ਤਾਜਾ ਖ਼ਬਰਾਂ


ਅਚਨਚੇਤ ਗੋਲੀ ਚੱਲਣ ਨਾਲ ਹੋਮਗਾਰਡ ਦੇ ਜਵਾਨ ਦੀ ਮੌਤ
. . .  20 minutes ago
ਮਲੋਟ, 21 ਮਾਰਚ (ਗੁਰਮੀਤ ਸਿੰਘ ਮੱਕੜ) -ਸਥਾਨਕ ਥਾਣਾ ਸਦਰ ਵਿਖੇ ਤਾਇਨਾਤ ਹੋਮਗਾਰਡ ਦੇ ਜਵਾਨ ਗੁਰਮੀਤ ਸਿੰਘ (48) ਪੁੱਤਰ ਪ੍ਰੀਤਮ ਸਿੰਘ ਦੀ ਅਚਨਚੇਤ ਗੋਲੀ ਚੱਲਣ ਨਾਲ...
ਜੰਗਬੰਦੀ ਦੀ ਉਲੰਘਣਾ 'ਚ ਇੱਕ ਜਵਾਨ ਸ਼ਹੀਦ
. . .  36 minutes ago
ਸ੍ਰੀਨਗਰ, 21 ਮਾਰਚ - ਜੰਮੂ-ਕਸ਼ਮੀਰ ਦੇ ਸੁੰਦਰਬਨੀ ਸੈਕਟਰ 'ਚ ਪਾਕਿਸਤਾਨ ਵੱਲੋਂ ਅੱਜ ਕੀਤੀ ਗਈ ਜੰਗਬੰਦੀ ਦੀ ਉਲੰਘਣਾ 'ਚ ਭਾਰਤੀ ਫੌਜ ਦਾ 24 ਸਾਲਾਂ ਰਾਈਫਲਮੈਨ ਯਸ਼ ਪਾਲ...
ਪੁਲਵਾਮਾ ਹਮਲਾ ਇੱਕ ਸਾਜ਼ਿਸ਼ - ਰਾਮ ਗੋਪਾਲ ਯਾਦਵ
. . .  58 minutes ago
ਲਖਨਊ, 21 ਮਾਰਚ - ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਰਾਮ ਗੋਪਾਲ ਯਾਦਵ ਦਾ ਕਹਿਣਾ ਹੈ ਪੈਰਾ ਮਿਲਟਰੀ ਫੋਰਸਸ ਸਰਕਾਰ ਤੋਂ ਦੁਖੀ ਹਨ, ਕਿਉਂਕਿ ਵੋਟਾਂ ਲਈ ਜੰਮੂ ਕਸ਼ਮੀਰ...
ਅਧਿਆਪਕਾਂ ਨੇ ਅਨੋਖੇ ਢੰਗ ਨਾਲ ਮਨਾਈ ਹੋਲੀ
. . .  about 1 hour ago
ਸੰਗਰੂਰ, 21 ਮਾਰਚ (ਧੀਰਜ ਪਿਸ਼ੌਰੀਆ) - ਪੂਰੇ ਦੇਸ਼ ਭਰ ਵਿਚ ਜਿੱਥੇ ਲੋਕਾਂ ਨੇ ਇੱਕ ਦੂਸਰੇ ਦੇ ਰੰਗਾ ਲਗਾ ਕੇ ਅਤੇ ਨੱਚ ਟੱਪ ਕੇ ਹੋਲੀ ਦਾ ਤਿਉਹਾਰ ਮਨਾਇਆ, ਉੱਥੇ ਹੀ ਸੰਗਰੂਰ ਜ਼ਿਲ੍ਹੇ ਦੇ ਪਿੰਡ...
ਅੱਤਵਾਦੀਆਂ ਦੇ ਹਮਲੇ 'ਚ ਐੱਸ.ਐੱਚ.ਓ ਸਮੇਤ 2 ਪੁਲਿਸ ਮੁਲਾਜ਼ਮ ਜ਼ਖਮੀ
. . .  about 1 hour ago
ਸ੍ਰੀਨਗਰ, 21 ਮਾਰਚ - ਜੰਮੂ-ਕਸ਼ਮੀਰ ਦੇ ਸੋਪੋਰ ਵਿਖੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਐੱਸ.ਐੱਚ.ਓ ਸਮੇਤ ਜੰਮੂ ਕਸ਼ਮੀਰ ਪੁਲਿਸ ਦੇ 2 ਮੁਲਾਜ਼ਮ ਜ਼ਖਮੀ ਹੋ...
ਨਹੀ ਲੜਗਾ ਲੋਕ ਸਭਾ ਚੋਣ - ਕਲਰਾਜ ਮਿਸ਼ਰਾ
. . .  about 1 hour ago
ਲਖਨਊ, 21 ਮਾਰਚ - ਸੀਨੀਅਰ ਭਾਜਪਾ ਆਗੂ ਅਤੇ ਉੱਤਰ ਪ੍ਰਦੇਸ਼ ਦੇ ਦਿਓਰੀਆ ਤੋਂ ਸੰਸਦ ਮੈਂਬਰ ਕਲਰਾਜ ਮਿਸ਼ਰਾ ਨੇ ਇਹ ਕਹਿਕੇ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਪਾਰਟੀ...
ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਹੋਈ ਘਰ ਵਾਪਸੀ
. . .  about 2 hours ago
ਅਬੋਹਰ, 21 ਮਾਰਚ (ਸੁਖਜਿੰਦਰ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸ. ਗੁਰਤੇਜ ਸਿੰਘ ਘੁੜਿਆਣਾ ਦੀ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ ਹੋ ਗਈ ਹੈ। ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਭੇਟ ਕਰਕੇ ਪਾਰਟੀ ਵਿਚ...
ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਤੇ ਨਿਹੰਗ ਜਥੇਬੰਦੀਆਂ ਵੱਲੋਂ ਭਲਕੇ ਕੱਢਿਆ ਜਾਵੇਗਾ ਮਹੱਲਾ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਜੇ.ਐਸ. ਨਿੱਕੂਵਾਲ) - ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਹੋਲਾ ਮਹੱਲਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਭਲਕੇ 22 ਮਾਰਚ ਨੂੰ ਮਹੱਲਾ ਕੱਢਿਆ ਜਾ...
ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ 'ਚ ਕਰ ਸਕਦੇ ਨੇ ਪਾਰਟੀ ਉਮੀਦਵਾਰ ਦਾ ਐਲਾਨ
. . .  about 2 hours ago
ਸੰਗਰੂਰ,21 ਮਾਰਚ(ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ ਵਿਖੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ.ਬਾਦਲ ਅੱਜ ਲੋਕ ਸਭਾ ਹਲਕਾ ਸੰਗਰੂਰ...
ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ
. . .  about 2 hours ago
ਨਵੀਂ ਦਿੱਲੀ, 21 ਮਾਰਚ - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸਾਰੇ ਪ੍ਰਕਾਰ ਦੇ ਸੈਮੀ ਆਟੋਮੈਟਿਕ ਹਥਿਆਰਾਂ ਦੀ ਵਿੱਕਰੀ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਕ੍ਰਾਈਸਟਚਰਚ ਹਮਲੇ ਦੇ ਮੱਦੇਨਜ਼ਰ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਕ੍ਰਾਈਸਟਚਰਚ 'ਚ ਪਿਛਲੇ ਸ਼ੁੱਕਰਵਾਰ ਨੂੰ ਦੋ ਮਸਜਿਦਾਂ...
ਹੋਰ ਖ਼ਬਰਾਂ..

ਖੇਡ ਜਗਤ

ਖਿਡਾਰੀਆਂ ਨੂੰ ਦੇਸ਼ ਪ੍ਰੇਮ ਦਾ ਪਾਠ ਵੀ ਪੜ੍ਹਾਇਆ ਜਾਵੇ

ਕੋਈ ਵੀ ਖਿਡਾਰਨ ਜਾਂ ਖਿਡਾਰੀ ਜਦੋਂ ਖੇਡ ਜਗਤ ਵਿਚ ਜੱਦੋ-ਜਹਿਦ ਕਰ ਰਿਹਾ ਹੁੰਦਾ ਹੈ, ਮਨ ਵਿਚ ਸਭ ਤੋਂ ਵੱਡੀ ਮਨਸ਼ਾ ਇਹੀ ਹੁੰਦੀ ਹੈ ਕਿ ਇਕ ਦਿਨ ਉਹ ਦੇਸ਼ ਦੀ ਕੌਮੀ ਖੇਡ ਵਿਚ ਆਪਣੀ ਸ਼ਮੂਲੀਅਤ ਬਣਾਵੇ, ਮੀਡੀਆ 'ਚ ਉਸ ਦੀ ਚਰਚਾ ਛਿੜੇ ਕਿ ਉਹ ਭਾਰਤ ਦੀ ਟੀਮ 'ਚ ਆਪਣੀ ਥਾਂ ਬਣਾ ਕੇ ਇਕ ਵੱਡੀ ਪ੍ਰਾਪਤੀ ਕਰ ਚੁੱਕਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਠੀਕ ਹੈ ਕਿ ਰਾਸ਼ਟਰੀ ਟੀਮ ਵਿਚ ਕਿਸੇ ਲੰਮੇ ਸੰਘਰਸ਼ ਤੋਂ ਬਾਅਦ ਪਹੁੰਚਣਾ ਉਸ ਖੇਡ ਹਸਤੀ ਦੀ ਅਹਿਮ ਪ੍ਰਾਪਤੀ ਹੈ ਪਰ ਉਸ ਨੂੰ ਇਹ ਵੀ ਯਾਦ ਆਉਣਾ ਚਾਹੀਦਾ ਹੈ ਕਿ ਖੇਡ ਇਕ ਸਿਹਤਮੰਦ ਮਾਧਿਅਮ ਹੈ ਰਾਸ਼ਟਰ ਪ੍ਰੇਮ ਦੇ ਸੰਚਾਰ ਦਾ, ਦੇਸ਼ ਭਗਤੀ ਦੇ ਇਜ਼ਹਾਰ ਦਾ। ਆਪਣੇ-ਆਪ ਲਈ ਬਥੇਰੀਆਂ ਜੰਗਾਂ ਉਸ ਨੇ ਲੜੀਆਂ ਹੁੰਦੀਆਂ ਹਨ ਪਰ ਦੇਸ਼ ਲਈ, ਵਤਨ ਦੀ ਖਾਤਰ ਉਸ ਦੀ ਖੇਡ ਸ਼ਖ਼ਸੀਅਤ ਦੀ ਅਸਲੀ ਜੰਗ ਤਾਂ ਉਦੋਂ ਤੋਂ ਸ਼ੁਰੂ ਹੁੰਦੀ ਹੈ, ਜਦੋਂ ਉਹ ਖਿਡਾਰਨ ਜਾਂ ਖਿਡਾਰੀ ਦੇਸ਼ ਦੀ ਕੌਮੀ ਟੀਮ 'ਚ ਪ੍ਰਵੇਸ਼ ਕਰਦੈ। ਇੰਡੀਆ ਸ਼ਬਦ ਨਾਲ ਸਜੀ ਹੋਈ ਕਿੱਟ ਤਾਂ ਉਹ ਪਾਉਂਦੈ ਪਰ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਉਸ ਵਿਚ ਨਹੀਂ ਹੁੰਦਾ।
ਜਨਾਬ! ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਲਈ ਉਸ ਖੇਡ ਹਸਤੀ ਨੂੰ ਬਚਪਨ ਤੋਂ ਤਿਆਰ ਕਰਨ ਦੀ ਲੋੜ ਹੈ। ਆਪਣੇ ਪ੍ਰਾਇਮਰੀ ਸਕੂਲ ਦੀ ਇੱਜ਼ਤ ਤੇ ਸਨਮਾਨ ਲਈ ਖੇਡਣ ਤੋਂ ਲੈ ਕੇ ਕਾਲਜ, ਯੂਨੀਵਰਸਿਟੀ, ਖੇਡ ਅਕੈਡਮੀ, ਖੇਡ ਕਲੱਬ ਦੇ ਵੱਕਾਰ ਲਈ ਜੂਝਣ ਦਾ ਜਜ਼ਬਾ ਉਸ 'ਚ ਪੈਦਾ ਕਰਨ ਦੀ ਲੋੜ ਹੈ। ਰਾਸ਼ਟਰ ਭਾਵਨਾ, ਕੌਮੀ ਅਣਖ ਦਾ ਜਜ਼ਬਾ ਅਤੇ ਅਹਿਸਾਸ ਰਾਤੋ-ਰਾਤ ਪੈਦਾ ਹੋਣ ਵਾਲੀ ਚੀਜ਼ ਨਹੀਂ ਹੈ। ਇਸ ਪਾਸੇ ਪ੍ਰੇਰਿਤ ਕਰਨ ਲਈ ਸਾਨੂੰ ਛੋਟੀ ਉਮਰੇ ਖਿਡਾਰੀਆਂ-ਖਿਡਾਰਨਾਂ 'ਚ ਖੇਡ ਅਤੇ ਵਿੱਦਿਅਕ ਸੰਸਥਾਵਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਪੈਦਾ ਕਰਨ ਦੀ ਲੋੜ ਹੈ, ਜੋ ਅੱਜ ਦੇ ਖਿਡਾਰੀਆਂ 'ਚ ਨਹੀਂ ਹੈ। ਖੇਡਾਂ ਦੇ ਆਧਾਰ 'ਤੇ ਖੇਡ ਵਿੱਦਿਅਕ ਸੰਸਥਾਵਾਂ ਵਲੋਂ ਖਾਸ-ਖਾਸ ਸਹੂਲਤਾਂ ਪ੍ਰਾਪਤ ਕਰਨਾ, ਮੁਫਤ ਪੜ੍ਹਾਈ ਕਰ ਜਾਣੀ ਹੀ ਸਾਡੇ ਵਿਦਿਆਰਥੀ ਖਿਡਾਰੀਆਂ ਦਾ ਮੰਤਵ ਨਹੀਂ ਹੋਣਾ ਚਾਹੀਦਾ। ਛੋਟੀ ਉਮਰੇ ਜੋ ਖਿਡਾਰਨ-ਖਿਡਾਰੀ ਆਪਣੀ ਖੇਡ ਅਤੇ ਵਿੱਦਿਅਕ ਸੰਸਥਾ ਲਈ ਸੱਚੇ ਮਨੋਂ ਜੱਦੋ-ਜਹਿਦ ਕਰਨ ਲਈ ਉਤਸ਼ਾਹਤ ਨਹੀਂ, ਉਹ ਵੱਡਾ ਹੋ ਕੇ ਦੇਸ਼ ਦੇ ਸਨਮਾਨ ਅਤੇ ਵੱਕਾਰ ਲਈ ਕੌਮੀ ਜਜ਼ਬੇ ਨਾਲ ਕੀ ਜੂਝੇਗਾ? ਉਹ ਤਾਂ ਸਿਰਫ ਪੈਸੇ ਅਤੇ ਨੌਕਰੀ ਦੇ ਵਾਸਤੇ ਹੀ ਖੇਡ ਜੰਗਾਂ ਲੜੇਗਾ। ਉਸ ਨੂੰ ਯਾਦ ਰਹਿਣਾ ਚਾਹੀਦੈ, ਜਿਸ ਵੱਡੇ ਪੱਧਰ ਦੇ ਖੇਡ ਮੰਤ 'ਤੇ ਉਸ ਨੂੰ ਆਪਣੀ ਖੇਡ ਕਲਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ, ਉਸ ਵਿਚ ਸਮੁੱਚੇ ਦੇਸ਼ ਦਾ ਕਿੰਨਾ ਵੱਡਾ ਯੋਗਦਾਨ ਹੈ।
ਦੇਸ਼ ਦੀ ਕੌਮੀ ਟੀਮ 'ਚ ਥਾਂ ਬਣਾ ਲੈਣੀ ਹੀ ਕਾਫੀ ਨਹੀਂ, ਬਲਕਿ ਦੇਸ਼ ਦੀ ਖੇਡ ਝੋਲੀ ਨੂੰ ਇਨਾਮਾਂ-ਸਨਮਾਨਾਂ ਨਾਲ ਭਰਨਾ ਖਿਡਾਰਨ ਜਾਂ ਖਿਡਾਰੀ ਦੀ ਮਨ ਦੀ ਮਨਸ਼ਾ ਹੋਣੀ ਚਾਹੀਦੀ ਹੈ। ਮੈਦਾਨ ਦੇ ਅੰਦਰ 100 ਫੀਸਦੀ ਦੇਣ ਦੀ ਤਾਂਘ ਹੋਣੀ ਚਾਹੀਦੀ ਹੈ, ਕਿਉਂਕਿ ਉਹ ਖੇਡ ਹਸਤੀ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰ ਰਹੀ ਹੁੰਦੀ ਹੈ। ਪੂਰੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਉਸ ਖੇਡ ਜਾਂ ਖਿਡਾਰੀ ਨਾਲ ਜੁੜੀਆਂ ਹੁੰਦੀਆਂ ਹਨ। ਉਹ ਖਿਡਾਰੀ ਹਰਦੈ ਤਾਂ ਦੇਸ਼ ਹਾਰਦੈ। ਉਹ ਖਿਡਾਰੀ ਜਿੱਤਦੈ ਤਾਂ ਦੇਸ਼ ਜਿੱਤਦੈ। ਯਾਦ ਰੱਖਿਓ! ਜਦੋਂ ਕੋਈ ਦੇਸ਼ ਕੌਮਾਂਤਰੀ ਪੱਧਰ 'ਤੇ ਮਾਣਮੱਤੀਆਂ ਪ੍ਰਾਪਤੀਆਂ ਕਰਦਾ ਹੈ, ਇਹ ਉਸ ਦੇਸ਼ ਦੇ ਖਿਡਾਰੀਆਂ ਦੇ ਖੇਡ ਹੁਨਰ ਦਾ ਹੀ ਮਹਿਜ ਕਮਾਲ ਨਹੀਂ ਹੁੰਦਾ, ਬਲਕਿ ਦੇਸ਼ ਲਈ ਜਿੱਤਣ ਦੀ ਪ੍ਰਤਿੱਗਿਆ, ਵਚਨਬੱਧਤਾ ਅਤੇ ਇੱਛਾਸ਼ਕਤੀ ਦਾ ਕਮਾਲ ਵੀ ਹੁੰਦਾ ਹੈ। ਸੋ, ਸਾਡੇ ਖਿਡਾਰੀਆਂ ਨੂੰ ਆਪਣੇ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਮਾਣ ਅਤੇ ਸਨਮਾਨ ਲਈ ਜੱਦੋ-ਜਹਿਦ ਕਰਨ ਲਈ ਦੇਸ਼ ਪ੍ਰੇਮ ਤੋਂ ਪ੍ਰੇਰਿਤ ਹੋਣ ਦੀ ਲੋੜ ਹੈ। ਹਾਰ-ਜਿੱਤ ਵਿਅਕਤੀ ਦੀ ਨਹੀਂ, ਦੇਸ਼ ਦਾ ਵੱਕਾਰ ਹੁੰਦੀ ਹੈ। ਕੌਮਾਂਤਰੀ ਮੈਦਾਨਾਂ 'ਚ ਸਾਡਾ ਤਿਰੰਗਾ ਪੂਰੀ ਸ਼ਾਨੋ-ਸ਼ੌਕਤ ਨਾਲ ਝੂਲੇ, ਤਾਂ ਹੀ ਦੇਸ਼ ਵਾਸੀਆਂ ਨੂੰ ਖੁਸ਼ੀ ਹੁੰਦੀ ਹੈ। ਖੇਡਾਂ ਵੀ ਇਸ ਪੱਖੋਂ ਕੌਮੀ ਸਤਿਕਾਰ ਅਤੇ ਸ਼ਾਨ ਦਾ ਸਬੱਬ ਬਣ ਸਕਦੀਆਂ ਹਨ। ਖਿਡਾਰੀਆਂ ਦੀ ਕਠਿਨ ਮਿਹਨਤ ਅਤੇ ਤਪੱਸਿਆ ਸਦਕਾ ਤਿਰੰਗੇ ਦੀ ਲਾਜ ਰੱਖਣ ਦੀ ਕੋਸ਼ਿਸ਼ ਖਿਡਾਰੀ ਦੇ ਸੱਚੇ ਮਨੋਂ ਹੋਣੀ ਚਾਹੀਦੀ ਹੈ।
ਭਾਰਤੀਆਂ ਨੂੰ ਆਪਣੇ ਗੁਆਂਢੀ ਦੇਸ਼ ਚੀਨ ਜੋ ਦੁਨੀਆ ਦੀ ਵੱਡੀ ਖੇਡ ਸ਼ਕਤੀ ਹੈ, ਤੋਂ ਸਬਕ ਲੈਣ ਦੀ ਜ਼ਰੂਰਤ ਹੈ। ਜਿਥੋਂ ਤੱਕ ਦੇਸ਼ ਲਈ ਕੌਮੀ ਜਜ਼ਬੇ ਦਾ ਸਬੰਧ ਹੈ, ਚੀਨੀ ਖਿਡਾਰੀਆਂ 'ਚ ਦੇਸ਼ ਭਗਤੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੈ। ਉਹ ਖੇਡਾਂ ਦੇ ਖੇਤਰ ਵਿਚ ਆਪਣੇ ਦੇਸ਼ ਦਾ ਨਾਂਅ ਉੱਚਾ ਰੱਖਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਲੰਪਿਕ ਖੇਡਾਂ 'ਚ ਚੀਨ ਅਤੇ ਭਾਰਤੀਆਂ ਦੀ ਪ੍ਰਾਪਤੀ ਦਾ ਜੋ ਫਰਕ ਹੈ, ਖੇਡ ਪੰਡਤ ਮੰਨਦੇ ਹਨ ਕਿ ਚੀਨੀ ਉਲੰਪਿਕ ਮੈਡਲ ਨੂੰ ਆਪਣਾ ਉਦੇਸ਼ ਮੰਨਦੇ ਹਨ ਪਰ ਭਾਰਤੀ ਆਪਣਾ ਤੇ ਪਰਿਵਾਰ ਦਾ ਪੇਟ ਪਾਲਣ ਲਈ ਖੇਡਦੇ ਹਨ। ਹਕੀਕਤ ਇਹ ਹੈ ਕਿ ਅਸੀਂ ਖੇਡ ਸਹੂਲਤਾਂ ਦੀ ਕਮੀ ਦੇ ਸ਼ੋਰ ਵਿਚ ਕੌਮੀ ਖੇਡ ਜਜ਼ਬੇ ਦੀ ਘਾਟ ਦੀ ਗੱਲ ਹੀ ਕਦੇ ਨਹੀਂ ਕਰਦੇ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410


ਖ਼ਬਰ ਸ਼ੇਅਰ ਕਰੋ

ਵਿਸ਼ਵ ਕੱਪ ਤੋਂ ਪਹਿਲਾਂ ਖਿਡਾਰੀਆਂ ਨੂੰ ਪਰਖਣ ਦਾ ਆਖ਼ਰੀ ਮੌਕਾ

ਵਿਸ਼ਵ ਕੱਪ ਜਿੱਤਣ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਲਈ ਆਸਟਰੇਲੀਆ ਵਿਰੁੱਧ ਖੇਡੀ ਜਾਣ ਵਾਲੀ ਘਰੇਲੂ ਲੜੀ 'ਚ ਆਪਣੇ ਖਿਡਾਰੀਆਂ ਨੂੰ ਪਰਖਣ ਦਾ ਆਖਰੀ ਮੌਕਾ ਹੋਵੇਗਾ। ਇਸੇ ਲਈ ਮੰਨਿਆ ਜਾ ਰਿਹਾ ਹੈ ਕਿ ਵਿਸ਼ਵ ਕੱਪ ਲਈ ਚੁਣੀ ਜਾਣ ਵਾਲੀ ਟੀਮ ਇਸ ਦੌਰੇ ਲਈ ਚੁਣੀਆਂ ਗਈਆਂ ਟੀਮਾਂ 'ਚ ਸ਼ਾਮਿਲ ਖਿਡਾਰੀਆਂ 'ਚੋਂ ਹੀ ਚੁਣੀ ਜਾਵੇਗੀ। ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਧਮਾਕੇਦਾਰ ਜਿੱਤਾਂ ਹਾਸਲ ਕਰਕੇ ਭਾਰਤੀ ਟੀਮ ਨੇ ਦਿਖਾ ਦਿੱਤਾ ਸੀ ਕਿ ਉਹ ਇਸ ਵੇਲੇ ਸੰਸਾਰ ਦੀਆਂ ਸਭ ਤੋਂ ਤਾਕਤਵਰ ਟੀਮਾਂ ਵਿਚੋਂ ਇਕ ਹੈ ਅਤੇ ਵਿਸ਼ਵ ਕੱਪ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਹੈ। ਕਿਸੇ ਵੇਲੇ 'ਘਰ ਦੀ ਸ਼ੇਰ' ਸਮਝੀ ਜਾਣ ਵਾਲੀ ਭਾਰਤੀ ਟੀਮ ਨੇ ਆਪਣੇ ਲਗਪਗ ਸਾਰੇ ਖਿਤਾਬ ਭਾਵੇਂ ਵਿਦੇਸ਼ਾਂ ਵਿਚ ਹੀ ਜਿੱਤੇ ਹਨ ਪਰ ਇਸ ਵਾਰ ਦੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਨੇ ਟੀਮ ਦਾ ਹੌਸਲਾ ਵਧਾਇਆ ਹੈ।
ਆਸਟਰੇਲੀਆ ਭਾਰਤ ਵਿਚ ਦੋ ਟੀ-20 ਮੈਚ ਤੇ ਪੰਜ ਇਕ-ਦਿਨੀ ਮੈਚ ਖੇਡੇਗੀ। ਚੁਣੇ ਗਏ ਖਿਡਾਰੀਆਂ 'ਚ ਕਈਆਂ ਨੂੰ ਰਿਜ਼ਰਵ 'ਚ ਥਾਂ ਦੇ ਕੇ ਮੌਜੂਦਾ ਟੀਮ 'ਚ ਸ਼ਾਮਿਲ ਉਨ੍ਹਾਂ ਖਿਡਾਰੀਆਂ ਨੂੰ ਸੰਦੇਸ਼ ਦੇ ਦਿੱਤਾ ਗਿਆ ਹੈ ਕਿ ਜੇ ਪ੍ਰਦਰਸ਼ਨ ਵਧੀਆ ਨਾ ਰਿਹਾ ਤਾਂ ਉਨ੍ਹਾਂ ਦਾ ਬਦਲ ਤਿਆਰ ਹੈ। ਵਿਰਾਟ ਕੋਹਲੀ ਤੇ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੇ ਨਾਲ ਤੀਜੇ ਓਪਨਰ ਦੇ ਤੌਰ 'ਤੇ ਕੇ. ਐਲ. ਰਾਹੁਲ ਦੀ ਵਾਪਸੀ ਹੋਈ ਹੈ। ਇਸ ਟੀ. ਵੀ. ਸ਼ੋਅ ਕਰਕੇ ਵਿਵਾਦਾਂ ਵਿਚ ਆਉਣ ਤੋਂ ਬਾਅਦ ਟੀਮ ਤੋਂ ਬਾਹਰ ਕੀਤੇ ਗਏ ਰਾਹੁਲ ਨੂੰ ਮੱਧਕ੍ਰਮ 'ਚ ਵੀ ਅਜ਼ਮਾਇਆ ਜਾ ਸਕਦਾ ਹੈ, ਕਿਉਂਕਿ ਨੰਬਰ 3 'ਤੇ ਕੋਹਲੀ ਦੇ ਆਉਣ ਕਾਰਨ ਨੰਬਰ 4, 5 ਤੇ 6 'ਤੇ ਹਾਲੇ ਵੀ ਸਥਿਤੀ ਬਹੁਤੀ ਸਪੱਸ਼ਟ ਨਹੀਂ। ਹਾਲਾਂਕਿ ਅੰਬਾਤੀ ਰਾਇਡੂ ਨੂੰ ਵਾਰ-ਵਾਰ ਮੌਕਾ ਦਿੱਤਾ ਜਾ ਰਿਹਾ ਹੈ ਤੇ ਕੁਝ ਪਾਰੀਆਂ ਉਸ ਨੇ ਚੰਗੀਆਂ ਵੀ ਖੇਡੀਆਂ ਹਨ ਪਰ ਫਿਰ ਵੀ ਉਹ ਪੂਰਾ ਭਰੋਸਾ ਨਹੀਂ ਜਿੱਤ ਪਾਇਆ। ਮੱਧਕ੍ਰਮ 'ਚ ਕੇਦਾਰ ਯਾਦਵ ਸ਼ਾਮਿਲ ਕੀਤਾ ਗਿਆ ਹੈ, ਜਿਹੜਾ ਕਿ ਆਪਣੀ ਗੇਂਦਬਾਜ਼ੀ ਦੀ ਕਾਬਲੀਅਤ ਕਾਰਨ ਟੀਮ ਵਿਚ ਬਣਿਆ ਰਹਿ ਸਕਦਾ ਹੈ। ਪਿਛਲੇ ਕੁਝ ਮੈਚਾਂ 'ਚ ਵਿਕਟ ਕੀਪਰ ਮਹਿੰਦਰ ਸਿੰਘ ਧੋਨੀ ਨੂੰ ਉਪਰਲੇ ਕ੍ਰਮ 'ਚ ਬੱਲੇਬਾਜ਼ੀ ਦਾ ਜ਼ਿੰਮਾ ਸੌਂਪਿਆ ਗਿਆ ਸੀ ਤੇ ਉਸ ਨੇ ਕਾਫੀ ਹੱਦ ਤੱਕ ਪ੍ਰਭਾਵ ਵੀ ਛੱਡਿਆ ਸੀ। ਸ਼ਾਇਦ ਇਸੇ ਲਈ ਅਜਿੰਨਿਆ ਰਹਾਨੇ ਤੇ ਦਿਨੇਸ਼ ਕਾਰਤਿਕ ਨੂੰ ਇਕ-ਦਿਨੀ ਟੀਮ 'ਚ ਮੌਕਾ ਨਹੀਂ ਮਿਲਿਆ। ਦਿਨੇਸ਼ ਕਾਰਤਿਕ ਵਿਕਟ ਕੀਪਰ ਹੋਣ ਦੇ ਬਾਵਜੂਦ ਆਪਣੀ ਬੱਲੇਬਾਜ਼ੀ ਦੇ ਕੌਸ਼ਲ ਨਾਲ ਟੀਮ 'ਚ ਬਣਿਆ ਹੋਇਆ ਸੀ ਪਰ ਰਿਸ਼ਭ ਪੰਤ ਨਾਲ ਮੁਕਾਬਲੇ ਕਾਰਨ ਉਸ ਨੂੰ ਆਪਣੀ ਥਾਂ ਗੁਆਉਣੀ ਪਈ।
ਆਲਰਾਊਂਡਰ ਦੀ ਟੀਮ 'ਚ ਭਰਮਾਰ ਹੈ ਪਰ ਦੇਖਣਾ ਹੈ ਪਰਖ 'ਤੇ ਕੌਣ ਠੀਕ ਉਤਰਦਾ ਹੈ। ਹਾਰਦਿਕ ਪਾਂਡਿਆਂ ਦੀ ਦਾਅਵੇਦਾਰੀ ਮਜ਼ਬੂਤ ਹੈ ਪਰ ਵਿਜੈ ਸ਼ੰਕਰ 'ਤੇ ਜਤਾਇਆ ਜਾ ਰਿਹਾ ਭਰੋਸਾ ਉਸ ਨੂੰ ਚੈਨ ਨਾਲ ਨਹੀਂ ਬੈਠਣ ਦੇਵੇਗਾ। ਪਾਂਡਿਆ ਦੀ ਗੇਂਦਬਾਜ਼ੀ ਤੇ ਵਿਕਟ ਲੈਣ ਦੀ ਕਾਬਲੀਅਤ ਉਸ ਦਾ ਹੱਥ ਉੱਚਾ ਰੱਖਦੀ ਹੈ ਪਰ ਵਿਜੈ ਸ਼ੰਕਰ ਨੇ ਪਿਛਲੇ ਕੁਝ ਮੈਚਾਂ 'ਚ ਚੋਖਾ ਪ੍ਰਦਰਸ਼ਨ ਕਰਕੇ ਆਪਣੀ ਦਾਅਵੇਦਾਰੀ ਮਜ਼ਬੂਤ ਕੀਤੀ ਹੈ।
ਗੇਂਦਬਾਜ਼ੀ ਵਿਭਾਗ 'ਚ ਤੇਜ਼ ਗੇਂਦਬਾਜ਼ ਬੁਮਰਾਹ ਦੀ ਵਾਪਸੀ ਤਾਂ ਪੱਕੀ ਹੀ ਸੀ। ਉਸ ਨੂੰ ਵਾਰ-ਵਾਰ ਆਰਾਮ ਕਿਉਂ ਦਿੱਤਾ ਜਾ ਰਿਹਾ ਹੈ, ਇਹ ਗੱਲ ਸਮਝ ਤੋਂ ਪਰ੍ਹੇ ਹੈ। ਵਿਦੇਸ਼ੀ ਪਿੱਚਾਂ 'ਤੇ ਉਸ ਨੂੰ ਅਨੁਭਵ ਮਿਲਣਾ ਚਾਹੀਦਾ ਸੀ, ਕਿਉਂਕਿ ਵਿਸ਼ਵ ਕੱਪ ਵੀ ਵਿਦੇਸ਼ 'ਚ ਭਾਵ ਇੰਗਲੈਂਡ 'ਚ ਹੋਣਾ ਹੈ। ਆਸਟਰੇਲੀਆ ਵਿਰੁੱਧ ਮੁਹੰਮਦ ਸ਼ੰਮੀ ਨੂੰ ਤਾਂ ਸਾਰੇ ਇਕ-ਦਿਨੀ ਮੈਚਾਂ ਲਈ ਚੁਣਿਆ ਗਿਆ ਹੈ ਪਰ ਭੁਵਨੇਸ਼ਵਰ ਦੀ ਫਾਰਮ ਨੂੰ ਦੇਖਦਿਆਂ ਪਹਿਲੇ ਦੋ ਮੈਚਾਂ 'ਚ ਉਸ ਦੀ ਥਾਂ ਸਿਧਾਰਥ ਕੌਲ ਨੂੰ ਮੌਕਾ ਦਿੱਤਾ ਗਿਆ ਹੈ। ਕੌਲ ਪ੍ਰਤਿਭਾਸ਼ਾਲੀ ਤੇਜ਼ ਗੇਂਦਬਾਜ਼ ਹੈ ਪਰ ਕੌਮਾਂਤਰੀ ਪੱਧਰ 'ਤੇ ਮੌਕਾ ਮਿਲਣ 'ਤੇ ਵੀ ਉਹ ਪ੍ਰਭਾਵ ਨਹੀਂ ਛੱਡ ਪਾ ਰਿਹਾ। ਘਰੇਲੂ ਮੈਚਾਂ 'ਚ ਵਾਰ-ਵਾਰ ਵਧੀਆ ਪ੍ਰਦਰਸ਼ਨ ਕਰਕੇ ਉਹ ਫਿਰ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਸਪਿਨ ਵਿਭਾਗ ਵਾਲੇ ਪਾਸੇ ਯਜੁਵੇਂਦਰ ਚਾਹਲ ਤੇ ਕੁਲਦੀਪ ਯਾਦਵ ਦੀ ਸਫਲਤਾ ਨੇ ਆਰ. ਅਸ਼ਵਿਨ ਨੂੰ ਤਾਂ ਗਾਇਬ ਕੀਤਾ ਹੀ ਸੀ ਪਰ ਹੁਣ ਰਵਿੰਦਰ ਜਡੇਜਾ ਵੀ ਹਾਸ਼ੀਏ 'ਤੇ ਆ ਗਿਆ ਹੈ। ਹਾਲਾਂਕਿ ਇੰਗਲੈਂਡ 'ਚ ਵਿਸ਼ਵ ਕੱਪ ਦੌਰਾਨ ਗਰਮ ਮੌਸਮ ਹੋਣ ਕਾਰਨ ਉਂਗਲੀਆਂ ਦੇ ਸਪਿਨਰ ਦੀ ਲੋੜ ਪੈ ਸਕਦੀ ਹੈ ਪਰ ਚੋਣ ਕਰਤਾਵਾਂ ਨੇ ਜਡੇਜਾ ਨਾਲ ਕੋਈ ਲਿਹਾਜ਼ ਨਹੀਂ ਕੀਤਾ। ਗੁੱਟ ਦੇ ਸਪਿਨਰ ਨੂੰ ਹਰ ਤਰ੍ਹਾਂ ਦੀ ਪਿੱਚ 'ਤੇ ਸਫਲ ਹੁੰਦਿਆਂ ਦੇਖ ਕੇ ਹੀ ਟੀ-20 'ਚ ਸੱਜੇ ਹੱਥੀ ਲੈੱਗ ਬਰੇਕ ਗੁਗਲੀ ਗੇਂਦਬਾਜ਼ ਮਯੰਕ ਮਾਰਕੰਡੇ ਦੀ ਚੋਣ ਕੀਤੀ ਗਈ ਹੈ। ਪੰਜਾਬ ਦੇ ਸ਼ਹਿਰ ਬਠਿੰਡਾ ਦੇ ਇਸ ਸਪਿਨਰ ਨੇ ਸਿਰਫ 21 ਸਾਲਾਂ ਦੀ ਉਮਰ 'ਚ ਹੀ ਧੁੰਮਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਆਈ.ਪੀ.ਐਲ. ਤੋਂ ਬਾਅਦ ਭਾਰਤ 'ਏ' ਵਲੋਂ ਇੰਗਲੈਂਡ ਲਾਈਨ ਵਿਰੁੱਧ ਤਾਜ਼ਾ-ਤਾਜ਼ਾ ਲਈਆਂ 5 ਵਿਕਟਾਂ ਨੇ ਚੋਣ ਕਰਤਾਵਾਂ ਦਾ ਧਿਆਨ ਉਸ ਵੱਲ ਖਿੱਚਿਆ। ਇਨ੍ਹਾਂ ਦੋ ਮੈਚਾਂ 'ਚ ਉਸ ਦਾ ਪ੍ਰਦਰਸ਼ਨ ਉਸ ਦੇ ਲਈ ਭਵਿੱਖ 'ਚ ਹੋਰ ਰਸਤੇ ਖੋਲ੍ਹ ਸਕਦਾ ਹੈ।
ਭਾਵੇਂ ਕਿ ਚੋਣਕਾਰਾਂ ਨੇ ਆਸਟ੍ਰੇਲੀਆ ਦੌਰੇ ਲਈ ਚੁਣੇ ਖਿਡਾਰੀਆਂ ਨਾਲ ਇਸ਼ਾਰਾ ਕਰ ਦਿੱਤਾ ਹੈ ਕਿ ਵਿਸ਼ਵ ਕੱਪ ਦੇ ਸੰਭਾਵੀ ਖਿਡਾਰੀ ਵੀ ਇਹੋ ਹੀ ਹਨ ਪਰ ਇਸ ਲੜੀ ਦੌਰਾਨ ਮਾੜਾ ਪ੍ਰਦਰਸ਼ਨ ਵਿਸ਼ਵ ਕੱਪ ਵਿਚ ਖੇਡਣ ਦੇ ਸੁਪਨੇ ਨੂੰ ਚੂਰ ਵੀ ਕਰ ਸਕਦਾ ਹੈ। ਫਿਲਹਾਲ ਇਹ ਲੜੀ ਵਿਸ਼ਵ ਕੱਪ ਦੇ ਮੱਦੇਨਜ਼ਰ ਸਭ ਦੀਆਂ ਨਜ਼ਰਾਂ 'ਚ ਰਹੇਗੀ।


-ਮੋਬਾ: 98141-32420

ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਨਾਂਅ ਚਮਕਾ ਰਹੇ ਨੇ ਭਾਈਰੂਪਾ ਦੇ ਖਿਡਾਰੀ

ਬਾਬਾ ਭਾਈ ਰੂਪ ਚੰਦ ਖੇਡ ਸਟੇਡੀਅਮ ਭਾਈਰੂਪਾ (ਬਠਿੰਡਾ) ਅੱਜ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ। ਇੱਥੇ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਨੇ ਸਟੇਡੀਅਮ ਵਿਚ ਮੁਫ਼ਤ ਸਿਖਲਾਈ ਦੇ ਰਹੇ ਮਾਹਿਰ ਕੋਚਾਂ ਕੋਲੋਂ ਖੇਡਾਂ ਦੀਆਂ ਬਰੀਕੀਆਂ ਸਿੱਖ ਕੇ ਵੱਖ-ਵੱਖ ਖੇਡਾਂ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਿਆ ਹੈ। ਇਸ ਸਟੇਡੀਅਮ ਵਿਚ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਬੱਚੇ ਵੱਖ-ਵੱਖ ਖੇਡਾਂ ਦੀ ਪ੍ਰੈਕਟਿਸ ਕਰਦੇ ਹਨ, ਜਿਨ੍ਹਾਂ ਨੂੰ ਕੋਚ ਮਾਧਾ ਸਿੰਘ, ਵੇਟਲਿਫਟਿੰਗ ਕੋਚ ਜਸਵਿੰਦਰ ਸਿੰਘ, ਬਾਕਸਿੰਗ ਕੋਚ ਨਿਰਮਲ ਸਿੰਘ, ਅਥਲੈਟਿਕਸ ਕੋਚ ਹਰਨੇਕ ਸਿੰਘ ਸਾਂਚੇ ਵਿਚ ਢਾਲ ਕੇ ਤਰਾਸ਼ ਰਹੇ ਹਨ, ਜੋ ਅੱਗੇ ਚੱਲ ਕੇ ਬਾਬਾ ਭਾਈ ਰੂਪ ਚੰਦ ਖੇਡ ਸਟੇਡੀਅਮ ਦਾ ਨਾਂਅ ਦੁਨੀਆ ਭਰ ਵਿਚ ਰੌਸ਼ਨ ਕਰ ਰਹੇ ਹਨ। ਇਸ ਖੇਡ ਸਟੇਡੀਅਮ ਵਿਚ ਖਿਡਾਰੀਆਂ ਦੇ ਅਭਿਆਸ ਲਈ ਵੇਟਲਿਫਟਿੰਗ ਹਾਲ, ਜਿਮਨੇਜ਼ੀਅਮ ਹਾਲ, ਅਥਲੈਟਿਕ ਟਰੈਕ ਅਤੇ ਬਾਕਸਿੰਗ ਰਿੰਗ ਤੋਂ ਇਲਾਵਾ ਹੋਰ ਖੇਡਾਂ ਦੀਆਂ ਸਹੂਲਤਾਂ ਮੌਜੂਦ ਹਨ।
ਕੋਚ ਮਾਧਾ ਸਿੰਘ : ਕੋਚ ਮਾਧਾ ਸਿੰਘ 80 ਸਾਲਾ ਸਾਬਕਾ ਫ਼ੌਜੀ ਹੈ ਜੋ ਇਸ ਸਟੇਡੀਅਮ ਵਿਚ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਦੇ ਗੁਰ ਦੱਸ ਰਿਹਾ ਹੈ, ਜਿਨ੍ਹਾਂ ਕੋਲ ਰੋਜ਼ਾਨਾ ਸੈਂਕੜੇ ਨੌਜਵਾਨ ਅਭਿਆਸ ਕਰਦੇ ਹਨ। ਕੋਚ ਮਾਧਾ ਸਿੰਘ ਦੱਸਦਾ ਹੈ ਕਿ 1992 ਵਿਚ ਉਹ ਫ਼ੌਜ ਵਿਚੋਂ ਪੈਨਸ਼ਨ ਆਏ ਸਨ। ਉਸ ਤੋਂ ਕੁਝ ਸਾਲ ਬਾਅਦ ਉਨ੍ਹਾਂ ਪਿੰਡ ਦੇ ਸਾਬਕਾ ਫ਼ੌਜੀਆਂ ਨਾਲ ਮਿਲ ਕੇ ਨੌਜਵਾਨਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀ। ਉਨ੍ਹਾਂ ਤੋਂ ਸਿੱਖ ਕੇ ਹੁਣ ਤੱਕ ਤਕਰੀਬਨ 80 ਦੇ ਕਰੀਬ ਨੌਜਵਾਨ ਫ਼ੌਜ ਵਿਚ ਭਰਤੀ ਹੋ ਚੁੱਕੇ ਹਨ। ਉਹ ਰੋਜ਼ਾਨਾ ਦੋ ਘੰਟੇ ਸਵੇਰੇ ਅਤੇ ਦੋ ਘੰਟੇ ਸ਼ਾਮ ਨੂੰ ਨੌਜਵਾਨਾਂ ਨੂੰ ਅਭਿਆਸ ਕਰਵਾਉਂਦੇ ਹਨ।
ਬਾਕਸਿੰਗ ਸੈਂਟਰ : ਇਸ ਸਟੇਡੀਅਮ ਵਿਚ 2009 ਤੋਂ ਭਾਈ ਰੂਪ ਚੰਦ ਬਾਕਸਿੰਗ ਸੈਂਟਰ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਚੱਲ ਰਿਹਾ ਹੈ, ਜਿੱਥੇ ਬਾਕਸਿੰਗ ਕੋਚ ਨਿਰਮਲ ਸਿੰਘ ਵਲੋਂ ਪੂਰੀ ਮਿਹਨਤ ਨਾਲ ਖਿਡਾਰੀਆਂ ਨੂੰ ਬਾਕਸਿੰਗ ਦੀ ਤਿਆਰੀ ਕਰਵਾਈ ਜਾਂਦੀ ਹੈ। ਇਸ ਸੈਂਟਰ ਦੀ ਖਿਡਾਰਨ ਗਗਨਦੀਪ ਕੌਰ ਦੋ ਵਾਰ ਅੰਤਰਰਾਸ਼ਟਰੀ ਪੱਧਰ 'ਤੇ ਬੁਲਗਾਰੀਆ ਅਤੇ ਸਰਬੀਆ ਦੇਸ਼ਾਂ ਵਿਚ ਬਾਕਸਿੰਗ ਖੇਡ ਕੇ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ। ਸੁਖਜੀਵਨ ਸਿੰਘ, ਗੁਰਪਾਲ ਸਿੰਘ, ਕਰਮਜੀਤ ਕੌਰ, ਅਰੁਣਜੋਤ ਸਿੰਘ, ਹਰਮੰਦਰ ਸਿੰਘ, ਅਮਨਦੀਪ ਕੌਰ, ਰਿੰਪਲਜੀਤ ਕੌਰ, ਅਭਿਨਵ ਅਗਰਵਾਲ, ਸੁਖਦੇਵ ਸਿੰਘ, ਰੁਪਿੰਦਰ ਕੌਰ, ਮਨਪ੍ਰੀਤ ਕੌਰ ਸਮੇਤ ਇਕ ਦਰਜਨ ਖਿਡਾਰੀ ਰਾਸ਼ਟਰੀ ਅਤੇ ਦੋ ਦਰਜਨ ਦੇ ਕਰੀਬ ਖਿਡਾਰੀ ਸਟੇਟ ਪੱਧਰ 'ਤੇ ਖੇਡ ਚੁੱਕੇ ਹਨ। ਬਾਕਸਿੰਗ ਕੋਚ ਨਿਰਮਲ ਸਿੰਘ ਦੀ ਅਗਵਾਈ ਵਿਚ ਬਾਕਸਿੰਗ ਦਾ ਸਟੇਟ ਪੱਧਰ ਦਾ ਟੂਰਨਾਮੈਂਟ ਇਸ ਸਟੇਡੀਅਮ ਵਿਚ ਤਿੰਨ ਵਾਰ ਕਰਵਾਇਆ ਜਾ ਚੁੱਕਾ ਹੈ ਅਤੇ 2012 ਤੋਂ ਲੈ ਕੇ ਹੁਣ ਤੱਕ ਬਾਕਸਿੰਗ ਦੇ ਅਲੱਗ-ਅਲੱਗ ਵਰਗਾਂ ਵਿਚ ਓਵਰਆਲ ਚੈਂਪੀਅਨ ਬਠਿੰਡਾ ਦਾ ਬਣਦਾ ਆ ਰਿਹਾ, ਜਿਸ ਵਿਚ ਇਸ ਸੈਂਟਰ ਦੇ ਖਿਡਾਰੀਆਂ ਦਾ ਅਹਿਮ ਰੋਲ ਹੈ।
ਵੇਟਲਿਫਟਿੰਗ : ਵੇਟਲਿਫਟਰ ਕੋਚ ਜਸਵਿੰਦਰ ਸਿੰਘ ਸਟੇਡੀਅਮ ਵਿਚ ਬਣੇ ਵੇਟਲਿਫਟਿੰਗ ਹਾਲ ਅਤੇ ਜਿਮਨੇਜ਼ੀਅਮ ਹਾਲ ਵਿਚ ਖਿਡਾਰੀਆਂ ਨੂੰ ਵਧੀਆ ਵੇਟਲਿਫਟਰ ਬਣਨ ਦੀ ਸਿੱਖਿਆ ਦੇ ਰਿਹਾ ਹੈ, ਜਿਨ੍ਹਾਂ ਦੇ ਚੰਡੇ ਵੇਟਲਿਫਟਰਾਂ ਵਿਚੋਂ ਗੁਰਭਿੰਦਰ ਸਿੰਘ ਨੇ 2016 ਵਿਚ ਜੂਨੀਅਰ ਏਸ਼ੀਆ ਵੇਟਲਿਫਟਿੰਗ ਚੈਂਪੀਅਨਸ਼ਿਪ ਟੋਕੀਓ (ਜਾਪਾਨ) ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ ਚਾਂਦੀ ਦਾ ਤਗਮਾ ਹਾਸਲ ਕੀਤਾ। ਜਸਵੀਰ ਸਿੰਘ ਨੇ 2015, 16, 17 ਤੇ 18 ਵਿਚ ਪੰਜਾਬ ਜੂਨੀਅਰ ਅਤੇ ਸਬ-ਜੂਨੀਅਰ ਨੈਸ਼ਨਲ ਪਟਨਾ ਸਾਹਿਬ ਵਿਖੇ ਭਾਗ ਲਿਆ। ਲਵਪ੍ਰੀਤ ਸਿੰਘ ਨੇ ਨੈਸ਼ਨਲ ਖਿਡਾਰੀ ਸੀਨੀਅਰ ਪੰਜਾਬ ਵੇਟਲਿਫਟਿੰਗ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ, ਲਵਪ੍ਰੀਤ ਕੌਰ, ਜਸਕਰਨਪ੍ਰੀਤ ਕੌਰ, ਅਮਨਦੀਪ ਕੌਰ, ਰੀਮਾ ਕੁਮਾਰੀ, ਰਜਨੀ, ਖੁਸ਼ਪ੍ਰੀਤ ਕੌਰ ਨੇ ਰਾਸ਼ਟਰੀ ਵੇਟਲਿਫਟਰ 2016, 17 ਤੇ 18 ਵਿਚ ਸੋਨ ਤਗਮਾ ਜਿੱਤਿਆ। ਹਰਜੀਤ ਸਿੰਘ ਨੇ 2016-17 ਵਿਚ ਜੂਨੀਅਰ ਵੇਟਲਿਫਟਿੰਗ ਵਿਚ ਭਾਗ ਲਿਆ, ਜੋ ਅੱਜ ਸੀ.ਆਰ.ਪੀ.ਐਫ. ਵਿਚ ਨੌਕਰੀ ਕਰ ਰਿਹਾ ਹੈ।
ਅਥਲੈਟਿਕਸ : ਸਟੇਡੀਅਮ ਵਿਚ ਅਥਲੈਟਿਕ ਕੋਚ ਹਰਨੇਕ ਸਿੰਘ ਵਲੋਂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਹਰਡਲਜ਼ ਦੌੜ ਦੀ ਤਿਆਰੀ ਕਰਵਾਈ ਜਾਂਦੀ ਹੈ, ਜਿਨ੍ਹਾਂ ਤੋਂ ਸਿੱਖ ਕੇ ਖਿਡਾਰੀ ਭਾਈਰੂਪਾ ਦਾ ਨਾਂਅ ਰੌਸ਼ਨ ਕਰ ਰਹੇ ਹਨ, ਜਿਨ੍ਹਾਂ ਵਿਚੋਂ ਪੰਜਾਬ ਪੁਲਿਸ ਵਿਚ ਭਰਤੀ ਜਸਪ੍ਰੀਤ ਕੌਰ ਨੇ ਆਲ ਇੰਡੀਆ ਪੁਲਿਸ ਖੇਡਾਂ ਵਿਚ ਪੰਜਾਬ ਪੁਲਿਸ ਵਲੋਂ ਖੇਡਦਿਆਂ 100 ਮੀਟਰ ਹਰਡਲਜ਼ ਵਿਚ ਦੂਜਾ ਸਥਾਨ ਅਤੇ ਰਿਲੇਅ ਦੌੜ ਵਿਚ ਪਹਿਲਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਜਸਪ੍ਰੀਤ ਕੌਰ ਨੇ 100 ਮੀਟਰ ਹਰਡਲਜ਼ ਨੂੰ 14:23 ਵਿਚ ਪੂਰਾ ਕਰਕੇ 14:60 ਦਾ 15 ਸਾਲ ਪੁਰਾਣਾ ਰਿਕਾਰਡ ਤੋੜਿਆ ਹੈ। ਇਸੇ ਤਰ੍ਹਾਂ ਹੀ ਅਥਲੀਟ ਵੀਰਪਾਲ ਕੌਰ, ਜਸਪ੍ਰੀਤ ਕੌਰ, ਬੇਅੰਤ ਕੌਰ, ਰਾਜਵਿੰਦਰ ਕੌਰ, ਹਰਵਿੰਦਰ ਸਿੰਘ ਅਤੇ ਅਜੇਪ੍ਰਤਾਪ ਸਿੰਘ ਨੇ ਕੋਚ ਹਰਨੇਕ ਸਿੰਘ ਦੀ ਅਗਵਾਈ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ।
ਨਾਮੀ ਖਿਡਾਰੀ : ਜੇਕਰ ਪਿੱਛੇ ਨਿਗ੍ਹਾ ਮਾਰੀਏ ਤਾਂ ਕਬੱਡੀ ਖਿਡਾਰੀ ਗੁਲਜ਼ਾਰ ਸਿੰਘ, ਬਹਾਲ ਸਿੰਘ, ਜਸਵੰਤ ਬਾਘਾ, ਗੁਰਦੀਪ ਘੋੜਾ, ਗੁਰਪ੍ਰੀਤ ਕੈਨੇਡਾ, ਪਾਲਾ ਕੈਨੇਡਾ, ਇੰਦਰਜੀਤ ਰਾਜੂ ਕੈਨੇਡਾ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਵੰਤ ਸਿੰਘ, ਜਗਸੀਰ ਸਿੰਘ, ਵੇਟਲਿਫਟਿੰਗ ਜਸਵਿੰਦਰ ਸਿੰਘ (ਕੌਮੀ ਚੈਂਪੀਅਨ), ਇੰਦਰਪਾਲ ਸਿੰਘ ਸੈਣੀ (ਰੇਲਵੇ), ਹਰਜੀਤ ਆਸਟਰੇਲੀਆ, ਬਲਵਿੰਦਰ ਸਿੰਘ, ਸਾਹਿਬ ਸਿੰਘ, ਗੁਰਜੀਵਨ ਸਿੰਘ, ਜਸਵਿੰਦਰ ਸਿੰਘ, ਨਵਨੀਤ ਗੋਲਡੀ, ਗੁਰਪ੍ਰੀਤ, ਗਗਨਦੀਪ, ਐਥਲੈਟਿਕਸ ਹਰਮਿੰਦਰ ਸਿੰਘ ਡੀ.ਪੀ.ਈ., ਗੁਰਜੰਟ ਸਿੰਘ, ਗੁਰਮੇਲ ਸਿੰਘ ਪੀ.ਟੀ.ਈ., ਹਰਨੇਕ ਸਿੰਘ, ਸੁਰਜੀਤ ਸਿੰਘ, ਸਰਬਜੀਤ ਸਿੰਘ, ਕਮਲਜੀਤ ਸਿੰਘ, ਹਰਵਿੰਦਰ ਸਿੰਘ, ਨਵਪ੍ਰੀਤ ਕੌਰ ਪੁਲਿਸ, ਕਿਰਨਜੀਤ ਕੌਰ ਬੀ.ਐਸ.ਐਫ., ਅਮਨਦੀਪ ਕੌਰ, ਕਿਰਨਦੀਪ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਇਨ੍ਹਾਂ ਗਰਾਊੁਂਡਾਂ ਦੀ ਹੀ ਦੇਣ ਹਨ, ਜਿਨ੍ਹਾਂ ਨੇ ਆਪਣਾ ਤੇ ਭਾਈਰੂਪਾ ਦਾ ਨਾਂਅ ਦੁਨੀਆ ਭਰ ਵਿਚ ਚਮਕਾਇਆ ਹੈ।


-ਪਿੰਡ ਤੇ ਡਾਕ: ਦਿਆਲਪੁਰਾ ਭਾਈਕਾ, ਤਹਿ: ਫੂਲ, ਜ਼ਿਲ੍ਹਾ ਬਠਿੰਡਾ। ਮੋਬਾ: 90419-42308

ਛੋਟੀ ਉਮਰੇ ਅਨੇਕਾਂ ਮੈਡਲ ਜਿੱਤਣ ਵਾਲੀ ਨੈੱਟਬਾਲ ਖਿਡਾਰਨ ਸੁਖਨਪ੍ਰੀਤ ਕੌਰ

ਭਾਵੇਂ ਅੱਜ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਹਾਂ ਪਰ ਸਾਡੀ ਸੋਚ ਵਿਚ ਅਜੇ ਵੀ ਬਹੁਤਾ ਨਵਾਂਪਨ ਨਹੀਂ ਆਇਆ, ਜਿਸ ਕਾਰਨ ਸਮਾਜ ਦਾ ਬਹੁਗਿਣਤੀ ਹਿੱਸਾ ਅਜੇ ਪਿਛਾਂਹ ਵੱਲ ਖੜ੍ਹਾ ਹੀ ਨਜ਼ਰ ਆਉਂਦਾ ਹੈ। ਉਦਾਹਰਨ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਜਦੋਂ ਕਿਸੇ ਦੇ ਘਰ ਕੁੜੀ ਜਨਮ ਲੈਂਦੀ ਹੈ ਤਾਂ ਕਈ ਪਰਿਵਾਰਾਂ 'ਚ ਨਾਮੋਸ਼ੀ ਦਾ ਮਾਹੌਲ ਪਾਇਆ ਜਾਂਦਾ ਹੈ ਪਰ ਜੇਕਰ ਮੁੰਡਾ ਜਨਮ ਲਵੇ ਤਾਂ ਸਾਰੇ ਪਰਿਵਾਰ ਦੇ ਜੀਆਂ ਵਿਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਸਾਡੀ ਸੋਚ ਕਿੱਥੇ ਖੜ੍ਹੀ ਹੈ। ਪਰ ਇਸ ਸੋਚ ਦੇ ਉਲਟ ਇਕ ਧੀ ਨੈੱਟਬਾਲ ਖਿਡਾਰਨ ਸੁਖਨਪ੍ਰੀਤ ਕੌਰ ਜਿਸ ਨੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰ ਕੇ ਇਹ ਸਾਬਿਤ ਕਰ ਦਿੱਤਾ ਕਿ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹਨ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਉੱਗੋਕੇ ਦੀ ਵਾਸੀ 12 ਸਤੰਬਰ 2001 ਨੂੰ ਮਾਤਾ ਸ਼ਰਨਜੀਤ ਕੌਰ ਅਤੇ ਪਿਤਾ ਗੁਰਜਿੰਦਰ ਸਿੰਘ ਦੇ ਘਰ ਜਨਮੀ ਸੁਖਨਪ੍ਰੀਤ ਕੌਰ ਨੇ ਨੈੱਟਬਾਲ ਵਿਚ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਤੱਕ ਖੇਡ ਕੇ ਅਨੇਕਾਂ ਮੈਡਲਾਂ ਨੂੰ ਆਪਣੇ ਗਲੇ ਦਾ ਸ਼ਿੰਗਾਰ ਬਣਾ ਚੁੱਕੀ ਹੈ। ਸੁਖਨਪ੍ਰੀਤ ਕੌਰ ਹੁਣ ਤੱਕ ਰਾਜ ਪੱਧਰ 'ਤੇ 3 ਸੋਨ ਤਗਮੇ, 3 ਸਿਲਵਰ ਅਤੇ ਰਾਸ਼ਟਰੀ ਪੱਧਰ 'ਤੇ 2 ਸੋਨ ਤਗਮੇ ਅਤੇ 3 ਕਾਂਸੀ ਤਗਮੇ ਪ੍ਰਾਪਤ ਕਰ ਚੁੱਕੀ ਹੈ। 2013 'ਚ ਗੁਰਦਾਸਪੁਰ ਵਿਖੇ ਹੋਏ ਅੰਡਰ 14 ਉਮਰ ਵਰਗ ਦੇ ਰਾਜ ਪੱਧਰੀ ਮੁਕਾਬਲਿਆਂ ਵਿਚ ਸੁਖਨਪ੍ਰੀਤ ਕੌਰ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਅਤੇ ਇਸੇ ਸਾਲ ਹੀ ਛੱਤੀਸਗੜ੍ਹ ਦੇ ਬਿਲਾਸਪੁਰ ਵਿਖੇ ਹੋਏ ਰਾਸ਼ਟਰੀ ਪੱਧਰ 'ਤੇ ਕਾਂਸੀ ਦਾ ਤਗਮਾ ਜਿੱਤ ਕੇ ਆਪਣਾ, ਮਾਤਾ-ਪਿਤਾ, ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ, ਜਿਸ ਤੋਂ ਬਾਅਦ ਸੁਖਨਪ੍ਰੀਤ ਨੇ ਆਪਣੇ ਵਧੇ ਹੌਸਲੇ ਸਦਕਾ ਜੇਤੂ ਰੱਥ ਨੂੰ ਨਿਰਵਿਘਨ ਚਲਦਾ ਰੱਖਦਿਆਂ ਹਰ ਸਾਲ ਮੈਡਲ ਜਿੱਤ ਕੇ ਬੱਲੇ-ਬੱਲੇ ਕਰਵਾ ਦਿੱਤੀ। 2014 ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਸੂਬਾ ਪੱਧਰੀ ਮੁਕਾਬਲਿਆਂ 'ਚ ਸੁਖਨਪ੍ਰੀਤ ਨੇ ਸਿਲਵਰ ਮੈਡਲ ਅਤੇ ਰਾਸ਼ਟਰੀ ਪੱਧਰ 'ਤੇ ਉੱਤਰ ਪ੍ਰਦੇਸ਼ ਦੇ ਗਾਜੀਆਬਾਦ ਵਿਖੇ ਹੋਏ ਮੁਕਾਬਲਿਆਂ 'ਚ ਸੋਨ ਤਗਮਾ ਪ੍ਰਾਪਤ ਕੀਤਾ। ਅਗਲੇ ਸਾਲ 2015 'ਚ ਬਰਨਾਲਾ ਵਿਖੇ ਹੋਏ ਸਟੇਟ ਪੱਧਰੀ ਮੁਕਾਬਲਿਆਂ ਦੌਰਾਨ ਸੋਨ ਤਗਮਾ ਹਾਸਲ ਤੇ ਨੈਸ਼ਨਲ ਪੱਧਰ 'ਤੇ ਛੱਤੀਸਗੜ੍ਹ ਦੇ ਦੁਰਗ ਵਿਖੇ ਹੋਏ ਮੈਚਾਂ 'ਚ ਸਿਲਵਰ ਮੈਡਲ ਜਿੱਤਿਆ। 2016 ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਸੂਬਾ ਪੱਧਰੀ ਮੈਚਾਂ 'ਚ ਸੋਨ ਤਗਮਾ ਅਤੇ 2017 'ਚ ਇੱਥੇ ਹੀ ਹੋਏ ਸੂਬਾ ਪੱਧਰੀ ਮੁਕਾਬਲਿਆਂ 'ਚ ਸਿਲਵਰ ਮੈਡਲ ਜਿੱਤਿਆ। ਇਸ ਤੋਂ ਇਲਾਵਾ ਇਸੇ ਸਾਲ ਹੀ ਪੰਜਾਬ ਦੇ ਰੂਪਨਗਰ ਵਿਖੇ ਹੋਏ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ 'ਚ ਸੋਨ ਤਗਮਾ ਪ੍ਰਾਪਤ ਕੀਤਾ। 2018 'ਚ ਤਰਨਤਾਰਨ ਵਿਖੇ ਹੋਏ ਅੰਡਰ 19 ਉਮਰ ਵਰਗ ਦੇ ਮੁਕਾਬਲਿਆਂ 'ਚ ਸਿਲਵਰ ਮੈਡਲ ਅਤੇ ਮਹਾਰਾਸ਼ਟਰ ਦੇ ਸਿਤਾਰਾ ਵਿਖੇ ਹੋਏ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਕਾਂਸੀ ਦਾ ਤਗਮਾ ਹਾਸਿਲ ਕੀਤਾ।
ਸੁਖਨਪ੍ਰੀਤ ਨੇ ਛੋਟੀ ਜਿਹੀ ਉਮਰ ਵਿਚ ਇਹ ਜੋ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ, ਇਹ ਸਚਮੁੱਚ ਹੀ ਉਸ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ। ਜਿਥੇ ਸੁਖਨਪ੍ਰੀਤ ਖੇਡਾਂ ਵਿਚ ਅੱਵਲ ਆ ਰਹੀ ਹੈ ਉਥੇ ਹੀ ਪੜ੍ਹਾਈ ਵਿਚ ਵੀ ਕਿਸੇ ਤੋਂ ਪਿੱਛੇ ਨਹੀਂ ਹੈ। ਉਸ ਨੇ ਹੁਣ ਤੱਕ ਜੋ ਜਮਾਤਾਂ ਪਾਸ ਕੀਤੀਆਂ ਹਨ ਉਨ੍ਹਾਂ ਵਿਚ ਚੰਗੇ ਨੰਬਰ ਲਏ ਹਨ। ਦ੍ਰਿੜ੍ਹ ਇਰਾਦਿਆਂ ਦੀ ਮਾਲਕ ਸੁਖਨਪ੍ਰੀਤ ਦੇਸ਼ ਲਈ ਖੇਡਣਾ ਚਾਹੁੰਦੀ ਹੈ ਜਿਸ ਲਈ ਉਹ ਹੋਰ ਵੀ ਬਹੁਤ ਸਖ਼ਤ ਮਿਹਨਤ ਕਰ ਰਹੀ ਹੈ।


-ਧਨੌਲਾ 148105 ਜ਼ਿਲ੍ਹਾ : ਬਰਨਾਲਾ। ਮੋਬਾਈਲ : 97810-48055.

ਅਪਾਹਜ ਹੋਣ ਦੇ ਬਾਵਜੂਦ ਵੀ ਕ੍ਰਿਕਟ ਦੇ ਮੈਦਾਨ ਦਾ ਸਿਤਾਰਾ ਹੈ ਪੰਕਜ ਕੁਮਾਰ ਸ਼ੁਕਲਾ

ਪੰਕਜ ਕੁਮਾਰ ਸ਼ੁਕਲਾ 10 ਕੁ ਮਹੀਨਿਆਂ ਦਾ ਸੀ ਕਿ ਉਸ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਡਾਕਟਰ ਦੀ ਲਾਪ੍ਰਵਾਹੀ ਆਖ ਲਈਏ ਜਾਂ ਪੰਕਜ ਕੁਮਾਰ ਦੀ ਬਦਕਿਸਮਤੀ, ਡਾਕਟਰ ਨੇ ਤੇਜ਼ ਬੁਖਾਰ ਵਿਚ ਹੀ ਟੀਕਾ ਲਾ ਦਿੱਤਾ ਅਤੇ ਚੜ੍ਹੇ ਤੇਜ਼ ਬੁਖਾਰ ਨੇ ਉਸ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਅਤੇ ਪੰਕਜ ਦੀਆਂ ਦੋਵੇਂ ਲੱਤਾਂ ਨੇ ਤੁਰਨ ਤੋਂ ਜਵਾਬ ਦੇ ਦਿੱਤਾ ਅਤੇ ਉਹ ਸਾਰੀ ਜ਼ਿੰਦਗੀ ਵੀਲ੍ਹਚੇਅਰ 'ਤੇ ਚੱਲਣ ਲਈ ਮਜਬੂਰ ਹੋ ਗਿਆ। ਪੰਕਜ ਕੁਮਾਰ ਦਾ ਜਨਮ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪ੍ਰਯਾਗਰਾਜ ਦੇ ਇਕ ਪਿੰਡ ਬਖਤਿਆਰਾ ਵਿਚ ਪਿਤਾ ਸ਼ਿਵ ਨਰਾਇਣ ਦੇ ਘਰ ਮਾਤਾ ਸਰਲਾ ਦੇਵੀ ਦੀ ਕੁੱਖੋਂ 22 ਅਗਸਤ, 1995 ਨੂੰ ਹੋਇਆ। ਛੋਟੀ ਉਮਰੇ ਅਪਾਹਜ ਹੋਣ ਦੇ ਬਾਵਜੂਦ ਵੀ ਨਾ ਹੀ ਪੰਕਜ ਕੁਮਾਰ ਨੇ ਹਾਰ ਮੰਨੀ ਅਤੇ ਨਾ ਹੀ ਉਸ ਦੇ ਮਾਂ-ਬਾਪ ਨੇ। ਪੰਕਜ ਕੁਮਾਰ ਦੀ ਜ਼ਿੰਦਗੀ ਵੀਲ੍ਹਚੇਅਰ 'ਤੇ ਦੌੜਨ ਲੱਗੀ ਅਤੇ ਵੱਡਾ ਭਰਾ ਪਵਨ ਸ਼ੁਕਲਾ ਉਸ ਨੂੰ ਸਾਈਕਲ 'ਤੇ ਬਿਠਾ ਸਕੂਲ ਛੱਡ ਆਉਂਦਾ ਅਤੇ ਛੁੱਟੀ ਹੋ ਜਾਣ 'ਤੇ ਲੈ ਆਉਂਦਾ। ਇਸੇ ਤਰ੍ਹਾਂ ਪੰਕਜ ਕੁਮਾਰ ਨੇ ਬੀ.ਏ. ਤੱਕ ਦੀ ਪੜ੍ਹਾਈ ਕਾਨਪੁਰ ਯੂਨੀਵਰਸਿਟੀ ਤੋਂ ਕਰ ਲਈ ਅਤੇ ਐਮ. ਏ. (ਇਤਿਹਾਸ) ਲਖਨਊ ਤੋਂ ਅਤੇ ਅੱਜਕਲ੍ਹ ਉਹ ਹੋਰ ਵੀ ਉੱਚ ਵਿੱਦਿਆ ਮੁੰਬਈ ਤੋਂ ਲੈ ਰਿਹਾ ਹੈ।
ਪੰਕਜ ਨੂੰ ਜ਼ਿੰਦਗੀ ਨੇ ਅਪਾਹਜ ਤਾਂ ਬਣਾ ਦਿੱਤਾ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਬਚਪਨ ਵਿਚ ਹੀ ਖੇਡਾਂ ਖੇਡਣ ਦਾ ਜਨੂੰਨ ਉਸ ਅੰਦਰ ਇਕ ਵਾਰ ਫਿਰ ਜਾਗਿਆ ਅਤੇ ਉਸ ਨੇ ਵੀਲ੍ਹਚੇਅਰ 'ਤੇ ਹੀ ਬੈਡਮਿੰਟਨ ਖੇਡਣ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਤੀਜਾ ਇਹ ਹੋਇਆ ਕਿ ਫਰਵਰੀ, 2017 ਵਿਚ ਹੈਦਰਾਬਾਦ ਦੇ ਸ਼ਹਿਰ ਤੇਲੰਗਾਨਾ ਵਿਚ ਆਯੋਜਿਤ ਨੈਸ਼ਨਲ ਪੈਰਾ ਬੈਡਮਿੰਟਨ ਵਿਚ ਹਿੱਸਾ ਲਿਆ, ਜਿਥੇ ਉਸ ਨੇ ਸਿੰਗਲ ਅਤੇ ਡਬਲ ਖੇਡਦਿਆਂ ਦੋ ਕਾਂਸੀ ਦੇ ਤਗਮੇ ਜਿੱਤ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਆਪਣੇ-ਆਪ ਨੂੰ ਸਥਾਪਤ ਕਰ ਲਿਆ ਅਤੇ ਹੁਣ ਤੱਕ ਉਹ ਵੀਲ੍ਹਚੇਅਰ ਬੈਡਮਿੰਟਨ ਦੇ ਕਈ ਟੂਰਨਾਮੈਂਟ ਖੇਡ ਕੇ ਚਾਰ ਕਾਂਸੀ ਦੇ ਤਗਮੇ ਜਿੱਤ ਕੇ ਆਪਣੇ ਪ੍ਰਾਂਤ ਉੱਤਰ ਪ੍ਰਦੇਸ਼ ਅਤੇ ਆਪਣੇ ਜ਼ਿਲ੍ਹੇ ਪ੍ਰਯਾਗਰਾਜ ਦਾ ਨਾਂਅ ਰੌਸ਼ਨ ਕਰ ਚੁੱਕਾ ਹੈ ਅਤੇ ਹੁਣ ਉਹ ਮਹਾਰਾਸ਼ਟਰ ਮੁੰਬਈ ਦੀ ਵੀਲ੍ਹਚੇਅਰ ਕ੍ਰਿਕਟ ਟੀਮ ਦਾ ਇਕ ਵੱਡਾ ਹਿੱਸਾ ਹੈ ਅਤੇ ਨਾਲ ਹੀ ਉਸ ਦੀ ਤੈਰਾਕੀ ਜਾਣੀ ਸਵਿਮਿੰਗ ਦੀ ਤਿਆਰੀ ਵੀ ਚੱਲ ਰਹੀ ਹੈ। ਪੰਕਜ ਕੁਮਾਰ ਸ਼ੁਕਲਾ ਦਾ ਨਿਸ਼ਾਨਾ ਹੈ ਕਿ ਇਕ ਦਿਨ ਉਹ ਉਲੰਪਿਕ ਵਿਚ ਖੇਡੇ ਅਤੇ ਭਾਰਤ ਦਾ ਨਾਂਅ ਰੌਸ਼ਨ ਕਰੇ। ਉਹ ਆਖਦਾ ਹੈ ਕਿ ਭਾਵੇਂ ਪਰਮਾਤਮਾ ਨੇ ਉਸ ਨੂੰ ਬਚਪਨ ਤੋਂ ਹੀ ਦੋਵੇਂ ਲੱਤਾਂ ਤੋਂ ਅਪਾਹਜ ਕਰ ਦਿੱਤਾ ਪਰ ਇਸ ਦੇ ਬਾਵਜੂਦ ਵੀ ਉਹ ਆਤਮ ਸਵੈਮਾਣ ਦੀ ਜ਼ਿੰਦਗੀ ਜਿਉ ਰਿਹਾ ਹੈ।


-ਮੋਬਾ: 98551-14484

ਕੌਮਾਂਤਰੀ ਅਥਲੀਟ ਨਵਪ੍ਰੀਤ ਕੌਰ

ਭਾਰਤੀ ਅਥਲੀਟਾਂ ਨੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ 'ਤੇ ਅਨੇਕਾਂ ਮੱਲਾਂ ਮਾਰੀਆਂ ਹਨ, ਇਸ ਵਿਚ ਔਰਤਾਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ। ਭਾਰਤ ਦੇਸ਼ ਵਿਚ ਭਾਵੇਂ ਔਰਤਾਂ ਨੂੰ ਬਣਦਾ ਸਤਿਕਾਰ ਨਹੀਂ ਮਿਲਦਾ ਪਰ ਜੇਕਰ ਪਿਛਲੀਆਂ ਉਲੰਪਿਕ ਖੇਡਾਂ ਵਿਚ ਮਹਿਲਾ ਅਥਲੀਟ ਤਗਮੇ ਨਾ ਜਿੱਤਦੀਆਂ ਤਾਂ ਭਾਰਤ ਦੀ ਝੋਲੀ ਕੋਈ ਵੀ ਤਗਮਾ ਨਹੀਂ ਆਉਣਾ ਸੀ। ਉਲੰਪਿਕ ਖੇਡਾਂ ਵਰਗੇ ਖੇਡ ਮਹਾਂਕੁੰਭ ਵਿਚ ਇਨ੍ਹਾਂ ਮਹਿਲਾ ਅਥਲੀਟਾਂ ਨੇ ਤਗਮੇ ਜਿੱਤੇ ਹਨ। ਰਾਸ਼ਟਰ ਮੰਡਲ ਤੇ ਏਸ਼ੀਆਈ ਖੇਡਾਂ ਵਿਚ ਵੀ ਭਾਰਤੀ ਮਹਿਲਾ ਅਥਲੀਟਾਂ ਦੀ ਤਗਮੇ ਜਿੱਤਣ ਵਿਚ ਅਹਿਮ ਭੂਮਿਕਾ ਰਹੀ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੀ ਸਟਾਰ ਅਥਲੀਟ ਨਵਪ੍ਰੀਤ ਕੌਰ ਦੀ। ਅਥਲੀਟ ਨਵਪ੍ਰੀਤ ਕੌਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਦੇਸ਼ ਲਈ ਅਨੇਕਾਂ ਮੱਲਾਂ ਮਾਰੀਆਂ ਹਨ। ਕੌਮਾਂਤਰੀ ਅਥਲੀਟ ਨਵਪ੍ਰੀਤ ਕੌਰ ਹੈਪਟੈਥਲੋਨ ਦੀ ਖਿਡਾਰਨ ਹੈ। ਨਵਪ੍ਰੀਤ ਕੌਰ ਦਾ ਜਨਮ ਭਾਈ ਰੂਪਾ, ਤਹਿ: ਤੇ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ, ਜਿਸ ਨੇ ਆਪਣੀ ਮੁਢਲੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਐਮ.ਏ. ਹਿਸਟਰੀ ਪਾਸ ਕੀਤੀ ਅਤੇ ਉਸ ਤੋਂ ਬਾਅਦ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨ.ਆਈ.ਐਸ.) ਵਿਚ ਡਿਪਲੋਮਾ ਇੰਨ ਕੋਚਿੰਗ ਪਾਸ ਕੀਤਾ ਤੇ ਨਾਲ ਹੀ ਆਈ.ਏ.ਏ.ਐੱਫ. ਲੈਵਲ ਵਨ ਦਾ ਕੋਰਸ ਤੇ ਇਲੈਵਨ ਟੂਰ ਲਈ ਕੁਆਲੀਫਾਈ ਕੀਤਾ। ਨਵਪ੍ਰੀਤ ਕੌਰ ਪੰਜਾਬ ਪੁਲਿਸ ਵਿਚ ਬਤੌਰ ਏ.ਐਸ.ਆਈ. ਦੇ ਅਹੁਦੇ 'ਤੇ ਤਾਇਨਾਤ ਹੈ। ਇਸ ਮਹਿਲਾ ਅਥਲੀਟ ਨੇ ਅੰਤਰਰਾਸ਼ਟਰੀ ਪੱਧਰ 'ਤੇ 3 ਏਸ਼ੀਆਈ ਇੰਡੋਰ ਗੇਮਜ਼, ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ, ਏਸ਼ੀਅਨ ਟਰੈਕ ਫੀਲਡ ਅਥਲੈਟਿਕਸ ਚੈਂਪੀਅਨਸ਼ਿਪ ਪੂਨਾ ਵਿਖੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ।
ਰਾਸ਼ਟਰ ਮੰਡਲ ਖੇਡਾਂ 2010 ਵਿਚ ਨਵਪ੍ਰੀਤ ਕੌਰ ਨੇ ਸੱਤਵਾਂ ਸਥਾਨ ਹਾਸਲ ਕੀਤਾ। ਕੌਮਾਂਤਰੀ ਅਥਲੀਟ ਨਵਪ੍ਰੀਤ ਕੌਰ ਨੇ ਰਾਸ਼ਟਰੀ ਪੱਧਰ 'ਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ 2006-07 ਵਿਚ ਸੋਨ ਤਗਮਾ ਅਤੇ ਕਾਂਸੀ ਦਾ ਤਗਮਾ ਜਿੱਤਿਆ। ਨੈਸ਼ਨਲ ਸਪਰਿੰਟ ਮੀਟ ਜੋ ਪਟਿਆਲਾ ਵਿਖੇ ਹੋਈ, ਉਸ ਵਿਚ ਸੋਨ ਤਗਮਾ, ਓਪਨ ਸਟੇਟ ਸੀਨੀਅਰ ਨੈਸ਼ਨਲ ਵਿਚ ਚਾਂਦੀ ਦਾ ਤਗਮਾ ਅਤੇ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ। ਫੈਡਰੇਸ਼ਨ ਕੱਪ ਵਿਚ ਚਾਂਦੀ ਦਾ ਤਗਮਾ, ਨੈਸ਼ਨਲ ਗੇਮਜ਼ ਰਾਂਚੀ ਵਿਚ 3 ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ ਇਸ ਅਥਲੀਟ ਨੇ ਪੰਜਾਬ ਪੁਲਿਸ ਵਿਚ ਸੇਵਾ ਕਰਦੇ ਹੋਏ ਇੰਡੀਆ ਪੁਲਿਸ ਵਿਚ 2011-12 ਵਿਚ 2 ਕਾਂਸੀ ਦੇ ਤਗਮੇ , 2012-13-14 ਵਿਚ ਸੋਨ ਤਗਮਾ ਅਤੇ 2014-15 ਵਿਚ ਕਾਂਸੀ ਦਾ ਤਗ਼ਮਾ ਤੇ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਪੁਲਿਸ ਦਾ ਨਾਂਅ ਰੌਸ਼ਨ ਕੀਤਾ। ਕੌਮਾਂਤਰੀ ਅਥਲੀਟ ਨਵਪ੍ਰੀਤ ਕੌਰ ਨੇ ਜਿੱਥੇ ਪੰਜਾਬ ਪੁਲਿਸ ਲਈ ਰਾਸ਼ਟਰੀ ਪੱਧਰ 'ਤੇ ਤਗਮੇ ਜਿੱਤੇ ਹਨ, ਨਾਲ ਹੀ ਵਰਲਡ ਪੁਲਿਸ ਐਂਡ ਫਾਇਰ ਗੇਮਾਂ ਕੈਨੇਡਾ ਵਿਚ ਹਾਈਜੰਪ, ਲੌਂਗ ਈਵੈਂਟ ਵਿਚ ਸੋਨ ਤਗਮੇ ਭਾਰਤ ਲਈ ਜਿੱਤੇ ਹਨ। ਕੌਮਾਂਤਰੀ ਅਥਲੀਟ ਨਵਪ੍ਰੀਤ ਕੌਰ ਦੀਆਂ ਖੇਡ ਪ੍ਰਾਪਤੀਆਂ ਨੂੰ ਦੇਖਦੇ ਹੋਏ ਭਾਰਤੀ ਅਥਲੈਟਿਕ ਫੈਡਰੇਸ਼ਨ ਨੇ ਭਾਰਤੀ ਅਥਲੈਟਿਕਸ ਟੀਮ ਦਾ ਕੋਚ ਨਿਯੁਕਤ ਕੀਤਾ।


-ਮੋਬਾ: 82888-47042

ਭਾਰਤੀ ਫੁੱਟਬਾਲ ਲਈ ਬਦਲਾਓ ਦਾ ਸਮਾਂ

ਇਹ ਸਾਲ ਯਾਨੀ 2019 ਜਦੋਂ ਸ਼ੁਰੂ ਹੋਇਆ ਸੀ ਤਾਂ ਇਸ ਮੌਕੇ ਭਾਰਤੀ ਫੁੱਟਬਾਲ ਟੀਮ ਦੇ ਹਾਲਾਤ ਕਾਫ਼ੀ ਉਤਸ਼ਾਹ ਵਾਲੇ ਸਨ। ਦੇਸ਼ ਦੀਆਂ ਘਰੇਲੂ ਫੁੱਟਬਾਲ ਲੀਗਾਂ ਬੇਹੱਦ ਵਧੀਆ ਚੱਲ ਰਹੀਆਂ ਸਨ। ਰਾਸ਼ਟਰੀ ਟੀਮ ਵੀ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ ਅਤੇ ਇਸੇ ਕੌਮੀ ਟੀਮ ਨੇ ਦਰਜਾਬੰਦੀ ਅਤੇ ਖੇਡ ਪੱਖੋਂ ਵੀ ਅੰਤਰਰਾਸ਼ਟਰੀ ਪੱਧਰ ਉੱਤੇ ਕਾਫ਼ੀ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਲ ਦੇ ਸ਼ੁਰੂ ਵਿਚ ਹੀ ਇਸ ਸਾਲ ਦਾ ਸਭ ਤੋਂ ਪਹਿਲਾ ਅਤੇ ਭਾਰਤ ਦੇ ਨਜ਼ਰੀਏ ਤੋਂ ਸਭ ਤੋਂ ਵੱਡਾ ਟੂਰਨਾਮੈਂਟ ਏਸ਼ੀਆ ਕੱਪ ਹੋਇਆ ਅਤੇ ਇਸ ਤੋਂ ਬਾਅਦ ਹਾਲਾਤ ਨੇ ਇਕ ਦਮ ਮੋੜਾ ਖਾਧਾ ਹੈ। ਜਿਥੇ ਏਸ਼ੀਆ ਕੱਪ ਤੋਂ ਪਹਿਲਾਂ ਬੇਹੱਦ ਉਤਸ਼ਾਹ ਭਰਪੂਰ ਮਾਹੌਲ ਸੀ, ਉਥੇ ਹੁਣ ਭਾਰਤੀ ਫੁੱਟਬਾਲ ਫੇਰ ਇਕ ਤਰ੍ਹਾਂ ਦੇ ਬਦਲਾਓ ਵਿਚ ਪਹੁੰਚ ਗਿਆ ਹੈ ਕਿਉਂਕਿ ਏਸ਼ੀਆ ਕੱਪ ਵਿਚ ਭਾਰਤੀ ਟੀਮ ਆਪਣੇ ਕੱਦ ਦੇ ਹਿਸਾਬ ਨਾਲ ਨਹੀਂ ਖੇਡੀ ਅਤੇ ਕਈ ਛੋਟੇ ਦੇਸ਼ਾਂ ਤੋਂ ਵੀ ਪਛੜ ਗਈ। ਇਸੇ ਟੂਰਨਾਮੈਂਟ ਦੌਰਾਨ ਭਾਰਤ ਨੇ ਥਾਈਲੈਂਡ ਵਿਰੁੱਧ ਕੁੱਲ 33 ਸਾਲਾਂ ਬਾਅਦ ਜਿੱਤ ਦਰਜ ਕਰਨ ਤੋਂ ਬਾਅਦ ਉਮੀਦਾਂ ਜਗਾਈਆਂ ਸਨ ਪਰ ਭਾਰਤੀ ਟੀਮ ਇਨ੍ਹਾਂ ਆਸਾਂ ਦੇ ਜਾਗਣ ਉਪਰੰਤ ਏਸ਼ੀਅਨ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਆਪਣੀ ਜੇਤੂ ਲੈਅ ਬਰਕਰਾਰ ਨਹੀਂ ਸੀ ਰੱਖ ਸਕੀ ਅਤੇ ਉਸ ਨੂੰ ਮੇਜ਼ਬਾਨ ਯੂ.ਏ.ਈ. ਹੱਥੋਂ 2-0 ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਹੀ ਹਾਰ ਮਹਿੰਗੀ ਸਾਬਤ ਹੋਈ ਸੀ। ਭਾਰਤੀ ਸਟਾਰ ਸਟ੍ਰਾਈਕਰ ਅਤੇ ਕਪਤਾਨ ਸੁਨੀਲ ਛੇਤਰੀ, ਅਨਿਰੁਧ ਥਾਪਾ ਅਤੇ ਜੇ.ਜੇ. ਲਾਲਪੇਖਲੂਆ ਨੇ ਸ਼ਾਨਦਾਰ ਗੋਲਾਂ ਨਾਲ ਸ਼ੁਰੂਆਤ ਕੀਤੀ ਸੀ ਪਰ ਜਿਊਂ-ਜਿਊਂ ਟੂਰਨਾਮੈਂਟ ਅੱਗੇ ਵਧਿਆ ਤਾਂ ਇਹ ਸਾਰੇ ਖਿਡਾਰੀ ਆਪਣੀ ਟੀਮ ਲਈ ਅਜਿਹੇ ਗੋਲ ਮੁੜ ਨਹੀਂ ਸਨ ਕਰ ਸਕੇ।
ਇਸੇ ਦਾ ਨਤੀਜਾ ਸੀ ਕਿ ਬਹਿਰੀਨ ਹੱਥੋਂ 0-1 ਦੇ ਫ਼ਰਕ ਨਾਲ ਹਾਰਨ ਤੋਂ ਬਾਅਦ ਭਾਰਤ ਏਸ਼ੀਅਨ ਕੱਪ ਤੋਂ ਬਾਹਰ ਹੋ ਗਿਆ ਸੀ। ਇਸ ਹਾਰ ਦਾ ਫ਼ਰਕ ਅਤੇ ਹਾਲਤ ਦਾ ਫ਼ਰਕ ਬੇਹੱਦ ਫਸਵਾਂ ਅਤੇ ਨਜ਼ਦੀਕੀ ਸੀ। ਭਾਰਤ 'ਗਰੁੱਪ-ਏ' ਦੇ ਆਖਰੀ ਮੈਚ ਵਿਚ 90 ਮਿੰਟ ਤੱਕ ਗੋਲ ਰਹਿਤ ਬਰਾਬਰੀ ਤੱਕ ਸੀ ਅਤੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਨਾਕਆਊਟ ਵਿਚ ਜਗ੍ਹਾ ਬਣਾਉਣ ਦੇ ਨੇੜੇ ਸੀ ਪਰ ਬਹਿਰੀਨ ਨੇ ਅੰਤਿਮ ਮੌਕੇ ਗੋਲ ਕਰ ਕੇ ਮੈਚ ਜਿੱਤ ਲਿਆ ਸੀ। ਜੇਕਰ ਇਹ ਗੋਲ ਨਾ ਹੁੰਦਾ ਤੇ ਭਾਰਤੀ ਟੀਮ ਕਿਸੇ ਤਰ੍ਹਾਂ ਥੋੜ੍ਹਾ ਸਮਾਂ ਹੋਰ ਕੱਢ ਜਾਂਦੀ ਤਾਂ ਹਾਲਾਤ ਹੋਰ ਹੀ ਹੋਣੇ ਸਨ ਪਰ ਅਜਿਹਾ ਨਹੀਂ ਹੋਇਆ ਅਤੇ ਇਸੇ ਹਾਰ ਨੇ ਭਾਰਤੀ ਫੁੱਟਬਾਲ ਦਾ ਭਵਿੱਖ ਪ੍ਰਭਾਵਿਤ ਕਰ ਦਿੱਤਾ। ਇਸੇ ਹਾਰ ਦੇ ਨਾਲ ਹੀ ਭਾਰਤੀ ਫੁੱਟਬਾਲ ਦੇ ਮੁੱਖ ਕੋਚ ਸਟੀਫਨ ਕੋਂਸਟੇਨਟਾਈਨ ਨੇ ਕੋਚ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਟੀਫਨ ਕੋਂਸਟੇਨਟਾਈਨ ਦਾ ਭਾਰਤੀ ਫੁੱਟਬਾਲ ਦੇ ਨਾਲ ਮੁੱਖ ਕੋਚ ਅਹੁਦੇ ਦਾ ਕਰਾਰ 31 ਜਨਵਰੀ ਨੂੰ ਖ਼ਤਮ ਹੋਣਾ ਸੀ ਪਰ ਉਨ੍ਹਾਂ ਅਸਤੀਫ਼ਾ ਭਾਰਤ ਦੇ ਏਸ਼ੀਆ ਕੱਪ ਤੋਂ ਬਾਹਰ ਹੋਣ ਦੇ ਨਾਲ ਹੀ ਦੇ ਦਿੱਤਾ ਸੀ। ਕੋਂਸਟੇਨਟਾਈਨ ਨੇ ਸਾਲ 2015 ਵਿਚ ਮੁੱਖ ਕੋਚ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੇ ਕਾਰਜਕਾਲ ਨੂੰ 2 ਵਾਰ ਇਕ ਸਾਲ ਲਈ ਵਧਾਇਆ ਗਿਆ। ਇਸ ਤੋਂ ਪਹਿਲਾਂ, ਉਹ 2002 ਤੋਂ 2005 ਤੱਕ ਵੀ ਭਾਰਤ ਦੇ ਕੋਚ ਰਹੇ ਸਨ। ਉਨ੍ਹਾਂ ਦੇ ਨਾਲ ਹੀ ਕੇਰਲਾ ਬਲਾਸਟਰਸ ਅਤੇ ਭਾਰਤ ਦੇ ਡਿਫੈਂਡਰ ਅਨਸ ਇਦਾਥੋਦਿਕਾ ਨੇ ਵੀ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਤਰ੍ਹਾਂ ਭਾਰਤੀ ਫੁੱਟਬਾਲ ਲਈ ਹੁਣ ਬਦਲਾਓ ਦਾ ਸਮਾਂ ਹੈ ਅਤੇ ਇਕ ਤਰ੍ਹਾਂ ਨਾਲ ਹੁਣ ਨਵੇਂ ਕੋਚ ਅਤੇ ਨਵੇਂ ਖਿਡਾਰੀਆਂ ਦਰਮਿਆਨ ਮੌਜੂਦਾ ਚੰਗੇ ਪਹਿਲੂ ਬਰਕਰਾਰ ਰੱਖਦੇ ਹੋਏ ਇਕ ਨਵੀਂ ਸ਼ੁਰੂਆਤ ਦਾ ਮਾਹੌਲ ਵੀ ਬਣ ਰਿਹਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ 144023.
E-mail: sudeepsdhillon@ymail.com

ਨਿਊਜ਼ੀਲੈਂਡ 'ਤੇ ਵੱਡੀ ਜਿੱਤ ਨਾਲ ਭਾਰਤ ਨੇ ਪੇਸ਼ ਕੀਤੀ ਵਿਸ਼ਵ ਕੱਪ ਲਈ ਮਜ਼ਬੂਤ ਦਾਅਵੇਦਾਰੀ

ਆਸਟ੍ਰੇਲੀਆ ਵਿਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਨਿਊਜ਼ੀਲੈਂਡ ਪਹੁੰਚੀ ਭਾਰਤੀ ਕ੍ਰਿਕਟ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਭਾਰਤ ਨੇ ਇਕ ਦਿਨਾ ਮੈਚਾਂ ਦੀ ਲੜੀ 'ਚ ਨਿਊਜ਼ੀਲੈਂਡ ਨੂੰ 4-1 ਨਾਲ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤ ਦੀ ਇਹ ਜਿੱਤ 1967 ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕ੍ਰਿਕਟ ਭਾਵ ਟੈਸਟ, ਇਕ ਦਿਨਾ ਜਾਂ ਟੀ-20 ਵਿਚ ਸਭ ਤੋਂ ਵੱਡੇ ਫਰਕ ਨਾਲ ਦਰਜ਼ ਕੀਤੀ ਜਿੱਤ ਹੈ। ਧੋਨੀ, ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਜਿਹੇ ਤਜਰਬੇਕਾਰ ਖਿਡਾਰੀਆਂ ਅਤੇ ਨੌਜਵਾਨ ਖਿਡਾਰੀਆਂ ਦੇ ਜੋਸ਼ ਨਾਲ ਭਰਪੂਰ ਭਾਰਤੀ ਟੀਮ ਨੇ ਹਰ ਖੇਤਰ ਵਿਚ ਭਾਵ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਵਿਚ ਨਿਊਜ਼ੀਲੈਂਡ ਨੂੰ ਪਛਾੜਿਆ। ਆਪਣੇ ਘਰੇਲੂ ਮੈਦਾਨ 'ਤੇ ਖੇਡ ਰਹੀ ਨਿਊਜ਼ੀਲੈਂਡ ਦੀ ਟੀਮ ਨੂੰ ਏਨੇ ਵੱਡੇ ਫ਼ਰਕ ਨਾਲ ਚੌਥੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਦੋ ਵਾਰ ਆਸਟ੍ਰੇਲੀਆ ਅਤੇ ਇਕ ਵਾਰ ਸ੍ਰੀਲੰਕਾ ਦੀ ਟੀਮ ਉਸ ਨੂੰ ਘਰੇਲੂ ਮੈਦਾਨ 'ਤੇ 4-1 ਦੇ ਫ਼ਰਕ ਨਾਲ ਹਰਾ ਚੁੱਕੀਆਂ ਹਨ।
ਲੜੀ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਨੇ ਆਪਣਾ ਦਬਦਬਾ ਕਾਇਮ ਰੱਖਿਆ। ਪਹਿਲੇ ਤਿੰਨ ਮੈਚਾਂ ਵਿਚ ਜਿੱਤ ਹਾਸਲ ਕਰਕੇ ਭਾਰਤ ਨੇ ਅਜੇਤੂ ਬੜ੍ਹਤ ਬਣਾ ਲਈ ਸੀ। ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਭਾਰਤ ਪਹਿਲੀ ਵਾਰ ਨਿਊਜ਼ੀਲੈਂਡ ਨੂੰ ਉਸ ਦੇ ਘਰੇਲੂ ਮੈਦਾਨ ਵਿਚ ਇਕ ਵੀ ਜਿੱਤ ਪ੍ਰਾਪਤ ਨਹੀਂ ਹੋਣ ਦੇਵੇਗਾ। ਪਹਿਲੇ ਤਿੰਨ ਮੈਚਾਂ ਵਿਚ ਸ਼ਾਨਦਾਰ 148 ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਨੂੰ ਤਰਜੀਹ ਦਿੱਤੀ। ਚੌਥੇ ਇਕ ਦਿਨਾ ਮੈਚ ਤੋਂ ਪਹਿਲਾਂ ਸੱਟ ਲੱਗਣ ਕਾਰਨ ਮਹਿੰਦਰ ਸਿੰਘ ਧੋਨੀ ਨੂੰ ਵੀ ਬਾਹਰ ਬੈਠਣਾ ਪਿਆ। ਜਿਸ ਦਾ ਖਮਿਆਜ਼ਾ ਭਾਰਤੀ ਟੀਮ ਨੂੰ ਭੁਗਤਣਾ ਪਿਆ। ਬੱਲੇਬਾਜ਼ਾਂ ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨ ਭਾਰਤੀ ਟੀਮ ਸਿਰਫ਼ 92 ਦੌੜਾਂ 'ਤੇ ਹੀ ਸਿਮਟ ਗਈ ਅਤੇ ਨਿਊਜ਼ੀਲੈਂਡ ਨੇ ਇਹ ਮੈਚ ਆਸਾਨੀ ਨਾਲ ਜਿੱਤ ਲਿਆ। ਦੱਸਣਯੋਗ ਹੈ ਕਿ ਬਾਕੀ ਬਚੀਆਂ ਗੇਂਦਾਂ ਦੇ ਹਿਸਾਬ ਨਾਲ ਭਾਰਤ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਹਾਰ ਸੀ। ਇਸ ਹਾਰ ਨਾਲ ਭਾਰਤੀ ਟੀਮ ਦੀ ਵਿਰਾਟ ਕੋਹਲੀ ਤੇ ਧੋਨੀ 'ਤੇ ਵੱਡੀ ਹੱਦ ਤੱਕ ਨਿਰਭਰਤਾ ਵੀ ਸਾਹਮਣੇ ਆਈ ਜੋ ਕਿ ਵਧੇਰੇ ਚਿੰਤਾ ਦਾ ਵਿਸ਼ਾ ਹੈ। ਆਖ਼ਰੀ ਇਕ ਦਿਨਾ ਮੈਚ 'ਚ ਅੰਬਾਤੀ ਰਾਇਡੂ ਦੀਆਂ ਸ਼ਾਨਦਾਰ 90 ਦੌੜਾਂ ਦੇ ਦਮ 'ਤੇ ਭਾਰਤੀ ਟੀਮ 252 ਤੱਕ ਪਹੁੰਚ ਸਕੀ ਪਰ ਗੇਂਦਬਾਜ਼ਾਂ ਦੇ ਉਮਦਾ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਨੇ 35 ਦੌੜਾਂ ਨਾਲ ਜਿੱਤ ਹਾਸਲ ਕੀਤੀ। ਇਸ ਲੜੀ ਵਿਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 20 ਵਿਕਟਾਂ ਹਾਸਲ ਕੀਤੀਆਂ। ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਵੀ 4 ਮੈਚਾਂ ਵਿਚ 9 ਵਿਕਟਾਂ ਹਾਸਲ ਕਰਦਿਆਂ ਗੇਂਦਬਾਜ਼ੀ ਦੇ ਹਮਲਾਵਰ ਰੁਖ ਨੂੰ ਬਣਾਈ ਰੱਖਿਆ। ਭਾਰਤੀ ਬੱਲੇਬਾਜ਼ ਅੰਬਾਤੀ ਰਾਇਡੂ ਨੇ ਸਭ ਤੋਂ ਵੱਧ 190 ਦੌੜਾਂ ਬਣਾਈਆਂ ਅਤੇ ਸ਼ਿਖਰ ਧਵਨ ਨੇ 188 ਦੌੜਾਂ ਬਣਾਉਂਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ। ਕੁਝ ਸਮਾਂ ਪਹਿਲਾਂ ਵਿਵਾਦਾਂ 'ਚ ਰਹੇ ਹਾਰਦਿਕ ਪਾਂਡਿਆ ਦਾ ਪ੍ਰਦਰਸ਼ਨ ਵੀ ਚੰਗਾ ਰਿਹਾ। ਪੰਜਵੇਂ ਇਕ ਦਿਨਾ 6 ਮੈਚਾਂ ਵਿਚ ਉਸ ਨੇ ਛੱਕਿਆਂ ਦੀ ਹੈਟ੍ਰਿਕ ਲਗਾਈ, ਅਜਿਹਾ ਕਾਰਨਾਮਾ ਉਸ ਨੇ ਚੌਥੀ ਵਾਰ ਕੀਤਾ। ਇਸ ਤੋਂ ਪਹਿਲਾਂ ਪਾਂਡਿਆ ਦੋ ਵਾਰ ਪਾਕਿਸਤਾਨ ਵਿਰੁੱਧ ਅਤੇ ਇਕ ਵਾਰ ਆਸਟ੍ਰੇਲੀਆ ਵਿਰੁੱਧ ਛੱਕਿਆਂ ਦੀ ਹੈਟ੍ਰਿਕ ਲਗਾ ਚੁੱਕਿਆ ਹੈ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਭਾਰਤੀ ਟੀਮ ਦਾ ਪ੍ਰਦਰਸ਼ਨ ਹਰ ਖੇਤਰ ਵਿਚ ਨਿਊਜ਼ੀਲੈਂਡ ਦੀ ਟੀਮ 'ਤੇ ਭਾਰੂ ਰਿਹਾ। ਇਸ ਲੜੀ ਦੌਰਾਨ ਨਿਊਜ਼ੀਲੈਂਡ ਦੀ ਪੁਲਿਸ ਵਲੋਂ ਕੀਤੀ ਗਈ ਟਿੱਪਣੀ ਵੀ ਸੁਰਖੀਆਂ ਬਟੋਰਨ 'ਚ ਕਾਮਯਾਬ ਰਹੀ।
ਨਿਊਜ਼ੀਲੈਂਡ 'ਚ ਇਕ ਦਿਨਾ ਮੈਚਾਂ ਤੋਂ ਬਾਅਦ ਸ਼ੁਰੂ ਹੋਈ ਟੀ-20 ਲੜੀ ਦੇ ਪਹਿਲੇ ਮੁਕਾਬਲੇ ਵਿਚ ਭਾਰਤ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਦੌੜਾਂ ਦੇ ਫ਼ਰਕ ਦੇ ਆਧਾਰ 'ਤੇ ਇਹ ਭਾਰਤ ਦੀ ਸਭ ਤੋਂ ਵੱਡੀ ਹਾਰ ਸੀ। ਦੂਜੇ ਮੁਕਾਬਲੇ ਵਿਚ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਲੜੀ ਨੂੰ ਬਰਾਬਰੀ 'ਤੇ ਲੈ ਆਂਦਾ। ਤੀਜੇ ਟੀ-20 ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 4 ਦੌੜਾਂ ਦੇ ਫ਼ਰਕ ਨਾਲ ਹਰਾ ਕੇ ਲੜੀ 'ਤੇ 2-1 ਨਾਲ ਕਬਜ਼ਾ ਕਰ ਲਿਆ।


-ਪਿੰਡ ਭੀਖੀ ਖੱਟੜਾ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 96532-96535

ਹਾਕੀ ਉਲੰਪੀਅਨ ਊਧਮ ਸਿੰਘ ਨੂੰ ਯਾਦ ਕਰਦਿਆਂ

ਸੰਸਾਰਪੁਰੀਏ ਹਾਕੀ ਖਿਡਾਰੀਆਂ ਨੇ ਪੂਰੀ ਦੁਨੀਆ 'ਚ ਹਾਕੀ ਹੁਨਰ ਦਾ ਲੋਹਾ ਮੰਨਵਾਇਆ ਹੈ। ਜਲੰਧਰ ਛਾਉਣੀ ਦੀ ਨਿਆਈਂ 'ਚ ਵਸਦੇ ਇਸੇ ਪਿੰਡ ਦਾ ਹੀ ਜੰਮਪਲ ਹੈ ਊਧਮ ਸਿੰਘ। ਭਾਰਤ ਨੇ ਆਪਣੀ ਰਵਾਇਤੀ ਹਾਕੀ ਖੇਡ ਪ੍ਰਣਾਲੀ ਰਾਹੀਂ ਹੁਣ ਤੱਕ 8 ਵਾਰੀ ਉਲੰਪਿਕ ਸੋਨ ਤਗਮੇ ਜਿੱਤੇ ਹਨ, ਜੋ ਅਸਲ ਵਿਚ ਉਲੰਪਿਕ ਹਾਕੀ ਜਗਤ ਦੀ ਹੁਣ ਤੱਕ ਦੀ ਮਹਾਨ ਅਤੇ ਗੌਰਵਮਈ ਪ੍ਰਾਪਤੀ ਹੈ। ਜੇ ਗੌਰ ਨਾਲ ਵਿਚਾਰਿਆ ਜਾਵੇ ਤਾਂ ਇਨ੍ਹਾਂ ਅੱਠ ਉਲੰਪਿਕ ਜਿੱਤਾਂ ਪਿੱਛੇ ਜਿਨ੍ਹਾਂ ਉੱਘੇ ਖਿਡਾਰੀਆਂ ਨੇ ਆਪਣਾ ਤਨ, ਮਨ ਅਤੇ ਧਨ ਨਿਛਾਵਰ ਕੀਤਾ, ਉਨ੍ਹਾਂ ਵਿਚੋਂ ਊਧਮ ਸਿੰਘ ਦਾ ਨਾਂਅ ਪਹਿਲੀ ਕਤਾਰ ਵਿਚ ਆਉਂਦਾ ਹੈ।
ਕੁਲਾਰ ਪਰਿਵਾਰ 'ਚ 4 ਅਗਸਤ, 1928 ਨੂੰ ਸੰਸਾਰਪੁਰ 'ਚ ਜਨਮ ਲੈਣ ਵਾਲਾ ਊਧਮ ਸਿੰਘ ਹਾਕੀ ਦੇ ਲੜ ਉਦੋਂ ਹੀ ਲੱਗ ਗਿਆ, ਜਦੋਂ ਉਹ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਸੀ। ਥੋੜ੍ਹਾ ਵੱਡਾ ਹੋਣ 'ਤੇ ਉਹ ਜਲੰਧਰ ਛਾਉਣੀ ਦੇ ਐਨ.ਡੀ. ਵਿਕਟਰ ਹਾਈ ਸਕੂਲ 'ਚ ਹਾਕੀ ਖੇਡਣ ਲੱਗਾ। ਮੁਢਲੀ ਪੜ੍ਹਾਈ ਮਗਰੋਂ ਡੀ.ਏ.ਵੀ. ਕਾਲਜ ਜਲੰਧਰ ਤੋਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੌਰਾਨ ਹੀ 19 ਸਾਲ ਦੀ ਉਮਰ 'ਚ ਉਹ ਪੰਜਾਬ ਹਾਕੀ ਟੀਮ ਦੇ ਮੈਂਬਰ ਬਣ ਗਏ। 1947 ਤੋਂ ਲੈ ਕੇ 1966 ਤੱਕ ਊਧਮ ਸਿੰਘ ਨੇ ਕੌਮੀ ਹਾਕੀ ਪ੍ਰਤੀਯੋਗਤਾ 'ਚ ਪੰਜਾਬ ਦੀ ਨੁਮਾਇੰਦਗੀ ਕੀਤੀ। 1948 ਦੇ ਹਾਕੀ ਉਲੰਪਿਕ ਮੁਕਾਬਲਿਆਂ ਲਈ ਉਸ ਨੂੰ ਭਾਰਤੀ ਟੀਮ ਦੇ ਸਿਖਲਾਈ ਕੈਂਪ 'ਚ ਸ਼ਾਮਿਲ ਕਰ ਲਿਆ ਗਿਆ ਪਰ ਸੱਟ ਲੱਗਣ ਕਾਰਨ ਊਧਮ ਸਿੰਘ ਲੰਦਨ ਵਿਖੇ 1948 ਦੀਆਂ ਉਲੰਪਿਕ ਖੇਡਾਂ ਵਿਚ ਭਾਗ ਨਾ ਲੈ ਸਕਿਆ। 1949 ਵਿਚ ਉਹ ਭਾਰਤੀ ਟੀਮ ਨਾਲ ਅਫ਼ਗਾਨਿਸਤਾਨ ਖੇਡਣ ਗਿਆ। 1952 'ਚ ਹੈਲਸਿੰਕੀ (ਫਿਨਲੈਂਡ) ਅਤੇ 1956 'ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਉਲੰਪਿਕ ਹਾਕੀ ਖੇਡਿਆ। ਮੈਲਬੌਰਨ ਵਿਖੇ ਸੈਮੀਫਾਈਨਲ ਭਾਰਤ ਅਤੇ ਜਰਮਨੀ ਵਿਚਕਾਰ ਖੇਡਿਆ ਗਿਆ। ਭਾਰਤ ਦੀ 1-0 ਦੀ ਜਿੱਤ 'ਚ, ਜਿੱਤ ਦਾ ਸ਼ਿਲਪਕਾਰ ਊਧਮ ਸਿੰਘ ਬਣਿਆ।
ਮੈਲਬੌਰਨ ਦੀ ਧਰਤੀ ਤੋਂ ਸ਼ੁਰੂ ਹੋਇਆ ਇਸ ਊਧਮ ਸਿੰਘ ਦਾ ਅਸਲੀ ਉੱਦਮ, ਤੇ ਲੈ ਗਿਆ ਉਸ ਨੂੰ ਹਾਕੀ ਆਸਮਾਨ ਦੀਆਂ ਬੁਲੰਦੀਆਂ 'ਤੇ। 1955 'ਚ ਇਸ ਸੰਸਾਰਪੁਰੀਏ ਹਾਕੀ ਖਿਡਾਰੀ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਯਾਦ ਰਹੇ 'ਇਨਸਾਈਡ ਫਾਰਵਰਡ' ਵਜੋਂ ਖੇਡਣ ਵਾਲੇ ਊਧਮ ਸਿੰਘ 1948 ਤੋਂ 1965 ਤੱਕ ਪੱਕੇ ਤੌਰ 'ਤੇ ਟੀਮ 'ਚ ਰਹੇ। ਕੌਮੀ ਹਾਕੀ ਚੈਂਪੀਅਨਸ਼ਿਪ, ਆਗਾ ਖਾਂ ਹਾਕੀ ਕੱਪ, ਉਬੇਦਉੱਲਾ ਹਾਕੀ ਗੋਲਡ ਕੱਪ ਤੋਂ ਇਲਾਵਾ 1952, 1956, 1960 ਅਤੇ 1964 ਦੀਆਂ ਉਲੰਪਿਕ ਖੇਡਾਂ ਸਮੇਂ ਵੀ ਊਧਮ ਸਿੰਘ ਟੀਮ ਦਾ ਮੈਂਬਰ ਸੀ। 1960 ਨੂੰ ਛੱਡ ਕੇ 3 ਵਾਰ ਸੋਨ ਤਗਮਾ ਜੇਤੂ ਟੀਮ 'ਚ ਊਧਮ ਸਿੰਘ ਸ਼ਾਮਿਲ ਰਿਹਾ। 1964 'ਚ ਊਧਮ ਸਿੰਘ ਟੋਕੀਓ (ਜਾਪਾਨ) ਵਿਖੇ ਚੌਥਾ ਉਲੰਪਿਕ ਟੂਰਨਾਮੈਂਟ ਖੇਡਣ ਗਿਆ, ਜਿਥੇ ਭਾਰਤ ਨੇ ਫਾਈਨਲ 'ਚ ਮੁੜ ਪਾਕਿਸਤਾਨ ਨੂੰ ਹਰਾਇਆ ਅਤੇ ਸੋਨ ਤਗਮਾ ਜਿੱਤਿਆ। 1966 'ਚ ਊਧਮ ਸਿੰਘ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਬੀ.ਐਸ.ਐਫ. 'ਚ ਸ਼ੁਰੂ ਕੀਤੀ। ਬੀ. ਐਸ. ਐਫ. 'ਚ ਉਹ ਸੰਯੁਕਤ ਖੇਡ ਡਾਇਰੈਕਟਰ ਦੇ ਅਹੁਦੇ 'ਤੇ ਰਿਹਾ। 1967 'ਚ ਊਧਮ ਸਿੰਘ ਲੰਦਨ ਦੇ ਪ੍ਰੀ-ਉਲੰਪਿਕ ਟੂਰਨਾਮੈਂਟ ਵੇਲੇ ਭਾਰਤੀ ਹਾਕੀ ਟੀਮ ਦਾ ਕੋਚ ਸੀ। 1970 ਦੀਆਂ ਬੈਂਕਾਕ ਏਸ਼ੀਆਈ ਖੇਡਾਂ ਸਮੇਂ ਭਾਰਤੀ ਟੀਮ ਦਾ ਕੋਚ ਊਧਮ ਸਿੰਘ ਦਾ ਸੀ। 1978 ਤੱਕ ਊਧਮ ਸਿੰਘ ਬੀ.ਐਸ.ਐਫ. ਦੀ ਹਾਕੀ ਟੀਮ 'ਚ ਖੇਡਦਾ ਰਿਹਾ।
ਅਰਜਨ ਐਵਾਰਡੀ ਤੇ ਸੰਸਾਰਪੁਰ ਦਾ ਬਾਬਾ ਬੋਹੜ ਊਧਮ ਸਿੰਘ ਛੋਟੇ ਕੱਦ ਦਾ ਵੱਡਾ ਖਿਡਾਰੀ ਸੀ। ਬਿਨਾਂ ਨਾਗਾ ਦੌੜਨਾ, ਖੇਡਣਾ ਅਤੇ ਕਸਰਤ ਕਰਨੀ ਉਸ ਦਾ ਨਿੱਤ ਦਾ ਕਸਬ ਸੀ। ਹਾਕੀ ਦਾ ਇਹ ਦੁਨੀਆ ਦਾ ਬਿਹਤਰੀਨ ਫਾਰਵਰਡ ਖਿਡਾਰੀ 35-40 ਸਾਲ ਦੇ ਖੇਡ ਜੀਵਨ ਵਿਚ ਹਜ਼ਾਰਾਂ ਮੀਲ ਦੌੜਿਆ। ਸਵੇਰੇ-ਸ਼ਾਮ ਦੀਆਂ ਸਰੀਰ ਗਰਮਾਉਣ ਤੇ ਦਮ ਪਕਾਉਣ ਲਈ ਦੌੜਾਂ ਵੱਖਰੀਆਂ। ਉਹ ਸੰਸਾਰਪੁਰ ਤੋਂ ਜਲੰਧਰ ਛਾਉਣੀ ਤੱਕ ਅਕਸਰ ਦੌੜਦੇ ਹੁੰਦੇ ਸਨ। ਛਾਉਣੀ ਦੇ ਫੌਜੀਆਂ ਨੇ ਉਨ੍ਹਾਂ ਦਾ ਨਾਂਅ 'ਫਲਾਇੰਗ ਜਨਤਾ' ਰੱਖਿਆ ਹੋਇਆ ਸੀ।
ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਸੰਸਾਰਪੁਰ ਰਹਿਣ ਲੱਗ ਪਏ ਤੇ ਉਥੇ ਹਾਕੀ ਅਕੈਡਮੀ ਬਣਾ ਕੇ ਛੋਟੇ-ਛੋਟੇ ਬੱਚਿਆਂ ਨੂੰ ਹਾਕੀ ਖੇਡਣੀ ਸਿਖਾਇਆ ਕਰਦੇ ਸਨ। 23 ਮਾਰਚ, 2000 ਨੂੰ 72 ਸਾਲਾਂ ਦੀ ਉਮਰ ਭੋਗ ਕੇ ਹਾਕੀ ਦਾ ਇਹ ਮਹਾਨ ਖਿਡਾਰੀ ਦਿਲ ਫੇਲ੍ਹ ਹੋਣ ਕਾਰਨ ਇਸ ਸੰਸਾਰ ਤੋਂ ਚੱਲ ਵਸਿਆ। ਊਧਮ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੰਸਾਰਪੁਰ ਵਿਖੇ ਕੀਤਾ ਗਿਆ।
ਇਸ ਮਹਾਨ ਹਾਕੀ ਖਿਡਾਰੀ ਦੀ ਘਾਟ ਸਾਨੂੰ ਅੱਜ ਵੀ ਮਹਿਸੂਸ ਹੋ ਰਹੀ ਹੈ। ਊਧਮ ਸਿੰਘ ਨੂੰ ਹਾਕੀ ਖੇਡ ਨਾਲ ਆਖਰਾਂ ਦੀ ਮੁਹੱਬਤ ਸੀ। ਉਮਰ ਦੇ 60 ਵਰ੍ਹੇ ਉਹ ਭਾਰਤ ਦੀ ਇਸ ਕੌਮੀ ਖੇਡ ਨੂੰ ਸਮਰਪਿਤ ਰਹੇ। ਕਿਸੇ ਵੀ ਦੇਸ਼ ਦੇ ਖਿਡਾਰੀ ਦੀ ਤੁਲਨਾ ਉਨ੍ਹਾਂ ਦੇ ਤੁੱਲ ਨਹੀਂ। ਇਕ ਲੰਮਾ ਸਮਾਂ ਹਾਕੀ ਖੇਡਣ ਦਾ ਉਨ੍ਹਾਂ ਦਾ ਵਿਸ਼ਵ ਰਿਕਾਰਡ ਫਖ਼ਰ ਕਰਨ ਦੇ ਯੋਗ ਹੈ। ਉਨ੍ਹਾਂ ਨੇ ਆਪਣੇ ਹਾਣੀਆਂ ਨਾਲ ਤਾਂ ਖੇਡਣਾ ਸੀ, ਉਨ੍ਹਾਂ ਦੇ ਪੁੱਤਰਾਂ ਨਾਲ ਵੀ ਖੇਡਿਆ ਤੇ ਪਿੱਛੋਂ ਪੋਤਿਆਂ ਨੂੰ ਵੀ ਡਾਜ ਦਿੰਦਾ ਰਿਹਾ। ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ ਊਧਮ ਸਿੰਘ, ਗੁਰਦੇਵ ਸਿੰਘ, ਅਜੀਤਪਾਲ ਸਿੰਘ ਅਤੇ ਉਲੰਪਿਕਸ ਖੇਡਣ ਵਾਲੇ ਦਰਸ਼ਨ ਸਿੰਘ, ਜਗਜੀਤ ਸਿੰਘ, ਤਰਸੇਮ ਸਿੰਘ, ਬਲਬੀਰ ਸਿੰਘ ਪੁਲਿਸ ਤੇ ਬਲਬੀਰ ਸਿੰਘ ਫੌਜੀ ਸਭ ਸੰਸਾਰਪੁਰ ਦੇ ਜੰਮਪਲ ਹਨ। ਸ: ਊਧਮ ਸਿੰਘ ਨੂੰ ਸਾਰੇ ਖਿਡਾਰੀ ਪਿਆਰ ਨਾਲ 'ਸਰਦਾਰ ਜੀ' ਕਹਿ ਕੇ ਬੁਲਾਉਂਦੇ ਸਨ। ਉਹ ਉੱਚ ਕੋਟੀ ਦੇ ਖਿਡਾਰੀ ਸਨ। ਅੱਜਕਲ੍ਹ ਉਨ੍ਹਾਂ ਵਰਗੇ ਖਿਡਾਰੀ ਮਿਲਣੇ ਮੁਸ਼ਕਿਲ ਹਨ।
ਅੱਜ ਠੀਕ ਕਈ ਸਾਲ ਬੀਤ ਜਾਣ ਦੇ ਬਾਵਜੂਦ ਯਕੀਨ ਨਹੀਂ ਆਉਂਦਾ ਹੈ ਕਿ ਉਹ ਸਾਡੇ ਵਿਚ ਨਹੀਂ ਹਨ। ਉਨ੍ਹਾਂ ਦੀ ਹੋਂਦ ਅਜੇ ਵੀ ਮਹਿਸੂਸ ਹੋ ਰਹੀ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਅੱਜ ਵੀ ਬੱਚਿਆਂ ਨੂੰ ਕੋਚਿੰਗ ਦੇ ਰਹੇ ਹਨ, ਉਨ੍ਹਾਂ ਨਾਲ ਖੇਡ ਰਹੇ ਹਨ, ਗਰਾਊਂਡ ਵਿਚੋਂ ਪੱਥਰ, ਕਾਗਜ਼ ਚੁੱਕ ਰਹੇ ਹਨ, ਹੱਥ 'ਚ ਕਹੀ ਲੈ ਕੇ ਬੱਚਿਆਂ ਤੋਂ ਗਰਾਊਂਡ ਸਾਫ਼ ਕਰਾ ਰਹੇ ਹੋਣ, ਕਿਤੇ ਟਰੈਕਟਰ ਨਾਲ ਗਰਾਊਂਡ 'ਚ ਸੁਹਾਗਾ ਫੇਰ ਰਹੇ ਹੋਣ। ਉਨ੍ਹਾਂ 'ਚ ਨਿਸ਼ਕਾਮ ਸੇਵਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਕੰਮ ਕਰਨਾ ਉਹ ਆਪਣਾ ਧਰਮ ਸਮਝਦੇ ਸਨ। ਅਜਿਹੇ ਹੀਰੇ ਖਿਡਾਰੀਆਂ ਦੀਆਂ ਯਾਦਗਾਰਾਂ ਬਣਨੀਆਂ ਚਾਹੀਦੀਆਂ ਹਨ, ਜਿਨ੍ਹਾਂ ਤੋਂ ਨਵੀਆਂ ਪੀੜ੍ਹੀਆਂ ਪ੍ਰੇਰਨਾ ਲੈਣ ਤੇ ਹੋਰ ਊਧਮ ਸਿੰਘ ਪੈਦਾ ਹੁੰਦੇ ਰਹਿਣ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਸਾਲ 2018 ਦੀਆਂ ਕਬੱਡੀ ਜਗਤ ਨੂੰ ਲੱਗੀਆਂ ਸੱਟਾਂ, ਜੋ ਸਾਰੀ ਉਮਰ ਰੜਕਣਗੀਆਂ

ਮਰਨਾ-ਜਿਊਣਾ ਸੱਚ ਹੈ। ਧਰਤੀ 'ਤੇ ਜਿਹੜਾ ਵੀ ਜੀਵ ਪ੍ਰਾਣੀ ਆਇਆ, ਉਸ ਨੇ ਇਕ ਨਾ ਇਕ ਦਿਨ ਜ਼ਰੂਰ ਚਲੇ ਜਾਣਾ। ਇਹ ਮਨੁੱਖੀ ਜੀਵਨ ਦੀ ਅਟੱਲ ਸਚਾਈ ਹੈ ਪਰ ਕਈ ਵਾਰ ਅਜਿਹੇ ਇਨਸਾਨ, ਵਿਅਕਤੀ ਦੁਨੀਆ ਤੋਂ ਰੁਖ਼ਸਤ ਹੋ ਜਾਂਦੇ ਹਨ ਜੋ ਆਪਣੇ ਥੋੜ੍ਹੇ ਜਿਹੇ ਜੀਵਨ ਕਾਲ 'ਚ ਚੰਗਾ ਨਾਮਣਾ ਖੱਟ ਕੇ ਲੋਕ-ਦਿਲਾਂ 'ਚ ਵਸ ਜਾਂਦੇ ਹਨ। ਅਜਿਹੇ ਵਿਅਕਤੀਆਂ ਦਾ ਤੁਰ ਜਾਣਾ ਅਕਹਿ ਤੇ ਅਸਹਿ ਪੀੜਾ ਦਿੰਦਾ ਹੈ। ਕਬੱਡੀ ਜਗਤ ਨੂੰ ਸਾਲ 2018 ਵਰ੍ਹੇ ਵਿਚ ਦਿਲਾਂ ਨੂੰ ਗਹਿਰੇ ਦਰਦ ਦੇਣ ਵਾਲੀਆਂ ਅਜਿਹੀਆਂ ਕੁਝ ਸੱਟਾਂ ਲੱਗੀਆਂ ਹਨ ਜੋ ਕਬੱਡੀ ਪ੍ਰੇਮੀਆਂ ਨੂੰ ਹਰ ਖੇਡ ਮੇਲਿਆਂ 'ਤੇ ਰਕੜਦੀਆਂ ਰਹਿਣਗੀਆਂ। ਅਣਕਿਆਸੀਆਂ ਮੌਤਾਂ ਕਾਰਨ ਖੇਡ ਮੈਦਾਨ ਸੱਖਣੇ ਕਰ ਗਏ ਪੰਜਾਬੀ ਮਾਵਾਂ ਦੇ ਬਲੀ ਪੁੱਤਰਾਂ ਵਿਚ ਫੱਕਰਝੰਡੇ ਵਾਲੇ ਕਰਮਜੀਤ ਸਿੰਘ ਸਰਪੰਚ ਨੂੰ ਕੌਣ ਨਹੀਂ ਜਾਣਦਾ, ਜਿਸ ਨੇ ਆਪਣੀ ਸ਼ਾਨਦਾਰ ਖੇਡ ਜ਼ਰੀਏ ਇਕੱਲੇ ਪੰਜਾਬ 'ਚ ਹੀ ਨਹੀਂ ਬਲਕਿ ਦੇਸ਼ਾਂ-ਵਿਦੇਸ਼ਾਂ ਵਿਚ ਵੀ ਜਿੱਤ ਦੇ ਝੰਡੇ ਗੱਡੇ। ਕਦੇ ਕਰਮਾ ਐਬਸਫੋਰਡ ਕਬੱਡੀ ਕਲੱਬ ਘੱਲ ਕਲਾਂ ਵਲੋਂ ਖੇਡਿਆ ਅਤੇ ਕਦੇ ਹਰਜੀਤ ਕਲੱਬ ਬਾਜਾਖਾਨਾ ਵਲੋਂ। ਕਰਮੇ ਦੀ ਅਗਵਾਈ ਵਿਚ ਫੱਕਰਝੰਡੇ ਪਿੰਡ ਦੀ ਟੀਮ ਦੀ ਕਬੱਡੀ ਮੇਲਿਆਂ 'ਚ ਤੂਤੀ ਬੋਲਦੀ ਰਹੀ। ਕਰਮਾ ਗੋਡੇ ਦੀਆਂ ਸੱਟਾਂ ਕਾਰਨ ਕਬੱਡੀ ਤੋਂ ਲਾਂਭੇ ਹੋ ਕੇ ਸਹਾਇਕ ਧੰਦੇ ਵਜੋਂ ਡੇਅਰੀ ਚਲਾਉਣ ਲੱਗਾ ਸੀ। 9 ਮਾਰਚ 2018 ਦੀ ਸਵੇਰੇ ਦਿਲ ਦੇ ਦੌਰੇ ਕਾਰਨ ਉਹ ਸਦਾ ਲਈ ਦੁਨੀਆ ਨੂੰ ਅਲਵਿਦਾ ਆਖ ਗਿਆ। ਹਰਜੀਤ ਤਲਵਾਰ ਕਲੱਬ ਜਗਰਾਓਂ ਦਾ ਧਾਵੀ ਸੁਖਵਿੰਦਰ ਸਿੰਘ ਉਰਫ਼ ਘੱਕਨਾ ਬੱਡੂਵਾਲ (ਮੋਗਾ) ਚੜ੍ਹਦੀ ਵਰੇਸ ਦਾ ਖਿਡਾਰੀ ਸੀ। ਉਹ ਤਕੜੇ-ਤਕੜੇ ਜਾਫ਼ੀਆਂ 'ਤੇ ਕਬੱਡੀਆਂ ਪਾਉਣ ਦਾ ਜਿਗਰਾ ਰੱਖਦਾ ਸੀ, ਪਰ ਕੁਲਹੈਣੀ ਮੌਤ 16 ਜੂਨ 2018 ਵਾਲੇ ਦਿਨ ਉਸ ਨੂੰ ਸਦਾ ਲਈ ਡੱਕ ਬੈਠੀ ਤੇ ਉਹ ਸਦਾ ਲਈ ਆਪਣਿਆਂ ਤੋਂ ਦੂਰ ਹੋ ਗਿਆ। ਘੱਕਨੇ ਨੇ ਕੁਝ ਦਿਨਾਂ ਬਾਅਦ ਆਪਣਾ 30ਵਾਂ ਜਨਮ ਦਿਨ ਮਨਾਉਣਾ ਸੀ, ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਭਾਰੀ ਜਿਹੇ ਸਰੀਰ ਵਾਲਾ ਜਸਵਿੰਦਰ ਸਿੰਘ ਉਰਫ਼ ਜੱਸ ਗਗੜੇ ਵਾਲਾ ਛੇਤੀ ਕਿਤੇ ਕਹਿੰਦੇ-ਕਹਾਉਂਦੇ ਜਾਫ਼ੀਆਂ ਤੋਂ ਲੋਟ ਨਹੀਂ ਸੀ ਆਉਂਦਾ ਪਰ 15 ਜੁਲਾਈ ਨੂੰ ਚੰਦਰੀ ਮੌਤ ਨੇ ਜੱਸ ਨੂੰ ਅਜਿਹਾ ਜੱਫ਼ਾ ਮਾਰਿਆ ਕਿ ਉਹ ਸਦਾ ਲਈ ਦੁਨੀਆ ਤੋਂ ਰੁਖ਼ਸਤ ਹੋ ਗਿਆ। ਜੱਸ ਗਗੜੇ ਨੇ ਲੰਬਾ ਸਮਾਂ ਅੰਬੀ-ਅਮਨਾ ਹਠੂਰ ਕਲੱਬ ਮੋਗਾ ਦੀ ਤਰਫ਼ੋਂ ਤੱਕੜੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਉਹ ਆਖਰੀ ਸਮੇਂ ਕੈਨੇਡਾ 'ਚ ਜ਼ਿੰਦਗੀ ਬਸਰ ਕਰ ਰਿਹਾ ਸੀ।
ਸੰਤੋਖ ਸਿੰਘ ਤੋਖੀ ਮਾਨਗੜ੍ਹ ਵਾਲੇ ਦਾ ਸਪੁੱਤਰ ਆਪਣੇ ਸਮੇਂ 'ਚ ਸਕੂਲਾਂ-ਕਾਲਜਾਂ 'ਚ ਚੰਗਾ ਖੇਡਿਆ। ਵਿਦੇਸ਼ਾਂ 'ਚ ਵਸਣ ਮਗਰੋਂ ਵੀ ਉਸ ਨੇ ਕਬੱਡੀ ਪ੍ਰਤੀ ਆਪਣੀ ਚਿਣਗ ਘਟਣ ਨਹੀਂ ਦਿੱਤੀ। ਜੇ ਵਿਦੇਸ਼ਾਂ 'ਚ ਕੱਪਾਂ ਨੂੰ ਸਹਿਯੋਗ ਦੇਣਾ ਤਾਂ ਆਪਣੇ ਪਿੰਡ 'ਚ ਵੀ ਵੱਡਾ ਕੱਪ ਕਰਵਾ ਕੇ ਬੱਲੇ-ਬੱਲੇ ਕਰਵਾਉਣੀ। 46 ਸਾਲ ਦੀ ਉਮਰ 'ਚ ਮਾਨਗੜ੍ਹ ਦੀ ਬੇਵਕਤੀ ਮੌਤ ਵੀ ਕਬੱਡੀ ਜਗਤ ਨੂੰ ਵੱਡਾ ਘਾਟਾ ਦੇ ਗਈ। ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਜਗਦੀਪ ਢੀਮਾਂਵਾਲੀ ਦਾ ਨਾਮ ਮਾਲਵੇ ਦੇ ਨਾਮਵਰ ਖਿਡਾਰੀਆਂ ਵਿਚ ਲਿਆ ਜਾਂਦਾ। ਜਗਦੀਪ ਜਿੰਨਾ ਵਧੀਆ ਖਿਡਾਰੀ ਸੀ, ਓਨਾ ਵਧੀਆ ਹੀ ਇਨਸਾਨ ਸੀ। ਮੈਂ ਖੇਡ ਸਰਗਰਮੀਆਂ ਦੌਰਾਨ ਜਗਦੀਪ ਨੂੰ ਕਦੇ ਕਿਸੇ ਖੇਡ ਮੇਲੇ 'ਤੇ ਅੰਕਾਂ ਪਿੱਛੇ ਰੈਫ਼ਰੀਆਂ ਨਾਲ ਬਹਿਸਦੇ-ਉਲਝਦੇ ਨਹੀਂ ਵੇਖਿਆ। ਹਮੇਸ਼ਾ ਹਸੂੰ-ਹਸੂੰ ਕਰਦਿਆਂ ਕਬੱਡੀ 'ਚ ਧਮਾਲਾਂ ਪਾਉਣੀਆਂ। ਮੇਜਰ ਬਰਾੜ, ਜਲੰਧਰ ਸਿੰਘ ਸਿੱਧੂ, ਕਰਮਪਾਲ ਸਿੰਘ ਲੰਢੇਕੇ ਦੇ ਚਹੇਤੇ ਖਿਡਾਰੀਆਂ ਵਿਚੋਂ ਇਕ ਜਗਦੀਪ ਢੀਮਾਂਵਾਲੀ ਲੰਬਾ ਸਮਾਂ ਹਰਜੀਤ ਫਰੈਂਡਜ਼ ਕਲੱਬ ਪੱਤੋ ਹੀਰਾ ਸਿੰਘ ਵਲੋਂ ਖੇਡਦਾ ਰਿਹਾ। ਕੋਚ ਸਾਧੂ ਬਰਾੜ ਦੇ ਥਾਪੜੇ ਨੇ ਜਗਦੀਪ ਨੂੰ ਕੈਨੇਡਾ ਤੇ ਇੰਗਲੈਂਡ ਦੀ 3 ਵਾਰ ਸੈਰ ਕਰਵਾਈ। ਜਗਦੀਪ ਨੇ ਅਜੇ 34ਵੇਂ ਵਰ੍ਹੇ 'ਚ ਹੀ ਪੈਰ ਧਰਿਆ ਸੀ ਕਿ 11 ਅਗਸਤ 2018 ਨੂੰ ਖੇਤ 'ਚ ਕਰੰਟ ਲੱਗਣ ਕਾਰਨ ਜਗਦੀਪ ਸਦੀਵੀ ਵਿਛੋੜਾ ਦੇ ਗਿਆ। ਪਿੰਡ ਛਾਜਲਾ (ਸੰਗਰੂਰ) ਦਾ ਜੰਮਪਲ ਧਾਵੀ ਚਮਕੌਰ ਪਰਿਵਾਰਕ ਪ੍ਰੇਸ਼ਾਨੀਆਂ 'ਚ 1 ਨਵੰਬਰ 2018 ਵਾਲੇ ਦਿਨ ਮੌਤ ਨੂੰ ਗਲੇ ਲਗਾ ਗਿਆ। ਚਮਕੌਰ ਤੋਂ ਅਜੇ ਕਬੱਡੀ ਪ੍ਰੇਮੀਆਂ ਨੂੰ ਕਾਫ਼ੀ ਉਮੀਦਾਂ ਸਨ, ਕਿਉਂਕਿ ਚਮਕੌਰ ਦੇ ਕਬੱਡੀ ਮੈਦਾਨ 'ਤੇ ਖ਼ੂਬ ਚਰਚੇ ਸਨ ਤੇ ਉਹ ਤੇਜ਼ ਤਰਾਰ ਰੇਡਰ ਮੰਨਿਆ ਜਾਂਦਾ ਸੀ।
ਚਾਰ ਕੁ ਦਹਾਕੇ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਨੂੰ ਪਵਨ ਕੁਮਾਰ ਨੇ ਖੇਡ ਜਗਤ ਦੇ ਨਕਸ਼ੇ 'ਤੇ ਲਿਆਂਦਾ ਸੀ। ਪਵਨ ਕੁਮਾਰ ਨੇ ਸਾਲ 1975 ਵਿਚ ਕੌਮੀ ਸਕੂਲ ਖੇਡਾਂ ਵਿਚ ਪੰਜਾਬ ਲਈ ਸੋਨ ਤਗਮਾ ਜਿੱਤਿਆ ਸੀ, ਪ੍ਰੰਤੂ ਉਮਰ ਦੇ ਆਖਰੀ ਪੜਾਅ 'ਤੇ ਆ ਕੇ 8 ਨਵੰਬਰ ਨੂੰ ਪਵਨ ਖਿਆਲੇ ਵਾਲਾ ਆਪਣੀ ਜ਼ਿੰਦਗੀ ਦੀ ਖੇਡ ਹਾਰ ਗਿਆ। 17 ਨਵੰਬਰ ਨੂੰ ਚੋਹਲੇ ਵਾਲੇ ਸੁਖਮਨ ਦੇ ਰੂਪ ਵਿਚ ਕਬੱਡੀ ਨੂੰ ਵੱਡਾ ਸਦਮਾ ਲੱਗਿਆ। ਛੇ ਫੁੱਟ ਉੱਚੇ-ਲੰਮੇ, ਛੈਲ-ਛਬੀਲੇ ਗੱਭਰੂ ਸੁਖਮਨ ਦੀ ਮੌਤ ਨੇ ਕਬੱਡੀ ਜਗਤ ਨੂੰ ਹਿਲਾ ਕੇ ਰੱਖ ਦਿੱਤਾ। ਕੋਈ ਸੁਖਮਨ ਨੂੰ ਕਬੱਡੀ ਦਾ ਜਹਾਜ਼ ਆਖਦਾ ਤੇ ਕੋਈ ਮਾਝੇ ਦਾ ਮਝੈਲ। ਸੁਖਮਨ ਨੇ ਆਪਣੀ ਜ਼ਿੰਦਗੀ ਦੇ 27 ਵਰ੍ਹਿਆਂ 'ਚ ਕਬੱਡੀ ਜਗਤ ਵਿਚ ਜਿਹੜੇ ਮੀਲ ਪੱਥਰ ਗੱਡੇ ਹਨ, ਉਨ੍ਹਾਂ ਤੱਕ ਪਹੁੰਚਣਾ ਹਰੇਕ ਖਿਡਾਰੀ ਦੇ ਵੱਸ ਦੀ ਗੱਲ ਨਹੀਂ। ਸੁਖਮਨ ਨੇ ਸਾਲ 2009 ਵਿਚ ਕੋਟਲੀ ਥਾਨ ਸਿੰਘ ਅਕੈਡਮੀ ਦੀ ਤਰਫੋਂ ਅਕੈਡਮੀਆਂ ਦੇ ਮੈਚ ਖੇਡਣੇ ਸ਼ੁਰੂ ਕੀਤੇ ਅਤੇ ਮੁੜ ਕੇ ਪਿੱਛੇ ਨਹੀਂ ਦੇਖਿਆ। ਕੈਂਚੀ ਮਾਰ ਕੇ ਰੋਕਣ ਵਾਲੇ ਜਾਫ਼ੀਆਂ ਤੋਂ ਨਿਕਲਣ ਲਈ ਜਦ ਸੁਖਮਨ ਲੱਤ ਦਾ ਪੰਪ ਮਾਰਦਾ ਤਾਂ ਤਕੜੇ-ਤਕੜੇ ਜਾਫ਼ੀਆਂ ਦਾ ਅੰਦਰ ਹਿੱਲ ਜਾਂਦਾ ਸੀ। ਸੁਖਮਨ ਦੀ ਖੇਡ ਦੀ ਕਦੇ ਇੰਗਲੈਂਡ, ਕਦੇ ਯੂਰਪ ਤੇ ਕੈਨੇਡਾ 'ਚ ਤੂਤੀ ਬੋਲੀ। ਮਾਝੇ ਵਿਚ ਸੁਖਮਨ ਬਿਨਾਂ ਹਰ ਖੇਡ ਮੇਲਾ ਅਧੂਰਾ ਮੰਨਿਆ ਜਾਂਦਾ ਸੀ। ਉਸ ਦੀ ਖੇਡ ਨੂੰ ਵੇਖਣ ਲਈ ਦਰਸ਼ਕ ਵਹੀਰਾਂ ਘੱਤ ਕੇ ਮੇਲੇ 'ਤੇ ਪਹੁੰਚਦੇ ਪਰ ਦਿਲ ਦੇ ਦੌਰੇ ਨੇ ਸੁਖਮਨ ਰੂਪੀ ਤਾਰੇ ਨੂੰ ਕਬੱਡੀ ਜਗਤ ਦੇ ਆਸਮਾਨ 'ਚੋਂ ਸਦਾ ਲਈ ਤੋੜ ਲਿਆ।
ਇਸ ਤੋਂ ਪਹਿਲਾਂ ਕਿ ਦਸੰਬਰ ਦਾ ਮਹੀਨਾ ਸਮਾਪਤ ਹੁੰਦਾ ਕਿ 19 ਦਸੰਬਰ ਨੂੰ ਬਲਕਾਰ ਰੂਪਾਹੇੜੀ ਵਾਲਾ ਜ਼ਿਲ੍ਹਾ ਸੰਗਰੂਰ ਵੀ ਚੱਲ ਵਸਿਆ। ਬਲਕਾਰ ਵੀ ਕਦੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ ਤੇ ਕਦੇ ਗੱਗੜਪੁਰ ਅਕੈਡਮੀ ਲਈ ਬਤੌਰ ਧਾਵੀ ਚੰਗਾ ਖੇਡਿਆ, ਪਰ ਗ਼ਲਤ ਸਾਥ ਨੇ ਉਸ ਨੂੰ ਦੁਨੀਆ ਤੋਂ ਰੁਖ਼ਸਤ ਕਰ ਦਿੱਤਾ। ਕਬੱਡੀ ਮੈਦਾਨਾਂ ਵਿਚ ਵਿਸਲਾਂ ਨਾਲ ਫੈਸਲੇ ਸੁਣਾਉਣ ਵਾਲਾ ਰੈਫ਼ਰੀ ਰਣਜੀਤ ਸਿੰਘ ਭੰਗੂ ਵੀ ਇਸੇ ਵਰ੍ਹੇ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜਿਆ ਹੈ। ਪ੍ਰਮਾਤਮਾ, ਆਪਣਿਆਂ ਤੋਂ ਸਦਾ ਲਈ ਵਿਛੜੇ ਸਮੂਹ ਖਿਡਾਰੀਆਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਕੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਹੋ ਸਾਡੀ ਅਰਦਾਸ ਹੈ।


-ਨਿੱਜੀ ਪੱਤਰ ਪ੍ਰੇਰਕ, 'ਅਜੀਤ' ਉਪ ਦਫ਼ਤਰ, ਬਠਿੰਡਾ। ਮੋਬਾਈਲ : 99881-68072

ਹਾਦਸੇ ਵਿਚ ਇਕ ਲੱਤ ਗਵਾਉਣ ਤੋਂ ਬਾਅਦ ਵੀ ਹੌਸਲਾ ਨਹੀਂ ਗਵਾਇਆ

ਬਿਹਾਰ ਸੂਬੇ ਦੇ ਰਹਿਣ ਵਾਲੇ ਉਦੇ ਕੁਮਾਰ ਠਾਕਰ ਨੇ ਰੇਲ ਹਾਦਸੇ ਵਿਚ ਇਕ ਲੱਤ ਗਵਾਉਣ ਤੋਂ ਬਾਅਦ ਵੀ ਆਪਣਾ ਹੌਸਲਾ ਨਹੀਂ ਗਵਾਇਆ ਅਤੇ ਉਸ ਦੇ ਹੌਸਲੇ ਬੁਲੰਦ ਹਨ। ਇਸੇ ਲਈ ਤਾਂ ਉਹ ਮੈਰਾਥਨ ਦੌੜਦਾ ਹੈ, ਤੈਰਦਾ ਹੈ, ਕ੍ਰਿਕਟ ਖੇਡਦਾ ਹੈ ਅਤੇ ਵ੍ਹੀਲਚੇਅਰ 'ਤੇ ਬਾਸਕਟਬਾਲ ਨਾਲ ਵੀ ਹੱਥ ਅਜਮਾਈ ਕਰਦਾ ਹੈ । ਉਦੇ ਕੁਮਾਰ ਦਾ ਜਨਮ ਬਿਹਾਰ ਪ੍ਰਾਂਤ ਦੇ ਛਪਰਾ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਸ਼ਹਿਰ ਬਾਡੋਪੁਰ ਵਿਚ 30 ਮਈ, 1988 ਨੂੰ ਪਿਤਾ ਕੇਦਾਰ ਨਾਥ ਠਾਕਰ ਦੇ ਘਰ ਮਾਤਾ ਇੰਦੂ ਦੇਵੀ ਦੀ ਕੁੱਖੋਂ ਹੋਇਆ ਅਤੇ ਉਦੇ ਕੁਮਾਰ ਨੇ ਆਪਣੀ ਵਿੱਦਿਆ ਵੀ ਬਿਹਾਰ ਤੋਂ ਹੀ ਪ੍ਰਾਪਤ ਕੀਤੀ ਅਤੇ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਦੇ ਕੁਮਾਰ ਦੇ ਪਿਤਾ ਨੇ ਕੋਲਕਾਤਾ ਵਿਚ ਇਕ ਕੰਪਨੀ ਵਿਚ ਨੌਕਰੀ 'ਤੇ ਲਗਵਾ ਦਿੱਤਾ ਅਤੇ ਉਦੇ ਕੁਮਾਰ ਦਾ ਜੀਵਨ ਪੂਰਾ ਖੁਸ਼ਮੰਗਲ ਸੀ। ਇਕ ਦਿਨ ਉਹ ਦੁਰਗਾ ਪੂਜਾ ਦੀ ਛੁੱਟੀ ਕੱਟ ਕੇ ਆਪਣੇ ਘਰ ਬਿਹਾਰ ਤੋਂ ਵਾਪਸ ਕੋਲਕਾਤਾ ਰੇਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਜਦ ਉਹ ਕੋਲਕਾਤਾ ਪਹੁੰਚਣ ਹੀ ਵਾਲਾ ਸੀ ਤਾਂ ਉਹ ਇਹ ਵੇਖਣ ਲਈ ਕਿ ਰੇਲਵੇ ਸਟੇਸ਼ਨ ਕਿੰਨੀ ਦੂਰ ਹੈ ਤਾਂ ਉਹ ਰੇਲ ਦੇ ਡੱਬੇ ਦੇ ਦਰਵਾਜ਼ੇ ਵਿਚ ਆ ਬਾਹਰ ਸਿਰ ਕੱਢ ਕੇ ਵੇਖਣ ਲੱਗਾ ਤਾਂ ਤੇਜ਼ ਰਫ਼ਤਾਰ ਰੇਲ 'ਚੋਂ ਅਚਾਨਕ ਬਾਹਰ ਆ ਡਿੱਗਾ ਤਾਂ ਉਸੇ ਹੀ ਰੇਲ ਦੇ ਹੇਠਾਂ ਉਸ ਦੀ ਖੱਬੀ ਲੱਤ ਆ ਗਈ ਅਤੇ ਬੁਰੀ ਤਰ੍ਹਾਂ ਚੀਥਲੀ ਗਈ। ਜ਼ਖ਼ਮੀ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਮਜਬੂਰਨ ਵੱਸ ਉਸ ਦੀ ਲੱਤ ਕੱਟਣ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ ਅਤੇ ਕਲ੍ਹ ਜਿਹੜਾ ਉਦੇ ਕੁਮਾਰ ਦੌੜਦਾ ਸੀ, ਖੇਡਦਾ ਸੀ ਅੱਜ ਉਹ ਸਿਰਫ਼ ਇਕ ਲੱਤ ਨਾਲ ਹੀ ਜ਼ਿੰਦਗੀ ਕੱਟਣ ਲਈ ਮਜਬੂਰ ਹੋ ਗਿਆ।
ਥੋੜ੍ਹੀ ਦੇਰ ਉਦੇ ਕੁਮਾਰ ਡੂੰਘੇ ਸਦਮੇ ਵਿਚ ਚਲਾ ਗਿਆ ਪਰ ਮਜਬੂਰੀ ਅਤੇ ਵਕਤ ਨੇ ਉਸ ਨੂੰ ਸਦਮੇ ਵਿਚੋਂ ਹੀ ਬਾਹਰ ਨਹੀਂ ਕੱਢਿਆ ਸਗੋਂ ਉਸ ਨੇ ਇਸ ਹਾਦਸੇ ਨੂੰ ਵੀ ਪ੍ਰਵਾਨ ਕਰ ਲਿਆ ਅਤੇ ਨਕਲੀ ਪੈਰ ਅਤੇ ਲੱਤ ਲਗਵਾ ਕੇ ਜ਼ਿੰਦਗੀ ਨੂੰ ਚਲਦਾ ਕਰ ਲਿਆ ਅਤੇ ਉਸ ਨੇ ਜ਼ਿੰਦਗੀ ਨੂੰ ਚਲਦਾ ਹੀ ਨਹੀਂ ਕੀਤਾ ਸਗੋਂ ਮੈਰਾਥਨ ਦੌੜ ਵਿਚ ਵੀ ਭਾਗ ਲੈਣ ਲੱਗਿਆ ਅਤੇ ਉਹ ਹੁਣ ਤੱਕ 5 ਦੇ ਕਰੀਬ ਲੰਮੀਆਂ ਮੈਰਾਥਨ ਦੌੜਾਂ, ਦੌੜ ਕੇ ਮਿਸਾਲ ਬਣ ਚੁੱਕਿਆ ਹੈ ਅਤੇ ਨਾਲ ਹੀ ਵ੍ਹੀਲਚੇਅਰ 'ਤੇ ਬਾਸਕਟਬਾਲ ਖੇਡਣ ਦੇ ਨਾਲ ਕ੍ਰਿਕਟ ਵੀ ਖੇਡਦਾ ਹੈ।
ਉਦੇ ਕੁਮਾਰ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਹੁਣ ਇਸ ਦੁਨੀਆ ਵਿਚ ਨਹੀਂ ਹਨ ਪਰ ਉੁਸ ਦੀ ਪਤਨੀ ਦਾ ਸਾਥ ਅਤੇ ਉਸ ਦੀ ਕੰਪਨੀ ਦੇ ਵਾਈਸ ਚੇਅਰਮੈਨ ਰਮੇਸ਼ ਮਹੇਸ਼ਵਰੀ ਵਲੋਂ ਮਿਲ ਰਹੇ ਸਹਿਯੋਗ ਨੇ ਉਸ ਨੂੰ ਕਦੇ ਵੀ ਮਾਯੂਸ ਨਹੀਂ ਹੋਣ ਦਿੱਤਾ। ਉਹ ਉਸ ਦੇ ਦੁਨਿਆਵੀ ਗੁਰੂ ਹਨ। ਉਦੇ ਕੁਮਾਰ ਪਿੱਛੇ ਨਹੀਂ ਸਗੋਂ ਹੋਰ ਅੱਗੇ ਵਧਣ ਲਈ ਲੰਮੀਆਂ ਉੁਡਾਰੀਆਂ ਮਾਰ ਰਿਹਾ ਹੈ ਅਤੇ ਉਸ ਦੀਆਂ ਉਡਾਰੀਆਂ ਦੀ ਪ੍ਰਵਾਜ਼ ਹੋਰ ਬੁਲੰਦੀਆਂ ਨੂੰ ਛੂਹੇਗੀ।


-ਮੋਬਾਈਲ : 98551-14484






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX