ਤਾਜਾ ਖ਼ਬਰਾਂ


ਕੋਤਵਾਲੀ ਪੁਲਿਸ ਵੱਲੋਂ 400 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਗ੍ਰਿਫ਼ਤਾਰ
. . .  1 day ago
ਕਪੂਰਥਲਾ, 27 ਫਰਵਰੀ (ਅਮਰਜੀਤ ਸਿੰਘ ਸਡਾਨਾ)-ਡੀ.ਐੱਸ.ਪੀ. ਸਬ ਡਵੀਜ਼ਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਨਾਕਾਬੰਦੀ ਦੌਰਾਨ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਟਰੱਕ ਸਵਾਰ...
ਬੰਗਾ ਇਲਾਕੇ 'ਚ ਡਿੱਗੇ ਪਾਕਿਸਤਾਨੀ ਗੁਬਾਰੇ
. . .  1 day ago
ਬੰਗਾ , 27 ਫ਼ਰਵਰੀ ( ਜਸਬੀਰ ਸਿੰਘ ਨੂਰਪੁਰ )-ਬੰਗਾ ਇਲਾਕੇ ਦੇ ਪਿੰਡਾਂ 'ਚ ਵੱਡੀ ਗਿਣਤੀ 'ਚ ਪਾਕਿਸਤਾਨੀ ਗੁਬਾਰੇ ਮਿਲੇ ।ਇਨ੍ਹਾਂ ਗ਼ੁਬਾਰਿਆਂ 'ਤੇ ਪਾਕਿਸਤਾਨ ਜ਼ਿੰਦਾਬਾਦ ਅਤੇ ਜਿਨਾਹ ਦੀਆਂ ਤਸਵੀਰਾਂ ਲੱਗੀਆਂ ਹੋਈਆਂ ...
ਕਰਜ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਅੰਨਦਾਤਾ
. . .  1 day ago
ਫ਼ਰੀਦਕੋਟ, 27 ਫ਼ਰਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੋਂ ਦੇ ਇੱਕ ਕਿਸਾਨ ਸੁਰਿੰਦਰ ਸਿੰਘ (39 ਸਲ) ਵੱਲੋਂ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ...
ਆਪ ਕੌਂਸਲਰ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ
. . .  1 day ago
ਨਵੀਂ ਦਿੱਲੀ, 27 ਫਰਵਰੀ - ਆਪ ਕੌਂਸਲਰ ਦੇ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ ਹੋਈ ਹੈ। ਉਸ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਚਲਾਏ ਪ੍ਰੋਜੈਕਟ ਸੰਬੰਧੀ 5 ਮਾਰਚ ਨੂੰ ਹੋਵੇਗੀ ਮੀਟਿੰਗ
. . .  1 day ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰ ਪ੍ਰਾਇਮਰੀ ਸਕੂਲਾਂ ਅੰਦਰ ਪ੍ਰਾਇਮਰੀ ਸਿੱਖਿਆ...
ਕਰੋੜਾਂ ਦੇ ਬੈਂਕ ਘੁਟਾਲੇ ਵਾਲੇ ਮਾਮਲੇ 'ਚ 5 ਦੋਸ਼ੀਆਂ ਨੂੰ 4-4 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)- ਸੀ.ਜੇ.ਐਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਬਹੁਚਰਚਿਤ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਵਾਲੇ...
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ
. . .  1 day ago
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ...
ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਚੁੱਕੇਗੀ ਦਿੱਲੀ ਸਰਕਾਰ : ਕੇਜਰੀਵਾਲ
. . .  1 day ago
ਨਵੀਂ ਦਿੱਲੀ, 27 ਫਰਵਰੀ- ਉੱਤਰ ਪੂਰਬੀ ਦਿੱਲੀ ਦੇ ਖਈ ਇਲਾਕਿਆਂ 'ਚ ਹੋਈ ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਦਿੱਲੀ ਦੀ ਕੇਜਰੀਵਾਲ ਸਰਕਾਰ ....
ਅੱਡਾ ਅੰਮੋਨੰਗਲ ਕੋਲੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਅੱਚਲ ਸਾਹਿਬ, 27 ਫਰਵਰੀ (ਗੁਰਚਰਨ ਸਿੰਘ)- ਬਟਾਲਾ-ਜਲੰਧਰ ਰੋਡ ਅੱਡਾ ਅੰਮੋਨੰਗਲ ਨਜ਼ਦੀਕ ਕਰੀਬ 24 ...
ਦਿੱਲੀ ਹਿੰਸਾ 'ਚ ਮਾਮੂਲੀ ਜ਼ਖਮੀ ਹੋਏ ਲੋਕਾਂ ਨੂੰ ਮਿਲੇਗਾ 20-20 ਹਜ਼ਾਰ ਰੁਪਏ ਮੁਆਵਜ਼ਾ: ਕੇਜਰੀਵਾਲ
. . .  1 day ago
ਹੋਰ ਖ਼ਬਰਾਂ..

ਦਿਲਚਸਪੀਆਂ

ਮੈਂ ਨਹੀਂ ਮੁੱਕੀ, ਮੈਂ ਮੁੱਕ ਗਿਆ...

ਪੋਹ ਦਾ ਮਹੀਨਾ, ਸਿਖਰਾਂ ਦੀ ਠੰਢ, ਨਾਜਰ ਲੋਈ ਲਪੇਟੀ ਖੇਤ ਵੱਲ ਨੂੰ ਤੁਰਿਆ ਜਾਵੇ, ਉੱਧਰੋਂ ਨੰਬਰਦਾਰਾਂ ਦੇ ਜੰਟੇ ਨੇ ਆਉਂਦਾ ਵੇਖ ਅਵਾਜ਼ ਮਾਰੀ |
ਬਾਈ ਨਾਜਰਾ..!! ਕਿੱਧਰ ਨੂੰ ਚੱਲਿਆਂ ਏ?
ਓਏ ਏਨੇ ਪਾਲ੍ਹੇ 'ਚ ਤਾਂ ਟਿੱਕ ਜਿਆ ਕਰ | ਕੋਈ ਨੌਕਰ-ਚਾਕਰ ਰੱਖਲਾ, ਕਿਉਂ ਮੇਰੀ-ਮੇਰੀ ਕਰਦਾ ਰਹਿਨਾ ਏ | ਕੁਝ ਨਾਲ ਨਹੀਂ ਜਾਣਾ, ਸਭ ਇੱਥੇ ਹੀ ਰਹਿ ਜਾਣਾ ਏ | ਕੀ ਕਰੇਂਗਾ ਏਨਾ ਕੁਝ ਜੋੜ ਕੇ? ਅਗਾਂਹ ਔਲਾਦ ਦੇ ਕਮਾਉਣ ਜੋਗਾ ਵੀ ਕੁਝ ਛੱਡਦੇ ਜਾਂ ਉਹ ਵਿਹਲੇ ਬਹਿ ਕੇ ਹੀ ਖਾਣਗੇ |
ਨਾਜਰ ਅੱਗੋਂ ਘੂਰੀ ਵੱਟ ਕੇ ਲੰਘ ਗਿਆ ਕੋਈ ਜਵਾਬ ਨਾ ਦਿੱਤਾ ਅਤੇ ਆਪਣੇ ਖੇਤ ਚਲਾ ਗਿਆ | ਖੇਤ ਜਾ ਕੇ ਨਾਜਰ ਨੇ ਖੇਤ-ਬੰਨੇ ਦਾ ਕੰਮ ਨਬੇੜਿਆ ਤੇ ਆਥਣ ਵੇਲੇ ਘਰ ਪਹੁੰਚਦਿਆਂ ਨੂੰ ਨਾਜਰ ਦੀ ਘਰਵਾਲੀ ਨਾਜਰ ਨੂੰ ਬੋਲੀ, 'ਗੋਪੀ ਦੇ ਭਾਪਾ, ਗੁਆਂਢੀਆਂ ਦੇ ਪਾਲੇ ਦੇ ਮੁੰਡੇ ਦਾ ਵਿਆਹ ਆ ਗਿਆ, ਆਪਣੇ ਆਲਾ ਗੋਪੀ ਵੀ ਜ਼ਿੱਦ ਫੜੀ ਬੈਠਾ ਆ, ਕਹਿੰਦਾ ਮੈਂ ਐਤਕੀ ਲਾਲ ਰੰਗ ਦਾ ਬਲੇਜ਼ਰ ਪਾਉਣਾ |” ਉਹਦੇ ਯਾਰ-ਬੇਲੀ ਜੱਗਾ ਤੇ ਸੋਨੂ ਵੀ ਕੋਟ-ਪੈਂਟ ਲੈ ਕੇ ਆਏ ਆ |'
ਨਾਜਰ ਚੌੜਾ ਹੋ ਕੇ ਬੋਲਿਆ, “ਕੋਈ ਗੱਲ੍ਹ ਨਹੀਂ ਧੰਨਕੌਰੇ, ਆਪਾਂ ਗੋਪੀ ਨੂੰ ਲਾਲ ਬਲੇਜ਼ਰ ਲੈਦਾਂਗੇ | ਤੂੰ ਦੱਸ ਕੀ ਲੈਣਾ, ਕੋਈ ਗਹਿਣਾ-ਗੱਟਾ ਜਾਂ ਸੂਟ?” ਆਪਾਂ ਕੰਬਾਈਨਾਂ ਵਾਲੇ ਹੁੰਨੇ ਆਂ, ਮੇਰੀ ਬਰਾਬਰੀ ਕੌਣ ਕਰ ਸਕਦਾ? ਮੇਰੇ ਜਿੰਨੀ ਜ਼ਮੀਨ ਤੇ ਖੇਤੀ ਦੇ ਸੰਦ ਤਾਂ ਸਾਰੇ ਪਿੰਡ 'ਚ ਨਹੀਂ ਹੈਗੇ | ਮੈਂ 'ਕੱਲੇ ਨੇ ਏਨਾਂ ਕੁਝ ਬਣਾਇਆ ਹੈ | ਰੱਬ ਦਾ ਵੀ ਆਸਰਾ ਨਹੀਂ ਮੰਗਿਆ | ਮੇਰੇ ਵਰਗਾ ਕੌਣ ਹੈ? ਜਿਹੜਾ ਸਾਰਾ ਕੰਮ ਆਪ ਹੱਥੀਂ ਕਰਦਾ ਹੋਵੇ |
ਇਕ ਦਿਨ ਨਾਜਰ ਜਦੋਂ ਪਿੰਡ ਦੀ ਸੱਥ ਕੋਲੋਂ ਲੰਘਣ ਲੱਗਾ ਤਾਂ ਬੈਂਚ 'ਤੇ ਬੈਠੇ ਕਿਸੇ ਬਜੁਰਗ ਨੇ ਨਾਜਰ ਨੂੰ ਹਾਕ ਮਾਰੀ, ਓ ਨਾਜਰ ਸਿਆਂ, ਕਿਓ ਮੈਂ ਮੈਂ ਕਰਦਾ ਰਹਿਨਾ ਏ, ਦੋ ਘੜੀ ਸਾਡੇ ਕੋਲ ਵੀ ਬਹਿ ਜਿਆ ਕਰ, ਕੀ ਕਰੇਂਗਾ ਏਨਾ ਕੁਝ ਜੋੜ ਕੇ, ਜਦੋਂ ਤੇਰੇ 'ਤੇ ਭੀੜ ਪਈ, ਕੋਈ ਮੁਸੀਬਤ ਆਈ ਉਹਦੋਂ ਦੇਖਾਂਗੇ ਤੇਰੇ ਨਾਲ ਕੌਣ ਖੜ੍ਹਦਾ ਏ | ਸਾਨੂੰ ਤਾਂ ਤੂੰ ਕੀ ਸਮਝਣਾ, ਤੂੰ ਤਾਂ ਪੈਸੇ ਦੇ ਹੰਕਾਰ 'ਚ ਉਸ ਰੱਬ ਨੂੰ ਵੀ ਭੁੱਲੀ ਬੈਠਾ ਏ |
ਨਾਜਰ ਨੇ ਉਸ ਬਜ਼ੁਰਗ ਨੂੰ ਅੱਗੋਂ ਗੁੱਸੇ ਨਾਲ ਜਵਾਬ ਦਿੱਤਾ,
ਹੁਣ ਬੁੜਿ੍ਹਆ ਤੂੰ ਮੈਨੂੰ ਮੱਤਾਂ ਦੇਵੇਂਗਾ? ਮੈਨੂੰ ਸਮਝਾਉਣ ਦੀ ਲੋੜ ਨਹੀਂ, ਤੂੰ ਆਪਣਾ ਦਿਮਾਗ ਟਿਕਾਣੇ ਰੱਖ, ਸੁਣਿਆ...!
ਏਨੀਂ ਗੱਲ ਕਹਿ ਕੇ ਨਾਜਰ ਉੱਥੋਂ ਚੱਲ ਤੁਰਿਆ ਤੇ ਸਾਰੀ ਸੱਥ 'ਚ ਨਾਜਰ ਦੀ ਥੂਹ-ਥੂਹ ਹੋਣ ਲੱਗੀ, ਬੈਂਚ 'ਤੇ ਬੈਠੇ ਸਾਰੇ ਬਜ਼ੁਰਗ ਆਪਸ 'ਚ ਗੱਲਾਂ ਕਰਨ ਲੱਗੇ, ਕਿ ਬਹੁਤ ਹੰਕਾਰਿਆ ਬੈਠਾ ਏ ਨਾਜਰ, ਕਿਸੇ ਨੂੰ ਸਿੱਧੇ ਮੂੰਹ ਨਹੀਂ ਬੋਲਦਾ, ਏਹਨੂੰ ਪੈਸੇ ਦਾ ਘੁਮੰਡ ਹੋ ਗਿਆ ਹੈ |
ਸਮਾਂ ਬੀਤਿਆ, ਨਾਜਰ ਇਕਦਮ ਬਿਮਾਰ ਹੋ ਗਿਆ, ਜਿੰਨਾ ਪੈਸਾ ਜੋੜਿਆ ਸੀ ਹੌਲੀ-ਹੌਲੀ ਨਾਜਰ ਦੇ ਇਲਾਜ 'ਚ ਖਰਚ ਹੋ ਗਿਆ ਤੇ ਬਾਅਦ 'ਚ ਹੌਲੀ-ਹੌਲੀ ਖੇਤੀਬਾੜੀ ਦੇ ਸੰਦਾਂ ਨੂੰ ਵੀ ਵੇਚਣਾ ਪਿਆ | ਪਰ ਨਾਜਰ ਫਿਰ ਵੀ ਨਾ ਠੀਕ ਹੋਇਆ | ਮੰਜੇ 'ਤੇ ਪਏ ਵੀ ਨਾਜਰ ਨੇ ਮੈਂ ਨਹੀਂ ਛੱਡੀ | ਨਾਜਰ ਦਾ ਕੋਈ ਪਤਾ ਲੈਣ ਤੱਕ ਨਹੀਂ ਆਇਆ | ਅਖੀਰ ਨਾਜਰ ਦੀ ਘਰਵਾਲੀ ਨਾਜਰ ਨੂੰ ਬੋਲਣ ਲੱਗੀ, 'ਵੇ ਸਰਦਾਰਾ, ਜੇ ਤੇਰੇ 'ਚ ਆ 'ਮੈਂ' ਨਾ ਹੁੰਦੀ ਤਾਂ ਅੱਜ ਕੋਈ ਤੇਰਾ ਪਤਾ ਲੈਣ ਜ਼ਰੂਰ ਆਉਂਦਾ, ਤੇਰਾ ਕੋਈ ਹਾਲ-ਚਾਲ ਪੁੱਛਣ ਆਉਂਦਾ | ਨਾਲੇ ਆਪਣੀ ਕੋਈ ਮਦਦ ਕਰਦਾ | ਹੁਣ ਤਾਂ ਘਰ ਆਟਾ ਲਿਆਉਣ ਨੂੰ ਵੀ ਕੋਈ ਪੈਸਾ ਨਹੀਂ ਰਿਹਾ | ਨਾਜਰ ਥਥਲਾਉਂਦਾ ਹੋਇਆ ਬੋਲਿਆ, 'ਤੂੰ ਸਹੀ ਕਹਿੰਦੀ ਸੀ ਧੰਨ ਕੌਰੇ, ਸਾਰੀ ਉਮਰ ਮੇਰੀ 'ਮੈਂ-ਮੈਂ' ਨਹੀਂ ਮੁੱਕੀ ਤੇ ਅੱਜ ਮੈਂ ਮੁੱਕ ਚੱਲਿਆਂ | ਏਨੀ ਗੱਲ ਕਹਿੰਦੇ ਹੀ ਨਾਜਰ ਮੰਜੇ 'ਤੇ ਡਿੱਗ ਪਿਆ |

-ਮੋਬਾਈਲ : 98885-02020


ਖ਼ਬਰ ਸ਼ੇਅਰ ਕਰੋ

ਕਾਵਿ-ਵਿਅੰਗ: ਚੋਰ ਤੇ ਕੁੱਤੀ

• ਨਵਰਾਹੀ ਘੁਗਿਆਣਵੀ •
ਆਮ ਆਦਮੀ ਕਰੇ ਤਾਂ ਕੀ ਆਖਿਰ,
ਜਿਥੇ ਨੀਅਤ ਨਾ ਸਾਫ਼ ਅਧਿਕਾਰੀਆਂ ਦੀ |
ਕੁੱਤੀ ਨਹੀਂ ਸ਼ਿਕਾਰ ਨੂੰ ਪਕੜ ਸਕਦੀ,
ਜਿਥੇ ਨਜ਼ਰ ਨਾ ਸਹੀ ਸ਼ਿਕਾਰੀਆਂ ਦੀ |
ਜੱਟ-ਬੂਟ ਦੀ ਕੋਈ ਨਾ ਭਰੇ ਹਾਮੀ,
ਚੜ੍ਹ ਮੱਚੀ ਧਨਾਢ ਵਪਾਰੀਆਂ ਦੀ |
ਰੌਲਾ ਕੋਈ ਨਾ ਧਰਮਾਂ ਦਾ ਆਪਸ ਦੇ ਵਿਚ,
ਬਣਦੀ ਨਹੀਂ ਖ਼ੁਦਗਰਜ਼ ਪੁਜਾਰੀਆਂ ਦੀ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਉਹ ਭਾਵੁਕ ਪਲ

ਗੱਲ 1989 ਦੀ ਐ | ਬੈਂਕ 'ਚ ਅਫਸਰ ਭਰਤੀ ਹੋ ਕੇ ਖਨਾਲ ਕਲਾਂ ਪਿੰਡ 'ਚ ਨਵੀਂ ਖੁੱਲ੍ਹ ਰਹੀ ਸ਼ਾਖਾ 'ਚ ਬਤੌਰ ਮੈਨੇਜਰ ਸੇਵਾ ਸੰਭਾਲੀ | ਉਸ ਸਮੇਂ ਪਿੰਡਾਂ 'ਚ ਬੈਂਕਾਂ ਦੀ ਗਿਣਤੀ ਬਹੁਤ ਘੱਟ ਸੀ ਤੇ ਬੈਂਕ ਦੇ ਮੈਨੇਜਰ ਦਾ ਰੁਤਬਾ ਵੀ ਕਾਫੀ ਉੱਚਾ ਹੁੰਦਾ ਸੀ ਕਿਉਂਕਿ 10-15 ਪਿੰਡਾਂ ਲਈ ਇੱਕ ਬੈਂਕ ਹੁੰਦਾ ਸੀ
ਬੈਂਕ ਦੀ ਬਿਲਡਿੰਗ ਬੱਸ ਸਟਾਪ ਦੇ ਬਿਲਕੁਲ ਨਾਲ ਸੀ ਤੇ ਬੈਂਕ ਦੇ ਬਿਲਕੁਲ ਸਾਹਮਣੇ ਗੁਰਨਾਮ ਸਿੰਘ ਨਾਂਅ ਦਾ ਚਮੜੇ ਦੀਆਂ ਜੁੱਤੀਆ ਬਣਾਉਣ ਵਾਲਾ ਬਜ਼ੁਰਗ ਇੱਕ ਬੋਰੀ ਵਿਛਾ ਕੇ ਆਪਣਾ ਕੰਮ ਕਰਦਾ ਸੀ | ਮੈਨੂੰ ਵੀ ਉਸ ਸਮੇਂ ਪੰਜਾਬੀ ਜੁੱਤੀ ਪਾਉਣ ਦਾ ਕਾਫੀ ਸ਼ੌਕ ਸੀ | ਇੱਕ ਦਿਨ ਮੈ ਬੈਂਕ ਬੰਦ ਹੋਣ ਤੋਂ ਬਾਅਦ ਬਾਹਰ ਖੜਾ ਬੱਸ ਦੀ ਉਡੀਕ ਕਰ ਰਿਹਾ ਸੀ | ਬੱਸ ਆਉਣ 'ਚ ਕੁਝ ਸਮਾਂ ਸੀ ਤਾਂ ਮੈਂ ਗੁਰਨਾਮ ਸਿੰਘ ਕੋਲ ਖੜ੍ਹ ਗਿਆ ਤੇ ਉਸ ਨੂੰ ਕਿਹਾ 'ਬਜ਼ੁਰਗੋ ਮੇਰੇ ਲਈ ਵੀ ਜੁੱਤੀ ਬਣਾ ਦਿਓ ਇਕ' | ਉਹ ਚੁੱਪ ਕਰ ਗਿਆ ਤੇ ਉਦਾਸ ਹੋ ਗਿਆ | ਮੈਨੂੰ ਬੜੀ ਹੈਰਾਨੀ ਹੋਈ ਕਿ ਇਹ ਚੁੱਪ ਕਿਉਂ ਹੋ ਗਿਆ | ਮੈਂ ਅੱਗੇ ਗੱਲ ਤੋਰਦਿਆਂ ਕਿਹਾ, 'ਬਾਪੂ ਜੀ ਪੈਸੇ ਪੂਰੇ ਦੇ ਕੇ ਬਣਵਾਉਣੀ ਐ, ਵੰਗਾਰ 'ਚ ਨੀ' | ਉਸ ਨੇ ਝੱਟ ਜਵਾਬ ਦਿੱਤਾ, 'ਮੈਨੇਜਰ ਸਾਬ੍ਹ, 'ਜੁੱਤੀ ਤਾਂ ਚਮੜੇ ਦੀ ਹੀ ਬਣੂ ਤੇ ਚਮੜਾ ਮੇਰੇ ਕੋਲ ਹੈ ਨਹੀਂ ਤੇ ਨਾ ਚਮੜਾ ਖਰੀਦਣ ਲਈ ਪੈਸੈ ਨੇ |'
ਅਗਲੇ ਦਿਨ ਸਵੇਰੇ ਹੀ ਮੈਂ ਲੋੜੀਂਦੇ ਕਾਗਜ਼ਾਤ ਲੈ ਕੇ ਉਸ ਨੂੰ ਚਮੜਾ ਖਰੀਦਣ ਲਈ ਸਿਰਫ 2500 ਰੁਪਏ ਦਾ ਕਰਜ਼ਾ ਦਿੱਤਾ ਤੇ ਉਸ ਨੇ ਉਸ ਰਕਮ ਦਾ ਚਮੜਾ ਖਰੀਦ ਲਿਆ ਤੇ ਜੁੱਤੀਆ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦਾ ਕੰਮ ਵਧੀਆ ਚਲ ਪਿਆ ਤੇ ਥੋੜ੍ਹੇ ਸਮੇਂ 'ਚ ਹੀ ਉਸ ਨੇ ਸਾਰਾ ਕਰਜ਼ਾ ਮੋੜ ਦਿੱਤਾ ਤੇ 10,000 ਰੁਪਏ ਦਾ ਨਵਾਂ ਕਰਜ਼ਾ ਲੈ ਕੇ ਅਪਣੇ ਕੰਮ 'ਚ ਵਿਸਥਾਰ ਕਰ ਲਿਆ |
ਸਮਾਂ ਆਪਣੀ ਚਾਲ ਚਲਦਾ ਗਿਆ ਤੇ 1995 'ਚ ਮੇਰੀ ਬਦਲੀ ਸੰਗਰੂਰ ਹੋ ਗਈ | ਖਨਾਲ ਕਲਾਂ ਤੋਂ ਵਿਦਾਇਗੀ ਸਮੇਂ ਇਲਾਕੇ ਵਲੋਂ ਇੱਕ ਵਿਸ਼ਾਲ ਵਿਦਾਇਗੀ ਸਮਾਗਮ ਰੱਖਿਆ ਗਿਆ | ਸਮਾਗਮ ਖਤਮ ਹੋਣ ਤੋਂ ਬਾਅਦ ਜਦੋਂ ਚਾਹ-ਪਾਣੀ ਪੀ ਰਹੇ ਸੀ ਤਾਂ ਗੁਰਨਾਮ ਮੇਰੇ ਆਲੇ-ਦੁਆਲੇ ਤੁਰਿਆ ਫਿਰਦਾ ਸੀ ਤੇ ਲੱਗਦਾ ਸੀ ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ ਪਰ ਸ਼ਾਇਦ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ |
ਮੇਰੇ ਨਾਲ ਖੜ੍ਹਾ ਸਰਪੰਚ ਜਗਸੀਰ ਸਿੰਘ ਝਿੰਜਰ ਵੀ ਉਸ ਦੀ ਇਸ ਦੁਬਿਧਾ ਨੂੰ ਭਾਂਪ ਰਿਹਾ ਸੀ | ਉਸ ਨੇ ਗੁਰਨਾਮ ਨੂੰ ਪੁੱਛਿਆ 'ਹਾਂ, ਗਾਮਿਆ ਤੂੰ ਦੱਸ, ਕੋਈ ਗਲ ਕਰਣੀ ਐ' | ਗੁਰਨਾਮ ਚੁੱਪ ਖੜ੍ਹਾ ਰਿਹਾ ਪਰ ਮੈਂ ਦੇਖ ਰਿਹਾ ਸੀ ਉਸ ਦਾ ਗੱਚ ਭਰ ਰਿਹਾ ਸੀ | ਸਰਪੰਚ ਨੇ ਜਦੋਂ ਹੋਰ ਜ਼ੋਰ ਪਾ ਕੇ ਪੁੱਛਿਆ 'ਹਾਂ ਹਾਂ', ਬੋਲ ਗਾਮਿਆ 'ਕੀ ਕਹਿਣੈ ਤੂੰ?' ਗੁਰਨਾਮ ਕੁਝ ਬੋਲ ਤਾਂ ਨੀ ਸਕਿਆ ਭੁੱਬ ਮਾਰ ਕੇ ਕਹਿੰਦਾ 'ਓਏ, ਮੇਰਾ ਰੱਬ ਜਾ ਰਿਹੈ ਓਇ ਇਥੋਂ |'
ਆਪਣੀ 30 ਸਾਲ ਦੀ ਬੈਂਕ ਨੌਕਰੀ ਦੌਰਾਨ ਕਰੋੜਾਂ ਰੁਪਏ ਦੇ ਕਰਜ਼ੇ ਦਿੱਤੇ ਪਰ 2500 ਰੁਪਏ ਦਾ ਗਾਮੇ ਨੂੰ ਦਿੱਤਾ ਕਰਜ਼ਾ ਤੇ ਉਸ ਦੀ ਭਾਵੁਕ ਪ੍ਰਤੀਕਿਰਿਆ ਅੱਜ ਵੀ ਮਨ 'ਚ ਤਾਜ਼ਾ ਐ ਤੇ ਜਦੋਂ ਵੀ ਮੈਂ ਇਹ ਗੱਲ ਹੁਣ ਵੀ ਕਿਸੇ ਨਾਲ ਸਾਂਝੀ ਕਰਦਾ ਹਾਂ ਤਾਂ ਗੱਚ ਭਰ ਆਉਂਦੈ ਤੇ ਨਾਲ ਅੱਖਾਂ ਵੀ ਭਰ ਆਉਂਦੀਆਂ ਨੇ |

-ਗੁਰੂ ਨਾਨਕ ਕਾਲੋਨੀ, ਸੰਗਰੂਰ |
ਮੋਬਾਈਲ : 8146580919.

ਕਾਵਿ-ਵਿਅੰਗ: ਪਿਆਜ਼-ਓ-ਵਾਚ

ਬਾਪੂ ਲਾੜੇ ਦਾ ਆਖਦਾ ਕੁੜਮ ਤਾੲੀਂ
ਸਾਡੇ ਹੁੰਦਾ ਹੈ ਵਾਧੂ ਅਨਾਜ ਮੀਆਂ |
ਮੁੰਡੇ ਮੇਰੇ ਨੇ ਹੈ ਇਹ ਕਸਮ ਖਾਧੀ,
ਬਦਲ ਦੇਣੇ ਨੇ ਗ਼ਲਤ ਰਿਵਾਜ ਮੀਆਂ |
ਸਿਆਣੇ ਆਖਦੇ ਦੁਲਹਨ ਦਹੇਜ ਹੀ ਹੈ,
ਅਸੀਂ ਲੈਣਾ ਨਹੀਂ ਉੱਕਾ ਹੀ ਦਾਜ ਮੀਆਂ |
ਜੇਕਰ ਫੇਰ ਵੀ ਤੁਸੀਂ ਨਹੀਂ ਰਹਿ ਸਕਦੇ,
ਜਿੰਨੇ ਮਰਜ਼ੀ ਦੇ ਦਿਓ ਪਿਆਜ਼ ਮੀਆਂ |

-ਨਿਰਮੋਹੀ ਫ਼ਰੀਦਕੋਟੀ
ਗਲੀ ਨੰ: 3, ਪੁਰੀ ਕਾਲੋਨੀ, ਫਰੀਦਕੋਟ |
ਮੋਬਾਈਲ : 95017-00527.

ਦੋ ਮਿੰਨੀ ਵਿਅੰਗ

ਜ਼ਬਾਨ ਦਾ ਮਸਲਾ
ਕਾਮਰੇਡ ਵਿਸ਼ਨੂੰ ਦੱਤ ਸ਼ਰਮਾ ਮਾਸਕੋ ਦਾ ਦੌਰਾ ਕਰ ਕੇ ਵਾਪਸ ਆਏ ਤਾਂ ਦਵਿੰਦਰ ਸਤਿਆਰਥੀ ਪੁੱਛਣ ਲੱਗੇ, 'ਕਿਉਂ ਸ਼ਰਮਾ ਜੀ, ਤੁਹਾਨੂੰ ਰੂਸ 'ਚ ਜਾ ਕੇ ਜ਼ੁਬਾਨ ਦਾ ਮਸਲਾ ਤਾਂ ਨਹੀਂ ਪੇਸ਼ ਆਇਆ?'
ਬਈ ਮੈਨੂੰ ਤਾਂ ਨਹੀਂ ਆਇਆ ਅਲਬਤਾ ਰੂਸੀਆਂ ਨੂੰ ਜ਼ਰੂਰ ਮੁਸ਼ਕਿਲ ਪੇਸ਼ ਆਈ ਸੀ |

ਮੌਨ ਵਰਤ
ਸ਼ਾਦੀ ਦੀ ਵਰ੍ਹੇ ਗੰਢ ਵਾਲੇ ਦਿਨ ਸਵੇਰੇ ਹੀ ਸੁਰਜੀਤ ਕੌਰ ਨੇ ਆਪਣੇ ਪਤੀ ਜਤਿੰਦਰ ਸਿੰਘ ਨੂੰ ਕਿਹਾ ਕਿ ਸਾਨੂੰ ਅੱਜ ਦਾ ਦਿਨ ਵਿਲੱਖਣਤਾ ਨਾਲ ਮਨਾਉਣਾ ਚਾਹੀਦਾ ਹੈ...
ਅੰਨ੍ਹਾ ਕੀ ਭਾਲੇ ਦੋ ਅੱਖਾਂ |
ਜਤਿੰਦਰ ਨੇ ਆਪਣੀ ਪਤਨੀ ਦੀ ਦਲੀਲ ਉਤੇ ਕੋਈ ਵਾਦ-ਵਿਵਾਦ ਛੇੜ ਕੇ ਐਵੇੇਂ ਸਮਾਂ ਨਸ਼ਟ ਕਰਨ ਦੀ ਥਾਂ ਸਹਿਮਤੀ ਦਾ ਇਜ਼ਹਾਰ ਕਰਦਿਆਂ ਕਿਹਾ ਸਾਨੂੰ ਅੱਜ ਮੌਨ ਵਰਤ ਰੱਖਣਾ ਚਾਹੀਦਾ ਹੈ |

-ਡਾ: ਰਾਜ ਨਰਿੰਦਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ |
ਮੋਬਾਈਲ : 96462-08088.

ਚੁਟਕਲੇ

• ਯਮਰਾਜ (ਮਰੀ ਹੋਈ ਲੜਕੀ ਨੂੰ )-ਬੇਟੀ ਤੂੰ ਕਿੱਥੇ ਰਹਿਣਾ ਚਾਹੁੰਨੀ ਏਾ, ਨਰਕਾਂ ਵਿਚ ਜਾਂ ਸਵਰਗਾਂ ਵਿਚ?
ਲੜਕੀ-ਯਮਰਾਜ ਜੀ ਧਰਤੀ ਤੋਂ ਮੇਰਾ ਮੋਬਾਈਲ ਤੇ ਚਾਰਜਰ ਮੰਗਵਾ ਦਿਓ, ਫੇਰ ਜਿੱਥੇ ਮਰਜ਼ੀ ਭੇਜ ਦਿਓ, ਉਥੇ ਹੀ ਰਹਿ ਲਵਾਂਗੀ |
• ਦੋਸਤ (ਦੂਜੇ ਦੋਸਤ ਨੂੰ )-ਯਾਰ ਵਿਆਹੀ ਕੁੜੀ ਅਤੇ ਵਿਆਹੇ ਮੁੰਡੇ ਦਾ ਕਿਵੇਂ ਪਤਾ ਚਲਦਾ?
ਦੂਜਾ- ਕੁੜੀ ਵਿਆਹੀ ਹੋਈ ਹੋਵੇ ਤਾਂ ਗਲੇ 'ਚ ਮੰਗਲਸੂਤਰ ਲਟਕਿਆ ਹੁੰਦਾ ਐ, ਜੇ ਮੁੰਡਾ ਵਿਆਹਿਆ ਹੋਵੇ ਤਾਂ ਉਹਦਾ ਦਾ ਮੂੰਹ ਲਟਕਿਆ ਹੁੰਦੈ |
• ਪਤੀ (ਪਤਨੀ ਨੂੰ )- ਕਿੱਥੇ ਗਈ ਸੀ ?
ਪਤਨੀ-ਖੂਨਦਾਨ ਕਰਨ ਗਈ ਸੀ,
ਪਤੀ-ਪਹਿਲਾਂ ਪੀਂਦੀ ਰਹੀ ਤੇ ਹੁਣ ਵੇਚਣਾ ਵੀ ਸੂਰੁ ਕਰਤਾ ਤੂੰ?
• ਅਪ੍ਰੇਸ਼ਨ ਹੋਣ ਤੋਂ ਬਾਅਦ ਜਦ ਮਰੀਜ਼ ਹੋਸ਼ ਵਿਚ ਆਇਆ ਤਾਂ ਮਰੀਜ਼-ਡਾਕਟਰ ਸਾਹਬ, ਕੀ ਹੁਣ ਮੈਂ ਰੋਗਮੁਕਤ ਹੋ ਗਿਆ ਹਾਂ ?
ਡਾਕਟਰ : ਬੇਟਾ ਡਾਕਟਰ ਤਾਂ ਧਰਤੀ 'ਤੇ ਰਹਿ ਗਿਆ ਹੈ, ਮੈਂ ਤਾਂ ਚਿੱਤਰਗੁਪਤ ਹਾਂ |
• ਅਧਿਆਪਕ-ਬੱਚਿਓ, ਹਸਪਤਾਲ ਕੀ ਹੁੰਦਾ ਹੈ ?
ਬੱਚਾ-ਸਰ ਜੀ, ਜ਼ਿੰਦਗੀ ਖ਼ਤਮ ਹੋਣ ਤੋਂ ਬਾਅਦ ਸਵਰਗਾਂ ਨੂੰ ਜਾਣ ਲੱਗਿਆਂ ਰਾਹ ਵਿਚ ਜਿਹੜਾ ਟੋਲ-ਪਲਾਜ਼ਾ ਪੈਂਦਾ ਹੈ ਉਸਨੂੰ ਹੀ ਹਸਪਤਾਲ ਕਹਿੰਦੇ ਹਨ |

-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ ਗਿੱਦੜਬਾਹਾ |
ਮੋਬਾਈਲ : 94174 47986.

ਆਂਟੀ ਬਣ ਗਈ ਮਾਸੀ...

• ਰਾਜਾ ਗਿੱਲ ਚੜਿੱਕ •
ਚਾਚੇ, ਤਾਏ, ਮਾਮੇ ਬਣੇ ਅੰਕਲ,
ਆਂਟੀ ਬਣ ਗਈ ਮਾਮੀ, ਚਾਚੀ, ਤਾਈ |
ਦੁੱਧ ਦਹੀਂ ਤੇ ਲੱਸੀ ਛੱਡ ਕੇ,
ਮੰੁਡੇ ਜਾਂਦੇ ਬਰਗਰ ਪੀਜੇ ਖਾਈ |
ਉਠਦੇ ਬਹਿੰਦੇ ਖਾਂਦੇ ਪੀਂਦੇ,
ਰੱਖਣ ਮੋਬਾਈਲ 'ਤੇ ਨਿਗ੍ਹਾ ਟਿਕਾਈ |
ਗੋਲੀਆਂ ਦੀ ਗੱਲ ਕਰਦੇ ਗਾਣੇ,
ਜਾਵਣ ਹਿੰਸਾ ਗਾਈਕ ਸਿਖਾਈ |
ਜੇ ਅੱਕਿਆ ਕੁਝ ਆਖੇ ਬਾਪੂ,
ਆਖਣ ਮਾਰੇ ਬੁੜਾ ਭਕਾਈ |
ਕੰਮ ਕਰਨ ਤੋਂ ਗਈ ਜਵਾਨੀ,
ਭੈੜੀ 'ਰਾਜੇ' ਇਹ ਕੇਹੀ ਰੁੱਤ ਆਈ |

-ਪਿੰਡ ਤੇ ਡਾਕ: ਚੜਿੱਕ (ਮੋਗਾ) |
ਮੋਬਾਈਲ : 94654-11585.

ਭਰੋਸਾ

ਅਖ਼ਬਾਰ ਦੀਆਂ ਖ਼ਬਰਾਂ ਪੜ੍ਹਦਾ ਭੋਲਾ ਬੋਲਿਆ, 'ਨਵੀਂ ਬਣੀ ਸੜਕ ਤਿੰਨ ਮਹੀਨੇ ਵਿਚ ਹੀ ਟੁੱਟ ਗਈ ਤੇ ਇਕ ਪੁਲ ਉਦਘਾਟਨ ਤੋਂ ਪਹਿਲਾਂ ਹੀ ਡਿੱਗ ਪਿਆ |' ਜੱਗੇ ਨੇ ਕਿਹਾ, 'ਭਿ੍ਸ਼ਟਾਚਾਰ ਵਧ ਗਿਆ, ਸਰਕਾਰੀ ਸੰਪਤੀ ਨੂੰ ਖਾਣ ਲਈ ਜੋਕਾਂ ਚਿੰਬੜ ਗਈਆਂ | ਇਥੇ ਪੁਲਾਂ ਅਤੇ ਸੜਕਾਂ ਦਾ ਕੀ ਭਰੋਸਾ ਕਰਾਂਗੇ | ਇਥੇ ਤਾਂ ਸਰਕਾਰਾਂ ਦਾ ਵੀ ਕੋਈ ਭਰੋਸਾ ਨਹੀਂ |'

-ਪਿੰਡ ਬੁਜਰਗ, ਜਗਰਾਉਂ (ਲੁਧਿਆਣਾ) |
ਮੋਬਾਈਲ : 98551-27254.

ਗ਼ਜ਼ਲ

ਰੋਜ਼ ਦਵਾਈ ਫੱਕੀ ਜਾਂਦੈ
ਘਾਓ ਤਾਂ ਵੀ ਪੱਕੀ ਜਾਂਦੈ |

ਅੰਦਰੋਂ ਭਾਵੇਂ ਪੂਰਾ ਟੁੱਟਾ,
ਬਾਹਰੋਂ ਤੇੜਾਂ ਢੱਕੀ ਜਾਂਦੈ |

ਹਾਸੇ ਨਾਲ ਕਦੋਂ ਦਾ ਕਮਲਾ,
ਨੈਣ ਸਮੁੰਦਰ ਡੱਕੀ ਜਾਂਦੈ |

ਰੋਟੀ ਖਾਤਰ ਬੰਦਾ ਖ਼ੁਦ ਨੂੰ ,
ਡੰਗਰਾਂ ਵਾਂਗੂੰ ਹੱਕੀ ਜਾਂਦੈ |

ਲੋਟੂ ਲੀਡਰ ਜਨਤਾ ਦਾ ਧਨ,
ਲੁੱਟ ਲੁੱਟ ਘਰ ਨੂੰ ਧੱਕੀ ਜਾਂਦੈ |

ਦੁੱਖਾਂ ਦੀ ਦਲਦਲ ਵਿਚ ਫਸਿਆ,
ਬੰਦਾ ਖ਼ੁਦ ਤੋਂ ਅੱਕੀ ਜਾਂਦੈ |

-ਬਿਸ਼ੰਬਰ ਅਵਾਂਖੀਆ
ਪਿੰਡ ਤੇ ਡਾਕ: ਅਵਾਂਖਾ, ਤਹਿ: ਤੇ ਜ਼ਿਲ੍ਹਾ ਗੁਰਦਾਸਪੁਰ | ਮੋਬਾਈਲ : 97818-25255.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX