ਤਾਜਾ ਖ਼ਬਰਾਂ


ਪੁਲਿਸ ਚੈਕਿੰਗ ਦੌਰਾਨ ਕਾਰ ਛੱਡ ਫ਼ਰਾਰ ਹੋਏ ਗੈਂਗਸਟਰ
. . .  1 day ago
ਜਲੰਧਰ, 23 ਫਰਵਰੀ - ਜਲੰਧਰ-ਫਗਵਾੜਾ ਮੁੱਖ ਜੀ.ਟੀ ਰੋਡ 'ਤੇ ਪਰਾਗਪੁਰ ਵਿਖੇ ਪੁਲਿਸ ਚੈਕਿੰਗ ਦੌਰਾਨ ਤਿੰਨ ਦੇ ਕਰੀਬ ਗੈਂਗਸਟਰ ਇਨੋਵਾ ਕਾਰ ਛੱਡ ਕੇ ਜਮਸ਼ੇਰ ਵੱਲ ਨੂੰ ਫ਼ਰਾਰ...
ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  1 day ago
ਫ਼ਿਰੋਜਪੁਰ 23 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਹਿੰਦ ਪਾਕਿ ਕੌਮੀ ਸਰਹੱਦ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਕੀ ਸ਼ਾਮੇ ਕੇ ਦੇ ਖੇਤਰ ਵਿਚੋਂ 136 ਬਟਾਲੀਅਨ ਬੀਐਸਐਫ...
ਰਾਮ ਵਿਲਾਸ ਪਾਸਵਾਨ ਵੱਲੋਂ ਪੰਜਾਬ ਹਰਿਆਣਾ ਦੇ ਐਫ.ਸੀ.ਆਈ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਜ਼ੀਰਕਪੁਰ, 23 ਫਰਵਰੀ, (ਹਰਦੀਪ ਹੈਪੀ ਪੰਡਵਾਲਾ) - ਕੇਂਦਰੀ ਖਪਤਕਾਰ ਮਾਮਲੇ , ਖਾਦ ਅਤੇ ਸਰਵਜਨਕ ਵਿਤਰਨ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਪਟਿਆਲਾ - ਜ਼ੀਰਕਪੁਰ ਸੜਕ...
ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  1 day ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  1 day ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  1 day ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  1 day ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  1 day ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਹੋਰ ਖ਼ਬਰਾਂ..

ਖੇਡ ਜਗਤ

ਭਾਰਤੀ ਫੁੱਟਬਾਲ ਲਈ ਬਦਲਾਓ ਦਾ ਸਮਾਂ

ਇਹ ਸਾਲ ਯਾਨੀ 2019 ਜਦੋਂ ਸ਼ੁਰੂ ਹੋਇਆ ਸੀ ਤਾਂ ਇਸ ਮੌਕੇ ਭਾਰਤੀ ਫੁੱਟਬਾਲ ਟੀਮ ਦੇ ਹਾਲਾਤ ਕਾਫ਼ੀ ਉਤਸ਼ਾਹ ਵਾਲੇ ਸਨ। ਦੇਸ਼ ਦੀਆਂ ਘਰੇਲੂ ਫੁੱਟਬਾਲ ਲੀਗਾਂ ਬੇਹੱਦ ਵਧੀਆ ਚੱਲ ਰਹੀਆਂ ਸਨ। ਰਾਸ਼ਟਰੀ ਟੀਮ ਵੀ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ ਅਤੇ ਇਸੇ ਕੌਮੀ ਟੀਮ ਨੇ ਦਰਜਾਬੰਦੀ ਅਤੇ ਖੇਡ ਪੱਖੋਂ ਵੀ ਅੰਤਰਰਾਸ਼ਟਰੀ ਪੱਧਰ ਉੱਤੇ ਕਾਫ਼ੀ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਲ ਦੇ ਸ਼ੁਰੂ ਵਿਚ ਹੀ ਇਸ ਸਾਲ ਦਾ ਸਭ ਤੋਂ ਪਹਿਲਾ ਅਤੇ ਭਾਰਤ ਦੇ ਨਜ਼ਰੀਏ ਤੋਂ ਸਭ ਤੋਂ ਵੱਡਾ ਟੂਰਨਾਮੈਂਟ ਏਸ਼ੀਆ ਕੱਪ ਹੋਇਆ ਅਤੇ ਇਸ ਤੋਂ ਬਾਅਦ ਹਾਲਾਤ ਨੇ ਇਕ ਦਮ ਮੋੜਾ ਖਾਧਾ ਹੈ। ਜਿਥੇ ਏਸ਼ੀਆ ਕੱਪ ਤੋਂ ਪਹਿਲਾਂ ਬੇਹੱਦ ਉਤਸ਼ਾਹ ਭਰਪੂਰ ਮਾਹੌਲ ਸੀ, ਉਥੇ ਹੁਣ ਭਾਰਤੀ ਫੁੱਟਬਾਲ ਫੇਰ ਇਕ ਤਰ੍ਹਾਂ ਦੇ ਬਦਲਾਓ ਵਿਚ ਪਹੁੰਚ ਗਿਆ ਹੈ ਕਿਉਂਕਿ ਏਸ਼ੀਆ ਕੱਪ ਵਿਚ ਭਾਰਤੀ ਟੀਮ ਆਪਣੇ ਕੱਦ ਦੇ ਹਿਸਾਬ ਨਾਲ ਨਹੀਂ ਖੇਡੀ ਅਤੇ ਕਈ ਛੋਟੇ ਦੇਸ਼ਾਂ ਤੋਂ ਵੀ ਪਛੜ ਗਈ। ਇਸੇ ਟੂਰਨਾਮੈਂਟ ਦੌਰਾਨ ਭਾਰਤ ਨੇ ਥਾਈਲੈਂਡ ਵਿਰੁੱਧ ਕੁੱਲ 33 ਸਾਲਾਂ ਬਾਅਦ ਜਿੱਤ ਦਰਜ ਕਰਨ ਤੋਂ ਬਾਅਦ ਉਮੀਦਾਂ ਜਗਾਈਆਂ ਸਨ ਪਰ ਭਾਰਤੀ ਟੀਮ ਇਨ੍ਹਾਂ ਆਸਾਂ ਦੇ ਜਾਗਣ ਉਪਰੰਤ ਏਸ਼ੀਅਨ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਆਪਣੀ ਜੇਤੂ ਲੈਅ ਬਰਕਰਾਰ ਨਹੀਂ ਸੀ ਰੱਖ ਸਕੀ ਅਤੇ ਉਸ ਨੂੰ ਮੇਜ਼ਬਾਨ ਯੂ.ਏ.ਈ. ਹੱਥੋਂ 2-0 ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਹੀ ਹਾਰ ਮਹਿੰਗੀ ਸਾਬਤ ਹੋਈ ਸੀ। ਭਾਰਤੀ ਸਟਾਰ ਸਟ੍ਰਾਈਕਰ ਅਤੇ ਕਪਤਾਨ ਸੁਨੀਲ ਛੇਤਰੀ, ਅਨਿਰੁਧ ਥਾਪਾ ਅਤੇ ਜੇ.ਜੇ. ਲਾਲਪੇਖਲੂਆ ਨੇ ਸ਼ਾਨਦਾਰ ਗੋਲਾਂ ਨਾਲ ਸ਼ੁਰੂਆਤ ਕੀਤੀ ਸੀ ਪਰ ਜਿਊਂ-ਜਿਊਂ ਟੂਰਨਾਮੈਂਟ ਅੱਗੇ ਵਧਿਆ ਤਾਂ ਇਹ ਸਾਰੇ ਖਿਡਾਰੀ ਆਪਣੀ ਟੀਮ ਲਈ ਅਜਿਹੇ ਗੋਲ ਮੁੜ ਨਹੀਂ ਸਨ ਕਰ ਸਕੇ।
ਇਸੇ ਦਾ ਨਤੀਜਾ ਸੀ ਕਿ ਬਹਿਰੀਨ ਹੱਥੋਂ 0-1 ਦੇ ਫ਼ਰਕ ਨਾਲ ਹਾਰਨ ਤੋਂ ਬਾਅਦ ਭਾਰਤ ਏਸ਼ੀਅਨ ਕੱਪ ਤੋਂ ਬਾਹਰ ਹੋ ਗਿਆ ਸੀ। ਇਸ ਹਾਰ ਦਾ ਫ਼ਰਕ ਅਤੇ ਹਾਲਤ ਦਾ ਫ਼ਰਕ ਬੇਹੱਦ ਫਸਵਾਂ ਅਤੇ ਨਜ਼ਦੀਕੀ ਸੀ। ਭਾਰਤ 'ਗਰੁੱਪ-ਏ' ਦੇ ਆਖਰੀ ਮੈਚ ਵਿਚ 90 ਮਿੰਟ ਤੱਕ ਗੋਲ ਰਹਿਤ ਬਰਾਬਰੀ ਤੱਕ ਸੀ ਅਤੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਨਾਕਆਊਟ ਵਿਚ ਜਗ੍ਹਾ ਬਣਾਉਣ ਦੇ ਨੇੜੇ ਸੀ ਪਰ ਬਹਿਰੀਨ ਨੇ ਅੰਤਿਮ ਮੌਕੇ ਗੋਲ ਕਰ ਕੇ ਮੈਚ ਜਿੱਤ ਲਿਆ ਸੀ। ਜੇਕਰ ਇਹ ਗੋਲ ਨਾ ਹੁੰਦਾ ਤੇ ਭਾਰਤੀ ਟੀਮ ਕਿਸੇ ਤਰ੍ਹਾਂ ਥੋੜ੍ਹਾ ਸਮਾਂ ਹੋਰ ਕੱਢ ਜਾਂਦੀ ਤਾਂ ਹਾਲਾਤ ਹੋਰ ਹੀ ਹੋਣੇ ਸਨ ਪਰ ਅਜਿਹਾ ਨਹੀਂ ਹੋਇਆ ਅਤੇ ਇਸੇ ਹਾਰ ਨੇ ਭਾਰਤੀ ਫੁੱਟਬਾਲ ਦਾ ਭਵਿੱਖ ਪ੍ਰਭਾਵਿਤ ਕਰ ਦਿੱਤਾ। ਇਸੇ ਹਾਰ ਦੇ ਨਾਲ ਹੀ ਭਾਰਤੀ ਫੁੱਟਬਾਲ ਦੇ ਮੁੱਖ ਕੋਚ ਸਟੀਫਨ ਕੋਂਸਟੇਨਟਾਈਨ ਨੇ ਕੋਚ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਟੀਫਨ ਕੋਂਸਟੇਨਟਾਈਨ ਦਾ ਭਾਰਤੀ ਫੁੱਟਬਾਲ ਦੇ ਨਾਲ ਮੁੱਖ ਕੋਚ ਅਹੁਦੇ ਦਾ ਕਰਾਰ 31 ਜਨਵਰੀ ਨੂੰ ਖ਼ਤਮ ਹੋਣਾ ਸੀ ਪਰ ਉਨ੍ਹਾਂ ਅਸਤੀਫ਼ਾ ਭਾਰਤ ਦੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੇ ਨਾਲ ਹੀ ਦੇ ਦਿੱਤਾ ਸੀ। ਕੋਂਸਟੇਨਟਾਈਨ ਨੇ ਸਾਲ 2015 ਵਿਚ ਮੁੱਖ ਕੋਚ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੇ ਕਾਰਜਕਾਲ ਨੂੰ 2 ਵਾਰ ਇਕ ਸਾਲ ਲਈ ਵਧਾਇਆ ਗਿਆ। ਇਸ ਤੋਂ ਪਹਿਲਾਂ, ਉਹ 2002 ਤੋਂ 2005 ਤੱਕ ਵੀ ਭਾਰਤ ਦੇ ਕੋਚ ਰਹੇ ਸਨ। ਉਨ੍ਹਾਂ ਦੇ ਨਾਲ ਹੀ ਕੇਰਲਾ ਬਲਾਸਟਰਸ ਅਤੇ ਭਾਰਤ ਦੇ ਡਿਫੈਂਡਰ ਅਨਸ ਇਦਾਥੋਦਿਕਾ ਨੇ ਵੀ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਤਰ੍ਹਾਂ ਭਾਰਤੀ ਫੁੱਟਬਾਲ ਲਈ ਹੁਣ ਬਦਲਾਓ ਦਾ ਸਮਾਂ ਹੈ ਅਤੇ ਇਕ ਤਰ੍ਹਾਂ ਨਾਲ ਹੁਣ ਨਵੇਂ ਕੋਚ ਅਤੇ ਨਵੇਂ ਖਿਡਾਰੀਆਂ ਦਰਮਿਆਨ ਮੌਜੂਦਾ ਚੰਗੇ ਪਹਿਲੂ ਬਰਕਰਾਰ ਰੱਖਦੇ ਹੋਏ ਇਕ ਨਵੀਂ ਸ਼ੁਰੂਆਤ ਦਾ ਮਾਹੌਲ ਵੀ ਬਣ ਰਿਹਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ 144023.
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਨਿਊਜ਼ੀਲੈਂਡ 'ਤੇ ਵੱਡੀ ਜਿੱਤ ਨਾਲ ਭਾਰਤ ਨੇ ਪੇਸ਼ ਕੀਤੀ ਵਿਸ਼ਵ ਕੱਪ ਲਈ ਮਜ਼ਬੂਤ ਦਾਅਵੇਦਾਰੀ

ਆਸਟ੍ਰੇਲੀਆ ਵਿਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਨਿਊਜ਼ੀਲੈਂਡ ਪਹੁੰਚੀ ਭਾਰਤੀ ਕ੍ਰਿਕਟ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਭਾਰਤ ਨੇ ਇਕ ਦਿਨਾ ਮੈਚਾਂ ਦੀ ਲੜੀ 'ਚ ਨਿਊਜ਼ੀਲੈਂਡ ਨੂੰ 4-1 ਨਾਲ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤ ਦੀ ਇਹ ਜਿੱਤ 1967 ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕ੍ਰਿਕਟ ਭਾਵ ਟੈਸਟ, ਇਕ ਦਿਨਾ ਜਾਂ ਟੀ-20 ਵਿਚ ਸਭ ਤੋਂ ਵੱਡੇ ਫਰਕ ਨਾਲ ਦਰਜ਼ ਕੀਤੀ ਜਿੱਤ ਹੈ। ਧੋਨੀ, ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਜਿਹੇ ਤਜਰਬੇਕਾਰ ਖਿਡਾਰੀਆਂ ਅਤੇ ਨੌਜਵਾਨ ਖਿਡਾਰੀਆਂ ਦੇ ਜੋਸ਼ ਨਾਲ ਭਰਪੂਰ ਭਾਰਤੀ ਟੀਮ ਨੇ ਹਰ ਖੇਤਰ ਵਿਚ ਭਾਵ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਵਿਚ ਨਿਊਜ਼ੀਲੈਂਡ ਨੂੰ ਪਛਾੜਿਆ। ਆਪਣੇ ਘਰੇਲੂ ਮੈਦਾਨ 'ਤੇ ਖੇਡ ਰਹੀ ਨਿਊਜ਼ੀਲੈਂਡ ਦੀ ਟੀਮ ਨੂੰ ਏਨੇ ਵੱਡੇ ਫ਼ਰਕ ਨਾਲ ਚੌਥੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਦੋ ਵਾਰ ਆਸਟ੍ਰੇਲੀਆ ਅਤੇ ਇਕ ਵਾਰ ਸ੍ਰੀਲੰਕਾ ਦੀ ਟੀਮ ਉਸ ਨੂੰ ਘਰੇਲੂ ਮੈਦਾਨ 'ਤੇ 4-1 ਦੇ ਫ਼ਰਕ ਨਾਲ ਹਰਾ ਚੁੱਕੀਆਂ ਹਨ।
ਲੜੀ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਨੇ ਆਪਣਾ ਦਬਦਬਾ ਕਾਇਮ ਰੱਖਿਆ। ਪਹਿਲੇ ਤਿੰਨ ਮੈਚਾਂ ਵਿਚ ਜਿੱਤ ਹਾਸਲ ਕਰਕੇ ਭਾਰਤ ਨੇ ਅਜੇਤੂ ਬੜ੍ਹਤ ਬਣਾ ਲਈ ਸੀ। ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਭਾਰਤ ਪਹਿਲੀ ਵਾਰ ਨਿਊਜ਼ੀਲੈਂਡ ਨੂੰ ਉਸ ਦੇ ਘਰੇਲੂ ਮੈਦਾਨ ਵਿਚ ਇਕ ਵੀ ਜਿੱਤ ਪ੍ਰਾਪਤ ਨਹੀਂ ਹੋਣ ਦੇਵੇਗਾ। ਪਹਿਲੇ ਤਿੰਨ ਮੈਚਾਂ ਵਿਚ ਸ਼ਾਨਦਾਰ 148 ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਨੂੰ ਤਰਜੀਹ ਦਿੱਤੀ। ਚੌਥੇ ਇਕ ਦਿਨਾ ਮੈਚ ਤੋਂ ਪਹਿਲਾਂ ਸੱਟ ਲੱਗਣ ਕਾਰਨ ਮਹਿੰਦਰ ਸਿੰਘ ਧੋਨੀ ਨੂੰ ਵੀ ਬਾਹਰ ਬੈਠਣਾ ਪਿਆ। ਜਿਸ ਦਾ ਖਮਿਆਜ਼ਾ ਭਾਰਤੀ ਟੀਮ ਨੂੰ ਭੁਗਤਣਾ ਪਿਆ। ਬੱਲੇਬਾਜ਼ਾਂ ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨ ਭਾਰਤੀ ਟੀਮ ਸਿਰਫ਼ 92 ਦੌੜਾਂ 'ਤੇ ਹੀ ਸਿਮਟ ਗਈ ਅਤੇ ਨਿਊਜ਼ੀਲੈਂਡ ਨੇ ਇਹ ਮੈਚ ਆਸਾਨੀ ਨਾਲ ਜਿੱਤ ਲਿਆ। ਦੱਸਣਯੋਗ ਹੈ ਕਿ ਬਾਕੀ ਬਚੀਆਂ ਗੇਂਦਾਂ ਦੇ ਹਿਸਾਬ ਨਾਲ ਭਾਰਤ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਹਾਰ ਸੀ। ਇਸ ਹਾਰ ਨਾਲ ਭਾਰਤੀ ਟੀਮ ਦੀ ਵਿਰਾਟ ਕੋਹਲੀ ਤੇ ਧੋਨੀ 'ਤੇ ਵੱਡੀ ਹੱਦ ਤੱਕ ਨਿਰਭਰਤਾ ਵੀ ਸਾਹਮਣੇ ਆਈ ਜੋ ਕਿ ਵਧੇਰੇ ਚਿੰਤਾ ਦਾ ਵਿਸ਼ਾ ਹੈ। ਆਖ਼ਰੀ ਇਕ ਦਿਨਾ ਮੈਚ 'ਚ ਅੰਬਾਤੀ ਰਾਇਡੂ ਦੀਆਂ ਸ਼ਾਨਦਾਰ 90 ਦੌੜਾਂ ਦੇ ਦਮ 'ਤੇ ਭਾਰਤੀ ਟੀਮ 252 ਤੱਕ ਪਹੁੰਚ ਸਕੀ ਪਰ ਗੇਂਦਬਾਜ਼ਾਂ ਦੇ ਉਮਦਾ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਨੇ 35 ਦੌੜਾਂ ਨਾਲ ਜਿੱਤ ਹਾਸਲ ਕੀਤੀ। ਇਸ ਲੜੀ ਵਿਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 20 ਵਿਕਟਾਂ ਹਾਸਲ ਕੀਤੀਆਂ। ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਵੀ 4 ਮੈਚਾਂ ਵਿਚ 9 ਵਿਕਟਾਂ ਹਾਸਲ ਕਰਦਿਆਂ ਗੇਂਦਬਾਜ਼ੀ ਦੇ ਹਮਲਾਵਰ ਰੁਖ ਨੂੰ ਬਣਾਈ ਰੱਖਿਆ। ਭਾਰਤੀ ਬੱਲੇਬਾਜ਼ ਅੰਬਾਤੀ ਰਾਇਡੂ ਨੇ ਸਭ ਤੋਂ ਵੱਧ 190 ਦੌੜਾਂ ਬਣਾਈਆਂ ਅਤੇ ਸ਼ਿਖਰ ਧਵਨ ਨੇ 188 ਦੌੜਾਂ ਬਣਾਉਂਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ। ਕੁਝ ਸਮਾਂ ਪਹਿਲਾਂ ਵਿਵਾਦਾਂ 'ਚ ਰਹੇ ਹਾਰਦਿਕ ਪਾਂਡਿਆ ਦਾ ਪ੍ਰਦਰਸ਼ਨ ਵੀ ਚੰਗਾ ਰਿਹਾ। ਪੰਜਵੇਂ ਇਕ ਦਿਨਾ 6 ਮੈਚਾਂ ਵਿਚ ਉਸ ਨੇ ਛੱਕਿਆਂ ਦੀ ਹੈਟ੍ਰਿਕ ਲਗਾਈ, ਅਜਿਹਾ ਕਾਰਨਾਮਾ ਉਸ ਨੇ ਚੌਥੀ ਵਾਰ ਕੀਤਾ। ਇਸ ਤੋਂ ਪਹਿਲਾਂ ਪਾਂਡਿਆ ਦੋ ਵਾਰ ਪਾਕਿਸਤਾਨ ਵਿਰੁੱਧ ਅਤੇ ਇਕ ਵਾਰ ਆਸਟ੍ਰੇਲੀਆ ਵਿਰੁੱਧ ਛੱਕਿਆਂ ਦੀ ਹੈਟ੍ਰਿਕ ਲਗਾ ਚੁੱਕਿਆ ਹੈ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਭਾਰਤੀ ਟੀਮ ਦਾ ਪ੍ਰਦਰਸ਼ਨ ਹਰ ਖੇਤਰ ਵਿਚ ਨਿਊਜ਼ੀਲੈਂਡ ਦੀ ਟੀਮ 'ਤੇ ਭਾਰੂ ਰਿਹਾ। ਇਸ ਲੜੀ ਦੌਰਾਨ ਨਿਊਜ਼ੀਲੈਂਡ ਦੀ ਪੁਲਿਸ ਵਲੋਂ ਕੀਤੀ ਗਈ ਟਿੱਪਣੀ ਵੀ ਸੁਰਖੀਆਂ ਬਟੋਰਨ 'ਚ ਕਾਮਯਾਬ ਰਹੀ।
ਨਿਊਜ਼ੀਲੈਂਡ 'ਚ ਇਕ ਦਿਨਾ ਮੈਚਾਂ ਤੋਂ ਬਾਅਦ ਸ਼ੁਰੂ ਹੋਈ ਟੀ-20 ਲੜੀ ਦੇ ਪਹਿਲੇ ਮੁਕਾਬਲੇ ਵਿਚ ਭਾਰਤ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਦੌੜਾਂ ਦੇ ਫ਼ਰਕ ਦੇ ਆਧਾਰ 'ਤੇ ਇਹ ਭਾਰਤ ਦੀ ਸਭ ਤੋਂ ਵੱਡੀ ਹਾਰ ਸੀ। ਦੂਜੇ ਮੁਕਾਬਲੇ ਵਿਚ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਲੜੀ ਨੂੰ ਬਰਾਬਰੀ 'ਤੇ ਲੈ ਆਂਦਾ। ਤੀਜੇ ਟੀ-20 ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 4 ਦੌੜਾਂ ਦੇ ਫ਼ਰਕ ਨਾਲ ਹਰਾ ਕੇ ਲੜੀ 'ਤੇ 2-1 ਨਾਲ ਕਬਜ਼ਾ ਕਰ ਲਿਆ।


-ਪਿੰਡ ਭੀਖੀ ਖੱਟੜਾ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 96532-96535

ਹਾਕੀ ਉਲੰਪੀਅਨ ਊਧਮ ਸਿੰਘ ਨੂੰ ਯਾਦ ਕਰਦਿਆਂ

ਸੰਸਾਰਪੁਰੀਏ ਹਾਕੀ ਖਿਡਾਰੀਆਂ ਨੇ ਪੂਰੀ ਦੁਨੀਆ 'ਚ ਹਾਕੀ ਹੁਨਰ ਦਾ ਲੋਹਾ ਮੰਨਵਾਇਆ ਹੈ। ਜਲੰਧਰ ਛਾਉਣੀ ਦੀ ਨਿਆਈਂ 'ਚ ਵਸਦੇ ਇਸੇ ਪਿੰਡ ਦਾ ਹੀ ਜੰਮਪਲ ਹੈ ਊਧਮ ਸਿੰਘ। ਭਾਰਤ ਨੇ ਆਪਣੀ ਰਵਾਇਤੀ ਹਾਕੀ ਖੇਡ ਪ੍ਰਣਾਲੀ ਰਾਹੀਂ ਹੁਣ ਤੱਕ 8 ਵਾਰੀ ਉਲੰਪਿਕ ਸੋਨ ਤਗਮੇ ਜਿੱਤੇ ਹਨ, ਜੋ ਅਸਲ ਵਿਚ ਉਲੰਪਿਕ ਹਾਕੀ ਜਗਤ ਦੀ ਹੁਣ ਤੱਕ ਦੀ ਮਹਾਨ ਅਤੇ ਗੌਰਵਮਈ ਪ੍ਰਾਪਤੀ ਹੈ। ਜੇ ਗੌਰ ਨਾਲ ਵਿਚਾਰਿਆ ਜਾਵੇ ਤਾਂ ਇਨ੍ਹਾਂ ਅੱਠ ਉਲੰਪਿਕ ਜਿੱਤਾਂ ਪਿੱਛੇ ਜਿਨ੍ਹਾਂ ਉੱਘੇ ਖਿਡਾਰੀਆਂ ਨੇ ਆਪਣਾ ਤਨ, ਮਨ ਅਤੇ ਧਨ ਨਿਛਾਵਰ ਕੀਤਾ, ਉਨ੍ਹਾਂ ਵਿਚੋਂ ਊਧਮ ਸਿੰਘ ਦਾ ਨਾਂਅ ਪਹਿਲੀ ਕਤਾਰ ਵਿਚ ਆਉਂਦਾ ਹੈ।
ਕੁਲਾਰ ਪਰਿਵਾਰ 'ਚ 4 ਅਗਸਤ, 1928 ਨੂੰ ਸੰਸਾਰਪੁਰ 'ਚ ਜਨਮ ਲੈਣ ਵਾਲਾ ਊਧਮ ਸਿੰਘ ਹਾਕੀ ਦੇ ਲੜ ਉਦੋਂ ਹੀ ਲੱਗ ਗਿਆ, ਜਦੋਂ ਉਹ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਸੀ। ਥੋੜ੍ਹਾ ਵੱਡਾ ਹੋਣ 'ਤੇ ਉਹ ਜਲੰਧਰ ਛਾਉਣੀ ਦੇ ਐਨ.ਡੀ. ਵਿਕਟਰ ਹਾਈ ਸਕੂਲ 'ਚ ਹਾਕੀ ਖੇਡਣ ਲੱਗਾ। ਮੁਢਲੀ ਪੜ੍ਹਾਈ ਮਗਰੋਂ ਡੀ.ਏ.ਵੀ. ਕਾਲਜ ਜਲੰਧਰ ਤੋਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੌਰਾਨ ਹੀ 19 ਸਾਲ ਦੀ ਉਮਰ 'ਚ ਉਹ ਪੰਜਾਬ ਹਾਕੀ ਟੀਮ ਦੇ ਮੈਂਬਰ ਬਣ ਗਏ। 1947 ਤੋਂ ਲੈ ਕੇ 1966 ਤੱਕ ਊਧਮ ਸਿੰਘ ਨੇ ਕੌਮੀ ਹਾਕੀ ਪ੍ਰਤੀਯੋਗਤਾ 'ਚ ਪੰਜਾਬ ਦੀ ਨੁਮਾਇੰਦਗੀ ਕੀਤੀ। 1948 ਦੇ ਹਾਕੀ ਉਲੰਪਿਕ ਮੁਕਾਬਲਿਆਂ ਲਈ ਉਸ ਨੂੰ ਭਾਰਤੀ ਟੀਮ ਦੇ ਸਿਖਲਾਈ ਕੈਂਪ 'ਚ ਸ਼ਾਮਿਲ ਕਰ ਲਿਆ ਗਿਆ ਪਰ ਸੱਟ ਲੱਗਣ ਕਾਰਨ ਊਧਮ ਸਿੰਘ ਲੰਦਨ ਵਿਖੇ 1948 ਦੀਆਂ ਉਲੰਪਿਕ ਖੇਡਾਂ ਵਿਚ ਭਾਗ ਨਾ ਲੈ ਸਕਿਆ। 1949 ਵਿਚ ਉਹ ਭਾਰਤੀ ਟੀਮ ਨਾਲ ਅਫ਼ਗਾਨਿਸਤਾਨ ਖੇਡਣ ਗਿਆ। 1952 'ਚ ਹੈਲਸਿੰਕੀ (ਫਿਨਲੈਂਡ) ਅਤੇ 1956 'ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਉਲੰਪਿਕ ਹਾਕੀ ਖੇਡਿਆ। ਮੈਲਬੌਰਨ ਵਿਖੇ ਸੈਮੀਫਾਈਨਲ ਭਾਰਤ ਅਤੇ ਜਰਮਨੀ ਵਿਚਕਾਰ ਖੇਡਿਆ ਗਿਆ। ਭਾਰਤ ਦੀ 1-0 ਦੀ ਜਿੱਤ 'ਚ, ਜਿੱਤ ਦਾ ਸ਼ਿਲਪਕਾਰ ਊਧਮ ਸਿੰਘ ਬਣਿਆ।
ਮੈਲਬੌਰਨ ਦੀ ਧਰਤੀ ਤੋਂ ਸ਼ੁਰੂ ਹੋਇਆ ਇਸ ਊਧਮ ਸਿੰਘ ਦਾ ਅਸਲੀ ਉੱਦਮ, ਤੇ ਲੈ ਗਿਆ ਉਸ ਨੂੰ ਹਾਕੀ ਆਸਮਾਨ ਦੀਆਂ ਬੁਲੰਦੀਆਂ 'ਤੇ। 1955 'ਚ ਇਸ ਸੰਸਾਰਪੁਰੀਏ ਹਾਕੀ ਖਿਡਾਰੀ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਯਾਦ ਰਹੇ 'ਇਨਸਾਈਡ ਫਾਰਵਰਡ' ਵਜੋਂ ਖੇਡਣ ਵਾਲੇ ਊਧਮ ਸਿੰਘ 1948 ਤੋਂ 1965 ਤੱਕ ਪੱਕੇ ਤੌਰ 'ਤੇ ਟੀਮ 'ਚ ਰਹੇ। ਕੌਮੀ ਹਾਕੀ ਚੈਂਪੀਅਨਸ਼ਿਪ, ਆਗਾ ਖਾਂ ਹਾਕੀ ਕੱਪ, ਉਬੇਦਉੱਲਾ ਹਾਕੀ ਗੋਲਡ ਕੱਪ ਤੋਂ ਇਲਾਵਾ 1952, 1956, 1960 ਅਤੇ 1964 ਦੀਆਂ ਉਲੰਪਿਕ ਖੇਡਾਂ ਸਮੇਂ ਵੀ ਊਧਮ ਸਿੰਘ ਟੀਮ ਦਾ ਮੈਂਬਰ ਸੀ। 1960 ਨੂੰ ਛੱਡ ਕੇ 3 ਵਾਰ ਸੋਨ ਤਗਮਾ ਜੇਤੂ ਟੀਮ 'ਚ ਊਧਮ ਸਿੰਘ ਸ਼ਾਮਿਲ ਰਿਹਾ। 1964 'ਚ ਊਧਮ ਸਿੰਘ ਟੋਕੀਓ (ਜਾਪਾਨ) ਵਿਖੇ ਚੌਥਾ ਉਲੰਪਿਕ ਟੂਰਨਾਮੈਂਟ ਖੇਡਣ ਗਿਆ, ਜਿਥੇ ਭਾਰਤ ਨੇ ਫਾਈਨਲ 'ਚ ਮੁੜ ਪਾਕਿਸਤਾਨ ਨੂੰ ਹਰਾਇਆ ਅਤੇ ਸੋਨ ਤਗਮਾ ਜਿੱਤਿਆ। 1966 'ਚ ਊਧਮ ਸਿੰਘ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਬੀ.ਐਸ.ਐਫ. 'ਚ ਸ਼ੁਰੂ ਕੀਤੀ। ਬੀ. ਐਸ. ਐਫ. 'ਚ ਉਹ ਸੰਯੁਕਤ ਖੇਡ ਡਾਇਰੈਕਟਰ ਦੇ ਅਹੁਦੇ 'ਤੇ ਰਿਹਾ। 1967 'ਚ ਊਧਮ ਸਿੰਘ ਲੰਦਨ ਦੇ ਪ੍ਰੀ-ਉਲੰਪਿਕ ਟੂਰਨਾਮੈਂਟ ਵੇਲੇ ਭਾਰਤੀ ਹਾਕੀ ਟੀਮ ਦਾ ਕੋਚ ਸੀ। 1970 ਦੀਆਂ ਬੈਂਕਾਕ ਏਸ਼ੀਆਈ ਖੇਡਾਂ ਸਮੇਂ ਭਾਰਤੀ ਟੀਮ ਦਾ ਕੋਚ ਊਧਮ ਸਿੰਘ ਦਾ ਸੀ। 1978 ਤੱਕ ਊਧਮ ਸਿੰਘ ਬੀ.ਐਸ.ਐਫ. ਦੀ ਹਾਕੀ ਟੀਮ 'ਚ ਖੇਡਦਾ ਰਿਹਾ।
ਅਰਜਨ ਐਵਾਰਡੀ ਤੇ ਸੰਸਾਰਪੁਰ ਦਾ ਬਾਬਾ ਬੋਹੜ ਊਧਮ ਸਿੰਘ ਛੋਟੇ ਕੱਦ ਦਾ ਵੱਡਾ ਖਿਡਾਰੀ ਸੀ। ਬਿਨਾਂ ਨਾਗਾ ਦੌੜਨਾ, ਖੇਡਣਾ ਅਤੇ ਕਸਰਤ ਕਰਨੀ ਉਸ ਦਾ ਨਿੱਤ ਦਾ ਕਸਬ ਸੀ। ਹਾਕੀ ਦਾ ਇਹ ਦੁਨੀਆ ਦਾ ਬਿਹਤਰੀਨ ਫਾਰਵਰਡ ਖਿਡਾਰੀ 35-40 ਸਾਲ ਦੇ ਖੇਡ ਜੀਵਨ ਵਿਚ ਹਜ਼ਾਰਾਂ ਮੀਲ ਦੌੜਿਆ। ਸਵੇਰੇ-ਸ਼ਾਮ ਦੀਆਂ ਸਰੀਰ ਗਰਮਾਉਣ ਤੇ ਦਮ ਪਕਾਉਣ ਲਈ ਦੌੜਾਂ ਵੱਖਰੀਆਂ। ਉਹ ਸੰਸਾਰਪੁਰ ਤੋਂ ਜਲੰਧਰ ਛਾਉਣੀ ਤੱਕ ਅਕਸਰ ਦੌੜਦੇ ਹੁੰਦੇ ਸਨ। ਛਾਉਣੀ ਦੇ ਫੌਜੀਆਂ ਨੇ ਉਨ੍ਹਾਂ ਦਾ ਨਾਂਅ 'ਫਲਾਇੰਗ ਜਨਤਾ' ਰੱਖਿਆ ਹੋਇਆ ਸੀ।
ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਸੰਸਾਰਪੁਰ ਰਹਿਣ ਲੱਗ ਪਏ ਤੇ ਉਥੇ ਹਾਕੀ ਅਕੈਡਮੀ ਬਣਾ ਕੇ ਛੋਟੇ-ਛੋਟੇ ਬੱਚਿਆਂ ਨੂੰ ਹਾਕੀ ਖੇਡਣੀ ਸਿਖਾਇਆ ਕਰਦੇ ਸਨ। 23 ਮਾਰਚ, 2000 ਨੂੰ 72 ਸਾਲਾਂ ਦੀ ਉਮਰ ਭੋਗ ਕੇ ਹਾਕੀ ਦਾ ਇਹ ਮਹਾਨ ਖਿਡਾਰੀ ਦਿਲ ਫੇਲ੍ਹ ਹੋਣ ਕਾਰਨ ਇਸ ਸੰਸਾਰ ਤੋਂ ਚੱਲ ਵਸਿਆ। ਊਧਮ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੰਸਾਰਪੁਰ ਵਿਖੇ ਕੀਤਾ ਗਿਆ।
ਇਸ ਮਹਾਨ ਹਾਕੀ ਖਿਡਾਰੀ ਦੀ ਘਾਟ ਸਾਨੂੰ ਅੱਜ ਵੀ ਮਹਿਸੂਸ ਹੋ ਰਹੀ ਹੈ। ਊਧਮ ਸਿੰਘ ਨੂੰ ਹਾਕੀ ਖੇਡ ਨਾਲ ਆਖਰਾਂ ਦੀ ਮੁਹੱਬਤ ਸੀ। ਉਮਰ ਦੇ 60 ਵਰ੍ਹੇ ਉਹ ਭਾਰਤ ਦੀ ਇਸ ਕੌਮੀ ਖੇਡ ਨੂੰ ਸਮਰਪਿਤ ਰਹੇ। ਕਿਸੇ ਵੀ ਦੇਸ਼ ਦੇ ਖਿਡਾਰੀ ਦੀ ਤੁਲਨਾ ਉਨ੍ਹਾਂ ਦੇ ਤੁੱਲ ਨਹੀਂ। ਇਕ ਲੰਮਾ ਸਮਾਂ ਹਾਕੀ ਖੇਡਣ ਦਾ ਉਨ੍ਹਾਂ ਦਾ ਵਿਸ਼ਵ ਰਿਕਾਰਡ ਫਖ਼ਰ ਕਰਨ ਦੇ ਯੋਗ ਹੈ। ਉਨ੍ਹਾਂ ਨੇ ਆਪਣੇ ਹਾਣੀਆਂ ਨਾਲ ਤਾਂ ਖੇਡਣਾ ਸੀ, ਉਨ੍ਹਾਂ ਦੇ ਪੁੱਤਰਾਂ ਨਾਲ ਵੀ ਖੇਡਿਆ ਤੇ ਪਿੱਛੋਂ ਪੋਤਿਆਂ ਨੂੰ ਵੀ ਡਾਜ ਦਿੰਦਾ ਰਿਹਾ। ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ ਊਧਮ ਸਿੰਘ, ਗੁਰਦੇਵ ਸਿੰਘ, ਅਜੀਤਪਾਲ ਸਿੰਘ ਅਤੇ ਉਲੰਪਿਕਸ ਖੇਡਣ ਵਾਲੇ ਦਰਸ਼ਨ ਸਿੰਘ, ਜਗਜੀਤ ਸਿੰਘ, ਤਰਸੇਮ ਸਿੰਘ, ਬਲਬੀਰ ਸਿੰਘ ਪੁਲਿਸ ਤੇ ਬਲਬੀਰ ਸਿੰਘ ਫੌਜੀ ਸਭ ਸੰਸਾਰਪੁਰ ਦੇ ਜੰਮਪਲ ਹਨ। ਸ: ਊਧਮ ਸਿੰਘ ਨੂੰ ਸਾਰੇ ਖਿਡਾਰੀ ਪਿਆਰ ਨਾਲ 'ਸਰਦਾਰ ਜੀ' ਕਹਿ ਕੇ ਬੁਲਾਉਂਦੇ ਸਨ। ਉਹ ਉੱਚ ਕੋਟੀ ਦੇ ਖਿਡਾਰੀ ਸਨ। ਅੱਜਕਲ੍ਹ ਉਨ੍ਹਾਂ ਵਰਗੇ ਖਿਡਾਰੀ ਮਿਲਣੇ ਮੁਸ਼ਕਿਲ ਹਨ।
ਅੱਜ ਠੀਕ ਕਈ ਸਾਲ ਬੀਤ ਜਾਣ ਦੇ ਬਾਵਜੂਦ ਯਕੀਨ ਨਹੀਂ ਆਉਂਦਾ ਹੈ ਕਿ ਉਹ ਸਾਡੇ ਵਿਚ ਨਹੀਂ ਹਨ। ਉਨ੍ਹਾਂ ਦੀ ਹੋਂਦ ਅਜੇ ਵੀ ਮਹਿਸੂਸ ਹੋ ਰਹੀ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਅੱਜ ਵੀ ਬੱਚਿਆਂ ਨੂੰ ਕੋਚਿੰਗ ਦੇ ਰਹੇ ਹਨ, ਉਨ੍ਹਾਂ ਨਾਲ ਖੇਡ ਰਹੇ ਹਨ, ਗਰਾਊਂਡ ਵਿਚੋਂ ਪੱਥਰ, ਕਾਗਜ਼ ਚੁੱਕ ਰਹੇ ਹਨ, ਹੱਥ 'ਚ ਕਹੀ ਲੈ ਕੇ ਬੱਚਿਆਂ ਤੋਂ ਗਰਾਊਂਡ ਸਾਫ਼ ਕਰਾ ਰਹੇ ਹੋਣ, ਕਿਤੇ ਟਰੈਕਟਰ ਨਾਲ ਗਰਾਊਂਡ 'ਚ ਸੁਹਾਗਾ ਫੇਰ ਰਹੇ ਹੋਣ। ਉਨ੍ਹਾਂ 'ਚ ਨਿਸ਼ਕਾਮ ਸੇਵਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਕੰਮ ਕਰਨਾ ਉਹ ਆਪਣਾ ਧਰਮ ਸਮਝਦੇ ਸਨ। ਅਜਿਹੇ ਹੀਰੇ ਖਿਡਾਰੀਆਂ ਦੀਆਂ ਯਾਦਗਾਰਾਂ ਬਣਨੀਆਂ ਚਾਹੀਦੀਆਂ ਹਨ, ਜਿਨ੍ਹਾਂ ਤੋਂ ਨਵੀਆਂ ਪੀੜ੍ਹੀਆਂ ਪ੍ਰੇਰਨਾ ਲੈਣ ਤੇ ਹੋਰ ਊਧਮ ਸਿੰਘ ਪੈਦਾ ਹੁੰਦੇ ਰਹਿਣ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਸਾਲ 2018 ਦੀਆਂ ਕਬੱਡੀ ਜਗਤ ਨੂੰ ਲੱਗੀਆਂ ਸੱਟਾਂ, ਜੋ ਸਾਰੀ ਉਮਰ ਰੜਕਣਗੀਆਂ

ਮਰਨਾ-ਜਿਊਣਾ ਸੱਚ ਹੈ। ਧਰਤੀ 'ਤੇ ਜਿਹੜਾ ਵੀ ਜੀਵ ਪ੍ਰਾਣੀ ਆਇਆ, ਉਸ ਨੇ ਇਕ ਨਾ ਇਕ ਦਿਨ ਜ਼ਰੂਰ ਚਲੇ ਜਾਣਾ। ਇਹ ਮਨੁੱਖੀ ਜੀਵਨ ਦੀ ਅਟੱਲ ਸਚਾਈ ਹੈ ਪਰ ਕਈ ਵਾਰ ਅਜਿਹੇ ਇਨਸਾਨ, ਵਿਅਕਤੀ ਦੁਨੀਆ ਤੋਂ ਰੁਖ਼ਸਤ ਹੋ ਜਾਂਦੇ ਹਨ ਜੋ ਆਪਣੇ ਥੋੜ੍ਹੇ ਜਿਹੇ ਜੀਵਨ ਕਾਲ 'ਚ ਚੰਗਾ ਨਾਮਣਾ ਖੱਟ ਕੇ ਲੋਕ-ਦਿਲਾਂ 'ਚ ਵਸ ਜਾਂਦੇ ਹਨ। ਅਜਿਹੇ ਵਿਅਕਤੀਆਂ ਦਾ ਤੁਰ ਜਾਣਾ ਅਕਹਿ ਤੇ ਅਸਹਿ ਪੀੜਾ ਦਿੰਦਾ ਹੈ। ਕਬੱਡੀ ਜਗਤ ਨੂੰ ਸਾਲ 2018 ਵਰ੍ਹੇ ਵਿਚ ਦਿਲਾਂ ਨੂੰ ਗਹਿਰੇ ਦਰਦ ਦੇਣ ਵਾਲੀਆਂ ਅਜਿਹੀਆਂ ਕੁਝ ਸੱਟਾਂ ਲੱਗੀਆਂ ਹਨ ਜੋ ਕਬੱਡੀ ਪ੍ਰੇਮੀਆਂ ਨੂੰ ਹਰ ਖੇਡ ਮੇਲਿਆਂ 'ਤੇ ਰਕੜਦੀਆਂ ਰਹਿਣਗੀਆਂ। ਅਣਕਿਆਸੀਆਂ ਮੌਤਾਂ ਕਾਰਨ ਖੇਡ ਮੈਦਾਨ ਸੱਖਣੇ ਕਰ ਗਏ ਪੰਜਾਬੀ ਮਾਵਾਂ ਦੇ ਬਲੀ ਪੁੱਤਰਾਂ ਵਿਚ ਫੱਕਰਝੰਡੇ ਵਾਲੇ ਕਰਮਜੀਤ ਸਿੰਘ ਸਰਪੰਚ ਨੂੰ ਕੌਣ ਨਹੀਂ ਜਾਣਦਾ, ਜਿਸ ਨੇ ਆਪਣੀ ਸ਼ਾਨਦਾਰ ਖੇਡ ਜ਼ਰੀਏ ਇਕੱਲੇ ਪੰਜਾਬ 'ਚ ਹੀ ਨਹੀਂ ਬਲਕਿ ਦੇਸ਼ਾਂ-ਵਿਦੇਸ਼ਾਂ ਵਿਚ ਵੀ ਜਿੱਤ ਦੇ ਝੰਡੇ ਗੱਡੇ। ਕਦੇ ਕਰਮਾ ਐਬਸਫੋਰਡ ਕਬੱਡੀ ਕਲੱਬ ਘੱਲ ਕਲਾਂ ਵਲੋਂ ਖੇਡਿਆ ਅਤੇ ਕਦੇ ਹਰਜੀਤ ਕਲੱਬ ਬਾਜਾਖਾਨਾ ਵਲੋਂ। ਕਰਮੇ ਦੀ ਅਗਵਾਈ ਵਿਚ ਫੱਕਰਝੰਡੇ ਪਿੰਡ ਦੀ ਟੀਮ ਦੀ ਕਬੱਡੀ ਮੇਲਿਆਂ 'ਚ ਤੂਤੀ ਬੋਲਦੀ ਰਹੀ। ਕਰਮਾ ਗੋਡੇ ਦੀਆਂ ਸੱਟਾਂ ਕਾਰਨ ਕਬੱਡੀ ਤੋਂ ਲਾਂਭੇ ਹੋ ਕੇ ਸਹਾਇਕ ਧੰਦੇ ਵਜੋਂ ਡੇਅਰੀ ਚਲਾਉਣ ਲੱਗਾ ਸੀ। 9 ਮਾਰਚ 2018 ਦੀ ਸਵੇਰੇ ਦਿਲ ਦੇ ਦੌਰੇ ਕਾਰਨ ਉਹ ਸਦਾ ਲਈ ਦੁਨੀਆ ਨੂੰ ਅਲਵਿਦਾ ਆਖ ਗਿਆ। ਹਰਜੀਤ ਤਲਵਾਰ ਕਲੱਬ ਜਗਰਾਓਂ ਦਾ ਧਾਵੀ ਸੁਖਵਿੰਦਰ ਸਿੰਘ ਉਰਫ਼ ਘੱਕਨਾ ਬੱਡੂਵਾਲ (ਮੋਗਾ) ਚੜ੍ਹਦੀ ਵਰੇਸ ਦਾ ਖਿਡਾਰੀ ਸੀ। ਉਹ ਤਕੜੇ-ਤਕੜੇ ਜਾਫ਼ੀਆਂ 'ਤੇ ਕਬੱਡੀਆਂ ਪਾਉਣ ਦਾ ਜਿਗਰਾ ਰੱਖਦਾ ਸੀ, ਪਰ ਕੁਲਹੈਣੀ ਮੌਤ 16 ਜੂਨ 2018 ਵਾਲੇ ਦਿਨ ਉਸ ਨੂੰ ਸਦਾ ਲਈ ਡੱਕ ਬੈਠੀ ਤੇ ਉਹ ਸਦਾ ਲਈ ਆਪਣਿਆਂ ਤੋਂ ਦੂਰ ਹੋ ਗਿਆ। ਘੱਕਨੇ ਨੇ ਕੁਝ ਦਿਨਾਂ ਬਾਅਦ ਆਪਣਾ 30ਵਾਂ ਜਨਮ ਦਿਨ ਮਨਾਉਣਾ ਸੀ, ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਭਾਰੀ ਜਿਹੇ ਸਰੀਰ ਵਾਲਾ ਜਸਵਿੰਦਰ ਸਿੰਘ ਉਰਫ਼ ਜੱਸ ਗਗੜੇ ਵਾਲਾ ਛੇਤੀ ਕਿਤੇ ਕਹਿੰਦੇ-ਕਹਾਉਂਦੇ ਜਾਫ਼ੀਆਂ ਤੋਂ ਲੋਟ ਨਹੀਂ ਸੀ ਆਉਂਦਾ ਪਰ 15 ਜੁਲਾਈ ਨੂੰ ਚੰਦਰੀ ਮੌਤ ਨੇ ਜੱਸ ਨੂੰ ਅਜਿਹਾ ਜੱਫ਼ਾ ਮਾਰਿਆ ਕਿ ਉਹ ਸਦਾ ਲਈ ਦੁਨੀਆ ਤੋਂ ਰੁਖ਼ਸਤ ਹੋ ਗਿਆ। ਜੱਸ ਗਗੜੇ ਨੇ ਲੰਬਾ ਸਮਾਂ ਅੰਬੀ-ਅਮਨਾ ਹਠੂਰ ਕਲੱਬ ਮੋਗਾ ਦੀ ਤਰਫ਼ੋਂ ਤੱਕੜੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਉਹ ਆਖਰੀ ਸਮੇਂ ਕੈਨੇਡਾ 'ਚ ਜ਼ਿੰਦਗੀ ਬਸਰ ਕਰ ਰਿਹਾ ਸੀ।
ਸੰਤੋਖ ਸਿੰਘ ਤੋਖੀ ਮਾਨਗੜ੍ਹ ਵਾਲੇ ਦਾ ਸਪੁੱਤਰ ਆਪਣੇ ਸਮੇਂ 'ਚ ਸਕੂਲਾਂ-ਕਾਲਜਾਂ 'ਚ ਚੰਗਾ ਖੇਡਿਆ। ਵਿਦੇਸ਼ਾਂ 'ਚ ਵਸਣ ਮਗਰੋਂ ਵੀ ਉਸ ਨੇ ਕਬੱਡੀ ਪ੍ਰਤੀ ਆਪਣੀ ਚਿਣਗ ਘਟਣ ਨਹੀਂ ਦਿੱਤੀ। ਜੇ ਵਿਦੇਸ਼ਾਂ 'ਚ ਕੱਪਾਂ ਨੂੰ ਸਹਿਯੋਗ ਦੇਣਾ ਤਾਂ ਆਪਣੇ ਪਿੰਡ 'ਚ ਵੀ ਵੱਡਾ ਕੱਪ ਕਰਵਾ ਕੇ ਬੱਲੇ-ਬੱਲੇ ਕਰਵਾਉਣੀ। 46 ਸਾਲ ਦੀ ਉਮਰ 'ਚ ਮਾਨਗੜ੍ਹ ਦੀ ਬੇਵਕਤੀ ਮੌਤ ਵੀ ਕਬੱਡੀ ਜਗਤ ਨੂੰ ਵੱਡਾ ਘਾਟਾ ਦੇ ਗਈ। ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਜਗਦੀਪ ਢੀਮਾਂਵਾਲੀ ਦਾ ਨਾਮ ਮਾਲਵੇ ਦੇ ਨਾਮਵਰ ਖਿਡਾਰੀਆਂ ਵਿਚ ਲਿਆ ਜਾਂਦਾ। ਜਗਦੀਪ ਜਿੰਨਾ ਵਧੀਆ ਖਿਡਾਰੀ ਸੀ, ਓਨਾ ਵਧੀਆ ਹੀ ਇਨਸਾਨ ਸੀ। ਮੈਂ ਖੇਡ ਸਰਗਰਮੀਆਂ ਦੌਰਾਨ ਜਗਦੀਪ ਨੂੰ ਕਦੇ ਕਿਸੇ ਖੇਡ ਮੇਲੇ 'ਤੇ ਅੰਕਾਂ ਪਿੱਛੇ ਰੈਫ਼ਰੀਆਂ ਨਾਲ ਬਹਿਸਦੇ-ਉਲਝਦੇ ਨਹੀਂ ਵੇਖਿਆ। ਹਮੇਸ਼ਾ ਹਸੂੰ-ਹਸੂੰ ਕਰਦਿਆਂ ਕਬੱਡੀ 'ਚ ਧਮਾਲਾਂ ਪਾਉਣੀਆਂ। ਮੇਜਰ ਬਰਾੜ, ਜਲੰਧਰ ਸਿੰਘ ਸਿੱਧੂ, ਕਰਮਪਾਲ ਸਿੰਘ ਲੰਢੇਕੇ ਦੇ ਚਹੇਤੇ ਖਿਡਾਰੀਆਂ ਵਿਚੋਂ ਇਕ ਜਗਦੀਪ ਢੀਮਾਂਵਾਲੀ ਲੰਬਾ ਸਮਾਂ ਹਰਜੀਤ ਫਰੈਂਡਜ਼ ਕਲੱਬ ਪੱਤੋ ਹੀਰਾ ਸਿੰਘ ਵਲੋਂ ਖੇਡਦਾ ਰਿਹਾ। ਕੋਚ ਸਾਧੂ ਬਰਾੜ ਦੇ ਥਾਪੜੇ ਨੇ ਜਗਦੀਪ ਨੂੰ ਕੈਨੇਡਾ ਤੇ ਇੰਗਲੈਂਡ ਦੀ 3 ਵਾਰ ਸੈਰ ਕਰਵਾਈ। ਜਗਦੀਪ ਨੇ ਅਜੇ 34ਵੇਂ ਵਰ੍ਹੇ 'ਚ ਹੀ ਪੈਰ ਧਰਿਆ ਸੀ ਕਿ 11 ਅਗਸਤ 2018 ਨੂੰ ਖੇਤ 'ਚ ਕਰੰਟ ਲੱਗਣ ਕਾਰਨ ਜਗਦੀਪ ਸਦੀਵੀ ਵਿਛੋੜਾ ਦੇ ਗਿਆ। ਪਿੰਡ ਛਾਜਲਾ (ਸੰਗਰੂਰ) ਦਾ ਜੰਮਪਲ ਧਾਵੀ ਚਮਕੌਰ ਪਰਿਵਾਰਕ ਪ੍ਰੇਸ਼ਾਨੀਆਂ 'ਚ 1 ਨਵੰਬਰ 2018 ਵਾਲੇ ਦਿਨ ਮੌਤ ਨੂੰ ਗਲੇ ਲਗਾ ਗਿਆ। ਚਮਕੌਰ ਤੋਂ ਅਜੇ ਕਬੱਡੀ ਪ੍ਰੇਮੀਆਂ ਨੂੰ ਕਾਫ਼ੀ ਉਮੀਦਾਂ ਸਨ, ਕਿਉਂਕਿ ਚਮਕੌਰ ਦੇ ਕਬੱਡੀ ਮੈਦਾਨ 'ਤੇ ਖ਼ੂਬ ਚਰਚੇ ਸਨ ਤੇ ਉਹ ਤੇਜ਼ ਤਰਾਰ ਰੇਡਰ ਮੰਨਿਆ ਜਾਂਦਾ ਸੀ।
ਚਾਰ ਕੁ ਦਹਾਕੇ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਨੂੰ ਪਵਨ ਕੁਮਾਰ ਨੇ ਖੇਡ ਜਗਤ ਦੇ ਨਕਸ਼ੇ 'ਤੇ ਲਿਆਂਦਾ ਸੀ। ਪਵਨ ਕੁਮਾਰ ਨੇ ਸਾਲ 1975 ਵਿਚ ਕੌਮੀ ਸਕੂਲ ਖੇਡਾਂ ਵਿਚ ਪੰਜਾਬ ਲਈ ਸੋਨ ਤਗਮਾ ਜਿੱਤਿਆ ਸੀ, ਪ੍ਰੰਤੂ ਉਮਰ ਦੇ ਆਖਰੀ ਪੜਾਅ 'ਤੇ ਆ ਕੇ 8 ਨਵੰਬਰ ਨੂੰ ਪਵਨ ਖਿਆਲੇ ਵਾਲਾ ਆਪਣੀ ਜ਼ਿੰਦਗੀ ਦੀ ਖੇਡ ਹਾਰ ਗਿਆ। 17 ਨਵੰਬਰ ਨੂੰ ਚੋਹਲੇ ਵਾਲੇ ਸੁਖਮਨ ਦੇ ਰੂਪ ਵਿਚ ਕਬੱਡੀ ਨੂੰ ਵੱਡਾ ਸਦਮਾ ਲੱਗਿਆ। ਛੇ ਫੁੱਟ ਉੱਚੇ-ਲੰਮੇ, ਛੈਲ-ਛਬੀਲੇ ਗੱਭਰੂ ਸੁਖਮਨ ਦੀ ਮੌਤ ਨੇ ਕਬੱਡੀ ਜਗਤ ਨੂੰ ਹਿਲਾ ਕੇ ਰੱਖ ਦਿੱਤਾ। ਕੋਈ ਸੁਖਮਨ ਨੂੰ ਕਬੱਡੀ ਦਾ ਜਹਾਜ਼ ਆਖਦਾ ਤੇ ਕੋਈ ਮਾਝੇ ਦਾ ਮਝੈਲ। ਸੁਖਮਨ ਨੇ ਆਪਣੀ ਜ਼ਿੰਦਗੀ ਦੇ 27 ਵਰ੍ਹਿਆਂ 'ਚ ਕਬੱਡੀ ਜਗਤ ਵਿਚ ਜਿਹੜੇ ਮੀਲ ਪੱਥਰ ਗੱਡੇ ਹਨ, ਉਨ੍ਹਾਂ ਤੱਕ ਪਹੁੰਚਣਾ ਹਰੇਕ ਖਿਡਾਰੀ ਦੇ ਵੱਸ ਦੀ ਗੱਲ ਨਹੀਂ। ਸੁਖਮਨ ਨੇ ਸਾਲ 2009 ਵਿਚ ਕੋਟਲੀ ਥਾਨ ਸਿੰਘ ਅਕੈਡਮੀ ਦੀ ਤਰਫੋਂ ਅਕੈਡਮੀਆਂ ਦੇ ਮੈਚ ਖੇਡਣੇ ਸ਼ੁਰੂ ਕੀਤੇ ਅਤੇ ਮੁੜ ਕੇ ਪਿੱਛੇ ਨਹੀਂ ਦੇਖਿਆ। ਕੈਂਚੀ ਮਾਰ ਕੇ ਰੋਕਣ ਵਾਲੇ ਜਾਫ਼ੀਆਂ ਤੋਂ ਨਿਕਲਣ ਲਈ ਜਦ ਸੁਖਮਨ ਲੱਤ ਦਾ ਪੰਪ ਮਾਰਦਾ ਤਾਂ ਤਕੜੇ-ਤਕੜੇ ਜਾਫ਼ੀਆਂ ਦਾ ਅੰਦਰ ਹਿੱਲ ਜਾਂਦਾ ਸੀ। ਸੁਖਮਨ ਦੀ ਖੇਡ ਦੀ ਕਦੇ ਇੰਗਲੈਂਡ, ਕਦੇ ਯੂਰਪ ਤੇ ਕੈਨੇਡਾ 'ਚ ਤੂਤੀ ਬੋਲੀ। ਮਾਝੇ ਵਿਚ ਸੁਖਮਨ ਬਿਨਾਂ ਹਰ ਖੇਡ ਮੇਲਾ ਅਧੂਰਾ ਮੰਨਿਆ ਜਾਂਦਾ ਸੀ। ਉਸ ਦੀ ਖੇਡ ਨੂੰ ਵੇਖਣ ਲਈ ਦਰਸ਼ਕ ਵਹੀਰਾਂ ਘੱਤ ਕੇ ਮੇਲੇ 'ਤੇ ਪਹੁੰਚਦੇ ਪਰ ਦਿਲ ਦੇ ਦੌਰੇ ਨੇ ਸੁਖਮਨ ਰੂਪੀ ਤਾਰੇ ਨੂੰ ਕਬੱਡੀ ਜਗਤ ਦੇ ਆਸਮਾਨ 'ਚੋਂ ਸਦਾ ਲਈ ਤੋੜ ਲਿਆ।
ਇਸ ਤੋਂ ਪਹਿਲਾਂ ਕਿ ਦਸੰਬਰ ਦਾ ਮਹੀਨਾ ਸਮਾਪਤ ਹੁੰਦਾ ਕਿ 19 ਦਸੰਬਰ ਨੂੰ ਬਲਕਾਰ ਰੂਪਾਹੇੜੀ ਵਾਲਾ ਜ਼ਿਲ੍ਹਾ ਸੰਗਰੂਰ ਵੀ ਚੱਲ ਵਸਿਆ। ਬਲਕਾਰ ਵੀ ਕਦੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ ਤੇ ਕਦੇ ਗੱਗੜਪੁਰ ਅਕੈਡਮੀ ਲਈ ਬਤੌਰ ਧਾਵੀ ਚੰਗਾ ਖੇਡਿਆ, ਪਰ ਗ਼ਲਤ ਸਾਥ ਨੇ ਉਸ ਨੂੰ ਦੁਨੀਆ ਤੋਂ ਰੁਖ਼ਸਤ ਕਰ ਦਿੱਤਾ। ਕਬੱਡੀ ਮੈਦਾਨਾਂ ਵਿਚ ਵਿਸਲਾਂ ਨਾਲ ਫੈਸਲੇ ਸੁਣਾਉਣ ਵਾਲਾ ਰੈਫ਼ਰੀ ਰਣਜੀਤ ਸਿੰਘ ਭੰਗੂ ਵੀ ਇਸੇ ਵਰ੍ਹੇ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜਿਆ ਹੈ। ਪ੍ਰਮਾਤਮਾ, ਆਪਣਿਆਂ ਤੋਂ ਸਦਾ ਲਈ ਵਿਛੜੇ ਸਮੂਹ ਖਿਡਾਰੀਆਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਕੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਹੋ ਸਾਡੀ ਅਰਦਾਸ ਹੈ।


-ਨਿੱਜੀ ਪੱਤਰ ਪ੍ਰੇਰਕ, 'ਅਜੀਤ' ਉਪ ਦਫ਼ਤਰ, ਬਠਿੰਡਾ। ਮੋਬਾਈਲ : 99881-68072

ਹਾਦਸੇ ਵਿਚ ਇਕ ਲੱਤ ਗਵਾਉਣ ਤੋਂ ਬਾਅਦ ਵੀ ਹੌਸਲਾ ਨਹੀਂ ਗਵਾਇਆ

ਬਿਹਾਰ ਸੂਬੇ ਦੇ ਰਹਿਣ ਵਾਲੇ ਉਦੇ ਕੁਮਾਰ ਠਾਕਰ ਨੇ ਰੇਲ ਹਾਦਸੇ ਵਿਚ ਇਕ ਲੱਤ ਗਵਾਉਣ ਤੋਂ ਬਾਅਦ ਵੀ ਆਪਣਾ ਹੌਸਲਾ ਨਹੀਂ ਗਵਾਇਆ ਅਤੇ ਉਸ ਦੇ ਹੌਸਲੇ ਬੁਲੰਦ ਹਨ। ਇਸੇ ਲਈ ਤਾਂ ਉਹ ਮੈਰਾਥਨ ਦੌੜਦਾ ਹੈ, ਤੈਰਦਾ ਹੈ, ਕ੍ਰਿਕਟ ਖੇਡਦਾ ਹੈ ਅਤੇ ਵ੍ਹੀਲਚੇਅਰ 'ਤੇ ਬਾਸਕਟਬਾਲ ਨਾਲ ਵੀ ਹੱਥ ਅਜਮਾਈ ਕਰਦਾ ਹੈ । ਉਦੇ ਕੁਮਾਰ ਦਾ ਜਨਮ ਬਿਹਾਰ ਪ੍ਰਾਂਤ ਦੇ ਛਪਰਾ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਸ਼ਹਿਰ ਬਾਡੋਪੁਰ ਵਿਚ 30 ਮਈ, 1988 ਨੂੰ ਪਿਤਾ ਕੇਦਾਰ ਨਾਥ ਠਾਕਰ ਦੇ ਘਰ ਮਾਤਾ ਇੰਦੂ ਦੇਵੀ ਦੀ ਕੁੱਖੋਂ ਹੋਇਆ ਅਤੇ ਉਦੇ ਕੁਮਾਰ ਨੇ ਆਪਣੀ ਵਿੱਦਿਆ ਵੀ ਬਿਹਾਰ ਤੋਂ ਹੀ ਪ੍ਰਾਪਤ ਕੀਤੀ ਅਤੇ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਦੇ ਕੁਮਾਰ ਦੇ ਪਿਤਾ ਨੇ ਕੋਲਕਾਤਾ ਵਿਚ ਇਕ ਕੰਪਨੀ ਵਿਚ ਨੌਕਰੀ 'ਤੇ ਲਗਵਾ ਦਿੱਤਾ ਅਤੇ ਉਦੇ ਕੁਮਾਰ ਦਾ ਜੀਵਨ ਪੂਰਾ ਖੁਸ਼ਮੰਗਲ ਸੀ। ਇਕ ਦਿਨ ਉਹ ਦੁਰਗਾ ਪੂਜਾ ਦੀ ਛੁੱਟੀ ਕੱਟ ਕੇ ਆਪਣੇ ਘਰ ਬਿਹਾਰ ਤੋਂ ਵਾਪਸ ਕੋਲਕਾਤਾ ਰੇਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਜਦ ਉਹ ਕੋਲਕਾਤਾ ਪਹੁੰਚਣ ਹੀ ਵਾਲਾ ਸੀ ਤਾਂ ਉਹ ਇਹ ਵੇਖਣ ਲਈ ਕਿ ਰੇਲਵੇ ਸਟੇਸ਼ਨ ਕਿੰਨੀ ਦੂਰ ਹੈ ਤਾਂ ਉਹ ਰੇਲ ਦੇ ਡੱਬੇ ਦੇ ਦਰਵਾਜ਼ੇ ਵਿਚ ਆ ਬਾਹਰ ਸਿਰ ਕੱਢ ਕੇ ਵੇਖਣ ਲੱਗਾ ਤਾਂ ਤੇਜ਼ ਰਫ਼ਤਾਰ ਰੇਲ 'ਚੋਂ ਅਚਾਨਕ ਬਾਹਰ ਆ ਡਿੱਗਾ ਤਾਂ ਉਸੇ ਹੀ ਰੇਲ ਦੇ ਹੇਠਾਂ ਉਸ ਦੀ ਖੱਬੀ ਲੱਤ ਆ ਗਈ ਅਤੇ ਬੁਰੀ ਤਰ੍ਹਾਂ ਚੀਥਲੀ ਗਈ। ਜ਼ਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਮਜਬੂਰਨ ਵੱਸ ਉਸ ਦੀ ਲੱਤ ਕੱਟਣ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ ਅਤੇ ਕਲ੍ਹ ਜਿਹੜਾ ਉਦੇ ਕੁਮਾਰ ਦੌੜਦਾ ਸੀ, ਖੇਡਦਾ ਸੀ ਅੱਜ ਉਹ ਸਿਰਫ਼ ਇਕ ਲੱਤ ਨਾਲ ਹੀ ਜ਼ਿੰਦਗੀ ਕੱਟਣ ਲਈ ਮਜਬੂਰ ਹੋ ਗਿਆ।
ਥੋੜ੍ਹੀ ਦੇਰ ਉਦੇ ਕੁਮਾਰ ਡੂੰਘੇ ਸਦਮੇ ਵਿਚ ਚਲਾ ਗਿਆ ਪਰ ਮਜਬੂਰੀ ਅਤੇ ਵਕਤ ਨੇ ਉਸ ਨੂੰ ਸਦਮੇ ਵਿਚੋਂ ਹੀ ਬਾਹਰ ਨਹੀਂ ਕੱਢਿਆ ਸਗੋਂ ਉਸ ਨੇ ਇਸ ਹਾਦਸੇ ਨੂੰ ਵੀ ਪ੍ਰਵਾਨ ਕਰ ਲਿਆ ਅਤੇ ਨਕਲੀ ਪੈਰ ਅਤੇ ਲੱਤ ਲਗਵਾ ਕੇ ਜ਼ਿੰਦਗੀ ਨੂੰ ਚਲਦਾ ਕਰ ਲਿਆ ਅਤੇ ਉਸ ਨੇ ਜ਼ਿੰਦਗੀ ਨੂੰ ਚਲਦਾ ਹੀ ਨਹੀਂ ਕੀਤਾ ਸਗੋਂ ਮੈਰਾਥਨ ਦੌੜ ਵਿਚ ਵੀ ਭਾਗ ਲੈਣ ਲੱਗਿਆ ਅਤੇ ਉਹ ਹੁਣ ਤੱਕ 5 ਦੇ ਕਰੀਬ ਲੰਮੀਆਂ ਮੈਰਾਥਨ ਦੌੜਾਂ, ਦੌੜ ਕੇ ਮਿਸਾਲ ਬਣ ਚੁੱਕਿਆ ਹੈ ਅਤੇ ਨਾਲ ਹੀ ਵ੍ਹੀਲਚੇਅਰ 'ਤੇ ਬਾਸਕਟਬਾਲ ਖੇਡਣ ਦੇ ਨਾਲ ਕ੍ਰਿਕਟ ਵੀ ਖੇਡਦਾ ਹੈ।
ਉਦੇ ਕੁਮਾਰ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਹੁਣ ਇਸ ਦੁਨੀਆ ਵਿਚ ਨਹੀਂ ਹਨ ਪਰ ਉੁਸ ਦੀ ਪਤਨੀ ਦਾ ਸਾਥ ਅਤੇ ਉਸ ਦੀ ਕੰਪਨੀ ਦੇ ਵਾਈਸ ਚੇਅਰਮੈਨ ਰਮੇਸ਼ ਮਹੇਸ਼ਵਰੀ ਵਲੋਂ ਮਿਲ ਰਹੇ ਸਹਿਯੋਗ ਨੇ ਉਸ ਨੂੰ ਕਦੇ ਵੀ ਮਾਯੂਸ ਨਹੀਂ ਹੋਣ ਦਿੱਤਾ। ਉਹ ਉਸ ਦੇ ਦੁਨਿਆਵੀ ਗੁਰੂ ਹਨ। ਉਦੇ ਕੁਮਾਰ ਪਿੱਛੇ ਨਹੀਂ ਸਗੋਂ ਹੋਰ ਅੱਗੇ ਵਧਣ ਲਈ ਲੰਮੀਆਂ ਉੁਡਾਰੀਆਂ ਮਾਰ ਰਿਹਾ ਹੈ ਅਤੇ ਉਸ ਦੀਆਂ ਉਡਾਰੀਆਂ ਦੀ ਪ੍ਰਵਾਜ਼ ਹੋਰ ਬੁਲੰਦੀਆਂ ਨੂੰ ਛੂਹੇਗੀ।


-ਮੋਬਾਈਲ : 98551-14484

ਸਾਲ 2018 ਵਿਚ ਭਾਰਤੀ ਸਾਈਕਲਿੰਗ ਦਾ ਸਫ਼ਰ

ਸਾਲ 2018 ਭਾਰਤੀ ਸਾਈਕਲਿੰਗ ਲਈ ਅਹਿਮ ਰਿਹਾ। ਅਨੇਕਾਂ ਰਾਸ਼ਟਰੀ ਤੇ ਅੰਤਰਾਰਸ਼ਟਰੀ ਟੂਰਨਾਮੈਂਟਾਂ ਵਿਚ ਭਾਰਤੀ ਸਾਈਕਲਿਸਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਭਾਵੇਂ ਉਹ ਏਸ਼ਿਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ, ਟਰੈਕ ਏਸ਼ਿਆਈ ਕੱਪ ਸਾਈਕਲਿੰਗ ਚੈਂਪੀਅਨਸ਼ਿਪ ਹੋਵੇ, ਏਸ਼ਿਆਈ ਖੇਡਾਂ ਜਾਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਸਾਈਕਲਿਸਟਾਂ ਚੰਗਾ ਪ੍ਰਦਰਸ਼ਨ ਕੀਤਾ। ਸਾਲ 2018 ਵਿਚ ਰਾਸ਼ਟਰੀ ਤੇ ਅੰਤਰਾਰਸ਼ਟਰੀ ਪੱਧਰ 'ਤੇ ਭਾਰਤੀ ਸਾਈਕਲਿਸਟਾਂ ਨੇ ਸਾਲ ਦੀ ਸ਼ੁਰੂਆਤ ਵਿਚ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ, 38ਵੀਂ ਸੀਨੀਅਰ, 25ਵੀਂ ਜੂਨੀਅਰ ਏਸ਼ਿਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ 16 ਤੋਂ 21 ਫਰਵਰੀ, 2018 ਨਿਲਾਈ (ਮਲੇਸ਼ੀਆ) ਵਿਖੇ ਹੋਈ, ਜਿੱਥੇ ਭਾਰਤੀ ਟੀਮ ਨੇ 4 ਸੋਨ ਤਗਮੇੇ ਅਤੇ 1 ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਦੀ ਸਟਾਰ ਸਾਈਕਲਿਸਟ ਡੀਬੋਰਾ ਨੇ ਸਪ੍ਰਿੰਟ, ਕੇਰੀਅਨ, ਵਿਅਕਤੀਗਤ ਟਾਈਮ ਟਰਾਇਲ, ਟੀਮ ਪਰਸ਼ੂਟ ਈਵੈਂਟ ਵਿਚ, ਅਲੀਨਾ ਰੇਜੀ ਨੇ ਸਪ੍ਰਿੰਟ ਵਿਅਕਤੀਗਤ ਟਾਈਮ ਟਰਾਇਲ, ਕੇਰੀਅਨ ਈਵੈਂਟ ਵਿਚ, ਸੋਨਾਲੀ ਚਾਨੂੰ ਨੇ ਐਂਡੂਰਨ ਇਵੈਂਟਸ, ਟੀਮ ਪਰਸ਼ੂਟ ਈਵੈਂਟ ਵਿਚ, ਮਨੋਰਮਾ ਦੇਵੀ ਐਂਡਯੂਅਰਨ ਇਵੈਂਟਸ, ਟੀਮ ਪਰਸ਼ੂਟ ਈਵੈਂਟ ਵਿਚ, ਅਮ੍ਰਿਤਾ ਰੀਗੁਨਾਥ ਪੁਆਇੰਟ ਰੇਸ ਈਵੈਂਟ ਵਿਚ ਪੁਰਸ਼ ਦੇ ਮੁਕਾਬਲਿਆਂ ਵਿਚ ਰਣਜੀਤ ਸਿੰਘ ਟੀਮ ਸਪ੍ਰਿੰਟ, ਵਿਅਕਤੀਗਤ ਟਾਈਮ ਟਰਾਇਲ 1000 ਮੀਟਰ ਈਵੈਂਟ ਵਿਚ ਸਹਿਲ ਕੁਮਾਰ, ਟੀਮ ਸਪ੍ਰਿੰਟ, ਕੇਰੀਅਨ ਈਵੈਂਟ ਵਿਚ ਸਾਨਰਾਜ ਪੀ, ਟੀਮ ਸਪ੍ਰਿੰਟ, ਵਿਅਕਤੀਗਤ ਸਪ੍ਰਿੰਟ, ਕੇਰੀਅਨ ਈਵੈਂਟ ਵਿਚ, ਮਨਜੀਤ ਸਿੰਘ ਇਡੋਰਸ ਈਵੈਂਟ ਵਿਚ ਭਾਰਤ ਲਈ ਤਗਮੇ ਜਿੱਤੇ।
ਭਾਰਤੀ ਪੁਰਸ਼ ਜੂਨੀਅਰ ਸਾਈਕਲਿੰਗ ਟੀਮ ਦੇ ਸਾਈਕਲਿਸਟਾਂ ਏਸ (ਅੰਡੇਮਾਨ ਅਤੇ ਨਿਕੋਬਾਰ), ਮਹਾਰਾਸ਼ਟਰ ਦੇ ਮੇਯਰ ਪਵਾਰ ਅਤੇ ਮਣੀਪੁਰ ਦੇ ਜੇਮਸ ਸਿੰਘ ਨੇ 46.070 ਸਕਿੰਟ ਨਾਲ ਟੀਮ ਸਪਰਿਟ ਮੁਕਾਬਲੇ ਵਿਚ ਨਵਾਂ ਮਹਾਂਦੀਪ ਸਾਈਕਲਿੰਗ ਟਰੈਕ ਰਿਕਾਰਡ ਬਣਾਇਆ, ਇਸ ਤੋਂ ਪਹਿਲਾਂ ਇਹ ਰਿਕਾਰਡ 46.095 ਮਲੇਸ਼ੀਅਨ ਟੀਮ ਦੇ ਨਾਂਅ ਸੀ, ਨੌਜਵਾਨ ਸਨਸਨੀ ਸਾਈਕਲਿਸਟ ਈਸੋ, ਜੋ ਕਿ ਸਿਰਫ 17 ਸਾਲ ਨੇ ਕੇਰੀਅਨ ਅਤੇ ਵਿਅਕਤੀਗਤ ਸਪਿਰਟ ਈਵੈਂਟ ਵਿਚ ਸੋਨ ਤਗਮੇ ਜਿੱਤੇ। ਸਵਿਟਜ਼ਰਲੈਂਡ ਦੇ ਏਗਲੇ ਸ਼ਹਿਰ ਵਿਖੇ 15-19 ਅਗਸਤ ਤੱਕ ਹੋਣ ਜਾ ਰਹੀ ਯੂ.ਸੀ.ਆਈ. ਜੂਨੀਅਰ ਟਰੈਕ ਸਾਈਕਲਿੰਗ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤੀ ਸਾਈਕਲਿੰਗ ਟੀਮ ਹਿੱਸਾ ਲੈਣ ਲਈ ਗਈ। 12 ਮੈਂਬਰੀ ਭਾਰਤੀ ਸਾਈਕਲਿੰਗ ਟੀਮ ਵਿਚ 7 ਪੁਰਸ਼ ਤੇ 1 ਮਹਿਲਾ ਸਾਈਕਲਿਸਟ ਸ਼ਾਮਲ ਸਨ। ਭਾਰਤੀ ਸਾਈਕਲਿੰਗ ਟੀਮ ਵਿਚ ਵੈਂਕਪਪਾ ਸਵਿਪਾ ਕੰਗਾਲਗੁਟੀ (ਕਰਨਾਟਕਾ), ਬਿਲਾਲ ਅਹਿਮਦ ਦਰ (ਜੰਮੂ ਅਤੇ ਕਸ਼ਮੀਰ), ਗੁਰਪ੍ਰੀਤ ਸਿੰਘ (ਪੰਜਾਬ), ਨਮਨ ਕਪਿਲ (ਪੰਜਾਬ), ਐੱਸੋ (ਏ ਅਤੇ ਐਨ), ਮਯੂਰ ਸ਼ੁਸਿੱਕੈਂਟ ਪਵਾਰ (ਮਹਾਰਾਸ਼ਟਰ), ਜੈਮਸ ਸਿੰਘ ਕੇਹੇਲੇਕਪਾਮ (ਮਨੀਪੁਰ), ਮਯੁਰੀ ਧਾਨਰਾਜ ਲਟ (ਮਹਾਰਾਸ਼ਟਰ) ਸ਼ਾਮਲ ਹਨ।
ਇਸ ਟੀਮ ਮੁੱਖ ਕੋਚ (ਐਂਡਰਿਊਰਸ) ਅਰਜੁਨ ਐਵਾਰਡੀ ਅਮਰ ਸਿੰਘ, ਮੁੱਖ ਕੋਚ (ਸਪ੍ਰਿੰਟ) ਰਾਜਿੰਦਰ ਕੁਮਾਰ ਸ਼ਰਮਾ, ਮਹਿਲਾ ਕੋਚ ਇਰੰਗਬਾਮ ਗੁਤੁਮਨੀ ਦੇਵੀ ਤੇ ਮਨੋਜ ਸਾਹੂ ਟੀਮ ਦਾ ਹਿੱਸਾ ਰਹੇ। ਏਸੋ ਅਲਬੇਨ ਨੇ ਸਵਿਟਜ਼ਰਲੈਂਡ ਦੇ ਏਗਲ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। 21 ਤੋਂ 23 ਸਤੰਬਰ ਇੰਦਰਾ ਗਾਂਧੀ ਇੰਡੋਰ ਸਾਈਕਲਿੰਗ ਵੈਲਡਰੋਮ ਵਿਖੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ ਪੰਜਵਾਂ ਟ੍ਰੈਕ ਏਸ਼ੀਆ ਕੱਪ ਕਰਵਾਇਆ ਗਿਆ। ਇਸ ਟ੍ਰੈਕ ਏਸ਼ੀਆ ਕੱਪ ਵਿਚ ਏਸ਼ੀਆ ਦੇ 11 ਮੁਲਕਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਟ੍ਰੈਕ ਏਸ਼ੀਆ ਕੱਪ ਵਿਚ ਆਸਟ੍ਰੇਲੀਆ ਦੀ ਟੀਮ ਨੇ ਵਿਸ਼ੇਸ਼ ਸੱਦੇ 'ਤੇ ਭਾਗ ਲਿਆ। ਟ੍ਰੈਕ ਏਸ਼ੀਆ ਕੱਪ ਵਿਚ ਭਾਰਤੀ ਸਾਈਕਲਿਸਟਾਂ ਨੇ ਭਾਰਤ ਲਈ 6 ਸੋਨ, 5 ਚਾਂਦੀ ਤੇ 2 ਕਾਂਸੇ ਦੇ ਤਗਮੇ ਜਿੱਤੇ। ਇਸ ਟ੍ਰੈਕ ਏਸ਼ੀਆ ਕੱਪ ਵਿਚ ਸਾਈਕਲਿਸਟਾਂ ਨੂੰ ਵਿਸ਼ਵ ਕੱਪ, ਵਿਸ਼ਵ ਚੈਂਪੀਅਨਸ਼ਿਪ, 2020 ਵਿਚ ਟੋਕੀਓ ਉਲੰਪਿਕ ਲਈ ਕੁਆਲੀਫਾਈ ਕਰਨ ਦਾ ਮੌਕਾ ਮਿਲਿਆ। ਭਾਰਤੀ ਸਾਈਕਲਿਸਟ ਏਸੋ, ਅਭਿਸ਼ੇਕ ਅਤੇ ਜੇਮਸ ਸਿੰਘ ਨੇ 46.804 ਸੈਕਿੰਡਾਂ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ।। ਸਾਈਕਲਿੰਗ ਟ੍ਰੈਕ ਏਸ਼ੀਆ ਕੱਪ ਵਿਚ ਭਾਰਤ ਚੈਂਪੀਅਨ ਬਣਿਆ।
13ਵੀਂ ਯੂ.ਐੱਸ.ਆਈ.ਸੀ. ਵਰਲਡ ਰੇਲਵੇ ਸਾਈਕਲਿੰਗ ਚੈਂਪੀਅਨਸ਼ਿਪ ਜੋ 12 ਤੋਂ 16 ਨਵੰਬਰ ਤੱਕ ਬੀਕਾਨੇਰ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦਾ ਆਯੋਜਨ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਵਲੋਂ ਕਰਵਾਇਆ ਗਿਆ। ਇਸ ਚੈਂਪੀਅਨਸ਼ਿਪ ਵਿਚ ਫ਼ਰਾਂਸ, ਨੀਦਰਲੈਂਡ, ਨਾਰਵੇ ਤੇੇ ਭਾਰਤ ਸਮੇਤ 7 ਟੀਮਾਂ ਦੇ 100 ਸਾਈਕਲਿਸਟਾਂ ਨੇ ਹਿੱਸਾ ਲਿਆ। ਵਿਸ਼ਵ ਰੇਲਵੇ ਸਾਈਕਲਿੰਗ ਚੈਂਪੀਅਨਸ਼ਿਪ 'ਚ ਭਾਰਤੀ ਰੇਲਵੇ ਨੇ ਇਕ ਸੋਨ ਅਤੇ 2 ਚਾਂਦੀ ਦੇ ਤਗਮੇ ਜਿੱਤੇ ਸਨ। 23ਵੀਂ ਨੈਸ਼ਨਲ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਕੁਰੂਕਸ਼ੇਤਰ ਵਿਖੇ 21 ਤੋਂ 24 ਨਵੰਬਰ ਤੱਕ ਸਮਾਪਤ ਹੋ ਗਈ। ਇਸ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਵਿਚ 31 ਰਾਜਾਂ ਦੀਆਂ ਟੀਮਾਂ ਦੇ ਕੁੱਲ 750 ਸਾਈਕਲਿਸਟਾਂ ਨੇ ਹਿੱਸਾ ਲਿਆ ਸੀ। ਇਸ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਵਿਚ ਸੀਨੀਅਰ, ਜੂਨੀਅਰ, ਸਬ-ਜੂਨੀਅਰ ਅਤੇ ਯੂਥ ਲੜਕੇ ਅਤੇ ਲੜਕੀਆਂ ਸਾਈਕਲਿਸਟਾਂ ਨੇ ਹਿੱਸਾ ਲਿਆ। ਇਸ ਚਾਰ ਰੋਜ਼ਾ ਸਾਈਕਲਿੰਗ ਚੈਂਪੀਅਨਸ਼ਿਪ ਵਿਚ ਸੀਨੀਅਰ ਵਰਗ ਵਿਚ 17 ਅੰਕ ਲੈ ਕੇ (ਐੱਸ.ਐੱਸ.ਸੀ.ਬੀ.) ਪਹਿਲੇ ਸਥਾਨ 'ਤੇ ਚੈਂਪੀਅਨ ਬਣਿਆ, ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਨੇ 15 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ।
ਔਰਤਾਂ ਦੇ ਵਰਗ ਵਿਚ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਨੇ 22 ਅੰਕਾਂ ਨਾਲ ਪਹਿਲਾ ਸਥਾਨ ਅਤੇ ਕੇਰਲਾ ਨੇ 17 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਜੂਨੀਅਰ ਕੈਟਾਗਰੀ ਵਿਚ ਕਰਨਾਟਕਾ ਨੇ 21 ਅੰਕ ਲੈ ਕੇ ਪਹਿਲਾ ਸਥਾਨ, ਰਾਜਸਥਾਨ ਨੇ 14 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਓਵਰਆਲ ਚੈਂਪੀਅਨ ਲੜਕੇ ਕਰਨਾਟਕ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਚੈਂਪੀਅਨਸ਼ਿਪ ਵਿਚ ਬੈਸਟ ਪੁਰਸ਼ ਸਾਈਕਲਿਸਟ ਮਨਜੀਤ ਸਿੰਘ ਐੱਸ.ਐੱਸ.ਸੀ.ਬੀ. ਦੋ ਸੋਨ ਤਗਮੇ ਜਿੱਤ ਕੇ ਚੈਂਪੀਅਨ ਬਣਿਆ। ਔਰਤ ਵਰਗ ਵਿਚ ਸਮੀਰਾ ਬਰਾਹੀ ਕੇਰਲਾ ਦੇ ਦੋ ਗੋਲਡ ਜਿੱਤ ਕੇ ਬੈਸਟ ਔਰਤਾਂ ਦਾ ਖਿਤਾਬ ਜਿੱਤਿਆ। ਇਸ ਨੈਸ਼ਨਲ ਰੋਡ ਸਾਈਕਲਿੰਗ ਚੈਂਪੀਅਨਸ਼ਿਪ 'ਚ ਐੱਸ.ਐੱਸ.ਸੀ.ਬੀ. ਚੈਂਪੀਅਨ ਬਣਿਆ ਸੀ। ਆਸ ਕਰਦੇ ਹਾਂ ਕਿ ਭਾਰਤੀ ਸਾਈਕਲਿਸਟ ਆਉਣ ਵਾਲੇ ਟਰਨਾਮੈਂਟਾਂ ਵਿਚ ਸੋਨ ਤਗਮੇ ਨਾਲ ਭਾਰਤ ਦਾ ਝੰਡਾ ਬੁਲੰਦ ਕਰਨਗੇ।


-ਮੋਬਾ: 82888-47042

ਭਾਰਤੀ ਬੈਡਮਿੰਟਨ ਦਾ ਚਮਕਦਾ ਸਿਤਾਰਾ

ਪੀ. ਵੀ. ਸਿੰਧੂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸਿੰਧੂ ਨੇ ਸਿਰਫ਼ 6 ਸਾਲ ਦੀ ਉਮਰ ਵਿਚ ਹੀ ਸੰਨ 2001 ਵਿਚ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨ ਰਹੇ ਪੁਲੇਲਾ ਗੋਪੀਚੰਦ ਤੋਂ ਪ੍ਰਭਾਵਿਤ ਹੋ ਕੇ ਬੈਡਮਿੰਟਨ ਨੂੰ ਆਪਣਾ ਕਰੀਅਰ ਚੁਣ ਲਿਆ ਸੀ ਅਤੇ 8 ਸਾਲ ਦੀ ਉਮਰ ਤੋਂ ਹੀ ਸਰਗਰਮ ਰੂਪ ਨਾਲ ਬੈਡਮਿੰਟਨ ਖੇਡਣਾ ਸ਼ੁਰੂ ਕਰ ਦਿੱਤਾ ਸੀ। ਸ਼ੁਰੂ ਵਿਚ ਉਸ ਨੇ ਸਿਕੰਦਰਾਬਾਦ ਵਿਚ ਇੰਡੀਅਨ ਰੇਲਵੇ ਸਿਗਨਲ ਇੰਜੀਨੀਅਰਿੰਗ ਅਤੇ ਦੂਰਸੰਚਾਰ ਦੇ ਬੈਡਮਿੰਟਨ ਕੋਰਟ ਵਿਚ ਮਹਿਬੂਬ ਅਲੀ ਦੀ ਅਗਵਾਈ ਵਿਚ ਬੈਡਮਿੰਟਨ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਕੁਝ ਹੀ ਸਮੇਂ ਬਾਅਦ ਪੁਲੇਲਾ ਗੋਪੀਚੰਦ ਦੀ ਬੈਡਮਿੰਟਨ ਅਕਾਦਮੀ ਵਿਚ ਸ਼ਾਮਿਲ ਹੋ ਕੇ ਗੋਪੀਚੰਦ ਦੀ ਅਗਵਾਈ ਵਿਚ ਆਪਣੀ ਖੇਡ ਨੂੰ ਨਿਖਾਰਦੀ ਚਲੀ ਗਈ। ਉਸੇ ਦਾ ਨਤੀਜਾ ਹੈ ਕਿ ਅੱਜ ਉਹ ਭਾਰਤੀ ਬੈਡਮਿੰਟਨ ਦਾ ਚਮਕਦਾ ਸਿਤਾਰਾ ਬਣ ਚੁੱਕੀ ਹੈ। ਗੋਪੀਚੰਦ ਫਿਲਹਾਲ ਭਾਰਤੀ ਬੈਡਮਿੰਟਨ ਟੀਮ ਦੇ ਮੁੱਖ ਕੋਚ ਹਨ।
ਵਿਸ਼ਵ ਵਰੀਅਤਾ ਹਾਸਲ ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ 2009 ਵਿਚ ਕੋਲੰਬੋ ਵਿਚ ਆਯੋਜਿਤ ਸਬ-ਜੂਨੀਅਰ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਕਾਂਸੀ ਤਗਮਾ, 2010 ਵਿਚ ਈਰਾਨ ਫਰਜ਼ ਅੰਤਰਰਾਸ਼ਟਰੀ ਬੈਡਮਿੰਟਨ ਮੁਕਾਬਲੇ ਵਿਚ ਮਹਿਲਾ ਸਿੰਗਲ ਵਿਚ ਚਾਂਦੀ ਤਗਮਾ, 2011 ਵਿਚ ਡਗਲਸ ਰਾਸ਼ਟਰਮੰਡਲ ਯੂਥ ਖੇਡਾਂ ਵਿਚ ਸੋਨ ਤਗਮਾ, ਜੁਲਾਈ 2012 ਵਿਚ ਏਸ਼ੀਆ ਯੁਵਾ ਅੰਡਰ-19 ਚੈਂਪੀਅਨਸ਼ਿਪ, ਦਸੰਬਰ 2013 ਵਿਚ ਮਲੇਸ਼ੀਆ ਓਪਨ ਦੇ ਦੌਰਾਨ ਮਹਿਲਾ ਸਿੰਗਲ ਦਾ 'ਮਕਾਊ ਓਪਨ ਗ੍ਰੈਂਡ ਪ੍ਰਿਕਸ ਗੋਲਡ' ਖਿਤਾਬ-2013 ਅਤੇ 2014 ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਗਮਾ, 2016 ਵਿਚ ਗੁਹਾਟੀ ਦੱਖਣ ਏਸ਼ਿਆਈ ਖੇਡਾਂ ਵਿਚ ਸੋਨ ਤਗਮਾ, 2016 ਵਿਚ ਰੀਓ ਉਲੰਪਿਕ ਵਿਚ ਚਾਂਦੀ ਤਗਮਾ ਜਿੱਤ ਚੁੱਕੀ ਹੈ। ਸਿੰਧੂ ਨੇ ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਵਿਚ ਆਯੋਜਿਤ 2016 ਦੇ ਗਰਮੀਆਂ ਦੀਆਂ ਉਲੰਪਿਕ ਖੇਡਾਂ ਵਿਚ ਭਾਰਤ ਦੀ ਅਗਵਾਈ ਕੀਤੀ ਸੀ ਅਤੇ ਮਹਿਲਾ ਸਿੰਗਲ ਮੁਕਾਬਲੇ ਦੇ ਫਾਈਨਲ ਵਿਚ ਪਹੁੰਚਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸੀ। ਉਲੰਪਿਕ ਖੇਡਾਂ ਵਿਚ ਭਾਰਤ ਵਲੋਂ ਮਹਿਲਾ ਸਿੰਗਲ ਬੈਡਮਿੰਟਨ ਦਾ ਚਾਂਦੀ ਤਗਮਾ ਜਿੱਤਣ ਵਾਲੀ ਸਿੰਧੂ ਪਹਿਲੀ ਖਿਡਾਰੀ ਹੈ। ਉਸ ਤੋਂ ਪਹਿਲਾਂ ਉਹ ਭਾਰਤ ਦੀ ਨੈਸ਼ਨਲ ਚੈਂਪੀਅਨ ਵੀ ਰਹਿ ਚੁੱਕੀ ਸੀ। ਨਵੰਬਰ 2016 ਵਿਚ ਉਨ੍ਹਾਂ ਨੇ ਚੀਨ ਓਪਨ ਖਿਤਾਬ ਵੀ ਆਪਣੇ ਨਾਂਅ ਕੀਤਾ ਸੀ।
2013 ਵਿਚ ਸਿੰਧੂ ਨੂੰ 'ਅਰਜੁਨ ਪੁਰਸਕਾਰ' ਅਤੇ 30 ਮਾਰਚ 2015 ਨੂੰ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ 'ਪਦਮਸ੍ਰੀ' ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਹ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ. ਆਰ. ਪੀ. ਐਫ.) ਅਤੇ ਵਿਜਾਗ ਸਟੀਲ ਦੀ ਬ੍ਰਾਂਡ ਅੰਬੈਸਡਰ ਹੈ। ਇਸ ਸਾਲ ਫੋਰਬਸ ਮੈਗਜ਼ੀਨ ਵਲੋਂ ਜਾਰੀ ਵਿਸ਼ਵ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਮੁੱਖ 10 ਔਰਤ ਖਿਡਾਰੀਆਂ ਦੀ ਸੂਚੀ ਵਿਚ ਸਿੰਧੂ ਸੱਤਵੇਂ ਸਥਾਨ 'ਤੇ ਰਹੀ ਹੈ। ਜੂਨ 2017 ਤੋਂ ਜੂਨ 2018 ਵਿਚਾਲੇ ਸਿੰਧੂ ਦੀ ਕੁੱਲ ਕਮਾਈ 85 ਲੱਖ ਡਾਲਰ ਰਹੀ ਹੈ। (ਸੰਵਾਦ) (ਸਮਾਪਤ)

ਫੁੱਟਬਾਲ ਟੂਰਨਾਮੈਂਟ 'ਤੇ ਵਿਸ਼ੇਸ਼

ਅਰਜਨ ਐਵਾਰਡੀ ਉਲੰਪੀਅਨ ਜਰਨੈਲ ਸਿੰਘ ਪਨਾਮ

ਫੁੱਟਬਾਲ ਜਗਤ ਦੇ ਪੈਗੰਬਰ ਵਜੋਂ ਜਾਣੇ ਜਾਂਦੇ ਮਹਾਨ ਪੰਜਾਬੀ ਸਪੂਤ ਉਲੰਪੀਅਨ ਜਰਨੈਲ ਸਿੰਘ ਪਨਾਮ ਵਲੋਂ ਫੁੱਟਬਾਲ ਦੇ ਖੇਤਰ ਵਿਚ ਜੋ ਪੂਰਨੇ ਪਾਏ, ਉਨ੍ਹਾਂ ਪੂਰਨਿਆਂ 'ਤੇ ਚੱਲਦੇ ਹੋਏ ਦੋਆਬੇ ਦੀ ਧਰਤੀ ਗੜ੍ਹਸ਼ੰਕਰ ਵਿਖੇ ਫੁੱਟਬਾਲ ਖੇਡ ਦੇ ਪਸਾਰ ਲਈ ਪਿਛਲੇ ਡੇਢ ਦਹਾਕੇ ਤੋਂ ਅਹਿਮ ਯਤਨਸ਼ੀਲ ਭੂਮਿਕਾ ਨਿਭਾਅ ਰਹੀ ਹੈ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ। ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਜਗਤ ਦਾ ਉਹ ਖਿਡਾਰੀ ਸੀ, ਜਿਸ ਦੀ ਮਹਾਨਤਾ ਸ਼ਬਦਾਂ ਵਿਚ ਬਿਆਨ ਕਰਨੀ ਮੁਸ਼ਕਿਲ ਹੈ। ਉਹ ਇਕ ਅਜਿਹਾ ਫੁੱਟਬਾਲਰ ਸੀ, ਜੋੋ ਦੁਨੀਆ ਦੀ ਕਿਸੇ ਵੀ ਫੁੱਟਬਾਲ ਟੀਮ ਵਿਚ ਕਿਸੇ ਵੀ ਥਾਂ ਖੇਡਣ ਦੇ ਸਮਰੱਥ ਮੰਨਿਆ ਜਾਂਦਾ ਸੀ। ਉਸ ਨੇ 10 ਸਾਲ ਭਰ ਜਵਾਨੀ ਵਿਚ ਫੁੱਟਬਾਲ ਨਾਲ ਰੱਜ ਕੇ ਮੋਹ ਜਤਾਇਆ ਤੇ ਪ੍ਰਾਪਤੀਆਂ ਨੂੰ ਚੁੰਮਿਆ। 1964 ਵਿਚ ਪ੍ਰਾਪਤੀਆਂ ਦੀ ਬਦੌਲਤ ਭਾਰਤ ਸਰਕਾਰ ਵਲੋਂ ਸ: ਜਰਨੈਲ ਸਿੰਘ ਨੂੰ ਅਰਜਨ ਐਵਾਰਡ ਨਾਲ ਸਨਮਾਨਿਆ ਗਿਆ। ਏਸ਼ੀਆ ਕੱਪ, ਮਡਰੇਕਾ ਕੱਪ, ਏਸ਼ੀਆ ਖੇਡਾਂ ਵਿਚੋਂ ਸੋਨ ਤਗਮਾ ਜਿੱਤਣਾ, ਉਲੰਪਿਕ ਵਿਚ ਸੰਸਾਰ ਇਲੈਵਨ ਦਾ ਮੈਂਬਰ ਚੁਣੇ ਜਾਣਾ, 1970 ਅਤੇ 1974 ਵਿਚ ਸੰਤੋਸ਼ ਟਰਾਫੀ ਪੰਜਾਬ ਦੀ ਝੋਲੀ ਪਾਉਣੀ ਇਨ੍ਹਾਂ ਦੀਆਂ ਪ੍ਰਾਪਤੀਆਂ ਦਾ ਅਹਿਮ ਹਿੱਸਾ ਸੀ। ਪੰਜਾਬ ਮੋਹਨ ਬਗਾਨ ਅਤੇ ਏਸ਼ੀਆ ਦੀ ਟੀਮ ਦਾ ਕਪਤਾਨ ਹੋਣਾ ਵੀ ਉਨ੍ਹਾਂ ਲਈ ਮਾਣ ਵਾਲੀ ਗੱਲ ਸੀ। ਉਲੰਪੀਅਨ ਜਰਨੈਲ ਸਿੰਘ ਦੇ ਸਵਰਗਵਾਸ ਹੋਣ ਉਪਰੰਤ ਦੇਸ਼-ਵਿਦੇਸ਼ ਵਿਚ ਵਸਦੇ ਉਨ੍ਹਾਂ ਦੇ ਸਨੇਹੀਆਂ ਅਤੇ ਖੇਡ ਪ੍ਰੇਮੀਆਂ 'ਚ ਵਿਚਾਰਾਂ ਹੋਈਆਂ ਕਿ ਆਓ, ਫੁੱਟਬਾਲ ਜਗਤ ਦੇ ਇਸ ਸਿਤਾਰੇ ਦੀ ਯਾਦ ਅਤੇ ਫੁੱਟਬਾਲ ਖੇਡ ਲਈ ਪਾਏ ਯੋਗਦਾਨ ਨੂੰ ਸਦੀਵੀ ਕਾਇਮ ਰੱਖਣ ਲਈ ਉਪਰਾਲਾ ਕਰੀਏ। ਸੰਨ 2000 ਵਿਚ ਫੁੱਟਬਾਲ ਨਾਲ ਮੋਹ ਰੱਖਣ ਵਾਲੇ ਸੱਜਣਾਂ ਵਲੋਂ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਦਾ ਗਠਨ ਕੀਤਾ ਗਿਆ, ਜਿਸ ਦਾ ਮਕਸਦ ਫੁੱਟਬਾਲ ਖੇਡ ਨੂੰ ਪ੍ਰਮੋਟ ਕਰਦਿਆਂ ਉਲੰਪੀਅਨ ਜਰਨੈਲ ਸਿੰਘ ਪਨਾਮ ਦੇ ਪਾਏ ਪੂਰਨਿਆਂ 'ਤੇ ਨੌਜਵਾਨ ਪੀੜ੍ਹੀ ਨੂੰ ਤੋਰਨਾ ਸੀ।
ਟੂਰਨਾਮੈਂਟ ਕਮੇਟੀ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ 2002 ਵਿਚ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੀ ਗਰਾਊਂਡ ਵਿਚ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸ: ਮੇਜਰ ਸਿੰਘ ਮੌਜੀ ਦੀ ਅਗਵਾਈ ਹੇਠ ਪਹਿਲਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। 5 ਫਰਵਰੀ ਤੋਂ 8 ਫਰਵਰੀ, 2002 ਤੱਕ ਚੱਲੇ ਇਸ ਪਲੇਠੇ ਟੂਰਨਾਮੈਂਟ ਨੇ ਸਫ਼ਲਤਾ ਦੀ ਅਜਿਹੀ ਮੰਜ਼ਿਲ ਨੂੰ ਸਰ ਕੀਤਾ ਕਿ ਦੂਰ-ਦੂਰ ਤੱਕ, ਇਥੋਂ ਤੱਕ ਕਿ ਸੱਤ ਸਮੁੰਦਰੋਂ ਪਾਰ ਤੱਕ ਵੀ ਇਹ ਟੂਰਨਾਮੈਂਟ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਰਿਹਾ। ਪ੍ਰਬੰਧਕ ਕਮੇਟੀ ਦੇ ਹੌਸਲੇ ਅਜਿਹੇ ਬੁਲੰਦ ਹੋਏ ਕਿ ਮੁੜ ਪਿਛਾਂਹ ਨਹੀਂ ਤੱਕਿਆ। ਜਿਥੇ ਇਸ ਟੂਰਨਾਮੈਂਟ ਵਿਚ ਰਾਜ ਦੀਆਂ ਮੁੱਖ ਫੁੱਟਬਾਲ ਕਲੱਬਾਂ ਅਤੇ ਕਾਲਜਾਂ ਨੇ ਹਰ ਸਾਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਉਥੇ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਖੇਡਣ ਦੀ ਸ਼ਰਤ 'ਤੇ ਅੱਠਵੇਂ ਟੂਰਨਾਮੈਂਟ ਵਿਚ ਪੇਂਡੂ ਫੁੱਟਬਾਲ ਕਲੱਬਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ। ਮਰਹੂਮ ਸ: ਮੇਜਰ ਸਿੰਘ ਮੌਜੀ ਦੀ ਅਗਵਾਈ ਵਾਲੀ ਕਮੇਟੀ ਦੇ ਉਤਸ਼ਾਹ ਅਤੇ ਮਿਹਨਤ ਸਦਕਾ ਹਰ ਆਏ ਸਾਲ ਇਸ ਟੂਰਨਾਮੈਂਟ ਦਾ ਘੇਰਾ ਹੋਰ ਵੀ ਵਿਸ਼ਾਲ ਹੁੰਦਾ ਗਿਆ ਅਤੇ ਰੌਣਕਾਂ ਦੂਣ-ਸਵਾਈਆਂ ਹੁੰਦੀਆਂ ਗਈਆਂ।
ਕਮੇਟੀ ਵਲੋਂ ਖੇਡ ਸਟੇਡੀਅਮ ਦੀ ਉਸਾਰੀ ਦਾ ਲਿਆ ਸੁਪਨਾ ਖ਼ਾਲਸਾ ਕਾਲਜ ਦੇ ਵਿਹੜੇ ਵਿਚ ਫੁੱਟਬਾਲ ਨੂੰ ਸਮਰਪਿਤ ਆਲੀਸ਼ਾਨ ਸਟੇਡੀਅਮ ਦੇ ਰੂਪ ਵਿਚ ਸਾਕਾਰ ਹੋ ਚੁੱਕਾ ਹੈ। ਇੰਗਲੈਂਡ, ਕੈਨੇਡਾ, ਅਮਰੀਕਾ ਅਤੇ ਹੋਰ ਮੁਲਕਾਂ ਵਿਚ ਵਸੇ ਇਲਾਕਾ ਨਿਵਾਸੀ ਖੇਡ ਪ੍ਰੇਮੀ ਮੋਢੇ ਨਾਲ ਮੋਢਾ ਲਾ ਕੇ ਤੁਰੇ ਹੋਏ ਹਨ, ਜਿਸ ਦੀ ਬਦੌਲਤ ਪ੍ਰਬੰਧਕਾਂ ਵਲੋਂ ਪਿਛਲੇ ਤਿੰਨ ਸਾਲਾਂ ਤੋਂ ਰਾਜ ਪੱਧਰੀ ਟੂਰਨਾਮੈਂਟ ਦੇ ਨਾਲ-ਨਾਲ ਹਰ ਸਾਲ ਬੱਚਿਆਂ ਦੀ ਫੁੱਟਬਾਲ ਲੀਗ ਕਰਵਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਇਥੇ ਹੀ ਬਸ ਨਹੀਂ, ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਦੇ ਖਿਡਾਰੀਆਂ ਨੇ ਰਾਜਸਥਾਨ ਵਿਖੇ ਹੋਏ ਰਾਸ਼ਟਰ ਪੱਧਰ ਦੇ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ। ਟੂਰਨਾਮੈਂਟ ਕਮੇਟੀ ਦੇ ਬਾਨੀ ਪ੍ਰਧਾਨ ਸਵ: ਮੇਜਰ ਸਿੰਘ ਮੌਜੀ ਦੀ ਅਗਵਾਈ ਹੇਠ ਪ੍ਰਬੰਧਕਾਂ ਵਲੋਂ ਸਿਰਜੇ ਮੁਕਾਮ ਅਗਵਾਈ ਕਰਦੇ ਰਹਿਣਗੇ। ਨੌਜਵਾਨ ਪੀੜ੍ਹੀ ਲਈ ਰਾਹ-ਦਸੇਰਾ ਬਣ ਰਿਹਾ ਸਾਲਾਨਾ ਟੂਰਨਾਮੈਂਟ 18ਵੇਂ ਵਰ੍ਹੇ ਵਿਚ ਪ੍ਰਵੇਸ਼ ਕਰ ਗਿਆ ਹੈ। 8 ਫਰਵਰੀ ਤੋਂ 12 ਫਰਵਰੀ ਤੱਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ, ਗੜ੍ਹਸ਼ੰਕਰ ਵਿਖੇ ਕਰਵਾਏ ਜਾ ਰਹੇ 18ਵੇਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਵਿਚ ਪੰਜਾਬ ਦੇ ਨਾਮੀ ਕਲੱਬ, ਕਾਲਜ ਤੇ ਇਲਾਕੇ ਦੀਆਂ ਪੇਂਡੂ ਟੀਮਾਂ ਫੁੱਟਬਾਲ ਖੇਡ ਦਾ ਪ੍ਰਦਰਸ਼ਨ ਕਰਦਿਆਂ ਟੂਰਨਾਮੈਂਟ ਕਮੇਟੀ ਦੇ ਕਾਰਜਾਂ ਅਤੇ ਪ੍ਰਬੰਧਾਂ ਨੂੰ ਆਪਮੁਹਾਰੇ ਪੇਸ਼ ਕਰੇਗਾ। ਇਹ ਪ੍ਰਸੰਸਾਯੋਗ ਕਾਰਜ ਜਿਥੇ ਮਹਾਨ ਖਿਡਾਰੀ ਦੀ ਯਾਦ ਨੂੰ ਤਾਜ਼ਾ ਕਰਵਾ ਰਿਹਾ ਹੈ, ਉਥੇ ਨੌਜਵਾਨ ਵਰਗ ਨੂੰ ਵੀ ਖੇਡਾਂ ਨਾਲ ਜੁੜ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵੱਲ ਵਧਣ ਲਈ ਪ੍ਰੇਰ ਰਿਹਾ ਹੈ।


-ਪਿੰਡ ਤੇ ਡਾਕ: ਗੋਗੋਂ, ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ)। ਮੋਬਾ: 94176-76755

ਕੌਮਾਂਤਰੀ ਖਿਡਾਰੀਆਂ ਦਾ ਸਿਰਜਕ ਕੋਚ ਪਰਮਜੀਤ ਸਿੰਘ

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਏਕਲ ਗੱਡਾ ਵਿਖੇ 25 ਜੂਨ, 1968 ਨੂੰ ਸ: ਫੌਜਾ ਸਿੰਘ ਤੇ ਸ੍ਰੀਮਤੀ ਪਾਲ ਕੌਰ ਦੇ ਘਰ ਜਨਮੇ ਪਰਮਜੀਤ ਸਿੰਘ ਪੰਮੀ ਨੇ ਆਪਣੇ ਪਿੰਡ ਦੇ ਸਕੂਲ 'ਚ ਹਾਇਰ ਸੈਕੰਡਰੀ ਦੀ ਪੜ੍ਹਾਈ ਕਰਦਿਆਂ ਮਾ: ਸੇਵਾ ਸਿੰਘ ਜੱਸੂ ਨੰਗਲ ਤੇ ਆਪਣੇ ਪਹਿਲਵਾਨ ਪਿਤਾ ਫੌਜਾ ਸਿੰਘ ਦੀ ਪ੍ਰੇਰਨਾ ਨਾਲ ਨੈਸ਼ਨਲ ਸਟਾਈਲ ਕਬੱਡੀ ਖੇਡਣੀ ਆਰੰੰਭ ਕੀਤੀ ਅਤੇ ਸਕੂਲੀ ਖੇਡਾਂ 'ਚ ਪੰਜਾਬ ਪੱਧਰ ਤੱਕ ਖੇਡਣ ਦਾ ਮਾਣ ਪ੍ਰਾਪਤ ਕੀਤਾ। ਇਸੇ ਦੌਰਾਨ ਉਹ 1988 'ਚ ਪੰਜਾਬ ਪੁਲਿਸ 'ਚ ਭਰਤੀ ਹੋ ਗਏ ਅਤੇ ਉਸ ਸਮੇਂ ਦੇ ਨਾਮਵਰ ਖਿਡਾਰੀ ਬਲਵਿੰਦਰ ਸਿੰਘ ਫਿੱਡੂ ਹੁਰਾਂ ਨਾਲ 8 ਸਾਲ ਕੌਮੀ ਪੱਧਰ 'ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ, ਜਿਸ ਦੌਰਾਨ ੳਨ੍ਹਾਂ 7 ਵਾਰ ਕੌਮੀ ਚੈਂਪੀਅਨ ਅਤੇ 1 ਵਾਰ ਉਪ-ਜੇਤੂ ਬਣੀ ਪੰਜਾਬ ਦੀ ਟੀਮ ਦਾ ਹਿੱਸਾ ਬਣਨ ਦਾ ਮਾਣ ਪ੍ਰਾਪਤ ਕੀਤਾ। ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਦੀ ਪ੍ਰੇਰਨਾ ਸਦਕਾ ਪਰਮਜੀਤ ਸਿੰਘ ਨੇ 2002 'ਚ ਡਿਪੋਲਮਾ ਇਨ ਕੋਚਿੰਗ (ਐਨ.ਆਈ.ਐਸ.) ਪਾਸ ਕੀਤਾ ਅਤੇ ਪੰਜਾਬ ਪੁਲਿਸ ਦੀ ਟੀਮ ਦੀ ਬਤੌਰ ਕਬੱਡੀ ਕੋਚ ਕਮਾਂਡ ਸੰਭਾਲ ਲਈ।
ਸ: ਫਿੱਡੂ ਹੁਰਾਂ ਤੋਂ ਬਾਅਦ ਨਿਘਾਰ 'ਚ ਆਈ ਪੰਜਾਬ ਪੁਲਿਸ ਤੇ ਪੰਜਾਬ ਦੀ ਟੀਮ ਨੂੰ ਮੁੜ ਬੁਲੰਦੀਆਂ ਵੱਲ ਤੋਰਨ ਦਾ ਸਿਹਰਾ ਕੋਚ ਇੰਸਪੈਕਟਰ ਪਰਮਜੀਤ ਸਿੰਘ ਪੰਮੀ ਨੂੰ ਜਾਂਦਾ ਹੈ, ਜਿਨ੍ਹਾਂ ਦੀ ਸਿਖਲਾਈ ਯਾਫਤਾ ਪੰਜਾਬ ਦੀ ਟੀਮ ਨੇ 2004 'ਚ ਪਿਹੋਵਾ ਵਿਖੇ ਹੋਈ ਕੌਮੀ ਸੀਨੀਅਰ ਚੈਂਪੀਅਨਸ਼ਿਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਫਿਰ ਇੰਡੋ-ਪਾਕਿ ਪੰਜਾਬ ਖੇਡਾਂ 'ਚ ਵੀ ਜੇਤੂ ਰਹੀ ਭਾਰਤੀ ਪੰਜਾਬ ਦੀ ਟੀਮ ਦੇ ਕੋਚ ਵੀ ਪਰਮਜੀਤ ਸਿੰਘ ਪੰਮੀ ਸਨ। ਇਸ ਉਪਰੰਤ ਪੰਜਾਬ ਦੀ ਟੀਮ ਨੇ ਕੋਚ ਪੰਮੀ ਦੀ ਅਗਵਾਈ 'ਚ 2006 'ਚ ਕੌਮੀ ਪੱਧਰ 'ਤੇ ਉਪ-ਜੇਤੂ ਅਤੇ 2008 'ਚ ਕਾਂਸੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਨਾਲ ਹੀ ਪੰਜਾਬ ਦੀ ਟੀਮ ਨੇ ਕੌਮੀ ਫੈਡਰੇਸ਼ਨ ਕੱਪ 'ਚੋਂ ਦੋ ਵਾਰ ਕਾਂਸੀ ਦੇ ਤਗਮੇ ਵੀ ਜਿੱਤੇ। ਇਸ ਦੇ ਨਾਲ ਹੀ ਉਨ੍ਹਾਂ ਦੀ ਅਗਵਾਈ 'ਚ ਪੰਜਾਬ ਦੀਆਂ ਲੜਕੀਆਂ ਦੀ ਟੀਮ ਨੇ ਵੀ ਕੌਮੀ ਪੱਧਰ 'ਤੇ ਤਗਮੇ ਜਿੱਤਣ ਦਾ ਐਜ਼ਾਜ਼ ਹਾਸਲ ਕੀਤਾ ਹੈ। ਪਰਮਜੀਤ ਸਿੰਘ ਦੀ ਅਗਵਾਈ 'ਚ ਪੰਜਾਬ ਪੁਲਿਸ ਦੇ ਗੱਭਰੂਆਂ ਦੀ ਕਬੱਡੀ ਟੀਮ ਨੇ ਕੁੱਲ ਹਿੰਦ ਪੁਲਿਸ ਖੇਡਾਂ 'ਚੋਂ 2005 ਤੋਂ ਲੈ ਕੇ 4 ਵਾਰ ਸੋਨ, 2 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਪੰਜਾਬ ਪੁਲਿਸ ਦੀ ਲੜਕੀਆਂ ਦੀ ਟੀਮ ਵੀ ਪਿਛਲੇ 3 ਸਾਲਾਂ ਤੋਂ ਕੁੱਲ ਹਿੰਦ ਪੁਲਿਸ ਖੇਡਾਂ ਦੀ ਚੈਂਪੀਅਨ ਟੀਮ ਬਣੀ ਹੋਈ ਹੈ।
ਕੋਚ ਪਰਮਜੀਤ ਸਿੰਘ ਦੇ ਸ਼ਗਿਰਦਾਂ 'ਚ ਸਭ ਤੋਂ ਵੱਡਾ ਮਾਣ ਗੁਰਪ੍ਰੀਤ ਸਿੰਘ ਦਿੜ੍ਹਬਾ ਨੇ ਏਸ਼ੀਅਨ ਖੇਡਾਂ ਦਾ ਸੋਨ ਤਗਮਾ, ਮਨਿੰਦਰ ਸਿੰਘ ਨੇ ਏਸ਼ੀਅਨ ਚੈਂਪੀਅਨਸ਼ਿਪ 'ਚੋਂ ਸੋਨ ਅਤੇ ਏਸ਼ੀਅਨ ਖੇਡਾਂ 'ਚੋਂ ਕਾਂਸੀ, ਰਣਦੀਪ ਕੌਰ ਖਹਿਰਾ ਨੇ ਏਸ਼ੀਅਨ ਚੈਂਪੀਅਨਸ਼ਿਪ 'ਚੋਂ ਸੋਨ ਅਤੇ ਏਸ਼ੀਅਨ ਖੇਡਾਂ 'ਚੋਂ ਚਾਂਦੀ ਦਾ ਤਗਮਾ, ਵੀਰਪਾਲ ਕੌਰ ਵੀਰੂ ਨੇ ਏਸ਼ੀਅਨ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤ ਕੇ ਹਾਸਲ ਕੀਤਾ ਹੈ। ਰਣਦੀਪ ਕੌਰ ਖਹਿਰਾ ਨੇ ਸਰਕਲ ਸਟਾਈਲ ਕਬੱਡੀ ਦੀ ਵਿਸ਼ਵ ਚੈਂਪੀਅਨ ਬਣਨ ਦੇ ਨਾਲ-ਨਾਲ ਸੰਸਾਰ ਦੀ ਸਰਵੋਤਮ ਸਟਾਪਰ ਬਣਨ ਦਾ ਮਾਣ ਹਾਸਲ ਕੀਤਾ। ਇਸ ਤੋਂ ਇਲਾਵਾ ਕੋਚ ਪੰਮੀ ਦੇ ਸ਼ਗਿਰਦ ਮਨਿੰਦਰ ਸਿੰਘ, ਰਣ ਸਿੰਘ ਦਿੜ੍ਹਬਾ, ਸੁਨੀਲ ਕੁਮਾਰ, ਹਰਵਿੰਦਰ ਕਾਲਾ, ਜਸਵੀਰ ਸਿੰਘ, ਵਰਿੰਦਰ ਫਰੀਦਕੋਟ ਤੇ ਗੁਰਪ੍ਰੀਤ ਸਿੰਘ ਦਿੜ੍ਹਬਾ ਨੇ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਲੀਗਜ਼ 'ਚ ਸ਼ੁਮਾਰ ਪਰੋ ਕਬੱਡੀ ਲੀਗ 'ਚ ਖੇਡਣ ਦਾ ਮਾਣ ਹਾਸਲ ਕੀਤਾ ਹੈ। ਸਰਕਲ ਕਬੱਡੀ ਦੇ ਖਿਡਾਰੀ ਵਜੋਂ ਵੀ ਸਮਾਂਤਰ ਨਾਮਣਾ ਖੱਟਣ ਵਾਲੇ ਇੰਸਪੈਕਟਰ ਤੇ ਕੋਚ ਪਰਮਜੀਤ ਸਿੰਘ ਪੰਮੀ ਦਾ ਟੋਰਾਂਟੋ ਵਿਖੇ ਓਂਟਾਰੀਓ ਕਬੱਡੀ ਫੈਡਰੇਸ਼ਨ ਵਲੋਂ ਅਤੇ ਸ਼ਾਰਜਾਹ (ਦੁਬਈ) ਵਿਖੇ ਸਨਮਾਨ ਵੀ ਕੀਤਾ ਜਾ ਚੁੱਕਿਆ ਹੈ।


-ਪਟਿਆਲਾ। ਮੋਬਾ: 97795-90575

ਹਸੀਨ ਵਾਦੀਆਂ ਦੀ ਖ਼ੂਬਸੂਰਤ ਖਿਡਾਰਨ ਹੈ-ਗਰਿਮਾ ਜੋਸ਼ੀ

'ਕਬ ਇੰਤਹਾ ਲੇ ਲੇ ਜ਼ਿੰਦਗੀ ਕੁਛ ਕਹਿ ਨਹੀਂ ਸਕਤੇ, ਕਿਸ ਔਰ ਲੇ ਚਲੇ ਕਿਸਮਤ ਕੁਛ ਕਹਿ ਨਹੀਂ ਸਕਤੇ, ਪਰ ਇਰਾਦੇ ਹੋਂ ਬੁਲੰਦ ਤੋ ਸਭ ਸੰਭਲ ਜਾਤਾ ਹੈ, ਜੋ ਹੋ ਗਿਆ ਦੂਰ ਹਮਸੇ ਵੋ ਭੀ ਮਿਲ ਜਾਤਾ ਹੈ।' ਇਨ੍ਹਾਂ ਸਤਰਾਂ ਨੂੰ ਸੱਚ ਕਰ ਵਿਖਾਇਆ ਹੈ ਦੇਵਤਿਆਂ ਦੀ ਵਰੋਸਾਈ ਭੂਮੀ ਉੱਤਰਾਖੰਡ ਦੇ ਜ਼ਿਲ੍ਹਾ ਅਲਮੋੜਾ ਦੀਆਂ ਖੂਬਸੂਰਤ ਵਾਦੀਆਂ ਜਾਣੀ ਸ਼ਹਿਰ ਰਾਣੀਖੇਤ ਦੀ ਖੂਬਸੂਰਤ ਮੁਟਿਆਰ ਵੀਲ੍ਹਚੇਅਰ ਖਿਡਾਰਨ ਗਰਿਮਾ ਜੋਸ਼ੀ ਨੇ, ਜਿਸ ਨੇ ਹਾਦਸਾ ਹੋਣ ਦੇ ਬਾਵਯੂਦ ਵੀ ਹੌਸਲਾ ਨਹੀਂ ਹਾਰਿਆ ਅਤੇ ਉਸ ਦੀਆਂ ਪ੍ਰਾਪਤੀਆਂ ਦੱਸਦੀਆਂ ਹਨ ਕਿ ਇਕ ਦਿਨ ਇਹ ਖਿਡਾਰਨ ਸੰਸਾਰ ਦੇ ਚੋਟੀ ਦੇ ਪੈਰਾ-ਖਿਡਾਰੀਆਂ ਵਿਚ ਸ਼ਾਮਲ ਹੋਵੇਗੀ ਅਤੇ ਭਾਰਤ ਦਾ ਮਾਣ ਬਣੇਗੀ। ਗਰਿਮਾ ਜੋਸ਼ੀ ਦਾ ਜਨਮ 21 ਅਕਤੂਬਰ, 1998 ਨੂੰ ਪਿਤਾ ਪੂਰਨ ਚੰਦ ਜੋਸ਼ੀ ਦੇ ਘਰ ਮਾਤਾ ਆਸ਼ਾ ਜੋਸ਼ੀ ਦੀ ਕੁੱਖੋਂ ਹੋਇਆ। ਗਰਿਮਾ ਜੋਸ਼ੀ ਬਚਪਨ ਤੋਂ ਹੀ ਫੁਰਤੀਲੀ ਸੀ ਅਤੇ ਇਸ ਫੁਰਤੀਲੇਪਨ ਸਦਕਾ ਹੀ ਉਹ ਸਕੂਲ ਪੱਧਰ ਤੋਂ ਲੈ ਕੇ ਕਾਲਜ ਤੱਕ ਕ੍ਰਿਕਟ ਤੋਂ ਲੈ ਕੇ ਬਾਸਕਟਬਾਲ, ਫੁੱਟਬਾਲ, ਬੈਡਮਿੰਟਨ ਖੇਡਣ ਦੇ ਨਾਲ-ਨਾਲ ਦੌੜ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੀ ਅਤੇ ਉਹ ਇੰਟਰਯੂਨੀਵਰਸਿਟੀ ਅਤੇ ਨੈਸ਼ਨਲ ਪੱਧਰ ਤੱਕ ਮੱਲਾਂ ਮਾਰ ਰਹੀ ਸੀ ਅਤੇ ਜਦ ਉੱਤਰਾਖੰਡ ਦੀ ਇਹ ਉਡਨਪਰੀ ਗਰਿਮਾ ਜੋਸ਼ੀ ਦਾ ਸਿਤਾਰਾ ਬੁਲੰਦੀਆਂ ਸਰ ਕਰ ਰਿਹਾ ਸੀ ਤਾਂ ਇਕ ਦਿਨ ਉਹ ਕਾਲਜ ਵਿਚ ਆਪਣੀਆਂ ਸਾਥਣ ਖਿਡਾਰਨਾਂ ਨਾਲ 31 ਮਈ, 2018 ਨੂੰ ਸੜਕ 'ਤੇ ਦੌੜ ਲਗਾ ਰਹੀ ਸੀ ਤਾਂ ਉਸ ਨੂੰ ਤੇਜ਼ ਰਫਤਾਰ ਕਾਰ ਨੇ ਲਪੇਟ ਵਿਚ ਲੈ ਲਿਆ ਅਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ।
ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਰੀੜ੍ਹ ਦੀ ਹੱਡੀ ਵਿਚ ਫੈਕਚਰ ਹੋਣ ਦੀ ਪੁਸ਼ਟੀ ਕਰ ਦਿੱਤੀ ਅਤੇ ਗਰਿਮਾ ਜੋਸ਼ੀ ਜਾਣੀ ਸਪਾਈਨਲ ਕੋਰਡ ਇੰਜਰੀ ਤੋਂ ਸਦਾ ਲਈ ਪੀੜਤ ਹੋ ਗਈ ਅਤੇ ਕੱਲ੍ਹ ਜਿਹੜੀ ਗਰਿਮਾ ਜੋਸ਼ੀ ਉਡਣਪਰੀ ਦੇ ਨਾਂਅ ਨਾਲ ਜਾਣੀ ਜਾਂਦੀ ਸੀ, ਅੱਜ ਉਸ ਦੀ ਜ਼ਿੰਦਗੀ ਵੀਲ੍ਹਚੇਅਰ 'ਤੇ ਆ ਕੇ ਰੁਕ ਗਈ ਪਰ ਐਡਾ ਹਾਦਸਾ ਹੋਣ ਦੇ ਬਾਵਯੂਦ ਉਸ ਦੇ ਅੰਦਰ ਖੇਡ ਭਾਵਨਾ ਦਾ ਜਨੂੰਨ ਮੱਠਾ ਨਹੀਂ ਪਿਆ ਅਤੇ ਉਸ ਦੇ ਜਨੂੰਨ ਨੇ ਉਸ ਨੂੰ ਵੀਲ੍ਹਚੇਅਰ 'ਤੇ ਹੀ ਦੌੜਨ ਲਈ ਮਜਬੂਰ ਕਰ ਦਿੱਤਾ। 21 ਅਕਤੂਬਰ, 2018 ਨੂੰ ਉਸ ਨੇ ਦਿੱਲੀ ਵਿਚ ਹੋਈ 3 ਕਿਲੋਮੀਟਰ ਦੀ ਮੈਰਾਥਨ ਦੌੜ ਵਿਚ ਹਿੱਸਾ ਲਿਆ, ਜਿੱਥੇ ਉਸ ਨੇ ਦੂਸਰੀ ਪੁਜ਼ੀਸ਼ਨ ਲੈ ਕੇ ਆਪਣੇ-ਆਪ ਨੂੰ ਵੀਲ੍ਹਚੇਅਰ ਦੌੜਾਕ ਵਜੋਂ ਸਾਬਤ ਕਰ ਦਿੱਤਾ। 2 ਦਸੰਬਰ, 2018 ਨੂੰ ਹੀ ਦਿੱਲੀ ਵਿਚ ਵਰਲਡ ਡਿਸਏਬਲਟੀ ਦਿਨ ਮਨਾਇਆ ਗਿਆ ਅਤੇ ਉਸ ਨੇ 500 ਮੀਟਰ ਵੀਲ੍ਹਚੇਅਰ ਰੇਸ ਵਿਚ ਪਹਿਲੀ ਪੁਜ਼ੀਸਨ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
9 ਦਸੰਬਰ, 2018 ਨੂੰ 10 ਕਿਲੋਮੀਟਰ ਦੀ ਮੈਰਾਥਨ ਦੌੜ ਵਿਚ 9 ਖਿਡਾਰੀਆਂ ਦੇ ਸਖਤ ਮੁਕਾਬਲੇ ਵਿਚ ਉਸ ਨੇ ਪਹਿਲਾ ਸਥਾਨ ਹਾਸਲ ਕੀਤਾ। ਗਰਿਮਾ ਜੋਸ਼ੀ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਦੀ ਹੋਈ ਉੱਤਰਾਖੰਡ ਦੀ ਸਰਕਾਰ ਨੇ ਆਪਣੇ ਸੁੰਦਰ ਪ੍ਰਦੇਸ਼ ਦੀ ਖੂਬਸੂਰਤ ਧੀ ਨੂੰ ਲਾਈਫਟਾਈਮ ਐਚੀਵਮੈਂਟ 2018 ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ। ਗਰਿਮਾ ਜੋਸ਼ੀ ਨੇ ਦੱਸਿਆ ਕਿ ਹੁਣ ਉਹ ਇਕੱਲੀ ਵੀਲ੍ਹਚੇਅਰ 'ਤੇ ਦੌੜਨ ਦੇ ਨਾਲ-ਨਾਲ ਅਥਲੈਟਿਕ ਵਿਚ ਡਿਸਕਸ ਥਰੋ ਅਤੇ ਜੈਵਲਿਨ ਥਰੋ ਵੀ ਖੇਡੇਗੀ ਅਤੇ ਆਉਣ ਵਾਲੇ ਸਮੇਂ ਵਿਚ ਪੈਰਾ ਉਲੰਪਿਕ ਵਿਚ ਆਪਣੀ ਜਗ੍ਹਾ ਬਣਾ ਕੇ ਆਪਣੇ ਪ੍ਰਾਂਤ ਅਤੇ ਦੇਸ਼ ਦਾ ਨਾਂਅ ਚਮਕਾਏਗੀ। ਗਰਿਮਾ ਜੋਸ਼ੀ ਆਪਣੇ ਇਸ ਖੇਤਰ ਵਿਚ ਬਹੁਤ ਹੀ ਰਿਣੀ ਹੈ ਆਪਣੀ ਮੰਮੀ ਆਸਾ ਜੋਸ਼ੀ ਦੀ, ਜੋ ਕੈਂਸਰ ਤੋਂ ਪੀੜਤ ਹੋਣ ਦੇ ਬਾਵਜੂਦ ਵੀ ਉਸ ਨੂੰ ਹਮੇਸ਼ਾ ਸਪੋਰਟ ਕਰਦੀ ਹੈ ਅਤੇ ਉਸ ਨੂੰ ਸਦਾ ਮਾਣ ਹੈ ਆਪਣੇ ਕਰੀਬੀ ਦੋਸਤ ਹਨੀ ਸਿੰਘ 'ਤੇ, ਜਿਸ ਨੇ ਉਸ ਨੂੰ ਹਮੇਸ਼ਾ ਹੀ ਉਤਸ਼ਾਹਤ ਕੀਤਾ ਹੈ। ਗਰਿਮਾ ਜੋਸ਼ੀ ਬਾਰੇ ਇਹੀ ਆਖਿਆ ਜਾ ਸਕਦਾ ਹੈ ਕਿ, 'ਨਾ ਥਕੇਂਗੇ ਨਾ ਰੁਕੇਂਗੇ, ਮੰਜ਼ਲ ਪਾਨੀ ਹੈ, ਨਾ ਹਾਦਸੋਂ ਕੇ ਆਗੇ ਝੁਕੇਂਗੇ। '


-ਮੋਬਾ: 98551-14484


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX