ਤਾਜਾ ਖ਼ਬਰਾਂ


ਇਸ ਸਾਲ ਜੰਮੂ ਕਸ਼ਮੀਰ 'ਚ ਮਾਰੇ ਗਏ 66 ਅੱਤਵਾਦੀ - ਸੂਤਰ
. . .  9 minutes ago
ਨਵੀਂ ਦਿੱਲੀ, 22 ਅਪ੍ਰੈਲ - ਸੂਤਰਾਂ ਅਨੁਸਾਰ ਜੰਮੂ ਕਸ਼ਮੀਰ 'ਚ ਇਸ ਸਾਲ 66 ਅੱਤਵਾਦੀ ਮਰੇ ਗਏ ਹਨ, ਜਿਨ੍ਹਾਂ ਵਿਚੋਂ 27 ਜੈਸ਼-ਏ-ਮੁਹੰਮਦ ਨਾਲ ਸਬੰਧਿਤ ਸਨ। ਇਨ੍ਹਾਂ ਵਿਚੋਂ 19 ਅੱਤਵਾਦੀ ਪੁਲਵਾਮਾ...
ਕਾਂਗਰਸ ਨੇ ਉਤਰ ਪ੍ਰਦੇਸ਼ ਦੇ ਲਈ 3 ਉਮੀਦਵਾਰਾਂ ਦਾ ਕੀਤਾ ਐਲਾਨ
. . .  44 minutes ago
ਲਖਨਊ, 22 ਅਪ੍ਰੈਲ- ਕਾਂਗਰਸ ਨੇ ਉਤੱਰ ਪ੍ਰਦੇਸ਼ ਦੇ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਤਿੰਨ ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਦੱਸ ਦੇਈਏ ਕਿ ਕਾਂਗਰਸ ਨੇ ਇਲਾਹਾਬਾਦ ਤੋਂ ਯੋਗੇਸ਼ ਸ਼ੁਕਲਾ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਫ਼ੈਸਲਾ ਕੀਤਾ ....
ਸ੍ਰੀਲੰਕਾ : ਕੋਲੰਬੋ 'ਚ ਚਰਚ ਦੇ ਨੇੜੇ ਬੰਬ ਨੂੰ ਨਕਾਰਾ ਕਰਦੇ ਸਮੇਂ ਹੋਇਆ ਧਮਾਕਾ
. . .  59 minutes ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਚਰਚ ਦੇ ਨੇੜੇ ਇਕ ਹੋਰ ਬੰਬ ਧਮਾਕਾ ਹੋਇਆ ਹੈ। ਜਾਣਕਾਰੀ ਦੇ ਅਨੁਸਾਰ, ਬੰਬ ਨਿਰੋਧਕ ਦਸਤਿਆਂ ਵੱਲੋਂ ਬੰਬ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਦੌਰਾਨ ਹੀ ਇਹ ਧਮਾਕਾ....
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਲਹਿਰਾ-ਸੁਨਾਮ ਮੁੱਖ ਰੋਡ ਜਾਮ
. . .  about 1 hour ago
ਲਹਿਰਾਗਾਗਾ, 22 ਅਪ੍ਰੈਲ (ਸੂਰਜ ਭਾਨ ਗੋਇਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਣਕ ਦੀ ਸਹੀ ਖ਼ਰੀਦ ਨਾ ਹੋਣ ਕਾਰਨ ਅੱਜ ਲਹਿਰਾ-ਸੁਨਾਮ ਰੋਡ ਵਿਖੇ ਮੁੱਖ ਰਸਤਾ ਰੋਕ ਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਧਰਨਾ .....
ਚੋਣ ਕਮਿਸ਼ਨ ਬੀ.ਜੇ.ਪੀ., ਕਾਂਗਰਸ ਅਤੇ ਅਕਾਲੀ ਦਲ(ਬ) ਦੇ ਚੋਣ ਨਿਸ਼ਾਨ ਕਰੇ ਰੱਦ : ਮਾਨ
. . .  about 1 hour ago
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਭੂਸ਼ਨ ਸੂਦ, ਅਰੁਣ ਆਹੂਜਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਆਪਣੇ ਹੱਕ 'ਚ ਕਰਨ ਦੇ ਮਕਸਦ ਨੂੰ ਮੁੱਖ ਰੱਖ ਕੇ ਜੰਗ ਦੀਆਂ ਇਨਸਾਨੀਅਤ ਵਿਰੋਧੀ ਗੱਲਾਂ ਕਰ ਕੇ ਗੁਆਂਢੀ ਮੁਲਕ ਪਾਕਿਸਤਾਨ .....
ਤਲਵੰਡੀ ਭਾਈ ਤੋਂ ਰੋਡ ਸ਼ੋਅ ਦੇ ਰੂਪ 'ਚ ਘੁਬਾਇਆ ਨੇ ਆਰੰਭ ਕੀਤਾ ਚੋਣ ਪ੍ਰਚਾਰ
. . .  about 1 hour ago
ਤਲਵੰਡੀ ਭਾਈ, 22 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)- ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੂੰ ਲੋਕ ਸਭਾ ਹਲਕਾ ਫ਼ਿਰੋਜਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਉਪਰੰਤ ਅੱਜ ਪਹਿਲੀ ਵਾਰ ਆਪਣੇ ਹਲਕੇ 'ਚ ਪੁੱਜਣ ਤੇ ਕਾਂਗਰਸੀ ਵਰਕਰਾਂ ਵੱਲੋਂ ....
ਸਾਈਕਲ 'ਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਇਆ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ
. . .  59 minutes ago
ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੋਰੀਆ)- ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਿਹਾ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ ਮਹਿੰਦਰ ਸਿੰਘ ਦਾਨ ਗੜ੍ਹ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਸਾਈਕਲ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ.....
ਕੋਲੰਬੋ ਦੇ ਬੱਸ ਸਟੈਂਡ ਤੋਂ ਪੁਲਿਸ ਨੇ ਬਰਾਮਦ ਕੀਤੇ 87 ਬੰਬ
. . .  about 2 hours ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਲੰਘੇ ਦਿਨ ਰਾਜਧਾਨੀ ਕੋਲੰਬੋ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਕਈ ਲੋਕ ਮਾਰੇ ਗਏ ਹਨ। ਸ੍ਰੀਲੰਕਾ ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਰਾਜਧਾਨੀ ਕੋਲੰਬੋ ਦੇ ਮੁੱਖ ਬੱਸ ....
ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਧਿਆਪਕ ਦੀ ਮੌਤ
. . .  about 2 hours ago
ਭਿੰਡੀ ਸੈਦਾਂ(ਅੰਮ੍ਰਿਤਸਰ) 22 ਅਪ੍ਰੈਲ (ਪ੍ਰਿਤਪਾਲ ਸਿੰਘ ਸੂਫ਼ੀ)- ਅੱਜ ਸਥਾਨਕ ਕਸਬਾ ਭਿੰਡੀ ਸੈਦਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਮਾਸਟਰ ਹਰਪ੍ਰੀਤ ਸਿੰਘ ਦੀ ਅਚਾਨਕ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ .....
ਅਗਸਤਾ ਵੈਸਟਲੈਂਡ ਮਾਮਲਾ : ਅਦਾਲਤ ਨੇ ਸੀ.ਬੀ.ਆਈ ਅਤੇ ਮਿਸ਼ੇਲ ਦੇ ਵਕੀਲ ਨੂੰ ਜਵਾਬ ਦਾਖਲ ਕਰਨ ਦਾ ਦਿੱਤਾ ਸਮਾਂ
. . .  about 2 hours ago
ਨਵੀਂ ਦਿੱਲੀ, 22 ਅਪ੍ਰੈਲ - ਦਿੱਲੀ ਹਾਈਕੋਰਟ ਨੇ ਸੀ.ਬੀ.ਆਈ. ਨੇ ਕ੍ਰਿਸਚੀਅਨ ਮਿਸ਼ੇਲ ਦੇ ਵਕੀਲ ਨੂੰ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਦਾਇਰ ਪਟੀਸ਼ਨ 'ਤੇ ਜਵਾਬ ਦਾਖਲ ਕਰਨ ਦੇ ਲਈ ਸਮਾਂ ਦਿੱਤਾ ਹੈ। ਇਸ ਪਟੀਸ਼ਨ 'ਚ ਹੇਠਲੀ ਅਦਾਲਤ ਨੂੰ ਚੁਨੌਤੀ ਦਿੰਦੇ ਹੋਏ ....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਪੱਤਝੜੀ ਫ਼ਲਦਾਰ ਬਾਗ਼ਾਂ ਦੀ ਲਵਾਈ ਅਤੇ ਸਾਂਭ-ਸੰਭਾਲ

ਪੰਜਾਬ ਵਿਚ ਬਾਗ਼ਾਂ ਹੇਠ ਤਕਰੀਬਨ 1 ਫੀਸਦੀ ਰਕਬਾ ਹੈ ਜਿਸਨੂੰ ਜੌਹਲ ਕਮੇਟੀ ਦੀ ਰਿਪੋਰਟ ਅਨੁਸਾਰ 6 ਫੀਸਦੀ ਤੱਕ ਵਧਾਇਆ ਜਾ ਸਕਦਾ ਹੈ | ਪੰਜਾਬ ਸੂਬੇ ਵਿਚ ਬਾਗ਼ਾਂ ਹੇਠ ਤਕਰੀਬਨ 83,640 ਹੈਕਟੇਅਰ ਰਕਬਾ ਹੈ ਜਿਸ ਤੋਂ ਅੰਦਾਜ਼ਨ 17 ਲੱਖ ਮੀਟਿਰਕ ਟਨ ਉਤਪਾਦਨ ਹੁੰਦਾ ਹੈ | ਪੰਜਾਬ ਦਾ ਮੁੱਖ ਫ਼ਲ ਕਿੰਨੂ ਹੈ ਜਿਸ ਦੀ ਕਾਸ਼ਤ 60 ਫੀਸਦੀ ਤੋਂ ਵੀ ਵੱਧ ਰਕਬੇ ਵਿਚ ਕੀਤੀ ਗਈ ਹੈ | ਇਸ ਤੋਂ ਬਾਅਦ ਲਗਭਗ 10 ਫੀਸਦੀ ਰਕਬੇ ਵਿਚ ਅਮਰੂਦ ਦੀ ਕਾਸ਼ਤ ਹੈ | ਪੱਤਝੜੀ ਫ਼ਲਦਾਰ ਬੂਟੇ ਜਿਵੇਂ ਨਾਸ਼ਪਾਤੀ, ਆੜੂ ਅਤੇ ਅਲੂਚੇ ਥੱਲੇ ਲਗਭਗ 6 ਫੀਸਦੀ ਰਕਬਾ ਆਉਂਦਾ ਹੈ | ਫ਼ਲਦਾਰ ਬੂਟਿਆਂ ਥੱਲੇ ਰਕਬਾ ਵਧਾਉਣ ਲਈ ਵਧੀਆ ਕਿਸਮ ਦੇ ਬੂਟੇ ਮਿਲਣਾ ਬਹੁਤ ਜ਼ਰੂਰੀ ਹੈ |
ਫ਼ਲਦਾਰ ਬੂਟੇ ਲਗਾਉਣ ਦਾ ਸਮਾਂ: ਸਦਾਬਹਾਰ ਫ਼ਲਦਾਰ ਬੂਟੇ ਫ਼ਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ ਵਿਚ ਲਗਾਏ ਜਾ ਸਕਦੇ ਹਨ ਜਦ ਕਿ ਪੱਤਝੜੀ ਫ਼ਲਦਾਰ ਬੂਟੇ ਸਾਲ ਵਿਚ ਸਿਰਫ਼ ਇਕ ਵਾਰ ਹੀ ਜਨਵਰੀ-ਫਰਵਰੀ ਮਹੀਨੇ ਵਿਚ ਹੀ ਲਗਾਏ ਜਾਂਦੇ ਹਨ | ਆੜੂ ਅਤੇ ਅਲੂਚੇ ਨੂੰ ਜਨਵਰੀ ਦੇ ਤੀਜੇ ਹਫ਼ਤੇ ਤੱਕ ਅਤੇ ਨਾਸ਼ਪਾਤੀ, ਅੰਗੂਰ ਅਤੇ ਅਨਾਰ ਨੂੰ ਅੱਧ ਫਰਵਰੀ ਤੱਕ ਲਗਾ ਦਿਉ | ਕਿਸਾਨ ਵੀਰ, ਹੇਠ ਦਿੱਤੇ ਅਨੁਸਾਰ ਪੱਤਝੜੀ ਬੂਟਿਆਂ ਦੀ ਚੋਣ ਕਰ ਸਕਦੇ ਹਨ:
ਬਾਗ਼ ਲਗਾਉਣ ਦਾ ਢੰਗ: ਬਾਗ਼ ਲਗਾਉਣ ਤੋਂ ਇਕ ਮਹੀਨਾ ਪਹਿਲਾਂ ਸਿਫਾਰਿਸ਼ ਫਾਸਲੇ ਅਨੁਸਾਰ ਵਿਉਂਤਬੰਦੀ ਕਰ ਲਉ ਤਾਂ ਜੋ ਫ਼ਲਦਾਰ ਬੂਟਿਆਂ ਦਾ ਸਹੀ ਵਾਧਾ ਹੋ ਸਕੇ | ਇਕ ਮੀਟਰ ਡੂੰਘਾ ਅਤੇ ਇਕ ਮੀਟਰ ਚੌੜਾ ਗੋਲ ਟੋਆ ਪੁੱਟੋ | ਟੋਏ ਦੇ ਉਪਰਲੇ ਹਿੱਸੇ ਦੀ ਮਿੱਟੀ ਵਿਚ ਬਰਾਬਰ ਮਾਤਰਾ ਵਿਚ ਰੂੜੀ ਦੀ ਖਾਦ (ਗਲੀ ਹੋਈ) ਮਿਲਾ ਕੇ ਟੋਏ ਨੂੰ ਮੁੜ ਭਰ ਦੇਣਾ ਚਾਹੀਦਾ ਹੈ | ਸਿਉਂਕ ਤੋਂ ਫ਼ਲਦਾਰ ਬੂਟਿਆਂ ਨੂੰ ਬਚਾਉਣ ਵਾਸਤੇ ਟੋਇਆਂ ਵਿਚ 5 ਮਿਲੀਲਿਟਰ ਕਲੋਰੋਪਾਇਰੀਫ਼ਾਸ ਦਵਾਈ ਵੀ ਪਾਉਣੀ ਚਾਹੀਦੀ ਹੈ | ਇਸ ਤੋਂ ਬਾਅਦ ਜ਼ਮੀਨ ਨੂੰ ਪਾਣੀ ਲਗਾ ਦੇਣਾ ਚਾਹੀਦਾ ਹੈ ਅਤੇ ਵੱਤਰ ਆਉਣ 'ਤੇ ਫ਼ਲਦਾਰ ਬੂਟੇ ਲਗਾਉਣੇ ਚਾਹੀਦੇ ਹਨ | ਬੂਟੇ ਲਗਾਉਣ ਸਮੇਂ ਫਾਸਲਾ:
ਨਵੇਂ ਲਗਾਏ ਪੌਦਿਆਂ ਦੀ ਦੇਖਭਾਲ: ਫ਼ਲਦਾਰ ਬੂਟੇ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਹੈ | ਸਮੇਂ-ਸਮੇਂ 'ਤੇ ਬੂਟਿਆਂ ਨੂੰ ਗਰਮੀ ਤੋਂ ਬਚਾਉਣ ਲਈ ਹਵਾ ਰੋਕੂ ਵਾੜ ਅਤੇ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ, ਤਾਂ ਕਿ ਇਨ੍ਹਾਂ ਤੋਂ ਜ਼ਿਆਦਾ ਸਮੇਂ ਤੱਕ ਵਧੇਰੇ ਅਤੇ ਵਧੀਆ ਕਿਸਮ ਦਾ ਫ਼ਲ ਲਿਆ ਜਾ ਸਕੇ | ਨਵੇਂ ਲਗਾਏ ਬੂਟਿਆਂ ਦੇ ਸਿੱਧੇ ਵਾਧੇ ਲਈ ਸੋਟੀ ਦਾ ਸਹਾਰਾ ਦਿਉ | ਪੱਤਝੜੀ ਫ਼ਲਦਾਰ ਬੂਟੇ ਦਾ ਢਾਂਚਾ ਮਜ਼ਬੂਤ ਬਣਾਉਣ ਅਤੇ ਉਸਦਾ ਆਕਾਰ ਸੀਮਤ ਰੱਖਣ ਲਈ ਬੂਟੇ ਦੀ ਸਿਧਾਈ ਬਹੁਤ ਜ਼ਰੂਰੀ ਹੈ | ਇਸ ਲਈ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫ਼ਲ ਲੱਗਣ ਤੋਂ ਪਹਿਲਾਂ ਬੂਟਿਆਂ ਦੀ ਸੁਧਰੀ ਹੋਈ ਟੀਸੀ ਵਾਲੇ ਤਰੀਕੇ ਨਾਲ ਸਿਧਾਈ ਕਰਨ |
ਬੂਟੇ ਲਗਾਉਣ ਸਮੇਂ ਪੌਦੇ ਨੂੰ 90 ਸੈਂਟੀਮੀਟਰ ਦੀ ਉਚਾਈ ਤੋਂ ਕੱਟ ਦਿਉ | ਫਰਵਰੀ-ਮਾਰਚ ਵਿਚ ਪੌਦੇ ਦੇ ਫੁੱਟਣ ਤੋਂ ਬਾਅਦ, ਤਣੇ ਉਤੇ ਜ਼ਮੀਨ ਤੋਂ ਲੈ ਕੇ 45 ਸੈਂਟੀਮੀਟਰ ਤੱਕ ਸਾਰੀਆਂ ਸ਼ਾਖਾਵਾਂ ਕੱਟ ਦਿਉ | ਦੂਜੇ ਸਾਲ, ਮੁੱਖ ਟਹਿਣੀ ਦੇ ਕੱਚੇ ਭਾਗ ਨੂੰ ਕੱਟ ਦਿਉ | ਪਾਸੇ ਦੀਆਂ 3 ਤੋਂ 5 ਟਹਿਣੀਆਂ ਜੋ ਆਪਸ ਵਿਚ 15-20 ਸੈਂਟੀਮੀਟਰ ਦੂਰੀ 'ਤੇ ਵੱਖ-ਵੱਖ ਦਿਸ਼ਾਵਾਂ ਵਿਚ ਹੋਣ, ਰੱਖ ਲਉ | ਤੀਜੇ ਸਾਲ, ਪਹਿਲਾਂ ਤੋਂ ਛੱਡੀਆ ਪਾਸੇ ਦੀਆਂ ਟਹਿਣੀਆਂ ਨੂੰ ਨਵੀਆਂ ਸ਼ਾਖਾਵਾਂ ਫੁੱਟਣ ਲਈ ਕੱਟ ਦਿੱਤਾ ਜਾਂਦਾ ਹੈ | ਚੌਥੇ ਅਤੇ ਪੰਜਵੇਂ ਸਾਲ ਨਾ ਵਧਣ ਯੋਗ ਸ਼ਾਖਾਵਾਂ ਅਤੇ ਲੀਡਰ ਟਹਿਣੀ ਨੂੰ ਉਪਰ ਤੋਂ ਕੱਟ ਦਿਉ ਤਾਂ ਜੋ ਬੂਟੇ ਦੀ ਚੰਗੀ ਛਤਰੀ ਬਣ ਸਕੇ | ਅੰਗੂਰਾਂ ਦੀਆਂ ਵੇਲਾਂ ਦੀ ਸਿਧਾਈ ਬਾਵਰ ਉਤੇ 3__1MP__3 ਮੀਟਰ ਜਾਂ 1.5__1MP__4 ਮੀਟਰ ਦੇ ਫਾਸਲੇ 'ਤੇ ਕਰੋ |
ਆੜੂ ਅਤੇ ਅਲੂਚੇ ਦਾ ਫ਼ਲ ਇਕ ਸਾਲ ਦੀਆਂ ਟਹਿਣੀਆਂ 'ਤੇ ਲੱਗਦਾ ਹੈ, ਇਸ ਲਈ ਕਿਸਾਨ ਵੀਰਾਂ ਨੂੰ ਇਨ੍ਹਾਂ ਬੂਟਿਆਂ ਦੀ ਹਰ ਸਾਲ ਜਨਵਰੀ ਮਹੀਨੇ ਹਲਕੀ ਕਾਂਟ-ਛਾਂਟ ਕਰਨੀ ਚਾਹੀਦੀ ਹੈ | ਪਰ ਨਾਸ਼ਪਾਤੀ ਦਾ ਫ਼ਲ ਖੁੰਘਿਆਂ ਉਪਰ ਲਗਪਗ 8 ਸਾਲ ਤੱਕ ਲੱਗਦਾ ਰਹਿੰਦਾ ਹੈ, ਇਸ ਲਈ ਇਨ੍ਹਾਂ ਬੂਟਿਆਂ ਦੀ ਹਰ ਸਾਲ ਸਿਧਾਈ ਨਾ ਕਰੋ ਬਲਕਿ ਸਿਰਫ ਸੁੱਕਿਆਂ ਟਹਿਣੀਆਂ ਨੂੰ ਹੀ ਕੱਟੋ | ਨਾਸ਼ਪਾਤੀ ਦੇ ਬਾਗ਼ਾਂ ਨੂੰ ਜ਼ਿਆਦਾ ਦੇਰ ਬਾਅਦ ਫ਼ਲ ਲੱਗਣ ਕਾਰਨ ਇਨ੍ਹਾਂ ਬਾਗ਼ਾਂ ਵਿਚ ਅੰਤਰ ਫ਼ਸਲਾਂ ਜਿਵੇਂ ਕਿ ਮੂੰਗੀ ਤੇ ਮਾਂਹ ਅਤੇ ਪੂਰਕ ਬੂਟਿਆਂ ਵਜੋਂ ਆੜੂ, ਅਲੂਚਾ, ਪਪੀਤਾ ਅਤੇ ਫ਼ਾਲਸਾ ਲਗਾਉ ਤਾਂ ਜੋ ਖਾਲੀ ਜ਼ਮੀਨ ਤੋਂ ਆਮਦਨ ਲਈ ਜਾ ਸਕੇ |

-ਫ਼ਲ ਵਿਗਿਆਨ ਵਿਭਾਗ |
ਮੋਬਾਈਲ : 95010-12586


ਖ਼ਬਰ ਸ਼ੇਅਰ ਕਰੋ

ਪੁਦੀਨੇ (ਮੈਂਥੇ) ਦੀ ਸਫ਼ਲ ਕਾਸ਼ਤ ਇੰਜ ਕਰੋ

ਪੁਦੀਨਾ ਜਾਂ ਮੈਂਥਾ ਲੇਬੀਏਟ ਪਰਿਵਾਰ ਨਾਲ ਸਬੰਧਿਤ ਫ਼ਸਲ ਹੈ | ਪੂਰੇ ਭਾਰਤ ਵਿਚ ਮੁੱਖ ਤੌਰ 'ਤੇ ਮੈਂਥੇ ਦੀਆਂ ਚਾਰ ਕਿਸਮਾਂ (ਮੈਂਥਾ ਆਰਵੈਨਸਿਜ਼, ਮੈਂਥਾ ਪਾਈਪਰੇਟਾ, ਮੈਂਥਾ ਸਪਾਈਕੇਟਾ ਅਤੇ ਮੈਂਥਾ ਸਿਟਰੇਟਾ) ਪ੍ਰਚੱਲਿਤ ਹਨ | ਮੈਂਥੇ ਦੀ ਖੇਤੀ ਲਈ ਮੈਂਥਾ-ਆਲੂ, ਮੈਂਥਾ-ਤੋਰੀਆ, ਮੈਂਥਾ-ਜਵੀ (ਚਾਰਾ), ਮੈਂਥਾ-ਬਾਸਮਤੀ, ਮੈਂਥਾ-ਮੱਕੀ (ਅਗਸਤ), ਮੈਂਥਾ-ਮੱਕੀ-ਆਲੂ, ਫ਼ਸਲੀ ਚੱਕਰ ਬਹੁਤ ਢੁਕਵਾੇ ਹਨ | ਕਿਸਾਨ ਵੀਰਾਂ ਨੂੰ ਇਸ ਫ਼ਸਲ ਤੋਂ ਚੰਗਾ ਮੁਨਾਫ਼ਾ ਲੈਣ ਲਈ ਹੇਠ ਲਿਖੇ ਨੁਕਤਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ:
ਪੰਜਾਬ ਵਿਚ ਪੁਦੀਨੇ ਦੀਆ ਉੱਨਤ ਕਿਸਮਾਂ
ਕੋਸੀ: ਇਹ ਮੈਂਥਾ ਆਰਵੈਨਸਿਜ਼ ਦੀ ਇਕ ਵਧੇਰੇ ਝਾੜ ਦੇਣ ਵਾਲੀ ਕਿਸਮ ਹੈ | ਇਸ ਦੇ ਹਰੇ ਮਾਦੇ (ਤਣਾ ਅਤੇ ਪੱਤੇ) ਦਾ ਔਸਤ ਝਾੜ 100-125 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 0.6-0.7 ਫੀਸਦੀ ਹੁੰਦੀ ਹੈ |
ਪੰਜਾਬ ਸਪੀਅਰਮਿੰਟ 1: ਇਸ ਦਾ ਤਣਾ ਟਾਹਣੀਦਾਰ, ਵਾਲਾਂ ਵਾਲਾ ਅਤੇ ਜਾਮਣੀ ਹਰੇ ਰੰਗ ਦਾ ਹੁੰਦਾ ਹੈ | ਇਸ ਦੇ ਪੱਤੇ ਲੰਬੂਤਰੇ ਅਤੇ ਕੱਟੇ-ਵੱਢੇ ਹੁੰਦੇ ਹਨ | ਇਸ ਦੇ ਫੁੱਲ ਜਾਮਣੀ ਤੋਂ ਚਿੱਟੇ ਹੁੰਦੇ ਹਨ | ਇਸ ਦੇ ਬੂਟੇ ਫੁੱਲ ਆਉਣ ਤੱਕ ਔਸਤਨ 75 ਸੈਂਟੀਮੀਟਰ ਉੱਚੇ ਹੋ ਜਾਂਦੇ ਹਨ | ਹਰੇ ਮਾਦੇ (ਤਣਾ ਅਤੇ ਪੱਤੇ) ਦੇ ਆਧਾਰ 'ਤੇ ਇਸ ਵਿਚ 0.57 ਪ੍ਰਤੀਸ਼ਤ ਉਡਣਸ਼ੀਲ ਤੇਲ ਦੀ ਮਾਤਰਾ ਹੁੰਦੀ ਹੈ | ਇਸ ਦੇ ਤੇਲ ਵਿਚ ਕਾਰਵੋਨ ਮੁੱਖ ਤੱਤ ਹੈ |
ਰਸ਼ੀਅਨ ਮਿੰਟ: ਇਸ ਦਾ ਤਣਾ ਹਰਾ, ਵਾਲਾਂ ਵਾਲਾ, ਟਾਹਣੀਦਾਰ ਅਤੇ ਸਿੱਧਾ ਉੱਗਣ ਵਾਲਾ ਹੁੰਦਾ ਹੈ | ਇਸ ਦੇ ਪੱਤੇ ਵਾਲਾਂ ਵਾਲੇ ਅਤੇ ਕਿੰਗਰੇਦਾਰ ਹੁੰਦੇ ਹਨ | ਇਸ ਦੇ ਫੁੱਲ ਜਾਮਣੀ ਰੰਗ ਦੇ ਅਤੇ ਆਕਾਰ ਵਿਚ ਛੋਟੇ ਹੁੰਦੇ ਹਨ | ਫੁੱਲ ਆਉਣ ਤੱਕ ਬੂਟੇ ਦੀ ਔਸਤਨ ਉਚਾਈ 55 ਸੈਂਟੀਮੀਟਰ ਹੋ ਜਾਂਦੀ ਹੈ | ਇਸ ਵਿਚ ਹਰੇ ਮਾਦੇ (ਤਣਾ ਅਤੇ ਪੱਤੇ) ਦੇ ਆਧਾਰ ਤੇ 0.57 ਪ੍ਰਤੀਸ਼ਤ ਉਡਣਸ਼ੀਲ ਤੇਲ ਦੀ ਮਾਤਰਾ ਹੁੰਦੀ ਹੈ | ਇਸ ਦੇ ਤੇਲ ਵਿਚ ਇਕ ਅਜੀਬ ਕਿਸਮ ਦੀ ਸੁਗੰਧੀ ਹੋਣ ਕਾਰਨ, ਇਸ ਦੀ ਸੁਗੰਧੀ ਉਦਯੋਗ ਵਿਚ ਵਧੇਰੇ ਮੰਗ ਹੈ |
ਬਿਜਾਈ ਸਮਾਂ: ਅੱਧ ਜਨਵਰੀ ਤੋਂ ਅਖੀਰ ਜਨਵਰੀ ਤੱਕ ਇਸ ਦੀ ਬਿਜਾਈ ਦਾ ਸਭ ਤੋਂ ਢੁਕਵਾਂ ਸਮਾਂ ਹੈ, ਪ੍ਰੰਤੂ ਕੋਸੀ ਕਿਸਮ ਦੀ ਬਿਜਾਈ ਅਖੀਰ ਜਨਵਰੀ ਤੋਂ ਅੱਧ ਫ਼ਰਵਰੀ ਤੱਕ ਕੀਤੀ ਜਾ ਸਕਦੀ ਹੈ | ਜਿਥੇ ਸਿੰਚਾਈ ਦੀਆਂ ਸਹੂਲਤਾਂ ਕਾਫ਼ੀ ਹੋਣ, ਉਥੇ ਇਹ ਫ਼ਸਲ ਅਪ੍ਰੈਲ ਵਿਚ ਪਨੀਰੀ ਰਾਹੀਂ ਵੀ ਬੀਜੀ ਜਾ ਸਕਦੀ ਹੈ |
ਬੀਜ ਦੀ ਮਾਤਰਾ ਅਤੇ ਬੀਜ ਸੋਧ: ਇਸ ਫ਼ਸਲ ਦੀ ਬਿਜਾਈ ਜੜ੍ਹਾਂ ਰਾਹੀਂ ਹੁੰਦੀ ਹੈ | ਇਕ ਏਕੜ ਲਈ 2 ਕੁਇੰਟਲ ਜੜ੍ਹਾਂ ਜੋ ਕਿ 5 ਤੋਂ 8 ਸੈਂਟੀਮੀਟਰ ਲੰਮੀਆਂ ਹੋਣ, ਕਾਫ਼ੀ ਹਨ | ਏਨੀਆਂ ਜੜ੍ਹਾਂ ਅੱਧੇ ਕਨਾਲ ਥਾਂ ਵਿਚੋਂ ਮਿਲ ਜਾਂਦੀਆਂ ਹਨ | ਬਿਜਾਈ ਤੋਂ ਪਹਿਲਾਂ ਜੜ੍ਹਾਂ ਨੂੰ ਸਾਫ਼ ਪਾਣੀ ਨਾਲ ਧੋ ਕੇ ਸਾਫ਼ ਜੜ੍ਹਾਂ ਨੂੰ 0.1 ਪ੍ਰਤੀਸ਼ਤ ਬਾਵਿਸਟਨ 50 ਡਬਲਯੂ. ਪੀ. (ਕਾਰਬੈਂਡਾਜ਼ਿਮ) ਦੇ ਘੋਲ (1 ਗ੍ਰਾਮ ਪ੍ਰਤੀ ਲਿਟਰ ਪਾਣੀ) ਵਿਚ 5-10 ਮਿੰਟਾਂ ਲਈ ਡੋਬ ਲੈਣਾ ਚਾਹੀਦਾ ਹੈ | ਅਜਿਹਾ 50 ਲਿਟਰ ਦਵਾਈ ਵਾਲਾ ਘੋਲ 40 ਕਿਲੋ ਜੜ੍ਹਾਂ ਨੂੰ ਇਕ ਵਾਰ ਡੋਬਣ ਲਈ ਕਾਫ਼ੀ ਹੁੰਦਾ ਹੈ | ਪੰਜ-ਦਸ ਮਿੰਟਾਂ ਬਾਅਦ ਇਹ ਜੜ੍ਹਾਂ ਘੋਲ ਵਿਚੋਂ ਕੱਢ ਕੇ, ਏਨੀਆਂ ਹੀ ਹੋਰ ਜੜ੍ਹਾਂ ਇਸ ਘੋਲ ਵਿਚ ਡੋਬੀਆਂ ਜਾ ਸਕਦੀਆਂ ਹਨ | ਇਸ ਤਰ੍ਹਾਂ ਸਾਰੀਆਂ ਜੜ੍ਹਾਂ ਵਾਰੀ-ਵਾਰੀ ਇਸ ਘੋਲ ਵਿਚ ਡੋਬ ਕੇ ਸੋਧ ਲੈਣੀਆ ਚਾਹੀਦੀਆਂ ਹਨ |
ਬਿਜਾਈ ਦਾ ਤਰੀਕਾ: ਜੜ੍ਹਾਂ ਨੂੰ 45 ਸੈਂਟੀਮੀਟਰ ਵਿੱਥ ਵਾਲੀਆਂ ਲਾਈਨਾਂ ਵਿਚ ਇਕ-ਦੂਜੇ ਨਾਲ ਜੋੜ ਕੇ 4-5 ਸੈਂਟੀਮੀਟਰ ਡੂੰਘਾ ਬੀਜ ਕੇ ਬਾਅਦ ਵਿਚ ਹਲਕਾ ਜਿਹਾ ਸੁਹਾਗਾ ਫੇਰ ਦੇਣਾ ਚਾਹੀਦਾ ਹੈ | ਹਰੇ ਮਾਦੇ ਦੇ ਵੱਧ ਝਾੜ ਅਤੇ ਪਾਣੀ ਦੀ ਬੱਚਤ ਲਈ ਜੜ੍ਹਾਂ ਨੂੰ 67.5 ਸੈਂਟੀਮੀਟਰ ਚੌੜੇ ਬੈੱਡਾਂ 'ਤੇ (2 ਲਾਈਨਾਂ) ਜਾਂ 60 ਸੈਂਟੀਮੀਟਰ ਚੌੜੀਆਂ ਵੱਟਾਂ 'ਤੇ (1 ਲਾਈਨ) ਬੀਜਣਾ ਚਾਹੀਦਾ ਹੈ | ਬਿਜਾਈ ਪਿਛੋਂ ਹਲਕਾ ਜਿਹਾ ਪਾਣੀ ਲਾਉਣਾ ਵੀ ਜ਼ਰੂਰੀ ਹੈ | ਪੁੰਗਰੀਆਂ ਹੋਈਆਂ ਜੜ੍ਹਾਂ ਨਹੀਂ ਬੀਜਣੀਆਂ ਚਾਹੀਦੀਆਂ, ਕਿਉਂਕਿ ਇਨ੍ਹਾਂ ਵਿਚੋਂ ਬਹੁਤੀਆਂ ਮਰ ਜਾਂਦੀਆਂ ਹਨ | ਬਿਜਾਈ ਤੋਂ ਬਾਅਦ ਝੋਨੇ ਦੀ 2.4 ਟਨ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਖਿਲਾਰਣ ਨਾਲ ਜੰਮ ਵੀ ਚੰਗਾ ਆਉਂਦਾ ਹੈ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ |
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

-ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਪੀ. ਏ. ਯੂ., ਜਲੰਧਰ |
e-mail: fass-jalandhar@pau.edu

ਇਕਲੌਤਾ ਨਹੀਂ ਹੈ ਬੁੱਢਾ ਨਾਲਾ

ਅੱਜਕਲ੍ਹ ਕੋਸ਼ਿਸ਼ਾਂ ਹੋ ਰਹੀਆਂ ਹਨ ਕੇ ਲੁਧਿਆਣਾ ਦੇ ਬੁੱਢੇ ਨਾਲੇ ਨੂੰ ਸਾਫ ਕੀਤਾ ਜਾਵੇ | ਕਿਉਂਕਿ ਇਸ ਦਾ ਗੰਦਾ ਪਾਣੀ, ਲਾਗਲੇ ਪਿੰਡਾਂ ਦੇ ਵਾਸੀਆਂ ਤੇ ਫ਼ਸਲਾਂ ਲਈ ਖ਼ਤਰਨਾਕ ਹੈ | ਇਸ ਕੰਮ ਲਈ ਸਰਕਾਰ ਨੇ ਵੀ ਇਕ ਸੰਸਥਾ ਨੂੰ ਕਰੋੜਾਂ ਰੁਪਏ ਦਿੱਤੇ ਹਨ | ਇਹ ਇਕ ਚੰਗੀ ਗੱਲ ਹੈ | ਪਰ ਇਨ੍ਹਾਂ ਨਾਲਿਆਂ ਦਾ ਸੱਚ ਜਾਣਨਾ ਵੀ ਜ਼ਰੂਰੀ ਹੈ | ਇਹ ਕੋਈ ਨਵੀਂ ਸਮੱਸਿਆ ਨਹੀਂ ਹੈ | ਮੈਨੂੰ ਯਾਦ ਹੈ, ਪ੍ਰਦੂਸ਼ਣ ਬੋਰਡ ਨੇ 1987 ਵਿਚ ਇਸ 'ਤੇ ਇਕ ਫ਼ਿਲਮ ਮੇਰੇ ਕੋਲੋਂ (ਸੇਵਾ ਭਾਵਨਾ) ਬਣਾ ਕੇ ਉਨ੍ਹਾਂ ਥਾਵਾਂ ਦੀ ਸ਼ਨਾਖਤ ਕੀਤੀ ਸੀ, ਜਿੱਥੋਂ ਪ੍ਰਦੂਸ਼ਣ ਸ਼ੁਰੂ ਹੁੰਦਾ ਹੈ | ਕਮਾਲ ਦੀ ਗੱਲ ਹੈ ਕੇ 30 ਸਾਲ ਬਾਅਦ ਵੀ ਕਾਰਨ ਉਹੀ ਹੈ | ਜੋ ਕਾਰਖਾਨੇ ਉਦੋਂ ਗੰਦ ਪਾਉਂਦੇ ਸਨ, ਅੱਜ ਵੀ ਉਹੀ ਹਨ | ਸਿਆਸੀ ਦਬਾਅ ਕਰਕੇ 30 ਸਾਲ ਤੋਂ ਉਨ੍ਹਾਂ 'ਤੇ ਬਣਦੀ ਕਾਰਵਾਈ, ਨਾ ਬਿਜਲੀ ਬੋਰਡ ਕਰ ਸਕਿਆ ਤੇ ਨਾ ਹੀ ਪ੍ਰਦੂਸ਼ਣ ਬੋਰਡ | ਪਰ ਇਹ ਮਸਲਾ ਸਿਰਫ ਬੁੱਢੇ ਨਾਲੇ ਤੱਕ ਹੀ ਸੀਮਤ ਨਹੀਂ, ਪੰਜਾਬ ਵਿਚ 33 ਹੋਰ ਵੱਡੇ ਨਾਲੇ ਤੇ 40 ਦੇ ਕਰੀਬ ਛੋਟੇ ਨਾਲੇ ਤਿੰਨ ਦਰਿਆਵਾਂ ਵਿਚ ਪੈਂਦੇ ਹਨ | ਜਿਵੇਂ, ਸਤਲੁਜ ਵਿਚ 12 ਨਾਲੇ-ਮਹਿਮੂਦਪੁਰ, ਚਰਨ, ਰਾਹੋਂ, ਫੰਬਰਾਂ, ਥੀਓਾਗ, ਧੈਨੀਂ, ਕੋਟ ਬਾਦਲ, ਬੁੱਢਾ ਨਾਲਾ, ਪੂਰਬੀ ਵੇਈਾ, ਪੱਛਮੀ ਵੇਈਾ, ਚਮਕੌਰ-ਮਾਛੀਵਾੜਾ ਤੇ ਕ੍ਰਿਸ਼ਨਾਪੁਰ | ਬਿਆਸ ਦਰਿਆ ਵਿਚ 13 ਨਾਲੇ, ਜਿਵੇਂ ਚੱਕੀ, ਘੁਰਲ, ਗਾਜ਼ੀ, ਮਨਸਰ, ਕਾਹਨੂੰਵਾਂ, ਟਾਂਡਾ ਰਾਮ ਸਹਾਏ, ਸੇਵਾ ਨਾਲਾ, ਸਦਰਪੁਰ, ਲੌਾਗਰ ਚੋਅ, ਦਸੂਹਾ, ਸਠਿਆਲਾ, ਧੀਰੋਵਾਲ ਤੇ ਨੌਸ਼ਿਹਰਾ | ਇਸੇ ਤਰ੍ਹਾਂ ਰਾਵੀ ਵਿਰ ਨੌਮਨੀ ਨਾਲਾ | ਘੱਗਰ ਦਾ ਤਾਂ ਪੁੱਛੋ ਨਾ, 7 ਨਾਲਿਆਂ ਰਲ ਕੇ ਪਟਿਆਲਾ ਨਦੀ, ਜੰਬੋਵਾਲ, ਲਹਿਰਾਗਾਗਾ, ਧਨਾਕਸੂ, ਸਰਹੰਦ, ਮੀਰਾਪੁਰ ਚੋਅ ਤੇ ਝਰਾਮਲ ਨਦੀ ਨੇ ਤਾਂ ਘੱਗਰ ਨੂੰ ਨਦੀ ਤੋਂ ਨਾਲਾ ਬਣਾ ਦਿੱਤਾ ਹੈ | ਇਸੇ ਤਰ੍ਹਾਂ 40 ਦੇ ਕਰੀਬ ਹੋਰ ਛੋਟੇ ਨਾਲੇ ਹਨ ਜੋ ਸਰਕਾਰ ਦਾ ਧਿਆਨ ਮੰਗਦੇ ਹਨ | ਅੱਜ ਲੋੜ ਹੈ ਕੇ ਪੰਜਾਬੀਆਂ ਦੀ ਸਿਹਤ ਅਤੇ ਧਰਤੀ ਦੀ ਬਰਬਾਦੀ ਨੂੰ ਰੋਕਣ ਲਈ ਇਕ ਵਿਸਥਾਰਤ ਯੋਜਨਾ ਬਣਾਈ ਜਾਵੇ ਤੇ ਸਖ਼ਤੀ ਨਾਲ ਲਾਗੂ ਕੀਤੀ ਜਾਵੇ | ਕਿਤੇ ਇਹ ਨਾ ਹੋਵੇ ਕੇ ਇਕਾ-ਦੁੱਕਾ ਹੰਭਲੇ ਸਿਰਫ, ਧਨ ਤੇ ਸਮੇਂ ਦੀ ਬਰਬਾਦੀ ਹੀ ਨਾ ਹੋ ਨਿਬੜਨ |

-ਮੋਬਾ: 98159-45018

ਕਿਸਾਨੀ ਦੇ ਸੰਕਟ ਨੰੂ ਦੂਰ ਕਰਨ ਲਈ ਖੋਜ ਮਜ਼ਬੂਤ ਕਰਕੇ ਯੋਗ ਨੀਤੀ ਅਪਣਾਈ ਜਾਏ

ਪੰਜਾਬ ਦੀ ਕਿਸਾਨੀ ਤੇ ਖੇਤੀ ਗੰਭੀਰ ਸੰਕਟ 'ਚ ਹਨ | ਇਸ ਦਾ ਇਕ ਮੁੱਖ ਕਾਰਨ ਸਾਧਨਾਂ ਦੀ ਦੁਰਵਰਤੋਂ ਅਤੇ ਉਨ੍ਹਾਂ ਦਾ ਸਦਉਪਯੋਗ ਨਾ ਹੋਣਾ ਹੈ | ਪਾਣੀ ਦਾ ਪੱਧਰ ਹਰ ਸਾਲ 50 ਸੈਂ. ਮੀ. ਤੋਂ ਲੈ ਕੇ 100 ਸੈਂ. ਮੀ. ਤੱਕ ਥੱਲੇ ਜਾ ਰਿਹਾ ਹੈ | ਟਿਊਬਵੈੱਲ ਕਿਸਾਨਾਂ ਨੰੂ ਸਮੇਂ-ਸਮੇਂ ਤੇ ਹੋਰ ਡੂੰਘੇ ਕਰਨੇ ਪੈ ਰਹੇ ਹਨ | ਜਿਸ ਨਾਲ ਉਨ੍ਹਾਂ ਦਾ ਖਰਚਾ ਵਧ ਰਿਹਾ ਹੈ | ਜ਼ਮੀਨ ਦੀ ਉਤਪਾਦਨ ਸ਼ਕਤੀ ਘਟ ਰਹੀ ਹੈ | ਜ਼ਮੀਨ ਵਿਚ ਆਰਗੈਨਿਕ ਮਾਦਾ 3 ਫ਼ੀਸਦੀ ਦੀ ਥਾਂ 0.4 ਫ਼ੀਸਦੀ 'ਤੇ ਆ ਗਿਆ ਹੈ | ਜ਼ਮੀਨ ਨੰੂ ਹਰ ਦਿਨ ਵੱਧ ਨਾਈਟਰੋਜਨ ਦੀ ਲੋੜ ਹੈ | ਪਾਣੀ ਨੰੂ ਬਚਾਉਣਾ ਅਤੇ ਇਸ ਦੀ ਖਪਤ ਘਟਾਉਣਾ ਬਹੁਤ ਜ਼ਰੂਰੀ ਹੈ | ਖੇਤਾਂ ਨੰੂ ਲੇਜ਼ਰ ਕਰਾਹੇ ਨਾਲ ਪੱਧਰ ਕਰਵਾਇਆਂ ਪਾਣੀ ਦੀ ਖਪਤ ਘਟ ਜਾਂਦੀ ਹੈ ਅਤੇ ਝਾੜ ਵਧ ਜਾਂਦਾ ਹੈ ਕਿਉਂਕਿ ਵੱਟਾਂ ਖ਼ਤਮ ਤੇ ਬਿਜਾਈ ਵਾਲੇ ਖੇਤਾਂ ਦੇ ਰਕਬੇ ਵਿਚ ਵਾਧਾ ਹੋ ਜਾਂਦਾ ਹੈ | ਪ੍ਰੰਤੂ ਲੇਜ਼ਰ ਕਰਾਹਾ ਮਹਿੰਗਾ ਹੋਣ ਕਾਰਨ ਹਰ ਕਿਸਾਨ ਇਸ ਦੀ ਵਰਤੋਂ ਨਹੀਂ ਕਰ ਰਿਹਾ | ਬਿਜਲੀ ਮੁਫ਼ਤ ਹੋਣ ਕਾਰਨ ਟਿਊਬਵੈੱਲਾਂ ਵਿਚੋਂ ਪਾਣੀ ਵਿਅਰਥ ਕੱਢਿਆ ਜਾ ਰਿਹਾ ਹੈ | ਜਦੋਂ ਕਿ ਪਾਣੀ ਦੀ ਹਰ ਬੂੰਦ ਕੀਮਤੀ ਹੈ | ਭਵਿੱਖ ਵਿਚ ਵਾਤਾਵਰਨ ਦੀ ਤਬਦੀਲੀ ਵੀ ਖੇਤੀ ਨੰੂ ਪ੍ਰਭਾਵਿਤ ਕਰੇਗੀ | ਹਿਮਾਲਿਆ ਬਾਕੀ ਭਾਰਤ ਨਾਲੋਂ ਦੁੱਗਣੀ ਦਰ ਨਾਲ ਗਰਮ ਹੁੰਦਾ ਜਾ ਰਿਹਾ ਹੈ | ਪੰਜ ਦਰਿਆਵਾਂ ਦਾ ਪੰਜਾਬ ਅੱਜ ਆਪਣਾ ਹੀ ਪਾਣੀ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ | ਇਸ ਵਿਚ ਕੋਈ ਸ਼ੱਕ ਨਹੀਂ ਕਿ ਸਬਜ਼ ਇਨਕਲਾਬ ਵਜੋਂ ਝੋਨਾ – ਕਣਕ ਫ਼ਸਲੀ ਚੱਕਰ ਜ਼ੋਰ ਪਕੜਦਾ ਗਿਆ ਅਤੇ ਅੱਜ ਝੋਨੇ ਦੀ ਕਾਸ਼ਤ ਥੱਲੇ ਰਕਬਾ ਵਧ ਕੇ 30 ਲੱਖ ਹੈਕਟੇਅਰ ਤੋਂ ਟੱਪ ਗਿਆ | ਮੁਨਾਫ਼ੇ ਪੱਖੋਂ ਝੋਨੇ ਦੀ ਫ਼ਸਲ ਦੀ ਅਹਿਮੀਅਤ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ | ਪੰ੍ਰਤੂ ਅਜਿਹੀਆਂ ਤਕਨੀਕਾਂ ਅਪਣਾਉਣ ਦੀ ਲੋੜ ਹੈ, ਜਿਸ ਨਾਲ ਝੋਨੇ ਦੀ ਉਤਪਾਦਕਤਾ ਵਧੇ ਅਤੇ ਪਾਣੀ ਦੀ ਖਪਤ ਘਟੇ | ਝੋਨੇ ਦਾ ਬਦਲ ਬਾਸਮਤੀ ਵਧੇਰੇ ਪੈਦਾ ਕਰਨ ਨਾਲ ਬਰਾਮਦ ਵਧਾਉਣ ਦੀ ਲੋੜ ਹੈ | ਹੁਣ ਦੂਜੇ ਰਾਜ ਚੌਲ ਪੈਦਾ ਕਰ ਕੇ ਝੋਨੇ ਸਬੰਧੀ ਪੰਜਾਬ ਦੇ ਮਹੱਤਵਪੂਰਨ ਯੋਗਦਾਨ ਨੰੂ ਘਟਾਉਣ 'ਚ ਹਾਵੀ ਹੁੰਦੇ ਜਾ ਰਹੇ ਹਨ | ਝੋਨੇ ਦੀ ਕਾਸ਼ਤ ਥੱਲੇ ਘੱਟੋ-ਘੱਟ 10 ਤੋਂ 15 ਲੱਖ ਹੈਕਟੇਅਰ ਰਕਬਾ ਘਟਾਉਣ ਦੀ ਲੋੜ ਹੈ | ਇਸ ਲਈ ਪੰਜਾਬ ਖੇਤੀ ਯੂਨੀਵਰਸਿਟੀ ਵਿਚ ਖੋਜ ਮਜ਼ਬੂਤ ਕੀਤੀ ਜਾਵੇ ਅਤੇ ਝੋਨੇ ਦੀ ਫ਼ਸਲ ਜਿੰਨੀਆਂ ਲਾਹੇਵੰਦ ਬਦਲਵੀਆਂ ਫ਼ਸਲਾਂ ਖੋਜ ਕੀਤੀਆਂ ਜਾਣ |
ਉਤਪਾਦਕਤਾ ਵੀ ਘਟ ਰਹੀ ਹੈ | ਭਾਵੇਂ ਦੂਜੇ ਰਾਜਾਂ ਦੇ ਮੁਕਾਬਲੇ ਇਹ ਵੱਧ ਹੈ ਪ੍ਰੰਤੂ ਅੰਤਰਰਾਸ਼ਟਰੀ ਪੱਧਰ ਨੰੂ ਅਜੇ ਛੂਹਣ ਦੀ ਲੋੜ ਹੈ | ਝੋਨੇ ਦੀ ਉਤਪਾਦਕਤਾ ਬੰਗਲਾ ਦੇਸ਼ 'ਚ ਅਜੇ ਵੀ ਵੱਧ ਹੈ | ਪੂਰਬੀ ਰਾਜ ਝੋਨਾ ਤੇ ਅਨਾਜ ਵਧੇਰੇ ਪੈਦਾ ਕਰ ਰਹੇ ਹਨ | ਮੱਧ ਪ੍ਰਦੇਸ਼ ਵਿਚ ਕਣਕ ਦਾ ਉਤਪਾਦਨ ਕਾਫੀ ਵਧਿਆ ਹੈ | ਇਸ ਉਪਰੰਤ ਭਵਿੱਖ ਵਿਚ ਪੰਜਾਬ ਦੇ ਕਣਕ ਅਤੇ ਝੋਨੇ ਦੀ ਮੰਗ ਘਟੇਗੀ | ਉਂਝ ਵੀ ਜ਼ਿੰਦਗੀ ਦਾ ਮਿਆਰ ਵਧਣ ਨਾਲ ਅਨਾਜ ਦੀਆਂ ਫ਼ਸਲਾਂ ਦੀ ਖਪਤ ਘਟਣ ਦਾ ਅਨੁਮਾਨ ਹੈ | ਜਿਸ ਉਪਰੰਤ ਸਬਜ਼ੀਆਂ ਤੇ ਦੁੱਧ ਵਰਗੇ ਪਦਾਰਥਾਂ ਦੀ ਮੰਗ ਵਧੇਗੀ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਇਸ ਸਬੰਧੀ ਹੁਣੇ ਤੋਂ ਹੀ ਖੋਜ ਕੀਤੇ ਜਾਣ ਦੀ ਲੋੜ ਹੈ ਅਤ ਹੌਲੀ-ਹੌਲੀ ਹਰ ਸਾਲ ਕਣਕ ਅਤੇ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਾਉਣ ਦੀ ਯੋਜਨਾ ਬਣਾਉਣ ਦੀ | ਖਰੀਫ਼ ਦੌਰਾਨ ਬਾਸਮਤੀ ਤੋਂ ਇਲਾਵਾ ਮੱਕੀ ਦੀ ਕਾਸ਼ਤ ਵਧਾਈ ਜਾ ਸਕਦੀ ਹੈ | ਸੋਇਆਬੀਨ ਵੀ ਯੋਗ ਫ਼ਸਲ ਹੈ ਪਰ ਪੰਜਾਬ ਵਿਚ ਇਸ ਦੇ ਪੈਦਾ ਕੀਤੇ ਜਾਣ ਦੀ ਸੰਭਾਵਨਾ ਨਹੀਂ | ਭਵਿੱਖ ਵਿਚ ਜੋ ਕੇਂਦਰ ਸਰਕਾਰ ਝੋਨੇ ਤੇ ਕਣਕ ਦੀ ਐਮ. ਐਸ. ਪੀ. ਖ਼ਤਮ ਕਰਨ ਵੱਲ ਝੁਕਾਅ ਰੱਖਦੀ ਹੈ, ਉਸ ਉਪਰੰਤ ਵੀ ਇਨ੍ਹਾਂ ਦੇ ਲਾਹੇਵੰਦ ਬਦਲ ਹੁਣੇ ਤੋਂ ਲੱਭਣ ਦੀ ਲੋੜ ਹੈ | ਫ਼ਸਲੀ ਵਿਭਿੰਨਤਾ ਸਬੰਧੀ ਪਿਛਲੇ 15 ਸਾਲ ਤੋਂ ਉਪਰਾਲੇ ਕੀਤੇ ਜਾ ਰਹੇ ਹਨ ਪੰ੍ਰਤੂ ਪ੍ਰਾਪਤ ਕੁਝ ਵੀ ਨਹੀਂ | ਕਣਕ ਤੇ ਝੋਨੇ ਦੀ ਕਾਸ਼ਤ ਥੱਲੇ ਰਕਬਾ ਉਸੇ ਤਰ੍ਹਾਂ ਚਲਿਆ ਆ ਰਿਹਾ ਹੈ | ਕਿਸਾਨ ਖਰੀਫ਼ ਵਿਚ ਝੋਨੇ ਦੀ ਕਾਸ਼ਤ ਕਿਉਂ ਨਾ ਕਰਨਗੇ ਜਦੋਂ ਕਿ ਇਸ ਦੀ ਕੀਮਤ ਅਤੇ ਮੰਡੀਕਰਨ ਯਕੀਨੀ ਹਨ ਅਤੇ ਇਹ ਫ਼ਸਲ ਦੂਜੀਆਂ ਫ਼ਸਲਾਂ ਨਾਲੋਂ ਵਧੇਰੇ ਮੁਨਾਫ਼ਾ ਦਿੰਦੀ ਹੈ ਕਿਉਂਕਿ ਟਿਊਬਵੈੱਲਾਂ ਲਈ ਬਿਜਲੀ ਮੁਫ਼ਤ ਹੋਣ ਕਾਰਨ ਪਾਣੀ ਦੀ ਸਹੂਲੀਅਤ ਉਪਲੱਬਧ ਹੈ |
ਖ਼ੁਦਕੁਸ਼ੀਆਂ ਨੰੂ ਰੋਕਣ ਲਈ ਅਤੇ ਕਿਸਾਨਾਂ ਨੰੂ ਕਰਜ਼ਿਆਂ ਦੇ ਬੋਝ ਤੋਂ ਮੁਕਤ ਕਰਨ ਪੱਖੋਂ ਸਰਕਾਰ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਕਰਜ਼ਾ ਮੁਆਫ਼ ਕਰ ਰਹੀ ਹੈ | ਇਸ ਲਾਭ ਦਾ ਦਾਇਰਾ ਹੋਰ ਵਧਾ ਕੇ 10.25 ਲੱਖ ਕਿਸਾਨਾਂ ਨੰੂ ਇਸ ਕਰਜ਼ਾ ਮੁਆਫੀ ਦਾ ਫਾਇਦਾ ਪਹੁੰਚਾਉਣ ਦੀ ਯੋਜਨਾ ਹੈ | ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਦਾ ਸਾਰਾ ਫ਼ਸਲੀ ਕਰਜ਼ਾ ਮੁਆਫ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਟੱਬਰਾਂ ਨੰੂ 5 ਲੱਖ ਰੁਪਏ ਤੱਕ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ | ਕਰਜ਼ਾ ਮੁਆਫੀ ਦੀ ਇਸ ਯੋਜਨਾ ਨਾਲ ਹੋਰ ਸ਼੍ਰੇਣੀਆਂ ਵਿਚ ਅਸੰਤੁਸ਼ਟਤਾ ਦਾ ਮਾਹੌਲ ਹੈ ਅਤੇ ਉਨ੍ਹਾਂ ਵਲੋਂ ਵੀ ਇਹ ਰਾਹਤ ਦਿੱਤੇ ਜਾਣ ਦੀ ਮੰਗ ਸ਼ੁਰੂ ਹੋ ਗਈ ਹੈ | ਇਸ ਵਿਚ ਖੇਤ ਮਜ਼ਦੂਰ, ਬਾਜ਼ਗੀਰ ਅਤੇ ਹੋਰ ਪੰਜ ਏਕੜ ਤੋਂ ਵੱਧ ਰਕਬੇ ਵਾਲੇ ਕਿਸਾਨ ਸ਼ਾਮਿਲ ਹਨ | ਭਾਵੇਂ ਸਰਕਾਰ ਨੇ ਕਰਜ਼ਾ ਮੁਆਫ਼ੀ ਕਾਫੀ ਵੱਡੀ ਗਿਣਤੀ 'ਚ ਕਿਸਾਨਾਂ ਨੰੂ ਦਿੱਤੀ ਹੈ | ਪੰ੍ਰਤੂ ਫੇਰ ਵੀ ਇਨ੍ਹਾਂ ਵਿਚਕਾਰ ਕਾਣੀ ਵੰਡ ਅਤੇ ਅਯੋਗ ਰਾਹਤ ਦੇਣ ਅਤੇ ਯੋਗ ਵਿਅਕਤੀਆਂ ਨੰੂ ਲਾਭ ਨਾ ਪਹੁੰਚਾਉਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ | ਭਾਵੇਂ ਰਾਜਨੀਤਕ ਤੌਰ 'ਤੇ ਕਰਜ਼ਾ ਮੁਆਫੀ ਲੋੜੀਂਦੀ ਸੀ | ਪਰ ਇਸ ਸਬੰਧੀ ਕੋਈ ਹੋਰ ਦੂਜਾ ਤਰੀਕਾ ਜਿਸ ਨਾਲ ਸਾਰੇ ਕਿਸਾਨ ਹੀ ਖ਼ੁਸ਼ ਹੋਣ (ਜੋ ਸਰਕਾਰ ਵੀ ਸਿਆਸੀ ਤੌਰ 'ਤੇ ਚਾਹੁੰਦੀ ਹੈ) ਵੀ ਲੱਭਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ | ਇਸ ਨੀਤੀ 'ਚ ਤਬਦੀਲੀ ਦਾ ਇਕ ਸਾਧਨ ਇਹ ਵੀ ਹੋ ਸਕਦਾ ਹੈ ਕਿ ਪ੍ਰਤੀ ਏਕੜ ਦੇ ਆਧਾਰ 'ਤੇ ਹਰ ਕਿਸਾਨ ਨੰੂ ਰਾਹਤ ਦੇ ਦਿੱਤੀ ਜਾਵੇ |
ਪੰਜਾਬ ਖੇਤੀ ਯੂਨੀਵਰਸਿਟੀ ਵਿਚ ਖੋਜ ਤੇਜ਼ ਕਰ ਕੇ ਕਿਸਾਨਾਂ ਦੀ ਆਮਦਨ ਵਧਾਈ ਜਾ ਸਕਦੀ ਹੈ ਅਤੇ ਕੁਝ ਹੱਦ ਤੱਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਆਮਦਨ ਦੁੱਗਣੀ ਕਰਨ ਦੇ ਟੀਚੇ ਨੰੂ ਹਾਸਲ ਕਰਨ ਵੱਲ ਕਦਮ ਚੁੱਕਿਆ ਜਾ ਸਕਦਾ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਦੇ ਮੁਲਕ 'ਚ ਨੰਬਰ 1 'ਤੇ ਆਉਂਦੀ ਸੀ, ਹੁਣ ਇਸ ਦਾ ਦਰਜਾ ਗਿਰ ਰਿਹਾ ਹੈ | ਇਹ ਬਾਸਮਤੀ ਤੇ ਕਣਕ ਦੀ ਖੋਜ 'ਚ ਪਛੜ ਗਈ ਹੈ | ਫ਼ਸਲੀ ਵਿਭਿੰਨਤਾ ਸਬੰਧੀ ਧਿਆਨ ਦੇਣ ਦੀ ਲੋੜ ਹੈ | ਪੰਜਾਬ ਦਾ ਖੇਤੀ ਉਤਪਾਦਨ ਦੁੱਗਣਾ ਕਰਨ ਦਾ ਨਾਅਰਾ ਦੇਣ ਵਾਲੇ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਨੇ ਮੁਰੱਬਾਬੰਦੀ ਕਰ ਕੇ ਕਾਫੀ ਹੱਦ ਤੱਕ ਆਪਣੇ ਮਿਸ਼ਨ ਦੀ ਪੂਰਤੀ ਕੀਤੀ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੰੂ ਕੋਈ ਅਜਿਹੀਆਂ ਫ਼ਸਲਾਂ ਦੀਆਂ ਕਿਸਮਾਂ ਲੱਭਣ ਦੀ ਲੋੜ ਹੈ ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਨੁਮਾਇਆ ਵਾਧਾ ਹੋ ਸਕੇ ਅਤੇ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟੇ |

-ਮੋਬਾਈਲ : 98152-36307

ਬਹਾਰ ਰੁੱਤ ਦੀ ਮੱਕੀ ਦੀ ਸਫ਼ਲ ਕਾਸ਼ਤ ਅਤੇ ਪਾਣੀ ਦੀ ਬੱਚਤ ਲਈ ਉੱਤਮ ਤਕਨੀਕਾਂ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਪੀ. ਐਮ. ਐਚ 1 : ਇਸ ਦੋਗਲੀ ਕਿਸਮ ਦੇ ਬੂਟੇ ਲੰਮੇ ਅਤੇ ਇਸ ਦਾ ਤਣਾ ਤਰਤੀਬਵਾਰ ਟੇਢਾ-ਮੇਢਾ ਅਤੇ ਹਲਕੇ ਬੈਂਗਣੀ ਰੰਗ ਦਾ ਹੁੰਦਾ ਹੈ | ਇਸ ਦੇ ਪੱਤੇ ਅਤੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਹੁੰਦੇ ਹਨ | ਇਸ ਦੀਆਂ ਛੱਲੀਆਂ ਦਰਮਿਆਨੀਆਂ ਲੰਮੀਆਂ ਅਤੇ ਮੋਟੀਆਂ ਹੁੰਦੀਆਂ ਹਨ | ਇਸ ਦੇ ਦਾਣੇ ਪੀਲੇ ਸੰਤਰੀ ਰੰਗ ਦੇ ਹੁੰਦੇ ਹਨ | ਇਹ ਕਿਸਮ ਤਕਰੀਬਨ 118 ਦਿਨਾਂ ਵਿਚ ਪੱਕ ਜਾਂਦੀ ਹੈ | ਇਸ ਦਾ ਔਸਤ ਝਾੜ 27.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ |
ਬੀਜ ਦੀ ਮਾਤਰਾ ਅਤੇ ਸੋਧ:- ਵਧੇਰੇ ਝਾੜ ਲੈਣ ਲਈ 10 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰਨੀ ਚਾਹੀਦੀ ਹੈ | ਬਹਾਰ ਰੁੱਤ ਦੀ ਮੱਕੀ ਦੀ ਸਫ਼ਲ ਕਾਸ਼ਤ ਵਿਚ ਬੀਜ ਦੀ ਸੋਧ ਦਾ ਅਹਿਮ ਯੋਗਦਾਨ ਹੈ, ਕਿਉਂਕਿ ਇਸ ਨਾਲ ਮੁੱਖ ਕੀੜੇ ਜਿਵੇਂ ਸ਼ਾਖ ਦੀ ਮੱਖੀ ਦੀ ਕਾਰਗਰ ਰੋਕਥਾਮ ਹੋ ਜਾਂਦੀ ਹੈ | ਬਿਜਾਈ ਤੋਂ ਪਹਿਲਾਂ ਬੀਜ ਨੂੰ ਕੀੜੇਮਾਰ ਦਵਾਈ ਸੋਧੇ ਹੋਏ ਬੀਜ ਨੂੰ 14 ਦਿਨਾਂ ਦੇ ਅੰਦਰ-ਅੰਦਰ ਹੀ ਵਰਤਣਾ ਚਾਹੀਦਾ ਹੈ |
ਬਿਜਾਈ ਦਾ ਸਮਾਂ ਅਤੇ ਢੰਗ:- ਬਹਾਰ ਰੁੱਤ ਦੀ ਫ਼ਸਲ ਤੋਂ ਜ਼ਿਆਦਾ ਝਾੜ ਲੈਣ ਲਈ, ਇਸ ਦੀ ਬਿਜਾਈ 20 ਜਨਵਰੀ ਤੋਂ 15 ਫ਼ਰਵਰੀ ਤੱਕ ਕਰ ਲੈਣੀ ਚਾਹੀਦੀ ਹੈ | ਪਿਛੇਤੀ ਬਿਜਾਈ ਕਰਨ ਨਾਲ ਝਾੜ ਉਤੇ ਮਾੜਾ ਅਸਰ ਪੈਂਦਾ ਹੈ ਕਿਉਂਕਿ ਸ਼ਾਖ ਦੀ ਮੱਖੀ ਦਾ ਹਮਲਾ ਜ਼ਿਆਦਾ ਹੁੰਦਾ ਹੈ | ਇਸ ਤੋਂ ਇਲਾਵਾ ਜਦੋਂ ਮੱਕੀ ਬੂਰ ਅਤੇ ਸੂਤ ਕੱਤਦੀ ਹੈ, ਤਾਂ ਤਪਮਾਨ ਵੱਧ ਹੋਣ ਕਾਰਨ ਬੂਰ ਸੁੱਕ ਜਾਂਦਾ ਹੈ | ਇਸ ਨਾਲ ਪਰ-ਪਰਾਗਣ ਕਿਰਿਆ ਵਿਚ ਰੁਕਾਵਟ ਪੈ ਜਾਂਦੀ ਹੈ | ਜਿਸ ਕਾਰਣ ਦਾਣੇ ਘੱਟ ਪੈਂਦੇ ਹਨ ਅਤੇ ਝਾੜ ਘੱਟ ਜਾਂਦਾ ਹੈ | ਜ਼ਿਆਦਾ ਅਗੇਤੀ ਬਿਜਾਈ ਨਾਲ ਫ਼ਸਲ ਦੇ ਪੁੰਗਾਰ ਦਾ ਸਮਾਂ ਵੱਧ ਜਾਂਦਾ ਹੈ ਅਤੇ ਪੂੰਗਾਰ ਘੱਟ ਸਕਦਾ ਹੈ | ਮੱਕੀ ਦੀ ਬਿਜਾਈ ਪੂਰਬ-ਪੱਛਮ ਵੱਲ 60 ਸੈਂਟੀਮੀਟਰ ਦੀ ਵਿਥ 'ਤੇ ਵੱਟਾਂ ਬਣਾ ਕੇ, ਉਨ੍ਹਾਂ ਦੇ ਦੱਖਣ ਵਾਲੇ ਪਾਸੇ, 6 ਤੋਂ 7 ਸੈਟੀਮੀਟਰ ਦੀ ਉਚਾਈ 'ਤੇ ਚੋਕੇ ਲਾ ਕੇ ਕਰੋ ਤਾਂ ਜੋ ਸੂਰਜ ਦੀ ਊਰਜਾ/ਵੱਧ ਤੋਂ ਵੱਧ ਪ੍ਰਾਪਤ ਹੋ ਸਕੇ | ਇਸੇ ਤਰ੍ਹਾਂ ਮੱਕੀ ਦੀ ਬਿਜਾਈ 67.5 ਸੈਟੀਮੀਟਰ ਚੌੜੇ ਬੈੱਡ ਬਣਾ ਕੇ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 18 ਸੈਂਟੀਮੀਟਰ ਰੱਖ ਕੇ ਵੀ ਕੀਤੀ ਜਾ ਸਕਦੀ ਹੈ | ਬੈੱਡ ਬਣਾਉਣ ਲਈ ਕਣਕ ਵਾਲੇ ਬੈੱਡ ਪਲਾਂਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ | ਬੈੱਡਾਂ 'ਤੇ ਬਿਜਾਈ ਕਰਨ ਨਾਲ ਪਾਣੀ ਦੀ ਵੀ ਬੱਚਤ ਹੰੁਦੀ ਹੈ |
ਖਾਦਾਂ ਦੀ ਵਰਤੋਂ:- ਮੱਕੀ ਦੀ ਫ਼ਸਲ ਖੁਰਾਕੀ ਤੱਤਾ ਨੂੰ ਬਹੁਤ ਮੰਨਦੀ ਹੈ | ਪਰ ਫ਼ਸਲ ਵਿਚ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ਅਤੇ ਫ਼ਸਲ ਚੱਕਰ ਨੂੰ ਮੱਦੇਨਜ਼ਰ ਰੱਖ ਕੇ ਕਰੋ | ਮੱਕੀ ਦੀ ਫ਼ਸਲ ਵਿਚ ਰੂੜੀ ਦੀ ਗਲੀ-ਸੜੀ ਖਾਦ 6 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ |
ਨਦੀਨਾਂ ਦੀ ਰੋਕਥਾਮ:- ਨਦੀਨ ਫ਼ਸਲ ਵਿਚ ਪਾਣੀ, ਖੁਰਾਕੀ ਤੱਤਾਂ,ਰੌਸ਼ਨੀ ਆਦਿ ਲਈ ਮੁਕਾਬਲਾ ਕਰਦੇ ਹਨ | ਪੂਰਾ ਝਾੜ ਲੈਣ ਲਈ ਸ਼ੁਰੂਆਤੀ 4-6 ਹਫ਼ਤੇ ਤੱਕ ਮੱਕੀ ਨੂੰ ਨਦੀਨਾਂ ਤੋਂ ਬਚਾਉਣਾ ਜ਼ਿਆਦਾ ਜ਼ਰੂਰੀ ਹੈ | ਇਹ ਨਦੀਨ-ਨਾਸ਼ਕ ਘਾਹ ਜਾਤੀ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਕਰਦੀ ਹੈ | ਨਦੀਨਾਂ ਦੇ ਅਸਰਦਾਰ ਰੋਕਥਾਮ ਲਈ ਪਾਣੀ ਦੀ ਸਿਫਾਰਸ਼ ਮਾਤਰਾ ਵਿਚ ਵਰਤੋਂ ਕਰਨੀ ਜ਼ਰੂਰੀ ਹੈ | ਨਦੀਨਾਂ ਦੀ ਸਹੀ ਸਮੇਂ ਰੋਕਥਾਮ ਨਾਲ ਫ਼ਸਲ ਨੂੰ ਪਾਏ ਖੁਰਾਕੀ ਤੱਤਾਂ ਅਤੇ ਪਾਣੀ ਦਾ ਭਰਪੂਰ ਲਾਭ ਹੁੰਦਾ ਹੈ |
ਸਿੰਚਾਈ ਪ੍ਰਬੰਧ:- ਪਾਣੀ ਦੀ ਸੁਚੱਜੀ ਵਰਤੋਂ ਬਹਾਰ ਰੁੱਤ ਦੀ ਕਾਸ਼ਤ ਦਾ ਮੁੱਖ ਮੁੱਦਾ ਹੈ | ਫ਼ਸਲ ਦੀ ਅਵਸਥਾ ਅਤੇ ਮੌਸਮ ਦੇ ਹਿਸਾਬ ਨਾਲ ਹੀ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ | ਪਹਿਲਾਂ ਪਾਣੀ ਬਿਜਾਈ ਦੇ 25-30 ਦਿਨਾਂ ਬਾਅਦ ਲਾਓ | ਇਸ ਤੋਂ ਬਾਅਦ 10 ਅਪ੍ਰੈਲ ਤੱਕ 2 ਹਫ਼ਤੇ ਦੇ ਵਕਫ਼ੇ 'ਤੇ ਅਤੇ ਫ਼ਸਲ ਪੱਕਣ ਤੱਕ ਇਕ ਹਫ਼ਤੇ ਦੇ ਵਕਫ਼ੇ 'ਤੇ ਪਾਣੀ ਲਾਉਂਦੇ ਰਹੋ | ਸੂਤ ਕੱਤਣ ਅਤੇ ਦਾਣੇ ਪੈਣ ਦੇ ਸਮੇਂ ਦੌਰਾਨ ਫ਼ਸਲ ਨੂੰ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ ਕਿਉਂਕਿ ਮੱਕੀ ਨੂੰ ਬੂਰ ਪੈਣ ਅਤੇ ਸੂਤ ਕੱਤਣ ਸਮੇਂ ਜੇ ਤਾਪਮਾਨ ਵੱਧ ਜਾਵੇ ਤਾਂ ਬੂਰ ਸੁੱਕਣ ਕਾਰਨ ਪਰ-ਪਰਾਗਣ ਕਿਰਿਆ ਵਿਚ ਰੁਕਾਵਟ ਪੈ ਜਾਂਦੀ ਹੈ | ਇਸ ਕਰਕੇ ਦਾਣੇ ਘੱਟ ਪੈਂਦੇ ਹਨ ਅਤੇ ਝਾੜ ਘੱਟ ਜਾਂਦਾ ਹੈ | ਪਛੇਤੀ ਬਿਜਾਈ ਦੀ ਫ਼ਸਲ ਵਿਚ ਇਹ ਖਤਰਾ ਜ਼ਿਆਦਾ ਰਹਿੰਦਾ ਹੈ |
ਬਹਾਰ ਰੁੱਤ ਦੀ ਮੱਕੀ ਵਿਚ ਤੁਪਕਾ ਸਿੰਚਾਈ ਵਿਧੀ ਨੂੰ ਅਪਣਾ ਕੇ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ | ਤੁਪਕਾ ਸਿੰਚਾਈ ਵਿਧੀ ਲਈ 120 ਸੈਂਟੀਮੀਟਰ ਹੇਠਲੇ ਪਾਸੇ ਅਤੇ 80 ਸੈਂਟੀਮੀਟਰ ਉਪਰੋਂ ਚੌੜੇ ਬੈੱਡ ਬਣਾਓ | ਇਨ੍ਹਾਂ 'ਤੇ 60 ਸੈਂਟੀਮੀਟਰ ਦੀ ਦੂਰੀ 'ਤੇ ਮੱਕੀ ਦੀਆਂ ਦੋ ਲਾਈਨਾਂ ਵਿਚ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਰੱਖ ਕੇ ਬੀਜੋ | ਮੱਕੀ ਦੀਆਂ ਇਨ੍ਹਾਂ ਦੋ ਲਾਈਨਾਂ ਵਿਚ ਇਕ ਡਰਿੱਪ ਲਾਈਨ ਦੀ ਵਰਤੋਂ ਕਰੋ, ਇਸ ਵਿਚ ਡਰਿੱਪਰ ਤੋਂ ਡਰਿੱਪਰ ਦਾ ਫ਼ਾਸਲਾ 30 ਸੈਂਟੀਮੀਟਰ ਹੋਵੇ | ਜੇ ਡਿਸਚਾਰਜ਼ 2.2 ਲੀਟਰ ਪ੍ਰਤੀ ਘੰਟਾ ਪ੍ਰਤੀ ਡਰਿੱਪਰ ਹੋਵੇ ਤਾਂ ਸਿੰਚਾਈ ਦਾ ਸਮਾਂ ਫ਼ਰਵਰੀ, ਮਾਰਚ, ਅਪ੍ਰੈਲ ਅਤੇ ਮਈ ਵਿਚ ਕ੍ਰਮਵਾਰ 22, 64,120 ਅਤੇ 130 ਮਿੰਟ ਰੱਖੋ, ਕਿੳਾੁਕਿ ਤਾਪਮਾਨ ਵੱਧਣ ਦੇ ਨਾਲ-ਨਾਲ ਫ਼ਸਲ ਨੂੰ ਅਪ੍ਰੈਲ ਅਤੇ ਮਈ ਮਹੀਨੇ ਵਿਚ ਪਾਣੀ ਦੀ ਲੋੜ ਵੱਧ ਹੰੁਦੀ ਹੈ | ਡਿਸਚਾਰਜ਼ ਰੇਟ ਦੇ ਹਿਸਾਬ ਨਾਲ ਸਿੰਚਾਈ ਦਾ ਸਮਾਂ ਹੇਠ ਲਿਖੇ ਫਾਰਮੂਲੇ ਨਾਲ ਕੱਢਿਆ ਜਾ ਸਕਦਾ ਹੈ:
2.2 ਸਿੰਚਾਈ ਦਾ ਸਮਾਂ (ਮਿੰਟ) ਡਿਸਚਾਰਜ਼ ਰੇਟ (ਲੀਟਰ ਪ੍ਰਤੀ ਘੰਟਾ) ਫ਼ਸਲ ਦੀ ਵਾਢੀ ਅਤੇ ਦਾਣੇ ਕੱਢਣਾ:- ਛੱਲੀਆਂ ਦੇ ਪਰਦੇ ਸੁੱਕ ਜਾਣ ਅਤੇ ਦਾਣੇ ਪੱਕ ਕੇ ਸਖ਼ਤ ਹੋ ਜਾਣ ਤਾਂ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ, ਭਾਵੇਂ ਬੂਟਾ ਅਤੇ ਕੁਝ ਪੱਤੇ ਅਜੇ ਹਰੇ ਹੀ ਹੋਣ | ਇਨ੍ਹਾਂ ਹਰੇ ਬੂਟਿਆਂ ਨੂੰ ਚਾਰੇ ਵਾਸਤੇ ਵਰਤਿਆ ਜਾ ਸਕਦਾ ਹੈ | ਖੇਤ ਛੇਤੀ ਖਾਲੀ ਕਰਨ ਲਈ ਟਾਂਡਿਆਂ ਨੂੰ ਛੱਲੀਆਂ ਸਮੇਤ ਵੱਢ ਕੇ ਖੇਤ ਦੇ ਇਕ ਪਾਸੇ ਮੁਹਾਰੇ ਲਾਏ ਜਾ ਸਕਦੇ ਹਨ | ਛੱਲੀਆਂ ਦੇ ਚੰਗੀ ਤਰ੍ਹਾਂ ਸੁੱਕ ਜਾਣ 'ਤੇ ਹੀ ਦਾਣੇ ਕੱਢੋ | ਦਾਣੇ ਕੱਢਣ ਲਈ ਹੱਥ ਨਾਲ ਚੱਲਣ ਵਾਲੇ ਅਤੇ ਬਿਜਲੀ ਜਾਂ ਮੋਟਰ ਨਾਲ ਚੱਲਣ ਵਾਲੇ ਸ਼ੈਲਰ ਜਾਂ ਸ਼ੈਲਰ ਕਮ ਡੀਹਸਕਰ ਬਜ਼ਾਰ ਵਿਚ ਮਿਲਦੇ ਹਨ | ਮੰਡੀਕਰਨ ਤੋਂ ਪਹਿਲਾਂ ਵੱਧ ਮੁੱਲ ਲੈਣ ਲਈ ਦਾਣਿਆਂ ਨੂੰ ਸੁਕਾ ਲੈਣਾ ਚਾਹੀਦਾ ਹੈ | ਪੀ.ਏ.ਯੂ. ਵਲੋਂ ਤਿਆਰ ਛੋਟੇ ਸੀਡ ਡਰਾਅਰ (ਤਿੰਨ ਟਨ ਵਾਲੇ) ਨੂੰ ਵੀ ਕਿਸਾਨ ਵੀਰ ਅਪਣਾ ਸਕਦੇ ਹਨ | ਇਸ ਤੋਂ ਇਲਾਵਾ ਅੱਜਕਲ੍ਹ ਕੰਬਾਈਨ ਨਾਲ ਵਾਢੀ ਦਾ ਰੁਝਾਣ ਵੀ ਵਧ ਰਿਹਾ ਹੈ | ਬਹਾਰ ਰੁੱਤ ਵਿਚ ਹਰੀਆਂ ਛੱਲੀਆਂ ਦਾ ਢੁਕਵਾਂ ਮੰਡੀਕਰਨ ਕਰਕੇ ਇਸ ਨੂੰ ਹੋਰ ਲਾਹੇਵੰਦ ਬਣਾਇਆ ਜਾ ਸਕਦਾ ਹੈ, ਕਿਉਂਕਿ ਛੱਲੀਆਂ ਦੇ ਤਿਆਰ ਹੋਣ ਸਮੇਂ ਬਾਕੀ ਚਾਰਾ ਫ਼ਸਲਾਂ ਦੀ ਘਾਟ ਕਾਰਨ ਹਰੇ ਟਾਂਡਿਆਂ ਦਾ ਵੀ ਚੰਗਾ ਮੁੱਲ ਮਿਲ ਜਾਂਦਾ ਹੈ |
ਕੀੜੇ ਅਤੇ ਬਿਮਾਰੀਆਂ - ਬਹਾਰ ਰੁੱਤ ਦੀ ਫ਼ਸਲ 'ਤੇ ਸ਼ਾਖ ਦੀ ਮੱਖੀ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ | ਇਹ ਆਮ ਤੌਰ 'ਤੇ ਛੋਟੀ ਫ਼ਸਲ (4-10 ਦਿਨ) 'ਤੇ ਹਮਲਾ ਕਰ ਕੇ ਬੂਟਿਆਂ ਨੂੰ ਸੁਕਾ ਦਿੰਦੀ ਹੈ ਅਤੇ ਵੱਡੀ ਫ਼ਸਲ ਉਪਰ ਹਮਲੇ ਕਾਰਣ ਬੂਟੇ ਬੇਢਵੇ ਅਤੇ ਝੁਰੜ-ਮੁਰੜ ਹੋ ਜਾਂਦੇ ਹਨ | ਇਸ ਦੀ ਰੋਕਥਾਮ ਲਈ ਗਾਚੋ ਨਾਲ ਬੀਜ ਦੀ ਸੋਧ ਆਸਾਨ ਅਤੇ ਕਾਰਗਾਰ ਢੰਗ ਹੈ |
ਮੁੱਖ ਬਿਮਾਰੀਆਂ ਵਿਚੋਂ ਬੀਜ ਗਲਣਾ ਅਤੇ ਪੁੰਗਾਰ ਦੇ ਝੁਲਸ ਰੋਗ ਨਾਲ ਫ਼ਸਲ ਦਾ ਜੰਮ ਮਾੜਾ ਹੋ ਜਾਂਦਾ ਹੈ, ਪੌਦੇ ਕਮਜ਼ੋਰ ਅਤੇ ਮਰ ਜਾਂਦੇ ਹਨ | ਇਸ ਲਈ ਹਮੇਸ਼ਾ ਨਰੋਏ ਬੀਜ ਦੀ ਹੀ ਵਰਤੋਂ ਕਰੋ | ਪਛੇਤਾ ਮੁਰਝਾਉਣ ਰੋਗ ਨਾਲ ਟਾਂਡੇ ਗਲ੍ਹਣ ਕਾਰਨ ਫੁੱਲ ਨਿਕਲਣ ਤੋਂ ਬਾਅਦ ਪੌਦਾ ਮੁਰਝਾ ਜਾਂਦਾ ਹੈ | ਇਸ ਦੀ ਰੋਕਥਾਮ ਲਈ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿਓ ਅਤੇ ਬਿਮਾਰੀ ਨੂੰ ਸਹਿਣ ਕਰਨ ਵਾਲੀ ਕਿਸਮ ਪੀ.ਐਮ.ਐਚ. 10 ਦੀ ਕਾਸ਼ਤ ਕਰੋ | ਜੇਕਰ ਇਸ ਤੋਂ ਇਲਾਵਾ ਮੱਕੀ ਦੀ ਕਾਸ਼ਤ ਵਿਚ ਕੋਈ ਹੋਰ ਸਮੱਸਿਆ ਆ ਜਾਵੇ ਤਾਂ ਤੁਰੰਤ ਖੇਤੀ ਮਾਹਿਰਾਂ ਨੂੰ ਸੰਪਰਕ ਕਰੋ | (ਸਮਾਪਤ)

-ਮੱਕੀ ਸੈਕਸ਼ਨ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ

ਛੋਟੇ ਕਿਸਾਨਾਂ ਦੀ ਦਸ਼ਾ ਬਦਲ ਸਕਦੀ ਹੈ ਫੁੱਲਾਂ ਦੀ ਵਪਾਰਕ ਖੇਤੀ

ਫੁੱਲ ਕੁਦਰਤ ਦੀ ਇਕ ਖੂਬਸੂਰਤ ਦੇਣ ਹੈ | ਖੇਤੀ ਦੇ ਹਾਲਾਤ ਕੁਝ ਇਸ ਕਿਸਮ ਨਾਲ ਬਦਲੇ ਹਨ ਕਿ ਫੁੱਲਾਂ ਦੀ ਖੇਤੀ ਨੂੰ ਇਕ ਧੰਦਾ ਸਵੀਕਾਰ ਕਰਨਾ ਭਾਰਤ ਦੀ ਮੁੱਖ ਲੋੜ ਬਣ ਚੁੱਕੀ ਹੈ | ਫੁੱਲਾਂ ਨੂੰ ਕਈ ਤਰ੍ਹਾਂ ਨਾਲ ਵਪਾਰਕ ਬਣਾ ਕੇ ਆਰਥਿਕ ਲਾਭ ਲਿਆ ਜਾ ਸਕਦਾ ਹੈ | ਬਾਹਰਲੇ ਮੁਲਕਾਂ ਵਿਚ ਵੀ ਇਸ ਦੀ ਮੰਗ ਵਧ ਰਹੀ ਹੈ | ਹੁਣ ਇਸ ਦੀ ਬਰਾਮਦ ਕਰਨੀ ਵੀ ਜ਼ਰੂਰੀ ਹੋ ਗਈ ਹੈ | ਇਸ ਲਈ ਇਸ ਦੀ ਖੇਤੀ ਅਧੀਨ ਜ਼ਮੀਨ ਵੀ ਵਧਾਈ ਜਾ ਰਹੀ ਹੈ | ਅੰਕੜਿਆਂ ਅਨੁਸਾਰ ਸਾਲ 2015 -16 ਵਿਚ 249 ਹਜ਼ਾਰ ਹੈਕਟੇਅਰ ਜ਼ਮੀਨ ਤੇ ਫੁੱਲਾਂ ਦੀ ਖੇਤੀ ਕੀਤੀ ਗਈ ਜਿਸ ਨਾਲ 1659 ਹਜ਼ਾਰ ਟਨ ਖੁੱਲ੍ਹੇ 'ਲੁਜ਼' ਫੁੱਲ ਪੈਦਾ ਹੋਏ | ਇਸ ਨਾਲ ਸਾਫ਼-ਸਫ਼ਾਈ ਕਰਨ ਤੋਂ ਬਾਅਦ 484 ਹਜ਼ਾਰ ਟਨ ਸਾਫ਼ ਫੁੱਲ ਮਿਲੇ | ਇਨ੍ਹਾਂ ਨੂੰ ਫਿਰ ਵੱਖੋ-ਵੱਖਰੇ ਦੇਸ਼ਾਂ ਵਿਚ ਆਮਦਨ ਦਾ ਇਕ ਵੱਡਾ ਸਾਧਨ ਬਣਾਕੇ ਭੇਜਿਆ ਗਿਆ | ਹੁਣ ਦੇਸ਼ ਦੇ ਹਰ ਭਾਗ ਵਿਚ ਫੱੁਲਾਂ ਦੀ ਖੇਤੀ ਹੋਣੀ ਇਸ ਦੇ ਵਪਾਰਕ ਨੁਕਤੇ ਨੂੰ ਦੇਖਿਆਂ ਸ਼ੂਰੂ ਹੋ ਚੁੱਕੀ ਹੈ |
ਫੁੱਲਾਂ ਨੂੰ ਕਈ ਮਨੋਰਥਾ ਲਈ ਵਰਤਿਆ ਜਾਂਦਾ ਹੈ | ਆਮ ਤੌਰ 'ਤੇ ਫੁੱਲ ਪੂਜਾ ਸਥਾਨਾਂ 'ਤੇ ਚ੍ਹੜਾਏ ਜਾਂਦੇ ਹਨ, ਵਿਆਹਾਂ ਸ਼ਾਦੀਆਂ ਅਤੇ ਹੋਰ ਖ਼ੁਸ਼ੀ ਦੇ ਸਮਾਗਮਾਂ ਸਮੇਂ ਇਹਨਾਂ ਨੂੰ ਵਰਤਿਆ ਜਾਂਦਾ ਹੈ | ਫੁੱਲਾਂ ਦੀ ਸਜਾਵਟ , ਦਿੱਖ , ਖੁਸ਼ਬੂ ਤੇ ਕਿਸਮਾਂ ਅਨੁਸਾਰ ਇਸ ਦੀ ਮੰਗ ਸਵੀਕਾਰ ਕੀਤੀ ਜਾਂਦੀ ਹੈ | ਸਭ ਤੋਂ ਵਧ ਮੰਗ ਗੁਲਾਬ ਦੇ ਫੁੱਲ ਦੀ ਹੈ, ਇਹ ਅਨੇਕਾਂ ਰੰਗਾ ਵਿਚ ਮਿਲਦੇ ਹਨ | ਹਰ ਦੇਸ਼ ਦਾ ਆਪਣੀ ਕਿਸਮ ਦਾ ਗੁਲਾਬ ਹੁੰਦਾ ਹੈ | ਹੋਰ ਫੁੱਲਾਂ 'ਚ ਜਿਵੇਂ ਗੇਂਦਾ, ਗੁਲਦਾਉਦੀ, ਬਟਨ ਗੁਲਦਾਉਦੀ, ਬੋਗਨ ਵਿਲਾ ਦੀਵੇਲ, ਲੋਟਸ, ਜੈਸਮੀਨ, ਲਿਲੀ ਫਲਾਵਰ, ਡੇਜ਼ੀ ਅਦਿ ਹਨ |
ਇਸ ਕਿੱਤੇ ਨਾਲ ਜੁੜੇ ਹੋਏ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਇਹ ਮੈਦਾਨੀ, ਪਹਾੜੀ , ਟੈਰਿਸ, ਗਮਲਿਆਂ ਆਦਿ 'ਚ ਉਗਾਏ ਜਾ ਸਕਦੇ ਹਨ | ਕਈ ਆਯੁਰਵੈਦਿਕ ਡਾਕਟਰਾਂ ਤੇ ਦੇਸੀ ਦਵਾਈਆ ਵਾਲਿਆਂ ਨੇ ਕਈ ਅਜਿਹੇ ਫੁੱਲ ਉਗਾਏ ਹੋਏ ਹਨ ਜਿਨ੍ਹਾਂ ਨਾਲ ਉਹ ਕਈ ਗੰਭੀਰ ਰੋਗਾਂ ਦਾ ਇਲਾਜ ਕਰਦੇ ਹਨ | ਗੁਲਾਬ ਤੋਂ ਬਹੁਤ ਗੁਣਕਾਰੀ ਗੁਲਕੰਦ ਬਣਾਈ ਜਾਂਦੀ ਹੈ |
ਖੇਤੀ ਵਿਚ ਫੁੱਲਾਂ ਦੀ ਖੇਤੀ ਹੀ ਇਕ ਅਜਿਹਾ ਰੂਪ ਹੈ ਜਿਸ 'ਚ ਘਟ ਜ਼ਮੀਨ ਦੀ ਵਰਤੋਂ ਕਰ ਕੇ ਵੱਧ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ | ਪੰਜਾਬ ਦੀ ਧਰਤੀ ਨੂੰ ਇਹ ਵਰਦਾਨ ਪ੍ਰਾਪਤ ਹੈ ਕਿ ਸਾਲ ਵਿਚ ਇਥੇ ਛੇ ਰੁੱਤਾਂ ਹੁੰਦੀਆਂ ਹਨ ਤੇ ਧਰਤੀ 'ਤੇ ਕਦੇ ਸਖ਼ਤ ਸਰਦੀ ਕਦੇ ਗਰਮੀ, ਕਦੇ ਬਰਸਾਤ ਪੱਤਝੜ ਅਦਿ ਰੁੱਤਾਂ ਸਾਡੀ ਧਰਤੀ ਸਹਿੰਦੀ ਹੈ | ਖੇਤੀ ਮਾਹਿਰਾਂ ਦਾ ਇਹ ਖਿਆਲ ਹੈ ਕਿ ਵੱਖ-ਵੱਖ ਮੌਸਮ ਫੁੱਲਾਂ ਦੀ ਖੇਤੀ ਲਈ ਬਹੁਤ ਲਾਹੇਵੰਦ ਹੁੰਦੇ ਹਨ | ਜੇਕਰ ਅਸੀਂ ਫੱੁਲਾਂ ਦੀ ਪ੍ਰਕਿਰਤੀ ਦੇਖੀਏ ਕੁਝ ਫੁੱਲ ਬਹੁਤ ਸੰਵੇਦਨਸ਼ੀਲ ਹੁੰਦੇ ਹਨ ਕੁਝ ਬਹੁਤ ਕੂਲੇ ਕੁਝ ਸਖ਼ਤ ਇਨ੍ਹਾਂ ਸਾਰਿਆਂ ਫੱੁਲਾਂ ਲਈ ਵਿਭਿੰਨ ਮੌਸਮ ਬਹੁਤ ਸਹਾਇਕ ਹੁੰਦੇ ਹਨ | ਸੁਗੰਧੀਆਂ ਭਰਪੂਰ ਤੁਲਸੀ ਦੀ ਵਰਤੋਂ ਆਮ ਭਾਰਤੀ ਘਰਾਂ ਵਿਚ ਕੀਤੀ ਜਾਂਦੀ ਹੈ |
ਫੁੱਲਾਂ ਦੇ ਮਾਹਿਰਾਂ ਅਨੁਸਾਰ ਜੋ ਵਪਾਰਕ ਤੌਰ 'ਤੇ ਇਸ ਨਾਲ ਜੁੜੇ ਹੋਏ ਹਨ ਦਾ ਇਹ ਕਹਿਣਾ ਹੈ ਕਿ ਭਾਰਤ ਵਿਚ ਸਭ ਤੋਂ ਵਧ ਫੁੱਲਾਂ ਦੀ ਖੇਤੀ ਸਾਰੀ ਜ਼ਮੀਨ ਦਾ 20 ਪ੍ਰਤੀਸ਼ਤ ਖੇਤੀ ਤਾਮਿਲਨਾਡੂ ਵਿਚ, 13.5 ਫ਼ੀਸਦੀ ਕਰਨਾਟਕ ਵਿਚ, ਵੈਸਟ ਬੰਗਾਲ ਵਿਚ 12.2 ਫ਼ੀਸਦੀ ਤੇ ਬਾਕੀ ਸਾਰੇ ਪ੍ਰਦੇਸ਼ਾਂ ਵਿਚ ਲਗਪਗ ਦਸ ਫ਼ੀਸਦੀ ਜ਼ਮੀਨ 'ਤੇ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ | ਲੋੜ ਹੈ ਇਹ ਰਕਬਾ ਵਧਾਉਣ ਦੀ | ਛੋਟੇ ਕਿਸਾਨਾਂ ਲਈ ਇਹ ਆਮਦਨ ਵਧਾਉਣ ਦਾ ਇਕ ਉਤਮ ਬਦਲਾਅ ਹੈ ਤੇ ਵਪਾਰਕ ਨੁਕਤੇ ਤੋਂ ਇਹ ਘਟ ਜ਼ਮੀਨ ਵਾਲੇ ਕਿਸਾਨਾਂ ਦੇ ਚਿਹਰੇ ਮਹਿਕਾ ਸਕਦੇ ਹਨ |

– 274-ਏ ਐਕਸ, ਮਾਡਲ ਟਾਊਨ ਐਕਸਟੈਂਸ਼ਨ, ਲੁਧਿਆਣਾ |
ਮੋਬਾਈਲ : 98152-55295


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX