ਤਾਜਾ ਖ਼ਬਰਾਂ


ਪੁਲਿਸ ਚੈਕਿੰਗ ਦੌਰਾਨ ਕਾਰ ਛੱਡ ਫ਼ਰਾਰ ਹੋਏ ਗੈਂਗਸਟਰ
. . .  1 day ago
ਜਲੰਧਰ, 23 ਫਰਵਰੀ - ਜਲੰਧਰ-ਫਗਵਾੜਾ ਮੁੱਖ ਜੀ.ਟੀ ਰੋਡ 'ਤੇ ਪਰਾਗਪੁਰ ਵਿਖੇ ਪੁਲਿਸ ਚੈਕਿੰਗ ਦੌਰਾਨ ਤਿੰਨ ਦੇ ਕਰੀਬ ਗੈਂਗਸਟਰ ਇਨੋਵਾ ਕਾਰ ਛੱਡ ਕੇ ਜਮਸ਼ੇਰ ਵੱਲ ਨੂੰ ਫ਼ਰਾਰ...
ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  1 day ago
ਫ਼ਿਰੋਜਪੁਰ 23 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਹਿੰਦ ਪਾਕਿ ਕੌਮੀ ਸਰਹੱਦ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਕੀ ਸ਼ਾਮੇ ਕੇ ਦੇ ਖੇਤਰ ਵਿਚੋਂ 136 ਬਟਾਲੀਅਨ ਬੀਐਸਐਫ...
ਰਾਮ ਵਿਲਾਸ ਪਾਸਵਾਨ ਵੱਲੋਂ ਪੰਜਾਬ ਹਰਿਆਣਾ ਦੇ ਐਫ.ਸੀ.ਆਈ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਜ਼ੀਰਕਪੁਰ, 23 ਫਰਵਰੀ, (ਹਰਦੀਪ ਹੈਪੀ ਪੰਡਵਾਲਾ) - ਕੇਂਦਰੀ ਖਪਤਕਾਰ ਮਾਮਲੇ , ਖਾਦ ਅਤੇ ਸਰਵਜਨਕ ਵਿਤਰਨ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਪਟਿਆਲਾ - ਜ਼ੀਰਕਪੁਰ ਸੜਕ...
ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  1 day ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  1 day ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  1 day ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  1 day ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  1 day ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਹੋਰ ਖ਼ਬਰਾਂ..

ਫ਼ਿਲਮ ਅੰਕ

ਦਿਸ਼ਾ ਪਟਾਨੀ

ਕਦਮ ਬੁਲੰਦੀ ਵੱਲ

ਕਹਿਣ ਵਾਲੇ ਤਾਂ ਦਿਸ਼ਾ ਪਟਾਨੀ ਨੂੰ ਸੋਸ਼ਲ ਮੀਡੀਆ ਦੀ ਮਲਿਕਾ ਕਹਿੰਦੇ ਹਨ। ਦਿਸ਼ਾ ਦੇ ਨਿੱਤ ਨਵੇਂ ਪੋਸਟ ਤੇ ਵੀਡੀਓ ਆਉਂਦੇ ਸਾਰ ਹੀ ਧੁੰਮਾਂ ਪਾ ਦਿੰਦੇ ਹਨ। ਟਾਈਗਰ ਸ਼ਰਾਫ਼ ਨਾਲ ਦਿਸ਼ਾ ਦੀ ਮਿੱਤਰਤਾ ਜੱਗ ਜਾਣਦਾ ਹੈ ਤੇ ਆਪ ਦਿਸ਼ਾ ਆਪਣੇ ਪ੍ਰਸੰਸਕਾਂ ਲਈ ਨਿੱਤ ਨਵੀਂ ਖ਼ਬਰ ਆਪ ਬਣਦੀ ਹੈ। ਇੰਸਟਾਗ੍ਰਾਮ 'ਤੇ ਇਕ ਨਵਾਂ ਵੀਡੀਓ ਉਸ ਨੇ ਪਾਇਆ ਹੈ। 'ਖਾੜਕੂ' ਦਿਖ ਵਾਲੇ ਅੰਦਾਜ਼ 'ਚ ਇਹ ਵੀਡੀਓ 'ਚ ਦਿਸ਼ਾ ਨੇ ਦਿਖਾ ਕੇ ਟਾਈਗਰ ਨੂੰ ਵੰਗਾਰਿਆ ਹੈ ਕਿ ਉਹ ਇਕੱਲਾ ਹੀ ਖੜਕੇ-ਦੜਕੇ, ਸਟੰਟ ਦਾ ਮਾਹਿਰ ਨਹੀਂ, ਬਲਕਿ 'ਔਰ ਭੀ ਹੈਂ ਜਹਾਨ ਮੇਂ ਤੁਮਹਾਰੇ ਸਿਵਾ...।' ਦਿਸ਼ਾ ਵੈਸੇ ਆਪ ਟਾਈਗਰ ਨਾਲ ਪਿਛਲੇ ਦਿਨੀਂ ਹੀ ਮਾਲਦੀਵ ਤੋਂ ਛੁੱਟੀਆਂ ਬਤੀਤ ਕਰਕੇ ਪਰਤੀ ਹੈ। ਮਾਲਦੀਵ 'ਚ ਦਿਸ਼ਾ ਨੇ ਯੋ ਯੋ ਹਨੀ ਸਿੰਘ ਦੇ ਗਾਣੇ 'ਉਰਵਸ਼ੀ' 'ਤੇ ਟਾਈਗਰ ਨਾਲ ਨਾਚ ਕਰਦੀ ਦਾ ਵੀਡੀਓ ਵੀ ਪਾਇਆ। ਇਸ ਮੌਕੇ 'ਤੇ ਦਿਸ਼ਾ ਨਾਲ ਟਾਈਗਰ ਦੀ ਭੈਣ ਕ੍ਰਿਸ਼ਨਾ ਸ਼ਰਾਫ਼ ਵੀ ਸੀ। ਦਿਸ਼ਾ ਦੀ ਫ਼ਿਲਮੀ ਦਿਸ਼ਾ ਵੀ ਸਹੀ ਚੱਲ ਰਹੀ ਹੈ ਤੇ ਸੱਲੂ ਭਾਈਜਾਨ ਨਾਲ 'ਭਾਰਤ' ਫ਼ਿਲਮ 'ਚ ਉਹ ਆਏਗੀ। ਮੋਹਿਤ ਸੂਰੀ ਦੀ ਅਗਲੀ ਫ਼ਿਲਮ ਉਹ ਅਦਿਤਯ ਰਾਏ ਕਪੂਰ ਨਾਲ ਕਰਨ ਜਾ ਰਹੀ ਹੈ। ਸਲਮਾਨ ਖ਼ਾਨ ਦੀ 'ਕਿੱਕ-2' ਵੀ ਉਹ ਕਰ ਸਕਦੀ ਹੈ। ਇਸ ਤੋਂ ਇਲਾਵਾ ਕਾਰਤਿਕ ਆਰੀਅਨ ਨਾਲ ਵੀ ਦਿਸ਼ਾ ਨੂੰ ਇਕ ਹੋਰ ਫ਼ਿਲਮ ਮਿਲ ਰਹੀ ਹੈ। ਗੱਲ ਕੀ ਉਸ ਦਾ ਫ਼ਿਲਮੀ ਕੈਰੀਅਰ ਸ਼ਾਨਦਾਰ ਦਿਸ਼ਾ ਵੱਲ ਹੈ। ਚਾਹੇ ਰਿਤਿਕ ਰੌਸ਼ਨ ਸਬੰਧੀ ਇਕ ਨਾ-ਮੰਨਣਯੋਗ ਗੱਲ ਕਹਿ ਕੇ ਦਿਸ਼ਾ ਸਭ ਦੀ ਨਜ਼ਰ 'ਚ ਆਈ ਫਿਰ ਵੀ ਟਾਈਗਰ ਸ਼ਰਾਫ਼ ਨੇ ਜੋ ਰਿਤਿਕ ਨੂੰ ਆਪਣਾ ਉਸਤਾਦ ਮੰਨਦਾ ਹੈ, ਨੇ ਖਾਰਜ ਕਰਦਿਆਂ ਬੇਵਕੂਫ਼ ਲੋਕ ਉਡਾ ਰਹੇ ਨੇ, ਮਨਘੜਤ ਖ਼ਬਰਾਂ ਦੀ ਦੁਹਾਈ ਪਾ ਕੇ ਦਿਸ਼ਾ ਨੂੰ ਖਾਹਮਖਾਹ ਦੇ ਵਿਵਾਦ ਤੋਂ ਬਚਾ ਲਿਆ ਹੈ। ਹੁਣ ਦਿਸ਼ਾ ਪਟਾਨੀ ਇਸ ਲਈ ਟਾਈਗਰ ਨੂੰ ਧੰਨਵਾਦ ਦਿੰਦੀ ਹੈ ਜਾਂ ਨਹੀਂ ਬਾਅਦ ਦੀ ਗੱਲ ਪਰ ਹੁਣ ਦੀ ਗੱਲ ਇਹੀ ਹੈ ਕਿ ਦਿਸ਼ਾ ਦਾ ਇਸ ਸਮੇਂ ਪਾਣੀ ਵੀ ਵਿਕਦਾ ਹੈ, ਚਾਹੇ ਬਾਕੀਆਂ ਦੇ ਦੁੱਧ ਦੀ ਹਾਲਤ ਪਤਲੀ ਹੀ ਹੋਵੇ।


ਖ਼ਬਰ ਸ਼ੇਅਰ ਕਰੋ

ਯਾਮੀ ਗੌਤਮ

ਛਮ ਛਮ ਨੱਚਦੀ ਫਿਰਾਂ

ਖ਼ੁਸ਼ੀ ਦੇ ਅੱਥਰੂਆਂ ਦਾ ਆਪਣਾ ਹੀ ਇਕ ਅਲੱਗ ਲੁਤਫ਼ ਹੁੰਦਾ ਹੈ। ਯਾਮੀ ਗੌਤਮ ਪੰਜਾਬਣ ਹੈ ਤੇ ਪੰਜਾਬ ਦੀ ਧਰਤੀ ਹੋਵੇ ਤੇ ਗੁਰੂ ਦੀ ਨਗਰੀ ਅੰਮ੍ਰਿਤਸਰ ਤੇ ਉਥੇ ਯਾਮੀ ਗੌਤਮ ਸਰਕਾਰੀ ਸਮਾਰੋਹ 'ਚ ਸਨਮਾਨਿਤ ਹੋਵੇ ਤਾਂ ਸਥਿਤੀ ਅਜਿਹੀ ਹੀ ਬਣਨੀ ਸੀ। 'ਕਾਬਿਲ' 100 ਕਰੋੜ ਨੂੰ ਟੱਪਣ ਨਾਲ ਹੀ ਯਾਮੀ ਕਾਬਿਲ ਨਾਇਕਾ ਬਣ ਗਈ ਸੀ ਤੇ ਹੁਣ ਵਿੱਕੀ ਕੌਸ਼ਲ ਨਾਲ 'ਉੜੀ' ਦਾ ਸਰਜੀਕਲ ਸਟਰਾਈਕ ਦੀ ਕਾਮਯਾਬੀ ਤੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਯਾਮੀ ਗੌਤਮ ਨਾਲ ਮੁਲਾਕਾਤ ਕੀਤੀ। ਬੀ.ਐਸ.ਐਫ. ਅੰਮ੍ਰਿਤਸਰ ਨੇ ਇਸ ਫ਼ਿਲਮ ਲਈ ਇਕ ਸਨਮਾਨਿਤ ਟੋਕਨ ਨਾਲ ਯਾਮੀ ਦਾ ਸਵਾਗਤ ਕੀਤਾ। ਅਟਾਰੀ-ਵਾਹਗਾ ਬਾਰਡਰ 'ਤੇ ਦੇਸ਼ ਦੇ ਜਵਾਨਾਂ ਨੂੰ ਮਿਲ ਪ੍ਰੇਮ, ਖੁਸ਼ੀ ਤੇ ਦੇਸ਼ ਪਿਆਰ ਦੇ ਉਤਸਵ ਦਾ ਸਕੂਨ ਉਸ ਨੂੰ ਮਹਿਸੂਸ ਹੋਇਆ। ਯਾਦ ਰਹੇ 'ਉੜੀ' ਨੇ 200 ਕਰੋੜ ਤੋਂ ਵੱਧ ਕਮਾ ਲਿਆ ਹੈ ਤੇ ਯਾਮੀ ਇਸ ਸਮੇਂ ਸ਼ਾਹਰੁਖ, ਸਲਮਾਨ, ਆਮਿਰ ਨੂੰ ਪਿਛਾਂਹ ਛੱਡ ਗਈ ਹੈ। ਸਾਰੀ 25 ਕਰੋੜ ਦੇ ਬਜਟ 'ਚ ਬਣੀ ਫ਼ਿਲਮ 200 ਕਰੋੜ ਤੋਂ ਪਾਰ 800 ਸਿਨੇਮਿਆਂ 'ਚ ਇਕੋ ਸਮੇਂ ਹੀ ਰਿਲੀਜ਼ ਹੋਈ। ਤਰੁਣ ਆਦਰਸ਼ ਜਿਹੇ ਮਹਾਂਰਥੀਆਂ ਨੇ ਯਾਮੀ ਦੀ ਤਾਰੀਫ਼ ਕੀਤੀ ਹੈ। ਯਾਮੀ ਇਸ ਖ਼ੁਸ਼ੀ 'ਚ ਲੈਕਮੇ ਦੇ ਫੈਸ਼ਨ ਸ਼ੋਅ 'ਚ ਵੀ ਗਈ। ਖ਼ੁਸ਼ੀ 'ਚ ਨੱਚਦੀ-ਨੱਚਦੀ ਯਾਮੀ ਦਾ ਪੈਰ ਤਿਲਕ ਗਿਆ ਤੇ ਉਹ ਸੱਟ ਲੱਗਣ ਤੋਂ ਮਸਾਂ ਹੀ ਬਚੀ। ਯਾਮੀ ਖ਼ੁਸ਼ ਹੈ ਕਿ ਦੇਸ਼ ਪਿਆਰ ਦੀ ਫ਼ਿਲਮ ਦਾ ਉਹ ਹਿੱਸਾ ਹੈ। 71ਵੇਂ ਭਾਰਤੀ ਸੈਨਾ ਦਿਵਸ ਦੇ ਮੌਕੇ ਦਿੱਲੀ 'ਚ ਹੋਈ ਪਰੇਡ 'ਚ ਵੀ ਯਾਮੀ ਗਈ। ਯਾਮੀ ਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਨਿਰਮਾਤਾ ਨੇ ਫ਼ਿਲਮ ਦੀ ਕਮਾਈ 'ਚੋਂ ਇਕ ਕਰੋੜ ਰੁਪਿਆ ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਨੂੰ ਦਿੱਤਾ ਹੈ। ਬਿਨਾਂ ਸ਼ੱਕ 2019 'ਚ ਚੜ੍ਹਦੇ ਸਾਲ ਹੀ 'ਉੜੀ' ਜਿਹੀ ਹਿੱਟ ਫ਼ਿਲਮ ਨਾਲ ਯਾਮੀ ਗੌਤਮ ਸਾਲ ਭਰ ਦੀਆਂ ਰੋਟੀਆਂ ਇਕ ਤਰ੍ਹਾਂ ਆਪਣੇ ਲਈ ਬਣਾ ਗਈ ਹੈ। ਫਿਰ ਕਿਉਂ ਨਾ ਖ਼ੁਸ਼ੀ 'ਚ ਪੱਬਾਂ ਭਾਰ ਯਾਮੀ ਨੱਚਦੀ ਫਿਰੇ...।

ਤਣਾਅ ਨੂੰ ਪਿੱਛੇ ਛੱਡ ਚੁੱਕੀ ਹੈ

ਦੀਪਿਕਾ

ਅਭਿਨੇਤਰੀ ਦੀਪਿਕਾ ਪਾਦੂਕੋਨ ਦੇ ਜੀਵਨ ਵਿਚ ਹੁਣ ਇਕ ਸਥਿਰਤਾ ਆਈ ਹੈ ਅਤੇ ਹੁਣ ਜਲਦ ਹੀ ਮੇਘਨਾ ਗੁਲਜ਼ਾਰ ਦੀ ਫਿਲਮ 'ਛਪਾਕ' ਦੀ ਸ਼ੂਟਿੰਗ ਨਿਯਮਤ ਤੌਰ 'ਤੇ ਸ਼ੁਰੂ ਕਰ ਦੇਵੇਗੀ। ਦੀਪਿਕਾ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਤਣਾਅ ਮੁਕਤ ਹੋ ਕੇ ਕੰਮ ਕਰਨਾ ਚਾਹੁੰਦੀ ਹੈ। ਉਹ ਹੱਸ ਕੇ ਦੱਸਦੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਤਣਾਅ ਨੂੰ ਆਪਣੇ ਨੇੜੇ-ਤੇੜੇ ਫਟਕਣ ਨਹੀਂ ਦੇਣਾ ਚਾਹੁੰਦੀ। ਵਰਨਣਯੋਗ ਹੈ ਕਿ ਕਦੇ ਤਣਾਅ ਨੂੰ ਲੈ ਕੇ ਦੀਪਿਕਾ ਨੂੰ ਕਾਫ਼ੀ ਜੂਝਣਾ ਪੈਂਦਾ ਸੀ। ਉਦੋਂ ਉਸ ਨੂੰ ਦਵਾਈ ਵੀ ਖਾਣੀ ਪੈਂਦੀ ਸੀ। ਬਾਅਦ ਵਿਚ ਉਨ੍ਹਾਂ ਖਰਾਬ ਦਿਨਾਂ 'ਚ ਰਿਸ਼ਤੇ ਦੇ ਟੁੱਟਣ ਦੀ ਪੀੜਾ ਆਦਿ ਤੋਂ ਬਹੁਤ ਵਧੀਆ ਤਰ੍ਹਾਂ ਨਾਲ ਸੰਭਲ ਕੇ ਦੀਪਿਕਾ ਆਪਣੇ ਮੁਕਾਮ 'ਤੇ ਪਹੁੰਚ ਗਈ ਸੀ। ਅੱਜ ਵੀ ਕਈ ਮੌਕਿਆਂ 'ਤੇ ਉਨ੍ਹਾਂ ਦਿਨਾਂ ਨੂੰ ਯਾਦ ਕਰ ਕੇ ਦੀਪਿਕਾ ਬਹੁਤ ਭਾਵੁਕ ਹੋ ਜਾਂਦੀ ਹੈ। ਪਿਛਲੇ ਦਿਨੀਂ ਬੱਚਿਆਂ ਬਾਰੇ ਲਿਖੇ ਗਏ ਆਪਣੇ ਲੇਖ ਦੇ ਜ਼ਰੀਏ ਉਸ ਨੇ ਉਨ੍ਹਾਂ ਗੱਲਾਂ ਨੂੰ ਬੜੀ ਸ਼ਿੱਦਤ ਨਾਲ ਦੱਸਿਆ ਸੀ ਜਿਨ੍ਹਾਂ ਨੂੰ ਇਕ ਕਿਤਾਬ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਕਿਤਾਬ ਵਿਚ 51 ਭਾਰਤੀ ਔਰਤਾਂ ਦੇ ਤਣਾਅ ਦੇ ਖ਼ਿਲਾਫ਼ ਉਸ ਦੀ ਲੜਾਈ ਬਾਰੇ ਲਿਖੇ ਗਏ ਲੇਖ ਕਾਫੀ ਗਿਆਨ ਭਰਪੂਰ ਹਨ। ਆਪਣੀ ਗੱਲਬਾਤ ਵਿਚ ਦੀਪਿਕਾ ਇਸ ਕਿਤਾਬ ਦਾ ਵਿਸ਼ੇਸ਼ ਜ਼ਿਕਰ ਕਰਦੀ ਹੈ। ਉਸ ਦੇ ਮੁਤਾਬਿਕ ਜਦ ਤੁਸੀਂ ਅੰਦਰੋਂ ਮਜ਼ਬੂਤ ਹੋ ਤਾਂ ਕਿਸੇ ਵੀ ਤਰ੍ਹਾਂ ਦੇ ਤਣਾਅ 'ਚੋਂ ਆਪਣੇ-ਆਪ ਨੂੰ ਆਸਾਨੀ ਨਾਲ ਬਾਹਰ ਕੱਢ ਲਵੋਗੇ।


-ਅਸੀਮ ਚੱਕਰਵਰਤੀ

ਵਰੁਣ ਧਵਨ

'ਕਲੰਕ' ਲਾਹ ਦੂ 'ਸਟਰੀਟ ਡਾਂਸਰ'

'ਡਾਂਸ' ਕਰ ਤਾਂ ਰਿਹਾ ਹੈ ਵਰੁਣ ਧਵਨ ਸ਼ਰਧਾ ਕਪੂਰ ਨਾਲ ਪਰ ਉਸ ਦਾ ਧਿਆਨ ਇਹੀ ਹੈ ਕਿ ਉਸ ਦੀ ਇਹ ਨਵੀਂ ਫ਼ਿਲਮ 'ਡਾਂਸ' ਪਹਿਲੇ ਸਾਰੇ ਅਸਫ਼ਲ ਧੱਬੇ ਧੋ ਦੇਵੇ ਤੇ ਉਹ ਵੀ ਨਵੇਂ ਸਾਲ ਦੀਆਂ ਸਰਗਰਮੀਆਂ 'ਚ ਸਫ਼ਲਤਾ ਦਾ 'ਡਾਂਸ' ਦੇਖ ਲਏ। ਹਾਂ, 'ਡਾਂਸ' ਦੇ ਪਹਿਲੇ ਜਾਰੀ ਹੋਏ ਪੋਸਟਰਾਂ ਨੇ ਅੱਤ ਮਚਾ ਦਿੱਤੀ ਹੈ। ਤਿੰਨ ਸ਼ਾਨਦਾਰ 'ਡਾਂਸ' ਦੇ ਪੋਸਟਰ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਦੇਖ ਕੇ ਸਰਾਹੇ ਹਨ। ਜੀ ਹਾਂ ਅਸੀਂ ਜਿਸ 'ਡਾਂਸ' ਦੀ ਗੱਲ ਕਰ ਰਹ ਹਾਂ ਉਹ ਫ਼ਿਲਮ ਰੇਮੂ ਡਿਸੂਜ਼ਾ ਦੀ ਹੈ ਤੇ ਪੂਰਾ ਨਾਂਅ 'ਸਟਰੀਟ ਡਾਂਸਰ' ਹੈ। ਇਹ ਫ਼ਿਲਮ ਹੈ ਤਾਂ 'ਏ ਬੀ ਸੀ ਡੀ' ਦਾ ਅਗਲਾ ਹਿੱਸਾ ਪਰ ਇਸ ਦਾ ਪਹਿਲਾ ਪੋਸਟਰ ਕਮਾਲ ਦਾ ਹੈ ਤੇ ਨਵੀਂ ਦਿੱਖ ਪੇਸ਼ ਕਰਦਾ ਹੈ। ਇਕ ਪੋਸਟਰ, ਵਰੁਣ ਨੇ ਕਮੀਜ਼ ਦੇ ਕਾਲਰ ਤੋਂ ਪ੍ਰਭੂ ਦੇਵਾ ਨੂੰ ਫੜਿਆ ਹੋਇਆ ਹੈ। 'ਸਟਰੀਟ ਡਾਂਸਰ' ਖੜਕਾ-ਦੜਕਾ ਵੀ ਕਰੇਗਾ ਇਹ ਪ੍ਰਭਾਵ ਇਸ ਪੋਸਟਰ ਨੇ ਪਾਇਆ ਹੈ। ਵਰੁਣ ਧਵਨ ਲਈ ਸਲਮਾਨ ਖ਼ਾਨ ਨੇ ਰੇਮੂ ਨਾਲ ਰਾਜ਼ੀਨਾਮਾ ਵੀ ਕਰ ਲਿਆ ਹੈ। ਪਹਿਲਾਂ 'ਰੇਸ-3' ਸਮੇਂ ਦੋਵਾਂ 'ਚ ਮਤਭੇਦ ਹੋ ਗਏ ਸਨ। ਵਰੁਣ ਧਵਨ ਦੀ 'ਕਲੰਕ' ਵੀ ਆ ਰਹੀ ਹੈ ਤੇ ਇਸ 'ਚ ਉਸ ਨਾਲ ਆਲੀਆ, ਅਦਿਤਯ ਰਾਏ ਕਪੂਰ, ਸੋਨਾਕਸ਼ੀ ਸਿਨਹਾ, ਮਾਧੁਰੀ ਦੀਕਸ਼ਤ ਤੇ ਸੰਜੇ ਦੱਤ ਵੀ ਹਨ। ਵਰੁਣ ਧਵਨ ਨਾਲ ਨੋਰਾ ਫਤੇਹੀ ਨੇ ਇਕ ਸਟੇਜ ਡਾਂਸ ਕੀਤਾ ਹੈ ਜੋ ਕਾਫੀ ਲੋਕਪ੍ਰਿਯ ਹੋਇਆ ਹੈ। ਇਸ ਲੋਕਪ੍ਰਿਯਤਾ ਸਮੇਂ ਵੀ ਵਰੁਣ ਚਾਹੁੰਦਾ ਹੈ ਕਿ ਨਤਾਸ਼ਾ ਨਾਲ ਫੇਰੇ ਲੈ ਕੇ ਆਪਣਾ ਘਰ ਵੀ ਵਸਾ ਲਏ। ਨਤਾਸ਼ਾ ਵਰੁਣ ਲਈ ਭਾਗਾਂਵਾਲੀ ਹੈ ਕਿ ਅਕਸ਼ੈ-ਵਰੁਣ ਦੀ ਜੋੜੀ ਲਈ ਤਿੰਨ ਨਵੀਆਂ ਫ਼ਿਲਮਾਂ ਲਿਖੀਆਂ ਜਾ ਰਹੀਆਂ ਹਨ। ਇਕ ਹੋਰ ਫ਼ਿਲਮ 'ਰਣ ਭੂਮੀ' ਕਰਨ ਦਾ ਇਰਾਦਾ ਵੀ ਵਰੁਣ ਧਵਨ ਦਾ ਹੈ। 'ਕੁਲੀ ਨੰਬਰ-1' ਦਾ ਰੀਮੇਕ ਵੀ ਉਸ ਨੂੰ ਹੀ ਲੈ ਕੇ ਬਣੇਗਾ। ਡੇਵਿਡ ਧਵਨ ਦਾ ਹੋਣਹਾਰ ਪੁੱਤਰ ਵਰੁਣ ਧਵਨ ਲਗਦਾ ਹੈ 2019 ਦਾ ਕਾਮਯਾਬ ਹੀਰੋ ਹੋਏਗਾ। ਸਲਮਾਨ ਦੇ ਨਾਲ 'ਭਾਰਤ' 'ਚ ਧੀਰੂ ਭਾਈ ਅੰਬਾਨੀ ਦਾ ਕਿਰਦਾਰ ਵੀ ਵਰੁਣ ਧਵਨ ਕਰ ਰਿਹਾ ਹੈ। ਹੱਥ ਹੋਏ ਸਲਮਾਨ ਖ਼ਾਨ ਦਾ, ਬਾਪ ਤਕੜਾ ਫ਼ਿਲਮਕਾਰ, ਭਾਗਾਂਵਾਲੀ ਮਿੱਤਰ ਨਤਾਸ਼ਾ ਤਾਂ ਫਿਰ ਵਰੁਣ ਧਵਨ 'ਸਟਰੀਟ ਡਾਂਸਰ' ਬਣ ਕੇ ਸਾਰੇ 'ਕਲੰਕ' ਧੋ ਸਕਦਾ ਹੈ।


-ਸੁਖਜੀਤ ਕੌਰ

ਸੋਸ਼ਲ ਸਾਈਟ 'ਤੇ ਨੇਹਾ ਦਾ ਇਸ਼ਾਰਾ

ਗਾਇਕਾ ਨੇਹਾ ਕੱਕੜ ਫਿਰ ਪ੍ਰੇਸ਼ਾਨ ਹੈ। ਇਧਰ ਸੋਸ਼ਲ ਮੀਡੀਆ ਵਿਚ ਉਸ ਨੂੰ ਫਿਰ ਟਰੈਂਡ ਕੀਤਾ ਜਾ ਰਿਹਾ ਹੈ। ਉਂਜ ਇੰਡੀਅਨ ਆਈਡਲ ਤੋਂ ਬਾਅਦ ਨਿੰਦਣ ਵਾਲੇ ਉਸ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਹਨ। ਖ਼ੈਰ, ਪ੍ਰੇਮੀ ਹਿਮਾਂਸ਼ ਕੋਹਲੀ ਦੇ ਨਾਲੋਂ ਦੂਰੀ ਵਧਣ ਤੋਂ ਬਾਅਦ ਉਨ੍ਹਾਂ ਦਾ ਕੁਝ ਸਮਾਂ ਚੰਗਾ ਨਹੀਂ ਸੀ ਰਿਹਾ ਪਰ ਹੁਣ 'ਸਿੰਬਾ' ਦੇ ਰੀਮਿਕਸ ਗਾਣੇ 'ਆਂਖ ਮਾਰੇ ਯੇ ਲੜਕਾ ਆਂਖ...' ਦੇ ਹਿੱਟ ਹੋਣ ਤੋਂ ਬਾਅਦ ਫਿਰ ਉਸ ਦੇ ਨਾਂਅ ਦੀ ਚਰਚਾ ਹੋਈ ਹੈ। ਅਜਿਹੇ ਸਮੇਂ ਵਿਚ ਹੀ ਨੇਹਾ ਨੇ ਆਪਣੀ ਸੋਸ਼ਲ ਸਾਈਟ ਵਿਚ ਕੁਝ ਅਜਿਹਾ ਲਿਖਿਆ ਹੈ ਕਿ ਉਹ ਅਤੀਤ ਨੂੰ ਭੁੱਲ ਕੇ ਫਿਰ ਅੱਗੇ ਵਧ ਰਹੀ ਹੈ, ਬਹੁਤ ਚੰਗੀ ਗੱਲ ਹੈ ਪਰ ਇਸ ਦਾ ਜਵਾਬ ਬਹੁਤ ਚੰਗਾ ਨਹੀਂ ਆ ਰਿਹਾ ਕਿਉਂਕਿ ਐਸਾ ਨਹੀਂ ਹੈ ਕਿ ਉਸ ਤੋਂ ਬਾਅਦ ਵੀ ਇਹ ਗਾਇਕਾ ਰੁਕੀ ਨਹੀਂ ਹੈ। ਸੋਸ਼ਲ ਸਾਈਟ ਵਿਚ ਨੇਹਾ ਨੇ ਹੈਪੀ, ਪਾਜ਼ੇਟਿਵ ਵਾਇਰਸ ਹੈਸ਼ ਟੈਗ ਦੇ ਕੇ ਲਿਖਿਆ ਹੈ, 'ਲੜਕੀਆਂ ਉਦੋਂ ਵੱਖਰੇ ਢੰਗ ਨਾਲ ਗੱਲ ਕਰਦੀਆਂ ਹਨ, ਜਦ ਉਨ੍ਹਾਂ ਨੂੰ ਸਟੀਕ ਢੰਗ ਨਾਲ ਟਰੀਟ ਕੀਤਾ ਜਾਂਦਾ ਹੈ ਅਤੇ...।' ਇਥੇ ਇਹ ਸ਼ਬਦ ਹੀ ਕਾਫੀ ਅਹਿਮ ਹੈ ਕਿਉਂਕਿ ਉਸ ਤੋਂ ਬਾਅਦ ਹੀ ਗਾਇਕਾ ਨੇ ਲਿਖਿਆ ਹੈ ਕਿ ਜਦ ਸਹੀ ਤਰ੍ਹਾਂ ਨਾਲ ਪਿਆਰ ਕੀਤਾ ਜਾਵੇ। ਇਸ ਦੇ ਨਾਲ ਹੀ ਇਸ ਟੈਗ ਲਾਈਨ ਦੇ ਨਾਲ ਬਹੁਤ ਖੁਸ਼ੀ-ਖੁਸ਼ੀ ਵਾਲੀ ਤਸਵੀਰ ਪੋਸਟ ਦੇ ਕੇ ਆਖਿਰ ਨੇਹਾ ਕੀ ਕਹਿਣਾ ਚਾਹੁੰਦੀ ਹੈ? ਇਸ ਸਵਾਲ 'ਤੇ ਨੇਹਾ ਕਹਿੰਦੀ ਹੈ ਕਿ 'ਤੁਹਾਡੇ ਵਰਗੇ ਲੋਕਾਂ ਨੂੰ ਵੀ ਬੇਵਜ੍ਹਾ ਸ਼ੱਕ ਕਰਨ ਦੀ ਆਦਤ ਹੈ ਪਰ ਉਸ ਦੇ ਕਰੀਬੀ ਅਜਿਹਾ ਨਹੀਂ ਮੰਨਦੇ, ਉਨ੍ਹਾਂ ਦੇ ਮੁਤਾਬਿਕ ਉਸ ਦੀ ਜ਼ਿੰਦਗੀ ਵਿਚ ਇਕ ਨਵੇਂ ਬੁਆਏ ਫਰੈਂਡ ਦਾ ਆਗਮਨ ਹੋ ਚੁੱਕਾ ਹੈ। ਥੋੜ੍ਹਾ ਇੰਤਜ਼ਾਰ ਕਰੋ, ਉਸ ਦਾ ਨਾਂਅ ਜਲਦ ਹੀ ਸਾਹਮਣੇ ਆ ਜਾਵੇਗਾ।


-ਅਸੀਮ

ਤਮੰਨਾ ਭਾਟੀਆ

ਬਾਲੀਵੁੱਡ ਮੇਰੇ ਵੱਸ ਦਾ ਨਹੀਂ

ਵਾਰ-ਵਾਰ ਆਪਣੇ ਵਿਆਹ ਦੀਆਂ ਖ਼ਬਰਾਂ ਤੋਂ ਤੰਗ ਆਈ ਤਮੰਨਾ ਭਾਟੀਆ ਨੇ ਆਖਿਰ ਕਿਹਾ ਹੈ ਕਿ ਹਾਲੇ ਉਹ ਇਕੱਲੀ ਹੈ, ਮੁੰਡਾ ਮੇਰੇ ਲਈ ਮੇਰੇ ਮਾਪੇ ਹੀ ਲੱਭਣਗੇ। ਇਹ ਗੱਲ ਦੱਸਦੀ ਤਮੰਨਾ ਪ੍ਰਭਾਵ ਦੇ ਰਹੀ ਹੈ ਕਿ ਸ਼ਾਦੀ ਦੀਆਂ ਫਜ਼ੂਲ ਖ਼ਬਰਾਂ ਨੇ ਉਸ ਦਾ ਜਿਊਣਾ ਮੁਹਾਲ ਕੀਤਾ ਹੈ। ਤੇਲਗੂ ਦੀ 'ਸੈਮ ਨਰਸਿਮਹਾ ਰੈਡੀ' ਫ਼ਿਲਮ ਕਰ ਚੁੱਕੀ ਤਮੰਨਾ ਦਾ ਕਹਿਣਾ ਹੈ ਕਿ ਦੱਖਣ ਦਾ ਸਿਨੇਮਾ ਸਥਾਪਤ ਹੈ ਪਰ ਉਥੋਂ ਦੇ ਲੋਕ ਹਾਲੇ ਅਹਿ ਆਧੁਨਿਕ ਪਿਆਰ, ਵਾਸ਼ਨਾ ਅਜਿਹੇ ਸ਼ਬਦ ਸੁਣਨ ਲਈ ਤਿਆਰ ਨਹੀਂ ਹਨ। ਹਾਂ, ਦ੍ਰਿਸ਼ ਦੇਖ ਲੈਣਗੇ ਪਰ ਸੰਵਾਦਾਂ ਤੋਂ ਉਨ੍ਹਾਂ ਨੂੰ ਦਿੱਕਤ ਹੈ। ਰਿਤਿਕ ਰੌਸ਼ਨ ਦੀ ਅਥਾਹ ਪ੍ਰਸੰਸਕਾ ਬਣੀ ਤਮੰਨਾ ਭਾਟੀਆ ਨੇ ਹੁਣੇ ਜਿਹੇ ਇਕ ਸ਼ਾਹੀ ਅੰਦਾਜ਼ ਵਾਲਾ ਵਿਗਿਆਪਨ ਕੀਤਾ ਹੈ। ਹਰੀ ਭੂਮੀ ਨਾਲ ਇਕ ਮੁਲਾਕਾਤ ਦੌਰਾਨ ਤਮੰਨਾ ਨੇ ਸਾਫ਼ ਕਿਹਾ ਹੈ ਕਿ ਉਹ ਜਾਣਦੀ ਹੈ ਕਿ ਉਸ ਦੇ ਕਾਮੁਕ ਵੀਡੀਓ ਨੇ ਕੋਹਰਾਮ ਮਚਾਇਆ ਹੈ। ਤਮੰਨਾ ਇਹ ਸਭ ਫੋਕੀ ਸ਼ੋਹਰਤ ਲਈ ਕਰ ਰਹੀ ਹੈ। 'ਬਾਹੂਬਲੀ' ਵਾਲੀ ਇਹ ਨਾਇਕਾ ਕਦੇ ਪਹਿਰਾਵੇ ਨੂੰ ਲੈ ਕੇ ਆਪਣੀ ਹੀ ਇੰਡਸਟਰੀ ਦੇ ਲੋਕਾਂ ਨਾਲ ਖਹਿਬੜ ਪੈਂਦੀ ਹੈ ਤੇ ਕਦੇ ਕਹਿੰਦੀ ਹੈ ਦਰਸ਼ਕ ਚੰਗੀਆਂ ਫ਼ਿਲਮਾਂ ਚਾਹੁੰਦੇ ਹਨ ਪਰ ਆਪ ਕਾਮੁਕਤਾ ਤੇ ਅਰਧ-ਨਗਨਤਾ ਦੇ ਸਹਾਰੇ ਪ੍ਰਚਾਰ ਪਾ ਸੁਰਖੀਆਂ 'ਚ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। 'ਹਿੰਮਤਵਾਲਾ' ਵਾਲੀ ਤਮੰਨਾ ਭਾਟੀਆ ਪ੍ਰਤਿਭਾਵਾਨ ਹੈ ਪਰ ਉਸ ਦੀ ਗੱਲ ਦੱਖਣ ਤੱਕ ਹੀ ਸਿਮਟ ਕੇ ਰਹੀ ਗਈ ਹੈ। ਇਥੇ ਸੰਘਰਸ਼ ਦੀ ਦੁਨੀਆ ਨੇ ਤਮੰਨਾ ਦੀ ਤਮੰਨਾ ਪੂਰੀ ਨਹੀਂ ਹੋਣ ਦਿੱਤੀ।

ਸੰਦੀਪ ਪਾਟਿਲ ਦੀ ਭੂਮਿਕਾ ਵਿਚ ਚਿਰਾਗ ਪਾਟਿਲ

'ਬਜਰੰਗੀ ਭਾਈਜਾਨ' ਫੇਮ ਨਿਰਦੇਸ਼ਕ ਕਬੀਰ ਖਾਨ ਹੁਣ ਕ੍ਰਿਕਟ 'ਤੇ ਫ਼ਿਲਮ ਬਣਾ ਰਹੇ ਹਨ ਅਤੇ ਇਸ ਦਾ ਨਾਂਅ ਹੈ ''83'। ਸਾਲ 1983 ਦਾ ਜ਼ਿਕਰ ਹੁੰਦੇ ਹੀ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਵਿਚ ਲਾਰਡਸ ਦੇ ਮੈਦਾਨ ਵਿਚ ਭਾਰਤੀ ਕ੍ਰਿਕਟ ਟੀਮ ਵਲੋਂ ਵਰਲਡ ਕੱਪ ਦੇ ਫਾਈਨਲ ਵਿਚ ਦਰਜ ਕੀਤੀ ਗਈ ਇਤਿਹਾਸਕ ਜਿੱਤ ਦੀਆਂ ਯਾਦਾਂ ਤਾਜ਼ਾ ਹੋ ਜਾਣਾ ਸੁਭਾਵਿਕ ਹੀ ਹੈ ਅਤੇ ਕਬੀਰ ਖਾਨ ਦੀ ਫ਼ਿਲਮ ਇਸੇ ਜਿੱਤ 'ਤੇ ਆਧਾਰਿਤ ਹੈ।
ਇਸ ਫ਼ਿਲਮ ਵਿਚ ਰਣਵੀਰ ਸਿੰਘ ਵਲੋਂ ਕਪਿਲ ਦੇਵ ਦੀ ਭੂਮਿਕਾ ਨਿਭਾਈ ਜਾ ਰਹੀ ਹੈ ਜੋ ਕਿ ਉਦੋਂ ਟੀਮ ਦੇ ਕਪਤਾਨ ਸਨ। ਹੁਣ ਇਸ ਵਿਚ ਸੰਦੀਪ ਪਾਟਿਲ ਦੇ ਕਿਰਦਾਰ ਲਈ ਉਨ੍ਹਾਂ ਦੇ ਬੇਟੇ ਚਿਰਾਗ ਪਾਟਿਲ ਨੂੰ ਇਕਰਾਰਬੱਧ ਕਰ ਲਿਆ ਗਿਆ ਹੈ। ਭਾਵ ਚਿਰਾਗ ਇਸ ਵਿਚ ਆਪਣੇ ਪਿਤਾ ਦੀ ਭੂਮਿਕਾ ਨਿਭਾਉਣਗੇ। ਕੁਝ ਮਰਾਠੀ ਫ਼ਿਲਮਾਂ ਤੇ ਇੱਕਾ-ਦੁੱਕਾ ਹਿੰਦੀ ਫ਼ਿਲਮਾਂ ਵਿਚ ਅਭਿਨੈ ਕਰਨ ਵਾਲੇ ਚਿਰਾਗ ਹੁਣ ''83' ਨੂੰ ਆਪਣੇ ਫ਼ਿਲਮੀ ਕੈਰੀਅਰ ਲਈ ਮਹੱਤਵਪੂਰਨ ਫ਼ਿਲਮ ਮੰਨਦੇ ਹਨ। ਉਹ ਇਸ ਭੂਮਿਕਾ ਲਈ ਆਪਣੇ ਪਿਤਾ ਤੋਂ ਵੀ ਸਲਾਹ ਲੈ ਰਹੇ ਹਨ, ਨਾਲ ਹੀ ਸਾਬਕਾ ਕ੍ਰਿਕਟ ਖਿਡਾਰੀ ਬਲਵਿੰਦਰ ਸੰਧੂ ਤੇ ਚੰਦਰਕਾਂਤ ਪੰਡਿਤ ਤੋਂ ਵੀ ਕ੍ਰਿਕਟ ਦੀ ਕੋਚਿੰਗ ਲੈ ਰਹੇ ਹਨ ਤਾਂ ਕਿ ਪਰਦੇ 'ਤੇ ਉਹ ਸਹੀ ਕ੍ਰਿਕਟ ਖਿਡਾਰੀ ਲੱਗ ਸਕਣ। ਜਦੋਂ ਇਸ ਫ਼ਿਲਮ ਦਾ ਐਲਾਨ ਕੀਤਾ ਗਿਆ ਸੀ ਉਦੋਂ ਚਿਰਾਗ ਦੀ ਮਾਤਾ ਦੀਪਾ ਨੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਇਸ ਵਿਚ ਸੰਦੀਪ ਪਾਟਿਲ ਦੀ ਭੂਮਿਕਾ ਨਿਭਾਉਣ ਦਾ ਮੌਕਾ ਚਿਰਾਗ ਨੂੰ ਮਿਲੇ ਅਤੇ ਹੁਣ ਉਨ੍ਹਾਂ ਦੀ ਇਹ ਇੱਛਾ ਵੀ ਪੂਰੀ ਹੋ ਗਈ ਹੈ।
ਉਂਜ, ਚਿਰਾਗ ਦੇ ਜਨਮ ਤੋਂ ਪਹਿਲਾਂ ਹੀ ਸੰਦੀਪ ਪਾਟਿਲ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।


-ਇੰਦਰਮੋਹਨ ਪੰਨੂੰ

ਵਿਆਹ ਦਾ ਮਤਲਬ ਹੈ ਦੋ ਦਿਲਾਂ ਦਾ ਪੂਰਨ ਮੇਲ

ਕੈਟਰੀਨਾ ਕੈਫ਼

ਇਕ ਸੰਖੇਪ ਮੁਲਾਕਾਤ ਅਭਿਨੇਤਰੀ ਕੈਟਰੀਨਾ ਕੈਫ਼ ਨਾਲ
* ਤੁਹਾਡੇ ਮੁਤਾਬਿਕ ਔਰਤਾਂ ਦੇ ਦਿਲ 'ਚ ਥਾਂ ਬਣਾਉਣ ਦਾ ਢੰਗ ਕੀ ਹੋਣਾ ਚਾਹੀਦਾ ਹੈ?
ਇਕ ਪ੍ਰਚਲਿਤ ਧਾਰਨਾ ਅਨੁਸਾਰ ਮਰਦ ਦੇ ਦਿਲ ਤੱਕ ਪਹੁੰਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਉਸ ਨੂੰ ਵਧੀਆ ਤੋਂ ਵਧੀਆ ਖਾਣਾ ਬਣਾ ਕੇ ਖੁਆਉਣਾ ਅਤੇ ਲੜਕੀਆਂ ਬਾਰੇ ਕੈਟਰੀਨਾ ਕਹਿੰਦੀ ਹੈ 'ਕਿਸੇ ਲੜਕੀ ਦੇ ਦਿਲ ਤੱਕ ਪਹੁੰਚਣ ਲਈ ਲੜਕੇ ਨੂੰ ਵਧੀਆ ਚਾਲ-ਚਲਣ ਦਾ ਹੋਣਾ ਚਾਹੀਦਾ ਹੈ। ਲੜਕੀਆਂ ਨੂੰ ਉਚਿਤ ਸਨਮਾਨ ਦੇਣਾ ਚਾਹੀਦਾ ਹੈ। ਇਸ ਨਾਲ ਬਹੁਤ ਸਹਿਜ ਢੰਗ ਨਾਲ ਉਨ੍ਹਾਂ ਦੇ ਦਿਲ ਤੱਕ ਪਹੁੰਚਿਆ ਜਾ ਸਕਦਾ ਹੈ। ਪਰ ਹਾਂ ਜਿਥੋਂ ਤੱਕ ਮੇਰਾ ਸਵਾਲ ਹੈ, ਇਹ ਦੋਵੇਂ ਗੁਣ ਕਿਸੇ ਲੜਕੀ ਦੇ ਦਿਲ ਤੱਕ ਪਹੁੰਚਣ ਦੇ ਲਈ ਕਾਫ਼ੀ ਹਨ।'
* ਤੁਸੀਂ ਸ਼ਾਦੀ ਦੇ ਮਤਲਬ ਬਾਰੇ ਕੁਝ ਕਹੋ ?
ਕੈਟਰੀਨਾ ਨੇ ਕਿਹਾ ਮੇਰੇ ਮੁਤਾਬਿਕ ਸ਼ਾਦੀ ਦਾ ਮਤਲਬ ਦੋ ਦਿਲਾਂ ਦਾ ਪੂਰਾ ਮਿਲਣ ਹੋਣਾ ਹੈ। ਮੈਂ ਇਸ ਗੱਲ ਵਿਚ ਯਕੀਨ ਕਰਦੀ ਹਾਂ ਕਿ ਜਦੋਂ ਦੋ ਲੋਕਾਂ ਦਾ ਦਿਲ ਇਕੱਠਿਆਂ ਸੋਚਦਾ ਹੈ ਤਾਂ ਉਹ ਹੀ ਸ਼ਾਦੀ ਦਾ ਸਹੀ ਸਮਾਂ ਹੈ। ਪਰ ਬਾਵਜੂਦ ਇਸ ਦੇ ਲਵ ਮੈਰੇਜ ਦੀ ਬਜਾਏ ਉਸ ਨੂੰ ਅਰੇਂਜ ਮੈਰੇਜ (ਪਰਿਵਾਰ ਨਾਲ ਸਬੰਧਿਤ) ਜ਼ਿਆਦਾ ਪਸੰਦ ਹੈ ਕਿਉਂਕਿ ਇਸ ਨਾਲ ਬੇਹੱਦ ਅਜਨਬੀ ਮਨੁੱਖ ਦੇ ਮਨ ਨੂੰ ਨਵੇਂ ਢੰਗ ਨਾਲ ਜਾਨਣ ਦਾ ਮੌਕਾ ਮਿਲਦਾ ਹੈ। ਇਸ ਲਈ ਮੈਂ ਆਪਣੇ ਲਈ ਵਰ ਲੱਭਣ ਦੀ ਜ਼ਿੰਮੇਵਾਰੀ ਆਪਣੀ ਮਾਂ ਨੂੰ ਸੌਂਪ ਰੱਖੀ ਹੈ। ਆਪਣੀ ਮਾਂ ਦੀ ਪਸੰਦ ਦੇ ਲੜਕੇ ਨਾਲ ਹੀ ਮੈਂ ਸ਼ਾਦੀ ਕਰਨਾ ਚਾਹਾਂਗੀ।
* ਤਲਾਸ਼ ਵਧੀਆ ਜੀਵਨ ਸਾਥੀ ਬਾਰੇ ਕੁਝ ਦੱਸੋ?
ਮੇਰਾ ਜੀਵਨ ਸਾਥੀ 'ਚ ਕੁਝ ਗੁਣ ਹੋਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਤਾਂ ਉਸ ਨੂੰ ਬਹੁਤ ਸਿੱਧਾ ਅਤੇ ਸਰਲ ਵਿਅਕਤੀ ਹੋਣਾ ਚਾਹੀਦਾ ਹੈ। ਮੈਂ ਚਾਰੇ ਪਾਸਿਆਂ ਤੋਂ ਗੁੰਝਲਦਾਰ ਦੁਨੀਆ ਵਿਚ ਜੀਵਨ ਸਾਥੀ ਦੇ ਤੌਰ 'ਤੇ ਬੇਹੱਦ ਸਰਲ ਵਿਅਕਤੀ ਦਾ ਸਾਥ ਚਾਹੁੰਦੀ ਹਾਂ। ਅਜਿਹਾ ਵਿਅਕਤੀ ਇੰਡਸਟਰੀ ਦਾ ਹੋਵੇ ਜਾਂ ਇੰਡਸਟਰੀ ਤੋਂ ਬਾਹਰ ਦਾ, ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ।

'ਵੁਮਨੀਆ' ਟਾਈਟਲ ਨੂੰ ਲੈ ਕੇ ਵਿਵਾਦ

ਫ਼ਿਲਮ 'ਗੈਂਗਸ ਆਫ਼ ਵਾਸੇਪੁਰ' ਦੀ ਰਿਲੀਜ਼ ਤੋਂ ਬਾਅਦ ਇਸ ਦਾ ਇਕ ਗੀਤ 'ਓ ਵੁਮਨੀਆ...' ਕਾਫੀ ਹਰਮਨਪਿਆਰਾ ਹੋਇਆ ਸੀ। ਗੀਤ ਦੀ ਹਰਮਨਪਿਆਰਤਾ ਤੋਂ ਪ੍ਰਭਾਵਿਤ ਹੋ ਕੇ ਨਿਰਮਾਤਾ ਪ੍ਰੀਤੀਸ਼ ਨੰਦੀ ਨੇ ਟਾਈਟਲ ਰਜਿਸਟ੍ਰੇਸ਼ਨ ਕਮੇਟੀ ਵਿਚ 'ਵੁਮਨੀਆ' ਟਾਈਟਲ ਆਪਣੇ ਨਾਂਅ ਰਜਿਸਟਰ ਕਰਵਾ ਲਿਆ ਅਤੇ ਉਹ ਇਸ ਟਾਈਟਲ ਨੂੰ ਧਿਆਨ ਵਿਚ ਰੱਖ ਕੇ ਸਹੀ ਕਹਾਣੀ ਦੀ ਭਾਲ ਵਿਚ ਲੱਗ ਗਏ।
ਇਧਰ 'ਗੈਂਗਸ...' ਦੇ ਨਿਰਦੇਸ਼ਕ ਅਨੁਰਾਗ ਕਸ਼ਿਅਪ ਕੋਲ ਔਰਤਾਂ 'ਤੇ ਕੇਂਦਰਿਤ ਇਕ ਚੰਗੀ ਕਹਾਣੀ ਆਈ ਅਤੇ ਉਨ੍ਹਾਂ ਨੇ ਇਸ 'ਤੇ ਫ਼ਿਲਮ ਬਣਾਉਣ ਦੀ ਸੋਚੀ। ਫ਼ਿਲਮ ਲਈ ਤਾਪਸੀ ਪੰਨੂੰ ਤੇ ਭੂਮੀ ਪੇਡਨੇਕਰ ਨੂੰ ਇਕਰਾਰਬੱਧ ਵੀ ਕਰ ਲਿਆ ਅਤੇ ਜਦੋਂ ਉਹ 'ਵੁਮਨੀਆ' ਟਾਈਟਲ ਰਜਿਸਟਰ ਕਰਵਾਉਣ ਪਹੁੰਚੇ ਤਾਂ ਉਨ੍ਹਾਂ ਨੂੰ ਇਹ ਜਾਣ ਕੇ ਝਟਕਾ ਲੱਗਿਆ ਕਿ ਇਹ ਨਾਂਅ ਪਹਿਲਾਂ ਹੀ ਰਜਿਸਟਰ ਕਰਵਾ ਲਿਆ ਗਿਆ ਹੈ।
ਹੁਣ ਅਨੁਰਾਗ ਇਹ ਦਾਅਵਾ ਕਰ ਰਹੇ ਹਨ ਕਿ 'ਵੁਮਨੀਆ' ਟਾਈਟਲ ਉਨ੍ਹਾਂ ਦੀ ਫ਼ਿਲਮ ਦੇ ਗੀਤ ਦੇ ਮੁਖੜੇ ਤੋਂ ਲਿਆ ਗਿਆ ਹੈ। ਇਸ ਗੀਤ 'ਤੇ ਉਨ੍ਹਾਂ ਦਾ ਹੱਕ ਹੈ, ਇਸ ਲਿਹਾਜ਼ ਨਾਲ 'ਵੁਮਨੀਆ' ਟਾਈਟਲ ਵੀ ਉਨ੍ਹਾਂ ਦੀ 'ਇੰਟੇਲੈਕਚੁਅਲ ਪ੍ਰਾਪਰਟੀ' ਹੈ। ਉਹ ਕਹਿੰਦੇ ਹਨ, 'ਇਹ ਸ਼ਬਦ ਵੁਮਨੀਆ ਮੇਰੇ ਦਿਮਾਗ਼ ਦੀ ਉਪਜ ਹੈ। ਇਸ ਦਾ ਇਸਤੇਮਾਲ ਹੋਰ ਕੋਈ ਕਿਵੇਂ ਕਰ ਸਕਦਾ ਹੈ। ਪ੍ਰੀਤੀਸ਼ ਦੀ ਕੰਪਨੀ ਨੇ ਇਹ ਨਾਂਅ ਆਪਣੀ ਵੈੱਬ ਸੀਰੀਜ਼ ਨੂੰ ਦੇਣਾ ਚਾਹਿਆ ਪਰ ਬਾਅਦ ਵਿਚ ਉਨ੍ਹਾਂ ਨੇ ਆਪਣੀ ਵੈੱਬ ਸੀਰੀਜ਼ ਦਾ ਨਾਂਅ 'ਫਾਰ ਮੋਰ ਸ਼ਾਟਸ ਪਲੀਜ਼' ਰੱਖ ਕੇ ਦਿਖਾ ਦਿੱਤਾ ਕਿ ਉਹ 'ਵੁਮਨੀਆ' ਟਾਈਟਲ ਨੂੰ ਮਹਿਜ਼ ਆਪਣੇ ਕਬਜ਼ੇ ਵਿਚ ਰੱਖਣਾ ਚਾਹੁੰਦੇ ਹਨ, ਨਾ ਕਿ ਇਸ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ।
ਹੁਣ ਇਸ ਟਾਈਟਲ ਨੂੰ ਹਾਸਲ ਕਰਨ ਲਈ ਅਨੁਰਾਗ ਆਪਣੀ ਕਾਨੂੰਨੀ ਟੀਮ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ ਅਤੇ ਇਹ ਦੇਖ ਕੇ ਲਗਦਾ ਹੈ ਕਿ 'ਵੁਮਨੀਆ' ਟਾਈਟਲ ਅੱਗੋਂ ਵੀ ਖ਼ਬਰਾਂ ਵਿਚ ਬਣਿਆ ਰਹੇਗਾ।


-ਮੁੰਬਈ ਪ੍ਰਤੀਨਿਧ

ਹੁਣ ਗਾਇਕੀ ਵਿਚ ਆਏ ਲਲਿਤ ਪਰਾਸ਼ਰ

ਲਲਿਤ ਪਰਾਸ਼ਰ, ਇਹ ਨਾਂਅ ਸੁਣਦੇ ਹੀ ਕਿਸੇ ਦਾ ਵੀ ਸਿਰ ਖੁਰਕ ਕੇ ਸੋਚਣਾ ਸੁਭਾਵਿਕ ਹੀ ਹੈ ਕਿ ਇਹ ਸਾਹਬ ਕੌਣ ਹੈ। ਉਂਝ ਬਤੌਰ ਅਭਿਨੇਤਾ ਇਨ੍ਹਾਂ ਨੇ 'ਜਬ ਵੀ ਮੈੱਟ', 'ਭੂਤਨਾਥ', 'ਟ੍ਰੈਫਿਕ ਸਿਗਨਲ', 'ਅਜਬ ਪ੍ਰੇਮ ਕੀ ਗਜਬ ਕਹਾਨੀ' ਸਮੇਤ ਕਈ ਫ਼ਿਲਮਾਂ ਵਿਚ ਕੰਮ ਕੀਤਾ ਹੈ ਪਰ ਇਨ੍ਹਾਂ ਨੂੰ ਹਰਮਨਪਿਆਰਾ ਬਣਾਉਣ ਦਾ ਸਿਹਰਾ ਇਕ ਐਡ ਫ਼ਿਲਮ ਨੂੰ ਜਾਂਦਾ ਹੈ। ਘਰ ਦੇ ਰੰਗ-ਰੋਗਨ 'ਤੇ ਬਣੀ ਉਸ ਐਡ ਫ਼ਿਲਮ ਵਿਚ ਇਨ੍ਹਾਂ ਦੇ ਕਿਰਦਾਰ ਦਾ ਨਾਂਅ ਸੁਨੀਲ ਬਾਬੂ ਸੀ ਅਤੇ ਜਿਨ੍ਹੀਂ ਦਿਨੀਂ ਇਹ ਪ੍ਰਸਾਰਿਤ ਹੋਇਆ ਕਰਦੀ ਸੀ, ਉਦੋਂ ਇਨ੍ਹਾਂ 'ਤੇ ਫ਼ਿਲਮਾਇਆ ਸੰਵਾਦ 'ਵਾਹ ਸੁਨੀਲ ਬਾਬੂ...' ਬਹੁਤ ਲੋਕਪ੍ਰਿਆ ਹੋਇਆ ਸੀ। ਉਸ ਐਡ ਫ਼ਿਲਮ ਦੇ ਸੁਨੀਲ ਬਾਬੂ ਭਾਵ ਲਲਿਤ ਪਰਾਸ਼ਰ ਹੁਣ ਗਾਇਕੀ ਦੇ ਖੇਤਰ ਵਿਚ ਆ ਪਹੁੰਚੇ ਹਨ।
ਲਲਿਤ ਨੇ ਸ਼ਾਸਤਰੀ ਗਾਇਕੀ ਦੀ ਬਕਾਇਦਾ ਸਿੱਖਿਆ ਲਈ ਹੈ ਅਤੇ ਅਭਿਨੈ ਤੋਂ ਬਾਅਦ ਗਾਇਕੀ ਵਿਚ ਆਪਣਾ ਨਾਂਅ ਰੌਸ਼ਨ ਕਰਨ ਦੀ ਉਨ੍ਹਾਂ ਦੀ ਦਿਲੀ ਚਾਹਤ ਸੀ। ਉਹ ਸੁਰੇਸ਼ ਵਾਡਕਰ, ਜਾਵੇਦ ਅਲੀ, ਪਿਨਾਜ ਮਸਾਨੀ ਆਦਿ ਗਾਇਕਾਂ ਦੇ ਨਾਲ ਸਟੇਜ ਸ਼ੋਅ ਵਿਚ ਆਪਣੀ ਕਲਾ ਦਾ ਨਜ਼ਾਰਾ ਪੇਸ਼ ਕਰਦੇ ਰਹੇ ਅਤੇ ਹੁਣ ਉਨ੍ਹਾਂ ਦੀ ਆਵਾਜ਼ ਨਾਲ ਸਜਿਆ ਐਲਬਮ 'ਰੋਮਾਂਸ ਚੁਪਕੇ ਚੁਪਕੇ' ਲਿਆਂਦਾ ਗਿਆ ਹੈ। ਇਸ ਐਲਬਮ ਵਿਚ ਕੁੱਲ ਅੱਠ ਗੀਤ ਹਨ ਅਤੇ ਸੰਗੀਤਕਾਰ ਹਨ ਦੀਪਾਂਕਰ ਦਾਸ ਤੇ ਗੀਤਕਾਰ ਹਨ ਮੋਹਨ ਸ਼ਰਮਾ। ਅੱਠੇ ਗੀਤਾਂ ਦਾ ਵੀਡੀਓ ਫ਼ਿਲਮਾਂਕਣ ਵੀ ਕੀਤਾ ਗਿਆ ਹੈ ਅਤੇ ਇਸ ਵਿਚ ਲਲਿਤ ਦੇ ਨਾਲ ਮਾਡਲ ਪ੍ਰਤੀਕਸ਼ਾ, ਅਵੰਤਿਕਾ ਤੇ ਅੰਜਲੀ ਨੇ ਹਿੱਸਾ ਲਿਆ ਹੈ।
ਗਾਇਕੀ ਵਿਚ ਆਪਣੇ ਆਗਮਨ ਬਾਰੇ ਲਲਿਤ ਕਹਿੰਦੇ ਹਨ, 'ਮੈਂ ਕਿਸੇ ਦੀ ਦੇਖਾ-ਦੇਖੀ ਨਾਲ ਗਾਇਕ ਨਹੀਂ ਬਣਿਆ ਹਾਂ। ਸੰਗੀਤ ਪ੍ਰਤੀ ਮੈਨੂੰ ਸ਼ੁਰੂ ਤੋਂ ਆਕਰਸ਼ਣ ਰਿਹਾ ਹੈ ਅਤੇ ਮੈਂ ਪੰਡਿਤ ਪ੍ਰਤਾਪ ਨਾਰਾਇਣ, ਪੰਡਿਤ ਰਾਮ ਨਾਰਾਇਣ, ਗੌਤਮ ਮੁਖਰਜੀ ਤੇ ਕੰਕਨਾ ਬੈਨਰਜੀ ਵਰਗਿਆਂ ਸੰਗੀਤ ਗੁਰੂਆਂ ਤੋਂ ਸਿੱਖਿਆ ਲਈ ਹੈ। ਉਸੇ ਸਿੱਖਿਆ ਨੇ ਮੈਨੂੰ ਐਲਬਮ ਕੱਢਣ ਨੂੰ ਪ੍ਰੇਰਿਤ ਕੀਤਾ ਅਤੇ ਮੇਰੀ ਸਿੱਖਿਆ ਦਾ ਨਤੀਜਾ ਹੁਣ ਲੋਕਾਂ ਦੇ ਸਾਹਮਣੇ ਹੈ।'
ਉਮੀਦ ਹੈ ਕਿ ਇਸ ਐਲਬਮ ਨੂੰ ਸੁਣ ਕੇ ਉਸ ਐਡ ਫ਼ਿਲਮ ਦੀ ਤਰਜ 'ਤੇ ਹੁਣ ਲੋਕ ਕੁਝ ਇਸੇ ਅੰਦਾਜ਼ ਵਿਚ ਦਾਦ ਦੇਣਗੇ ਕਿ 'ਵਾਹ ਸੁਨੀਲ ਬਾਬੂ... ਬੜ੍ਹੀਆ ਹੈ।'


-ਮੁੰਬਈ ਪ੍ਰਤੀਨਿਧ

'22 ਯਾਰਡਸ' ਹਰ ਖਿਡਾਰੀ ਲਈ ਹੈ : ਸੂਰਿਆ ਸਿਨਹਾ

ਅੱਜ ਮੋਟੀਵੇਸ਼ਨ ਸਪੀਕਰ ਦੇ ਤੌਰ 'ਤੇ ਸੂਰਿਆ ਸਿਨਹਾ ਦਾ ਨਾਂਅ ਕਾਫੀ ਜਾਣਿਆ ਪਛਾਣਿਆ ਹੈ। ਡੇਢ ਸੌ ਤੋਂ ਜ਼ਿਆਦਾ ਦੇਸ਼ਾਂ ਵਿਚ ਜਾ ਕੇ ਉਹ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ 'ਤੇ ਆਪਣੇ ਭਾਸ਼ਣ ਦੇ ਕੇ ਲੋਕਾਂ ਵਿਚ ਨਵੀਂ ਉਮੀਦ, ਨਵਾਂ ਉਤਸ਼ਾਹ ਜਗਾਉਂਦੇ ਰਹੇ। ਇਹੀ ਨਹੀਂ, ਉਹ ਜੀਵਨ ਦਰਸ਼ਨ 'ਤੇ ਕੇਂਦਿਰਤ ਕਈ ਕਿਤਾਬਾਂ ਵੀ ਲਿਖ ਚੁੱਕੇ ਹਨ। ਇਸ ਤਰ੍ਹਾਂ ਦੀ ਸ਼ਖ਼ਸੀਅਤ ਬਾਰੇ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਇਕ ਜ਼ਮਾਨੇ ਵਿਚ ਉਨ੍ਹਾਂ ਦਾ ਸਬੰਧ ਬਾਲੀਵੁੱਡ ਨਾਲ ਵੀ ਰਿਹਾ ਸੀ। ਉਹ ਬਤੌਰ ਫਾਈਨਾਂਸਰ ਤੇ ਨਿਰਮਾਤਾ ਸਾਲ 1987 ਵਿਚ ਫ਼ਿਲਮ ਇੰਡਸਟਰੀ ਵਿਚ ਦਾਖ਼ਲ ਹੋਏ ਸਨ ਅਤੇ 2000 ਤੱਕ ਸਰਗਰਮ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਫ਼ਿਲਮ ਇੰਡਸਟਰੀ ਦੇ ਕਈ ਖੱਟੇ-ਮਿੱਠੇ ਅਨੁਭਵ ਹੋਏ ਕਿਉਂਕਿ ਖੱਟੇ ਅਨੁਭਵ ਜ਼ਿਆਦਾ ਹੋਏ ਸਨ ਇਸ ਲਈ ਭਰੇ ਮਨ ਨਾਲ ਉਨ੍ਹਾਂ ਨੇ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ ਅਤੇ ਇਨ੍ਹਾਂ ਅਨੁਭਵਾਂ ਨੇ ਉਨ੍ਹਾਂ ਨੂੰ ਮੋਟੀਵੇਸ਼ਨਲ ਸਪੀਕਰ ਬਣਨ ਲਈ ਪ੍ਰੇਰਿਤ ਕੀਤਾ।
ਹੁਣ ਇਕ ਲੰਬੇ ਸਮੇਂ ਬਾਅਦ ਸੂਰਿਆ ਸਿਨਹਾ ਫਿਰ ਇਕ ਵਾਰ ਬਾਲੀਵੁੱਡ ਵਿਚ ਦਾਖ਼ਲ ਹੋਏ ਹਨ ਅਤੇ ਬਤੌਰ ਨਿਰਮਾਤਾ ਉਨ੍ਹਾਂ ਨੇ '22 ਯਾਰਡਸ' ਦਾ ਨਿਰਮਾਣ ਕੀਤਾ ਹੈ। ਕ੍ਰਿਕਟ ਦੀ ਖੇਡ ਵਿਚ ਪਿੱਚ ਦੀ ਲੰਬਾਈ 22 ਯਾਰਡਸ (ਗਜ਼) ਹੁੰਦੀ ਹੈ ਅਤੇ ਕਿਉਂਕਿ ਇਹ ਫ਼ਿਲਮ ਕ੍ਰਿਕਟ 'ਤੇ ਆਧਾਰਿਤ ਹੈ, ਇਸ ਲਈ ਇਸ ਦਾ ਇਹ ਨਾਂਅ ਰੱਖਿਆ ਗਿਆ ਹੈ। ਇਹ ਫ਼ਿਲਮ ਖੇਡ ਪੱਤਰਕਾਰ ਮਿਤਾਲੀ ਘੋਸ਼ਾਲ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿਚ ਬਰੁਨ ਸੋਬਤੀ, ਪੰਛੀ ਬੋਰ, ਰਜਿਤ ਕਪੂਰ, ਮ੍ਰਿਣਾਲ ਮੁਖਰਜੀ ਤੇ ਅਮਰਤਿਆ ਰੇ ਨੇ ਅਭਿਨੈ ਕੀਤਾ ਹੈ ਅਤੇ ਫ਼ਿਲਮ ਦੇ ਕਈ ਦ੍ਰਿਸ਼ ਭਾਰਤੀ ਕ੍ਰਿਕਟ ਦਾ ਮੱਕਾ ਮੰਨੇ ਜਾਂਦੇ ਕੋਲਕਾਤਾ ਦੇ ਈਡਨ ਗਾਰਡਨ ਵਿਚ ਵੀ ਫ਼ਿਲਮਾਏ ਗਏ ਹਨ। ਪਿਛਲੇ ਦਿਨੀਂ ਜਦੋਂ ਫ਼ਿਲਮ ਦਾ 'ਫਸਟ ਲੁੱਕ' ਜਾਰੀ ਕਰਨ ਦਾ ਮੌਕਾ ਆਇਆ ਤਾਂ ਇਸ ਸਿਲਸਿਲੇ ਵਿਚ ਸਾਬਕਾ ਕਪਤਾਨ ਸੌਰਵ ਗਾਂਗੁਲੀ ਨਾਲ ਸੰਪਰਕ ਕੀਤਾ ਗਿਆ ਅਤੇ ਫ਼ਿਲਮ ਦਾ ਟ੍ਰੇਲਰ ਦੇਖ ਕੇ ਪ੍ਰਭਾਵਿਤ ਹੋ ਕੇ ਸੌਰਵ ਨੇ ਸਮਾਰੋਹ ਵਿਚ ਹਾਜ਼ਰੀ ਭਰਨ ਲਈ ਹਾਂ ਕਹਿ ਦਿੱਤੀ ਸੀ। ਇਸ ਤੋਂ ਇਹ ਪਤਾ ਲਗਦਾ ਹੈ ਕਿ ਫ਼ਿਲਮ ਵਿਚ ਕੁਝ ਤਾਂ ਗੱਲ ਹੋਵੇਗੀ ਹੀ।
ਆਪਣੀ ਇਸ ਫ਼ਿਲਮ ਬਾਰੇ ਸੂਰਿਆ ਸਿਨਹਾ ਕਹਿੰਦੇ ਹਨ, 'ਜਦੋਂ ਕੋਈ ਖਿਡਾਰੀ ਕਿਸੇ ਖੇਡ ਵਿਚ ਜਿੱਤ ਹਾਸਲ ਕਰਦਾ ਹੈ ਤਾਂ ਪੂਰੀ ਦੁਨੀਆ ਨੂੰ ਖਿਡਾਰੀ ਦੇ ਚਿਹਰੇ ਦੀ ਰੌਣਕ ਤੇ ਫੜੀ ਹੋਈ ਚਮਚਾਉਂਦੀ ਹੋਈ ਟਰਾਫ਼ੀ ਨਜ਼ਰ ਆਉਂਦੀ ਹੈ। ਦੁਨੀਆ ਇਸ ਤੋਂ ਅਣਜਾਣ ਹੁੰਦੀ ਹੈ ਕਿ ਇਹ ਜਿੱਤ ਹਾਸਲ ਕਰਨ ਲਈ ਖਿਡਾਰੀ ਨੇ ਕਿੰਨੀ ਮਿਹਨਤ ਕੀਤੀ ਹੁੰਦੀ ਹੈ, ਕਿੰਨਾ ਪਸੀਨਾ ਵਹਾਇਆ ਹੁੰਦਾ ਹੈ। ਖਿਡਾਰੀ ਦੇ ਨਾਲ-ਨਾਲ ਉਸ ਦੇ ਘਰ ਵਾਲਿਆਂ ਵਲੋਂ ਦਿੱਤੇ ਗਏ ਬਲਿਦਾਨ ਦੀ ਬਦੌਲਤ ਖਿਡਾਰੀ ਨੇ ਇਹ ਸਫਲਤਾ ਹਾਸਲ ਕੀਤੀ ਹੁੰਦੀ ਹੈ। ਮੇਰੀ ਇਸ ਫ਼ਿਲਮ ਵਿਚ ਖਿਡਾਰੀ ਦੇ ਨਾਲ-ਨਾਲ ਉਸ ਦੇ ਘਰ ਵਾਲਿਆਂ ਵਲੋਂ ਕੀਤੇ ਗਏ ਸੰਘਰਸ਼ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਨਾਲ ਹੀ ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਮੈਦਾਨ ਵਿਚ ਸਫਲਤਾ ਹਾਸਲ ਕਰਨ ਤੋਂ ਬਾਅਦ ਖਿਡਾਰੀ ਨੂੰ ਕਿਸ ਤਰ੍ਹਾਂ ਸੁਚੇਤ ਰਹਿਣਾ ਪੈਂਦਾ ਹੈ। ਨਾਲ ਹੀ ਸਪਾਂਸਰਾਂ ਦੇ ਮਾਇਆਜਾਲ ਨੂੰ ਵੀ ਕਹਾਣੀ ਵਿਚ ਬੁਣਿਆ ਗਿਆ ਹੈ। ਭਾਵ '22 ਯਾਰਡਸ' ਹਰ ਖਿਡਾਰੀ ਲਈ ਹੈ।'


-ਮੁੰਬਈ ਪ੍ਰਤੀਨਿਧ

ਮਲਾਲਾ 'ਤੇ ਬਣੀ ਫ਼ਿਲਮ ਦਾ ਪਾਕਿਸਤਾਨੀਆਂ ਵਲੋਂ ਵਿਰੋਧ

ਇਕ ਪਾਸੇ ਜਿਥੇ ਸਰਜੀਕਲ ਸਟ੍ਰਾਈਕ 'ਤੇ ਬਣੀ ਫ਼ਿਲਮ 'ਉਰੀ' ਦਾ ਪਾਕਿਸਤਾਨ ਵਿਚ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੁਣ ਇਕ ਹੋਰ ਹਿੰਦੀ ਫ਼ਿਲਮ 'ਗੁਲ ਮਕਾਈ' ਨੂੰ ਵੀ ਪਾਕਿਸਤਾਨੀਆਂ ਦਾ ਵਿਰੋਧ ਝੱਲਣਾ ਪੈ ਰਿਹਾ ਹੈ। ਨਿਰਦੇਸ਼ਕ ਅਮਜ਼ਦ ਖਾਨ ਨੇ ਪਾਕਿਸਤਾਨ ਵਿਚ ਬਾਲੜੀ ਸਿੱਖਿਆ ਪ੍ਰਤੀ ਆਵਾਜ਼ ਬੁਲੰਦ ਕਰਨ ਵਾਲੀ ਮਲਾਲਾ ਯੁਸੂਫ਼ਜਾਈ ਦੀ ਜ਼ਿੰਦਗੀ 'ਤੇ 'ਗੁਲ ਮਕਾਈ' ਦਾ ਨਿਰਮਾਣ ਕੀਤਾ ਹੈ। ਜਦੋਂ ਇਹ ਫਿਲਮ ਸੰਯੁਕਤ ਰਾਸ਼ਟਰ ਸੰਘ ਵਲੋਂ ਲੰਡਨ ਵਿਚ ਦਿਖਾਈ ਗਈ ਉਦੋਂ ਪਾਕਿਸਤਾਨੀਆਂ ਵਲੋਂ ਇਹ ਕਹਿ ਕੇ ਇਸ ਦਾ ਵਿਰੋਧ ਕੀਤਾ ਗਿਆ ਕਿ ਇਸ ਵਿਚ ਪਾਕਿਸਤਾਨ ਦੀ ਨਾਂਹ-ਪੱਖੀ ਸੋਚ ਪੇਸ਼ ਕੀਤੀ ਗਈ ਹੈ।
ਪਾਕਿਸਤਾਨ ਤੋਂ ਇਸ ਤਰ੍ਹਾਂ ਦੇ ਵਿਰੋਧ ਦੀ ਉਮੀਦ ਵੀ ਸੀ ਕਿਉਂਕਿ ਜਦੋਂ ਮਲਾਲਾ ਨੂੰ ਨੋਬਲ ਪੁਰਸਕਾਰ ਨਾਲ ਨਵਾਜਿਆ ਗਿਆ ਸੀ, ਉਦੋਂ ਵੀ ਪਾਕਿਸਤਾਨ ਨੇ ਇਸ ਨੂੰ ਮਾਨਤਾ ਨਹੀਂ ਦਿੱਤੀ ਸੀ।


-ਪੰਨੂੰ

ਕ੍ਰਿਤੀ ਸੇਨਨ

ਛਪਵਾ ਦੋ ਖ਼ਬਰ...

ਸੁਸ਼ਾਂਤ ਸਿੰਘ ਰਾਜਪੂਤ ਨਾਲ ਚਾਹੇ ਕ੍ਰਿਤੀ ਸੇਨਨ ਨੇ ਪਿਆਰ ਦੀ 'ਲੁਕਾ ਛੁਪੀ' ਖੇਡਣੀ ਬੰਦ ਕਰ ਦਿੱਤੀ ਹੈ ਪਰ ਪਰਦੇ 'ਤੇ ਉਹ ਕਾਰਤਿਕ ਆਰੀਅਨ ਨਾਲ ਖੇਡਦੀ ਅਗਲੇ ਮਹੀਨੇ ਨਜ਼ਰ ਆਉਣ ਵਾਲੀ ਹੈ। 'ਪਕੜੇ ਜਾਏਂਗੇ ਜਾਂ ਦੇਂਗੇ ਸਭ ਕੋ ਚਕਮਾ' ਇਹ ਪੋਸਟ ਲਿਖ ਕੇ ਕ੍ਰਿਤੀ ਸੇਨਨ ਨੇ ਸਭ ਨੂੰ ਪ੍ਰਭਾਵ ਦਿੱਤਾ ਹੈ ਕਿ ਉਸ ਦੀ ਨਵੀਂ ਫ਼ਿਲਮ 'ਲੁਕਾ ਛੁਪੀ' ਮਸਤੀ ਭਰੀ ਹੋਵੇਗੀ। 'ਲੁਕਾ ਛੁਪੀ' ਦੇ ਦੋ ਗੀਤ 'ਪੋਸਟਰ ਲਗਵਾ ਦੋ' ਤੇ 'ਕੋਕਾ ਕੋਲਾ' ਇਸ ਸਮੇਂ ਚਰਚਿਤ ਹੋ ਰਹੇ ਹਨ। ਇਧਰ ਕਈ ਦਿਨਾਂ ਤੋਂ ਇਨ੍ਹਾਂ ਖ਼ਬਰਾਂ ਦੇ ਪੋਸਟਰ ਤਿਆਰ ਹੋ ਰਹੇ ਸਨ ਕਿ ਕ੍ਰਿਤੀ ਸੇਨਨ 'ਕ੍ਰਿਸ-4' 'ਚ ਰਿਤਿਕ ਰੋਸ਼ਨ ਦੀ ਹੀਰੋਇਨ ਬਣਨ ਜਾ ਰਹੀ ਹੈ ਪਰ ਇਹ ਵੀ ਜਗ੍ਹਾ ਦੀ ਹੀ 'ਲੁਕਾ ਛੁਪੀ' ਸੀ ਕਿਉਂਕਿ ਜਿਸ ਅਪਾਰਟਮੈਂਟ 'ਚ ਰਾਕੇਸ਼ ਰੌਸ਼ਨ ਦਾ ਦਫ਼ਤਰ ਹੈ ਉਸ ਹੀ ਅਪਾਰਟਮੈਂਟ 'ਚ ਇਕ 'ਟੇਲੈਂਟ ਮੈਨੇਜਮੈਂਟ' ਦਾ ਦਫ਼ਤਰ ਹੈ, ਜਿਥੇ ਕ੍ਰਿਤੀ ਜਾਂਦੀ ਸੀ ਪਰ ਲੋਕਾਂ ਨੇ ਤਾਂ ਪੋਸਟਰ ਬਣਵਾ ਦਿੱਤੇ ਕਿ ਕ੍ਰਿਤੀ ਤਾਂ 'ਕ੍ਰਿਸ-4' ਲੈਣ ਲਈ ਰੌਸ਼ਨ ਹੋਰਾਂ ਦੇ ਦਫਤਰ ਦੇ ਚੱਕਰ ਮਾਰ ਰਹੀ ਹੈ। ਪੁੱਟਿਆ ਪਹਾੜ ਤੇ ਨਿਕਲਿਆ...। 'ਲੁਕਾ-ਛੁਪੀ' ਤਾਂ ਆ ਰਹੀ ਹੈ ਤੇ ਇਧਰ ਕ੍ਰਿਤੀ ਦੀ 'ਪਾਨੀਪਤ' ਦੇ ਚਰਚੇ ਵੀ ਜ਼ੋਰਾਂ 'ਤੇ ਹਨ। ਇਹ ਅਰਜਨ ਕਪੂਰ ਨਾਲ ਉਸ ਦੀ ਅਹਿਮ ਫ਼ਿਲਮ ਹੈ। ਕ੍ਰਿਤੀ ਨੇ ਇਸ 'ਪਾਨੀਪਤ' ਲਈ ਘੋੜਸਵਾਰੀ ਸਿੱਖੀ ਹੈ, ਫ਼ਿਲਮ 'ਚ ਉਹ ਯੋਧਾ ਦੇ ਰੂਪ 'ਚ ਨਜ਼ਰ ਆਏਗੀ। ਸੰਜੇ ਦੱਤ ਵੀ ਫ਼ਿਲਮ ਵਿਚ ਹੈ। ਆਸ਼ੂਤੋਸ਼ ਗੋਵਾਰੀਕਰ ਦੀ ਇਹ 'ਪਾਨੀਪਤ' ਵੀ ਇਸੇ ਸਾਲ ਹੀ ਆਏਗੀ। 'ਯੇ ਖ਼ਬਰ ਛਪਵਾ ਦੋ ਅਖ਼ਬਾਰ ਮੇਂ', 'ਅਫਲਾਤੂਨ' 1997) ਅਕਸ਼ੈ ਕੁਮਾਰ ਦੇ ਗਾਣੇ ਨੂੰ ਤਨਿਸ਼ਕ ਬਾਗਚੀ ਨੇ ਨਵੇਂ ਰੂਪ ਵਿਚ ਫਿਰ ਬਣਵਾਇਆ ਹੈ ਤੇ 'ਲੁਕਾ-ਛੁਪੀ' ਦਾ ਇਹ ਗਾਣਾ ਕ੍ਰਿਤੀ ਸੇਨਨ ਨੂੰ ਪੂਰੀ ਚਰਚਾ ਦਿਵਾ ਰਿਹਾ ਹੈ। 'ਹਾਊਸਫੁੱਲ-4' ਦਾ ਹਿੱਸਾ ਵੀ ਉਹ ਹੈ। 'ਮੁੱਕਦੀ ਗੱਲ ਇਹ ਕਿ ਕ੍ਰਿਤੀ ਭਾਵ 'ਬਰੇਲੀ ਕੀ ਬਰਫੀ' ਜੋ 'ਪਾਨੀਪਤ' 'ਚ 'ਯੋਧਾ' ਬਣੀ ਹੈ ਨੂੰ ਭਾਵੇੇਂ 'ਕ੍ਰਿਸ਼-4' ਨਹੀਂ ਮਿਲੀ ਪਰ ਅਖ਼ਬਾਰਾਂ 'ਚ ਖ਼ਬਰ ਤਾਂ ਇਹੀ ਛਪ ਰਹੀ ਹੈ ਕਿ 'ਲੁਕਾ-ਛੁਪੀ' ਕਾਮਯਾਬ ਹੋ ਜਾਣੀ ਹੈ ਤੇ ਕ੍ਰਿਤੀ ਸੇਨਨ ਸਫ਼ਲ ਨਾਇਕਾ ਬਣ ਕੇ ਬਾਲੀਵੁੱਡ ਦੀ ਦੁਨੀਆ 'ਤੇ ਰਾਜ ਕਰਦੀ ਨਜ਼ਰ ਆਉਣੀ ਹੈ।

ਅਦਿਤੀ ਰਾਓ ਹੈਦਰੀ : ਹਿੰਮਤ ਵਾਲੀ

ਨੇਕੀ ਤੇ ਭਲਾਈ ਦੇ ਕੰਮਾਂ ਲਈ ਇਕ ਫੈਸ਼ਨ ਸ਼ੋਅ ਹੋ ਰਿਹਾ ਹੈ ਤੇ ਉਸ 'ਚ ਅਦਿਤੀ ਰੈਂਪ ਵਾਕ ਕਰਨ ਜਾ ਰਹੀ ਹੈ। ਇਸ ਨੇਕ ਕੰਮ ਲਈ ਉਹ ਮੁਫ਼ਤ ਸੇਵਾ ਦੇ ਰਹੀ ਹੈ। ਸਰਕਾਰੀ ਸੰਸਥਾ ਵਿਚ ਆਯੋਜਨ ਕਰਵਾ ਰਹੀ ਹੈ। ਇਸ ਸ਼ੋਅ ਰਾਹੀਂ ਔਰਤਾਂ ਨੂੰ ਆਤਮ-ਨਿਰਭਰ ਕਰਨ ਲਈ ਇਕੱਠਾ ਕੀਤਾ ਜਾਣ ਵਾਲਾ ਧਨ ਗ਼ੈਰ-ਸਰਕਾਰੀ ਲੋੜਵੰਦ ਸੰਸਥਾਵਾਂ ਨੂੰ ਦਿੱਤਾ ਜਾਏਗਾ। ਤਾਮਿਲ ਸਿਨੇਮਾ 'ਚ ਇਸ ਸਮੇਂ ਧਨੁਸ਼ ਦੇ ਨਿਰਦੇਸ਼ਨ 'ਚ ਬਣ ਰਹੀ ਫ਼ਿਲਮ ਰਾਹੀਂ ਅਦਿਤੀ ਫਿਰ ਪਰਦੇ 'ਤੇ ਵਾਪਸ ਆ ਰਹੀ ਹੈ। ਇਸ ਤੋਂ ਪਹਿਲਾਂ ਉਹ ਸੰਜੇ ਦੱਤ ਨਾਲ 'ਭੂਮੀ' 'ਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਅਦਿਤੀ ਰਾਓ ਹੈਦਰੀ ਇਕ ਤੇਲਗੂ ਫ਼ਿਲਮ ਵੀ ਕਰ ਚੁੱਕੀ ਹੈ। ਸ਼ਾਹੀ ਘਰਾਣੇ ਨਾਲ ਸਬੰਧ ਰੱਖਣ ਵਾਲੀ ਅਦਿਤੀ ਰਾਓ ਹੈਦਰੀ ਨੇ 10 ਸਾਲ ਪਹਿਲਾਂ ਟੀ.ਵੀ. ਅਭਿਨੇਤਾ ਸੱਤਿਆਦੀਪ ਮਿਸ਼ਰਾ ਨਾਲ ਸ਼ਾਦੀ ਕੀਤੀ ਸੀ। ਹੁਣ ਪਤਾ ਚੱਲਿਆ ਹੈ ਕਿ ਅਦਿਤੀ ਦਾ ਇਹ ਵਿਆਹ ਟੁੱਟ ਚੁੱਕਾ ਹੈ ਤੇ ਉਹ ਪਤੀ ਤੋਂ ਵੱਖ ਰਹਿ ਰਹੀ ਹੈ। ਕਈ ਗੱਲਾਂ ਦੇ ਖੁਲਾਸੇ ਕਰਕੇ ਅਦਿਤੀ ਨੇ ਕਾਫ਼ੀ ਕੁਝ ਸਾਹਮਣੇ ਵੀ ਲਿਆਂਦਾ ਹੈ। ਚਾਹੇ ਏਅਰ ਇੰਡੀਆ ਦੀ ਮਨਮਾਨੀ ਹੋਵੇ, ਚਾਹੇ ਕਾਸਟਿੰਗ ਕਾਊਚ ਨਾਂਅ ਦੀ ਬਿਮਾਰੀ, ਉਹ ਕਿਸੇ ਤੋਂ ਨਹੀਂ ਝਕਦੀ। 8 ਮਹੀਨੇ ਤੱਕ ਉਹ ਇਸ ਬਿਮਾਰੀ ਕਾਰਨ ਹੀ ਫ਼ਿਲਮਾਂ ਤੋਂ ਦੂਰ ਰਹੀ ਸੀ। ਮਜ਼ਬੂਤੀ ਨਾਲ ਇਸ ਦੌਰ ਦਾ ਸਾਹਮਣਾ ਕਰਕੇ ਕੀਤਾ ਹੈ।

ਅਮਾਇਰਾ ਦਸਤੂਰ : ਵਿਹਲੀ ਨਹੀਂ ਬਹਿਣਾ

ਧੱਕਾ ਤਾਂ ਇਥੇ ਅਮਾਇਰਾ ਦਸਤੂਰ ਨਾਲ ਵੀ ਹੋਇਆ ਹੈ ਪਰ ਇਹ ਧੱਕਾ ਕਿਹਨਾਂ ਨੇ ਕੀਤਾ? ਚੁੱਪ ਹੈ ਉਹ, ਕਿਉਂਕਿ ਉਸ ਅਨੁਸਾਰ ਜਦ ਤੱਕ ਉਹ ਸਥਾਪਤ ਨਹੀਂ, ਸੁਰੱਖਿਅਤ ਨਹੀਂ ਤਦ ਤੱਕ ਉਨ੍ਹਾਂ ਲੋਕਾਂ ਦੇ ਚਿਹਰੇ ਤੋਂ ਉਹ ਨਕਾਬ ਨਹੀਂ ਹਟਾ ਸਕਦੀ ਕਿਉਂਕਿ ਉਹ ਸ਼ਕਤੀਸ਼ਾਲੀ ਲੋਕ ਹਨ। ਹੋਰ ਤਾਂ ਹੋਰ ਇਸ ਮਾਮਲੇ 'ਚ ਇਕੱਲੇ ਮਰਦ ਹੀ ਨਹੀਂ, ਔਰਤਾਂ ਨੇ ਵੀ ਉਸ ਦਾ ਸ਼ੋਸ਼ਣ ਕੀਤਾ ਹੈ। ਅਮਾਇਰਾ ਦੀ ਹਾਲਤ ਤਰਸਯੋਗ ਲਗਦੀ ਹੈ ਜਦ ਉਹ ਅਜਿਹਾ ਕਹਿੰਦੀ ਹੈ ਤਾਂ ਲਗਦਾ ਹੈ ਕਿ ਕਾਫ਼ੀ ਧੱਕੇ ਉਸ ਨਾਲ ਹੋਏ ਹਨ। ਅਮਾਇਰਾ ਨੇ ਹੁਣੇ ਜਿਹੇ ਇਕ ਨਵਾਂ ਫੋਟੋ ਸੈਸ਼ਨ ਕਰਵਾਇਆ ਹੈ। ਆਈਲੈਂਡ 'ਤੇ ਜਾ ਕੇ ਉਸ ਨੇ ਕਾਫ਼ੀ ਚਮਕੀਲੀਆਂ ਤੇ ਭੜਕੀਲੀਆਂ ਤਸਵੀਰਾਂ ਖਿਚਵਾਈਆਂ ਹਨ। ਅਮਾਇਰਾ ਚਾਹੁੰਦੀ ਹੈ ਕਿ ਉਸ ਦੇ ਕੈਰੀਅਰ ਵਿਚ ਆਈ ਖੜੋਤ ਸਹੀ ਹੋਵੇ। ਪ੍ਰਤੀਕ ਬੱਬਰ ਨਾਲ ਆਪਣਾ ਫ਼ਿਲਮੀ ਕੈਰੀਅਰ ਸ਼ੁਰੂ ਕਰਨ ਵਾਲੀ ਇਹ ਅਭਿਨੇਤਰੀ 'ਦਾ ਟ੍ਰਿਪ ਸੀਜ਼ਨ-2' ਤੋਂ ਬਾਅਦ ਇਕ ਤਰ੍ਹਾਂ ਨਾਲ ਚੁੱਪ ਹੀ ਸੀ ਪਰ ਹੁਣ ਇਕ ਤਾਮਿਲ ਫ਼ਿਲਮ ਉਹ ਕਰ ਰਹੀ ਹੈ ਤੇ ਦੱਖਣ ਵੱਲ ਵੀ ਉਸ ਦਾ ਧਿਆਨ ਹੈ ਕਿ ਕਿਉਂ ਨਾ ਇਥੇ ਹੀ ਆਪਣੇ-ਆਪ ਨੂੰ ਰੁੱਝਿਆ ਹੋਇਆ ਰੱਖਿਆ ਜਾਵੇ। 'ਮੈਂਟਲ ਹੈ ਕਯਾ' ਦਾ ਕੀ ਲਾਭ ਹੋਊ, ਉਹ ਜਾਣਦੀ ਹੈ ਪਰ ਅਮਾਇਰਾ ਦੀਆਂ ਤਾਜ਼ਾ ਤਸਵੀਰਾਂ ਤਾਂ ਇਹੀ ਪ੍ਰਭਾਵ ਦੇ ਰਹੀਆਂ ਹਨ ਕਿ ਉਸ ਨੇ ਦੱਖਣ ਵੱਲ ਟਿਕਣ ਦਾ ਮਨ ਬਣਵਾ ਲਿਆ ਹੈ। ਵਿਗਿਆਪਨ ਤੇ ਮਸ਼ਹੂਰੀਆਂ ਕਰਨ ਦੀ ਸੋਚ ਲਈ ਹੈ।

ਰਣਵੀਰ ਸਿੰਘ : 'ਗਲੀ ਬੁਆਏ' ਕੋਲ '83 ਵਿਸ਼ਵ ਕੱਪ'

ਰਣਵੀਰ ਸਿੰਘ ਇਸ ਸਮੇਂ 1983 ਦੇ ਮੱਧ ਕ੍ਰਮ ਬੱਲੇਬਾਜ਼ 'ਕ੍ਰਿਕਟਰ' ਸੰਦੀਪ ਪਾਟਿਲ ਦੇ ਪੁੱਤਰ ਚਿਰਾਗ ਪਾਟਿਲ ਨੂੰ ਫ਼ਿਲਮੀ ਪਰਦੇ 'ਤੇ ਸੁਚੱਜੇ ਤਰੀਕੇ ਨਾਲ ਉਤਾਰਨ ਲਈ ਅਗਵਾਈ ਦੇ ਰਿਹਾ ਹੈ। ਕਬੀਰ ਖ਼ਾਨ ਨੇ ਸਪੋਰਟਸ ਡਰਾਮਾ ਫ਼ਿਲਮ '83 ਵਿਸ਼ਵ ਕੱਪ' ਸ਼ੁਰੂ ਕੀਤੀ ਹੈ। ਵੱਡੇ ਪਰਦੇ 'ਤੇ ਆਪਣੇ ਪਿਤਾ ਸੰਦੀਪ ਪਾਟਿਲ ਦੀ ਭੂਮਿਕਾ ਨਿਭਾਉਣ ਲਈ ਚਿਰਾਗ 'ਚ ਪੂਰਾ ਜੋਸ਼ ਤੇ ਉਤਸ਼ਾਹ ਰਣਵੀਰ ਸਿੰਘ ਨੇ ਭਰਿਆ ਹੈ। ਰਣਵੀਰ ਸਿੰਘ ਨੇ ਚਿਰਾਗ ਦੇ ਕੈਰੀਅਰ ਦੀ ਸ਼ੁਭ ਸ਼ੁਰੂਆਤ, ਕ੍ਰਿਕਟ ਨਾਲ ਪਿਆਰ ਤੇ ਸੰਦੀਪ ਪਾਟਿਲ ਦੀ ਜੀਵਨੀ ਤੋਂ ਪ੍ਰਭਾਵਿਤ ਹੋ ਕੇ ਹੀ ਇਹ ਫ਼ਿਲਮ ਕੀਤੀ ਹੈ। ਭਾਵ ਰਣਵੀਰ ਸਿੰਘ ਤੇ ਚਿਰਾਗ ਪਾਟਿਲ '83 ਵਿਸ਼ਵ ਕੱਪ' ਦਾ ਭਾਰ ਮੋਢਿਆਂ 'ਤੇ ਢੋਹਣ ਲਈ ਤਿਆਰ ਹਨ, ਬਸ ਕਬੀਰ ਖਾਨ ਦੀ ਸੀਟੀ ਦਾ ਇੰਤਜ਼ਾਰ ਹੈ। ਕਦੇ ਜਾਹਨਵੀ ਕਪੂਰ ਨਾਲ ਰੈਂਪ ਵਾਕ ਅਤੇ ਕਦੇ ਆਲੀਆ ਭੱਟ ਨਾਲ 'ਗਲੀ ਬੁਆਏ' ਰਣਵੀਰ ਸਿੰਘ ਦਾ ਕੈਰੀਅਰ ਚੜ੍ਹਦੀ ਕਲਾ ਵਿਚ ਹੈ। ਰਣਵੀਰ ਸਿੰਘ ਅੱਜ ਤੱਕ ਆਪਣੀ ਫ਼ਿਲਮ 'ਗਲੀ ਬੁਆਏ' ਦੀ 'ਟੈਗ ਲਾਇਮ' ਸਭ ਨੂੰ ਮੈਸੇਜ਼ ਕਰ ਰਿਹਾ ਹੈ। ਤੁਸੀਂ ਵੀ ਪੜ੍ਹ ਲਵੋ ਕਿ 'ਆਪਣਾ ਟਾਇਮ ਆਏਗਾ, ਵੈਲੇਨਟਾਈਨ ਡੇਅ' ਪਰ...। ਮਤਲਬ ਮਹੀਨੇ ਦੇ ਅਖੀਰ ਤੱਕ ਅਜੈ ਦੇਵਗਨ-ਰਣਵੀਰ ਸਿੰਘ ਦੀਆਂ ਫ਼ਿਲਮਾਂ ਰਿਕਾਰਡ ਤੋੜ ਕਮਾਈ ਕਰ ਸਕਦੀਆਂ ਹਨ। ਗੱਲ ਫਿਰ (83 ਵਿਸ਼ਵ ਕੱਪ' ਦੀ ਤਾਂ ਇਸ ਵਿਚ ਕਪਿਲ ਦੇਵ ਦਾ ਕਿਰਦਾਰ 'ਗਲੀ ਬੁਆਏ' ਰਣਵੀਰ ਸਿੰਘ ਨਿਭਾਅ ਰਿਹਾ ਹੈ ਤੇ ਚਿਰਾਗ ਪਾਟਿਲ ਬਣਿਆ ਹੈ ਸੰਦੀਪ ਸਿੰਘ ਜਦ ਕਿ ਤੇਜ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਐਮੀ ਵਿਰਕ ਨੂੰ ਦਿੱਤੀ ਗਈ ਹੈ। ਰਣਵੀਰ ਸਿੰਘ ਸੱਚ ਪੁੱਛੋ ਤਾਂ ਦੀਪਿਕਾ ਨੂੰ ਜਦ ਵਿਆਹ ਕੇ ਘਰੇ ਲਿਆਇਆ ਹੈ, ਲਛਮੀ ਹੀ ਲਛਮੀ, ਰੌਣਕਾਂ ਹੀ ਰੌਣਕਾਂ, ਕੈਰੀਅਰ 'ਚ ਆ ਰਹੀਆਂ ਹਨ। ਕਰਮਾਂਵਾਲੀ ਵਹੁਟੀ ਪਾ ਕੇ 'ਗਲੀ ਬੁਆਏ' ਖੁਸ਼ ਹੈ, ਜਿਵੇਂ '83 ਵਿਸ਼ਵ ਕੱਪ' ਜਿੱਤ ਕੇ ਭਾਰਤੀ ਕ੍ਰਿਕਟ ਟੀਮ ਖੁਸ਼ ਸੀ। ਚਲੋ ਰਣਵੀਰ ਸਿੰਘ ਨਾਲ ਚਿਰਾਗ ਪਾਟਿਲ ਤੇ ਐਮੀ ਵਿਰਕ ਵੀ ਤਰ ਜਾਣਗੇ।


-ਸੁਖਜੀਤ ਕੌਰ

ਮੈਂ ਵੀ ਚੀਟਿੰਗ ਕੀਤੀ ਸੀ-ਸ਼੍ਰੇਆ ਧਨਵੰਤਰੀ

ਹਾਲੀਆ ਪ੍ਰਦਰਸ਼ਿਤ ਫ਼ਿਲਮ 'ਵਾੲ੍ਹੇ ਚੀਟ ਇੰਡੀਆ' ਤੋਂ ਨਵਾਂ ਚਿਹਰਾ ਸ਼੍ਰੇਆ ਧਨਵੰਤਰੀ ਦਰਸ਼ਕਾਂ ਸਾਹਮਣੇ ਆਇਆ ਹੈ। ਉਂਝ ਸ਼੍ਰੇਆ ਕਈ ਐਡ ਫ਼ਿਲਮਾਂ ਤੇ ਕੁਝ ਵੈੱਬ ਸੀਰੀਜ਼ ਵੀ ਕਰ ਚੁੱਕੀ ਹੈ ਪਰ 'ਵਾੲ੍ਹੇ ਚੀਟ ਇੰਡੀਆ ਉਸ ਦੀ ਪਹਿਲੀ ਹਿੰਦੀ ਫ਼ਿਲਮ ਹੈ।
ਆਪਣੀ ਪਹਿਲੀ ਫ਼ਿਲਮ ਵਿਚ ਕੰਮ ਕਰਨ ਦੇ ਅਨੁਭਵ ਬਾਰੇ ਉਹ ਕਹਿੰਦੇ ਹਨ, 'ਮੈਂ ਤਾਂ ਵੱਡਾ ਮੌਕਾ ਪਾ ਕੇ ਖੁਸ਼ ਸੀ ਪਰ ਕਈਆਂ ਨੇ ਮੈਨੂੰ ਇਸ ਫ਼ਿਲਮ ਨੂੰ ਲੈ ਕੇ ਡਰਾਇਆ ਵੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਫ਼ਿਲਮ ਦੇ ਹੀਰੋ ਇਮਰਾਨ ਹਾਸ਼ਮੀ ਹਨ ਅਤੇ ਕਿਉਂਕਿ ਉਹ ਬੋਲਡ ਦ੍ਰਿਸ਼ਾਂ ਲਈ ਜਾਣੇ ਜਾਂਦੇ ਹਨ, ਇਸ ਤਰ੍ਹਾਂ ਉਨ੍ਹਾਂ ਦੇ ਨਾਲ ਕੰਮ ਕਰਕੇ ਮੇਰੇ ਕੈਰੀਅਰ ਨੂੰ ਨੁਕਸਾਨ ਹੋਵੇਗਾ। ਮੈਂ ਫ਼ਿਲਮ ਦੀ ਪਟਕਥਾ ਪੜ੍ਹ ਲਈ ਸੀ ਅਤੇ ਮੇਰੇ ਕਿਰਦਾਰ ਨੂੰ ਲੈ ਕੇ ਵੀ ਮੈਂ ਨਿਰਦੇਸ਼ਕ ਨੂੰ ਸਾਫ਼ ਕਹਿ ਦਿੱਤਾ ਸੀ। ਸੋ, ਮੈਂ ਜਾਣਦੀ ਸੀ ਕਿ ਫ਼ਿਲਮ ਵਿਚ ਉਂਝ ਦਾ ਇਕ ਵੀ ਦ੍ਰਿਸ਼ ਨਹੀਂ ਹੈ ਜਿਸ ਲਈ ਇਮਰਾਨ ਜਾਣੇ ਜਾਂਦੇ ਹਨ। ਇਹੀ ਵਜ੍ਹਾ ਸੀ ਕਿ ਮੈਂ ਨਿਸਚਿੰਤ ਹੋ ਕੇ ਕੰਮ ਕੀਤਾ ਅਤੇ ਹੁਣ ਮੇਰੇ ਕੰਮ ਦੀ ਤਾਰੀਫ ਹੁੰਦੀ ਦੇਖ ਕੇ ਕਾਫੀ ਖੁਸ਼ੀ ਹੋ ਰਹੀ ਹੈ।'
ਹਾਲਾਂਕਿ ਸ਼੍ਰੇਆ ਦੀ ਇਹ ਪਹਿਲੀ ਫ਼ਿਲਮ ਰਿਲੀਜ਼ ਦੇ ਪਹਿਲੇ ਹਫ਼ਤੇ ਵਿਚ ਹੀ ਟਿਕਟ ਖਿੜਕੀ 'ਤੇ ਢੇਰ ਹੋ ਗਈ ਪਰ ਸ਼੍ਰੇਆ ਇਸ ਦੀ ਅਸਫ਼ਲਤਾ ਦਾ ਗ਼ਮ ਨਹੀਂ ਮਨਾ ਰਹੀ। ਉਹ ਕਹਿੰਦੀ ਹੈ, 'ਇਹ ਫ਼ਿਲਮ ਮੇਰੇ ਲਈ ਬਾਲੀਵੁੱਡ ਵਿਚ ਪਹਿਲਾ ਕਦਮ ਹੈ। ਜਦੋਂ ਮੈਂ ਇਸ ਦੀ ਸ਼ੂਟਿੰਗ ਕਰ ਰਹੀ ਸੀ ਉਦੋਂ ਸੋਚਦੀ ਸੀ ਕਿ ਜਦੋਂ ਇਹ ਪ੍ਰਦਰਸ਼ਿਤ ਹੋਵੇਗੀ ਤਾਂ ਇਸ ਦੀ ਸਮੀਖਿਆ ਵਿਚ ਇਮਰਾਨ ਹਾਸ਼ਮੀ ਹੀ ਛਾਏ ਰਹਿਣਗੇ ਪਰ ਜਦੋਂ ਮੈਂ ਰਿਵਿਊ ਪੜ੍ਹੇ ਤਾਂ ਦੇਖਿਆ ਕਿ ਮੇਰੇ ਕੰਮ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਗਿਆ। ਕਈਆਂ ਨੇ ਮੇਰੇ ਅਭਿਨੈ ਦੀ ਤਾਰੀਫ਼ ਕੀਤੀ ਤੇ ਕਈਆਂ ਨੇ ਮੇਰੇ ਆਤਮਵਿਸ਼ਵਾਸ ਦੀ। ਕਿਸੇ ਨਵੀਂ ਅਦਾਕਾਰਾ ਨੂੰ ਇਸ ਤੋਂ ਜ਼ਿਆਦਾ ਹੋਰ ਕੀ ਚਾਹੀਦਾ ਹੈ। ਪਹਿਲੀ ਵਾਰ ਮੈਂ ਇਸ ਤਰ੍ਹਾਂ ਵੱਡੇ ਪੱਧਰ 'ਤੇ ਲੋਕਾਂ ਸਾਹਮਣੇ ਆਈ ਹਾਂ। ਮੇਰੇ ਲਈ ਕੰਮ ਨੂੰ ਲੋਕਾਂ ਤੱਕ ਪਹੁੰਚਾਉਣਾ ਹੀ ਵੱਡੀ ਉਪਲਬਧੀ ਹੈ। ਮੇਰੇ ਘਰ ਵਾਲਿਆਂ ਨੂੰ ਵੀ ਖੁਸ਼ੀ ਹੈ ਕਿ ਉਨ੍ਹਾਂ ਦੀ ਬੇਟੀ ਨੇ ਕੁਝ ਕਰ ਦਿਖਾਇਆ ਹੈ।'
ਉਂਝ, ਸ਼੍ਰੇਆ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਅਤੇ ਉਸ ਦੇ ਘਰ ਵਾਲੇ ਚਾਹੁੰਦੇ ਸਨ ਕਿ ਉਹ ਇੰਜੀਨੀਅਰ ਬਣੇ ਪਰ ਸ਼੍ਰੇਆ ਨੇ ਅਭਿਨੈ ਦੀ ਰਾਹ ਚੁਣੀ ਅਤੇ ਇੰਜੀਨੀਅਰਿੰਗ ਵਿਚ ਆਪਣਾ ਕੈਰੀਅਰ ਨਾ ਬਣਾ ਸਕਣ ਦਾ ਉਸ ਨੂੰ ਅਫ਼ਸੋਸ ਨਹੀਂ ਹੈ।
ਫ਼ਿਲਮ ਵਿਚ ਉੱਚ-ਪੜ੍ਹਾਈ ਦੇ ਖੇਤਰ ਵਿਚ ਹੋ ਰਹੇ ਗੁਨਾਹਾਂ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਸ਼੍ਰੇਆ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਸ ਨੇ ਵੀ ਕਦੀ ਚੀਟਿੰਗ ਕੀਤੀ ਹੈ ਤਾਂ ਉਹ ਕਹਿਣ ਲੱਗੀ, 'ਹਾਂ, ਮੈਂ ਵੀ ਚੀਟਿੰਗ ਕੀਤੀ ਸੀ ਪਰ ਉਹ ਆਪਣੇ ਫਾਇਦੇ ਲਈ ਨਹੀਂ, ਦੂਜਿਆਂ ਦੇ ਫਾਇਦੇ ਲਈ। ਇੰਜੀਨੀਅਰਿੰਗ ਦੇ ਇਮਤਿਹਾਨ ਦੌਰਾਨ ਮੈਂ ਆਪਣੀ ਉੱਤਰ-ਕਾਪੀ ਇਸ ਤਰ੍ਹਾਂ ਰੱਖਦੀ ਸੀ ਕਿ ਮੇਰੇ ਆਲੇ-ਦੁਆਲੇ ਵਾਲੇ ਡਾਇਗ੍ਰਾਮ ਦੀ ਨਕਲ ਕਰ ਸਕਣ। ਹੁਣ ਇਸ ਫ਼ਿਲਮ ਵਿਚ ਕੰਮ ਕਰ ਕੇ ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਹੈ ਅਤੇ ਮੈਂ ਖ਼ੁਦ ਨੂੰ ਕੋਸਦੀ ਹਾਂ ਕਿ ਮੈਂ ਇਸ ਤਰ੍ਹਾਂ ਕਿਉਂ ਕੀਤਾ ਸੀ। ਖ਼ੈਰ, ਇਹ ਤਾਂ ਪੁਰਾਣੀ ਗੱਲ ਹੋ ਗਈ ਪਰ ਹੁਣ ਮੈਂ ਕਿਸੇ ਵੀ ਤਰ੍ਹਾਂ ਦੀ ਚੀਟਿੰਗ ਤੋਂ ਤੌਬਾ ਕਰ ਲਈ ਹੈ। ਇਸ ਫ਼ਿਲਮ ਵਿਚ ਕੰਮ ਕਰਨ ਦਾ ਇਕ ਫਾਇਦਾ ਇਹ ਵੀ ਹੋਇਆ ਹੈ, 'ਕਹਿ ਕੇ ਉਹ ਮੁਸਕਰਾ ਦਿੰਦੀ ਹੈ।'
ਉਮੀਦ ਹੈ ਕਿ ਚੀਟਿੰਗ ਨਾ ਕਰਨ ਦੇ ਆਪਣੇ ਨਿਰਣੇ 'ਤੇ ਉਹ ਕਾਇਮ ਰਹੇਗੀ।

'ਰੂਬਰੂ ਰੌਸ਼ਨੀ' ਦਾ ਅਗਲਾ ਹਿੱਸਾ ਵੀ ਬਣੇਗਾ : ਆਮਿਰ ਖਾਨ

26 ਜਨਵਰੀ ਨੂੰ ਆਮਿਰ ਖਾਨ ਵਲੋਂ ਬਣਾਈ ਲਘੂ ਫ਼ਿਲਮ 'ਰੂਬਰੂ ਰੌਸ਼ਨੀ' ਟੀ. ਵੀ. 'ਤੇ ਪ੍ਰਸਾਰਿਤ ਕੀਤੀ ਗਈ। ਸਵਾਤੀ ਭਟਕਲ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਤਿੰਨ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਦੇ ਕਾਤਲਾਂ ਨੂੰ ਮੁਆਫ਼ੀ ਦੇ ਕੇ ਸਮਾਜ ਵਿਚ ਨਵੀਂ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਤਿੰਨਾਂ ਵਿਚੋਂ ਇਕ ਹੈ ਅਵੰਤਿਕਾ ਮਾਕਨ ਜਿਨ੍ਹਾਂ ਦੇ ਪਿਤਾ ਲਲਿਤ ਮਾਕਨ ਦੀ ਹੱਤਿਆ ਕੀਤੀ ਗਈ ਸੀ। ਦੂਜੀ ਹੈ ਕੇਰਲ ਦੀ ਸਿਸਟਰ ਸੇਲਮੀ ਜਿਨ੍ਹਾਂ ਦੀ ਭੈਣ ਨਨ ਰਾਣੀ ਮਾਰੀਆ ਦੀ ਹੱਤਿਆ ਸਮੁੰਦਰ ਸਿੰਘ ਵਲੋਂ ਕੀਤੀ ਗਈ ਸੀ ਅਤੇ ਤੀਜੀ ਹੈ ਅਮਰੀਕੀ ਨਾਗਿਰਕ ਕੀਆ ਸ਼ੇਰ ਜਿਨ੍ਹਾਂ ਦੇ ਪਤੀ ਨੇਓਮੀ ਤੇ ਬੇਟੇ ਐਲਨ ਦੀ ਹੱਤਿਆ ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਦੌਰਾਨ ਕਸਾਬ ਤੇ ਉਸ ਦੇ ਸਾਥੀਆਂ ਨੇ ਕੀਤੀ ਸੀ।
'ਕਸ਼ਮਾ ਵੀਰਸਯ ਆਭੂਸ਼ਣਮ' ਨੂੰ ਸਹੀ ਅਰਥ ਵਿਚ ਪੇਸ਼ ਕਰਦੀ ਇਸ ਫ਼ਿਲਮ ਬਾਰੇ ਆਮਿਰ ਖਾਨ ਕਹਿੰਦੇ ਹਨ, 'ਕਿਸੇ ਨੂੰ ਮੁਆਫ਼ ਕਰ ਦੇਣ ਨਾਲ ਮਨ ਕਿੰਨਾ ਹਲਕਾ ਹੋ ਜਾਂਦਾ ਹੈ, ਇਹ ਅਨੁਭਵ ਮੈਂ ਕਈ ਵਾਰ ਕਰ ਚੁੱਕਿਆ ਹਾਂ। ਮੁਆਫ਼ੀ ਦਾ ਪਹਿਲਾ ਅਨੁਭਵ ਉਦੋਂ ਹੋਇਆ ਸੀ ਜਦੋਂ ਮੇਰੇ ਅਤੇ ਜੂਹੀ (ਚਾਵਲਾ) ਵਿਚਾਲੇ ਬੋਲਚਾਲ ਬੰਦ ਹੋਈ ਸੀ। ਕਿਸੇ ਵਜ੍ਹਾ ਕਰਕੇ ਸਾਡੇ ਦੋਵਾਂ ਵਿਚ ਮਨ-ਮੁਟਾਵ ਹੋ ਗਿਆ ਸੀ ਅਤੇ ਸੱਤ ਸਾਲ ਤੱਕ ਸਾਡੇ ਦੋਵਾਂ ਵਿਚਾਲੇ ਗੱਲਬਾਤ ਬੰਦ ਰਹੀ। ਜਦੋਂ ਜੂਹੀ ਨੂੰ ਇਕ ਦਿਨ ਪਤਾ ਲੱਗਿਆ ਕਿ ਮੇਰੇ ਅਤੇ ਰੀਨਾ ਵਿਚਾਲੇ ਤਲਾਕ ਹੋਣ ਜਾ ਰਿਹਾ ਹੈ ਤਾਂ ਉਸ ਨੇ ਮੈਨੂੰ ਫੋਨ ਕੀਤਾ। ਸੱਤ ਸਾਲ ਬਾਅਦ ਪਹਿਲੀ ਵਾਰ ਉਸ ਨਾਲ ਫੋਨ 'ਤੇ ਗੱਲ ਹੋ ਰਹੀ ਸੀ ਅਤੇ ਉਹ ਚਾਹੁੰਦੀ ਸੀ ਕਿ ਮੈਂ ਰੀਨਾ ਤੋਂ ਤਲਾਕ ਨਾ ਲਵਾਂ। ਦੂਜੇ ਦਿਨ ਉਹ ਮੈਨੂੰ ਮਿਲਣ ਮੇਰੇ ਘਰ ਆਈ ਅਤੇ ਉਦੋਂ ਅਸੀਂ ਇਕ ਦੂਜੇ ਨੂੰ 'ਸੌਰੀ' ਕਹਿ ਕੇ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ। ਉਸ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਜਿਵੇਂ ਮੇਰੇ ਦਿਲ ਤੋਂ ਵੱਡਾ ਬੋਝ ਉਤਰ ਗਿਆ। ਇਸ ਕਿੱਸੇ ਤੋਂ ਬਾਅਦ ਮੈਨੂੰ ਮੁਆਫੀ ਦੇਣ ਦਾ ਮਹੱਤਵ ਪਤਾ ਲੱਗਿਆ। ਕਿਸੇ ਦੇ ਪ੍ਰਤੀ ਦਿਲ ਵਿਚ ਕੜਵਾਹਟ ਨਾ ਰੱਖਣ ਦੀ ਸਿੱਖਿਆ ਉਦੋਂ ਮਿਲੀ। ਬਾਅਦ ਵਿਚ ਜਦੋਂ ਸਵਾਤੀ ਨੇ ਮੇਰੇ ਨਾਲ ਸੰਪਰਕ ਕਰ ਕੇ ਕਿਹਾ ਕਿ ਉਹ ਮੁਆਫ਼ੀ ਨੂੰ ਮੁੱਖ ਰੱਖ ਕੇ ਇਕ ਡਾਕੂਮੈਂਟਰੀ ਬਣਾਉਣ ਬਾਰੇ ਸੋਚ ਰਹੀ ਹੈ ਤਾਂ ਮੈਂ ਇਸ ਪ੍ਰੋਜੈਕਟ ਲਈ ਤੁਰੰਤ ਹਰੀ ਝੰਡੀ ਦੇ ਦਿੱਤੀ।'


-ਪੰਨੂੰ

ਮੰਜਰੀ ਫਡਨਿਸ : ਮੈਂ ਉਮੀਦ ਛੱਡੀ ਨਹੀਂ

ਮੱਧ ਪ੍ਰਦੇਸ਼ ਨਾਲ ਸਬੰਧਿਤ ਮੁਟਿਆਰ ਮੰਜਰੀ ਫਡਨਿਸ ਨੂੰ ਬਹੁਤੇ ਲੋਕ ਮਰਾਠੀ ਪਿਛੋਕੜ ਦੀ ਸਮਝਦੇ ਹਨ ਕਿਉਂਕਿ ਉਹ ਜ਼ਿਆਦਾ ਮਹਾਰਾਸ਼ਟਰ 'ਚ ਹੀ ਵਿਚਰੀ ਹੈ ਪਰ ਉਸ ਦੇ ਪਰਿਵਾਰ ਦਾ ਸਬੰਧ ਮੱਧ ਪ੍ਰਦੇਸ਼ ਨਾਲ ਹੈ। ਪਿਤਾ ਫ਼ੌਜੀ ਹੋਣ ਕਾਰਨ ਮੰਜਰੀ ਭਾਰਤ ਦੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਤੋਂ ਜਾਣੂ ਹੈ ਤੇ ਕਹਿੰਦੀ ਹੈ ਕਿ ਤਕਰੀਬਨ ਹਰ ਰਾਜ ਦੇ ਰੀਤੀ-ਰਿਵਾਜ, ਡਾਂਸ ਤੇ ਖਾਣੇ ਉਸ ਨੂੰ ਆਉਂਦੇ ਹਨ। 'ਸੁਹਾਨਾ' ਦੀ ਭੂਮਿਕਾ ਮੰਜਰੀ ਨੇ 'ਰੋਕ ਸਕੋ ਤੋ ਰੋਕ ਲੋ' ਫ਼ਿਲਮ ਵਿਚ ਨਿਭਾਈ ਸੀ। ਫਿਰ ਬੰਗਲਾ, ਤੇਲਗੂ, ਮਲਿਆਲਮ, ਕੰਨੜ ਤੇ ਮਰਾਠੀ ਭਾਸ਼ਾਵਾਂ ਦੀਆਂ ਫ਼ਿਲਮਾਂ ਵੀ ਉਸ ਨੇ ਕੀਤੀਆਂ ਹਨ। 'ਗਰੈਂਡ ਮਸਤੀ' 'ਚ 'ਤੁਲਸੀ', 'ਵਾਰਨਿੰਗ' ਦੀ ਸਬੀਨਾ ਸਨਿਆਲ ਬਣ ਕੇ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੀ ਸੀ ਤਾਂ 'ਨਿਰਦੋਸ਼', 'ਵਾਹ ਤਾਜ', 'ਬਾ ਬਾ ਬਲੈਕ ਸ਼ੀਪ' ਫ਼ਿਲਮਾਂ ਨਾਲ ਥੋੜ੍ਹੀ ਬਹੁਤ ਉਸ ਦੀ ਚਰਚਾ ਜ਼ਰੂਰ ਹੋਈ। ਕਪਿਲ ਸ਼ਰਮਾ ਨਾਲ 'ਕਿਸ ਕਿਸ ਸੇ ਪਿਆਰ ਕਰੂੰ' ਫ਼ਿਲਮਾਂ ਨੇ ਫਿਰ ਮੰਜਰੀ ਦੇ ਸੁੱਤੇ ਭਾਗ ਜਗਾਏ ਹਨ। ਮੰਜਰੀ ਨੇ ਗੌਰਵ ਚੋਪੜਾ ਨਾਲ 'ਦੇਵਦਾਸ' ਸਟੇਜ ਨਾਟਕ ਵੀ ਹੁਣੇ ਹੀ ਕੀਤਾ ਹੈ। ਉਮੀਦ ਉਸ ਨੇ ਛੱਡੀ ਨਹੀਂ ਹੈ।

ਅਭੈ ਦਿਓਲ ਕੋਚ ਦੀ ਭੂਮਿਕਾ ਵਿਚ

'ਭੇਜਾ ਫ੍ਰਾਈ' ਲੜੀ ਦੀਆਂ ਦੋ ਫ਼ਿਲਮਾਂ 'ਕੱਚਾ ਲੀਂਬੂ' ਤੇ 'ਹਮ ਤੁਮ ਸ਼ਬਾਨਾ' ਨਿਰਦੇਸ਼ਿਤ ਕਰਨ ਵਾਲੇ ਸਾਗਰ ਬੈੱਲਾਰੀ ਨੇ ਹੁਣ 'ਜੰਗਲ ਕ੍ਰਾਏ' ਬਣਾਈ ਹੈ ਅਤੇ ਇਸ ਵਿਚ ਅੰਡਰ 14 ਰਗਬੀ ਟੀਮ ਦੀ ਕਹਾਣੀ ਪੇਸ਼ ਕੀਤੀ ਗਈ ਹੈ। 14 ਸਾਲ ਤੋਂ ਘੱਟ ਦੀ ਉਮਰ ਦੇ ਭਾਰਤੀ ਅੱਲ੍ਹੜਾਂ ਨੇ ਸਾਲ 2007 ਵਿਚ ਯੂ. ਕੇ. ਵਿਚ ਵਿਸ਼ਵ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਸੀ। ਇਸ ਜਿੱਤ 'ਤੇ ਬਣੀ ਇਸ ਫਿਮਲ ਵਿਚ ਅਭੈ ਦਿਓਲ ਵਲੋਂ ਕੋਚ ਰੁਦਰਾਕਸ਼ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਅਭੈ ਅਨੁਸਾਰ ਪਹਿਲਾਂ ਉਨ੍ਹਾਂ ਨੂੰ ਰਗਬੀ ਦੀ ਖੇਡ ਦੇ ਨਿਯਮਾਂ ਬਾਰੇ ਪਤਾ ਨਹੀਂ ਸੀ ਪਰ ਹੁਣ ਇਸ ਫ਼ਿਲਮ ਵਿਚ ਕੰਮ ਕਰ ਕੇ ਉਹ ਰਗਬੀ ਬਾਰੇ ਕਾਫੀ ਕੁਝ ਜਾਣ ਗਏ ਹਨ।

ਸ਼ਰਧਾ ਕਪੂਰ ਬਣੀ ਪਾਕਿਸਤਾਨੀ ਡਾਂਸਰ

ਸ਼ਰਧਾ ਕਪੂਰ ਇਨ੍ਹੀਂ ਦਿਨੀਂ ਜਿਥੇ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਜ਼ਿੰਦਗੀ 'ਤੇ ਬਣ ਰਹੀ ਫ਼ਿਲਮ 'ਸਾਇਨਾ' ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ, ਉਥੇ ਨਿਰਦੇਸ਼ਕ ਰੇਮੋ ਡਿਸੂਜ਼ਾ ਨੇ ਹੁਣ ਸ਼ਰਧਾ ਨੂੰ ਆਪਣੀ ਅਨਾਮ ਫ਼ਿਲਮ ਵਿਚ ਲਿਆ ਹੈ। ਇਥੇ ਫ਼ਿਲਮ ਦੇ ਨਾਇਕ ਹਨ ਵਰੁਣ ਧਵਨ ਅਤੇ ਸ਼ਰਧਾ ਵਲੋਂ ਇਸ ਵਿਚ ਪਾਕਿਸਤਾਨੀ ਡਾਂਸਰ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਫ਼ਿਲਮ ਦੀ ਸ਼ੂਟਿੰਗ ਦਾ ਪਹਿਲਾ ਸ਼ਡਿਊਲ ਪੰਜਾਬ ਵਿਚ ਪੂਰਾ ਕਰ ਲੈਣ ਤੋਂ ਬਾਅਦ ਅੱਗੇ ਦੀ ਸ਼ੂਟਿੰਗ ਯੂ. ਕੇ. ਵਿਚ ਕੀਤੀ ਜਾਵੇਗੀ। ਫ਼ਿਲਮ ਵਿਚ ਯੂ. ਕੇ. ਵਿਚ ਰਹਿ ਰਹੇ ਭਾਰਤੀ ਮੁੰਡੇ ਤੇ ਪਾਕਿਸਤਾਨੀ ਕੁੜੀ ਦੀ ਮੁਹੱਬਤ ਦੀ ਦਾਸਤਾਨ ਪੇਸ਼ ਕੀਤੀ ਜਾਵੇਗੀ।

ਰਵੀ ਕਿਸ਼ਨ ਦੀ ਬੇਟੀ ਫ਼ਿਲਮਾਂ ਵਿਚ

ਨਿਰਮਾਤਾ ਨਿਤਿਨ ਮਨਮੋਹਨ ਨੇ ਆਪਣੀ ਅਗਲੀ ਫ਼ਿਲਮ ਲਈ ਅਭਿਨੇਤਾ ਰਵੀ ਕਿਸ਼ਨ ਦੀ ਬੇਟੀ ਰੀਵਾ ਨੂੰ ਕਰਾਰਬੱਧ ਕੀਤਾ ਹੈ। ਪਹਿਲਾਂ ਨਗਮਾ (ਬਾਗੀ), ਸ਼ਾਹੀਨ (ਮਹਾਸੰਗ੍ਰਾਮ) ਤੇ ਮਹਿਕ ਚਹਿਲ (ਨਈ ਪੜੋਸਨ) ਨੂੰ ਅਭਿਨੈ ਦੀ ਦੁਨੀਆ ਵਿਚ ਲਿਆਉਣ ਦਾ ਸਿਹਰਾ ਪਹਿਨਣ ਵਾਲੇ ਨਿਤਿਨ ਹੁਣ ਰੀਵਾ ਦੇ ਰੂਪ ਵਿਚ ਇਕ ਹੋਰ ਹੀਰੋਇਨ ਨੂੰ ਬਾਲੀਵੁੱਡ ਵਿਚ ਲਿਆ ਰਹੇ ਹਨ। ਰੀਵਾ ਦੇ ਨਾਲ ਉਹ ਇਸ ਫ਼ਿਲਮ ਰਾਹੀਂ ਪਦਮਿਨੀ ਕੋਹਲਾਪੁਰੀ ਦੇ ਬੇਟੇ ਪ੍ਰਿਅੰਕ ਨੂੰ ਵੀ ਪੇਸ਼ ਕਰ ਰਹੇ ਹਨ।
ਕਿਸੇ ਜ਼ਮਾਨੇ ਵਿਚ ਰਵੀ ਕਿਸ਼ਨ ਨੇ ਨਿਤਿਨ ਮਨਮੋਹਨ ਦੀ ਫ਼ਿਲਮ 'ਆਰਮੀ' ਵਿਚ ਕੰਮ ਕੀਤਾ ਸੀ। ਉਦੋਂ ਸ਼ਾਇਦ ਰਵੀ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਇਕ ਦਿਨ ਇਹੀ ਨਿਰਮਾਤਾ ਉਨ੍ਹਾਂ ਦੀ ਬੇਟੀ ਲਈ ਗਾਡ ਫਾਦਰ ਸਾਬਤ ਹੋਵੇਗਾ।
ਰੀਵਾ ਨੇ ਅਮਰੀਕਾ ਵਿਚ ਅਭਿਨੈ ਦੀ ਸਿੱਖਿਆ ਹਾਸਲ ਕੀਤੀ ਹੈ ਅਤੇ ਨਾਲ ਹੀ ਨਸੀਰੂਦੀਨ ਸ਼ਾਹ ਦੇ ਨਾਟ ਗਰੁੱਪ ਦੇ ਨਾਲ ਰਹਿ ਕੇ ਉਸ ਨੇ ਰੰਗਮੰਚ ਦਾ ਅਨੁਭਵ ਵੀ ਹਾਸਲ ਕੀਤਾ ਹੈ। ਇਕ ਪ੍ਰਤਿਭਾਸ਼ਾਲੀ ਅਭਿਨੇਤਰੀ ਦਾ ਬਾਲੀਵੁੱਡ ਵਿਚ ਸਵਾਗਤ ਹੈ।


-ਮੁੰਬਈ ਪ੍ਰਤੀਨਿਧ

ਆਲੋਕ ਸ੍ਰੀਵਾਸਤਵ ਦੀ 'ਐਂਡ ਕਾਊਂਟਰ'

ਪਹਿਲਾਂ 'ਫੂਲ ਔਰ ਆਗ', 'ਗੁਰੂ ਮਹਾਗੁਰੂ', 'ਜਾਨੇ ਹੋਗਾ ਕਿਆ' ਫ਼ਿਲਮਾਂ ਬਣਾਉਣ ਵਾਲੇ ਆਲੋਕ ਸ੍ਰੀਵਾਸਤਵ ਨੇ ਹੁਣ ਬਤੌਰ ਨਿਰਦੇਸ਼ਕ 'ਐਂਡ ਕਾਊਂਟਰ' ਨਿਰਦੇਸ਼ਿਤ ਕੀਤੀ ਹੈ। ਫ਼ਿਲਮ ਦੇ ਨਾਂਅ ਤੋਂ ਹੀ ਇਹ ਸਾਫ਼ ਹੋ ਜਾਂਦਾ ਹੈ ਕਿ ਇਹ ਪੁਲਿਸੀਆ ਐਨਕਾਊਂਟਰ 'ਤੇ ਆਧਾਰਿਤ ਹੋਵੇਗੀ। ਫ਼ਿਲਮ ਦੇ ਨਿਰਮਾਤਾ ਹਨ ਜਤਿਨ ਉਪਾਧਿਆਏ ਅਤੇ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ।
ਇਹ ਫ਼ਿਲਮ ਇਸੇ ਨਾਂਅ 'ਤੇ ਲਿਖੇ ਨਾਵਲ 'ਤੇ ਆਧਾਰਿਤ ਹੈ ਅਤੇ ਇਹ ਸੱਚੀ ਘਟਨਾਵਾਂ ਦਾ ਤਾਣਾ-ਬਾਣਾ ਹੈ। ਨਾਵਲ ਦੀ ਕਹਾਣੀ ਮਹਾਰਾਸ਼ਟਰ ਦੇ ਸ਼ਹਿਰ ਨਾਸਿਕ 'ਤੇ ਆਧਾਰਿਤ ਹੈ ਅਤੇ ਫ਼ਿਲਮ ਵਿਚ ਵੀ ਕਹਾਣੀ ਦੀ ਪਿੱਠਭੂਮੀ ਨਾਸਿਕ ਦੀ ਹੀ ਦਿਖਾਈ ਗਈ ਹੈ। ਇਥੇ ਪ੍ਰਸ਼ਾਂਤ ਨਾਰਾਣਿਨ ਵਲੋਂ ਪੁਲਿਸ ਅਧਿਕਾਰੀ ਸਮੀਰ ਦੀ ਭੂਮਿਕਾ ਨਿਭਾਈ ਗਈ ਹੈ ਤੇ ਅਭਿਮੰਨਿਊ ਸਿੰਘ ਇਸ ਵਿਚ ਸ਼ਹਿਰ ਦੇ ਡਾਨ ਦੱਤਾ ਦੀ ਭੂਮਿਕਾ ਵਿਚ ਹਨ। ਨਾਵਲ ਦੀ ਲੇਖਿਕਾ ਰੇਨੂੰ ਸਹਾਏ ਦੀ ਭੂਮਿਕਾ ਮ੍ਰਿਣਮਈ ਕੋਲਵਲਕਰ ਨੂੰ ਸੌਂਪੀ ਗਈ ਹੈ। ਫ਼ਿਲਮ ਵਿਚ ਹਲਕੇ-ਫੁਲਕੇ ਪਲ ਦਿਖਾਉਣ ਲਈ ਇਕ ਢੋਂਗੀ ਬਾਬਾ ਦਾ ਕਿਰਦਾਰ ਵੀ ਰੱਖਿਆ ਗਿਆ ਹੈ। ਇਥੇ ਗੁਰੂ ਜੀ ਦੀ ਭੂਮਿਕਾ ਵਿਚ ਅਨੁਪਮ ਸ਼ਿਆਮ ਦਿਖਾਈ ਦੇਣਗੇ ਅਤੇ ਉਨ੍ਹਾਂ ਦੀ ਜਵਾਨ ਸ਼ਿਸ਼ ਦੇ ਕਿਰਦਾਰ ਨੂੰ ਹਨੀ ਨਾਂਅ ਦਿੱਤਾ ਗਿਆ ਹੈ। ਆਪਣੀ ਇਸ ਫ਼ਿਲਮ ਬਾਰੇ ਆਲੋਕ ਕਹਿੰਦੇ ਹਨ, 'ਮੈਂ ਹੁਣ ਤੱਕ ਜੋ ਵੀ ਫ਼ਿਲਮਾਂ ਬਣਾਈਆਂ ਹਨ, ਉਹ ਸਾਰੀਆਂ ਫਿਕਸ਼ਨਲ ਸਨ। ਇਹ ਪਹਿਲਾ ਮੌਕਾ ਹੈ ਜਦੋਂ ਅਸਲ ਘਟਨਾਵਾਂ ਦੇ ਵਿਸ਼ੇ ਵਾਲੀ ਫ਼ਿਲਮ ਨਾਲ ਮੇਰਾ ਨਾਤਾ ਜੁੜਿਆ ਹੈ। ਫ਼ਿਲਮ ਦਾ ਨਾਇਕ ਪੁਲਿਸ ਅਧਿਕਾਰੀ ਹੈ। ਸੋ, ਉਸ ਦੇ ਕਿਰਦਾਰ ਨੂੰ ਸਹੀ ਢੰਗ ਨਾਲ ਪੇਸ਼ ਕਰਨ ਲਈ ਕਾਫੀ ਹੋਮਵਰਕ ਕਰਨਾ ਪਿਆ। ਮੇਰਾ ਵੱਡਾ ਭਰਾ ਰੇਲਵੇ ਪੁਲਿਸ ਵਿਚ ਵੱਡਾ ਅਧਿਕਾਰੀ ਹੈ। ਮੈਂ ਉਨ੍ਹਾਂ ਤੋਂ ਵੀ ਕਾਫੀ ਮਾਰਗਦਰਸ਼ਨ ਲਿਆ। ਫ਼ਿਲਮ ਵਿਚ ਇਹ ਦਿਖਾਇਆ ਗਿਆ ਹੈ ਕਿ ਜੋ ਬੰਦੂਕ ਦੇ ਸਾਏ ਹੇਠ ਜ਼ਿੰਦਗੀ ਜੀਅ ਰਿਹਾ ਹੁੰਦਾ ਹੈ, ਆਖਿਰ ਵਿਚ ਬੰਦੂਕ ਉਸ ਨੂੰ ਵੀ ਨਿਗਲ ਲੈਂਦੀ ਹੈ। ਇਸ ਤਰ੍ਹਾਂ ਇਥੇ ਖੂਨ-ਖਰਾਬੇ ਦੇ ਖਿਲਾਫ਼ ਸੰਦੇਸ਼ ਵੀ ਦਿੱਤਾ ਗਿਆ ਹੈ।

-ਮੁੰਬਈ ਪ੍ਰਤੀਨਿਧ

ਇੰਦਰ ਕੁਮਾਰ ਨਿਰਦੇਸ਼ਿਤ ਕਰਨਗੇ 'ਹੇਰਾਫੇਰੀ-3'

ਪ੍ਰਿਆਦਰਸ਼ਨ ਵਲੋਂ ਨਿਰਦੇਸ਼ਿਤ 'ਹੇਰਾਫੇਰੀ' ਸਾਲ 2000 ਵਿਚ ਪ੍ਰਦਰਸ਼ਿਤ ਹੋਈ ਸੀ। ਰਿਲੀਜ਼ ਦੇ ਏਨੇ ਲੰਮੇ ਸਮੇਂ ਬਾਅਦ ਵੀ ਇਸ ਫ਼ਿਲਮ ਦਾ ਨਾਂਅ ਕੰਨਾਂ 'ਤੇ ਆਉਂਦੇ ਹੀ ਬਾਬੂਰਾਓ, ਸ਼ਿਆਮ ਤੇ ਰਾਜੂ ਦੇ ਕਿਰਦਾਰ ਅੱਖਾਂ ਸਾਹਮਣੇ ਆ ਜਾਂਦੇ ਹਨ। ਫ਼ਿਲਮ ਦੀ ਸਫ਼ਲਤਾ ਨੂੰ ਦੇਖਦੇ ਹੋਏ ਇਸ ਦੇ ਨਿਰਮਾਤਾ ਫਿਰੋਜ਼ ਨਡਿਆਡਵਾਲਾ ਨੇ ਇਨ੍ਹਾਂ ਤਿੰਨ ਕਿਰਦਾਰਾਂ ਨੂੰ ਲੈ ਕੇ 'ਫਿਰ ਫੇਰਾਫੇਰੀ' ਬਣਾਈ ਅਤੇ ਇਹ ਨੀਰਜ ਵੋਹਰਾ ਵਲੋਂ ਨਿਰੇਦਸ਼ਿਤ ਕੀਤੀ ਗਈ ਸੀ।
ਹੁਣ ਫਿਰੋਜ਼ ਨੇ 'ਹੇਰਾਫੇਰੀ-3' ਬਣਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਿਰਦੇਸ਼ਨ ਦੀ ਲਗਾਮ ਇੰਦਰ ਕੁਮਾਰ ਦੇ ਹੱਥ ਵਿਚ ਸੌਂਪੀ ਗਈ ਹੈ। ਇਨ੍ਹੀਂ ਦਿਨੀਂ 'ਟੋਟਲ ਧਮਾਲ' ਨੂੰ ਰਿਲੀਜ਼ ਕਰਨ ਵਿਚ ਰੁੱਝੇ ਇੰਦਰ ਕੁਮਾਰ ਨੇ 'ਧਮਾਲ' ਤੇ 'ਮਸਤੀ' ਸੀਰੀਜ਼ ਦੀਆਂ ਫ਼ਿਲਮਾਂ ਰਾਹੀਂ ਦਿਖਾ ਦਿੱਤਾ ਹੈ ਕਿ ਉਹ ਵੀ ਕਾਮੇਡੀ ਵਿਸ਼ੇ 'ਤੇ ਪਕੜ ਰੱਖਣਾ ਜਾਣਦੇ ਹਨ ਕਿਉਂਕਿ 'ਹੇਰਾਫੇਰੀ' ਸੀਰੀਜ਼ ਦੀਆਂ ਦੋਵੇਂ ਫ਼ਿਲਮਾਂ ਦਾ ਮੁੱਖ ਆਕਰਸ਼ਣ ਕਾਮੇਡੀ ਰਿਹਾ ਹੈ, ਇਸ ਲਈ ਇਸ ਸੀਰੀਜ਼ ਦੀ ਤੀਜੀ ਫ਼ਿਲਮ ਨੂੰ ਕਾਮੇਡੀ ਨਾਲ ਭਰਪੂਰ ਬਣਾਉਣ ਵਿਚ ਇੰਦਰ ਕੁਮਾਰ ਕੋਈ ਕਸਰ ਨਹੀਂ ਰਹਿਣ ਦੇਣਾ ਚਾਹੁੰਦੇ। ਇਹੀ ਵਜ੍ਹਾ ਹੈ ਕਿ ਫ਼ਿਲਮ ਦੀ ਪਟਕਥਾ ਲਿਖਣ ਵਿਚ ਚੰਗਾ ਸਮਾਂ ਲਿਆ ਜਾ ਰਿਹਾ ਹੈ। ਜਾਣਕਾਰ ਸੂਤਰਾਂ ਅਨੁਸਾਰ ਫ਼ਿਲਮ ਦੀ ਅੱਧੀ ਪਟਕਥਾ ਤਿਆਰ ਕਰ ਦਿੱਤੀ ਗਈ ਹੈ ਅਤੇ ਬਾਕੀ ਅੱਧੀ 'ਤੇ ਕੰਮ ਚੱਲ ਰਿਹਾ ਹੈ। ਪਟਕਥਾ ਦਾ ਕੰਮ ਪੂਰਾ ਹੁੰਦਿਆਂ ਹੀ ਅਕਸ਼ੈ ਕੁਮਾਰ, ਸੁਨੀਲ ਸ਼ੈਟੀ ਤੇ ਪਰੇਸ਼ ਰਾਵਲ ਦੇ ਨਾਲ ਸ਼ੂਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ।


-ਮੁੰਬਈ ਪ੍ਰਤੀਨਿਧ

ਰਾਜਾ ਰਾਣੀ ਦੀ ਪ੍ਰੇਮ ਕਹਾਣੀ

ਅੱਜਕਲ੍ਹ ਫ਼ਿਲਮ ਇੰਡਸਟਰੀ ਵਿਚ ਇਕ ਪ੍ਰੇਮ ਕਹਾਣੀ ਨੂੰ ਰਾਜਾ-ਰਾਣੀ ਦੀ ਪ੍ਰੇਮ ਕਹਾਣੀ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। ਰਾਜਾ ਦਾ ਨਾਂਅ ਹੈ ਰਣਬੀਰ ਕਪੂਰ ਅਤੇ ਰਾਣੀ ਦਾ ਨਾਂਅ ਆਲੀਆ ਭੱਟ ਹੈ। ਹੁਣ ਇੰਡਸਟਰੀ ਦੇ ਇਕ ਵੱਡੇ ਨਿਰਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰੇਮ ਕਹਾਣੀ ਰਾਜਾ-ਰਾਣੀ ਦੀ ਤਰ੍ਹਾਂ ਦਿਲਚਸਪ ਹੈ। ਇਸ 'ਤੇ ਇਕ ਚੰਗੀ ਵਪਾਰਕ ਫ਼ਿਲਮ ਬਣਾਈ ਜਾ ਸਕਦੀ ਹੈ। ਉਂਝ ਇਸ ਪ੍ਰੇਮ ਕਹਾਣੀ ਦੀ ਸ਼ੁਰੂਆਤ ਅਇਨ ਮੁਖਰਜੀ ਦੀ ਫ਼ਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਦੌਰਾਨ ਸ਼ੁਰੂ ਹੋਈ। ਇਸ ਦੀ ਆਊਟਡੋਰ ਸ਼ੂਟਿੰਗ ਬੁਲਗਾਰੀਆ ਵਿਚ ਸ਼ੁਰੂ ਹੋਈ ਸੀ ਅਤੇ ਇਥੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਰਣਬੀਰ-ਆਲੀਆ ਦੇ ਪਿਆਰ ਵਿਚ ਗ੍ਰਿਫਤਾਰ ਹੋ ਗਏ। ਸ਼ੁਰੂ-ਸ਼ੁਰੂ ਵਿਚ ਇਨ੍ਹਾਂ ਦੇ ਪਿਆਰ ਨੂੰ ਵੀ ਇਕ ਗਿਮਿਕ ਸਮਝਿਆ ਗਿਆ ਤੇ ਫ਼ਿਲਮ 'ਬ੍ਰਹਮਾਸਤਰ' ਦਾ ਪ੍ਰਚਾਰ ਕੌਸ਼ਲ ਸਮਝਿਆ ਗਿਆ। ਉਂਜ ਅਤੀਤ ਵਿਚ ਵੀ ਇਸ ਤਰ੍ਹਾਂ ਦੀ ਇਕ-ਅੱਧ ਉਦਾਹਰਨ ਮੌਜੂਦ ਹੈ ਜਦੋਂ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਹੀ ਦੋਵਾਂ ਦਾ ਪਿਆਰ ਕਾਫੂਰ ਹੋ ਜਾਂਦਾ ਹੈ ਪਰ ਹੈਰਾਨੀਜਨਕ ਢੰਗ ਨਾਲ ਇਸ ਵਾਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ। ਰਣਬੀਰ-ਆਲੀਆ ਦੇ ਨੇੜਲੇ ਦੋਸਤਾਂ ਦਾ ਕਹਿਣਾ ਹੈ ਕਿ ਇਹ ਰਾਜਾ-ਰਾਣੀ ਦੀ ਪ੍ਰੇਮ ਕਹਾਣੀ ਹੁਣ ਛੇਤੀ ਵਿਆਹ ਵਿਚ ਬਦਲ ਜਾਵੇਗੀ। ਹੁਣ ਸਭ ਬੇਸਬਸਰੀ ਨਾਲ ਰਣਬੀਰ ਦੇ ਪਿਤਾ ਰਿਸ਼ੀ ਕਪੂਰ ਦੇ ਸਿਹਤਯਾਬ ਹੋਣ ਦਾ ਇੰਤਜ਼ਾਰ ਕਰ ਰਹੇ ਹਨ।


-ਅਸੀਮ ਚਕਰਵਰਤੀ

ਸੱਭਿਆਚਾਰਕ ਵੰਨਗੀਆਂ 'ਚ ਨਿਪੁੰਨ ਨਾਂਅ ਹੈ-ਗੁਲਸ਼ਨਦੀਪ ਕੌਰ ਗਿਨੂੰ

ਅਤਿ ਸੁੰਦਰ, ਹੁੰਦੜਹੇਲ, ਹਾਸੇ ਤੇ ਮੁਸਕਰਾਹਟਾਂ ਨਾਲ ਮਹਿਕਾਂ ਬਿਖੇਰਦੀ, ਅਦਬ ਤੇ ਸ਼ੋਖ ਅਦਾਵਾਂ ਨਾਲ ਹਰ ਇਕ ਨੂੰ ਆਪਣੀ ਕਲਾ ਪ੍ਰਤੀ ਅਸ਼-ਅਸ਼ ਕਰਨ ਲਈ ਮਜਬੂਰ ਕਰ ਦੇਣ ਵਾਲੀ ਸੋਹਣੀ ਤੇ ਸੁਨੱਖੀ ਮੁਟਿਆਰ ਦਾ ਨਾਂਅ ਹੈ- ਗੁਲਸ਼ਨਦੀਪ ਕੌਰ ਗਿਨੂੰ। ਗਿਨੂੰ ਦਾ ਜਨਮ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦੇ ਪਿੰਡ ਕੁਲਾਣਾ ਵਿਖੇ ਮਾਤਾ ਸ੍ਰੀਮਤੀ ਅਮਰਜੀਤ ਕੌਰ ਦੀ ਕੁੱਖੋਂ ਪਿਤਾ ਸ: ਗੁਰਜੰਟ ਸਿੰਘ ਦੇ ਗ੍ਰਹਿ ਵਿਖੇ 10 ਮਾਰਚ 1992 ਨੂੰ ਹੋਇਆ। ਮਾਪਿਆਂ ਵਲੋਂ ਗਿਨੂੰ ਦਾ ਪਾਲਣ ਪੋਸ਼ਣ ਮੁੰਡਿਆਂ ਦੀ ਤਰ੍ਹਾਂ ਕੀਤਾ ਗਿਆ ਤੇ ਉਸ ਨੂੰ ਆਤਮ ਵਿਸ਼ਵਾਸ, ਦ੍ਰਿੜ੍ਹਤਾ, ਮਿਹਨਤ ਕਰਨ ਦੇ ਸੰਸਕਾਰ ਦਿੱਤੇ। ਗਿਨੂੰ ਨੇ ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ ਰਾਮਪੁਰ ਮੰਡੇਰ ਤੋਂ ਤੇ +2 ਦੀ ਪੜ੍ਹਾਈ ਬਾਬਾ ਇੰਤਕਾਲ ਪਬਲਿਕ ਸਕੂਲ ਕੁਲਾਣਾ ਤੋਂ ਪੂਰੀ ਕੀਤੀ। ਇੱਥੇ ਉਸ ਨੂੰ ਗਿੱਧੇ ਦੀਆਂ ਵੱਖ-ਵੱਖ ਵੰਨਗੀਆਂ ਦੀ ਮੁਹਾਰਿਤ ਕੋਚ ਸਰਦਾਰ ਪਾਲ ਸਿੰਘ ਸਮਾਉਂ ਤੋਂ ਪ੍ਰਾਪਤ ਕੀਤੀ। ਫਿਰ ਜਦੋਂ ਉਸ ਨੇ ਗੁਰੂ ਨਾਨਕ ਕਾਲਜ ਬੁਢਲਾਡਾ ਵਿਚ ਦਾਖਲਾ ਲਿਆ ਤਾਂ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਜਾਂਦੇ ਖੇਤਰੀ ਯੁਵਕ ਮੇਲਿਆਂ ਤੇ ਅੰਤਰ ਖੇਤਰੀ ਮੇਲਿਆਂ ਵਿਚ ਗਿੱਧੇ ਦੀ ਟੀਮ ਦੀ ਅਗਵਾਈ ਕਰਕੇ ਅਨੇਕਾਂ ਵਾਰ ਟੀਮ ਨੂੰ ਜਿੱਤਾਂ ਹਾਸਲ ਕਰਵਾਈਆਂ। ਸਾਲ 2009 ਵਿਚ ਗਿਨੂੰ ਨੇ ਪੰਜਾਬੀ ਟੀ.ਵੀ. ਚੈਨਲ ਐਮ.ਐਚ. 1 'ਤੇ ਗਿੱਧੇ ਦੀ ਆਈਟਮ ਪੇਸ਼ ਕਰਕੇ ਟੀਮ ਲਈ ਸੋਨ ਤਗਮਾ ਝੋਲੀ ਪਵਾਇਆ। 2010 ਵਿਚ ਪੀ.ਟੀ.ਸੀ. ਚੈਨਲ ਤੋਂ 'ਪੇਚਾ ਗਿੱਧੇ ਭੰਗੜੇ ਦਾ' ਵਿਚ ਹਿੱਸਾ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗਿਨੂੰ ਨੂੰ ਮਾਣ ਹੈ ਕਿ ਉਸ ਨੇ ਅਨੇਕਾਂ ਕਾਲਜਾਂ ਤੇ ਹੋਰ ਵਿੱਦਿਅਕ ਸੰਸਥਾਵਾਂ ਵਿਚ ਜਾ ਕੇ ਕੁੜੀਆਂ ਨੂੰ ਗਿੱਧੇ ਦੀ ਤਿਆਰੀ ਕਰਵਾਈ ਤੇ ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਦੀਆਂ ਅਨਮੋਲ ਵੰਨਗੀਆਂ ਵਿਚ ਆਪਣੀ ਛਾਪ ਛੱਡਣ ਯੋਗ ਬਣਾਇਆ। ਗਿਨੂੰ ਦੀ ਨਿਰਦੇਸ਼ਨਾ ਹੇਠ ਜਸਪ੍ਰੀਤ ਕੌਰ ਜੱਸੀ ਨੇ 'ਧੀ ਪੰਜਾਬ ਦੀ' ਐਵਾਰਡ 2018 'ਚ ਪਹਿਲੀ ਪੁਜ਼ੀਸ਼ਨ ਹਾਸਲ ਕਰ ਕੇ ਆਪਣੀ ਝੋਲੀ ਪਵਾਇਆ। ਉਹ ਖੁਦ ਵੀ 'ਧੀ ਪੰਜਾਬੀ ਦੀ' ਤੇ 'ਮਿਸ ਵਿਸ਼ਵ ਪੰਜਾਬਣ' ਵਰਗੇ ਖਿਤਾਬੀ ਮੁਕਾਬਲਿਆਂ ਵਿਚ ਸ਼ਿਰਕਤ ਕਰ ਚੁੱਕੀ ਹੈ। ਪ੍ਰਮਾਤਮਾ ਇਸ ਮੁਟਿਆਰ ਦੇ ਆਪਣੀ ਅਗੋਸ਼ ਵਿਚ ਸਿਰਜੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਸਹਾਈ ਹੋਵੇ! ਆਮੀਨ


-ਰਘਵੀਰ ਸਿੰਘ ਚੰਗਾਲ
ਧਨੌਲਾ (ਬਰਨਾਲਾ)

ਪੰਜਾਬੀ ਪਰਦੇ ਦੀ ਖ਼ੂਬਸੂਰਤ ਨਾਇਕਾ ਸੈਬੀ ਸੂਰੀ

ਕਿਸੇ ਵੇਲੇ ਪ੍ਰੀਤੀ ਸਪਰੂ, ਦਲਜੀਤ ਕੌਰ, ਭਾਵਨਾ ਭੱਟ ਹੀ ਪੰਜਾਬੀ ਫ਼ਿਲਮਾਂ ਦੀਆਂ ਪ੍ਰਮੁੱਖ ਹੀਰੋਇਨਾਂ ਹੁੰਦੀਆਂ ਸਨ ਜਦਕਿ ਅੱਜ ਨੀਰੂ ਬਾਜਵਾ, ਜੁਪਜੀ ਖਹਿਰਾ, ਸੋਨਮ ਬਾਜਵਾ, ਮੈਂਡੀ ਤੱਖਰ, ਸਿੰਮੀ ਚਾਹਲ, ਸਰਗੁਣ ਮਹਿਤਾ, ਅਦਿੱਤੀ ਸ਼ਰਮਾ ਤੇ ਮਾਹੀ ਗਿੱਲ ਵਰਗੀਆਂ ਅਨੇਕਾਂ ਖੂਬਸੂਰਤ ਨਾਇਕਾਵਾਂ ਦਰਸ਼ਕਾਂ ਦੀ ਪਸੰਦ ਹਨ। ਪੰਜਾਬੀ ਪਰਦੇ 'ਤੇ ਨਿੱਤ ਦਿਨ ਨਵੇਂ ਤੇ ਖੂਬਸੂਰਤ ਚਿਹਰਿਆਂ ਦੀ ਆਮਦ ਜਾਰੀ ਹੈ। ਲੰਮ-ਸਲੰਮੀ, ਦਿਲਕਸ਼ ਅਦਾਵਾਂ ਵਾਲੀ ਸੈਬੀ ਸੂਰੀ ਵੀ ਅਜਿਹੀਆਂ ਨਵੀਆਂ ਹੀਰੋਇਨਾਂ ਵਿਚੋਂ ਇਕ ਹੈ। ਸੈਬੀ ਦੀ ਪਹਿਲੀ ਫਿਲਮ ਇਮਰਾਨ ਸ਼ੇਖ ਦੀ 'ਬਿੱਗ ਡੈਡੀ' ਸੀ ਜਿਸ ਦੀ ਚਰਚਾ ਤੋਂ ਬਾਅਦ ਉਸ ਨੂੰ ਸੁਖਜਿੰਦਰ ਸ਼ੇਰਾ ਦੀ ਫ਼ਿਲਮ 'ਯਾਰ ਬੇਲੀ' ਮਿਲੀ, ਜਿਸ ਵਿਚ ਉਸਨੂੰ ਪੰਜਾਬੀ ਫ਼ਿਲਮਾਂ ਦੇ ਐਕਸ਼ਨ ਹੀਰੋ ਦੇਵ ਖਰੌੜ ਦੀ ਨਾਇਕਾ ਬਣਨ ਦਾ ਮੌਕਾ ਮਿਲਿਆ। ਤੀਸਰੀ ਫ਼ਿਲਮ 'ਮਜਨੂੰ' ਵਿਚ ਸੈਬੀ ਨੇ ਪ੍ਰੀਤ ਬਾਠ ਨਾਲ ਕੰਮ ਕੀਤਾ ਹੈ।
ਚੰਡੀਗੜ੍ਹ ਦੀ ਜੰਮਪਲ ਸੈਬੀ ਸੂਰੀ ਨੇ ਦੱਸਿਆ ਕਿ ਬਤੌਰ ਮਾਡਲ ਉਹ ਇਸ ਖੇਤਰ ਵੱਲ ਆਈ। ਉਸਨੇ ਸੁੰਦਰਤਾ ਪ੍ਰਤੀਯੋਗਤਾ ਦੇ ਅਨੇਕਾਂ ਮੁਕਾਬਲੇ ਜਿੱਤੇ ਹਨ। ਅੱਜਕਲ੍ਹ ਸੈਬੀ ਫ਼ਿਲਮ ਨਗਰੀ ਵਿਚ ਸਰਗਰਮ ਹੈ। ਆਪਣੀ ਫ਼ਿਲਮ 'ਯਾਰ ਬੇਲੀ' ਬਾਰੇ ਸੈਬੀ ਨੇ ਦੱਸਿਆ ਕਿ ਲੇਖਕ ਨਿਰਦੇਸ਼ਕ ਸੁਖਜਿੰਦਰ ਸਿੰਘ ਦੀ ਫ਼ਿਲਮ ਜੋ ਇਕ ਰੁਮਾਂਟਿਕ ਲਵ ਸਟੋਰੀ ਹੈ, ਵਿਚ ਉਸ ਨੇ ਇਕ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾਇਆ। ਫ਼ਿਲਮ ਦੌਰਾਨ ਉਸ ਨੇ ਦੇਵ ਖਰੌੜ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਸੁਖਜਿੰਦਰ ਸ਼ੇਰਾ ਵਰਗੇ ਸੀਨੀਅਰ ਕਲਾਕਾਰਾਂ ਨਾਲ ਕੰਮ ਕਰਦਿਆਂ ਬਹੁਤ ਕੁਝ ਸਿੱਖਿਆ ਹੈ।


-ਮਨਜੀਤ ਕੌਰ ਸੱਪਲ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX