ਤਾਜਾ ਖ਼ਬਰਾਂ


ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  16 minutes ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  20 minutes ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  57 minutes ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  about 1 hour ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  about 1 hour ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  about 1 hour ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  about 2 hours ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  about 3 hours ago
ਸ੍ਰੀਲੰਕਾ 'ਚ ਧਮਾਕਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 207
. . .  about 4 hours ago
ਕੋਲੰਬੋ, 21 ਅਪ੍ਰੈਲ - ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਕਈ ਸ਼ਹਿਰਾਂ 'ਚ ਅੱਜ ਈਸਟਰ ਮੌਕੇ ਚਰਚਾਂ ਅਤੇ ਹੋਟਲਾਂ 'ਚ ਹੋਏ ਅੱਠ ਬੰਬ ਧਮਾਕਿਆਂ 'ਚ ਹੁਣ ਤੱਕ...
ਹੋਰ ਖ਼ਬਰਾਂ..

ਲੋਕ ਮੰਚ

ਪਾਣੀ ਬਚਾਓ...

ਪਾਣੀ ਦੀ ਹੋ ਰਹੀ ਬਰਬਾਦੀ ਨੂੰ ਰੋਕਣ ਲਈ ਪਾਣੀ ਬਚਾਉ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕਰਨ ਦੀ ਲੋੜ ਹੈ। ਇਹ ਜਾਗਰੂਕਤਾ ਤਦ ਹੀ ਪੈਦਾ ਹੋ ਸਕਦੀ ਹੈ ਜਦੋਂ ਅਸੀਂ ਖੁਦ ਇਸ ਦੇ ਮੋਹਰੀ ਬਣਾਂਗੇ। ਜਿਸ ਤਰ੍ਹਾਂ ਸਾਡੇ ਜੀਵਨ ਵਿਚ ਪੜ੍ਹਾਈ ਦਾ ਮਹੱਤਵ ਹੈ, ਉਸੇ ਤਰ੍ਹਾਂ ਹੀ ਸਾਡੇ ਜੀਵਨ ਵਿਚ ਪਾਣੀ ਦਾ ਵੀ ਵੱਡਾ ਮਹੱਤਵ ਹੈ। ਅਸੀਂ ਆਪਣੀ ਨੌਜਵਾਨ ਪੀੜ੍ਹੀ ਅੰਦਰ ਜਾਗਰੂਕਤਾ ਲਿਆਉਣੀ ਹੈ। ਅਜੋਕਾ ਦੌਰ ਏਨੀ ਫੁਰਤੀ ਵਾਲਾ ਹੈ ਕਿ ਉਹ ਹਰ ਕੰਮ ਨੂੰ ਸਫਲ ਬਣਾ ਰਿਹਾ ਹੈ ਅਤੇ ਉਸ ਵਿਚ ਮੁਕਾਮ ਹਾਸਲ ਕਰਨ ਦੀ ਤਾਕਤ ਵੀ ਹੈ। ਭਾਵੇਂ ਅੱਜ ਆਮ ਹੀ ਅਖਬਾਰਾਂ ਵਿਚ ਪਾਣੀ ਦੀਆਂ ਖਬਰਾਂ ਜਾਂ ਲੇਖ ਪੜ੍ਹਨ ਲਈ ਮਿਲਦੇ ਹਨ। ਅੱਜ ਵਿਸ਼ਵ ਪੱਧਰ 'ਤੇ ਅਨੇਕਾਂ ਹੀ ਯੋਜਨਾਵਾਂ ਜਾਂ ਮੁਹਿੰਮਾਂ ਸਦਕਾ ਸਮਾਜ ਨੂੰ ਸਹੀ ਸੇਧ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਜੇਕਰ ਪਾਣੀ ਦੀ ਕਿੱਲਤ ਤੋਂ ਬਚਣਾ ਹੈ ਤਾਂ ਯੋਜਨਾ ਤਹਿਤ ਹੀ ਇਸ ਸਮੱਸਿਆ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਜੇਕਰ ਗੱਲ ਪਿੰਡਾਂ ਜਾਂ ਸ਼ਹਿਰਾਂ ਦੀ ਕਰੀਏ ਤਾਂ ਆਮ ਹੀ ਆਏ ਦਿਨ ਪਾਣੀ ਦੀ ਸਮੱਸਿਆ ਰਹਿੰਦੀ ਹੈ। ਪਿਛਲੇ ਕੁਝ ਕੁ ਦਿਨ ਪਹਿਲਾਂ ਪਿੰਡ ਬਲੌਂਗੀ ਮੁਹਾਲੀ ਨੇੜੇ ਜਿਥੇ ਲੋਕਾਂ ਦੇ ਘਰਾਂ ਵਿਚ ਕਈ ਦਿਨਾਂ ਤੋਂ ਪਾਣੀ ਹੀ ਨਹੀਂ ਆ ਰਿਹਾ ਸੀ। ਉਨ੍ਹਾਂ ਵਲੋਂ ਟੈਂਕਰਾਂ ਦੀ ਮਦਦ ਨਾਲ ਪੀਣ ਯੋਗ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ। ਉਨ੍ਹਾਂ ਵਿਚੋਂ ਇਕ ਬਜ਼ੁਰਗ ਨੇ ਤਾਂ ਇਥੋਂ ਤੱਕ ਕਿਹਾ ਕਿ ਅਸੀਂ ਬਿਨਾਂ ਨਹਾਤੇ-ਧੋਤੇ ਕਈ ਦਿਨ ਤੋਂ ਫਿਰ ਰਹੇ ਹਾਂ, ਕਿਉਂਕਿ ਉਨ੍ਹਾਂ ਕੋਲ ਪੀਣ ਲਾਇਕ ਪਾਣੀ ਦਾ ਪ੍ਰਬੰਧ ਹੀ ਮਸਾਂ ਹੁੰਦਾ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਮ ਹੀ ਹਰ ਰੋਜ਼ ਕਿਤੇ ਨਾ ਕਿਤੇ ਆਉਂਦੀਆਂ ਹੀ ਰਹਿੰਦੀਆਂ ਹਨ। ਜੇਕਰ ਸਬਮਰਸੀਬਲ ਪੰਪਾਂ ਦੀ ਗੱਲ ਕਰੀਏ ਤਾਂ ਇਹ ਸਬਮਰਸੀਬਲ ਪੰਪ ਆਮ ਹੀ ਸਭ ਦੇ ਘਰੋ-ਘਰੀ ਲੱਗੇ ਹੁੰਦੇ ਹਨ। ਇਨ੍ਹਾਂ ਦੇ ਆਉਣ ਕਾਰਨ ਭਾਵੇਂ ਪਾਣੀ ਦੀ ਪੂਰਤੀ ਤਾਂ ਹੋ ਜਾਂਦੀ ਹੈ ਪਰ ਇਨ੍ਹਾਂ ਨਾਲ ਪਾਣੀ ਦੀ ਬਰਬਾਦੀ ਜ਼ਰੂਰ ਵਧ ਗਈ ਹੈ। ਜੇਕਰ ਛੋਟੇ-ਮੋਟੇ ਕੰਮ ਵੀ ਕਰਨੇ ਹੁੰਦੇ ਹਨ ਤਾਂ ਵੀ ਇਹ ਪੰਪਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਨਾਲ ਪਾਣੀ ਦੀ ਬੇਲੋੜੀ ਵਰਤੋਂ ਹੁੰਦੀ ਹੈ। ਇਹ ਸਮੱਸਿਆ ਵੀ ਵੱਡਾ ਕਾਰਨ ਸਿੱਧ ਹੋ ਰਹੀ ਹੈ। ਕਈ-ਕਈ ਚਿਰ ਘਰਾਂ ਦੀਆਂ ਟੈਂਕੀਆਂ ਓਵਰਫਲੋ ਹੁੰਦੀਆਂ ਆਮ ਹੀ ਦਿਖ ਜਾਂਦੀਆਂ ਹਨ। ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਜੇਕਰ ਇਹ ਬਰਬਾਦੀ ਇਸੇ ਤਰ੍ਹਾਂ ਚਲਦੀ ਰਹੀ ਤਾਂ ਸਾਡਾ ਜੀਵਨ ਖੇਰੂੰ-ਖੇਰੂੰ ਹੋਣਾ ਲਾਜ਼ਮੀ ਹੈ। ਸਾਡੀਆਂ ਸਰਕਾਰਾਂ ਦੀ ਅਣਗਹਿਲੀ ਤੇ ਸਹੀ ਯੋਜਨਾਬੰਦੀ ਦੀ ਘਾਟ ਕਾਰਨ ਇਹ ਰੁਝਾਨ ਲਗਾਤਾਰ ਜਾਰੀ ਹੈ।

-1323/26, ਫੇਸ-2, ਐਸ.ਏ.ਐਸ. ਨਗਰ, ਮੁਹਾਲੀ। ਮੋਬਾ: 98785-19278


ਖ਼ਬਰ ਸ਼ੇਅਰ ਕਰੋ

ਮਾਣ-ਮੱਤੇ ਅਧਿਆਪਕ-25

ਪੰਜਾਬ ਭਰ ਵਿਚੋਂ ਸਭ ਤੋਂ ਵੱਧ ਵਿਦਿਆਰਥੀ ਗਿਣਤੀ ਦਾ ਰਿਕਾਰਡ ਬਣਾਉਣ ਵਾਲੇ ਸੁਦਾਗਰ ਸਿੰਘ ਸਰਾਭਾ

ਪਿੰਡ ਸਰਾਭਾ ਦੀ ਧਰਤੀ ਉਹ ਮਹਾਨ ਧਰਤੀ ਹੈ, ਜਿਸ ਨੇ ਪੰਜਾਬ ਦਾ ਮਹਾਨ ਸਪੂਤ ਸ਼ਹੀਦ ਕਰਤਾਰ ਸਿੰਘ ਸਰਾਭਾ ਪੈਦਾ ਕੀਤਾ। ਇਸੇ ਪਵਿੱਤਰ ਮਿੱਟੀ ਦੀ ਮਹਾਨਤਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਨਗਰੀ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਦੇ ਹਰ ਬਸ਼ਿੰਦੇ ਵਿਚੋਂ ਮੈਨੂੰ ਦੇਸ਼ ਪ੍ਰੇਮ ਦੀ ਮੂਰਤ ਨਜ਼ਰ ਆਉਂਦੀ ਹੈ। ਇਸੇ ਮੂਰਤ ਨੂੰ ਸੱਚ ਕਰ ਵਿਖਾਉਂਦੇ ਹਨ ਮਾਸਟਰ ਸੁਦਾਗਰ ਸਿੰਘ ਸਰਾਭਾ ਦੇ ਵਡਮੁੱਲੇ ਕਾਰਜ। 10 ਮਈ, 1958 ਨੂੰ ਪਿਤਾ ਸ: ਭਗਤ ਸਿੰਘ ਦੇ ਘਰ ਮਾਤਾ ਸ੍ਰੀਮਤੀ ਗੁਰਦੇਵ ਕੌਰ ਦੀ ਗੋਦ ਵਿਚ ਪਹਿਲੀ ਕਿਲਕਾਰੀ ਮਾਰਨ ਵਾਲੇ ਸ: ਸੁਦਾਗਰ ਸਿੰਘ ਨੇ ਮੁਢਲੀ ਵਿੱਦਿਆ ਪਿੰਡ ਸਰਾਭਾ ਦੇ ਹੀ ਸਰਕਾਰੀ ਸਕੂਲ ਤੋਂ ਪ੍ਰਾਪਤ ਕਰਕੇ 1978 ਵਿਚ ਬਤੌਰ ਅਧਿਆਪਕ ਸਰਕਾਰੀ ਸਕੂਲ ਵਕੀਲਾਂ ਵਾਲਾ ਮਖੂ ਤੋਂ ਆਪਣਾ ਸਫਰ ਸ਼ੁਰੂ ਕੀਤਾ। ਆਪਣੀ ਨੌਕਰੀ ਦੇ ਪਹਿਲੇ ਦਿਨ ਤੋਂ ਹੀ ਸ: ਸੁਦਾਗਰ ਸਿੰਘ ਨੇ ਸਿੱਖਿਆ ਅਤੇ ਬੱਚਿਆਂ ਦੀ ਭਲਾਈ ਦਾ ਬੀੜਾ ਚੁੱਕ ਲਿਆ ਸੀ ਅਤੇ ਫਿਰ ਕਦੇ ਪਿੱਛੇ ਮੁੜ ਨਹੀਂ ਵੇਖਿਆ। ਉਨ੍ਹਾਂ ਦੇ ਕਦਮ ਹਮੇਸ਼ਾ ਲੋਕ ਹਿੱਤਾਂ ਲਈ ਚਲਦੇ ਹੀ ਗਏ। 1984 ਵਿਚ ਸਰਕਾਰੀ ਹਾਈ ਸਕੂਲ, ਢੰਡਾਰੀ ਖੁਰਦ, ਜ਼ਿਲ੍ਹਾ ਲੁਧਿਆਣਾ ਵਿਚ ਲੰਬੇ ਅਰਸੇ ਤੋਂ ਕਿਸੇ ਉੱਦਮੀ ਅਧਿਆਪਕ ਨੂੰ ਉਡੀਕ ਰਹੀ ਪੁਰਾਣੀ ਬਿਲਡਿੰਗ ਨੂੰ ਨਵੀਂ ਬਣਾਉਣਾ ਸ: ਸੁਦਾਗਰ ਸਿੰਘ ਦੇ ਹਿੱਸੇ ਆਇਆ। ਉਨ੍ਹਾਂ ਨੇ ਦਿਲ-ਜਾਨ ਲਗਾ ਕੇ ਕੰਮ ਕੀਤਾ। ਇਸੇ ਕਰਕੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ 2014 ਵਿਚ ਅਧਿਆਪਕ ਰਾਜ ਪੁਰਸਕਾਰ ਅਤੇ 2016 ਵਿਚ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਨਿਵਾਜਿਆ ਗਿਆ। ਸਰਕਾਰੀ ਮਿਡਲ ਸਕੂਲ ਗਿਆਸਪੁਰਾ ਵਿਖੇ ਉਨ੍ਹਾਂ ਦੀ ਮਿਹਨਤ ਨੇ ਉਸ ਮੌਕੇ ਰੰਗ ਲਿਆਂਦਾ ਜਦੋਂ ਸਕੂਲ ਵਿਖੇ ਵਿਦਿਆਰਥੀਆਂ ਦੀ ਗਿਣਤੀ 98 ਤੋਂ ਵਧ ਕੇ 697 ਹੋ ਗਈ, ਜੋ ਪੰਜਾਬ ਭਰ ਦੇ ਸਾਰੇ ਮਿਡਲ ਸਕੂਲਾਂ ਨਾਲੋਂ ਵੱਧ ਹੋਣ ਦਾ ਰਿਕਾਰਡ ਵੀ ਸੀ । ਇੱਥੇ ਉਨ੍ਹਾਂ ਦੇ ਉੱਦਮ ਸਦਕਾ ਇਕ ਕਰੋੜ ਦੀ ਲਾਗਤ ਨਾਲ ਇਮਾਰਤ ਬਣਾਈ ਗਈ ਅਤੇ ਲੰਘੇ ਵਰ੍ਹੇ ਉਨ੍ਹਾਂ ਦੀ ਪ੍ਰੇਰਨਾ ਨਾਲ ਇਕ ਪ੍ਰਾਈਵੇਟ ਉਦਯੋਗ ਗਰੁੱਪ ਵਲੋਂ ਦੋ ਕਰੋੜ ਦੀ ਲਾਗਤ ਨਾਲ 12 ਕਮਰੇ ਬਣਾਏ ਗਏ ਹਨ। ਉਹ ਇਕ ਆਦਰਸ਼ ਅਧਿਆਪਕ ਹੋਣ ਦੀ ਵੱਡੀ ਜ਼ਿੰਮੇਵਾਰੀ ਦੇ ਨਾਲ-ਨਾਲ ਹੋਰ ਵਿਭਾਗੀ ਕੰਮਾਂ ਦੇ ਬਾਦਸ਼ਾਹ ਵੀ ਹਨ। 2016 ਤੋਂ ਲੈ ਕੇ ਹਲਕਾ ਦਾਖਾ ਦੇ ਸਵੀਪ ਨੋਡਲ ਅਫਸਰ ਵਜੋਂ ਸੇਵਾਵਾਂ ਵੀ ਨਿਭਾ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਕਈ ਸੰਸਥਾਵਾਂ ਵਲੋਂ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੇ ਵਿਦਿਆਰਥੀਆਂ ਨੇ ਫੁੱਟਬਾਲ ਵਿਚ ਸਟੇਟ ਅਤੇ ਜੂਡੋ ਕਰਾਟੇ ਵਿਚ ਅੰਤਰਰਾਸ਼ਟਰੀ ਪੱਧਰ ਤੱਕ ਨਾਂਅ ਰੌਸ਼ਨ ਕੀਤਾ ਹੈ। ਉਹ ਹਰ ਸਮੇਂ ਸਕੂਲ ਤੇ ਸਮਾਜ ਦੀ ਬਿਹਤਰੀ ਲਈ ਤੁਰਨ ਵਾਲੀ ਮਾਣਮੱਤੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਆਪਣੇ ਸਾਰੇ ਸੁਆਰਥ ਤਿਆਗ ਕੇ ਆਪਣਾ ਜੀਵਨ ਹੀ ਸਿੱਖਿਆ ਅਤੇ ਬੱਚਿਆਂ ਦੇ ਨਾਂਅ ਲਗਾਉਣ ਦੀ ਠਾਣ ਰੱਖੀ ਹੈ। ਉਹ ਕਦੇ ਵਿਦਿਆਰਥੀਆਂ ਵਿਚ ਵਿਦਿਆਰਥੀ ਲੱਗਦੇ ਹਨ, ਕਦੇ-ਕਦੇ ਰੁੱਖਾਂ ਨਾਲ ਗੱਲਾਂ ਕਰਦੇ ਕੋਈ ਬੋਹੜ ਵਰਗਾ ਸਿਆਣਾ ਜਿਹਾ ਰੁੱਖ ਜਾਪਦੇ ਹਨ। ਸ: ਸੁਗਾਦਰ ਸਿੰਘ ਨਿੱਜਤਾ ਵੱਲ ਵਧ ਰਹੇ ਸਮਾਜ ਨੂੰ ਲੈ ਕੇ ਚਿੰਤਤ ਵੀ ਜਾਪਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਵਲ ਅਫਸਰ ਹੀ ਨਹੀਂ, ਅਧਿਆਪਕ ਨੂੰ ਚੰਗੇ ਇਨਸਾਨ ਪੈਦਾ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ। ਹਰ ਸਮੇਂ ਤਤਪਰ ਰਹਿਣ ਪਿੱਛੇ ਉਹ ਜਿੱਥੇ ਸਰਾਭਾ ਨਗਰ ਦੀ ਪਵਿੱਤਰ ਮਿੱਟੀ ਤੋਂ ਮਿਲੀ ਦੇਸ਼ ਪ੍ਰੇਮ ਦੀ ਗੁੜ੍ਹਤੀ ਨੂੰ ਕਾਰਨ ਮੰਨਦੇ ਹਨ, ਉੱਥੇ ਮਾਤਾ-ਪਿਤਾ ਵਲੋਂ ਮਿਲੀ ਸਿੱਖਿਆ ਅਤੇ ਜੀਵਨ ਸਾਥਣ ਸ੍ਰੀਮਤੀ ਸੁਖਵਿੰਦਰ ਕੌਰ ਦਾ ਸਾਥ ਵੀ ਕਾਰਨ ਬਣਿਆ ਹੈ। ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸ: ਸੁਦਾਗਰ ਸਿੰਘ ਸਦਾ ਤੰਦਰੁਸਤ ਰਹਿਣ ਅਤੇ ਹੋਰ ਵਧ-ਚੜ੍ਹ ਕੇ ਸਿੱਖਿਆ ਅਤੇ ਸਮਾਜ ਲਈ ਕੰਮ ਕਰਨ, ਇਹੀ ਮੇਰੀ ਦਿਲੀ ਕਾਮਨਾ ਹੈ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)।
ਮੋਬਾ: 93565-52000

ਰਾਜਨੀਤੀ ਦਾ ਵਪਾਰੀਕਰਨ ਇਕ ਮਾੜਾ ਰੁਝਾਨ

ਰਾਜਨੀਤੀ ਅਸਲ ਸ਼ਬਦਾਂ ਵਿਚ ਤਾਂ ਸੇਵਾ ਹੀ ਹੈ। ਦੇਸ਼ ਆਜ਼ਾਦ ਹੋਣ ਤੋਂ ਕੁਝ ਸਮੇਂ ਤੱਕ, ਕੁਝ ਹੱਦ ਤੱਕ ਇਹ ਲੋਕ ਸੇਵਾ ਰਹੀ ਵੀ ਪਰ ਵਰਤਮਾਨ ਸਮੇਂ ਵਿਚ ਇਹ ਵਪਾਰ ਵਿਚ ਤਬਦੀਲ ਹੋ ਚੁੱਕੀ ਹੈ। ਇਹ ਵੀ ਸੁਭਾਵਿਕ ਹੈ ਕਿ ਇਸ ਦਾ ਕੋਈ ਨਾ ਕੋਈ ਕਾਰਨ ਤਾਂ ਹੋਵੇਗਾ ਹੀ। ਆਓ! ਇਸ ਦੇ ਕਾਰਨਾਂ ਦੀ ਜੜ੍ਹ ਲੱਭਦੇ ਹਾਂ। ਵਰਤਮਾਨ ਸਮੇਂ ਵਿਚ ਰਾਜਨੀਤੀ ਵਿਚ ਆਉਣ ਲਈ ਮੋਟੀ ਰਕਮ ਖਰਚ ਕਰਨੀ ਪੈਂਦੀ ਹੈ, ਜੋ ਕਿ ਇਕ ਇਮਾਨਦਾਰ ਵਿਅਕਤੀ ਲਈ ਬਿਲਕੁਲ ਹੀ ਸੰਭਵ ਨਹੀਂ। ਕਿਉਂਕਿ ਉਸ ਨੇ ਗ੍ਰਾਂਟਾਂ ਵਗੈਰਾ ਨੂੰ ਕੱਟ ਤਾਂ ਲਾਉਣਾ ਨਹੀਂ। ਉਹ ਐਨਾ ਮੂਰਖ ਨਹੀਂ ਕਿ ਉਹ ਵੋਟਾਂ ਪ੍ਰਾਪਤ ਕਰਨ ਲਈ ਮੋਟੀ ਰਕਮ ਖਰਚ ਕਰਦਾ ਫਿਰੇ, ਜਦੋਂ ਕਿ ਦੂਜੇ ਜਿੱਤ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਲਟਾ-ਪੀਂਘ ਹੁੰਦੇ ਹਨ। ਉਹ ਸਮਝਦੇ ਹਨ ਕਿ ਅਸੀਂ ਤਾਂ ਕਈ ਗੁਣਾ ਪੈਸਾ ਖਾ ਹੀ ਜਾਣਾ ਹੈ। ਸੰਖੇਪ ਵਿਚ ਅੱਜ ਦੀ ਰਾਜਨੀਤੀ ਵਿਚ ਇਮਾਨਦਾਰੀ ਲਈ ਕੋਈ ਥਾਂ ਨਹੀਂ। ਖੈਰ, ਲੈ-ਦੇ ਕੇ 1 ਫੀਸਦੀ ਵਿਅਕਤੀ ਇਮਾਨਦਾਰ ਵੀ ਆ ਜਾਂਦੇ ਹਨ, ਜਿਵੇਂ ਲਾਲ ਬਹਾਦਰ ਸ਼ਾਸਤਰੀ ਅਤੇ ਮਨਮੋਹਨ ਸਿੰਘ ਜੀ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਸਾਰਥਿਕ ਹੱਲ : ਇਸ ਦੇ ਸਾਰਥਿਕ ਹੱਲ ਲਈ ਸਾਨੂੰ ਉੱਚਾ-ਸੁੱਚਾ ਪੱਧਰ ਛਾਂਟਣ ਲਈ ਬਰੀਕ ਛਾਨਣੀ ਵਰਤਣੀ ਪਵੇਗੀ। ਇਸ ਦਾ ਭਾਵ ਇਹ ਹੋਇਆ ਕਿ ਅਸਾਂ ਨੂੰ ਰਾਜਨੀਤੀਵਾਨਾਂ ਦੀ ਚੋਣ ਆਈ.ਏ.ਐਸ. ਵਰਗੀਆਂ ਸੇਵਾਵਾਂ ਦੀ ਚੋਣ ਵਾਂਗ ਹੀ ਕਰਨੀ ਪਵੇਗੀ। ਜੇ ਹੋ ਸਕੇ ਤਾਂ ਤਰੱਕੀ ਕਰਨ ਦਾ ਢੰਗ ਵੀ ਬਦਲ ਦੇਣਾ ਚਾਹੀਦਾ ਹੈ। ਇਸ ਦੇ ਸਮਝਣ ਲਈ ਪੁਲਿਸ ਮਹਿਕਮੇ ਦੀ ਉਦਾਹਰਨ ਲਈ ਜਾ ਸਕਦੀ ਹੈ- ਆਈ.ਪੀ.ਐਸ. ਰਾਹੀਂ ਜੋ ਚੁਣੇ ਜਾਂਦੇ ਹਨ, ਉਨ੍ਹਾਂ ਦੀ ਬੋਲੀ ਹਲੀਮੀ ਵਾਲੀ ਹੁੰਦੀ ਹੈ ਅਤੇ ਕਿਸੇ ਹੱਦ ਤੱਕ ਭ੍ਰਿਸ਼ਟਾਚਾਰ ਤੋਂ ਵੀ ਦੂਰ ਹੁੰਦੇ ਹਨ। ਇਹ ਦਿਮਾਗੀ ਪੱਧਰ ਉੱਚਾ ਹੋਣ ਕਾਰਨ ਹੀ ਤਾਂ ਹੁੰਦੇ ਹਨ। ਇਹੀ ਤਮਾਸ਼ਾ ਪੰਚਾਇਤ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਚੋਣਾਂ ਵਿਚ ਲੱਖਾਂ ਰੁਪਏ ਖਰਚ ਉਮੀਦਵਾਰ ਕਰਦੇ ਹਨ ਜਦੋਂ ਕਿ ਇਨ੍ਹਾਂ ਨੂੰ ਤਨਖਾਹ ਵਗੈਰਾ ਨਹੀਂ ਮਿਲਦੀ। ਹਾਂ, ਗ੍ਰਾਂਟ ਜ਼ਰੂਰ ਮਿਲ ਜਾਂਦੀ ਹੈ। ਸੋ, ਉਹ ਗ੍ਰਾਂਟ ਹੜੱਪਣ ਖਾਤਰ ਹੀ ਏਨਾ ਖਰਚ ਕਰਦੇ ਹਨ। ਇਕ ਹੋਰ ਰੁਝਾਨ ਵੀ ਦੇਖਣ ਨੂੰ ਮਿਲਦਾ ਹੈ ਕਿ ਇਨ੍ਹਾਂ ਚੋਣਾਂ ਵਿਚ ਆਮ ਕਰਕੇ ਅਪਰਾਧੀ ਕਿਸਮ ਦੇ ਵਿਅਕਤੀ ਹੀ ਜਿੱਤ ਪ੍ਰਾਪਤ ਕਰਦੇ ਹਨ। ਇਸ ਰੁਝਾਨ ਨੂੰ ਦੇਖਦੇ ਹੋਏ ਹੀ ਇਕ ਵਾਰ ਸ: ਪ੍ਰਤਾਪ ਸਿੰਘ ਕੈਰੋਂ ਨੇ ਪਿੰਡਾਂ ਵਿਚ 'ਸਾਧ-ਸੰਗਤ ਬੋਰਡ' ਬਣਾਉਣ ਦੀ ਸਕੀਮ ਬਣਾਈ ਸੀ ਪਰ ਉਨ੍ਹਾਂ ਦੇ ਜਾਣ ਨਾਲ ਇਹ ਸਕੀਮ ਸਿਰੇ ਨਾ ਚੜ੍ਹ ਸਕੀ। ਜੇ ਇਹ ਸਕੀਮ ਹੁਣ ਵੀ ਲਾਗੂ ਕੀਤੀ ਜਾਂਦੀ ਹੈ ਤਾਂ ਸਰਕਾਰ ਦੇ ਕਰੋੜਾਂ ਰੁਪਏ ਤਾਂ ਬਚਣਗੇ ਹੀ, ਨਾਲ ਹੀ ਕਰਮਚਾਰੀਆਂ ਨੂੰ ਇਸ ਬੇਲੋੜਾ ਡਿਊਟੀ ਤੋਂ ਰਾਹਤ ਵੀ ਮਿਲੇਗੀ। ਪਿੰਡਾਂ ਵਿਚ ਧੜੇਬੰਦੀ ਖ਼ਤਮ ਹੋਵੇਗੀ। ਧੜੇਬੰਦੀ ਕਾਰਨ ਪਿੰਡ ਦੇ ਕੰਮਾਂ ਵਿਚ ਵਿਘਨ ਨਹੀਂ ਪਵੇਗਾ ਪਰ ਇਸ ਨਾਲ 'ਜੇ' ਸ਼ਬਦ ਲੱਗ ਜਾਂਦਾ ਹੈ, ਕਿਉਂਕਿ ਇਸ ਵਿਚ ਭ੍ਰਿਸ਼ਟ ਨੇਤਾਵਾਂ ਦਾ ਆਪਣਾ ਮੁਫ਼ਾਦ ਵੀ ਹੁੰਦਾ ਹੈ।

-ਪਿੰਡ ਬੁਰਜ, ਡਾਕ: ਮਲੇਰਕੋਟਲਾ (ਸੰਗਰੂਰ)। ਮੋਬਾ: 88720-61756

ਨੋਟਬੰਦੀ ਦੀ ਮਾਰ ਤੋਂ ਅਜੇ ਤੱਕ ਉੱਭਰ ਨਹੀਂ ਸਕਿਆ ਮੱਧਵਰਗ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਵਿਚੋਂ ਕਾਲੇ ਧਨ ਦੇ ਖਾਤਮੇ ਲਈ ਪਿਛਲੇ ਸਾਲ ਪੰਜ ਸੌ ਅਤੇ ਇਕ ਹਜ਼ਾਰ ਦੇ ਨੋਟ 'ਤੇ ਪਾਬੰਦੀ ਲਾ ਕੇ ਪੂਰੇ ਦੇਸ਼ ਵਿਚ ਹਲਚਲ ਮਚਾ ਦਿੱਤੀ ਸੀ। ਅਚਨਚੇਤ ਲਏ ਗਏ ਇਸ ਫ਼ੈਸਲੇ ਨੇ ਲੋਕਾਂ ਵਿਚ ਰਾਤੋ-ਰਾਤ ਗੜਬੜੀ ਵਾਲਾ ਮਾਹੌਲ ਬਣਾ ਦਿੱਤਾ। ਮੀਡੀਆ ਨੇ ਵੀ ਆਪਣੀ-ਆਪਣੀ ਟੀ.ਆਰ.ਪੀ. ਵਧਾਉਣ ਲਈ ਵਧਾ-ਚੜ੍ਹਾ ਕੇ ਸਰਕਾਰ ਦੇ ਪੱਖ ਵਿਚ ਬੋਲਣਾ ਸ਼ੁਰੂ ਕਰ ਦਿੱਤਾ। ਲੋਕ ਰਾਤੋ-ਰਾਤ ਬੈਂਕਾਂ ਦੇ ਏ.ਟੀ.ਐੱਮ. ਮਸ਼ੀਨਾਂ ਵੱਲ ਭੱਜਣੇ ਸ਼ੁਰੂ ਹੋ ਗਏ। ਕੋਈ ਸੋਨਾ-ਚਾਂਦੀ ਖਰੀਦਣ ਨੂੰ ਤੁਰ ਪਿਆ। ਲਏ ਗਏ ਫ਼ੈਸਲੇ ਦੇ ਦੂਜੇ ਦਿਨ ਹੀ ਪੂਰੇ ਦੇਸ਼ ਦੀਆਂ ਬੈਂਕਾਂ ਅੱਗੇ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ। ਹਰ ਦਿਨ ਕੋਈ ਨਾ ਕੋਈ ਵਿਅਕਤੀ ਲਾਈਨਾਂ ਵਿਚ ਖੜ੍ਹਾ ਮੁਸ਼ਕਿਲ ਨਾ ਝਲਦਾ ਦੁਨੀਆ ਤੋਂ ਹੀ ਰੁਖਸਤ ਹੋ ਤੁਰਿਆ। ਸ੍ਰੀ ਮੋਦੀ ਦੇ ਇਸ 50 ਦਿਨਾਂ ਦੇ ਫ਼ੈਸਲੇ ਨੂੰ ਪਹਿਲਾਂ-ਪਹਿਲਾਂ ਬਹੁਤ ਸਲਾਹਿਆ ਗਿਆ ਪਰ ਕੁਝ ਦਿਨਾਂ ਬਾਅਦ ਹੀ ਜੋ ਲੋਕ ਇਸ ਫ਼ੈਸਲੇ ਨੂੰ ਚੰਗਾ ਮੰਨਦੇ ਸਨ, ਉਹ ਹੀ ਇਸ ਦੇ ਉਲਟ ਹੋ ਗਏ ਸਨ। ਮੱਧਵਰਗੀ ਲੋਕ ਭਾਵ ਆਮ ਲੋਕ, ਛੋਟੇ ਦੁਕਾਨਦਾਰ, ਛੋਟੇ ਵਪਾਰੀ ਆਦਿ ਹੀ ਬੈਂਕਾਂ ਦੀਆਂ ਲਾਈਨਾਂ ਵਿਚ ਖੜ੍ਹੇ ਆਪਣੀ ਮਿਹਨਤ ਦੇ ਪਸੀਨੇ ਨਾਲ ਕਮਾਈ ਪੂੰਜੀ ਲੈਣ ਲਈ ਤਰਲੋਮੱਛੀ ਹੋ ਰਹੇ ਹਨ, ਹਾਲਾਂਕਿ ਧਨਾਢ ਲੋਕਾਂ ਦੇ ਨੋਟ ਤਾਂ ਵੱਡੇ ਕਮਿਸ਼ਨ 'ਤੇ ਘਰ ਬੈਠੇ ਹੀ ਬਦਲ ਗਏ। ਇਹ ਵੀ ਸੁਣਨ ਵਿਚ ਆਇਆ ਹੈ ਕਿ ਕਈ ਬੈਂਕ ਮੈਨੇਜਰ ਰਾਤੋ-ਰਾਤ ਚੰਗਾ ਪੈਸਾ ਕਮਾ ਗਏ। ਹਾਲਾਂਕਿ ਮੋਦੀ ਸਰਕਾਰ ਨੇ ਕਈ ਬੈਂਕਾਂ ਖਿਲਾਫ ਜਾਂਚ ਦੀ ਗੱਲ ਕਹੀ ਹੈ। ਮੋਦੀ ਦੇ ਨੋਟਬੰਦੀ ਬਾਰੇ ਫ਼ੈਸਲੇ ਨੂੰ ਆਮ ਲੋਕ ਕੰਮਬੰਦੀ ਫ਼ੈਸਲਾ ਦੱਸ ਰਹੇ ਹਨ, ਕਿਉਂਕਿ ਮੱਧਵਰਗੀ ਵਪਾਰੀ, ਛੋਟੇ ਦੁਕਾਨਦਾਰ ਅਤੇ ਕਿਸਾਨ-ਮਜ਼ਦੂਰ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ। ਕਈ ਮਜ਼ਦੂਰਾਂ ਦੇ ਘਰ ਤਾਂ ਇਕ ਸਮੇਂ ਹੀ ਚੁੱਲ੍ਹਾ ਤਪਦਾ ਸੀ, ਜਿਨ੍ਹਾਂ ਨੇ ਧੀਆਂ ਦੇ ਵਿਆਹ ਕਰਨੇ ਸਨ, ਉਨ੍ਹਾਂ ਨੂੰ ਸਰਕਾਰ ਦੀਆਂ ਹਦਾਇਤਾਂ 'ਤੇ ਪੈਸਾ ਨਹੀਂ ਮਿਲਿਆ। ਸਰਕਾਰ ਦੇਸ਼ ਨੂੰ ਕੈਸ਼ਲੈੱਸ ਕਰਨਾ ਚਾਹੁੰਦੀ ਹੈ ਅਤੇ ਈ-ਪ੍ਰਣਾਲੀ ਰਾਹੀਂ ਕੰਮ ਕਰਨ ਨੂੰ ਕਹਿ ਰਹੀ ਹੈ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਜੋ ਅਨਪੜ੍ਹ ਤਬਕਾ ਹੈ, ਉਹ ਉਕਤ ਪ੍ਰਣਾਲੀ ਨੂੰ ਕਿਵੇਂ ਵਰਤੋਂ ਕਰੇਗਾ। ਸੋ ਅਸਲ ਸੱਚਾਈ ਹੈ ਕਿ ਆਮ ਲੋਕਾਂ ਲਈ ਇਹ ਨੋਟਬੰਦੀ ਦਾ ਫ਼ਰਮਾਨ ਸਹੀ ਸਾਬਤ ਨਹੀਂ ਹੋਇਆ। ਹਰ ਵਪਾਰੀ ਮੰਦੇ ਵਿਚ ਚੱਲ ਰਿਹਾ ਹੈ ਅਤੇ ਛੋਟੇ ਕਾਰੋਬਾਰੀਆਂ ਦੇ ਕੰਮਾਂ ਵਿਚ ਨੋਟਬੰਦੀ ਨੇ ਖੜੋਤ ਪੈਦਾ ਕਰ ਦਿੱਤੀ ਹੈ। ਅਜੋਕੇ ਸਮੇਂ ਵਿਚ ਐਤਵਾਰ ਵਾਲੇ ਦਿਨ ਵੀ ਦੁਕਾਨਾਂ ਖੁੱਲ੍ਹ ਰਹੀਆਂ ਹਨ ਤੇ ਵਪਾਰ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਹਰ ਤਬਕਾ ਔਖਾ ਹੀ ਹੈ। ਕੇਂਦਰ ਸਰਕਾਰ ਨੇ ਭਾਵੇਂ ਛੋਟੀ ਕਰੰਸੀ ਵੀ ਜਾਰੀ ਕਰ ਦਿੱਤੀ ਹੈ ਪਰ ਨੋਟਬੰਦੀ ਵੇਲੇ ਵਪਾਰ ਵਿਚ ਪਿਆ ਘਾਟਾ ਪੂਰਾ ਨਹੀਂ ਹੋ ਰਿਹਾ ਹੈ। ਇੱਥੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਪਾਰੀ ਤੇ ਆਮ ਵਰਗ ਨੂੰ ਰਿਆਇਤਾਂ ਪ੍ਰਦਾਨ ਕਰੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਛੋਟਾ ਵਪਾਰੀ ਤੇ ਕਿਸਾਨ-ਮਜ਼ਦੂਰ ਬਿਲਕੁਲ ਖ਼ਤਮ ਹੋ ਜਾਵੇਗਾ।

-ਮੋਬਾ: 70878-00168

ਆਖਰ ਕਦੋਂ ਤੱਕ ਨਸ਼ਟ ਹੁੰਦੀ ਰਹੇਗੀ ਓਜ਼ੋਨ ਪਰਤ

ਓਜ਼ੋਨ ਕੀ ਹੈ? ਓਜ਼ੋਨ ਧਰਤੀ ਤੋਂ 10 ਤੋਂ 50 ਕਿਲੋਮੀਟਰ ਦੀ ਉਚਾਈ 'ਤੇ ਸਥਿਤ ਹੈ। ਇਸ ਦਾ ਇਕ ਗਿਲਾਫ ਬਣਿਆ ਹੋਇਆ ਹੈ, ਜਿਹੜਾ ਸੂਰਜ ਤੋਂ ਆਉਣ ਵਾਲੀਆਂ ਪਰਾਵੈਂਗਣੀ ਕਿਰਨਾਂ ਨੂੰ ਸਿੱਧਾ ਧਰਤੀ 'ਤੇ ਆਉਣ ਤੋਂ ਰੋਕਦੀ ਹੈ। ਇਹ ਓਜ਼ੋਨ ਪਰਤ ਅਖਵਾਉਦੀ ਹੈ। ਇਹ ਸਮਤਾਪ ਮੰਡਲ ਵਿਚ ਸਥਿਤ ਹੈ। ਇਸ ਪਰਤ ਵਿਚ ਓਜ਼ੋਨ ਦੀ ਮਾਤਰਾ ਬਹੁਤ ਜ਼ਿਆਦਾ ਹੈ। ਸੂਰਜ ਦੀਆਂ ਕਿਰਨਾਂ ਦੀ ਮੌਜੂਦਗੀ ਵਿਚ ਹੋਈ ਕਿਰਿਆ ਕਾਰਨ ਆਕਸੀਜਨ ਤੋਂ ਓਜ਼ੋਨ ਪੈਦਾ ਹੁੰਦੀ ਹੈ। ਓਜ਼ੋਨ ਦਾ ਅਣੂ ਆਕਸੀਜਨ ਦੇ ਤਿੰਨ ਪ੍ਰਮਾਣੂਆਂ ਤੋਂ ਬਣਿਆ ਹੁੰਦਾ ਹੈ। ਆਕਸੀਜਨ ਸਾਰੇ ਆਕਸੀ-ਜੀਵੀ ਜੀਵਾਂ ਲਈ ਬਹੁਤ ਜ਼ਰੂਰੀ ਹੈ। ਓਜ਼ੋਨ ਇਕ ਘਾਤਕ ਜ਼ਹਿਰ ਹੈ, ਪਰ ਇਹ ਵਾਯੂ ਮੰਡਲ ਦੇ ਉਪਰਲੇ ਪੱਧਰ 'ਤੇ ਹੈ। ਓਜ਼ੋਨ ਇਕ ਬਹੁਤ ਜ਼ਰੂਰੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨਿਭਾਉਂਦੀ ਹੈ। ਸੰਨ 1980 ਵਿਚ ਵਾਯੂ ਮੰਡਲ ਵਿਚ ਓਜ਼ੋਨ ਦੀ ਮਾਤਰਾ ਵਿਚ ਤੇਜ਼ੀ ਨਾਲ ਕਮੀ ਹੋਣ ਲੱਗੀ। ਮਨੁੱਖ ਵਲੋਂ ਸੰਸਲਿਸਟ ਕਲੋਰੋ-ਫਲੋਰੋ ਕਾਰਬਨ ਜਿਹੇ ਰਸਾਇਣਾਂ ਨੂੰ ਇਸ ਦਾ ਮੁੱਖ ਕਾਰਨ ਮੰਨਿਆ ਗਿਆ। ਇਨ੍ਹਾਂ ਦਾ ਉਪਯੋਗ ਰੈਫਰੀਜਰੇਟਰਾਂ ਅਤੇ ਅੱਗ-ਬੁਝਾਊ ਯੰਤਰਾਂ ਵਿਚ ਕੀਤਾ ਜਾਦਾ ਹੈ। ਸੰਨ 1987 ਵਿਚ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਵਿਚ ਸਰਬਸੰਮਤੀ ਨਾਲ ਕਲੋਰੋ-ਫਲੋਰੋ ਕਾਰਬਨ ਦੇ ਉਤਪਾਦਨ ਦਾ ਪੱਧਰ 1986 ਦੇ ਪੱਧਰ ਬਰਾਬਰ ਹੀ ਸੀਮਤ ਰੱਖਣ ਦਾ ਮਤਾ ਪਾਸ ਕੀਤਾ ਗਿਆ। 23 ਜਨਵਰੀ, 1995 ਵਿਚ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿਚ ਪੂਰੇ ਵਿਸ਼ਵ ਵਿਚ ਇਸ ਦੇ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ 16 ਸਤੰਬਰ ਨੂੰ ਅੰਤਰਰਾਸ਼ਟਰੀ ਓਜ਼ੋਨ ਦਿਵਸ ਦੇ ਰੂਪ ਵਿਚ ਮਨਾਉਣਾ ਆਰੰਭ ਕੀਤਾ ਗਿਆ ਸੀ। ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਪੂਰੇ ਵਿਸ਼ਵ ਵਿਚ 2010 ਤੱਕ ਓਜ਼ੋਨ ਫਰੈਂਡਲੀ ਵਾਤਾਵਰਨ ਬਣਾਇਆ ਜਾਵੇਗਾ। ਪਰ ਹੁਣ ਤੱਕ ਇਹ ਟੀਚਾ ਬਹੁਤ ਦੂਰ ਹੈ। ਵਿਗਿਆਨੀਆਂ ਨੇ ਪਤਾ ਲਗਾਇਆ ਕਿ ਹਰ ਸਾਲ ਦੇ ਹਿਸਾਬ ਨਾਲ 0.5 ਫੀਸਦੀ ਓਜ਼ੋਨ ਪਰਤ ਦੀ ਮਾਤਰਾ ਘਟ ਰਹੀ ਹੈ। ਵਾਯੂ ਮੰਡਲ ਵਿਚ ਓਜ਼ੋਨ ਪਰਤ ਕੁੱਲ 20 ਤੋਂ 30 ਫੀਸਦੀ ਘਟ ਗਈ ਹੈ। ਓਜ਼ੋਨ ਪਰਤ ਵਿਚ ਇਕ ਬਹੁਤ ਵੱਡਾ ਸੁਰਾਖ ਹੋ ਗਿਆ ਹੈ, ਜਿਸ ਦਾ ਕਾਰਨ ਹੈ ਮਨੁੱਖ, ਕਿਉਂਕਿ ਮਨੁੱਖ ਕਈ ਅਜਿਹੀਆਂ ਗੈਸਾਂ ਦਾ ਇਸਤੇਮਾਲ ਕਰ ਰਿਹਾ ਹੈ, ਜਿਸ ਕਾਰਨ ਓਜ਼ੋਨ ਪਰਤ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਇਹ ਮਨੁੱਖ ਦੇ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ। ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ, ਜਿਵੇਂ ਚਮੜੀ ਅਤੇ ਕੈਂਸਰ ਦੇ ਰੋਗ ਹੋ ਸਕਦੇ ਹਨ। ਪਰ ਅੱਜਕਲ੍ਹ ਆਕਸੀਜਨ ਦੀ ਮਾਤਰਾ ਘਟ ਰਹੀ ਹੈ। ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ। ਸਾਨੂੰ ਸਭ ਨੂੰ ਰਲ ਮਿਲ ਕੇ ਦਰੱਖਤ ਲਗਾਉਣੇ ਚਾਹੀਦੇ ਹਨ, ਤਾਂ ਜੋ ਅਸੀਂ ਓਜ਼ੋਨ ਪਰਤ ਨੂੰ ਬਚਾ ਸਕੀਏ। ਇਸ ਲਈ ਮੇਰੀ ਬੇਨਤੀ ਹੈ ਕਿ ਫੈਕਟਰੀਆਂ ਵਿਚ 50 ਫੀਸਦੀ ਕੰਮ ਕੀਤਾ ਜਾਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਹੋਣ ਵਾਲੇ ਪ੍ਰਦੂਸ਼ਣ ਨੂੰ ਵੀ ਰੋਕਿਆ ਜਾਵੇ।

-ਜਮਾਤ +1-ਬੀ, ਸ: ਸੀ: ਸੈ: ਸਕੂਲ, ਰੋੜੀਕਪੂਰਾ (ਫਰੀਦਕੋਟ)।

ਨਸ਼ੇ ਦੇ ਖ਼ਿਲਾਫ਼ ਇਕ ਉਮੀਦ

ਕੁਦਰਤੀ ਨਸ਼ਿਆਂ ਤੋਂ ਹੁੰਦੇ ਹੋਏ ਪੰਜਾਬੀ ਮੈਡੀਕਲ ਅਤੇ ਸਿੰਥੈਟਿਕ ਨਸ਼ਿਆਂ ਦੀ ਲਪੇਟ ਵਿਚ ਅਜਿਹੇ ਆਏ ਕਿ ਘਰ-ਘਰ ਸੱਥਰ ਵਿਛਣ ਲੱਗ ਪਏ। ਨਸ਼ੇ ਦੇ ਸੌਦਾਗਰਾਂ ਨੇ ਪੰਜਾਬ ਦੀ ਨੌਜਵਾਨੀ ਨਾਲ ਅਜਿਹਾ ਕੱਫਣ ਦਾ ਸੌਦਾ ਮਾਰਿਆ ਕਿ ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ। ਸਿਹਤਮੰਦ ਸਮਾਜ ਵਿਚ ਨਸ਼ੇ ਤੋਂ ਨਫ਼ਤਰ ਕਰਨੀ ਚਾਹੀਦੀ ਹੈ, ਨਾ ਕਿ ਨਸ਼ੇੜੀ ਤੋਂ। ਕਿਸੇ ਵੀ ਕਾਰਨ ਕਰਕੇ ਨਸ਼ੇ ਦੀ ਚਪੇਟ 'ਚ ਆਏ ਪੀੜਤਾਂ ਨੂੰ ਨਸ਼ਾ ਛੱਡਣ ਵਿਚ ਸਵੈਇੱਛਾ ਦੇ ਨਾਲ-ਨਾਲ ਪਰਿਵਾਰ ਅਤੇ ਸਮਾਜ ਦੀ ਪ੍ਰੇਰਨਾ ਅਤੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ, ਸਾਰਥਿਕ ਨਤੀਜਿਆਂ ਲਈ ਸੁਖਾਲਾ ਵਾਤਾਵਰਨ ਸਿਰਜਣਾ ਚਾਹੀਦਾ ਹੈ, ਨਾ ਕਿ ਨਸ਼ੇ ਦੇ ਆਦੀਆਂ ਨਾਲ ਦੁਰਵਿਵਹਾਰ ਜਾਂ ਉਨ੍ਹਾਂ ਦਾ ਬਹਿਸ਼ਕਾਰ ਕਰਨਾ ਇਸ ਦਾ ਹੱਲ ਹੈ। ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਨੇ ਸ਼ਲਾਘਾਯੋਗ ਹੰਭਲਾ ਮਾਰਿਆ ਹੈ ਅਤੇ ਨਸ਼ੇ ਦੇ ਖਿਲਾਫ਼ ਮੁਹਿੰਮ ਵਿੱਢੀ ਹੈ। ਇਸ ਮੁਹਿੰਮ ਤਹਿਤ ਆਮ ਲੋਕਾਂ ਦੀ ਪਹੁੰਚ ਵਿਚ ਵੱਖੋ-ਵੱਖਰੇ ਪੱਧਰ 'ਤੇ ਨਸ਼ੇ ਦੇ ਪੀੜਤਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਅਤੇ ਮੁਫ਼ਤ ਦਵਾਈ ਦੇਣ ਲਈ ਸੂਬੇ ਭਰ ਵਿਚ ਤਕਰੀਬਨ 145 ਓਟ ਭਾਵ ਆਊਟਪੇਸੈਂਟ ਓਪੀਆਡ ਅਸਿਸਟਡ ਟ੍ਰੀਟਮੈਂਟ ਸੈਂਟਰ ਖੋਲ੍ਹੇ ਗਏ ਹਨ। ਇਨ੍ਹਾਂ ਸੈਂਟਰਾਂ ਵਿਚ ਨਸ਼ੇ ਲੈਣ ਦੇ ਆਦੀ ਜਾਂ ਪੀੜਤ ਆਪਣੀ ਮੁਫ਼ਤ ਰਜਿਸਟ੍ਰੇਸ਼ਨ ਕਰਵਾ ਕੇ ਮੁਫ਼ਤ ਦਵਾਈ ਲੈ ਸਕਦੇ ਹਨ। ਓਟ ਸੈਂਟਰਾਂ ਤੋਂ ਦਵਾਈ ਲੈ ਰਹੇ ਪੀੜਤਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੁਲਿਸ ਆਦਿ ਦੀ ਤਰਫ਼ੋਂ ਕਿਸੇ ਵੀ ਤਰ੍ਹਾਂ ਨਾਲ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਂਦਾ। ਇਨ੍ਹਾਂ ਸੈਂਟਰਾਂ ਵਿਚ ਦਿੱਤੀ ਜਾਣ ਵਾਲੀ ਦਵਾਈ ਜਾਂ ਗੋਲੀ ਇਸ ਤਰ੍ਹਾਂ ਕੰਮ ਕਰਦੀ ਹੈ ਕਿ ਗੋਲੀ ਲੈਣ ਤੋਂ ਬਾਅਦ ਹੋਰ ਕਿਸੇ ਵੀ ਤਰ੍ਹਾਂ ਦੇ ਨਸ਼ਾ ਲੈਣ ਦੀ ਹਾਲਤ ਵਿਚ ਸੰਬੰਧਤ ਨਸ਼ੇ ਦਾ ਪੀੜਤ 'ਤੇ ਕੋਈ ਅਸਰ ਨਹੀਂ ਹੁੰਦਾ। ਇਸ ਗੋਲੀ ਦਾ ਅਸਰ ਨਿਰਧਾਰਤ ਸਮੇਂ ਤੱਕ ਹੀ ਰਹਿੰਦਾ ਹੈ। ਸੋ, ਗੋਲੀ ਡਾਕਟਰ ਦੀ ਦੇਖ-ਰੇਖ ਹੇਠ ਇਲਾਜ ਪੂਰਾ ਹੋਣ ਤੱਕ ਰੋਜ਼ਾਨਾ ਓਟ ਸੈਂਟਰ ਵਿਚ ਆ ਕੇ ਖਾਣੀ ਪੈਂਦੀ ਹੈ। ਡਾਕਟਰ ਪੀੜਤ ਦੇ ਨਸ਼ੇ ਦੀ ਕਿਸਮ ਅਤੇ ਨਸ਼ਾ ਲੈਣ ਦੀ ਮਿਕਦਾਰ ਆਦਿ ਨੂੰ ਵੇਖਦੇ ਹੋਏ ਪੀੜਤ ਨੂੰ ਗੋਲੀ ਦੀ ਮਿਕਦਾਰ (ਡੋਜ਼) ਅਤੇ ਇਲਾਜ ਲਈ ਅਗਲੇਰੀ ਕਾਰਵਾਈ ਨਿਰਧਾਰਤ ਕਰਦਾ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਇਹ ਸਮਾਜ ਦੀ ਮੁੱਖ ਧਾਰਾ ਤੋਂ ਥਿੜਕੇ ਨਸ਼ੇ ਦੇ ਆਦੀ ਪੀੜਤਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਦਾ ਸਾਰਥਿਕ ਉਪਰਾਲਾ ਹੈ ਅਤੇ ਇਸ ਦਾ ਪੀੜਤਾਂ ਅਤੇ ਸਬੰਧਤ ਪਰਿਵਾਰਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ, ਤਾਂ ਜੋ ਪੀੜਤਾਂ ਨੂੰ ਨਸ਼ੇ ਦੇ ਗ੍ਰਹਿਣ ਤੋਂ ਛੁਟਕਾਰਾ ਪ੍ਰਾਪਤ ਹੋ ਸਕੇ ਅਤੇ ਉਹ ਆਪਣੀ ਜ਼ਿੰਦਗੀ ਨੂੰ ਸਿਹਤਮੰਦੀ ਅਤੇ ਖੁਸ਼ਹਾਲੀ ਨਾਲ ਮਾਣ ਸਕਣ।

-ਪਿੰਡ ਤੇ ਡਾਕ: ਬਰੜ੍ਹਵਾਲ ਲੰਮਾ ਪੱਤੀ, ਤਹਿ: ਧੂਰੀ (ਸੰਗਰੂਰ)
bardwal.gobinder@gmail.com

ਆਖਰ ਜ਼ਿੰਮੇਵਾਰ ਕੌਣ?

ਅਜੋਕੇ ਯੁੱਗ ਵਿਚ ਭਾਰਤ ਆਪਣੀਆਂ ਤਰੱਕੀਆਂ ਦੀਆਂ ਰਾਹਾਂ 'ਤੇ ਚੱਲ ਰਿਹਾ ਹੈ। ਨਵੀਆਂ-ਨਵੀਆਂ ਖੋਜਾਂ ਹੋ ਰਹੀਆਂ ਹਨ, ਨਵੇਂ-ਨਵੇਂ ਇਜਾਦ ਹੋ ਰਹੇ ਹਨ। ਪਰ ਏਨਾ ਸਭ ਹੋਣ ਦੇ ਬਾਵਜੂਦ ਵੀ ਵੱਡੀਆ-ਛੋਟੀਆ ਬਹੁਤ ਸਮੱਸਿਆਵਾਂ ਵੀ ਆਪਣੇ ਰਾਖਸ਼ਸ ਨੁਮਾ ਮੂੰਹ ਖੋਲ੍ਹੀ ਖੜ੍ਹੀਆਂ ਹਨ। ਜਿਵੇਂ ਬੇਰੁਜ਼ਗਾਰੀ ਦੀ ਸਮੱਸਿਆ, ਭਰੂਣ ਹੱਤਿਆ, ਦਹੇਜ ਪ੍ਰਥਾ, ਵੱਧ ਰਹੀ ਜਨਸੰਖਿਆ, ਹੋਰ ਲੁੱਟ-ਖੋਹ ਦੀ ਸਮੱਸਿਆ ਅਤੇ ਖੁੱਲ੍ਹ ਰਹੇ ਬਿਰਧ ਆਸ਼ਰਮ ਆਦਿ ਹੋਰ ਵੀ ਸਮੱਸਿਆਵਾਂ ਹਨ। ਪਰ ਅੱਜ ਦੀ ਮੁੱਖ ਸਮੱਸਿਆ ਵਜੋਂ ਸਾਹਮਣੇ ਆ ਰਹੀ ਹੈ ਵੱਧ ਤੋਂ ਵੱਧ ਖੁੱਲ੍ਹ ਰਹੇ ਬਿਰਧ ਆਸ਼ਰਮਾਂ ਦੀ ਸਮੱਸਿਆ। ਸਮਾਜ ਵਿਚ ਅਜਿਹਾ ਬਦਲਾਵ ਕਿਉਂਕਿ ਆ ਰਿਹਾ ਹੈ ਕਿ ਸਾਨੂੰ ਅਨਾਥ ਆਸ਼ਰਮਾਂ ਦੇ ਵਾਂਗ ਬਿਰਧ ਆਸ਼ਰਮ ਖੋਲ੍ਹਣ ਦੀ ਲੋੜ ਪਈ ਅਤੇ ਇਹ ਨਿਰੰਤਰ ਹੀ ਆਪਣੀ ਗਿਣਤੀ ਵਧਾ ਰਹੇ ਹਨ? ਇਨ੍ਹਾਂ ਦੇ ਪਿੱਛੇ ਕਿਹੜੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਪੁਰਾਣੇ ਸਮੇਂ ਵਿਚ ਤਾਂ ਅਜਿਹਾ ਨਹੀਂ ਹੁੰਦਾ ਸੀ, ਲੋਕ ਵੱਡੇ-ਵੱਡੇ ਹੋ ਕੇ ਵੀ ਆਪਣੇ ਮਾਂ-ਪਿਓ ਤੋਂ ਡਰਦੇ ਸਨ ਜਾਂ ਫਿਰ ਇੰਜ ਕਹਿ ਲਈਏ ਕਿ ਉਹ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਦੇ ਸਨ, ਪਰ ਅੱਜਕਲ੍ਹ ਅਜਿਹਾ ਕਿਉਂ ਨਹੀਂ ਹੋ ਰਿਹਾ? ਇਸ ਦਾ ਕਾਰਨ ਇਹ ਹੈ ਕਿ ਬੱਚਿਆ ਨੂੰ ਮਾਂ-ਪਿਉ ਵਲੋਂ ਸਮਾਂ ਹੀ ਨਾ ਦੇਣਾ, ਕਿਉਂਕਿ ਦੋਵੇਂ ਜੀਅ ਨੌਕਰੀ ਕਰਦੇ ਹਨ ਤੇ ਬੱਚੇ ਛੋਟੇ ਹੁੰਦੇ ਹੀ ਜਾਂ ਤਾਂ ਪਲੇਅ ਵੇਅ ਸਕੂਲਾਂ 'ਚ ਫਿਰ ਨੌਕਰਾਣੀਆਂ ਦੁਆਰਾ ਹੀ ਪਾਲੇ ਜਾਂਦੇ ਹਨ। ਅਜਿਹੇ ਮਾਹੌਲ ਵਿਚ ਪਲੇ ਬੱਚਿਆਂ ਤੋਂ ਤੁਸੀਂ ਸਤਿਕਾਰ ਜਾਂ ਆਪਣਾਪਨ ਕਿਵੇਂ ਭਾਲ ਸਕਦੇ ਹੋ? ਜਿਨ੍ਹਾਂ ਨੂੰ ਤੁਸੀਂ ਆਪਣਾ ਸਮਾਂ ਹੀ ਨਹੀਂ ਦਿੱਤਾ, ਜਿਨ੍ਹਾਂ ਨਾਲ ਤੁਸੀਂ ਕਦੇ ਬਚਪਨ ਹੀ ਨਹੀਂ ਮਾਣਿਆ। ਜ਼ਿੰਦਗੀ ਸੈੱਟ ਕਰਨ ਦੇ ਚੱਕਰ 'ਚ ਪਤੀ-ਪਤਨੀ ਦੋਵੇਂ ਹੀ ਕੰਮ ਕਰਦੇ ਹਨ ਤੇ ਥੱਕ ਕੇ ਘਰ ਆਉਂਦੇ ਹਨ, ਜਦੋਂ ਬੱਚੇ ਕੋਲ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਦਾ ਧਿਆਨ ਮੋਬਾਈਲ ਜਾਂ ਟੈਲੀਵਿਜ਼ਨ ਵੱਲ ਕਰ ਦਿੰਦੇ ਹਾਂ। ਉਹ ਜੋ ਕੁਝ ਸਿੱਖਣਗੇ, ਉਹ ਕੁਝ ਹੀ ਕਰਨਗੇ। ਤੁਸੀਂ ਆਪ ਹੀ ਸਮਝਦਾਰ ਹੋ, ਮੋਬਾਈਲ ਜਾਂ ਟੈਲੀਵਿਜ਼ਨ 'ਤੇ ਕਿਹੋ ਜਿਹੇ ਪ੍ਰੋਗਰਾਮ ਆਉਂਦੇ ਹਨ। ਦੂਜਾ ਅਸੀਂ ਆਂਢ-ਗੁਆਂਢ ਦੀ ਰੀਸ ਨਾਲ ਜਾਂ ਆਪਣੇ ਨੂੰ ਵੱਡਾ ਦਿਖਾਉਣ ਦੇ ਚੱਕਰ 'ਚ ਆਪਣੇ ਬੱਚਿਆਂ ਦੀ ਮਰਜ਼ੀ ਦੇ ਖਿਲਾਫ ਹੀ ਉਨ੍ਹਾਂ ਨੂੰ ਹੋਸਟਲਾਂ 'ਚ ਪੜ੍ਹਨ ਲਈ ਭੇਜ ਦਿੰਦੇ ਹਾਂ। ਜਿੱਥੇ ਬੱਚੇ ਪੜ੍ਹ ਕੇ ਡਾਕਟਰ, ਇੰਜੀਨੀਅਰ ਜਾਂ ਹੋਰ ਵੱਡੇ ਅਫ਼ਸਰ ਤਾਂ ਬਣ ਜਾਂਦੇ ਹਨ, ਪਰ ਵਧੀਕ ਇਨਸਾਨ ਬਣਨਾ ਸ਼ਾਇਦ ਭੁੱਲ ਹੀ ਜਾਂਦੇ ਹਨ, ਜਿਸ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ, ਉਹ ਭੁੱਲ ਜਾਂਦੇ ਹਨ। ਉਨ੍ਹਾਂ ਨੂੰ ਇਕੱਲੇ ਰਹਿਣ ਦੀ ਆਦਤ ਪੈ ਜਾਂਦੀ ਹੈ। ਜਦੋਂ ਉਹ ਲੰਬੇ ਸਮੇਂ ਬਾਅਦ ਆਪਣੇ ਮਾਪਿਆਂ ਨਾਲ ਰਹਿਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਕੁਝ ਸਮਾਂ ਤਾਂ ਮਜਬੂਰਨ ਰਹਿਣਾ ਪੈਂਦਾ ਹੈ ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਹਰ ਰਿਸ਼ਤਾ ਬੋਝ ਲੱਗਣ ਲੱਗ ਜਾਂਦਾ ਹੈ ਜੇਕਰ ਬੱਚਿਆਂ ਵਿਚ ਮਾਂ-ਪਿਓ ਨੂੰ ਘਰੋਂ ਕੱਢਣ ਦੀ ਪ੍ਰਵਿਰਤੀ ਇੰਜ ਹੀ ਵਧਦੀ ਗਈ ਤਾਂ ਉਹ ਦਿਨ ਦੂਰ ਨਹੀਂ, ਜਦੋਂ ਤੁਹਾਨੂੰ ਕਿਸੇ ਵੀ ਘਰ ਵਿਚ ਬਜ਼ੁਰਗ ਨਾ ਮਿਲ ਕੇ ਸਾਰੇ ਹੀ ਬਜ਼ੁਰਗ ਬਿਰਧ ਆਸ਼ਰਮਾਂ ਵਿਚ ਹੀ ਮਿਲਣਗੇ। ਬਿਰਧ ਆਸ਼ਰਮਾਂ ਦੀ ਸ਼ਹਿਰਾਂ ਵਿਚ ਹੀ ਨਹੀਂ, ਪਿੰਡਾਂ-ਕਸਬਿਆਂ ਵਿਚ ਵੀ ਭਰਮਾਰ ਹੋ ਜਾਵੇਗੀ। ਹੁਣ ਵੀ ਸਮਾਂ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਡਾਕਟਰ, ਇੰਜੀਨੀਅਰ ਜਾਂ ਹੋਰ ਅਫ਼ਸਰ ਤਾਂ ਬਣਾਈਏ, ਪਰ ਇਸ ਦੇ ਨਾਲ-ਨਾਲ ਚੰਗਾ ਇਨਸਾਨ ਬਣਨ ਦੀ ਸਿੱਖਿਆ ਦੇਈਏ ਅਤੇ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੀਏ। ਕਿਤੇ ਬਹੁਤ ਦੇਰ ਨਾ ਹੋ ਜਾਵੇ, ਸਮਾਜ ਸਾਨੂੰ ਵੀ ਇਸ ਬੁਰਾਈ ਲਈ ਜ਼ਿੰਮੇਵਾਰ ਸਮਝਣ ਲੱਗ ਜਾਵੇ।

-ਮੋਬਾ: 84375-56667

ਸਰਕਾਰੀ ਖਜ਼ਾਨੇ ਨਾਲ ਖਿਲਵਾੜ

ਹਰ ਤਰ੍ਹਾਂ ਦੇ ਟੈਕਸਾਂ ਰਾਹੀਂ ਇਕੱਠਾ ਰੁਪਿਆ ਸਰਕਾਰੀ ਖਜ਼ਾਨੇ ਦੀ ਕਾਇਆ-ਕਲਪ ਕਰ ਸਕਦਾ ਹੈ, ਜੇ ਸਰਕਾਰਾਂ ਇਸ ਦੀ ਸਹੀ ਵਰਤੋਂ ਕਰਨ ਦਾ ਆਪਣਾ ਬਾਖੂਬੀ ਫਰਜ਼ ਨਿਭਾਉਣ। ਪਰ ਇਥੇ ਉਲਟੀ ਗੰਗਾ ਵਹਾਉਣ ਕਰਕੇ ਸਰਕਾਰਾਂ, ਸਰਕਾਰੀ ਖਜ਼ਾਨੇ ਦੀ ਬੇਰਹਿਮੀ ਨਾਲ ਦੁਰਵਰਤੋਂ ਕਰਕੇ ਖਜ਼ਾਨੇ ਦੀਆਂ ਧੱਜੀਆਂ ਉਡਾ ਰਹੀਆਂ ਹਨ। ਹੋਸ਼ੀ ਵੋਟ ਬੈਂਕ ਦੀ ਰਾਜਨੀਤੀ ਦੀ ਆੜ ਵਿਚ ਖਜ਼ਾਨੇ ਲੁਟਾਉਣ ਕਰਕੇ ਲੋਕਾਂ ਦੀਆਂ ਮੁਢਲੀਆਂ ਲੋੜਾਂ ਨੂੰ ਦਰਕਿਨਾਰ ਕਰਨ ਕਰਕੇ ਹੋਰ ਕਈ ਅਹਿਮ ਕਾਰਨਾਂ ਕਰਕੇ ਆਲੋਚਨਾ ਦਾ ਪਾਤਰ ਬਣੀਆਂ ਹੋਈਆਂ ਹਨ। ਖਜ਼ਾਨੇ ਨੂੰ ਲੋਕ ਹਿਤ ਨੂੰ ਪਹਿਲ ਦੇਣ ਦੀ ਥਾਂ ਆਪਣੀ ਐਸ਼ਪ੍ਰਸਤੀ, ਸੁਖ-ਸਹੂਲਤਾਂ ਲਈ ਰਗੜਾ ਲਾ ਰਹੀਆਂ ਹਨ। ਕਰੋੜਾਂ ਰੁਪਿਆਂ ਦੀ ਮੁਫਤ ਬਿਜਲੀ, ਪਾਣੀ ਦੀ ਸਹੂਲਤ ਦੇ ਕੇ, ਕਰਜ਼ਾ ਮੁਆਫ਼ੀ ਦਾ ਸਿਆਸੀ ਪੱਤਾ ਵੋਟ ਬੈਂਕ ਖਾਤਰ ਖੇਡ ਕੇ ਸਰਕਾਰੀ ਖਜ਼ਾਨੇ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀਆਂ ਹਨ। ਆਪਣੀਆਂ ਤਨਖਾਹਾਂ ਵਿਚ ਬੇਲੋੜਾ ਵਾਧਾ ਕਰਕੇ ਖਜ਼ਾਨੇ ਨੂੰ ਖੋਰਾ ਲਾਉਣ ਦਾ ਗੁਨਾਹ ਸਰਕਾਰਾਂ ਕਰ ਰਹੀਆਂ ਹਨ। ਆਪਣੇ ਆਰਥਿਕ ਫਾਇਦੇ ਲਈ ਸਾਰੇ ਨੇਤਾ ਏਕਤਾ ਦੇ ਝੰਡੇ ਥੱਲੇ ਆ ਜਾਂਦੇ ਹਨ। ਸਰਕਾਰੀ ਖਜ਼ਾਨੇ ਪ੍ਰਤੀ ਆਪਣਾ ਫਰਜ਼ ਨਿਭਾਉਣ ਦੀ ਥਾਂ ਆਪਣੇ ਹਿਤ ਨੂੰ ਪਹਿਲ ਦੇਣ ਵਿਚ ਮਹਾਂਰਥੀ ਹਨ। ਕਾਰਪੋਰੇਟ ਘਰਾਣਿਆਂ ਨੂੰ ਹਰ ਤਰ੍ਹਾਂ ਦੀਆਂ ਰਿਆਇਤਾਂ, ਸਹੂਲਤਾਂ ਦੇਣ, ਕਰੋੜਾਂ-ਅਰਬਾਂ ਦੇ ਕਰਜ਼ੇ ਮੁਆਫ਼ ਕਰਨ ਵਿਚ ਜ਼ਰਾ ਵੀ ਸਰਕਾਰੀ ਖਜ਼ਾਨੇ ਬਾਰੇ ਵਿਚਾਰ ਨਹੀਂ ਕਰਦੀਆਂ। ਧਰਮ ਦੇ ਨਾਂਅ 'ਤੇ ਦਿਨ ਮਨਾਉਣ, ਸ਼ਤਾਬਦੀਆਂ ਦੇ ਜਸ਼ਨ ਮਨਾਉਣ ਖ਼ਾਤਰ ਵੀ ਖਜ਼ਾਨੇ ਨਾਲ ਖਿਲਵਾੜ ਕਰਨ ਤੋਂ ਜ਼ਰਾ ਵੀ ਸੰਕੋਚ ਨਹੀਂ ਕਰਦੀਆਂ ਹਨ। ਸਰਕਾਰੀ ਖਜ਼ਾਨੇ ਨੂੰ ਖਿਲਵਾੜ ਤੋਂ ਤਾਂ ਹੀ ਬਚਾਇਆ ਜਾ ਸਕਦਾ ਹੈ ਜੇ ਸਰਕਾਰਾਂ ਖਜ਼ਾਨੇ ਪ੍ਰਤੀ ਸਹੀ, ਯੋਗ ਵਰਤੋਂ ਕਰਨ ਦਾ ਧਰਮ ਨਿਭਾਉਣ। ਉਪਰੋਕਤ ਤਰੁੱਟੀਆਂ 'ਤੇ ਲਗਾਮ ਲਗਾਉਣ। ਖਜ਼ਾਨੇ ਨੂੰ ਰੁਜ਼ਗਾਰ ਦੇਣ ਵਿਚ ਹੋਰ ਸਹੂਲਤਾਂ ਦੇਣ ਵਿਚ ਸਹੀ ਢੰਗ ਨਾਲ ਵਰਤੋਂ ਵਿਚ ਲਿਆਉਣ। ਮੁਆਫ਼ੀ ਵਾਲੇ ਕਲਚਰ 'ਤੇ ਵਿਰਾਮ ਲਾਉਣਾ ਅਤਿ ਜ਼ਰੂਰੀ ਹੈ। ਲੋਕਾਂ ਦੀਆਂ ਦੁੱਖ-ਤਕਲੀਫਾਂ ਦੂਰ ਕਰਨ, ਸਹੂਲਤਾਂ ਦੇਣ ਵਿਚ ਖਜ਼ਾਨੇ ਦੀ ਯੋਗ ਵਰਤੋਂ ਕਰਨ। ਗੱਲ ਕੀ, ਲੋਕ ਹਿਤ ਵਿਚ ਸਰਕਾਰੀ ਖਜ਼ਾਨੇ ਦੀ ਵਰਤੋਂ ਕਰਕੇ ਸਰਕਾਰਾਂ ਆਪਣਾ ਧਰਮ ਨਿਭਾਉਣ।

-ਜੈਤੋ (ਫਰੀਦਕੋਟ)।

ਇਮਾਨਦਾਰ ਪੁਲਿਸ ਅਫ਼ਸਰ ਲੋਕਾਂ ਲਈ ਮਿਸਾਲ ਬਣੇ

ਪਿੱਛੇ ਜਿਹੇ ਮੈਂ ਇਕ ਪੰਜਾਬੀ ਅਖਬਾਰ ਵਿਚ ਖਬਰ ਪੜ੍ਹੀ ਕਿ ਇਕ ਸਿਪਾਹੀ ਨੂੰ ਝੋਲਾ ਮਿਲਿਆ, ਜਿਸ ਵਿਚ ਡੇਢ ਲੱਖ ਨਕਦੀ ਸੀ। ਉਸ ਪੁਲਿਸ ਮੁਲਾਜ਼ਮ ਨੇ ਇਮਾਨਦਾਰੀ ਦਿਖਾਉਂਦੇ ਹੋਏ ਪੈਸਿਆਂ ਵਾਲਾ ਝੋਲਾ ਸਬੰਧਤ ਵਿਅਕਤੀ ਨੂੰ ਵਾਪਸ ਕਰ ਦਿੱਤਾ। ਇਹ ਝੋਲਾ ਕਿਸੇ ਬਜ਼ੁਰਗ ਦਾ ਸੀ ਜੋ ਕਿ ਟਰੈਕਟਰ ਦੀ ਕਿਸ਼ਤ ਭਰਨ ਲਈ ਜਾ ਰਿਹਾ ਸੀ ਜੋ ਰਸਤੇ ਵਿਚ ਉਹ ਝੋਲਾ ਡਿੱਗ ਗਿਆ ਤੇ ਪੁਲਿਸ ਮੁਲਾਜ਼ਮ ਨੂੰ ਲੱਭ ਗਿਆ ਸੀ ਜੋ ਕਿ ਉਹ ਖਬਰ ਸੋਸ਼ਲ ਮੀਡੀਆ 'ਤੇ ਵੀ ਬਹੁਤ ਛਾਅ ਰਹੀ ਸੀ। ਇਹ ਸੱਚਾਈ ਹੈ ਕਿ ਜ਼ਿਆਦਾਤਰ ਲੋਕਾਂ ਵਿਚ ਪੁਲਿਸ ਮਹਿਕਮੇ ਦਾ ਨਾਂਹ ਪੱਖੀ ਰਵੱਈਆ ਬਣਿਆ ਹੋਇਆ ਹੈ ਪਰ ਸਾਰੇ ਪੁਲਿਸ ਮੁਲਾਜ਼ਮ ਇਕੋ ਜਿਹੇ ਨਹੀਂ ਹੁੰਦੇ। ਪੰਜਾਬ ਵਿਚ ਕਈ ਪੁਲਿਸ ਅਫ਼ਸਰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦਿਆ ਸਮਾਜਿਕ ਬੁਰਾਈਆਂ ਖਿਲਾਫ ਵੀ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ, ਭਾਵੇਂ ਕੋਈ ਵੀ ਇਨਸਾਨ ਹੋਵੇ, ਹਰੇਕ ਨੂੰ ਬਣਦਾ ਸਤਿਕਾਰ ਦਿੰਦੇ ਹਨ। ਅਜਿਹੇ ਅਫਸਰਾਂ ਨੂੰ ਸਾਡੇ ਲੋਕ ਬਿਨਾਂ ਡਰ ਤੋਂ ਆਪਣੀ ਸਮੱਸਿਆ ਦੱਸ ਦਿੰਦੇ ਹਨ। ਕਈ ਵਾਰ ਹੇਠਲੇ ਪੁਲਿਸ ਅਫ਼ਸਰ ਆਮ ਲੋਕਾਂ ਦੀ ਗੱਲ ਨਹੀਂ ਸੁਣਦੇ ਤੇ ਕਈ ਅਫਸਰਾਂ ਤੋਂ ਲੋਕ ਵੱਡਾ ਅਹੁਦਾ ਹੋਣ ਕਰਕੇ ਭੈਅ ਮੰਨਦੇ ਹਨ। ਅਜਿਹੇ ਪੁਲਿਸ ਮੁਲਾਜ਼ਮ ਆਮ ਲੋਕਾਂ ਨੂੰ ਵੀ ਚੰਗਾ ਸੁਨੇਹਾ ਦੇ ਰਹੇ ਹਨ ਕਿ ਕਦੇ ਵੀ ਸਾਨੂੰ ਲਾਲਚ ਵਿਚ ਆ ਕੇ ਕਿਸੇ ਇਨਸਾਨ ਨਾਲ ਬੇਈਮਾਨੀ ਨਹੀਂ ਕਰਨੀ ਚਾਹੀਦੀ ਤੇ ਨਾ ਸਾਨੂੰ ਕਿਸੇ ਗਰੀਬ ਦੀ ਮਦਦ ਤੋਂ ਪਿੱਛੇ ਹਟਣਾ ਚਾਹੀਦਾ ਹੈ। ਇਹ ਮੁਲਾਜ਼ਮ ਜਿਸ ਸਕੂਲ ਵਿਚ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ, ਉਨ੍ਹਾਂ ਨੂੰ ਵਰਦੀਆਂ ਤੇ ਬੂਟ ਦੇਣ ਦੀ ਵੀ ਪਹਿਲਕਦਮੀ ਕਰ ਰਹੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਇੰਜ ਹੀ ਕਈ ਮੁਲਾਜ਼ਮਾਂ ਨੇ ਪਿੰਡਾਂ ਦੀਆਂ ਸੱਥਾਂ, ਸਰਕਾਰੀ ਪ੍ਰਾਈਵੇਟ ਸਕੂਲਾਂ ਤੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਵਿਚ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਜਾਗਰੂਕ ਕੀਤਾ ਹੈ। ਇਨ੍ਹਾਂ ਮੁਲਾਜ਼ਮਾਂ ਦੀ ਜਾਗਰੂਕਤਾ ਮੁਹਿੰਮ ਕਰਕੇ ਹੁਣ ਕਈ ਨੌਜਵਾਨ ਤੇ ਮਰਦ ਆਪਣੇ ਨੇੜਲੇ ਸਰਕਾਰੀ ਹਸਪਤਾਲਾਂ ਵਿਚੋਂ ਨਸ਼ਾ ਛੱਡਣ ਦੀ ਦਵਾਈ ਲੈ ਰਹੇ ਹਨ। ਇਹ ਮੁਲਾਜ਼ਮ ਆਪਣੀ ਛੁੱਟੀ ਵਾਲੇ ਦਿਨ ਵੀ ਇਸ ਮੁਹਿੰਮ ਦਾ ਹਿੱਸਾ ਬਣਦੇ ਰਹਿੰਦੇ ਹਨ ਤਾਂ ਕਿ ਕਿਸੇ ਮਾਪਿਆਂ ਦਾ ਪੁੱਤ ਇਨ੍ਹਾਂ ਨਸ਼ਿਆਂ ਕਰਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰੇ। ਅਜਿਹੇ ਪੁਲਿਸ ਅਫਸਰਾਂ ਦੇ ਚੰਗੇ ਕੰਮਾਂ ਨੂੰ ਸਲਾਮ ਕਰਨਾ ਬਣਦਾ ਹੈ, ਜਿਹੜੇ ਸਮਾਜ ਭਲਾਈ ਦੇ ਕੰਮਾਂ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ ਤੇ ਹੋਰਾਂ ਲੋਕਾਂ ਲਈ ਮਿਸਾਲ ਹਨ।

-ਕੁਸਲਾ, ਤਹਿ: ਸਰਦੂਲਗੜ੍ਹ। ਮੋਬਾ: 94650-33331






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX