ਤਾਜਾ ਖ਼ਬਰਾਂ


ਭਗੌੜੇ ਨੇ ਪਤਨੀ ਤੇ ਧੀ ਦੇ ਮਾਰੀਆਂ ਗੋਲੀਆਂ , ਧੀ ਦੀ ਮੌਤ, ਪਤਨੀ ਗੰਭੀਰ
. . .  1 day ago
ਗੜ੍ਹਸ਼ੰਕਰ, 21 ਮਾਰਚ (ਧਾਲੀਵਾਲ)- ਪੁਲਿਸ ਹਿਰਾਸਤ ਵਿਚੋਂ ਭਗੌੜੇ ਇੱਥੋਂ ਦੇ ਪਿੰਡ ਬਸਤੀ ਸੈਂਸੀਆਂ (ਦੇਨੋਵਾਲ ਖ਼ੁਰਦ) ਦੇ ਮੇਜਰ ਨਾਮੀ ਵਿਅਕਤੀ ਵੱਲੋਂ ਅੱਜ ਦੇਰ ਸ਼ਾਮ 7.15 ਕੁ ਵਜੇ ਆਪਣੇ ਘਰ ਵਿਚ ਰਿਵਾਲਵਰ ...
ਨਾਗਾਲੈਂਡ ਤੋਂ ਕੇ.ਐੱਲ ਚਿਸ਼ੀ ਹੋਣਗੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ
. . .  1 day ago
ਕੋਹਿਮਾ, 21 - ਨਾਗਾਲੈਂਡ ਕਾਂਗਰਸ ਦੇ ਪ੍ਰਧਾਨ ਕੇ ਥੈਰੀ ਨੇ ਅੱਜ ਐਲਾਨ ਕੀਤਾ ਕਿ ਸਾਬਕਾ ਮੁੱਖ ਮੰਤਰੀ ਕੇ.ਐੱਲ ਚਿਸ਼ੀ ਨਾਗਾਲੈਂਡ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹੋਣਗੇ।
ਪ੍ਰੇਸ਼ਾਨੀ ਕਾਰਨ ਸ਼ਾਦੀਸ਼ੁਦਾ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ
. . .  1 day ago
ਸੁਲਤਾਨਵਿੰਡ, 21 ਮਾਰਚ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ’ਚ ਘਰ ਪ੍ਰੇਸ਼ਾਨੀ ਤੇ ਚੱਲਦਿਆਂ ਇਕ ਸ਼ਾਦੀਸ਼ੁਦਾ ਨੋਜਵਾਨ ਵੱਲੋਂ ਨਹਿਰ ’ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ।ਇਸ ਦੀ ...
ਹੋਲੇ ਮਹੱਲੇ ਦੀ ਸੰਪੂਰਨਤਾ 'ਤੇ ਐੱਸ.ਜੀ.ਪੀ.ਸੀ ਨੇ ਸਜਾਇਆ ਮਹੱਲਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਸਿੱਖ ਪੰਥ ਦੇ ਨਿਆਰੇਪਣ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਸੰਪੂਰਨਤਾ 'ਤੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ...
ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਮਾਰਚ - ਕੇਂਦਰੀ ਮੰਤਰੀ ਜੇ.ਪੀ ਨੱਢਾ ਨੇ ਅੱਜ ਪ੍ਰੈੱਸ ਵਾਰਤਾ ਦੌਰਾਨ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ 182 ਉਮੀਦਵਾਰਾਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ...
ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ
. . .  1 day ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
15 ਹਜ਼ਾਰ ਰੁਪਏ ਰਿਸ਼ਵਤ ਦੇ ਮਾਮਲੇ 'ਚ ਏ.ਐੱਸ.ਆਈ ਗ੍ਰਿਫ਼ਤਾਰ
. . .  1 day ago
ਨਵਾਂਸ਼ਹਿਰ, 21 ਮਾਰਚ - ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਥਾਣਾ ਰਾਹੋਂ ਵਿਖੇ ਤਾਇਨਾਤ ਏ.ਐਸ.ਆਈ ਬਲਵਿੰਦਰ ਸਿੰਘ ਨੂੰ 15 ਹਾਜ਼ਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਚ...
ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਦੇਹਾਂਤ
. . .  1 day ago
ਚੰਡੀਗੜ੍ਹ, 21 ਮਾਰਚ - ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। 92 ਸਾਲਾਂ ਬਲਵੰਤ ਸਿੰਘ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ...
ਸਕੂਲ ਪ੍ਰਿੰਸੀਪਲ ਦੀ ਹਿਰਾਸਤ 'ਚ ਹੋਈ ਮੌਤ ਖ਼ਿਲਾਫ਼ ਵਪਾਰੀਆਂ ਵੱਲੋਂ ਪ੍ਰਦਰਸ਼ਨ
. . .  1 day ago
ਸ੍ਰੀਨਗਰ, 21 ਮਾਰਚ - - ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਦੇ ਵਿਰੋਧ ਵਿਚ ਸ੍ਰੀਨਗਰ ਵਿਖੇ ਵਪਾਰੀਆਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ੀਆਂ ਖ਼ਿਲਾਫ਼...
ਬੀਜੂ ਜਨਤਾ ਦਲ ਰਾਜ ਸਭਾ ਮੈਂਬਰ ਦਾ ਪੁੱਤਰ ਭਾਜਪਾ 'ਚ ਸ਼ਾਮਲ
. . .  1 day ago
ਭੁਵਨੇਸ਼ਵਰ, 21 ਮਾਰਚ - ਭੁਵਨੇਸ਼ਵਰ ਤੋਂ ਰਾਜ ਸਭਾ ਮੈਂਬਰ ਪ੍ਰਸ਼ਾਂਤ ਨੰਦਾ ਦੇ ਬੇਟਾ ਰਿਸ਼ਵ ਨੰਦਾ ਅੱਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ...
ਹੋਰ ਖ਼ਬਰਾਂ..

ਖੇਡ ਜਗਤ

ਖਿਡਾਰੀਆਂ ਨੂੰ ਦੇਸ਼ ਪ੍ਰੇਮ ਦਾ ਪਾਠ ਵੀ ਪੜ੍ਹਾਇਆ ਜਾਵੇ

ਕੋਈ ਵੀ ਖਿਡਾਰਨ ਜਾਂ ਖਿਡਾਰੀ ਜਦੋਂ ਖੇਡ ਜਗਤ ਵਿਚ ਜੱਦੋ-ਜਹਿਦ ਕਰ ਰਿਹਾ ਹੁੰਦਾ ਹੈ, ਮਨ ਵਿਚ ਸਭ ਤੋਂ ਵੱਡੀ ਮਨਸ਼ਾ ਇਹੀ ਹੁੰਦੀ ਹੈ ਕਿ ਇਕ ਦਿਨ ਉਹ ਦੇਸ਼ ਦੀ ਕੌਮੀ ਖੇਡ ਵਿਚ ਆਪਣੀ ਸ਼ਮੂਲੀਅਤ ਬਣਾਵੇ, ਮੀਡੀਆ 'ਚ ਉਸ ਦੀ ਚਰਚਾ ਛਿੜੇ ਕਿ ਉਹ ਭਾਰਤ ਦੀ ਟੀਮ 'ਚ ਆਪਣੀ ਥਾਂ ਬਣਾ ਕੇ ਇਕ ਵੱਡੀ ਪ੍ਰਾਪਤੀ ਕਰ ਚੁੱਕਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਠੀਕ ਹੈ ਕਿ ਰਾਸ਼ਟਰੀ ਟੀਮ ਵਿਚ ਕਿਸੇ ਲੰਮੇ ਸੰਘਰਸ਼ ਤੋਂ ਬਾਅਦ ਪਹੁੰਚਣਾ ਉਸ ਖੇਡ ਹਸਤੀ ਦੀ ਅਹਿਮ ਪ੍ਰਾਪਤੀ ਹੈ ਪਰ ਉਸ ਨੂੰ ਇਹ ਵੀ ਯਾਦ ਆਉਣਾ ਚਾਹੀਦਾ ਹੈ ਕਿ ਖੇਡ ਇਕ ਸਿਹਤਮੰਦ ਮਾਧਿਅਮ ਹੈ ਰਾਸ਼ਟਰ ਪ੍ਰੇਮ ਦੇ ਸੰਚਾਰ ਦਾ, ਦੇਸ਼ ਭਗਤੀ ਦੇ ਇਜ਼ਹਾਰ ਦਾ। ਆਪਣੇ-ਆਪ ਲਈ ਬਥੇਰੀਆਂ ਜੰਗਾਂ ਉਸ ਨੇ ਲੜੀਆਂ ਹੁੰਦੀਆਂ ਹਨ ਪਰ ਦੇਸ਼ ਲਈ, ਵਤਨ ਦੀ ਖਾਤਰ ਉਸ ਦੀ ਖੇਡ ਸ਼ਖ਼ਸੀਅਤ ਦੀ ਅਸਲੀ ਜੰਗ ਤਾਂ ਉਦੋਂ ਤੋਂ ਸ਼ੁਰੂ ਹੁੰਦੀ ਹੈ, ਜਦੋਂ ਉਹ ਖਿਡਾਰਨ ਜਾਂ ਖਿਡਾਰੀ ਦੇਸ਼ ਦੀ ਕੌਮੀ ਟੀਮ 'ਚ ਪ੍ਰਵੇਸ਼ ਕਰਦੈ। ਇੰਡੀਆ ਸ਼ਬਦ ਨਾਲ ਸਜੀ ਹੋਈ ਕਿੱਟ ਤਾਂ ਉਹ ਪਾਉਂਦੈ ਪਰ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਉਸ ਵਿਚ ਨਹੀਂ ਹੁੰਦਾ।
ਜਨਾਬ! ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਲਈ ਉਸ ਖੇਡ ਹਸਤੀ ਨੂੰ ਬਚਪਨ ਤੋਂ ਤਿਆਰ ਕਰਨ ਦੀ ਲੋੜ ਹੈ। ਆਪਣੇ ਪ੍ਰਾਇਮਰੀ ਸਕੂਲ ਦੀ ਇੱਜ਼ਤ ਤੇ ਸਨਮਾਨ ਲਈ ਖੇਡਣ ਤੋਂ ਲੈ ਕੇ ਕਾਲਜ, ਯੂਨੀਵਰਸਿਟੀ, ਖੇਡ ਅਕੈਡਮੀ, ਖੇਡ ਕਲੱਬ ਦੇ ਵੱਕਾਰ ਲਈ ਜੂਝਣ ਦਾ ਜਜ਼ਬਾ ਉਸ 'ਚ ਪੈਦਾ ਕਰਨ ਦੀ ਲੋੜ ਹੈ। ਰਾਸ਼ਟਰ ਭਾਵਨਾ, ਕੌਮੀ ਅਣਖ ਦਾ ਜਜ਼ਬਾ ਅਤੇ ਅਹਿਸਾਸ ਰਾਤੋ-ਰਾਤ ਪੈਦਾ ਹੋਣ ਵਾਲੀ ਚੀਜ਼ ਨਹੀਂ ਹੈ। ਇਸ ਪਾਸੇ ਪ੍ਰੇਰਿਤ ਕਰਨ ਲਈ ਸਾਨੂੰ ਛੋਟੀ ਉਮਰੇ ਖਿਡਾਰੀਆਂ-ਖਿਡਾਰਨਾਂ 'ਚ ਖੇਡ ਅਤੇ ਵਿੱਦਿਅਕ ਸੰਸਥਾਵਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਪੈਦਾ ਕਰਨ ਦੀ ਲੋੜ ਹੈ, ਜੋ ਅੱਜ ਦੇ ਖਿਡਾਰੀਆਂ 'ਚ ਨਹੀਂ ਹੈ। ਖੇਡਾਂ ਦੇ ਆਧਾਰ 'ਤੇ ਖੇਡ ਵਿੱਦਿਅਕ ਸੰਸਥਾਵਾਂ ਵਲੋਂ ਖਾਸ-ਖਾਸ ਸਹੂਲਤਾਂ ਪ੍ਰਾਪਤ ਕਰਨਾ, ਮੁਫਤ ਪੜ੍ਹਾਈ ਕਰ ਜਾਣੀ ਹੀ ਸਾਡੇ ਵਿਦਿਆਰਥੀ ਖਿਡਾਰੀਆਂ ਦਾ ਮੰਤਵ ਨਹੀਂ ਹੋਣਾ ਚਾਹੀਦਾ। ਛੋਟੀ ਉਮਰੇ ਜੋ ਖਿਡਾਰਨ-ਖਿਡਾਰੀ ਆਪਣੀ ਖੇਡ ਅਤੇ ਵਿੱਦਿਅਕ ਸੰਸਥਾ ਲਈ ਸੱਚੇ ਮਨੋਂ ਜੱਦੋ-ਜਹਿਦ ਕਰਨ ਲਈ ਉਤਸ਼ਾਹਤ ਨਹੀਂ, ਉਹ ਵੱਡਾ ਹੋ ਕੇ ਦੇਸ਼ ਦੇ ਸਨਮਾਨ ਅਤੇ ਵੱਕਾਰ ਲਈ ਕੌਮੀ ਜਜ਼ਬੇ ਨਾਲ ਕੀ ਜੂਝੇਗਾ? ਉਹ ਤਾਂ ਸਿਰਫ ਪੈਸੇ ਅਤੇ ਨੌਕਰੀ ਦੇ ਵਾਸਤੇ ਹੀ ਖੇਡ ਜੰਗਾਂ ਲੜੇਗਾ। ਉਸ ਨੂੰ ਯਾਦ ਰਹਿਣਾ ਚਾਹੀਦੈ, ਜਿਸ ਵੱਡੇ ਪੱਧਰ ਦੇ ਖੇਡ ਮੰਤ 'ਤੇ ਉਸ ਨੂੰ ਆਪਣੀ ਖੇਡ ਕਲਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ, ਉਸ ਵਿਚ ਸਮੁੱਚੇ ਦੇਸ਼ ਦਾ ਕਿੰਨਾ ਵੱਡਾ ਯੋਗਦਾਨ ਹੈ।
ਦੇਸ਼ ਦੀ ਕੌਮੀ ਟੀਮ 'ਚ ਥਾਂ ਬਣਾ ਲੈਣੀ ਹੀ ਕਾਫੀ ਨਹੀਂ, ਬਲਕਿ ਦੇਸ਼ ਦੀ ਖੇਡ ਝੋਲੀ ਨੂੰ ਇਨਾਮਾਂ-ਸਨਮਾਨਾਂ ਨਾਲ ਭਰਨਾ ਖਿਡਾਰਨ ਜਾਂ ਖਿਡਾਰੀ ਦੀ ਮਨ ਦੀ ਮਨਸ਼ਾ ਹੋਣੀ ਚਾਹੀਦੀ ਹੈ। ਮੈਦਾਨ ਦੇ ਅੰਦਰ 100 ਫੀਸਦੀ ਦੇਣ ਦੀ ਤਾਂਘ ਹੋਣੀ ਚਾਹੀਦੀ ਹੈ, ਕਿਉਂਕਿ ਉਹ ਖੇਡ ਹਸਤੀ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰ ਰਹੀ ਹੁੰਦੀ ਹੈ। ਪੂਰੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਉਸ ਖੇਡ ਜਾਂ ਖਿਡਾਰੀ ਨਾਲ ਜੁੜੀਆਂ ਹੁੰਦੀਆਂ ਹਨ। ਉਹ ਖਿਡਾਰੀ ਹਰਦੈ ਤਾਂ ਦੇਸ਼ ਹਾਰਦੈ। ਉਹ ਖਿਡਾਰੀ ਜਿੱਤਦੈ ਤਾਂ ਦੇਸ਼ ਜਿੱਤਦੈ। ਯਾਦ ਰੱਖਿਓ! ਜਦੋਂ ਕੋਈ ਦੇਸ਼ ਕੌਮਾਂਤਰੀ ਪੱਧਰ 'ਤੇ ਮਾਣਮੱਤੀਆਂ ਪ੍ਰਾਪਤੀਆਂ ਕਰਦਾ ਹੈ, ਇਹ ਉਸ ਦੇਸ਼ ਦੇ ਖਿਡਾਰੀਆਂ ਦੇ ਖੇਡ ਹੁਨਰ ਦਾ ਹੀ ਮਹਿਜ ਕਮਾਲ ਨਹੀਂ ਹੁੰਦਾ, ਬਲਕਿ ਦੇਸ਼ ਲਈ ਜਿੱਤਣ ਦੀ ਪ੍ਰਤਿੱਗਿਆ, ਵਚਨਬੱਧਤਾ ਅਤੇ ਇੱਛਾਸ਼ਕਤੀ ਦਾ ਕਮਾਲ ਵੀ ਹੁੰਦਾ ਹੈ। ਸੋ, ਸਾਡੇ ਖਿਡਾਰੀਆਂ ਨੂੰ ਆਪਣੇ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਮਾਣ ਅਤੇ ਸਨਮਾਨ ਲਈ ਜੱਦੋ-ਜਹਿਦ ਕਰਨ ਲਈ ਦੇਸ਼ ਪ੍ਰੇਮ ਤੋਂ ਪ੍ਰੇਰਿਤ ਹੋਣ ਦੀ ਲੋੜ ਹੈ। ਹਾਰ-ਜਿੱਤ ਵਿਅਕਤੀ ਦੀ ਨਹੀਂ, ਦੇਸ਼ ਦਾ ਵੱਕਾਰ ਹੁੰਦੀ ਹੈ। ਕੌਮਾਂਤਰੀ ਮੈਦਾਨਾਂ 'ਚ ਸਾਡਾ ਤਿਰੰਗਾ ਪੂਰੀ ਸ਼ਾਨੋ-ਸ਼ੌਕਤ ਨਾਲ ਝੂਲੇ, ਤਾਂ ਹੀ ਦੇਸ਼ ਵਾਸੀਆਂ ਨੂੰ ਖੁਸ਼ੀ ਹੁੰਦੀ ਹੈ। ਖੇਡਾਂ ਵੀ ਇਸ ਪੱਖੋਂ ਕੌਮੀ ਸਤਿਕਾਰ ਅਤੇ ਸ਼ਾਨ ਦਾ ਸਬੱਬ ਬਣ ਸਕਦੀਆਂ ਹਨ। ਖਿਡਾਰੀਆਂ ਦੀ ਕਠਿਨ ਮਿਹਨਤ ਅਤੇ ਤਪੱਸਿਆ ਸਦਕਾ ਤਿਰੰਗੇ ਦੀ ਲਾਜ ਰੱਖਣ ਦੀ ਕੋਸ਼ਿਸ਼ ਖਿਡਾਰੀ ਦੇ ਸੱਚੇ ਮਨੋਂ ਹੋਣੀ ਚਾਹੀਦੀ ਹੈ।
ਭਾਰਤੀਆਂ ਨੂੰ ਆਪਣੇ ਗੁਆਂਢੀ ਦੇਸ਼ ਚੀਨ ਜੋ ਦੁਨੀਆ ਦੀ ਵੱਡੀ ਖੇਡ ਸ਼ਕਤੀ ਹੈ, ਤੋਂ ਸਬਕ ਲੈਣ ਦੀ ਜ਼ਰੂਰਤ ਹੈ। ਜਿਥੋਂ ਤੱਕ ਦੇਸ਼ ਲਈ ਕੌਮੀ ਜਜ਼ਬੇ ਦਾ ਸਬੰਧ ਹੈ, ਚੀਨੀ ਖਿਡਾਰੀਆਂ 'ਚ ਦੇਸ਼ ਭਗਤੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੈ। ਉਹ ਖੇਡਾਂ ਦੇ ਖੇਤਰ ਵਿਚ ਆਪਣੇ ਦੇਸ਼ ਦਾ ਨਾਂਅ ਉੱਚਾ ਰੱਖਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਲੰਪਿਕ ਖੇਡਾਂ 'ਚ ਚੀਨ ਅਤੇ ਭਾਰਤੀਆਂ ਦੀ ਪ੍ਰਾਪਤੀ ਦਾ ਜੋ ਫਰਕ ਹੈ, ਖੇਡ ਪੰਡਤ ਮੰਨਦੇ ਹਨ ਕਿ ਚੀਨੀ ਉਲੰਪਿਕ ਮੈਡਲ ਨੂੰ ਆਪਣਾ ਉਦੇਸ਼ ਮੰਨਦੇ ਹਨ ਪਰ ਭਾਰਤੀ ਆਪਣਾ ਤੇ ਪਰਿਵਾਰ ਦਾ ਪੇਟ ਪਾਲਣ ਲਈ ਖੇਡਦੇ ਹਨ। ਹਕੀਕਤ ਇਹ ਹੈ ਕਿ ਅਸੀਂ ਖੇਡ ਸਹੂਲਤਾਂ ਦੀ ਕਮੀ ਦੇ ਸ਼ੋਰ ਵਿਚ ਕੌਮੀ ਖੇਡ ਜਜ਼ਬੇ ਦੀ ਘਾਟ ਦੀ ਗੱਲ ਹੀ ਕਦੇ ਨਹੀਂ ਕਰਦੇ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410


ਖ਼ਬਰ ਸ਼ੇਅਰ ਕਰੋ

ਵਿਸ਼ਵ ਕੱਪ ਤੋਂ ਪਹਿਲਾਂ ਖਿਡਾਰੀਆਂ ਨੂੰ ਪਰਖਣ ਦਾ ਆਖ਼ਰੀ ਮੌਕਾ

ਵਿਸ਼ਵ ਕੱਪ ਜਿੱਤਣ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਲਈ ਆਸਟਰੇਲੀਆ ਵਿਰੁੱਧ ਖੇਡੀ ਜਾਣ ਵਾਲੀ ਘਰੇਲੂ ਲੜੀ 'ਚ ਆਪਣੇ ਖਿਡਾਰੀਆਂ ਨੂੰ ਪਰਖਣ ਦਾ ਆਖਰੀ ਮੌਕਾ ਹੋਵੇਗਾ। ਇਸੇ ਲਈ ਮੰਨਿਆ ਜਾ ਰਿਹਾ ਹੈ ਕਿ ਵਿਸ਼ਵ ਕੱਪ ਲਈ ਚੁਣੀ ਜਾਣ ਵਾਲੀ ਟੀਮ ਇਸ ਦੌਰੇ ਲਈ ਚੁਣੀਆਂ ਗਈਆਂ ਟੀਮਾਂ 'ਚ ਸ਼ਾਮਿਲ ਖਿਡਾਰੀਆਂ 'ਚੋਂ ਹੀ ਚੁਣੀ ਜਾਵੇਗੀ। ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਧਮਾਕੇਦਾਰ ਜਿੱਤਾਂ ਹਾਸਲ ਕਰਕੇ ਭਾਰਤੀ ਟੀਮ ਨੇ ਦਿਖਾ ਦਿੱਤਾ ਸੀ ਕਿ ਉਹ ਇਸ ਵੇਲੇ ਸੰਸਾਰ ਦੀਆਂ ਸਭ ਤੋਂ ਤਾਕਤਵਰ ਟੀਮਾਂ ਵਿਚੋਂ ਇਕ ਹੈ ਅਤੇ ਵਿਸ਼ਵ ਕੱਪ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਹੈ। ਕਿਸੇ ਵੇਲੇ 'ਘਰ ਦੀ ਸ਼ੇਰ' ਸਮਝੀ ਜਾਣ ਵਾਲੀ ਭਾਰਤੀ ਟੀਮ ਨੇ ਆਪਣੇ ਲਗਪਗ ਸਾਰੇ ਖਿਤਾਬ ਭਾਵੇਂ ਵਿਦੇਸ਼ਾਂ ਵਿਚ ਹੀ ਜਿੱਤੇ ਹਨ ਪਰ ਇਸ ਵਾਰ ਦੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ ਨੇ ਟੀਮ ਦਾ ਹੌਸਲਾ ਵਧਾਇਆ ਹੈ।
ਆਸਟਰੇਲੀਆ ਭਾਰਤ ਵਿਚ ਦੋ ਟੀ-20 ਮੈਚ ਤੇ ਪੰਜ ਇਕ-ਦਿਨੀ ਮੈਚ ਖੇਡੇਗੀ। ਚੁਣੇ ਗਏ ਖਿਡਾਰੀਆਂ 'ਚ ਕਈਆਂ ਨੂੰ ਰਿਜ਼ਰਵ 'ਚ ਥਾਂ ਦੇ ਕੇ ਮੌਜੂਦਾ ਟੀਮ 'ਚ ਸ਼ਾਮਿਲ ਉਨ੍ਹਾਂ ਖਿਡਾਰੀਆਂ ਨੂੰ ਸੰਦੇਸ਼ ਦੇ ਦਿੱਤਾ ਗਿਆ ਹੈ ਕਿ ਜੇ ਪ੍ਰਦਰਸ਼ਨ ਵਧੀਆ ਨਾ ਰਿਹਾ ਤਾਂ ਉਨ੍ਹਾਂ ਦਾ ਬਦਲ ਤਿਆਰ ਹੈ। ਵਿਰਾਟ ਕੋਹਲੀ ਤੇ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੇ ਨਾਲ ਤੀਜੇ ਓਪਨਰ ਦੇ ਤੌਰ 'ਤੇ ਕੇ. ਐਲ. ਰਾਹੁਲ ਦੀ ਵਾਪਸੀ ਹੋਈ ਹੈ। ਇਸ ਟੀ. ਵੀ. ਸ਼ੋਅ ਕਰਕੇ ਵਿਵਾਦਾਂ ਵਿਚ ਆਉਣ ਤੋਂ ਬਾਅਦ ਟੀਮ ਤੋਂ ਬਾਹਰ ਕੀਤੇ ਗਏ ਰਾਹੁਲ ਨੂੰ ਮੱਧਕ੍ਰਮ 'ਚ ਵੀ ਅਜ਼ਮਾਇਆ ਜਾ ਸਕਦਾ ਹੈ, ਕਿਉਂਕਿ ਨੰਬਰ 3 'ਤੇ ਕੋਹਲੀ ਦੇ ਆਉਣ ਕਾਰਨ ਨੰਬਰ 4, 5 ਤੇ 6 'ਤੇ ਹਾਲੇ ਵੀ ਸਥਿਤੀ ਬਹੁਤੀ ਸਪੱਸ਼ਟ ਨਹੀਂ। ਹਾਲਾਂਕਿ ਅੰਬਾਤੀ ਰਾਇਡੂ ਨੂੰ ਵਾਰ-ਵਾਰ ਮੌਕਾ ਦਿੱਤਾ ਜਾ ਰਿਹਾ ਹੈ ਤੇ ਕੁਝ ਪਾਰੀਆਂ ਉਸ ਨੇ ਚੰਗੀਆਂ ਵੀ ਖੇਡੀਆਂ ਹਨ ਪਰ ਫਿਰ ਵੀ ਉਹ ਪੂਰਾ ਭਰੋਸਾ ਨਹੀਂ ਜਿੱਤ ਪਾਇਆ। ਮੱਧਕ੍ਰਮ 'ਚ ਕੇਦਾਰ ਯਾਦਵ ਸ਼ਾਮਿਲ ਕੀਤਾ ਗਿਆ ਹੈ, ਜਿਹੜਾ ਕਿ ਆਪਣੀ ਗੇਂਦਬਾਜ਼ੀ ਦੀ ਕਾਬਲੀਅਤ ਕਾਰਨ ਟੀਮ ਵਿਚ ਬਣਿਆ ਰਹਿ ਸਕਦਾ ਹੈ। ਪਿਛਲੇ ਕੁਝ ਮੈਚਾਂ 'ਚ ਵਿਕਟ ਕੀਪਰ ਮਹਿੰਦਰ ਸਿੰਘ ਧੋਨੀ ਨੂੰ ਉਪਰਲੇ ਕ੍ਰਮ 'ਚ ਬੱਲੇਬਾਜ਼ੀ ਦਾ ਜ਼ਿੰਮਾ ਸੌਂਪਿਆ ਗਿਆ ਸੀ ਤੇ ਉਸ ਨੇ ਕਾਫੀ ਹੱਦ ਤੱਕ ਪ੍ਰਭਾਵ ਵੀ ਛੱਡਿਆ ਸੀ। ਸ਼ਾਇਦ ਇਸੇ ਲਈ ਅਜਿੰਨਿਆ ਰਹਾਨੇ ਤੇ ਦਿਨੇਸ਼ ਕਾਰਤਿਕ ਨੂੰ ਇਕ-ਦਿਨੀ ਟੀਮ 'ਚ ਮੌਕਾ ਨਹੀਂ ਮਿਲਿਆ। ਦਿਨੇਸ਼ ਕਾਰਤਿਕ ਵਿਕਟ ਕੀਪਰ ਹੋਣ ਦੇ ਬਾਵਜੂਦ ਆਪਣੀ ਬੱਲੇਬਾਜ਼ੀ ਦੇ ਕੌਸ਼ਲ ਨਾਲ ਟੀਮ 'ਚ ਬਣਿਆ ਹੋਇਆ ਸੀ ਪਰ ਰਿਸ਼ਭ ਪੰਤ ਨਾਲ ਮੁਕਾਬਲੇ ਕਾਰਨ ਉਸ ਨੂੰ ਆਪਣੀ ਥਾਂ ਗੁਆਉਣੀ ਪਈ।
ਆਲਰਾਊਂਡਰ ਦੀ ਟੀਮ 'ਚ ਭਰਮਾਰ ਹੈ ਪਰ ਦੇਖਣਾ ਹੈ ਪਰਖ 'ਤੇ ਕੌਣ ਠੀਕ ਉਤਰਦਾ ਹੈ। ਹਾਰਦਿਕ ਪਾਂਡਿਆਂ ਦੀ ਦਾਅਵੇਦਾਰੀ ਮਜ਼ਬੂਤ ਹੈ ਪਰ ਵਿਜੈ ਸ਼ੰਕਰ 'ਤੇ ਜਤਾਇਆ ਜਾ ਰਿਹਾ ਭਰੋਸਾ ਉਸ ਨੂੰ ਚੈਨ ਨਾਲ ਨਹੀਂ ਬੈਠਣ ਦੇਵੇਗਾ। ਪਾਂਡਿਆ ਦੀ ਗੇਂਦਬਾਜ਼ੀ ਤੇ ਵਿਕਟ ਲੈਣ ਦੀ ਕਾਬਲੀਅਤ ਉਸ ਦਾ ਹੱਥ ਉੱਚਾ ਰੱਖਦੀ ਹੈ ਪਰ ਵਿਜੈ ਸ਼ੰਕਰ ਨੇ ਪਿਛਲੇ ਕੁਝ ਮੈਚਾਂ 'ਚ ਚੋਖਾ ਪ੍ਰਦਰਸ਼ਨ ਕਰਕੇ ਆਪਣੀ ਦਾਅਵੇਦਾਰੀ ਮਜ਼ਬੂਤ ਕੀਤੀ ਹੈ।
ਗੇਂਦਬਾਜ਼ੀ ਵਿਭਾਗ 'ਚ ਤੇਜ਼ ਗੇਂਦਬਾਜ਼ ਬੁਮਰਾਹ ਦੀ ਵਾਪਸੀ ਤਾਂ ਪੱਕੀ ਹੀ ਸੀ। ਉਸ ਨੂੰ ਵਾਰ-ਵਾਰ ਆਰਾਮ ਕਿਉਂ ਦਿੱਤਾ ਜਾ ਰਿਹਾ ਹੈ, ਇਹ ਗੱਲ ਸਮਝ ਤੋਂ ਪਰ੍ਹੇ ਹੈ। ਵਿਦੇਸ਼ੀ ਪਿੱਚਾਂ 'ਤੇ ਉਸ ਨੂੰ ਅਨੁਭਵ ਮਿਲਣਾ ਚਾਹੀਦਾ ਸੀ, ਕਿਉਂਕਿ ਵਿਸ਼ਵ ਕੱਪ ਵੀ ਵਿਦੇਸ਼ 'ਚ ਭਾਵ ਇੰਗਲੈਂਡ 'ਚ ਹੋਣਾ ਹੈ। ਆਸਟਰੇਲੀਆ ਵਿਰੁੱਧ ਮੁਹੰਮਦ ਸ਼ੰਮੀ ਨੂੰ ਤਾਂ ਸਾਰੇ ਇਕ-ਦਿਨੀ ਮੈਚਾਂ ਲਈ ਚੁਣਿਆ ਗਿਆ ਹੈ ਪਰ ਭੁਵਨੇਸ਼ਵਰ ਦੀ ਫਾਰਮ ਨੂੰ ਦੇਖਦਿਆਂ ਪਹਿਲੇ ਦੋ ਮੈਚਾਂ 'ਚ ਉਸ ਦੀ ਥਾਂ ਸਿਧਾਰਥ ਕੌਲ ਨੂੰ ਮੌਕਾ ਦਿੱਤਾ ਗਿਆ ਹੈ। ਕੌਲ ਪ੍ਰਤਿਭਾਸ਼ਾਲੀ ਤੇਜ਼ ਗੇਂਦਬਾਜ਼ ਹੈ ਪਰ ਕੌਮਾਂਤਰੀ ਪੱਧਰ 'ਤੇ ਮੌਕਾ ਮਿਲਣ 'ਤੇ ਵੀ ਉਹ ਪ੍ਰਭਾਵ ਨਹੀਂ ਛੱਡ ਪਾ ਰਿਹਾ। ਘਰੇਲੂ ਮੈਚਾਂ 'ਚ ਵਾਰ-ਵਾਰ ਵਧੀਆ ਪ੍ਰਦਰਸ਼ਨ ਕਰਕੇ ਉਹ ਫਿਰ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਸਪਿਨ ਵਿਭਾਗ ਵਾਲੇ ਪਾਸੇ ਯਜੁਵੇਂਦਰ ਚਾਹਲ ਤੇ ਕੁਲਦੀਪ ਯਾਦਵ ਦੀ ਸਫਲਤਾ ਨੇ ਆਰ. ਅਸ਼ਵਿਨ ਨੂੰ ਤਾਂ ਗਾਇਬ ਕੀਤਾ ਹੀ ਸੀ ਪਰ ਹੁਣ ਰਵਿੰਦਰ ਜਡੇਜਾ ਵੀ ਹਾਸ਼ੀਏ 'ਤੇ ਆ ਗਿਆ ਹੈ। ਹਾਲਾਂਕਿ ਇੰਗਲੈਂਡ 'ਚ ਵਿਸ਼ਵ ਕੱਪ ਦੌਰਾਨ ਗਰਮ ਮੌਸਮ ਹੋਣ ਕਾਰਨ ਉਂਗਲੀਆਂ ਦੇ ਸਪਿਨਰ ਦੀ ਲੋੜ ਪੈ ਸਕਦੀ ਹੈ ਪਰ ਚੋਣ ਕਰਤਾਵਾਂ ਨੇ ਜਡੇਜਾ ਨਾਲ ਕੋਈ ਲਿਹਾਜ਼ ਨਹੀਂ ਕੀਤਾ। ਗੁੱਟ ਦੇ ਸਪਿਨਰ ਨੂੰ ਹਰ ਤਰ੍ਹਾਂ ਦੀ ਪਿੱਚ 'ਤੇ ਸਫਲ ਹੁੰਦਿਆਂ ਦੇਖ ਕੇ ਹੀ ਟੀ-20 'ਚ ਸੱਜੇ ਹੱਥੀ ਲੈੱਗ ਬਰੇਕ ਗੁਗਲੀ ਗੇਂਦਬਾਜ਼ ਮਯੰਕ ਮਾਰਕੰਡੇ ਦੀ ਚੋਣ ਕੀਤੀ ਗਈ ਹੈ। ਪੰਜਾਬ ਦੇ ਸ਼ਹਿਰ ਬਠਿੰਡਾ ਦੇ ਇਸ ਸਪਿਨਰ ਨੇ ਸਿਰਫ 21 ਸਾਲਾਂ ਦੀ ਉਮਰ 'ਚ ਹੀ ਧੁੰਮਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਆਈ.ਪੀ.ਐਲ. ਤੋਂ ਬਾਅਦ ਭਾਰਤ 'ਏ' ਵਲੋਂ ਇੰਗਲੈਂਡ ਲਾਈਨ ਵਿਰੁੱਧ ਤਾਜ਼ਾ-ਤਾਜ਼ਾ ਲਈਆਂ 5 ਵਿਕਟਾਂ ਨੇ ਚੋਣ ਕਰਤਾਵਾਂ ਦਾ ਧਿਆਨ ਉਸ ਵੱਲ ਖਿੱਚਿਆ। ਇਨ੍ਹਾਂ ਦੋ ਮੈਚਾਂ 'ਚ ਉਸ ਦਾ ਪ੍ਰਦਰਸ਼ਨ ਉਸ ਦੇ ਲਈ ਭਵਿੱਖ 'ਚ ਹੋਰ ਰਸਤੇ ਖੋਲ੍ਹ ਸਕਦਾ ਹੈ।
ਭਾਵੇਂ ਕਿ ਚੋਣਕਾਰਾਂ ਨੇ ਆਸਟ੍ਰੇਲੀਆ ਦੌਰੇ ਲਈ ਚੁਣੇ ਖਿਡਾਰੀਆਂ ਨਾਲ ਇਸ਼ਾਰਾ ਕਰ ਦਿੱਤਾ ਹੈ ਕਿ ਵਿਸ਼ਵ ਕੱਪ ਦੇ ਸੰਭਾਵੀ ਖਿਡਾਰੀ ਵੀ ਇਹੋ ਹੀ ਹਨ ਪਰ ਇਸ ਲੜੀ ਦੌਰਾਨ ਮਾੜਾ ਪ੍ਰਦਰਸ਼ਨ ਵਿਸ਼ਵ ਕੱਪ ਵਿਚ ਖੇਡਣ ਦੇ ਸੁਪਨੇ ਨੂੰ ਚੂਰ ਵੀ ਕਰ ਸਕਦਾ ਹੈ। ਫਿਲਹਾਲ ਇਹ ਲੜੀ ਵਿਸ਼ਵ ਕੱਪ ਦੇ ਮੱਦੇਨਜ਼ਰ ਸਭ ਦੀਆਂ ਨਜ਼ਰਾਂ 'ਚ ਰਹੇਗੀ।


-ਮੋਬਾ: 98141-32420

ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਨਾਂਅ ਚਮਕਾ ਰਹੇ ਨੇ ਭਾਈਰੂਪਾ ਦੇ ਖਿਡਾਰੀ

ਬਾਬਾ ਭਾਈ ਰੂਪ ਚੰਦ ਖੇਡ ਸਟੇਡੀਅਮ ਭਾਈਰੂਪਾ (ਬਠਿੰਡਾ) ਅੱਜ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ। ਇੱਥੇ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਨੇ ਸਟੇਡੀਅਮ ਵਿਚ ਮੁਫ਼ਤ ਸਿਖਲਾਈ ਦੇ ਰਹੇ ਮਾਹਿਰ ਕੋਚਾਂ ਕੋਲੋਂ ਖੇਡਾਂ ਦੀਆਂ ਬਰੀਕੀਆਂ ਸਿੱਖ ਕੇ ਵੱਖ-ਵੱਖ ਖੇਡਾਂ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਿਆ ਹੈ। ਇਸ ਸਟੇਡੀਅਮ ਵਿਚ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਬੱਚੇ ਵੱਖ-ਵੱਖ ਖੇਡਾਂ ਦੀ ਪ੍ਰੈਕਟਿਸ ਕਰਦੇ ਹਨ, ਜਿਨ੍ਹਾਂ ਨੂੰ ਕੋਚ ਮਾਧਾ ਸਿੰਘ, ਵੇਟਲਿਫਟਿੰਗ ਕੋਚ ਜਸਵਿੰਦਰ ਸਿੰਘ, ਬਾਕਸਿੰਗ ਕੋਚ ਨਿਰਮਲ ਸਿੰਘ, ਅਥਲੈਟਿਕਸ ਕੋਚ ਹਰਨੇਕ ਸਿੰਘ ਸਾਂਚੇ ਵਿਚ ਢਾਲ ਕੇ ਤਰਾਸ਼ ਰਹੇ ਹਨ, ਜੋ ਅੱਗੇ ਚੱਲ ਕੇ ਬਾਬਾ ਭਾਈ ਰੂਪ ਚੰਦ ਖੇਡ ਸਟੇਡੀਅਮ ਦਾ ਨਾਂਅ ਦੁਨੀਆ ਭਰ ਵਿਚ ਰੌਸ਼ਨ ਕਰ ਰਹੇ ਹਨ। ਇਸ ਖੇਡ ਸਟੇਡੀਅਮ ਵਿਚ ਖਿਡਾਰੀਆਂ ਦੇ ਅਭਿਆਸ ਲਈ ਵੇਟਲਿਫਟਿੰਗ ਹਾਲ, ਜਿਮਨੇਜ਼ੀਅਮ ਹਾਲ, ਅਥਲੈਟਿਕ ਟਰੈਕ ਅਤੇ ਬਾਕਸਿੰਗ ਰਿੰਗ ਤੋਂ ਇਲਾਵਾ ਹੋਰ ਖੇਡਾਂ ਦੀਆਂ ਸਹੂਲਤਾਂ ਮੌਜੂਦ ਹਨ।
ਕੋਚ ਮਾਧਾ ਸਿੰਘ : ਕੋਚ ਮਾਧਾ ਸਿੰਘ 80 ਸਾਲਾ ਸਾਬਕਾ ਫ਼ੌਜੀ ਹੈ ਜੋ ਇਸ ਸਟੇਡੀਅਮ ਵਿਚ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਦੇ ਗੁਰ ਦੱਸ ਰਿਹਾ ਹੈ, ਜਿਨ੍ਹਾਂ ਕੋਲ ਰੋਜ਼ਾਨਾ ਸੈਂਕੜੇ ਨੌਜਵਾਨ ਅਭਿਆਸ ਕਰਦੇ ਹਨ। ਕੋਚ ਮਾਧਾ ਸਿੰਘ ਦੱਸਦਾ ਹੈ ਕਿ 1992 ਵਿਚ ਉਹ ਫ਼ੌਜ ਵਿਚੋਂ ਪੈਨਸ਼ਨ ਆਏ ਸਨ। ਉਸ ਤੋਂ ਕੁਝ ਸਾਲ ਬਾਅਦ ਉਨ੍ਹਾਂ ਪਿੰਡ ਦੇ ਸਾਬਕਾ ਫ਼ੌਜੀਆਂ ਨਾਲ ਮਿਲ ਕੇ ਨੌਜਵਾਨਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀ। ਉਨ੍ਹਾਂ ਤੋਂ ਸਿੱਖ ਕੇ ਹੁਣ ਤੱਕ ਤਕਰੀਬਨ 80 ਦੇ ਕਰੀਬ ਨੌਜਵਾਨ ਫ਼ੌਜ ਵਿਚ ਭਰਤੀ ਹੋ ਚੁੱਕੇ ਹਨ। ਉਹ ਰੋਜ਼ਾਨਾ ਦੋ ਘੰਟੇ ਸਵੇਰੇ ਅਤੇ ਦੋ ਘੰਟੇ ਸ਼ਾਮ ਨੂੰ ਨੌਜਵਾਨਾਂ ਨੂੰ ਅਭਿਆਸ ਕਰਵਾਉਂਦੇ ਹਨ।
ਬਾਕਸਿੰਗ ਸੈਂਟਰ : ਇਸ ਸਟੇਡੀਅਮ ਵਿਚ 2009 ਤੋਂ ਭਾਈ ਰੂਪ ਚੰਦ ਬਾਕਸਿੰਗ ਸੈਂਟਰ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਚੱਲ ਰਿਹਾ ਹੈ, ਜਿੱਥੇ ਬਾਕਸਿੰਗ ਕੋਚ ਨਿਰਮਲ ਸਿੰਘ ਵਲੋਂ ਪੂਰੀ ਮਿਹਨਤ ਨਾਲ ਖਿਡਾਰੀਆਂ ਨੂੰ ਬਾਕਸਿੰਗ ਦੀ ਤਿਆਰੀ ਕਰਵਾਈ ਜਾਂਦੀ ਹੈ। ਇਸ ਸੈਂਟਰ ਦੀ ਖਿਡਾਰਨ ਗਗਨਦੀਪ ਕੌਰ ਦੋ ਵਾਰ ਅੰਤਰਰਾਸ਼ਟਰੀ ਪੱਧਰ 'ਤੇ ਬੁਲਗਾਰੀਆ ਅਤੇ ਸਰਬੀਆ ਦੇਸ਼ਾਂ ਵਿਚ ਬਾਕਸਿੰਗ ਖੇਡ ਕੇ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ। ਸੁਖਜੀਵਨ ਸਿੰਘ, ਗੁਰਪਾਲ ਸਿੰਘ, ਕਰਮਜੀਤ ਕੌਰ, ਅਰੁਣਜੋਤ ਸਿੰਘ, ਹਰਮੰਦਰ ਸਿੰਘ, ਅਮਨਦੀਪ ਕੌਰ, ਰਿੰਪਲਜੀਤ ਕੌਰ, ਅਭਿਨਵ ਅਗਰਵਾਲ, ਸੁਖਦੇਵ ਸਿੰਘ, ਰੁਪਿੰਦਰ ਕੌਰ, ਮਨਪ੍ਰੀਤ ਕੌਰ ਸਮੇਤ ਇਕ ਦਰਜਨ ਖਿਡਾਰੀ ਰਾਸ਼ਟਰੀ ਅਤੇ ਦੋ ਦਰਜਨ ਦੇ ਕਰੀਬ ਖਿਡਾਰੀ ਸਟੇਟ ਪੱਧਰ 'ਤੇ ਖੇਡ ਚੁੱਕੇ ਹਨ। ਬਾਕਸਿੰਗ ਕੋਚ ਨਿਰਮਲ ਸਿੰਘ ਦੀ ਅਗਵਾਈ ਵਿਚ ਬਾਕਸਿੰਗ ਦਾ ਸਟੇਟ ਪੱਧਰ ਦਾ ਟੂਰਨਾਮੈਂਟ ਇਸ ਸਟੇਡੀਅਮ ਵਿਚ ਤਿੰਨ ਵਾਰ ਕਰਵਾਇਆ ਜਾ ਚੁੱਕਾ ਹੈ ਅਤੇ 2012 ਤੋਂ ਲੈ ਕੇ ਹੁਣ ਤੱਕ ਬਾਕਸਿੰਗ ਦੇ ਅਲੱਗ-ਅਲੱਗ ਵਰਗਾਂ ਵਿਚ ਓਵਰਆਲ ਚੈਂਪੀਅਨ ਬਠਿੰਡਾ ਦਾ ਬਣਦਾ ਆ ਰਿਹਾ, ਜਿਸ ਵਿਚ ਇਸ ਸੈਂਟਰ ਦੇ ਖਿਡਾਰੀਆਂ ਦਾ ਅਹਿਮ ਰੋਲ ਹੈ।
ਵੇਟਲਿਫਟਿੰਗ : ਵੇਟਲਿਫਟਰ ਕੋਚ ਜਸਵਿੰਦਰ ਸਿੰਘ ਸਟੇਡੀਅਮ ਵਿਚ ਬਣੇ ਵੇਟਲਿਫਟਿੰਗ ਹਾਲ ਅਤੇ ਜਿਮਨੇਜ਼ੀਅਮ ਹਾਲ ਵਿਚ ਖਿਡਾਰੀਆਂ ਨੂੰ ਵਧੀਆ ਵੇਟਲਿਫਟਰ ਬਣਨ ਦੀ ਸਿੱਖਿਆ ਦੇ ਰਿਹਾ ਹੈ, ਜਿਨ੍ਹਾਂ ਦੇ ਚੰਡੇ ਵੇਟਲਿਫਟਰਾਂ ਵਿਚੋਂ ਗੁਰਭਿੰਦਰ ਸਿੰਘ ਨੇ 2016 ਵਿਚ ਜੂਨੀਅਰ ਏਸ਼ੀਆ ਵੇਟਲਿਫਟਿੰਗ ਚੈਂਪੀਅਨਸ਼ਿਪ ਟੋਕੀਓ (ਜਾਪਾਨ) ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ ਚਾਂਦੀ ਦਾ ਤਗਮਾ ਹਾਸਲ ਕੀਤਾ। ਜਸਵੀਰ ਸਿੰਘ ਨੇ 2015, 16, 17 ਤੇ 18 ਵਿਚ ਪੰਜਾਬ ਜੂਨੀਅਰ ਅਤੇ ਸਬ-ਜੂਨੀਅਰ ਨੈਸ਼ਨਲ ਪਟਨਾ ਸਾਹਿਬ ਵਿਖੇ ਭਾਗ ਲਿਆ। ਲਵਪ੍ਰੀਤ ਸਿੰਘ ਨੇ ਨੈਸ਼ਨਲ ਖਿਡਾਰੀ ਸੀਨੀਅਰ ਪੰਜਾਬ ਵੇਟਲਿਫਟਿੰਗ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ, ਲਵਪ੍ਰੀਤ ਕੌਰ, ਜਸਕਰਨਪ੍ਰੀਤ ਕੌਰ, ਅਮਨਦੀਪ ਕੌਰ, ਰੀਮਾ ਕੁਮਾਰੀ, ਰਜਨੀ, ਖੁਸ਼ਪ੍ਰੀਤ ਕੌਰ ਨੇ ਰਾਸ਼ਟਰੀ ਵੇਟਲਿਫਟਰ 2016, 17 ਤੇ 18 ਵਿਚ ਸੋਨ ਤਗਮਾ ਜਿੱਤਿਆ। ਹਰਜੀਤ ਸਿੰਘ ਨੇ 2016-17 ਵਿਚ ਜੂਨੀਅਰ ਵੇਟਲਿਫਟਿੰਗ ਵਿਚ ਭਾਗ ਲਿਆ, ਜੋ ਅੱਜ ਸੀ.ਆਰ.ਪੀ.ਐਫ. ਵਿਚ ਨੌਕਰੀ ਕਰ ਰਿਹਾ ਹੈ।
ਅਥਲੈਟਿਕਸ : ਸਟੇਡੀਅਮ ਵਿਚ ਅਥਲੈਟਿਕ ਕੋਚ ਹਰਨੇਕ ਸਿੰਘ ਵਲੋਂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਹਰਡਲਜ਼ ਦੌੜ ਦੀ ਤਿਆਰੀ ਕਰਵਾਈ ਜਾਂਦੀ ਹੈ, ਜਿਨ੍ਹਾਂ ਤੋਂ ਸਿੱਖ ਕੇ ਖਿਡਾਰੀ ਭਾਈਰੂਪਾ ਦਾ ਨਾਂਅ ਰੌਸ਼ਨ ਕਰ ਰਹੇ ਹਨ, ਜਿਨ੍ਹਾਂ ਵਿਚੋਂ ਪੰਜਾਬ ਪੁਲਿਸ ਵਿਚ ਭਰਤੀ ਜਸਪ੍ਰੀਤ ਕੌਰ ਨੇ ਆਲ ਇੰਡੀਆ ਪੁਲਿਸ ਖੇਡਾਂ ਵਿਚ ਪੰਜਾਬ ਪੁਲਿਸ ਵਲੋਂ ਖੇਡਦਿਆਂ 100 ਮੀਟਰ ਹਰਡਲਜ਼ ਵਿਚ ਦੂਜਾ ਸਥਾਨ ਅਤੇ ਰਿਲੇਅ ਦੌੜ ਵਿਚ ਪਹਿਲਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਜਸਪ੍ਰੀਤ ਕੌਰ ਨੇ 100 ਮੀਟਰ ਹਰਡਲਜ਼ ਨੂੰ 14:23 ਵਿਚ ਪੂਰਾ ਕਰਕੇ 14:60 ਦਾ 15 ਸਾਲ ਪੁਰਾਣਾ ਰਿਕਾਰਡ ਤੋੜਿਆ ਹੈ। ਇਸੇ ਤਰ੍ਹਾਂ ਹੀ ਅਥਲੀਟ ਵੀਰਪਾਲ ਕੌਰ, ਜਸਪ੍ਰੀਤ ਕੌਰ, ਬੇਅੰਤ ਕੌਰ, ਰਾਜਵਿੰਦਰ ਕੌਰ, ਹਰਵਿੰਦਰ ਸਿੰਘ ਅਤੇ ਅਜੇਪ੍ਰਤਾਪ ਸਿੰਘ ਨੇ ਕੋਚ ਹਰਨੇਕ ਸਿੰਘ ਦੀ ਅਗਵਾਈ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ।
ਨਾਮੀ ਖਿਡਾਰੀ : ਜੇਕਰ ਪਿੱਛੇ ਨਿਗ੍ਹਾ ਮਾਰੀਏ ਤਾਂ ਕਬੱਡੀ ਖਿਡਾਰੀ ਗੁਲਜ਼ਾਰ ਸਿੰਘ, ਬਹਾਲ ਸਿੰਘ, ਜਸਵੰਤ ਬਾਘਾ, ਗੁਰਦੀਪ ਘੋੜਾ, ਗੁਰਪ੍ਰੀਤ ਕੈਨੇਡਾ, ਪਾਲਾ ਕੈਨੇਡਾ, ਇੰਦਰਜੀਤ ਰਾਜੂ ਕੈਨੇਡਾ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਜਸਵੰਤ ਸਿੰਘ, ਜਗਸੀਰ ਸਿੰਘ, ਵੇਟਲਿਫਟਿੰਗ ਜਸਵਿੰਦਰ ਸਿੰਘ (ਕੌਮੀ ਚੈਂਪੀਅਨ), ਇੰਦਰਪਾਲ ਸਿੰਘ ਸੈਣੀ (ਰੇਲਵੇ), ਹਰਜੀਤ ਆਸਟਰੇਲੀਆ, ਬਲਵਿੰਦਰ ਸਿੰਘ, ਸਾਹਿਬ ਸਿੰਘ, ਗੁਰਜੀਵਨ ਸਿੰਘ, ਜਸਵਿੰਦਰ ਸਿੰਘ, ਨਵਨੀਤ ਗੋਲਡੀ, ਗੁਰਪ੍ਰੀਤ, ਗਗਨਦੀਪ, ਐਥਲੈਟਿਕਸ ਹਰਮਿੰਦਰ ਸਿੰਘ ਡੀ.ਪੀ.ਈ., ਗੁਰਜੰਟ ਸਿੰਘ, ਗੁਰਮੇਲ ਸਿੰਘ ਪੀ.ਟੀ.ਈ., ਹਰਨੇਕ ਸਿੰਘ, ਸੁਰਜੀਤ ਸਿੰਘ, ਸਰਬਜੀਤ ਸਿੰਘ, ਕਮਲਜੀਤ ਸਿੰਘ, ਹਰਵਿੰਦਰ ਸਿੰਘ, ਨਵਪ੍ਰੀਤ ਕੌਰ ਪੁਲਿਸ, ਕਿਰਨਜੀਤ ਕੌਰ ਬੀ.ਐਸ.ਐਫ., ਅਮਨਦੀਪ ਕੌਰ, ਕਿਰਨਦੀਪ ਸਿੰਘ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਇਨ੍ਹਾਂ ਗਰਾਊੁਂਡਾਂ ਦੀ ਹੀ ਦੇਣ ਹਨ, ਜਿਨ੍ਹਾਂ ਨੇ ਆਪਣਾ ਤੇ ਭਾਈਰੂਪਾ ਦਾ ਨਾਂਅ ਦੁਨੀਆ ਭਰ ਵਿਚ ਚਮਕਾਇਆ ਹੈ।


-ਪਿੰਡ ਤੇ ਡਾਕ: ਦਿਆਲਪੁਰਾ ਭਾਈਕਾ, ਤਹਿ: ਫੂਲ, ਜ਼ਿਲ੍ਹਾ ਬਠਿੰਡਾ। ਮੋਬਾ: 90419-42308

ਛੋਟੀ ਉਮਰੇ ਅਨੇਕਾਂ ਮੈਡਲ ਜਿੱਤਣ ਵਾਲੀ ਨੈੱਟਬਾਲ ਖਿਡਾਰਨ ਸੁਖਨਪ੍ਰੀਤ ਕੌਰ

ਭਾਵੇਂ ਅੱਜ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਹਾਂ ਪਰ ਸਾਡੀ ਸੋਚ ਵਿਚ ਅਜੇ ਵੀ ਬਹੁਤਾ ਨਵਾਂਪਨ ਨਹੀਂ ਆਇਆ, ਜਿਸ ਕਾਰਨ ਸਮਾਜ ਦਾ ਬਹੁਗਿਣਤੀ ਹਿੱਸਾ ਅਜੇ ਪਿਛਾਂਹ ਵੱਲ ਖੜ੍ਹਾ ਹੀ ਨਜ਼ਰ ਆਉਂਦਾ ਹੈ। ਉਦਾਹਰਨ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਜਦੋਂ ਕਿਸੇ ਦੇ ਘਰ ਕੁੜੀ ਜਨਮ ਲੈਂਦੀ ਹੈ ਤਾਂ ਕਈ ਪਰਿਵਾਰਾਂ 'ਚ ਨਾਮੋਸ਼ੀ ਦਾ ਮਾਹੌਲ ਪਾਇਆ ਜਾਂਦਾ ਹੈ ਪਰ ਜੇਕਰ ਮੁੰਡਾ ਜਨਮ ਲਵੇ ਤਾਂ ਸਾਰੇ ਪਰਿਵਾਰ ਦੇ ਜੀਆਂ ਵਿਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਸਾਡੀ ਸੋਚ ਕਿੱਥੇ ਖੜ੍ਹੀ ਹੈ। ਪਰ ਇਸ ਸੋਚ ਦੇ ਉਲਟ ਇਕ ਧੀ ਨੈੱਟਬਾਲ ਖਿਡਾਰਨ ਸੁਖਨਪ੍ਰੀਤ ਕੌਰ ਜਿਸ ਨੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰ ਕੇ ਇਹ ਸਾਬਿਤ ਕਰ ਦਿੱਤਾ ਕਿ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹਨ।
ਜ਼ਿਲ੍ਹਾ ਬਰਨਾਲਾ ਦੇ ਪਿੰਡ ਉੱਗੋਕੇ ਦੀ ਵਾਸੀ 12 ਸਤੰਬਰ 2001 ਨੂੰ ਮਾਤਾ ਸ਼ਰਨਜੀਤ ਕੌਰ ਅਤੇ ਪਿਤਾ ਗੁਰਜਿੰਦਰ ਸਿੰਘ ਦੇ ਘਰ ਜਨਮੀ ਸੁਖਨਪ੍ਰੀਤ ਕੌਰ ਨੇ ਨੈੱਟਬਾਲ ਵਿਚ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਤੱਕ ਖੇਡ ਕੇ ਅਨੇਕਾਂ ਮੈਡਲਾਂ ਨੂੰ ਆਪਣੇ ਗਲੇ ਦਾ ਸ਼ਿੰਗਾਰ ਬਣਾ ਚੁੱਕੀ ਹੈ। ਸੁਖਨਪ੍ਰੀਤ ਕੌਰ ਹੁਣ ਤੱਕ ਰਾਜ ਪੱਧਰ 'ਤੇ 3 ਸੋਨ ਤਗਮੇ, 3 ਸਿਲਵਰ ਅਤੇ ਰਾਸ਼ਟਰੀ ਪੱਧਰ 'ਤੇ 2 ਸੋਨ ਤਗਮੇ ਅਤੇ 3 ਕਾਂਸੀ ਤਗਮੇ ਪ੍ਰਾਪਤ ਕਰ ਚੁੱਕੀ ਹੈ। 2013 'ਚ ਗੁਰਦਾਸਪੁਰ ਵਿਖੇ ਹੋਏ ਅੰਡਰ 14 ਉਮਰ ਵਰਗ ਦੇ ਰਾਜ ਪੱਧਰੀ ਮੁਕਾਬਲਿਆਂ ਵਿਚ ਸੁਖਨਪ੍ਰੀਤ ਕੌਰ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਅਤੇ ਇਸੇ ਸਾਲ ਹੀ ਛੱਤੀਸਗੜ੍ਹ ਦੇ ਬਿਲਾਸਪੁਰ ਵਿਖੇ ਹੋਏ ਰਾਸ਼ਟਰੀ ਪੱਧਰ 'ਤੇ ਕਾਂਸੀ ਦਾ ਤਗਮਾ ਜਿੱਤ ਕੇ ਆਪਣਾ, ਮਾਤਾ-ਪਿਤਾ, ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ, ਜਿਸ ਤੋਂ ਬਾਅਦ ਸੁਖਨਪ੍ਰੀਤ ਨੇ ਆਪਣੇ ਵਧੇ ਹੌਸਲੇ ਸਦਕਾ ਜੇਤੂ ਰੱਥ ਨੂੰ ਨਿਰਵਿਘਨ ਚਲਦਾ ਰੱਖਦਿਆਂ ਹਰ ਸਾਲ ਮੈਡਲ ਜਿੱਤ ਕੇ ਬੱਲੇ-ਬੱਲੇ ਕਰਵਾ ਦਿੱਤੀ। 2014 ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਸੂਬਾ ਪੱਧਰੀ ਮੁਕਾਬਲਿਆਂ 'ਚ ਸੁਖਨਪ੍ਰੀਤ ਨੇ ਸਿਲਵਰ ਮੈਡਲ ਅਤੇ ਰਾਸ਼ਟਰੀ ਪੱਧਰ 'ਤੇ ਉੱਤਰ ਪ੍ਰਦੇਸ਼ ਦੇ ਗਾਜੀਆਬਾਦ ਵਿਖੇ ਹੋਏ ਮੁਕਾਬਲਿਆਂ 'ਚ ਸੋਨ ਤਗਮਾ ਪ੍ਰਾਪਤ ਕੀਤਾ। ਅਗਲੇ ਸਾਲ 2015 'ਚ ਬਰਨਾਲਾ ਵਿਖੇ ਹੋਏ ਸਟੇਟ ਪੱਧਰੀ ਮੁਕਾਬਲਿਆਂ ਦੌਰਾਨ ਸੋਨ ਤਗਮਾ ਹਾਸਲ ਤੇ ਨੈਸ਼ਨਲ ਪੱਧਰ 'ਤੇ ਛੱਤੀਸਗੜ੍ਹ ਦੇ ਦੁਰਗ ਵਿਖੇ ਹੋਏ ਮੈਚਾਂ 'ਚ ਸਿਲਵਰ ਮੈਡਲ ਜਿੱਤਿਆ। 2016 ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਸੂਬਾ ਪੱਧਰੀ ਮੈਚਾਂ 'ਚ ਸੋਨ ਤਗਮਾ ਅਤੇ 2017 'ਚ ਇੱਥੇ ਹੀ ਹੋਏ ਸੂਬਾ ਪੱਧਰੀ ਮੁਕਾਬਲਿਆਂ 'ਚ ਸਿਲਵਰ ਮੈਡਲ ਜਿੱਤਿਆ। ਇਸ ਤੋਂ ਇਲਾਵਾ ਇਸੇ ਸਾਲ ਹੀ ਪੰਜਾਬ ਦੇ ਰੂਪਨਗਰ ਵਿਖੇ ਹੋਏ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ 'ਚ ਸੋਨ ਤਗਮਾ ਪ੍ਰਾਪਤ ਕੀਤਾ। 2018 'ਚ ਤਰਨਤਾਰਨ ਵਿਖੇ ਹੋਏ ਅੰਡਰ 19 ਉਮਰ ਵਰਗ ਦੇ ਮੁਕਾਬਲਿਆਂ 'ਚ ਸਿਲਵਰ ਮੈਡਲ ਅਤੇ ਮਹਾਰਾਸ਼ਟਰ ਦੇ ਸਿਤਾਰਾ ਵਿਖੇ ਹੋਏ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਕਾਂਸੀ ਦਾ ਤਗਮਾ ਹਾਸਿਲ ਕੀਤਾ।
ਸੁਖਨਪ੍ਰੀਤ ਨੇ ਛੋਟੀ ਜਿਹੀ ਉਮਰ ਵਿਚ ਇਹ ਜੋ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ, ਇਹ ਸਚਮੁੱਚ ਹੀ ਉਸ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ। ਜਿਥੇ ਸੁਖਨਪ੍ਰੀਤ ਖੇਡਾਂ ਵਿਚ ਅੱਵਲ ਆ ਰਹੀ ਹੈ ਉਥੇ ਹੀ ਪੜ੍ਹਾਈ ਵਿਚ ਵੀ ਕਿਸੇ ਤੋਂ ਪਿੱਛੇ ਨਹੀਂ ਹੈ। ਉਸ ਨੇ ਹੁਣ ਤੱਕ ਜੋ ਜਮਾਤਾਂ ਪਾਸ ਕੀਤੀਆਂ ਹਨ ਉਨ੍ਹਾਂ ਵਿਚ ਚੰਗੇ ਨੰਬਰ ਲਏ ਹਨ। ਦ੍ਰਿੜ੍ਹ ਇਰਾਦਿਆਂ ਦੀ ਮਾਲਕ ਸੁਖਨਪ੍ਰੀਤ ਦੇਸ਼ ਲਈ ਖੇਡਣਾ ਚਾਹੁੰਦੀ ਹੈ ਜਿਸ ਲਈ ਉਹ ਹੋਰ ਵੀ ਬਹੁਤ ਸਖ਼ਤ ਮਿਹਨਤ ਕਰ ਰਹੀ ਹੈ।


-ਧਨੌਲਾ 148105 ਜ਼ਿਲ੍ਹਾ : ਬਰਨਾਲਾ। ਮੋਬਾਈਲ : 97810-48055.

ਅਪਾਹਜ ਹੋਣ ਦੇ ਬਾਵਜੂਦ ਵੀ ਕ੍ਰਿਕਟ ਦੇ ਮੈਦਾਨ ਦਾ ਸਿਤਾਰਾ ਹੈ ਪੰਕਜ ਕੁਮਾਰ ਸ਼ੁਕਲਾ

ਪੰਕਜ ਕੁਮਾਰ ਸ਼ੁਕਲਾ 10 ਕੁ ਮਹੀਨਿਆਂ ਦਾ ਸੀ ਕਿ ਉਸ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਡਾਕਟਰ ਦੀ ਲਾਪ੍ਰਵਾਹੀ ਆਖ ਲਈਏ ਜਾਂ ਪੰਕਜ ਕੁਮਾਰ ਦੀ ਬਦਕਿਸਮਤੀ, ਡਾਕਟਰ ਨੇ ਤੇਜ਼ ਬੁਖਾਰ ਵਿਚ ਹੀ ਟੀਕਾ ਲਾ ਦਿੱਤਾ ਅਤੇ ਚੜ੍ਹੇ ਤੇਜ਼ ਬੁਖਾਰ ਨੇ ਉਸ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਅਤੇ ਪੰਕਜ ਦੀਆਂ ਦੋਵੇਂ ਲੱਤਾਂ ਨੇ ਤੁਰਨ ਤੋਂ ਜਵਾਬ ਦੇ ਦਿੱਤਾ ਅਤੇ ਉਹ ਸਾਰੀ ਜ਼ਿੰਦਗੀ ਵੀਲ੍ਹਚੇਅਰ 'ਤੇ ਚੱਲਣ ਲਈ ਮਜਬੂਰ ਹੋ ਗਿਆ। ਪੰਕਜ ਕੁਮਾਰ ਦਾ ਜਨਮ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪ੍ਰਯਾਗਰਾਜ ਦੇ ਇਕ ਪਿੰਡ ਬਖਤਿਆਰਾ ਵਿਚ ਪਿਤਾ ਸ਼ਿਵ ਨਰਾਇਣ ਦੇ ਘਰ ਮਾਤਾ ਸਰਲਾ ਦੇਵੀ ਦੀ ਕੁੱਖੋਂ 22 ਅਗਸਤ, 1995 ਨੂੰ ਹੋਇਆ। ਛੋਟੀ ਉਮਰੇ ਅਪਾਹਜ ਹੋਣ ਦੇ ਬਾਵਜੂਦ ਵੀ ਨਾ ਹੀ ਪੰਕਜ ਕੁਮਾਰ ਨੇ ਹਾਰ ਮੰਨੀ ਅਤੇ ਨਾ ਹੀ ਉਸ ਦੇ ਮਾਂ-ਬਾਪ ਨੇ। ਪੰਕਜ ਕੁਮਾਰ ਦੀ ਜ਼ਿੰਦਗੀ ਵੀਲ੍ਹਚੇਅਰ 'ਤੇ ਦੌੜਨ ਲੱਗੀ ਅਤੇ ਵੱਡਾ ਭਰਾ ਪਵਨ ਸ਼ੁਕਲਾ ਉਸ ਨੂੰ ਸਾਈਕਲ 'ਤੇ ਬਿਠਾ ਸਕੂਲ ਛੱਡ ਆਉਂਦਾ ਅਤੇ ਛੁੱਟੀ ਹੋ ਜਾਣ 'ਤੇ ਲੈ ਆਉਂਦਾ। ਇਸੇ ਤਰ੍ਹਾਂ ਪੰਕਜ ਕੁਮਾਰ ਨੇ ਬੀ.ਏ. ਤੱਕ ਦੀ ਪੜ੍ਹਾਈ ਕਾਨਪੁਰ ਯੂਨੀਵਰਸਿਟੀ ਤੋਂ ਕਰ ਲਈ ਅਤੇ ਐਮ. ਏ. (ਇਤਿਹਾਸ) ਲਖਨਊ ਤੋਂ ਅਤੇ ਅੱਜਕਲ੍ਹ ਉਹ ਹੋਰ ਵੀ ਉੱਚ ਵਿੱਦਿਆ ਮੁੰਬਈ ਤੋਂ ਲੈ ਰਿਹਾ ਹੈ।
ਪੰਕਜ ਨੂੰ ਜ਼ਿੰਦਗੀ ਨੇ ਅਪਾਹਜ ਤਾਂ ਬਣਾ ਦਿੱਤਾ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਬਚਪਨ ਵਿਚ ਹੀ ਖੇਡਾਂ ਖੇਡਣ ਦਾ ਜਨੂੰਨ ਉਸ ਅੰਦਰ ਇਕ ਵਾਰ ਫਿਰ ਜਾਗਿਆ ਅਤੇ ਉਸ ਨੇ ਵੀਲ੍ਹਚੇਅਰ 'ਤੇ ਹੀ ਬੈਡਮਿੰਟਨ ਖੇਡਣ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਤੀਜਾ ਇਹ ਹੋਇਆ ਕਿ ਫਰਵਰੀ, 2017 ਵਿਚ ਹੈਦਰਾਬਾਦ ਦੇ ਸ਼ਹਿਰ ਤੇਲੰਗਾਨਾ ਵਿਚ ਆਯੋਜਿਤ ਨੈਸ਼ਨਲ ਪੈਰਾ ਬੈਡਮਿੰਟਨ ਵਿਚ ਹਿੱਸਾ ਲਿਆ, ਜਿਥੇ ਉਸ ਨੇ ਸਿੰਗਲ ਅਤੇ ਡਬਲ ਖੇਡਦਿਆਂ ਦੋ ਕਾਂਸੀ ਦੇ ਤਗਮੇ ਜਿੱਤ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਆਪਣੇ-ਆਪ ਨੂੰ ਸਥਾਪਤ ਕਰ ਲਿਆ ਅਤੇ ਹੁਣ ਤੱਕ ਉਹ ਵੀਲ੍ਹਚੇਅਰ ਬੈਡਮਿੰਟਨ ਦੇ ਕਈ ਟੂਰਨਾਮੈਂਟ ਖੇਡ ਕੇ ਚਾਰ ਕਾਂਸੀ ਦੇ ਤਗਮੇ ਜਿੱਤ ਕੇ ਆਪਣੇ ਪ੍ਰਾਂਤ ਉੱਤਰ ਪ੍ਰਦੇਸ਼ ਅਤੇ ਆਪਣੇ ਜ਼ਿਲ੍ਹੇ ਪ੍ਰਯਾਗਰਾਜ ਦਾ ਨਾਂਅ ਰੌਸ਼ਨ ਕਰ ਚੁੱਕਾ ਹੈ ਅਤੇ ਹੁਣ ਉਹ ਮਹਾਰਾਸ਼ਟਰ ਮੁੰਬਈ ਦੀ ਵੀਲ੍ਹਚੇਅਰ ਕ੍ਰਿਕਟ ਟੀਮ ਦਾ ਇਕ ਵੱਡਾ ਹਿੱਸਾ ਹੈ ਅਤੇ ਨਾਲ ਹੀ ਉਸ ਦੀ ਤੈਰਾਕੀ ਜਾਣੀ ਸਵਿਮਿੰਗ ਦੀ ਤਿਆਰੀ ਵੀ ਚੱਲ ਰਹੀ ਹੈ। ਪੰਕਜ ਕੁਮਾਰ ਸ਼ੁਕਲਾ ਦਾ ਨਿਸ਼ਾਨਾ ਹੈ ਕਿ ਇਕ ਦਿਨ ਉਹ ਉਲੰਪਿਕ ਵਿਚ ਖੇਡੇ ਅਤੇ ਭਾਰਤ ਦਾ ਨਾਂਅ ਰੌਸ਼ਨ ਕਰੇ। ਉਹ ਆਖਦਾ ਹੈ ਕਿ ਭਾਵੇਂ ਪਰਮਾਤਮਾ ਨੇ ਉਸ ਨੂੰ ਬਚਪਨ ਤੋਂ ਹੀ ਦੋਵੇਂ ਲੱਤਾਂ ਤੋਂ ਅਪਾਹਜ ਕਰ ਦਿੱਤਾ ਪਰ ਇਸ ਦੇ ਬਾਵਜੂਦ ਵੀ ਉਹ ਆਤਮ ਸਵੈਮਾਣ ਦੀ ਜ਼ਿੰਦਗੀ ਜਿਉ ਰਿਹਾ ਹੈ।


-ਮੋਬਾ: 98551-14484

ਕੌਮਾਂਤਰੀ ਅਥਲੀਟ ਨਵਪ੍ਰੀਤ ਕੌਰ

ਭਾਰਤੀ ਅਥਲੀਟਾਂ ਨੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ 'ਤੇ ਅਨੇਕਾਂ ਮੱਲਾਂ ਮਾਰੀਆਂ ਹਨ, ਇਸ ਵਿਚ ਔਰਤਾਂ ਦੀ ਭੂਮਿਕਾ ਬਹੁਤ ਅਹਿਮ ਰਹੀ ਹੈ। ਭਾਰਤ ਦੇਸ਼ ਵਿਚ ਭਾਵੇਂ ਔਰਤਾਂ ਨੂੰ ਬਣਦਾ ਸਤਿਕਾਰ ਨਹੀਂ ਮਿਲਦਾ ਪਰ ਜੇਕਰ ਪਿਛਲੀਆਂ ਉਲੰਪਿਕ ਖੇਡਾਂ ਵਿਚ ਮਹਿਲਾ ਅਥਲੀਟ ਤਗਮੇ ਨਾ ਜਿੱਤਦੀਆਂ ਤਾਂ ਭਾਰਤ ਦੀ ਝੋਲੀ ਕੋਈ ਵੀ ਤਗਮਾ ਨਹੀਂ ਆਉਣਾ ਸੀ। ਉਲੰਪਿਕ ਖੇਡਾਂ ਵਰਗੇ ਖੇਡ ਮਹਾਂਕੁੰਭ ਵਿਚ ਇਨ੍ਹਾਂ ਮਹਿਲਾ ਅਥਲੀਟਾਂ ਨੇ ਤਗਮੇ ਜਿੱਤੇ ਹਨ। ਰਾਸ਼ਟਰ ਮੰਡਲ ਤੇ ਏਸ਼ੀਆਈ ਖੇਡਾਂ ਵਿਚ ਵੀ ਭਾਰਤੀ ਮਹਿਲਾ ਅਥਲੀਟਾਂ ਦੀ ਤਗਮੇ ਜਿੱਤਣ ਵਿਚ ਅਹਿਮ ਭੂਮਿਕਾ ਰਹੀ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੀ ਸਟਾਰ ਅਥਲੀਟ ਨਵਪ੍ਰੀਤ ਕੌਰ ਦੀ। ਅਥਲੀਟ ਨਵਪ੍ਰੀਤ ਕੌਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਦੇਸ਼ ਲਈ ਅਨੇਕਾਂ ਮੱਲਾਂ ਮਾਰੀਆਂ ਹਨ। ਕੌਮਾਂਤਰੀ ਅਥਲੀਟ ਨਵਪ੍ਰੀਤ ਕੌਰ ਹੈਪਟੈਥਲੋਨ ਦੀ ਖਿਡਾਰਨ ਹੈ। ਨਵਪ੍ਰੀਤ ਕੌਰ ਦਾ ਜਨਮ ਭਾਈ ਰੂਪਾ, ਤਹਿ: ਤੇ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ, ਜਿਸ ਨੇ ਆਪਣੀ ਮੁਢਲੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਐਮ.ਏ. ਹਿਸਟਰੀ ਪਾਸ ਕੀਤੀ ਅਤੇ ਉਸ ਤੋਂ ਬਾਅਦ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨ.ਆਈ.ਐਸ.) ਵਿਚ ਡਿਪਲੋਮਾ ਇੰਨ ਕੋਚਿੰਗ ਪਾਸ ਕੀਤਾ ਤੇ ਨਾਲ ਹੀ ਆਈ.ਏ.ਏ.ਐੱਫ. ਲੈਵਲ ਵਨ ਦਾ ਕੋਰਸ ਤੇ ਇਲੈਵਨ ਟੂਰ ਲਈ ਕੁਆਲੀਫਾਈ ਕੀਤਾ। ਨਵਪ੍ਰੀਤ ਕੌਰ ਪੰਜਾਬ ਪੁਲਿਸ ਵਿਚ ਬਤੌਰ ਏ.ਐਸ.ਆਈ. ਦੇ ਅਹੁਦੇ 'ਤੇ ਤਾਇਨਾਤ ਹੈ। ਇਸ ਮਹਿਲਾ ਅਥਲੀਟ ਨੇ ਅੰਤਰਰਾਸ਼ਟਰੀ ਪੱਧਰ 'ਤੇ 3 ਏਸ਼ੀਆਈ ਇੰਡੋਰ ਗੇਮਜ਼, ਏਸ਼ੀਅਨ ਇੰਡੋਰ ਅਥਲੈਟਿਕਸ ਚੈਂਪੀਅਨਸ਼ਿਪ, ਏਸ਼ੀਅਨ ਟਰੈਕ ਫੀਲਡ ਅਥਲੈਟਿਕਸ ਚੈਂਪੀਅਨਸ਼ਿਪ ਪੂਨਾ ਵਿਖੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ।
ਰਾਸ਼ਟਰ ਮੰਡਲ ਖੇਡਾਂ 2010 ਵਿਚ ਨਵਪ੍ਰੀਤ ਕੌਰ ਨੇ ਸੱਤਵਾਂ ਸਥਾਨ ਹਾਸਲ ਕੀਤਾ। ਕੌਮਾਂਤਰੀ ਅਥਲੀਟ ਨਵਪ੍ਰੀਤ ਕੌਰ ਨੇ ਰਾਸ਼ਟਰੀ ਪੱਧਰ 'ਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ 2006-07 ਵਿਚ ਸੋਨ ਤਗਮਾ ਅਤੇ ਕਾਂਸੀ ਦਾ ਤਗਮਾ ਜਿੱਤਿਆ। ਨੈਸ਼ਨਲ ਸਪਰਿੰਟ ਮੀਟ ਜੋ ਪਟਿਆਲਾ ਵਿਖੇ ਹੋਈ, ਉਸ ਵਿਚ ਸੋਨ ਤਗਮਾ, ਓਪਨ ਸਟੇਟ ਸੀਨੀਅਰ ਨੈਸ਼ਨਲ ਵਿਚ ਚਾਂਦੀ ਦਾ ਤਗਮਾ ਅਤੇ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ। ਫੈਡਰੇਸ਼ਨ ਕੱਪ ਵਿਚ ਚਾਂਦੀ ਦਾ ਤਗਮਾ, ਨੈਸ਼ਨਲ ਗੇਮਜ਼ ਰਾਂਚੀ ਵਿਚ 3 ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ ਇਸ ਅਥਲੀਟ ਨੇ ਪੰਜਾਬ ਪੁਲਿਸ ਵਿਚ ਸੇਵਾ ਕਰਦੇ ਹੋਏ ਇੰਡੀਆ ਪੁਲਿਸ ਵਿਚ 2011-12 ਵਿਚ 2 ਕਾਂਸੀ ਦੇ ਤਗਮੇ , 2012-13-14 ਵਿਚ ਸੋਨ ਤਗਮਾ ਅਤੇ 2014-15 ਵਿਚ ਕਾਂਸੀ ਦਾ ਤਗ਼ਮਾ ਤੇ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਪੁਲਿਸ ਦਾ ਨਾਂਅ ਰੌਸ਼ਨ ਕੀਤਾ। ਕੌਮਾਂਤਰੀ ਅਥਲੀਟ ਨਵਪ੍ਰੀਤ ਕੌਰ ਨੇ ਜਿੱਥੇ ਪੰਜਾਬ ਪੁਲਿਸ ਲਈ ਰਾਸ਼ਟਰੀ ਪੱਧਰ 'ਤੇ ਤਗਮੇ ਜਿੱਤੇ ਹਨ, ਨਾਲ ਹੀ ਵਰਲਡ ਪੁਲਿਸ ਐਂਡ ਫਾਇਰ ਗੇਮਾਂ ਕੈਨੇਡਾ ਵਿਚ ਹਾਈਜੰਪ, ਲੌਂਗ ਈਵੈਂਟ ਵਿਚ ਸੋਨ ਤਗਮੇ ਭਾਰਤ ਲਈ ਜਿੱਤੇ ਹਨ। ਕੌਮਾਂਤਰੀ ਅਥਲੀਟ ਨਵਪ੍ਰੀਤ ਕੌਰ ਦੀਆਂ ਖੇਡ ਪ੍ਰਾਪਤੀਆਂ ਨੂੰ ਦੇਖਦੇ ਹੋਏ ਭਾਰਤੀ ਅਥਲੈਟਿਕ ਫੈਡਰੇਸ਼ਨ ਨੇ ਭਾਰਤੀ ਅਥਲੈਟਿਕਸ ਟੀਮ ਦਾ ਕੋਚ ਨਿਯੁਕਤ ਕੀਤਾ।


-ਮੋਬਾ: 82888-47042


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX