ਤਾਜਾ ਖ਼ਬਰਾਂ


ਪੁਲਿਸ ਚੈਕਿੰਗ ਦੌਰਾਨ ਕਾਰ ਛੱਡ ਫ਼ਰਾਰ ਹੋਏ ਗੈਂਗਸਟਰ
. . .  1 day ago
ਜਲੰਧਰ, 23 ਫਰਵਰੀ - ਜਲੰਧਰ-ਫਗਵਾੜਾ ਮੁੱਖ ਜੀ.ਟੀ ਰੋਡ 'ਤੇ ਪਰਾਗਪੁਰ ਵਿਖੇ ਪੁਲਿਸ ਚੈਕਿੰਗ ਦੌਰਾਨ ਤਿੰਨ ਦੇ ਕਰੀਬ ਗੈਂਗਸਟਰ ਇਨੋਵਾ ਕਾਰ ਛੱਡ ਕੇ ਜਮਸ਼ੇਰ ਵੱਲ ਨੂੰ ਫ਼ਰਾਰ...
ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  1 day ago
ਫ਼ਿਰੋਜਪੁਰ 23 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਹਿੰਦ ਪਾਕਿ ਕੌਮੀ ਸਰਹੱਦ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਕੀ ਸ਼ਾਮੇ ਕੇ ਦੇ ਖੇਤਰ ਵਿਚੋਂ 136 ਬਟਾਲੀਅਨ ਬੀਐਸਐਫ...
ਰਾਮ ਵਿਲਾਸ ਪਾਸਵਾਨ ਵੱਲੋਂ ਪੰਜਾਬ ਹਰਿਆਣਾ ਦੇ ਐਫ.ਸੀ.ਆਈ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਜ਼ੀਰਕਪੁਰ, 23 ਫਰਵਰੀ, (ਹਰਦੀਪ ਹੈਪੀ ਪੰਡਵਾਲਾ) - ਕੇਂਦਰੀ ਖਪਤਕਾਰ ਮਾਮਲੇ , ਖਾਦ ਅਤੇ ਸਰਵਜਨਕ ਵਿਤਰਨ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਪਟਿਆਲਾ - ਜ਼ੀਰਕਪੁਰ ਸੜਕ...
ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  1 day ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  1 day ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  1 day ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  1 day ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  1 day ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਹੋਰ ਖ਼ਬਰਾਂ..

ਸਾਡੀ ਸਿਹਤ

ਤੰਦਰੁਸਤੀ ਦਾ ਖਜ਼ਾਨਾ ਹਨ ਫਲ

ਪਪੀਤਾ : ਪਪੀਤਾ ਮਨੁੱਖ ਦੀ ਸਿਹਤ ਲਈ ਟਾਨਿਕ ਦਾ ਕੰਮ ਕਰਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਇਸ ਦੀ ਗਿਣਤੀ ਵਧੀਆ ਫਲਾਂ ਵਿਚ ਕੀਤੀ ਜਾਂਦੀ ਹੈ। ਪਪੀਤੇ ਵਿਚ ਪੇਪੇਨ, ਵਿਟਾਮਿਨ 'ਏ' ਅਤੇ ਵਿਟਾਮਿਨ 'ਸੀ' ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਪਪੀਤਾ ਪੇਟ ਦੇ ਰੋਗਾਂ, ਅੱਖਾਂ ਦੇ ਰੋਗਾਂ, ਜਿਗਰ, ਕਬਜ਼ ਆਦਿ ਨੂੰ ਦੂਰ ਕਰਦਾ ਹੈ ਅਤੇ ਉਦਰ ਸ਼ੁੱਧੀ ਲਈ ਲਾਭਦਾਇਕ ਹੈ।
ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਇਸ ਦਾ ਸੇਵਨ ਬਹੁਤ ਲਾਭਦਾਇਕ ਹੈ। ਪਪੀਤੇ ਦੀ ਵਰਤੋਂ ਉਸ ਦੇ ਕੱਚੇ ਅਤੇ ਪੱਕੇ ਦੋਵਾਂ ਰੂਪਾਂ ਵਿਚ ਕੀਤੀ ਜਾਂਦੀ ਹੈ। ਪਪੀਤਾ ਸਿਹਤਦਾਇਕ ਤਾਂ ਹੈ ਹੀ, ਨਾਲ ਹੀ ਸੁੰਦਰਤਾਦਾਇਕ ਵੀ ਹੈ। ਇਸ ਦੇ ਟੁਕੜਿਆਂ ਜਾਂ ਗੁੱਦੇ ਨੂੰ ਚਿਹਰੇ 'ਤੇ ਲਗਾਉਣ ਨਾਲ ਝੁਰੜੀਆਂ ਅਤੇ ਛਾਈਆਂ ਤੋਂ ਛੁਟਕਾਰਾ ਮਿਲਦਾ ਹੈ। ਬਵਾਸੀਰ ਰੋਗ ਵਿਚ ਵੀ ਇਸ ਦਾ ਸੇਵਨ ਲਾਭਦਾਇਕ ਹੈ।
ਸੇਬ : ਇਹ ਤਾਂ ਅਸੀਂ ਸੁਣਦੇ ਹੀ ਆਏ ਹਾਂ ਕਿ 'ਰੋਜ਼ ਇਕ ਸੇਬ ਖਾਓ ਅਤੇ ਡਾਕਟਰ ਨੂੰ ਦੂਰ ਭਜਾਓ'। ਇਹ ਸੱਚ ਹੀ ਹੈ। ਸਾਰੇ ਫਲਾਂ ਵਿਚੋਂ ਸੇਬ ਇਕ ਅਮੁੱਲ ਫਲ ਹੈ। ਸਾਡੇ ਸਰੀਰ ਵਿਚ ਹੋਣ ਵਾਲੀਆਂ ਸਰੀਰਕ ਅਤੇ ਰਸਾਇਣਕ ਤਬਦੀਲੀਆਂ ਅਤੇ ਕਈ ਹੋਰ ਕਾਰਜਕਲਾਪਾਂ ਵਿਚ ਇਸ ਦਾ ਸੇਵਨ ਮਹੱਤਵਪੂਰਨ ਲਾਭ ਦਿੰਦਾ ਹੈ। ਪੋਸ਼ਕ ਤੱਤਾਂ ਦੇ ਪੱਖੋਂ ਇਹ ਖਣਿਜਾਂ ਅਤੇ ਵਿਟਾਮਿਨਾਂ ਦਾ ਭੰਡਾਰ ਹੈ। ਅਨੀਮੀਆ, ਕਬਜ਼, ਡਾਇਰੀਆ, ਸਿਰਦਰਦ, ਉੱਚ ਖੂਨ ਦਬਾਅ, ਦਿਲ ਦੇ ਰੋਗ, ਸਿਰਦਰਦ, ਪੇਟ ਅਤੇ ਅੱਖਾਂ ਸਬੰਧੀ ਕਈ ਰੋਗਾਂ ਦੇ ਇਲਾਜ ਵਿਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
ਇਕ ਖੋਜ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਸੇਬ ਅਤੇ ਸੇਬ ਦੇ ਰਸ ਵਿਚ ਅਜਿਹੇ ਰਸਾਇਣ ਪਾਏ ਜਾਂਦੇ ਹਨ ਜੋ ਰੈੱਡ ਵਾਈਨ ਅਤੇ ਚਾਹ ਦੀ ਤਰ੍ਹਾਂ ਹੀ ਲਾਭ ਦਿੰਦੇ ਹਨ ਅਤੇ ਦਿਲ ਦੇ ਰੋਗਾਂ ਤੋਂ ਬਚਾਉਂਦੇ ਹਨ। ਇਸ ਖੋਜ ਦੇ ਅਨੁਸਾਰ ਜੋ ਵਿਅਕਤੀ ਹਰ ਰੋਜ਼ ਦੋ ਸੇਬਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਵਿਚ ਐਲ.ਡੀ.ਐਲ. ਆਕਸੀਡੈਂਸ਼ਨ ਵਿਚ 20 ਫੀਸਦੀ ਕਮੀ ਪਾਈ ਗਈ।
ਹਾਂ, ਸੇਬ ਦਾ ਸੇਵਨ ਕਰਦੇ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਖਾਲੀ ਪੇਟ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਬਦਹਜ਼ਮੀ ਹੋ ਸਕਦੀ ਹੈ।
ਕੇਲਾ : ਕੇਲਾ ਇਕ ਅਜਿਹਾ ਫਲ ਹੈ ਜੋ ਏਨੀ ਘੱਟ ਕੀਮਤ 'ਤੇ ਮਿਲਦਾ ਹੈ ਕਿ ਹਰ ਵਿਅਕਤੀ ਇਸ ਨੂੰ ਖ਼ਰੀਦ ਸਕਦਾ ਹੈ। ਇਹ ਊਰਜਾ ਦਾ ਭੰਡਾਰ ਹੈ। ਇਕ ਕੇਲੇ ਵਿਚ ਅਨੁਮਾਨਤ 100 ਕੈਲੋਰੀ ਦੀ ਮਾਤਰਾ ਹੁੰਦੀ ਹੈ। ਇਸ ਵਿਚ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ। ਦੁੱਧ ਦੇ ਨਾਲ ਇਸ ਦਾ ਸੇਵਨ ਮਹੱਤਵਪੂਰਨ ਆਹਾਰ ਮੰਨਿਆ ਜਾਂਦਾ ਹੈ।
ਅੰਤੜੀਆਂ ਸਬੰਧੀ ਰੋਗਾਂ, ਡਾਇਰੀਆ, ਪੇਚਿਸ਼, ਆਰਥਰਾਈਟਿਸ, ਗਾਊਟ, ਅਨੀਮੀਆ, ਟੀ. ਬੀ. ਅਤੇ ਅਲਰਜੀ ਆਦਿ ਰੋਗਾਂ ਵਿਚ ਇਸ ਦਾ ਸੇਵਨ ਲਾਭਦਾਇਕ ਹੈ। ਪੋਟਾਸ਼ੀਅਮ ਦਾ ਵਧੀਆ ਸਰੋਤ ਹੋਣ ਕਾਰਨ ਉਨ੍ਹਾਂ ਵਿਅਕਤੀਆਂ ਨੂੰ, ਜਿਨ੍ਹਾਂ ਦੇ ਗੁਰਦੇ ਫੇਲ੍ਹ ਹੋਏ ਹੋਣ, ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਅਨਾਰ :ਅਨਾਰ ਇਕ ਅਜਿਹਾ ਫਲ ਹੈ ਜਿਸ ਨੂੰ ਪਚਾਉਣਾ ਦੂਜੇ ਫਲਾਂ ਦੇ ਮੁਕਾਬਲੇ ਆਸਾਨ ਹੈ। 100 ਗ੍ਰਾਮ ਅਨਾਰ ਵਿਚ ਅੰਦਾਜ਼ਨ 65 ਕੈਲੋਰੀ ਦੀ ਮਾਤਰਾ ਹੁੰਦੀ ਹੈ। ਬੁਖਾਰ ਅਤੇ ਹੋਰ ਰੋਗਾਂ ਵਿਚ ਇਸ ਦਾ ਸੇਵਨ ਫਾਇਦੇਮੰਦ ਹੁੰਦਾ ਹੈ। ਜਿਗਰ, ਦਿਲ, ਗੁਰਦੇ ਦੇ ਕੰਮਾਂ ਵਿਚ ਵੀ ਇਸ ਦਾ ਸੇਵਨ ਸੁਧਾਰ ਲਿਆਉਂਦਾ ਹੈ। ਭੋਜਨ ਤੋਂ ਵਿਟਾਮਿਨ 'ਏ' ਦੀ ਪੂਰਤੀ ਜਿਗਰ ਨੂੰ ਕਰਨ ਵਿਚ ਵੀ ਇਹ ਸਹਾਇਕ ਭੂਮਿਕਾ ਨਿਭਾਉਂਦਾ ਹੈ। ਇਨਫੈਕਸ਼ਨ ਖਾਸ ਕਰਕੇ ਟੀ.ਬੀ. ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਨੂੰ ਇਸ ਦਾ ਸੇਵਨ ਵਧਾਉਂਦਾ ਹੈ। ਬੁਖਾਰ, ਖੁਜਲੀ, ਗੁਰਦੇ ਵਿਚ ਪੱਥਰੀ, ਦੰਦਾਂ ਅਤੇ ਮਸੂੜਿਆਂ ਸਬੰਧੀ ਰੋਗਾਂ ਆਦਿ ਦੇ ਇਲਾਜ ਵਿਚ ਇਸ ਦਾ ਸੇਵਨ ਲਾਭ ਪਹੁੰਚਾਉਂਦਾ ਹੈ।
ਚੁਕੰਦਰ : ਚੁਕੰਦਰ ਦਾ ਰਸ ਜਿਗਰ ਨੂੰ ਸਾਫ਼ ਕਰਦਾ ਹੈ। ਖੂਨ ਨੂੰ ਸਾਫ ਕਰਕੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਇਹ ਕਬਜ਼ ਨੂੰ ਦੂਰ ਕਰਦਾ ਹੈ ਅਤੇ ਖੂਨ ਵਹਿਣੀਆਂ ਦੀ ਮਜ਼ਬੂਤੀ ਲਈ ਵੀ ਇਸ ਦਾ ਸੇਵਨ ਚੰਗਾ ਹੈ। ਖੂਨ ਸੰਚਾਰ ਵਿਚ ਸੁਧਾਰ ਕਰਕੇ ਕੋਲੈਸਟ੍ਰੋਲ ਦੇ ਪੱਧਰ ਵਿਚ ਕਮੀ ਲਿਆਉਂਦਾ ਹੈ। ਅਨੀਮੀਆ ਵਿਚ ਵੀ ਇਸ ਦਾ ਸੇਵਨ ਫਾਇਦੇਮੰਦ ਹੈ।
ਸੰਤਰਾ : ਇਹ ਰਸੀਲੇ ਫਲਾਂ ਵਿਚ ਬੇਹੱਦ ਲਾਭਦਾਇਕ ਫਲ ਹੈ ਅਤੇ ਸੰਤਰੇ ਦਾ ਰਸ ਤਾਂ ਆਮ ਹੀ ਹਰ ਜਗ੍ਹਾ ਉਪਲਬਧ ਹੁੰਦਾ ਹੈ। ਵਿਟਾਮਿਨ 'ਏ', 'ਬੀ', 'ਸੀ' ਅਤੇ ਕੈਲਸ਼ੀਅਮ ਨਾਲ ਭਰਪੂਰ ਸੰਤਰਾ ਇਨ੍ਹਾਂ ਦਾ ਵਧੀਆ ਸਰੋਤ ਹੈ। ਇਸ ਵਿਚ ਮੌਜੂਦ ਸ਼ੱਕਰ ਖੂਨ ਵਿਚ ਛੇਤੀ ਹੀ ਜਜ਼ਬ ਹੋ ਜਾਂਦੀ ਹੈ, ਇਸ ਲਈ ਇਸ ਨੂੰ ਖਾਂਦੇ ਸਾਰ ਹੀ ਸਰੀਰ ਵਿਚ ਊਰਜਾ ਪੈਦਾ ਹੁੰਦੀ ਹੈ।
ਸੰਤਰੇ ਦੇ ਨਿਯਮਤ ਸੇਵਨ ਨਾਲ ਸਰਦੀ, ਇਨਫਲੂਏਂਜਾ ਆਦਿ ਤੋਂ ਸੁਰੱਖਿਆ ਮਿਲਦੀ ਹੈ। ਕਬਜ਼ ਅਤੇ ਬੁਖਾਰ ਵਿਚ ਵੀ ਇਸ ਦਾ ਸੇਵਨ ਲਾਭਦਾਇਕ ਹੈ। ਕਈ ਨਵੀਆਂ ਖੋਜਾਂ ਨਾਲ ਸਾਹਮਣੇ ਆਇਆ ਹੈ ਕਿ ਰਸੀਲੇ ਫਲਾਂ ਦਾ ਸੇਵਨ ਕਈ ਗੰਭੀਰ ਰੋਗਾਂ ਤੋਂ ਵੀ ਬਚਾਉਂਦਾ ਹੈ।


ਖ਼ਬਰ ਸ਼ੇਅਰ ਕਰੋ

ਸੁਖਮਈ ਬੁਢਾਪੇ ਲਈ 10 ਨੁਸਖੇ

* ਸੁਖੀ ਬੁਢਾਪੇ ਲਈ ਸੰਤੁਲਤ ਆਹਾਰ ਲਓ ਤਾਂ ਕਿ ਸਰੀਰ ਨੂੰ ਫਲ ਅਤੇ ਸਬਜ਼ੀਆਂ ਉਚਿਤ ਮਾਤਰਾ ਵਿਚ ਮਿਲਦੀਆਂ ਰਹਿਣ।
* ਆਪਣੇ-ਆਪ ਨੂੰ ਕਬਜ਼ ਤੋਂ ਬਚਾਅ ਕੇ ਰੱਖੋ। ਕਬਜ਼ ਬਹੁਤ ਸਾਰੀਆਂ ਬਿਮਾਰੀਆਂ ਦਾ ਘਰ ਹੈ। ਇਸ ਵਾਸਤੇ ਈਸਬਗੋਲ ਦੀ ਵਰਤੋਂ ਨਿਯਮਤ ਕਰੋ ਅਤੇ ਜੇ ਮਾਫਿਕ ਆਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਕੱਪ ਗਰਮ ਦੁੱਧ ਪੀਓ।
* ਨਿਯਮਤ ਕਸਰਤ ਕਰੋ। ਸਵੇਰੇ-ਸ਼ਾਮ ਨੇੜੇ ਦੇ ਪਾਰਕ ਵਿਚ ਸੈਰ ਲਈ ਨਿਕਲ ਜਾਓ ਪਰ ਕਸਰਤ ਡਾਕਟਰ ਦੀ ਸਲਾਹ ਨਾਲ ਹੀ ਕਰੋ।
* ਮੈਡੀਕਲ ਚੈਕਅਪ ਨਿਯਮਤ ਕਰਵਾਓ। ਨਿਯਮਤ ਜਾਂਚ ਦੇ ਨਾਲ ਲੋੜ ਪੈਣ 'ਤੇ ਦਵਾਈ ਲੈਂਦੇ ਰਹੋ।
* ਬੱਚਿਆਂ ਅਤੇ ਪਰਿਵਾਰ ਦੇ ਵਿਚ ਰਹੋ। ਸ਼ਾਮ ਦਾ ਸਮਾਂ ਬੱਚਿਆਂ ਦੇ ਨਾਲ ਬਿਤਾਓ ਅਤੇ ਪਰਿਵਾਰ ਲਈ ਸਹਾਇਕ ਬਣੋ।
* ਛੋਟੀਆਂ-ਛੋਟੀਆਂ ਗੱਲਾਂ ਲਈ ਟੋਕਾਟਾਕੀ ਤੋਂ ਬਚੋ, ਜਿਸ ਨਾਲ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ।
* ਕੁਝ ਸਮਾਂ ਸਮਾਜ ਸੇਵਾ ਲਈ ਕੱਢੋ ਜਾਂ ਹਮਉਮਰ ਦੋਸਤਾਂ ਨਾਲ ਮਿਲ ਕੇ ਖੁਸ਼ੀਆਂ ਵੰਡੋ।
* ਸਿਗਰਟਨੋਸ਼ੀ, ਸ਼ਰਾਬ ਅਤੇ ਨਸ਼ੇ ਦੀਆਂ ਆਦਤਾਂ ਤੋਂ ਆਪਣੇ-ਆਪ ਨੂੰ ਬਚਾ ਕੇ ਰੱਖੋ। ਇਨ੍ਹਾਂ ਆਦਤਾਂ ਤੋਂ ਦੂਰ ਰਹਿਣਾ ਹੀ ਚੰਗਾ ਹੈ।
* ਗੱਡੀ ਚਲਾਉਂਦੇ ਸਮੇਂ ਸੀਟਬੈਲਟ ਦੀ ਵਰਤੋਂ ਕਰੋ। ਜੇ ਕੋਈ ਹੋਰ ਗੱਡੀ ਚਲਾ ਰਿਹਾ ਹੈ ਤਾਂ ਸੀਟ 'ਤੇ ਆਪਣਾ ਸੰਤੁਲਨ ਬਣਾ ਕੇ ਬੈਠੋ। ਗਿੱਲੀਆਂ ਥਾਵਾਂ 'ਤੇ ਜਾਣ ਤੋਂ ਬਚੋ। ਬਾਥਰੂਮ ਵਿਚ ਪੈਰ ਟਿਕਾ ਕੇ ਚੱਲੋ, ਕਿਉਂਕਿ ਬੁਢਾਪੇ ਵਿਚ ਹੱਡੀਆਂ ਛੇਤੀ ਟੁੱਟਦੀਆਂ ਹਨ ਅਤੇ ਮੁਸ਼ਕਿਲ ਨਾਲ ਜੁੜਦੀਆਂ ਹਨ।
* ਜ਼ਿੰਦਗੀ ਦੇ ਪ੍ਰਤੀ ਸਾਕਾਰਾਤਮਿਕ ਦ੍ਰਿਸ਼ਟੀਕੋਣ ਬਣਾਓ। ਛੋਟੀਆਂ-ਮੋਟੀਆਂ ਤਕਲੀਫਾਂ ਜ਼ਿੰਦਗੀ ਦਾ ਅੰਗ ਹਨ। ਪਰਿਵਾਰ ਤੋਂ ਜ਼ਿਆਦਾ ਆਸਾਂ ਨਾ ਰੱਖੋ। ਆਸ ਪੂਰੀ ਨਾ ਹੋਣ 'ਤੇ ਮਨ ਖਿੰਨ ਹੁੰਦਾ ਹੈ। ਬੁਢਾਪਾ ਜੀਵਨ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਸ ਨੂੰ ਹੱਸ ਕੇ ਸਵੀਕਾਰ ਕਰੋ ਅਤੇ ਖੁਸ਼ੀ ਨਾਲ ਰੱਬ ਦੀ ਦੇਣ ਨੂੰ ਸਵੀਕਾਰੋ।

ਖ਼ਤਰਨਾਕ ਰੋਗ ਹੈ ਜ਼ੁਕਾਮ

ਆਮ ਤੌਰ 'ਤੇ ਲੋਕ ਜ਼ੁਕਾਮ ਨੂੰ ਸਾਧਾਰਨ ਰੋਗ ਸਮਝ ਕੇ ਇਸ ਦਾ ਸਹੀ ਇਲਾਜ ਨਹੀਂ ਕਰਵਾਉਂਦੇ ਪਰ ਇਹ ਰੋਗ ਪੁਰਾਣਾ ਹੋ ਜਾਣ 'ਤੇ ਭਿਆਨਕ ਰੂਪ ਧਾਰ ਲੈਂਦਾ ਹੈ ਅਤੇ ਹੋਰ ਕੋਈ ਬਿਮਾਰੀਆਂ ਨੂੰ ਪੈਦਾ ਕਰਨ ਵਿਚ ਮੁੱਖ ਭੂਮਿਕਾ ਨਿਭਾਉਂਦਾ ਹੈ।
ਜ਼ੁਕਾਮ ਦੇ ਵਿਸ਼ਾਣੂ ਜਦੋਂ ਵਧ ਜਾਂਦੇ ਹਨ ਤਾਂ ਇਨ੍ਹਾਂ ਦਾ ਆਕਾਰ ਵਧ ਜਾਂਦਾ ਹੈ, ਜਿਸ ਕਾਰਨ ਸਾਹ ਨਲੀ ਵਿਚ ਸੋਜ ਹੋਣ ਦੇ ਕਾਰਨ ਸਾਹ ਲੈਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਇਸ ਨਾਲ ਖੰਘ, ਨਿਮੋਨੀਆ, ਟੀ.ਬੀ. ਆਦਿ ਜਾਨਲੇਵਾ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਸਮਾਂ ਰਹਿੰਦੇ ਹੀ ਇਸ ਦਾ ਇਲਾਜ ਕਰਾ ਲੈਣਾ ਜ਼ਰੂਰੀ ਹੈ।
ਸਾਵਧਾਨੀਆਂ
* ਜ਼ੁਕਾਮ ਦਾ ਰੋਗ ਹੋਵੇ ਤਾਂ ਭੋਜਨ ਬੰਦ ਕਰਨਾ ਚਾਹੀਦਾ ਹੈ, ਕਿਉਂਕਿ ਜ਼ੁਕਾਮ ਹੋਣ 'ਤੇ ਕੁਦਰਤੀ ਤੌਰ 'ਤੇ ਭੁੱਖ ਘੱਟ ਹੋ ਜਾਂਦੀ ਹੈ ਅਤੇ ਭੋਜਨ ਬੇਸੁਆਦ ਲੱਗਣ ਲਗਦਾ ਹੈ। ਸਰੀਰ ਦੀ ਇਸੇ ਕੁਦਰਤੀ ਕਿਰਿਆ ਦੀ ਮਦਦ ਲਈ ਭੋਜਨ ਬੰਦ ਕਰਨਾ ਜ਼ਰੂਰੀ ਹੋ ਜਾਂਦਾ ਹੈ।
* ਰਾਤ ਨੂੰ ਜ਼ਿਆਦਾ ਦੇਰ ਤੱਕ ਨਹੀਂ ਜਾਗਣਾ ਚਾਹੀਦਾ।
* ਸਰੀਰ ਨੂੰ ਠੰਢ ਤੋਂ ਬਚਾਉਣ ਲਈ ਮੋਟੇ ਅਤੇ ਊਨੀ ਕੱਪੜਿਆਂ ਦੀ ਵਰਤੋਂ ਕਰੋ।
* ਵਿਟਾਮਿਨ 'ਸੀ' ਭਰਪੂਰ ਮਾਤਰਾ ਵਿਚ ਲਓ, ਕਿਉਂਕਿ ਵਿਟਾਮਿਨ 'ਸੀ' ਦੀ ਕਮੀ ਨਾਲ ਸਰੀਰ ਵਿਚ ਬਿਮਾਰੀ ਨਾਲ ਲੜਨ ਦੀ ਸਮਰੱਥਾ ਨਹੀਂ ਰਹਿੰਦੀ।
* ਕਿਸੇ ਤਰ੍ਹਾਂ ਦਾ ਨਸ਼ਾ ਕਰਨਾ ਨੁਕਸਾਨਦਾਇਕ ਹੈ।
* ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਲਓ।
* ਜ਼ੁਕਾਮ ਦੇ ਵਿਸ਼ਾਣੂ ਛੇਤੀ ਹੀ ਫੈਲ ਜਾਂਦੇ ਹਨ, ਇਸ ਲਈ ਰੋਗੀ ਦੇ ਕੱਪੜੇ ਬਿਲਕੁਲ ਵੱਖਰੇ ਹੋਣੇ ਚਾਹੀਦੇ ਹਨ।
* ਜਗ੍ਹਾ-ਜਗ੍ਹਾ ਥੁੱਕਣ ਤੋਂ ਬਚੋ। ਢੁਕਵੀਆਂ ਥਾਵਾਂ 'ਤੇ ਹੀ ਥੁੱਕੋ।
* ਜ਼ੁਕਾਮ ਜ਼ਿਆਦਾ ਦਿਨ ਤੱਕ ਠੀਕ ਨਾ ਹੋਵੇ ਤਾਂ ਡਾਕਟਰ ਦੀ ਸਲਾਹ ਲਓ, ਕਿਉਂਕਿ ਇਹ ਨਿਮੋਨੀਆ ਦਾ ਰੂਪ ਵੀ ਲੈ ਸਕਦਾ ਹੈ।
* ਬੇਹਾ ਭੋਜਨ ਕਦੇ ਨਾ ਖਾਓ।
* ਮਿਰਚ, ਮਸਾਲੇ ਵਾਲੇ ਪਦਾਰਥਾਂ ਦਾ ਸੇਵਨ ਵੀ ਜ਼ਿਆਦਾ ਨਾ ਕਰੋ।
ਇਲਾਜ
* ਜੇ ਜ਼ੁਕਾਮ ਦੇ ਨਾਲ ਕਬਜ਼ ਵੀ ਹੋਵੇ ਤਾਂ ਅੱਧਾ ਚਮਚ ਛੋਟੀ ਹਰੜ ਦਾ ਚੂਰਨ ਲੈਣ ਨਾਲ ਆਰਾਮ ਮਿਲਦਾ ਹੈ। ਨਿੰਬੂ-ਪਾਣੀ ਲੈਣਾ ਵੀ ਲਾਭਦਾਇਕ ਹੈ।
* ਤੁਲਸੀ ਦੇ ਪੱਤਿਆਂ ਨੂੰ ਪਾਣੀ ਵਿਚ ਖੂਬ ਉਬਾਲੋ। ਜਦੋਂ ਕਾੜ੍ਹਾ ਬਣ ਜਾਵੇ ਤਾਂ ਦੁੱਧ ਅਤੇ ਮਿਸ਼ਰੀ ਮਿਲਾ ਦਿਓ। ਇਸ ਦੇ ਨਿਯਮਤ ਸੇਵਨ ਨਾਲ ਜ਼ੁਕਾਮ ਦੂਰ ਹੋ ਜਾਂਦਾ ਹੈ।
* ਜ਼ੁਕਾਮ ਦੇ ਨਾਲ ਬੁਖਾਰ ਵੀ ਹੋਵੇ ਤਾਂ ਛੋਟੀ ਪੀਪਲ ਨੂੰ ਪੀਸ ਕੇ ਉਸ ਵਿਚ ਤੁਲਸੀ ਦੇ ਪੱਤਿਆਂ ਦਾ ਰਸ ਅਤੇ ਸ਼ਹਿਦ ਮਿਲਾ ਕੇ ਸੇਵਨ ਕਰੋ।
* ਅਦਰਕ ਦੇ ਰਸ ਵਿਚ ਸ਼ਹਿਦ ਮਿਲਾ ਕੇ ਚੱਟਣ ਨਾਲ ਵੀ ਲਾਭ ਹੁੰਦਾ ਹੈ।
* ਇਕ ਗਲਾਸ ਪਾਣੀ ਵਿਚ 3-4 ਲੌਂਗ ਪਾ ਕੇ ਉਬਾਲੋ। ਅੱਧਾ ਗਿਲਾਸ ਹੋਣ ਤੋਂ ਬਾਅਦ ਉਸ ਨੂੰ ਛਾਣ ਲਓ ਅਤੇ ਨਮਕ ਮਿਲਾ ਕੇ ਥੋੜ੍ਹਾ-ਥੋੜ੍ਹਾ ਕਰਕੇ ਪੀਓ। ਇਸ ਨਾਲ ਪੁਰਾਣਾ ਜ਼ੁਕਾਮ ਵੀ ਠੀਕ ਹੋ ਜਾਂਦਾ ਹੈ।

ਪੇਟ ਦੀਆਂ ਬਿਮਾਰੀਆਂ

ਸੰਗ੍ਰਹਿਣੀ-ਅਲਸਰੇਟਿਡ ਕੋਲਾਇਟਸ

ਜੋ ਭੋਜਨ ਅਸੀਂ ਖਾਂਦੇ ਹਾਂ, ਉਹ ਮੂੰਹ ਰਾਹੀਂ ਭੋਜਨ ਨਲੀ (ਫੂਡ ਪਾਈਪ) ਰਾਹੀਂ ਸਾਡੇ ਪੇਟ ਵਿਚ ਜਾਂਦਾ ਹੈ, ਮਿਹਦੇ ਤੋਂ ਛੋਟੀ ਅੰਤੜੀ ਵਿਚ ਕਈ ਤਰ੍ਹਾਂ ਦੇ ਰਸ ਨਿਕਲਦੇ ਹਨ ਜੋ ਭੋਜਨ ਹਜ਼ਮ ਕਰਨ ਵਿਚ ਸਾਡੀ ਮਦਦ ਕਰਦੇ ਹਨ। ਛੋਟੀ ਅੰਤੜੀਆਂ ਤੋਂ ਬਾਅਦ ਭੋਜਨ ਵੱਡੀ ਅੰਤੜੀ ਵਿਚ ਚਲਾ ਜਾਂਦਾ ਹੈ, ਵੱਡੀ ਅੰਤੜੀ ਅੰਦਰੋਂ ਤਿੰਨ ਹਿੱਸਿਆਂ ਵਿਚ ਵੰਡੀ ਹੁੰਦੀ ਹੈ। ਉਸ ਦਾ ਕੰਮ ਪੱਕੇ ਹੋਏ ਭੋਜਨ ਵਿਚ ਪਾਣੀ ਦੀ ਮਾਤਰਾ ਤੇ ਤਰਲ ਪਦਾਰਥ ਕੱਢਣ, ਮਲਤਿਆਗ ਕਰਨਾ ਅਤੇ ਮਲ ਨੂੰ ਇਕੱਠਾ ਕਰਕੇ ਰੱਖਣਾ ਹੁੰਦਾ ਹੈ ਤੇ ਫਿਰ ਮਲ ਜੋ ਕਿ ਪਖਾਨੇ ਰਸਤੇ ਵਿਚ ਬਾਹਰ ਨਿਕਲ ਜਾਂਦਾ ਹੈ।
ਵੱਡੀ ਅੰਤੜੀ ਦੀ ਸੋਜ ਨੂੰ 'ਅਲਸਰੇਟਿਵ ਕੋਲਾਇਟਿਸ' ਕਹਿੰਦੇ ਹਨ। ਕਈ ਵਾਰੀ ਛੋਟੀ ਅੰਤੜੀ ਦੇ ਨਾਲ-ਨਾਲ ਵੱਡੀ ਅੰਤੜੀ ਨੂੰ ਵੀ ਸੋਜ ਹੋ ਜਾਂਦੀ ਹੈ ਤਾਂ ਉਸ ਨੂੰ ਕਰੋਹਮ ਕਹਿੰਦੇ ਹਨ।
ਕਾਰਨ : ਕਈ ਤਰ੍ਹਾਂ ਦੇ ਕੀਟਾਣੂ ਤੇ ਜੀਵਾਣੂ ਸਾਡੀ ਖੁਰਾਕ ਵਾਲੀ ਵੱਡੀ ਅੰਤੜੀ ਵਿਚ ਜਾ ਕੇ ਇਕੱਠੇ ਹੋ ਜਾਂਦੇ ਹਨ। ਵੱਡੀ ਅੰਤੜੀ ਵਿਚ ਪਨਪਣ ਲਈ ਕਈ ਤਰ੍ਹਾਂ ਦੇ ਤਰਲ ਪਦਾਰਥ ਤੇ ਤੇਜ਼ਾਬੀ ਮਾਦੇ ਮਿਲ ਜਾਂਦੇ ਹਨ। ਜਦੋਂ ਉਨ੍ਹਾਂ ਦੀ ਪ੍ਰਾਪਤ ਨਮੀ ਤੇ ਪੀ.ਐਚ. ਮਿਲ ਜਾਂਦੀ ਹੈ ਤਾਂ ਵੱਡੀ ਅੰਤੜੀ ਦੀ ਝਿੱਲੀ ਵਿਚ ਜ਼ਖਮ ਕਰ ਦਿੰਦੇ ਹਨ ਤੇ ਮਰੀਜ਼ ਨੂੰ 'ਅਲਸਰੇਟਿਵ ਕੋਲਾਇਟਿਸ' ਹੋ ਜਾਂਦਾ ਹੈ।
ਸੰਗ੍ਰਹਿਣੀ ਦਾ ਭਾਵ ਹੈ ਕਿ ਬਿਮਾਰੀ ਬੜੀ ਦੇਰ ਤੱਕ ਮਰੀਜ਼ ਦੇ ਸੰਗ ਰਹਿੰਦੀ ਹੈ। ਜੇਕਰ ਮਰੀਜ਼ ਸ਼ੁਰੂ ਵਿਚ ਹੀ ਇਸ ਦਾ ਇਲਾਜ ਪੇਟ ਦੇ ਮਾਹਿਰ ਡਾਕਟਰ ਨੂੰ ਦਿਖਾ ਕੇ ਕਰਵਾ ਲਵੇ ਤਾਂ ਇਸ ਦਾ ਇਲਾਜ ਸੌਖਾ ਤੇ ਸਰਲ ਹੈ।
ਨੋਟ : ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ। ਜੇਕਰ ਮਰੀਜ਼ ਨੂੰ ਖੱਬੇ ਪਾਸੇ ਵੱਖੀ ਵਿਚ ਕੋਈ 'ਛੱਲੀ' ਜਿਹੀ ਨਜ਼ਰ ਆਵੇ ਤਾਂ ਜਾਂ ਖੱਬਾ ਪਾਸਾ ਭਾਰਾ-ਭਾਰਾ ਮਹਿਸੂਸ ਹੋਵੇ, ਪਖਾਨੇ ਵਿਚ ਹਰ ਵਾਰੀ ਖੂਨ, ਪੀਕ ਆਵੇ ਜਾਂ ਪਖਾਨਾ 'ਚੌਲਾਂ ਦੀ ਪਤਲੀ ਪਰਤ' ਵਰਗਾ ਹੋਵੇ ਤਾਂ ਇਹ ਬਿਮਾਰੀ ਸੰਗ੍ਰਹਿਣੀ ਹੋ ਸਕਦੀ ਹੈ।
ਇਲਾਜ : ਸੰਗ੍ਰਹਿਣੀ ਦੀ ਤਕਲੀਫ ਦੇ ਇਲਾਜ ਲਈ ਅੱਜਕਲ੍ਹ ਬੜੀ ਨਵੀਂ ਕਿਸਮ ਦੇ 'ਫੋਮ ਰੈਕਟਸ ਅਨੀਮਾ' ਆ ਗਏ ਹਨ, ਜਿਨ੍ਹਾਂ ਰਾਹੀਂ ਜ਼ਖਮ ਵਾਲੇ ਹਿੱਸੇ 'ਤੇ ਸਿੱਧੀ ਦਵਾਈ ਲਗਦੀ ਹੈ ਤੇ ਮਰੀਜ਼ ਨੂੰ ਬਹੁਤ ਛੇਤੀ ਆਰਾਮ ਆ ਜਾਂਦਾ ਹੈ। ਆਮ ਤੌਰ 'ਤੇ ਸੰਗ੍ਰਹਿਣੀ ਦੇ ਮਰੀਜ਼ ਨੂੰ ਇਸ ਦੇ ਇਲਾਜ ਵਿਚ ਇਕੋ ਸ਼ਿਕਾਇਤ ਹੁੰਦੀ ਹੈ ਕਿ ਕਈ ਵਾਰੀ ਗੋਲੀਆਂ ਪੇਟ ਵਿਚ ਅਸਰ ਕੀਤੇ ਬਿਨਾਂ ਹੀ ਸਾਬਤ ਪਖਾਨੇ ਰਸਤੇ ਬਾਹਰ ਆ ਜਾਂਦੀਆਂ ਹਨ। ਇਸ ਦੇ ਹੱਲ ਲਈ ਬੜੀ ਨਵੀਂ ਤਰ੍ਹਾਂ ਦੇ ਗਰੇਨੀਇਊਲਜ਼ ਤੇ ਨਵੀਨਤਮ ਤਰੀਕੇ ਨਾਲ ਬਣੀ ਹੋਈ ਦਵਾਈ ਆ ਗਈ ਹੈ ਜੋ ਕਿ ਸਿਰਫ ਅਲਸਰੇਟਿਵ ਕੋਲਾਇਟਿਸ ਤੇ ਬਿਮਾਰੀ ਵਾਲੇ ਹਿੱਸੇ 'ਤੇ ਜਾ ਕੇ ਹੀ ਅਸਰ ਕਰਦੀ ਹੈ। ਅਲਸਰੇਟਿਵ ਕੋਲਾਇਟਿਸ ਦੇ ਮਰੀਜ਼ ਨੂੰ ਬਿਮਾਰੀ ਠੀਕ ਹੋਣ ਤੋਂ ਬਾਅਦ ਵੀ ਮਾਹਿਰ ਡਾਕਟਰ ਨੂੰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਅੰਤੜੀ ਸੋਜ਼ : ਅੰਤੜੀਆਂ ਦੀ ਸੋਜ਼ ਦਾ ਮੁੱਖ ਕਾਰਨ ਹੁੰਦਾ ਹੈ ਕੀਟਾਣੂ, ਜੋ ਸਾਡੀਆਂ ਅੰਤੜੀਆਂ ਦੀਆਂ ਝਿੱਲੀਆਂ ਵਿਚਾਲੇ ਇਕੱਠੇ ਹੋ ਜਾਂਦੇ ਹਨ। ਅੰਤੜੀਆਂ ਦੀ ਹਜ਼ਮ ਕਰਨ ਦੀ ਤਾਕਤ ਘੱਟ ਹੋ ਜਾਂਦੀ ਹੈ ਅਤੇ ਵਾਰ-ਵਾਰ ਲੈਟਰੀਨ ਜਾਣ ਦੀ ਲੋੜ ਮਹਿਸੂਸ ਹੁੰਦੀ ਹੈ। ਪੇਟ ਦੁਖਦਾ ਹੈ ਤੇ ਪਖਾਨੇ ਵਿਚ ਲੇਸ, ਝੱਗ ਆਉਂਦੀ ਹੈ। ਇਹ ਤਕਲੀਫ ਸੰਗ੍ਰਹਿਣੀ ਤੋਂ ਬਿਲਕੁਲ ਅਲੱਗ ਹੁੰਦੀ ਹੈ। ਇਸ ਦੇ ਇਲਾਜ ਲਈ ਪੇਟ ਦੇ ਡਾਕਟਰ ਦੀ ਸਲਾਹ ਲਓ।


-ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ, ਜਲੰਧਰ।

ਪੈਰਾਂ ਦੀ ਦਰਦ

ਪੈਰਾਂ ਵਿਚ ਕਈ ਤਰ੍ਹਾਂ ਦੇ ਜ਼ਖਮ ਹੁੰਦੇ ਹਨ, ਕਈ ਤਰ੍ਹਾਂ ਦੀ ਦਰਦ ਹੁੰਦੀ ਹੈ ਪਰ ਔਰਤ ਹੋਵੇ ਜਾਂ ਮਰਦ, ਸਾਰੇ ਇਸ ਦੇ ਪ੍ਰਤੀ ਲਾਪ੍ਰਵਾਹ ਦਿਸਦੇ ਹਨ ਜਾਂ ਮਿਲਦੇ ਹਨ, ਜੋ ਪੈਰ ਸਰੀਰ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਉਸ ਦੇ ਭਾਰ ਨੂੰ ਢੋਂਦੇ ਹਨ, ਉਨ੍ਹਾਂ ਦੇ ਪ੍ਰਤੀ ਲਗਾਤਾਰ ਉਦਾਸੀਨਤਾ ਕਿਸੇ ਵੱਡੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਹਰ ਰੋਜ਼ ਇਸ਼ਨਾਨ ਕਰਦੇ ਸਮੇਂ, ਪੈਰ ਧੋਂਦੇ ਸਮੇਂ ਅਤੇ ਰਾਤ ਨੂੰ ਸੌਣ ਸਮੇਂ ਕੁਝ ਮਿੰਟ ਇਨ੍ਹਾਂ 'ਤੇ ਵੀ ਧਿਆਨ ਦਿਓ ਤਾਂ ਆਉਣ ਵਾਲੇ ਦਿਨਾਂ ਦੀ ਕਿਸੇ ਵੀ ਵੱਡੀ ਪ੍ਰੇਸ਼ਾਨੀ ਤੋਂ ਬਚ ਸਕਦੇ ਹੋ।
ਲਾਪ੍ਰਵਾਹੀ ਦੇ ਕਾਰਨ ਆਮ ਤੌਰ 'ਤੇ ਧੂੜ-ਮਿੱਟੀ ਦੀ ਪਰਤ ਜੰਮ ਜਾਂਦੀ ਹੈ। ਚਮੜੀ ਖੁਰਦਰੀ ਹੋ ਜਾਂਦੀ ਹੈ। ਅੱਡੀਆਂ ਫਟ ਜਾਂਦੀਆਂ ਹਨ। ਨਹੁੰ ਟੁੱਟ ਜਾਂ ਫਟ ਜਾਂਦੇ ਹਨ। ਜੇ ਕਿਸੇ ਵੀ ਵਿਅਕਤੀ ਦਾ ਮੁਖੜਾ ਜਾਂ ਪਹਿਰਾਵਾ ਸਭ ਕੁਝ ਸਾਫ਼-ਸੁਥਰਾ ਹੋਵੇ ਪਰ ਪੈਰ ਗੰਦੇ ਹੋਣ ਤਾਂ ਇਹ ਕਿਸੇ ਵੀ ਵਿਅਕਤੀ ਦੀ ਸ਼ਖ਼ਸੀਅਤ 'ਤੇ ਉਲਟ ਪ੍ਰਭਾਵ ਪਾਉਂਦੇ ਹਨ।
ਅੱਡੀ ਦਾ ਫਟਣਾ ਜਾਂ ਦਰਦ ਹੋਣਾ
ਪੈਰਾਂ ਦੀ ਦੇਖਭਾਲ ਦੀ ਕਮੀ ਕਾਰਨ ਅਜਿਹਾ ਹੁੰਦਾ ਹੈ। ਇਸ਼ਨਾਨ ਕਰਦੇ ਜਾਂ ਪੈਰ ਧੋਂਦੇ ਸਮੇਂ ਧਿਆਨ ਦੇ ਕੇ ਉਸ ਨੂੰ ਨਰਮ ਦੰਦਾਂ ਵਾਲੇ ਪਲਾਸਟਿਕ ਬੁਰਸ਼, ਖੁਰਦਰੇ ਕੱਪੜੇ ਜਾਂ ਸੋਪ ਪੱਥਰ ਨਾਲ ਸਾਫ ਕਰੋ। ਪੈਰਾਂ ਨੂੰ ਕੱਪੜੇ ਨਾਲ ਪੂੰਝ ਕੇ ਸੁਕਾਓ। ਸਰ੍ਹੋਂ ਜਾਂ ਜੈਤੂਨ ਦਾ ਤੇਲ ਲਗਾਓ ਅਤੇ ਨਿੰਬੂ, ਗੁਲਾਬ ਜਲ ਅਤੇ ਗਲਿਸਰੀਨ ਦੇ ਮਿਸ਼ਰਣ ਨੂੰ ਲਗਾਓ। ਪੈਰਾਂ 'ਤੇ ਇਸ ਨੂੰ ਰਾਤ ਨੂੰ ਲਗਾਉਣ ਨਾਲ ਜ਼ਿਆਦਾ ਲਾਭ ਮਿਲਦਾ ਹੈ।
ਪੈਰਾਂ ਵਿਚ ਸੋਜ
ਜ਼ਿਆਦਾ ਭਾਰ ਲੈ ਕੇ ਤੁਰਨ ਅਤੇ ਪੈਰਾਂ ਨੂੰ ਜ਼ਿਆਦਾ ਸਮੇਂ ਤੱਕ ਲਟਕਾ ਕੇ ਰੱਖਣ ਨਾਲ ਪੈਰਾਂ ਵਿਚ ਸੋਜ ਆਉਂਦੀ ਹੈ। ਕਈ ਲੋਕਾਂ ਨੂੰ ਸਖ਼ਤ ਜੁੱਤੀ-ਚੱਪਲ ਜ਼ਿਆਦਾ ਸਮੇਂ ਤੱਕ ਪਹਿਨਣ ਕਾਰਨ ਪੈਰਾਂ ਵਿਚ ਸੋਜ ਦੀ ਸ਼ਿਕਾਇਤ ਹੁੰਦੀ ਹੈ। ਹਫਤੇ ਵਿਚ ਸਿਰਫ ਦੋ ਵਾਰ ਗਰਮ ਪਾਣੀ ਨੂੰ ਬਾਲਟੀ ਵਿਚ ਭਰ ਲਓ। ਉਸ ਵਿਚ ਸੇਂਧਾ ਨਮਕ ਮਿਲਾਓ ਅਤੇ ਪੈਰਾਂ ਨੂੰ ਪਾ ਕੇ ਰੱਖੋ ਤਾਂ ਬਹੁਤ ਰਾਹਤ ਮਿਲੇਗੀ।
ਪੈਰਾਂ ਵਿਚ ਗੰਢਾਂ ਹੋਣੀਆਂ
ਕਈ ਵਾਰ ਗਿੱਟੇ ਦੇ ਨੇੜੇ, ਪੈਰਾਂ ਦੀ ਬਾਹਰੀ ਚਮੜੀ ਅਤੇ ਤਲੀਆਂ ਦੀ ਚਮੜੀ ਮੋਟੀ ਹੋ ਜਾਂਦੀ ਹੈ ਜੋ ਕੁਝ ਸਮੇਂ ਬਾਅਦ ਸਖਤ ਹੋ ਜਾਂਦੀ ਹੈ। ਇਹ ਆਪਣੇ-ਆਪ ਵੀ ਹੋ ਸਕਦੀ ਹੈ। ਇਸ ਦੇ ਹੱਲ ਲਈ ਪੈਰਾਂ ਵਿਚ ਸਹੀ ਨਾਪ ਦੀ ਜੁੱਤੀ-ਚੱਪਲ ਪਹਿਨੋ, ਜੁੱਤੀ, ਸੈਂਡਲ ਤੰਗ ਨਾ ਹੋਣ। ਇਨ੍ਹਾਂ ਨੂੰ ਵਿਚ-ਵਿਚ ਖੋਲ੍ਹ ਕੇ ਪੈਰਾਂ ਨੂੰ ਹਵਾ ਲੱਗਣ ਦਿਓ ਅਤੇ ਜ਼ਮੀਨ ਦਾ ਸਪਰਸ਼ ਹੋਣ ਦਿਓ। ਗੰਢਾਂ ਨੂੰ ਸੋਪ ਸਟੋਨ ਨਾਲ ਹਲਕੇ-ਹਲਕੇ ਰਗੜ ਕੇ ਸਾਫ਼ ਕਰੋ।
ਪੈਰਾਂ ਵਿਚ ਜ਼ਖ਼ਮ ਹੋਣਾ
ਸ਼ੂਗਰ ਪੀੜਤਾਂ ਨੂੰ ਆਪਣੇ ਪੈਰਾਂ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਕਿਤੇ ਵੀ ਜ਼ਖਮ ਹੋਵੇ, ਲਾਲ ਨਿਸ਼ਾਨ ਦਿਸੇ ਤਾਂ ਸੁਚੇਤ ਹੋ ਜਾਣਾ ਚਾਹੀਦਾ ਹੈ। ਤੰਗ ਜੁੱਤੀ-ਸੈਂਡਲ ਅਤੇ ਸਖ਼ਤ ਚੱਪਲ ਪਹਿਨਣ ਨਾਲ ਉਹ ਕੱਟਦੇ ਹਨ ਅਤੇ ਛਾਲੇ ਪੈ ਜਾਂਦੇ ਹਨ, ਜੋ ਜ਼ਖਮ ਵਿਚ ਬਦਲ ਜਾਂਦੇ ਹਨ। ਪੈਰਾਂ ਦੀਆਂ ਉਂਗਲੀਆਂ ਦੇ ਜ਼ਿਆਦਾ ਗਿੱਲੇ ਰਹਿਣ 'ਤੇ ਉਨ੍ਹਾਂ ਦੇ ਵਿਚ ਖੁਜਲੀ ਹੁੰਦੀ ਹੈ। ਚਮੜੀ ਛਿੱਲ ਹੋ ਜਾਂਦੀ ਹੈ। ਜ਼ਖਮ ਹੋ ਜਾਂਦਾ ਹੈ ਅਤੇ ਉਸ ਵਿਚੋਂ ਪਾਣੀ ਵੀ ਨਿਕਲਦਾ ਹੈ। ਇਸ ਵਿਚ ਉੱਲੀ ਜਾਂ ਜ਼ਖਮ ਨੂੰ ਸੁਕਾਉਣ ਲਈ ਪਾਊਡਰ ਲਗਾਉਣਾ ਚਾਹੀਦਾ ਹੈ। ਦਵਾਈ ਦੀਆਂ ਦੁਕਾਨਾਂ 'ਤੇ ਇਸ ਲਈ ਠੰਢੀ ਕ੍ਰੀਮ ਅਤੇ ਮਲ੍ਹਮ ਵੀ ਮਿਲਦੀ ਹੈ। ਸਰ੍ਹੋਂ ਜਾਂ ਮਿੱਠੇ ਤੇਲ ਵਿਚ ਪਿਘਲਾ ਕੇ ਮੋਮ ਮਿਲਾਉਣ ਅਤੇ ਪੈਰਾਂ ਵਿਚ ਲਗਾਉਣ ਨਾਲ ਵੀ ਲਾਭ ਮਿਲਦਾ ਹੈ। ਵੈਸਲੀਨ ਅਤੇ ਐਂਟੀਸੈਪਟਿਕ ਕ੍ਰੀਮ ਲਗਾਉਣ ਨਾਲ ਵੀ ਲਾਭ ਮਿਲਦਾ ਹੈ।
ਮੈਲ ਦੀ ਪਰਤ
ਕਦੇ-ਕਦੇ ਪੈਰਾਂ ਦੇ ਅੰਗੂਠੇ ਅਤੇ ਗਿੱਟੇ ਦੇ ਨੇੜੇ ਮੈਲ ਦੀ ਮੋਟੀ ਪਰਤ ਜਮ੍ਹਾਂ ਹੋ ਜਾਂਦੀ ਹੈ ਜੋ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਨਹੀਂ ਹਟਦੀ। ਜ਼ਿਆਦਾ ਰਗੜਨ ਨਾਲ ਝਰੀਟਾਂ ਪੈ ਜਾਂਦੀਆਂ ਹਨ ਜਾਂ ਖੂਨ ਨਿਕਲਣ ਲਗਦਾ ਹੈ। ਹਲਦੀ, ਨਹਾਉਣ ਦਾ ਸਾਬਣ ਅਤੇ ਥੋੜ੍ਹਾ ਜਿਹਾ ਗੁੜ ਮਿਲਾ ਕੇ ਪੇਸਟ ਬਣਾਓ। ਪੇਸਟ ਨੂੰ ਮੈਲੀ ਜਗ੍ਹਾ 'ਤੇ ਪੱਟੀ ਬੰਨ੍ਹ ਕੇ ਰੱਖੋ, ਬਾਅਦ ਵਿਚ ਸਾਫ ਕਰੋ। ਪੂਰੀ ਮੈਲ ਉਤਰ ਜਾਵੇਗੀ। ਹਲਦੀ ਦਾ ਪੀਲਾਪਨ ਨਹਾਉਣ, ਧੋਣ 'ਤੇ ਸਾਫ ਹੋ ਜਾਵੇਗਾ।
ਪੈਰਾਂ ਦੀ ਕਸਰਤ
ਪੈਰਾਂ ਨੂੰ ਸੁੰਦਰ ਰੱਖਣ ਲਈ ਹਲਕੀ ਜਿਹੀ ਕਸਰਤ ਕਰੋ। ਪੰਜਿਆਂ ਨੂੰ ਹੱਥਾਂ ਨਾਲ ਤੇਜ਼ੀ ਨਾਲ ਹੇਠਾਂ ਕਰੋ, ਫਿਰ ਖੋਲ੍ਹੋ। 15 ਵਾਰ ਅਜਿਹਾ ਕਰੋ। ਪੈਰਾਂ ਅਤੇ ਪੰਜਿਆਂ ਨੂੰ ਗੋਲਾਈ ਵਿਚ ਘੁਮਾਓ। ਪੈਰਾਂ ਦਾ ਖੂਨ ਸੰਚਾਰ ਚੰਗੀ ਤਰ੍ਹਾਂ ਹੋਵੇਗਾ। ਸਖ਼ਤ ਤਲੇ ਵਾਲੀ ਅਤੇ ਛੋਟੀ ਜੁੱਤੀ, ਚੱਪਲ, ਸੈਂਡਲ ਕਦੇ ਨਾ ਪਹਿਨੋ। ਇਨ੍ਹਾਂ ਨੂੰ ਖਰੀਦਣ ਲਈ ਸ਼ਾਮ ਦਾ ਸਮਾਂ ਠੀਕ ਹੁੰਦਾ ਹੈ।

ਸਿਹਤ ਖ਼ਬਰਨਾਮਾ

ਲੰਮੀ ਉਮਰ ਲਈ ਤੇਜ਼ ਚੱਲੋ

ਸੈਰ ਕਰਨਾ, ਪੈਦਲ ਚੱਲਣਾ, ਪਦ ਯਾਤਰਾ ਕਰਨੀ ਸਭ ਪੱਖਾਂ ਤੋਂ ਲਾਭਦਾਇਕ ਹੈ। ਇਨ੍ਹਾਂ ਵਿਚ ਖੂਨ ਦਾ ਪ੍ਰਵਾਹ, ਭੁੱਖ ਅਤੇ ਪਾਚਣ ਸਾਰੇ ਸਹੀ ਰਹਿੰਦੇ ਹਨ। ਇਹ ਸਰੀਰ ਨੂੰ ਜੋੜਾਂ ਦੇ ਦਰਦ ਤੋਂ ਬਚਾਉਂਦਾ ਹੈ, ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਸਾਹ-ਤੰਤਰ ਅਤੇ ਅੱਖਾਂ ਦੀ ਨਜ਼ਰ ਸਹੀ ਰਹਿੰਦੀ ਹੈ, ਇਹ ਦਿਮਾਗ ਦਰੁਸਤ ਰੱਖਦਾ ਹੈ ਅਤੇ ਸਰੀਰ ਨੂੰ ਨਵਊਰਜਾ ਨਾਲ ਭਰ ਦਿੰਦਾ ਹੈ। ਤੇਜ਼ ਚੱਲਣ ਨਾਲ ਵਿਅਕਤੀ ਲੰਮੀ ਉਮਰ ਤੱਕ ਜੀਵਤ ਰਹਿੰਦਾ ਹੈ। ਇਸ ਵਿਸ਼ੇ ਵਿਚ ਲੰਡਨ ਯੂਨੀਵਰਸਿਟੀ ਆਫ ਕਾਲਜ ਦੇ ਮੁਤਾਬਿਕ ਲੰਮੀ ਉਮਰ ਲਈ ਤੇਜ਼ ਚੱਲੋ, ਦੋਸਤਾਂ ਨੂੰ ਗਰਮਜੋਸ਼ੀ ਨਾਲ ਮਿਲੋ, ਮਜ਼ਬੂਤੀ ਨਾਲ ਹੱਥ ਮਿਲਾਓ। ਖੋਜ ਦੌਰਾਨ 70 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਤੋਂ ਪੁੱਛਗਿੱਛ ਨਾਲ ਇਸ ਗੱਲ ਦੀ ਪੁਸ਼ਟੀ ਹੋਈ।
ਸੀਟੀ ਵਜਾਉਣ ਨਾਲ ਖੁਸ਼ੀ ਮਿਲਦੀ ਹੈ

ਕੁਝ ਲੋਕਾਂ ਨੂੰ ਸੀਟੀ ਵਜਾਉਣ, ਸੀਟੀ ਵਜਾਉਂਦੇ ਹੋਏ ਗੱਲ ਕਰਨ ਅਤੇ ਸੀਟੀ ਵਜਾ ਕੇ ਗਾਣਾ ਗਾਉਣ ਦੀ ਆਦਤ ਹੁੰਦੀ ਹੈ। ਇਸ ਨਾਲ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ। ਖੋਜ ਵਿਚ ਇਹ ਪਾਇਆ ਗਿਆ ਕਿ ਸੀਟੀ ਵਜਾਉਣ ਨਾਲ ਵਿਅਕਤੀ ਤਣਾਅਮੁਕਤ ਰਹਿੰਦਾ ਹੈ। ਇਸ ਨਾਲ ਉਸ ਦਾ ਮਨ ਖੁਸ਼ ਰਹਿੰਦਾ ਹੈ। ਉਹ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਸਮਰੱਥ ਰਹਿੰਦਾ ਹੈ।
ਸਭ ਲਈ ਲਾਭਦਾਇਕ ਹੈ ਨਿੰਬੂ

ਨਿੰਬੂ ਇਕ ਬਾਰਾਂ ਮਹੀਨੇ ਮਿਲਣ ਵਾਲਾ ਫਲ ਹੈ, ਜੋ ਸੰਤਰੇ ਦੀ ਪ੍ਰਜਾਤੀ ਦਾ ਹੈ ਪਰ ਆਕਾਰ, ਕਿਸਮ ਵਿਚ ਇਹ ਸੰਤਰਾ ਅਤੇ ਮਸੰਮੀ ਵਿਚ ਸਭ ਤੋਂ ਛੋਟਾ ਅਤੇ ਖੱਟਾ ਫਲ ਹੈ। ਨਿੰਬੂ ਰਸਦਾਰ ਫਲ ਹੈ। ਇਹ ਔਲੇ ਵਾਂਗ ਵਿਟਾਮਿਨ 'ਸੀ' ਨਾਲ ਭਰਪੂਰ ਹੈ। ਇਹ ਸਵਾਦ ਵਿਚ ਖੱਟਾ ਹੈ ਪਰ ਖਾਣੇ ਤੋਂ ਬਾਅਦ ਜਾਂ ਰਸ ਲੈਣ ਤੋਂ ਬਾਅਦ ਇਹ ਗਲੇ ਦੇ ਹੇਠਾਂ ਜਾ ਕੇ ਖਾਰ ਵਿਚ ਬਦਲ ਜਾਂਦਾ ਹੈ, ਇਸ ਲਈ ਇਹ ਐਸੀਡਿਟੀ ਦੂਰ ਕਰਦਾ ਹੈ। ਇਹ ਭੋਜਨ ਦਾ ਸਵਾਦ ਵਧਾਉਂਦਾ ਹੈ ਅਤੇ ਪਚਾਉਣ ਵਿਚ ਮਦਦ ਕਰਦਾ ਹੈ। ਨਿੰਬੂ ਸਰਦੀ, ਜ਼ੁਕਾਮ ਅਤੇ ਅਤਿਸਾਰ ਵਿਚ ਲਾਭ ਪਹੁੰਚਾਉਂਦਾ ਹੈ। ਇਹ ਮੋਟਾਪਾ ਅਤੇ ਵਧੇ ਭਾਰ ਨੂੰ ਘੱਟ ਕਰਦਾ ਹੈ। ਇਹ ਖੂਨ ਦੇ ਦਬਾਅ ਅਤੇ ਕੋਲੈਸਟ੍ਰੋਲ ਨੂੰ ਕਾਬੂ ਕਰਦਾ ਹੈ। ਨਿੰਬੂ ਦਾ ਸੇਵਨ ਸ਼ੂਗਰ ਤੋਂ ਪੀੜਤ ਦੀ ਪਿਆਸ ਨੂੰ ਘੱਟ ਕਰਕੇ ਲਾਭ ਪਹੁੰਚਾਉਂਦਾ ਹੈ। ਨਿੰਬੂ ਦੇ ਰਸ ਨੂੰ ਪਾਣੀ ਵਿਚ ਮਿਲਾ ਕੇ ਨਮਕ ਅਤੇ ਸ਼ੱਕਰ ਮਿਲਾ ਕੇ ਸ਼ਰਬਤ ਦੇ ਰੂਪ ਵਿਚ ਸੇਵਨ ਕੀਤਾ ਜਾ ਸਕਦਾ ਹੈ। ਇਹ ਸਾਰੇ ਰੂਪਾਂ ਵਿਚ ਸਭ ਨੂੰ ਲਾਭ ਪਹੁੰਚਾਉਂਦਾ ਹੈ। ਇਸ ਦੀ ਅਚਾਰ, ਸ਼ਿਕੰਜਵੀ ਅਤੇ ਸਲਾਦ ਵਿਚ ਵਰਤੋਂ ਸਭ ਨੂੰ ਪਸੰਦ ਹੈ।

ਪਾਣੀ ਪੀਣ ਵਿਚ ਕੰਜੂਸੀ ਨਾ ਕਰੋ

ਹਵਾ ਤੋਂ ਬਾਅਦ ਮਨੁੱਖ ਦੇ ਜੀਵਨ ਵਿਚ ਪਾਣੀ ਦਾ ਮਹੱਤਵਪੂਰਨ ਸਥਾਨ ਹੈ। ਤੰਦਰੁਸਤ ਵਿਅਕਤੀ ਦੇ ਸਰੀਰ ਵਿਚ 60 ਤੋਂ 70 ਫੀਸਦੀ ਤੱਕ ਪਾਣੀ ਹੁੰਦਾ ਹੈ। ਅਸੀਂ ਬਿਨਾਂ ਭੋਜਨ ਦੇ ਲਗਪਗ 2 ਮਹੀਨੇ ਤੱਕ ਜੀਵਤ ਰਹਿ ਸਕਦੇ ਹਾਂ ਪਰ ਪਾਣੀ ਤੋਂ ਬਿਨਾਂ ਕੇਵਲ ਕੁਝ ਦਿਨ। ਇਸ ਦੇ ਬਾਵਜੂਦ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਸਾਡੇ ਸਰੀਰ ਲਈ ਪਾਣੀ ਕਿੰਨਾ ਜ਼ਰੂਰੀ ਹੈ।
ਅਸਲ ਵਿਚ ਬਹੁਤੇ ਲੋਕ ਨਿਰਜਲਨ ਦੀ ਹਾਲਤ ਵਿਚ ਰਹਿੰਦੇ ਹਨ। ਪਾਣੀ ਦੀ ਕਮੀ ਵਿਚ ਆਪਣੇ ਹੀ ਸਰੀਰ ਦੇ ਜ਼ਹਿਰੀਲੇ ਅਪਸ਼ਿਸ਼ਟ ਉਤਪਾਦਾਂ ਦੇ ਕਾਰਨ ਮਰਨ ਤੱਕ ਦੀ ਨੌਬਤ ਆ ਜਾਂਦੀ ਹੈ। ਪਾਣੀ ਦੇ ਨਾਲ ਸਾਡੇ ਗੁਰਦੇ ਮੂਤਰ ਅਤੇ ਯੂਰਿਕ ਐਸਿਡ ਨੂੰ ਸਾਡੇ ਸਰੀਰ ਵਿਚੋਂ ਕੱਢਦੇ ਹਨ। ਇਨ੍ਹਾਂ ਨੂੰ ਪਾਣੀ ਦੀ ਸਹਾਇਤਾ ਤੋਂ ਬਿਨਾਂ ਕੱਢਿਆ ਨਹੀਂ ਜਾ ਸਕਦਾ। ਜੇ ਸਾਡੇ ਸਰੀਰ ਵਿਚ ਕਾਫੀ ਪਾਣੀ ਨਹੀਂ ਹੋਵੇਗਾ ਤਾਂ ਇਹ ਜ਼ਹਿਰੀਲੇ ਪਦਾਰਥ ਪ੍ਰਭਾਵਸ਼ਾਲੀ ਰੂਪ ਨਾਲ ਸਰੀਰ ਵਿਚੋਂ ਬਾਹਰ ਨਹੀਂ ਨਿਕਲਣਗੇ ਅਤੇ ਨਤੀਜੇ ਵਜੋਂ ਅਸੀਂ ਗੁਰਦੇ ਦੀ ਪੱਥਰੀ ਤੋਂ ਪੀੜਤ ਹੋ ਜਾਵਾਂਗੇ। ਪਾਣੀ ਸਾਡੇ ਸਰੀਰ ਦੀਆਂ ਕਈ ਰਸਾਇਣਕ ਕਿਰਿਆਵਾਂ ਲਈ ਬਹੁਤ ਮਹੱਤਵਪੂਰਨ ਹੈ, ਜਿਵੇਂ ਪਾਚਣ ਕਿਰਿਆ, ਉਪਾਪਚਯ ਕਿਰਿਆ ਆਦਿ। ਇਹ ਪੋਸ਼ਕ ਤੱਤਾਂ ਅਤੇ ਆਕਸੀਜਨ ਨੂੰ ਸਰੀਰ ਦੀਆਂ ਵੱਖ-ਵੱਖ ਕੋਸ਼ਿਕਾਵਾਂ ਵਿਚ ਖੂਨ ਦੀ ਸਹਾਇਤਾ ਨਾਲ ਪਹੁੰਚਾਉਂਦਾ ਹੈ।
ਪਾਣੀ ਸਾਡੇ ਸਰੀਰ ਦੇ ਜੋੜਾਂ ਨੂੰ ਚਿਕਣਾ ਕਰਨ ਵਿਚ ਮਦਦ ਕਰਦਾ ਹੈ। ਸਾਨੂੰ ਪਾਣੀ ਦੀ ਲੋੜ ਸਾਹ ਲੈਣ ਵਿਚ ਵੀ ਪੈਂਦੀ ਹੈ। ਸਾਡੇ ਫੇਫੜਿਆਂ ਨੂੰ ਕੁਝ ਹੱਦ ਤੱਕ ਨਮੀ ਦੀ ਵੀ ਲੋੜ ਹੁੰਦੀ ਹੈ, ਤਾਂ ਕਿ ਅਸੀਂ ਸਰੀਰ ਦੇ ਅੰਦਰ ਆਕਸੀਜਨ ਲੈ ਸਕੀਏ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢ ਸਕੀਏ। ਦਿਨ ਭਰ ਵਿਚ ਕਾਰਬਨ ਡਾਈਆਕਸਾਈਡ ਨੂੰ ਸਰੀਰ ਵਿਚੋਂ ਬਾਹਰ ਕੱਢਣ ਲਈ ਹੀ ਸਾਨੂੰ ਲਗਪਗ ਅੱਧਾ ਲਿਟਰ ਪਾਣੀ ਦੀ ਲੋੜ ਹੁੰਦੀ ਹੈ। ਇਸ ਲਈ ਜੇ ਤੁਸੀਂ ਕਾਫੀ ਮਾਤਰਾ ਵਿਚ ਪਾਣੀ ਨਹੀਂ ਪੀਓਗੇ ਤਾਂ ਤੁਸੀਂ ਆਪਣੇ ਸਰੀਰ ਦੀਆਂ ਰਸਾਇਣਕ ਕਿਰਿਆਵਾਂ ਨੂੰ ਦੁਰਬਲ ਕਰ ਦਿਓਗੇ।
ਡਾਕਟਰਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਲੋੜੀਂਦੀ ਮਾਤਰਾ ਵਿਚ ਪਾਣੀ ਨਾ ਪੀਣ ਨਾਲ ਸਰੀਰ ਵਿਚ ਚਰਬੀ ਦੀ ਵਾਧੂ ਮਾਤਰਾ ਇਕੱਠੀ ਹੋਣ ਲਗਦੀ ਹੈ। ਮਾਸਪੇਸ਼ੀਆਂ ਦੇ ਆਕਾਰ ਅਤੇ ਉਨ੍ਹਾਂ ਦੀਆਂ ਕਿਰਿਆਵਾਂ ਪ੍ਰਭਾਵਿਤ ਹੁੰਦੀਆਂ ਹਨ। ਪਾਚਣ ਕਿਰਿਆ ਦੀ ਕਾਰਜ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਅਤੇ ਸਰੀਰ ਵਿਚ ਵਧਿਆ ਹੋਇਆ ਜ਼ਹਿਰੀਲਾਪਣ, ਜੋੜਾਂ ਅਤੇ ਮਾਸਪੇਸ਼ੀਆਂ ਵਿਚ ਦਰਦ ਅਤੇ ਪਾਣੀ ਦੀ ਕਮੀ ਤੱਕ ਦੀ ਸਥਿਤੀ ਵੀ ਆ ਜਾਂਦੀ ਹੈ।
ਉਚਿਤ ਮਾਤਰਾ ਵਿਚ ਹਰ ਰੋਜ਼ ਪਾਣੀ ਪੀਣਾ ਵੀ ਭਾਰ ਘਟਾਉਣ ਦੀ ਇਕ ਦਿਲਚਸਪ ਪ੍ਰਕਿਰਿਆ ਹੈ। ਜੋ ਵਿਅਕਤੀ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ ਅਤੇ ਉਚਿਤ ਮਾਤਰਾ ਵਿਚ ਪਾਣੀ ਨਹੀਂ ਪੀਂਦੇ, ਉਨ੍ਹਾਂ ਦੇ ਸਰੀਰ ਵਿਚ ਚਰਬੀ ਦੀ ਖ਼ਪਤ ਠੀਕ ਤਰ੍ਹਾਂ ਨਾਲ ਨਹੀਂ ਹੁੰਦੀ ਅਤੇ ਸਰੀਰ ਵਿਚ ਦ੍ਰਵ ਦੀ ਮਾਤਰਾ ਵਧਦੇ ਰਹਿਣ ਦੇ ਕਾਰਨ ਉਨ੍ਹਾਂ ਦਾ ਭਾਰ ਜ਼ਿਆਦਾ ਹੀ ਰਹਿੰਦਾ ਹੈ।
ਤੰਦਰੁਸਤ ਵਿਅਕਤੀ ਲਈ ਹਰ ਰੋਜ਼ ਘੱਟ ਤੋਂ ਘੱਟ 8 ਤੋਂ 10 ਗਿਲਾਸ ਪਾਣੀ ਜ਼ਰੂਰੀ ਹੈ। ਅੱਲ੍ਹੜਾਂ ਨੂੰ ਤਾਂ ਇਸ ਤੋਂ ਵੀ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਜੇ ਤੁਸੀਂ ਜ਼ਿਆਦਾ ਕਸਰਤ ਕਰਦੇ ਹੋ ਜਾਂ ਗਰਮ ਇਲਾਕੇ ਵਿਚ ਰਹਿੰਦੇ ਹੋ ਤਾਂ ਵੀ ਪਾਣੀ ਦਾ ਸੇਵਨ ਜ਼ਿਆਦਾ ਕਰੋ। ਮੋਟੇ ਵਿਅਕਤੀਆਂ ਨੂੰ ਵੀ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਆਮ ਤੌਰ 'ਤੇ ਲੋਕਾਂ ਦਾ ਵਿਚਾਰ ਹੁੰਦਾ ਹੈ ਕਿ ਜ਼ਿਆਦਾ ਪਾਣੀ ਪੀਣ ਨਾਲ ਹਰ ਘੰਟੇ, ਅੱਧੇ ਘੰਟੇ ਤੋਂ ਬਾਅਦ ਪਿਸ਼ਾਬ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ ਪਰ ਅਜਿਹਾ ਨਹੀਂ ਹੈ। ਇਹ ਸਮੱਸਿਆ ਅਸਲ ਵਿਚ ਸਿਰਫ ਕੁਝ ਦਿਨਾਂ ਦੀ ਹੈ। ਕੁਝ ਹਫ਼ਤੇ ਬਾਅਦ ਤੁਹਾਡਾ ਮੂਤਰਾਸ਼ਯ ਇਸ ਦੇ ਅਨੁਰੂਪ ਢਲ ਜਾਵੇਗਾ ਅਤੇ ਫਿਰ ਤੁਸੀਂ ਜ਼ਿਆਦਾ ਮਾਤਰਾ ਵਿਚ ਪਰ ਜ਼ਿਆਦਾ ਸਮੇਂ ਤੋਂ ਬਾਅਦ ਪਿਸ਼ਾਬ ਕਰਨ ਦੀ ਇੱਛਾ ਕਰੋਗੇ। ਇਸ ਤਰ੍ਹਾਂ ਹਰ ਰੋਜ਼ ਸਿਰਫ 10 ਜਾਂ 12 ਗਿਲਾਸ ਸ਼ੁੱਧ ਪਾਣੀ ਪੀਣ ਨਾਲ ਤੁਸੀਂ ਨਿਰੋਗ, ਸਿਹਤਮੰਦ ਅਤੇ ਤੰਦਰੁਸਤ ਸਰੀਰ ਦੇ ਸਵਾਮੀ ਬਣ ਸਕਦੇ ਹੋ।

ਥਕਾਨ ਤੋਂ ਇੰਜ ਪਾਓ ਛੁਟਕਾਰਾ

ਲਗਾਤਾਰ ਸਰੀਰਕ ਅਤੇ ਮਾਨਸਿਕ ਮਿਹਨਤ ਕਾਰਨ ਥਕਾਨ ਹੋਣੀ ਸੁਭਾਵਿਕ ਹੈ ਪਰ ਥੋੜ੍ਹੇ ਕੰਮ ਤੋਂ ਬਾਅਦ ਹੀ ਥੱਕ ਜਾਣਾ, ਸਰੀਰ ਦਾ ਢਿੱਲਾ ਪੈ ਜਾਣਾ ਅਤੇ ਮਨ ਦਾ ਭਾਰੀਪਨ ਅੱਜ ਦੇ ਜੀਵਨ ਦੀ ਸਮੱਸਿਆ ਬਣ ਗਿਆ ਹੈ। ਕੁਝ ਲੋਕ ਨੀਂਦ ਅਤੇ ਆਰਾਮ ਦੁਆਰਾ ਆਪਣੀ ਥਕਾਨ ਮਿਟਾ ਲੈਂਦੇ ਹਨ ਪਰ ਕੁਝ ਲੋਕ ਇਸ ਤੋਂ ਬਾਅਦ ਵੀ ਤਾਜ਼ਗੀ, ਫੁਰਤੀ ਅਤੇ ਹਲਕਾਪਨ ਮਹਿਸੂਸ ਨਹੀਂ ਕਰਦੇ।
ਥਕਾਨ ਤੋਂ ਬੱਚੇ, ਜਵਾਨ, ਬਜ਼ੁਰਗ ਸਾਰੇ ਪ੍ਰਭਾਵਿਤ ਹਨ। ਜਰਨਲ ਆਫ ਅਮੈਰਿਕਾ ਮੈਡੀਕਲ ਐਸੋਸੀਏਸ਼ਨ ਦੀ ਇਕ ਰਿਪੋਰਟ ਅਨੁਸਾਰ 24 ਫੀਸਦੀ ਲੋਕ ਥਕਾਨ ਤੋਂ ਪੀੜਤ ਹੁੰਦੇ ਹਨ। ਇਨ੍ਹਾਂ ਵਿਚੋਂ ਬਹੁਤੇ ਰੋਗੀ ਜਾਂ ਤਾਂ ਤਣਾਅ ਵਰਗੇ ਮਾਨਸਿਕ ਰੋਗਾਂ ਤੋਂ ਪੀੜਤ ਹੁੰਦੇ ਹਨ ਜਾਂ ਅਵਸਾਦ ਤੋਂ ਪੀੜਤ। ਅਨੀਮੀਆ, ਥਾਇਰਾਇਡ ਸਮੱਸਿਆ, ਕ੍ਰਿਮ ਜਵਰ, ਸ਼ੂਗਰ, ਗੁਰਦੇ ਰੋਗ, ਕਸ਼ਯ ਆਦਿ ਗੰਭੀਰ ਰੋਗਾਂ ਤੋਂ ਪੀੜਤ ਰੋਗੀ ਵੀ ਭਾਰੀ ਥਕਾਨ ਮਹਿਸੂਸ ਕਰਦੇ ਹਨ ਪਰ ਇਨ੍ਹਾਂ ਦੀ ਗਿਣਤੀ ਉਪਰੋਕਤ ਤਣਾਅਗ੍ਰਸਤ ਅਤੇ ਅਵਸਾਦ ਪੀੜਤਾਂ ਨਾਲੋਂ ਘੱਟ ਹੁੰਦੀ ਹੈ। ਸਵਾਲ ਉੱਠਦਾ ਹੈ ਕਿ ਕਿਉਂ ਆਦਮੀ ਹਲਕੇ-ਫੁਲਕੇ ਨਾਲ ਜਾਂ ਸੌ-ਦੋ ਸੌ ਗਜ਼ ਚੱਲ ਕੇ ਥੱਕ ਜਾਂਦਾ ਹੈ? ਬਿਨਾਂ ਸ਼ੱਕ ਥਕਾਨ ਦਾ ਕਾਰਨ ਸਰੀਰਕ ਊਰਜਾ ਦੀ ਕਮੀ ਹੈ। ਦੂਜੇ ਸ਼ਬਦਾਂ ਵਿਚ ਪ੍ਰਾਣ ਸ਼ਕਤੀ ਦਾ ਨਿਰਬਲ ਹੋਣਾ ਕਹਿ ਸਕਦੇ ਹਾਂ। ਸਰੀਰਕ ਅਤੇ ਮਾਨਸਿਕ ਸ਼ਕਤੀ ਦਾ ਬੇਹਿਸਾਬ ਘੱਟ ਹੋਣਾ ਹੀ ਥਕਾਨ ਵਰਗੀ ਸਮੱਸਿਆ ਦਾ ਕਾਰਨ ਹੈ। ਇਹ ਘੱਟ ਦੋ ਤਰ੍ਹਾਂ ਨਾਲ ਹੁੰਦਾ ਹੈ, ਪਹਿਲਾ ਸਰੀਰਕ ਅਤੇ ਮਾਨਸਿਕ ਮਿਹਨਤ ਨਾਲ ਅਤੇ ਦੂਜਾ ਤਣਾਅ ਅਤੇ ਅਵਸਾਦ ਨਾਲ। ਤਣਾਅ, ਡਰ ਅਤੇ ਉਦਾਸੀ ਦੀ ਸਥਿਤੀ ਵਿਚ ਦਿਮਾਗ ਵਿਚੋਂ ਅਜਿਹੇ ਨਿਊਰੋ ਰਸਾਇਣਾਂ ਦਾ ਰਸਾਵ ਹੁੰਦਾ ਹੈ, ਜੋ ਸਰੀਰ ਦੇ ਊਰਜਾ ਉਤਪਾਦਨ ਤੰਤਰ ਵਰਗੇ ਪਾਚਣ ਸੰਸਥਾਨ ਅਤੇ ਪ੍ਰਤੀ-ਰੱਖਿਆ ਤੰਤਰ ਨੂੰ ਦੁਰਬਲ ਬਣਾ ਦਿੰਦਾ ਹੈ। ਤਣਾਅ ਦੇ ਪਿੱਛੇ ਮੁੱਖ ਕਾਰਨ ਹੈ ਬੇਕਾਬੂ ਆਕਾਂਕਸ਼ਾਵਾਂ ਅਤੇ ਇੱਛਾਵਾਂ। ਆਰਥਿਕ ਨੁਕਸਾਨ ਅਤੇ ਚੋਰੀ ਹੋਣ ਦੀ ਸੰਭਾਵਨਾ, ਕਰਜ਼ਾ ਨਾ ਮੋੜਨਾ, ਪ੍ਰੀਖਿਆ ਵਿਚ ਫੇਲ੍ਹ ਹੋਣਾ, ਪਤੀ-ਪਤਨੀ ਦੇ ਵਿਚ ਵਿਵਾਦ ਅਤੇ ਮੁਕੱਦਮੇ ਦਾ ਡਰ ਪ੍ਰਮੁੱਖ ਹੈ ਅਤੇ ਨੌਕਰੀ ਨਾ ਮਿਲਣਾ, ਨਿਆਂ ਨਾ ਮਿਲਣਾ, ਪਰਿਵਾਰ ਨਾਲ ਪਿਆਰ-ਸਹਿਯੋਗ ਆਦਿ ਦਾ ਨਾ ਮਿਲਣਾ ਉਦਾਸ ਬਣਾਉਣ ਦੇ ਕਾਰਨ ਹਨ। ਉਪਰੋਕਤ ਕਾਰਨਾਂ ਤੋਂ ਪੈਦਾ ਥਕਾਨ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਆਵੇਸ਼, ਉਤੇਜਨਾ, ਪਾਗਲਪਨ, ਉਨਮਾਦ ਅਤੇ ਆਤਮ-ਹੱਤਿਆ ਤੱਕ ਦੀ ਨੌਬਤ ਆ ਸਕਦੀ ਹੈ। ਥਕਾਨ ਮਿਟਾਉਣ ਦਾ ਸਭ ਤੋਂ ਵਧੀਆ ਉਪਾਅ ਹੈ ਨੀਂਦ ਅਤੇ ਆਰਾਮ। ਇਸ ਤੋਂ ਬਾਅਦ ਵੀ ਤਣਾਅ ਅਤੇ ਥਕਾਨ ਦੂਰ ਨਾ ਹੋਵੇ ਤਾਂ ਮਧੁਰ ਸੰਗੀਤ ਸੁਣਨਾ ਚਾਹੀਦਾ ਹੈ। ਯਾਦ ਰਹੇ ਕਿ ਇਹ ਲਾਭ ਪੌਪ ਸੰਗੀਤ ਨਾਲ ਨਹੀਂ ਹੋ ਸਕਦਾ। ਕਿਸੇ ਨਦੀ ਦੇ ਕੰਢੇ ਜਾਂ ਪਾਰਕ ਵਿਚ ਬੈਠ ਕੇ ਕੁਦਰਤ ਨਾਲ ਇਕਮਿਕ ਹੋ ਜਾਣਾ ਚਾਹੀਦਾ ਹੈ। ਕਿਸੇ ਮਿੱਤਰ ਜਾਂ ਆਪਣੇ ਬੱਚਿਆਂ ਅਤੇ ਪਰਿਵਾਰ ਦੇ ਨਾਲ ਪਿਕਨਿਕ 'ਤੇ ਚਲੇ ਜਾਣਾ ਜਾਂ ਕੋਈ ਚੰਗੀ ਕਿਤਾਬ ਪੜ੍ਹਨਾ ਵੀ ਫਾਇਦੇਮੰਦ ਹੋ ਸਕਦਾ ਹੈ। ਸਭ ਤੋਂ ਕਾਰਗਰ ਉਪਾਅ ਹੈ ਆਪਣੀ ਬੁੱਧੀ ਅਤੇ ਪ੍ਰਤਿਭਾ ਨੂੰ ਲੋਕ ਭਲਾਈ ਦੇ ਕੰਮਾਂ ਵਿਚ ਲਗਾਉਣਾ। ਯੋਗ ਆਸਣ, ਪ੍ਰਾਰਥਨਾ, ਬਾਗਬਾਨੀ, ਰੋਗੀ ਪਰਿਚਰਯਾ ਵੀ ਥਕਾਨ ਮਿਟਾਉਣ ਵਿਚ ਮਦਦ ਕਰ ਸਕਦੀ ਹੈ। ਆਪਣੇ-ਆਪ ਨੂੰ ਰੱਬ ਦਾ ਸ਼ਕਤੀਸ਼ਾਲੀ ਪੁੱਤਰ-ਪੁੱਤਰੀ ਸਮਝ ਕੇ ਨਿਰਾਸ਼ਾ, ਡਰ, ਚਿੰਤਾ, ਉਦਾਸੀ ਅਤੇ ਆਲਸ ਦਾ ਤਿਆਗ ਕਰਨਾ ਚਾਹੀਦਾ ਹੈ। ਤੁਹਾਡਾ ਮਨੋਬਲ ਉੱਚਾ ਰਹੇ ਤਾਂ ਥਕਾਨ ਤੁਹਾਡੇ ਨੇੜੇ ਨਹੀਂ ਆਵੇਗੀ।
**

ਸਵਾਈਨ ਫਲੂ ਦੇ ਲੱਛਣ ਅਤੇ ਬਚਾਓ

ਸਵਾਈਨ ਫਲੂ ਇਨਫਲੂਏਂਜਾ (ਫਲੂ ਵਾਇਰਸ) ਦੇ ਮੁਕਾਬਲੇ ਨਵੇਂ ਸਟ੍ਰੇਨ ਇਨਫਲੂਏਂਜਾ ਵਾਇਰਸ ਨਾਲ ਹੋਣ ਵਾਲਾ ਸੰਕ੍ਰਮਣ ਹੈ। ਇਸ ਵਾਇਰਸ ਨੂੰ ਹੀ ਐਚ1 ਐਨ1 ਕਿਹਾ ਜਾਂਦਾ ਹੈ। ਇਸ ਦੇ ਸੰਕ੍ਰਮਣ ਨੇ ਸਾਲ 2009-10 ਵਿਚ ਮਹਾਮਾਰੀ ਦਾ ਰੂਪ ਧਾਰਨ ਕਰ ਲਿਆ ਸੀ। ਬਾਅਦ ਵਿਚ ਵਿਸ਼ਵ ਸਿਹਤ ਸੰਗਠਨ (ਡਬਿਲਊ. ਐਚ. ਓ.) ਨੇ 10 ਅਗਸਤ, 2010 ਵਿਚ ਇਸ ਮਹਾਮਾਰੀ ਦੇ ਖ਼ਤਮ ਹੋਣ ਦਾ ਵੀ ਦਾਅਵਾ ਕਰ ਦਿੱਤਾ ਸੀ। ਅਪ੍ਰੈਲ 2009 ਵਿਚ ਇਸ ਨੂੰ ਸਭ ਤੋਂ ਪਹਿਲਾਂ ਮੈਕਸੀਕੋ ਵਿਚ ਪਛਾਣਿਆ ਗਿਆ ਸੀ। ਉਦੋਂ ਇਸ ਨੂੰ ਸਵਾਈਨ ਫਲੂ ਇਸ ਲਈ ਕਿਹਾ ਗਿਆ ਸੀ ਕਿਉਂਕਿ ਸੂਰ ਵਿਚ ਫਲੂ ਫੈਲਾਉਣ ਵਾਲੇ ਇਨਫਲੂਏਂਜਾ ਵਾਇਰਸ ਨਾਲ ਇਹ ਮਿਲਦਾ-ਜੁਲਦਾ ਵਾਇਰਸ ਸੀ। ਸਵਾਈਨ ਫਲੂ ਦਾ ਵਾਇਰਸ ਤੇਜ਼ੀ ਨਾਲ ਫੈਲਦਾ ਹੈ।
ਸਵਾਈਨ ਫਲੂ ਦੇ ਲੱਛਣ : ਨੱਕ ਦਾ ਲਗਾਤਾਰ ਵਗਣਾ, ਛਿੱਕਾਂ ਆਉਣਾ, ਰੇਸ਼ਾ, ਖੰਘ, ਮਾਸਪੇਸ਼ੀਆਂ ਵਿਚ ਦਰਦ ਜਾਂ ਅਕੜਾਹਟ, ਸਿਰ ਵਿਚ ਬੇਹੱਦ ਦਰਦ, ਨੀਂਦ ਨਾ ਆਉਣਾ, ਜ਼ਿਆਦਾ ਥਕਾਵਟ, ਦਵਾਈ ਖਾਣ 'ਤੇ ਵੀ ਬੁਖਾਰ ਦਾ ਲਗਾਤਾਰ ਵਧਣਾ, ਗਲੇ ਵਿਚ ਖਰਾਸ਼ ਦਾ ਲਗਾਤਾਰ ਵਧਦੇ ਜਾਣਾ ਆਦਿ ਸਵਾਈਨ ਫਲੂ ਦੇ ਪਹਿਲੇ ਲੱਛਣ ਹਨ। ਅੰਕੜਿਆਂ ਅਨੁਸਾਰ 2 ਤੋਂ 9 ਸਾਲ ਵਿਚਾਲੇ ਦੇ 89 ਬੱਚਿਆਂ ਵਿਚੋਂ ਇਕ ਬੱਚਾ ਇਸ ਵਾਇਰਸ ਦਾ ਸ਼ਿਕਾਰ ਹੁੰਦਾ ਹੈ।
ਇਸ ਤਰ੍ਹਾਂ ਕਰੋ ਬਚਾਓ : ਸਵਾਈਨ ਫਲੂ ਤੋਂ ਬਚਾਅ ਇਸ ਨੂੰ ਕੰਟਰੋਲ ਕਰਨ 'ਚ ਸਭ ਤੋਂ ਪ੍ਰਭਾਵੀ ਉਪਾਅ ਹੈ। ਇਸ ਦਾ ਇਲਾਜ ਵੀ ਹੁਣ ਮੌਜੂਦ ਹੈ। ਜਿਵੇਂ ਆਰਾਮ ਕਰਨਾ, ਬਹੁਤ ਪਾਣੀ ਪੀਣਾ, ਸਰੀਰ ਵਿਚ ਪਾਣੀ ਦੀ ਘਾਟ ਨਾ ਹੋਣ ਦੇਣਾ, ਸ਼ੁਰੂਆਤ ਵਿਚ ਪੈਰਾਸੀਟਾਮੋਲ ਵਰਗੀ ਦਵਾਈ ਬੁਖਾਰ ਘੱਟ ਕਰਨ ਲਈ ਦਿੱਤੀ ਜਾਂਦੀ ਹੈ। ਬਿਮਾਰੀ ਦੇ ਵਧਣ 'ਤੇ ਐਂਟੀ ਵਾਇਰਲ ਦਵਾਈ ਓਸੇਲਟਾਮੀਵਿਰ (ਟੈਮੀ ਫਲੂ) ਅਤੇ ਜਾਨਾਮੀਵਿਰ (ਰੇਲੇਂਜਾ) ਵਰਗੀਆਂ ਦਵਾਈਆਂ ਨਾਲ ਸਵਾਈਨ ਫਲੂ ਦਾ ਇਲਾਜ ਕੀਤਾ ਜਾਂਦਾ ਹੈ। ਡਾਕਟਰੀ ਸਲਾਹ ਤੋਂ ਬਾਅਦ ਹੀ ਦਵਾਈ ਦਾ ਸੇਵਨ ਕਰੋ।
ਇਲਾਜ ਵਿਚ ਕਪੂਰ ਦਾ ਮਹੱਤਵ : ਆਯੁਰਵੈਦ ਅਨੁਸਾਰ ਕਪੂਰ ਦੀ ਵਰਤੋਂ ਪਰੰਪਰਿਕ ਅਤੇ ਅੱਜ ਦੇ ਯੁੱਗ 'ਚ ਵਰਤੋਂ ਦਵਾਈਆਂ ਦੇ ਰੂਪ ਵਿਚ ਸਦੀਆਂ ਤੋਂ ਹੁੰਦੀ ਆ ਰਹੀ ਹੈ। ਇਸ ਤਰ੍ਹਾਂ ਕਪੂਰ ਅਤੇ ਇਲਾਇਚੀ ਦਾ ਮਿਸ਼ਰਨ ਲੋਕਾਂ ਨੂੰ ਫਾਇਦਾ ਹੀ ਪਹੁੰਚਾਏਗਾ, ਇਸ ਦਾ ਕੋਈ ਨੁਕਸਾਨ ਨਹੀਂ ਹੈ। ਬੇਸ਼ੱਕ, ਸਵਾਈਨ ਫਲੂ 'ਤੇ ਇਸ ਤਰ੍ਹਾਂ ਦੀ ਕੋਈ ਖੋਜ ਨਹੀਂ ਹੋਈ ਹੈ ਪਰ ਕਪੂਰ ਵਿਚ ਮੌਜੂਦ ਐਂਟੀ-ਬੈਕਟੀਰੀਆ ਗੁਣ ਜੀਵਾਣੂਆਂ ਲਈ ਘਾਤਕ ਹਨ। ਕਪੂਰ ਅਤੇ ਇਲਾਇਚੀ ਦੋਵਾਂ ਵਿਚ ਹੀ ਮਜ਼ਬੂਤ ਅਰੋਮਾ ਪਾਇਆ ਜਾਂਦਾ ਹੈ। ਇਹ ਦੋਵੇਂ ਹੀ ਚੀਜ਼ਾਂ ਹਵਨ ਸਮੱਗਰੀ ਦਾ ਵੀ ਹਿੱਸਾ ਹੁੰਦੀਆਂ ਹਨ। ਇਨ੍ਹਾਂ ਦੋਵਾਂ ਦੇ ਸੜਨ ਨਾਲ ਪੈਦਾ ਹੋਇਆ ਧੂੰਆਂ ਐਂਟੀ ਫੰਗਲ ਅਤੇ ਐਂਟੀ ਮਾਈਕ੍ਰੋਬਾਇਲ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਹਵਨ ਤੋਂ ਬਾਅਦ ਆਲੇ-ਦੁਆਲੇ ਦਾ ਵਾਤਾਵਰਨ ਸ਼ੁੱਧ ਹੋ ਜਾਂਦਾ ਹੈ। ਉਥੇ ਘਰ ਦੀ ਨਾਂਹਪੱਖੀ ਊਰਜਾ ਨੂੰ ਦੂਰ ਰੱਖਣ ਲਈ ਆਰਤੀ ਵਿਚ ਕਪੂਰ ਜਲਾਇਆ ਜਾਂਦਾ ਹੈ ਅਤੇ ਸੌਣ ਵਾਲੇ ਕਮਰੇ ਵਿਚ ਕਪੂਰ ਰੱਖਣ ਦਾ ਰਿਵਾਜ ਹੈ।
ਹੋਰ ਘਰੇਲੂ ਉਪਾਅ : ਇਸ ਬਿਮਾਰੀ ਨਾਲ ਨਿਪਟਣ ਲਈ ਘਰੇਲੂ ਉਪਾਅ ਵੀ ਹਨ ਜਿਵੇਂ :-ਹਲਦੀ, ਤੁਲਸੀ, ਨਿੰਮ, ਗਿਲੋਅ, ਪਦੀਨਾ, ਆਂਵਲਾ, ਗਵਾਰਪਾਠਾ, ਲਸਣ, ਅਦਰਕ ਆਦਿ ਦੀ ਵਰਤੋਂ ਹਰ ਰੋਜ਼ ਕਰੋ। ਰੋਗ ਨਾਸ਼ਕ ਦ੍ਰਵ ਦੇ ਰੂਪ ਵਿਚ ਸੁਦਰਸ਼ਨ ਕਵਾਥ ਜਾਂ ਉਨ੍ਹਾਂ ਦੀ ਵਟੀ/ਚੂਰਨ, ਭਾਰੰਗਾਦੀ ਕਵਾਥ, ਸੰਸ਼ਮਨੀ ਵਟੀ, ਗਿਲੋਅ ਦੀ ਵਟੀ/ਚੂਰਨ/ਕਵਾਥ ਦਾ ਸੇਵਨ ਕਰੋ। ਪਾਚਨਤੰਤਰ ਨੂੰ ਸਿਹਤਮੰਦ ਰੱਖਣ ਲਈ ਹਲਕਾ, ਗਰਮ, ਤਾਜ਼ਾ ਭੋਜਨ ਹੀ ਲਓ। ਸੂਪ, ਨਿੰਬੂ ਰਸ, ਆਂਵਲਾ ਰਸ, ਮੋਸੰਮੀ ਦਾ ਰਸ, ਹਲਦੀ ਵਾਲਾ ਦੁੱਧ ਅਤੇ ਜ਼ਿਆਦਾ ਪਾਣੀ ਦਾ ਸੇਵਨ ਕਰੋ। ਨਿਯਮਿਤ ਰੂਪ ਨਾਲ ਕਸਰਤ ਕਰੋ। ਗੁੱਗੁਲ, ਕਾਲੀ ਮਿਰਚ, ਗਾਂ ਦਾ ਸ਼ੁੱਧ ਘਿਓ, ਕਪੂਰ ਅਤੇ ਸ਼ੱਕਰ ਮਿਸ਼ਰਿਤ ਕਰ ਕੇ ਸੇਵਨ ਜ਼ਰੂਰ ਕਰੋ। ਸਹੀ ਮਾਤਰਾ ਵਿਚ ਨੀਂਦ ਲਓ। ਤਣਾਅਗ੍ਰਸਤ ਨਾ ਰਹੋ, ਖ਼ੁਸ਼ ਰਹੋ। ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਣ ਵੱਲ ਧਿਆਨ ਦਿਓ। ਘਰ ਨੂੰ ਕਪੂਰ ਨਾਲ ਸ਼ੁੱਧ ਕਰੋ।


-ਦਰਸ਼ਨ ਵਿਭਾਗ, ਸਨਾਤਨ ਧਰਮ ਆਦਰਸ਼ ਸੰਸਕ੍ਰਿਤ ਮਹਾਵਿਦਿਆਲਿਆ, ਡੋਹਗੀ, ਊਨਾ, ਹਿਮਾਚਲ ਪ੍ਰਦੇਸ਼।

ਫਾਇਦੇਮੰਦ ਹੈ ਪਪੀਤੇ ਦਾ ਸੇਵਨ

ਪਪੀਤਾ ਇਕ ਅਜਿਹਾ ਸਦਾਬਹਾਰ ਫਲ ਹੈ, ਜੋ ਪੂਰਾ ਸਾਲ ਬਾਜ਼ਾਰ ਵਿਚ ਉਪਲਬਧ ਰਹਿੰਦਾ ਹੈ। ਇਹ ਫਲ ਮਿੱਠਾ ਹੋਣ ਦੇ ਨਾਲ-ਨਾਲ ਜ਼ਿਆਦਾ ਮਹਿੰਗਾ ਵੀ ਨਹੀਂ ਹੈ। ਇਸ ਫਲ ਨੂੰ ਹਰ ਉਮਰ ਦਾ ਵਿਅਕਤੀ ਖਾ ਸਕਦਾ ਹੈ। ਇਹ ਕਦੇ ਹਾਨੀਕਾਰਕ ਨਹੀਂ ਹੈ। ਹਾਂ, ਜਿਥੋਂ ਤੱਕ ਹੋ ਸਕੇ, ਰਾਤ ਨੂੰ ਇਸ ਦਾ ਸੇਵਨ ਨਾ ਕਰੋ। ਅੰਮ੍ਰਿਤ ਬਰਾਬਰ ਇਸ ਫਲ ਦੇ ਅਨੇਕ ਫਾਇਦੇ ਹਨ। ਤੁਸੀਂ ਵੀ ਕਈ ਬਿਮਾਰੀਆਂ ਵਿਚ ਇਸ ਦੀ ਵਰਤੋਂ ਕਰਕੇ ਲਾਭ ਲੈ ਸਕਦੇ ਹੋ-
* ਜੇ ਤੁਹਾਡੇ ਦੰਦਾਂ ਵਿਚ ਦਰਦ ਹੈ ਤਾਂ ਪਪੀਤੇ ਵਿਚੋਂ ਨਿਕਲਣ ਵਾਲੇ ਸਫੈਦ ਦੁੱਧ ਨੂੰ ਰੂੰ ਦੇ ਫਹੇ ਵਿਚ ਭਰ ਕੇ ਦੰਦ ਥੱਲੇ ਦਬਾਅ ਲਓ।
* ਬੱਚਿਆਂ ਜਾਂ ਬਜ਼ੁਰਗਾਂ ਦੇ ਗਲੇ ਵਿਚ ਟੌਂਸਲ ਹੋ ਜਾਣ ਤਾਂ ਕੱਚੇ ਪਪੀਤੇ ਨੂੰ ਦੁੱਧ ਵਿਚ ਮਿਲਾ ਕੇ ਗਰਾਰੇ ਕਰੋ। ਹਫ਼ਤਾ ਭਰ ਕਰਨ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।
* ਉੱਚ ਖੂਨ ਦਬਾਅ ਵਾਲੇ ਵਿਅਕਤੀ ਸਵੇਰੇ ਖਾਲੀ ਪੇਟ 500 ਗ੍ਰਾਮ ਤਾਜ਼ਾ ਪਪੀਤਾ ਖਾਣ ਪਰ ਇਕ-ਡੇਢ ਘੰਟੇ ਤੱਕ ਨਾ ਤਾਂ ਪਾਣੀ ਪੀਣ, ਨਾ ਹੀ ਕੁਝ ਖਾਣ।
* ਜੇ ਤੁਹਾਡਾ ਹਾਜ਼ਮਾ ਸਹੀ ਨਹੀਂ ਹੈ, ਖੱਟੇ ਡਕਾਰ ਆਉਂਦੇ ਹਨ ਤਾਂ ਰੋਜ਼ ਇਕ ਛੋਟਾ ਪਪੀਤਾ ਖਾਣਾ ਖਾਣੇ ਤੋਂ ਬਾਅਦ ਖਾਓ।
* ਬੱਚਿਆਂ ਦੇ ਪੇਟ ਵਿਚ ਕੀੜੇ ਹੋ ਜਾਣ ਤਾਂ ਪਪੀਤੇ ਦੇ 10-12 ਬੀਜ ਪੀਸ ਕੇ ਅੱਧਾ ਗਿਲਾਸ ਪਾਣੀ ਵਿਚ ਮਿਲਾ ਕੇ 10 ਤੋਂ 15 ਦਿਨ ਤੱਕ ਲੈਣ ਨਾਲ ਕੀੜੇ ਮਰ ਕੇ ਬਾਹਰ ਨਿਕਲ ਜਾਂਦੇ ਹਨ।
* ਜੇ ਜਿਗਰ ਅਤੇ ਤਿੱਲੀ ਰੋਗ ਹੈ ਤਾਂ ਅੱਧਪੱਕੇ ਪਪੀਤੇ ਦੇ ਟੁਕੜਿਆਂ ਨੂੰ ਕੱਟ ਕੇ ਇਕ ਹਫ਼ਤੇ ਤੱਕ ਸਿਰਕੇ ਵਿਚ ਭਿਉਂ ਦਿਓ। ਇਸ ਤੋਂ ਬਾਅਦ ਇਕ-ਇਕ ਟੁਕੜਾ ਰੋਜ਼ ਖਾਓ।
* ਜੇ ਪੇਟ ਵਿਚ ਕਬਜ਼ ਰਹਿੰਦੀ ਹੈ ਤਾਂ ਇਕ ਛੋਟਾ ਪਪੀਤਾ ਉਦੋਂ ਤੱਕ ਖਾਓ ਜਦੋਂ ਤੱਕ ਕਬਜ਼ ਦੂਰ ਨਾ ਹੋ ਜਾਵੇ।
* ਚਿਹਰੇ 'ਤੇ ਹਲਕੀਆਂ ਛਾਈਆਂ ਪੈਣ 'ਤੇ ਪੱਕੇ ਪਪੀਤੇ ਨੂੰ ਪੀਸ ਕੇ ਉਸ ਦੇ ਗੁੱਦੇ ਨੂੰ ਮਲੋ। ਲਾਭ ਹੋਵੇਗਾ।
* ਪਿਸ਼ਾਬ ਵਿਚ ਜਲਣ ਦੀ ਸ਼ਿਕਾਇਤ ਹੈ ਤਾਂ ਕੱਚੇ ਪਪੀਤੇ ਦੀ ਸਬਜ਼ੀ ਜਾਂ ਰਾਇਤਾ ਬਣਾ ਕੇ ਖਾਓ।
* ਹਾਂ, ਗਰਭਵਤੀ ਔਰਤਾਂ ਪਪੀਤੇ ਦਾ ਕਦੇ ਸੇਵਨ ਨਾ ਕਰਨ। ਇਸ ਨਾਲ ਕਦੇ-ਕਦੇ ਗਰਭਪਾਤ ਹੋ ਜਾਂਦਾ ਹੈ।

ਜ਼ਰੂਰੀ ਹੈ ਦੰਦਾਂ ਦੀ ਦੇਖਭਾਲ

ਅਕਸਰ ਲੋਕ ਦੰਦਾਂ ਦੀ ਦੇਖਭਾਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਪਰ ਦੰਦਾਂ ਨੂੰ ਤੰਦਰੁਸਤ ਰੱਖਣਾ ਮਹੱਤਵਪੂਰਨ ਹੈ, ਨਹੀਂ ਤਾਂ ਦੰਦਾਂ ਵਿਚ ਕਈ ਤਰ੍ਹਾਂ ਦੇ ਰੋਗ ਹੋ ਸਕਦੇ ਹਨ।
ਹਾਲ ਹੀ ਵਿਚ ਹੋਈ ਇਕ ਖੋਜ ਅਨੁਸਾਰ ਜਦੋਂ ਦੰਦਾਂ ਅਤੇ ਮਸੂੜਿਆਂ ਵਿਚ ਜ਼ਿਆਦਾ ਸਮੇਂ ਤੱਕ ਰੋਗ ਬਣੇ ਰਹਿਣ ਤਾਂ ਕੈਂਸਰ ਦੀ ਸੰਭਾਵਨਾ ਕਈ ਗੁਣਾ ਤੱਕ ਵਧ ਜਾਂਦੀ ਹੈ। ਕੋਲੰਬੀਆ ਵਿਸ਼ਵ ਵਿਦਿਆਲਾ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਮਸੂੜਿਆਂ ਦੇ ਰੋਗ ਹੁੰਦੇ ਹਨ, ਉਨ੍ਹਾਂ ਦੀਆਂ ਸ਼ਿਰਾਵਾਂ ਦੇ ਸੁੰਗੜਨ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ।
ਦੰਦਾਂ ਦੀ ਸਫ਼ਾਈ ਉਚਿਤ ਤਰੀਕੇ ਨਾਲ ਨਾ ਕਰਨ 'ਤੇ ਦੰਦਾਂ ਦੇ ਵਿਚਾਲੇ ਕੇਵਿਟੀ ਬਣਨ ਲਗਦੀ ਹੈ, ਜਿਸ ਨਾਲ ਭੋਜਨ ਕਰਨ 'ਤੇ ਦੰਦਾਂ ਵਿਚ ਠੰਢਾ-ਗਰਮ ਮਹਿਸੂਸ ਹੋਣ ਲਗਦਾ ਹੈ। ਦੰਦਾਂ 'ਤੇ ਜੰਮੀ ਪਲਾਕ ਵਿਚ ਸਥਿਤ ਬੈਕਟੀਰੀਆ ਨੂੰ ਜਦੋਂ ਭੋਜਨ ਨਾਲ ਸਟਾਰਚ ਅਤੇ ਸ਼ੂਗਰ ਮਿਲਦਾ ਹੈ ਤਾਂ ਇਕ ਤਰ੍ਹਾਂ ਦਾ ਐਸਿਡ ਬਣਦਾ ਹੈ, ਜਿਸ ਨਾਲ ਦੰਦਾਂ ਦੀ ਉਪਰਲੀ ਪਰਤ ਨਸ਼ਟ ਹੋਣ ਲਗਦੀ ਹੈ ਅਤੇ ਕੇਵਿਟੀ ਬਣ ਜਾਂਦੀ ਹੈ। ਅਜਿਹਾ ਹੋਣ 'ਤੇ ਛੇਤੀ ਹੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਦੰਦਾਂ ਦੇ ਆਸ-ਪਾਸ ਮਸੂੜਿਆਂ ਵਿਚੋਂ ਖੂਨ ਆਉਣਾ ਅਤੇ ਮੂੰਹ ਵਿਚੋਂ ਬਦਬੂ ਆਉਣੀ ਪਾਇਰੀਆ ਰੋਗ ਦਾ ਲੱਛਣ ਹੈ। ਪਾਇਰੀਆ ਦੇ ਕਾਰਨ ਦੰਦਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਹੌਲੀ-ਹੌਲੀ ਦੰਦਾਂ ਦਾ ਹਿਲਣਾ ਸ਼ੁਰੂ ਹੋ ਜਾਂਦਾ ਹੈ।
ਦੰਦਾਂ ਨੂੰ ਤੰਦਰੁਸਤ ਅਤੇ ਸਾਫ਼ ਰੱਖਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
* ਦੰਦਾਂ ਨੂੰ ਦਿਨ ਵਿਚ ਦੋ ਵਾਰ ਸਾਫ਼ ਕਰੋ।
* ਸਖ਼ਤ ਬੁਰਸ਼ ਦੀ ਵਰਤੋਂ ਨਾ ਕਰੋ।
* ਪਾਨ ਮਸਾਲਾ, ਤੰਬਾਕੂ ਆਦਿ ਦੇ ਸੇਵਨ ਤੋਂ ਬਚੋ।
* ਚਾਕਲੇਟ, ਮਠਿਆਈਆਂ, ਬਿਸਕੁਟ ਆਦਿ ਜ਼ਿਆਦਾ ਨਾ ਖਾਓ।
* ਜ਼ਿਆਦਾ ਖੱਟੀਆਂ, ਠੰਢੀਆਂ ਜਾਂ ਗਰਮ ਚੀਜ਼ਾਂ ਤੋਂ ਪ੍ਰਹੇਜ਼ ਕਰੋ।
* ਭੋਜਨ ਹਮੇਸ਼ਾ ਚੰਗੀ ਤਰ੍ਹਾਂ ਚਬਾ ਕੇ ਖਾਓ।
**

ਜਾਨਲੇਵਾ ਹੋ ਸਕਦੇ ਹਨ ਪੇਟ ਦੇ ਕੀੜੇ

ਪੇਟ ਦੇ ਕੀੜੇ ਭਾਵ ਗੋਲ ਕ੍ਰਿਮ ਨੂੰ ਅੰਗਰੇਜ਼ੀ ਵਿਚ ਰਾਊਂਡਵਰਮ ਕਿਹਾ ਜਾਂਦਾ ਹੈ। ਇਹ ਸਾਡੇ ਸਰੀਰ ਦੀ ਛੋਟੀ ਅੰਤੜੀ ਵਿਚ ਰਹਿੰਦੇ ਹਨ। ਇਹ ਪੇਟ ਵਿਚ ਪਲਣ ਵਾਲਾ ਸੱਪ ਵਰਗਾ ਕੀੜਾ ਹੈ। ਇਹ ਨਰ-ਮਾਦਾ ਦੋ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ। ਨਰ ਦੀ ਲੰਬਾਈ 12 ਤੋਂ 30 ਸੈਂਟੀਮੀਟਰ ਅਤੇ ਮਾਦਾ ਦੀ ਲੰਬਾਈ 2 ਤੋਂ 35 ਸੈਂਟੀਮੀਟਰ ਤੱਕ ਹੁੰਦੀ ਹੈ।
ਇਕ ਅਨੁਮਾਨ ਅਨੁਸਾਰ ਇਕ ਮਾਦਾ ਦਿਨ ਭਰ ਵਿਚ 2 ਲੱਖ 40 ਹਜ਼ਾਰ ਆਂਡੇ ਦਿੰਦੀ ਹੈ, ਜਿਨ੍ਹਾਂ ਵਿਚੋਂ ਕੁਝ ਪਖਾਨੇ ਰਾਹੀਂ ਬਾਹਰ ਨਿਕਲ ਜਾਂਦੇ ਹਨ ਅਤੇ ਇਨ੍ਹਾਂ ਦੀ ਜਗ੍ਹਾ ਨਵੇਂ ਪੈਦਾ ਹੁੰਦੇ ਹਨ, ਜੋ 2-3 ਹਫ਼ਤੇ ਵਿਚ ਸੰਕ੍ਰਮਣ ਲਈ ਤਿਆਰ ਹੋ ਜਾਂਦੇ ਹਨ।
ਇਹ ਕੀੜੇ ਭੋਜਨ ਨਲੀ ਦੀ ਦੀਵਾਰ ਵਿਚ ਦਾਖ਼ਲ ਹੋ ਕੇ ਖੂਨ ਦੇ ਨਾਲ ਫੇਫੜਿਆਂ ਵਿਚ ਪਹੁੰਚ ਜਾਂਦੇ ਹਨ ਅਤੇ ਸਾਹ ਨਲੀ ਨਾਲ ਚਿਪਕ ਜਾਂਦੇ ਹਨ, ਜੋ ਖੰਘ ਦੁਆਰਾ ਬਾਹਰ ਜਾਂਦੇ ਹਨ ਪਰ ਕਈ ਵਾਰ ਥੁੱਕ ਦੇ ਨਾਲ ਅੰਦਰ ਜਾਣ 'ਤੇ ਦੁਬਾਰਾ ਅੰਤੜੀਆਂ ਵਿਚ ਪਹੁੰਚ ਜਾਂਦੇ ਹਨ।
ਆਮ ਤੌਰ 'ਤੇ ਪੇਟ ਦੇ ਕੀੜੇ ਹੋਣ ਦਾ ਪ੍ਰਮੁੱਖ ਕਾਰਨ ਗੰਦਗੀ ਹੁੰਦਾ ਹੈ। ਅਜਿਹੇ ਹੋਟਲ ਅਤੇ ਢਾਬੇ ਆਦਿ, ਜਿਨ੍ਹਾਂ ਦੀ ਸਫ਼ਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ, ਉਥੋਂ ਬਹੁਤ ਛੇਤੀ ਪੈਦਾ ਹੁੰਦੇ ਹਨ। ਗੰਦੇ ਪਾਣੀ, ਗੰਦੇ ਹੱਥਾਂ ਅਤੇ ਧੂੜ-ਮਿੱਟੀ ਆਦਿ ਨਾਲ ਇਹ ਜ਼ਿਆਦਾ ਫੈਲਦੇ ਹਨ। ਇਹੀ ਕਾਰਨ ਹੈ ਕਿ ਇਹ ਛੋਟੇ ਬੱਚਿਆਂ ਵਿਚ ਜ਼ਿਆਦਾ ਪਾਏ ਜਾਂਦੇ ਹਨ, ਜਿਸ ਨਾਲ ਬੱਚਿਆਂ ਨੂੰ ਖੰਘ ਅਤੇ ਪੇਟ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਸ ਤੋਂ ਮੁੱਖ ਲੱਛਣ ਬੱਚੇ ਦੇ ਸਰੀਰਕ ਵਿਕਾਸ ਵਿਚ ਕਮੀ, ਪਖਾਨੇ ਰਾਹੀਂ ਕੀੜਿਆਂ ਦਾ ਬਾਹਰ ਆਉਣਾ ਅਤੇ ਕੁਪੋਸ਼ਣ ਆਦਿ ਹੋ ਸਕਦੇ ਹਨ।
ਇਹ ਕੀੜੇ ਜਾਨਲੇਵਾ ਵੀ ਹੋ ਸਕਦੇ ਹਨ। ਇਹ ਅਪੈਂਡਿਕਸ ਵਿਚ ਦਾਖ਼ਲ ਹੋ ਕੇ ਆਪਸ ਵਿਚ ਇਕੱਠੇ ਹੋ ਕੇ ਇਕ ਗੁੱਛਾ ਜਿਹਾ ਬਣਾ ਲੈਂਦੇ ਹਨ, ਜਿਸ ਨਾਲ ਅੰਤੜੀਆਂ ਦੀ ਗਤੀ ਰੁਕ ਜਾਂਦੀ ਹੈ। ਇਹ ਸਥਿਤੀ ਸਰੀਰ ਲਈ ਖ਼ਤਰਨਾਕ ਹੈ।
ਇਸ ਤੋਂ ਬਚਾਅ ਲਈ ਖੁੱਲ੍ਹੀ ਜਗ੍ਹਾ 'ਤੇ ਪਖਾਨਾ ਨਹੀਂ ਜਾਣਾ ਚਾਹੀਦਾ। ਨਹੁੰਆਂ ਨੂੰ ਹਮੇਸ਼ਾ ਕੱਟ ਕੇ ਰੱਖਣਾ ਚਾਹੀਦਾ ਹੈ। ਪਖਾਨੇ ਤੋਂ ਬਾਅਦ ਹੱਥਾਂ ਨੂੰ ਸਾਬਣ ਜਾਂ ਸੁਆਹ ਨਾਲ ਹੀ ਧੋਣਾ ਚਾਹੀਦਾ ਹੈ, ਮਿੱਟੀ ਨਾਲ ਨਹੀਂ, ਕਿਉਂਕਿ ਮਿੱਟੀ ਵਿਚ ਕੀਟਾਣੂ ਹੁੰਦੇ ਹਨ, ਜੋ ਤਰ੍ਹਾਂ-ਤਰ੍ਹਾਂ ਦੇ ਰੋਗ ਫੈਲਾਉਂਦੇ ਹਨ। ਨੰਗੇ ਪੈਰ ਘੁੰਮਣਾ ਵੀ ਹਾਨੀਕਾਰਕ ਹੈ। ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਸਲਾਦ ਅਤੇ ਸਬਜ਼ੀਆਂ ਨੂੰ ਚੀਰਨ ਤੋਂ ਪਹਿਲਾਂ ਸ਼ੁੱਧ ਪਾਣੀ ਨਾਲ ਧੋਣਾ ਜ਼ਰੂਰੀ ਹੈ।
ਇਸ ਤੋਂ ਇਲਾਵਾ ਪੇਟ ਵਿਚ ਕੀੜੇ ਹੋਣ ਦਾ ਅਹਿਸਾਸ ਹੁੰਦੇ ਹੀ ਉਚਿਤ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਵਾਸਤੇ ਹੇਠ ਲਿਖੇ ਉਪਾਅ ਵੀ ਕੀਤੇ ਜਾ ਸਕਦੇ ਹਨ-
* ਸਵੇਰੇ ਖਾਲੀ ਪੇਟ ਟਮਾਟਰ ਵਿਚ ਪੀਸੀ ਹੋਈ ਕਾਲੀ ਮਿਰਚ ਲਗਾ ਕੇ ਖਾਓ।
* 3 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਅਜ਼ਵੈਣ ਦਾ ਚੂਰਨ ਅਤੇ ਗੁੜ ਬਰਾਬਰ ਮਾਤਰਾ ਵਿਚ ਲੈ ਕੇ ਗੋਲੀ ਬਣਾ ਕੇ ਦਿਨ ਵਿਚ ਤਿੰਨ ਵਾਰ ਖਵਾਉਣ ਨਾਲ ਲਾਭ ਹੁੰਦਾ ਹੈ।
* 1/2 ਗ੍ਰਾਮ ਅਜ਼ਵੈਣ ਦੇ ਚੂਰਨ ਵਿਚ ਚੁਟਕੀ ਕੁ ਕਾਲਾ ਨਮਕ ਮਿਲਾ ਕੇ ਰਾਤ ਨੂੰ ਗਰਮ ਪਾਣੀ ਨਾਲ ਪਿਲਾਉਣ ਨਾਲ ਬੱਚਿਆਂ ਦੇ ਪੇਟ ਦੇ ਕੀੜੇ ਦੂਰ ਹੁੰਦੇ ਹਨ।
* ਸਵੇਰੇ ਉਠਦੇ ਹੀ 10 ਗ੍ਰਾਮ (ਵੱਡਿਆਂ ਲਈ 25 ਗ੍ਰਾਮ) ਗੁੜ ਖਾ ਕੇ 15 ਮਿੰਟ ਤੱਕ ਆਰਾਮ ਕਰੋ ਅਤੇ ਫਿਰ ਅੱਧਾ ਗ੍ਰਾਮ (ਵੱਡਿਆਂ ਲਈ 2 ਗ੍ਰਾਮ) ਅਜ਼ਵੈਣ ਦਾ ਚੂਰਨ ਬੇਹੇ ਪਾਣੀ ਨਾਲ ਲਓ। ਇਸ ਨਾਲ ਪੇਟ ਦੇ ਕੀੜੇ ਪਖਾਨੇ ਰਾਹੀਂ ਬਾਹਰ ਨਿਕਲ ਜਾਣਗੇ।
**

ਸਿਹਤ ਖ਼ਬਰਨਾਮਾ

ਕਾਰਬਨ ਦੇ ਕਣ ਹਨ ਕੈਂਸਰ ਕਾਰਕ

ਵਾਤਾਵਰਨ ਵਿਚ ਮੌਜੂਦ ਸਾਰੇ ਤਰ੍ਹਾਂ ਧੂੰਏਂ ਵਿਚ ਕਾਰਬਨ ਦੇ ਕਣਾਂ ਦੀ ਮਾਤਰਾ ਘੱਟ ਜਾਂ ਵੱਧ ਹੁੰਦੀ ਹੈ। ਘਰ ਦੇ ਚੁੱਲ੍ਹੇ ਦਾ ਧੂੰਆਂ ਹੋਵੇ, ਵਾਹਨਾਂ ਦਾ ਧੂੰਆਂ ਹੋਵੇ, ਸਿਗਰਟ ਦਾ ਧੂੰਆਂ ਹੋਵੇ ਜਾਂ ਕਾਰਖਾਨਿਆਂ ਵਿਚੋਂ ਨਿਕਲਦਾ ਧੂੰਆਂ ਹੋਵੇ, ਇਸ ਵਿਚ ਕਾਰਬਨ ਦੇ ਕਣਾਂ ਦੀ ਮਾਤਰਾ ਹੁੰਦੀ ਹੈ। ਇਹ ਕਿਸੇ ਵਿਚ ਘੱਟ ਤੇ ਕਿਸੇ ਵਿਚ ਜ਼ਿਆਦਾ ਹੁੰਦੀ ਹੈ। ਕਾਰਬਨ ਦੇ ਕਣਾਂ ਦੀ ਘੱਟ ਮਾਤਰਾ ਨੂੰ ਸਾਡਾ ਸਰੀਰ ਬਰਦਾਸ਼ਤ ਕਰ ਲੈਂਦਾ ਹੈ ਪਰ ਕਾਰਬਨ ਦੇ ਕਣਾਂ ਦੀ ਬਹੁਤਾਤ ਦੀ ਸਥਿਤੀ ਵਿਚ ਸਾਹ-ਤੰਤਰ ਅਤੇ ਫੇਫੜਿਆਂ ਨੂੰ ਮੁਸ਼ਕਿਲ ਹੋਣ ਲਗਦੀ ਹੈ।
ਸਭ ਤੋਂ ਪਹਿਲਾਂ ਇਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਸਾਹ ਲੈਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਲਗਾਤਾਰ ਕਾਰਬਨ ਦੇ ਕਣਾਂ ਵਾਲੀ ਜਗ੍ਹਾ 'ਤੇ ਰਹਿਣ ਨਾਲ ਸਾਹ-ਤੰਤਰ ਅਤੇ ਫੇਫੜਿਆਂ ਵਿਚ ਇਨ੍ਹਾਂ ਕਾਰਬਨ ਦੇ ਕਣਾਂ ਦਾ ਜਮਾਅ ਸ਼ੁਰੂ ਹੋ ਜਾਂਦਾ ਹੈ। ਸਰੀਰ ਦੇ ਜਿਸ ਭਾਗ ਵਿਚ ਇਹ ਜ਼ਿਆਦਾ ਮਾਤਰਾ ਵਿਚ ਜਮ੍ਹਾਂ ਹੁੰਦੇ ਹਨ, ਉਥੇ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਸਾਰੇ ਕੈਂਸਰ ਮਾਹਿਰ ਇਸ ਕਾਰਬਨ ਦੇ ਕਣਾਂ ਨੂੰ ਹੀ ਅਜਿਹੇ ਮਾਮਲਿਆਂ ਵਿਚ ਕੈਂਸਰ ਕਾਰਕ ਤੱਤ ਮੰਨਦੇ ਹਨ।
ਕੋਲੈਸਟ੍ਰੋਲ ਦੀ ਦਵਾਈ ਹੈ ਸੋਇਆਬੀਨ

ਸੋਇਆਬੀਨ ਨੂੰ ਦਾਲਾਂ ਦੀ ਕਿਸਮ ਵਿਚ ਰੱਖਿਆ ਗਿਆ ਹੈ। ਇਹ ਪ੍ਰੋਟੀਨ ਦਾ ਸ੍ਰੇਸ਼ਠ ਭੰਡਾਰ ਹੈ। ਇਸ ਵਿਚ ਮਾਸ ਦੇ ਬਰਾਬਰ ਪ੍ਰੋਟੀਨ ਹੁੰਦੀ ਹੈ। ਸੋਇਆਬੀਨ ਨਾਲ ਅਨੇਕ ਤਰ੍ਹਾਂ ਦੇ ਖਾਧ ਪਦਾਰਥ ਬਣਾਏ ਜਾਂਦੇ ਹਨ। ਇਸ ਦਾ ਤੇਲ ਵੀ ਬਣਾਇਆ ਜਾਂਦਾ ਹੈ। ਸੋਇਆਬੀਨ ਸਾਰੇ ਰੂਪਾਂ ਵਿਚ ਸਿਹਤ ਲਈ ਲਾਭਦਾਇਕ ਹੈ। ਖੂਬੀਆਂ ਵਾਲੀ ਇਹ ਸੋਇਆਬੀਨ ਹੁਣ ਸਾਡੇ ਖਾਣ-ਪੀਣ ਵਿਚ ਵੱਖ-ਵੱਖ ਰੂਪਾਂ ਵਿਚ ਸ਼ਾਮਿਲ ਹੋ ਗਈ ਹੈ। ਇਸ ਵਿਚ ਕੈਂਸਰ ਨਾਸ਼ਕ ਗੁਣ ਹਨ। ਇਹ ਕੈਂਸਰ ਦੇ ਖ਼ਤਰਿਆਂ ਨੂੰ ਘੱਟ ਕਰਦਾ ਹੈ। ਇਹ ਕੈਂਸਰ ਦੇ ਪੱਧਰ ਨੂੰ ਦਵਾਈ ਵਾਂਗ ਘੱਟ ਕਰਦਾ ਹੈ। ਇਸ ਵਿਚ ਉੱਤਮ ਪੋਸ਼ਣ ਅਤੇ ਸਿਹਤ ਲਾਭ ਲਈ ਸਾਰੇ ਤੱਤ ਮੌਜੂਦ ਹਨ। ਇਸ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਫੈਟ ਤਿੰਨੋਂ ਤੱਤ ਰਹਿੰਦੇ ਹਨ। ਸੋਇਆਬੀਨ ਵਿਚ ਪ੍ਰੋਟੀਨ, ਕੈਲਸ਼ੀਅਮ, ਫੋਲਿਕ ਐਸਿਡ ਆਦਿ ਪਾਏ ਜਾਂਦੇ ਹਨ। ਇਸ ਨਾਲ ਡੇਅਰੀ ਉਤਪਾਦ, ਬੇਕਰੀ ਆਈਟਮ, ਫਾਸਟ ਫੂਡ ਬਣਾਏ ਜਾਂਦੇ ਹਨ। ਇਸ ਦੇ ਤੇਲ ਨੂੰ ਸਾਫ਼ ਕਰਕੇ ਉੱਤਮ ਕਿਸਮ ਦਾ ਕੁਕਿੰਗ ਆਇਲ ਬਣਾਇਆ ਜਾਂਦਾ ਹੈ। ਹੁਣ ਇਸ ਦਾ ਤੇਲ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਹੈ। ਇਹ ਕੋਲੈਸਟ੍ਰੋਲ ਦੀ ਦਵਾਈ ਵਾਂਗ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX