ਤਾਜਾ ਖ਼ਬਰਾਂ


ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ
. . .  1 day ago
ਪਟਿਆਲ਼ਾ ,24 ਮਾਰਚ {ਗੁਰਪ੍ਰੀਤ ਸਿੰਘ ਚੱਠਾ }-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਚਾ ਅਤੇ ਅਕਾਲੀ ਦਲ ਦੇ ਆਗੂ ਬੀਬਾ ਅਮਰਜੀਤ ਕੌਰ ਦੇ ਪਤੀ ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ...
ਆਈ.ਪੀ.ਐਲ.12 : ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ ਦਿੱਤਾ 214 ਦੌੜਾਂ ਦਾ ਟੀਚਾ
. . .  1 day ago
ਪਣਜੀ : ਭਾਜਪਾ ਨੇਤਾ ਸੁਧੀਰ ਕੰਡੋਲਕਰ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
3 ਲੱਖ 80 ਹਜ਼ਾਰ ਨਸ਼ੀਲੀਆਂ ਗੋਲੀਆ ਨਾਲ ਸੱਤ ਵਿਅਕਤੀ ਕਾਬੂ
. . .  1 day ago
ਸਰਦੂਲਗੜ੍ਹ 24 ਮਾਰਚ ( ਜੀ.ਐਮ.ਅਰੋੜਾ )-ਸਥਾਨਕ ਸ਼ਹਿਰ ਦੇ ਥਾਣਾ ਮੁਖੀ ਭੁਪਿੰਦਰ ਸਿੰਘ ਇੰਸਪੈਕਟਰ ਵੱਲੋਂ ਐੱਸ.ਐੱਸ.ਪੀ ਮਾਨਸਾ ਦੀਆਂ ਹਦਾਇਤਾਂ ਦਾ ਪਾਲਨ ਕਰਦਿਆ ,ਗੁਪਤ ਸੂਚਨਾ ਦੇ ਆਧਾਰ 'ਤੇ ...
ਅਕਾਲੀ ਦਲ ਦੀ ਸਰਪੰਚ ਦੇ ਬੇਟੇ ਦਾ ਕਤਲ
. . .  1 day ago
ਖੰਨਾ, 24 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਸਮਰਾਲਾ ਥਾਣੇ ਦੇ ਪਿੰਡ ਸੇਹ ਵਿਚ ਅਕਾਲੀ ਦਲ ਦੀ ਸਰਪੰਚ ਰਣਜੀਤ ਕੌਰ ਦੇ ਬੇਟੇ ਗੁਰਪ੍ਰੀਤ ਸਿੰਘ 30 ਕੁ ਸਾਲ ਦਾ ਕਾਂਗਰਸੀ ਸਮਰਥਕਾਂ ਵੱਲੋਂ ਕਤਲ ਕੀਤੇ ਜਾਣ ਦੀ ...
ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪੁੱਜਣ ਵਾਲੀਆਂ ਤਿੰਨ ਉਡਾਣਾਂ ਰੱਦ
. . .  1 day ago
ਰਾਜਾਸਾਂਸੀ ,24 ਮਾਰਚ (ਹੇਰ,ਹਰਦੀਪ ਸਿੰਘ ਖੀਵਾ,)- ਬਰਮਿੰਘਮ, ਅਸ਼ਗਾਬਾਦ ਤੇ ਬੈਂਕਾਕ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੋਂਮਾਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਵਾਲੀਆਂ ਤਿੰਨ ਕੌਮਾਂਤਰੀ ਉਡਾਣਾਂ ...
ਚੰਡੀਗੜ੍ਹ ਤੋਂ ਬਿਨਾਂ ਹੋਰ ਕਿਤੋਂ ਚੋਣ ਨਹੀਂ ਲੜਾਂਗਾ -ਪਵਨ ਬਾਂਸਲ
. . .  1 day ago
ਤਪਾ ਮੰਡੀ, 24 ਮਾਰਚ (ਵਿਜੈ ਸ਼ਰਮਾ)- ਚੰਡੀਗੜ੍ਹ ਤੋਂ ਇਲਾਵਾ ਕਿਸੇ ਹੋਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਦੀ ਚੋਣ ਨਹੀਂ ਲੜਾਂਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਨੇ ਆਪਣੇ ਜੱਦੀ ਪਿੰਡ ਤਪਾ 'ਚ ਇਕ ...
ਆਈ.ਪੀ.ਐਲ.12 : ਮੁੰਬਈ ਇੰਡੀਅਨਜ਼ ਨੇ ਜਿੱਤਿਆ ਟਾਸ , ਦਿੱਲੀ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐਲ 12 : ਕੋਲਕਾਤਾ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਕੇ ਕੀਤੀ ਜਿੱਤ ਹਾਸਲ
. . .  1 day ago
ਆਮ ਆਦਮੀ ਪਾਰਟੀ ਵੱਲੋਂ ਜਲੰਧਰ, ਗੁਰਦਾਸਪੁਰ ਤੇ ਫ਼ਤਿਹਗੜ੍ਹ ਸਾਹਿਬ ਤੋਂ ਉਮੀਦਵਾਰਾਂ ਦਾ ਐਲਾਨ
. . .  1 day ago
ਸੰਗਰੂਰ, 24 ਮਾਰਚ (ਧੀਰਜ ਪਸ਼ੋਰੀਆ)- ਅੱਜ ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਹੋਈ ਬੈਠਕ ਤੋਂ ਬਾਅਦ ਪਾਰਟੀ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਜਲੰਧਰ (ਰਿਜ਼ਰਵ) ਤੋਂ ਜਸਟਿਸ ਜ਼ੋਰਾਂ ਸਿੰਘ (ਸੇਵਾ ਮੁਕਤ), ਫ਼ਤਿਹਗੜ੍ਹ .....
ਹੋਰ ਖ਼ਬਰਾਂ..

ਬਾਲ ਸੰਸਾਰ

ਪੇਪਰਾਂ ਦੀ ਤਿਆਰੀ ਲਈ ਮਹੱਤਵਪੂਰਨ ਨੁਸਖੇ

ਪਿਆਰੇ ਬੱਚਿਓ! ਤੁਹਾਨੂੰ ਸਭ ਨੂੰ ਪਤਾ ਹੈ ਕਿ ਸਕੂਲਾਂ ਵਿਚ ਪੇਪਰਾਂ ਦੇ ਦਿਨ ਸ਼ੁਰੂ ਹੋ ਚੱੁਕੇ ਹਨ | ਬਾਰ੍ਹਵੀਂ ਦੇ ਪੇਪਰ 1 ਮਾਰਚ ਅਤੇ ਦਸਵੀਂ ਦੇ ਪੇਪਰ 15 ਮਾਰਚ ਤੋਂ ਸ਼ੁਰੂ ਹਨ | ਹੁਣ ਸਮਾਂ ਬਹੁਤ ਘੱਟ ਰਹਿ ਗਿਆ ਹੈ | ਬੱਚਿਓ! ਤੁਸੀਂ ਹੁਣ ਆਪਣੇ ਵਿਸ਼ੇ ਤੇ ਸਿਲੇਬਸ ਦੇ ਅਨੁਸਾਰ ਪੜ੍ਹਾਈ ਸ਼ੁਰੂ ਕਰੋ | ਤੁਸੀਂ ਆਪਣੀ ਸਮਾਂ ਸਾਰਨੀ ਬਣਾ ਲਓ ਤੇ ਉਸ ਦੇ ਅਨੁਸਾਰ ਹੀ ਪੜ੍ਹੋ | ਜੋ ਵਿਸ਼ਾ ਤੁਹਾਨੂੰ ਸੌਖਾ ਲਗਦਾ ਹੈ, ਉਸ ਨੂੰ ਅਣਦੇਖਿਆ ਨਾ ਕਰੋ | ਉਸ ਨੂੰ ਸਮਾਂ ਸਾਰਨੀ ਵਿਚ ਘੱਟ ਸਮਾਂ ਦੇ ਦਿਓ, ਕਿਉਂਕਿ ਸੌਖੇ ਵਿਸ਼ੇ ਸਕੋਰਿੰਗ ਹੁੰਦੇ ਹਨ | ਇਨ੍ਹਾਂ ਵਿਸ਼ਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਸਕਦਾ ਹੈ | ਔਖੇ ਵਿਸ਼ੇ ਨੂੰ ਸਮਾਂ ਸਾਰਨੀ ਵਿਚ ਵੱਧ ਸਮਾਂ ਦੇ ਦਿਓ | ਸਾਰੇ ਵਿਸ਼ਿਆਂ ਦੀ ਤਿਆਰੀ ਸਿਲੇਬਸ ਨੂੰ ਸਾਹਮਣੇ ਰੱਖ ਕੇ ਕਰੋ | ਬੱਚਿਓ! ਇਕ ਗੱਲ ਵੱਲ ਖਾਸ ਧਿਆਨ ਦੇਣਾ ਕਿ ਕਿਸੇ ਵੀ ਵਿਸ਼ੇ ਦਾ ਕੋਈ ਵੀ ਹਿੱਸਾ ਛੱਡ ਕੇ ਨਹੀਂ ਜਾਣਾ | ਜੇ ਨਹੀਂ ਕੁਝ ਯਾਦ ਹੋ ਰਿਹਾ ਤਾਂ ਰੱਟਾ ਮਾਰਨ ਦੀ ਜਗ੍ਹਾ ਉਸ ਪਾਠ ਨੂੰ ਸਾਰਾ ਪੜ੍ਹ ਕੇ ਉਸ ਦੀ ਰੂਪ-ਰੇਖਾ ਤਿਆਰ ਕਰ ਲਓ ਤੇ ਉਸ 'ਤੇ ਆਧਾਰਿਤ ਤੁਸੀਂ ਪ੍ਰਸ਼ਨ ਦਾ ਜਵਾਬ ਦੇ ਸਕਦੇ ਹੋ | ਪੇਪਰ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸ਼ਨ ਪੱਤਰ ਨੂੰ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ ਹੈ | ਉਸ ਵਿਚ ਜੋ ਪ੍ਰਸ਼ਨ ਸੌਖੇ ਲੱਗਣ, ਉਨ੍ਹਾਂ ਨੂੰ ਪਹਿਲਾਂ ਹੱਲ ਕਰ ਲੈਣਾ ਚਾਹੀਦਾ ਹੈ |
ਬੱਚਿਓ! ਜਦੋਂ ਤੁਸੀਂ ਪੇਪਰ ਲਿਖਦੇ ਹੋ ਤਾਂ ਪੁਆਇੰਟ ਨੂੰ ਅੰਡਰਲਾਈਨ ਜ਼ਰੂਰ ਕਰਨਾ ਹੈ ਤੇ ਪੁਆਇੰਟ ਦੇ ਅੱਗੇ ਨੰਬਰ ਵੀ ਜ਼ਰੂਰ ਲਿਖਣੇ ਹਨ | ਕਵਿਤਾ ਦਾ ਵਿਸ਼ਾ ਵਸਤੂ ਲਿਖਣ ਸਮੇਂ ਪਹਿਲਾਂ ਉਸ ਦੇ ਕਵੀ ਤੇ ਕਵਿਤਾ ਦਾ ਨਾਂਅ ਜ਼ਰੂਰ ਲਿਖਣਾ ਹੈ | ਕੋਈ ਵੀ ਲੇਖ ਸ਼ੁਰੂ ਕਰਨ ਸਮੇਂ ਭੂਮਿਕਾ ਤੇ ਅੰਤ ਵਿਚ ਸਿੱਟਾ ਜ਼ਰੂਰ ਲਿਖਣਾ ਹੈ | ਹਿਸਾਬ ਦੇ ਸਵਾਲ ਜੇ ਤੁਸੀਂ ਕ੍ਰਮਵਾਰ ਕਰੋਗੇ ਤਾਂ ਤੁਹਾਡੀ ਕੈਲਕੂਲੇਸ਼ਨ ਵਿਚ ਕੋਈ ਗ਼ਲਤੀ ਨਹੀਂ ਆਵੇਗੀ ਤੇ ਜਵਾਬ ਵੀ ਸਹੀ ਆਵੇਗਾ | ਇਸ ਨਾਲ ਸਮੇਂ ਦੀ ਵੀ ਬੱਚਤ ਹੁੰਦੀ ਹੈ | ਵਿਗਿਆਨ ਦੇ ਵਿਸ਼ੇ ਵਿਚ ਜੇ ਹੋ ਸਕੇ ਤਾਂ ਚਿੱਤਰ ਜ਼ਰੂਰ ਬਣਾ ਕੇ ਆਉਣਾ | ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਵਿਚ ਬਹੁਤ ਜ਼ਿਆਦਾ ਭੂਮਿਕਾ ਬੰਨ੍ਹਣ ਦੀ ਲੋੜ ਨਹੀਂ ਹੁੰਦੀ | ਬੱਚਿਓ! ਇਕ ਖਾਸ ਗੱਲ ਵੱਲ ਧਿਆਨ ਦੇਣਾ ਕਿ ਜਦੋਂ ਕੋਈ ਪ੍ਰਸ਼ਨ ਖ਼ਤਮ ਹੁੰਦਾ ਹੈ ਤਾਂ ਉਸ ਦੇ ਹੇਠਾਂ ਲਾਈਨ ਜ਼ਰੂਰ ਲਗਾਉਣੀ ਹੈ | ਕੋਈ ਵੀ ਖਾਸ ਨਾਂਅ, ਸੰਨ ਜਾਂ ਜਗ੍ਹਾ ਦੀ ਗੱਲ ਹੁੰਦੀ ਹੈ ਤਾਂ ਉਸ ਦੇ ਹੇਠਾਂ ਵੀ ਲਾਈਨ ਜ਼ਰੂਰ ਲਗਾ ਦਿਓ | ਪੇਪਰ ਵਿਚ ਕਟਿੰਗ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ | ਪੇਪਰ ਖ਼ਤਮ ਹੋਣ 'ਤੇ ਆਪਣਾ ਨਾਂਅ, ਰੋਲ ਨੰਬਰ, ਹਸਤਾਖਰ ਚਾਰਟ 'ਤੇ ਹਸਤਾਖਰ ਸਭ ਦੇਖ ਕੇ ਹੀ ਪੇਪਰ ਹਾਲ ਵਿਚੋਂ ਬਾਹਰ ਆਓ | ਮੈਨੂੰ ਆਸ ਹੈ ਕਿ ਇਹ ਗੱਲਾਂ ਤੁਹਾਡੇ ਬਹੁਤ ਕੰਮ ਆਉਣਗੀਆਂ | ਬੱਚਿਓ! ਪੇਪਰਾਂ ਲਈ ਤੁਹਾਨੂੰ ਬਹੁਤ ਸ਼ੱੁਭ-ਕਾਮਨਾਵਾਂ |

-ਐਸ.ਐਲ.ਏ., ਸ: ਸੀ: ਸੈ: ਸਕੂਲ (ਲ), ਫਿਰੋਜ਼ਪੁਰ |


ਖ਼ਬਰ ਸ਼ੇਅਰ ਕਰੋ

ਬੈਟਰੀ ਦੀ ਦਿਲਚਸਪ ਕਹਾਣੀ

ਪਿਆਰੇ ਬੱਚਿਓ ਅਜੋਕੇ ਜੀਵਨ ਵਿਚ ਜਿਥੇ ਬਿਜਲੀ ਦੀ ਅਤਿ ਮਹੱਤਵਪੂਰਨ ਭੂਮਿਕਾ ਹੈ, ਉਥੇ ਹੀ ਚਾਰਜ ਹੋਣ ਯੋਗ ਜਾਂ ਚਾਰਜ ਨਾ ਹੋਣ ਯੋਗ ਬੈਟਰੀਆਂ ਦੀ ਭੂਮਿਕਾ ਵੀ ਘੱਟ ਮਹੱਤਵਪੂਰਨ ਨਹੀਂ ਹੈ | ਆਓ ਅੱਜ ਅਸੀਂ ਬੈਟਰੀ ਦੀ ਕਾਰਜਸ਼ੈਲੀ ਅਤੇ ਇਸ ਦੇ ਹੋਂਦ ਵਿਚ ਆਉਣ ਪਿੱਛੇ ਦਿਲਚਸਪ ਇਤਿਹਾਸ ਬਾਰੇ ਕੁਝ ਦਿਲਚਸਪ ਗੱਲਾਂ ਜਾਣੀਏ-
ਬੱਚਿਓ, ਬੈਟਰੀ ਇਕ ਅਜਿਹਾ ਸਾਧਨ ਹੈ, ਜੋ ਰਸਾਇਣਕ ਸ਼ਕਤੀ ਨੂੰ ਬਿਜਲਈ ਸ਼ਕਤੀ ਵਿਚ ਤਬਦੀਲ ਕਰ ਦਿੰਦਾ ਹੈ | ਹਰੇਕ ਬੈਟਰੀ 'ਚ ਦੋ ਇਲੈਕਟ੍ਰੌਡ ਭਾਵ ਐਨੋਡ (ਧਨਾਤਮਕ) ਅਤੇ ਕੈਥੋਡ (ਰਿਣਾਤਮਕ) ਹੁੰਦੇ ਹਨ | ਇਕ ਬਿਜਲਈ ਮਾਰਗ ਇਨ੍ਹਾਂ ਦੋਵਾਂ ਦੇ ਵਿਚਕਾਰ ਸਥਿਤ ਹੁੰਦਾ ਹੈ ਜੋ ਇਕ ਇਲੈਕਟ੍ਰੋਲਾਈਟ ਰਸਾਇਣ 'ਚੋਂ ਹੋ ਕੇ ਲੰਘਦਾ ਹੈ | ਇਹ ਰਸਾਇਣ ਤਰਲ ਜਾਂ ਠੋਸ ਕਿਸੇ ਵੀ ਰੂਪ ਵਿਚ ਹੋ ਸਕਦਾ ਹੈ | ਦੋ ਇਲੈਕਟ੍ਰੋਡਾਂ ਵਾਲੇ ਇਸ ਯੂਨਿਟ ਨੂੰ 'ਸੈੱਲ' ਵੀ ਕਿਹਾ ਜਾਂਦਾ ਹੈ |
ਇਟਲੀ ਦੇ ਹੀ ਇਕ ਹੋਰ ਵਿਗਿਆਨੀ ਅਲੈਗਜ਼ੈਂਡਰੋ ਐਨਟੋਨੀਓ ਵੋਲਟਾ (18 ਫਰਵਰੀ, 1745-05 ਮਾਰਚ, 1827) ਨੇ ਇਹ ਪਤਾ ਲਗਾਇਆ ਸੀ ਕਿ ਮਰੇ ਡੱਡੂ ਦੀਆਂ ਮਾਸਪੇਸ਼ੀਆਂ 'ਚ ਆਈ ਕੰਬਣੀ ਦਾ ਕਾਰਨ ਬਿਜਲਈ ਕਰੰਟ ਸੀ, ਜੋ ਕਿ ਰਸਾਇਣਾਂ ਨੇ ਪੈਦਾ ਕੀਤਾ ਸੀ | ਉਸ ਨੇ ਸੰਨ 1800 ਵਿਚ ਕੈਮੀਕਲ ਬੈਟਰੀ ਦੀ ਕਾਢ ਵੀ ਕੱਢੀ ਸੀ | 'ਵੋਲਟਾਇਕ ਪਾਇਲਜ਼' ਦੇ ਨਾਂਅ ਨਾਲ ਜਾਣੀ ਜਾਂਦੀ ਉਸ ਦੀ ਪਹਿਲੀ ਬੈਟਰੀ ਜ਼ਿੰਕ ਅਤੇ ਸਿਲਵਰ ਦੀਆਂ ਪਲੇਟਾਂ ਨਾਲ ਬਣੀ ਸੀ, ਜਿਨ੍ਹਾਂ ਵਿਚਕਾਰ ਕੱਪੜਾ ਰੱਖਿਆ ਗਿਆ ਸੀ |
ਆਂਦਰੇ ਐਮਪੀਅਰ, ਉਹ ਫਰਾਂਸੀਸੀ ਵਿਗਿਆਨੀ ਸੀ, ਜਿਸ ਨੇ ਸੰਨ 1820 ਵਿਚ ਅਜਿਹੇ ਕਈ ਸਿਧਾਂਤ ਖੋਜੇ ਸਨ, ਜੋ ਬਿਜਲੀ ਤੇ ਚੁੰਬਕਤਾ ਦੇ ਸਬੰਧਾਂ ਅਤੇ ਬੈਟਰੀ ਦੀ ਕਾਰਜਸ਼ੈਲੀ 'ਤੇ ਚਾਨਣਾ ਪਾਉਂਦੇ ਸਨ | ਐਮਪੀਅਰ ਨੇ ਇਹ ਵੀ ਦੱਸਿਆ ਸੀ ਕਿ ਬਿਜਲੀ ਅਸਲ ਵਿਚ ਕੰਡਕਟਰਾਂ ਰਾਹੀਂ ਅੱਗੇ ਵਧਦੀ ਸੀ ਤੇ ਬਿਜਲਈ ਚਾਰਜ ਇਕ ਇਲੈਕਟ੍ਰੌਡ ਤੋਂ ਦੂਜੇ ਇਲੈਕਟ੍ਰੋਡ ਵੱਲ ਸਫ਼ਰ ਕਰਦਾ ਸੀ | ਉਸ ਨੇ ਅਜਿਹੀ ਸੂਈ ਦੀ ਕਾਢ ਵੀ ਕੱਢੀ ਸੀ, ਜੋ ਬਿਜਲਈ ਕਰੰਟ ਦਾ ਪਤਾ ਵੀ ਲਗਾਉਂਦੀ ਸੀ |
ਪਿਆਰੇ ਬੱਚਿਓ, ਰੀਚਾਰਜ ਭਾਵ ਮੁੜ ਤੋਂ ਚਾਰਜ ਹੋ ਸਕਣ ਵਾਲੀਆਂ ਬੈਟਰੀਆਂ ਨੂੰ ਸਟੋਰੇਜ ਬੈਟਰੀਆਂ ਵੀ ਕਿਹਾ ਜਾਂਦਾ ਹੈ | ਸਭ ਤੋਂ ਪਹਿਲੀ ਸਟੋਰੇਜ ਬੈਟਰੀ ਦੀ ਕਾਢ ਫਰਾਂਸ ਦੇ ਵਿਗਿਆਨੀ ਗੈਸਟਨ ਪਲਾਂਟ ਨੇ ਸੰਨ, 1859 ਵਿਚ ਕੱਢੀ ਸੀ | ਇਸ ਬੈਟਰੀ ਵਿਚ ਲੈੱਡ ਤੋਂ ਬਣੀਆਂ ਦੋ ਪਲੇਟਾਂ ਨੂੰ ਤਾਰਾਂ ਦੀ ਮਦਦ ਨਾਲ ਜੋੜ ਕੇ ਸਲਫਿਊਰਿਕ ਐਸਿਡ ਇਲੈਕਟ੍ਰੋਲਾਈਟ ਵਿਚ ਡੋਬ ਕੇ ਰੱਖਿਆ ਗਿਆ ਸੀ | ਤਰਲ ਇਲੈਕਟ੍ਰੋਲਾਈਟ ਵਰਤਿਆ ਹੋਣ ਕਾਰਨ ਇਹ ਬੈਟਰੀ ਵੱਡੀ ਅਤੇ ਕਾਫੀ ਭਾਰੀ ਸੀ |
ਖੁਸ਼ਕ ਸੈੱਲ ਵਜੋਂ ਜਾਣੀ ਜਾਂਦੀ ਬੈਟਰੀ ਦੀ ਖੋਜ ਸੰਨ 1870 ਵਿਚ ਜਾਰਜ ਲਿਕਾਂਚੇ ਨੇ ਕੀਤੀ ਸੀ | ਉਸ ਨੇ ਇਲੈਕਟ੍ਰੋਲਾਈਟ ਦੀ ਵਰਤੋਂ ਪੇਸਟਨੁਮਾ ਆਕਾਰ 'ਚ ਕੀਤੀ ਸੀ | ਖੁਸ਼ਕ ਸੈੱਲ ਅਸਲ ਵਿਚ ਵੋਲਟਾਇਕ ਸੈੱਲ ਦਾ ਹੀ ਸੁਧਰਿਆ ਰੂਪ ਹੈ, ਜਿਸ ਦਾ ਬਾਹਰੀ ਖੋਲ ਜ਼ਿੰਕ ਤੋਂ ਬਣਿਆ ਹੁੰਦਾ ਹੈ ਤੇ ਕਾਰਬਨ ਦੀ ਇਕ ਡੰਡੀ ਇਸ ਦੇ ਕੇਂਦਰ 'ਚ ਹੁੰਦੀ ਹੈ, ਜਿਸ ਦੇ ਆਲੇ-ਦੁਆਲੇ ਗ੍ਰੇਫਾਈਟ ਹੁੰਦਾ ਹੈ | ਇਹ ਬੈਟਰੀ ਜਦੋਂ ਵਰਤੋਂ ਵਿਚ ਨਾ ਵੀ ਹੋਵੇ, ਉਦੋਂ ਵੀ ਖ਼ਤਮ ਹੋ ਜਾਂਦੀ ਹੈ |
ਮਹਾਨ ਵਿਗਿਆਨੀ ਥਾਮਸ ਐਲਵਾ ਐਡੀਸਨ ਦੁਆਰਾ ਜੋ ਐਲਕੇਲਾਈਨ ਬੈਟਰੀਆਂ ਦੀ ਕਾਢ ਕੱਢੀ ਗਈ ਸੀ, ਉਹ ਸਟੋਰੇਜ ਬੈਟਰੀਆਂ ਦਾ ਹੀ ਸੁਧਰਿਆ ਹੋਇਆ ਤੇ ਵਿਕਸਿਤ ਰੂਪ ਮੰਨਿਆ ਜਾਂਦਾ ਹੈ | ਇਨ੍ਹਾਂ ਬੈਟਰੀਆਂ ਵਿਚ ਐਸਿਡ ਦੀ ਥਾਂ ਐਲਕੇਲਾਈਨ ਇਲੈਕਟ੍ਰੋਲਾਈਟ ਦੀ ਵਰਤੋਂ ਕੀਤੀ ਗਈ ਹੁੰਦੀ ਹੈ | ਇਸ ਦੇ ਇਲੈਕਟ੍ਰੌਡ, ਨਿੱਕਲ ਆਕਸਾਈਡ ਅਤੇ ਲੋਹੇ ਦੀਆਂ ਪਲੇਟਾਂ ਤੋਂ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਕਾਸਟਿਕ ਪੋਟਾਸ਼ ਇਲੈਕਟ੍ਰੋਲਾਈਟ ਵਿਚ ਡੋਬ ਕੇ ਰੱਖਿਆ ਹੁੰਦਾ ਹੈ |

-410, ਚੰਦਰ ਨਗਰ, ਬਟਾਲਾ | ਮੋਬਾ: 97816-46008

ਬਾਲ ਕਹਾਣੀ: ਚਿੜੀ ਦਾ ਆਲ੍ਹਣਾ

ਜੰਗਲ ਵਿਚ ਇਕ ਚਿੜੀ ਦਰੱਖਤ 'ਤੇ ਆਲ੍ਹਣਾ ਬਣਾ ਕੇ ਖ਼ੁਸ਼ੀ-ਖ਼ੁਸ਼ੀ ਰਹਿ ਰਹੀ ਸੀ | ਇਕ ਦਿਨ ਉਹ ਚੋਗਾ-ਪਾਣੀ ਦੇ ਚੱਕਰ ਵਿਚ ਥੋੜ੍ਹੀ ਦੂਰ ਚੰਗੀ ਫ਼ਸਲ ਵਾਲੇ ਖੇਤ ਵਿਚ ਪਹੁੰਚ ਗਈ | ਖੇਤ ਵਿਚ ਦਾਣਾ-ਪਾਣੀ ਚੰਗਾ ਹੋਣ 'ਤੇ ਚਿੜੀ ਬਹੁਤ ਖ਼ੁਸ਼ ਹੋਈ ਤੇ ਰਾਤ ਨੂੰ ਉਹ ਘਰ ਆਉਣਾ ਵੀ ਭੁੱਲ ਗਈ | ਉਸੇ ਸ਼ਾਮ ਨੂੰ ਇਕ ਕਬੂਤਰ ਉਸ ਦਰੱਖਤ ਦੇ ਕੋਲ ਆਇਆ, ਜਿੱਥੇ ਚਿੜੀ ਦਾ ਆਲ੍ਹਣਾ ਸੀ | ਕਬੂਤਰ ਨੇ ਆਲ੍ਹਣੇ ਵਿਚ ਝਾਕ ਕੇ ਵੇਖਿਆ ਤਾਂ ਆਲ੍ਹਣਾ ਖਾਲੀ ਪਿਆ ਸੀ | ਆਲ੍ਹਣਾ ਬਹੁਤ ਸੋਹਣਾ ਪਾਇਆ ਹੋਇਆ ਸੀ | ਕਬੂਤਰ ਸੋਚਣ ਲੱਗਾ ਕਿ ਉਹ ਇਸ ਵਿਚ ਆਰਾਮ ਨਾਲ ਰਹਿ ਸਕਦਾ ਹੈ | ਉਸ ਨੂੰ ਇਹ ਬਣਿਆ-ਬਣਾਇਆ ਆਲ੍ਹਣਾ ਪਸੰਦ ਆ ਗਿਆ ਅਤੇ ਉਸ ਨੇ ਆਲ੍ਹਣੇ ਵਿਚ ਰਹਿਣ ਦਾ ਫ਼ੈਸਲਾ ਕਰ ਲਿਆ |
ਕੁਝ ਦਿਨਾਂ ਬਾਅਦ ਚਿੜੀ ਖਾ-ਖਾ ਕੇ ਮੋਟੀ ਹੋ ਗਈ ਤੇ ਆਪਣੇ ਆਲ੍ਹਣੇ ਦੀ ਯਾਦ ਆਉਣ ਲੱਗੀ | ਜਦੋਂ ਉਹ ਆਪਣੇ ਆਲ੍ਹਣੇ ਵਿਚ ਵਾਪਸ ਆਈ ਤਾਂ ਵੇਖਿਆ ਕਿ ਆਲ੍ਹਣੇ ਵਿਚ ਕਬੂਤਰ ਆਰਾਮ ਨਾਲ ਬੈਠਾ ਸੀ | ਇਹ ਦੇਖ ਕੇ ਚਿੜੀ ਨੂੰ ਗ਼ੁੱਸਾ ਆ ਗਿਆ ਤੇ ਉਸ ਨੇ ਕਬੂਤਰ ਨੂੰ ਕਿਹਾ, 'ਚੋਰ ਕਿਸੇ ਥਾਂ ਦਾ | ਮੈਂ ਆਲ੍ਹਣੇ ਵਿਚ ਨਹੀਂ ਸੀ ਤਾਂ ਮੇਰੇ ਘਰ ਵਿਚ ਵੜ ਗਿਆ? ਚਲਾ ਜਾਹ ਮੇਰੇ ਆਲ੍ਹਣੇ 'ਚੋਂ |' ਕਬੂਤਰ ਨਿਮਰਤਾ ਨਾਲ ਜਵਾਬ ਦੇਣ ਲੱਗਾ, 'ਕਿਹੜਾ ਤੁਹਾਡਾ ਘਰ? ਇਹ ਤਾਂ ਮੇਰਾ ਘਰ ਹੈ | ਤੂੰ ਪਾਗਲ ਹੋ ਗਈ ਏਾ |' ਇਹ ਗੱਲ ਸੁਣ ਕੇ ਚਿੜੀ ਕਹਿਣ ਲੱਗੀ ਕਿ 'ਬਹਿਸ ਕਰਨ ਨਾਲ ਕੁਝ ਨਹੀਂ ਹੋਣਾ | ਆਪਾਂ ਦੋਵੇਂ ਕਿਸੇ ਹੋਰ ਦੀ ਰਾਇ ਲੈਂਦੇ ਹਾਂ | ਜਿਸ ਦੇ ਹੱਕ ਵਿਚ ਫ਼ੈਸਲਾ ਹੋਵੇਗਾ, ਉਸ ਨੂੰ ਆਲ੍ਹਣਾ ਮਿਲ ਜਾਵੇਗਾ |' ਉਸ ਦਰਖਤ ਦੇ ਕੋਲ ਇਕ ਨਦੀ ਵਗਦੀ ਸੀ | ਨਦੀ ਦੇ ਕਿਨਾਰੇ ਇਕ ਭੂਰੇ ਰੰਗ ਦੀ ਬਿੱਲੀ ਬੈਠੀ ਸੀ | ਉਂਜ ਬਿੱਲੀ ਇਨ੍ਹਾਂ ਦੋਵਾਂ ਦੀ ਵੈਰੀ ਸੀ | ਪਰ ਉੱਥੇ ਹੋਰ ਕੋਈ ਵੀ ਨਹੀਂ ਸੀ | ਇਸ ਲਈ ਉਨ੍ਹਾਂ ਦੋਵਾਂ ਨੇ ਬਿੱਲੀ ਕੋਲ ਜਾਣਾ ਹੀ ਸਹੀ ਸਮਝਿਆ | ਸਾਵਧਾਨੀ ਵਰਤਦੇ ਹੋਏ ਬਿੱਲੀ ਦੇ ਕੋਲ ਜਾ ਕੇ ਉਨ੍ਹਾਂ ਨੇ ਆਪਣੀ ਸਮੱਸਿਆ ਦੱਸੀ | ਹੁਣ ਇਸ ਦਾ ਹੱਲ ਕੀ ਹੈ? ਇਸ ਦਾ ਜਵਾਬ ਤੁਹਾਡੇ ਤੋਂ ਚਾਹੁੰਦੇ ਹਾਂ | ਜੋ ਵੀ ਠੀਕ ਹੋਵੇਗਾ, ਉਸ ਨੂੰ ਉਹ ਆਲ੍ਹਣਾ ਮਿਲ ਜਾਵੇਗਾ ਅਤੇ ਜੋ ਝੂਠਾ ਹੋਵੇਗਾ ਉਸ ਨੂੰ ਤੁਸੀਂ ਖਾ ਲੈਣਾ |
ਬਿੱਲੀ ਝੱਟ ਬੋਲੀ! ਮੈਂ ਇਹ ਪਾਪ ਨਹੀਂ ਕਰ ਸਕਦੀ ਕਿ ਮੈਂ ਕਿਸੇ ਨੂੰ ਖਾਵਾਂ ਤੇ ਨਰਕ ਵਿਚ ਜਾਵਾਂ | ਮੈਂ ਤੁਹਾਡਾ ਫ਼ੈਸਲਾ ਕਰਾਂਗੀ | ਪਰ ਝੂਠੇ ਨੂੰ ਖਾਣ ਦੀ ਗੱਲ ਮੈਥੋਂ ਨਹੀਂ ਹੋਣੀ | ਮੈਂ ਇਕ ਗੱਲ ਤੁਹਾਨੂੰ ਦੋਵਾਂ ਨੂੰ ਕੰਨਾਂ ਵਿਚ ਕਹਿਣਾ ਚਾਹੁੰਦੀ ਹਾਂ | ਤੁਸੀਂ ਮੇਰੇ ਨੇੜੇ ਆਓ | ਕਬੂਤਰ ਤੇ ਚਿੜੀ ਖ਼ੁਸ਼ ਹੋ ਗਏ ਕਿ ਹੁਣ ਫ਼ੈਸਲਾ ਹੋਵੇਗਾ | ਜਿਉਂ ਹੀ ਉਹ ਦੋਵੇਂ ਬਿੱਲੀ ਦੇ ਨੇੜੇ ਗਏ ਤਾਂ ਬਿੱਲੀ ਨੇ ਕਬੂਤਰ ਨੂੰ ਪੰਜੇ ਵਿਚ ਫੜ ਕੇ ਮੂੰਹ ਨਾਲ ਚਿੜੀ ਨੂੰ ਨੋਚ ਲਿਆ | ਆਪਣੀ ਚਲਾਕੀ ਨਾਲ ਬਿੱਲੀ ਦੋਵਾਂ ਨੂੰ ਖਾ ਗਈ | ਆਪਣੇ ਵੈਰੀ ਨੂੰ ਪਛਾਣਦੇ ਹੋਏ ਵੀ ਕਬੂਤਰ ਅਤੇ ਚਿੜੀ ਨੂੰ ਆਪਣੀ ਜਾਨ ਗਵਾਉਣੀ ਪਈ ਤੇ ਆਲ੍ਹਣਾ ਦੋਵਾਂ ਦਾ ਨਾ ਹੋ ਸਕਿਆ |

-ਮੋਬਾ: 70878-00168

ਚੁਟਕਲੇ

• ਨਤਾਸ਼ਾ (ਪਤੀ ਨੂੰ )-ਦੇਖੋ ਜੀ, ਸਾਡੇ ਘਰ ਦੇ ਦਰਵਾਜ਼ੇ-ਖਿੜਕੀਆਂ ਸਭ ਜ਼ੋਰ-ਜ਼ੋਰ ਨਾਲ ਹਿੱਲ ਰਹੇ ਹਨ |
ਪਤੀ-ਤੰੂ ਚੱੁਪਚਾਪ ਸੌਾ ਜਾ, ਸਾਡਾ ਮਕਾਨ ਤਾਂ ਕਿਰਾਏ ਦਾ ਹੈ, ਹਿੱਲੇ ਜਾਂ ਟੱੁਟੇ, ਸਾਨੂੰ ਕੀ?
• ਜੋਨੀ (ਡਾਕਟਰ ਨੂੰ )-ਡਾਕਟਰ ਸਾਹਿਬ, ਹੁਣ ਵੀ ਜਦ ਮੈਂ ਭਾਸ਼ਣ ਦੇਣ ਲਗਦਾ ਹਾਂ ਤਾਂ ਜ਼ਬਾਨ ਤਾਲੂ ਨਾਲ ਚਿਪਕ ਜਾਂਦੀ ਹੈ ਤੇ ਬੱੁਲ੍ਹ ਕੰਬਣ ਲਗਦੇ ਹਨ |
ਡਾਕਟਰ-ਇਸ ਵਿਚ ਘਬਰਾਉਣ ਵਾਲੀ ਕੋਈ ਗੱਲ ਨਹੀਂ, ਝੂਠ ਬੋਲਦੇ ਸਮੇਂ ਅਜਿਹਾ ਹੁੰਦਾ ਹੀ ਹੈ |
• ਦੁਕਾਨਦਾਰ ਕੱਪੜਾ ਦਿਖਾਉਂਦਾ ਹੋਇਆ (ਸ਼ਿੰਕੂ ਬਾਬੂ ਨੂੰ )-ਬਾਬੂ ਜੀ, ਇਹ ਕੱਪੜਾ ਤੁਹਾਡੇ 'ਤੇ ਬਹੁਤ ਹੀ ਜਚੇਗਾ, ਇਸ ਦਾ ਰੰਗ ਤੁਹਾਡੇ ਚਿਹਰੇ ਨਾਲ ਬਹੁਤ ਮਿਲਦਾ ਹੈ |
ਸ਼ਿੰਕੂ ਬਾਬੂ-ਪਰ ਭਾਈ, ਮੇਰੇ ਮੰੂਹ ਦਾ ਰੰਗ ਅਜਿਹਾ ਨਹੀਂ, ਇਹ ਤਾਂ ਕੱਪੜੇ ਦਾ ਰੇਟ ਸੁਣ ਕੇ ਅਜਿਹਾ ਬਣ ਗਿਆ ਹੈ |
• ਇਕ ਤਲਾਕ ਦੇ ਮੁਕੱਦਮੇ ਵਿਚ ਜੱਜ (ਮਹਿਲਾ ਨੂੰ )-ਕੀ ਤੁਹਾਡਾ ਪਤੀ ਤੁਹਾਨੂੰ ਮਾਰਦਾ ਵੀ ਸੀ?
ਮਹਿਲਾ-ਹਾਂ ਜੀ, ਗੱੁਸੇ ਵਿਚ ਕੰਧ 'ਤੇ ਜ਼ੋਰ-ਜ਼ੋਰ ਨਾਲ ਮੱੁਕੇ ਮਾਰਦਾ ਸੀ ਅਤੇ ਕਹਿੰਦਾ ਸੀ ਕਿ ਕਾਸ਼! ਤੰੂ ਇਸ ਥਾਂ 'ਤੇ ਹੁੰਦੀ |

-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ |
ਮੋਬਾ: 98140-97917

ਬਾਲ ਨਾਵਲ-102: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਮੇਰੇ ਕੋਲ ਚੌਵੀ ਘੰਟਿਆਂ ਵਿਚ ਜਦੋਂ ਮਰਜ਼ੀ ਕੋਈ ਵੀ ਮਰੀਜ਼ ਮੈਨੂੰ ਵਿਖਾ ਸਕਦਾ ਹੈ, ਮੇਰੀ ਸਲਾਹ ਲੈ ਸਕਦਾ ਹੈ | ਅਸੀਂ ਇਸ ਹਸਪਤਾਲ ਵਿਚ ਸਾਰੇ ਕੰਮ ਕਰਨ ਵਾਲੇ ਕਾਮੇ ਹਾਂ ਅਤੇ ਕਾਮੇ ਤੋਂ ਇਲਾਵਾ ਕੁਝ ਵੀ ਨਹੀਂ | ਸਾਡਾ ਸਾਰਿਆਂ ਦਾ ਇਕੋ ਮੰਤਵ ਹੈ ਅਤੇ ਉਹ ਹੈ ਮਨੱੁਖਤਾ ਦੀ ਸੇਵਾ ਕਰਨੀ | ਜੇ ਸੱਚੇ ਦਿਲੋਂ ਕਿਸੇ ਦੀ ਵੀ ਸੇਵਾ ਕਰਨੀ ਹੋਵੇ ਤਾਂ ਦਿਨ-ਰਾਤ ਨਹੀਂ ਦੇਖਿਆ ਜਾਂਦਾ | ਮਨੱੁਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਭਗਤੀ ਹੈ | ਮੈਂ ਤਾਂ ਜਦੋਂ ਵੀ ਕਿਸੇ ਮਰੀਜ਼ ਦਾ ਇਲਾਜ ਕਰ ਰਿਹਾ ਹੋਵਾਂ ਜਾਂ ਸੇਵਾ ਕਰ ਰਿਹਾ ਹੋਵਾਂ ਤਾਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੁੰਦੈ ਜਿਵੇਂ ਮੈਂ ਆਪਣੀ ਮਾਂ ਦੀ ਸੇਵਾ ਕਰ ਰਿਹਾ ਹੋਵਾਂ... |' ਇਹ ਕਹਿੰਦਿਆਂ ਹਰੀਸ਼ ਦਾ ਮਨ ਭਰ ਆਇਆ ਅਤੇ ਉਸ ਕੋਲੋਂ ਹੋਰ ਨਾ ਬੋਲਿਆ ਗਿਆ |
ਡਾ: ਹਰੀਸ਼ ਦੀਆਂ ਗੱਲਾਂ ਸੁਣ ਕੇ ਹਾਲ ਵਿਚ ਬੈਠੇ ਸਾਰੇ ਲੋਕ ਭਾਵੁਕ ਹੋ ਗਏ | ਉਹ ਸਾਰੇ ਖੜ੍ਹੇ ਹੋ ਕੇ ਤਾੜੀਆਂ ਮਾਰਨ ਲੱਗੇ | ਤਾੜੀਆਂ ਦੀ ਆਵਾਜ਼ ਨਾਲ ਸਾਰਾ ਹਾਲ ਗੰੂਜਣ ਲੱਗਾ |
ਸਿਧਾਰਥ ਨੇ ਉੱਠ ਕੇ ਸਾਰਿਆਂ ਨੂੰ ਬੈਠਣ ਦਾ ਇਸ਼ਾਰਾ ਕੀਤਾ | ਜਦੋਂ ਸਾਰੇ ਬੈਠ ਗਏ ਤਾਂ ਉਸ ਨੇ ਡਾ: ਹਰੀਸ਼ ਦੇ ਸੰਖੇਪ ਪਰ ਭਾਵਪੂਰਤ ਭਾਸ਼ਣ ਦੀ ਤਾਰੀਫ ਕਰਦਿਆਂ ਕਿਹਾ ਕਿ ਹੁਣ ਅਸੀਂ ਅੱਜ ਦੇ ਅਸਲ ਪ੍ਰੋਗਰਾਮ ਯਾਨੀ ਹਸਪਤਾਲ ਦੇ ਉਦਘਾਟਨ ਦੀ ਰਸਮ ਕਰਾਂਗੇ | ਅਸੀਂ ਇਸ ਹਸਪਤਾਲ ਦਾ ਉਦਘਾਟਨ ਕਿਸੇ ਵੱਡੇ ਲੀਡਰ ਜਾਂ ਸ਼ਹਿਰ ਦੇ ਕਿਸੇ ਅਮੀਰ ਪਤਵੰਤੇ ਕੋਲੋਂ ਨਹੀਂ ਕਰਵਾ ਰਹੇ, ਸਗੋਂ ਅੱਜ ਸਾਡੇ ਹਸਪਤਾਲ ਦੇ ਉਦਘਾਟਨ ਦੀ ਰਸਮ ਸਾਡੇ ਮਾਤਾ ਜੀ ਅਤੇ ਮਨਜੀਤ ਦੇ ਮੰਮੀ ਜੀ ਕਰਨਗੇ |
ਮਾਤਾ ਜੀ ਅਤੇ ਮਨਜੀਤ ਦੇ ਮੰਮੀ ਜੀ ਨੂੰ ਉਠਾ ਕੇ ਨੇੜੇ ਹੀ ਇਕ ਕਮਰੇ ਅੱਗੇ ਬੱਝੇ ਰਿਬਨ ਕੋਲ, ਸਟੇਜ 'ਤੇ ਸਾਰੇ ਬੈਠੇ ਲੋਕ, ਲੈ ਆਏ | ਤਾੜੀਆਂ ਦੀ ਗੰੂਜ ਵਿਚ ਮਾਤਾ ਜੀ ਅਤੇ ਮਨਜੀਤ ਦੇ ਮੰਮੀ ਜੀ ਦੋਵਾਂ ਨੇ ਇਕੱਠੇ ਰਿਬਨ ਕੱਟਿਆ |
ਮਾਤਾ ਜੀ ਦੇ ਬਜ਼ੁਰਗ ਚਿਹਰੇ 'ਤੇ ਅੱਜ ਇਕ ਵੱਖਰੀ ਕਿਸਮ ਦੀ ਚਮਕ ਸੀ | ਮਨਜੀਤ ਦੇ ਮੰਮੀ ਜੀ ਵੀ ਰਿਬਨ ਕੱਟਣ ਤੋਂ ਬਾਅਦ ਬੜੇ ਮਾਣਮੱਤੇ ਮਹਿਸੂਸ ਕਰ ਰਹੇ ਸਨ | ਡਾ: ਹਰੀਸ਼ ਨੇ ਹਸਪਤਾਲ ਦੇ ਕਮਰੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਮਾਤਾ ਜੀ ਦੇ, ਮੰਮੀ ਜੀ ਦੇ ਪੈਰਾਂ ਨੂੰ ਹੱਥ ਲਗਾਏ | ਉਹ ਜਦੋਂ ਸਿਧਾਰਥ ਦੇ ਪੈਰਾਂ ਨੂੰ ਹੱਥ ਲਗਾਉਣ ਲੱਗਾ ਤਾਂ ਸਿਧਾਰਥ ਨੇ ਉਸ ਦੇ ਹੱਥ ਫੜ ਕੇ ਘੱੁਟ ਕੇ ਜੱਫੀ ਪਾ ਲਈ | ਮੇਘਾ ਨੇ ਵੀ ਇਸੇ ਤਰ੍ਹਾਂ ਕੀਤਾ |
ਕਮਰੇ ਅੰਦਰ ਕੁਝ ਕੁਰਸੀਆਂ ਪਈਆਂ ਸਨ | ਹਰੀਸ਼, ਮਾਤਾ ਜੀ ਅਤੇ ਮੰਮੀ ਜੀ ਨੂੰ ਉਥੇ ਬੈਠਣ ਲਈ ਕਹਿਣ ਲੱਗਾ ਪਰ ਮਾਤਾ ਜੀ ਨੇ ਉਸ ਨੂੰ ਫੜ ਕੇ ਪਹਿਲਾਂ ਕੁਰਸੀ 'ਤੇ ਬਿਠਾ ਦਿੱਤਾ ਅਤੇ ਫਿਰ ਦੂਜੇ ਡਾਕਟਰ ਜਿਹੜੇ ਆਏ ਹੋਏ ਸਨ, ਨੂੰ ਵੀ ਹਰੀਸ਼ ਦੇ ਨਾਲ ਵਾਲੀਆਂ ਕੁਰਸੀਆਂ 'ਤੇ ਬੈਠਣ ਲਈ ਕਿਹਾ | ਉਨ੍ਹਾਂ ਦੇ ਬੈਠ ਜਾਣ ਤੋਂ ਬਾਅਦ ਮਾਤਾ ਜੀ ਅਤੇ ਮੰਮੀ ਜੀ ਕੁਰਸੀਆਂ 'ਤੇ ਬੈਠੇ |
ਸਾਰੇ ਵਿਦਿਆਰਥੀ ਮਾਤਾ ਜੀ, ਸਿਧਾਰਥ, ਹਰੀਸ਼ ਨੂੰ ਅਤੇ ਆਪਸ ਵਿਚ ਇਕ-ਦੂਜੇ ਨੂੰ ਮੁਬਾਰਕਾਂ ਦੇ ਰਹੇ ਸਨ | ਇਸ ਤੋਂ ਬਾਅਦ ਸਕੂਲ ਦੇ ਵਿਹੜੇ ਵਿਚ ਚਾਹ-ਪਾਣੀ ਦਾ ਪ੍ਰੋਗਰਾਮ ਸੀ | ਸਿਧਾਰਥ ਸਾਰਾ ਮੁਆਇਨਾ ਕਰ ਆਇਆ ਸੀ | ਚਾਹ ਤਿਆਰ ਸੀ ਅਤੇ ਗਰਮ-ਗਰਮ ਪਕੌੜੇ ਬਣਨੇ ਸ਼ੁਰੂ ਹੋ ਗਏ ਸਨ | ਹੁਣ ਉਹ ਸਾਰਿਆਂ ਨੂੰ ਚਾਹ ਵਾਲੇ ਪਾਸੇ ਚੱਲਣ ਲਈ ਕਹਿ ਰਿਹਾ ਸੀ |

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
-ਮੋਬਾ: 98889-24664

ਬਾਲ ਸਾਹਿਤ

ਡਾਕਟਰ ਅੰਬੇਡਕਰ
ਜੀਵਨ ਮਿਸ਼ਨ
ਲੇਖਕ : ਡਾ: ਐਸ.ਐਲ. ਵਿਰਦੀ ਐਡਵੋਕੇਟ
ਪ੍ਰਕਾਸ਼ਕ : ਦਲਿਤ ਸਾਹਿਤ ਅਕਾਡਮੀ, ਪੰਜਾਬ |
ਪੰਨੇ : 48, ਮੁੱਲ : 50 ਰੁਪਏ
ਸੰਪਰਕ : 98145-17499
ਡਾ: ਐਸ.ਐਲ. ਵਿਰਦੀ ਐਡਵੋਕੇਟ ਵਲੋਂ ਰਚਿਤ ਬਾਲ-ਪੁਸਤਕ 'ਡਾਕਟਰ ਅੰਬੇਡਕਰ ਜੀਵਨ ਮਿਸ਼ਨ' ਵਿਚ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਜੀਵਨੀ ਨੂੰ ਬਿਆਨਿਆ ਗਿਆ ਹੈ | ਪੁਸਤਕ ਦੇ ਆਰੰਭ ਵਿਚ ਹੀ ਲੇਖਕ ਨੇ ਡਾ: ਅੰਬੇਡਕਰ ਦੇ ਜਨਮ ਦੀ ਅਵਸਥਾ ਨੂੰ ਦਿ੍ਸ਼ਟੀਗੋਚਰ ਕਰਨ ਦੇ ਨਾਲ-ਨਾਲ ਉਨ੍ਹਾਂ ਘਟਨਾਵਾਂ ਨੂੰ ਸੰਖੇਪ ਰੂਪ ਵਿਚ ਬਿਆਨ ਕੀਤਾ ਹੈ, ਜਿਹੜੀਆਂ ਬਾਲਕ ਅੰਬੇਡਕਰ ਦੇ ਬਚਪਨ ਵਿਚ ਵਾਪਰੀਆਂ | ਉਦਾਹਰਨ ਦੇ ਤੌਰ 'ਤੇ ਇਸ ਬਾਲ ਨੂੰ ਅਛੂਤ ਸਮਝਦੇ ਹੋਏ ਨਾਈ ਵਲੋਂ ਉਸ ਦੇ ਵਾਲ ਕੱਟਣ ਤੋਂ ਇਨਕਾਰ ਕਰਨਾ, ਸਕੂਲ ਵਿਚ ਦਾਖ਼ਲਾ ਨਾ ਦੇਣਾ, ਪਾਣੀ ਪੀਣ ਦੀ ਆਗਿਆ ਨਾ ਮਿਲਣੀ, ਬੱਘੀ ਵਿਚੋਂ ਥੱਲੇ ਸੁੱਟਣਾ, ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਅਪਮਾਨਿਤ ਕਰਨਾ, ਸੰਸਕਿ੍ਤ ਭਾਸ਼ਾ ਨਾ ਪੜ੍ਹਨ ਦੇਣਾ ਆਦਿ ਅਜਿਹੀਆਂ ਘਟਨਾਵਾਂ ਹਨ ਜਿਹੜੀਆਂ ਬਾਲ ਅੰਬੇਡਕਰ ਦੇ ਜੀਵਨ ਵਿਚ ਚੁਣੌਤੀਆਂ ਬਣ ਕੇ ਉੱਭਰਦੀਆਂ ਹਨ | ਸਟਰੀਟ ਲਾਈਟ ਥੱਲੇ ਪੜ੍ਹਨ ਵਾਲਾ ਅਤੇ ਬਿਨਾਂ ਦਾਜ ਤੋਂ ਸ਼ਾਦੀ ਕਰਨ ਵਾਲਾ ਇਹ ਆਤਮਵਿਸ਼ਵਾਸੀ ਅਤੇ ਮਿਹਨਤੀ ਅੰਬੇਡਕਰ ਵੱਡਾ ਹੋ ਕੇ ਵੀ ਹਿੰਮਤ ਨਹੀਂ ਹਾਰਦਾ, ਸਗੋਂ ਦੇਸ਼ ਲਈ ਸੰਪੂਰਨ ਆਜ਼ਾਦੀ ਦੇ ਅੰਦੋਲਨ ਵਿਚ ਸ਼ਾਮਿਲ ਹੁੰਦਾ ਹੈ | ਇਸ ਪੁਸਤਕ ਵਿਚ ਲੇਖਕ ਨੇ ਡਾ: ਅੰਬੇਡਕਰ ਨੂੰ ਇਕ ਵਿਸ਼ਵ ਵਿਆਪੀ ਗਿਆਨਵਾਨ ਪੁਰਸ਼ ਹੋਣ ਦੇ ਨਾਲ-ਨਾਲ ਮਾਨਵਤਾ ਪ੍ਰੇਮੀ ਵਜੋਂ ਪੇਸ਼ ਕੀਤਾ ਹੈ, ਜਿਸ ਨੇ ਸੰਸਾਰ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਵੱਡੇ ਕਾਰਜ ਕੀਤੇ ਅਤੇ ਸਮੂਹ ਮਨੁੱਖਾਂ ਲਈ ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦਾ ਸੁਨੇਹਾ ਦਿੱਤਾ | ਲਗਪਗ ਹਰ ਘਟਨਾ ਨਾਲ ਢੁਕਵਾਂ ਚਿੱਤਰ ਦਿੱਤਾ ਗਿਆ ਹੈ | ਲੇਖਕ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਜੋਂ ਡਾ: ਅੰਬੇਡਕਰ ਦੇ ਸਮੁੱਚੇ ਜੀਵਨ, ਸੰਘਰਸ਼ ਅਤੇ ਵਡਮੁੱਲੇ ਕਾਰਜਾਂ ਨੂੰ ਆਸਾਨੀ ਨਾਲ ਸਮਝਾਇਆ ਹੈ | ਪੁਸਤਕ ਦੇ ਆਰੰਭ ਤੋਂ ਲੈ ਕੇ ਅੰਤ ਤੱਕ ਉਤਸੁਕਤਾ ਬਰਕਰਾਰ ਰਹਿੰਦੀ ਹੈ | ਇਹ ਪੁਸਤਕ 8 ਤੋਂ 12 ਸਾਲਾਂ ਦੇ ਬਾਲ ਪਾਠਕਾਂ ਲਈ ਵਿਸ਼ੇਸ਼ ਤੌਰ 'ਤੇ ਪੜ੍ਹਨਯੋਗ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਸਾਡੇ ਅਸਲੀ ਹੀਰੋ

ਸਾਰੇ ਦੇਸ਼ ਨੂੰ ਜਿਨ੍ਹਾਂ 'ਤੇ ਮਾਣ,
ਬੱਚਿਓ ਉਹ ਨੇ ਆਪਣੇ ਫੌਜੀ ਜਵਾਨ |
ਜੋ ਨਾ ਕਦੇ ਵੀ ਮਰਨੋ ਡਰਦੇ,
ਸਰਹੱਦਾਂ 'ਤੇ ਸਾਡੀ ਰਾਖੀ ਕਰਦੇ |
ਮੀਂਹ ਹੋਵੇ ਜਾਂ ਕੜਕਦੀਆਂ ਧੱੁਪਾਂ,
ਦਿਨ-ਰਾਤ ਨੇ ਹਾਜ਼ਰੀ ਭਰਦੇ |
ਏਸੇ ਕਰਕੇ ਹੀ ਆਪਾਂ ਸਾਰੇ,
ਆਪਣੇ ਘਰਾਂ 'ਚ ਮੌਜਾਂ ਕਰਦੇ |
ਆਪਾਂ ਆਰਾਮ ਦੀ ਨੀਂਦ ਹਾਂ ਸੌਾਦੇ,
ਪਰ ਇਹ ਸੂਰਮੇ ਬਰਫਾਂ 'ਤੇ ਠਰਦੇ |
ਇਹ ਨੇ ਸਾਡੇ ਅਸਲੀ ਹੀਰੋ,
ਨਵੇਂ-ਨਵੇਂ ਕਾਰਨਾਮੇ ਜੋ ਕਰਦੇ |
ਸਭ ਇਨ੍ਹਾਂ ਲਈ ਕਰੋ ਦੁਆਵਾਂ,
ਦੂਰ ਇਨ੍ਹਾਂ ਤੋਂ ਰਹਿਣ ਬੁਲਾਵਾਂ |
ਚੜ੍ਹਦੀ ਕਲਾ 'ਚ ਰਹਿਣ ਹਮੇਸ਼ਾ,
'ਬਸਰੇ' ਲੱਗਣ ਨਾ ਤੱਤੀਆਂ ਹਵਾਵਾਂ |

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 97790-43348

ਬੁਝਾਰਤਾਂ

1. ਨਿੱਕੀ ਜਿਹੀ ਕੁੜੀ, ਕਿਸੇ ਤੋਂ ਨ੍ਹੀਂ ਘੱਟ,
ਮਾਰਦੀ ਜਾਵੇ ਛਾਲਾਂ, ਭਰਦੀ ਜਾਵੇ ਫੱਟ |
2. ਕਿਹੜਾ ਪੰਛੀ ਦੱਸੋ ਐਸਾ, ਜਿਸ ਦੀ ਪੂਛ 'ਤੇ ਟਿਕਿਆ ਪੈਸਾ?
3. ਮਾਂ ਸਾਰੇ ਜਗਤ ਦੀ, ਇਸ ਤੋਂ ਬਾਝ ਨਾ ਕੋਈ |
ਬੱੁਢੀ ਲੱਖਾਂ ਵਰਿ੍ਹਆਂ ਦੀ, ਪਰ ਅਜੇ ਵੀ ਨਵੀਂ-ਨਰੋਈ |
4. ਨਿੱਕੀ ਜਿਹੀ ਕੌਲੀ, ਲਾਹੌਰ ਜਾ ਕੇ ਬੋਲੀ |
5. ਮਿੰਦੋ ਦੇ ਪਾਪਾ ਦੇ ਪੰਜ ਬੱਚੇ, ਪਹਿਲਾ ਜਾਨਵਰੀ, ਦੂਜਾ ਫਰਵਰੀ, ਤੀਜਾ ਮਾਰਚ, ਚੌਥਾ ਅਪ੍ਰੈਲ ਤੇ ਪੰਜਵੇਂ ਦਾ ਕੀ ਹੋਵੇਗਾ ਨਾਂਅ?
7. ਤੁਰਦੀ ਹਾਂ ਤਾਂ ਪੈਰ ਨਹੀਂ, ਦੇਵਾਂ ਸਭ ਨੂੰ ਜਾਨ,
ਦੋ ਅੱਖਰਾਂ ਦੀ ਚੀਜ਼ ਹਾਂ, ਬੱੁਝੋ ਮੇਰਾ ਨਾਂਅ |
ਉੱਤਰ : (1) ਸੂਈ, (2) ਮੋਰ, (3) ਧਰਤੀ, (4) ਟੈਲੀਫੋਨ, (5) ਮਿੰਦੋ, (6) ਹਵਾ |

-ਰਾਜੀ ਬਿੰਜਲ,
ਮੋਬਾ: 98889-52041

ਬੁਝਾਰਤ (39)

ਕਦੇ ਕਦੇ ਇਹ ਨਜ਼ਰੀਂ ਪੈਂਦਾ,
ਰਾਤੀਂ ਜਾਗੇ ਦਿਨ ਨੂੰ ਸੌਾਦਾ |
ਕਿਸੇ 'ਤੇ ਤਰਸ ਕਰੇ ਨਾ ਭੋਰਾ,
ਇਹ ਪੰਛੀ ਹੈ ਮਾਸਖੋਰਾ |
ਪਰਿੰਦਿਆਂ ਦਾ ਇਹ ਕਰੇ ਸ਼ਿਕਾਰ,
ਪੰਜਿਆਂ ਦੇ ਨਾਲ ਕਰਦਾ ਵਾਰ |
ਇਨਸਾਨ ਜਿਹਾ ਗੋਲ ਹੈ ਚਿਹਰਾ,
ਦੱਸੋ ਬੱਚਿਓ ਪੰਛੀ ਕਿਹੜਾ |
ਪਹਿਲਾਂ ਬੋਲਿਆ ਸੀ ਦਿਲਰਾਜ,
ਸਰ ਜੀ ਇਹ ਹੈ ਪੰਛੀ ਬਾਜ਼ |
         --0--
ਫੇਰ ਝੱਟ ਖੜ੍ਹਾ ਹੋਇਆ ਬਿੱਲੂ,
ਭਲੂਰੀਆ ਸਰ ਜੀ ਇਹ ਹੈ ਉੱਲੂ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਕਵਿਤਾ: ਨਕਲ ਅਕਲ ਦੀ ਵੈਰੀ

ਨਕਲ ਹੈ ਅਕਲ ਦੀ ਵੈਰੀ ਬੱਚਿਓ,
ਮਿੱਠੀ ਨਹੀਂ ਹੈ ਜ਼ਹਿਰੀ ਬੱਚਿਓ |
ਸਾਰੇ ਵਿਸ਼ੇ ਪੜ੍ਹਨੇ ਕੋਈ ਨਈਾ ਛੱਡਣਾ,
ਨਕਲ ਦਾ ਕੋਹੜ ਹੈ ਜੜ੍ਹਾਂ ਤੋਂ ਵੱਢਣਾ |
ਵਿੱਦਿਆ, ਗਿਆਨ ਪੜ੍ਹ-ਪੜ੍ਹ ਮਿਲਦੇ,
ਮਿਹਨਤਾਂ ਦੇ ਫੱੁਲ ਜ਼ਿੰਦਗੀ 'ਚ ਖਿੜਦੇ |
ਨਕਲਾਂ ਨਲਾਇਕ ਬੱਚਿਓ ਬਣਾਉਂਦੀਆਂ,
ਫਸਟ ਡਵੀਜ਼ਨਾਂ ਕਦੇ ਨਈਾ ਆਉਂਦੀਆਂ |
ਦਿਨ-ਰਾਤ ਬੱਚੇ ਜੋ ਪੜ੍ਹਾਈਆਂ ਕਰਦੇ,
ਪਾਸ ਹੁੰਦੇ ਪੇਪਰਾਂ ਤੋਂ ਨਈਾ ਉਹ ਡਰਦੇ |
ਚਿੱਤ ਲਾ ਕੇ ਬੀਬਿਓ ਪੜ੍ਹਾਈ ਕਰ ਲਓ,
ਫੇਲ੍ਹ ਨਹੀਂ ਹੋਣਾ ਪੱਕਾ ਵਾਅਦਾ ਕਰ ਲਓ |
'ਅਰਮਨ' ਸਰ ਦੀ ਜੋ ਗੱਲ ਅਪਣਾਊਗਾ,
ਮੈਰਿਟ 'ਚ ਉਸ ਦਾ ਹੀ ਨਾਮ ਆਊਗਾ |

-ਅਰਮਨ ਪ੍ਰੀਤ (ਡਾ:),
ਪੰਜਾਬੀ ਲੈਸਚਰਾਰ, ਸ: ਸੀ: ਸੈ: ਸਕੂਲ ਬੀਰਮਪੁਰ (ਟਾਂਡਾ), ਜ਼ਿਲ੍ਹਾ ਹੁਸ਼ਿਆਰਪੁਰ |
ਮੋਬਾ: 98722-31840


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX