ਤਾਜਾ ਖ਼ਬਰਾਂ


ਪੁਲਿਸ ਚੈਕਿੰਗ ਦੌਰਾਨ ਕਾਰ ਛੱਡ ਫ਼ਰਾਰ ਹੋਏ ਗੈਂਗਸਟਰ
. . .  1 day ago
ਜਲੰਧਰ, 23 ਫਰਵਰੀ - ਜਲੰਧਰ-ਫਗਵਾੜਾ ਮੁੱਖ ਜੀ.ਟੀ ਰੋਡ 'ਤੇ ਪਰਾਗਪੁਰ ਵਿਖੇ ਪੁਲਿਸ ਚੈਕਿੰਗ ਦੌਰਾਨ ਤਿੰਨ ਦੇ ਕਰੀਬ ਗੈਂਗਸਟਰ ਇਨੋਵਾ ਕਾਰ ਛੱਡ ਕੇ ਜਮਸ਼ੇਰ ਵੱਲ ਨੂੰ ਫ਼ਰਾਰ...
ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  1 day ago
ਫ਼ਿਰੋਜਪੁਰ 23 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਹਿੰਦ ਪਾਕਿ ਕੌਮੀ ਸਰਹੱਦ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਕੀ ਸ਼ਾਮੇ ਕੇ ਦੇ ਖੇਤਰ ਵਿਚੋਂ 136 ਬਟਾਲੀਅਨ ਬੀਐਸਐਫ...
ਰਾਮ ਵਿਲਾਸ ਪਾਸਵਾਨ ਵੱਲੋਂ ਪੰਜਾਬ ਹਰਿਆਣਾ ਦੇ ਐਫ.ਸੀ.ਆਈ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਜ਼ੀਰਕਪੁਰ, 23 ਫਰਵਰੀ, (ਹਰਦੀਪ ਹੈਪੀ ਪੰਡਵਾਲਾ) - ਕੇਂਦਰੀ ਖਪਤਕਾਰ ਮਾਮਲੇ , ਖਾਦ ਅਤੇ ਸਰਵਜਨਕ ਵਿਤਰਨ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਪਟਿਆਲਾ - ਜ਼ੀਰਕਪੁਰ ਸੜਕ...
ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  1 day ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  1 day ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  1 day ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  1 day ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  1 day ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  1 day ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ- ਬਦਨਸੀਬ ਔਰਤ

ਮੈਂ ਆਪਣੀ ਪਤਨੀ ਸਮੇਤ, ਉਸ ਦੀ ਕੋਰਸ ਸਮੇਂ ਦੀ ਜਮਾਤਣ, ਸਿੱਖਿਆ ਵਿਭਾਗ ਵਿਚ ਮੇਰੀ ਪਹਿਲੀ ਨਿਯੁਕਤੀ ਸਮੇਂ ਸਹਿਯੋਗੀ ਰਹੀ ਅਤੇ ਵਿਆਹ ਤੋਂ ਬਾਅਦ ਸਾਡੇ ਦੋਵਾਂ ਨਾਲ ਵੱਖ-ਵੱਖ ਸਕੂਲਾਂ ਵਿਚ ਪੜ੍ਹਾਉਂਦੀ ਰਹੀ, ਸੁਖਜੀਤ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਉਨ੍ਹਾਂ ਦੇ ਪਿੰਡ ਜਾ ਰਿਹਾ ਸੀ | ਰਸਤੇ ਵਿਚ ਮੈਨੂੰ ਸਭ ਤੋਂ ਪਹਿਲਾਂ ਉਸ ਦਾ ਸਾਦੇ ਪਹਿਰਾਵੇ ਵਾਲਾ ਫੁਰਤੀਲਾ ਤੇ ਨਰੋਆ ਸਰੀਰ, ਸ਼ਰਮਾਕਲ ਅੱਖਾਂ ਤੇ ਗੋਰੇ ਰੰਗ ਵਾਲਾ ਅਨਭੋਲ ਚਿਹਰਾ ਨਜ਼ਰ ਆ ਰਿਹਾ ਸੀ | ਫਿਰ ਵਿਆਹ ਤੋਂ ਪਿੱਛੋਂ ਨਿਖਾਰ ਦੀ ਥਾਂ ਨਿਘਾਰ ਅਤੇ ਆਖਰੀ ਸਾਲਾਂ ਵਾਲਾ ਕੁੱਬਾ ਹੋਣ ਕਰਕੇ ਸੋਟੀ ਸਹਾਰੇ ਤੁਰਦਾ, ਉਮਰੋਂ ਵੱਧ ਬੁੱਢਾ ਜਾਪਦਾ ਕਮਜ਼ੋਰ ਸਰੀਰ, ਖੁਸ਼ਕ ਅੱਖਾਂ ਤੇ ਝੁਰੜੀਆਂ ਭਰਿਆ ਕਾਲਾ ਸਿਆਹ ਚਿਹਰਾ, ਫਿਲਮ ਦੇ ਦਿ੍ਸ਼ ਵਾਂਗ ਬਦਲ-ਬਦਲ ਕੇ ਸਾਹਮਣੇ ਆ ਰਿਹਾ ਸੀ | ਉਸ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਸੁਖਜੀਤ ਦੀ ਮੌਤ ਦਾ ਦੁੱਖ ਵੰਡਾ ਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਗਏ | ਅੰਤਿਮ ਅਰਦਾਸ ਤੋਂ ਬਾਅਦ ਮਾਈਕ ਸਾਹਮਣੇ ਇਕ ਸਮਾਜ ਸੇਵੀ ਬੋਲਣ ਲੱਗਿਆ, 'ਪਿਆਰੀ ਸਾਧ ਸੰਗਤ | ਅੱਜ ਅਸੀਂ ਏਨੀ ਵੱਡੀ ਗਿਣਤੀ ਵਿਚ ਪੂਜਨੀਕ ਬੀਬੀ ਸੁਖਜੀਤ ਕੌਰ ਜੀ ਨੂੰ ਸ਼ਰਧਾਂਜਲੀ ਦੇਣ ਲਈ ਇਸ ਗ੍ਰਹਿ ਵਿਖੇ ਇਕੱਤਰ ਹੋਏ ਹਾਂ | ਆਪਣੇ ਨਾਂਅ ਵਾਂਗ ਪੇਕੇ ਘਰ ਸੁੱਖ ਮਾਣ ਕੇ, ਵਿੱਦਿਆ ਪ੍ਰਾਪਤ ਕਰ ਕੇ ਰੁਤਬਾ ਹਾਸਲ ਕੀਤਾ ਤੇ ਪਿਤਾ ਦਾ ਨਾਂਅ ਚਮਕਾਇਆ | ਵਿਆਹ ਤੋਂ ਬਾਅਦ ਇਸ ਸਧਾਰਨ ਪਰਿਵਾਰ ਨੂੰ ਆਪਣੀ ਸੂਝ-ਬੂਝ ਨਾਲ ਬੁਲੰਦੀਆਂ 'ਤੇ ਪਹੁੰਚਾਇਆ... | ਆਪਣੇ ਲਾਇਕ ਪੁੱਤਰ ਨੂੰ ਉੱਚ ਵਿਦਿਆ ਦਿਵਾ ਕੇ ਅਫਸਰ ਬਣਾਇਆ | ਪ੍ਰਮਾਤਮਾ ਉਸ ਦੇਵੀ ਦੀ ਰੂਹ ਨੂੰ ਸ਼ਾਂਤੀ ਬਖ਼ਸ਼ ਕੇ ਆਪਣੇ ਚਰਨਾਂ ਵਿਚ ਨਿਵਾਸ ਦੇਵੇ... |'
ਦੂਜੇ ਬੁਲਾਰੇ ਦੇ ਕੁਝ ਕਹਿਣ ਤੋਂ ਪਹਿਲਾਂ ਮੇਰੇ ਕੰਨਾਂ ਨੂੰ ਇਕ ਔਰਤ ਦੀ ਆਵਾਜ਼ ਸੁਣਾਈ ਦੇਣ ਲੱਗੀ, 'ਹਾਂ, ਸਾਰੀ ਉਮਰ ਮੈਨੂੰ ਇਕ ਮਿੰਟ ਵੀ ਚੈਨ ਨਾਲ ਜਿਊਣ ਨਹੀਂ ਦਿੱਤਾ | ਹੁਣ ਮੇਰੀ ਰੂਹ ਦੀ ਸ਼ਾਂਤੀ ਲਈ ਅਰਦਾਸਾਂ ਕਰਨ ਆ ਗਿਐ?' ਆਵਾਜ਼ ਸਾਹਮਣੇ ਪਈ ਸੁਖਜੀਤ ਦੀ ਫੋਟੋ ਵਲੋਂ ਆ ਰਹੀ ਸੀ ਤੇ ਉਸ ਦੀ ਆਵਾਜ਼ ਨਾਲ ਬਿਲਕੁਲ ਮਿਲਦੀ ਹੋਣ ਕਾਰਨ ਮੈਂ ਤ੍ਰਬਕ ਗਿਆ | ਆਵਾਜ਼ ਲਗਾਤਾਰ ਆ ਰਹੀ ਸੀ |
'ਐ ਮਤਲਬਪ੍ਰਸਤ ਮਰਦ! ਸਭ ਤੋਂ ਪਹਿਲਾਂ ਜਦੋਂ ਮੈਂ ਤੇਰੇ ਘਰ ਧੀ ਦੇ ਰੂਪ ਵਿਚ ਜੰਮੀ ਸੀ, ਉਦੋਂ ਤੂੰ 'ਪੱਥਰ ਆ ਗਿਆ' ਕਹਿ ਕੇ ਮਾਤਮ ਮਨਾਇਆ ਸੀ | ਨਿਆਣੀ ਹੁੰਦਿਆਂ ਹੀ ਮੇਰੀ ਮਾਂ ਬੇਇਲਾਜੀ ਮਰ ਗਈ | ਹੋਸ਼ ਸੰਭਾਲ ਕੇ ਮੈਂ ਗੁਆਂਢੀਆਂ ਦੇ ਬੱਚਿਆਂ ਦੀ ਰੀਸੋ-ਰੀਸੀ ਕੈਦਾ ਲੈ ਕੇ ਸਕੂਲ ਚਲੀ ਗਈ | ਮੁਢਲੀ ਸਿੱਖਿਆ ਤੋਂ ਥੋੜ੍ਹਾ ਅਗਾਂਹ ਤੁਰੀ ਤਾਂ | ਇਕ ਦਿਨ ਤੇਰੇ ਨਾਲ ਮੇਰੇ ਤੋਂ ਕੁਝ ਵਡੇਰੀ, ਇਕ ਓਪਰੀ ਨਾਰ ਆਪਣੇ ਘਰ ਆਈ ਸੀ ਤੇ ਤੂੰ ਮੈਨੂੰ ਕਿਹਾ ਸੀ, 'ਸੁਖਜੀਤ! ਇਹ ਤੇਰੀ ਮਾਸੀ ਹੈ |' ਆਪਣੇ ਘਰ ਸਦਾ ਲਈ ਰਹਿਣ ਲੱਗੀ ਮਾਸੀ ਨੇ ਮਤਰੇਆ ਦਾ ਰੂਪ ਧਾਰ ਕੇ ਇਕ ਦਿਨ ਮੈਨੂੰ ਬਹੁਤ ਕੁੱਟਿਆ | ਮੇਰੀ ਰੋਜ਼ਾਨਾ ਦੀ ਮਾਰ ਨਾਲ ਮੇਰੇ ਲਈ ਤੂੰ ਵੀ ਮਤਰੇਆ ਹੋ ਗਿਆ ਸੀ | ਮੇਰੀ ਪੜ੍ਹਨ ਦੀ ਜ਼ਿੱਦ ਕਾਰਨ ਤੂੰ ਆਪਣੀ ਐਸ਼ ਲਈ ਮੈਨੂੰ ਦੂਰ ਦੇ ਸ਼ਹਿਰ ਹੋਸਟਲ ਵਾਲੇ ਕੁੜੀਆਂ ਦੇ ਸਕੂਲ ਦਾਖਲ ਕਰਵਾ ਦਿੱਤਾ ਸੀ | ਉਥੇ ਤੇਰੇ ਵਲੋਂ ਕੰਜੂਸੀ ਨਾਲ ਡਾਕ ਰਾਹੀਂ ਭੇਜੇ ਜਾਂਦੇ ਮਸਾਂ ਗੁਜ਼ਾਰੇ ਜੋਗੇ ਪੈਸਿਆਂ ਨਾਲ ਲਗਨ ਅਤੇ ਮਿਹਨਤ ਕਰਕੇ ਚੰਗੇ ਨੰਬਰਾਂ ਵਿਚ ਲੋੜੀਂਦੀ ਵਿਦਿਆ ਪ੍ਰਾਪਤ ਕਰਕੇ ਦੂਰ ਦੀ ਸੋਚ, ਹਿੰਮਤ ਕਰਕੇ ਤੇਰੇ ਨਾ ਚਾਹੁੰਦਿਆਂ ਵੀ ਅਧਿਆਪਨ ਦਾ ਕੋਰਸ ਪਾਸ ਕਰਕੇ ਪਿੰਡ ਆ ਗਈ ਸੀ |'
'ਜਦੋਂ ਮੈਂ ਸਰਕਾਰੀ ਸਕੂਲ ਪੜ੍ਹਾ ਕੇ ਹਰ ਮਹੀਨੇ ਤਨਖਾਹ ਤੇਰੀ ਹਥੇਲੀ 'ਤੇ ਰੱਖਦੀ ਤਾਂ ਤੂੰ ਮੈਨੂੰ ਲਾਲਚ-ਵਸ ਫੋਕਾ ਪਿਆਰ ਕਰਕੇ 'ਪੁੱਤ ਪੁੱਤ' ਕਹਿਣ ਲੱਗਾ | ਮੇਰੀ ਪੜ੍ਹਾਈ 'ਤੇ ਖਰਚ ਕੀਤੀ ਰਕਮ ਕਈ ਗੁਣਾ ਵਿਆਜ ਸਮੇਤ ਪੂਰੀ ਹੋਣ 'ਤੇ ਵੀ ਤੂੰ ਮੇਰੀ ਢਲਦੀ ਜਵਾਨੀ ਵੱਲ ਨਾ ਦੇਖਿਆ | ਆਖਰ ਸ਼ਰੀਕਾਂ ਦੇ ਲਗਾਤਾਰ ਤਾਅਨੇ ਸੁਣਦਿਆਂ ਤੂੰ ਅੱਕ ਗਿਆ ਸੀ | ਮੇਰੇ ਦੂਰੋਂ ਲੱਗਦੇ ਅਨਪੜ੍ਹ ਜੀਜੇ ਨਾਲ ਕਈ ਥਾੲੀਂ ਜਾ ਕੇ ਉਸ ਦੇ ਰਿਸ਼ਤੇਦਾਰ ਦੇ ਪੁੱਤ ਨਾਲ, ਮੈਨੂੰ ਬਿਨਾਂ ਵਿਖਾਏ ਜਾਂ ਪੁੱਛੇ ਨਰੜ ਆਇਆ ਸੀ | ਆ ਕੇ ਤੂੰ ਮੈਨੂੰ ਕਿਹਾ ਸੀ, 'ਮੰੁਡਾ ਲੰਬੜਾਂ ਦੇ ਮੰੁਡੇ ਨਾਲ ਮਿਲਦਾ-ਜੁਲਦਾ ਹੈ | ਸਰਕਾਰੀ ਬੀਮਾ ਕੰਪਨੀ ਵਿਚ ਅਫਸਰ ਲੱਗਿਆ ਹੋਇਆ ਹੈ |' ਕੁਝ ਮਹੀਨਿਆਂ ਬਾਅਦ ਬਿਜਲੀ ਸੜਕ, ਬੱਸ ਸਮੇਤ, ਸਭ ਸਹੂਲਤਾਂ ਤੋਂ ਸੱਖਣੇ ਤੇ ਪਛੜੇ ਪਿੰਡ ਦੇ ਗ਼ੈਰ-ਮਰਦ ਹੱਥ ਪਸ਼ੂਆਂ ਵਾਂਗ ਮੇਰੀ ਵਾਗ ਫੜਾ ਕੇ ਤੂੰ ਖ਼ੁਸ਼ੀ ਮਨਾਈ ਸੀ |'
'ਐ ਧੋਖੇਬਾਜ਼ ਮਰਦ | ਦੂਜੇ ਰੂਪ ਵਿਚ ਮੇਰਾ ਪਤੀ ਬਣ ਕੇ ਤੂੰ ਮੈਨੂੰ ਆਪਣੇ ਘਰ ਲੈ ਗਿਆ ਸੀ | ਮੇਰੇ ਕਮਾਊ ਹੋਣ ਦੇ ਬਾਵਜੂਦ ਤੇਰੇ ਪਰਿਵਾਰ ਨੇ 'ਭੁੱਖੇ ਨੰਗੇ ਮਾਪਿਆਂ ਦੀ ਧੀ, ਕੜਮੀ ਖਾਲੀ ਹੱਥ ਆ ਵੜੀ' ਕਹਿ ਕੇ ਮੇਰਾ ਸਵਾਗਤ ਕੀਤਾ ਸੀ | ਪਹਿਲੀ ਮੁਲਾਕਾਤ ਵਿਚ ਹੀ ਤੂੰ ਮੇਰੇ ਅਛੋਹ ਸਰੀਰ ਨੂੰ ਪਿਆਰ ਨਾਲ ਸਰਸ਼ਾਰ ਕਰਨ ਦੀ ਬਜਾਏ, ਸ਼ਰਾਬ ਨਾਲ ਗੁੱਟ ਹੋ ਕੇ ਮੇਰੇ ਚਰਿੱਤਰ ਬਾਰੇ ਊਲ-ਜਲੂਲ ਬੋਲ ਕੇ ਮੇਰਾ ਸੀਨਾ ਛਲਣੀ ਕਰ ਦਿੱਤਾ ਸੀ | ਕੁਝ ਦਿਨਾਂ ਬਾਅਦ ਹੀ ਤੂੰ ਇਕ ਦਿਨ ਕੱਪੜਿਆਂ ਤੇ ਸਮਾਨ ਦਾ ਬੈਗ ਭਰ ਕੇ 'ਕੁਝ ਦਿਨਾਂ ਨੂੰ ਆਵਾਂਗਾ' ਕਹਿ ਕੇ ਚਲਿਆ ਗਿਆ ਸੀ | ਪਿੱਛੋਂ ਮੈਂ ਤੇਰੇ ਵਿਯੋਗ ਵਿਚ ਲੁਕ-ਲੁਕ ਕੇ ਆਪਣੀ ਖੋਟੀ ਕਿਸਮਤ ਨੂੰ ਰੋਂਦੀ | ਸਕੂਲ ਸਮੇਂ ਤੋਂ ਪਹਿਲਾਂ ਤੇ ਪਿੱਛੋਂ ਘਰ ਦਾ ਸਾਰਾ ਕੰਮ ਕਰਦੀ | ਤੇਰੀਆਂ ਭੈਣਾਂ ਤੇ ਮਾਂ ਦੀਆਂ ਗਾਲ੍ਹਾਂ ਮੇਰੀ ਰੋਜ਼ਾਨਾ ਦੀ ਖੁਰਾਕ ਸਨ | ਕਦੇ ਤੇਰੀ ਚਿੱਠੀ ਵੀ ਨਾ ਆਈ | ਮੇਰੇ ਜੇਠ-ਦਿਓਰ ਮੇਰੇ ਵੱਲ ਮੈਲੀਆਂ ਅੱਖਾਂ ਨਾਲ ਵੇਖ ਕੇ ਵਿਅੰਗ ਕੱਸਦੇ ਪਰ ਮੈਂ ਆਪਦੇ ਸਬਰ ਦਾ ਪਿਆਲਾ ਨਾ ਉਛਲਣ ਦਿੱਤਾ | ਪੂਰੇ ਮਹੀਨੇ ਬਾਅਦ ਤੂੰ ਵਾਪਸ ਆਇਆ | ਦੋ-ਚਾਰ ਦਿਨ ਮੇਰੇ ਨਾਲ ਪਿਆਰ-ਖੇਡ ਖੇਡ ਕੇ ਮੇਰੀ ਤਨਖਾਹ ਲੈ, ਮੇਰੀਆਂ ਸਧਰਾਂ ਦਾ ਖੂਨ ਕਰਕੇ ਫਿਰ ਤੁਰ ਗਿਆ ਸੀ | ਤੇਰਾ ਇਸ ਤਰ੍ਹਾਂ ਆਉਣਾ-ਜਾਣਾ ਆਮ ਗੱਲ ਹੋ ਗਈ ਸੀ | ਇਕ ਵਾਰ ਘਰ ਹੁੰਦਿਆਂ ਤੇਰੀ ਅਫਸਰੀ ਦੇ ਢੋਲ ਦੀ ਪੋਲ ਖੁੱਲ੍ਹਣ 'ਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ | ਜਦੋਂ ਇਕ ਰਾਤ ਨਸ਼ਈ ਹਾਲਤ ਵਿਚ ਤੂੰ ਆਪਣੇ-ਆਪ ਨੂੰ ਇਕ ਛੋਟੀ ਜਿਹੀ ਨਿੱਜੀ ਕੰਪਨੀ ਦਾ ਸਾਧਾਰਨ ਮੁਲਾਜ਼ਮ ਦੱਸਿਆ ਸੀ | ਖਾਹਿਸ਼ਾਂ ਦੇ ਰੋਜ਼ਾਨਾ ਢਹਿੰਦੇ ਉਸਰਦੇ ਮਹਿਲਾਂ ਨੂੰ ਕਿਸੇ ਨਵੇਂ ਸੂਰਜ ਦੀ ਚਾਨਣੀ ਨਾਲ ਰੁਸ਼ਨਾਉਣ ਦੀ ਆਸ ਸਹਾਰੇ ਜੀਅ ਰਹੀ ਸਾਂ |'
'ਇਸ ਰੂਪ ਵਿਚ ਵੀ ਤੂੰ ਅਕ੍ਰਿਤਘਣ ਨਿਕਲਿਆ | ਮੈਂ ਰੁੱਖਾ-ਮਿੱਸਾ ਖਾ, ਤੈਨੂੰ ਦੁਨੀਆ ਵਿਖਾਈ | ਤੈਨੂੰ ਜਨਮ ਦੇਣ ਵੇਲੇ ਮੇਰਾ ਆਪਣਾ ਦੂਜਾ ਜਨਮ ਹੋਇਆ ਸੀ | ਤੇਰੇ ਗਿੱਲੇ ਕੀਤੇ ਬਿਸਤਰੇ 'ਤੇ ਆਪ ਪੈ, ਤੈਨੂੰ ਸੁੱਕੇ ਪਾਇਆ | ਭੁੱਖ ਤ੍ਰੇਹ ਕੱਟ, ਤੈਨੂੰ ਰੀਝਾਂ ਨਾਲ ਪੜ੍ਹਾ ਅਫਸਰ ਬਣਾਇਆ | ਤੁਹਾਡੀ ਜੋੜੀ ਦੇ ਸਿਰੋਂ ਪਾਣੀ ਵਾਰ ਕੇ ਪੀਣ ਤੋਂ ਥੋੜ੍ਹੇ ਅਰਸੇ ਪਿੱਛੋਂ ਹੀ ਤੂੰ, ਮੇਰੇ ਆਪਣੇ ਹੱਥੀਂ ਬਣਾਈ ਆਲੀਸ਼ਾਨ ਕੋਠੀ ਦੇ ਸਾਹਮਣੇ ਦੂਰ ਪਸ਼ੂਆਂ ਲਈ ਬਣਾਏ ਨਿਵੇਕਲੇ ਕੋਠੇ ਵਿਚ ਮੇਰੀ ਮੰਜੀ ਡਾਹੁੰਦਿਆਂ ਕਿਹਾ ਸੀ, 'ਬੀਬੀ, ਇਥੇ ਮੇਰੇ ਅਫਸਰ ਦੋਸਤ ਤੇ ਰਿਸ਼ਤੇਦਾਰ ਆਉਂਦੇ ਹਨ | ਤੂੰ ਉੱਚੀ ਖੰਘਦੀ ਤੇ ਇਥੇ ûੱਕਦੀ ਬੁਰੀ ਲਗਦੀ ਹੈਾ |'
'ਮੇਰੇ ਉਤੇ ਤੇਰਾ ਇਹ ਆਖਰੀ ਵਾਰ ਸੀ | ਤੇਰੇ ਜ਼ੁਲਮ ਇਸ ਤੋਂ ਵੱਧ ਨਾ ਸਹਾਰਦੀ ਹੋਈ ਦਿਲ ਹਾਰ ਕੇ ਇਹ ਦੁਨੀਆ ਛੱਡ ਕੇ ਭਟਕ ਰਹੀ ਸਾਂ | ਅੱਜ ਤੱਕ ਡਰਾਵੇ ਦੇ ਕੇ ਤੂੰ ਮੈਨੂੰ ਚੁੱਪ ਕਰਾਈ ਰੱਖਿਆ | ਹੁਣ ਮੈਨੂੰ ਦੁਨੀਆ ਦੀ ਕੋਈ ਤਾਕਤ ਬੋਲਣ ਤੋਂ ਨਹੀਂ ਰੋਕ ਸਕਦੀ | ਹੁਣ ਤੂੰ ਮੈਨੂੰ ਸੁਖਜੀਤ ਨਾ ਕਹਿ, ਮੈਂ ਬਦਨਸੀਬ ਔਰਤ ਹਾਂ | ਬਦਨਸੀਬ ਔਰਤ | ਮੈਂ ਇਕੱਲੀ ਨਹੀਂ ਮੇਰੇ ਪਿੱਛੇ ਬਹੁਤ ਲੰਬੀ ਲਾਈਨ ਹੈ | ਇਸ ਵਿਚ ਸਭ ਤੋਂ ਅੱਗੇ ਮੇਰੇ ਬਿਲਕੁਲ ਨਾਲ, ਮੇਰੀ ਉਹ ਧੀ ਹੈ ਜਿਸ ਨੂੰ ਮੈਂ ਸੇਵਾ-ਮੁਕਤੀ ਦੀ ਸਾਰੀ ਰਕਮ ਖਰਚ ਕੇ ਵਿਆਹਿਆ ਸੀ | ਉਸ ਨੂੰ ਤੇਰੇ ਹੀ ਰੂਪ ਲਾਲਚੀ ਸਹੁਰਿਆਂ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਸੀ | ਉਸ ਦਾ ਇਹ ਹੀ ਕਸੂਰ ਸੀ ਕਿ ਉਸ ਨੇ ਇਕ ਕੁੜੀ ਪੈਦਾ ਕਰਨ ਮਗਰੋਂ ਦੂਜੀ ਧੀ ਨੂੰ ਜੰਮਣ ਤੋਂ ਪਹਿਲਾਂ ਕੁੱਖ ਵਿਚ ਕਤਲ ਕਰਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ | ਮੇਰੀ ਜਾਤ ਤੋਂ ਬਿਨਾਂ ਤੂੰ ਇਕੱਲਾ ਕਿਤਨੀ ਦੇਰ ਆਪਣਾ ਸੰਸਾਰ ਚਲਾਏਾਗਾ?'
ਮੈਂ ਮੰਤਰ-ਮੁਗਧ ਟਿਕਟਿਕੀ ਲਾ ਕੇ ਇਹ ਆਵਾਜ਼ ਸੁਣ ਰਿਹਾ ਸੀ | ਅਚਾਨਕ ਮੇਰਾ ਮੋਢਾ ਹਲੂਣਿਆ ਗਿਆ | ਮੈਂ ਵੇਖਿਆ ਮੇਰੀ ਪਤਨੀ ਕਹਿ ਰਹੀ ਸੀ,'ਉਠੋ ਘਰ ਚੱਲੀਏ | ਸਾਰੇ ਲੋਕ ਚਲੇ ਗਏ ਹਨ |' ਮੈਂ ਬਿਨਾਂ ਕੁਝ ਬੋਲੇ ਬੋਝਲ ਕਦਮਾਂ ਨਾਲ ਉਸ ਨਾਲ ਤੁਰ ਪਿਆ ਸਾਂ | ਮੈਨੂੰ ਜਾਪ ਰਿਹਾ ਸੀ ਜਿਵੇਂ ਮੈਂ ਵੀ ਇਸ ਮਰਦ ਪ੍ਰਧਾਨ ਸਮਾਜ ਦਾ ਹੀ ਅੰਗ ਹੋਵਾਂ | ਹੁਣ ਵੀ ਮੇਰੇ ਕੰਨਾਂ ਵਿਚ ਕਦੇ ਕਦੇ ਇਹ ਆਵਾਜ਼ ਗੰੂਜਣ ਲੱਗਦੀ ਹੈ ਤਾਂ ਆਪ ਮੁਹਾਰੇ ਮੇਰੇ ਅੱਥਰੂ ਵਹਿ ਤੁਰਦੇ ਹਨ |

-ਗਲੀ ਨੰਬਰ 1, ਤਰਨ ਤਾਰਨ ਨਗਰ, ਨੇੜੇ ਬਠਿੰਡਾ ਚੌਕ, ਸ੍ਰੀ ਮੁਕਤਸਰ ਸਾਹਿਬ |
ਮੋਬਾਈਲ: 96461-41243.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਲਾਡ
ਬੱਚਾ ਜੋ ਕੁਝ ਵੀ ਮੰਗਦਾ, ਪਿਤਾ ਤੁਰੰਤ ਬਾਜ਼ਾਰ ਵਿਚੋਂ ਜਾ ਕੇ ਲਿਆਉਂਦਾ, ਉਹ ਅਕਸਰ ਬਰਗਰ ਤੇ ਪੀਜ਼ੇ ਦੀ ਮੰਗ ਕਰਦਾ ਸੀ | ਆਲੇ-ਦੁਆਲੇ ਵਿਚ ਰਹਿਣ ਵਾਲੇ ਬੱਚੇ ਵੀ ਇਹੋ ਕੁਝ ਖਾਂਦੇ ਦਿਖਾਈ ਦਿੰਦੇ ਸਨ | ਦੂਜੇ ਬੱਚਿਆਂ ਦੀ ਦੇਖਾ-ਦੇਖੀ ਉਹ ਵੀ ਇਹੋ ਕੁਝ ਖਾਣ ਲਈ ਕਹਿੰਦਾ | ਉਹ ਗੱਲਾਂ ਵੀ ਬੜੀਆਂ ਪਿਆਰੀਆਂ ਤੇ ਤੋਤਲੀ ਜ਼ਬਾਨ ਵਿਚ ਕਰਦਾ ਹੋਰ ਵੀ ਸੁਨੱਖਾ ਜਾਪਦਾ ਸੀ | ਦਾਦੀ ਅੰਮਾ ਵੀ, ਉਸ ਤੋਂ ਸਦਕੇ ਜਾਂਦੀ ਸੀ |
ਇਕ ਦਿਨ ਪਿਤਾ ਨੇ ਲਾਡ ਵਿਚ ਆਏ, ਇਸ ਪੁੱਤਰ ਨੂੰ ਪੁੱਛਿਆ, 'ਹੁਣ ਤੇਰਾ ਵਿਆਹ ਕਰ ਦੇਣੈਂ, ਦੱਸ ਕਿਥੇ ਕਰਾਏਾਗਾ?'
'ਮੈਂ ਤਾਂ ਦਾਦੀ ਅੰਮਾਂ ਨਾਲ ਹੀ ਵਿਆਹ ਕਰਾਵਾਂਗਾ', ਉਹਨੇ ਕਿਹਾ |
'ਓਏ ਇਹ ਕੀ?... ਇਹ ਤਾਂ ਮੇਰੀ ਮਾਂ ਏ', ਪਿਤਾ ਬੋਲਿਆ |
'ਤੁਸੀਂ ਵੀ ਤਾਂ ਮੇਰੀ ਮਾਂ ਨਾਲ ਕਰਾਇਆ ਹੈ', ਸਾਰੇ ਹੀ ਹੱਸ ਹੱਸ ਕੇ ਦੂਹਰੇ ਹੋ ਰਹੇ ਸਨ |
'ਹੋਰ ਖਿਲਾਓ ਪੀਜ਼ੇ ਤੇ ਬਰਗਰ' ਮਾਂ ਨੇ ਅੱਗੋਂ ਵਿਅੰਗਮਈ ਢੰਗ ਨਾਲ ਕਿਹਾ |

-ਸੁਰਜੀਤ ਸਿੰਘ ਮਰਜਾਰਾ
ਮੋਬਾਈਲ : 95927-27087.

ਪਹਿਚਾਣ
'ਲੈ ਬਈ ਆਹ ਕਾਰ ਦੀ ਪਿਛਲੀ ਸੀਟ ਤੋਂ ਬੋਰੀ ਚੱਕੀਂ', ਮੈਂ ਆਟਾ ਚੱਕੀ 'ਤੇ ਕੰਮ ਕਰਦੇ ਮੁੰਡੇ ਨੂੰ ਕਿਹਾ¢
'ਪੂਰੀ ਤਰ੍ਹਾਂ ਕੜਕ ਜੀ ਨੀ ਲਗਦੀ', ਬੋਰੀ ਬਾਹਰ ਕੱਢ ਕੇ ਉੱਪਰੋਂ ਸੇਬਾ ਖੋਲ ਕੇ ਉਸ ਨੇ ਦੋ ਕੁ ਦਾਣੇ ਚੱਬਦੇ ਨੇ ਮੇਰੇ ਵੱਲ ਦੇਖ ਕੇ ਆਖਿਆ¢
'ਆਹੋ ਮੰਜਿਆਂ ਤੇ ਤਾਂ ਐਹੋ ਜੀ ਈ ਸੁੱਕਦੀ ਐ, ਖੁੱਲ੍ਹੇ ਵਿਹੜਿਆਂ 'ਚ ਸੁੱਕ ਕੇ ਹੀ ਕੜਕ ਹੁੰਦੀ ਐ, ਨਾਲੇ ਅਸੀਂ ਬਾਹਲਾ ਬਰੀਕ ਨੀ ਕਰਾਉਣਾ', ਮੈਂ ਸ਼ਹਿਰੀ ਘਰ ਦੀ ਤੁਲਨਾ ਪਿੰਡ ਵਾਲੇ ਘਰ ਨਾਲ ਕਰਦੇ ਹੋਏ ਆਟੇ ਦੀ ਕਿਸਮ ਬਾਰੇ ਵੀ ਆਖ ਦਿੱਤਾ¢
'ਕਿੰਨੀ ਹੋਗੀ?' ਮੈਂ ਉਸ ਨੂੰ ਕਣਕ ਤੋਲਦੇ ਦੇਖ ਕੇ ਪੁੱਛਿਆ¢
'ਜੀ ਪੱਚੀ ਕਿੱਲੋ¢' ਆਖ ਉਸ ਨੇ ਬੋਰੀ ਦਾ ਮੂੰਹ ਦੁਬਾਰਾ ਬੰਨ੍ਹ ਦਿੱਤਾ¢
'ਕੀ ਪਛਾਣ ਰਹੂ?' ਮੈਂ ਅਗਲਾ ਸਵਾਲ ਕੀਤਾ¢
'961 ਨੰਬਰ ਐ ਜੀ ਥੋਡਾ¢' ਉਸ ਨੇ ਕਾਪੀ 'ਚ ਦਰਜ ਕਰਦੇ ਨੇ ਆਖਿਆ¢
'ਅੱਛਾ' ਆਖ ਮੈਂ ਗੱਡੀ 'ਚ ਆ ਕੇ ਬੈਠ ਗਈ¢
ਗੱਡੀ ਦਾ ਸੈਲਫ ਮਾਰਦੇ ਮੇਰੇ ਖੋਹ ਜਿਹੀ ਪਈ¢ ਮੈਨੂੰ ਲੱਗਿਆ ਜਿਵੇਂ ਮੇਰਾ ਕੁੱਝ ਗੁਆਚ ਗਿਆ ਹੋਵੇ¢
ਮੇਰੀ ਸੋਚ ਮੈਨੂੰ ਡੂੰਘੇ ਵਹਿਣੀਂ ਲੈ ਵੜੀ¢ ਮੈਨੂੰ ਸਾਂਝੇ ਪਰਿਵਾਰ 'ਚ ਮਣਾਂ 'ਚ ਤੁਲਦੀ ਕਣਕ ਕਿੱਲੋਆਂ 'ਚ ਸੁੰਗੜ ਗਈ ਜਾਪੀ ਅਤੇ ਮੇਰੀ ਨੰਬਰਾਂ ਵਾਲ਼ੀ ਪਹਿਚਾਣ ਬਾਰੇ ਸੋਚਦੀ ਦੇ ਅੱਖਾਂ ਮੂਹਰੇ ਪੀਹਣੇ ਵਾਲੀਆਂ ਵੱਡੀਆਂ-ਵੱਡੀਆਂ ਤਿੰਨ ਚਾਰ ਬੋਰੀਆਂ ਘੁੰਮਣ ਲੱਗੀਆਂ ਜਿਨ੍ਹਾਂ ਉੱਤੇ ਸਿਆਹੀ ਨਾਲ ਮੋਟੇ ਅੱਖਰਾਂ 'ਚ ਮੇਰੇ ਦਾਦਾ ਜੀ ਦਾ ਨਾਂਅ 'ਮੋਟਾ ਗੁਰਦਿਆਲ' ਲਿਖਿਆ ਹੁੰਦਾ ਸੀ¢

-ਸੁਖਵਿੰਦਰ ਕੌਰ ਸਿੱਧੂ
ਮੋਬਾਈਲ : 94654-34177

ਆਪਣਿਆਂ ਤੋਂ ਬਚੋ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਮੇਰੇ ਪਿਆਰ ਦੀ ਕੀਮਤ ਮੇਰੇ ਆਪਣਿਆਂ ਲਈ ਹੈ ਤੇ ਇਸ ਗੱਲ ਦੀ ਪ੍ਰਤੀਕ ਹੈ ਕਿ ਮੈਂ ਉਨ੍ਹਾਂ ਨੂੰ ਬਾਕੀਆਂ ਨਾਲੋਂ ਤਰਜੀਹ ਦਿੰਦਾ ਹਾਂ |
• ਪਰਾਇਆਂ ਨਾਲ ਕਿਸੇ ਨੇ ਕੀ ਰਿਸ਼ਤਾ ਜੋੜਨਾ ਹੈ, ਅੱਜਕਲ੍ਹ ਤਾਂ ਆਪਣੇ ਪਰਾਏ ਬਣ ਬਹਿੰਦੇ ਹਨ ਤੇ ਅਜਨਬੀਆਂ ਵਾਲਾ ਵਰਤਾਓ ਕਰਦੇ ਹਨ | ਕਿਸੇ ਸ਼ਾਇਰ ਦੀਆਂ ਲਿਖੀਆਂ ਇਹ ਲਾਈਨਾਂ ਮੇਰੇ ਮਨ ਨੂੰ ਧੂਹ ਪਾ ਦਿੰਦੀਆਂ ਹਨ:
ਨਜ਼ਰੇਂ ਬਦਲ ਗਈ, ਨਜ਼ਾਰੇ ਬਦਲ ਗਏ
ਤੁਮ ਕਿਆ ਬਦਲੇ, ਨਸੀਬ ਹਮਾਰੇ ਬਦਲ ਗਏ
ਨਹੀਂ ਸ਼ਿਕਾਇਤ ਕੀ ਦੁਨੀਆ ਬਦਲ ਗਈ,
ਗ਼ਮ ਤੋ ਯਿਹ ਹੈ ਕਿ ਹਮਸੇ ਹਮਾਰੇ ਬਦਲ ਗਏ |
• ਤਿਆਗ ਦਾ ਆਦਰਸ਼ ਮਹਾਨ ਹੈ ਅਤੇ ਉਹੀ ਸੰਸਾਰ ਵਿਚ ਕੁਝ ਕਰ ਸਕਦਾ ਹੈ ਜਿਸ ਵਿਚ ਤਿਆਗ ਦੀ ਭਾਵਨਾ ਜ਼ਿਆਦਾ ਹੋਵੇ | ਆਪਣਿਆਂ ਵਿਚ ਵੀ ਅਜਿਹੀ ਭਾਵਨਾ ਹੋਣੀ ਇਕ ਬਹੁਤ ਹੀ ਚੰਗੀ ਗੱਲ ਹੈ |
• ਕਿਸੇ ਨੂੰ ਆਪਣੀ ਕਮਜ਼ੋਰੀ ਨਾ ਦੱਸੋ ਕਿਉਂਕਿ ਜ਼ਿਆਦਾਤਰ ਲੋਕ ਦੂਜਿਆਂ ਦੀਆਂ ਕਮਜ਼ੋਰੀਆਂ ਤੋਂ ਫਾਇਦਾ ਲੈਂਦੇ ਹਨ |
• ਜਦੋਂ ਪਰਿਵਾਰ ਦੇ ਮੈਂਬਰ ਚੰਗੇ ਨਾ ਲੱਗਣ ਅਤੇ ਪਰਾਏ ਆਪਣੇ ਲੱਗਣ ਤਾਂ ਸਮਝ ਲਓ ਕਿ ਬਰਬਾਦੀ ਦਾ ਸਮਾਂ ਸ਼ੁਰੂ ਹੋ ਚੁੱਕਿਆ ਹੈ |
• ਆਪਣਿਆਂ ਬਾਰੇ ਕਿਸੇ ਮਸ਼ਹੂਰ ਕਵੀ ਦਾ ਸ਼ਿਅਰ ਹੈ:
ਕਤਰੇ ਕੋ ਸਮੰੁਦਰ ਸੇ ਕਭੀ ਕਮ ਨਾ ਸਮਝਨਾ
ਕਿਉਂਕਿ ਕਤਰੇ ਕੇ ਬਿਨਾਂ ਕੋਈ ਸਮੰੁਦਰ ਨਹੀਂ ਹੋਤਾ |
ਅਪਨੇ ਹੋਂ ਤੋ ਅਪਨੋਂ ਕੀ ਤਰਹ ਪੇਸ਼ ਭੀ ਆਓ,
ਅਪਨੋਂ ਕੀ ਬਗਲ ਮੇਂ ਕਭੀ ਖੰਜਰ ਨਹੀਂ ਹੋਤਾ |
• ਜੇ ਤੂੰ ਬਚਣਾ ਹੈ ਤਾਂ ਆਪਣਿਆਂ ਤੋਂ ਬਚ | ਇਹ ਨਾ ਸੋਚ ਕਿ ਲੋਕ ਕੀ ਕਹਿਣਗੇ | ਇਹ ਸੱਚ ਹੈ ਕਿ ਤੈਨੂੰ ਬਰਬਾਦ ਹੁੰਦਾ ਦੇਖ ਕੇ ਖ਼ੁਸ਼ ਤੇਰੇ ਆਪਣੇ ਹੀ ਹੋਣਗੇ |
• ਆਪਣਿਆਂ ਨਾਲ ਸੋਚ-ਸਮਝ ਕੇ ਰੁੱਸਣਾ ਚਾਹੀਦਾ ਹੈ ਕਿਉਂਕਿ ਮਨਾਉਣ ਦਾ ਰਿਵਾਜ ਅੱਜਕਲ੍ਹ ਖਤਮ ਹੁੰਦਾ ਜਾ ਰਿਹਾ ਹੈ |
• ਦੇਖਣ ਵਿਚ ਇਹ ਵੀ ਆਉਂਦਾ ਹੈ ਕਿ ਇਸ ਦੁਨੀਆ ਵਿਚ ਬਿਗਾਨੇ ਹੀ ਪਿਆਰ ਕਰਦੇ ਹਨ, ਆਪਣੇ ਤਾਂ ਸਿਰਫ਼ ਇਕ-ਦੂਜੇ ਦੀ ਹੈਸੀਅਤ ਮਿਣਦੇ ਹਨ | ਤੁਸੀਂ ਕਦੋਂ ਸਹੀ ਸੀ, ਇਸ ਨੂੰ ਕੋਈ ਯਾਦ ਨਹੀਂ ਰੱਖਦਾ, ਤੁਸੀਂ ਕਦੋਂ ਗ਼ਲਤ ਸੀ, ਇਸ ਨੂੰ ਕੋਈ ਵੀ ਨਹੀਂ ਭੁੱਲਦਾ | ਇਹ ਰੀਤ ਵੀ ਆਪਣਿਆਂ ਵਿਚ ਹੀ ਪਾਈ ਜਾਂਦੀ ਹੈ |
• ਆਪਣਿਆਂ ਦੇ ਨਾਲ ਕਦੇ ਵੀ ਗੁੱਸੇ ਨਾਲ ਨਾ ਬੋਲੋ ਅਤੇ ਆਪਣੇ ਜੇਕਰ ਕਦੇ ਗੁੱਸੇ ਨਾਲ ਬੋਲਣ ਤਾਂ ਅਣਡਿੱਠ ਕਰ ਦਿਓ ਤੇ ਜੇ ਹੋ ਸਕੇ ਤਾਂ ਉਸ ਨੂੰ ਭੁੱਲ ਹੀ ਜਾਓ | ਅਜਿਹਾ ਕਰਨ ਨਾਲ ਆਪਣੇ ਕਦੇ ਵੀ ਨਹੀਂ ਵਿਛੜਨਗੇ |
• ਮੈਂ ਤਾਂ ਸਾਰੀ ਜ਼ਿੰਦਗੀ 'ਚ ਬੱਸ ਇਕ ਹੀ ਗੱਲ ਸਿੱਖੀ ਹੈ ਕਿ ਜੇ ਆਪਣਿਆਂ ਦੇ ਕਰੀਬ ਰਹਿਣਾ ਹੈ ਤਾਂ ਚੁੱਪ ਰਹੋ ਅਤੇ ਜੇ ਆਪਣਿਆਂ ਨੂੰ ਕਰੀਬ ਰੱਖਣਾ ਹੈ ਤਾਂ ਉਨ੍ਹਾਂ ਵਲੋਂ ਕਹੀ ਗਈ ਕਿਸੇ ਗੱਲ ਨੂੰ ਵੀ ਦਿਲ 'ਤੇ ਨਾ ਲਾਓ |

-ਮੋਬਾਈਲ : 99155-63406.

ਪਿ੍ਅੰਕਾ ਚੋਣ ਮੈਦਾਨ 'ਚ ਉਤਰੀ

ਰੱਖੜੀ... ਰੱਖੜੀ
ਭੈਣਾਂ ਤੇ ਭਰਾਵਾਂ ਦੇ
ਪਿਆਰਾਂ ਵਾਲੀ ਰੱਖੜੀ |
ਪੰਜਾਬੀ 'ਚ ਰੱਖੜੀ ਤੇ ਹਿੰਦੀ 'ਚ ਰਾਖੀ | ਇਸ ਤਿਉਹਾਰ 'ਤੇ ਜਦ ਭੈਣ ਆਪਣੇ ਭਰਾ ਦੀ ਵੀਣੀ 'ਚ ਰੱਖੜੀ ਬੰਨ੍ਹਦੀ ਹੈ ਜਾਂ ਬਹਿਨ ਅਪਨੇ ਭਾਈ ਕੀ ਕਲਾਈ ਪਰ ਰਾਖੀ ਬਾਂਧਤੀ ਹੈ ਤਾਂ ਉਹਦੀ ਮਾਨਤਾ ਇਹ ਹੈ ਕਿ ਭਰਾ ਆਪਣੀ ਭੈਣ ਨੂੰ ਇਹ ਵਾਅਦਾ ਦਿੰਦਾ ਹੈ ਕਿ 'ਤੇਰੇ 'ਤੇ ਕੋਈ ਬਿਪਤਾ ਆਏ, ਕੋਈ ਤਕਲੀਫ਼ ਆਏ ਮੈਂ ਤੇਰੀ ਰੱਖਿਆ ਕਰਾਂਗਾ |'
ਜਿਹੜੀ ਰਾਖੀ ਬੰਨ੍ਹੇ, ਭੈਣ ਭਰਾ ਉਹਦਾ ਰਖਵਾਲਾ | ਹਿੰਦੀ 'ਚ ਇਹਨੂੰ ਰਖਸ਼ਾ ਬੰਧਨ ਆਖਿਆ ਜਾਂਦਾ ਹੈ | ਕਿੰਨਾ ਪ੍ਰਸਿੱਧ ਹੈ ਹਿੰਦੀ ਦਾ ਇਹ ਗੀਤ...
ਭਈਆ ਮੋਰੇ,
ਰਾਖੀ ਕਾ ਬੰਧਨ ਨਾ ਭੁਲਾਨਾ |
ਭੈਣ, ਭਰਾ ਨੂੰ ਪਕੇਰਿਆਂ ਕਰਦੀ ਹੈ ਕਿ ਰੱਖੜੀ ਬੰਨ੍ਹਵਾ ਕੇ ਮੇਰੀ ਰੱਖਿਆ ਕਰਨ ਦਾ ਪ੍ਰਣ ਜੋ ਤੂੰ ਦਿੱਤਾ ਹੈ, ਇਸ ਨੂੰ ਭੁਲਾੲੀਂ ਨਾ, ਸਦਾ ਯਾਦ ਰੱਖੀਂ |
ਕਹਿੰਦੇ ਨੇ ਭੈਣਾਂ ਤੇ ਭਰਾਵਾਂ ਦੇ ਪਿਆਰ ਦਾ ਇਹ ਤਿਉਹਾਰ ਉਦੋਂ ਪ੍ਰਚੱਲਿਤ ਹੋਇਆ ਜਦ ਸਤਿਯੁਗ ਸੀ, ਸਤਿਯੁਗ 'ਚ ਸਤਿ ਯਾਨਿ ਸੱਚ ਦੀ ਮਹਿਮਾ ਸੀ | ਫਿਰ ਤ੍ਰੇਤਾ ਯੁੱਗ ਆਇਆ, ਇਸ ਯੁੱਗ 'ਚ ਸੱਚ ਨਾਲ ਝੂਠ ਵੀ ਆਣ ਰਲਿਆ | ਸਮਾਂ ਪਲਟਦਾ ਹੈ, ਸਮਾਂ ਹੀ ਯੁੱਗ ਨਿਰਮਤ ਕਰਦਾ ਹੈ ਤੇ ਯੁੱਗ ਪਲਟਦਾ ਹੈ |
ਸਮੇਂ ਨੇ ਧੱਕਾ ਦਿੱਤਾ ਤ੍ਰੇਤਾ ਯੁੱਗ ਨੂੰ ਯੁਗ ਪਲਟਾਇਆ... ਨਵਾਂ...
'ਕਲਯੁਗ'
'ਕਲਯੁਗ ਆਇਆ'
ਕਲ ਕਾਤੀ, ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ |
ਕਲਯੁਗ ਦੀ ਭਵਿੱਖਬਾਣੀ, ਭਗਵਾਨ ਰਾਮ ਜੀ ਸਤਿ ਯੁਗ 'ਚ ਬਹੁਤ ਹੀ ਪਹਿਲਾਂ ਕਰ ਗਏ ਸਨ:
ਰਾਮ ਚੰਦਰ ਜੀ ਕਹਿ ਗਏ ਸੀਆ ਸੇ...
ਐਸਾ ਕਲਯੁਗ ਆਏਗਾ
ਹੰਸ ਚੁਗੇਗਾ ਦਾਨਾ ਦੁੁਨਕਾ
ਕਊਆ ਮੋਤੀ ਖਾਏਗਾ |
ਯੁਗ ਬਦਲ ਗਏ, ਪਰ ਰੱਖੜੀ ਦਾ ਤਿਉਹਾਰ ਨਹੀਂ ਬਦਲਿਆ, ਪਰ ਹੁਣੇ ਹੀ ਸਬੂਤ ਮਿਲਿਆ ਹੈ, ਰੱਖੜੀ, ਰਾਖੀ ਦਾ ਮਤਲਬ ਬਦਲ ਗਿਆ ਹੈ | ਪਹਿਲਾਂ ਤਾਂ ਬੀਤ ਗਏ ਜੁਗਾਂ 'ਚ ਤਾਂ ਭੈਣ ਪਿਆਰੀ ਆਪਣੇ ਭਰਾ ਨੂੰ ਇਹ ਪ੍ਰਾਰਥਨਾ ਕਰਦੀ ਸੀ...
'ਭਈਆ ਮੋਰੇ ਰਾਖੀ ਕਾ ਬੰਧਨ ਨਾ ਬੁਲਾਨਾ',
ਹੁਣ ਪਾਸਾ ਪਲਟ ਗਿਆ ਹੈ, ਭਰਾ ਆਪਣੀ ਕਲਾਈ 'ਤੇ ਰੱਖੜੀ ਬੰਨ੍ਹਣ ਵਾਲੀ ਭੈਣ ਨੂੰ ਪੁਕਾਰ ਕਰ ਰਿਹਾ ਹੈ...
ਬਹਿਨਾ ਮੇਰੀ, ਰਾਖੀ ਕਾ ਬੰਧਨ ਨਾ ਭੁਲਾਨਾ |
ਮੈਂ ਮੰਝਧਾਰ ਮੇਂ ਡੂਬ ਰਹਾ ਹੂੰ,
ਮੋਰੀ ਰਖਸ਼ਾ ਕੋ ਤੂ ਆ ਨਾ |
ਸਮਝ ਗਏ ਹੋਵੋਗੇ, ਰਮਜ਼ ਨੂੰ | ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਨੇ ਆਪਣੀ ਇਕੋ-ਇਕ ਭੈਣ, ਪਿ੍ਯੰਕਾ ਗਾਂਧੀ ਨੂੰ ਇਹੋ ਪੁਕਾਰ ਕੀਤੀ ਹੈ...
ਪਿ੍ਯੰਕਾ ਬਹਿਨਾ, ਮੈਂ ਮੁਸ਼ਕਿਲ ਮੇਂ,
ਤੇਰਾ ਭਈਆ ਮੁਸ਼ਕਿਲ ਮੇਂ
ਤੂੰ ਮੁਸ਼ਕਿਲ ਕੁਸ਼ਾ ਹੈ
ਮੇਰੀ ਕਰ ਸਹਾਇਤਾ
ਮੁਝੇ ਹਰ ਬਲਾ ਸੇ ਬਚਾਨਾ
ਬਹਿਨਾ ਮੋਰੀ, ਤੂੰ ਰਾਖੀ ਕਾ ਬੰਧਨ
ਨਿਭਾਨਾ... |
ਪਿ੍ਯੰਕਾ ਨੇ ਭੈਣ ਵਾਲੀ ਰੀਤ ਨਿਭਾਈ, ਬੇਸ਼ੱਕ ਦੇਸ਼ੋਂ ਬਾਹਰ ਗਈ ਸੀ, ਦੂਰੋਂ ਹੀ ਆਵਾਜ਼ ਆਈ, ਮੈਂ ਆਈ...ਆਈ...ਆਈ.... ਭਈਆ ਮੋਰੇ, ਰੱਖ ਹੌਸਲਾ, ਮੈਂ ਆਈ... ਆਈ... ਆਈ.... |
ਭੈਣ ਪਿਆਰੀ ਵੀਰਾਂ, ਖਵਾਉਣ ਵੀਰਾਂ ਨੂੰ ਖੀਰਾਂ |
ਕਿਵੇਂ ਬਬੀਹੇ, ਸੁਆਤੀ ਬੰੂਦ ਨੂੰ ਤਰਸਦੇ ਹਨ, ਕਿਵੇਂ ਬਾਰਿਸ਼ ਹੁੰਦਿਆਂ ਹੀ ਪਤਾ ਨਹੀਂ ਭੋਇੰ ਥੱਲੇ ਕਿਥੇ ਦੱਬੇ ਡੱਡੂ ਇਕਦਮ ਪ੍ਰਗਟ ਹੋ ਕੇ ਬੜੇ ਜੋਸ਼ੋ-ਖਰੋਸ਼ ਨਾਲ ਟ੍ਰੈਂਅ... ਟ੍ਰੈਂਅ... ਤੇ ਡ੍ਰੈਂਅ... ਡ੍ਰੈਂਅ... ਕਰਨ ਲਗਦੇ ਹਨ | ਛੋਟੇ-ਵੱਡੇ ਇਕ ਨਵੀਂ ਊਰਜਾ, ਇਕ ਨਵੀਂ ਖ਼ੁਸ਼ੀ ਇਕ ਨਵਾਂ ਟਾਨਿਕ ਮਿਲ ਗਿਆ ਹੋਵੇ |
ਜਦ ਲੰਕਾ ਵਿਖੇ, ਰਾਮ ਤੇ ਰਾਵਣ ਦਾ ਯੁੱਧ ਹੋ ਰਿਹਾ ਸੀ ਤਾਂ ਅਚਾਨਕ ਰਾਮ ਚੰਦਰ ਜੀ ਦਾ ਛੋਟਾ ਭਰਾ ਲਕਸ਼ਮਣ ਮੂਰਛਿਤ (ਬੇਹੋਸ਼) ਹੋ ਗਿਆ ਸੀ | ਇਕੋ ਇਕ ਇਲਾਜ ਸੀ ਕਿ ਸੁਮੇਰ ਪਰਬਤ ਤੋਂ ਸੰਜੀਵਨੀ ਬੂਟੀ ਲਿਆ ਕੇ, ਲਕਸ਼ਮਣ ਜੀ ਨੂੰ ਸੰੁਘਾਈ ਜਾਵੇ, ਇਹ ਹੋਸ਼ 'ਚ ਆ ਜਾਣਗੇ |
ਭਲਾ ਹੋਵੇ ਹਨੂੰਮਾਨ ਜੀ ਦਾ | ਸੰਜੀਵਨੀ ਬੂਟੀ ਕਾਹਨੂੰ ਪੂਰਾ ਪਹਾੜ ਹੀ ਚੱਕ ਲਿਆਏ |
ਵਾਹ-ਵਾਹ, ਰਾਹੁਲ ਜੀ ਨੇ ਬਹਿਨਾ ਪਿ੍ਯੰਕਾ ਗਾਂਧੀ ਵਾਡਰਾ ਨੂੰ ਯੂ.ਪੀ. 'ਚ ਕਾਂਗਰਸ ਦਾ ਜਨਰਲ ਸੈਕਟਰੀ ਥਾਪਣ ਦਾ ਜਿਉਂ ਹੀ ਐਲਾਨ ਕੀਤਾ ਪੂਰੇ ਦੇਸ਼ 'ਚ ਸਭੇ ਕਾਂਗਰਸੀਆਂ ਨੂੰ ਲੱਗਾ ਕਿ ਉਨ੍ਹਾਂ ਲਈ ਸੰਜੀਵਨੀ ਬੂਟੀ ਆ ਗਈ ਹੈ | ਕਿਵੇਂ ਹੋਸ਼ ਤੇ ਜੋਸ਼ ਆ ਗਿਆ | ਗਲਾ ਫਾੜ-ਫਾੜ ਕੇ ਨਾਅਰੇ ਬੁਲੰਦ ਕਰਨ ਲੱਗੇ:
ਪਿ੍ਯੰਕਾ ਗਾਂਧੀ ਆਂਧੀ ਹੈ
ਦੂਸਰੀ ਇੰਦਰਾ ਗਾਂਧੀ ਹੈ |
ਸੱਚ ਹੈ, ਪਿ੍ਯੰਕਾ ਗਾਂਧੀ ਦਾ ਨੱਕ ਬਿਲਕੁਲ ਦਾਦੀ ਇੰਦਰਾ ਗਾਂਧੀ ਵਰਗਾ ਤਿੱਖਾ ਹੈ, ਬਈ ਸੱਚਮੁੱਚ ਯੂ.ਪੀ. ਵਿਚ ਹੋਣ ਵਾਲੀਆਂ ਦੇਸ਼ ਦੀਆਂ ਅਗਲੀਆਂ 2019 ਦੀਆਂ ਚੋਣਾਂ ਕਾਂਗਰਸ ਲਈ ਨੱਕ ਦਾ ਸਵਾਲ ਹਨ |
ਭੋਲੀ ਸੂਰਤ, ਨੱਕ ਹੈ ਤਿੱਖਾ
ਹੋਰ ਤੇ ਹੋਰ, ਤੋਰ ਵੀ ਕਹਿੰਦੇ ਨੇ ਦਾਦੀ ਇੰਦਰਾ ਗਾਂਧੀ ਵਰਗੀ ਹੈ |
ਦਾਦੀ, ਭੈਣ-ਭਰਾ ਦੋਵਾਂ ਨੂੰ ਯਾਦ ਹੈ, ਪਰ ਦਾਦੇ ਫਿਰੋਜ਼ ਗਾਂਧੀ ਦੀ ਯਾਦ ਕਿਸੇ ਨੂੰ ਨਹੀਂ ਹੈ |
ਅਸਲ ਵਿਚ ਇਨ੍ਹਾਂ ਨੂੰ 'ਗਾਂਧੀ' ਨਾਂਅ ਦੀ ਜਿਹੜੀ ਦੇਣ ਹੈ, ਉਹ ਬਾਬੇ ਮਹਾਤਮਾ ਗਾਂਧੀ ਕਾਰਨ ਨਹੀਂ ਮਿਲੀ ਹੈ, ਉਹ ਦਾਦਾ ਫਿਰੋਜ਼ ਗਾਂਧੀ ਕਾਰਨ ਹੀ ਮਿਲੀ ਹੈ | ਦਾਦੇ ਪੋਤੇ ਦਾ, ਦਾਦੇ-ਪੋਤੀ ਦਾ ਕਿੰਨਾ ਪਿਆਰ ਹੁੰਦਾ ਹੈ, ਇਹ ਤੁਸੀਂ ਸਭੇ ਜਾਣਦੇ ਹੋ, ਪਰ ਭੁਲ-ਭੁਲਾ ਗਏ ਇਹ ਪਾਰਸੀ ਦਾਦਾ ਜੀ ਨੂੰ ... ਪਾਰਸੀ ਨੂੰ 'ਪਾਰਖਤੀ' ਦੇ ਦਿੱਤੀ |
ਚਲੋ ਜੀ, ਉਹ ਜਾਣੇ ਜਾਂ ਉਹ ਜਾਣਨ | ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ | ਦੂਜੇ ਦੇ ਘਰਾਂ 'ਚ ਕਦੇ ਨਹੀਂ ਝਾਕਣਾ ਚਾਹੀਦਾ | ਇੰਦਰਾ ਨੂੰ ਤਾਂ ਭਾਜਪਾ ਵਾਲਿਆਂ ਨੇ ਵੀ 'ਦੁਰਗਾ' ਆਖ ਕੇ ਸਨਮਾਨਿਆ ਸੀ |
ਭੈਣ ਭਰਾਵਾਂ ਦੀ...
ਇਸ ਤਰ੍ਹਾਂ ਭਰਾ ਨੇ, ਕਾਂਗਰਸ ਦੀ ਜਨਰਲ ਸੈਕਟਰੀ ਬਣਾ ਕੇ ਉੱਤਰ ਪ੍ਰਦੇਸ਼ 'ਚ ਭੇਜਿਆ ਹੈ, ਜਿਥੇ ਕਾਂਗਰਸੀਆਂ 'ਚ ਜਾਨ ਪੈ ਗਈ ਹੈ-ਭੈਣ-ਭਰਾ ਦੀ... ਭੂਆ ਬਬੂਏ ਦੀ | ਇਹ ਰਿਸ਼ਤਾ ਵੀ ਕਮਾਲ ਦਾ ਹੈ | ਯੂ.ਪੀ. 'ਚ ਬੀ.ਐਸ.ਪੀ. ਸੁਪਰੀਮੋ ਮਿਸ ਮਾਇਆਵਤੀ ਤੇ ਉਹਦੇ ਖਾਹਮਖਾਹ ਬਣੇ ਭਤੀਜੇ... ਸਮਾਜਵਾਦੀ ਪਾਰਟੀ ਦੇ ਨੇਤਾ ਬਬੂਆ... ਅਖਲੇਸ਼ ਯਾਦਵ ਨੇ ਆਪਸ 'ਚ ਗਠਬੰਧਨ ਕਰਕੇ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ... ਤੇ ਕਾਂਗਰਸ ਨੂੰ ਦੁੱਧ 'ਚ ਡਿਗੀ ਮਖੀ ਵਾਂਗ ਕੱਢ ਕੇ ਬਾਹਰ ਸੁੱਟ ਦਿੱਤਾ ਹੈ |
ਮੋਹੇ ਭੂਲ ਗਏ ਸਾਂਵਰੀਆ ਰਾਹੁਲ ਵਿਚਾਰਾ ਤੜਫ ਕੇ ਰਹਿ ਗਿਆ ਕਿ ਤਿੰਨ ਰਾਜਾਂ 'ਚ ਕਾਂਗਰਸ ਨੂੰ ਜਿਤਾਉਣ ਮਗਰੋਂ ਵੀ ਭੂਆ-ਬਬੂਆ ਨੇ ਉਹਨੂੰ ਨਾ ਤਿੰਨਾਂ 'ਚ ਸਮਝਿਆ ਨਾ ਤੇਰ੍ਹਾਂ ਵਿਚ, ਫਿਰ ਵੀ ਤਰਸ ਖਾ ਕੇ ਦੋ ਸੀਟਾਂ ਦਾਨ ਵਜੋਂ ਛੱਡ ਦਿੱਤੀਆਂ, ਅਮੇਠੀ ਤੇ ਰਾਇਬਰੇਲੀ ਪਤੈ ਨਾ ਪਿਛਲੀ ਵਾਰੀ, ਰਾਹੁਲ ਤੇ ਅਖਲੇਸ਼ ਜੀ ਦਾ ਗਠਬੰਧਨ ਸੀ |
ਹਾਲਾਤ ਬਦਲਦੇ ਨੇ, ਸਮਾਜ 'ਚ ਸਮਾਜਵਾਦ ਬਦਲਦਾ ਹੈ, ਦਿਲ ਬਦਲਦੇ ਨੇ... ਬਬੂਆ ਨੇ ਰਾਹੁਲ ਨੂੰ ਆਖਿਆ... 'ਮੇਰੇ ਕੋਲ ਭੂਆ ਹੈ, ਤੇਰੇ ਕੋਲ ਕੀ ਹੈ?'
ਰਾਹੁਲ ਨੇ ਬ੍ਰਹਮਅਸਤਰ ਛੱਡਿਆ 'ਤੇਰੇ ਕੋਲ ਬਹਿਨ ਮਾਇਆਵਤੀ ਹੈ-ਮੇਰੇ ਕੋਲ ਬਹਿਨ ਪਿ੍ਯੰਕਾ ਹੈ |'
ਰਸਤੇ ਅਲੱਗ-ਅਲੱਗ ਹੈਾ, ਮੰਜ਼ਿਲ ਤੋ ਏਕ ਹੈ | ਭਾਜਪਾ ਨੂੰ ਹਰਾਵਾਂਗੇ, ਮੋਦੀ ਨੂੰ ਹਟਾਵਾਂਗੇ, ਇਕ-ਦੂਜੇ ਨਾਲ ਲੜਾਂਗੇ, ਇਕ ਦੂਜੇ ਦੇ ਗੁਣ ਗਾਵਾਂਗੇ |


ਲਘੂ ਕਥਾ: ਗਹਿਣਾ

ਮੈਨੂੰ ਇਕ ਝੂਠੇ ਕੇਸ ਵਿਚ ਫਸਾ ਦਿੱਤਾ ਗਿਆ | ਸਭ ਕੁਝ ਵਿਕ ਗਿਆ ਤੇ ਮੈਂ ਕਰਜ਼ਈ ਹੋ ਗਿਆ | ਬੱਚੇ ਭੁੱਖ ਨਾਲ ਮਰਨ ਲੱਗੇ | ਮਨ ਵਿਚ ਆਇਆ, ਕਿਸਾਨਾਂ ਵਾਂਗ ਮੈਂ ਵੀ ਆਤਮ-ਹੱਤਿਆ ਕਰ ਕੇ ਸੁਰਖਰੂ ਹੋ ਜਾਵਾਂ, ਪਰ ਇਹ ਕਦਮ ਮੈਨੂੰ ਘਟੀਆ ਜਾਪਿਆ |
'ਜੇ ਪੁਸ਼ਪਾ ਆਪਣੇ ਸਾਰੇ ਗਹਿਣੇ ਦੇਣੇ ਮਨ ਜਾਵੇ ਤਾਂ ਕੁਝ ਰਾਹਤ ਦੀ ਸੰਭਾਵਨਾ ਹੈ | ਫਿਰ ਸੋਚਿਆ ਔਰਤਾਂ ਨੂੰ ਤਾਂ ਗਹਿਣਿਆਂ ਨਾਲ ਬੜਾ ਮੋਹ ਹੁੰਦਾ ਹੈ, ਉਹ ਗਹਿਣੇ ਕਿਵੇਂ ਦੇਵੇਗੀ?' ਮੈਂ ਸੋਚਣ ਲੱਗਿਆ |
ਸੋਚਦਿਆਂ-ਸੋਚਦਿਆਂ ਕਈ ਦਿਨ ਐਵੇਂ ਨਿਕਲ ਗਏ |
'ਮੈਂ ਕਿਹਾ ਜੀ, ਤੁਸੀਂ ਕਾਹਨੂੰ ਢੇਰੀ ਢਾਈ ਬੈਠੇ ਹੋ, ਕੋਸ਼ਿਸ਼ ਜਾਰੀ ਰੱਖੋ | ਰੱਬ ਭਲੀ ਕਰੇਗਾ | ਕਿਸੇ ਨੂੰ ਮਿਲੋ-ਗਿਲੋ', ਜੀਵਨ ਸਾਥਣ ਨੇ ਮੇਰਾ ਮੋਢਾ ਹਲੂਣਿਆ.
'ਪੁਸ਼ਪਾ ਆਪਾਂ ਨੰਗ ਤਾਂ ਹੋਏ ਬੈਠੇ ਹਾਂ ਪੈਸੇ ਬਿਨਾਂ ਗੱਲ ਨ੍ਹੀਂ ਬਣਦੀ |'
'ਆਹ ਮੇਰੇ ਗਹਿਣੇ ਪਏ ਨੇ, ਲੱਖਾਂ ਦੇ | ਚੁੱਕੋ ਇਹ | ਭਾਵੇਂ ਵੇਚੋ ਭਾਵੇਂ ਗਹਿਣੇ ਰੱਖੋ | ਪਰਮਾਤਮਾ ਮੇਰੇ ਇਸ ਗਹਿਣੇ (ਇਸ਼ਾਰਾ ਮੇਰੇ ਵੱਲ) ਨੂੰ ਰਾਜ਼ੀ ਰੱਖੇ, ਗਹਿਣੇ ਹੋਰ ਬਥੇਰੇ |'

-220, ਗਰੀਨ ਪਾਰਕ ਕਾਲੋਨੀ, ਸਰਹਿੰਦ ਰੋਡ, ਪਟਿਆਲਾ-147004. ਮੋਬਾ : 96460-24321.

ਮੁਸਕਰਾਹਟ ਦੀ ਮਹਿੰਦੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮੁਸਕਰਹਾਟ ਦੀ ਮਹੱਤਤਾ ਨੂੰ ਸਮਝਣ ਲਈ, ਜ਼ਿੰਦਗੀ ਦੇ ਅਰਥਾਂ ਨੂੰ ਵਿਸ਼ਾਲਣਾ ਪਵੇਗਾ | ਵਿਦੇਸ਼ ਵਿਚ ਵਿਚਰਦਿਆਂ ਹਰੇਕ ਵਿਅਕਤੀ ਮੁਸਰਾਉਂਦੇ ਚਿਹਰੇ ਨਾਲ ਤੁਹਾਡਾ ਸੁਆਗਤ ਕਰਦਾ, ਤੁਹਾਡੀ ਆਮਦ ਨੂੰ ਧੰਨਭਾਗਤਾ ਬਖਸ਼ਦਾ | ਅੱਧਾ ਰੋਗ ਤਾਂ ਮੁਸਕਰਾਹਟਾਂ ਬਿਖੇਰਦੀ ਨਰਸ ਜਾਂ ਡਾਕਟਰ ਦੀ ਮੁਸਕਰਾਹਟ ਦੀ ਕੱਟ ਦਿੰਦੀ | ਕਿਸੇ ਵੀ ਦਫ਼ਤਰ ਵਿਚ ਜਾਓ, ਮੁਸਕਰਾਹਟ ਰੱਤੇ ਚਿਹਰੇ ਤੁਹਾਡੀ ਰੂਹ ਨੂੰ ਖੇੜਿਆਂ-ਰੱਤੀ ਕਰ ਦੇਣਗੇ | ਵਿਦਿਆਰਥੀਆਂ ਦੀ ਮੁਸਕਰਾਹਟ ਤੁਹਾਨੂੰ ਤਰੰਗਤ ਕਰ, ਤੁਹਾਡੇ ਜੀਵਨ ਮੱਥੇ 'ਤੇ ਉਚਮ ਅਤੇ ਸੁੱਚਮ ਮਕਸਦ ਦੀ ਮਹਿੰਦੀ ਲਾ, ਤੁਹਾਡੀਆਂ ਤਰਜ਼ੀਹਾਂ ਅਤੇ ਤਸ਼ਬੀਹਾਂ ਨੂੰ ਸੁਪਨਗੋਈ ਕਰਦੀ, ਨਵੀਆਂ ਪੈੜਾਂ ਦਾ ਮਾਰਗੀ ਬਣਾ ਦਿੰਦੀਆਂ ਨੇ | ਸੈਰ ਕਰਦਿਆਂ ਮਿਲਣ ਵਾਲੇ ਦੀ ਮੁਸਕਰਾਹਟ ਫ਼ਿਜ਼ਾ ਨੂੰ ਮਾਨਵੀ-ਮਹਿਕ ਨਾਲ ਲਬਰੇਜ਼ ਕਰਦੀ | ਘੁੱਟੇ-ਵੱਟੇ ਚਿਹਰੇ ਅਤੇ ਮੱਥੇ ਦੀਆਂ ਤਿਊੜੀਆਂ ਨਾਲ ਮਿਲਣਾ ਜਾਂ ਮਿਲਣ 'ਤੇ ਮੂੰਹ ਭੁਵਾ ਕੇ ਪਾਸਾ ਵੱਟਣ ਦੇ ਕੀ ਅਰਥ ਹੋ ਸਕਦੇ ਹਨ? ਇਹ ਕਿਹੜੀ ਤਹਿਜ਼ੀਬ ਦਾ ਅਧਾਰ ਕਹੇ ਜਾ ਸਕਦੇ ਨੇ? ਨਵੀਂ ਤਹਿਰੀਕ, ਤਹਿਜ਼ੀਬ ਅਤੇ ਤਰਜ਼-ਏ-ਜ਼ਿੰਦਗੀ 'ਚ ਆ ਕੇ ਨਵਾਂ ਸਿੱਖਣ ਦੇ ਚਾਹਵਾਨ ਜ਼ਿੰਦਗੀ ਨੂੰ ਸੱਜਰੀਆਂ ਪੈੜਾਂ ਨਾਲ ਵਿਸ਼ਾਲਦੇ, ਨਵੀਆਂ ਕਿਰਤ-ਕਾਮਨਾਵਾਂ ਨੂੰ ਕੀਰਤੀਯੋਗ ਬਣਾਉਂਦੇ ਨੇ |
ਮੁਸਕਰਾਹਟ, ਨਿਆਮਤਾਂ ਵਿਚੋਂ ਸਭ ਤੋਂ ਮਹਿੰਗੀ ਪਰ ਵੰਡਣ ਲਈ ਸਭ ਤੋਂ ਸਸਤੀ ਨਿਆਮਤ | ਕੁਝ ਨਹੀਂ ਖਰਚ ਹੁੰਦਾ ਪਰ ਪ੍ਰਾਪਤ ਕਰਨ ਵਾਲਾ ਇਸ ਨਾਲ ਮਾਲਾਮਾਲ ਹੋ, ਜ਼ਿੰਦਗੀ ਦੀ ਅਸੀਸ, ਅਸ਼ੀਰਵਾਦ, ਆਸਥਾ ਅਤੇ ਅਰਾਧਨਾ ਰਾਹੀਂ, ਨਵੀਆਂ ਧਰਾਤਲਾਂ ਅਤੇ ਅਸੀਮ ਸੰਭਾਵਨਾਵਾਂ ਤਲਾਸ਼ਦਾ |
ਮੁਸਕਰਾਹਟ ਨੂੰ ਵੰਡਣਾ, ਕਰਮਯੋਗੀਆਂ ਦੀ ਬੰਦਨਾ | ਕਿਸੇ ਨੂੰ ਵੀ ਮਿਲਣ 'ਤੇ ਅਸੀਂ ਮੁਸਕਰਾਹਟ ਵੰਡ ਸਕਦੇ ਹਾਂ ਜਾਂ ਉਸ ਦੀ ਝੋਲੀ ਹੰਝੂਆਂ ਨਾਲ ਭਰ ਸਕਦੇ ਹਾਂ | ਇਹ ਮਨੁੱਖ 'ਤੇ ਨਿਰਭਰ ਕਰਦਾ ਹੈ ਕਿ ਉਸ ਨੇ ਮਿਲਣ ਵਾਲੇ ਨੂੰ ਮੁਸਕਰਾਹਟ ਨਾਲ ਲੱਬੋ-ਲੱਬ ਕਰਨਾ ਹੈ ਜਾਂ ਉਸ ਦੇ ਸਾਹਾਂ ਨੂੰ ਹੰਝੂਆਂ ਦੇ ਖਾਰੇਪਣ ਨਾਲ ਗਾਲਣਾ ਏ |
ਮੁਸਕਰਾਹਟ ਵੰਡਣ ਵਾਲੇ ਲੋਕ, ਧੰਨਤਾ ਦੇ ਵਾਰਸ | ਉਹ ਸ਼ਬਦ ਲੰਗਰ ਲਾਉਂਦੇ, ਹਰਿਆਲੀ-ਹਮਜੋਲਤਾ ਉਪਜਾਉਂਦੇ, ਜੋਤਹੀਣ ਨੈਣਾਂ ਵਿਚ ਚਾਨਣ ਦਾ ਜਾਗ ਲਾਉਂਦੇ, ਕਿਰਤ-ਕਰਮ ਦੀ ਜਾਚਨਾ ਨੂੰ ਸਮਿਆਂ ਦੇ ਨਾਂਅ ਲਾਉਂਦੇ |
ਮੁਸਕਰਾਹਟ, ਮਹਾਨ ਵਿਅਕਤੀਆਂ ਦਾ ਸੁੱਚਾ ਹਾਸਲ | ਉਨ੍ਹਾਂ ਦੇ ਦਗਦੇ ਚਿਹਰੇ ਦਾ ਜਲਾਲ, ਨਿਮੀ-ਨਿਮੀ ਮੁਸਕਰਾਹਟ ਦਾ ਕਮਾਲ | ਉਨ੍ਹਾਂ ਦੇ ਬੋਲਾਂ ਤੋਂ ਕਿਰਦੇ ਫੁੱਲਾਂ ਦੀ ਸੁਗੰਧੀ ਚੌਗਿਰਦੇ ਨੂੰ ਹਾਂ-ਪੱਖੀ ਭਾਵਨਾ ਨਾਲ ਲਬਰੇਜ਼ ਕਰ, ਉੱਤਮ ਖਿਆਲਾਂ, ਸੋਚਾਂ ਨੂੰ ਜੀਵਨ ਰੰਗ ਦੇ ਨਾਂਅ ਕਰ ਜਾਂਦੀ | ਇਸੇ ਲਈ ਮਹਾਂਪੁਰਖਾਂ ਦੀ ਸੰਗਤ ਵਿਚੋਂ ਕੁਝ ਪ੍ਰਾਪਤ ਕਰਨ ਦੇ ਚਾਹਵਾਨ ਆਪਣੀਆਂ ਝੋਲੀਆਂ ਭਰ, ਇਕ ਸੰਤੁਲਤ ਅਤੇ ਸੋਹਣਾ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਤ ਹੁੰਦੇ | ਉਨ੍ਹਾਂ ਦੀ ਆਭਾ ਵਿਚ ਧੁਆਂਖੀਂ ਸੋਚ, ਮੁਰਝਾਏ ਮੁਖੜੇ, ਸਾਹਸਤਹੀਣ ਪੱਬ, ਅਲਸਾਏ ਹੱਥ ਅਤੇ ਸੁਪਨਹੀਣ ਨੇਤਰਾਂ ਨੂੰ ਨਵੀਂ ਦੁਨੀਆ, ਨਵੀਂ ਸੁਪਨ-ਸਾਜ਼ੀ ਅਤੇ ਨਵੀਆਂ ਸੱਚ-ਸੰਭਾਵਨਾਵਾਂ ਪ੍ਰਤੀ ਸਮਰਪਿਤ ਹੋਣ ਦਾ ਸ਼ਰਫ਼ ਹਾਸਲ ਹੁੰਦਾ |
ਮੁਸਕਰਾਹਟ ਵਿਚੋਂ ਹੀ ਪੈਦਾ ਹੁੰਦਾ, ਮਨੁੱਖੀ ਸੋਚ ਵਿਚ ਕੁਝ ਚੰਗੇਰਾ ਕਰਨ ਦਾ ਵਿਚਾਰ, ਵਰਕਿਆਂ ਨੂੰ ਦੀਵਿਆਂ ਦੀ ਸਰਜ਼ਮੀਂ ਬਣਾਉਣ ਦਾ ਅਧਾਰ ਅਤੇ ਘਰਹੀਣ ਘਰਾਂ ਨੂੰ ਫਿਰ ਤੋਂ ਘਰ ਬਣਾਉਣ ਦਾ ਸੁਗੜ-ਜੁਗਾੜ | ਘਰ, ਘਰ ਹੀ ਨਹੀਂ ਰਹਿੰਦਾ ਜਦ ਘਰ 'ਚੋਂ ਮੁਸਕਰਾਹਟ ਨੂੰ ਬੇਵਾ ਕਰ ਦਿੱਤਾ ਜਾਵੇ ਅਤੇ ਇਸ ਦੀ ਰੂਹ ਨੂੰ ਖਿੱਝ, ਕੜਵਾਹਟ ਅਤੇ ਕੂੜ-ਕਬਾੜੇ ਨਾਲ ਭਰ ਦਿੱਤਾ ਜਾਵੇ | ਲੋੜ ਹੈ ਕਿ ਮੁਸਕਰਾਹਟ ਲਈ ਦਰ-ਦਰਵਾਜ਼ਿਆਂ 'ਤੇ ਪਾਣੀ ਡੋਲੋ੍ਹ ਅਤੇ ਚੁਗਾਠ 'ਤੇ ਸ਼ੁਭ-ਆਮਦ ਦਾ ਤੇਲ ਚੋਵੋ, ਜ਼ਿੰਦਗੀ ਨੂੰ ਨਵੇਂ ਅਰਥਾਂ ਦਾ ਅਹਿਸਾਸ ਅਤੇ ਅਭਾਸ ਹੋਵੇਗਾ |
ਮੁਸਕਰਾਹਟ, ਸਮਿਆਂ ਦੀ ਵਹਿੰਗੀ ਦਾ ਗਹਿਣਾ | ਇਸ ਦੀ ਜੂਹੇ ਸੋਚ ਦਾ ਉਗਣਾ ਅਤੇ ਵਿਹੜੇ ਚਾਨਣ ਦੀ ਨੈਂਅ ਵਹਿਣਾ | ਇਸ ਦੇ ਸੁਗਮ-ਸੁਨੇਹੇ ਜਦ ਹੋਠਾਂ ਦੀ ਲੈਂਦੇ ਸਾਰ ਤਾਂ ਜੀਵਨ ਦਿਸਹੱਦਿਆਂ ਦਾ ਹੁੰਦਾ ਅਸੀਮਤ ਵਿਸਥਾਰ | ਮੁਸਕਰਾਹਟ ਦੀ ਮਮਤਾ ਦਿੰਦੀ, ਹਾਸੇ, ਠੱਠੇ ਤੇ ਖੇੜੇ | ਇਸ ਦੀ ਆਮਦ ਕਰਦੀ ਵੱਸਦੇ, ਉਜੜੇ ਹੋਏ ਵਿਹੜੇ | ਇਸ ਦੀ ਬੋਲੀ ਜਦ ਕੋਈ ਰਸੀਆ ਸਮਝੇ ਤੇ ਅਪਣਾਵੇ ਤਾਂ ਉਹ ਜ਼ਿੰਦਗੀ ਦੇ ਭਵ-ਸਾਗਰ ਵਿਚੋਂ ਤਰੇ ਤੇ ਲੋਕ ਤਰਾਵੇ | ਇਕ ਮੁਸਰਹਟ ਦਾ ਹਾਣੀ ਜਿਹੜਾ ਧਨ-ਅੰਬਾਰ ਬਣਾਵੇ, ਉਹ ਜੀਵਨ ਰਹਿਮਤਾਂ ਦਾ ਚਿਰਾਗ ਜਗਾਵੇ |
ਮੁਸਕਰਾਹਟ ਦੀ ਮਹਿੰਦੀ ਜਦ ਤੁਹਾਡੀ ਸੋਚ, ਕਰਮ ਅਤੇ ਜੀਵਨ ਸ਼ੈਲੀ ਦੀ ਤਲੀਆਂ ਨੂੰ ਸਿੰਗ਼ਾਰਦੀ ਤਾਂ ਆਦਮ-ਝੋਲੀ ਵਿਚ ਸੱਤੇ ਖੈਰਾਂ ਪੈਂਦੀਆਂ ਅਤੇ ਜ਼ਿੰਦਗੀ ਨੂੰ ਯੁੱਗ ਜਿਊਣ ਦਾ ਵਰ ਮਿਲਦਾ |
ਮੁਸਕਾਨ ਕੁਦਰਤ ਦਾ ਅਨਮੋਲ ਤੋਹਫ਼ਾ ਜੋ ਵੰਡਣ 'ਤੇ ਵੱਧਦਾ, ਸੀਮਤ ਹੁੰਦਿਆਂ ਵੀ ਅਸੀਮਤਾ ਦਾ ਅਹਿਸਾਸ ਮਨੁੱਖੀ ਮਨ ਵਿਚ ਪੈਦਾ ਕਰਦਾ | ਇਸਦੀ ਦੁਰਲੱਭਤਾ ਨੂੰ ਲੱਭਤਾ ਵਿਚ ਤਬਦੀਲ ਕਰਨਾ, ਮਨੁੱਖ ਦੇ ਵੱਸ |
ਮੁਸਕਾਨ, ਨਿਆਸਰਿਆਂ ਨੂੰ ਆਸ, ਹਾਰਿਆਂ ਲਈ ਜਿੱਤ-ਵਿਸ਼ਵਾਸ਼, ਅਸਾਧ ਰੋਗਾਂ ਲਈ ਦੁਆ ਤੇ ਦਵਾ ਅਤੇ ਨਿਤਾਣਿਆਂ ਦੇ ਨੈਣਾਂ ਵਿਚ ਜਿਊਣ ਦਾ ਚਾਅ |
ਮੁਸਕਰਾਹਟ, ਕਈ ਵਾਰ ਉਦਾਸੀ ਦੀ ਪਰਤ ਵਿਚੋਂ ਵੀ ਝਲਕਦੀ | ਪਰ ਇਸ ਉਦਾਸੀ ਨੂੰ ਸਿਰਫ਼ ਦਿਲਾਂ ਦੀ ਜਾਨਣ ਵਾਲੇ ਹੀ ਜਾਣ ਸਕਦੇ | ਕਿੰਨੇ ਕਰੀਬ ਹੁੰਦੇ ਨੇ ਉਹ ਦਿਲਬਰ ਜੋ ਤੁਹਾਡੀ ਉਦਾਸੀ ਨੂੰ ਮੁਸਕਾਨ ਦਾ ਨਾਂਅ ਦਿੰਦੇ | ਪਰ ਸਭ ਤੋਂ ਅਜ਼ੀਮ ਹੁੰਦੇ ਨੇ ਉਹ ਕਰੀਬੀ ਜੋ ਤੁਹਾਡੀ ਮੁਸਕਰਾਹਟ ਵਿਚੋਂ ਹੀ ਉਦਾਸੀ ਦੀਆਂ ਪਰਤਾਂ ਫਰੋਲਦੇ, ਤੁਹਾਡੀ ਤਲੀ 'ਤੇ ਚਾਅ-ਚਿਰਾਗ ਧਰ ਜਾਂਦੇ |
ਮੁਸਕਰਾਉਣ ਦੀ ਆਦਤ ਪਾ ਸੱਜਣਾ, ਜੀਵਨ ਨੂੰ ਸਾਰਥਿਕ ਬਣਾ ਸੱਜਣਾ | ਕਦੇ ਸ਼ੀਸ਼ੇ 'ਚ ਖੁਦ ਨੂੰ ਨਿਹਾਰ ਸੱਜਣਾ ਅਤੇ ਚਿਹਰੇ 'ਤੇ ਆਈ ਮੁਸਕਾਨ ਵਿਸਥਾਰ ਸੱਜਣਾ | ਸਵੇਰੇ ਉਠ ਕੇ ਆਰਸੀ ਵਿਚ ਆਪਣਾ ਮੁਸਕਰਾਉਂਦਾ ਚਿਹਰੇ ਦੇਖੋ | ਹੱਸਦੇ ਚਿਹਰੇ ਨਾਲ ਦਿਨ ਦੇ ਹਰ ਰੰਗ ਨੂੰ ਮਾਣੋ | ਫਿਰ ਰਾਤ ਨੂੰ ਮੁਸਕਰਾਉਂਦਾ ਚਿਹਰੇ ਨਾਲ ਦਿਨ ਨੂੰ ਅਲਵਿਦਾ ਅਤੇ ਰਾਤ ਨੂੰ ਖੁਸ਼ ਆਮਦੀਦ ਕਹੋ | ਚਿਹਰੇ ਦਾ ਤਣਾਅ ਗ਼ਾਇਬ ਹੋ ਜਾਵੇਗਾ | ਇਸ ਦੀ ਤਾਜ਼ਗੀ ਅਤੇ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣਗੇ | ਇਸ ਚਮਕ ਵਿਚੋਂ ਹੀ ਤਾਰਿਆਂ ਦੀ ਤਿਸ਼ਨਗੀ ਤੁਹਾਡੀ ਤਮੰਨਾ ਬਣ ਜਾਵੇਗੀ |
ਮੁਸਕਰਾਹਟ, ਕਈਆਂ ਲਈ ਜ਼ਿੰਦਾਦਿਲੀ ਪਰ ਕਈਆਂ ਦੀ ਮਜਬੂਰੀ | ਕੁਝ ਲਈ ਮਖੌਟਾ ਅਤੇ ਕੁਝ ਲਈ ਕਸਤੂਰੀ | ਕੁਝ ਲਈ ਗਲ ਦਾ ਗਹਿਣਾ ਪਰ ਕੁਝ ਲਈ ਪਈ ਜ਼ੰਜੀਰ | ਕੁਝ ਲਈ ਹੇਰਵੇ ਦਾ ਰੁਦਨ ਪਰ ਕੁਝ ਲਈ ਉਚ ਦਾ ਪੀਰ | ਇਹ ਹਰੇਕ ਵਿਅਕਤੀ ਦੇ ਨਜ਼ਰੀਏ 'ਤੇ ਨਿਰਭਰ |
ਮੁਸਕਰਾਹਟ ਜਦ ਮੁਸੀਬਤਾਂ ਵਿਚ ਜ਼ਿੰਦਗੀ ਦਾ ਸਾਥ ਬਣਦੀ, ਤਿੜਕੇ ਸੁਪਨਿਆਂ ਲਈ ਢਾਰਸ ਅਤੇ ਚੌਰਸਤੇ ਦੇ ਧੁੰਦਲਕੇ 'ਚ ਰਾਹਾਂ ਲਈ ਚਾਨਣ ਸਿਰਨਾਵਾਂ ਬਣਦੀ ਤਾਂ ਮੁਸਕਰਾਹਟ ਕਰਮ-ਕਾਮਨਾ ਦਾ ਕਮਾਲ ਬਣਦੀ |
ਮੁਸਸਕਰਾਹਟ, ਮਾਂਗਵੀ ਨਾ ਹੋਵੇ ਸਗੋਂ ਸੱਚੀ ਸੁੱਚੀ ਹੋਵੇ | ਇਸ ਦੀ ਅਭਾ ਨੂੰ ਜ਼ਿੰਦਗੀ ਦਾ ਹਾਸਲ ਹੋਵੇ ਅਤੇ ਇਸ ਦੀਆਂ ਸੰਭਾਵਨਾਵਾਂ ਵਿਚੋਂ ਸੁਚਮਤਾ ਅਤੇ ਸਿੱਦਕ ਭਾਵਨਾ ਨੂੰ ਸਲਾਮ |
ਮੁਸਕਰਾਹਟ ਨੂੰ ਮਾਣੋ | ਇਸ ਵਿਚੋਂ ਹੀ ਜੀਵਨ ਦੇ ਸੁਰਖ ਰੰਗਾਂ ਨੂੰ ਜਾਣੋ | ਇਨ੍ਹਾਂ ਵਿਚੋਂ ਛਣ ਕੇ ਆਉਂਦੀ ਰੌਸ਼ਨੀ 'ਚ ਅੰਤਰੀਵ ਨੂੰ ਪਛਾਣੋ | ਤੁਹਾਨੂੰ ਖੁਦ 'ਤੇ ਹੀ ਨਾਜ਼ ਹੋਵੇਗਾ |
ਮੁਕਰਾਹਟ ਨੂੰ ਵੰਡੋ, ਇਸ ਦੀ ਅਸੀਮ ਕਰਤਾਰੀ ਸ਼ਕਤੀ ਸਮਿਆਂ ਨੂੰ ਸੰਭਾਵਨਾਵਾਂ, ਸੁੱਚਮਤਾ ਅਤੇ ਸੁਪਨਿਆਂ ਨਾਲ ਭਰ ਦੇਵੇਗੀ | ਤੁਸੀਂ ਆਪਣੀ ਸੋਚ-ਜੂਹ ਨੂੰ ਮੁਸਕਰਾਹਟ ਦਾ ਖਜ਼ਾਨਾ ਬਣਾਉਣਾ ਏ ਜਾਂ ਹੰਝੂਆਂ ਦੀ ਝੀਲ ਦਾ ਰੁਫ ਦੇਣਾ ਏ | ਇਹ ਤਾਂ ਨਿੱਜ 'ਤੇ ਨਿਰਭਰ ਪਰ ਮੁਸਕਰਾਹਟ ਦੀ ਫ਼ਸਲ ਵਿਚੋਂ ਹੀ ਖੁਸ਼ੀਆਂ ਅਤੇ ਖੇੜਿਆਂ ਦੇ ਭੜੋਲੇ ਭਰ ਜਾਂਦੇ ਨੇ ਜਿਨ੍ਹਾਂ ਦੀ ਹਾਜ਼ਰੀ ਹੀ ਜੀਵਨ ਨੂੰ ਜਿਊਣ ਜੋਗਾ ਕਰ ਜਾਂਦੀ ਏ | (ਸਮਾਪਤ)

gb.bhandal@gmail.com

ਤਿੱਬਤੀ ਲੋਕ-ਕਥਾ: ਬੁੱਧੀਮਾਨ ਮਿਸਤਰੀ

ਬਹੁਤ ਸਮਾਂ ਪਹਿਲਾਂ ਸਨੇਹਲੋਂਗ ਨਾਂਅ ਦੇ ਸ਼ਹਿਰ ਵਿਚ ਗੈਨਡੋਂਗ ਨਾਂਅ ਦਾ ਰਾਜਾ ਰਹਿੰਦਾ ਸੀ | ਉਸ ਦੀ ਮੌਤ ਹੋ ਗਈ ਅਤੇ ਉਸ ਦੀ ਥਾਂ ਉਸ ਦਾ ਪੁੱਤਰ ਗੈਨਚੋਗ ਰਾਜ ਕਰਨ ਲੱਗਿਆ | ਉਸ ਦੇ ਰਾਜ ਵਿਚ ਇਕ ਪੇਂਟਰ ਸੀ ਜਿਹੜਾ ਬਹੁਤ ਹੀ ਖ਼ੂਬਸੂਰਤ ਰੰਗਚਿੱਤਰ ਬਣਾਉਂਦਾ ਸੀ ਅਤੇ ਇਕ ਬਹੁਤ ਹੀ ਵਧੀਆ ਕੰਮ ਕਰਨ ਵਾਲਾ ਮਿਸਤਰੀ ਸੀ | ਇਹ ਦੋਵੇਂ ਇਕ-ਦੂਜੇ ਦੇ ਦੁਸ਼ਮਣ ਸਨ |
ਇਕ ਦਿਨ ਪੇਂਟਰ ਰਾਜੇ ਕੋਲ ਜਾ ਕੇ ਕਹਿਣ ਲੱਗਿਆ, 'ਰਾਤ ਜਦ ਮੈਂ ਸੌਣ ਲੱਗਿਆ, ਤਾਂ ਤੁਹਾਡੇ ਪਿਤਾ ਜੀ ਨੇ ਸਵਰਗ ਵਿਚੋਂ ਇਕ ਫ਼ਰਿਸ਼ਤਾ ਭੇਜ ਕੇ ਮੈਨੂੰ ਉਥੇ ਬੁਲਾਇਆ | ਮੈਂ ਉਸ ਨਾਲ ਸਵਰਗ ਵਿਚ ਚਲਿਆ ਗਿਆ | ਮੈਂ ਵੇਖਿਆ ਕਿ ਤੁਹਾਡੇ ਪਿਤਾ ਜੀ ਦੇਵਤਿਆਂ ਕੋਲ ਬਹੁਤ ਵਧੀਆ ਜ਼ਿੰਦਗੀ ਬਸਰ ਕਰ ਰਹੇ ਨੇ | ਉਨ੍ਹਾਂ ਨੇ ਤੁਹਾਡੇ ਲਈ ਖ਼ਤ ਭੇਜਿਐ ਤੇ ਇਹ ਆਪਣੇ ਸ਼ਹਿਰ ਦੇ ਸਭ ਤੋਂ ਵਧੀਆ ਮਿਸਤਰੀ ਬਾਰੇ ਐ |' ਰਾਜੇ ਨੇ ਖ਼ਤ ਖੋਲਿ੍ਹਆ | ਲਿਖਿਆ ਸੀ, 'ਮੇਰੇ ਕੋਲ ਬਹੁਤ ਧਨ ਦੌਲਤ ਐ ਅਤੇ ਮੇਰੀ ਇਕ ਇੱਛੈ | ਮੈਂ ਦੇਵਤਿਆਂ ਲਈ ਮੰਦਰ ਬਣਾਉਣਾ ਚਾਹੁੰਨਾਂ | ਇਥੇ ਵਧੀਆ ਮਿਸਤਰੀ ਹੈ ਨ੍ਹੀ | ਮੈਂ ਚਾਹੁੰਨਾਂ ਕਿ ਤੂੰ ਸ਼ਹਿਰ ਦਾ ਸਭ ਤੋਂ ਵਧੀਆ ਮਿਸਤਰੀ ਮੇਰੇ ਕੋਲ ਭੇਜ ਦਵੇਂ | ਜਿਹੜਾ ਪੇਂਟਰ ਮੇਰਾ ਇਹ ਖ਼ਤ ਤੇਰੇ ਕੋਲ ਲੈ ਕੇ ਆਇਐ, ਉਸ ਨੂੰ ਮੈਂ ਸਮਝਾ ਦਿੱਤੇ ਕਿ ਮਿਸਤਰੀ ਨੂੰ ਇਥੇ ਕਿਵੇਂ ਭੇਜਣੈਂ |' ਰਾਜਾ ਸੋਚਣ ਲੱਗਿਆ, 'ਇਹ ਖ਼ਤ ਮੇਰੇ ਪਿਤਾ ਜੀ ਦਾ ਈ ਐ ਕਿਉਂਕਿ ਉਹ ਆਪਣੇ ਸੁਭਾਅ ਮੁਤਾਬਕ ਮੰਦਰ ਬਣਾਉਣ ਦੇ ਇੱਛਕ ਨੇ | '
ਰਾਜੇ ਨੇ ਮਿਸਤਰੀ ਨੂੰ ਬੁਲਾ ਕੇ ਆਖਿਆ, 'ਮੇਰੇ ਪਿਤਾ ਜੀ ਸਵਰਗ ਵਿਚ ਦੇਵਤਿਆਂ ਕੋਲ ਰਹਿ ਰਹੇ ਨੇ ਤੇ ਉਹ ਬਹੁਤ ਖ਼ੁਸ਼ ਨੇ | ਉਹ ਉਥੇ ਮੰਦਰ ਬਣਾਉਣਾ ਚਾਹੁੰਦੇ ਨੇ | ਉਨ੍ਹਾਂ ਨੇ ਮੈਨੂੰ ਆਖਿਐ ਕਿ ਮੈਂ ਤੈਨੂੰ ਉਥੇ ਉਨ੍ਹਾਂ ਦੀ ਮਦਦ ਲਈ ਭੇਜਾਂ |' ਮਿਸਤਰੀ ਨੂੰ ਰਾਜੇ ਦੀ ਗੱਲ ਬਹੁਤ ਅਜੀਬ ਲੱਗੀ ਅਤੇ ਉਸ ਦੇ ਦਿਮਾਗ ਵਿਚ ਆਇਆ, 'ਇਹ ਤਾਂ ਪੇਂਟਰ ਨੇ ਮੈਥੋਂ ਛੁਟਕਾਰਾ ਪਾਉਣ ਲਈ ਸਕੀਮ ਬਣਾਈ ਲੱਗਦੀ ਐ | ਮੈਂ ਇਸ ਤੋਂ ਬਚਣ ਦਾ ਕੋਈ ਢੰਗ ਸੋਚਾਂ |' ਉਸ ਨੇ ਆਖਿਆ, 'ਠੀਕ ਐ | ਪਰ ਮੈਂ ਉਥੇ ਜਾਵਾਂਗਾ ਕਿਵੇਂ?' ਰਾਜੇ ਨੇ ਪੇਂਟਰ ਨੂੰ ਬੁਲਾ ਕੇ ਪੁੱਛਿਆ ਕਿ ਮਿਸਤਰੀ ਨੂੰ ਪਿਤਾ ਜੀ ਕੋਲ ਕਿਵੇਂ ਭੇਜਿਆ ਜਾਵੇਗਾ | ਪੇਂਟਰ ਆਖਣ ਲੱਗਿਆ, 'ਇਹ ਆਪਣੇ ਉਥੇ ਲੋੜ ਪੈਣ ਵਾਲੇ ਸਾਰੇ ਔਜ਼ਾਰ ਲੈ ਆਵੇ ਅਤੇ ਇਨ੍ਹਾਂ ਦਾ ਜ਼ਮੀਨ 'ਤੇ ਢੇਰ ਲਾ ਕੇ ਵਿਚਾਲੇ ਆਪ ਬੈਠ ਜਾਵੇ | ਫਿਰ ਇਸ ਦੇ ਸਾਰੇ ਪਾਸੀਂ ਲੱਕੜਾਂ ਚਿਣ ਕੇ ਅੱਗ ਲਾ ਦਿੱਤੀ ਜਾਵੇ | ਜਦ ਧੂੰਆਂ ਉੱਪਰ ਉੱਠੇਗਾ, ਤਾਂ ਇਸ ਦੇ ਨਾਲ ਈ ਇਹ ਵੀ ਸਵਰਗ ਵਿਚ ਚਲਿਆ ਜਾਏਗਾ |' ਮਿਸਤਰੀ ਨੇ ਆਖਿਆ, 'ਮੈਂ ਆਪਣੇ ਖੇਤ ਤੋਂ ਜਾਣਾ ਚਾਹਾਂਗਾ | ਰਾਜੇ ਨੇ ਉਸ ਦੀ ਗੱਲ ਮੰਨ ਲਈ ਅਤੇ ਉਸ ਨੂੰ ਤਿਆਰੀ ਲਈ ਸੱਤ ਦਿਨ ਦੇ ਦਿੱਤੇ |
ਮਿਸਤਰੀ ਘਰ ਜਾ ਕੇ ਆਪਣੀ ਪਤਨੀ ਨੂੰ ਆਖਣ ਲੱਗਿਆ, 'ਪੇਂਟਰ ਨੇ ਮੈਨੂੰ ਅੱਗ ਲਾ ਕੇ ਮਾਰਨ ਦੀ ਸਕੀਮ ਬਣਾਈ ਐ ਤੇ ਮੇਰੇ ਕੋਲ ਸਿਰਫ਼ ਸੱਤ ਦਿਨ ਨੇ | ਮੈਂ ਆਪਣੇ ਘਰ ਤੋਂ ਖੇਤ ਤੱਕ, ਜਿੱਥੇ ਮੈਨੂੰ ਅੱਗ ਲਾਉਣੀ ਐਾ, ਸੁਰੰਗ ਪੁੱਟਣੀ ਚਾਹੁੰਨਾਂ ਤੇ ਆਪਾਂ ਇਹ ਕੰਮ ਸ਼ੁਰੂ ਕਰ ਦਈਏ |' ਉਨ੍ਹਾਂ ਨੇ ਸੁਰੰਗ ਬਣਾ ਲਈ ਅਤੇ ਇਸ ਦੀ ਸ਼ੁਰੂਆਤ ਵਾਲੀ ਥਾਂ 'ਤੇ, ਜਿੱਥੇ ਉਸ ਨੇ ਔਜ਼ਾਰਾਂ ਦਾ ਢੇਰ ਲਾ ਕੇ ਵਿਚਕਾਰ ਆਪ ਬੈਠਣਾ ਸੀ, ਕੁਝ ਲੱਕੜਾਂ ਰੱਖ ਦਿੱਤੀਆਂ |
ਸੱਤ ਦਿਨਾਂ ਮਗਰੋਂ ਰਾਜੇ ਨੇ ਆਪਣੇ ਨੌਕਰਾਂ ਨੂੰ ਨਿਸ਼ਚਿਤ ਥਾਂ 'ਤੇ ਲੱਕੜਾਂ ਤੇ ਤੇਲ ਪਹੁੰਚਾਉਣ ਲਈ ਆਖਿਆ | ਆਪਣੇ ਔਜ਼ਾਰਾਂ ਵਿਚਕਾਰ ਬੈਠੇ ਮਿਸਤਰੀ ਦੇ ਸਾਰੇ ਪਾਸੇ ਲੱਕੜਾਂ ਦੇ ਢੇਰ ਲਾ ਦਿੱਤੇ ਗਏ ਅਤੇ ਫਿਰ ਇਨ੍ਹਾਂ ਉੱਪਰ ਤੇਲ ਪਾ ਕੇ ਅੱਗ ਲਾ ਦਿੱਤੀ ਗਈ | ਜਦ ਅੱਗ ਫੈਲਣ ਲੱਗੀ, ਤਾਂ ਮਿਸਤਰੀ ਅੱਖ ਬਚਾ ਕੇ ਸੁਰੰਗ ਵਿਚ ਚਲਿਆ ਗਿਆ | ਪੇਂਟਰ ਬੋਲਿਆ, 'ਔਹ ਵੇਖੋ ! ਉਹ ਧੂੰਏਾ ਦੇ ਨਾਲ-ਨਾਲ ਸਵਰਗ ਵਿਚ ਜਾ ਰਿਹੈ |' ਉਥੇ ਹਾਜ਼ਰ ਸਭਨਾਂ ਨੇ ਇਸ ਨੂੰ ਸੱਚ ਮੰਨ ਲਿਆ |
ਮਿਸਤਰੀ ਦਾ ਆਪਣੇ ਘਰ ਵਿਚ ਇਕ ਗੁਪਤ ਕਮਰਾ ਸੀ | ਉਹ ਉਥੇ ਹੀ ਰਹਿੰਦਾ ਅਤੇ ਹਰ ਰੋਜ਼ ਮਲ-ਮਲ ਕੇ ਨਹਾਉਂਦਾ | ਤਿੰਨ ਮਹੀਨੇ ਵਿਚ ਉਸ ਦੀ ਚਮੜੀ ਦੁੱਧ ਵਰਗੀ ਚਿੱਟੀ ਬਣ ਗਈ | ਉਸ ਨੇ ਦੇਵਤਿਆਂ ਵਰਗੀ ਪੋਸ਼ਾਕ ਪਹਿਨੀ ਅਤੇ ਰਾਜੇ ਨੂੰ ਮਿਲਣ ਗਿਆ | ਉਸ ਨੇ ਰਾਜੇ ਦੇ ਪਿਤਾ ਜੀ ਦਾ ਖ਼ਤ ਉਸ ਨੂੰ ਦਿੱਤਾ | ਖ਼ਤ ਵਿਚ ਲਿਖਿਆ ਸੀ, 'ਮੇਰੇ ਪਿਆਰੇ ਪੁੱਤਰ ਗੈਨਚੋਗ | ਮੈਂ ਇਥੇ ਮੌਜ ਵਿਚ ਆਂ | ਮੈਨੂੰ ਪਤਾ ਲੱਗਿਐ ਕਿ ਤੂੰ ਵਧੀਆ ਸ਼ਾਸਕ ਐਾ ਤੇ ਆਪਣੀ ਪਰਜਾ 'ਤੇ ਸਿਆਣਪ ਨਾਲ ਰਾਜ ਕਰ ਰਿਹੈਂ | ਤਿੰਨ ਮਹੀਨੇ ਪਹਿਲਾਂ ਤੂੰ ਮੇਰੇ ਕੋਲ ਮੰਦਰ ਬਣਾਉਣ ਲਈ ਮਿਸਤਰੀ ਭੇਜਿਆ ਸੀ ਅਤੇ ਉਸ ਨੇ ਇਹ ਕੰਮ ਬਹੁਤ ਖ਼ੂਬਸੂਰਤੀ ਨਾਲ ਕੀਤੈ | ਮੈਂ ਚਾਹੁੰਨਾਂ ਕਿ ਜਦ ਉਹ ਧਰਤੀ 'ਤੇ ਵਾਪਸ ਪਹੁੰਚੇ, ਤਾਂ ਤੂੰ ਉਸ ਨੂੰ ਢੇਰ ਸਾਰਾ ਇਨਾਮ ਦੇਵੇਂ | ਹੁਣ ਮੰਦਰ ਤਾਂ ਬਣ ਗਿਐ ਤੇ ਮੈਂ ਚਾਹੁੰਨਾਂ ਕਿ ਤੂੰ ਇਸ ਨੂੰ ਪੇਂਟ ਕਰਨ ਲਈ ਆਪਣੇ ਰਾਜ ਦਾ ਸਭ ਤੋਂ ਵਧੀਆ ਪੇਂਟਰ ਮੇਰੇ ਕੋਲ ਭੇਜ ਦਵੇਂ | ਜਿਵੇਂ ਤੂੰ ਪਹਿਲਾਂ ਮਿਸਤਰੀ ਨੂੰ ਇਥੇ ਭੇਜਿਆ ਸੀ, ਉਵੇਂ ਹੀ ਪੇਂਟਰ ਨੂੰ ਭੇਜ ਦਈਾ |' ਰਾਜੇ ਨੇ ਮਿਸਤਰੀ ਨੂੰ ਮਾਲੋ-ਮਾਲ ਕਰ ਦਿੱਤਾ | ਫਿਰ ਉਸ ਨੇ ਪੇਂਟਰ ਨੂੰ ਬੁਲਾਇਆ ਤੇ ਆਖਿਆ, 'ਮਿਸਤਰੀ ਹੁਣੇ ਸਵਰਗ 'ਚੋਂ ਆਇਐ | ਇਹ ਮੇਰੇ ਪਿਤਾ ਜੀ ਦਾ ਖ਼ਤ ਲਿਆਇਐ ਤੇ ਤੈਨੂੰ ਉਥੇ ਮੰਦਰ ਨੂੰ ਪੇਂਟ ਕਰਨ ਲਈ ਬੁਲਾਇਐ |' ਪੇਂਟਰ ਨੇ ਮਿਸਤਰੀ ਵੱਲ ਵੇਖਿਆ | ਉਸ ਦੀ ਚਮੜੀ ਕਿੰਨੀ ਸਫ਼ੈਦ ਸੀ ਤੇ ਉਸ ਨੇ ਕਿੰਨੀ ਵਧੀਆ ਪੋਸ਼ਾਕ ਪਹਿਨੀ ਹੋਈ ਸੀ, ਜਦ ਕਿ ਉਸ ਦੇ ਆਪਣੇ ਕੱਪੜੇ ਪੁਰਾਣੇ ਹੀ ਸਨ | ਉਸ ਨੂੰ ਅੱਧਾ ਕੁ ਯਕੀਨ ਹੋ ਗਿਆ ਕਿ ਮਿਸਤਰੀ ਸਵਰਗ ਜਾ ਕੇ ਆਇਆ ਹੈ ਅਤੇ ਉਹ ਸੋਚਣ ਲੱਗਿਆ ਕਿ ਸ਼ਾਇਦ ਇਸੇ ਤਰ੍ਹਾਂ ਮੈਂ ਵੀ ਸਵਰਗ ਵਿਚ ਪਹੁੰਚ ਜਾਵਾਂ |
ਰਾਜੇ ਨੇ ਪੇਂਟਰ ਨੂੰ ਵੀ ਤਿਆਰੀ ਕਰਨ ਲਈ ਸੱਤ ਦਿਨ ਦਿੱਤੇ | ਉਸ ਨੇ ਆਪਣੀਆਂ ਚੀਜ਼ਾਂ ਵਸਤਾਂ ਇਕੱਠੀਆਂ ਕੀਤੀਆਂ | ਉਸ ਦੇ ਲਈ ਲੱਕੜਾਂ ਤੇ ਤੇਲ ਲਿਆਂਦਾ ਗਿਆ | ਜਦ ਸਭ ਕੁਝ ਆ ਗਿਆ, ਤਾਂ ਮਿਸਤਰੀ ਨੇ ਆਖਿਆ ਕਿ ਪੇਂਟਰ ਦੇ ਉੱਪਰ ਜਾਣ ਵੇਲੇ ਸੰਗੀਤ ਵੱਜਣਾ ਚਾਹੀਦਾ ਹੈ | ਢੋਲ, ਖੜਤਾਲਾਂ ਤੇ ਵਾਜੇ ਲਿਆਂਦੇ ਗਏ ਅਤੇ ਅੱਗ ਲਾਉਣ ਵੇਲੇ ਇਹ ਜ਼ੋਰ-ਜ਼ੋਰ ਦੀ ਵੱਜਣ ਲੱਗੇ | ਜਦ ਅੱਗ ਪੇਂਟਰ ਕੋਲ ਪਹੁੰਚੀ, ਤਾਂ ਉਹ ਉੱਚੀ-ਉੱਚੀ ਚੀਕਾਂ ਮਾਰਨ ਲੱਗਿਆ, 'ਮੈਨੂੰ ਬਚਾਓ | ਮੈਂ ਤਾਂ ਜਲ ਗਿਆ |' ਪਰ ਰੌਲਾ ਐਨਾ ਪੈ ਰਿਹਾ ਸੀ ਕਿ ਉਸ ਦੀ ਆਵਾਜ਼ ਕਿਸੇ ਨੂੰ ਨਾ ਸੁਣੀ ਅਤੇ ਉਹ ਸੱਚਮੁੱਚ ਹੀ ਸਵਰਗ ਵਿਚ ਪਹੁੰਚ ਗਿਆ |

-ਗੁਰੂਸਰ ਸੁਧਾਰ (ਲੁਧਿਆਣਾ) ਮੋਬਾ : 99145-94867.

ਅਰਜਨ ਅੱਜ ਦੇ

ਅਜੇ ਮੈਂ ਹਸਪਤਾਲ ਵਿਚੋਂ ਘਰ ਆ ਕੇ ਮੋਟਰ ਸਾਈਕਲ ਵਿਹੜੇ ਵਿਚ ਵਾੜਿ੍ਹਆ ਹੀ ਸੀ ਕਿ ਅੰਦਰ ਕਮਰੇ ਵਿਚੋਂ ਮੇਰੇ ਤੀਜੀ ਵਿਚ ਪੜ੍ਹਦੇ ਮੰੁਡੇ ਨੂਰ ਦੀ ਆਵਾਜ਼ ਸੁਣਾਈ ਦਿੱਤੀ |
'ਕੌਰਵ ਪਾਂਡਵ ਗੁਰੂ ਕੋਲ, ਗਏ ਕਰਨ ਪੜ੍ਹਾਈ
ਗੁਰੂ ਦਰੋਣਾਚਾਰੀਆ... |'
ਉਹ ਕਿਸੇ ਕਿਤਾਬ ਵਿਚੋਂ ਕਵਿਤਾ ਉੱਚੀ-ਉੱਚੀ ਪੜ੍ਹ ਰਿਹਾ ਸੀ | ਮੇਰੀ ਪਤਨੀ ਰਮਨ ਵਿਹੜੇ ਦੇ ਇਕ ਖੰੂਜੇ ਵਿਚ ਬਣੇ ਓਟੀਏ ਵਿਚ ਬੈਠੀ ਰੋਟੀ ਪਕਾ ਰਹੀ ਸੀ |
'ਲਿਆ ਰਮਨ ਰੋਟੀ ਲਿਆ ਛੇਤੀ, ਬੜੀ ਭੁੱਖ ਲੱਗੀ ਐ', ਮੈਂ ਅੰਦਰ ਵੜਦਿਆਂ ਕਿਹਾ |
'ਰੋਟੀ ਤਾਂ ਪੱਕ ਗਈ, ਬਸ ਹੁਣੇ ਲੈ ਕੇ ਆਈ',ਰਮਨ ਓਟੀਏ ਵਿਚੋਂ ਬੋਲੀ |
'............ |
'ਕੀ ਮੈਂ ਹਾਂ ਅੰਨ੍ਹਾ, ਸਭ ਕੁਝ ਨਜ਼ਰੀਂ ਆਵਦਾ'
ਰੁੱਖ ਧਰਤੀ ਬੰਨਾ....
...........
ਬਸ ਚਿੜੀ ਦੀ ਅੱਖ ਹੀ, ਮੈਨੂੰ ਨਜ਼ਰੀਂ ਆਵੇ |'
'ਕਿਆ ਕਰਦਾ ਏ ਮੇਰਾ ਪੁੱਤ?' ਮੈਂ ਨੂਰ ਨੂੰ ਉਸ ਦਾ ਸਿਰ ਪਲੋਸਦਿਆਂ ਕਿਹਾ |
'ਪਾਪਾ ਜੀ ਸਮਝ ਨੀਂ ਆਉਂਦੀ ਕਵਿਤਾ ਦੀ ਕਿ ਕਿਵੇਂ ਕਿਸੇ ਨੂੰ ਕੇਵਲ ਪੰਛੀ ਦੀ ਅੱਖ ਦਿਸਦੀ ਹੈ | ਕਿਤੇ ਨਿਗ੍ਹਾ ਤਾਂ ਨਹੀਂ ਸੀ ਖਰਾਬ ਉਹਦੀ', ਨੂਰ ਨੇ ਆਪਣੀ ਸਮਝ ਅਨੁਸਾਰ ਪੁੱਛਿਆ |
'ਨਹੀਂ ਪੁੱਤ ਨਿਗ੍ਹਾ ਨੀ ਖਰਾਬ ਉਹਦੀ | ਪੁੱਤ ਜੇ ਕੋਈ ਵਿਅਕਤੀ ਕਿਸੇ ਕੰਮ ਨੂੰ ਪੂਰੇ ਧਿਆਨ ਨਾਲ ਮਨ ਲਗਾ ਕੇ ਕਰੇ ਤਾਂ ਉਸ ਨੂੰ ਹੋਰ ਕੁਝ ਨਹੀਂ ਦਿਸਦਾ | ਇਸ ਕਵਿਤਾ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਬੰਦੇ ਨੂੰ ਕੰਮ ਕਰਦੇ ਸਮੇਂ ਆਪਣਾ ਧਿਆਨ ਪੂਰੀ ਤਰ੍ਹਾਂ ਉਸ ਕੰਮ ਵਿਚ ਰੱਖਣਾ ਚਾਹੀਦਾ ਹੈ | ਫਿਰ ਬੰਦੇ ਦੀ ਸਫ਼ਲਤਾ ਦੀ ਸੰਭਾਵਨਾ ਵੱਧ ਹੁੰਦੀ ਹੈ | ਇਸ ਲਈ ਸਾਨੂੰ ਕਿਸੇ ਕੰਮ ਨੂੰ ਕਰਦੇ ਸਮੇਂ ਆਪਣਾ ਧਿਆਨ ਇਕਾਗਰ ਕਰਨਾ ਚਾਹੀਦਾ ਹੈ', ਮੈਂ ਨੂਰ ਨੂੰ ਸਮਝਾਉਂਦਿਆਂ ਕਿਹਾ |
'ਪਰ ਪਾਪਾ ਮੈਨੂੰ ਨੀ ਸਮਝ ਲੱਗੀ ਇਹ ਕਵਿਤਾ ਦੀ ਗੱਲ', ਉਹ ਇਕ ਖਿਡਾਉਣਾ ਗੱਡੀ ਦੇ ਪਹੀਏ ਘੁਮਾਉਂਦਾ ਹੋਇਆ ਬੋਲਿਆ |
'ਪੁੱਤ ਤੇਰਾ ਧਿਆਨ ਤਾਂ ਇਹਦੇ ਵਿਚ ਹੈ, ਸਮਝ ਕਿਵੇਂ ਲੱਗੂ', ਮੈਂ ਉਸ ਤੋਂ ਗੱਡੀ ਫੜ ਕੇ ਪਰ੍ਹੇ ਰੱਖਦਿਆਂ ਕਿਹਾ |
'ਪੁੱਤ ਟੀ.ਵੀ. ਚਲਾ ਦੇ, ਖ਼ਬਰਾਂ ਸੁਣ ਲਵਾਂ', ਮੈਂ ਕਿਹਾ |
'ਨੂਰ ਨੇ ਟੀ.ਵੀ. ਚਲਾ ਦਿੱਤਾ | ਖ਼ਬਰਾਂ ਵਿਚ ਇਕ ਉਘਾ ਨੇਤਾ ਇਕ ਰਾਜਸੀ ਰੈਲੀ ਨੂੰ ਸੰਬੋਧਨ ਕਰਦਿਆਂ, ਹੱਥ ਵਿਚ ਗੁਟਕਾ ਫੜ ਕੇ ਸਰਕਾਰ ਆਉਣ 'ਤੇ ਨਸ਼ੇ ਖਤਮ ਕਰਨ ਦੀ ਸਹੰੁ ਖਾ ਰਿਹਾ ਸੀ | ਮੈਨੂੰ ਉਸ ਦੀ ਨਜ਼ਰ ਮੁੱਖ ਮੰਤਰੀ ਦੀ ਕੁਰਸੀ 'ਤੇ ਸਾਫ਼ ਦਿਖ ਰਹੀ ਸੀ |
'ਲਓ ਜੀ ਰੋਟੀ ਖਾ ਲਵੋ, ਹੁਣ ਠੀਕ ਨੇ ਬਾਪੂ ਜੀ, ਕੀ ਗੱਲ ਛੁੱਟੀ ਨੀ ਹੋਈ ਅੱਜ?', ਰਮਨ ਨੇ ਮੈਨੂੰ ਰੋਟੀ ਫੜਾਉਂਦਿਆਂ ਹਸਪਤਾਲ ਵਿਚ ਦਾਖਲ ਬਾਪੂ ਦਾ ਹਾਲ-ਚਾਲ ਪੁੱਛਿਆ |
'ਠੀਕ ਨੀ ਅਜੇ ਬਾਪੂ...' ਮੈਂ ਨਿਰਾਸ਼ਾ ਜਿਹੀ ਨਾਲ ਕਿਹਾ |
'ਦੇਬੀ... ਓ ਦੇਬੀ ਘਰੇ ਆ?' ਬਾਹਰ ਕਿਸੇ ਦੀ ਆਵਾਜ਼ ਆਈ |
'ਦੇਖ ਤਾਂ ਰਮਨ ਬਾਹਰ ਕੌਣ ਆ', ਮੈਂ ਕਿਹਾ |
ਰਮਨ ਬਾਹਰ ਚਲੇ ਗਈ | ਥੋੜ੍ਹੀ ਦੇਰ ਬਾਅਦ ਗੁਆਂਢੀ ਸਤਪਾਲ ਕਮਰੇ ਵਿਚ ਦਾਖਲ ਹੋਇਆ | ਮੈਂ ਸੋਚਿਆ, ਬਾਪੂ ਦੀ ਖ਼ਬਰ ਸਾਰ ਲੈਣ ਆਇਆ ਹੋਊ | ਮੈਂ ਰੋਟੀ ਦੀ ਇਕ ਬੁਰਕੀ ਹੀ ਤੋੜੀ ਸੀ, ਉਸੇ ਤਰ੍ਹਾਂ ਥਾਲੀ ਇਕ ਪਾਸੇ ਨੂੰ ਖਸਕਾ ਦਿੱਤੀ |
'ਦੇਬੀ ਪੁੱਤ ਪੱਚੀ ਕੁ ਹਜ਼ਾਰ ਰੁਪਏ ਤਾਂ ਦੇਹ ਉਧਾਰ, ਲੋੜ ਪੈ 'ਗੀ ਮੈਨੂੰ', ਸਤਪਾਲ ਬੋਲਿਆ |
'ਚਾਚਾ ਰੁਪਏ ਤਾਂ ਹੁਣ ਹੈ ਨੀ ਮੇਰੇ ਕੋਲ', ਮੈਂ ਕਿਹਾ |
'ਕਿਉਂ ਨੀ ਰੁਪਏ ਤੇਰੇ ਕੋਲ?' ਮਹੀਨਾ ਤਾਂ ਹੋਇਆ ਏ ਤੈਨੂੰ ਤਿੰਨ ਸਾਲ ਲਾ ਕੇ ਦੁਬਈ ਤੋਂ ਆਏ ਨੂੰ ?' ਉਹ ਬੋਲਿਆ |
'ਚਾਚਾ ਤੂੰ ਵੀ ਕਮਾਲ ਕਰਦਾ ਏ, ਤੈਨੂੰ ਪਤਾ ਨੀ? ਪੰਦਰਾਂ ਦਿਨ ਹੋਗੇ ਬਾਪੂ ਨੂੰ ਹਸਪਤਾਲ ਦਾਖਲ ਹੋਏ ਨੂੰ | ਉਹ ਅਜੇ ਵੀ ਠੀਕ ਨਹੀਂ, ਬਹੁਤ ਪੈਸੇ ਲੱਗ ਗਏ ਉਥੇ, ਪਤਾ ਨੀਂ ਹੋਰ ਕਿੰਨੇ ਲੱਗਣਗੇ', ਮੈਂ ਖਹਿੜਾ ਛੁਡਾਉਂਦਿਆਂ ਕਿਹਾ |
'ਪਤੈ ਮੈਨੂੰ, ਕੁਝ ਨੀ ਹੁੰਦਾ ਉਹਨੂੰ, ਐਨੇ ਪੈਸੇ ਨੀ ਲਗਦੇ ਉਥੇ ਉਹਦੇ 'ਤੇ', ਉਹ ਇਸ ਤਰ੍ਹਾਂ ਬੋਲਿਆ ਜਿਵੇਂ ਬਾਪੂ ਹਸਪਤਾਲ ਨਹੀਂ ਬਲਕਿ ਗੁਰਦੁਆਰੇ ਗਿਆ ਹੋਵੇ |
'ਚਾਚਾ ਤੈਨੂੰ ਪਤੈ... ਪਰ ਤੂੰ ਤਾਂ ਖਬਰ, ਨਾ ਸਾਰ ਪੁੱਛੀ ਉਹਦੀ, ਸਿੱਧਾ ਹੀ ਰੁਪਏ ਮੰਗਦੈ ਉਧਾਰ', ਮੈਂ ਥੋੜ੍ਹਾ ਤਲਖ ਅੰਦਾਜ਼ ਵਿਚ ਕਿਹਾ |
ਰਮਨ ਚਾਹ ਲੈ ਕੇ ਆ ਗਈ 'ਚਾਚਾ ਜੀ ਲਓ ਚਾਹ ਪੀ ਲਵੋ', ਉਹ ਚਾਹ ਫੜਾਉਂਦੀ ਹੋਈ ਬੋਲੀ |
'ਪਰ ਸਤਪਾਲ ਨੇ ਚਾਹ ਦਾ ਗਿਲਾਸ ਨਾ ਫੜਿਆ ਅਤੇ ਚਲਾ ਗਿਆ | ਮੈਂ ਰੋਟੀ ਖਾਂਦਾ ਅਰਜਨ ਅਤੇ ਚਿੜੀ ਦੀ ਅੱਖ ਬਾਰੇ ਸੋਚ ਰਿਹਾ ਸੀ |

-ਪਿੰਡ ਡਡਿਆਣਾ, ਡਾਕ: ਰੁਪਾਲਹੇੜੀ, ਵਾਇਆ ਸਰਹਿੰਦ, ਜ਼ਿਲ੍ਹਾ ਫਤਹਿਗੜ੍ਹ ਸਾਹਿਬ-140406.
ਮੋਬਾਈਲ : 94177-33038.

'ਛਮ ਛਮ ਨੱਚਿਆ ਕਰੋ' ਸੁਪਰੀਮ ਕੋਰਟ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਨ੍ਹਾਂ ਕੋਠਿਆਂ ਦੀ ਹਕੀਕਤ 'ਤੇ ਕਈ ਹਿੰਦੀ ਫ਼ਿਲਮਾਂ ਵੀ ਬਣੀਆਂ ਹਨ | ਇਕ ਤਾਂ 'ਮਿਰਜ਼ਾ ਗਾਲਿਬ' ਹੈ, ਜਿਸ 'ਚ ਸੁਰੱਈਆ ਕੋਠੇ 'ਤੇ ਮਿਰਜ਼ਾ ਗਾਲਿਬ ਦੀਆਂ ਗ਼ਜ਼ਲਾਂ ਗਾਇਆ ਕਰਦੀ ਸੀ:
ਯੇ ਨਾ ਥੀ ਹਮਾਰੀ ਕਿਸਮਤ,
ਕਿ ਵਿਸਾਲੇ ਯਾਰ ਹੋਤਾ |
ਅਗਰ ਔਰ ਜੀਤੇ ਰਹਿਤੇ,
ਤੇਰਾ ਇੰਤਜ਼ਾਰ ਹੋਤਾ |
ਇਕ ਹੋਰ ਫ਼ਿਲਮ ਬਣੀ ਸੀ, 'ਉਮਰਾਓ ਜਾਨ', ਇਸ ਵਿਚ ਹੀਰੋਇਨ ਦਾ ਰੋਲ ਨਿਭਾਇਆ ਸੀ ਸਦਾਬਹਾਰ ਹੀਰੋਇਨ ਰੇਖਾ ਨੇ | ਰੇਖਾ ਨੇ ਜਿਸ ਉਮਰਾਓ ਜਾਨ ਦਾ ਕਿਰਦਾਰ ਨਿਭਾਇਆ ਸੀ, ਉਸ ਦੀ ਕਹਾਣੀ ਵੀ ਦਰਦ ਭਰੀ ਹੈ | ਇਕ ਛੋਟੀ ਸੱਤ ਸਾਲ ਦੀ ਬੱਚੀ ਨੂੰ , ਗਲੀ 'ਚ ਖੇਡਦੀ ਨੂੰ ਕਿਡਨੈਪ (ਅਗਵਾ) ਕਰਕੇ ਲੈ ਆਏ ਸਨ, ਇਕ ਕੋਠੇ ਦੀ ਮਾਲਕਣ ਕੋਲ, ਕਿੰਜ ਉਸ ਨੂੰ ਨੱਚਣ ਵਾਲੀ ਉਮਰਾਓ ਜਾਨ ਬਣਾ ਦਿੱਤਾ ਗਿਆ | ਉਸ ਨੇ ਆਪਣੀ ਵੇਦਨਾ ਤੇ ਕੋਠੇ 'ਤੇ ਆਉਣ ਵਾਲਿਆਂ ਦੀ ਫ਼ਿਤਰਤ ਦਾ ਇਜ਼ਹਾਰ ਇਉਂ ਆਪਣੀਆਂ ਸੁਰਾਂ 'ਚ ਕੀਤਾ...
ਇਸ ਅੰਜੁਮਨ ਮੇਂ ਆਪ ਕੋ
ਆਨਾ ਹੈ ਬਾਰ ਬਾਰ |
ਦੀਵਾਰੋ-ਦਰ ਕੋ ਗ਼ੌਰ ਸੇ,
ਪਹਿਚਾਨ ਲੀਜੀਏ,
ਦਿਲ ਚੀਜ਼ ਕਯਾ ਹੈ ਆਪ ਮੇਰੀ
ਜਾਨ ਲੀਜੀਏ...
ਏਕ ਬਾਰ, ਬਸ ਏਕ ਬਾਰ,
ਮੇਰਾ ਕਹਾ ਮਾਨ ਲੀਜੀਏ... |
ਇਸ ਥੀਮ 'ਤੇ ਇਕ ਹੋਰ ਫ਼ਿਲਮ ਬਣੀ ਸੀ-'ਪਾਕੀਜ਼ਾ' ਇਸ 'ਚ ਮੀਨਾ ਕੁਮਾਰੀ ਨੇ ਰੇਖਾ ਵਰਗਾ ਕਿਰਦਾਰ ਨਿਭਾਇਆ ਸੀ, ਬਾਕਮਾਲ | ਉਸ ਦੀ ਜ਼ਿੰਦਗੀ ਦੀ ਆਖਰੀ ਫ਼ਿਲਮ ਸੀ ਇਹ...
ਕੋਈ ਯੰੂ ਹੀ ਮਿਲ ਗਯਾ ਥਾ
ਸਰੇਰਾਹ ਚਲਤੇ ਚਲਤੇ |
ਰਾਜਕੁਮਾਰ ਇਸ ਦਾ ਹੀਰੋ ਸੀ ਤੇ ਮਿਊਜ਼ਿਕ ਦਿੱਤਾ ਸੀ ਗੁਲਾਮ ਮੁਹੰਮਦ ਨੇ |
ਲਤਾ ਮੰਗੇਸ਼ਕਰ ਨੇ ਇਸ ਫ਼ਿਲਮ 'ਚ 'ਮੁਜਰੇ' ਵਾਲੇ ਗਾਣੇ ਗਾਉਣ ਤੋਂ ਸਾਫ਼ ਨਾਂਹ ਕਰ ਦਿੱਤੀ ਸੀ ਫਿਰ ਨੌਸ਼ਾਦ ਸਾਹਿਬ ਦੇ ਮਨਾਉਣ 'ਤੇ ਉਹ ਮਸਾਂ ਮੰਨੀ ਪਰ ਇਸ ਦੇ ਗਾਣੇ ਕਮਾਲ ਸਨ |
ਸੁਨੀਲ ਦੱਤ ਦੀ ਫ਼ਿਲਮ 'ਮੁਝੇ ਜੀਨੇ ਦੋ' ਵੀ ਇਸੇ ਥੀਮ 'ਤੇ ਸੀ | ਸੁਨੀਲ ਦੱਤ ਡਾਕੂਆਂ ਦਾ ਸਰਦਾਰ ਸੀ, ਵਹੀਦਾ ਰਹਿਮਾਨ ਇਕ ਕੋਠੇ 'ਤੇ ਨਾਚੀ ਸੀ | ਸੁਨੀਲ ਦੱਤ ਦਾ ਦਿਲ ਉਸ 'ਤੇ ਆ ਗਿਆ | ਇਕ ਦਿਨ ਕੋਠੇ 'ਤੇ ਉਹਦਾ ਮੁਜਰਾ ਜਾਰੀ ਸੀ ਕਿ ਸੁਨੀਲ ਦੱਤ ਆਪਣੇ ਡਾਕੂਆਂ ਦੇ ਟੋਲੇ ਨਾਲ ਆ ਗਿਆ | ਬੰਦੂਕਾਂ ਦੀ 'ਠਾਏਾ-ਠਾਏਾ' 'ਚ ਉਸ ਨੇ ਵਹੀਦਾ ਰਹਿਮਾਨ ਨੂੰ ਉਧਾਲ ਲਿਆ, ਘੋੜੇ 'ਤੇ ਬਿਠਾ ਕੇ ਦੂਰ ਚੰਬਲ ਦੀਆਂ ਬੀਹੜਾਂ ਵਿਚ, ਆਪਣੇ ਅੱਡੇ 'ਤੇ ਲੈ ਗਿਆ | ਉਨ੍ਹਾਂ ਦਾ ਬੇਟਾ ਪੈਦਾ ਹੋਇਆ ਤਾਂ ਇਹੋ ਡਰ ਸਤਾਉਣ ਲੱਗਾ ਕਿ ਇਹਨੂੰ ਵੀ ਕਾਨੂੰਨ ਦੇ ਰਖਵਾਲੇ ਪਤਾ ਨਹੀਂ ਕਿਹੜੇ ਵੇਲੇ ਮਾਰ ਸੁਟਣਗੇ | ਸੁਨੀਲ ਦੱਤ ਸਾਹਬ ਨੇ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਸਾਹਿਰ ਲੁਧਿਆਣਵੀ ਨੂੰ ਲੋਰੀ ਲਿਖਣ ਵਾਸਤੇ ਕਿਹਾ ਸੀ, ਉਨ੍ਹਾਂ ਜੋ ਲੋਰੀ ਲਿਖੀ, ਸੁਣ ਨੇ ਕਲੇਜਾ ਮੰੂਹ ਨੂੰ ਆਉਂਦਾ ਹੈ, 'ਤੇਰੇ ਬਚਪਨ ਕੋ, ਜਵਾਨੀ ਕੀ ਦੁਆ ਦੇਤੀ ਹੰੂ |
ਖੈਰ, ਜਦ ਇਹ ਡਾਂਸ ਬਾਰਾਂ ਬੰਦ ਕਰਨ ਲਈ ਮੰੁਬਈ 'ਚ ਪਬਲਿਕ ਵਲੋਂ ਖਾਸ ਕਰਕੇ ਘਰੇਲੂ ਇਸਤਰੀਆਂ ਵਲੋਂ ਭਰਪੂਰ ਆਵਾਜ਼ ਉਠੀ ਸੀ ਤਾਂ ਅਸੰਬਲੀ 'ਚ ਵਜ਼ੀਰਾਂ ਨੇ ਉਸ ਨੂੰ ਬੰਦ ਕਰਨ ਲਈ ਜਿਹੜੀ ਦਲੀਲ ਦਿੱਤੀ ਸੀ, ਉਹ ਸੀ ਭਾਰਤ ਨਾਟਯਮ ਤੇ ਕਥਕ ਡਾਂਸ ਬਿਨਾਂ ਇਹ ਸਭੇ ਡਾਂਸ ਅਸ਼ਲੀਲ ਹਨ | ਇੰਦਰ ਸਭਾ 'ਚ ਉਰਵਸ਼ੀ, ਰੰਭਾ ਆਦਿ ਇਹੀ ਹੀ ਕਰਦੀਆਂ ਹਨ?
ਇਸ ਲਈ ਹੇਮਾ ਮਾਲਿਨੀ ਨੇ 'ਗੰਗਾ' ਨਾਂਅ ਹੇਠ ਇਕ ਡਾਂਸ ਬੈਲੇ ਤਿਆਰ ਕੀਤਾ ਹੈ, ਜਿਸ 'ਚ ਇਹ ਦਰਸਾਇਆ ਗਿਆ ਹੈ ਕਿ ਸ਼ਿਵਾਂ ਦੀ ਜਟਾਂ 'ਚੋਂ ਨਿਕਲੀ ਪਵਿੱਤਰ ਨਦੀ ਗੰਗਾ, ਗੰਗੋਤਰੀ ਤੋਂ ਚੱਲ ਕੇ ਕਿੱਥੇ-ਕਿੱਥੇ ਤਾੲੀਂ ਪਹੁੰਚੀ, ਇਹਦਾ ਪ੍ਰੀਮੀਅਰ ਸਭ ਤੋਂ ਪਹਿਲਾਂ 22 ਜਨਵਰੀ ਨੂੰ ਵਾਰਾਨਸੀ 'ਚ ਰੱਖਿਆ ਸੀ, ਪਰ ਹੇਮਾ ਮਾਲਿਨੀ ਸ਼ਾਇਦ ਭੁੱਲ ਗਈ ਹੈ ਕਿ ਉਸ ਨੇ ਫ਼ਿਲਮ ਸੰਨਿਆਸੀ 'ਚ ਇਸ ਗਾਣੇ 'ਤੇ ਨਾਚ ਪੇਸ਼ ਕੀਤਾ ਸੀ, 'ਚੱਲ ਸੰਨਿਆਸੀ ਮੰਦਰ ਮੇਂ, ਤੇਰਾ ਚਿਮਟਾ, ਮੇਰੀ ਚੂੜੀਆਂ ਮਿਲ ਕਰ ਸਾਜ਼ ਬਜਾਏਾਗੀ |' ਉਸ ਸਮੇਂ ਪੈਸੇ ਦੀ ਲੋੜ ਸੀ-ਵਿਚਾਰੀਆਂ ਬਾਰ ਡਾਂਸਰਾਂ ਵਾਂਗ | ਇਸ ਫ਼ਿਲਮ ਨੂੰ 'ਯੂ' ਸਰਟੀਫਿਕੇਟ ਮਿਲਿਆ ਸੀ | ਕੀ ਆਖੋਗੇ? ਰੋਟੀਆਂ ਕਰਨ ਪੂਰੇ ਤਾਲ |

ਆਪਣਿਆਂ ਤੋਂ ਬਚੋ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਦੁਸ਼ਮਣਾਂ, ਵਿਰੋਧੀਆਂ, ਸ਼ਰੀਕਾਂ ਅਤੇ ਮਾੜੀ ਨੀਅਤ ਵਾਲੇ ਆਪਣਿਆਂ ਦੀਆਂ ਚਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਨੇ ਸਾਨੂੰ ਲੜਾਉਣਾ, ਧਮਕਾਉਣਾ, ਦਬਕਾਉਣਾ, ਕੁਟਵਾਉਣਾ ਤੇ ਲੁੱਟਣਾ, ਲੁਟਾਉਣਾ ਹੀ ਹੁੰਦਾ ਹੈ | ਕਿਉਂਕਿ ਮਨੁੱਖ ਜਦੋਂ ਸਵਾਰਥ ਵਿਚ ਅੰਨ੍ਹਾ ਹੁੰਦਾ ਹੈ ਤਾਂ ਉਸ ਨੂੰ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ |
• ਇਕ ਗੱਲ ਤੋਂ ਕੁੱਤਾ ਵੀ ਮਨੁੱਖ ਨਾਲੋਂ ਚੰਗਾ ਹੈ ਕਿਉਂਕਿ ਹਮੇਸ਼ਾ ਸਾਹਮਣੇ ਭੌਾਕਦਾ ਹੈ ਤੇ ਉਹ ਵੀ ਓਪਰਿਆਂ 'ਤੇ | ਬੰਦਾ ਹਮੇਸ਼ਾ ਪਿੱਠ ਪਿਛੇ ਬੋਲਦਾ ਹੈ ਤੇ ਉਹ ਵੀ ਆਪਣਿਆਂ 'ਤੇ |
• ਕੋਈ ਆਪਣਿਆਂ ਲਈ ਆਪਣੀ ਰੋਟੀ ਛੱਡ ਦਿੰਦਾ ਹੈ ਅਤੇ ਕੋਈ ਰੋਟੀ ਦੇ ਲਈ ਆਪਣਿਆਂ ਨੂੰ ਛੱਡ ਦਿੰਦਾ ਹੈ |
• ਆਪਣੇ ਉਹ ਨਹੀਂ ਹੁੰਦੇ ਜੋ ਰੋਣ 'ਤੇ ਆ ਜਾਂਦੇ ਹਨ | ਆਪਣੇ ਤਾਂ ਉਹ ਹੁੰਦੇ ਹਨ ਜੋ ਰੋਣ ਹੀ ਨਹੀਂ ਦਿੰਦੇ |
• ਇਕ ਸਿਆਣੇ ਨੇ ਮਿਸਾਲ ਦਿੰਦਿਆਂ ਕਿਹਾ ਕਿ ਇਕ ਦਿਨ ਸੋਨੇ ਨੇ ਲੋਹੇ ਨੂੰ ਪੁੱਛਿਆ ਕਿ ਆਪਾਂ ਦੋਵਾਂ ਨੂੰ ਹੀ ਲੋਹੇ ਦੀ ਹਥੌੜੀ ਨਾਲ ਕੁੱਟਿਆ ਜਾਂਦਾ ਹੈ ਪਰ ਤੂੰ ਜ਼ਿਆਦਾ ਕਿਉਂ ਚੀਕਦੈਂ ਤਾਂ ਲੋਹੇ ਨੇ ਜਵਾਬ ਦਿੱਤਾ ਕਿ ਜਦ ਆਪਣੇ ਹੀ ਆਪਣੇ ਨੂੰ ਮਾਰਦੇ ਐ ਤਾਂ ਦਰਦ ਬਹੁਤ ਜ਼ਿਆਦਾ ਹੁੰਦੀ ਹੈ |
• ਸ਼ਤਰੰਜ ਖੇਡਣ ਵਾਲਿਆਂ ਤੋਂ ਪਤਾ ਲੱਗਾ ਹੈ ਕਿ ਸ਼ਤਰੰਜ ਦਾ ਇਕ ਨਿਯਮ ਬਹੁਤ ਹੀ ਉਮਦਾ ਹੈ ਕਿ ਚਾਲ ਕੋਈ ਵੀ ਚੱਲੋ ਪਰ ਆਪਣੇ ਵਾਲਿਆਂ ਨੂੰ ਨਹੀਂ ਮਾਰ ਸਕਦੇ |
• ਮੈਂ ਦੁਨੀਆ ਨਾਲ ਲੜ ਸਕਦਾ ਹਾਂ ਪਰ ਆਪਣਿਆਂ ਨਾਲ ਨਹੀਂ ਕਿਉਂਕਿ ਆਪਣਿਆਂ ਨਾਲ ਮੈਂ ਜਿੱਤਣਾ ਨਹੀਂ, ਸਗੋਂ ਜਿਊਣਾ ਹੈ |
• ਆਪਣੇ ਉਹ ਨਹੀਂ ਹੁੰਦੇ ਜੋ ਤਸਵੀਰ ਵਿਚ ਨਾਲ ਖੜ੍ਹੇ ਹੋਣ ਸਗੋਂ ਆਪਣੇ ਤਾਂ ਉਹ ਹੁੰਦੇ ਹਨ ਜੋ ਤਕਲੀਫ਼ ਵਿਚ ਨਾਲ ਖੜ੍ਹੇ ਹੋਣ |
• ਤੁਸੀਂ ਅਦਾਲਤਾਂ ਵਿਚ ਜਾ ਕੇ ਦੇਖ ਲਓ, ਅੱਜ ਆਪਣਿਆਂ ਨੇ ਹੀ ਆਪਣਿਆਂ ਤੇ ਮੁਕੱਦਮੇ ਕੀਤੇ ਹੋਏ ਹਨ ਤੇ ਆਪਣੇ ਹੀ ਆਪਣਿਆਂ ਨੂੰ ਥਾਣਿਆਂ ਤੱਕ ਪਹੁੰਚਾਉਂਦੇ ਹਨ |
• ਕਿਸੇ ਦੀ ਨਜ਼ਰ ਵਿਚ ਮੈਂ ਚੰਗਾ ਹਾਂ | ਕਿਸੇ ਦੀ ਨਜ਼ਰ ਵਿਚ ਬੁਰਾਂ ਹਾਂ | ਅਸਲੀਅਤ ਤਾਂ ਇਹ ਹੈ ਕਿ ਜੋ ਜਿਸ ਤਰ੍ਹਾਂ ਦਾ ਹੈ, ਉਸ ਦੀ ਨਜ਼ਰ ਵਿਚ ਉਸੇ ਤਰ੍ਹਾਂ ਦਾ ਹਾਂ |
• ਜ਼ਿੰਦਗੀ ਵਿਚ ਇਹ ਹੁਨਰ ਵੀ ਅਜ਼ਮਾਉਣਾ ਚਾਹੀਦਾ ਹੈ ਕਿ ਆਪਣਿਆਂ ਨਾਲ ਜੇਕਰ ਹੋਵੇ ਜੰਗ ਤਾਂ ਹਾਰ ਜਾਣਾ ਚਾਹੀਦਾ ਹੈ |
• ਵੇਖਣ ਵਿਚ ਆਉਂਦਾ ਹੈ ਕਿ ਲੋਕ ਉਸ ਵਕਤ ਤੱਕ ਸਾਡੀ ਕਦਰ ਨਹੀਂ ਕਰਦੇ ਜਦ ਅਸੀਂ ਇਕੱਲੇ ਹੋਈਏ ਬਲਕਿ ਲੋਕ ਉਸ ਵੇਲੇ ਸਾਡੀ ਕਦਰ ਕਰਦੇ ਹਨ ਜਦ ਉਹ ਇਕੱਲੇ ਹੋਣ |
• ਬੰਦਾ ਸਭ ਕੁਝ ਭੁੱਲ ਸਕਦਾ ਹੈ, ਸਿਰਫ਼ ਉਹ ਗੱਲ ਨਹੀਂ ਭੁੱਲਦਾ ਜਦੋਂ ਉਸ ਨੂੰ ਆਪਣਿਆਂ ਦੀ ਲੋੜ ਸੀ ਤੇ ਉਨ੍ਹਾਂ ਸਾਥ ਨਾ ਦਿੱਤਾ |
• ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜੀਵਨ ਵਿਚ ਸੁਪਨਿਆਂ ਲਈ ਕਦੇ ਆਪਣਿਆਂ ਤੋਂ ਦੂਰ ਨਾ ਹੋਣਾ ਕਿਉਂਕਿ ਆਪਣਿਆਂ ਤੋਂ ਬਿਨਾਂ ਜੀਵਨ ਵਿਚ ਸੁਪਨਿਆਂ ਦਾ ਕੋਈ ਮੁੱਲ ਨਹੀਂ |
• ਕਿਸੇ ਵਿਅਕਤੀ ਦੀ ਤਾਕਤ ਉਸ ਦੇ ਮੋਢਿਆਂ ਦੀ ਚੌੜਾਈ ਵਿਚ ਨਹੀਂ, ਬਾਹਾਂ ਤੋਂ ਪਤਾ ਲਗਦੀ ਹੈ, ਜੋ ਆਪਣਿਆਂ ਨੂੰ ਬੁੱਕਲ ਵਿਚ ਲੈਂਦੀਆਂ ਹਨ |
• ਛੱਡ ਕੇ ਜਾਣ ਵਾਲਿਆਂ ਨੂੰ ਤਾਂ ਇਕ ਬਹਾਨੇ ਦੀ ਲੋੜ ਹੁੰਦੀ ਹੈ ਪਰ ਮੋੜਨ ਵਾਲੇ ਤਾਂ ਮੌਤ ਦੇ ਦਰਵਾਜ਼ੇ ਤੋਂ ਵੀ ਬਾਂਹ ਫੜ ਕੇ ਮੋੜ ਲਿਆਉਂਦੇ ਹਨ |
• ਰਿਸ਼ਤੇ ਦੂਰ ਰਹਿਣ ਨਾਲ ਟੁੱਟਦੇ ਨਹੀਂ ਤੇ ਕੋਲ ਰਹਿਣ ਨਾਲ ਜੁੜਦੇ ਨਹੀਂ, ਪਰ ਅਹਿਸਾਸ ਅਜਿਹਾ ਹੈ ਕਿ ਆਪਣਿਆਂ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ |
• ਵਕਤ ਕੱਢ ਕੇ ਆਪਣਿਆਂ ਨਾਲ ਗੱਲਾਂ ਕਰ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਜੇਕਰ ਆਪਣੇ ਹੀ ਨਾ ਰਹਿਣਗੇ ਤਾਂ ਫਿਰ ਸਮੇਂ ਦਾ ਕੀ ਕਰੋਗੇ |
• ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀਂ ਲਗਦਾ ਪਰ ਸਮੇਂ ਦੇ ਨਾਲ ਆਪਣਿਆਂ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ |
• ਜੇਕਰ ਕੋਈ ਆਪਣਾ ਰੁੱਸ ਜਾਵੇ ਤਾਂ ਉਸ ਨੂੰ ਉਦੋਂ ਹੀ ਮਨਾ ਲਵੋ, ਦੇਖਿਓ ਕਿਤੇ ਜ਼ਿੱਦ ਦੀ ਜੰਗ ਵਿਚ ਦੂਰੀਆਂ ਹੀ ਨਾ ਜਿੱਤ ਜਾਣ |
• ਬੇਸ਼ੱਕ ਵੱਡੇ-ਵੱਡੇ ਲੋਕਾਂ ਨਾਲ ਸਬੰਧ ਬਣਾਓ ਪਰ ਆਪਣਿਆਂ, ਆਪਣੇ ਕਰੀਬੀਆਂ ਨੂੰ ਕਦੇ ਨਾ ਠੁਕਰਾਓ |
• ਰਿਸ਼ਤੇ ਖ਼ੂਨ ਦੇ ਨਹੀਂ ਹੁੰਦੇ, ਰਿਸ਼ਤੇ ਵਿਸ਼ਵਾਸ ਦੇ ਹੁੰਦੇ ਹਨ | ਜੇਕਰ ਵਿਸ਼ਵਾਸ ਹੋਵੇ ਤਾਂ ਪਰਾਏ ਵੀ ਆਪਣੇ ਹੁੰਦੇ ਹਨ | ਜੇਕਰ ਵਿਸ਼ਵਾਸ ਨਾ ਹੋਵੇ ਤਾਂ ਆਪਣੇ ਵੀ ਪਰਾਏ ਹੋ ਜਾਂਦੇ ਹਨ |
• ਰਿਸ਼ਤਿਆਂ ਦੀ ਡੋਰ ਉਦੋਂ ਕਮਜ਼ੋਰ ਹੋ ਜਾਂਦੀ ਹੈ ਜਦੋਂ ਲੋਕ ਆਪਣਿਆਂ ਨੂੰ ਪਰਾਇਆ ਅਤੇ ਪਰਾਇਆਂ ਨੂੰ ਆਪਣਾ ਸਮਝਣ ਲਗਦੇ ਹਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਮਿੰਨੀ ਕਹਾਣੀਆਂ

ਨੰਨ੍ਹੇ ਅਰਮਾਨ
ਉਸ ਨੇ ਆਪਣੀ ਧੀ ਨੂੰ ਵੀ ਔਖੇ ਸੋਖੇ ਹੋ ਕੇ ਇਕ ਚੰਗੇ ਨਾਮਵਰ ਪ੍ਰਾਈਵੇਟ ਸਕੂਲ ਵਿਚ ਪੜ੍ਹਨੇ ਪਾ ਦਿੱਤਾ ਤਾਂ ਜੋ ਉਸ ਦੀ ਧੀ ਵੀ ਪੜ੍ਹ ਲਿਖ ਕੇ ਕੁਸ਼ ਬਣ ਸਕੇ। ਸਕੂਲ ਦੇ ਸਲਾਨਾ ਫੰਕਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ, ਮੈਨੇਜਮੈਂਟ ਦੇ ਲਾਲਚ ਦੀ ਮੋਹਰ ਲੈ ਕੇ ਪ੍ਰਿੰਸੀਪਲ ਨੇ ਸਟਾਫ ਨੂੰ ਨਸੀਹਤ ਕੀਤੀ, ਜਿਨ੍ਹਾਂ ਬੱਚਿਆਂ ਨੇ ਸਕੂਲ ਦੇ ਸਲਾਨਾ ਸਮਾਗਮ 'ਚ ਹਿੱਸਾ ਲੈਣਾ ਹੈ ਉਹ 900 ਰੁਪਏ ਸਕੂਲੇ ਜਮ੍ਹਾਂ ਕਰਵਾਉਣ। ਬੱਚਿਆਂ ਦੀਆਂ ਨੋਟ ਬੁੱਕ 'ਤੇ ਨੋਟਿਸ ਪਾ ਕੇ ਭੇਜ ਦਿੱਤੇ। ਉਸ ਦੀ ਬੱਚੀ ਵੀ ਰੰਗਾਰੰਗ ਪ੍ਰੋਗਰਾਮ ਵਿਚ ਭਾਗ ਲੈਣਾ ਚਾਹੁੰਦੀ ਸੀ, ਪਰ ਘਰ ਦੀ ਗ਼ਰੀਬੀ ਕਾਰਨ ਉਸ ਦੇ ਪਿਤਾ ਨੇ ਕਿਹਾ ਪੁੱਤ ਤੂੰ ਪੜ੍ਹ-ਲਿਖ ਹੀ ਲੈ ਬਹੁਤ ਔਖਾ ਤੇਰੀਆਂ ਫੀਸਾਂ ਭਰਦਾਂ। ਨੰਨੀ ਧੀ ਚੁੱਪਕਰ ਗਈ। ਕਈਆਂ ਦਿਨਾਂ ਬਾਅਦ ਅੱਜ ਫਿਰ ਸਕੂਲ ਜਾਣ ਸਮੇਂ ਧੀ ਨੇ ਅਚਾਨਕ ਕਿਹਾ 'ਸਾਰੇ ਬੱਚੇ ਫੰਕਸ਼ਨ 'ਚ ਲੱਗੇ ਨੇ, ਮੈਂ ਈ 'ਨੀ ਲੱਗੀ...ਤੁਸੀਂ ਪੈਸੇ 'ਨੀ ਦਿੱਤੇ ਕਰਕੇ...' ਨੰਨੀ ਧੀ ਦੇ ਇਹ ਸ਼ਬਦ ਕਾਲਜਾ ਵਿੰਨ੍ਹ ਗਏ। ਹੁਣ ਸਕੂਲ ਦੀ ਕਰੋੜਪਤੀ ਮੈਨੇਜਮੈਂਟ ਨੂੰ ਕੌਣ ਸਮਝਾਵੇ, ਲੀਰਾਂ ਦੀ ਬਿੰਨੀ ਖਿੱਦੋ ਵਾਂਗ ਘਰ ਦੀ ਗ਼ਰੀਬੀ ਦੀ ਪੋਟਲੀ ਕਿਵੇਂ ਖੋਲ ਦਿਖਾਵੇ... ਕੌਣ ਕਾਲਜਾ ਚੀਰ ਕੇ ਦੱਸੇ ਕਿ ਗ਼ਰੀਬਾਂ ਦੇ ਦਿਲਾਂ ਵਿਚ ਵੀ ਕੁਝ ਨੰਨ੍ਹੇ ਅਰਮਾਨ ਪਣਪਦੇ ਨੇ।

-ਜਸਵਿੰਦਰ ਛਿੰਦਾ ਦੇਹੜਕੇ
ਮੋਬਾਈਲ : 9872193320

ਘੁਸਪੈਠੀਏ
ਜੰਗਲ ਦਾ ਰਾਜਾ ਸ਼ੇਰ ਆਪਣੇ ਸਲਾਹਕਾਰ ਬਾਂਦਰ ਨੂੰ ਨਾਲ ਲੈ ਕੇ ਜੰਗਲ 'ਚ ਘੁੰਮਣ-ਫਿਰਨ ਨੂੰ ਨਿਕਲਿਆ। ਉਹ ਦੋਵੇਂ ਜਣੇ ਜੰਗਲ 'ਚ ਇਕ ਉੱਚੀ ਥਾਂ 'ਤੇ ਚੜ੍ਹ ਗਏ। ਸਾਹਮਣੇ ਦੂਰ ਇਕ ਮੈਦਾਨ 'ਚ ਕੁਝ ਆਦਮੀਆਂ ਦਾ ਵੱਡਾ ਸਾਰਾ ਟੋਲਾ ਵੇਖ ਕੇ ਸ਼ੇਰ ਨੇ ਜ਼ੋਰ ਦੀ ਦਹਾੜਨ ਦਾ ਮੂਡ ਬਣਾਇਆ। ਉਸ ਦੇ ਚਿਹਰੇ ਤੋਂ ਡਰ ਆਉਣ ਲੱਗਾ ਤਾਂ ਬਾਂਦਰ ਨੇ ਉਸ ਨੂੰ ਇਸ ਦਾ ਕਾਰਨ ਪੁੱਛਿਆ, 'ਸ਼ੇਰ ਨੇ ਸਾਹਮਣੇ ਇਸ਼ਾਰਾ ਜਿਹਾ ਕਰਦਿਆਂ ਦੱਸਿਆ, 'ਔਹ ਆਦਮੀਆਂ ਦਾ 'ਕੱਠ ਸਾਡੇ ਇਲਾਕੇ 'ਚ ਕਿਵੇਂ ਫਿਰਦਾ, ਕੌਣ ਐ ਏਹ?'
'ਘਬਰਾਓ ਨਾ ਜਨਾਬ', ਬਾਂਦਰ ਸਮਝਾਉਣ ਲੱਗਾ, 'ਇਨ੍ਹਾਂ 'ਚ ਸਾਰੇ ਵੱਡੇ-ਛੋਟੇ ਘਪਲੇਬਾਜ਼ ਨੇ, ਕਿਰਤ ਤੇ ਯੋਗਤਾ ਦੇ ਲੁਟੇਰੇ ਵੀ ਨੇ, ਸੰਪ੍ਰਦਾਇਕਤਾ ਫੈਲਾਉਣ ਵਾਲੇ ਡੇਰੇਦਾਰ, ਅਖੌਤੀ ਸਾਧ, ਜਬਰ-ਜਨਾਹ ਕਰਨ ਵਾਲੇ, ਕਾਤਲ, ਹੋਰ ਕਈ ਕਿਸਮ ਦੇ ਸਮਾਜ ਵਿਰੋਧੀ ਅਤੇ ਚੋਰ ਬਜ਼ਾਰੀਏ ਹਨ।'
ਇਹ ਇਥੇ ਕੀ ਲੈਣ ਆਏ ਨੇ?' ਸ਼ੇਰ ਨੇ ਫਿਰ ਪੁੱਛਿਆ।
'ਜਨਾਬ ਇਹ ਕਦੇ-ਕਦੇ ਸਲਾਹ-ਮਸ਼ਵਰਾ ਕਰਨ ਇਥੇ ਆਉਂਦੇ ਈ ਰਹਿੰਦੇ ਨੇ' ਬਾਂਦਰ ਨੇ ਦੱਸਿਆ। 'ਮੈਨੂੰ ਨੀਂ ਸਮਝ ਆਈ ਅਜੇ' ਸ਼ੇਰ ਅਜੇ ਵੀ ਗੁੱਸੇ 'ਚ ਸੀ। ਬਾਂਦਰ ਦਲੀਲ ਨਾਲ ਸਮਝਾਉਣ ਲੱਗਾ, 'ਜਨਾਬ ਪਿਛਲੀ ਜੰਗਲ ਦੀ ਸਰਬ ਪਾਰਟੀ ਮੀਟਿੰਗ 'ਚ ਮੈਂ ਵੀ ਇਹ ਸੁਝਾਅ ਦਿੱਤਾ ਸੀ ਕਿ ਕੁਝ ਤੇਜ਼-ਤਰਾਰ ਜੰਗਲੀ ਜਾਨਵਰਾਂ ਦੇ ਮਨੁੱਖੀ ਪਿੰਜਰ ਪੁਆ ਕੇ ਭਾਵ ਪੂਰਾ ਭੇਸ ਬਦਲਾ ਕੇ ਮਨੁੱਖਾਂ 'ਚ ਘੁਸਪੈਠ ਕਰਵਾਈ ਜਾਵੇ। ਸੋ, ਜਨਾਬ ਇਹ ਆਪਣੇ ਹੀ ਜੰਗਲੀ ਘੁਸਪੈਠੀਏ ਭਰਾ ਨੇ, ਜਿਨ੍ਹਾਂ ਮਨੁੱਖਤਾ 'ਚ ਘੁਸਪੈਠ ਕੀਤੀ ਹੋਈ ਹੈ।'
'ਸ਼...ਬਾ...ਸ਼...', ਸ਼ੇਰ ਖੁਸ਼ੀ ਨਾਲ ਦਹਾੜਿਆ ਤੇ ਬਾਂਦਰ ਨੂੰ ਥਾਪੀ ਦਿੱਤੀ ਤੇ ਦੋਵੇਂ ਹੋਰ ਪਾਸੇ ਨੂੰ ਚੱਲ ਪਏ।

-ਸੁਖਚੈਨ ਥਾਂਦੇਵਾਲਾ
7 ਨੰਬਰ, ਚੁੰਗੀ ਵਾਲੀ ਗਲੀ, ਗੁਰੂ ਅਰਜਨ ਦੇਵ ਨਗਰ, ਫਰੀਦਕੋਟ।
ਮੋਬਾਈਲ : 94639-80326.

ਕਿਰਤ ਘਣ
ਰੱਬ ਨੇ ਬਹੁਤ ਸਾਰੇ ਬੰਦੇ ਬਣਾ ਕੇ ਇਕ ਮੈਦਾਨ 'ਚ ਬਿਠਾ ਲਏ। ਜਿਥੇ ਇਕ ਵੱਡੇ ਸਾਰੇ ਚਬੂਤਰੇ ਉਤੇ ਇਕ ਕੁਰਸੀ ਪਈ ਸੀ। ਰੱਬ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਕਿਹਾ, 'ਮੈਂ ਤੁਹਾਨੂੰ ਇਹ ਸਭ ਕੁਝ ਦੇ ਦਿੱਤਾ ਹੈ, ਜੋ ਕੁਝ ਇਨਸਾਨ ਨੂੰ ਚਾਹੀਦਾ ਸੀ। ਹੁਣ ਤੁਸੀਂ ਦੱਸੋ ਕਿ ਐਸ ਕੁਰਸੀ ਉਤੇ ਕੌਣ ਬੈਠਣਾਂ ਚਾਹੁੰਦਾ ਹੈ।'... ਤਾਂ ਬਹੁਤ ਸਾਰਿਆਂ ਨੇ ਹੱਥ ਖੜ੍ਹੇ ਕਰ ਦਿੱਤੇ। ਫਿਰ ਰੱਬ ਨੇ ਆਖਿਆ ਕਿ ਇਸ ਕੁਰਸੀ 'ਤੇ ਉਹੀ ਬੈਠੂਗਾ ਜਿਹੜਾ ਆਪਣੇ ਹਿੱਸੇ ਦਾ ਪਿਆਰ ਛੱਡੂਗਾ, ਕਿਉਂਕਿ ਕੁਰਸੀ 'ਤੇ ਉਹੀ ਬੈਠ ਸਕਦਾ ਹੈ, ਜਿਸ ਨੂੰ ਕੁਰਸੀ ਤੋਂ ਸਿਵਾ ਹੋਰ ਕਿਸੇ ਨਾਲ ਦਿਲੀ ਲਗਾ ਨਾ ਹੋਵੇ। ਨਾ ਤਾਂ ਉਹ ਕਿਸੇ ਨੂੰ ਪਿਆਰ ਕਰੂ ਤੇ ਨਾ ਹੀ ਉਸ ਨੂੰ ਹੋਰ ਕੋਈ ਪਿਆਰ ਕਰੂ। ਹਾਂ ਉਸ ਦੇ ਚਮਚੇ ਬਹੁਤ ਹੋਣਗੇ। ਜਿਹੜੇ ਉਸ ਨੂੰ ਨਕਲੀ ਪਿਆਰ ਤਾਂ ਕੀ ਉਸ ਨੂੰ ਬਾਪ ਤੱਕ ਬਣਾ ਲੈਣਗੇ, ਪਰ ਸੱਚੇ ਪਿਆਰ ਦਾ ਨਾਉਂ ਵੀ ਨਹੀਂ ਹੋਣਾ। ਖੜ੍ਹੇ ਹੱਥਾਂ ਵਿਚੋਂ ਕਿੰਨੇ ਸਾਰੇ ਹੱਥ ਥੱਲੇ ਹੋ ਗਏ।
ਫਿਰ ਰੱਬ ਨੇ ਕਿਹਾ, ਜਿਹੜਾ ਇਸ ਕੁਰਸੀ 'ਤੇ ਬੈਠੂਗਾ, ਉਸ ਕੋਲ ਦੌਲਤ ਤਾਂ ਹੋਊ ਪਰ ਉਹ ਉਸ ਦੌਲਤ ਨੂੰ ਖਰਚ ਨਹੀਂ ਕਰ ਸਕਦਾ, ਕਿਉਂਕਿ ਉਹ ਦੌਲਤ ਨਿਮਾਣਿਆਂ-ਨਿਤਾਣਿਆਂ ਦਾ ਖੂਨ ਨਿਚੋੜ ਕੇ ਬਣਾਈ ਹੋਈ ਹੋਵੇਗੀ। ਉਸ ਨਾਲ ਉਸ ਨੂੰ ਆਤਮਿਕ ਸ਼ਾਂਤੀ ਨਹੀਂ ਮਿਲਣੀ। ਉਸ ਦਾ ਖਰਚਾ ਤੁਹਾਡੇ ਸਾਰਿਆਂ ਦੇ ਸਿਰੋਂ ਚੱਲੇਗਾ। ਇਹ ਸੁਣ ਕੇ ਕਿੰਨੇ ਸਾਰੇ ਹੱਥ ਹੋਰ ਥੱਲੇ ਹੋ ਗਏ।
ਤੇ ਫਿਰ ਰੱਬ ਨੇ ਕਿਹਾ ਕਿ ਜਿਹੜਾ ਇਸ ਕੁਰਸੀ 'ਤੇ ਬੈਠੂਗਾ, ਉਸ ਨੂੰ ਆਪਣੀ ਜ਼ਮੀਰ ਦਾ ਕਤਲ ਕਰਨਾ ਪਏਗਾ, ਕਿਉਂਕਿ ਕੋਈ ਆਪਣੀ ਜ਼ਮੀਰ ਨੂੰ ਜਿਊਂਦਾ ਰੱਖ ਕੇ ਕਿਸੇ ਦਾ ਖ਼ੂਨ ਨਹੀਂ ਪੀ ਸਕਦਾ।
ਇਕ ਮੋਟੇ ਬੇਸ਼ਰਮ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਹੱਥ ਥੱਲੇ ਹੋ ਗਏ। ਰੱਬ ਨੇ ਉਸ ਨੂੰ ਕੁਰਸੀ ਉਪਰ ਬਿਠਾ ਦਿੱਤਾ ਤੇ ਉਹ ਕੁਰਸੀ 'ਤੇ ਬਹਿੰਦੇ ਹੀ ਰੱਬ ਦੀ ਚਮਚੀ ਮਾਰਨ ਨੂੰ, ਰੱਬ ਦੇ ਪੈਰ ਛੂਹਣ ਲੱਗਿਆ। ਰੱਬ ਇਹ ਕਹਿ ਕੇ ਪਿਛੇ ਹਟ ਗਿਆ ਕਿ ਤੇਰੇ ਜਿਹੇ ਤੋਂ ਤਾਂ ਮੈਂ ਪੈਰਾਂ ਨੂੰ ਹੱਥ ਵੀ ਨਹੀਂ ਲਵਾ ਸਕਦਾ।

-ਕਿਰਪਾਲ ਸਿੰਘ 'ਨਾਜ਼'
ਢਿੱਲੋਂ ਕਾਟੇਜ, ਸ਼ਾਮ ਨਗਰ, 155 ਸੈਕਟਰ, 2-ਏ, ਮੰਡੀ ਗੋਬਿੰਦਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ-147301. ਮੋਬਾ : 98554-80191.

ਰੈਲੀਆਂ ਦਾ ਇਕੱਠ
ਟੀ.ਵੀ. 'ਤੇ ਕਾਫੀ ਵੱਡੇ ਇਕੱਠ ਨੂੰ ਇਕ ਲੀਡਰ ਵਲੋਂ ਸੰਬੋਧਨ ਕਰਦਿਆਂ ਵੇਖ ਰਹੇ 14-15 ਸਾਲ ਦੇ ਲੜਕੇ ਨੇ ਆਪਣੇ ਪਿਤਾ ਵੱਲ ਮੂੰਹ ਕਰਕੇ ਹੈਰਾਨਗੀ ਜ਼ਾਹਿਰ ਕਰਦਿਆਂ ਕਿਹਾ, 'ਡੈਡੀ, ਇਹ ਲੋਕ 5-6 ਘੰਟੇ ਬਹਿ ਕੇ ਇਨ੍ਹਾਂ ਲੀਡਰਾਂ ਦੇ ਭਾਸ਼ਣਾਂ ਨੂੰ ਕਿਵੇਂ ਸੁਣ ਲੈਂਦੇ ਨੇ? ਸਮਸ਼ਾਨ ਭੂਮੀ ਵਿਚ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਸੰਸਕਾਰ ਸਮੇਂ ਇਨ੍ਹਾਂ ਤੋਂ ਅੱਧਾ ਘੰਟਾ ਵੀ ਖੜ੍ਹਨਾ ਔਖਾ ਹੋ ਜਾਂਦੈ। ਮੈਂ ਕਈ ਵਾਰ ਦੇਖਿਐ, ਅੱਚਵੀਂ ਜਿਹੀ ਲੱਗੀ ਹੁੰਦੀ ਹੈ, ਲੋਕਾਂ ਨੂੰ ਉਥੋਂ ਛੇਤੀ ਪਰਤਣ ਦੀ। ਫਿਰ ਇਹ ਰੈਲੀਆਂ 'ਚ...।'
ਪੁੱਤ ਦੇ ਪ੍ਰਸ਼ਨ ਦਾ ਬਾਪ ਨੇ ਗੰਭੀਰ ਹੋ ਕੇ ਜਵਾਬ ਦਿੱਤਾ, 'ਪੁੱਤ ਰੈਲੀਆਂ ਵਿਚ ਜਿਹੜੇ ਬੰਦੇ ਬੈਠੇ ਹੁੰਦੇ ਨੇ, ਕਈ ਤਾਂ ਲੀਡਰਾਂ ਦੀਆਂ ਗਰਜਾਂ ਨਾਲ ਬੱਝੇ ਹੁੰਦੇ ਨੇ। ਕਈ ਦਿਹਾੜੀ ਲੈ ਕੇ ਜਾਂਦੇ ਨੇ। ਵਿਚਾਰੇ ਗੁੰਮ-ਸੁੰਮ ਹੋ ਕੇ ਬੈਠੇ ਰਹਿੰਦੇ ਨੇ। ਪਰ ਕਈ ਰੋਟੀ ਪਾਣੀ ਅਤੇ ਆਥਣ ਦੇ ਦਾਰੂ-ਸਿੱਕੇ ਦੇ ਚੋਗੇ ਕਾਰਨ ਬੈਠੇ ਹੁੰਦੇ ਨੇ। ਹਾਂ, ਪੁੱਤ ਮਰਨ ਵਾਲੇ ਦੇ ਸੰਸਕਾਰ ਸਮੇਂ ਤਾਂ ਉਹਦੇ ਰਿਸ਼ਤੇਦਾਰਾਂ ਕੋਲ ਹਾਜ਼ਰੀ ਲਵਾਉਣ ਜਾਂਦੇ ਨੇ। ਬਸ, ਮੂੰਹ ਦਿਖਾ ਕੇ ਛੇਤੀ ਭੱਜਣ ਦੀ ਕਾਹਲ ਹੁੰਦੀ ਹੈ ਸਭ ਨੂੰ।'
ਬਾਪ ਦੇ ਜਵਾਬ ਨਾਲ ਮੁੰਡਾ ਗੰਭੀਰ ਹੋ ਗਿਆ, ਬਹੁਤ ਹੀ ਗੰਭੀਰ।

-ਮੋਹਨ ਸ਼ਰਮਾ
ਪ੍ਰੋਜੈਕਟ ਡਾਇਰੈਕਟਰ, ਨਸ਼ਾ ਛੁਡਾਊ ਹਸਪਤਾਲ, ਸੰਗਰੂਰ। ਮੋਬਾਈਲ : 94171-48866.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX