ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਆਪਣੀ ਦਵਾਈ ਖ਼ੁਦ ਬਣੋ ਤੇ ਜੁੱਗ ਜੁੱਗ ਜੀਓ

ਇਸ ਵਿਸ਼ੇ 'ਤੇ ਮੈਂ ਪਹਿਲਾਂ ਵੀ ਇਕ-ਦੋ ਲੇਖ ਲਿਖੇ ਨੇ ਤੇ ਉਹ ਚਿਰਾਂ ਦੀਆਂ ਗੱਲਾਂ ਨੇ | ਇਸ ਲੇਖ ਨੂੰ ਲਿਖਣ ਦੀ ਜ਼ਰੂਰਤ ਮੈਂ ਇਸ ਕਾਰਨ ਮਹਿਸੂਸੀ ਹੈ ਕਿ ਉਦੋਂ ਤੋਂ ਹੁਣ ਤੱਕ ਬਹੁਤ ਪਾਣੀ ਪੁਲਾਂ ਥੱਲਿਉਂ ਦੀ ਵਗ ਚੁੱਕਾ ਹੈ | ਇਸ ਗ੍ਰਹਿ 'ਤੇ ਇਸ ਵਕਤ ਇਨਸਾਨੀ ਔਸਤ ਉਮਰ ਇਕੱਤਰ, ਕੁਛ ਵਰ੍ਹੇ ਹੈ | ਇਸ ਲਛਮਣ ਲਕੀਰ ਨੂੰ ਜਿਹੜੇ ਭਾਗਾਂ ਵਾਲੇ ਪ੍ਰਾਣੀ ਪਾਰ ਕਰਕੇ ਰੰੂਘੇ ਦੀ ਜ਼ਿੰਦਗੀ ਜੀਅ ਰਹੇ ਨੇ ਉਨ੍ਹਾਂ ਨੂੰ ਯਾਦ ਦਿਵਾਉਣਾ ਬਣਦਾ ਹੈ ਕਿ ਇਸ ਸੁਨਹਿਰੀ ਵਕਤ ਦਾ 200 ਫ਼ੀਸਦੀ ਲਾਹਾ ਲਿਆ ਜਾਵੇ | ਵੱਡੀ ਉਮਰੇ ਬੰਦਾ ਚੀਜ਼ ਕਿਤੇ ਰੱਖਦਾ ਹੈਤੇ ਭਾਲਦਾ ਕਿਸੇ ਹੋਰ ਥਾਂ 'ਤੇ ਹੈ | ਯਾਨੀ ਯਾਦਦਾਸ਼ਤ ਦਲਿੱਦਰ ਹੋ ਜਾਂਦੀ ਹੈ | ਹਰਕਤਾਂ ਵਿਚ ਚੁਸਤੀ-ਫੁਰਤੀ ਘਟ ਜਾਂਦੀ ਹੈ ਤੇ ਜਵਾਨੀ ਵਾਲੀ ਉਹ ਗੱਲ ਰਹਿੰਦੀ ਨਹੀਂ | ਸਰੀਰ ਡਿੱਕ-ਡੋਲੇ ਖਾਣ ਲੱਗ ਪੈਂਦਾ ਹੈ ਤੇ ਬਿਮਾਰੀ ਦਾ ਹਮਲਾ ਕਦੇ ਵੀ ਹੋ ਸਕਦਾ ਹੈ | ਨਵੇਂ ਚਿਹਰਿਆਂ ਦੀ ਸਿਆਣ ਰੱਖਣੀ ਮੁਸ਼ਕਿਲ ਹੋ ਜਾਂਦੀ ਹੈ, ਨਵੇਂ ਨਾਂਅ ਛੇਤੀ ਜ਼ਬਾਨ 'ਤੇ ਚੜ੍ਹਦੇ ਨਹੀਂ | ਅੱਖਾਂ ਝੌਲਾ-ਝੌਲਾ ਵੇਖਦੀਆਂ ਹਨ | ਫਿਰ ਇਨਸਾਨ ਸ਼ਾਇਦ ਇਕੋ ਇਕ ਜੀਵ ਹੈ ਜੀਹਨੂੰ ਆਪਣੇ ਅੰਤ ਦਾ ਅਹਿਸਾਸ ਹੈ | ਅੰਤ, ਜੀਹਨੂੰ ਇਨਸਾਨ ਕਈ ਹੋਰ ਸ਼ਬਦਾਂ ਨਾਲ ਸੰਬੋਧਨ ਕਰਦਾ ਹੈ, ਇਸ ਦਾ ਸਿੱਧਾ ਨਾਂਅ ਲੈਣ ਤੋਂ ਗੁਰੇਜ਼ ਕਰਦਾ ਹੈ... ਰਕਾਨ ਮੌਤ ਜਿਹੜੀ ਹਰ ਦਿਨ ਨੇੜੇ ਨੂੰ ਆ ਰਹੀ ਹੁੰਦੀ ਹੈ | ਇਸ ਅਟੱਲ ਹਕੀਕਤ ਬਾਰੇ ਸੋਚਣ ਜਾਂ ਝੁਰਨ ਵਿਚ ਵਕਤ ਕਿਉਂ ਖਰਾਬ ਕੀਤਾ ਜਾਵੇ | ਕਿਉਂ ਨਾ ਜੋ ਹੱਥ ਵਿਚ ਹੈ, ਜਿਵੇਂ ਵੀ ਹੈ, ਜਿੰਨੀ ਵੀ ਹੈ, ਉਸ ਦਾ ਲੁਤਫ਼ ਲਿਆ ਜਾਵੇ | ਲੁਤਫ਼ ਤਾਂ ਹੀ ਆਉਂਦਾ ਹੈ ਜੇ ਦਿਮਾਗ਼, ਸਰੀਰ ਤੰਦਰੁਸਤ ਹਨ | ਤੰਦਰੁਸਤੀ ਦੇ ਖਿਆਲ ਦੀ ਬਰਕਰਾਰੀ ਇਨਸਾਨ ਨੂੰ ਖੁਦ ਰੱਖਣੀ ਹੁੰਦੀ ਹੈ, ਕਿਸੇ ਖੌਫ਼ ਥੱਲੇ ਕਿਉਂ ਜੀਆ ਜਾਵੇ |
ਮੈਨੂੰ ਤਾਂ ਇਹ ਇਕ ਕੁਦਰਤ ਵਲੋਂ ਘੜਿਆ-ਘੜਾਇਆ ਪ੍ਰੋਗਰਾਮ ਜਾਪਦਾ ਹੈ ਕਿ ਅੱਧਖੜ ਉਮਰ ਤੱਕ ਮੌਤ ਯਾਦ ਆਉਂਦੀ ਹੀ ਨਹੀਂ | ਜਵਾਨੀ ਤੱਕ ਜੇਕਰ ਮੌਤ ਨਾਲ ਮੁਲਾਕਾਤ ਹੁੰਦੀ ਹੈ ਤਾਂ ਇਹ ਹਾਦਸਿਆਂ ਵਿਚ, ਲੜਾਈਆਂ ਵਿਚ, ਨਸ਼ਿਆਂ ਆਦਿ ਵਿਚ | ਜਦ ਫਿਰ ਕੋਈ ਖ਼ਤਰਨਾਕ ਬਿਮਾਰੀ ਚਿੰਬੜ ਜਾਂਦੀ ਹੈ ਤਾਂ ਮੌਤ ਦਾ ਅਹਿਸਾਸ ਦਿਮਾਗ ਵਿਚ ਘਰ ਕਰਨ ਲੱਗ ਪੈਂਦਾ ਹੈ ਕਿ ਲੈ ਬਈ, ਪਾ ਲਿਆ ਇਹਨੇ ਹੱਥ | ਚੰਗੀ ਦੇਰ ਤੱਕ ਇਸ ਅਹਿਸਾਸ ਨਾਲ ਰਹਿਣ ਮਗਰੋਂ, ਜਦ ਫਾਨੀ ਬੰਦਾ ਅੱਸੀ ਕੁ ਦੀ ਉਮਰ ਟੱਪ ਜਾਂਦਾ ਹੈ ਤਾਂ ਮੌਤ ਦਾ ਅਹਿਸਾਸ ਕੁਝ ਫਿੱਕਾ ਪੈਣ ਲੱਗ ਪੈਂਦਾ ਹੈ ਕਿ ਇਹ ਤਾਂ ਢੀਚਕ-ਢੀਚਕ ਕੰਮ ਰਹਿਣਾ ਹੀ ਹੈ | ਆਪਣੇ ਕੁਝ ਅਜ਼ੀਜ਼ ਦੋਸਤਾਂ, ਨਜ਼ਦੀਕੀ ਸਾਕ-ਸੰਗੀਆਂ ਦੇ ਹਮੇਸ਼ਾ ਲਈ ਟੁਰ ਜਾਣ ਬਾਅਦ, ਕੁਛ ਰੱਬ ਦੀ ਇਬਾਦਤ, ਭਗਤੀ ਵੱਲ ਧਿਆਨ ਲੱਗਣ ਮਗਰੋਂ, ਮਜ਼੍ਹਬ ਵਲੋਂ ਦਿਖਾਏ ਜਾਂਦੇ ਸਵਰਗ ਦੇ ਸੁਪਨਿਆਂ ਪਿਛੋਂ, ਇਨਸਾਨ ਦੀ ਮੌਤ ਪ੍ਰਤੀ ਸੋਚ ਕੁਝ ਟਿਕ ਜਾਇਆ ਕਰਦੀ ਹੈ | ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਵੱਲ, ਆਪਣੀ ਸੁਲੱਖਣੀ ਔਲਾਦ ਦੇ ਸੈੱਟ ਹੋਣ ਉਪਰੰਤ, ਪੋਤਰੇ, ਪੋਤਰੀ ਦੀ ਕਬੀਲਦਾਰੀ ਨਜਿੱਠੀ ਜਾਣ ਪਿਛੋਂ, ਜਦ ਇਨਸਾਨ ਪਿਛਾਂਹ ਨੂੰ ਨਜ਼ਰ ਮਾਰਦਾ ਹੈ ਕਿ ਕਿੱਥੋਂ ਚੱਲਿਆ ਸੀ ਤੇ ਕਿਥੇ ਪਹੁੰਚ ਗਿਆ ਹੈ, ਉਸ ਦੀ ਜ਼ਿੰਦਗੀਭਰ ਦੀ ਮਿਹਨਤ ਦਾ ਫਲ ਉਸ ਦੇ ਸਾਹਮਣੇ ਤੁਰਿਆ ਫਿਰਦਾ ਨਜ਼ਰ ਆਉਂਦਾ ਹੈ ਤਾਂ ਰੂਹ ਅੰਦਰੋਂ ਕੁਝ ਤਸੱਲੀ ਜਿਹੀ ਉਠਿਆ ਕਰਦੀ ਹੈ ਕਿ ਹੇ ਰੱਬਾ ਹੁਣ ਜੇ ਮੈਨੂੰ ਚੱਕ ਵੀ ਲਵੇਂ ਤਾਂ ਮੈਨੂੰ ਕੋਈ ਗਿਲਾ ਨਹੀਂ, ਕੋਈ ਸ਼ਿਕਾਇਤ ਨਹੀਂ | ਮੈਂ ਆਪਣੀ ਪਾਰੀ ਸੱਚੇ ਮਨ ਨਾਲ ਖੇਡੀ ਹੈ, ਮੈਂ ਕਿਸੇ ਦਾ ਕੁਝ ਦੇਣਾ ਨਹੀਂ, ਸਿਵਾਏ ਤੈਥੋਂ | ਯਾਨੀ ਬਿਨਾਂ ਕਿਸੇ ਭੈਅ ਦੇ, ਫਿਰ ਇਨਸਾਨ ਮੌਤ ਨੂੰ ਅੱਧ ਰਸਤੇ ਮਿਲਣ ਵਾਸਤੇ ਤਿਆਰ ਹੁੰਦਾ ਹੈ |
ਦੁਨੀਆ ਪੱਧਰ 'ਤੇ ਸੰਨ 1900 ਵਿਚ ਇਨਸਾਨ ਦੀ ਔਸਤ ਉਮਰ ਕੋਈ 47 ਵਰ੍ਹੇ ਹੀ ਸੀ | ਹੁਣ ਜਦ ਦੋ ਦਰਜਨਾਂ ਸਾਲ ਉਮਰ ਦੇ ਹੋਰ ਨਸੀਬ ਹੋ ਗਏ ਨੇ, ਯਾਨੀ ਇਕੱਤਰ ਵਰ੍ਹੇ ਤੱਕ, ਸਾਨੂੰ ਇਨ੍ਹਾਂ ਨਾਲ ਕਰਨਾ ਕੀ ਚਾਹੀਦਾ ਹੈ ਤਾਂ ਜੋ ਆਪਣੇ ਯੋਗਦਾਨ ਨਾਲ ਉਮਰ ਨੂੰ ਹੋਰ ਵੀ ਰਬੜ ਵਾਂਗ ਖਿੱਚਿਆ ਜਾਵੇ, ਸਾਨੂੰ ਸਭਨੂੰ ਹੀ ਲੰਮੇਰੀ ਉਮਰ ਦਾ ਲਾਲਚ ਹੈ | ਅਜੋਕੇ ਕੁਝ ਲੋਕਾਂ ਦੀ ਧਾਰਨਾ ਹੈ ਕਿ ਜਦ ਜਿਊਣਾ ਹੀ ਹੈ ਤਾਂ ਭਚੀੜੀ-ਭਚੀੜੀ ਜ਼ਿੰਦਗੀ ਬਸਰ ਕਿਉਂ ਕੀਤੀ ਜਾਵੇ, ਕਿਉਂ ਨਾ ਵਾਗਾਂ ਪੂਰੀਆਂ ਢਿੱਲੀਆਂ ਛੱਡ ਦਿੱਤੀਆਂ ਜਾਣ | ਜਦ ਚਿੱਤ ਕਰੇ ਬੰਦਾ ਖੇਡ ਸਕੇ, ਜੀਅ ਭਾਉਂਦਾ ਖਾ ਸਕੇ, ਪਹਿਨ ਸਕੇ | ਆਹ ਨਹੀਂ ਖਾਣਾ, ਔਹ ਨਹੀਂ ਪੀਣਾ, ਭਾਰ ਘਟਾਇਆ ਜਾਵੇ... ਜ਼ਿੰਦਗੀ ਜਿਊਣ ਵਿਚ ਏਨੀ ਸੌਦੇਬਾਜ਼ੀ ਕਿਉਂ ਤੇ ਉਹ ਵੀ ਰੰੂਘੇ, ਬੋਨਸ ਦੀ ਉਮਰ ਵਿਚ | ਨਿਰਭਰ ਕਰਦਾ ਹੈ ਕਿ ਤੁਹਾਡੇ ਹਾਲਾਤ ਕਿਵੇਂ ਨੇ, ਜ਼ਿੰਦਗੀ ਬਾਰੇ ਤੁਹਾਡੀ ਆਪਣੀ ਨਿੱਜੀ ਫਿਲਾਸਫੀ ਕੀ ਹੈ, ਕਿਸ ਹੱਦ ਤੀਕ ਤੁਸੀਂ ਆਪਣੇ ਸ਼ੌਕ ਪੂਰੇ ਕਰਨ ਦੀ ਹਿੰਮਤ ਕਰਦੇ ਹੋ ਤੇ ਅਮਲ ਵਿਚ ਲਿਆ ਸਕਦੇ ਹੋ | ਮਰਜ਼ੀ ਆਪੋ-ਆਪਣੀ, ਪਰ ਆਮ ਸੋਚ ਹੈ ਕਿ ਤੋਹਫ਼ੇ ਵਿਚ ਮਿਲੇ ਦੁਰਲੱਭ ਵਰਿ੍ਹਆਂ ਵਿਚੋਂ ਕਿਉਂ ਨਾ ਪੂਰਾ ਸੁਆਦ ਨਿਚੋੜਿਆ ਜਾਵੇ, ਕਿਉਂ ਨਾ ਇਨ੍ਹਾਂ ਨੂੰ ਹਾਸਿਆਂ ਨਾਲ ਭਰਿਆ ਜਾਵੇ, ਕਿਉਂ ਨਾ ਇਨ੍ਹਾਂ ਵਿਚ ਜ਼ਿੰਦਾਦਿਲੀ ਲਿਆਂਦੀ ਜਾਵੇ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 97806-66268.


ਖ਼ਬਰ ਸ਼ੇਅਰ ਕਰੋ

ਮਨੁੱਖ ਦਾ ਸ਼ਰੀਕ ਬਣ ਰਿਹਾ ਹੈ ਰੋਬੋਟ

ਵਰਲਡ ਇਕਨਾਮਿਕ ਫੋਰਮ ਨੇ ਤਿੰਨ ਸਾਲ ਪਹਿਲਾਂ ਹੀ ਇਕ ਰਿਪੋਰਟ ਬਣਾਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਬੇਰੁਜ਼ਗਾਰਾਂ ਲਈ ਇਕ ਵੱਡਾ ਸੰਕਟ ਰੋਬੋਟ ਬਣਨ ਵਾਲੇ ਹਨ ਕਿਉਂਕਿ ਉਸ ਦੇ ਅਧਿਐਨ ਅਨੁਸਾਰ 2030 ਤੱਕ ਸੰਸਾਰ ਪੱਧਰ 'ਤੇ 80 ਕਰੋੜ ਨੌਕਰੀਆਂ ਇਨਸਾਨ ਦੇ ਹੱਥੋਂ ਨਿਕਲ ਕੇ ਰੋਬੋਟਾਂ ਦੇ ਕਬਜ਼ੇ ਵਿਚ ਜਾਣ ਵਾਲੀਆਂ ਹਨ | ਸੰਕਟ ਸਿਰਫ਼ ਇਸ ਗਿਣਤੀ ਦਾ ਨਹੀਂ ਹੈ, ਇਸ ਤੋਂ ਵੀ ਵੱਡਾ ਸੰਕਟ ਪੇਸ਼ਕਾਰੀ ਦਾ ਹੈ | ਰੋਬੋਟ ਇਨਸਾਨਾਂ ਤੋਂ ਜ਼ਿਆਦਾ ਹੀ ਕੰਮ ਨਹੀਂ ਕਰਨਗੇ ਬਲਕਿ ਇਨਸਾਨਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸਫਾਈ ਨਾਲ ਵੀ ਕਰਨਗੇ | ਮਤਲਬ ਮੁਕਾਬਲਾ ਮਨੁੱਖ ਅਤੇ ਮਸ਼ੀਨ ਵਿਚਾਲੇ ਹੈ | ਜ਼ਾਹਿਰ ਹੈ ਭਾਵਨਾਤਮਕ ਸੰਦਰਭ ਦੇ ਪੱਧਰ ਤੇ ਮਸ਼ੀਨ ਆਮ ਤੌਰ 'ਤੇ ਇਨਸਾਨ 'ਤੇ ਭਾਰੀ ਹੀ ਪੈਂਦੀ ਹੈ, ਖ਼ਾਸ ਕਰਕੇ ਮਸ਼ੀਨੀ ਅੰਦਾਜ਼ ਵਾਲੇ ਕੰਮਕਾਰ ਦੇ ਮਾਮਲੇ ਵਿਚ | ਸ਼ਾਇਦ ਇਸ ਲਈ ਇਨਸਾਨੀ ਜ਼ਿੰਦਗੀ ਵਿਚ ਰੋਬੋਟਾਂ ਦੇ ਇਸ ਸ਼ੁਰੂ ਹੋ ਚੁੱਕੇ ਦਖਲ ਨੂੰ ਚੌਥੀ ਉਦਯੋਗਿਕ ਕ੍ਰਾਂਤੀ ਦਾ ਦਰਜਾ ਦਿੱਤਾ ਗਿਆ ਹੈ |
ਫਿਲਹਾਲ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਅਤੇ ਬਾਇਓਤਕਨਾਲੋਜੀ ਦੇ ਮੇਲ ਨਾਲ ਜੋ ਚੌਥੀ ਉਦਯੋਗਿਕ ਕ੍ਰਾਂਤੀ 21ਵੀਂ ਸਦੀ ਦੇ ਇਸ ਦੂਜੇ ਦਹਾਕੇ ਦੇ ਸ਼ੁਰੂ ਵਿਚ ਹੀ ਸ਼ੁਰੂ ਹੋ ਚੁੱਕੀ ਸੀ, ਹੁਣ ਹਰ ਲੰਘਦੇ ਸਾਲ ਦੇ ਨਾਲ ਉਹ ਤਿੱਖੀ ਹੁੰਦੀ ਜਾਵੇਗੀ | ਇਸ ਦੇ ਨਾਲ ਹੀ ਸ਼ੁਰੂ ਹੋ ਚੁੱਕੀ ਹੈ ਇਹ ਬਹਿਸ ਕਿ ਆਖਰ ਇਹ ਮੌਜੂਦਾ ਦੁਨੀਆ ਤੋਂ ਆਪਣੀ ਕੀਮਤ ਕੀ ਵਸੂਲੇਗੀ? ਮੰਨਿਆ ਜਾ ਰਿਹਾ ਹੈ ਕਿ ਸ਼ੁਰੂ ਵਿਚ ਤਾਂ ਇਹ ਇਨਸਾਨਾਂ ਭਾਵ ਕੰਮਕਾਰਾਂ ਦੀ ਹੀ ਬਲੀ ਲਵੇਗਾ | ਬਾਅਦ ਵਿਚ ਇਸ ਦੀ ਮੰਗੀ ਜਾਣ ਵਾਲੀ ਬਲੀ ਦੀ ਲਾਲਚੀ ਸੂਚੀ ਵਧਦੀ ਹੀ ਜਾਵੇਗੀ ਜੋ ਪ੍ਰਸਿੱਧ ਉਦਯੋਗਪਤੀ ਜੈਕ ਮਾ ਅਨੁਸਾਰ ਤੀਜੇ ਸੰਸਾਰ ਯੁੱਧ ਤੱਕ ਪਹੁੰਚੇਗੀ ਅਤੇ ਮਹਾਨ ਭਾਸ਼ਾ ਮਾਹਿਰ ਨੋਮਚੋਮਸਕੀ ਅਨੁਸਾਰ ਭਾਸ਼ਾਵਾਂ ਖਾਤਮੇ ਤੱਕ ਪਹੁੰਚ ਸਕਦੀਆਂ ਹਨ | ਵਰਲਡ ਇਕਨਾਮਿਕ ਫੋਰਮ ਨਵੀਆਂ ਪੁਰਾਣੀਆਂ 'ਫਿਊਚਰ ਆਫ਼ ਜਾਬਸ' ਬਾਰੇ ਰਿਪੋਰਟ ਜੋ ਵੀ ਕੁਝ ਦੱਸ ਰਹੀ ਹੈ, ਉਹ ਭਾਵੇਂ ਹਾਲੇ ਧੁੰਦਲਾ ਪਾਠ ਹੋਵੇ ਪਰ ਇਹ ਰਿਪੋਰਟਾਂ ਰਾਹਤ ਘੱਟ ਦਿੰਦੀਆਂ ਹਨ, ਡਰਾਉਂਦੀਆਂ ਜ਼ਿਆਦਾ ਹਨ |
ਸਾਲ 2016 ਤੋਂ ਹੁਣ ਤੱਕ ਕਰੀਬ 5 ਲੱਖ ਲੋਕਾਂ ਦੇ ਹੱਥੋਂ ਰੋਬੋਟ ਕੰਮ ਖੋਹ ਚੁੱਕੇ ਹਨ | ਇਸ ਤੋਂ ਪੂਰੀ ਤਸਵੀਰ ਭਾਵੇਂ ਨਾ ਸਾਫ਼ ਹੁੰਦੀ ਹੋਵੇ ਪਰ ਇਹ ਤਾਂ ਸਾਫ਼ ਹੁੰਦਾ ਹੀ ਹੈ ਕਿ ਡਰ ਹਵਾ ਹਵਾਈ ਨਹੀਂ ਹੈ | ਆਖਰ ਕਿਹੜੇ-ਕਿਹੜੇ ਖੇਤਰ ਸਭ ਤੋਂ ਪਹਿਲਾਂ ਇਸ ਜੰਗ ਦੀ ਲਪੇਟ ਵਿਚ ਆਉਣਗੇ? ਜਵਾਬ ਬਹੁਤ ਲੰਬਾ ਹੈ, ਬਸ ਏਨਾ ਸਮਝ ਲਓ ਕਿ ਸ਼ੁਰੂ ਵਿਚ ਕਰੀਬ 800 ਖੇਤਰਾਂ ਵਿਚੋਂ ਨੌਕਰੀਆਂ ਜਾਣਗੀਆਂ | ਵਰਲਡ ਇਕਨਾਮਿਕ ਫੋਰਮ ਨੇ ਆਪਣੀ ਸ਼ੁਰੂਆਤੀ ਰਿਪੋਰਟ ਵਿਚ ਏਨੇ ਹੀ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਹੈ ਪਰ ਸਭ ਕੁਝ ਤੋਂ ਬਾਅਦ ਵੀ ਇਹ ਹਾਲੇ ਇਕ ਅਨੁਮਾਨ ਹੀ ਹੈ | ਇਸ ਲਈ ਨਾ ਤਾਂ 801ਵਾਂ ਖੇਤਰ ਇਹ ਸਮਝੇ ਕਿ ਉਸ ਦਾ ਇਸ ਲੜਾਈ ਨਾਲ ਕੁਝ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ 799ਵਾਂ ਇਹ ਮੰਨ ਲਏ ਕਿ ਉਸ ਦਾ ਕੋਈ ਭਵਿੱਖ ਹੀ ਨਹੀਂ ਹੈ | ਵਿਗਿਆਨ ਅਤੇ ਤਕਨੀਕ ਦੇ ਅੰਦਾਜ਼ੇ ਵੀ ਆਖਰ ਅੰਦਾਜ਼ੇ ਹੀ ਹੁੰਦੇ ਹਨ |
ਸ਼ਾਇਦ ਇਹ ਗੱਲ ਬਹੁਤਿਆਂ ਨੂੰ ਨਾ ਪਤਾ ਹੋਵੇ ਕਿ ਅਨੁਮਾਨ ਸਭ ਤੋਂ ਜ਼ਿਆਦਾ ਵਿਗਿਆਨ ਦੇ ਖੇਤਰ ਵਿਚ ਹੀ ਫਰਲ ਹੁੰਦੇ ਹਨ | ਥੋੜ੍ਹੇ ਬਹੁਤ ਨਹੀਂ ਬਲਕਿ 90 ਫ਼ੀਸਦੀ ਤੋਂ ਵੀ ਜ਼ਿਆਦਾ | ਸਾਲ 1990 ਤੋਂ ਬਾਅਦ ਤੋਂ ਜੇਕਰ ਪੁਲਾੜ ਵਿਗਿਆਨ ਦੇ ਖੇਤਰ ਵਿਚ ਕੀਤੀਆਂ ਗਈਆਂ ਭਵਿੱਖਬਾਣੀਆਂ 10 ਫ਼ੀਸਦੀ ਵੀ ਸਹੀ ਹੁੰਦੀਆਂ ਤਾਂ ਅੱਜ ਧਰਤੀ ਅਤੇ ਪੁਲਾੜ ਵਿਚਾਲੇ ਆਵਾਜਾਈ ਏਨੀ ਸੌਖੀ ਹੋਣੀ ਚਾਹੀਦੀ ਸੀ ਜਿਵੇਂ ਦਿੱਲੀ ਅਤੇ ਮੁੰਬਈ ਦੇ ਵਿਚਾਲੇ | ਸੈਂਕੜੇ ਫੈਕਟਰੀਆਂ ਅਤੇ ਦਰਜਨਾਂ ਬਸਤੀਆਂ ਨਾ ਵੀ ਹੁੰਦੀਆਂ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਪ੍ਰੋਯਗਸ਼ਾਲਾਵਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਤਾਂ ਹੋਣੀਆਂ ਹੀ ਚਾਹੀਦੀਆਂ ਸਨ | ਪਰ ਹਕੀਕਤ ਕੀ ਹੈ, ਇਹ ਕਿਸੇ ਨੂੰ ਵੱਖਰੇ ਤੌਰ 'ਤੇ ਦੇਖਣ ਦੀ ਲੋੜ ਨਹੀਂ ਹੈ | ਇਸ ਲਈ ਸਭ ਕੁਝ ਭਵਿੱਖਵਾਣੀਆਂ ਮੁਤਾਬਕ ਹੋ ਜਾਵੇ, ਇਹ ਬਿਲਕੁਲ ਜ਼ਰੂਰੀ ਨਹੀਂ ਹੈ |
ਪਰ ਇਹ ਸਭ ਅਨੁਮਾਨ ਹਨ, ਇਸ ਤਰ੍ਹਾਂ ਦਾ ਕੁਝ ਨਹੀਂ ਹੋਣ ਜਾ ਰਿਹਾ, ਇਸ ਤਰ੍ਹਾਂ ਦਾ ਆਤਮਵਿਸ਼ਵਾਸ ਵੀ ਬਹੁਤ ਆਤਮਘਾਤੀ ਹੋਵੇਗਾ | ਸਾਮਾਨ ਬਣਾਉਣ ਤੋਂ ਲੈ ਕੇ ਪੈਦਾ ਕਰਨ ਤੋਂ ਲੈ ਕੇ ਦਫਤਰੀ ਕੰਮ ਤੱਕ ਰੋਬੋਟ ਦੇ ਹਿੱਸੇ ਨੇੜ ਭਵਿੱਖ ਵਿਚ ਆ ਜਾਣਗੇ, ਇਹ ਯਕੀਨੀ ਹੈ | ਕੋਈ ਇਸ ਤਰ੍ਹਾਂ ਦਾ ਖੇਤਰ ਨਹੀਂ ਬਚੇਗਾ, ਜਿਥੇ ਆਟੋਮੇਸ਼ਨ ਨਾ ਹੋਵੇ | ਇਸ ਲਈ ਵਿਸ਼ਵ ਅਰਥ ਵਿਵਸਥਾ ਵਿਚ 2020 ਤੋਂ ਬਾਅਦ ਇਕ ਮਰਦ ਨੌਕਰੀ ਹਾਸਲ ਕਰੇਗਾ ਤਾਂ ਤਿੰਨ ਮਰਦ ਆਪਣੀ ਨੌਕਰੀ ਗਵਾਉਣਗੇ ਜਦੋਂ ਕਿ ਔਰਤਾਂ ਦੇ ਮਾਮਲੇ ਵਿਚ ਇਹ ਅਨੁਪਾਤ 1:5 ਦਾ ਹੋਵੇਗਾ | ਕਹਿਣ ਦਾ ਮਤਲਬ ਕਿ ਇਕ ਔਰਤ ਨੌਕਰੀ ਹਾਸਲ ਕਰੇਗੀ ਅਤੇ 5 ਔਰਤਾਂ ਦੀ ਨੌਕਰੀ ਜਾਏਗੀ | ਸਭ ਤੋਂ ਜ਼ਿਆਦਾ ਇਹ ਗਣਿਤ ਕੰਪਿੂਟਰ, ਇੰਜੀਨੀਅਰਿੰਗ, ਆਰਕੀਟੇਕਚਰ ਅਤੇ ਮੈਥੇਮੈਟੀਕਲ ਇੰਡਸਟਰੀ ਸੱਚ ਹੁੰਦਾ ਦਿਸੇਗਾ |
ਪਰ ਇਹ ਮੰਨ ਲੈਣਾ ਕਿ ਰੋਬੋਟ ਬਸ ਅਲਗੋਰਿਦਮ ਜ਼ਬਾਨ ਵਾਲੇ ਖੇਤਰਾਂ ਤੱਕ ਹੀ ਸੀਮਤ ਰਹੇਗਾ, ਜ਼ੋਖਮ ਭਰੇ ਨਤੀਜੇ ਵਿਚ ਦਾਅ ਲਗਾਉਣ ਵਰਗਾ ਹੋਵੇਗਾ | ਅੱਜ ਨਹੀਂ ਤਾਂ ਕਲ੍ਹ, ਰੋਬੋਟ ਸਵੈ-ਵਿਵੇਕ ਦੇ ਖੇਤਰ ਵਿਚ ਵੀ ਕਦਮ ਰੱਖਣਗੇ | ਫੰਕਸ਼ਨ ਫੀਡ ਵਰਗੇ ਸੌਖੇ ਖੇਤਰਾਂ ਵਿਚ ਇਹ ਹਮੇਸ਼ਾ ਨਹੀਂ ਰਹਿਣਗੇ | ਸੋਫੀਆ ਵਰਗਾ ਪਿਆਰਾ ਜਾਂ ਪਿਆਰੀ? ਰੋਬੋਟ ਬਣਾ ਕੇ ਤਹਿਲਕਾ ਮਚਾਉਣ ਵਾਲੇ ਵਿਗਿਆਨੀ ਡੇਵਿਡ ਹਾਂਸਨ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਹੈ ਕਿ ਸੰਨ 2045 ਤੱਕ ਰੋਬੋਟ ਆਪਣੇ ਲਈ ਵਿਆਹ ਦੀ ਮੰਗ ਵੀ ਕਰਨ ਲੱਗਣਗੇ | ਕਹਿੰਦੇ ਹਨ ਹਰ ਤਾਕਤਵਰ ਪਹਿਲਾਂ ਕਮਜ਼ੋਰ ਦਾ ਸਫਾਇਆ ਕਰਦਾ ਹੈ | ਇਨਸਾਨ ਦੀ ਇਹ ਖਾਮੀ ਰੋਬੋਟ ਵਿਚ ਵੀ ਦੇਖੀ ਜਾ ਰਹੀ ਹੈ | ਇਹ ਉਨ੍ਹਾਂ ਖੇਤਰਾਂ ਨੂੰ ਪਹਿਲਾਂ ਨਿਸ਼ਾਨਾ ਬਣਾ ਰਿਹਾ ਹੈ ਜਿਥੇ ਔਰਤਾਂ ਦੀ ਇਜ਼ਾਰੇਦਾਰੀ ਹੈ—ਜਿਵੇਂ ਲਾਜੀਸਿਟਕਸ, ਸਿਹਤ ਦਾ ਖੇਤਰ, ਕਲਾ ਅਤੇ ਦਫਤਰ ਵਿਚ ਕੀਤੀ ਜਾਣ ਵਾਲੀ 9 ਤੋਂ 5 ਵਾਲੀ ਨੌਕਰੀ | ਕਹਿਣ ਦਾ ਮਤਲਬ ਆਪਣੇ ਸ਼ੁਰੂਆਤੀ ਹਮਲੇ ਵਿਚ ਰੋਬੋਟ ਮਰਦਾਂ ਤੋਂ ਜ਼ਿਆਦਾ ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ |
'ਦ ਏਜ ਆਫ ਲਿਵਿੰਗ ਇੰਟੈਲੀਜੈਂਟ ਸਿਸਟਮ ਐਾਡ ਅੰਡਰਾਇਡ ਸੁਸਾਇਟੀ' ਨਾਂਅ ਨਾਲ ਛਪੇ ਆਪਣੇ ਇਕ ਲੇਖ ਵਿਚ ਡਾ: ਡੇਵਿਡ ਹਾਂਸਨ ਨੇ ਲਿਖਿਆ ਹੈ ਕਿ ਬਹੁਤ ਜਲਦੀ ਅੰਡਰਾਇਡ ਆਧਾਰਿਤ ਰੋਬੋਟ ਇਨਸਾਨ ਨਾਲ ਵਿਆਹ ਕਰਨ ਲਾਇਕ ਵੀ ਹੋ ਜਾਣਗੇ | ਇਹੀ ਨਹੀਂ ਉਦੋਂ ਉਨ੍ਹਾਂ ਵਿਚੋਂ ਵੀ ਇਨਸਾਨਾਂ ਵਾਲੀਆਂ ਘਾਟਾਂ ਭਾਵ ਜ਼ਰ, ਜ਼ੋਰੂ ਅਤੇ ਜ਼ਮੀਨ ਦਾ ਅੰਤਹੀਣ ਲਾਲਚ ਪੈਦਾ ਹੋ ਜਾਵੇਗਾ ਕਿਉਂਕਿ ਇਸੇ ਅਧਿਐਨ ਅਨੁਮਾਨ ਵਿਚ ਕਿਹਾ ਗਿਆ ਹੈ ਕਿ ਸਾਲ 2045 ਤੱਕ ਇਸ ਤਰ੍ਹਾਂ ਦੇ ਰੋਬੋਟ ਵੀ ਬਾਜ਼ਾਰ ਵਿਚ ਹੋਣਗੇ ਜੋ ਜ਼ਮੀਨ ਦੀ ਖਰੀਦੋ-ਫਰੋਖਤ ਵਿਚ ਰੁਚੀ ਰੱਖਣ ਦੇ ਨਾਲ-ਨਾਲ ਵੋਟ ਪਾਉਣ ਲਈ ਵੀ ਉਤਸ਼ਾਹੀ ਹੋਣਗੇ | ਕੁੱਲ ਮਿਲਾ ਕੇ ਰੋਬੋਟਾਂ ਦੀ ਕਹਾਣੀ ਹੁਣ ਕਾਗਜ਼ ਵਿਚ ਉਤਾਰੀ ਜਾਣ ਵਾਲੀ ਕੋਈ ਕਥਾ ਨਹੀਂ ਰਹੀ ਬਲਕਿ ਹੁਣ ਇਹ ਰੋਜ਼ਮਰ੍ਹਾ ਦੀ ਗੁੰਝਲਾਂ ਭਰੀ ਜ਼ਿੰਦਗੀ ਦੀ ਹਕੀਕਤ ਬਣਨ ਵਾਲੇ ਹਨ |
••

ਸਰੀਰ ਦਾ ਬਿਰਧ ਹਾਲਤ 'ਚ ਪ੍ਰਵੇਸ਼

ਦਿ੍ਸ਼ਟਾਂਤਿਮਕ ਉਦਾਹਰਨਾਂ ਦੇਣ ਦੇ ਅਸੀਂ ਆਦੀ ਹਾਂ | ਅਜਿਹਾ ਅਸੀਂ ਉਲਝਵੀਆਂ ਪਰਿਸਥਿਤੀਆਂ ਨੂੰ ਸਮਝ ਸਕਣ ਲਈ ਕਰਦੇ ਰਹਿੰਦੇ ਹਾਂ | ਪਰ ਅਜਿਹੀਆਂ ਉਦਾਹਰਨਾਂ ਨੂੰ , ਤੱਥ ਨਹੀਂ ਸਮਝਣਾ ਚਾਹੀਦਾ | ਦਿਲ ਦੀ ਪੰਪ ਨਾਲ ਅਤੇ ਅੱਖ ਦੀ ਕੈਮਰੇ ਨਾਲ ਤਸ਼ਬੀਹ ਦਿੱਤੀ ਜਾ ਰਹੀ ਹੈ, ਜਦ ਕਿ ਦਿਲ ਅਤੇ ਅੱਖ ਪੰਪ ਅਤੇ ਕੈਮਰੇ ਨਾਲੋਂ ਕਿਧਰੇ ਵੱਧ ਨਿਪੁੰਨ, ਪ੍ਰਬੀਨ, ਕੁਸ਼ਲ, ਸਵੈ-ਚਾਲਕ ਸਰੀਰਕ ਉਪਕਰਨ ਹਨ | ਜੀਵਨ ਦਾ ਆਧਾਰ ਬਣੇ ਸੈ ੱਲਾਂ ਨੂੰ ਅਤੇ ਡੀ. ਐਨ. ਏ. ਨੂੰ ਵੀ ਅਨੁਰੂਪਕ ਦਿ੍ਸ਼ਟਾਂਤਾਂ ਦੁਆਰਾ ਸਮਝਣ ਦੇ ਯਤਨ ਕੀਤੇ ਜਾ ਰਹੇ ਹਨ | ਸੈ ੱਲ ਦੀ ਲੈਬਾਰਟਰੀ ਨਾਲ ਅਤੇ ਡੀ. ਐਨ. ਏ. ਦੀ ਵਲਾਂਗ੍ਰਸੀ ਗੋਲ ਡੰਡਿਆਂ ਵਾਲੀ ਪੌੜੀ ਨਾਲ ਤੁਲਣਾ ਕੀਤੀ ਜਾ ਰਹੀ ਹੈ, ਜਦ ਕਿ ਇਹ ਬਣੇ ਰਹਿਣ ਵਾਲੇ ਅਜਿਹੇ ਕਰਾਮਾਤੀ ਕਿ੍ਸ਼ਮੇ ਹਨ, ਜਿਹੜੇ ਸਾਡੇ ਸਮਝ ਸਕਣ ਤੋਂ ਵੀ ਵੱਧ ਉਲਝੇ ਹੋਏ ਹਨ |
ਡੀ. ਐਨ. ਏ., ਇਕ ਤਰ੍ਹਾਂ, ਅਮਰ ਹੈ | ਪਿਛਲੇ ਲਗਭਗ 4 ਅਰਬ ਵਰਿ੍ਹਆਂ ਤੋਂ ਇਹ ਜੀਵਨ ਦਾ ਸ੍ਰੋਤ ਬਣਿਆ ਆ ਰਿਹਾ ਹੈ | ਇਸ ਦੇ ਬਣੇ ਰਹਿਣ 'ਚ ਕਿਧਰੇ ਵਿਘਨ ਨਹੀਂ ਪਿਆ | ਇਸ ਤੋਂ ਕੋਈ ਗ਼ਲਤੀ ਅਜਿਹੀ ਨਹੀਂ ਹੋਈ ਕਿ ਇਹ ਆਪਣੀ ਵਿਸ਼ੇਸ਼ਤਾ ਗੁਆ ਕੇ ਮਿੱਟ ਗਿਆ ਹੋਵੇ | ਇਸ ਦਾ ਉਸ ਸਮੇਂ ਤਕ ਬਣੇ ਰਹਿਣਾ ਨਿਸਚਿਤ ਹੈ, ਜਦ ਤਕ ਪਿ੍ਥਵੀ ਉਪਰ ਜੀਵਨ ਨੂੰ ਚਲਦਿਆਂ ਰੱਖਣ ਵਾਲੇ ਹਾਲਾਤ ਮੌਜੂਦ ਹਨ | ਇਸ ਅੰਦਰਲੀ ਤਰਤੀਬ 'ਚ ਜਿਵੇਂ ਜਿਵੇਂ ਅੰਤਰ ਆਉਂਦੇ ਰਹੇ, ਨਵੀਆਂ ਨਵੀਆਂ ਜੀਵ-ਨਸਲਾਂ ਹੋਂਦ 'ਚ ਆਉਂਦੀਆਂ ਰਹੀਆਂ, ਜਿਹੜੀਆਂ ਨਿਸ਼ਚਿਤ ਅਵਧੀ ਤੱਕ ਬਣੇ ਰਹਿਣ ਉਪਰੰਤ ਲੁਪਤ ਹੁੰਦੀਆਂ ਰਹੀਆਂ |
ਡੀ. ਐਨ. ਏ. ਤਾਂ ਰਹੇਗਾ, ਪਰ ਇਸ ਦੀ ਜਿਹੜੀ ਵਿਉਂਤ ਮਨੁੱਖੀ ਹੋਂਦ ਦਾ ਆਧਾਰ ਹੈ, ਉਹ ਸਦਾ ਨਹੀਂ ਰਹੇਗੀ | ਇਸੇ ਵਿਉਂਤ 'ਚੋਂ, ਪਿਛਲੇ 60 ਲੱਖ ਵਰਿ੍ਹਆਂ ਦੌਰਾਨ, ਕਈ ਨਸਲਾਂ ਵਿਕਸਿਤ ਹੋਈਆਂ, ਜਿਹੜੀਆਂ ਸਿਵਾਏ ਇਕ ਦੇ ਸਭ ਲੁਪਤ ਹੋ ਗਈਆਂ | ਪਿੱਛੇ ਰਹਿ ਗਈ ਮਨੁੱਖ ਦੀ ਨਸਲ, ਅੱਜ, ਸੰਸਾਰ ਉਪਰ ਹਾਵੀ ਹੋਈ, ਜੀਵਨ ਪ੍ਰਤੀ ਵਾਪਰੀਆਂ ਇਤਿਹਾਸਕ ਘਟਨਾਵਾਂ ਨੂੰ ਅਨੁਭਵ ਕਰ ਸਕਣ ਯੋਗ ਵੀ ਹੈ | ਮਨੁੱਖ ਦੀ ਵਿਆਪਕ ਨਸਲ ਦੇ ਵੀ ਲੱਖਾਂ ਵਰ੍ਹੇ ਹੋਰ ਬਣੇ ਰਹਿਣ ਦੀ ਸੰਭਾਵਨਾ ਹੈ, ਜੇਕਰ ਇਹ ਆਤਮ-ਹੱਤਿਆ ਕਰਨ ਦੀ ਗ਼ਲਤੀ ਨਹੀਂ ਕਰੇਗਾ | ਜਿਵੇਂ ਮਨੁੱਖ ਅੱਜ ਰਹਿ ਰਿਹਾ ਹੈ, ਉਸ ਦੇ ਸਨਮੁੱਖ ਇਸ ਦੇ ਲੰਬੇ ਭਵਿੱਖ ਦੀ ਕੋਈ ਸੰਭਾਵਨਾ ਨਹੀਂ |
ਅੱਜ ਵਿਚਰ ਰਹੇ ਮਨੁੱਖ ਦੀ ਨਸਲ ਲੱਖ ਕੁ ਵਰ੍ਹੇ ਪਹਿਲਾਂ ਜਦ ਆਦਿ-ਮਨੁੱਖ ਤੋਂ ਵਿਕਸਿਤ ਹੋਈ ਸੀ, ਤਦ ਤੋਂ ਇਸ ਦੀ ਉਮਰ (ਆਯੂ) ਲੰਬੀ ਹੁੰਦੀ ਆ ਰਹੀ ਹੈ | ਮੁਢਲੇ ਸਮਿਆਂ 'ਚ 40 ਵਰਿ੍ਹਆਂ ਦੇ ਲਗਪਗ ਉਮਰ ਭੋਗ ਰਿਹਾ ਮਨੁੱਖ, ਅੱਜ, 100 ਵਰ੍ਹੇ ਜੀਵਨ ਭੋਗ ਸਕਣ ਦੀ ਆਸ ਨਾਲ ਜੀਵਨ ਬਿਤਾ ਰਿਹਾ ਹੈ ਅਤੇ ਇਹ ਆਸ ਕੁਝ ਵਿਅਕਤੀ ਪੂਰੀ ਕਰਕੇ ਸੰਸਾਰੋਂ ਵਿਦਾ ਹੋ ਵੀ ਰਹੇ ਹਨ | ਮਨੁੱਖ, ਹੋਰਨਾਂ ਪ੍ਰਾਣੀਆਂ ਦੇ ਟਾਕਰੇ, ਸੁਭਾਗਾ ਜੀਵ ਹੈ | ਨਾ ਇਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਬਣਦਾ ਹੈ ਅਤੇ ਨਾ ਹੀ ਪ੍ਰਜੀਵ ਇਸ ਨੂੰ ਲੋੜ ਤੋਂ ਵੱਧ ਪ੍ਰੇਸ਼ਾਨ ਕਰ ਰਹੇ ਹਨ | ਫਿਰ, ਬੀਤਦੇ ਸਮੇਂ ਨਾਲ, ਇਸ ਦੀ ਉਮਰ ਵੀ ਲੰਬੀ ਹੁੰਦੀ ਜਾ ਰਹੀ ਹੈ | ਆਦਿ-ਮਨੁੱਖ ਤਾਂ 20 ਵਰਿ੍ਹਆਂ ਦੀ ਉਮਰ ਭੋਗ ਲੈਣ ਉਪਰੰਤ ਹੀ ਮੁਰਝਾਉਣ ਲਗਦਾ ਸੀ, ਜਦ ਕਿ ਅੱਜ, 65 ਵਰਿ੍ਹਆਂ ਉਪਰੰਤ ਵੀ ਮੁਰਝਾਉਂਦਿਆਂ ਮਨੁੱਖ 20 ਵਰ੍ਹੇ ਹੋਰ ਲੰਘਾ ਛੱਡਦਾ ਹੈ | ਮੁਰਝਾਉਂਦਿਆਂ ਇਸ ਦੇ ਵਾਲ ਚਿੱਟੇ ਹੁੰਦੇ ਰਹਿੰਦੇ ਹਨ, ਸਰੀਰ ਲਚਕ ਗੁਆਉਂਦਾ ਹੋਇਆ, ਦੁਰਬਲ ਹੁੰਦਾ ਰਹਿੰਦਾ ਹੈ ਅਤੇ ਇਸ ਦੇ ਜੋੜ ਮੜੱਕਣ ਲੱਗਦੇ ਹਨ, ਸੁਣਨਾ ਘਟਦਾ ਰਹਿੰਦਾ ਹੈ ਅਤੇ ਨਜ਼ਰ ਧੁੰਦਲਾਉਣ ਲਗਦੀ ਹੈ | ਸਰੀਰ ਅੰਦਰਲੇ ਹੋਰ ਸਿਸਟਮ ਵੀ, ਇਕ ਇਕ ਕਰਕੇ, ਆਪੋ-ਆਪਣੀ ਕਿ੍ਆ ਨਿਭਾਉਣ 'ਚ ਪਛੜਨ ਲਗਦੇ ਹਨ |
ਮੁਢਲੇ ਇਕ ਸੈ ੱਲ, ਭਾਵ ਮਾਂ ਦੀ ਕੁੱਖ ਅੰਦਰਲੇ ਨਿਸ਼ੇਚੇ ਅੰਡੇ ਦੇ 47 ਵਾਰ ਹੋਏ ਵੰਡਾਰਿਆਂ ਦੁਆਰਾ ਦੁਹਰਾਏ ਜਾਣ ਨਾਲ, 9 ਮਹੀਨਿਆਂ ਉਪਰੰਤ, ਖ਼ਰਬਾਂ ਸੈ ੱਲਾਂ ਦਾ ਬਣਿਆ ਬੱਚਾ ਜਨਮ ਲੈ ਲੈਂਦਾ ਹੈ | ਅਜਿਹਾ ਹੋਏ ਹੋਣ 'ਚ ਵਿਸ਼ਵਾਸ ਕਰਨਾ ਸਹਿਲ ਨਹੀਂ, ਪਰ ਹੁੰਦਾ ਇੰਜ ਹੀ ਹੈ | ਫਿਰ, ਕੁਝ ਕੁ ਸੌ ਹੋਰ ਵੰਡਾਰਿਆਂ ਉਪਰੰਤ ਬੱਚਾ, ਭਿੰਨ-ਭਿੰਨ ਅਵਸਥਾਵਾਂ ਪਾਰ ਕਰਕੇ, ਬਿਰਧ ਅਵਸਥਾ 'ਚ ਪ੍ਰਵੇਸ਼ ਕਰ ਜਾਂਦਾ ਹੈ | ਸਰੀਰ ਦੇ ਬਿਰਧ ਹੋਣ ਤੋਂ ਪਹਿਲਾਂ ਹੀ, ਡੀ. ਐਨ. ਏ. ਅਗਲੀ ਪੁਸ਼ਤ ਅੰਦਰ ਜਾ ਡੇਰਾ ਲਾਉਂਦਾ ਹੈ | ਇਸ ਤਰ੍ਹਾਂ, ਸਰੀਰ ਦੇ ਨਸ਼ਟ ਹੋਣ ਤੋਂ ਪਹਿਲਾਂ ਪਹਿਲਾਂ ਡੀ. ਐਨ. ਏ. ਬਣਿਆ-ਬਣਾਇਆ, ਪੁਸ਼ਤ-ਦਰ-ਪੁਸ਼ਤ, ਅਗਾਂਹ ਤੋਂ ਅਗਾਂਹ ਪ੍ਰਸਾਰਿਤ ਹੁੰਦਾ ਰਹਿੰਦਾ ਹੈ |
ਸਰੀਰ ਬਿਰਧ ਇਸ ਲਈ ਹੁੰਦਾ ਹੈ, ਕਿਉਂਕਿ ਸੈ ੱਲਾਂ ਅੰਦਰ ਸਮਾਇਆ ਡੀ. ਐਨ. ਏ., ਦੋ ਬਣਦਾ ਬਣਦਾ, ਹਾਰ ਹੰਭ ਕੇ ਵੰਡਾਰਿਆਂ ਦੇ ਯੋਗ ਨਹੀਂ ਰਹਿੰਦਾ ਅਤੇ ਤਦ ਪ੍ਰਤੀਕਿਰਿਆਵਾਂ ਨਿਭਾਅ-ਨਿਭਾਅ ਕੇ ਨਸ਼ਟ ਹੋ ਰਹੇ ਸੈ ੱਲਾਂ ਦਾ ਸਥਾਨ ਨਵੇਂ ਸੈ ੱਲ ਨਹੀਂ ਲੈਂਦੇ | ਸਾਡੇ ਸੈ ੱਲਾਂ ਵਿਚੇ ਡੀ. ਐਨ. ਏ. ਫਾਂਕਾਂ 'ਚ ਵੰਡਿਆ ਹੋਇਆ ਹੈ ਜਿਹੜੇ 23 ਜੋੜੇ ਕ੍ਰੋਮੋਸੋਮਾਂ ਦੇ ਸਾਡੇ ਸੈ ੱਲਾਂ ਵਿਖੇ ਹਨ, ਉਹ ਗੁੱਛਾ-ਮੁੱਛਾ ਹੋਏ ਡੀ. ਐਨ. ਏ. ਦੀਆਂ ਹੀ ਫਾਂਕਾਂ ਹਨ | ਇਨ੍ਹਾਂ ਕ੍ਰੋਮੋੋਸੋਮਾਂ ਦੇ ਇਕ ਸਿਰੇ ਤੇ ਨਿਰਅਰਥ ਖਾਰੀ ਜੋੜੇ ਇਕ ਵਧਾਅ ਦੇ ਰੂਪ 'ਚ ਫਿੱਟ ਹਨ | ਇਸ ਵਧਾਅ ਨੂੰ ਟੀਲੋਮੀਅਰ ਸੱਦਿਆ ਜਾ ਰਿਹਾ ਹੈ | ਇਸ ਯੂਨਾਨੀ ਸ਼ਬਦ ਦੇ ਅਰਥ ਹਨ : 'ਸਿਰੇ ਦਾ ਭਾਗ', ਜਿਹੜਾ ਹਰ ਇਕ ਸੈ ੱਲ-ਵੰਡਾਰੇ ਉਪਰੰਤ ਥੋੜ੍ਹਾ ਕੁ ਘਿਸ ਜਾਂਦਾ ਹੈ | ਸਰੀਰ ਤਦ ਬਿਰਧ ਅਵਸਥਾ 'ਚ ਪ੍ਰਵੇਸ਼ ਕਰ ਜਾਂਦਾ ਹੈ, ਜਦ ਇਸ ਅੰਦਰਲੇ ਸੈ ੱਲ ਵੰਡਾਰਿਆਂ ਦੇ ਯੋਗ ਨਹੀਂ ਰਹਿੰਦੇ ਅਤੇ ਇਹ ਵੰਡਾਰਿਆਂ ਦੇ ਯੋਗ ਇਸ ਲਈ ਨਹੀਂ ਰਹਿੰਦੇ ਕਿਉਂਕਿ ਇਨ੍ਹਾਂ ਦੇ ਕ੍ਰੋਮੋਸੋਮਾਂ ਨਾਲ ਜੜਿਆ ਟੀਲੋਮੀਅਰ, ਸਮੇਂ ਨਾਲ ਘਿਸਦਾ ਹੋਇਆ, ਮਾਮੂਲੀ ਆਕਾਰ ਦਾ ਰਹਿ ਜਾਂਦਾ ਹੈ | ਹਰ ਵਰ੍ਹੇ ਇਸ ਟੀਲੋਮੀਅਰ ਦੇ 30-32 ਖਾਰੀ ਜੋੜੇ ਘੱਟਦੇ ਰਹਿੰਦੇ ਹਨ | 60-65 ਵਰਿ੍ਹਆਂ ਉਪਰੰਤ ਬੌਣੇ ਰਹਿ ਗਏ ਟੀਲੋਮੀਅਰ ਕਾਰਨ ਸੈ ੱਲ, ਨਵੇਂ ਹੋਇਆਂ ਬਿਨਾਂ, ਨਸ਼ਟ ਹੋਣ ਲਗਦੇ ਹਨ |
ਜੇਕਰ ਅਜਿਹਾ ਹੈ, ਤਦ ਪ੍ਰਸ਼ਨ ਇਹ ਵੀ ਹੈ ਕਿ ਉਮਰ ਦੇ ਨਿਸ਼ਚਿਤ ਪੜਾਅ 'ਤੇ ਸਭ ਇਕਸਾਰ ਬਿਰਧ ਕਿਉਂ ਨਹੀਂ ਹੁੰਦੇ ? ਅਜਿਹਾ ਇਸ ਲਈ ਨਹੀਂ ਹੁੰਦਾ, ਕਿਉਂਕਿ ਸਭਨਾਂ 'ਚ ਟੀਲੋਮੀਅਰ ਦਾ ਇਕਸਾਰ ਆਕਾਰ ਨਹੀਂ, ਟੀਲੋਮੀਅਰ ਦਾ ਆਕਾਰ ਕਿਸੇ 'ਚ ਛੋਟਾ ਹੈ ਅਤੇ ਕਿਸੇ 'ਚ ਲੰਬਾ | ਫਿਰ, ਵਿਅਕਤੀ ਦੇ ਅਪਣਾਏ ਜੀਵਨ-ਢੰਗ 'ਤੇ ਵੀ ਇਹ ਨਿਰਭਰ ਹੈ ਕਿ ਕਿਸ ਦੇ ਸੈ ੱਲ ਨਵੇਂ ਹੋਣ ਨੂੰ ਕਿੰਨੇ ਕੁ ਸਮੇਂ ਉਪਰੰਤ ਤਾਂਘਣ ਲਗਦੇ ਹਨ? ਪੌਸ਼ਟਿਕ ਭੋਜਨ ਅਤੇ ਨਿਰਮਲ ਜਲ-ਪੌਣ ਉਪਰ ਪਲ ਰਹੇ ਅਤੇ ਰਚਨਾਤਮਿਕ ਆਹਰੇ ਲੱਗੇ ਅਰੋਗ ਸਰੀਰ ਵਿਚ ਸੈ ੱਲ ਵੱਧ ਸਮੇਂ ਤਕ ਕਿ੍ਆਸ਼ੀਲ ਰਹਿੰਦੇ ਹਨ ਅਤੇ ਵੱਧ ਸਮੇਂ ਉਪਰੰਤ ਹੀ ਨਵੇਂ ਹੋਣ ਲਈ ਤਾਂਘਦੇ ਹਨ | ਵਿਰੋਧੀ ਹਾਲਤਾਂ ਨਾਲ ਝੂਜ ਰਹੇ ਸਰੀਰ 'ਚ ਅਜਿਹਾ ਨਹੀਂ ਹੁੰਦਾ | ਫਿਰ, ਸਾਡਾ ਜੀਨ ਵਿਰਸਾ ਵੀ ਤਾਂ ਇਕਸਾਰ ਨਹੀਂ | ਟੀਲੋਮੀਅਰ ਦੀ ਲੰਬਾਈ ਵੀ, ਜੀਨਾਂ ਵਾਂਗ, ਵਿਰਸੇ 'ਚ ਮਿਲਣ ਯੋਗ ਹੈ | ਹਰ ਇਕ ਸੈ ੱਲ ਦੇ ਵੰਡੇ ਜਾਣ ਉਪਰੰਤ ਕ੍ਰੋਮੋਸੋਮਾਂ ਨਾਲ ਜੜੇ ਟੀਲੋਮੀਅਰ ਦੀ ਲੰਬਾਈ ਕਿਉਂਕਿ ਘੱਟ ਜਾਂਦੀ ਹੈ, ਜਿਸ ਕਾਰਨ ਉਮਰ ਵੀ ਉਸੇ ਅਨੁਪਾਤ ਨਾਲ ਘਟਦੀ ਰਹਿੰਦੀ ਹੈ | ਸਪਸ਼ਟ ਹੈ ਕਿ ਇਕ ਵਿਅਕਤੀ ਦੀ ਲੰਬੀ ਉਮਰ ਦਾ ਭੇਦ, ਇਸ ਦੇ ਸੈ ੱਲਾਂ ਦਾ ਘੱਟ ਵਾਰ ਵੰਡੇ ਜਾਣਾ ਹੈ | ਅਜਿਹੇ ਕੁਝ ਕਾਰਨ ਹਨ ਕਿ ਸਭ, ਇਕ ਸਮੇਂ, ਬਿਰਧ ਅਵਸਥਾ 'ਚ ਪ੍ਰਵੇਸ਼ ਨਹੀਂ ਕਰਦੇ |
ਸਾਡੇ ਸਰੀਰ ਨੂੰ ਤੋੜਨ-ਮਰੋੜਨ 'ਚ ਅਤੇ ਛੇਤੀ ਬੁੱਢਾ ਬਣਾਉਣ 'ਚ ਇਕ ਹੋਰ ਤੱਤ ਦਾ ਵੀ ਹੱਥ ਹੈ | ਇਹ ਤੱਤ ਹੈ ਸਾਡੇ ਜੀਵਨ ਦਾ ਆਧਾਰ, ਆਕਸੀਜ਼ਨ, ਜਿਹੜੀ ਸਵਾਸ ਦੁਆਰਾ ਸਰੀਰ ਅੰਦਰ ਲਗਾਤਾਰ ਪ੍ਰਵੇਸ਼ ਕਰ ਰਹੀ ਹੈ | ਇਸ ਦੀ ਸਰੀਰ ਨੂੰ ਊਰਜਾ ਉਪਜਾਉਣ ਲਈ ਲੋੜ ਰਹਿੰਦੀ ਹੈ | ਸਰੀਰ ਵਿਖੇ ਪ੍ਰਵੇਸ਼ ਕਰ ਰਹੀ ਆਕਸੀਜਨ ਜੇਕਰ ਅਣਵਰਤੀ ਰਹਿ ਜਾਵੇ, ਤਦ ਇਹ ਸਰੀਰ ਨੂੰ ਉਂਜ ਹੀ ਖੋਰਨ ਲੱਗਦੀ ਹੈ, ਜਿਵੇਂ ਕਿ ਇਹ ਲੋਹੇ ਨੂੰ ਖੋਰ ਰਹੀ ਹੈ | ਲੋਹੇ ਨੂੰ ਲੱਗਿਆ ਜੰਗਾਲ ਆਕਸੀਜ਼ਨ ਦੀ ਅਜਿਹੀ ਪ੍ਰਕਿ੍ਆ ਦਾ ਹੀ ਸਿੱਟਾ ਹੈ | ਇਸ ਕਾਰਨ ਵੀ ਸਰੀਰ ਦੇ ਸੈ ੱਲ ਨਿਰਧਾਰਤ ਸਮੇਂ ਤੋਂ ਪਹਿਲਾਂ ਨਸ਼ਟ ਹੋਣ ਲਗਦੇ ਹਨ ਅਤੇ ਇਨ੍ਹਾਂ ਦਾ ਥਾਂ ਲੈਣ ਲਈ ਨਵੇਂ ਸੈ ੱਲਾਂ ਦੀ ਉਪਜ ਲਾਜ਼ਮੀ ਹੋ ਜਾਂਦੀ ਹੈ, ਜਿਸ ਦੇ ਸਿੱਟੇ ਵਜੋਂ ਟੀਲੋਮੀਅਰ ਛੇਤੀ ਛੇਤੀ ਉਧੜਨ ਲਗਦਾ ਹੈ | ਮਾਨਸਿਕ ਅਤੇ ਸਰੀਰਕ ਸਰਗਰਮੀਆਂ ਬਿਨਾਂ ਬਿਤਾਇਆ ਜਾ ਰਿਹਾ ਜੀਵਨ, ਇਸ ਤਰ੍ਹਾਂ ਉਮਰ ਦੀ ਮਿਆਦ ਨੂੰ ਵੀ ਉਲਟੀ ਦਿਸ਼ਾ 'ਚ ਪ੍ਰਭਾਵਿਤ ਕਰਨ ਯੋਗ ਹੈ |
ਉਮਰ ਦੀ ਮਿਆਦ ਨੂੰ ਵਿਰਸੇ 'ਚ ਮਿਲੇ ਜੀਨ ਵੀ ਸਿੱਧਿਆਂ ਜਾਂ ਅਸਿੱਧਿਆਂ ਪ੍ਰਭਾਵਿਤ ਕਰਨਯੋਗ ਹਨ | ਵਿਰਸੇ 'ਚ ਮਿਲੇ ਜੀਨਾਂ 'ਚੋਂ 10 ਪ੍ਰਤੀਸ਼ਤ ਦਾ ਉਮਰ ਦਾ ਸਮੇਂ ਨਾਲ ਡੂੰਘਾ ਸਬੰਧ ਹੈ | ਜਿਵੇਂ-ਜਿਵੇਂ ਉਮਰ ਬੀਤਦੀ ਹੈ, ਅਜਿਹੇ ਜੀਨਾਂ 'ਚ ਬਦਲਾਓ ਆਉਣਾ ਸੁਭਾਵਕ ਹੈ, ਜਿਹੜੇ ਕਿ੍ਆਸ਼ੀਲ ਹਨ | ਜੀਨਾਂ 'ਚ ਆਏ ਬਦਲਾਓ ਕਾਰਨ ਵੀ ਸੈ ੱਲ ਆਪੋ-ਆਪਣੀ ਕਿ੍ਆ 'ਚ ਥਿੜਕਣ ਲੱਗਦੇ ਹਨ ਅਤੇ ਸਰੀਰ ਬਿਰਧ ਹੋਣ ਲੱਗਦਾ ਹੈ | ਬਿਰਧ ਹੋ ਰਹੇ ਸਰੀਰ ਦੇ ਅਜਿਹੇ ਰੋਗਾਂ 'ਚ ਵੀ ਘਿਰ ਜਾਣ ਦੀ ਸੰਭਾਵਨਾਂ ਹੁੰਦੀ ਹੈ, ਜਿਹੜੇ ਪਹਿਲਾਂ ਇਸ ਨੂੰ ਪ੍ਰੇਸ਼ਾਨ ਨਹੀਂ ਕਰਦੇ | ਇਸੇ ਸਮੇਂ, ਸ਼ਾਂਤ ਅਵਸਥਾ 'ਚ ਵਿਚਰ ਰਹੇ ਕਈ ਜੀਨ, ਲੋੜ ਨਾ ਹੁੰਦਿਆਂ ਵੀ, ਉਤੇਜਿਤ ਹੋ ਕੇ ਸਰਗਰਮ ਰਹਿਣ ਲੱਗਦੇ ਹਨ |
ਟੀਲੋਮੀਅਰੇਜ਼ ਨਾਂਅ ਦਾ ਐਨਜ਼ਾਈਮ ਉਪਜਾ ਰਿਹਾ ਜੀਨ ਲੰਬੀ ਉਮਰ ਭੋਗ ਰਹੇ ਵਿਅਕਤੀਆਂ 'ਚ ਵੱਧ ਸਰਗਰਮ ਰਹਿੰਦਾ ਹੈ | ਲੰਬੀ ਉਮਰ ਭੋਗ ਰਹੇ ਵਿਅਕਤੀਆਂ 'ਚ ਇਹ ਐਨਜ਼ਾਈਮ ਛੋਟੇ ਹੁੰਦੇ ਜਾ ਰਹੇ ਟੀਲੋਮੀਅਰ ਦੀ ਮੁਰੰਮਤ ਵੀ ਕਰਦਾ ਰਹਿੰਦਾ ਹੈ | ਇਸੇ ਕਾਰਨ ਫ੍ਰਾਂਸੀਸੀ ਇਸਤ੍ਰਰੀ ਜੀਨ ਕਾਮਨ (7eanne 3almen) 122 ਵਰ੍ਹੇ ਦੀ ਉਮਰ ਭੋਗ ਕੇ, 1971'ਚ ਪੂਰੀ ਹੋਈ | ਕੋਈ ਨਹੀਂ ਜਾਣਦਾ ਕਿ ਉਮਰ ਦੇ ਪ੍ਰਸੰਗ 'ਚ ਕਿਸ ਦੀ ਕੀ ਸਥਿਤੀ ਹੈ ? ਕੀ ਉਸ ਨੂੰ ਵਿਰਸੇ 'ਚ ਮਿਲਿਆ ਹੋਇਆ ਹੈ ਅਤੇ ਕੀ ਨਹੀਂ ? ਲੋੜ ਹੈ ਤਾਂ ਸਦਾ ਨਿਗਾਹ ਉਤਾਂਹ ਰੱਖੀ ਰੱਖਣ ਦੀ ਅਤੇ ਆਹਰੇ ਲੱਗੇ ਰਹਿਣ ਦੀ | ਜਦ ਤਕ ਜੀਵਨ ਹੈ, ਇਸ ਦਾ ਤਿਆਗ ਨਹੀਂ ਸ਼ੋਭਦਾ | ਜੋ ਕੁਝ ਕੋਈ ਜਿਵੇਂ ਚਾਹੁੰਦਾ ਹੈ, ਜ਼ਰੂਰੀ ਨਹੀਂ ਕਿ ਉਹ ਉਂਜ ਵਾਪਰਦਾ ਹੀ ਹੈ ਅਤੇ ਕਿਸੇ ਦਾ ਵੀ ਅੰਤ, ਉਸ ਦੇ ਆਪਣੇ ਹੱਥ ਨਹੀਂ :
''ਮੈਨੇ ਚਾਹਾ ਥਾ ਕਿ ਅੰਦੋਹ-ਏ-ਵਫਾ ਸੇ ਛੂਟੂੰ,
ਵੋਹ ਸਿਤਮਗਰ ਮੇਰੇ ਮਰਨੇ ਪੇ ਭੀ ਰਾਜ਼ੀ ਨਾ ਹੂਆ |'
(ਮੈਂ ਭਾਵੇਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਲੋਚਦਾ ਰਿਹਾ, ਪਰ ਸਰੀਰ ਨੇ ਇਸ ਦੀ ਆਗਿਆ ਮੈਨੂੰ ਨਹੀਂ ਸੀ ਦਿੱਤੀ |)

-ਫੋਨ : 0175-2214547

ਮੁਮਤਾਜ ਮਹਿਲ ਤੋਂ ਤਾਜ ਮਹਿਲ ਤੱਕ

ਜਿਉਂ-ਜਿਉਂ ਸਮਾਂ ਗੁਜ਼ਰਦਾ ਗਿਆ ਤਕਨਾਲੋਜੀ ਵੀ ਸਮੇਂ ਦੇ ਦੌਰ ਨਾਲ ਆਪਣੇ ਸਿਖਰ 'ਤੇ ਪਹੁੰਚਦੀ ਗਈ | ਹਰ ਖੇਤਰ ਵਿਚ ਨਵੀਂ ਤਕਨਾਲੋਜੀ ਪੁਰਾਣੀ ਨੂੰ ਫੇਲ੍ਹ ਕਰਦੀ ਗਈ ਪਰ ਜੇ ਪੁਰਾਣੇ ਸਮੇਂ ਦੀਆਂ ਕੁਝ ਇਮਾਰਤਾਂ ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਪੁਰਾਤਨ ਇਮਾਰਤਾਂ ਵਿਚ ਵਰਤੀ ਗਈ ਤਕਨੀਕ ਜਾਂ ਤਕਨਾਲੋਜੀ ਅੱਜ ਦੀ ਆਧੁਨਿਕ ਤਕਨਾਲੋਜੀ ਲਈ ਵੀ ਚੁਣੌਤੀ ਬਣੀ ਹੋਈ ਹੈ | ਅਜਿਹੀ ਹੀ ਬੇਮਿਸਾਲ ਕਲਾ ਦਾ ਨਮੂਨਾ ਹੈ ਤਾਜ ਮਹਿਲ ਜੋ ਕਿ ਦੁਨੀਆ ਦੀਆਂ ਅਦਭੁੱਦ ਇਮਾਰਤਾਂ ਵਿਚੋਂ ਇਕ ਹੈ ਜਿਸ ਦੀ ਸੁੰਦਰਤਾ ਨੂੰ ਦੇਖਣ ਲਈ ਰੋਜ਼ਾਨਾ ਹੀ ਪੂਰੀ ਦੁਨੀਆ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚਦੇ ਹਨ | ਤਾਜ ਮਹਿਲ ਜੋ ਆਗਰਾ ਵਿਚ ਸਥਿਤ ਇਕ ਮਕਬਰਾ ਹੈ ਜਿਸ ਵਿਚ ਮੁਗ਼ਲ ਕਾਲ ਦੇ ਮਹਾਨ ਬਾਦਸ਼ਾਹ ਸ਼ਾਹ ਜਹਾਨ ਤੇ ਉਸ ਦੀ ਸਭ ਤੋਂ ਪਿਆਰੀ ਬੇਗ਼ਮ ਮੁਮਤਾਜ ਮਹਿਲ ਦੀ ਕਬਰ ਹੈ | ਆਧੁਨਿਕ ਤਕਨਾਲੋਜੀ ਦੇ ਮਾਹਿਰਾਂ ਲਈ ਤਾਜ ਮਹਿਲ ਅੱਜ ਵੀ ਮੁਗ਼ਲ ਕਾਲ ਦੀ ਇੰਜੀਨੀਅਰਿੰਗ ਦਾ ਇਕ ਮਹਾਨ ਨਮੂਨਾ ਬਣਿਆ ਹੋਇਆ ਹੈ | ਅੱਜ ਦੇ ਵਿਗਿਆਨਕ ਤੇ ਤਕਨਾਲੋਜੀ ਦੇ ਜ਼ਮਾਨੇ ਵਿਚ ਵੀ ਤਾਜ ਮਹਿਲ ਦਾ ਨਕਸ਼ਾ ਅਤੇ ਇਸ ਦੀ ਸੁੰਦਰਤਾ ਤੇ ਮਜ਼ਬੂਤੀ ਲਈ ਵਰਤੀ ਗਈ ਸਮੱਗਰੀ ਤੇ ਸਾਜ਼ੋ-ਸਾਮਾਨ ਇਕ ਮਿਸਾਲ ਬਣਿਆ ਹੋਇਆ ਹੈ | ਜੇ ਤਾਜ ਮਹਿਲ ਦੇ ਡਿਜ਼ਾਈਨ ਦੀ ਗੱਲ ਕੀਤੀ ਜਾਵੇ ਤਾਂ ਇਸ ਲਈ ਮੁਗ਼ਲ ਕਾਲ ਦੇ ਪਹਿਲਾਂ ਬਣੇ ਕਈ ਹੋਰ ਮਕਬਰਿਆਂ ਦੀ ਸਹਾਇਤਾ ਲਈ ਗਈ ਹੈ | ਤਾਜ ਦੀ ਇਮਾਰਤ ਦਾ ਜੇ ਬਾਰੀਕੀ ਨਾਲ ਅਧਿਐਨ ਕੀਤਾ ਜਾਏ ਤਾਂ ਪਤਾ ਲਗਦਾ ਹੈ ਕਿ ਉਸ ਸਮੇਂ ਦੇ ਰਾਜ ਮਿਸਤਰੀਆਂ ਤੇ ਹੋਰ ਕਾਮਿਆਂ ਵਲੋਂ ਇਮਾਰਤ ਬਣਾਉਣ ਸਮੇਂ ਹਰ ਇਕ ਛੋਟੀ ਤੋਂ ਛੋਟੀ ਗੱਲ ਤੇ ਸਮੱਸਿਆਵਾਂ ਨੂੰ ਪਹਿਲਾਂ ਹੀ ਭਾਂਪ ਕੇ ਤਾਜ ਦੀ ਇਮਾਰਤ ਨੂੰ ਬਹੁਤ ਹੀ ਧਿਆਨਪੂਰਵਕ ਰੱਖਿਆ ਗਿਆ ਹੈ | ਇਤਿਹਾਸਕਾਰਾਂ ਦੇ ਮੁਤਾਬਿਕ ਇਸ ਦੀਆਂ ਚਾਰੇ ਬਾਹਰੀ ਮਿਨਾਰਾਂ ਇਕ ਦੂਜੇ ਤੋਂ ਉਲਟ ਦਿਸ਼ਾ ਵਿਚ ਝੁਕੀਆਂ ਹੋਈਆਂ ਹਨ ਪਰ ਨਜ਼ਰ ਬਿਲਕੁਲ ਸਿੱਧੀਆਂ ਆਉਂਦੀਆਂ ਹਨ, ਇਹ ਇਸ ਲਈ ਹਨ ਤਾਂ ਜੋ ਭੁਚਾਲ ਆਉਣ 'ਤੇ ਇਹ ਤਾਜ ਮਹਿਲ ਦੇ ਉੱਪਰ ਡਿਗਣ ਦੀ ਬਜਾਏ ਬਾਹਰ ਦੀ ਤਰਫ ਡਿਗਣ ਤਾਂ ਜੋ ਅੰਦਰੂਨੀ ਇਮਾਰਤ ਨੂੰ ਕੋਈ ਨੁਕਸਾਨ ਨਾ ਹੋਵੇ | ਤਾਜ ਮਹਿਲ ਦਾ ਸਭ ਤੋਂ ਕਮਾਲ ਦਾ ਹਿੱਸਾ ਇਸਦਾ ਗੁੰਬਦ ਹੈ ਜੋ ਕਿ 40 ਮੀ. ਉੱਚਾ ਤੇ 4 ਮੀ. ਚੌੜਾ ਹੈ, ਜਿਸ ਨੇ ਆਪਣਾ ਵਜ਼ਨ ਬਿਨਾਂ ਕਿਸੇ ਸਹਾਰੇ ਤੋਂ ਖ਼ੁਦ ਚੁੱਕਿਆ ਹੋਇਆ ਹੈ, ਜੋ ਅੱਜ ਕਈ ਸੌ ਸਾਲ ਬਾਅਦ ਵੀ ਕਲਾਕਾਰੀ ਤੇ ਮਜ਼ਬੂਤੀ ਦੀ ਤਸਵੀਰ ਪੇਸ਼ ਕਰ ਰਿਹਾ ਹੈ | ਤਾਜ ਮਹਿਲ ਦੀ ਬਾਹਰੀ ਸੁੰਦਰਤਾ ਤੋਂ ਇਲਾਵਾ ਬਹੁਤ ਹੀ ਘੱਟ ਲੋਕ ਹਨ ਜੋ ਇਸ ਦੇ ਬਣਨ ਦਾ ਸਾਰਾ ਇਤਿਹਾਸ ਜਾਣਦੇ ਹਨ ਕਿ ਤਾਜ ਮਹਿਲ ਕਿਹੜੇ ਹਾਲਾਤ ਵਿਚ ਕਿਉਂ ਤੇ ਕਿਵੇਂ ਬਣਿਆ ਅਤੇ ਇਸ ਮਕਬਰੇ ਨੂੰ ਬਣ ਕੇ ਤਿਆਰ ਹੋਣ ਤੱਕ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਸ਼ਾਹ ਜਹਾਨ ਅਤੇ ਕਾਰੀਗਰਾਂ ਨੂੰ ਕਰਨਾ ਪਿਆ | ਛੋਟੀ ਉਮਰ ਵਿਚ ਹੀ ਭਾਵ 1612 ਈ: ਵਿਚ ਸ਼ਾਹ ਜਹਾਨ ਦਾ ਵਿਆਹ ਮੁਮਤਾਜ ਮਹਿਲ ਨਾਲ ਹੋ ਗਿਆ ਸੀ | ਮੁਮਤਾਜ ਮਹਿਲ ਅਸਲੀ ਨਾਂਅ ਅਰਜੁਮੰਦ ਬਾਨੋ ਸੀ | 1627 ਈ. ਵਿਚ ਜਹਾਂਗੀਰ ਦੀ ਮੌਤ ਹੋ ਗਈ ਮੌਕੇ ਦੇ ਹਾਲਾਤ ਸੰਭਾਲਦੇ ਹੋਏ ਰਾਜ ਗੱਦੀ ਦੀ ਲੜਾਈ ਵਿਚ ਸ਼ਾਹ ਜਹਾਨ ਆਪਣੇ ਭਰਾਵਾਂ ਦਾ ਕਤਲ ਕਰਕੇ 1628 ਈ. ਵਿਚ ਆਗਰੇ ਦੇ ਲਾਲ ਕਿਲ੍ਹੇ ਵਿਚ ਤਖ਼ਤ 'ਤੇ ਬੈਠਿਆ | ਬਹੁਤ ਹੀ ਘੱਟ ਸਮੇਂ ਵਿਚ ਸ਼ਾਹ ਜਹਾਨ ਨੇ ਆਪਣੇ ਰਾਜ ਨੂੰ ਉਚਾਈਆਂ 'ਤੇ ਲੈ ਆਂਦਾ ਸੀ | ਉਸ ਦੀਆਂ ਸਾਰੀਆਂ ਬੇਗ਼ਮਾਂ ਵਿਚੋਂ ਮੁੁਮਤਾਜ ਮਹਿਲ ਉਸਦੀ ਸਭ ਤੋਂ ਜ਼ਿਆਦਾ ਪਿਆਰੀ ਬੇਗ਼ਮ ਸੀ | ਮੁਮਤਾਜ ਮਹਿਲ ਸ਼ਾਹ ਜਹਾਨ ਦੀ ਬੇਗ਼ਮ ਹੋਣ ਦੇ ਨਾਲ-ਨਾਲ ਉਸਦੀ ਸਲਾਹਕਾਰ ਵੀ ਸੀ, ਜਿਸ ਕਾਰਨ ਉਹ ਹਰ ਸਮੇਂ ਸ਼ਾਹ ਜਹਾਨ ਦੇ ਨਾਲ ਹੀ ਰਹਿੰਦੀ ਸੀ | ਮੁੱਖ ਫੈਸਲੇ ਮੁਮਤਾਜ ਦੀ ਸਲਾਹ ਨਾਲ ਹੀ ਲਏ ਜਾਂਦੇ ਸਨ | 1629 ਈ: ਵਿਚ ਸ਼ਾਹ ਜਹਾਨ ਦੇ ਰਾਜ ਵਿਚ ਦੱਖਣੀ ਭਾਗ ਉੱਤੇ ਬਗ਼ਾਵਤ ਹੋ ਗਈ ਅਤੇ ਜੰਗ ਸ਼ੁਰੂ ਹੋ ਗਿਆ | ਮੁਮਤਾਜ ਮਹਿਲ ਇਹ ਸਾਰੇ ਜੰਗ ਦੇ ਸਮੇਂ ਵਿਚ ਸ਼ਾਹ ਜਹਾਨ ਦੇ ਨਾਲ ਹੀ ਸੀ | ਸ਼ਾਹ ਜਹਾਨ ਦੀਆਂ ਫ਼ੌਜਾਂ ਦੀ ਜਿੱਤਾਂ ਦੀ ਚੱਲ ਰਹੀ ਲੜੀ ਇਕ ਵੱਡੀ ਘਟਨਾ ਕਾਰਨ ਰੁਕ ਗਈ ਕਿਉਂਕਿ ਜੰਗ ਦੇ ਦੌਰਾਨ ਮੁਮਤਾਜ ਮਹਿਲ ਗਰਭਵਤੀ ਹੋ ਗਈ ਅਤੇ ਉਸ ਦੇ 14ਵੇਂ ਬੱਚੇ ਦੀ ਪੈਦਾਇਸ਼ ਸਮੇਂ ਮੁਸ਼ਕਿਲਾਂ ਆਉਣ ਕਾਰਨ ਹਾਲਾਤ ਨਾਜ਼ੁਕ ਬਣ ਗਏ ਸਨ | ਆਖਰ ਜੂਨ 1631 ਈ: ਵਿਚ ਇਕ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮੁਮਤਾਜ ਮਹਿਲ ਦੀ ਬੁਰਹਾਨਪੁਰ ਵਿਚ ਮੌਤ ਹੋ ਗਈ | ਉਸ ਬੱਚੀ ਦਾ ਨਾਂਅ ਗੋਹਾਰਾ ਬੇਗ਼ਮ ਰੱਖਿਆ ਗਿਆ ਸੀ | ਇਤਿਹਾਸਕਾਰਾਂ ਵਲੋਂ ਕਿਹਾ ਜਾਂਦਾ ਹੈ ਕਿ ਮੁਮਤਾਜ ਨੇ ਮਰਨ ਤੋਂ ਪਹਿਲਾਂ ਸ਼ਾਹ ਜਹਾਨ ਨੂੰ ਉਸ ਦੀ ਅਜਿਹੀ ਕਬਰ ਬਣਾਉਣ ਦੀ ਇੱਛਾ ਪ੍ਰਗਟ ਕੀਤੀ ਸੀ ਜੋ ਪੁੂਰੀ ਦੁਨੀਆ ਵਿਚ ਸਭ ਤੋਂ ਅਦਭੁੱਤ ਹੋਵੇ | ਮੁਮਤਾਜ ਦੀ ਮੌਤ ਤੋਂ ਛੇ ਮਹੀਨੇ ਬਾਅਦ ਤਾਜ ਮਹਿਲ ਦਾ ਕੰਮ ਸ਼ੁਰੂ ਹੋ ਗਿਆ ਸੀ | ਇਹ ਪ੍ਰਾਜੈਕਟ ਉਸ ਕਾਲ ਦਾ ਸਭ ਤੋਂ ਵੱਡਾ ਤੇ ਖ਼ੂੁਬਸੂਰਤ ਪ੍ਰਾਜੈਕਟ ਸੀ ਅਤੇ ਬਹੁਤ ਮਹਿੰਗਾ ਸਾਬਤ ਹੋਇਆ | ਲਗਪਗ 22 ਹਜ਼ਾਰ ਤੋਂ ਜ਼ਿਆਦਾ ਮਜ਼ਦੂਰ, ਮਿਸਤਰੀ ਅਤੇ ਕਲਾ ਤੇ ਸ਼ਿਲਪ ਦੇ ਮਾਹਿਰ ਤੇ ਹੋਰ ਕਾਮਿਆਂ ਨੂੰ ਦੁਨੀਆ ਭਰ ਤੋਂ ਲੱਭ ਕੇ ਲਿਆਂਦਾ ਗਿਆ ਤੇ ਤਾਜ ਦੀ ਇਮਾਰਤ ਦਾ ਕੰਮ ਆਰੰਭਿਆ ਗਿਆ | ਦੁਨੀਆ ਭਰ ਦਾ ਸਭ ਤੋਂ ਮਹਿੰਗਾ ਚਿੱਟਾ ਸੰਗਮਰਮਰ ਮਕਰਾਣੇ ਰਾਜਸਥਾਨ ਤੋਂ ਬਹੁਤ ਹੀ ਮੁਸ਼ਕਿਲਾਂ ਨਾਲ ਮੰਗਵਾ ਕੇ ਤਾਜ ਮਹਿਲ ਦੇ ਢਾਂਚੇ ਨੂੰ ਢੱਕਿਆ ਗਿਆ ਤੇ ਇਸ ਤੋਂ ਇਲਾਵਾ ਈਰਾਨ, ਬਗਦਾਦ, ਅਫਗਾਨਿਸਤਾਨ ਤੇ ਹੋਰਾਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਇਸ ਲਈ ਮਹਿੰਗੇ ਮੁੱਲ ਤੇ ਸਮੱਗਰੀ ਮੰਗਵਾਈ ਗਈ | ਰਾਜਸੀ ਅਤੇ ਹੋਰ ਅਨੇਕਾਂ ਮੁਸ਼ਕਿਲਾਂ ਦੇ ਬਾਅਦ 12 ਸਾਲ ਦਾ ਸਮਾਂ ਲੱਗਣ ਤੋਂ ਬਾਅਦ 1643 ਈ. ਵਿਚ ਤਾਜ ਮਹਿਲ ਬਣ ਕੇ ਤਿਆਰ ਹੋ ਗਿਆ ਸੀ, ਪਰ ਇਸਦਾ ਰਹਿੰਦਾ ਹਿੱਸਾ ਬਣਨ ਵਿਚ ਹੋਰ 10 ਸਾਲ ਲੱਗੇ ਤੇ ਆਖਰ 1653 ਈ: ਵਿਚ ਪੂਰਾ ਤਾਜ ਮਹਿਲ ਬਣ ਕੇ ਤਿਆਰ ਹੋਇਆ | ਤਾਜ ਮਹਿਲ ਦਾ ਅੰਦਰੂਨੀ ਹਿੱਸਾ ਕੁਰਾਨ ਸ਼ਰੀਫ਼ ਦੀਆਂ 8 ਆਇਤਾਂ ਨੂੰ ਧਿਆਨ ਵਿਚ ਰੱਖਕੇ ਬਣਾਇਆ ਗਿਆ ਹੈ | ਇਸਦੇ ਅੰਦਰ ਅੱਠ ਚੈਂਬਰ ਬਣਾਏ ਗਏ ਜਿਸ ਵਿਚ ਮੁਮਤਾਜ ਦੀ ਕਬਰ ਹੈ | ਇਸਦੀ ਖ਼ੂੁਬਸੂਰਤੀ ਦਾ ਸਾਰਾ ਸਿਹਰਾ ਸ਼ਾਹ ਜਹਾਨ ਤੇ ਮੁਮਤਾਜ ਮਹਿਲ ਦੇ ਸਿਰ ਆਉਂਦਾ ਹੈ ਪਰ ਕਿਸੇ ਨੇ ਵੀ ਉਨ੍ਹਾਂ ਕਾਰੀਗਰਾਂ ਬਾਰੇ ਕਦੇ ਨਹੀਂ ਸੋਚਿਆ ਜਿਨ੍ਹਾਂ ਨੇ ਇੰਨੀਆਂ ਮੁਸ਼ਕਿਲਾਂ ਅਤੇ ਤਕਰਾਰਾਂ ਦੇ ਬਾਵਜੂਦ ਆਪਣੇ ਹੁਨਰ ਦੀ ਪੇਸ਼ਕਾਰੀ ਕਰਕੇ ਇਕ ਮਕਬਰੇ ਨੂੰ ਦੁਨੀਆ ਦੀ ਅਦਭੁੱਤ ਇਮਾਰਤ ਵਿਚ ਤਬਦੀਲ ਕਰਨ ਤੋਂ ਬਾਅਦ ਖੁਦ ਵੀ ਇਸ ਇਮਾਰਤ ਦੀ ਸੁੰਤਰਤਾ ਵਿਚ ਅਮਰ ਹੋ ਗਏ | ਸ਼ਾਹ ਜਹਾਨ ਦਾ ਰਾਜ 30 ਸਾਲ ਤੱਕ ਕਾਇਮ ਰਿਹਾ | ਸ਼ਾਹ ਜਹਾਨ ਤੇ ਮੁਮਤਾਜ ਦੇ ਪੁੱਤਰ ਔਰੰਗਜ਼ੇਬ ਨੇ 1658 ਈ. ਵਿਚ ਆਪਣੇ ਪਿਤਾ ਸ਼ਾਹ ਜਹਾਨ ਨੂੰ ਗੱਦੀ ਤੋਂ ਲਾਹ ਕੇ ਆਗਰੇ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਸੀ | ਚੋਟੀ ਦੇ ਬਾਦਸ਼ਾਹ ਨੇ ਕੈਦੀ ਬਣ ਕੇ ਆਪਣੇ ਆਖਰੀ ਦਿਨ ਜੇਲ੍ਹ ਵਿਚ ਕੱਟੇ ਤੇ ਉਸਨੂੰ ਕਦੇ ਵੀ ਦੁਬਾਰਾ ਮੌਤ ਤੱਕ ਕੈਦ ਚੋਂ ਬਾਹਰ ਨਹੀਂ ਕੱਢਿਆ ਗਿਆ | ਸ਼ਾਹ ਜਹਾਨ ਨੇ ਆਪਣੇ ਕਾਲ ਵਿਚ ਵਧੀਆ ਰਾਜ ਪ੍ਰਬੰਧ ਦੀ ਮਿਸਾਲ ਕਾਇਮ ਕੀਤੀ ਸੀ, ਪਰ ਜਿਵੇਂ ਕਿਹਾ ਜਾਂਦਾ ਹੈ ਕਿ ਹੱਦ ਤੋਂ ਜ਼ਿਆਦਾ ਕੀਤਾ ਪਿਆਰ ਤੇ ਹੱਦ ਤੋਂ ਜ਼ਿਅਦਾ ਕੀਤੀ ਗਈ ਨਫ਼ਰਤ ਇਕ ਦਿਨ ਪਤਨ ਦਾ ਕਾਰਨ ਬਣ ਜਾਂਦੀ ਹੈ | 1666 ਈ. ਵਿਚ 74 ਸਾਲ ਦੀ ਉਮਰ ਵਿਚ ਸ਼ਾਹ ਜਹਾਨ ਦੀ ਆਗਰੇ ਦੇ ਕਿਲ੍ਹੇ ਵਿਚ ਹੀ ਮੌਤ ਹੋ ਗਈ ਤੇ ਉਸ ਨੂੰ ਬਾਅਦ ਵਿਚ ਤਾਜ ਮਹਿਲ ਵਿਚ ਮੁਮਤਾਜ ਮਹਿਲ ਦੇ ਕੋਲ ਦਫ਼ਨਾ ਦਿੱਤਾ ਗਿਆ | ਪਰ ਜੇ ਅੱਜ ਵੀ ਉਸ ਸਮੇਂ ਦਾ ਅੰਦਾਜ਼ਾ ਲਗਾ ਕੇ ਤਾਜ ਮਹਿਲ ਦਾ ਅਧਿਐਨ ਕੀਤਾ ਜਾਂਦਾ ਹੈ ਤਾਂ ਸਾਨੂੰ ਮੁਗ਼ਲ ਕਾਲ ਦੀ ਮਹਾਨ ਇੰਜੀਨੀਰਿੰਗ ਇਕ ਵਾਰ ਸੋਚਣ ਨੂੰ ਮਜਬੂਰ ਕਰ ਦਿੰਦੀ ਹੈ | ਕਿ ਆਧੁਨਿਕ ਸਾਧਨਾਂ ਤੋਂ ਬਿਨ੍ਹਾਂ ਅਜਿਹੀ ਅਦਭੁੱਤ ਇਮਾਰਤ ਕਿਵੇਂ ਖੜ੍ਹੀ ਕੀਤੀ ਗਈ ਜੋ ਕਿ ਅੱਜ ਵੀ ਸਦੀਆਂ ਬੀਤਣ ਤੋਂ ਬਾਅਦ ਆਪਣੀ ਸੁੰਦਰਤਾ ਲਈ ਜਾਣੀ ਜਾਂਦੀ ਹੈ | ਅੱਜ ਵਾਤਾਵਰਨ ਵਿਚ ਵਧ ਰਹੇ ਪ੍ਰਦੂਸ਼ਣ ਕਾਰਨ ਇਮਾਰਤ 'ਤੇ ਲੱਗੇ ਚਿੱਟੇ ਸੰਗਮਰਮਰ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਜਿਸ ਕਾਰਨ ਦੇਸ਼ ਦੀ ਸਰਕਾਰ ਵਲੋਂ ਇਮਾਰਤ ਦੀ ਸੁੰਦਰਤਾ ਕਾਇਮ ਰੱਖਣ ਲਈ ਕਾਫੀ ਸੁਚੱਜੇ ਪ੍ਰਬੰਧ ਕੀਤੇ ਗਏ ਹਨ | ਇਸ ਤੋਂ ਬਿਨ੍ਹਾਂ ਅੱਤਵਾਦੀਆਂ ਦੇ ਸੰਭਾਵਿਤ ਹਮਲਿਆਂ ਤੋਂ ਬਚਾਉਣ ਲਈ ਇਮਾਰਤ ਦੇ ਸੁਰੱਖਿਆ ਪ੍ਰਬੰਧਾਂ ਵਿਚ ਵੀ ਕਾਫੀ ਸਖ਼ਤੀ ਕੀਤੀ ਗਈ ਹੈ | ਅਜਿਹੀਆਂ ਪੁਰਾਣੀਆਂ ਇਮਾਰਤਾਂ ਜਾਂ ਹੋਰ ਚੀਜ਼ਾਂ ਦੇਖ ਕੇ ਤਾਂ ਇਕ ਵਾਰ ਸਭ ਨੂੰ ਚੁਣਨਾ ਔਖਾ ਹੋ ਜਾਂਦਾ ਹੈ ਕਿ ਅੱਜ ਦੀ ਆਧੁਨਿਕ ਤਕਨਾਲੋਜੀ ਨੂੰ ਵਧੀਆ ਕਿਹਾ ਜਾਵੇ ਜਾਂ ਫਿਰ ਪੁਰਾਤਨ ਸਮੇਂ ਦੀ ਤਕਨਾਲੋਜੀ ਨੂੰ ਜੋ ਅੱਜ ਦੀ ਤਕਨਾਲੋਜੀ ਲਈ ਵੀ ਇਕ ਉਦਾਹਰਨ ਬਣੀ ਹੋਈ ਹੈ |

ਆਓ! ਜਾਣੀਏ ਅਮਰੀਕਾ ਦੇ 10,000 ਝੀਲਾਂ ਵਾਲੇ ਖ਼ੂਬਸੂਰਤ ਪ੍ਰਾਂਤ ਮਿਨੀਸੋਟਾ ਬਾਰੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਉੱਤਰੀ ਮਿਨੀਸੋਟਾ ਅਮਰੀਕਾ ਦਾ 80 ਪ੍ਰਤੀਸ਼ਤ ਕੱਚਾ ਲੋਹਾ ਦੇਣ ਵਾਲਾ ਇਲਾਕਾ ਹੈ | ਦੁਨੀਆ ਦਾ ਸਭ ਤੋਂ ਵੱਡਾ ਤਾਂਬੇ ਅਤੇ ਨਿਕਲ ਦਾ ਭੰਡਾਰ ਇਸ ਪ੍ਰਾਂਤ ਵਿਚ ਮੌਜੂਦ ਹੈ | ਕਾਰੀਬੂ ਕਾਫੀ ਕੰਪਨੀ ਵਲੋਂ ਇਡੀਨਾ ਮਿਨੀਸੋਟਾ ਵਿਚ 1992 ਵਿਚ ਸ਼ੁਰੂ ਕੀਤੀ ਗਈ ਸੀ ਜਿਸ ਦੀਆਂ ਦੁਨੀਆ ਵਿਚ 603 ਬ੍ਰਾਂਚਾਂ ਹਨ |
ਇੱਥੋਂ ਦੇ ਘਰਾਂ ਵਿਚ ਜੰਗਲ ਜਾਂ ਜੰਗਲਾਂ ਵਿਚ ਘਰ ਬਣਾ ਕੇ ਰਹਿਣਾ ਇਨ੍ਹਾਂ ਲੋਕਾਂ ਦਾ ਸ਼ੌਕ ਹੈ | ਇਹ ਲੋਕ ਕੁਦਰਤ ਅਤੇ ਕੁਦਰਤੀ ਨਜ਼ਾਰਿਆਂ ਨਾਲ ਇਕ-ਮਿਕ ਹੋ ਕੇ ਰਹਿਣ ਦੇ ਸ਼ੌਕੀਨ ਹਨ | ਵਧੀਆ ਕਿਸਮ ਦੇ ਕੁੱਤੇ ਅਤੇ ਹੋਰ ਘਰੇਲੂ ਪਾਲਤੂ ਜਾਨਵਰ ਘਰਾਂ ਵਿਚ ਰੱਖਣਾ ਅਤੇ ਉਨ੍ਹਾਂ ਦੀ ਵਧੀਆ ਸਾਂਭ-ਸੰਭਾਲ ਕਰਨੀ ਇਨ੍ਹਾਂ ਦੇ ਸ਼ੌਕ ਹਨ | ਘਰਾਂ ਵਿਚ ਜਾਂ ਆਸ-ਪਾਸ ਬਿੱਲੀਆਂ, ਖਰਗੋਸ਼, ਹੋਰ ਜਾਨਵਰ ਆਮ ਦੇਖੇ ਜਾ ਸਕਦੇ ਹਨ | ਬਹੁਤ ਸ਼ਾਂਤ ਵਾਤਾਵਰਨ ਦੇ ਸ਼ੌਕੀਨ ਇਹ ਲੋਕ ਕਦੇ ਹਾਰਨ ਨਹੀਂ ਮਾਰਦੇ, ਕੋਈ ਸਪੀਕਰ, ਡੀ.ਜੇ. ਦੀ ਆਵਾਜ਼ ਤੁਸੀਂ ਨਹੀਂ ਸੁਣ ਸਕੋਗੇ | ਸਾਰੇ ਵਿਅਕਤੀਆਂ ਨੂੰ ਬਰਾਬਰ ਦੇ ਅਧਿਕਾਰ ਹੋਣ ਕਰਕੇ ਕੋਈ ਭਿੰਨ ਭੇਦ ਲਿੰਗ , ਨਸਲ, ਰੰਗ ਇਲਾਕੇ ਕਰਕੇ ਨਹੀਂ ਕੀਤਾ ਜਾਂਦਾ | ਮਿਨੀਸੋਟਾ ਪ੍ਰਾਂਤ ਨੇ ਆਪਣੇ ਨਾਗਰਿਕਾਂ ਨੂੰ ਲੋੜ ਵੇਲੇ ਸਿਹਤ ਸਹੂਲਤਾਂ ਦੇਣ ਵਾਸਤੇ ਮਿਨੀਸੋਟਾ ਕੇਅਰ ਪਾਲਸੀ ਤਹਿਤ ਉਨ੍ਹਾਂ ਲੋਕਾਂ ਨੂੰ ਵੀ ਇਹ ਸਹੂਲਤ ਦਿੱਤੀ ਹੋਈ ਹੈ ਜਿਨ੍ਹਾਂ ਦੀ ਕੋਈ ਕਮਾਈ ਨਹੀਂ ਹੈ | ਇੱਥੋਂ ਦੇ ਵਸਨੀਕ ਆਪਣੀ ਸਿਹਤ ਪ੍ਰਤੀ ਬਹੁਤ ਜਾਗਰੂਕ ਹਨ | ਸੜਕਾਂ ਉੱਪਰ ਜਾਂ ਪਾਰਕਾਂ ਵਿਚ ਨੌਜਵਾਨ ਲੜਕੇ, ਲੜਕੀਆਂ, ਵਡੇਰੀ ਉਮਰ ਦੇ ਲੋਕਾਂ ਨੂੰ ਦੌੜਦਿਆਂ, ਸੈਰ ਕਰਦਿਆਂ, ਕਸਰਤ ਕਰਦਿਆਂ ਆਮ ਦੇਖਿਆ ਜਾ ਸਕਦਾ ਹੈ | ਹਰ ਸ਼ਹਿਰ ਵਿਚ ਸਿਹਤ ਦੀਆਂ ਕਸਰਤਾਂ ਨੂੰ ਮੁੱਖ ਰੱਖ ਕੇ ਜਿਮ ਖੋਲੇ ਹੋਏ ਹਨ | ਰੋਚੈਸਟਰ ਦਾ ਡਾਨ ਇਬਰਾਹਿਮ ਹੈਲਥੀ ਲਿਵਿੰਗ ਸੈਂਟਰ ਜੋ 8 ਮੰਜ਼ਿਲਾ ਹੈ, ਦੇਖਣਯੋਗ ਹੈ | ਬਹੁਤੇ ਘਰਾਂ ਕੋਲ ਆਪਣੇ ਖਰੀਦੇ ਹੋਏ ਕੈਂਪਰਜ਼, ਮਨੋਰੰਜਨ ਵਾਹਨ, ਕਿਸ਼ਤੀਆਂ, ਟੈਂਟ ਆਦਿ ਹੁੰਦੇ ਹਨ ਜਾਂ ਇਹ ਸਭ ਕੁਝ ਕਿਰਾਏ 'ਤੇ ਲੈ ਕੇ ਛੁੱਟੀਆਂ ਵਾਲੇ ਦਿਨਾਂ ਵਿਚ ਘਰੋਂ ਦੂਰ ਦਰਿਆਵਾਂ ਕਿਨਾਰੇ, ਪਾਰਕਾਂ ਵਿਚ ਕੈਂਪਿੰਗ ਕਰਨ ਜਾਂਦੇ ਹਨ ਅਤੇ ਕਈ ਕਈ ਦਿਨ ਉੱਥੇ ਹੀ ਰਹਿੰਦੇ ਹਨ | ਸਫ਼ਰ ਜ਼ਿਆਦਾ ਨਿੱਜੀ ਕਾਰਾਂ 'ਤੇ ਹੀ ਕਰਨਾ ਪੈਂਦਾ ਹੈ | 10,000 ਝੀਲਾਂ ਦੇ ਪ੍ਰਾਂਤ ਵਜੋਂ ਮਸ਼ਹੂਰ ਇਸ ਸੂਬੇ ਵਿਚ ਰਜਿਸਟਰਡ ਕਾਰਾਂ ਦੀਆਂ ਨੰਬਰ ਪਲੇਟਾਂ ਉੱਪਰ 10000 Lakes ਲਿਖਿਆ ਜਾਂਦਾ ਹੈ |
ਇਸ ਸੂਬੇ ਵਿਚ ਠੰਢ ਦਾ ਮੌਸਮ ਲੰਬਾ, ਜ਼ਿਆਦਾ ਠੰਢਾ ਅਤੇ ਬਰਫ ਵਾਲਾ ਹੋਣ ਕਰਕੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨੂੰ ਪਸੰਦ ਨਹੀਂ ਹੈ ਜਿਸ ਕਰਕੇ ਇਸ ਪ੍ਰਾਂਤ ਵਿਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ | ਸਾਰੇ ਪ੍ਰਾਂਤ ਵਿਚ ਦੋ ਸੌ ਤੋਂ ਘੱਟ ਪਰਿਵਾਰ ਇੱਥੇ ਹੋਣਗੇ | ਮਿਨੀਆਪੋਲਿਸ ਵਿਚ ਰਹਿੰਦੇ ਸਿੱਖਾਂ ਨੇ ਇਕ ਪੱਕਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਜਿੱਥੇ ਹਰ ਰੋਜ਼ ਨਿਤਨੇਮ ਦੇ ਨਾਲ ਗੁਰੂ ਘਰ ਦੀ ਮਰਿਯਾਦਾ ਨਿਯੁੁਕਤ ਗ੍ਰੰਥੀ ਵਲੋਂ ਨਿਭਾਈ ਜਾਂਦੀ ਹੈ | ਇਹ ਗੁਰੂ ਘਰ ਪੰਜਾਬੀਆਂ ਦਾ ਮਿਲਣ ਸਥਾਨ ਅਤੇ ਪੰਜਾਬੀ ਪਕਵਾਨਾਂ ਦਾ ਸੁਆਦ ਲੈਣ ਵਾਲਾ ਅਸਥਾਨ ਹੈ |
ਪ੍ਰਾਂਤ ਦਾ ਦੂਸਰਾ ਗੁਰਦੁਆਰਾ ਸਾਹਿਬ ਰੋਚੈਸਟਰ ਵਿਚ ਕਿਰਾਏ 'ਤੇ ਲਈ ਇਮਾਰਤ ਵਿਚ ਹੈ | ਮਹੀਨੇ ਦੇ ਪਹਿਲੇ ਸਨਿਚਰਵਾਰ ਸਮਾਗਮ ਹੁੰਦਾ ਹੈ ਜਿਸ ਵਿਚ ਮੇਉ ਹਸਪਤਾਲ ਵਿਚ ਕੰਮ ਕਰਦੇ ਸਿੱਖ ਪਰਿਵਾਰ ਸਾਰੀ ਸੇਵਾ ਆਪ ਕਰਦੇ ਹਨ | ਭਾਰਤ ਤੋਂ ਇਸ ਸੂਬੇ ਵਿਚ ਪਹੁੰਚੀ ਹਿੰਦੂ ਅਬਾਦੀ ਵਲੋਂ ਵੀ ਰੋਚੈਸਟਰ ਅਤੇ ਮਿਨੀਆਪੋਲਿਸ ਵਿਚ ਸੋਹਣੇ ਮੰਦਰ ਬਣਾਏ ਹੋਏ ਹਨ | ਸਾਰੇ ਭਾਰਤੀ ਤਿਉਹਾਰ ਹਿੰਦੂਆਂ, ਸਿੱਖਾਂ ਵਲੋਂ ਇਕੱਠੇ ਹੋ ਕੇ ਮਨਾਏ ਜਾਂਦੇ ਹਨ |
ਕਿਸੇ ਨੂੰ ਵੀ ਕੋਈ ਮੁਸ਼ਕਿਲ ਹੋਵੇ ਤਾਂ ਉਹ 911 ਨੰਬਰ 'ਤੇ ਫੋਨ ਕਰ ਸਕਦਾ ਹੈ ਜਿਸ ਨਾਲ ਜਿੱਥੇ ਵੀ ਤੁਸੀਂ ਹੋਵੋ, ਤੁਹਾਨੂੰ ਉੱਥੇ ਹੀ ਪੁਲਿਸ, ਮੈਡੀਕਲ ਸਹੂਲਤ ਕੁਝ ਮਿੰਟਾਂ ਵਿਚ ਮਿਲ ਜਾਂਦੀ ਹੈ | ਕੰਮ ਕਰਨ ਵਾਲੇ ਨੂੰ ਯੋਗਤਾ ਦੇ ਅਨੁਸਾਰ ਕੰਮ ਮਿਲ ਜਾਂਦਾ ਹੈ ਜਿਸ ਨਾਲ ਹਰ ਵਿਅਕਤੀ ਇੱਜ਼ਤ ਮਾਣ ਨਾਲ ਰਹਿ ਸਕਦਾ ਹੈ, ਘਰ ਦਾ ਗੁਜ਼ਾਰਾ ਕਰ ਸਕਦਾ ਹੈ, ਹਰ ਇਕ ਲੋੜ ਵਾਲੀ ਸਹੂਲਤ ਪ੍ਰਾਪਤ ਕਰ ਸਕਦਾ ਹੈ | ਇਹੀ ਕਾਰਨ ਹੈ ਕਿ ਹਰ ਕੋਈ ਵਿਅਕਤੀ ਜਾਇਜ਼-ਨਜਾਇਜ਼ ਤਰੀਕੇ ਨਾਲ ਇਸ ਦੇਸ਼ ਵਿਚ ਪਹੁੰਚਣਾ ਚਾਹੁੰਦਾ ਹੈ | (ਸਮਾਪਤ)

-ਰੋਚੈਸਟਰ, ਮਿਨੀਸੋਟਾ, (ਅਮਰੀਕਾ)
ਫੋਨ: 001-507-271-1865
satnam.dhanoa@gmail.com

ਬੇਹੱਦ ਰਹੱਸਮਈ ਪਹਾੜੀ ਵਾਈਟ ਹੌਰਸ ਹਿਲ

ਇੰਗਲੈਂਡ 'ਚ ਦਸੰਬਰ ਦੇ ਇਕ ਠੰਢੇ ਦਿਨ ਨੂੰ ਗਰਮ ਕਮਰੇ 'ਚ ਆਰਾਮ ਨੂੰ ਛੱਡ ਕੇ ਅਸੀਂ ਬੇਹੱਦ ਰਹੱਸ ਵਾਲੀ ਪਹਾੜੀ 'ਵਾਈਟ ਹੌਰਸ ਹਿਲ' 'ਤੇ ਜਾਣ ਬਾਰੇ ਸੋਚਿਆ | ਬਰਤਾਨੀਆ ਦੀਆਂ ਘੁੰਮਣ ਵਾਲੀਆਂ ਥਾਵਾਂ ਵਿਚੋਂ ਇਹ ਇਕ ਅਨੋਖੀ ਥਾਂ ਹੈ ਜਿਥੇ ਪੁਰਾਤਨ ਸਮੇਂ ਤੋਂ ਪਹਾੜੀ 'ਤੇ ਇਕ ਚਿੱਟੀ ਚਾਕ-ਮਿੱਟੀ ਦਾ ਘੋੜਾ ਦਿਖਾਈ ਦਿੰਦਾ ਹੈ ਜੋ ਹੈਰਾਨੀਜਨਕ ਹੈ | ਕਾਰ ਪਾਰਕ ਕਰਨ ਤੋਂ ਬਾਅਦ ਅਸੀਂ ਪੈਦਲ ਚੱਲ ਕੇ ਇਕ ਪਹਾੜੀ ਦੀ ਢਾਲਣ 'ਤੇ ਬਣੇ ਕੱਚੇ ਰਸਤੇ 'ਤੇ ਤੁਰਨ ਲੱਗੇ | ਸਾਰਾ ਆਲਾ-ਦੁਆਲਾ ਹਰਿਆਲੀ ਨਾਲ ਭਰਿਆ ਪਿਆ ਸੀ ਅਤੇ ਸਾਰੇ ਪਾਸੇ ਸੁੰਦਰ ਦਿ੍ਸ਼ ਦਿਖਾਈ ਦੇ ਰਹੇ ਸਨ | ਇਹ ਸੋਚ ਕੇ ਮਨ 'ਚ ਰੋਮਾਂਚ ਦੀਆਂ ਲਹਿਰਾਂ ਦੌੜੀਆਂ ਕਿ ਨਵੇਂ ਪੱਥਰ ਯੁੱਗ ਤੋਂ ਕਾਂਸੀ ਦੇ ਯੁੱਗ ਅਤੇ ਫਿਰ ਲੋਹ ਯੁੱਗ ਤੱਕ, ਪਤਾ ਨਹੀਂ ਕਿੰਨੇ ਸੈਂਕੜੇ ਮਨੁੱਖ ਇਸ ਰਸਤੇ 'ਤੇ ਤੁਰੇ ਹੋਣਗੇ |
ਉਫਿੰਗਟਨ ਕਾਸਲ
ਪਹਾੜੀ ਰਸਤੇ ਰਾਹੀਂ ਉੱਪਰ ਪਹੁੰਚ ਕੇ ਸਾਨੂੰ ਸੈਲਾਨੀਆਂ ਲਈ ਲੱਗਿਆ ਨੀਲਾ ਬੋਰਡ ਦਿੱਸਿਆ, ਜਿਸ 'ਤੇ ਲਿਖਿਆ ਸੀ ਕਿ ਇਸ ਥਾਂ 'ਤੇ ਲੋਹ ਯੁੱਗ ਦੇ ਉਫਿੰਗਟਨ ਕਿਲ੍ਹੇ ਦੀ ਹੋਂਦ ਮੰਨੀ ਗਈ ਹੈ | ਚਿੱਟੇ ਘੋੜੇ (ਵਾਈਟ ਹੌਰਸ) ਪਹਾੜੀ ਵਲ ਜਾਂਦੇ ਹੋਏ ਰਸਤੇ ਵਿਚ ਆਉਣ ਵਾਲਾ ਉਫਿੰਗਟਨ ਕਿਲ੍ਹਾ 7 ਏਕੜ ਖੇਤਰਫਲ ਵਿਚ ਫੈਲਿਆ ਹੋਇਆ ਸੀ ਅਤੇ ਇਥੋਂ ਦੀਆਂ ਮੁੱਖ ਸੈਲਾਨੀ ਥਾਵਾਂ ਵਿਚੋਂ ਇਹ ਸਭ ਤੋਂ ਹਰਮਨਪਿਆਰਾ ਹੈ | ਇਸ ਕਿਲ੍ਹੇ ਦੇ ਸਿਰਫ਼ ਕਿਨਾਰੇ ਅਤੇ ਛੋਟੀ ਘਾਟੀ ਨੂੰ ਛੱਡ ਕੇ ਇਸ ਦੇ ਕਈ ਅੰਸ਼ ਨਸ਼ਟ ਹੋ ਗਏ ਹਨ | ਚਾਰੇ ਪਾਸੇ ਫੈਲੇ ਸ਼ਾਂਤ ਸੁੰਦਰ ਦਿ੍ਸ਼ਾਂ ਦੀ ਫੋਟੋਗ੍ਰਾਫ਼ੀ ਕਰਦਿਆਂ ਅਸੀਂ ਅੱਗੇ ਵਧੇ ਪਰ ਇਹ ਪਤਾ ਨਹੀਂ ਸੀ ਕਿ ਵਾਈਟ ਹੌਰਸ ਕਿਸ ਪਾਸੇ ਵਲ ਹੈ ਜੋ ਸਾਨੂੰ ਨਾਲ ਲਿਆਂਦੇ ਨਕਸ਼ੇ ਤੋਂ ਸਪੱਸ਼ਟ ਨਹੀਂ ਸੀ | ਉਸੇ ਸਮੇਂ ਸਾਨੂੰ ਆਪਣੇ ਇਕ ਪਾਲਤੂ ਕੁੱਤੇ ਨੂੰ ਸੈਰ ਕਰਾਉਂਦੀ ਇਕ ਔਰਤ ਨਜ਼ਰ ਆਈ ਜਿਸ ਨੇ ਦੂਰ ਵਾਲੇ ਪਾਸੇ ਸੰਕੇਤ ਦਿੱਤਾ ਜਿਥੇ ਹਰੀ-ਭਰੀ ਪਹਾੜੀ, ਡੂੰਘੇ ਨੀਲੇ ਆਕਾਸ਼ ਨੂੰ ਮਿਲ ਰਹੀ ਸੀ |
ਔਰਤ ਨੇ ਚਿੱਟੇ ਘੋੜੇ (ਵਾਈਟ ਹੌਰਸ) ਦੇ ਵਿਸ਼ੇ ਬਾਰੇ ਉਤਸੁਕਤਾ ਜਗਾਉਂਦੀਆਂ ਕੁਝ ਲੋਕ ਕਥਾਵਾਂ ਅਤੇ ਤੱਥ ਦੱਸੇ ਜਿਨ੍ਹਾਂ ਬਾਰੇ ਸੋਚਦੇ ਹੋਏ ਅਸੀਂ ਪਹਾੜੀ ਦੇ ਕੰਢੇ ਤੱਕ ਚੱਲ ਕੇ ਗਏ ਜਿਸ ਤੋਂ ਅੱਗੇ ਹੇਠਾਂ ਵੱਲ ਇਕ ਕੱਚਾ ਰਸਤਾ ਜਾ ਰਿਹਾ ਸੀ | ਚਲਦਿਆਂ ਹੋਏ ਮੈਨੂੰ ਯਾਦ ਆਇਆ ਕਿ ਮੈਂ ਪੜਿ੍ਹਆ ਸੀ ਕਿ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਵਲੋਂ ਕੀਤੀ ਗਈ ਖੋਜ ਅਨੁਸਾਰ ਸਬੂਤ ਮਿਲੇ ਹਨ ਕਿ ਚਾਕ-ਮਿੱਟੀ ਦਾ ਬਣਿਆ ਵਾਈਟ ਹੋਰਸ 3000 ਸਾਲ ਪੁਰਾਣਾ ਹੈ | ਉਸ ਦਾ ਕਲਾਤਮਕ ਕਿਰਿਆਕਲਾਪ ਬਰਤਾਨੀਆ ਦੀ ਪ੍ਰਾਚੀਨ ਜਨ-ਜਾਤੀ ਕੇਲਟਸ ਦੇ ਆਰਟ ਦੀ ਕਲਾ ਬਣਤਰ ਵਾਂਗ ਹੈ ਜੋ ਬਿਲਕੁਲ ਇਸ ਤਰ੍ਹਾਂ ਦੇ ਘੋੜੇ ਨੂੰ ਆਪਣੇ ਸਿੱਕਿਆਂ 'ਤੇ ਵੀ ਛਾਪਦੇ ਸੀ | ਕੀ ਕੇਲਟ ਜਾਤੀ ਨੇ ਵਾਈਟ ਹੋਰਸ ਨੂੰ ਆਪਣੇ ਸਨਮਾਨ ਚਿੰਨ੍ਹ ਦੇ ਰੂਪ ਵਿਚ ਬਣਾਇਆ ਸੀ | ਜੇਕਰ ਹਾਂ ਤਾਂ ਕੋਈ ਮਨੁੱਖ ਕਿਵੇਂ ਪਹਾੜ ਦੀ ਢਲਾਨ 'ਤੇ ਖੜ੍ਹੇ ਹੋ ਕੇ ਤਿੰਨ ਫੁੱਟ ਡੂੰਘੇ ਟੋਏ ਪੁੱਟ ਕੇ, ਉਸ ਵਿਚ ਚਾਕ-ਮਿੱਟੀ ਭਰ ਕੇ, ਇਸ ਤਰ੍ਹਾਂ ਦਾ ਵਿਸ਼ਾਲ ਘੋੜਾ ਬਣਾ ਸਕਦਾ ਹੈ? ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ 'ਚਿੱਟਾ ਘੋੜਾ' ਵਾਈਟ ਹੌਰਸ ਕਲਟ ਯੁੱਗ ਤੋਂ ਪਹਿਲਾਂ ਵੀ ਇਥੇ ਹੀ ਸਥਾਪਿਤ ਹੋਵੇ?
ਰਹੱਸਮਈ ਕਹਾਣੀਆਂ
ਕੁਝ ਦੂਰੀ ਤੈਅ ਕਰਨ ਤੋਂ ਬਾਅਦ ਸਾਨੂੰ ਵਾਈਟ ਹੌਰਸ ਦੀ ਚਾਕ-ਮਿੱਟੀ ਵਾਲੇ ਘੋੜੇ ਦੇ ਕੁਝ ਹਿੱਸੇ ਦਿਸਣ ਲੱਗੇ ਜਿਸ ਤੋਂ ਸਾਨੂੰ ਦੁਬਾਰਾ ਹੌਸਲਾ ਮਿਲਿਆ | 110 ਮੀਟਰ ਵਿਸ਼ਾਲ ਵਾਈਟ ਹੌਰਸ ਦੀ ਰੂਪ-ਰੇਖਾ ਨੂੰ ਸਿਰਫ਼ ਹਿੱਸਿਆਂ ਅਤੇ ਟੁਕੜਿਆਂ ਵਿਚ ਹੀ ਦੇਖਿਆ ਜਾ ਸਕਦਾ ਹੈ ਕਿਉਂਕਿ ਉਹ ਪਹਾੜੀ ਦੀ ਢਲਾਣ 'ਤੇ ਬਣਿਆ ਹੈ ਅਤੇ ਆਲੇ-ਦੁਆਲੇ ਵੀ ਸਿਰਫ਼ ਪਹਾੜੀਆਂ ਹੀ ਹਨ | ਚਿੱਟੇ ਘੋੜੇ ਨੂੰ ਪੂਰੀ ਤਰ੍ਹਾਂ ਨਾਲ ਦੇਖਣ ਲਈ ਨੇੜਲੇ ਪਿੰਡ ਵਿਚ ਜਾਣਾ ਪੈਂਦਾ ਹੈ ਜਾਂ ਫਿਰ ਹਵਾਈ ਜਹਾਜ਼ ਨਾਲ ਹੀ ਉਹ ਦਿੱਸਦਾ ਹੈ | ਕੁਝ ਹੀ ਪਲਾਂ ਵਿਚ ਮਨ ਹੈਰਾਨ ਹੋਇਆ ਜਦੋਂ ਮੀਲਾਂ ਤੱਕ ਫੈਲੀ ਹਰਿਆਲੀ ਵਿਚ ਵਾਈਟ ਹੌਰਸ ਪਹਿਲੀ ਵਾਰ ਦਿੱਸਿਆ |
ਬੀਤੇ ਸਮੇਂ ਵਿਚ ਪਿਛੇ ਜਾ ਕੇ ਮੈਂ ਵਾਈਟ ਹੌਰਸ ਦੀਆਂ ਪ੍ਰਾਚੀਨ ਲੋਕ ਕਹਾਣੀਆਂ 'ਤੇ ਵਿਚਾਰ ਕੀਤਾ | ਇਕ ਕਹਾਣੀ ਅਨੁਸਾਰ ਚਿੱਟਾ-ਘੋੜਾ, ਸਾਲ ਵਿਚ ਇਕ ਵਾਰ ਆਪਣੀ ਥਾਂ ਨੂੰ ਛੱਡ ਕੇ ਰਾਤ ਨੂੰ ਦੂਰ ਹੇਠਾਂ ਘਾਟੀ ਵਿਚ ਜਾਂਦਾ ਹੈ ਅਤੇ ਇਸ ਲਈ ਉਥੇ ਬਣੀਆਂ ਵਿਸ਼ਾਲ ਪੌੜੀਆਂ ਦੀ ਵਰਤੋਂ ਕਰਦਾ ਹੈ | ਹੋਰ ਸੰਭਾਵਨਾਵਾਂ ਵੀ ਅਨੋਖੀਆਂ ਸਨ—ਕੇਲਟ ਜਨਜਾਤੀ ਦੀ ਰੱਖਿਅਕ ਦੇਵੀ ਇਪੋਵਾ ਨੇ ਆਪਣੇ ਘੋੜਿਆਂ ਦੇ ਘੁੰਮਣ ਲਈ ਇਹ ਥਾਂ ਨਿਰਧਾਰਿਤ ਕੀਤੀ ਸੀ | ਦੂਜੇ ਸ਼ਬਦਾਂ 'ਚ ਵਾਈਟ ਹੌਰਸ ਨੂੰ ਉਫਿੰਗਟਨ ਕਿਲ੍ਹੇ ਦੇ ਵਾਸੀਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ |
ਫਿਰ ਅਸੀਂ ਆਪਣੇ ਨਾਲ ਲਿਆਂਦੇ ਨਕਸ਼ੇ ਵਿਚ ਪੁਰਾਤਨ ਅਤੇ ਲੋਕ ਕਥਾਵਾਂ ਤੋਂ ਆਏ ਨਾਵਾਂ ਵਾਲੇ ਥਾਵਾਂ ਨੂੰ ਦੇਖਿਆ | ਘਾਟੀ ਵਿਚ ਹੇਠਾਂ ਜਿਥੇ ਘੋੜੇ ਚਰਦੇ ਜਾਂ ਘੁੰਮਦੇ ਹਨ ਨੂੰ 'ਮੈਨੇਜਰ' ਲਿਖਿਆ ਸੀ ਅਤੇ ਪਹਾੜੀ 'ਤੇ ਬਣੀਆਂ ਕੁਦਰਤੀ ਵਿਸ਼ਾਲ ਪੌੜੀਆਂ ਨੂੰ 'ਜਾਇੰਟ ਸਪੇਸ' ਲਿਖਿਆ ਸੀ | ਵਿਗਿਆਨੀਆਂ ਅਨੁਸਾਰ ਵਿਸ਼ਾਲ ਪੌੜੀਆਂ ਪੁਰਾਤਨ ਅਤੇ ਮੱਧਕਾਲੀ ਖੇਤੀ ਲਈ ਵਰਤੀਆਂ ਜਾਂਦੀਆਂ ਸਨ ਜਿਸ ਨੂੰ 'ਟੈਰੇਸ ਫਾਰਮਿੰਗ' ਕਹਿੰਦੇ ਹਨ | ਵਾਈਟ ਹੌਰਸ ਪਹਾੜੀ ਦਾ ਖੇਤਰ ਵਿਗਿਆਨਕ ਖੋਜ ਦਾ ਵਿਸ਼ੇਸ਼ ਥਾਂ ਕਹਾਉਂਦਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

seemaanandchopra@gmail.com

ਚੇਤਿਆਂ 'ਚ ਵਸਦਾ ਆਲਮ ਲੁਹਾਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਆਲਮ ਲੁਹਾਰ ਜਦ ਮਿਰਜ਼ਾ-ਸਾਹਿਬਾਂ ਆਪਣੀ ਤਿੱਖੀ, ਉੱਚੀ ਤੇ ਸੁਰੀਲੀ ਆਵਾਜ਼ 'ਚ ਗਾਉਂਦਾ ਸੀ ਤਾਂ ਪੰਜਾਬੀਆਂ ਦੇ ਮੁਖੜੇ ਲਾਲੋ-ਲਾਲ ਹੋ ਜਾਂਦੇ ਸਨ |
ਜੀ ਓਏ ਆਲਮ ਲੁਹਾਰਾ | ਸਾਡੇ ਦਿਲਾਂ ਦਿਆ ਜਾਨੀਆ | ਜਿਉਂਦਾ ਰਹਿ ਓਏ ਪੰਜਾਬੀਆਂ ਦੇ ਅੱਖਾਂ ਦਿਆ ਤਾਰਿਆ | ਚੌਧਵੀਂ ਦਿਆ ਚੰਦਰਮਿਆਂ | ਤੈਨੂੰ ਪੰਜਾਬੀਆਂ ਦਾ ਸਲਾਮ | ਤੈਨੂੰ ਆਸ਼ਕਾਂ ਦਾ ਵੀ ਸਤ-ਸਲਾਮ |
ਆਲਮ ਲੁਹਾਰ ਨੂੰ ਸਭ ਤੋਂ ਜ਼ਿਆਦਾ ਸ਼ੋਹਰਤ ਮਿਰਜ਼ਾ-ਸਾਹਿਬਾਂ ਗਾਉਣ 'ਤੇ ਮਿਲੀ | ਮਿਰਜ਼ਾ-ਸਾਹਿਬਾਂ ਆਲਮ ਲੁਹਾਰ ਦੀ ਪਹਿਚਾਣ ਬਣ ਗਏ | ਜਦ ਆਲਮ ਲੁਹਾਰ ਮਿਰਜ਼ਾ-ਸਾਹਿਬਾਂ ਗਾਉਂਦਾ ਤਾਂ ਇੰਜ ਲਗਦਾ ਜਿਵੇਂ ਹਵਾਵਾਂ-ਫ਼ਿਜ਼ਾਵਾਂ 'ਚ ਦਲੇਰੀ ਤੇ ਆਸ਼ਕੀ ਦਾ ਤੂਫ਼ਾਨ ਮਚ ਗਿਆ ਹੋਵੇ |
ਇਨਸਾਨੀ ਫ਼ਿਤਰਤ, ਮਕਰ-ਫਰੇਬ ਤੇ ਚਤੁਰਾਈ ਨੂੰ ਜਿਵੇਂ ਆਲਮ ਲੁਹਾਰ ਨੇ ਖੂਬਸੂਰਤੀ ਤੇ ਸੋਚਾਂ ਦੀ ਡੰੂਘਾਈ ਨਾਲ ਗਾਇਆ ਹੈ, ਉਹ ਹਰ ਪੰਜਾਬੀ ਲਈ ਹੈਰਾਨਕੰੁਨ ਤੇ ਰਿਸ਼ਤਿਆਂ ਦੇ ਰੰਗਾਂ ਨੂੰ ਦੇਖਣ ਤੇ ਮਹਿਸੂਸ ਕਰਨ ਦਾ ਸਭ ਤੋਂ ਕਮਾਲ ਦਾ ਅਨੋਖਾ ਅੰਦਾਜ਼ ਹੈ |
ਆਲਮ ਲੁਹਾਰ ਨੇ ਸਦਾ ਪੰਜਾਬੀ ਸੱਭਿਆਚਾਰ ਨੂੰ ਹੀ ਆਪਣੀ ਪਹਿਚਾਣ ਬਣਾਇਆ | ਗਲ਼ ਕੱਢਿਆ ਹੋਇਆ ਰੰਗ-ਰੰਗੀਲਾ ਕੁਰਤਾ | ਲੱਕ ਸੋਹਣੇ ਤੇ ਗੂੜ੍ਹੇ ਰੰਗ ਵਾਲਾ ਲਾਚਾ (ਧੋਤੀ), ਪੈਰੀਂ ਚਮਕੀਲੇ ਤਿੱਲੇ ਨਾਲ ਕੱਢਿਆ ਹੋਇਆ ਖੁੱਸਾ |
ਲੰਮੀਆਂ ਜ਼ੁਲਫਾਂ (ਕੇਸ) ਭਰਿਆ-ਭਰਿਆ ਸਰੀਰ, ਕਦ ਦਰਮਿਆਨਾ ਤੇ ਹੱਥ ਵਿਚ ਚਿਮਟਾ | ਗਾਉਂਦਿਆਂ ਜਦ ਇਕ ਖਾਸ ਅੰਦਾਜ਼ ਨਾਲ ਸਿਰ ਨੂੰ ਝਟਕਾ ਦਿੰਦਾ ਤਾਂ ਕੇਸ ਇਕ ਖਾਸ ਅੰਦਾਜ਼ ਨਾਲ ਹਵਾ 'ਚ ਲਹਿਰਾ ਜਾਂਦੇ, ਜਿਵੇਂ ਕਬੂਤਰ ਦੇ ਪਰ ਫ਼ਿਜ਼ਾ 'ਚ, ਇਕ ਦਿਲ ਮੋਹ ਲੈਣ ਵਾਲੇ ਢੰਗ ਨਾਲ ਫੜਫੜਾਉਂਦੇ ਹਨ |
ਇਹ ਮਹਾਨ ਗਾਇਕ ਸੀ ਆਲਮ ਲੁਹਾਰ | ਆਲਮ ਲੁਹਾਰ ਨਾਲ ਫ਼ਜ਼ਲ ਕਰੀਮ ਕਿਸਾਈ ਅਲਗੋਜ਼ੇ ਵਾਲਾ ਗਾਇਕੀ 'ਚ, ਇਸ ਪ੍ਰਸਿੱਧ ਗਾਇਕ ਦਾ ਸਾਥ ਦਿੰਦਾ ਸੀ |
ਫ਼ਜ਼ਲ ਕਰੀਮ ਕਿਸਾਈ ਦੋ ਅਲਗੋਜ਼ੇ ਇਕੱਠੇ ਮੰੂਹ 'ਚ ਲੈ ਕੇ ਵਜਾਉਂਦਾ ਸੀ | (ਅਲਗੋਜ਼ਾ ਵੰਝਲੀ, ਬਾਂਸੁਰੀ ਵਰਗਾ ਸਾਜ਼) | ਆਲਮ ਲੁਹਾਰ ਦੀ ਬੜ੍ਹਕਾਂ ਮਾਰਦੀ ਤੇ ਲਹਿਰਾਉਂਦੀ ਆਵਾਜ਼ ਤੇ ਫ਼ਜ਼ਲ ਕਰੀਮ ਕਿਸਾਈ ਦੇ ਅਲਗੋਜ਼ਿਆਂ ਦੀਆਂ ਮਦ ਭਰੀਆਂ ਕੂਕਾਂ ਮਾਰਦੀਆਂ ਆਵਾਜ਼ਾਂ, ਦਿਲ 'ਚ ਇਸ਼ਕੀਆ ਜੋਸ਼ ਨੂੰ ਉਬਾਲੇ ਚਾੜ੍ਹ ਦਿੰਦੀਆਂ ਸਨ |
ਆਲਮ ਲੁਹਾਰ ਮਸ਼ਹੂਰ ਸੂਫ਼ੀ ਬਜ਼ੁਰਗ ਲਾਲ ਸ਼ਹਬਾਜ਼ ਕਲੰਦਰ ਦੇ ਮਜ਼ਾਰ 'ਤੇ ਸਲਾਮ ਕਰਨ ਰੇਲ ਗੱਡੀ ਰਾਹੀਂ ਸੂਬਾ ਸਿੰਧ ਦੇ ਸ਼ਹਿਰ ਹੈਦਰਾਬਾਦ ਜਾ ਰਿਹਾ ਸੀ | ਹੈਦਰਾਬਾਦ ਦੇ ਸਟੇਸ਼ਨ 'ਤੇ ਉੱਤਰ ਕੇ ਆਲਮ ਲੁਹਾਰ ਤੇ ਉਸ ਦੇ ਚਾਰ ਸਾਥੀ ਇਕ ਵੈਗਨ 'ਚ ਸਵਾਰ ਹੋ ਕੇ, ਲਾਲ ਸ਼ਾਹਬਾਜ਼ ਕਲੰਦਰ ਦੇ ਮਜ਼ਾਰ ਵੱਲ ਰਾਹੇ ਪੈ ਗਏ |
ਰਾਹ 'ਚ 80-100 ਕਿਲੋਮੀਟਰ ਤੋਂ ਵੀ ਵੱਧ ਰਫ਼ਤਾਰ 'ਤੇ ਦੌੜਦੀ ਹੋਈ ਵੈਗਨ ਇਕ ਬੱਸ ਨਾਲ ਟਕਰਾ ਗਈ | ਇਸ ਸੜਕ ਹਾਦਸੇ ਕਾਰਨ ਆਲਮ ਲੁਹਾਰ ਦੀ ਇਕ ਲੱਤ ਟੁੱਟ ਗਈ |
ਹਸਪਤਾਲ 'ਚ ਇਨ੍ਹਾਂ ਦਾ ਕਈ ਦਿਨ ਇਲਾਜ ਚਲਦਾ ਰਿਹਾ | ਇਲਾਜ ਤੋਂ ਬਾਅਦ ਪੰਜਾਬ ਪਰਤ ਕੇ, ਉਨ੍ਹਾਂ ਇਕ ਗੀਤ ਲਿਖਿਆ ਤੇ ਆਪ ਹੀ ਗਾਇਆ | ਇਹ ਗੀਤ ਪੰਜਾਬੀਆਂ ਦੇ ਬਹੁਤ ਦਿਲ ਲੱਗਾ ਸੀ | ਗੀਤ ਦੇ ਬੋਲ:
'ਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ
ਕਿਸੇ ਨੇ ਮੇਰੀ ਗੱਲ ਨਾ ਸੁਣੀ |
ਸੀਨੇ ਲਾ ਕੇ ਘੁੱਟ ਲਈਆਂ ਬਾਹਾਂ ਮੇਰੀਆਂ
ਆਲਮ ਦੇਖਿਆ ਤੇ ਲੋਕਾਂ ਅੱਖਾਂ ਫੇਰੀਆਂ |
ਟੁੱਟੀ ਲੱਤ ਨੂੰ ਦਿਖਾਇਆ ਕਈ ਵਾਰ ਮੈਂ,
ਕਿਸੇ ਨੇ ਮੇਰੀ ਗੱਲ ਨਾ ਸੁਣੀ |
ਆਲਮ ਲੁਹਾਰ ਦੇ 8 ਪੁੱਤਰ ਹਨ | ਇਨ੍ਹਾਂ ਵਿਚੋਂ ਸਭ ਤੋਂ ਛੋਟਾ ਪੁੱਤਰ ਆਰਫ਼ ਲੁਹਾਰ ਹੀ ਪੰਜਾਬੀ ਗਾਇਕੀ ਦੇ ਮੈਦਾਨ 'ਚ ਨਿੱਤਰ ਕੇ ਪੰਜਾਬੀਆਂ ਦੇ ਦਿਲਾਂ 'ਚ ਵਸਦਾ ਹੈ |
ਆਲਮ ਲੁਹਾਰ ਦੇ ਸੱਤ ਪੁੱਤਰ ਇੰਗਲੈਂਡ ਦੇ ਵਸਨੀਕ ਬਣ ਗਏ ਹਨ | ਕੇਵਲ ਆਰਫ਼ ਲੁਹਾਰ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਰਸੇ ਦੀਆਂ ਕਹਾਣੀਆਂ ਗੀਤਾਂ ਦੇ ਰੂਪ ਵਿਚ ਗਾ ਕੇ, ਪੰਜਾਬੀਆਂ ਨੂੰ ਪੰਜਾਬੀ ਵਿਰਸਾ ਤੇ ਸੱਭਿਆਚਾਰ ਨਾਲ ਜੋੜਨ ਦੇ ਭਰਪੂਰ ਯਤਨ ਕਰ ਰਿਹਾ ਹੈ |
ਜੁਗਨੀ ਆਲਮ ਲੁਹਾਰ ਦੀ ਪਹਿਚਾਣ ਬਣ ਗਈ ਸੀ | ਅਜਿਹੀ ਜੁਗਨੀ ਗਾਈ ਕਿ ਪੂਰੀ ਦੁਨੀਆ ਅੰਦਰ ਪ੍ਰਸਿੱਧੀ ਦੇ ਅੱਧ-ਅਸਮਾਨ ਤੱਕ ਪਹੁੰਚ ਗਿਆ | ਜੁਗਨੀ ਤਾਂ ਬਹੁਤ ਸਾਰੇ ਗਾਇਕਾਂ ਨੇ ਗਾਈ ਪਰ ਆਲਮ ਲੁਹਾਰ ਵਰਗੀ ਗੱਲ ਨਾ ਬਣੀਂ |
ਆਲਮ ਲੁਹਾਰ ਤੇ ਜੁਗਨੀ ਦੋ ਹੋ ਕੇ ਵੀ ਇਕ ਹਨ | ਦੋਵੇਂ ਇਕ-ਦੂਜੇ ਦੀ ਪਹਿਚਾਣ ਹਨ | ਇਹ ਪਹਿਚਾਣ ਪੰਜਾਬੀਆਂ ਦੇ ਦਿਲਾਂ ਵਿਚੋਂ ਕਦੀ ਨਹੀਂ ਨਿਕਲੇਗੀ |
3 ਜੁਲਾਈ, 1984 ਨੂੰ ਹੋਣ ਵਾਲਾ ਇਕ ਖ਼ਤਰਨਾਕ ਕਾਰ ਹਾਦਸਾ ਆਲਮ ਲੁਹਾਰ ਦੀ ਮੌਤ ਦਾ ਸਬੱਬ ਬਣ ਗਿਆ | ਆਲਮ ਲੁਹਾਰ ਨੇ ਆਪਣੇ ਪੁੱਤਰ ਆਰਫ ਲੁਹਾਰ ਨੂੰ ਫੋਨ ਕੀਤਾ, ਪੁੱਤਰ ਮੈਂ 12 ਵਜੇ ਦੁਪਹਿਰ ਤੱਕ ਘਰ ਪਹੁੰਚ ਜਾਵਾਂਗਾ | ਉਸ ਸਮੇਂ ਤੱਕ ਤੂੰ ਮੇਰੇ ਲਈ ਖਾਣਾ ਤਿਆਰ ਕਰਵਾ ਛੱਡੀਂ | ਆਪਾਂ ਰਲ-ਮਿਲ ਬਹਿ ਕੇ ਖਾਣਾ ਖਾਵਾਂਗੇ | ਉਨ੍ਹਾਂ ਦਿਨਾਂ 'ਚ ਆਲਮ ਲੁਹਾਰ ਸਮਨਾਂਬਾਦ (ਲਾਹੌਰ), ਇਕ ਬੜੇ ਖੂਬਸੂਰਤ ਘਰ 'ਚ ਰਹਿੰਦਾ ਸੀ |
ਘਰ ਵਾਲਿਆਂ ਖਾਣਾ ਤਿਆਰ ਕਰਕੇ ਰੱਖ ਲਿਆ | ਪਰ ਆਲਮ ਲੁਹਾਰ ਨਾ ਆਇਆ | ਪਰ ਆਲਮ ਲੁਹਾਰ ਦੀਆਂ ਉਡੀਕਾਂ ਰਹੀਆਂ ਪਰ ਉਹ ਜਿਊਾਦਾ ਨਹੀਂ | ਉਸ ਦੀ ਫੁੱਲਾਂ ਨਾਲ ਲੱਦੀ ਹੋਈ ਲਾਸ਼ ਘਰ ਪਹੁੰਚੀ |
ਅਜਿਹੀ ਹੀ ਅਫ਼ਸੋਸਨਾਕ ਦੁਰਘਟਨਾ ਦੇ ਸਮੇਂ ਲਈ ਆਲਮ ਲੁਹਾਰ ਦੇ ਮੰੂਹੋਂ ਇਹ ਵਿਛੋੜਿਆਂ ਭਰਿਆ ਗੀਤ ਕੁਦਰਤ ਨੇ ਗਵਾਇਆ ਸੀ, ਗੀਤ ਦੇ ਸ਼ਿਅਰ:
ਦਿਲ ਵਾਲਾ ਦੁਖੜਾ ਨੲੀਂ
ਕਿਸੇ ਨੂੰ ਸੁਣਾੲੀਂ ਦਾ |
ਆਪਣੀਆਂ ਸੋਚਾਂ ਵਿਚ
ਆਪੇ ਡੁੱਬ ਜਾਈ ਦਾ |
ਆਪ ਵੀ ਨਾ ਆਇਓਾ
ਸਾਨੂੰ ਖਤ ਵੀ ਨਾ ਘਲਿਆ |
ਜ਼ਿੰਦਗੀ ਦਾ ਦੀਵਾ ਮੇਰਾ
ਇਵੇਂ ਬੁਝ ਚੱਲਿਆ |
ਹੋਰ ਕੀ ਮੈਂ ਆਖਾਂ,
ਤੈਨੂੰ ਇੰਜ ਨੲੀਂ ਸੀ ਚਾਹੀਦਾ |
ਸਾਰਾ ਪੰਜਾਬ ਆਲਮ ਲੁਹਾਰ ਦੇ ਅਚਾਨਕ ਵਿਛੋੜੇ ਦੇ ਦੁੱਖ 'ਚ ਡੁੱਬ ਗਿਆ | ਪੰਜਾਬੀ ਗਾਇਕੀ ਦਾ ਚੰਨ ਚੌਧਵੀਂ ਰਾਤ ਨੂੰ ਹੀ ਡੁੱਬ ਕੇ ਦਿਲਾਂ 'ਚ, ਦੁੱਖ ਤੇ ਜੁਦਾਈਆਂ ਦਾ ਹਨੇਰ ਪਾ ਗਿਆ |
ਸਾਡੇ ਪੰਜਾਬ ਦੇ ਗਾਇਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਜੋੜੀ ਰੱਖਣ ਲਈ ਇਕ ਕੜੀ ਦਾ ਕਿਰਦਾਰ ਨਿਭਾਉਂਦੇ ਆ ਰਹੇ ਹਨ ਤੇ ਨਿਭਾਉਂਦੇ ਰਹਿਣਗੇ |
ਆਲਮ ਲੁਹਾਰ ਤੁਹਾਡਾ ਵੀ ਹੈ, ਆਲਮ ਲੁਹਾਰ ਸਾਡਾ ਵੀ ਹੈ | ਜਿਵੇਂ ਚੜ੍ਹਦਾ ਤੇ ਲਹਿੰਦਾ ਪੰਜਾਬ ਤੁਹਾਡਾ ਵੀ ਹੈ ਤੇ ਸਾਡਾ ਵੀ ਹੈ | ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੇ ਦਿਲਾਂ ਵਿਚੋਂ ਆਲਮ ਲੁਹਾਰ ਦੀ ਯਾਦ ਨੂੰ ਕਦੀ ਨਹੀਂ ਮਿਟਾਇਆ ਜਾ ਸਕਦਾ | (ਸਮਾਪਤ)

-ਖ਼ਾਲਸਾ ਹਾਊਸ, ਚੱਕ ਨੰਬਰ 97/ਆਰ.ਬੀ. ਜੌਹਲ ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਫ਼ੈਸਲਾਬਾਦ, ਪਾਕਿਸਤਾਨ |
ਫੋਨ : 0092-300-7607983, 0092-345-7908695.

ਫ਼ਿਲਮੀ ਬੂਹੇ-ਬਾਰੀਆਂ: ਫਕੀਰ ਬਾਦਸ਼ਾਹ ਹੈ ਪੰਜਾਬੀ ਸਿਨੇਮਾ

ਸਤਿਆਜੀਤ ਰੇਅ ਨੇ ਆਪਣੀ ਸਾਰੀ ਸ਼ਾਨੋ-ਸ਼ੌਕਤ ਬੰਗਾਲੀ ਸਿਨੇਮਾ ਤੋਂ ਹਾਸਲ ਕੀਤੀ ਸੀ | ਉਸ ਨੂੰ ਕਈ ਵਾਰ ਪੁੱਛਿਆ ਗਿਆ ਸੀ ਕਿ ਉਹ ਹਿੰਦੀ ਜਾਂ ਅੰਗਰੇਜ਼ੀ 'ਚ ਫ਼ਿਲਮਾਂ ਦਾ ਨਿਰਮਾਣ ਕਰਕੇ ਆਪਣੀ ਪ੍ਰਤਿਸ਼ਠਾ ਨੂੰ ਹੋਰ ਕਿਉਂ ਨਹੀਂ ਚਮਕਾਉਂਦਾ? ਇਸ ਪ੍ਰਸ਼ਨ ਦਾ ਜਵਾਬ ਇਹ ਮਹਾਨ ਫ਼ਿਲਮਸਾਜ਼ ਇਹ ਕਹਿ ਕੇ ਦਿਆ ਕਰਦਾ ਸੀ ਕਿ ਪ੍ਰਾਂਤਕ ਸਿਨੇਮਾ ਦੇ ਖੇਤਰ ਨੂੰ ਉਹ ਵਧੇਰੇ ਸੂਖਮਤਾ ਨਾਲ ਸਮਝਦਾ ਹੈ | ਰੇਅ ਦੇ ਆਪਣੇ ਸ਼ਬਦਾਂ ਵਿਚ 'ਸਿਨੇਮਾ ਦੀ ਭਾਸ਼ਾ ਸਰਬ ਵਿਆਪਕ ਹੈ, ਇਸ ਵਿਚ ਤੁਸੀਂ ਬਿੰਬਾਂ, ਦਿ੍ਸ਼ਾਂ ਅਤੇ ਸੰਕੇਤਾਂ ਰਾਹੀਂ ਅਜਿਹੇ ਸੰਸਾਰ ਦੀ ਰਚਨਾ ਕਰ ਸਕਦੇ ਹੋ, ਜਿਸ 'ਚ ਬੋਲਚਾਲ ਦੀ ਭਾਸ਼ਾ ਦੀ ਜ਼ਰੂਰਤ ਹੀ ਨਹੀਂ ਰਹਿੰਦੀ ਹੈ |'
ਰੇਅ ਦਾ ਸੰਕੇਤ ਸਪੱਸ਼ਟ ਹੈ—ਤਕਨੀਕ ਦੇ ਮਾਧਿਅਮ ਰਾਹੀਂ ਪ੍ਰਾਂਤਕ ਭਾਸ਼ਾ ਦਾ ਸਿਨੇਮਾ ਅੰਤਰਰਾਸ਼ਟਰੀ ਕਲਾਤਮਿਕ ਸਿਖਰਾਂ ਛੂਹ ਸਕਦਾ ਹੈ | ਇਸ ਫ਼ਿਲਮਸਾਜ਼ ਨੇ ਆਪਣੀ 'ਪਾਥੇਰ ਪੰਚਾਲੀ' ਵਰਗੀ ਸ਼ੁਰੂਆਤੀ ਫ਼ਿਲਮ ਰਾਹੀਂ ਹੀ ਇਹ ਦਿਖਾ ਦਿੱਤਾ ਸੀ ਕਿ ਸਿਨੇਮਾ ਨੂੰ ਸਮਝਣ ਲਈ ਤਕਨੀਕੀ ਦਿ੍ਸ਼ਟੀਕੋਣ ਅਤੇ ਸੁਹਜਾਤਮਿਕ ਨਜ਼ਰੀਆ ਹੋਣਾ ਚਾਹੀਦਾ ਹੈ |
ਇਹ ਹਵਾਲਾ ਇਸ ਲਈ ਦੇਣਾ ਪਿਆ ਹੈ, ਕਿਉਂਕਿ ਪੰਜਾਬੀ ਸਿਨੇਮਾ 'ਚ ਇਸ ਤਰ੍ਹਾਂ ਦੀ ਪਕੜ ਰੱਖਣ ਵਾਲਾ ਇਕ ਵੀ ਨਿਰਮਾਤਾ-ਨਿਰਦੇਸ਼ਕ ਹੁਣ ਨਜ਼ਰ ਨਹੀਂ ਆ ਰਿਹਾ ਹੈ | ਲਗਾਤਾਰ ਫ਼ਿਲਮਾਂ ਤਾਂ ਬਣ ਰਹੀਆਂ ਹਨ ਪਰ ਇਹ ਫ਼ਿਲਮਾਂ ਨਾ ਤਾਂ ਬਾਕਸ ਆਫਿਸ 'ਤੇ ਟਿਕ ਰਹੀਆਂ ਹਨ ਅਤੇ ਨਾ ਹੀ ਕਲਾ-ਖੇਤਰ 'ਚ ਕੋਈ ਵਿਲੱਖਣਤਾ ਪ੍ਰਾਪਤ ਕਰ ਰਹੀਆਂ ਹਨ |
ਹਾਂ, ਗਿਣਤੀ ਦੇ ਦਿ੍ਸ਼ਟੀਕੋਣ ਤੋਂ ਹਰ ਸਾਲ 40 ਤੋਂ 45 ਪੰਜਾਬੀ ਫ਼ਿਲਮਾਂ ਜ਼ਰੂਰ ਪ੍ਰਦਰਸ਼ਤ ਹੁੰਦੀਆਂ ਹਨ | ਇਨ੍ਹਾਂ 'ਚੋਂ ਅੰਸ਼ਕ ਬਾਕਸ ਆਫਿਸ ਸਫ਼ਲਤਾ 3 ਜਾਂ 4 ਕਿਰਤਾਂ ਨੂੰ ਹੀ ਨਸੀਬ ਹੁੰਦੀ ਹੈ | ਪਿਛਲੇ ਕੁਝ ਦਹਾਕਿਆਂ ਤੋਂ ਕੋਈ ਵੀ ਪੰਜਾਬੀ ਫ਼ਿਲਮ ਸੁਪਰ ਡੁਪਰ ਹਿੱਟ ਨਹੀਂ ਹੋਈ ਹੈ | ਬਾਕੀ ਅੰਤਰਰਾਸ਼ਟਰੀ ਜਾਂ ਰਾਸ਼ਟਰੀ ਸਨਮਾਨਾਂ ਦੀ ਤਾਂ ਗੱਲ ਹੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਸ ਪੱਧਰ ਤੱਕ ਇਹ ਸਿਨੇਮਾ ਪਹੁੰਚਿਆ ਹੀ ਨਹੀਂ ਹੈ |
ਇਹ ਤਰਕ ਵੀ ਬਿਲਕੁਲ ਉਚਿਤ ਹੈ ਕਿ ਕੁਝ ਕੁ ਫ਼ਿਲਮਸਾਜ਼ਾਂ ਨੇ ਸੰਵੇਦਨਸ਼ੀਲ ਕਿਰਤਾਂ ਦਾ ਨਿਰਮਾਣ ਕੀਤਾ ਹੈ | ਪਰ ਅਜਿਹੀਆਂ ਫ਼ਿਲਮਾਂ ਦੀ ਕਠਿਨਾਈ ਇਹ ਹੈ ਕਿ ਇਹ ਆਮ ਪਰਦੇ ਤੱਕ ਤਾਂ ਪਹੁੰਚੀਆਂ ਹੀ ਨਹੀਂ ਹਨ | 'ਅੰਨ੍ਹੇ ਘੋੜੇ ਦਾ ਦਾਨ', 'ਕਿੱਸਾ' ਵਰਗੀਆਂ ਅਨੇਕਾਂ ਹੀ ਫ਼ਿਲਮਾਂ ਸਿਰਫ਼ ਕੁਝ ਕੁ ਫ਼ਿਲਮ ਉਤਸਵਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ | ਵਿਆਪਕ ਤੌਰ 'ਤੇ ਅਜਿਹੀਆਂ ਕਿਰਤਾਂ ਨੇ ਵੀ ਨਾ ਤਾਂ ਕੋਈ ਨਵੇਂ ਸਿਨੇਮੈਟਿਕ ਬਿੰਬ ਘੜੇ ਹਨ ਅਤੇ ਨਾ ਹੀ ਸਮਾਜਿਕ ਚੇਤਨਾ ਦੇ ਪ੍ਰਤੀਕ ਵਜੋਂ ਉੱਭਰ ਕੇ ਆਈਆਂ ਹਨ | ਹਾਂ, ਜੇਕਰ ਐਨ.ਐਫ.ਡੀ.ਸੀ. ਇਨ੍ਹਾਂ ਦੀ ਸਹਾਇਤਾ ਨਾ ਕਰਦੀ ਤਾਂ ਇਨ੍ਹਾਂ ਦਾ ਨਿਰਮਾਣ ਵੀ ਸੰਭਵ ਨਹੀਂ ਹੋ ਸਕਦਾ ਸੀ |
ਇਥੇ ਸਵਾਲ ਇਕ ਨਹੀਂ, ਬਲਕਿ ਕਈ ਪੈਦਾ ਹੁੰਦੇ ਹਨ | ਸਭ ਤੋਂ ਪਹਿਲਾਂ ਤਾਂ ਇਹੀ ਪ੍ਰਸ਼ਨ ਉੱਠਦਾ ਹੈ ਕਿ ਲਗਾਤਾਰ ਫ਼ਿਲਮਾਂ ਦੇ ਫਲਾਪ ਹੋਈ ਜਾਣ ਦੇ ਬਾਵਜੂਦ ਵੀ ਕਿਵੇਂ ਧੜਾਧੜ ਪੰਜਾਬੀ ਭਾਸ਼ਾ 'ਚ ਫ਼ਿਲਮਾਂ ਬਣ ਰਹੀਆਂ ਹਨ | ਇਸ ਦਾ ਜਵਾਬ ਕਈ ਦਿਸ਼ਾਵਾਂ ਤੋਂ ਮਿਲ ਸਕਦਾ ਹੈ | ਸਭ ਤੋਂ ਪਹਿਲਾਂ ਤਾਂ ਪ੍ਰਮੁੱਖ ਰੂਪ 'ਚ ਸਾਡੇ ਗਾਇਕ-ਨਾਇਕ ਹੀ ਇਨ੍ਹਾਂ ਦੇ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਨਿਰਮਾਤਾ ਹੁੰਦੇ ਹਨ | ਸ਼ਾਇਦ ਹੀ ਕੋਈ ਪੰਜਾਬੀ ਫ਼ਿਲਮ ਹੋਵੇ, ਜਿਸ ਦੇ ਪਿੱਛੇ ਕੋਈ ਗਾਇਕ ਖੜ੍ਹਾ ਨਾ ਹੋਵੇ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 099154-93043.

ਨਹਿਲੇ 'ਤੇ ਦਹਿਲਾ- ਲਿਆ ਇਕ ਮੈਨੂੰ ਦੇ ਦੇ

ਜਨਾਬ ਅੱਤਾ-ਉਲ-ਹੱਕ ਕਾਸਮੀ ਸਾਹਬ ਸਿਗਰਟ ਪੀਣ ਦੇ ਸ਼ੌਕੀਨ ਸਨ | ਉਹ ਲਗਾਤਾਰ ਕਈ ਘੰਟੇ ਲਿਖਣ ਵਿਚ ਲੱਗੇ ਰਹਿੰਦੇ ਅਤੇ ਲਗਾਤਾਰ ਸਿਗਰਟਾਂ ਪੀਂਦੇ ਰਹਿੰਦੇ ਸਨ | ਉਹ ਇਕ ਸਿਗਰਟ ਮੁੱਕਦਿਆਂ ਦੂਜੀ ਸੁਲਘਾ ਲੈਂਦੇ ਸਨ | ਉਨ੍ਹਾਂ ਦਾ ਇਹ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਸੀ |
ਇਕ ਵਾਰੀ ਉਹ ਇਕ ਮਹਿਫਲ ਵਿਚ ਬੈਠੇ ਸਨ ਅਤੇ ਆਪਣੀ ਆਦਤ ਅਨੁਸਾਰ ਸਿਗਰਟਾਂ ਪੀ ਰਹੇ ਸਨ | ਉਨ੍ਹਾਂ ਦੇ ਨੇੜੇ ਬੈਠੇ ਇਕ ਲੇਖਕ ਨੇ ਉਨ੍ਹਾਂ ਨੂੰ ਕਿਹਾ, 'ਅਤਾ ਸਾਹਬ, ਤੁਸੀਂ ਬਹੁਤ ਸਿਗਰਟਾਂ ਪੀਂਦੇ ਹੋ, ਤੁਹਾਨੂੰ ਨਹੀਂ ਪਤਾ ਸਿਗਰਟ ਪੀਣ ਨਾਲ ਸਰੀਰ ਨੂੰ ਕਿੰਨਾ ਨੁਕਸਾਨ ਝੱਲਣਾ ਪੈਂਦਾ ਹੈ | ਸਿਗਰਟ ਪੀਣ ਨਾਲ ਕੈਂਸਰ ਹੋ ਜਾਂਦਾ ਹੈ | ਸਾਡੇ ਫੇਫੜਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਚੰੁਬੜ ਜਾਂਦੀਆਂ ਨੇ, ਇਸ ਦਾ ਹਰ ਕਸ਼ ਜ਼ਹਿਰੀਲਾ ਹੁੰਦਾ ਹੈ | ਇਹ ਬੰਦੇ ਦੀ ਉਮਰ ਘੱਟ ਕਰ ਦਿੰਦੀ ਹੈ | ਤੁਸੀਂ ਸਿਗਰਟ ਪੀਣੀ ਛੱਡ ਦਿਓ |'
ਇਸ ਦੇ ਜਵਾਬ ਵਿਚ ਕਾਸਮੀ ਸਾਹਬ ਨੇ ਕਿਹਾ, 'ਮੈਂ ਵੀ ਸੋਚਦਾ ਹਾਂ ਇਹ ਠੀਕ ਨਹੀਂ | ਚਲੋ ਮੈਂ ਸਿਗਰਟ ਪੀਣੀ ਘੱਟ ਕਰ ਦਿਆਂਗਾ |' ਇਹ ਸੁਣ ਕੇ ਉਸ ਲੇਖਕ ਨੇ ਕਿਹਾ, 'ਘੱਟ ਕਰ ਦਿਆਂਗਾ ਨਹੀਂ, ਘੱਟ ਕਰ ਦੇ, ਲਿਆ ਇਕ ਸਿਗਰਟ ਮੈਨੂੰ ਦੇ ਦੇ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX