ਤਾਜਾ ਖ਼ਬਰਾਂ


ਪੁਲਿਸ ਚੈਕਿੰਗ ਦੌਰਾਨ ਕਾਰ ਛੱਡ ਫ਼ਰਾਰ ਹੋਏ ਗੈਂਗਸਟਰ
. . .  1 day ago
ਜਲੰਧਰ, 23 ਫਰਵਰੀ - ਜਲੰਧਰ-ਫਗਵਾੜਾ ਮੁੱਖ ਜੀ.ਟੀ ਰੋਡ 'ਤੇ ਪਰਾਗਪੁਰ ਵਿਖੇ ਪੁਲਿਸ ਚੈਕਿੰਗ ਦੌਰਾਨ ਤਿੰਨ ਦੇ ਕਰੀਬ ਗੈਂਗਸਟਰ ਇਨੋਵਾ ਕਾਰ ਛੱਡ ਕੇ ਜਮਸ਼ੇਰ ਵੱਲ ਨੂੰ ਫ਼ਰਾਰ...
ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  1 day ago
ਫ਼ਿਰੋਜਪੁਰ 23 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਹਿੰਦ ਪਾਕਿ ਕੌਮੀ ਸਰਹੱਦ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਕੀ ਸ਼ਾਮੇ ਕੇ ਦੇ ਖੇਤਰ ਵਿਚੋਂ 136 ਬਟਾਲੀਅਨ ਬੀਐਸਐਫ...
ਰਾਮ ਵਿਲਾਸ ਪਾਸਵਾਨ ਵੱਲੋਂ ਪੰਜਾਬ ਹਰਿਆਣਾ ਦੇ ਐਫ.ਸੀ.ਆਈ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਜ਼ੀਰਕਪੁਰ, 23 ਫਰਵਰੀ, (ਹਰਦੀਪ ਹੈਪੀ ਪੰਡਵਾਲਾ) - ਕੇਂਦਰੀ ਖਪਤਕਾਰ ਮਾਮਲੇ , ਖਾਦ ਅਤੇ ਸਰਵਜਨਕ ਵਿਤਰਨ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਪਟਿਆਲਾ - ਜ਼ੀਰਕਪੁਰ ਸੜਕ...
ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  1 day ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  1 day ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  1 day ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  1 day ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  1 day ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸੱਠੀ ਮੂੰਗੀ ਤੇ ਮਾਂਹ ਦੀਆਂ ਮੁੱਖ ਅਲਾਮਤਾਂ ਦੀ ਰੋਕਥਾਮ ਕਿਵੇਂ ਕਰੀਏ

ਦਾਲਾਂ ਵਿਚ ਕਈ ਅਜਿਹੇ ਗੁਣ ਮੌਜੂਦ ਹਨ ਜੋ ਮਨੁੱਖੀ ਸਿਹਤ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਸਹਾਇਤਾ ਕਰਦੇ ਹਨ । ਇਸ ਤੋਂ ਇਲਾਵਾ ਦਾਲਾਂ ਵਾਲੀਆ ਫ਼ਸਲਾਂ ਫ਼ਲੀਦਾਰ ਹੋਣ ਕਰਕੇ ਹਵਾ ਵਿਚਲੇ ਨਾਈਟ੍ਰੋਜਨ ਤੱਤ ਨੂੰ ਜੜ੍ਹਾਂ ਦੁਆਰਾ ਜ਼ਮੀਨ ਵਿਚ ਜਮ੍ਹਾਂ ਕਰਕੇ ਇਸ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀਆਂ ਹਨ, ਜਿਸ ਕਾਰਨ ਦਾਲਾਂ ਤੋਂ ਬਾਅਦ ਬੀਜੀ ਫ਼ਸਲ ਲਈ ਨਾਈਟ੍ਰੋਜਨ ਖਾਦਾਂ ਦੀ ਲੋੜ ਘਟ ਜਾਂਦੀ ਹੈ। ਦਾਲਾਂ ਦੇ ਉਤਪਾਦਨ ਵਿਚ ਸੰਸਾਰ ਵਿਚੋਂ ਭਾਰਤ ਦਾ ਅਹਿਮ ਸਥਾਨ ਹੈ। ਭਾਰਤ ਵਿਚ ਹਰ ਸਾਲ ਲਗਪਗ 23.90 ਮਿਲੀਅਨ ਹੈਕਟੇਅਰ ਰਕਬੇ ਵਿਚ ਦਾਲਾਂ ਦੀ ਕਾਸ਼ਤ ਕਰਕੇ 18 ਮਿਲੀਅਨ ਟਨ ਦਾਲ ਦੀ ਉਪਜ ਪ੍ਰਾਪਤ ਕੀਤੀ ਜਾਂਦੀ ਹੈ। ਪਰ ਫਿਰ ਵੀ ਘਰੇਲੂ ਖਪਤ ਲਈ ਭਾਰਤ ਦੇਸ਼ ਨੰ ਹਰ ਸਾਲ ਲਗਪਗ 04 ਮਿਲੀਅਨ ਟਨ ਦੀ ਦਰਾਮਦ ਕਰਨੀ ਪੈਂਦੀ ਹੈ। ਇਸ ਲਈ ਸਾਨੂੰ ਆਪਣੇ ਦੇਸ਼ ਵਿਚ ਦਾਲਾਂ ਦਾ ਉਤਪਾਦਨ ਅਤੇ ਉਤਪਾਦਕ ਵਧਾਉਣ ਦੀ ਸਖਤ ਜ਼ਰੂਰਤ ਹੈ । ਮਨੁੱਖੀ ਸਿਹਤ ਲਈ ਦਾਲਾਂ ਦੇ ਵੱਡੇ ਫਾਇਦੇ ਨੂੰ ਮੁੱਖ ਰੱਖਦੇ ਹੋਏ ਸੰਯੁਕਤ ਰਾਸ਼ਟਰ ਵਲੋਂ ਸਾਲ 2016 ਨੂੰ ਦਾਲ ਅੰਤਰਰਾਸ਼ਟਰੀ ਦੇ ਰੂਪ ਵਿਚ ਮਨਾਇਆ ਗਿਆ ਸੀ। ਤਾਂ ਜੋ ਸੰਸਾਰੀ ਲੋਕ ਜਨ ਨੂੰ ਦਾਲਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਦਾਲਾਂ ਦੇ ਉਤਪਾਦਨ ਵਿਚ ਵਾਧਾ ਕੀਤਾ ਜਾਵੇ। ਪੰਜਾਬ ਵਿਚ ਸੱਠੀਆਂ ਦਾਲਾਂ (ਮੂੰਗੀ ਅਤੇ ਮਾਂਹ) ਦੀ ਕਾਸ਼ਤ ਬਹੁਤ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਫ਼ਸਲਾਂ ਬਹੁਤ ਘੱਟ ਸਮੇਂ ਵਿਚ ਪੱਕ ਕੇ ਤਿਆਰ ਹੋ ਜਾਂਦੀਆ ਹਨ। ਇਨ੍ਹਾਂ ਫ਼ਸਲਾਂ 'ਤੇ ਕਈ ਕਿਸਮ ਦੇ ਅਲਾਮਤਾਂ (ਨਦੀਨ, ਕੀੜੇ ਅਤੇ ਬਿਮਾਰੀਆਂ) ਆਉਂਦੀਆਂ ਹਨ ਜੋ ਦਾਲਾਂ ਦੀ ਫ਼ਸਲ ਦਾ ਝਾੜ ਘਟਾਉਣ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਇਸ ਲਈ ਇਨ੍ਹਾਂ ਹਾਨੀਕਾਰਕ ਅਲਾਮਤਾਂ ਦੀ ਸਰਬਪੱਖੀ ਢੰਗਾਂ ਨਾਲ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਤਾਂ ਜੋ ਦਾਲਾਂ ਦੀ ਫ਼ਸਲ ਤੋਂ ਵੱਧ ਤੋਂ ਵੱਧ ਝਾੜ ਅਤੇ ਮੁਨਾਫ਼ਾ ਪ੍ਰਾਪਤ ਕੀਤਾ ਜਾ ਸਕੇ।
ਮੁੱਖ ਅਲਾਮਤਾਂ
1 ਨਦੀਨਾਂ ਦੀ ਰੋਕਥਾਮ: ਦਾਲਾਂ ਦੀ ਵਿਚ ਨਦੀਨਾਂ ਦੀ ਬਹੁਤ ਗੰਭੀਰ ਸੁਮੱਸਿਆ ਹੈ। ਨਦੀਨ ਫ਼ਸਲ ਨੂੰ ਮਿਲਣ ਵਾਲੀ ਖੁਰਾਕ ਦਾ ਹਿੱਸਾ ਲੈਂਦੇ ਹਨ। ਇਸ ਤੋਂ ਇਲਾਵਾ ਨਦੀਨਾਂ ਉੱਪਰ ਕਈ ਤਰ੍ਹਾਂ ਦੇ ਕੀੜੇ ਅਤੇ ਰੋਗ ਵੀ ਪਲਦੇ ਰਹਿੰਦੇ ਹਨ ਜੋ ਬਾਅਦ ਵਿਚ ਮੁੱਖ ਫ਼ਸਲ 'ਤੇ ਤਬਦੀਲ ਹੋ ਜਾਂਦੇ ਹਨ। ਇਸ ਲਈ ਦਾਲਾਂ ਦੀ ਫ਼ਸਲ ਨੂੰ ਨਦੀਨਾਂ ਤੋਂ ਰਹਿਤ ਰੱਖਣਾ ਬਹੁਤ ਜ਼ਰੂਰੀ ਹੈ। ਫ਼ਸਲ ਨੂੰ ਨਦੀਨ ਤੋਂ ਮੁਕਤ ਰੱਖਣ ਲਈ ਸਮੇਂ ਸਿਰ ਇਕ/ਦੋ ਗੋਡੀਆਂ ਕਰਨੀਆਂ ਚਾਹੀਦੀਆਂ ਹਨ।
ਹਾਨੀਕਾਰਕ ਕੀੜੇ
ਥਰਿੱਪ : ਇਸ ਕੀੜੇ ਦਾ ਅਕਾਰ ਬਹੁਤ ਛੋਟਾ ਅਤੇ ਗੂੜ੍ਹੇ ਭੂਰੇ ਰੰਗ ਦਾ ਹੁੰਦਾ ਹੈ। ਇਹ ਕੀੜਾ ਗਰਮੀ ਰੁੱਤ ਦੇ ਮੂੰਗੀ ਅਤੇ ਮਾਂਹ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਖੁਸ਼ਕ ਮੌਸਮ ਵਿਚ ਇਹ ਕੀੜਾ ਫੁੱਲਾਂ ਦਾ ਰਸ ਚੂਸਦਾ ਹੈ, ਜਿਸ ਦੇ ਸਿੱਟੇ ਵਜੋਂ ਫੁੱਲ ਝੜ ਜਾਂਦੇ ਹਨ ਅਤੇ ਫ਼ਲੀਆਂ ਟੇਢੀਆਂ-ਮੇਢੀਆਂ ਹੋ ਜਾਂਦੀਆਂ ਹਨ। ਇਸ ਨਾਲ ਦਾਲਾਂ ਦੇ ਦਾਣਿਆਂ ਦੀ ਗੁਣਵੱਤਾ (ਕੁਆਲਿਟੀ) 'ਤੇ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਝਾੜ ਕਾਫ਼ੀ ਘਟ ਜਾਂਦਾ ਹੈ। ਜ਼ਿਆਦਾ ਹਮਲੇ ਦੀ ਸੂਰਤ ਵਿਚ ਸਾਰੀ ਫ਼ਸਲ ਤਬਾਹ ਹੋ ਜਾਂਦੀ ਹੈ।
ਤੰਬਾਕੂ ਵਾਲੀ ਸੁੰਡੀ: ਇਹ ਸੁੰਡੀ ਕਈ ਫ਼ਸਲਾਂ ਉੱਪਰ ਹਮਲਾ ਕਰਦੀ ਹੈ। ਇਸ ਦੀਆਂ ਛੋਟੀਆਂ ਸੁੰਡੀਆਂ ਕਾਲੇ ਰੰਗ ਦੀਆਂ ਅਤੇ ਵੱਡੀਆਂ ਸੁੰਡੀਆਂ ਗੂੜ੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ ਅਤੇ ਸਰੀਰ ਉੱਪਰ ਕਾਲੇ ਰੰਗ ਦੇ ਤਿਕੋਣੇ ਧੱਬੇ ਹੁੰਦੇ ਹਨ। ਛੋਟੀਆਂ ਸੁੰਡੀਆਂ ਝੁੰਡਾਂ ਵਿਚ ਪੱਤਿਆਂ ਦਾ ਹਰਾ ਮਾਦਾ ਖਾਂਦੀਆਂ ਹਨ ਅਤੇ ਪੱਤਿਆਂ ਨੂੰ ਛਾਣਨੀ-ਛਾਣਨੀ ਕਰ ਦਿੰਦੀਆਂ ਹਨ। ਬਾਅਦ ਵਿਚ ਇਹ ਸੁੰਡੀਆਂ ਵੱਡੀਆਂ ਹੋ ਕੇ ਸਾਰੇ ਖੇਤ ਵਿਚ ਖਿੱਲਰ ਕੇ ਨੁਕਸਾਨ ਕਰਦੀਆਂ ਹਨ। ਪੱਤਿਆਂ ਤੋ ਇਲਾਵਾ ਇਹ ਸੁੰਡੀਆਂ ਫ਼ੁੱਲ ਅਤੇ ਫ਼ਲੀਆਂ ਦਾ ਵੀ ਨੁਕਸਾਨ ਕਰਦੀਆਂ ਹਨ।
ਰੋਕਥਾਮ : * ਫ਼ਸਲ ਦੀ ਬਿਜਾਈ ਸਮੇਂ ਸਿਰ ਕਰੋ। * ਫ਼ਸਲ ਵਾਲੇ ਖੇਤਾਂ ਨੂੰ ਨਦੀਨਾਂ (ਇਟਸਿਟ/ਚੁਪੱਤੀ) ਅਤੇ ਫਾਲਤੂ ਬੂਟਿਆਂ ਤੋਂ ਰਹਿਤ ਰੱਖੋ ਕਿਉਂਕਿ ਇਹ ਨਦੀਨ ਇਸ ਸੁੰਡੀ ਲਈ ਬਦਲਵੇਂ ਪੌਦੇ ਦੇ ਤੌਰ 'ਤੇ ਕੰਮ ਕਰਦੇ ਹਨ। * ਆਂਡੇ ਤੇ ਛੋਟੀਆਂ ਸੁੰਡੀਆਂ ਨੂੰ ਪੱਤਿਆਂ ਸਮੇਤ ਨਸ਼ਟ ਕਰਦੇ ਰਹੋ।
ਬਿਮਾਰੀਆਂ
ਚਿਤਕਬਰਾ ਰੋਗ: ਇਹ ਇਕ ਵਿਸ਼ਾਣੂ ਰੋਗ ਹੈ ਜੋ ਮੁਢਲੇ ਤੌਰ 'ਤੇ ਫ਼ਸਲ ਦੇ ਬੀਜ ਵਿਚ ਹੀ ਹੁੰਦਾ ਹੈ ਅਤੇ ਅਨੁਕੂਲ ਵਾਤਾਵਰਨ ਤੇ ਇਹ ਰੋਗ ਫ਼ਸਲ ਉੱਪਰ ਆ ਜਾਂਦਾ ਹੈ ਅਤੇ ਬਾਅਦ ਵਿਚ ਇਹ ਬਿਮਾਰੀ ਚਿੱਟੀ ਮੱਖੀ ਦੁਆਰਾ ਫੈਲਾਈ ਜਾਂਦੀ ਹੈ। ਇਸ ਰੋਗ ਕਾਰਨ ਪੱਤਿਆਂ ਉੱਪਰ ਪੀਲੇ ਅਤੇ ਹਰੇ ਰੰਗ ਦੇ ਬੇ-ਅਕਾਰ ਧੱਬੇ ਪੈ ਜਾਂਦੇ ਹਨ। ਜ਼ਿਆਦਾ ਹਮਲੇ ਦੀ ਸੂਰਤ ਵਿਚ ਸਾਰਾ ਖੇਤ ਪੀਲਾ ਪੈ ਜਾਂਦਾ ਹੈ। ਪੌਦਿਆਂ ਨੂੰ ਜਾਂ ਤਾਂ ਫ਼ਲੀਆਂ ਪੈਂਦੀਆਂ ਨਹੀਂ ਜਾਂ ਬਹੁਤ ਥੋੜੀਆਂ ਪੀਲੇ ਰੰਗ ਦੀਆਂ ਫ਼ਲੀਆਂ ਪੈਂਦੀਆਂ ਹਨ। ਇਸ ਬਿਮਾਰੀ ਕਾਰਨ ਦਾਣਿਆਂ/ਬੀਜਾਂ ਦੀ ਗੁਣਵੱਤਾ (ਕੁਆਲਿਟੀ) 'ਤੇ ਮਾੜਾ ਅਸਰ ਪੈਂਦਾ ਹੈ। ਇਹ ਬੀਜ ਅਗਲੇ ਸਾਲ ਦੀ ਬਿਜਾਈ ਦੇ ਯੋਗ ਵੀ ਨਹੀ ਰਹਿੰਦਾ।
ਰੋਕਥਾਮ : ਬਿਜਾਈ ਵਾਸਤੇ ਇਸ ਬਿਮਾਰੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਦੀ ਚੋਣ ਹੀ ਕਰਨੀ ਚਾਹੀਦੀ ਹੈ ਜਿਵੇਂ ਮੂੰਗੀ: ਐਸ. ਐਮ. ਐਲ. 668, ਐਸ. ਐਮ. ਐਲ. 832 ਅਤੇ ਮਾਂਹ : ਮਾਂਹ 1008 ਅਤੇ ਮਾਂਹ 218 ਆਦਿ।
ਬੀਜ ਮਾਨਤਾ ਪ੍ਰਾਪਤ ਏਜੰਸੀਆਂ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਜਾਂ ਇਸ ਦੇ ਰਿਜਨਲ ਸਟੇਸ਼ਨ/ਬੀਜ ਫ਼ਾਰਮਾਂ ਤੋਂ ਹੀ ਖਰੀਦੋ। ਖੇਤਾਂ ਦੀ ਨਿਗਰਾਨੀ ਕਰਦੇ ਰਹੋ ਅਤੇ ਬਿਮਾਰੀ ਵਾਲੇ ਬੂਟਿਆਂ ਨੂੰ ਸ਼ੁਰੂ ਵਿਚ ਹੀ ਪੁੱਟ ਦਿਉ।
ਝੁਲਸ ਰੋਗ: ਫ਼ਸਲੀ ਖੇਤ ਵਿਚ ਇਹ ਬਿਮਾਰੀ ਨਦੀਨਾਂ/ਆਪੇ ਉਗੇ ਹੋਏ ਵਾਧੂ ਬੂਟਿਆਂ ਤੋਂ ਆਉਂਦੀ ਹੈ। ਇਹ ਬਿਮਾਰੀ ਪੱਤਿਆਂ ਦੀ ਉੱਪਰਲੀ ਛਿੱਲ, ਡੰਡੀਆਂ ਅਤੇ ਨਵੀਆਂ ਸ਼ਾਖਾਵਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਹੌਲੀ-ਹੌਲੀ ਬੂਟੇ ਉੱਪਰੋਂ ਝੁਲਸ ਜਾਂਦੇ ਹਨ। ਅਜਿਹੇ ਝੁਲਸ ਰੋਗ ਵਾਲੇ ਬੂਟਿਆਂ ਦੀਆਂ ਧੋੜੀਆਂ ਖੇਤ ਵਿਚ ਦੂਰੋਂ ਹੀ ਪ੍ਰਤੱਖ ਨਜ਼ਰ ਆਉਂਦੀਆਂ ਹਨ। ਜ਼ਿਆਦਾ ਸਿੱਲ੍ਹੇ ਮੌਸਮ ਵਿਚ ਪੱਤਿਆਂ 'ਤੇ ਉੱਲੀ ਦੇ ਚਿੱਟੇ ਜਾਲੇ ਬਣ ਜਾਂਦੇ ਹਨ।
ਰੋਕਥਾਮ : * ਫ਼ਸਲ ਅਤੇ ਫ਼ਸਲ ਆਲਾ -ਦੁਆਲਾ ਨਦੀਨ ਰਹਿਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬਿਮਾਰੀ ਨਦੀਨਾਂ ਤੋਂ ਹੀ ਆਉਂਦੀ ਹੈ। * ਫ਼ਸਲ ਨੂੰ ਪਾਣੀ ਲੋੜ ਅਨੁਸਾਰ ਘੱਟ ਤੋ ਘੱਟ ਲਾਉ।


-ਰਿਜਨਲ ਸਟੇਸ਼ਨ ਪੀ.ਏ.ਯੂ. ਗੁਰਦਾਸਪੁਰ।
ਫੋਨ : 01874-220825, 088720-03010.


ਖ਼ਬਰ ਸ਼ੇਅਰ ਕਰੋ

ਡੂੰਘਾ ਵਾਹ ਲੈ ਹਲ਼ ਵੇ...

ਕਿਸਾਨ ਵਾਸਤੇ ਜ਼ਮੀਨ ਮਾਂ ਦੇ ਤੁਲ ਹੈ। ਆਪਣੇ ਖੇਤ ਵਿਚ ਕੰਮ ਕਰਨ ਲਈ ਵੜਨ ਤੋਂ ਪਹਿਲਾਂ ਉਹ ਧਰਤੀ ਨੂੰ ਨਮਸਕਾਰਦਾ ਹੈ। ਧਰਤੀ ਨੂੰ ਵਾਹੁੰਦਾ, ਬੀਜਦਾ ਅਤੇ ਫ਼ਸਲ ਦੀ ਸੰਭਾਈ ਕਰਕੇ ਉਹ ਜਨਤਾ ਦਾ ਢਿੱਡ ਭਰਦਾ ਹੈ। ਫ਼ਸਲ ਨੂੰ ਬੀਜਣ ਤੋਂ ਪਹਿਲਾਂ ਉਹ ਜ਼ਮੀਨ ਤਿਆਰ ਕਰਦਾ ਹੈ। ਹਲ਼ ਵਾਹੁਣ ਉਪਰੰਤ ਜੇਕਰ ਲੋੜ ਹੋਵੇ ਤਾਂ ਕਰਾਹਾ ਲਾ ਕੇ ਜ਼ਮੀਨ ਨੂੰ ਪੱਧਰੀ ਕਰਦਾ ਹੈ। ਰੱਕੜ ਵਾਹਣ ਨੂੰ ਪਾਣੀ ਲਾ ਕੇ ਰਾਉਣੀ ਕਰਦਾ ਹੈ, ਵੱਤਰ ਆਉਣ 'ਤੇ ਹਲ਼ ਨਾਲ ਇਸ ਦੀ ਵਹਾਈ ਕਰਦਾ ਹੈ। ਜ਼ਮੀਨ ਦੀ ਵੱਤਰ ਜਾਂ ਗਿੱਲ ਨੂੰ ਦੱਬਣ ਵਾਸਤੇ ਸੁਹਾਗੇ ਦੀ ਵਰਤੋਂ ਕਰਦਾ ਹੈ ਅਤੇ ਫਿਰ ਬੀਜ ਬੀਜਦਾ ਹੈ। ਫ਼ਸਲ ਵਧਦੀ ਫੁੱਲਦੀ ਹੈ ਅਤੇ ਖੇਤਾਂ ਵਿਚ ਹਰਿਆਵਲ ਆਉਂਦੀ ਹੈ। ਖੇਤਾਂ ਵਿਚ ਆਈ ਹਰਿਆਵਲ ਹਰ ਕਿਸੇ ਨੂੰ ਚੰਗੀ ਲੱਗਦੀ ਹੈ। ਕਵੀ ਮਨ ਹਰਿਆਵਲ ਵੇਖ ਕੇ ਝੂਮ ਉਠਦਾ ਹੈ ਪਰੰਤੂ ਸੋਚਿਆ ਜਾਵੇ ਹਰਿਆਵਲ ਆਉਣ ਤੋਂ ਪਹਿਲਾਂ ਕਿਸਾਨ ਨੇ ਪੂਰਾ ਪਸੀਨਾ ਵਹਾਇਆ ਹੁੰਦਾ ਹੈ। ਬਲ਼ਦ ਜੋੜ ਕੇ ਖੇਤ ਨੂੰ ਤੁਰਦਾ ਹੀ ਉਹ ਕਵੀ ਹੁੰਦਾ ਹੈ, ਗਾਇਕ ਹੁੰਦਾ ਹੈ ਅਤੇ ਆਸ਼ਕ ਹੁੰਦਾ ਹੈ। ਬਲ਼ਦਾਂ ਦੇ ਗਲ਼ ਵਿਚ ਪਾਈਆਂ ਟੱਲੀਆਂ ਦੀ ਟੁਣਕਾਰ ਉਸ ਲਈ ਮਿੱਠੀਆਂ ਸੰਗੀਤਕ ਧੁਨਾਂ ਪੈਦਾ ਕਰਦੀ ਹੈ। ਸਿੱਧੇ ਸਿਆੜ ਕੱਢਦਾ ਹੋਇਆ ਉਹ ਇਕ ਚਿੱਤਰਕਾਰ ਵਰਗਾ ਹੁੰਦਾ ਹੈ। ਵਾਹੁਣ ਬੀਜਣ ਲਈ ਕੀਤੇ ਕੰਮ ਦੀ ਉਸ ਦੀ ਕਲਾਕਾਰੀ ਵੇਖਣ ਵਾਲੀ ਹੁੰਦੀ ਹੈ। ਖੇਤ ਵਿਚ ਜਾ ਕੇ ਹਲ਼ ਦਾ ਮੁੰਨਾ ਫੜ ਕੇ 'ਚੱਲੋ ਪੁੱਤਰਾ' ਦਾ ਹੋਕਾ ਦਿੰਦਾ ਹੋਇਆ ਉਹ ਆਪਣੇ ਬਲ਼ਦਾਂ ਨਾਲ ਇਕ-ਮਿੱਕ ਹੁੰਦਾ ਹੈ। ਆਪਣੇ ਬਲ਼ਦਾਂ ਦੀਆਂ ਧੌਣਾਂ 'ਤੇ ਪੰਜਾਲ਼ੀ ਰੱਖਦਾ ਹੋਇਆ ਆਪਣੇ ਕਮਾਊ ਪੁੱਤਰਾਂ ਦੇ ਕਦੇ ਪਿੰਡੇ 'ਤੇ ਹੱਥ ਫੇਰਦਾ ਹੈ, ਕਦੇ ਮੂੰਹ 'ਤੇ ਹੱਥ ਫੇਰਦਾ ਹੈ; ਭੱਤਾ (ਰੋਟੀ ਪਾਣੀ ਆਦਿ) ਲੈ ਕੇ ਉਸ ਦੀ ਸਵਾਣੀ ਆਉਂਦੀ ਹੈ, ਰੋਟੀ ਖਾਣ ਉਪਰੰਤ ਆਪਣੇ ਬਲਦਾਂ ਦੇ ਮੂੰਹ ਵਿਚ ਬੁਰਕੀ ਪਾ ਕੇ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ, ਇਹ ਸਾਰਾ ਨਜ਼ਾਰਾ ਸਮੇਂ ਦੀ ਪਵਿੱਤਰਤਾ ਦੀ ਗਵਾਹੀ ਦਿੰਦਾ ਹੈ।
ਅੱਜ ਦੇ ਮਸ਼ੀਨੀ ਯੁੱਗ ਤੋਂ ਪਹਿਲਾਂ ਕਿਸਾਨ ਬਲ਼ਦਾਂ ਜਾਂ ਊਠ ਨਾਲ ਆਪਣੀ ਜ਼ਮੀਨ ਦੀ ਵਹਾਈ ਅਤੇ ਬਿਜਾਈ ਕਰਿਆ ਕਰਦਾ ਸੀ। ਦੋ ਬਲ਼ਦਾਂ ਦੇ ਗਲ਼ ਵਿਚ ਪੰਜਾਲ਼ੀ ਪਾ ਕੇ ਉਸ ਦੇ ਵਿਚਾਲ਼ਿਓਂ ਹਲ਼ ਪਇਆ ਜਾਂਦਾ ਸੀ। ਹਲ਼ ਦੀ ਬੇਲ ਅਤੇ ਪੰਜਾਬੀ ਨੂੰ ਨਾੜਿਆਂ ਨਾਲ ਬੰਨ੍ਹਣਾ ਇਕ ਕਿਸਮ ਦਾ ਕਲਾਕਾਰ ਵਾਲਾ ਕੰਮ ਹੁੰਦਾ ਹੈ। ਪਹਿਲੀਆਂ ਵਿਚ ਹਲ਼ ਦਾ ਫ਼ਾਲ਼ਾ ਵੀ ਲੱਕੜ ਦਾ ਹੁੰਦਾ ਸੀ ਪਰੰਤੂ ਬਾਅਦ ਵਿਚ ਇਸ ਵਿਚ ਸੋਧ ਕਰਦਿਆਂ ਫ਼ਾਲ਼ਾ ਲੋਹੇ ਦਾ ਲਾਇਆ ਜਾਣ ਲੱਗ ਪਿਆ ਸੀ। ਹੋਰ ਸੋਧ ਕਰਦਿਆਂ ਇਹ ਫ਼ਾਲ਼ਾ ਉਲਟਾਵੇਂ ਹਲ਼ ਦੇ ਰੂਪ ਵਿਚ ਆ ਗਿਆ ਸੀ। ਇਸ ਨਾਲ ਹੇਠਲੀ ਜ਼ਮੀਨ ਉਪਰ ਅਤੇ ਉਪਰਲੀ ਮਿੱਟੀ ਹੇਠਾਂ ਚਲੀ ਜਾਂਦੀ ਸੀ। ਊਠ ਜਾਂ ਬੋਤੇ ਦੇ ਗਲ਼ ਵਿਚ ਪੰਜਾਲ਼ੀ ਪਾਉਣ ਦੀ ਥਾਂ ਉਸ ਦੇ ਬੀਂਡੀ ਪਾ ਕੇ ਹੀ ਹਲ਼ ਫਿੱਟ ਕੀਤਾ ਜਾਂਦਾ ਸੀ। ਮੰਝਿਆ ਹਾਲ਼ੀ ਤਾਂ ਆਪਣੇ ਬਲ਼ਦਾਂ ਜਾਂ ਊਠ ਨੂੰ ਰੈਲ਼ਾ ਰੱਖਦਾ ਸੀ ਅਤੇ ਜ਼ਮੀਨ ਦੀ ਵੀ ਪੂਰੀ ਤਿਆਰੀ ਕਰ ਲੈਂਦਾ ਸੀ ਜਦੋਂ ਕਿ ਅਣਜਾਣ ਹਾਲ਼ੀ ਬੜੀ ਵਾਰੀ ਆਪਣੇ, ਬਲ਼ਦਾਂ ਜਾਂ ਊਠ ਨੂੰ ਹਲ਼ ਦੀ ਚੌਂਅ ਮਾਰ ਕੇ ਜ਼ਖ਼ਮੀ ਕਰ ਬਹਿੰਦਾ ਸੀ। ਹਲ਼ਾਂ ਦੀ ਵਾਹੀ ਦੇ ਹਿਸਾਬ ਨਾਲ ਕਿਸਾਨ ਦੀ ਜ਼ਮੀਨ ਆਂਕੀ ਜਾਂਦੀ ਸੀ। ਭਾਵ ਉਸ ਕੋਲ ਕਿੰਨੇ ਕਿੱਲੇ/ਏਕੜ ਜ਼ਮੀਨ ਹੈ, ਇਹ ਇਸ ਵਾਕੰਸ਼ ਤੋਂ ਪਤਾ ਲੱਗਦਾ ਸੀ ਕਿ ਉਸ ਦੀ ਕਿੰਨੇ ਹਲ਼ਾਂ ਦੀ ਵਾਹੀ ਹੈ। ਹਲ਼ ਵਾਹੁਣ ਲਈ ਆਮ ਤੌਰ 'ਤੇ ਸਵੇਰੇ ਸਵੱਖ਼ਤੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਹਲ਼ ਜੋੜਿਆ ਜਾਂਦਾ ਸੀ। 'ਟਿੱਕੀ ਨਿਕਲਣ ਤੋਂ ਪਹਿਲਾਂ ਕਨਾਲ/ਦੋ ਕਨਾਲਾਂ ਵਾਹ ਲਈ' ਕਿਸਾਨ ਦੇ ਹਿੰਮਤੀ ਹੋਣ ਦਾ ਦਰਸਾਉਣ ਵਾਲਾ ਵਾਕ ਹੁੰਦਾ ਸੀ। ਹਲ਼ ਵਾਹੁੰਦੇ ਸਮੇਂ ਸਿੱਧੇ ਸਿਆੜ ਕੱਢਣੇ ਸਿਆਣੇ ਕਾਮੇ ਹੋਣ ਦੀ ਨਿਸ਼ਾਨੀ ਹੁੰਦੀ ਸੀ। ਫ਼ਸਲ ਬੀਜਦੇ ਸਮੇਂ ਪੋਰ ਰਾਹੀਂ ਬੀਜ ਦਾ ਠੀਕ ਮਾਤਰਾ ਵਿਚ ਪਾਉਣਾ ਅਤੇ ਬੂਟਿਆਂ ਅਤੇ ਕਤਾਰਾਂ ਦੀ ਦੂਰੀ ਠੀਕ ਰੱਖਣੀ; ਵੱਡੀ ਸਿਆਣਪ ਦੀ ਨਿਸ਼ਾਨੀ ਹੁੰਦੀ ਸੀ। ਚੰਗੇ ਹਾਲ਼ੀ ਨੂੰ ਖੇਤ ਵਿਚ ਹਲ਼ ਵਾਹੁੰਦਿਆਂ, ਬੀਜਦਿਆਂ ਵੇਖਣ ਲਈ ਸਿਆਣੇ ਬੰਦੇ ਰਾਹ ਵਿਚ ਰੁਕ ਕੇ ਨਿਹਾਰਦੇ ਅਤੇ ਸ਼ਾਬਾਸ਼ ਦਿੰਦੇ ਸਨ।
ਵਹਾਈ ਵੇਲੇ ਜ਼ਮੀਨ ਨੂੰ ਵੱਧ ਤੋਂ ਵੱਧ ਪੋਲਾ ਕਰਨ ਲਈ ਹਲ਼ ਨੂੰ ਡੂੰਘਾ ਵਾਹਿਆ ਜਾਂਦਾ ਸੀ। ਇਕ ਤੋਂ ਵੱਧ ਵਾਰ ਵਾਹ ਕੇ ਕੀਤੀ ਬਿਜਾਈ ਵਿਚ ਬੀਜ ਪੂਰਾ ਉੱਗਦਾ ਸੀ ਅਤੇ ਫ਼ਸਲ ਵਧੇਰੇ ਵਧਦੀ-ਫੁੱਲਦੀ ਸੀ। ਮਿਹਨਤੀ ਕਿਸਾਨ ਦੀ ਫ਼ਸਲ ਚੰਗੀ ਹੁੰਦੀ ਸੀ ਅਤੇ ਉਸ ਨੂੰ ਕਿਸੇ ਹੋਰ ਪਾਸੇ ਵੇਖਣ ਦੀ ਲੋੜ ਹੀ ਨਹੀਂ ਰਹਿੰਦੀ ਸੀ। ਖੇਤੀ ਨੂੰ ਉੱਤਮ , ਵਪਾਰ ਨੂੰ ਮੱਧ ਦਰਜੇ ਦਾ ਕੰਮ , ਨੌਕਰੀ ਕਰਨਾ ਅਸਲ ਵਿਚ ਗੁਲਾਮੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਜਦੋਂ ਕਿ ਭੀਖ ਮੰਗਣਾ ਸੱਭ ਤੋਂ ਹੇਠਲੇ ਦਰਜੇ 'ਤੇ ਆ ਜਾਂਦਾ ਸੀ। ਮਿਹਨਤ ਨਾਲ ਕੀਤੀ ਕਮਾਈ ਤਾਂ ਇੱਜਤ ਦਿਵਾਉਂਦੀ ਸੀ। ਇਸੇ ਕਰਕੇ ਤਾਂ ਇਹ ਲੋਕ ਤੱਥ ਬਣਿਆ ਹੋਇਆ ਸੀ : ਡੂੰਘਾ ਵਾਹ ਲੈ ਹਲ਼ ਵੇ ਤੇਰੀ ਘਰੇ ਨੌਕਰੀ।


-6-ਆਰ. ਡੋਗਰ ਬਸਤੀ ਫ਼ਰੀਦਕੋਟ।
ਮੋਬਾਈਲ : 95010-20731.

ਡੂੜ ਇੱਟ ਦੀ ਚੌਕੀਦਾਰੀ

ਸੜਕਾਂ ਉੱਤੇ ਨਿੱਤ ਦਿਨ ਹੁੰਦੇ ਹਾਦਸਿਆਂ ਵਿਚ ਜਿਥੇ ਲੋਕਾਂ ਦੀ ਲਾਪਰਵਾਹੀ ਵੀ ਜ਼ਿੰਮੇਵਾਰ ਹੈ, ਉੱਥੇ ਹੀ ਸੜਕਾਂ ਬਣਾਉਣ ਵਾਲੇ ਮਹਿਕਮੇ ਵੀ ਕੋਈ ਕਸਰ ਨਹੀਂ ਛੱਡਦੇ ਹਨ। ਜਦ ਵੀ ਕਿਸੇ ਪਿੰਡ ਦੀ ਲਿੰਕ ਰੋਡ ਬਣਦੀ ਹੈ ਤਾਂ ਬਿਨਾਂ ਕਿਸੇ ਅਗਾਊਂ ਨਿਸ਼ਾਨੀ ਦੇ ਸੜਕ ਬੰਦ ਕਰ ਦਿੱਤੀ ਜਾਂਦੀ ਹੈ। ਕਾਰ ਸਕੂਟਰ ਵਾਲਾ ਪਿਆ ਭਟਕਦਾ ਰਵੇ। ਮਜ਼ਦੂਰ ਬਸ ਹੱਥ ਹਿਲਾਅ ਕੇ 'ਰਸਤਾ ਬੰਦ ਹੈ' ਦੱਸ ਦੇਣਗੇ। ਫੇਰ ਕਿੱਧਰ ਦੀ ਜਾਣਾ ਹੈ। ਮਾਰੋ ਟੱਕਰਾਂ। ਕਈ ਵਾਰੀ ਤਾਂ ਪਤਲੀ ਜਿਹੀ ਸੜਕ 'ਤੇ ਵਾਪਸ ਵੀ ਨਹੀਂ ਮੁੜਿਆ ਜਾ ਸਕਦਾ ਹੁੰਦਾ। ਵਗਦੀਆਂ ਸੜਕਾਂ 'ਤੇ ਕੋਈ ਨਿਸ਼ਾਨੀ ਲਾਉਣੀ, ਮਹਿਕਮੇ ਵਲੋਂ ਵੱਡਾ ਗੁਨਾਹ ਮੰਨਿਆ ਜਾਂਦਾ ਹੈ। ਦੋ ਕੁ ਟੁੱਟੀਆਂ ਇੱਟਾਂ ਵੀ ਇਸ ਲਈ ਰੱਖਦੇ ਹਨ ਕਿ ਸੁੱਟੀ ਹੋਈ ਬਜਰੀ ਜਾਂ ਰੇਤਾ ਮਿਣਨਾ ਹੁੰਦਾ ਹੈ। ਜੇ ਰਾਤ ਨੂੰ ਕਿਸੇ ਦੀ ਜਾਨ ਜਾਂਦੀ ਹੈ, ਇਸ ਨੂੰ ਆਬਾਦੀ ਘਟਾਉਣ ਦੇ ਤਰੀਕੇ ਵਜੋਂ ਲਿਆ ਜਾਂਦਾ ਹੈ। ਜੇ ਇਨ੍ਹਾਂ ਲੋਕਾਂ ਨੂੰ 'ਮਾਡਰਨ ਯਮਦੂਤ' ਮੰਨ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।


ਮੋਬਾ: 98159-45018

ਦੂਜੇ ਸਬਜ਼ ਇਨਕਲਾਬ ਦੌਰਾਨ ਯੋਗ ਖੇਤੀ ਨੀਤੀ ਅਪਣਾਈ ਜਾਏ

ਆਪਣੀ ਹਾਲੀਆ ਪੰਜਾਬ ਦੀ ਫੇਰੀ ਦੌਰਾਨ 15ਵੇਂ ਵਿੱਤ ਕਮਿਸ਼ਨ ਦੇ ਇਕ ਮੈਂਬਰ ਨੇ ਟੀਕਾ ਟਿੱਪਣੀ ਕਰਦਿਆਂ ਆਪਣੇ ਵਿਸ਼ੇਸ਼ ਕਥਨ ਵਿਚ ਕਿਹਾ ਕਿ ਪੰਜਾਬ ਨੂੰ ਹੁਣ 1966ਵੇਂ (ਸਬਜ਼ ਇਨਕਲਾਬ ਦੀ ਸ਼ੁਰੂਆਤ) 'ਚ ਅਪਣਾਈ ਗਈ ਖੇਤੀ ਦੀ ਲੋੜ ਨਹੀਂ ਜਦੋਂ ਭੁੱਖ ਦੂਰ ਕਰਨ ਲਈ ਤੇ ਪੀ. ਐਲ. 480 ਤੋਂ ਨਿਜਾਤ ਪਾਉਣ ਲਈ ਅਨਾਜ ਪੈਦਾ ਕਰਨ ਦੀ ਲੋੜ ਸੀ। ਜਿਸ ਉਪਰੰਤ ਕਣਕ ਦਾ ਇਨਕਲਾਬ ਤੇ ਫੇਰ ਚੌਲਾਂ ਦੀ ਕਾਸ਼ਤ 'ਚ ਕ੍ਰਾਂਤੀ ਦਾ ਰਾਹ ਅਪਣਾਉਣਾ ਪਿਆ ਸੀ। ਇਸ ਸਮੇਂ ਦੌਰਾਨ ਕਣਕ ਅਤੇ ਝੋਨੇ ਦੇ ਉਤਪਾਦਨ 'ਚ ਨੁਮਾਇਆਂ ਵਾਧਾ ਹੋਇਆ ਅਤੇ ਪੰਜਾਬ ਨੇ ਕੇਂਦਰ ਭੰਡਾਰ ਵਿਚ 50 ਫ਼ੀਸਦੀ ਤੱਕ ਕਣਕ ਅਤੇ 35-36 ਫ਼ੀਸਦੀ ਤੱਕ ਚੌਲਾਂ ਦਾ ਯੋਗਦਾਨ ਪਾ ਕੇ ਦੂਜੇ ਥੁੜ੍ਹ ਵਾਲੇ ਰਾਜਾਂ ਦੀ ਲੋੜ ਪੂਰੀ ਕਰ ਦਿੱਤੀ ਸੀ। ਅੱਜ ਦੂਜੇ ਰਾਜ ਜਿਵੇਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਤੇ ਬਿਹਾਰ ਆਦਿ ਸਾਰੇ ਹੀ ਆਪਣੀ ਲੋੜ ਆਪ ਹੀ ਪੂਰੀ ਕਰਨ ਦੇ ਯੋਗ ਹੋ ਗਏ ਹਨ। ਇਨ੍ਹਾਂ ਵਿਚੋਂ ਕੁਝ ਰਾਜਾਂ ਕੋਲ ਤਾਂ ਸਗੋਂ ਫਾਲਤੂ ਅਨਾਜ ਵੀ ਉਪਲਬਧ ਹੈ। ਫਾਜ਼ਿਲ ਮੈਂਬਰ ਨੇ ਕਿਹਾ ਕਿ ਅੱਜ ਪੰਜਾਬ ਨੂੰ ਮੁਖਤਲਿਫ ਖੇਤੀ ਨੀਤੀ ਦੀ ਲੋੜ ਹੈ। ਜਿਸ ਅਨੁਸਾਰ ਗੁਣਵੱਤਾ ਵਾਲੇ ਪਦਾਰਥ ਪੈਦਾ ਕੀਤੇ ਜਾਣ, ਜੋ ਬਰਾਮਦ ਵੀ ਹੋ ਸਕਣ। ਇਸ ਲਈ ਕਿਸਾਨਾਂ ਦੀ ਜਾਣਕਾਰੀ ਵਧਾਉਣ ਦੀ ਲੋੜ ਹੈ ਅਤੇ ਮੰਡੀਕਰਨ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਅਜੇ ਤੱਕ ਪਿਛਲੇ 15 ਸਾਲ ਤੋਂ ਫ਼ਸਲੀ ਵਿਭਿੰਨਤਾ ਵਿਚ ਕੋਈ ਪ੍ਰਾਪਤੀ ਨਹੀਂ ਹੋਈ। ਝੋਨੇ ਦੀ ਕਾਸ਼ਤ ਥੱਲੇ 30 ਲੱਖ ਹੈਕਟੇਅਰ ਤੋਂ ਵੀ ਵੱਧ ਰਕਬਾ ਕਾਸ਼ਤ ਹੋ ਰਿਹਾ ਹੈ ਜਦੋਂ ਕਿ ਪਾਣੀ ਦਾ ਪੱਧਰ ਹਰ ਸਾਲ ਥੱਲੇ ਜਾ ਰਿਹਾ ਹੈ। ਝੋਨੇ ਦੀ ਕਾਸ਼ਤ ਵਿਚ ਬਾਸਮਤੀ ਦੀ ਅਹਿਮ ਥਾਂ ਹੈ। ਇਸ ਦੀ ਕਾਸ਼ਤ ਥੱਲੇ ਰਕਬਾ ਵਧਾਇਆ ਜਾ ਸਕਦਾ ਹੈ ਕਿਉਂਕਿ ਪੰਜਾਬ ਦੀ ਬਾਸਮਤੀ ਦੀ ਅਜੇ ਵੀ ਵਿਦੇਸ਼ਾਂ ਵਿਚ ਮੰਗ ਹੈ। ਇਸ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਦੀ ਲੋੜ ਹੈ ਅਤੇ ਕੀਟਨਾਸ਼ਕਾਂ ਦਾ ਪ੍ਰਯੋਗ ਨਿਯਤ ਹੱਦ ਤੋਂ ਵੱਧ ਨਾ ਕੀਤਾ ਜਾਏ। ਮੱਕੀ ਤੇ ਗੰਨੇ ਦੀ ਕਾਸ਼ਤ ਥੱਲੇ ਵੀ ਕੋਈ ਵਿਸ਼ੇਸ਼ ਰਕਬਾ ਨਹੀਂ ਵਧਿਆ। ਸਬਜ਼ੀਆਂ, ਬਾਗ਼ਬਾਨੀ ਤੇ ਫੁੱਲਾਂ ਦੀ ਕਾਸ਼ਤ ਥੱਲੇ ਥੋੜ੍ਹਾ ਜਿਹਾ ਰਕਬਾ ਵਧਿਆ ਹੈ ਪਰ ਕਿਸਾਨਾਂ ਨੂੰ ਇਸ ਦੀ ਵਾਜਬ ਕੀਮਤ ਨਾ ਮਿਲਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਲੂਆਂ ਦੇ ਕਾਸ਼ਤਕਾਰਾਂ ਨੂੰ ਖੇਤੀ ਲਾਗਤ ਵੀ ਵਸੂਲ ਨਹੀਂ ਹੋਈ। ਮਟਰਾਂ ਦੀ ਵਿਕਰੀ ਦਾ ਬੁਰਾ ਹਾਲ ਹੈ। ਪਛੇਤੇ ਮਟਰਾਂ ਦਾ ਅੱਜਕਲ੍ਹ ਉਤਪਾਦਕਾਂ ਨੂੰ 7 ਰੁਪਏ ਕਿਲੋ ਭਾਅ ਮਿਲ ਰਿਹਾ ਹੈ ਜਦੋਂ ਕਿ ਮਟਰਾਂ ਦੀ ਤੁੜਾਈ ਹੀ 2.5-3 ਰੁਪਏ ਪ੍ਰਤੀ ਕਿੱਲੋ ਹੈ। ਭਾਵੇਂ ਖਪਤਕਾਰਾਂ ਨੂੰ ਮਟਰ 20 ਰੁਪਏ ਕਿੱਲੋ ਮਿਲ ਰਹੇ ਹਨ। ਵਿਚੋਲੇ ਚੰਗਾ ਪੈਸਾ ਕਮਾ ਲੈਂਦੇ ਹਨ। ਪਰ ਉਤਪਾਦਕਾਂ ਦੇ ਪੱਲੇ ਕੁਝ ਨਹੀਂ ਪੈਂਦਾ। ਪਿਆਜ਼ਾਂ ਦਾ ਵੀ ਪਿੱਛੇ ਬੜਾ ਮੰਦਾ ਰਿਹਾ ਹੈ। ਕਿੰਨੂੰ ਉਤਪਾਦਕ ਵੀ ਬਹੁਤੇ ਖੁਸ਼ ਨਹੀਂ ਨਜ਼ਰ ਆਉਂਦੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀ ਮਾਹਿਰਾਂ ਦੀ ਕਿਸਾਨਾਂ ਨੂੰ ਲੋੜੀਂਦੀ ਅਗਵਾਈ ਨਹੀਂ ਮਿਲ ਰਹੀ। ਖੇਤੀ ਮਾਹਿਰਾਂ ਦਾ ਕਿਸਾਨਾਂ ਨਾਲ ਸੰਪਰਕ ਘਟਦਾ ਜਾ ਰਿਹਾ ਹੈ। ਖੇਤੀ ਪ੍ਰਸਾਰ ਸੇਵਾ ਢਾਂਚਾ ਲਗਪਗ ਜ਼ਵਾਲ 'ਤੇ ਹੈ। ਪਿੰਡਾਂ ਦੇ ਛੋਟੇ ਤੇ ਮੱਧ ਸ਼੍ਰੇਣੀ ਦੇ ਕਿਸਾਨ ਅਜੇ ਵੀ ਇਹੋ ਸਮਝ ਰਹੇ ਹਨ ਕਿ ਦੂਜੇ ਸਬਜ਼ ਇਨਕਲਾਬ ਦਾ ਨਿਸ਼ਾਨਾ ਪਹਿਲੇ ਸਬਜ਼ ਇਨਕਲਾਬ ਵਾਂਗ ਫ਼ਸਲਾਂ ਦਾ ਉਤਪਾਦਨ ਤੇ ਉਤਪਾਦਕਤਾ ਵਧਾਉਣਾ ਹੈ। ਇਥੋਂ ਤੱਕ ਕਿ ਕੁਝ ਕਰਮਚਾਰੀ ਵੀ ਅਜਿਹਾ ਹੀ ਸਮਝਦੇ ਹਨ। ਆਮ ਕਿਸਾਨ ਫ਼ਸਲਾਂ ਦਾ ਮਤਲਬ ਕੇਵਲ ਕਣਕ-ਝੋਨਾ ਪੈਦਾ ਕਰਨਾ ਹੀ ਸਮਝਦੇ ਹਨ। ਕਣਕ, ਝੋਨੇ ਦੀ ਉਤਪਾਦਕਤਾ ਵਿਚ ਖੜੋਤ ਹੈ। ਇਸ ਵਿਚ ਹੁਣ ਬਹੁਤੇ ਵਾਧੇ ਦੀ ਸੰਭਾਵਨਾ ਨਹੀਂ। ਇਸ ਸ਼੍ਰੇਣੀ ਦੇ ਕਿਸਾਨਾਂ ਨੂੰ ਵਿਸ਼ੇਸ਼ ਕਰਕੇ ਨਵਾਂ ਖੇਤੀ ਵਿਗਿਆਨ ਤੇ ਨੀਤੀ ਪਹੁੰਚਾਉਣ ਦੀ ਲੋੜ ਹੈ। ਇਸ ਸਬੰਧੀ ਪਿਛਲੇ ਹਫ਼ਤੇ ਸ: ਪ੍ਰਤਾਪ ਸਿੰਘ ਕੈਰੋਂ (ਮੁੱਖ ਮੰਤਰੀ ਜਨਵਰੀ 1956 - ਜੂਨ 1964) ਦੀ 54ਵੀਂ ਬਰਸੀ ਮਨਾਉਂਦਿਆਂ ਜੋ ਉਨ੍ਹਾਂ ਨੇ ਤਿੰਨ ਸਾਲ ਵਿਚ ਖੇਤੀ ਉਤਪਾਦਨ ਦੁੱਗਣਾ ਕਰਨ ਦਾ ਨਾਅਰਾ ਦਿੱਤਾ ਸੀ, ਉਸ ਸਬੰਧੀ ਜੋ ਵਿਉਂਤਬੰਦੀ ਕੀਤੀ, ਉਸ ਨੂੰ ਯਾਦ ਕਰਦਿਆਂ ਉਨ੍ਹਾਂ ਵਲੋਂ ਖੇਤੀ ਪ੍ਰਸਾਰ ਸੇਵਾ ਮਜ਼ਬੂਤ ਕਰਨ ਅਤੇ ਆਪਣਾ ਨਿਸ਼ਾਨਾ ਪੂਰਾ ਕਰਨ ਲਈ ਜੋ ਵਿਧੀਆਂ ਅਪਣਾਈਆਂ ਗਈਆਂ, ਉਹੋ ਜਿਹੀ ਲੀਹ ਤੇ ਵਰਤਮਾਨ ਖੇਤੀ ਪ੍ਰਸਾਰ ਸੇਵਾ ਤੇ ਨਜ਼ਰਸਾਨੀ ਕਰ ਕੇ ਉਸ ਨੂੰ ਮੁੜ ਤੋਂ ਤਨਜ਼ੀਮ ਕਰਨ ਦੀ ਲੋੜ ਹੈ। ਸ: ਕੈਰੋਂ ਨੇ ਪਿੰਡਾਂ, ਬਲਾਕਾਂ ਤੇ ਜ਼ਿਲ੍ਹਿਆਂ ਵਿਚ ਜਨਰਲ ਲਾਈਨ ਦੇ ਕਰਮਚਾਰੀਆਂ ਨੂੰ ਕਿਸਾਨਾਂ ਤੱਕ ਖੇਤੀ ਗਿਆਨ ਅਤੇ ਜਾਣਕਾਰੀ ਮੁਹੱਈਆ ਕਰਨ ਲਈ ਲਪੇਟ 'ਚ ਲਿਆਂਦਾ। ਇਨ੍ਹਾਂ ਵਿਚ ਗ੍ਰਾਮ ਸੇਵਕ, ਵੱਖੋ-ਵੱਖ ਮਹਿਕਮਿਆਂ ਦੇੇ ਬਲਾਕ ਅਫ਼ਸਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਉਪ ਮੰਡਲ ਅਫ਼ਸਰ (ਸਿਵਲ) - ਐਸ. ਡੀ. ਐਮ. ਤੇ ਡੀ. ਸੀ. ਸ਼ਾਮਿਲ ਸਨ। ਸ: ਕੈਰੋਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਅਧਿਕਾਰੀਆਂ ਨੂੰ ਆਪਣੀ ਸੋਚਧਾਰਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਲਾਮਬੰਦ ਕਰਦੇ ਸਨ। ਇਕ ਵੇਰ ਉਹ ਇਨ੍ਹਾਂ ਸ਼੍ਰੇਣੀਆਂ ਦੇ ਵੱਖੋ-ਵੱਖ ਜ਼ਿਲ੍ਹਿਆਂ ਤੋਂ ਇਕੱਠੇ ਕੀਤੇ ਅਧਿਕਾਰੀਆਂ ਨੂੰ ਨਵੀਂ ਖੇਤੀ ਦਾ ਕੰਮ ਕਰਨ ਸਬੰਧੀ ਨੀਤੀ ਸਮਝਾਉਣ ਲਈ ਮੰਡਲ ਪੱਧਰ ਦੀ ਮੀਟਿੰਗ ਕਰ ਰਹੇ ਸਨ। ਸ: ਕੈਰੋਂ ਦਾ ਦਬਦਬਾਅ ਤੇ ਰ੍ਹੋਬ ਇਤਨਾ ਸੀ ਕਿ ਕੋਈ ਕਰਮਚਾਰੀ ਉਨ੍ਹਾਂ ਦੇ ਅੱਗੇ ਨਹੀਂ ਸੀ ਹੋਣਾ ਚਾਹੁੰਦਾ। ਉਨ੍ਹਾਂ ਵੇਖਿਆ ਕਿ ਅਫ਼ਸਰ ਵੀ ਉਨ੍ਹਾਂ ਦੀ ਨਜ਼ਰ ਤੋਂ ਓਹਲੇ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਅਚਾਨਕ ਹੀ ਸ: ਕੈਰੋਂ ਸਾਰੇ ਕਰਮਚਾਰੀਆਂ ਨੂੰ ਆਡੀਟੋਰੀਅਮ ਤੋਂ ਬਾਹਰ ਮੈਦਾਨ 'ਚ ਲੈ ਗਏ ਅਤੇ ਘਾਹ 'ਤੇ ਹੀ ਬਿਠਾ ਲਿਆ। ਮੁੱਖ ਸਕੱਤਰ ਈ. ਐਨ. ਮੰਗਤ ਰਾਏ ਆਈ ਸੀ. ਐਸ. ਅਤੇ ਵਿੱਤ ਕਮਿਸ਼ਨਰ (ਵਿਕਾਸ) ਰੰਧਾਵਾ ਵੀ ਉਨ੍ਹਾਂ ਦੇ ਨਾਲ ਸਨ। ਵਿਚਾਰ ਵਟਾਂਦਰੇ ਦੌਰਾਨ ਇਕ ਨਵੇਂ ਆਈ. ਏ. ਐਸ. ਉਪ ਮੰਡਲ ਅਫ਼ਸਰ (ਸਿਵਲ) ਨੂੰ ਖੜ੍ਹਾ ਕਰਕੇ ਕੁਝ ਪ੍ਰਸ਼ਨ ਕੀਤੇ। ਜਿਸ ਦੌਰਾਨ ਉਨ੍ਹਾਂ ਨੇ ਉਸ ਨੂੰ ਉਹ ਸਿਖਲਾਈ ਦਿੱਤੀ ਕਿ ਆਪਣੇ ਕਾਰਜਕਾਲ ਦੌਰਾਨ ਉਹ ਅਧਿਕਾਰੀ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦਾ ਉਪ ਕੁਲਪਤੀ ਬਣਿਆ। ਉਹ ਮੁੱਖ ਸਕੱਤਰ ਮੰਗਤ ਰਾਏ ਨੂੰ ਹਰ ਅਫ਼ਸਰ ਸਬੰਧੀ ਆਪਣੇ ਵਿਚਾਰ ਨਾਲੋਂ ਨਾਲ ਨੋਟ ਕਰਵਾਉਂਦੇ ਰਹਿੰਦੇ ਸਨ। ਸ: ਕੈਰੋਂ ਦੀ ਸੋਚਧਾਰਾ ਸੀ ਕਿ ਜ਼ਮੀਨੀ ਪੱਧਰ 'ਤੇ ਜਨਰਲ ਲਾਈਨ ਦੇ ਅਧਿਕਾਰੀਆਂ ਨੂੰ ਲਾਏ ਬਿਨਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਨਾਲ ਯੋਗ ਸੰਪਰਕ ਨਹੀਂ ਪੈਦਾ ਕਰ ਸਕਣਗੇ ਅਤੇ ਲੋੜੀਂਦੀ ਜਾਣਕਾਰੀ ਉਨ੍ਹਾਂ ਤੱਕ ਨਹੀਂ ਪਹੁੰਚੇਗੀ। ਕਿਸਾਨਾਂ ਦੇ ਸਾਰੇ ਕੰਮ ਇਕ ਥਾਂ ਇਕੋ ਖਿੜਕੀ 'ਤੇ ਹੋਣੇ ਚਾਹੀਦੇ ਹਨ। ਇਸ ਵਿਚਾਰ ਨਾਲ ਹੀ ਉਨ੍ਹਾਂ ਨੇ ਖੇਤੀ ਨੂੰ ਸਮੂਹਿਕ ਵਿਕਾਸ ਲਹਿਰ ਨਾਲ ਜੋੜਿਆ। ਜਦੋਂ ਇਨ੍ਹਾਂ ਬਲਾਕ ਪੱਧਰ ਦੇ ਅਧਿਕਾਰੀਆਂ ਨੂੰ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦਿੱਲੀ ਵਿਖੇ ਕੁਝ ਸਿਖਲਾਈ ਦਵਾਉਣ ਲਈ ਸ: ਕੈਰੋਂ ਨੂੰ ਸੁਝਾਅ ਦਿੱਤਾ ਗਿਆ (ਉਦੋਂ ਪੀ. ਏ. ਯੂ. ਵਜੂਦ ਵਿਚ ਨਹੀਂ ਸੀ ਆਈ) ਤਾਂ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਿਖਲਾਈ ਲਈ ਆਈ. ਏ. ਆਰ. ਆਈ. 'ਚ ਵੀ ਭੇਜਾਂਗੇ ਪਰ ਇਨ੍ਹਾਂ ਲਈ ਸਭ ਤੋਂ ਵੱਡੀ ਸਿਖਲਾਈ ਇਹ ਹੈ ਕਿ ਉਹ ਜੱਟ ਨਾਲ ਖੇਤ ਵਿਚ ਵੱਟਾਂ 'ਤੇ ਤੁਰ ਕੇ ਗੱਲਾਂ ਕਰਦੇ ਜਾਣ।
ਵੈਲਿਊ ਐਡੀਸ਼ਨ ਲਈ ਪ੍ਰੋਸੈਸਿੰਗ ਉਦਯੋਗ ਇਕਾਈਆਂ ਦੀ ਸਥਾਪਨਾ ਤਾਂ ਹੈ ਹੀ ਜ਼ਰੂਰੀ। ਪ੍ਰੰਤੂ ਜੋ ਖੇਤੀ ਜਿਣਸਾਂ ਤੇ ਪਦਾਰਥਾਂ ਦੀਆਂ ਕੀਮਤਾਂ ਕਣਕ, ਝੋਨੇ (ਜੋ ਸਰਕਾਰ ਵਲੋਂ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦੇ ਜਾਂਦੇ ਹਨ) ਤੋਂ ਬਿਨਾਂ ਡਿੱਗ ਰਹੀਆਂ ਹਨ। ਉਨ੍ਹਾਂ 'ਤੇ ਰੋਕ ਪਾਉਣ ਦੀ ਲੋੜ ਹੈ। ਉਨ੍ਹਾਂ ਪਦਾਰਥਾਂ ਤੇ ਜਿਣਸਾਂ ਦੀ ਮੰਗ ਵਧਾ ਕੇ ਅਤੇ ਬਰਮਾਦ ਵਿਚ ਇਜ਼ਾਫਾ ਕਰ ਕੇ ਹੀ ਅਜਿਹਾ ਕੀਤਾ ਜਾ ਸਕਦਾ ਹੈ। ਮੰਗ ਵਧਾਉਣ ਲਈ ਖਰੀਦ ਸ਼ਕਤੀ ਵਧਾਉਣੀ ਪਵੇਗੀ। ਜੋ ਆਮ ਲੋਕਾਂ ਦੀ ਆਮਦਨ ਵਧਾ ਕੇ ਹੀ ਹੋ ਸਕਦੀ ਹੈ।
ਅੱਜ ਲੋੜ ਹੈ ਕੋਈ ਕੈਰੋਂ ਜਿਹੀ ਖੇਤੀ ਨੀਤੀ ਦੇ ਵਿਕਾਸ ਦੀ ਤਾਂ ਜੋ ਖੇਤੀ ਖੇਤਰ 'ਚ ਆਇਆ ਅਸੰਤੁਲਨ ਦੂਰ ਹੋਵੇ ਅਤੇ ਦੂਜੇ ਸਬਜ਼ ਇਨਕਲਾਬ ਦੇ ਟੀਚਿਆਂ ਦੀ ਪ੍ਰਾਪਤੀ ਸੰਭਵ ਹੋਵੇ।


-ਮੋਬਾਈਲ : 98152-36307

ਨਾਸ਼ਪਾਤੀ ਦੇ ਬਾਗ਼ਾਂ ਦੀ ਸਾਂਭ-ਸੰਭਾਲ ਲਈ ਜ਼ਰੂਰੀ ਨੁਕਤੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅੰਤਰ ਫ਼ਸਲਾਂ ਦੀ ਕਾਸ਼ਤ : ਨਾਸ਼ਪਾਤੀ ਦੇ ਬੂਟਿਆਂ ਨੂੰ ਵਪਾਰਕ ਪੱਧਰ ਦਾ ਫ਼ਲ 5-6 ਸਾਲਾਂ ਬਾਅਦ ਲੱਗਦਾ ਹੈ। ਬਾਗ਼ਬਾਨ ਵਾਧੂ ਆਮਦਨ ਲੈਣ ਲਈ ਨਾਸ਼ਪਾਤੀ ਦੇ ਬੂਟਿਆਂ ਦੀਆਂ ਕਤਾਰਾਂ ਵਿਚਕਾਰ ਹੋਰ ਅੰਤਰ ਫ਼ਸਲਾਂ ਲਗਾ ਸਕਦੇ ਹਨ। ਸਰਦੀਆਂ ਵਿਚ ਨਾਸ਼ਪਾਤੀ ਦੇ ਪੱਤੇ ਝੜ ਜਾਂਦੇ ਹਨ ਅਤੇ ਪੌਦੇ ਸਿਥਲ ਅਵਸਥਾ ਵਿਚ ਚਲੇ ਜਾਂਦੇ ਹਨ। ਨਾਸ਼ਪਾਤੀ ਨੂੰ ਆਮ ਕਰਕੇ ਫ਼ਲ ਦੀ ਤੁੜਾਈ ਤੋਂ ਬਾਅਦ ਸਿੰਚਾਈ ਦੀ ਜ਼ਿਆਦਾ ਲੋੜ ਨਹੀਂ ਹੁੰਦੀ। ਬਾਗ਼ਬਾਨ ਸਰਦੀਆਂ ਵਿਚ ਜ਼ਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਜਿਵੇਂ ਕਿ ਆਲੂ, ਬਰਸੀਮ ਆਦਿ ਲਗਾਉਂਦੇ ਹਨ ਜਿਸ ਨਾਲ ਪੌਦੇ ਦੀ ਅੰਦਰੂਨੀ ਪ੍ਰਤੀਕਿਰਿਆਵਾਂ ਪ੍ਰਭਾਵਿਤ ਹੁੰਦੀਆਂ ਹਨ। ਆਲੂ ਦੀ ਫ਼ਸਲ ਬੀਜਣ ਜਾਂ ਅੰਤਰ ਫ਼ਸਲਾਂ ਲਈ ਜ਼ਮੀਨ ਤਿਆਰ ਕਰਨ ਵਾਸਤੇ ਬਾਗ਼ਾਂ ਨੂੰ ਤਵੀਆਂ ਜਾਂ ਹਲਾਂ ਆਦਿ ਨਾਲ ਡੂੰਘੀ ਵਹਾਈ ਕਰਨ ਸਮੇਂ ਜੜ੍ਹਾਂ ਨੂੰ ਨੁਕਸਾਨ ਹੁੰਦਾ ਹੈ। ਜਿਸ ਨਾਲ ਜੜ੍ਹਾਂ ਦਾ ਸੜਨਾ, ਗਲਣਾ ਆਦਿ ਬਿਮਾਰੀਆਂ ਵਧਦੀਆਂ ਹਨ। ਕੁਝ ਬਾਗ਼ਬਾਨ ਨਾਸ਼ਪਾਤੀ ਦੇ ਬਾਗ਼ ਵਿਚ ਅਲੂਚਾ ਅਤੇ ਆੜੂ ਦੇ ਬੂਟੇ ਪੂਰਕ ਬੂਟਿਆਂ ਦੇ ਤੌਰ 'ਤੇ ਲਗਾਉਂਦੇ ਹਨ ਅਤੇ ਇਹਨਾਂ ਬੂਟਿਆਂ ਨੂੰ ਨਾਸ਼ਪਾਤੀ ਦੇ ਬੂਟਿਆਂ ਦੇ ਫ਼ਲ ਦੇਣ ਯੋਗ ਹੋਣ ਤੋਂ ਬਾਅਦ ਵੀ ਨਹੀਂ ਪੁੱਟਦੇ। ਇਸ ਤਰ੍ਹਾਂ ਨਾਸ਼ਪਾਤੀ ਦੇ ਦਰੱਖਤ ਬਹੁਤ ਸੰਘਣੇ ਹੋ ਜਾਂਦੇ ਹਨ ਅਤੇ ਫ਼ਲ ਦਾ ਵਿਕਾਸ ਘੱਟ ਹੋ ਜਾਂਦਾ ਹੈ, ਕਮਜ਼ੋਰ ਟਾਹਣੀਆਂ ਬਣਦੀਆਂ ਹਨ ਅਤੇ ਫ਼ਲਦਾਰ ਖੁੰਘੇ ਨਹੀਂ ਬਣਦੇ। ਪੂਰਕ ਬੂਟੇ ਅਤੇ ਨਾਸ਼ਪਾਤੀ ਦੇ ਦਰੱਖਤ ਜਦੋਂ ਆਪਸ ਵਿਚ ਮਿਲ ਜਾਣ ਤਾਂ ਪੂਰਕ ਬੂਟਿਆਂ ਨੂੰ ਪੁੱਟ ਦੇਣਾ ਚਾਹੀਦਾ ਹੈ। ਨਾਸ਼ਪਾਤੀ ਦੇ ਬਾਗ਼ ਵਿਚ ਅਮਰੂਦ ਦੇ ਬੂਟੇ ਨਹੀਂ ਲਗਾਉਣੇ ਚਾਹੀਦੇ ਕਿਉਂਕਿ ਅਮਰੂਦ ਨੂੰ ਸਰਦੀਆਂ ਵਿਚ ਪਾਣੀ ਦੀ ਜ਼ਰੂਰਤ ਹੁੰਦੀ ਹੈ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਅੰਤਰ ਫ਼ਸਲਾਂ ਜਿਵੇਂ ਮੂੰਗੀ, ਮਾਂਹ, ਤੋਰੀਆ, ਕਣਕ, ਮਟਰ, ਛੋਲੇ ਅਤੇ ਸੇਂਜੀ ਆਦਿ ਦੀ ਨਾਸ਼ਪਾਤੀ ਦੇ ਬਾਗ਼ਾਂ ਵਿਚ ਮੁੱਢਲੇ ਸਾਲਾਂ ਵਿਚ ਕਾਸ਼ਤ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਖਾਸ ਕਰਕੇ ਨਾਈਟ੍ਰੋਜਨ ਫਿਕਸ ਕਰਨ ਵਾਲੀਆਂ ਫ਼ਸਲਾਂ ਚੁਣਨੀਆਂ ਚਾਹੀਦੀਆਂ ਹਨ ਜੋ ਪੌਦੇ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਫਾਇਦਾ ਪਹੁੰਚਾਉਂਦੇ ਹਨ। ਕਈ ਬਾਗ਼ਾਂ ਵਿਚ ਫ਼ਾਲਸੇ ਦੇ ਬੂਟੇ ਬਤੌਰ ਪੂਰਕ ਲਗਾਏ ਜਾਂਦੇ ਹਨ ਅਤੇ ਇਹਨਾਂ ਦੀ ਹਰ ਸਾਲ ਕਾਂਟ-ਛਾਂਟ ਕਰਕੇ ਝਾੜੀ ਵਾਂਗ ਬਣਾਉਣਾ ਚਾਹੀਦਾ ਹੈ। ਅੰਤਰ ਜਾਂ ਪੂਰਕ ਬੂਟਿਆਂ ਨੂੰ ਵੱਖਰੀ ਸਿੰਚਾਈ, ਖਾਦ ਅਤੇ ਆਦਿ ਦੱਸੀਆਂ ਹਦਾਇਤਾਂ/ਸਿਫਾਰਸ਼ਾਂ ਅਨੁਸਾਰ ਪਾਓ ।
ਖ਼ੁਰਾਕੀ ਪ੍ਰਬੰਧ : ਫ਼ਲਦਾਰ ਬੂਟਿਆਂ ਵਿਚ ਜ਼ਰੂਰੀ ਖ਼ੁਰਾਕੀ ਤੱਤ, ਬੂਟੇ ਨੂੰ ਪੈਦਾਵਾਰ ਦੇ ਯੋਗ ਬਣਾਉਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਇਕ ਸਾਲ ਵਿਚ 10 ਟਨ ਫ਼ਲ ਦੇਣ ਵਾਲੇ ਬੂਟੇ ਮਿੱਟੀ ਵਿਚੋਂ 25 ਕਿਲੋਗ੍ਰਾਮ ਨਾਈਟ੍ਰੋਜਨ, 10 ਕਿਲੋਗ੍ਰਾਮ ਫ਼ਾਸਫੋਰਸ, 40 ਕਿਲੋਗ੍ਰਾਮ ਪੋਟਾਸ਼ ਲੈਂਦੇ ਹਨ। ਇਸ ਘਾਟੇ ਦੀ ਪੂਰਤੀ ਲਈ ਰਸਾਇਣਕ/ਦੇਸੀ ਖਾਦਾਂ ਦੇ ਰੂਪ ਵਿਚ ਤੱਤ ਸਹੀ ਮਾਤਰਾ ਅਤੇ ਸਹੀ ਸਮੇਂ 'ਤੇ ਪਾਉਣੇ ਅਤੀ ਜ਼ਰੂਰੀ ਹਨ ।
ਪੰਜਾਬ ਵਿਚ ਨਾਸ਼ਪਾਤੀ ਦੀ ਕਾਸ਼ਤ ਵਾਲੇ ਇਲਾਕਿਆਂ ਵਿਚ ਮਿੱਟੀ ਦਾ ਖਾਰਾਪਣ 7.6 ਤੋਂ 8.3 ਤੱਕ ਹੈ। ਜਿਸ ਨਾਲ ਛੋਟੇ ਤੱਤਾਂ ਜਿਵੇਂ ਕਿ ਜ਼ਿੰਕ ਅਤੇ ਲੋਹੇ ਦੀ ਘਾਟ ਆਉਂਦੀ ਹੈ। ਜ਼ਿੰਕ ਦੀ ਘਾਟ ਨਾਲ ਪੱਤਿਆਂ ਦਾ ਅਕਾਰ ਛੋਟਾ ਅਤੇ ਪੱਤੇ ਉਪਰ ਨੂੰ ਮੁੜਨੇ ਸ਼ੁਰੂ ਹੋ ਜਾਂਦੇ ਹਨ । ਇਸ ਘਾਟ ਨੂੰ ਪੂਰਾ ਕਰਨ ਲਈ ਤਿੰਨ ਕਿਲੋ ਜ਼ਿੰਕ ਸਲਫੇਟ +1.5 ਕਿਲੋ ਅਣ ਬੁਝਿਆ ਚੂਨਾ 500 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਇਸ ਤੋਂ ਇਲਾਵਾ ਲੋਹੇ ਦੀ ਘਾਟ ਨਾਲ ਟੀਸੀ ਵਾਲੇ ਪੱਤਿਆਂ ਜਾਂ ਸਾਰੀਆਂ ਨਾੜਾਂ ਗੂੜ੍ਹੇ ਰੰਗ ਦੀਆਂ ਅਤੇ ਬਾਕੀ ਸਭ ਪੀਲੇ ਰੰਗ ਦਾ ਹੋ ਜਾਂਦਾ ਹੈ। ਇਸ ਦੀ ਪੂਰਤੀ ਲਈ 0.3% ਫੈਰਿਸ ਸਲਫੇਟ (300 ਗ੍ਰਾਮ) 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਣਾ ਚਾਹੀਦਾ ਹੈ।
ਸਿੰਚਾਈ : ਨਾਸ਼ਪਾਤੀ ਦੀਆਂ ਉਪਰਲੀਆਂ ਬਰੀਕ ਜੜ੍ਹਾਂ ਤੇ ਆਮ ਤੌਰ 'ਤੇ ਜ਼ਮੀਨ ਦੇ ਉਪਰਲੇ ਹਿੱਸੇ (60-90 ਸੈਂਟੀਮੀਟਰ) ਵਿਚ ਫੈਲੀਆਂ ਹੁੰਦੀਆਂ ਹਨ। ਜ਼ਮੀਨ ਦੇ ਇਸ ਹਿੱਸੇ ਵਿਚ ਪਾਣੀ ਦੀ ਕਮੀ ਆਉਣ ਨਾਲ ਫ਼ਲ ਦਾ ਵਿਕਾਸ ਰੁੱਕ ਜਾਂਦਾ ਹੈ। ਕਈ ਵਾਰ ਫ਼ਲ ਝੜਨ ਲੱਗ ਜਾਂਦੇ ਹਨ ਅਤੇ ਬਾਕੀ ਦੇ ਫ਼ਲ ਛੋਟੇ ਅਕਾਰ ਦੇ ਮਾੜੀ ਗੁਣਵੱਤਾ ਵਾਲੇ ਪੈਦਾ ਹੁੰਦੇ ਹਨ। ਨਾਸ਼ਪਾਤੀ ਦੀ ਢੁੱਕਵੀਂ ਸਿੰਚਾਈ ਲਈ ਇੱਕ ਪਾਣੀ ਦਸੰਬਰ ਦੇ ਆਖ਼ਰੀ ਹਫ਼ਤੇ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਖਾਦਾਂ ਪਾਉਣ ਤੋਂ ਬਾਅਦ ਲਗਾਉਣਾ ਚਾਹੀਦਾ ਹੈ। ਫੁੱਲ ਆਉਣ ਦੀ ਰੁੱਤ ਸਮੇਂ ਜ਼ਮੀਨ ਵਿਚ ਢੁੱਕਵੀਂ ਨਮੀ ਚਾਹੀਦੀ ਹੈ। ਅਪ੍ਰੈਲ ਤੋਂ ਅਗਸਤ ਤੱਕ (ਫੁੱਲ ਲੱਗਣ ਤੋਂ ਫ਼ਲ ਤੋੜਨ ਤੱਕ) ਲੋੜ ਅਨੁਸਾਰ 7-10 ਦਿਨ ਬਾਅਦ ਲਗਾਤਾਰ ਸਿੰਚਾਈ ਕਰਨੀ ਚਾਹੀਦੀ ਹੈ। ਫ਼ਲਾਂ ਦੀ ਤੁੜਾਈ ਤੋਂ ਬਾਅਦ ਬੂਟਿਆਂ ਦੇ ਪੱਤੇ ਝੜਨ ਤੱਕ ਲੋੜ ਅਨੁਸਾਰ 3 ਤੋਂ 4 ਹਫ਼ਤਿਆਂ ਤੋਂ ਬਾਅਦ ਸਿੰਚਾਈ ਕਰਨੀ ਚਾਹੀਦੀ ਹੈ। (ਸਮਾਪਤ)


-ਫ਼ਲ ਵਿਗਿਆਨ ਵਿਭਾਗ
ਮੋਬਾਈਲ : 81461-00711.

ਵਧੇਰੇ ਅਤੇ ਲਗਾਤਾਰ ਝਾੜ ਲਈ ਸਬਜ਼ੀਆਂ ਦੀ ਪੌਲੀ ਨੈੱਟ ਹਾਊਸ ਵਿਚ ਕਾਸ਼ਤ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪਨੀਰੀ ਪ੍ਰੋ-ਟ੍ਰੇ (ਫਰੋਟਰੇਉਸ) ਵਿਚ ਤਿਆਰ ਕੀਤੀ ਜਾਂਦੀ ਹੈ, ਜਿਸ ਵਿਚ ਪ੍ਰਤੀ ਪਲੱਗ (ਫਲੁਗ) ਇੱਕ ਬੀਜ ਲਾਇਆ ਜਾਂਦਾ ਹੈ ਤਾਂ ਕਿ ਪਨੀਰੀ ਨੂੰ ਘੱਟ ਨੁਕਸਾਨ ਹੋਵੇ। ਬੀਜਾਈ ਦੇ ਮੌਸਮ ਅਨੁਸਾਰ ਪਨੀਰੀ 15-30 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਪਨੀਰੀ ਨੂੰ ਇੱਕ ਮੀਟਰ ਚੌੜੇ ਬੈਡ 'ਤੇ ਕਤਾਰ ਜੋੜਿਆਂ ਵਿਚ ਲਗਾਉ 'ਤੇ ਕਤਾਰ ਤੋਂ ਕਤਾਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 45-50 ਸੈਂ.ਮੀ. ਅਤੇ 30 ਸੈਂ.ਮੀ. ਰੱਖੋ। ਵੇਲ੍ਹਾਂ ਵਾਲੀ ਫਸਲ ਹੋਣ ਕਾਰਨ, ਇਹਦੀਆਂ ਵੇਲ੍ਹਾਂ ਨੂੰ ਪਾਈਪ ਦੀ ਮਦਦ ਨਾਲ ਉਪਰ ਚੜ੍ਹਾਉ ਤਾਂ ਜੋ ਫੁੱਲਾਂ ਦਾ ਨੁਕਸਾਨ ਨਾ ਹੋਵੇ।
ਇਨ੍ਹਾਂ ਫਸਲਾਂ ਵਿਚ 25 ਮਾਈਕਰੋਨ ਮੋਟਾਈ ਦੀ ਕਾਲੇ ਰੰਗ ਦੇ ਪੌਲੀਥੀਨ ਦੀ ਵਿਛਾਈ ਉਪਯੋਗੀ ਹੈ ਜਿਸ ਕਾਰਨ ਸਰਦੀਆਂ ਵਿਚ ਮਿੱਟੀ ਦਾ ਤਾਪਮਾਨ ਵਧਦਾ ਹੈ, ਵਾਸ਼ਪੀਕਰਨ ਘਟ ਜਾਂਦਾ ਹੈ, ਨਦੀਨ ਕਾਬੂ ਹੇਠ ਰਹਿੰਦੇ ਹਨ, ਫਲ ਦੀ ਗੁਣਵੱਤਾ ਅਤੇ ਸ਼ੁਰੂਆਤੀ ਅਤੇ ਕੁੱਲ ਫਲ ਉਪਜ ਨੂੰ ਬਿਹਤਰ ਬਣਾਉਂਦੇ ਹਨ।
ਸੁਰੱਖਿਅਤ ਕਾਸ਼ਤ ਵਿਚ ਤੁਪਕਾ ਸਿੰਚਾਈ ਸਬਜ਼ੀਆਂ ਦੀ ਕਾਸ਼ਤ ਲਈ ਅਸਰਦਾਰ 'ਤੇ ਉਚਿਤ ਹੈ। ਇਹ ਪਾਣੀ ਨੂੰ ਕੁਸ਼ਲਤਾ ਨਾਲ ਵਰਤਣ ਵਿਚ ਹੀ ਨਹੀਂ ਬਲਕਿ ਉਹ ਬਿਮਾਰੀਆਂ ਜੋ ਜ਼ਿਆਦਾ ਨਮੀ ਕਰਕੇ ਪੈਦਾ ਹੁੰਦੀਆਂ ਹਨ, ਉਨ੍ਹਾਂ ਨੂੰ ਵੀ ਘਟਾਉਣ ਵਿਚ ਮਦਦ ਕਰਦਾ ਹੈ। ਫਰਟੀਗੇਸ਼ਨ (ਤੁਪਕਾ ਸਿੰਚਾਈ ਜਿਸ ਨਾਲ ਖਾਦ ਪਾਈ ਜਾਂਦੀ ਹੈ) ਕਾਰਨ ਪੂਰਨ ਅਤੇ ਇੱਕੋ ਜਿਹੇ ਪੋਸ਼ਕ ਤੱਤਾਂ ਦੀ ਅਸਰਦਾਰ ਢੰਗ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਸਿੰਚਾਈ ਪਾਣੀ ਅਤੇ ਖਾਦਾਂ ਨੂੰ ਬਚਾਉਣ ਅਤੇ ਸਬਜ਼ੀਆਂ ਦੀ ਗੁਣਵੱਤਾ ਵਿਚ ਸੁਧਾਰ ਲਈ ਤੁਪਕਾ ਸਿੰਚਾਈ ਨਾਲ ਫਰਟੀਗੇਸ਼ਨ ਬਹੁਤ ਉਪਯੋਗੀ ਹੈ। ਸੁਰੱਖਿਅਤ ਖੇਤੀ ਹੇਠ ਤੁਪਕਾ ਸਿੰਚਾਈ ਪ੍ਰਣਾਲੀ ਨੂੰ ਬਚਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੌਲੀ ਨੈੱਟ ਸਬੰਧੀ ਸਾਵਧਾਨੀਆਂ : ਦਰਵਾਜ਼ੇ ਤੇ ਕੰਧਾਂ ਵਿਚ ਹੋਈਆ ਮੋਰੀਆਂ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਉ 'ਤੇ ਨੈਟ / ਪੌਲੀਸ਼ੀਟ ਨੂੰ ਜ਼ਮੀਨ ਵਿਚ ਚੰਗੀ ਤਰ੍ਹਾਂ ਦਬਾ ਕੇ ਰੱਖੋ।
ਹਮੇਸ਼ਾ ਪੌਲੀਨੈਟ/ਪੌਲੀ ਹਾਊਸ ਵਿਚ ਦੁਹਰਾ ਦਰਵਾਜ਼ਾ ਲਗਾਉ 'ਤੇ ਅੰਦਰ ਜਾਣ ਲੱਗਿਆਂ ਦਰਵਾਜੇ ਨੂੰ ਲਾਜ਼ਮੀ ਬੰਦ ਕਰੋ। ਲਗਾਤਾਰ ਪੌਲੀ ਨੈਟ ਹਾਊਸ ਦਾ ਨਿਰੀਖਣ ਕਰਦੇ ਰਹੋ।
ਕੀੜੇ ਤੇ ਬਿਮਾਰੀਆਂ ਦਾ ਲਗਾਤਾਰ ਨਿਰੀਖਣ 'ਤੇ ਸਹੀ ਪਹਿਚਾਣ ਅਤੇ ਬਿਮਾਰ ਟਾਹਣੀਆਂ ਤੇ ਬੂਟਿਆਂ ਨੂੰ ਪੌਲੀ ਨੈਟ ਹਾਊਸ ਤੋਂ ਬਾਹਰ ਕੱਢ ਦਿਉ।
ਕੀੜੇ-ਮਕੌੜਿਆਂ ਦੇ ਪਸਾਰ ਨੂੰ ਰੋਕਣ ਲਈ ਲਗਾਤਾਰ ਜ਼ਮੀਨ 'ਤੇ ਡਿੱਗੇ ਹੋਏ ਸੁੱਕੇ ਅਤੇ ਹਮਲੇ ਵਾਲੇ ਪੱਤਿਆਂ/ਫਲਾਂ ਨੂੰ ਨਸ਼ਟ ਕਰਦੇ ਰਹੋ।
(ਸਮਾਪਤ)


-ਸਬਜ਼ੀ ਵਿਗਿਆਨ ਵਿਭਾਗ।

ਨਾਸ਼ਪਾਤੀ ਦੇ ਬਾਗ਼ਾਂ ਦੀ ਸਾਂਭ-ਸੰਭਾਲ ਲਈ ਜ਼ਰੂਰੀ ਨੁਕਤੇ

ਨਾਸ਼ਪਾਤੀ ਦਾ ਫ਼ਲ ਪੈਦਾਵਾਰ ਅਤੇ ਰਕਬੇ ਅਨੁਸਾਰ ਪੰਜਾਬ ਦਾ ਚੌਥਾ ਮੁੱਖ ਫ਼ਲ ਹੈ ਅਤੇ ਇਸ ਦੀ ਕਾਸ਼ਤ 3165 ਹੈਕਟੇਅਰ ਵਿਚ ਕੀਤੀ ਜਾਂਦੀ ਹੈ। ਨਾਸ਼ਪਾਤੀ ਦੇ ਬੂਟੇ ਲੰਮਾ ਸਮਾਂ ਫ਼ਲ ਦਿੰਦੇ ਰਹਿੰਦੇ ਹਨ। ਨਾਸ਼ਪਾਤੀ ਦੀ ਕਾਸ਼ਤ ਵੈਸੇ ਤਾਂ ਪੂਰੇ ਪੰਜਾਬ ਵਿਚ ਕੀਤੀ ਜਾਂਦੀ ਹੈ ਪਰ ਇਸ ਫਲ ਦਾ ਜ਼ਿਆਦਾ ਰਕਬਾ ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਹੈ। ਪਰ ਇਹਨਾਂ ਬੂਟਿਆਂ ਤੋਂ ਨਿਰੰਤਰ ਚੰਗਾ ਝਾੜ ਅਤੇ ਮਿਆਰੀ ਫਲ ਲੈਣ ਲਈ ਬੂਟਿਆਂ ਦੀ ਸ਼ੁਰੂ ਤੋਂ ਹੀ ਚੰਗੀ ਸਿਧਾਈ, ਖ਼ੁਰਾਕੀ ਪ੍ਰਬੰਧ, ਅੰਤਰ ਫ਼ਸਲਾਂ ਦੀ ਕਾਸ਼ਤ ਅਤੇ ਸਿੰਚਾਈ ਆਦਿ ਦਾ ਖ਼ਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ। ਸ਼ੁਰੂ ਵਿਚ ਕੀਤੀ ਹੋਈ ਕੋਈ ਵੀ ਗਲਤੀ ਨਾਲ ਬਾਗ਼ ਦੀ ਪੈਦਾਵਾਰ ਅਤੇ ਆਮਦਨ ਪ੍ਰਭਾਵਿਤ ਹੁੰਦੀਆਂ ਹਨ। ਨਾਸ਼ਪਾਤੀ ਦੇ ਬਾਗ਼ਾਂ ਤੋਂ ਵਧੇਰੇ ਝਾੜ ਲੈਣ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ।
ਸਿਧਾਈ ਤੇ ਕਾਂਟ-ਛਾਂਟ : ਨਾਸ਼ਪਾਤੀ ਦੇ ਬੂਟੇ ਜਨਵਰੀ ਤੋਂ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਲਗਾਏ ਜਾ ਸਕਦੇ ਹਨ। ਬੂਟਿਆਂ ਦੀ ਸਿਧਾਈ ਬੂਟੇ ਨੂੰ ਖੇਤ ਵਿਚ ਲਗਾਉਣ ਉਪਰੰਤ ਹੀ ਸ਼ੁਰੂ ਹੋ ਜਾਂਦੀ ਹੈ। ਸਿਧਾਈ ਨਾਲ ਬੂਟੇ ਦੇ ਵਾਧੇ ਨੂੰ ਨਿਯੰਤਰਤ ਕਰਕੇ ਮਜ਼ਬੂਤ ਢਾਂਚਾ ਬਣਾਉਣ ਵਿਚ ਮੱਦਦ ਮਿਲਦੀ ਹੈ। ਇਸ ਤਰ੍ਹਾਂ ਬੂਟਿਆਂ ਅੰਦਰ ਯੋਗ ਰੌਸ਼ਨੀ ਪਹੁੰਚਦੀ ਹੈ ਅਤੇ ਛੱਤਰੀ ਦਾ ਫੈਲਾਅ ਵੀ ਸਹੀ ਆਕਾਰ ਵਿਚ ਰਹਿੰਦਾ ਹੈ। ਇਸ ਤਰ੍ਹਾਂ ਬੂਟਿਆਂ ਉਪਰ ਕੀਟਨਾਸ਼ਕ ਅਤੇ ਉਲੀਨਾਸ਼ਕ ਦਵਾਈਆਂ ਸਪਰੇਅ ਕਰਨ ਅਤੇ ਤੁੜਾਈ ਵਿਚ ਅਸਾਨੀ ਰਹਿੰਦੀ ਹੈ। ਪੱਤਝੜੀ ਫ਼ਲਦਾਰ ਬੂਟਿਆਂ ਨੂੰ ਸਦਾਬਹਾਰ ਬੂਟਿਆਂ ਦੇ ਮੁਕਾਬਲੇ ਜ਼ਿਆਦਾ ਸਿਧਾਈ ਅਤੇ ਕਾਂਟ-ਛਾਂਟ ਦੀ ਜ਼ਰੂਰਤ ਰਹਿੰਦੀ ਹੈ। ਨਵੇਂ ਲਗਾਏ ਫ਼ਲਦਾਰ ਬੂਟਿਆਂ ਦੇ ਗੁੱਲੇ, ਝੁਕੀਆਂ ਹੋਈਆਂ ਟਾਹਣੀਆਂ ਅਤੇ ਪਿਉਂਦ ਦੇ ਥੱਲਿਉਂ ਫੁਟਾਰਾ ਕੱਟਣ ਤੱਕ ਹੀ ਸਿਧਾਈ ਦੀ ਲੋੜ ਹੁੰਦੀ ਹੈ। ਬਾਗ਼ਬਾਨ ਅਕਸਰ ਦੋ ਸਾਲ ਦੇ ਬੂਟੇ ਖੇਤ ਵਿਚ ਲਗਾਉਂਦੇ ਹਨ ਅਤੇ ਜੇਕਰ ਬੂਟਿਆਂ ਦੀ ਚੰਗੀ ਤਰ੍ਹਾਂ ਸਿਧਾਈ ਨਾ ਕੀਤੀ ਹੋਵੇ ਤਾਂ ਅਜਿਹੇ ਬੂਟੇ ਉਪਰਲੀਆਂ ਅੱਖਾਂ ਤੋਂ ਫੁੱਟਦੇ ਹਨ। ਅਜਿਹੇ ਬੂਟਿਆਂ ਨੂੰ ਫ਼ਲ ਵੀ ਦੇਰੀ ਨਾਲ ਲੱਗਦਾ ਹੈ ਅਤੇ ਲੰਬੂਤਰਾ ਆਕਾਰ ਬਣ ਜਾਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਬੂਟੇ ਖੇਤ ਵਿਚ ਲਗਾਉਂਦੇ ਸਮੇਂ ਜ਼ਮੀਨ ਦੇ ਪੱਧਰ ਤੋਂ 1.5 ਫੁੱਟ ਦੀ ਉਚਾਈ ਤੱਕ ਕੋਈ ਸ਼ਾਖਾ ਨਾ ਰਹਿਣ ਦਿਉ। ਦੂਜੇ ਸਾਲ ਬੂਟਿਆਂ ਦੀ ਸਿਥਲ ਅਵਸਥਾ (ਦਸੰਬਰ ਮਹੀਨਾ) ਦੌਰਾਨ ਵਿਚਕਾਰਲੀ ਸਭ ਤੋਂ ਲੰਮੀ ਟਹਿਣੀ ਨੂੰ ਉਸਦੇ ਉਪਰਲੇ ਕੱਚੇ ਭਾਗ ਦੇ ਸ਼ੁਰੂ ਤੋਂ ਕੱਟ ਦੇਵੋ। ਇਸ ਤੋਂ ਇਲਾਵਾ, ਕਮਜ਼ੋਰ ਅਤੇ ਇਕ ਦੂਜੇ ਨੂੰ ਕੱਟਦੀਆਂ ਸ਼ਾਖ਼ਾਵਾਂ ਮੁੱਢੋਂ ਕੱਟ ਦੇਣੀਆਂ ਜ਼ਰੂਰੀ ਹਨ। ਜੇਕਰ ਚੁਣੀਆਂ ਹੋਈਆਂ ਟਾਹਣੀਆਂ ਨੂੰ ਸੇਬੇ ਨਾਲ ਬੰਨ੍ਹ ਕੇ ਜ਼ਮੀਨ 'ਤੇ ਬੰਨ੍ਹ ਦਿੱਤਾ ਜਾਵੇ ਤਾਂ ਇਨ੍ਹਾਂ ਟਾਹਣੀਆਂ ਤੋਂ ਵਧੇਰੇ ਸ਼ਾਖ਼ਾਵਾਂ ਨਿਕਲਣ ਵਿਚ ਮਦਦ ਮਿਲਦੀ ਹੈ। ਤੀਜੇ ਸਾਲ ਦੀ ਸਿਧਾਈ ਦੌਰਾਨ ਦੂਜੇ ਸਾਲ ਦੀ ਕਟਾਈ ਸਮੇਂ ਰੱਖੀਆਂ ਟਾਹਣੀਆਂ ਨੂੰ ਨਵੀਆਂ ਸ਼ਾਖ਼ਾਵਾਂ ਫੁੱਟਣ ਲਈ ਛੱਡ ਦੇਣਾ ਚਾਹੀਦਾ ਹੈ। ਚੌਥੇ ਅਤੇ ਪੰਜਵੇਂ ਸਾਲ ਦੌਰਾਨ, ਅੱਗੇ ਤੋਂ ਅੱਗੇ ਵੱਧਣ ਵਾਲੀਆਂ ਸ਼ਾਖ਼ਾਵਾਂ ਨੂੰ ਕੱਟ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਚਕਾਰਲੀ ਛੱਡੀ ਹੋਈ ਟਾਹਣੀ ਨੂੰ ਕੱਟ ਦਿਉ ਤਾਂ ਕਿ ਬੂਟੇ ਦਾ ਫੈਲਾਅ ਬਾਹਰ ਵੱਲ ਹੋ ਸਕੇ ਅਤੇ ਬੂਟਾ ਚੰਗੀ ਛੱਤਰੀ ਬਣਾ ਸਕੇ। ਕਾਂਟ-ਛਾਂਟ ਦੌਰਾਨ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸ਼ਾਖਾਵਾਂ 'ਤੇ ਬਾਹਰ ਵੱਲ ਨੂੰ ਅੱਖ ਦੇ ਉਪਰੋਂ ਹੀ ਕੱਟੋ। ਇਸ ਤਰ੍ਹਾਂ ਕਰਨ ਨਾਲ ਬੂਟੇ ਦਾ ਫਲਾਅ ਅਤੇ ਛੱਤਰੀ ਵਿਚ ਵਾਧਾ ਬਾਹਰ ਵੱਲ ਹੁੰਦਾ ਹੈ। ਨਾਸ਼ਪਾਤੀ ਦੇ ਪੁਰਾਣੇ ਅਤੇ ਫ਼ਲ ਦਿੰਦੇ ਬੂਟਿਆਂ ਦੀ ਕਾਂਟ-ਛਾਂਟ ਦੌਰਾਨ ਸੁੱਕੀਆਂ ਅਤੇ ਬੀਮਾਰ ਸ਼ਾਖ਼ਾਵਾਂ ਨੂੰ ਕੱਟ ਕੇ ਵਿਰਲਾ ਕਰਨਾ ਚਾਹੀਦਾ ਹੈ ਤਾਂ ਜੋ ਨਵੀਆਂ ਸ਼ਾਖ਼ਾਵਾਂ ਦੁਬਾਰਾ ਫੁੱਟ ਸਕਣ। ਇਸ ਤੋਂ ਇਲਾਵਾ ਬੂਟਿਆਂ ਉਤੇ ਫੁੱਟਣ ਵਾਲੇ ਗੁੱਲੇ ਜਾਂ ਲਗਰਾਂ ਨੂੰ ਮੁੱਢ ਤੋਂ ਕੱਟਦੇ ਰਹੋ। ਪ੍ਰੰਤੂ ਜੇਕਰ ਇਹ ਬੂਟੇ ਦੀ ਖਾਲੀ ਜਗ੍ਹਾ ਤੋਂ ਫੁੱਟਣ ਤਾਂ ਇਨ੍ਹਾਂ ਨੂੰ ਇਕ ਜਾਂ ਦੋ ਅੱਖ ਤੋਂ ਕੱਟ ਕੇ ਨਵੀਂ ਸ਼ਾਖ ਦੇ ਤੌਰ 'ਤੇ ਰੱਖ ਲੈਣਾ ਚਾਹੀਦਾ ਹੈ। ਨਾਸ਼ਪਾਤੀ ਦਾ ਫ਼ਲ ਖੁੰਘਿਆਂ ਉਪਰ ਲੱਗਦਾ ਹੈ ਜੋ ਲਗਾਤਾਰ 8 ਸਾਲ ਫ਼ਲ ਦਿੰਦੇ ਹਨ। ਇਸ ਲਈ ਕਾਂਟ-ਛਾਂਟ ਕਰਦੇ ਸਮੇਂ ਜਾਂ ਫਿਰ ਫ਼ਲ ਤੋੜਨ ਵੇਲੇ ਇਨ੍ਹਾਂ ਨੂੰ ਨੁਕਸਾਨ ਤੋਂ ਬਚਾਉਣਾ ਚਾਹੀਦਾ ਹੈ। ਪੰਜਾਬ ਵਿਚ ਨਾਸ਼ਪਾਤੀ ਦੇ ਕੁੱਝ ਬਾਗ਼ ਬਟਾਂਕਾਂ (ਜੜਵੇ) ਜੜ੍ਹ ਮੁੱਢ 'ਤੇ ਲੱਗੇ ਹਨ ਜਿਸ ਤੋਂ ਹਰ ਸਾਲ ਜੜ੍ਹਾਂ ਵਿਚੋਂ ਨਵੀਆਂ ਬਟਾਂਕਾਂ ਨਿਕਲਦੀਆਂ ਰਹਿੰਦੀਆਂ ਹਨ। ਇਨ੍ਹਾਂ ਬਟਾਂਕਾਂ ਨੂੰ ਨਵੰਬਰ ਦਸੰਬਰ ਮਹੀਨੇ ਵਿਚ ਜ਼ਮੀਨ ਦੇ ਲਾਗਿਉਂ ਕੱਟ ਦੇਣਾ ਚਾਹੀਦਾ ਹੈ।
ਪੁਰਾਣੇ ਬੂਟਿਆਂ ਨੂੰ ਮੁੜ ਸੁਰਜੀਤ ਕਰਨਾ : ਨਾਸ਼ਪਾਤੀ ਦੇ ਪੁਰਾਣੇ ਬੂਟੇ ਜਿਨ੍ਹਾਂ ਨੂੰ ਫ਼ਲ ਘੱਟ ਲੱਗਦਾ ਹੋਵੇ ਦੀ ਕਾਂਟ-ਛਾਂਟ ਕਰਕੇ ਮੁੜ ਸੁਰਜੀਤ ਕਰਨਾ ਚਾਹੀਦਾ ਹੈ। ਦਸੰਬਰ ਦੇ ਮਹੀਨੇ ਵਿਚ ਪੁਰਾਣੇ ਬੂਟਿਆਂ ਦੀਆਂ ਪ੍ਰਮੁੱਖ 3-4 ਟਾਹਣੀਆਂ ਨੂੰ ਜੋ ਕਿ ਕਾਫੀ ਵਿੱਥ 'ਤੇ ਹੋਣ, 15 ਸੈਂਟੀਮੀਟਰ ਦੀ ਲੰਬਾਈ ਰੱਖ ਕੇ ਕੱਟ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਾਕੀ ਦੇ ਸਾਰੇ ਟਾਹਣੇ ਕੱਟ ਦੇਣੇ ਚਾਹੀਦੇ ਹਨ। ਕੱਟੇ ਹੋਏ ਥਾਵਾਂ 'ਤੇ ਬੋਰਡ ਪੇਂਟ ਲਗਾਉਣਾ ਚਾਹੀਦਾ ਹੈ। ਮਾਰਚ ਮਹੀਨੇ ਵਿਚ ਇਨ੍ਹਾਂ ਕੱਟੀਆਂ ਹੋਈਆਂ ਟਾਹਣੀਆਂ ਉਤੇ ਕਾਫ਼ੀ ਨਵੀਆਂ ਸ਼ਾਖ਼ਾਵਾਂ ਆ ਜਾਂਦੀਆਂ ਹਨ। ਮਈ ਦੇ ਮਹੀਨੇ ਇਨ੍ਹਾਂ 3-4 ਟਾਹਣੀਆਂ ਉਤੇ 1-2 ਬਾਹਰ ਵੱਲ ਨੂੰ ਵਧ ਰਹੀਆਂ ਟਾਹਣੀਆਂ ਰੱਖਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਹਰ ਬੂਟੇ ਉਤੇ ਕੁੱਲ 6-8 ਟਾਹਣੀਆਂ ਰਹਿ ਜਾਣਗੀਆਂ। ਇਸ ਤਰ੍ਹਾਂ ਦੇ ਬੂਟੇ ਤੀਜੇ ਸਾਲ ਫ਼ਲ ਦੇਣ ਲੱਗ ਪੈਂਦੇ ਹਨ ਅਤੇ ਪੰਜਵੇਂ ਸਾਲ ਭਰਵਾਂ ਫ਼ਲ ਦਿੰਦੇ ਹਨ। (ਚਲਦਾ)


-ਫ਼ਲ ਵਿਗਿਆਨ ਵਿਭਾਗ ਮੋਬਾਈਲ : 81461-00711.

ਛੋਲਿਆਂ ਅਤੇ ਮਸਰਾਂ ਦੇ ਕੀੜੇ-ਮਕੌੜੇ, ਬਿਮਾਰੀਆਂ ਅਤੇ ਰੋਕਥਾਮ

ਮਨੁੱਖ ਦੀ ਚੰਗੀ ਸਿਹਤ ਲਈ ਮਾਸਪੇਸ਼ੀਆਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਕ ਨਵੀਨਤਮ ਖੋਜ ਅਨੁਸਾਰ 71 ਫ਼ੀਸਦੀ ਭਾਰਤੀਆਂ ਵਿਚ ਮਾਸਪੇਸ਼ੀਆਂ ਕਮਜ਼ੋਰ ਹਨ ਕਿਉਂਕਿ ਜ਼ਿਆਦਾਤਰ ਭਾਰਤੀ ਸ਼ਾਕਾਹਾਰੀ ਹੋਣ ਕਾਰਨ ਉਨ੍ਹਾਂ ਦੇ ਭੋਜਨ ਵਿਚ ਪ੍ਰੋਟੀਨ ਜ਼ਰੂਰਤ ਤੋਂ ਘੱਟ ਮਾਤਰਾ ਵਿਚ ਹੁੰਦਾ ਹੈ ਅਤੇ ਪ੍ਰੋਟੀਨ ਹੀ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਦਾਲਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿਚ ਸ਼ਾਮਿਲ ਕਰ ਕੇ ਇਸ ਕਮੀ ਨੂੰ ਕਾਫ਼ੀ ਹੱਦ ਤੱਕ ਪੂਰਾ ਕੀਤਾ ਜਾ ਸਕਦਾ ਹੈ ਕਿਉਂਕਿ ਦਾਲਾਂ ਵਿਚ 20-25 ਫੀਸਦੀ ਪ੍ਰੋਟੀਨ ਹੁੰਦਾ ਹੈ, ਇਸ ਦੇ ਨਾਲ ਹੀ ਹੋਰ ਮਿਨਰਲ, ਵਿਟਾਮਿਨ ਅਤੇ ਫਾਈਬਰ ਨਾਲ ਵੀ ਦਾਲਾਂ ਭਰਪੂਰ ਹੁੰਦੀਆਂ ਹਨ। ਇਕ ਵਿਅਕਤੀ ਨੂੰ ਰੋਜ਼ਾਨਾ 80 ਗ੍ਰਾਮ ਦਾਲ ਖਾਣੀ ਚਾਹੀਦੀ ਹੈ। ਪਰ ਭਾਰਤ ਵਿਚ 42-47 ਗਰਾਮ ਦਾਲ ਹੀ ਇਕ ਵਿਅਕਤੀ ਨੂੰ ਮਿਲਦੀ ਹੈ।
ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਦਾਲਾਂ ਹੇਠ ਰਕਬੇ ਨੂੰ ਵਧਾਇਆ ਜਾਵੇ। ਇਕ ਸਰਕਾਰੀ ਅੰਦਾਜ਼ੇ ਮੁਤਾਬਿਕ ਸਾਲ 2017-18 ਵਿਚ ਦੇਸ਼ ਵਿਚ 245 ਲੱਖ ਟਨ ਦਾਲਾਂ ਦਾ ਉਤਪਾਦਨ ਹੋਇਆ ਹੈ, ਜਦਕਿ ਜ਼ਰੂਰਤ 275 ਲੱਖ ਟਨ ਦੀ ਹੈ। ਪੰਜਾਬ ਵਿਚ ਸਾਲ 2016-17 ਵਿਚ ਛੋਲਿਆਂ ਹੇਠ ਰਕਬਾ 1.6 ਹਜ਼ਾਰ ਹੈਕਟੇਅਰ ਅਤੇ ਮਸਰਾਂ ਹੇਠ 0.7 ਹੈਕਟੇਅਰ ਰਕਬੇ 'ਤੇ ਕਾਸ਼ਤ ਕੀਤੀ ਗਈ। ਇਸ ਸਾਲ ਵੀ ਕਈ ਕਿਸਾਨਾਂ ਵਲੋਂ ਘਰੇਲੂ ਅਤੇ ਵਪਾਰਕ ਵਰਤੋਂ ਲਈ ਛੋਲਿਆਂ ਅਤੇ ਮਸਰਾਂ ਦੀ ਬਿਜਾਈ ਕੀਤੀ ਗਈ ਹੈ। ਇਨ੍ਹਾਂ ਫ਼ਸਲਾਂ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਇਨ੍ਹਾਂ ਫ਼ਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
ਛੋਲਿਆਂ ਦੇ ਕੀੜੇ-ਮਕੌੜੇ ਅਤੇ ਰੋਕਥਾਮ : ਸਿਉਂਕ : ਇਹ ਕੀੜੇ ਬੂਟੇ ਦੀ ਜੜ੍ਹ 'ਤੇ ਹਮਲਾ ਕਰਦੇ ਹਨ ਅਤੇ ਬਾਅਦ ਵਿਚ ਪੂਰਾ ਬੂਟਾ ਸੁੱਕ ਜਾਂਦਾ ਹੈ। ਇਸ ਦੀ ਰੋਕਥਾਮ ਲਈ ਬੀਜ ਨੂੰ 10 ਮਿਲੀਲਿਟਰ ਡਰਸਬਾਨ 20 ਈ.ਸੀ. (ਕਲੋਪਾਈਰੀਫਾਸ) ਪ੍ਰਤੀ ਕਿਲੋ ਬੀਜ ਨੂੰ ਸੋਧਣਾ ਚਾਹੀਦਾ ਹੈ। ਜੇਕਰ ਬੀਜ ਸੋਧਿਆ ਨਹੀਂ ਗਿਆ ਤਾਂ ਹਮਲਾ ਹੋਣ 'ਤੇ ਸੁੱਕੇ ਹੋਏ ਬੂਟਿਆਂ ਨੂੰ ਪੁੱਟ ਦੇਣਾ ਚਾਹੀਦਾ ਹੈ।
ਛੋਲਿਆਂ ਦੀ ਸੁੰਡੀ : ਕੀੜੇ-ਮਕੌੜਿਆਂ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਛੋਲਿਆਂ ਦੀ ਸੁੰਡੀ ਕਰਦੀ ਹੈ। ਇਹ ਸੁੰਡੀ ਛੋਲਿਆਂ ਦੇ ਪੱਤੇ, ਡੋਡੀਆਂ, ਫੁੱਲ ਅਤੇ ਦਾਣਿਆਂ ਨੂੰ ਖਾਂਦੀਆਂ ਹਨ। ਡੋਡੀਆਂ ਬਣਨ ਸਮੇਂ ਸੁੰਡੀ ਦਾ ਹਮਲਾ ਹੋਣ 'ਤੇ ਇਸ ਦੀ ਰੋਕਥਾਮ ਲਈ 50 ਮਿਲੀਲਿਟਰ ਕੋਰਾਜਿਨ 18.5 ਐਸ.ਸੀ. ਜਾਂ 80 ਗ੍ਰਾਮ ਪਰੋਕਲੇਮ 5 ਐਸ.ਸੀ. ਜਾਂ 160 ਮਿਲੀਲਿਟਰ ਰੀਮੋਨ 10 ਈ.ਸੀ. ਨੂੰ 80-100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੀ ਸਪਰੇਅ ਕਰੋ। ਲੋੜ ਪੈਣ 'ਤੇ 15 ਦਿਨਾਂ ਬਾਅਦ ਦੁਬਾਰਾ ਸਪਰੇਅ ਕਰੋ। ਇਸ ਨਾਲ ਇਹ ਧਿਆਨ ਜ਼ਰੂਰ ਰੱਖੋ ਕਿ ਕੋਰਾਜਿਨ 18.5 ਐਸ.ਸੀ. ਦੇ ਛਿੜਕਾਅ ਤੋਂ 3 ਦਿਨ ਬਾਅਦ ਫ਼ਸਲ ਨੂੰ ਭੁਰਜੀ ਜਾਂ ਛੋਲਿਆਂ ਲਈ ਨਾ ਵਰਤੋ।
ਛੋਲਿਆਂ 'ਤੇ ਲੱਗਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ : ਝੁਲਸ ਰੋਗ ਜਾਂ ਚਾਨਣੀ ਰੋਗ : ਝੁਲਸ ਰੋਗ ਦਾ ਟਾਕਰਾ ਕਰਨ ਵਾਲੀਆਂ ਪੀ.ਬੀ.ਜੀ. 7 ਅਤੇ ਪੀ.ਬੀ. ਜੀ. 5 ਦੀ ਕਾਸ਼ਤ ਕਰਨੀ ਚਾਹੀਦੀ ਹੈ। ਰੋਗ ਰਹਿਤ ਬੀਜ ਬੀਜਣਾ ਚਾਹੀਦਾ ਹੈ ਅਤੇ ਫ਼ਸਲ ਕੱਟਣ ਸਮੇਂ ਰੋਗੀ ਬੂਟਿਆਂ ਨੂੰ ਕੱਢ ਕੇ ਸਾੜ ਦੇਣਾ ਚਾਹੀਦਾ ਹੈ, ਤਾਂ ਜੋ ਮੁੱਢੋਂ ਹੀ ਬਿਮਾਰੀ ਦਾ ਨਾਸ਼ ਹੋ ਸਕੇ।
ਭੂਰਾ ਸਾੜਾ : ਇਸ ਬਿਮਾਰੀ ਦੀ ਰੋਕਥਾਮ ਲਈ ਬਿਮਾਰੀ ਰਹਿਤ ਬੀਜ ਬੀਜੋ ਅਤੇ ਫ਼ਸਲ ਕੱਟਣ ਤੋਂ ਬਾਅਦ ਰਹਿੰਦ-ਖੂੰਹਦ ਨੂੰ ਸਾੜ ਦਿਓ।
ਉਖੇੜਾ : ਇਸ ਰੋਗ ਦਾ ਟਾਕਰਾ ਕਰਨ ਵਾਲੀਆਂ ਉੱਨਤ ਕਿਸਮਾਂ ਬੀਜੋ ਜਿਵੇਂ ਕਿ ਪੀ.ਡੀ.ਜੀ. 3, ਪੀ.ਡੀ.ਜੀ. 4, ਪੀ.ਬੀ.ਜੀ. 5 ਅਤੇ ਪੀ.ਬੀ.ਜੀ. 7 ਅਤੇ ਕਾਬਲੀ ਕਿਸਮ ਐਲ 552, ਖੇਤ ਉਲਟਾਵੇਂ ਹੱਲ ਨਾ ਡੂੰਘੇ ਵਾਹੋ ਅਤੇ ਘਾਹ ਫੂਸ ਤੋਂ ਸਾਫ ਰੱਖੋ।
ਤਣੇ ਦਾ ਗਲਣਾ : ਬੀਜ ਨੂੰ ਛੱਟ ਛਾਣ ਕੇ ਬਿਮਾਰੀ ਰਹਿਤ ਕਰਕੇ ਹੀ ਬੀਜੋ। ਬਿਮਾਰੀ ਵਾਲੇ ਪੌਦੇ ਅਤੇ ਰਹਿੰਦ-ਖੂੰਹਦ ਨੂੰ ਸਾੜ ਦਿਓ। ਛੋਲਿਆਂ ਵਾਲੇ ਖੇਤ ਵਿਚ ਅਦਲ-ਬਦਲ ਕੇ ਕਣਕ ਜਾਂ ਜੌਂ ਬੀਜਦੇ ਰਹੋ।
ਮੁੱਢਾਂ ਦਾ ਗਲਣਾ : ਬਿਜਾਈ ਹਮੇਸ਼ਾ ਸਮੇਂ ਸਿਰ ਕਰੋ। ਛੋਲਿਆਂ ਵਾਲੇ ਖੇਤ ਵਿਚ ਅਦਲ-ਬਦਲ ਕੇ ਕਣਕ ਜਾਂ ਜੌਂ ਬੀਜੋ।
ਮਸਰਾਂ ਦੀ ਫ਼ਸਲ ਤੇ ਕੀੜੇ-ਮਕੌੜੇ
ਫਲੀ ਛੇਦਕ ਸੁੰਡੀ : ਇਹ ਸੁੰਡੀ ਫ਼ਸਲ ਦੇ ਪੱਤੇ, ਫੁੱਲ, ਡੰਡੀਆਂ, ਫਲੀਆਂ ਅਤੇ ਦਾਣੇ ਖਾ ਕੇ ਬਹੁਤ ਨੁਕਸਾਨ ਕਰਦੀ ਹੈ। ਇਸ ਨੂੰ ਕੰਟਰੋਲ ਕਰਨ ਲਈ 900 ਗ੍ਰਾਮ ਸੇਵਿਨ/ਹੈਕਸਾਵਿਨ 50 ਡਬਲਯੂ.ਪੀ. (ਕਾਰਬਰਿਲ) ਨੂੰ 80 ਲਿਟਰ ਪਾਣੀ ਵਿਚ ਘੋਲ ਕੇ ਫੁੱਲ ਆਉਣ ਸਮੇਂ ਸਪਰੇਅ ਕਰੋ ਅਤੇ ਲੋੜ ਪੈਣ 'ਤੇ 21 ਦਿਨਾਂ ਪਿਛੋਂ ਦੁਬਾਰਾ ਛਿੜਕਾਅ ਕਰੋ।
ਬਿਮਾਰੀਆਂ : ਝੁਲਸ ਰੋਗ : ਤਣੇ, ਪੱਤੇ, ਟਾਹਣੀਆਂ ਅਤੇ ਫਲੀਆਂ ਉਤੇ ਗੂੜ੍ਹੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ, ਇਸ ਉੱਲੀ ਦਾ ਨਾਸ਼ ਕਰਨ ਲਈ ਬਿਮਾਰੀ ਵਾਲੇ ਬੂਟੇ ਨਸ਼ਟ ਕਰ ਦਿਓ ਅਤੇ ਬਿਜਾਈ ਸਮੇਂ ਬੀਜ ਨੂੰ 2 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧੋ।
ਕੁੰਗੀ : ਇਸ ਰੋਗ ਨਾਲ ਟਾਹਣੀਆਂ, ਪੱਤੇ ਅਤੇ ਫਲੀਆਂ ਉੱਪਰਹਲਕੇ ਪੀਲੇ ਰੰਗ ਦੇ ਉਭਰਵੇਂ ਧੱਬੇ ਪੈ ਜਾਂਦੇ ਹਨ। ਇਸ ਦੇ ਕੰਟਰੋਲ ਲਈ ਬਿਮਾਰੀ ਤੋਂ ਰਹਿਤ ਬੀਜ ਬੀਜੋ ਅਤੇ ਕੁੰਗ ਦਾ ਟਾਕਰਾ ਕਰਨ ਵਾਲੀ ਐਲ.ਐਲ. 931 ਕਿਸਮ ਦੀ ਬਿਜਾਈ ਕਰੋ।


-ਖੇਤੀਬਾੜੀ ਵਿਕਾਸ ਅਫ਼ਸਰ (ਦਾਲਾਂ), ਬਠਿੰਡਾ।
ਮੋਬਾਈਲ : 94781-62321.

ਕਿਸਾਨਾਂ ਵਿਚ ਅਸ਼ਾਂਤੀ ਤੇ ਮਾਯੂਸੀ ਕਿਉਂ ਹੈ?

ਖੇਤੀ ਸੰਕਟ ਪਿਛਲੇ ਇਕ ਦਹਾਕੇ ਤੋਂ ਸਭ ਵਿਸ਼ਿਆਂ ਨਾਲੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚਾਰੇ ਪਾਸੇ ਹਰ ਦਿਨ ਕਿਸਾਨਾਂ ਵਿਚ ਅਸ਼ਾਂਤੀ ਦੇਖੀ ਜਾਂਦੀ ਹੈ। ਪਿੱਛੇ ਜਿਹੇ ਤਾਂ ਕਿਸਾਨਾਂ ਵਲੋਂ ਧਰਨੇ ਤੇ ਰੋਸ ਰੈਲੀਆਂ ਲਗਾਤਾਰ ਕੀਤੀਆਂ ਜਾਂਦੀਆਂ ਰਹੀਆਂ। ਕਿਸਾਨਾਂ ਦੀ ਆਬਾਦੀ ਨੂੰ ਵੇਖਦੇ ਹੋਏ ਤੇ ਕਿੱਤੇ ਦੀ ਅਹਿਮੀਅਤ ਦੇ ਮੱਦੇ ਨਜ਼ਰ ਕੋਈ ਲੋਕਤੰਤਰੀ ਸਰਕਾਰ ਖੇਤੀਬਾੜੀ ਨੂੰ ਅਣਗੌਲਿਆਂ ਨਹੀਂ ਕਰ ਸਕਦੀ। ਪੰਜ ਏਕੜ (ਦੋ ਹੈਕਟੇਅਰ) ਤੱਕ ਦੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਦੇਣ ਦਾ ਬਜਟ ਵਿਚ ਉਪਬੱਧ ਅਤੇ ਪਹਿਲਾਂ ਪ੍ਰਧਾਨ ਮੰਤਰੀ ਵਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਐਲਾਨ ਕਰਨਾ, ਇਸ ਵਿਸ਼ੇ ਦੀ ਅਹਿਮੀਅਤ 'ਤੇ ਮੋਹਰ ਲਾਉਂਦੇ ਹਨ। ਖੇਤੀ ਸੰਕਟ ਕੋਈ ਇਕ-ਦੋ ਸਾਲ ਦੀ ਹੀ ਗੱਲ ਨਹੀਂ ਸਗੋਂ ਕਾਫੀ ਸਮੇਂ ਦੀ ਦੇਣ ਹੈ। ਇਸ ਦਾ ਕਾਰਨ ਯੋਜਨਾਕਾਰਾਂ ਦੇ ਵਿਸ਼ਵਾਸ ਕਿ ਉਦਯੋਗੀਕਰਨ ਹੀ ਹਰ ਸਮੱਸਿਆ ਹੱਲ ਕਰਦਾ ਹੈ, 'ਤੇ ਆਧਾਰਤ ਹੈ। ਯੋਜਨਾਕਾਰਾਂ ਦੀ ਸੋਚ ਹੈ ਕਿ ਉਦਯੋਗੀਕਰਨ ਨਾਲ ਕਿਸਾਨ ਖੇਤੀ ਛੱਡ ਕੇ ਉਦਯੋਗਾਂ ਅਤੇ ਸੇਵਾ ਦੇ ਖੇਤਰ 'ਚ ਆਉਣਗੇ ਕਿਉਂਕਿ ਇਹ ਖੇਤਰ ਖੇਤੀਬਾੜੀ ਦੇ ਮੁਕਾਬਲੇ ਜ਼ਿਆਦਾ ਲਾਹੇਵੰਦ ਹਨ। ਖੇਤੀਬਾੜੀ ਦੀ ਮਹੱਤਤਾ ਰੁਜ਼ਗਾਰ ਦਾ ਸਾਧਨ ਹੋਣ ਵਜੋਂ ਇਨ੍ਹਾਂ ਸਾਲਾਂ 'ਚ ਘਟੀ ਵੀ ਹੈ। ਖੇਤੀ 'ਚ ਰੁਜ਼ਗਾਰ ਦੇ ਸਾਧਨ ਵੀ ਘਟੇ ਹਨ। ਖੇਤੀ ਸੰਕਟ ਦਾ ਵਧੇਰੇ ਫੈਲਾਅ ਇਸ ਸ਼ਤਾਬਦੀ ਦੇ ਸ਼ੁਰੂ ਤੋਂ ਹੀ ਹੋਇਆ ਕਿਉਂਕਿ ਆਰਥਿਕਤਾ ਦਾ ਵਿਕਾਸ ਇਸ ਸਮੇਂ ਦਰਮਿਆਨ ਅਜਿਹਾ ਰਿਹਾ ਕਿ ਇਕ ਸ਼੍ਰੇਣੀ ਦੇ ਵਿਅਕਤੀਆਂ ਦੀ ਆਮਦਨ ਦੂਜੀਆਂ ਸ਼੍ਰੇਣੀਆਂ ਦੇ ਮੁਕਾਬਲੇ ਘੱਟ ਵਧੀ ਅਤੇ ਆਮਦਨ ਦੇ ਅੰਤਰ ਜ਼ਿਆਦਾ ਹੁੰਦੇ ਗਏ, ਜਿਸ ਦੀ ਪੁਸ਼ਟੀ ਵਿਸ਼ਵ ਆਰਥਕ ਫੌਰਮ 'ਦਵਾਸ' ਵਿਚ ਪਿਛਲੇ ਸਾਲ ਹੋਈ। ਬਿਨਾਂ ਸ਼ੱਕ ਹੀ ਪਿੰਡਾਂ ਵਿਚ ਖੇਤ ਮਜ਼ਦੂਰਾਂ ਦੀ ਘਾਟ ਵੀ ਖੇਤੀ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ।
ਕਿਸਾਨ ਤੇ ਪਿੰਡਾਂ 'ਚ ਰਹਿ ਰਹੀ ਹੋਰ ਆਬਾਦੀ ਪਿਛਲੀ ਸ਼ਤਾਬਦੀ ਦੇ ਸਤਵੇਂ ਦਹਾਕੇ ਦੌਰਾਨ ਆਪਣੇ-ਆਪ ਨੂੰ ਜ਼ਿਆਦਾ ਸੰਤੁਸ਼ਟ ਅਤੇ ਸੁਖੀ ਮਹਿਸੂਸ ਕਰਦੇ ਸਨ ਕਿਉਂਕਿ ਇਸ ਸਮੇਂ ਦੌਰਾਨ ਸਬਜ਼ ਇਨਕਲਾਬ ਦੀਆਂ ਤਕਨੀਕਾਂ ਉਪਰੰਤ ਖੇਤੀ ਉਤਪਾਦਨ 'ਚ ਨੁਮਾਇਆਂ ਵਾਧਾ ਹੋਇਆ। ਇਹੋ ਨਹੀਂ ਸਬਜ਼ ਇਨਕਲਾਬ ਸ਼ੁਰੂ ਹੋਣ ਤੋਂ ਪਹਿਲਾਂ ਵੀ ਸ: ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਦੇ ਕਾਰਜਕਾਲ 'ਚ ਸਮੂਹਿਕ ਵਿਕਾਸ ਲਹਿਰ ਥੱਲੇ ਖੇਤੀ ਦਾ ਵਿਕਾਸ ਕਿਤੇ ਵੱਧ ਹੋਇਆ ਜਦੋਂ ਤਿੰਨ ਸਾਲ ਵਿਚ ਸਵਰਗੀ ਡਾ: ਮਹਿੰਦਰ ਸਿੰਘ ਰੰਧਾਵਾ, ਡਾ: ਅਮਰੀਕ ਸਿੰਘ ਚੀਮਾ ਅਤੇ ਡਾ: ਗੁਰਚਰਨ ਸਿੰਘ ਕਾਲਕਟ ਵਰਗੇ ਖੇਤੀ ਵਿਗਿਆਨੀਆਂ ਨੇ ਖੇਤੀ ਉਤਪਾਦਨ ਤੇ ਉਤਪਾਦਕਤਾ ਵਧਾਉਣ ਦੇ ਅਣਥੱਕ ਉਪਰਾਲੇ ਕੀਤੇ ਅਤੇ ਪੰਜਾਬ ਨੂੰ ਸਿਖਰਾਂ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਸਬਜ਼ ਇਨਕਲਾਬ ਸ਼ੁਰੂ ਹੋਣ ਤੋਂ ਬਾਅਦ ਇਸ ਸੁਨਹਿਰੀ ਸਮੇਂ ਦਰਮਿਆਨ ਕੁਝ ਕਿਸਾਨਾਂ ਤੋਂ (ਜਿਹੜੇ ਆਪ ਖੇਤੀ ਨਹੀਂ ਕਰਦੇ ਸਨ), ਵਾਹੀ ਕਰ ਰਹੇ ਕਿਸਾਨਾਂ ਨੇ ਜ਼ਮੀਨਾਂ ਖਰੀਦ ਲਈਆਂ। ਫੇਰ ਉਥੇ ਪੱਕੇ ਘਰ ਬਣਾ ਲਏ, ਖੇਤੀ ਦਾ ਮਸ਼ੀਨੀਕਰਨ ਕਰ ਲਿਆ ਅਤੇ ਬੱਚਿਆਂ ਨੂੰ ਉੱਚੀ-ਵਿਦਿਆ ਦਿਵਾਉਣੀ ਸ਼ੁਰੂ ਕਰ ਦਿੱਤੀ। ਇਸ ਸੁਨਹਿਰੀ ਸਬਜ਼ ਇਨਕਲਾਬ ਦੇ ਸਮੇਂ ਹੁਣ ਜਿਹੀਆਂ ਆਸਾਨ ਤੇ ਘੱਟ ਸੂਦ ਵਾਲੇ ਕਰਜ਼ੇ, ਫ਼ਸਲਾਂ ਦੀ ਐਮ. ਐਸ. ਪੀ., ਮੰਡੀਆਂ ਲਈ ਆਵਾਜਾਈ ਦੇ ਸਾਧਨ, ਬਿਜਲੀ ਅਤੇ ਪੌਦ ਸੁਰੱਖਿਆ ਦੀਆਂ ਆਧੁਨਿਕ ਤਕਨੀਕਾਂ ਦੀਆਂ ਸਹੂਲਤਾਂ ਕਿਸਾਨਾਂ ਨੂੰ ਉਪਲੱਬਧ ਨਹੀਂ ਹੋਈਆਂ। ਭਾਵੇਂ ਸਬਜ਼ ਇਨਕਲਾਬ ਸਰਕਾਰ ਦਾ ਹੀ ਉਪਰਾਲਾ ਸੀ, ਜਿਸ ਵਜੋਂ ਸਿੰਜਾਈ ਦੀਆਂ ਸਹੂਲਤਾਂ ਅਤੇ ਕੀਮੀ ਆਈ ਖਾਦਾਂ ਅਤੇ ਮਧਰੀਆਂ ਤੇ ਵਧੇਰੇ ਝਾੜ ਦੇਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਵਿਕਸਤ ਹੋਣ ਕਾਰਨ ਉਤਪਾਦਨ 'ਚ ਪ੍ਰਭਾਵਸ਼ਾਲੀ ਵਾਧਾ ਹੋਇਆ। ਹੁਣ ਦੂਜੇ ਸਬਜ਼ ਇਨਕਲਾਬ ਦੌਰਾਨ ਪਹਿਲਾਂ ਜਿਹਾ ਵਿਕਾਸ ਹੋਣ ਦਾ ਤਾਂ ਇਮਕਾਨ ਨਹੀਂ। ਤਕਰੀਬਨ 99 ਫ਼ੀਸਦੀ ਰਕਬਾ ਸਿੰਜਾਈ ਅਧੀਨ ਹੋਣ ਕਾਰਨ ਸਿੰਜਾਈ ਦੀਆਂ ਸਹੂਲਤਾਂ ਵਿਚ ਹੋਰ ਵਾਧਾ ਹੋ ਸਕਣਾ ਸੰਭਵ ਨਹੀਂ ਹੋ ਸਕਦਾ, ਪਾਣੀ ਦਾ ਪੱਧਰ ਕੰਢੀ ਤੇ ਸੇਮ ਵਾਲੇ ਇਲਾਕਿਆਂ ਨੂੰ ਛੱਡ ਕੇ ਹਰ ਥਾਂ ਥੱਲੇ ਜਾ ਰਿਹਾ ਹੈ। ਜਿਸ ਦੇ ਦੁਬਾਰਾ ਠੀਕ ਹੋਣ ਦੀ ਸੰਭਾਵਨਾ ਨਹੀਂ। ਕੁਦਰਤੀ ਸਾਧਨ ਦਬਾ-ਦਬ ਖ਼ਤਮ ਹੋ ਰਹੇ ਹਨ। ਜੋ ਵੱਡੇ ਆਕਾਰ ਦੇ ਨਵੇਂ ਸਾਧਨ ਤੇ ਤਕਨੀਕਾਂ ਹਨ, ਉਹ ਸੀਮਿਤ ਤੇ ਛੋਟੇ ਕਿਸਾਨਾਂ ਲਈ ਹਾਸਲ ਕਰਨੀਆਂ ਅਸੰਭਵ ਹਨ। ਵਾਤਾਵਰਨ ਵਿਚ ਵਾਪਰ ਰਹੀ ਤਬਦੀਲੀ ਹੋਰ ਵਿਕਾਸ ਦੇ ਰਸਤੇ ਵਿਚ ਰੁਕਾਵਟ ਪੈਦਾ ਕਰ ਰਹੀ ਹੈ। ਕੀਮਿਆਈ ਖਾਦਾਂ ਦੀ ਖਪਤ ਸਿਖਰਾਂ 'ਤੇ ਹੈ ਅਤੇ ਕਿਸਾਨ ਇਸ ਵੇਲੇ ਸਿਫ਼ਾਰਸ਼ ਕੀਤੀ ਗਈ ਖੁਰਾਕ ਤੋਂ ਵੱਧ ਖਾਦ ਫ਼ਸਲਾਂ ਨੂੰ ਪਾ ਰਹੇ ਹਨ। ਜ਼ਮੀਨ 'ਚ ਜੋ ਖਾਦ ਖਪਤ ਹੋਣ ਤੋਂ ਬਿਨਾਂ ਰਹਿ ਜਾਂਦਾ ਹੈ, ਉਹ ਸਿਹਤ ਪੱਖੋਂ ਬੜਾ ਹਾਨੀਕਾਰਕ ਬਣਦਾ ਜਾ ਰਿਹਾ ਹੈ। ਜੋ ਵਧੇਰੇ ਝਾੜ ਦੇਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਨੇ ਪਹਿਲੇ ਸਬਜ਼ ਇਨਕਲਾਬ ਦਰਮਿਆਨ ਚਮਤਕਾਰ ਦਿਖਾਏ, ਉਹ ਹੁਣ ਸੰਭਵ ਨਹੀਂ। ਇਥੋਂ ਤੱਕ ਕਿ ਹੁਣ ਖੇਤੀ ਖੋਜ ਦੇ ਬਾਵਜੂਦ ਕਣਕ-ਝੋਨੇ ਦੀ ਉਤਪਾਦਕਤਾ ਇਕ ਫ਼ੀਸਦੀ ਸਾਲਾਨਾ ਦਰ ਤੋਂ ਵੀ ਘੱਟ ਦਰ ਨਾਲ ਵਧ ਰਹੀ ਹੈ।
ਖੇਤੀ ਸੰਕਟ ਦਾ ਮੁੱਖ ਕਾਰਨ ਖੇਤੀ ਜਿਣਸਾਂ ਦੀ ਕੀਮਤ ਦੂਜੇ ਪਦਾਰਥਾਂ ਦੇ ਬਰਾਬਰ ਨਾ ਵਧਣਾ ਹੈ। ਸੰਨ 1966 ਵਿਚ 10 ਗ੍ਰਾਮ ਸੋਨਾ 83 ਰੁਪਏ 'ਚ ਮਿਲਦਾ ਸੀ ਜਦੋਂ ਕਿ ਇਕ ਕੁਇੰਟਲ ਕਣਕ 60 ਰੁਪਏ ਦੀ ਆਉਂਦੀ ਸੀ। ਹੁਣ ਇਹੀ ਸੋਨਾ 34250 ਰੁਪਏ ਦਾ ਮਿਲਦਾ ਹੈ ਜਦੋਂ ਕਿ ਕਣਕ ਦੀ ਕੀਮਤ 1825 ਰੁਪਏ ਪ੍ਰਤੀ ਕੁਇੰਟਲ ਹੈ। ਇਸ ਦੌਰਾਨ ਕਣਕ ਦੀ ਖਰੀਦ ਸ਼ਕਤੀ ਸੋਨੇ ਦੇ ਮੁਕਾਬਲੇ 13 ਗੁਣਾਂ ਤੋਂ ਵੀ ਵੱਧ ਦਰ ਨਾਲ ਘਟ ਗਈ। ਯੋਜਨਾਕਾਰ ਤੇ ਸਰਕਾਰੀ ਹਲਕੇ ਇਸ ਦਾ ਸਮਰਥਨ ਇਸ ਤਰ੍ਹਾਂ ਕਰਦੇ ਹਨ ਕਿ ਕਣਕ ਗ਼ਰੀਬ ਅਤੇ ਦਿਹਾੜੀਦਾਰ ਸ਼੍ਰੇਣੀਆਂ ਨੂੰ ਵੀ ਉਪਲੱਬਧ ਕਰਨੀ ਲੋੜੀਂਦੀ ਹੈ। ਇਸ ਲਈ ਅਨਾਜ ਦੀਆਂ ਕੀਮਤਾਂ ਸਸਤੀਆਂ ਰੱਖਣੀਆਂ ਪੈਂਦੀਆਂ ਹਨ। ਪਰ ਦਿਹਾੜੀਦਾਰਾਂ ਦੀ ਵੀ ਦਿਹਾੜੀ ਅਨਾਜ ਦੀਆਂ ਕੀਮਤਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਵਧੀ ਹੈ। ਦੂਜੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਖੇਤੀ ਜਿਣਸਾਂ ਦੀ ਕੀਮਤ ਅੰਤਰ ਰਾਸ਼ਟਰੀ ਪੱਧਰ 'ਤੇ ਰੱਖਣੀ ਪੈਂਦੀ ਹੈ ਕਿਉਂਕਿ ਵਿਸ਼ਵ ਵੀ ਹੁਣ ਇਕ ਮੰਡੀ ਬਣ ਗਿਆ ਹੈ।
ਸੰਨ 1970 'ਚ ਖੇਤੀ ਦੇ ਸੁਨਹਿਰੀ ਸਮੇਂ ਕਾਲ 'ਚ ਸਿੱਖਿਆ ਤੇ ਸਿਹਤ ਸੇਵਾਵਾਂ ਵੀ ਸਰਕਾਰੀ ਹਸਪਤਾਲਾਂ ਤੋਂ ਬੜੀਆਂ ਸਸਤੀਆਂ ਉਪਲੱਬਧ ਸਨ। ਹੁਣ ਪਿੰਡਾਂ 'ਚ ਸਰਕਾਰੀ ਸਕੂਲ ਤੇ ਸਰਕਾਰੀ ਸਿਹਤ ਸੇਵਾਵਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਮੱਧ ਸ਼੍ਰੇਣੀਆਂ ਦੇ ਪੜ੍ਹੇ ਲਿਖੇ ਲੋਕ ਤੇ ਉਦਯੋਗਪਤੀ ਤੇ ਵਪਾਰੀ ਪਬਲਿਕ ਸਕੂਲਾਂ ਅਤੇ ਮਹਿੰਗੇ-ਮਹਿੰਗੇ ਹਸਪਤਾਲਾਂ ਦੀਆਂ ਸੇਵਾਵਾਂ ਪ੍ਰਾਪਤ ਕਰ ਰਹੇ ਹਨ। ਜਿਸ ਉਪਰੰਤ ਪਿੰਡਾਂ ਵਿਚ ਰਹਿ ਰਹੇ ਛੋਟੇ ਕਿਸਾਨ ਅਤੇ ਖੇਤ ਮਜ਼ਦੂਰ ਮਨੋਵਿਗਿਆਨਿਕ ਤੌਰ 'ਤੇ ਹੀਣਤਾ ਮਹਿਸੂਸ ਕਰਦੇ ਹਨ ਵਿਸ਼ੇਸ਼ ਕਰ ਕੇ ਜਦੋਂ ਐਨ ਆਰ ਆਈ ਬਾਹਰੋਂ ਆ ਕੇ ਆਪਣੇ ਰਹਿਣ ਸਹਿਣ ਦੇ ਉੱਚੇ ਮਿਆਰਾਂ ਦਾ ਪ੍ਰਦਰਸ਼ਨ ਕਰਦੇ ਹਨ। ਪਿੰਡਾਂ ਤੇ ਸ਼ਹਿਰਾਂ ਦਾ ਆਰਥਕ ਵਿਕਾਸ ਇਕਸੁਰ ਕਰਨ ਲਈ ਅਤੇ ਕਿਸਾਨਾਂ ਦੀ ਮਾਯੂਸੀ ਦੂਰ ਕਰਨ ਲਈ ਸਰਕਾਰ ਨੂੰ ਕਿਸਾਨ - ਹਿੱਤ ਸਕੀਮਾਂ ਤੇ ਨੀਤੀਆਂ ਬਣਾਉਣ ਦੀ ਲੋੜ ਹੈ। ਜਿਸ ਨਾਲ ਖੇਤੀ ਜਿਣਸਾਂ ਦੀਆਂ ਕੀਮਤਾਂ 'ਚ ਵਾਧਾ ਦੂਸਰੇ ਪਦਾਰਥਾਂ ਦੀਆਂ ਕੀਮਤਾਂ ਦੇ ਵਾਧੇ ਅਨੁਸਾਰ ਕੀਤਾ ਜਾਵੇ। ਇਸ ਲਈ ਆਈ ਸੀ ਏ ਆਰ - ਭਾਰਤੀ ਖੇਤੀ ਖੋਜ ਸੰਸਥਾਨ ਦੇ ਪ੍ਰਮੁੱਖ ਵਿਗਿਆਨੀ ਡਾ ਰਾਜਬੀਰ ਯਾਦਵ ਸੂਝਾਉ ਦਿੰਦੇ ਹਨ ਕਿ ਹਰ ਸਾਲ ਖੇਤੀ ਜਿਣਸਾਂ ਦੀ ਐਮ. ਐਸ. ਪੀ. 20 ਫ਼ੀਸਦੀ ਵਧਾਈ ਜਾਏ ਅਤੇ ਇਸ ਨੂੰ ਪੰਜ ਸਾਲ ਬਾਅਦ ਰੀਵਿਊ ਕੀਤਾ ਜਾਏ। ਵਪਾਰੀਆਂ ਨੂੰ ਐਮ ਐਸ ਪੀ ਤੇ ਫ਼ਸਲ ਖਰੀਦਣ ਲਈ ਕਾਨੂੰਨ ਰਾਹੀਂ ਮਜਬੂਰ ਕੀਤਾ ਜਾਏ। ਖੋਜ ਸੰਸਥਾਵਾਂ ਤੇ ਯੂਨੀਵਰਸਿਟੀਆਂ ਫ਼ਲਾਂ ਤੇ ਸਬਜ਼ੀਆਂ ਆਦਿ ਦੀ ਮੰਗ ਦਾ ਅਨੁਮਾਨ ਲਾ ਕੇ ਇਨ੍ਹਾਂ ਫ਼ਸਲਾਂ ਥੱਲੇ ਮੰਗ ਦੇ ਮੁਤਾਬਕ ਰਕਬੇ ਦੀ ਕਾਸ਼ਤ ਸਬੰਧੀ ਯੋਜਨਾਬੰਦੀ ਕਰਨ। ਭਵਿੱਖ ਲਈ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਸਰਕਾਰ ਯੋਗ ਕਾਰਵਾਈ ਕਰੇ। ਸਰਕਾਰ ਸਿੱਖਿਆ ਤੇ ਸਿਹਤ ਸਬੰਧੀ ਲਾਗਤ ਵਧਾ ਕੇ ਇਨ੍ਹਾਂ ਸਹੂਲਤਾਂ ਨੂੰ ਹਰ ਸ਼੍ਰੇਣੀ ਦੇ ਮੈਂਬਰਾਂ ਨੂੰ ਵਿਸ਼ੇਸ਼ ਕਰ ਕੇ ਪਿੰਡਾਂ ਵਿਚ ਮਿਆਰੀ ਉਪਲੱਬਧ ਕਰਨ ਲਈ ਕਾਰਵਾਈ ਕਰੇ। ਜਿੱਥੇ ਪਾਣੀ ਦਾ ਪੱਧਰ ਥੱਲੇ ਜਾਣ ਕਾਰਨ ਟਿਊਬਵੈੱਲਾਂ 'ਤੇ ਵੱਧ ਖਰਚਾ ਆ ਰਿਹਾ ਹੈ ਅਤੇ ਗ਼ੈਰ-ਕਾਸ਼ਤ ਸ਼ੁਦਾ ਜ਼ਮੀਨ ਕਾਸ਼ਤ ਹੋ ਰਹੀ ਹੈ, ਉਨ੍ਹਾਂ ਕਿਸਾਨਾਂ ਨੂੰ ਪੂਰੀ ਸਹਾਇਤਾ ਮਾਲੀ ਤੇ ਟੈਕਨੀਕਲ ਮੁਹੱਈਆ ਕੀਤੀ ਜਾਏੇ। ਪਿੰਡਾਂ ਵਿਚ ਛੋਟੇ ਉਦਯੋਗ ਤੇ ਪ੍ਰੋਸੈਸਿੰਗ ਸਹੂਲਤਾਂ ਉਪਲੱਬਧ ਕੀਤੀਆਂ ਜਾਣ ਜਿਸ ਲਈ ਸਰਕਾਰ ਖੁੱਲ੍ਹੀ ਆਰਥਕ ਸਹਾਇਤਾ ਦੇਵੇ ਅਤੇ ਲਾਗਤ ਕਰੇ।


-ਮੋਬਾਈਲ : 98152-36307

ਮਨੁੱਖ ਦੀਆਂ ਸੇਵਾਦਾਰ

ਧਰਤੀ 'ਤੇ ਮਨੁੱਖ ਆਪਣੇ-ਆਪ ਨੂੰ ਸਰਵਸ੍ਰੇਸ਼ਠ ਜੀਵ ਮੰਨਦਾ ਹੈ। ਉਹ ਚਾਹੁੰਦਾ ਹੈ ਕਿ ਬਾਕੀ ਦੇ ਸਾਰੇ ਜੀਵ ਉਸ ਦੀ ਸੇਵਾ ਵਿਚ ਲੱਗੇ ਰਹਿਣ ਤੇ ਜੋ ਉਸ ਨੂੰ ਆਪੇ ਨਹੀਂ ਦਿੰਦਾ, ਉਸ ਤੋਂ ਖੋਹ ਲੈਂਦਾ ਹੈ। ਸ਼ਹਿਦ ਦੀਆਂ ਮੱਖੀਆਂ ਵੀ ਉਨ੍ਹਾਂ ਪੀੜਤ ਜੀਵਾਂ ਵਿਚੋਂ ਹਨ। ਮੱਖੀਆਂ ਦੀਆਂ ਤਕਰੀਬਨ 20,000 ਕਿਸਮਾਂ ਵਿਚੋਂ 44 ਕਿਸਮਾਂ ਹੀ ਸ਼ਹਿਦ ਪੈਦਾ ਕਰਦੀਆਂ ਹਨ। ਇਹ ਕਈ ਕਿਸਮ ਦਾ ਸ਼ਹਿਦ ਪੈਦਾ ਕਰਦੀਆਂ ਹਨ। ਕੁਝ ਯੂਰਪ ਤੇ ਅਫ਼ਰੀਕਨ ਕਿਸਮਾਂ ਏਨਾ ਸ਼ਹਿਦ ਪੈਦਾ ਕਰਦੀਆਂ ਹਨ ਕਿ ਮਨੁੱਖ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ। ਪਹਾੜਾਂ ਵਿਚਲੀ ਚਿੱਟੀ ਮੱਖੀ ਦਾ ਸ਼ਹਿਦ ਬਹੁਤ ਗੁਣਕਾਰੀ ਗਿਣਿਆ ਗਿਆ ਹੈ। ਪਰ ਸ਼ਹਿਦ ਹਰ ਇਕ ਲਈ ਗੁਣਕਾਰੀ ਨਹੀਂ ਹੁੰਦਾ, ਅਗਰ ਜਿਸ ਪਦਾਰਥ ਨਾਲ ਛੱਤੇ ਵਿਚਲੇ ਸ਼ਹਿਦ ਨੂੰ ਢਕਿਆ ਹੁੰਦਾ ਹੈ, ਖਾਧਾ ਜਾਵੇ ਤਾਂ ਨੁਕਸਾਨ ਵੀ ਕਰ ਸਕਦਾ ਹੈ। ਮੱਖੀਆਂ ਗਰਮੀਆਂ ਨਾਲੋਂ ਸਰਦੀਆਂ ਵਿਚ ਵੱਧ ਮਰਦੀਆਂ ਹਨ। ਇਸ ਲਈ ਜੰਗਲੀ ਮੱਖੀਆਂ ਦਰੱਖਤਾਂ ਦੀਆਂ ਖੋੜਾਂ ਵਿਚ ਵੀ ਛੱਤੇ ਬਣਾ ਲੈਂਦੀਆਂ ਹਨ। ਇਨ੍ਹਾਂ ਦਾ ਡੰਗ ਘੱਟ ਅਸਰ ਕਰਦਾ ਹੈ, ਇਸੇ ਲਈ ਇਹ ਖੋੜਾਂ, ਚਟਾਨਾਂ ਦੇ ਅੰਦਰ ਜਾਂ ਕੰਢੇਦਾਰ ਝਾੜੀਆਂ ਵਿਚ ਛੱਤੇ ਬਣਾਉਂਦੀਆਂ ਹਨ। ਇਨ੍ਹਾਂ ਦਾ ਸ਼ਹਿਦ ਥੋੜ੍ਹਾ ਪਰ ਵੱਧ ਗੁਣਕਾਰੀ ਹੁੰਦਾ ਹੈ। ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਸ਼ਹਿਦ ਜ਼ਰੂਰੀ ਨਹੀਂ ਹਰ ਬੰਦੇ ਦੇ ਮਾਫ਼ਿਕ ਆਵੇ। ਦੁਨੀਆ ਵਿਚ ਹਾਲੇ ਕਿਸੇ ਵੀ ਥਾਂ 'ਤੇ ਸ਼ਹਿਦ ਦੇ ਸਹੀ ਗੁਣਾਂ ਜਾਂ ਔਗੁਣਾਂ ਬਾਰੇ ਪੱਕੀ ਖੋਜ ਨਹੀਂ ਹੋਈ ਹੈ। ਇਸ ਲਈ ਖਾਣ ਤੋਂ ਪਹਿਲਾਂ ਸਾਵਧਾਨੀ ਜ਼ਰੂਰ ਵਰਤ ਲੈਣੀ ਚਾਹੀਦੀ ਹੈ।

-ਮੋਬਾ: 98159-45018

ਵਧੇਰੇ ਅਤੇ ਲਗਾਤਾਰ ਝਾੜ ਲਈ ਸਬਜ਼ੀਆਂ ਦੀ ਪੌਲੀ ਨੈੱਟ ਹਾਊਸ ਵਿਚ ਕਾਸ਼ਤ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਟਮਾਟਰ: ਨੈੱਟ ਹਾਊਸ ਵਿਚ ਉਤਪਾਦਨ ਲਈ ਵੇਲਾਂ ਵਾਲੇ ਟਮਾਟਰ ਦੀਆਂ ਕਿਸਮਾਂ ਲਗਾਉ ਜੋ ਲਗਾਤਾਰ ਵਧਦੇ ਹਨ ਅਤੇ ਫਲ ਦਿੰਦੇ ਹਨ। ਸੁਰੱਖਿਅਤ ਕਾਸ਼ਤ ਲਈ ਸਿਫਾਰਸ਼ ਕੀਤੇ ਗਏ ਟਮਾਟਰ ਦੀਆ ਕਿਸਮਾਂ ਹੇਠ ਲਿਖੀਆਂ ਹਨ। ਬੀਜਣ ਤੋਂ ਪਹਿਲਾਂ ਇੱਕ ਕਿੱਲੋ ਬੀਜ ਤਿੰਨ ਗ੍ਰਾਮ ਕੈਪਟਾਨ ਨਾਲ ਸੋਧ ਕਰਕੇ ਢੁੱਕਵੀਂ ਉਚਾਈ ਵਾਲੇ ਬੈਡਾਂ ਉਪਰ ਬੀਜੋ। ਚਿੱਟੀ ਮੱਖੀ ਤੋ ਬਚਾਅ ਲਈ 40 ਮੈਸ਼ ਸਾਈਜ਼ ਨੈੱਟ ਨਾਲ ਢੱਕ ਦਿਉ। ਪਨੀਰੀ ਨੂੰ 15 ਸੈ.ਮੀ. ਉਚਾਈ ਵਾਲੇ ਬੈਡਾਂ 'ਤੇ 1.25 ਮੀ. 30 ਸੈ.ਮੀ.ਦੇ ਫਾਸਲੇ 'ਤੇ ਲਗਾਉ। (ਸਾਰਨੀ 1)
ਬੂਟੇ ਲਾਉਣ ਤੋਂ ਤਕਰੀਬਨ 20-25 ਦਿਨਾਂ ਬਾਅਦ ਮਿੱਟੀ ਚੜ੍ਹਾ ਦਿਉ। ਵਧੇਰੇ ਉਤਪਾਦਨ ਲਈ ਇੱਕ ਬੂਟੇ 'ਤੇ 3-4 ਟਾਹਣੀਆਂ ਹੀ ਰੱਖੋ। ਇਸ ਤਰ੍ਹਾਂ ਕਰਨ ਨਾਲ ਫਲਾਂ ਦੀ ਗੁਣਵੱਤਾ ਵਿਚ ਵੀ ਵਾਧਾ ਹੁੰਦਾ ਹੈ। ਹਰ ਹਫਤੇ ਬੂਟਿਆਂ ਦੀ ਕਟਾਈ-ਛਟਾਈ ਜ਼ਰੂਰੀ ਕਰਨੀ ਚਾਹੀਦੀ ਹੈ। ਵੇਲਾਂ ਨੂੰ ਉਪਰ ਚੜ੍ਹਾਉ ਤਾਂ ਕਿ ਬੂਟਿਆਂ ਨੂੰ ਰੋਸ਼ਨੀ ਅਤੇ ਹਵਾ ਸਹੀ ਮਾਤਰਾ ਵਿਚ ਮਿਲਦੀ ਰਹੇ ਅਤੇ ਫਲ ਜ਼ਮੀਨ ਨੂੰ ਨਾ ਲੱਗਣ। ਜਦੋਂ ਹੇਠਲੇ ਫਲਾਂ ਦੀ ਤੁੜਾਈ ਹੋ ਜਾਵੇ ਤਾਂ ਉਸ ਤੋਂ ਉਪਰ ਵਾਲੇ ਪੱਤਿਆਂ ਨੂੰ ਛਾਂਗ ਦਿਓ। ਫਲਾਂ ਦੀ ਤੁੜਾਈ ਫਰਵਰੀ ਦੇ ਅੰਤ ਤੋਂ ਸ਼ੁਰੂ ਹੁੰਦੀ ਹੈ ਅਤੇ ਮਈ ਦੇ ਅਖ਼ੀਰ ਤੱਕ ਜਾਰੀ ਰਹਿੰਦੀ ਹੈ।
ਬੈਂਗਣ: ਬਸੰਤ ਅਤੇ ਬਰਸਾਤੀ ਮੌਸਮ ਦੇ ਦੌਰਾਨ ਪੌਲੀ ਨੈੱਟ ਹਾਊਸ ਵਿਚ ਬੈਂਗਣ ਦੀ ਕਾਸ਼ਤ ਦੀ ਸਿਫਾਰਸ਼ ਕੀਤੀ ਗਈ ਹੈ। ਬਰਸਾਤੀ ਮੌਸਮ ਦੀ ਫਸਲ ਆਮ ਖੇਤਾਂ ਵਿਚ ਵੱਧ ਉਪਜ ਦਿੰਦੀ ਹੇ, ਪਰ ਫਲਾਂ ਅਤੇ ਲਗਰਾਂ ਵਿਚ ਮੋਰੀ ਕਰਨ ਵਾਲੀ ਸੁੰਡੀ ਦੁਆਰਾ ਗੰਭੀਰ ਰੂਪ ਵਿਚ ਹਮਲਾ ਕੀਤਾ ਜਾਂਦਾ ਹੈ ਜਿਸ ਕਾਰਨ 50-70% ਦਾ ਨੁਕਸਾਨ ਹੋ ਜਾਂਦਾ ਹੈ। ਸਾਰਣੀ ਨੰ. 2 ਵਿਚ ਲਿਖੀਆਂ ਕਿਸਮਾਂ ਦੀ ਸੁਰੱਖਿਅਤ ਖੇਤੀ ਲਈ ਸਿਫਾਰਸ਼ ਕੀਤੀ ਗਈ ਹੈ।
ਬਸੰਤ ਮੌਸਮ ਦੀ ਪਨੀਰੀ ਨਵੰਬਰ ਦੇ ਦੂਜੇ ਪੰਦਰਵਾੜੇ ਵਿਚ ਲਗਾਈ ਜਾਣੀ ਚਾਹੀਦੀ ਹੈ ਅਤੇ ਫਰਵਰੀ ਦੇ ਦੂਜੇ ਪੰਦਰਵਾੜੇ ਵਿਚ ਪਨੀਰੀ ਨੂੰ ਪੌਲੀ ਨੈੱਟ ਹਾਊਸ ਵਿਚ ਲਾ ਲਵੋ। ਬਰਸਾਤੀ ਮੌਸਮ ਦੀ ਫਸਲ ਲਈ ਪਨੀਰੀ ਜੁਲਾਈ ਵਿਚ ਬੀਜੋ ਅਤੇ ਅਗਸਤ ਵਿਚ ਪੌਲੀ ਨੈੱਟ ਹਾਊਸ ਵਿਚ ਲਾ ਦੇਵੋ।
ਨੈੱਟ ਹਾਊਸ ਵਿਚ ਬਰਸਾਤੀ ਮੌਸਮ ਦੇ ਲੱਗੇ ਬੈਂਗਣ ਦੇ ਬੂਟਿਆਂ ਦੇ ਦੋ ਮੁੱਖ ਤਣਿਆਂ ਨੂੰ ਰੱਸੀ ਨਾਲ ਉਪਰ ਚੜ੍ਹਾਉ। ਇਸ ਅਭਿਆਸ ਨਾਲ ਉਪਰਲੀ ਵਾਧੂ ਜਗ੍ਹਾ ਦੀ ਵਰਤੋਂ ਹੁੰਦੀ ਹੈ, ਦੂਜੇ ਪੌਦਿਆਂ ਨੂੰ ਛਾਂ ਨਹੀਂ ਹੁੰਦੀ, ਜ਼ਿਆਦਾ ਪਰਾਗਣ ਹੁੰਦਾ ਹੈ। ਜਦੋਂ ਪੌਦੇ ਫੁੱਲਾਂ ਦੀ ਅਵਸਥਾ ਵਿਚ ਆ ਜਾਣ ਤਾਂ ਨੈੱਟ ਹਾਊਸ ਵਿਚ ਬੈਂਗਣ ਦੇ ਮੁੱਖ ਤਣੇ ਨੂੰ ਡੰਡੇ (ਸੋਟੀ) ਨਾਲ ਹਿਲਾਓ ਜਿਸ ਨਾਲ ਜ਼ਿਆਦਾ ਪਰਾਗਣ ਹੁੰਦਾ ਹੈ ਅਤੇ ਝਾੜ ਵਿਚ ਵਾਧਾ ਹੁੰਦਾ ਹੈ। ਇਹ ਪ੍ਰਕਿਰਿਆ ਦੁਪਹਿਰ 12 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਦੇ ਦਰਮਿਆਨ ਕਰੋ।
ਖੀਰਾ: ਪੌਲੀ ਨੈੱਟ ਹਾਊਸ ਵਿਚ ਸਾਲ ਵਿਚ ਦੋ ਵਾਰ ਖੀਰੇ ਦੀ ਫਸਲ ਲਈ ਜਾ ਸਕਦੀ ਹੈ (ਸਤੰਬਰ ਤੋਂ ਨਵੰਬਰ ਅਤੇ ਫਰਵਰੀ ਤੋਂ ਅਪ੍ਰੈਲ)। ਹਾਲ ਹੀ ਵਿਚ ਪੌਲੀ ਨੈੱਟ ਹਾਊਸ ਵਿਚ ਕਾਸ਼ਤ ਲਈ ਪਾਰਥੇਨੋਕਾਰਪਿਕ ਖੀਰੇ ਦੀ ਕਿਸਮ ਪੰਜਾਬ ਖੀਰਾ-1 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਕਿਸਮ ਦੇ ਫਲ ਗੂੜੇ, ਹਰੇ ਰੰਗ ਦੇ ਬੀਜ ਅਤੇ ਕੁੜੱਤਣ ਰਹਿਤ, ਮੱਧਮ ਆਕਾਰ (125 ਗ੍ਰਾਮ), 13-15 ਸੈ.ਮੀ. ਲੰਬੇ ਹੁੰਦੇ ਹਨ ਅਤੇ ਇਸ ਨੂੰ ਛਿੱਲਣ ਦੀ ਲੋੜ ਨਹੀਂ ਹੁੰਦੀ। ਸਤੰਬਰ ਵਿਚ ਲਗਾਈ ਫਸਲ ਦਾ ਝਾੜ ਔਸਤਨ 304 ਕੁਇੰਟਲ ਪ੍ਰਤੀ ਏਕੜ ਅਤੇ ਫਰਵਰੀ ਵਿਚ ਲਗਾਈ ਫਸਲ ਦਾ ਝਾੜ ਔਸਤਨ 370 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸਬਜ਼ੀ ਵਿਗਿਆਨ ਵਿਭਾਗ।

ਪੁਦੀਨੇ (ਮੈਂਥੇ) ਦੀ ਸਫ਼ਲ ਕਾਸ਼ਤ ਇੰਜ ਕਰੋ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਤੁਪਕਾ ਸਿੰਚਾਈ ਵਿਧੀ: ਪਾਣੀ ਅਤੇ ਖਾਦਾਂ (ਫਰਟੀਗੇਸ਼ਨ) ਦੀ ਸੁਚੱਜੀ ਵਰਤੋਂ, ਪੁਦੀਨੇ ਨੂੰ 3 ਦਿਨਾਂ ਦੇ ਵਕਫ਼ੇ ਤੇ ਬਰੀਕ ਪਾਈਪ (ਲੇਟਰਲ) ਜਿਸ ਤੇ 30 ਸੈਂਟੀਮੀਟਰ ਦੀ ਵਿੱਥ ਤੇ 2.2 ਲੀਟਰ ਪ੍ਰਤੀ ਘੰਟਾ ਪਾਣੀ ਕੱਢਣ ਦੀ ਸਮਰੱਥਾ ਵਾਲੇ ਡਰਿੱਪਰ ਲੱਗੇ ਹੋਣ, ਨਾਲ ਹੇਠ ਲਿਖੇ ਅਨੁਸਾਰ ਪਾਣੀ ਦਿੱਤਾ ਜਾ ਸਕਦਾ ਹੈ:
ਮਹੀਨਾ ਸਿੰਚਾਈ ਦਾ ਸਮਾਂ (ਮਿੰਟ)*
ਮਾਰਚ 40
ਅਪ੍ਰੈਲ 65
ਮਈ 70
ਜੂਨ 75
* ਜੇ ਡਿਸਚਾਰਜ ਵੱਖਰਾ ਹੋਵੇ ਤਾਂ ਸਿੰਚਾਈ ਦਾ ਸਮਾਂ ਹੇਠ ਦੱਸੇ ਫਾਰਮੂਲੇ ਨਾਲ ਕੱਢਿਆ ਜਾ ਸਕਦਾ ਹੈ।
ਸਮਾਂ = 2.2" ਸਿੰਚਾਈ ਦਾ ਸਮਾਂ (ਮਿੰਟ)*/ ਡਰਿੱਪਰ ਦੀ ਪਾਣੀ ਕੱਢਣ ਦੀ ਸਮਰੱਥਾ (ਲਿਟਰ ਪ੍ਰਤੀ ਘੰਟਾ)
ਪਹਿਲੇ ਕੱਟ ਲਈ, ਤੁਪਕਾ ਸਿੰਚਾਈ ਵਿਧੀ ਨਾਲ ਪਾਣੀ ਦੇ ਨਾਲ ਹੀ 24 ਕਿਲੋ ਨਾਈਟ੍ਰੋਜਨ ਅਤੇ 12.8 ਕਿਲੋ ਫ਼ਾਸਫ਼ੋਰਸ ਪ੍ਰਤੀ ਏਕੜ ਨੂੰ 10 ਬਰਾਬਰ ਕਿਸ਼ਤਾਂ ਵਿਚ ਵੰਡ ਕੇ ਪਾਉਣਾ ਚਾਹੀਦਾ ਹੈ। ਪਹਿਲਾ 1/10 ਹਿੱਸਾ ਬਿਜਾਈ ਤੋਂ ਤਰੁੰਤ ਬਾਅਦ ਪਹਿਲੇ ਪਾਣੀ ਦੇ ਨਾਲ ਅਤੇ ਬਾਕੀ ਬਚਦੇ 9 ਹਿੱਸਿਆਂ ਨੂੰ ਬਿਜਾਈ ਤੋਂ ਇਕ ਮਹੀਨੇ ਬਾਅਦ 9 ਦਿਨਾਂ ਦੇ ਵਕਫੇ 'ਤੇ ਪਾਉਣਾ ਚਾਹੀਦਾ ਹੈ। ਇਸ ਵਿਧੀ ਰਾਹੀਂ ਪਾਣੀ ਅਤੇ ਖਾਦਾਂ ਪਾਉਣ ਨਾਲ ਪ੍ਰਚਲਿਤ ਵਿਧੀ ਨਾਲੋਂ ਤੇਲ ਦੇ ਝਾੜ ਵਿਚ 25 ਪ੍ਰਤੀਸ਼ਤ ਦਾ ਵਾਧਾ ਅਤੇ ਨਾਲ ਹੀ 36 ਪ੍ਰਤੀਸ਼ਤ ਪਾਣੀ ਅਤੇ 20 ਪ੍ਰਤੀਸ਼ਤ ਖਾਦਾਂ ਦੀ ਬੱਚਤ ਹੁੰਦੀ ਹੈ। ਨਾਈਟ੍ਰੋਜਨ ਅਤੇ ਫ਼ਾਸਫ਼ੋਰਸ ਲਈ ਕ੍ਰਮਵਾਰ ਯੂਰੀਆ (46%) ਅਤੇ ਮੋਨੋ ਅਮੋਨੀਅਮ ਫ਼ਾਸਫ਼ੇਟ (12-61-0 ਗਰੇਡ) ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਨਦੀਨਾਂ ਦੀ ਰੋਕਥਾਮ : ਫ਼ਸਲ ਦੇ ਮੁਢਲੇ ਵਾਧੇ ਦੌਰਾਨ, ਪਹੀਏ ਵਾਲੀ ਤ੍ਰਿਫਾਲੀ ਨਾਲ ਗੋਡੀ ਕੀਤੀ ਜਾ ਸਕਦੀ ਹੈ, ਜਾਂ ਫਿਰ ਫ਼ਸਲ ਉੱਗਣ ਤੋਂ ਪਹਿਲਾਂ ਪ੍ਰਤੀ ਏਕੜ 350 ਮਿਲੀਲਿਟਰ ਗੋਲ 23.5 ਈ. ਸੀ. (ਔਕਸੀਫਲੋਰਫੈਨ) ਜਾਂ 300 ਗ੍ਰਾਮ ਕਾਰਮੈਕਸ 80 ਡਬਲਯੂ ਪੀ (ਡਾਈਯੂਰੋਨ) ਜਾਂ ਇਕ ਲਿਟਰ ਸਟੌਂਪ 30 ਈ. ਸੀ. (ਪੈਂਡੀਮੈਥਾਲੀਨ) 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨਾਲ ਨਦੀਨਾਂ ਦੀ ਚੰਗੀ ਤਰ੍ਹਾਂ ਰੋਕਥਾਮ ਹੋ ਜਾਂਦੀ ਹੈ। ਛਿੜਕਾਅ ਨੈਪ-ਸੈਕ ਪੰਪ ਨੂੰ ਫਲੈਟ ਫੈਨ ਜਾਂ ਫਲੱਡ ਜੈੱਟ ਨੋਜ਼ਲ ਲਗਾ ਕੇ ਕਰਨਾ ਚਾਹੀਦਾ ਹੈ।
ਕੀੜੇ-ਮਕੌੜੇ ਦੀ ਰੋਕਥਾਮ: 1. ਸਿਉਂਕ : ਇਹ ਕੀੜਾ ਫ਼ਸਲ ਦੀਆਂ ਜੜ੍ਹਾਂ ਅਤੇ ਤਣੇ ਹੇਠਲੇ ਭਾਗਾਂ ਦਾ ਬਹੁਤ ਨੁਕਸਾਨ ਕਰਦਾ ਹੈ। ਇਸ ਦੀ ਰੋਕਥਾਮ ਲਈ ਦੋ ਲਿਟਰ ਪ੍ਰਤੀ ਏਕੜ ਡਰਸਬਾਨ/ਰਾਡਾਰ 20 ਈ. ਸੀ. (ਕਲੋਰਪਾਈਰੀਫਾਸ) ਨੂੰ 10 ਕਿਲੋ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾ ਕੇ ਖੇਤ ਵਿਚ ਇਕਸਾਰ ਛੱਟਾ ਦੇ ਕੇ ਉਪਰੋਂ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਹੈ।
2. ਕੁਤਰਾ ਸੁੰਡੀ : ਇਹ ਕੀੜੇ ਉੱਗ ਰਹੇ ਬੂਟਿਆਂ ਨੂੰ ਜ਼ਮੀਨ ਦੀ ਪੱਧਰ ਤੋਂ ਕੱਟ ਦਿੰਦੇ ਹਨ। ਦਿਨ ਵੇਲੇ ਇਹ ਕੀੜੇ ਬੂਟੇ ਦੇ ਮੁੱਢ ਨੇੜੇ ਲੁਕੇ ਰਹਿੰਦੇ ਹਨ। ਇਸ ਦੀ ਰੋਕਥਾਮ ਲਈ ਸਿਉਂਕ ਵਾਲੀ ਦਵਾਈ ਅਤੇ ਵਿਧੀ ਵਰਤਣੀ ਚਾਹੀਦੀ ਹੈ।
3. ਤੇਲਾ ਅਤੇ ਚਿੱਟੀ ਮੱਖੀ : ਇਹ ਕੀੜੇ ਬੂਟੇ ਦਾ ਰਸ ਚੂਸਦੇ ਹਨ, ਜਿਸ ਨਾਲ ਬੂਟੇ ਦਾ ਵਾਧਾ ਠੀਕ ਨਹੀਂ ਹੁੰਦਾ ਅਤੇ ਤੇਲ ਘੱਟ ਨਿਕਲਦਾ ਹੈ। ਇਸ ਦੀ ਰੋਕਥਾਮ ਲਈ 250 ਮਿਲੀਲਿਟਰ ਰੋਗਰ 30 ਈ. ਸੀ. (ਡਾਈਮੈਥੋਏਟ) ਜਾਂ ਮੈਟਾਸਿਸਟਾਕਸ 25 ਈ. ਸੀ. (ਆਕਸੀਡੈਮੇਟੋਨ ਮੀਥਾਇਲ) ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਣਾ ਚਾਹੀਦਾ ਹੈ।
4. ਪੱਤੇ ਖਾਣ ਵਾਲੇ ਕੀੜੇ : ਇਨ੍ਹਾਂ ਦੀ ਰੋਕਥਾਮ ਲਈ ਇਕ ਕਿਲੋ ਸੇਵਿਨ 50 ਘੁਲਣਸ਼ੀਲ (ਕਾਰਬਰਿਲ) ਜਾਂ 800 ਮਿਲੀਲਿਟਰ ਏਕਾਲਕਸ 25 ਈ. ਸੀ. (ਕੁਇਨਲਫਾਸ) ਦਾ ਪ੍ਰਤੀ ਏਕੜ ਦੇ ਹਿਸਾਬ ਛਿੜਕਣਾ ਚਾਹੀਦਾ ਹੈ।
5. ਭੱਬੂ ਕੁੱਤਾ : ਇਸ ਕੀੜੇ ਦੇ ਪਤੰਗਿਆਂ ਨੂੰ ਮਾਰਨ ਲਈ ਰੌਸ਼ਨੀ ਯੰਤਰ ਵਰਤਣਾ ਚਾਹੀਦਾ ਹੈ। ਨਿੱਕੀਆਂ ਸੁੰਡੀਆਂ ਬਹੁਤ ਗਿਣਤੀ ਵਿਚ ਇਕੱਠੀਆਂ ਹੀ ਹੁੰਦੀਆਂ ਹਨ। ਇਨ੍ਹਾਂ ਨੂੰ ਮਾਰਨ ਲਈ ਹਮਲੇ ਵਾਲੇ ਪੱਤੇ ਜਾਂ ਬੂਟੇ ਤੋੜ ਕੇ ਸਾੜ ਦੇਣੇ ਜਾਂ ਦਬਾਅ ਦੇਣੇ ਚਾਹੀਦੇ ਹਨ। ਵੱਡੇ ਸੁੰਡ ਪੈਰਾਂ ਹੇਠਾਂ ਮਸਲ ਕੇ ਜਾਂ ਇਕੱਠੇ ਕਰਕੇ ਮਿੱਟੀ ਦੇ ਤੇਲ ਵਾਲੇ ਪਾਣੀ ਵਿਚ ਪਾ ਕੇ ਮਾਰੇ ਜਾ ਸਕਦੇ ਹਨ। ਜੇਕਰ ਸੁੰਡੀਆਂ ਦੀ ਗਿਣਤੀ ਜ਼ਿਆਦਾ ਹੋ ਜਾਵੇ ਤਾਂ 500 ਮਿਲੀਲਿਟਰ ਐਕਾਲਕਸ 25 ਈ. ਸੀ. (ਕੁਇਨਲਫ਼ਾਸ) ਜਾਂ 200 ਮਿਲੀਲਿਟਰ ਨੂਵਾਨ 100 ਈ. ਸੀ. (ਡਾਈਕਲੋਰਵਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ। (ਸਮਾਪਤ)


-ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਪੀ. ਏ. ਯੂ., ਜਲੰਧਰ।
e-mail: fass-jalandhar@pau.edu






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX