲ ਚੁੱਕਾ ਹਾਂ | ਉਨ੍ਹਾਂ ਨੇ ਮੈਨੂੰ ਗੱਡੀ ਮਗਰ ਲਾਉਣ ਲਈ ਕਿਹਾ ਅਤੇ ਤਕਰੀਬਨ ਤੀਹ ਕਿਲੋਮੀਟਰ ਗੱਡੀ ਚਲਾ ਕੇ ਮੈਨੂੰ ਜਿਉਰਿਖ ਜਾਣ ਵਾਲੀ ਹਾਈਵੇਅ ਤੱਕ ਛੱਡ ਕੇ ਆਏ |
ਸਵਿਸ 'ਚ ਰੇਸਤੋਰਾਵਾਂ ਤੋਂ ਇਲਾਵਾ ਸ਼ਾਮ ਦੇ ਸਾਢੇ ਛੇ ਵਜੇ ਤੋਂ ਬਾਅਦ ਸਭ ਕਾਰੋਬਾਰੀ ਅਦਾਰੇ ਅਤੇ ਦੁਕਾਨਾਂ ਵਗੈਰਾ ਬੰਦ ਕਰ ਦਿੱਤੀਆਂ ਜਾਂਦੀਆਂ ਹਨ | ਇਸ ਨਾਲ ਚਾਰੇ ਪਾਸੇ ਇਕ ਖ਼ੂਬਸੂਰਤ ਜਿਹੀ ਸ਼ਾਂਤੀ ਅਤੇ ਚੁੱਪ ਪਸਰ ਜਾਂਦੀ ਹੈ | ਸਵਿਸ ਦੇ ਪਿੰਡਾਂ ਵਿਚ ਬਣੇ ਜ਼ਿਆਦਾਤਾਰ ਘਰਾਂ ਦੁਆਲੇ ਕੋਈ ਚਾਰਦੀਵਾਰੀ ਵੀ ਨਹੀਂ ਹੁੰਦੀ | ਇਹ ਲੋਕ ਯਕੀਨ ਕਰਦੇ ਹਨ ਕਿ ਘਰ ਦੇ ਦੁਆਲੇ ਚਾਰਦੀਵਾਰੀ ਕਰਨ ਨਾਲ ਘਰ ਕੁਦਰਤ ਨਾਲੋਂ ਟੁੱਟ ਜਿਹਾ ਜਾਂਦਾ ਹੈ, ਸੋ ਲੋਕ ਇੱਟਾਂ ਦੀ ਚਾਰਦੀਵਾਰੀ ਕਰਨ ਦੀ ਥਾਂ ਮਾੜੀ-ਮੋਟੀ ਜਿਹੀ ਜਾਲੀਦਾਰ ਵਾੜ ਲਾ ਲੈਂਦੇ ਹਨ | ਕਈ ਤਾਂ ਬਿਲਕੁਲ ਕੋਈ ਵਾੜ ਵਗੈਰਾ ਵੀ ਨਹੀਂ ਕਰਦੇ |
ਸਵਿਸ ਦੇ ਕਿਸੇ ਸ਼ਹਿਰ ਦੀ ਥਾਂ ਪੇਂਡੂ ਇਲਾਕਿਆਂ 'ਚ ਘੁੰਮਣਾ ਜ਼ਿਆਦਾ ਸ਼ਾਨਦਾਰ ਤਜਰਬਾ ਹੈ | ਸਫਰ ਕਰਦਿਆਂ ਹਰ ਮੋੜ 'ਤੇ ਭੂ-ਦਿ੍ਸ਼ ਬਦਲ ਜਾਂਦੇ ਹਨ | ਮਹਿਸੂਸ ਹੁੰਦਾ ਹੈ ਕਿ ਕੁਦਰਤ ਨੇ ਹਰ ਜ਼ੱਰੇ 'ਤੇ ਆਪਣੀ ਕਾਰੀਗਰੀ ਵਿਖਾਈ ਹੈ | ਹਰ ਪੈਰ 'ਤੇ ਖ਼ੂਬਸੂਰਤ ਵਾਦੀਆਂ, ਪਹਾੜੀ ਢਲਾਨਾਂ ਅਤੇ ਝਰਨੇ ਸਵਾਗਤ ਕਰੀ ਜਾਂਦੇ ਹਨ | ਜਿਉਂ ਹੀ ਕਿਸੇ ਮੋੜ ਤੋਂ ਕੋਈ ਵੱਖਰਾ ਦਿ੍ਸ਼ ਪ੍ਰਗਟ ਹੁੰਦਾ ਹੈ, ਏਦਾਂ ਮਹਿਸੂਸ ਹੁੰਦਾ ਹੈ ਕਿ ਇਹ ਪਹਿਲੇ ਦਿ੍ਸ਼ ਤੋਂ ਜ਼ਿਆਦਾ ਖ਼ੂਬਸੂਰਤ ਹੈ | ਸਵਿਸ ਸਰਕਾਰ ਇਸ ਗੱਲ ਦਾ ਖਾਸ ਖਿਆਲ ਰੱਖਦੀ ਹੈ ਕਿ ਨੀਮ-ਪਹਾੜੀ ਢਲਾਨਾਂ 'ਤੇ ਉੱਗੇ ਘਾਹ ਵਗੈਰਾ ਨੂੰ ਕੱਟ ਕੇ ਰੱਖਿਆ ਜਾਵੇ ਸੋ, ਇਸ ਲਈ ਸਥਾਨਕ ਲੋਕਾਂ ਅਤੇ ਕਿਸਾਨਾਂ ਨੂੰ ਖਾਸ ਭੱਤੇ ਜਾਰੀ ਕੀਤੇ ਜਾਂਦੇ ਹਨ | ਖੁੱਲ੍ਹੇ ਮੌਸਮ 'ਚ ਟ੍ਰੈਕਟਰਾਂ ਨਾਲ ਢਲਾਨਾਂ ਤੋਂ ਘਾਹ ਦੀ ਕਟਾਈ ਕਰਦੇ ਕਿਸਾਨ ਦਿਖਾਈ ਦਿੰਦੇ ਹਨ | ਗਰਮੀਆਂ 'ਚ ਪੇਂਡੂ ਇਲਾਕਿਆਂ ਵਿਚ ਬਣੀਆਂ ਖੁੱਲ੍ਹੀਆਂ-ਡੁੱਲ੍ਹੀਆਂ ਚਰਾਂਦਾਂ 'ਚ ਪਸ਼ੂ ਚਰਦੇ ਵੀ ਨਜ਼ਰੀਂ ਪੈਂਦੇ ਹਨ |
ਸੈਰਸਪਾਟੇ ਲਈ ਸਵਿਸ ਬਹੁਤ ਹੀ ਖਰਚੀਲਾ ਦੇਸ਼ ਹੈ | ਹੋਟਲ, ਖਾਣਾ, ਆਵਾਜਾਈ ਭਾਵ ਹਰ ਚੀਜ਼ ਕਾਫੀ ਮਹਿੰਗੀ ਹੈ ਪਰ ਤਾਂ ਵੀ ਇਹ ਦੇਸ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਸੈਰ-ਸਪਾਟੇ ਵਾਲੀਆਂ ਥਾਵਾਂ 'ਚ ਸ਼ਾਮਿਲ ਹੈ | ਇਥੇ ਘੁੰਮਣ ਆਉਣ ਲਈ ਗਰਮ ਮੌਸਮ ਜ਼ਿਆਦਾ ਢੁਕਵਾਂ ਹੈ ਕਿਉਂਕਿ ਇਸ ਮੌਸਮ 'ਚ ਰਾਤ ਦੇ ਨੌਾ-ਦਸ ਵਜੇ ਤੱਕ ਚਾਨਣ ਪਸਰਿਆ ਰਹਿੰਦਾ ਹੈ | ਦੂਜੇ ਪਾਸੇ ਇਸ ਦੇ ਉਲਟ ਸਿਆਲੀ ਮੌਸਮ 'ਚ ਚਾਰ ਵਜੇ ਹੀ ਘੁੱਪ-ਹਨੇਰਾ ਛਾਅ ਜਾਂਦਾ ਹੈ | ਭਾਵੇਂ ਕਿ ਸਵਿਸ ਦੇ ਚਾਰੇ ਪਾਸੇ ਯੂਰੋ ਕਰੰਸੀ ਵਾਲੇ ਦੇਸ਼ ਹਨ ਪਰ ਸਵਿਸ ਦੀ ਆਪਣੀ ਕਰੰਸੀ ਅਜੇ ਵੀ ਵੱਖਰੀ ਹੈ ਜਿਸ ਦਾ ਨਾਂਅ 'ਸਵਿਸ ਫ੍ਰੈਂਕ' ਹੈ | ਰੁਮਾਂਸ਼ ਨਾਂਅ ਦੀ ਸਵਿਸ ਦੀ ਆਪਣੀ ਰਾਸ਼ਟਰੀ ਜੁਬਾਨ ਹੌਲੀ-ਹੌਲੀ ਲਗਪਗ ਖ਼ਤਮ ਹੋ ਗਈ ਹੈ ਅਤੇ ਹੁਣ ਲੋਕ ਜਰਮਨ, ਫਰਾਂਸੀਸੀ ਅਤੇ ਇਤਾਲਵੀ ਬੋਲੀ ਬੋਲਦੇ ਹਨ ਭਾਵ ਕਿ ਜਿਸ ਪਾਸੇ ਤੋਂ ਜਿਸ ਦੇਸ਼ ਨਾਲ ਸਵਿਸ ਦੀ ਹੱਦ ਲਗਦੀ ਹੈ, ਉਸ ਪਾਸੇ ਦੇ ਲੋਕ ਉਹੀ ਬੋਲੀ ਬੋਲਣ ਲੱਗ ਪਏ ਹਨ |
ਸਵਿਸ 'ਚ ਰਹਿਣਾ ਅਤੇ ਘੁੰਮਣਾਂ ਦੁਨੀਆ ਦੇ ਖ਼ੂਬਸੂਰਤ ਅਨੁਭਵਾਂ ਵਿਚੋਂ ਇਕ ਹੈ | ਸਵਿਸ ਦੀ ਪ੍ਰਾਹੁਣਾਚਾਰੀ ਅਤੇ ਸਵਿਸ ਲੋਕਾਂ ਦਾ ਹਮੇਸ਼ਾਂ 'ਜੀ ਆਇਆਂ ਨੂੰ ' ਕਹਿੰਦਾ ਸੁਭਾਅ ਮਨ ਮੋਹ ਲੈਂਦਾ ਹੈ | ਭਾਵੇਂ ਕੋਈ ਸ਼ਖ਼ਸ ਦੁਨੀਆ ਦੇ ਕਿਸੇ ਵੀ ਅਮੀਰ ਤੋਂ ਅਮੀਰ ਦੇਸ਼ ਦਾ ਵਸਨੀਕ ਹੋਵੇ ਪਰ ਜਦ ਵੀ ਕਦੇ ਸੈਰ-ਸਪਾਟੇ ਦੀ ਗੱਲ ਆਉਂਦੀ ਹੈ ਤਾਂ ਗੱਲ ਸਵਿਸ 'ਤੇ ਆ ਕੇ ਮੁੱਕਦੀ ਹੈ | ਏਹੀ ਤਾਂ ਸਵਿਟਜ਼ਰਲੈਂਡ ਦੀ ਜਾਦੂਗਰੀ ਹੈ |

-ਫੋਨ : 0048516732105
yadsatkoha@yahoo.com


ਖ਼ਬਰ ਸ਼ੇਅਰ ਕਰੋ

ਸਾਡਾ ਵਿਰਸਾ : ਲੋਹੜੀ

ਲੋਹੜੀ ਸਾਡੇ ਦੇਸ਼ ਦੇ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ | ਲੋਹੜੀ ਦੇ ਗੀਤਾਂ ਵਿਚ ਸਾਡੇ ਸੱਭਿਆਚਾਰ ਦੇ ਜਨਮ, ਮੌਤ, ਖ਼ੁਸ਼ੀਆਂ-ਗ਼ਮੀਆਂ, ਖਾਣ-ਪੀਣ, ਪਹਿਨਣ, ਨੱਚਣ ਗਾਉਣ, ਵਿਆਹ-ਸ਼ਾਦੀਆਂ ਦੇ ਹਰ ਰੰਗ ਮਿਲਦੇ ਹਨ | ਲੋਹੜੀ ਦੀ ਸ਼ੁਰੂਆਤ ਲੋਕ ਗਾਥਾ ਦੁੱਲਾ ਭੱਟੀ ਤੋਂ ਹੋਈ ਦੱਸੀ ਜਾਂਦੀ ਹੈ | ਦੁੱਲਾ ਭੱਟੀ ਰਾਜਪੂਤ ਘਰਾਣੇ ਨਾਲ ਸਬੰਧਿਤ ਬਹਾਦਰ ਸੂਰਬੀਰ ਸੀ | ਦੁੱਲੇ ਦੇ ਜਨਮ ਸਮੇਂ ਹੀ ਅਕਬਰ ਬਾਦਸ਼ਾਹ ਦੇ ਘਰ ਸਲੀਮ ਨੇ ਜਨਮ ਲਿਆ ਸੀ | ਕਿਹਾ ਜਾਂਦਾ ਹੈ ਕਿ ਸਲੀਮ ਜਨਮ ਸਮੇਂ ਬਹੁਤ ਕਮਜ਼ੋਰ ਸੀ, ਇਸ ਲਈ ਬਾਦਸ਼ਾਹ ਨੇ ਦੁੱਲੇ ਦੀ ਮਾਂ ਨੂੰ ਆਪਣੇ ਮਹਿਲਾਂ ਵਿਚ ਦੁੱਧ ਚੁੰਘਾਵੀ ਰੱਖ ਲਿਆ | ਦੁੱਲੇ ਦੀ ਮਾਂ ਸਲੀਮ ਅਤੇ ਦੁੱਲੇ ਨੂੰ ਆਪਣਾ ਦੁੱਧ ਚੰੁਘਾਇਆ ਕਰਦੀ ਸੀ | ਇਹ ਕਿਹਾ ਜਾਂਦਾ ਹੈ ਕਿ ਦੁੱਲੇ ਦੇ ਪਿਓ-ਦਾਦੇ ਨੂੰ ਅਕਬਰ ਨੇ ਮਾਲੀਆ ਨਾ ਦੇਣ ਕਰਕੇ ਘਰੋਂ ਬੁਲਾ ਕੇ ਕਤਲ ਕਰਵਾ ਦਿੱਤਾ ਸੀ | ਦੁੱਲੇ ਦੀ ਮਾਂ ਦੇ ਅੰਦਰ ਰਾਜਪੂਤਾਂ ਵਾਲੀ ਅਣਖ ਸੀ | ਉਸ ਦੇ ਮਨ ਵਿਚ ਉਨ੍ਹਾਂ ਤੋਂ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ | ਆਪਣੇ ਪੁੱਤਰ ਦੁੱਲੇ ਦੇ ਮਨ ਵਿਚ ਬਾਦਸ਼ਾਹ ਤੋਂ ਬਦਲਾ ਲੈਣ ਦੀ ਚਿੰਗਾਰੀ ਪੈਦਾ ਕਰ ਦਿੱਤੀ | ਦੁੱਲਾ ਵੱਡਾ ਹੋ ਕੇ ਡਾਕੂ ਬਣ ਗਿਆ | ਦੁੱਲੇ ਨੇ ਲਾਹੌਰ ਜਾਂਦੇ ਘੋੜਿਆਂ ਦੇ ਵਪਾਰੀ ਸ਼ਾਹੀ ਕਾਫ਼ਲਿਆਂ ਨੂੰ ਲੁੱਟ ਲੈਂਦਾ ਅਤੇ ਲੁੱਟ ਦਾ ਮਾਲ ਗ਼ਰੀਬਾਂ ਵਿਚ ਵੰਡ ਦਿੱਤਾ | ਇਕ ਵਾਰੀ ਦੁੱਲੇ ਨੇ ਇਕ ਲਾਹੌਰ ਜਾਂਦੇ ਵਪਾਰੀ ਨੂੰ ਲੁੱਟ ਲਿਆ ਜੋ ਕਿ ਬਾਦਸ਼ਾਹ ਲਈ ਤੋਹਫ਼ੇ ਅਤੇ ਮੋਹਰਾਂ ਲੈ ਕੇ ਜਾ ਰਿਹਾ ਸੀ | ਉਸ ਦਾ ਸਿਰ ਵੱਢ ਕੇ ਬਾਦਸ਼ਾਹ ਨੂੰ ਭੇਜ ਦਿੱਤਾ | ਬਾਅਦ ਵਿਚ ਭਾਵੇਂ ਸ਼ਾਹੀ ਫ਼ੌਜਾਂ ਨੇ ਦੁੱਲੇ ਨੂੰ ਇਕ ਜ਼ਬਰਦਸਤ ਮੁਕਾਬਲੇ ਵਿਚ ਮਾਰ ਦਿੱਤਾ ਪਰ ਉਸ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਵਲੋਂ ਗਾਏ ਜਾਂਦੇ ਹਨ | ਆਮ ਲੋਕ ਦੁੱਲੇ ਦੇ ਹਮਦਰਦ ਬਣ ਗਏ ਸਨ | ਦੁੱਲਾ ਭੱਟੀ ਨੇ ਅਕਸਰ ਗ਼ਰੀਬ ਕੁੜੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਉਨ੍ਹਾਂ ਦੇ ਵਿਆਹ ਕਰ ਦਿੱਤੇ | ਉਨ੍ਹਾਂ ਦੇ ਪੱਲੇ ਸ਼ੱਕਰ ਪਾ ਦਿੱਤੀ | ਕੁੜੀਆਂ ਦੇ ਨਾਂਅ ਪੁਰਾਤਨਤਾ ਦੇ ਆਧਾਰ 'ਤੇ ਸੰੁਦਰੀ ਤੇ ਮੰੁਦਰੀ ਸੀ | ਇਸ ਸਮੇਂ ਤੋਂ ਹੀ ਲੋਹੜੀ ਦੀ ਸ਼ੁਰੂਆਤ ਗੁੜ, ਸ਼ੱਕਰ ਤੋਂ ਹੋਈ ਮੰਨੀ ਜਾਣ ਲੱਗ ਪਈ |
ਪੰਜਾਬ ਦੇ ਹਰ ਪਿੰਡ ਵਿਚ ਲੋਹੜੀ ਬੜੇ ਹੀ ਚਾਵਾਂ ਤੇ ਪਿਆਰਾਂ ਨਾਲ ਹਰ ਘਰ 'ਚ ਮਨਾਈ ਜਾਂਦੀ ਹੈ | ਲਗਪਗ 40-50 ਸਾਲ ਪਹਿਲਾਂ ਲੋਹੜੀ ਮੰਗਣ ਵਾਲਿਆਂ ਦੀ ਤਸਵੀਰ ਪੇਸ਼ ਕਰ ਰਿਹਾ ਹਾਂ | ਨੌਜਵਾਨ ਤੇ ਮੁਟਿਆਰਾਂ ਵੱਖ-ਵੱਖ ਟੋਲੀਆਂ ਬਣਾ ਕੇ ਲੋਹੜੀ ਮੰਗਣ ਜਾਂਦੇ ਸਨ | ਟੋਲੀ ਦਾ ਮੋਹਰੀ ਸੰੁਦਰ-ਮੰੁਦਰੀ ਏ ਕਹਿੰਦਾ ਤੇ ਬਾਕੀ ਪਿਛੋ ਹੋ ਹੋ ਕਹੀ ਜਾਂਦੇ | ਮੰੁਡੇ ਗੀਤ ਸ਼ੁਰੂ ਕਰਦੇ:
'ਸੰੁਦਰ ਮੰੁਦਰੀਏ...ਹੋ,
ਤੇਰਾ ਕੌਣ ਵਿਚਾਰਾ...ਹੋ,
ਦੁੱਲਾ ਭੱਟੀ ਵਾਲਾ...ਹੋ,
ਦੁੱਲੇ ਨੇ ਧੀ ਵਿਆਹੀ...ਹੋ,
ਸੇਰ ਸ਼ੱਕਰ ਪਾਈ...ਹੋ,...
ਦੂਜਾ ਟੋਲਾ ਪਹਿਲੇ ਟੋਲੇ ਮੁੜਦਿਆਂ ਹੀ ਉੱਚੀ ਉੱਚੀ ਗਾਉਣ ਲਗਦਾ:
ਅੰਮਣੀਆਂ ਬਈ ਅੰਮਣੀਆਂ
ਢਾਈ ਕਣਕਾਂ ਜੰਮਣੀਆਂ
ਕਣਕਾਂ ਵਿਚ ਬਟੇਰੇ...
ਜਿਸ ਘਰ ਵਿਚ ਲੋਹੜੀ ਹੁੰਦੀ ਹੈ, ਮੰੁਡੇ ਦੀ ਮਾਂ ਪਿਛਲੇ ਦਲਾਨ (ਵੱਡਾ ਹਾਲ) ਵਿਚ ਨਵੇਂ ਜੰਮੇ ਬਾਲ ਨੂੰ ਨਵਿਆਂ ਕੱਪੜਿਆਂ ਵਿਚ ਲਪੇਟ ਕੇ ਬੈਠੀ ਹੁੰਦੀ | ਮੰੁਡੇ ਦਾ ਦਾਦਾ, ਪਿਤਾ ਕੁੜੀਆਂ ਨੂੰ ਪੈਸੇ, ਗੁੜ ਤੋਲ ਕੇ ਦਈ ਜਾਂਦਾ | ਬੇਬੇ ਛੋਟੇ-ਛੋਟੇ ਟੋਲਿਆਂ ਨੂੰ ਦੋ-ਚਾਰ ਗੁੜ ਦੀਆਂ ਪੇਸੀਆਂ, ਇਕ ਦੋ ਰੁਪਏ ਆਦਿ ਤੇ ਕੇ ਤੋਰੀ ਜਾਂਦੀ | ਵੱਡੀਆਂ ਕੁੜੀਆਂ ਥੋੜ੍ਹਾ ਗੁੜ ਅਤੇ ਪੈਸੇ ਨਾ ਲੈਂਦੀਆਂ | ਘੱਟੋ-ਘੱਟ ਦੋ ਧੜੀ ਗੁੜ ਤੇ ਪੰਜਾਹ-ਸੌ ਰੁਪਏ ਲੈਣ ਲਈ ਰੌਲਾ ਪਾਈ ਰੱਖਦੀਆਂ | ਜੇਕਰ ਇਨ੍ਹਾਂ ਕੁੜੀਆਂ ਨੂੰ ਮੰੂਹੋਂ ਮੰਗੀ ਲੋਹੜੀ ਮਿਲ ਜਾਂਦੀ ਤਾਂ ਵਰਦਾਨ ਦੇ ਕੇ ਅਗਲੇ ਘਰ ਚਲੇ ਜਾਂਦੀਆਂ ਹਨ:
ਤੁਹਾਡੇ ਕੋਠੇ ਉੱਤੇ ਕੰੂਡਾ, ਤੁਹਾਡੇ ਅਗਲੇ ਸਾਲ ਨੂੰ ਮੰੁਡਾ |
ਇਸ ਦੇ ਪਿੱਛੇ ਹੋਰ ਟੋਲਾ ਵਿਚੇ ਹੀ ਰੌਲਾ ਪਾ ਲੈਂਦਾ ਹੈ:
ਤੁਹਾਡੇ ਕੋਠੇ ਉਤੇ ਮੋਰ ਸਾਨੂੰ ਛੇਤੀ ਛੇਤੀ ਤੋਰ |
ਵੱਡੀਆਂ ਕੁੜੀਆਂ/ਮੁਟਿਆਰਾਂ ਚੜ੍ਹਦੀ ਜਵਾਨੀ ਦੇ ਰੰਗ ਦਿਖਾਉਂਦੀਆਂ ਤੁਰੀਆਂ ਜਾਂਦੀਆਂ ਹਨੇਰ ਪਾਈ ਜਾਂਦੀਆਂ, ਜਿਨ੍ਹਾਂ ਕੁੜੀਆਂ ਦੇ ਵਿਆਹ ਹੋਏ ਨੂੰ ਸਾਲ ਜਾਂ ਦੋ ਸਾਲ ਹੁੰਦੇ, ਲੋਹੜੀ ਮੌਕੇ ਪੇਕੇ ਘਰ ਆ ਕੇ ਕੁੜੀਆਂ ਦੇ ਵੱਡੇ ਟੋਲੇ ਵਿਚ ਸ਼ਾਮਿਲ ਹੁੰਦੀਆਂ | ਇਹ ਮੁਟਿਆਰਾਂ ਸਜ-ਧਜ ਕੇ ਆਪਣੇ ਸਿਰਾਂ 'ਤੇ ਪਿੱਤਲ ਦੀਆਂ ਪਰਾਤਾਂ ਰੱਖ ਕੇ ਆਪਣੇ ਹੀ ਰੰਗਾਂ ਵਿਚ ਲੋਹੜੀ ਦੇ ਗੀਤ ਗਾਉਂਦੀਆਂ ਲੰਬੜਾਂ ਦੇ ਵਿਹੜੇ ਆ ਜਾਂਦੀਆਂ |
ਅਸੀਂ ਆਈਆਂ ਕੁੜੇ, ਆਈਆਂ ਲੰਬੜਾਂ ਦੇ ਵਿਹੜੇ ਕੁੜੇ |
ਸਾਨੂੰ ਆਈਆਂ ਨੂੰ ਦੋ ਪਤਲਾਈਆਂ ਕੁੜੇ |
ਲੇਪੀ ਕੌਣ ਕੌਣ ਸੁੱਤਾ ਕੁੜੇ,
ਸੁੱਤਾ ਭੈਣ ਦਾ ਵੀਰਾ ਕੁੜੇ |
ਵੀਰੇ ਨੂੰ ਕੌਣ ਜਗਾਵੇ ਕੁੜੇ,
ਜਗਾਵੇ ਉਸ ਦੀ ਬੰਨੋ ਕੁੜੇ,...
ਇਸੇ ਤਰ੍ਹਾਂ ਲੋਹੜੀ ਦੇ ਇਕ ਹੋਰ ਲੋਕ ਗੀਤ ਦਾ ਨਮੂਨਾ ਪੇਸ਼ ਕਰ ਰਿਹਾ ਹਾਂ:
ਕੰਡਾ ਕੰਡਾ ਨੀ ਲੋਕੜੀਉ ਕੰਡਾ
ਇਸ ਕੰਡੇ ਦੇ ਨਾਲ ਲਕੀਰਾਂ ਚਾਰੇ |
ਜੀਵਣ ਨੀ ਭੈਣਾਂ ਤੇਰੇ ਵੀਰੇ,
ਇਨ੍ਹਾਂ ਵੀਰਿਆਂ ਨੇ ਵੇਲ ਵਧਾਈ...
ਇਸੇ ਤਰ੍ਹਾਂ ਇਕ ਹੋਰ ਗੀਤ ਪੇਂਡੂ ਸੱਭਿਆਚਾਰ ਦੇ ਬਹੁਤ ਨੇੜੇ ਹੋ ਕੇ ਬਿਆਨ ਕਰਦਾ ਜਿਸ ਵਿਚ ਬਾਬਲ-ਧੀ ਅਤੇ ਸੱਸ-ਸਹੁਰੇ ਦੇ ਪਿਆਰ/ਗਿਲੇ-ਸ਼ਿਕਵੇ ਦੇ ਗੀਤ ਛੋਟੀਆਂ ਕੁੜੀਆਂ ਗਰੁੱਪ ਬਣਾ ਕੇ ਆਪਣੇ ਅੰਦਾਜ਼ ਵਿਚ ਗਾਉਂਦੀਆਂ:
ਨੀ ਇਕ ਮੇਰੀ ਰੰਗਲੀ ਚਰਖੀ,
ਕੱਤੇ ਨਰਮੇ ਦਾ ਸੂਤ |
ਏਨੀਆਂ ਸਈਆਂ ਵਿਚੋਂ,
ਕਿਹੜੀ ਦਿੱਤੜੀ ਦੂਰ |
ਵੇ ਉੱਡ ਜਾਵੀਂ ਕਾਵਾਂ,
ਜਾਵੀਂ ਮੇਰੇ ਬਾਬਲ ਦੇ ਦੇਸ |
ਬਾਬਲ ਨੂੰ ਕਹਿ ਦੲੀਂ ਜਾਕੇ,
ਧੀ ਨੂੰ ਮੱਝੀ ਦੀ ਲੋੜ... |
ਇਸੇ ਤਰ੍ਹਾਂ ਭੈਣ ਤੇ ਭਰਾ ਦੇ ਪਿਆਰ ਦੇ ਗੀਤ ਛੋਟੀਆਂ ਕੁੜੀਆਂ ਗਰੁੱਪ ਬਣਾ ਕੇ ਆਪਣੇ ਅੰਦਾਜ਼ ਵਿਚ ਗਾਉਂਦੀਆਂ:
ਇੰਨਾ ਕੁ ਸੱਪ ਸਪੋਲੀਆ ਵਲ ਖਾਂਦਾ ਜਾਵੇ
ਕੋਠੇ ਚੜ੍ਹ ਕੇ ਵੇਖਦੀ ਕਿਤੇ ਵੀਰਾ ਵੀ ਆਵੇ |
ਹੱਥ ਸੋਨੇ ਦੀ ਬੈਟਰੀ ਜਗਾਉਂਦਾ ਜਾਵੇ |...
ਮੇਰੀ ਭਾਬੋ ਬੜੀ ਪ੍ਰਧਾਨ ਬਹਿੰਦੀ ਪੀੜ੍ਹੇ 'ਤੇ |
ਮੰੁਡਿਆਂ ਦਾ ਟੋਲਾ ਆਪਣੇ ਝੱਗੇ (ਕਮੀਜ਼ ਨੂੰ ਝੱਗਾ ਕਿਹਾ ਜਾਂਦਾ ਸੀ) ਦੇ ਪੱਲੇ ਨੂੰ ਇਕੱਠਾ ਕਰਕੇ ਲੋਹੜੀ ਦੇ ਦਾਣੇ, ਮੰੂਗਫਲੀ, ਰਿਉੜੀਆਂ ਅਤੇ ਬੱਕਲੀਆਂ (ਮੱਕੀ ਦੇ ਉਬਲੇ ਦਾਣੇ) ਪਾ ਲੈਂਦੇ | ਇਕ-ਦੂਜੇ ਦੇ ਮੋਢੇ 'ਤੇ ਹੱਥ ਰੱਖ ਕੇ ਤੁਰਦੇ ਲੋਹੜੀ ਦਾ ਗੀਤ ਸ਼ੁਰੂ ਕਰਦੇ:
ਉਮਰਪੁਰਾ ਬਈ ਉਮਰਪੁਰਾ
ਉਮਰਪੁਰੇ ਨੂੰ ਜਾਵਾਂਗੇ,
ਦੋ ਸੌ ਤੀਰ ਲਿਆਵਾਂਗੇ |
ਇਕ ਤੀਰ ਨੂੰ ਟੰਗ ਦਿਉ,
ਬੜੇ ਭਾਈ ਨੂੰ ਮੰਗ ਦਿਉ |...
ਇਸੇ ਤਰ੍ਹਾਂ ਕੁੜੀਆਂ/ਮੁਟਿਆਰਾਂ ਦਾ ਟੋਲਾ ਇਕ ਹੋਰ ਲੋਹੜੀ ਦਾ ਗੀਤ ਗਾਉਂਦਾ:
ਆ ਭਰਾ ਤੂੰ ਜਾਹ ਭਰਾ,
ਬੰਨੀ ਨੂੰ ਲਿਆ ਭਰਾ |
ਬੰਨੀ ਤੇਰੀ ਹਰੀ ਭਰੀ,
ਫੁੱਲਾਂ ਦੀ ਚੰਗੇਰ ਭਰੀ |...
ਨਿੱਕੀਆਂ-ਨਿੱਕੀਆਂ ਕੁੜੀਆਂ ਆਪਣੇ ਸੱਤ ਭਰਾਵਾਂ ਦੀ ਗੱਲ ਲੋਹੜੀ ਦੇ ਗੀਤ ਰਾਹੀਂ ਪੇਸ਼ ਕਰਦੀਆਂ, ਜਿਸ ਵਿਚ ਸਾਡੇ ਪੁਰਾਣੇ ਵਿਰਸੇ ਜਿਸ ਵਿਚ ਦੋਵਾਂ ਦੇਸ਼ਾਂ ਦੀ ਵੰਡ ਤੋਂ ਪਹਿਲਾਂ ਲਾਹੌਰ ਸ਼ਹਿਰ ਦਾ ਜ਼ਿਕਰ ਕਰਦੀਆਂ:
ਅੰਬੇ ਅੰਬੇ ਮੇਰੇ ਸੱਤ ਭਰਾ ਮੰਗੇ
ਮੇਰਾ ਇਕ ਭਰਾ ਕੁਆਰਾ,
ਉਹ ਡਿਪਕੀ ਖੇਲਣ ਵਾਲਾ
ਉਹ ਡਿਪਕੀ ਕਿੱਥੇ ਖੇਲੇ,
ਲਾਹੌਰ ਸ਼ਹਿਰ ਖੇਲੇ |
ਲਾਹੌਰ ਸ਼ਹਿਰ ਉੱਚਾ,
ਮੈਂ ਮੰਨ ਪਕਾਵਾਂ ਸੁੱਚਾ |...
ਲੋਹੜੀ ਵਾਲੇ ਦਿਨ ਮੰੁਡੇ ਕੁੜੀਆਂ ਲੋਹੜੀ ਮੰਗ ਕੇ ਰਾਤ ਨੂੰ ਧੂਣੇ 'ਤੇ ਮੰੂਗਫਲੀ ਰਿਉੜੀਆਂ ਪਾਉਂਦੇ ਅਤੇ ਦੁਆਲੇ ਗੋਲ ਚੱਕਰ ਵਿਚ ਬੈਠ ਕੇ ਅੱਗ ਸੇਕਦੇ, ਗੀਤ ਗਾਉਂਦੇ, ਭੰਗੜੇ ਪਾਉਂਦੇ ਅਤੇ ਨੱਚਦੇ ਟੱਪਦੇ ਸਨ |
ਲੋਹੜੀ ਦਾ ਤਿਉਹਾਰ ਹੁਣ ਵੀ ਮਨਾਇਆ ਜਾਂਦਾ ਹੈ ਪੰ੍ਰਤੂ ਕੰਪਿਊਟਰ ਦੇ ਯੁੱਗ ਵਿਚ ਇਸ ਵਿਚ ਕਾਫੀ ਬਦਲਾਓ ਆਇਆ ਹੈ | ਲੋਹੜੀ ਮੰਗਣ ਦਾ ਰਿਵਾਜ ਬਹੁਤ ਘਟ ਗਿਆ ਹੈ |

-ਮੋਬਾਈਲ : 97800-31452

ਜਿਨ੍ਹਾਂ ਦੀ ਦੁਨੀਆ ਭਰ 'ਚ ਚਰਚਾ ਹੈ ਸਟੀਲ ਦੇ ਭਵਨ

ਲੋਹੇ ਦੀ ਵਰਤੋਂ ਭਾਵੇਂ ਏਸ਼ੀਆ ਤੇ ਅਫਰੀਕੀ ਮਨੁੱਖ ਵਲੋਂ ਈਸਾ ਮਸੀਹ ਤੋਂ 4000 ਸਾਲ ਪਹਿਲਾਂ ਸ਼ੁਰੂ ਹੋ ਗਈ ਸੀ, ਜਦੋਂ ਕਿ ਉਸ ਨੇ ਆਪਣੇ ਖੇਤੀ ਤੇ ਸ਼ਿਕਾਰ ਖੇਡਣ ਲਈ ਹਥਿਆਰ ਬਣਾਉਣੇ ਸ਼ੁਰੂ ਕੀਤੇ ਸਨ | 1400 ਪੂਰਬ ਮਸੀਹ ਸ਼ੁਰੂ ਵਿਚ ਉਨ੍ਹਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਲੋਹੇ ਨੂੰ ਗਰਮ ਕਰਨ ਨਾਲ ਲੋਹੇ ਵਿਚ ਹੋਰ ਮਜ਼ਬੂਤੀ ਆਉਂਦੀ ਹੈ | 300 ਈਸਵੀ ਪੂਰਬ ਦੇ ਆਉਂਦੇ-ਆਉਂਦੇ ਮਨੁੱਖ ਨੂੰ ਇਹ ਵੀ ਪਤਾ ਲੱਗ ਚੁੱਕਿਆ ਸੀ ਕਿ ਕੱਚੇ ਲੋਹੇ ਨੂੰ ਹੋਰ ਸਮੱਗਰੀਆਂ ਵਿਚ ਰਲਾਉਣ ਨਾਲ ਲੋਹੇ ਦੀ ਮਜ਼ਬੂਤੀ ਹੋਰ ਵੀ ਵਧਾਈ ਜਾ ਸਕਦੀ ਹੈ | ਅੱਜਕਲ੍ਹ ਦਾ ਸਟੀਲ ਲੋਹੇ ਦਾ ਹੀ ਇਕ ਸੁਧਰਿਆ ਹੋਇਆ ਰੂਪ ਹੈ | ਸਟੀਲ ਲੋਹਾ ਹੀ ਹੈ, ਜਿਸ ਦੇ ਵਿਚ ਕਾਰਬਨ ਦੀ ਮਾਤਰਾ ਨਿਯੰਤਰਿਤ ਕੀਤੀ ਜਾਂਦੀ ਹੈ | ਸਟੀਲ ਨੂੰ ਉਸਾਰੀ ਦੇ ਖੇਤਰ ਵਿਚ ਲਿਆਉਣ ਲਈ ਕੋਈ 800 ਈ: ਤੱਕ ਇੰਤਜ਼ਾਰ ਕਰਨਾ ਪਿਆ |
ਸਟੀਲ ਦੀਆਂ ਇਮਾਰਤਾਂ ਦੀ ਗੱਲ ਅੱਜਕਲ੍ਹ ਭਾਰਤ ਵਿਚ ਆਮ ਸੁਣਨ ਨੂੰ ਮਿਲ ਰਹੀ ਹੈ, ਭਾਵੇਂ ਅਮਰੀਕਾ ਵਰਗੇ ਦੇਸ਼ ਵਿਚ ਸਟੀਲ ਦੀਆਂ ਇਮਾਰਤਾਂ ਕੋਈ 200 ਸਾਲ ਪਹਿਲਾਂ ਬਣਨੀਆਂ ਸ਼ੁਰੂ ਹੋ ਗਈਆਂ ਸਨ | ਸਟੀਲ ਵਿਚ ਕਈ ਅਜਿਹੀਆਂ ਖੂਬੀਆਂ ਹਨ ਜਿਨ੍ਹਾਂ ਨੂੰ ਨਕਾਰਿਆ ਨਹੀਂ ਜਾ ਸਕਦਾ | ਇਸ ਦੀ ਮਜ਼ਬੂਤੀ, ਟਿਕਾਊਪਨ, ਤੇਜ਼ੀ ਨਾਲ ਕੰਮ ਕਰਨ ਦੀ ਸਮਰੱਥਾ ਤੇ ਵਾਜਬ ਕੀਮਤ ਇਸ ਨੂੰ ਦੂਜੇ ਇਮਾਰਤੀ ਸਾਮਾਨ ਤੋਂ ਅੱਗੇ ਰੱਖਦੀਆਂ ਹਨ | ਵਾਸਤੂਕਾਰ ਤੇ ਨਿਰਮਾਣ ਕਰਨ ਵਾਲਿਆਂ (ਆਰਕੀਟੈਕਟ ਤੇ ਬਿਲਡਰਾਂ) ਨੂੰ ਆਪਣੀ ਸੋਚ ਨੂੰ ਅਮਲੀ ਰੂਪ ਵਿਚ ਬਹੁਤ ਆਸਾਨੀ ਹੁੰਦੀ ਹੈ | ਰੇਲਵੇ ਦੇ ਹੋਂਦ ਵਿਚ ਲਿਆਉਣ ਵਿਚ ਆਉਣ 'ਤੇ ਸਟੀਲ ਦੀ ਵਰਤੋਂ ਨੂੰ ਇਕ ਨਵੀਂ ਗਤੀ ਮਿਲੀ | ਅਠਾਰ੍ਹਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਦੁਨੀਆ ਦਾ ਪਹਿਲਾ ਗਗਨਚੰੁਬੀ ਭਾਵ ਗੈਸਾਰਪਰ (SKY Scrapper) ਦੇਖਣ ਨੂੰ ਮਿਲਿਆ ਪਰ 20ਵੀਂ ਸਦੀ ਦੀ ਸ਼ੁਰੂਆਤ ਤੇ ਦੂਸਰੇ ਵਿਸ਼ਵ ਯੁੱਧ ਨੇ ਸਟੀਲ ਦੀਆਂ ਇਮਾਰਤਾਂ ਦੇ ਨਿਰਮਾਣ ਕਾਰਜਾਂ ਵਿਚ ਬਹੁਤ ਤੇਜ਼ੀ ਲਿਆਂਦੀ |
ਉਸਾਰੀ ਦਾ ਕੋਈ ਵੀ ਅਜਿਹਾ ਖੇਤਰ ਨਹੀਂ ਜਿਸ ਵਿਚ ਸਟੀਲ ਨਹੀਂ ਵਰਤਿਆ ਜਾਂਦਾ ਭਾਵੇਂ ਕਿ ਉਹ ਰਿਹਾਇਸ਼ੀ ਇਮਾਰਤ ਹੀ ਹੋਵੇ, ਐਚ.ਵੀ.ਐਸ.ਸੀ. (8VS3) ਦਾ ਜਾਂ ਬਿਜਲੀ ਦਾ ਪੈਨਲ, ਡੈੱਕ ਦੀ ਛੱਤ, ਸੜਕਾਂ, ਫੈਕਟਰੀਆਂ ਤੇ ਪੁਲਾਂ ਦੇ ਹਾਰਡਵੇਅਰ | ਇਸ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਾਉਣਾ ਕੋਈ ਔਖਾ ਕੰਮ ਨਹੀਂ ਕਿ ਵਪਾਰਕ ਪੱਧਰ 'ਤੇ ਸਟੀਲ ਦੀ ਵਰਤੋਂ ਕਿਸ ਹੱਦ ਤੱਕ ਵਧ ਗਈ ਹੈ | ਸਟੀਲ ਦੀ ਇਕ ਖੂਬੀ ਇਹ ਵੀ ਹੈ ਕਿ ਇਸ ਦਾ ਦੂਸਰੀਆਂ ਸਮੱਗਰੀਆਂ ਜਿਵੇਂ ਕਿ ਸ਼ੀਸ਼ੇ, ਨਾਲ ਤਾਲਮੇਲ ਬੜੀ ਆਸਾਨੀ ਨਾਲ ਬਿਠਾਇਆ ਜਾ ਸਕਦਾ ਹੈ |
ਸਟੀਲ ਦੀ ਵਰਤੋਂ ਨਾਲ ਉਸਾਰੀ ਵੇਲੇ ਮਜ਼ਦੂਰਾਂ ਦੀ ਲੋੜ ਵੀ ਘੱਟ ਪੈਂਦੀ ਹੈ ਤੇ ਇਹ ਇਸ ਦੀ ਮਹੱਤਤਾ ਨੂੰ ਹੋਰ ਵਧਾਉਂਦੀ ਹੈ ਕਿਉਂਕਿ ਮਜ਼ਦੂਰੀ ਆਉਣ ਵਾਲੇ ਸਮੇਂ ਵਿਚ ਇਕ ਬਹੁਤ ਵੱਡੀ ਸਮੱਸਿਆ ਬਣ ਰਹੀ ਹੈ | ਸਟੀਲ ਦੀ ਆਸਾਨੀ ਨਾਲ ਉਪਲਬਧਤਾ ਤੇ ਰੀਸਾਈਕਲਿੰਗ ਵੀ ਇਕ ਬੁਹਤ ਵੱਡਾ ਕਾਰਨ ਹੈ ਜਿਸ ਕਾਰਨ ਇਸ ਦੀ ਵਰਤੋਂ ਦਿਨੋ-ਦਿਨ ਵਧ ਰਹੀ ਹੈ | ਭਾਰਤ, ਚੀਨ ਤੇ ਜਾਪਾਨ ਸਟੀਲ ਦੇ ਮੁੱਖ ਉਤਪਾਦਕ ਦੇਸ਼ਾਂ ਵਿਚੋਂ ਹਨ |
ਅਮਰੀਕਾ ਨੂੰ ਸਟੀਲ ਦਾ ਜਨਮਦਾਤਾ ਮੰਨਿਆ ਜਾਂਦਾ ਹੈ ਤੇ ਅਮਰੀਕਾ ਵਿਚ ਹੀ ਸਟੀਲ ਨੂੰ ਨਿਰਮਾਣ ਸਮੱਗਰੀ ਵਜੋਂ ਪਹਿਲੀ ਵਾਰ ਵਰਤਿਆ ਗਿਆ | 1800 ਈ: ਵਿਚ 3 ਤਰ੍ਹਾਂ ਦੇ ਸਟੀਲ ਬਾਜ਼ਾਰ ਵਿਚ ਉਪਲਬਧ ਸਨ | ਜਿਵੇਂ ਕਿ ਮੋਟਾ ਲੋਹਾ (Wrought), ਕੱਚਾ ਲੋਹਾ (3ast 9ron) ਤੇ ਸਟੀਲ | ਮੋਟਾ ਲੋਹਾ ਜ਼ਿਆਦਾਤਰ ਲੁਹਾਰ ਸਜਾਵਟੀ ਚੀਜ਼ਾਂ ਬਣਾਉਣ ਲਈ ਵਰਤਦੇ ਹਨ ਤੇ ਕੱਚਾ ਲੋਹਾ ਜ਼ਿਆਦਾਤਰ ਖੇਤੀਬਾੜੀ ਤੇ ਰਸੋਈ ਦੇ ਖੇਤਰ ਵਿਚ ਹੀ ਵਰਤਿਆ ਜਾਂਦਾ ਸੀ ਪਰ ਇਹ ਜ਼ਿਆਦਾ ਉੱਚਿਤ ਨਹੀਂ ਸੀ | ਉਸ ਵੇਲੇ ਸਟੀਲ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਾਰਨ ਸਟੀਲ ਕੇਵਲ ਮਹਿੰਗੀਆਂ ਵਸਤੂਆਂ ਜਿਵੇਂ ਕਿ ਘੜੀਆਂ, ਤਲਵਾਰਾਂ, ਸਕਾਈਟੈੱਸ (ਘਾਹ ਕੱਟਣ ਵਾਲੀ ਮਸ਼ੀਨ) ਆਦਿ ਬਣਾਉਣ ਲਈ ਹੀ ਵਰਤਿਆ ਜਾਂਦਾ ਸੀ | 1855 ਵਿਚ ਸਰ ਹੈਨਰੀ ਬਿਸਾਮਰ (ਇੰਗਲੈਂਡ ਨਿਵਾਸੀ) ਦੀ ਖੋਜ ਨੇ ਸਟੀਲ ਉਤਪਾਦਨ ਦੇ ਤਰੀਕੇ ਵਿਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਤੇ ਇਸ ਤਰੀਕੇ ਨਾਲ ਵੱਧ ਮਜ਼ਬੂਤੀ ਵਾਲੇ ਹੋਰ ਸਟੀਲ ਬਣਨ ਲੱਗ ਪਏ | 1879 ਈ: ਦੇ ਆਉਂਦੇ-ਆਉਂਦੇ ਖੋਜਕਾਰ ਸਿਡਨੀ ਥਾਮਸ ਨੇ ਸਟੀਲ ਵਿਚੋਂ ਫਾਸਫੋਰਸ ਨੂੰ ਕੱਢਣ ਦਾ ਆਸਾਨ ਤਰੀਕਾ ਲੱਭਣ ਨਾਲ ਹੀ ਸਟੀਲ ਦੇ ਹੋਰ ਸਸਤਾ ਹੋਣ ਦਾ ਰਾਹ ਪੱਧਰਾ ਹੋ ਗਿਆ |
ਅਮਰੀਕਾ ਵਿਚ 1871 ਵਿਚ ਲੱਗੀ ਅੱਗ ਨੇ ਲੱਕੜ ਨਾਲ ਬਣੇ ਹਜ਼ਾਰਾਂ ਘਰ ਸਾੜ ਦਿੱਤੇ, ਜਿਸ ਨੂੰ 'ਦਾ ਗਰੇਟ ਫਾਇਰ ਆਫ਼ ਸ਼ਿਕਾਗੋ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ | ਉਜੜੇ ਲੋਕਾਂ ਦੇ ਮੁੜ ਵਸੇਬੇ ਲਈ ਗਤੀ ਨਾਲ ਘਰ ਉਸਾਰਨ ਦੀ ਲੋੜ ਨੂੰ ਵੇਖਦਿਆਂ ਉਥੋਂ ਦੀ ਸਰਕਾਰ ਨੇ ਕੁਝ ਨਿਯਮ ਬਦਲੇ ਤੇ ਸਟੀਲ ਦੇ ਘਰਾਂ ਦੀ ਉਸਾਰੀ ਨੂੰ ਪਹਿਲ ਦਿੱਤੀ ਅਤੇ ਇਸ ਦੇ ਨਾਲ ਗੈਸਾਰਪਰ (Sky Scrapers) ਇਮਾਰਤਾਂ ਬਣਨੀਆਂ ਸ਼ੁਰੂ ਹੋਈਆਂ | 1885 ਵਿਚ ਦੁਨੀਆ ਦੀ ਪਹਿਲੀ 10 ਮੰਜ਼ਿਲਾ ਇਮਾਰਤ ਦਾ ਨਿਰਮਾਣ ਹੋਇਆ | ਇਸ ਇਮਾਰਤ ਦਾ ਭਾਰ ਰਵਾਇਤੀ ਇਮਾਰਤ ਦੇ ਮੁਕਾਬਲੇ ਸਿਰਫ਼ ਤੀਜਾ ਹਿੱਸਾ ਹੀ ਸੀ | ਇਮਾਰਤ ਦੀ ਮਜ਼ਬੂਤੀ ਪਰਖਣ ਲਈ ਸ਼ਹਿਰ ਦੇ ਅਧਿਕਾਰੀਆਂ ਨੇ ਉਸਾਰੀ ਦਾ ਕੰਮ ਰੁਕਵਾ ਦਿੱਤਾ ਤੇ ਇਮਾਰਤ ਨੂੰ 1931 ਵਿਚ ਡੇਗਣ ਦੇ ਹੁਕਮ ਵੀ ਜਾਰੀ ਕਰ ਦਿੱਤੇ | ਇਹ ਇਮਾਰਤ ਦੁਨੀਆ ਦੀ ਸਟੀਲ ਤੇ ਕੰਕਰੀਟ ਨਾਲ ਬਣਨ ਵਾਲੀ ਪਹਿਲੀ ਇਮਾਰਤ ਸੀ ਤੇ ਇਸ ਨੂੰ ਹੀ ਗੈਸਾਰਪਰ (Sky Scrapers) ਦੇ ਪਿਤਾਮਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ | 1890 ਵਿਚ ਬੁਰਹਾਣ ਅਤੇ ਰੂਟ ਵਲੋਂ ਡਿਜ਼ਾਈਨ ਕੀਤੀ ਗਈ 10 ਮੰਜ਼ਿਲਾ ਇਮਾਰਤ ਦੀ ਉਸਾਰੀ ਕੀਤੀ ਗਈ ਜਿਸ ਦੀ ਕੁੱਲ ਲਾਗਤ ਲਗਪਗ 10 ਲੱਖ ਡਾਲਰ ਸੀ ਤੇ ਇਹ ਪੂਰੀ ਤਰ੍ਹਾਂ ਸਟੀਲ ਨਾਲ ਤਿਆਰ ਕੀਤੀ ਗਈ ਸੀ, ਪਰ ਇਸ ਇਮਾਰਤ ਨੂੰ ਵੀ 1911 ਦੇ ਆਉਂਦੇ-ਆਉਂਦੇ ਢਾਹ ਦਿੱਤਾ ਗਿਆ | 1875 ਤੋਂ 1920 ਵਿਚ ਸਟੀਲ ਦੀ ਮੰਗ 3,80,000 ਟਨ ਤੋਂ 6 ਕਰੋੜ ਟਨ ਸਾਲਾਨਾ ਤੱਕ ਬਹੁਤ ਤੇਜ਼ੀ ਨਾਲ ਪੁਹੰਚ ਗਈ ਅਤੇ ਸਟੀਲ ਬਣਾਉਣ ਵਾਲੀਆਂ ਕੰਪਨੀਆਂ ਦੇ ਮਾਲਕ 3harles Schwab and 1ndrew 3arnegie ਦਿਨਾਂ ਵਿਚ ਹੀ ਦੁਨੀਆ ਦੇ ਅਮੀਰ ਲੋਕਾਂ ਦੀ ਸੂਚੀ ਵਿਚ ਪਹੁੰਚ ਗਏ |
1931 ਦੇ ਆਉਂਦਿਆਂ-ਆਉਂਦਿਆਂ ਆਰਕੀਟੈਕਟ ਤੇ ਬਿਲਡਰਜ਼ ਇਮਾਰਤਾਂ ਰਾਹੀਂ ਅਸਮਾਨ ਨੂੰ ਛੂਹਣ ਬਾਰੇ ਸੋਚਣ ਲੱਗ ਪਏ ਤੇ ਇਸੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਵੂਲਵਰਥ ਨਾਂਅ ਦੀ 60 ਮੰਜ਼ਿਲਾ ਇਮਾਰਤ ਦੀ ਨਿਊਯਾਰਕ ਵਿਖੇ ਉਸਾਰੀ ਕੀਤੀ ਗਈ | 1928 ਤੱਕ 3hrysler ਤੇ ਐਮਪਾਇਰ ਸਟੇਟ ਬਿਲਡਿੰਗਾਂ ਵੀ ਹੋਂਦ ਵਿਚ ਆ ਗਈਆਂ ਜੋ ਕਿ ਸਾਰੀਆਂ ਹੀ ਸਭ ਤੋਂ ਉੱਚੀਆਂ ਇਮਾਰਤਾਂ ਦੀ ਸ਼੍ਰੇਣੀ ਵਿਚ ਆਉਂਦੀਆਂ ਸਨ |
ਸਟੀਲ ਨਾਲ ਬਣਨ ਵਾਲੀਆਂ ਮੁੱਖ ਇਮਾਰਤਾਂ ਦੀ ਸੂਚੀ : ਬਰੁੱਕਲਾਅਨ ਪੁਲ (1883), ਹੋਮ ਬੀਮਾ ਬਿਲਡਿੰਗ, ਪਹਿਲੀ ਗੈਸਾਰਪਰ ((Sky Scrapers) (1885), ਆਈਫਿਲ ਟਾਵਰ (1889), ਵੂਲਵਰਥ ਇਮਾਰਤ (1912), ਕਰਾਇਸਲਰ ਇਮਾਰਤ (1930), ਐਮਪਾਇਰ ਸਟੇਟ ਬਿਲਡਿੰਗ (1931), ਸੀਗਰਾਮ ਬਿਲਡਿੰਗ (1958), ਸੀ.ਐਨ.ਐਨ. ਬਿਲਡਿੰਗ (1960), ਯੂ.ਐਸ. ਸਟੀਲ ਟਾਵਰ (1971), ਵਿੱਲੀ ਟਾਵਰ (ਸ਼ੀਅਰ) (1973), ਬੁਰਜ ਖ਼ਲੀਫ਼ਾ (2009) ਆਦਿ |
ਇਹ ਸਾਰੀਆਂ ਇਮਾਰਤਾਂ ਤਾਂ ਹੀ ਬਣ ਸਕੀਆਂ ਕਿਉਂਕਿ ਸਟੀਲ ਹੀ ਇਕ ਅਜਿਹੀ ਸਮੱਗਰੀ ਸੀ, ਜਿਸ ਦੀ ਲੋੜੀਂਦੀ ਮਜ਼ਬੂਤੀ ਤੇ ਟਿਕਾਊਪਨ ਨੇ ਇਹ ਕਰ ਵਿਖਾਇਆ | ਤਾਈਵਾਨ ਵਿਚ ਬਣਿਆ 500 ਮੀਟਰ ਉੱਚਾ ਟਾਵਰ ਵੀ ਬੁਰਜ ਖਲੀਫ਼ਾ ਦੇ ਬਣਨ ਤੋਂ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਸੀ |
ਸਟੀਲ ਇੰਡਸਟਰੀ ਵਿਚ ਦਿਨੋ-ਦਿਨ ਬੜੀ ਤੇਜ਼ੀ ਨਾਲ ਬਦਲਾਅ ਆ ਰਹੇ ਹਨ | ਇਸ ਇੰਡਸਟਰੀ ਦੀ ਨਿਰਭਰਤਾ ਲੇਬਰ ਉੱਪਰ ਘਟਦੀ ਜਾ ਰਹੀ ਹੈ ਅਤੇ ਇਹੀ ਇਕ ਮੁੱਖ ਕਾਰਨ ਹੈ ਕਿ ਭਾਰਤੀ ਲੋਕ ਵੀ ਹੁਣ ਸਟੀਲ ਇਮਾਰਤਾਂ ਵੱਲ ਕਦਮ ਵਧਾ ਰਹੇ ਹਨ | 100 ਫ਼ੀਸਦੀ ਮੁੜ ਵਰਤੋਂਯੋਗ ਹੋਣ ਕਰਕੇ ਵੀ ਸਟੀਲ ਦੀਆਂ ਇਮਾਰਤਾਂ ਦੀ ਮੰਗ ਵਧ ਰਹੀ ਹੈ | ਸਟੀਲ ਨਾਲ ਅੱਜ ਦੀ ਬਣੀ ਇਮਾਰਤ ਨਿਸਚਿਤ ਤੌਰ 'ਤੇ ਆਉਣ ਵਾਲੇ ਸਮੇਂ ਵਿਚ ਮੁੜ ਵਰਤੋਂ ਲਈ ਇਕ ਨਵਾਂ ਰੂਪ ਲਵੇਗੀ |
ਭਾਰਤ ਵਿਚ ਸਟੀਲ ਵੱਖ-ਵੱਖ ਰਚਨਾਵਾਂ ਤੇ ਗਰੇਡਾਂ ਵਿਚ ਉਪਲਬਧ ਹੈ | ਜ਼ਿਆਦਾਤਰ ਸਟੀਲ ਦੀ ਗੁਣਵੱਤਾ ਉਸ ਦੀ ਉਪਜ ਸ਼ਕਤੀ (Yield Strength) ਅਤੇ ਰਸਾਇਣਕ ਬਣਤਰ ਵਿਚ ਪਰਖੀ ਜਾਂਦੀ ਹੈ | ਭਾਰਤ ਵਿਟ ਸਟੀਲ ਦੀ ਉਪਜ ਸ਼ਕਤੀ 250-650 ਐਮ.ਪੀ.ਏ. (N/mm2) ਤੱਕ ਉਪਲਬਧ ਹੈ | ਇਸ ਉਪਜ ਸ਼ਕਤੀ ਦਾ ਸਟੀਲ ਭਾਰਤ ਵਿਚ ਵੀ ਬਣਨਾ ਸ਼ੁਰੂ ਹੋ ਗਿਆ ਹੈ ਤੇ ਇਸ ਸਟੀਲ ਨਾਲ ਹੀ ਭਾਰਤ ਦੇ ਵੱਡੇ ਸ਼ਹਿਰਾਂ ਵਿਚ ਉਸਾਰੀ ਹੋ ਰਹੀ ਹੈ |

-ਸਟੱਰਕਚਰਲ ਇੰਜੀਨੀਅਰ, ਜਲੰਧਰ |
ਮੋਬਾਈਲ : 97798-98282.

ਰੰਗਲਾ ਸੱਜਣ ਸ਼ਰੀਫ਼ ਈਦੂ

ਈਦੂ ਖ਼ਾਨ ਰਾਜ ਘਰਾਣੇ ਦਾ ਗਾਇਕ ਸੀ ਜਿਸ ਦੇ ਸੱਤ ਪੁੱਤਰ ਤੇ ਪੰਜ ਧੀਆਂ ਵਿਚੋਂ ਇਕ ਸੀ ਮੁਹੰਮਦ ਸ਼ਰੀਫ਼ | ਜਿਸਦੀ ਪਹਿਚਾਣ ਲੋਕਾਚਾਰੀ ਵਿਚ ਸ਼ਰੀਫ਼ ਈਦੂ ਬਣ ਗਈ | ਚਾਰ ਭਰਾ ਬੜੇ ਚੰਗੇ ਗੁਮੰਤਰੀ ਤੇ ਬਾਕੀ ਵਜੰਤਰੀ ਸਨ | ਪਿੰਡ ਸੀ ਲਲੋਡਾ, ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ | ਇਹ ਖ਼ਾਨਦਾਨੀ ਗਵੱਈਏ ਸਨ | ਸ਼ਰੀਫ਼ ਨਾਲ ਮੇਰੀ ਮੁਲਾਕਾਤ 1981 ਵਿਚ ਪੰਜਾਬ ਮੇਲੇ ਦੌਰਾਨ ਚੰਡੀਗੜ੍ਹ ਵਿਖੇ ਹੋਈ ਜਿੱਥੇ ਸਵ. ਮਿਸ ਰਵਨੀਤ ਕੌਰ ਆਈ.ਏ.ਐਸ ਡਾਇਰੈਕਟਰ ਸੱਭਿਆਚਾਰ ਮਾਮਲੇ ਪੰਜਾਬ ਨੇ ਪੰਜਾਬ ਮੇਲੇ ਦਾ ਆਯੋਜਨ ਕੀਤਾ ਸੀ | ਇਥੇ ਮੈਂ ਵੀ ਆਪਣੀ ਟੀਮ ਨੱਚਦੀ ਜਵਾਨੀ ਸਮੇਤ ਪਹੁੰਚਿਆ ਹੋਇਆ ਸੀ | ਇਸ ਦੀ ਕਲਾ ਨੂੰ ਵੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ | ਇਕ ਹੋਲੀਡੇ ਹੋਮ ਵਿਖੇ ਇਕੱਠਿਆਂ ਰਾਤ ਬਤੀਤ ਕੀਤੀ | ਸਾਡੀ ਨੇੜਤਾ ਹੋਰ ਵੀ ਵਧ ਗਈ | ਉਸ ਵਕਤ ਸੱਭਿਆਚਾਰ ਵਿਭਾਗ ਵਿਚ ਸਵ: ਆਰ.ਐਸ. ਸੰਧੂ ਕਲਾਕਾਰਾਂ ਦੇ ਕੋਆਰਡੀਨੇਟਰ ਸਨ ਜੋ ਆਪ ਸੰਗੀਤ ਨਾਲ ਜੁੜੀ ਇਕ ਵੱਡੀ ਸਖ਼ਸ਼ੀਅਤ ਸਨ | ਉਸ ਸਮੇਂ ਸ਼ਰੀਫ਼ ਦੇ ਵੱਡੇ ਭਰਾ ਮੁਹੰਮਦ ਸਦੀਕ ਸਾਰੰਗੀ ਅਤੇ ਸ਼ਰੀਫ਼ ਤੇ ਉਸਦਾ ਭਤੀਜਾ ਮੁਰਲੀ ਖ਼ਾਨ ਢੱਡ 'ਤੇ ਗਾਉਂਦੇ ਸਨ | ਫਿਰ ਅਸੀਂ ਇਕੱਠੇ ਸੱਭਿਆਚਾਰ ਵਿਭਾਗ ਦੇ ਪ੍ਰੋਗਰਾਮਾਂ ਵਿਚ ਅਹਿਮਦਾਬਾਦ, ਦਿੱਲੀ, ਕਲੱਕਤਾ ਆਦਿ ਥਾਵਾਂ 'ਤੇ ਪੰਜਾਬ ਸਰਕਾਰ ਵਲੋਂ ਗਏ | ਪੰਜਾਬ ਦੇ ਨਾਜ਼ੁਕ ਹਾਲਾਤ ਵਾਲੇ ਦੌਰ ਵਿਚ ਕਲਾਕਾਰਾਂ ਦੀ ਰੋਜ਼ੀ ਰੋਟੀ 'ਤੇ ਬਹੁਤ ਪ੍ਰਭਾਵ ਪਿਆ | ਸ਼ਰੀਫ਼ ਵੀ ਉਨ੍ਹਾਂ ਵਿਚੋਂ ਇਕ ਸੀ |
ਭਾਰਤ ਸਰਕਾਰ ਨੇ ਸੰਨ 1985 ਵਿਚ ਸੱਭਿਆਚਾਰ ਕੇਂਦਰਾਂ ਦਾ ਗਠਨ ਕੀਤਾ ਜਿਸ ਦਾ ਪਹਿਲਾ ਕੇਂਦਰ ਪਟਿਆਲਾ ਵਿਖੇ ਨਵੰਬਰ 1985 ਵਿਚ ਸਥਾਪਿਤ ਕੀਤਾ ਗਿਆ | ਖੁਸ਼ਕਿਸਮਤੀ ਨਾਲ ਮੈਨੂੰ ਇਸ ਕੇਂਦਰ ਵਿਚ ਨੌਕਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ | ਜਿੱਥੇ ਮੇਰੀ ਜ਼ਿੰਮੇਵਾਰੀ ਪੰਜਾਬ ਦੇ ਸਮੁੱਚੇ ਕਲਾਕਾਰਾਂ ਨੂੰ ਇਕ ਮੰਚ ਪ੍ਰਦਾਨ ਕਰਨ ਲਈ ਲੱਗੀ | ਇਸ ਦੌਰਾਨ ਮੈਂ ਆਪਣੇ ਪਰਮ ਮਿੱਤਰ ਸ਼ਰੀਫ਼ ਈਦੂ ਨੂੰ ਬਾਬਾ ਫ਼ਰੀਦ ਜੀ ਦੇ ਪਹਿਲੇ ਮੇਲੇ 'ਤੇ ਬੁਲਾਇਆ | ਉਸ ਵਕਤ ਉਸ ਦਾ ਵੱੱਡਾ ਭਰਾ ਸਾਰੰਗੀ ਵਜਾਉਣਾ ਛੱਡ ਚੁੱਕਿਆ ਸੀ ਤੇ ਸ਼ਰੀਫ਼ ਸਾਰੰਗੀ ਆਪ ਵਜਾਉਣ ਲੱਗ ਪਿਆ | ਉਸਦੇ ਭਤੀਜੇ ਮੁਰਲੀ ਖ਼ਾਨ ਤੇ ਬਿਲੂ ਖ਼ਾਨ ਪਾਛੂ ਦੇ ਤੌਰ 'ਤੇ ਨਾਲ ਗਾਉਣ ਲੱਗ ਪਏ | ਸ਼ਰੀਫ਼ ਆਪਣੇ ਪਿੰਡੋਂ ਸਹੁਰੇ ਘਰ ਮਨੀ ਮਾਜਰੇ ਰਹਿਣ ਲੱਗ ਪਿਆ ਜਿੱਥੇ ਉਸਨੇ ਰੋਜ਼ੀ ਰੋਟੀ ਲਈ ਖੱਚਰ ਰੇਹੜਾ ਪਾ ਲਿਆ ਸੀ | ਜਦੋਂ ਮੈਨੂੰ ਪਤਾ ਲੱਗਾ ਕਿ ਇਕ ਕਲਾਕਾਰ ਆਪਣੀ ਕਲਾ ਨੂੰ ਛੱਡ ਕੇ ਕੁਝ ਦੂਜੇ ਕੰਮਾਂ ਵਿਚ ਪੈ ਗਿਆ ਹੈ ਤਾਂ ਮੈਂ ਉਸਨੂੰ ਪੁੱਛਿਆ ਕਿ ਤੇਰੇ ਘਰ ਦਾ ਖਰਚ ਕਿੰਨਾ ਕੁ ਹੈ? ਉਸ ਨੇ ਕਿਹਾ ਕਿ ਜੇ ਮੈਨੂੰ 5 ਹਜ਼ਾਰ ਰੁਪਈਆ ਮਹੀਨਾ ਮਿਲਦਾ ਰਹੇ ਤਾਂ ਮੇਰਾ ਗੁਜ਼ਾਰਾ ਬਹੁਤ ਵਧੀਆ ਚੱਲ ਸਕਦਾ ਹੈ | ਉਸ ਵਕਤ ਮੈਂ ਪ੍ਰੋਗਰਾਮ ਡਾਇਰੈਕਟਰ ਵਜੋਂ ਉਸਦੀ ਇਕ ਪ੍ਰੋਗਰਾਮ ਦੀ ਫੀਸ ਪੰਜ ਹਜ਼ਾਰ ਨਿਰਧਾਰਿਤ ਕਰ ਦਿੱਤੀ ਅਤੇ ਉਸ ਨਾਲ ਵਾਅਦਾ ਕੀਤਾ ਕਿ ਹਰ ਮਹੀਨੇ ਜ਼ਰੂਰ ਪ੍ਰੋਗਰਾਮ ਮਿਲਦਾ ਰਹੇਗਾ | ਫਿਰ ਉਸਨੂੰ ਆਪਣੇ ਵਿਭਾਗ ਵਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਪੇਸ਼ਕਾਰੀ ਕਰਨ ਲਈ ਭੇਜਦੇ ਰਹੇ | ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਾਹਮਣੇ ਈਦੂ ਸ਼ਰੀਫ਼ ਨੂੰ 1986 ਵਿਚ ਇੰਦਰਾ ਗਾਂਧੀ ਸਟੇਡੀਅਮ ਦਿੱਲੀ ਅਤੇ 1989 ਵਿਚ ਬੰਬਈ ਦੇ ਵਾਨਖੇੜਾ ਸਟੇਡੀਅਮ ਵਿਖੇ ਆਪਣੀ ਕਲਾ ਪੇਸ਼ ਕਰਨ ਦਾ ਮਾਣ ਹਾਸਲ ਹੋਇਆ | ਫਿਰ ਮੇਰੀ ਕੋਸ਼ਿਸ਼ ਰਹੀ ਕਿ ਸਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਵਿਆਹਾਂ 'ਤੇ ਵੀ ਇਸ ਦੇ ਅਖਾੜੇ ਲਗਵਾਏ ਜਾਣ, ਜਿਸ ਵਿਚ ਇਸ ਨੂੰ ਚੰਗੀ ਕਮਾਈ ਹੋਣ ਲੱਗ ਪਈ | ਸੰਨ 1991-92 ਵਿਚ ਦੇਸ਼ ਦੀ ਸੰਗੀਤ ਨਾਟਕ ਅਕੈਡਮੀ ਦੇ ਸਕੱਤਰ ਮਿਸਟਰ ਕੋਠਾਰੀ, ਮਿਊਜ਼ਿਕ ਟੂਡੇ ਦੇ ਪ੍ਰਮੋਦ ਸ਼ੰਕਰ, ਪੰਜਾਬੀ ਅਕੈਡਮੀ ਦੇ ਡਾ. ਰਵੇਲ ਸਿੰਘ ਨੂੰ ਜਦੋਂ ਮੈਂ ਸ਼ਰੀਫ਼ ਨੂੰ ਸੁਣਾਇਆ ਤਾਂ ਉਹ ਅਸ਼-ਅਸ਼ ਕਰ ਉੱਠੇ | ਉਨ੍ਹਾਂ ਵਲੋਂ ਸ਼ਰੀਫ਼ ਨੂੰ ਦੋ ਮਿਊਜ਼ਿਕ ਐਲਬਮਾਂ ਵਿਚ ਹੀਰ ਦੀ ਕਲੀ ਅਤੇ ਦੁੱਲੇ ਦੀ ਵਾਰ ਨਾਲ ਰਿਕਾਰਡ ਕੀਤਾ ਗਿਆ | ਸੰਨ 1994 ਵਿਚ ਮੈਂ ਉੱਤਰ ਖੇਤਰੀ ਸੱਭਿਆਚਾਰ ਕੇਂਦਰ ਤੋਂ ਅਸਤੀਫ਼ਾ ਦੇ ਦਿੱਤਾ | ਮੇਰੇ ਅਸਤੀਫ਼ੇ ਤੋਂ ਬੜੇ ਕਲਾਕਾਰ ਮੇਰੇ ਨਾਲ ਨਾਰਾਜ਼ ਹੋਏ | ਇਨ੍ਹਾਂ ਵਿਚ ਮੇਰਾ ਰੰਗਲਾ ਯਾਰ ਸ਼ਰੀਫ਼ ਈਦੂ ਵੀ ਸ਼ਾਮਿਲ ਸੀ | ਫੇਰ ਸ਼ਰੀਫ਼ ਈਦੂ ਨੂੰ ਪ੍ਰੋਫੈਸਰ ਮੋਹਣ ਸਿੰਘ ਮੇਲੇ ਦੇ ਸਰਪਰਸਤ ਸ: ਜਗਦੇਵ ਸਿੰਘ ਜੱਸੋਵਾਲ, ਅਸ਼ਵਨੀ ਚੈਟਲੇ, ਚਰਨਜੀਤ ਚੰਨੀ, ਗੁਰਭਜਨ ਗਿੱਲ ਅਤੇ ਪੰਜਾਬੀ ਅਕੈਡਮੀ ਦਿੱਲੀ ਦੇ ਯਤਨਾਂ ਸਦਕਾ ਵੱਖ-ਵੱਖ ਮੇਲਿਆਂ ਅਤੇ ਕੈਨੇਡਾ ਦੀ ਧਰਤੀ 'ਤੇ ਗ਼ਦਰੀ ਬਾਬਿਆਂ ਦੇ ਮੇਲੇ ਤੇ ਵੀ ਗਾਉਣ ਦਾ ਮਾਣ ਹਾਸਲ ਹੋਇਆ |
ਸੂਫ਼ੀ ਰੰਗ ਵਿਚ ਰੰਗੀ ਢਾਡੀ ਕਲਾ ਦਾ ਇਹ ਸਿਰਮੌਰ ਗਾਇਕ ਪੰਜਾਬ ਸਰਕਾਰ ਵਲੋਂ 2009 ਵਿਚ ਸ਼੍ਰੋਮਣੀ ਐਵਾਰਡ ਨਾਲ ਸਮਾਨਿਤ ਕੀਤਾ ਗਿਆ | ਖੁਸ਼-ਕਿਸਮਤੀ ਦੀ ਗੱਲ ਇਹ ਰਹੀ ਇਸੇ ਵਰ੍ਹੇ ਲੋਕ ਗਾਇਕੀ ਦੇ ਖੇਤਰ ਦਾ ਸ਼੍ਰੋਮਣੀ ਐਵਾਰਡ ਮੇਰੀ ਝੋਲੀ ਪਿਆ | ਇਸ ਨੇ ਆਪਣੇ ਪੁੱਤਰ ਸੁੱਖੀ ਖ਼ਾਨ, ਵਿੱਕੀ ਖ਼ਾਨ ਅਤੇ ਕਾਲਾ ਖ਼ਾਨ ਵੀ ਗਾਇਕੀ ਦੇ ਖੇਤਰ ਵਿਚ ਚੰਗੇ ਚੰਡ ਦਿੱਤੇ ਜੋ ਇਸ ਦਾ ਸਾਥ ਨਿਭਾਉਣ ਲੱਗ ਪਏ | ਪੰਜਾਬੀ ਫ਼ਿਲਮ 'ਤੇਰਾ ਮੇਰਾ ਕੀ ਰਿਸ਼ਤਾ' ਵਿਚ ਸ਼ਰੀਫ਼ ਦੇ ਗਾਏ ਗੀਤ 'ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ੍ਹ ਨੂੰ ਹੋਰ' ਨੇ ਪੂਰੀ ਵਾਹ-ਵਾਹ ਖੱਟੀ | ਭਾਰਤ ਸਰਕਾਰ ਦੇ ਅਦਾਰੇ ਸੰਗੀਤ ਨਾਟਕ ਅਕੈਡਮੀ ਵਲੋਂ ਸ਼ਰੀਫ਼ ਨੂੰ ਰਾਸ਼ਟਰਪਤੀ ਐਵਾਰਡ ਨਾਲ ਵੀ ਨਿਵਾਜਿਆ ਗਿਆ | ਛੇ ਸਾਲ ਪਹਿਲਾਂ ਈਦੂ ਅਚਾਨਕ ਲਕਵੇ ਦੇ ਅਟੈਕ ਕਾਰਨ ਮੰਜੇ ਨਾਲ ਜੁੜ ਗਿਆ | ਪਰਿਵਾਰ, ਯਾਰ ਦੋਸਤ, ਸਮਾਜਿਕ ਸੰਸਥਾਵਾਂ ਅਤੇ ਸਰਕਾਰ ਵਲੋਂ ਕੁਝ ਉਪਰਾਲੇ ਅਤੇ ਵਿੱਤੀ ਸਹਾਇਤਾ ਕੀਤੀ ਗਈ ਪਰੰਤੂ ਉਸ ਦੀ ਸਿਹਤ ਵਿਚ ਕੋਈ ਜ਼ਿਆਦਾ ਸੁਧਾਰ ਨਾ ਹੋਇਆ | ਮੈਨੂੰ ਇਕ ਗੱਲ ਦਾ ਬਹੁਤ ਅਫ਼ਸੋਸ ਹੈ ਕਿ ਉਸ ਦੇ ਜਿਉਂਦੇ ਜੀਅ ਉਸ ਦੇ ਕਿਸੇ ਵੀ ਪੁੱਤਰ ਨੂੰ ਰੋਜ਼ੀ ਰੋਟੀ ਲਈ ਨੌਕਰੀ ਮੁਹੱਈਆ ਨਹੀਂ ਹੋ ਸਕੀ | ਸਰਕਾਰੇ-ਦਰਬਾਰੇ ਬੜੀਆਂ ਬੇਨਤੀਆਂ ਕੀਤੀਆਂ ਗਈਆਂ ਪਰੰਤੂ ਪਰਵਾਨ ਨਾ ਚੜ੍ਹੀਆਂ | ਇਸ ਤਰ੍ਹਾਂ ਦੀ ਵਿਰਾਸਤੀ ਗਾਇਕੀ ਨੂੰ ਸਾਂਭਣ ਦੇ ਲਈ ਸਾਡੀਆਂ ਸਰਕਾਰਾਂ ਨੂੰ ਯਤਨ ਕਰਨੇ ਚਾਹੀਦੇ ਹਨ ਜਿਵੇਂ ਪੁਰਾਣੇ ਸਮਿਆਂ ਵਿਚ ਰਾਜੇ-ਮਹਾਰਾਜੇ ਆਪਣੇ ਰਾਜ ਦੇ ਕਲਾਕਾਰ, ਖਿਡਾਰੀ, ਲਿਖਾਰੀ ਅਤੇੇ ਵਿਦਵਾਨਾਂ ਨੂੰ ਸੰਭਾਲਦੇ ਸਨ |
ਅੰਤ ਵਿਚ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਵਿਚੋਂ ਆਪਣੇ ਇਸ ਰੰਗਲੇ ਸੱਜਣ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ | ਅੱਲਾਹ ਸ਼ਰੀਫ਼ ਈਦੂ ਨੂੰ ਜੰਨਤ ਨਸੀਬ ਕਰੇ |
                                                                                                                                                                   ••

ਲੋਹੜੀ ਦੇ ਤਿਉਹਾਰ ਬਹਾਨੇ

ਦੁੱਲਾ ਭੱਟੀ ਨੂੰ ਚੇਤੇ ਕਰਦਿਆਂ...

* ਗੁਰਭਜਨ ਗਿੱਲ *
ਹੋਣੀ ਸਾਡੀ ਰੱਤ ਪੀਂਦੀ ਨਿੱਤ ਛਾਣ ਕੇ,
ਦੁੱਲਿਆ ਤੂੰ ਡੇਰਾ ਵੇ ਚੁਕਾੲੀਂ ਆਣ ਕੇ |
ਮੁਗਲਾਂ ਨੇ ਵੇਸ ਭੇਸ ਨੂੰ ਵਟਾ ਲਿਆ,
ਪਿੰਡੀ ਛੱਡ ਸਾਰੇ ਪਿੰਡੀਂ ਡੇਰਾ ਲਾ ਲਿਆ |
ਲੁੱਟਦੇ ਸਿਆਸਤਾਂ ਦੇ ਤੰਬੂ ਤਾਣ ਕੇ,
ਦੁੱਲਿਆ ਤੂੰ ਡੇਰਾ ਵੇ ਚੁਕਾੲੀਂ ਆਣ ਕੇ |
ਦਿੱਲੀ ਤੇ ਲਾਹੌਰ ਵਾਲੇ ਇਕ ਬਾਤ ਹੈ,
ਜ਼ਾਲਮਾਂ ਦੀ ਹਰ ਵੇਲੇ ਇਕੋ ਜਾਤ ਹੈ |
ਇਨ੍ਹਾਂ ਦੇ ਨੇ ਹੁੰਦੇ ਇਕੋ ਘਰੇ ਨਾਨਕੇ,
ਦੁੱਲਿਆ ਤੂੰ ਡੇਰਾ ਵੇ ਚੁਕਾੲੀਂ ਆਣ ਕੇ |
ਲੱਭੇ ਤੈਨੂੰ ਦੁੱਲਿਆ ਵੇ ਫੇਰ ਸੰੁਦਰੀ,
ਖ਼ਤਰੇ 'ਚ ਉਹਦੀ ਸ਼ਗਨਾਂ ਦੀ ਮੰੁਦਰੀ |
ਦਾਜ ਬਿਨਾਂ ਆਈ ਮਿਹਣੇ ਦੇਣ ਜਾਣ ਕੇ,
ਦੁੱਲਿਆ ਤੂੰ ਰੇੜਕਾ ਮੁਕਾੲੀਂ ਆਣ ਕੇ |
ਅਕਬਰ ਪਹਿਲਾਂ ਤੋਂ ਸ਼ੈਤਾਨ ਹੋ ਗਿਆ,
ਤੇਰਾ ਹੀ ਕਬੀਲਾ ਉਹਦੇ ਪਿੱਛੇ ਹੋ ਗਿਆ |
ਹੋ ਗਏ ਨੇ ਨਿਕੰਮੇ ਬਹੁਤੇ ਸੁੱਖ ਮਾਣ ਕੇ,
ਦੁੱਲਿਆ ਤੂੰ ਅਣਖਾਂ ਜਗਾ ਦੇ ਆਣ ਕੇ |

-ਮੋਬਾਈਲ : 98726-31199

ਪੀਪਲਜ਼ ਲਿਟਰੇਰੀ ਫੈਸਟੀਵਲ ਵਿਚ ਸਾਹਿਤਕ, ਸਿਆਸੀ ਸਰੋਕਾਰਾਂ 'ਤੇ ਵਿਚਾਰ ਚਰਚਾ

ਪੀਪਲਜ਼ ਫੋਰਮ, ਬਰਗਾੜੀ, ਪੰਜਾਬ ਵਲੋਂ ਸਾਲ 2019 ਦੇ ਅਖੀਰਲੇ ਠੰਢੇ ਦਿਨਾਂ ਵਿਚ ਟੀਚਰਜ਼ ਹੋਮ ਬਠਿੰਡਾ ਵਿਖੇ ਆਯੋਜਤ ਪੰਜ ਰੋਜ਼ਾ ਪੀਪਲਜ਼ ਲਿਟਰੇਰੀ ਫੈਸਟੀਵਲ ਪੰਜਾਬ ਦੇ ਸਾਹਿਤਕ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਖੇਤਰਾਂ ਵਿਚ ਨਵਾਂ ਨਿੱਘ ਪੈਦਾ ਕਰ ਗਿਆ | ਇਸ ਵਿਚ ਡਾ: ਨੀਤੂ ਅਰੋੜਾ, ਡਾ: ਕੁਲਦੀਪ ਕੌਰ, ਗੁਰਪ੍ਰੀਤ ਭੰਗੂ, ਦਵਿੰਦਰ ਦਵੀ, ਕਾਨੂੰ ਪ੍ਰੀਆ ਨੇ ਆਪਣੇ ਵਿਚਾਰ ਰੱਖੇ | ਲਗਾਤਾਰ ਦੂਜੇ ਸਾਲ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ, ਪੰਜਾਬ ਸੰਗੀਤ ਅਕਾਦਮੀ ਚੰਡੀਗੜ੍ਹ ਅਤੇ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਆਯੋਜਿਤ ਇਸ ਪੀਪਲਜ਼ ਲਿਟਰੇਰੀ ਫੈਸਟੀਵਲ ਵਿਚ ਸਾਹਿਤਕ ਮਸਲਿਆਂ ਦੇ ਨਾਲ-ਨਾਲ ਮੁਲਕ ਦੀਆਂ ਮੌਜੂਦਾ ਸਿਆਸੀ ਹਾਲਤਾਂ, ਸਮਾਜਿਕ ਸਰੋਕਾਰਾਂ, ਮਾਤ ਭਾਸ਼ਾ, ਸਾਰਥਿਕ ਸਿਨੇਮਾ ਅਤੇ ਸ਼ਬਦ ਸੱਭਿਆਚਾਰ ਸਬੰਧੀ ਹੋਈ ਮੁਲਵਾਨ ਚਰਚਾ ਨੇ ਸਮਾਜਿਕ ਚੇਤਨਾ ਰੱਖਣ ਵਾਲੇ ਲੋਕਾਂ ਦੇ ਨਾਲ-ਨਾਲ ਆਮ ਲੋਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੀ ਆਪਣੇ ਨਾਲ ਜੋੜੀ ਰੱਖਿਆ | ਫੈਸਟੀਵਲ ਦੌਰਾਨ ਜਿਥੇ ਦਰਸ਼ਕਾਂ ਨੇ ਵੱਡੀ ਪੱਧਰ 'ਤੇ ਆਪਣੀਆਂ ਮਨ ਪਸੰਦ ਪੁਸਤਕਾਂ ਦੀ ਖਰੀਦ ਕੀਤੀ ਉਥੇ ਵੱਖ-ਵੱਖ ਸੈਸ਼ਨਾਂ ਦੌਰਾਨ ਚੱਲੇ ਸੰਵਾਦ ਵਿਚ ਵੀ ਗੰਭੀਰਤਾ ਨਾਲ ਸ਼ਮੂਲੀਅਤ ਕੀਤੀ | 25 ਦਸੰਬਰ ਨੂੰ ਉਦਘਾਟਨੀ ਸੈਸ਼ਨ ਵਿਚ ਡਾ: ਸਰਦਾਰਾ ਸਿੰਘ ਜੌਹਲ, ਚਾਂਸਲਰ, ਕੇਂਦਰੀ ਯੂਨੀਵਰਸਿਟੀ ਬਠਿੰਡਾ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਪ੍ਰੋ: ਸੁਖਦੇਵ ਸਿੰਘ ਸਿਰਸਾ ਨੇ ਪ੍ਰਧਾਨਗੀ ਕੀਤੀ | ਇਸ ਮੌਕੇ ਡਾ: ਸਰਦਾਰਾ ਸਿੰਘ ਜੌਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਲਿਟਰੇਰੀ ਫੈਸਟੀਵਲ ਲੋਕ ਮਸਲਿਆਂ ਨੂੰ ਲੋਕ ਲਹਿਰਾਂ ਬਣਾਉਣ ਦੀ ਸੋਝੀ ਪ੍ਰਧਾਨ ਕਰਦੇ ਹਨ | ਇਸ ਮੌਕੇ 'ਹਮ ਕਿਧਰ ਜਾ ਰਹੇਂ ਹੈਂ' ਵਿਸ਼ੇ 'ਤੇ ਕੁੰਜੀਵਤ ਭਾਸ਼ਣ ਦਿੰਦਿਆਂ ਦਿੱਲੀ ਯੂਨੀਵਰਸਿਟੀ ਦੇ ਪ੍ਰੋ: ਅਪੂਰਵਾਨੰਦ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਭਾਰਤ ਨੂੰ ਇਕ ਖ਼ਾਸ ਵਰਗ ਦਾ ਦੇਸ਼ ਬਣਾਉਣ ਦੀ ਦਿਸ਼ਾ ਵਿਚ ਕਈ ਖ਼ਤਰਨਾਕ ਕਦਮ ਚੁੱਕੇ ਗਏ ਹਨ | ਸ਼ਾਮ ਦੇ ਸ਼ੈਸ਼ਨ ਵਿਚ ਪ੍ਰਸਿੱਧ ਕਹਾਣੀਕਾਰ ਅਤਰਜੀਤ ਦੀ ਕਹਾਣੀ 'ਤੇ ਅਧਾਰਤ ਬਲਰਾਜ ਸਾਗਰ ਵਲੋਂ ਨਿਰਦੇਸ਼ਤ ਫ਼ਿਲਮ 'ਸਬੂਤੇ ਕਦਮ' ਦੀ ਸਕਰੀਨਿੰਗ ਕੀਤੀ ਗਈ |
ਦੂਜੇ ਦਿਨ 2019 ਦੇ ਸਾਹਿਤ ਬਾਰੇ ਹੋਈ ਵਿਚਾਰ ਵਿਚ ਇਹ ਮੁੱਦਾ ਉੱਭਰ ਕੇ ਸਾਹਮਣੇ ਆਇਆ ਕਿ ਪੰਜਾਬੀ ਸਾਹਿਤ ਵਿਚੋਂ ਸਮਕਾਲੀ ਸਮੱਸਿਆਵਾਂ ਅਤੇ ਨੌਜਵਾਨਾਂ ਦੇ ਸਰੋਕਾਰ ਪੂਰੀ ਤਰ੍ਹਾਂ ਉੱਭਰ ਕੇ ਪੇਸ਼ ਨਹੀਂ ਹੋ ਰਹੇ | ਡਾ: ਜਗਵਿੰਦਰ ਜੋਧਾ, ਡਾ: ਸੁਰਜੀਤ ਅਤੇ ਪ੍ਰੋ: ਬੂਟਾ ਸਿੰਘ ਨੇ ਗ਼ਜ਼ਲਾਂ ਬਾਰੇ ਆਪਣੇ ਵਿਚਾਰ ਰੱਖੇ | 'ਅਣਜਾਣ ਸਫਰਾਂ ਦੇ ਪਾਂਧੀ' ਅਨੁਵਾਨ ਤਹਿਤ ਰਿਪਨਦੀਪ ਚਹਿਲ ਅਤੇ ਖੁਸ਼ਮਨਪ੍ਰੀਤ ਦਾ ਰੂ-ਬਰੂ ਕਰਵਾਇਆ ਗਿਆ ਅਤੇ ਤੀਜੇ ਦਿਨ ਦੀ ਵਿਚਾਰ ਚਰਚਾ ਦਾ ਵਿਸ਼ਾ 'ਹਿੰਸਾ ਅਤੇ ਖਪਤ ਦੇ ਜੰਗਲ ਵਿਚ ਬੋਲਦੀ ਔਰਤ ਸੀ' ਜਿਸ ਵਿਚ ਔਰਤ ਦੀ ਸਥਿਤੀ ਅਤੇ ਸੰਘਰਸ਼ਾਂ ਬਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ | ਸਰੋਤਿਆਂ ਵਿਚੋਂ ਵਿਕਾਸ ਕੌਸ਼ਲ, ਅਮਰੀਨ ਕੌਰ, ਡਾ: ਸੀਮਾ ਅੱਗਰਵਾਲ ਨੇ ਸਵਾਲਾਂ ਰਾਹੀਂ ਚਰਚਾ ਨੂੰ ਅੱਗੇ ਵਧਾਇਆ | ਚਰਚਾ ਵਿਚੋਂ ਇਹ ਗੱਲ ਵੀ ਸਾਹਮਣੇ ਆਈ ਜੇ ਇੱਕ ਪਾਸੇ ਕੁੜੀਆਂ ਖਿਲਾਫ ਤਿੱਖੀ ਹਿੰਸਾ ਹੈ ਦੂਜੇ ਪਾਸੇ ਸੰਘਰਸ਼ਾਂ ਵਿਚ ਵੀ ਕੁੜੀਆਂ ਜ਼ੋਰਦਾਰ ਢੰਗ ਨਾਲ ਅੱਗੇ ਆ ਰਹੀਆਂ ਹਨ | ਤੀਜੇ ਦਿਨ ਦੇ ਅਖੀਰਲੇ ਸ਼ੈਸ਼ਨ ਵਿਚ ਵਰਿੰਦਰ ਸ਼ਰਮਾ ਨੇ ਮਾਲਵੇ ਦੀ ਜੈਵਿਕ ਵਿਰਾਸਤ ਸੰਬੰਧੀ ਆਪਣੇ ਵਿਸ਼ੇਸ਼ ਸਲਾਈਡ ਸ਼ੋਅ ਰਾਹੀਂ ਮਾਲਵੇ ਇਲਾਕੇ ਦੀ ਜੈਵਿਕ ਵਿਭਿੰਨਤਾ ਅਤੇ ਸਾਹਿਤ ਦੇ ਆਪਸੀ ਸੰਬੰਧ ਨੂੰ ੳਜਾਗਰ ਕੀਤਾ |
ਚੌਥਾ ਦਿਨ ਅਦਾਰਾ 23 ਮਾਰਚ ਅਤੇ ਪੰਜਾਬ ਸਾਂਝੀਵਾਲ ਜਥੇ ਦੇ ਸਹਿਯੋਗ ਨਾਲ ਸਮਾਪਤ ਹੋਇਆ | ਵਿਚਾਰ ਚਰਚਾ ਦਾ ਮੁੱਖ ਬਿੰਦੂ ਇਹ ਰਿਹਾ ਕਿ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲਈ ਸਿਧਾਂਤਕਾਰੀ ਨੂੰ ਨਵੇਂ ਸਿਰਿਉਂ ਵਿਉਂਤਣ ਦੀ ਲੋੜ ਹੈ | ਇਸ ਚਰਚਾ ਦੇ ਸੂਤਰਧਾਰ ਸਨ ਸੁਮੇਲ ਸਿੰਘ ਸਿੱਧੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਪ੍ਰੋ: ਪੁਸ਼ਪਿੰਦਰ ਸਿਆਲ ਨੇ ਪ੍ਰੋ: ਵਰਿੰਦਰ ਸਿੰਘ ਕਾਲੜਾ ਦੀ ਪੁਸਤਕ ਸੇਕਰਡ ਐਾਡ ਸੈਕੁਲਰ ਮਿਊਜ਼ਕ ਬਾਰੇ ਗੱਲ ਕਰਦਿਆਂ ਕਿਹਾ ਇਥੇ ਧਾਰਮਿਕ ਦੀਵਾਰਾਂ ਓਨੀਆਂ ਹੀ ਸਖ਼ਤ ਹਨ ਜਿੰਨੀਆਂ ਪਾਕਿਸਤਾਨ ਵਿਚ | ਇਹੀ ਵੰਡਾਂ ਸੰਗੀਤ ਵਿਚ ਵੀ ਲਾਗੂ ਹੋ ਗਈਆਂ ਹਨ ਜਿਨ੍ਹਾਂ ਕਰਕੇ ਸਾਰੇ ਪੰਜਾਬ ਵਿਚੋਂ ਰਬਾਬੀ ਖ਼ਤਮ ਹੋ ਗਏ ਹਨ ਅਤੇ ਸ਼ਾਸ਼ਤਰੀ ਸੰਗੀਤ ਕੇਵਲ ਹਿੰਦੂ ਧਰਮ ਨਾਲ ਜੁੜ ਗਿਆ ਹੈ | ਮੋਨਿਕਾ ਕੁਮਾਰ ਨੇ ਕਿਹਾ ਕਿ ਗੁਰਬਾਣੀ, ਸੂਫੀ ਬਾਣੀ ਅਤੇ ਲੋਕ ਬਾਣੀ ਸਾਰੇ ਮਿਲ ਕੇ ਹੀ ਪੰਜਾਬੀ ਚਿੰਤਨ ਦਾ ਆਧਾਰ ਬਣਦੇ ਹਨ | ਪੰਜਾਬ ਦੇ ਰਾਜਨੀਤਕ ਹਾਲਾਤ ਸਾਨੂੰ ਘਟਾਉਂਦੇ ਆਏ ਹਨ, ਇਸ ਸਥਿਤੀ ਵਿਚੋਂ ਨਿਕਲਣ ਲਈ ਇੱਕ ਵਿਚਾਰਕ ਕ੍ਰਾਂਤੀ ਰਾਹੀਂ ਬਹੁਤ ਸਾਰੀਆਂ ਗ਼ਲਤ ਫੈਹਿਮੀਆਂ ਛੱਡਣ ਦੀ ਲੋੜ ਹੈ | ਇਗਲੈਂਡ ਦੀ ਵਾਰਵਿਕ ਯੂਨੀਵਰਸਿਟੀ ਤੋਂ ਆਏ ਪ੍ਰੋ: ਵਰਿੰਦਰ ਸਿੰਘ ਕਾਲੜਾ ਨੇ ਬੋਲਦਿਆਂ ਕਿਹਾ ਕਿ ਅਸੀਂ ਆਪਣੇ ਹਾਵ-ਭਾਵਾਂ ਨੂੰ ਆਪਣੀ ਭਾਸ਼ਾ ਵਿਚ ਹੀ ਪ੍ਰਗਟ ਕਰ ਸਕਦੇ ਹਾਂ | ਪਿ੍ੰ. ਸਰਵਣ ਸਿੰਘ ਨੇ 'ਪੰਜਾਬੀਆਂ ਦਾ ਬਾਈ-ਜਸਵੰਤ ਸਿੰਘ ਕੰਵਲ' ਕਿਤਾਬ ਦੇ ਹਵਾਲੇ ਨਾਲ 30 ਸਾਲ ਦੀਆਂ ਯਾਦਾਂ ਸਾਝੀਆਂ ਕੀਤੀਆਂ | ਇਸ ਤੋਂ ਇਲਾਵਾ ਪ੍ਰੋ: ਸੁਖਦੇਵ ਸਿੰਘ ਸਿਰਸਾ, ਖੁਸ਼ਵੀਰ ਕੌਰ ਢਿੱਲੋਂ ਅਤੇ ਨਾਵਲਕਾਰ ਯਾਦਵਿੰਦਰ ਸੰਧੂ ਨੇ ਆਪਣੇ ਉਪਰ ਪਏ ਜਸਵੰਤ ਸਿੰਘ ਕੰਵਲ ਦੇ ਪ੍ਰਭਾਵਾਂ ਦਾ ਜ਼ਿਕਰ ਕੀਤਾ | ਜਸਵੰਤ ਸਿੰਘ ਜ਼ਫਰ ਨੇ 'ਆਪਣੀ ਬੋਲੀ,ਧਰਮ ਤੇ ਲਿੱਪੀ:ਇਕ ਅੰਤਰਝਾਤ' ਵਿਸ਼ੇ ਤੇ ਬੋਲਦਿਆਂ ਕਿਹਾ ਕਿ ਪੰਜਾਬੀ ਦੀ ਵਿਸ਼ਾਲਤਾ ਨੂੰ ਹੋਰ ਸੱਟ ਨਾ ਮਾਰੀਏ ਅਤੇ ਪੰਜਾਬੀ ਨੂੰ ਕੇਵਲ ਸਿੱਖਾਂ ਦੀ ਭਾਸ਼ਾ ਕਹਿ ਕੇ ਸੀਮਤ ਨਾ ਕਰੀਏ | ਫੈਸਟੀਵਲ ਦੇ ਆਖਰੀ ਦਿਨ ਸਮਾਜਿਕ ਕਾਰਕੁਨ ਯੋਗਿੰਦਰ ਯਾਦਵ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਰਕਾਰਾਂ ਨੂੰ ਬਦਲਣ ਦੇ ਨਾਲੋਂ ਲੋਕਾਂ ਦਾ ਸੋਚਣ ਢੰਗ ਬਦਲਣਾ ਜ਼ਿਆਦਾ ਜ਼ਰੂਰੀ ਹੈ ਅਤੇ ਇਸ ਲਈ ਸੱਭਿਆਚਾਰ ਅਤੇ ਵਿਚਾਰਕ ਖੇਤਰ ਵਿਚ ਜ਼ੋਰਦਾਰ ਢੰਗ ਨਾਲ ਕੰਮ ਕਰਨ ਦੀ ਲੋੜ ਹੈ ਜਿਸ ਤੋਂ ਕਿ ਅਸੀਂ ਪਿਛਲੇ ਸੱਤਰ ਸਾਲ ਅਵੇਸਲੇ ਰਹੇ ਹਾਂ | ਇਸ ਕਾਰਜ ਵਿਚ ਅਜਿਹੇ ਸਾਹਿਤਕ-ਵਿਚਾਰਕ ਫੈਸਟੀਵਲ ਅਹਿਮ ਭੂਮਿਕਾ ਨਿਭਾ ਸਕਦੇ ਹਨ | ਸ਼ਾਇਰ ਸੁਰਜੀਤ ਪਾਤਰ ਨੇ ਯੋਗਿੰਦਰ ਯਾਦਵ ਦੇ ਵਿਚਾਰਾਂ ਦੀ ਕਾਵਿਕ ਅੰਦਾਜ਼ ਵਿਚ ਪ੍ਰੋੜਤਾ ਕੀਤੀ | ਸੁਰਜੀਤ ਪਾਤਰ ਨੇ ਕਿਹਾ ਪੰਜਾਬ ਅਤੇ ਹਿੰਦੋਸਤਾਨ ਦੇ ਸ਼ਾਇਰਾਂ, ਦਰਵੇਸ਼ਾਂ, ਸੂਫੀ-ਭਗਤੀ ਲਹਿਰ ਦੇ ਚਿੰਤਕਾਂ ਤੋਂ ਆਪਣੇ ਸੰਘਰਸ਼ ਲਈ ਪ੍ਰੇਰਣਾ ਲੈਣ ਦੀ ਲੋੜ ਹੈ |
ਪੀਪਲਜ਼ ਲਿਟਰੇਰੀ ਫੈਸਟੀਵਲ ਵਿਚ ਸਕੂਲੀ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਦੇ ਮਕਸਦ ਨਾਲ ਕੋਲਾਜ ਮੇਕਿੰਗ, ਕਵਿਤਾ ਉਚਾਰਨ, ਕੁਇਜ਼ ਅਤੇ ਮੌਲਿਕ ਲਿਖਤ ਦੇ ਮੁਕਾਬਲੇ ਕਰਵਾਏ ਗਏ | ਪੁਸਤਕ ਪ੍ਰਦਸ਼ਨੀ ਵਿਚ ਵਾਣੀ ਪ੍ਰਕਾਸ਼ਨ ਨਵੀਂ ਦਿੱਲੀ ਸਮੇਤ 15 ਪ੍ਰਕਾਸ਼ਕਾਂ ਨੇ ਸ਼ਿਰਕਤ ਕੀਤੀ ਅਤੇ ਪੁਸਤਕ ਪ੍ਰੇਮੀਆਂ ਨੇ ਪੰਜ ਲੱਖ ਤੋਂ ਵੀ ਵਧੇਰੇ ਦੀਆਂ ਪੁਸਤਕਾਂ ਦੀ ਖਰੀਦ ਕੀਤੀ | ਕਾਲਾ ਕਰਵਾਨੂੰ ਵਲੋਂ ਗੁਰਮੁਖੀ ਕੈਲੀਗਰਾਫੀ, ਚਿੱਤਰਕਲਾ ਅਤੇ ਸਕੱਲਪਚਰ ਦੀ ਪ੍ਰਦਸ਼ਨੀ ਲਗਾਈ ਗਈ | ਬੀੜ ਸੁਸਾਇਟੀ ਵਲੋਂ ਵਾਤਾਵਰਨ ਨਾਲ ਸੰਬੰਧਤ ਫੋਟੋ ਪ੍ਰਦਸ਼ਨੀ ਲਗਾਈ ਗਈ | ਇਸ ਮੌਕੇ ਸ਼ਹਿਦ, ਗੁੜ ਅਤੇ ਹੋਰ ਰਿਵਾਇਤੀ ਅਹਾਰਾਂ ਦੇ ਸਟਾਲ ਵੀ ਲਗਾਏ ਗਏ |

ਪੰਜਾਬੀ ਸਿਨੇਮਾ : ਬਿੱਲੀਆਂ ਅੱਖਾਂ ਵਾਲੀ—ਇੰਦਰਾ ਬਿੱਲੀ

ਇੰਦਰਾ ਬਿੱਲੀ ਦੇ ਬਾਰੇ 'ਚ ਮਿਹਰ ਮਿੱਤਲ ਨੇ ਇਕ ਵਾਰ ਬੜੀ ਦਿਲਚਸਪ ਘਟਨਾ ਸੁਣਾਈ ਸੀ | ਹੋਇਆ ਕੁਝ ਇਸ ਤਰ੍ਹਾਂ ਕਿ ਮਿਹਰ ਮਿੱਤਲ ਉਸ ਵੇਲੇ ਖੁਦ ਫ਼ਿਲਮ ਸਟਾਰ ਨਹੀਂ ਬਣਿਆ ਸੀ | ਉਹ ਆਪਣਾ ਸ਼ੌਕ ਪੂਰਾ ਕਰਨ ਲਈ ਛੋਟੇ-ਮੋਟੇ ਫ਼ਿਲਮ ਕਲਾਕਾਰਾਂ ਦੇ ਸ਼ੋਅ ਕਰਿਆ ਕਰਦਾ ਸੀ | ਇਕ ਵਾਰ ਉਸ ਨੇ ਮੋਗੇ ਇਕ ਅਜਿਹਾ ਹੀ ਫ਼ਿਲਮ ਸ਼ੋਅ ਕੀਤਾ ਸੀ | ਇਸ ਸ਼ੋਅ ਦਾ ਪ੍ਰਮੁੱਖ ਆਕਰਸ਼ਣ ਇੰਦਰਾ ਬਿੱਲੀ ਸੀ |
ਜਦੋਂ ਮਿਹਰ ਮਿੱਤਲ ਨੇ ਸਟੇਜ 'ਤੇ ਇੰਦਰਾ ਨੂੰ ਲਿਆਂਦਾ ਤਾਂ ਸਾਰੇ ਪਾਸਿਓਾ ਉਸ ਨੂੰ ਫਿਟਕਾਰਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ | ਦਰਸ਼ਕਾਂ ਨੇ ਉੱਚੀ-ਉੱਚੀ ਕਹਿਣਾ ਸ਼ੁਰੂ ਕਰ ਦਿੱਤਾ, 'ਧੋਖਾ ਓਏ ਧੋਖਾ, ਇਹ ਤਾਂ ਇੰਦਰਾ ਹੈ ਹੀ ਨਹੀਂ | ਇਹ ਤਾਂ ਕਿਸੇ ਮੰੁਡੇ ਨੂੰ ਫੜ ਕੇ ਲੈ ਆਇਆ ਏ |'
ਦਰਅਸਲ ਇੰਦਰਾ ਦੀ ਗੈੱਟਅੱਪ ਹੀ ਇਕ ਲੜਕੇ ਦੀ ਤਰ੍ਹਾਂ ਹੁੰਦੀ ਸੀ | ਲੜਕਿਆਂ ਦੇ ਵਾਂਗ ਹੀ ਹੇਅਰ ਸਟਾਈਲ ਬਣਾਇਆ ਕਰਦੀ ਸੀ ਅਤੇ ਲੜਕਿਆਂ ਦੇ ਵਾਂਗ ਹੀ ਪੁਸ਼ਾਕ ਪਹਿਨਦੀ ਹੁੰਦੀ ਸੀ | ਪਰ ਉਸ ਦੇ ਇਸ ਪਹਿਰਾਵੇ ਨੇ ਮਿੱਹਰ ਮਿੱਤਲ ਦੇ ਸ਼ੋਅ ਦਾ ਸੱਤਿਆਨਾਸ਼ ਤਾਂ ਕੀਤਾ ਸੀ, ਉਲਟਾ ਉਹ ਕਿਸੇ ਨੂੰ ਮੰੂਹ ਦਿਖਾਉਣ ਜੋਗਾ ਵੀ ਨਹੀਂ ਰਿਹਾ ਸੀ |
ਇੰਦਰਾ ਦਾ ਇਹੀ ਲੜਕਿਆਂ ਵਾਲਾ ਅੰਦਾਜ਼ ਮੈਂ ਇਕ ਹਿੰਦੀ ਫ਼ਿਲਮ 'ਖ਼ੂਨੀ ਕੌਣ, ਕਾਤਿਲ ਕੌਣ' ਦੀ ਸ਼ੂਟਿੰਗ ਸਮੇਂ ਵੀ ਦੇਖਿਆ ਸੀ | ਆਪਣੇ ਸਾਧਾਰਨ ਰੂਪ 'ਚ ਇੰਦਰਾ ਏਨੀ ਅਲੱਗ ਦਿਸਦੀ ਸੀ ਕਿ ਲਗਦਾ ਹੀ ਨਹੀਂ ਸੀ ਕਿ ਉਹ ਇਕ ਫ਼ਿਲਮ ਅਦਾਕਾਰਾ ਹੈ | ਇਸ ਫ਼ਿਲਮ ਦਾ ਨਾਇਕ (ਜੈਅ ਰਾਜ) ਵੀ ਪਹਿਲੇ ਦਿਨ ਦੀ ਸ਼ੂਟਿੰਗ ਵੇਲੇ ਇੰਦਰਾ ਦੇ ਵਿਪਰੀਤਾਤਮਿਕ ਚਿਹਰੇ ਨੂੰ ਦੇਖ ਕੇ ਹੈਰਾਨ ਪ੍ਰੇਸ਼ਾਨ ਹੋ ਗਿਆ ਸੀ |
ਪਰ ਪੰਜਾਬੀ ਫ਼ਿਲਮਾਂ ਦੇ ਪ੍ਰੇਮੀ ਇੰਦਰਾ ਦੇ ਫ਼ਿਲਮੀ ਪਰਦੇ ਵਾਲੇ ਰੂਪ ਨੂੰ ਕਦੇ ਵੀ ਨਹੀਂ ਵਿਸਾਰ ਸਕਦੇ | ਆਪਣੀਆਂ ਸ਼ੋਖ਼ ਅਦਾਵਾਂ ਅਤੇ ਬਿੱਲੀਆਂ ਅੱਖਾਂ ਦੇ ਆਕਰਸ਼ਣ ਕਰਕੇ ਉਸ ਨੇ ਕਈ ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਏ ਸਨ |
ਇੰਦਰਾ ਨੇ ਸਭ ਤੋਂ ਪਹਿਲਾਂ ਹਿੰਦੀ ਫ਼ਿਲਮਾਂ 'ਚ ਆਪਣੀ ਕਲਾ ਦਿਖਾਈ | ਇਸ ਦਿ੍ਸ਼ਟੀਕੋਣ ਤੋਂ ਉਸ ਨੇ 'ਮਿਲਾਪ' (1955), 'ਬਸੰਤ ਬਹਾਰ' (1956), 'ਪਰਿਸਤਾਨ' (1957), 'ਤੀਨ ਸਰਦਾਰ' (1965), 'ਯਹੂਦੀ' (1958), 'ਮੇਰੇ ਹਜ਼ੂਰ' (1968) ਅਤੇ 'ਦਿਲ ਦੇ ਕੇ ਦੇਖੋ' (1959) ਵਰਗੀਆਂ ਫ਼ਿਲਮਾਂ 'ਚ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਪੇਸ਼ ਕੀਤੀਆਂ ਸਨ |
ਪਰ ਉਸ ਦੀ ਵਿਸ਼ੇਸ਼ ਦੇਣ ਤਾਂ ਪੰਜਾਬੀ ਸਿਨੇਮਾ ਦੇ ਖੇਤਰ 'ਚ ਹੀ ਹੈ | ਲਿਹਾਜ਼ਾ ਬਤੌਰ ਨਾਇਕਾ ਉਸ ਨੇ 'ਪ੍ਰਦੇਸੀ ਢੋਲਾ' ਵਿਚ ਰਵਿੰਦਰ ਕਪੂਰ ਦੇ ਨਾਲ ਕੰਮ ਕੀਤਾ | 'ਦੋ ਲੱਛੀਆਂ' ਵਿਚ ਉਸ ਦੇ ਵਿਰੁੱਧ ਦਲਜੀਤ ਸੀ | 'ਜੱਗਾ' ਵਿਚ ਦਾਰਾ ਸਿੰਘ ਦੇ ਮੁਕਾਬਲੇ 'ਚ ਉਸ ਨੂੰ ਰੁਮਾਂਟਿਕ ਜੋੜੀ ਦੇ ਰੂਪ 'ਚ ਉਤਾਰਿਆ ਗਿਆ | ਇਸੇ ਹੀ ਤਰ੍ਹਾਂ 'ਮਾਮਾ ਜੀ', 'ਕਿੱਕਲੀ', 'ਯਮਲਾ ਜੱਟ', 'ਦੁਪੱਟਾ' ਅਤੇ 'ਕਣਕਾਂ ਦੇ ਓਹਲੇ' ਵਿਚ ਵੀ ਉਸ ਨੇ ਮਹੱਤਵਪੂਰਨ ਰੋਲ ਕੀਤੇ ਸਨ | ਪਰ ਬਤੌਰ ਨਾਇਕਾ ਉਸ ਦੀ ਅੰਤਿਮ ਫ਼ਿਲਮ 'ਨੀਮ ਹਕੀਮ' ਹੀ ਸੀ | ਇਸ ਤੋਂ ਬਾਅਦ ਇੰਦਰਾ ਪੰਜਾਬੀ ਸਿਨੇਮਾ ਤੋਂ ਦੂਰ ਹੁੰਦੀ ਚਲੀ ਗਈ ਸੀ |
ਦਰਅਸਲ ਇਸ ਦੂਰੀ ਦਾ ਕਾਰਨ ਇਹ ਸੀ ਕਿ ਉਸ ਨੇ ਆਪਣੇ ਸਮੇਂ ਦੇ ਅਦਾਕਾਰ ਸ਼ਿਵ ਕੁਮਾਰ ਨਾਲ ਸ਼ਾਦੀ ਕਰ ਲਈ ਸੀ | ਸ਼ਿਵ ਕੁਮਾਰ ਨੂੰ ਹਿੰਦੀ ਫ਼ਿਲਮਾਂ 'ਚ ਬਹੁਤੀ ਸਫ਼ਲਤਾ ਨਹੀਂ ਮਿਲੀ ਸੀ | ਇਸ ਲਈ ਉਸ ਨੇ ਪੁਣੇ ਜਾ ਕੇ ਆਪਣਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਲਿਆ ਸੀ |
ਕੁਝ ਸਾਲ ਪਹਿਲਾਂ ਮੈਨੂੰ ਪੁਣੇ ਜਾਣ ਦਾ ਮੌਕਾ ਮਿਲਿਆ | ਕਾਫ਼ੀ ਪੁੱਛ-ਪੜਤਾਲ ਤੋਂ ਬਾਅਦ ਇੰਦਰਾ ਦਾ ਪਤਾ ਲੱਭਿਆ | ਜਦੋਂ ਉਹ ਮੇਰੇ ਸਾਹਮਣੇ ਆਈ ਤਾਂ ਮੈਂ ਉਸ ਦੇ ਇਸ ਬਦਲੇ ਹੋਏ ਰੂਪ ਨੂੰ ਛੇਤੀ ਪਛਾਣ ਨਹੀਂ ਸਕਿਆ | ਯਕੀਨ ਨਹੀਂ ਸੀ ਆ ਰਿਹਾ ਕਿ ਸਮੇਂ ਦੇ ਨਾਲ ਉਸ ਦੀ ਸੂਰਤ-ਸੀਰਤ ਇਕਦਮ ਬਦਲ ਜਾਵੇਗੀ | ਮੈਂ ਉਸ ਦੇ ਵੱਲ ਲਗਾਤਾਰ ਕੁਝ ਪਲ ਟਿਕਟਿਕੀ ਲਗਾਈ ਦੇਖਦਾ ਰਿਹਾ | ਮੇਰੇ ਦਿਲ 'ਚ ਵੀ ਉਸ ਵੇਲੇ ਉਸ ਦੀ ਹੀ ਫ਼ਿਲਮ ਦਾ ਇਹ ਗੀਤ ਗੰੂਜ ਰਿਹਾ ਸੀ:
ਧੁੱਪਾਂ ਕੀ ਉਦਾਸ ਨੇ
ਛਾਵਾਂ ਵੀ ਉਦਾਸ ਨੇ |
ਦੂਰ ਦੂਰ ਤਾੲੀਂ ਤੱਕ
ਰਾਹਾਂ ਵੀ ਉਦਾਸ ਨੇ... |
(ਫ਼ਿਲਮ : 'ਮਾਮਾ ਜੀ')

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਤਿੰਨ ਗ਼ਜ਼ਲਾਂ

* ਡਾ: ਸਰਬਜੀਤ ਕੌਰ ਸੰਧਾਵਾਲੀਆ *
ਚੰਦਰੇ ਵਿਛੋੜੇ ਢਾਹਿਆ ਕਿਹੋ ਜਿਹਾ ਕਹਿਰ ਏ,
ਸਦੀਆਂ ਦੇ ਵਾਂਗ ਲੰਘੇ ਇਕ ਇਕ ਪਹਿਰ ਏ |
ਤੇਰੇ ਨਾਲ ਜ਼ਿੰਦਗੀ ਸੀ ਮੋਰਾਂ ਵਾਂਗੰੂ ਪੈਲ਼ ਪਾਉਂਦੀ,
ਅੱਜ ਇਹਨੂੰ ਬਿਰਹੰੁ ਦਾ ਚੜ੍ਹ ਗਿਆ ਜ਼ਹਿਰ ਏ |
ਕੱਲ੍ਹ ਤੱਕ ਸੱਤ ਰੰਗੀ ਪੀਂਘ ਉਤੇ ਝੂਟਦੇ ਸਾਂ,
ਅੱਜ ਕਿਵੇਂ ਛਾਈ ਹੋਈ ਹਿਜਰਾਂ ਦੀ ਗਹਿਰ ਏ |
ਨੈਣਾਂ ਦੇ ਕਟੋਰਿਆਂ ਨੇ ਜੋਗੀ ਰੰਗਾ ਵੇਸ ਕੀਤਾ,
ਵਗ ਰਹੀ ਇਨ੍ਹਾਂ ਵਿਚੋਂ ਹੰਝੂਆਂ ਦੀ ਨਹਿਰ ਏ |
ਗਲ ਲੱਗ ਰੋਂਦੀਆਂ ਨੇ ਦਿਲ ਦੀਆਂ ਨਾੜੀਆਂ ਵੇ,
ਸਿਰ ਉਤੇ ਤਪ ਰਹੀ ਗ਼ਮਾਂ ਦੀ ਦੁਪਹਿਰ ਏ |
ਖੰਜਰ ਪਿਆਲੇ, ਸੂਲਾਂ ਬਣੀਆਂ ਸੁਰਾਹੀਆਂ ਅੱਜ,
ਹਿਰਦੇ 'ਚ ਉਠ ਰਹੀ ਦਰਦਾਂ ਦੀ ਲਹਿਰ ਏ |
ਕਿਥੇ ਗਈਆਂ ਰੌਣਕਾਂ ਤੇ ਛਾਵਾਂ ਸਾਡੇ ਹਿੱਸੇ ਦੀਆਂ,
ਮਾਰੂਥਲ ਬਣ ਗਿਆ ਤੇਰੇ ਬਾਝੋਂ ਸ਼ਹਿਰ ਏ |
                 *****

ਆਤਮਾ ਵਿਚ ਸਮਾ ਗਿਆ ਦਿਲਬਰ,
ਮੇਰੀ ਹਸਤੀ ਮਿਟਾ ਗਿਆ ਦਿਲਬਰ |
ਨੀਂਦ ਹੁਣ ਉਮਰ ਭਰ ਨਹੀਂ ਆਉਣੀ,
ਜਾਗ ਨੈਣਾਂ ਨੂੰ ਲਾ ਗਿਆ ਦਿਲਬਰ |
ਪਿਆਰ, ਖ਼ੁਸ਼ਬੂ, ਨਦਰਿ, ਮਿਹਰ, ਮਸਤੀ,
ਪਲ 'ਚ ਕੀ ਕੀ ਲੁਟਾ ਗਿਆ ਦਿਲਬਰ |
ਮੇਰੇ ਲੰੂ-ਲੰੂ 'ਚ ਛੇੜ ਕੇ ਤਰਬਾਂ
ਨਾਦ ਅਰਸ਼ੀ ਸੁਣਾ ਗਿਆ ਦਿਲਬਰ |
ਮੇਰੇ ਨੈਣਾਂ ਦੇ ਡਲ੍ਹਕਦੇ ਅੱਥਰੂ,
ਚੰਨ ਤਾਰੇ ਬਣਾ ਗਿਆ ਦਿਲਬਰ |
ਹਰ ਤਰਫ਼ ਬੇਖ਼ੁਦੀ ਦਾ ਆਲਮ ਹੈ,
ਜਾਮ ਐਸਾ ਪਿਲਾ ਗਿਆ ਦਿਲਬਰ |
ਦੇ ਕੇ ਮਦਹੋਸ਼ੀਆਂ ਤੇ ਝਰਨਾਟਾਂ
ਬਾਂਵਰਾ ਦਿਲ ਬਣਾ ਗਿਆ ਦਿਲਬਰ |
ਮੇਰੇ ਸਾਹੀਂ ਖ਼ੁਮਾਰੀਆਂ ਭਰ ਕੇ,
ਪੌਣ ਵਾਂਗੰੂ ਚਲਾ ਗਿਆ ਦਿਲਬਰ |
ਡੌਰ ਭੌਰੇ ਨੇ ਦਿਲ ਦੇ ਦਰਵਾਜ਼ੇ,
ਕੌਣ ਦੱਸੇ, ਕਿਧਰ ਗਿਆ ਦਿਲਬਰ |
ਕਿਰ ਗਏ ਬੇਬਸੀ 'ਚ ਜੋ ਹੰਝੂ,
ਚੰਨ ਤਾਰੇ ਬਣਾ ਗਿਆ ਦਿਲਬਰ |
                *****

ਕਰਾਂ ਅਰਦਾਸ ਕਿ ਹਰ ਰਾਤ ਹੀ ਹੋ ਜਾਏ ਦੀਵਾਲੀ,
ਕਿਸੇ ਦੀ ਜ਼ਿੰਦਗੀ ਵਿਚ ਆਏ ਨਾ, ਕੋਈ ਮੱਸਿਆ ਕਾਲੀ |
ਮੇਰੇ ਸਾਹਿਬ ਤੂੰ ਬਰਸੀਂ ਨੂਰ ਬਣ ਕੇ ਹਰ ਹਨੇਰੇ 'ਤੇ,
ਮੁਹੱਬਤ ਤੋਂ, ਇਬਾਦਤ ਤੋਂ ਕੋਈ ਦਿਲ ਨਾ ਰਹੇ ਖਾਲੀ |
ਵਲੰੂਧਰ ਨਾ ਸਕਣ ਕੰਡੇ ਕਦੇ ਮਾਸੂਮ ਫੁੱਲਾਂ ਨੂੰ ,
ਉਜਾੜਾਂ ਪੱਤਝੜਾਂ ਤੋਂ ਤੂੰ ਕਰੀਂ ਰੂਹਾਂ ਦੀ ਰਖਵਾਲੀ |
ਕੋਈ ਮਜਬੂਰ ਹੋ ਕੇ ਜ਼ਿੰਦਗੀ ਤੋਂ ਹਾਰ ਨਾ ਜਾਵੇ,
ਕਰੀਂ ਚੜ੍ਹਦੀ ਕਲਾ ਸਭ ਦੀ, ਕਰੀਂ ਤੂੰ ਦੂਰ ਕੰਗਾਲੀ |
ਤਪੇ ਹੋਏ ਰੇਤ ਥਲ ਨੂੰ ਬਾਰਿਸ਼ਾਂ ਹਰਿਆਵਲ ਬਖ਼ਸ਼ੀਂ,
ਕਦੇ ਮੁਰਝਾਉਣ ਨਾ ਦੇਵੀਂ, ਕੋਈ ਫੁੱਲਾਂ ਭਰੀ ਡਾਲੀ |
ਕਿਸੇ ਨੂੰ ਝੂਠਿਆਂ ਨਸ਼ਿਆਂ ਦੀ ਨਾ ਮੁਹਤਾਜਗੀ ਹੋਵੇ,
ਖ਼ੁਮਾਰੀ ਨਾ ਲਹੇ ਜਿਸ ਦੀ, ਪਿਲਾਵੀਂ ਇਸ਼ਕ ਦੀ ਪਿਆਲੀ |
ਦਿਲਾਂ ਦੀਆਂ ਧੜਕਣਾਂ ਵਿਚ ਪਿਆਰ ਤੇ ਇਤਫ਼ਾਕ ਭਰ ਦੇਵੀਂ,
ਲਹੂ ਵਿਚ ਭਰ ਦੲੀਂ ਪਾਕੀਜ਼ਗੀ ਤੇ ਨਾਮ ਦੀ ਲਾਲੀ |
ਉਦਾਸੀ ਹੰੂਝ ਕੇ ਦੁਨੀਆ ਦੀ ਹਰ ਪਾਸੇ ਮਹਿਕ ਭਰ ਦੇ,
ਕਰੀਂ ਬਰਸਾਤ ਖ਼ੁਸ਼ੀਆਂ ਦੀ, ਬਣੀਂ ਸੰਸਾਰ ਦਾ ਵਾਲੀ |
ਮੇਰੀ ਛੋਟੀ ਜਿਹੀ ਉਮਰਾ ਨੂੰ ਤੂੰ ਸਰਸ਼ਾਰ ਕਰ ਦੇਵੀਂ,
ਮੇਰੀ ਇਹ ਅਰਜ਼ ਹੈ ਕਿ ਹਰ ਤਰਫ਼ ਛਾ ਜਾਏ ਖ਼ੁਸ਼ਹਾਲੀ |
                        *****

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਸਮੇਂ ਦੀ ਹੈ | ਉਸ ਵਕਤ ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਸਭਾ ਦੇ ਮੈਂਬਰ ਬਰਸੀ ਸਮੇਂ ਆਏ ਲੀਡਰਾਂ ਦਾ ਸਵਾਗਤ ਹਾਰ ਪਾ ਕੇ ਕਰਦੇ ਸਨ, ਜਿਸ ਤਰ੍ਹਾਂ ਉਸ ਸਮੇਂ ਸ: ਸੇਵਾ ਸਿੰਘ ਸੇਖਵਾਂ ਦਾ ਕੀਤਾ ਗਿਆ ਸੀ | ਅੱਜਕਲ੍ਹ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਪਹਿਲੀ ਤਰਜ਼ 'ਤੇ ਨਹੀਂ ਮਨਾਈ ਜਾਂਦੀ |

-ਮੋਬਾਈਲ : 98767-41231

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX