ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਸੱਠੀ ਮੂੰਗੀ ਤੇ ਮਾਂਹ ਦੀਆਂ ਮੁੱਖ ਅਲਾਮਤਾਂ ਦੀ ਰੋਕਥਾਮ ਕਿਵੇਂ ਕਰੀਏ

ਦਾਲਾਂ ਵਿਚ ਕਈ ਅਜਿਹੇ ਗੁਣ ਮੌਜੂਦ ਹਨ ਜੋ ਮਨੁੱਖੀ ਸਿਹਤ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਸਹਾਇਤਾ ਕਰਦੇ ਹਨ । ਇਸ ਤੋਂ ਇਲਾਵਾ ਦਾਲਾਂ ਵਾਲੀਆ ਫ਼ਸਲਾਂ ਫ਼ਲੀਦਾਰ ਹੋਣ ਕਰਕੇ ਹਵਾ ਵਿਚਲੇ ਨਾਈਟ੍ਰੋਜਨ ਤੱਤ ਨੂੰ ਜੜ੍ਹਾਂ ਦੁਆਰਾ ਜ਼ਮੀਨ ਵਿਚ ਜਮ੍ਹਾਂ ਕਰਕੇ ਇਸ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੀਆਂ ਹਨ, ਜਿਸ ਕਾਰਨ ਦਾਲਾਂ ਤੋਂ ਬਾਅਦ ਬੀਜੀ ਫ਼ਸਲ ਲਈ ਨਾਈਟ੍ਰੋਜਨ ਖਾਦਾਂ ਦੀ ਲੋੜ ਘਟ ਜਾਂਦੀ ਹੈ। ਦਾਲਾਂ ਦੇ ਉਤਪਾਦਨ ਵਿਚ ਸੰਸਾਰ ਵਿਚੋਂ ਭਾਰਤ ਦਾ ਅਹਿਮ ਸਥਾਨ ਹੈ। ਭਾਰਤ ਵਿਚ ਹਰ ਸਾਲ ਲਗਪਗ 23.90 ਮਿਲੀਅਨ ਹੈਕਟੇਅਰ ਰਕਬੇ ਵਿਚ ਦਾਲਾਂ ਦੀ ਕਾਸ਼ਤ ਕਰਕੇ 18 ਮਿਲੀਅਨ ਟਨ ਦਾਲ ਦੀ ਉਪਜ ਪ੍ਰਾਪਤ ਕੀਤੀ ਜਾਂਦੀ ਹੈ। ਪਰ ਫਿਰ ਵੀ ਘਰੇਲੂ ਖਪਤ ਲਈ ਭਾਰਤ ਦੇਸ਼ ਨੰ ਹਰ ਸਾਲ ਲਗਪਗ 04 ਮਿਲੀਅਨ ਟਨ ਦੀ ਦਰਾਮਦ ਕਰਨੀ ਪੈਂਦੀ ਹੈ। ਇਸ ਲਈ ਸਾਨੂੰ ਆਪਣੇ ਦੇਸ਼ ਵਿਚ ਦਾਲਾਂ ਦਾ ਉਤਪਾਦਨ ਅਤੇ ਉਤਪਾਦਕ ਵਧਾਉਣ ਦੀ ਸਖਤ ਜ਼ਰੂਰਤ ਹੈ । ਮਨੁੱਖੀ ਸਿਹਤ ਲਈ ਦਾਲਾਂ ਦੇ ਵੱਡੇ ਫਾਇਦੇ ਨੂੰ ਮੁੱਖ ਰੱਖਦੇ ਹੋਏ ਸੰਯੁਕਤ ਰਾਸ਼ਟਰ ਵਲੋਂ ਸਾਲ 2016 ਨੂੰ ਦਾਲ ਅੰਤਰਰਾਸ਼ਟਰੀ ਦੇ ਰੂਪ ਵਿਚ ਮਨਾਇਆ ਗਿਆ ਸੀ। ਤਾਂ ਜੋ ਸੰਸਾਰੀ ਲੋਕ ਜਨ ਨੂੰ ਦਾਲਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਦਾਲਾਂ ਦੇ ਉਤਪਾਦਨ ਵਿਚ ਵਾਧਾ ਕੀਤਾ ਜਾਵੇ। ਪੰਜਾਬ ਵਿਚ ਸੱਠੀਆਂ ਦਾਲਾਂ (ਮੂੰਗੀ ਅਤੇ ਮਾਂਹ) ਦੀ ਕਾਸ਼ਤ ਬਹੁਤ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਫ਼ਸਲਾਂ ਬਹੁਤ ਘੱਟ ਸਮੇਂ ਵਿਚ ਪੱਕ ਕੇ ਤਿਆਰ ਹੋ ਜਾਂਦੀਆ ਹਨ। ਇਨ੍ਹਾਂ ਫ਼ਸਲਾਂ 'ਤੇ ਕਈ ਕਿਸਮ ਦੇ ਅਲਾਮਤਾਂ (ਨਦੀਨ, ਕੀੜੇ ਅਤੇ ਬਿਮਾਰੀਆਂ) ਆਉਂਦੀਆਂ ਹਨ ਜੋ ਦਾਲਾਂ ਦੀ ਫ਼ਸਲ ਦਾ ਝਾੜ ਘਟਾਉਣ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਇਸ ਲਈ ਇਨ੍ਹਾਂ ਹਾਨੀਕਾਰਕ ਅਲਾਮਤਾਂ ਦੀ ਸਰਬਪੱਖੀ ਢੰਗਾਂ ਨਾਲ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਤਾਂ ਜੋ ਦਾਲਾਂ ਦੀ ਫ਼ਸਲ ਤੋਂ ਵੱਧ ਤੋਂ ਵੱਧ ਝਾੜ ਅਤੇ ਮੁਨਾਫ਼ਾ ਪ੍ਰਾਪਤ ਕੀਤਾ ਜਾ ਸਕੇ।
ਮੁੱਖ ਅਲਾਮਤਾਂ
1 ਨਦੀਨਾਂ ਦੀ ਰੋਕਥਾਮ: ਦਾਲਾਂ ਦੀ ਵਿਚ ਨਦੀਨਾਂ ਦੀ ਬਹੁਤ ਗੰਭੀਰ ਸੁਮੱਸਿਆ ਹੈ। ਨਦੀਨ ਫ਼ਸਲ ਨੂੰ ਮਿਲਣ ਵਾਲੀ ਖੁਰਾਕ ਦਾ ਹਿੱਸਾ ਲੈਂਦੇ ਹਨ। ਇਸ ਤੋਂ ਇਲਾਵਾ ਨਦੀਨਾਂ ਉੱਪਰ ਕਈ ਤਰ੍ਹਾਂ ਦੇ ਕੀੜੇ ਅਤੇ ਰੋਗ ਵੀ ਪਲਦੇ ਰਹਿੰਦੇ ਹਨ ਜੋ ਬਾਅਦ ਵਿਚ ਮੁੱਖ ਫ਼ਸਲ 'ਤੇ ਤਬਦੀਲ ਹੋ ਜਾਂਦੇ ਹਨ। ਇਸ ਲਈ ਦਾਲਾਂ ਦੀ ਫ਼ਸਲ ਨੂੰ ਨਦੀਨਾਂ ਤੋਂ ਰਹਿਤ ਰੱਖਣਾ ਬਹੁਤ ਜ਼ਰੂਰੀ ਹੈ। ਫ਼ਸਲ ਨੂੰ ਨਦੀਨ ਤੋਂ ਮੁਕਤ ਰੱਖਣ ਲਈ ਸਮੇਂ ਸਿਰ ਇਕ/ਦੋ ਗੋਡੀਆਂ ਕਰਨੀਆਂ ਚਾਹੀਦੀਆਂ ਹਨ।
ਹਾਨੀਕਾਰਕ ਕੀੜੇ
ਥਰਿੱਪ : ਇਸ ਕੀੜੇ ਦਾ ਅਕਾਰ ਬਹੁਤ ਛੋਟਾ ਅਤੇ ਗੂੜ੍ਹੇ ਭੂਰੇ ਰੰਗ ਦਾ ਹੁੰਦਾ ਹੈ। ਇਹ ਕੀੜਾ ਗਰਮੀ ਰੁੱਤ ਦੇ ਮੂੰਗੀ ਅਤੇ ਮਾਂਹ ਦੀ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਖੁਸ਼ਕ ਮੌਸਮ ਵਿਚ ਇਹ ਕੀੜਾ ਫੁੱਲਾਂ ਦਾ ਰਸ ਚੂਸਦਾ ਹੈ, ਜਿਸ ਦੇ ਸਿੱਟੇ ਵਜੋਂ ਫੁੱਲ ਝੜ ਜਾਂਦੇ ਹਨ ਅਤੇ ਫ਼ਲੀਆਂ ਟੇਢੀਆਂ-ਮੇਢੀਆਂ ਹੋ ਜਾਂਦੀਆਂ ਹਨ। ਇਸ ਨਾਲ ਦਾਲਾਂ ਦੇ ਦਾਣਿਆਂ ਦੀ ਗੁਣਵੱਤਾ (ਕੁਆਲਿਟੀ) 'ਤੇ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਝਾੜ ਕਾਫ਼ੀ ਘਟ ਜਾਂਦਾ ਹੈ। ਜ਼ਿਆਦਾ ਹਮਲੇ ਦੀ ਸੂਰਤ ਵਿਚ ਸਾਰੀ ਫ਼ਸਲ ਤਬਾਹ ਹੋ ਜਾਂਦੀ ਹੈ।
ਤੰਬਾਕੂ ਵਾਲੀ ਸੁੰਡੀ: ਇਹ ਸੁੰਡੀ ਕਈ ਫ਼ਸਲਾਂ ਉੱਪਰ ਹਮਲਾ ਕਰਦੀ ਹੈ। ਇਸ ਦੀਆਂ ਛੋਟੀਆਂ ਸੁੰਡੀਆਂ ਕਾਲੇ ਰੰਗ ਦੀਆਂ ਅਤੇ ਵੱਡੀਆਂ ਸੁੰਡੀਆਂ ਗੂੜ੍ਹੇ ਹਰੇ ਰੰਗ ਦੀਆਂ ਹੁੰਦੀਆਂ ਹਨ ਅਤੇ ਸਰੀਰ ਉੱਪਰ ਕਾਲੇ ਰੰਗ ਦੇ ਤਿਕੋਣੇ ਧੱਬੇ ਹੁੰਦੇ ਹਨ। ਛੋਟੀਆਂ ਸੁੰਡੀਆਂ ਝੁੰਡਾਂ ਵਿਚ ਪੱਤਿਆਂ ਦਾ ਹਰਾ ਮਾਦਾ ਖਾਂਦੀਆਂ ਹਨ ਅਤੇ ਪੱਤਿਆਂ ਨੂੰ ਛਾਣਨੀ-ਛਾਣਨੀ ਕਰ ਦਿੰਦੀਆਂ ਹਨ। ਬਾਅਦ ਵਿਚ ਇਹ ਸੁੰਡੀਆਂ ਵੱਡੀਆਂ ਹੋ ਕੇ ਸਾਰੇ ਖੇਤ ਵਿਚ ਖਿੱਲਰ ਕੇ ਨੁਕਸਾਨ ਕਰਦੀਆਂ ਹਨ। ਪੱਤਿਆਂ ਤੋ ਇਲਾਵਾ ਇਹ ਸੁੰਡੀਆਂ ਫ਼ੁੱਲ ਅਤੇ ਫ਼ਲੀਆਂ ਦਾ ਵੀ ਨੁਕਸਾਨ ਕਰਦੀਆਂ ਹਨ।
ਰੋਕਥਾਮ : * ਫ਼ਸਲ ਦੀ ਬਿਜਾਈ ਸਮੇਂ ਸਿਰ ਕਰੋ। * ਫ਼ਸਲ ਵਾਲੇ ਖੇਤਾਂ ਨੂੰ ਨਦੀਨਾਂ (ਇਟਸਿਟ/ਚੁਪੱਤੀ) ਅਤੇ ਫਾਲਤੂ ਬੂਟਿਆਂ ਤੋਂ ਰਹਿਤ ਰੱਖੋ ਕਿਉਂਕਿ ਇਹ ਨਦੀਨ ਇਸ ਸੁੰਡੀ ਲਈ ਬਦਲਵੇਂ ਪੌਦੇ ਦੇ ਤੌਰ 'ਤੇ ਕੰਮ ਕਰਦੇ ਹਨ। * ਆਂਡੇ ਤੇ ਛੋਟੀਆਂ ਸੁੰਡੀਆਂ ਨੂੰ ਪੱਤਿਆਂ ਸਮੇਤ ਨਸ਼ਟ ਕਰਦੇ ਰਹੋ।
ਬਿਮਾਰੀਆਂ
ਚਿਤਕਬਰਾ ਰੋਗ: ਇਹ ਇਕ ਵਿਸ਼ਾਣੂ ਰੋਗ ਹੈ ਜੋ ਮੁਢਲੇ ਤੌਰ 'ਤੇ ਫ਼ਸਲ ਦੇ ਬੀਜ ਵਿਚ ਹੀ ਹੁੰਦਾ ਹੈ ਅਤੇ ਅਨੁਕੂਲ ਵਾਤਾਵਰਨ ਤੇ ਇਹ ਰੋਗ ਫ਼ਸਲ ਉੱਪਰ ਆ ਜਾਂਦਾ ਹੈ ਅਤੇ ਬਾਅਦ ਵਿਚ ਇਹ ਬਿਮਾਰੀ ਚਿੱਟੀ ਮੱਖੀ ਦੁਆਰਾ ਫੈਲਾਈ ਜਾਂਦੀ ਹੈ। ਇਸ ਰੋਗ ਕਾਰਨ ਪੱਤਿਆਂ ਉੱਪਰ ਪੀਲੇ ਅਤੇ ਹਰੇ ਰੰਗ ਦੇ ਬੇ-ਅਕਾਰ ਧੱਬੇ ਪੈ ਜਾਂਦੇ ਹਨ। ਜ਼ਿਆਦਾ ਹਮਲੇ ਦੀ ਸੂਰਤ ਵਿਚ ਸਾਰਾ ਖੇਤ ਪੀਲਾ ਪੈ ਜਾਂਦਾ ਹੈ। ਪੌਦਿਆਂ ਨੂੰ ਜਾਂ ਤਾਂ ਫ਼ਲੀਆਂ ਪੈਂਦੀਆਂ ਨਹੀਂ ਜਾਂ ਬਹੁਤ ਥੋੜੀਆਂ ਪੀਲੇ ਰੰਗ ਦੀਆਂ ਫ਼ਲੀਆਂ ਪੈਂਦੀਆਂ ਹਨ। ਇਸ ਬਿਮਾਰੀ ਕਾਰਨ ਦਾਣਿਆਂ/ਬੀਜਾਂ ਦੀ ਗੁਣਵੱਤਾ (ਕੁਆਲਿਟੀ) 'ਤੇ ਮਾੜਾ ਅਸਰ ਪੈਂਦਾ ਹੈ। ਇਹ ਬੀਜ ਅਗਲੇ ਸਾਲ ਦੀ ਬਿਜਾਈ ਦੇ ਯੋਗ ਵੀ ਨਹੀ ਰਹਿੰਦਾ।
ਰੋਕਥਾਮ : ਬਿਜਾਈ ਵਾਸਤੇ ਇਸ ਬਿਮਾਰੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਦੀ ਚੋਣ ਹੀ ਕਰਨੀ ਚਾਹੀਦੀ ਹੈ ਜਿਵੇਂ ਮੂੰਗੀ: ਐਸ. ਐਮ. ਐਲ. 668, ਐਸ. ਐਮ. ਐਲ. 832 ਅਤੇ ਮਾਂਹ : ਮਾਂਹ 1008 ਅਤੇ ਮਾਂਹ 218 ਆਦਿ।
ਬੀਜ ਮਾਨਤਾ ਪ੍ਰਾਪਤ ਏਜੰਸੀਆਂ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਜਾਂ ਇਸ ਦੇ ਰਿਜਨਲ ਸਟੇਸ਼ਨ/ਬੀਜ ਫ਼ਾਰਮਾਂ ਤੋਂ ਹੀ ਖਰੀਦੋ। ਖੇਤਾਂ ਦੀ ਨਿਗਰਾਨੀ ਕਰਦੇ ਰਹੋ ਅਤੇ ਬਿਮਾਰੀ ਵਾਲੇ ਬੂਟਿਆਂ ਨੂੰ ਸ਼ੁਰੂ ਵਿਚ ਹੀ ਪੁੱਟ ਦਿਉ।
ਝੁਲਸ ਰੋਗ: ਫ਼ਸਲੀ ਖੇਤ ਵਿਚ ਇਹ ਬਿਮਾਰੀ ਨਦੀਨਾਂ/ਆਪੇ ਉਗੇ ਹੋਏ ਵਾਧੂ ਬੂਟਿਆਂ ਤੋਂ ਆਉਂਦੀ ਹੈ। ਇਹ ਬਿਮਾਰੀ ਪੱਤਿਆਂ ਦੀ ਉੱਪਰਲੀ ਛਿੱਲ, ਡੰਡੀਆਂ ਅਤੇ ਨਵੀਆਂ ਸ਼ਾਖਾਵਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਹੌਲੀ-ਹੌਲੀ ਬੂਟੇ ਉੱਪਰੋਂ ਝੁਲਸ ਜਾਂਦੇ ਹਨ। ਅਜਿਹੇ ਝੁਲਸ ਰੋਗ ਵਾਲੇ ਬੂਟਿਆਂ ਦੀਆਂ ਧੋੜੀਆਂ ਖੇਤ ਵਿਚ ਦੂਰੋਂ ਹੀ ਪ੍ਰਤੱਖ ਨਜ਼ਰ ਆਉਂਦੀਆਂ ਹਨ। ਜ਼ਿਆਦਾ ਸਿੱਲ੍ਹੇ ਮੌਸਮ ਵਿਚ ਪੱਤਿਆਂ 'ਤੇ ਉੱਲੀ ਦੇ ਚਿੱਟੇ ਜਾਲੇ ਬਣ ਜਾਂਦੇ ਹਨ।
ਰੋਕਥਾਮ : * ਫ਼ਸਲ ਅਤੇ ਫ਼ਸਲ ਆਲਾ -ਦੁਆਲਾ ਨਦੀਨ ਰਹਿਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬਿਮਾਰੀ ਨਦੀਨਾਂ ਤੋਂ ਹੀ ਆਉਂਦੀ ਹੈ। * ਫ਼ਸਲ ਨੂੰ ਪਾਣੀ ਲੋੜ ਅਨੁਸਾਰ ਘੱਟ ਤੋ ਘੱਟ ਲਾਉ।


-ਰਿਜਨਲ ਸਟੇਸ਼ਨ ਪੀ.ਏ.ਯੂ. ਗੁਰਦਾਸਪੁਰ।
ਫੋਨ : 01874-220825, 088720-03010.


ਖ਼ਬਰ ਸ਼ੇਅਰ ਕਰੋ

ਡੂੰਘਾ ਵਾਹ ਲੈ ਹਲ਼ ਵੇ...

ਕਿਸਾਨ ਵਾਸਤੇ ਜ਼ਮੀਨ ਮਾਂ ਦੇ ਤੁਲ ਹੈ। ਆਪਣੇ ਖੇਤ ਵਿਚ ਕੰਮ ਕਰਨ ਲਈ ਵੜਨ ਤੋਂ ਪਹਿਲਾਂ ਉਹ ਧਰਤੀ ਨੂੰ ਨਮਸਕਾਰਦਾ ਹੈ। ਧਰਤੀ ਨੂੰ ਵਾਹੁੰਦਾ, ਬੀਜਦਾ ਅਤੇ ਫ਼ਸਲ ਦੀ ਸੰਭਾਈ ਕਰਕੇ ਉਹ ਜਨਤਾ ਦਾ ਢਿੱਡ ਭਰਦਾ ਹੈ। ਫ਼ਸਲ ਨੂੰ ਬੀਜਣ ਤੋਂ ਪਹਿਲਾਂ ਉਹ ਜ਼ਮੀਨ ਤਿਆਰ ਕਰਦਾ ਹੈ। ਹਲ਼ ਵਾਹੁਣ ਉਪਰੰਤ ਜੇਕਰ ਲੋੜ ਹੋਵੇ ਤਾਂ ਕਰਾਹਾ ਲਾ ਕੇ ਜ਼ਮੀਨ ਨੂੰ ਪੱਧਰੀ ਕਰਦਾ ਹੈ। ਰੱਕੜ ਵਾਹਣ ਨੂੰ ਪਾਣੀ ਲਾ ਕੇ ਰਾਉਣੀ ਕਰਦਾ ਹੈ, ਵੱਤਰ ਆਉਣ 'ਤੇ ਹਲ਼ ਨਾਲ ਇਸ ਦੀ ਵਹਾਈ ਕਰਦਾ ਹੈ। ਜ਼ਮੀਨ ਦੀ ਵੱਤਰ ਜਾਂ ਗਿੱਲ ਨੂੰ ਦੱਬਣ ਵਾਸਤੇ ਸੁਹਾਗੇ ਦੀ ਵਰਤੋਂ ਕਰਦਾ ਹੈ ਅਤੇ ਫਿਰ ਬੀਜ ਬੀਜਦਾ ਹੈ। ਫ਼ਸਲ ਵਧਦੀ ਫੁੱਲਦੀ ਹੈ ਅਤੇ ਖੇਤਾਂ ਵਿਚ ਹਰਿਆਵਲ ਆਉਂਦੀ ਹੈ। ਖੇਤਾਂ ਵਿਚ ਆਈ ਹਰਿਆਵਲ ਹਰ ਕਿਸੇ ਨੂੰ ਚੰਗੀ ਲੱਗਦੀ ਹੈ। ਕਵੀ ਮਨ ਹਰਿਆਵਲ ਵੇਖ ਕੇ ਝੂਮ ਉਠਦਾ ਹੈ ਪਰੰਤੂ ਸੋਚਿਆ ਜਾਵੇ ਹਰਿਆਵਲ ਆਉਣ ਤੋਂ ਪਹਿਲਾਂ ਕਿਸਾਨ ਨੇ ਪੂਰਾ ਪਸੀਨਾ ਵਹਾਇਆ ਹੁੰਦਾ ਹੈ। ਬਲ਼ਦ ਜੋੜ ਕੇ ਖੇਤ ਨੂੰ ਤੁਰਦਾ ਹੀ ਉਹ ਕਵੀ ਹੁੰਦਾ ਹੈ, ਗਾਇਕ ਹੁੰਦਾ ਹੈ ਅਤੇ ਆਸ਼ਕ ਹੁੰਦਾ ਹੈ। ਬਲ਼ਦਾਂ ਦੇ ਗਲ਼ ਵਿਚ ਪਾਈਆਂ ਟੱਲੀਆਂ ਦੀ ਟੁਣਕਾਰ ਉਸ ਲਈ ਮਿੱਠੀਆਂ ਸੰਗੀਤਕ ਧੁਨਾਂ ਪੈਦਾ ਕਰਦੀ ਹੈ। ਸਿੱਧੇ ਸਿਆੜ ਕੱਢਦਾ ਹੋਇਆ ਉਹ ਇਕ ਚਿੱਤਰਕਾਰ ਵਰਗਾ ਹੁੰਦਾ ਹੈ। ਵਾਹੁਣ ਬੀਜਣ ਲਈ ਕੀਤੇ ਕੰਮ ਦੀ ਉਸ ਦੀ ਕਲਾਕਾਰੀ ਵੇਖਣ ਵਾਲੀ ਹੁੰਦੀ ਹੈ। ਖੇਤ ਵਿਚ ਜਾ ਕੇ ਹਲ਼ ਦਾ ਮੁੰਨਾ ਫੜ ਕੇ 'ਚੱਲੋ ਪੁੱਤਰਾ' ਦਾ ਹੋਕਾ ਦਿੰਦਾ ਹੋਇਆ ਉਹ ਆਪਣੇ ਬਲ਼ਦਾਂ ਨਾਲ ਇਕ-ਮਿੱਕ ਹੁੰਦਾ ਹੈ। ਆਪਣੇ ਬਲ਼ਦਾਂ ਦੀਆਂ ਧੌਣਾਂ 'ਤੇ ਪੰਜਾਲ਼ੀ ਰੱਖਦਾ ਹੋਇਆ ਆਪਣੇ ਕਮਾਊ ਪੁੱਤਰਾਂ ਦੇ ਕਦੇ ਪਿੰਡੇ 'ਤੇ ਹੱਥ ਫੇਰਦਾ ਹੈ, ਕਦੇ ਮੂੰਹ 'ਤੇ ਹੱਥ ਫੇਰਦਾ ਹੈ; ਭੱਤਾ (ਰੋਟੀ ਪਾਣੀ ਆਦਿ) ਲੈ ਕੇ ਉਸ ਦੀ ਸਵਾਣੀ ਆਉਂਦੀ ਹੈ, ਰੋਟੀ ਖਾਣ ਉਪਰੰਤ ਆਪਣੇ ਬਲਦਾਂ ਦੇ ਮੂੰਹ ਵਿਚ ਬੁਰਕੀ ਪਾ ਕੇ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ, ਇਹ ਸਾਰਾ ਨਜ਼ਾਰਾ ਸਮੇਂ ਦੀ ਪਵਿੱਤਰਤਾ ਦੀ ਗਵਾਹੀ ਦਿੰਦਾ ਹੈ।
ਅੱਜ ਦੇ ਮਸ਼ੀਨੀ ਯੁੱਗ ਤੋਂ ਪਹਿਲਾਂ ਕਿਸਾਨ ਬਲ਼ਦਾਂ ਜਾਂ ਊਠ ਨਾਲ ਆਪਣੀ ਜ਼ਮੀਨ ਦੀ ਵਹਾਈ ਅਤੇ ਬਿਜਾਈ ਕਰਿਆ ਕਰਦਾ ਸੀ। ਦੋ ਬਲ਼ਦਾਂ ਦੇ ਗਲ਼ ਵਿਚ ਪੰਜਾਲ਼ੀ ਪਾ ਕੇ ਉਸ ਦੇ ਵਿਚਾਲ਼ਿਓਂ ਹਲ਼ ਪਇਆ ਜਾਂਦਾ ਸੀ। ਹਲ਼ ਦੀ ਬੇਲ ਅਤੇ ਪੰਜਾਬੀ ਨੂੰ ਨਾੜਿਆਂ ਨਾਲ ਬੰਨ੍ਹਣਾ ਇਕ ਕਿਸਮ ਦਾ ਕਲਾਕਾਰ ਵਾਲਾ ਕੰਮ ਹੁੰਦਾ ਹੈ। ਪਹਿਲੀਆਂ ਵਿਚ ਹਲ਼ ਦਾ ਫ਼ਾਲ਼ਾ ਵੀ ਲੱਕੜ ਦਾ ਹੁੰਦਾ ਸੀ ਪਰੰਤੂ ਬਾਅਦ ਵਿਚ ਇਸ ਵਿਚ ਸੋਧ ਕਰਦਿਆਂ ਫ਼ਾਲ਼ਾ ਲੋਹੇ ਦਾ ਲਾਇਆ ਜਾਣ ਲੱਗ ਪਿਆ ਸੀ। ਹੋਰ ਸੋਧ ਕਰਦਿਆਂ ਇਹ ਫ਼ਾਲ਼ਾ ਉਲਟਾਵੇਂ ਹਲ਼ ਦੇ ਰੂਪ ਵਿਚ ਆ ਗਿਆ ਸੀ। ਇਸ ਨਾਲ ਹੇਠਲੀ ਜ਼ਮੀਨ ਉਪਰ ਅਤੇ ਉਪਰਲੀ ਮਿੱਟੀ ਹੇਠਾਂ ਚਲੀ ਜਾਂਦੀ ਸੀ। ਊਠ ਜਾਂ ਬੋਤੇ ਦੇ ਗਲ਼ ਵਿਚ ਪੰਜਾਲ਼ੀ ਪਾਉਣ ਦੀ ਥਾਂ ਉਸ ਦੇ ਬੀਂਡੀ ਪਾ ਕੇ ਹੀ ਹਲ਼ ਫਿੱਟ ਕੀਤਾ ਜਾਂਦਾ ਸੀ। ਮੰਝਿਆ ਹਾਲ਼ੀ ਤਾਂ ਆਪਣੇ ਬਲ਼ਦਾਂ ਜਾਂ ਊਠ ਨੂੰ ਰੈਲ਼ਾ ਰੱਖਦਾ ਸੀ ਅਤੇ ਜ਼ਮੀਨ ਦੀ ਵੀ ਪੂਰੀ ਤਿਆਰੀ ਕਰ ਲੈਂਦਾ ਸੀ ਜਦੋਂ ਕਿ ਅਣਜਾਣ ਹਾਲ਼ੀ ਬੜੀ ਵਾਰੀ ਆਪਣੇ, ਬਲ਼ਦਾਂ ਜਾਂ ਊਠ ਨੂੰ ਹਲ਼ ਦੀ ਚੌਂਅ ਮਾਰ ਕੇ ਜ਼ਖ਼ਮੀ ਕਰ ਬਹਿੰਦਾ ਸੀ। ਹਲ਼ਾਂ ਦੀ ਵਾਹੀ ਦੇ ਹਿਸਾਬ ਨਾਲ ਕਿਸਾਨ ਦੀ ਜ਼ਮੀਨ ਆਂਕੀ ਜਾਂਦੀ ਸੀ। ਭਾਵ ਉਸ ਕੋਲ ਕਿੰਨੇ ਕਿੱਲੇ/ਏਕੜ ਜ਼ਮੀਨ ਹੈ, ਇਹ ਇਸ ਵਾਕੰਸ਼ ਤੋਂ ਪਤਾ ਲੱਗਦਾ ਸੀ ਕਿ ਉਸ ਦੀ ਕਿੰਨੇ ਹਲ਼ਾਂ ਦੀ ਵਾਹੀ ਹੈ। ਹਲ਼ ਵਾਹੁਣ ਲਈ ਆਮ ਤੌਰ 'ਤੇ ਸਵੇਰੇ ਸਵੱਖ਼ਤੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਹਲ਼ ਜੋੜਿਆ ਜਾਂਦਾ ਸੀ। 'ਟਿੱਕੀ ਨਿਕਲਣ ਤੋਂ ਪਹਿਲਾਂ ਕਨਾਲ/ਦੋ ਕਨਾਲਾਂ ਵਾਹ ਲਈ' ਕਿਸਾਨ ਦੇ ਹਿੰਮਤੀ ਹੋਣ ਦਾ ਦਰਸਾਉਣ ਵਾਲਾ ਵਾਕ ਹੁੰਦਾ ਸੀ। ਹਲ਼ ਵਾਹੁੰਦੇ ਸਮੇਂ ਸਿੱਧੇ ਸਿਆੜ ਕੱਢਣੇ ਸਿਆਣੇ ਕਾਮੇ ਹੋਣ ਦੀ ਨਿਸ਼ਾਨੀ ਹੁੰਦੀ ਸੀ। ਫ਼ਸਲ ਬੀਜਦੇ ਸਮੇਂ ਪੋਰ ਰਾਹੀਂ ਬੀਜ ਦਾ ਠੀਕ ਮਾਤਰਾ ਵਿਚ ਪਾਉਣਾ ਅਤੇ ਬੂਟਿਆਂ ਅਤੇ ਕਤਾਰਾਂ ਦੀ ਦੂਰੀ ਠੀਕ ਰੱਖਣੀ; ਵੱਡੀ ਸਿਆਣਪ ਦੀ ਨਿਸ਼ਾਨੀ ਹੁੰਦੀ ਸੀ। ਚੰਗੇ ਹਾਲ਼ੀ ਨੂੰ ਖੇਤ ਵਿਚ ਹਲ਼ ਵਾਹੁੰਦਿਆਂ, ਬੀਜਦਿਆਂ ਵੇਖਣ ਲਈ ਸਿਆਣੇ ਬੰਦੇ ਰਾਹ ਵਿਚ ਰੁਕ ਕੇ ਨਿਹਾਰਦੇ ਅਤੇ ਸ਼ਾਬਾਸ਼ ਦਿੰਦੇ ਸਨ।
ਵਹਾਈ ਵੇਲੇ ਜ਼ਮੀਨ ਨੂੰ ਵੱਧ ਤੋਂ ਵੱਧ ਪੋਲਾ ਕਰਨ ਲਈ ਹਲ਼ ਨੂੰ ਡੂੰਘਾ ਵਾਹਿਆ ਜਾਂਦਾ ਸੀ। ਇਕ ਤੋਂ ਵੱਧ ਵਾਰ ਵਾਹ ਕੇ ਕੀਤੀ ਬਿਜਾਈ ਵਿਚ ਬੀਜ ਪੂਰਾ ਉੱਗਦਾ ਸੀ ਅਤੇ ਫ਼ਸਲ ਵਧੇਰੇ ਵਧਦੀ-ਫੁੱਲਦੀ ਸੀ। ਮਿਹਨਤੀ ਕਿਸਾਨ ਦੀ ਫ਼ਸਲ ਚੰਗੀ ਹੁੰਦੀ ਸੀ ਅਤੇ ਉਸ ਨੂੰ ਕਿਸੇ ਹੋਰ ਪਾਸੇ ਵੇਖਣ ਦੀ ਲੋੜ ਹੀ ਨਹੀਂ ਰਹਿੰਦੀ ਸੀ। ਖੇਤੀ ਨੂੰ ਉੱਤਮ , ਵਪਾਰ ਨੂੰ ਮੱਧ ਦਰਜੇ ਦਾ ਕੰਮ , ਨੌਕਰੀ ਕਰਨਾ ਅਸਲ ਵਿਚ ਗੁਲਾਮੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਜਦੋਂ ਕਿ ਭੀਖ ਮੰਗਣਾ ਸੱਭ ਤੋਂ ਹੇਠਲੇ ਦਰਜੇ 'ਤੇ ਆ ਜਾਂਦਾ ਸੀ। ਮਿਹਨਤ ਨਾਲ ਕੀਤੀ ਕਮਾਈ ਤਾਂ ਇੱਜਤ ਦਿਵਾਉਂਦੀ ਸੀ। ਇਸੇ ਕਰਕੇ ਤਾਂ ਇਹ ਲੋਕ ਤੱਥ ਬਣਿਆ ਹੋਇਆ ਸੀ : ਡੂੰਘਾ ਵਾਹ ਲੈ ਹਲ਼ ਵੇ ਤੇਰੀ ਘਰੇ ਨੌਕਰੀ।


-6-ਆਰ. ਡੋਗਰ ਬਸਤੀ ਫ਼ਰੀਦਕੋਟ।
ਮੋਬਾਈਲ : 95010-20731.

ਡੂੜ ਇੱਟ ਦੀ ਚੌਕੀਦਾਰੀ

ਸੜਕਾਂ ਉੱਤੇ ਨਿੱਤ ਦਿਨ ਹੁੰਦੇ ਹਾਦਸਿਆਂ ਵਿਚ ਜਿਥੇ ਲੋਕਾਂ ਦੀ ਲਾਪਰਵਾਹੀ ਵੀ ਜ਼ਿੰਮੇਵਾਰ ਹੈ, ਉੱਥੇ ਹੀ ਸੜਕਾਂ ਬਣਾਉਣ ਵਾਲੇ ਮਹਿਕਮੇ ਵੀ ਕੋਈ ਕਸਰ ਨਹੀਂ ਛੱਡਦੇ ਹਨ। ਜਦ ਵੀ ਕਿਸੇ ਪਿੰਡ ਦੀ ਲਿੰਕ ਰੋਡ ਬਣਦੀ ਹੈ ਤਾਂ ਬਿਨਾਂ ਕਿਸੇ ਅਗਾਊਂ ਨਿਸ਼ਾਨੀ ਦੇ ਸੜਕ ਬੰਦ ਕਰ ਦਿੱਤੀ ਜਾਂਦੀ ਹੈ। ਕਾਰ ਸਕੂਟਰ ਵਾਲਾ ਪਿਆ ਭਟਕਦਾ ਰਵੇ। ਮਜ਼ਦੂਰ ਬਸ ਹੱਥ ਹਿਲਾਅ ਕੇ 'ਰਸਤਾ ਬੰਦ ਹੈ' ਦੱਸ ਦੇਣਗੇ। ਫੇਰ ਕਿੱਧਰ ਦੀ ਜਾਣਾ ਹੈ। ਮਾਰੋ ਟੱਕਰਾਂ। ਕਈ ਵਾਰੀ ਤਾਂ ਪਤਲੀ ਜਿਹੀ ਸੜਕ 'ਤੇ ਵਾਪਸ ਵੀ ਨਹੀਂ ਮੁੜਿਆ ਜਾ ਸਕਦਾ ਹੁੰਦਾ। ਵਗਦੀਆਂ ਸੜਕਾਂ 'ਤੇ ਕੋਈ ਨਿਸ਼ਾਨੀ ਲਾਉਣੀ, ਮਹਿਕਮੇ ਵਲੋਂ ਵੱਡਾ ਗੁਨਾਹ ਮੰਨਿਆ ਜਾਂਦਾ ਹੈ। ਦੋ ਕੁ ਟੁੱਟੀਆਂ ਇੱਟਾਂ ਵੀ ਇਸ ਲਈ ਰੱਖਦੇ ਹਨ ਕਿ ਸੁੱਟੀ ਹੋਈ ਬਜਰੀ ਜਾਂ ਰੇਤਾ ਮਿਣਨਾ ਹੁੰਦਾ ਹੈ। ਜੇ ਰਾਤ ਨੂੰ ਕਿਸੇ ਦੀ ਜਾਨ ਜਾਂਦੀ ਹੈ, ਇਸ ਨੂੰ ਆਬਾਦੀ ਘਟਾਉਣ ਦੇ ਤਰੀਕੇ ਵਜੋਂ ਲਿਆ ਜਾਂਦਾ ਹੈ। ਜੇ ਇਨ੍ਹਾਂ ਲੋਕਾਂ ਨੂੰ 'ਮਾਡਰਨ ਯਮਦੂਤ' ਮੰਨ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।


ਮੋਬਾ: 98159-45018

ਦੂਜੇ ਸਬਜ਼ ਇਨਕਲਾਬ ਦੌਰਾਨ ਯੋਗ ਖੇਤੀ ਨੀਤੀ ਅਪਣਾਈ ਜਾਏ

ਆਪਣੀ ਹਾਲੀਆ ਪੰਜਾਬ ਦੀ ਫੇਰੀ ਦੌਰਾਨ 15ਵੇਂ ਵਿੱਤ ਕਮਿਸ਼ਨ ਦੇ ਇਕ ਮੈਂਬਰ ਨੇ ਟੀਕਾ ਟਿੱਪਣੀ ਕਰਦਿਆਂ ਆਪਣੇ ਵਿਸ਼ੇਸ਼ ਕਥਨ ਵਿਚ ਕਿਹਾ ਕਿ ਪੰਜਾਬ ਨੂੰ ਹੁਣ 1966ਵੇਂ (ਸਬਜ਼ ਇਨਕਲਾਬ ਦੀ ਸ਼ੁਰੂਆਤ) 'ਚ ਅਪਣਾਈ ਗਈ ਖੇਤੀ ਦੀ ਲੋੜ ਨਹੀਂ ਜਦੋਂ ਭੁੱਖ ਦੂਰ ਕਰਨ ਲਈ ਤੇ ਪੀ. ਐਲ. 480 ਤੋਂ ਨਿਜਾਤ ਪਾਉਣ ਲਈ ਅਨਾਜ ਪੈਦਾ ਕਰਨ ਦੀ ਲੋੜ ਸੀ। ਜਿਸ ਉਪਰੰਤ ਕਣਕ ਦਾ ਇਨਕਲਾਬ ਤੇ ਫੇਰ ਚੌਲਾਂ ਦੀ ਕਾਸ਼ਤ 'ਚ ਕ੍ਰਾਂਤੀ ਦਾ ਰਾਹ ਅਪਣਾਉਣਾ ਪਿਆ ਸੀ। ਇਸ ਸਮੇਂ ਦੌਰਾਨ ਕਣਕ ਅਤੇ ਝੋਨੇ ਦੇ ਉਤਪਾਦਨ 'ਚ ਨੁਮਾਇਆਂ ਵਾਧਾ ਹੋਇਆ ਅਤੇ ਪੰਜਾਬ ਨੇ ਕੇਂਦਰ ਭੰਡਾਰ ਵਿਚ 50 ਫ਼ੀਸਦੀ ਤੱਕ ਕਣਕ ਅਤੇ 35-36 ਫ਼ੀਸਦੀ ਤੱਕ ਚੌਲਾਂ ਦਾ ਯੋਗਦਾਨ ਪਾ ਕੇ ਦੂਜੇ ਥੁੜ੍ਹ ਵਾਲੇ ਰਾਜਾਂ ਦੀ ਲੋੜ ਪੂਰੀ ਕਰ ਦਿੱਤੀ ਸੀ। ਅੱਜ ਦੂਜੇ ਰਾਜ ਜਿਵੇਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਤੇ ਬਿਹਾਰ ਆਦਿ ਸਾਰੇ ਹੀ ਆਪਣੀ ਲੋੜ ਆਪ ਹੀ ਪੂਰੀ ਕਰਨ ਦੇ ਯੋਗ ਹੋ ਗਏ ਹਨ। ਇਨ੍ਹਾਂ ਵਿਚੋਂ ਕੁਝ ਰਾਜਾਂ ਕੋਲ ਤਾਂ ਸਗੋਂ ਫਾਲਤੂ ਅਨਾਜ ਵੀ ਉਪਲਬਧ ਹੈ। ਫਾਜ਼ਿਲ ਮੈਂਬਰ ਨੇ ਕਿਹਾ ਕਿ ਅੱਜ ਪੰਜਾਬ ਨੂੰ ਮੁਖਤਲਿਫ ਖੇਤੀ ਨੀਤੀ ਦੀ ਲੋੜ ਹੈ। ਜਿਸ ਅਨੁਸਾਰ ਗੁਣਵੱਤਾ ਵਾਲੇ ਪਦਾਰਥ ਪੈਦਾ ਕੀਤੇ ਜਾਣ, ਜੋ ਬਰਾਮਦ ਵੀ ਹੋ ਸਕਣ। ਇਸ ਲਈ ਕਿਸਾਨਾਂ ਦੀ ਜਾਣਕਾਰੀ ਵਧਾਉਣ ਦੀ ਲੋੜ ਹੈ ਅਤੇ ਮੰਡੀਕਰਨ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਅਜੇ ਤੱਕ ਪਿਛਲੇ 15 ਸਾਲ ਤੋਂ ਫ਼ਸਲੀ ਵਿਭਿੰਨਤਾ ਵਿਚ ਕੋਈ ਪ੍ਰਾਪਤੀ ਨਹੀਂ ਹੋਈ। ਝੋਨੇ ਦੀ ਕਾਸ਼ਤ ਥੱਲੇ 30 ਲੱਖ ਹੈਕਟੇਅਰ ਤੋਂ ਵੀ ਵੱਧ ਰਕਬਾ ਕਾਸ਼ਤ ਹੋ ਰਿਹਾ ਹੈ ਜਦੋਂ ਕਿ ਪਾਣੀ ਦਾ ਪੱਧਰ ਹਰ ਸਾਲ ਥੱਲੇ ਜਾ ਰਿਹਾ ਹੈ। ਝੋਨੇ ਦੀ ਕਾਸ਼ਤ ਵਿਚ ਬਾਸਮਤੀ ਦੀ ਅਹਿਮ ਥਾਂ ਹੈ। ਇਸ ਦੀ ਕਾਸ਼ਤ ਥੱਲੇ ਰਕਬਾ ਵਧਾਇਆ ਜਾ ਸਕਦਾ ਹੈ ਕਿਉਂਕਿ ਪੰਜਾਬ ਦੀ ਬਾਸਮਤੀ ਦੀ ਅਜੇ ਵੀ ਵਿਦੇਸ਼ਾਂ ਵਿਚ ਮੰਗ ਹੈ। ਇਸ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਦੀ ਲੋੜ ਹੈ ਅਤੇ ਕੀਟਨਾਸ਼ਕਾਂ ਦਾ ਪ੍ਰਯੋਗ ਨਿਯਤ ਹੱਦ ਤੋਂ ਵੱਧ ਨਾ ਕੀਤਾ ਜਾਏ। ਮੱਕੀ ਤੇ ਗੰਨੇ ਦੀ ਕਾਸ਼ਤ ਥੱਲੇ ਵੀ ਕੋਈ ਵਿਸ਼ੇਸ਼ ਰਕਬਾ ਨਹੀਂ ਵਧਿਆ। ਸਬਜ਼ੀਆਂ, ਬਾਗ਼ਬਾਨੀ ਤੇ ਫੁੱਲਾਂ ਦੀ ਕਾਸ਼ਤ ਥੱਲੇ ਥੋੜ੍ਹਾ ਜਿਹਾ ਰਕਬਾ ਵਧਿਆ ਹੈ ਪਰ ਕਿਸਾਨਾਂ ਨੂੰ ਇਸ ਦੀ ਵਾਜਬ ਕੀਮਤ ਨਾ ਮਿਲਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਲੂਆਂ ਦੇ ਕਾਸ਼ਤਕਾਰਾਂ ਨੂੰ ਖੇਤੀ ਲਾਗਤ ਵੀ ਵਸੂਲ ਨਹੀਂ ਹੋਈ। ਮਟਰਾਂ ਦੀ ਵਿਕਰੀ ਦਾ ਬੁਰਾ ਹਾਲ ਹੈ। ਪਛੇਤੇ ਮਟਰਾਂ ਦਾ ਅੱਜਕਲ੍ਹ ਉਤਪਾਦਕਾਂ ਨੂੰ 7 ਰੁਪਏ ਕਿਲੋ ਭਾਅ ਮਿਲ ਰਿਹਾ ਹੈ ਜਦੋਂ ਕਿ ਮਟਰਾਂ ਦੀ ਤੁੜਾਈ ਹੀ 2.5-3 ਰੁਪਏ ਪ੍ਰਤੀ ਕਿੱਲੋ ਹੈ। ਭਾਵੇਂ ਖਪਤਕਾਰਾਂ ਨੂੰ ਮਟਰ 20 ਰੁਪਏ ਕਿੱਲੋ ਮਿਲ ਰਹੇ ਹਨ। ਵਿਚੋਲੇ ਚੰਗਾ ਪੈਸਾ ਕਮਾ ਲੈਂਦੇ ਹਨ। ਪਰ ਉਤਪਾਦਕਾਂ ਦੇ ਪੱਲੇ ਕੁਝ ਨਹੀਂ ਪੈਂਦਾ। ਪਿਆਜ਼ਾਂ ਦਾ ਵੀ ਪਿੱਛੇ ਬੜਾ ਮੰਦਾ ਰਿਹਾ ਹੈ। ਕਿੰਨੂੰ ਉਤਪਾਦਕ ਵੀ ਬਹੁਤੇ ਖੁਸ਼ ਨਹੀਂ ਨਜ਼ਰ ਆਉਂਦੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀ ਮਾਹਿਰਾਂ ਦੀ ਕਿਸਾਨਾਂ ਨੂੰ ਲੋੜੀਂਦੀ ਅਗਵਾਈ ਨਹੀਂ ਮਿਲ ਰਹੀ। ਖੇਤੀ ਮਾਹਿਰਾਂ ਦਾ ਕਿਸਾਨਾਂ ਨਾਲ ਸੰਪਰਕ ਘਟਦਾ ਜਾ ਰਿਹਾ ਹੈ। ਖੇਤੀ ਪ੍ਰਸਾਰ ਸੇਵਾ ਢਾਂਚਾ ਲਗਪਗ ਜ਼ਵਾਲ 'ਤੇ ਹੈ। ਪਿੰਡਾਂ ਦੇ ਛੋਟੇ ਤੇ ਮੱਧ ਸ਼੍ਰੇਣੀ ਦੇ ਕਿਸਾਨ ਅਜੇ ਵੀ ਇਹੋ ਸਮਝ ਰਹੇ ਹਨ ਕਿ ਦੂਜੇ ਸਬਜ਼ ਇਨਕਲਾਬ ਦਾ ਨਿਸ਼ਾਨਾ ਪਹਿਲੇ ਸਬਜ਼ ਇਨਕਲਾਬ ਵਾਂਗ ਫ਼ਸਲਾਂ ਦਾ ਉਤਪਾਦਨ ਤੇ ਉਤਪਾਦਕਤਾ ਵਧਾਉਣਾ ਹੈ। ਇਥੋਂ ਤੱਕ ਕਿ ਕੁਝ ਕਰਮਚਾਰੀ ਵੀ ਅਜਿਹਾ ਹੀ ਸਮਝਦੇ ਹਨ। ਆਮ ਕਿਸਾਨ ਫ਼ਸਲਾਂ ਦਾ ਮਤਲਬ ਕੇਵਲ ਕਣਕ-ਝੋਨਾ ਪੈਦਾ ਕਰਨਾ ਹੀ ਸਮਝਦੇ ਹਨ। ਕਣਕ, ਝੋਨੇ ਦੀ ਉਤਪਾਦਕਤਾ ਵਿਚ ਖੜੋਤ ਹੈ। ਇਸ ਵਿਚ ਹੁਣ ਬਹੁਤੇ ਵਾਧੇ ਦੀ ਸੰਭਾਵਨਾ ਨਹੀਂ। ਇਸ ਸ਼੍ਰੇਣੀ ਦੇ ਕਿਸਾਨਾਂ ਨੂੰ ਵਿਸ਼ੇਸ਼ ਕਰਕੇ ਨਵਾਂ ਖੇਤੀ ਵਿਗਿਆਨ ਤੇ ਨੀਤੀ ਪਹੁੰਚਾਉਣ ਦੀ ਲੋੜ ਹੈ। ਇਸ ਸਬੰਧੀ ਪਿਛਲੇ ਹਫ਼ਤੇ ਸ: ਪ੍ਰਤਾਪ ਸਿੰਘ ਕੈਰੋਂ (ਮੁੱਖ ਮੰਤਰੀ ਜਨਵਰੀ 1956 - ਜੂਨ 1964) ਦੀ 54ਵੀਂ ਬਰਸੀ ਮਨਾਉਂਦਿਆਂ ਜੋ ਉਨ੍ਹਾਂ ਨੇ ਤਿੰਨ ਸਾਲ ਵਿਚ ਖੇਤੀ ਉਤਪਾਦਨ ਦੁੱਗਣਾ ਕਰਨ ਦਾ ਨਾਅਰਾ ਦਿੱਤਾ ਸੀ, ਉਸ ਸਬੰਧੀ ਜੋ ਵਿਉਂਤਬੰਦੀ ਕੀਤੀ, ਉਸ ਨੂੰ ਯਾਦ ਕਰਦਿਆਂ ਉਨ੍ਹਾਂ ਵਲੋਂ ਖੇਤੀ ਪ੍ਰਸਾਰ ਸੇਵਾ ਮਜ਼ਬੂਤ ਕਰਨ ਅਤੇ ਆਪਣਾ ਨਿਸ਼ਾਨਾ ਪੂਰਾ ਕਰਨ ਲਈ ਜੋ ਵਿਧੀਆਂ ਅਪਣਾਈਆਂ ਗਈਆਂ, ਉਹੋ ਜਿਹੀ ਲੀਹ ਤੇ ਵਰਤਮਾਨ ਖੇਤੀ ਪ੍ਰਸਾਰ ਸੇਵਾ ਤੇ ਨਜ਼ਰਸਾਨੀ ਕਰ ਕੇ ਉਸ ਨੂੰ ਮੁੜ ਤੋਂ ਤਨਜ਼ੀਮ ਕਰਨ ਦੀ ਲੋੜ ਹੈ। ਸ: ਕੈਰੋਂ ਨੇ ਪਿੰਡਾਂ, ਬਲਾਕਾਂ ਤੇ ਜ਼ਿਲ੍ਹਿਆਂ ਵਿਚ ਜਨਰਲ ਲਾਈਨ ਦੇ ਕਰਮਚਾਰੀਆਂ ਨੂੰ ਕਿਸਾਨਾਂ ਤੱਕ ਖੇਤੀ ਗਿਆਨ ਅਤੇ ਜਾਣਕਾਰੀ ਮੁਹੱਈਆ ਕਰਨ ਲਈ ਲਪੇਟ 'ਚ ਲਿਆਂਦਾ। ਇਨ੍ਹਾਂ ਵਿਚ ਗ੍ਰਾਮ ਸੇਵਕ, ਵੱਖੋ-ਵੱਖ ਮਹਿਕਮਿਆਂ ਦੇੇ ਬਲਾਕ ਅਫ਼ਸਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਉਪ ਮੰਡਲ ਅਫ਼ਸਰ (ਸਿਵਲ) - ਐਸ. ਡੀ. ਐਮ. ਤੇ ਡੀ. ਸੀ. ਸ਼ਾਮਿਲ ਸਨ। ਸ: ਕੈਰੋਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਅਧਿਕਾਰੀਆਂ ਨੂੰ ਆਪਣੀ ਸੋਚਧਾਰਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਲਾਮਬੰਦ ਕਰਦੇ ਸਨ। ਇਕ ਵੇਰ ਉਹ ਇਨ੍ਹਾਂ ਸ਼੍ਰੇਣੀਆਂ ਦੇ ਵੱਖੋ-ਵੱਖ ਜ਼ਿਲ੍ਹਿਆਂ ਤੋਂ ਇਕੱਠੇ ਕੀਤੇ ਅਧਿਕਾਰੀਆਂ ਨੂੰ ਨਵੀਂ ਖੇਤੀ ਦਾ ਕੰਮ ਕਰਨ ਸਬੰਧੀ ਨੀਤੀ ਸਮਝਾਉਣ ਲਈ ਮੰਡਲ ਪੱਧਰ ਦੀ ਮੀਟਿੰਗ ਕਰ ਰਹੇ ਸਨ। ਸ: ਕੈਰੋਂ ਦਾ ਦਬਦਬਾਅ ਤੇ ਰ੍ਹੋਬ ਇਤਨਾ ਸੀ ਕਿ ਕੋਈ ਕਰਮਚਾਰੀ ਉਨ੍ਹਾਂ ਦੇ ਅੱਗੇ ਨਹੀਂ ਸੀ ਹੋਣਾ ਚਾਹੁੰਦਾ। ਉਨ੍ਹਾਂ ਵੇਖਿਆ ਕਿ ਅਫ਼ਸਰ ਵੀ ਉਨ੍ਹਾਂ ਦੀ ਨਜ਼ਰ ਤੋਂ ਓਹਲੇ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਅਚਾਨਕ ਹੀ ਸ: ਕੈਰੋਂ ਸਾਰੇ ਕਰਮਚਾਰੀਆਂ ਨੂੰ ਆਡੀਟੋਰੀਅਮ ਤੋਂ ਬਾਹਰ ਮੈਦਾਨ 'ਚ ਲੈ ਗਏ ਅਤੇ ਘਾਹ 'ਤੇ ਹੀ ਬਿਠਾ ਲਿਆ। ਮੁੱਖ ਸਕੱਤਰ ਈ. ਐਨ. ਮੰਗਤ ਰਾਏ ਆਈ ਸੀ. ਐਸ. ਅਤੇ ਵਿੱਤ ਕਮਿਸ਼ਨਰ (ਵਿਕਾਸ) ਰੰਧਾਵਾ ਵੀ ਉਨ੍ਹਾਂ ਦੇ ਨਾਲ ਸਨ। ਵਿਚਾਰ ਵਟਾਂਦਰੇ ਦੌਰਾਨ ਇਕ ਨਵੇਂ ਆਈ. ਏ. ਐਸ. ਉਪ ਮੰਡਲ ਅਫ਼ਸਰ (ਸਿਵਲ) ਨੂੰ ਖੜ੍ਹਾ ਕਰਕੇ ਕੁਝ ਪ੍ਰਸ਼ਨ ਕੀਤੇ। ਜਿਸ ਦੌਰਾਨ ਉਨ੍ਹਾਂ ਨੇ ਉਸ ਨੂੰ ਉਹ ਸਿਖਲਾਈ ਦਿੱਤੀ ਕਿ ਆਪਣੇ ਕਾਰਜਕਾਲ ਦੌਰਾਨ ਉਹ ਅਧਿਕਾਰੀ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦਾ ਉਪ ਕੁਲਪਤੀ ਬਣਿਆ। ਉਹ ਮੁੱਖ ਸਕੱਤਰ ਮੰਗਤ ਰਾਏ ਨੂੰ ਹਰ ਅਫ਼ਸਰ ਸਬੰਧੀ ਆਪਣੇ ਵਿਚਾਰ ਨਾਲੋਂ ਨਾਲ ਨੋਟ ਕਰਵਾਉਂਦੇ ਰਹਿੰਦੇ ਸਨ। ਸ: ਕੈਰੋਂ ਦੀ ਸੋਚਧਾਰਾ ਸੀ ਕਿ ਜ਼ਮੀਨੀ ਪੱਧਰ 'ਤੇ ਜਨਰਲ ਲਾਈਨ ਦੇ ਅਧਿਕਾਰੀਆਂ ਨੂੰ ਲਾਏ ਬਿਨਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਨਾਲ ਯੋਗ ਸੰਪਰਕ ਨਹੀਂ ਪੈਦਾ ਕਰ ਸਕਣਗੇ ਅਤੇ ਲੋੜੀਂਦੀ ਜਾਣਕਾਰੀ ਉਨ੍ਹਾਂ ਤੱਕ ਨਹੀਂ ਪਹੁੰਚੇਗੀ। ਕਿਸਾਨਾਂ ਦੇ ਸਾਰੇ ਕੰਮ ਇਕ ਥਾਂ ਇਕੋ ਖਿੜਕੀ 'ਤੇ ਹੋਣੇ ਚਾਹੀਦੇ ਹਨ। ਇਸ ਵਿਚਾਰ ਨਾਲ ਹੀ ਉਨ੍ਹਾਂ ਨੇ ਖੇਤੀ ਨੂੰ ਸਮੂਹਿਕ ਵਿਕਾਸ ਲਹਿਰ ਨਾਲ ਜੋੜਿਆ। ਜਦੋਂ ਇਨ੍ਹਾਂ ਬਲਾਕ ਪੱਧਰ ਦੇ ਅਧਿਕਾਰੀਆਂ ਨੂੰ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦਿੱਲੀ ਵਿਖੇ ਕੁਝ ਸਿਖਲਾਈ ਦਵਾਉਣ ਲਈ ਸ: ਕੈਰੋਂ ਨੂੰ ਸੁਝਾਅ ਦਿੱਤਾ ਗਿਆ (ਉਦੋਂ ਪੀ. ਏ. ਯੂ. ਵਜੂਦ ਵਿਚ ਨਹੀਂ ਸੀ ਆਈ) ਤਾਂ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਿਖਲਾਈ ਲਈ ਆਈ. ਏ. ਆਰ. ਆਈ. 'ਚ ਵੀ ਭੇਜਾਂਗੇ ਪਰ ਇਨ੍ਹਾਂ ਲਈ ਸਭ ਤੋਂ ਵੱਡੀ ਸਿਖਲਾਈ ਇਹ ਹੈ ਕਿ ਉਹ ਜੱਟ ਨਾਲ ਖੇਤ ਵਿਚ ਵੱਟਾਂ 'ਤੇ ਤੁਰ ਕੇ ਗੱਲਾਂ ਕਰਦੇ ਜਾਣ।
ਵੈਲਿਊ ਐਡੀਸ਼ਨ ਲਈ ਪ੍ਰੋਸੈਸਿੰਗ ਉਦਯੋਗ ਇਕਾਈਆਂ ਦੀ ਸਥਾਪਨਾ ਤਾਂ ਹੈ ਹੀ ਜ਼ਰੂਰੀ। ਪ੍ਰੰਤੂ ਜੋ ਖੇਤੀ ਜਿਣਸਾਂ ਤੇ ਪਦਾਰਥਾਂ ਦੀਆਂ ਕੀਮਤਾਂ ਕਣਕ, ਝੋਨੇ (ਜੋ ਸਰਕਾਰ ਵਲੋਂ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦੇ ਜਾਂਦੇ ਹਨ) ਤੋਂ ਬਿਨਾਂ ਡਿੱਗ ਰਹੀਆਂ ਹਨ। ਉਨ੍ਹਾਂ 'ਤੇ ਰੋਕ ਪਾਉਣ ਦੀ ਲੋੜ ਹੈ। ਉਨ੍ਹਾਂ ਪਦਾਰਥਾਂ ਤੇ ਜਿਣਸਾਂ ਦੀ ਮੰਗ ਵਧਾ ਕੇ ਅਤੇ ਬਰਮਾਦ ਵਿਚ ਇਜ਼ਾਫਾ ਕਰ ਕੇ ਹੀ ਅਜਿਹਾ ਕੀਤਾ ਜਾ ਸਕਦਾ ਹੈ। ਮੰਗ ਵਧਾਉਣ ਲਈ ਖਰੀਦ ਸ਼ਕਤੀ ਵਧਾਉਣੀ ਪਵੇਗੀ। ਜੋ ਆਮ ਲੋਕਾਂ ਦੀ ਆਮਦਨ ਵਧਾ ਕੇ ਹੀ ਹੋ ਸਕਦੀ ਹੈ।
ਅੱਜ ਲੋੜ ਹੈ ਕੋਈ ਕੈਰੋਂ ਜਿਹੀ ਖੇਤੀ ਨੀਤੀ ਦੇ ਵਿਕਾਸ ਦੀ ਤਾਂ ਜੋ ਖੇਤੀ ਖੇਤਰ 'ਚ ਆਇਆ ਅਸੰਤੁਲਨ ਦੂਰ ਹੋਵੇ ਅਤੇ ਦੂਜੇ ਸਬਜ਼ ਇਨਕਲਾਬ ਦੇ ਟੀਚਿਆਂ ਦੀ ਪ੍ਰਾਪਤੀ ਸੰਭਵ ਹੋਵੇ।


-ਮੋਬਾਈਲ : 98152-36307

ਨਾਸ਼ਪਾਤੀ ਦੇ ਬਾਗ਼ਾਂ ਦੀ ਸਾਂਭ-ਸੰਭਾਲ ਲਈ ਜ਼ਰੂਰੀ ਨੁਕਤੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅੰਤਰ ਫ਼ਸਲਾਂ ਦੀ ਕਾਸ਼ਤ : ਨਾਸ਼ਪਾਤੀ ਦੇ ਬੂਟਿਆਂ ਨੂੰ ਵਪਾਰਕ ਪੱਧਰ ਦਾ ਫ਼ਲ 5-6 ਸਾਲਾਂ ਬਾਅਦ ਲੱਗਦਾ ਹੈ। ਬਾਗ਼ਬਾਨ ਵਾਧੂ ਆਮਦਨ ਲੈਣ ਲਈ ਨਾਸ਼ਪਾਤੀ ਦੇ ਬੂਟਿਆਂ ਦੀਆਂ ਕਤਾਰਾਂ ਵਿਚਕਾਰ ਹੋਰ ਅੰਤਰ ਫ਼ਸਲਾਂ ਲਗਾ ਸਕਦੇ ਹਨ। ਸਰਦੀਆਂ ਵਿਚ ਨਾਸ਼ਪਾਤੀ ਦੇ ਪੱਤੇ ਝੜ ਜਾਂਦੇ ਹਨ ਅਤੇ ਪੌਦੇ ਸਿਥਲ ਅਵਸਥਾ ਵਿਚ ਚਲੇ ਜਾਂਦੇ ਹਨ। ਨਾਸ਼ਪਾਤੀ ਨੂੰ ਆਮ ਕਰਕੇ ਫ਼ਲ ਦੀ ਤੁੜਾਈ ਤੋਂ ਬਾਅਦ ਸਿੰਚਾਈ ਦੀ ਜ਼ਿਆਦਾ ਲੋੜ ਨਹੀਂ ਹੁੰਦੀ। ਬਾਗ਼ਬਾਨ ਸਰਦੀਆਂ ਵਿਚ ਜ਼ਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਜਿਵੇਂ ਕਿ ਆਲੂ, ਬਰਸੀਮ ਆਦਿ ਲਗਾਉਂਦੇ ਹਨ ਜਿਸ ਨਾਲ ਪੌਦੇ ਦੀ ਅੰਦਰੂਨੀ ਪ੍ਰਤੀਕਿਰਿਆਵਾਂ ਪ੍ਰਭਾਵਿਤ ਹੁੰਦੀਆਂ ਹਨ। ਆਲੂ ਦੀ ਫ਼ਸਲ ਬੀਜਣ ਜਾਂ ਅੰਤਰ ਫ਼ਸਲਾਂ ਲਈ ਜ਼ਮੀਨ ਤਿਆਰ ਕਰਨ ਵਾਸਤੇ ਬਾਗ਼ਾਂ ਨੂੰ ਤਵੀਆਂ ਜਾਂ ਹਲਾਂ ਆਦਿ ਨਾਲ ਡੂੰਘੀ ਵਹਾਈ ਕਰਨ ਸਮੇਂ ਜੜ੍ਹਾਂ ਨੂੰ ਨੁਕਸਾਨ ਹੁੰਦਾ ਹੈ। ਜਿਸ ਨਾਲ ਜੜ੍ਹਾਂ ਦਾ ਸੜਨਾ, ਗਲਣਾ ਆਦਿ ਬਿਮਾਰੀਆਂ ਵਧਦੀਆਂ ਹਨ। ਕੁਝ ਬਾਗ਼ਬਾਨ ਨਾਸ਼ਪਾਤੀ ਦੇ ਬਾਗ਼ ਵਿਚ ਅਲੂਚਾ ਅਤੇ ਆੜੂ ਦੇ ਬੂਟੇ ਪੂਰਕ ਬੂਟਿਆਂ ਦੇ ਤੌਰ 'ਤੇ ਲਗਾਉਂਦੇ ਹਨ ਅਤੇ ਇਹਨਾਂ ਬੂਟਿਆਂ ਨੂੰ ਨਾਸ਼ਪਾਤੀ ਦੇ ਬੂਟਿਆਂ ਦੇ ਫ਼ਲ ਦੇਣ ਯੋਗ ਹੋਣ ਤੋਂ ਬਾਅਦ ਵੀ ਨਹੀਂ ਪੁੱਟਦੇ। ਇਸ ਤਰ੍ਹਾਂ ਨਾਸ਼ਪਾਤੀ ਦੇ ਦਰੱਖਤ ਬਹੁਤ ਸੰਘਣੇ ਹੋ ਜਾਂਦੇ ਹਨ ਅਤੇ ਫ਼ਲ ਦਾ ਵਿਕਾਸ ਘੱਟ ਹੋ ਜਾਂਦਾ ਹੈ, ਕਮਜ਼ੋਰ ਟਾਹਣੀਆਂ ਬਣਦੀਆਂ ਹਨ ਅਤੇ ਫ਼ਲਦਾਰ ਖੁੰਘੇ ਨਹੀਂ ਬਣਦੇ। ਪੂਰਕ ਬੂਟੇ ਅਤੇ ਨਾਸ਼ਪਾਤੀ ਦੇ ਦਰੱਖਤ ਜਦੋਂ ਆਪਸ ਵਿਚ ਮਿਲ ਜਾਣ ਤਾਂ ਪੂਰਕ ਬੂਟਿਆਂ ਨੂੰ ਪੁੱਟ ਦੇਣਾ ਚਾਹੀਦਾ ਹੈ। ਨਾਸ਼ਪਾਤੀ ਦੇ ਬਾਗ਼ ਵਿਚ ਅਮਰੂਦ ਦੇ ਬੂਟੇ ਨਹੀਂ ਲਗਾਉਣੇ ਚਾਹੀਦੇ ਕਿਉਂਕਿ ਅਮਰੂਦ ਨੂੰ ਸਰਦੀਆਂ ਵਿਚ ਪਾਣੀ ਦੀ ਜ਼ਰੂਰਤ ਹੁੰਦੀ ਹੈ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਅੰਤਰ ਫ਼ਸਲਾਂ ਜਿਵੇਂ ਮੂੰਗੀ, ਮਾਂਹ, ਤੋਰੀਆ, ਕਣਕ, ਮਟਰ, ਛੋਲੇ ਅਤੇ ਸੇਂਜੀ ਆਦਿ ਦੀ ਨਾਸ਼ਪਾਤੀ ਦੇ ਬਾਗ਼ਾਂ ਵਿਚ ਮੁੱਢਲੇ ਸਾਲਾਂ ਵਿਚ ਕਾਸ਼ਤ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਖਾਸ ਕਰਕੇ ਨਾਈਟ੍ਰੋਜਨ ਫਿਕਸ ਕਰਨ ਵਾਲੀਆਂ ਫ਼ਸਲਾਂ ਚੁਣਨੀਆਂ ਚਾਹੀਦੀਆਂ ਹਨ ਜੋ ਪੌਦੇ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਫਾਇਦਾ ਪਹੁੰਚਾਉਂਦੇ ਹਨ। ਕਈ ਬਾਗ਼ਾਂ ਵਿਚ ਫ਼ਾਲਸੇ ਦੇ ਬੂਟੇ ਬਤੌਰ ਪੂਰਕ ਲਗਾਏ ਜਾਂਦੇ ਹਨ ਅਤੇ ਇਹਨਾਂ ਦੀ ਹਰ ਸਾਲ ਕਾਂਟ-ਛਾਂਟ ਕਰਕੇ ਝਾੜੀ ਵਾਂਗ ਬਣਾਉਣਾ ਚਾਹੀਦਾ ਹੈ। ਅੰਤਰ ਜਾਂ ਪੂਰਕ ਬੂਟਿਆਂ ਨੂੰ ਵੱਖਰੀ ਸਿੰਚਾਈ, ਖਾਦ ਅਤੇ ਆਦਿ ਦੱਸੀਆਂ ਹਦਾਇਤਾਂ/ਸਿਫਾਰਸ਼ਾਂ ਅਨੁਸਾਰ ਪਾਓ ।
ਖ਼ੁਰਾਕੀ ਪ੍ਰਬੰਧ : ਫ਼ਲਦਾਰ ਬੂਟਿਆਂ ਵਿਚ ਜ਼ਰੂਰੀ ਖ਼ੁਰਾਕੀ ਤੱਤ, ਬੂਟੇ ਨੂੰ ਪੈਦਾਵਾਰ ਦੇ ਯੋਗ ਬਣਾਉਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਇਕ ਸਾਲ ਵਿਚ 10 ਟਨ ਫ਼ਲ ਦੇਣ ਵਾਲੇ ਬੂਟੇ ਮਿੱਟੀ ਵਿਚੋਂ 25 ਕਿਲੋਗ੍ਰਾਮ ਨਾਈਟ੍ਰੋਜਨ, 10 ਕਿਲੋਗ੍ਰਾਮ ਫ਼ਾਸਫੋਰਸ, 40 ਕਿਲੋਗ੍ਰਾਮ ਪੋਟਾਸ਼ ਲੈਂਦੇ ਹਨ। ਇਸ ਘਾਟੇ ਦੀ ਪੂਰਤੀ ਲਈ ਰਸਾਇਣਕ/ਦੇਸੀ ਖਾਦਾਂ ਦੇ ਰੂਪ ਵਿਚ ਤੱਤ ਸਹੀ ਮਾਤਰਾ ਅਤੇ ਸਹੀ ਸਮੇਂ 'ਤੇ ਪਾਉਣੇ ਅਤੀ ਜ਼ਰੂਰੀ ਹਨ ।
ਪੰਜਾਬ ਵਿਚ ਨਾਸ਼ਪਾਤੀ ਦੀ ਕਾਸ਼ਤ ਵਾਲੇ ਇਲਾਕਿਆਂ ਵਿਚ ਮਿੱਟੀ ਦਾ ਖਾਰਾਪਣ 7.6 ਤੋਂ 8.3 ਤੱਕ ਹੈ। ਜਿਸ ਨਾਲ ਛੋਟੇ ਤੱਤਾਂ ਜਿਵੇਂ ਕਿ ਜ਼ਿੰਕ ਅਤੇ ਲੋਹੇ ਦੀ ਘਾਟ ਆਉਂਦੀ ਹੈ। ਜ਼ਿੰਕ ਦੀ ਘਾਟ ਨਾਲ ਪੱਤਿਆਂ ਦਾ ਅਕਾਰ ਛੋਟਾ ਅਤੇ ਪੱਤੇ ਉਪਰ ਨੂੰ ਮੁੜਨੇ ਸ਼ੁਰੂ ਹੋ ਜਾਂਦੇ ਹਨ । ਇਸ ਘਾਟ ਨੂੰ ਪੂਰਾ ਕਰਨ ਲਈ ਤਿੰਨ ਕਿਲੋ ਜ਼ਿੰਕ ਸਲਫੇਟ +1.5 ਕਿਲੋ ਅਣ ਬੁਝਿਆ ਚੂਨਾ 500 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਇਸ ਤੋਂ ਇਲਾਵਾ ਲੋਹੇ ਦੀ ਘਾਟ ਨਾਲ ਟੀਸੀ ਵਾਲੇ ਪੱਤਿਆਂ ਜਾਂ ਸਾਰੀਆਂ ਨਾੜਾਂ ਗੂੜ੍ਹੇ ਰੰਗ ਦੀਆਂ ਅਤੇ ਬਾਕੀ ਸਭ ਪੀਲੇ ਰੰਗ ਦਾ ਹੋ ਜਾਂਦਾ ਹੈ। ਇਸ ਦੀ ਪੂਰਤੀ ਲਈ 0.3% ਫੈਰਿਸ ਸਲਫੇਟ (300 ਗ੍ਰਾਮ) 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਣਾ ਚਾਹੀਦਾ ਹੈ।
ਸਿੰਚਾਈ : ਨਾਸ਼ਪਾਤੀ ਦੀਆਂ ਉਪਰਲੀਆਂ ਬਰੀਕ ਜੜ੍ਹਾਂ ਤੇ ਆਮ ਤੌਰ 'ਤੇ ਜ਼ਮੀਨ ਦੇ ਉਪਰਲੇ ਹਿੱਸੇ (60-90 ਸੈਂਟੀਮੀਟਰ) ਵਿਚ ਫੈਲੀਆਂ ਹੁੰਦੀਆਂ ਹਨ। ਜ਼ਮੀਨ ਦੇ ਇਸ ਹਿੱਸੇ ਵਿਚ ਪਾਣੀ ਦੀ ਕਮੀ ਆਉਣ ਨਾਲ ਫ਼ਲ ਦਾ ਵਿਕਾਸ ਰੁੱਕ ਜਾਂਦਾ ਹੈ। ਕਈ ਵਾਰ ਫ਼ਲ ਝੜਨ ਲੱਗ ਜਾਂਦੇ ਹਨ ਅਤੇ ਬਾਕੀ ਦੇ ਫ਼ਲ ਛੋਟੇ ਅਕਾਰ ਦੇ ਮਾੜੀ ਗੁਣਵੱਤਾ ਵਾਲੇ ਪੈਦਾ ਹੁੰਦੇ ਹਨ। ਨਾਸ਼ਪਾਤੀ ਦੀ ਢੁੱਕਵੀਂ ਸਿੰਚਾਈ ਲਈ ਇੱਕ ਪਾਣੀ ਦਸੰਬਰ ਦੇ ਆਖ਼ਰੀ ਹਫ਼ਤੇ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਖਾਦਾਂ ਪਾਉਣ ਤੋਂ ਬਾਅਦ ਲਗਾਉਣਾ ਚਾਹੀਦਾ ਹੈ। ਫੁੱਲ ਆਉਣ ਦੀ ਰੁੱਤ ਸਮੇਂ ਜ਼ਮੀਨ ਵਿਚ ਢੁੱਕਵੀਂ ਨਮੀ ਚਾਹੀਦੀ ਹੈ। ਅਪ੍ਰੈਲ ਤੋਂ ਅਗਸਤ ਤੱਕ (ਫੁੱਲ ਲੱਗਣ ਤੋਂ ਫ਼ਲ ਤੋੜਨ ਤੱਕ) ਲੋੜ ਅਨੁਸਾਰ 7-10 ਦਿਨ ਬਾਅਦ ਲਗਾਤਾਰ ਸਿੰਚਾਈ ਕਰਨੀ ਚਾਹੀਦੀ ਹੈ। ਫ਼ਲਾਂ ਦੀ ਤੁੜਾਈ ਤੋਂ ਬਾਅਦ ਬੂਟਿਆਂ ਦੇ ਪੱਤੇ ਝੜਨ ਤੱਕ ਲੋੜ ਅਨੁਸਾਰ 3 ਤੋਂ 4 ਹਫ਼ਤਿਆਂ ਤੋਂ ਬਾਅਦ ਸਿੰਚਾਈ ਕਰਨੀ ਚਾਹੀਦੀ ਹੈ। (ਸਮਾਪਤ)


-ਫ਼ਲ ਵਿਗਿਆਨ ਵਿਭਾਗ
ਮੋਬਾਈਲ : 81461-00711.

ਵਧੇਰੇ ਅਤੇ ਲਗਾਤਾਰ ਝਾੜ ਲਈ ਸਬਜ਼ੀਆਂ ਦੀ ਪੌਲੀ ਨੈੱਟ ਹਾਊਸ ਵਿਚ ਕਾਸ਼ਤ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪਨੀਰੀ ਪ੍ਰੋ-ਟ੍ਰੇ (ਫਰੋਟਰੇਉਸ) ਵਿਚ ਤਿਆਰ ਕੀਤੀ ਜਾਂਦੀ ਹੈ, ਜਿਸ ਵਿਚ ਪ੍ਰਤੀ ਪਲੱਗ (ਫਲੁਗ) ਇੱਕ ਬੀਜ ਲਾਇਆ ਜਾਂਦਾ ਹੈ ਤਾਂ ਕਿ ਪਨੀਰੀ ਨੂੰ ਘੱਟ ਨੁਕਸਾਨ ਹੋਵੇ। ਬੀਜਾਈ ਦੇ ਮੌਸਮ ਅਨੁਸਾਰ ਪਨੀਰੀ 15-30 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਪਨੀਰੀ ਨੂੰ ਇੱਕ ਮੀਟਰ ਚੌੜੇ ਬੈਡ 'ਤੇ ਕਤਾਰ ਜੋੜਿਆਂ ਵਿਚ ਲਗਾਉ 'ਤੇ ਕਤਾਰ ਤੋਂ ਕਤਾਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 45-50 ਸੈਂ.ਮੀ. ਅਤੇ 30 ਸੈਂ.ਮੀ. ਰੱਖੋ। ਵੇਲ੍ਹਾਂ ਵਾਲੀ ਫਸਲ ਹੋਣ ਕਾਰਨ, ਇਹਦੀਆਂ ਵੇਲ੍ਹਾਂ ਨੂੰ ਪਾਈਪ ਦੀ ਮਦਦ ਨਾਲ ਉਪਰ ਚੜ੍ਹਾਉ ਤਾਂ ਜੋ ਫੁੱਲਾਂ ਦਾ ਨੁਕਸਾਨ ਨਾ ਹੋਵੇ।
ਇਨ੍ਹਾਂ ਫਸਲਾਂ ਵਿਚ 25 ਮਾਈਕਰੋਨ ਮੋਟਾਈ ਦੀ ਕਾਲੇ ਰੰਗ ਦੇ ਪੌਲੀਥੀਨ ਦੀ ਵਿਛਾਈ ਉਪਯੋਗੀ ਹੈ ਜਿਸ ਕਾਰਨ ਸਰਦੀਆਂ ਵਿਚ ਮਿੱਟੀ ਦਾ ਤਾਪਮਾਨ ਵਧਦਾ ਹੈ, ਵਾਸ਼ਪੀਕਰਨ ਘਟ ਜਾਂਦਾ ਹੈ, ਨਦੀਨ ਕਾਬੂ ਹੇਠ ਰਹਿੰਦੇ ਹਨ, ਫਲ ਦੀ ਗੁਣਵੱਤਾ ਅਤੇ ਸ਼ੁਰੂਆਤੀ ਅਤੇ ਕੁੱਲ ਫਲ ਉਪਜ ਨੂੰ ਬਿਹਤਰ ਬਣਾਉਂਦੇ ਹਨ।
ਸੁਰੱਖਿਅਤ ਕਾਸ਼ਤ ਵਿਚ ਤੁਪਕਾ ਸਿੰਚਾਈ ਸਬਜ਼ੀਆਂ ਦੀ ਕਾਸ਼ਤ ਲਈ ਅਸਰਦਾਰ 'ਤੇ ਉਚਿਤ ਹੈ। ਇਹ ਪਾਣੀ ਨੂੰ ਕੁਸ਼ਲਤਾ ਨਾਲ ਵਰਤਣ ਵਿਚ ਹੀ ਨਹੀਂ ਬਲਕਿ ਉਹ ਬਿਮਾਰੀਆਂ ਜੋ ਜ਼ਿਆਦਾ ਨਮੀ ਕਰਕੇ ਪੈਦਾ ਹੁੰਦੀਆਂ ਹਨ, ਉਨ੍ਹਾਂ ਨੂੰ ਵੀ ਘਟਾਉਣ ਵਿਚ ਮਦਦ ਕਰਦਾ ਹੈ। ਫਰਟੀਗੇਸ਼ਨ (ਤੁਪਕਾ ਸਿੰਚਾਈ ਜਿਸ ਨਾਲ ਖਾਦ ਪਾਈ ਜਾਂਦੀ ਹੈ) ਕਾਰਨ ਪੂਰਨ ਅਤੇ ਇੱਕੋ ਜਿਹੇ ਪੋਸ਼ਕ ਤੱਤਾਂ ਦੀ ਅਸਰਦਾਰ ਢੰਗ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਸਿੰਚਾਈ ਪਾਣੀ ਅਤੇ ਖਾਦਾਂ ਨੂੰ ਬਚਾਉਣ ਅਤੇ ਸਬਜ਼ੀਆਂ ਦੀ ਗੁਣਵੱਤਾ ਵਿਚ ਸੁਧਾਰ ਲਈ ਤੁਪਕਾ ਸਿੰਚਾਈ ਨਾਲ ਫਰਟੀਗੇਸ਼ਨ ਬਹੁਤ ਉਪਯੋਗੀ ਹੈ। ਸੁਰੱਖਿਅਤ ਖੇਤੀ ਹੇਠ ਤੁਪਕਾ ਸਿੰਚਾਈ ਪ੍ਰਣਾਲੀ ਨੂੰ ਬਚਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੌਲੀ ਨੈੱਟ ਸਬੰਧੀ ਸਾਵਧਾਨੀਆਂ : ਦਰਵਾਜ਼ੇ ਤੇ ਕੰਧਾਂ ਵਿਚ ਹੋਈਆ ਮੋਰੀਆਂ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਉ 'ਤੇ ਨੈਟ / ਪੌਲੀਸ਼ੀਟ ਨੂੰ ਜ਼ਮੀਨ ਵਿਚ ਚੰਗੀ ਤਰ੍ਹਾਂ ਦਬਾ ਕੇ ਰੱਖੋ।
ਹਮੇਸ਼ਾ ਪੌਲੀਨੈਟ/ਪੌਲੀ ਹਾਊਸ ਵਿਚ ਦੁਹਰਾ ਦਰਵਾਜ਼ਾ ਲਗਾਉ 'ਤੇ ਅੰਦਰ ਜਾਣ ਲੱਗਿਆਂ ਦਰਵਾਜੇ ਨੂੰ ਲਾਜ਼ਮੀ ਬੰਦ ਕਰੋ। ਲਗਾਤਾਰ ਪੌਲੀ ਨੈਟ ਹਾਊਸ ਦਾ ਨਿਰੀਖਣ ਕਰਦੇ ਰਹੋ।
ਕੀੜੇ ਤੇ ਬਿਮਾਰੀਆਂ ਦਾ ਲਗਾਤਾਰ ਨਿਰੀਖਣ 'ਤੇ ਸਹੀ ਪਹਿਚਾਣ ਅਤੇ ਬਿਮਾਰ ਟਾਹਣੀਆਂ ਤੇ ਬੂਟਿਆਂ ਨੂੰ ਪੌਲੀ ਨੈਟ ਹਾਊਸ ਤੋਂ ਬਾਹਰ ਕੱਢ ਦਿਉ।
ਕੀੜੇ-ਮਕੌੜਿਆਂ ਦੇ ਪਸਾਰ ਨੂੰ ਰੋਕਣ ਲਈ ਲਗਾਤਾਰ ਜ਼ਮੀਨ 'ਤੇ ਡਿੱਗੇ ਹੋਏ ਸੁੱਕੇ ਅਤੇ ਹਮਲੇ ਵਾਲੇ ਪੱਤਿਆਂ/ਫਲਾਂ ਨੂੰ ਨਸ਼ਟ ਕਰਦੇ ਰਹੋ।
(ਸਮਾਪਤ)


-ਸਬਜ਼ੀ ਵਿਗਿਆਨ ਵਿਭਾਗ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX