ਤਾਜਾ ਖ਼ਬਰਾਂ


ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ (ਗਪਟਿਲ) 30 ਦੌੜਾਂ ਬਣਾ ਕੇ ਆਊਟ
. . .  3 minutes ago
ਮੁਸਲਮਾਨਾਂ ਨੂੰ ਗੁਮਰਾਹ ਰਹੇ ਹਨ ਸਿਮੀ ਅਤੇ ਪੀ.ਐਫ.ਆਈ - ਯੂ.ਪੀ ਮੰਤਰੀ
. . .  9 minutes ago
ਲਖਨਊ, 24 ਜਨਵਰੀ - ਉੱਤਰ ਪ੍ਰਦੇਸ਼ ਦੇ ਮੰਤਰੀ ਮੋਹਸਿਨ ਰਜ਼ਾ ਦਾ ਕਹਿਣਾ ਹੈ ਕਿ ਜੋ ਕੁੱਝ ਹੋ ਰਿਹਾ ਹੈ, ਉਹ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਨਹੀਂ ਹੋ ਰਿਹਾ, ਬਲਕਿ ਇਸ...
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਗੋਬਰ ਤੋਂ ਛੜੇ (ਲੱਕੜੀ) ਬਣਾਉਣ ਵਾਲੀ ਮਸ਼ੀਨ ਕੀਤੀ ਭੇਟ
. . .  10 minutes ago
ਬਟਾਲਾ, 24 ਜਨਵਰੀ (ਕਾਹਲੋਂ)- ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਅੱਜ ਗਊਸ਼ਾਲਾ ਬਟਾਲਾ 'ਚ ਮਹਾਸ਼ਾ ਗੋਕੁਲ ਚੰਦ ਨੂੰ ਗੋਬਰ ਤੋਂ ਛੜੇ (ਲੱਕੜੀ) ਬਣਾਉਣ ਵਾਲੀ ਮਸ਼ੀਨ ਦਿੱਤੀ। ਇਸ ਤੋਂ ਇਲਾਵਾ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 52/0
. . .  18 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 50 ਦੌੜਾਂ ਪੂਰੀਆਂ
. . .  22 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਤੇਜ ਸ਼ੁਰੂਆਤ
. . .  24 minutes ago
ਰਜਨੀਕਾਂਤ ਦੇ ਬਿਆਨ 'ਤੇ ਬਵਾਲ ਵਿਚਾਲੇ ਤਾਮਿਲਨਾਡੂ 'ਚ ਪੇਰੀਆਰ ਦੀ ਮੂਰਤੀ ਨਾਲ ਭੰਨਤੋੜ
. . .  26 minutes ago
ਚੇਨਈ, 24 ਜਨਵਰੀ- ਤਾਮਿਲਨਾਡੂ 'ਚ ਦਵ੍ਰਿੜ ਵਿਚਾਰਕ ਅਤੇ ਸਮਾਜ ਸੁਧਾਰਕ ਪੇਰੀਆਰ ਨੂੰ ਲੈ ਕੇ ਵਿਵਾਦਾਂ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਇੱਥੋਂ ਦੇ ਚੇਂਗਲਪੱਟੂ ਜ਼ਿਲ੍ਹੇ ਦੇ ਇੱਕ ਪਿੰਡ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਬੱਲੇਬਾਜ਼ੀ ਸ਼ੁਰੂ
. . .  43 minutes ago
ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ : ਭਾਰਤੀ ਦੂਤਘਰ ਨੇ ਬੀਜਿੰਗ 'ਚ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਨੂੰ ਕੀਤਾ ਰੱਦ
. . .  53 minutes ago
ਬੀਜਿੰਗ, 24 ਜਨਵਰੀ- ਚੀਨ 'ਚ ਫੈਲੇ ਕੋਰੋਨਾ ਵਾਇਰਸ ਕਾਰਨ ਬੀਜਿੰਗ ਸਥਿਤ ਭਾਰਤੀ ਦੂਤਘਰ ਨੇ ਗਣਤੰਤਰ ਦਿਵਸ ਸਮਾਰੋਹ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਇਸ ਬਿਮਾਰੀ ਕਾਰਨ ਚੀਨ 'ਚ ਹੁਣ ਤੱਕ 25 ਲੋਕਾਂ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਰਨ ਦਾ ਢੰਗ

ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ, ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ :
ਬਾਬਾ ਦੇਖੈ ਧਿਆਨ ਧਰਿ ਜਲਤੀ
ਸਭਿ ਪ੍ਰਿਥਵੀ ਦਿਸਿ ਆਈ।
ਬਾਝਹੁ ਗੁਰੂ ਗੁਬਾਰ ਹੈ,
ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥
(ਵਾਰ ੧/ਪਉੜੀ ੨੪)
ਭਾਈ ਗੁਰਦਾਸ ਜੀ ਦੁਨੀਆ ਦੇ ਕਿਸੇ ਇਕ ਦੇਸ਼ ਜਾਂ ਕਿਸੇ ਇਕ ਖ਼ਾਸ ਖਿੱਤੇ ਦੀ ਗੱਲ ਨਹੀਂ ਕਰ ਰਹੇ। ਉਨ੍ਹਾਂ ਵਲੋਂ ਵਰਤੇ ਗਏ ਸ਼ਬਦ 'ਪ੍ਰਿਥਵੀ', 'ਲੁਕਾਈ' ਅਤੇ 'ਧਰਤਿ' ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ। ਇਹ ਸ਼ਬਦ ਗੁਰੂ ਜੀ ਦੇ ਉਪਦੇਸ਼ ਕਰਨ ਦੇ ਢੰਗ ਦੀ ਵਿਸ਼ਾਲਤਾ ਦੇ ਸੂਚਕ ਹਨ।
ਗੁਰੂ ਨਾਨਕ ਦੇਵ ਜੀ ਧਰਮ ਦੇ ਪ੍ਰਚਾਰ ਲਈ ਕੇਵਲ ਹਿੰਦੁਸਤਾਨ ਤੱਕ ਸੀਮਤ ਨਹੀਂ ਸਨ। ਆਪ ਨੇ ਕਾਬਲ, ਮੱਕਾ, ਮਦੀਨਾ, ਬਗ਼ਦਾਦ, ਕਸ਼ਮੀਰ, ਤਿੱਬਤ, ਆਸਾਮ ਅਤੇ ਲੰਕਾ ਤਕ ਦੀ ਯਾਤਰਾ ਵੀ ਕੀਤੀ। ਹਿੰਦੁਸਤਾਨ ਵਿਚ ਅਤੇ ਬਾਹਰ ਪ੍ਰਚਲਤ ਧਰਮਾਂ ਅਤੇ ਵਿਸ਼ਵਾਸਾਂ ਦੇ ਮੁੱਖ ਕੇਂਦਰਾਂ 'ਤੇ ਆਪ ਗਏ ਅਤੇ ਉਥੇ ਜਾ ਕੇ ਆਪ ਜੀ ਨੇ ਸੱਚ ਦੀ ਗੱਲ ਸਾਰਿਆਂ ਤੱਕ ਪਹੁੰਚਾਈ। ਸਭਨਾਂ ਦੇ ਭਰਮ-ਭੁਲੇਖੇ ਦੂਰ ਕੀਤੇ ਅਤੇ ਸਭਨਾਂ ਦੇ ਮਨਾਂ ਨੂੰ ਮੋਹ ਲਿਆ। ਇਸੇ ਕਰਕੇ ਹੀ ਭਾਈ ਗੁਰਦਾਸ ਜੀ ਨੇ ਗੁਰੂ ਜੀ ਨੂੰ 'ਜਗਤ ਗੁਰ ਬਾਬਾ' ਆਖਿਆ। ਭਾਈ ਸਾਹਿਬ ਨੇ ਗੁਰੂ ਜੀ ਦੇ ਉਪਦੇਸ਼ ਦੇ ਅਸਰ ਨੂੰ ਇਸ ਪੰਕਤੀ ਰਾਹੀਂ ਬਾਖ਼ੂਬੀ ਦਰਸਾਇਆ ਹੈ :
ਮਾਰਿਆ ਸਿਕਾ ਜਗਤਿ ਵਿਚਿ
ਨਾਨਕ ਨਿਰਮਲ ਪੰਥੁ ਚਲਾਇਆ।
(ਵਾਰ ੧/ਪਉੜੀ ੪੫)
ਇਸ ਤਰ੍ਹਾਂ ਗੁਰੂ ਜੀ ਦੇ ਉਪਦੇਸ਼ ਕਰਨ ਦੇ ਢੰਗ ਦਾ ਪਹਿਲਾ ਵਿੱਲਖਣ ਗੁਣ ਇਹੀ ਬਣਦਾ ਹੈ ਕਿ ਆਪ ਜੀ ਨੇ ਇਕ ਜਗ੍ਹਾ ਡੇਰਾ ਲਾ ਕੇ ਪ੍ਰਚਾਰ ਨਹੀਂ ਕੀਤਾ ਸਗੋਂ ਦੂਰ-ਦੂਰ ਤੱਕ ਪੈਦਲ ਸਫ਼ਰ ਕਰ ਕੇ ਆਪਣੇ ਰੂਹਾਨੀ ਉਪਦੇਸ਼ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਇਆ ਅਤੇ ਉਨ੍ਹਾਂ ਦੇ ਹਿਰਦਿਆਂ ਨੂੰ ਠੰਢਕ ਪਹੁੰਚਾਈ। ਵਿਸ਼ਾਲਤਾ ਦੀ ਦ੍ਰਿਸ਼ਟੀ ਤੋਂ ਗੁਰੂ ਜੀ ਨੇ ਵੇਦ-ਕਤੇਬ, ਛੇ-ਦਰਸ਼ਨ ਅਤੇ ਹੋਰ ਪ੍ਰਚਲਤ ਵਿਚਾਰਧਾਰਾਵਾਂ ਦਾ ਡੂੰਘਾ ਅਧਿਐਨ ਕੀਤਾ। ਉਸ ਸਮੇਂ ਦੀ ਧਾਰਮਿਕ, ਸਮਾਜਿਕ, ਸੱਭਿਆਚਾਰਕ, ਰਾਜਨੀਤਕ, ਆਰਥਿਕ ਆਦਿ ਸਭ ਕਿਸਮ ਦੀ ਹਾਲਤ ਬਾਰੇ ਗੁਰੂ ਜੀ ਨੂੰ ਡੂੰਘੀ ਸੂਝ ਸੀ। ਇਸ ਤੋਂ ਇਲਾਵਾ ਆਪ ਜੀ ਨੂੰ ਫ਼ਾਰਸੀ, ਤੁਰਕੀ, ਅਰਬੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦਾ ਡੂੰਘਾ ਗਿਆਨ ਸੀ। ਪਹਿਲਾਂ ਤੋਂ ਚੱਲ ਰਹੀ ਭਗਤੀ-ਲਹਿਰ ਪ੍ਰਤੀ ਡੂੰਘਾ ਸੰਪਰਕ ਆਪ ਜੀ ਨੇ ਪੈਦਾ ਕਰ ਲਿਆ ਸੀ। ਇਨ੍ਹਾਂ ਸਾਰੀਆਂ ਗੱਲਾਂ ਨੇ ਆਪ ਜੀ ਦੇ ਉਪਦੇਸ਼ ਕਰਨ ਦੇ ਢੰਗ ਅਤੇ ਦਾਇਰੇ ਵਿਚ ਭਾਰੀ ਵਿਸ਼ਾਲਤਾ ਲੈ ਆਂਦੀ।
ਦੂਜਾ ਗੁਣ, ਜੋ ਗੁਰੂ ਜੀ ਦੇ ਉਪਦੇਸ਼ ਕਰਨ ਦੇ ਢੰਗ ਵਿਚ ਸਪੱਸ਼ਟ ਨਜ਼ਰ ਆਉਂਦਾ ਹੈ, ਉਹ ਹੈ ਉਪਦੇਸ਼ ਕਰਨ ਦਾ ਵਿਵਹਾਰਿਕ ਢੰਗ। ਹਰਦੁਆਰ ਜਾ ਕੇ ਆਪ ਨੇ ਪੱਛਮ-ਦਿਸ਼ਾ ਵੱਲ ਪਾਣੀ ਸੁੱਟਣਾ ਸ਼ੁਰੂ ਕੀਤਾ ਤਾਂ ਲੋਕਾਂ ਨੂੰ ਸਮਝ ਆਈ ਕਿ ਜੇਕਰ ਪੰਜਾਬ ਦੇ ਖੇਤਾਂ ਤੱਕ ਪਾਣੀ ਨਹੀਂ ਪਹੁੰਚ ਸਕਦਾ ਤਾਂ ਏਨੀ ਦੂਰ ਸੂਰਜ ਤੱਕ ਪਾਣੀ ਕਿਵੇਂ ਪਹੁੰਚ ਸਕਦਾ ਹੈ? ਮਲਕ ਭਾਗੋ ਦੀ ਲੁੱਟ ਦੀ ਕਮਾਈ ਨਾਲ ਬਣੇ ਪਦਾਰਥਾਂ ਵੱਲ ਮੂੰਹ ਨਹੀਂ ਕੀਤਾ, ਇਹ ਦੱਸਣ ਲਈ ਕਿ ਹੱਕ ਦੀ ਕਮਾਈ ਭਾਈ ਲਾਲੋ ਵਾਂਗ ਕੀਤੀ ਜਾਣੀ ਚਾਹੀਦੀ ਹੈ। ਅਜਿਹੀਆਂ ਹੋਰ ਬਹੁਤ ਸਾਖੀਆਂ ਹਨ, ਜਿਨ੍ਹਾਂ ਤੋਂ ਗੁਰੂ ਜੀ ਦੇ ਉਪਦੇਸ਼ ਕਰਨ ਦੇ ਵਿਵਹਾਰਿਕ ਢੰਗ ਨੂੰ ਸਮਝਿਆ ਜਾ ਸਕਦਾ ਹੈ।
ਤੀਜਾ ਗੁਣ, ਜੋ ਗੁਰੂ ਜੀ ਦੇ ਉਪਦੇਸ਼ ਕਰਨ ਦੇ ਢੰਗ ਦਾ ਇਕ ਅਤਿ ਵਿਲੱਖਣ ਗੁਣ ਹੈ, ਉਹ ਹੈ ਬਾਣੀ ਅਤੇ ਰਾਗ ਦਾ ਸੁਮੇਲ। 'ਮਰਦਾਨਿਆ! ਛੇੜ ਰਬਾਬ' ਕਹਿ ਕੇ ਜਦੋਂ ਗੁਰੂ ਜੀ ਬਾਣੀ ਦਾ ਕੀਰਤਨ ਕਰਦੇ ਤਾਂ ਸੁਣਨ ਵਾਲਿਆਂ ਦੇ ਹਿਰਦਿਆਂ 'ਤੇ ਸਿੱਧਾ ਅਸਰ ਹੁੰਦਾ। ਬਾਣੀ ਰਾਹੀਂ ਆਪ ਜੀ ਨੇ ਰੱਬ ਦੀਆਂ ਅਤੇ ਜੀਵਨ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀਆਂ ਗੱਲਾਂ ਕੀਤੀਆਂ। ਬਾਣੀ ਅਤੇ ਰਾਗ ਦੀ ਸ਼ਕਤੀਸ਼ਾਲੀ ਖਿੱਚ ਬਾਰੇ ਕਦੇ ਵੀ ਦੋ ਰਾਵਾਂ ਨਹੀਂ ਹੋ ਸਕਦੀਆਂ। ਅੱਜ ਦਾ ਵਿਗਿਆਨ ਸੰਗੀਤ ਰਾਹੀਂ ਮਨੋਵਿਗਿਆਨਕ ਤੌਰ 'ਤੇ ਮਨੁੱਖੀ ਸਰੀਰ ਅਤੇ ਮਨੁੱਖੀ ਮਨ ਨੂੰ ਸਿਹਤਮੰਦ ਬਣਾਉਣ ਦੇ ਸਿਧਾਂਤ ਨੂੰ ਮੰਨਦਾ ਹੈ। ਸੱਚਮੁਚ ਹੀ ਗੁਰੂ ਜੀ ਦੇ ਉਪਦੇਸ਼ ਕਰਨ ਦਾ ਢੰਗ ਰੂਹਾਂ ਦੇ ਧੁਰ ਅੰਦਰ ਲਹਿ ਜਾਣ ਦਾ ਢੰਗ ਸੀ। ਇਹ ਢੰਗ ਅੱਜ ਵੀ ਬਾਣੀ ਦੇ ਪਾਠ ਅਤੇ ਕੀਰਤਨ ਦੇ ਰੂਪ ਵਿਚ ਨਿਰੰਤਰ ਚੱਲ ਰਿਹਾ ਹੈ। ਗੁਰੂ ਜੀ ਨੇ ਆਪਣੀ ਬਾਣੀ ਰਚਣ ਤੋਂ ਇਲਾਵਾ ਆਪਣੇ ਤੋਂ ਪਹਿਲਾਂ ਹੋਏ ਭਗਤ ਸਾਹਿਬਾਨ ਦੀ ਚੋਣਵੀਂ ਬਾਣੀ ਨੂੰ ਵੀ ਆਪਣੇ ਪਾਸ ਇਕੱਠਾ ਕੀਤਾ। ਇਸ ਤਰ੍ਹਾਂ ਬਾਣੀ ਰਾਹੀਂ ਪ੍ਰਚਾਰ ਦੀ ਸਾਰਥਿਕਤਾ ਨੂੰ ਆਪ ਜੀ ਨੇ ਹੋਰ ਵੀ ਵਿਸ਼ਾਲ ਬਣਾ ਦਿੱਤਾ। ਇਸ ਪਹਿਲੂ ਤੋਂ ਗੁਰੂ ਜੀ ਨੇ ਇਕ ਮਹਾਨ ਖੋਜੀ ਦਾ ਕੰਮ ਕੀਤਾ।
ਚੌਥਾ ਗੁਣ, ਗੁਰੂ ਜੀ ਵਲੋਂ ਕੀਤੇ ਗਏ ਪ੍ਰਚਾਰ ਵਿਚ ਵਿਚਾਰ-ਵਟਾਂਦਰੇ ਦਾ ਢੰਗ ਸੀ। ਇਹ ਇਕ ਖੋਜ ਦਾ ਢੰਗ ਸੀ। ਵਿਚਾਰ-ਵਟਾਂਦਰੇ ਦੀ ਅਹਿਮੀਅਤ ਨੂੰ ਭਗਤ ਕਬੀਰ ਜੀ ਨੇ ਇਸ ਤਰ੍ਹਾਂ ਦਰਸਾਇਆ ਹੈ :
ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ॥
ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ॥
(ਅੰਗ-1377)
ਕੁਝ ਸੁਣਨ ਅਤੇ ਕੁਝ ਕਹਿਣ ਦੀ ਪ੍ਰਕ੍ਰਿਆ ਸੱਚਮੁਚ ਹੀ ਬੜੀ ਚੰਗੀ ਹੈ ਜੇ ਕਰ ਇਹ ਬਹਿਸ-ਮੁਬਾਹਿਸੇ ਤੋਂ ਜਾਂ ਵਾਦ-ਵਿਵਾਦ ਤੋਂ ਰਹਿਤ ਹੋਵੇ ਅਤੇ ਇਸ ਵਿਚ ਉੱਚੀਆਂ ਕਦਰਾਂ-ਕੀਮਤਾਂ ਅਰਥਾਤ ਰੁਹਾਨੀਅਤ ਦੀ ਗੱਲ ਹੋਵੇ। ਗੁਰੂ ਨਾਨਕ ਦੇਵ ਜੀ ਖੋਜੀ ਦੀ ਮਹੱਤਤਾ ਨੂੰ ਬਿਆਨ ਕਰਦੇ ਹੋਏ ਫ਼ੁਰਮਾਉਂਦੇੋ ਹਨ :
ਸੇਵਾ ਸੁਰਤਿ ਰਹਸਿ ਗੁਣ
ਗਾਵਾ ਗੁਰਮੁਖਿ ਗਿਆਨੁ ਬੀਚਾਰਾ॥
ਖੋਜੀ ਉਪਜੈ ਬਾਦੀ ਬਿਨਸੈ ਹਉ
ਬਲਿ ਬਲਿ ਗੁਰ ਕਰਤਾਰਾ॥ (ਅੰਗ 1255)
ਗਿਆਨ-ਗੋਸ਼ਟ ਸੱਚ ਤੱਕ ਅੱਪੜਨ ਦਾ ਸਾਧਨ ਅਤੇ ਸਮੇਂ ਦੀ ਸਭ ਤੋਂ ਵੱਧ ਸੁਚੱਜੀ ਵਰਤੋਂ ਹੈ। ਗੁਰੂ ਜੀ ਦੇ ਉਪਦੇਸ਼ ਕਰਨ ਦੇ ਢੰਗ ਵਿਚ 'ਸਿਧ ਗੋਸਟਿ' ਬਾਣੀ ਆਪਣੇ ਆਪ ਵਿਚ ਇਕ ਸ਼ਾਨਦਾਰ ਉਦਾਹਰਨ ਹੈ। ਆਪ ਜੀ ਨੇ ਪ੍ਰਸ਼ਨ-ਉੱਤਰ ਅਤੇ ਦਲੀਲ ਮਈ ਵਾਰਤਾਲਾਪ ਰਾਹੀਂ ਸਿੱਧਾਂ, ਨਾਥਾਂ ਅਤੇ ਜੋਗੀਆਂ ਦੇ ਸ਼ੰਕੇ ਨਵਿਰਤ ਕੀਤੇ। ਵਾਰਤਾਲਾਪ ਦਾ ਇਹ ਢੰਗ ਗੁਰੂ ਜੀ ਨੇ ਕੁਰੂਖੇਤ੍ਰ ਦੇ ਪੰਡਤਾਂ ਨਾਲ, ਮੱਕੇ ਵਿਚ ਕਾਜ਼ੀਆਂ ਨਾਲ ਅਤੇ ਸੱਜਣ ਠੱਗ ਵਰਗੇ ਕੁਰਾਹੇ ਪਏ ਵਿਅਕਤੀਆਂ ਨਾਲ ਵੀ ਵਰਤੋਂ ਵਿਚ ਲਿਆਂਦਾ। ਹਰ ਥਾਂ ਗੁਰੂ ਜੀ ਦੀ ਦਲੀਲ ਏਨੀ ਪ੍ਰਭਾਵਸ਼ਾਲੀ ਹੁੰਦੀ ਸੀ ਕਿ ਸੁਣਨ ਵਾਲੇ ਸਭ ਕੀਲੇ ਜਾਂਦੇ ਸਨ।
ਪੰਜਵਾਂ ਗੁਣ, ਜੋ ਸਾਰੇ ਗੁਣਾਂ ਤੋਂ ਉੱਪਰ ਕਿਹਾ ਜਾ ਸਕਦਾ ਹੈ, ਉਹ ਹੈ ਗੁਰੂ ਜੀ ਵਲੋਂ ਆਪ ਇਕ ਮਿਸਾਲ ($ode&) ਬਣਨਾ। ਆਪਣੇ ਪੁੱਤਰਾਂ ਨੂੰ ਛੱਡ ਕੇ ਸੇਵਕ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖ਼ਸ਼ਣਾ ਕੋਈ ਮਾੜੀ-ਮੋਟੀ ਘਟਨਾ ਨਹੀਂ ਸੀ। ਆਪਣੇ ਜੀਵਨ ਦੀ ਇਸ ਅਦੁੱਤੀ ਇਤਿਹਾਸਕ ਘਟਨਾ ਰਾਹੀਂ ਗੁਰੂ ਜੀ ਨੇ ਅਮਲੀ ਅਰਥਾਂ ਵਿਚ ਸਾਨੂੰ ਸਭ ਨੂੰ ਸਮਝਾ ਦਿੱਤਾ ਕਿ ਰਿਸ਼ਤੇ, ਅਹੁਦੇ, ਧਨ-ਦੌਲਤ ਆਦਿ ਸਭ ਮਹੱਤਵ-ਹੀਣ ਹਨ; ਮਹੱਤਵ ਹੈ ਤਾਂ ਸੱਚੇ-ਸੁੱਚੇ ਅਤੇ ਸੇਵਾ-ਭਰਪੂਰ ਜੀਵਨ ਦਾ। ਕੀਮਤ ਹੈ ਗੁਣਾਂ ਦੀ ਅਤੇ ਕੇਵਲ ਗੁਣਾਂ ਦੀ। ਹੋਰ ਕਿਸੇ ਵੀ ਗੱਲ ਦੀ ਕੀਮਤ ਨਹੀਂ ਹੈ। ਇਸ ਤੋਂ ਬਿਨਾਂ ਗੁਰੂ ਜੀ ਨੇ 'ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ' ਦੀਆਂ ਸਿੱਖਿਆਵਾਂ ਨੂੰ ਖ਼ੁਦ ਅਮਲੀ ਰੂਪ ਵਿਚ ਅਪਣਾਅ ਕੇ ਇਕ ਅਕਾਲਪੁਰਖ ਦੇ ਨਾਮ ਦਾ ਉਪਦੇਸ਼ ਦਿੱਤਾ। ਕਰਤਾਰਪੁਰ ਵਿਖੇ ਆਪਣੇ ਹੱਥੀਂ ਖੇਤੀ ਕੀਤੀ। ਖੇਤੀ ਦੇ ਨਾਲ-ਨਾਲ ਧਰਮ ਦਾ ਪ੍ਰਚਾਰ ਜਾਰੀ ਰੱਖਿਆ। ਇਹੀ ਸਭ ਤੋਂ ਵੱਧ ਉੱਘੜਵਾਂ ਅਤੇ ਅਮਲੀ ਗੁਣ ਸੀ, ਜਿਸ ਸਦਕਾ ਗੁਰੂ ਜੀ ਦੇ ਉਪਦੇਸ਼ ਦਾ ਅਸਰ ਦੂਰ-ਦੂਰ ਤੱਕ ਅਤੇ ਭਾਰੀ ਗਿਣਤੀ ਵਿਚ ਲੋਕਾਂ 'ਤੇ ਪਿਆ। ਆਪ ਜੀ ਵਲੋਂ ਚਲਾਏ ਗਏ 'ਨਿਰਮਲ ਪੰਥ' ਨੂੰ ਮੰਨਣ ਵਾਲਿਆਂ ਦੀ ਗਿਣਤੀ ਆਉਣ ਵਾਲੇ ਸਮੇਂ ਵਿਚ ਵਧਦੀ ਹੀ ਗਈ।


ਸੰਪਰਕ : 001-317-406-0002


ਖ਼ਬਰ ਸ਼ੇਅਰ ਕਰੋ

ਪਾਣੀਪਤ ਦੀ ਤੀਜੀ ਲੜਾਈ ਅਤੇ ਸਿੱਖ

ਅਹਿਮਦ ਸ਼ਾਹ ਅਬਦਾਲੀ ਕਾਬਲ ਵਿਚ ਰੁੱਝਿਆ ਸਾਰੇ ਹਾਲਾਤ ਨੂੰ ਬੜੇ ਦੁੱਖ ਨਾਲ ਦੇਖ ਰਿਹਾ ਸੀ। ਆਪਣੇ ਪੁੱਤਰ ਤੈਮੂਰ ਦੀ ਬੇਇਜ਼ਤੀ ਤੇ ਜਹਾਨ ਖ਼ਾਨ ਦੀਆਂ ਹਾਰਾਂ ਉਸ ਅੰਦਰ ਗੁੱਸਾ ਪੈਦਾ ਕਰ ਰਹੀਆਂ ਸਨ। ਅਦੀਨਾ ਬੇਗ ਦੀ ਮੌਤ ਨੇ ਤਾਂ ਉਸ ਨੂੰ ਛੇਤੀ ਹਮਲਾ ਕਰਨ ਲਈ ਤਿਆਰ ਕਰ ਦਿੱਤਾ।
ਦਿੱਲੀ ਵਿਖੇ ਮਰਹੱਟਿਆਂ ਦਾ ਹੀ ਰਾਜ ਸੀ। ਅਬਦਾਲੀ ਵਲੋਂ ਨਿਯੁਕਤ ਕੀਤੇ ਨਜ਼ੀਬ-ਉਦ-ਦਉਲਾ ਨੂੰ ਮਾਰਕੁੱਟ ਕੇ ਬਾਹਰ ਕੱਢ ਦਿੱਤਾ ਗਿਆ ਸੀ। ਰਾਜਪੂਤ ਸਰਦਾਰ ਜੈਪੁਰ ਦੇ ਮਾਧੋ ਸਿੰਘ ਤੇ ਮਾਰਵਾੜ ਦੇ ਬਿਜੈ ਸਿੰਘ ਅਬਦਾਲੀ ਨੂੰ ਛੇਤੀ ਆ ਕੇ ਹਮਲਾ ਕਰਨ ਲਈ ਕਹਿ ਰਹੇ ਸਨ। ਅਹਿਮਦ ਸ਼ਾਹ ਅਬਦਾਲੀ 1759 ਈ: ਨੂੰ 40 ਹਜ਼ਾਰ ਸਿਪਾਹੀਆਂ ਦੀ ਭਾਰੀ ਫ਼ੌਜ ਲੈ ਕੇ ਪੰਜਾਬ ਉਤੇ ਚੜ੍ਹ ਆਇਆ। ਇਹ ਹਿੰਦੁਸਤਾਨ ਉਤੇ ਉਸ ਦਾ ਪੰਜਵਾਂ ਹੱਲਾ ਸੀ। ਉਸ ਦੀ ਸੋਚ ਸੀ ਕਿ ਜੇ ਪਹਿਲਾਂ ਦਿੱਲੀ ਵਿਚ ਬੈਠੇ ਮਰਹੱਟਿਆਂ ਨੂੰ ਟਿਕਾਣੇ ਲਾ ਦਿੱਤਾ ਜਾਵੇ ਤਾਂ ਫਿਰ ਪੰਜਾਬ ਵਿਚ ਪੈਰ ਜਮਾਉਣੇ ਸੌਖੇ ਹੋਣਗੇ।
ਅਹਿਮਦ ਸ਼ਾਹ 25 ਅਕਤੂਬਰ, 1759 ਈ: ਨੂੰ ਅਟਕ ਪਾਰ ਹੋਇਆ। ਮਰਾਠਿਆਂ ਨੇ ਕੋਈ ਟਾਕਰਾ ਨਾ ਕੀਤਾ। ਜਹਾਨ ਖਾਨ ਦੀ ਅਗਵਾਈ ਹੇਠ ਪਹਿਲਾਂ ਭੇਜੀ ਫ਼ੌਜ ਨੇ ਸ਼ਾਹ ਦਾ ਰਸਤਾ ਸਾਫ਼ ਕਰ ਰੱਖਿਆ ਸੀ। ਜਿਸ ਸਮੇਂ ਨਵੰਬਰ ਦੇ ਅੱਧ ਵਿਚ ਲਾਹੌਰ ਦੇ ਨੇੜੇ ਪੁਹੰਚਿਆ ਤਾਂ ਖ਼ਾਲਸਾ ਜੀ ਨੂੰ ਪਤਾ ਲੱਗਿਆ। ਇਸ ਸਾਲ 20 ਅਕਤੂਬਰ, 1759 ਈ: ਨੂੰ ਦੀਵਾਲੀ ਸੀ। ਇਸ ਸਮੇਂ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਸ: ਜੈ ਸਿੰਘ ਕਨ੍ਹੱਈਆ, ਸ: ਚੜ੍ਹਤ ਸਿੰਘ ਸ਼ੁਕਰਚੱਕੀਆ, ਸ: ਗੁੱਜਰ ਸਿੰਘ, ਲਹਿਣਾ ਸਿੰਘ ਭੰਗੀ ਅੰਮ੍ਰਿਤਸਰ ਅਕਾਲ ਬੁੰਗੇ ਇਕੱਠੇ ਹੋਏ ਸਨ। ਇਨ੍ਹਾਂ ਸਰਦਾਰਾਂ ਤੋਂ ਇਲਾਵਾ ਕੁਝ ਹੋਰ ਮਿਸਲਦਾਰ ਵੀ ਇਥੇ ਹੀ ਸਨ। ਉਨ੍ਹਾਂ ਨੇ ਸ਼ਾਹ ਨਾਲ ਟੱਕਰ ਲੈਣ ਲਈ ਗੁਰਮਤਾ ਕਰਕੇ ਛੇਤੀ-ਛੇਤੀ ਕੁਝ ਫ਼ੌਜ ਇਕੱਠੀ ਕੀਤੀ ਅਤੇ ਰਾਤੋ-ਰਾਤ ਲਾਹੌਰੋਂ ਚੜ੍ਹਦੇ ਵੱਲ ਸਾਲਾਮਾਰ ਬਾਗ਼ ਦੇ ਕੋਲ ਜਾ ਪਹੁੰਚੇ ਅਤੇ ਦੁਰਾਨੀਫ਼ੌਜ ਉਤੇ ਧਾਵਾ ਬੋਲ ਦਿੱਤਾ। ਸਿੰਘਾਂ ਨੂੰ ਦੇਖ ਕੇ ਦੁਰਾਨੀ ਤਾਂ ਭੱਜ ਉਠੇ। ਸਿੰਘਾਂ ਨੇ ਬਾਗਬਾਨਪੁਰਾ ਅਤੇ ਬੇਗਮਪੁਰਾ ਬਸਤੀਆਂ ਤੱਕ ਦੁਰਾਨੀਆਂ ਦਾ ਪਿੱਛਾ ਕੀਤਾ ਅਤੇ ਜੋ ਕੁਝ ਘੋੜੇ, ਖੱਚਰ ਆਦਿ ਮਾਲ ਉਥੋਂ ਮਿਲਿਆ, ਕਾਬੂ ਕਰ ਲਿਆ।
ਜਦ ਅਹਿਮਦ ਸ਼ਾਹ ਨੂੰ ਸਿੰਘਾਂ ਦੇ ਧਾਵੇ ਬਾਰੇ ਪਤਾ ਲੱਗਿਆ ਤਾਂ ਉਸ ਨੇ ਜਹਾਨ ਖ਼ਾਨ ਨੂੰ ਸਿੰਘਾਂ ਦੇ ਮੁਕਾਬਲੇ ਲਈ ਭੇਜਿਆ। ਇਧਰੋਂ ਸਿੰਘ ਸਰਦਾਰ ਤਾਂ ਪਹਿਲਾਂ ਹੀ ਤਿਆਰ ਬੈਠੇ ਸਨ. ਸ਼ਾਮ ਤੱਕ ਸਖ਼ਤ ਲੜਾਈ ਹੁੰਦੀ ਰਹੀ ਅਤੇ 2 ਹਜ਼ਾਰ ਦੁਰਾਨੀ ਮਾਰੇ ਗਏ। ਇਸ ਲੜਾਈ ਵਿਚ ਉਨ੍ਹਾਂ ਦਾ ਫ਼ੌਜ ਕਮਾਂਡਰ ਜਹਾਨ ਖ਼ਾਨ ਜ਼ਖ਼ਮੀ ਹੋ ਗਿਆ। ਰਾਤ ਨੂੰ ਦੋਵੇਂ ਫ਼ੌਜਾਂ ਪਿੱਛੇ ਹਟੀਆਂ ਅਤੇ ਖ਼ਾਲਸਾ ਜੀ ਮਾਝੇ ਵੱਲ ਖਿੰਡ ਗਏ ਤਾਂ ਜੋ ਬਾਦਸ਼ਾਹ ਦੇ ਕੂਚ ਸਮੇਂ ਜਦੋਂ ਦਾਅ ਲੱਗੇ ਫਿਰ ਹਮਲਾ ਕਰ ਸਕਣ।
ਅਹਿਮਦ ਸ਼ਾਹ ਨੂੰ ਦਿੱਲੀ ਵੱਲ ਜਾਣ ਦੀ ਕਾਹਲ ਸੀ। ਇਸ ਲਈ ਉਹ ਬਹੁਤ ਦੇਰ ਲਾਹੌਰ ਨਾ ਠਹਿਰਿਆ। ਉਸ ਨੇ ਆਪਣੇ ਵਜ਼ੀਰ ਸ਼ਾਹ ਵਲੀ ਖ਼ਾਨ ਦੇ ਭਰਾ ਹਾਜੀ ਕਰੀਮਦਾਦ ਖ਼ਾਨ ਨੂੰ ਲਾਹੌਰ ਦਾ ਹਾਕਮ ਨਿਯਤ ਕੀਤਾ। ਅਮੀਰ ਖ਼ਾਨ ਉਸ ਦਾ ਨਾਇਬ ਅਤੇ ਜੈਨ ਖ਼ਾਨ ਨੂੰ ਚਾਰ ਮਹਾਲ ਦਾ ਫ਼ੌਜਦਾਰ। ਸ਼ਾਹ ਨੇ 20 ਨਵੰਬਰ ਨੂੰ ਗੋਇੰਦਵਾਲ ਦੇ ਪੱਤਣੋਂ ਬਿਆਸ ਪਾਰ ਕੀਤਾ ਅਤੇ ਦਿੱਲੀ ਵੱਲ ਤੁਰ ਪਿਆ। ਉਧਰ ਦਿੱਲੀ ਦੇ ਵਜ਼ੀਰ ਇਮਾਦੁਲ ਮੁਲਕ ਗਾਜੀ-ਓ-ਦੀਨ ਨੇ 26 ਨਵੰਬਰ, 1759 ਈ: ਨੂੰ ਬਾਦਸ਼ਾਹ ਆਲਮੀਰ ਦੂਸਰੇ ਨੂੰ ਮਰਵਾ ਦਿੱਤਾ।
ਅਬਦਾਲੀ ਦਿੱਲੀ ਵੱਲ ਵਧਦਾ ਗਿਆ। ਸਰਹਿੰਦ, ਅੰਬਾਲਾ, ਤਰਾਵੜੀ ਵਿਚ ਦਾਤਾ ਜੀ ਸਿੰਡੇ ਨੂੰ ਹਰਾ ਕੇ ਉਹ ਸਹਾਰਨਪੁਰ ਪਹੁੰਚਿਆ। ਅਬਦਾਲੀ ਦਾ ਆਉਣਾ ਸੁਣ ਕੇ ਨਜ਼ੀਬ-ਉਦ-ਦਉਲਾ ਰੁਹੇਲਾ ਆਪਣੀਆਂ ਫ਼ੌਜਾਂ ਲੈ ਕੇ ਆ ਮਿਲਿਆ। ਅਫ਼ਗਾਨਾਂ ਤੇ ਮਰਹੱਟਿਆਂ ਦੀ ਟੱਕਰ 9 ਜਨਵਰੀ, 1760 ਈ: ਨੂੰ ਬਰਾੜੀ ਘਾਟ ਹੋਈ ਅਤੇ ਇਸ ਟੱਕਰ ਵਿਚ ਦਾਤਾ ਜੀ ਮਾਰਿਆ ਗਿਆ। ਅਬਦਾਲੀ ਸਾਰਾ ਸਾਲ ਮਰਾਠਿਆਂ, ਭਰਤਪੁਰੀਏ ਜੱਟਾਂ ਆਦਿ ਦੇ ਵਿਰੁੱਧ ਲੱਗਾ ਰਿਹਾ। ਇਹ ਵੀ ਕਿਹਾ ਜਾਂਦਾ ਹੈ ਕਿ ਸੁਜਾਹ-ਉਦ-ਦਉਲਾ ਨੇ ਮਰਹੱਟਿਆਂ ਤੇ ਅਬਦਾਲੀ ਵਿਚਕਾਰ ਸੁਲਾਹ ਦਾ ਕੰਮ ਆਰੰਭਿਆ ਹੋਇਆ ਸੀ। ਪਰ ਉਹ ਭਾਉ ਸਾਹਿਬ ਨੇ ਜਦ ਪੂਨਾ ਤੋਂ ਆ ਕੇ ਦਿੱਲੀ ਜਿੱਤ ਲਈ ਤਾਂ ਮਰਹੱਟੇ ਕਰੜੇ ਹੋ ਗਏ। ਅਬਦਾਲੀ ਉਸ ਸਮੇਂ ਬੁਲੰਦ ਸ਼ਹਿਰ ਵਿਚ ਸੀ। ਅਬਦਾਲੀ ਨੂੰ ਇਹ ਖ਼ਬਰ ਪੁੱਜੀ ਕਿ ਮਰਹੱਟਿਆਂ ਨੇ ਕੁੰਜਪੁਰਾ (ਕਰਨਾਲ) 'ਤੇ ਕਬਜ਼ਾ ਕਰ ਲਿਆ ਹੈ ਤੇ ਉਨ੍ਹਾਂ ਅਬਦੁਸਮਦ ਖ਼ਾਨ ਤੇ ਮੀਆਂ ਕੁਤਬ ਸ਼ਾਹ ਦੇ ਕੱਟੇ ਹੋਏ ਸਿਰਾਂ ਨੂੰ ਫ਼ੌਜਾਂ ਵਿਚ ਫਿਰਾਇਆ ਵੀ ਹੈ, ਤਾਂ ਅਬਦਾਲੀ ਨੇ ਗੁੱਸੇ ਵਿਚ ਆ ਕੇ ਕਿਹਾ, 'ਹੁਣ ਹੋਰ ਅਫ਼ਗਾਨਾਂ ਦਾ ਅਪਮਾਨ ਮੇਰੇ ਕੋਲੋਂ ਸਹਾਰਨਾ ਮੁਸ਼ਕਿਲ ਹੈ, ਮੈਂ ਅਜੇ ਜਿਊਂਦਾ ਹਾਂ।' ਅਬਦਾਲੀ ਨੇ ਨਮਾਜ਼ ਪੜ੍ਹ ਕੇ ਬਾਗਪੱਟ ਤੋਂ ਯਮਨਾ ਨੂੰ ਪਾਰ ਕੀਤਾ ਤੇ ਫ਼ੌਜਾਂ ਨੂੰ ਪੱਛਮੀ ਕਿਨਾਰੇ 'ਤੇ 26 ਅਕਤੂਬਰ, 1760 ਈ: ਨੂੰ ਲਿਆ ਖੜ੍ਹਾ ਕੀਤਾ। ਅਬਦਾਲੀ ਇਥੋਂ 1 ਨਵੰਬਰ, 1760 ਈ: ਨੂੰ ਪਾਣੀਪਤ ਦੇ ਨੇੜੇ ਪੁੱਜਾ।
ਮਰਹੱਟੇ ਵੀ ਤਿਆਰ ਬੈਠੇ ਸਨ। ਮਰਹੱਟਿਆਂ ਨੇ ਆਪਣੀਆਂ ਛਾਉਣੀਆਂ ਪਾਣੀਪਤ ਪਾਈਆਂ ਹੋਈਆਂ ਸਨ। ਸਾਰਾ ਦੱਖਣ ਹੀ ਪਾਣੀਪਤ ਪਹੁੰਚ ਗਿਆ ਸੀ। ਹੁਲਕਰ ਦੀ ਕਮਾਨ ਹੇਠ ਇਕ ਲੱਖ ਮਰਹੱਟੇ ਇਕੱਠੇ ਹੋ ਚੁੱਕੇ ਸਨ। ਮਰਹੱਟਿਆਂ ਨੇ ਸਿੱਖਾਂ ਨਾਲ ਵੀ ਸਬੰਧ ਜੋੜਨੇ ਚਾਹੇ ਪਰ ਉਹ ਇਸ ਮੰਤਵ ਵਿਚ ਕਾਮਯਾਬ ਨਾ ਹੋਏ।
ਪਾਣੀਪਤ ਦੀ ਲੜਾਈ ਤੋਂ ਪਹਿਲਾਂ ਮਰਹੱਟਿਆਂ ਤੇ ਅਬਦਾਲੀ ਦੀ ਫ਼ੌਜਾਂ ਵਿਚਕਾਰ ਛੋਟੀਆਂ-ਛੋਟੀਆਂ ਕਈ ਲੜਾਈਆਂ ਹੋਈਆਂ। ਪਰ ਫੈਸਲਾਕੁੰਨ ਲੜਾਈ 14 ਜਨਵਰੀ, 1761 ਈ: ਨੂੰ ਅਹਿਮਦ ਸ਼ਾਹ ਅਬਦਾਲੀ ਅਤੇ ਮਰਹੱਟਿਆਂ ਵਿਚਕਾਰ ਪਾਣੀਪਤ ਦੇ ਸਥਾਨ 'ਤੇ ਹੋਈ। ਇਸ ਲੜਾਈ ਨੂੰ ਪਾਣੀਪਤ ਦੀ ਤੀਜੀ ਲੜਾਈ ਕਿਹਾ ਜਾਂਦਾ ਹੈ।
ਇਸ ਸਮੇਂ ਅਬਦਾਲੀ ਦੀਆਂ ਫ਼ੌਜਾਂ ਤੋਂ ਕਈ ਗੁਣਾਂ ਵੱਧ ਫ਼ੌਜ ਮਰਹੱਟਿਆਂ ਕੋਲ ਸੀ। ਇਸ ਲੜਾਈ ਸਮੇਂ ਭਾਉ ਰਾਓ, ਝੰਗੂ ਰਾਓ, ਵਿਸ਼ਵਾਸ ਰਾਓ ਤੇ ਸਮਸ਼ੇਰ ਬਹਾਦਰ ਆਦਿ ਮਰਹੱਟਿਆਂ ਦੀਆਂ ਫ਼ੌਜਾਂ ਦੇ ਆਗੂ ਸਨ।
ਅਹਿਮਦ ਸ਼ਾਹ ਅਬਦਾਲੀ ਦੇ ਲਸ਼ਕਰ ਵਿਚ 40 ਹਜ਼ਾਰ ਅਫ਼ਗਾਨ ਤੇ ਈਰਾਨੀ, 13 ਹਜ਼ਾਰ ਹਿੰਦੁਸਤਾਨੀ ਘੋੜ ਚੜ੍ਹੇ, 38 ਹਜ਼ਾਰ ਹਿੰਦੀ ਪੈਦਲ ਸਿਪਾਹੀ ਤੇ 70 ਤੋਪਾਂ ਇਥੋਂ ਦੇ ਪਠਾਨ ਰਈਸਾਂ ਤੇ ਨਵਾਬਾਂ ਦੀਆਂ ਸਨ। ਕੁੱਲ ਨਫ਼ਰੀ 91 ਹਜ਼ਾਰ ਸੀ।
ਇਧਰ ਮਰਹੱਟਾ ਫ਼ੌਜਾਂ ਵਿਚ ਵੱਡੀ ਗਿਣਤੀ ਵਿਚ ਸਿਪਾਹੀ ਜਿਨ੍ਹਾਂ ਵਿਚ 55 ਹਜ਼ਾਰ ਰੈਗੂਲਰ ਘੋੜ ਸਵਾਰ ਤੇ ਬੇਸ਼ੁਮਾਰ ਗ਼ੈਰ-ਆਈਨੀ ਸਿਪਾਹੀ, 300 ਤੋਪਾਂ ਸ਼ਾਮਿਲ ਸਨ। ਜੋ ਨਵੇਂ ਹਥਿਆਰਾਂ ਨਾਲ ਪੂਰੀ ਤਰ੍ਹਾਂ ਸਜੇ ਹੋਏ ਸਨ। ਜਨਰਲ ਗੋਬਿੰਦ ਰਾਓ ਧੁੰਦੇਲੇ ਨੇ ਜੋ ਇਕ ਮੰਨਿਆ-ਪ੍ਰਮੰਨਿਆ ਸਿਪਾਹ-ਸਲਾਰ ਸੀ, ਨੇ ਆਪਣੀਆਂ ਫ਼ੌਜਾਂ ਦਰਿਆ ਯਮਨਾ ਕੰਢੇ ਹਰ ਪਾਸੇ ਦੂਰ ਤੱਕ ਫੈਲਾਅ ਦਿੱਤੀਆਂ ਸਨ ਤਾਂ ਕਿ ਦੁਰਾਨੀ ਸਿਪਾਹੀਆਂ ਨੂੰ ਕਿਸੇ ਪਾਸਿਓਂ ਵੀ ਕੋਈ ਰਸਦ, ਪਾਣੀ ਨਾ ਪਹੁੰਚ ਸਕੇ।
ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਜਦ ਤੇਜ਼ੀ ਨਾਲ ਕੂਚ ਕਰਦੀਆਂ ਦਿੱਲੀ ਨੇੜੇ ਪਹੁੰਚੀਆਂ ਤਾਂ ਬਦਲੀ ਦੇ ਸਥਾਨ 'ਤੇ ਅਤਾਈ ਖ਼ਾਨ ਪੋਪਲਜਈ ਤੇ ਹਾਜੀ ਕਰੀਮ ਖ਼ਾਨ ਦੁਰਾਨੀ ਨੇ ਚਾਣਚੱਕ ਹੀ ਗੋਬਿੰਦ ਰਾਓ ਬੁਦੇਲੇ ਦੇ ਕੈਂਪ ਉਤੇ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਇਕੋ ਝਟਕੇ ਵਿਚ ਗੋਬਿੰਦ ਰਾਓ ਦਿੱਲੀ ਦੇ ਕਿਲ੍ਹੇਦਾਰ ਸ਼ੰਕਰ ਰਾਓ ਮਰਹੱਟੇ ਆਦਿ ਨਾਲ ਸਾਥੀਆਂ ਸਮੇਤ ਮਾਰਿਆ ਗਿਆ। ਇਸ ਕਰਕੇ ਦੁਰਾਨੀਆਂ ਦੇ ਰਾਹ ਵਿਚੋਂ ਇਕ ਰੋਕ ਕੁਦਰਤੀ ਤੌਰ 'ਤੇ ਹਟ ਗਈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਠਿੰਡਾ। ਮੋਬਾਈਲ : 98155-33725.

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਾਈ ਕੁਸ਼ਾਲ ਸਿੰਘ

ਸੱਚ, ਧਰਮ, ਅਣਖ ਅਤੇ ਇਨਸਾਫ਼ ਲਈ ਬੇਸ਼ਕੀਮਤੀ ਜਾਨਾਂ ਵਾਰਨ ਵਾਲੇ ਸ਼ਹੀਦ ਸਾਡੇ ਚਾਨਣੇ ਚਿਰਾਗ਼ ਹਨ, ਜਿਨ੍ਹਾਂ ਨੇ ਡਿਗੀ ਢੱਠੀ ਜ਼ਿੰਦਗੀ ਦੇ ਰਾਹ ਰੁਸ਼ਨਾਏ ਹਨ। ਕਈ ਆਸ਼ਕਾਂ ਦੀਆਂ ਪੀੜ੍ਹੀਆਂ-ਦਰ-ਪੀੜ੍ਹੀਆਂ ਇਸ਼ਕ ਦੀ ਲਾਟ ਤੋਂ ਕੁਰਬਾਨ ਹੁੰਦੀਆਂ ਰਹੀਆਂ। ਭਾਈ ਮੱਖਣ ਸ਼ਾਹ ਲੁਬਾਣਾ ਬਾਰੇ ਅਸੀਂ ਏਨਾ ਹੀ ਜਾਣਦੇ ਹਾਂ ਕਿ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਜੀ ਨੂੰ ਪ੍ਰਗਟ ਕਰ ਕੇ 'ਗੁਰੂ ਲਾਧੋ ਰੇ' ਦਾ ਹੋਕਾ ਦਿੱਤਾ ਸੀ। ਇਨ੍ਹਾਂ ਦਾ ਪਰਿਵਾਰ ਸੱਤਵੇਂ ਪਾਤਸ਼ਾਹ ਜੀ ਤੋਂ ਸਿੱਖੀ ਪ੍ਰਾਪਤ ਕਰ ਕੇ ਸਦਾ ਹੀ ਗੁਰੂ ਚਰਨਾਂ ਨਾਲ ਜੁੜਿਆ ਰਿਹਾ। ਸ਼ੁਭ ਸੰਸਕਾਰਾਂ ਅਤੇ ਗੁਰਬਾਣੀ ਦੇ ਚਾਨਣ ਵਿਚ ਵਿਚ ਪਲੇ ਹੋਏ ਇਨ੍ਹਾਂ ਦੇ ਬੱਚਿਆਂ ਨੇ ਵੀ ਜਿਥੇ ਮਨੁੱਖਤਾ ਦੀ ਅਣਥੱਕ ਸੇਵਾ ਕੀਤੀ, ਉਥੇ ਜ਼ੁਲਮ ਦੇ ਖ਼ਿਲਾਫ਼ ਜੂਝ ਕੇ ਮਹਾਨ ਕੁਰਬਾਨੀਆਂ ਵੀ ਦਿੱਤੀਆਂ। ਭਾਈ ਮੱਖਣ ਸ਼ਾਹ ਦੀ ਸ਼ਾਦੀ ਬੀਬੀ ਸੋਲਜ਼ਈ ਨਾਲ ਹੋਈ, ਜਿਨ੍ਹਾਂ ਦੀ ਕੁੱਖ ਤੋਂ ਤਿੰਨ ਬਹਾਦਰਾਂ ਨੇ ਜਨਮ ਲਿਆ-ਭਾਈ ਲਾਲ ਚੰਦ, ਭਾਈ ਚੰਦੂ ਲਾਲ ਅਤੇ ਭਾਈ ਕੁਸ਼ਾਲ ਚੰਦ। ਸੱਤਵੇਂ, ਅੱਠਵੇਂ ਤੇ ਨੌਵੇਂ ਪਾਤਸ਼ਾਹ ਜੀ ਦੀ ਸੇਵਾ ਉਪਰੰਤ ਇਸ ਪਰਿਵਾਰ ਨੇ ਸ੍ਰੀ ਕਲਗੀਧਰ ਪਿਤਾ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਤਨ, ਮਨ, ਧਨ ਗੁਰੂ ਨੂੰ ਸਮਰਪਿਤ ਕਰ ਕੇ ਤਿੰਨ ਭਰਾਵਾਂ ਨੇ ਸ਼ਸਤਰ ਵਿੱਦਿਆ ਸਿੱਖੀ ਅਤੇ ਭੰਗਾਣੀ, ਨਦੌਣ, ਅਨੰਦਪੁਰ ਸਾਹਿਬ ਦੇ ਜੰਗਾਂ ਵਿਚ ਬੀਰਤਾ ਨਾਲ ਜੂਝੇ। ਪਹਾੜੀ ਰਾਜਿਆਂ ਨੇ ਵਾਰ-ਵਾਰ ਨਿਰਵੈਰ ਦਸਮੇਸ਼ ਜੀ 'ਤੇ ਹਮਲੇ ਕੀਤੇ ਪਰ ਹਰ ਵਾਰ ਹਾਰ ਤੇ ਨਮੋਸ਼ੀ ਖੱਟੀ। ਸੰਨ 1700 ਵਿਚ ਇਨ੍ਹਾਂ ਰਾਜਿਆਂ ਨੇ 29, 30 ਅਤੇ 31 ਅਗਸਤ ਨੂੰ ਕ੍ਰਮਵਾਰ ਕਿਲ੍ਹਾ ਤਾਰਾਗੜ੍ਹ, ਫਤਹਿਗੜ੍ਹ ਅਤੇ ਅਗੰਮਗੜ੍ਹ 'ਤੇ ਹਮਲੇ ਕੀਤੇ। ਮਹਾਰਾਜ ਜੀ ਦੇ ਨਿਰਭੈ ਸੂਰਮਿਆਂ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਪਹਾੜੀਆਂ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਗੁੱਸੇ ਵਿਚ ਆ ਕੇ ਪਹਿਲੀ ਸਤੰਬਰ ਨੂੰ ਇਨ੍ਹਾਂ ਨੇ ਬਹੁਤ ਕੋਝੀ ਹਰਕਤ ਕੀਤੀ। ਰਾਜਾ ਕੇਸਰੀ ਚੰਦ ਜਸਵਾਲੀਏ ਨੇ ਐਲਾਨ ਕੀਤਾ ਕਿ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਕੱਟ ਕੇ ਹੀ ਵਾਪਸ ਮੁੜੇਗਾ। ਉਸ ਨੇ ਇਕ ਹਾਥੀ ਨੂੰ ਸ਼ਰਾਬ ਨਾਲ ਮਸਤ ਕਰਕੇ ਕਿਲ੍ਹਾ ਲੋਹਗੜ੍ਹ ਦਾ ਫਾਟਕ ਤੋੜਨ ਦੀ ਵਿਉਂਤ ਬਣਾਈ। ਇਸ ਭਿਆਨਕ ਜੰਗ ਵਿਚ ਕਲਗੀਧਰ ਜੀ ਦੇ ਲਾਡਲੇ ਜਰਨੈਲਾਂ ਨੇ ਤਰਥੱਲੀ ਮਚਾ ਦਿੱਤੀ। ਭਾਈ ਮਨੀ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ, ਭਾਈ ਆਲਮ ਸਿੰਘ ਵਰਗੇ ਜੋਧਿਆਂ ਨਾਲ ਭਾਈ ਮੱਖਣ ਸ਼ਾਹ ਲੁਬਾਣਾ ਦੇ ਤਿੰਨ ਪੁੱਤਰ ਭਾਈ ਲਾਲ ਸਿੰਘ, ਭਾਈ ਚੰਦਾ ਸਿੰਘ ਅਤੇ ਭਾਈ ਕੁਸ਼ਾਲ ਸਿੰਘ ਵੀ ਜੂਝਣ ਲੱਗੇ। ਇਨ੍ਹਾਂ ਨੇ ਕਮਾਲ ਦੀ ਬਹਾਦਰੀ ਦਿਖਾ ਕੇ ਅਨੇਕਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਿਆ। ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿਚ ਮਹਾਰਾਜ ਜੀ ਵਲੋਂ ਬਖ਼ਸ਼ਿਆ ਨਾਗਣੀ ਬਰਛਾ ਖੁਭੋ ਦਿੱਤਾ ਤਾਂ ਖ਼ੂਨੀ ਹਾਥੀ ਦਰਦ ਨਾਲ ਤੜਫ਼ ਕੇ ਆਪਣੀ ਹੀ ਸੈਨਾ ਨੂੰ ਕੁਚਲਣ ਲੱਗ ਪਿਆ। ਭਾਈ ਕੁਸ਼ਾਲ ਸਿੰਘ ਦੁਸ਼ਮਣਾਂ ਦੇ ਘੇਰੇ ਵਿਚ ਆ ਗਏ। ਦੋਵਾਂ ਹੱਥਾਂ ਵਿਚ ਸ਼ਸਤਰ ਲੈ ਕੇ ਇਨ੍ਹਾਂ ਨੇ ਜੰਗ ਦੇ ਉਹ ਕਮਾਲ ਵਿਖਾਏ ਕਿ ਦੁਸ਼ਮਣ ਵੀ ਅਸ਼-ਅਸ਼ ਕਰ ਉੱਠੇ। ਭਾਈ ਉਦੈ ਸਿੰਘ ਨੇ ਕੇਸਰੀ ਚੰਦ ਨੂੰ ਮਾਰ ਗਿਰਾਇਆ। ਭਾਈ ਕੁਸ਼ਾਲ ਸਿੰਘ ਅਨੇਕਾਂ ਵੈਰੀਆਂ ਨੂੰ ਮਾਰ ਕੇ ਸ਼ਹਾਦਤ ਦਾ ਜਾਮ ਪੀ ਗਏ।

ਸ਼੍ਰੋਮਣੀ ਅਕਾਲੀ ਦਲ ਦਾ ਸ਼ਤਾਬਦੀ ਵਰ੍ਹਾ

ਗ਼ਦਰੀਆਂ ਦਾ ਅਹਿਮ ਰੋਲ ਸੀ ਸ਼੍ਰੋਮਣੀ ਅਕਾਲੀ ਦਲ ਵਿਚ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ
ਦਾ ਅੰਕ ਦੇਖੋ)
ਨੈਸ਼ਨਲ ਆਰਕਾਈਵਜ਼ ਦੀ ਗ੍ਰਹਿ ਅਤੇ ਰਾਜਸੀ ਵਿਭਾਗ ਦੀ ਫਾਈਲ ਨੰ: 262/॥ ਅਨੁਸਾਰ ਅਕਾਲੀ ਲਹਿਰ ਦੇ ਇਨਕਲਾਬੀ ਲੱਛਣਾਂ ਨੂੰ ਪਹਿਚਾਣਦਿਆਂ ਇਸ ਨਾਲ ਰਾਬਤਾ ਬਣਾਉਣ ਵਿਚ ਸਫਲਤਾ ਪ੍ਰਾਪਤ ਕਰਨ ਵਾਲਾ ਪਹਿਲਾ ਗ਼ਦਰੀ ਸੀ ਭਾਈ ਸੰਤੋਖ ਸਿੰਘ। ਉਸ ਦੀ ਪ੍ਰੇਰਨਾ ਸਦਕਾ ਗਰਮ ਖਿਆਲੀ ਸਿੱਖ ਆਗੂਆਂ ਸ: ਹਰਚੰਦ ਸਿੰਘ ਲਾਇਲਪੁਰੀ, ਤਾਰਾ ਸਿੰਘ ਅਤੇ ਸੁੰਦਰ ਸਿੰਘ ਨੇ ਸਿੱਖ ਸਮੂਹ ਦੇ ਮਨ ਵਿਚ ਲੜਾਕੂ ਭਾਵਨਾ ਦਾ ਅੰਸ਼ ਭਰਿਆ ਅਤੇ ਅਪ੍ਰੈਲ, 1921 ਵਿਚ ਇਕ ਸਾਂਝੇ ਪੱਤਰ ਦੁਆਰਾ ਭਾਈ ਸੰਤੋਖ ਸਿੰਘ ਨੂੰ ਸੂਚਿਤ ਕੀਤਾ ਕਿ ਪੰਜਾਬ ਦੇ ਲੋਕਾਂ ਵਿਚ ਜਾਗ੍ਰਿਤੀ ਆ ਰਹੀ ਹੈ ਅਤੇ 'ਕਿਸੇ ਵੀ ਸਮੇਂ ਕੋਈ ਵੀ ਕਾਰਵਾਈ ਕਰਨ ਲਈ ਤਿਆਰ' ਵਿਅਕਤੀ ਕਾਫੀ ਗਿਣਤੀ ਵਿਚ ਉਪਲਬਧ ਹਨ।
ਜਾਪਦਾ ਹੈ, ਬੱਬਰ ਅਕਾਲੀ ਲਹਿਰ ਦੇ ਹੋਂਦ ਵਿਚ ਆ ਜਾਣ ਸਦਕਾ ਭਾਈ ਸੰਤੋਖ ਸਿੰਘ ਵਾਲੀ ਯੋਜਨਾ ਉਸ ਵੇਲੇ ਤਾਂ ਅੱਗੇ ਨਾ ਵਧ ਸਕੀ ਪਰ ਜਦ ਮਈ, 1923 ਵਿਚ ਭਾਈ ਸੰਤੋਖ ਸਿੰਘ ਅਤੇ ਭਾਈ ਰਤਨ ਸਿੰਘ ਪੰਜਾਬ ਆ ਕੇ ਅਕਾਲੀ ਆਗੂਆਂ ਨੂੰ ਮਿਲੇ ਤਾਂ ਅਕਾਲੀ ਲਹਿਰ ਅਤੇ ਗ਼ਦਰ ਲਹਿਰ ਦੇ ਸਹਿਯੋਗ ਦਾ ਨਵਾਂ ਅਧਿਆਇ ਸ਼ੁਰੂ ਹੋਇਆ। ਦੋਵਾਂ ਧਿਰਾਂ ਦਰਮਿਆਨ ਸਾਂਝੀ ਕਾਰਵਾਈ ਲਈ ਜ਼ਮੀਨ ਤਿਆਰ ਹੋ ਗਈ ਤਾਂ ਅਫ਼ਗਾਨਿਸਤਾਨ ਵਿਚ ਰਹਿ ਕੇ ਅੰਦੋਲਨ ਦੀ ਤਿਆਰੀ ਵਿਚ ਜੁਟੇ ਗੁਰਮੁਖ ਸਿੰਘ ਅਤੇ ਊਧਮ ਸਿੰਘ ਪੰਜਾਬ ਆ ਕੇ ਅਕਾਲੀ ਆਗੂਆਂ ਨੂੰ ਮਿਲੇ। ਇਨ੍ਹੀਂ ਦਿਨੀਂ ਇਸ ਸਮੇਂ ਦਾ ਪ੍ਰਸਿੱਧ ਇਨਕਲਾਬੀ ਆਗੂ ਸ਼ਚਿੰਦਰ ਨਾਥ ਸਨਿਆਲ ਵੀ ਪੰਜਾਬ ਆ ਕੇ ਅਕਾਲੀ ਆਗੂਆਂ ਨੂੰ ਮਿਲਦਾ ਰਿਹਾ। ਭਾਵੇਂ ਸ੍ਰੀ ਸਨਿਆਲ ਨੇ ਇਨ੍ਹਾਂ ਮੁਲਾਕਾਤਾਂ ਦੇ ਸਮੇਂ ਬਾਰੇ ਕੁਝ ਨਹੀਂ ਦੱਸਿਆ ਪਰ ਕਿਉਂ ਜੋ ਉਸ ਨੇ ਇਸ ਸਮੇਂ ਨਾਭਾ ਵਿਚ ਚੱਲ ਰਹੇ ਅਕਾਲੀ ਅੰਦੋਲਨ ਦਾ ਜ਼ਿਕਰ ਕੀਤਾ ਹੈ, ਇਸ ਲਈ ਇਹ 1923-24 ਦਾ ਬਿਆਨ ਮੰਨਿਆ ਜਾ ਸਕਦਾ ਹੈ।
ਸ੍ਰੀ ਸਨਿਆਲ ਨੇ ਆਪਣੀ ਪੁਸਤਕ 'ਬੰਦੀ ਜੀਵਨ' ਵਿਚ ਲਿਖਿਆ ਹੈ, 'ਇਸ ਮੌਕੇ ਇਕ ਪ੍ਰਸਿੱਧ ਸਿੱਖ ਨੇਤਾ ਨਾਲ ਮੇਰੀ ਕਾਫੀ ਗੱਲਬਾਤ ਹੋਈ ਸੀ। ਇੱਥੇ ਉਸ ਦਾ ਨਾਂਅ ਦੱਸਣਾ ਠੀਕ ਨਹੀਂ ਹੋਵੇਗਾ, ਜਿਸ ਦਿਨ ਭਾਰਤ ਆਜ਼ਾਦ ਹੋ ਜਾਏਗਾ, ਉਸ ਦਿਨ ਉਨ੍ਹਾਂ ਦਾ ਨਾਂਅ ਦੱਸਿਆ ਜਾ ਸਕਦਾ ਹੈ। ...ਲਾਹੌਰ ਦੇ ਇਸ ਨੇਤਾ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਸਰਦਾਰ ਗੁਰਮੁਖ ਸਿੰਘ ਵੀ ਏਸ ਸਮੇਂ ਅੰਮ੍ਰਿਤਸਰ ਵਿਚ ਹਨ ਅਤੇ ਮੈਂ ਉਨ੍ਹਾਂ ਨੂੰ ਮਿਲਣ ਗਿਆ।' ਅੰਗਰੇਜ਼ੀ ਰਾਜ ਦੌਰਾਨ ਹੀ ਸਾਲ ਅਗਸਤ, 1922 ਵਿਚ ਪ੍ਰਕਾਸ਼ਿਤ ਹੋਈ ਇਸ ਪੁਸਤਕ ਵਿਚ ਇਸ ਤੋਂ ਵੱਧ ਲਿਖਣਾ ਕਈ ਦੇਸ਼-ਭਗਤਾਂ ਲਈ ਔਕੜਾਂ ਪੈਦਾ ਕਰਨ ਦਾ ਕਾਰਨ ਬਣ ਸਕਦਾ ਸੀ, ਇਸ ਲਈ ਸ੍ਰੀ ਸਨਿਆਲ ਵਲੋਂ ਕੀਤਾ ਸੰਖੇਪ ਬਿਆਨ ਹੀ ਕਾਫੀ ਹੈ। ਪਰ ਇਸ ਘਾਟ ਨੂੰ ਪੂਰਾ ਕਰਨ ਲਈ ਸਰਕਾਰ ਵਲੋਂ ਤਿਆਰ ਕੀਤੇ ਦਸਤਾਵੇਜ਼ ਉਪਲਬਧ ਹਨ, ਜਿਨ੍ਹਾਂ ਵਿਚ ਇਸ ਘਟਨਾਵਲੀ ਨੂੰ 'ਸਿੱਖ ਕੌਨਸੀਪਰਸੀ-1923-26' ਦਾ ਨਾਂਅ ਦਿੱਤਾ ਗਿਆ ਹੈ। ਇਥੇ ਪ੍ਰਸਤੁਤ ਅਗਲਾ ਬਹੁਤਾ ਬਿਆਨ ਬਰਤਾਨਵੀ ਹਿੰਦੁਸਤਾਨ ਦੇ ਖੁਫੀਆ ਮਹਿਕਮੇ ਦੇ ਡਾਇਰੈਕਟਰ ਦੁਆਰਾ 'ਸਿੱਖ ਕੌਨਸੀਪਰਸੀ-1923-26' ਬਾਰੇ ਤਿਆਰ ਕੀਤੇ ਨੋਟ ਉੱਤੇ ਆਧਾਰਿਤ ਹੈ।
1923 ਈਸਵੀ ਵਿਚ ਜੈਤੋ ਦਾ ਮੋਰਚਾ ਸ਼ੁਰੂ ਹੋਣ ਵੇਲੇ ਤੱਕ ਦੇਸ਼-ਵਿਦੇਸ਼ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਮਰਾਜ ਵਿਰੋਧੀ ਜਥੇਬੰਦੀ ਵਜੋਂ ਧਾਂਕ ਬੈਠ ਚੁੱਕੀ ਸੀ, ਜਿਸ ਕਾਰਨ ਸਾਮਰਾਜ ਵਿਰੋਧੀ ਗੈਰ-ਮੁਲਕੀ ਤਾਕਤਾਂ ਵੀ ਉਸ ਨਾਲ ਭਾਈਵਾਲੀ ਪਾਉਣ ਦੀ ਤਾਕ ਵਿਚ ਸਨ। ਅਜਿਹੀ ਸਥਿਤੀ ਵਿਚ ਗੁਰਮੁਖ ਸਿੰਘ ਅਤੇ ਊਧਮ ਸਿੰਘ, ਜੋ ਅੰਗਰੇਜ਼ੀ ਰਾਜ ਦੀਆਂ ਜੇਲ੍ਹਾਂ ਨੂੰ ਤੋੜ ਕੇ ਭਗੌੜੇ ਹੋਣ ਉਪਰੰਤ ਅਫ਼ਗਾਨਿਸਤਾਨ ਤੋਂ ਬਾਗੀਆਨਾ ਕਾਰਵਾਈ ਚਲਾ ਰਹੇ ਸਨ, ਗੁਪਤ ਤੌਰ ਉੱਤੇ ਅੰਮ੍ਰਿਤਸਰ ਆ ਕੇ ਅਕਾਲੀ ਆਗੂਆਂ ਨੂੰ ਮਿਲੇ। ਉਨ੍ਹਾਂ ਨੇ ਜਿਹੜੇ ਆਗੂਆਂ ਨਾਲ ਸੰਪਰਕ ਕੀਤਾ, ਉਨ੍ਹਾਂ ਵਿਚ ਮਾਸਟਰ ਤਾਰਾ ਸਿੰਘ, ਸੂਬੇਦਾਰ ਸੁਰੈਣ ਸਿੰਘ, ਤੇਜਾ ਸਿੰਘ ਸਮੁੰਦਰੀ, 'ਅਕਾਲੀ ਤੇ ਪ੍ਰਦੇਸੀ' ਦਾ ਐਡੀਟਰ ਮੰਗਲ ਸਿੰਘ ਬੀ.ਏ., ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਅਰਜਨ ਸਿੰਘ ਅਤੇ ਕਮੇਟੀ ਦੇ ਅਧੀਨ ਚੱਲ ਰਹੀ 'ਸਿੱਖ ਮਿਸ਼ਨਰੀ ਸੁਸਾਇਟੀ' ਦਾ ਸਕੱਤਰ ਉੱਤਮ ਸਿੰਘ ਸ਼ਾਮਿਲ ਸਨ। ਦੋਵੇਂ ਗ਼ਦਰੀ ਇਕ ਮਹੀਨੇ ਤੋਂ ਵੱਧ ਸਮਾਂ ਅੰਮ੍ਰਿਤਸਰ ਵਿਚ ਸਿੱਖ ਮਿਸ਼ਨਰੀ ਸੁਸਾਇਟੀ ਦੇ ਹੋਸਟਲ ਵਿਚ ਠਹਿਰੇ ਅਤੇ ਇਸ ਅਰਸੇ ਦੌਰਾਨ ਆਪਸੀ ਵਿਚਾਰ-ਵਟਾਂਦਰੇ ਦੇ ਨਤੀਜੇ ਵਜੋਂ ਭਵਿੱਖ ਵਿਚ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਇਉਂ ਸਹਿਮਤੀ ਬਣੀ:
1. ਇਨਕਲਾਬੀ ਕੰਮ ਕਰਨ ਲਈ ਧਾਰਮਿਕ ਜਾਂ ਫਿਰਕੂ ਸੁਸਾਇਟੀਆਂ ਦੇ ਪਰਦੇ ਹੇਠ ਗੁਪਤ ਜਥੇਬੰਦੀਆਂ ਦੀ ਸਥਾਪਨਾ ਕੀਤੀ ਜਾਵੇ।
2. ਅਫ਼ਗਾਨਿਸਤਾਨ ਵਿਚਲੇ ਸਾਰੇ ਗੁਰਦੁਆਰੇ ਉੱਥੇ ਵਸਦੇ ਸਿੱਖਾਂ ਉੱਤੇ ਆਧਾਰਿਤ ਕਮੇਟੀ ਦੇ ਅਧਿਕਾਰ ਵਿਚ ਲਿਆਂਦੇ ਜਾਣ ਅਤੇ ਇਸ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਕੀਤਾ ਜਾਵੇ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-3154, ਸੈਕਟਰ 71, ਮੋਹਾਲੀ-160071. ਮੋਬਾ: 094170-49417

ਸੈਂਕੜੇ ਵਰ੍ਹਿਆਂ ਦਾ ਇਤਿਹਾਸ ਆਪਣੇ ਅੰਦਰ ਸੰਭਾਲੀ ਬੈਠਾ ਹੈ ਕਸਬਾ ਰਾਜਾਸਾਂਸੀ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਡੇਰਿਆਂ ਵਲੋਂ ਆਬਾਦ ਕੀਤਾ ਅੰਮ੍ਰਿਤਸਰ ਦਾ ਇਤਿਹਾਸਕ ਕਸਬਾ ਰਾਜਾਸਾਂਸੀ ਆਪਣੇ ਅੰਦਰ ਸੈਂਕੜੇ ਵਰ੍ਹਿਆਂ ਦਾ ਇਤਿਹਾਸ ਸੰਭਾਲੀ ਬੈਠਾ ਹੈ। ਜਿਸ 'ਤੇ ਅਜੇ ਤੱਕ ਬਹੁਤੀ ਖੋਜ ਨਹੀਂ ਕੀਤੀ ਗਈ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਸੰਭਵ ਹੈ ਕਿ ਜੇਕਰ ਵਿਦਵਾਨਾਂ ਵਲੋਂ ਇਸ ਕਸਬੇ ਦੇ ਪਿਛੋਕੜ ਬਾਰੇ ਖੋਜ ਕੀਤੀ ਜਾਂਦੀ ਹੈ ਤਾਂ ਕਈ ਲੁਪਤ ਹੋਈਆਂ ਸਮਝੀਆਂ ਜਾ ਰਹੀਆਂ ਇਤਿਹਾਸਕ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।
ਪੰਥ ਪ੍ਰਕਾਸ਼ ਦੀ ਛੇਵੀਂ ਆਡੀਸ਼ਨ ਦੇ ਪੰਨਾ ਨੰ: 1020 'ਤੇ ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਰਾਜਾਸਾਂਸੀ ਕਸਬਾ ਭੱਟੀ ਰਾਜਪੂਤ ਰਾਜਾ ਸਲਵਾਨ (ਸਾਲਬਾਹਨ) ਦੀ ਔਲਾਦ ਨਾਲ ਸਬੰਧਿਤ ਹੈ। ਦੱਸਿਆ ਜਾਂਦਾ ਹੈ ਕਿ ਇਕ ਵਾਰ ਜਦੋਂ ਰਾਜਾ ਸੁਹੰਦਾ ਇਸ ਸਾਂਸੀ ਵਸੋਂ ਵਾਲੇ ਇਲਾਕੇ 'ਚੋਂ ਗੁਜ਼ਰ ਰਹੇ ਸਨ ਤਾਂ ਉਨ੍ਹਾਂ ਦੀ ਗਰਭਵਤੀ ਰਾਣੀ ਨੇ ਇੱਥੇ ਇਕ ਪੁੱਤਰ ਨੂੰ ਜਨਮ ਦਿੱਤਾ। ਜਿਸ ਕਾਰਨ ਉਨ੍ਹਾਂ ਨੂੰ ਕੁਝ ਸਮੇਂ ਲਈ ਇੱਥੇ ਹੀ ਰੁਕਣਾ ਪਿਆ। ਇਸ ਬੱਚੇ ਸਹੰਸਰ ਪਾਲ ਦੀ ਦੇਖ-ਰੇਖ ਉਸ ਸਾਂਸੀ ਸਮਾਜ ਦੇ ਪਤਵੰਤਿਆਂ ਨੇ ਕੀਤੀ। ਉਨ੍ਹੀਂ ਦਿਨੀਂ ਇਸ ਪਿੰਡ ਨੂੰ ਸਾਂਸੀਆਂ ਦੀ ਸਰਾਂ ਕਿਹਾ ਜਾਂਦਾ ਸੀ। ਅਗਾਂਹ ਜਾ ਕੇ ਰਾਜਾ ਸਹੰਸਰ ਪਾਲ ਦੇ ਪੁੱਤਰ ਰਾਜਾ ਕਿਰਤੋ ਜਾਂ ਕਰਤੁ ਨੇ ਸੰਨ 1068 ਦੇ ਆਸ-ਪਾਸ ਇਸ ਪਿੰਡ ਨੂੰ ਮੁੜ ਤੋਂ ਆਬਾਦ ਕੀਤਾ ਅਤੇ ਇਸ ਨੂੰ ਪਿੰਡ ਰਾਜਾਸਾਂਸੀ ਕਿਹਾ ਜਾਣ ਲੱਗਾ। ਉਸ ਦੀ ਮੌਤ ਦੇ ਬਾਅਦ ਉਸ ਦਾ ਪੁੱਤਰ ਕਾਲੂ ਜੋ ਪਿੰਡ ਭੱਟੀਆਂ (ਮੌਜੂਦਾ ਸਮੇਂ ਪਾਕਿਸਤਾਨ ਦੇ ਜ਼ਿਲ੍ਹਾ ਹਾਫਿਜ਼ਾਬਾਦ ਦੀ ਤਹਿਸੀਲ) 'ਚ ਰਹਿ ਰਿਹਾ ਸੀ, ਉੱਥੇ ਆਪਣੇ ਸ਼ਰੀਕੇ 'ਚ ਅਣਬਣ ਹੋਣ ਉਪਰੰਤ ਸੰਨ 1470 'ਚ ਇੱਥੇ ਆ ਕੇ ਵਸ ਗਿਆ। ਇੱਥੇ ਰਹਿੰਦਿਆਂ ਉਸ ਦੀ ਪਤਨੀ ਨੇ ਜਾਦੂਮਨ ਨੂੰ ਜਨਮ ਦਿੱਤਾ। ਪੰਡਤ ਦੇਬੀ ਪ੍ਰਸਾਦ ਦੁਆਰਾ ਲਿਖਤ 'ਗੁਲਸ਼ਨ-ਏ-ਪੰਜਾਬ' ਦੇ ਸਫ਼ਾ 9 'ਤੇ ਦਰਜ ਹੈ ਕਿ ਜਾਦੂਮਨ ਅਤੇ ਉਸ ਦਾ ਪੁੱਤਰ ਗਾਲਬ ਉਰਫ਼ ਮੰਨੂੰ ਅਤੇ ਅਗਾਂਹ ਉਸ ਦਾ ਪੁੱਤਰ ਕਿਦੋਹ ਇੱਥੋਂ ਦੇ ਸਾਂਸੀਆਂ ਦੀ ਸੰਗਤ 'ਚ ਰਹੇ।
ਸਿੰਘ ਸਭਾ ਲਹਿਰ ਦੇ ਸੰਸਥਾਪਕ ਅਤੇ ਮੁੱਢਲੇ ਪ੍ਰਧਾਨ ਸ: ਠਾਕੁਰ ਸਿੰਘ ਸੰਧਾਵਾਲੀਆ ਦੇ ਪੜ-ਪੜ ਪੋਤਰੇ ਸ: ਸੁਖਦੇਵ ਸਿੰਘ ਸੰਧਾਵਾਲੀਆ ਦੱਸਦੇ ਹਨ ਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਸ਼ਜਰਾ-ਨਸਬ ਸਾਲ 1852-53, ਪਿੰਡ ਰਾਜਾਸਾਂਸੀ, ਹੱਦਬਸਤ ਨੰ. 312 (ਜ਼ਿਲ੍ਹਾ ਅੰਮ੍ਰਿਤਸਰ) ਦੇ ਅਨੁਸਾਰ ਇਸ ਕਸਬੇ ਦੇ ਭੂਮੀ ਰਿਕਾਰਡ 'ਚ ਅੱਜ ਵੀ ਅਸਲ ਮਾਲਕਾਂ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਤੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੇ ਨਾਂ ਦਰਜ ਹਨ। ਰਾਜਾਸਾਂਸੀ ਦੀ ਜ਼ਮੀਨ ਦੀ ਮਾਲਕੀ ਨੂੰ ਲੈ ਕੇ ਗੀਗਾ ਤੋਂ ਅੱਗੇ ਔਘਰ, ਕਿਰਤੋ, ਵੀਰੂ, ਮੌਜੋਂ, ਖੋਖਰ, ਰਾਜਾ ਧ੍ਰਿਤਰਾਜ, ਵੇਗਾ, ਗ਼ਾਜ਼ੀ, ਅਬਦਾਲ, ਤਖ਼ਤ ਮੱਲ, ਭਾੜਾ ਅਤੇ ਉਸ ਦੇ ਪੁੱਤਰ ਬੁੱਧ ਸਿੰਘ ਦੇ ਅੱਗੇ ਦੋ ਪੁੱਤਰਾਂ ਚੰਦਾ ਸਿੰਘ ਸੰਧਾਵਾਲੀਆ ਅਤੇ ਨੋਧ ਸਿੰਘ ਸ਼ੁਕਰਚੱਕੀਆ ਦੇ ਨਾਂ ਦਰਜ ਹਨ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਫ਼ੋਨ : 9356127771

'ਨਾਨਕੁ ਸਾਇਰੁ ਏਵ ਕਹਤੁ ਹੈ'

ਸਤਿਗੁਰੂ ਨਾਨਕ-ਬਾਣੀ ਵਿਚ ਆਏ ਛੰਦ ਦੀ ਵਿਆਖਿਆ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
5. ਸੁਕਾਵਯ ਛੰਦ : ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ॥ ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ॥ ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ॥ ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ॥ (ਮਾਰੂ ਕਾਫੀ ਮਹਲਾ 1, ਅੰਗ 1014)
6. ਤਾਟੰਕ ਛੰਦ : ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਅੰਤਰਿ ਸਬਦੁ ਨਿਰੰਤਰਿ ਮੁਦ੍ਰਾ, ਹਉਮੈ ਮਮਤਾ ਦੂਰਿ ਕਰੀ॥ ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ, ਗੁਰੁ ਕੈ ਸਬਦਿ ਸੁ ਸਮਝ ਪਰੀ॥ ਖਿੰਥਾ ਝੋਲੀ ਭਰਿਪੁਰਿ ਰਹਿਆ, ਨਾਨਕ ਤਾਰੈ ਏਕੁ ਹਰੀ॥ ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ॥ (ਅੰਗ 939)
7. ਦੋਹਰਾ : ਦੋ ਤੁਕਾਂ ਵਾਲੇ ਛੰਦ ਦਾ ਨਾਂਅ ਦੋਹਰਾ ਜਾਂ ਦੋਹਾ ਹੈ। ਇਸ ਛੰਦ ਦੇ ਵੀ ਕਈ ਰੂਪ ਬਾਣੀ ਵਿਚ ਆਏ ਹਨ। ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ॥ ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ॥ (ਰਾਗ ਗਉੜੀ, ਅੰਗ 260)
(ੳ) ਨਰ ਦੋਹਰਾ : ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ (ਆਸਾ ਦੀ ਵਾਰ, ਅੰਗ 466)
8. ਪਉੜੀ : ਇਹ ਆਪਣੇ-ਆਪ ਵਿਚ ਕੋਈ ਛੰਦ ਨਹੀਂ ਪਰ 'ਪਉੜੀ' ਨਾਂਅ ਹੇਠ ਵੱਖੋ-ਵੱਖ ਰੂਪਾਂ ਵਿਚ ਕਈ ਛੰਦ ਲਿਖੇ ਗਏ ਹਨ। 'ਪਉੜੀ' ਆਮ ਤੌਰ 'ਤੇ ਯੋਧਿਆਂ ਵਿਚ ਬੀਰ ਰਸ ਭਰਨ ਵਾਸਤੇ ਢਾਡੀਆਂ ਵਲੋਂ ਵਾਰਾਂ ਗਾਉਣ ਸਮੇਂ ਪ੍ਰਸੰਗ ਸੁਣਾਉਣ ਪਿੱਛੋਂ ਗਾਈ ਜਾਂਦੀ ਸੀ।
(ੳ) 'ਚਟਪਟਾ' ਅਤੇ 'ਨਿਸਾਨੀ' : ਸਤਿਗੁਰੂ ਨਾਨਕ-ਬਾਣੀ ਵਿਚ ਪਉੜੀ ਸਿਰਲੇਖ ਹੇਠ ਛੰਦ ਦਾ ਇਹ ਰੂਪ ਵੀ ਲਿਖਿਆ ਹੈ। ਪਉੜੀ ਵਿਚ ਇਸ ਦੀਆਂ 5 ਤੁਕਾਂ ਹੁੰਦੀਆਂ ਹਨ। ਸੰਨ੍ਹੀ ਦੇਨਿ ਵਿਖੰਮ ਥਾਇ ਮਿਠਾ ਮਦੁ ਮਾਣੀ॥ ਕਰਮੀ ਆਪੋ ਆਪਣੀ ਪਛੁਤਾਣੀ॥ ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ॥ (ਵਾਰ ਗਉੜੀ, ਅੰਗ 315)
(ਅ) ਸੁਗੀਤਾ ਛੰਤ : ਇਹ ਤੁਕਾਂ ਸੁਗੀਤਾ ਛੰਤ ਵਿਚ ਪਉੜੀ ਸਿਰਲੇਖ ਹੇਠ ਲਿਖੀਆਂ ਗਈਆਂ ਹਨ। ਇਸ ਛੰਦ ਦੀਆਂ 4 ਤੁਕਾਂ ਹੁੰਦੀਆਂ ਹਨ। ਤੂ ਕਰਤਾ ਆਪ ਅਭੁਲੁ ਹੈ, ਭੁਲਣ ਵਿਚ ਨਾਹੀ॥ ਤੂ ਕਰਹਿ ਸੁ ਸਚੇ ਭਲਾ ਹੈ, ਗੁਰ ਸਬਦਿ ਬੁਝਾਹੀ॥ (ਵਾਰ ਗਉੜੀ, ਅੰਗ 301)
(ੲ) ਰਾਧਿਕਾ ਛੰਦ : ਇਹ ਤੁਕਾਂ ਰਾਧਿਕਾ ਛੰਤ ਵਿਚ ਪਉੜੀ ਸਿਰਲੇਖ ਹੇਠ ਲਿਖੀਆਂ ਗਈਆਂ ਹਨ। ਇਸ ਦੀਆਂ 4 ਤੁਕਾਂ ਹੁੰਦੀਆਂ ਹਨ। ਇਕਿ ਭਸਮ ਚੜ੍ਹਾਵਹਿ ਅੰਗਿ, ਮੈਲੁ ਨ ਧੋਵਹੀ॥ ਇਕਿ ਜਟਾ ਬਿਕਟ ਬਿਕਰਾਲ, ਕੁਲੁ ਘਰੁ ਖੋਵਹੀ॥ (ਰਾਗ ਮਲਾਰੁ, ਅੰਗ 1284)
(ਸ) ਕਲਸ ਛੰਦ : ਗੁਰਬਾਣੀ ਵਿਚ ਕਈ ਛੰਦਾਂ ਦੇ ਮੇਲ ਤੋਂ ਕਲਸ ਛੰਦ ਰਚੇ ਗਏ ਹਨ। ਇਥੇ ਇਹ ਕਲਸ ਛੰਦ 'ਨਿਤਾ' ਅਤੇ 'ਸਾਰ' ਦੇ ਮੇਲ ਤੋਂ ਬਣਿਆ ਹੈ।
ਇਸ ਦੀਆਂ 4 ਤੁਕਾਂ ਹੁੰਦੀਆਂ ਹਨ। ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ॥ ਅਨਦਿਨੁ ਮੇਲੁ ਭਇਆ ਮਨ ਮਾਨਿਆ ਘਰ ਮੰਦਰ ਸੋਹਾਏ॥ ਪੰਚ ਸਬਦ ਧੁਨਿ ਅਨਹਦ ਵਾਜੇ, ਹਮ ਘਰਿ ਸਾਜਨ ਆਏ॥ (ਸੂਹੀ ਛੰਦ ਮਹਲਾ 1, ਅੰਗ 764)
(ਹ) ਹੰਸਗਤਿ ਛੰਦ : ਪਉੜੀ ਸਿਰਲੇਖ ਹੇਠ ਇਹ ਛੰਦ ਬਾਣੀ ਵਿਚ ਆਇਆ ਹੈ। ਇਸ ਦੀਆਂ 4 ਤੁਕਾਂ ਹੁੰਦੀਆਂ ਹਨ। ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ॥ ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ॥ ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥ ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ॥ (ਰਾਗ ਮਾਝ, ਅੰਗ 148)
(ਕ) ਪਉੜੀ ਦਾ ਇਕ ਰੂਪ ਇਹ ਵੀ ਹੈ, ਜਿਸ ਵਿਚ 5 ਤੁਕਾਂ ਹੁੰਦੀਆਂ ਹਨ। ਦਾਨ ਮਹਿੰਡਾ ਤਲੀ ਖਾਕੁ ਜੇ ਮਿਲੈ ਤਾ ਮਸਤਕਿ ਲਾਈਐ॥ ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ॥ ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ॥ ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹਾ ਦੀ ਪਾਈਐ॥ (ਆਸਾਦੀ ਵਾਰ, ਅੰਗ 468)
9. ਪ੍ਰਮਾਣਿਕਾ ਛੰਦ : ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਨ ਦੇਵ ਦਾਨਵਾ ਨਰਾ॥ ਨ ਸਿੱਧ ਸਾਧਿਕਾ ਧਰਾ॥ ਅਸਤਿ ਏਕ ਦਿਗਰਿ ਕੁਈ॥ ਏਕ ਤੁਈ ਏਕ ਤੁਈ॥ (ਵਾਰ ਮਾਝ ਮ: 1, ਅੰਗ 143)
10. ਰੂਪਮਾਲਾ ਛੰਦ : ਇਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ। ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰ॥ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਕਪੜੁ ਕੂੜੁ ਪੈਨ੍ਹਣਹਾਰ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ॥ (ਆਸਾ ਦੀ ਵਾਰ, ਅੰਗ 468)
11. ਸੋਰਠਾ : ਇਹ ਛੰਦ ਦੋ ਤੁਕਾਂ ਦਾ ਹੁੰਦਾ ਹੈ। ਦੋਹਰੇ ਤੋਂ ਉਲਟ ਹੈ ਅਤੇ ਇਸ ਵਿਚ ਤੁਕਾਂਤ ਦਾ ਮੇਲ ਨਹੀਂ ਹੁੰਦਾ, ਪਰ ਵਿਚਾਲੇ ਮੇਲ ਹੁੰਦਾ ਹੈ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ॥ (ਜਪੁ ਜੀ, ਅੰਗ 5) (ਸਮਾਪਤ)


navtejsinghnamdhari@gmail.com

ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਦੀ ਮਿੱਠੀ ਯਾਦ ਵਿਚ...

ਪੰਜਾਬੀ ਸੱਭਿਆਚਾਰ ਦੀ ਢਾਡੀ ਵੰਨਗੀ ਦੀ ਲੋਅ ਨੂੰ ਉਤਪੰਨ ਕਰਨ ਵਾਲਾ ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਉਹ ਸ਼ਖ਼ਸ ਹੈ ਜਿਹਨੇ ਢਾਡੀ ਸਾਹਿਤ ਨੂੰ ਆਪਣੀ ਜਿੰਦ ਜਾਨ ਦੇ ਦਿੱਤੀ। ਪੰਥਕ ਸਫ਼ਾਂ ਅਤੇ ਪੰਥਕ ਸੱਥਾਂ ਵਿਚ ਬੈਠੇ ਲੋਕ ਅੱਜ ਵੀ ਗੱਲਾਂ ਕਰਦੇ ਹਨ ਕਿ ਦਿਲਬਰ ਵਰਗਾ ਢਾਡੀ ਪੈਦਾ ਹੋਣਾ ਬਹੁਤ ਮੁਸ਼ਕਿਲ ਹੈ। ਦਿਲਬਰ, ਦਿਲਬਰ ਹੀ ਸੀ। ਪੰਜਾਬੀ ਬੋਲੀ ਵਿਚ ਜੇ ਕੋਈ ਤਨਜ਼ ਕੱਸੂ ਤਾਂ ਕਹੂ 'ਵੱਡਾ ਦਿਲਬਰ ਬਣਿਆ ਫਿਰਦੈ' ਜੇ ਕੋਈ ਸਟੇਜ 'ਤੇ ਗੜ੍ਹਕ ਕੇ ਬੋਲਦਾ ਹੋਵੇ ਤਾਂ ਕਹਿੰਦੇ ਵੇਖ ਕਿਵੇਂ ਦਿਲਬਰ ਵਾਂਗੂੰ ਗੜ੍ਹਕਦਾ। ਇਸ ਤੋਂ ਵੱਧ ਭਲਾ ਕੋਈ ਕਿੰਨਾ ਕੁ ਪ੍ਰਸਿੱਧ ਹੋ ਸਕਦਾ।
ਸਿੱਖ ਪੰਥ ਦੇ ਮਹਾਨ ਵਿਦਵਾਨ ਬੇਧੜਕ ਬੁਲਾਰੇ, ਕਲਮ ਦੇ ਧਨੀ ਢਾਡੀ ਹੁਨਰ ਦੇ ਬੇਤਾਜ ਬਾਦਸ਼ਾਹ, ਢਾਡੀ ਸ਼ਾਇਰੀ ਦੇ ਬਾਬਾ ਬੋਹੜ ਗਿਆਨੀ ਦਇਆ ਸਿੰਘ ਦਿਲਬਰ ਦਾ ਜਨਮ 9 ਨਵੰਬਰ 1930 ਨੂੰ ਪਿਤਾ ਸਰਦਾਰ ਈਸ਼ਰ ਸਿੰਘ ਦੇ ਘਰ ਮਾਤਾ ਗੁਲਾਬ ਕੌਰ ਦੀ ਕੁੱਖੋਂ ਪਿੰਡ ਗਗੜ-ਸਹਾਰੀ (ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਦੀ ਸ਼ਾਦੀ ਸਰਦਾਰਨੀ ਸੰਤ ਕੌਰ ਨਾਲ ਪਿੰਡ ਭਾਈ ਫੇਰੂ (ਪਾਕਿਸਤਾਨ) ਵਿਖੇ ਹੋਈ। ਦੇਸ਼ ਦੀ ਵੰਡ ਤੋਂ ਬਾਅਦ ਉਹ ਦੁਆਬੇ ਦੀ ਧਰਤੀ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਆਗੋਸ਼ ਵਿਚ ਵਸੇ ਪਿੰਡ ਸਲੋਹ ਆਣ ਵਸੇ। 1955 ਵਿਚ ਉਹ ਪੱਕੇ ਤੌਰ 'ਤੇ ਨਵਾਂ ਸ਼ਹਿਰ ਆ ਗਏ। ਉਨ੍ਹਾਂ 20 ਪੁਸਤਕਾਂ ਪੰਜਾਬੀ ਗੀਤਾਂ ਅਤੇ ਢਾਡੀ ਵਾਰਾਂ ਦੀਆਂ ਲਿਖੀਆਂ। ਜ਼ਿਲ੍ਹਾ ਨਵਾਂ ਸ਼ਹਿਰ ਨੂੰ ਜੇ ਢਾਡੀਆਂ ਦਾ ਮੱਕਾ ਕਹਿ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਅੱਜ ਦਿਲਬਰ ਜੀ ਦੇ ਅਨੇਕਾਂ ਸ਼ਾਗਿਰਦ ਢਾਡੀ ਹੁਨਰ ਵਿਚ ਆਪਣਾ ਨਾਂਅ ਚਮਕਾ ਰਹੇ ਹਨ।
ਉਨ੍ਹਾਂ ਦਾ ਛੋਟਾ ਪੁੱਤਰ ਢਾਡੀ ਕੁਲਜੀਤ ਸਿੰਘ ਦਿਲਬਰ ਢਾਡੀ ਹੁਨਰ ਦੇ ਕੋਮਲ ਜਿਹੇ ਖੇਤਰ ਵਿਚ ਮਲਕੜੇ ਜਿਹੇ ਪੈਰ ਧਰ ਕੇ ਸਫ਼ਲਤਾ ਹਾਸਿਲ ਕਰਨ ਲਈ ਦਿਲਬਰ ਪੀੜ੍ਹੀ ਦਾ ਦੂਜਾ ਢਾਡੀ ਬਣ ਕੇ ਸੰਘਰਸ਼ ਦੇ ਰਾਹ ਤੁਰਦਾ ਤੁਰਦਾ ਸਫ਼ਲ ਢਾਡੀਆਂ ਦੀ ਕਤਾਰ ਵਿਚ ਜਾ ਖੜ੍ਹਾ ਹੋਇਆ।
26 ਜਨਵਰੀ, 2006 ਨੂੰ ਉਹ 75 ਸਾਲ ਦੀ ਉਮਰ ਭੋਗ ਕੇ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਉਨ੍ਹਾਂ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਹੈ। ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਸੰਤ ਹਰਚਰਨ ਸਿੰਘ ਖ਼ਾਲਸਾ ਰਮਦਾਸ ਵਾਲਿਆਂ ਦੀ ਰਹਿਨੁਮਾਈ ਹੇਠ 26 ਜਨਵਰੀ ਨੂੰ ਪਿੰਡ ਅੰਬਾਲਾ ਜੱਟਾਂ, ਜ਼ਿਲ੍ਹਾ ਹੁਸ਼ਿਆਰਪੁਰ ਨੇੜੇ ਗੜ੍ਹਦੀਵਾਲ ਵਿਖੇ ਸ਼੍ਰੋਮਣੀ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਦੀ ਮਿੱਠੀ ਯਾਦ ਵਿਚ ਮਹਾਨ ਢਾਡੀ ਦਰਬਾਰ ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ।


-ਮੋਬਾ: 98141-67999
dilbar108@gmail.com

ਸ਼ਬਦ ਵਿਚਾਰ

ਅਸੰਖ ਜਪ ਅਸੰਖ ਭਾਉ॥ 'ਜਪ' ਪਉੜੀ ਸਤਾਰਵੀਂ

ਅਸੰਖ ਜਪ ਅਸੰਖ ਭਾਉ॥
ਅਸੰਖ ਪੂਜਾ ਅਸੰਖ ਤਪ ਤਾਉ॥
ਅਸੰਖ ਗਰੰਥ ਮੁਖਿ ਵੇਦ ਪਾਠ।.
ਅਸੰਖ ਜੋਗ ਮਨਿ ਰਹਹਿ ਉਦਾਸ॥
ਅਸੰਖ ਭਗਤ ਗੁਣ ਗਿਆਨ ਵੀਚਾਰ॥
ਅਸੰਖ ਸਤੀ ਅਸੰਖ ਦਾਤਾਰ॥
ਅਸੰਖ ਸੂਰ ਮੁਹ ਭਖ ਸਾਰ॥
ਅਸੰਖ ਮੋਨਿ ਲਿਵ ਲਾਇ ਤਾਰ॥
ਕੁਦਰਤਿ ਕਵਣ ਕਹਾ ਵੀਚਾਰੁ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥੧੭॥
(ਅੰਗ 3-4)
ਪਦ ਅਰਥ : ਅਸੰਖ-ਅਣਗਿਣਤ, ਬੇਅੰਤ। ਜਪ-ਜਪ ਕਰਦੇ ਹਨ। ਭਾਉ-ਪ੍ਰੇਮ ਕਰਨ ਵਾਲੇ। ਤਪ ਤਾਉ-ਸਰੀਰ ਨੂੰ ਕਸ਼ਟ ਦੇ ਕੇ ਤਪੱਸਿਆ ਕਰਨੀ ਜਿਵੇਂ ਧੂਣੀਆਂ ਤਪਾ ਕੇ, ਇਕ ਲੱਤ 'ਤੇ ਖੜ੍ਹੇ ਹੋ ਕੇ ਜਾਂ ਪੁੱਠੇ ਲਮਕ ਕੇ ਤਪ ਕਰਨਾ ਆਦਿ। ਮੁਖਿ-ਮੂੰਹ ਨਾਲ। ਗਰੰਥ ਵੇਦ ਪਾਠ-ਧਾਰਮਿਕ ਪੁਸਤਕਾਂ ਅਤੇ ਵੇਦਾਂ ਦਾ ਪਾਠ ਕਰਦੇ ਹਨ। ਉਦਾਸ-ਵੈਰਾਗ ਧਾਰ ਕੇ। ਗੁਣ-ਗਿਆਨ-ਪਰਮਾਤਮਾ ਦੇ ਗੁਣਾਂ ਅਤੇ ਗਿਆਨ। ਸਤੀ-ਸਤਿਵਾਦੀ , ਸੱਚ ਨੂੰ ਧਾਰਨ ਵਾਲੇ। ਦਾਤਾਰ-ਦਾਨੀਂ, ਦਾਤਾਂ ਦੇਣ ਵਾਲੇ ਸੂਰ-ਸੂਰਮੇ। ਮੂਹ-ਮੂੰਹ ਤੇ, ਮੁੱਖ ਤੇ। ਭਖ ਸਾਰ-ਲੋਹਾ ਖਾਂਦੇ ਹਨ। ਮੁਹ ਭਖ ਸਾਰ-ਮੂੰਹ 'ਤੇ ਲੋਹਾ ਖਾਂਦੇ ਹਨ ਭਾਵ ਮੁੱਖ ਤੇ ਸ਼ਸਤਰਾਂ ਦੇ ਵਾਰ ਸਹਿੰਦੇ ਹਨ ਭਾਵ ਪਿੱਠ ਨਹੀਂ ਦਿਖਾਉਂਦੇ। ਮੋਨਿ-ਮੋਨੀ, ਚੁਪ ਧਾਰਨ ਵਾਲੇ। ਲਾਇ ਤਾਰ-ਇਕ ਰਸ ਬਿਰਤੀ ਜੋੜੀ ਰੱਖਦੇ ਹਨ, ਲਿਵ ਲਾਈ ਰੱਖਦੇ ਹਨ। ਕਵਣ-ਕਿਵੇਂ ਭਾਵ ਮੇਰੀ ਕਿਆ ਸਮਰੱਥਾ ਹੈ। ਕਹਾ ਵਿਚਾਰ-ਤੇਰੀ ਕੁਦਰਤ ਦਾ ਕੀ ਵਿਚਾਰ ਕਰ ਸਕਦਾ ਹਾਂ। ਵਾਰਿਆ ਨ ਜਾਵਾ ਏਕ ਵਾਰ-ਇਕ ਵਾਰ ਨਹੀਂ, ਸਗੋਂ ਵਾਰ-ਵਾਰ ਤੇਰੇ ਤੋਂ ਬਲਿਹਾਰ ਜਾਂਦਾ ਹਾਂ। ਜੋ ਤੁਧੁ ਭਾਵੈ-ਜੋ ਤੈਨੂੰ ਭਾਉਂਦਾ ਹੈ, ਸੋ ਤੈਨੂੰ ਚੰਗਾ ਲਗਦਾ ਹੈ। ਸਾਈ-ਉਹੀ। ਭਲੀ ਕਾਰ-ਚੰਗਾ ਕੰਮ ਹੈ। ਸਲਾਮਤਿ-ਥਿਰ, ਅਟੱਲ ਰਹਿਣ ਵਾਲਾ। ਨਿਰੰਕਾਰ-ਅਕਾਰ ਤੋਂ ਰਹਿਤ ਪਰਮਾਤਮਾ। ਕਹਾ ਬੀਚਾਰੁ-ਕੋਈ ਵਿਚਾਰ ਕਰ ਸਕਾਂ, ਕੁਝ ਬਿਆਨ ਕਰ ਸਕਾਂ।
ਅਕਾਲ ਪੁਰਖ ਦੀ ਕੁਦਰਤ ਦਾ ਵਰਣਨ ਕਰਦੇ ਹੋਏ ਜਗਤ ਗੁਰ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਪਰਮਾਤਮਾ ਦੀ ਰਚੀ ਬੇਅੰਤ ਕੁਦਰਤ ਦਾ ਅੰਤ ਪਾਉਣਾ ਤਾਂ ਬੜੀ ਦੂਰ ਦੀ ਗੱਲ ਹੈ। ਜੇਕਰ ਜਗਤ ਵਿਚਲੇ ਵੱਖ-ਵੱਖ ਪ੍ਰਕਾਰ ਦੇ ਪ੍ਰਾਣੀਆਂ ਦੀ ਗਿਣਤੀ ਹੀ ਕਰੀਏ ਜੋ ਜਪ, ਤਪ, ਪੂਜਾ ਆਦਿ ਕਰ ਰਹੇ ਹਨ, ਵੇਦ ਅਤੇ ਵੱਖ-ਵੱਖ ਧਾਰਮਿਕ ਗ੍ਰੰਥਾਂ ਅਤੇ ਪੁਸਤਕਾਂ ਦਾ ਪਾਠ ਕਰ ਰਹੇ ਹਨ, ਪ੍ਰਭੂ ਦੇ ਗੁਣਾਂ ਅਤੇ ਗਿਆਨ 'ਤੇ ਵਿਚਾਰ ਕਰਦੇ ਆ ਰਹੇ ਹਨ, ਮੋਨੀ, ਸਤਿਵਾਦੀ, ਜੋਗੀ ਅਤੇ ਦਾਨੀ ਹਨ, ਅਨੇਕਾਂ ਸੂਰਮੇ ਹਨ ਜੋ ਮੈਦਾਨ ਵਿਚ ਕਦੀ ਪਿੱਠ ਨਹੀਂ ਦਿਖਾਉਂਦੇ ਆਦਿ ਦੀ ਗਿਣਤੀ ਅਤੇ ਲੇਖਾ ਨਹੀਂ ਕੀਤਾ ਜਾ ਸਕਦਾ।
ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਰਾਗ ਭੈਰਉ ਵਿਚ ਪਾਵਨ ਬਚਨ ਹਨ ਕਿ ਕਰੋੜਾਂ ਜੀਵ ਉਸ ਦਾ ਸੁੰਦਰ ਨਾਮ ਜਪਣ ਨਾਲ ਪਵਿੱਤਰ ਜੀਵਨ ਵਾਲੇ ਭਾਵ ਸੱਚੇ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ।
ਕੋਟਿ ਪਵਿੱਤ੍ਰ ਜਪਤ ਨਾਮ ਚਾਰ॥ (ਅੰਗ : 1156)
ਕੋਟਿ-ਕ੍ਰੋੜਾਂ ਅਥਵਾ ਅਣਗਿਣਤ। ਨਾਮ ਚਾਰ-ਸੁੰਦਰ ਨਾਮ।
ਆਪ ਜੀ ਦੇ ਹੋਰ ਬਚਨ ਹਨ ਕਿ ਅਣਗਿਣਤ ਹੀ ਆਤਮਿਕ ਸੂਝ ਵਾਲੇ ਗਿਆਨੀ ਜਨ ਉਸ ਦੇ ਗੁਣਾਂ ਦੀ ਵਿਚਾਰ ਕਰ ਰਹੇ ਹਨ, ਅਣਗਿਣਤ ਹੀ ਸਮਾਧੀਆਂ ਲਾਉਣ ਵਾਲੇ ਸਾਧੂ-ਜਨ ਪਰਮਾਤਮਾ ਵਿਚ ਸੁਰਤ ਨੂੰ ਜੋੜੀ ਰੱਖਦੇ ਹਨ, ਅਣਗਿਣਤ ਹੀ ਤਪ ਕਰਨ ਵਾਲੇ ਤਪੀ ਤਪ ਕਰਦੇ ਹਨ ਅਤੇ ਬੇਅੰਤ ਮੋਨੀ ਪ੍ਰਭੂ ਦੇ ਦਰਸ਼ਨਾਂ ਲਈ ਚੁਪ ਧਾਰੀ ਰੱਖਦੇ ਹਨ:
ਕੋਟਿ ਗਿਆਨੀ ਕਥਹਿ ਗਿਆਨੁ॥
ਕੋਟਿ ਧਿਆਨੀ ਧਰਤ ਧਿਆਨੁ॥
ਕੋਟਿ ਤਪੀਸਰ ਤਪ ਹੀ ਕਰਤੇ॥
ਕੋਟਿ ਮੁਨੀਸਰ ਮੋਨਿ ਮਹਿ ਰਹਿਤੇ॥
(ਅੰਗ : 1156-57)
ਗਿਆਨੀ-ਆਤਮਿਕ ਸੂਝ ਵਾਲੇ ਪ੍ਰਾਣੀ। ਕਥਹਿ ਗਿਆਨ-ਗੁਣਾਂ ਦੀ ਵਿਚਾਰ ਕਰ ਰਹੇ ਹਨ। ਧਿਆਨੀ-ਸਮਾਧੀ ਲਾਉਣ ਵਾਲੇ। ਤਪੀਸਰ-ਵੱਡੇ ਵੱਡੇ ਤਪੀ, ਸਰੀਰ ਨੂੰ ਕਸ਼ਟ ਦੇ ਕੇ ਤਪ ਕਰਨ ਵਾਲੇ। ਮੁਨੀਸਰ-ਵੱਡੇ ਵੱਡੇ ਮੁਨੀ। ਮੋਨਿ ਮਹਿ ਰਹਤੇ-ਚੁੱਪ ਧਾਰੀ ਰੱਖਦੇ ਹਨ।
ਵੱਖ-ਵੱਖ ਫਿਰਕਿਆਂ ਅਤੇ ਵਰਗਾਂ ਦੇ ਲੋਕ ਆਪੋ-ਆਪਣੇ ਧਾਰਮਿਕ ਗ੍ਰੰਥਾਂ ਅਨੁਸਾਰ ਪਰਮਾਤਮਾ ਨੂੰ ਵੱਖ-ਵੱਖ ਨਾਵਾਂ ਨਾਲ ਯਾਦ ਕਰਦੇ ਹਨ। ਕੋਈ ਉਸ ਨੂੰ ਰਾਮ ਆਖਦਾ ਹੈ, ਕੋਈ ਗੋਸਾਈਂ (ਪ੍ਰਿਥਵੀ ਦਾ ਮਾਲਕ, ਜਗਨ ਨਾਥ ਜਾਂ ਕਰਤਾਰ) ਆਖ ਕੇ ਉਸ ਦੀ ਭਗਤੀ ਕਰਦਾ ਹੈ:
ਕੋਈ ਬੋਲੈ ਰਾਮ ਰਾਮ ਕੋਈ ਖੋਦਾਇ॥
ਕੋਈ ਸੇਵੈ ਗੁਸਈਆ ਕੋਈ ਅਲਾਇ॥
(ਰਾਗੁ ਰਾਮ ਕਲੀ ਮਹਲਾ 5, ਅੰਗ : 885)
ਗੁਸਈਆ-ਗੋਸਾਈ, ਪ੍ਰਿਥਵੀ ਦਾ ਮਾਲਕ।
ਇਸੇ ਪ੍ਰਕਾਰ ਕੋਈ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ ਹੈ ਅਤੇ ਕੋਈ ਮੱਕੇ ਹੱਜ ਕਰਨ ਜਾਂਦਾ ਹੈ, ਕਾਅਬੇ ਦੇ ਦਰਸ਼ਨ ਕਰਨ ਜਾਂਦਾ ਹੈ:
ਕੋਈ ਨਾਵੈ ਤੀਰਥਿ ਕੋਈ ਹਜ ਜਾਇ॥
(ਅੰਗ : 885)
ਕੋਈ ਮੂਰਤੀਆਂ ਦੀ ਪੂਜਾ ਕਰਦਾ ਹੈ ਕੋਈ ਨਮਾਜ਼ ਪੜ੍ਹਦਾ ਹੈ:
ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ॥
(ਅੰਗ : 885)
ਸਿਰੁ ਨਿਵਾਇ-ਨਮਾਜ਼ ਪੜ੍ਹਦਾ ਹੈ।
ਕੋਈ ਵੇਦ ਆਦਿ ਧਾਰਮਿਕ ਪੁਸਤਕਾਂ ਪੜ੍ਹਦਾ ਹੈ ਅਤੇ ਕੋਈ ਕੁਰਾਨ ਸ਼ਰੀਫਾਂ:
ਕੋਈ ਪੜੈ ਬੇਦ ਕੋਈ ਕਤੇਬ॥ (ਅੰਗ : 885)
ਕਤੇਬ-ਕੁਰਾਨ ਸ਼ਰੀਫ਼॥
ਕੋਈ ਆਖ ਰਿਹਾ ਹੈ ਕਿ ਮੈਂ ਮੁਸਲਮਾਨ ਹਾਂ ਅਤੇ ਕੋਈ ਆਪਣੇ-ਆਪ ਨੂੰ ਹਿੰਦੂ ਅਖਵਾਉਂਦਾ ਹੈ। ਇਸੇ ਤਰ੍ਹਾਂ ਕੋਈ ਬਹਿਸ਼ਤ ਵਿਚ ਜਾਣਾ ਚਾਹੁੰਦਾ ਹੈ ਅਤੇ ਕਿਸੇ ਦੇ ਮਨ ਵਿਚ ਸਵਰਗ ਲਈ ਲਾਲਸਾ ਹੈ।
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ।
ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥
(ਅੰਗ : 885)
ਬਾਛੈ-ਮੰਗਦਾ ਹੈ, ਇੱਛਾ ਹੈ। ਸੁਰਗਿੰਦੂ-ਸਵਰਗੁ, ਭਿਸਤੁ-ਬਹਿਸ਼ਤ।
ਅੰਤ ਵਿਚ ਪੰਚਮ ਗੁਰਦੇਵ ਇਸ ਗੱਲ ਦਾ ਨਿਸਤਾਰਾ ਕਰ ਰਹੇ ਹਨ ਕਿ ਜਿਸ ਨੂੰ ਪਰਮਾਤਮਾ ਦੀ ਰਜ਼ਾ ਦੀ ਸੋਝੀ ਪੈ ਗਈ ਹੈ, ਸਮਝੋ ਉਸ ਨੇ ਪਰਮਾਤਮਾ ਦੇ ਭੇਦਾਂ ਨੂੰ ਪਾ ਲਿਆ ਹੈ;
ਕਹੁ ਨਾਨਕ ਜਿਨਿ ਹੁਕਮੁ ਪਛਾਤਾ॥
ਪ੍ਰਭੂ ਸਾਹਿਬ ਕਾ ਤਿੰਨ ਭੇਦੁ ਜਾਤਾ॥
(ਅੰਗ : 885)
ਹੁਕਮ-ਰਜ਼ਾ
ਪਉੜੀ ਦੇ ਅੱਖਰੀ ਅਰਥ : ਪਉੜੀ ਵਿਚ ਗੁਰੂ ਜੀ ਉਨ੍ਹਾਂ ਅਣਗਿਣਤ ਭਲੇ ਲੋਕਾਂ ਦਾ ਵਰਨਣ ਕਰ ਰਹੇ ਹਨ ਜੋ ਇਸ ਸੰਸਾਰ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਅਤੇ ਉਸ ਨਾਲ ਪ੍ਰੇਮ ਕਰਨ ਵਾਲੇ ਹਨ। ਅਣਗਿਣਤ ਪਾਠ ਪੂਜਾ ਅਤੇ ਬੇਅੰਤ ਤਪੱਸਿਆ ਕਰ ਰਹੇ ਹਨ:
ਅਣਗਿਣਤ ਪ੍ਰਾਣੀ ਵੇਦ ਅਤੇ ਹੋਰ ਧਾਰਮਿਕ ਪੁਸਤਕਾਂ ਦਾ ਪਾਠ ਕਰਨ ਵਾਲੇ ਹਨ ਅਤੇ ਅਨੇਕਾਂ ਜੋਗ ਸਾਧਨਾਂ ਕਰਨ ਵਾਲੇ ਉਪਰਾਮਤਾ ਵਿਚ ਗ੍ਰਸੇ ਰਹਿੰਦੇ ਹਨ।
ਪਰਮਾਤਮਾ ਦੇ ਅੰਤ ਭਗਤ ਜਨ ਉਸ ਦੇ ਗੁਣਾਂ ਅਤੇ ਗਿਆਨ ਦੀ ਸਿਫ਼ਤ ਸਾਲਾਹ ਕਰਨ ਵਾਲੇ ਹਨ, ਅਣਗਿਣਤ ਹੀ ਸਤਿਵਾਦੀ (ਸਚਿਆਰ) ਅਤੇ ਦਾਨੀ ਹਨ ਭਾਵ ਦਾਤਾਂ ਦੇਣ ਵਾਲੇ ਹਨ।
ਅਣਗਿਣਤ ਅਜਿਹੇ ਸੂਰਮੇ ਹਨ ਜੋ ਮੁੱਖ 'ਤੇ ਸ਼ਸ਼ਤਰਾਂ ਦੇ ਵਾਰ ਖਾਂਦੇ ਹਨ ਭਾਵ ਰਣ ਭੂਮੀ ਵਿਚ ਪਿੱਠ ਨਹੀਂ ਦਿਖਾਉਂਦੇ। ਅਣਗਿਣਤ ਮੋਨੀ ਹਨ ਜੋ ਇਕ ਰਸ ਪਰਮਾਤਮਾ ਵਿਚ ਲਿਵ ਨੂੰ ਜੋੜ ਕੇ ਚੁੱਪ ਧਾਰੀ ਰੱਖਦੇ ਹਨ।
ਅੰਤਲੀਆਂ ਤੁਕਾਂ ਵਿਚ ਜਗਤ ਗੁਰੂ ਬਾਬਾ ਕਰਤਾਰ ਅੱਗੇ ਅਰਜੋਈ ਕਰ ਰਹੇ ਹਨ ਕਿ ਹੇ ਕਰਤਾਰ, ਮੇਰੀ ਕੀ ਸਮਰੱਥਾ ਹੈ ਕਿ ਮੈਂ ਤੇਰੀ ਕੁਦਰਤ ਨੂੰ ਬਿਆਨ ਕਰ ਸਕਾਂ। ਮੈਂ ਇਕ ਵਾਰੀ ਨਹੀਂ ਸਗੋਂ ਵਾਰ-ਵਾਰ ਤੇਰੇ ਤੋਂ ਬਲਿਹਾਰ ਜਾਂਦਾ ਹਾਂ ਕਿਹੇ ਅਕਾਰ ਤੋਂ ਰਹਿਤ ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਜੋ ਤੈਨੂੰ ਭਾਂਵਦਾ ਹੈ, ਚੰਗਾ ਲਗਦਾ ਹੈ ਉਹੀ ਕਾਰ (ਕੰਮ) ਭਲੀ ਹੈ।


-217 ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਅਭਿਆਸ, ਬ੍ਰਹਮਚਾਰ ਅਤੇ ਇਕਾਗਰਤਾ ਦਾ ਫਲ ਹੈ : ਗਿਆਨ

ਕੋਈ ਵੀ ਬੱਚਾ ਜਦ ਪਹਿਲੀ ਵਾਰ ਪੜ੍ਹਨਾ ਸ਼ੁਰੂ ਕਰਦਾ ਹੈ ਤਾਂ ਇਕੋ-ਇਕ ਅੱਖਰ ਨੂੰ ਕਈ-ਕਈ ਵਾਰੀ ਉਚਾਰਨ ਕਰਕੇ ਹੀ ਉਸ ਦਾ ਠੀਕ ਉਚਾਰਨ ਕਰਦਾ ਹੈ। ਉਸ ਦਾ ਧਿਆਨ ਬੋਲੇ ਜਾਣ ਵਾਲੇ ਹਰ ਅੱਖਰ 'ਤੇ ਰਹਿੰਦਾ ਹੈ। ਜਿਵੇਂ-ਜਿਵੇਂ ਉਸ ਦਾ ਅਭਿਆਸ ਵਧਦਾ ਹੈ, ਉਸ ਦਾ ਧਿਆਨ ਅੱਖਰਾਂ ਤੋਂ ਸ਼ਬਦਾਂ 'ਤੇ ਕੇਂਦਰਿਤ ਹੁੰਦਾ ਹੈ। ਉਹ ਅੱਖਰਾਂ ਵੱਲ ਧਿਆਨ ਦਿੱਤੇ ਬਿਨਾਂ ਹੀ ਸ਼ਬਦਾਂ ਦਾ ਗਿਆਨ ਪ੍ਰਾਪਤ ਕਰਦਾ ਹੈ। ਜਦ ਉਸ ਦਾ ਅਭਿਆਸ ਹੋਰ ਵਧ ਜਾਂਦਾ ਹੈ ਤਾਂ ਉਸ ਦੀ ਨਜ਼ਰ ਵਾਕਾਂ 'ਤੇ ਪੈਂਦੀ ਹੈ। ਉਸ ਨੂੰ ਵਾਕਾਂ ਦਾ ਅਰਥ ਸਮਝ ਆਉਂਦਾ ਹੈ। ਇਸੇ ਅਭਿਆਸ ਵਿਚ ਜਦ ਵਾਧਾ ਹੁੰਦਾ ਹੈ ਤਾਂ ਉਸ ਨੂੰ ਪੈਰ੍ਹਿਆਂ ਅਤੇ ਸਫਿਆਂ ਦਾ ਬੋਧ ਹੁੰਦਾ ਹੈ। ਇਹ ਹੋਰ ਕੁਝ ਨਹੀਂ ਕੇਵਲ ਅਭਿਆਸ, ਬ੍ਰਹਮਚਾਰ ਅਤੇ ਇਕਾਗਰਤਾ ਦਾ ਫਲ ਹੈ। ਕੋਸ਼ਿਸ਼ ਕਰਨ ਨਾਲ ਅਜਿਹਾ ਕੋਈ ਵੀ ਕਰ ਸਕਦਾ ਹੈ। ਤੁਸੀਂ ਇਕਾਗਰ ਹੋ ਕੇ ਅਭਿਆਸ ਕਰੋ ਤਾਂ ਤੁਹਾਨੂੰ ਵੀ ਅਜਿਹਾ ਹੀ ਫਲ਼ ਪ੍ਰਾਪਤ ਹੋਵੇਗਾ। ਸਵਾਮੀ ਵਿਵੇਕਾਨੰਦ ਜੀ ਸਿੱਖਿਆ ਦੇ ਆਦਰਸ਼ ਵਿਚ ਲਿਖਦੇ ਹਨ ਕਿ ਸਧਾਰਨ ਤੋਂ ਸਧਾਰਨ ਮਨੁੱਖ ਤੋਂ ਲੈ ਕੇ ਉੱਚ ਕੋਟੀ ਦੇ ਯੋਗੀ ਤੱਕ ਨੂੰ ਅਜਿਹਾ ਹੀ ਉਪਾਅ ਕਰਨਾ ਪੈਂਦਾ ਹੈ। ਮਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਇਕਾਗਰ ਕਰਨਾ ਹੀ ਗਿਆਨ ਲਾਭ ਦਾ ਇਕੋ-ਇਕ ਉਪਾਅ ਹੈ। ਮਨ ਦੀ ਇਕਾਗਰਤਾ ਦੀ ਸ਼ਕਤੀ ਨਾਲ ਦੁਨੀਆ ਦੇ ਸਾਰੇ ਬਾਹਰੀ ਅਤੇ ਅੰਦਰੂਨੀ ਸੱਚ ਪ੍ਰਤੱਖ ਹੋ ਜਾਂਦੇ ਹਨ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ।
ਮੋਬਾਈਲ : +9194175-50741.

ਬਰਸੀ 'ਤੇ ਵਿਸ਼ੇਸ਼

ਰੰਗ ਰੱਤੜੀ ਆਤਮਾ-ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ

19ਵੀਂ ਸਦੀ ਵਿਚ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੀਆਂ ਸਿੱਖ ਸੰਪਰਦਾਵਾਂ ਵਿਚ 'ਹੋਤੀ ਮਰਦਾਨ' ਅਜਿਹੀ ਸੰਪਰਦਾ ਹੈ, ਜਿਸ ਨੇ ਅਣਵੰਡੇ ਪੰਜਾਬ ਵਿਚ ਸਿੱਖੀ ਦਾ ਪ੍ਰਚਾਰ ਲੱਕ ਬੰਨ੍ਹ ਕੇ ਕੀਤਾ। ਇਸ ਸੰਪਰਦਾ ਦੀ ਉੱਘੀ ਧਾਰਮਿਕ ਹਸਤੀ ਅਤੇ ਪ੍ਰਭੂ ਸਿਮਰਨ ਵਿਚ ਰੰਗ ਰੱਤੜੀ ਆਤਮਾ ਸੰਤ ਬਾਬਾ ਕਰਮ ਸਿੰਘ ਦਾ ਜਨਮ ਜ਼ਿਲ੍ਹਾ ਰਾਵਲਪਿੰਡੀ ਦੀ ਤਹਿਸੀਲ ਗੁਜਰਖਾਨ (ਲਹਿੰਦਾ ਪੰਜਾਬ) ਵਿਚ ਪਿਤਾ ਸ: ਕਿਰਪਾ ਸਿੰਘ ਮਾਤਾ ਸੂਬੀ ਦੇ ਘਰ 1826 ਈ: ਵਿਚ ਹੋਇਆ। ਉਸ ਸਮੇਂ ਪੰਜਾਬ ਦੀ ਧਰਤੀ 'ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੋਂ ਗੁਰਮੁਖੀ ਲਿਪੀ ਦਾ ਗਿਆਨ ਹਾਸਲ ਕੀਤਾ, ਪਿੱਛੋਂ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ। 1844 ਈ: ਵਿਚ ਜਦੋਂ ਉਹ ਸਿੱਖ ਸੈਨਾ ਵਿਚ ਭਰਤੀ ਹੋਏ, ਉਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਸਨ। ਬਾਬਾ ਜੀ ਨੇ ਫ਼ੌਜ ਵਿਚ ਭਰਤੀ ਹੋ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਜਦੋਂ 1849 ਈ: ਵਿਚ ਸਿੱਖ ਰਾਜ ਦਾ ਅੰਤ ਹੋਇਆ, ਉਸ ਸਮੇਂ ਇਨ੍ਹਾਂ ਦੀ ਸਿੱਖ ਰੈਜਮੈਂਟ ਨੂੰ ਨਵੀਂ ਆਈ ਅੰਗਰੇਜ਼ ਸਰਕਾਰ ਨੇ 12ਵੀਂ ਫਰੰਟੀਅਰ ਫੋਰਸ ਰਜਮੈਂਟ ਵਿਚ ਸ਼ਾਮਿਲ ਕਰ ਲਿਆ। ਇਨ੍ਹਾਂ ਦੀ ਇਹ ਫ਼ੌਜੀ ਟੁਕੜੀ ਜ਼ਿਆਦਾ ਸਮਾਂ ਮਰਦਾਨ ਸ਼ਹਿਰ ਦੇ ਨੇੜੇ-ਤੇੜੇ ਹੀ ਰਹੀ।
1857 ਈ: ਦੇ ਗ਼ਦਰ ਸਮੇਂ ਇਨ੍ਹਾਂ ਦੀ ਪਲਟਨ ਨੂੰ ਦਿੱਲੀ ਵਿਖੇ ਤਾਇਨਾਤ ਕੀਤਾ ਗਿਆ। 20 ਸਤੰਬਰ, 1857 ਈ: ਨੂੰ ਅੰਗਰੇਜ਼ਾਂ ਨੇ ਦਿੱਲੀ ਉੱਪਰ ਕਬਜ਼ਾ ਕਰ ਲਿਆ। ਫ਼ੌਜੀਆਂ ਨੇ ਰੱਜ ਕੇ ਦਿੱਲੀ ਨੂੰ ਲੁੱਟਿਆ। ਬਹੁਤ ਧਨ-ਮਾਲ ਇਕੱਠਾ ਕੀਤਾ। ਪਰ ਬਾਬਾ ਕਰਮ ਸਿੰਘ ਨੇ ਆਪਣੇ ਧਰਮੀ ਸੁਭਾਅ ਮੁਤਾਬਿਕ ਸਰਬੱਤ ਦੇ ਭਲੇ ਨੂੰ ਹਿਰਦੇ ਵਿਚ ਵਸਿਆ ਹੋਣ ਕਰਕੇ ਦੁਖੀ ਲੋਕਾਂ ਨਾਲ ਰੱਜ ਕੇ ਹਮਦਰਦੀ ਜਿਤਾਈ।
ਹੁਣ ਸਿੱਖ ਸੰਗਤ ਨੇ ਬਾਬਾ ਕਰਮ ਸਿੰਘ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਮਰਦਾਨ ਦੇ ਨੇੜੇ 'ਹੋਤੀ' ਨਾਂਅ ਦੇ ਪਿੰਡ ਵਿਚ ਗੁਰਦੁਆਰਾ ਸਾਹਿਬ ਤੇ ਬਾਬਾ ਜੀ ਦੀ ਕੁਟੀਆ ਦੀ ਉਸਾਰੀ ਕਰ ਦਿੱਤੀ। ਗੁਰੂ ਕਾ ਲੰਗਰ ਹਰ ਸਮੇਂ ਵਰਤਣ ਲੱਗਾ। ਰੱਬੀ ਰੰਗ ਵਿਚ ਰੰਗੀਆਂ ਰੂਹਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ। ਬਾਬਾ ਜੀ ਹਰ ਸਮੇਂ ਪ੍ਰਭੂ ਬੰਦਗੀ ਵਿਚ ਹੀ ਰਹਿੰਦੇ ਸਨ, ਸਾਰਾ ਜੀਵਨ ਪਰਉਪਕਾਰ ਤੇ ਲੋਕ ਭਲੇ ਵਿਚ ਬਿਤਾ ਦਿੱਤਾ। ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ 'ਹੋਤੀ ਮਰਦਾਨ' ਦੇ ਅਸਥਾਨ ਦੀ ਸੇਵਾ ਆਪਣੇ ਪਿਆਰੇ ਸੇਵਕ ਬਾਬਾ ਆਇਆ ਸਿੰਘ ਨੂੰ ਸੌਂਪ ਕੇ ਇਥੋਂ ਲਗਪਗ 25 ਕਿਲੋਮੀਟਰ ਦੂਰ ਪਿੰਡ 'ਸੈਦੂ' ਚਲੇ ਗਏ। ਇਸ ਪਿੰਡ ਵਿਚ 1903 ਈ: ਦੀ 21 ਜਨਵਰੀ ਵਾਲੇ ਦਿਨ ਮਾਤਾ ਦੇਵਕੀ ਦੇ ਘਰ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ। 21 ਜਨਵਰੀ ਨੂੰ ਸੰਗਤ ਵਲੋਂ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ਵਿਚ 117ਵੀਂ ਬਰਸੀ ਮੌਕੇ ਉਨ੍ਹਾਂ ਦੀ ਪਵਿੱਤਰ ਯਾਦ ਵਿਚ ਗੁਰਮਤਿ ਸਮਾਗਮ ਹੋ ਰਹੇ ਹਨ।


-bhagwansinghjohal@gmail.com

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਬਾਬਾ ਸਲਵਾਣਾ ਸਾਹਿਬ ਮਾਲੋਮਜਾਰਾ (ਨਵਾਂ ਸ਼ਹਿਰ)

ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਵਿਚ ਚਾਰ ਜੰਗ ਕੀਤੇ। ਆਖ਼ਰੀ ਜੰਗ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੂਨ 1634 ਈ:ਨੂੰ ਫ਼ਤਹਿ ਕੀਤੀ। ਇਨ੍ਹਾਂ ਜੰਗਾਂ ਵਿਚ ਦੋਆਬਾ ਮਾਲਵਾ ਤੇ ਮਾਝੇ ਦੇ ਅਨੇਕ ਸਿੱਖਾਂ ਨੂੰ ਛੇਵੇਂ ਪਾਤਸ਼ਾਹ ਦੇ ਜੰਗਾਂ, ਯੁੱਧਾਂ ਸਮੇਂ ਸਾਥ ਰਹਿ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ਫ਼ਤਹਿ ਕਰ ਕੇ 28 ਜੂਨ 1634 ਈ: ਨੂੰ ਪਵਿੱਤਰ ਇਤਿਹਾਸਕ ਅਸਥਾਨ ਸ੍ਰੀ ਕੀਰਤਪੁਰ ਸਾਹਿਬ ਜੀ ਨੂੰ ਚੱਲ ਪਏ, ਗੁਰਦੁਆਰਾ ਪੰਜ ਤੀਰਥ ਅਸਥਾਨ 'ਤੇ ਜਦੋਂ ਆਪ ਜੀ ਨੇ ਪਾਵਨ ਚਰਨ ਪਾਏ ਤਾਂ ਉਸ ਸਮੇਂ ਮਹਾਨ ਜਪੀ ਤਪੀ ਸੂਰਬੀਰ ਬਾਬਾ ਸਲਵਾਣਾ ਦੀ ਸਿਹਤ ਬਹੁਤ ਖ਼ਰਾਬ ਹੋ ਗਈ ਕਿਉਂਕਿ ਸਲਵਾਣਾ ਸ੍ਰੀ ਕਰਤਾਰਪੁਰ ਦੀ ਜੰਗ ਵਿਚ ਜੂਝਦਿਆਂ ਸਖ਼ਤ ਫ਼ੱਟੜ ਹੋ ਗਏ ਸਨ। ਬਾਬਾ ਜੀ ਜ਼ਖ਼ਮਾਂ ਦੀ ਤਾਬ ਨੂੰ ਨਾ ਸਹਾਰਦੇ ਹੋਏ ਸਤਿਗੁਰੂ ਜੀ ਦੀ ਪਾਵਨ ਗੋਦ ਵਿਚ ਪੰਜ ਭੂਤਕ ਸਰੀਰ ਤਿਆਗ ਕੇ ਗੁਰਪੁਰੀ ਪਿਆਨਾ ਕਰ ਗਏ। ਸਤਿਗੁਰੂ ਜੀ ਨੇ ਬਾਬਾ ਸਲਵਾਣਾ ਦਾ ਅਰਦਾਸਾ ਸੋਧ ਕੇ ਆਪਣੇ ਪਾਵਨ ਕਰ ਕਮਲਾਂ ਨਾਲ ਅੰਤਿਮ ਸੰਸਕਾਰ ਕੀਤਾ। ਉਸ ਪਵਿੱਤਰ ਅਸਥਾਨ 'ਤੇ ਪੰਥਕ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜਥੇਦਾਰ ਬਾਬਾ ਨਿਹਾਲ ਸਿੰਘ ਨੇ ਪੰਜਾਂ ਪਿਆਰਿਆਂ ਸਹਿਤ ਅੱਜ ਤੋਂ 45 ਸਾਲ ਪਹਿਲਾਂ 1975 ਈ: ਨੂੰ ਗੁਰਦੁਆਰਾ ਬਾਬਾ ਸਲਵਾਣਾ ਸਾਹਿਬ ਪਿੰਡ ਮਾਲੋਮਜਾਰਾ ਦਾ, ਨਹਿਰ ਦੇ ਨਜ਼ਦੀਕ ਨੀਂਹ ਪੱਥਰ ਰੱਖ ਕੇ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਰਮਣੀਕ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾ: ਨੌਵੀਂ ਨਵਾਂ ਸ਼ਹਿਰ ਦੇ ਹੈੱਡ ਗ੍ਰੰਥੀ ਭਾਈ ਨੌਰੰਗ ਸਿੰਘ ਤੇ ਸ੍ਰੀਮਾਨ ਨਾਗਰ ਸਿੰਘ ਅਨੁਸਾਰ ਇਸ ਪਾਵਨ ਅਸਥਾਨ 'ਤੇ ਸਾਲਾਨਾ ਗੁਰਮਤਿ ਸਮਾਗਮ 24 ਤੋਂ 26 ਜਨਵਰੀ ਤੱਕ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਰਹਿਨੁਮਾਈ ਹੇਠ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ।
24 ਜਨਵਰੀ ਦਿਨ ਸ਼ੁੱਕਰਵਾਰ ਨੂੰ ਦਿਨ ਦੇ 10 ਵਜੇ ਵਿਸ਼ਾਲ ਅਦੁੱਤੀ ਨਗਰ ਕੀਰਤਨ ਅਤੇ 26 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਇਆ ਜਾਵੇਗਾ, ਜਿਸ ਵਿਚ ਉੱਚ ਕੋਟੀ ਦੇ ਰਾਗੀ ਤੇ ਢਾਡੀ ਜਥੇ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।

ਧਾਰਮਿਕ ਸਾਹਿਤ

ਜਾਗਤੁ ਜੋਤਿ ਵਾਹਿਗੁਰੂ ਜੀ ਕੀ ਫਤਹਿ
ਲੇਖਕ : ਸਿੰਘ ਸਾਹਿਬ ਗਿ: ਜਸਵੰਤ ਸਿੰਘ ਪ੍ਰਵਾਨਾ
ਪ੍ਰਕਾਸ਼ਕ : ਨਿਊ ਬੁੱਕ ਕੰਪਨੀ, ਜਲੰਧਰ।
ਕੀਮਤ : 160 ਰੁਪਏ, ਪੰਨੇ : 206
ਸੰਪਰਕ : 98152-57221


ਹਥਲੀ ਪੁਸਤਕ ਗੁਰਮਤਿ-ਧਾਰਾ, ਇਸ ਦੇ ਫਲਸਫੇ, ਅਧਿਆਤਮਕ ਅਤੇ ਰਹੱਸਵਾਦ ਦੇ ਸੰਕਲਪਾਂ ਦੇ ਵਖਿਆਣ ਅਤੇ ਸਿੱਖ ਇਤਿਹਾਸ ਤੇ ਸਿੱਖੀ ਦੇ ਸਿਧਾਂਤਾਂ ਦੇ ਮੂਲ ਸਰੋਕਾਰਾਂ ਨੂੰ ਵਿਗਿਆਨਕ-ਦ੍ਰਿਸ਼ਟੀ ਦੇ ਅੰਤਰਗਤ ਪਾਠਕਾਂ ਦੇ ਸਨਮੁੱਖ ਕਰਦੀ ਹੈ। ਗਿਆਨੀ ਜਸਵੰਤ ਸਿੰਘ ਪ੍ਰਵਾਨਾ ਸੱਚਮੁੱਚ ਗੂੜ੍ਹ ਅਨੁਭਵੀ ਅਤੇ ਗੁਰਬਾਣੀ ਦਾ ਗੰਭੀਰ ਗਿਆਤਾ ਜਾਪਦਾ ਹੈ। ਪੁਸਤਕ ਦੇ ਤੀਹ ਕਾਂਡ ਸਮੁੱਚੀ ਗੁਰਬਾਣੀ ਦੇ ਮੂਲ ਸਰੋਕਾਰਾਂ ਨੂੰ ਪੇਸ਼ ਕਰਦਿਆਂ ਹੋਇਆਂ ਤੱਥ ਅਤੇ ਸੱਚ ਦੇ ਕੂੜ-ਕਪਟ ਅਤੇ ਹਨੇਰਗਰਦੀ ਦੇ ਅੰਤਰ-ਨਿਖੇੜ ਨੂੰ ਉਦਾਹਰਣਾਂ ਸਹਿਤ ਸਾਹਮਣੇ ਲਿਆਉਂਦੇ ਹਨ। ਪੁਸਤਕ ਵਿਚ ਦਸਾਂ ਪਾਤਸ਼ਾਹੀਆਂ ਵਲੋਂ ਮਨੁੱਖੀ ਮਾਨਵਤਾ ਨੂੰ ਦਰਸਾਈ ਸੇਧ ਪਾਠਕਾਂ ਦਾ ਹਿਰਦਾ ਠਾਰਦੀ ਵੀ ਹੈ ਅਤੇ ਨਾਲ ਦੀ ਨਾਲ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੀ ਪ੍ਰੇਰਨਾ ਦਾ ਸਰੋਤ ਵੀ ਬਣਦੀ ਹੈ। ਗੁਰੂ ਨਾਨਕ ਦੇਵ ਜੀ ਨੂੰ ਸਿੱਖ ਧਰਮ ਦਾ ਬਾਨੀ ਦੱਸਦਿਆਂ ਹੋਇਆਂ ਉਨ੍ਹਾਂ ਦੁਆਰਾ ਕੀਤੇ ਸਮਾਜਿਕ, ਧਾਰਮਿਕ, ਅਧਿਆਤਮਕ ਅਤੇ ਕ੍ਰਾਂਤੀਕਾਰੀ ਸਰੋਕਾਰਾਂ ਦਾ ਵੀ ਗਹਿਣ ਅਧਿਐਨ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਭਾਈ ਲਹਿਣਾ ਤੋਂ ਬਣੇ ਗੁਰੂ ਅੰਗਦ ਦੇਵ ਅਤੇ ਸੇਵਾ ਦੇ ਪੁੰਜ ਗੁਰੂ ਅਮਰਦਾਸ ਜੀ ਦੇ ਗੁਰੂ ਸਰੂਪਾਂ 'ਚ ਕੀਤੇ ਕਾਰਜਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਸੰਦੇਸ਼ ਅਤੇ ਉਨ੍ਹਾਂ ਦੀ ਨਿਰਮਾਣਕਾਰੀ ਦੀ ਵੱਡੀ ਮਹਿਮਾ ਦੀ ਸਾਰਥਿਕਤਾ ਨੂੰ ਲੇਖਕ ਨੇ ਗੁਰਮਤਿ ਅਤੇ ਵਿਸ਼ਵ-ਵਿਆਪੀ ਧਾਰਨਾਵਾਂ ਦੇ ਤੁਲਨਾਤਮਕ ਅਧਿਐਨ ਜ਼ਰੀਏ ਪੇਸ਼ ਕੀਤਾ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਰਚਨਾ ਅਤੇ ਸ਼ਹਾਦਤ ਨੂੰ ਸਾਰਥਕ ਰੂਪ ਵਿਚ ਪਛਾਣ ਕੇ, ਵਿਅਕਤ ਕੀਤਾ ਹੈ। ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ, ਗੁਰੂ ਹਰਿਕ੍ਰਿਸ਼ਨ ਜੀ, ਗੁਰੂ ਹਰਿ ਰਾਇ ਜੀ ਗੁਰੂਆਂ ਦੀ ਕਾਰਜਸ਼ੀਲਤਾ ਅਤੇ ਸਿੱਖੀ ਸਿਧਾਂਤਾਂ ਦਾ ਦਰਪਣ ਵੀ ਇਹ ਪੁਸਤਕ ਪੇਸ਼ ਕਰਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਪੱਸਿਆ, ਸਿਦਕਦਿਲੀ, ਅਗੰਮੀ ਰੱਬੀ ਜੋਤ ਨਾਲ ਇਕਮਿਕਤਾ ਅਤੇ ਅਨੂਠੀ ਸ਼ਹਾਦਤ ਦਾ ਜ਼ਿਕਰ, ਓਸ ਵੇਲੇ ਦੀਆਂ ਮੁਗਲ ਹਕੂਮਤਾਂ ਵਲੋਂ ਜਨਤਾ ਨੂੰ ਦਿੱਤੇ ਜਾ ਰਹੇ ਤਸੀਹਿਆਂ ਦੀ ਪ੍ਰਸੰਗਤਾ ਵਿਚ ਜੋ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ, ਦਾ ਵਿਸ਼ੇਸ਼ ਵਰਨਣ ਕੀਤਾ ਹੈ, ਜੋ ਪਾਠਕ ਮਨਾਂ ਨੂੰ ਕੀਲਣ ਦੇ ਸਮਰੱਥ ਹੈ। ਇਸੇ ਪ੍ਰਸੰਗਤਾ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਨਾਲ ਸਬੰਧਿਤ ਵਿਭਿੰਨ ਪ੍ਰਸੰਗਾਂ, ਚਾਹੇ ਉਹ ਔਰੰਗਜ਼ੇਬ ਨਾਲ ਸੰਵਾਦ ਰਚਾਉਂਦੇ ਹਨ ਜਾਂ ਮਾਨਵਤਾ ਦੀ ਰੱਖਿਆ ਅਤੇ ਸੁਰੱਖਿਆ ਲਈ ਕੀਤੇ ਜਾਂਦੇ ਕਾਰਜ ਹਨ, ਆਦਿ ਨੂੰ ਇਤਿਹਾਸਕ ਪ੍ਰਸੰਗਾਂ ਜ਼ਰੀਏ ਪੇਸ਼ ਕੀਤਾ ਹੈ। ਗਿਆਨੀ ਜਸਵੰਤ ਸਿੰਘ ਪ੍ਰਵਾਨਾ ਨੇ ਮਿਥਿਹਾਸ, ਇਤਿਹਾਸ ਅਤੇ ਵਿਸ਼ਵ ਪੱਧਰ ਦੀਆਂ ਵਿਭਿੰਨ ਸ਼ਖ਼ਸੀਅਤਾਂ, ਚਾਹੇ ਉਹ ਅਧਿਆਤਮਕ ਚਿੰਤਨ ਨਾਲ ਜੁੜੀਆਂ ਹੋਈਆਂ ਹਨ, ਰਾਜੇ ਮਹਾਰਾਜੇ, ਪੀਰ ਪੈਗੰਬਰ ਆਦਿ ਹਨ, ਦੇ ਹਵਾਲਿਆਂ ਨਾਲ ਆਪਣੀ ਵਿਚਾਰਧਾਰਾ ਨੂੰ ਪ੍ਰਗਟ ਕਰ ਕੇ ਸਾਰਥਕ ਸਿੱਟੇ ਕੱਢੇ ਹਨ ਅਤੇ ਹਰ ਕਾਂਡ ਦੀ ਸਮਾਪਤੀ ਇਸ ਅਟੱਲ ਸਚਾਈ ਨਾਲ ਪ੍ਰਗਟਾਈ ਹੈ ਕਿ
ਜਾਗਤ ਜੋਤਿ ਵਾਹਿਗੁਰੂ ਜੀ ਕੀ ਫਤਹਿ।


-ਡਾ: ਜਗੀਰ ਸਿੰਘ ਨੂਰ
ਮੋਬਾ: 98142-09732


ਸਿੱਖੀ ਦੀਆਂ ਉਡਾਰੀਆਂ

ਲੇਖਕ : ਗੁਰਬਚਨ ਸਿੰਘ ਮਾਕਿਨ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਪੰਨੇ : 235, ਮੁੱਲ 350 ਰੁਪਏ
ਸੰਪਰਕ : 0172-2600244


94 ਸਾਲਾ ਬਜ਼ੁਰਗ ਲੇਖਕ ਦੀ ਇਸ ਪੁਸਤਕ ਵਿਚ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਨ ਅਤੇ ਗੁਰਮਤਿ ਅਨੁਸਾਰ ਜੀਵਨ ਨੂੰ ਢਾਲਣ ਦੀ ਪ੍ਰੇਰਨਾ ਦਿੱਤੀ ਗਈ ਹੈ। ਗੁਰਬਾਣੀ ਦੇ ਵੱਖ-ਵੱਖ ਸ਼ਬਦਾਂ ਰਾਹੀਂ 12 ਪ੍ਰਕਰਣਾਂ ਨੂੰ ਆਧਾਰ ਬਣਾ ਕੇ ਜੀਵਨ ਦੇ ਸਹੀ ਮਾਰਗ ਉੱਪਰ ਚੱਲਣ ਦੀ ਜੁਗਤਿ ਦਰਸਾਈ ਗਈ ਹੈ। ਹਰ ਪ੍ਰਕਰਣ ਦੇ ਸ਼ਬਦਾਂ ਹੇਠ ਇਸ ਦਾ ਅੰਤਰੀਵ ਭਾਵ ਦੱਸਿਆ ਹੈ। ਲੇਖਕ ਨੇ ਦ੍ਰਿੜ੍ਹ ਕਰਾਇਆ ਹੈ ਕਿ ਗੁਰਬਾਣੀ ਦੇ ਅਸੂਲਾਂ ਨੂੰ ਅਪਣਾਉਣ ਨਾਲ ਆਤਮਿਕ ਅਨੰਦ ਦੀ ਸੋਝੀ ਹੁੰਦੀ ਹੈ। ਇਹ 12 ਪ੍ਰਕਰਣ ਇਸ ਪ੍ਰਕਾਰ ਹਨ :
ਕਾਇਆ, ਮਨ, ਗੁਰੂ, ਸਤ ਸੰਗਤਿ (ਸੇਵਾ ਲੰਗਰ), ਹੁਕਮ, ਪ੍ਰਭੂ (ਮਾਨਸ ਜਨਮ, ਮਾਇਆ), ਨਾਮ (ਕ੍ਰਿਪਾ, ਗੁਰਮੁਖ, ਮਨਮੁਖ) ਗੁਰਬਾਣੀ (ਕੀਰਤਨ) ਗੁਰਮਤਿ, ਮਨਮਤਿ, ਪ੍ਰੀਤ (ਅਨੰਦ, ਸਹਜ, ਸੁਹਾਗਣਿ ਦੁਹਾਗਣਿ), ਦੁਨੀਆ (ਕਰਨੀ, ਦੁਬਿਧਾ) ਮੌਤ।
ਪਹਿਲੇ ਪ੍ਰਕਰਣ (ਕਾਇਆ) ਅਧੀਨ ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਮਨੁੱਖੀ ਸਰੀਰ ਅੰਦਰ ਪ੍ਰਭੂ ਦਾ ਵਾਸਾ ਹੈ। ਇਸ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ, ਕਿਉਂਕਿ ਗੋਬਿੰਦ ਨੂੰ ਮਿਲਣ ਦਾ ਏਹੀ ਅਵਸਰ ਹੈ। ਹਰ ਚੀਜ਼ ਵਿਚ ਸੰਜਮ ਵਰਤਣਾ ਚਾਹੀਦਾ ਹੈ, ਜਿਵੇਂ ਥੋੜ੍ਹਾ ਖਾਣਾ, ਥੋੜ੍ਹਾ ਸੌਣਾ ਆਦਿ। ਇਸ ਪ੍ਰਕਰਣ (ਕਾਇਆ) ਹੇਠ 19 ਸ਼ਬਦ ਦਿੱਤੇ ਗਏ ਹਨ। ਇਸੇ ਤਰ੍ਹਾਂ ਅਗਲੇ ਪ੍ਰਕਰਣਾਂ ਵਿਚ ਵੀ ਗੁਰੂ ਉਪਦੇਸ਼ਾਂ ਨੂੰ ਕਮਾਉਣ ਦੀ ਪ੍ਰੇਰਨਾ ਦਿੱਤੀ ਗਈ ਹੈ।
ਇਸ ਤਰ੍ਹਾਂ ਲੇਖਕ ਨੇ ਗੁਰਬਾਣੀ ਨੂੰ ਜੀਵਨ-ਜਾਚ ਦੱਸਦਿਆਂ ਜੀਵਨ ਦੇ ਹਰ ਪੱਖ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਣ ਲਈ ਪਾਠਕਾਂ ਨੂੰ ਉਤਸ਼ਾਹਿਤ ਕੀਤਾ ਹੈ। ਗੁਰਮਤਿ ਪ੍ਰੇਮੀਆਂ ਅਤੇ ਗੁਰਬਾਣੀ ਰਸੀਆਂ ਲਈ ਇਹ ਪੁਸਤਕ ਬੜੀ ਮਹਤੱਤਾ ਰੱਖਦੀ ਹੈ।


-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX