ਤਾਜਾ ਖ਼ਬਰਾਂ


ਭਗੌੜੇ ਨੇ ਪਤਨੀ ਤੇ ਧੀ ਦੇ ਮਾਰੀਆਂ ਗੋਲੀਆਂ , ਧੀ ਦੀ ਮੌਤ, ਪਤਨੀ ਗੰਭੀਰ
. . .  1 day ago
ਗੜ੍ਹਸ਼ੰਕਰ, 21 ਮਾਰਚ (ਧਾਲੀਵਾਲ)- ਪੁਲਿਸ ਹਿਰਾਸਤ ਵਿਚੋਂ ਭਗੌੜੇ ਇੱਥੋਂ ਦੇ ਪਿੰਡ ਬਸਤੀ ਸੈਂਸੀਆਂ (ਦੇਨੋਵਾਲ ਖ਼ੁਰਦ) ਦੇ ਮੇਜਰ ਨਾਮੀ ਵਿਅਕਤੀ ਵੱਲੋਂ ਅੱਜ ਦੇਰ ਸ਼ਾਮ 7.15 ਕੁ ਵਜੇ ਆਪਣੇ ਘਰ ਵਿਚ ਰਿਵਾਲਵਰ ...
ਨਾਗਾਲੈਂਡ ਤੋਂ ਕੇ.ਐੱਲ ਚਿਸ਼ੀ ਹੋਣਗੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ
. . .  1 day ago
ਕੋਹਿਮਾ, 21 - ਨਾਗਾਲੈਂਡ ਕਾਂਗਰਸ ਦੇ ਪ੍ਰਧਾਨ ਕੇ ਥੈਰੀ ਨੇ ਅੱਜ ਐਲਾਨ ਕੀਤਾ ਕਿ ਸਾਬਕਾ ਮੁੱਖ ਮੰਤਰੀ ਕੇ.ਐੱਲ ਚਿਸ਼ੀ ਨਾਗਾਲੈਂਡ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹੋਣਗੇ।
ਪ੍ਰੇਸ਼ਾਨੀ ਕਾਰਨ ਸ਼ਾਦੀਸ਼ੁਦਾ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ
. . .  1 day ago
ਸੁਲਤਾਨਵਿੰਡ, 21 ਮਾਰਚ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ’ਚ ਘਰ ਪ੍ਰੇਸ਼ਾਨੀ ਤੇ ਚੱਲਦਿਆਂ ਇਕ ਸ਼ਾਦੀਸ਼ੁਦਾ ਨੋਜਵਾਨ ਵੱਲੋਂ ਨਹਿਰ ’ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ।ਇਸ ਦੀ ...
ਹੋਲੇ ਮਹੱਲੇ ਦੀ ਸੰਪੂਰਨਤਾ 'ਤੇ ਐੱਸ.ਜੀ.ਪੀ.ਸੀ ਨੇ ਸਜਾਇਆ ਮਹੱਲਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਸਿੱਖ ਪੰਥ ਦੇ ਨਿਆਰੇਪਣ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਸੰਪੂਰਨਤਾ 'ਤੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ...
ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਮਾਰਚ - ਕੇਂਦਰੀ ਮੰਤਰੀ ਜੇ.ਪੀ ਨੱਢਾ ਨੇ ਅੱਜ ਪ੍ਰੈੱਸ ਵਾਰਤਾ ਦੌਰਾਨ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ 182 ਉਮੀਦਵਾਰਾਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ...
ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ
. . .  1 day ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
15 ਹਜ਼ਾਰ ਰੁਪਏ ਰਿਸ਼ਵਤ ਦੇ ਮਾਮਲੇ 'ਚ ਏ.ਐੱਸ.ਆਈ ਗ੍ਰਿਫ਼ਤਾਰ
. . .  1 day ago
ਨਵਾਂਸ਼ਹਿਰ, 21 ਮਾਰਚ - ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਥਾਣਾ ਰਾਹੋਂ ਵਿਖੇ ਤਾਇਨਾਤ ਏ.ਐਸ.ਆਈ ਬਲਵਿੰਦਰ ਸਿੰਘ ਨੂੰ 15 ਹਾਜ਼ਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਚ...
ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਦੇਹਾਂਤ
. . .  1 day ago
ਚੰਡੀਗੜ੍ਹ, 21 ਮਾਰਚ - ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। 92 ਸਾਲਾਂ ਬਲਵੰਤ ਸਿੰਘ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ...
ਸਕੂਲ ਪ੍ਰਿੰਸੀਪਲ ਦੀ ਹਿਰਾਸਤ 'ਚ ਹੋਈ ਮੌਤ ਖ਼ਿਲਾਫ਼ ਵਪਾਰੀਆਂ ਵੱਲੋਂ ਪ੍ਰਦਰਸ਼ਨ
. . .  1 day ago
ਸ੍ਰੀਨਗਰ, 21 ਮਾਰਚ - - ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਦੇ ਵਿਰੋਧ ਵਿਚ ਸ੍ਰੀਨਗਰ ਵਿਖੇ ਵਪਾਰੀਆਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ੀਆਂ ਖ਼ਿਲਾਫ਼...
ਬੀਜੂ ਜਨਤਾ ਦਲ ਰਾਜ ਸਭਾ ਮੈਂਬਰ ਦਾ ਪੁੱਤਰ ਭਾਜਪਾ 'ਚ ਸ਼ਾਮਲ
. . .  1 day ago
ਭੁਵਨੇਸ਼ਵਰ, 21 ਮਾਰਚ - ਭੁਵਨੇਸ਼ਵਰ ਤੋਂ ਰਾਜ ਸਭਾ ਮੈਂਬਰ ਪ੍ਰਸ਼ਾਂਤ ਨੰਦਾ ਦੇ ਬੇਟਾ ਰਿਸ਼ਵ ਨੰਦਾ ਅੱਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਖੁੰਬਾਂ ਦੀ ਕਾਸ਼ਤ : ਇਕ ਲਾਹੇਵੰਦ ਸਹਾਇਕ ਕਿੱਤਾ

ਮੌਜੂਦਾ ਸਥਿਤੀ : ਇਸ ਸਮੇਂ ਦੇਸ਼ ਵਿਚ ਖੁੰਬਾਂ ਦੀ ਪੈਦਾਵਾਰ 1,20,000 ਟਨ ਹੈ। ਇਸ ਵਿਚੋਂ ਪੰਜਾਬ ਦਾ ਹਿੱਸਾ 14 ਪ੍ਰਤੀਸ਼ਤ ਹੈ। ਪੰਜਾਬ ਵਿਚ ਖੁੰਬਾਂ ਲਗਪਗ 400 ਉਤਪਾਦਕਾਂ ਰਾਹੀਂ ਅਤੇ ਕੁਝ ਕੋਲਡ ਸਟੋਰਾਂ 'ਚ ਅਨੁਕੂਲ ਵਾਤਾਵਰਨ ਵਿਚ ਉਗਾਈਆਂ ਜਾਂਦੀਆਂ ਹਨ। ਪੰਜਾਬ ਖੇਤੀ ਪ੍ਰਧਾਨ ਰਾਜ ਹੋਣ ਕਾਰਨ ਇਸ ਦੀ ਕੁੱਲ ਜ਼ਮੀਨ ਦਾ 83.5 ਪ੍ਰਤੀਸ਼ਤ ਖੇਤਰ ਵੱਖ-ਵੱਖ ਫ਼ਸਲਾਂ ਲਈ ਵਰਤਿਆ ਜਾਂਦਾ ਹੈ। ਕਣਕ ਅਤੇ ਝੋਨਾ ਮੁੱਖ ਫ਼ਸਲਾਂ ਹੋਣ ਕਾਰਨ ਤੂੜੀ ਅਤੇ ਪਰਾਲੀ ਵਧੇਰੇ ਮਾਤਰਾ ਵਿਚ ਪ੍ਰਾਪਤ ਹਨ। 30 ਮਿਲੀਅਨ ਟਨ ਕੱਚੇ ਮਾਲ ਵਿਚ ਵਧੇਰੇ ਹਿੱਸਾ ਤੂੜੀ ਅਤੇ ਪਰਾਲੀ ਦਾ ਹੈ। ਇਸ ਤੋਂ ਇਲਾਵਾ ਇਸ ਖੇਤਰ ਦੇ ਮੁੱਖ ਮੌਸਮਾਂ (ਗਰਮੀ ਅਤੇ ਸਰਦੀ), ਜਿਸ ਵਿਚ ਔਸਤ ਤਾਪਮਾਨ 4 ਤੋਂ 42 ਡਿਗਰੀ ਸੈਂਟੀਗ੍ਰੇਡ ਵਿਚ ਹੋਣ ਕਰਕੇ ਖੁੰਬਾਂ ਦੀ ਕਾਸ਼ਤ ਲਈ ਬਹੁਤ ਢੁਕਵਾਂ ਹੈ।
ਖੁੰਬਾਂ ਦੀ ਕਾਸ਼ਤ ਦੀ ਮਹੱਤਤਾ : ਖੁੰਬਾਂ ਦੀ ਕਾਸ਼ਤ ਦੇ ਕਈ ਹੋਰ ਵੀ ਲਾਭ ਹਨ : -1. ਇਹ ਲੋਕਾਂ ਦੀ ਖ਼ੁਰਾਕ ਨੂੰ ਵਧੀਆ ਕਿਸਮ ਦੀ ਪ੍ਰੋਟੀਨ, ਖਣਿਜ ਪਦਾਰਥਾਂ ਅਤੇ ਵਿਟਾਮਿਨਾਂ ਨਾਲ ਵਧੇਰੇ ਪੌਸ਼ਟਿਕ ਬਣਾਉਂਦੀਆਂ ਹਨ। 2. ਇਹ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਵਾਸਤੇ ਵਰਤੀਆਂ ਜਾਂਦੀਆਂ ਹਨ। 3. ਕਣਕ ਅਤੇ ਝੋਨੇ ਦੀ ਫ਼ਸਲ ਵਿਚੋਂ ਬਚੀ ਤੂੜੀ ਤੇ ਪਰਾਲੀ ਨੂੰ ਵਧੀਆ ਢੰਗ ਨਾਲ ਵਰਤਿਆ ਜਾ ਸਕਦਾ ਹੈ ਅਤੇ ਇਨ੍ਹਾਂ ਨੂੰ ਸਾੜਨ ਕਾਰਨ ਹੋ ਰਹੇ ਪ੍ਰਦੂਸ਼ਣ ਤੋਂ ਵੀ ਬਚਿਆ ਜਾ ਸਕਦਾ ਹੈ। 4. ਕਮਰੇ ਦੇ ਅੰਦਰ ਉਗਾਉਣ ਕਾਰਨ ਉਪਜਾਊ ਜ਼ਮੀਨ ਅਤੇ ਮੌਸਮ ਦੀ ਮਾਰ ਦਾ ਕੋਈ ਪ੍ਰਭਾਵ ਨਹੀਂ ਪੈਂਦਾ। 5. ਇਨ੍ਹਾਂ ਦੀ ਮੰਗ ਵਧੇਰੇ ਹੋਣ ਕਾਰਨ ਇਹ ਇਕ ਲਾਹੇਵੰਦ ਕਿੱਤਾ ਹੈ। 6. ਇਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ। 7. ਕਮਰਿਆਂ ਵਿਚ ਖੇਤੀ ਕਾਰਨ ਜ਼ਮੀਨ ਦੇ ਨਾਲ-ਨਾਲ ਉਪਰ ਵਾਲਾ ਖੇਤਰ ਵੀ ਵਰਤੋਂ ਵਿਚ ਆ ਜਾਂਦਾ ਹੈ। 8. ਵਪਾਰਕ ਪੱਧਰ ਤੇ ਇਹ ਬੰਨ੍ਹੇ ਹੋਏ ਤਾਪਮਾਨ ਵਿਚ ਵੀ ਉਗਾਈਆਂ ਜਾ ਸਕਦੀਆਂ ਹਨ। ਇਸ ਦੇ ਨਾਲ ਵੱਧ ਮੁਨਾਫ਼ਾ ਹੁੰਦਾ ਹੈ। ਜੇ ਖੁੰਬਾਂ ਬਾਹਰਲੇ ਦੇਸ਼ਾਂ ਨੂੰ ਭੇਜੀਆਂ ਜਾਣ ਤਾਂ ਇਹ ਵਿਦੇਸ਼ੀ ਸਿੱਕਾ ਕਮਾਉਣ ਵਿਚ ਵੀ ਲਾਹੇਵੰਦ ਸਾਬਤ ਹੋ ਸਕਦੀਆਂ ਹਨ ।
ਪੰਜਾਬ ਵਿਚ ਖੁੰਬਾਂ ਦੀ ਕਾਸ਼ਤ : ਪੰਜਾਬ ਵਿਚ ਖੁੰਬਾਂ ਦੀ ਕਾਸ਼ਤ ਮੌਸਮ ਦੇ ਅਨੁਸਾਰ ਕੀਤੀ ਜਾਂਦੀ ਹੈ। ਪੰਜਾਬ ਦਾ ਪੌਣ-ਪਾਣੀ ਪੰਜ ਕਿਸਮ ਦੀਆਂ ਖੁੰਬਾਂ ਦੀ ਕਾਸ਼ਤ ਲਈ ਢੁਕਵਾਂ ਹੈ ਜਿਵੇਂ ਕਿ ਬਟਨ ਖੁੰਬ (ਅਗੇਰੀਕਸ ਬਾਈਸਪੋਰਸ), ਓਸਟਰ ਜਾ ਢੀਂਗਰੀ (ਪਲੁਰੋਟਸ), ਮਿਲਕੀ ਖੁੰਬ (ਕੇਲੋਸਾਇਬ ਇੰਡੀਕਾ) ਅਤੇ ਪਰਾਲੀ ਵਾਲੀ ਖੁੰਬ (ਵੋਲਵੇਰਹਾਅਲਾ ਦੀਆਂ ਕਿਸਮਾਂ)। ਇਨ੍ਹਾਂ ਵਿਚੋਂ ਪਹਿਲੀਆਂ ਦੋਵਾਂ ਖੁੰਬਾਂ ਦੀ ਕਾਸ਼ਤ ਸਰਦੀ ਵਿਚ ਸਤੰਬਰ ਤੋਂ ਮਾਰਚ ਤੱਕ ਅਤੇ ਪਿਛਲੀਆਂ ਦੋਹਾਂ ਦੀ ਗਰਮੀ ਵਿਚ ਅਪ੍ਰੈਲ ਤੋਂ ਅਗਸਤ ਤੱਕ ਕੀਤੀ ਜਾਂਦੀ ਹੈ। ਅੱਜਕਲ੍ਹ ਕੁਝ ਕੋਲਡ ਸਟੋਰਾਂ ਵਿਚ ਵਾਤਾਵਰਨ ਅਨੁਕੂਲ ਹੋਣ ਕਾਰਨ ਸਾਰਾ ਸਾਲ ਹੀ ਬਟਨ ਖੁੰਬ ਦੀ ਕਾਸ਼ਤ ਕੀਤੀ ਜਾਂਦੀ ਹੈ ਪਰ ਲਗਪਗ 400 ਉਤਪਾਦਕ ਖੁੰਬਾਂ ਦੀ ਕਾਸ਼ਤ ਕਰਦੇ ਹਨ ।
ਮੰਡੀਕਰਨ : ਰਾਜ ਵਿਚ ਖੁੰਬਾਂ ਦਾ ਸੁਚੱਜੇ ਢੰਗ ਨਾਲ ਮੰਡੀਕਰਨ ਨਾ ਹੋਣ ਕਰਕੇ ਬਹੁਤੇ ਕਾਸ਼ਤਕਾਰ ਇਸ ਨੂੰ ਸਬਜ਼ੀ ਮੰਡੀ ਵਿਚ ਹੀ ਵੇਚਦੇ ਹਨ। ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਨੂੰ ਛੱਡ ਕੇ ਜਿੱਥੇ ਕਿ ਖੁੰਬਾਂ ਬਿਨਾਂ ਧੋਤੇ ਵੀ ਵੇਚੀਆਂ ਜਾਂਦੀਆਂ ਹਨ, ਬਾਕੀ ਸ਼ਹਿਰਾਂ ਵਿਚ ਖੁੰਬਾਂ ਨੂੰ ਮੈਟਾਸਲਫ਼ਾਈਟ ਜਾਂ ਸਲਫ਼ਾਈਟ ਦੇ ਘੋਲ ਨਾਲ ਸਾਫ਼ ਕਰਕੇ, 200 ਗ੍ਰਾਮ ਦੇ ਲਿਫ਼ਾਫ਼ਿਆਂ ਵਿਚ ਬੰਦ ਕਰਕੇ ਵੇਚਿਆ ਜਾਂਦਾ ਹੈ। ਆਮ ਤੌਰ ਤੇ ਇਨ੍ਹਾਂ ਨੂੰ 80-100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ ।
ਬਹੁਤ ਸਾਰੇ ਕਾਸ਼ਤਕਾਰ ਖੁੰਬਾਂ ਦਾ ਆਚਾਰ ਵਗੈਰਾ ਬਣਾ ਕੇ ਡੱਬਿਆਂ 'ਚ ਬੰਦ ਕਰ ਕੇ ਵੀ ਵੇਚਦੇ ਹਨ। ਪਰ ਹੁਣ ਭਾਰਤੀ ਲੋਕਾਂ ਦੇ ਸੁਆਦ ਵਿਚ ਬਦਲਾਅ ਦੇ ਕਾਰਨ ਖੁੰਬਾਂ ਨੂੰ ਸੂਪ, ਪੀਜ਼ਾ, ਪਾਪੜ ਅਤੇ ਨਗੇਟ (ਵੱਡੀਆਂ) ਵਰਗੇ ਖਾਧ ਪਦਾਰਥਾਂ ਵਿਚ ਵੀ ਵਰਤਿਆ ਜਾਂਦਾ ਹੈ। ਪੁਲਾਉ ਅਤੇ ਪਕੌੜਿਆਂ ਵਰਗੇ ਭਾਰਤੀ ਖਾਧ ਪਦਾਰਥਾਂ ਵਿਚ ਵੀ ਤਾਜ਼ਾ ਖੁੰਬਾਂ ਦੀ ਵਰਤੋਂ ਖੁੱਲ੍ਹ ਕੇ ਕੀਤੀ ਜਾਂਦੀ ਹੈ।
ਪੰਜਾਬ ਵਿਚ ਖੁੰਬ ਉਤਪਾਦ ਨੂੰ ਉਤਸ਼ਾਹ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦਿਲਚਸਪੀ ਰੱਖਣ ਵਾਲੇ ਸ਼ੌਕੀਨ, ਛੋਟੇ, ਭੂਮੀ ਰਹਿਤ ਪੇਰੀ-ਸ਼ਹਿਰੀ ਅਤੇ ਕਮਜ਼ੋਰ ਵਰਗ ਵਾਲੇ ਉਤਪਾਦਕਾਂ ਨੂੰ ਬਟਨ ਖੁੰਬ ਦੇ ਤਿਆਰ ਲਿਫਾਫੇ ਮੁਹੱਈਆ ਕਰਵਾਉਣੇ ਸ਼ੁਰੂ ਕੀਤੇ ਹਨ, ਕੰਪੋਸਟ (ਖਾਦ) ਦੀ ਛੋਟੀ ਵਿਧੀ ਦੁਆਰਾ ਤਿਆਰ ਕੀਤੀ ਖਾਦ ਦੀ ਸਿਫਾਰਿਸ਼ ਕੀਤੀ ਉੱਚ ਉਪਜ ਵਾਲੇ ਬਟਨ ਖੁੰਬ ਨਾਲ ਬਿਜਾਈ ਕੀਤੀ ਜਾਂਦੀ ਹੈ ਅਤੇ 5 ਕਿਲੋਗ੍ਰਾਮ ਦੇ ਲਿਫਾਫ਼ੇ ਰੋਗਾਣੂੰ-ਮੁਕਤ ਕੇਸਿੰਗ ਮਿਸ਼ਰਣ (ਮਿੱਟੀ) ਨਾਲ ਸਪਲਾਈ (ਮੁਹੱਈਆ) ਕੀਤੇ ਜਾਂਦੇ ਹਨ। ਇਨ੍ਹਾਂ ਲਿਫਾਫਿਆਂ (ਬੈਗਾਂ) ਤੇ ਰੋਜ਼ਾਨਾ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ ਅਤੇ 50-60 ਦਿਨਾਂ ਤੱਕ ਖੁੰਬ ਤੋੜੇ ਜਾ ਸਕਦੇ ਹਨ।
ਆਉਣ ਵਾਲੇ ਸਮੇਂ ਵਿਚ ਖੁੰਬਾਂ ਦੀ ਪੈਦਾਵਾਰ ਅਤੇ ਖਪਤ ਵਿਚ ਵਾਧਾ ਹੋਣ ਦੇ ਆਸਾਰ ਹਨ। ਇਸ ਲਈ ਪੰਜਾਬ ਦੇ ਕਿਸਾਨਾਂ ਕੋਲ ਖੇਤੀਬਾੜੀ ਦੀ ਰਹਿੰਦ-ਖੂਹੰਦ ਦੀ ਵਰਤੋਂ ਕਰਕੇ ਲੋਕਾਂ ਲਈ ਉੱਚ-ਪ੍ਰੋਟੀਨ ਖਾਧ (ਭੋਜਨ) ਪੈਦਾ ਕਰਨ ਲਈ, ਖੁੰਬ ਉਤਪਾਦ ਨੂੰ ਲਾਭਦਾਇਕ ਸਬਸਿਡਰੀ ਕਿੱਤੇ ਵਜੋਂ ਵਿਕਸਿਤ ਕਰਨ ਦਾ ਮੌਕਾ ਹੈ।


-ਮਾਈਕ੍ਰੋਬਾਇਆਲੋਜੀ ਵਿਭਾਗ। ਮੋਬਾਈਲ : 84272-04189


ਖ਼ਬਰ ਸ਼ੇਅਰ ਕਰੋ

ਹਾੜ੍ਹੀ ਦੀਆਂ ਫ਼ਸਲਾਂ ਦੇ ਮਿੱਤਰ ਕੀੜੇ ਤੇ ਉਨ੍ਹਾਂ ਦਾ ਬਚਾਅ

ਫ਼ਸਲਾਂ ਵਿਚ ਕਈ ਕਿਸਮਾਂ ਦੇ ਮਿੱਤਰ ਕੀੜੇ ਮਿਲਦੇ ਹਨ। ਇਨ੍ਹਾਂ ਮਿੱਤਰ ਕੀੜਿਆਂ ਵਿਚ ਪਰਭਕਸ਼ੀ ਕੀੜੇ, ਪਰਜੀਵੀ ਕੀੜੇ ਅਤੇ ਹਾਨੀਕਾਰਕ ਕੀੜਿਆਂ ਨੂੰ ਲੱਗਣ ਵਾਲੇ ਵਿਸ਼ਾਣੂ ਸ਼ਾਮਿਲ ਹਨ। ਇਹ ਮਿੱਤਰ ਕੀੜੇ ਫ਼ਸਲਾਂ ਦੇ ਹਾਨੀਕਾਰਕ ਕੀੜਿਆਂ ਨੂੰ ਨਸ਼ਟ ਕਰਨ ਅਤੇ ਕੁਦਰਤ ਵਿਚ ਸੰਤੁਲਨ ਬਣਾਉਣ ਵਿਚ ਸਾਡੀ ਮਦਦ ਕਰਦੇ ਹਨ। ਪਰ ਸਾਡੀਆਂ ਕਈ ਗਤੀਵਿਧੀਆਂ, ਜਿਵੇਂ ਕਿ ਕੀਟਨਾਸ਼ਕਾਂ ਦੀ ਅੰਧਾਧੁੰਦ ਵਰਤੋਂ ਇਸ ਸੰਤੁਲਨ ਨੂੰ ਵਿਗਾੜ ਦਿੰਦੀ ਹੈ। ਇਨ੍ਹਾਂ ਕੀਟਨਾਸ਼ਕਾਂ ਦੇ ਵਾਤਾਵਰਨ ਉਤੇ ਮਾੜੇ ਅਸਰ ਨੂੰ ਧਿਆਨ ਵਿਚ ਰੱਖਦੇ ਹੋਏ, ਮਿੱਤਰ ਕੀੜਿਆਂ ਦੀ ਮਹੱਤਤਾ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਹੇਠਾਂ ਹਾੜ੍ਹੀ ਦੀਆਂ ਫ਼ਸਲਾਂ ਵਿਚ ਮਿਲਣ ਵਾਲੇ ਮਿੱਤਰ ਕੀੜਿਆਂ ਦੀ ਜਾਣ-ਪਛਾਣ ਅਤੇ ਸਾਂਭ-ਸੰਭਾਲ ਸੰਬਧੀ ਜਾਣਕਾਰੀ ਦਿੱਤੀ ਗਈ ਹੈ।
ਮਿੱਤਰ ਕੀੜਿਆਂ ਦੀ ਜਾਣ-ਪਛਾਣ
* ਪਰਭਕਸ਼ੀ ਕੀੜੇ : ਇਹ ਮਿੱਤਰ ਕੀੜੇ ਦੁਸ਼ਮਣ ਕੀੜੇ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਦਿੰਦੇ ਹਨ ਅਤੇ ਖਾ ਜਾਂਦੇ ਹਨ। ਇਕ ਪਰਭਕਸ਼ੀ ਕੀੜਾ ਕਈ ਕੀੜਿਆਂ ਨੂੰ ਖਾ ਕੇ ਆਪਣਾ ਜੀਵਨ ਚੱਕਰ ਪੂਰਾ ਕਰਦਾ ਹੈ। ਹੇਠਾਂ ਹਾੜ੍ਹੀ ਦੀਆਂ ਫ਼ਸਲਾਂ ਵਿਚ ਮਿਲਣ ਵਾਲੇ ਕੁਝ ਪਰਭਕਸ਼ੀ ਕੀੜਿਆਂ ਤੋਂ ਜਾਣੂ ਕਰਵਾਇਆ ਗਿਆ ਹੈ।
ਲੇਡੀ ਬਰਡ ਭੂੰਡੀਆਂ: ਇਹ ਭੂੰਡੀਆਂ ਗੋਲ ਜਾਂ ਲੰਬੂਤਰੀਆਂ ਆਕਾਰ ਦੀਆਂ ਹੁੰਦੀਆਂ ਹਨ। ਬਾਲਗ ਭੂੰਡੀਆਂ ਦੇ ਖੰਭ ਸਖ਼ਤ, ਚਮਕਦਾਰ ਅਤੇ ਰੰਗ ਲਾਲ, ਪੀਲਾ ਜਾਂ ਸੰਤਰੀ ਹੁੰਦਾ ਹੈ। ਇਨ੍ਹਾਂ ਦੀਆਂ ਸੁੰਡੀਆਂ (ਗਰਬਜ਼) ਲੰਬੀਆਂ ਅਤੇ ਚਪਟੀਆਂ ਹੁੰਦੀਆਂ ਹਨ ਜਿਨ੍ਹਾਂ ਉਤੇ ਛੋਟੇ-ਛੋਟੇ ਕੰਡੇ ਹੁੰਦੇ ਹਨ। ਇਹ ਭੂੰਡੀਆਂ ਅਤੇ ਇਨ੍ਹਾਂ ਦੀਆਂ ਸੁੰਡੀਆਂ ਕਣਕ ਅਤੇ ਸਰੋਂ੍ਹ ਦੀਆਂ ਫ਼ਸਲਾਂ ਉਤੇ ਚੇਪੇ ਨੂੰ ਖਾਂਦੀਆਂ ਹਨ। ਇਨ੍ਹਾਂ ਭੂੰਡੀਆਂ ਦੀਆਂ ਕਈ ਪ੍ਰਜਾਤੀਆਂ ਹੁੰਦੀਆਂ ਹਨ ਜੋ ਕਿ ਵੱਖ-ਵੱਖ ਆਕਾਰਾਂ ਅਤੇ ਰੰਗਾਂ ਦੀਆਂ ਹੋ ਸਕਦੀਆਂ ਹਨ ।
ਸੱਤ-ਟਿਮਕਣਿਆਂ ਵਾਲੀ ਭੂੰਡੀ: ਇਹ ਭੂੰਡੀਆਂ ਮਟਰ ਦੇ ਅੱਧੇ ਬੀਜ ਦੀ ਤਰ੍ਹਾਂ, ਪੀਲੇ-ਭੂਰੇ ਤੋਂ ਲਾਲ ਰੰਗ ਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਪਰਲੇ ਦੋਵੇਂ ਖੰਭ ਸਖ਼ਤ ਅਤੇ ਉਨ੍ਹਾਂ ਉਪਰ ਕੁੱਲ ਮਿਲਾ ਕੇ ਸੱਤ ਕਾਲੇ ਟਿਮਕਣੇ ਹੁੰਦੇ ਹਨ। ਮਾਦਾ ਭੂੰਡੀ ਪੱਤਿਆਂ ਦੇ ਹੇਠਲੇ ਪਾਸੇ ਝੁੰਡਾਂ ਵਿਚ ਲੰਬੂਤਰੇ ਅਤੇ ਪੀਲੇ ਰੰਗ ਦੇ ਆਂਡੇ ਦਿੰਦੀ ਹੈ। ਆਂਡਿਆਂ ਵਿਚੋਂ ਕਾਲੇ ਰੰਗ ਦੇ ਲੰਬੇ, ਅੱਗੋਂ ਅਤੇ ਪਿੱਛੋਂ ਪਤਲੇ ਅਤੇ ਵਿਚਕਾਰੋਂ ਮੋਟੇ ਲਾਰਵੇ (ਗਰੱਬਜ਼) ਨਿਕਲਦੇ ਹਨ ਜਿਨ੍ਹਾਂ ਦੀਆਂ ਤਿੰਨ ਜੋੜੇ ਲੱਤਾਂ ਹੁੰਦੀਆਂ ਹਨ।
ਤਿੰਨ ਧਾਰੀ ਭੂੰਡੀ: ਬਾਲਗ ਭੂੰਡੀਆਂ ਦਾ ਸਿਰ ਪੀਲੇ ਰੰਗ ਦਾ ਹੰਦਾ ਹੈ। ਇਸ ਦੇ ਉਪਰਲੇ ਖੰਭ ਹਲਕੇ ਪੀਲੇ ਰੰਗ ਦੇ ਅਤੇ ਉਨ੍ਹਾਂ 'ਤੇ ਲੰਬੀਆਂ ਕਾਲੀਆਂ ਧਾਰੀਆਂ ਹੁੰਦੀਆਂ ਹਨ। ਇਸ ਦੀਆਂ ਸੁੰਡੀਆਂ ਸਲੇਟੀ ਰੰਗ ਦੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਸਰੀਰ ਦੇ ਦੋਵੇਂ ਪਾਸੇ ਕੰਡੇ ਹੁੰਦੇ ਹਨ।
ਵਿੰਗੀਆਂ ਧਾਰੀਆਂ ਵਾਲੀ ਭੂੰਡੀ: ਇਸ ਪ੍ਰਜਾਤੀ ਦੀਆਂ ਬਾਲਗ ਭੂੰਡੀਆਂ ਗੋਲਾਕਾਰ ਹੁੰਦੀਆਂ ਹਨ। ਇਨ੍ਹਾਂ ਦਾ ਸਿਰ ਪੀਲੇ ਰੰਗ ਦਾ ਹੰਦਾ ਹੈ। ਇਸ ਦੇ ਉਪਰਲੇ ਖੰਭ ਸੰਤਰੀ, ਹਲਕੇ ਲਾਲ, ਪੀਲੇ ਜਾਂ ਗੁਲਾਬੀ ਰੰਗ ਦੇ ਹੁੰਦੇ ਹਨ। ਇਨ੍ਹਾਂ ਖੰਭਾਂ ਉਪਰ ਕਾਲੇ ਰੰਗ ਦੀਆਂ ਟੇਢੀਆਂ-ਵਿੰਗੀਆਂ ਧਾਰੀਆਂ ਹੁੰਦੀਆਂ ਹਨ ਅਤੇ ਦੋ ਟਿਮਕਣੇ ਹੁੰਦੇ ਹਨ। ਇਨ੍ਹਾਂ ਦੇ ਕੋਏ ਪੀਲੇ ਰੰਗ ਦੇ ਹੁੰਦੇ ਹਨ ਜਿਸ ਉਪਰ ਕਾਲੇ ਰੰਗ ਦੇ ਚਟਾਖ ਹੁੰਦੇ ਹਨ।
ਗਰੀਨ ਲੇਸ ਵਿੰਗ: ਇਹ ਪਾਰਦਰਸ਼ੀ ਅਤੇ ਚਮਕੀਲੇ ਖੰਭਾਂ ਵਾਲਾ ਪਤਲਾ ਜਿਹਾ ਪਰਭਕਸ਼ੀ ਕੀੜਾ ਹੈ ਅਤੇ ਇਸ ਦੇ ਖੰਭ ਪਤਲੇ ਅਤੇ ਨਾੜੀਦਾਰ ਹੁੰਦੇ ਹਨ। ਇਹ ਆਪਣੇ ਹਲਕੇ ਪੀਲੇ ਜਾਂ ਹਰੇ ਰੰਗ ਦੇ ਆਂਡੇ ਇਕ-ਇਕ ਕਰ ਕੇ, ਪੱਤਿਆਂ ਉਤੇ ਲੰਬੀਆਂ ਜਿਹੀਆਂ ਡੰਡੀਆਂ ਦੇ ਸਿਰਿਆਂ ਉਤੇ ਦਿੰਦਾ ਹੈ। ਇਸ ਦਾ ਲਾਰਵਾ (ਬੱਚਾ) ਅੱਗੋਂ ਅਤੇ ਪਿੱਛੋਂ ਪਤਲਾ (ਕਿਸ਼ਤੀ ਦੀ ਸ਼ਕਲ ਵਰਗਾ), ਹਰਾ ਜਾਂ ਪੀਲੇ ਰੰਗ ਦਾ ਹੁੰਦਾ ਹੈ ਜਿਸ ਉਪਰ ਗੂੜ੍ਹੇ ਭੂਰੇ ਰੰਗ ਦੇ ਦਾਗ ਹੁੰਦੇ ਹਨ । ਇਸ ਦੇ ਧੜ ਅਤੇ ਪੇਟ ਦੇ ਸਾਰੇ ਹਿੱਸੇ ਉਪਰ ਵਾਲ ਹੁੰਦੇ ਹਨ। ਇਸ ਕੀੜੇ ਦੀਆਂ ਸੁੰਡੀਆਂ (ਗਰੱਬਜ਼) ਚੇਪੇ, ਤੇਲੇ ਅਤੇ ਹੋਰ ਨਰਮ ਕੀੜਿਆਂ ਨੂੰ ਖਾਂਦੇ ਹਨ।
ਸਿਰਫਿਡ ਮੱਖੀ ਦਾ ਬਾਲਗ ਅਤੇ ਸੁੰਡੀ : ਸਿਰਫਿਡ ਮੱਖੀ: ਇਸ ਦਾ ਬਾਲਗ ਮਧੂਮੱਖੀ ਵਰਗਾ ਹੁੰਦਾ ਹੈ ਪਰ ਇਸ ਦੇ ਸਿਰਫ ਦੋ ਖੰਭ ਹੁੰਦੇ ਹਨ। ਇਸ ਦੇ ਸਰੀਰ ਉਤੇ ਪੀਲੇ, ਕਾਲੇ ਜਾਂ ਚਿੱਟੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਇਹ ਬਾਲਗ ਬੂਟਿਆਂ ਦੇ ਪਰਾਗ-ਕਣ, ਨੈਕਟਰ ਅਤੇ ਚੇਪਿਆਂ ਰਾਹੀਂ ਛੱਡੀਆਂ ਗਈਆਂ ਸ਼ਹਿਦ-ਬੂੰਦਾਂ ਨੂੰ ਖਾਂਦੇ ਹਨ। ਇਸ ਮੱਖੀ ਨੂੰ ਚੇਪੇ ਦੀਆਂ ਕਾਲੋਨੀਆਂ ਉਪਰ ਉਡਾਰੀ ਲਗਾਉਂਦੇ ਦੇਖਿਆ ਜਾ ਸਕਦਾ ਹੈ। ਇਸ ਦੀਆਂ ਬਿਨਾਂ ਲੱਤਾਂ ਵਾਲੀਆਂ ਸੁੰਡੀਆਂ ਇਕ ਸਿਰੇ ਤੋਂ ਮੋਟੀਆਂ ਅਤੇ ਦੂਜੇ ਸਿਰੇ ਤੋਂ ਪਤਲੀਆਂ ਹੁੰਦੀਆਂ ਹਨ। ਇਹ ਸੁੰਡੀਆਂ ਚਮਕਦਾਰ ਹਰੇ ਜਾਂ ਪੀਲੇ ਰੰਗ ਦੀਆਂ ਹੁੰਦੀਆਂ ਹਨ ਜਿਨ੍ਹਾਂ ਉਪਰ ਲੰਬੂਤਰੀ ਧਾਰੀ ਹੁੰਦੀ ਹੈ। ਇਹ ਸੁੰਡੀਆਂ ਕਣਕ ਅਤੇ ਸਰੋਂ੍ਹ ਦੇ ਚੇਪੇ ਨੂੰ ਖਾਂਦੀਆਂ ਹਨ।
* ਪਰਜੀਵੀ ਕੀੜੇ : ਇਹ ਮਿੱਤਰ ਕੀੜੇ ਹਾਨੀਕਾਰਕ ਕੀੜਿਆਂ ਦੇ ਉਪਰ ਜਾਂ ਅੰਦਰ ਰਹਿ ਕੇ ਆਪਣਾ ਜੀਵਨ ਚੱਕਰ ਪੂਰਾ ਕਰਦੇ ਹਨ ਅਤੇ ਅਖੀਰ ਵਿਚ ਉਸ ਨੂੰ ਮਾਰ ਦਿੰਦੇ ਹਨ। ਹੇਠਾਂ ਹਾੜ੍ਹੀ ਦੀਆਂ ਫ਼ਸਲਾਂ ਵਿਚ ਮਿਲਣ ਵਾਲੇ ਮੁੱਖ ਪਰਜੀਵੀ ਕੀੜਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। (ਚਲਦਾ)


-ਮੋਬਾਈਲ : 97800-10958

ਜੇ ਮਿਲ ਜਾਏ ਪ੍ਰੇਰਨਾ

ਭਾਵੇਂ ਲੋਕ ਪਿੰਡਾਂ ਤੋਂ ਸ਼ਹਿਰਾਂ ਜਾਂ ਵਿਦੇਸ਼ਾਂ ਵੱਲ ਨੂੰ ਭੱਜ-ਭੱਜ ਕੇ ਇਕੱਲਤਾ ਦਾ ਸੰਤਾਪ ਭੋਗੀ ਜਾਂਦੇ ਨੇ, ਪਰ ਹਾਲੇ ਵੀ ਪਿੰਡਾਂ ਦੇ ਬਹੁਤੇ ਲੋਕ ਇਕ ਪਰਿਵਾਰ ਵਾਂਗ ਰਹਿੰਦੇ ਨੇ ਤੇ ਇਕ-ਦੂਸਰੇ ਦੇ ਦੁੱਖ-ਸੁੱਖ ਵਿਚ ਭਾਈਵਾਲ ਹੁੰਦੇ ਹਨ। ਅੱਜ ਵੀ ਜੇ ਪਿੰਡ ਦਾ ਕੋਈ ਸਾਂਝਾ ਕਾਰਜ ਹੋਵੇ ਤਾਂ ਕੋਈ ਆਰਥਿਕ ਜਾਂ ਸੇਵਾ ਦੀ ਤੋਟ ਨਹੀਂ ਆਉਣ ਦਿੰਦੇ। ਇਕ-ਦੂਜੇ ਤੋਂ ਪ੍ਰੇਰਨਾ ਲੈ ਕੇ ਆਪਣਾ ਫ਼ਰਜ਼ ਪੂਰਾ ਕਰਦੇ ਨੇ। ਪਿਛਲੇ ਦਿਨੀਂ ਸਤਲੁਜ ਬੇਟ ਦੇ ਇਕ ਛੋਟੇ ਜਿਹੇ ਪਿੰਡ ਵਿਚ ਸਰਕਾਰੀ ਹਸਪਤਾਲ ਦੀ ਸਹਾਇਤਾ ਨਾਲ ਪਿੰਡ ਦੇ ਨੌਜਵਾਨਾਂ ਨੇ ਖ਼ੂਨਦਾਨ ਕੈਂਪ ਲਾਇਆ ਸੀ। ਪਿੰਡ ਦੇ ਸਾਰੇ ਨੌਜਵਾਨ ਖ਼ੂਨ ਦਾਨ ਕਰ ਰਹੇ ਸਨ। ਉੱਥੇ ਆਪਣੀ ਡਿਊਟੀ ਕਰਨ ਦੋ ਪੁਲਿਸ ਵਾਲੇ ਵੀ ਆਏ ਹੋਏ ਸਨ। ਸ਼ਾਇਦ ਇਸੇ ਸਮਾਜਿਕ ਭਾਵਨਾ ਤੋਂ ਪ੍ਰੇਰਤ ਹੋ ਕੇ ਉਨ੍ਹਾਂ ਪੁਲਿਸ ਦੇ ਜਵਾਨਾਂ ਨੇ ਵੀ ਖ਼ੂਨ ਦਾਨ ਕਰ ਦਿੱਤਾ। ਉਨ੍ਹਾਂ ਵਲੋਂ ਇਹ ਸਮਾਜ ਦਾ ਹਿੱਸਾ ਬਣਨ ਦਾ ਵਧੀਆ ਤਰੀਕਾ ਸੀ। ਵਰਦੀ ਆਪਣੀ ਥਾਂ 'ਤੇ ਇਨਸਾਨੀਅਤ ਆਪਣੀ ਥਾਂ। ਇਸ ਵਰਤਾਰੇ ਨੂੰ ਵੇਖ ਲੋਕਾਂ ਦੇ ਚਿਹਰਿਆਂ 'ਤੇ ਖਾਸ ਕਿਸਮ ਦੀ ਰੌਣਕ ਸੀ ਤੇ ਮੁਲਾਜ਼ਮਾਂ ਦੇ ਚਿਹਰਿਆ 'ਤੇ ਸਹਿਜ ਦਾ ਜਲੌਅ ਸੀ। ਕਿਸੇ ਨੇ ਸੱਚ ਹੀ ਕਿਹਾ ਕਿ ਜੀਵਨ ਵਿਚ ਸਮਾਜ ਨੂੰ ਜੋ ਆਪਣਾ ਸਮਝੇਗਾ, ਉਹੀ ਕੁਦਰਤ ਵਲੋਂ ਨਿਵਾਜਿਆ ਜਾਵੇਗਾ। ਇਹੀ ਮਨੁੱਖੀ ਧਰਮ-ਕਰਮ ਹੈ।


-ਮੋਬਾ: 98159-45018

ਪੰਜਾਬ ਦਾ ਵਾਤਾਵਰਨ ਹੈ-ਅੰਬਾਂ ਦੀ ਕਾਸ਼ਤ ਲਈ ਅਨੁਕੂਲ

ਅੰਬ ਭਾਰਤ ਦਾ ਰਾਜਾ ਫ਼ਲ ਹੈ। ਅੱਜਕਲ੍ਹ (ਫਰਵਰੀ-ਮਾਰਚ) ਪੱਤਝੜ ਫ਼ਲਾਂ ਦੇ ਬੂਟੇ ਲਾਉਣ ਦਾ ਸਮਾਂ ਹੈ ਅਤੇ ਬਾਗ਼ਬਾਨ ਤੇ ਖਪਤਕਾਰ ਅੰਬਾਂ ਦੇ ਬੂਟੇ ਵੀ ਲਾਈ ਜਾਂਦੇ ਹਨ। ਫ਼ਲਾਂ ਦੀ ਕਾਸ਼ਤ ਹੇਠ ਪੰਜਾਬ 'ਚ ਲਗਪਗ 80 ਹਜ਼ਾਰ ਹੈਕਟੇਅਰ ਰਕਬਾ ਹੈ, ਜਿਸ ਵਿਚੋਂ ਅੰਬ ਕੇਵਲ 7 ਕੁ ਹਜ਼ਾਰ ਹੈਕਟੇਅਰ ਰਕਬੇ 'ਤੇ ਲੱਗੇ ਹੋਏ ਹਨ। ਹਾਲਾਂਕਿ ਅੰਬ ਵਿਟਾਮਿਨ ਏ, ਬੀ ਅਤੇ ਵਿਟਾਮਿਨ ਸੀ ਦਾ ਵਧੀਆ ਸਰੋਤ ਹੈ। ਅੰਬਾਂ ਦੀ ਕਾਸ਼ਤ ਬਹੁਤੀ ਕੇਵਲ ਦੁਆਬੇ ਦੇ ਹੁਸ਼ਿਆਰਪੁਰ, ਪਠਾਨਕੋਟ ਤੇ ਰੋਪੜ ਜ਼ਿਲ੍ਹਿਆਂ 'ਚ ਹੈ। ਹਾਲਾਂਕਿ ਪੰਜਾਬ ਦੀ ਫ਼ਲਾਂ ਦੀ ਕਾਸ਼ਤ ਦੇ ਯੋਗ ਸਾਰੀ ਧਰਤੀ 'ਤੇ ਵਾਤਾਵਰਨ ਇਸ ਦੇ ਪੈਦਾ ਕਰਨ ਲਈ ਅਨੁਕੂਲ ਹਨ। ਅੰਬਾਂ ਦੀ ਬਰਾਮਦ ਲਈ ਵੀ ਵਿਸ਼ਾਲ ਮੰਡੀ ਹੈ। ਅੰਬਾਂ ਦੀ ਕਾਸ਼ਤ ਸੀਮਤ ਰਕਬੇ 'ਤੇ ਇਸ ਕਾਰਨ ਰਹੀ ਹੈ ਕਿ ਪੁਰਾਣੀਆਂ ਰਿਵਾਇਤੀ ਕਿਸਮਾਂ ਜਿਵੇਂ ਦੁਸਿਹਰੀ, ਕਲਮੀ, ਲੰਗੜਾ, ਚੌਸਾ ਆਦਿ ਜੋ ਪੰਜਾਬ ਵਿਚ ਕਾਸ਼ਤ ਕੀਤੀਆਂ ਗਈਆਂ ਹਨ, ਇਨ੍ਹਾਂ ਦਾ ਹਰ ਸਾਲ ਫ਼ਲ ਨਾ ਦੇਣਾ ਹੈ। ਇਹ ਤਕਰੀਬਨ ਇਕ ਸਾਲ ਛੱਡ ਕੇ ਹੀ ਫ਼ਲ ਦਿੰਦੀਆਂ ਹਨ। ਦੂਜੇ ਅੰਬ 'ਤੇ ਬਿਮਾਰੀਆਂ ਤੇ ਕੀੜਿਆਂ ਦਾ ਵੀ ਬਹੁਤ ਹਮਲਾ ਹੁੰਦਾ ਹੈ। ਕਿੰਨੂ ਦੇ ਮੁਕਾਬਲੇ ਅੰਬ ਦੀ ਉਤਪਾਦਕਤਾ ਵੀ ਘੱਟ ਹੈ।
ਹੁਣ ਜੋ ਆਈ. ਸੀ. ਏ. ਆਰ. - ਭਾਰਤੀ ਖੇਤੀ ਖੋਜ ਸੰਸਥਾਨ ਵਲੋਂ ਹਾਈਬ੍ਰਿਡ ਮਧਰੀਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ, ਉਹ ਵਧੇਰੇ ਲਾਹੇਵੰਦ ਅਤੇ ਹਰ ਸਾਲ ਫ਼ਲ ਦਿੰਦੀਆਂ ਹਨ। ਏਕੜ ਵਿਚ ਇਨ੍ਹਾਂ ਕਿਸਮਾਂ ਦੇ 150 ਤੋਂ ਲੈ ਕੇ 300 ਬੂਟ ਤੱਕ ਲਾਏ ਜਾ ਸਕਦੇ ਹਨ। ਇਨ੍ਹਾਂ ਕਿਸਮਾਂ ਵਿਚ ਪੁਰਾਣੀਆਂ 1970ਵੇਂ 'ਚ ਜਾਰੀ ਕੀਤੀਆਂ ਗਈਆਂ 'ਅਮਰਪਾਲੀ' ਤੇ 'ਮਲਿਕਾ' ਕਿਸਮਾਂ ਤੋਂ ਇਲਾਵਾ ਪੂਸਾ ਸੂਰੀਆ (ਦਿਲਕਸ਼ ਰੰਗ, ਜ਼ਰਦ ਗੁਲਾਬੀ ਦਾ ਸੁਮੇਲ ), ਅਰੁਨਿਮਾ (ਦਿਲਕਸ਼ ਆਕਾਰ, ਦਰਮਿਆਨੇ ਤੋਂ ਵੱਡਾ ਸਾਈਜ਼, ਕੌਮਾਂਤਰੀ ਮੰਡੀ 'ਚ ਮਨ ਭਾਉਂਦਾ, ਕਾਸ਼ਤ ਲਈ ਪੰਜਾਬ ਦੇ ਵਾਤਾਵਰਨ ਦੇ ਅਨੁਕੂਲ, ਪੰਜਾਬ ਵਿਚ ਲੱਗੇ ਬੂਟਿਆਂ ਨੂੰ ਕੌਮੀ ਪੁਰਸਕਾਰ ਦੀ ਪ੍ਰਾਪਤੀ), ਪੂਸਾ ਪਾਤਬੰਰ (ਦਿਲ ਖਿੱਚਵਾਂ ਰੂਪ, ਚਮਕਦਾਰ ਪੀਲਾ ਰੰਗ, ਜੂਸੀ, ਮਨ ਭਾਉਂਦਾ ਸੁਆਦ), ਪੂਸਾ ਲਾਲੀਮਾ (ਸੁਰਖ ਛਿਲਕਾ, ਸੰਤਰੀ ਗੁੱਦਾ, ਵਧੇਰੇ ਬੀ - ਕੈਰੋਟੀਨ, 60 ਕਿਲੋਗ੍ਰਾਮ ਪ੍ਰਤੀ ਬੂਟਾ ਝਾੜ), ਪੂਸਾ ਪ੍ਰਤਿਭਾ (ਸੁਨਹਿਰਾ ਜ਼ਰਦ, ਰੰਗ ਸੁਰਖ ਤੇ ਗੁੱਦਾ ਸੰਤਰੀ, ਆਕਾਰ ਦਰਮਿਆਨਾ, ਸੁਆਦ ਦਿਲਕਸ਼, ਬਰਾਮਦ ਦੇ ਅਨੁਕੂਲ), ਪੂਸਾ ਸ੍ਰੇਸ਼ਠ (ਛਿਲਕਾ ਮੱਧਮ ਸੁਰਖ, ਗੁੱਦਾ ਸੰਤਰੀ, ਅੰਬ ਦਾ ਆਕਾਰ 230 ਗ੍ਰਾਮ ਦੇ ਕਰੀਬ, ) ਸ਼ਾਮਿਲ ਹਨ। ਇਹ ਕਿਸਮਾਂ ਵਪਾਰਕ ਪੱਖ ਤੋਂ ਹੀ ਨਹੀਂ, ਘਰੇਲੂ ਬਗੀਚਿਆਂ ਅਤੇ ਮੋਟਰਾਂ 'ਤੇ ਲਾਉਣ ਦੇ ਵੀ ਬੜੀਆਂ ਅਨੁਕੂਲ ਹਨ। ਬਾਗ਼ਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਸਵਰਨ ਸਿੰਘ ਮਾਨ ਵਲੋਂ ਪਟਿਆਲਾ ਵਿਖੇ ਅੱਜ ਤੋਂ ਸ਼ੁਰੂ ਹੋ ਰਹੇ 6-ਰੋਜ਼ਾ ਵਿਰਾਸਤ ਉਤਸਵ ਵਿਚ ਵੀ ਇਨ੍ਹਾਂ ਕਿਸਮਾਂ ਦਾ ਪ੍ਰਦਰਸ਼ਨ ਕੀਤਾ ਜਾਏਗਾ।
ਆਈ. ਸੀ. ਏ. ਆਰ. ਦੇ ਫ਼ਲਾਂ ਦੇ ਡਵੀਜ਼ਨ ਦੇ ਡਿਪਟੀ ਡਾਇਰੈਕਟਰ - ਜਨਰਲ ਡਾ. ਆਨੰਦ ਕੁਮਾਰ ਸਿੰਘ ਅਨੁਸਾਰ ਇਹ ਕਿਸਮਾਂ ਉੱਤਰ-ਪੂਰਬੀ ਖੇਤਰ ਦਿੱਲੀ ਤੇ ਅਜਿਹੇ ਇਲਾਕਿਆਂ 'ਚ ਜਿੱਥੇ ਜ਼ਮੀਨ ਉੱਚੀ-ਨੀਵੀਂ ਹੋਵੇ ਬੜੀਆਂ ਹਰਮਨ ਪਿਆਰੀਆਂ ਹੋਈਆਂ ਹਨ ਅਤੇ ਕਾਫੀ ਵੱਡੇ ਰਕਬੇ 'ਤੇ ਕਾਸ਼ਤ ਕੀਤੀਆਂ ਜਾ ਰਹੀਆਂ ਹਨ। ਪੁਰਾਣੀ ਜਾਰੀ ਕੀਤੀ ਗਈ ਅਮਰਪਾਲੀ ਕਿਸਮ ਦੇ ਫ਼ਲ ਦਾ ਆਕਾਰ ਛੋਟਾ ਅਤੇ ਮਲਿਕਾ ਦਾ ਬਹੁਤ ਵੱਡਾ ਹੋਣ ਕਾਰਨ ਇਹ ਕਿਸਮਾਂ ਵਪਾਰਕ ਨਹੀਂ ਸਨ ਬਣ ਸਕੀਆਂ। ਜਿਨ੍ਹਾਂ ਦਾ ਫ਼ਲ ਹੁਣ ਖਪਤਕਾਰਾਂ ਦਾ ਮਨ ਭਾਉਂਦਾ ਬਣਿਆ ਹੋਇਆ ਹੈ ਅਤੇ ਮੰਡੀ ਵਿਚ 'ਅਲਫੈਂਨਜ਼ੋ' ਨੂੰ ਛੱਡ ਕੇ ਇਨ੍ਹਾਂ ਕਿਸਮਾਂ ਦੇ ਅੰਬਾਂ ਦਾ ਵੱਧ ਮੁੱਲ ਪੈ ਰਿਹਾ ਹੈ। ਪੰਜਾਬ ਵਿਚ ਵੀ ਹੁਣ ਇਨ੍ਹਾਂ ਮਧਰੀਆਂ ਕਿਸਮਾਂ ਦੀ ਮੰਗ ਵਧ ਗਈ ਹੈ ਅਤੇ ਖਪਤਕਾਰ ਇਨ੍ਹਾਂ ਕਿਸਮਾਂ ਦਾ ਫ਼ਲ ਖਾਣਾ ਵਧੇਰੇ ਪੰਸਦ ਕਰਦੇ ਹਨ। ਡਾ: ਸਿੰਘ ਅਨੁਸਾਰ ਪੰਜਾਬ ਵਿਚ ਇਨ੍ਹਾਂ ਕਿਸਮਾਂ ਦੀ ਕਾਸ਼ਤ ਦਾ ਬੜਾ ਆਧਾਰ ਹੈ ਅਤੇ ਇਹ ਬਰਾਮਦ ਕੀਤੀਆਂ ਜਾ ਸਕਦੀਆਂ ਹਨ। ਪੰਜਾਬ ਵਿਚ ਇਸ ਵੇਲੇ ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਤੋਂ ਆ ਕੇ ਅੰਬ ਵਿਕਦਾ ਹੈ। ਅੱਜ ਇਥੇ ਅੰਬ ਦਾ ਗ਼ੈਰ-ਮੌਸਮੀ ਫ਼ਲ ਜੋ ਮਹਾਂਰਾਸ਼ਟਰ ਤੋਂ ਆ ਕੇ ਸਫੈਦਾ ਕਿਸਮ ਦਾ ਵਿਕ ਰਿਹਾ ਹੈ, ਖਪਤਕਾਰ ਉਸ ਨੂੰ 300 ਰੁਪਏ ਪ੍ਰਤੀ ਕਿਲੋ ਤੱਕ ਵੀ ਖਰੀਦ ਰਹੇ ਹਨ। ਅੰਬਾਂ ਤੋਂ ਪ੍ਰੋਸੈਸਡ ਫੂਡ ਬਣਾ ਕੇ ਵੇਚਣ ਦੀ ਬੜੀ ਗੁੰਜਾਇਸ਼ ਹੈ। ਅੰਬ ਤੋਂ ਬਣੇ ਪਦਾਰਥ ਸਾਰਾ ਸਾਲ ਵੇਚੇ ਜਾ ਸਕਦੇ ਹਨ ਜਿਵੇਂ ਅੰਬ ਦਾ ਆਚਾਰ, ਚਟਨੀ, ਜੂਸ, ਅੰਬਚੂਰ, ਜੈਮ, ਕੈਂਡੀ ਆਦਿ। ਇਸ ਤੋਂ ਇਲਾਵਾ ਇਸ ਫ਼ਲ ਤੋਂ ਅੰਬਪਾਪੜ, ਅੰਬ ਦਾ ਸ਼ਰਬਤ, ਡੱਬਾਬੰਦ ਅੰਬ ਦਾ ਗੁੱਦਾ ਤੇ ਸਲਾਈਸ ਪ੍ਰੋਸੈਸਿੰਗ ਤਕਨੀਕ ਵਰਤ ਕੇ ਰੱਖੇ ਜਾ ਸਕਦੇ ਹਨ। ਸੁੱਕੇ ਅੰਬ ਪਾਊਡਰ, ਆਈਸਕ੍ਰੀਮ, ਬੇਕਰੀ ਅਤੇ ਕਨਫੈਕਸ਼ਨਰੀ ਵਿਚ ਵੀ ਵਰਤੇ ਜਾਂਦੇ ਹਨ। ਪੰਜਾਬ ਵਿਚ ਇਨ੍ਹਾਂ ਪਦਾਰਥਾਂ ਨੂੰ ਬਣਾ ਕੇ ਦੂਜੇ ਰਾਜਾਂ ਵਿਚ ਭੇਜ ਕੇ ਕਾਸ਼ਤਕਾਰਾਂ ਦੀ ਆਮਦਨ ਵਧਾਈ ਜਾ ਸਕਦੀ ਹੈ।
ਅੰਬਾਂ ਦੀਆਂ ਬਿਮਾਰੀਆਂ ਨੂੰ ਸਹੀ ਸਮੇਂ ਪਹਿਚਾਣ ਕਰ ਕੇ ਅੰਬ ਤੋਂ ਵੱਧ ਤੋਂ ਵੱਧ ਝਾੜ ਪ੍ਰਾਪਤ ਕਰਨਾ ਅਤੇ ਗੁਣਵਾਨ ਬਣਾਉਣਾ ਜ਼ਰੂਰੀ ਹੈ। ਅੰਬਾਂ ਨੂੰ 'ਮਾਲਫਾਰਮੇਸ਼ਨ' (ਗੁੱਛਾ-ਮੁੱਛਾ ਰੋਗ) ਬੜਾ ਆਉਂਦਾ ਹੈ। ਇਹ ਸਾਰੀਆਂ ਕਿਸਮਾਂ ਨੂੰ ਆਉਂਦਾ ਹੈ ਅਤੇ ਬੂਟੇ ਦੇ ਹਰ ਭਾਗ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਬਿਮਾਰੀ ਨਾਲ ਟਾਹਣੀਆਂ ਸਿਰੇ ਤੋਂ ਗੁੱਛਾ-ਮੁੱਛਾ ਹੋ ਜਾਂਦੀਆਂ ਹਨ ਅਤੇ ਬਿਮਾਰੀ ਵਾਲੀਆਂ ਟਾਹਣੀਆਂ ਤੋਂ ਬਹੁਤ ਸਾਰੀਆਂ ਬਰੀਕ ਪੱਤੀਆਂ ਨਿਕਲ ਆਉਂਦੀਆਂ ਹਨ ਜੋ ਝਾੜੀ ਦਾ ਰੂਪ ਅਖ਼ਤਿਆਰ ਕਰ ਲੈਂਦੀਆਂ ਹਨ। ਫੁੱਲ ਵੀ ਗੁੱਛਾ ਮੁੱਛਾ ਹੋ ਜਾਂਦੇ ਹਨ। ਨਤੀਜੇ ਵਜੋਂ ਬਿਮਾਰੀ ਵਾਲੇ ਬੂਟਿਆਂ ਨੂੰ ਫ਼ਲ ਘੱਟ ਲਗਦਾ ਹੈ ਅਤੇ ਸਾਰੀ ਸ਼ਾਖ ਸਲੇਟੀ ਭੂਰੀ ਹੋ ਕੇ ਕਾਲੀ ਹੋ ਜਾਂਦੀ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਟਾਹਣੀਆਂ ਅਤੇ ਗੁੱਛੇੇ ਕੱਟ ਕੇ ਸਾੜ ਦੇਣੇ ਚਾਹੀਦੇ ਹਨ। ਬੂਟੇ ਲਾਉਣ ਸਮੇਂ ਨਰਸਰੀ ਤੋਂ ਬਿਮਾਰੀ - ਰਹਿਤ ਬੂਟੇ ਹੀ ਖਰੀਦਣੇ ਚਾਹੀਦੇ ਹਨ। ਇਸ ਬਿਮਾਰੀ 'ਤੇ ਕਾਬੂ ਪਾਉਣ ਲਈ ਨੈਪਥਾਲੀਨ ਐਸਟਿਕ ਐਸਿਡ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਅੰਬ ਦੇ ਬੂਟੇ ਨੂੰ ਦੂਜੀ ਬਿਮਾਰੀ 'ਚਿੱਟੋਂ' ਦੀ ਆਉਂਦੀ ਹੈ। ਇਹ ਉੱਲੀ ਕਾਰਨ ਹੁੰਦੀ ਹੈ। ਛੋਟੇ ਫ਼ਲ ਡਿਗਣ ਲੱਗ ਜਾਂਦੇ ਹਨ ਅਤੇ ਟਾਹਣੀਆਂ ਮਰ ਕੇ ਝੜ ਜਾਂਦੀਆਂ ਹਨ। ਇਸ ਦੀ ਰੋਕਥਾਮ ਲਈ 'ਕੈਰਾਥੇਨ' ਦੇ ਸਪਰੇਅ ਫ਼ੁੱਲ ਪੈਣ ਤੋਂ ਪਹਿਲਾਂ, ਫੁੱਲ ਪੈਣ ਸਮੇਂ ਅਤੇ ਅੰਬੀ ਬਣਨ ਵੇਲੇ ਕਰ ਦੇਣੇ ਚਾਹੀਦੇ ਹਨ। ਅੰਬਾਂ ਨੂੰ 'ਧੱਬਿਆਂ ਦਾ ਰੋਗ' ਵੀ ਆਉਂਦਾ ਹੈ। ਗੂੜ੍ਹੇ ਭੂਰੇ ਰੰਗ ਦੇ ਧੱਬੇ ਪੱਤਿਆਂ 'ਤੇ ਪੈਦਾ ਹੋ ਜਾਂਦੇ ਹਨ। ਧੱਬੇ ਵੱਡੇ ਹੋ ਕੇ ਅੱਧੇ ਨਾਲੋਂ ਜ਼ਿਆਦਾ ਪੱਤਾ ਪ੍ਰਭਾਵਿਤ ਕਰ ਲੈਂਦੇ ਹਨ। ਬਿਮਾਰੀ ਵਾਲੀਆਂ ਟਾਹਣੀਆਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਿਲ੍ਹ ਤੇ ਵਰਖਾ ਇਸ ਰੋਗ ਲਈ ਸਹਾਈ ਹੁੰਦੇ ਹਨ। ਇਸ ਬਿਮਾਰੀ ਨੂੰ ਰੋਕਣ ਲਈ ਰੋਗੀ ਟਾਹਣੀਆਂ ਤੇ ਬਿਮਾਰ ਪੱਤੇ ਤੋੜ ਕੇ ਸਾੜ ਦਿਉ। ਇਸ ਪਿਛੋਂ ਬੋਰਡੋ ਮਿਸ਼ਰਣ ਦਾ ਛਿੜਕਾਅ ਕਰੋ। ਦੋ ਹਫ਼ਤਿਆਂ ਬਾਅਦ ਇਹ ਛਿੜਕਾਅ ਦੁਬਾਰਾ ਕਰੋ। ਇਸ ਤੋਂ ਇਲਾਵਾ 'ਤਣੇ ਦਾ ਕੋਹੜ' ਉਨ੍ਹਾਂ ਦਰੱਖ਼ਤਾਂ ਤੇ ਬਾਗ਼ਾਂ ਵਿਚ ਆਉਂਦਾ ਹੈ ਜਿਨ੍ਹਾਂ ਦੀ ਯੋਗ ਦੇਖਭਾਲ ਨਹੀਂ ਕੀਤੀ ਜਾਂਦੀ। ਇਸ ਦਾ ਇਲਾਜ ਵੀ ਬੋਰਡੋ ਮਿਸ਼ਰਣ ਦਾ ਛਿੜਕਾਅ ਹੈ, ਜੋ ਹਰ 15 ਦਿਨਾਂ ਪਿੱਛੋਂ ਹੋਣਾ ਚਾਹੀਦਾ ਹੈ। ਬਿਮਾਰੀ ਵਾਲੇ ਹਿੱਸੇ ਨੂੰ ਕੱਟ ਕੇ ਬੋਰਡੋ ਪੇਸਟ ਲਾ ਦੇਣਾ ਚਾਹੀਦਾ ਹੈ। ਕਈ ਵਾਰ ਅੰਬਾਂ ਦੀ ਨੋਕ ਕਾਲੀ ਹੋ ਜਾਂਦੀ ਹੈ ਜੋ ਧੂੰਏ ਕਾਰਨ ਹੁੰਦੀ ਹੈ। ਬੋਰਡੋ ਮਿਸ਼ਰਣ ਨਾਲ ਹੀ ਪ੍ਰਭਾਵਤ ਪੱਤੇ ਠੀਕ ਹੋ ਜਾਣਗੇ। ਇਸ ਤੋਂ ਇਲਾਵਾ 'ਅੰਬਾਂ ਦੀ ਗੁਦੈਹੜੀ' ਦਾ ਰੋਗ ਵੀ ਆਉਂਦਾ ਹੈ। ਜੋ ਮੀਥਾਈ ਪੈਰਾਥੀਨ ਦੇ ਧੂੜੇ ਨਾਲ ਠੀਕ ਹੋ ਜਾਂਦਾ ਹੈ। ਫ਼ਰਵਰੀ-ਮਾਰਚ ਵਿਚ ਅੰਬ ਨੂੰ ਫੁੱਲ ਆਉਂਦੇ ਹਨ ਅਤੇ ਉਸ ਸਮੇਂ ਟਿੱਡੇ ਤੇ ਛੜੱਪਾਮਾਰ ਤੇਲਾ ਵੀ ਹਮਲਾ ਕਰ ਕੇ ਨੁਕਸਾਨ ਪਹੁੰਚਾਉਂਦੇ ਹਨ। ਇਸ ਦੀ ਰੋਕਥਾਮ ਲਈ ਕਾਰਬਰੀਲ ਜਾਂ ਮੈਲਾਥੀਆਨ ਵਰਤਣੀ ਚਾਹੀਦੀ ਹੈ।
ਪੱਕ ਰਹੇ ਅੰਬਾਂ ਦੇ ਫ਼ਲ ਅੰਦਰ ਫ਼ਲ ਦੀਆਂ ਮੱਖੀਆਂ ਵੀ ਆਪਣਾ ਸੂਈ ਵਰਗਾ ਡੰਗ ਮਾਰ ਕੇ ਅੰਬ ਦੇ ਅੰਦਰ ਅੰਡੇ ਦੇ ਦਿੰਦੀਆਂ ਹਨ। ਅੰਡਿਆਂ ਤੋਂ ਸੁੰਡੀਆਂ ਪੈਦਾ ਹੋ ਕੇ ਨਰਮ ਗੁੱਦਾ ਖਾਂਦੀਆਂ ਹਨ। ਡੰਗ ਵਾਲੀ ਥਾਂ ਤੋਂ ਅੰਬ ਗਲਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਉਤਪਾਦਕਾਂ ਨੂੰ 'ਫਰੂਟ ਫਲਾਈ ਟਰੈਪ' ਦੀ ਵਰਤੋਂ ਕਰਨੀ ਚਾਹੀਦੀ ਹੈ।


-ਮੋਬਾਈਲ : 98152-36307

ਵਿਰਸੇ ਦੀਆਂ ਬਾਤਾਂ

ਦਿਸਦੇ ਨਾ ਐਂਟੀਨੇ ਕਿਧਰੇ, ਦਿਸਦੇ ਨਾ ਉਹ ਚਾਅ

ਵਕਤ ਮੂਹਰੇ ਕਿਸੇ ਦਾ ਕੀ ਜ਼ੋਰ? ਕਹਿੰਦੇ ਕਹਾੳਂੁਦਿਆਂ ਨੂੰ ਅਰਸ਼ ਤੋਂ ਫ਼ਰਸ਼ 'ਤੇ ਲਿਆ ਸੁੱਟਦਾ। ਜਿਹੜੀਆਂ ਚੀਜ਼ਾਂ ਕੁਝ ਵਰ੍ਹੇ ਪਹਿਲਾਂ ਤੱਕ ਸਾਡੀ ਜ਼ਿੰਦਗੀ ਦਾ ਹਿੱਸਾ ਸਨ, ਅੱਜ ਉਹ ਲੱਭਦੀਆਂ ਤੱਕ ਨਹੀਂ। ਉਨ੍ਹਾਂ ਦੀ ਥਾਂ ਅਜਿਹੀਆਂ ਚੀਜ਼ਾਂ ਆਈਆਂ, ਜਿਨ੍ਹਾਂ ਬਾਰੇ ਕਿਆਸ ਨਹੀਂ ਸੀ ਕੀਤਾ। ਤੀਹ ਤੋਂ ਉਪਰ ਵਾਲਿਆਂ ਨੂੰ ਉਹ ਟੈਲੀਵੀਜ਼ਨ ਦੇ ਐਂਟੀਨੇ ਕਿਵੇਂ ਭੁੱਲ ਸਕਦੇ ਨੇ? ਐਂਟੀਨੇ ਦੀ ਦਿਸ਼ਾ ਥੋੜ੍ਹੀ ਜਿਹੀ ਵੀ ਬਦਲ ਜਾਣੀ ਤਾਂ ਟੀ. ਵੀ. 'ਤੇ ਤਾਰੇ ਜਿਹੇ ਆਉਣ ਲੱਗ ਜਾਣੇ। ਕਈ ਵਾਰ ਸਾਈਕਲ ਦੇ ਚੱਕੇ ਦਾ ਐਂਟੀਨਾ ਬਣਾ ਲੈਣਾ ਤੇ ਉਹਦੇ ਨਾਲ ਕੰਮ ਸਰ ਜਾਣਾ। ਇਕ ਜਣੇ ਨੇ ਕਾਹਲੇ ਕਦਮੀਂ ਐਂਟੀਨਾ ਘੁਮਾਉਣ ਜਾਣਾ ਤੇ ਅਵਾਜ਼ਾਂ ਦੇਣੀਆਂ, 'ਹੁਣ ਠੀਕ ਆ, ਦੱਸ ਹੁਣ ਕਿਵੇਂ ਆ?'
ਅੱਗੋਂ ਅਵਾਜ਼ਾਂ ਮਿਲਣੀਆਂ, 'ਹੁਣ ਮਾੜਾ ਜਿਹਾ ਠੀਕ ਆ। ਥੋੜ੍ਹਾ ਹੋਰ ਘੁਮਾ। ਤਾਰੇ ਘਟ ਗਏ ਆ। ਬਸ ਥੋੜ੍ਹਾ ਹੋਰ।'
ਇੰਜ ਕਰਦਿਆਂ-ਕਰਦਿਆਂ ਅੱਧਾ 'ਸ਼ਕਤੀਮਾਨ', 'ਚਿੱਤਰਹਾਰ' ਜਾਂ 'ਅਲਫ਼ ਲੈਲਾ' ਨਿਕਲ ਜਾਣਾ ਤੇ ਖ਼ੁਦ ਨੂੰ ਠੱਗੇ ਜਿਹੇ ਮਹਿਸੂਸ ਕਰਨਾ। ਇਹ ਉਹ ਦੌਰ ਸੀ, ਜਦੋਂ ਮਨੋਰੰਜਨ ਦੇ ਸਾਧਨ ਅੱਜ ਜਿੰਨੇ ਨਹੀਂ ਸਨ। ਉਡੀਕ ਕਰੀ ਦੀ ਸੀ ਕਿ ਕਿਹੜੇ ਦਿਨ ਕੀ ਪ੍ਰਸਾਰਤ ਹੋਣਾ। ਜੇ ਕਿਸੇ ਵੱਡੇ ਨੇਤਾ ਨੇ ਦੁਨੀਆ ਤੋਂ ਚਲੇ ਜਾਣਾ ਤਾਂ ਟੀ. ਵੀ. 'ਤੇ ਕਈ ਦਿਨ ਮਾਤਮੀ ਧੁਨਾਂ ਵੱਜਣੀਆਂ। ਅਫ਼ਸੋਸ ਹੋਣਾ, ਆਹ ਕੀ ਹੋ ਗਿਆ। ਸਾਡੇ ਪ੍ਰੋਗਰਾਮ ਲੁੱਟੇ ਗਏ।
ਮਾਤਾ-ਪਿਤਾ ਮੂਹਰੇ ਬੇਨਤੀਆਂ ਕਰਨੀਆਂ ਕਿ ਸਕੂਲ ਦਾ ਸਾਰਾ ਕੰਮ ਮਿੰਟਾਂ 'ਚ ਨਬੇੜ ਲੈਂਦੇ ਹਾਂ, ਬਸ ਗੁਆਂਢੀਆਂ ਦੇ ਘਰ 'ਮਹਾਂਭਾਰਤ' ਦੇਖਣ ਦੀ ਆਗਿਆ ਦੇ ਦਿਓ। ਜੋ ਮਾਤਾ ਨੇ ਕਹਿਣਾ, ਉੱਡ ਉੱਡ ਕਰਦੇ ਫਿਰਨਾ ਤਾਂ ਜੁ ਟੈਲਵੀਜ਼ਨ ਦੇਖਣ ਤੋਂ ਨਾਂਹ ਨਾ ਹੋਵੇ।
ਮੌਕੇ 'ਤੇ ਬੱਤੀ ਚਲੀ ਜਾਣੀ ਤਾਂ ਇੰਜ ਲੱਗਣਾ ਜਿਵੇਂ ਸੰਸਾਰ ਲੁੱਟਿਆ ਗਿਆ।
ਇਹ ਸਭ ਕੁਝ ਇਸ ਤਸਵੀਰ ਨੂੰ ਦੇਖ ਕੇ ਚੇਤੇ ਆਇਆ। ਐਂਟੀਨਾ ਕਿਵੇਂ ਸੂਰਜ ਦਾ ਭਾਰ ਚੁੱਕਣ ਨੂੰ ਤਿਆਰ ਹੈ। ਕਿਵੇਂ ਕਬੂਤਰ ਵਾਂਗ ਸੂਰਜ ਛਤਰੀ 'ਤੇ ਬੈਠਣ ਲਈ ਤਿਆਰ ਹੈ। ਸੂਰਜ ਅੱਜ ਵੀ ਚੜ੍ਹਦਾ ਛਿਪਦਾ, ਪਰ ਐਂਟੀਨੇ ਭਾਲਿਆਂ ਨਹੀਂ ਥਿਆਉਂਦੇ। ਤਾਰਾਂ ਦਾ ਜਾਲ ਇਹੋ ਜਿਹਾ ਵਿਛਿਆ ਕਿ ਸਭ ਕੁਝ ਗਾਇਬ ਹੋ ਗਿਆ। ਪਿੰਡਾਂ ਵਿੱਚ ਕੇਬਲ, ਸੈਟੇਲਾਈਟ ਛਤਰੀਆਂ ਆ ਗਈਆਂ। ਚੈਨਲ ਵਧ ਗਏ, ਤਸਵੀਰਾਂ ਸੋਹਣੀਆਂ ਹੋ ਗਈਆਂ, ਪਰ ਚਾਅ ਮਰ ਗਏ। ਇੰਜ ਲੱਗਦਾ ਉਦੋਂ ਵਾਲਾ ਦੌਰ ਹੀ ਠੀਕ ਸੀ, ਜਦੋਂ ਪ੍ਰੋਗਰਾਮਾਂ ਦਾ ਵੀ ਮਿਆਰ ਸੀ, ਦੇਖਣ ਦੀ ਖਿੱਚ ਸੀ। ਸਕੂਲ ਦੀ ਅੱਧੀ ਛੁੱਟੀ ਵੇਲੇ ਓਹੀ ਸੰਵਾਦ, ਗਾਣੇ, ਕਹਾਣੀ ਸਾਰਿਆਂ ਨੂੰ ਸੁਣਾਉਣੀ।
ਸੱਚੀਂ ਥੋੜ੍ਹੇ ਸਮੇਂ ਵਿਚ ਖੁਸ਼ੀ ਦਾ ਮਾਇਨਾ ਕਿੰਨਾ ਬਦਲ ਗਿਆ। ਤਕਨੀਕ ਕਿੰਨੀ ਬਦਲ ਗਈ। ਚਾਅ ਕਿੰਨੇ ਬਦਲ ਗਏ। ਹੁਣ ਓਨੀ ਖੁਸ਼ੀ ਸਿਨੇਮੇ ਜਾਣ ਮੌਕੇ ਨਹੀਂ ਹੁੰਦੀ, ਜਿੰਨੀ ਕਾਲੀਆਂ ਚਿੱਟੀਆਂ ਫੋਟੋਆਂ ਵਾਲਾ ਅਲਮਾਰੀ ਵਰਗਾ ਟੀ. ਵੀ. ਦੇਖ ਕੇ ਹੁੰਦੀ ਸੀ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883

ਇਸ ਮਹੀਨੇ ਦੇ ਖੇਤੀ ਰੁਝੇਵੇਂ

ਕਮਾਦ: ਇਸ ਮਹੀਨੇ ਦੇ ਅੱਧ ਤੋਂ ਕਮਾਦ ਦੀ ਬਿਜਾਈ ਸ਼ੁਰੂ ਕਰ ਦਿਉ। ਸਿਫ਼ਾਰਸ਼ ਕੀਤੀਆਂ ਕਿਸਮਾਂ ਸੀ ਓ ਪੀ ਬੀ-92, ਸੀ ਓ 118, ਸੀ ਓ ਜੇ 85, ਸੀ ਓ ਜੇ 64 (ਅਗੇਤੀਆਂ ਕਿਸਮਾਂ) ਸੀ ਓ ਪੀ ਬੀ-94, ਸੀ ਓ ਪੀ ਬੀ-93, ਸੀ ਓ ਪੀ ਬੀ-91, ਸੀ ਓ-238 ਅਤੇ ਸੀ ਓ ਜੇ 88 (ਦਰਮਿਆਨੀਆਂ, ਪਿਛੇਤੀਆਂ ਪੱਕਣ ਵਾਲੀਆਂ) ਕਿਸਮਾਂ ਵਰਤੋ। ਬੀਜ ਰੱੱਤਾ ਰੋਗ, ਸੋਕੜਾ, ਕਾਂਗਿਆਰੀ, ਮਧਰੇਪਣ ਅਤੇ ਘਾਹ ਵਰਗੀਆਂ ਸ਼ਾਖਾਂ ਦੇ ਰੋਗ ਤੋਂ ਮੁਕਤ ਵਰਤਣਾ ਚਾਹੀਦਾ ਹੈ। ਸਿਉਂਕ ਦੇ ਹਮਲੇ ਤੋਂ ਬਚਣ ਲਈ ਰੂੜੀ ਦੀ ਗਲੀ-ਸੜੀ ਖਾਦ ਵਰਤੋ। ਸਿਉਂਕ ਦੀ ਰੋਕਥਾਮ ਲਈ 45 ਮਿ.ਲਿ. ਈਮੀਡਾਕਲੋਪਰਿਡ 17.8 ਐਸ ਐਲ ਨੂੰ 400 ਲਿਟਰ ਪਾਣੀ ਵਿਚ ਘੋਲ ਕੇ ਸਿਆੜਾਂ ਦੇ ਨਾਲ-ਨਾਲ ਫੁਆਰੇ ਨਾਲ ਪਾ ਕੇ ਹਲਕੀ ਜਿਹੀ ਮਿੱਟੀ ਚੜਾਉਣ ਤੋਂ ਬਾਅਦ ਪਤਲਾ ਪਾਣੀ ਲਾ ਦਿਓ। ਅਗੇਤੀ ਫੋਟ ਦੇ ਗੜੂੰਏ ਦੀ ਰੋਕਥਾਮ ਲਈ 10 ਕਿੱਲੋ ਰੀਜੈਂਟ/ਮੋਰਟੈਲ/ ਰਿਪਨ 0.3 ਜੀ (ਫਿਪਰੋਨਿਲ) ਦਾਣੇਦਾਰ ਨੂੰ 20 ਕਿਲੋ ਗਿੱਲੀ ਮਿੱਟੀ ਵਿਚ ਮਿਲਾ ਕੇ ਗੁੱਲੀਆਂ ਉਪਰ ਪਾ ਕੇ ਸੁਹਾਗੇ ਨਾਲ ਗੁੱਲੀਆਂ ਢੱਕ ਦਿਉ ਜਾਂ ਫਿਰ ਫ਼ਸਲ ਉਗਣ (ਤਕਰੀਬਨ ਗੁੱਲੀਆਂ ਲਾਉਣ ਤੋਂ 45 ਕੁ ਦਿਨਾਂ ਬਾਅਦ) ਤੇ 10 ਕਿੱਲੋ ਰੀਜੈਂਟ/ਮੋਰਟੈਲ/ਰਿਪਨ 0.3 ਜੀ ਨੂੰ 20 ਕਿੱਲੋ ਰੇਤ ਵਿਚ ਮਿਲਾ ਕੇ ਜਾਂ 150 ਮਿ.ਲਿ. ਕੋਰਾਜਨ 18.5 ਤਾਕਤ ਜਾਂ 2 ਲਿਟਰ ਡਰਮਟ/ਕਲਾਸਿਕ/ਡਰਸਬਾਨ ਮਾਰਕਪਾਈਰੀਫਾਸ 20 ਤਾਕਤ ਜਾਂ 45 ਮਿ.ਲਿ. ਇਮਿਡਾਗੋਲਡ 17.8 ਤਾਕਤ ਨੂੰ 400 ਲਿਟਰ ਪਾਣੀ ਵਿਚ ਘੋਲ ਕੇ ਸਿਆੜਾਂ ਦੇ ਨਾਲ-ਨਾਲ ਫ਼ੁਹਾਰੇ ਨਾਲ ਪਾ ਕੇ ਹਲਕੀ ਜਿਹੀ ਮਿੱਟੀ ਚੜ੍ਹਾਉਣ ਤੋਂ ਬਾਅਦ ਪਤਲਾ ਜਿਹਾ ਪਾਣੀ ਲਾ ਦਿਉ। ਮੌਸਮੀ ਨਦੀਨਾਂ ਦੀ ਰੋਕਥਾਮ ਲਈ ਕਾਰਮੈਕਸ ਜਾਂ ਕਲਾਸ 80 ਘੁਲਣਸ਼ੀਲ (ਡਾਈਯੂਰਾਨ) 800 ਗ੍ਰਾਮ ਪ੍ਰਤੀ ਏਕੜ ਕਮਾਦ ਦੀ ਫ਼ਸਲ ਬੀਜਣ ਤੋਂ ਬਾਅਦ ਅਤੇ ਨਦੀਨ ਉਗਣ ਤੋਂ ਪਹਿਲਾਂ ਛਿੜਕੋ। ਗੰਨੇ ਦੀ ਬਿਜਾਈ ਤੋਂ 15 ਦਿਨ ਪਹਿਲਾਂ 8 ਟਨ ਰੂੜੀ ਜਾਂ ਪ੍ਰੈਸ ਮੱਡ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਵਿਚ ਚੰਗੀ ਤਰ੍ਹਾਂ ਮਿਲਾ ਦਿਉ। ਜੇਕਰ ਰੂੜੀ ਜਾਂ ਪ੍ਰੈਸ ਮੱਡ ਪਾਈ ਹੋਵੇ ਤਾਂ ਨਾਈਟਰੋਜ਼ਨ ਦੀ ਮਾਤਰਾ 60 ਕਿਲੋ ਪ੍ਰਤੀ ਏਕੜ ਤੋਂ ਘਟਾ ਕੇ 40 ਕਿਲੋ ਪ੍ਰਤੀ ਏਕੜ ਕਰ ਦਿਉ ਪਰੰਤੂ ਹਲਕੀਆਂ ਜ਼ਮੀਨਾਂ ਵਿਚ ਖਾਦ ਦੀ ਮਿਕਦਾਰ ਨਾ ਘਟਾਓ। ਫਾਸਫੋਰਸ ਤੱਤ ਮਿੱਟੀ ਪਰਖ ਅਨੁਸਾਰ ਵਰਤੋ । ਆਮ ਹਾਲਤਾਂ ਵਿਚ ਗੰਨੇ ਦੀ ਬਿਜਾਈ ਸਮੇਂ 65 ਕਿਲੋ ਯੂਰੀਆ ਪ੍ਰਤੀ ਏਕੜ ਵਰਤੋ। ਇਸ ਤੋਂ ਇਲਾਵਾ ਬਿਜਾਈ ਸਮੇਂ 4 ਕਿਲੋ ਅਜੋਟੋਬੈਕਟਰ (ਜੀਵਾਣੂ ਖਾਦ) ਪ੍ਰਤੀ ਏਕੜ ਪਾਓ।
ਹਰੇ ਚਾਰੇ: ਜ਼ਮੀਨ ਦੀ ਕਿਸਮ ਅਤੇ ਮੌਸਮ ਨੂੰ ਦੇਖਦੇ ਹੋਏ 15-20 ਦਿਨਾਂ ਦੇ ਫ਼ਰਕ ਤੇ ਬਰਸੀਮ ਅਤੇ ਲੂਸਣ ਦੀ ਫ਼ਸਲ ਨੂੰ ਪਾਣੀ ਦਿੰਦੇ ਰਹੋ। ਜੇਕਰ ਹਰਾ ਚਾਰਾ ਜ਼ਿਆਦਾ ਹੋਵੇ ਤਾਂ ਇਸ ਮਹੀਨੇ ਦੇ ਅਖ਼ੀਰ 'ਚ ਜਾਂ ਮਾਰਚ ਦੇ ਸ਼ੁਰੂ ਵਿਚ ਜਵੀਂ ਦੀ ਫ਼ਸਲ ਜਦੋਂ ਦੋਧੀ ਹੋਵੇ ਤਾਂ ਅਚਾਰ ਬਣਾ ਲਵੋ।
ਸਬਜ਼ੀਆਂ
ਕੱਦੂ ਜਾਤੀ ਦੀਆਂ ਸਬਜ਼ੀਆਂ: ਜਦੋਂ ਹੀ ਕੋਰੇ ਦਾ ਖ਼ਤਰਾ ਖ਼ਤਮ ਹੋ ਜਾਵੇ ਤਾਂ ਨਵੰਬਰ-ਦਸੰਬਰ ਵਿਚ ਬੀਜੀਆਂ ਗਈਆਂ ਸਬਜ਼ੀਆਂ ਤੋਂ ਸਰਕੰਡਾ ਜਾਂ ਪਲਾਸਟਿਕ ਦੀ ਚਾਦਰ ਉਤਾਰ ਦਿਉ ਅਤੇ ਪਾਣੀ ਦੇ ਦਿਉ। ਨਾਈਟ੍ਰੋਜਨ ਦੀ ਰਹਿੰਦੀ ਅੱਧੀ ਖ਼ੁਰਾਕ ਖ਼ਾਲੀਆਂ ਵਿਚ ਪਾ ਕੇ ਮਿਟੀ ਚੜ੍ਹਾ ਦਿਉ ਅਤੇ ਫਿਰ ਬੂਟਿਆਂ ਨੂੰ ਕਿਆਰੀਆਂ ਵਿਚ ਕਰ ਦਿਉ। ਫਿਰ ਹਫ਼ਤੇ ਵਿਚ ਇਕ ਵਾਰ ਰੇਤਲੀਆਂ ਜ਼ਮੀਨਾਂ ਅਤੇ ਭਾਰੀਆਂ ਜ਼ਮੀਨਾਂ ਵਿਚ ਦਸ ਦਿਨਾਂ ਦੇ ਵਕਫ਼ੇ 'ਤੇ ਪਾਣੀ ਦਿੰਦੇ ਰਹੋ। 35 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ (ਸਿੰਗਲ) ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਨੂੰ ਉਤਰੀ ਪਾਸੇ ਵੱਲ ਪਾ ਕੇ ਖ਼ਾਲੀਆਂ ਤਿਆਰ ਕਰੋ। ਬੀਜ ਨਮੀ ਵਾਲੀ ਢੇਰੀ ਦੇ ਦੱਖਣੀ ਦਿਸ਼ਾ ਵੱਲ ਬੀਜੋ। ਇਸ ਮਹੀਨੇ ਦੇ ਦੂਸਰੇ ਪੰਦ੍ਹਰਵਾੜੇ ਖਰਬੂਜ਼ਾ, ਹਦਵਾਣਾ, ਕੱਦੂ ਅਤੇ ਹਲਵਾ ਕੱਦੂ ਦੀ ਨਰਸਰੀ ਨੂੰ ਪਹਿਲਾਂ ਤਿਆਰ ਖੇਤ ਵਿਚ ਲਗਾਉਣਾ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਪਲਾਸਟਿਕ ਦੇ ਲਿਫ਼ਾਫ਼ੇ ਉਤਾਰ ਲਉ। ਘੀਆ ਕੱਦੂ ਦੀਆਂ ਪੰਜਾਬ ਬਰਕਤ, ਪੰਜਾਬ ਕੋਮਲ ਅਤੇ ਪੰਜਾਬ ਲੌੌਗ, ਚੱਪਣ ਕੱਦੂ ਨੰਬਰ 1, ਖ਼ਰਬੂਜ਼ਾ ਦੀਆਂ ਐਮ ਐਚ-27, ਐਮ ਐਚ-51, ਪੰਜਾਬ ਸੁਨਹਿਰੀ, ਪੰਜਾਬ ਹਾਈਬਰਿਡ ਅਤੇ ਹਰਾ ਮਧੂ, ਹਦਵਾਣੇ ਦੀ ਸ਼ੂਗਰਬੇਬੀ, ਟੀਂਡੇ ਦੀ ਪੰਜਾਬ ਟੀਂਡਾ -1 ਅਤੇ ਐਸ-48, ਕਰੇਲੇ ਦੀ ਪੰਜਾਬ ਝਾੜ ਕਰੇਲਾ-1, ਪੰਜਾਬ-14 ਅਤੇ ਪੰਜਾਬ ਕਰੇਲੀ ਨੰ.1 ਅਤੇ ਪੇਠੇ ਦੀ ਪੀ ਏ ਜੀ-3 ਅਤੇ ਹਲਵਾ ਕੱਦੂ ਦੀਆਂ ਪੀ ਪੀ ਐਚ-1, ਪੀ ਪੀ ਐਚ -2 ਅਤੇ ਪੰਜਾਬ ਸਮਰਾਟ ਕਿਸਮਾਂ ਢੁੱੱਕਵੀਆਂ ਹਨ।
ਸਾਵਧਾਨੀਆਂ: ਜਿੰਨ੍ਹਾਂ ਖੇਤਾਂ ਵਿਚ ਆਲੂਆਂ ਦੀ ਫ਼ਸਲ ਲਈ ਐਟਰਾਜ਼ੀਨ ਨਦੀਨ ਨਾਸ਼ਕ ਵਰਤੀ ਗਈ ਹੈ ਉਥੇ ਕੱਦੂ ਜਾਤੀ ਦੀਆਂ ਫ਼ਸਲਾਂ ਨਾ ਬੀਜੋ।
ਮਿਰਚਾਂ ਅਤੇ ਸ਼ਿਮਲਾ ਮਿਰਚ : ਜਦ ਹੀ ਕੋਰੇ ਦਾ ਖਤਰਾ ਨਾ ਜਾਪੇ ਤਾਂ ਮਿਰਚ ਅਤੇ ਸ਼ਿਮਲਾ ਮਿਰਚ ਦੇ ਖੇਤਾਂ ਵਿਚੋਂ ਸਰਕੰਡਾ ਜਾਂ ਪਲਾਸਟਿਕ ਦੀ ਚਾਦਰ ਹਟਾ ਦਿਉ ਅਤੇ ਖੇਤ ਨੂੰ ਪਾਣੀ ਦੇ ਦਿਉ। ਇਕ ਹਫ਼ਤੇ ਬਾਅਦ 90 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਾ ਕੇੇ ਬੂਟਿਆਂ ਦੇ ਮੁੱਢਾਂ ਨਾਲ ਮਿੱਟੀ ਚੜ੍ਹਾ ਦਿਉ। ਮਿਰਚ ਅਤੇ ਸ਼ਿਮਲਾ ਮਿਰਚ ਦੀ ਜਿਹੜੀ ਪਨੀਰੀ ਤਿਆਰ ਕੀਤੀ ਗਈ ਹੈ ਉਹ ਸਿਫ਼ਾਰਸ਼ ਕੀਤੇ ਫ਼ਾਸਲੇ 'ਤੇ ਖੇਤ ਵਿਚ ਲਗਾ ਦਿਉੁ। ਸ਼ਿਮਲਾ ਮਿਰਚ ਨੂੰ 35 ਕਿਲੋ ਯੂਰੀਆ, 175 ਕਿਲੋ ਸੁਪਰਫਾਸਫੇਟ (ਸਿੰਗਲ) ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਨੂੰ ਪ੍ਰਤੀ ਏਕੜ ਦੇ ਹਿਸਾਬ ਪਾਉ ਅਤੇ ਮਿਰਚ ਦੀ ਫ਼ਸਲ ਨੂੰ 30 ਕਿਲੋ ਯੂਰੀਆ, 75 ਕਿਲੋ ਸਿੰਗਲ ਸੁਪਰਫਾਸਫੇਟ ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਪਾਓ। ਦੋਗਲੀਆਂ ਕਿਸਮਾਂ ਵਾਸਤੇ ਨਾਈਟਰੋਜਨ ਖਾਦ ਵਧਾਈ ਜਾ ਸਕਦੀ ਹੈ। ਪਨੀਰੀ ਲਾਉਣ ਤੋਂ ਫੌਰਨ ਬਾਅਦ ਪਹਿਲਾ ਪਾਣੀ ਦੇ ਦਿਉ ਅਤੇ ਇਕ ਪਾਣੀ ਹਫ਼ਤੇ ਤੋਂ ਬਾਅਦ ਫਿਰ ਦਿਉ। 7-10 ਦਿਨਾਂ ਬਾਅਦ ਖੇਤ ਵਿਚ ਖਾਲੀ ਥਾਂ ਦੇਖ ਕੇ ਫਿਰ ਬੂਟੇ ਲਗਾ ਦਿਉ ਤਾਂ ਜੋ ਖੇਤ ਵਿਚ ਬੂਟੇ ਪੂਰੇ ਹੋ ਜਾਣ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX