ਤਾਜਾ ਖ਼ਬਰਾਂ


ਪੁਲਿਸ ਚੈਕਿੰਗ ਦੌਰਾਨ ਕਾਰ ਛੱਡ ਫ਼ਰਾਰ ਹੋਏ ਗੈਂਗਸਟਰ
. . .  1 day ago
ਜਲੰਧਰ, 23 ਫਰਵਰੀ - ਜਲੰਧਰ-ਫਗਵਾੜਾ ਮੁੱਖ ਜੀ.ਟੀ ਰੋਡ 'ਤੇ ਪਰਾਗਪੁਰ ਵਿਖੇ ਪੁਲਿਸ ਚੈਕਿੰਗ ਦੌਰਾਨ ਤਿੰਨ ਦੇ ਕਰੀਬ ਗੈਂਗਸਟਰ ਇਨੋਵਾ ਕਾਰ ਛੱਡ ਕੇ ਜਮਸ਼ੇਰ ਵੱਲ ਨੂੰ ਫ਼ਰਾਰ...
ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  1 day ago
ਫ਼ਿਰੋਜਪੁਰ 23 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਹਿੰਦ ਪਾਕਿ ਕੌਮੀ ਸਰਹੱਦ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਕੀ ਸ਼ਾਮੇ ਕੇ ਦੇ ਖੇਤਰ ਵਿਚੋਂ 136 ਬਟਾਲੀਅਨ ਬੀਐਸਐਫ...
ਰਾਮ ਵਿਲਾਸ ਪਾਸਵਾਨ ਵੱਲੋਂ ਪੰਜਾਬ ਹਰਿਆਣਾ ਦੇ ਐਫ.ਸੀ.ਆਈ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਜ਼ੀਰਕਪੁਰ, 23 ਫਰਵਰੀ, (ਹਰਦੀਪ ਹੈਪੀ ਪੰਡਵਾਲਾ) - ਕੇਂਦਰੀ ਖਪਤਕਾਰ ਮਾਮਲੇ , ਖਾਦ ਅਤੇ ਸਰਵਜਨਕ ਵਿਤਰਨ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਪਟਿਆਲਾ - ਜ਼ੀਰਕਪੁਰ ਸੜਕ...
ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  1 day ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  1 day ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  1 day ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  1 day ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  1 day ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁ: ਸ੍ਰੀ ਨਾਨਕਸਰ ਸਾਹਿਬ ਪਿੰਡ ਸੌੜੀਆਂ (ਅੰਮ੍ਰਿਤਸਰ)

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੂਹ ਪ੍ਰਾਪਤ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦਾ ਛੋਟਾ ਜਿਹਾ ਪਿੰਡ ਸੌੜੀਆਂ ਮੌਜੂਦਾ ਸਮੇਂ ਅਜਨਾਲਾ-ਚੋਗਾਵਾਂ ਰੋਡ 'ਤੇ ਆਬਾਦ ਹੈ। ਦਰਿਆ ਰਾਵੀ ਇੱਥੋਂ ਹੁਣ 7-8 ਕਿੱਲੋਮੀਟਰ ਦੀ ਦੂਰੀ 'ਤੇ ਹੈ, ਜਦਕਿ ਪਿਛਲੇ ਸਮਿਆਂ 'ਚ ਦਰਿਆ ਰਾਵੀ ਇਸ ਦੇ ਬਿਲਕੁਲ ਪਾਸ ਤੋਂ ਹੋ ਕੇ ਵਹਿੰਦਾ ਸੀ।
ਦੱਸਿਆ ਜਾਂਦਾ ਹੈ ਕਿ ਪਿੰਡ ਸੌੜੀਆਂ ਇਬਰਾਹੀਮ ਲੋਧੀ ਦੀ ਹਕੂਮਤ ਸਮੇਂ ਆਬਾਦ ਹੋਇਆ। ਕੁਝ ਲੇਖਕਾਂ ਨੇ ਇਹ ਪਿੰਡ ਸ਼ੇਰ ਸ਼ਾਹ ਸੂਰੀ ਦੇ ਸਮੇਂ ਆਬਾਦ ਹੋਇਆ ਲਿਖਿਆ ਹੈ, ਜੋ ਕਿ ਇਤਿਹਾਸਕ ਪੱਖੋਂ ਗਲਤ ਹੈ। ਮੁਗ਼ਲ ਕਾਲ ਸਮੇਂ ਇਹ ਮੁਸਲਮਾਨਾਂ ਤੇ ਪਠਾਣਾਂ ਦਾ ਨਿਰੋਲ ਘੁੱਗ ਵਸਦਾ ਪਿੰਡ ਰਿਹਾ। ਉਸ ਸਮੇਂ ਦੇ ਪੰਜ ਵੱਡੇ ਆਲੀਸ਼ਾਨ ਮਕਬਰੇ ਤੇ ਮਸਜਿਦਾਂ ਅਤੇ ਕੁਝ ਮੁਸਲਿਮ ਪੀਰਾਂ-ਫ਼ਕੀਰਾਂ ਦੇ ਤੱਕੀਏ ਅਤੇ ਮਜ਼ਾਰਾਂ ਅੱਜ ਵੀ ਇਸ ਪਿੰਡ 'ਚ ਮੌਜੂਦ ਹਨ। ਪਿੰਡ ਵਿਚਲੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਦੇ ਸਥਾਨ 'ਤੇ ਗੁਰੂ ਸਾਹਿਬ ਨੇ ਚੌਥੀ ਉਦਾਸੀ ਸਮੇਂ ਆਪਣੇ ਪਵਿੱਤਰ ਚਰਨ ਪਾਏ। 15 ਅਪ੍ਰੈਲ, 1986 ਨੂੰ ਸੰਤ ਬਾਬਾ ਖੜਕ ਸਿੰਘ ਨੇ ਇਸ ਮੌਜੂਦਾ ਇਤਿਹਾਸਕ ਅਸਥਾਨ ਦੀ ਇਮਾਰਤ ਦੀ ਨੀਂਹ ਰੱਖੀ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਨੇ ਇਸ ਦੀ ਕਾਰ-ਸੇਵਾ ਆਰੰਭ ਕਰਵਾਈ। ਹਰ ਮਹੀਨੇ ਇਸ ਅਸਥਾਨ 'ਤੇ ਮੱਸਿਆ ਦਾ ਮੇਲਾ ਲਗਦਾ ਹੈ।
ਗੁਰਦੁਆਰਾ ਨਾਨਕਸਰ ਦੇ ਬਾਹਰ ਲੱਗੇ ਸੂਚਨਾ ਬੋਰਡ 'ਤੇ ਪਿੰਡ ਸੌੜੀਆਂ ਦੇ ਇਸ ਸਥਾਨ 'ਤੇ ਗੁਰੂ ਸਾਹਿਬ ਦੀ ਉਬਾਰੇ ਖਾਂ (ਅਸਲ ਨਾਂਅ ਅਬਦੁਰ ਰਹਿਮਾਨ ਖ਼ਾਂ) ਤੇ ਸ਼ਾਹ ਆਸਮਾਨ ਨਾਲ ਹੋਈ ਵਾਰਤਾਲਾਪ ਬਾਰੇ ਕੁਝ ਜਾਣਕਾਰੀ ਦਰਜ ਕੀਤੀ ਗਈ ਹੈ। ਇਸ ਜਾਣਕਾਰੀ ਦੇ ਅਖੀਰ ਵਿਚ ਲਿਖਿਆ ਹੋਇਆ ਹੈ ਕਿ 'ਅੰਤ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਉਬਾਰੇ ਖ਼ਾਂ ਪਠਾਣ ਨੇ ਗੁਰੂ ਜੀ ਨੂੰ ਖ਼ੁਦਾਈ ਦਾ ਰੂਪ ਮੰਨਿਆ।'
ਮੁਗ਼ਲ ਹਕੂਮਤ ਸਮੇਂ ਇਹ ਬਹੁਤ ਵੱਡਾ ਸ਼ਹਿਰ ਸੀ ਅਤੇ ਇਸ ਦੇ ਬਾਜ਼ਾਰਾਂ ਅਤੇ ਮੰਡੀ ਵਿਚ ਹਰ ਪ੍ਰਕਾਰ ਦਾ ਸਾਮਾਨ ਮਿਲਦਾ ਸੀ। ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ ਮੁਗ਼ਲ ਬਾਦਸ਼ਾਹ ਨਸੀਰੂਦੀਨ ਮੁਹੰਮਦ ਸ਼ਾਹ (ਸੰਨ 1702-1748) ਦੇ ਸਮੇਂ ਪੰਜ ਵਰ੍ਹੇ ਇਹ ਗੁਰਦੁਆਰਾ ਵੀਰਾਨ ਰਿਹਾ। ਸਿੱਖ ਮਿਸਲਾਂ ਸਮੇਂ ਸ: ਗੁਰਬਖ਼ਸ਼ ਸਿੰਘ ਭੰਗੀ ਦਾ ਪੁੱਤਰ ਸ: ਜੋਧ ਸਿੰਘ ਭੰਗੀ ਇਸ ਪਿੰਡ ਦਾ ਹਾਕਮ ਬਣਿਆ। ਸਿੱਖ ਰਾਜ ਸਮੇਂ ਇਸ ਪਿੰਡ ਦਾ ਤਹਿਸੀਲ ਦਾ ਦਰਜਾ ਕਾਇਮ ਰਿਹਾ। ਇਸ ਪਿੰਡ ਦੇ ਸ: ਜੋਧ ਸਿੰਘ ਸੌੜੀਆਂਵਾਲਾ ਅਤੇ ਉਸ ਦਾ ਪੁੱਤਰ ਸ: ਅਮੀਰ ਸਿੰਘ ਸੌੜੀਆਂਵਾਲਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਜਰਨੈਲ ਸਨ। ਸ: ਜੋਧ ਸਿੰਘ ਸੌੜੀਆਂਵਾਲਾ ਦੇ ਅਧੀਨ 300 ਘੋੜ-ਸਵਾਰ ਅਤੇ ਪੈਦਲ ਸੈਨਾ ਸੀ ਅਤੇ ਮਹਾਰਾਜੇ ਵਲੋਂ ਡੇਢ ਲੱਖ ਰੁਪਏ ਦੀ ਜਾਗੀਰ ਪਿੰਡ ਸੌੜੀਆਂ 'ਚ ਦਿੱਤੀ ਗਈ ਸੀ। ਸਿੱਖ ਰਾਜ ਸਮੇਂ ਸੌੜੀਆਂ ਵਿਚਲੇ ਉਕਤ ਗੁਰਦੁਆਰੇ ਦੀ ਪੁਰਾਣੀ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ।


-ਮੋਬਾ: 93561-27771


ਖ਼ਬਰ ਸ਼ੇਅਰ ਕਰੋ

ਬੜਾ ਅਜੀਬ ਬਾਦਸ਼ਾਹ ਸੀ ਮੁਹੰਮਦ ਤੁਗਲਕ

ਮੁਹੰਮਦ ਬਿਨ ਤੁਗਲਕ ਤੁਗਲਕ ਵੰਸ਼ ਦੇ ਸ਼ਾਸਕ ਗਿਆਸਉੱਦੀਨ ਤੁਗਲਕ ਦਾ ਵੱਡਾ ਪੁੱਤਰ ਸੀ। ਮੁਹੰਮਦ ਬਿਨ ਤੁਗਲਕ ਦਾ ਬਚਪਨ ਦਾ ਨਾਂਅ ਜੂਨਾ ਖਾਂ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਉਸ ਨੂੰ ਕੁਰਾਨ, ਮੁਸਲਿਮ ਸ਼ਰੀਅਤ, ਖਗੋਲਸ਼ਾਸਤਰ, ਦਰਸ਼ਨ ਸ਼ਾਸਤਰ, ਭੂਗੋਲ ਅਤੇ ਚਿਕਿਤਸਾ ਵਿਗਿਆਨ ਦਾ ਡੂੰਘਾ ਗਿਆਨ ਸੀ ਅਤੇ ਉਸ ਅੰਦਰ ਜਾਨਣ ਦੀ ਤੀਬਰ ਇੱਛਾ ਸੀ। ਸ਼ਾਸਕ ਗਿਆਸਉੱਦੀਨ ਤੁਗਲਕ ਨੇ ਉਸ ਦੀ ਯੋਗਤਾ ਦੇਖਦੇ ਹੋਏ ਮੁਹੰਮਦ ਬਿਨ ਤੁਗਲਕ ਨੂੰ 'ਉਲਗ ਖਾਂ' ਦੀ ਉਪਾਧੀ ਦਿੱਤੀ ਸੀ। ਪਰ ਮੁਹੰਮਦ ਬਿਨ ਤੁਗਲਕ ਵਿਚ ਧੀਰਜ ਦੀ ਘਾਟ ਸੀ ਅਤੇ ਉਹ ਆਪਣੇ ਫੈਸਲਿਆਂ ਨੂੰ ਤੁਰੰਤ ਹੀ ਲਾਗੂ ਕਰਨ ਦੀ ਕਾਹਲ ਵਿਚ ਰਹਿੰਦਾ ਸੀ। ਅਸਲੀਅਤ ਵਿਚ ਉਸ ਦਾ ਵਿਵਹਾਰ ਬਹੁਤ ਹੀ ਅਜੀਬ ਅਤੇ ਗੁੰਝਲਦਾਰ ਸੀ। ਇਕ ਵਕਤ ਜੇਕਰ ਉਹ ਆਪਣੇ ਤੋਹਫਿਆਂ ਅਤੇ ਮਹਿਮਾਨਨਿਵਾਜ਼ੀ ਨਾਲ ਸਭ ਦਾ ਮਨ ਮੋਹ ਲੈਂਦਾ ਤਾਂ ਦੂਜੇ ਵਕਤ ਖੂਨ ਦਾ ਪਿਆਸਾ ਹੋ ਜਾਂਦਾ। ਇਕ ਪਲ ਉਹ ਬਹੁਤ ਹੀ ਨਿਮਰ ਅਤੇ ਦਿਆਲੂ ਨਜ਼ਰ ਆਉਂਦਾ ਪਰ ਦੂਜੇ ਹੀ ਪਲ ਉਹ ਨਿਰਦਈ ਅਤੇ ਜ਼ਾਲਮ ਜਾਪਦਾ। ਸੁਲਤਾਨ ਮੁਹੰਮਦ ਬਿਨ ਤੁਗਲਕ ਆਪਣੇ ਸਮੇਂ ਦੇ ਸਭ ਤੋਂ ਜ਼ਾਲਮ ਸ਼ਾਸਕਾਂ ਵਿਚੋਂ ਇਕ ਸੀ। ਉਸ ਦੇ ਦਰਬਾਰ ਵਿਚ ਜ਼ਿੰਦਾ ਆਦਮੀਆਂ ਦੀ ਖੱਲ ਲੁਹਾਉਣਾ, ਲੋਕਾਂ ਦੀਆਂ ਲਾਸ਼ਾਂ ਨੂੰ ਖੰਭਿਆਂ 'ਤੇ ਟੰਗਣਾ, ਛਾਤੀਆਂ 'ਤੇ ਗਰਮ ਰਾਡਾਂ ਲਾਉਣੀਆਂ ਆਦਿ ਆਮ ਗੱਲ ਸੀ। ਇਸ ਕਾਰਨ ਲੋਕ ਉਸ ਨੂੰ 'ਕਮਲਾ ਸੁਲਤਾਨ' ਕਹਿੰਦੇ ਸਨ ਅਤੇ ਉਸ ਦੇ ਹੁਕਮਾਂ ਨੂੰ 'ਤੁਗਲਕੀ ਫਰਮਾਨ' ਆਖਦੇ ਸਨ।
ਇਕ ਵਾਰ ਸੁਲਤਾਨ ਦੁਆਰਾ ਇਕ ਬਗਾਵਤੀ ਨੂੰ ਮਾਰ ਕੇ ਉਸ ਦੇ ਮਾਸ ਨੂੰ ਬਰਿਆਨੀ ਵਿਚ ਭੁੰਨ ਕੇ ਉਸੇ ਬਗਾਵਤੀ ਦੇ ਪਰਿਵਾਰ ਨੂੰ ਖਾਣ ਲਈ ਮਜਬੂਰ ਕੀਤਾ ਗਿਆ। ਬਾਦਸ਼ਾਹ ਦੇ ਗੱਦੀ 'ਤੇ ਬੈਠਣ ਦਾ ਘਟਨਾਕ੍ਰਮ ਵੀ ਬਹੁਤ ਹੀ ਨਾਟਕੀ ਸੀ। ਇਤਿਹਾਸਕਾਰਾਂ ਅਨੁਸਾਰ ਮੁਹੰਮਦ ਬਿਨ ਤੁਗਲਕ ਦੁਆਰਾ ਆਪਣੇ ਪਿਤਾ ਦੀ ਬੰਗਾਲ ਜਿੱਤਣ ਦੀ ਖੁਸ਼ੀ ਵਿਚ ਜਲਦੀ ਵਿਚ ਇਕ ਸ਼ਾਮਿਆਨਾ ਤਿਆਰ ਕੀਤਾ ਗਿਆ ਪਰ ਉਸ ਸ਼ਾਮਿਆਨੇ ਉੱਪਰ ਹਾਥੀਆਂ ਦੇ ਚੜ੍ਹਨ ਤੋਂ ਬਾਅਦ ਸ਼ਾਮਿਆਨਾ ਥੱਲੇ ਡਿੱਗ ਪਿਆ, ਜਿਸ ਕਾਰਨ ਮੁਹੰਮਦ ਬਿਨ ਤੁਗਲਕ ਦੇ ਪਿਤਾ ਗਿਆਸਉਦੀਨ ਤੁਗਲਕ ਦੀ ਮੌਤ ਹੋ ਗਈ। ਮੋਰਾਕੋ ਯਾਤਰੀ ਇਬਨਬਤੂਤਾ ਅਨੁਸਾਰ ਰਾਜਕੁਮਾਰ ਮੁਹੰਮਦ ਬਿਨ ਤੁਗਲਕ ਨੇ ਆਪਣੇ ਪਿਤਾ ਨੂੰ ਮਾਰਨ ਲਈ ਹੀ ਇਹ ਸਾਜਿਸ਼ ਬਣਾਈ ਸੀ। ਮੁਹੰਮਦ ਬਿਨ ਤੁਗਲਕ ਨੇ ਗੱਦੀ 'ਤੇ ਬੈਠਣ ਤੋਂ ਬਾਅਦ ਕੁਝ ਅਜਿਹੇ ਵਿਵਾਦਤ ਤਜਰਬੇ ਕੀਤੇ, ਜਿਸ ਦੇ ਬਾਅਦ ਵਿਚ ਬਹੁਤ ਭਿਆਨਕ ਸਿੱਟੇ ਨਿਕਲੇ। ਉਸ ਨੇ ਸਭ ਤੋਂ ਪਹਿਲਾਂ 1327 ਈਸਵੀ ਵਿਚ ਰਾਜਧਾਨੀ ਨੂੰ ਦਿੱਲੀ ਤੋਂ ਦੇਵਗਿਰੀ ਬਦਲਣ ਦਾ ਨਿਰਣਾ ਲਿਆ, ਜਿਸ ਦਾ ਬਾਅਦ ਵਿਚ ਨਾਂਅ ਤਬਦੀਲ ਕਰਕੇ ਦੌਲਤਾਬਾਦ ਰੱਖ ਦਿੱਤਾ ਗਿਆ ਸੀ। ਦਰਅਸਲ ਰਾਜਧਾਨੀ ਬਦਲਣ ਦਾ ਕਾਰਨ ਦਿੱਲੀ ਦਾ ਭਾਰਤ ਦੀ ਉੱਤਰੀ-ਪੱਛਮੀ ਸੀਮਾ ਦੇ ਨੇੜੇ ਹੋਣਾ ਸੀ, ਜਿਸ ਕਾਰਨ ਦਿੱਲੀ 'ਤੇ ਮੰਗੋਲਾਂ ਦੇ ਹਮਲੇ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਸੀ। ਇਸ ਡਰ ਨੂੰ ਦੂਰ ਕਰਨ ਦੇ ਇਰਾਦੇ ਨਾਲ ਮੁਹੰਮਦ ਬਿਨ ਤੁਗਲਕ ਨੇ ਰਾਜਧਾਨੀ ਨੂੰ ਦੌਲਤਾਬਾਦ ਤਬਦੀਲ ਕਰਨ ਦਾ ਫੈਸਲਾ ਕੀਤਾ।
ਇਸ ਤੋਂ ਇਲਾਵਾ ਇਤਿਹਾਸਕਾਰਾਂ ਦਾ ਮਤ ਹੈ ਕਿ ਦੱਖਣੀ ਭਾਰਤ ਵਿਚ ਬਗਾਵਤਾਂ ਨੂੰ ਦਬਾਉਣ ਲਈ ਅਤੇ ਵੱਧ ਕਰ ਉਗਰਾਉਣ ਦੇ ਇਰਾਦੇ ਨਾਲ ਇਹ ਫੈਸਲਾ ਲਿਆ। ਦਿੱਲੀ ਤੋਂ ਦੌਲਤਾਬਾਦ ਦਾ ਸਫ਼ਰ ਲਗਪਗ 1500 ਕਿਲੋਮੀਟਰ ਸੀ। ਸੁਲਤਾਨ ਦੁਆਰਾ ਸਾਰੇ ਲੋਕਾਂ ਨੂੰ ਦੌਲਤਾਬਾਦ ਜਾਣ ਦਾ ਫਰਮਾਨ ਜਾਰੀ ਕੀਤਾ ਗਿਆ। ਲੋਕਾਂ ਨੂੰ ਮਜਬੂਰੀ ਵੱਸ ਸੁਲਤਾਨ ਦੇ ਹੁਕਮ ਦੀ ਪਾਲਣਾ ਕਰਨੀ ਪਈ। ਕਿਸੇ ਵੀ ਵਿਅਕਤੀ ਦੇ ਦਿੱਲੀ ਵਿਚ ਰਹਿਣ ਦੀ ਮਨਾਹੀ ਕਰ ਦਿੱਤੀ ਗਈ। ਇਤਿਹਾਸਕਾਰ ਇਬਨਬਤੂਤਾ ਅਨੁਸਾਰ ਪੂਰੇ ਸ਼ਹਿਰ ਦੀ ਤਲਾਸ਼ੀ ਲੈਣ 'ਤੇ ਇਕ ਅੰਨ੍ਹਾ ਅਤੇ ਇਕ ਲੰਗੜਾ ਵਿਅਕਤੀ ਮਿਲੇ। ਲੰਗੜੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਅੰਨ੍ਹੇ ਵਿਅਕਤੀ ਨੂੰ ਘੋੜੇ ਦੀ ਪੂਛ ਨਾਲ ਬੰਨ੍ਹ ਕੇ ਘਸੀਟਦੇ ਹੋਏ ਦੌਲਤਾਬਾਦ ਲਿਜਾਇਆ ਗਿਆ ਪਰ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ ਅਤੇ ਉਸ ਦੀ ਕੇਵਲ ਇਕ ਲੱਤ ਹੀ ਦੌਲਤਾਬਾਦ ਪਹੁੰਚੀ। ਪਰ ਸੁਲਤਾਨ ਦੀ ਇਹ ਯੋਜਨਾ ਪੂਰੀ ਤਰ੍ਹਾਂ ਅਸਫਲ ਰਹੀ, ਕਿਉਂਕਿ ਰਸਤੇ ਦੀਆਂ ਦੁਸ਼ਵਾਰੀਆਂ ਕਰਕੇ ਹੀ ਬਹੁਤ ਸਾਰੇ ਲੋਕ ਮਰ ਗਏ। ਦਿੱਲੀ ਦੇ ਲੋਕਾਂ ਦਾ ਦਿਲ ਉੱਥੇ ਨਹੀਂ ਲੱਗਾ ਅਤੇ ਨਾ ਹੀ ਸੁਲਤਾਨ ਉੱਤਰੀ-ਪੱਛਮੀ ਸੀਮਾ 'ਤੇ ਹੋ ਰਹੀਆਂ ਗੜਬੜੀਆਂ 'ਤੇ ਕਾਬੂ ਪਾ ਸਕਿਆ। ਫਿਰ ਕੁਝ ਦੇਰ ਬਾਅਦ ਸੁਲਤਾਨ ਨੂੰ ਅਹਿਸਾਸ ਹੋਇਆ ਕਿ ਭਾਵੇਂ ਦੇਵਗਿਰੀ ਉੱਤਰੀ-ਪੱਛਮੀ ਸੀਮਾ ਤੋਂ ਦੂਰੀ 'ਤੇ ਹੋਣ ਕਰਕੇ ਇਕ ਸੁਰੱਖਿਅਤ ਰਾਜਧਾਨੀ ਹੈ ਪਰ ਦੇਵਗਿਰੀ ਦੇ ਜ਼ਿਆਦਾ ਦੂਰੀ 'ਤੇ ਹੋਣ ਕਰਕੇ ਇੱਥੋਂ ਉੱਤਰੀ ਭਾਰਤ ਦੀ ਮੰਗੋਲਾਂ ਦੇ ਹਮਲਿਆ ਤੋਂ ਰੱਖਿਆ ਕਰਨੀ ਮੁਮਕਿਨ ਨਹੀਂ।
ਇਸ ਲਈ ਸੁਲਤਾਨ ਨੇ ਕੁਝ ਸਾਲਾਂ ਬਾਅਦ ਫਿਰ ਤੋਂ ਰਾਜਧਾਨੀ ਵਾਪਸ ਦਿੱਲੀ ਬਦਲਣ ਦਾ ਹੁਕਮ ਜਾਰੀ ਕਰ ਦਿੱਤਾ। ਦੁਆਬ ਵਿਚ ਕਰ ਵਾਧਾ ਕਰਨਾ ਬਾਦਸ਼ਾਹ ਦੀ ਇਕ ਹੋਰ ਭੁੱਲ ਸੀ। ਭਾਵੇਂ ਕਿ ਗੰਗਾ-ਜਮੁਨਾ ਦਾ ਦੁਆਬ ਇਕ ਉਪਜਾਊ ਖਿੱਤਾ ਸੀ ਪਰ ਕਰ ਵਿਚ ਵਾਧਾ ਕਰਨ ਦਾ ਵਕਤ ਉਚਿਤ ਨਹੀਂ ਸੀ। ਇਕ ਤਾਂ ਲੋਕਾਂ ਦਾ ਕਾਲ ਕਾਰਨ ਪਹਿਲਾਂ ਹੀ ਲੱਕ ਟੁੱਟ ਚੁੱਕਾ ਸੀ, ਦੂਜਾ ਬਾਦਸ਼ਾਹ ਦੇ ਕਰ ਉਗਰਾਹੁਣ ਵਾਲੇ ਕਰਮਚਾਰੀ ਕਿਸਾਨਾਂ ਨਾਲ ਬਹੁਤ ਸਖ਼ਤੀ ਨਾਲ ਪੇਸ਼ ਆਉਂਦੇ ਸਨ, ਜਿਸ ਤੋਂ ਕਿਸਾਨ ਤੰਗ ਆ ਕੇ ਜੰਗਲਾਂ ਵੱਲ ਦੌੜ ਗਏ। ਇਤਿਹਾਸਕਾਰ ਬਰਨੀ ਅਨੁਸਾਰ ਕਿਸਾਨਾਂ ਦਾ ਪਿੱਛਾ ਕੀਤਾ ਗਿਆ ਅਤੇ ਉਨ੍ਹਾਂ ਦਾ ਪਸ਼ੂਆਂ ਵਾਂਗ ਸ਼ਿਕਾਰ ਕੀਤਾ ਗਿਆ। ਸੁਲਤਾਨ ਇੱਥੇ ਹੀ ਨਹੀਂ ਰੁਕਿਆ ਅਤੇ ਉਸ ਨੇ ਆਪਣੇ ਤਜਰਬਿਆਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਰਾਤੋ-ਰਾਤ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਨੂੰ ਬੰਦ ਕਰਕੇ ਤਾਂਬੇ ਦੇ ਸਿੱਕੇ ਚਲਾਉਣ ਦਾ ਫਰਮਾਨ ਜਾਰੀ ਕਰ ਦਿੱਤਾ। ਦਰਅਸਲ ਮੱਧ ਕਾਲੀਨ ਸਮੇਂ ਲੈਣ-ਦੇਣ ਸੋਨੇ ਅਤੇ ਚਾਂਦੀ ਦੇ ਸਿੱਕਿਆਂ ਰਾਹੀਂ ਕੀਤਾ ਜਾਂਦਾ ਸੀ। 14ਵੀਂ ਸਦੀ ਵਿਚ ਭਾਰਤ ਵਿਚ ਚਾਂਦੀ ਦੀ ਕਮੀ ਆ ਗਈ, ਜਿਸ ਕਾਰਨ ਚਾਂਦੀ ਦੇ ਸਿੱਕੇ ਘੱਟ ਮਾਤਰਾ ਵਿਚ ਤਿਆਰ ਹੋਣ ਲੱਗੇ, ਜਿਸ ਨੂੰ ਦੇਖਦੇ ਹੋਏ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਦੁਆਰਾ ਤਾਂਬੇ ਦੀ ਮੁਦਰਾ ਚਲਾਉਣ ਦਾ ਨਿਰਣਾ ਲਿਆ ਗਿਆ।
ਉਸ ਸਮੇਂ ਚਾਂਦੀ ਦੇ ਸਿੱਕੇ ਨੂੰ 'ਟੰਕਾ' ਅਤੇ ਤਾਂਬੇ ਦੇ ਸਿੱਕੇ ਨੂੰ 'ਜੀਤਲ' ਕਿਹਾ ਜਾਂਦਾ ਸੀ। ਸੁਲਤਾਨ ਦੇ ਆਦੇਸ਼ ਨਾਲ ਤਾਂਬੇ ਦੇ ਜੀਤਲ ਦਾ ਮੁੱਲ ਚਾਂਦੀ ਦੇ ਟਾਂਕੇ ਦੇ ਬਰਾਬਰ ਕਰ ਦਿੱਤਾ ਗਿਆ। ਲੋਕਾਂ ਤੋਂ ਚਾਂਦੀ ਦੇ ਸਿੱਕੇ ਲੈ ਕੇ ਬਦਲੇ ਵਿਚ ਤਾਂਬੇ ਦੇ ਸਿੱਕੇ ਦਿੱਤੇ ਗਏ ਪਰ ਟਕਸਾਲ 'ਤੇ ਬਾਦਸ਼ਾਹ ਦਾ ਪੂਰਾ ਕੰਟਰੋਲ ਨਾ ਹੋਣ ਕਰਕੇ ਲੋਕ ਘਰਾਂ ਵਿਚ ਹੀ ਜਾਅਲੀ ਤਾਂਬੇ ਦੇ ਸਿੱਕੇ ਤਿਆਰ ਕਰਨ ਲੱਗੇ। ਬਾਜ਼ਾਰ ਵਿਚ ਤਾਂਬੇ ਦੇ ਸਿੱਕਿਆਂ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਨ੍ਹਾਂ ਦਾ ਮੁੱਲ ਬਹੁਤ ਜ਼ਿਆਦਾ ਡਿੱਗ ਗਿਆ। ਇਸ ਤੋਂ ਇਲਾਵਾ ਵਪਾਰ ਸਮੇਂ ਵਿਦੇਸ਼ੀਆਂ ਨੇ ਵੀ ਤਾਂਬੇ ਦੇ ਸਿੱਕੇ ਲੈਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਨ੍ਹਾਂ ਲਈ ਇਹ ਸਿੱਕੇ ਪੱਥਰ ਸਮਾਨ ਸਨ। ਇਸ ਨਾਲ ਵਣਜ ਅਤੇ ਵਪਾਰ ਨੂੰ ਧੱਕਾ ਲੱਗਿਆ। ਆਪਣੀ ਯੋਜਨਾ ਨੂੰ ਅਸਫਲ ਹੁੰਦੇ ਦੇਖ ਸੁਲਤਾਨ ਨੇ ਫਿਰ ਤੋਂ ਸੋਨੇ ਅਤੇ ਚਾਂਦੀ ਦੇ ਸਿੱਕੇ ਚਲਾਉਣ ਦਾ ਫੈਸਲਾ ਲਿਆ। ਇਸ ਵਾਰ ਲੋਕਾਂ ਨੂੰ ਤਾਂਬੇ ਦੇ ਸਿੱਕੇ ਵਾਪਸ ਕਰਕੇ ਬਦਲੇ ਵਿਚ ਸੋਨੇ ਅਤੇ ਚਾਂਦੀ ਦੇ ਸਿੱਕੇ ਲੈਣ ਲਈ ਕਿਹਾ ਗਿਆ। ਲੋਕਾਂ ਨੇ ਗੈਰ-ਕਾਨੂੰਨੀ ਢੰਗ ਨਾਲ ਤਿਆਰ ਕੀਤੇ ਤਾਂਬੇ ਦੇ ਸਿੱਕਿਆਂ ਦੇ ਬਦਲੇ ਸੋਨੇ ਅਤੇ ਚਾਂਦੀ ਦੇ ਸਿੱਕੇ ਲੈ ਲਏ। ਬਾਦਸ਼ਾਹ ਦੀ ਇਸ ਮੂਰਖਤਾ ਰਾਹੀਂ ਸ਼ਾਹੀ ਖਜ਼ਾਨੇ ਨੂੰ ਬਹੁਤ ਵੱਡਾ ਖੋਰਾ ਲੱਗਿਆ। ਸ਼ਾਹੀ ਮਹਿਲ ਦੇ ਬਾਹਰ ਬੇਕਾਰ ਤਾਂਬੇ ਦੇ ਸਿੱਕਿਆਂ ਦਾ ਅੰਬਾਰ ਲੱਗ ਗਿਆ, ਜੋ ਕਿ ਕਈ ਦਹਾਕਿਆਂ ਤੱਕ ਪਿਆ ਰਿਹਾ। ਸੁਲਤਾਨ ਮੁਹੰਮਦ ਬਿਨ ਤੁਗਲਕ ਇਕ ਉੱਚੇ ਮਨਸੂਬਿਆਂ ਵਾਲਾ ਵਿਅਕਤੀ ਸੀ ਅਤੇ ਉਹ ਆਪਣੇ ਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ।
ਇਸ ਲਈ ਸੁਲਤਾਨ ਦੁਆਰਾ ਖੁਰਾਸਨ ਨੂੰ ਫ਼ਤਹਿ ਕਰਨ ਦੀ ਯੋਜਨਾ ਬਣਾਈ ਗਈ। ਇਸ ਲਈ ਬਾਦਸ਼ਾਹ ਦੁਆਰਾ ਲਗਪਗ ਇਕ ਲੱਖ ਦੇ ਕਰੀਬ ਸੈਨਾ ਤਿਆਰ ਕੀਤੀ ਗਈ ਅਤੇ ਇੰਨੀ ਵਿਸ਼ਾਲ ਸੈਨਾ ਦੇ ਰੱਖ-ਰਖਾਅ 'ਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਗਿਆ। ਪਰ ਕੁਝ ਸਮੇਂ ਬਾਅਦ ਬਾਦਸ਼ਾਹ ਦੁਆਰਾ ਖੁਰਾਸਨ ਨੂੰ ਜਿੱਤਣ ਦਾ ਵਿਚਾਰ ਤਿਆਗ ਦਿੱਤਾ ਗਿਆ, ਜਿਸ ਨਾਲ ਸੁਲਤਾਨ ਦੁਆਰਾ ਸੈਨਾ 'ਤੇ ਖਰਚ ਕੀਤਾ ਪੈਸਾ ਵਿਅਰਥ ਗਿਆ। ਇਸ ਤੋਂ ਇਲਾਵਾ ਸੁਲਤਾਨ ਨੇ ਪਹਾੜੀ ਇਲਾਕੇ ਕਰਾਚਲ ਨੂੰ ਫ਼ਤਹਿ ਕਰਨ ਦੀ ਯੋਜਨਾ ਬਣਾਈ। ਕਰਾਚਲ ਭਾਰਤ ਅਤੇ ਚੀਨ ਦੀ ਸਰਹੱਦ 'ਤੇ ਇਕ ਹਿੰਦੂ ਰਾਜ ਸੀ, ਜਿਸ ਲਈ ਵੱਡੀ ਗਿਣਤੀ ਵਿਚ ਸੈਨਾ ਨੂੰ ਕਰਾਚਲ 'ਤੇ ਹਮਲਾ ਕਰਨ ਲਈ ਭੇਜਿਆ ਗਿਆ। ਪਰ ਕਰਾਚਲ ਦੀ ਭਿਆਨਕ ਸਰਦੀ ਅਤੇ ਪਹਾੜੀ ਇਲਾਕੇ ਕਾਰਨ ਸੈਨਾ ਨੂੰ ਬਹੁਤ ਔਕੜਾਂ ਆਈਆਂ। 10,000 ਬੰਦਿਆਂ ਦੀ ਫ਼ੌਜ ਵਿਚੋਂ ਸਿਰਫ 10 ਬੰਦਿਆਂ ਦਾ ਹੀ ਵਾਪਸ ਦਿੱਲੀ ਮੁੜਨਾ ਸ਼ਰਮਨਾਕ ਹਾਰ ਦੀ ਕਹਾਣੀ ਬਿਆਨ ਕਰਦਾ ਹੈ। ਇਸ ਤਰ੍ਹਾਂ ਸੁਲਤਾਨ ਦੇ ਇਹ ਤਜਰਬੇ ਪੂਰੀ ਤਰ੍ਹਾਂ ਅਸਫਲ ਰਹੇ। ਆਮ ਜਨਤਾ ਵਿਚ ਸੁਲਤਾਨ ਖਿਲਾਫ ਰੋਹ ਵਧਦਾ ਗਿਆ ਅਤੇ ਥਾਂ-ਥਾਂ 'ਤੇ ਬਗਾਵਤਾਂ ਹੋਣ ਲੱਗੀਆਂ। ਸੁਲਤਾਨ ਇਨ੍ਹਾਂ ਬਗਾਵਤਾਂ 'ਤੇ ਕਾਬੂ ਪਾਉਣ ਵਿਚ ਅਸਫਲ ਰਿਹਾ ਅਤੇ ਦਿੱਲੀ ਸਮਰਾਜ ਖੇਰੂੰ-ਖੇਰੂੰ ਹੋਣ ਲੱਗਾ। ਇਸੇ ਵਿਚਕਾਰ ਹੀ 1351 ਈਸਵੀ ਨੂੰ ਸਿੰਧ ਵਿਚ ਸੁਲਤਾਨ ਦੀ ਮੌਤ ਹੋ ਗਈ ਅਤੇ ਆਮ ਜਨਤਾ ਨੇ ਸੁੱਖ ਦਾ ਸਾਹ ਲਿਆ।


-masteramrinder@gmail.com

ਪੀਰ ਮੁਰੀਦਾਂ ਪਿਰਹੜੀ

ਪੀਰ ਬਹਿਲੋਲ

ਬਗ਼ਦਾਦ ਵਿਖੇ ਦਜਲਾ ਦੇ ਕਿਨਾਰੇ ਰੱਬੀ ਰੰਗ ਵਿਚ ਰੰਗਿਆ ਫ਼ਕੀਰ ਬਹਿਲੋਲ ਇਕ ਕੁਟੀਆ ਵਿਚ ਰਹਿੰਦਾ ਸੀ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਗ਼ਦਾਦ ਗਏ ਤਾਂ ਇਸ ਪੀਰ ਨਾਲ ਮੇਲ ਹੋਇਆ। ਗਿਆਨ ਦੀਆਂ ਗੱਲਾਂ ਚੱਲੀਆਂ ਅਤੇ ਸਤਿਗੁਰੂ ਜੀ ਦੀ ਸ਼ਖ਼ਸੀਅਤ ਨੇ ਪੀਰ ਨੂੰ ਦੀਵਾਨਾ ਬਣਾ ਦਿੱਤਾ। ਇਹ ਗੁਰੂ ਸਾਹਿਬ ਜੀ ਦੇ ਸਰਬ ਸਾਂਝੇ ਨਿਰਮਲ ਉਪਦੇਸ਼ ਦਾ ਕਾਇਲ ਹੋ ਗਿਆ ਅਤੇ ਉਨ੍ਹਾਂ ਦਾ ਮੁਰੀਦ ਬਣ ਗਿਆ। ਇਸ ਨੇ ਕਈ ਵਾਰ ਬੇਨਤੀ ਕਰ ਕੇ ਗੁਰੂ ਸਾਹਿਬ ਨੂੰ ਅਟਕਾਈ ਰੱਖਿਆ। ਆਖ਼ਿਰ ਇਸ 'ਤੇ ਮਿਹਰ ਨਦਰਿ ਪਾ ਕੇ ਗੁਰੂ ਜੀ ਹੋਰ ਧਰਤੀਆਂ ਨੂੰ ਤਾਰਨ ਲਈ ਤੁਰ ਪਏ। ਪੀਰ ਬਹਿਲੋਲ ਉਸ ਤੋਂ ਬਾਅਦ ਸੱਠ ਸਾਲ ਜਿਊਂਦਾ ਰਿਹਾ ਪਰ ਉਸ ਦੀ ਖਾਮੋਸ਼ ਪ੍ਰੀਤ ਇਕ ਮਿਸਾਲ ਬਣ ਗਈ। ਜਿਥੇ ਬੈਠ ਕੇ ਗੁਰੂ ਸਾਹਿਬ ਇਸ ਨਾਲ ਵਾਰਤਾਲਾਪ ਕਰਦੇ ਸਨ, ਇਹ ਉਸ ਪੱਥਰ ਦੇ ਸਾਹਮਣੇ ਸਿਜਦਾ ਕਰ ਕੇ ਬੈਠ ਗਿਆ ਅਤੇ ਡੂੰਘੀ ਚੁੱਪ ਧਾਰਨ ਕਰ ਲਈ। ਨਾ ਇਹ ਕਿਸੇ ਨਾਲ ਬੋਲਦਾ ਸੀ, ਨਾ ਕਿਸੇ ਨੂੰ ਮਿਲਦਾ ਸੀ ਅਤੇ ਨਾ ਕਿਸੇ ਦੀ ਗੱਲ ਸੁਣਦਾ ਸੀ। ਇਸ ਦੀ ਅਨੋਖੀ ਦਾਸਤਾਨ ਨੂੰ ਸੁਣ ਕੇ ਅਤੇ ਇਸ ਦੀ ਡੂੰਘੀ ਸਰਸ਼ਾਰਤਾ ਨੂੰ ਦੇਖ ਕੇ ਲੋਕ ਇਸ ਦੀ ਮਾਨਤਾ ਕਰਨ ਲੱਗੇ। ਸ਼ਾਹ ਆਪ ਇਸ ਲਈ ਭੇਟਾਵਾਂ ਲੈ ਕੇ ਨਤਮਸਤਕ ਹੋਇਆ ਪਰ ਪੀਰ ਨੇ ਅੱਖ ਪੁੱਟ ਕੇ ਵੀ ਨਾ ਦੇਖਿਆ। ਜਿਵੇਂ ਚਕਵੀਂ ਸੂਰਜ ਨੂੰ ਅਤੇ ਚਕੋਰ ਚੰਦ ਨੂੰ ਨਿਹਾਰਦੇ ਹਨ, ਇਉਂ ਹੀ ਬਹਿਲੋਲ ਆਪਣੇ ਮਹਿਬੂਬ ਦੀ ਛੋਹ ਨਾਲ ਸੁਗੰਧਿਤ ਸਥਾਨ 'ਤੇ ਹੀ ਸਮਾਧੀ ਸਥਿਤ ਹੋਇਆ ਰਹਿੰਦਾ। ਇਸ ਦਾ ਸਰੀਰ ਬਿਰਧ ਹੋ ਗਿਆ ਪਰ ਗਰਮੀ ਸਰਦੀ ਦੀ ਪ੍ਰਵਾਹ ਕੀਤੇ ਬਗ਼ੈਰ ਇਹ ਆਪਣੇ ਆਸਣ 'ਤੇ ਸਜਿਆ ਰਿਹਾ। 1920 ਵਿਚ ਸਵੀਡਨ ਨਾਰਵੇ ਵਿਚ ਵਸਦੇ ਸੰਨਿਆਸੀ ਆਨੰਦਾ ਚਾਰਯ ਨੇ ਉਸ ਥਾਂ ਦੇ ਦਰਸ਼ਨ ਕਰਕੇ ਦੇਖਿਆ ਕਿ ਉੱਥੇ ਇਕ ਅਰਬੀ ਭਾਸ਼ਾ ਦੀ ਇਬਾਰਤ ਖੁਣੀ ਹੋਈ ਹੈ, ਜਿਸ ਦਾ ਤਰਜਮਾ ਇਉਂ ਹੈ : 'ਇਸ ਥਾਂ 'ਤੇ ਗੁਰੂ ਨਾਨਕ ਜੀ ਨੇ ਫ਼ਕੀਰ ਬਹਿਲੋਲ ਨਾਲ ਬਚਨ ਕੀਤੇ। ਜਦੋਂ ਗੁਰੂ ਜੀ ਈਰਾਨ ਤੋਂ ਵਾਪਸ ਚਲੇ ਗਏ, ਬਹਿਲੋਲ ਦੀ ਰੂਹ ਉਨ੍ਹਾਂ ਦੇ ਬਚਨਾਂ 'ਤੇ ਟਿਕੀ ਰਹੀ ਜਿਵੇਂ ਸ਼ਹਿਦ ਭਰੇ ਸਰਘੀ ਪ੍ਰਕਾਸ਼ ਨਾਲ ਚਮਕੇ ਗੁਲਾਬ ਉੱਤੇ ਸ਼ਹਿਦ ਦੀ ਮੱਖੀ ਟਿਕੀ ਹੁੰਦੀ ਹੈ।'
ਆਨੰਦਾਚਾਰੀਆ ਨੇ ਆਪਣੀ ਕਾਵਿ-ਪੁਸਤਕ 'ਸਨੋਬਰਡਜ਼' ਵਿਚ ਇਸ ਇਕ ਭਾਵਪੂਰਤ ਕਵਿਤਾ ਵੀ ਲਿਖੀ ਹੈ। ਅੱਜ ਵੀ ਇਹ ਯਾਦਗਾਰੀ ਸਥਾਨ ਅਤੇ ਇਸ ਉੱਤੇ ਉੱਕਰੇ ਅਰਬੀ ਸ਼ਿਲਾਲੇਖ ਕਾਇਮ ਹਨ। ਇਹ ਪੰਕਤੀਆਂ ਪੀਰ ਦੀ ਸੱਚੀ ਪ੍ਰੀਤ ਦੀ ਕਹਾਣੀ ਕਹਿੰਦੀਆਂ ਜਾਪਦੀਆਂ ਹਨ-
ਓਸ ਤੋਂ ਪਿੱਛੋਂ ਅਸੀਂ ਨਾ ਬੋਲਿਆ ਨਾ ਵੇਖਿਆ,
ਇਹ ਜ਼ੁਬਾਂ ਖ਼ਾਮੋਸ਼ ਹੋ ਗਈ, ਇਹ ਨਜ਼ਰ ਪਥਰਾ ਗਈ।

ਖ਼ਾਲਸਾ ਫ਼ੌਜ ਨੇ 'ਢਾਈ ਫੁੱਟ' ਦਾ ਪੈਂਤੜਾ ਵਰਤ ਕੇ ਦੁਸ਼ਮਣ ਦਾ ਖ਼ੂਬ ਨੁਕਸਾਨ ਕੀਤਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਜਨਰਲ ਕੈਂਬੈਲ ਨੇ ਹਮਲਾ ਬੋਲਿਆ ਤੇ ਪੰਜਾਬੀ ਫੌਜਾਂ ਨੂੰ ਦਰਿਆ ਦੇ ਕਿਨਾਰੇ ਵੱਲ ਧੱਕਿਆ। ਪਾਰ ਦੇ ਕਿਨਾਰੇ ਉੱਪਰ ਬੀੜੀਆਂ ਪੰਜਾਬੀ ਤੋਪਾਂ ਨੇ ਗੋਲੇ ਵਰਸਾਏ। ਤੋਪਾਂ ਦੀ ਗੋਲਾਬਾਰੀ ਦੇ ਕਵਰ ਹੇਠ ਪੰਜਾਬੀ ਘੋੜਸਵਾਰ ਦਰਿਆ ਪਾਰ ਕਰ ਆਏ ਤੇ ਇਕ ਤਕੜੇ ਹਮਲੇ ਵਿਚ ਕੈਂਬੈਲ ਦੀਆਂ ਫੌਜਾਂ ਨੂੰ ਖਦੇੜ ਦਿੱਤਾ। ਉਨ੍ਹਾਂ ਅੰਗਰੇਜ਼ਾਂ ਦੀ ਇਕ ਤੋਪ ਤੇ ਰੈਜੀਮੈਂਟ ਦਾ ਝੰਡਾ ਆਪਣੇ ਕਬਜ਼ੇ ਵਿਚ ਲੈ ਲਿਆ।
ਰਾਮ ਨਗਰ ਬਹੁਤ ਮਹੱਤਵਪੂਰਨ ਸਥਾਨ ਨਹੀਂ ਸੀ ਪਰ ਇਥੋਂ ਦੀ ਲੜਾਈ ਦੇ ਨਤੀਜਿਆਂ ਨੇ ਪੰਜਾਬੀਆਂ ਨੂੰ ਇਕ ਹੌਸਲਾ ਦਿੱਤਾ, ਜਿਸ ਦੀ ਉਨ੍ਹਾਂ ਨੂੰ ਸਖ਼ਤ ਜ਼ਰੂਰਤ ਸੀ। ਮਾਤਹਿਤ ਅੰਗਰੇਜ਼ ਅਫਸਰਾਂ ਨੇ ਲਿਖਿਆ ਕਿ 'ਦੁਸ਼ਮਣ ਬਹੁਤ ਹਿੰਮਤ ਵਿਚ ਸੀ ਤੇ ਉਹ ਸਾਡੇ ਕੈਂਪ ਤੋਂ ਸਿਰਫ ਅੱਧਾ ਮੀਲ ਦੂਰ ਹੀ ਤੁਰੇ ਫਿਰਦੇ ਸਨ।' ਤਿੰਨ ਸੀਨੀਅਰ ਅੰਗਰੇਜ਼ ਅਫਸਰ ਲੈਫਟੀਨੈਂਟ ਕਰਨਲ ਹਾਵਲੈਕ, ਬ੍ਰਿਗੇਡੀਅਰ ਜਨਰਲ ਕੁਰੇਟੋਨ ਅਤੇ ਕੈਪਟਨ ਫਿਜ਼ੇਗਰਾਲਡ ਰਾਮ ਨਗਰ ਦੀ ਲੜਾਈ ਵਿਚ ਮਾਰੇ ਗਏ ਸਨ। ਸ਼ੇਰ ਸਿੰਘ ਅਟਾਰੀਵਾਲਾ ਨੇ ਅੰਗਰੇਜ਼ ਕਮਾਂਡ ਨੂੰ ਇਕ ਰੁੱਕਾ ਭੇਜਿਆ ਕਿ ਜੇ ਉਹ ਲਾਹੌਰ ਵਿਚੋਂ ਬਾਹਰ ਨਿਕਲ ਜਾਣਾ ਮੰਨ ਲੈਣ ਤਾਂ ਉਹ ਲੜਾਈ ਬੰਦ ਕਰਨ ਵਾਸਤੇ ਤਿਆਰ ਹੈ। ਉਸ ਦੇ ਰੁੱਕੇ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।
ਪੰਜਾਬੀਆਂ ਦੀ ਰਾਮ ਨਗਰ ਦੀ ਜਿੱਤ ਤੋਂ ਇਕ ਹਫ਼ਤਾ ਬਾਅਦ ਜਨਰਲ ਗੱਫ਼ ਚਨਾਬ ਪਹੁੰਚ ਗਿਆ। ਉਸ ਨੇ ਪੰਜਾਬੀਆਂ ਦੀ ਉਮੀਦ ਤੋਂ ਉਲਟ ਕਿਲ੍ਹੇ ਉੱਪਰ ਹਮਲਾ ਨਹੀਂ ਕੀਤਾ ਤੇ ਪਾਣੀ ਦੇ ਵਹਿਣ ਤੋਂ ਉਪਰਲੇ ਪਾਸੇ ਵਜ਼ੀਰਾਬਾਦ ਵੱਲ ਚਲਾ ਗਿਆ। ਉਥੇ ਕਿਸ਼ਤੀਆਂ ਦੇ ਸਥਾਨਕ ਮਲਾਹਾਂ ਨੂੰ ਪੈਸੇ ਦਿੱਤੇ ਤੇ ਰਾਤ ਦੇ ਹਨੇਰੇ ਵਿਚ ਹੀ ਦਰਿਆ ਨੂੰ ਪਾਰ ਕਰ ਲਿਆ। ਜਦੋਂ ਸ਼ੇਰ ਸਿੰਘ ਗੱਫ ਦੀ ਰਵਾਨਗੀ ਨੂੰ ਰੋਕਣ ਵਾਸਤੇ ਚਨਾਬ ਦੇ ਪੱਛਮੀ ਕਿਨਾਰੇ ਗਿਆ ਤਾਂ ਅੰਗਰੇਜ਼ੀ ਫੌਜ ਦਰਿਆ ਪਾਰ ਕਰ ਚੁੱਕੀ ਸੀ ਤੇ ਪਿੱਛੇ ਖਾਲੀ ਕਿਸ਼ਤੀਆਂ ਛੱਡ ਗਈ ਸੀ।
3 ਦਸੰਬਰ ਨੂੰ ਦੁਪਹਿਰ ਬਾਅਦ ਸੱਦੂਲਾਪੁਰ ਪਿੰਡ ਦੇ ਕੋਲ ਕਮਾਦ ਦੇ ਖੇਤਾਂ ਵਿਚ ਤੋਪਾਂ ਦੀ ਝੜਪ ਹੋਈ। ਦੋਵੇਂ ਪਾਸਿਓਂ ਗੋਲਾਬਾਰੀ ਬਹੁਤ ਤੇਜ਼ ਸੀ। ਸਾਰਾ ਵਾਤਾਵਰਨ ਬਹੁਤ ਤੇਜ਼ ਤੇ ਗਰਜਦੇ ਧਮਾਕਿਆਂ ਨਾਲ ਭਰਿਆ ਪਿਆ ਸੀ। ਤੋਪਾਂ ਦੀ ਗਿਣਤੀ ਵੱਧ ਹੋਣ ਕਰਕੇ ਅੰਗਰੇਜ਼ਾਂ ਦਾ ਪੱਲੜਾ ਪੰਜਾਬੀਆਂ ਨਾਲੋਂ ਭਾਰੀ ਰਿਹਾ। ਸੱਦੂਲਾਪੁਰ ਦੀ ਲੜਾਈ ਵੀ ਬਹੁਤ ਮਹੱਤਵਪੂਰਨ ਨਹੀਂ ਸੀ ਪਰ ਇਸ ਨਾਲ ਅੰਗਰੇਜ਼ਾਂ ਨੇ ਆਪਣੀ ਰਾਮ ਨਗਰ ਦੀ ਹਾਰ ਦਾ ਘਾਟਾ ਪੂਰਾ ਕਰ ਲਿਆ ਸੀ। ਉਨ੍ਹਾਂ ਨੇ ਇਸ ਤੋਂ ਬਾਅਦ ਇਹ ਵੀ ਅਫਵਾਹ ਫੈਲਾਅ ਦਿੱਤੀ ਕਿ ਸ਼ੇਰ ਸਿੰਘ ਇਸ ਲੜਾਈ ਵਿਚ ਮਾਰਿਆ ਗਿਆ ਸੀ, ਹਾਲਾਂਕਿ ਅਟਾਰੀਵਾਲਾ ਜ਼ਿੰਦਾ ਸੀ। ਉਹ ਚਨਾਬ ਤੋਂ ਪਿੱਛੇ ਹਟ ਕੇ ਜੇਹਲਮ ਪਹੁੰਚ ਗਿਆ ਸੀ। ਅੰਗਰੇਜ਼ਾਂ ਨੇ ਉਸ ਦਾ ਚੱਜ ਦੋਆਬ ਤੱਕ ਪਿੱਛਾ ਕੀਤਾ।
ਪੰਜਾਬੀਆਂ ਨੇ ਪਿੰਡ ਰਸੂਲ ਵਿਚ ਪੁਜ਼ੀਸ਼ਨਾਂ ਲੈ ਲਈਆਂ, ਜੋ ਜੰਗਲੀ ਝਾੜੀਆਂ ਤੇ ਪਾਣੀ ਦੀਆਂ ਡੂੰਘੀਆਂ ਖਾਈਆਂ ਨਾਲ ਘਿਰਿਆ ਹੋਇਆ ਸੀ। ਉਨ੍ਹਾਂ ਦੇ ਪਿੱਛੇ ਜੇਹਲਮ ਸੀ। ਅੰਗਰੇਜ਼ ਆਏ ਤੇ ਉਨ੍ਹਾਂ ਨੇ ਪੰਜਾਬੀ ਮੋਰਚਿਆਂ ਤੋਂ ਦੱਖਣ-ਪੂਰਬ ਵੱਲ 3 ਮੀਲ ਦੂਰ ਪਿੰਡ ਡਿੰਗੀ ਵਿਚ ਡੇਰੇ ਜਮਾਏ। ਕੁਝ ਦੇਰ ਵਾਸਤੇ ਦੋਵੇਂ ਫੌਜਾਂ ਆਪਣੀ-ਆਪਣੀ ਥਾਂ ਉੱਪਰ ਟਿਕੀਆਂ ਰਹੀਆਂ। ਪੰਜਾਬੀਆਂ ਦਾ ਰਾਸ਼ਨ ਮੁੱਕਣ ਲੱਗਾ ਤੇ ਉਨ੍ਹਾਂ ਨੇ ਦੁਸ਼ਮਣਾਂ ਨੂੰ ਡਿੰਗੀ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤੇ 13 ਦਸੰਬਰ ਨੂੰ ਸ਼ੇਰ ਸਿੰਘ ਨੇ ਇਕ ਝੂਠਾ ਜਿਹਾ ਹਮਲਾ ਅੰਗਰੇਜ਼ੀ ਮੋਰਚਿਆਂ 'ਤੇ ਕੀਤਾ ਪਰ ਉਹ ਆਪਣੀ ਜਗ੍ਹਾ ਤੋਂ ਨਹੀਂ ਹਿੱਲੇ। ਅਗਲੇ ਦਿਨ ਖ਼ਬਰ ਮਿਲੀ ਕਿ ਅੱਟਕ ਨੂੰ ਪੰਜਾਬੀਆਂ ਨੇ ਆਜ਼ਾਦ ਕਰਵਾ ਲਿਆ ਹੈ। ਚਤਰ ਸਿੰਘ ਨੇ ਕੁਝ ਰਾਖਵੀਂ ਫੌਜ ਉਥੇ ਰੱਖ ਕੇ ਬਾਕੀ ਸਾਰੀ ਨੂੰ ਆਪਣੇ ਪੁੱਤਰ ਦੀ ਮਦਦ ਵਾਸਤੇ ਲੈ ਕੇ ਆ ਗਿਆ।
ਉਧਰ ਅੰਗਰੇਜ਼ਾਂ ਨੂੰ ਖੁਸ਼ੀ ਵਾਲੀ ਖ਼ਬਰ ਮੁਲਤਾਨ ਨੂੰ ਜਿੱਤ ਲੈਣ ਦੀ ਮਿਲੀ। ਉਥੇ 30 ਦਸੰਬਰ ਨੂੰ ਅੰਗਰੇਜ਼ੀ ਤੋਪ ਦਾ ਇਕ ਗੋਲਾ ਕਿਲ੍ਹੇ ਅੰਦਰਲੇ ਚਾਰ ਲੱਖ ਪੌਂਡ ਦੇ ਬਾਰੂਦ ਦੇ ਭੰਡਾਰ 'ਤੇ ਜਾ ਵੱਜਾ ਤੇ ਇਸ ਦੇ ਨਾਲ ਕਿਲ੍ਹੇ ਦੇ 500 ਰੱਖਿਅਕ ਮਾਰੇ ਗਏ। ਬੰਬਈ ਤੋਂ ਅੰਗਰੇਜ਼ਾਂ ਦੀਆਂ ਹੋਰ ਫੌਜਾਂ ਆਉਣ ਨਾਲ ਤੇ ਗੋਲਾ ਬਰੂਦ ਮਿਲ ਜਾਣ ਕਰਕੇ ਮੂਲ ਰਾਜ ਦੀ ਹਾਲਤ ਬਹੁਤ ਪਤਲੀ ਹੋ ਗਈ ਤੇ 22 ਜਨਵਰੀ ਨੂੰ ਉਹ ਹਥਿਆਰ ਸੁੱਟਣ ਵਾਸਤੇ ਮਜਬੂਰ ਹੋ ਗਿਆ।
ਚਿਲਿਆਂ ਵਾਲਿਆਂ ਦੀ ਜਿੱਤ, 13 ਜਨਵਰੀ, 1849
ਲਾਰਡ ਗੱਫ ਨੇ ਇਕੋ ਵੱਡਾ ਹਮਲਾ ਕਰਨ ਦਾ ਫੈਸਲਾ ਲਿਆ। ਉਸ ਦੀਆਂ ਫੌਜਾਂ ਵਿਚ ਨਵੀਂ ਨਫਰੀ ਕਰਨਲ ਸਟਰਨਬਸ਼ ਦੀ ਅਗਵਾਈ ਵਿਚ ਗੋਰਖਾ ਯੂਨਿਟ ਅਤੇ ਰੋਹੇਲਿਆਂ ਦੀ ਆਣ ਮਿਲੀ। ਕਰਨਲ ਸਟਰਨਬਸ਼ ਇਕ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਮੁਲਾਜ਼ਮ ਸੀ ਤੇ ਰੋਹੇਲੇ ਹੁਣੇ ਪੰਜਾਬੀ ਕੈਂਪਾਂ ਤੋਂ ਬਾਗੀ ਹੋ ਕੇ ਆਏ ਸਨ। ਉਸ ਨੇ ਜੰਗਲੀ ਬੂਟੀਆਂ ਤੇ ਡੂੰਘੀਆਂ ਖੱਡਾਂ ਤੋਂ ਦੂਰ ਰਹਿਣ ਦੀ ਸਕੀਮ ਬਣਾਈ ਤੇ ਦਰਿਆ ਦੇ ਵਹਿਣ ਨਾਲ ਕੁਝ ਮੀਲ ਹੋਰ ਹੇਠਾਂ ਨੂੰ ਜਾ ਕੇ ਪੰਜਾਬੀ ਫੌਜਾਂ ਉੱਪਰ ਹਮਲਾ ਕਰਨ ਦਾ ਫੈਸਲਾ ਕੀਤਾ। ਸ਼ੇਰ ਸਿੰਘ ਨੂੰ ਇਸ ਦੀ ਭਿਣਕ ਪੈ ਗਈ ਤੇ ਉਸ ਨੇ ਫੌਜਾਂ ਉਥੋਂ ਹਟਾ ਕੇ ਪਿੰਡ ਲਲਿਆਣੀ ਮੋਰਚਾ ਬਣਾਇਆ, ਜਿਥੇ ਫਿਰ ਦੋਵਾਂ ਫੌਜਾਂ ਦੇ ਵਿਚਕਾਰ ਜੰਗਲੀ ਬੂਟੀਆਂ ਤੇ ਪਾਣੀ ਦੀਆਂ ਖਾਈਆਂ ਸਨ।
13 ਜਨਵਰੀ ਦੀ ਦੁਪਹਿਰ ਨੂੰ ਪੰਜਾਬੀਆਂ ਨੇ ਦੇਖਿਆ ਕਿ ਅੰਗਰੇਜ਼ੀ ਫੌਜਾਂ ਚਿਲਿਆਂਵਾਲਾ ਪਿੰਡ ਵਲੋਂ ਉਨ੍ਹਾਂ ਦੀ ਤਰਫ਼ ਵਧ ਰਹੀਆਂ ਹਨ। ਜਨਰਲ ਇਲਾਹੀ ਬਖਸ਼ ਦੀਆਂ ਤੋਪਾਂ ਨੇ ਦੁਸ਼ਮਣ ਨੂੰ ਰੋਕ ਲਿਆ। ਇਕ ਘੰਟੇ ਵਾਸਤੇ ਪੰਜਾਬੀ ਤੋਪਾਂ ਨੇ ਅੰਗਰੇਜ਼ੀ ਫੌਜ ਨੂੰ ਆਪਣੇ ਤੋਂ ਦੂਰ ਰੱਖਿਆ। ਜਦੋਂ ਇਨ੍ਹਾਂ ਤੋਪਾਂ ਦੀ ਗਰਜ ਕੁਝ ਮੱਠੀ ਪਈ ਤਾਂ ਅੰਗਰੇਜ਼ ਜਿਨ੍ਹਾਂ ਪਾਸ ਗਿਣਤੀ ਦਾ ਪੱਖ ਭਾਰਾ ਸੀ, ਇਕ ਵੱਡਾ ਹਮਲਾ ਕਰਕੇ ਪੰਜਾਬੀਆਂ ਨੂੰ ਦਰਿਆ ਵੱਲ ਧੱਕਣ ਦੀ ਕੋਸ਼ਿਸ਼ ਕਰਨ ਲੱਗੇ। ਇਹ ਹਮਲਾ ਬ੍ਰਿਗੇਡੀਅਰ ਪੈਨੀਸਿਉਕ ਦੀ ਅਗਵਾਈ ਵਿਚ ਹੋਇਆ। ਖ਼ਾਲਸਾ ਫ਼ੌਜ ਨੂੰ ਇਹ ਹਾਲਾਤ ਉਨ੍ਹਾਂ ਦੀ ਪਸੰਦ ਦੇ ਲੱਗੇ। ਉਹ ਝਾੜੀਆਂ ਵਿਚ ਖਿੰਡਰ ਗਏ ਤੇ ਆਪਣਾ 'ਢਾਈ ਫੁੱਟ' ਨਾਂਅ ਦਾ ਪੈਂਤੜਾ ਵਰਤਣ ਲੱਗੇ, ਜਿਸ ਨੂੰ 'ਹਿੱਟ ਐਂਡ ਰੱਨ' ਦਾ ਨਾਂਅ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਨਿਸ਼ਾਨਚੀ ਅੰਗਰੇਜ਼ ਤੋਪਚੀਆਂ ਅਤੇ ਘੋੜਸਵਾਰਾਂ ਦਾ ਵੱਡਾ ਨੁਕਸਾਨ ਕਰਦੇ ਸਨ। ਜਿਹੜੇ ਝਾੜੀਆਂ ਜਾਂ ਖਾਈਆਂ ਵਿਚ ਘਿਰ ਜਾਂਦੇ ਹਨ, ਉਨ੍ਹਾਂ ਨੂੰ ਸਿੱਖ ਅਸਾਨੀ ਨਾਲ ਹੱਥੋ-ਹੱਥ ਦੀ ਲੜਾਈ ਵਿਚ ਦਬੋਚ ਲੈਂਦੇ ਸਨ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਹਰੀ ਸਿੰਘ ਨਲੂਆ ਦੀ ਸ਼ਹਾਦਤ ਕਦੋਂ, ਕਿਵੇਂ ਅਤੇ ਕਿਉਂ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅਫ਼ਗ਼ਾਨੀ ਸੈਨਾ ਵਿਚ ਬੁਰੀ ਤਰ੍ਹਾਂ ਤਰਥੱਲੀ ਮਚ ਗਈ। ਜਿਧਰ ਕਿਸੇ ਨੂੰ ਜਗ੍ਹਾ ਲੱਭੀ, ਉਹ ਉਧਰ ਹੀ ਭੱਜ ਤੁਰਿਆ। ਹੁਣ ਜਮਰੌਂਦ ਦੇ ਮੈਦਾਨ ਵਿਚ ਨਾ ਤਾਂ ਦੋਸਤ ਮੁਹੰਮਦ ਖ਼ਾਨ ਦਾ ਕੋਈ ਪੁੱਤਰ ਹੀ ਸਾਹ ਲੈਂਦਾ ਨਜ਼ਰ ਆ ਰਿਹਾ ਸੀ ਅਤੇ ਨਾ ਹੀ ਕੋਈ ਜਿਹਾਦੀ। ਸ: ਨਲੂਆ ਦੇ ਜਵਾਨਾਂ ਨੇ ਭਜਦੇ ਹੋਏ ਅਫ਼ਗ਼ਾਨੀਆਂ ਪਾਸੋਂ ਉਨ੍ਹਾਂ ਦੀਆਂ 14 ਵੱਡੀਆਂ ਤੋਪਾਂ ਵੀ ਖੋਹ ਲਈਆਂ।
ਇਸ ਤੋਂ ਬਾਅਦ ਜਦੋਂ ਸ: ਨਲੂਆ ਆਪਣੀ ਫ਼ੌਜ ਨੂੰ ਆਰਾਮ ਦੇਣ ਲਈ ਕੈਂਪ ਵਿਚ ਭੇਜਣ ਦੀ ਸੋਚ ਰਹੇ ਸਨ ਤਾਂ ਉਸੇ ਸਮੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਸ: ਨਿਧਾਨ ਸਿੰਘ 'ਪੰਜ ਹੱਥਾ' ਸਿਰਫ਼ 1500 ਸਿਪਾਹੀਆਂ ਨੂੰ ਨਾਲ ਲੈ ਕੇ ਅਫ਼ਗ਼ਾਨੀਆਂ ਨੂੰ ਅੱਗੇ ਲਗਾ ਕੇ ਦੁੜਾਉਂਦਾ ਹੋਇਆ ਦੱਰਾ ਖ਼ੈਬਰ ਦੇ ਅੰਦਰ ਕਾਫ਼ੀ ਦੂਰ ਤੱਕ ਨਿਕਲ ਚੁੱਕਾ ਹੈ। ਇਸ 'ਤੇ ਉਸ ਨੂੰ ਵਾਪਸ ਲਿਆਉਣ ਲਈ ਸ: ਨਲੂਆ ਨੂੰ ਵੀ ਤੁਰੰਤ ਉਸ ਦੇ ਪਿੱਛੇ ਜਾਣਾ ਪਿਆ। ਉਧਰੋਂ ਸ਼ਮਸਉੱਦੀਨ ਖ਼ਾਨ ਨੇ 2000 ਜੰਗੀ ਸਿਪਾਹੀਆਂ ਨਾਲ ਦੱਰਾ ਖ਼ੈਬਰ ਵਿਚ ਪਹੁੰਚ ਕੇ ਅਫ਼ਗ਼ਾਨੀਆਂ ਨੂੰ ਖ਼ਾਲਸੇ ਨਾਲ ਯੁੱਧ ਲਈ ਪ੍ਰੇਰਿਆ। ਕੁਝ ਨੇ ਤਾਂ ਉਸ ਦੀ ਇਕ ਨਾ ਸੁਣੀ ਅਤੇ ਬਾਕੀ ਨਿਧਾਨ ਸਿੰਘ 'ਪੰਜ ਹੱਥਾ' ਵੱਲ ਨੂੰ ਵਾਪਸ ਮੁੜ ਆਏ ਅਤੇ ਲੜਾਈ ਸ਼ੁਰੂ ਕਰ ਦਿੱਤੀ। ਉਸ ਸਮੇਂ ਸ: ਨਲੂਆ ਸਰਕਮਰ (ਰਤੀ ਚਟਾਨ) ਦੇ ਸਥਾਨ 'ਤੇ ਸਨ। ਇੱਥੇ ਇਕ ਚਟਾਨ ਵਿਚ ਗੁਫ਼ਾ ਬਣੀ ਹੋਈ ਸੀ, ਜਿਸ ਵਿਚ ਲੁਕੇ ਹੋਏ ਗ਼ਾਜ਼ੀਆਂ ਨੇ ਸ: ਨਲੂਆ ਉੱਪਰ ਗੋਲੀ ਚਲਾ ਦਿੱਤੀ। ਇਕ ਗੋਲੀ ਉਨ੍ਹਾਂ ਦੀ ਛਾਤੀ ਵਿਚ ਲੱਗੀ ਅਤੇ ਇਕ ਪੱਟ ਵਿਚ।
ਜ਼ਖ਼ਮੀ ਹੁੰਦਿਆਂ ਹੀ ਸ: ਨਲੂਆ ਨੇ ਬੜੇ ਹੌਸਲੇ ਤੋਂ ਕੰਮ ਲਿਆ ਅਤੇ ਸ: ਅਮਰ ਸਿੰਘ ਖ਼ੁਰਦ ਨੂੰ ਸ: ਨਿਧਾਨ ਸਿੰਘ ਦੀ ਮਦਦ ਲਈ ਭੇਜ ਕੇ ਆਪਣਾ ਘੋੜਾ ਕਿਲ੍ਹਾ ਜਮਰੌਂਦ ਵੱਲ ਮੋੜ ਲਿਆ। ਕਿਲ੍ਹੇ ਵਿਚ ਪਹੁੰਚਣ ਤੋਂ ਬਾਅਦ ਉਨ੍ਹਾਂ ਸ: ਮਹਾਂ ਸਿੰਘ ਮੀਰਪੁਰੀਏ ਨੂੰ ਆਖਿਆ ਕਿ ਬਾਹਰ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਇਸ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਹਾਂ। ਸ: ਨਲੂਆ ਨੂੰ ਆਪਣੇ ਅੰਤ ਸਮੇਂ ਦੇ ਪਾਸ ਆਉਣ ਦਾ ਗਿਆਨ ਹੋ ਗਿਆ ਤਾਂ ਉਨ੍ਹਾਂ ਮਹਾਂ ਸਿੰਘ ਨੂੰ ਪਾਸ ਬੁਲਾਇਆ ਅਤੇ ਕਿਹਾ ਕਿ ਸਾਰੀ ਫ਼ੌਜ ਸਰਕਾਰ ਦੀ ਪੂਰੀ-ਪੂਰੀ ਵਫ਼ਾਦਾਰ ਤੇ ਨਮਕ ਹਲਾਲ ਹੋ ਕੇ ਰਹੇ ਅਤੇ ਮੇਰੀ ਮੌਤ ਦੀ ਖ਼ਬਰ ਲਾਹੌਰ ਤੋਂ ਮਦਦ ਆਉਣ ਤੱਕ ਗੁਪਤ ਰੱਖੀ ਜਾਵੇ। ਬੱਸ ਇਸ ਤੋਂ ਬਾਅਦ ਕੁਝ ਹੋਰ ਸ਼ਬਦ ਕਹਿ ਕੇ ਇਸ ਬੱਬਰ ਸ਼ੇਰ ਦੀ ਆਵਾਜ਼ ਮੱਧਮ ਪੈ ਗਈ ਅਤੇ ਸਿੱਖ ਰਾਜ ਦੇ ਸਤੰਭ ਇਸ ਬਹਾਦਰ ਜਰਨੈਲ ਨੇ 30 ਅਪ੍ਰੈਲ, 1837 ਨੂੰ ਆਪਣੇ ਪ੍ਰਾਣ ਤਿਆਗ ਦਿੱਤੇ। ਸ: ਮਹਾਂ ਸਿੰਘ ਮੀਰਪੁਰੀਏ ਨੇ ਕੁਝ ਪ੍ਰਮੁੱਖ ਸਰਦਾਰਾਂ ਨੂੰ ਬੁਲਾ ਕੇ ਪੂਰੇ ਧਾਰਮਿਕ ਰੀਤੀ-ਰਿਵਾਜਾਂ ਨਾਲ ਸਰਦਾਰ ਸਾਹਿਬ ਦਾ ਸਸਕਾਰ ਅੱਧੀ ਰਾਤ ਨੂੰ ਕਿਲ੍ਹੇ ਵਿਚ ਕਨਾਤਾਂ ਦੇ ਅੰਦਰ ਕਰ ਦਿੱਤਾ ਗਿਆ। ਬਾਅਦ ਵਿਚ ਉਸੇ ਜਗ੍ਹਾ 'ਤੇ ਸ: ਨਲੂਆ ਦੀ ਸਮਾਧ ਬਣਾ ਦਿੱਤੀ ਗਈ।
ਮੁਨਸ਼ੀ ਸੋਹਣ ਲਾਲ 'ਉਮਦਾਤੁੱਤਵਾਰੀਖ਼' ਦਫ਼ਤਰ ਸੋਇਮ, ਹਿੱਸਾ ਚੁਹਾਰਮ, ਸਫ਼ਾ 397 'ਤੇ ਲਿਖਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ 6 ਮਈ ਨੂੰ ਰੋਹਤਾਸ ਦੇ ਮੁਕਾਮ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਸ: ਨਲੂਆ 30 ਅਪ੍ਰੈਲ ਨੂੰ ਹੀ ਸ਼ਹੀਦ ਹੋ ਗਏ ਹਨ। ਇਹ ਖ਼ਬਰ ਸੁਣਦਿਆਂ ਹੀ ਪਹਿਲਾਂ ਤਾਂ ਗੁੱਸੇ ਨਾਲ ਉਨ੍ਹਾਂ ਦਾ ਚਿਹਰਾ ਲਾਲ ਸੁਰਖ਼ ਹੋ ਗਿਆ ਅਤੇ ਫਿਰ ਇਕਦਮ ਆਪਣੇ ਸੁਭਾਅ ਦੇ ਉਲਟ ਉਨ੍ਹਾਂ ਆਪਣੇ ਬਹਾਦਰ ਸਰਦਾਰ ਹਰੀ ਸਿੰਘ ਨਲੂਆ ਦੀ ਮੌਤ ਦਾ ਇੰਨਾ ਜ਼ਿਆਦਾ ਦੁੱਖ ਪ੍ਰਗਟ ਕੀਤਾ ਕਿ ਵੇਖਣ ਵਾਲੇ ਵੀ ਸਭ ਦੰਗ ਰਹਿ ਗਏ। ਉਨ੍ਹਾਂ ਦੀਆਂ ਅੱਖਾਂ ਅੱਥਰੂਆਂ ਨਾਲ ਭਰੀਆਂ ਹੋਈਆਂ ਸਨ। ਕੁਝ ਦੇਰ ਦੀ ਚੁੱਪ ਤੋਂ ਬਾਅਦ ਉਨ੍ਹਾਂ ਇੰਨਾ ਹੀ ਕਿਹਾ, 'ਮੇਰੇ ਬਹਾਦਰ ਜਰਨੈਲ ਹਰੀ ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ। ਅੱਜ ਖ਼ਾਲਸਾ ਰਾਜ ਦੇ ਮਜ਼ਬੂਤ ਕਿਲ੍ਹੇ ਦਾ ਬੁਰਜ ਢਹਿ ਗਿਆ।'
ਮਹਾਰਾਜੇ ਦੇ ਕਹੇ ਇਹ ਉਪਰੋਕਤ ਸ਼ਬਦ ਬਿਲਕੁਲ ਸੱਚ ਸਾਬਤ ਹੋਏ ਅਤੇ ਸ: ਨਲੂਆ ਦੀ ਸ਼ਹਾਦਤ ਦੇ ਨਾਲ ਹੀ ਖ਼ਾਲਸਾ ਰਾਜ ਦੀਆਂ ਨੀਂਹਾਂ ਵਿਚ ਤ੍ਰੇੜਾਂ ਭਰ ਆਈਆਂ ਅਤੇ ਜਲਦੀ ਬਾਅਦ ਵੇਖਦਿਆਂ ਹੀ ਵੇਖਦਿਆਂ ਖ਼ਾਲਸਾ ਰਾਜ ਢਹਿ-ਢੇਰੀ ਹੋ ਗਿਆ। ਸਪੱਸ਼ਟ ਸ਼ਬਦਾਂ ਵਿਚ ਸ: ਨਲੂਆ ਦੀ ਸ਼ਹਾਦਤ ਖ਼ਾਲਸਾ ਰਾਜ ਦੇ ਅੰਤ ਦੀ ਸ਼ੁਰੂਆਤ ਸੀ।


-ਅੰਮ੍ਰਿਤਸਰ। ਮੋਬਾ: 93561-27771

ਜਨਮ ਦਿਨ 'ਤੇ ਵਿਸ਼ੇਸ਼

ਸੇਵਾ ਤੇ ਸਿਮਰਨ ਦੀ ਮੂਰਤ : ਮਹੰਤ ਤੀਰਥ ਸਿੰਘ 'ਸੇਵਾਪੰਥੀ'

ਮਹੰਤ ਤੀਰਥ ਸਿੰਘ ਦਾ ਜਨਮ 12 ਫਰਵਰੀ 1925 ਈ: ਨੂੰ ਪਿੰਡ ਜੰਡਾਂਵਾਲਾ ਜ਼ਿਲ੍ਹਾ ਮੀਆਂਵਾਲੀ (ਪਾਕਿਸਤਾਨ) ਵਿਚ ਪਿਤਾ ਸ: ਤਾਰਾ ਸਿੰਘ ਦੇ ਘਰ ਮਾਤਾ ਸੇਵਾਬਾਈ (ਅੰਮ੍ਰਿਤ ਛਕਣ ਉਪਰੰਤ ਨਾਂਅ ਸਤਵੰਤ ਕੌਰ) ਦੀ ਕੁੱਖ ਤੋਂ ਹੋਇਆ। ਆਪ ਜੀ ਨੇ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਵਿਚੋਂ ਮੌਲਵੀ ਗੁਲ ਇਮਾਮ, ਗ਼ੁਲਾਮ ਮੁਹੰਮਦ ਤੇ ਮੁਹੰਮਦ ਹੁਸੈਨ ਪਾਸੋਂ ਪ੍ਰਾਪਤ ਕੀਤੀ। ਆਪ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸਨ। ਉਨ੍ਹਾਂ ਮੈਟ੍ਰਿਕ ਤੇ ਗਿਆਨੀ ਵੀ ਚੰਗੇ ਨੰਬਰ ਲੈ ਕੇ ਪਾਸ ਕੀਤੀ। ਉਹ ਸਿਰਫ਼ 12 ਸਾਲ ਹੀ ਘਰ ਰਹੇ। ਉਨ੍ਹਾਂ ਦਾ ਬਚਪਨ ਤੋਂ ਹੀ ਝੁਕਾਅ ਸੇਵਾ ਵੱਲ ਸੀ।
ਸੰਨ 1938 ਈ: ਵਿਚ ਮਾਤਾ-ਪਿਤਾ ਦੀ ਆਗਿਆ ਅਨੁਸਾਰ ਮਹੰਤ ਆਸਾ ਸਿੰਘ ਉਨ੍ਹਾਂ ਨੂੰ ਨੂਰਪੁਰ ਟਿਕਾਣੇ ਲੈ ਆਏ ਤੇ ਮਹੰਤ ਗੁਲਾਬ ਸਿੰਘ ਜੀ ਦੇ ਅਰਪਣ ਕਰ ਦਿੱਤਾ। ਟਿਕਾਣੇ ਵਿਚ ਸੇਵਾ, ਸਿਮਰਨ, ਵਿੱਦਿਆ, ਨਾਮ-ਅਭਿਆਸ ਕਮਾਈ, ਗੁਰਬਾਣੀ ਦਾ ਅਰਥ-ਬੋਧ ਸਭ ਪ੍ਰਾਪਤ ਹੋ ਗਿਆ। 1964 ਵਿਚ ਮਹੰਤ ਆਸਾ ਸਿੰਘ ਨੇ ਸਿਰ 'ਤੇ ਦਸਤਾਰ ਸਜਾ ਕੇ ਸਾਧੂ ਭੇਖ ਦਿੱਤਾ। ਮਹੰਤ ਆਸਾ ਸਿੰਘ ਦੇ 1 ਜਨਵਰੀ 1974 ਈ: ਨੂੰ ਸੱਚ-ਖੰਡ ਪਿਆਨਾ ਕਰਨ ਉਪਰੰਤ 14 ਜਨਵਰੀ 1974 ਈ: ਨੂੰ ਟਿਕਾਣੇ ਦੀ ਸੇਵਾ-ਸੰਭਾਲ ਸੇਵਾਪੰਥੀ ਭੇਖ ਵਲੋਂ ਮਹੰਤ ਤੀਰਥ ਸਿੰਘ ਨੂੰ ਝਾੜੂ ਤੇ ਬਾਟਾ ਦੇ ਕੇ ਸੌਂਪੀ ਗਈ। ਉਸ ਸਮੇਂ ਮਹੰਤ ਤੀਰਥ ਸਿੰਘ 'ਸੇਵਾਪੰਥੀ' ਦੀ ਉਮਰ 49 ਸਾਲ ਸੀ।
ਮਹੰਤ ਤੀਰਥ ਸਿੰਘ ਨੇ ਚਾਰ ਗੁਰੂ ਸਾਹਿਬਾਨ (ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ) ਦੀ ਚਰਨ-ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਲੱਖੀ-ਜੰਗਲ ਵਿਖੇ 125 ਫੁੱਟ ਉੱਚੇ ਸੋਨੇ ਖੰਡੇ ਜੜਤ ਨਿਸ਼ਾਨ ਸਾਹਿਬ ਦਰਬਾਰ ਹਾਲ ਦੇ ਗੁੰਬਦਾਂ ਦੇ ਸੋਨਾ ਚੜ੍ਹਾਉਣ ਅਤੇ ਚੀਨੀ ਦੀਆਂ ਟੁਕੜੀਆਂ ਲਾਉਣ ਤੇ ਇਮਾਰਤ ਦੀ ਸੇਵਾ ਅਤੇ ਸਰੋਵਰ ਦੀ ਸੇਵਾ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਭਰਪੂਰ ਸਹਿਯੋਗ ਨਾਲ ਕੀਤੀ। ਗੁਰਦੁਆਰਾ ਬਨੋਟਾ ਸਾਹਿਬ ਦੀ ਸੇਵਾ ਤੇ ਗੋਨਿਆਣਾ ਬਾਈ ਜਗਤਾ ਦੇ ਆਲੇ-ਦੁਆਲੇ ਦੇ ਨਗਰਾਂ ਵਿਚ ਅਣਗਿਣਤ ਗੁਰਦੁਆਰਿਆਂ ਦੀ ਸਥਾਪਨਾ ਕਰਵਾਈ ਅਤੇ ਖੁੱਲ੍ਹੇ ਦਿਲ ਨਾਲ ਸਹਾਇਤਾ ਕੀਤੀ ਤੇ ਸਹਿਯੋਗ ਦਿੱਤਾ।
ਸੇਵਾ, ਸਿਮਰਨ ਦੇ ਪੁੰਜ, ਪਰ-ਉਪਕਾਰੀ, ਵਿੱਦਿਆਦਾਨੀ, ਹਰਮਨਪਿਆਰੀ ਮਨੋਹਰ ਸ਼ਖ਼ਸੀਅਤ ਮਹੰਤ ਤੀਰਥ ਸਿੰਘ 'ਸੇਵਾਪੰਥੀ' 15 ਜਨਵਰੀ, 2008 ਈ: ਦਿਨ ਮੰਗਲਵਾਰ ਨੂੰ 83 ਸਾਲ ਦੀ ਉਮਰ ਬਤੀਤ ਕਰ ਕੇ ਸੱਚਖੰਡ ਜਾ ਬਿਰਾਜੇ। ਮਹੰਤ ਤੀਰਥ ਸਿੰਘ ਜੀ ਦੀ ਖ਼ੂਬਸੂਰਤ ਵੱਡ ਅਕਾਰੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਹੈ।
ਮਹੰਤ ਤੀਰਥ ਸਿੰਘ 'ਸੇਵਾਪੰਥੀ' ਦਾ 94ਵਾਂ ਜਨਮ ਦਿਨ 12 ਫਰਵਰੀ ਦਿਨ ਮੰਗਲਵਾਰ ਨੂੰ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਬਾਈ ਜਗਤਾ ਵਿਖੇ ਬੜੇ ਪ੍ਰੇਮ, ਸ਼ਰਦਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਭਾਈ ਘਨੱਈਆ ਸੇਵਾ ਮਿਸ਼ਨ ਲੰਡਨ (ਯੂ. ਕੇ.) ਦੇ ਸਹਿਯੋਗ ਨਾਲ ਭਾਈ ਘਨੱਈਆ ਸੇਵਾ ਸੁਸਾਇਟੀ (ਰਜਿ:) ਗੋਨਿਆਣਾ ਭਾਈ ਜਗਤਾ ਵਲੋਂ ਅੱਖਾਂ ਦਾ ਮੁਫ਼ਤ ਫੋਕੋ ਲੈਨਜ਼ ਉਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦਾ ਉਦਘਾਟਨ ਸ੍ਰੀਮਾਨ ਮਹੰਤ ਕਾਹਨ ਸਿੰਘ 'ਸੇਵਾਪੰਥੀ' ਕਰਨਗੇ। ਡਾ: ਅਸ਼ੋਕ ਸਿੰਗਲਾ ਜੈਤੋ ਵਾਲੇ ਅਤੇ ਉਨ੍ਹਾਂ ਦੀ ਟੀਮ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਤੇ ਉਪਰੇਸ਼ਨ ਕਰੇਗੀ।


-1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ।
E-mail : karnailsinghma@gmail.com

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਸਮਾਦੀ ਰਾਜ ਦਾ ਸੰਕਲਪ

ਜ਼ੁਲਮ ਤੇ ਡਰ ਨਾਲ ਬੇਹਾਲ ਮਾਰੇ-ਮਾਰੇ ਫਿਰ ਰਹੇ ਲੋਕਾਂ ਅੰਦਰ 'ਸਵਾ ਲਾਖ ਸੇ ਏਕ ਲੜਾਊਂ' ਦਾ ਜਜ਼ਬਾ ਭਰਨ ਦਾ ਜੁਗ-ਪਲਟਾਊ ਕ੍ਰਿਸ਼ਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ। ਗੁਰੂ ਸਾਹਿਬ ਦਾ ਆਗਮਨ ਅੰਧਕਾਰ ਦੀ ਰਾਤ ਵਿਚ ਸੱਚ ਦੀ ਪ੍ਰਭਾਤ ਵਾਂਗ ਸੀ। ਪੈਗ਼ੰਬਰੀ ਅਜ਼ਮਤ ਦਾ ਅਨੰਤ ਪ੍ਰਕਾਸ਼ ਪੂਰੀ ਸ੍ਰਿਸ਼ਟੀ ਵਿਚ 'ਨਿਰਭਉ ਨਿਰਵੈਰੁ' ਬਣ ਕੇ ਫੈਲ ਗਿਆ। ਗੁਰੂ ਸਾਹਿਬ ਨੇ ਸੰਸਾਰ ਨੂੰ ਵਿਸਮਾਦੀ ਰਾਜ ਦਾ ਸੰਕਲਪ ਦਿੱਤਾ। ਇਸ ਵਿਚ ਸ਼ਕਤੀ ਬੇਮੁਹਾਰੀ ਨਹੀਂ ਭਗਤੀ ਨਾਲ ਇਕਸੁਰ ਹੈ। ਇਸ ਵਿਚ ਤਾਕਤ ਦੇ ਅੰਨ੍ਹੇ ਤੂਫਾਨਾਂ ਦੀ ਥਾਂ ਰੂਹਾਨੀਅਤ ਦੇ ਨਿਰਮਲ ਦਰਿਆਵਾਂ ਦੀ ਅਲੌਕਿਕ ਖ਼ੂਬਸੂਰਤੀ ਹੈ। ਲਾਲਸਾ ਤੇ ਕਬਜ਼ੇ ਦੀ ਥਾਂ ਪ੍ਰੇਮ ਤੇ ਪਰਉਪਕਾਰ ਦੀ ਸੁਗੰਧ ਹਰ ਦਿਲ ਨੂੰ ਪੁਕਾਰ ਰਹੀ ਹੈ। ਊਚ-ਨੀਚ ਦੇ ਟਿੱਬਿਆਂ ਦੀ ਥਾਂ ਸਮਾਨਤਾ ਦਾ ਰਮਣੀਕ ਵਾਤਾਵਰਨ ਹੈ।
ਦੁਨੀਆ ਦੇ ਬਾਦਸ਼ਾਹ ਦਾ ਖੇਤਰ ਤੇ ਸਮਾਂ ਦੋਵੇਂ ਸੀਮਤ ਹੁੰਦੇ ਹਨ। ਸਮਾਂ ਰੱਥ ਦੇ ਪਹੀਏ ਵਾਂਗ ਘੁੰਮਦਾ ਹੈ। ਜੋ ਹਿੱਸਾ ਉੱਪਰ ਹੁੰਦਾ ਹੈ, ਉਹ ਪਲਟ ਕੇ ਹੇਠਾਂ ਆਉਂਦਾ ਹੈ। ਇਸ ਤਰ੍ਹਾਂ ਤਖ਼ਤ ਤੇ ਤਾਜ ਬਦਲਦੇ ਹਨ ਪਰ ਲੋਕਾਂ ਦੇ ਦੁੱਖ-ਦਰਦ ਨਹੀਂ ਘਟਦੇ ਸਗੋਂ ਵਧਦੇ ਜਾਂਦੇ ਹਨ। ਜੋ ਆਪ ਜ਼ੁਲਮ ਤੇ ਭ੍ਰਿਸ਼ਟਾਚਾਰ ਦੇ ਸ਼ਿਕਾਰ ਰਹੇ ਹੁੰਦੇ ਹਨ, ਉਹ ਹਕੂਮਤ ਕਰਨ ਦਾ ਅਵਸਰ ਮਿਲਣ 'ਤੇ ਲੋਕਾਂ ਦੇ ਦੁੱਖ ਹਰਨ ਦੀ ਥਾਂ ਆਪ ਅਜਿਹੇ ਭੈੜੇ ਕੰਮਾਂ ਵਿਚ ਗਲਤਾਨ ਹੋ ਜਾਂਦੇ ਹਨ। ਇਸ ਕਮਜ਼ੋਰੀ ਨੂੰ ਭਾਂਪ ਕੇ ਗੁਰੂ ਸਾਹਿਬ ਨੇ ਰਾਜ ਨਹੀਂ ਵਿਸਮਾਦੀ ਰਾਜ ਦਾ ਸੰਕਲਪ ਰੂਪਮਾਨ ਕੀਤਾ। ਇਹ ਰਾਜ ਮਨੁੱਖਤਾ ਨੂੰ ਪਰਉਪਕਾਰ, ਇਨਸਾਫ਼, ਬਰਾਬਰੀ ਤੇ ਮਿਲਵਰਤਨ ਦਾ ਸੁਨੇਹਾ ਦਿੰਦਾ ਹੈ।
ਸੰਤ ਸਿਪਾਹੀ ਕੋਲ ਵਿਤਕਰਾ ਨਹੀਂ ਹਰ ਪ੍ਰਾਣੀ ਲਈ ਉਦਾਰਤਾ ਤੇ ਅਨੁਰਾਗ ਹੈ। ਉਹ 'ਪੂਰਨ ਪ੍ਰੇਮ ਪ੍ਰਤੀਤ ਸਜੈ॥' ਦੀ ਅਵਸਥਾ ਵਿਚ ਵਿਚਰਦਾ ਹੈ। ਉਸ ਲਈ ਕੋਈ ਵੈਰੀ ਜਾਂ ਬਿਗਾਨਾ ਨਹੀਂ ਉਹ ਭੋਗਵਾਦੀ ਰੁਚੀਆਂ ਦੀ ਥਾਂ ਕੰਚਨ ਤੇ ਲੋਹੇ ਨੂੰ ਸਮਾਨ ਸਮਝਦਾ ਹੈ। ਜਨਤਾ ਦਾ ਸ਼ੋਸ਼ਣ, ਭੇਦ-ਭਾਵ ਤੇ ਨਾਰੀ ਦੀ ਬੇਪੱਤੀ ਕਰਨ ਵਾਲੀ ਦੁਸ਼ਟ ਬਿਰਤੀ ਦਾ ਸੰਘਾਰ ਕਰਕੇ ਨਿਰਧਨਾਂ ਦਾ ਸਹਾਰਾ ਬਣਦਾ ਹੈ।
'ਮੁਖ ਤੇ ਹਰਿ ਚਿੱਤ ਮੈ ਜੁਧ ਬਿਚਾਰੈ॥' ਦੀ ਭਾਵਨਾ ਉਸਨੂੰ ਸਮੁੱਚੀ ਮਾਨਵਤਾ ਪ੍ਰਤੀ ਆਪਣੇ ਕਰਤੱਵ ਦੀ ਯਾਦ ਦਿਵਾਉਂਦੀ ਹੈ। ਸਮਾਜਿਕ ਸਮਾਨਤਾ ਤੇ ਨਿਆਂ ਦੀ ਸਥਾਪਨਾ ਲਈ ਜਦੋਂ ਸਾਰੇ ਸ਼ਾਂਤਮਈ ਤਰੀਕੇ ਅਸਫ਼ਲ ਹੋ ਜਾਣ ਤਾਂ ਉਹ ਤਲਵਾਰ ਉਠਾਉਂਦਾ ਹੈ। ਉਹ ਸੰਸਾਰ ਵਿਚ ਸਚਾਈ, ਸਹਿਯੋਗ, ਸੇਵਾ ਤੇ ਸ਼ਾਂਤੀ ਦਾ ਦੂਤ ਬਣ ਕੇ ਵਿਚਰਦਾ ਹੈ। ਲਾਲਸਾ, ਕੱਟੜਤਾ ਤੇ ਸੰਕੀਰਨਤਾ ਉਸ ਦੀਆਂ ਸੋਚਾਂ ਅੰਦਰ ਦਾਖ਼ਲ ਹੋਣ ਤੋਂ ਕੰਬਦੀਆਂ ਹਨ। ਉਸ ਦੇ ਸੁਭਾਗੇ ਨੈਣ ਅਨੇਕਤਾ ਵਿਚ ਏਕਤਾ ਦਾ ਦੀਦਾਰ ਕਰਦੇ ਹਨ।
ਗੁਰੂ ਸਾਹਿਬ ਲਈ ਕਿਸੇ ਰਾਜ ਦਾ ਵਿਸਥਾਰ ਕਰਨ ਦੀ ਥਾਂ ਮਨੁੱਖਤਾ ਦੇ ਆਦਰਸ਼ ਮਹੱਤਵਪੂਰਨ ਸਨ। ਮਨੁੱਖਤਾ ਦੇ ਭਲੇ ਤੇ ਅਮਨ ਲਈ ਆਪਣੇ ਮਾਤਾ-ਪਿਤਾ, ਸਾਹਿਬਜ਼ਾਦਿਆਂ ਤੇ ਪਿਆਰੇ ਸਿੰਘਾਂ ਦੇ ਕਾਤਲ ਔਰੰਗਜ਼ੇਬ ਨਾਲ ਉਹ ਵਾਰਤਾ ਕਰਨ ਲਈ ਤਿਆਰ ਹੋ ਗਏ। ਗੁਰੂ ਸਾਹਿਬ ਵਿਵਾਦ ਦੀ ਥਾਂ ਸੰਵਾਦ ਵਿਚ ਵਿਸ਼ਵਾਸ ਰੱਖਦੇ ਸਨ। ਗੁਰੂ ਸਾਹਿਬ ਦਾ ਵਿਸਮਾਦੀ ਰਾਜ ਜ਼ਮੀਨ ਦੇ ਟੁਕੜਿਆਂ ਜਾਂ ਹਥਿਆਰਾਂ ਦਾ ਮੁਥਾਜ ਨਹੀਂ, ਇਹ ਸ਼ਰਧਾ ਭਰੇ ਦਿਲਾਂ ਦੀ ਅਨਮੋਲ ਵਿਰਾਸਤ ਹੈ।


-ਟੀਚਰ ਕਾਲੋਨੀ ਵਾਰਡ ਨੰ. 11, ਕੁਰਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੁਹਾਲੀ)।
ਮੋਬਾਈਲ : 70093-56607.

ਸ਼ਬਦ ਵਿਚਾਰ

ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ॥

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਸਿਰੀਰਾਗੁ ਮਹਲਾ ੩
ਹੁਕਮੇ ਕਰਮ ਕਮਾਵਣੇ
ਪਇਐ ਕਿਰਤਿ ਫਿਰਾਉ॥
ਹੁਕਮੇ ਦਰਸਨੁ ਦੇਖਣਾ
ਜਾਹ ਭੇਜਹਿ ਤਹ ਜਾਉ॥
ਹੁਕਮੇ ਹਰਿ ਹਰਿ ਮਨਿ ਵਸੈ
ਹੁਕਮੇ ਸਚਿ ਸਮਾਉ॥ ੫॥
ਹੁਕਮੁ ਨ ਜਾਣਹਿ ਬਪੁੜੇ
ਭੂਲੇ ਫਿਰਹਿ ਗਵਾਰ॥
ਮਨ ਹਠਿ ਕਰਮ ਕਮਾਵਦੇ
ਨਿਤ ਨਿਤ ਹੋਹਿ ਖੁਆਰੁ॥
ਅੰਤਰਿ ਸਾਂਤਿ ਨ ਆਵਈ
ਨਾ ਸਚਿ ਲਗੈ ਪਿਆਰੁ॥ ੬॥
ਗੁਰਮੁਖੀਆ ਮੁਹ ਸੋਹਣੇ
ਗੁਰ ਕੈ ਹੇਤਿ ਪਿਆਰਿ॥
ਸਚੀ ਭਗਤੀ ਸਚਿ ਰਤੇ
ਦਰਿ ਸਚੈ ਸਚਿਆਰ॥
ਆਏ ਸੇ ਪਰਵਾਣੁ ਹੈ
ਸਭ ਕੁਲ ਕਾ ਕਰਹਿ ਉਧਾਰੁ॥ ੭॥
ਸਭ ਨਦਰੀ ਕਰਮ ਕਮਾਵਦੇ
ਨਦਰੀ ਬਾਹਰਿ ਨ ਕੋਇ॥
ਜੈਸੀ ਨਦਰਿ ਕਰਿ ਦੇਖੈ ਸਚਾ
ਤੈਸਾ ਹੀ ਕੋ ਹੋਇ॥
ਨਾਨਕ ਨਾਮਿ ਵਡਾਈਆ
ਕਰਮਿ ਪਰਾਪਤਿ ਹੋਇ॥ ੮॥ ੩॥ ੨੦॥
(ਅੰਗ 6)
ਪਦ ਅਰਥ : ਹੁਕਮੇ-(ਤੇਰੇ) ਹੁਕਮ ਵਿਚ ਹੀ। ਕਰਮ ਕਮਾਵਣੇ-ਕਰਮ ਕਮਾਉਂਦੇ ਹਨ, ਕਰਮ ਕਰਦੇ ਹਨ। ਪਇਐ-ਪਿਆ ਰਹਿੰਦਾ ਹੈ। ਕਿਰਤਿ-ਕੀਤੇ ਕਰਮ। ਫਿਰਾਉ-ਜਨਮ ਮਰਨ ਦਾ ਫੇਰ (ਗੇੜ)। ਦਰਸਨ ਦੇਖਣਾ-ਦਰਸ਼ਨ ਪ੍ਰਾਪਤ ਹੋ ਜਾਂਦਾ ਹੈ। ਜਹ-ਜਿਧਰ। ਭੇਜਹ-ਤੂੰ ਭੇਜਦਾ ਹੈ। ਤਹ-ਉਧਰ ਹੀ। ਜਾਉ-ਜਾਂਦੇ ਹਨ। ਹੁਕਮੇ-ਤੇਰੇ ਹੁਕਮ ਵਿਚ ਹੀ। ਸਚਿ-ਸਦਾ ਥਿਰ ਪਰਮਾਤਮਾ। ਸਮਾਉ-ਸਮਾਅ ਜਾਂਦੇ ਹਨ।
ਬਪੁੜੇ-ਵਿਚਾਰੇ। ਗਵਾਰ-ਮੂਰਖ। ਭੂਲੇ-ਭੁੱਲੇ ਭਟਕੇ। ਫਿਰਹਿ-ਫਿਰਦੇ ਹਨ। ਮਨ ਹਰਿ-ਮਨ ਦੇ ਹੱਠ ਦੁਆਰਾ। ਕਰਮ ਕਮਾਵਦੇ-ਕੰਮ ਕਰਦੇ ਹਨ। ਨਿਤ ਨਿਤ-ਸਦਾ। ਹੋਹਿ ਖੁਆਰੁ-ਖੱਜਲ ਖੁਆਰ ਹੁੰਦੇ ਹਨ। ਅੰਤਰਿ-ਹਿਰਦੇ ਵਿਚ। ਸਚਿ-ਸੱਚੇ ਵਿਚ, ਸਦਾ ਰਹਿਣ ਵਾਲੇ ਪਰਮਾਤਮਾ ਵਿਚ।
ਗੁਰਮੁਖੀਆ-ਗੁਰੂ ਦੇ ਸਨਮੁਖ ਰਹਿਣ ਵਾਲੇ। ਹੇਤਿ-ਪਿਆਰ ਵਿਚ, ਪ੍ਰੇਮ ਵਿਚ। ਸਚੀ-ਸਦਾ ਥਿਰ ਰਹਿਣ ਵਾਲੀ, ਸਦੀਵੀ। ਸਚਿ ਰਤੇ-ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ। ਸਚੈ-ਸਦਾ ਥਿਰ ਪ੍ਰਭੂ ਦੇ। ਸਚਿਆਰ-ਸੁਰਖੁਰੂ (ਹੋ ਕੇ ਜਾਂਦੇ ਹਨ)। ਕਰਹਿ ਉਧਾਰੁ-ਪਾਰਉਤਾਰਾ ਕਰ ਦਿੰਦੇ ਹਨ।
ਨਦਰੀ-ਨਿਗ੍ਹਾ ਵਿਚ ਹੀ। ਕਰਮ ਕਮਾਵਦੇ-ਕੰਮਕਾਜ ਕਰਦੇ ਹਨ। ਨਦਰਿ ਕਰਿ ਦੇਖੈ-ਨਜ਼ਰ ਕਰਕੇ ਦੇਖਦਾ ਹੈ। ਜੈਸੀ-ਜਿਹੋ ਜਿਹੀ। ਤੈਸਾ ਹੀ-ਉਹੋ ਜਿਹਾ ਹੀ। ਕੋ-ਉਹ (ਜੀਵ)। ਕਰਮਿ-ਬਖਸ਼ਿਸ਼ ਨਾਲ ਹੀ।
ਹਰੇਕ ਜੀਵ ਪਰਮਾਤਮਾ ਦੇ ਹੁਕਮ ਵਿਚ ਵਿਚਰ ਰਿਹਾ ਹੈ ਅਤੇ ਉਸ ਤੋਂ ਬਾਹਰ ਕੋਈ ਵੀ ਨਹੀਂ। ਬਾਣੀ 'ਜਪੁ' ਜੀ ਦੀ ਦੂਜੀ ਪਉੜੀ ਵਿਚ ਜਗਤ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਹੁਕਮੈ ਅੰਦਰਿ ਸਭੁ ਕੋ
ਬਾਹਰਿ ਹੁਕਮ ਨ ਕੋਇ॥ (ਪਉੜੀ ੨, ਪੰਨਾ)
ਪਰ ਜੇਕਰ ਜੀਵ ਨੂੰ ਪਰਮਾਤਮਾ ਦੇ ਹੁਕਮ (ਰਜ਼ਾ) ਦੀ ਸੋਝੀ ਪੈ ਜਾਵੇ, ਫਿਰ ਉਹ ਹੰਕਾਰ ਭਾਵ ਮੈਂ-ਮੇਰੀ ਵਾਲੇ ਬਚਨ ਨਹੀਂ ਆਖਦਾ, ਨਹੀਂ ਬੋਲਦਾ-
ਨਾਨਕ ਹੁਕਮੈ ਜੇ ਬੁਝੈ
ਤਹਉਮੈ ਕਹੈ ਨ ਕੋਇ॥ (ਪੰਨਾ 1)
ਮੈਂ-ਮੇਰੀ ਕਾਰਨ ਜੋ ਹਸ਼ਰ ਹਰਣਾਖਸ਼ ਦਾ ਹੋਇਆ, ਉਹ ਜੱਗ ਜ਼ਾਹਿਰ ਹੈ, ਜਿਸ ਨੇ ਆਪਣੀ ਪੂਜਾ ਹੀ ਕਰਵਾਉਣੀ ਸ਼ੁਰੂ ਕਰ ਦਿੱਤੀ। ਜਦੋਂ ਪੁੱਤਰ ਪਰਹਲਾਦ ਨੇ ਪਿਤਾ ਦੀ ਪੂਜਾ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਉਹ ਪੁੱਤਰ ਦਾ ਹੀ ਵੈਰੀ ਹੋ ਗਿਆ। ਇਥੋਂ ਤੱਕ ਕਿ ਉਸ ਨੇ ਪੁੱਤਰ ਨੂੰ ਮਾਰਨ ਦੇ ਹਰ ਹੀਲੇ ਕੀਤੇ ਪਰ ਭਗਤ ਜਨਾਂ ਦੀ ਪ੍ਰਭੂ ਆਦਿ ਤੋਂ ਹੀ ਰੱਖਿਆ ਕਰਦਾ ਆਇਆ ਹੈ ਅਤੇ ਭਗਤ ਜੀ ਦੀ ਰੱਖਿਆ ਕਰਨ ਲਈ ਪ੍ਰਭੂ ਨੇ ਨਰਸਿੰਘ ਦਾ ਰੂਪ ਧਾਰ ਕੇ, ਹਰਣਾਖਸ਼ ਨੂੰ ਮਾਰ ਮੁਕਾਇਆ। ਇਸ ਤਰ੍ਹਾਂ ਆਪਣੇ ਭਗਤ ਦੀ ਪ੍ਰਭੂ ਨੇ ਲਾਜ ਰੱਖੀ। ਰਾਗੁ ਆਸਾ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ-
ਹਰਿ ਜੁਗੁ ਜੁਗੁ ਭਗਤ ਉਪਾਇਆ
ਪੈਜ ਰਖਦਾ ਆਇਆ ਰਾਮ ਰਾਜੇ॥
ਹਰਣਾਖਸੁ ਦੁਸਟੁ ਹਰਿ ਮਾਰਿਆ
ਪ੍ਰਹਲਾਦੁ ਤਰਾਇਆ॥ (ਅੰਗ 451)
ਇਸ ਤਰ੍ਹਾਂ ਜਿਨ੍ਹਾਂ ਨੇ ਗੁਰੂ ਦੀ ਮੱਤ 'ਤੇ ਤੁਰ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ, ਅਜਿਹੇ ਗੁਰਮੁਖਾਂ ਦੇ ਮੁਖ ਸੋਹਣੇ ਹਨ, ਉਜਲੇ ਹਨ। ਉਨ੍ਹਾਂ ਨੂੰ ਇਥੇ ਸੰਸਾਰ ਵਿਚ ਅਤੇ ਉਥੇ ਪਰਲੋਕ ਵਿਚ ਬੜਾ ਆਤਮਿਕ ਸੁਖ ਮਿਲਦਾ ਹੈ। ਪਰਮਾਤਮਾ ਦਾ ਸਦਾ ਨਾਮ ਜਪਣ ਸਦਕਾ ਉਨ੍ਹਾਂ ਦਾ ਸੰਸਾਰ ਸਮੁੰਦਰ 'ਚੋਂ ਪਾਰਉਤਾਰਾ ਹੋ ਜਾਂਦਾ ਹੈ। ਗੁਰਵਾਕ ਹੈ-
ਗੁਰਮਤੀ ਮੁਖ ਸੋਹਣੇ
ਹਰਿ ਰਾਖਿਆ ਉਰਿ ਧਾਰਿ॥
ਐਥੈ ਓਥੈ ਸੁਖੁ ਘਣਾ
ਜਪਿ ਹਰਿ ਹਰਿ ਉਤਰੇ ਪਾਰਿ॥
(ਰਾਗੁ ਪ੍ਰਭਾਤੀ ਮਹਲਾ ੩, ਅੰਗ 1346)
ਉਰਿ-ਹਿਰਦੇ ਵਿਚ। ਐਥੈ-ਇਸ ਸੰਸਾਰ ਵਿਚ। ਓਥੈ-ਪਰਲੋਕ ਵਿਚ। ਘਣਾ-ਬੜਾ।
ਇਸ ਪ੍ਰਕਾਰ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਆਪਣੀ ਕਿਰਤ-ਕਮਾਈ ਸਫਲਾ ਕਰ ਗਏ। ਦਰਗਾਹੇ ਉਨ੍ਹਾਂ ਦੇ ਮੁੱਖ ਉਜਲੇ ਹੁੰਦੇ ਹਨ, ਇਥੋਂ ਤੱਕ ਕਿ ਉਨ੍ਹਾਂ ਦੇ ਨਾਲ ਹੋਰ ਕਈਆਂ ਦਾ ਛੁਟਕਾਰਾ ਵੀ ਹੋ ਜਾਂਦਾ ਹੈ-
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ ('ਜਪੁ' ਜੀ, ਅੰਗ 8)
ਅੱਖਰੀਂ ਅਰਥ : ਜੀਵ ਪ੍ਰਭੂ ਦੇ ਹੁਕਮ ਵਿਚ ਹੀ ਕਰਮ ਕਰਦੇ ਹਨ ਅਤੇ ਕੀਤੀ ਕਰਣੀ ਅਨੁਸਾਰ ਜਨਮ-ਮਰਨ ਦੇ ਗੇੜ ਵਿਚ ਫਿਰਾਇ ਜਾਂਦੇ ਹਨ। ਹੇ ਪ੍ਰਭੂ, ਤੇਰੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਤੇਰੇ ਦਰਸ਼ਨ ਹੁੰਦੇ ਹਨ ਅਤੇ ਜਿਥੇ-ਜਿਥੇ ਵੀ ਤੂੰ ਜੀਵਾਂ ਨੂੰ ਭੇਜਦਾ ਹੈਂ, ਉਥੇ ਹੀ ਉਹ ਜਾਂਦੇ ਹਨ। ਤੇਰੇ ਹੁਕਮ ਵਿਚ ਹੀ ਜੀਵਾਂ ਦੇ ਮਨਾਂ ਵਿਚ ਤੇਰਾ ਨਾਮ ਵਸਦਾ ਹੈ ਅਤੇ ਹੁਕਮ ਵਿਚ ਹੀ ਉਹ ਤੇਰੇ ਵਿਚ ਸਮਾਇ ਰਹਿੰਦੇ ਹਨ, ਤੇਰੇ ਵਿਚ ਲੀਨ ਰਹਿੰਦੇ ਹਨ।
ਹੇ ਪ੍ਰਭੂ, ਜਿਹੜੇ ਵਿਚਾਰੇ ਤੇਰੇ ਹੁਕਮ ਨੂੰ ਨਹੀਂ ਸਮਝਦੇ, ਉਹ ਮੂਰਖ ਜੀਵਨ ਦੇ ਸਹੀ ਮਾਰਗ ਤੋਂ ਭੁੱਲ ਕੇ ਇਧਰ-ਉਧਰ ਭਟਕਦੇ ਫਿਰਦੇ ਰਹਿੰਦੇ ਹਨ। ਅਜਿਹੇ (ਮਨਮੁਖ) ਜੋ ਵੀ ਮਨ ਦੇ ਹਠ ਦੁਆਰਾ ਕਰਮ ਕਰਦੇ ਹਨ, ਉਸ ਨਾਲ ਸਦਾ ਖੱਜਲ-ਖੁਆਰ ਹੀ ਹੁੰਦੇ ਹਨ। ਉਨ੍ਹਾਂ ਦੇ ਹਿਰਦੇ ਅੰਦਰ ਕਦੇ ਸ਼ਾਂਤੀ ਨਹੀਂ ਆਉਂਦੀ ਅਤੇ ਨਾ ਹੀ ਉਨ੍ਹਾਂ ਦਾ ਸਦਾ ਥਿਰ ਪ੍ਰਭੂ ਵਿਚ ਕਦੇ ਪਿਆਰ ਪੈਂਦਾ ਹੈ।
ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਵਾਲੇ ਗਮੁਰਮੁਖਾਂ ਦੇ ਮੁੱਖੜੇ ਗੁਰੂ ਦੇ ਪ੍ਰੇਮ, ਪਿਆਰ ਵਿਚ ਰੰਗੇ ਹੋਏ ਬੜੇ ਸੁੰਦਰ ਲਗਦੇ ਹਨ। ਸਦਾ ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਅਜਿਹੇ ਗੁਰਮੁਖ ਪ੍ਰਭੂ ਦੀ ਸੱਚੀ ਭਗਤੀ ਕਰਦੇ ਹਨ ਅਤੇ ਸੱਚੇ ਦੀ ਦਰਗਾਹ ਵਿਚ ਸੁਰਖਰੂ ਹੋ ਕੇ ਜਾਂਦੇ ਹਨ। ਅਜਿਹੇ ਜਗਿਆਸੂ ਦਾ ਹੀ ਜਗਤ ਵਿਚ ਆਉਣਾ ਪ੍ਰਵਾਨ ਹੈ, ਸਫਲਾ ਹੈ, ਜੋ (ਕੇਵਲ ਆਪਣਾ ਹੀ ਨਹੀਂ, ਸਗੋਂ), ਸਾਰੀ ਕੁਲ ਦਾ ਕਲਿਆਣ ਕਰ ਦਿੰਦੇ ਹਨ।
(ਵਾਸਤਵ ਵਿਚ ਪ੍ਰਾਣੀ ਦੇ ਵੱਸ ਵਿਚ ਤਾਂ ਕੁਝ ਵੀ ਨਹੀਂ) ਸਭ ਉਸ ਪਰਮਾਤਮਾ ਦੀ ਨਿਗ੍ਹਾ ਅਨੁਸਾਰ ਹੀ ਕੰਮਕਾਰ ਕਰਦੇ ਹਨ ਅਤੇ ਉਸ ਦੀ ਨਿਗ੍ਹਾ ਤੋਂ ਬਾਹਰ ਕੋਈ ਵੀ ਨਹੀਂ। ਸਦਾ ਥਿਰ ਰਹਿਣ ਵਾਲਾ ਪ੍ਰਭੂ ਜਿਹੋ ਜਿਹੀ ਨਿਗ੍ਹਾ ਨਾਲ ਦੇਖਦਾ ਹੈ, ਉਹੋ ਜਿਹਾ ਜੀਵ ਹੋ (ਬਣ) ਜਾਂਦਾ ਹੈ। ਤੀਜੀ ਨਾਨਕ ਜੋਤਿ ਦ੍ਰਿੜਿ ਕਰਵਾ ਰਹੇ ਹਨ ਕਿ ਪ੍ਰਭੂ ਦੇ ਨਾਮ ਵਿਚ ਵੱਡੀਆਂ ਵਡਿਆਈਆਂ ਹਨ ਪਰ ਇਸ (ਨਾਮ) ਦੀ ਪ੍ਰਾਪਤੀ ਉਸ ਦੀ (ਪ੍ਰਭੂ ਦੀ) ਬਖਸ਼ਿਸ਼ ਨਾਲ ਹੀ ਹੁੰਦੀ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਈਸ਼ਵਰ ਪ੍ਰਤੀ ਅਨੰਤ ਪ੍ਰੇਮ ਹੀ 'ਭਗਤੀ' ਹੈ

ਸਾਡੇ ਦੇਸ਼ ਵਿਚ ਸੰਤਾਂ ਅਤੇ ਮਹਾਂਪੁਰਸ਼ਾਂ ਵਿਚ 'ਭਗਤੀ' ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਿਹਾ ਹੈ। ਸਵਾਮੀ ਵਿਵੇਕਾਨੰਦ ਭਗਤੀਯੋਗ ਵਿਚ ਲਿਖਦੇ ਹਨ ਕਿ 'ਕਪਟਰਹਿਤ' ਹੋ ਕੇ ਪਰਮਾਤਮਾ ਦੀ ਖੋਜ ਨੂੰ ਹੀ 'ਭਗਤੀਯੋਗ' ਕਹਿੰਦੇ ਹਨ। ਪਰਮਾਤਮਾ ਪ੍ਰਤੀ ਅਨੰਦ ਪ੍ਰੇਮ ਹੀ ਭਗਤੀ ਹੈ। ਪਰਮਾਤਮਾ ਦੀ ਖੋਜ ਦੀ ਸ਼ੁਰੂਆਤ, ਮੱਧ ਅਤੇ ਅੰਤ ਪ੍ਰੇਮ ਨਾਲ ਹੁੰਦੀ ਹੈ। ਭਗਤੀ ਸੂਤਰ ਵਿਚ ਨਾਰਦ ਜੀ ਵੀ ਕਹਿੰਦੇ ਹਨ, 'ਪਰਮਾਤਮਾ ਪ੍ਰਤੀ ਅਨੰਤ ਪ੍ਰੇਮ ਹੀ ਭਗਤੀ ਹੈ।' ਜਦ ਮਨੁੱਖ ਇਸ ਦੀ ਪ੍ਰਾਪਤੀ ਕਰ ਲੈਂਦਾ ਹੈ ਤਾਂ ਸਾਰੇ ਉਸ ਦੇ ਪ੍ਰੇਮ-ਪਾਤਰ ਬਣ ਜਾਂਦੇ ਹਨ। ਫਿਰ ਉਹ ਕਿਸੇ ਨਾਲ ਨਫਰਤ ਨਹੀਂ ਕਰਦਾ ਅਤੇ ਸੰਤੁਸ਼ਟ ਹੋ ਜਾਂਦਾ ਹੈ। ਅਜਿਹੇ ਪ੍ਰੇਮ ਨਾਲ ਕਿਸੇ ਵੀ ਵਾਸ਼ਨਾ ਰੂਪੀ ਵਸਤੂ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਜਦ ਤੱਕ ਸੰਸਾਰਿਕ ਵਾਸ਼ਨਾਵਾਂ ਡੇਰਾ ਜਮਾਈ ਰੱਖਦੀਆਂ ਹਨ, ਤਦ ਤੱਕ ਇਹ ਪ੍ਰੇਮ ਪੈਦਾ ਹੀ ਨਹੀਂ ਹੋ ਸਕਦਾ। ਭਗਤੀ ਕਰਮ ਤੋਂ ਉੱਤਮ ਹੈ ਅਤੇ ਗਿਆਨ ਅਤੇ ਯੋਗ ਤੋਂ ਵੀ ਉੱਚ ਹੈ, ਕਿਉਂਕਿ ਇਨ੍ਹਾਂ ਸਾਰਿਆਂ ਦਾ ਇਕ ਹੀ ਟੀਚਾ ਹੈ ਪਰ ਭਗਤੀ ਤਾਂ ਸਾਧਨਾ ਸਰੂਪ ਹੈ।
ਭਗਤੀ ਦੀ ਵਿਸ਼ੇਸ਼ ਰੂਪ ਨਾਲ ਵਿਆਖਿਆ ਕਰਨ ਵਾਲੇ ਸ਼ਾਂਡੀਲਏ ਅਤੇ ਨਾਰਦ ਨੂੰ ਜੇ ਛੱਡ ਵੀ ਦੇਈਏ ਤਾਂ ਵੀ ਗਿਆਨਪੱਥ ਦੇ ਸਮਰਥਕ ਵਿਆਸਸੂਤਰ ਦੇ ਮਹਾਨ ਭਾਸ਼ਾ ਵਿਗਿਆਨੀਆਂ ਨੇ ਵੀ ਭਗਤੀ ਸਬੰਧੀ ਬਹੁਤ ਕੁਝ ਦੱਸਿਆ ਹੈ। ਜੇ ਉਨ੍ਹਾਂ ਸੂਤਰਾਂ ਦੇ ਖਾਸ ਕਰਕੇ ਭਗਤੀ ਕਾਂਡ ਦੇ ਸੂਤਰਾਂ ਦੇ ਭਾਵ 'ਤੇ ਵਿਚਾਰ ਕਰੀਏ ਤਾਂ ਪਤਾ ਚਲਦਾ ਹੈ ਕਿ ਉਨ੍ਹਾਂ ਦੀ ਢੁਕਵੀਂ ਵਿਆਖਿਆ ਨਹੀਂ ਹੋ ਸਕਦੀ। ਅਸਲ ਵਿਚ ਗਿਆਨ, ਭਗਤੀ ਅਤੇ ਰਾਜਯੋਗ ਦਾ ਵੀ ਇਹ ਹੀ ਉਦੇਸ਼ ਹੈ। ਜੇ ਇਨ੍ਹਾਂ ਦੀ ਵਰਤੋਂ ਜਾਦੂ-ਟੂਣੇ ਰਾਹੀਂ ਲੋਕਾਂ ਨੂੰ ਠਗਣ ਲਈ ਨਾ ਕੀਤੀ ਜਾਵੇ ਅਤੇ ਕੇਵਲ ਮੁਕਤੀ ਲਾਭ ਲਈ ਕੀਤੀ ਜਾਵੇ ਤਾਂ ਇਹ ਸਾਨੂੰ ਮੰਜ਼ਿਲ 'ਤੇ ਪਹੁੰਚਾ ਦਿੰਦੇ ਹਨ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਅਜੋਕੇ ਸੰਕਟ ਗ੍ਰਸਤ ਸਿੱਖ ਸਮਾਜ ਵਿਚ ਸਿੱਖ ਬੁੱਧੀਜੀਵੀਆਂ ਦੀ ਭੂਮਿਕਾ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਫਰਕ ਸਿਰਫ ਨਾਮ ਜਪੋ ਦਾ ਹੀ ਹੈ। ਜੇ ਅਸੀਂ ਨਾਮ ਜਪਣ ਦਾ ਅਰਥ ਰੂਹਾਨੀ ਚੇਤਨਾ ਜਗਾਉਣਾ ਸਮਝੀਏ ਤਾਂ ਸੱਚੇ ਮਾਰਕਸਵਾਦੀ ਵੀ ਸਹਿਮਤ ਹੋਣਗੇ ਕਿ ਮਨੁੱਖੀ ਚੇਤਨਾ ਜਗਾਏ ਬਿਨਾਂ ਕਿਰਤ ਕਰਨਾ ਅਤੇ ਵੰਡ ਛਕਣਾ ਸੰਭਵ ਨਹੀਂ ਹੋ ਸਕਦਾ। ਇਸ ਕਰਕੇ ਸੱਚੇ ਮਾਰਕਸਵਾਦੀਆਂ ਦਾ ਸਿੱਖ ਸਿਧਾਂਤ ਨਾਲ ਕੋਈ ਵਿਰੋਧ ਨਹੀਂ ਹੋ ਸਕਦਾ, ਇਸ ਦੇ ਉਲਟ ਅਖੌਤੀ ਮਾਰਕਸਵਾਦੀ ਜੋ ਨਾ ਲੋਕ-ਪੱਖੀ ਹਨ ਅਤੇ ਨਾ ਕੁਦਰਤ-ਪੱਖੀ ਹਨ, ਅਮਲੀ ਤੌਰ 'ਤੇ ਸਿੱਖ-ਵਿਰੋਧੀ ਹਨ। ਪੰਜਾਬ ਵਿਚ ਮਾਰਕਸਵਾਦੀ ਲਹਿਰ ਦਾ ਇਤਿਹਾਸ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰ ਦਿੰਦਾ ਹੈ। ਅਸੀਂ ਗ਼ਦਰੀ ਬਾਬਿਆਂ ਦੀ ਉਦਾਹਰਨ ਲੈ ਸਕਦੇ ਹਾਂ। ਗ਼ਦਰੀ ਬਾਬੇ ਆਪਣੀ ਸਿੱਖ ਵਿਰਾਸਤ ਅਤੇ ਮਾਰਕਸਵਾਦ ਵਿਚ ਕੋਈ ਵਿਰੋਧ ਨਹੀਂ ਸਨ ਸਮਝਦੇ। ਅਮਰੀਕਾ ਵਿਚ ਗ਼ਦਰ ਲਹਿਰ ਦਾ ਇਤਿਹਾਸ ਗੁਰਦੁਆਰਿਆਂ ਵਿਚ ਹੀ ਸਾਂਭਿਆ ਪਿਆ ਹੈ। ਗੁਰਦੁਆਰਾ ਸਾਹਿਬ ਹੀ ਲਹਿਰ ਦੇ ਕੇਂਦਰ ਸਨ। ਉਨ੍ਹਾਂ ਦੀਆਂ ਮੀਟਿੰਗਾਂ ਅਤੇ ਸਰਗਰਮੀਆਂ ਗੁਰਦੁਆਰਾ ਸਾਹਿਬਾਨ ਵਿਚ ਹੀ ਹੁੰਦੀਆਂ ਸਨ। ਪੰਜਾਬ ਵਿਚ ਵੀ ਪੁਰਾਣੇ ਕਈ ਕਾਮਰੇਡ ਅੰਮ੍ਰਿਤਧਾਰੀ ਸਨ। ਜਦੋਂ ਕਮਿਊਨਿਸਟ ਪਾਰਟੀ ਦਾ ਪਹਿਲਾ ਰਸਾਲਾ 'ਕਿਰਤੀ' ਜਾਰੀ ਕੀਤਾ ਗਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਾਕ ਲਿਆ ਗਿਆ।
ਜ਼ਾਹਿਰ ਹੈ ਕਿ ਮਾਰਕਸਵਾਦੀ ਮਾਰਕਸਵਾਦ ਅਤੇ ਸਿੱਖ ਸਿਧਾਂਤ ਨੂੰ ਇਕ-ਦੂਜੇ ਦੇ ਪੂਰਕ ਸਮਝਦੇ ਸਨ ਪਰ ਬਾਅਦ ਵਿਚ ਇਹ ਰਿਸ਼ਤਾ ਵਿਰੋਧ ਵਿਚ ਬਦਲ ਗਿਆ। ਇਸ ਬਦਲਾਅ ਦੇ ਕੀ ਕਾਰਨ ਹੋ ਸਕਦੇ ਹਨ? ਮੈਨੂੰ ਦੋ ਵੱਡੇ ਕਾਰਨ ਸਮਝ ਵਿਚ ਆਉਂਦੇ ਹਨ। ਪਹਿਲਾ ਪੰਜਾਬ ਵਿਚ ਮਾਰਕਸਵਾਦੀਆਂ ਦੀ ਅਗਵਾਈ ਸਾਧਾਰਨ ਕਿਸਾਨੀ ਪਿਛੋਕੜ ਦੇ ਲੋਕ ਕਰ ਰਹੇ ਸਨ ਪਰ ਹੌਲੀ-ਹੌਲੀ ਇਹ ਅਗਵਾਈ ਪੜ੍ਹੇ-ਲਿਖੇ ਪੈਟੀ ਬੁਰਜੁਆ ਵਰਗ ਦੇ ਹੱਥ ਚਲੀ ਗਈ, ਜਿਨ੍ਹਾਂ ਦੀਆਂ ਲੋਕਾਂ ਵਿਚ ਜੜ੍ਹਾਂ ਡੂੰਘੀਆਂ ਨਹੀਂ ਸਨ ਅਤੇ ਇਹ ਆਪਣੇ ਸੱਭਿਆਚਾਰ ਅਤੇ ਵਿਰਾਸਤ ਨਾਲੋਂ ਪੱਛਮੀ ਉਦਾਰਵਾਦ ਤੋਂ ਜ਼ਿਆਦਾ ਪ੍ਰਭਾਵਿਤ ਸਨ। ਹਰੇ ਇਨਕਲਾਬ ਵੇਲੇ ਪੰਜਾਬ ਦੀ ਅਮੀਰ ਕਿਸਾਨੀ ਦਾ ਅਮਰੀਕੀ ਸਾਮਰਾਜ ਨਾਲ ਗਠਜੋੜ ਹੋ ਗਿਆ ਅਤੇ ਇਹ ਜਮਾਤ ਕਿਸਾਨੀ ਤੋਂ ਸਰਮਾਏਦਾਰੀ ਵਿਚ ਬਦਲ ਗਈ ਅਤੇ ਇਸ ਨੇ ਅਮਲੀ ਤੌਰ 'ਤੇ ਪੰਜਾਬ ਦੇ ਹਰ ਖੇਤਰ (ਆਰਥਿਕ, ਧਾਰਮਿਕ, ਵਿੱਦਿਅਕ, ਸਮਾਜਿਕ ਅਤੇ ਸੱਭਿਆਚਾਰਕ) 'ਤੇ ਲਗਪਗ ਮੁਕੰਮਲ ਕਬਜ਼ਾ ਕਰ ਲਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸਮੁੱਚੇ ਤੌਰ 'ਤੇ ਪੰਜਾਬੀ ਆਪਣੇ ਸੱਭਿਆਚਾਰ ਅਤੇ ਵਿਰਾਸਤ ਤੋਂ ਦੂਰ ਹੋ ਗਏ ਅਤੇ ਅਮਰੀਕੀ ਸਾਮਰਾਜੀ ਖਪਤ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਗਏ। ਬਹੁਤ ਸਾਰੇ ਮਾਰਕਸਵਾਦੀ ਪੱਛਮੀ ਉਦਾਰਵਾਦ ਅਤੇ ਖਪਤਵਾਦ ਦਾ ਸ਼ਿਕਾਰ ਹੋ ਗਏ ਅਤੇ ਅਖੌਤੀ ਮਾਰਕਸਵਾਦੀ ਬਣ ਗਏ।
ਪੰਜਾਬੀਆਂ ਅਤੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਇਨ੍ਹਾਂ ਅਖੌਤੀ ਮਾਰਕਸਵਾਦੀਆਂ ਨੇ ਕੀਤਾ ਹੈ। ਉਦਾਹਰਨ ਵਜੋਂ ਦੋ ਪ੍ਰਕਿਰਿਆਵਾਂ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ, ਉਹ ਹਨ ਹਰਾ ਇਨਕਲਾਬ ਅਤੇ ਪ੍ਰਵਾਸ। ਹਰੇ ਇਨਕਲਾਬ ਨੇ ਸਿਰਫ ਸਾਡਾ ਵਾਤਾਵਰਨ ਹੀ ਨਹੀਂ, ਸਗੋਂ ਸਾਡਾ ਸਮਾਜਿਕ, ਸੱਭਿਆਚਾਰਕ, ਸਦਾਚਾਰਕ, ਨੈਤਿਕ ਅਤੇ ਆਰਥਿਕ ਢਾਂਚਾ ਵੀ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਪੰਜਾਬ ਸਿਰਫ ਭੂਗੋਲਿਕ ਤੌਰ 'ਤੇ ਹੀ ਨਹੀਂ, ਸਗੋਂ ਸੱਭਿਆਚਾਰਕ, ਸਦਾਚਾਰਕ, ਨੈਤਿਕ ਅਤੇ ਬੌਧਿਕ ਤੌਰ 'ਤੇ ਵੀ ਬੰਜਰ ਹੋਣ ਵੱਲ ਜਾ ਰਿਹਾ ਹੈ। ਬਹੁਤ ਸਾਰੇ ਅਫ਼ਸਰ ਵੀ ਇਹ ਸਵੀਕਾਰਨ ਲੱਗ ਪਏ ਹਨ ਕਿ ਹਰੇ ਇਨਕਲਾਬ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਪੰਜਾਬ ਦੇ ਸਾਬਕਾ ਖੇਤੀਬਾੜੀ ਸਕੱਤਰ ਸ: ਜੀ. ਕੇ. ਸਿੰਘ (ਆਈ.ਏ.ਐਸ.) ਨੇ ਆਪਣੀ ਪੁਸਤਕ 'ਸਾਡੇ ਅੰਦਰ ਦਾ ਸਿਧਾਰਥ' ਵਿਚ ਲਿਖਿਆ ਹੈ ਕਿ ਪੰਜਾਬ ਦੇ ਆਈ.ਏ.ਐਸ. ਅਫਸਰਾਂ ਦੀ ਬਹੁਗਿਣਤੀ ਇਹ ਮਹਿਸੂਸ ਕਰਦੀ ਹੈ ਕਿ ਹਰੇ ਇਨਕਲਾਬ ਨੇ ਪੰਜਾਬ ਦਾ ਨੁਕਸਾਨ ਜ਼ਿਆਦਾ ਕੀਤਾ ਹੈ ਅਤੇ ਫਾਇਦਾ ਘੱਟ। ਇਸ ਦੇ ਬਾਵਜੂਦ ਅਖੌਤੀ ਮਾਰਕਸਵਾਦੀ ਇਹ ਸਚਾਈ ਮੰਨਣ ਨੂੰ ਤਿਆਰ ਨਹੀਂ ਹਨ ਅਤੇ ਹਰੇ ਇਨਕਲਾਬ ਦੇ ਹੱਕ ਵਿਚ ਭੁਗਤਦੇ ਹਨ।
ਦੂਜੀ ਪ੍ਰਕਿਰਿਆ ਹੈ ਪ੍ਰਵਾਸ ਦੀ। ਪ੍ਰਵਾਸ ਨੇ ਸਾਡੇ ਸਮਾਜਿਕ ਰਿਸ਼ਤਿਆਂ ਦਾ ਤਾਣਾ-ਬਾਣਾ ਲਗਪਗ ਤਬਾਹ ਕਰ ਦਿੱਤਾ ਹੈ। ਇਸ ਨੇ ਪੰਜਾਬੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਦਾ ਘਾਣ ਕਰ ਦਿੱਤਾ ਹੈ। ਇਸ ਨੇ ਪੰਜਾਬ ਨੂੰ ਸਮਾਜਿਕ ਅਸਥਿਰਤਾ ਅਤੇ ਟੱਪਰੀਵਾਸਾਂ ਵਾਲੀ ਮਾਨਸਿਕਤਾ ਵੱਲ ਧੱਕ ਦਿੱਤਾ ਹੈ। ਪੰਜਾਬ ਵਿਚੋਂ ਪ੍ਰਵਾਸ ਅਤੇ ਪੰਜਾਬ ਵਿਚ ਆਵਾਸ ਨੇ ਪੰਜਾਬ ਦਾ ਚਿਹਰਾ-ਮੋਹਰਾ ਅਤੇ ਮੁਹਾਂਦਰਾ ਹੀ ਬਦਲ ਕੇ ਰੱਖ ਦਿੱਤਾ ਹੈ। ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ।
ਅੱਜ ਚੰਡੀਗੜ੍ਹ ਦੇ ਆਲੇ-ਦੁਆਲੇ ਪਿੰਡਾਂ ਵਿਚ ਜਾ ਕੇ ਇਹ ਕਹਿਣਾ ਵੀ ਮੁਸ਼ਕਿਲ ਹੈ ਕਿ ਕਿਸੇ ਵੇਲੇ ਇਹ ਵੀ ਪੰਜਾਬ ਦਾ ਹਿੱਸਾ ਸੀ। ਬਹੁਤ ਸਾਰੇ ਪਿੰਡਾਂ ਵਿਚ 90 ਫੀਸਦੀ ਤੋਂ ਵੱਧ ਆਬਾਦੀ ਗ਼ੈਰ-ਪੰਜਾਬੀਆਂ ਦੀ ਹੈ। ਜੋ ਹਾਲ ਇਸ ਇਲਾਕੇ ਦਾ ਹੋਇਆ ਹੈ, ਮੌਜੂਦਾ ਪ੍ਰਵਾਸ ਅਤੇ ਆਵਾਸ ਦੇ ਰੁਝਾਨ ਬਾਕੀ ਪੰਜਾਬ ਦਾ ਵੀ ਕਰ ਸਕਦੇ ਹਨ। ਇਹ ਨੁਕਸਾਨ ਤਿੰਨ ਪੜਾਵਾਂ ਵਿਚ ਹੋ ਸਕਦਾ ਹੈ। ਪਹਿਲਾ ਪੜਾਅ ਪੰਜਾਬ ਵਿਚੋਂ ਜੱਟਾਂ ਦਾ ਉਜਾੜਾ, ਦੂਜਾ ਪੜਾਅ ਪੰਜਾਬ ਵਿਚ ਸਿੱਖਾਂ ਦਾ ਘੱਟ-ਗਿਣਤੀ ਹੋ ਜਾਣਾ ਅਤੇ ਤੀਜਾ ਪੜਾਅ ਪੰਜਾਬ ਵਿਚ ਪੰਜਾਬੀਆਂ ਦਾ ਘੱਟ-ਗਿਣਤੀ ਹੋ ਜਾਣਾ। ਹੈਰਾਨੀ ਦੀ ਗੱਲ ਹੈ ਕਿ ਅਜਿਹੇ ਰੁਝਾਨ ਜਦੋਂ ਸਪੱਸ਼ਟ ਹੋ ਰਹੇ ਹਨ ਤਾਂ ਵੀ ਅਖੌਤੀ ਮਾਰਕਸਵਾਦੀ ਪ੍ਰਵਾਸ ਦੇ ਹੱਕ ਵਿਚ ਭੁਗਤ ਰਹੇ ਹਨ। ਜ਼ਾਹਿਰ ਹੈ ਕਿ ਇਹ ਲੋਕਾਂ ਨੂੰ ਯੋਗ ਬੌਧਿਕ ਅਗਵਾਈ ਦੇਣ ਦੀ ਥਾਂ 'ਤੇ ਅਯੋਗ ਬੌਧਿਕ ਅਗਵਾਈ ਦੇ ਕੇ ਭੰਬਲਭੂਸੇ ਵਿਚ ਪਾ ਰਹੇ ਹਨ।
ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਸਿੱਖ ਸਿਧਾਂਤ ਨੇ ਹੀ ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਦਾ ਸਮਾਜਿਕ, ਸੱਭਿਆਚਾਰਕ, ਸਦਾਚਾਰਕ, ਨੈਤਿਕ ਅਤੇ ਆਰਥਿਕ ਆਧਾਰ ਬਣਾਇਆ ਹੈ। ਜੇ ਅਜੋਕੇ ਸੰਕਟਗ੍ਰਸਤ ਸਿੱਖ ਸਮਾਜ ਵਿਚ ਸਿੱਖ ਬੁੱਧੀਜੀਵੀਆਂ ਦੀ ਕੋਈ ਸਾਰਥਿਕ ਭੂਮਿਕਾ ਹੋ ਸਕਦੀ ਹੈ ਤਾਂ ਉਨ੍ਹਾਂ ਨੂੰ ਸਿੱਖ ਸਿਧਾਂਤ ਨੂੰ ਬਹੁਤ ਡੂੰਘਾਈ ਨਾਲ ਸਮਝਣਾ ਪਵੇਗਾ ਅਤੇ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਨੂੰ ਸਿੱਖ ਸਿਧਾਂਤ ਦੀ ਰੌਸ਼ਨੀ ਵਿਚ ਸਮਝਣ ਦਾ ਯਤਨ ਕਰਨਾ ਪਵੇਗਾ ਅਤੇ ਸਿੱਖ ਸਿਧਾਂਤ ਤੋਂ ਸੇਧ ਲੈ ਕੇ ਉਨ੍ਹਾਂ ਦਾ ਸਮਾਧਾਨ ਲੱਭਣ ਦਾ ਯਤਨ ਕਰਨਾ ਪਵੇਗਾ। ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਸਿੱਖਾਂ ਦੀ ਸਭ ਤੋਂ ਵੱਡੀ ਸੰਪਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ, ਭਾਵੇਂ ਪੰਜਾਬ ਹੋਵੇ, ਭਾਵੇਂ ਪੰਜਾਬ ਤੋਂ ਬਾਹਰ ਬਾਕੀ ਭਾਰਤੀ ਉਪਮਹਾਂਦੀਪ ਹੋਵੇ ਜਾਂ ਸੰਸਾਰ ਦਾ ਕੋਈ ਹੋਰ ਖਿੱਤਾ ਹੋਵੇ, ਜੇ ਸਿੱਖਾਂ ਨੂੰ ਕੋਈ ਸਤਿਕਾਰਤ ਸਥਾਨ ਮਿਲ ਸਕਦਾ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਕਾਰਨ ਹੀ ਮਿਲ ਸਕਦਾ ਹੈ। ਅੱਜ ਸਮੁੱਚੇ ਸੰਸਾਰ ਅਤੇ ਮਾਨਵਤਾ ਨੂੰ ਕਿਸੇ ਅਜਿਹੇ ਫਲਸਫੇ ਦੀ ਤਲਾਸ਼ ਹੈ ਜੋ ਸਰਬ ਪ੍ਰਵਾਨਿਤ ਹੋਵੇ ਅਤੇ ਅਜੋਕੇ ਨੈਤਿਕਤਾ ਅਤੇ ਵਿਸ਼ਵ ਦ੍ਰਿਸ਼ਟੀ ਤੋਂ ਹੀਣ ਗਲੋਬਲਾਈਜੇਸ਼ਨ ਨੂੰ ਨੈਤਿਕਤਾ ਅਤੇ ਵਿਸ਼ਵ ਦ੍ਰਿਸ਼ਟੀ ਪ੍ਰਦਾਨ ਕਰ ਸਕਦਾ ਹੋਵੇ।
ਮੇਰੇ ਵਿਚਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕੋਈ ਅਜਿਹਾ ਫਲਸਫਾ ਨਹੀਂ ਹੋ ਸਕਦਾ, ਕਿਉਂਕਿ ਜਿੰਨੀ ਵਿਸ਼ਾਲਤਾ ਅਤੇ ਸਰਬ ਵਿਆਪਕਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਵਿਚ ਹੈ, ਹੋਰ ਕਿਸੇ ਫਲਸਫੇ ਵਿਚ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਹਰ ਤਰ੍ਹਾਂ ਦੀ ਬੇਗਾਨਗੀ ਦਾ ਅਹਿਸਾਸ ਅਗਿਆਨਤਾ ਦੀ ਉਪਜ ਹੈ। ਇਕ ਪੂਰੀ ਤਰ੍ਹਾਂ ਚੇਤੰਨ ਮਨੁੱਖ ਹਰ ਤਰ੍ਹਾਂ ਦੇ ਭੇਦ-ਭਾਵ, ਦਵੈਸ਼, ਈਰਖਾ ਅਤੇ ਵਿਤਕਰੇ ਤੋਂ ਉੱਪਰ ਉੱਠ ਕੇ ਸਮੁੱਚੀ ਲੋਕਾਈ ਨੂੰ ਆਪਣਾ ਸਮਝਦਾ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਅਜਿਹੇ ਵਿਸ਼ਾਲ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ, ਜੋ ਸਾਰਿਆਂ ਨੂੰ ਕਲਾਵੇ ਵਿਚ ਲੈਣ ਦੇ ਸਮਰੱਥ ਹੈ ਅਤੇ ਜਿਸ ਵਿਚੋਂ ਕਿਸੇ ਨੂੰ ਵੀ ਬਾਹਰ ਨਹੀਂ ਰੱਖਿਆ ਜਾ ਸਕਦਾ। ਅੰਗਰੇਜ਼ੀ ਵਿਚ ਇਸ ਨੂੰ ਆਲ ਇਨਕਲੂਸਿਵ ਬ੍ਰਦਰਹੁਡ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਮਲਿਕ ਭਾਗੋਆਂ ਦਾ ਨਹੀਂ, ਸਗੋਂ ਭਾਈ ਲਾਲੋਆਂ ਦਾ ਫਲਸਫਾ ਹੈ। ਅਜੋਕੇ ਸੰਦਰਭ ਵਿਚ ਇਸ ਦਾ ਇਹ ਅਰਥ ਨਿਕਲਦਾ ਹੈ ਕਿ ਇਹ ਫਲਸਫਾ ਸੰਸਾਰ ਦੀ ਵੱਡੀ ਗਿਣਤੀ, ਜੋ ਕਿ ਅਜੋਕੇ ਸੰਸਾਰੀਕਰਨ ਦੇ ਲਾਭਾਂ ਤੋਂ ਵੰਚਿਤ ਹੈ, ਦੇ ਹਿਤਾਂ ਲਈ ਹੈ, ਨਾ ਕਿ ਉਸ ਸ੍ਰੇਸ਼ਠ ਵਰਗ ਲਈ ਹੈ, ਜੋ ਕਿ ਅਜੋਕੇ ਸੰਸਾਰੀਕਰਨ ਦੇ ਲਾਭ ਉਠਾ ਰਿਹਾ ਹੈ। ਸਿੱਖ ਬੁੱਧੀਜੀਵੀਆਂ ਨੂੰ ਸਿੱਖ ਸਮਾਜ ਨੂੰ ਸੰਕੀਰਣਤਾ ਤੋਂ ਵਿਸ਼ਾਲਤਾ ਵੱਲ ਲਿਜਾਣ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਸਿੱਖ ਸਿਧਾਂਤ ਅਤੇ ਸਿੱਖ ਸਮਾਜ ਵਿਚ ਵਧ ਰਹੇ ਪਾੜੇ ਨੂੰ ਘਟਾਉਣ ਦਾ ਯਤਨ ਕਰਨਾ ਚਾਹੀਦਾ ਹੈ। (ਸਮਾਪਤ)

ਧਾਰਮਿਕ ਸਾਹਿਤ

ਸਿਮਰ
(ਸ੍ਰੀ ਗੁਰੂ ਨਾਨਕ ਦੇਵ ਜੀ)
ਲੇਖਕ : ਬਲਬੀਰ ਸਿੰਘ ਬੀਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ।
ਸਫ਼ੇ : 100, ਮੁੱਲ :195
ਸੰਪਰਕ : 99883-93512.


ਕਾਵਿ-ਖੇਤਰ ਦਾ ੳੁੱਘਾ ਨਾਂਅ ਹੈ ਬਲਬੀਰ ਸਿੰਘ ਬੀਰ। ਇਹ ਪੁਸਤਕ ਉਸ ਦੀ 11ਵੀਂ ਪੁਸਤਕ ਹੈ। ਇਹ ਪੁਸਤਕ, ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਪੁਸਤਕ ਵਿਚ, 100 ਕਾਵਿ-ਰਚਨਾਵਾਂ ਰਾਹੀਂ, ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ਅਤੇ ਪਰਉਪਕਾਰਾਂ ਦਾ ਬਖਾਨ ਕੀਤਾ ਗਿਆ ਹੈ। ਹਰੇਕ ਕਾਵਿ-ਰਚਨਾ ਦਾ ਵਿਸ਼ਾ ਅੱਡ-ਅੱਡ ਹੈ। ਕਵੀ ਨੇ ਜਾਤ-ਪਾਤ ਦੇ ਵਿਤਕਰਿਆਂ, ਨੇਕਨੀਅਤੀ, ਲਾਲਚ ਨੂੰ ਤਿਆਗਣ, ਅਕਾਲ ਪੁਰਖ ਦੇ ਗੁਣ, ਗੁਰਬਾਣੀ ਦੀ ਮਹੱਤਤਾ, ਹੁਕਮ, ਅਜੋਕੀ ਜ਼ਿੰਦਗੀ ਦੇ ਦੰਭ, ਦਵੰਦ, ਦੁਬਿਧਾ, ਲੰਗਰ ਦੀ ਮਹਾਨ ਪਰੰਪਰਾ, ਮਿੱਠਤ, ਨਿਮਰਤਾ, ਕਾਵਿ-ਰਚਨਾ ਲਈ ਦੁਆ, ਅੱਖਰਾਂ ਦੀ ਅਹਿਮੀਅਤ, ਫਰੇਬ ਰਹਿਤ ਜੀਵਨ, ਲਹਿਣੇ ਨੂੰ ਗੁਰੂ ਅੰਗਦ ਥਾਪਣ, ਨਾਰੀ ਜਾਤੀ ਦੇ ਸਨਮਾਨ ਦੀ ਬਹਾਲੀ ਲਈ, ਗੁਰੂ ਨਾਨਕ ਦੇਵ ਜੀ ਵਲੋਂ ਚੁੱਕੀ ਬੁਲੰਦ ਆਵਾਜ਼ ਅਤੇ ਬਾਣੀ ਦੇ ਆਸ਼ੇ ਅਨੁਸਾਰ ਜੀਵਨ ਬਸਰ ਕਰਨ ਵਰਗੇ ਅਹਿਮ ਨੁਕਤਿਆਂ ਨੂੰ ਆਪਣੀਆਂ ਕਵਿਤਾਵਾਂ ਵਿਚ ਛੋਹਿਆ ਹੈ। ਪੁਸਤਕ ਦੀਆਂ ਕੁਝ ਕਵਿਤਾਵਾਂ, ਛੋਟੀਆਂ ਬਹਿਰ ਦੀਆਂ ਤੇ ਬਾਕੀ ਵੱਡੀਆਂ ਹਨ। ਕਵੀ ਨੂੰ ਉਰਦੂ ਦਾ ਗਿਆਨ ਹੋਣ ਕਾਰਨ, ਤਕਰੀਬਨ ਹਰੇਕ ਕਵਿਤਾ ਵਿਚ ਉਰਦੂ-ਫਾਰਸੀ ਦੇ ਲਫ਼ਜ਼ਾਂ ਦੀ ਵਰਤੋਂ ਕੀਤੀ ਗਈ ਹੈ ਤੇ ਹੇਠਾਂ ਉਸ ਲਫ਼ਜ਼ ਦੇ ਪੰਜਾਬੀ ਅਰਥ ਦਿੱਤੇ ਗਏ ਹਨ, ਜਿਵੇਂ ਬੇਕਸੀ (ਮਜਬੂਰੀ), ਹਬੀਬ (ਪਿਆਰਾ), ਰਿਜ਼ਵਾਨ (ਸੁਰਗਾਂ ਦਾ ਰਾਖਾ), ਤਰਵਰ (ਰੁੱਖ), ਇਬਾਦਤ (ਸਿਮਰਨ) ਅਤੇ ਨਾਤਬਾਨ (ਕਮਜ਼ੋਰ)। ਆਓ, ਕੁਝ ਕਾਵਿਕ ਟੂਕਾਂ ਵੇਖਦੇ ਹਾਂ:
ਕੋਈ ਵੀ ਬਣ ਜਾਏ ਸ਼ਾਇਰ,
ਤੇਰਾ ਨਾਮ ਜਪਕੇ 'ਬੀਰ',
ਮੈਂ ਤੇਰਾ ਮੁਰੀਦ ਹਾਂ,
ਬਖ਼ਸ਼ ਦੇ ਨਾਨਕ ਫ਼ਕੀਰ। (ਪੰਨਾ :3)
ਬੰਦੇ ਓ ਬੰਦੇ, ਛੱਡ ਕਾਲੇ ਧੰਦੇ,
ਹਰ ਥਾਂ ਲਟਕ ਰਹੇ ਹਨ,
ਤੇਰੇ ਗਲੇ ਦੇ ਫੰਦੇ। (ਪੰਨਾ :24)
ਨਾ ਕਹਿ ਕਿਸੇ ਨੂੰ ਬੁਰੀ ਗੱਲ,
ਜੋ ਕਰਦੇ ਉਸ ਦਿਲ ਨਾਸਾਜ਼
ਜ਼ਬਾਨ ਦੇ ਵਿਚ ਰੱਖ ਮਿਠਾਸ,
ਕਾਮਯਾਬੀ ਦਾ ਇਹੋ ਰਾਜ਼। (ਪੰਨਾ:39) ਅਤੇ
ਦਸਤਾਰ ਹੈ ਆਨ ਬਾਨ ਸਿੱਖ ਦੀ
ਨਾਲ ਇਸ ਦੇ ਹੈ ਸ਼ਾਨ ਸਿੱਖ ਦੀ।
'ਬੀਰ' ਦੀ ਪੁਸਤਕ, ਵਧੀਆ ਤਖ਼ਲੀਕ ਹੈ।


-ਤੀਰਥ ਸਿੰਘ ਢਿੱਲੋਂ
ਈਮੇਲ : tirathsinghdhillon04@gmail.com

ਬਰਸੀ 'ਤੇ ਵਿਸ਼ੇਸ਼

ਸੇਵਾ ਸਿਮਰਨ ਅਤੇ ਸਾਦਗੀ ਦੀ ਮੂਰਤ ਸਨ ਸੰਤ ਬਾਬਾ ਜੋਗਿੰਦਰ ਸਿੰਘ

ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਅਤੇ ਪੁੱਤਰਾਂ ਦੇ ਦਾਨੀ ਵਜੋਂ ਜਾਣੇ ਜਾਂਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਵਰੋਸਾਏ ਸਿੱਖ ਸੰਤ ਬਾਬਾ ਜੋਗਿੰਦਰ ਸਿੰਘ ਜੋ ਇਸ ਦੁਨੀਆ ਦੇ ਕਲਯੁਗੀ ਜੀਵਾਂ ਨੂੰ ਕਾਮ, ਕਰੋਧ, ਲੋਭ, ਮੋਹ, ਹੰਕਾਰ ਜਿਹੇ ਵਕਾਰਾਂ ਤੋਂ ਬਾਹਰ ਕੱਢ ਕੇ ਸੇਵਾ ਸਿਮਰਨ ਨਾਲ ਜੋੜਦੇ ਸਨ। ਆਪ 16 ਫਰਵਰੀ 2014 ਨੂੰ ਪੰਜ ਭੌਤਿਕ ਸਰੀਰ ਤਿਆਗ ਕੇ ਗੁਰੂ ਚਰਨਾਂ 'ਚ ਵਲੀਨ ਹੋ ਗਏ, ਜਿਨ੍ਹਾਂ ਆਪਣੀ ਜ਼ਿੰਦਗੀ ਵਿਚ ਸਾਦਗੀ ਜਿਹੇ ਲਹਿਜੇ ਨਾਲ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਸਿਮਰਨ ਅਤੇ ਹੱਥੀਂ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਤੇ ਇਸੇ ਕਿਰਤ ਨੂੰ ਆਪਣੇ ਜੀਵਨ ਵਿਚ ਵੀ ਨਿਭਾਇਆ। ਆਪ ਜੀ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਛੋਟੇ ਜਿਹੇ ਪਿੰਡ ਭਾਗੋਵਾਲ (ਲੁੱਦਾ) ਵਿਖੇ ਪਿਤਾ ਭਾਈ ਮਹਾਂ ਸਿੰਘ ਜੀ ਅਤੇ ਮਾਤਾ ਸਰਵਣ ਕੌਰ ਜੀ ਦੇ ਗ੍ਰਹਿ ਵਿਖੇ 1939 ਈ: ਨੂੰ ਹੋਇਆ ਉਨ੍ਹਾਂ ਦੁਨਿਆਵੀ ਤੌਰ 'ਤੇ ਭਾਵੇਂ ਸਿੱਖਿਆ ਖੇਤਰ 'ਚ ਅਧਿਆਪਕ ਵਜੋਂ ਸੇਵਾ ਨਿਭਾਈ ਪਰ ਲਿਵ ਸਦਾ ਪ੍ਰਮਾਤਮਾ ਦੀ ਬੰਦਗੀ ਨਾਲ ਹੀ ਜੁੜੀ ਰਹੀ। ਆਪ ਜੀ ਦੇ ਪਰਿਵਾਰ ਦੀ ਅਥਾਹ ਸ਼ਰਧਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਸੱਚ ਖੰਡ ਸਮਾਧ ਰਮਦਾਸ (ਅੰਮ੍ਰਿਤਸਰ) ਰਹੀ ਤੇ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਹਰਿਆਣਾ (ਹੁਸ਼ਿਆਰਪੁਰ) ਵਿਖੇ ਆ ਕਿ ਗੁਰਦੁਆਰਾ ਕ੍ਰਿਪਾ ਨਿਧਾਨ ਬਾਬਾ ਬੁੱਢਾ ਸਾਹਿਬ ਦਾ ਨਿਰਮਾਣ ਕਰਵਾਇਆ ਜਿਥੇ ਆਪ ਜੀ ਨੇ ਸੰਗਤਾਂ ਨੂੰ ਕਰਮਕਾਂਡਾਂ ਤੋਂ ਬਾਹਰ ਕੱਢਦੇ ਹੋਏ ਦੀਨ-ਦੁਖੀਆ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਆਸਰਾ ਬਣੇ ਜਿਸ ਕਰਕੇ ਸੰਗਤਾਂ ਦੇਸ ਵਿਦੇਸ਼ ਤੋਂ ਗੁਰਦੁਆਰਾ ਸਾਹਿਬ ਨਾਲ ਜੁੜ ਗਈਆਂ। ਆਪ ਜੀ ਦਾ ਵਿਆਹ ਪਿੰਡ ਮੇਘੋਵਾਲ ਗੁਰੂਕਾ ਵਿਖੇ ਬੀਬੀ ਸੁਰਜੀਤ ਕੌਰ ਨਾਲ ਹੋਇਆ। ਆਪ ਜੀ ਦੇ ਘਰ ਇਕ ਪੁੱਤਰ ਤੇ ਚਾਰ ਪੁੱਤਰੀਆਂ ਨੇ ਜਨਮ ਲਿਆ ਜਿਨ੍ਹਾਂ ਹਮੇਸ਼ਾ ਹੀ ਸੰਗਤਾਂ ਨੂੰ ਗੁਰੂ ਦਾ ਦਰਜਾ ਦੇ ਕੇ ਸਤਿਕਾਰ ਅਤੇ ਸੇਵਾ ਕੀਤੀ। ਆਪ ਜੀ 16 ਫਰਵਰੀ ਨੂੰ ਸਰੀਰਕ ਚੋਲਾ ਤਿਆਗਦੇ ਹੋਏ ਇਸ ਫ਼ਾਨੀ ਦੁਨੀਆ ਨੂੰ ਸਰੀਰਕ ਤੌਰ 'ਤੇ ਅਲਵਿਦਾ ਕਹਿ ਗਏ। ਸਰੀਰਕ ਤੌਰ 'ਤੇ ਬੇਸ਼ੱਕ ਅੱਜ ਇਹ ਮਹਾਨ ਪੈਗੰਬਰ ਸਾਡੇ ਵਿਚ ਨਹੀਂ ਪਰ ਇਨ੍ਹਾਂ ਦੀਆਂ ਦਿੱਤੀਆਂ ਸਿੱਖੀ ਸਿਧਾਂਤਕ ਸਿੱਖਿਆਵਾਂ ਹਮੇਸ਼ਾ ਹੀ ਦੁਨੀਆ ਲਈ ਮਾਰਗ ਦਰਸ਼ਕ ਸਿੱਧ ਹੁੰਦੀਆਂ ਰਹਿਣਗੀਆਂ। ਇਸ ਮਹਾਨ ਆਤਮਾ ਨੂੰ ਸ਼ਰਧਾ ਅਤੇ ਪ੍ਰੇਮ ਦੇ ਪੁਸ਼ਪ ਅਰਪਣ ਕਰਨ ਲਈ ਮਿਤੀ 16 ਫਰਵਰੀ ਦਿਨ ਸ਼ਨੀਵਾਰ ਨੂੰ ਸ਼ਰਧਾਂਜਲੀ ਸਮਾਰੋਹ ਮੌਕੇ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਕ੍ਰਿਪਾ ਨਿਧਾਨ ਬਾਬਾ ਬੁੱਢਾ ਸਾਹਿਬ ਹਰਿਆਣਾ (ਹੁਸ਼ਿਆਰਪੁਰ) ਵਿਖੇ ਕਰਵਾਇਆ ਜਾ ਰਿਹਾ ਹੈ। ਆਓ ਆਪਾਂ ਸਾਰੇ ਇਸ ਮਹਾਨ ਮਹਾਂਪੁਰਸ਼ ਨੂੰ ਸੱਚੀ ਸ਼ਰਧਾਂਜਲੀ ਦੇਣ ਉਨ੍ਹਾਂ ਦੇ ਅਸਥਾਨ ਗੁਰਦੁਆਰਾ ਸਾਹਿਬ ਪਹੁੰਚੀਏ ਅਤੇ ਆਪਣਾ ਲੋਕ ਸੁਖੀ ਅਤੇ ਪ੍ਰਲੋਕ ਸੁਹੇਲਾ ਕਰਨ ਦਾ ਯਤਨ ਕਰੀਏ।


-ਰਵਿੰਦਰਪਾਲ ਸਿੰਘ ਲੁਗਾਣਾ, ਇੰਦਰਜੀਤ ਸਿੰਘ ਲੁਗਾਣਾ
ਪ੍ਰਤੀਨਿਧ, ਅਜੀਤ

ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਵੈਰੋਕੇ (ਅੰਮ੍ਰਿਤਸਰ)

ਜ਼ਿਲ੍ਹਾ ਅੰਮ੍ਰਿਤਸਰ ਬਲਾਕ ਚੋਗਾਵਾਂ ਵਿਚ ਆਉਂਦੇ ਪਿੰਡ ਵੈਰੋਕੇ ਦੇ ਇਤਿਹਾਸਕ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਤਿਹਾਸ ਮੁਤਾਬਕ ਇਸ ਇਲਾਕੇ ਵਿਚ ਇਕ ਪਹੁੰਚਿਆ ਫਕੀਰ ਸ਼ਾਹ ਬਖਤਿਆਰ ਰਹਿੰਦਾ ਸੀ। ਇਲਾਕੇ ਵਿਚ ਉਸ ਦੀ ਪੂਰੀ ਮਾਨਤਾ ਸੀ। ਕੁਝ ਅਰਸੇ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਵੈਰੋਕੇ ਸ਼ਾਹ ਬਖਤਿਆਰ ਦੇ ਘਰ ਪੁੱਜੇ ਪਰ ਉਹ ਘਰ ਨਹੀਂ ਸੀ। ਪੁੱਛਣ 'ਤੇ ਉਸ ਦੀ ਪਤਨੀ ਨੇ ਦੱਸਿਆ ਕਿ 'ਸਾਈਂ ਜੀ ਪਿੰਡ ਭੀਲੋਵਾਲ ਗਜਾ ਕਰਨ ਗਏ ਹਨ, ਤੁਸੀਂ ਉਨ੍ਹਾਂ ਨੂੰ ਉਥੇ ਜਾ ਕੇ ਮਿਲ ਸਕਦੇ ਹੋ।'
ਗੁਰੂ ਜੀ ਭੀਲੋਵਾਲ ਨੂੰ ਤੁਰ ਪਏ ਅਤੇ ਅੱਗੇ ਪਿੰਡ ਭੀਲੋਵਾਲ ਤੋਂ ਗਜਾ ਕਰਕੇ ਵਾਪਸ ਪਰਤ ਰਹੇ ਸ਼ਾਹ ਬਖਤਿਆਰ ਦਾ ਗੁਰੁੂ ਜੀ ਨਾਲ ਮਿਲਾਪ ਹੋਇਆ। ਗੱਲਬਾਤ ਦੌਰਾਨ ਸ਼ਾਹ ਬਖਤਿਆਰ ਆਪਣੇ ਕਰਮਾਂ ਕਰਕੇ ਸ਼ਰਮਿੰਦਾ ਹੋਇਆ ਅਤੇ ਉਹ ਗੁਰੂ ਜੀ ਦੇ ਚਰਨਾਂ ਵਿਚ ਢਹਿ ਪਿਆ ਤੇ ਕਿਹਾ, 'ਗੁਰੂ ਜੀ ਮੈਨੂੰ ਮੁਆਫ਼ ਕਰ ਦਿਓ, ਮੈਥੋਂ ਭੁੱਲ ਹੋ ਗਈ। ਗੁਰਦੁਆਰਾ ਬੇਰ ਸਾਹਿਬ ਵਿਖੇ ਪੁੰਨਿਆ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਉੱਪਰ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ।


-ਮੋਬਾਈਲ : 98553-98030

ਅਜੋਕੇ ਸੰਕਟ ਗ੍ਰਸਤ ਸਿੱਖ ਸਮਾਜ ਵਿਚ ਬੁੱਧੀਜੀਵੀਆਂ ਦੀ ਭੂਮਿਕਾ

ਅੱਜ ਸਿੱਖ ਸਮਾਜ ਕਿਉਂ ਸੰਕਟ ਗ੍ਰਸਤ ਹੈ? ਮੇਰੇ ਵਿਚਾਰ ਵਿਚ ਇਸ ਦੇ ਦੋ ਮੁੱਖ ਕਾਰਨ ਹਨ। ਪਹਿਲਾ ਸਿੱਖ ਸਮਾਜ ਦਾ ਸੰਕਟ ਸਮੁੱਚੇ ਸੰਸਾਰ ਅਤੇ ਮਨੁੱਖਤਾ ਦੇ ਸੰਕਟ ਦਾ ਹਿੱਸਾ ਹੈ, ਦੂਜਾ ਸਿੱਖ ਸਮਾਜ ਸਿੱਖ ਸਿਧਾਂਤ ਤੋਂ ਦੂਰ ਹੋ ਰਿਹਾ ਹੈ। ਸਿੱਖ ਬੁੱਧੀਜੀਵੀਆਂ ਦੀ ਭੂਮਿਕਾ ਮੁੱਖ ਤੌਰ 'ਤੇ ਇਹ ਹੋਣੀ ਚਾਹੀਦੀ ਹੈ ਕਿ ਉਹ ਇਨ੍ਹਾਂ ਦੋਵਾਂ ਸੰਕਟਾਂ ਦੇ ਕਾਰਨਾਂ ਨੂੰ ਡੂੰਘਾਈ ਨਾਲ ਸਮਝਣ ਦਾ ਯਤਨ ਕਰਨ ਅਤੇ ਇਹ ਦੱਸਣ ਦਾ ਯਤਨ ਕਰਨ ਕਿ ਕਿਵੇਂ ਸਿੱਖ ਵਿਚਾਰਧਾਰਾ ਅਜੋਕੇ ਸੰਕਟ ਗ੍ਰਸਤ ਸੰਸਾਰ ਅਤੇ ਸਿੱਖ ਸਮਾਜ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਦਾ ਹੱਲ ਲੱਭਣ ਵਿਚ ਸਹਾਈ ਹੋ ਸਕਦੀ ਹੈ। ਇਸ ਮੰਤਵ ਲਈ ਸਿੱਖ ਬੁੱਧੀਜੀਵੀ ਕੁਝ ਕਦਮ ਚੁੱਕ ਸਕਦੇ ਹਨ। ਅੱਜ ਸਿੱਖ ਬੁੱਧੀਜੀਵੀਆਂ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਉਹ ਸਿੱਖ ਫਲਸਫੇ ਦੀ ਸਰਬਵਿਆਪਕ ਵਿਆਖਿਆ ਕਰਨ, ਉਨ੍ਹਾਂ ਨੂੰ ਸਿੱਖ ਧਰਮ ਦੀ ਵਿਲੱਖਣਤਾ ਅਤੇ ਸੰਸਾਰਿਕ ਦੇਣ ਨੂੰ ਉਜਾਗਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਦਾਅਵਾ ਵੀ ਕਰਨਾ ਚਾਹੀਦਾ ਹੈ ਕਿ ਸਿੱਖ ਇਨਕਲਾਬ ਇਕ ਵਿਲੱਖਣ, ਮੁਕੰਮਲ ਅਤੇ ਨਿਰੰਤਰ ਇਨਕਲਾਬ ਦਾ ਸੰਕਲਪ ਹੈ, ਉਨ੍ਹਾਂ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਿੱਖਾਂ ਦੀ ਸਿਧਾਂਤਕ ਪਛਾਣ ਉਨ੍ਹਾਂ ਦੀ ਇਤਿਹਾਸਕ ਪਛਾਣ ਤੋਂ ਉੱਪਰ ਹੈ।
ਉਨ੍ਹਾਂ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਅਜੋਕੇ ਸੰਸਾਰ ਅਤੇ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਦਾ ਹੱਲ ਲੱਭਣ ਦੇ ਸਮਰੱਥ ਹੈ। ਇਹ ਵੀ ਦਰਸਾਉਣ ਦੀ ਲੋੜ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਇਕ ਮੁਕੰਮਲ ਫਲਸਫਾ ਹੈ ਅਤੇ ਸਮੁੱਚੀ ਜੀਵਨ ਜਾਚ ਹੈ। ਇਹ ਫਲਸਫਾ ਨੀਵਿਆਂ, ਮਜ਼ਲੂਮਾਂ, ਲੁੱਟ, ਸ਼ੋਸ਼ਣ ਅਤੇ ਵਿਤਕਰੇ ਦੇ ਸ਼ਿਕਾਰ ਲੋਕਾਂ ਦੇ ਹੱਕ ਵਿਚ ਹੈ। ਇਹ ਜਾਤ-ਪਾਤ, ਕਰਮਕਾਂਡ, ਪਖੰਡ, ਦੰਭ, ਭੇਖ ਅਤੇ ਉਪਭੋਗਤਾਵਾਦ ਦੇ ਵਿਰੁੱਧ ਭੁਗਤਦਾ ਹੈ। ਇਹ ਸਮਾਜਿਕ ਬਰਾਬਰੀ ਅਤੇ ਨਿਆਂ ਦਾ ਮੁਦਈ ਹੈ। ਸਿੱਖ ਫਲਸਫਾ ਇਕ ਬਦਲਵੇਂ ਵਿਕਾਸ ਦਾ ਨਮੂਨਾ ਪ੍ਰਦਾਨ ਕਰਨ ਦੇ ਸਮਰੱਥ ਹੈ। ਇਹ ਅਜੋਕੇ ਸੰਸਾਰੀਕਰਨ ਦੀਆਂ ਖਾਮੀਆਂ ਨੂੰ ਪੂਰਾ ਕਰਨ ਦੇ ਸਮਰੱਥ ਹੈ ਅਤੇ ਇਹ ਸਰਮਾਏਦਾਰੀ ਦੇ ਫੋਕੇ ਸੰਸਾਰੀਕਰਨ ਦੀ ਥਾਂ 'ਤੇ ਇਕ ਸੱਚਾ ਵਿਸ਼ਵਭਾਈਚਾਰਾ ਉਸਾਰਨ ਦੇ ਸਮਰੱਥ ਹੈ। ਗੁਰੂ ਸਾਹਿਬ ਨੇ ਆਪਣਾ ਸੁਨੇਹਾ ਹਰ ਤਰ੍ਹਾਂ ਦੀਆਂ ਸੀਮਤਾਈਆਂ ਜਿਵੇਂ ਜਾਤ, ਕੌਮ, ਦੇਸ਼, ਰੰਗ ਅਤੇ ਨਸਲ ਆਦਿ ਤੋਂ ਉੱਪਰ ਉਠ ਕੇ ਸਮੁੱਚੀ ਮਾਨਵਤਾ ਅਤੇ ਦ੍ਰਿਸ਼ਟੀ ਦੇ ਕਲਿਆਣ ਲਈ ਦਿੱਤਾ। ਇਸ ਲਈ ਇਸ ਦੀ ਮੂਲ ਭਾਵਨਾ ਯੂਨੀਵਰਸਲ ਅਰਥਾਤ ਸਰਬ ਵਿਆਪਕ ਹੈ। ਇਸ ਦੇ ਦੋ ਵੱਡੇ ਥੰਮ੍ਹ ਹਨ-ਸਾਰਿਆਂ ਦੀ ਚਿੰਤਾ ਅਤੇ ਸਾਰਿਆਂ ਦਾ ਭਲਾ।
ਅੱਜ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਇਸ ਸੁਨੇਹੇ ਨੂੰ ਸੰਕੋੜ ਰਹੇ ਹਾਂ, ਭਾਵੇਂ ਇਹ ਜਾਤੀ ਸਵਾਲ ਹੋਵੇ, ਭਾਵੇਂ ਕੌਮ ਜਾਂ ਦੇਸ਼ ਦੇ ਨਾਂਅ ਹੇਠ ਹੋਵੇ, ਜੇ ਸਾਡੀ ਮੂਲ ਭਾਵਨਾ ਕਿਸੇ ਜਾਤ, ਧਰਮ, ਕੌਮ, ਦੇਸ਼ ਜਾਂ ਨਸਲ ਦੇ ਵਿਰੋਧ ਵਿਚ ਪੈਦਾ ਹੋ ਰਹੀ ਹੈ ਤਾਂ ਇਹ ਭਾਵਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੇ ਅਨੁਕੂਲ ਨਹੀਂ ਹੈ। '47 ਤੋਂ ਪਹਿਲਾਂ ਲਏ ਫੈਸਲਿਆਂ ਵਿਚੋਂ ਮੁਸਲਿਮ ਵਿਰੋਧ ਦੀ ਝਲਕ ਪੈਂਦੀ ਹੈ ਅਤੇ ਇਨ੍ਹਾਂ ਫੈਸਲਿਆਂ ਨੇ ਸਾਡਾ ਬਹੁਤ ਨੁਕਸਾਨ ਕੀਤਾ, ਜਿਸ ਦਾ ਖਮਿਆਜ਼ਾ ਅਸੀਂ ਹੁਣ ਤੱਕ ਭੁਗਤ ਰਹੇ ਹਾਂ। ਜੇ ਉਸ ਵੇਲੇ ਦੀ ਮੁਸਲਿਮ ਵਿਰੋਧੀ ਭਾਵਨਾ ਗ਼ਲਤ ਸਾਬਤ ਹੋਈ ਹੈ ਤਾਂ ਅੱਜ ਹਿੰਦੂ ਵਿਰੋਧ ਨਾਲ ਲਏ ਗਏ ਫੈਸਲੇ ਵੀ ਓਨੇ ਹੀ ਗ਼ਲਤ ਸਾਬਤ ਹੋਣਗੇ। ਜਾਤ-ਪਾਤ ਦਾ ਵਿਰੋਧ ਸਿੱਖ ਫਲਸਫੇ ਦੇ ਮਨੁੱਖੀ ਅਤੇ ਸਮਾਜਿਕ ਬਰਾਬਰੀ ਦੇ ਸਿਧਾਂਤਾਂ ਦਾ ਬੁਨਿਆਦੀ ਆਧਾਰ ਹੈ ਪਰ ਅੱਜ ਤਾਂ ਕਈ ਵਾਰੀ ਇਸ ਤਰ੍ਹਾਂ ਮਹਿਸੂਸ ਹੋਣ ਲਗਦਾ ਹੈ ਜਿਵੇਂ ਸਿੱਖ ਸਮਾਜ ਵਿਚ ਜਾਤ-ਪਾਤ ਹਿੰਦੂਆਂ ਨਾਲੋਂ ਵੀ ਜ਼ਿਆਦਾ ਪ੍ਰਪੱਕ ਹੋ ਰਹੀ ਹੈ।
ਸਿੱਖਾਂ ਵਿਚ ਇਕ ਗ਼ਲਤ ਰੁਝਾਨ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਉਹ ਦੂਜੇ ਧਰਮਾਂ ਦੀ ਰੀਸ ਕਰਦੇ ਨਜ਼ਰ ਆਉਂਦੇ ਹਨ। ਅਸੀਂ ਦੂਜੇ ਧਰਮਾਂ ਵਰਗਾ ਬਣਨਾ ਚਾਹੁੰਦੇ ਹਾਂ, ਉਦਾਹਰਨ ਵਜੋਂ ਕਈ ਸਿੱਖ ਯਹੂਦੀਆਂ ਨੂੰ ਆਦਰਸ਼ ਅਰਥਾਤ ਰੋਲ ਮਾਡਲ ਵਜੋਂ ਦੇਖਣ ਲੱਗ ਪਏ ਹਨ, ਕਿਉਂਕਿ ਉਨ੍ਹਾਂ ਅਨੁਸਾਰ ਉਹ ਅਮਰੀਕਾ ਵਿਚ ਵੀ ਸੱਤਾ 'ਤੇ ਕਾਬਜ਼ ਹਨ ਅਤੇ ਉਨ੍ਹਾਂ ਨੇ ਆਪਣਾ ਇਕ ਵੱਖਰਾ ਦੇਸ਼ ਵੀ ਲੈ ਲਿਆ ਹੈ ਪਰ ਅਸੀਂ ਕਿਸੇ ਦੂਜੇ ਧਰਮ ਦੀ ਰੀਸ ਨਹੀਂ ਕਰ ਸਕਦੇ, ਕਿਉਂਕਿ ਹਰ ਧਰਮ ਵੱਖਰੀਆਂ ਇਤਿਹਾਸਕ, ਭੂਗੋਲਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰਸਥਿਤੀਆਂ ਦੀ ਉਪਜ ਹੈ, ਇਸ ਲਈ ਸਾਨੂੰ ਦੂਜੇ ਧਰਮਾਂ ਦੀ ਰੀਸ ਕਰਨ ਦੀ ਬਜਾਏ ਸਿੱਖ ਧਰਮ ਦੀ ਵਿਲੱਖਣਤਾ ਤੇ ਸੰਸਾਰਕ ਦੇਣ 'ਤੇ ਜ਼ੋਰ ਦੇਣਾ ਚਾਹੀਦਾ ਹੈ। ਸਿੱਖ ਧਰਮ ਸੰਸਾਰ ਦੇ ਸਾਰੇ ਵੱਡੇ ਧਰਮਾਂ ਵਿਚੋਂ ਸਭ ਤੋਂ ਬਾਅਦ ਹੋਂਦ ਵਿਚ ਆਉਣ ਵਾਲਾ ਧਰਮ ਹੈ, ਇਹ ਉਸ ਵੇਲੇ ਹੋਂਦ ਵਿਚ ਆਇਆ ਜਦੋਂ ਸਰਮਾਏਦਾਰੀ ਵਿਵਸਥਾ ਅਤੇ ਆਧੁਨਿਕ ਯੁੱਗ ਹੋਂਦ ਵਿਚ ਆ ਚੁੱਕੇ ਸਨ, ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਸਾਰੇ ਵੱਡੇ ਧਰਮਾਂ ਵਿਚੋਂ ਸਿਰਫ ਸਿੱਖ ਧਰਮ ਹੀ ਆਧੁਨਿਕ ਯੁੱਗ ਦਾ ਧਰਮ ਹੈ। ਇਸ ਲਈ ਹੀ ਸਿੱਖ ਧਰਮ ਨੇ ਅਜੋਕੇ ਮਨੁੱਖ ਅਤੇ ਅਜੋਕੇ ਸੰਸਾਰ ਦੀਆਂ ਚੁਣੌਤੀਆਂ ਨੂੰ ਸਭ ਤੋਂ ਵੱਧ ਸੰਬੋਧਿਤ ਕੀਤਾ ਹੈ। ਅਜੋਕੇ ਮਨੁੱਖ ਦੀਆਂ ਤਿੰਨ ਸਭ ਤੋਂ ਵੱਡੀਆਂ ਸਮੱਸਿਆਵਾਂ ਤੇ ਚੁਣੌਤੀਆਂ ਹਨ। ਇਹ ਹਨ ਭੈਅ, ਚਿੰਤਾ ਅਤੇ ਅਸੁਰੱਖਿਆ ਦੀ ਭਾਵਨਾ। ਇਨ੍ਹਾਂ ਤਿੰਨਾਂ ਨੂੰ ਵਿਸਥਾਰ ਨਾਲ ਸੰਬੋਧਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਅਜੋਕੇ ਸੰਸਾਰ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਜਿਵੇਂ ਵਾਤਾਵਰਨ ਦੀ ਮਾਲੀਨਤਾ, ਉਪਭੋਗਵਾਦ, ਮਨੁੱਖੀ ਨਿਘਾਰ, ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਜੀਵਨ ਦੇ ਰੂਹਾਨੀ ਪੱਖ ਦਾ ਕਮਜ਼ੋਰ ਹੋਣਾ, ਅਸੰਤੁਲਿਤ ਪਦਾਰਥਵਾਦ, ਮਨੁੱਖੀ ਅਤੇ ਸਮਾਜਿਕ ਨਾਬਰਾਬਰੀ, ਮਨੁੱਖ ਦਾ ਕੁਦਰਤ ਤੋਂ ਦੂਰ ਹੋਣਾ, ਕੁਦਰਤੀ ਵੰਨ-ਸੁਵੰਨਤਾ ਨੂੰ ਖ਼ਤਮ ਕਰਨ ਦੇ ਯਤਨ ਅਤੇ ਮਨੁੱਖ ਨੂੰ ਆਪਣੇ ਮੂਲ ਤੋਂ ਦੂਰ ਕਰਨ ਦੇ ਯਤਨ ਆਦਿ ਨੂੰ ਬਹੁਤ ਡੂੰਘਾਈ ਨਾਲ ਸੰਬੋਧਿਤ ਹੋਣ ਦਾ ਯਤਨ ਕੀਤਾ ਗਿਆ ਹੈ।
ਸਿੱਖਾਂ ਲਈ ਇਕ ਬਹੁਤ ਵੱਡੀ ਚੁਣੌਤੀ ਅਤੇ ਉਨ੍ਹਾਂ ਦੀ ਬਹੁਤ ਵੱਡੀ ਸਮੱਸਿਆ ਇਹ ਵੀ ਹੈ ਕਿ ਉਹ ਆਪਣੀ ਇਤਿਹਾਸਕ ਪਛਾਣ ਨੂੰ ਆਪਣੀ ਸਿਧਾਂਤਕ ਪਛਾਣ ਤੋਂ ਉੱਪਰ ਕਰ ਰਹੇ ਹਨ ਜਦੋਂ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਸਾਡੀ ਸਿਧਾਂਤਕ ਪਛਾਣ ਸਾਡੀ ਇਤਿਹਾਸਕ ਪਛਾਣ ਤੋਂ ਉੱਪਰ ਹੈ। ਅਸੀਂ ਭਾਈ ਘਨੱਈਆ ਜੀ ਦੀ ਹੀ ਉਦਾਹਰਨ ਲੈ ਸਕਦੇ ਹਾਂ, ਜਦੋਂ ਗੁਰੂ ਜੀ ਕੋਲ ਉਨ੍ਹਾਂ ਦੀ ਇਹ ਸ਼ਿਕਾਇਤ ਲੱਗੀ ਕਿ ਉਹ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਹਨ ਤਾਂ ਉਨ੍ਹਾਂ ਨੇ ਇਹ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਹਰ ਕਿਸੇ ਵਿਚ ਗੁਰੂ ਸਾਹਿਬ ਦਾ ਹੀ ਰੂਪ ਨਜ਼ਰ ਆਉਂਦਾ ਹੈ। ਦੋਸਤ ਅਤੇ ਦੁਸ਼ਮਣ ਇਤਿਹਾਸਕ ਪਛਾਣ ਹੈ, ਜੋ ਕਿ ਬਦਲਦੀ ਰਹਿੰਦੀ ਹੈ ਪਰ ਸਾਰੇ ਮਨੁੱਖ ਇਕ ਹੀ ਸਰੋਤ ਤੋਂ ਪੈਦਾ ਹੋਏ ਹਨ। ਇਸ ਲਈ ਉਨ੍ਹਾਂ ਵਿਚ ਸਾਂਝ ਹੈ, ਸਿਧਾਂਤਕ ਪਛਾਣ ਹੈ ਜੋ ਕਿ ਅਟੱਲ ਸਚਾਈ ਹੈ। ਗੁਰੂ ਜੀ ਨੇ ਉਨ੍ਹਾਂ ਨੂੰ ਮਲ੍ਹਮ ਦਿੱਤੀ ਅਤੇ ਕਿਹਾ ਕਿ ਪਾਣੀ ਪਿਆਉਣ ਦੇ ਨਾਲ ਉਨ੍ਹਾਂ ਦੇ ਜ਼ਖਮਾਂ 'ਤੇ ਮਲ੍ਹਮ ਵੀ ਲਗਾ ਦਿਆ ਕਰੋ। ਜ਼ਾਹਿਰ ਹੈ ਕਿ ਗੁਰੂ ਸਾਹਿਬ ਸਾਨੂੰ ਸੁਨੇਹਾ ਦੇ ਰਹੇ ਹਨ ਕਿ ਫਲਸਫਾ ਇਤਿਹਾਸ ਤੋਂ ਉੱਪਰ ਹੈ। ਪਰ ਅੱਜ ਅਸੀਂ ਇਹ ਸਿਧਾਂਤ ਪੁੱਠਾ ਕਰ ਦਿੱਤਾ ਹੈ।
ਸਿੱਖਾਂ ਵਿਚ ਸਿਰਕੱਢ ਭਾਈਚਾਰੇ ਅਰਥਾਤ ਜੱਟ ਭਾਈਚਾਰੇ ਦੀ ਹੀ ਉਦਾਹਰਨ ਲਈ ਜਾ ਸਕਦੀ ਹੈ। ਪਿਛਲੇ ਕੁਝ ਸਮੇਂ ਤੋਂ ਇਹ ਰੁਝਾਨ ਸਪੱਸ਼ਟ ਨਜ਼ਰ ਆਉਣ ਲੱਗ ਪਿਆ ਹੈ ਕਿ ਇਹ ਭਾਈਚਾਰਾ ਆਪਣੀ ਇਤਿਹਾਸਕ ਪਛਾਣ ਅਰਥਾਤ ਜੱਟ ਪਛਾਣ ਨੂੰ ਆਪਣੀ ਸਿਧਾਂਤਕ ਪਛਾਣ ਅਰਥਾਤ ਸਿੱਖ ਪਛਾਣ ਨਾਲੋਂ ਉੱਪਰ ਦੇਖਣ ਲੱਗ ਪਿਆ ਹੈ। ਪਹਿਲਾਂ ਜੇ ਕੋਈ ਉਨ੍ਹਾਂ ਨੂੰ ਪੁੱਛਦਾ ਸੀ ਕਿ ਤੁਸੀਂ ਕੌਣ ਹੁੰਦੇ ਹੋ ਤਾਂ ਜਵਾਬ ਹੁੰਦਾ ਸੀ ਕਿ ਅਸੀਂ ਜੱਟ ਸਿੱਖ ਹਾਂ ਪਰ ਹੁਣ ਸਿੱਖ ਸ਼ਬਦ ਲਗਪਗ ਅਲੋਪ ਹੋ ਗਿਆ ਹੈ ਅਤੇ ਜਵਾਬ ਇਹ ਹੀ ਮਿਲਦਾ ਹੈ ਕਿ ਅਸੀਂ ਜੱਟ ਹੁੰਦੇ ਹਾਂ। ਜੱਟ ਨੌਜਵਾਨਾਂ ਦੀ ਵੱਡੀ ਗਿਣਤੀ ਸਿੱਖੀ ਸਰੂਪ ਤੋਂ ਵੰਚਿਤ ਹੋ ਚੁੱਕੀ ਹੈ। ਜੱਟ ਭਾਈਚਾਰੇ ਨਾਲ ਸਬੰਧਤ ਕੁੜੀਆਂ ਦੀ ਬਹੁਗਿਣਤੀ ਸਿੱਖੀ ਸਰੂਪ ਵਾਲੇ ਨੌਜਵਾਨਾਂ ਨਾਲੋਂ ਕਲੀਨ ਸ਼ੇਵਨ ਮੁੰਡਿਆਂ ਨੂੰ ਪਸੰਦ ਕਰਦੀ ਹੈ। ਇਸੇ ਤਰ੍ਹਾਂ ਜੱਟ ਭਾਈਚਾਰੇ ਵਿਚ ਸਿੰਘ ਜਾਂ ਕੌਰ ਨਾ ਲਿਖਾਉਣ ਦਾ ਰੁਝਾਨ ਅਤੇ ਆਪਣੇ ਨਾਂਅ ਨਾਲ ਆਪਣਾ ਗੋਤ ਲਿਖਾਉਣ ਦਾ ਰੁਝਾਨ ਵਧੀ ਜਾ ਰਿਹਾ ਹੈ। ਇਹ ਸਭ ਜੱਟ ਭਾਈਚਾਰੇ ਦੇ ਆਪਣੀ ਇਤਿਹਾਸਕ ਪਛਾਣ (ਜਾਤੀ ਪਛਾਣ) ਨੂੰ ਆਪਣੀ ਸਿਧਾਂਤਕ ਪਛਾਣ (ਸਿੱਖ ਪਛਾਣ) ਤੋਂ ਉੱਪਰ ਸਮਝਣ ਅਤੇ ਆਪਣੀ ਸਿੱਖ ਵਿਰਾਸਤ ਤੋਂ ਦੂਰ ਹੋਣ ਦੇ ਪ੍ਰਤੀਕ ਹਨ। ਜੱਟ ਭਾਈਚਾਰੇ ਦਾ ਆਪਣੀ ਸਿੱਖ ਵਿਰਾਸਤ ਤੋਂ ਦੂਰ ਹੋਣਾ ਜੱਟਾਂ ਨੂੰ, ਸਿੱਖਾਂ ਨੂੰ, ਪੰਜਾਬੀਆਂ ਨੂੰ ਅਤੇ ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਅਤੇ ਸੰਕਟ ਵੱਲ ਧੱਕ ਰਿਹਾ ਹੈ।
ਜੱਟ ਭਾਈਚਾਰੇ ਦੀ ਵਿਲੱਖਣਤਾ ਹੈ ਕਿ ਜਦੋਂ ਦੂਜੇ ਸਭ ਭਾਈਚਾਰੇ ਸਿੱਖ ਬਣਨ ਤੋਂ ਪਹਿਲਾਂ ਭਾਰਤੀ ਮੁੱਖਧਾਰਾ ਦਾ ਅੰਗ ਬਣ ਚੁੱਕੇ ਸਨ ਪਰ ਸਿੱਖ ਬਣਨ ਤੋਂ ਪਹਿਲਾਂ ਪੰਜਾਬ ਦੇ ਜੱਟਾਂ ਦੀ ਹੋਂਦ ਜ਼ਿਆਦਾਤਰ ਆਪਣੇ ਕਬੀਲੇ ਤੱਕ ਸੀਮਤ ਸੀ ਅਤੇ ਉਹ ਹਾਲੇ ਭਾਰਤੀ ਮੁੱਖ ਧਾਰਾ ਦਾ ਪੂਰੀ ਤਰ੍ਹਾਂ ਅੰਗ ਨਹੀਂ ਬਣੇ ਸਨ। ਸਿੱਖ ਧਰਮ ਨੇ ਉਨ੍ਹਾਂ 'ਚ ਸਮਾਜਿਕ, ਸੱਭਿਆਚਾਰਕ, ਨੈਤਿਕ ਅਤੇ ਆਰਥਿਕ ਆਧਾਰ ਬਣਾਇਆ, ਭਾਵੇਂ ਕਿ ਸਿੱਖ ਧਰਮ ਨੇ ਹੀ ਸਮੁੱਚੇ ਪੰਜਾਬੀਆਂ ਦਾ ਸਮਾਜਿਕ, ਸੱਭਿਆਚਾਰਕ, ਸਦਾਚਾਰਕ, ਨੈਤਿਕ ਅਤੇ ਆਰਥਿਕ ਆਧਾਰ ਬਣਾਇਆ ਹੈ। ਪਰ ਜੱਟਾਂ ਦੀ ਇਹ ਵਿਲੱਖਣਤਾ ਹੈ ਕਿ ਉਨ੍ਹਾਂ ਕੋਲ ਸਿੱਖ ਧਰਮ ਤੋਂ ਇਲਾਵਾ ਕੋਈ ਬਦਲਵਾਂ ਸੱਭਿਆਚਾਰਕ, ਸਦਾਚਾਰਕ ਅਤੇ ਨੈਤਿਕ ਆਧਾਰ ਨਹੀਂ ਹੈ, ਇਸ ਲਈ ਜਦੋਂ ਜੱਟ ਭਾਈਚਾਰਾ ਆਪਣੀ ਸਿੱਖ ਵਿਰਾਸਤ ਤੋਂ ਦੂਰ ਜਾਂਦਾ ਹੈ ਤਾਂ ਉਹ ਇਕ ਤਰ੍ਹਾਂ ਨਾਲ ਸੱਭਿਆਚਾਰਕ, ਸਦਾਚਾਰਕ ਅਤੇ ਨੈਤਿਕ ਖਲਾਅ ਵਿਚ ਚਲਾ ਜਾਂਦਾ ਹੈ। ਅਜਿਹੀ ਸਥਿਤੀ ਨਾ ਸਿਰਫ ਜੱਟ ਭਾਈਚਾਰੇ ਲਈ ਬਹੁਤ ਵੱਡਾ ਸੰਕਟ ਖੜ੍ਹਾ ਕਰਦੀ ਹੈ, ਸਗੋਂ ਇਸ ਦਾ ਦੁਰਪ੍ਰਭਾਵ ਸਮੁੱਚੇ ਪੰਜਾਬੀਆਂ ਅਤੇ ਪੰਜਾਬ 'ਤੇ ਪੈਂਦਾ ਹੈ, ਕਿਉਂਕਿ ਜਦੋਂ ਸਿਰਕੱਢ ਭਾਈਚਾਰਾ ਸੰਕਟ ਦੀ ਸਥਿਤੀ ਵਿਚ ਚਲਾ ਜਾਵੇ ਤਾਂ ਸਾਰਾ ਪੰਜਾਬ ਅਤੇ ਸਾਰੇ ਪੰਜਾਬੀ ਸੰਕਟ ਗ੍ਰਸਤ ਹੋ ਜਾਂਦੇ ਹਨ।
ਇਤਿਹਾਸਕ ਪਛਾਣ ਨੂੰ ਸਿਧਾਂਤਕ ਪਛਾਣ ਤੋਂ ਉੱਪਰ ਰੱਖਣ ਦੀ ਇਕ ਹੋਰ ਉਦਾਹਰਨ ਵੀ ਦਿੱਤੀ ਜਾ ਸਕਦੀ ਹੈ। ਕਈ ਸਿੱਖਾਂ ਵਿਚ ਇਹ ਭਾਵਨਾ ਦੇਖਣ ਨੂੰ ਮਿਲਦੀ ਹੈ ਕਿ ਸਿੱਖ ਸਿਧਾਂਤ 'ਤੇ ਜ਼ੋਰ ਦੇਣ ਦੀ ਬਜਾਏ ਸਿੱਖ ਕੌਮ ਦੇ ਸੰਕਲਪ ਅਤੇ ਸਿੱਖਾਂ ਲਈ ਆਪਣੇ ਦੇਸ਼ ਦੇ ਸੰਕਲਪ 'ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੈ। ਜ਼ਾਹਿਰ ਹੈ ਕਿ ਕੌਮੀ ਜਾਂ ਰਾਸ਼ਟਰੀ ਪਛਾਣ ਇਤਿਹਾਸਕ ਪਛਾਣ ਹੈ, ਇਸ ਲਈ ਅਸੀਂ ਇਤਿਹਾਸਕ ਪਛਾਣ ਨੂੰ ਆਪਣੀ ਸਿਧਾਂਤਕ ਪਛਾਣ ਨਾਲੋਂ ਉੱਪਰ ਕਰ ਰਹੇ ਹਾਂ। ਇਨ੍ਹਾਂ ਦੇ ਕੁਝ ਪੈਰੋਕਾਰਾਂ ਦਾ ਇਹ ਕਹਿਣਾ ਹੈ ਕਿ ਸਿੱਖਾਂ ਲਈ ਪਹਿਲਾਂ ਆਪਣਾ ਘਰ ਬਣਾਉਣਾ ਜ਼ਰੂਰੀ ਹੈ। ਅਸੀਂ ਸਿਧਾਂਤ ਦੀ ਗੱਲ ਫਿਰ ਕਰ ਲਵਾਂਗੇ। ਪਰ ਸਵਾਲ ਇਹ ਹੈ ਕਿ ਕੀ ਅਜਿਹਾ ਘਰ ਸਿਧਾਂਤਕ ਨਿਸ਼ਾਨਦੇਹੀ ਤੋਂ ਬਿਨਾਂ ਬਣ ਸਕਦਾ ਹੈ? ਸਿਧਾਂਤਕ ਪਛਾਣ ਨਿਰਧਾਰਤ ਕੀਤੇ ਬਿਨਾਂ ਘਰ ਬਣਾਉਣਾ ਇਸ ਤਰ੍ਹਾਂ ਹੈ ਜਿਵੇਂ ਟਾਂਗੇ ਨੂੰ ਘੋੜੇ ਦੇ ਅੱਗੇ ਲਗਾ ਦਿੱਤਾ ਜਾਵੇ। ਇਹ ਘਰ ਇੱਟਾਂ ਜਾਂ ਗਾਰੇ ਦਾ ਘਰ ਨਹੀਂ, ਸਗੋਂ ਸੱਭਿਆਚਾਰਕ, ਸਦਾਚਾਰਕ ਅਤੇ ਨੈਤਿਕ ਨੀਂਹਾਂ 'ਤੇ ਉਸਰਿਆ ਘਰ ਹੁੰਦਾ ਹੈ। ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਸਾਡੀ ਪਹਿਲ ਸਿੱਖ ਸਿਧਾਂਤ ਨੂੰ ਡੂੰਘਾਈ ਨਾਲ ਸਮਝਣਾ ਅਤੇ ਉਸ ਤੋਂ ਹਰ ਕੰਮ ਲਈ ਸੇਧ ਲੈਣਾ ਹੋਣੀ ਚਾਹੀਦੀ ਹੈ।
ਪੰਜਾਬ ਅਤੇ ਸਿੱਖਾਂ ਦੇ ਸੰਦਰਭ ਵਿਚ ਇਕ ਹੋਰ ਸਚਾਈ ਨੂੰ ਸਮਝਣ ਦੀ ਬਹੁਤ ਲੋੜ ਹੈ ਕਿ ਸਿੱਖ ਬੁੱਧੀਜੀਵੀਆਂ ਨੂੰ ਮਾਰਕਸਵਾਦ ਦਾ ਡੂੰਘਾ ਅਧਿਐਨ ਅਤੇ ਉਸ ਦਾ ਸਿੱਖ ਫਲਸਫੇ ਨਾਲ ਤੁਲਨਾਤਮਿਕ ਅਧਿਐਨ ਕਰਨ ਦੀ ਬਹੁਤ ਲੋੜ ਹੈ। ਬਹੁਤ ਸਾਰੇ ਸਿੱਖ ਅਤੇ ਪੰਜਾਬੀ ਮਾਰਕਸਵਾਦ ਤੋਂ ਪ੍ਰਭਾਵਿਤ ਹਨ। ਪਰ ਇਹ ਲੋਕ ਸਿੱਖਾਂ ਜਾਂ ਪੰਜਾਬੀਆਂ ਦੀ ਸੋਚ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਰਹੇ ਹਨ, ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਅਸੀਂ ਅਕਸਰ ਪੰਜਾਬ ਦੀ ਸਿਆਸਤ ਨੂੰ ਮੁੱਖ ਤੌਰ 'ਤੇ ਅਕਾਲੀਆਂ ਅਤੇ ਕਾਂਗਰਸੀਆਂ ਦੇ ਸੰਦਰਭ ਵਿਚ ਹੀ ਦੇਖਦੇ ਹਾਂ, ਕਿਉਂਕਿ ਉਹ ਸੱਤਾ 'ਤੇ ਕਾਬਜ਼ ਰਹਿੰਦੇ ਹਨ। ਦੇਖਣ ਨੂੰ ਤਾਂ ਮਾਰਕਸਵਾਦੀਆਂ ਦਾ ਕੋਈ ਰਸੂਖ ਨਜ਼ਰ ਨਹੀਂ ਆਉਂਦਾ ਅਤੇ ਉਹ ਹਾਸ਼ੀਏ 'ਤੇ ਧੱਕੇ ਪਹਿਲੂ ਹੁੰਦੇ ਹਨ ਪਰ ਇਹ ਅਧੂਰਾ ਸੱਚ ਹੈ, ਕਿਉਂਕਿ ਆਪਣੇ-ਆਪ ਨੂੰ ਮਾਰਕਸਵਾਦੀ ਕਹਾਉਣ ਵਾਲੇ ਲੋਕਾਂ ਦਾ ਪੰਜਾਬ ਦੀਆਂ ਬੌਧਿਕਤਾ ਨਾਲ ਜੁੜੀਆਂ ਸੰਸਥਾਵਾਂ 'ਤੇ ਲਗਪਗ ਮੁਕੰਮਲ ਕਬਜ਼ਾ ਹੈ, ਭਾਵੇਂ ਯੂਨੀਵਰਸਿਟੀਆਂ ਹੋਣ, ਭਾਵੇਂ ਸਾਹਿਤ ਅਤੇ ਲੇਖਕਾਂ ਨਾਲ ਜੁੜੀਆਂ ਸੰਸਥਾਵਾਂ ਹੋਣ, ਇਨ੍ਹਾਂ ਸਾਰੀਆਂ ਸੰਸਥਾਵਾਂ ਵਿਚ ਅਜਿਹੇ ਲੋਕ ਹੀ ਭਾਰੂ ਹਨ ਪਰ ਇਕ ਹੋਰ ਸਚਾਈ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਵੱਡੀ ਬਹੁਗਿਣਤੀ ਅਖੌਤੀ ਮਾਰਕਸਵਾਦੀਆਂ ਦੀ ਹੈ ਅਤੇ ਸੱਚੇ ਮਾਰਕਸਵਾਦੀ ਆਟੇ ਵਿਚ ਲੂਣ ਦੇ ਬਰਾਬਰ ਹਨ।
ਸਿੱਖ ਸਿਧਾਂਤ ਦੇ ਡੂੰਘੇ ਗਿਆਨ ਨਾਲ ਅਸੀਂ ਸੱਚੇ ਅਤੇ ਅਖੌਤੀ ਮਾਰਕਸਵਾਦੀਆਂ ਵਿਚ ਨਿਬੇੜਾ ਕਰ ਸਕਦੇ ਹਾਂ। ਸੱਚੇ ਮਾਰਕਸਵਾਦੀ ਵੀ ਲੋਕ-ਪੱਖੀ ਅਤੇ ਕੁਦਰਤ ਪੱਖੀ ਹਨ, ਇਸ ਲਈ ਉਨ੍ਹਾਂ ਦਾ ਸਿੱਖਾਂ ਨਾਲ ਕੋਈ ਵਿਰੋਧ ਨਹੀਂ ਹੋ ਸਕਦਾ। ਬੁਨਿਆਦੀ ਤੌਰ 'ਤੇ ਸਿੱਖ ਫਲਸਫੇ ਦੇ ਤਿੰਨ ਬੁਨਿਆਦੀ ਸਿਧਾਂਤ ਹਨ-ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਮਾਰਕਸਵਾਦ ਦੇ ਦੋ ਬੁਨਿਆਦੀ ਸਿਧਾਂਤ ਹਨ-ਕਿਰਤ ਕਰੋ ਅਤੇ ਵੰਡ ਛਕੋ। ਸੋ, ਸਿਧਾਂਤਕ ਤੌਰ 'ਤੇ ਦੋਵਾਂ ਫਲਸਫਿਆਂ ਵਿਚ ਲਗਪਗ 70 ਫੀਸਦੀ ਬੁਨਿਆਦੀ ਸਿਧਾਂਤਾਂ ਦੀ ਸਾਂਝ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਕਾਜ਼ੀ ਰੁਕਨਦੀਨ

ਇਸ਼ਕ ਪੀਰਾਂ-ਫ਼ਕੀਰਾਂ ਦਾ ਮਰਤਬਾ ਹੈ। ਇਸ਼ਕ ਆਪਣੇ ਪਿਆਰੇ ਤੋਂ ਫਨਾਹ ਹੋ ਜਾਣਾ ਹੈ। ਇਸ ਦੀ ਕੀਮਤ ਜਾਨ ਵਾਰ ਕੇ ਅਦਾ ਕੀਤੀ ਜਾਂਦੀ ਹੈ। ਆਸ਼ਕੀ ਵਿਚ ਮਜ਼੍ਹਬਾਂ ਦੀਆਂ ਦੀਵਾਰਾਂ ਵੀ ਟੁੱਟ ਜਾਂਦੀਆਂ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਰਬ ਫੇਰੀ ਦਾ ਅੱਖੀਂ ਡਿੱਠਾ ਬਿਰਤਾਂਤ ਖਵਾਜਾ ਜੈਨ ਉਲ ਆਬਦੀਨ ਨੇ ਅਰਬੀ ਦੀ ਕਿਤਾਬ 'ਤਾਰੀਖੇ ਅਰਬ' ਵਿਚ ਦਿੱਤਾ ਹੈ। ਉਸ ਨੇ ਲਿਖਿਆ ਹੈ ਕਿ ਮੈਂ ਉਸ ਸਮੇਂ ਹਾਜ਼ਰ ਸਾਂ, ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੇਂਟ ਕਾਜ਼ੀ ਰੁਕਨਦੀਨ ਨਾਲ ਹੋਈ। ਕਾਜ਼ੀ ਨੇ ਗੁਰੂ ਸਾਹਿਬ ਨੂੰ 360 ਸਵਾਲ ਪੁੱਛੇ, ਜਿਨ੍ਹਾਂ ਦੇ ਤਸੱਲੀਬਖਸ਼ ਜਵਾਬ ਪ੍ਰਾਪਤ ਹੋਣ 'ਤੇ ਕਾਜ਼ੀ ਵਿਸਮਾਦ ਵਿਚ ਆ ਗਿਆ। ਉਹ ਮਹਾਰਾਜ ਜੀ ਦਾ ਮੁਰੀਦ ਬਣ ਗਿਆ। ਉਸ ਨੇ ਜਿਉਂ ਹੀ ਚਰਨ ਪਾਹੁਲ ਪ੍ਰਾਪਤ ਕੀਤੀ, ਉਸ ਦੀ ਸਮਾਧੀ ਲੱਗ ਗਈ। ਪਹਿਲਾਂ ਕਾਜ਼ੀ ਰਾਗ, ਨਾਦ ਦੇ ਵਿਰੁੱਧ ਸੀ ਪਰ ਫਿਰ ਗੁਰੂ ਸਾਹਿਬ ਦਾ ਕੀਰਤਨ ਸੁਣ ਕੇ ਨਿਹਾਲ ਹੁੰਦਾ ਰਿਹਾ। ਮੱਕੇ ਵਿਚ ਇਸ ਗੱਲ ਦੀ ਦੁਹਾਈ ਮਚ ਗਈ ਕਿ ਕਾਜ਼ੀ ਰੁਕਨਦੀਨ ਨੇ ਆਪਣਾ ਦੀਨ ਧਰਮ ਛੱਡ ਕੇ ਨਾਨਕ ਸ਼ਾਹ ਨੂੰ ਗੁਰੂ ਧਾਰ ਲਿਆ ਹੈ। ਮੁਲਾਣਿਆਂ ਨੇ ਉਸ ਨੂੰ ਕਾਫ਼ਰ ਦਾ ਫ਼ਤਵਾ ਦੇ ਦਿੱਤਾ। ਗੁਰੂ ਸਾਹਿਬ ਦੇ ਜਾਣ ਉਪਰੰਤ ਕਾਜ਼ੀ ਰੁਕਨਦੀਨ ਰੱਬੀ ਰੰਗ ਵਿਚ ਮਸਤ ਰਹਿ ਕੇ ਸਿਮਰਨ ਕਰਨ ਲੱਗਾ। ਉਹ ਪਹਾੜ ਦੀ ਕੁੰਦਰਾ ਵਿਚ ਇਕਾਂਤ ਹੋ ਕੇ ਰਸ ਮਾਣਦਾ ਰਿਹਾ।
ਤਪ ਕਰ ਰਹੇ ਕਾਜ਼ੀ ਨੂੰ ਕੁੰਦਰਾ ਵਿਚੋਂ ਧੂਹ ਕੇ ਲਿਆਂਦਾ ਗਿਆ ਅਤੇ ਫ਼ਤਵੇ ਸੁਣਾਏ ਗਏ ਕਿ ਉਹ ਆਪ ਕਾਫ਼ਰ ਹੈ, ਜਿਸ ਨੇ ਇਕ ਹਿੰਦੂ ਕਾਫ਼ਰ ਨੂੰ ਮੁਰਸ਼ਿਦ ਧਾਰਨ ਕਰ ਲਿਆ ਹੈ। ਇਸ ਲਈ ਉਸ ਨੂੰ 30 ਕੋੜੇ ਮਾਰੇ ਜਾਣ, 11 ਦਿਨ ਖਾਣ-ਪੀਣ ਨੂੰ ਕੁਝ ਨਾ ਦਿੱਤਾ ਜਾਵੇ ਅਤੇ ਕੋਠੀ ਬੰਦ ਕੀਤਾ ਜਾਵੇ। ਉਸ ਦੇ ਕਬੀਲੇ ਨੂੰ ਦੇਸ਼-ਨਿਕਾਲਾ ਦਿੱਤਾ ਜਾਵੇ, ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ। ਉਸ ਨੂੰ ਪੁੱਠਾ ਟੰਗਿਆ ਜਾਵੇ, ਮੂੰਹ ਕਾਲਾ ਕਰਕੇ ਮੱਕੇ ਵਿਚ ਫੇਰਿਆ ਜਾਵੇ ਅਤੇ ਰੇਤ ਵਿਚ ਗਲੇ ਤੱਕ ਦੱਬ ਕੇ ਪੱਥਰ ਮਾਰੇ ਜਾਣ। ਜੇਠ ਦੀ ਗਰਮੀ ਵਿਚ ਰੁਕਨਦੀਨ ਨੇ ਅਡੋਲ ਰਹਿ ਕੇ ਸਾਰੇ ਕਸ਼ਟ ਸਹੇ ਪਰ ਇਲਾਹੀ ਰੰਗ ਵਿਚ ਮਸਤ ਰਿਹਾ। 22ਵੇਂ ਦਿਨ ਜ਼ਮੀਨ ਵਿਚ ਦੱਬ ਕੇ ਸੰਗਸਾਰ ਕਰਨ ਦਾ ਫ਼ਤਵਾ ਲਾਇਆ ਗਿਆ। ਮੱਕੇ ਦੇ ਸ਼ਾਹ ਨੇ ਆਖਰੀ ਬਿਆਨ ਮੰਗੇ ਤਾਂ ਕਾਜ਼ੀ ਨੇ ਸੁਰਤ ਮੋੜੀ, ਮੱਕੇ ਦੇ ਸਾਰੇ ਲੋਕਾਂ ਸਾਹਮਣੇ ਇਹ ਬਿਆਨ ਦਰਜ ਕਰਵਾਇਆ ਕਿ ਮੇਰਾ ਰੱਬ, ਦੀਨ, ਇਮਾਨ ਨਾਨਕ ਹੀ ਹੈ, ਜੋ ਸਭ ਤੋਂ ਵੱਡੀ ਕਲਾਮ ਤੇ ਕਿਤਾਬ ਦਾ ਮਾਲਕ ਹੈ। ਤੁਸੀਂ ਵੀ ਉਸ ਦੀ ਸ਼ਰਨ ਵਿਚ ਆ ਜਾਓ। ਏਨਾ ਕਹਿ ਕੇ ਆਪਣਾ ਸਰੀਰ ਛੱਡ ਦਿੱਤਾ। ਹਾਲੇ ਤੱਕ ਉਸ ਦੀ ਵੰਸ਼ ਦੇ ਲੋਕ ਤੀਰਾਹ ਅਤੇ ਅਫ਼ਗਾਨਿਸਤਾਨ ਦੀਆਂ ਪਹਾੜੀਆਂ ਵਿਚ ਰਹਿ ਰਹੇ ਹਨ। ਇਹ ਸਿਰ 'ਤੇ ਕੇਸ ਰੱਖਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਮੁਰਸ਼ਿਦ ਮੰਨਦੇ ਹਨ। ਸ਼ਰ੍ਹਾ ਦੀਆਂ ਤੰਗ ਦੀਵਾਰਾਂ ਨੂੰ ਤੋੜ ਕੇ ਕਾਜ਼ੀ ਰੁਕਨਦੀਨ ਆਸ਼ਕੀ ਦੇ ਖੁੱਲ੍ਹੇ ਅੰਬਰਾਂ ਵਿਚ ਅਭੇਦ ਹੋ ਗਿਆ ਅਤੇ ਇਹ ਸਿੱਧ ਕਰ ਗਿਆ-
ਕੌਣ ਕਹਿੰਦਾ ਹੈ ਕਿ ਆਸ਼ਕ ਮਰ ਗਿਆ
ਤੋੜ ਕੇ ਕੰਧਾਂ ਉਹ ਆਪਣੇ ਘਰ ਗਿਆ।

ਚਨਾਬ ਦੇ ਕੰਢੇ 'ਤੇ ਪੰਜਾਬੀਆਂ ਅਤੇ ਅੰਗਰੇਜ਼ਾਂ ਵਿਚਾਲੇ ਝੜਪਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਡਲਹੌਜ਼ੀ ਕਿਸ ਦੇ ਖਿਲਾਫ ਜੰਗ ਦੀ ਗੱਲ ਕਰ ਰਿਹਾ ਸੀ? ਮਹਾਰਾਜਾ ਦਲੀਪ ਸਿੰਘ ਜਾਂ ਰੀਜੈਂਸੀ ਕੌਂਸਲ ਦੇ ਖਿਲਾਫ? ਜਿਹੜੀ ਅਜੇ ਵੀ ਅੰਗਰੇਜ਼ਾਂ ਦੇ ਨਾਲ ਸੀ ਤੇ ਸਿਰਫ ਇਕੋ ਮੈਂਬਰ ਅਟਾਰੀਵਾਲਾ ਹੀ ਬਾਗੀਆਂ ਦਾ ਸਾਥ ਦੇ ਰਿਹਾ ਸੀ। ਦੂਜੀ ਤਰਫ਼ ਮੂਲ ਰਾਜ ਤੇ ਅਟਾਰੀਵਾਲਾ ਸਰਦਾਰਾਂ ਦੀ ਬਗਾਵਤ ਲਾਹੌਰ ਦਰਬਾਰ ਦੇ ਖਿਲਾਫ ਸੀ, ਜਿਸ ਦੀ ਜ਼ਿੰਮੇਵਾਰੀ ਅੰਗਰੇਜ਼ਾਂ ਨੇ ਲਈ ਹੋਈ ਹੈ। ਜੇ ਡਲਹੌਜ਼ੀ ਦਾ ਮਤਲਬ ਇਹ ਬਗਾਵਤ ਕੁਚਲਣ ਦਾ ਸੀ ਤਾਂ ਇਹ ਮਹਾਰਾਜਾ ਦਲੀਪ ਸਿੰਘ ਦੇ ਦਰਬਾਰ ਦੀ ਸਲਤਨਤ ਬਚਾਉਣ ਦਾ ਕਦਮ ਹੋਣਾ ਚਾਹੀਦਾ ਸੀ ਪਰ ਡਲਹੌਜ਼ੀ ਦਾ ਮਕਸਦ ਹੋਰ ਸੀ। ਉਸ ਨੇ ਪਹਿਲਾਂ ਬਗਾਵਤ ਵਾਸਤੇ ਪੂਰੇ ਹਾਲਾਤ ਬਣਾਏ ਤੇ ਫਿਰ ਇਸੇ ਦਾ ਬਹਾਨਾ ਬਣਾ ਕੇ ਪੰਜਾਬ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਸਕੀਮ ਤਿਆਰ ਕੀਤੀ। ਅਟਾਰੀ ਵਾਲਿਆਂ ਸਰਦਾਰਾਂ ਦੇ ਐਲਾਨ ਦੇਖ ਕੇ ਡਲਹੌਜ਼ੀ ਖੁਸ਼ ਹੋਇਆ ਤੇ ਲਿਖਿਆ ਕਿ, 'ਹੁਣ ਮਸਲਾ ਉਸ ਮੁਕਾਮ ਉੱਪਰ ਪਹੁੰਚਿਆ ਹੈ, ਜਿਸ ਦਾ ਮੈਂ ਮਹੀਨਿਆਂ ਤੋਂ ਇੰਤਜ਼ਾਰ ਕਰਦਾ ਆ ਰਿਹਾ ਸਾਂ। ਹੁਣ ਅਸੀਂ ਸਿਰਫ ਲੜਾਈ ਦੇ ਕਿਨਾਰੇ ਉੱਪਰ ਹੀ ਨਹੀਂ, ਬਿਲਕੁਲ ਉਸ ਦੇ ਵਿਚਕਾਰ ਹਾਂ, ਇਹ ਲੜਾਈ ਹੋਵੇਗੀ ਸਿੱਖ ਕੌਮ ਤੇ ਪੰਜਾਬ ਦੀ ਬਾਦਸ਼ਾਹਤ ਦੇ ਵਿਰੁੱਧ।' ਇਕ ਸਵਾਗਤੀ ਸਮਾਰੋਹ ਵਿਚ ਬੋਲਦਿਆਂ ਲਾਰਡ ਡਲਹੌਜ਼ੀ ਨੇ 9 ਅਕਤੂਬਰ ਨੂੰ ਕਿਹਾ, 'ਪਿਛਲੀਆਂ ਸਾਰੀਆਂ ਘਟਨਾਵਾਂ ਨੂੰ ਦੇਖਦਿਆਂ, ਬਿਨਾਂ ਕਿਸੇ ਕਾਰਨ ਤੇ ਉਕਸਾਹਟ ਦੇ, ਸਿੱਖ ਕੌਮ ਨੇ ਲੜਾਈ ਵਾਸਤੇ ਲਲਕਾਰਿਆ ਹੈ ਤੇ ਮੇਰਾ ਜਵਾਬ ਹੈ, ਓ. ਕੇ. ਜਨਾਬ, ਇਸ ਨੂੰ ਹਾਸਲ ਕਰੋਗੇ, ਚੰਗੇ ਬਦਲੇ ਨਾਲ।'
ਕਲਕੱਤੇ ਤੋਂ ਪੰਜਾਬ ਦੀ ਸਰਹੱਦ ਵੱਲ ਨੂੰ ਚੱਲਣ ਤੋਂ ਪਹਿਲਾਂ ਡਲਹੌਜ਼ੀ ਨੇ ਆਪਣੇ ਸੈਕਟਰੀ ਨੂੰ ਕਿਹਾ ਕਿ ਉਹ ਲਾਹੌਰ ਦੇ ਰੈਜ਼ੀਡੈਂਟ ਨੂੰ ਇਤਲਾਹ ਦੇਵੇ ਕਿ ਉਹ ਸਮਝਦਾ ਹੈ ਕਿ ਲਾਹੌਰ ਦਰਬਾਰ ਨੂੰ ਪੂਰੀ ਤਰ੍ਹਾਂ ਅੰਗਰੇਜ਼ੀ ਸਰਕਾਰ ਦੇ ਖਿਲਾਫ ਜੰਗ ਕਰ ਰਿਹਾ ਜ਼ਾਹਿਰ ਕੀਤਾ ਜਾਵੇ। ਰੈਜ਼ੀਡੈਂਟ ਨੇ ਗਵਰਨਰ ਜਨਰਲ ਨੂੰ ਮਸ਼ਵਰਾ ਦਿੱਤਾ ਕਿ ਸਿਆਣੀ ਗੱਲ ਇਹ ਹੋਵੇਗੀ ਕਿ ਅਜੇ ਜੰਗ ਦਾ ਐਲਾਨ ਨਾ ਕੀਤਾ ਜਾਵੇ, ਜਿੰਨੀ ਦੇਰ ਤੱਕ ਸਾਡੀ ਸਾਰੀ ਫੌਜੀ ਤਾਕਤ ਪੁਜ਼ੀਸ਼ਨਾਂ ਵਿਚ ਨਹੀਂ ਆ ਜਾਂਦੀ। ਉਸ ਨੇ ਗਵਰਨਰ ਜਨਰਲ ਨੂੰ ਯਾਦ ਕਰਾਇਆ ਕਿ ਅਸੀਂ ਲਾਹੌਰ ਦੇ ਇਲਾਕੇ ਵਿਚ ਦੁਸ਼ਮਣਾਂ ਵਾਂਗ ਨਹੀਂ ਦਾਖਲ ਹੋਏ ਸਾਂ, ਬਲਕਿ ਇਸ ਦਰਬਾਰ ਦੀ ਰਾਖੀ ਕਰਨ ਤੇ ਇਸ ਦਾ ਠੀਕ ਢੰਗ ਨਾਲ ਕੰਮਕਾਜ ਚਲਾਉਣ ਦੇ ਨਾਂਅ ਉੱਪਰ ਆਏ ਸਾਂ।
ਪੰਜਾਬ ਦੇ ਸਿੱਖ ਰਾਜ ਦਾ ਅੰਤ
ਸ਼ੇਰ ਸਿੰਘ ਅਟਾਰੀਵਾਲਾ ਚਾਹੁੰਦਾ ਸੀ ਕਿ ਵਾਪਸ ਲਾਹੌਰ ਵੱਲ ਵਧਿਆ ਜਾਵੇ ਤੇ ਇਸ ਨੂੰ ਆਜ਼ਾਦ ਕਰਵਾਇਆ ਜਾਵੇ। ਉਹ ਸ਼ਹਿਰ ਤੋਂ ਦੋ ਮੀਲ ਦੀ ਵਿੱਥ 'ਤੇ ਪਹੁੰਚਿਆ ਪਰ ਜਿਸ ਤਰ੍ਹਾਂ ਉਸ ਨੇ ਸੋਚਿਆ ਸੀ ਕਿ ਸ਼ਹਿਰ ਦੇ ਵਸਨੀਕ ਉਸ ਦੇ ਹੱਕ ਵਿਚ ਆ ਨਿਤਰਨਗੇ, ਉਹ ਕੰਮ ਨਹੀਂ ਹੋਇਆ। ਰੈਜ਼ੀਡੈਂਟ ਨੇ ਕਰਫਿਊ ਲਗਾ ਦਿੱਤਾ ਸੀ ਤੇ ਸਾਰੀਆਂ ਗਲੀਆਂ ਵਿਚ ਫੌਜੀਆਂ ਦੀ ਗਸ਼ਤ ਚੱਲ ਰਹੀ ਸੀ। ਮੋਹਤਬਰ ਸਰਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਲਹਿਣਾ ਸਿੰਘ ਮਜੀਠੀਆ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਨਾਲ ਸੀ। ਮਾਝਾ ਦੇ ਇਲਾਕੇ ਵਿਚ ਸਿੱਖ ਕਿਸਾਨੀ ਨੂੰ ਅੰਗਰੇਜ਼ਾਂ ਦੇ ਸਾਥ ਵਿਚ ਭੁਗਤਣ ਦੀ ਪੈਰਵੀ ਕਰਦਾ ਸੀ। ਇਕੋ-ਇਕ ਸਰਦਾਰ ਜੋ ਅੰਗਰੇਜ਼ਾਂ ਦੇ ਖਿਲਾਫ ਸੀ, ਉਹ ਨੂਰਪੁਰ ਦਾ ਰਾਮ ਸਿੰਘ ਸੀ ਪਰ ਉਸ ਦੇ ਬਗਾਵਤ ਦੇ ਐਲਾਨ ਦਾ ਸਿਰਫ ਸੰਕੇਤਕ ਅਸਰ ਸੀ, ਉਹ ਸ਼ੇਰ ਸਿੰਘ ਵਾਸਤੇ ਕੋਈ ਵੱਡੀ ਤੇ ਵਿਹਾਰਕ ਮਦਦ ਨਹੀਂ ਬਣ ਸਕਦਾ ਸੀ।
ਅਟਾਰੀਵਾਲਾ ਨੂੰ ਇਹ ਇਤਲਾਹ ਮਿਲੀ ਕਿ ਲਾਰਡ ਗੱਫ ਵੱਡੀ ਫੌਜ ਤੇ ਤੋਪਾਂ ਲੈ ਕੇ ਸਤਲੁਜ ਵੱਲ ਵਧ ਰਿਹਾ ਹੈ। ਉਹ ਲਾਹੌਰ ਤੋਂ ਪਿੱਛੇ ਹਟ ਕੇ ਆਪਣੇ ਪਿਤਾ ਚਤਰ ਸਿੰਘ ਮਜੀਠੀਆ ਦੀਆਂ ਫੌਜਾਂ ਨਾਲ ਮਿਲਣ ਵਾਸਤੇ ਚੱਲ ਪਿਆ। ਅਟਾਰੀਵਾਲਿਆਂ ਨੇ ਅੰਗਰੇਜ਼ਾਂ ਨੂੰ ਚਨਾਬ ਉੱਪਰ ਰੋਕਣ ਦੀ ਸਕੀਮ ਬਣਾਈ, ਜਿਸ ਨੂੰ ਉਦੋਂ ਕਾਲਾ ਦਰਿਆ ਵੀ ਆਖਿਆ ਜਾਂਦਾ ਸੀ।
1848 ਦੀ ਪਤਝੜ ਤੱਕ ਹਾਲਾਤ ਕੁਝ ਇਸ ਤਰ੍ਹਾਂ ਸਨ-ਚਾਜ ਤੇ ਸਿੰਧ ਸਾਗਰ ਵਿਚਕਾਰਲੇ ਦੋਆਬ ਆਜ਼ਾਦ ਇਲਾਕੇ ਐਲਾਨੇ ਜਾ ਚੁੱਕੇ ਸਨ। ਦੂਜੇ ਦੁਆਬ ਅੰਗਰੇਜ਼ੀ ਤਾਕਤ ਦੇ ਬਿਲਕੁਲ ਨਜ਼ਦੀਕ ਸਨ। ਉੱਤਰ-ਪੱਛਮੀ ਇਲਾਕੇ ਦੇ ਲੋਕ ਚਤਰ ਸਿੰਘ ਅਟਾਰੀਵਾਲਾ ਦੇ ਪਿੱਛੇ ਤੇਜ਼ੀ ਨਾਲ ਲਾਮਬੰਦ ਹੋ ਰਹੇ ਸਨ। ਦੱਖਣ ਵਿਚ ਮੂਲ ਰਾਜ ਇਕੱਲਾ ਹੀ ਆਪਣੇ ਵਿਰੁੱਧ ਰੋਜ਼ਾਨਾ ਇਕੱਠੀਆਂ ਹੁੰਦੀਆਂ ਜਾ ਰਹੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਸੀ।
ਨਵੰਬਰ, 1848 ਦੇ ਸ਼ੁਰੂ ਵਿਚ ਹੀ ਲਾਰਡ ਗੱਫ ਨੇ ਇਕ ਵੱਡੀ ਫੌਜ ਨਾਲ ਸਤਲੁਜ ਪਾਰ ਕੀਤਾ। ਉਸ ਦੀ ਫੌਜ ਵਿਚ ਗੋਰੇ ਸਿਪਾਹੀਆਂ ਤੋਂ ਬਿਨਾਂ ਹਿੰਦੁਸਤਾਨੀ ਵੀ ਸਨ ਅਤੇ ਇਸ ਫੌਜ ਨੇ ਲਾਹੌਰ ਵੱਲ ਮਾਰਚ ਕੀਤਾ। ਨਾਬਾਲਗ ਮਹਾਰਾਜਾ ਦਲੀਪ ਸਿੰਘ ਹਰ ਉਹ ਗੱਲ ਮੰਨਦਾ ਰਿਹਾ, ਜੋ ਉਸ ਨੂੰ ਰੈਜ਼ੀਡੈਂਟ ਕਹਿੰਦਾ ਸੀ। ਹੁਣ ਉਹ ਅੰਗਰੇਜ਼ ਕਮਾਂਡਰ ਨੂੰ ਸਤਿਕਾਰ ਦੇਣ ਦਾ ਇੰਤਜ਼ਾਰ ਕਰ ਰਿਹਾ ਸੀ। ਗਫ਼ ਨੇ ਮਹਾਰਾਜਾ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਜਦੋਂ ਰੈਜ਼ੀਡੈਂਟ ਖੁਦ ਉਸ ਨੂੰ ਮੀਆਂ ਮੀਰ ਲੈ ਕੇ ਗਿਆ, ਜਿਥੇ ਅੰਗਰੇਜ਼ਾਂ ਨੇ ਛਾਉਣੀ ਲਗਾਈ ਸੀ ਤਾਂ ਗੱਫ਼ ਨੇ ਦਲੀਪ ਸਿੰਘ ਵਲੋਂ ਸਤਿਕਾਰ ਦੇ ਇਸ਼ਾਰੇ ਦਾ ਜਵਾਬ ਦੇਣ ਵਾਸਤੇ ਆਪਣੇ ਹਾਥੀ ਦੀ ਸਵਾਰੀ ਨਹੀਂ ਛੱਡੀ। ਇਹ ਰੁੱਖਾਪਣ ਜਾਣ-ਬੁੱਝ ਕੇ ਦਿਖਾਇਆ ਗਿਆ ਸੀ ਕਿ ਪਤਾ ਲੱਗੇ ਕਿ ਦਲੀਪ ਸਿੰਘ ਜੋ ਹਾਲੇ ਵੀ ਅੰਗਰੇਜ਼ਾਂ ਦੀ ਸੁਰੱਖਿਆ ਹੇਠ ਸੀ, ਉਨ੍ਹਾਂ ਦਾ ਦੁਸ਼ਮਣ ਸੀ।
ਲਾਰਡ ਗੱਫ ਉੱਤਰ ਦੀ ਦਿਸ਼ਾ ਵਿਚ ਚਨਾਬ ਵੱਲ ਨੂੰ ਗਿਆ ਤੇ ਉਥੇ ਸ਼ਾਮ ਸਿੰਘ ਅਟਾਰੀ ਵਾਲਾ ਦੀਆਂ ਫੌਜਾਂ ਨੂੰ ਦਰਿਆ ਦੇ ਪਾਰ ਦੇਖ ਲਿਆ। ਸ਼ੇਰ ਸਿੰਘ ਨੇ ਦਰਿਆ ਦੇ ਪੂਰਬੀ ਕਿਨਾਰੇ ਉੱਪਰ ਕੁਝ ਕਿਲ੍ਹੇ ਕਬਜ਼ੇ ਵਿਚ ਲਏ ਹੋਏ ਸਨ। ਉਸ ਨੇ ਕੁਝ ਫੌਜੀ ਦਸਤੇ ਅੰਗਰੇਜ਼ਾਂ ਨੂੰ ਤੰਗ ਕਰਨ ਵਾਸਤੇ ਭੇਜੇ। ਪੰਜਾਬੀਆਂ ਤੇ ਅੰਗਰੇਜ਼ਾਂ ਵਿਚ ਕੁਝ ਛੋਟੀਆਂ ਝੜਪਾਂ ਚਨਾਬ ਦੇ ਪੂਰਬੀ ਕਿਨਾਰੇ ਹੁੰਦੀਆਂ ਰਹੀਆਂ। ਨਵੰਬਰ, 1848 ਦੇ ਆਖਰੀ ਹਫ਼ਤੇ ਬ੍ਰਿਗੇਡੀਅਰ ਜਨਰਲ ਕੈਂਬੈਲ ਦੀ ਕਮਾਂਡ ਹੇਠ ਇਕ ਫੌਜ ਮੁਹਿੰਮ ਰਾਮ ਨਗਰ ਦੇ ਕਿਲ੍ਹੇ ਵੱਲ ਕੂਚ ਕਰ ਗਈ। ਪੰਜਾਬੀਆਂ ਨੇ ਕਿਲ੍ਹੇ ਉੱਪਰ ਕਬਜ਼ਾ ਕਰਨਾ ਨਾਕਾਮ ਬਣਾ ਦਿੱਤਾ। ਉਨ੍ਹਾਂ 22 ਨਵੰਬਰ ਨੂੰ ਚਨਾਬ ਪਾਰ ਕੀਤਾ ਤੇ ਆਪਣੇ-ਆਪ ਨੂੰ ਰਾਮ ਨਗਰ ਅਤੇ ਅੰਗਰੇਜ਼ੀ ਫੌਜ ਦੇ ਵਿਚਕਾਰ ਖੜ੍ਹਾ ਕਰ ਲਿਆ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਹਰੀ ਸਿੰਘ ਨਲੂਆ ਦੀ ਸ਼ਹਾਦਤ ਕਦੋਂ, ਕਿਵੇਂ ਅਤੇ ਕਿਉਂ?

ਸ: ਹਰੀ ਸਿੰਘ ਨਲੂਆ ਵਲੋਂ 17 ਅਕਤੂਬਰ, 1836 ਨੂੰ ਜਮਰੌਦ ਕਿਲ੍ਹੇ ਦੀ ਨੀਂਹ ਰੱਖ ਕੇ ਆਸ-ਪਾਸ ਹੋਰ ਛੋਟੇ ਕਿਲ੍ਹਿਆਂ-ਬੁਰਜ ਹਰੀ ਸਿੰਘ, ਕਿਲ੍ਹਾ ਬਾੜ੍ਹਾ ਅਤੇ ਕਿਲ੍ਹਾ ਮਿਚਣੀ ਆਦਿ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ। ਜਦੋਂ ਇਨ੍ਹਾਂ ਕਿਲ੍ਹਿਆਂ ਦੇ ਨਿਰਮਾਣ ਦੀ ਖ਼ਬਰ ਕਾਬੁਲ ਅਫ਼ਗ਼ਾਨੀਆਂ ਪਾਸ ਪੁੱਜੀ ਤਾਂ ਉਨ੍ਹਾਂ ਨੂੰ ਇਹ ਸਮਝਣ 'ਚ ਜ਼ਿਆਦਾ ਦੇਰ ਨਾ ਲੱਗੀ ਕਿ ਹੁਣ ਸ: ਨਲੂਆ ਪਿਸ਼ਾਵਰ ਤੋਂ ਬਾਅਦ ਜਲਾਲਾਬਾਦ ਅਤੇ ਕਾਬੁਲ ਨੂੰ ਖ਼ਾਲਸਾ ਰਾਜ ਵਿਚ ਮਿਲਾਉਣ ਦੀ ਤਿਆਰੀ ਵਿਚ ਹੈ। ਇਸ 'ਤੇ ਅਮੀਰ ਦੋਸਤ ਮੁਹੰਮਦ ਖ਼ਾਨ ਨੇ ਆਪਣੇ ਪੰਜਾਂ ਪੁੱਤਰਾਂ ਨੂੰ ਗ਼ਾਜ਼ੀਆਂ ਦੇ ਇਕ ਬਹੁਤ ਭਾਰੀ ਲਸ਼ਕਰ ਸਮੇਤ ਮਿਰਜ਼ਾ ਸਮੀ ਖ਼ਾਨ ਨੂੰ ਆਪਣਾ ਲਾਇਬੁਲ ਸਲਤਨਤ ਮੁਕੱਰਰ ਕਰਕੇ 15 ਅਪ੍ਰੈਲ, 1837 ਨੂੰ ਖ਼ਾਲਸੇ 'ਤੇ ਚੜ੍ਹਾਈ ਕਰਨ ਲਈ ਤੋਰ ਦਿੱਤਾ।
ਉਧਰ ਇਕ ਪਾਸੇ ਸਰਹੱਦ ਦੀ ਸੁਰੱਖਿਆ ਦੀਆਂ ਤਿਆਰੀਆਂ ਲਈ ਕਿਲ੍ਹਿਆਂ ਦੇ ਨਿਰਮਾਣ ਵਿਚ ਦਿਨ-ਰਾਤ ਜੁਟੇ ਰਹਿਣ ਕਰਕੇ ਸ: ਹਰੀ ਸਿੰਘ ਨਲੂਆ ਥਕੇਵੇਂ ਦੇ ਕਾਰਨ ਪਿਸ਼ਾਵਰ ਦੇ ਕਿਲ੍ਹੇ ਵਿਚ ਬਿਮਾਰ ਪਏ ਹੋਏ ਸਨ ਅਤੇ ਵੈਦਾਂ ਨੇ ਉਨ੍ਹਾਂ ਨੂੰ ਕਿਤੇ ਵੀ ਜਾਣ ਤੋਂ ਮਨ੍ਹਾ ਕਰਕੇ ਆਰਾਮ ਕਰਨ ਲਈ ਕਿਹਾ ਹੋਇਆ ਸੀ। ਦੂਜੇ ਪਾਸੇ ਲਾਹੌਰ ਵਿਚ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਸਮਾਗਮ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਅੰਗਰੇਜ਼ ਅਫ਼ਸਰਾਂ, ਰਾਜਿਆਂ, ਮਹਾਰਾਜਿਆਂ ਤੇ ਨਵਾਬਾਂ ਨੂੰ ਪ੍ਰਭਾਵਿਤ ਕਰਨ ਲਈ ਪਿਸ਼ਾਵਰ ਤੋਂ ਵੱਡੀ ਗਿਣਤੀ ਵਿਚ ਫ਼ੌਜ ਮੰਗਵਾ ਲਈ ਗਈ ਸੀ।
ਸ: ਨਲੂਆ ਦੁਆਰਾ ਨਿਯੁਕਤ ਕੀਤੇ ਕਿਲ੍ਹਾ ਜਮਰੌਂਦ ਦੇ ਕਿਲ੍ਹੇਦਾਰ ਅਤੇ ਉਨ੍ਹਾਂ ਦੇ ਪਾਲਿਤ ਪੁੱਤਰ ਸ: ਮਹਾਂ ਸਿੰਘ ਮੀਰਪੁਰੀਏ ਵਲੋਂ ਰੋਜ਼ਾਨਾ ਅਫ਼ਗ਼ਾਨੀਆਂ ਵਲੋਂ ਜੰਗੀ ਤਿਆਰੀਆਂ ਦੀਆਂ ਖ਼ਬਰਾਂ ਪਹੁੰਚ ਰਹੀਆਂ ਸਨ। ਸ: ਮੀਰਪੁਰੀਏ ਨੇ ਕਿਲ੍ਹੇ ਵਿਚੋਂ ਸ: ਨਲੂਆ ਪਾਸ ਲਿਖਤੀ ਸੁਨੇਹਾ ਭੇਜਿਆ, ਜਿਸ ਵਿਚ ਉਸ ਨੇ ਫ਼ੌਜ ਦੀ ਮੰਗ ਕੀਤੀ। ਸ: ਨਲੂਆ ਨੇ ਉਸ ਦੇ ਖ਼ਤ ਸਮੇਤ ਆਪਣੇ ਵਲੋਂ ਇਕ ਅਰਜ਼ੀ ਲਿਖਵਾ ਕੇ ਮਹਾਰਾਜਾ ਪਾਸ ਜਲਦੀ ਨਾਲ ਲਾਹੌਰ ਭਿਜਵਾ ਦਿੱਤੀ, ਜਿਸ 'ਚ ਉਨ੍ਹਾਂ ਪਿਸ਼ਾਵਰ ਦੀ ਫ਼ੌਜ ਜਲਦੀ ਵਾਪਸ ਭੇਜਣ ਦੀ ਮੰਗ ਕੀਤੀ। ਇਤਿਹਾਸਕ ਦਸਤਾਵੇਜ਼ਾਂ 'ਚ ਦਰਜ ਹੈ ਕਿ ਇਹ ਸੁਨੇਹਾ 26 ਅਪ੍ਰੈਲ ਦੀ ਦੁਪਹਿਰ ਰਾਜਾ ਧਿਆਨ ਸਿੰਘ ਪਾਸ ਪਹੁੰਚ ਗਿਆ, ਪਰ ਉਸ ਨੇ ਇਸ ਬਾਰੇ ਜਾਣਕਾਰੀ ਮਹਾਰਾਜਾ ਨੂੰ ਨਾ ਦਿੱਤੀ, ਜਿਸ ਕਾਰਨ 30 ਅਪ੍ਰੈਲ ਤੱਕ ਵੀ ਲਾਹੌਰ ਦਰਬਾਰ ਵਲੋਂ ਪਿਸ਼ਾਵਰ ਕੋਈ ਜਵਾਬ ਨਾ ਪਹੁੰਚਿਆ। ਉਧਰ ਅਫ਼ਗ਼ਾਨ 27 ਅਪ੍ਰੈਲ ਨੂੰ ਦੱਰਾ ਖ਼ੈਬਰ ਦੇ ਪੂਰਬੀ ਸਿਰੇ 'ਤੇ ਪਹੁੰਚ ਚੁੱਕੇ ਸਨ। ਜਦੋਂ ਉਨ੍ਹਾਂ ਨੂੰ ਸ: ਨਲੂਆ ਦੇ ਕਿਲ੍ਹੇ ਵਿਚ ਮੌਜੂਦ ਨਾ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋ ਗਏਅਤੇ ਅਗਲੇ ਦਿਨ 28 ਅਪ੍ਰੈਲ ਨੂੰ ਉਨ੍ਹਾਂ ਨੇ ਕਿਲ੍ਹੇ 'ਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਇਸ ਗੋਲਾਬਾਰੀ ਦੇ ਜਵਾਬ ਵਿਚ ਸ: ਮਹਾਂ ਸਿੰਘ ਨੇ ਵੀ ਕਿਲ੍ਹੇ 'ਚੋਂ ਅਫ਼ਗ਼ਾਨੀਆਂ ਉੱਪਰ ਗੋਲਾਬਾਰੀ ਸ਼ੁਰੂ ਕਰਵਾ ਦਿੱਤੀ। ਇਸ ਗੋਲਾਬਾਰੀ ਦਾ ਸਿਲਸਿਲਾ ਰਾਤ ਦਾ ਹਨੇਰਾ ਹੋਣ ਤੱਕ ਚਲਦਾ ਰਿਹਾ।
ਦੂਜੇ ਦਿਨ ਵੀ ਅਫ਼ਗ਼ਾਨੀਆਂ ਨੇ ਦਿਨ ਚੜ੍ਹਦਿਆਂ ਹੀ ਕਿਲ੍ਹੇ ਉੱਪਰ ਤੋਪਾਂ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਕਿਲ੍ਹੇ 'ਚ ਮੌਜੂਦ 800 ਦੇ ਲਗਪਗ ਖ਼ਾਲਸਾ ਫ਼ੌਜ ਦਾ ਅਫ਼ਗਾਨੀਆਂ ਦੇ 20,000 ਲਸ਼ਕਰ ਅੱਗੇ ਜ਼ਿਆਦਾ ਦੇਰ ਤੱਕ ਡਟੇ ਰਹਿਣਾ ਸੰਭਵ ਨਹੀਂ ਸੀ, ਪਰ ਫਿਰ ਵੀ ਖ਼ਾਲਸਾ ਫ਼ੌਜ ਦੇ ਹੌਸਲੇ ਬੁਲੰਦ ਰਹੇ ਅਤੇ ਉਹ ਅਫ਼ਗ਼ਾਨੀਆਂ ਉੱਪਰ ਲਗਾਤਾਰ ਜਵਾਬੀ ਹਮਲੇ ਕਰਦੇ ਰਹੇ। 30 ਅਪ੍ਰੈਲ ਨੂੰ ਅਫ਼ਗ਼ਾਨੀ ਕਿਲ੍ਹੇ ਦੀ ਬਾਹਰੀ ਬਾਹੀ ਨੂੰ ਤੋਪਾਂ ਦੇ ਗੋਲਿਆਂ ਨਾਲ ਢਾਹੁਣ ਵਿਚ ਕਾਮਯਾਬ ਹੋ ਗਏ, ਕਿਉਂਕਿ ਕਿਲ੍ਹਾ ਅਜੇ ਨਵਾਂ ਹੀ ਬਣਾਇਆ ਗਿਆ ਸੀ ਅਤੇ ਕਿਸੇ ਵੱਡੇ ਹਮਲੇ ਦੀ ਝਾਲ ਝੱਲਣ ਦੇ ਯੋਗ ਨਹੀਂ ਹੋਇਆ ਸੀ। ਇਸ ਦੇ ਬਾਵਜੂਦ ਅਫ਼ਗ਼ਾਨੀ ਲਸ਼ਕਰ ਦਾ ਕਿਲ੍ਹੇ ਦੇ ਅੰਦਰ ਵੜਨ ਦਾ ਹੌਸਲਾ ਨਾ ਬਣਿਆ। ਜਦ ਰਾਤ ਹੋਈ ਤਾਂ ਖ਼ਾਲਸਾ ਫ਼ੌਜ ਨੇ ਬੜੀ ਬਹਾਦਰੀ ਨਾਲ ਕਿਲ੍ਹੇ ਦੀ ਫ਼ਸੀਲ ਦਾ ਪਾੜ ਰੇਤ ਦੀਆਂ ਬੋਰੀਆਂ ਰੱਖ ਕੇ ਬੰਦ ਕਰ ਦਿੱਤਾ। ਕਿਲ੍ਹੇ ਦੀ ਅੰਦਰੂਨੀ ਹਾਲਤ ਅਤੇ ਬਾਹਰੋਂ ਫ਼ੌਜੀ ਮਦਦ ਬਾਰੇ ਸ: ਨਲੂਆ ਨੂੰ ਸੂਚਿਤ ਕਰਨਾ ਬਹੁਤ ਜ਼ਰੂਰੀ ਸੀ। ਖ਼ਾਲਸੇ ਦਾ ਅੰਤਿਮ ਸੰਦੇਸ਼ ਸ: ਨਲੂਆ ਤੱਕ ਪਹੁੰਚਾਉਣ ਲਈ ਇਕ ਬੀਬੀ ਹਰਸ਼ਰਨ ਕੌਰ ਪਠਾਣੀ ਦਾ ਭੇਸ ਬਣਾ ਕੇ ਰਾਤੋ-ਰਾਤ ਕਿਲ੍ਹੇ ਵਿਚੋਂ ਨਿਕਲ ਕੇ 30 ਅਪ੍ਰੈਲ ਨੂੰ ਪਿਸ਼ਾਵਰ ਪਹੁੰਚ ਗਈ। ਜਦੋਂ ਮਹਾਂ ਸਿੰਘ ਦਾ ਖ਼ਤ ਸ: ਨਲੂਆ ਪਾਸ ਪਹੁੰਚਿਆ ਤਾਂ ਬਿਨਾਂ ਆਪਣੀ ਬਿਮਾਰੀ ਅਤੇ ਪ੍ਰਾਣਾਂ ਦੀ ਪ੍ਰਵਾਹ ਕਰਦੇ ਹੋਏ ਉਹ ਉੱਠ ਖੜ੍ਹੇ ਹੋਏ। ਇੱਥੋਂ ਹੀ ਉਨ੍ਹਾਂ ਸ: ਮਹਾਂ ਸਿੰਘ ਵਲੋਂ ਲਿਖੇ ਅੰਤਿਮ ਖ਼ਤ ਦੇ ਨਾਲ ਹੀ ਆਪਣੇ ਵਲੋਂ ਇਕ ਖ਼ਤ ਲਿਖ ਕੇ ਮਹਾਰਾਜਾ ਪਾਸ ਲਾਹੌਰ ਭਿਜਵਾ ਦਿੱਤਾ। ਸ: ਨਲੂਆ ਵਲੋਂ 15 ਮਾਰਚ ਤੋਂ 21 ਅਪ੍ਰੈਲ ਤੱਕ ਲਗਾਤਾਰ ਫ਼ੌਜੀ ਇਮਦਾਦ ਲਈ ਚਾਰ ਅਰਜ਼ੀਆਂ ਲਾਹੌਰ ਦਰਬਾਰ ਵੱਲ ਭੇਜੀਆਂ ਗਈਆਂ। ਹਾਲਾਂਕਿ ਕੰਵਰ ਦਾ ਵਿਆਹ 7 ਮਾਰਚ, 1837 ਨੂੰ ਹੋ ਚੁੱਕਾ ਸੀ, ਪਰ ਮਹਾਰਾਜਾ ਅੰਗਰੇਜ਼ ਮਹਿਮਾਨਾਂ ਨੂੰ ਸੈਰ ਅਤੇ ਸ਼ਿਕਾਰ ਕਰਾਉਣ ਤੋਂ ਬਾਅਦ ਲਾਹੌਰ ਤੋਂ ਵਿਦਾ ਕਰਨ 'ਚ ਰੁੱਝੇ ਰਹੇ, ਜਿਸ ਕਰਕੇ ਰਾਜਾ ਧਿਆਨ ਸਿੰਘ ਨੂੰ ਫ਼ੌਜਾਂ ਪਿਸ਼ਾਵਰ ਨਾ ਭੇਜਣ ਦਾ ਬਹਾਨਾ ਮਿਲ ਗਿਆ।
ਖੈਰ, ਸ: ਨਲੂਆ ਨੇ ਤੁਰੰਤ ਪਿਸ਼ਾਵਰ ਕਿਲ੍ਹੇ ਵਿਚਲੀ ਫ਼ੌਜ ਨੂੰ ਜਮਰੌਂਦ ਵੱਲ ਕੂਚ ਕਰਨ ਦਾ ਹੁਕਮ ਦੇ ਦਿੱਤਾ। ਬੁਰਜ ਹਰੀ ਸਿੰਘ ਦੇ ਨਜ਼ਦੀਕ ਪਹੁੰਚ ਕੇ ਸ: ਨਲੂਆ ਨੇ ਫ਼ੌਜ ਨੂੰ ਤਿੰਨ ਹਿੱਸਿਆਂ ਵਿਚ ਵੰਡ ਲਿਆ। ਇਕ ਹਿੱਸਾ ਸ: ਨਿਧਾਨ ਸਿੰਘ 'ਪੰਜ ਹੱਥਾਂ' ਨਾਲ ਤੋਰ ਦਿੱਤਾ, ਦੂਸਰਾ ਅਮਰ ਸਿੰਘ ਖ਼ੁਰਦ 'ਮਜੀਠੀਆ' ਨਾਲ ਅਤੇ ਤੀਸਰਾ ਆਪਣੇ ਨਾਲ ਰੱਖਿਆ। ਉਧਰ ਜਦੋਂ ਅਫ਼ਗ਼ਾਨੀ ਕਿਲ੍ਹੇ ਉੱਪਰ ਕਬਜ਼ਾ ਕਰਨ ਦੀ ਪੂਰੀ ਤਿਆਰੀ ਕਰੀ ਬੈਠੇ ਸਨ ਤਾਂ ਬਿਲਕੁਲ ਉਸੇ ਮੌਕੇ ਸ: ਨਲੂਆ ਨੇ ਜਮਰੌਦ ਪਹੁੰਚ ਕੇ ਅਫ਼ਗ਼ਾਨੀਆਂ 'ਤੇ ਅਜਿਹਾ ਹਮਲਾ ਕੀਤਾ ਕਿ ਵੇਖਦਿਆਂ ਹੀ ਵੇਖਦਿਆਂ ਜਮਰੌਂਦ ਦੇ ਕਿਲ੍ਹੇ ਦੇ ਬਾਹਰ ਦੂਰ-ਦੂਰ ਤੱਕ ਅਫ਼ਗ਼ਾਨੀਆਂ ਦੇ ਧੜ ਤੋਂ ਵੱਖ ਹੋਏ ਸਿਰ ਨਜ਼ਰ ਆ ਰਹੇ ਸਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ।
ਮੋਬਾ: 93561-27771.

ਸ਼ਹੀਦੀ ਜੋੜ-ਮੇਲੇ 'ਤੇ ਵਿਸ਼ੇਸ਼

ਵੱਡਾ ਘੱਲੂਘਾਰਾ ਕੁੱਪ-ਰੋਹੀੜਾ

'ਕੌਮਾਂ ਉਹੋ ਜਹਾਨ ਵਿਚ ਜਿਉਂਦੀਆਂ ਨੇ ਜਿਹੜੀਆਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ, ਅੰਤ ਪੈਂਦਾ ਏ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ੍ਹ ਪੈ ਜੇ।' ਜੇਕਰ ਸਿੱਖ ਕੌਮ ਨੂੰ ਸ਼ਹੀਦਾਂ ਦੀ ਕੌਮ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਮਲੇਰਕੋਟਲਾ ਤੋਂ ਲੁਧਿਆਣਾ ਹਾਈਵੇ ਦੇ ਨਜ਼ਦੀਕ ਅਤੇ ਮੰਡੀ ਅਹਿਮਦਗੜ੍ਹ ਤੋਂ 3 ਕਿਲੋਮੀਟਰ ਦੇ ਫਰਕ 'ਤੇ ਥੇਹ ਦੇ ਸਥਾਨ 'ਤੇ 35,000 ਸਿੰਘਾਂ ਦੀ ਯਾਦ ਵਿਚ ਗੁਰਦੁਆਰਾ ਸ਼ਹੀਦ ਗੰਜ ਵੱਡਾ ਘੱਲੂਘਾਰਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੁੱਪ-ਰੋਹੀੜਾ ਜਿਹੜਾ ਕਿ ਸਿੱਖ ਇਤਿਹਾਸ ਵਿਚ ਵੱਡਾ ਘੱਲੂਘਾਰਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜਿੱਥੇ 1762 ਈ: ਵਿਚ ਅਹਿਮਦ ਸ਼ਾਹ ਅਬਦਾਲੀ ਨੇ ਨਿਹੱਥੇ 35,000 ਦੇ ਕਰੀਬ ਸਿੰਘ, ਸਿੰਘਣੀਆਂ ਅਤੇ ਭੁਜੰਗੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਸਥਾਨ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਜਾਵੇ ਤਾਂ ਪਤਾ ਲਗਦਾ ਹੈ ਕਿ ਅਬਦਾਲੀ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਕਸਮ ਖਾਧੀ ਹੋਈ ਸੀ। ਪਰ ਸਿੰਘਾਂ ਉੱਪਰ ਉਹ ਜਿੰਨੇ ਵੀ ਅੱਤਿਆਚਾਰ ਕਰਦਾ, ਸਿੰਘ ਚੜ੍ਹਦੀ ਕਲਾ ਵਿਚ ਰਹਿੰਦੇ। ਸੰਨ 1762 ਈ: ਵਿਚ ਜਲੰਧਰ ਨੇੜਲੇ ਪਿੰਡ ਜੰਡਿਆਲਾ ਦੇ ਆਕਲ ਦਾਸ ਵਰਗੇ ਚੁਗਲਾਂ ਦੇ ਉਕਸਾਉਣ 'ਤੇ ਅਬਦਾਲੀ ਨੇ ਹਮਲਾ ਕਰਨ ਦੀ ਤਿਆਰੀ ਕਰ ਦਿੱਤੀ।
ਅਬਦਾਲੀ ਦੀਆਂ ਫੌਜਾਂ ਦੇ ਹਮਲੇ ਦੌਰਾਨ ਸਿੰਘ ਆਪਣੇ ਵਹੀਰ ਨੂੰ ਬਚਾਉਂਦੇ ਹੋਏ ਆਲੇ-ਦੁਆਲੇ ਘੇਰਾ ਮਾਰ ਕੇ ਲੜੇ। ਉਸ ਸਮੇਂ ਵਹੀਰ ਦੇ ਰਾਖੇ ਭਾਈ ਸੇਖੂ ਸਿੰਘ, ਸੱਗੂ ਸਿੰਘ ਭਾਈਕਾ ਤੇ ਬੁੱਢਾ ਸਿੰਘ ਆਦਿ ਸਨ। ਮਰਨ ਤੇ ਲੜਨ ਵਾਲੇ ਦਲ ਦੇ ਆਗੂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ, ਸ: ਸ਼ਾਮ ਸਿੰਘ, ਸ: ਕਰੋੜਾ ਸਿੰਘ, ਸ: ਕਰਮ ਸਿੰਘ, ਸ: ਗੁੱਜਰ ਸਿੰਘ, ਸ: ਨਾਹਰ ਸਿੰਘ ਤੇ ਹਰੀ ਸਿੰਘ ਭੰਗੂ ਅਤੇ ਰਾਮਗੜ੍ਹੀਆ ਮਿਸਲ ਦੇ ਆਗੂ ਆਦਿ ਸਨ। ਸਿੰਘਾਂ ਨੂੰ ਸਭ ਤੋਂ ਵੱਡੀ ਔਕੜ ਆਪਣੇ ਨਾਲ ਦੇ ਵਹੀਰ ਨੂੰ ਬਚਾਉਣ ਦੀ ਸੀ। ਰੋਹੀੜੇ ਦੇ ਥੇਹ ਪਾਸ ਪਾਣੀ ਦੀ ਢਾਬ ਸੀ, ਜਿੱਥੇ ਬਹੁਤ ਹੀ ਘਮਸਾਣ ਦਾ ਯੁੱਧ ਹੋਇਆ। ਸਿੰਘਾਂ ਨੇ ਪਹਿਲਾਂ ਹਮਲਾ ਨਹੀਂ ਕੀਤਾ, ਸਗੋਂ ਦੁਸ਼ਮਣ ਦੇ ਹਮਲੇ ਨੂੰ ਪੱਥਰ ਦੀ ਚਟਾਨ ਬਣ ਕੇ ਰੋਕਿਆ ਅਤੇ ਜੀਵਨ-ਮੌਤ ਦੀ ਲੜਾਈ ਲੜਦੇ ਵਹੀਰ ਨੂੰ ਬਚਾਉਂਦੇ ਅੱਗੇ ਤੋਂ ਅਗੇ ਵਧ ਰਹੇ ਸਨ। ਤਲਵਾਰ, ਬੰਦੂਕ, ਭਾਲਾ ਅਤੇ ਹੋਰ ਮਾਰੂ ਹਥਿਆਰਾਂ ਨਾਲ ਐਸੀ ਖੂਨ ਡੋਲ੍ਹਵੀਂ ਲੜਾਈ ਹੋਈ ਕਿ ਪਲਾਂ ਵਿਚ ਹੀ ਲੋਥ 'ਤੇ ਲੋਥ ਚੜ੍ਹ ਗਈ।
ਇਸ ਤਰ੍ਹਾਂ ਇਤਿਹਾਸ ਵਿਚ ਇਸ ਲੜਾਈ ਨੂੰ ਵੱਡਾ ਘੱਲੂਘਾਰੇ ਦਾ ਨਾਂਅ ਦਿੱਤਾ ਗਿਆ, ਜਿੱਥੇ ਕਿ ਲਿਖਾਰੀਆਂ ਮੁਤਾਬਿਕ 30-35 ਹਜ਼ਾਰ ਸਿੰਘਾਂ ਦਾ ਜਾਨੀ ਨੁਕਸਾਨ ਹੋਣ ਦੀ ਗੱਲ ਲਿਖੀ ਹੈ। ਸ: ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ 'ਤੇ 64 ਤੋਂ ਵੱਧ ਜ਼ਖਮਾਂ ਦੇ ਫੱਟ ਸਨ। ਸੰਨ 1962 ਵਿਚ ਬਾਬਾ ਕੇਹਰ ਸਿੰਘ ਮੁਸਾਫਰ ਰੋਹੀੜਾ ਨਗਰ ਆਏ। ਉਨ੍ਹਾਂ ਨੂੰ ਵੱਡੇ ਘੱਲੂਘਾਰੇ ਦੇ ਸ਼ਹੀਦੀ ਅਸਥਾਨ ਬਾਰੇ ਗਿਆਨ ਸੀ। ਉਨ੍ਹਾਂ ਨੇ ਪਿੰਡ ਰੋਹੀੜੇ ਦੀ ਸੰਗਤ ਨੂੰ ਪ੍ਰੇਰ ਕੇ ਇਸ ਅਸਥਾਨ 'ਤੇ ਸ਼ਹੀਦੀ ਯਾਦਗਾਰ ਬਣਾਉਣੀ ਆਰੰਭ ਕੀਤੀ। ਇਸ ਅਸਥਾਨ ਦੀ ਸੇਵਾ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆਂ ਵਲੋਂ ਬਾਬਾ ਕਿਰਪਾਲ ਸਿੰਘ ਡੇਰਾ ਭਵਾਨੀਗੜ੍ਹ ਵਾਲਿਆਂ ਨੂੰ ਸੌਂਪ ਦਿੱਤੀ ਗਈ ਅਤੇ ਉਨ੍ਹਾਂ ਵਲੋਂ ਮਿਤੀ 11.8.2001 ਨੂੰ ਸੇਵਾ ਆਰੰਭ ਕੀਤੀ ਗਈ ਅਤੇ ਹੁਣ ਰਿਹਾਇਸ਼ੀ ਕਮਰੇ, ਸ਼ਾਨਦਾਰ ਦਰਬਾਰ ਸਾਹਿਬ ਅਤੇ ਲੰਗਰ ਹਾਲ ਦੀ ਆਲੀਸ਼ਾਨ ਇਮਾਰਤ ਬਣ ਚੁੱਕੀ ਹੈ।
ਇਸ ਅਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਮਿਤੀ 3, 4, 5 ਫਰਵਰੀ, 2019 ਨੂੰ ਸਾਲਾਨਾ ਸ਼ਹੀਦੀ ਜੋੜ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਲੱਗ ਰਿਹਾ ਹੈ, ਜਿੱਥੇ ਉਚਕੋਟੀ ਦੇ ਰਾਗੀ, ਢਾਡੀ, ਸੰਤ-ਮਹਾਂਪੁਰਸ਼ ਅਤੇ ਕੀਤਰਨੀ ਜਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਅਤੇ ਹਰ ਮਹੀਨੇ ਸ਼ਹੀਦਾਂ ਦੀ ਯਾਦ ਵਿਚ ਦਸਵੀਂ ਦਾ ਦਿਹਾੜੇ 'ਤੇ ਵੀ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾ ਕੇ ਕੀਰਤਨ ਵਿਚਾਰਾਂ ਕੀਤੀਆਂ ਜਾਂਦੀਆਂ ਹਨ। ਸੰਗਤਾਂ ਦੇ ਆਉਣ ਲਈ ਰੋਹੀੜਾ ਵੱਡਾ ਘੱਲੂਘਾਰਾ ਬਿਲਕੁਲ ਨਾਲ ਹੀ ਰੇਲਵੇ ਸ਼ਟੇਸ਼ਨ ਵੀ ਹੈ। ਇਸ ਅਸਥਾਨ ਦੇ ਨਜ਼ਦੀਕ ਹੀ ਪਿਛਲੀ ਅਕਾਲੀ ਸਰਕਾਰ ਵਲੋਂ ਮਿਤੀ 29 ਨਵੰਬਰ, 2011 ਨੂੰ ਵਿਸ਼ਾਲ ਸ਼ਹੀਦੀ ਸਮਾਰਕ ਦਾ ਕੰਮ 10 ਕੀਲਿਆਂ ਵਿਚ ਆਰੰਭਿਆ ਸੀ ਅਤੇ ਹੁਣ ਸੰਗਤਾਂ ਦੇ ਦਰਸ਼ਨਾਂ ਲਈ ਤਿਆਰ ਹੈ, ਜਿੱਥੇ ਕਿ ਸ਼ਹੀਦੀ ਅਜਾਇਬ ਘਰ, 105 ਫੁੱਟ ਉੱਚਾ ਨਿਸ਼ਾਨ-ਏ-ਖਾਲਸਾ ਅਤੇ ਧਾਰਮਿਕ ਫਿਲਮਾਂ ਦਿਖਾਉਣ ਲਈ ਸ਼ਾਨਦਾਰ ਏ.ਸੀ. ਥੀਏਟਰ ਅਤੇ ਹੋਰ ਆਲੀਸ਼ਾਨ ਸਮਾਰਕ ਤਿਆਰ ਹੋ ਕੇ ਨਮੂਨੇ ਦੀ ਯਾਦਗਾਰ ਬਣਾਈ ਗਈ ਹੈ ਅਤੇ ਉਨ੍ਹਾਂ ਸਿੰਘ ਸ਼ਹੀਦਾਂ ਦੀ ਯਾਦ ਤਾਜ਼ਾ ਕਰਵਾ ਰਹੀ ਹੈ।


-ਅਹਿਮਦਗੜ੍ਹ। ਮੋਬਾ: 98141-88306

ਹਿਮਾਲਿਆ ਪਰਬਤ ਦੇ ਪੰਜ ਮਹਾਨ ਤੀਰਥ ਸਥਾਨ-5

ਖ਼ੂਬਸੂਰਤ ਝਰਨਿਆਂ ਤੇ ਝੀਲਾਂ ਦਾ ਨਜ਼ਾਰਾ ਹੈ ਮੱਧ ਮਹੇਸ਼ਵਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮੱਧਮਹੇਸ਼ਵਰ ਹਿੰਦੂ ਧਰਮ ਦਾ ਪੰਜਵਾਂ ਮਹਾਨ ਤੀਰਥ ਸਥਾਨ ਹੈ, ਜੋ ਮਨੁੱਖੀ ਜੀਵਨ ਨੂੰ ਸੰਪੂਰਨ ਬਣਾਉਂਦਾ ਹੈ। ਇਸ ਦਾ ਆਰੰਭ ਵੀ ਹਰਿਦੁਆਰ ਤੋਂ ਹੁੰਦਾ ਹੈ। ਇਥੋਂ ਸਵੇਰੇ ਕੇਦਾਰਨਾਥ ਜਾਣ ਵਾਲੀ ਬੱਸ ਲਈ ਜਾ ਸਕਦੀ ਹੈ। ਇਹ ਬੱਸ ਗੌਰੀਕੁੰਡ ਤੱਕ ਜਾਂਦੀ ਹੈ। ਪਰ ਮੱਧ ਮਹੇਸ਼ਵਰ ਜਾਣ ਲਈ ਸਾਨੂੰ ਗੌਰੀਕੁੰਡ ਤੋਂ 40 ਕਿਲੋਮੀਟਰ ਪਹਿਲਾਂ ਕੁੰਡ ਨਾਂਅ ਦੇ ਸਥਾਨ 'ਤੇ ਉਤਰਨਾ ਪੈਂਦਾ ਹੈ। ਕੁੰਡ ਤੋਂ ਬੱਸ ਜਾਂ ਟੈਕਸੀ ਰਾਹੀਂ ਊਖੀ ਮੱਠ, ਰਾਂਸੀ ਤੇ ਗੋਧਾਰ ਪਿੰਡਾਂ ਨੂੰ ਪਾਰ ਕਰਦਿਆਂ ਖੂਬਸੂਰਤ ਪਹਾੜੀ ਝਰਨਿਆਂ ਅਤੇ ਝੀਲਾਂ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਗੋਧਾਰ ਵਿਚ ਰਾਤ ਠਹਿਰਨ ਲਈ ਗੈਸਟ ਹਾਊਸ ਮਿਲ ਜਾਂਦਾ ਹੈ, ਜਿਥੇ ਰਾਤ ਨੂੰ ਆਰਾਮ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਥੇ ਰਹਿਣ ਲਈ ਸਸਤੇ ਹੋਟਲ ਤੇ ਰੈਣ ਬਸੇਰੇ ਵੀ ਮਿਲ ਜਾਂਦੇ ਹਨ, ਜੋ ਸਫ਼ਰ ਦੀ ਥਕਾਵਟ ਨੂੰ ਦੂਰ ਕਰਨ ਲਈ ਸਹਾਈ ਹੁੰਦੇ ਹਨ। ਇਸ ਤੋਂ ਅੱਗੇ ਸ਼ੁਰੂ ਹੁੰਦੀ ਹੈ ਮੱਧਮਹੇਸ਼ਵਰ ਮੰਦਰ ਦੀ 9 ਕਿਲੋਮੀਟਰ ਲੰਬੀ ਸਖ਼ਤ ਚੜ੍ਹਾਈ, ਜੋ ਸੰਘਣੇ ਤੇ ਘਣੇ ਸੁਰੱਖਿਅਤ ਜੰਗਲ ਵਿਚੋਂ ਦੀ ਗੁਜ਼ਰਦੀ ਹੈ। ਇਸ ਸਖ਼ਤ ਚੜ੍ਹਾਈ ਤੋਂ ਬਾਅਦ ਹੀ ਮੱਧਮਹੇਸ਼ਵਰ ਮੰਦਰ ਦੇ ਦਰਸ਼ਨ ਹੁੰਦੇ ਹਨ। ਇਹ ਤੀਰਥ ਸਥਾਨ ਸਮੁੰਦਰ ਤਲ ਤੋਂ 3289 ਮੀਟਰ ਅਰਥਾਤ 10790 ਫੁੱਟ ਦੀ ਉਚਾਈ 'ਤੇ ਹੈ। ਇਹ ਮੰਦਰ ਪਹਾੜਾਂ ਨਾਲ ਘਿਰੀ ਇਕ ਖੁੱਲ੍ਹੀ ਵਾਦੀ ਵਿਚ ਬਣਿਆ ਹੋਇਆ ਹੈ। ਇਥੇ ਹਮੇਸ਼ਾ ਰੌਣਕ ਲੱਗੀ ਰਹਿੰਦੀ ਹੈ। ਦੂਰ-ਦੂਰ ਤੋਂ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਇਸ ਤੀਰਥ ਸਥਾਨ ਦੀ ਯਾਤਰਾ ਕਰਦੇ ਹਨ।
ਮੱਧਮਹੇਸ਼ਵਰ ਮੰਦਰ ਤੋਂ ਉੱਪਰ ਤਕਰੀਬਨ 300 ਮੀਟਰ (ਇਕ ਹਜ਼ਾਰ ਫੁੱਟ) ਦੀ ਉਚਾਈ ਤੋਂ ਹਿਮਾਲਿਆ ਪਰਬਤ ਦੀਆਂ ਬਰਫਾਨੀ ਤੇ ਖੂਬਸੂਰਤ ਚੋਟੀਆਂ ਦਾ ਦਿਲਕਸ਼ ਨਜ਼ਾਰਾ ਬਾਖੂਬੀ ਦੇਖਿਆ ਜਾ ਸਕਦਾ ਹੈ। ਇਸ ਨੂੰ ਦੇਖ ਕੇ ਮਨ ਅਨੰਦਿਤ ਹੋ ਜਾਂਦਾ ਹੈ। ਹਿੰਦੂ ਧਰਮ ਅਨੁਸਾਰ ਉਪਰੋਕਤ ਪੰਜ ਤੀਰਥ ਸਥਾਨਾਂ ਦੀ ਯਾਤਰਾ ਤੋਂ ਬਿਨਾਂ ਮਨੁੱਖੀ ਜੀਵਨ ਨੂੰ ਅਧੂਰਾ ਮੰਨਿਆ ਜਾਂਦਾ ਹੈ। ਇਨ੍ਹਾਂ ਤੀਰਥ ਸਥਾਨਾਂ ਦੀ ਇਕ ਮਹੱਤਵਪੂਰਨ ਮਿੱਥ ਵੀ ਹੈ, ਜਿਸ ਅਨੁਸਾਰ ਇਹ ਪੰਜੇ ਤੀਰਥ ਸਥਾਨ ਸ਼ਿਵ ਜੀ ਦੇ ਸਰੀਰ ਦੇ ਪੰਜ ਅੰਗਾਂ ਦੇ ਪ੍ਰਤੀਕ ਹਨ। ਮੱਧਮਹੇਸ਼ਵਰ ਧੁੰਨੀ ਵਾਲਾ ਭਾਗ ਹੈ। ਕਲਪੇਸ਼ਵਰ ਜਟਾਵਾਂ, ਤੁੰਗਨਾਥ ਬਾਹਵਾਂ, ਰੁਦਰਨਾਥ ਕ੍ਰੋਧਿਤ ਰੂਪ ਅਤੇ ਕੇਦਾਰਨਾਥ ਸ਼ਿਵ ਜੀ ਦੀ ਪਿੱਠ ਹੈ। ਜ਼ਿੰਦਗੀ ਨੂੰ ਸਫਲ ਬਣਾਉਣ ਲਈ ਸਾਨੂੰ ਪੰਜਾਂ ਤੀਰਥ ਸਥਾਨਾਂ ਦੀ ਯਾਤਰਾ ਕਰਨੀ ਚਾਹੀਦੀ ਹੈ। (ਸਮਾਪਤ)


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ॥

ਸਿਰੀਰਾਗੁ ਮਹਲਾ ੩
ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ॥
ਹਰਿ ਰਸੁ ਪੀਵੈ ਸਹਜਿ ਰਹੈ
ਉਡੈ ਨ ਆਵੈ ਜਾਇ॥
ਨਿਜ ਘਰਿ ਵਾਸਾ ਪਾਇਆ
ਹਰਿ ਹਰਿ ਨਾਮਿ ਸਮਾਇ॥ ੧॥
ਮਨ ਰੇ ਗੁਰ ਕੀ ਕਾਰ ਕਮਾਇ॥
ਗੁਰ ਕੈ ਭਾਣੈ ਜੇ ਚਲਹਿ
ਤਾ ਅਨਦਿਨੁ ਰਾਚਹਿ ਹਰਿ ਨਾਇ॥ ਰਹਾਉ॥
ਪੰਖੀ ਬਿਰਖ ਸੁਹਾਵੜੇ
ਊਡਹਿ ਚਹੁ ਦਿਸਿ ਜਾਹਿ॥
ਜੇਤਾ ਊਡਹਿ ਦੁਖ ਘਣੇ
ਨਿਤ ਦਾਝਹਿ ਤੈ ਬਿਲਲਾਹਿ॥
ਬਿਨੁ ਗੁਰ ਮਹਲੁ ਨ ਜਾਪਈ
ਨਾ ਅੰਮ੍ਰਿਤ ਫਲੁ ਪਾਹਿ॥ ੨॥
ਗੁਰਮੁਖਿ ਬ੍ਰਹਮੁ ਹਰੀਆਵਲਾ
ਸਾਚੈ ਸਹਜਿ ਸੁਭਾਇ॥
ਸਾਖਾ ਤੀਨਿ ਨਿਵਾਰੀਆ
ਏਕ ਸਬਦਿ ਲਿਵ ਲਾਇ॥
ਅੰਮ੍ਰਿਤ ਫਲੁ ਹਰਿ ਏਕੁ ਹੈ
ਆਪੇ ਦੇਇ ਖਵਾਇ॥ ੩॥
ਮਨਮੁਖ ਊਭੇ ਸੁਕਿ ਗਏ
ਨਾ ਫਲੁ ਤਿੰਨਾ ਛਾਉ॥
ਤਿੰਨਾ ਪਾਸਿ ਨ ਬੈਸੀਐ
ਓਨਾ ਘਰੁ ਨ ਗਿਰਾਉ॥
ਕਟੀਅਹਿ ਤੈ ਨਿਤ ਜਾਲੀਅਹਿ
ਓਨ੍ਰਾ ਸਬਦੁ ਨ ਨਾਉ॥ ੪॥
ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ॥
ਹੁਕਮੇ ਦਰਸਨੁ ਦੇਖਣਾ
ਜਹ ਭੇਜਹਿ ਤਹ ਜਾਉ॥
ਹੁਕਮੇ ਹਰਿ ਹਰਿ ਮਨਿ ਵਸੈ
ਹੁਕਮੇ ਸਚਿ ਸਮਾਉ॥ ੫॥
ਹੁਕਮੁ ਨ ਜਾਣਹ ਬਪੁੜੇ
ਭੂਲੇ ਫਿਰਹਿ ਗਵਾਰ॥
ਮਨ ਹਠਿ ਕਰਮ ਕਮਾਵਦੇ
ਨਿਤ ਨਿਤ ਹੋਹਿ ਖੁਆਰੁ॥
ਅੰਤਰਿ ਸਾਂਤਿ ਨ ਆਵਈ
ਨਾ ਸਚਿ ਲਗੈ ਪਿਆਰੁ॥ ੬॥
ਗੁਰਮੁਖੀਆ ਮੁਹ ਸੋਹਣੇ
ਗੁਰ ਕੈ ਹੇਤਿ ਪਿਆਰਿ॥
ਸਚੀ ਭਗਤੀ ਸਚਿ ਰਤੇ
ਦਰਿ ਸਚੈ ਸਚਿਆਰ॥
ਆਏ ਸੇ ਪਰਵਾਣੁ ਹਹਿ
ਸਭ ਕੁਲ ਕਾ ਕਰਹਿ ਉਧਾਰੁ॥ ੭॥
ਸਭ ਨਦਰੀ ਕਰਮ ਕਮਾਵਦੇ
ਨਦਰੀ ਬਾਹਰਿ ਨ ਕੋਇ॥
ਜੈਸੀ ਨਦਰਿ ਕਰਿ ਦੇਖੈ ਸਚਾ
ਤੈਸਾ ਹੀ ਕੋ ਹੋਇ॥
ਨਾਨਕ ਨਾਮਿ ਵਡਾਈਆ
ਕਰਮ ਪਰਾਪਤਿ ਹੋਇ॥ ੮॥ ੩॥ ੨੦॥
(ਅੰਗ 66)
ਪਦ ਅਰਥ : ਪੰਖੀ-ਪੰਛੀ, ਜੀਵ ਪੰਛੀ। ਬਿਰਖਿ-ਦਰੱਖਤ 'ਤੇ, ਸਰੀਰ ਰੂਪੀ ਰੁੱਖ 'ਤੇ। ਸੁਹਾਵੜਾ-ਸੋਹਣਾ, ਸੋਹਣੇ ਜੀਵਨ ਵਾਲਾ। ਭਾਇ-ਪ੍ਰੇਮ (ਗੁਰੂ ਦੇ ਪ੍ਰੇਮ ਵਿਚ)। ਰਸੁ-ਨਾਮ ਰਸ। ਸਹਜਿ ਰਹੈ-ਆਤਮਿਕ ਅਵਸਥਾ ਅਥਵਾ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਉਡੈ ਨ ਆਵੈ ਜਾਇ-ਭਟਕਦਾ ਨਹੀਂ ਫਿਰਦਾ ਅਤੇ ਜਨਮ ਦੇ ਗੇੜ ਤੋਂ ਬਚਿਆ ਰਹਿੰਦਾ ਹੈ। ਨਿਜ ਘਰਿ-ਆਪਣੇ ਅਸਲੀ ਘਰ ਵਿਚ। ਸਮਾਇ-ਸਮਾਇਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ। ਗੁਰ ਕੀ ਕਾਰ ਕਮਾਇ-ਗੁਰੂ ਦੀ ਦੱਸੀ ਹੋਈ ਕਾਰ ਕਮਾਅ। ਗੁਰ ਕੈ ਭਾਣੈ-ਗੁਰੂ ਦੀ ਰਜ਼ਾ ਅਨੁਸਾਰ। ਜੇ ਚਲਹਿ-ਜੇਕਰ ਚਲੇਂਗਾ। ਅਨਦਿਨੁ-ਦਿਨ ਰਾਤ, ਹਰ ਵੇਲੇ। ਰਾਚਹਿ-ਜੁੜਿਆ ਰਹੇਂਗਾ। ਹਰਿ ਨਾਇ-ਪ੍ਰਭੂ ਦੇ ਨਾਮ ਵਿਚ।
ਚਹੁ ਦਿਸਿ-ਚੌਹੀਂ ਪਾਸੀਂ। ਜੇਤਾ ਊਡਹਿ-ਜਿੰਨਾ ਬਹੁਤਾ ਉਡਦੇ ਹਨ। ਦੁਖ ਘਣੇ-ਬਹੁਤਾ ਦੁੱਖ। ਨਿਤ ਦਾਝਹਿ ਤੈ ਬਿਲਲਾਹਿ-ਸਦਾ ਸੜਦੇ (ਖਿਝਦੇ) ਤੇ ਵਿਲਕਦੇ ਹਨ। ਮਹਲੁ-ਘਰ, ਟਿਕਾਣਾ। ਨ ਜਾਪਈ-ਪਤਾ ਨਹੀਂ ਲਗਦਾ। ਨਾ ਅੰਮ੍ਰਿਤ ਫਲ ਪਾਹਿ-ਅੰਮ੍ਰਿਤ ਨਾਮ ਰੂਪੀ ਫਲ ਪ੍ਰਾਪਤ ਨਹੀਂ ਕਰ ਸਕਦਾ।
ਹਰੀਆਵਲਾ-ਹਰਾ ਭਰਾ। ਬ੍ਰਹਮੁ-ਪਰਮਾਤਮਾ ਦਾ ਹੀ ਰੂਪ ਹੈ। ਸਾਚੈ-ਸਦਾ ਥਿਰ ਪ੍ਰਭੂ ਦੇ। ਸੁਭਾਇ-ਪ੍ਰੇਮ ਵਿਚ। ਸਹਜਿ-ਆਤਮਿਕ ਅਡੋਲਤਾ ਵਿਚ। ਸਾਖਾ ਤੀਨਿ-ਤਿੰਨ ਸ਼ਾਖਾਂ (ਮਾਇਆ ਦੇ ਤਿੰਨ ਰੂਪ-ਰਜੋ, ਤਮੋ, ਸਤੋ)। ਨਿਵਾਰੀਆ-ਦੂਰ ਕਰ ਲਏ ਹਨ, ਦੂਰ ਕਰ ਲਈਆਂ ਹਨ। ਹਰਿ ਏਕੁ ਹੈ-ਇਕ ਪ੍ਰਭੂ ਦਾ ਨਾਮ ਹੀ ਹੈ। ਆਪੇ ਦੇਇ ਖਵਾਇ-ਆਪ ਹੀ ਖੁਆ ਦਿੰਦਾ ਹੈ।
ਊਭੇ-ਖੜ੍ਹੇ ਖੜ੍ਹੇ ਹੀ। ਨਾ ਫਲੁ ਤਿੰਨਾ ਛਾਉ-ਨਾ ਉਨ੍ਹਾਂ ਨੂੰ ਫਲ ਲਗਦਾ ਹੈ ਅਤੇ ਨਾ ਉਨ੍ਹਾਂ ਦੀ ਛਾਂ ਹੁੰਦੀ ਹੈ। ਨ ਬੈਸੀਐ-ਬੈਠਣਾ ਨਹੀਂ ਚਾਹੀਦਾ। ਓਨਾ ਘਰੁ ਨ ਗਿਰਾਉ-ਘਰ ਘਾਟ ਨਹੀਂ ਹੁੰਦਾ। ਗਿਰਾਉ-ਗਰਾਂ, ਨਗਰ, ਪਿੰਡ। ਕਟੀਅਹਿ ਤੈ ਨਿਤ ਜਾਲੀਅਹਿ-ਸੁਕੇ ਦਰੱਖਤਾਂ ਵਾਂਗ ਨਿੱਤ ਕੱਟੇ ਤੇ ਸਾੜੇ ਜਾਂਦੇ ਹਨ। ਓਨ੍ਰਾ ਸਬਦੁ ਨ ਨਾਉ-ਉਨ੍ਹਾਂ ਪਾਸ ਨਾ ਹੀ ਗੁਰੂ ਦਾ ਸ਼ਬਦ ਹੁੰਦਾ ਹੈ ਅਤੇ ਨਾ ਹੀ ਪਰਮਾਤਮਾ ਦਾ ਨਾਮ।
ਗੁਰਬਾਣੀ ਇਸ ਗੱਲ ਦੀ ਸੂਚਕ ਹੈ ਕਿ ਪੂਰੇ ਗੁਰੂ ਦੇ ਸ਼ਬਦ ਦੁਆਰਾ ਹੀ ਪਰਮਾਤਮਾ ਨੂੰ ਸਿਮਰਿਆ ਜਾ ਸਕਦਾ ਹੈ ਅਤੇ ਗੁਰੂ ਦੇ ਸ਼ਬਦ ਦੁਆਰਾ ਹੀ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਗੁਰਵਾਕ ਹੈ-
ਪੂਰੇ ਗੁਰ ਕੈ ਸਬਦਿ ਧਿਆਈਐ
ਸਬਦੁ ਸੇਵਿ ਸੁਖੁ ਪਾਵਣਿਆ॥
(ਰਾਗੁ ਮਾਝ ਮਹਲਾ ੪, ਅੰਗ 130)
ਅਜਿਹੇ ਗੁਰਮੁਖ ਦੀ ਜੀਭਾ ਫਿਰ ਸਦਾ ਨਾਮ ਰੰਗ ਵਿਚ ਰੰਗੀ ਰਹਿੰਦੀ ਹੈ, ਜਿਸ ਸਦਕਾ ਫਿਰ ਉਸ ਨੂੰ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਦਰਗਾਹ ਵਿਚ ਵਡਿਆਈ ਮਿਲਦੀ ਹੈ-
ਗੁਰਮੁਖਿ ਸਦਾ ਰਹੈ ਰੰਗਿ ਰਾਤੀ
ਮਿਲਿ ਸਚੇ ਸੋਭਾ ਪਾਵਣਿਆ॥
(ਅੰਗ 130)
ਗੁਰਮੁਖਿ-ਗੁਰੂ ਦੇ ਸਨਮੁਖ ਰਹਿਣ ਵਾਲਾ।
ਦੂਜੇ ਬੰਨੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨਮੁਖ ਜੋ ਵੀ ਕਰਮ ਕਰਦਾ ਹੈ, ਉਹ ਸਭ ਹੰਕਾਰ ਵੱਸ ਹੋ ਕੇ ਕਰਦਾ ਹੈ। ਫਲਸਰੂਪ ਉਹ ਜੀਵਨ ਰੂਪੀ ਬਾਜ਼ੀ ਸਭ ਜੂਏ ਵਿਚ ਹਾਰ ਦਿੰਦਾ ਹੈ। ਉਸ ਦੇ ਅੰਦਰ ਲੋਭ-ਰੂਪੀ ਹਨੇਰਾ ਬਣਿਆ ਰਹਿੰਦਾ ਹੈ, ਜਿਸ ਕਾਰਨ ਉਹ ਜਨਮ ਦੇ ਗੇੜ ਵਿਚ ਪਿਆ ਰਹਿੰਦਾ ਹੈ-
ਮਨਮੁਖੁ ਕਰਮ ਕਰੇ ਅਹੰਕਾਰੀ॥
ਜੂਐ ਜਨਮੁ ਸਭੁ ਬਾਜੀ ਹਾਰੀ॥
ਅੰਤਰਿ ਲੋਭੁ ਮਹਾ ਗੁਬਾਰਾ
ਫਿਰਿ ਫਿਰਿ ਆਵਣ ਜਾਵਣਿਆ॥ (ਅੰਗ 130)
ਅੱਖਰੀਂ ਅਰਥ : ਇਸ ਸਰੀਰ ਰੁੱਖ ਵਿਚ ਬੈਠਾ ਹੋਇਆ ਜੋ-ਜੋ ਜੀਵ-ਪੰਛੀ ਗੁਰੂ ਦੇ ਪ੍ਰੇਮ ਦੁਆਰਾ ਸਦਾ ਥਿਰ ਪ੍ਰਭੂ ਦਾ ਨਾਮ ਰੂਪੀ ਚੋਗਾ ਚੁਗਦਾ ਹੈ, ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਰਸ ਨੂੰ ਪੀਣ ਸਦਕਾ ਉਹ ਆਤਮਿਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਜਿਸ ਦੇ ਕਾਰਨ ਫਿਰ) ਉਹ ਇਧਰ-ਉਧਰ ਭਟਕਦਾ ਨਹੀਂ ਫਿਰਦਾ ਅਤੇ ਜਨਮ-ਮਰਨ ਦੇ ਗੇੜ ਤੋਂ ਬਚਿਆ ਰਹਿੰਦਾ ਹੈ। ਅਜਿਹੇ ਸਾਧਕ ਨੂੰ ਆਪਣੇ ਨਿਜ ਘਰ ਭਾਵ ਉਸ ਨੂੰ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਪ੍ਰਾਪਤ ਹੋ ਗਿਆ ਹੁੰਦਾ ਹੈ ਅਤੇ ਉਹ ਸਦਾ ਪ੍ਰਭੂ ਦੇ ਨਾਮ ਵਿਚ ਸਮਾਇਆ ਅਰਥਾਤ ਲੀਨ ਰਹਿੰਦਾ ਹੈ।
ਹੇ ਮੇਰੇ ਮਨ, ਗੁਰੂ ਦੀ ਦਰਸਾਈ ਕਾਰ ਨੂੰ ਕਮਾਅ। ਜੇਕਰ ਤੂੰ ਗੁਰੂ ਦੇ ਭਾਣੇ ਵਿਚ ਚੱਲੇਂਗਾ ਭਾਵ ਭਾਣੇ ਵਿਚ ਰਹਿ ਕੇ ਜੀਵਨ ਬਤੀਤ ਕਰੇਂਗਾ ਤਾਂ ਸਦਾ ਹੀ ਪਰਮਾਤਮਾ ਦੇ ਨਾਮ ਵਿਚ ਲੀਨ ਰਹੇਂਗਾ, ਜੁੜਿਆ ਰਹੇਂਗਾ।
ਜੀਵ-ਰੂਪੀ ਪੰਛੀ ਆਪਣੇ ਸਰੀਰ ਰੂਪੀ ਰੁੱਖਾਂ 'ਤੇ ਬੈਠੇ ਦੇਖਣ ਨੂੰ ਤਾਂ ਭਾਵੇਂ ਸੋਹਣੇ ਲਗਦੇ ਹਨ ਪਰ ਉਹ ਚੌਹੀਂ ਪਾਸੀਂ ਉਡਦੇ ਰਹਿੰਦੇ ਹਨ ਭਾਵ ਭਟਕਦੇ ਰਹਿੰਦੇ ਹਨ। ਉਹ ਜਿੰਨਾ (ਮਾਇਕ ਪਦਾਰਥਾਂ ਦੇ ਪਿੱਛੇ) ਦੌੜਦੇ ਹਨ, ਓਨਾ ਹੀ ਉਹ ਦੁੱਖ ਪਾਉਂਦੇ ਹਨ, ਨਿਤ ਸੜਦੇ ਤੇ ਬਿਲਕਦੇ ਹਨ। ਵਾਸਤਵ ਵਿਚ ਗੁਰੂ ਤੋਂ ਬਿਨਾਂ ਪਰਮਾਤਮਾ ਦਾ ਮਹਲ (ਘਰ) ਨਹੀਂ ਮਿਲਦਾ, ਜਿਸ ਕਾਰਨ ਪ੍ਰਾਣੀ ਅੰਮ੍ਰਿਤ ਰੂਪੀ ਨਾਮ ਫਲ ਪ੍ਰਾਪਤ ਨਹੀਂ ਕਰ ਸਕਦਾ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਕ ਅਜਿਹਾ ਹਰਿਆ-ਭਰਿਆ ਰੁੱਖ ਹੈ, ਜੋ ਮਾਨੋ ਆਤਮਿਕ ਅਡੋਲਤਾ ਵਿਚ ਟਿਕ ਕੇ ਸਦਾ ਥਿਰ ਪ੍ਰਭੂ ਦੇ ਪ੍ਰੇਮ ਵਿਚ ਜੁੜਿਆ ਰਹਿੰਦਾ ਹੈ। ਸ਼ਬਦ ਵਿਚ ਲਿਵ ਨੂੰ ਜੋੜ ਕੇ ਉਸ ਨੇ ਜੀਵਨ ਰੂਪੀ ਮਾਇਆ ਦੀਆਂ ਤਿੰਨੇ ਸ਼ਾਖਾਵਾਂ/ਟਹਿਣੀਆਂ (ਰਜੋ, ਤਮੋ, ਸਤੋ) ਦੂਰ ਕਰ ਲਈਆਂ ਹੁੰਦੀਆਂ ਹਨ। ਸਾਧਕ ਨੂੰ ਹੁਣ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ ਕਿ ਇਕ ਪਰਮਾਤਮਾ ਦਾ ਨਾਮ ਹੀ ਕੇਵਲ ਅੰਮ੍ਰਿਤ ਫਲ ਹੈ। ਜਿਸ 'ਤੇ ਉਹ (ਪਰਮਾਤਮਾ) ਕਿਰਪਾ ਕਰਦਾ ਹੈ, ਇਹ ਫਲ ਉਸ ਨੂੰ ਖਵਾ ਦਿੰਦਾ ਹੈ।
ਮਨਮੁਖ (ਇਕ ਅਜਿਹੇ ਰੁੱਖ ਹਨ ਜੋ) ਖੜ੍ਹੇ-ਖੜ੍ਹੇ ਹੀ ਸੁੱਕ ਗਏ ਹਨ, ਜਿਨ੍ਹਾਂ ਨੂੰ ਨਾ ਤਾਂ ਫਲ ਲਗਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਛਾਂ ਹੁੰਦੀ ਹੈ। ਉਨ੍ਹਾਂ ਦੇ ਪਾਸ ਬੈਠਣਾ ਨਹੀਂ ਚਾਹੀਦਾ, ਜਿਨ੍ਹਾਂ ਦਾ ਨਾ ਕੋਈ ਘਰ ਹੋਵੇ, ਨਾ ਘਾਟ। ਅਜਿਹਿਆਂ ਨੂੰ ਸੁੱਕੇ ਦਰੱਖਤਾਂ ਵਾਂਗ ਨਿੱਤ ਹੀ ਵੱਢਿਆ ਤੇ ਸਾੜਿਆ ਜਾਂਦਾ ਹੈ। ਅਜਿਹਿਆਂ ਪਾਸ ਨਾ ਤਾਂ ਗੁਰੂ ਦਾ ਸ਼ਬਦ ਹੈ ਅਤੇ ਨਾ ਹੀ ਪ੍ਰਭੂ ਦਾ ਨਾਮ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਭਗਤੀ, ਯੋਗ ਅਤੇ ਗਿਆਨ ਭਰਪੂਰ ਚਰਿੱਤਰ ਹੀ ਸਰਬੋਤਮ ਹੈ

ਭਗਤ ਅਤੇ ਗਿਆਨੀ ਪਰਮਾਤਮਾ ਦੀ ਪ੍ਰਾਪਤੀ ਲਈ ਆਪਣੀ-ਆਪਣੀ ਪ੍ਰਣਾਲੀ 'ਤੇ ਜ਼ੋਰ ਦਿੰਦੇ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਪੂਰਨ ਭਗਤੀ ਕਰਨ ਦੇ ਨਾਲ ਪੂਰਨ ਗਿਆਨ ਆਪਣੇ-ਆਪ ਹੀ ਪ੍ਰਾਪਤ ਹੋ ਜਾਂਦਾ ਹੈ ਅਤੇ ਗਿਆਨ ਪ੍ਰਾਪਤੀ ਦੇ ਨਾਲ ਭਗਤੀ ਵੀ ਆ ਜਾਂਦੀ ਹੈ। ਸਵਾਮੀ ਵਿਵੇਕਾਨੰਦ ਭਗਤੀਯੋਗ ਵਿਚ ਲਿਖਦੇ ਹਨ ਕਿ ਇਹ ਸੰਭਵ ਨਹੀਂ ਕਿ ਅਸੀਂ ਇਸ ਜੀਵਨ ਵਿਚ ਹਰ ਪੱਖ ਤੋਂ ਪੂਰਨ ਆਪਣਾ ਚਰਿੱਤਰ ਨਿਰਮਾਣ ਕਰ ਸਕੀਏ ਪਰ ਫਿਰ ਵੀ ਅਸੀਂ ਜਾਣਦੇ ਹਾਂ ਕਿ ਜਿਸ ਚਰਿੱਤਰ ਵਿਚ ਗਿਆਨ, ਭਗਤੀ ਅਤੇ ਯੋਗ ਤਿੰਨਾਂ ਦਾ ਸੁਮੇਲ ਹੋਵੇ, ਉਹ ਹੀ ਉੱਚਕੋਟੀ ਦਾ ਚਰਿੱਤਰ ਹੈ। ਇਕ ਪੰਛੀ ਨੂੰ ਉੱਡਣ ਲਈ ਦੋ ਖੰਭਾਂ ਅਤੇ ਇਕ ਪੂਛ ਦੀ ਲੋੜ ਹੁੰਦੀ ਹੈ। ਮਨੁੱਖ ਦੇ ਚਰਿੱਤਰ ਨਿਰਮਾਣ ਲਈ ਵੀ ਤਿੰਨਾਂ ਅੰਗਾਂ ਦੀ ਲੋੜ ਹੈ। ਗਿਆਨ ਅਤੇ ਭਗਤੀ ਇਸ ਦੇ ਦੋ ਖੰਭ ਹਨ ਤਾਂ ਯੋਗ ਪੂਛ ਹੈ। ਜਿਹੜੇ ਤਿੰਨਾਂ ਵਿਚ ਸੰਤੁਲਨ ਨਹੀਂ ਕਾਇਮ ਰੱਖ ਸਕਦੇ ਅਤੇ ਕੇਵਲ ਭਗਤੀ ਨੂੰ ਹੀ ਰਾਹ ਅਪਣਾਉਂਦੇ ਹਨ, ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮੁਢਲੀ ਅਵਸਥਾ ਵਿਚ ਭਾਵੇਂ ਅਜਿਹੇ ਕਿਰਿਆ-ਕਲਾਪ ਜ਼ਰੂਰੀ ਹਨ ਪਰ ਪਰਮਾਤਮਾ ਪ੍ਰਤੀ ਗੂੜ੍ਹਾ ਪ੍ਰੇਮ ਪੈਦਾ ਕਰਨ ਤੋਂ ਇਲਾਵਾ ਇਸ ਦੀ ਕੋਈ ਉਪਯੋਗਤਾ ਨਹੀਂ, ਭਾਵੇਂ ਗਿਆਨ ਅਤੇ ਭਗਤੀ ਦੋਵਾਂ ਮਾਰਗਾਂ ਦੇ ਗੁਰੂ ਭਗਤੀ ਦੇ ਪ੍ਰਭੂ ਵਿਚ ਵਿਸ਼ਵਾਸ ਰੱਖਦੇ ਹਨ ਪਰ ਦੋਵਾਂ ਵਿਚ ਕੁਝ ਅੰਤਰ ਹੈ। ਗਿਆਨ ਦੇ ਪੱਖ ਤੋਂ ਭਗਤੀ, ਮੁਕਤੀ ਦਾ ਇਕ ਸਾਧਨ ਮਾਤਰ ਹੈ ਪਰ ਭਗਤ ਲਈ ਇਹ ਸਾਧਨਾ ਵੀ ਹੈ ਅਤੇ ਸਾਧਨਾਯੋਗ ਵੀ। ਸਾਧਨ ਦੇ ਰੂਪ ਵਿਚ ਭਗਤੀ ਨੀਵੇਂ ਪੱਧਰ ਦਾ ਰੂਪ ਹੈ, ਜੋ ਅੱਗੇ ਚੱਲ ਕੇ ਪੂਰਨ ਤੇ ਵਿਕਸਿਤ ਹੋ ਜਾਂਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਜਨਮ ਦਿਨ 'ਤੇ ਵਿਸ਼ੇਸ਼

ਸੇਵਾ ਦੇ ਪੁੰਜ ਸਨ ਸੰਤ ਕ੍ਰਿਪਾਲ ਸਿੰਘ

ਸੰਤ ਕ੍ਰਿਪਾਲ ਸਿੰਘ ਦਾ ਜਨਮ 6 ਫਰਵਰੀ, 1894 ਨੂੰ ਪਿੰਡ ਸੱਯਦ ਕਸਰਾਂ, ਜ਼ਿਲ੍ਹਾ ਰਾਵਲਪਿੰਡੀ (ਜੋ ਹੁਣ ਪਾਕਿਸਤਾਨ ਵਿਚ ਹੈ) ਵਿਚ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਇਕਾਂਤ ਵਿਚ ਪ੍ਰਭੂ ਦੇ ਧਿਆਨ ਵਿਚ ਬੈਠੇ ਰਹਿਣ ਦੀ ਲਗਨ ਸੀ। ਇਕ ਵਾਰ ਇਕ ਪਾਦਰੀ ਸਾਹਿਬ ਸਕੂਲ ਦਾ ਨਿਰੀਖਣ ਕਰਨ ਆਏ ਅਤੇ ਲੜਕਿਆਂ ਤੋਂ ਪੁੱਛਿਆ ਕਿ ਕਿਸ ਆਦਰਸ਼ ਨਾਲ ਉਹ ਪੜ੍ਹ ਰਹੇ ਹਨ? ਹਰ ਇਕ ਨੇ ਆਪਣਾ ਉਦੇਸ਼ ਦੱਸਿਆ। ਆਪ ਨੇ ਕਿਹਾ ਕਿ ਮੈਂ ਗਿਆਨ ਪ੍ਰਾਪਤ ਕਰਨ ਲਈ ਪੜ੍ਹ ਰਿਹਾ ਹਾਂ। ਆਪ ਨੇ ਜੋ ਕੁਝ ਪੜ੍ਹਿਆ, ਉਸ ਦਾ ਮੂਲ-ਤੱਤ ਇਹ ਕੱਢਿਆ : 1. ਮਾਨਵਤਾ, 2. ਜਨ ਸੇਵਾ, 3. ਭੂਮੀ ਸੇਵਾ। 1910 ਵਿਚ ਦਸਵੀਂ ਪਾਸ ਕਰਨ ਤੋਂ ਬਾਅਦ ਇਹ ਸਵਾਲ ਉਨ੍ਹਾਂ ਸਾਹਮਣੇ ਸੀ ਕਿ ਜੀਵਨ ਦਾ ਮਕਸਦ ਕੀ ਹੋਣਾ ਚਾਹੀਦਾ? ਕਈ ਦਿਨ ਲਗਾਤਾਰ ਸੋਚ-ਵਿਚਾਰ ਦੇ ਬਾਅਦ ਆਪ ਇਸ ਨਤੀਜੇ 'ਤੇ ਪਹੁੰਚੇ ਕਿ 'ਪ੍ਰਮਾਤਮਾ ਪਹਿਲਾਂ ਅਤੇ ਦੁਨੀਆ ਬਾਅਦ ਵਿਚ ਹੈ।' ਕਿਸੇ 'ਤੇ ਬੋਝ ਨਾ ਬਣਿਆ ਜਾਵੇ, ਇਸ ਲਈ ਉਨ੍ਹਾਂ ਆਪਣੀ ਉਪਜੀਵਕਾ ਦੇ ਲਈ 1912 ਵਿਚ ਸਰਕਾਰੀ ਨੌਕਰੀ ਸ਼ੁਰੂ ਕੀਤੀ।
ਪ੍ਰਭੂ ਪ੍ਰਾਪਤੀ ਦੀ ਲਗਨ ਹੁੰਦੇ ਹੋਏ ਵੀ ਉਨ੍ਹਾਂ ਨੌਕਰੀ ਵਿਚ ਕਈ ਵਾਰ 60-60 ਘੰਟੇ ਲਗਾਤਾਰ ਦਫਤਰ ਵਿਚ ਡਿਊਟੀ ਦਿੱਤੀ। ਆਪ ਨੂੰ ਗੁਰੂ ਸਵਰੂਪ ਦੀ ਸੋਝੀ ਹੋਈ ਜਦੋਂ ਕਿ 1924 ਵਿਚ ਬਾਬਾ ਸਾਵਣ ਸਿੰਘ ਦੇ ਦਰਸ਼ਨ ਹੋਏ। 1950 ਵਿਚ ਰੂਹਾਨੀ ਸਤਿਸੰਗ ਦੀ ਨੀਂਹ ਰੱਖੀ ਅਤੇ 1951 ਵਿਚ 'ਸਾਵਣ ਆਸ਼ਰਮ' ਸ਼ਕਤੀ ਨਗਰ ਦਿੱਲੀ ਵਿਚ ਬਣਾਇਆ। 1955 ਵਿਚ ਸੰਤ ਜੀ ਪਹਿਲੀ ਵਿਦੇਸ਼ ਯਾਤਰਾ 'ਤੇ ਗਏ ਅਤੇ ਜਰਮਨੀ, ਇੰਗਲੈਂਡ, ਅਮਰੀਕਾ ਆਦਿ ਵਿਚ ਸਤਿਸੰਗ ਕੇਂਦਰ ਸਥਾਪਿਤ ਕੀਤੇ। 1957 ਵਿਚ ਵਿਸ਼ਵ ਧਰਮ ਸੰਘ ਦੇ ਮੁਖੀ ਚੁਣੇ ਗਏ। 1963 ਵਿਚ ਆਪ ਨੇ ਦੂਜੀ ਤੇ 1972 ਵਿਚ ਤੀਜੀ ਵਿਦੇਸ਼ ਯਾਤਰਾ ਕੀਤੀ। ਸਭ ਨੂੰ ਮਨੁੱਖ ਜਾਤੀ ਦੀ ਸੇਵਾ ਲਈ ਪ੍ਰੇਰਨਾ ਦਿੱਤੀ। ਅਗਸਤ, 1974 ਵਿਚ ਸੰਸਦ ਭਵਨ ਵਿਚ 'ਮਾਨਵ ਏਕਤਾ' ਦੇ ਲਈ ਸੰਸਦ ਮੈਂਬਰਾਂ ਨੂੰ ਪ੍ਰੇਰਨਾ ਦਿੱਤੀ। ਆਪ ਨੇ 21 ਅਗਸਤ, 1974 ਨੂੰ ਇਸ ਨਾਸ਼ਵਾਨ ਚੋਲੇ ਦਾ ਤਿਆਗ ਕੀਤਾ। ਸੰਤ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕ੍ਰਿਪਾਲ ਸਾਗਰ ਰਾਹੋਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬੜੀ ਸ਼ਰਧਾ ਤੇ ਪ੍ਰੇਮ ਨਾਲ ਮਨਾਇਆ ਜਾ ਰਿਹਾ ਹੈ।


-ਸੈਕਟਰੀ ਕਿਰਪਾਲ ਸਾਗਰ, ਰਾਹੋਂ (ਸ਼ਹੀਦ ਭਗਤ ਸਿੰਘ ਨਗਰ)।

ਬਰਸੀ 'ਤੇ ਵਿਸ਼ੇਸ਼

ਕਥਨੀ ਤੇ ਕਰਨੀ ਦੇ ਧਾਰਨੀ ਸੰਤ ਬਾਬਾ ਗੋਬਿੰਦ ਦਾਸ ਉਦਾਸੀ

ਭਾਰਤ ਰਿਸ਼ੀਆਂ-ਮੁਨੀਆਂ, ਪੀਰਾਂ-ਪੈਗੰਬਰਾਂ ਅਤੇ ਸਾਧੂ-ਸੰਤਾਂ ਦੀ ਧਰਤੀ ਹੈ। ਅਜਿਹੇ ਸੰਤਾਂ ਵਿਚੋਂ ਹੀ ਇਕ ਸੰਤ ਬਾਬਾ ਗੋਬਿੰਦ ਦਾਸ ਉਦਾਸੀ ਹੋਏ ਹਨ। ਆਪ ਦਾ ਜਨਮ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੀ ਚਰਨ ਛੋਹ ਪ੍ਰਾਪਤ ਪਿੰਡ ਭੁੰਗਰਨੀ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 27 ਦਸੰਬਰ, 1894 ਈ: ਨੂੰ ਹੋਇਆ। ਉਹ ਬਚਪਨ ਵਿਚ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ। ਪੰਜ ਸਾਲ ਦੀ ਬਾਲੜੀ ਉਮਰ ਵਿਚ ਹੀ ਸੰਤ ਭੂਰੀ ਦਾਸ ਦੀ ਸ਼ਰਨ ਵਿਚ ਡੇਰੇ ਪੁਰਹੀਰਾਂ ਵਿਖੇ ਆ ਗਏ। ਇਸੇ ਅਸਥਾਨ 'ਤੇ ਹੀ ਸੇਵਾ ਸਿਮਰਨ ਕਰਦਿਆਂ ਇਨ੍ਹਾਂ ਦਾ ਮੇਲ ਸੰਤ ਮੰਗਲ ਦਾਸ ਨਾਲ ਹੋਇਆ ਅਤੇ ਉਨ੍ਹਾਂ ਦੀ ਪ੍ਰੇਰਨਾ ਸਦਕਾ ਉਦਾਸੀ ਧਾਰਨ ਕੀਤੀ। ਇਸ ਤਰ੍ਹਾਂ ਆਪ ਬਾਲ ਯੋਗੀ ਬਣ ਗਏ ਅਤੇ ਫਿਰ ਆਪ ਨੇ ਪਿੰਡ ਦੁਸਾਂਝ ਕਲਾਂ (ਜਲੰਧਰ) ਵਿਖੇ ਟਿਕਾਣਾ ਕੀਤਾ ਅਤੇ ਇਥੇ ਭੋਰੇ ਵਿਚ ਬੈਠ ਕੇ ਕਈ ਸਾਲ ਘੋਰ ਤਪੱਸਿਆ ਕੀਤੀ। ਆਪ ਨੇ ਪਿੰਡ ਬਜਰਾਵਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਪਿੰਡ ਸਨੌਲੀ ਮਜਾਰਾ (ਨਜ਼ਦੀਕ ਨੰਗਲ ਖਾਦ ਫੈਕਟਰੀ) ਵਿਖੇ ਬਹੁਤ ਸੁੰਦਰ ਡੇਰੇ ਸਥਾਪਿਤ ਕੀਤੇ। ਇਨ੍ਹਾਂ ਇਲਾਕਿਆਂ ਵਿਚ ਆਪ ਨੇ ਗੁਰਬਾਣੀ ਅਤੇ ਗੁਰ-ਇਤਿਹਾਸ ਕੀਰਤਨ ਰਾਹੀਂ ਸਰਵਣ ਕਰਾ ਕੇ ਪ੍ਰਮੇਸ਼ਰ ਪ੍ਰਤੀ ਪ੍ਰੇਮ ਉਤਪੰਨ ਕੀਤਾ। ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਦੇ ਮਹਾਂਵਾਕ ਅਨੁਸਾਰ ਮਿਤੀ 6 ਫਰਵਰੀ (24 ਮਾਘ), 1968 ਨੂੰ ਡੇਰਾ ਫਗਵਾੜਾ ਵਿਖੇ ਸੰਗਤਾਂ ਨੂੰ ਆਪਣੇ ਉਤਰਾਧਿਕਾਰੀ ਸੰਤ ਬਾਬਾ ਚਮਨ ਦਾਸ ਉਦਾਸੀ ਦੇ ਲੜ ਲਾ ਕੇ ਸੱਚਖੰਡ ਜਾ ਬਿਰਾਜੇ। ਸੰਤ ਬਾਬਾ ਚਮਨ ਦਾਸ ਨੇ 44 ਸਾਲ ਦਾ ਲੰਬਾ ਸਮਾਂ ਗੁਰੂ-ਘਰ ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਈ। ਸੰਤ ਬਾਬਾ ਗੋਬਿੰਦ ਦਾਸ ਦੀ ਯਾਦ ਵਿਚ 6 ਫਰਵਰੀ ਨੂੰ ਡੇਰਾ ਸੰਤ ਬਾਬਾ ਗੋਬਿੰਦ ਦਾਸ ਜੀ ਉਦਾਸੀ, ਮੁਹੱਲਾ ਗੋਬਿੰਦਪੁਰਾ, ਫਗਵਾੜਾ ਵਿਖੇ 51ਵੀਂ ਸਾਲਾਨਾ ਬਰਸੀ ਡੇਰੇ ਦੇ ਮੁੱਖ ਸੰਚਾਲਕ ਸੰਤ ਦੇਸ ਰਾਜ ਦੀ ਦੇਖ-ਰੇਖ ਹੇਠ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। 2 ਫਰਵਰੀ ਤੋਂ 6 ਫਰਵਰੀ ਤੱਕ 101 ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਇਸ ਸਮੇਂ ਗੁਰੂ-ਘਰ ਦੇ ਕੀਰਤਨੀ ਜਥੇ ਅਤੇ ਸੰਤ-ਮਹਾਂਪੁਰਸ਼ ਕੀਰਤਨ ਅਤੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 5 ਫਰਵਰੀ ਨੂੰ ਬਾਬਾ ਜੀ ਦੀ ਯਾਦ ਵਿਚ ਛਿੰਝ ਪਵਾਈ ਜਾ ਰਹੀ ਹੈ, ਜਿਸ ਵਿਚ ਬਹੁਤ ਨਾਮਵਰ ਪਹਿਲਵਾਨ ਹਿੱਸਾ ਲੈ ਰਹੇ ਹਨ।


-ਪਿੰਡ ਅਧਿਕਾਰੇ ਕਾਠੇ, ਜ਼ਿਲ੍ਹਾ ਹੁਸ਼ਿਆਰਪੁਰ।

103ਵੀਂ ਬਰਸੀ 'ਤੇ ਵਿਸ਼ੇਸ਼

ਨਾਮ-ਰਸੀ ਆਤਮਾ ਬਾਬਾ ਕਪੂਰ ਸਿੰਘ 'ਨਿਰਬਾਣ' ਜੌਹਲਾਂ ਵਾਲੇ

ਪੰਜਾਂ ਪਾਣੀਆਂ ਦੀ ਇਹ ਧਰਤੀ ਗੁਰੂਆਂ, ਪੀਰਾਂ, ਭਗਤਾਂ, ਰਿਸ਼ੀ-ਮੁਨੀਆਂ ਦੀ ਕਰਮ-ਭੂਮੀ ਹੈ। ਇਸ ਧਰਤੀ 'ਤੇ ਸਮੇਂ-ਸਮੇਂ ਅਨੇਕਾਂ ਨਾਮਰਸੀ ਰੂਹਾਂ ਨੇ ਜਨਮ ਲਿਆ, ਜਿਨ੍ਹਾਂ ਆਪਣੇ ਜੀਵਨ ਵਿਚ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਪਹਿਲ ਦਿੱਤੀ। ਜਲੰਧਰ ਸ਼ਹਿਰ ਦੀ ਬੁੱਕਲ ਵਿਚ ਵਸਿਆ ਪਿੰਡ ਜੌਹਲ ਪੰਜਾਬ ਦਾ ਅਜਿਹਾ ਪਿੰਡ ਹੈ, ਜਿਸ ਨੂੰ ਮਹਾਨ ਤਪੱਸਵੀ, ਪਰਉਪਕਾਰੀ, ਸੇਵਾ, ਸਿਮਰਨ ਦੀ ਸਾਕਾਰ ਮੂਰਤ, ਪੂਰਨ ਰੂਪ ਵਿਚ ਤਿਆਗੀ ਸੰਤ ਬਾਬਾ ਕਪੂਰ ਸਿੰਘ ਨਿਰਬਾਣ ਨੇ ਆਪਣੀ ਕਰਮ ਭੂਮੀ ਬਣਾਇਆ। ਅੱਜ ਤੋਂ ਇਕ ਸਦੀ ਪਹਿਲਾਂ ਬਾਬਾ ਨਿਰਬਾਣ ਸਾਂਝੇ ਪੰਜਾਬ ਦੀਆਂ ਉੱਘੀਆਂ ਧਾਰਮਿਕ ਸ਼ਖ਼ਸੀਅਤਾਂ ਵਿਚੋਂ ਇਕ ਪ੍ਰਸਿੱਧ ਹਸਤੀ ਸਨ। ਆਪ ਦਾ ਜਨਮ ਨਾਭਾ ਰਿਆਸਤ ਦੇ ਪਿੰਡ ਮਾਂਗੇਵਾਲ ਵਿਚ ਹੋਇਆ। ਆਪ ਆਪਣੇ ਤਿੰਨ ਭਾਈਆਂ ਵਿਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਉਸ ਸਮੇਂ ਦੀ ਰਵਾਇਤ ਮੁਤਾਬਿਕ ਧਾਰਮਿਕ ਗ੍ਰੰਥਾਂ ਦੀ ਸਿੱਖਿਆ ਸੰਤ ਬ੍ਰਹਮ ਕਿਸ਼ਨ (ਉਦਾਸੀਨ) ਪਿੰਡ ਰਾਊਕੇ (ਫਿਰੋਜ਼ਪੁਰ) ਤੋਂ ਪ੍ਰਾਪਤ ਕੀਤੀ। ਅਧਿਆਤਮਿਕ ਸਿੱਖਿਆ ਦੀ ਪ੍ਰਾਪਤੀ ਤੋਂ ਪਿੱਛੋਂ ਆਪ ਉਪਰਾਮਤਾ ਵਾਲੀ ਅਵਸਥਾ ਵਿਚ ਚਲੇ ਗਏ। ਛਿੰਨ-ਭੰਗਰ ਸੰਸਾਰ ਦੀ ਅਸਲੀਅਤ ਨੂੰ ਜਾਣ ਕੇ ਆਪ ਨੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਦਾ ਰਸਤਾ ਚੁਣਿਆ। ਉਨ੍ਹਾਂ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਲਈ ਵੱਖ-ਵੱਖ ਥਾਵਾਂ ਦਾ ਭਰਮਣ ਕੀਤਾ। ਪਿੰਡ ਜੌਹਲ ਦੇ ਇਸੇ ਪੜਾਅ ਤੋਂ ਹੀ ਆਪਣੇ ਪ੍ਰਚਾਰ ਦੀ ਹਰ ਫੇਰੀ ਸ਼ੁਰੂ ਕਰਦੇ ਸਨ। ਉਸ ਸਮੇਂ ਦੇ ਪ੍ਰਚਾਰ ਕੇਂਦਰਾਂ ਵਿਚ ਅਕਾਲੀ ਬਾਬਾ ਫੂਲਾ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਮੁਖੀ ਪੰਥ ਅਕਾਲੀ ਬੁੱਢਾ ਦਲ ਦੇ ਸ਼ਹੀਦ ਅਸਥਾਨ ਅਕੋੜਾ ਖਟਕ (ਨੇੜੇ) ਨੌਸ਼ਹਿਰਾ (ਲਹਿੰਦਾ ਪੰਜਾਬ) ਤੋਂ ਲੈ ਕੇ ਯਮਨਾ ਦਰਿਆ ਦੇ ਕਿਨਾਰੇ ਕੌਂਚ ਬੇਲੀ ਬਹਿਰਾਲ (ਪਾਉਂਟਾ ਸਾਹਿਬ), ਜ਼ਿਲ੍ਹਾ ਸਿਰਮੌਰ (ਹਿਮਾਚਲ) ਤੱਕ ਦਾ ਸਾਂਝੇ ਪੰਜਾਬ ਦਾ ਸਮੁੱਚਾ ਇਲਾਕਾ ਸੀ। ਸਿੰਘ ਸਭਾ ਲਹਿਰ ਦੇ ਪ੍ਰਚਾਰ ਦੌਰਾਨ ਮੋਢੇ ਨਾਲ ਮੋਢਾ ਜੋੜ ਕੇ ਕੀਰਤਨ ਅਤੇ ਗੁਰੂ ਕੇ ਲੰਗਰ ਦੀਆਂ ਸੇਵਾਵਾਂ ਵਿਚ ਯੋਗਦਾਨ ਪਾਉਂਦੇ ਸਨ। ਸੰਤ ਬਾਬਾ ਅਤਰ ਸਿੰਘ ਦੇ ਸਮਕਾਲੀ ਹੋਣ ਕਰਕੇ ਉਨ੍ਹਾਂ ਨਾਲ ਅਥਾਹ ਪਿਆਰ ਸੀ। ਤਿਆਗੀ ਬਿਰਤੀ ਹੋਣ ਕਰਕੇ ਪਦਾਰਥਕ ਸੁੱਖਾਂ ਤੋਂ ਸਾਰੀ ਹਯਾਤੀ ਦੂਰੀ ਬਣਾ ਕੇ ਰੱਖੀ। ਦੁਆਬੇ ਵਿਚ ਅਨੰਦ ਕਾਰਜ ਦੀ ਰਸਮ ਨੂੰ ਪ੍ਰਚਲਿਤ ਕਰਨ ਲਈ ਆਪਣਾ ਜਥਾ ਤਿਆਰ ਕਰਕੇ ਨਿਸ਼ਕਾਮ ਕੀਰਤਨ ਦੀ ਲਹਿਰ ਚਲਾ ਕੇ ਕੋਝੀਆਂ ਰਸਮਾਂ ਤੇ ਭੈੜੇ ਰਿਵਾਜਾਂ ਦੇ ਵਿਰੋਧ ਵਿਚ ਸੰਗਤਾਂ ਨੂੰ ਲਾਮਬੰਦ ਕੀਤਾ। ਬੱਬਰ ਅਕਾਲੀ ਲਹਿਰ ਦੇ ਯੋਧਿਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਅੰਗਰੇਜ਼ਾਂ ਵਲੋਂ ਕੀਤੇ ਜਾਂਦੇ ਅੱਤਿਆਚਾਰ ਦਾ ਟਾਕਰਾ ਕਰਨ ਲਈ ਤਿਆਰ ਕੀਤਾ। 1916 ਈ: ਵਿਚ 26 ਮਾਘ ਵਾਲੇ ਦਿਨ ਗੁਰਦੁਆਰਾ ਕੌਂਚ ਬੇਲੀ ਬਹਿਰਾਲ (ਪਾਉਂਟਾ ਸਾਹਿਬ) ਵਿਖੇ ਆਪ ਸੱਚਖੰਡ ਪਿਆਨਾ ਕਰ ਗਏ। ਗੁਰਦੁਆਰਾ ਸੰਤ ਸਾਗਰ (ਚਾਹ ਵਾਲਾ) ਪਿੰਡ ਜੌਹਲ (ਜਲੰਧਰ) ਵਿਖੇ ਉਨ੍ਹਾਂ ਦੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਹਰਜਿੰਦਰ ਸਿੰਘ (ਚਾਹ ਵਾਲਿਆਂ) ਦੀ ਅਗਵਾਈ ਵਿਚ 6 ਫਰਵਰੀ ਤੋਂ 8 ਫਰਵਰੀ ਤੱਕ ਗੁਰਮਤਿ ਸਮਾਗਮ ਤੇ ਗੁਰਬਾਣੀ ਦੇ ਪ੍ਰਵਾਹ ਚੱਲਣਗੇ। 6 ਫਰਵਰੀ ਨੂੰ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਚੱਲ ਰਹੇ ਹਨ। ਦੇਸ਼-ਵਿਦੇਸ਼ ਦੀ ਸੰਗਤ ਸ਼ਰਧਾ ਤੇ ਉਤਸ਼ਾਹ ਨਾਲ ਪਹੁੰਚ ਰਹੀ ਹੈ।


bhagwansinghjohal@gmail.com

ਜੋੜ ਮੇਲੇ 'ਤੇ ਵਿਸ਼ੇਸ਼

53 ਸ਼ਹੀਦਾਂ ਦੀ ਪਵਿੱਤਰ ਧਰਤੀ ਕੈਂਬੋਵਾਲ (ਲੌਂਗੋਵਾਲ)

ਲੌਂਗੋਵਾਲ ਦੀ ਮਹਾਨ ਪਵਿੱਤਰ ਧਰਤੀ ਨੂੰ 53 ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੈ। ਲੌਂਗੋਵਾਲ ਜਿੰਨੇ ਸ਼ਾਇਦ ਹੀ ਕਿਸੇ ਹੋਰ ਨਗਰ ਵਿਚ ਸ਼ਹੀਦ ਹੋਏ ਹੋਣ। ਜਿਸ ਸਮੇਂ ਮੁਗ਼ਲਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ 'ਤੇ ਸ਼ਹੀਦ ਕੀਤਾ ਤਾਂ ਉਸ ਸਮੇਂ ਜੋ ਨਾਲ ਸਿੱਖ ਗਏ ਸਨ, ਉਨ੍ਹਾਂ ਵਿਚ ਭਾਈ ਦਿਆਲ ਜੀ, ਮਤੀ ਦਾਸ ਜੀ, ਸਤੀ ਦਾਸ ਜੀ, ਹੋਰਾਂ ਦਾ ਸਬੰਧ ਵੀ ਲੌਂਗੋਵਾਲ ਨਾਲ ਰਿਹਾ ਹੈ। ਔਰੰਗਜ਼ੇਬ ਨੇ ਗੁਰੂ ਸਾਹਿਬ ਦੇ ਸਾਹਮਣੇ ਇਨ੍ਹਾਂ ਨੂੰ ਸ਼ਹੀਦ ਕੀਤਾ ਸੀ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿਚ ਸ਼ਹੀਦ ਕੀਤਾ ਗਿਆ ਸੀ। ਇਹ ਕੇਵਲ ਸਿੱਖ ਕੌਮ ਹੀ ਹੈ, ਜਿਨ੍ਹਾਂ ਨੇ ਭਾਰਤ ਵਰਸ਼ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਹਨ, ਜੋ ਕਦੇ ਵੀ ਭੁਲਾਈਆਂ ਨਹੀਂ ਜਾ ਸਕਦੀਆਂ। ਇਸ ਕਰਕੇ ਭਾਈ ਮਨੀ ਸਿੰਘ, ਭਾਈ ਦਿਆਲਾ, ਭਾਈ ਸਤੀ ਦਾਸ, ਭਾਈ ਮਤੀ ਦਾਸ ਜਿਹੇ ਸੂਰਬੀਰਾਂ ਦਾ ਨਾਂਅ ਨਾਨਕ ਲੇਵਾ ਹਰ ਰੋਜ਼ ਦੋ ਸਮੇਂ ਜ਼ਰੂਰ ਯਾਦ ਕਰਦੇ ਹਨ ਅਤੇ ਸੀਸ ਝੁਕਾਉਂਦੇ ਹਨ। ਇਸ ਅਨੁਸਾਰ 'ਜਿਹੜੇ ਸਿੰਘਾਂ ਨੇ ਬੰਦ-ਬੰਦ ਕਟਵਾਏ', 'ਸਿਰਾਂ 'ਤੇ ਆਰੇ ਫਿਰਵਾਏ' ਤੇ 'ਉਬਲਦੀਆਂ ਦੇਗਾਂ ਵਿਚ ਉਬਾਲੇ ਗਏ' ਆਦਿ ਸ਼ਬਦ ਵਰਤੇ ਜਾਂਦੇ ਹਨ। ਅੱਗੋਂ ਇਨ੍ਹਾਂ ਦੀਆਂ ਔਲਾਦਾਂ ਵੀ ਆਪਣੇ ਵੱਡਿਆਂ ਵਾਂਗ ਸ਼ਹੀਦੀ ਦੇ ਜਾਮ ਵਿਚ ਪਿੱਛੇ ਨਹੀਂ ਹੋਈਆਂ। ਸ਼ਹੀਦ ਬਿਲਾਸ ਅਨੁਸਾਰ ਭਾਈ ਮਾਈ ਦਾਸ ਜੀ ਬਾਰਾਂ ਪੁੱਤਰਾਂ ਵਿਚੋਂ ਗਿਆਰਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜਿਸ ਅਨੁਸਾਰ ਭਾਈ ਜੇਠਾ ਜੀ ਜੋ ਅਲੋਵਾਲ ਵਿਖੇ ਸ਼ਹੀਦ ਹੋਏ। ਭਾਈ ਦਿਆਲਾ ਜੀ, ਜੋ ਕਿ ਗੁਰੂ ਤੇਗ ਬਹਾਦਰ ਜੀ ਨਾਲ ਚਾਂਦਨੀ ਚੌਕ ਵਿਚ 11 ਨਵੰਬਰ, 1675 ਨੂੰ ਸ਼ਹੀਦ ਹੋਏ। ਭਾਈ ਮਨੀ ਸਿੰਘ ਲਾਹੌਰ, ਭਾਈ ਦਾਨ ਸਿੰਘ ਚਮਕੌਰ ਸਾਹਿਬ, ਭਾਈ ਮਨੀ ਸਿੰਘ ਚਿਤੌੜਗੜ੍ਹ, ਭਾਈ ਰੂਪ ਸਿੰਘ ਨੇ ਆਪਣੇ ਭਰਾ ਜੇਠਾ ਸਿੰਘ ਨਾਲ ਆਲੋਵਾਲ (ਲਾਹੌਰ), ਭਾਈ ਜਗਤ ਸਿੰਘ ਲਾਹੌਰ ਵਿਖੇ ਭਾਈ ਮਨੀ ਸਿੰਘ ਨਾਲ, ਭਾਈ ਸੋਹਣ ਚੰਦ ਨਦੌਣ ਦੀ ਜੰਗ 'ਚ, ਭਾਈ ਲਹਿਣਾ ਗੁਲੇਰ ਦੀ ਜੰਗ 'ਚ, ਭਾਈ ਰਾਇ ਸਿੰਘ ਮੁਕਤਸਰ ਦੀ ਜੰਗ 'ਚ ਅਤੇ ਭਾਈ ਹਰੀ ਚੰਦ ਭੰਗਾਣੀ ਦੇ ਯੁੱਧ ਵਿਚ ਸ਼ਹੀਦ ਹੋਏ। ਭਾਈ ਮਨੀ ਸਿੰਘ ਸਿੱਖ ਪੰਥ ਦੇ ਕਿੰਨੇ ਮਹਾਨ ਵਿਅਕਤੀ ਸਨ, ਜਿਨ੍ਹਾਂ ਦੇ 11 ਭਰਾ ਸ਼ਹੀਦ ਅਤੇ ਭਾਈ ਸਾਹਿਬ ਦੇ 10 ਪੁੱਤਰਾਂ ਵਿਚੋਂ 7 ਪੁੱਤਰ ਸ਼ਹੀਦ ਹੋਏ। ਅਜੋਕੇ ਸਮੇਂ ਵਿਚ ਜੇਕਰ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜ਼ਿਕਰ ਨਾ ਹੋਵੇ ਤਾਂ ਵੀ ਘਾਟ ਰਹੇਗੀ। ਜਿਸ ਤਿਆਗੀ, ਬੈਰਾਗੀ ਤੇ ਮਹਾਨ ਤਪੱਸਵੀ ਸੰਤ ਨੇ ਦੇਸ਼-ਕੌਮ ਦੇ ਨਾਂਅ ਨੂੰ ਉੱਚਾ ਕੀਤਾ ਹੋਵੇ, ਸਾਂਝੀਵਾਲਤਾ ਤੇ ਪੁਜਾਰੀ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਮੁਦਈ ਨੇ ਸਿੱਖੀ ਲਈ ਸਾਰੀ ਜ਼ਿੰਦਗੀ ਲਾਈ ਹੋਵੇ। ਹਜ਼ਾਰਾਂ ਪ੍ਰਾਣੀਆਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢ ਕੇ ਗੁਰੂ ਦੇ ਲੜ ਲਾਇਆ ਹੋਵੇ। ਉਨ੍ਹਾਂ ਦਾ ਨਾਂਅ ਵੀ ਲੌਂਗੋਵਾਲ ਦੀ ਧਰਤੀ ਨਾਲ ਦੁਨੀਆ ਭਰ ਵਿਚ ਜੁੜ ਗਿਆ ਹੈ, ਜੋ ਕਿ 1955 ਤੋਂ 1985 ਤੱਕ ਨਿਸ਼ਕਾਮ ਸੇਵਾਦਾਰ ਦੀ ਡਿਊਟੀ ਨਿਭਾਉਂਦੇ ਹੋਏ, ਗੁਰੂ-ਘਰ ਦੇ ਮਹਾਨ ਜਸ ਨੂੰ ਦੇਸ਼ ਤੇ ਪ੍ਰਦੇਸ਼ਾਂ ਵਿਚ ਮਿੱਠੜੀ ਜ਼ਬਾਨ ਨਾਲ ਲੱਖਾਂ ਲੋਕਾਂ ਨੂੰ ਕੀਲਿਆ ਹੋਵੇ, ਉਹ ਵੀ ਲੌਂਗੋਵਾਲ ਦੇ ਮਹਾਨ ਸ਼ਹੀਦਾਂ ਦੀ ਕਤਾਰ ਵਿਚ ਖਲੋ ਗਏ। ਉਨ੍ਹਾਂ ਨੇ ਲੌਂਗੋਵਾਲ ਦੇ ਇਲਾਕੇ ਅੰਦਰ ਅਨੇਕਾਂ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਇਆ। ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਤੇ ਗੁਰਦੁਆਰਾ ਕੈਂਬੋਵਾਲ ਸਾਹਿਬ ਦੀ ਮਹਾਨ ਸੇਵਾ ਵੀ ਕੀਤੀ।
ਅੱਜ ਸ਼ਹੀਦਾਂ ਦੀ ਧਰਤੀ ਨੂੰ ਸਮੁੱਚੇ ਸਿੱਖ ਭਾਈਚਾਰੇ, ਨਾਨਕ ਨਾਮ ਲੇਵਾ ਅਤੇ ਸਮੂਹ ਸੰਪਰਦਾਵਾਂ ਵਲੋਂ ਸ਼ਹੀਦਾਂ ਦੀ ਯਾਦ ਵਿਚ ਭਾਈ ਮਨੀ ਸਿੰਘ ਲੌਂਗੋਵਾਲ ਸਮੇਤ ਗੁਰਦੁਆਰਾ ਕੈਂਬੋਵਾਲ (ਲੌਂਗੋਵਾਲ) ਵਿਖੇ ਸ਼ਹੀਦੀ ਸਮਾਗਮ ਦੇ ਤੌਰ 'ਤੇ ਹਰ ਸਾਲ ਦੀ ਤਰ੍ਹਾਂ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਇਨ੍ਹਾਂ ਸ਼ਹੀਦਾਂ ਨੂੰ ਨਮਸਕਾਰ ਕਰਨ ਲਈ ਅਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚ ਰਹੇ ਹਨ।


-ਡਿਪਟੀ ਡਾਇਰੈਕਟਰ (ਸਾਬਕਾ), ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ। ਮੋਬਾ: 81460-96055


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX