ਤਾਜਾ ਖ਼ਬਰਾਂ


ਪੁਲਿਸ ਚੈਕਿੰਗ ਦੌਰਾਨ ਕਾਰ ਛੱਡ ਫ਼ਰਾਰ ਹੋਏ ਗੈਂਗਸਟਰ
. . .  1 day ago
ਜਲੰਧਰ, 23 ਫਰਵਰੀ - ਜਲੰਧਰ-ਫਗਵਾੜਾ ਮੁੱਖ ਜੀ.ਟੀ ਰੋਡ 'ਤੇ ਪਰਾਗਪੁਰ ਵਿਖੇ ਪੁਲਿਸ ਚੈਕਿੰਗ ਦੌਰਾਨ ਤਿੰਨ ਦੇ ਕਰੀਬ ਗੈਂਗਸਟਰ ਇਨੋਵਾ ਕਾਰ ਛੱਡ ਕੇ ਜਮਸ਼ੇਰ ਵੱਲ ਨੂੰ ਫ਼ਰਾਰ...
ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  1 day ago
ਫ਼ਿਰੋਜਪੁਰ 23 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਹਿੰਦ ਪਾਕਿ ਕੌਮੀ ਸਰਹੱਦ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਕੀ ਸ਼ਾਮੇ ਕੇ ਦੇ ਖੇਤਰ ਵਿਚੋਂ 136 ਬਟਾਲੀਅਨ ਬੀਐਸਐਫ...
ਰਾਮ ਵਿਲਾਸ ਪਾਸਵਾਨ ਵੱਲੋਂ ਪੰਜਾਬ ਹਰਿਆਣਾ ਦੇ ਐਫ.ਸੀ.ਆਈ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਜ਼ੀਰਕਪੁਰ, 23 ਫਰਵਰੀ, (ਹਰਦੀਪ ਹੈਪੀ ਪੰਡਵਾਲਾ) - ਕੇਂਦਰੀ ਖਪਤਕਾਰ ਮਾਮਲੇ , ਖਾਦ ਅਤੇ ਸਰਵਜਨਕ ਵਿਤਰਨ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਪਟਿਆਲਾ - ਜ਼ੀਰਕਪੁਰ ਸੜਕ...
ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  1 day ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  1 day ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  1 day ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  1 day ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  1 day ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਝੂਠ ਬੋਲਣ ਦੀ ਸਜ਼ਾ

ਪਿਆਰੇ ਬੱਚਿਓ! ਜਦੋਂ ਕੋਈ ਬੰਦਾ ਝੂਠ ਬੋਲਦਾ ਹੈ, ਉਸ ਨੂੰ ਕੋਈ ਹੋਰ ਸਜ਼ਾ ਦੇਵੇ ਜਾਂ ਨਾ ਦੇਵੇ ਪਰ ਉਸ ਦੀ ਝੂਠ ਬੋਲਣ ਦੀ ਗ਼ਲਤੀ ਹੀ ਉਸ ਨੂੰ ਅਜਿਹੀ ਸਜ਼ਾ ਦਿੰਦੀ ਹੈ ਕਿ ਪਛਤਾਵੇ ਤੋਂ ਬਿਨਾਂ ਉਸ ਕੋਲ ਕੋਈ ਚਾਰਾ ਨਹੀਂ ਰਹਿੰਦਾ | ਬਸ ਉਸ ਪੱਲੇ ਕੇਵਲ ਹੰਝੂ ਵਹਾਉਣਾ ਹੀ ਰਹਿ ਜਾਂਦਾ ਹੈ | ਛੇਵੀਂ ਜਮਾਤ ਵਿਚ ਪੜ੍ਹਦੀ ਮਿਨਾਕਸ਼ੀ ਨਾਂਅ ਦੀ ਲੜਕੀ ਨਾਲ ਅਜਿਹਾ ਹੀ ਵਾਪਰਿਆ | ਉਸ ਦੇ ਪਿਤਾ ਵਿਦੇਸ਼ ਤੋਂ ਉਸ ਲਈ ਇਕ ਬਹੁਤ ਹੀ ਖੂਬਸੂਰਤ ਗੱੁਡੀ ਲੈ ਕੇ ਆਏ | ਉਸ ਗੱੁਡੀ ਦੇ ਭੂਰੇ, ਚਮਕਦਾਰ ਵਾਲ, ਪਿਆਰੀਆਂ ਨੀਲੀਆਂ ਅੱਖਾਂ ਦੇਖਣ ਵਾਲੇ ਨੂੰ ਮੋਹ ਲੈਂਦੀਆਂ | ਉਹ ਸਕੂਲੋਂ ਆ ਕੇ ਕਈ-ਕਈ ਘੰਟੇ ਉਸ ਗੱੁਡੀ ਨਾਲ ਖੇਡਦੀ ਰਹਿੰਦੀ | ਇਥੋਂ ਤੱਕ ਕਿ ਕਈ ਵਾਰ ਸਕੂਲੋਂ ਘਰ ਦਾ ਮਿਲਿਆ ਕੰਮ ਕਰਨਾ ਵੀ ਉਸ ਨੂੰ ਭੱੁਲ ਜਾਂਦਾ, ਜਿਸ ਕਰਕੇ ਅਧਿਆਪਕਾਂ ਤੋਂ ਵੀ ਉਸ ਨੂੰ ਡਾਂਟ ਖਾਣੀ ਪੈਂਦੀ |
ਉਸ ਦੀ ਮੰਮੀ ਅਕਸਰ ਉਸ ਨੂੰ ਸਮਝਾਉਂਦੀ ਕਿ ਉਹ ਸਕੂਲ ਦਾ ਕੰਮ ਖ਼ਤਮ ਕਰਕੇ ਹੀ ਗੱੁਡੀ ਨਾਲ ਖੇਡਿਆ ਕਰੇ | ਉਸ ਦਾ ਗੱੁਡੀ ਨਾਲ ਅਥਾਹ ਪਿਆਰ ਦੇਖ ਕੇ ਮੰਮੀ ਉਸ ਨੂੰ ਗੱੁਡੀ ਨੂੰ ਧਿਆਨ ਨਾਲ ਸੰਭਾਲ ਕੇ ਰੱਖਣ ਲਈ ਕਹਿੰਦੀ ਪਰ ਮਿਨਾਕਸ਼ੀ ਨੂੰ ਗਲੀ-ਗੁਆਂਢ ਦੇ ਬੱਚਿਆਂ ਦੇ ਘਰਾਂ 'ਚ ਜਾ ਕੇ ਆਪਣੀ ਗੱੁਡੀ ਦਿਖਾ ਸ਼ੇਖੀਆਂ ਮਾਰਨ ਦੀ ਭੈੜੀ ਵਾਦੀ ਸੀ | ਮੰਮੀ ਉਸ ਨੂੰ ਸ਼ੇਖੀਆਂ ਮਾਰਨ ਤੋਂ ਰੋਕਦੀ ਰਹਿੰਦੀ ਪਰ ਮਿਨਾਕਸ਼ੀ ਆਦਤ ਤੋਂ ਮਜਬੂਰ ਸੀ | ਇਸ ਆਦਤ ਨੂੰ ਪੂਰਾ ਕਰਨ ਲਈ ਕਈ ਵਾਰ ਉਹ ਮੰਮੀ ਨਾਲ ਝੂਠ ਵੀ ਬੋਲਦੀ | ਇਕ ਦਿਨ ਉਸ ਦੇ ਮਨ ਵਿਚ ਆਇਆ ਕਿ ਉਹ ਗੱੁਡੀ ਨੂੰ ਸਕੂਲ ਲਿਜਾ ਕੇ ਆਪਣੀਆਂ ਹਮਜਮਾਤਣ ਕੁੜੀਆਂ ਨੂੰ ਦਿਖਾ ਕੇ ਆਪਣੀ ਟੌਹਰ ਬਣਾਵੇ | ਇਹ ਸੋਚ ਕੇ ਉਸ ਨੇ ਮੰਮੀ ਤੋਂ ਅੱਖ ਬਚਾ ਕੇ ਗੱੁਡੀ ਆਪਣੇ ਸਕੂਲ ਬੈਗ ਵਿਚ ਪਾ ਲਈ | ਮੰਮੀ ਨੇ ਉਸ ਨੂੰ ਪੱੁਛਿਆ ਕਿ ਉਸ ਨੇ ਗੱੁਡੀ ਨੂੰ ਸੰਭਾਲ ਕੇ ਆਪਣੇ ਕਮਰੇ ਵਿਚ ਰੱਖ ਦਿੱਤਾ ਹੈ? ਉਸ ਨੇ ਤੁਰੰਤ ਝੂਠ ਬੋਲਦਿਆਂ ਕਿਹਾ ਕਿ ਆਪਣੇ ਕਮਰੇ ਦੀ ਅਲਮਾਰੀ ਵਿਚ ਉਸ ਨੇ ਗੱੁਡੀ ਨੂੰ ਸੰਭਾਲ ਕੇ ਰੱਖ ਦਿੱਤਾ ਹੈ | ਸਕੂਲ ਆ ਕੇ ਉਹ ਆਪਣੀਆਂ ਸਹੇਲੀਆਂ ਨੂੰ ਗੱੁਡੀ ਦਿਖਾ ਕੇ ਸ਼ੇਖੀਆਂ ਮਾਰਦਿਆਂ ਟੌਹਰ ਬਣਾਉਣ ਲੱਗੀ | ਵਿਹਲੇ ਪੀਰੀਅਡ ਜਦੋਂ ਉਹ ਗੱੁਡੀ ਲੈ ਕੇ ਸਹੇਲੀਆਂ ਨਾਲ ਖੇਡ ਰਹੀ ਸੀ ਤਾਂ ਬੱਬੀ ਨਾਂਅ ਦੀ ਕੁੜੀ ਨੇ ਸ਼ਰਾਰਤੀ ਢੰਗ ਨਾਲ ਉਸ ਤੋਂ ਗੱੁਡੀ ਖੋਹ ਲਈ | ਜਦੋਂ ਉਸ ਨੇ ਬੱਬੀ ਤੋਂ ਮੁੜ ਗੱੁਡੀ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਇਸ ਖਿੱਚਾਧੂਹੀ ਵਿਚ ਉਸ ਦੀ ਸੋਹਣੀ ਅਤੇ ਖੂਬਸੂਰਤ, ਨੀਲੀਆਂ ਅੱਖਾਂ ਵਾਲੀ, ਭੂਰੇ ਚਮਕਦਾਰ ਵਾਲਾਂ ਵਾਲੀ ਗੱੁਡੀ ਬੁਰੀ ਤਰ੍ਹਾਂ ਟੱੁਟ ਕੇ ਖਿਲਰ ਗਈ | ਇਹ ਦੇਖ ਕੇ ਉਹ ਫੱੁਟ-ਫੱੁਟ ਕੇ ਰੋਣ ਲੱਗੀ | ਹੁਣ ਕੁਝ ਨਹੀਂ ਸੀ ਹੋ ਸਕਦਾ | ਜੇ ਘਰ ਦੱਸਦੀ ਤਾਂ ਮੰਮੀ ਨੇ ਗੱੁਸੇ ਹੋਣਾ ਸੀ, ਕਿਉਂਕਿ ਉਹ ਘਰੋਂ ਮੰਮੀ ਕੋਲ ਝੂਠ ਬੋਲ ਕੇ ਗੱੁਡੀ ਲਿਆਈ ਸੀ | ਮਿਨਾਕਸ਼ੀ ਨੂੰ ਝੂਠ ਬੋਲਣ ਦੀ ਸਜ਼ਾ ਮਿਲ ਚੱੁਕੀ ਸੀ | ਸੋ ਬੱਚਿਓ, ਝੂਠ ਬੋਲਣਾ ਜਾਂ ਸ਼ੇਖੀ ਮਾਰਨਾ ਕਈ ਵਾਰ ਮਹਿੰਗਾ ਪੈਂਦਾ ਹੈ |


ਖ਼ਬਰ ਸ਼ੇਅਰ ਕਰੋ

ਲੈਂਪ ਵਾਲੀ ਲੇਡੀ ਕੌਣ ਸੀ?

ਬੱਚਿਓ, 19ਵੀਂ ਸਦੀ ਵਿਚ ਔਰਤਾਂ ਨੂੰ ਨਰਸਾਂ ਬਣਨਾ ਚੰਗਾ ਨਹੀਂ ਸਮਝਿਆ ਜਾਂਦਾ ਸੀ, ਕਿਉਂਕਿ ਉਹ ਅਣਸਿੱਖਿਅਤ ਅਤੇ ਮੁਸ਼ਕਿਲ ਹਾਲਾਤ ਵਿਚ ਕੰਮ ਕਰਦੀਆਂ ਸਨ | ਇਕ ਔਰਤ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਨਰਸ ਦੇ ਕਿੱਤੇ ਨੂੰ ਅਪਣਾਇਆ ਹੀ ਨਹੀਂ, ਬਲਕਿ ਬਣਦਾ ਮਾਣ-ਸਤਿਕਾਰ ਵੀ ਦਿਵਾਇਆ | ਇਸ ਮਹਾਨ ਨਰਸ ਦਾ ਨਾਂਅ ਫਲੋਰੈਂਸ ਨਾਈਟਿੰਗੇਲ ਸੀ, ਜਿਸ ਨੂੰ ਲੇਡੀ ਵਿਦ ਦੀ ਲੈਂਪ' ਵੀ ਕਿਹਾ ਜਾਂਦਾ ਹੈ |
ਫਲੋਰੈਂਸ ਦਾ ਜਨਮ 1820 ਈ: ਵਿਚ ਇਟਲੀ ਦੇ ਸ਼ਹਿਰ ਫਲੋਰੈਂਸ ਵਿਚ ਇਕ ਅਮੀਰ ਪਰਿਵਾਰ ਵਿਚ ਹੋਇਆ | ਉਹ ਸਾਰਾ ਜੀਵਨ ਬਿਨਾਂ ਕੰਮ ਕੀਤਿਆਂ ੍ਰਸ਼ਾਹੀ ਠਾਠਾਂ ਵਾਂਗ ਬਿਤਾ ਸਕਦੀ ਸੀ ਪਰ ਉਸ ਵਿਚ ਨਰਸ ਬਣ ਕੇ ਲੋਕਾਂ ਦੀ ਸੇਵਾ ਕਰਨ ਦਾ ਜਨੂੰਨ ਕੱੁਟ-ਕੱੁਟ ਕੇ ਭਰਿਆ ਹੋਇਆ ਸੀ | ਉਸ ਨੇ ਨਰਸ ਦੀ ਸਿਖਲਾਈ ਪ੍ਰਾਪਤ ਕੀਤੀ ਅਤੇ ਇਕ ਹਸਪਤਾਲ ਵਿਚ ਨਰਸ ਲੱਗ ਗਈ |
1853 ਈ: ਵਿਚ ਕਰੀਮਨ ਪ੍ਰਾਇਦੀਪ ਵਿਚ ਉਟੇਮਨ ਵਿਖੇ ਸ਼ਾਸਕ ਬਣਨ ਲਈ ਲੰਬੀ ਲੜਾਈ ਲੱਗ ਗਈ | ਉਸ ਨੇ ਲੜਾਈ ਵਿਚ ਜਾਣ ਦੀ ਪ੍ਰਵਾਨਗੀ ਪ੍ਰਾਪਤ ਕੀਤੀ ਤੇ ਆਪਣੀਆਂ ਹੋਰ 37 ਸਾਥਣਾਂ ਨਾਲ ਕਰੀਮਨ ਦੇ ਸਕੁਰਤੀ ਮਿਲਟਰੀ ਹਸਪਤਾਲ ਵਿਚ ਪਹੁੰਚ ਗਈ | ਹਸਪਤਾਲ ਦੀ ਹਾਲਤ ਬਹੁਤ ਹੀ ਭੈੜੀ ਸੀ | ਉਸ ਨੇ ਹਸਪਤਾਲ ਦੀ ਸਫ਼ਾਈ ਕਰਵਾਈ ਅਤੇ ਲੋੜੀਂਦੀਆਂ ਵਸਤੂਆਂ ਮੁਹੱਈਆ ਕਰਵਾਈਆਂ | ਉਹ ਜ਼ਖਮੀ ਮਰੀਜ਼ਾਂ ਦਾ ਨਿੱਜੀ ਧਿਆਨ ਰੱਖਦੀ ਸੀ | ਬਿਜਲੀ ਨਾ ਹੋਣ ਕਰਕੇ ਉਹ ਸਾਰੀ-ਸਾਰੀ ਰਾਤ ਬਲਦਾ ਲੈਂਪ ਲੈ ਕੇ ਮਰੀਜ਼ਾਂ ਨੂੰ ਦੇਖਦੀ ਸੀ ਕਿ ਉਹ ਠੀਕ-ਠਾਕ ਹਨ ਜਾਂ ਨਹੀਂ?
1856 ਵਿਚ ਲੜਾਈ ਖ਼ਤਮ ਹੋਈ | ਜਦੋਂ ਉਹ ਬਰਤਾਨੀਆ ਵਾਪਸ ਪੱੁਜੀ ਤਾਂ ਲੋਕਾਂ ਨੇ ਉਸ ਨੂੰ ਆਪਣੇ ਹੱਥਾਂ ਉੱਪਰ ਚੱੁਕ ਲਿਆ ਅਤੇ 'ਲੇਡੀ ਵਿਦ ਦੀ ਲੈਂਪ' ਖਿਤਾਬ ਦਿੱਤਾ | ਸੰਨ 1860 ਵਿਚ ਉਸ ਨੇ ਲੰਡਨ ਵਿਚ ਨਰਸਾਂ ਲਈ ਇਕ ਸਕੂਲ ਦੀ ਸਥਾਪਨਾ ਵੀ ਕੀਤੀ | ਉਸ ਦੀਆਂ ਸੇਵਾਵਾਂ ਬਦਲੇ ਬਰਤਾਨੀਆ ਸਰਕਾਰ ਨੇ ਉਸ ਨੂੰ ਉੱਚਾ ਸਿਵਲੀਅਨ ਇਨਾਮ ਦੇ ਕੇ ਸਨਮਾਨਿਤ ਕੀਤਾ |
ਇਹ ਮਹਾਨ ਨਾਇਕਾ 90 ਸਾਲ ਦੀ ਉਮਰ ਵਿਚ ਸੰਨ 1910 ਵਿਚ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ | ਬੱਚਿਓ, ਆਪਣੇ ਜੀਵਨ ਕਾਲ ਵਿਚ ਉਸ ਨੇ ਨਰਸਾਂ ਦੇ ਰੁਤਬੇ ਨੂੰ ਉੱਚਾ ਹੀ ਨਹੀਂ ਕੀਤਾ, ਸਗੋਂ ਆਸ ਤੋਂ ਵੱਧ ਹਸਪਤਾਲਾਂ ਦੀ ਹਾਲਤ ਵਿਚ ਸੁਧਾਰ ਵੀ ਹੋਇਆ |

-8/29, ਨਿਊ ਕੁੰਦਨਪੁਰੀ, ਲੁਧਿਆਣਾ |

ਖ਼ੂਬਸੂਰਤ ਝਰਨਿਆਂ ਦੀ ਧਰਤੀ ਹੈ ਸਹਸਰਧਾਰਾ (ਦੇਹਰਾਦੂਨ)

ਪਿਆਰੇ ਬੱਚਿਓ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਿੱਖਿਆ ਦੇ ਖੇਤਰ ਵਿਚ ਦੇਹਰਾਦੂਨ (ਰਾਜਧਾਨੀ ਉੱਤਰਾਖੰਡ) ਨੂੰ ਸਿੱਖਿਆ ਦੀ ਹੱਬ ਕਿਹਾ ਜਾਂਦਾ ਹੈ | ਇਥੇ ਇੰਡੀਅਨ ਫਾਰੈਸਟ ਰਿਸਰਚ ਸੈਂਟਰ, ਇੰਡੀਅਨ ਮਿਲਟਰੀ ਅਕੈਡਮੀ, ਪੈਟਰੋਲੀਅਮ ਯੂਨੀਵਰਸਿਟੀ ਅਤੇ ਦੂਨ ਪਬਲਿਕ ਸਕੂਲ ਵਰਗੀਆਂ ਸੰਸਥਾਵਾਂ ਹਨ, ਜਿਨ੍ਹਾਂ ਨੂੰ ਕੇਵਲ ਭਾਰਤ ਵਿਚ ਹੀ ਨਹੀਂ, ਸਗੋਂ ਸਾਰੇ ਏਸ਼ੀਆ ਵਿਚ ਵੀ ਜਾਣਿਆ ਜਾਂਦਾ ਹੈ | ਦੇਹਰਾਦੂਨ ਦਾ ਆਲਾ-ਦੁਆਲਾ ਬਹੁਤ ਹੀ ਖੂਬਸੂਰਤ ਹੈ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ | ਮਿਡਲ ਹਿਮਾਲਿਆ ਰੇਂਜ ਵਿਚ ਦੇਹਰਾਦੂਨ ਤੋਂ ਚੜ੍ਹਦੇ ਪਾਸੇ ਲਗਪਗ ਵੀਹ ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਖੂਬਸੂਰਤ ਝਰਨਿਆਂ ਦੀ ਧਰਤੀ ਸਹਸਰਧਾਰਾ, ਜਿਥੇ ਲਗਾਤਾਰ ਸੌ ਤੋਂ ਵੱਧ ਝਰਨੇ ਵਗਦੇ ਹਨ | ਲਗਾਤਾਰ ਝਰਨਿਆਂ ਦੀਆਂ ਕਈ ਧਾਰਾਵਾਂ ਵਹਿਣ ਕਾਰਨ ਇਸ ਪ੍ਰਸਿੱਧ ਸੈਰਗਾਹ ਨੂੰ ਸਹਸਰਧਾਰਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਪ੍ਰਾਚੀਨ ਇਤਿਹਾਸਕ ਹਵਾਲਿਆਂ ਅਨੁਸਾਰ ਕੌਰਵਾਂ, ਪਾਂਡਵਾਂ ਦੇ ਪ੍ਰਸਿੱਧ ਗੁਰੂ ਦਰੋਣਾਚਾਰੀਆ ਨੇ ਇਸ ਸੁੰਦਰ ਧਰਤੀ ਉੱਪਰ ਕਈ ਸਾਲ ਤਪੱਸਿਆ ਕੀਤੀ ਸੀ | ਝਰਨਿਆਂ ਦਾ ਸੀਤਲ ਜਲ ਪਹਾੜੀ ਢਲਾਨਾਂ ਵਿਚੋਂ ਵਗਦਾ ਹੋਇਆ ਦਿਲਕਸ਼ ਸੰਗੀਤ ਪੈਦਾ ਕਰਦਾ ਹੈ | ਇਸ ਪਾਣੀ ਵਿਚ ਗੰਧਕ ਦਾ ਮਿਸ਼ਰਣ ਹੋਣ ਕਾਰਨ ਇਸ ਨੂੰ ਪੀਣ ਅਤੇ ਇਸ ਵਿਚ ਨਹਾਉਣ ਨਾਲ ਮਨੱੁਖ ਦੇ ਪੇਟ ਅਤੇ ਚਮੜੀ ਦੇ ਰੋਗ ਸਦਾ ਲਈ ਦੂਰ ਹੋ ਜਾਂਦੇ ਹਨ | ਝਰਨਿਆਂ ਦੇ ਪਾਣੀਆਂ ਨੂੰ ਥਾਂ-ਥਾਂ 'ਤੇ ਰੋਕ ਕੇ ਛੋਟੇ-ਛੋਟੇ ਤਲਾਬ ਬਣਾਏ ਗਏ ਹਨ, ਜਿਥੇ ਸੈਲਾਨੀ ਮੌਜਮਸਤੀ ਕਰਦੇ ਹੋਏ ਆਮ ਦੇਖੇ ਜਾ ਸਕਦੇ ਹਨ | ਸੈਲਾਨੀ ਇਨ੍ਹਾਂ ਝਰਨਿਆਂ 'ਚ ਤਰਦੇ ਹੋਏ ਜ਼ਿੰਦਗੀ ਦਾ ਲਾਸਾਨੀ ਆਨੰਦ ਪ੍ਰਾਪਤ ਕਰਦੇ ਹਨ | ਇਨ੍ਹਾਂ ਝਰਨਿਆਂ ਦੇ ਆਲੇ-ਦੁਆਲੇ ਸੁੰਦਰ ਮਾਰਕੀਟ ਬਣੀ ਹੋਈ ਹੈ | ਪੌੜੀ-ਦਰ-ਪੌੜੀ ਚੜ੍ਹਦਿਆਂ ਇਹ ਮਾਰਕੀਟ ਪਹਾੜਾਂ ਦੇ ਉੱਪਰ ਤੱਕ ਚਲੀ ਜਾਂਦੀ ਹੈ, ਜੋ ਸੈਲਾਨੀਆਂ ਲਈ ਰੁਮਾਂਚਿਕ ਨਜ਼ਾਰਾ ਪੇਸ਼ ਕਰਦੀ ਹੈ | ਝਰਨਿਆਂ ਦੀ ਇਸ ਖੂਬਸੂਰਤ ਧਰਤੀ ਨੂੰ ਨਿਹਾਰਨ ਤੋਂ ਬਾਅਦ ਮਨੱੁਖ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ | ਇਸ ਸੈਰਗਾਹ 'ਤੇ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ | ਬੱਚਿਓ, ਆਓ ਅਸੀਂ ਇਸ ਖੂਬਸੂਰਤ ਸੈਰਗਾਹ ਦਾ ਆਨੰਦ ਮਾਣੀਏ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343

ਬੁਝਾਰਤਾਂ

1. ਮੈਂ ਲਿਆਂਦੀ ਮੱਝ, ਉਹਦੇ ਸਿੰਗ ਨਾ,
ਮੈਂ ਪਾਈ ਤੂੜੀ, ਉਹਦੇ ਪਸੰਦ ਨਾ,
ਮੈਂ ਪਾਇਆ ਖੋਰ, ਕਹਿੰਦੀ ਹੋਰ ਲਿਆ ਹੋਰ |
2. ਵੱਡਾ ਮੈਂ ਜਲ ਜੀਵ,
ਹਿਲਾ ਨਹੀਂ ਸਕਦਾ ਆਪਣੀ ਜੀਭ |
3. ਚਾਹ ਗਰਮ ਹੈ, ਗਰਮ ਹੈ ਰਹਿੰਦੀ ਕੌਫੀ, ਬੀਤੇ ਘੰਟੇ ਕਿੰਨੇ,
ਬੜੇ ਕੰਮ ਦੀ ਚੀਜ਼ ਸਫ਼ਰ ਵਿਚ, ਲੋਕ ਹੋ ਚਾਹੇ ਜਿੰਨੇ |
4. ਐਡੀ ਕੁ ਟਾਟ, ਭਰੀ ਸਬਾਤ |
5. ਸੋਨੇ ਰੰਗੀ ਤਿੱਤਰ ਖੰਭੀ, ਨਾਂਅ ਉਸ ਦਾ ਮਸਤਾਨੀ |
ਬੱੁਝਣੀ ਹੈ ਤਾਂ ਬੱੁਝ, ਨਹੀਂ ਤਾਂ ਰੱਖ ਅਠਿਆਨੀ |
6. ਭੱਜੀ ਜਾ ਭਜਾਈ ਜਾ, ਸਿੰਗਾਂ ਨੂੰ ਹੱਥ ਪਾਈ ਜਾ |
7. ਸਿਰ 'ਤੇ ਮੁਕਟ, ਗਲੇ ਵਿਚ ਥੈਲਾ,
ਮੇਰਾ ਨਾਂਅ ਹੈ ਅਜਬ ਅਲਬੇਲਾ |
8. ਚਾਰ ਘੜੇ ਭਰੇ ਖੜ੍ਹੇ, ਮੂਧੇ ਐ ਪਰ ਡੱੁਲ੍ਹਦੇ ਨਹੀਂ |
9. ਇਕ ਨਾਰ ਨਾ ਕੁਝ ਵਿਗਾੜੇ, ਲੰਘਦੀ ਜਾਂਦੀ ਕੱਪੜੇ ਪਾੜੇ |
ਉੱਤਰ : (1) ਖੋਤਾ, (2) ਮਗਰਮੱਛ, (3) ਥਰਮਸ, (4) ਦੀਵਾ, (5) ਭੰੂਡ, (6) ਸਾਈਕਲ, (7) ਮੁਰਗਾ, (8) ਮੱਝ ਦੇ ਥਣ, (9) ਕੈਂਚੀ |

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ (ਲੁਧਿਆਣਾ) |
ਮੋਬਾ: 98763-22677

ਬਾਲ ਨਾਵਲ-101

ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਸਾਡੀ ਇੱਛਾ ਹੈ ਕਿ ਅਸੀਂ ਮਰੀਜ਼ਾਂ ਨੂੰ ਚੰਗੀਆਂ ਤੋਂ ਚੰਗੀਆਂ ਸੇਵਾਵਾਂ ਦੇ ਸਕੀਏ | ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਆਪਣੇ ਵੀਰ ਜੀ ਦੇ ਨਾਂਅ ਨਾਲ ਜੁੜੇ ਇਸ ਹਸਪਤਾਲ ਨੂੰ ਸ਼ਹਿਰ ਦਾ ਨੰਬਰ ਇਕ ਹਸਪਤਾਲ ਬਣਾਈਏ |'
ਸਿਧਾਰਥ ਦੀਆਂ ਹਸਪਤਾਲ ਬਾਰੇ ਗੱਲਾਂ, ਭਵਿੱਖ ਦਾ ਪ੍ਰੋਗਰਾਮ ਅਤੇ ਡਾਕਟਰ ਹਰੀਸ਼ ਦੀ ਹਸਪਤਾਲ ਪ੍ਰਤੀ ਲਗਨ ਸੁਣ ਕੇ ਸਾਰਾ ਹਾਲ ਤਾੜੀਆਂ ਨਾਲ ਗੰੂਜ ਉੱਠਿਆ |
ਇਸ ਤੋਂ ਬਾਅਦ ਪੁਰਾਣੇ ਵਿਦਿਆਰਥੀਆਂ ਨੇ ਪਿੰ੍ਰਸੀਪਲ ਰਣਬੀਰ ਸਿੰਘ ਚੈਰੀਟੇਬਲ ਹਸਪਤਾਲ ਬਾਰੇ ਆਪਣੇ ਸ਼ੱੁਭ ਵਿਚਾਰ ਦੱਸੇ | ਉਨ੍ਹਾਂ ਨੇ ਆਪਣੇ ਵਲੋਂ ਅਤੇ ਆਪਣੇ ਸਾਥੀਆਂ ਵਲੋਂ ਵੱਧ ਤੋਂ ਵੱਧ ਆਰਥਿਕ ਸਹਾਇਤਾ ਕਰਨ ਦਾ ਵਾਅਦਾ ਕੀਤਾ | ਹਾਲ ਵਿਚ ਬੈਠੇ ਸਾਰੇ ਵਿਦਿਆਰਥੀਆਂ ਨੇ ਹੱਥ ਖੜ੍ਹੇ ਕਰਕੇ ਬੁਲਾਰਿਆਂ ਨਾਲ ਮਦਦ ਕਰਨ ਦੀ ਹਾਮੀ ਭਰੀ |
ਸਾਰੇ ਬੁਲਾਰਿਆਂ ਤੋਂ ਬਾਅਦ ਡਾ: ਹਰੀਸ਼ ਨੂੰ ਕੁਝ ਵਿਚਾਰ ਪੇਸ਼ ਕਰਨ ਲਈ ਕਿਹਾ ਗਿਆ | ਹਰੀਸ਼ ਨੇ ਡਾਇਸ ਅੱਗੇ ਆ ਕੇ ਸਾਰਿਆਂ ਨੂੰ 'ਜੀ ਆਇਆਂ' ਅਤੇ ਆਉਣ ਦਾ ਧੰਨਵਾਦ ਕਰਨ ਤੋਂ ਬਾਅਦ ਕਹਿਣਾ ਸ਼ੁਰੂ ਕੀਤਾ, 'ਮੈਂ ਕੋਈ ਬੁਲਾਰਾ ਨਹੀਂ ਅਤੇ ਨਾ ਹੀ ਮੈਨੂੰ ਜਾਚ ਹੈ ਕਿ ਸਟੇਜ ਤੋਂ ਕਿਸ ਤਰ੍ਹਾਂ ਬੋਲੀਦਾ ਐ | ਮੈਂ ਤਾਂ ਤੁਹਾਡੇ ਸਾਰਿਆਂ ਨਾਲ ਦਿਲ ਦੀਆਂ ਦੋ-ਚਾਰ ਗੱਲਾਂ ਹੀ ਸਾਂਝੀਆਂ ਕਰਨੀਆਂ ਹਨ | ਸਭ ਤੋਂ ਪਹਿਲਾਂ ਤਾਂ ਮੈਂ ਇਸ ਸਕੂਲ ਦਾ, ਮਾਤਾ ਜੀ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ, ਸਿਧਾਰਥ ਵੀਰ ਜੀ ਦਾ, ਇਸ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦਾ, ਖਾਸ ਕਰਕੇ ਸਿਧਾਰਥ ਵੀਰ ਜੀ ਦੇ ਜਮਾਤੀਆਂ ਦਾ, ਜਿਨ੍ਹਾਂ ਵਿਚੋਂ ਬਹੁਤੇ ਏਥੇ ਮੌਜੂਦ ਨੇ, ਸ਼ੁਕਰਗੁਜ਼ਾਰ ਹਾਂ | ਆਪਣੇ ਦੋਸਤ ਮਨਜੀਤ ਦੇ ਮੰਮੀ ਜੀ ਦਾ ਅਤੇ ਉਨ੍ਹਾਂ ਸਾਰਿਆਂ ਦਾ, ਜਿਨ੍ਹਾਂ ਕਰਕੇ ਅੱਜ ਮੈਂ ਤੁਹਾਡੇ ਸਾਹਮਣੇ ਖੜ੍ਹਾ ਹਾਂ | ਇਨ੍ਹਾਂ ਸਾਰਿਆਂ ਦੀ ਮਦਦ ਨੇ, ਪਿਆਰ ਨੇ ਅਤੇ ਹਰ ਤਰ੍ਹਾਂ ਦੇ ਸਹਿਯੋਗ ਨੇ ਮੈਨੂੰ ਹਨੇਰੀ ਕੋਠੜੀ 'ਚੋਂ ਕੱਢ ਕੇ ਚਾਨਣ ਵੱਲ ਦਾ ਰਾਹ ਵਿਖਾਇਐ | ਅੱਜ ਜੇ ਮੈਂ ਡਾਕਟਰ ਬਣਿਆ ਹਾਂ ਤਾਂ ਇਸ ਦਾ ਸਿਹਰਾ ਸਿਧਾਰਥ ਵੀਰ ਜੀ, ਮੇਘਾ ਭਾਬੀ ਜੀ ਅਤੇ ਮਾਤਾ ਜੀ ਨੂੰ ਜਾਂਦੈ | ਜੇ ਮੈਨੂੰ ਸਿਧਾਰਥ ਵੀਰ ਜੀ ਨਾ ਮਿਲਦੇ ਤਾਂ ਮੈਂ ਸ਼ਾਇਦ ਅੱਜ ਵੀ ਇਸੇ ਸ਼ਹਿਰ ਦੀਆਂ ਗਲੀਆਂ ਵਿਚ ਖੱਟੀਆਂ-ਮਿੱਠੀਆਂ ਗੋਲੀਆਂ ਵੇਚ ਰਿਹਾ ਹੁੰਦਾ |'
'ਮੈਂ ਜੇ ਇਸ ਹਸਪਤਾਲ ਵਿਚ ਥੋੜ੍ਹੀ-ਬਹੁਤੀ ਸੇਵਾ ਕਰ ਰਿਹਾ ਹਾਂ ਤਾਂ ਮੈਂ ਕਿਸੇ ਉੱਤੇ ਕੋਈ ਵੀ ਅਹਿਸਾਨ ਨਹੀਂ ਕਰ ਰਿਹਾ, ਸਗੋਂ ਮੈਂ ਆਪਣੇ ਸਿਰ 'ਤੇ ਚੜ੍ਹੇ ਕਰਜ਼ਿਆਂ ਅਤੇ ਅਹਿਸਾਨਾਂ ਦੇ ਬੋਝ ਨੂੰ ਥੋੜ੍ਹਾ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ... | ਮੈਂ ਆਪਣੇ ਸਿਧਾਰਥ ਵੀਰ ਜੀ ਦੇ ਵੀਰ ਜੀ, ਪਿੰ੍ਰਸੀਪਲ ਰਣਬੀਰ ਸਿੰਘ ਜੀ ਦੇ ਦਰਸ਼ਨ ਤਾਂ ਨਹੀਂ ਕੀਤੇ ਪਰ ਉਨ੍ਹਾਂ ਦੀ ਸ਼ਖ਼ਸੀਅਤ ਦੇ ਦਰਸ਼ਨ ਉਨ੍ਹਾਂ ਦੇ ਸਾਰੇ ਵਿਦਿਆਰਥੀਆਂ, ਮਾਤਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਵਿਚੋਂ ਹੋ ਰਹੇ ਹਨ |
'ਮੇਰੇ ਲਈ ਇਹ ਹਸਪਤਾਲ ਨਹੀਂ, ਮੇਰੀ ਪੂਜਾ ਕਰਨ ਦਾ ਸਥਾਨ ਹੈ | ਅੱਜ ਤੋਂ ਇਹੋ ਮੇਰਾ ਘਰ ਹੈ, ਇਹੋ ਮੇਰੀ ਜ਼ਿੰਦਗੀ ਹੈ | ਮੈਂ ਆਪਣੇ ਦੂਜੇ ਹਸਪਤਾਲ ਤੋਂ ਅਸਤੀਫਾ ਦੇ ਕੇ ਮੁਕਤ ਹੋ ਚੱੁਕਾ ਹਾਂ | ਹੁਣ ਮੈਂ ਚੌਵੀ ਘੰਟੇ ਤਨ, ਮਨ ਅਤੇ ਧਨ ਨਾਲ ਤੁਹਾਡੇ ਸਾਰਿਆਂ ਲਈ ਇਥੇ ਹੀ ਹਾਜ਼ਰ ਹਾਂ | (ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ (34)

ਜੱਗ ਵਿਚ ਜੀਵ ਨੇ ਲੱਖ ਕਰੋੜ,
ਮੈਂ ਹਾਂ ਸਭ ਦੀ ਦੂਜੀ ਲੋੜ |
ਮੇਰੀ ਆਦਤ ਨੀਵੇਂ ਰਹਿਣਾ,
ਪਰ ਉੱਚਿਆਂ ਦੇ ਨਾਲ ਖਹਿਣਾ |
ਬੱਚਿਓ ਜਿਧਰ ਵੀ ਮੈਂ ਜਾਵਾਂ,
ਆਪਣਾ ਰਾਹ ਆਪ ਬਣਾਵਾਂ |
ਮੇਰੇ ਬਿਨ ਕੋਈ ਸਕੇ ਨਾ ਜੀਅ,
ਦੱਸੋ ਬੱਚਿਓ ਮੇਰਾ ਨਾਂਅ ਹੈ ਕੀ |
ਭਲੂਰੀਆ ਜੀ ਇਹ ਬਾਤ ਹੈ ਔਖੀ,
ਸਾਨੂੰ ਲਗਦੀ ਬੜੀ ਅਨੋਖੀ |
ਸਾਡੀ ਅਕਲ ਦੇ ਨਹੀਂ ਹੈ ਵੱਸ,
ਆਪੇ ਹੀ ਤੁਸੀਂ ਦਿਉ ਹੁਣ ਦੱਸ
           --0--
ਬੱਚਿਓ ਸਾਰੇ ਪੀਣ ਪ੍ਰਾਣੀ,
ਕੁਦਰਤ ਦੀ ਇਹ ਦਾਤ ਹੈ ਪਾਣੀ |
ਬੱਚਿਓ ਜ਼ਿੰਦਗੀ ਪਾਣੀ ਨਾਲ,
ਸਾਰੇ ਇਸ ਦੀ ਕਰੋ ਸੰਭਾਲ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਆਮ ਗਿਆਨ ਦੀਆਂ ਗੱਲਾਂ

1. ਸਭ ਤੋਂ ਵੱਧ ਸਮੇਂ ਤੱਕ ਸ਼ਾਸਨ ਕਰਨ ਵਾਲੇ ਮੁਗ਼ਲ ਬਾਦਸ਼ਾਹ ਦਾ ਕੀ ਨਾਂਅ ਸੀ?
2. ਕਿਸ ਦੇਸ਼ ਦਾ ਕਾਨੂੰਨ ਸਭ ਤੋਂ ਸਖ਼ਤ ਮੰਨਿਆ ਜਾਂਦਾ ਹੈ?
3. ਵਿਸ਼ਵ ਦਾ ਸਭ ਤੋਂ ਗਰੀਬ ਦੇਸ਼ ਕਿਹੜਾ ਮੰਨਿਆ ਜਾਂਦਾ ਹੈ?
4. ਕਿਹੜੀ ਮੱਛੀ ਹੈ, ਜੋ ਬੱਚਿਆਂ ਨੂੰ ਜਨਮ ਦਿੰਦੀ ਤੇ ਦੱੁਧ ਪਿਆਉਂਦੀ ਹੈ?
5. ਸਭ ਤੋਂ ਤੇਜ਼ ਵਧਣ ਵਾਲਾ ਪੌਦਾ ਕਿਹੜਾ ਹੈ?
6. ਕਿਹੜਾ ਜੀਵ ਹੈ ਜੋ ਬਿਨਾਂ ਪੈਰਾਂ ਤੋਂ ਕਾਫੀ ਤੇਜ਼ ਦੌੜਦਾ ਹੈ?
7. ਭਾਰਤ ਦੀ ਸਭ ਤੋਂ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕੌਣ ਸੀ?
8. ਉਹ ਕਿਹੜੀ ਭਾਸ਼ਾ ਹੈ, ਜਿਸ ਵਿਚ ਮਾਤਰਾ ਨਹੀਂ ਹੁੰਦੀ?
9. ਭਾਰਤ ਦੀ ਯਾਤਰਾ ਕਰਨ ਵਾਲੇ ਪਹਿਲੇ ਚੀਨੀ ਯਾਤਰੀ ਦਾ ਨਾਂਅ ਦੱਸੋ?
10. ਭਾਰਤ ਵਿਚ ਸੋਨਾ ਕਿਸ ਰਾਜ ਵਿਚ ਮਿਲਦਾ ਹੈ?
11. ਭਾਰਤ ਦਾ ਸੰਵਿਧਾਨ ਬਣਾਉਣ ਵਿਚ ਕੁਲ ਕਿੰਨਾ ਸਮਾਂ ਲੱਗਾ?
12. ਸਭ ਤੋਂ ਵੱਧ ਜਿਉਣ ਵਾਲਾ ਜੀਵ ਕਿਹੜਾ ਹੈ?
ਜਵਾਬ : (1) ਔਰੰਗਜ਼ੇਬ, (2) ਸਾਊਦੀ ਅਰਬ, (3) ਭੂਟਾਨ, (4) ਸੀਲ ਵੇਲ੍ਹ ਮੱਛੀ, (5) ਬਾਂਸ, (6) ਸੱਪ, (7) ਸ੍ਰੀਮਤੀ ਇੰਦਰਾ ਗਾਂਧੀ, (8) ਅੰਗਰੇਜ਼ੀ, (9) ਫਾਹਿਯਾਨ, (10) ਕਰਨਾਟਕ, (11) 2 ਸਾਲ 11 ਮਹੀਨੇ 18 ਦਿਨ, (12) ਕਛੂਆ, 300 ਸਾਲ (ਲਗਪਗ) |

-ਬਲਵਿੰਦਰਜੀਤ ਕੌਰ,
ਚੱਕਲਾਂ (ਰੋਪੜ) |
balwinderjitbajwa9876@gmail.com

ਸੁਣ ਲਓ ਬੱਚਿਓ

ਸੁਣ ਲਓ ਬੱਚਿਓ, ਧੋਇਓ ਮਨ ਨੂੰ |
ਗ੍ਰਹਿਣ ਨਾ ਰਹਿੰਦਾ, ਸਦਾ ਹੀ ਚੰਨ ਨੂੰ |
ਸੁਣ ਲਓ ਬੱਚਿਓ, ਕਰਿਓ ਠੀਕ |
ਵਾਹਿਓ ਨਾ ਕਦੇ, ਫਰਕ ਦੀ ਲੀਕ |
ਸੁਣ ਲਓ ਬੱਚਿਓ, ਛੱਡਿਓ ਝਾਕ |
ਆਪਣੇ ਪੈਂਡੇ, ਗਾਹਇਓ ਆਪ |
ਸੁਣ ਲਓ ਬੱਚਿਓ, ਨਾ ਕਰਿਓ ਸ਼ੱਕ |
ਸਦਾ ਬਚਾਇਓ, ਆਪਣਾ ਨੱਕ |
ਸੁਣ ਲਓ ਬੱਚਿਓ, ਬਣੋ ਚਰਾਗ |
ਲਿਖਿਓ ਆਪੇ, ਆਪਣੇ ਭਾਗ |

-ਕੁੰਦਨ ਲਾਲ ਭੱਟੀ

ਅਨਮੋਲ ਬਚਨ

• ਰਿਸ਼ਤੇ ਉਹ ਹੀ ਕਾਮਯਾਬ ਹੁੰਦੇ ਹਨ ਜੋ ਦੋਵਾਂ ਪਾਸਿਆਂ ਤੋਂ ਨਿਭਾਏ ਜਾਂਦੇ ਹੋਣ, ਕਿਉਂਕਿ ਇਕ ਪਾਸਾ ਸੇਕ ਕੇ ਤਾਂ ਰੋਟੀ ਵੀ ਨਹੀਂ ਬਣਾਈ ਜਾ ਸਕਦੀ |
• ਨਿੰਮ ਤੇ ਕਰੇਲਾ ਤਾਂ ਐਵੇਂ ਹੀ ਬਦਨਾਮ ਹਨ, ਕੌੜੇ ਤਾਂ ਇਨਸਾਨ ਵੀ ਹੁੰਦੇ ਹਨ |
• ਗ਼ਲਤੀ ਕਬੂਲ ਕਰਨ ਤੇ ਗੁਨਾਹ ਛੱਡਣ ਵਿਚ ਕਦੇ ਦੇਰ ਨਾ ਕਰਨਾ, ਕਿਉਂਕਿ ਸਫਰ ਜਿੰਨਾ ਲੰਬਾ ਹੋਵੇਗਾ, ਵਾਪਸੀ ਓਨੀ ਹੀ ਮੁਸ਼ਕਿਲ ਹੋ ਜਾਂਦੀ ਹੈ |
• ਜੇਕਰ ਜ਼ਿੰਦਗੀ ਵਿਚ ਸਫਲ ਹੋਣਾ ਹੈ ਤਾਂ ਪੈਸਿਆਂ ਨੂੰ ਹਮੇਸ਼ਾ ਜੇਬ ਵਿਚ ਰੱਖਣਾ ਦਿਮਾਗ ਵਿਚ ਨਹੀਂ |
• ਜਦੋਂ ਲੋਕ ਅਨਪੜ੍ਹ ਸੀ ਤਾਂ ਪਰਿਵਾਰ ਇਕ ਹੁੰਦਾ ਸੀ ਪਰ ਟੱੁਟੇ ਪਰਿਵਾਰਾਂ ਵਿਚ ਅਕਸਰ ਪੜ੍ਹੇ-ਲਿਖੇ ਲੋਕ ਦੇਖੇ ਹਨ |
• ਭੁਲਾ ਦਿੰਦੇ ਨੇ ਪਲਾਂ 'ਚ ਭੁਲਾ ਦੇਣ ਵਾਲੇ, ਯਾਦ ਰੱਖਣ ਵਾਲੇ ਤਾਂ ਆਖਰੀ ਸਾਹ ਤੱਕ ਯਾਦ ਰੱਖਦੇ ਹਨ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ) | ਮੋਬਾ: 95018-10181

ਬਾਲ ਗੀਤ: ਅੰਬਰ

ਅੰਬਰਾਂ ਵਿਚੋਂ ਇਕ ਨੰਨ੍ਹੀ ਜਿਹੀ ਪਰੀ ਧਰਤ 'ਤੇ ਆਈ,
ਅੰਬਰ ਹੈ ਓਸ ਦਾ ਨਾਂਅ |
ਤੋਤਲੇ ਜਿਹੇ ਪਾਕ ਬੋਲਾਂ ਨੇ ਘਰ ਵਿਚ ਰੌਣਕ ਲਾਈ,
ਜਿਵੇਂ ਫਜ਼ਰ ਦੀ ਕੋਈ ਅਜ਼ਾਨ |
ਅੰਬਰ ਹੈ ਉਸ ਦਾ ਨਾਂਅ |
ਨਿੱਕੇ-ਨਿੱਕੇ ਹੱਥਾਂ ਦੇ ਨਾਲ,
ਜਦ ਉਹ ਜੁਗਨੂੰ ਫੜਦੀ ਏ |
ਇਉਂ ਲਗਦਾ ਕਾਇਨਾਤ ਏ ਸਾਰੀ,
ਉਸ ਨੂੰ ਸਜਦਾ ਕਰਦੀ ਏ |
ਖੁਸ਼ਬੂ ਉਹਦੀ ਜਿਵੇਂ ਕਲੀ 'ਚੋਂ,
ਮਹਿਕਦਾ ਗੁਲਸਤਾਨ |
ਅੰਬਰ ਹੈ ਉਸ ਦਾ ਨਾਂਅ |
ਉਹ ਤਿਤਲੀਆਂ ਮਗਰ ਦੌੜਦੀ,
ਮੈਂ ਉਸ ਪਿੱਛੇ ਦੌੜਾਂ |
ਧੀ ਜਿਸ ਘਰ ਵਿਚ ਖੇਡੇ,
ਖੁਸ਼ੀਆਂ ਖੇਡਣ ਲੱਖ-ਕਰੋੜਾਂ |
ਉਹਦੇ ਕੇਸਾਂ ਵਿਚ ਸਤਰੰਗੀ,
ਪੀਂਘ ਦੀਆਂ ਰਿਸ਼ਮਾਂ |
ਅੰਬਰ ਹੈ ਉਸ ਦਾ ਨਾਂਅ |
ਭੋਲੇ-ਭਾਲੇ ਮੱੁਖੜੇ ਉੱਤੇ,
ਨੂਰ ਇਲਾਹੀ ਰਹਿੰਦਾ |
ਕਈ ਵਾਰੀ ਉਹਨੂੰ ਦੇਖ ਕੇ,
ਰੱਬ ਦਾ 'ਮਾਨ' ਭੁਲੇਖਾ ਪੈਂਦਾ |
ਸਾਰੇ ਬੋਝ ਉੱਤਰ ਜਾਵਣ,
ਜਦੋਂ ਗੋਦੀ ਚੱੁਕ ਲਵਾਂ |
ਅੰਬਰ ਹੈ ਉਸ ਦਾ ਨਾਂਅ |


-ਸਿਮਰ ਮਾਨ,
ਮੋਬਾ: 98786-95547

ਵਿਸ਼ਵ ਦਾ ਸਭ ਤੋਂ ਵਿਸ਼ਾਲ ਅਤੇ ਬਰਫ਼ੀਲਾ ਮਹਾਂਦੀਪ

ਐਂਟਾਰਕਟਿਕਾ

ਬੱਚਿਓ, ਐਂਟਾਰਕਟਿਕਾ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਤੇ ਬਰਫੀਲਾ ਮਹਾਂਦੀਪ ਹੈ। ਇਸ ਦਾ ਕੁੱਲ ਖੇਤਰਫਲ 1,40,00,000 ਵਰਗ ਕਿਲੋਮੀਟਰ ਹੈ, ਜਿਸ 'ਤੇ 98 ਫੀਸਦੀ ਤੋਂ ਵਧੇਰੇ ਹਿੱਸੇ ਵਿਚ 200 ਤੋਂ 2500 ਮੀਟਰ ਮੋਟੀ ਬਰਫ ਭਰੀ ਹੋਈ ਹੈ। ਇਹ ਧਰਤੀ 'ਤੇ ਮੌਜੂਦ ਹੋਰ ਸਥਾਨਾਂ ਤੋਂ ਏਨਾ ਵੱਖਰਾ ਹੈ ਕਿ ਹੋਰ ਗ੍ਰਹਿ ਦੀ ਤਰ੍ਹਾਂ ਲਗਦਾ ਹੈ। ਇਥੇ ਸੂਰਜ ਦੀਆਂ ਪੈਰਾਬੈਂਗਣੀ ਕਿਰਨਾਂ ਧਰਾਤਲ 'ਤੇ ਬਿਨਾਂ ਕਿਸੇ ਰੁਕਾਵਟ ਦੇ ਪਹੁੰਚਦੀਆਂ ਹਨ। ਐਂਟਾਰਕਟਿਕਾ ਦਾ ਇਤਿਹਾਸ ਕੋਈ 100 ਕਰੋੜ ਸਾਲ ਪੁਰਾਣਾ ਮੰਨਿਆ ਗਿਆ ਹੈ। ਇਸ ਦੀ ਖੋਜ ਸੰਨ 1772 ਤੋਂ 1775 ਈ: ਵਿਚ ਬਰਤਾਨੀਆ ਦੇ ਖੋਜੀ ਕੈਪਟਨ ਜੇਮਜ਼ ਕੁੱਕ ਨੇ ਕੀਤੀ ਸੀ। ਇਹ ਮਹਾਂਦੀਪ ਹੋਰ ਵੀ ਕਈ ਮਾਮਲਿਆਂ ਵਿਚ ਵਿਲੱਖਣ ਹੈ। ਇਸ ਦੇ ਕਿਨਾਰਿਆਂ ਤੋਂ ਦੂਰ ਸਮੁੰਦਰ ਵਿਚ ਵੇਲਸ ਦਿਖਾਈ ਦਿੰਦੀਆਂ ਹਨ। ਸਿਰਫ ਇਹ ਇਕ ਅਜਿਹਾ ਮਹਾਂਦੀਪ ਹੈ, ਜਿਸ ਦਾ ਆਪਣਾ ਕੋਈ ਦੁੱਧ ਦੇਣ ਵਾਲਾ ਜਾਨਵਰ ਨਹੀਂ ਹੈ। ਇਸ ਦੇ ਨਾਲ ਹੀ ਹੋਰ ਸਾਰੇ ਮਹਾਂਦੀਪਾਂ ਤੋਂ ਵੱਖ ਇਥੇ ਕੋਈ ਸਥਾਨਕ ਮਨੁੱਖੀ ਵਸੋਂ ਵੀ ਨਹੀਂ ਹੈ। 1,106 ਲੋਕ ਹੀ ਹੁਣ ਤੱਕ ਇਥੇ ਪਹੁੰਚੇ ਹਨ। ਇਥੇ ਮਨੁੱਖ ਜਾਤੀ ਦਾ ਰਹਿਣਾ ਅਸੰਭਵ ਹੈ। ਇਸ ਸਥਾਨ 'ਤੇ ਪੈਂਗੁਇਨ, ਕ੍ਰਿਲ, ਮੱਛੀ, ਵਾਰਲਸ ਆਦਿ ਜੀਵ ਵੱਡੀ ਗਿਣਤੀ ਵਿਚ ਪਾਏ ਜਾਂਦੇ ਹਨ। ਪੈਂਗੁਇਨ ਦੀਆਂ 21 ਪ੍ਰਜਾਤੀਆਂ ਐਂਟਾਰਕਟਿਕਾ ਦੇ ਤੱਟੀ ਖੇਤਰਾਂ ਵਿਚ ਜੁੜੇ ਪਰਬਤੀ ਭਾਗਾਂ ਵਿਚ ਝੁੰਡਾਂ ਵਿਚ ਨਿਵਾਸ ਕਰਦੀਆਂ ਹਨ। ਬੱਚਿਓ, ਐਂਟਾਰਕਟਿਕਾ ਸਮੁੰਦਰੀ ਤੱਟ 32,000 ਕਿਲੋਮੀਟਰ ਲੰਬਾ ਹੈ। ਇਸ ਦਾ 13 ਤੋਂ 15 ਫੀਸਦੀ ਹਿੱਸਾ ਗਲੇਸ਼ੀਅਰਾਂ ਨਾਲ ਘਿਰਿਆ ਹੋਇਆ ਹੈ। ਇਸ ਦਾ ਸਭ ਤੋਂ ਵੱਡਾ ਗਲੇਸ਼ੀਅਰ ਲੈਮਬਰਟ ਗਲੇਸ਼ੀਅਰ ਹੈ, ਜੋ 40,000 ਕਿਲੋਮੀਟਰ ਲੰਬਾਈ ਵਿਚ ਫੈਲਿਆ ਹੋਇਆ ਹੈ। ਐਂਟਾਰਕਟਿਕਾ ਵਧੇਰੇ ਠੰਢਾ ਮਹਾਂਦੀਪ ਹੈ।
ਐਂਟਾਰਕਟਿਕਾ ਦੀ ਸਭ ਤੋਂ ਜ਼ਿਕਰਯੋਗ ਗੱਲ ਹੈ, 'ਐਂਟਾਰਕਟਿਕਾ ਆਈਸ ਸ਼ੀਟ', ਜੋ ਵਿਸ਼ਵ ਦੀ ਸਭ ਤੋਂ ਵੱਡੀ ਬਰਫੀਲੀ ਚਾਦਰ ਹੈ, ਜਿਸ ਦਾ ਆਕਾਰ ਲਗਪਗ ਪੂਰੇ ਯੂਰਪੀਅਨ ਮਹਾਂਦੀਪ ਦੇ ਬਰਾਬਰ ਹੈ। ਇਹ ਵਿਸ਼ਵ ਦਾ ਸਭ ਤੋਂ ਖੁਸ਼ਕ ਮਹਾਂਦੀਪ ਵੀ ਹੈ। ਇਥੇ ਸਾਰੇ ਸਾਲ ਵਿਚ 2.5 ਸੈਂਟੀਮੀਟਰ ਵਰਖਾ ਜਾਂ ਬਰਫਬਾਰੀ ਹੁੰਦੀ ਹੈ। ਲੱਖਾਂ ਸਾਲਾਂ ਦੇ ਦੌਰਾਨ ਥੋੜ੍ਹੀ ਜਿਹੀ ਬਰਫਬਾਰੀ ਦੇ ਕਾਰਨ ਹੀ ਹੌਲੀ-ਹੌਲੀ ਬਰਫ ਦੀ ਇਹ ਵਿਸ਼ਾਲ ਚਾਦਰ ਬਣੀ ਹੈ। ਬੱਚਿਓ, ਬਰਫ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਿਲੱਖਣ ਮਹਾਂਦੀਪ ਦੇ ਸਭ ਤੋਂ ਅਨੋਖੇ ਖੇਤਰਾਂ ਵਿਚ ਇਕ ਹੈ ਵਿਕਟੋਰੀਆ ਲੈਂਡ ਦੀਆਂ ਖੁਸ਼ਕ ਘਾਟੀਆਂ, ਜਿਥੇ ਨਾ ਤਾਂ ਕੋਈ ਬਰਫ ਹੈ ਅਤੇ ਨਾ ਹੀ ਹਿਮ ਦੇ ਢੇਰ ਹਨ, ਜਦ ਕਿ ਇਥੇ ਇਨ੍ਹਾਂ ਘਾਟੀਆਂ ਵਿਚ ਨਮਕੀਨ ਬਰਫ ਨਾਲ ਢਕੀਆਂ ਝੀਲਾਂ ਹਨ, ਜਿਥੇ ਬਰਫ ਗ੍ਰੀਨ ਹਾਊਸ ਪ੍ਰਭਾਵ ਪੈਦਾ ਕਰਦੇ ਹੋਏ ਹੇਠਾਂ ਪਾਣੀ ਨੂੰ ਆਪਣੇ ਉੱਪਰ ਦੀ ਹਵਾ ਤੋਂ ਗਰਮ ਰੱਖਦੀ ਹੈ।

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਬਾਲ ਕਹਾਣੀ

ਮਾਂ ਦੀ ਮਮਤਾ

ਪੁਰਾਣੇ ਸਮੇਂ ਦੀ ਗੱਲ ਹੈ ਕਿ ਇਕ ਸ਼ੇਰਨੀ ਸੀ, ਜੋ ਆਪਣੇ ਦੋ ਛੋਟੇ-ਛੋਟੇ ਬੱਚਿਆਂ ਨਾਲ ਇਕ ਸੰਘਣੇ ਜੰਗਲ ਵਿਚ ਰਹਿੰਦੀ ਸੀ। ਉਹ ਆਪਣੇ ਬੱਚਿਆਂ ਨਾਲ ਬਹੁਤ ਖੁਸ਼ ਸੀ। ਉਹ ਆਪਣੇ ਬੱਚਿਆਂ ਨੂੰ ਹਰ ਵਕਤ ਆਪਣੇ ਨਾਲ ਰੱਖਦੀ ਸੀ। ਕਿਉਂਕਿ ਸ਼ੇਰਨੀ ਨੂੰ ਪਤਾ ਸੀ ਕਿ ਇਕ ਨਾ ਇਕ ਦਿਨ ਉਨ੍ਹਾਂ 'ਤੇ ਮਾੜਾ ਸਮਾਂ ਆਵੇਗਾ। ਉਹ ਆਪਣੇ ਬੱਚਿਆਂ ਨੂੰ ਸ਼ਿਕਾਰ ਕਰਨਾ ਤੇ ਸ਼ਿਕਾਰੀਆਂ ਤੋਂ ਬਚਣ ਦੇ ਤੇ ਉਨ੍ਹਾਂ ਤੋਂ ਲੁਕਣ ਦੇ ਤਰੀਕੇ ਸਿਖਾਉਂਦੀ, ਕਿਉਂਕਿ ਉਸ ਨੂੰ ਇਹ ਡਰ ਹਰ ਵਕਤ ਲੱਗਾ ਰਹਿੰਦਾ ਸੀ ਕਿ ਕਿਤੇ ਕੋਈ ਸ਼ਿਕਾਰੀ ਉਸ ਦੇ ਬੱਚਿਆਂ ਦਾ ਸ਼ਿਕਾਰ ਨਾ ਕਰ ਲਵੇ। ਇਸੇ ਡਰੋਂ ਸ਼ੇਰਨੀ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਨਹੀਂ ਸੀ ਕਰਦੀ। ਇਕ ਦਿਨ ਉਹੀ ਹੋਇਆ, ਜਿਸ ਦਾ ਸ਼ੇਰਨੀ ਨੂੰ ਡਰ ਰਹਿੰਦਾ ਸੀ। ਉਹ ਇਕ ਦਿਨ ਆਪਣੇ ਦੋਵੇਂ ਬੱਚਿਆਂ ਨੂੰ ਇਕੱਲਿਆਂ ਨੂੰ ਛੱਡ ਕੇ ਨੇੜੇ ਹੀ ਸ਼ਿਕਾਰ ਕਰਨ ਚਲੀ ਗਈ। ਉਸ ਨੂੰ ਨਹੀਂ ਸੀ ਪਤਾ ਕਿ ਸ਼ਿਕਾਰ ਕਰਦੀ-ਕਰਦੀ ਉਹ ਆਪਣੇ ਬੱਚਿਆਂ ਤੋਂ ਬਹੁਤ ਦੂਰ ਚਲੀ ਜਾਵੇਗੀ। ਇਕ ਤਾਂ ਉਸ ਨੂੰ ਆਪਣੇ ਬੱਚਿਆਂ ਦਾ ਫਿਕਰ ਸੀ, ਦੂਜਾ ਉਹ ਸ਼ਿਕਾਰ ਦੀ ਭਾਲ ਵਿਚ ਬਹੁਤ ਦੂਰ ਤੱਕ ਚਲੀ ਗਈ। ਸ਼ੇਰਨੀ ਨੂੰ ਹਨੇਰਾ ਹੋਣ ਲੱਗਾ, ਉਧਰੋਂ ਬੱਚੇ ਵੀ ਮਾਂ ਤੋਂ ਬਗੈਰ ਡਰਨ ਲੱਗੇ।
ਜਦ ਸ਼ੇਰਨੀ ਸ਼ਿਕਾਰ ਲੈ ਕੇ ਆਪਣੇ ਬੱਚਿਆਂ ਦੇ ਕੋਲ ਪਹੁੰਚੀ ਤਾਂ ਆਪਣੇ ਬੱਚਿਆਂ ਨੂੰ ਨਾ ਦੇਖ ਕੇ ਘਬਰਾ ਗਈ। ਸ਼ੇਰਨੀ ਏਨੀ ਜ਼ਿਆਦਾ ਘਬਰਾ ਗਈ ਸੀ ਕਿ ਉਸ ਨੂੰ ਇਹੀ ਡਰ ਵੱਢ-ਵੱਢ ਕੇ ਖਾਈ ਜਾਂਦਾ ਸੀ ਕਿ ਕਿਤੇ ਮੇਰੇ ਦੋਵੇਂ ਬੱਚੇ ਕਿਸੇ ਸ਼ਿਕਾਰੀ ਦੇ ਚੁੰਗਲ ਵਿਚ ਨਾ ਫਸ ਗਏ ਹੋਣ ਜਾਂ ਕਿਸੇ ਜਾਨਵਰਾਂ ਨੇ ਮਾਰ ਨਾ ਦਿੱਤੇ ਹੋਣ। ਆਖਰ ਡਿਗਦੀ-ਢਹਿੰਦੀ, ਸੁੰਘਦੀ-ਸੁੰਘਾਉਂਦੀ ਉਹ ਆਪਣੇ ਬੱਚਿਆਂ ਦੇ ਕੋਲ ਪਹੁੰਚ ਗਈ। ਆਪਣੇ ਬੱਚਿਆਂ ਨੂੰ ਸਹੀ-ਸਲਾਮਤ ਦੇਖ ਕੇ ਬਹੁਤ ਖੁਸ਼ ਹੋਈ। ਮਾਂ ਤੋਂ ਬਗੈਰ ਡਰੇ ਤੇ ਸਹਿਮੇ ਹੋਏ ਬੱਚੇ ਵੀ ਮਾਂ ਨੂੰ ਆਪਣੇ ਸਾਹਮਣੇ ਦੇਖ ਕੇ ਬਹੁਤ ਖੁਸ਼ ਹੋਏ। ਸ਼ੇਰਨੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜੰਗਲ ਦੇ ਦੂਜੇ ਪਾਸੇ ਨੂੰ ਤੁਰੀ ਪਰ ਸ਼ੇਰਨੀ ਨੂੰ ਇਹ ਨਹੀਂ ਸੀ ਪਤਾ ਕਿ ਅੱਗੇ ਇਸ ਤੋਂ ਵੱਡਾ ਖਤਰਾ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ। ਸ਼ੇਰਨੀ ਤੇ ਉਸ ਦੇ ਬੱਚੇ ਭੁੱਖ ਤੇ ਪਾਣੀ ਦੀ ਤ੍ਰੇਹ ਨਾਲ ਥੱਕ ਚੁੱਕੇ ਸਨ। ਉਹ ਥਕਾਵਟ ਲਾਹੁਣ ਲਈ ਸੰਘਣੀਆਂ ਝਾੜੀਆਂ ਵਿਚ ਬੈਠ ਗਏ। ਸ਼ੇਰਨੀ ਤੇ ਬੱਚੇ ਥੱਕੇ ਹੋਣ ਕਰਕੇ ਉਹ ਛੇਤੀ ਸੌਂ ਗਏ। ਪਰ ਕਾਫੀ ਸਮੇਂ ਬਾਅਦ ਜਦ ਸ਼ੇਰਨੀ ਦੀ ਅੱਖ ਖੁੱਲ੍ਹੀ ਤਾਂ ਇਕਦਮ ਘਬਰਾ ਗਈ। ਉਸ ਨੂੰ ਆਪਣੇ ਆਸ-ਪਾਸ ਖਤਰੇ ਦੀ ਗੰਧ ਆ ਰਹੀ ਸੀ। ਉਸ ਨੇ ਆਪਣੇ ਬੱਚਿਆਂ ਨੂੰ ਉਠਾਉਣਾ ਚਾਹਿਆ ਪਰ ਬੱਚੇ ਆਪਣੀ ਗੂੜ੍ਹੀ ਨੀਂਦ ਵਿਚ ਸੁੱਤੇ ਪਏ ਸਨ।
ਸ਼ੇਰਨੀ ਨੇ ਜਦ ਉੱਠ ਕੇ ਦੇਖਿਆ ਤਾਂ ਚਾਰ-ਪੰਜ ਸ਼ੇਰ ਉਨ੍ਹਾਂ ਵੱਲ ਹੀ ਆ ਰਹੇ ਸਨ। ਉਸ ਨੇ ਆਪਣੇ ਬੱਚਿਆਂ ਨੂੰ ਉਠਾਇਆ ਤੇ ਉਹ ਸ਼ੇਰਾਂ ਤੋਂ ਬਚਣ ਦੀ ਖਾਤਰ ਸ਼ੇਰਾਂ ਦੀ ਉਲਟੀ ਦਿਸ਼ਾ ਵੱਲ ਭੱਜ ਤੁਰੀ। ਉਹ ਭੱਜਦੇ-ਭੱਜਦੇ ਉਨ੍ਹਾਂ ਸ਼ੇਰਾਂ ਤੋਂ ਬਹੁਤ ਦੂਰ ਨਿਕਲ ਚੁੱਕੇ ਸਨ। ਸ਼ੇਰਨੀ ਤੇ ਉਸ ਦੇ ਬੱਚੇ ਭੁੱਖ ਤੇ ਪਾਣੀ ਦੀ ਤ੍ਰੇਹ ਨਾਲ ਥੱਕ ਚੁੱਕੇ ਸਨ। ਆਖਰ ਉਹ ਡਿਗਦੇ-ਢਹਿੰਦੇ ਇਕ ਪਾਣੀ ਦੇ ਤਲਾਬ ਕੋਲ ਪਹੁੰਚ ਗਏ। ਸ਼ੇਰਨੀ ਤੇ ਉਸ ਦੇ ਬੱਚਿਆਂ ਨੇ ਰੱਜ ਕੇ ਪਾਣੀ ਪੀਤਾ ਪਰ ਸ਼ੇਰਨੀ ਨੂੰ ਇਹੀ ਫਿਕਰ ਖਾਈ ਜਾ ਰਿਹਾ ਸੀ ਕਿ ਉਹ ਸ਼ੇਰ ਉਨ੍ਹਾਂ ਦੀ ਲੁਕਣ ਵਾਲੀ ਜਗ੍ਹਾ 'ਤੇ ਨਾ ਪਹੁੰਚ ਜਾਣ। ਬੱਚੇ ਝਾੜੀਆਂ ਵਿਚ ਬੈਠੇ ਆਪਣੀ ਮਾਂ ਨੂੰ ਦੇਖ ਰਹੇ ਸਨ। ਅਚਾਨਕ ਉਨ੍ਹਾਂ ਸ਼ੇਰਾਂ ਨੇ ਹਮਲਾ ਕਰ ਦਿੱਤਾ। ਸ਼ੇਰਨੀ ਦੇ ਸਾਹਮਣੇ ਉਨ੍ਹਾਂ ਸ਼ੇਰਾਂ ਨੇ ਉਸ ਦੇ ਮਾਸੂਮ ਬੱਚਿਆਂ ਨੂੰ ਬੜੀ ਬੇਰਹਿਮੀ ਨਾਲ ਖਾਣਾ ਸ਼ੁਰੂ ਕਰ ਦਿੱਤਾ। ਸ਼ੇਰਨੀ ਚਾਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਬਚਾਅ ਨਾ ਸਕੀ। ਬੱਚਿਆਂ ਦੀਆਂ ਚੀਕਾਂ ਇਹੀ ਬਿਆਨ ਕਰ ਰਹੀਆਂ ਸਨ ਕਿ 'ਮਾਂ ਸਾਨੂੰ ਬਚਾਅ ਲੈ, ਮਾਂ ਸਾਨੂੰ ਬਚਾਅ ਲੈ, ਅਸੀਂ ਇਨ੍ਹਾਂ ਦਾ ਕੀ ਵਿਗਾੜਿਆ ਹੈ?'
ਕੁਝ ਹੀ ਪਲਾਂ ਵਿਚ ਭੁੱਖੇ ਸ਼ੇਰ ਉਨ੍ਹਾਂ ਬੱਚਿਆਂ ਦੀਆਂ ਹੱਡੀਆਂ ਤੱਕ ਖਾ ਗਏ ਪਰ ਅਜੇ ਉਨ੍ਹਾਂ ਦੀ ਭੁੱਖ ਮੁੱਕੀ ਨਹੀਂ ਸੀ। ਉਹ ਹੋਰ ਸ਼ਿਕਾਰ ਦੀ ਭਾਲ ਲਈ ਉਥੋਂ ਭੱਜ ਤੁਰੇ। ਸ਼ੇਰਨੀ ਨੇ ਆਪਣੇ ਬੱਚਿਆਂ ਦੇ ਡੁੱਲ੍ਹ ਚੁੱਕੇ ਖੂਨ ਨੂੰ ਚੱਟਣਾ ਸ਼ੁਰੂ ਕਰ ਦਿੱਤਾ ਤੇ ਉੱਚੀ-ਉੱਚੀ ਰੋਣ ਲੱਗੀ। ਅੱਜ ਉਸ ਦੇ ਆਪਣਿਆਂ ਨੇ ਹੀ ਉਸ ਦਾ ਪਰਿਵਾਰ ਖ਼ਤਮ ਕਰ ਦਿੱਤਾ। ਹਰ ਰੋਜ਼ ਸ਼ੇਰਨੀ ਆਪਣੇ ਬੱਚਿਆਂ ਦੀਆਂ ਹੱਡੀਆਂ ਦੇ ਕੋਲ ਬੈਠੀ ਰਹਿੰਦੀ। ਜਦੋਂ ਉਸ ਤਲਾਬ 'ਤੇ ਹੋਰ ਜਾਨਵਰ ਪਾਣੀ ਪੀਣ ਆਉਂਦੇ ਤਾਂ ਉਹ ਦੇਖਦੀ ਕਿ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਕਿਸ ਤਰ੍ਹਾਂ ਆਪਣੇ ਮਾਪਿਆਂ ਨਾਲ ਖੇਡਦੇ ਹਨ। ਇਹ ਦੇਖ ਕੇ ਸ਼ੇਰਨੀ ਖੁਸ਼ ਰਹਿੰਦੀ। ਹਰ ਰੋਜ਼ ਤਲਾਬ 'ਤੇ ਪਾਣੀ ਪੀਣ ਆਉਂਦੇ ਬੱਚਿਆਂ ਵਿਚੋਂ ਸ਼ੇਰਨੀ ਆਪਣੇ ਮਰ ਚੁੱਕੇ ਮਾਸੂਮ ਬੱਚਿਆਂ ਦੀ ਤਸਵੀਰ ਦੇਖਦੀ ਸੀ। ਅਜੇ ਸ਼ੇਰਨੀ ਉਨ੍ਹਾਂ ਨੂੰ ਦੇਖ ਰਹੀ ਸੀ ਕਿ ਅਚਾਨਕ ਉਨ੍ਹਾਂ ਸ਼ੇਰਾਂ ਵਿਚੋਂ ਦੋ ਕੁ ਸ਼ੇਰਾਂ ਨੇ ਇਕ ਗਾਂ ਦੇ ਬੱਚੇ 'ਤੇ ਹਮਲਾ ਕਰ ਦਿੱਤਾ। ਉਹ ਬੱਚਾ ਉੱਚੀ-ਉੱਚੀ ਆਪਣੀ ਮਾਂ ਨੂੰ ਆਵਾਜ਼ਾਂ ਮਾਰ ਰਿਹਾ ਸੀ ਕਿ, 'ਮਾਂ ਮੈਨੂੰ ਬਚਾਅ ਲੈ।'
ਸ਼ੇਰਨੀ ਤੋਂ ਉਸ ਬੱਚੇ ਦੀਆਂ ਚੀਕਾਂ ਬਰਦਾਸ਼ਤ ਨਾ ਹੋਈਆਂ। ਉਸ ਨੇ ਇਕਦਮ ਉਨ੍ਹਾਂ ਸ਼ੇਰਾਂ 'ਤੇ ਹਮਲਾ ਕਰ ਦਿੱਤਾ। ਸ਼ੇਰਨੀ ਨੇ ਬੜੀ ਬਹਾਦਰੀ ਨਾਲ ਉਸ ਗਾਂ ਦੇ ਬੱਚੇ ਨੂੰ ਉਨ੍ਹਾਂ ਦੇ ਚੁੰਗਲ 'ਚੋਂ ਛੁਡਾ ਲਿਆ। ਉਹ ਸ਼ੇਰਨੀ ਤੋਂ ਡਰਦੇ ਹੋਏ ਉਥੋਂ ਭੱਜ ਚੁੱਕੇ ਸਨ। ਸ਼ੇਰਨੀ ਨੇ ਉਸ ਦੇ ਜ਼ਖਮਾਂ ਨੂੰ ਆਪਣੀ ਜੀਭ ਨਾਲ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਉਹ ਗਾਂ ਦਾ ਬੱਚਾ ਵੀ ਉਸ ਨਾਲ ਪਿਆਰ ਕਰਨ ਲੱਗਾ। ਸ਼ੇਰਨੀ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਦੇ ਬੱਚੇ ਉਸ ਦੇ ਨਾਲ ਹਨ। ਭਾਵੇਂ ਸ਼ੇਰਨੀ ਦੇ ਬੱਚੇ ਉਸ ਦੇ ਆਪਣਿਆਂ ਨੇ ਮਾਰ ਦਿੱਤੇ ਸਨ ਪਰ ਫਿਰ ਵੀ ਉਹ ਸ਼ੇਰਨੀ ਦੇ ਅੰਦਰਲੀ ਮਾਂ ਦੀ ਮਮਤਾ ਨੂੰ ਨਹੀਂ ਮਾਰ ਸਕੇ।

-ਮੋਬਾ: 98153-47509.

ਬਾਲ ਗੀਤ

ਦਿਨ ਪੜ੍ਹਨ ਦੇ ਆਏ ਬੱਚਿਓ

ਦਿਨ ਪੜ੍ਹਨ ਦੇ ਆਏ ਬੱਚਿਓ
ਦਿਨ ਪੜ੍ਹਨ ਦੇ ਆਏ।
ਖੇਡੇ ਮੱਲ੍ਹੇ, ਟੀ. ਵੀ. ਦੇਖੇ,
ਸੋਹਣੇ ਵਕਤ ਲੰਘਾਏ।
ਆਇਆ ਮੌਸਮ ਪੜ੍ਹਨ ਦਾ ਚੰਗਾ,
ਲੰਮੀਆਂ ਹੋਈਆਂ ਰਾਤਾਂ।
ਪਾਸ ਹੋਣ ਲਈ ਪੜ੍ਹਨਾ ਪੈਣਾ,
ਹੋਰ ਭੁੱਲ ਕੇ ਬਾਤਾਂ।
ਬਹੁਤੇ ਨੰਬਰ ਉਹ ਲਵੇਗਾ,
ਪੜ੍ਹਨ 'ਚ ਧਿਆਨ ਲਗਾਏ।
ਦਿਨ ਪੜ੍ਹਨ ਦੇ ਆਏ ਬੱਚਿਓ,
ਦਿਨ ਪੜ੍ਹਨ ਦੇ ਆਏ।
ਸਭ ਦੀ ਆਈ ਪ੍ਰੀਖਿਆ ਨੇੜੇ,
ਕਰ ਲਓ ਖੂਬ ਤਿਆਰੀ।
ਓਹੋ ਬੱਚੇ ਪਾਸ ਹੋਣਗੇ,
ਮਿਹਨਤ ਕਰਨਗੇ ਭਾਰੀ।
ਮਾਪਿਆਂ ਦੀ ਗੱਲ ਪੂਰੀ ਮੰਨੇ,
ਵਿਅਰਥ ਨਾ ਸਮਾਂ ਗਵਾਏ।
ਦਿਨ ਪੜ੍ਹਨ ਦੇ ਆਏ ਬੱਚਿਓ,
ਦਿਨ ਪੜ੍ਹਨ ਦੇ ਆਏ।
ਧਨ-ਦੌਲਤ ਤੋਂ ਸਮਾਂ ਕੀਮਤੀ,
ਇਹ ਨਾ ਐਵੇਂ ਗਵਾਇਓ।
ਪੜ੍ਹਿਓ, ਲਿਖਿਓ ਚਿੱਤ ਲਗਾ ਕੇ,
ਕੋਈ ਨਾ ਢਿੱਲ ਦਿਖਾਇਓ।
ਉੱਠਿਓ ਪੜ੍ਹਨ ਵਾਸਤੇ ਤੜਕੇ,
ਘਰ ਦਾ ਕੋਈ ਜਗਾਏ।
ਦਿਨ ਪੜ੍ਹਨ ਦੇ ਆਏ ਬੱਚਿਓ,
ਦਿਨ ਪੜ੍ਹਨ ਦੇ ਆਏ।

-ਆਤਮਾ ਸਿੰਘ ਚਿੱਟੀ,
ਪਿੰਡ ਤੇ ਡਾਕ: ਚਿੱਟੀ (ਜਲੰਧਰ)। ਮੋਬਾ: 99884-69564

ਬਾਲ ਨਾਵਲ-100

ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਸਾਰੇ ਮਹਿਮਾਨ ਅਤੇ ਪੁਰਾਣੇ-ਨਵੇਂ ਵਿਦਿਆਰਥੀ ਜਦੋਂ ਸੀਟਾਂ 'ਤੇ ਬੈਠ ਗਏ ਤਾਂ ਸਿਧਾਰਥ ਨੇ ਸਾਰੇ ਆਏ ਮਹਿਮਾਨਾਂ, ਆਪਣੇ ਸਾਥੀਆਂ ਅਤੇ ਵਿਦਿਆਰਥੀਆਂ ਨੂੰ 'ਜੀ ਆਇਆਂ' ਕਿਹਾ। ਉਸ ਤੋਂ ਬਾਅਦ ਉਸ ਨੇ ਅੱਜ ਦੇ ਮੁੱਖ ਮਹਿਮਾਨ ਮਾਤਾ ਜੀ ਨੂੰ ਸਟੇਜ 'ਤੇ ਬੁਲਾਇਆ। ਤਾੜੀਆਂ ਦੀ ਗੂੰਜ ਵਿਚ ਮਾਤਾ ਜੀ ਦੀ ਬੇਟੀ ਅਤੇ ਹਰੀਸ਼ ਨੇ ਮਾਤਾ ਜੀ ਨੂੰ ਸਟੇਜ 'ਤੇ ਲਿਜਾ ਕੇ ਉਥੇ ਪਈਆਂ ਕੁਰਸੀਆਂ ਵਿਚੋਂ ਵਿਚਕਾਰਲੀ ਕੁਰਸੀ 'ਤੇ ਬਿਠਾ ਦਿੱਤਾ। ਉਸ ਤੋਂ ਬਾਅਦ ਅੱਜ ਦੇ ਵਿਸ਼ੇਸ਼ ਮਹਿਮਾਨ ਮਨਜੀਤ ਦੇ ਮੰਮੀ ਜੀ ਨੂੰ ਸਟੇਜ 'ਤੇ ਲਿਆਂਦਾ ਗਿਆ। ਤੀਜਾ ਵਿਅਕਤੀ, ਜਿਸ ਨੂੰ ਸਟੇਜ 'ਤੇ ਬੁਲਾਇਆ ਗਿਆ, ਉਹ ਸੀ ਡਾ: ਹਰੀਸ਼। ਜਿਸ ਵੇਲੇ ਡਾ: ਹਰੀਸ਼ ਸਟੇਜ 'ਤੇ ਜਾ ਰਿਹਾ ਸੀ ਤਾਂ ਸਾਰੇ ਹਾਲ ਵਿਚ ਬੈਠੇ ਲੋਕ ਖੜ੍ਹੇ ਹੋ ਕੇ ਤਾੜੀਆਂ ਮਾਰਨ ਲੱਗੇ।
ਇਸ ਤੋਂ ਬਾਅਦ ਸਿਧਾਰਥ ਨੇ ਇਕ ਕਮਰੇ ਤੋਂ ਹਸਪਤਾਲ ਦੀ ਸ਼ੁਰੂਆਤ ਕਰਕੇ ਤਿੰਨ ਕਮਰੇ ਬਣਨ ਤੱਕ ਅਤੇ ਤਿੰਨ ਕਮਰਿਆਂ ਤੋਂ ਦੋ-ਮੰਜ਼ਿਲੀ ਇਮਾਰਤ ਦੇ ਤਹਿ ਕਮਰੇ ਬਣਨ ਤੱਕ ਦਾ ਸੰਖੇਪ ਵਿਚ ਵੇਰਵਾ ਦੱਸਿਆ। ਉਸ ਨੇ ਦੱਸਿਆ ਕਿ 'ਕਿਵੇਂ ਡਾ: ਹਰੀਸ਼ ਦੇ ਮਨ ਵਿਚ ਸ਼ੁਰੂ ਤੋਂ ਹੀ ਮਰੀਜ਼ਾਂ ਦੀ ਸੇਵਾ ਕਰਨ ਦੀ ਭਾਵਨਾ ਸੀ ਅਤੇ ਕਿਵੇਂ ਉਸ ਨੇ ਸਕੂਲ ਦੇ ਇਕ ਕਮਰੇ ਵਿਚ ਮਰੀਜ਼ਾਂ ਨੂੰ ਦੇਖਣਾ ਸ਼ੁਰੂ ਕੀਤਾ। ਉਸ ਨੇ ਹੀ ਹੋਰ ਚੰਗੇ ਤੋਂ ਚੰਗੇ ਡਾਕਟਰਾਂ ਨੂੰ ਆਪਣੇ ਨਾਲ ਜੋੜ ਕੇ ਇਸ ਹਸਪਤਾਲ ਦਾ ਨਾਂਅ ਪੈਦਾ ਕੀਤਾ। ਸਾਡੇ ਪੁਰਾਣੇ ਅਤੇ ਨਵੇਂ ਸਾਥੀਆਂ ਤੋਂ ਇਲਾਵਾ ਮਾਤਾ ਜੀ ਦੇ ਪਰਿਵਾਰ ਨੇ ਆਰਥਿਕ ਸਹਾਇਤਾ ਕਰਕੇ ਅੱਜ ਉਸ ਛੋਟੇ ਜਿਹੇ ਹਸਪਤਾਲ ਦੀ ਦੋ-ਮੰਜ਼ਿਲੀ ਇਮਾਰਤ ਖੜ੍ਹੀ ਕਰ ਦਿੱਤੀ ਹੈ। ਸਾਨੂੰ ਪੂਰੀ ਉਮੀਦ ਹੈ ਕਿ ਸਾਰਿਆਂ ਦੀ ਮਦਦ ਨਾਲ ਆਉਣ ਵਾਲੇ ਕੁਝ ਸਮੇਂ ਵਿਚ ਹੀ ਅਸੀਂ ਹਸਪਤਾਲ ਵਿਚ ਮਰੀਜ਼ਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਸਕਾਂਗੇ।
'ਸਾਨੂੰ ਇਹ ਵੀ ਖੁਸ਼ੀ ਹੈ ਕਿ ਅਸੀਂ ਸਾਰੇ ਪੁਰਾਣੇ ਵਿਦਿਆਰਥੀ ਆਪਣੇ ਵੀਰ ਜੀ ਯਾਨੀ ਪ੍ਰਿੰਸੀਪਲ ਰਣਬੀਰ ਸਿੰਘ ਦਾ ਸੁਪਨਾ ਪੂਰਾ ਕਰ ਸਕੇ ਹਾਂ। ਉਹ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਸਨ ਕਿ 'ਵਿੱਦਿਆ ਦਾ ਚਾਨਣ ਏਨਾ ਵੰਡੋ ਕਿ ਕੋਈ ਵੀ ਨੁੱਕਰ ਹਨੇਰੀ ਨਾ ਰਹਿ ਜਾਵੇ। ਹਰ ਪਾਸੇ ਚਾਨਣ ਹੀ ਚਾਨਣ ਹੋ ਜਾਵੇ।' ਇਸ ਤੋਂ ਇਲਾਵਾ ਉਹ ਇਹ ਕਹਿੰਦੇ ਸਨ ਕਿ 'ਹਰ ਬਿਮਾਰ ਅਤੇ ਬਿਰਧ ਦੀ ਵੱਧ ਤੋਂ ਵੱਧ ਸੇਵਾ ਕਰੋ, ਉਸ ਦਾ ਦੁੱਖ-ਦਰਦ ਵੰਡਾਓ, ਤਾਂ ਹੀ ਤੁਹਾਨੂੰ ਅਸਲੀ ਖੁਸ਼ੀ ਮਿਲੇਗੀ। ਮਨ ਨੂੰ ਸ਼ਾਂਤੀ ਮਿਲੇਗੀ।' ਸਾਨੂੰ ਅੱਜ ਇਸ ਗੱਲ ਦੀ ਤਸੱਲੀ ਹੈ ਕਿ ਅਸੀਂ ਉਸ ਸਕੂਲ ਨੂੰ ਹਰ ਪੱਖ ਤੋਂ ਕਾਫੀ ਉੱਚਾ ਲੈ ਗਏ ਹਾਂ, ਜਿਸ ਦਾ ਨੀਂਹ-ਪੱਥਰ ਸਾਡੇ ਵੀਰ ਜੀ ਨੇ ਰੱਖਿਆ ਸੀ।
'ਜਦੋਂ ਅਸੀਂ ਇਕ ਕਮਰੇ ਤੋਂ ਤਿੰਨ ਕਮਰਿਆਂ ਵਾਲਾ ਹਸਪਤਾਲ ਬਣਾਇਆ ਤਾਂ ਲੋੜਵੰਦ ਮਰੀਜ਼ਾਂ ਦੀ ਗਿਣਤੀ ਕਾਫੀ ਜ਼ਿਆਦਾ ਹੋ ਗਈ। ਇਸ ਦਾ ਕਾਰਨ ਸੀ ਡਾਕਟਰ ਹਰੀਸ਼ ਅਤੇ ਉਸ ਦੇ ਸਾਥੀ ਡਾਕਟਰਾਂ ਦੀ ਸਖ਼ਤ ਮਿਹਨਤ। ਹੁਣ ਸਾਡੇ ਕੋਲ ਦੋ-ਮੰਜ਼ਿਲਾ ਹਸਪਤਾਲ ਹੈ ਅਤੇ ਡਾਕਟਰ ਹਰੀਸ਼ ਨੇ ਆਪਣੀ ਮਿਹਨਤ ਅਤੇ ਰਸੂਖ ਨਾਲ ਚੰਗੇ ਡਾਕਟਰਾਂ ਦੀ ਇਕ ਟੀਮ ਵੀ ਤਿਆਰ ਕਰ ਲਈ ਹੈ ਤਾਂ ਯਕੀਨਨ ਸਾਡੇ ਕੋਲ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਜਾਵੇਗੀ। ਆਉਣ ਵਾਲੇ ਸਮੇਂ ਵਿਚ ਸਾਨੂੰ ਇਸ ਦੇ 30 ਕਮਰੇ ਵੀ ਸ਼ਾਇਦ ਥੋੜ੍ਹੇ ਲੱਗਣ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਚੁਟਕਲੇ

* ਘਰਵਾਲਾ ਨਹਾ ਰਿਹਾ ਸੀ ਅਤੇ ਸ਼ੈਂਪੂ ਨੂੰ ਸਿਰ ਦੇ ਨਾਲ ਮੋਢਿਆਂ 'ਤੇ ਵੀ ਮਲ ਰਿਹਾ ਸੀ।
ਪਤਨੀ-ਪਾਗਲ ਹੋ ਗਏ ਓ, ਇਹ ਸਿਰ 'ਤੇ ਲਾਉਣ ਲਈ ਹੁੰਦੈ, ਨਾ ਕਿ ਮੋਢਿਆਂ 'ਤੇ ਲਾਉਣ ਲਈ।
ਪਤੀ-ਪਾਗਲ ਤੇ ਅਨਪੜ੍ਹੀ ਔਰਤੇ, ਦੇਖ ਤਾਂ ਲੈ ਇਹ ਕਿਹੜਾ ਸੈਂਪੂ ਐ 'ਹੈੱਡ ਐਂਡ ਸ਼ੋਲਡਰ'।
* ਪਤਨੀ-ਅੱਜ ਮੈਂ ਤੁਹਾਨੂੰ ਆਲੂ ਦਾ ਪਰਾਉਂਠਾ ਬਣਾ ਦਿਆਂ?
ਪਤੀ-ਨਹੀਂ ਰਹਿਣ ਦੇ, ਮੈਂ ਬੰਦਾ ਹੀ ਠੀਕ ਹਾਂ, ਆ ਗਈ ਵੱਡੀ ਜਾਦੂਗਰਨੀ।
* ਟੀਚਰ-ਪੱਪੂ ਤੂੰ ਸਕੂਲ ਲੇਟ ਕਿਉਂ ਆਇਆਂ?
ਪੱਪੂ-ਸਰ ਰਸਤੇ ਵਿਚ ਬੋਰਡ ਲੱਗਿਆ ਸੀ, ਜਿਸ 'ਤੇ ਲਿਖਿਆ ਸੀ 'ਅੱਗੇ ਸਕੂਲ ਐ, ਹੌਲੀ ਚੱਲੋ'।
* ਪਤਨੀ (ਆਪਣੇ ਪਤੀ ਨੂੰ)-ਸਹੁਰੇ ਘਰ ਜਵਾਈ ਦੀ ਇੰਨੀ ਇੱਜ਼ਤ ਕਿਉਂ ਹੁੰਦੀ ਐ?
ਪਤੀ-ਕਿਉਂਕਿ ਉਹ ਜਾਣਦੇ ਕਿ ਇਹ ਉਹ ਆਦਮੀ ਐ, ਜਿਹਨੇ ਸਾਡੇ ਘਰ ਦਾ ਤੂਫਾਨ ਸੰਭਾਲ ਕੇ ਰੱਖਿਆ ਹੋਇਆ ਹੈ।

-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ, ਗਿੱਦੜਬਾਹਾ। ਮੋਬਾ: 94174-47986

ਪਲਾਸਟਿਕ ਬਾਰੇ ਜਾਣਕਾਰੀ

ਬੱਚਿਓ, ਪਲਾਸਟਿਕ ਸਾਡੇ ਜੀਵਨ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਖਿਡੌਣਿਆਂ ਤੋਂ ਲੈ ਕੇ ਹਵਾਈ ਜਹਾਜ਼ਾਂ ਤੱਕ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀਆਂ ਬਹੁਤ ਕਿਸਮਾਂ ਹਨ ਪਰ ਦੋ ਗੁਣ ਇਨ੍ਹਾਂ ਵਿਚ ਸਾਂਝੇ ਹਨ। ਪਹਿਲਾ ਇਹ ਕਿ ਇਨ੍ਹਾਂ ਦੇ ਪ੍ਰਮਾਣੂ ਅਣੂੰਆਂ ਦੀ ਲੰਬੀ ਲੜੀ ਦੇ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਅਸਾਨੀ ਨਾਲ ਮਨਮਰਜ਼ੀ ਦਾ ਆਕਾਰ ਦਿੱਤਾ ਜਾ ਸਕਦਾ ਹੈ। ਦੂਜਾ ਇਹ ਕਿ ਬਹੁਤੇ ਪਲਾਸਟਿਕ ਨਕਲੀ ਹੁੰਦੇ ਹਨ, ਜੋ ਪੈਟਰੋਲੀਅਮ ਵਿਚੋਂ ਕੱਢੇ ਰਸਾਇਣਾਂ ਦੇ ਬਣੇ ਹੁੰਦੇ ਹਨ।
ਕਿਸਮਾਂ : ਗਰਮੀ ਦੇ ਅਸਰ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਦੀਆਂ ਦੋ ਕਿਸਮਾਂ ਹਨ। ਪਹਿਲੀ ਕਿਸਮ ਥਰਮੋਪਲਾਸਟਿਕ ਹੈ। ਇਸ ਨੂੰ ਗਰਮ ਕਰਕੇ ਪਿਘਲਾਇਆ ਜਾ ਸਕਦਾ ਹੈ। ਜਦੋਂ ਇਹ ਸਖ਼ਤ ਬਣ ਜਾਂਦੀ ਹੈ ਤਾਂ ਦੁਬਾਰਾ ਇਸ ਨੂੰ ਪਿਘਲਾਇਆ ਜਾ ਸਕਦਾ ਹੈ। ਦੂਜੀ ਕਿਸਮ ਥਰਮੋਸੈਟਿੰਗ ਪਲਾਸਟਿਕ ਹੈ। ਜਦੋਂ ਇਹ ਗਰਮ ਹੋਣ ਤੋਂ ਬਾਅਦ ਠੋਸ ਬਣ ਜਾਵੇ ਤਾਂ ਦੁਬਾਰਾ ਇਹ ਨਰਮ ਨਹੀਂ ਹੋਵੇਗੀ। ਇਨ੍ਹਾਂ ਦੀਆਂ ਹੇਠ ਲਿਖੀਆਂ ਉਦਾਹਰਨਾਂ ਹਨ :
ਐਕਰੀਲਿਕ : ਇਹ ਥਰਮੋ-ਪਲਾਸਟਿਕ ਦੀ ਉਦਾਹਰਨ ਹੈ। ਇਹ ਜ਼ਿਆਦਾ ਕਰਕੇ ਕੱਪੜਾ ਉਦਯੋਗ ਵਿਚ ਵਰਤੀ ਜਾਂਦੀ ਹੈ। ਇਸ ਦੇ ਪ੍ਰਮਾਣੂ ਅਲੱਗ-ਅਲੱਗ ਹੁੰਦੇ ਹਨ, ਜੋ ਗਰਮ ਹੋਣ 'ਤੇ ਵੀ ਇਕੱਠੇ ਨਹੀਂ ਹੁੰਦੇ।
ਐਪੋਕਸ਼ੀਜ : ਇਹ ਥਰਮੋਸੈਟਿੰਗ ਦੀ ਉਦਾਹਰਨ ਹੈ। ਇਸ ਦੇ ਪ੍ਰਮਾਣੂ ਮਿਲ ਕੇ ਸਖ਼ਤ ਆਕਾਰ ਬਣਾ ਲੈਂਦੇ ਹਨ, ਜਿਸ ਤਰ੍ਹਾਂ ਹੈਲਮਟ ਆਦਿ।
ਕੰਪੋਜਿਸਟ : ਪਲਾਸਟਿਕ ਨੂੰ ਹੋਰ ਤਾਕਤ ਦੇਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕੁਰਸੀਆਂ, ਮੇਜ਼, ਟੈਨਿਸ ਤੇ ਰੈਕਟ ਆਦਿ।
ਬੈਕ ਲਾਈਟ : ਇਹ ਸਭ ਤੋਂ ਪਹਿਲਾਂ ਬਨਾਉਟੀ ਪਲਾਸਟਿਕ ਹੈ, ਜਿਸ ਨੂੰ 1909 ਈ: ਵਿਚ ਬੈਕਲੈਂਡ ਨਾਂਅ ਦੇ ਵਿਗਿਆਨੀ ਨੇ ਬਣਾਇਆ ਸੀ। ਇਸ ਨੂੰ ਬਿਜਲੀ ਦੇ ਸਾਮਾਨ ਜਿਵੇਂ ਸਵਿੱਚਾਂ, ਬੋਰਡ, ਪਲੱਗ ਆਦਿ ਵਿਚ ਵਰਤਿਆ ਜਾਂਦਾ ਹੈ।

-8/29, ਨਿਊ ਕੁੰਦਨਪੁਰੀ, ਲੁਧਿਆਣਾ।

ਬੁਝਾਰਤ (37)

ਕਿਸਾਨ

ਬੱਚਿਓ ਬੜੀ ਹੀ ਘਾਲਣਾ ਹੈ ਘਾਲਦਾ,
ਸਭ ਦਾ ਹੈ ਦਾਤਾ ਸਭ ਨੂੰ ਹੈ ਪਾਲਦਾ।
ਆਪਣਾ ਨਾ ਉਸ ਦਾ ਚਲਦਾ ਵੱਸ ਹੈ,
ਦਾਤਾ ਹੋ ਕੇ ਵੀ ਬੇਗਾਨੇ ਵੱਸ ਹੈ।
ਆਪਣੇ ਧੰਦੇ ਪ੍ਰਤੀ ਇਮਾਨਦਾਰ ਹੈ,
ਅੱਜਕਲ੍ਹ ਆਪ ਉਹ ਅਵਾਜ਼ਾਰ ਹੈ।
ਬੱਚਿਓ ਭਲੂਰੀਏ ਬੁਝਾਰਤ ਹੈ ਪਾਈ,
ਦੱਸ ਦਿਓ ਜੇ ਥੋਨੂੰ ਸਮਝ ਹੈ ਆਈ।
ਜੇ ਨਹੀਂ ਸਮਝੇ ਤਾਂ ਕੋਈ ਨਹੀਂ ਗੱਲ,
ਕਹਿ ਦਿਉ ਭਿਆਂ ਮੈਂ ਦੱਸ ਦਿੰਨਾਂ ਹੱਲ।
--0--
ਇਹ ਤਾਂ ਬੁਝਾਰਤ ਬੜੀ ਹੀ ਆਸਾਨ,
ਨਾਲੇ ਅੰਨਦਾਤਾ, ਨਾਲੇ ਕਹਿੰਦੇ ਕਿਸਾਨ।

-ਜਸਵੀਰ ਸਿੰਘ ਭਲੂਰੀਆ,
-ਪਿੰਡ ਤੇ ਡਾਕ: ਭਲੂਰ (ਮੋਗਾ)।
ਮੋਬਾ: 99159-95505

ਬਾਲ ਗੀਤ

ਰੁੱਤ ਬਸੰਤ

ਕੁਦਰਤ ਕੀਤਾ ਹਾਰ-ਸ਼ਿੰਗਾਰ,
ਰੁੱਤ ਬਸੰਤ, ਮੌਸਮ ਬਹਾਰ।
ਵਾਤਾਵਰਨ ਸੁਹਾਣਾ ਹੋਇਆ,
ਬਸੰਤੀ ਫੁੱਲਾਂ ਦੀ ਬਹਾਰ।
ਧਰਤੀ ਮਾਂ ਨੇ ਲਈ ਅੰਗੜਾਈ,
ਧੀ ਸਰਦੀ ਲੈ ਰਹੀ ਵਿਦਾਈ।
ਬੱਚੇ ਗਾ ਰਹੇ ਰੰਗ ਦੇ ਬਸੰਤੀ,
ਮਿੱਠੀ ਰੁੱਤ ਬਸੰਤ ਲਓ ਆਈ।
ਬਾਲਾਂ ਬਸੰਤੀ ਸਾਫੇ ਸਜਾਏ,
ਬਾਲੜੀਆਂ ਸੂਟ ਬਸੰਤੀ ਪਾਏ।
ਵੱਡੇ-ਛੋਟੇ ਉਡਾਉਣ ਪਤੰਗਾਂ,
ਅਸਮਾਨ ਬਸੰਤੀ ਨਜ਼ਰ ਆਏ।
ਕੁਦਰਤ ਕੀਤਾ ਹਾਰ-ਸ਼ਿੰਗਾਰ,
ਰੁੱਤ ਬਸੰਤ, ਮੌਸਮ ਬਹਾਰ।

-ਮੁਖ਼ਤਾਰ ਗਿੱਲ,
ਪ੍ਰੀਤ ਨਗਰ (ਅੰਮ੍ਰਿਤਸਰ)-143109. ਮੋਬਾ: 98140-82217

ਸੁਣ ਲਓ ਬੱਚਿਓ

ਸੁਣ ਲਓ ਬੱਚਿਓ, ਕਰਿਓ ਪੁੰਨ,
ਕਦੇ ਨਾ ਪਾਇਓ, ਘਰ ਵਿਚ ਰੁੰਨ।
ਸੁਣ ਲਓ ਬੱਚਿਓ, ਪੜ੍ਹਿਓ ਆਪ।
ਜੇਕਰ ਵਕਤ, ਨਾ ਦੇਂਦਾ ਬਾਪ।
ਸੁਣ ਲਓ ਬੱਚਿਓ, ਕਰੋ ਨਾ ਪਾਪ।
ਮਾੜੇ ਕੰਮ ਦਾ, ਮਿਲੇ ਸਰਾਪ।
ਸੁਣ ਲਓ ਬੱਚਿਓ, ਬਣਿਓ ਮਾਣ।
ਲੜੋ ਦੇਸ਼ ਲਈ, ਹਿੱਕਾਂ ਤਾਣ।
ਸੁਣ ਲਓ ਬੱਚਿਓ, ਮੰਜ਼ਿਲ ਦੂਰ।
ਵੇਖ-ਵੇਖ ਨਾ, ਜਾਣਾ ਝੂਰ।

-ਕੁੰਦਨ ਲਾਲ ਭੱਟੀ
ਬੰਤਾ ਸਿੰਘ ਕਾਲੋਨੀ, ਦਸੂਹਾ (ਹੁਸ਼ਿਆਰਪੁਰ)।
ਮੋਬਾਈਲ : 94643-17983.

ਮੇਰੇ ਸੁਪਨੇ ਜੋਸ਼ ਜਗਾਉਣ

ਮੇਰੇ ਸੋਹਣੇ ਜਿਹੇ ਖੁਆਬ,
ਮੈਥੋਂ ਮੰਗਣ ਰੋਜ਼ ਜੁਆਬ।
ਮੇਰੇ ਅੰਦਰ ਖੌਰੂ ਪਾਉਣ,
ਮੇਰੇ ਸੁਪਨੇ ਜੋਸ਼ ਜਗਾਉਣ।
ਆਪਣੇ ਹਿੱਸੇ ਦਾ ਸੰਸਾਰ,
ਸਿਰਜਣ ਦੇ ਲਈ ਹਾਂ ਤਿਆਰ।
ਸੁਪਨੇ ਮੈਨੂੰ ਬਹੁਤ ਭਜਾਉਣ,
ਮੇਰੇ ਸੁਪਨੇ ਜੋਸ਼ ਲਗਾਉਣ।
ਸੁਪਨੇ ਕਹਿੰਦੇ ਮਿਹਨਤ ਕਰ,
ਕੱਢ ਦੇ ਅੰਦਰੋਂ ਸਾਰੇ ਡਰ।
ਮੰਜ਼ਲਾਂ ਆਪੇ ਕੋਲੇ ਆਉਣ,
ਮੇਰੇ ਸੁਪਨੇ ਜੋਸ਼ ਜਗਾਉਣ।
ਚੱਲਦਾ ਰਤਾ ਜੇ ਜਾਵਾਂ ਠਹਿਰ,
ਭਟਕੇ ਮਨ ਜਾਂ ਥਿੜਕਣ ਪੈਰ।
ਸੁਪਨੇ ਮੈਨੂੰ ਮੋੜ ਲਿਆਉਣ,
ਮੇਰੇ ਸੁਪਨੇ ਜੋਸ਼ ਜਗਾਉਣ।
ਉਂਗਲ ਫੜ ਕੇ ਲੈਂਦੇ ਤੋਰ,
ਆਖਣ ਹੰਭਲਾ ਮਾਰ ਹੋਰ।
ਇਹ ਨਾ ਮੈਨੂੰ ਦਿੰਦੇ ਸੌਣ,
ਮੇਰੇ ਸੁਪਨੇ ਜੋਸ਼ ਜਗਾਉਣ।

-ਕਰਮਜੀਤ ਸਿੰਘ ਗਰੇਵਾਲ,
ਲਲਤੋਂ ਕਲਾਂ (ਲੁਧਿਆਣਾ)।
ਮੋਬਾ: 98728-68913


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX