ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਹੋਰ ਖ਼ਬਰਾਂ..

ਖੇਡ ਜਗਤ

ਭਾਰਤੀ ਫੁੱਟਬਾਲ ਲਈ ਬਦਲਾਓ ਦਾ ਸਮਾਂ

ਇਹ ਸਾਲ ਯਾਨੀ 2019 ਜਦੋਂ ਸ਼ੁਰੂ ਹੋਇਆ ਸੀ ਤਾਂ ਇਸ ਮੌਕੇ ਭਾਰਤੀ ਫੁੱਟਬਾਲ ਟੀਮ ਦੇ ਹਾਲਾਤ ਕਾਫ਼ੀ ਉਤਸ਼ਾਹ ਵਾਲੇ ਸਨ। ਦੇਸ਼ ਦੀਆਂ ਘਰੇਲੂ ਫੁੱਟਬਾਲ ਲੀਗਾਂ ਬੇਹੱਦ ਵਧੀਆ ਚੱਲ ਰਹੀਆਂ ਸਨ। ਰਾਸ਼ਟਰੀ ਟੀਮ ਵੀ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ ਅਤੇ ਇਸੇ ਕੌਮੀ ਟੀਮ ਨੇ ਦਰਜਾਬੰਦੀ ਅਤੇ ਖੇਡ ਪੱਖੋਂ ਵੀ ਅੰਤਰਰਾਸ਼ਟਰੀ ਪੱਧਰ ਉੱਤੇ ਕਾਫ਼ੀ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਲ ਦੇ ਸ਼ੁਰੂ ਵਿਚ ਹੀ ਇਸ ਸਾਲ ਦਾ ਸਭ ਤੋਂ ਪਹਿਲਾ ਅਤੇ ਭਾਰਤ ਦੇ ਨਜ਼ਰੀਏ ਤੋਂ ਸਭ ਤੋਂ ਵੱਡਾ ਟੂਰਨਾਮੈਂਟ ਏਸ਼ੀਆ ਕੱਪ ਹੋਇਆ ਅਤੇ ਇਸ ਤੋਂ ਬਾਅਦ ਹਾਲਾਤ ਨੇ ਇਕ ਦਮ ਮੋੜਾ ਖਾਧਾ ਹੈ। ਜਿਥੇ ਏਸ਼ੀਆ ਕੱਪ ਤੋਂ ਪਹਿਲਾਂ ਬੇਹੱਦ ਉਤਸ਼ਾਹ ਭਰਪੂਰ ਮਾਹੌਲ ਸੀ, ਉਥੇ ਹੁਣ ਭਾਰਤੀ ਫੁੱਟਬਾਲ ਫੇਰ ਇਕ ਤਰ੍ਹਾਂ ਦੇ ਬਦਲਾਓ ਵਿਚ ਪਹੁੰਚ ਗਿਆ ਹੈ ਕਿਉਂਕਿ ਏਸ਼ੀਆ ਕੱਪ ਵਿਚ ਭਾਰਤੀ ਟੀਮ ਆਪਣੇ ਕੱਦ ਦੇ ਹਿਸਾਬ ਨਾਲ ਨਹੀਂ ਖੇਡੀ ਅਤੇ ਕਈ ਛੋਟੇ ਦੇਸ਼ਾਂ ਤੋਂ ਵੀ ਪਛੜ ਗਈ। ਇਸੇ ਟੂਰਨਾਮੈਂਟ ਦੌਰਾਨ ਭਾਰਤ ਨੇ ਥਾਈਲੈਂਡ ਵਿਰੁੱਧ ਕੁੱਲ 33 ਸਾਲਾਂ ਬਾਅਦ ਜਿੱਤ ਦਰਜ ਕਰਨ ਤੋਂ ਬਾਅਦ ਉਮੀਦਾਂ ਜਗਾਈਆਂ ਸਨ ਪਰ ਭਾਰਤੀ ਟੀਮ ਇਨ੍ਹਾਂ ਆਸਾਂ ਦੇ ਜਾਗਣ ਉਪਰੰਤ ਏਸ਼ੀਅਨ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਆਪਣੀ ਜੇਤੂ ਲੈਅ ਬਰਕਰਾਰ ਨਹੀਂ ਸੀ ਰੱਖ ਸਕੀ ਅਤੇ ਉਸ ਨੂੰ ਮੇਜ਼ਬਾਨ ਯੂ.ਏ.ਈ. ਹੱਥੋਂ 2-0 ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਹੀ ਹਾਰ ਮਹਿੰਗੀ ਸਾਬਤ ਹੋਈ ਸੀ। ਭਾਰਤੀ ਸਟਾਰ ਸਟ੍ਰਾਈਕਰ ਅਤੇ ਕਪਤਾਨ ਸੁਨੀਲ ਛੇਤਰੀ, ਅਨਿਰੁਧ ਥਾਪਾ ਅਤੇ ਜੇ.ਜੇ. ਲਾਲਪੇਖਲੂਆ ਨੇ ਸ਼ਾਨਦਾਰ ਗੋਲਾਂ ਨਾਲ ਸ਼ੁਰੂਆਤ ਕੀਤੀ ਸੀ ਪਰ ਜਿਊਂ-ਜਿਊਂ ਟੂਰਨਾਮੈਂਟ ਅੱਗੇ ਵਧਿਆ ਤਾਂ ਇਹ ਸਾਰੇ ਖਿਡਾਰੀ ਆਪਣੀ ਟੀਮ ਲਈ ਅਜਿਹੇ ਗੋਲ ਮੁੜ ਨਹੀਂ ਸਨ ਕਰ ਸਕੇ।
ਇਸੇ ਦਾ ਨਤੀਜਾ ਸੀ ਕਿ ਬਹਿਰੀਨ ਹੱਥੋਂ 0-1 ਦੇ ਫ਼ਰਕ ਨਾਲ ਹਾਰਨ ਤੋਂ ਬਾਅਦ ਭਾਰਤ ਏਸ਼ੀਅਨ ਕੱਪ ਤੋਂ ਬਾਹਰ ਹੋ ਗਿਆ ਸੀ। ਇਸ ਹਾਰ ਦਾ ਫ਼ਰਕ ਅਤੇ ਹਾਲਤ ਦਾ ਫ਼ਰਕ ਬੇਹੱਦ ਫਸਵਾਂ ਅਤੇ ਨਜ਼ਦੀਕੀ ਸੀ। ਭਾਰਤ 'ਗਰੁੱਪ-ਏ' ਦੇ ਆਖਰੀ ਮੈਚ ਵਿਚ 90 ਮਿੰਟ ਤੱਕ ਗੋਲ ਰਹਿਤ ਬਰਾਬਰੀ ਤੱਕ ਸੀ ਅਤੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਨਾਕਆਊਟ ਵਿਚ ਜਗ੍ਹਾ ਬਣਾਉਣ ਦੇ ਨੇੜੇ ਸੀ ਪਰ ਬਹਿਰੀਨ ਨੇ ਅੰਤਿਮ ਮੌਕੇ ਗੋਲ ਕਰ ਕੇ ਮੈਚ ਜਿੱਤ ਲਿਆ ਸੀ। ਜੇਕਰ ਇਹ ਗੋਲ ਨਾ ਹੁੰਦਾ ਤੇ ਭਾਰਤੀ ਟੀਮ ਕਿਸੇ ਤਰ੍ਹਾਂ ਥੋੜ੍ਹਾ ਸਮਾਂ ਹੋਰ ਕੱਢ ਜਾਂਦੀ ਤਾਂ ਹਾਲਾਤ ਹੋਰ ਹੀ ਹੋਣੇ ਸਨ ਪਰ ਅਜਿਹਾ ਨਹੀਂ ਹੋਇਆ ਅਤੇ ਇਸੇ ਹਾਰ ਨੇ ਭਾਰਤੀ ਫੁੱਟਬਾਲ ਦਾ ਭਵਿੱਖ ਪ੍ਰਭਾਵਿਤ ਕਰ ਦਿੱਤਾ। ਇਸੇ ਹਾਰ ਦੇ ਨਾਲ ਹੀ ਭਾਰਤੀ ਫੁੱਟਬਾਲ ਦੇ ਮੁੱਖ ਕੋਚ ਸਟੀਫਨ ਕੋਂਸਟੇਨਟਾਈਨ ਨੇ ਕੋਚ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਟੀਫਨ ਕੋਂਸਟੇਨਟਾਈਨ ਦਾ ਭਾਰਤੀ ਫੁੱਟਬਾਲ ਦੇ ਨਾਲ ਮੁੱਖ ਕੋਚ ਅਹੁਦੇ ਦਾ ਕਰਾਰ 31 ਜਨਵਰੀ ਨੂੰ ਖ਼ਤਮ ਹੋਣਾ ਸੀ ਪਰ ਉਨ੍ਹਾਂ ਅਸਤੀਫ਼ਾ ਭਾਰਤ ਦੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੇ ਨਾਲ ਹੀ ਦੇ ਦਿੱਤਾ ਸੀ। ਕੋਂਸਟੇਨਟਾਈਨ ਨੇ ਸਾਲ 2015 ਵਿਚ ਮੁੱਖ ਕੋਚ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੇ ਕਾਰਜਕਾਲ ਨੂੰ 2 ਵਾਰ ਇਕ ਸਾਲ ਲਈ ਵਧਾਇਆ ਗਿਆ। ਇਸ ਤੋਂ ਪਹਿਲਾਂ, ਉਹ 2002 ਤੋਂ 2005 ਤੱਕ ਵੀ ਭਾਰਤ ਦੇ ਕੋਚ ਰਹੇ ਸਨ। ਉਨ੍ਹਾਂ ਦੇ ਨਾਲ ਹੀ ਕੇਰਲਾ ਬਲਾਸਟਰਸ ਅਤੇ ਭਾਰਤ ਦੇ ਡਿਫੈਂਡਰ ਅਨਸ ਇਦਾਥੋਦਿਕਾ ਨੇ ਵੀ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਤਰ੍ਹਾਂ ਭਾਰਤੀ ਫੁੱਟਬਾਲ ਲਈ ਹੁਣ ਬਦਲਾਓ ਦਾ ਸਮਾਂ ਹੈ ਅਤੇ ਇਕ ਤਰ੍ਹਾਂ ਨਾਲ ਹੁਣ ਨਵੇਂ ਕੋਚ ਅਤੇ ਨਵੇਂ ਖਿਡਾਰੀਆਂ ਦਰਮਿਆਨ ਮੌਜੂਦਾ ਚੰਗੇ ਪਹਿਲੂ ਬਰਕਰਾਰ ਰੱਖਦੇ ਹੋਏ ਇਕ ਨਵੀਂ ਸ਼ੁਰੂਆਤ ਦਾ ਮਾਹੌਲ ਵੀ ਬਣ ਰਿਹਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ 144023.
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਨਿਊਜ਼ੀਲੈਂਡ 'ਤੇ ਵੱਡੀ ਜਿੱਤ ਨਾਲ ਭਾਰਤ ਨੇ ਪੇਸ਼ ਕੀਤੀ ਵਿਸ਼ਵ ਕੱਪ ਲਈ ਮਜ਼ਬੂਤ ਦਾਅਵੇਦਾਰੀ

ਆਸਟ੍ਰੇਲੀਆ ਵਿਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਨਿਊਜ਼ੀਲੈਂਡ ਪਹੁੰਚੀ ਭਾਰਤੀ ਕ੍ਰਿਕਟ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਭਾਰਤ ਨੇ ਇਕ ਦਿਨਾ ਮੈਚਾਂ ਦੀ ਲੜੀ 'ਚ ਨਿਊਜ਼ੀਲੈਂਡ ਨੂੰ 4-1 ਨਾਲ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤ ਦੀ ਇਹ ਜਿੱਤ 1967 ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕ੍ਰਿਕਟ ਭਾਵ ਟੈਸਟ, ਇਕ ਦਿਨਾ ਜਾਂ ਟੀ-20 ਵਿਚ ਸਭ ਤੋਂ ਵੱਡੇ ਫਰਕ ਨਾਲ ਦਰਜ਼ ਕੀਤੀ ਜਿੱਤ ਹੈ। ਧੋਨੀ, ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਜਿਹੇ ਤਜਰਬੇਕਾਰ ਖਿਡਾਰੀਆਂ ਅਤੇ ਨੌਜਵਾਨ ਖਿਡਾਰੀਆਂ ਦੇ ਜੋਸ਼ ਨਾਲ ਭਰਪੂਰ ਭਾਰਤੀ ਟੀਮ ਨੇ ਹਰ ਖੇਤਰ ਵਿਚ ਭਾਵ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਵਿਚ ਨਿਊਜ਼ੀਲੈਂਡ ਨੂੰ ਪਛਾੜਿਆ। ਆਪਣੇ ਘਰੇਲੂ ਮੈਦਾਨ 'ਤੇ ਖੇਡ ਰਹੀ ਨਿਊਜ਼ੀਲੈਂਡ ਦੀ ਟੀਮ ਨੂੰ ਏਨੇ ਵੱਡੇ ਫ਼ਰਕ ਨਾਲ ਚੌਥੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਦੋ ਵਾਰ ਆਸਟ੍ਰੇਲੀਆ ਅਤੇ ਇਕ ਵਾਰ ਸ੍ਰੀਲੰਕਾ ਦੀ ਟੀਮ ਉਸ ਨੂੰ ਘਰੇਲੂ ਮੈਦਾਨ 'ਤੇ 4-1 ਦੇ ਫ਼ਰਕ ਨਾਲ ਹਰਾ ਚੁੱਕੀਆਂ ਹਨ।
ਲੜੀ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਨੇ ਆਪਣਾ ਦਬਦਬਾ ਕਾਇਮ ਰੱਖਿਆ। ਪਹਿਲੇ ਤਿੰਨ ਮੈਚਾਂ ਵਿਚ ਜਿੱਤ ਹਾਸਲ ਕਰਕੇ ਭਾਰਤ ਨੇ ਅਜੇਤੂ ਬੜ੍ਹਤ ਬਣਾ ਲਈ ਸੀ। ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਭਾਰਤ ਪਹਿਲੀ ਵਾਰ ਨਿਊਜ਼ੀਲੈਂਡ ਨੂੰ ਉਸ ਦੇ ਘਰੇਲੂ ਮੈਦਾਨ ਵਿਚ ਇਕ ਵੀ ਜਿੱਤ ਪ੍ਰਾਪਤ ਨਹੀਂ ਹੋਣ ਦੇਵੇਗਾ। ਪਹਿਲੇ ਤਿੰਨ ਮੈਚਾਂ ਵਿਚ ਸ਼ਾਨਦਾਰ 148 ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਨੂੰ ਤਰਜੀਹ ਦਿੱਤੀ। ਚੌਥੇ ਇਕ ਦਿਨਾ ਮੈਚ ਤੋਂ ਪਹਿਲਾਂ ਸੱਟ ਲੱਗਣ ਕਾਰਨ ਮਹਿੰਦਰ ਸਿੰਘ ਧੋਨੀ ਨੂੰ ਵੀ ਬਾਹਰ ਬੈਠਣਾ ਪਿਆ। ਜਿਸ ਦਾ ਖਮਿਆਜ਼ਾ ਭਾਰਤੀ ਟੀਮ ਨੂੰ ਭੁਗਤਣਾ ਪਿਆ। ਬੱਲੇਬਾਜ਼ਾਂ ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨ ਭਾਰਤੀ ਟੀਮ ਸਿਰਫ਼ 92 ਦੌੜਾਂ 'ਤੇ ਹੀ ਸਿਮਟ ਗਈ ਅਤੇ ਨਿਊਜ਼ੀਲੈਂਡ ਨੇ ਇਹ ਮੈਚ ਆਸਾਨੀ ਨਾਲ ਜਿੱਤ ਲਿਆ। ਦੱਸਣਯੋਗ ਹੈ ਕਿ ਬਾਕੀ ਬਚੀਆਂ ਗੇਂਦਾਂ ਦੇ ਹਿਸਾਬ ਨਾਲ ਭਾਰਤ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਹਾਰ ਸੀ। ਇਸ ਹਾਰ ਨਾਲ ਭਾਰਤੀ ਟੀਮ ਦੀ ਵਿਰਾਟ ਕੋਹਲੀ ਤੇ ਧੋਨੀ 'ਤੇ ਵੱਡੀ ਹੱਦ ਤੱਕ ਨਿਰਭਰਤਾ ਵੀ ਸਾਹਮਣੇ ਆਈ ਜੋ ਕਿ ਵਧੇਰੇ ਚਿੰਤਾ ਦਾ ਵਿਸ਼ਾ ਹੈ। ਆਖ਼ਰੀ ਇਕ ਦਿਨਾ ਮੈਚ 'ਚ ਅੰਬਾਤੀ ਰਾਇਡੂ ਦੀਆਂ ਸ਼ਾਨਦਾਰ 90 ਦੌੜਾਂ ਦੇ ਦਮ 'ਤੇ ਭਾਰਤੀ ਟੀਮ 252 ਤੱਕ ਪਹੁੰਚ ਸਕੀ ਪਰ ਗੇਂਦਬਾਜ਼ਾਂ ਦੇ ਉਮਦਾ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਨੇ 35 ਦੌੜਾਂ ਨਾਲ ਜਿੱਤ ਹਾਸਲ ਕੀਤੀ। ਇਸ ਲੜੀ ਵਿਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 20 ਵਿਕਟਾਂ ਹਾਸਲ ਕੀਤੀਆਂ। ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਵੀ 4 ਮੈਚਾਂ ਵਿਚ 9 ਵਿਕਟਾਂ ਹਾਸਲ ਕਰਦਿਆਂ ਗੇਂਦਬਾਜ਼ੀ ਦੇ ਹਮਲਾਵਰ ਰੁਖ ਨੂੰ ਬਣਾਈ ਰੱਖਿਆ। ਭਾਰਤੀ ਬੱਲੇਬਾਜ਼ ਅੰਬਾਤੀ ਰਾਇਡੂ ਨੇ ਸਭ ਤੋਂ ਵੱਧ 190 ਦੌੜਾਂ ਬਣਾਈਆਂ ਅਤੇ ਸ਼ਿਖਰ ਧਵਨ ਨੇ 188 ਦੌੜਾਂ ਬਣਾਉਂਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ। ਕੁਝ ਸਮਾਂ ਪਹਿਲਾਂ ਵਿਵਾਦਾਂ 'ਚ ਰਹੇ ਹਾਰਦਿਕ ਪਾਂਡਿਆ ਦਾ ਪ੍ਰਦਰਸ਼ਨ ਵੀ ਚੰਗਾ ਰਿਹਾ। ਪੰਜਵੇਂ ਇਕ ਦਿਨਾ 6 ਮੈਚਾਂ ਵਿਚ ਉਸ ਨੇ ਛੱਕਿਆਂ ਦੀ ਹੈਟ੍ਰਿਕ ਲਗਾਈ, ਅਜਿਹਾ ਕਾਰਨਾਮਾ ਉਸ ਨੇ ਚੌਥੀ ਵਾਰ ਕੀਤਾ। ਇਸ ਤੋਂ ਪਹਿਲਾਂ ਪਾਂਡਿਆ ਦੋ ਵਾਰ ਪਾਕਿਸਤਾਨ ਵਿਰੁੱਧ ਅਤੇ ਇਕ ਵਾਰ ਆਸਟ੍ਰੇਲੀਆ ਵਿਰੁੱਧ ਛੱਕਿਆਂ ਦੀ ਹੈਟ੍ਰਿਕ ਲਗਾ ਚੁੱਕਿਆ ਹੈ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਭਾਰਤੀ ਟੀਮ ਦਾ ਪ੍ਰਦਰਸ਼ਨ ਹਰ ਖੇਤਰ ਵਿਚ ਨਿਊਜ਼ੀਲੈਂਡ ਦੀ ਟੀਮ 'ਤੇ ਭਾਰੂ ਰਿਹਾ। ਇਸ ਲੜੀ ਦੌਰਾਨ ਨਿਊਜ਼ੀਲੈਂਡ ਦੀ ਪੁਲਿਸ ਵਲੋਂ ਕੀਤੀ ਗਈ ਟਿੱਪਣੀ ਵੀ ਸੁਰਖੀਆਂ ਬਟੋਰਨ 'ਚ ਕਾਮਯਾਬ ਰਹੀ।
ਨਿਊਜ਼ੀਲੈਂਡ 'ਚ ਇਕ ਦਿਨਾ ਮੈਚਾਂ ਤੋਂ ਬਾਅਦ ਸ਼ੁਰੂ ਹੋਈ ਟੀ-20 ਲੜੀ ਦੇ ਪਹਿਲੇ ਮੁਕਾਬਲੇ ਵਿਚ ਭਾਰਤ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਦੌੜਾਂ ਦੇ ਫ਼ਰਕ ਦੇ ਆਧਾਰ 'ਤੇ ਇਹ ਭਾਰਤ ਦੀ ਸਭ ਤੋਂ ਵੱਡੀ ਹਾਰ ਸੀ। ਦੂਜੇ ਮੁਕਾਬਲੇ ਵਿਚ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਲੜੀ ਨੂੰ ਬਰਾਬਰੀ 'ਤੇ ਲੈ ਆਂਦਾ। ਤੀਜੇ ਟੀ-20 ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 4 ਦੌੜਾਂ ਦੇ ਫ਼ਰਕ ਨਾਲ ਹਰਾ ਕੇ ਲੜੀ 'ਤੇ 2-1 ਨਾਲ ਕਬਜ਼ਾ ਕਰ ਲਿਆ।


-ਪਿੰਡ ਭੀਖੀ ਖੱਟੜਾ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 96532-96535

ਹਾਕੀ ਉਲੰਪੀਅਨ ਊਧਮ ਸਿੰਘ ਨੂੰ ਯਾਦ ਕਰਦਿਆਂ

ਸੰਸਾਰਪੁਰੀਏ ਹਾਕੀ ਖਿਡਾਰੀਆਂ ਨੇ ਪੂਰੀ ਦੁਨੀਆ 'ਚ ਹਾਕੀ ਹੁਨਰ ਦਾ ਲੋਹਾ ਮੰਨਵਾਇਆ ਹੈ। ਜਲੰਧਰ ਛਾਉਣੀ ਦੀ ਨਿਆਈਂ 'ਚ ਵਸਦੇ ਇਸੇ ਪਿੰਡ ਦਾ ਹੀ ਜੰਮਪਲ ਹੈ ਊਧਮ ਸਿੰਘ। ਭਾਰਤ ਨੇ ਆਪਣੀ ਰਵਾਇਤੀ ਹਾਕੀ ਖੇਡ ਪ੍ਰਣਾਲੀ ਰਾਹੀਂ ਹੁਣ ਤੱਕ 8 ਵਾਰੀ ਉਲੰਪਿਕ ਸੋਨ ਤਗਮੇ ਜਿੱਤੇ ਹਨ, ਜੋ ਅਸਲ ਵਿਚ ਉਲੰਪਿਕ ਹਾਕੀ ਜਗਤ ਦੀ ਹੁਣ ਤੱਕ ਦੀ ਮਹਾਨ ਅਤੇ ਗੌਰਵਮਈ ਪ੍ਰਾਪਤੀ ਹੈ। ਜੇ ਗੌਰ ਨਾਲ ਵਿਚਾਰਿਆ ਜਾਵੇ ਤਾਂ ਇਨ੍ਹਾਂ ਅੱਠ ਉਲੰਪਿਕ ਜਿੱਤਾਂ ਪਿੱਛੇ ਜਿਨ੍ਹਾਂ ਉੱਘੇ ਖਿਡਾਰੀਆਂ ਨੇ ਆਪਣਾ ਤਨ, ਮਨ ਅਤੇ ਧਨ ਨਿਛਾਵਰ ਕੀਤਾ, ਉਨ੍ਹਾਂ ਵਿਚੋਂ ਊਧਮ ਸਿੰਘ ਦਾ ਨਾਂਅ ਪਹਿਲੀ ਕਤਾਰ ਵਿਚ ਆਉਂਦਾ ਹੈ।
ਕੁਲਾਰ ਪਰਿਵਾਰ 'ਚ 4 ਅਗਸਤ, 1928 ਨੂੰ ਸੰਸਾਰਪੁਰ 'ਚ ਜਨਮ ਲੈਣ ਵਾਲਾ ਊਧਮ ਸਿੰਘ ਹਾਕੀ ਦੇ ਲੜ ਉਦੋਂ ਹੀ ਲੱਗ ਗਿਆ, ਜਦੋਂ ਉਹ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਸੀ। ਥੋੜ੍ਹਾ ਵੱਡਾ ਹੋਣ 'ਤੇ ਉਹ ਜਲੰਧਰ ਛਾਉਣੀ ਦੇ ਐਨ.ਡੀ. ਵਿਕਟਰ ਹਾਈ ਸਕੂਲ 'ਚ ਹਾਕੀ ਖੇਡਣ ਲੱਗਾ। ਮੁਢਲੀ ਪੜ੍ਹਾਈ ਮਗਰੋਂ ਡੀ.ਏ.ਵੀ. ਕਾਲਜ ਜਲੰਧਰ ਤੋਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੌਰਾਨ ਹੀ 19 ਸਾਲ ਦੀ ਉਮਰ 'ਚ ਉਹ ਪੰਜਾਬ ਹਾਕੀ ਟੀਮ ਦੇ ਮੈਂਬਰ ਬਣ ਗਏ। 1947 ਤੋਂ ਲੈ ਕੇ 1966 ਤੱਕ ਊਧਮ ਸਿੰਘ ਨੇ ਕੌਮੀ ਹਾਕੀ ਪ੍ਰਤੀਯੋਗਤਾ 'ਚ ਪੰਜਾਬ ਦੀ ਨੁਮਾਇੰਦਗੀ ਕੀਤੀ। 1948 ਦੇ ਹਾਕੀ ਉਲੰਪਿਕ ਮੁਕਾਬਲਿਆਂ ਲਈ ਉਸ ਨੂੰ ਭਾਰਤੀ ਟੀਮ ਦੇ ਸਿਖਲਾਈ ਕੈਂਪ 'ਚ ਸ਼ਾਮਿਲ ਕਰ ਲਿਆ ਗਿਆ ਪਰ ਸੱਟ ਲੱਗਣ ਕਾਰਨ ਊਧਮ ਸਿੰਘ ਲੰਦਨ ਵਿਖੇ 1948 ਦੀਆਂ ਉਲੰਪਿਕ ਖੇਡਾਂ ਵਿਚ ਭਾਗ ਨਾ ਲੈ ਸਕਿਆ। 1949 ਵਿਚ ਉਹ ਭਾਰਤੀ ਟੀਮ ਨਾਲ ਅਫ਼ਗਾਨਿਸਤਾਨ ਖੇਡਣ ਗਿਆ। 1952 'ਚ ਹੈਲਸਿੰਕੀ (ਫਿਨਲੈਂਡ) ਅਤੇ 1956 'ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਉਲੰਪਿਕ ਹਾਕੀ ਖੇਡਿਆ। ਮੈਲਬੌਰਨ ਵਿਖੇ ਸੈਮੀਫਾਈਨਲ ਭਾਰਤ ਅਤੇ ਜਰਮਨੀ ਵਿਚਕਾਰ ਖੇਡਿਆ ਗਿਆ। ਭਾਰਤ ਦੀ 1-0 ਦੀ ਜਿੱਤ 'ਚ, ਜਿੱਤ ਦਾ ਸ਼ਿਲਪਕਾਰ ਊਧਮ ਸਿੰਘ ਬਣਿਆ।
ਮੈਲਬੌਰਨ ਦੀ ਧਰਤੀ ਤੋਂ ਸ਼ੁਰੂ ਹੋਇਆ ਇਸ ਊਧਮ ਸਿੰਘ ਦਾ ਅਸਲੀ ਉੱਦਮ, ਤੇ ਲੈ ਗਿਆ ਉਸ ਨੂੰ ਹਾਕੀ ਆਸਮਾਨ ਦੀਆਂ ਬੁਲੰਦੀਆਂ 'ਤੇ। 1955 'ਚ ਇਸ ਸੰਸਾਰਪੁਰੀਏ ਹਾਕੀ ਖਿਡਾਰੀ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਯਾਦ ਰਹੇ 'ਇਨਸਾਈਡ ਫਾਰਵਰਡ' ਵਜੋਂ ਖੇਡਣ ਵਾਲੇ ਊਧਮ ਸਿੰਘ 1948 ਤੋਂ 1965 ਤੱਕ ਪੱਕੇ ਤੌਰ 'ਤੇ ਟੀਮ 'ਚ ਰਹੇ। ਕੌਮੀ ਹਾਕੀ ਚੈਂਪੀਅਨਸ਼ਿਪ, ਆਗਾ ਖਾਂ ਹਾਕੀ ਕੱਪ, ਉਬੇਦਉੱਲਾ ਹਾਕੀ ਗੋਲਡ ਕੱਪ ਤੋਂ ਇਲਾਵਾ 1952, 1956, 1960 ਅਤੇ 1964 ਦੀਆਂ ਉਲੰਪਿਕ ਖੇਡਾਂ ਸਮੇਂ ਵੀ ਊਧਮ ਸਿੰਘ ਟੀਮ ਦਾ ਮੈਂਬਰ ਸੀ। 1960 ਨੂੰ ਛੱਡ ਕੇ 3 ਵਾਰ ਸੋਨ ਤਗਮਾ ਜੇਤੂ ਟੀਮ 'ਚ ਊਧਮ ਸਿੰਘ ਸ਼ਾਮਿਲ ਰਿਹਾ। 1964 'ਚ ਊਧਮ ਸਿੰਘ ਟੋਕੀਓ (ਜਾਪਾਨ) ਵਿਖੇ ਚੌਥਾ ਉਲੰਪਿਕ ਟੂਰਨਾਮੈਂਟ ਖੇਡਣ ਗਿਆ, ਜਿਥੇ ਭਾਰਤ ਨੇ ਫਾਈਨਲ 'ਚ ਮੁੜ ਪਾਕਿਸਤਾਨ ਨੂੰ ਹਰਾਇਆ ਅਤੇ ਸੋਨ ਤਗਮਾ ਜਿੱਤਿਆ। 1966 'ਚ ਊਧਮ ਸਿੰਘ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਬੀ.ਐਸ.ਐਫ. 'ਚ ਸ਼ੁਰੂ ਕੀਤੀ। ਬੀ. ਐਸ. ਐਫ. 'ਚ ਉਹ ਸੰਯੁਕਤ ਖੇਡ ਡਾਇਰੈਕਟਰ ਦੇ ਅਹੁਦੇ 'ਤੇ ਰਿਹਾ। 1967 'ਚ ਊਧਮ ਸਿੰਘ ਲੰਦਨ ਦੇ ਪ੍ਰੀ-ਉਲੰਪਿਕ ਟੂਰਨਾਮੈਂਟ ਵੇਲੇ ਭਾਰਤੀ ਹਾਕੀ ਟੀਮ ਦਾ ਕੋਚ ਸੀ। 1970 ਦੀਆਂ ਬੈਂਕਾਕ ਏਸ਼ੀਆਈ ਖੇਡਾਂ ਸਮੇਂ ਭਾਰਤੀ ਟੀਮ ਦਾ ਕੋਚ ਊਧਮ ਸਿੰਘ ਦਾ ਸੀ। 1978 ਤੱਕ ਊਧਮ ਸਿੰਘ ਬੀ.ਐਸ.ਐਫ. ਦੀ ਹਾਕੀ ਟੀਮ 'ਚ ਖੇਡਦਾ ਰਿਹਾ।
ਅਰਜਨ ਐਵਾਰਡੀ ਤੇ ਸੰਸਾਰਪੁਰ ਦਾ ਬਾਬਾ ਬੋਹੜ ਊਧਮ ਸਿੰਘ ਛੋਟੇ ਕੱਦ ਦਾ ਵੱਡਾ ਖਿਡਾਰੀ ਸੀ। ਬਿਨਾਂ ਨਾਗਾ ਦੌੜਨਾ, ਖੇਡਣਾ ਅਤੇ ਕਸਰਤ ਕਰਨੀ ਉਸ ਦਾ ਨਿੱਤ ਦਾ ਕਸਬ ਸੀ। ਹਾਕੀ ਦਾ ਇਹ ਦੁਨੀਆ ਦਾ ਬਿਹਤਰੀਨ ਫਾਰਵਰਡ ਖਿਡਾਰੀ 35-40 ਸਾਲ ਦੇ ਖੇਡ ਜੀਵਨ ਵਿਚ ਹਜ਼ਾਰਾਂ ਮੀਲ ਦੌੜਿਆ। ਸਵੇਰੇ-ਸ਼ਾਮ ਦੀਆਂ ਸਰੀਰ ਗਰਮਾਉਣ ਤੇ ਦਮ ਪਕਾਉਣ ਲਈ ਦੌੜਾਂ ਵੱਖਰੀਆਂ। ਉਹ ਸੰਸਾਰਪੁਰ ਤੋਂ ਜਲੰਧਰ ਛਾਉਣੀ ਤੱਕ ਅਕਸਰ ਦੌੜਦੇ ਹੁੰਦੇ ਸਨ। ਛਾਉਣੀ ਦੇ ਫੌਜੀਆਂ ਨੇ ਉਨ੍ਹਾਂ ਦਾ ਨਾਂਅ 'ਫਲਾਇੰਗ ਜਨਤਾ' ਰੱਖਿਆ ਹੋਇਆ ਸੀ।
ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਸੰਸਾਰਪੁਰ ਰਹਿਣ ਲੱਗ ਪਏ ਤੇ ਉਥੇ ਹਾਕੀ ਅਕੈਡਮੀ ਬਣਾ ਕੇ ਛੋਟੇ-ਛੋਟੇ ਬੱਚਿਆਂ ਨੂੰ ਹਾਕੀ ਖੇਡਣੀ ਸਿਖਾਇਆ ਕਰਦੇ ਸਨ। 23 ਮਾਰਚ, 2000 ਨੂੰ 72 ਸਾਲਾਂ ਦੀ ਉਮਰ ਭੋਗ ਕੇ ਹਾਕੀ ਦਾ ਇਹ ਮਹਾਨ ਖਿਡਾਰੀ ਦਿਲ ਫੇਲ੍ਹ ਹੋਣ ਕਾਰਨ ਇਸ ਸੰਸਾਰ ਤੋਂ ਚੱਲ ਵਸਿਆ। ਊਧਮ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੰਸਾਰਪੁਰ ਵਿਖੇ ਕੀਤਾ ਗਿਆ।
ਇਸ ਮਹਾਨ ਹਾਕੀ ਖਿਡਾਰੀ ਦੀ ਘਾਟ ਸਾਨੂੰ ਅੱਜ ਵੀ ਮਹਿਸੂਸ ਹੋ ਰਹੀ ਹੈ। ਊਧਮ ਸਿੰਘ ਨੂੰ ਹਾਕੀ ਖੇਡ ਨਾਲ ਆਖਰਾਂ ਦੀ ਮੁਹੱਬਤ ਸੀ। ਉਮਰ ਦੇ 60 ਵਰ੍ਹੇ ਉਹ ਭਾਰਤ ਦੀ ਇਸ ਕੌਮੀ ਖੇਡ ਨੂੰ ਸਮਰਪਿਤ ਰਹੇ। ਕਿਸੇ ਵੀ ਦੇਸ਼ ਦੇ ਖਿਡਾਰੀ ਦੀ ਤੁਲਨਾ ਉਨ੍ਹਾਂ ਦੇ ਤੁੱਲ ਨਹੀਂ। ਇਕ ਲੰਮਾ ਸਮਾਂ ਹਾਕੀ ਖੇਡਣ ਦਾ ਉਨ੍ਹਾਂ ਦਾ ਵਿਸ਼ਵ ਰਿਕਾਰਡ ਫਖ਼ਰ ਕਰਨ ਦੇ ਯੋਗ ਹੈ। ਉਨ੍ਹਾਂ ਨੇ ਆਪਣੇ ਹਾਣੀਆਂ ਨਾਲ ਤਾਂ ਖੇਡਣਾ ਸੀ, ਉਨ੍ਹਾਂ ਦੇ ਪੁੱਤਰਾਂ ਨਾਲ ਵੀ ਖੇਡਿਆ ਤੇ ਪਿੱਛੋਂ ਪੋਤਿਆਂ ਨੂੰ ਵੀ ਡਾਜ ਦਿੰਦਾ ਰਿਹਾ। ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ ਊਧਮ ਸਿੰਘ, ਗੁਰਦੇਵ ਸਿੰਘ, ਅਜੀਤਪਾਲ ਸਿੰਘ ਅਤੇ ਉਲੰਪਿਕਸ ਖੇਡਣ ਵਾਲੇ ਦਰਸ਼ਨ ਸਿੰਘ, ਜਗਜੀਤ ਸਿੰਘ, ਤਰਸੇਮ ਸਿੰਘ, ਬਲਬੀਰ ਸਿੰਘ ਪੁਲਿਸ ਤੇ ਬਲਬੀਰ ਸਿੰਘ ਫੌਜੀ ਸਭ ਸੰਸਾਰਪੁਰ ਦੇ ਜੰਮਪਲ ਹਨ। ਸ: ਊਧਮ ਸਿੰਘ ਨੂੰ ਸਾਰੇ ਖਿਡਾਰੀ ਪਿਆਰ ਨਾਲ 'ਸਰਦਾਰ ਜੀ' ਕਹਿ ਕੇ ਬੁਲਾਉਂਦੇ ਸਨ। ਉਹ ਉੱਚ ਕੋਟੀ ਦੇ ਖਿਡਾਰੀ ਸਨ। ਅੱਜਕਲ੍ਹ ਉਨ੍ਹਾਂ ਵਰਗੇ ਖਿਡਾਰੀ ਮਿਲਣੇ ਮੁਸ਼ਕਿਲ ਹਨ।
ਅੱਜ ਠੀਕ ਕਈ ਸਾਲ ਬੀਤ ਜਾਣ ਦੇ ਬਾਵਜੂਦ ਯਕੀਨ ਨਹੀਂ ਆਉਂਦਾ ਹੈ ਕਿ ਉਹ ਸਾਡੇ ਵਿਚ ਨਹੀਂ ਹਨ। ਉਨ੍ਹਾਂ ਦੀ ਹੋਂਦ ਅਜੇ ਵੀ ਮਹਿਸੂਸ ਹੋ ਰਹੀ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਅੱਜ ਵੀ ਬੱਚਿਆਂ ਨੂੰ ਕੋਚਿੰਗ ਦੇ ਰਹੇ ਹਨ, ਉਨ੍ਹਾਂ ਨਾਲ ਖੇਡ ਰਹੇ ਹਨ, ਗਰਾਊਂਡ ਵਿਚੋਂ ਪੱਥਰ, ਕਾਗਜ਼ ਚੁੱਕ ਰਹੇ ਹਨ, ਹੱਥ 'ਚ ਕਹੀ ਲੈ ਕੇ ਬੱਚਿਆਂ ਤੋਂ ਗਰਾਊਂਡ ਸਾਫ਼ ਕਰਾ ਰਹੇ ਹੋਣ, ਕਿਤੇ ਟਰੈਕਟਰ ਨਾਲ ਗਰਾਊਂਡ 'ਚ ਸੁਹਾਗਾ ਫੇਰ ਰਹੇ ਹੋਣ। ਉਨ੍ਹਾਂ 'ਚ ਨਿਸ਼ਕਾਮ ਸੇਵਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਕੰਮ ਕਰਨਾ ਉਹ ਆਪਣਾ ਧਰਮ ਸਮਝਦੇ ਸਨ। ਅਜਿਹੇ ਹੀਰੇ ਖਿਡਾਰੀਆਂ ਦੀਆਂ ਯਾਦਗਾਰਾਂ ਬਣਨੀਆਂ ਚਾਹੀਦੀਆਂ ਹਨ, ਜਿਨ੍ਹਾਂ ਤੋਂ ਨਵੀਆਂ ਪੀੜ੍ਹੀਆਂ ਪ੍ਰੇਰਨਾ ਲੈਣ ਤੇ ਹੋਰ ਊਧਮ ਸਿੰਘ ਪੈਦਾ ਹੁੰਦੇ ਰਹਿਣ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਸਾਲ 2018 ਦੀਆਂ ਕਬੱਡੀ ਜਗਤ ਨੂੰ ਲੱਗੀਆਂ ਸੱਟਾਂ, ਜੋ ਸਾਰੀ ਉਮਰ ਰੜਕਣਗੀਆਂ

ਮਰਨਾ-ਜਿਊਣਾ ਸੱਚ ਹੈ। ਧਰਤੀ 'ਤੇ ਜਿਹੜਾ ਵੀ ਜੀਵ ਪ੍ਰਾਣੀ ਆਇਆ, ਉਸ ਨੇ ਇਕ ਨਾ ਇਕ ਦਿਨ ਜ਼ਰੂਰ ਚਲੇ ਜਾਣਾ। ਇਹ ਮਨੁੱਖੀ ਜੀਵਨ ਦੀ ਅਟੱਲ ਸਚਾਈ ਹੈ ਪਰ ਕਈ ਵਾਰ ਅਜਿਹੇ ਇਨਸਾਨ, ਵਿਅਕਤੀ ਦੁਨੀਆ ਤੋਂ ਰੁਖ਼ਸਤ ਹੋ ਜਾਂਦੇ ਹਨ ਜੋ ਆਪਣੇ ਥੋੜ੍ਹੇ ਜਿਹੇ ਜੀਵਨ ਕਾਲ 'ਚ ਚੰਗਾ ਨਾਮਣਾ ਖੱਟ ਕੇ ਲੋਕ-ਦਿਲਾਂ 'ਚ ਵਸ ਜਾਂਦੇ ਹਨ। ਅਜਿਹੇ ਵਿਅਕਤੀਆਂ ਦਾ ਤੁਰ ਜਾਣਾ ਅਕਹਿ ਤੇ ਅਸਹਿ ਪੀੜਾ ਦਿੰਦਾ ਹੈ। ਕਬੱਡੀ ਜਗਤ ਨੂੰ ਸਾਲ 2018 ਵਰ੍ਹੇ ਵਿਚ ਦਿਲਾਂ ਨੂੰ ਗਹਿਰੇ ਦਰਦ ਦੇਣ ਵਾਲੀਆਂ ਅਜਿਹੀਆਂ ਕੁਝ ਸੱਟਾਂ ਲੱਗੀਆਂ ਹਨ ਜੋ ਕਬੱਡੀ ਪ੍ਰੇਮੀਆਂ ਨੂੰ ਹਰ ਖੇਡ ਮੇਲਿਆਂ 'ਤੇ ਰਕੜਦੀਆਂ ਰਹਿਣਗੀਆਂ। ਅਣਕਿਆਸੀਆਂ ਮੌਤਾਂ ਕਾਰਨ ਖੇਡ ਮੈਦਾਨ ਸੱਖਣੇ ਕਰ ਗਏ ਪੰਜਾਬੀ ਮਾਵਾਂ ਦੇ ਬਲੀ ਪੁੱਤਰਾਂ ਵਿਚ ਫੱਕਰਝੰਡੇ ਵਾਲੇ ਕਰਮਜੀਤ ਸਿੰਘ ਸਰਪੰਚ ਨੂੰ ਕੌਣ ਨਹੀਂ ਜਾਣਦਾ, ਜਿਸ ਨੇ ਆਪਣੀ ਸ਼ਾਨਦਾਰ ਖੇਡ ਜ਼ਰੀਏ ਇਕੱਲੇ ਪੰਜਾਬ 'ਚ ਹੀ ਨਹੀਂ ਬਲਕਿ ਦੇਸ਼ਾਂ-ਵਿਦੇਸ਼ਾਂ ਵਿਚ ਵੀ ਜਿੱਤ ਦੇ ਝੰਡੇ ਗੱਡੇ। ਕਦੇ ਕਰਮਾ ਐਬਸਫੋਰਡ ਕਬੱਡੀ ਕਲੱਬ ਘੱਲ ਕਲਾਂ ਵਲੋਂ ਖੇਡਿਆ ਅਤੇ ਕਦੇ ਹਰਜੀਤ ਕਲੱਬ ਬਾਜਾਖਾਨਾ ਵਲੋਂ। ਕਰਮੇ ਦੀ ਅਗਵਾਈ ਵਿਚ ਫੱਕਰਝੰਡੇ ਪਿੰਡ ਦੀ ਟੀਮ ਦੀ ਕਬੱਡੀ ਮੇਲਿਆਂ 'ਚ ਤੂਤੀ ਬੋਲਦੀ ਰਹੀ। ਕਰਮਾ ਗੋਡੇ ਦੀਆਂ ਸੱਟਾਂ ਕਾਰਨ ਕਬੱਡੀ ਤੋਂ ਲਾਂਭੇ ਹੋ ਕੇ ਸਹਾਇਕ ਧੰਦੇ ਵਜੋਂ ਡੇਅਰੀ ਚਲਾਉਣ ਲੱਗਾ ਸੀ। 9 ਮਾਰਚ 2018 ਦੀ ਸਵੇਰੇ ਦਿਲ ਦੇ ਦੌਰੇ ਕਾਰਨ ਉਹ ਸਦਾ ਲਈ ਦੁਨੀਆ ਨੂੰ ਅਲਵਿਦਾ ਆਖ ਗਿਆ। ਹਰਜੀਤ ਤਲਵਾਰ ਕਲੱਬ ਜਗਰਾਓਂ ਦਾ ਧਾਵੀ ਸੁਖਵਿੰਦਰ ਸਿੰਘ ਉਰਫ਼ ਘੱਕਨਾ ਬੱਡੂਵਾਲ (ਮੋਗਾ) ਚੜ੍ਹਦੀ ਵਰੇਸ ਦਾ ਖਿਡਾਰੀ ਸੀ। ਉਹ ਤਕੜੇ-ਤਕੜੇ ਜਾਫ਼ੀਆਂ 'ਤੇ ਕਬੱਡੀਆਂ ਪਾਉਣ ਦਾ ਜਿਗਰਾ ਰੱਖਦਾ ਸੀ, ਪਰ ਕੁਲਹੈਣੀ ਮੌਤ 16 ਜੂਨ 2018 ਵਾਲੇ ਦਿਨ ਉਸ ਨੂੰ ਸਦਾ ਲਈ ਡੱਕ ਬੈਠੀ ਤੇ ਉਹ ਸਦਾ ਲਈ ਆਪਣਿਆਂ ਤੋਂ ਦੂਰ ਹੋ ਗਿਆ। ਘੱਕਨੇ ਨੇ ਕੁਝ ਦਿਨਾਂ ਬਾਅਦ ਆਪਣਾ 30ਵਾਂ ਜਨਮ ਦਿਨ ਮਨਾਉਣਾ ਸੀ, ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਭਾਰੀ ਜਿਹੇ ਸਰੀਰ ਵਾਲਾ ਜਸਵਿੰਦਰ ਸਿੰਘ ਉਰਫ਼ ਜੱਸ ਗਗੜੇ ਵਾਲਾ ਛੇਤੀ ਕਿਤੇ ਕਹਿੰਦੇ-ਕਹਾਉਂਦੇ ਜਾਫ਼ੀਆਂ ਤੋਂ ਲੋਟ ਨਹੀਂ ਸੀ ਆਉਂਦਾ ਪਰ 15 ਜੁਲਾਈ ਨੂੰ ਚੰਦਰੀ ਮੌਤ ਨੇ ਜੱਸ ਨੂੰ ਅਜਿਹਾ ਜੱਫ਼ਾ ਮਾਰਿਆ ਕਿ ਉਹ ਸਦਾ ਲਈ ਦੁਨੀਆ ਤੋਂ ਰੁਖ਼ਸਤ ਹੋ ਗਿਆ। ਜੱਸ ਗਗੜੇ ਨੇ ਲੰਬਾ ਸਮਾਂ ਅੰਬੀ-ਅਮਨਾ ਹਠੂਰ ਕਲੱਬ ਮੋਗਾ ਦੀ ਤਰਫ਼ੋਂ ਤੱਕੜੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਉਹ ਆਖਰੀ ਸਮੇਂ ਕੈਨੇਡਾ 'ਚ ਜ਼ਿੰਦਗੀ ਬਸਰ ਕਰ ਰਿਹਾ ਸੀ।
ਸੰਤੋਖ ਸਿੰਘ ਤੋਖੀ ਮਾਨਗੜ੍ਹ ਵਾਲੇ ਦਾ ਸਪੁੱਤਰ ਆਪਣੇ ਸਮੇਂ 'ਚ ਸਕੂਲਾਂ-ਕਾਲਜਾਂ 'ਚ ਚੰਗਾ ਖੇਡਿਆ। ਵਿਦੇਸ਼ਾਂ 'ਚ ਵਸਣ ਮਗਰੋਂ ਵੀ ਉਸ ਨੇ ਕਬੱਡੀ ਪ੍ਰਤੀ ਆਪਣੀ ਚਿਣਗ ਘਟਣ ਨਹੀਂ ਦਿੱਤੀ। ਜੇ ਵਿਦੇਸ਼ਾਂ 'ਚ ਕੱਪਾਂ ਨੂੰ ਸਹਿਯੋਗ ਦੇਣਾ ਤਾਂ ਆਪਣੇ ਪਿੰਡ 'ਚ ਵੀ ਵੱਡਾ ਕੱਪ ਕਰਵਾ ਕੇ ਬੱਲੇ-ਬੱਲੇ ਕਰਵਾਉਣੀ। 46 ਸਾਲ ਦੀ ਉਮਰ 'ਚ ਮਾਨਗੜ੍ਹ ਦੀ ਬੇਵਕਤੀ ਮੌਤ ਵੀ ਕਬੱਡੀ ਜਗਤ ਨੂੰ ਵੱਡਾ ਘਾਟਾ ਦੇ ਗਈ। ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਜਗਦੀਪ ਢੀਮਾਂਵਾਲੀ ਦਾ ਨਾਮ ਮਾਲਵੇ ਦੇ ਨਾਮਵਰ ਖਿਡਾਰੀਆਂ ਵਿਚ ਲਿਆ ਜਾਂਦਾ। ਜਗਦੀਪ ਜਿੰਨਾ ਵਧੀਆ ਖਿਡਾਰੀ ਸੀ, ਓਨਾ ਵਧੀਆ ਹੀ ਇਨਸਾਨ ਸੀ। ਮੈਂ ਖੇਡ ਸਰਗਰਮੀਆਂ ਦੌਰਾਨ ਜਗਦੀਪ ਨੂੰ ਕਦੇ ਕਿਸੇ ਖੇਡ ਮੇਲੇ 'ਤੇ ਅੰਕਾਂ ਪਿੱਛੇ ਰੈਫ਼ਰੀਆਂ ਨਾਲ ਬਹਿਸਦੇ-ਉਲਝਦੇ ਨਹੀਂ ਵੇਖਿਆ। ਹਮੇਸ਼ਾ ਹਸੂੰ-ਹਸੂੰ ਕਰਦਿਆਂ ਕਬੱਡੀ 'ਚ ਧਮਾਲਾਂ ਪਾਉਣੀਆਂ। ਮੇਜਰ ਬਰਾੜ, ਜਲੰਧਰ ਸਿੰਘ ਸਿੱਧੂ, ਕਰਮਪਾਲ ਸਿੰਘ ਲੰਢੇਕੇ ਦੇ ਚਹੇਤੇ ਖਿਡਾਰੀਆਂ ਵਿਚੋਂ ਇਕ ਜਗਦੀਪ ਢੀਮਾਂਵਾਲੀ ਲੰਬਾ ਸਮਾਂ ਹਰਜੀਤ ਫਰੈਂਡਜ਼ ਕਲੱਬ ਪੱਤੋ ਹੀਰਾ ਸਿੰਘ ਵਲੋਂ ਖੇਡਦਾ ਰਿਹਾ। ਕੋਚ ਸਾਧੂ ਬਰਾੜ ਦੇ ਥਾਪੜੇ ਨੇ ਜਗਦੀਪ ਨੂੰ ਕੈਨੇਡਾ ਤੇ ਇੰਗਲੈਂਡ ਦੀ 3 ਵਾਰ ਸੈਰ ਕਰਵਾਈ। ਜਗਦੀਪ ਨੇ ਅਜੇ 34ਵੇਂ ਵਰ੍ਹੇ 'ਚ ਹੀ ਪੈਰ ਧਰਿਆ ਸੀ ਕਿ 11 ਅਗਸਤ 2018 ਨੂੰ ਖੇਤ 'ਚ ਕਰੰਟ ਲੱਗਣ ਕਾਰਨ ਜਗਦੀਪ ਸਦੀਵੀ ਵਿਛੋੜਾ ਦੇ ਗਿਆ। ਪਿੰਡ ਛਾਜਲਾ (ਸੰਗਰੂਰ) ਦਾ ਜੰਮਪਲ ਧਾਵੀ ਚਮਕੌਰ ਪਰਿਵਾਰਕ ਪ੍ਰੇਸ਼ਾਨੀਆਂ 'ਚ 1 ਨਵੰਬਰ 2018 ਵਾਲੇ ਦਿਨ ਮੌਤ ਨੂੰ ਗਲੇ ਲਗਾ ਗਿਆ। ਚਮਕੌਰ ਤੋਂ ਅਜੇ ਕਬੱਡੀ ਪ੍ਰੇਮੀਆਂ ਨੂੰ ਕਾਫ਼ੀ ਉਮੀਦਾਂ ਸਨ, ਕਿਉਂਕਿ ਚਮਕੌਰ ਦੇ ਕਬੱਡੀ ਮੈਦਾਨ 'ਤੇ ਖ਼ੂਬ ਚਰਚੇ ਸਨ ਤੇ ਉਹ ਤੇਜ਼ ਤਰਾਰ ਰੇਡਰ ਮੰਨਿਆ ਜਾਂਦਾ ਸੀ।
ਚਾਰ ਕੁ ਦਹਾਕੇ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਨੂੰ ਪਵਨ ਕੁਮਾਰ ਨੇ ਖੇਡ ਜਗਤ ਦੇ ਨਕਸ਼ੇ 'ਤੇ ਲਿਆਂਦਾ ਸੀ। ਪਵਨ ਕੁਮਾਰ ਨੇ ਸਾਲ 1975 ਵਿਚ ਕੌਮੀ ਸਕੂਲ ਖੇਡਾਂ ਵਿਚ ਪੰਜਾਬ ਲਈ ਸੋਨ ਤਗਮਾ ਜਿੱਤਿਆ ਸੀ, ਪ੍ਰੰਤੂ ਉਮਰ ਦੇ ਆਖਰੀ ਪੜਾਅ 'ਤੇ ਆ ਕੇ 8 ਨਵੰਬਰ ਨੂੰ ਪਵਨ ਖਿਆਲੇ ਵਾਲਾ ਆਪਣੀ ਜ਼ਿੰਦਗੀ ਦੀ ਖੇਡ ਹਾਰ ਗਿਆ। 17 ਨਵੰਬਰ ਨੂੰ ਚੋਹਲੇ ਵਾਲੇ ਸੁਖਮਨ ਦੇ ਰੂਪ ਵਿਚ ਕਬੱਡੀ ਨੂੰ ਵੱਡਾ ਸਦਮਾ ਲੱਗਿਆ। ਛੇ ਫੁੱਟ ਉੱਚੇ-ਲੰਮੇ, ਛੈਲ-ਛਬੀਲੇ ਗੱਭਰੂ ਸੁਖਮਨ ਦੀ ਮੌਤ ਨੇ ਕਬੱਡੀ ਜਗਤ ਨੂੰ ਹਿਲਾ ਕੇ ਰੱਖ ਦਿੱਤਾ। ਕੋਈ ਸੁਖਮਨ ਨੂੰ ਕਬੱਡੀ ਦਾ ਜਹਾਜ਼ ਆਖਦਾ ਤੇ ਕੋਈ ਮਾਝੇ ਦਾ ਮਝੈਲ। ਸੁਖਮਨ ਨੇ ਆਪਣੀ ਜ਼ਿੰਦਗੀ ਦੇ 27 ਵਰ੍ਹਿਆਂ 'ਚ ਕਬੱਡੀ ਜਗਤ ਵਿਚ ਜਿਹੜੇ ਮੀਲ ਪੱਥਰ ਗੱਡੇ ਹਨ, ਉਨ੍ਹਾਂ ਤੱਕ ਪਹੁੰਚਣਾ ਹਰੇਕ ਖਿਡਾਰੀ ਦੇ ਵੱਸ ਦੀ ਗੱਲ ਨਹੀਂ। ਸੁਖਮਨ ਨੇ ਸਾਲ 2009 ਵਿਚ ਕੋਟਲੀ ਥਾਨ ਸਿੰਘ ਅਕੈਡਮੀ ਦੀ ਤਰਫੋਂ ਅਕੈਡਮੀਆਂ ਦੇ ਮੈਚ ਖੇਡਣੇ ਸ਼ੁਰੂ ਕੀਤੇ ਅਤੇ ਮੁੜ ਕੇ ਪਿੱਛੇ ਨਹੀਂ ਦੇਖਿਆ। ਕੈਂਚੀ ਮਾਰ ਕੇ ਰੋਕਣ ਵਾਲੇ ਜਾਫ਼ੀਆਂ ਤੋਂ ਨਿਕਲਣ ਲਈ ਜਦ ਸੁਖਮਨ ਲੱਤ ਦਾ ਪੰਪ ਮਾਰਦਾ ਤਾਂ ਤਕੜੇ-ਤਕੜੇ ਜਾਫ਼ੀਆਂ ਦਾ ਅੰਦਰ ਹਿੱਲ ਜਾਂਦਾ ਸੀ। ਸੁਖਮਨ ਦੀ ਖੇਡ ਦੀ ਕਦੇ ਇੰਗਲੈਂਡ, ਕਦੇ ਯੂਰਪ ਤੇ ਕੈਨੇਡਾ 'ਚ ਤੂਤੀ ਬੋਲੀ। ਮਾਝੇ ਵਿਚ ਸੁਖਮਨ ਬਿਨਾਂ ਹਰ ਖੇਡ ਮੇਲਾ ਅਧੂਰਾ ਮੰਨਿਆ ਜਾਂਦਾ ਸੀ। ਉਸ ਦੀ ਖੇਡ ਨੂੰ ਵੇਖਣ ਲਈ ਦਰਸ਼ਕ ਵਹੀਰਾਂ ਘੱਤ ਕੇ ਮੇਲੇ 'ਤੇ ਪਹੁੰਚਦੇ ਪਰ ਦਿਲ ਦੇ ਦੌਰੇ ਨੇ ਸੁਖਮਨ ਰੂਪੀ ਤਾਰੇ ਨੂੰ ਕਬੱਡੀ ਜਗਤ ਦੇ ਆਸਮਾਨ 'ਚੋਂ ਸਦਾ ਲਈ ਤੋੜ ਲਿਆ।
ਇਸ ਤੋਂ ਪਹਿਲਾਂ ਕਿ ਦਸੰਬਰ ਦਾ ਮਹੀਨਾ ਸਮਾਪਤ ਹੁੰਦਾ ਕਿ 19 ਦਸੰਬਰ ਨੂੰ ਬਲਕਾਰ ਰੂਪਾਹੇੜੀ ਵਾਲਾ ਜ਼ਿਲ੍ਹਾ ਸੰਗਰੂਰ ਵੀ ਚੱਲ ਵਸਿਆ। ਬਲਕਾਰ ਵੀ ਕਦੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ ਤੇ ਕਦੇ ਗੱਗੜਪੁਰ ਅਕੈਡਮੀ ਲਈ ਬਤੌਰ ਧਾਵੀ ਚੰਗਾ ਖੇਡਿਆ, ਪਰ ਗ਼ਲਤ ਸਾਥ ਨੇ ਉਸ ਨੂੰ ਦੁਨੀਆ ਤੋਂ ਰੁਖ਼ਸਤ ਕਰ ਦਿੱਤਾ। ਕਬੱਡੀ ਮੈਦਾਨਾਂ ਵਿਚ ਵਿਸਲਾਂ ਨਾਲ ਫੈਸਲੇ ਸੁਣਾਉਣ ਵਾਲਾ ਰੈਫ਼ਰੀ ਰਣਜੀਤ ਸਿੰਘ ਭੰਗੂ ਵੀ ਇਸੇ ਵਰ੍ਹੇ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜਿਆ ਹੈ। ਪ੍ਰਮਾਤਮਾ, ਆਪਣਿਆਂ ਤੋਂ ਸਦਾ ਲਈ ਵਿਛੜੇ ਸਮੂਹ ਖਿਡਾਰੀਆਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਕੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਹੋ ਸਾਡੀ ਅਰਦਾਸ ਹੈ।


-ਨਿੱਜੀ ਪੱਤਰ ਪ੍ਰੇਰਕ, 'ਅਜੀਤ' ਉਪ ਦਫ਼ਤਰ, ਬਠਿੰਡਾ। ਮੋਬਾਈਲ : 99881-68072

ਹਾਦਸੇ ਵਿਚ ਇਕ ਲੱਤ ਗਵਾਉਣ ਤੋਂ ਬਾਅਦ ਵੀ ਹੌਸਲਾ ਨਹੀਂ ਗਵਾਇਆ

ਬਿਹਾਰ ਸੂਬੇ ਦੇ ਰਹਿਣ ਵਾਲੇ ਉਦੇ ਕੁਮਾਰ ਠਾਕਰ ਨੇ ਰੇਲ ਹਾਦਸੇ ਵਿਚ ਇਕ ਲੱਤ ਗਵਾਉਣ ਤੋਂ ਬਾਅਦ ਵੀ ਆਪਣਾ ਹੌਸਲਾ ਨਹੀਂ ਗਵਾਇਆ ਅਤੇ ਉਸ ਦੇ ਹੌਸਲੇ ਬੁਲੰਦ ਹਨ। ਇਸੇ ਲਈ ਤਾਂ ਉਹ ਮੈਰਾਥਨ ਦੌੜਦਾ ਹੈ, ਤੈਰਦਾ ਹੈ, ਕ੍ਰਿਕਟ ਖੇਡਦਾ ਹੈ ਅਤੇ ਵ੍ਹੀਲਚੇਅਰ 'ਤੇ ਬਾਸਕਟਬਾਲ ਨਾਲ ਵੀ ਹੱਥ ਅਜਮਾਈ ਕਰਦਾ ਹੈ । ਉਦੇ ਕੁਮਾਰ ਦਾ ਜਨਮ ਬਿਹਾਰ ਪ੍ਰਾਂਤ ਦੇ ਛਪਰਾ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਸ਼ਹਿਰ ਬਾਡੋਪੁਰ ਵਿਚ 30 ਮਈ, 1988 ਨੂੰ ਪਿਤਾ ਕੇਦਾਰ ਨਾਥ ਠਾਕਰ ਦੇ ਘਰ ਮਾਤਾ ਇੰਦੂ ਦੇਵੀ ਦੀ ਕੁੱਖੋਂ ਹੋਇਆ ਅਤੇ ਉਦੇ ਕੁਮਾਰ ਨੇ ਆਪਣੀ ਵਿੱਦਿਆ ਵੀ ਬਿਹਾਰ ਤੋਂ ਹੀ ਪ੍ਰਾਪਤ ਕੀਤੀ ਅਤੇ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਦੇ ਕੁਮਾਰ ਦੇ ਪਿਤਾ ਨੇ ਕੋਲਕਾਤਾ ਵਿਚ ਇਕ ਕੰਪਨੀ ਵਿਚ ਨੌਕਰੀ 'ਤੇ ਲਗਵਾ ਦਿੱਤਾ ਅਤੇ ਉਦੇ ਕੁਮਾਰ ਦਾ ਜੀਵਨ ਪੂਰਾ ਖੁਸ਼ਮੰਗਲ ਸੀ। ਇਕ ਦਿਨ ਉਹ ਦੁਰਗਾ ਪੂਜਾ ਦੀ ਛੁੱਟੀ ਕੱਟ ਕੇ ਆਪਣੇ ਘਰ ਬਿਹਾਰ ਤੋਂ ਵਾਪਸ ਕੋਲਕਾਤਾ ਰੇਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਜਦ ਉਹ ਕੋਲਕਾਤਾ ਪਹੁੰਚਣ ਹੀ ਵਾਲਾ ਸੀ ਤਾਂ ਉਹ ਇਹ ਵੇਖਣ ਲਈ ਕਿ ਰੇਲਵੇ ਸਟੇਸ਼ਨ ਕਿੰਨੀ ਦੂਰ ਹੈ ਤਾਂ ਉਹ ਰੇਲ ਦੇ ਡੱਬੇ ਦੇ ਦਰਵਾਜ਼ੇ ਵਿਚ ਆ ਬਾਹਰ ਸਿਰ ਕੱਢ ਕੇ ਵੇਖਣ ਲੱਗਾ ਤਾਂ ਤੇਜ਼ ਰਫ਼ਤਾਰ ਰੇਲ 'ਚੋਂ ਅਚਾਨਕ ਬਾਹਰ ਆ ਡਿੱਗਾ ਤਾਂ ਉਸੇ ਹੀ ਰੇਲ ਦੇ ਹੇਠਾਂ ਉਸ ਦੀ ਖੱਬੀ ਲੱਤ ਆ ਗਈ ਅਤੇ ਬੁਰੀ ਤਰ੍ਹਾਂ ਚੀਥਲੀ ਗਈ। ਜ਼ਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਮਜਬੂਰਨ ਵੱਸ ਉਸ ਦੀ ਲੱਤ ਕੱਟਣ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ ਅਤੇ ਕਲ੍ਹ ਜਿਹੜਾ ਉਦੇ ਕੁਮਾਰ ਦੌੜਦਾ ਸੀ, ਖੇਡਦਾ ਸੀ ਅੱਜ ਉਹ ਸਿਰਫ਼ ਇਕ ਲੱਤ ਨਾਲ ਹੀ ਜ਼ਿੰਦਗੀ ਕੱਟਣ ਲਈ ਮਜਬੂਰ ਹੋ ਗਿਆ।
ਥੋੜ੍ਹੀ ਦੇਰ ਉਦੇ ਕੁਮਾਰ ਡੂੰਘੇ ਸਦਮੇ ਵਿਚ ਚਲਾ ਗਿਆ ਪਰ ਮਜਬੂਰੀ ਅਤੇ ਵਕਤ ਨੇ ਉਸ ਨੂੰ ਸਦਮੇ ਵਿਚੋਂ ਹੀ ਬਾਹਰ ਨਹੀਂ ਕੱਢਿਆ ਸਗੋਂ ਉਸ ਨੇ ਇਸ ਹਾਦਸੇ ਨੂੰ ਵੀ ਪ੍ਰਵਾਨ ਕਰ ਲਿਆ ਅਤੇ ਨਕਲੀ ਪੈਰ ਅਤੇ ਲੱਤ ਲਗਵਾ ਕੇ ਜ਼ਿੰਦਗੀ ਨੂੰ ਚਲਦਾ ਕਰ ਲਿਆ ਅਤੇ ਉਸ ਨੇ ਜ਼ਿੰਦਗੀ ਨੂੰ ਚਲਦਾ ਹੀ ਨਹੀਂ ਕੀਤਾ ਸਗੋਂ ਮੈਰਾਥਨ ਦੌੜ ਵਿਚ ਵੀ ਭਾਗ ਲੈਣ ਲੱਗਿਆ ਅਤੇ ਉਹ ਹੁਣ ਤੱਕ 5 ਦੇ ਕਰੀਬ ਲੰਮੀਆਂ ਮੈਰਾਥਨ ਦੌੜਾਂ, ਦੌੜ ਕੇ ਮਿਸਾਲ ਬਣ ਚੁੱਕਿਆ ਹੈ ਅਤੇ ਨਾਲ ਹੀ ਵ੍ਹੀਲਚੇਅਰ 'ਤੇ ਬਾਸਕਟਬਾਲ ਖੇਡਣ ਦੇ ਨਾਲ ਕ੍ਰਿਕਟ ਵੀ ਖੇਡਦਾ ਹੈ।
ਉਦੇ ਕੁਮਾਰ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਹੁਣ ਇਸ ਦੁਨੀਆ ਵਿਚ ਨਹੀਂ ਹਨ ਪਰ ਉੁਸ ਦੀ ਪਤਨੀ ਦਾ ਸਾਥ ਅਤੇ ਉਸ ਦੀ ਕੰਪਨੀ ਦੇ ਵਾਈਸ ਚੇਅਰਮੈਨ ਰਮੇਸ਼ ਮਹੇਸ਼ਵਰੀ ਵਲੋਂ ਮਿਲ ਰਹੇ ਸਹਿਯੋਗ ਨੇ ਉਸ ਨੂੰ ਕਦੇ ਵੀ ਮਾਯੂਸ ਨਹੀਂ ਹੋਣ ਦਿੱਤਾ। ਉਹ ਉਸ ਦੇ ਦੁਨਿਆਵੀ ਗੁਰੂ ਹਨ। ਉਦੇ ਕੁਮਾਰ ਪਿੱਛੇ ਨਹੀਂ ਸਗੋਂ ਹੋਰ ਅੱਗੇ ਵਧਣ ਲਈ ਲੰਮੀਆਂ ਉੁਡਾਰੀਆਂ ਮਾਰ ਰਿਹਾ ਹੈ ਅਤੇ ਉਸ ਦੀਆਂ ਉਡਾਰੀਆਂ ਦੀ ਪ੍ਰਵਾਜ਼ ਹੋਰ ਬੁਲੰਦੀਆਂ ਨੂੰ ਛੂਹੇਗੀ।


-ਮੋਬਾਈਲ : 98551-14484


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX