ਤਾਜਾ ਖ਼ਬਰਾਂ


ਪੁਲਿਸ ਚੈਕਿੰਗ ਦੌਰਾਨ ਕਾਰ ਛੱਡ ਫ਼ਰਾਰ ਹੋਏ ਗੈਂਗਸਟਰ
. . .  1 day ago
ਜਲੰਧਰ, 23 ਫਰਵਰੀ - ਜਲੰਧਰ-ਫਗਵਾੜਾ ਮੁੱਖ ਜੀ.ਟੀ ਰੋਡ 'ਤੇ ਪਰਾਗਪੁਰ ਵਿਖੇ ਪੁਲਿਸ ਚੈਕਿੰਗ ਦੌਰਾਨ ਤਿੰਨ ਦੇ ਕਰੀਬ ਗੈਂਗਸਟਰ ਇਨੋਵਾ ਕਾਰ ਛੱਡ ਕੇ ਜਮਸ਼ੇਰ ਵੱਲ ਨੂੰ ਫ਼ਰਾਰ...
ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  1 day ago
ਫ਼ਿਰੋਜਪੁਰ 23 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਹਿੰਦ ਪਾਕਿ ਕੌਮੀ ਸਰਹੱਦ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਕੀ ਸ਼ਾਮੇ ਕੇ ਦੇ ਖੇਤਰ ਵਿਚੋਂ 136 ਬਟਾਲੀਅਨ ਬੀਐਸਐਫ...
ਰਾਮ ਵਿਲਾਸ ਪਾਸਵਾਨ ਵੱਲੋਂ ਪੰਜਾਬ ਹਰਿਆਣਾ ਦੇ ਐਫ.ਸੀ.ਆਈ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਜ਼ੀਰਕਪੁਰ, 23 ਫਰਵਰੀ, (ਹਰਦੀਪ ਹੈਪੀ ਪੰਡਵਾਲਾ) - ਕੇਂਦਰੀ ਖਪਤਕਾਰ ਮਾਮਲੇ , ਖਾਦ ਅਤੇ ਸਰਵਜਨਕ ਵਿਤਰਨ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਪਟਿਆਲਾ - ਜ਼ੀਰਕਪੁਰ ਸੜਕ...
ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  1 day ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  1 day ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  1 day ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  1 day ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  1 day ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਹੋਰ ਖ਼ਬਰਾਂ..

ਲੋਕ ਮੰਚ

ਕਿਸਾਨਾਂ ਦੀ ਹਾਲਤ ਸਬੰਧੀ ਸੁਚੇਤ ਹੋਣ ਸਰਕਾਰਾਂ

ਅਨਾਜ ਦੇ ਉਤਪਾਦਨ ਵਿਚ ਜੇ ਅਸੀਂ ਆਤਮ-ਨਿਰਭਰ ਹੋਏ ਹਾਂ ਤਾਂ ਕਿਸਾਨ ਦੀ ਮਿਹਨਤ ਦਾ ਹੀ ਨਤੀਜਾ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਦਾ ਮੁੱਲ ਪਾਉਣ ਦੀ ਦਿਲੋਂ ਕੋਸ਼ਿਸ਼ ਨਹੀਂ ਕੀਤੀ। ਵੱਡੇ-ਵੱਡੇ ਉਦਯੋਗਪਤੀਆਂ ਲਈ ਤਾਂ ਖਜ਼ਾਨੇ ਖੁੱਲ੍ਹੇ ਹਨ ਉਹ ਚਾਹੇ ਦੇਸ਼ ਦੇ ਧਨ ਦੀ ਸਹੀ ਵਰਤੋਂ ਕਰਨ ਜਾਂ ਨਾ, ਕੋਈ ਪੁੱਛਣ ਵਾਲਾ ਨਹੀਂ। ਕਰੋੜਾਂ ਰੁਪਏ ਲੈ ਕੇ ਵਿਦੇਸ਼ ਜਾਣ, ਗ਼ਰੀਬਾਂ ਨੂੰ ਲੁੱਟਣ ਲਿਤਾੜਨ ਕੋਈ ਪ੍ਰਵਾਹ ਨਹੀਂ। ਇਸ ਸਮੇਂ ਕਿਸਾਨੀ ਦੀ ਹਾਲਤ ਬੜੀ ਨਾਜ਼ੁਕ ਹੈ। ਇਹ ਦੂਹਰੀ ਮਾਰ ਦੀ ਸ਼ਿਕਾਰ ਹੈ। ਫਸਲਾਂ ਦੇ ਮੁੱਲ ਵਿਚ ਨਾਮਾਤਰ ਦਾ ਵਾਧਾ ਹੋ ਰਿਹਾ ਪਰ ਖੇਤੀਬਾੜੀ ਨਾਲ ਸਬੰਧਿਤ ਖਰਚੇ ਬਹੁਤ ਜ਼ਿਆਦਾ ਵਧ ਗਏ ਹਨ। ਡੀਜ਼ਲ, ਖਾਦ, ਦਵਾਈਆਂ, ਮਸ਼ੀਨਰੀ ਦੀਆਂ ਵਧੀਆਂ ਕੀਮਤਾਂ ਨੇ ਕਿਸਾਨਾਂ ਦਾ ਹੋਰ ਲੱਕ ਤੋੜ ਦਿੱਤਾ ਹੈ। ਖੇਤੀਬਾੜੀ ਕੁਦਰਤ ਦੇ ਰਹਿਮੋ-ਕਰਮ ਉੱਤੇ ਵੀ ਨਿਰਭਰ ਹੈ। ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਕੋਈ ਠੋਸ ਯੋਜਨਾਵਾਂ ਨਹੀਂ। ਖਾਨਾਪੂਰਤੀ ਕਰਕੇ ਹੀ ਕੰਮ ਸਾਰ ਦਿੱਤਾ ਜਾਂਦਾ ਹੈ। ਫਸਲਾਂ, ਫਲਾਂ, ਸਬਜ਼ੀਆਂ ਦੀ ਕੀਮਤ ਉਸ ਉੱਤੇ ਆਉਣ ਵਾਲੇ ਖਰਚੇ ਮੁਤਾਬਕ ਨਿਰਧਾਰਿਤ ਨਹੀਂ। ਜ਼ਿਆਦਾਤਰ ਤਾਂ ਸਬਜ਼ੀਆਂ ਦੀ ਕੀਮਤ ਵੀ ਤੈਅ ਨਾ ਹੋਣ ਕਾਰਨ ਕਿਸਾਨ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ, ਸਗੋਂ ਨੁਕਸਾਨ ਹੋ ਜਾਂਦਾ ਹੈ। ਜਦੋਂ ਵਾਰ-ਵਾਰ ਇਸ ਤਰ੍ਹਾਂ ਹੋਵੇਗਾ ਤਾਂ ਖੇਤੀ ਕਰਨ ਨੂੰ ਕਿਸ ਦਾ ਮਨ ਕਰੇਗਾ। ਸੁਆਮੀਨਾਥਨ ਰਿਪੋਰਟ ਲਾਗੂ ਕਰਨ ਲਈ ਕਿੰਨੀ ਵਾਰ ਸਮੇਂ ਦੀਆਂ ਸਰਕਾਰਾਂ ਤੱਕ ਗੱਲ ਪਹੁੰਚੀ ਪਰ ਲਾਗੂ ਕਰਨ ਨੂੰ ਕੋਈ ਤਿਆਰ ਨਹੀਂ। ਅਜਿਹੀਆਂ ਠੋਸ ਨੀਤੀਆਂ ਕਿਉਂ ਨਹੀਂ ਬਣਾਈਆਂ ਜਾਂਦੀਆਂ ਕਿ ਕਿਸਾਨ ਸਿੱਧੇ ਰੂਪ ਵਿਚ ਆਪਣੀਆਂ ਫ਼ਸਲਾਂ, ਸਬਜ਼ੀਆਂ, ਫਲਾਂ ਨੂੰ ਆਪਣੇ ਮੁਨਾਫ਼ੇ ਨੂੰ ਮੁੱਖ ਰੱਖ ਕੇ ਵੇਚ ਸਕੇ। ਫੂਡ ਪ੍ਰੋਸੈਸਿੰਗ ਦੀਆਂ ਯੂਨਿਟਾਂ ਲਗਾ ਕੇ ਕਿਸਾਨੀ ਨੂੰ ਇਸ ਵਿਚ ਸ਼ਾਮਿਲ ਕਿਉਂ ਨਹੀਂ ਕੀਤਾ ਜਾਂਦਾ। ਅਸੀਂ ਬਹੁਤ ਕੁਝ ਆਪਣੇ ਦੇਸ਼ ਵਿਚ ਤਿਆਰ ਕਰ ਸਕਦੇ ਹਾਂ ਤਾਂ ਫਿਰ ਵਿਦੇਸ਼ਾਂ ਨੂੰ ਆਪਣਾ ਧਨ ਲੁਟਾਉਣ ਦੀ ਕੀ ਲੋੜ ਹੈ? ਅਸੀਂ ਅਜੇ ਤੱਕ ਕਿਉਂ ਸਮਰੱਥ ਨਹੀਂ ਕਿ ਸਾਡੀਆਂ ਫ਼ਸਲਾਂ, ਫਲਾਂ, ਸਬਜ਼ੀਆਂ ਨੂੰ ਵੱਡੇ ਪੱਧਰ ਉੱਤੇ ਗੁਆਂਢੀ ਦੇਸ਼ਾਂ ਨੂੰ ਭੇਜ ਕੇ ਵਪਾਰ ਵਧਾਇਆ ਜਾਵੇ। ਅਜੋਕੇ ਸਮੇਂ ਤਾਂ ਬਾਜ਼ਾਰੀਕਰਨ, ਤੇਜ਼ ਤਰਾਰ ਪਦਾਰਥਕ ਯੁੱਗ ਵਿਚ ਕਿਸਾਨਾਂ ਦੇ ਬੱਚੇ ਵੀ ਖੇਤੀਬਾੜੀ ਤੋਂ ਮੂੰਹ ਮੋੜ ਕੇ ਜਾਂ ਵਿਦੇਸ਼ ਜਾਣਾ ਚਾਹੁੰਦੇ ਹਨ। ਹੁਣ ਤਾਂ ਟਰੈਕਟਰ ਵੀ ਪਰਵਾਸੀ ਮਜ਼ਦੂਰ ਚਲਾਉਂਦੇ ਹਨ। ਨਵੀਂ ਪੀੜ੍ਹੀ ਖੇਤੀ ਤੋਂ ਦੂਰ ਹੋ ਰਹੀ ਹੈ, ਫਿਰ ਪੰਜਾਬ ਦੀ ਖੇਤੀ ਦਾ ਕੀ ਭਵਿੱਖ ਹੋਵੇਗਾ, ਇਹ ਚਿੰਤਾ ਵਾਲੀ ਗੱਲ ਹੈ। ਕੁਝ ਕਿਸਾਨ ਨੂੰ ਵੀ ਜਾਗਰੂਕ ਹੋਣਾ ਪਵੇਗਾ। ਖ਼ਾਸ ਤੌਰ ਉੱਤੇ ਪੰਜਾਬ ਦੇ ਕਿਸਾਨ ਨੂੰ ਕੀ ਉਹ ਜੋ ਦਿਖਾਵਿਆਂ ਦੇ ਚੱਕਰ ਵਿਚ, ਬੇਲੋੜੀਆਂ ਇੱਛਾਵਾਂ ਦੇ ਵੱਸ ਪੈ ਕੇ ਆਪਣੀ ਚਾਦਰ ਦੇਖ ਕੇ ਪੈਰ ਪਸਾਰਨ। ਆਪਣੇ ਮਿਹਨਤੀ ਸੁਭਾਅ ਨੂੰ ਕਾਇਮ ਰੱਖਣਾ ਪਵੇਗਾ। ਸੰਘਰਸ਼ ਹੀ ਜ਼ਿੰਦਗੀ ਹੈ ਤਾਂ ਆਪਣੇ ਹੱਕਾਂ ਲਈ ਸੰਘਰਸ਼ ਵੀ ਕਰਨਾ ਪਵੇਗਾ। ਸਮੇਂ ਦੀਆਂ ਸਰਕਾਰਾਂ ਵੀ ਜਾਗਣ ਕਿ ਜੇ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲਣਾ ਹੈ ਤਾਂ ਠੋਸ ਨੀਤੀਆਂ ਬਣਾ ਕੇ ਅਮਲ ਵਿਚ ਲਿਆਉਣੀਆਂ ਪੈਣਗੀਆਂ। ਕਿਸਾਨ ਦਾ ਸਿੱਖਿਅਤ ਹੋਣਾ ਵੀ ਜ਼ਰੂਰੀ ਹੈ। ਆਓ! ਦੇਸ਼ ਦੀ ਖੁਸ਼ਹਾਲੀ ਲਈ ਕਿਸਾਨੀ ਦੇ ਜੀਵਨ ਨੂੰ ਖ਼ੁਸ਼ਹਾਲ ਬਣਾਉਣ ਲਈ ਹੰਭਲੇ ਮਾਰੀਏ।

-ਗੋਬਿੰਦਗੜ੍ਹ ਪਬਲਿਕ ਕਾਲਜ, ਅਲੌੜ, ਖੰਨਾ।
ਮੋਬਾਈਲ : 99146-00690.


ਖ਼ਬਰ ਸ਼ੇਅਰ ਕਰੋ

ਨਕਲ ਰੋਕਣ ਲਈ ਅਧਿਆਪਕ ਤੇ ਮਾਪੇ ਸਹਿਯੋਗ ਦੇਣ

ਪੰਜਾਬ ਵਿਚ ਲੋਕ ਮੁਹਾਵਰਾ ਬਣ ਗਿਆ ਹੈ ਕਿ ਛੇਵਾਂ ਦਰਿਆ ਨਸ਼ਿਆਂ ਦਾ ਵਹਿੰਦਾ ਹੈ ਪਰ ਜੋ ਸੱਤਵਾਂ ਦਰਿਆ ਸਕੂਲੀ ਵਿੱਦਿਆ ਦੌਰਾਨ ਬੋਰਡ ਦੇ ਇਮਤਿਹਾਨਾਂ ਵਿਚ ਨਕਲ ਦਾ ਵਹਿੰਦਾ ਹੈ, ਇਸ ਬਾਰੇ ਵੀ ਸੁਹਿਰਦਤਾ ਨਾਲ ਸੋਚਣਾ ਜ਼ਰੂਰੀ ਸੀ ਤੇ ਜ਼ਰੂਰੀ ਹੈ। ਭਾਵੇਂ ਸਾਡੇ ਸਿੱਖਿਆ ਸ਼ਾਸਤਰੀ ਤੇ ਸੁਹਿਰਦ ਪੰਜਾਬੀ ਇਸ ਬਾਰੇ ਚਿੰਤਨ ਵੀ ਰਹੇ ਹਨ ਤੇ ਚਿੰਤਨ ਵੀ ਹੋਇਆ ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਬੀਤੇ ਸਾਲ ਸੈਸ਼ਨ 2017-18 ਵਿਚ ਇਕ ਚੰਗੀ ਸ਼ੁਰੂਆਤ ਹੋਈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੁਹਿਰਦ ਪ੍ਰਬੰਧਕਾਂ ਨੇ ਲੰਬੇ ਸਮੇਂ ਤੋਂ ਵਹਿਣ ਬਣਾ ਚੁੱਕੇ ਨਕਲ ਦੇ ਦਰਿਆ ਨੂੰ ਰੋਕਣ ਲਈ ਵੱਡਾ ਉੱਦਮ ਕੀਤਾ ਤੇ ਸਫ਼ਲਤਾ ਵੀ ਪ੍ਰਾਪਤ ਹੋਈ। ਇਸ ਲਈ ਸਮੂਹ ਮਾਪਿਆਂ ਤੇ ਅਧਿਆਪਕਾਂ ਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਕਿਉਂਕਿ ਕਿਸੇ ਸਮਾਜ ਲਈ ਬੌਧਿਕ ਕੰਗਾਲੀ ਸਭ ਤੋਂ ਖ਼ਤਰਨਾਕ ਹੁੰਦੀ ਹੈ ਜਿਸ ਦਾ ਸ਼ਿਕਾਰ ਵੱਡੀ ਪੱਧਰ 'ਤੇ ਸਾਡੇ ਨਕਲਚੀ ਵਿਦਿਆਰਥੀ ਹੋਏ। ਇਸ ਤਰ੍ਹਾਂ ਨਕਲ ਕਰਕੇ 10-12 ਜਮਾਤਾਂ ਪਾਸ ਕਰ ਲੈਣੀਆਂ ਕੋਈ ਅਰਥ ਨਹੀਂ ਰੱਖਦੀਆਂ। ਜੇਕਰ ਸਕੂਲੀ ਵਿੱਦਿਆ ਦੌਰਾਨ ਵਿਦਿਆਰਥੀਆਂ ਦੇ ਮਿਹਨਤੀ ਸੁਭਾਅ ਹੋਣਗੇ ਤਾਂ ਭਵਿੱਖ ਵਿਚ ਵੀ ਮਿਹਨਤ ਕਰਨਗੇ। ਮੰਗਵੇਂ ਖੰਭਾਂ ਨਾਲ ਕਦੀ ਉੱਚੀਆਂ ਉਡਾਰੀਆਂ ਨਹੀਂ ਲਾਈਆਂ ਜਾਂਦੀਆਂ। ਇਸ ਲਈ ਉਚੇਰੀ ਵਿੱਦਿਆ ਤੇ ਮੁਕਾਬਲੇ ਦੀ ਪ੍ਰਤੀਯੋਗਤਾ ਵਿਚ ਅਜਿਹੇ ਵਿਦਿਆਰਥੀ ਅਸਫ਼ਲ ਰਹੇ। ਹੁਣ ਇਸ ਸਾਲ ਸੈਸ਼ਨ 2018-19 ਦੇ ਬੋਰਡ ਦੇ ਸਾਲਾਨਾ ਇਮਤਿਹਾਨ ਪਹਿਲੀ ਮਾਰਚ ਤੋਂ ਸ਼ੁਰੂ ਹੋ ਰਹੇ ਹਨ, ਨਕਲ ਦੇ ਰੁਝਾਨ ਨੂੰ ਰੋਕਣ ਲਈ ਬੋਰਡ ਦੇ ਪ੍ਰਬੰਧਕਾਂ ਨੇ ਬੀਤੇ ਸਾਲ ਦੀ ਤਰ੍ਹਾਂ ਚੰਗੇ ਪ੍ਰਬੰਧ ਕੀਤੇ ਹਨ। ਵਿਦਿਆਰਥੀ ਵਰਗ ਤੇ ਮਾਪੇ ਵੀ ਸੋਚਣ ਕਿ ਨਕਲ ਵਿੱਦਿਆ ਲਈ ਖ਼ਤਰਨਾਕ ਰੋਗ ਹੈ ਤੇ ਇਸ ਦਾ ਇਲਾਜ ਜ਼ਰੂਰੀ ਹੈ। ਇਸ ਲਈ ਸਮੂਹ ਮਾਪਿਆਂ, ਅਧਿਆਪਕਾਂ, ਪ੍ਰਬੰਧਕਾਂ ਤੇ ਹਰੇਕ ਕੇਂਦਰ ਚਲਾ ਰਹੇ ਅਮਲੇ ਨੂੰ ਨਕਲ ਰੋਕਣ ਲਈ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜੇਕਰ ਵਿਦਿਆਰਥੀ ਵਰਗ ਪੜ੍ਹਨ ਨੂੰ ਆਪਣਾ ਧਰਮ ਜਾਂ ਕਿਰਤ ਸਮਝੇਗਾ ਤਾਂ ਹੀ ਇਸ ਦਾ ਭਲਾ ਹੋਵੇਗਾ। ਗਮਲਿਆਂ ਦੇ ਬੂਟੇ ਬਣਨ ਨਾਲੋਂ, ਡੂੰਘੀਆਂ ਜੜ੍ਹਾਂ ਵਾਲੇ ਉੱਚੇ ਰੁੱਖ ਬਣੋ, ਇਹ ਸਾਡੀ ਕਾਮਨਾ ਤੇ ਭਾਵਨਾ ਹੈ।

-ਪ੍ਰਿੰਸੀਪਲ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ।

ਮਾਣ-ਮੱਤੇ ਅਧਿਆਪਕ-27

ਕੌਮੀ ਪੱਧਰ ਤੱਕ ਵਿਗਿਆਨ ਪ੍ਰਦਰਸ਼ਨੀਆਂ ਦਾ ਸ਼ਿੰਗਾਰ ਰਹੇ-ਜੋਗਿੰਦਰ ਸਿੰਘ ਲੋਹਾਮ

ਅਧਿਆਪਨ ਇਕ ਕਿੱਤਾ ਹੀ ਨਹੀਂ ਇਕ ਸਾਧਨਾ ਵੀ ਹੈ ਇਕ ਮਿਸ਼ਨ ਵੀ ਹੈ। ਇਕ ਅਧਿਆਪਕ ਆਪਣੀ ਜ਼ਿੰਦਗੀ ਦੇ ਨਾਲ-ਨਾਲ ਸੈਂਕੜੇ ਬੱਚਿਆਂ ਦੀ ਜ਼ਿੰਦਗੀ ਵੀ ਜਿਊਂਦਾ ਹੈ। ਅਧਿਆਪਕ ਲਈ ਉਸ ਦੇ ਵਿਦਿਆਰਥੀਆਂ ਦਾ ਸਫ਼ਲ ਹੋਣਾ ਉਨ੍ਹਾਂ ਦਾ ਜੀਵਨ ਦੇ ਉੱਚੇ ਮੁਕਾਮ 'ਤੇ ਪਹੁੰਚ ਜਾਣਾ ਹੀ ਅਸਲ ਪੁਰਸਕਾਰ ਹੁੰਦਾ ਹੈ। ਅਧਿਆਪਨ ਦੇ ਪਾਕ-ਪਵਿੱਤਰ ਕਿੱਤੇ ਨੂੰ ਆਪਣੇ ਜੀਵਨ ਵਿਚ ਮਿਸ਼ਨ ਦੀ ਤਰ੍ਹਾਂ ਲੈ ਕੇ ਚੱਲਣ ਵਾਲੇ ਸ: ਜੋਗਿਦਰ ਸਿੰਘ ਲੋਹਾਮ ਦਾ ਜਨਮ ਇਕ ਸਾਧਾਰਨ ਪਰਿਵਾਰ ਵਿਚ ਹੋਇਆ ਉਨ੍ਹਾਂ ਨੇ ਬਚਪਨ ਤੋਂ ਹੀ ਮਿਹਨਤ, ਹਿੰਮਤ ਤੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਭਾਵੇਂ ਉਨ੍ਹਾਂ ਨੂੰ ਬਚਪਨ ਵਿਚ ਵੱਡੀਆਂ ਸਹੂਲਤਾਂ ਦੀ ਘਾਟ ਰਹੀ ਪਰ ਫਿਰ ਵੀ ਉਨ੍ਹਾਂ ਨੇ ਮਿਹਨਤ ਨਾਲ ਉਹ ਸਾਰੇ ਮੁਕਾਮ ਹਾਸਲ ਕੀਤੇ ਜਿਹੜੇ ਵਧੇਰੇ ਸਹੂਲਤਾਂ ਵਾਲੇ ਵਿਦਿਆਰਥੀ ਵੀ ਪ੍ਰਾਪਤ ਨਹੀਂ ਕਰ ਪਾਉਂਦੇ। ਸ: ਜੋਗਿੰਦਰ ਸਿੰਘ ਲੋਹਾਮ ਦਾ ਜਨਮ 15 ਜੂਨ, 1944 ਨੂੰ ਪਿਤਾ ਸ: ਕਿਸ਼ਨ ਸਿੰਘ ਅਤੇ ਮਾਤਾ ਸ੍ਰੀਮਤੀ ਰਾਮ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਮੁਢਲੀ ਪੜ੍ਹਾਈ ਕਰਨ ਉਪਰੰਤ ਹਾਇਰ ਸੈਕੰਡਰੀ ਸਕੂਲ ਮੋਗਾ, ਐਸ.ਡੀ. ਕਾਲਜ ਮੋਗਾ ਤੋਂ ਉੱਚ ਵਿੱਦਿਆ ਹਾਸਲ ਕਰ ਕੇ ਬੀ.ਐੱਡ ਦੀ ਸਿੱਖਿਆ ਡੀ.ਐਮ. ਕਾਲਜ ਮੋਗਾ ਤੋਂ ਕੀਤੀ। ਉਨ੍ਹਾਂ ਨੇ ਆਪਣਾ ਅਧਿਆਪਨ ਦਾ ਸਫ਼ਰ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਤੋਂ ਬਤੌਰ ਵਿਗਿਆਨ ਮਾਸਟਰ ਸ਼ੁਰੂ ਕੀਤਾ। ਫਿਰ ਸਾਲ 1967 ਵਿਚ ਸਰਕਾਰੀ ਹਾਈ ਸਕੂਲ ਭੜਾਣਾ ਜ਼ਿਲ੍ਹਾ ਫ਼ਿਰੋਜ਼ਪੁਰ, ਸਰਕਾਰੀ ਹਾਈ ਸਕੂਲ ਡਾਲਾ ਮੋਗਾ ਆਦਿ ਸਕੂਲਾਂ ਵਿਚ ਸੇਵਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਗਿਆਨ ਵੰਡਿਆ। ਸਰਕਾਰੀ ਹਾਈ ਸਕੂਲ ਬੱਧਨੀ ਖੁਰਦ ਵਿਖੇ ਉਨ੍ਹਾਂ ਨੇ ਬਤੌਰ ਮੁੱਖ ਅਧਿਆਪਕ ਸੇਵਾਵਾਂ ਦਿੱਤੀਆਂ ਅਤੇ ਇਥੇ ਹੀ ਉਹ ਸੇਵਾ ਮੁਕਤ ਹੋਏ ਅਤੇ ਉਨ੍ਹਾਂ ਅੰਦਰ ਬੱਚਿਆਂ ਦੀ ਭਲਾਈ ਲਈ ਏਨਾ ਜਜ਼ਬਾ ਹੈ ਕਿ ਉਨ੍ਹਾਂ ਨੇ ਸੇਵਾ ਮੁਕਤੀ ਤੋਂ ਬਾਅਦ ਵੀ ਸੰਤ ਨਾਮਦੇਵ ਪਬਲਿਕ ਸਕੂਲ ਮੋਗਾ ਵਿਚ ਬਤੌਰ ਪ੍ਰਿੰਸੀਪਲ ਸੇਵਾ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕੀਤੀ। ਬੱਚਿਆਂ ਤੇ ਸਾਥੀ ਅਧਿਆਪਕਾਂ ਦੀ ਮਦਦ ਨਾਲ ਵਿਗਿਆਨ ਪ੍ਰਦਰਸ਼ਨੀਆਂ ਵਿਚ ਭਾਗ ਲੈਣਾ ਤੇ ਇਨਾਮ ਪ੍ਰਾਪਤ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਰਿਹਾ ਹੈ। ਤਹਿਸੀਲ ਪੱਧਰ ਤੋਂ ਲੈ ਕੇ ਕੌਮੀ ਪੱਧਰ ਤੱਕ ਉਹ ਵਿਗਿਆਨ ਪ੍ਰਦਰਸ਼ਨੀਆਂ ਵਿਚ ਨਾਮਣਾ ਖੱਟ ਚੁੱਕੇ ਹਨ। ਸਮਾਜ ਸੇਵਾ ਦਾ ਵੱਡਾ ਸ਼ੌਕ ਵੀ ਰੱਖਦੇ ਹਨ। ਸ: ਲੋਹਾਮ ਦੀਆਂ ਪ੍ਰਾਪਤੀਆਂ ਦੀ ਸੂਚੀ ਬਹੁਤ ਲੰਬੀ ਹੈ ਜਿਨ੍ਹਾਂ ਨੂੰ ਕਿਸੇ ਇਕ ਲਿਖਤ ਵਿਚ ਸਮੇਟਣਾ ਕਠਿਨ ਕਾਰਜ ਹੈ। ਉਨ੍ਹਾਂ ਦੀਆਂ ਵਡਮੁੱਲੀਆਂ ਪ੍ਰਾਪਤੀਆਂ ਬਦਲੇ 1999 ਵਿਚ ਪੰਜਾਬ ਸਰਕਾਰ ਵਲੋਂ ਅਧਿਆਪਕ ਰਾਜ ਪੱਧਰੀ ਪੁਰਸਕਾਰ ਅਤੇ 2001 ਵਿਚ ਮਰਹੂਮ ਰਾਸ਼ਟਰਪਤੀ ਡਾ: ਅਬਦੁਲ ਕਲਾਮ ਵਲੋਂ ਕੌਮੀ ਅਧਿਆਪਕ ਪੁਰਸਕਾਰ ਦਿੱਤਾ ਜਾ ਚੁੱਕਿਆ ਹੈ। ਮੇਰੀ ਅਕਾਲ ਪੁਰਖ ਅੱਗੇ ਇਹੀ ਅਰਦਾਸ ਹੈ ਕਿ ਸ: ਜੋਗਿੰਦਰ ਸਿੰਘ ਲੋਹਾਮ ਸਦਾ ਚੜ੍ਹਦੀ ਕਲਾ ਵਿਚ ਰਹਿਣ ਤਾਂ ਜੋ ਉਹ ਸਿੱਖਿਆ ਤੇ ਸਮਾਜ ਦੇ ਖੇਤਰ ਵਿਚ ਹੋਰ ਵਧ ਚੜ੍ਹ ਕੇ ਯੋਗਦਾਨ ਪਾਉਂਦੇ ਰਹਿਣ।

-ਮੋਬਾਈਲ : 93565-52000.

ਸਾਡਾ ਨੈਤਿਕ ਪਤਨ

ਅੱਜ ਸਾਡਾ ਸਮਾਜ ਜਿਸ ਦੌਰ 'ਚੋਂ ਲੰਘ ਰਿਹਾ ਹੈ, ਉਸ ਦਾ ਬਿਊਰਾ ਰੋਜ਼ਾਨਾ ਅਖ਼ਬਾਰਾਂ ਅਤੇ ਟੀ.ਵੀ. ਦੀਆਂ ਖ਼ਬਰਾਂ ਰਾਹੀਂ ਦਿਖਾਇਆ ਜਾ ਰਿਹਾ ਹੈ। ਲੋਕ ਇਮਾਨਦਾਰੀ ਅਤੇ ਸਦਭਾਵਨਾ ਦਾ ਰਸਤਾ ਛੱਡ ਕੇ ਛੋਟੇ-ਛੋਟੇ ਲਾਲਚਾਂ 'ਚ ਫਸੇ ਨਜ਼ਰ ਆਉਂਦੇ ਹਨ। ਲਾਲਚ ਖਾਸ ਤੌਰ 'ਤੇ ਪੈਸੇ ਦਾ ਹੀ ਹੈ ਪਰ ਨਾਲ ਹੀ ਕੰਮਚੋਰੀ ਦਾ ਲਾਲਚ ਵੀ ਦਿਖਾਈ ਦਿੰਦਾ ਹੈ। ਪੈਸੇ ਦੀ ਪ੍ਰਾਪਤੀ ਲਈ ਲਾਲਚ, ਰਿਸ਼ਵਤ, ਭ੍ਰਿਸ਼ਟਾਚਾਰ, ਲੁੱਟ ਦੇ ਮਾਮਲੇ ਸਾਹਮਣੇ ਆਉਂਦੇ ਹਨ। ਛੋਟੇ ਅਤੇ ਆਮ ਲੋਕਾਂ ਦੀ ਗੱਲ ਤਾਂ ਕੀ, ਉੱਚੇ ਅਤੇ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਵੀ ਨਿਯਮ-ਕਾਨੂੰਨ ਦੀ ਉਲੰਘਣਾ ਕਰਕੇ ਮਨਮਰਜ਼ੀ ਨਾਲ ਪੈਸਾ ਇਕੱਠਾ ਕਰਨ ਲਈ ਕੁਝ ਵੀ ਗਲਤ ਕਰਨ 'ਚ ਥੋੜ੍ਹਾ ਵੀ ਗੁਰੇਜ਼ ਨਹੀਂ ਕਰਦੇ। ਵੱਡਿਆਂ 'ਚ ਰਾਜਨੇਤਾ ਅਤੇ ਉੱਚੇ ਅਹੁਦਿਆਂ ਦੇ ਅਧਿਕਾਰੀ ਵੀ ਹਨ, ਜਿਨ੍ਹਾਂ ਨੂੰ ਸਮਾਜ ਲਈ ਮਾਰਗ-ਦਰਸ਼ਨ ਦੇਣਾ ਚਾਹੀਦਾ ਅਤੇ ਮਿਸਾਲ ਬਣ ਕੇ ਦੇਸ਼ ਦੀ ਤਰੱਕੀ ਲਈ ਸਹਾਇਕ ਬਣਨਾ ਚਾਹੀਦਾ। ਕਿਉਂਕਿ ਵੱਡਿਆਂ ਦੇ ਦਰਸਾਏ ਮਾਰਗ 'ਤੇ ਚੱਲਣਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਇਸ ਲਈ ਅੱਜ ਸਮਾਜ ਦਾ ਛੋਟਾ ਵਰਗ ਵੀ ਨੈਤਿਕ ਗਿਰਾਵਟ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ। ਭ੍ਰਿਸ਼ਟਾਚਾਰ ਹਰ ਥਾਂ 'ਤੇ ਆਮ ਹੋ ਚੱਲਿਆ ਹੈ। ਜਿਸ ਨੂੰ ਜਿੱਥੇ ਮੌਕਾ ਮਿਲਦਾ ਹੈ, ਉਹ ਉਥੇ ਹੀ ਘਪਲਾ ਕਰ ਬੈਠਦਾ ਹੈ। ਰਿਸ਼ਵਤ ਲੈ ਕੇ ਨਿਯਮ-ਕਾਨੂੰਨ ਦੇ ਖਿਲਾਫ ਕੰਮ ਕਰਨ ਲਈ ਹਰ ਕੋਈ ਤਿਆਰ ਹੈ। ਆਪਣੇ ਫਰਜ਼ਾਂ ਦੇ ਪ੍ਰਤੀ ਲੋਕਾਂ ਦੀ ਜ਼ਿੰਮੇਵਾਰੀ ਜਿਵੇਂ ਖਤਮ ਹੀ ਹੋ ਚੱਲੀ ਹੈ। ਆਏ ਦਿਨ ਖਬਰਾਂ ਛਪਦੀਆਂ ਹਨ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਿੱਖਿਅਕ ਕਰਨ 'ਚ ਦਿਲਚਸਪੀ ਨਹੀਂ ਲੈਂਦੇ ਹਨ। ਡਾਕਟਰ ਸਮੇਂ ਸਿਰ ਹਸਪਤਾਲਾਂ 'ਚ ਨਹੀਂ ਪਹੁੰਚਦੇ, ਮਰੀਜ਼ਾਂ ਦੇ ਦੁੱਖ-ਦਰਦ ਦੂਰ ਕਰਨ 'ਚ ਰੁਚੀ ਨਹੀਂ ਲੈਂਦੇ। ਵੱਡੀਆਂ ਤਨਖਾਹਾਂ ਲੈਣ ਵਾਲੇ ਅਧਿਕਾਰੀ ਵੀ ਆਪਣੀ ਡਿਊਟੀ ਅਤੇ ਫਰਜ਼ਾਂ ਪ੍ਰਤੀ ਲਾਪ੍ਰਵਾਹ ਹਨ। ਉਹ ਸਿਰਫ ਆਪਣੇ ਅਤੇ ਆਪਣੇ ਪਰਿਵਾਰ ਦੀਆਂ ਸੁਖ ਸਹੂਲਤਾਂ ਨੂੰ ਪਹਿਲ ਦਿੰਦੇ ਹਨ। ਆਪਣੇ ਆਰਾਮ ਨੂੰ ਦੁਖੀਆਂ ਦੇ ਦਰਦਾਂ ਤੋਂ ਜ਼ਿਆਦਾ ਅਹਿਮੀਅਤ ਦੇ ਕੇ ਕੰਮ ਕਰ ਰਹੇ ਹਨ। ਵਿਧਾਨ ਸਭਾ ਅਤੇ ਲੋਕ ਸਭਾ ਤੱਕ ਦੇ ਮੈਂਬਰ ਸਮੇਂ ਅਤੇ ਪੈਸੇ ਦਾ ਗਲਤ ਇਸਤੇਮਾਲ ਕਰਦੇ ਹੋਏ ਪਾਏ ਗਏ ਹਨ। ਇਸ ਸਭ ਦਾ ਸਭ ਤੋਂ ਵੱਡਾ ਕਾਰਨ ਧਾਰਮਿਕ ਮਾਨਤਾਵਾਂ ਦੀ ਘੋਰ ਅਣਦੇਖੀ ਅਤੇ ਕਾਨੂੰਨ ਦੀ ਨਾਫਰਮਾਨੀ ਹੈ। ਧਾਰਮਿਕ ਮਾਨਤਾਵਾਂ ਹੀ ਨੈਤਿਕ ਚਰਿੱਤਰ ਦਾ ਨਿਰਮਾਣ ਅਤੇ ਪਾਲਣ ਕਰਵਾਉਂਦੀਆਂ ਹਨ, ਜਿਨ੍ਹਾਂ ਨਾਲ ਮਨੁੱਖ ਸਵੈ-ਅਨੁਸ਼ਾਸਤ ਹੁੰਦਾ ਹੈ। ਸਮਾਜ 'ਚ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਤਾਣਾ-ਬਾਣਾ ਕਈ ਕਾਰਨਾਂ ਤੋਂ ਖੇਰੂ-ਖੇਰੂ ਹੋ ਗਿਆ ਹੈ। ਨੈਤਿਕਤਾ ਨਾਲ ਜ਼ਿੰਦਗੀ 'ਚ ਸ਼ੁੱਧਤਾ ਅਤੇ ਪਵਿੱਤਰਤਾ ਆਉਂਦੀ ਹੈ ਅਤੇ ਸਮਾਜ 'ਚ ਵਿਸ਼ਵਾਸ, ਵਿਵਹਾਰ 'ਚ ਪਾਰਦਰਸ਼ਤਾ, ਖੁਸ਼ਹਾਲੀ ਅਤੇ ਦਲੇਰੀ ਦੀ ਭਾਵਨਾ ਵਿਕਸਤ ਹੁੰਦੀ ਹੈ। ਸਾਰੇ ਕੰਮ ਆਸਾਨੀ ਨਾਲ ਚੱਲਦੇ ਹਨ। ਨੈਤਿਕ ਪਤਨ ਸਮਾਜ ਦੇ ਨਵੇਂ-ਨਵੇਂ ਦੁੱਖਾਂ ਅਤੇ ਸਮੱਸਿਆਵਾਂ ਦੀ ਜੜ੍ਹ ਹੈ।

-ਸਾਬਕਾ ਡੀ. ਓ., 174. ਮਿਲਟਰੀ ਹਸਪਤਾਲ,
ਮੇਨ ਏਅਰ ਫੋਰਸ ਰੋਡ, ਬਠਿੰਡਾ।

ਜੇਕਰ ਰਾਜਸੀ ਭਾਸ਼ਣ ਹਕੀਕਤ 'ਚ ਬਦਲ ਜਾਣ

ਕਹਿ ਕੇ ਮੁੱਕਰ ਜਾਣਾ ਇਨਸਾਨ ਦੀ ਜ਼ਬਾਨ ਨੂੰ ਝੂਠਾ ਸਾਬਤ ਕਰਨ ਲਈ ਕਾਫ਼ੀ ਹੈ ਪਰ ਜਦੋਂ ਅਜਿਹਾ ਵਾਰ-ਵਾਰ ਹੁੰਦਾ ਰਹੇ ਤਾਂ ਸਮਝ ਲਵੋ ਕਿ ਝੂਠ ਬੋਲਣ ਵਾਲਾ ਵਾਰ-ਵਾਰ ਝੂਠ ਬੋਲ ਕੇ ਸੁਣਨ ਵਾਲਿਆਂ ਨੂੰ ਬੇਵਕੂਫ ਬਣਾ ਰਿਹਾ ਹੈ। ਇਹ ਕੋਈ ਅਜੀਬ ਗੱਲ ਨਹੀਂ, ਅਜਿਹਾ ਵਰਤਾਰਾ ਅਸੀਂ ਆਪਣੀ ਜ਼ਿੰਦਗੀ 'ਚ ਅਕਸਰ ਦੇਖਦੇ ਹਾਂ। ਲਾਲ ਕਿਲ੍ਹੇ ਦੀ ਸਟੇਜ ਤੋਂ ਹੁੰਦੇ ਵੱਡੇ-ਵੱਡੇ ਅਤੇ ਲੰਬੇ ਭਾਸ਼ਣ ਕੁੱਝ ਚਿਰ ਲਈ ਹਰ ਭਾਰਤੀ ਦੇ ਡਿਗਦੇ ਮਨੋਬਲ ਨੂੰ ਦਿਲਾਸਾ ਦਿੰਦੇ ਹਨ ਅਤੇ ਚੰਗੇ ਦਿਨਾਂ ਦੀ ਉਮੀਦ ਲੈ ਕੇ ਹੋਇਆ ਲੋਕਾਂ ਦਾ ਇਕੱਠ ਆਖਿਰ ਆਪੋ-ਆਪਣੇ ਘਰ ਨੂੰ ਪਰਤ ਜਾਂਦਾ ਹੈ। ਹਾਕਮ ਸਰਕਾਰਾਂ ਕੋਲ ਪੈਸੇ ਦੀ ਕੋਈ ਕਮੀਂ ਨਹੀਂ ਹੁੰਦੀ ਜੇਕਰ ਉਹ ਅਜਿਹਾ ਕਹਿੰਦੇ ਹਨ ਤਾਂ ਇਹ ਵੀ ਇਕ ਬਹੁਤ ਵੱਡਾ ਝੂਠ ਹੈ। ਜੇਕਰ ਸਿਹਤ ਸਹੂਲਤਾਂ ਦੇ ਸੁਧਾਰ ਸਬੰਧੀ ਕੀਤੇ ਵੱਡੇ-ਵੱਡੇ ਭਾਸ਼ਣ ਸੱਚ 'ਚ ਤਬਦੀਲ ਹੋ ਜਾਣ ਫਿਰ ਸ਼ਾਇਦ ਕਿਸੇ ਨੂੰ ਸਿਹਤ ਸਹੂਲਤਾਂ ਤੋਂ ਲਾਚਾਰ ਹੋ ਕੇ ਇਸ ਫਾਨੀ ਜਹਾਨ ਤੋਂ ਰੁਖ਼ਸਤ ਨਹੀਂ ਹੋਣਾ ਪਵੇਗਾ। ਸਰਕਾਰੀ ਹਸਪਤਾਲਾਂ ਦੀ ਦਿਸ਼ਾ ਅਤੇ ਦਸ਼ਾ ਬਦਲਣ ਵਾਲੇ ਬਿਆਨ ਅਜੇ ਸਿਰਫ ਬਿਆਨ ਹੀ ਹਨ ਜੇਕਰ ਇਹਨਾਂ ਬਿਆਨਾ ਨੂੰ ਨੀਅਤ ਨਾਲ ਲਾਗੂ ਕਰ ਦਿੱਤਾ ਜਾਵੇ ਤਾਂ ਭਾਰਤ ਅਮਰੀਕਾ ਵਰਗੇ ਅਮੀਰ ਦੇਸ਼ ਨੂੰ ਵੀ ਸਿਹਤ ਸਹੂਲਤਾਂ ਦੇ ਖੇਤਰ 'ਚ ਬੜੀ ਆਸਾਨੀ ਨਾਲ ਪਛਾੜ ਦੇਵੇਗਾ। ਕਾਨੂੰਨ ਦੀ ਹੌਲੀ ਪਰ ਫੈਸਲਾਕੁੰਨ ਲੜਾਈ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੇ ਵੱਸ ਤੋਂ ਬਾਹਰ ਹੁੰਦੀ ਜਾ ਰਹੀ ਹੈ। ਪੈਸੇ ਪੱਖੋਂ ਤਕੜੇ ਵਿਅਕਤੀ ਕਈ ਵਾਰੀ ਗਲਤ ਨੂੰ ਵੀ ਸਹੀ ਸਾਬਤ ਕਰਨ 'ਚ ਸਫਲ ਹੋ ਜਾਂਦੇ ਹਨ ਜੋ ਇਕ ਆਰਥਿਕ ਪੱਖੋਂ ਦਰਮਿਆਨੇ ਇਨਸਾਨ ਨਾਲ ਕੋਝਾ ਧੱਕਾ ਕਿਹਾ ਜਾ ਸਕਦਾ ਹੈ। ਸਭ ਲਈ ਬਰਾਬਰ ਕਾਨੂੰਨੀ ਪਹੁੰਚ ਉਪਲਬਧ ਕਰਵਾਉਣ ਦੇ ਬਿਆਨ ਸਿਰਫ਼ ਕਾਗਜ਼ਾਂ ਜਾਂ ਅਖ਼ਬਾਰਾਂ ਤੱਕ ਹੀ ਸੀਮਤ ਰਹਿ ਗਏ ਹਨ। ਵਿਸ਼ਵ ਪੱਧਰ ਦੇ ਸਰਕਾਰੀ ਉੱਚ ਸਿੱਖਿਆ ਸੰਸਥਾਵਾਂ ਖੜ੍ਹੀਆਂ ਕਰਨ ਦੇ ਬਿਆਨ ਲੋਕ ਹਕੀਕਤ ਵਿਚ ਢਲਦੇ ਦੇਖਣ ਲਈ ਉਤਾਵਲੇ ਹਨ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਬਿਨਾਂ ਘਰ-ਬਾਰ ਛੱਡੇ ਆਪਣੇ ਦੇਸ਼ ਵਿਚ ਹੀ ਕਰਵਾ ਸਕਣ ਪਰ ਅਜਿਹਾ ਨੇੜਲੇ ਭਵਿੱਖ 'ਚ ਹੁੰਦਾ ਨਜ਼ਰ ਨਹੀਂ ਆ ਰਿਹਾ। ਪਹਿਲਾਂ ਤੋਂ ਹੀ ਚਲਦੇ ਸਰਕਾਰੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਦੇਸ਼ ਅੰਦਰ ਸਿੱਖਿਆ ਦਾ ਪੱਧਰ ਵਿਸ਼ਵ ਦੇ ਹੋਰਨਾਂ ਦੇਸ਼ਾਂ ਨਾਲੋ ਲਗਾਤਾਰ ਡਿਗਦਾ ਜਾ ਰਿਹਾ ਹੈ ਅਤੇ ਭਾਰਤੀ ਨੌਜਵਾਨ ਉੱਚ ਵਿੱਦਿਆ ਹਾਸਲ ਕਰਨ ਲਈ ਵਿਦੇਸ਼ੀ ਰਸਤਾ ਲੱਭ ਰਹੇ ਹਨ। ਵੱਡੇ-ਵੱਡੇ ਲਾਰੇ ਲਾ ਕੇ ਲੋਕਾਂ ਨੂੰ ਧਰਤੀ 'ਤੇ ਜਿਊਂਦਾ ਸਵਰਗ ਦਿਖਾਉਣ ਵਾਲੇ ਲੋਕ ਆਮ ਲੋਕਾਂ ਦੀ ਭਲਾਈ ਲਈ ਸਹੀ ਅਤੇ ਨੇਕ ਨੀਅਤ ਨਾਲ ਕੰਮ ਕਰਨ। ਇਹ ਇਤਿਹਾਸਕ ਸੱਚ ਹੈ ਕਿ ਜੇਕਰ ਲਾਰੇ ਸੁਣਨ ਵਾਲੇ ਅੱਕ ਜਾਣ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ। ਸੱਤ ਦਹਾਕਿਆਂ ਤੋਂ ਭਾਸ਼ਣ ਦੇ ਰੂਪ 'ਚ ਪਾਇਆ ਜਾਂਦਾ ਰੌਲਾ ਸਿਰਫ ਰੌਲਾ ਹੀ ਰਹਿ ਗਿਆ ਇਸ ਵਿਚੋਂ ਖੱਟਣ ਲਈ ਆਮ ਜਨਤਾ ਨੂੰ ਕੁਝ ਨਹੀਂ ਮਿਲਿਆ ਜਦਕਿ ਰੌਲਾ ਪਾਉਣ ਵਾਲੇ ਆਪਣੀਆਂ ਆਉਣ ਵਾਲੀਆਂ ਕਈ ਪੁਸ਼ਤਾਂ ਲਈ ਪੈਸਾ ਇਕੱਠਾ ਕਰ ਗਏ ਹਨ। ਹੁਣ ਵਕਤ ਹੈ ਕਿ ਕਹੀ ਗੱਲ ਨੂੰ ਪੁਗਾਇਆ ਜਾਵੇ ਅਤੇ ਕੀਤੇ ਵਾਅਦਿਆਂ ਅਨੁਸਾਰ ਆਮ ਲੋਕਾਂ ਦੇ ਜਨ ਜੀਵਨ ਨੂੰ ਹਰ ਮੁਢਲੀ ਸਹੂਲਤ ਮੁਹੱਈਆ ਕਰਵਾਈ ਜਾਵੇ।

-ਜਵਾਹਰਲਾਲ ਨਹਿਰੂ ਸਰਕਾਰੀ ਕਾਲਜ,
ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ।
ਮੋਬਾਈਲ : 9478460084.

ਸਬਸਿਡੀਆਂ ਤੇ ਵੋਟ ਰਾਜਨੀਤੀ

ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਸਰਕਾਰਾਂ ਤੋਂ ਸਬਸਿਡੀ ਮੰਗਣਾ ਅਤੇ ਸਮੇਂ ਦੀਆਂ ਸਰਕਾਰਾਂ ਵਲੋਂ ਵੋਟ ਰਾਜਨੀਤੀ ਦੇ ਕਾਰਨ ਲੋਕਾਂ ਨੂੰ ਸਬਸਿਡੀ ਦੇ ਰੂਪ ਵਿਚ ਠੁੰਮਣਾ ਦੇਣਾ ਜਾਂ ਮਰਦੇ ਦੇ ਮੂੰਹ ਵਿਚ ਪਾਣੀ ਪਾ ਕੇ ਤੜਫਦੇ ਰੂਪ ਵਿਚ ਜਿਊਂਦਾ ਰੱਖਣਾ ਅੱਜ ਇਕ ਆਮ ਵਰਤਾਰਾ ਬਣ ਗਿਆ ਹੈ। ਸਰਕਾਰਾਂ ਦੀ ਡੰਗ-ਟਪਾਊ ਨੀਤੀਆਂ ਕਾਰਨ ਸਬਸਿਡੀ ਸੱਭਿਆਚਾਰ ਦੇ ਵਿਕਾਸ ਦਾ ਗਰਾਫ ਨਿੱਤ-ਦਿਨ ਉੱਪਰ ਵੱਲ ਨੂੰ ਜਾ ਰਿਹਾ ਹੈ, ਜਿਸ ਕਾਰਨ ਇਕ ਤਾਂ ਸਮਾਜ ਵਿਚ ਸਬਸਿਡੀ ਪ੍ਰਾਪਤ ਕਰਨ ਵਾਲਿਆਂ ਅਤੇ ਨਾ ਪ੍ਰਾਪਤ ਕਰਨ ਵਾਲਿਆਂ ਵਿਚਕਾਰ ਪਾੜ੍ਹਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਦੂਜਾ ਸਬਸਿਡੀ ਪ੍ਰਾਪਤ ਕਰਨ ਵਾਲਾ ਵਰਗ ਆਪਣੀ ਕੰਮ ਕਰਨ ਦੀ ਯੋਗਤਾ ਅਤੇ ਸਮਰੱਥਾ ਨੂੰ ਅਜਾਈਂ ਹੀ ਗਵਾ ਕੇ ਨਿਕੰਮਾ ਬਣ ਰਿਹਾ ਹੈ, ਜੋ ਕਿ ਦੇਸ਼ ਦੇ ਚੰਗੇ ਭਵਿੱਖ ਲਈ ਕਿਸੇ ਵੀ ਰੂਪ ਵਿਚ ਚੰਗਾ ਸੰਕੇਤ ਨਹੀਂ ਮੰਨਿਆ ਜਾ ਸਕਦਾ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਆਧੁਨਿਕ ਯੁੱਗ ਲੋਕਤੰਤਰ ਦਾ ਯੁੱਗ ਹੈ ਤੇ ਲੋਕਤੰਤਰ ਵਿਚ ਲੋਕ ਮੱਤ ਨੂੰ ਆਪਣੇ ਪੱਖ ਵਿਚ ਕਰਨ ਅਤੇ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਸਰਕਾਰ ਵਿਚ ਸ਼ਾਮਿਲ ਰਾਜਨੀਤਕ ਦਲ ਅਤੇ ਵਿਰੋਧੀ ਦਲਾਂ ਦੁਆਰਾ ਅਨੇਕਾਂ ਹੱਥਕੰਡੇ ਅਪਣਾਏ ਜਾਂਦੇ ਹਨ। ਭਾਵੇਂ ਉਹ ਹੱਥਕੰਡੇ ਦੇਸ਼ ਦੇ ਭਵਿੱਖ ਲਈ ਘਾਤਕ ਹੀ ਸਿੱਧ ਹੋਣ। ਗਰੀਬ ਵਰਗ ਦੇ ਲੋਕਾਂ ਨੂੰ ਸਬਸਿਡੀ ਦੇ ਰੂਪ ਵਿਚ ਮੁਫਤ ਬਿਜਲੀ, ਪਾਣੀ ਆਦਿ ਦੇਣਾ, ਦੋ ਰੁਪਏ ਕਿੱਲੋ ਕਣਕ ਅਤੇ 20 ਰੁਪਏ ਕਿੱਲੋ ਦਾਲ ਆਦਿ ਦੇਣ ਨੂੰ ਭਾਵੇਂ ਕਿ ਸਰਕਾਰ ਵਲੋਂ ਗਰੀਬਾਂ ਦੇ ਪੇਟ ਦੀ ਅੱਗ ਬੁਝਾਉਣ ਲਈ ਚੁੱਲ੍ਹਾ ਬਾਲਣ ਦਾ ਜੁਗਾੜ ਕਰਨ ਦੇ ਇਕ ਯਤਨ ਵਜੋਂ ਦੇਖਿਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਸਬਸਿਡੀਆਂ ਦੇ ਕਾਰਨ ਗਰੀਬ ਵਰਗ ਦੇ ਲੋਕ ਹੋਰ ਵੀ ਗਰੀਬ, ਅਪਾਹਜ, ਆਲਸੀ ਕੰਮ ਤੋਂ ਜੀਅ ਚੁਰਾਉਣ ਵਾਲੇ ਬਣ ਰਹੇ ਹਨ। ਇਹ ਇਕ ਕੁਦਰਤੀ ਸਚਾਈ ਹੈ ਸਮਾਜ ਦੇ ਬਹੁਤੇ ਲੋਕ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਕਰਨ ਲਈ ਹੀ ਕੋਈ ਕੰਮ-ਧੰਦਾ ਕਰਦੇ ਹਨ। ਹੁਣ ਸੋਚਣ ਵਾਲੀ ਗੱਲ ਹੈ ਕਿ ਜਦੋਂ ਇਕ ਆਮ ਅਤੇ ਸਧਾਰਨ ਸੋਝੀ ਰੱਖਣ ਵਾਲੇ ਵਿਅਕਤੀ ਨੂੰ ਰਹਿਣ ਲਈ ਸਰਕਾਰ ਦੁਆਰਾ ਅਲਾਟ ਕੀਤੇ ਮਕਾਨ, ਮਕਾਨ ਵਿਚ ਵਰਤਣ ਲਈ ਬਿਜਲੀ-ਪਾਣੀ ਮੁਫਤ ਅਤੇ ਖਾਣ ਲਈ ਕਣਕ, ਦਾਲ ਬਿਲਕੁਲ ਹੀ ਨਾ ਮਾਤਰ ਮੁੱਲ 'ਤੇ ਸਬਸਿਡੀ ਦੇ ਕਾਰਨ ਮੁਹੱਈਆ ਕਰਵਾਇਆ ਜਾਵੇਗਾ, ਤਾਂ ਉਹ ਕੰਮ ਕਿਉਂ ਕਰੇਗਾ?
ਇਨ੍ਹਾਂ ਸਬਸਿਡੀਆਂ ਦੇ ਕਾਰਨ ਸਬਸਿਡੀਆਂ ਨੂੰ ਪ੍ਰਾਪਤ ਕਰਨ ਵਾਲੇ ਲੋਕਾਂ ਵਿਚ ਨਸ਼ਿਆਂ ਦਾ ਰੁਝਾਨ ਵੀ ਕਾਫੀ ਵਧ ਗਿਆ ਹੈ, ਜਿਸ ਦੇ ਕਾਰਨ ਸਾਡੇ ਸਮਾਜ ਨੂੰ ਹੋਰ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ਵਿਚ ਸਾਡਾ ਮਕਸਦ ਰੋਂਦੇ ਨੂੰ ਝੂਠੇ ਲਾਰੇ ਲਾ ਕੇ ਚੁੱਪ ਕਰਵਾਉਣਾ ਨਹੀਂ ਹੋਣਾ ਚਾਹੀਦਾ, ਸਗੋਂ ਉਸ ਦੇ ਰੋਣ ਦੇ ਕਾਰਨਾਂ ਨੂੰ ਲੱਭ ਕੇ ਉਨ੍ਹਾਂ ਨੂੰ ਦੂਰ ਕਰਨਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਸਾਡੀਆਂ ਲੋਕਤੰਤਰੀ ਸਰਕਾਰਾਂ ਦਾ ਮੁੱਖ ਮੰਤਵ ਗਰੀਬ ਵਰਗ ਦੇ ਲੋਕਾਂ ਨੂੰ ਸਬਸਿਡੀਆਂ ਦੇ ਰੂਪ ਵਿਚ ਕੁਝ ਸਹੂਲਤਾਂ ਨੂੰ ਦੇਣਾ ਨਹੀਂ ਹੋਣਾ ਚਾਹੀਦਾ, ਸਗੋਂ ਵੱਖ-ਵੱਖ ਤਰ੍ਹਾਂ ਦੇ ਸਵੈ-ਰੁਜ਼ਗਾਰ ਦੇ ਸਾਧਨਾਂ ਨਾਲ ਅਤੇ ਸਿੱਖਿਆ ਦੇ ਪ੍ਰਸਾਰ ਨਾਲ ਲੋਕਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਹੋਣਾ ਚਾਹੀਦਾ ਹੈ। ਲੋਕਾਂ ਦਾ ਵੀ ਉਦੇਸ਼ ਸਬਸਿਡੀਆਂ ਦੇ ਰੂਪ ਵਿਚ ਭੀਖ ਮੰਗਣ ਦੇ ਨਾਲੋਂ ਸਰਕਾਰਾਂ ਤੋਂ ਬਿਨਾਂ ਮਤਲਬ ਦੇ ਵਾਧੂ ਕਰਾਂ (ਜਿਨ੍ਹਾਂ ਦੇ ਕਾਰਨ ਕੀਮਤਾਂ ਵਿਚ ਅਣਉਚਿਤ ਵਾਧਾ ਹੁੰਦਾ ਹੈ) ਨੂੰ ਹਟਾਉਣ ਜਾਂ ਘੱਟ ਕਰਵਾਉਣ ਅਤੇ ਆਪਣੀ ਮਿਹਨਤ ਦੀ ਕਮਾਈ ਨਾਲ ਉੱਪਰ ਉੱਠਣਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨਾ ਹੀ ਖੁਦ ਦੀ, ਸਮਾਜ ਦੀ ਅਤੇ ਦੇਸ਼ ਦੀ ਸਹੀ ਅਰਥਾਂ ਵਿਚ ਖਿਦਮਤ ਹੋਵੇਗੀ।

-ਮਲੇਰਕੋਟਲਾ। ਮੋਬਾ: 94171-58300

ਸਮਾਜ ਅੰਦਰ ਆਇਆ ਨੈਤਿਕਤਾ ਦਾ ਨਿਘਾਰ

ਜਦੋਂ ਤੋਂ ਮਨੁੱਖ ਸਮਾਜਿਕ ਸਾਂਝੀਵਾਲਤਾ ਦੀਆਂ ਪੀਢੀਆਂ ਗੰਢਾਂ ਵਿਚ ਪਰੋਇਆ ਗਿਆ ਹੈ, ਉਦੋਂ ਉਦੋਂ ਤੋਂ ਹੀ ਮਨੁੱਖ ਆਪਣੇ ਜੀਵਨ ਨੂੰ ਸ਼ਰਮ ਧਰਮ ਨਾਲ ਜੋੜ ਕੇ ਇਸ ਸਿਰਮੌਰ ਪੱਖ ਉੱਤੇ ਪਹਿਰਾ ਦਿੰਦਾ ਆ ਰਿਹਾ ਹੈ। ਸੱਭਿਅਕ ਢੰਗ ਨਾਲ ਜਿਊਣ ਵਾਲਾ ਮਨੁੱਖ ਸਮਾਜ ਅੰਦਰ ਸਤਿਕਾਰ ਦਾ ਪਾਤਰ, ਸੂਰਮਾ ਅਤੇ ਨਰ-ਪੁੱਤਰ ਅਖਵਾਉਂਦਾ ਸੀ। ਹਮੇਸ਼ਾ ਸੱਚ ਦਾ ਪੱਖ ਪੂਰਨਾ, ਅਸੱਭਿਅਕ ਕਾਰੇ ਰੋਕਣਾ, ਪਰਾਈ ਧੀ ਭੈਣ ਦੀ ਇੱਜ਼ਤ ਦਾ ਰਖਵਾਲਾ, ਜ਼ੁਬਾਨ ਦਾ ਪ੍ਰਪੱਕ, ਬੇਕਸੂਰਾਂ ਨਾਲ ਹੁੰਦੀ ਧੱਕੇਸ਼ਾਹੀ, ਬੇਇਨਸਾਫ਼ੀ ਅਤੇ ਜਬਰ-ਜੁਰਮ ਦੇ ਖਿਲਾਫ ਡਟ ਕੇ ਖੜ੍ਹਨਾ ਉਹ ਆਪਣਾ ਧਰਮ ਕਰਮ ਸਮਝਦਾ ਸੀ। ਇਤਿਹਾਸ ਗਵਾਹ ਹੈ ਕਿ ਡਾਕੇ ਮਾਰਨ ਵਾਲੇ ਡਾਕੂ (ਬਦਮਾਸ਼) ਵੀ ਧੀ ਭੈਣ ਦੀ ਇੱਜ਼ਤ ਪ੍ਰਤੀ ਅਤੇ ਗਊ-ਗ਼ਰੀਬ ਦੀ ਹਿਮਾਇਤ ਵਿਚ ਹੀ ਹਮੇਸ਼ਾ ਭੁਗਤਦੇ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਇਥੋਂ ਤੱਕ ਬਾਬਰ ਨੂੰ ਜਾਬਰ ਅਤੇ ਰਾਜੇ ਸ਼ੀਂਹ ਮੁਕੱਦਮ ਕੁੱਤੇ ਆਖਦਿਆਂ ਨਿਧੜਕ ਨਿੰਦਿਆ ਸੀ। ਲੋਕਾਈ ਇਸ ਸੱਚ ਦੇ ਮਾਰਗ ਦੀ ਪਾਂਧੀ ਬਣਨ ਲਈ ਉਨ੍ਹਾਂ ਨਾਲ ਖੜ੍ਹੀ ਹੋਈ ਸੀ। ਪ੍ਰੰਤੂ ਅੱਜ ਲਗਦਾ ਹੈ ਕਿ ਅਜਿਹੇ ਸਦਗੁਣਾਂ ਦਾ ਸਮਾਜ ਅੰਦਰ ਬਹੁਤ ਜ਼ਿਆਦਾ ਨਿਘਾਰ ਆ ਚੁੱਕਾ ਹੈ। ਮਸੂਮ ਬੱਚੀਆਂ ਦੀ ਇੱਜ਼ਤ ਨਾਲ ਖਿਲਵਾੜ ਕਰਨਾ, ਲੱਚਰਤਾ ਭਰੇ ਗਾਣਿਆਂ ਦੀ ਭਰਮਾਰ, ਨੰਗੇਜ਼ਪੁਣੇ ਦਾ ਸਿਖਰ, ਅਸ਼ਲੀਲ ਹਰਕਤਾਂ ਭਰੀਆਂ ਕਾਰਵਾਈਆਂ, ਪਰਾਏ ਹੱਕਾਂ ਉੱਤੇ ਡਾਕਾ ਮਾਰਨਾ, ਬੇਈਮਾਨੀ, ਧੱਕੇਸ਼ਾਹੀ, ਰੱਬ ਦੇ ਨਾਂਅ ਉੱਤੇ ਭੋਲੀ-ਭਾਲੀ ਜਨਤਾ ਦੀ ਲੁੱਟ ਰਿਸ਼ਵਤਖੋਰੀ, ਸੱਚ ਦੀ ਆਵਾਜ਼ ਨੂੰ ਬਾਹੂਬਲ ਨਾਲ ਦਬਾਉਣਾ ਅਤੇ ਸੰਤਗਿਰੀ ਦੇ ਭੇਖ ਵਿਚ ਲੋਕਾਂ ਦਾ ਖਲਨ ਕਰਨ ਵਰਗੇ ਵਰਤਾਰੇ ਸਮਾਜ ਅੰਦਰ ਸ਼ਰੇਆਮ ਵਾਪਰ ਰਹੇ ਹਨ। ਜਾਪਦਾ ਹੈ ਕਿ ਰਾਜਨੀਤੀ ਲੋਕਾਂ ਦੀ ਸੇਵਾ ਦੀ ਬਜਾਏ ਇਕ ਵਪਾਰ ਦਾ ਧੰਦਾ ਹੀ ਬਣਦੀ ਜਾ ਰਹੀ ਹੈ। 'ਜੇਹਾ ਰਾਜਾ ਤੇਹੀ ਪ੍ਰਜਾ' ਵਾਲਾ ਮੁਹਾਵਰਾ ਕੰਧ 'ਤੇ ਲਿਖਿਆ ਸੱਚ ਹੋ ਨਿਬੜਿਆ ਹੈ। ਨੌਕਰਸ਼ਾਹੀ ਅਤੇ ਆਮ ਜਨਤਾ ਵੀ ਜਿਥੇ ਵੀ ਕਿਸੇ ਦਾ ਦਾਅ ਲਗਦੈ ਭ੍ਰਿਸ਼ਟਾਚਾਰ ਵਿਚ ਗਲਤਾਨ ਹੈ। ਲੋਕਹਿੱਤ ਵਿਸਾਰ ਕੇ ਲੋਕ-ਮਾਰੂ ਨੀਤੀਆਂ ਤਹਿਤ ਰਾਤੋ-ਰਾਤ ਅਮੀਰ ਬਣਨ ਦੇ ਸੁਪਨੇ ਦੇਖੇ ਜਾਂਦੇ ਹਨ। ਸ਼੍ਰਿਸ਼ਟਾਚਾਰ ਨਾਂਅ ਦੀ ਚੀਜ਼ ਘੱਟ ਹੀ ਦਿਖਾਈ ਦਿੰਦੀ ਹੈ। ਇਸ ਤਰ੍ਹਾਂ ਦਾ ਵਰਤਾਰਾ ਸਾਡੇ ਸਮਾਜ ਲਈ ਬਦਸ਼ਗਨੀ ਅਤੇ ਖ਼ਤਰੇ ਦੀ ਘੰਟੀ ਬਣਦਾ ਜਾ ਰਿਹਾ ਹੈ। ਅੱਜ ਸਰਕਾਰਾਂ ਅਤੇ ਸਮਾਜ ਨੂੰ ਇਨ੍ਹਾਂ ਗੱਲਾਂ ਵੱਲ ਧਿਆਨ ਦਿੰਦਿਆਂ ਵੱਡੇ ਉਪਰਾਲੇ ਕਰ ਕੇ ਸਮਾਂ ਰਹਿੰਦਿਆਂ ਸੁਧਾਰਨ ਦੀ ਲੋੜ ਹੈ। ਇਹ ਆਮ ਲੋਕਾਂ ਦੀ ਆਵਾਜ਼ ਹੈ। ਇਹ ਕੌਮ, ਦੇਸ਼ ਅਤੇ ਲੋਕਹਿੱਤ ਲਈ ਅਤਿਅੰਤ ਜ਼ਰੂਰੀ ਵੀ ਹੈ।

-ਪਿੰਡ ਤੇ ਡਾਕ: ਬਧੌਛੀ ਕਲਾਂ (ਫ. ਗ. ਸ.)
ਮੋਬਾਈਲ : 70098-78336.

ਨਾ ਕਰੋ ਰੀਸਾਂ ਕਿਸੇ ਦੀਆਂ

ਨਾ ਕਰੋ ਰੀਸਾਂ ਕਿਸੇ ਦੀਆਂ, ਇਹ ਚੰਗੀ ਗੱਲ ਨਹੀਂ। ਜੇ ਤੁਸੀਂ ਲੋਕਾਂ ਦੀਆਂ ਰੀਸਾਂ ਕਰੋਗੇ ਤਾਂ ਆਪ ਕੱਖੋਂ ਹੌਲੇ ਹੋ ਜਾਵੋਗੇ। ਲੋਕੀਂ ਕੀ ਕਰਦੇ ਹਨ, ਕੀ ਨਹੀਂ ਕਰਦੇ, ਇਸ ਬਾਰੇ ਤੁਸੀਂ ਨਹੀਂ ਸੋਚਣਾ ਤਾਂ ਨਾ ਹੀ ਉਨ੍ਹਾਂ ਵੱਲ ਧਿਆਨ ਦੇਣਾ। ਤੁਸੀਂ ਤਾਂ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਹਨ। ਲੋਕਾਂ ਨੇ ਤਾਂ ਕਹੀ ਜਾਣਾ। ਲੋਕੀਂ ਤਾਂ ਉਸ ਨੂੰ ਵੀ ਨਹੀਂ ਛੱਡਦੇ ਜੋ ਪੈਸੇ ਦੇ ਜ਼ੋਰ 'ਤੇ ਏਨਾ ਕੁਝ ਕਰਦੇ ਹਨ। ਹਾਂ, ਜੇ ਲੋਕ ਤੁਹਾਨੂੰ ਚੰਗੀ ਗੱਲ ਦੱਸਦੇ ਹਨ, ਚੰਗੇ ਰਾਹ ਪਾਉਂਦੇ ਹਨ ਜੋ ਤੁਹਾਡੇ ਅਨੁਕੂਲ ਹੋਵੇ, ਉਸ 'ਤੇ ਅਮਲ ਕਰੋ। ਇਨ੍ਹਾਂ ਰੀਸਾਂ ਨੇ ਤਾਂ ਕਈ ਘਰ ਬਰਬਾਦ ਕੀਤੇ ਹਨ। ਕਈਆਂ ਦੇ ਘਰ ਲੜਾਈ ਝਗੜੇ ਪੈਦਾ ਕੀਤੇ ਹਨ, ਕਿਉਂਕਿ ਆਦਮੀ ਆਪਣੀ ਜੇਬ ਦੇਖਦਾ ਹੈ ਤੇ ਤੀਵੀਂ ਲੋਕਾਂ ਦੀਆਂ ਗੱਲਾਂ ਵੱਲ। ਹੁਣ ਇਕ ਸਕੂਲ ਮਾਸਟਰ ਸਰਕਾਰੀ ਸਕੂਲ ਵਿਚ ਪੜ੍ਹ ਕੇ ਆਪ ਸਰਕਾਰੀ ਸਕੂਲ ਵਿਚ ਪੜ੍ਹਾਉਣ ਲੱਗ ਜਾਂਦਾ ਹੈ ਪਰ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਪੜ੍ਹਾਉਣ ਲਈ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਹੈ ਤੇ ਉਹ ਪੈਸੇ ਦੇ ਜ਼ੋਰ 'ਤੇ ਵੱਡੇ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਲਾ ਦਿੰਦਾ ਹੈ ਤੇ ਹੋਰ ਵੀ ਪੈਸੇ ਵਾਲੇ ਲੋਕ ਆਪਣੇ ਬੱਚਿਆਂ ਨੂੰ ਵੱਡੇ ਸਕੂਲਾਂ ਵਿਚ ਲਾ ਦਿੰਦੇ ਹਨ। ਉਨ੍ਹਾਂ ਦੀ ਦੇਖਾ-ਦੇਖੀ ਉਨ੍ਹਾਂ ਦੀਆਂ ਰੀਸਾਂ ਕਰਕੇ ਮੇਰੇ ਵਰਗੇ ਮਾਹਤੜ ਲੋਕ ਵੀ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿਚ ਲਾ ਦਿੰਦੇ ਹਨ, ਭਾਵੇਂ ਹਰ ਮਹੀਨੇ ਫੀਸ ਔਖੀ ਭਰਨੀ ਪਵੇ, ਉਸ ਦੀ ਕੋਈ ਪਰਵਾਹ ਨਹੀਂ। ਪਹਿਲਾਂ-ਪਹਿਲਾਂ ਆਪਾਂ ਵਿਆਹ ਘਰੇ ਕਰਦੇ ਹੁੰਦੇ ਸੀ, ਹੁਣ ਪੈਲੇਸ ਬਣ ਗਏ। ਪੈਸੇ ਵਾਲੇ ਲੋਕ ਆਪਣੇ ਬੱਚਿਆਂ ਦੇ ਵਿਆਹ ਪੈਲੇਸਾਂ ਵਿਚ ਕਰਦੇ ਹਨ। ਰਹਿ ਗਏ ਵਿਚਾਰੇ ਮਾਹਤੜ ਲੋਕ, ਉਹ ਵੀ ਉਨ੍ਹਾਂ ਦੀਆਂ ਰੀਸਾਂ ਕਰਕੇ ਆਪਣੇ ਬੱਚਿਆਂ ਦਾ ਵਿਆਹ ਪੈਲੇਸਾਂ ਵਿਚ ਕਰ ਲੈਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਘਰੇ ਵਿਆਹ ਕਰਨ ਵਿਚ ਉਨ੍ਹਾਂ ਦੀ ਤੇ ਬੱਚਿਆਂ ਦੀ ਬੇਇੱਜ਼ਤੀ ਹੁੰਦੀ ਹੈ। ਉਹ ਪੈਲੇਸਾਂ ਵਿਚ ਵਿਆਹ ਕਰ ਲੈਂਦੇ ਹਨ ਤੇ ਫਿਰ ਸਾਰੀ ਉਮਰ ਕਰਜ਼ਾ ਉਤਾਰਦੇ ਰਹਿੰਦੇ ਹਨ। ਹੁਣ ਜਿਨ੍ਹਾਂ ਦੇ ਘਰ ਵਿਆਹ ਦਾ ਕਾਰਡ ਜਾਂਦਾ ਹੈ। ਉਹ ਪਹਿਲਾਂ ਇਹੀ ਦੇਖਦਾ ਹੈ ਕਿ ਵਿਆਹ ਕਿਹੜੇ ਪੈਲੇਸ ਵਿਚ ਹੈ ਤਰੀਕ ਤਾਂ ਬਾਅਦ ਵਿਚ ਹੀ ਦੇਖਦਾ ਹੈ। ਆਪਣੇ ਤੋਂ ਉੱਚਿਆਂ ਨੂੰ ਨਾ ਦੇਖੋ। ਉਨ੍ਹਾਂ ਨੂੰ ਦੇਖ ਕੇ ਤੁਹਾਨੂੰ ਸਬਰ ਨਹੀਂ ਆਉਣਾ। ਜੇ ਤੁਹਾਨੂੰ ਸਬਰ ਆਊ ਤਾਂ ਨੀਵਿਆਂ ਨੂੰ ਦੇਖ ਕੇ ਹੀ ਆਊ, ਮਨ ਨੂੰ ਤਸੱਲੀ ਤੇ ਖ਼ੁਸ਼ੀ ਮਿਲੇਗੀ। ਆਪਣੀ ਹੈਸੀਅਤ ਮੁਤਾਬਕ ਚੱਲੋ, ਜ਼ਿੰਦਗੀ ਵਧੀਆ ਤੇ ਸੌਖੀ ਨਿਕਲੇਗੀ। ਕਿਸੇ ਦਾ ਲੈਣ-ਦੇਣ ਦਾ ਫਿਕਰ ਨਹੀਂ ਹੋਵੇਗਾ। ਸਭ ਪਾਸਿਆਂ ਤੋਂ ਸੋਖੇ ਹੋਵੋਗੇ। ਤੁਹਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ।

-102, ਵਿਜੈ ਨਗਰ, ਜਗਰਾਓਂ। ਮੋਬਾਈਲ : 99146-37239.

ਨੌਜਵਾਨਾਂ ਦਾ ਵਧ ਰਿਹਾ ਵਿਦੇਸ਼ਾਂ ਵੱਲ ਨੂੰ ਰੁਝਾਨ

ਭਾਰਤ ਦੇਸ਼ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਦੇਸ਼-ਭਗਤਾਂ ਦੀ ਜਨਮ-ਭੂਮੀ ਹੈ। ਇੱਥੋਂ ਦੀ ਮਹਾਨ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਨੇ ਵਿਦੇਸ਼ੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਪ੍ਰਾਚੀਨ ਸਮੇਂ 'ਚ ਨਾਲੰਦਾ ਅਤੇ ਤਕਸ਼ਿਲਾ ਵਿਸ਼ਵ-ਵਿਦਿਆਲਿਆਂ ਵਿਚ ਵਿਦੇਸ਼ੀ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਭਾਰਤ ਪੁੱਜਦੇ ਸਨ। ਪਰ ਜੇਕਰ ਅੱਜ ਦੇ ਨੌਜਵਾਨਾਂ ਦੇ ਸੰਦਰਭ ਵਿਚ ਗੱਲ ਕਰੀਏ ਤਾਂ ਸਾਡੇ ਦੇਸ਼ ਦੀ ਦੋਸ਼-ਪੂਰਨ ਸਿੱਖਿਆ ਪ੍ਰਣਾਲੀ, ਵਧਦੀ ਹੋਈ ਆਬਾਦੀ ਅਤੇ ਭ੍ਰਿਸ਼ਟਾਚਾਰ ਨੇ ਨੌਜਵਾਨਾਂ ਅੰਦਰ ਭਾਰੀ ਬੇਚੈਨੀ ਅਤੇ ਬੇਰੁਜ਼ਗਾਰੀ ਪੈਦਾ ਕੀਤੀ ਹੈ। ਅੱਜ ਦਾ ਨੌਜਵਾਨ ਸਾਡੇ ਦੇਸ਼ ਦੇ ਗੰਧਲੇ ਹੋ ਚੁੱਕੇ ਤੰਤਰ ਤੋਂ ਦੁਖੀ ਅਤੇ ਮਜਬੂਰ ਹੋ ਕੇ ਆਪਣੇ ਮਾਤਾ-ਪਿਤਾ ਅਤੇ ਸਕੇ-ਸੰਬੰਧੀਆਂ ਨੂੰ ਛੱਡ ਕੇ ਵਿਦੇਸ਼ ਜਾਣ ਦੀ ਕਤਾਰ ਵਿਚ ਲੱਗਾ ਹੋਇਆ ਹੈ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਅਜੋਕੇ ਸਮੇਂ ਪੰਜਾਬ ਦਾ ਨੌਜਵਾਨ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਆਦਿ ਦੇਸ਼ਾਂ ਵਿਚ ਜਾਣ ਲਈ ਤੱਤਪਰ ਅਤੇ ਮਜਬੂਰ ਹੈ। ਵਧਦੀ ਹੋਈ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਵੋਟਾਂ ਦੀ ਰਾਜਨੀਤੀ, ਚੋਣਾਵੀ ਜੁਮਲੇ ਆਦਿ ਤੋਂ ਪ੍ਰੇਸ਼ਾਨ ਹੋਇਆ ਪੰਜਾਬ ਵਿਚ ਰਹਿ ਕੇ ਆਪਣਾ ਭਵਿੱਖ ਧੁੰਦਲਾ ਦੇਖਣ ਲੱਗ ਪਿਆ ਹੈ। ਵਿਦੇਸ਼ਾਂ ਵਿਚ ਕਿਰਤ ਦਾ ਸਤਿਕਾਰ ਅਤੇ ਮਿਹਨਤੀ ਲੋਕਾਂ ਨੂੰ ਤਰੱਕੀ ਕਰਨ ਦੇ ਉਚਿਤ ਮੌਕੇ ਬਿਨਾਂ ਕਿਸੇ ਪੱਖ-ਪਾਤ ਦੇ ਮਿਲਦੇ ਹਨ, ਜਿਸ ਕਰਕੇ ਨੌਜਵਾਨਾਂ ਦਾ ਰੁਖ਼ ਵਿਦੇਸ਼ਾਂ ਵੱਲ ਵਧਦਾ ਹੀ ਜਾ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਨੂੰ ਇਸ ਮੁੱਦੇ ਦੀ ਗੰਭੀਰਤਾ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਉਚਿਤ ਮੌਕੇ ਅਤੇ ਰੈਗੂਲਰ ਭਰਤੀ ਕਰਨ ਵੱਲ ਪਹਿਲਕਦਮੀ ਕਰਨੀ ਚਾਹੀਦੀ ਹੈ। ਜੇਕਰ ਇਸੇ ਤਰ੍ਹਾਂ ਹੀ ਸਾਡੇ ਦੇਸ਼ 'ਚੋਂ ਰੌਸ਼ਨ-ਦਿਮਾਗ ਵਿਦੇਸ਼ਾਂ ਵੱਲ ਨੂੰ ਕੂਚ ਕਰੀ ਜਾਣਗੇ ਤਾਂ ਇਹ ਸਾਡੇ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਨੁਕਸਾਨਦੇਹ ਹੋਵੇਗਾ। ਮੌਜੂਦਾ ਸਮੇਂ ਜੇਕਰ ਸਾਡੀ ਰਾਜਨੀਤਕ ਪ੍ਰਣਾਲੀ 'ਤੇ ਝਾਤ ਮਾਰੀਏ ਤਾਂ ਸਾਡੇ ਦੇਸ਼ ਨੂੰ ਜੇਕਰ ਘੁਟਾਲਿਆਂ ਦੀ ਧਰਤੀ ਕਹਿ ਦਿੱਤਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਏਨਾ ਸਾਡੇ ਦੇਸ਼ ਨੂੰ ਅੰਗਰੇਜ਼ੀ ਰਾਜ ਸਮੇਂ ਅੰਗਰੇਜ਼ਾਂ ਨੇ ਨਹੀਂ ਲੁੱਟਿਆ, ਜਿੰਨਾ ਇਨ੍ਹਾਂ 70 ਸਾਲਾਂ ਵਿਚ ਸਾਡੇ ਦੇਸ਼ ਦੇ ਭ੍ਰਿਸ਼ਟ ਰਾਜਨੀਤਕ ਲੋਕਾਂ ਨੇ ਲੁੱਟਿਆ ਹੈ। ਅੱਜ ਸਾਡੇ ਦੇਸ਼ ਦੀ ਭ੍ਰਿਸ਼ਟ ਜਮਾਤ ਨੇ ਦੇਸ਼ ਨੂੰ ਆਰਥਿਕ, ਸਮਾਜਿਕ, ਰਾਜਨੀਤਕ ਤੌਰ 'ਤੇ ਕੰਗਾਲ ਕਰਨ 'ਚ ਕੋਈ ਕਸਰ ਨਹੀਂ ਛੱਡੀ, ਜਿਹੜਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਲਈ ਚੰਗਾ ਸੰਕੇਤ ਨਹੀਂ ਹੈ। ਸਮੇਂ ਦੀਆਂ ਸਰਕਾਰਾਂ ਨੂੰ ਇਸ ਮੁੱਦੇ ਦੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਅਤੇ ਤਰੱਕੀ ਕਰਨ ਦੇ ਮੌਕੇ ਪ੍ਰਦਾਨ ਕਰਨ ਦੀ ਜ਼ਰੂਰਤ ਹੈ।

-ਪਿੰਡ ਬਰੌਂਗਾ ਜ਼ੇਰ, ਤਹਿ: ਅਮਲੋਹ (ਫ਼ਤਹਿਗੜ੍ਹ ਸਾਹਿਬ)। ਮੋਬਾ: 99141-42300

ਆਓ! ਸਾਈਕਲ ਚਲਾਈਏ, ਸਿਹਤ ਅਤੇ ਵਾਤਾਰਵਨ ਸੰਭਾਲੀਏ

ਆਧੁਨਿਕ ਦੌਰ ਦਾ ਸਭ ਤੋਂ ਪਹਿਲਾ ਆਵਾਜਾਈ ਦਾ ਸਾਧਨ ਸਾਈਕਲ ਸੀ, ਜਿਸ ਨਾਲ ਨਾ ਤਾਂ ਕੋਈ ਪ੍ਰਦੂਸ਼ਣ ਹੁੰਦਾ ਸੀ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਮਨੁੱਖ ਨੂੰ ਇਸ 'ਤੇ ਸਫਰ ਦੌਰਾਨ ਖਰਚ ਕਰਨਾ ਪੈਂਦਾ ਸੀ। ਅੱਜ ਭਾਵੇਂ ਸਾਈਕਲ ਨੂੰ ਬਹੁਤ ਥੋੜ੍ਹੇ ਗਰੀਬ ਮਜ਼ਦੂਰ ਲੋਕ ਹੀ ਸਫਰ ਵਜੋਂ ਵਰਤਦੇ ਹਨ ਪਰ ਚੰਗੀ ਸੋਚ ਵਾਲੇ ਲੋਕ ਅੱਜ ਵੀ ਸਾਈਕਲ ਦੀ ਵਰਤੋਂ ਕਰਦੇ ਹਨ। ਪਿੰਡਾਂ ਨਾਲੋਂ ਸ਼ਹਿਰੀ ਲੋਕ ਹੁਣ ਸਾਈਕਲ ਦੀ ਵਰਤੋਂ ਫਿਰ ਵੀ ਕੁਝ ਹੱਦ ਤੱਕ ਜ਼ਿਆਦਾ ਕਰਦੇ ਹਨ। ਕੁਝ ਵੱਡੇ ਸ਼ਹਿਰਾਂ ਵਿਚ ਤੰਗ ਭੀੜੀਆਂ ਗਲੀਆਂ 'ਚ ਲੋਕ ਸਾਈਕਲ ਦੀ ਵਰਤੋਂ ਅੱਜ ਵੀ ਕਰਦੇ ਹਨ। ਸਾਈਕਲ ਜਿੱਥੇ ਸਸਤਾ ਆਵਾਜਾਈ ਦਾ ਸਾਧਨ ਹੈ, ਨਾਲ ਹੀ ਇਹ ਵਾਤਾਵਰਨ ਅਤੇ ਮਨੁੱਖ ਦੀ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ, ਇਕੋ ਸਮੇਂ ਸਫਰ ਤੇ ਕਸਰਤ ਦੋਵੇਂ ਹੋ ਜਾਂਦੇ ਹਨ। ਯੂਰਪ ਦੇ ਦੇਸ਼ਾਂ ਵਿਚ ਸਾਈਕਲ ਦਾ ਬਹੁਤ ਜ਼ਿਆਦਾ ਰਿਵਾਜ ਹੈ, ਲੋਕ ਘਰੇਲੂ ਨਿੱਕੇ-ਮੋਟੇ ਕੰਮ ਸਾਈਕਲ ਰਾਹੀਂ ਕਰਦੇ ਹਨ। ਸਾਈਕਲ ਤੋਂ ਦੂਰ ਹੋਣ ਦਾ ਕਾਰਨ ਅੱਜ ਇਕ ਪੈਸੇ ਤੇ ਸ਼ੁਹਰਤ ਦਾ ਦਿਖਾਵਾ ਹੈ। ਲੋਕ ਚਾਹੇ ਘਰ ਤੋਂ ਦੋ ਮੀਲ ਦਫਤਰ ਜਾਣ, ਚਾਹੇ ਚਾਰ ਪੁਲਾਂਘਾਂ ਪਾਰਕ ਤੱਕ, ਸ਼ਾਮ ਨੂੰ ਕਾਰ ਜਾਂ ਸਕੂਟਰ 'ਤੇ ਜਾਂਦੇ ਹਨ। ਇਸ ਪਿੱਛੇ ਕੁਝ ਲੋਕਾਂ ਦਾ ਰੁਤਬਾ ਤੇ ਸਮਾਜ 'ਚ ਅਮੀਰੀ ਅਤੇ ਦਿਖਾਵੇ ਦਾ ਭੂਤ ਵੀ ਜ਼ਿੰਮੇਵਾਰ ਹੈ। ਅੱਜ ਤੋਂ 8-10 ਸਾਲ ਪਹਿਲਾਂ ਬੱਚੇ ਸਾਈਕਲਾਂ 'ਤੇ ਸਕੂਲ ਅਤੇ ਕਾਲਜ ਜਾਂਦੇ ਸਨ, ਜਿਸ ਨਾਲ ਮਾਪਿਆਂ ਦਾ ਖਰਚ ਤੇ ਬੱਚਿਆਂ ਦੀ ਸਰੀਰਕ ਸਿਹਤ 'ਤੇ ਮਾਰੂ ਪ੍ਰਭਾਵ ਨਹੀਂ ਸੀ ਪੈਂਦਾ। ਅੱਜ ਛੋਟੇ-ਛੋਟੇ ਬੱਚੇ ਮੋਟਾਪੇ ਦਾ ਸ਼ਿਕਾਰ ਹਨ। ਸਾਰਾ ਦਿਨ ਸਕੂਲ ਵਿਚ ਬੈਠ ਕੇ ਪੜ੍ਹਾਈ ਕਰਦੇ ਹਨ ਅਤੇ ਹੁਣ ਸਾਈਕਲ ਦੀ ਥਾਂ ਸਕੂਲ ਬੱਸਾਂ 'ਤੇ ਜਾਂਦੇ ਹਨ। ਇਸ ਨਾਲ ਮਾਪਿਆਂ ਉਪਰ ਵੀ ਆਰਥਿਕ ਬੋਝ ਵਧਿਆ ਹੈ, ਚਾਹੇ ਅੱਜ ਹਰ ਘਰ ਵਿਚ ਆਵਾਜਾਈ ਦੇ ਬਹੁਤ ਸਾਧਨ ਮੌਜੂਦ ਹਨ ਪਰ ਸਾਈਕਲ ਆਵਾਜਾਈ ਦਾ ਸਸਤਾ ਤੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਬਹੁਤ ਚੰਗਾ ਸਾਧਨ ਹੈ। ਅੱਜ ਜੋੜਾਂ ਤੇ ਗੋਡਿਆਂ ਦੀ ਵਧਦੀ ਸਮੱਸਿਆ ਨੂੰ ਦੇਖਦੇ ਡਾਕਟਰਾਂ ਨੇ ਦਵਾਈ ਦੇ ਨਾਲ-ਨਾਲ ਮਰੀਜ਼ਾਂ ਨੂੰ ਸਾਈਕਲ ਚਲਾਉਣ ਦੀ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਹੈ। ਸਾਈਕਲ ਹੁਣ ਸਫਰ ਦਾ ਘੱਟ ਅਤੇ ਸ਼ੌਕ ਤੇ ਕਸਰਤ ਦਾ ਮਾਧਿਆਮ ਜ਼ਿਆਦਾ ਹੈ। ਪੜ੍ਹੇ-ਲਿਖੇ ਲੋਕ ਘਰੋਂ ਕਾਰ 'ਤੇ ਸਵਾਰ ਹੋ ਕੇ ਜਿੰਮ ਸਿਰਫ ਸਾਈਕਲ ਚਲਾਉਣ ਜਾਂਦੇ ਹਨ। ਜੇਕਰ ਖੁਦ ਦਾ ਇਕ ਸਾਈਕਲ ਘਰ 'ਚ ਖਰੀਦ ਕੇ ਰੱਖਿਆ ਜਾਵੇ, ਜਿਸ ਨੂੰ ਖੁੱਲ੍ਹੀਆਂ, ਸਾਫ, ਘੱਟ ਆਵਾਜਾਈ ਵਾਲੀਆਂ ਸੜਕਾਂ 'ਤੇ ਸਵੇਰੇ-ਸ਼ਾਮ ਚਲਾਇਆ ਜਾਵੇ ਤਾਂ ਜਿਥੇ ਇਹ ਸਰੀਰਕ ਤੰਦਰੁਸਤੀ ਲਈ ਚੰਗਾ ਹੈ, ਨਾਲ ਹੀ ਖੁੱਲ੍ਹੀ ਤਾਜ਼ੀ ਹਵਾ ਦਿਮਾਗੀ ਤਣਾਓ ਨੂੰ ਵੀ ਘੱਟ ਕਰਦੀ ਹੈ। ਭਾਵੇਂ ਦੂਰ ਤੇ ਲੰਬੇ ਸਫਰ ਤੈਅ ਕਰਨ ਲਈ ਮਨੁੱਖ ਨੂੰ ਕਾਰਾਂ-ਮੋਟਰਾਂ ਦੀ ਜ਼ਰੂਰਤ ਹੈ, ਜੋ ਅੱਜ ਦੇ ਅਧੁਨਿਕ ਦੌਰ ਦੀ ਮੰਗ ਵੀ ਹੈ ਪਰ ਛੋਟੇ ਸਫਰ ਤੇ ਘਰੇਲੂ ਕੰਮਾਂ ਕਾਰਾਂ 'ਚ ਸਾਈਕਲ ਦੀ ਵਰਤੋਂ ਬਹੁਤ ਜ਼ਰੂਰੀ ਹੈ, ਜਿਸ ਨਾਲ ਸਾਨੂੰ ਮਹਿੰਗੇ ਡੀਜ਼ਲ-ਪੈਟਰੋਲ ਤੋਂ ਥੋੜ੍ਹੀ ਨਿਰਜਾਤ ਵੀ ਮਿਲੇਗੀ ਅਤੇ ਨਾਲ ਹੀ ਅਸੀਂ ਆਪਣੀ ਵਿਗੜਦੀ ਸਰੀਰਕ ਸਿਹਤ ਦਾ ਬਚਾਓ ਅਤੇ ਵਾਤਾਵਰਨ 'ਚ ਵਧਦੇ ਪ੍ਰਦੂਸ਼ਣ ਨੂੰ ਕੁਝ ਹੱਦ ਤੱਕ ਘੱਟ ਕਰ ਸਕਦੇ ਹਾਂ।

-ਮੋਬਾ: 98788-88722

ਮਾਣ-ਮੱਤੇ ਅਧਿਆਪਕ-26

ਸਮਾਜ ਤੇ ਸਿੱਖਿਆ ਲਈ ਤਤਪਰ ਰਹਿੰਦੇ ਹਨ ਮਨੋਹਰ ਲਾਲ ਸ਼ਰਮਾ

ਪੰਜਾਬ ਅਤੇ ਖਾਸ ਤੌਰ 'ਤੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਿਆਸੀ, ਸਮਾਜਿਕ ਅਤੇ ਵਿੱਦਿਅਕ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਵਿਚੋ ਇਕ ਨਾਂਅ ਜੋ ਉੱਭਰ ਕੇ ਸਾਹਮਣੇ ਆਉਂਦਾ ਹੈ, ਉਹ ਹੈ ਕੌਮੀ ਪੁਰਸਕਾਰ ਜੇਤੂ ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ। ਵਿੱਦਿਅਕ ਖੇਤਰ ਵਿਚ ਹੁਣ ਤੱਕ 60 ਸਾਲ ਦੀ ਸੇਵਾ ਨਿਭਾ ਚੁੱਕੇ ਸ਼ਰਮਾ ਜੀ ਨੇ ਲਗਪਗ 31 ਸਾਲ ਬਤੌਰ ਪ੍ਰਿੰਸੀਪਲ ਖਾਲਸਾ ਸੀਨੀ: ਸੈਕੰ: ਸਕੂਲ ਕਾਦੀਆਂ ਵਿਚ ਸੇਵਾ ਕੀਤੀ ਹੈ। ਉਨ੍ਹਾਂ ਨੂੰ 1990 ਵਿਚ ਰਾਜ ਪੁਰਸਕਾਰ ਤੇ 1992 ਵਿਚ ਕੌਮੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਉਹ 2 ਸਾਲ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਰਹੇ ਅਤੇ 6 ਸਾਲ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਦੇ ਮੈਂਬਰ ਵੀ ਰਹਿ ਚੁੱਕੇ ਹਨ। ਸਿਆਸੀ ਖੇਤਰ ਵਿਚ ਉਹ ਸਾਬਕਾ ਮੁੱਖ ਮੰਤਰੀ ਪੰਜਾਬ ਸ: ਹਰਚਰਨ ਸਿੰਘ ਦੇ ਮੀਡੀਆ ਸਕੱਤਰ ਰਹਿ ਚੁੱਕੇ ਹਨ। ਅੱਜਕਲ੍ਹ ਉਹ ਇਲਾਕੇ ਦੇ ਸਿਰਕੱਢ ਸਕੂਲ ਐਸ. ਐਸ. ਬਾਜਵਾ ਮੈਮੋ: ਸੀਨੀ: ਸੈਕੰ: ਸਕੂਲ ਅਤੇ ਜੀ. ਐਸ. ਬਾਜਵਾ ਮੈਮੋ: ਮਾਡਲ ਹਾਈ ਸਕੂਲ ਕਾਦੀਆਂ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਸਾਰੀ ਸੇਵਾ ਦੌਰਾਨ ਉਨ੍ਹਾਂ ਨੇ ਸਖ਼ਤ ਮਿਹਨਤ ਨੂੰ ਲੜ ਬੰਨ੍ਹ ਨੇ ਰੱਖਿਆ ਹੈ। ਉਨ੍ਹਾਂ ਦਾ ਮਕਸਦ ਕਦੇ ਵੀ ਕਿਸੇ ਪੁਰਸਕਾਰ ਨੂੰ ਪ੍ਰਾਪਤ ਕਰਨਾ ਨਹੀਂ ਰਿਹਾ, ਸਗੋਂ ਪੁਰਸਕਾਰ ਖੁਦ ਉਨ੍ਹਾਂ ਦੀ ਮਿਹਨਤ ਨੂੰ ਵੇਖਦੇ ਹੋਏ ਦਿੱਤੇ ਗਏ ਤਾਂ ਜੋ ਅਜਿਹੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਕੋਲੋਂ ਹੋਰ ਲੋਕ ਵੀ ਸਿੱਖਿਆ ਲੈ ਸਕਣ। ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆ ਕੇ ਵਜ਼ੀਫ਼ਾ ਪ੍ਰਾਪਤ ਕੀਤਾ। ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੇ ਵਿਦਿਆਰਥੀਆਂ ਨੇ ਕੌਮੀ ਪੱਧਰ ਤੱਕ ਖੇਡਾਂ ਵਿਚ ਨਾਮਣਾ ਖੱਟਿਆ ਹੈ। ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਉਨ੍ਹਾਂ ਦੇ ਵਿਦਿਆਰਥੀ ਕਵਿਤਾ, ਭਾਸ਼ਨ, ਭੰਗੜਾ ਆਦਿ ਵਿਚ ਸੋਨ ਤਗਮਾ ਜਿੱਤਦੇ ਰਹੇ ਹਨ। ਸ੍ਰੀ ਸ਼ਰਮਾ ਸਮਾਜਿਕ ਵਰਤਾਰੇ ਪ੍ਰਤੀ ਵੀ ਚੇਤੰਨ ਹਨ। ਉਹ ਕਈ ਸਮਾਜ ਭਲਾਈ ਦੀਆਂ ਸੰਸਥਾਵਾਂ ਵਿਚ ਉਸਾਰੂ ਭੂਮਿਕਾ ਅਦਾ ਕਰਦੇ ਰਹੇ ਹਨ। ਸਮਾਜ ਦੇ ਹਰ ਦੁੱਖ-ਦਰਦ ਨੂੰ ਮਹਿਸੂਸ ਕਰਨ ਵਾਲਾ ਦਿਲ ਉਨ੍ਹਾਂ ਅੰਦਰ ਧੜਕਦਾ ਹੈ। ਹੜ੍ਹ ਪੀੜਤਾਂ ਲਈ ਉਹ ਖੁਦ ਹੀ ਹਮਦਰਦੀ ਹੋ ਕੇ ਨਹੀਂ ਨਿਬੜੇ, ਸਗੋਂ ਉਨ੍ਹਾਂ ਨੇ ਸਾਥੀ ਅਧਿਆਪਕਾਂ ਕੋਲੋਂ ਵੀ ਮਾਲੀ ਮਦਦ ਇਕੱਤਰ ਕਰਕੇ ਲੋੜਵੰਦਾਂ ਤੱਕ ਪਹੁੰਚਾਈ ਹੈ। ਉਨ੍ਹਾਂ ਦਾ ਕਹਿਣਾ ਹੈ ਇਕ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ। ਜਦੋਂ ਸਮਾਜ ਦੇ ਕਿਸੇ ਵਰਗ ਜਾਂ ਹਿੱਸੇ 'ਤੇ ਕੋਈ ਆਫਤ ਆਉਂਦੀ ਹੈ ਤਾਂ ਸਾਡਾ ਮੁਢਲਾ ਫਰਜ਼ ਬਣਦਾ ਹੈ ਕਿ ਅਸੀਂ ਉਸ ਮੌਕੇ ਜਿੰਨਾ ਹੋ ਸਕੇ, ਉਪਰਾਲਾ ਕਰਕੇ ਮਾਨਵਤਾ ਦੀ ਸੇਵਾ ਕਰੀਏ, ਕਿਉਂਕਿ ਮਾਨਵਤਾ ਤੋਂ ਵੱਡਾ ਕੋਈ ਧਰਮ ਨਹੀਂ ਹੈ। ਉਨ੍ਹਾਂ ਨੇ ਬੱਚਿਆਂ ਨੂੰ ਕੇਵਲ ਕਿਤਾਬੀ ਸਿੱਖਿਆ ਤੱਕ ਹੀ ਸੀਮਤ ਨਹੀਂ ਰੱਖਿਆ, ਸਗੋਂ ਉਨ੍ਹਾਂ ਨੂੰ ਇਕ ਚੰਗੇ ਇਨਸਾਨ ਬਣਨ ਦੀ ਸਿੱਖਿਆ ਵੀ ਦਿੱਤੀ। ਅਧਿਆਪਨ ਕਾਰਜ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੰ ਇਕ ਸਮਰੱਥ ਇਨਸਾਨ ਬਣਾਉਣ ਦੀ ਸੋਚ ਨਾਲ ਉਨ੍ਹਾਂ ਨੂੰ ਆਪਣੀ ਜੇਬ ਖਰਚ ਵਿਚੋਂ ਬੱਚਤ ਕਰਕੇ ਡਾਕਘਰ ਵਿਚ ਜਮ੍ਹਾਂ ਪੂੰਜੀ ਕਰਨ ਦੀ ਚੰਗੀ ਆਦਤ ਵੱਲ ਵੀ ਮੋੜਿਆ। ਉਨ੍ਹਾਂ ਨੇ ਸਮਾਜ ਦੇ ਚੰਗੇ ਲੋਕਾਂ ਨੂੰ ਵੀ ਸਕੂਲ ਨਾਲ ਜੋੜਿਆ। ਉਨ੍ਹਾਂ ਨੇ ਸਾਥੀਆਂ ਨਾਲ ਮਿਲ ਕੇ ਦਾਨੀ ਸੱਜਣਾਂ ਦੀ ਆਰਥਿਕ ਸਹਾਇਤਾ ਨਾਲ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਪੂਰੀਆਂ ਕੀਤੀਆਂ। ਉਨ੍ਹਾਂ ਨੇ ਸਕੂਲ ਵਿਚ ਸਟਾਫ ਦੇ ਵਡਮੁੱਲੇ ਸਹਿਯੋਗ ਨਾਲ ਸਕੂਲ ਵਿਚ ਟਿਊਬਵੈੱਲ, ਮੇਜ਼, ਕੁਰਸੀਆਂ ਆਦਿ ਕਈ ਸਹੂਲਤਾਂ ਬੱਚਿਆਂ ਲਈ ਲਿਆਂਦੀਆਂ। ਉਨ੍ਹਾਂ ਨੇ ਹਮੇਸ਼ਾ ਬੱਚਿਆਂ ਦੀ ਭਲਾਈ ਲਈ ਹੀ ਸੋਚਿਆ ਹੈ। ਸ੍ਰੀ ਸ਼ਰਮਾ ਨੇ ਆਪਣੇ ਉੱਦਮ ਨੂੰ ਕਦੇ ਵੀ ਆਪਣਾ ਨਹੀਂ ਮੰਨਿਆ। ਉਨ੍ਹਾਂ ਦੀ ਸੋਚ ਹੈ ਕਿ ਇਹ ਸਭ ਸਾਥੀ ਅਧਿਆਪਕਾਂ, ਪ੍ਰਬੰਧਕੀ ਕਮੇਟੀ ਅਤੇ ਮਾਪਿਆਂ ਦੇ ਸਹਿਯੋਗ ਅਤੇ ਉਨ੍ਹਾਂ ਦਾ ਉਪਰਾਲਾ ਹੀ ਹੈ। ਉਨ੍ਹਾਂ ਦੀ ਅਜਿਹੀ ਸੋਚ ਦੱਸਦੀ ਹੈ ਕਿ ਉਹ ਕਰਮਯੋਗੀ ਹਨ ਅਤੇ ਕਿਸੇ ਫਲ ਦੀ ਇੱਛਾ ਉਨ੍ਹਾਂ ਦੀ ਮੰਜ਼ਿਲ ਨਹੀਂ ਹੈ। ਉਨ੍ਹਾਂ ਦੀ ਧਰਮਪਤਨੀ ਨੇ ਵੀ ਸਿੱਖਿਆ ਵਿਭਾਗ ਦੀ ਸੇਵਾ ਕੀਤੀ ਹੈ। ਸਮਾਜ ਅਤੇ ਬੱਚਿਆਂ ਲਈ ਯਤਨਸ਼ੀਲ ਮਨੋਹਰ ਲਾਲ ਸ਼ਰਮਾ ਆਪਣੇ ਸਾਰੇ ਕੰਮਾਂ ਨੂੰ ਨੈਤਿਕ ਫਰਜ਼ ਸਮਝਦੇ ਕਹਿੰਦੇ ਹਨ ਕਿ ਉਹ ਹਮੇਸ਼ਾ ਸਮਾਜ ਲਈ ਤਤਪਰ ਰਹਿਣਗੇ। ਪਰਮਾਤਮਾ ਅੱਗੇ ਅਰਦਾਸ ਹੈ ਕਿ ਅਜਿਹੀ ਮਾਣਮੱਤੀ ਸ਼ਖ਼ਸੀਅਤ ਨੂੰ ਤੰਦਰੁਸਤੀ ਬਖਸ਼ੇ ਅਤੇ ਉਹ ਹੋਰ ਵੀ ਵੱਧ-ਚੜ੍ਹ ਕੇ ਸਿੱਖਿਆ ਤੇ ਸਮਾਜ ਲਈ ਕੰਮ ਕਰਦੇ ਰਹਿਣ।

-ਮੋਬਾ: 93565-52000

ਫਰਜ਼ਾਂ 'ਚ ਕੁਤਾਹੀ ਕਾਰਨ ਵਧਦੈ ਭ੍ਰਿਸ਼ਟਾਚਾਰ

ਅੱਜ ਦੇ ਸਮੇਂ ਵਿਚ ਮਨੁੱਖ ਆਪਣੇ ਹੱਕਾਂ ਦੀ ਗੱਲ ਵਧ-ਚੜ੍ਹ ਕੇ ਕਰਦਾ ਹੈ। ਸੋਸ਼ਲ ਸਾਈਟਾਂ ਜਿਵੇਂ ਵੱਟਸਐਪ, ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਆਦਿ 'ਤੇ ਵੱਡੇ-ਵੱਡੇ ਲੇਖ ਲਿਖ ਕੇ ਆਪਣੇ ਅਧਿਕਾਰਾਂ ਦੇ ਖੁੱਸਣ ਦੀਆਂ ਦੁਹਾਈਆਂ ਰੋਜ਼ ਕੋਈ ਨਾ ਕੋਈ ਪਾਉਂਦਾ ਨਜ਼ਰ ਆ ਜਾਵੇਗਾ, ਪਰ ਕੋਈ ਵੀ ਕਦੇ ਆਪਣੇ ਫਰਜ਼ਾਂ ਦੀ ਗੱਲ ਕਰਦਾ ਨਜ਼ਰ ਨਹੀਂ ਆਉਂਦਾ, ਜਿਨ੍ਹਾਂ ਨੂੰ ਸਹੀ ਤਰੀਕੇ ਨਾਲ ਨਿਭਾਅ ਕੇ ਹੀ ਅਸੀਂ ਆਪਣੇ ਅਧਿਕਾਰਾਂ ਨੂੰ ਜੀਵਤ ਰੱਖ ਸਕਦੇ ਹਾਂ। ਸਾਡਾ ਦੇਸ਼ ਭਾਵੇਂ ਵਿਕਾਸ ਦੀ ਦੌੜ ਵਿਚ ਅਤਿ ਵਿਕਸਿਤ ਦੇਸ਼ਾਂ ਦੀ ਬਰਾਬਰੀ ਕਰਦਾ ਨਜ਼ਰ ਆ ਰਿਹਾ ਹੈ, ਪਰ ਇਸ ਸੱਚਾਈ ਤੋਂ ਵੀ ਮੁੱਖ ਨਹੀਂ ਮੋੜਿਆ ਜਾ ਸਕਦਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵੀ ਸਾਡਾ ਦੇਸ਼ ਮੋਹਰੀ ਬਣਨ ਦੀ ਦੌੜ ਵਿਚ ਸ਼ਾਮਲ ਹੈ। ਬਹੁਤੇ ਸਰਕਾਰੀ ਮਹਿਕਮਿਆਂ ਵਿਚ ਇਕ ਚੌਥਾ ਦਰਜਾ ਕਰਮਚਾਰੀ ਤੋਂ ਲੈ ਕੇ ਉੱਚ ਅਧਿਕਾਰੀ ਤੱਕ ਭ੍ਰਿਸ਼ਟਾਚਾਰ ਵਿਚ ਸ਼ਾਮਿਲ ਹੈ। ਸਰਕਾਰਾਂ ਜਿਹੜੀਆਂ ਪੰਜ ਸਾਲਾਂ ਲਈ ਜਿਨ੍ਹਾਂ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਹਨ, ਉਹ ਹੀ ਪੰਜ ਸਾਲਾਂ ਵਿਚ ਇਨ੍ਹਾਂ ਆਮ ਲੋਕਾਂ ਦਾ ਜਿਊਣਾ ਹਰਾਮ ਕਰ ਦਿੰਦੀਆਂ ਹਨ। ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ, ਭਾਵੇਂ ਇਹ ਮੰਤਰੀ, ਨੇਤਾ ਜਾਂ ਉੱਚ ਅਧਿਕਾਰੀ ਜਿੰਨੀਆਂ ਮਰਜ਼ੀ ਝੂਠੀਆਂ ਰਿਪੋਰਟਾਂ ਪੇਸ਼ ਕਰੀ ਜਾਣ। ਕਈ ਕੇਸਾਂ ਵਿਚ ਤਾਂ ਬੇਕਸੂਰੇ ਲੋਕ ਸਜ਼ਾ ਕੱਟ ਰਹੇ ਹਨ। ਇਹ ਸਭ ਵੇਖ ਕੇ ਇਹ ਲੱਗਦਾ ਹੈ ਕਿ ਕਿਤੇ ਭ੍ਰਿਸ਼ਟਾਚਾਰੀ ਦੀ ਦੀਮਕ ਨਿਆਂ ਪ੍ਰਣਾਲੀ ਨੂੰ ਵੀ ਤਾਂ ਨਹੀਂ ਲੱਗ ਗਈ? ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਜਿੱਥੇ ਅਧਿਆਪਕ ਨੂੰ ਰੱਬ ਦਾ ਦਰਜ਼ਾ ਦਿੱਤਾ ਜਾਂਦਾ ਹੈ, ਵਿਦਿਆਰਥੀਆਂ ਲਈ ਅਧਿਆਪਕ ਰੱਬ ਸਮਾਨ ਹੁੰਦਾ ਹੈ ਪਰ ਇਹ ਥਾਵਾਂ ਵੀ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ ਹਨ। ਗੱਲ ਕੀ ਕਰੀਏ, ਹਰ ਸਰਕਾਰੀ ਮਹਿਕਮਾ ਇਸ ਬਿਮਾਰੀ ਦੀ ਚਪੇਟ ਵਿਚ ਆਇਆ ਹੋਇਆ ਹੈ। ਕੋਈ ਵੀ ਸਰਕਾਰੀ ਕਰਮਚਾਰੀ ਆਮ ਆਦਮੀ ਨਾਲ ਸਹੀ ਤਰ੍ਹਾਂ ਨਾਲ ਪੇਸ਼ ਨਹੀਂ ਆਉਂਦਾ। ਉਹ ਵਿਅਕਤੀ ਦਾ ਪਹਿਰਾਵਾ ਵੇਖ ਕੇ ਉਸ ਅਨੁਸਾਰ ਵਿਅਕਤੀ ਨਾਲ ਵਿਵਹਾਰ ਕਰਦੇ ਹਨ। ਕੁਝ ਲੋਕ ਤਾਂ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਭ੍ਰਿਸ਼ਟਾਚਾਰੀ ਕਰਦੇ ਹਨ। ਫਿਰ ਉਹ ਦੇਸ਼ ਅਤੇ ਉਸ ਦੇਸ਼ ਦੇ ਲੋਕ ਕਿਵੇਂ ਤਰੱਕੀ ਕਰ ਸਕਦੇ ਹਨ ਜਿੱਥੇ ਭ੍ਰਿਸ਼ਟਾਚਾਰ ਨੇ ਆਪਣੇ ਪੈਰ ਏਨੇ ਪਸਾਰੇ ਹੋਏ ਹਨ? ਇਸ ਸਭ ਤੋਂ ਤੰਗ ਆ ਕੇ ਨੌਜਵਾਨ ਵਰਗ ਬਾਹਰਲੇ ਦੇਸ਼ਾਂ ਵੱਲ ਨੂੰ ਕੂਚ ਕਰ ਰਿਹਾ ਹੈ, ਜਿੱਥੇ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਤਾਂ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਭ੍ਰਿਸ਼ਟਾਚਾਰ ਨਾ-ਮਾਤਰ ਹੈ। ਜਿੱਥੇ ਮਨੁੱਖੀ ਹੱਕਾਂ ਤੋਂ ਪਹਿਲਾਂ ਤਰਜੀਹ ਮਨੁੱਖੀ ਫਰਜ਼ਾਂ ਨੂੰ ਦਿੱਤੀ ਜਾਂਦੀ ਹੈ। ਇਸ ਸਭ ਦੇ ਸ਼ੁਰੂਆਤੀ ਹੱਲ ਲਈ ਸਭ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਹੱਕਾਂ ਤੋਂ ਪਹਿਲਾਂ ਆਪਣੇ ਫਰਜ਼ਾਂ ਬਾਰੇ ਸੋਚਣਾ ਸ਼ੁਰੂ ਕਰਨਾ ਪਵੇਗਾ ਅਤੇ ਸਰਬੱਤ ਦੇ ਭਲੇ ਦੀ ਸੋਚ ਅਪਣਾਉਣੀ ਪਵੇਗੀ।

-ਰਿਸਰਚ ਸਕਾਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 84279-29558

ਚਾਈਨਾ ਡੋਰ ਦੀ ਵਰਤੋਂ 'ਤੇ ਪਾਬੰਦੀ ਸਮੇਂ ਦੀ ਮੁੱਖ ਲੋੜ

ਬਸੰਤ ਰੁੱਤ ਅਤੇ ਪਤੰਗਬਾਜ਼ੀ ਦਾ ਆਪਸ ਵਿਚ ਬਹੁਤ ਹੀ ਗੂੜ੍ਹਾ ਰਿਸ਼ਤਾ ਹੈ। ਪਤੰਗਬਾਜ਼ੀ ਦਾ ਦੌਰ ਅੱਜ ਵੀ ਜਾਰੀ ਹੈ, ਪਰ ਹੁਣ ਪਤੰਗ ਸੂਤੀ ਧਾਗੇ ਦੀ ਬਜਾਏ ਚਾਈਨਾ ਡੋਰ ਨਾਲ ਉਡਾਉਣ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਇਹ ਇਕ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ। ਇਸ ਜਾਨਲੇਵਾ ਡੋਰ ਨਾਲ ਜਾਨਵਰਾਂ ਅਤੇ ਪੰਛੀਆਂ ਦੀ ਮੌਤ ਹੋ ਸਕਦੀ ਹੈ। ਰਾਹ ਚਲਦੇ ਰਾਹੀ, ਮਾਸੂਮ ਅਤੇ ਵਾਹਨ ਚਾਲਕ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਹਨ। ਚਾਈਨਾ ਡੋਰ ਦੀ ਵਰਤੋਂ ਹੋਰ ਅੱਗੇ ਵਧੇਗੀ ਤਾਂ ਇਹ ਸਮਾਜ ਲਈ ਬਹੁਤ ਹੀ ਘਾਤਕ ਹੈ। ਚਾਈਨਾ ਡੋਰ ਪਲਾਸਟਿਕ ਦੀ ਬਣੀ ਹੋਣ ਕਰਕੇ ਇਹ ਟੁੱਟਦੀ ਨਹੀਂ। ਇਸ ਲਈ ਇਹ ਸਾਡੇ ਸਰੀਰ ਦੇ ਜਿਸ ਹਿੱਸੇ ਨੂੰ ਛੂੰਹਦੀ ਹੈ, ਉਥੇ ਡੂੰਘਾ ਜ਼ਖਮ ਕਰ ਦਿੰਦੀ ਹੈ। ਕੀ ਚਾਈਨਾ ਡੋਰ ਦੀ ਵਰਤੋਂ ਕਰਕੇ ਪਤੰਗ ਉਡਾਉਣੀ ਜ਼ਰੂਰੀ ਹੈ? ਸਾਡੇ ਦੇਸ਼ ਵਿਚ ਸਵਦੇਸ਼ੀ ਜਾਗਰਣ ਬਾਰੇ ਚੰਗੀ ਵਿਚਾਰ ਚਰਚਾ ਹੁੰਦੀ ਹੈ। ਬਹੁਤ ਜ਼ਿਆਦਾ ਸਵਦੇਸ਼ੀ ਵਸਤਾਂ ਖ਼ਰੀਦਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਪਰ ਜਦੋਂ ਚੀਜ਼ਾਂ ਖ਼ਰੀਦਣ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਸਵਦੇਸ਼ੀ ਚੀਜ਼ ਨੂੰ ਭੁਲਾ ਕੇ ਵਿਦੇਸ਼ੀ ਵਸਤੂਆਂ ਖਰੀਦਣ ਨੂੰ ਪਹਿਲ ਦਿੰਦਾ ਹੈ। ਚਾਈਨਾ ਡੋਰ ਖਰੀਦਣਾ ਇਸ ਦੀ ਇਕ ਜਿਊਂਦੀ ਜਾਗਦੀ ਉਦਾਹਰਨ ਹੈ। ਇਹ ਕਿਉਂ ਹੋ ਰਿਹਾ ਹੈ? ਇਹ ਇਕ ਗੰਭੀਰ ਵਿਸ਼ਾ ਹੈ। ਇਸ ਸਮੱਸਿਆ ਦਾ ਹੱਲ ਕੱਢਣ ਲਈ ਯਤਨਸ਼ੀਲ ਹੋਣਾ ਲਾਜ਼ਮੀ ਹੈ। ਲੋਕਾਂ ਨੂੰ ਆਪਣੇ ਫਰਜ਼ ਪਹਿਚਾਣਦਿਆਂ, ਉਨ੍ਹਾਂ ਨੂੰ ਇਸ ਮੁੱਦੇ 'ਤੇ ਪਹਿਲ ਕਰਨੀ ਚਾਹੀਦੀ ਹੈ। ਵਿੱਦਿਅਕ ਸੰਸਥਾਵਾਂ ਵਿਚ ਚਾਈਨਾ ਡੋਰ ਕਾਰਨ ਹੋਏ ਨੁਕਸਾਨ ਬਾਰੇ ਬੱਚਿਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਸਮੇਂ-ਸਮੇਂ 'ਤੇ ਦੱਸਿਆ ਜਾਣਾ ਚਾਹੀਦਾ ਹੈ। ਅੰਤ ਵਿਚ, ਇਹ ਕਿਹਾ ਜਾ ਸਕਦਾ ਹੈ ਕਿ ਚਾਈਨਾ ਡੋਰ 'ਤੇ ਸਖਤ ਪਾਬੰਦੀ ਸਮੇਂ ਦੀ ਮੁੱਖ ਮੰਗ ਹੈ। ਪਤੰਗਾਂ ਦਾ ਤਿਉਹਾਰ ਮਨਾਓ, ਹਰ ਘਰ ਵਿਚ ਖੁਸ਼ੀ ਮਨਾਓ। ਸਾਨੂੰ ਸਭ ਨੂੰ ਚਾਈਨਾ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ। ਖੁਸ਼ੀ ਦੇ ਤਿਉਹਾਰ 'ਤੇ ਕਿਸੇ ਲਈ ਵੀ ਕੋਈ ਸੋਗ ਨਹੀਂ ਹੋਣਾ ਚਾਹੀਦਾ। ਆਓ ਅਸੀਂ ਸਾਰੇ ਇਕੱਠੇ ਇਸ ਸਮੱਸਿਆ ਦੇ ਹੱਲ ਲਈ ਯਤਨ ਕਰੀਏ। ਚਾਈਨਾ ਡੋਰ ਦੀ ਵਰਤੋਂ ਨਾਲੋਂ ਸਵਦੇਸ਼ੀ ਡੋਰ ਨੂੰ ਅਪਣਾਓ। ਇਸ ਵਿਚ ਹੀ ਸਭ ਦਾ ਭਲਾ ਹੈ।

-ਧਰਮਕੋਟ, ਜ਼ਿਲ੍ਹਾ ਮੋਗਾ। ਮੋਬਾ: 94172-80333

ਪਾਣੀ ਦੀ ਬਰਬਾਦੀ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਆਰ.ਓ. ਸਿਸਟਮ

ਕੋਈ ਸਮਾਂ ਸੀ, ਜਦੋਂ ਆਪਣੇ ਖੂਹਾਂ, ਨਹਿਰਾਂ, ਨਦੀਆਂ ਆਦਿ ਦਾ ਪਾਣੀ ਏਨਾ ਸਾਫ਼ ਹੁੰਦਾ ਸੀ ਕਿ ਕੋਈ ਵੀ ਇਨ੍ਹਾਂ ਸੋਮਿਆਂ ਤੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕਦਾ ਸੀ ਪਰ ਸਮਾਂ ਬਦਲਦਿਆਂ ਹੀ ਪੰਜਾਬ ਦੇ ਪਾਣੀਆਂ ਵਿਚ ਅਜਿਹਾ ਜ਼ਹਿਰ ਘੁਲਣਾ ਸ਼ੁਰੂ ਹੋਇਆ ਕਿ ਇਨ੍ਹਾਂ ਸੋਮਿਆਂ ਵਿਚੋਂ ਪਾਣੀ ਪੀਣਾ ਤਾਂ ਦੂਰ ਦੀ ਗੱਲ, ਧਰਤੀ ਹੇਠਲੇ ਪਾਣੀ ਨੂੰ ਪੀਣ ਲਈ ਵੀ ਸਾਨੂੰ ਆਧੁਨਿਕ ਮਸ਼ੀਨਾਂ ਦੀ ਮਦਦ ਲੈਣੀ ਪੈ ਗਈ, ਜਿਨ੍ਹਾਂ ਨੂੰ ਅਸੀਂ ਆਰ.ਓ. ਸਿਸਟਮ ਦੇ ਨਾਂਅ ਨਾਲ ਜਾਣਦੇ ਹਾਂ। ਇਨ੍ਹਾਂ ਮਸ਼ੀਨਾਂ ਦੇ ਫਾਇਦਿਆਂ ਦੇ ਨਾਲ-ਨਾਲ ਕਾਫੀ ਨੁਕਸਾਨ ਵੀ ਹਨ, ਜਿਨ੍ਹਾਂ ਨੂੰ ਅਸੀਂ ਸਾਹਮਣੇ ਹੁੰਦਿਆਂ ਹੋਇਆਂ ਵੀ ਅਣਦੇਖਾ ਕਰ ਰਹੇ ਹਾਂ। ਸਭ ਤੋਂ ਵੱਡਾ ਨੁਕਸਾਨ ਪਾਣੀ ਦੀ ਬਰਬਾਦੀ ਦਾ ਹੁੰਦਾ ਹੈ, ਕਰੀਬ 80 ਫੀਸਦੀ ਘਰਾਂ ਜਾਂ ਹੋਰ ਅਦਾਰਿਆਂ ਵਲੋਂ ਇਸ ਪਾਣੀ ਦੀ ਮੁੜ ਵਰਤੋਂ ਨਹੀਂ ਕੀਤੀ ਜਾਂਦੀ। ਪੰਜਾਬ ਦੇ ਕਈ ਹਿੱਸਿਆਂ ਵਿਚ ਪਾਣੀ ਸਾਫ ਨਹੀਂ, ਜਿਥੇ ਅਜਿਹੀ ਤਕਨੀਕ ਵਰਤਣ ਦੀ ਲੋੜ ਹੈ, ਕਿਉਂਕਿ ਅਜਿਹੇ ਹਿੱਸਿਆਂ ਵਿਚ ਪਾਣੀ ਦੀ ਅਸ਼ੁੱਧਤਾ ਦਾ ਮਿਆਰ 500-1000 (ਟੀ.ਡੀ.ਐਸ.) ਹੈ, ਉਥੇ ਅਜਿਹੇ ਸਿਸਟਮ ਲਗਾਉਣ ਤੋਂ ਬਿਨਾਂ ਗੁਜ਼ਾਰਾ ਨਹੀਂ ਪਰ ਬਹੁਤੇ ਹਿੱਸਿਆਂ ਵਿਚ ਪਾਣੀ ਦੀ ਸ਼ੁੱਧਤਾ ਦਾ ਮਿਆਰ ਠੀਕ ਹੋਣ ਦੇ ਬਾਵਜੂਦ ਅਸੀਂ ਵੇਖੋ-ਵੇਖੀ ਅਜਿਹੀਆਂ ਤਕਨੀਕਾਂ ਅਪਣਾ ਰਹੇ ਹਾਂ, ਜੋ ਸਾਡੇ ਕੀਮਤੀ ਪਾਣੀ ਨੂੰ ਨਸ਼ਟ ਕਰਨ ਵੱਲ ਤੁਰੀਆਂ ਹਨ। ਜੇਕਰ ਇਹ ਸਿਸਟਮ ਅਸੀਂ ਅਪਣਾ ਹੀ ਲਏ ਹਨ ਤਾਂ ਇਸ ਵਿਚੋਂ ਨਿਕਲਦੇ ਵਾਧੂ ਪਾਣੀ ਦੀ ਰੋਕਥਾਮ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਹੈ। ਇਸ ਸਿਸਟਮ ਵਿਚੋਂ ਨਿਕਲਦੇ ਫਜ਼ੂਲ ਪਾਣੀ ਨਾਲ ਅਸੀਂ ਕਈ ਹੋਰ ਘਰੇਲੂ ਜਾਂ ਵਪਾਰਕ ਕੰਮ ਕਰ ਸਕਦੇ ਹਾਂ। ਵਿਸ਼ਵ ਸਿਹਤ ਸੰਗਠਨ ਮੁਤਾਬਿਕ 300 ਐਮ.ਜੀ./ਐਲ. (ਟੀ.ਡੀ.ਐਸ.) ਤੱਕ ਦਾ ਪਾਣੀ ਪੀਣਯੋਗ ਹੈ। ਇਸ ਤੋਂ ਜ਼ਿਆਦਾ ਖਾਰੇ ਪਾਣੀ ਨੂੰ ਸ਼ੁੱਧ ਕਰਨ ਲਈ ਅਜਿਹੀਆਂ ਤਕਨੀਕਾਂ ਦੀ ਲੋੜ ਹੈ, ਕਿਉਂਕਿ ਅਜਿਹੇ ਸਿਸਟਮ ਪਾਣੀ ਦੀ ਬਰਬਾਦੀ ਦੇ ਨਾਲ-ਨਾਲ ਕਈ ਵਾਰ ਪਾਣੀ ਵਿਚਲੇ ਜ਼ਰੂਰੀ ਅਹਿਮ ਖਣਿਜ ਲੋਹਾ, ਕੈਲਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਨੂੰ ਵੀ ਬਾਹਰ ਕੱਢ ਦਿੰਦੇ ਹਨ, ਜਿਨ੍ਹਾਂ ਦੀ ਸਰੀਰ ਨੂੰ ਖਾਸ ਲੋੜ ਹੁੰਦੀ ਹੈ, ਜਿਨ੍ਹਾਂ ਤੋਂ ਬਿਨਾਂ ਸਰੀਰ ਵਿਚ ਕਈ ਬਿਮਾਰੀਆਂ ਦਾ ਵਾਸ ਹੋ ਜਾਂਦਾ ਹੈ। ਅੰਤ ਵਿਚ ਵਿਚਾਰਨਯੋਗ ਵਿਸ਼ਾ ਇਹ ਹੈ ਕਿ ਜਿਸ ਖੇਤਰ ਵਿਚ ਇਨ੍ਹਾਂ ਦੀ ਲੋੜ ਹੈ, ਉਥੇ ਅਜਿਹੇ ਸਿਸਟਮ ਦੀ ਮਦਦ ਜ਼ਰੂਰ ਲੈਣੀ ਚਾਹੀਦੀ ਹੈ।

-ਜ਼ਿਲ੍ਹਾ ਲੁਧਿਆਣਾ। ਮੋਬਾ: 99143-21937
ajitbajwa89@gmail.com

ਜ਼ਿੰਦਗੀ ਦੀ ਸਚਾਈ ਵਿਚ ਰਲਿਆ ਝੂਠ ਦਾ ਕੱਚ

ਪਹਿਲਾਂ ਲੋਕ ਆਪਣੀ ਖੁਸ਼ੀ ਨੂੰ ਖੁੱਲ੍ਹ ਕੇ ਬਿਆਨ ਕਰਦੇ ਸਨ, ਕਿਉਂਕਿ ਲੋਕਾਂ ਨੂੰ ਇਕ-ਦੂਜੇ ਨਾਲ ਦਿਲੋਂ ਸਾਂਝ ਹੁੰਦੀ ਸੀ ਅਤੇ ਲੋਕ-ਲਾਜ ਦਾ ਧਿਆਨ ਵੀ ਰੱਖਿਆ ਜਾਂਦਾ ਸੀ, ਪਰ ਅੱਜਕਲ੍ਹ ਦਾ ਸਮਾਂ ਬੇਵਿਸ਼ਵਾਸੀ ਦਾ ਸਮਾਂ ਹੈ। ਹਰ ਇਨਸਾਨ ਆਪਣੀ ਖ਼ੁਸ਼ੀ ਨੂੰ ਦੂਜਿਆਂ ਸਾਹਮਣੇ ਜ਼ਾਹਰ ਕਰਨ ਤੋਂ ਡਰਦਾ ਹੈ ਕਿ ਕਿਤੇ ਸਾਹਮਣੇ ਵਾਲਾ ਦਿਲੋਂ ਉਸ ਦਾ ਬੁਰਾ ਹੀ ਨਾ ਸੋਚਦਾ ਹੋਵੇ। ਹੁਣ ਲੋਕਾਂ ਦਾ ਜ਼ਬਾਨ ਦਾ ਪੱਕਾ ਹੋਣਾ ਵੀ ਆਪਣੀ ਜ਼ਰੂਰਤ ਅਨੁਸਾਰ ਬਦਲਦਾ ਜਾ ਰਿਹਾ ਹੈ। ਵਪਾਰ ਵਿਚ ਤਾਂ ਝੂਠ ਦੀ ਮਹਿਮਾ ਕਿਸੇ ਤੋਂ ਲੁਕੀ ਨਹੀਂ।ਝੂਠ ਦੀ ਗੱਲ ਅੱਗੇ ਤੋਰੀਏ ਤਾਂ ਧਰਮ ਕਰਮ ਵਿਚ ਵੀ ਝੂਠ ਆਪਣੇ ਪੈਰ ਪਸਾਰ ਚੁੱਕਾ ਹੈ। ਅੱਜਕਲ੍ਹ ਝੂਠੇ ਅਤੇ ਫਰੇਬੀ ਬਾਬਿਆਂ ਦੀ ਇਕ ਪੂਰੀ ਜਮਾਤ ਤਿਆਰ ਹੋ ਚੁੱਕੀ ਹੈ। ਰਿਸ਼ਤੇ ਨਾਤੇ ਅਤੇ ਸਾਕ-ਸਬੰਧੀ ਵੀ ਹੁਣ ਪਹਿਲਾਂ ਵਾਂਗ ਸਾਫ਼-ਸੁਥਰੇ ਅਤੇ ਪਾਕ ਸਾਫ ਨਹੀਂ ਰਹੇ। ਝੂਠ ਦੇ ਸ਼ਿਕੰਜੇ ਵਿਚ ਫਸੇ ਰਿਸ਼ਤੇ-ਨਾਤੇ ਹੁਣ ਬਸ ਫੋਨ, ਵੱਟਸਐਪ ਅਤੇ ਫੇਸਬੁੱਕ ਦੇ ਸੰਦੇਸ਼ਾਂ ਦੁਆਰਾ ਹੀ ਨਿਭਾਏ ਜਾ ਰਹੇ ਹਨ। ਵਿਆਹ-ਸ਼ਾਦੀਆਂ ਵਿਚ ਹੁਣ ਪਹਿਲਾਂ ਦੀ ਤਰ੍ਹਾਂ ਰਿਸ਼ਤੇਦਾਰਾਂ ਦੀਆਂ ਰੌਣਕਾਂ ਨਹੀਂ ਲੱਗਦੀਆਂ। ਰਿਸ਼ਤੇਦਾਰ ਵੀ ਦੂਜੇ ਲੋਕਾਂ ਵਾਂਗ ਰਸਮ ਨਿਭਾਉਣ ਲਈ ਹਾਜ਼ਰੀ ਭਰ ਜਾਂਦੇ ਹਨ। ਭੌਤਿਕਵਾਦ ਹਰ ਪਾਸੇ ਹਾਵੀ ਹੋ ਰਿਹਾ ਹੈ। ਮੀਡੀਆ ਵਿਚ ਵੀ ਝੂਠੀਆਂ, ਮਨਘੜਤ ਅਤੇ ਇਕ ਪੱਖੀ ਖਬਰਾਂ ਦਿਖਾ ਕੇ ਟੀ.ਆਰ.ਪੀ. ਦੀ ਅੰਨ੍ਹੀ ਦੌੜ ਲੱਗੀ ਹੋਈ ਹੈ। ਚੋਣਾਂ ਵਿਚ ਝੂਠੇ ਅਤੇ ਫਰਜ਼ੀ ਸਰਵੇਖਣ ਦਿਖਾ ਕੇ ਕਿਸੇ ਖ਼ਾਸ ਨੇਤਾਵਾਂ ਦੇ ਪੱਖ ਵਿਚ ਮਾਹੌਲ ਤਿਆਰ ਕੀਤਾ ਜਾਂਦਾ ਹੈ। ਆਧੁਨਿਕ ਨੌਜਵਾਨ ਵਰਗ ਤਾਂ ਵਾਟਸਅੱਪ, ਟਵਿੱਟਰ ਅਤੇ ਇੰਸਟਾਗ੍ਰਾਮ ਦੀ ਝੂਠੀ ਕਾਲਪਨਿਕ ਦੁਨੀਆ ਵਿਚ ਹੀ ਗਵਾਚਾ ਰਹਿੰਦਾ ਹੈ। ਆਧੁਨਿਕੀਕਰਨ ਦੀ ਅੰਨ੍ਹੀ ਦੌੜ ਵਿਚ ਫਸ ਕੇ ਅਸੀਂ ਆਪਣੇ ਮਨੁੱਖ ਹੋਣ ਦੇ ਅਸਲ ਮਕਸਦ ਨੂੰ ਭੁੱਲ ਬੈਠੇ ਹਾਂ। ਹੁਣ ਸਮਾਂ ਹੈ ਝੂਠ ਦੇ ਲੁਭਾਵਣੇ ਅਕਸ ਨੂੰ ਛੱਡ ਕੇ ਸੱਚੀ ਮਿਹਨਤ ਨੂੰ ਸਾਥੀ ਬਣਾ ਕੇ ਦੇਸ਼ ਵਿਕਾਸ ਲਈ ਸੱਚੇ ਹੰਬਲੇ ਮਾਰਨ ਦਾ। ਆਓ ਅਸੀਂ ਸਾਰੇ ਝੂਠ ਦੀ ਜ਼ਿੰਦਗੀ ਛੱਡ ਕੇ ਸੱਚੀ-ਸੁੱਚੀ ਮਿਹਨਤ ਕਰਕੇ ਆਪਣੇ ਦੇਸ਼ ਨੂੰ ਤਰੱਕੀ ਦੀਆਂ ਸਿਖਰਾਂ 'ਤੇ ਲੈ ਜਾਈਏ।

-ਜਲੰਧਰ।
ਮੋਬਾ: 81465-46260

ਵਿਵਸਥਾ ਨੂੰ ਬਦਲਣ ਦਾ ਉਪਰਾਲਾ ਨਹੀਂ ਕਰ ਸਕਦੇ ਲਾਲਚੀ ਲੋਕ

ਆਮ ਵਿਅਕਤੀ ਕੋਲ ਵੋਟ ਸ਼ਕਤੀ ਨੂੰ ਆਪਣੀ ਮਰਜ਼ੀ ਮੁਤਾਬਿਕ ਵਰਤਣ ਦਾ ਪੂਰਾ ਹੱਕ ਹੈ। ਇਹ ਵੋਟ ਸ਼ਕਤੀ ਹੀ ਸਿਸਟਮ ਬਦਲਣ ਵਿਚ ਸਹਾਈ ਹੋ ਸਕਦੀ ਹੈ। ਪਰ ਇੱਥੇ ਅਜਿਹੇ ਲੋਕਾਂ ਦੀ ਗਿਣਤੀ ਵੱਡੀ ਤਦਾਦ ਵਿਚ ਹੈ ਜੋ ਆਪਣੀ ਵੋਟ ਸ਼ਕਤੀ ਨੂੰ ਚੰਦ ਕੁ ਰੁਪਿਆਂ ਜਾਂ ਸ਼ਰਾਬ ਦੀ ਬੋਤਲ ਬਦਲੇ, ਬਿਨਾਂ ਸੋਚੇ-ਸਮਝੇ ਵਰਤੋਂ ਕਰਕੇ ਵਿਅਰਥ ਗੁਆ ਦਿੰਦੇ ਹਨ। ਅਜਿਹਾ ਸਭ ਕੁਝ ਚੋਣਾਂ ਸਮੇਂ ਆਮ ਵੇਖਣ ਨੂੰ ਮਿਲਦਾ ਹੈ। ਅਜਿਹੇ ਮਾਹੌਲ ਵਿਚ ਸਿਸਟਮ ਦੇ ਬਦਲਣ ਬਾਰੇ ਸੋਚਣਾ ਤਾਂ 'ਸ਼ੇਖਚਿਲੀ ਦੇ ਸੁਪਨੇ' ਵਾਂਗ ਹੈ। ਉਸ ਵਿਅਕਤੀ ਤੋਂ ਵਿਕਾਸ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ਜੋ ਮੁੱਲ ਵੋਟਾਂ ਲੈ ਕੇ ਜਿੱਤਿਆ ਹੋਵੇ? ਜਦੋਂ ਹਜ਼ਾਰਾਂ ਲੱਖਾਂ ਰੁਪਏ ਖਰਚ ਕਰਕੇ ਕੋਈ ਜਿੱਤੇਗਾ, ਫਿਰ ਵਿਕਾਸ ਤਾਂ ਸਿਰਫ਼ ਵਾਅਦਿਆਂ ਤੇ ਦਾਅਵਿਆਂ ਵਿਚ ਹੀ ਹੋਵੇਗਾ। ਪਿਛਲੇ ਸਮੇਂ 'ਚ ਇਕ ਵਾਰ ਪਿੰਡਾਂ ਦੀਆਂ ਪੰਚਾਇਤਾਂ ਦੇ ਆਡਿਟ ਕਰਵਾਉਣ ਦੀ ਗੱਲ ਤੁਰੀ ਸੀ ਤਾਂ ਕਿ ਸਾਰੇ ਹਿਸਾਬ-ਕਿਤਾਬ ਦਾ ਪਤਾ ਚੱਲ ਸਕੇ ਕਿ ਕਿੰਨੇ ਫੰਡ ਆਏ ਅਤੇ ਉਹ ਕਿੱਥੇ-ਕਿੱਥੇ ਖਰਚ ਹੋਏ। ਪਰ ਪੰਚਾਇਤਾਂ ਆਡਿਟ ਕਰਵਾਉਣ ਦੇ ਹੱਕ ਵਿਚ ਖੜ੍ਹਨ ਦੀ ਬਜਾਏ ਉਲਟ ਪਾਸੇ ਖੜ੍ਹੀਆਂ। ਇਸ ਆਡਿਟ ਦਾ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪੂਰਾ ਵਿਰੋਧ ਕੀਤਾ ਗਿਆ ਅਤੇ ਇਹ ਆਡਿਟ ਕਰਵਾਉਣ ਦਾ ਕੰਮ ਵਿਚਾਲੇ ਹੀ ਲਟਕ ਗਿਆ। ਇਸ ਆਡਿਟ ਦਾ ਵਿਰੋਧ ਕੀਤੇ ਜਾਣ ਪਿੱਛੇ ਕੀ ਕਾਰਨ ਹੈ, ਇਸ ਬਾਰੇ ਖੁੱਲ੍ਹ ਕੇ ਦੱਸਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ। ਜਦੋਂ ਸਾਡੇ ਸਮਾਜ ਵਿਚ ਚੋਣਾਂ ਮੌਕੇ ਏਨਾ ਕੁਝ ਵਾਪਰਦਾ ਹੈ ਤਾਂ ਅਸੀਂ ਕਿਉਂ ਸਿਸਟਮ ਬਦਲਣ ਬਾਰੇ ਸੋਚਦੇ ਹਾਂ? ਚੋਣਾਂ ਮੌਕੇ ਵੋਟਰਾਂ ਨੂੰ ਭਰਮਾਉਣ ਲਈ ਜੋ ਵੀ ਲਾਲਚ ਦਿੱਤੇ ਜਾਂਦੇ ਹਨ, ਉਸ ਵਿਚ ਉਮੀਦਵਾਰਾਂ ਦਾ ਦੋਸ਼ ਘੱਟ ਅਤੇ ਆਮ ਲੋਕਾਂ ਦਾ ਜ਼ਿਆਦਾ ਹੁੰਦਾ ਹੈ।ਸਿਸਟਮ ਵਿਚ ਸੁਧਾਰ ਲਿਆਉਣਾ ਬਾਰੇ ਸੋਚਣਾ ਚੰਗੀ ਅਤੇ ਸਾਰਥਿਕ ਸੋਚ ਦਾ ਨਤੀਜਾ ਹੈ। ਜੇਕਰ ਸਿਸਟਮ ਵਿਚ ਸੁਧਾਰ ਹੋਵੇਗਾ ਤਾਂ ਹੀ ਲੋਕਾਂ ਨੂੰ ਵਾਂਝੀਆਂ ਸਹੂਲਤਾਂ ਮਿਲਣਗੀਆਂ। ਸਿਸਟਮ ਬਦਲਣਾ ਹੈ ਤਾਂ ਆਮ ਲੋਕਾਂ ਨੂੰ ਹੀ ਆਪਣੇ ਦ੍ਰਿੜ੍ਹ ਇਰਾਦਿਆਂ ਨਾਲ ਅੱਗੇ ਆਉਣਾ ਪਵੇਗਾ। ਆਪਣੇ-ਆਪ ਵਿਚ ਸਭ ਤੋਂ ਜ਼ਰੂਰੀ ਜਾਗਰੂਕਤਾ ਪੈਦਾ ਕਰਨੀ ਪਵੇਗੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕ ਸਿਸਟਮ ਵਿਚ ਸੱਚਮੁੱਚ ਹੀ ਬਦਲਾਅ ਲੈ ਕੇ ਆਉਂਦੇ ਹਨ ਜਾਂ ਫਿਰ ਸਿਸਟਮ ਬਦਲਣ ਦੀਆਂ ਗੱਲਾਂ ਨੂੰ ਸਿਰਫ਼ ਖੁੰਢ ਚਰਚਾ ਤੱਕ ਹੀ ਸੀਮਤ ਰੱਖਦੇ ਹਨ।

-ਧਨੌਲਾ (ਬਰਨਾਲਾ)-148105. ਮੋਬਾ: 97810-48055

ਨਵੇਂ ਬਣੇ ਪੁਲਾਂ ਨੇੜੇ ਸਾਈਨ ਬੋਰਡਾਂ ਦੀ ਘਾਟ

ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਮੁੱਖ ਸੜਕਾਂ ਉਪਰ ਵੱਡੀ ਗਿਣਤੀ ਵਿਚ ਫਲਾਈਓਵਰ-ਪੁਲਾਂ ਦਾ ਨਿਰਮਾਣ ਹੋਇਆ ਹੈ। ਜਿਥੇ ਇਸ ਨਾਲ ਸਫਰ ਸੁਖਾਲਾ ਤੇ ਸਮਾਂ ਬਚਾਉਣ ਵਾਲਾ ਹੋਇਆ ਹੈ, ਉਥੇ ਹੀ ਆਮ ਲੋਕਾਂ ਲਈ ਕੁਝ ਸਮੱਸਿਆਵਾਂ ਵੀ ਪੈਦਾ ਹੋਈਆਂ ਹਨ। ਇਨ੍ਹਾਂ ਕਾਰਨ ਰਾਹਗੀਰਾਂ ਲਈ ਆਪਣੀ ਮੰਜ਼ਿਲ 'ਤੇ ਪਹੁੰਚਣ ਦੀ ਪੁਰਾਣੀ ਪਹਿਚਾਣ ਖਤਮ ਹੋ ਕੇ ਰਹਿ ਗਈ ਹੈ। ਪਹਿਲਾਂ ਕੋਈ ਵੀ ਰਾਹਗੀਰ ਮੁੱਖ ਸੜਕ ਤੋਂ ਕਿਸੇ ਪਿੰਡ ਜਾਂ ਸ਼ਹਿਰ ਦੇ ਮੁਹੱਲੇ ਵਿਚ ਜਾਣ ਲਈ ਉਸ ਥਾਂ ਖੜ੍ਹੇ ਕਿਸੇ ਪਿੱਪਲ/ਬੋਹੜ ਜਾਂ ਬਣੇ ਸਥਾਨ, ਅੱਡੇ, ਦੁਕਾਨ ਦੀ ਪਹਿਚਾਣ ਜ਼ਰੀਏ ਆਪਣੀ ਮੰਜ਼ਿਲ 'ਤੇ ਆਸਾਨੀ ਨਾਲ ਪਹੁੰਚ ਜਾਂਦਾ ਸੀ ਪਰ ਪੁਲ ਬਣਨ ਨਾਲ ਪੁਰਾਣੀਆਂ ਪਹਿਚਾਣਾਂ ਜਾਂ ਤਾਂ ਪੁਲਾਂ ਦੇ ਹੇਠਾਂ ਲੁਕ ਗਈਆਂ ਜਾਂ ਅਲੋਪ ਹੀ ਹੋ ਗਈਆਂ ਹਨ। ਲੋੜੀਂਦੇ ਸਾਈਨ ਬੋਰਡਾਂ ਦੀ ਘਾਟ ਕਰਕੇ ਤੇਜ਼ ਰਫਤਾਰ ਜਾ ਰਹੀ ਗੱਡੀ ਦਾ ਡਰਾਈਵਰ ਜਦੋਂ ਅਚਾਨਕ ਹੀ ਆਪਣਾ ਰਾਹ ਬਦਲਣ ਲਈ ਕਾਹਲੀ ਵਿਚ ਫੈਸਲਾ ਲੈਂਦਾ ਹੈ ਤਾਂ ਦੁਰਘਟਨਾਵਾਂ ਹੋਣ ਦਾ ਖਤਰਾ ਵਧ ਜਾਂਦਾ ਹੈ। ਜਿਥੋਂ ਵੀ ਕੋਈ ਫਲਾਈਓਵਰ ਸ਼ੁਰੂ ਹੁੰਦਾ ਹੈ, ਬਿਲਕੁਲ ਉਸ ਸਥਾਨ ਉੱਤੇ ਅਤੇ ਉਸ ਸਥਾਨ ਤੋਂ ਕੁਝ ਦੂਰੀ ਪਹਿਲਾਂ ਵੀ, ਪੁਲ ਦੇ ਹੇਠਾਂ ਦੋਵੇਂ ਪਾਸੇ ਸਥਿਤ ਸਥਾਨਾਂ ਬਾਰੇ ਸਾਈਨ ਬੋਰਡ ਜ਼ਰੂਰ ਹੀ ਲੱਗੇ ਹੋਣੇ ਚਾਹੀਦੇ ਹਨ ਤੇ ਇਸ ਦੇ ਨਾਲ ਹੀ ਪੁਲ ਦੇ ਉੱਪਰ ਚੜ੍ਹ ਕੇ ਅੱਗੇ ਸਿੱਧਾ ਰਸਤਾ ਕਿਹੜੇ ਸ਼ਹਿਰ ਵੱਲ ਜਾ ਰਿਹਾ ਹੈ, ਇਹ ਵੀ ਲਿਖਣਾ ਬਹੁਤ ਜ਼ਰੂਰੀ ਹੈ। ਅਜਿਹੇ ਸਾਈਨ ਬੋਰਡਾਂ ਦੀ ਅਣਹੋਂਦ ਕਰਕੇ ਸਿਰਫ ਦੂਰ-ਦੁਰਾਡੇ ਜਾਂ ਨਵੇਂ ਰਾਹਗੀਰ ਹੀ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਦੇ, ਸਗੋਂ ਸਥਾਨਕ ਲੋਕ ਵੀ ਆਪਣੀ ਮੰਜ਼ਿਲ 'ਤੇ ਆਸਾਨੀ ਨਾਲ ਪਹੁੰਚਣ ਵਿਚ ਦਿੱਕਤਾਂ ਮਹਿਸੂਸ ਕਰਦੇ ਰਹਿੰਦੇ ਹਨ। ਸਬੰਧਿਤ ਮਹਿਕਮੇ ਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਈਨ ਬੋਰਡ ਪੁਲ ਬਣਨ ਤੋਂ ਪਹਿਲਾਂ ਦੇ ਲੱਗੇ ਹੋਏ ਹਨ, ਇਸ ਕਰਕੇ ਹੁਣ ਇਹ ਪੁਲਾਂ ਦੇ ਹੇਠਾਂ ਆ ਚੁੱਕੇ ਹਨ। ਪੁਲ ਤਾਂ ਇਨ੍ਹਾਂ ਸਾਈਨ ਬੋਰਡਾਂ ਦੇ ਲਗਪਗ ਅੱਧਾ-ਅੱਧਾ ਕਿਲੋਮੀਟਰ ਦੋਵੇਂ ਪਾਸੇ ਤੱਕ ਫੈਲੇ ਹੋਏ ਹੁੰਦੇ ਹਨ, ਇਸ ਕਰਕੇ ਜਿਥੋਂ ਪੁਲ ਸ਼ੁਰੂ ਹੁੰਦਾ ਹੈ, ਉਸ ਥਾਂ ਤੋਂ ਤਾਂ ਇਹ ਸਾਈਨ ਬੋਰਡ ਦਿਸਦੇ ਤੱਕ ਵੀ ਨਹੀਂ। ਰਾਹਗੀਰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਪੁਲ 'ਤੇ ਚੜ੍ਹਨ ਜਾਂ ਨਾ, ਇਹ ਦੱਸਣ ਲਈ ਨਵੇਂ ਸਾਈਨ ਬੋਰਡਾਂ ਦੀ, ਪੁਲ ਸ਼ੁਰੂ ਹੋਣ ਤੋਂ ਕੁਝ ਦੂਰੀ ਪਹਿਲਾਂ ਅਤੇ ਬਿਲਕੁਲ ਪੁਲ ਸ਼ੁਰੂ ਹੋਣ 'ਤੇ, ਬਹੁਤ ਲੋੜ ਹੈ। ਜਿਥੇ ਪੁਲ ਉਤਰਨ ਉਪਰੰਤ ਰਾਹਗੀਰ ਵਾਪਸ ਮੁੜ ਸਕਦਾ ਹੈ, ਉਥੇ ਵੀ ਅਜਿਹੇ ਸਾਈਨ ਬੋਰਡ ਪੁਲ ਖਤਮ ਹੋਣ ਵਾਲੀ ਥਾਂ 'ਤੇ ਜ਼ਰੂਰ ਹੀ ਲੱਗਣੇ ਚਾਹੀਦੇ ਹਨ। ਉੁਮੀਦ ਹੈ ਸਬੰਧਿਤ ਮਹਿਕਮਾ ਇਸ ਲੋੜ ਵੱਲ ਧਿਆਨ ਦੇਵੇਗਾ।

-ਬੀ-29, 1251/ਸੀ/392, ਈਸ਼ਰ ਨਗਰ, ਬਲਾਕ ਸੀ, ਲੁਧਿਆਣਾ। ਮੋਬਾ: 99140-09160

ਨੌਜਵਾਨਾਂ ਨੂੰ ਕੁਰਾਹੇ ਪਾ ਰਹੀ ਹੈ ਨੀਵੇਂ ਪੱਧਰ ਦੀ ਗਾਇਕੀ

ਸਾਡੇ ਵਿਰਸੇ ਨੂੰ ਦੁਨੀਆ ਦਾ ਅਮੀਰ ਸੱਭਿਆਚਾਰਕ ਵਿਰਸਾ ਹੋਣ ਦਾ ਮਾਣ ਪ੍ਰਾਪਤ ਹੈ, ਪਰ ਅਜੋਕੇ ਘਟੀਆ, ਗੈਰ-ਮਿਆਰੀ ਅਤੇ ਅਸ਼ਲੀਲ ਗੀਤ ਗਾਉਣ ਵਾਲੇ ਅਖੌਤੀ ਗਇਕਾਂ ਨੇ ਪੰਜਾਬੀ ਮਾਂ-ਬੋਲੀ ਨਾਲ ਧ੍ਰੋਹ ਕੀਤਾ ਅਤੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਪੂਰੀ ਤਰ੍ਹਾਂ ਕਲੰਕਤ ਕਰ ਛੱਡਿਆ ਹੈ। ਨੌਜਵਾਨ ਪੀੜ੍ਹੀ ਕੁਰਾਹੇ ਪਾ ਦਿੱਤੀ ਹੈ। 90 ਫੀਸਦੀ ਗੀਤ ਪਿੰਡਾਂ ਅਤੇ ਸ਼ਹਿਰਾਂ ਦੀਆਂ ਧੀਆਂ-ਭੈਣਾਂ ਦੁਆਲੇ ਘੁੰਮਦੇ ਹਨ। ਇਨ੍ਹਾਂ 'ਚੋਂ ਬਹੁਤ ਸਾਰੇ ਤਾਂ ਅਜਿਹੇ ਹਨ, ਜੋ ਕਿ ਕਾਲਜ ਦੇ ਪਿਛਲੇ ਪਾਸਿਓਂ ਵੀ ਨਹੀਂ ਲੰਘੇ ਪਰ ਗੀਤ ਕਾਲਜ ਦੀ ਕੰਟੀਨ, ਕਲਾਸ ਰੂਮ ਅਤੇ ਹੋਸਟਲ ਦੇ ਗਾਉਂਦੇ ਹਨ। ਵਿਆਹਾਂ-ਸ਼ਾਦੀਆਂ ਵਿਚ ਜੋ ਗੋਲੀਆਂ ਚਲਦੀਆਂ ਹਨ, ਕਤਲ ਹੁੰਦੇ ਹਨ, ਉਨ੍ਹਾਂ ਦਾ ਸਿਹਰਾ ਇਨ੍ਹਾਂ ਨੂੰ ਹੀ ਜਾਂਦਾ ਹੈ। ਉਂਜ ਆਪਣੀਆਂ ਇੰਟਰਵਿਊਆਂ ਵਿਚ ਪੰਜਾਬੀ ਮਾਂ-ਬੋਲੀ ਅਤੇ ਸੱਭਿਆਚਾਰ ਦੀ ਸੇਵਾ ਦੀਆਂ ਗੱਲਾਂ ਕਰਦੇ ਨੇ, ਇਨ੍ਹਾਂ ਦੇ ਗਾਣਿਆਂ ਅਤੇ ਫਿਲਮਾਂ ਦੇ ਨਾਂਅ ਬਹੁਤੇ ਅੰਗਰੇਜ਼ੀ ਵਿਚ ਹੀ ਹੁੰਦੇ ਹਨ। ਇਸਤਰੀ ਜਾਗ੍ਰਿਤੀ ਮੰਚ ਵਾਲੀਆਂ ਬੀਬੀਆਂ ਨੇ ਬੜਾ ਸ਼ਾਨਦਾਰ ਉਪਰਾਲਾ ਕੀਤਾ ਸੀ ਪਰ ਅਫਸੋਸ ਦੀ ਗੱਲ ਹੈ ਕਿ ਪੰਜਾਬੀਆਂ ਨੇ ਉਨ੍ਹਾਂ ਨੂੰ ਏਨੇ ਪਵਿੱਤਰ ਅਤੇ ਮਹੱਤਵਪੂਰਨ ਕਾਰਜ ਵਿਚ ਕੋਈ ਸਹਿਯੋਗ ਨਹੀਂ ਦਿੱਤਾ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਢੰਡੋਰਾ ਪਿੱਟਣ ਵਾਲੀਆਂ ਜਥੇਬੰਦੀਆਂ ਨੂੰ ਵੀ ਸੱਪ ਸੁੰਘ ਗਿਆ। ਸਰਕਾਰ ਅਤੇ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣੇ ਹੋਏ ਹਨ। ਦੇਸ਼ ਖੂਹ ਵਿਚ ਡਿੱਗੇ, ਇਨ੍ਹਾਂ ਦੀ ਕੁਰਸੀ ਅਤੇ ਵੋਟ ਸਲਾਮਤ ਰਹਿਣੀ ਚਾਹੀਦੀ ਹੈ। ਅੱਜ ਜੋ ਵੀ ਮੁੰਡੇ-ਕੁੜੀਆਂ ਘਰਾਂ ਤੋਂ ਭੱਜ ਰਹੇ ਹਨ, ਉਨ੍ਹਾਂ ਨੂੰ ਘਰੋਂ ਭੱਜਣ ਨੂੰ ਉਕਸਾਉਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਇਹ ਅਖੌਤੀ ਘਟੀਆ ਗਾਇਕ ਹੀ ਹਨ। ਜਿਹੜੇ ਗੀਤਕਾਰਾਂ ਅਤੇ ਗਾਇਕਾਂ ਨੇ ਮਿਆਰ ਰੱਖਿਆ ਹੋਇਆ ਹੈ, ਉਨ੍ਹਾਂ ਨੂੰ ਸਮੂਹ ਪੰਜਾਬੀਆਂ ਵਲੋਂ ਸਲਾਮ ਕਰਦਾ ਹਾਂ। ਪ੍ਰੇਮ ਵਿਛੋੜੇ ਦੇ ਗੀਤ ਮੁੱਢ-ਕਦੀਮ ਤੋਂ ਚੱਲੇ ਆਉਂਦੇ ਹਨ ਪਰ ਸਾਡੇ ਸਮਾਜ ਨੇ ਇਕ ਲਛਮਣ ਰੇਖਾ ਖਿੱਚੀ ਹੋਈ ਹੈ, ਜਿਸ ਨੂੰ ਪਾਰ ਕਰਨਾ ਬਹੁਤ ਵੱਡਾ ਗੁਨਾਹ ਹੈ। ਮੈਂ ਪੰਜਾਬੀ ਮਾਂ-ਬੋਲੀ ਅਤੇ ਧਰਤੀ ਮਾਂ ਦੇ ਲਾਡਲੇ ਧੀਆਂ-ਪੁੱਤਰਾਂ ਨੂੰ ਸਨਿਮਰ ਬੇਨਤੀ ਕਰਦਾਂ ਹਾਂ ਕਿ ਆਓ, ਇਸ ਲੱਚਰਤਾ ਦੇ ਕੈਂਸਰ ਦਾ ਜੂੜ ਵੱਢੀਏ, ਕਿਤੇ ਤੁਹਾਡੀ ਦੇਰੀ ਕਾਰਨ ਇਹ ਰੋਗ ਆਖਰੀ ਪੜਾਅ 'ਤੇ ਨਾ ਪਹੁੰਚ ਜਾਵੇ, ਜਿਸ ਦਾ ਫਿਰ ਇਲਾਜ ਹੀ ਅਸੰਭਵ ਹੋਵੇ। ਆਪਣੇ ਇਕ ਸ਼ਿਅਰ ਨਾਲ ਲਿਖਤ ਦੀ ਸਮਾਪਤੀ ਕਰਦਾਂ ਹਾਂ-'ਗੰਦੇ ਗੀਤ ਲਿਖਣ ਵਾਲਿਓ, ਸੁਣ ਲਓ ਗੰਦਾ ਗਾਉਣ ਵਾਲਿਓ। ਬੇੜਾ ਗਰਕ ਕਿਵੇਂ ਨਾ ਹੋਊ, ਮਾਂ ਦੇ ਲੀੜੇ ਲਾਹੁਣ ਵਾਲਿਓ।'

-ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖ਼ਾ (ਲੁਧਿਆਣਾ)। ਮੋਬਾ: 94635-42896






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX