ਤਾਜਾ ਖ਼ਬਰਾਂ


ਮੋਦੀ ਭਾਰਤ ਦੇ ਸਭ ਤੋਂ ਸਫਲ ਨੇਤਾ ਦੇ ਰੂਪ 'ਚ ਹਨ- ਟਰੰਪ
. . .  1 minute ago
ਅਮਰੀਕਾ ਦੇ ਦਿਲ 'ਚ ਭਾਰਤ ਲਈ ਖ਼ਾਸ ਥਾਂ, ਭਾਰਤ ਦਾ ਦੋਸਤ ਬਣਿਆ ਰਹੇਗਾ ਅਮਰੀਕਾ- ਡੋਨਾਲਡ ਟਰੰਪ
. . .  2 minutes ago
ਪ੍ਰਧਾਨ ਮੰਤਰੀ ਮੋਦੀ ਮੇਰੇ ਸੱਚੇ ਦੋਸਤ ਹਨ- ਟਰੰਪ
. . .  3 minutes ago
ਮੋਟੇਰਾ ਸਟੇਡੀਅਮ 'ਚ ਰਾਸ਼ਟਰਪਤੀ ਟਰੰਪ ਦਾ 'ਨਮਸਤੇ ਟਰੰਪ' ਭਾਸ਼ਣ ਸ਼ੁਰੂ
. . .  6 minutes ago
ਟਰੰਪ ਬਹੁਤ ਵੱਡਾ ਸੋਚਦੇ ਹਨ- ਪ੍ਰਧਾਨ ਮੰਤਰੀ ਮੋਦੀ
. . .  6 minutes ago
ਡੀ.ਜੀ.ਪੀ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਅਕਾਲੀ ਦਲ ਅਤੇ ਆਪ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ
. . .  8 minutes ago
ਚੰਡੀਗੜ੍ਹ, 24 ਫਰਵਰੀ (ਗੁਰਿੰਦਰ)- ਸ਼ਰੋਮਣੀ ਅਕਾਲੀ ਦਲ ਅਤੇ ਆਪ ਵੱਲੋਂ ਵਿਧਾਨ ਸਭਾ ਦੇ ਬਾਹਰ ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਦਿੱਤੇ ਵਿਵਾਦਿਤ...
ਭਾਰਤ ਹਰੇਕ ਤਰ੍ਹਾਂ ਦੀ ਵਿਭਿੰਨਤਾ ਨਾਲ ਭਰਿਆ ਹੋਇਆ ਹੈ- ਮੋਦੀ
. . .  8 minutes ago
'ਨਮਸਤੇ' ਦਾ ਅਰਥ ਅੰਦਰ ਦੀ ਆਤਮਾ ਨੂੰ ਵੀ ਨਮਨ- ਮੋਦੀ
. . .  10 minutes ago
'ਨਮਸਤੇ' ਦਾ ਅਰਥ ਬਹੁਤ ਡੂੰਘਾ ਹੈ- ਪ੍ਰਧਾਨ ਮੰਤਰੀ ਮੋਦੀ
. . .  12 minutes ago
ਭਾਰਤ-ਅਮਰੀਕਾ ਦੀ ਦੋਸਤੀ ਬਹੁਤ ਡੂੰਘੀ ਹੋਈ ਹੈ- ਮੋਦੀ
. . .  12 minutes ago
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਅਤੇ ਇਸ ਦੇ ਲਾਭ

ਪਾਣੀ ਦੀ ਬੱਚਤ: ਅਜੋਕੇ ਸਮੇਂ ਵਿਚ ਪੰਜਾਬ ਦੀ ਖੇਤੀ ਦਾ ਸਭ ਤੋਂ ਗੰਭੀਰ ਮਸਲਾ ਜ਼ਮੀਨੀ ਪਾਣੀ ਦਾ ਡਿਗਦਾ ਹੋਇਆ ਪੱਧਰ ਹੈ। ਸਾਲ 1973 ਵਿਚ ਪੰਜਾਬ 'ਚ ਧਰਤੀ ਹੇਠਲੇ ਪਾਣੀ ਦੀ 10 ਮੀਟਰ ਤੋਂ ਵੱਧ ਡੂੰਘਾਈ ਵਾਲਾ ਕੁੱਲ ਰਕਬਾ 21% ਸੀ ਜੋ ਕਿ 2019 ਵਿਚ ਵਧ ਕੇ 79% ਹੋ ਗਿਆ ਸੀ। ਧਰਤੀ ਵਿਚੋਂ ਪਾਣੀ ਕੱਢਣ ਦਾ ਇਹ ਸਿਲਸਿਲਾ ਹੁਣ ਵੀ ਨਿਰਵਿਘਨ ਜਾਰੀ ਹੈ। ਸਿੰਚਾਈ ਅਧੀਨ ਰਕਬੇ ਵਿਚ, ਫ਼ਸਲੀ ਘਣਤਾ ਵਿਚ ਅਤੇ ਵੱਧ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਹੇਠ ਰਕਬੇ ਵਿਚ ਵਾਧੇ ਕਾਰਨ ਇਹ ਸਮੱੱਸਿਆ ਕਾਫ਼ੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਇਸ ਲਈ ਪਾਣੀ ਦੀ ਵਰਤੋਂ ਨੂੰ ਘਟਾਉਣ ਲਈ ਸਾਨੂੰ ਵੱਧ ਪਾਣੀ ਲੈਣ ਵਾਲੀਆਂ ਫ਼ਸਲਾਂ ਹੇਠੋਂ ਰਕਬਾ ਘਟਾ ਕੇ ਪਾਣੀ ਦੀ ਘੱਟ ਵਰਤੋਂ ਕਰਨ ਵਾਲੀਆਂ ਫ਼ਸਲਾਂ ਨੂੰ ਪਹਿਲ ਦੇਣੀ ਪਵੇਗੀ। ਇਸਦੇ ਲਈ ਸਾਨੂੰ ਝੋਨੇ ਹੇਠੋਂ ਰਕਬਾ ਘਟਾ ਕੇ ਹੋਰ ਫ਼ਸਲਾਂ ਹੇਠ ਅਤੇ ਵੱਧ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਹੇਠੋਂ ਰਕਬਾ ਘਟਾ ਕੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹੇਠ ਰਕਬਾ ਲਿਆਉਣ ਦੀ ਜ਼ਰੂਰਤ ਹੈ। ਝੋਨੇ-ਕਣਕ ਫ਼ਸਲੀ ਚੱਕਰ ਦੀ ਲਗਾਤਾਰ ਕਾਸ਼ਤ ਕਰਨ ਨਾਲ ਦੇਸ਼ ਦੇ ਅੰਨ ਭੰਡਾਰ ਵਿਚ ਤਾਂ ਵਾਧਾ ਹੋ ਗਿਆ ਹੈ ਪਰ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ। ਪੰਜਾਬ ਦੇ ਕੁਝ ਇਲਾਕਿਆਂ ਵਿਚ ਬਹਾਰ ਰੁੱਤ ਵਿਚ ਮੱਕੀ ਦੀ ਕਾਸ਼ਤ ਕੀਤੀ ਜਾਂਦੀ ਹੈ। ਬਹਾਰ ਰੁੱਤ ਦੀ ਮੱਕੀ 120 ਦਿਨ ਦਾ ਸਮਾਂ ਲੈਂਦੀ ਹੈ। ਇਸ ਦੀ ਬਿਜਾਈ ਜਨਵਰੀ/ਫ਼ਰਵਰੀ ਵਿਚ ਹੁੰਦੀ ਹੈ ਅਤੇ ਇਹ ਫ਼ਸਲ ਜੂਨ ਤੱਕ ਚਲਦੀ ਹੈ। ਅਪ੍ਰੈਲ ਤੋਂ ਜੂਨ ਵਿਚ ਤਾਪਮਾਨ ਬਹੁਤ ਜ਼ਿਆਦਾ ਵਧ ਜਾਂਦਾ ਹੈ ਜਿਸ ਕਰਕੇ ਇਸ ਫ਼ਸਲ ਨੂੰ ਤਕਰੀਬਨ 15-18 ਪਾਣੀ ਲਾਉਣੇ ਪੈਂਦੇ ਹਨ। ਸੋ, ਸਾਨੂੰ ਬਹਾਰ ਰੁੱਤ ਦੀ ਮੱਕੀ ਹੇਠੋਂ ਵੀ ਰਕਬਾ ਘਟਾਉਣ ਦੀ ਜ਼ਰੂਰਤ ਹੈ। ਜੇਕਰ ਇਸ ਦੇ ਬਦਲ ਵਜੋਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕੀਤੀ ਜਾਵੇ ਤਾਂ ਇਹ ਸਾਡੇ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਤ ਹੋ ਸਕਦੀ ਹੈ। ਪਾਣੀ ਦੀ ਬੱਚਤ ਦੇ ਸੰਦਰਭ ਵਿਚ ਜੇਕਰ ਇਨ੍ਹਾਂ ਦੋਨਾਂ ਫ਼ਸਲਾਂ ਦੀ ਆਪਸ ਵਿਚ ਤੁਲਨਾ ਕੀਤੀ ਜਾਵੇ ਤਾਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਨਾਲ ਤਕਰੀਬਨ 70-80% ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਕਿਉਂਕਿ ਮੱਕੀ ਦੇ ਮੁਕਾਬਲੇ ਗਰਮ ਰੁੱਤ ਦੀ ਮੂੰਗੀ ਨੂੰ ਸਿਰਫ਼ 3-5 ਪਾਣੀ ਲਾਉਣ ਦੀ ਜ਼ਰੂਰਤ ਪੈਂਦੀ ਹੈ।
ਸ਼ਾਕਾਹਾਰੀ ਲੋਕਾਂ ਦੀ ਸੰਤੁਲਿਤ ਖੁਰਾਕ ਲਈ ਪ੍ਰੋਟੀਨ: ਗਰਮ ਰੁੱਤ ਦੀ ਮੂੰਗੀ ਨੂੰ ਆਪਣੇ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਸ਼ਾਮਲ ਕਰਨ ਨਾਲ ਮਨੁੱਖੀ ਸਿਹਤ ਲਈ ਜ਼ਰੂਰੀ ਪ੍ਰੋਟੀਨ, ਵਿਟਾਮਿਨ, ਰੇਸ਼ੇ ਅਤੇ ਹੋਰ ਤੱਤ ਵੀ ਪ੍ਰਾਪਤ ਹੋ ਜਾਂਦੇ ਹਨ। ਸੰਸਾਰ ਵਿਚ ਭਾਰਤ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਹੈ। ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਸਾਡੀ ਰੋਜ਼ਾਨਾ ਖੁਰਾਕ ਵਿਚ ਦਾਲਾਂ ਦੀ ਖਪਤ ਘੱਟੋ ਘੱਟ 80 ਗ੍ਰਾਮ/ਵਿਅਕਤੀ/ਦਿਨ ਹੋਣੀ ਚਾਹੀਦੀ ਹੈ ਪਰ ਭਾਰਤ ਵਿਚ ਇਹ ਸਿਰਫ਼ 30-35 ਗ੍ਰਾਮ/ਵਿਅਕਤੀ/ਦਿਨ ਹੈ।
ਗਰਮ ਰੁੱਤ ਦੀ ਮੂੰਗੀ ਦੀਆਂ ਕਾਸ਼ਤ ਤਕਨੀਕਾਂ: ਮੂੰਗੀ ਦੀ ਬਿਜਾਈ ਦਾ ਢੁੱਕਵਾਂ ਸਮਾਂ 20 ਮਾਰਚ ਤੋਂ 10 ਅਪ੍ਰੈਲ ਹੈ। ਇਸ ਲਈ ਐਸ ਐਮ ਐਲ 1827, ਟੀ ਐਮ ਬੀ 37 ਜਾਂ ਐਸ ਐਮ ਐਲ 832 ਕਿਸਮਾਂ ਦਾ 12 ਕਿਲੋ ਬੀਜ ਅਤੇ ਐਸ ਐਮ ਐਲ 668 ਕਿਸਮ ਦਾ 15 ਕਿਲੋ ਬੀਜ ਪ੍ਰਤੀ ਏਕੜ ਵਰਤੋ। ਮੂੰਗੀ ਦੀ ਬਿਜਾਈ ਅਪ੍ਰੈਲ ਦੇ ਤੀਜੇ ਹਫ਼ਤੇ ਤੱਕ ਵੀ ਕੀਤੀ ਜਾ ਸਕਦੀ ਹੈ, ਪਰ ਇਸ ਨਾਲ ਪੱਕਣ ਸਮੇਂ ਅਗੇਤੀ ਮੌਨਸੂਨੀ ਬਾਰਸ਼ਾਂ ਨਾਲ ਨੁਕਸਾਨ ਦਾ ਡਰ ਰਹਿੰਦਾ ਹੈ। ਬੀਜਣ ਤੋਂ ਪਹਿਲਾਂ ਮੂੰਗੀ ਦੇ ਬੀਜ ਨੂੰ ਮਿਸ਼ਰਤ ਜੀਵਾਣੂੰ ਖਾਦ ਦੇ ਟੀਕੇ ਨਾਲ ਚੰਗੀ ਤਰ੍ਹਾਂ ਰਲਾ ਦੇਣਾ ਚਾਹੀਦਾ ਹੈ। ਮੂੰਗੀ ਨੂੰ ਸਿਆੜਾਂ ਵਿਚਲਾ ਫ਼ਾਸਲਾ 22.5 ਸੈਂਟੀਮੀਟਰ ਅਤੇ ਡੂੰਘਾਈ 4 ਤੋਂ 6 ਸੈਂਟੀਮੀਟਰ ਰੱਖ ਕੇ ਸੀਡ ਡਰਿੱਲ, ਕੇਰੇ ਜਾਂ ਪੋਰੇ ਨਾਲ ਬੀਜਣਾ ਚਾਹੀਦਾ ਹੈ। ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਲਈ ਜ਼ੀਰੋ-ਟਿਲ ਡਰਿੱਲ ਜਾਂ ਪੀ.ਏ.ਯੂ. ਹੈਪੀ ਸੀਡਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਕਣਕ ਲਈ ਵਰਤੇ ਜਾਂਦੇ ਬੈਡ ਪਲਾਂਟਰ ਨਾਲ 67.5 ਸੈਂਟੀਮੀਟਰ ਵਿੱਥ 'ਤੇ ਤਿਆਰ ਕੀਤੇ ਬੈਡਾਂ (37.5 ਸੈਂਟੀਮੀਟਰ ਬੈਡ ਅਤੇ 30.0 ਸੈਂਟੀਮੀਟਰ ਖਾਲ਼ੀ) ਉਤੇ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਦੇ ਲਈ ਮੂੰਗੀ ਦੀਆਂ ਦੋ ਕਤਾਰਾਂ ਪ੍ਰਤੀ ਬੈਡ 20 ਸੈਂਟੀਮੀਟਰ ਦੀ ਵਿੱਥ 'ਤੇ ਬੀਜਣੀਆਂ ਚਾਹੀਦੀਆਂ ਹਨ। ਬਾਕੀ ਕਾਸ਼ਤਕਾਰੀ ਢੰਗ, ਬੀਜ, ਖਾਦ ਆਦਿ ਦੀ ਮਾਤਰਾ ਪੱਧਰੀ ਬਿਜਾਈ ਲਈ ਕੀਤੀ ਗਈ ਸਿਫ਼ਾਰਸ਼ ਮੁਤਾਬਕ ਹੀ ਵਰਤਣੀ ਚਾਹੀਦੀ ਹੈ। ਸਿੰਚਾਈ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਸਿੰਚਾਈ ਖਾਲ਼ੀਆਂ ਦੁਆਰਾ ਹੀ ਕੀਤੀ ਜਾਵੇ ਤਾਂ ਜੋ ਪਾਣੀ ਬੈਡ ਉਪਰੋਂ ਦੀ ਨਾ ਵਗੇ।
ਦਾਲਾਂ ਦੀ ਕਾਸ਼ਤ ਉਪਰੰਤ ਇਸ ਦਾ ਮੰਡੀਕਰਨ ਆਪਣੇ ਪੱਧਰ 'ਤੇ ਕਰਨਾ ਜ਼ਿਆਦਾ ਲਾਹੇਵੰਦ ਹੈ ਅਤੇ ਵਧੇਰੇ ਮੁਨਾਫ਼ਾ ਕਮਾਉਣ ਲਈ ਕਿਸਾਨ ਵਲੋਂ ਆਪਣੇ ਪੱਧਰ 'ਤੇ ਵਾਜਬ ਪੈਕਿੰਗ ਕਰਕੇ ਮੰਡੀਕਰਨ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕੁਦਰਤੀ ਸਰੋਤਾਂ, ਖਾਸ ਤੌਰ 'ਤੇ ਪਾਣੀ ਅਤੇ ਮਿੱਟੀ ਦੀ ਸੰਭਾਲ ਲਈ ਅਤੇ ਮਨੁੱਖੀ ਸਿਹਤ ਵਿਚ ਬਿਹਤਰੀ ਲਈ ਗਰਮ ਰੁੱਤ ਦੀ ਮੂੰਗੀ ਇਕ ਅਹਿਮ ਯੋਗਦਾਨ ਪਾ ਸਕਦੀ ਹੈ।


-ਡਾਇਰੈਕਟੋਰੇਟ ਆਫ਼ ਐਕਸਟੈਂਸ਼ਨ ਐਜੂਕੇਸ਼ਨ


ਖ਼ਬਰ ਸ਼ੇਅਰ ਕਰੋ

ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੇ ਕੀੜੇ ਮਕੌੜੇ ਅਤੇ ਬਚਾਅ

ਚਿੱਤਕਬਰੀ ਸੁੰਡੀ : ਇਹ ਸੁੰਡੀ ਉੱਗ ਰਹੀ ਫ਼ਸਲ ਦਾ ਅਕਤੂਬਰ ਵਿਚ ਅਤੇ ਫਿਰ ਪੱਕ ਰਹੀ ਫ਼ਸਲ ਦਾ ਮਾਰਚ ਅਤੇ ਅਪ੍ਰੈਲ ਵਿਚ ਕਾਫੀ ਨੁਕਸਾਨ ਕਰਦੀ ਹੈ। ਇਹ ਸੁੰਡੀ ਪੱਤਿਆਂ ਤੇ ਫਲੀਆਂ ਵਿਚੋਂ ਰਸ ਚੂਸਦੀ ਹੈ।
ਸਲੇਟੀ ਸੁੰਡੀ : ਇਹ ਸੁੰਡੀ ਪੱਤਿਆਂ ਵਿਚ ਮੋਰੀਆਂ ਕਰਦੀ ਹੈ ਅਤੇ ਜ਼ਿਆਦਾ ਹਮਲੇ ਵਿਚ ਸਾਰੇ ਪੱਤੇ ਖਾਧੇ ਜਾਂਦੇ ਹਨ।
ਵਾਲਾਂ ਵਾਲੀ ਸੁੰਡੀ ਜਾਂ ਕੁਤਰਾ ਅਤੇ ਬੰਦ ਗੋਭੀ ਦੀ ਸੁੰਡੀ: ਇਹ ਕੀੜਾ ਫ਼ਸਲ ਦਾ ਕਾਫੀ ਨੁਕਸਾਨ ਕਰਦਾ ਹੈ। ਇਹ ਜੱਤਦਾਰ ਸੁੰਡੀਆਂ ਪੱਤਿਆਂ, ਕੂਲੀਆਂ ਟਹਿਣੀਆਂ ਅਤੇ ਹਰੀਆਂ ਫਲੀਆਂ ਖਾ ਜਾਂਦੀਆਂ ਹਨ। ਛੋਟੀ ਅਵਸਥਾ ਵਿਚ ਇਹ ਸੁੰਡੀਆਂ ਇੱਕਠੀਆਂ ਰਹਿੰਦੀਆਂ ਹਨ। ਪਰ ਵੱਡੀਆਂ ਹੋ ਕੇ ਇਕ ਖੇਤ ਤੋਂ ਦੂਜੇ ਖੇਤ ਵਿਚ ਚਲੀਆਂ ਜਾਂਦੀਆਂ ਹਨ।
ਚੇਪੇ : ਰਾਇਆ ਦਾ ਚੇਪਾ ਸਭ ਤੋਂ ਵੱਧ ਨੁਕਸਾਨ ਕਰਨ ਵਾਲਾ ਕੀੜਾ ਹੈ। ਇਹ ਬੂਟੇ ਦੀਆਂ ਫੁਲਾਂ ਅਤੇ ਫਲੀਆਂ ਵਿਚੋਂ ਰਸ ਚੂਸਦੇ ਹਨ। ਬੂਟਾ ਮਧਰਾ ਰਹਿ ਜਾਂਦਾ ਹੈ। ਫਲੀਆਂ ਸੁੰਗੜ ਜਾਂਦੀਆਂ ਹਨ ਅਤੇ ਬੀਜ ਨਹੀਂ ਬਣਦਾ।
ਆੜੂ ਦਾ ਹਰਾ ਚੇਪਾ-ਫਰਵਰੀ ਮਹੀਨੇ ਵਿਚ ਤਾਰਾਮੀਰਾ ਦੀ ਫ਼ਸਲ 'ਤੇ ਇਸ ਦਾ ਹਮਲਾ ਪੂਰੇ ਜ਼ੋਰ 'ਤੇ ਹੁੰਦਾ ਹੈ। ਫੁੱਲ ਅਤੇ ਫ਼ਲੀਆਂ ਪੈਣ 'ਤੇ ਇਹ ਕੀੜਾ ਸਿਰੇ ਦੀਆਂ ਡੋਡੀਆਂ ਦਾ ਨੁਕਸਾਨ ਕਰਦਾ ਹੈ ਅਤੇ ਫੁੱਲ ਡਿਗਣ ਲੱਗਦੇ ਹਨ। ਫ਼ਲੀਆਂ ਘੱਟ ਬਣਦੀਆਂ ਹਨ ਅਤੇ ਬੀਜ ਸੁੰਗੜੇ ਹੁੰਦੇ ਹਨ।
ਪੱਤਿਆਂ ਦਾ ਸੁਰੰਗੀ ਕੀੜਾ: ਇਸ ਕੀੜੇ ਦੇ ਲਾਰਵੇ ਪੱਤਿਆਂ ਵਿਚ ਸੁਰੰਗਾਂ ਬਣਾ ਕੇ ਬਹੁਤ ਨੁਕਸਾਨ ਕਰਦੇ ਹਨ। ਪੱਤਿਆਂ ਵਿਚ ਵਿੰਗੀਆਂ ਟੇਡੀਆਂ ਧਾਰੀਆਂ ਪੈ ਜਾਂਦੀਆਂ ਹਨ।
ਕੀੜੇ-ਮਕੌੜਿਆਂ ਦੀ ਰੋਕਥਾਮ: ਹੇਠ ਲਿਖੇ ਨੁਕਤੇ ਅਪਣਾ ਕੇ ਇਨ੍ਹਾਂ ਕੀੜੇ ਮਕੌੜਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
* ਚਿੱਤਕਬਰੀ ਸੁੰਡੀ ਦੀ ਰੋਕਥਾਮ ਲਈ ਪਹਿਲਾ ਪਾਣੀ ਬਿਜਾਈ ਤੋਂ 3-4 ਹਫ਼ਤੇ ਪਿੱਛੋਂ ਲਾਉ। * ਸਲੇਟੀ ਸੁੰਡੀ ਦੀ ਰੋਕਥਾਮ ਲਈ 250 ਮਿ: ਲਿ: ਏਕਾਲਕਸ (ਕੁਇਨਲਫਾਸ) 25 ਈ:ਸੀ: ਨੂੰ 60-80 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ * ਵਾਲਾਂ ਵਾਲੀਆਂ ਸੁੰਡੀਆਂ ਦੇ ਹਮਲੇ ਵਾਲੇ ਪੱਤਿਆਂ ਨੂੰ ਜਿਨ੍ਹਾਂ ਤੇ ਸੁੰਡੀਆਂ ਝੁੰਡਾਂ ਵਿਚ ਹੁੰਦੀਆਂ ਹਨ, ਤੋੜ ਕੇ ਨਸ਼ਟ ਕਰ ਦਿਓ। * ਚੇਪੇ ਦੀ ਰੋਕਥਾਮ ਕੀੜੇ ਦੀ ਗਿਣਤੀ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ। ਕੀੜਿਆਂ ਦੀ ਗਿਣਤੀ ਜਨਵਰੀ ਦੇ ਪਹਿਲੇ ਹਫਤੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਇਸ ਕੀੜੇ ਦੀ ਰੋਕਥਾਮ * ਜੇਕਰ ਬੂਟੇ ਦੀ ਵਿਚਕਾਰਲੀ ਸ਼ਾਖਾ ਦੇ ਸਿਰੇ ਤੇ ਉਪਰਲੇ 10 ਸੈ: ਮੀ: ਦੇ ਹਿੱਸੇ ਤੇ 50-60 ਚੇਪੇ ਹੋਣ। * ਬੂਟੇ ਦੇ ਵਿਚਕਾਰਲੀ ਟਹਿਣੀ 0.5 ਤੋਂ 1.0 ਸੈ:ਮੀ: ਚੇਪੇ ਨਾਲ ਢਕੀ ਜਾਵੇ। * 100 ਮਗਰ 40-50 ਬੂਟਿਆਂ ਉੱਪਰ ਤੇਲਾ ਹੋਵੇ।
* ਹੇਠ ਲਿਖੀਆਂ ਵਿਚੋ ਕਿਸੇ ਇਕ ਦਵਾਈ ਨੂੰ ਕੀੜੇ ਦੀ ਗਿਣਤੀ ਦੇ ਆਧਾਰ ਤੇ 40 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) 400 ਮਿ:ਲੀ: ਮੈਟਾਸਿਸਟੋਕਸ 25 ਤਾਕਤ ਜਾਂ 400 ਮਿ:ਲੀ ਰੋਗਰ 30 ਤਾਕਤ ਜਾਂ 600 ਡਰਸਬਾਨ / ਕੋਰੋਬਾਨ 20 ਤਾਕਤ ਨੂੰ 80-125 ਲਿਟਰ ਪਾਣੀ ਵਿਚ ਘੋਲ ਕੇ ਛਿੜਕਾ ਕਰੋ। ਲੋੜ ਪੈਣ 'ਤੇ ਦੁਬਾਰਾ ਛਿੜਕਾ ਵੀ ਕੀਤਾ ਜਾ ਸਕਦਾ ਹੈ। * ਆੜੂ ਦੇ ਹਰੇ ਚੇਪੇ ਨੂੰ ਫਰਵਰੀ ਦੇ ਤੀਜੇ ਹਫ਼ਤੇ ਜਦੋਂ ਕੀੜਾ ਉੱਪਰ ਵਾਲੀਆਂ ਡੋਡੀਆਂ, 'ਤੇ ਇਕੱਠਾ ਹੁੰਦਾ ਹੈ ਤਾਂ 200 ਮਿ:ਲੀ: ਰੋਗਰ 30 ਈ ਸੀ (ਡਾਈਮੈਥੋਏਟ) ਜਾਂ 250 ਮਿ:ਲੀ: ਮੈਟਾਸਿਸਟਾਕਸ 25 ਈ ਸੀ (ਔਕਸੀਡੈਮੇਟੋਨ ਮੀਥਾਈਲ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਰੋਕਥਾਮ ਕੀਤੀ ਜਾ ਸਕਦੀ ਹੈ। * ਕੀਟਨਾਸ਼ਕਾਂ ਦਾ ਛਿੜਕਾਅ ਬਾਅਦ ਦੁਪਹਿਰ ਕਰੋ ਜਦੋਂ ਪ੍ਰਾਗਣ ਕਰਨ ਵਾਲੇ ਕੀੜੇ ਘੱਟ ਹਰਕਤ ਵਿਚ ਹੁੰਦੇ ਹਨ। * ਸਾਗ ਵਾਲੀ ਫ਼ਸਲ ਉੱਪਰ ਥਾਇਆਮੈਥੋਕਸਮ 7 ਦਿਨ, ਕਲੋਰਾਪਾਈਰੀਫਾਸ ਅਤੇ ਡਾਈਮੈਥੋਏਟ ਲਈ 20 ਦਿਨ ਅਤੇ ਕੁਇਨਲਫਾਸ ਲਈ 30 ਦਿਨ ਦਾ ਵਕਫ਼ਾ ਸਪਰੇਅ ਅਤੇ ਕਟਾਈ ਲਈ ਰੱਖੋ।


-ਪਰਮਿੰਦਰ ਕੌਰ ਅਤੇ ਪਰਮਜੀਤ ਸਿੰਘ
ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ।

ਆਪੋ ਆਪਣੀ ਰੁੱਤ

ਜੇ ਕੁਦਰਤ ਨੇ ਰੁੱਤਾਂ ਬਣਾਈਆਂ ਨੇ ਤਾਂ, ਕੋਈ ਤਾਂ ਰਾਜ਼ ਹੋਵੇਗਾ ਹੀ। ਕਣਕਾਂ ਦੀ ਰੁੱਤੇ, ਝੋਨਾ ਨਹੀਂ ਹੁੰਦਾ। ਗਾਜਰਾਂ ਦੀ ਰੁੱਤ ਅੰਬ ਨਹੀਂ ਪੱਕਦੇ। ਕੁਦਰਤ ਨੇ ਰੁੱਤਾਂ ਬਦਲਣ ਦੀ ਅਜਿਹੀ ਖੇਡ ਬਣਾਈ ਹੈ ਕਿ ਇੱਥੇ ਹਰ ਜੀਵ, ਜੰਤੂ ਜਾਂ ਬਨਸਪਤੀ ਨੂੰ ਇਕ ਖਾਸ ਮੌਕੇ ਹੀ, ਮੌਲਣ ਦਾ ਆਦੇਸ਼ ਹੁੰਦਾ ਹੈ। ਇਹ ਸਮੇਂ ਦੀ ਵੰਡ, ਇਕਦਮ ਬਹੁਤਾਤ ਤੇ ਇਕਦਮ ਘਾਟ ਨੂੰ ਵੀ ਇਕੋ ਜਿਹਾ ਕਰਦੀ ਹੈ। ਇਹ ਰੁੱਤਾਂ ਦੀ ਵੰਡ ਜੀਵਨ ਵਿਚ ਰੌਚਿਕਤਾ ਵੀ ਬਣਾਈ ਰੱਖਦੀ ਹੈ। ਵੱਖ-ਵੱਖ ਰੰਗ ਤੇ ਸੁਹਜ ਸੁਆਦ ਦਿੰਦੀ ਹੈ। ਕੁਦਰਤ ਦੇ ਇਸ ਵਰਤਾਰੇ ਨੂੰ ਜੋ ਮਨੁੱਖ ਸਮਝ ਜਾਂਦਾ ਹੈ, ਉਸ ਦੇ ਅੰਦਰ ਸਬਰ ਤੇ ਸੰਤੋਖ ਘਰ ਕਰ ਜਾਂਦੇ ਹਨ ਤੇ ਉਹ ਹਰ ਮੈਦਾਨ ਫਤਹਿ ਕਰਨ ਦੇ ਕਾਬਲ ਹੋ ਜਾਂਦਾ ਹੈ। ਉਸ ਨੂੰ ਕੋਈ ਆਫ਼ਤ ਜਾਂ ਘਾਟੇ-ਵਾਧੇ, ਦੁੱਖ ਨਹੀਂ ਦੇ ਸਕਦੇ। ਇਹੋ ਰੁੱਤਾਂ ਦਾ ਸੰਦੇਸ਼ ਹੈ ਕਿ ਆਏ ਸਮੇਂ ਦੀ ਕਦਰ ਕਰੋ, ਸਮੇਂ ਤੋਂ ਪਹਿਲੋਂ, ਫ਼ਲ ਪਾਉਣ ਦੀ ਕੋਸ਼ਿਸ਼ ਨਾ ਕਰੋ, ਨਹੀਂ ਤਾਂ ਬੇਮੌਸਮੀ ਡੋਡੀਆਂ ਵਾਂਗ ਸੁੱਕ ਜਾਓਗੇ।


-ਮੋਬਾ: 98159-45018

ਖੇਤੀ ਦਾ ਮਸ਼ੀਨੀਕਰਨ - ਸਮੇਂ ਦੀ ਲੋੜ

ਪਰਵਾਸੀ ਖੇਤ ਮਜ਼ਦੂਰਾਂ ਦੀ ਆਮਦ ਘਟਣ ਅਤੇ ਸਥਾਨਕ ਖੇਤ ਮਜ਼ਦੂਰ ਉਪਲੱਬਧ ਨਾ ਹੋਣ ਕਾਰਨ ਖੇਤ ਮਜ਼ਦੂਰਾਂ ਦੀ ਦਿਹਾੜੀ ਵੱਧ ਕੇ ਸਿਖਰੀਂ ਚਲੀ ਗਈ ਹੈ। ਕਈ ਥਾਵਾਂ 'ਤੇ 400-450 ਰੁਪਏ ਤੱਕ ਪੰਹੁਚ ਗਈ ਹੈ। ਬਿਜਾਈ ਅਤੇ ਵਾਢੀ ਜਿਹੇ ਆਪਰੇਸ਼ਨਾਂ ਦਾ ਸਮਾਂ ਘਟ ਕੇ ਬਹੁਤ ਸੁੰਗੜ ਗਿਆ। ਇਸ ਨਾਲ ਖੇਤੀ ਮਸ਼ੀਨਰੀ ਦੀ ਮਹੱਤਤਾ ਬਹੁਤ ਵੱਧ ਗਈ ਹੈ।
ਆਮ ਚਰਚਾ ਹੈ ਕਿ ਇਸ ਵੇਲੇ ਪੰਜਾਬ ਦੇ ਕਿਸਾਨਾਂ ਦਾ ਲੋੜ ਨਾਲੋਂ ਵੱਧ ਸਰਮਾਇਆ ਖੇਤੀ ਮਸ਼ੀਨਾਂ ਦੀ ਲਾਗਤ ਵਜੋਂ ਲੱਗਿਆ ਹੋਇਆ ਹੈ। ਟਰੈਕਟਰਾਂ ਦੀ ਗਿਣਤੀ 5 ਲੱਖ ਤੋਂ ਉੱਪਰ ਟੱਪ ਗਈ ਹੈ, ਜਿਨ੍ਹਾਂ 'ਤੇ ਕਿਸਾਨਾਂ ਦੀ 2000 ਕਰੋੜ ਰੁਪਏ ਦੀ ਲਾਗਤ ਹੈ। ਕੰਬਾਈਨ ਹਾਰਵੈਸਟਰ 12300 ਦੇ ਕਰੀਬ ਹਨ ਅਤੇ ਇਨ੍ਹਾਂ ਉੱਤੇ 1700 ਕਰੋੜ ਰੁਪਏ ਤੱਕ ਦੀ ਲਾਗਤ ਹੈ। ਲੇਜ਼ਰ ਲੈਂਡ ਲੈਵਲਰ, ਜ਼ੀਰੋ ਟਿੱਲ ਡਰਿਲਾਂ, ਹੈਪੀ ਸੀਡਰ, ਰਿਜ ਤੇ ਬੈੱਡ ਪਲਾਂਟਰ, ਸ਼ੂਗਰਕੇਨ ਹਾਰਵੈਸਟਰ, ਕਾਟਨ ਪਿਕਰ ਅਤੇ ਹੋਰ ਦੂਜੇ ਖੇਤੀ ਸੰਦ ਅਤੇ ਤੁਪਕਾ ਸੰਜਾਈ ਤੇ ਛਿੜਕਾਅ ਕਰਨ ਵਾਲੀਆਂ ਮਸ਼ੀਨਾਂ 'ਤੇ ਸਿਸਟਮ ਉੱਤੇ ਅਲੱਗ ਲਾਗਤ ਹੈ। ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਨੇ ਇਸ ਸਾਲ (2019-20) ਖੇਤੀ ਖੇਤਰ ਦੀਆਂ ਮਸ਼ੀਨਾਂ 'ਤੇ 4678 ਕਰੋੜ ਰੁਪਏ ਦਾ ਕਰਜ਼ਾ ਦਿੱਤਾ। ਡਾ: ਮਨਮੋਹਨ ਕਾਲੀਆ ਸੰਯੁਕਤ ਡਾਇਰੈਕਟਰ (ਖੇਤੀ ਮਸ਼ੀਨਰੀ) ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਨੁਸਾਰ ਫ਼ਸਲਾਂ ਦੀ ਵਾਢੀ ਤੇ ਬਿਜਾਈ ਦਾ ਸਮਾਂ ਅਣ- ਸੰਭਾਵਕ ਮੌਸਮ ਹੋਣ ਕਾਰਨ ਬਹੁਤ ਘੱਟ ਗਿਆ ਹੈ। ਇਸ ਲਈ ਟਰੈਕਟਰਾਂ ਅਤੇ ਕੰਬਾਈਨਾਂ ਦੀ ਗਿਣਤੀ ਲੋੜ ਨਾਲੋਂ ਵੱਧ ਨਹੀਂ ਕਹੀ ਜਾ ਸਕਦੀ ਅਤੇ ਨਾ ਹੀ ਇਨ੍ਹਾਂ ਮਸ਼ੀਨਾਂ 'ਤੇ ਲੋੜ ਨਾਲੋਂ ਵੱਧ ਲਾਗਤ ਹੈ। ਲੋੜ ਇਸ ਗੱਲ ਦੀ ਹੈ ਕਿ ਟਰੈਕਟਰਾਂ ਦੇ ਮਾਲਕ ਇਹ ਸੇਵਾ ਦੂਜੇ ਛੋਟੇ ਕਿਸਾਨਾਂ ਨੂੰ ਕਿਰਾਏ 'ਤੇ ਉਪਲੱਬਧ ਕਰਨ। ਕੋਈ ਕਿਸਾਨ ਜਿਸ ਦੀ ਜ਼ਮੀਨ 15 ਏਕੜ ਤੋਂ ਘੱਟ ਹੋਵੇ, ਟਰੈਕਟਰ ਨਾ ਲਵੇ। ਇਕ ਟਰੈਕਟਰ ਘੱਟੋ-ਘੱਟ 30 - 40 ਏਕੜ ਰਕਬੇ ਦਾ ਪ੍ਰਬੰਧਨ ਕਰੇ।
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸਬਜ਼ ਇਨਕਲਾਬ ਦੇ ਆਗ਼ਾਜ਼ ਤੋਂ ਬਾਅਦ ਖੇਤੀ ਮਸ਼ੀਨਾਂ ਤੇ ਸੰਦਾਂ 'ਤੇ ਸਬਸਿਡੀ ਮੁਹੱਈਆ ਕਰਦਾ ਰਿਹਾ ਹੈ, ਜਿਸ ਵਿਚ ਔਜ਼ਾਰ ਤੇ ਪਾਵਰਟਿਲਰ ਵੀ ਸ਼ਾਮਿਲ ਸਨ। ਪਰ ਪਿਛਲੇ 2 ਸਾਲਾਂ ਦੌਰਾਨ ਇਸ ਵਿਚ ਤਬਦੀਲੀ ਆਈ ਹੈ। ਹੁਣ ਅਹਿਮੀਅਤ ਪਰਾਲੀ ਅਤੇ ਝੋਨੇ, ਕਣਕ ਦੀ ਰਹਿੰਦ - ਖੂੰਹਦ ਦੇ ਪ੍ਰਬੰਧਨ ਨੂੰ ਦਿੱਤੀ ਜਾ ਰਹੀ ਹੈ। ਵਿਭਾਗ ਵਲੋਂ ਪਿਛਲੇ 2 ਸਾਲਾਂ ਵਿਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ 51709 ਮਸ਼ੀਨਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿਚੋਂ 23100 ਮਸ਼ੀਨਾਂ ਇਸੇ ਸਾਲ (ਸੰਨ 2019- 20) 'ਚ ਦਿੱਤੀਆਂ ਗਈਆਂ ਅਤੇ ਬਾਕੀ ਦੀਆਂ 28609 ਸੰਨ 2018-19 ਦੌਰਾਨ। ਝੋਨਾ (ਗ਼ੈਰ-ਬਾਸਮਤੀ) ਦੀ ਕਾਸ਼ਤ ਥੱਲੇ 22.91 ਲੱਖ ਹੈਕਟੇਅਰ ਰਕਬਾ ਹੈ, ਜਿਸ ਵਿਚੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਨੁਸਾਰ ਇਸ ਸਾਲ ਸੰਨ 2019- 20 ਦੌਰਾਨ 14.40 ਲੱਖ ਹੈਕਟੇਅਰ ਰਕਬੇ ਤੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਸਫ਼ਲਤਾ ਮਿਲੀ। ਭਵਿੱਖ ਵਿਚ ਵੀ ਪਰਾਲੀ ਦੇ ਪ੍ਰਬੰਧਨ ਸਬੰਧੀ ਮਸ਼ੀਨਾਂ ਦੇਣ ਲਈ ਸਰਕਾਰ ਦਾ ਝੁਕਾਅ ਜਾਰੀ ਰਹੇਗਾ, ਕਿਉਂਕਿ ਪਰਾਲੀ ਨੂੰ ਅੱਗ ਲਾਉਣ ਦੀ ਪ੍ਰਥਾ (ਜੋ ਪ੍ਰਦੂਸ਼ਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਘਟਣ ਲਈ ਜ਼ਿੰਮੇਵਾਰ ਹਨ) 'ਤੇ ਕਾਬੂ ਪਾਉਣ ਦਾ ਟੀਚਾ ਹੈ। ਪੰਜਾਬ ਸਰਕਾਰ ਨੇ ਕੇਂਦਰ ਤੋਂ ਇਸ ਲਈ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਵਲੋਂ ਕੀਤੇ ਜਾ ਰਹੇ ਵੱਧ ਖਰਚੇ ਦਾ ਮੁਆਵਜ਼ਾ 100 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਦੇਣ ਲਈ ਸਹਾਇਤਾ ਮੰਗੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸਹਾਇਤਾ ਪੰਜਾਬ ਨੂੰ ਦੇਣ ਲਈ ਆਪਣੇ ਪੱਤਰਾਂ 25 ਸਤੰਬਰ ਅਤੇ 2 ਨਵੰਬਰ 2019 ਰਾਹੀਂ ਮੰਗ ਕੀਤੀ ਹੈ। ਪਰਾਲੀ ਨੂੰ ਜ਼ਮੀਨ ਵਿਚ ਜਜ਼ਬ ਕਰ ਕੇ ਇਸ ਦੀ ਉਪਜਾਊ ਸ਼ਕਤੀ ਵਧਾਉਣ ਤੇ ਕਿਸਾਨਾਂ ਦਾ 3000 - 4000 ਰੁਪਏ ਪ੍ਰਤੀ ਏਕੜ ਖਰਚਾ ਆ ਰਿਹਾ ਹੈ। ਅਗਾਂਹਵਧੂ ਝੋਨਾ - ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਗੁਰਮੇਲ ਸਿੰਘ ਗਹਿਲਾਂ (ਸੰਗਰੂਰ) ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪਿਛਲੇ ਝੋਨੇ ਦੇ ਸੀਜ਼ਨ 'ਚ ਬੜਾ ਨੁਕਸਾਨ ਉਠਾਉਣਾ ਪਿਆ। ਉਨ੍ਹਾਂ ਨੇ 1500 ਰੁਪਏ ਪ੍ਰਤੀ ਏਕੜ ਮਸ਼ੀਨਾਂ ਨੂੰ ਦੇ ਕੇ ਪਰਾਲੀ ਦੀਆਂ ਗੱਠਾਂ ਬੰਨ੍ਹਵਾ ਲਈਆਂ, ਜੋ ਕਿਸੇ ਪਾਵਰ ਪਲਾਂਟ ਨੇ ਨਹੀਂ ਸੰਭਾਲੀਆਂ। ਅਜੇ ਵੀ ਇਹ ਗੱਠਾਂ ਕਈ ਖੇਤਾਂ ਵਿਚ ਰੁੱਲ ਰਹੀਆਂ ਹਨ। ਸਟੇਟ ਐਵਾਰਡੀ ਅਤੇ ਝੋਨੇ ਸਬੰਧੀ ਪੰਜਾਬ ਸਰਕਾਰ ਨਾਲ ਕ੍ਰਿਸ਼ੀ ਕਰਮਨ ਪੁਰਸਕਾਰ ਹਾਸਲ ਕਰਨ ਵਾਲੇ ਰਾਜਮੋਹਨ ਸਿੰਘ ਕਾਲੇਕਾ ਨੇ ਮੰਗ ਕੀਤੀ ਹੈ ਕਿ ਪਰਾਲੀ ਦੀ ਡਿਸਪੋਜ਼ਲ ਲਈ ਗੱਠਾਂ ਬੰਨ੍ਹਣ ਵਾਲਿਆਂ ਨੂੰ ਪਾਵਰ ਪਲਾਂਟਾਂ ਨਾਲ ਐਗਰੀਮੈਂਟ ਕਰਨਾ ਚਾਹੀਦਾ ਹੈ, ਤਾਂ ਹੀ ਕਿਸਾਨਾਂ ਨੂੰ ਇਹ ਸੇਵਾ ਪ੍ਰਦਾਨ ਕਰਨ ਬਦਲੇ 1500 ਰੁਪਏ ਪ੍ਰਤੀ ਏਕੜ ਚਾਰਜ ਕਰਨਾ ਚਾਹੀਦਾ ਹੈ। ਸਰਕਾਰ ਦੀਆਂ ਸਕੀਮਾਂ ਵਿਚ ਵੀ ਇਸ ਪ੍ਰਬੰਧਨ ਨੂੰ ਸ਼ਾਮਿਲ ਕਰਨ ਦੀ ਲੋੜ ਹੈ।
ਪੀ. ਏ. ਯੂ. ਸਨਮਾਨਿਤ ਬਲਬੀਰ ਸਿੰਘ ਜੜੀਆ ਕਹਿੰਦੇ ਹਨ ਕਿ ਖੇਤੀ 'ਚ ਆਈ ਖੜੌਤ ਤੋੜਣ ਲਈ ਅਤੇ ਕਿਸਾਨਾਂ ਦੇ ਪੰਪਿੰਗ ਸੈੱਟਾਂ 'ਤੇ ਹੋਣ ਵਾਲੇ ਖਰਚਿਆਂ ਦੀ ਤਲਾਫੀ ਲਈ ਉਤਪਾਦਕਤਾ ਵਧਾਉਣ ਦੀ ਲੋੜ ਹੈ। ਡਾ: ਕਾਲੀਆ ਅਨੁਸਾਰ ਖੇਤ ਮਜ਼ਦੂਰਾਂ ਦੀ ਘਾਟ ਕਾਰਨ ਆ ਰਹੀ ਸਮੱਸਿਆ 'ਤੇ ਕਾਬੂ ਪਾਉਣ ਲਈ ਮਸ਼ੀਨੀਕਰਨ ਹੀ ਇਕ ਰਸਤਾ ਹੈ। ਛੋਟੇ ਕਿਸਾਨਾਂ ਕੋਲ ਮਸ਼ੀਨਾਂ ਵੀ ਨਹੀਂ ਹਨ ਅਤੇ ਸਰਕਾਰ ਵਲੋਂ ਸਬਸਿਡੀ ਦੇ ਕੇ ਸਥਾਪਤ ਕੀਤੇ ਗਾਹਕ ਸੇਵਾ ਕੇਂਦਰ ਵੀ ਏਨੇ ਨਹੀਂ ਹਨ ਕਿ ਉਨ੍ਹਾਂ ਨੂੰ ਮਸ਼ੀਨਾਂ ਲੋੜ ਸਮੇਂ ਕਿਰਾਏ 'ਤੇ ਮੁਹੱਈਆ ਹੋ ਸਕਣ। ਹੋਰ ਕਸਟਮ ਸਰਵਿਸ ਕੇਂਦਰ ਖੋਲ੍ਹਣ ਦੀ ਲੋੜ ਹੈ ਅਤੇ ਜਿਨ੍ਹਾਂ ਕਿਸਾਨਾਂ ਕੋਲ ਟਰੈਕਟਰ ਤੇ ਮਸ਼ੀਨਾਂ ਹਨ, ਉਨ੍ਹਾਂ ਨੂੰ ਆਪਣੇ ਆਲੇ- ਦੁਆਲੇ ਦੇ ਛੋਟੇ ਕਿਸਾਨਾਂ ਨੂੰ ਕਿਰਾਏ 'ਤੇ ਇਹ ਸੇਵਾ ਮੁਹੱਈਆ ਕਰਨੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦੀਆਂ ਮਸ਼ੀਨਾਂ ਵੀ ਲਾਹੇਵੰਦ ਹੋਣਗੀਆਂ ਅਤੇ ਜੋ ਹੁਣ ਪੂਰੀਆਂ ਇਸਤੇਮਲ ਨਹੀਂ ਹੋ ਰਹੀਆਂ, ਉਨ੍ਹਾਂ ਦਾ ਲਾਹੇਵੰਦ ਪ੍ਰਯੋਗ ਹੋਵੇਗਾ।
ਬਾਸਮਤੀ ਅਤੇ ਕੁਝ ਹੋਰ ਫ਼ਸਲਾਂ ਦੀ ਵਾਢੀ ਬਹੁਤੀਆਂ ਥਾਵਾਂ 'ਤੇ ਅਜੇ ਵੀ ਹੱਥੀਂ ਕੀਤੀ ਜਾਂਦੀ ਹੈ। ਹੱਥੀਂ ਖੇਤ ਮਜ਼ਦੂਰਾਂ ਤੋਂ ਕਟਵਾਈ ਬਾਸਮਤੀ ਦੀ ਫ਼ਸਲ ਦਾ ਮੁੱਲ ਮੰਡੀ ਵਿਚ ਵੱਧ ਮਿਲਦਾ ਹੈ। ਖੇਤ ਮਜ਼ਦੂਰਾਂ ਦੀਆਂ ਸਹੂਲਤਾਂ ਲਈ ਛੋਟੇ ਸੰਦ ਜਿਵੇਂ ਕਿ ਦਾਤੀ, ਖੁਰਪਾ ਆਦਿ ਨੂੰ ਆਧੁਨਿਕ ਬਣਾਉਣ ਸਬੰਧੀ ਵੀ ਸਰਕਾਰ ਵਲੋਂ ਵਿਚਾਰ ਹੋਣਾ ਚਾਹੀਦਾ ਹੈ। ਦਾਤੀ ਨੂੰ ਵਧੇਰੇ ਨਿਪੁੰਨ ਅਤੇ ਥੋੜ੍ਹੀ ਸ਼ਕਤੀ ਨਾਲ ਵਾਢੀ ਕਰਨ ਦੇ ਯੋਗ ਬਣਾਇਆ ਜਾਵੇ। ਇਸ ਵੇਲੇ ਦਾਤੀ 100 ਰੁਪਏ ਤੱਕ ਵਿਕ ਰਹੀ ਹੈ ਪਰ ਇਸ 'ਤੇ ਲੋਹਾ ਥੱਪ ਕੇ ਸਥਾਨਕ ਮਿਸਤਰੀਆਂ ਵਲੋਂ ਮਜ਼ਬੂਤ ਤਾਂ ਬਣਾ ਦਿੱਤਾ ਗਿਆ, ਪ੍ਰੰਤੂ ਇਸ ਨੂੰ ਤੇਜ਼ ਤੇ ਅਸਾਨੀ ਨਾਲ ਫ਼ਸਲ ਕੱਟੇ ਜਾਣ ਵਾਲਾ ਸੰਦ ਬਣਾਉਣ ਦੀ ਲੋੜ ਹੈ। ਸਬਜ਼ - ਇਨਕਲਾਬ ਤੋਂ ਬਾਅਦ ਪੰਜਾਬ ਵਿਚ ਜੋ ਦਾਤੀ ਇਸਤੇਮਾਲ ਹੁੰਦੀ ਸੀ ਉਸ ਦਾ ਵਜ਼ਨ 260 ਗ੍ਰਾਮ ਸੀ, ਜਦੋਂ ਕਿ ਜਾਪਾਨੀ ਦਾਤੀ ਦਾ ਵਜ਼ਨ 100 ਗ੍ਰਾਮ ਸੀ।
ਛੋਟੀਆਂ ਖੇਤੀ ਮਸ਼ੀਨਾਂ ਅਤੇ ਔਜ਼ਾਰ, ਸੰਦ ਕਿਸਾਨਾਂ ਨੂੰ ਮੁਹੱਈਆ ਕਰਨ ਲਈ ਛੋਟੀਆਂ ਇਕਾਈਆਂ ਤੇ ਨਿਰਮਾਤਾਵਾਂ ਦਾ ਵਿਸ਼ੇਸ਼ ਰੋਲ ਹੈ। ਇਸੇ ਲਈ ਭਾਵੇਂ ਟਰੈਕਟਰ ਵੱਡੀਆਂ ਇਕਾਈਆਂ ਵਿਚ ਬਣਾਏ ਜਾਂਦੇ ਹਨ ਪਰ ਉਨ੍ਹਾਂ ਦੇ ਸੰਦ ਛੋਟੀਆਂ ਇਕਾਈਆਂ ਅਤੇ ਮਕੈਨਿਕ ਹੀ ਤਿਆਰ ਕਰਦੇ ਹਨ। ਇਨ੍ਹਾਂ ਸੰਦਾਂ ਸਬੰਧੀ ਖੋਜ ਮਜ਼ਬੂਤ ਕਰਨ ਦੀ ਲੋੜ ਹੈ, ਤਾਂ ਜੋ ਛੋਟੀਆਂ ਇਕਾਈਆਂ ਅਤੇ ਮਿਸਤਰੀਆਂ ਨੂੰ ਸਹੀ ਸੇਧ ਮਿਲ ਸਕੇ ਅਤੇ ਉਹ ਇਨ੍ਹਾਂ ਨੂੰ ਹੋਰ ਨਿਪੁੰਨ ਬਣਾ ਸਕਣ। ਛੋਟੀਆਂ ਇਕਾਈਆਂ ਅਤੇ ਮਿਸਤਰੀਆਂ ਦਾ ਇਸ ਖੇਤਰ ਵਿਚ ਵਿਸ਼ੇਸ਼ ਰੋਲ ਹੈ। ਕੰਬਾਈਨ ਹਾਰਵੈਸਟਰਾਂ ਦੇ ਨਿਰਮਾਤਾ ਪੰਜਾਬ ਵਿਚ ਵਧੇਰੇ ਛੋਟੀਆਂ ਇਕਾਈਆਂ ਹੀ ਸਨ, ਜਿਨ੍ਹਾਂ ਨੇ ਆਪਣੇ ਖੇਤਰ ਵਿਚ ਖੋਜ ਕਰ ਕੇ ਕੰਬਾਈਨ ਹਾਰਵੈਸਟਰਾਂ ਨੂੰ ਨਿਪੁੰਨ ਬਣਾਇਆ।


-ਮੋਬਾਈਲ : 98152-36307

ਅਲੋਪ ਹੁੰਦੀ ਜਾ ਰਹੀ ਹੈ ਟੋਕਰੇ ਬਣਾਉਣ ਦੀ ਕਲਾ

ਪੰਜਾਬੀ ਸੂਬੇ ਵਿਚ ਖੇਤੀਬਾੜੀ ਕਿੱਤਾ ਪ੍ਰਧਾਨ ਹੋਣ ਕਰਕੇ ਇੱਥੇ ਹਮੇਸ਼ਾ ਤੋਂ ਹੀ ਤੂਤ ਦੀਆਂ ਦੀਆਂ ਛਿਟੀਆਂ ਤੋਂ ਬਣਾਏ ਟੋਕਰੇ ਕਈ ਕੰਮਾਂ 'ਚ ਵਰਤੇ ਜਾਂਦੇ ਹਨ। ਮਾਲ ਡੰਗਰਾਂ ਨਾਲ ਸਬੰਧ ਰੱਖਣ ਵਾਲੇ ਪਰਿਵਾਰਾਂ ਤੋਂ ਲੈ ਕੇ ਸ਼ਬਜੀਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਵਿਚ ਇਸ ਦੀ ਵਰਤੋਂ ਆਮ ਲੋਕਾਂ ਦੇ ਘਰਾਂ ਨਾਲੋਂ ਜ਼ਿਆਦਾ ਹੁੰਦੀ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਟੋਕਰੇ ਬਣਾਉਣ ਦੀ ਤਕਨੀਕ ਕਿਸੇ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਸਭ ਤੋਂ ਪਹਿਲਾਂ ਕਿਸੇ ਵਧੀਆ ਤੂਤ ਨੂੰ ਛਾਂਗ ਕੇ ਉਸਦੀਆਂ ਸਿੱਧੀਆਂ ਛਿਟੀਆਂ ਨੂੰ ਛੋਟੇ ਮੁੱਢਾਂ ਨਾਲੋਂ ਵੱਖ-ਵੱਖ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ ਬਰੀਕ ਛਿਟੀਆਂ ਨੂੰ ਟੋਕਰੇ ਦੇ ਬਣਾਉਣ ਸਮੇਂ ਬੰਦ ਲਾਉਣ ਲਈ ਰੱਖ ਲੈਂਦੇ ਨੇ। ਪਹਿਲਾਂ ਤੋਂ ਸਿੱਧੀਆਂ ਕੀਤੀਆਂ ਛਿਟੀਆਂ ਨਾਲ ਟੋਕਰੇ ਦਾ ਥੱਲਾ ਧਰ ਕੇ ਉਸ ਦੀ ਹਿੱਕ 'ਤੇ ਹੌਲੀ-ਹੌਲੀ ਘੁੰਮਦਾ ਹੋਇਆ ਟੋਕਰੇ ਬਣਾਉਣ ਵਾਲਾ ਚੰਗਾ ਕਾਰੀਗਰ ਉਸ ਅੰਦਰ ਘੁੰਮਦਾ ਹੋਇਆ ਗੋਲਾਈ ਰੂਪ 'ਚ ਟੋਕਰੇ ਨੂੰ ਉੱਪਰ ਨੂੰ ਲੈ ਆਉਂਦਾ ਹੈ।
ਮਾਲਕ ਦੀ ਮਰਜ਼ੀ ਮੁਤਾਬਿਕ ਟੋਕਰੇ ਦਾ ਆਕਾਰ ਰੱਖਣ ਤੋਂ ਬਾਅਦ ਉਸ ਨੂੰ ਬਹੁਤ ਹੀ ਸਲੀਕੇ ਨਾਲ ਬੰਦ ਲਾਇਆ ਜਾਂਦਾ ਹੈ ਤੇ ਅਖ਼ੀਰ 'ਚ ਟੋਕਰੇ ਨੂੰ ਸਾਫ ਕਰ ਕੇ ਵਾਧੂ ਬਰੀਕ ਛਿਟੀਆਂ ਕੱਟ ਕੇ ਟੋਕਰਾ ਤਿਆਰ ਕਰ ਦਿੱਤਾ ਜਾਂਦਾ ਹੈ। ਤੂਤ ਦੀਆਂ ਛਿਟੀਆਂ ਦੇ ਬਣਾਏ ਟੋਕਰੇ ਬਹੁਤ ਹੱਢਣਸਾਰ ਹੁੰਦੇ ਹਨ। ਪਰ ਦੁੱਖ ਇਸ ਗੱਲ ਦਾ ਹੈ ਕੇ ਅੱਜਕਲ੍ਹ ਇਸ ਨੂੰ ਬਣਾਉਣ ਵਾਲੇ ਕਾਰੀਗਰਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਬੌਰੀਆ ਜਾਤੀ ਦੀ ਨਵੀਂ ਪੀੜ੍ਹੀ 'ਚ ਕੋਈ ਵੀ ਨੌਜਵਾਨ ਇਸ ਕਲਾ ਨੂੰ ਬਿਲਕੁੱਲ ਨਹੀਂ ਜਾਣਦਾ ਤੇ ਨਾ ਹੀ ਸਿੱਖਣ ਦੀ ਕੋਸ਼ਿਸ਼ ਕਰਦਾ ਹੈ। ਜ਼ਿਮੀਂਦਾਰਾ ਤਬਕੇ ਦੇ ਜ਼ਿਆਦਾ ਤਰ ਨੌਜਵਾਨ ਬਾਹਰਲੇ ਦੇਸ਼ ਜਾਣ ਦੀ ਤਵੱਜੋ ਕਾਰਨ ਖੇਤੀਬਾੜੀ ਤੋਂ ਮੂੰਹ ਮੋੜ ਰਹੇ ਨੇ, ਇਸ ਲਈ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਟੋਕਰੇ ਬਣਾਉਣ ਦੀ ਕਲਾ ਅਲੋਪ ਹੋ ਜਾਵੇਗੀ ਤੇ ਡੰਗ ਸਾਰਨ ਲਈ ਪਲਾਸਟਿਕ ਦੇ ਟੋਕਰੇ ਹੀ ਰਹਿ ਜਾਣਗੇ।


-ਪਿੰਡ ਤਖਤੂਪਰਾ, ਜ਼ਿਲ੍ਹਾ ਮੋਗਾ। ਮੋਬਾ : 98140-68614

ਇਸ ਮਹੀਨੇ ਕਿਸਾਨਾਂ ਲਈ ਖੇਤੀ ਰੁਝੇਵੇਂ

ਕੱਦੂ ਜਾਤੀ ਦੀਆਂ ਸਬਜ਼ੀਆਂ: ਜਦੋਂ ਹੀ ਕੋਰੇ ਦਾ ਖ਼ਤਰਾ ਖ਼ਤਮ ਹੋ ਜਾਵੇ ਤਾਂ ਨਵੰਬਰ-ਦਸੰਬਰ ਵਿਚ ਬੀਜੀਆਂ ਗਈਆਂ ਸਬਜ਼ੀਆਂ ਤੋਂ ਸਰਕੰਡਾ ਜਾਂ ਪਲਾਸਟਿਕ ਦੀ ਚਾਦਰ ਉਤਾਰ ਦਿਉ ਅਤੇ ਪਾਣੀ ਦੇ ਦਿਉ। ਨਾਈਟ੍ਰੋਜਨ ਦੀ ਰਹਿੰਦੀ ਅੱਧੀ ਖ਼ੁਰਾਕ ਖਾਲੀਆਂ ਵਿਚ ਪਾ ਕੇ ਮਿਟੀ ਚੜ੍ਹਾ ਦਿਉ ਅਤੇ ਫਿਰ ਬੂਟਿਆਂ ਨੂੰ ਕਿਆਰੀਆਂ ਵਿਚ ਕਰ ਦਿਉ। ਫਿਰ ਹਫ਼ਤੇ ਵਿਚ ਇਕ ਵਾਰ ਰੇਤਲੀਆਂ ਜ਼ਮੀਨਾਂ ਅਤੇ ਭਾਰੀਆਂ ਜ਼ਮੀਨਾਂ ਵਿਚ ਦਸ ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ। 35 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ (ਸਿੰਗਲ) ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਨੂੰ ਉਤਰੀ ਪਾਸੇ ਵੱਲ ਪਾ ਕੇ ਖ਼ਾਲੀਆਂ ਤਿਆਰ ਕਰੋ। ਬੀਜ ਨਮੀ ਵਾਲੀ ਢੇਰੀ ਦੇ ਦੱਖਣੀ ਦਿਸ਼ਾ ਵੱਲ ਬੀਜੋ। ਇਸ ਮਹੀਨੇ ਦੇ ਦੂਸਰੇ ਪੰਦ੍ਹਰਵਾੜੇ ਖਰਬੂਜ਼ਾ, ਹਦਵਾਣਾ, ਕੱਦੂ ਅਤੇ ਹਲਵਾ ਕੱਦੂ ਦੀ ਨਰਸਰੀ ਨੂੰ ਪਹਿਲਾਂ ਤਿਆਰ ਖੇਤ ਵਿਚ ਲਗਾਉਣਾ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਪਲਾਸਟਿਕ ਦੇ ਲਿਫ਼ਾਫ਼ੇ ਉਤਾਰ ਲਉ। ਘੀਆਂ ਕੱਦੂ ਦੀਆਂ ਪੰਜਾਬ ਬਰਕਤ ਅਤੇ ਪੰਜਾਬ ਕੋਮਲ, ਪੰਜਾਬ ਬਹਾਰ, ਚੱਪਣ ਕੱਦੂ ਨੰਬਰ 1, ਖਰਬੂਜ਼ੇ ਦੀਆਂ ਐਮ ਐਚ-27, ਐਮ ਐਚ-51, ਪੰਜਾਬ ਸੁਨਹਿਰੀ, ਪੰਜਾਬ ਹਾਈਬਰਿਡ ਅਤੇ ਹਰਾ ਮਧੂ, ਹਦਵਾਣੇ ਦੀ ਸ਼ੂਗਰਬੇਬੀ, ਟੀਂਡੇ ਦੀ ਪੰਜਾਬ ਟੀਂਡਾ -1 ਅਤੇ ਐਸ-48, ਕਰੇਲੇ ਦੀ ਪੰਜਾਬ ਝਾੜ ਕਰੇਲਾ-1, ਪੰਜਾਬ ਕਰੇਲਾ-2, ਪੰਜਾਬ-14 ਅਤੇ ਪੰਜਾਬ ਕਰੇਲੀ ਨੰ.1 ਅਤੇ ਪੇਠੇ ਦੀ ਪੀ ਏ ਜੀ-3 ਅਤੇ ਹਲਵਾ ਕੱਦੂ ਦੀਆਂ ਪੀ ਪੀ ਐਚ-1, ਪੀ ਪੀ ਐਚ -2 ਅਤੇ ਪੰਜਾਬ ਸਮਰਾਟ, ਪੀ ਐਸ ਜੀ-9, ਪੰਜਾਬ ਮਗਜ਼ ਕੱਦੂ-2 ਕਿਸਮਾਂ ਢੁੱਕਵੀਆਂ ਹਨ।
ਸਾਵਧਾਨੀਆਂ: ਜਿਨ੍ਹਾਂ ਖੇਤਾਂ ਵਿਚ ਆਲੂਆਂ ਦੀ ਫ਼ਸਲ ਲਈ ਐਟਰਾਜ਼ੀਨ ਨਦੀਨ ਨਾਸ਼ਕ ਵਰਤੀ ਗਈ ਹੈ ਉਥੇ ਕੱਦੂ ਜਾਤੀ ਦੀਆਂ ਫ਼ਸਲਾਂ ਨਾ ਬੀਜੋ।
ਮਿਰਚਾਂ ਅਤੇ ਸ਼ਿਮਲਾ ਮਿਰਚ : ਜਦ ਹੀ ਕੋਰੇ ਦਾ ਖਤਰਾ ਨਾ ਜਾਪੇ ਤਾਂ ਮਿਰਚ ਅਤੇ ਸ਼ਿਮਲਾ ਮਿਰਚ ਦੇ ਖੇਤਾਂ ਵਿਚੋਂ ਸਰਕੰਡਾ ਜਾਂ ਪਲਾਸਟਿਕ ਦੀ ਚਾਦਰ ਹਟਾ ਦਿਉ ਅਤੇ ਖੇਤ ਨੂੰ ਪਾਣੀ ਦੇ ਦਿਉ। ਇਕ ਹਫ਼ਤੇ ਬਾਅਦ 90 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾ ਕੇੇ ਬੂਟਿਆਂ ਦੇ ਮੁੱਢਾਂ ਨਾਲ ਮਿੱਟੀ ਚੜ੍ਹਾ ਦਿਉ। ਮਿਰਚ ਅਤੇ ਸ਼ਿਮਲਾ ਮਿਰਚ ਦੀ ਜਿਹੜੀ ਪਨੀਰੀ ਤਿਆਰ ਕੀਤੀ ਗਈ ਹੈ ਉਹ ਸਿਫ਼ਾਰਸ਼ ਕੀਤੇ ਫ਼ਾਸਲੇ ਤੇ ਖੇਤ ਵਿਚ ਲਗਾ ਦਿਉੁ। ਸ਼ਿਮਲਾ ਮਿਰਚ ਨੂੰ 35 ਕਿਲੋ ਯੂਰੀਆ, 175 ਕਿਲੋ ਸੁਪਰਫਾਸਫੇਟ (ਸਿੰਗਲ) ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਨੂੰ ਪ੍ਰਤੀ ਏਕੜ ਦੇ ਹਿਸਾਬ ਪਾਉ ਅਤੇ ਮਿਰਚ ਦੀ ਫ਼ਸਲ ਨੂੰ 30 ਕਿਲੋ ਯੂਰੀਆ, 75 ਕਿਲੋ ਸਿੰਗਲ ਸੁਪਰਫਾਸਫੇਟ ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਪਾਓ। ਦੋਗਲੀਆਂ ਕਿਸਮਾਂ ਵਾਸਤੇ ਨਾਈਟਰੋਜਨ ਖਾਦ ਵਧਾਈ ਜਾ ਸਕਦੀ ਹੈ। ਪਨੀਰੀ ਲਾਉਣ ਤੋਂ ਫੌਰਨ ਬਾਅਦ ਪਹਿਲਾ ਪਾਣੀ ਦੇ ਦਿਉ ਅਤੇ ਇਕ ਪਾਣੀ ਹਫ਼ਤੇ ਤੋਂ ਬਾਅਦ ਫਿਰ ਦਿਉ। 7-10 ਦਿਨਾਂ ਬਾਅਦ ਖੇਤ ਵਿਚ ਖਾਲੀ ਥਾਂ ਦੇਖ ਕੇ ਫਿਰ ਬੂਟੇ ਲਗਾ ਦਿਉ ਤਾਂ ਜੋ ਖੇਤ ਵਿਚ ਬੂਟੇ ਪੂਰੇ ਹੋ ਜਾਣ।
ਬੈਂਗਣ: ਜਦ ਕੋਰੇ ਦਾ ਮੌਸਮ ਖ਼ਤਮ ਹੋ ਜਾਵੇ ਤਾਂ ਦੁਪਹਿਰ ਤੋਂ ਬਾਅਦ ਸਰਕੰਡਾ ਜਾਂ ਪਲਾਸਟਿਕ ਦੀ ਚਾਦਰ ਉਤਾਰ ਦਿਉ ਅਤੇ ਖੇਤ ਨੂੰ ਪਾਣੀ ਦੇ ਦਿਉ। ਇਕ ਹਫ਼ਤੇ ਬਾਅਦ 55 ਕਿਲੋ ਯੂਰੀਆ ਖਾਦ ਪਾਉ ਅਤੇ ਬੂਟਿਆਂ ਦੇ ਮੁੱਢਾਂ ਤੇ ਮਿੱਟੀ ਵੀ ਚੜ੍ਹਾ ਦਿਉ। ਪੰਜਾਬ ਸਦਾਬਹਾਰ, ਹਾਈਬਰਿਡ ਬੀ ਐਚ-2, ਪੀ ਬੀ ਐਚ-3, ਪੀ ਬੀ ਐਚ-4, ਪੀ ਵੀ ਐਚ-5, ਪੀ ਵੀ ਐਚ-41 ਅਤੇ ਪੀ ਵੀ ਐਚ-42 ਅਤੇ ਹੋਰ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਪਨੀਰੀ ਖੇਤ ਵਿਚ ਲਗਾ ਦਿਉ। ਖੇਤ ਵਿਚ 10 ਟਨ ਰੂੜੀ ਪਾਉ ਅਤੇ 55 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਛੱਟੇ ਨਾਲ ਪਾ ਦਿਉ। ਹਫ਼ਤੇ ਬਾਅਦ ਖਾਲੀ ਥਾਂ ਭਰ ਦਿਉ ਅਤੇ ਪਾਣੀ ਦੇ ਦਿਉ ।
ਭਿੰਡੀ : ਖੇਤ ਤਿਆਰ ਕਰਕੇ 40 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾਉ। ਵੱਟਾਂ ਬਣਾ ਲਉ ਅਤੇ ਪਾਣੀ ਦੇ ਦਿਉ। ਇਹ ਬੀਜ 45 ਸੈਟੀਂਮੀਟਰ ਵੱਟਾਂ ਦੇ ਫ਼ਾਸਲੇ 'ਤੇ 15 ਸੈਟੀਂਮੀਟਰ ਦੀ ਦੂਰੀ 'ਤੇ ਬੀਜ ਦਿਉ। ਵੱਟਾਂ 'ਤੇ ਬੀਜ ਜਲਦੀ ਉਗਣਗੇ ਅਤੇ ਵਧੀਆ ਫ਼ਸਲ ਹੋਵੇਗੀ। ਇਸ ਸਮੇਂ ਬੀਜਣ ਲਈ ਪੰਜਾਬ ਸੁਹਾਵਨੀ, ਪੰਜਾਬ ਪਦਮਨੀ, ਪੰਜਾਬ-7 ਅਤੇ ਪੰਜਾਬ-8 ਕਿਸਮਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਟਮਾਟਰ : ਕੋਰੇ ਦਾ ਮੌਸਮ ਖ਼ਤਮ ਹੋਣ ਤੇ ਦੁਪਹਿਰ ਤੋਂ ਬਾਅਦ ਸਰਕੰਡਾ ਅਤੇ ਪਲਾਸਟਿਕ ਉਤਾਰ ਦਿਉ ਅਤੇ ਖੇਤ ਨੂੰ ਪਾਣੀ ਦੇ ਦਿਉ। ਇਕ ਹਫ਼ਤੇ ਬਾਅਦ ਇਕ ਕਿਲੋ ਕਿਸਾਨ ਖਾਦ ਪ੍ਰਤੀ ਏਕੜ ਦੇ ਹਿਸਾਬ ਪਾਉ। ਗੋਡੀ ਨਾਲ ਨਦੀਨ ਖ਼ਤਮ ਕਰ ਦਿਉ ਅਤੇ ਬੂਟਿਆਂ ਦੇ ਮੁੱਢਾਂ ਤੇ 7 ਤੋਂ 10 ਦਿਨਾਂ ਬਾਅਦ ਪਾਣੀ ਦਿੰਦੇ ਰਹੋ। ਜੇਕਰ ਪਿਛੇਤੇ ਝੁਲਸ ਰੋਗ ਦਾ ਜ਼ਿਆਦਾ ਹਮਲਾ ਹੋਣ ਦੀ ਸ਼ੰਕਾ ਹੋਵੇ ਤਾਂ ਇਸ ਦੀ ਰੋਕਥਾਮ ਲਈ ਫ਼ਸਲ ਨੂੰ ਫ਼ਰਵਰੀ ਦੇ ਅੱਧ ਵਿਚ ਰਿਡੋਮਿਲ ਗੋਲਡ 500 ਗ੍ਰਾਮ ਦਾ ਛਿੜਕਾਅ ਕਰੋ ਅਤੇ ਫਿਰ ਤਿੰਨ ਛਿੜਕਾਅ ਇੰਡੋਫ਼ਿਲ ਐਮ-45, 600 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਪਾ ਕੇ 7 ਦਿਨਾਂ ਦੇ ਵਕਫ਼ੇ 'ਤੇ ਕਰੋ।
ਗੰਢੇ: ਜਾਮਨੀ ਧੱਬਿਆਂ ਦੀ ਬਿਮਾਰੀ ਦੀ ਰੋਕਥਾਮ ਲਈ ਗੰਢਿਆਂ ਦੀ ਫ਼ਸਲ ਨੂੰ 300 ਗ੍ਰਾਮ ਕੈਵੀਅਟ ਜਾਂ 600 ਗ੍ਰਾਮ ਇੰਡੋਫ਼ਿਲ ਐਮ-45 ਅਤੇ 200 ਮਿਲੀਲਿਟਰ ਟਰਾਈਟੋਨ ਨਾਲ ਜਾਂ ਅਲਸੀ ਦੇ ਤੇਲ ਨੂੰ 200 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਓ। ਇਹ ਛਿੜਕਾਅ ਤਦ ਹੀ ਕਰੋ ਜਦੋਂ ਬਿਮਾਰੀ ਦੀਆਂ ਨਿਸ਼ਾਨੀਆਂ ਸ਼ੁਰੂ ਹੋ ਜਾਣ। ਇਹ ਛਿੜਕਾਅ ਦਸ ਦਿਨਾਂ ਦੇ ਵਕਫ਼ੇ 'ਤੇ ਤਿੰਨ ਵਾਰ ਜਾਂ ਉਸ ਤੋਂ ਜ਼ਿਆਦਾ ਵਾਰ ਕਰੋ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX