ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਹੋਰ ਖ਼ਬਰਾਂ..

ਲੋਕ ਮੰਚ

ਕਿਸਾਨਾਂ ਦੀ ਹਾਲਤ ਸਬੰਧੀ ਸੁਚੇਤ ਹੋਣ ਸਰਕਾਰਾਂ

ਅਨਾਜ ਦੇ ਉਤਪਾਦਨ ਵਿਚ ਜੇ ਅਸੀਂ ਆਤਮ-ਨਿਰਭਰ ਹੋਏ ਹਾਂ ਤਾਂ ਕਿਸਾਨ ਦੀ ਮਿਹਨਤ ਦਾ ਹੀ ਨਤੀਜਾ ਹੈ ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਦਾ ਮੁੱਲ ਪਾਉਣ ਦੀ ਦਿਲੋਂ ਕੋਸ਼ਿਸ਼ ਨਹੀਂ ਕੀਤੀ। ਵੱਡੇ-ਵੱਡੇ ਉਦਯੋਗਪਤੀਆਂ ਲਈ ਤਾਂ ਖਜ਼ਾਨੇ ਖੁੱਲ੍ਹੇ ਹਨ ਉਹ ਚਾਹੇ ਦੇਸ਼ ਦੇ ਧਨ ਦੀ ਸਹੀ ਵਰਤੋਂ ਕਰਨ ਜਾਂ ਨਾ, ਕੋਈ ਪੁੱਛਣ ਵਾਲਾ ਨਹੀਂ। ਕਰੋੜਾਂ ਰੁਪਏ ਲੈ ਕੇ ਵਿਦੇਸ਼ ਜਾਣ, ਗ਼ਰੀਬਾਂ ਨੂੰ ਲੁੱਟਣ ਲਿਤਾੜਨ ਕੋਈ ਪ੍ਰਵਾਹ ਨਹੀਂ। ਇਸ ਸਮੇਂ ਕਿਸਾਨੀ ਦੀ ਹਾਲਤ ਬੜੀ ਨਾਜ਼ੁਕ ਹੈ। ਇਹ ਦੂਹਰੀ ਮਾਰ ਦੀ ਸ਼ਿਕਾਰ ਹੈ। ਫਸਲਾਂ ਦੇ ਮੁੱਲ ਵਿਚ ਨਾਮਾਤਰ ਦਾ ਵਾਧਾ ਹੋ ਰਿਹਾ ਪਰ ਖੇਤੀਬਾੜੀ ਨਾਲ ਸਬੰਧਿਤ ਖਰਚੇ ਬਹੁਤ ਜ਼ਿਆਦਾ ਵਧ ਗਏ ਹਨ। ਡੀਜ਼ਲ, ਖਾਦ, ਦਵਾਈਆਂ, ਮਸ਼ੀਨਰੀ ਦੀਆਂ ਵਧੀਆਂ ਕੀਮਤਾਂ ਨੇ ਕਿਸਾਨਾਂ ਦਾ ਹੋਰ ਲੱਕ ਤੋੜ ਦਿੱਤਾ ਹੈ। ਖੇਤੀਬਾੜੀ ਕੁਦਰਤ ਦੇ ਰਹਿਮੋ-ਕਰਮ ਉੱਤੇ ਵੀ ਨਿਰਭਰ ਹੈ। ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਕੋਈ ਠੋਸ ਯੋਜਨਾਵਾਂ ਨਹੀਂ। ਖਾਨਾਪੂਰਤੀ ਕਰਕੇ ਹੀ ਕੰਮ ਸਾਰ ਦਿੱਤਾ ਜਾਂਦਾ ਹੈ। ਫਸਲਾਂ, ਫਲਾਂ, ਸਬਜ਼ੀਆਂ ਦੀ ਕੀਮਤ ਉਸ ਉੱਤੇ ਆਉਣ ਵਾਲੇ ਖਰਚੇ ਮੁਤਾਬਕ ਨਿਰਧਾਰਿਤ ਨਹੀਂ। ਜ਼ਿਆਦਾਤਰ ਤਾਂ ਸਬਜ਼ੀਆਂ ਦੀ ਕੀਮਤ ਵੀ ਤੈਅ ਨਾ ਹੋਣ ਕਾਰਨ ਕਿਸਾਨ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ, ਸਗੋਂ ਨੁਕਸਾਨ ਹੋ ਜਾਂਦਾ ਹੈ। ਜਦੋਂ ਵਾਰ-ਵਾਰ ਇਸ ਤਰ੍ਹਾਂ ਹੋਵੇਗਾ ਤਾਂ ਖੇਤੀ ਕਰਨ ਨੂੰ ਕਿਸ ਦਾ ਮਨ ਕਰੇਗਾ। ਸੁਆਮੀਨਾਥਨ ਰਿਪੋਰਟ ਲਾਗੂ ਕਰਨ ਲਈ ਕਿੰਨੀ ਵਾਰ ਸਮੇਂ ਦੀਆਂ ਸਰਕਾਰਾਂ ਤੱਕ ਗੱਲ ਪਹੁੰਚੀ ਪਰ ਲਾਗੂ ਕਰਨ ਨੂੰ ਕੋਈ ਤਿਆਰ ਨਹੀਂ। ਅਜਿਹੀਆਂ ਠੋਸ ਨੀਤੀਆਂ ਕਿਉਂ ਨਹੀਂ ਬਣਾਈਆਂ ਜਾਂਦੀਆਂ ਕਿ ਕਿਸਾਨ ਸਿੱਧੇ ਰੂਪ ਵਿਚ ਆਪਣੀਆਂ ਫ਼ਸਲਾਂ, ਸਬਜ਼ੀਆਂ, ਫਲਾਂ ਨੂੰ ਆਪਣੇ ਮੁਨਾਫ਼ੇ ਨੂੰ ਮੁੱਖ ਰੱਖ ਕੇ ਵੇਚ ਸਕੇ। ਫੂਡ ਪ੍ਰੋਸੈਸਿੰਗ ਦੀਆਂ ਯੂਨਿਟਾਂ ਲਗਾ ਕੇ ਕਿਸਾਨੀ ਨੂੰ ਇਸ ਵਿਚ ਸ਼ਾਮਿਲ ਕਿਉਂ ਨਹੀਂ ਕੀਤਾ ਜਾਂਦਾ। ਅਸੀਂ ਬਹੁਤ ਕੁਝ ਆਪਣੇ ਦੇਸ਼ ਵਿਚ ਤਿਆਰ ਕਰ ਸਕਦੇ ਹਾਂ ਤਾਂ ਫਿਰ ਵਿਦੇਸ਼ਾਂ ਨੂੰ ਆਪਣਾ ਧਨ ਲੁਟਾਉਣ ਦੀ ਕੀ ਲੋੜ ਹੈ? ਅਸੀਂ ਅਜੇ ਤੱਕ ਕਿਉਂ ਸਮਰੱਥ ਨਹੀਂ ਕਿ ਸਾਡੀਆਂ ਫ਼ਸਲਾਂ, ਫਲਾਂ, ਸਬਜ਼ੀਆਂ ਨੂੰ ਵੱਡੇ ਪੱਧਰ ਉੱਤੇ ਗੁਆਂਢੀ ਦੇਸ਼ਾਂ ਨੂੰ ਭੇਜ ਕੇ ਵਪਾਰ ਵਧਾਇਆ ਜਾਵੇ। ਅਜੋਕੇ ਸਮੇਂ ਤਾਂ ਬਾਜ਼ਾਰੀਕਰਨ, ਤੇਜ਼ ਤਰਾਰ ਪਦਾਰਥਕ ਯੁੱਗ ਵਿਚ ਕਿਸਾਨਾਂ ਦੇ ਬੱਚੇ ਵੀ ਖੇਤੀਬਾੜੀ ਤੋਂ ਮੂੰਹ ਮੋੜ ਕੇ ਜਾਂ ਵਿਦੇਸ਼ ਜਾਣਾ ਚਾਹੁੰਦੇ ਹਨ। ਹੁਣ ਤਾਂ ਟਰੈਕਟਰ ਵੀ ਪਰਵਾਸੀ ਮਜ਼ਦੂਰ ਚਲਾਉਂਦੇ ਹਨ। ਨਵੀਂ ਪੀੜ੍ਹੀ ਖੇਤੀ ਤੋਂ ਦੂਰ ਹੋ ਰਹੀ ਹੈ, ਫਿਰ ਪੰਜਾਬ ਦੀ ਖੇਤੀ ਦਾ ਕੀ ਭਵਿੱਖ ਹੋਵੇਗਾ, ਇਹ ਚਿੰਤਾ ਵਾਲੀ ਗੱਲ ਹੈ। ਕੁਝ ਕਿਸਾਨ ਨੂੰ ਵੀ ਜਾਗਰੂਕ ਹੋਣਾ ਪਵੇਗਾ। ਖ਼ਾਸ ਤੌਰ ਉੱਤੇ ਪੰਜਾਬ ਦੇ ਕਿਸਾਨ ਨੂੰ ਕੀ ਉਹ ਜੋ ਦਿਖਾਵਿਆਂ ਦੇ ਚੱਕਰ ਵਿਚ, ਬੇਲੋੜੀਆਂ ਇੱਛਾਵਾਂ ਦੇ ਵੱਸ ਪੈ ਕੇ ਆਪਣੀ ਚਾਦਰ ਦੇਖ ਕੇ ਪੈਰ ਪਸਾਰਨ। ਆਪਣੇ ਮਿਹਨਤੀ ਸੁਭਾਅ ਨੂੰ ਕਾਇਮ ਰੱਖਣਾ ਪਵੇਗਾ। ਸੰਘਰਸ਼ ਹੀ ਜ਼ਿੰਦਗੀ ਹੈ ਤਾਂ ਆਪਣੇ ਹੱਕਾਂ ਲਈ ਸੰਘਰਸ਼ ਵੀ ਕਰਨਾ ਪਵੇਗਾ। ਸਮੇਂ ਦੀਆਂ ਸਰਕਾਰਾਂ ਵੀ ਜਾਗਣ ਕਿ ਜੇ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲਣਾ ਹੈ ਤਾਂ ਠੋਸ ਨੀਤੀਆਂ ਬਣਾ ਕੇ ਅਮਲ ਵਿਚ ਲਿਆਉਣੀਆਂ ਪੈਣਗੀਆਂ। ਕਿਸਾਨ ਦਾ ਸਿੱਖਿਅਤ ਹੋਣਾ ਵੀ ਜ਼ਰੂਰੀ ਹੈ। ਆਓ! ਦੇਸ਼ ਦੀ ਖੁਸ਼ਹਾਲੀ ਲਈ ਕਿਸਾਨੀ ਦੇ ਜੀਵਨ ਨੂੰ ਖ਼ੁਸ਼ਹਾਲ ਬਣਾਉਣ ਲਈ ਹੰਭਲੇ ਮਾਰੀਏ।

-ਗੋਬਿੰਦਗੜ੍ਹ ਪਬਲਿਕ ਕਾਲਜ, ਅਲੌੜ, ਖੰਨਾ।
ਮੋਬਾਈਲ : 99146-00690.


ਖ਼ਬਰ ਸ਼ੇਅਰ ਕਰੋ

ਨਕਲ ਰੋਕਣ ਲਈ ਅਧਿਆਪਕ ਤੇ ਮਾਪੇ ਸਹਿਯੋਗ ਦੇਣ

ਪੰਜਾਬ ਵਿਚ ਲੋਕ ਮੁਹਾਵਰਾ ਬਣ ਗਿਆ ਹੈ ਕਿ ਛੇਵਾਂ ਦਰਿਆ ਨਸ਼ਿਆਂ ਦਾ ਵਹਿੰਦਾ ਹੈ ਪਰ ਜੋ ਸੱਤਵਾਂ ਦਰਿਆ ਸਕੂਲੀ ਵਿੱਦਿਆ ਦੌਰਾਨ ਬੋਰਡ ਦੇ ਇਮਤਿਹਾਨਾਂ ਵਿਚ ਨਕਲ ਦਾ ਵਹਿੰਦਾ ਹੈ, ਇਸ ਬਾਰੇ ਵੀ ਸੁਹਿਰਦਤਾ ਨਾਲ ਸੋਚਣਾ ਜ਼ਰੂਰੀ ਸੀ ਤੇ ਜ਼ਰੂਰੀ ਹੈ। ਭਾਵੇਂ ਸਾਡੇ ਸਿੱਖਿਆ ਸ਼ਾਸਤਰੀ ਤੇ ਸੁਹਿਰਦ ਪੰਜਾਬੀ ਇਸ ਬਾਰੇ ਚਿੰਤਨ ਵੀ ਰਹੇ ਹਨ ਤੇ ਚਿੰਤਨ ਵੀ ਹੋਇਆ ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਬੀਤੇ ਸਾਲ ਸੈਸ਼ਨ 2017-18 ਵਿਚ ਇਕ ਚੰਗੀ ਸ਼ੁਰੂਆਤ ਹੋਈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੁਹਿਰਦ ਪ੍ਰਬੰਧਕਾਂ ਨੇ ਲੰਬੇ ਸਮੇਂ ਤੋਂ ਵਹਿਣ ਬਣਾ ਚੁੱਕੇ ਨਕਲ ਦੇ ਦਰਿਆ ਨੂੰ ਰੋਕਣ ਲਈ ਵੱਡਾ ਉੱਦਮ ਕੀਤਾ ਤੇ ਸਫ਼ਲਤਾ ਵੀ ਪ੍ਰਾਪਤ ਹੋਈ। ਇਸ ਲਈ ਸਮੂਹ ਮਾਪਿਆਂ ਤੇ ਅਧਿਆਪਕਾਂ ਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਕਿਉਂਕਿ ਕਿਸੇ ਸਮਾਜ ਲਈ ਬੌਧਿਕ ਕੰਗਾਲੀ ਸਭ ਤੋਂ ਖ਼ਤਰਨਾਕ ਹੁੰਦੀ ਹੈ ਜਿਸ ਦਾ ਸ਼ਿਕਾਰ ਵੱਡੀ ਪੱਧਰ 'ਤੇ ਸਾਡੇ ਨਕਲਚੀ ਵਿਦਿਆਰਥੀ ਹੋਏ। ਇਸ ਤਰ੍ਹਾਂ ਨਕਲ ਕਰਕੇ 10-12 ਜਮਾਤਾਂ ਪਾਸ ਕਰ ਲੈਣੀਆਂ ਕੋਈ ਅਰਥ ਨਹੀਂ ਰੱਖਦੀਆਂ। ਜੇਕਰ ਸਕੂਲੀ ਵਿੱਦਿਆ ਦੌਰਾਨ ਵਿਦਿਆਰਥੀਆਂ ਦੇ ਮਿਹਨਤੀ ਸੁਭਾਅ ਹੋਣਗੇ ਤਾਂ ਭਵਿੱਖ ਵਿਚ ਵੀ ਮਿਹਨਤ ਕਰਨਗੇ। ਮੰਗਵੇਂ ਖੰਭਾਂ ਨਾਲ ਕਦੀ ਉੱਚੀਆਂ ਉਡਾਰੀਆਂ ਨਹੀਂ ਲਾਈਆਂ ਜਾਂਦੀਆਂ। ਇਸ ਲਈ ਉਚੇਰੀ ਵਿੱਦਿਆ ਤੇ ਮੁਕਾਬਲੇ ਦੀ ਪ੍ਰਤੀਯੋਗਤਾ ਵਿਚ ਅਜਿਹੇ ਵਿਦਿਆਰਥੀ ਅਸਫ਼ਲ ਰਹੇ। ਹੁਣ ਇਸ ਸਾਲ ਸੈਸ਼ਨ 2018-19 ਦੇ ਬੋਰਡ ਦੇ ਸਾਲਾਨਾ ਇਮਤਿਹਾਨ ਪਹਿਲੀ ਮਾਰਚ ਤੋਂ ਸ਼ੁਰੂ ਹੋ ਰਹੇ ਹਨ, ਨਕਲ ਦੇ ਰੁਝਾਨ ਨੂੰ ਰੋਕਣ ਲਈ ਬੋਰਡ ਦੇ ਪ੍ਰਬੰਧਕਾਂ ਨੇ ਬੀਤੇ ਸਾਲ ਦੀ ਤਰ੍ਹਾਂ ਚੰਗੇ ਪ੍ਰਬੰਧ ਕੀਤੇ ਹਨ। ਵਿਦਿਆਰਥੀ ਵਰਗ ਤੇ ਮਾਪੇ ਵੀ ਸੋਚਣ ਕਿ ਨਕਲ ਵਿੱਦਿਆ ਲਈ ਖ਼ਤਰਨਾਕ ਰੋਗ ਹੈ ਤੇ ਇਸ ਦਾ ਇਲਾਜ ਜ਼ਰੂਰੀ ਹੈ। ਇਸ ਲਈ ਸਮੂਹ ਮਾਪਿਆਂ, ਅਧਿਆਪਕਾਂ, ਪ੍ਰਬੰਧਕਾਂ ਤੇ ਹਰੇਕ ਕੇਂਦਰ ਚਲਾ ਰਹੇ ਅਮਲੇ ਨੂੰ ਨਕਲ ਰੋਕਣ ਲਈ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜੇਕਰ ਵਿਦਿਆਰਥੀ ਵਰਗ ਪੜ੍ਹਨ ਨੂੰ ਆਪਣਾ ਧਰਮ ਜਾਂ ਕਿਰਤ ਸਮਝੇਗਾ ਤਾਂ ਹੀ ਇਸ ਦਾ ਭਲਾ ਹੋਵੇਗਾ। ਗਮਲਿਆਂ ਦੇ ਬੂਟੇ ਬਣਨ ਨਾਲੋਂ, ਡੂੰਘੀਆਂ ਜੜ੍ਹਾਂ ਵਾਲੇ ਉੱਚੇ ਰੁੱਖ ਬਣੋ, ਇਹ ਸਾਡੀ ਕਾਮਨਾ ਤੇ ਭਾਵਨਾ ਹੈ।

-ਪ੍ਰਿੰਸੀਪਲ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ।

ਮਾਣ-ਮੱਤੇ ਅਧਿਆਪਕ-27

ਕੌਮੀ ਪੱਧਰ ਤੱਕ ਵਿਗਿਆਨ ਪ੍ਰਦਰਸ਼ਨੀਆਂ ਦਾ ਸ਼ਿੰਗਾਰ ਰਹੇ-ਜੋਗਿੰਦਰ ਸਿੰਘ ਲੋਹਾਮ

ਅਧਿਆਪਨ ਇਕ ਕਿੱਤਾ ਹੀ ਨਹੀਂ ਇਕ ਸਾਧਨਾ ਵੀ ਹੈ ਇਕ ਮਿਸ਼ਨ ਵੀ ਹੈ। ਇਕ ਅਧਿਆਪਕ ਆਪਣੀ ਜ਼ਿੰਦਗੀ ਦੇ ਨਾਲ-ਨਾਲ ਸੈਂਕੜੇ ਬੱਚਿਆਂ ਦੀ ਜ਼ਿੰਦਗੀ ਵੀ ਜਿਊਂਦਾ ਹੈ। ਅਧਿਆਪਕ ਲਈ ਉਸ ਦੇ ਵਿਦਿਆਰਥੀਆਂ ਦਾ ਸਫ਼ਲ ਹੋਣਾ ਉਨ੍ਹਾਂ ਦਾ ਜੀਵਨ ਦੇ ਉੱਚੇ ਮੁਕਾਮ 'ਤੇ ਪਹੁੰਚ ਜਾਣਾ ਹੀ ਅਸਲ ਪੁਰਸਕਾਰ ਹੁੰਦਾ ਹੈ। ਅਧਿਆਪਨ ਦੇ ਪਾਕ-ਪਵਿੱਤਰ ਕਿੱਤੇ ਨੂੰ ਆਪਣੇ ਜੀਵਨ ਵਿਚ ਮਿਸ਼ਨ ਦੀ ਤਰ੍ਹਾਂ ਲੈ ਕੇ ਚੱਲਣ ਵਾਲੇ ਸ: ਜੋਗਿਦਰ ਸਿੰਘ ਲੋਹਾਮ ਦਾ ਜਨਮ ਇਕ ਸਾਧਾਰਨ ਪਰਿਵਾਰ ਵਿਚ ਹੋਇਆ ਉਨ੍ਹਾਂ ਨੇ ਬਚਪਨ ਤੋਂ ਹੀ ਮਿਹਨਤ, ਹਿੰਮਤ ਤੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਭਾਵੇਂ ਉਨ੍ਹਾਂ ਨੂੰ ਬਚਪਨ ਵਿਚ ਵੱਡੀਆਂ ਸਹੂਲਤਾਂ ਦੀ ਘਾਟ ਰਹੀ ਪਰ ਫਿਰ ਵੀ ਉਨ੍ਹਾਂ ਨੇ ਮਿਹਨਤ ਨਾਲ ਉਹ ਸਾਰੇ ਮੁਕਾਮ ਹਾਸਲ ਕੀਤੇ ਜਿਹੜੇ ਵਧੇਰੇ ਸਹੂਲਤਾਂ ਵਾਲੇ ਵਿਦਿਆਰਥੀ ਵੀ ਪ੍ਰਾਪਤ ਨਹੀਂ ਕਰ ਪਾਉਂਦੇ। ਸ: ਜੋਗਿੰਦਰ ਸਿੰਘ ਲੋਹਾਮ ਦਾ ਜਨਮ 15 ਜੂਨ, 1944 ਨੂੰ ਪਿਤਾ ਸ: ਕਿਸ਼ਨ ਸਿੰਘ ਅਤੇ ਮਾਤਾ ਸ੍ਰੀਮਤੀ ਰਾਮ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਮੁਢਲੀ ਪੜ੍ਹਾਈ ਕਰਨ ਉਪਰੰਤ ਹਾਇਰ ਸੈਕੰਡਰੀ ਸਕੂਲ ਮੋਗਾ, ਐਸ.ਡੀ. ਕਾਲਜ ਮੋਗਾ ਤੋਂ ਉੱਚ ਵਿੱਦਿਆ ਹਾਸਲ ਕਰ ਕੇ ਬੀ.ਐੱਡ ਦੀ ਸਿੱਖਿਆ ਡੀ.ਐਮ. ਕਾਲਜ ਮੋਗਾ ਤੋਂ ਕੀਤੀ। ਉਨ੍ਹਾਂ ਨੇ ਆਪਣਾ ਅਧਿਆਪਨ ਦਾ ਸਫ਼ਰ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਤੋਂ ਬਤੌਰ ਵਿਗਿਆਨ ਮਾਸਟਰ ਸ਼ੁਰੂ ਕੀਤਾ। ਫਿਰ ਸਾਲ 1967 ਵਿਚ ਸਰਕਾਰੀ ਹਾਈ ਸਕੂਲ ਭੜਾਣਾ ਜ਼ਿਲ੍ਹਾ ਫ਼ਿਰੋਜ਼ਪੁਰ, ਸਰਕਾਰੀ ਹਾਈ ਸਕੂਲ ਡਾਲਾ ਮੋਗਾ ਆਦਿ ਸਕੂਲਾਂ ਵਿਚ ਸੇਵਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਗਿਆਨ ਵੰਡਿਆ। ਸਰਕਾਰੀ ਹਾਈ ਸਕੂਲ ਬੱਧਨੀ ਖੁਰਦ ਵਿਖੇ ਉਨ੍ਹਾਂ ਨੇ ਬਤੌਰ ਮੁੱਖ ਅਧਿਆਪਕ ਸੇਵਾਵਾਂ ਦਿੱਤੀਆਂ ਅਤੇ ਇਥੇ ਹੀ ਉਹ ਸੇਵਾ ਮੁਕਤ ਹੋਏ ਅਤੇ ਉਨ੍ਹਾਂ ਅੰਦਰ ਬੱਚਿਆਂ ਦੀ ਭਲਾਈ ਲਈ ਏਨਾ ਜਜ਼ਬਾ ਹੈ ਕਿ ਉਨ੍ਹਾਂ ਨੇ ਸੇਵਾ ਮੁਕਤੀ ਤੋਂ ਬਾਅਦ ਵੀ ਸੰਤ ਨਾਮਦੇਵ ਪਬਲਿਕ ਸਕੂਲ ਮੋਗਾ ਵਿਚ ਬਤੌਰ ਪ੍ਰਿੰਸੀਪਲ ਸੇਵਾ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕੀਤੀ। ਬੱਚਿਆਂ ਤੇ ਸਾਥੀ ਅਧਿਆਪਕਾਂ ਦੀ ਮਦਦ ਨਾਲ ਵਿਗਿਆਨ ਪ੍ਰਦਰਸ਼ਨੀਆਂ ਵਿਚ ਭਾਗ ਲੈਣਾ ਤੇ ਇਨਾਮ ਪ੍ਰਾਪਤ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਰਿਹਾ ਹੈ। ਤਹਿਸੀਲ ਪੱਧਰ ਤੋਂ ਲੈ ਕੇ ਕੌਮੀ ਪੱਧਰ ਤੱਕ ਉਹ ਵਿਗਿਆਨ ਪ੍ਰਦਰਸ਼ਨੀਆਂ ਵਿਚ ਨਾਮਣਾ ਖੱਟ ਚੁੱਕੇ ਹਨ। ਸਮਾਜ ਸੇਵਾ ਦਾ ਵੱਡਾ ਸ਼ੌਕ ਵੀ ਰੱਖਦੇ ਹਨ। ਸ: ਲੋਹਾਮ ਦੀਆਂ ਪ੍ਰਾਪਤੀਆਂ ਦੀ ਸੂਚੀ ਬਹੁਤ ਲੰਬੀ ਹੈ ਜਿਨ੍ਹਾਂ ਨੂੰ ਕਿਸੇ ਇਕ ਲਿਖਤ ਵਿਚ ਸਮੇਟਣਾ ਕਠਿਨ ਕਾਰਜ ਹੈ। ਉਨ੍ਹਾਂ ਦੀਆਂ ਵਡਮੁੱਲੀਆਂ ਪ੍ਰਾਪਤੀਆਂ ਬਦਲੇ 1999 ਵਿਚ ਪੰਜਾਬ ਸਰਕਾਰ ਵਲੋਂ ਅਧਿਆਪਕ ਰਾਜ ਪੱਧਰੀ ਪੁਰਸਕਾਰ ਅਤੇ 2001 ਵਿਚ ਮਰਹੂਮ ਰਾਸ਼ਟਰਪਤੀ ਡਾ: ਅਬਦੁਲ ਕਲਾਮ ਵਲੋਂ ਕੌਮੀ ਅਧਿਆਪਕ ਪੁਰਸਕਾਰ ਦਿੱਤਾ ਜਾ ਚੁੱਕਿਆ ਹੈ। ਮੇਰੀ ਅਕਾਲ ਪੁਰਖ ਅੱਗੇ ਇਹੀ ਅਰਦਾਸ ਹੈ ਕਿ ਸ: ਜੋਗਿੰਦਰ ਸਿੰਘ ਲੋਹਾਮ ਸਦਾ ਚੜ੍ਹਦੀ ਕਲਾ ਵਿਚ ਰਹਿਣ ਤਾਂ ਜੋ ਉਹ ਸਿੱਖਿਆ ਤੇ ਸਮਾਜ ਦੇ ਖੇਤਰ ਵਿਚ ਹੋਰ ਵਧ ਚੜ੍ਹ ਕੇ ਯੋਗਦਾਨ ਪਾਉਂਦੇ ਰਹਿਣ।

-ਮੋਬਾਈਲ : 93565-52000.

ਸਾਡਾ ਨੈਤਿਕ ਪਤਨ

ਅੱਜ ਸਾਡਾ ਸਮਾਜ ਜਿਸ ਦੌਰ 'ਚੋਂ ਲੰਘ ਰਿਹਾ ਹੈ, ਉਸ ਦਾ ਬਿਊਰਾ ਰੋਜ਼ਾਨਾ ਅਖ਼ਬਾਰਾਂ ਅਤੇ ਟੀ.ਵੀ. ਦੀਆਂ ਖ਼ਬਰਾਂ ਰਾਹੀਂ ਦਿਖਾਇਆ ਜਾ ਰਿਹਾ ਹੈ। ਲੋਕ ਇਮਾਨਦਾਰੀ ਅਤੇ ਸਦਭਾਵਨਾ ਦਾ ਰਸਤਾ ਛੱਡ ਕੇ ਛੋਟੇ-ਛੋਟੇ ਲਾਲਚਾਂ 'ਚ ਫਸੇ ਨਜ਼ਰ ਆਉਂਦੇ ਹਨ। ਲਾਲਚ ਖਾਸ ਤੌਰ 'ਤੇ ਪੈਸੇ ਦਾ ਹੀ ਹੈ ਪਰ ਨਾਲ ਹੀ ਕੰਮਚੋਰੀ ਦਾ ਲਾਲਚ ਵੀ ਦਿਖਾਈ ਦਿੰਦਾ ਹੈ। ਪੈਸੇ ਦੀ ਪ੍ਰਾਪਤੀ ਲਈ ਲਾਲਚ, ਰਿਸ਼ਵਤ, ਭ੍ਰਿਸ਼ਟਾਚਾਰ, ਲੁੱਟ ਦੇ ਮਾਮਲੇ ਸਾਹਮਣੇ ਆਉਂਦੇ ਹਨ। ਛੋਟੇ ਅਤੇ ਆਮ ਲੋਕਾਂ ਦੀ ਗੱਲ ਤਾਂ ਕੀ, ਉੱਚੇ ਅਤੇ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਵੀ ਨਿਯਮ-ਕਾਨੂੰਨ ਦੀ ਉਲੰਘਣਾ ਕਰਕੇ ਮਨਮਰਜ਼ੀ ਨਾਲ ਪੈਸਾ ਇਕੱਠਾ ਕਰਨ ਲਈ ਕੁਝ ਵੀ ਗਲਤ ਕਰਨ 'ਚ ਥੋੜ੍ਹਾ ਵੀ ਗੁਰੇਜ਼ ਨਹੀਂ ਕਰਦੇ। ਵੱਡਿਆਂ 'ਚ ਰਾਜਨੇਤਾ ਅਤੇ ਉੱਚੇ ਅਹੁਦਿਆਂ ਦੇ ਅਧਿਕਾਰੀ ਵੀ ਹਨ, ਜਿਨ੍ਹਾਂ ਨੂੰ ਸਮਾਜ ਲਈ ਮਾਰਗ-ਦਰਸ਼ਨ ਦੇਣਾ ਚਾਹੀਦਾ ਅਤੇ ਮਿਸਾਲ ਬਣ ਕੇ ਦੇਸ਼ ਦੀ ਤਰੱਕੀ ਲਈ ਸਹਾਇਕ ਬਣਨਾ ਚਾਹੀਦਾ। ਕਿਉਂਕਿ ਵੱਡਿਆਂ ਦੇ ਦਰਸਾਏ ਮਾਰਗ 'ਤੇ ਚੱਲਣਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਇਸ ਲਈ ਅੱਜ ਸਮਾਜ ਦਾ ਛੋਟਾ ਵਰਗ ਵੀ ਨੈਤਿਕ ਗਿਰਾਵਟ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ। ਭ੍ਰਿਸ਼ਟਾਚਾਰ ਹਰ ਥਾਂ 'ਤੇ ਆਮ ਹੋ ਚੱਲਿਆ ਹੈ। ਜਿਸ ਨੂੰ ਜਿੱਥੇ ਮੌਕਾ ਮਿਲਦਾ ਹੈ, ਉਹ ਉਥੇ ਹੀ ਘਪਲਾ ਕਰ ਬੈਠਦਾ ਹੈ। ਰਿਸ਼ਵਤ ਲੈ ਕੇ ਨਿਯਮ-ਕਾਨੂੰਨ ਦੇ ਖਿਲਾਫ ਕੰਮ ਕਰਨ ਲਈ ਹਰ ਕੋਈ ਤਿਆਰ ਹੈ। ਆਪਣੇ ਫਰਜ਼ਾਂ ਦੇ ਪ੍ਰਤੀ ਲੋਕਾਂ ਦੀ ਜ਼ਿੰਮੇਵਾਰੀ ਜਿਵੇਂ ਖਤਮ ਹੀ ਹੋ ਚੱਲੀ ਹੈ। ਆਏ ਦਿਨ ਖਬਰਾਂ ਛਪਦੀਆਂ ਹਨ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਿੱਖਿਅਕ ਕਰਨ 'ਚ ਦਿਲਚਸਪੀ ਨਹੀਂ ਲੈਂਦੇ ਹਨ। ਡਾਕਟਰ ਸਮੇਂ ਸਿਰ ਹਸਪਤਾਲਾਂ 'ਚ ਨਹੀਂ ਪਹੁੰਚਦੇ, ਮਰੀਜ਼ਾਂ ਦੇ ਦੁੱਖ-ਦਰਦ ਦੂਰ ਕਰਨ 'ਚ ਰੁਚੀ ਨਹੀਂ ਲੈਂਦੇ। ਵੱਡੀਆਂ ਤਨਖਾਹਾਂ ਲੈਣ ਵਾਲੇ ਅਧਿਕਾਰੀ ਵੀ ਆਪਣੀ ਡਿਊਟੀ ਅਤੇ ਫਰਜ਼ਾਂ ਪ੍ਰਤੀ ਲਾਪ੍ਰਵਾਹ ਹਨ। ਉਹ ਸਿਰਫ ਆਪਣੇ ਅਤੇ ਆਪਣੇ ਪਰਿਵਾਰ ਦੀਆਂ ਸੁਖ ਸਹੂਲਤਾਂ ਨੂੰ ਪਹਿਲ ਦਿੰਦੇ ਹਨ। ਆਪਣੇ ਆਰਾਮ ਨੂੰ ਦੁਖੀਆਂ ਦੇ ਦਰਦਾਂ ਤੋਂ ਜ਼ਿਆਦਾ ਅਹਿਮੀਅਤ ਦੇ ਕੇ ਕੰਮ ਕਰ ਰਹੇ ਹਨ। ਵਿਧਾਨ ਸਭਾ ਅਤੇ ਲੋਕ ਸਭਾ ਤੱਕ ਦੇ ਮੈਂਬਰ ਸਮੇਂ ਅਤੇ ਪੈਸੇ ਦਾ ਗਲਤ ਇਸਤੇਮਾਲ ਕਰਦੇ ਹੋਏ ਪਾਏ ਗਏ ਹਨ। ਇਸ ਸਭ ਦਾ ਸਭ ਤੋਂ ਵੱਡਾ ਕਾਰਨ ਧਾਰਮਿਕ ਮਾਨਤਾਵਾਂ ਦੀ ਘੋਰ ਅਣਦੇਖੀ ਅਤੇ ਕਾਨੂੰਨ ਦੀ ਨਾਫਰਮਾਨੀ ਹੈ। ਧਾਰਮਿਕ ਮਾਨਤਾਵਾਂ ਹੀ ਨੈਤਿਕ ਚਰਿੱਤਰ ਦਾ ਨਿਰਮਾਣ ਅਤੇ ਪਾਲਣ ਕਰਵਾਉਂਦੀਆਂ ਹਨ, ਜਿਨ੍ਹਾਂ ਨਾਲ ਮਨੁੱਖ ਸਵੈ-ਅਨੁਸ਼ਾਸਤ ਹੁੰਦਾ ਹੈ। ਸਮਾਜ 'ਚ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਤਾਣਾ-ਬਾਣਾ ਕਈ ਕਾਰਨਾਂ ਤੋਂ ਖੇਰੂ-ਖੇਰੂ ਹੋ ਗਿਆ ਹੈ। ਨੈਤਿਕਤਾ ਨਾਲ ਜ਼ਿੰਦਗੀ 'ਚ ਸ਼ੁੱਧਤਾ ਅਤੇ ਪਵਿੱਤਰਤਾ ਆਉਂਦੀ ਹੈ ਅਤੇ ਸਮਾਜ 'ਚ ਵਿਸ਼ਵਾਸ, ਵਿਵਹਾਰ 'ਚ ਪਾਰਦਰਸ਼ਤਾ, ਖੁਸ਼ਹਾਲੀ ਅਤੇ ਦਲੇਰੀ ਦੀ ਭਾਵਨਾ ਵਿਕਸਤ ਹੁੰਦੀ ਹੈ। ਸਾਰੇ ਕੰਮ ਆਸਾਨੀ ਨਾਲ ਚੱਲਦੇ ਹਨ। ਨੈਤਿਕ ਪਤਨ ਸਮਾਜ ਦੇ ਨਵੇਂ-ਨਵੇਂ ਦੁੱਖਾਂ ਅਤੇ ਸਮੱਸਿਆਵਾਂ ਦੀ ਜੜ੍ਹ ਹੈ।

-ਸਾਬਕਾ ਡੀ. ਓ., 174. ਮਿਲਟਰੀ ਹਸਪਤਾਲ,
ਮੇਨ ਏਅਰ ਫੋਰਸ ਰੋਡ, ਬਠਿੰਡਾ।

ਜੇਕਰ ਰਾਜਸੀ ਭਾਸ਼ਣ ਹਕੀਕਤ 'ਚ ਬਦਲ ਜਾਣ

ਕਹਿ ਕੇ ਮੁੱਕਰ ਜਾਣਾ ਇਨਸਾਨ ਦੀ ਜ਼ਬਾਨ ਨੂੰ ਝੂਠਾ ਸਾਬਤ ਕਰਨ ਲਈ ਕਾਫ਼ੀ ਹੈ ਪਰ ਜਦੋਂ ਅਜਿਹਾ ਵਾਰ-ਵਾਰ ਹੁੰਦਾ ਰਹੇ ਤਾਂ ਸਮਝ ਲਵੋ ਕਿ ਝੂਠ ਬੋਲਣ ਵਾਲਾ ਵਾਰ-ਵਾਰ ਝੂਠ ਬੋਲ ਕੇ ਸੁਣਨ ਵਾਲਿਆਂ ਨੂੰ ਬੇਵਕੂਫ ਬਣਾ ਰਿਹਾ ਹੈ। ਇਹ ਕੋਈ ਅਜੀਬ ਗੱਲ ਨਹੀਂ, ਅਜਿਹਾ ਵਰਤਾਰਾ ਅਸੀਂ ਆਪਣੀ ਜ਼ਿੰਦਗੀ 'ਚ ਅਕਸਰ ਦੇਖਦੇ ਹਾਂ। ਲਾਲ ਕਿਲ੍ਹੇ ਦੀ ਸਟੇਜ ਤੋਂ ਹੁੰਦੇ ਵੱਡੇ-ਵੱਡੇ ਅਤੇ ਲੰਬੇ ਭਾਸ਼ਣ ਕੁੱਝ ਚਿਰ ਲਈ ਹਰ ਭਾਰਤੀ ਦੇ ਡਿਗਦੇ ਮਨੋਬਲ ਨੂੰ ਦਿਲਾਸਾ ਦਿੰਦੇ ਹਨ ਅਤੇ ਚੰਗੇ ਦਿਨਾਂ ਦੀ ਉਮੀਦ ਲੈ ਕੇ ਹੋਇਆ ਲੋਕਾਂ ਦਾ ਇਕੱਠ ਆਖਿਰ ਆਪੋ-ਆਪਣੇ ਘਰ ਨੂੰ ਪਰਤ ਜਾਂਦਾ ਹੈ। ਹਾਕਮ ਸਰਕਾਰਾਂ ਕੋਲ ਪੈਸੇ ਦੀ ਕੋਈ ਕਮੀਂ ਨਹੀਂ ਹੁੰਦੀ ਜੇਕਰ ਉਹ ਅਜਿਹਾ ਕਹਿੰਦੇ ਹਨ ਤਾਂ ਇਹ ਵੀ ਇਕ ਬਹੁਤ ਵੱਡਾ ਝੂਠ ਹੈ। ਜੇਕਰ ਸਿਹਤ ਸਹੂਲਤਾਂ ਦੇ ਸੁਧਾਰ ਸਬੰਧੀ ਕੀਤੇ ਵੱਡੇ-ਵੱਡੇ ਭਾਸ਼ਣ ਸੱਚ 'ਚ ਤਬਦੀਲ ਹੋ ਜਾਣ ਫਿਰ ਸ਼ਾਇਦ ਕਿਸੇ ਨੂੰ ਸਿਹਤ ਸਹੂਲਤਾਂ ਤੋਂ ਲਾਚਾਰ ਹੋ ਕੇ ਇਸ ਫਾਨੀ ਜਹਾਨ ਤੋਂ ਰੁਖ਼ਸਤ ਨਹੀਂ ਹੋਣਾ ਪਵੇਗਾ। ਸਰਕਾਰੀ ਹਸਪਤਾਲਾਂ ਦੀ ਦਿਸ਼ਾ ਅਤੇ ਦਸ਼ਾ ਬਦਲਣ ਵਾਲੇ ਬਿਆਨ ਅਜੇ ਸਿਰਫ ਬਿਆਨ ਹੀ ਹਨ ਜੇਕਰ ਇਹਨਾਂ ਬਿਆਨਾ ਨੂੰ ਨੀਅਤ ਨਾਲ ਲਾਗੂ ਕਰ ਦਿੱਤਾ ਜਾਵੇ ਤਾਂ ਭਾਰਤ ਅਮਰੀਕਾ ਵਰਗੇ ਅਮੀਰ ਦੇਸ਼ ਨੂੰ ਵੀ ਸਿਹਤ ਸਹੂਲਤਾਂ ਦੇ ਖੇਤਰ 'ਚ ਬੜੀ ਆਸਾਨੀ ਨਾਲ ਪਛਾੜ ਦੇਵੇਗਾ। ਕਾਨੂੰਨ ਦੀ ਹੌਲੀ ਪਰ ਫੈਸਲਾਕੁੰਨ ਲੜਾਈ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੇ ਵੱਸ ਤੋਂ ਬਾਹਰ ਹੁੰਦੀ ਜਾ ਰਹੀ ਹੈ। ਪੈਸੇ ਪੱਖੋਂ ਤਕੜੇ ਵਿਅਕਤੀ ਕਈ ਵਾਰੀ ਗਲਤ ਨੂੰ ਵੀ ਸਹੀ ਸਾਬਤ ਕਰਨ 'ਚ ਸਫਲ ਹੋ ਜਾਂਦੇ ਹਨ ਜੋ ਇਕ ਆਰਥਿਕ ਪੱਖੋਂ ਦਰਮਿਆਨੇ ਇਨਸਾਨ ਨਾਲ ਕੋਝਾ ਧੱਕਾ ਕਿਹਾ ਜਾ ਸਕਦਾ ਹੈ। ਸਭ ਲਈ ਬਰਾਬਰ ਕਾਨੂੰਨੀ ਪਹੁੰਚ ਉਪਲਬਧ ਕਰਵਾਉਣ ਦੇ ਬਿਆਨ ਸਿਰਫ਼ ਕਾਗਜ਼ਾਂ ਜਾਂ ਅਖ਼ਬਾਰਾਂ ਤੱਕ ਹੀ ਸੀਮਤ ਰਹਿ ਗਏ ਹਨ। ਵਿਸ਼ਵ ਪੱਧਰ ਦੇ ਸਰਕਾਰੀ ਉੱਚ ਸਿੱਖਿਆ ਸੰਸਥਾਵਾਂ ਖੜ੍ਹੀਆਂ ਕਰਨ ਦੇ ਬਿਆਨ ਲੋਕ ਹਕੀਕਤ ਵਿਚ ਢਲਦੇ ਦੇਖਣ ਲਈ ਉਤਾਵਲੇ ਹਨ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਬਿਨਾਂ ਘਰ-ਬਾਰ ਛੱਡੇ ਆਪਣੇ ਦੇਸ਼ ਵਿਚ ਹੀ ਕਰਵਾ ਸਕਣ ਪਰ ਅਜਿਹਾ ਨੇੜਲੇ ਭਵਿੱਖ 'ਚ ਹੁੰਦਾ ਨਜ਼ਰ ਨਹੀਂ ਆ ਰਿਹਾ। ਪਹਿਲਾਂ ਤੋਂ ਹੀ ਚਲਦੇ ਸਰਕਾਰੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਦੇਸ਼ ਅੰਦਰ ਸਿੱਖਿਆ ਦਾ ਪੱਧਰ ਵਿਸ਼ਵ ਦੇ ਹੋਰਨਾਂ ਦੇਸ਼ਾਂ ਨਾਲੋ ਲਗਾਤਾਰ ਡਿਗਦਾ ਜਾ ਰਿਹਾ ਹੈ ਅਤੇ ਭਾਰਤੀ ਨੌਜਵਾਨ ਉੱਚ ਵਿੱਦਿਆ ਹਾਸਲ ਕਰਨ ਲਈ ਵਿਦੇਸ਼ੀ ਰਸਤਾ ਲੱਭ ਰਹੇ ਹਨ। ਵੱਡੇ-ਵੱਡੇ ਲਾਰੇ ਲਾ ਕੇ ਲੋਕਾਂ ਨੂੰ ਧਰਤੀ 'ਤੇ ਜਿਊਂਦਾ ਸਵਰਗ ਦਿਖਾਉਣ ਵਾਲੇ ਲੋਕ ਆਮ ਲੋਕਾਂ ਦੀ ਭਲਾਈ ਲਈ ਸਹੀ ਅਤੇ ਨੇਕ ਨੀਅਤ ਨਾਲ ਕੰਮ ਕਰਨ। ਇਹ ਇਤਿਹਾਸਕ ਸੱਚ ਹੈ ਕਿ ਜੇਕਰ ਲਾਰੇ ਸੁਣਨ ਵਾਲੇ ਅੱਕ ਜਾਣ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ। ਸੱਤ ਦਹਾਕਿਆਂ ਤੋਂ ਭਾਸ਼ਣ ਦੇ ਰੂਪ 'ਚ ਪਾਇਆ ਜਾਂਦਾ ਰੌਲਾ ਸਿਰਫ ਰੌਲਾ ਹੀ ਰਹਿ ਗਿਆ ਇਸ ਵਿਚੋਂ ਖੱਟਣ ਲਈ ਆਮ ਜਨਤਾ ਨੂੰ ਕੁਝ ਨਹੀਂ ਮਿਲਿਆ ਜਦਕਿ ਰੌਲਾ ਪਾਉਣ ਵਾਲੇ ਆਪਣੀਆਂ ਆਉਣ ਵਾਲੀਆਂ ਕਈ ਪੁਸ਼ਤਾਂ ਲਈ ਪੈਸਾ ਇਕੱਠਾ ਕਰ ਗਏ ਹਨ। ਹੁਣ ਵਕਤ ਹੈ ਕਿ ਕਹੀ ਗੱਲ ਨੂੰ ਪੁਗਾਇਆ ਜਾਵੇ ਅਤੇ ਕੀਤੇ ਵਾਅਦਿਆਂ ਅਨੁਸਾਰ ਆਮ ਲੋਕਾਂ ਦੇ ਜਨ ਜੀਵਨ ਨੂੰ ਹਰ ਮੁਢਲੀ ਸਹੂਲਤ ਮੁਹੱਈਆ ਕਰਵਾਈ ਜਾਵੇ।

-ਜਵਾਹਰਲਾਲ ਨਹਿਰੂ ਸਰਕਾਰੀ ਕਾਲਜ,
ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ।
ਮੋਬਾਈਲ : 9478460084.

ਸਬਸਿਡੀਆਂ ਤੇ ਵੋਟ ਰਾਜਨੀਤੀ

ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਸਰਕਾਰਾਂ ਤੋਂ ਸਬਸਿਡੀ ਮੰਗਣਾ ਅਤੇ ਸਮੇਂ ਦੀਆਂ ਸਰਕਾਰਾਂ ਵਲੋਂ ਵੋਟ ਰਾਜਨੀਤੀ ਦੇ ਕਾਰਨ ਲੋਕਾਂ ਨੂੰ ਸਬਸਿਡੀ ਦੇ ਰੂਪ ਵਿਚ ਠੁੰਮਣਾ ਦੇਣਾ ਜਾਂ ਮਰਦੇ ਦੇ ਮੂੰਹ ਵਿਚ ਪਾਣੀ ਪਾ ਕੇ ਤੜਫਦੇ ਰੂਪ ਵਿਚ ਜਿਊਂਦਾ ਰੱਖਣਾ ਅੱਜ ਇਕ ਆਮ ਵਰਤਾਰਾ ਬਣ ਗਿਆ ਹੈ। ਸਰਕਾਰਾਂ ਦੀ ਡੰਗ-ਟਪਾਊ ਨੀਤੀਆਂ ਕਾਰਨ ਸਬਸਿਡੀ ਸੱਭਿਆਚਾਰ ਦੇ ਵਿਕਾਸ ਦਾ ਗਰਾਫ ਨਿੱਤ-ਦਿਨ ਉੱਪਰ ਵੱਲ ਨੂੰ ਜਾ ਰਿਹਾ ਹੈ, ਜਿਸ ਕਾਰਨ ਇਕ ਤਾਂ ਸਮਾਜ ਵਿਚ ਸਬਸਿਡੀ ਪ੍ਰਾਪਤ ਕਰਨ ਵਾਲਿਆਂ ਅਤੇ ਨਾ ਪ੍ਰਾਪਤ ਕਰਨ ਵਾਲਿਆਂ ਵਿਚਕਾਰ ਪਾੜ੍ਹਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਦੂਜਾ ਸਬਸਿਡੀ ਪ੍ਰਾਪਤ ਕਰਨ ਵਾਲਾ ਵਰਗ ਆਪਣੀ ਕੰਮ ਕਰਨ ਦੀ ਯੋਗਤਾ ਅਤੇ ਸਮਰੱਥਾ ਨੂੰ ਅਜਾਈਂ ਹੀ ਗਵਾ ਕੇ ਨਿਕੰਮਾ ਬਣ ਰਿਹਾ ਹੈ, ਜੋ ਕਿ ਦੇਸ਼ ਦੇ ਚੰਗੇ ਭਵਿੱਖ ਲਈ ਕਿਸੇ ਵੀ ਰੂਪ ਵਿਚ ਚੰਗਾ ਸੰਕੇਤ ਨਹੀਂ ਮੰਨਿਆ ਜਾ ਸਕਦਾ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਆਧੁਨਿਕ ਯੁੱਗ ਲੋਕਤੰਤਰ ਦਾ ਯੁੱਗ ਹੈ ਤੇ ਲੋਕਤੰਤਰ ਵਿਚ ਲੋਕ ਮੱਤ ਨੂੰ ਆਪਣੇ ਪੱਖ ਵਿਚ ਕਰਨ ਅਤੇ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਸਰਕਾਰ ਵਿਚ ਸ਼ਾਮਿਲ ਰਾਜਨੀਤਕ ਦਲ ਅਤੇ ਵਿਰੋਧੀ ਦਲਾਂ ਦੁਆਰਾ ਅਨੇਕਾਂ ਹੱਥਕੰਡੇ ਅਪਣਾਏ ਜਾਂਦੇ ਹਨ। ਭਾਵੇਂ ਉਹ ਹੱਥਕੰਡੇ ਦੇਸ਼ ਦੇ ਭਵਿੱਖ ਲਈ ਘਾਤਕ ਹੀ ਸਿੱਧ ਹੋਣ। ਗਰੀਬ ਵਰਗ ਦੇ ਲੋਕਾਂ ਨੂੰ ਸਬਸਿਡੀ ਦੇ ਰੂਪ ਵਿਚ ਮੁਫਤ ਬਿਜਲੀ, ਪਾਣੀ ਆਦਿ ਦੇਣਾ, ਦੋ ਰੁਪਏ ਕਿੱਲੋ ਕਣਕ ਅਤੇ 20 ਰੁਪਏ ਕਿੱਲੋ ਦਾਲ ਆਦਿ ਦੇਣ ਨੂੰ ਭਾਵੇਂ ਕਿ ਸਰਕਾਰ ਵਲੋਂ ਗਰੀਬਾਂ ਦੇ ਪੇਟ ਦੀ ਅੱਗ ਬੁਝਾਉਣ ਲਈ ਚੁੱਲ੍ਹਾ ਬਾਲਣ ਦਾ ਜੁਗਾੜ ਕਰਨ ਦੇ ਇਕ ਯਤਨ ਵਜੋਂ ਦੇਖਿਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਸਬਸਿਡੀਆਂ ਦੇ ਕਾਰਨ ਗਰੀਬ ਵਰਗ ਦੇ ਲੋਕ ਹੋਰ ਵੀ ਗਰੀਬ, ਅਪਾਹਜ, ਆਲਸੀ ਕੰਮ ਤੋਂ ਜੀਅ ਚੁਰਾਉਣ ਵਾਲੇ ਬਣ ਰਹੇ ਹਨ। ਇਹ ਇਕ ਕੁਦਰਤੀ ਸਚਾਈ ਹੈ ਸਮਾਜ ਦੇ ਬਹੁਤੇ ਲੋਕ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਕਰਨ ਲਈ ਹੀ ਕੋਈ ਕੰਮ-ਧੰਦਾ ਕਰਦੇ ਹਨ। ਹੁਣ ਸੋਚਣ ਵਾਲੀ ਗੱਲ ਹੈ ਕਿ ਜਦੋਂ ਇਕ ਆਮ ਅਤੇ ਸਧਾਰਨ ਸੋਝੀ ਰੱਖਣ ਵਾਲੇ ਵਿਅਕਤੀ ਨੂੰ ਰਹਿਣ ਲਈ ਸਰਕਾਰ ਦੁਆਰਾ ਅਲਾਟ ਕੀਤੇ ਮਕਾਨ, ਮਕਾਨ ਵਿਚ ਵਰਤਣ ਲਈ ਬਿਜਲੀ-ਪਾਣੀ ਮੁਫਤ ਅਤੇ ਖਾਣ ਲਈ ਕਣਕ, ਦਾਲ ਬਿਲਕੁਲ ਹੀ ਨਾ ਮਾਤਰ ਮੁੱਲ 'ਤੇ ਸਬਸਿਡੀ ਦੇ ਕਾਰਨ ਮੁਹੱਈਆ ਕਰਵਾਇਆ ਜਾਵੇਗਾ, ਤਾਂ ਉਹ ਕੰਮ ਕਿਉਂ ਕਰੇਗਾ?
ਇਨ੍ਹਾਂ ਸਬਸਿਡੀਆਂ ਦੇ ਕਾਰਨ ਸਬਸਿਡੀਆਂ ਨੂੰ ਪ੍ਰਾਪਤ ਕਰਨ ਵਾਲੇ ਲੋਕਾਂ ਵਿਚ ਨਸ਼ਿਆਂ ਦਾ ਰੁਝਾਨ ਵੀ ਕਾਫੀ ਵਧ ਗਿਆ ਹੈ, ਜਿਸ ਦੇ ਕਾਰਨ ਸਾਡੇ ਸਮਾਜ ਨੂੰ ਹੋਰ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ਵਿਚ ਸਾਡਾ ਮਕਸਦ ਰੋਂਦੇ ਨੂੰ ਝੂਠੇ ਲਾਰੇ ਲਾ ਕੇ ਚੁੱਪ ਕਰਵਾਉਣਾ ਨਹੀਂ ਹੋਣਾ ਚਾਹੀਦਾ, ਸਗੋਂ ਉਸ ਦੇ ਰੋਣ ਦੇ ਕਾਰਨਾਂ ਨੂੰ ਲੱਭ ਕੇ ਉਨ੍ਹਾਂ ਨੂੰ ਦੂਰ ਕਰਨਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਸਾਡੀਆਂ ਲੋਕਤੰਤਰੀ ਸਰਕਾਰਾਂ ਦਾ ਮੁੱਖ ਮੰਤਵ ਗਰੀਬ ਵਰਗ ਦੇ ਲੋਕਾਂ ਨੂੰ ਸਬਸਿਡੀਆਂ ਦੇ ਰੂਪ ਵਿਚ ਕੁਝ ਸਹੂਲਤਾਂ ਨੂੰ ਦੇਣਾ ਨਹੀਂ ਹੋਣਾ ਚਾਹੀਦਾ, ਸਗੋਂ ਵੱਖ-ਵੱਖ ਤਰ੍ਹਾਂ ਦੇ ਸਵੈ-ਰੁਜ਼ਗਾਰ ਦੇ ਸਾਧਨਾਂ ਨਾਲ ਅਤੇ ਸਿੱਖਿਆ ਦੇ ਪ੍ਰਸਾਰ ਨਾਲ ਲੋਕਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਹੋਣਾ ਚਾਹੀਦਾ ਹੈ। ਲੋਕਾਂ ਦਾ ਵੀ ਉਦੇਸ਼ ਸਬਸਿਡੀਆਂ ਦੇ ਰੂਪ ਵਿਚ ਭੀਖ ਮੰਗਣ ਦੇ ਨਾਲੋਂ ਸਰਕਾਰਾਂ ਤੋਂ ਬਿਨਾਂ ਮਤਲਬ ਦੇ ਵਾਧੂ ਕਰਾਂ (ਜਿਨ੍ਹਾਂ ਦੇ ਕਾਰਨ ਕੀਮਤਾਂ ਵਿਚ ਅਣਉਚਿਤ ਵਾਧਾ ਹੁੰਦਾ ਹੈ) ਨੂੰ ਹਟਾਉਣ ਜਾਂ ਘੱਟ ਕਰਵਾਉਣ ਅਤੇ ਆਪਣੀ ਮਿਹਨਤ ਦੀ ਕਮਾਈ ਨਾਲ ਉੱਪਰ ਉੱਠਣਾ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨਾ ਹੀ ਖੁਦ ਦੀ, ਸਮਾਜ ਦੀ ਅਤੇ ਦੇਸ਼ ਦੀ ਸਹੀ ਅਰਥਾਂ ਵਿਚ ਖਿਦਮਤ ਹੋਵੇਗੀ।

-ਮਲੇਰਕੋਟਲਾ। ਮੋਬਾ: 94171-58300

ਸਮਾਜ ਅੰਦਰ ਆਇਆ ਨੈਤਿਕਤਾ ਦਾ ਨਿਘਾਰ

ਜਦੋਂ ਤੋਂ ਮਨੁੱਖ ਸਮਾਜਿਕ ਸਾਂਝੀਵਾਲਤਾ ਦੀਆਂ ਪੀਢੀਆਂ ਗੰਢਾਂ ਵਿਚ ਪਰੋਇਆ ਗਿਆ ਹੈ, ਉਦੋਂ ਉਦੋਂ ਤੋਂ ਹੀ ਮਨੁੱਖ ਆਪਣੇ ਜੀਵਨ ਨੂੰ ਸ਼ਰਮ ਧਰਮ ਨਾਲ ਜੋੜ ਕੇ ਇਸ ਸਿਰਮੌਰ ਪੱਖ ਉੱਤੇ ਪਹਿਰਾ ਦਿੰਦਾ ਆ ਰਿਹਾ ਹੈ। ਸੱਭਿਅਕ ਢੰਗ ਨਾਲ ਜਿਊਣ ਵਾਲਾ ਮਨੁੱਖ ਸਮਾਜ ਅੰਦਰ ਸਤਿਕਾਰ ਦਾ ਪਾਤਰ, ਸੂਰਮਾ ਅਤੇ ਨਰ-ਪੁੱਤਰ ਅਖਵਾਉਂਦਾ ਸੀ। ਹਮੇਸ਼ਾ ਸੱਚ ਦਾ ਪੱਖ ਪੂਰਨਾ, ਅਸੱਭਿਅਕ ਕਾਰੇ ਰੋਕਣਾ, ਪਰਾਈ ਧੀ ਭੈਣ ਦੀ ਇੱਜ਼ਤ ਦਾ ਰਖਵਾਲਾ, ਜ਼ੁਬਾਨ ਦਾ ਪ੍ਰਪੱਕ, ਬੇਕਸੂਰਾਂ ਨਾਲ ਹੁੰਦੀ ਧੱਕੇਸ਼ਾਹੀ, ਬੇਇਨਸਾਫ਼ੀ ਅਤੇ ਜਬਰ-ਜੁਰਮ ਦੇ ਖਿਲਾਫ ਡਟ ਕੇ ਖੜ੍ਹਨਾ ਉਹ ਆਪਣਾ ਧਰਮ ਕਰਮ ਸਮਝਦਾ ਸੀ। ਇਤਿਹਾਸ ਗਵਾਹ ਹੈ ਕਿ ਡਾਕੇ ਮਾਰਨ ਵਾਲੇ ਡਾਕੂ (ਬਦਮਾਸ਼) ਵੀ ਧੀ ਭੈਣ ਦੀ ਇੱਜ਼ਤ ਪ੍ਰਤੀ ਅਤੇ ਗਊ-ਗ਼ਰੀਬ ਦੀ ਹਿਮਾਇਤ ਵਿਚ ਹੀ ਹਮੇਸ਼ਾ ਭੁਗਤਦੇ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਇਥੋਂ ਤੱਕ ਬਾਬਰ ਨੂੰ ਜਾਬਰ ਅਤੇ ਰਾਜੇ ਸ਼ੀਂਹ ਮੁਕੱਦਮ ਕੁੱਤੇ ਆਖਦਿਆਂ ਨਿਧੜਕ ਨਿੰਦਿਆ ਸੀ। ਲੋਕਾਈ ਇਸ ਸੱਚ ਦੇ ਮਾਰਗ ਦੀ ਪਾਂਧੀ ਬਣਨ ਲਈ ਉਨ੍ਹਾਂ ਨਾਲ ਖੜ੍ਹੀ ਹੋਈ ਸੀ। ਪ੍ਰੰਤੂ ਅੱਜ ਲਗਦਾ ਹੈ ਕਿ ਅਜਿਹੇ ਸਦਗੁਣਾਂ ਦਾ ਸਮਾਜ ਅੰਦਰ ਬਹੁਤ ਜ਼ਿਆਦਾ ਨਿਘਾਰ ਆ ਚੁੱਕਾ ਹੈ। ਮਸੂਮ ਬੱਚੀਆਂ ਦੀ ਇੱਜ਼ਤ ਨਾਲ ਖਿਲਵਾੜ ਕਰਨਾ, ਲੱਚਰਤਾ ਭਰੇ ਗਾਣਿਆਂ ਦੀ ਭਰਮਾਰ, ਨੰਗੇਜ਼ਪੁਣੇ ਦਾ ਸਿਖਰ, ਅਸ਼ਲੀਲ ਹਰਕਤਾਂ ਭਰੀਆਂ ਕਾਰਵਾਈਆਂ, ਪਰਾਏ ਹੱਕਾਂ ਉੱਤੇ ਡਾਕਾ ਮਾਰਨਾ, ਬੇਈਮਾਨੀ, ਧੱਕੇਸ਼ਾਹੀ, ਰੱਬ ਦੇ ਨਾਂਅ ਉੱਤੇ ਭੋਲੀ-ਭਾਲੀ ਜਨਤਾ ਦੀ ਲੁੱਟ ਰਿਸ਼ਵਤਖੋਰੀ, ਸੱਚ ਦੀ ਆਵਾਜ਼ ਨੂੰ ਬਾਹੂਬਲ ਨਾਲ ਦਬਾਉਣਾ ਅਤੇ ਸੰਤਗਿਰੀ ਦੇ ਭੇਖ ਵਿਚ ਲੋਕਾਂ ਦਾ ਖਲਨ ਕਰਨ ਵਰਗੇ ਵਰਤਾਰੇ ਸਮਾਜ ਅੰਦਰ ਸ਼ਰੇਆਮ ਵਾਪਰ ਰਹੇ ਹਨ। ਜਾਪਦਾ ਹੈ ਕਿ ਰਾਜਨੀਤੀ ਲੋਕਾਂ ਦੀ ਸੇਵਾ ਦੀ ਬਜਾਏ ਇਕ ਵਪਾਰ ਦਾ ਧੰਦਾ ਹੀ ਬਣਦੀ ਜਾ ਰਹੀ ਹੈ। 'ਜੇਹਾ ਰਾਜਾ ਤੇਹੀ ਪ੍ਰਜਾ' ਵਾਲਾ ਮੁਹਾਵਰਾ ਕੰਧ 'ਤੇ ਲਿਖਿਆ ਸੱਚ ਹੋ ਨਿਬੜਿਆ ਹੈ। ਨੌਕਰਸ਼ਾਹੀ ਅਤੇ ਆਮ ਜਨਤਾ ਵੀ ਜਿਥੇ ਵੀ ਕਿਸੇ ਦਾ ਦਾਅ ਲਗਦੈ ਭ੍ਰਿਸ਼ਟਾਚਾਰ ਵਿਚ ਗਲਤਾਨ ਹੈ। ਲੋਕਹਿੱਤ ਵਿਸਾਰ ਕੇ ਲੋਕ-ਮਾਰੂ ਨੀਤੀਆਂ ਤਹਿਤ ਰਾਤੋ-ਰਾਤ ਅਮੀਰ ਬਣਨ ਦੇ ਸੁਪਨੇ ਦੇਖੇ ਜਾਂਦੇ ਹਨ। ਸ਼੍ਰਿਸ਼ਟਾਚਾਰ ਨਾਂਅ ਦੀ ਚੀਜ਼ ਘੱਟ ਹੀ ਦਿਖਾਈ ਦਿੰਦੀ ਹੈ। ਇਸ ਤਰ੍ਹਾਂ ਦਾ ਵਰਤਾਰਾ ਸਾਡੇ ਸਮਾਜ ਲਈ ਬਦਸ਼ਗਨੀ ਅਤੇ ਖ਼ਤਰੇ ਦੀ ਘੰਟੀ ਬਣਦਾ ਜਾ ਰਿਹਾ ਹੈ। ਅੱਜ ਸਰਕਾਰਾਂ ਅਤੇ ਸਮਾਜ ਨੂੰ ਇਨ੍ਹਾਂ ਗੱਲਾਂ ਵੱਲ ਧਿਆਨ ਦਿੰਦਿਆਂ ਵੱਡੇ ਉਪਰਾਲੇ ਕਰ ਕੇ ਸਮਾਂ ਰਹਿੰਦਿਆਂ ਸੁਧਾਰਨ ਦੀ ਲੋੜ ਹੈ। ਇਹ ਆਮ ਲੋਕਾਂ ਦੀ ਆਵਾਜ਼ ਹੈ। ਇਹ ਕੌਮ, ਦੇਸ਼ ਅਤੇ ਲੋਕਹਿੱਤ ਲਈ ਅਤਿਅੰਤ ਜ਼ਰੂਰੀ ਵੀ ਹੈ।

-ਪਿੰਡ ਤੇ ਡਾਕ: ਬਧੌਛੀ ਕਲਾਂ (ਫ. ਗ. ਸ.)
ਮੋਬਾਈਲ : 70098-78336.

ਨਾ ਕਰੋ ਰੀਸਾਂ ਕਿਸੇ ਦੀਆਂ

ਨਾ ਕਰੋ ਰੀਸਾਂ ਕਿਸੇ ਦੀਆਂ, ਇਹ ਚੰਗੀ ਗੱਲ ਨਹੀਂ। ਜੇ ਤੁਸੀਂ ਲੋਕਾਂ ਦੀਆਂ ਰੀਸਾਂ ਕਰੋਗੇ ਤਾਂ ਆਪ ਕੱਖੋਂ ਹੌਲੇ ਹੋ ਜਾਵੋਗੇ। ਲੋਕੀਂ ਕੀ ਕਰਦੇ ਹਨ, ਕੀ ਨਹੀਂ ਕਰਦੇ, ਇਸ ਬਾਰੇ ਤੁਸੀਂ ਨਹੀਂ ਸੋਚਣਾ ਤਾਂ ਨਾ ਹੀ ਉਨ੍ਹਾਂ ਵੱਲ ਧਿਆਨ ਦੇਣਾ। ਤੁਸੀਂ ਤਾਂ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਹਨ। ਲੋਕਾਂ ਨੇ ਤਾਂ ਕਹੀ ਜਾਣਾ। ਲੋਕੀਂ ਤਾਂ ਉਸ ਨੂੰ ਵੀ ਨਹੀਂ ਛੱਡਦੇ ਜੋ ਪੈਸੇ ਦੇ ਜ਼ੋਰ 'ਤੇ ਏਨਾ ਕੁਝ ਕਰਦੇ ਹਨ। ਹਾਂ, ਜੇ ਲੋਕ ਤੁਹਾਨੂੰ ਚੰਗੀ ਗੱਲ ਦੱਸਦੇ ਹਨ, ਚੰਗੇ ਰਾਹ ਪਾਉਂਦੇ ਹਨ ਜੋ ਤੁਹਾਡੇ ਅਨੁਕੂਲ ਹੋਵੇ, ਉਸ 'ਤੇ ਅਮਲ ਕਰੋ। ਇਨ੍ਹਾਂ ਰੀਸਾਂ ਨੇ ਤਾਂ ਕਈ ਘਰ ਬਰਬਾਦ ਕੀਤੇ ਹਨ। ਕਈਆਂ ਦੇ ਘਰ ਲੜਾਈ ਝਗੜੇ ਪੈਦਾ ਕੀਤੇ ਹਨ, ਕਿਉਂਕਿ ਆਦਮੀ ਆਪਣੀ ਜੇਬ ਦੇਖਦਾ ਹੈ ਤੇ ਤੀਵੀਂ ਲੋਕਾਂ ਦੀਆਂ ਗੱਲਾਂ ਵੱਲ। ਹੁਣ ਇਕ ਸਕੂਲ ਮਾਸਟਰ ਸਰਕਾਰੀ ਸਕੂਲ ਵਿਚ ਪੜ੍ਹ ਕੇ ਆਪ ਸਰਕਾਰੀ ਸਕੂਲ ਵਿਚ ਪੜ੍ਹਾਉਣ ਲੱਗ ਜਾਂਦਾ ਹੈ ਪਰ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਪੜ੍ਹਾਉਣ ਲਈ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਹੈ ਤੇ ਉਹ ਪੈਸੇ ਦੇ ਜ਼ੋਰ 'ਤੇ ਵੱਡੇ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਲਾ ਦਿੰਦਾ ਹੈ ਤੇ ਹੋਰ ਵੀ ਪੈਸੇ ਵਾਲੇ ਲੋਕ ਆਪਣੇ ਬੱਚਿਆਂ ਨੂੰ ਵੱਡੇ ਸਕੂਲਾਂ ਵਿਚ ਲਾ ਦਿੰਦੇ ਹਨ। ਉਨ੍ਹਾਂ ਦੀ ਦੇਖਾ-ਦੇਖੀ ਉਨ੍ਹਾਂ ਦੀਆਂ ਰੀਸਾਂ ਕਰਕੇ ਮੇਰੇ ਵਰਗੇ ਮਾਹਤੜ ਲੋਕ ਵੀ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿਚ ਲਾ ਦਿੰਦੇ ਹਨ, ਭਾਵੇਂ ਹਰ ਮਹੀਨੇ ਫੀਸ ਔਖੀ ਭਰਨੀ ਪਵੇ, ਉਸ ਦੀ ਕੋਈ ਪਰਵਾਹ ਨਹੀਂ। ਪਹਿਲਾਂ-ਪਹਿਲਾਂ ਆਪਾਂ ਵਿਆਹ ਘਰੇ ਕਰਦੇ ਹੁੰਦੇ ਸੀ, ਹੁਣ ਪੈਲੇਸ ਬਣ ਗਏ। ਪੈਸੇ ਵਾਲੇ ਲੋਕ ਆਪਣੇ ਬੱਚਿਆਂ ਦੇ ਵਿਆਹ ਪੈਲੇਸਾਂ ਵਿਚ ਕਰਦੇ ਹਨ। ਰਹਿ ਗਏ ਵਿਚਾਰੇ ਮਾਹਤੜ ਲੋਕ, ਉਹ ਵੀ ਉਨ੍ਹਾਂ ਦੀਆਂ ਰੀਸਾਂ ਕਰਕੇ ਆਪਣੇ ਬੱਚਿਆਂ ਦਾ ਵਿਆਹ ਪੈਲੇਸਾਂ ਵਿਚ ਕਰ ਲੈਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਘਰੇ ਵਿਆਹ ਕਰਨ ਵਿਚ ਉਨ੍ਹਾਂ ਦੀ ਤੇ ਬੱਚਿਆਂ ਦੀ ਬੇਇੱਜ਼ਤੀ ਹੁੰਦੀ ਹੈ। ਉਹ ਪੈਲੇਸਾਂ ਵਿਚ ਵਿਆਹ ਕਰ ਲੈਂਦੇ ਹਨ ਤੇ ਫਿਰ ਸਾਰੀ ਉਮਰ ਕਰਜ਼ਾ ਉਤਾਰਦੇ ਰਹਿੰਦੇ ਹਨ। ਹੁਣ ਜਿਨ੍ਹਾਂ ਦੇ ਘਰ ਵਿਆਹ ਦਾ ਕਾਰਡ ਜਾਂਦਾ ਹੈ। ਉਹ ਪਹਿਲਾਂ ਇਹੀ ਦੇਖਦਾ ਹੈ ਕਿ ਵਿਆਹ ਕਿਹੜੇ ਪੈਲੇਸ ਵਿਚ ਹੈ ਤਰੀਕ ਤਾਂ ਬਾਅਦ ਵਿਚ ਹੀ ਦੇਖਦਾ ਹੈ। ਆਪਣੇ ਤੋਂ ਉੱਚਿਆਂ ਨੂੰ ਨਾ ਦੇਖੋ। ਉਨ੍ਹਾਂ ਨੂੰ ਦੇਖ ਕੇ ਤੁਹਾਨੂੰ ਸਬਰ ਨਹੀਂ ਆਉਣਾ। ਜੇ ਤੁਹਾਨੂੰ ਸਬਰ ਆਊ ਤਾਂ ਨੀਵਿਆਂ ਨੂੰ ਦੇਖ ਕੇ ਹੀ ਆਊ, ਮਨ ਨੂੰ ਤਸੱਲੀ ਤੇ ਖ਼ੁਸ਼ੀ ਮਿਲੇਗੀ। ਆਪਣੀ ਹੈਸੀਅਤ ਮੁਤਾਬਕ ਚੱਲੋ, ਜ਼ਿੰਦਗੀ ਵਧੀਆ ਤੇ ਸੌਖੀ ਨਿਕਲੇਗੀ। ਕਿਸੇ ਦਾ ਲੈਣ-ਦੇਣ ਦਾ ਫਿਕਰ ਨਹੀਂ ਹੋਵੇਗਾ। ਸਭ ਪਾਸਿਆਂ ਤੋਂ ਸੋਖੇ ਹੋਵੋਗੇ। ਤੁਹਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ।

-102, ਵਿਜੈ ਨਗਰ, ਜਗਰਾਓਂ। ਮੋਬਾਈਲ : 99146-37239.

ਨੌਜਵਾਨਾਂ ਦਾ ਵਧ ਰਿਹਾ ਵਿਦੇਸ਼ਾਂ ਵੱਲ ਨੂੰ ਰੁਝਾਨ

ਭਾਰਤ ਦੇਸ਼ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਦੇਸ਼-ਭਗਤਾਂ ਦੀ ਜਨਮ-ਭੂਮੀ ਹੈ। ਇੱਥੋਂ ਦੀ ਮਹਾਨ ਸੰਸਕ੍ਰਿਤੀ ਅਤੇ ਕਦਰਾਂ-ਕੀਮਤਾਂ ਨੇ ਵਿਦੇਸ਼ੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਪ੍ਰਾਚੀਨ ਸਮੇਂ 'ਚ ਨਾਲੰਦਾ ਅਤੇ ਤਕਸ਼ਿਲਾ ਵਿਸ਼ਵ-ਵਿਦਿਆਲਿਆਂ ਵਿਚ ਵਿਦੇਸ਼ੀ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਭਾਰਤ ਪੁੱਜਦੇ ਸਨ। ਪਰ ਜੇਕਰ ਅੱਜ ਦੇ ਨੌਜਵਾਨਾਂ ਦੇ ਸੰਦਰਭ ਵਿਚ ਗੱਲ ਕਰੀਏ ਤਾਂ ਸਾਡੇ ਦੇਸ਼ ਦੀ ਦੋਸ਼-ਪੂਰਨ ਸਿੱਖਿਆ ਪ੍ਰਣਾਲੀ, ਵਧਦੀ ਹੋਈ ਆਬਾਦੀ ਅਤੇ ਭ੍ਰਿਸ਼ਟਾਚਾਰ ਨੇ ਨੌਜਵਾਨਾਂ ਅੰਦਰ ਭਾਰੀ ਬੇਚੈਨੀ ਅਤੇ ਬੇਰੁਜ਼ਗਾਰੀ ਪੈਦਾ ਕੀਤੀ ਹੈ। ਅੱਜ ਦਾ ਨੌਜਵਾਨ ਸਾਡੇ ਦੇਸ਼ ਦੇ ਗੰਧਲੇ ਹੋ ਚੁੱਕੇ ਤੰਤਰ ਤੋਂ ਦੁਖੀ ਅਤੇ ਮਜਬੂਰ ਹੋ ਕੇ ਆਪਣੇ ਮਾਤਾ-ਪਿਤਾ ਅਤੇ ਸਕੇ-ਸੰਬੰਧੀਆਂ ਨੂੰ ਛੱਡ ਕੇ ਵਿਦੇਸ਼ ਜਾਣ ਦੀ ਕਤਾਰ ਵਿਚ ਲੱਗਾ ਹੋਇਆ ਹੈ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਅਜੋਕੇ ਸਮੇਂ ਪੰਜਾਬ ਦਾ ਨੌਜਵਾਨ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਆਦਿ ਦੇਸ਼ਾਂ ਵਿਚ ਜਾਣ ਲਈ ਤੱਤਪਰ ਅਤੇ ਮਜਬੂਰ ਹੈ। ਵਧਦੀ ਹੋਈ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਵੋਟਾਂ ਦੀ ਰਾਜਨੀਤੀ, ਚੋਣਾਵੀ ਜੁਮਲੇ ਆਦਿ ਤੋਂ ਪ੍ਰੇਸ਼ਾਨ ਹੋਇਆ ਪੰਜਾਬ ਵਿਚ ਰਹਿ ਕੇ ਆਪਣਾ ਭਵਿੱਖ ਧੁੰਦਲਾ ਦੇਖਣ ਲੱਗ ਪਿਆ ਹੈ। ਵਿਦੇਸ਼ਾਂ ਵਿਚ ਕਿਰਤ ਦਾ ਸਤਿਕਾਰ ਅਤੇ ਮਿਹਨਤੀ ਲੋਕਾਂ ਨੂੰ ਤਰੱਕੀ ਕਰਨ ਦੇ ਉਚਿਤ ਮੌਕੇ ਬਿਨਾਂ ਕਿਸੇ ਪੱਖ-ਪਾਤ ਦੇ ਮਿਲਦੇ ਹਨ, ਜਿਸ ਕਰਕੇ ਨੌਜਵਾਨਾਂ ਦਾ ਰੁਖ਼ ਵਿਦੇਸ਼ਾਂ ਵੱਲ ਵਧਦਾ ਹੀ ਜਾ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਨੂੰ ਇਸ ਮੁੱਦੇ ਦੀ ਗੰਭੀਰਤਾ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਉਚਿਤ ਮੌਕੇ ਅਤੇ ਰੈਗੂਲਰ ਭਰਤੀ ਕਰਨ ਵੱਲ ਪਹਿਲਕਦਮੀ ਕਰਨੀ ਚਾਹੀਦੀ ਹੈ। ਜੇਕਰ ਇਸੇ ਤਰ੍ਹਾਂ ਹੀ ਸਾਡੇ ਦੇਸ਼ 'ਚੋਂ ਰੌਸ਼ਨ-ਦਿਮਾਗ ਵਿਦੇਸ਼ਾਂ ਵੱਲ ਨੂੰ ਕੂਚ ਕਰੀ ਜਾਣਗੇ ਤਾਂ ਇਹ ਸਾਡੇ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਨੁਕਸਾਨਦੇਹ ਹੋਵੇਗਾ। ਮੌਜੂਦਾ ਸਮੇਂ ਜੇਕਰ ਸਾਡੀ ਰਾਜਨੀਤਕ ਪ੍ਰਣਾਲੀ 'ਤੇ ਝਾਤ ਮਾਰੀਏ ਤਾਂ ਸਾਡੇ ਦੇਸ਼ ਨੂੰ ਜੇਕਰ ਘੁਟਾਲਿਆਂ ਦੀ ਧਰਤੀ ਕਹਿ ਦਿੱਤਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਏਨਾ ਸਾਡੇ ਦੇਸ਼ ਨੂੰ ਅੰਗਰੇਜ਼ੀ ਰਾਜ ਸਮੇਂ ਅੰਗਰੇਜ਼ਾਂ ਨੇ ਨਹੀਂ ਲੁੱਟਿਆ, ਜਿੰਨਾ ਇਨ੍ਹਾਂ 70 ਸਾਲਾਂ ਵਿਚ ਸਾਡੇ ਦੇਸ਼ ਦੇ ਭ੍ਰਿਸ਼ਟ ਰਾਜਨੀਤਕ ਲੋਕਾਂ ਨੇ ਲੁੱਟਿਆ ਹੈ। ਅੱਜ ਸਾਡੇ ਦੇਸ਼ ਦੀ ਭ੍ਰਿਸ਼ਟ ਜਮਾਤ ਨੇ ਦੇਸ਼ ਨੂੰ ਆਰਥਿਕ, ਸਮਾਜਿਕ, ਰਾਜਨੀਤਕ ਤੌਰ 'ਤੇ ਕੰਗਾਲ ਕਰਨ 'ਚ ਕੋਈ ਕਸਰ ਨਹੀਂ ਛੱਡੀ, ਜਿਹੜਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਲਈ ਚੰਗਾ ਸੰਕੇਤ ਨਹੀਂ ਹੈ। ਸਮੇਂ ਦੀਆਂ ਸਰਕਾਰਾਂ ਨੂੰ ਇਸ ਮੁੱਦੇ ਦੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਅਤੇ ਤਰੱਕੀ ਕਰਨ ਦੇ ਮੌਕੇ ਪ੍ਰਦਾਨ ਕਰਨ ਦੀ ਜ਼ਰੂਰਤ ਹੈ।

-ਪਿੰਡ ਬਰੌਂਗਾ ਜ਼ੇਰ, ਤਹਿ: ਅਮਲੋਹ (ਫ਼ਤਹਿਗੜ੍ਹ ਸਾਹਿਬ)। ਮੋਬਾ: 99141-42300


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX