ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁ: ਨਾਨਕਸਰ ਸਾਹਿਬ ਰਾਮ ਤੀਰਥ (ਅੰਮ੍ਰਿਤਸਰ)

ਇਤਿਹਾਸਕ ਗੁਰਦੁਆਰਾ ਨਾਨਕਸਰ ਸਾਹਿਬ ਅੱਡਾ ਰਾਮ ਤੀਰਥ ਵਿਖੇ ਲੋਪੋਕੇ-ਚੋਗਾਵਾਂ ਰੋਡ 'ਤੇ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਹ ਅਸਥਾਨ ਅੰਮ੍ਰਿਤਸਰ ਸ਼ਹਿਰ ਤੋਂ ਲਹਿੰਦੇ ਪਾਸੇ 10 ਕਿਲੋਮੀਟਰ ਦੂਰ ਹੈ। ਦੱਸਿਆ ਜਾਂਦਾ ਹੈ ਕਿ ਇਥੇ ਕਿਸੇ ਸਮੇਂ ਸੰਘਣਾ ਜੰਗਲ ਹੁੰਦਾ ਸੀ ਅਤੇ ਰਾਵੀ ਦਰਿਆ ਇਥੋਂ ਖਹਿ ਕੇ ਲੰਘਦਾ ਹੁੰਦਾ ਸੀ। ਹੁਣ ਇਹ ਸਰਹੱਦੀ ਖੇਤਰ ਪੂਰੀ ਤਰ੍ਹਾਂ ਆਬਾਦ ਤੇ ਚਹਿਲ-ਪਹਿਲ ਵਾਲਾ ਹੈ। ਰਾਵੀ ਦਰਿਆ ਇਥੋਂ ਬਹੁਤ ਦੂਰ ਜਾ ਚੁੱਕਾ ਹੈ ਅਤੇ ਜੰਗਲ ਖ਼ਤਮ ਹੋ ਗਿਆ ਹੈ। ਇਥੇ ਸੇਵਾ ਨਿਭਾਅ ਰਹੇ ਬਾਬਾ ਲਖਬੀਰ ਸਿੰਘ, ਪ੍ਰਬੰਧਕ ਬਾਬਾ ਲੱਖਾ ਸਿੰਘ ਨੇ ਦੱਸਿਆ ਕਿ ਇਥੇ ਰਾਵੀ ਦੇ ਕੰਢੇ ਇਕ ਪੰਡਿਤ ਰਹਿੰਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਇਸ ਅਸਥਾਨ 'ਤੇ ਆਏ ਤਾਂ ਉਨ੍ਹਾਂ ਦੀ ਪੰਡਤ ਨਾਲ ਭੇਂਟ ਵਾਰਤਾ ਹੋਈ। ਗੁਰੂ ਸਾਹਿਬ ਨੇ ਆਪਣੀਆਂ ਦਲੀਲਾਂ ਨਾਲ ਪੰਡਿਤ ਦਾ ਭਰਮ ਦੂਰ ਕੀਤਾ। ਪੰਡਿਤ ਤੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੀ ਇਥੇ ਸੁਸ਼ੋਭਿਤ ਹੈ। ਇਥੇ ਪਹੁੰਚਣ ਦਾ ਜ਼ਿਕਰ ਗਿਆਨੀ ਤ੍ਰਿਲੋਕ ਸਿੰਘ ਦੀ ਪੁਸਤਕ 'ਭਾਈ ਲਾਲੋ ਜੀ' ਦੇ ਪੰਨਾ ਨੰਬਰ 16 'ਤੇ ਵੀ ਦਰਜ ਹੈ।
ਪਿੰਡ ਕਲੇਰ ਦੀ ਕਰੀਬ 2 ਏਕੜ ਜਗ੍ਹਾ ਵਿਚ ਉਸਾਰੇ ਗਏ ਗੁਰਦੁਆਰਾ ਸਾਹਿਬ ਦਾ ਨੀਂਹ-ਪੱਥਰ ਬਾਬਾ ਸੂਬਾ ਸਿੰਘ ਮੋਹਲੇਕੇ ਵਲੋਂ 1990 ਵਿਚ ਰੱਖਿਆ ਗਿਆ। ਉਨ੍ਹਾਂ ਦੀ ਮੌਤ ਉਪਰੰਤ 2 ਕੁ ਸਾਲ ਗੁਰੂ ਕੇ ਬਾਗ ਵਾਲੇ ਬਾਬਿਆਂ ਵਲੋਂ ਕਾਰ ਸੇਵਾ ਕੀਤੀ ਗਈ ਅਤੇ ਫਿਰ ਇਸ ਦਾ ਪ੍ਰਬੰਧ ਬਾਬਾ ਜੋਗਿੰਦਰ ਸਿੰਘ ਨੇ ਸੰਭਾਲ ਲਿਆ। ਉਨ੍ਹਾਂ ਦੇ ਦਿਹਾਂਤ ਉਪਰੰਤ 2015 ਵਿਚ ਪਿੰਡ ਕਲੇਰ ਵਲੋਂ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਪ੍ਰਧਾਨ ਦਲਬੀਰ ਸਿੰਘ ਸ਼ਾਹ ਦੇ ਨਾਲ ਅਮਰਜੀਤ ਸਿੰਘ, ਮਾਸਟਰ ਰਵਿੰਦਰਪਾਲ ਸਿੰਘ, ਸਾਹਿਬ ਸਿੰਘ, ਕੁਲਵਿੰਦਰ ਸਿੰਘ, ਗੁਲਜ਼ਾਰ ਸਿੰਘ ਤੇ ਬਲਦੇਵ ਸਿੰਘ ਕਲੇਰ ਮੈਂਬਰ ਚੁਣੇ ਗਏ। ਕਮੇਟੀ ਅਤੇ ਪਿੰਡ ਕਲੇਰ ਦੀ ਪੰਚਾਇਤ ਨੇ ਇਸ ਅਸਥਾਨ ਦੀ ਸੇਵਾ ਸੰਭਾਲ ਬਾਬਾ ਹਰਭਜਨ ਸਿੰਘ ਪਹਿਲਵਾਨ ਕਿਲ੍ਹਾ ਆਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੂੰ ਸੌਂਪ ਦਿੱਤੀ, ਜਿਨ੍ਹਾਂ ਨੇ ਥੋੜ੍ਹੇ ਸਮੇਂ ਵਿਚ ਹੀ ਇਸ ਦੀ ਕਾਇਆਕਲਪ ਕਰ ਦਿੱਤੀ ਹੈ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾਂਦਾ ਹੈ ਅਤੇ ਹਰ ਮਹੀਨੇ ਸੰਗਰਾਂਦ ਵੀ ਮਨਾਈ ਜਾਂਦੀ ਹੈ। ਮੱਸਿਆ ਦੇ ਦਿਹਾੜੇ 'ਤੇ ਹਰ ਮਹੀਨੇ ਸੜਕ 'ਤੇ ਲੰਗਰ ਵੀ ਲਗਾਇਆ ਜਾਂਦਾ ਹੈ। ਇਥੇ ਹੈੱਡ ਗ੍ਰੰਥੀ ਦੀ ਸੇਵਾ ਬਾਬਾ ਅਵਤਾਰ ਸਿੰਘ ਕਲੇਰ ਨਿਭਾਅ ਰਹੇ ਹਨ।


ਖ਼ਬਰ ਸ਼ੇਅਰ ਕਰੋ

ਜਾਤ-ਪਾਤ ਤੇ ਸਮਾਜਿਕ ਕੁਰੀਤੀਆਂ ਦੇ ਸਖ਼ਤ ਵਿਰੋਧੀ ਸਨ ਗੁਰੂ ਰਵਿਦਾਸ

ਇਤਿਹਾਸ ਗਵਾਹ ਹੈ ਕਿ ਇਸ ਧਰਤੀ 'ਤੇ ਫੈਲ ਰਹੀਆਂ ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਨ ਲਈ ਸਮੇਂ-ਸਮੇਂ 'ਤੇ ਮਨੁੱਖਤਾ ਦੇ ਰਹਿਬਰਾਂ ਨੇ ਜਨਮ ਲਿਆ। ਇਨ੍ਹਾਂ ਵਿਚ ਸ੍ਰੀ ਗੁਰੂ ਰਵਿਦਾਸ ਜੀ ਦਾ ਨਾਂਅ ਵੀ ਸ਼ਾਮਿਲ ਹੈ, ਜਿਨ੍ਹਾਂ ਨੇ ਉਸ ਵੇਲੇ ਫੈਲੀ ਊਚ-ਨੀਚ ਦੀ ਬੁਰਾਈ ਖਿਲਾਫ ਆਵਾਜ਼ ਬੁਲੰਦ ਕੀਤੀ। ਸ੍ਰੀ ਗੁਰੂ ਰਵਿਦਾਸ ਜੀ ਦੇ ਸਮੇਂ ਸਮਾਜ ਜਾਤ-ਪਾਤ, ਕਰਮਕਾਂਡਾਂ, ਧਾਰਮਿਕ ਕੱਟੜਤਾ ਆਦਿ ਕੁਰੀਤੀਆਂ ਨਾਲ ਗ੍ਰਸਤ ਸੀ। ਉਸ ਵੇਲੇ ਪ੍ਰਚਲਿਤ ਮੰਨੂਵਾਦੀ ਪ੍ਰਥਾ ਅਨੁਸਾਰ ਕਾਇਮ ਜਾਤਿ ਪ੍ਰਥਾ ਦੇ ਢਾਂਚੇ ਅਨੁਸਾਰ ਉਸ ਵੇਲੇ ਚੌਥਾ ਵਰਣ ਮੰਨੇ ਜਾਂਦੇ ਸ਼ੂਦਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਅਧਿਕਾਰ ਪ੍ਰਾਪਤ ਨਹੀਂ ਸਨ ਅਤੇ ਉਨ੍ਹਾਂ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਸੀ। ਕੁਝ ਅਖੌਤੀ ਵਿਦਵਾਨ ਲੋਕ ਧਾਰਮਿਕ ਗ੍ਰੰਥਾਂ ਦੀ ਮਨਘੜਤ ਵਿਆਖਿਆ ਕਰਦੇ ਸਨ ਅਤੇ ਇਹ ਗੱਲ ਫੈਲਾਈ ਹੋਈ ਸੀ ਕਿ ਸ਼ੂਦਰਾਂ ਨੂੰ ਨਾ ਵੇਦ ਪਾਠ ਪੜ੍ਹਨ, ਨਾ ਹੀ ਸੁਣਨ ਦੇਣਾ ਚਾਹੀਦਾ ਹੈ। ਇਸ ਕਾਰਨ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਪਾਠ ਕਰਨ ਵਾਲੇ ਸ਼ੂਦਰਾਂ ਦੀ ਜੀਭ ਕੱਟਣ ਅਤੇ ਵੇਦ ਪਾਠ ਸੁਣਨ ਵਾਲੇ ਸ਼ੂਦਰਾਂ ਦੇ ਕੰਨਾਂ ਵਿਚ ਸਿੱਕਾ ਪਿਘਲਾ ਕੇ ਪਾਉਣ ਦੇ ਹੁਕਮ ਲਾਗੂ ਸਨ। ਬਨਾਰਸ ਇਸ ਬ੍ਰਾਹਮਣਵਾਦੀ ਪ੍ਰਥਾ ਦਾ ਕੇਂਦਰ ਸੀ ਅਤੇ ਇੱਥੋਂ ਹੀ ਇਸ ਪ੍ਰਥਾ ਖਿਲਾਫ ਮੁਹਿੰਮ ਸ਼ੁਰੂ ਹੋਈ, ਜਿਸ ਵਿਚ ਸਤਿਗੁਰੂ ਕਬੀਰ ਜੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਮੁੱਖ ਭੂਮਿਕਾ ਰਹੀ ਹੈ।
ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਨ, ਜਨਮ ਸਥਾਨ ਅਤੇ ਜੋਤੀ-ਜੋਤ ਸਮਾਉਣ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਬਹੁਤੇ ਵਿਦਵਾਨਾਂ ਅਨੁਸਾਰ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ 1377 ਈਸਵੀ ਨੂੰ ਪਿਤਾ ਸੰਤੋਖ ਦਾਸ ਤੇ ਮਾਤਾ ਕਲਸਾ ਦੇਵੀ ਦੇ ਘਰ ਬਨਾਰਸ (ਵਾਰਾਨਸੀ) ਦੀ ਬਸਤੀ 'ਸੀਰ ਗੋਵਰਧਨਪੁਰ' ਵਿਖੇ ਹੋਇਆ। ਆਪ ਦਾ ਜਨਮ ਦਿਵਸ ਹਰ ਸਾਲ ਮਾਘ ਮਹੀਨੇ ਦੀ ਪੂਰਨਮਾਸ਼ੀ ਨੂੰ ਆਉਂਦਾ ਹੈ। ਵੱਖ-ਵੱਖ ਵਿਦਵਾਨਾਂ ਵਲੋਂ ਗੁਰੂ ਰਵਿਦਾਸ ਜੀ ਨੂੰ ਵੱਖ-ਵੱਖ ਨਾਵਾਂ ਰਵਿਦਾਸ, ਰੈਦਾਸ, ਰਾਇਦਾਸ, ਰੁਹਿਦਾਸ ਆਦਿ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ। ਇਸੇ ਤਰਾਂ ਕੁਝ ਲੋਕ ਗੁਰੂ ਜੀ ਨੂੰ ਸੰਤ, ਭਗਤ ਆਦਿ ਨਾਲ ਸੰਬੋਧਨ ਕਰਦੇ ਹਨ। ਇਸ ਨਾਲ ਹੀ ਗੁਰੂ ਜੀ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਫੋਟੋਆਂ ਅਤੇ ਸਰੂਪਾਂ, ਜਿਨ੍ਹਾਂ ਵਿਚ ਕਈਆਂ ਵਿਚ ਗੁਰੂ ਜੀ ਨੂੰ ਤਿਲਕਧਾਰੀ, ਕਈਆਂ ਵਿਚ ਸਿਰ ਢਕਿਆ ਹੋਇਆ ਹੈ। ਕਈਆਂ ਵਿਚ ਗੁਰੂ ਜੀ ਦੇ ਬਰਾਬਰ ਅਤੇ ਨਾਲ ਹੋਰ ਕਈ ਸਮਾਜ ਸੁਧਾਰਕਾਂ ਦੀਆਂ ਫੋਟੋਆਂ ਜੋੜੀਆਂ ਗਈਆਂ ਹਨ, ਜੋ ਕਿ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਲਈ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਗੁਰੂ ਰਵਿਦਾਸ ਜੀ ਨੇ ਆਪਣੇ ਪਿੱਤਰੀ ਅਰਥਾਤ ਬਜ਼ੁਰਗਾਂ ਵਾਲੇ ਕਿੱਤੇ ਨੂੰ ਅਪਣਾਇਆ ਅਤੇ ਇਸ ਵਿਚ ਹੀ ਸੰਤੋਖ ਗ੍ਰਹਿਣ ਕੀਤਾ। ਗੁਰੂ ਜੀ ਨੇ ਆਪ ਆਪਣੀ ਬਾਣੀ ਵਿਚ ਇਸ ਸਬੰਧੀ ਜ਼ਿਕਰ ਕੀਤਾ ਹੈ :
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ
ਨਿਤਹਿ ਬਾਨਾਰਸੀ ਆਸ ਪਾਸਾ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ
ਤੇਰੇ ਨਾਂਅ ਸਰਣਾਇ ਰਵਿਦਾਸ ਦਾਸਾ॥ (ਅੰਗ 1293)
ਆਪ ਅਪਣੇ ਹੱਥੀਂ ਕਿਰਤ ਕਰਦੇ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਅਤੇ ਰੱਬ ਦੀ ਭਗਤੀ ਕਰਦੇ। ਆਪ ਜੀ ਨੇ ਆਪਣੇ ਸਮਕਾਲੀ ਸੰਤ-ਮਹਾਂਪੁਰਖਾਂ ਬਾਰੇ ਵੀ ਆਪਣੀ ਬਾਣੀ ਵਿਚ ਡੂੰਘਾ ਵਿਚਾਰ-ਵਟਾਂਦਰਾ ਕੀਤਾ ਹੈ।
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ
ਹਰਿ ਜੀਉ ਤੇ ਸਭੈ ਸਰੈ॥ (ਅੰਗ 1106)
ਗੁਰੂ ਰਵਿਦਾਸ ਜੀ ਅਨੁਸਾਰ ਪਰਮਾਤਮਾ ਕੋਈ ਰਹੱਸ ਨਹੀਂ ਹੈ, ਸਗੋਂ ਪਰਮਾਤਮਾ ਤਾਂ ਹਰ ਕਣ ਵਿਚ ਮੌਜੂਦ ਹੈ। ਗੁਰੂ ਰਵਿਦਾਸ ਜੀ ਨੇ ਪਰਮਾਤਮਾ ਵਿਚ ਆਪਣੀ ਹੋਂਦ ਦਾ ਵਰਣਨ ਕਰਦੇ ਹੋਏ ਕਿਹਾ ਹੈ :
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥
ਕਨਕ ਕਟਿਕ ਜਲ ਤਰੰਗ ਜੈਸਾ॥
(ਅੰਗ 93)
ਗੁਰੂ ਰਵਿਦਾਸ ਜੀ ਸਮਾਜ ਵਿਚੋਂ ਸ਼ੋਸ਼ਣ, ਛੂਆਛਾਤ, ਪਾਖੰਡਵਾਦ ਦਾ ਖਾਤਮਾ ਕਰਕੇ ਬਰਾਬਰਤਾ ਵਾਲਾ ਸਮਾਜ ਕਾਇਮ ਕਰਨਾ ਚਾਹੁੰਦੇ ਸਨ। ਆਪ ਜੀ ਨੇ ਆਪਣੀ ਬਾਣੀ ਅਤੇ ਪ੍ਰਵਚਨਾਂ ਦੁਆਰਾ ਪਖੰਡਵਾਦ ਅਤੇ ਊਚ-ਨੀਚ ਦੇ ਭੇਦਭਾਵ ਨੂੰ ਦੂਰ ਕਰਨ ਲਈ ਉੱਘਾ ਯੋਗਦਾਨ ਪਾਇਆ। ਆਪ ਸ਼੍ਰੋਮਣੀ ਵਿਦਵਾਨਾਂ, ਭਗਤਾਂ, ਪੀਰਾਂ-ਪੈਗੰਬਰਾਂ, ਰਿਸ਼ੀ-ਮੁਨੀਆਂ ਵਿਚ ਇਕ ਉੱਚਕੋਟੀ ਦੀ ਸ਼ਖ਼ਸੀਅਤ ਸਨ ਅਤੇ ਆਪ ਦੀ ਬਾਣੀ (40 ਸ਼ਬਦਾਂ ਅਤੇ 01 ਸਲੋਕ) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਗੁਰੂ ਸਾਹਿਬਾਨਾਂ ਜੀ ਦੀ ਬਾਣੀ ਨਾਲ ਸ਼ਾਮਿਲ ਕੀਤਾ ਗਿਆ। ਅਗਿਆਨਤਾ ਅਤੇ ਗਰੀਬੀ ਇਸ ਸਮਾਜ ਦੀ ਪਹਿਚਾਣ ਬਣ ਚੁੱਕੀ ਸੀ।
ਗੁਰੂ ਰਵਿਦਾਸ ਜੀ ਗ੍ਰਹਿਸਥ ਜੀਵਨ ਬਤੀਤ ਕਰਦੇ ਹੋਏ, ਹੱਥੀਂ ਕੰਮ ਕਰਨ ਨੂੰ ਹੀ ਰੱਬ ਦੀ ਭਗਤੀ ਮੰਨਦੇ ਸਨ। ਗੁਰੂ ਰਵਿਦਾਸ ਕਥਨੀ ਅਤੇ ਕਰਨੀ ਦੇ ਧਨੀ ਸਨ। ਉਨ੍ਹਾਂ ਨੇ ਜਿਹੜਾ ਉਪਦੇਸ਼ ਲੋਕਾਂ ਨੂੰ ਦਿੱਤਾ ਹੈ, ਪਹਿਲਾਂ ਉਸ 'ਤੇ ਆਪ ਅਮਲ ਕੀਤਾ। ਲੋਕਾਂ ਨੂੰ ਹੱਥੀਂ ਕੰਮ ਕਰਨ ਦੀ ਪ੍ਰੇਰਨਾ ਤਦ ਹੀ ਉਨ੍ਹਾਂ ਨੇ ਦਿੱਤੀ ਸੀ ਜਦੋਂ ਉਨ੍ਹਾਂ ਨੇ ਪਹਿਲਾਂ ਆਪ ਇਸ ਸਿਧਾਂਤ ਉੱਪਰ ਅਮਲ ਕੀਤਾ ਸੀ। ਆਪ ਨੇ ਇਹ ਗੱਲ ਵੀ ਸਪੱਸ਼ਟ ਕਰ ਦਿੱਤੀ ਸੀ ਕਿ ਭਗਵਾਨ, ਪਰਮਾਤਮਾ, ਈਸ਼ਵਰ, ਅੱਲ੍ਹਾ, ਖ਼ੁਦਾ, ਰਹੀਮ ਆਦਿ ਸਭ ਇਕੋ ਇਲਾਹੀ ਸ਼ਕਤੀ ਦੇ ਅੱਡ-ਅੱਡ ਨਾਂਅ ਹਨ, ਜਿਸ ਨੇ ਇਸ ਬ੍ਰਹਿਮੰਡ ਦੀ ਸਿਰਜਣਾ ਕੀਤੀ ਹੈ। ਉਸ ਵੇਲੇ ਕੁਝ ਅਖੌਤੀ ਲੋਕਾਂ ਨੇ ਹਰ ਸੰਭਵ ਕੋਸ਼ਿਸ਼ ਦੁਆਰਾ ਗੁਰੂ ਜੀ ਦੇ ਮਿਸ਼ਨ-ਪ੍ਰਚਾਰ ਵਿਚ ਰੋਕਾਂ ਪਾਈਆਂ ਪਰ ਹਰ ਵਾਰ ਗੁਰੂ ਜੀ ਦੀ ਜਿੱਤ ਹੋਈ। ਗੁਰੂ ਜੀ ਨੇ ਉਸ ਵੇਲੇ ਸਮਾਜ ਵਿਚ ਫੈਲੇ ਜਾਤ-ਪਾਤ ਦੇ ਅੰਧ-ਵਿਸ਼ਵਾਸਾਂ ਨੂੰ ਤੋੜ ਕੇ ਇਕ ਮਹਾਨ ਸਮਾਜ ਸੁਧਾਰਕ ਦਾ ਕੰਮ ਕੀਤਾ ਸੀ।
ਗੁਰੂ ਰਵਿਦਾਸ ਜੀ ਨੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਇਸ ਸਬੰਧੀ ਪ੍ਰਚਾਰ ਕਰਨ ਲਈ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਕੰਮ ਕੀਤਾ। ਇਨ੍ਹਾਂ ਯਾਤਰਾਵਾਂ ਦੌਰਾਨ ਗੁਰੂ ਜੀ ਨਾਲ ਉਸ ਸਮੇਂ ਦੇ ਹੋਰ ਸੰਤ ਵੀ ਸ਼ਾਮਿਲ ਸਨ। ਆਪਣੀ ਪਹਿਲੀ ਯਾਤਰਾ ਦੌਰਾਨ ਨਾਗਪੁਰ, ਭਾਗਲਪੁਰ, ਬੀਜਾਪੁਰ, ਭੋਪਾਲ, ਅਜਮੇਰ, ਅਯੁੱਧਿਆ, ਹੈਦਰਾਬਾਦ, ਬੰਬਈ, ਕਰਾਚੀ, ਚਿਤੌੜ, ਜਲਾਲਾਬਾਦ, ਸ੍ਰੀਨਗਰ, ਡਲਹੌਜ਼ੀ, ਗੋਰਖਪੁਰ ਆਦਿ ਸਥਾਨਾਂ 'ਤੇ ਗਏ। ਦੂਜੀ ਯਾਤਰਾ ਦੌਰਾਨ ਆਪ ਗੋਰਖਪੁਰ, ਪ੍ਰਤਾਪਗੜ੍ਹ, ਸ਼ਾਹਜਹਾਂਪੁਰ ਆਦਿ ਸਥਾਨਾਂ 'ਤੇ ਗਏ। ਤੀਜੀ ਯਾਤਰਾ ਦੌਰਾਨ ਆਪ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ 'ਤੇ ਗਏ। ਚੌਥੀ ਯਾਤਰਾ ਦੌਰਾਨ ਆਪ ਵੱਖ-ਵੱਖ ਤੀਰਥ ਸਥਾਨਾਂ ਹਰਿਦੁਆਰ, ਗੋਦਾਵਰੀ, ਕੁਰੂਕਸ਼ੇਤਰ, ਤ੍ਰਿਵੈਣੀ ਆਦਿ ਸਥਾਨਾਂ 'ਤੇ ਗਏ। ਪੰਜਵੀਂ ਯਾਤਰਾ ਆਪ ਜੀ ਨੇ ਗਾਜੀਪੁਰ ਦੀ ਕੀਤੀ। ਛੇਵੀਂ ਯਾਤਰਾ ਗੁਰੂ ਰਵਿਦਾਸ ਜੀ ਨੇ ਪੰਜਾਬ ਦੀ ਕੀਤੀ। ਆਪ ਜੀ ਲੁਧਿਆਣਾ ਹੁੰਦੇ ਹੋਏ ਪਿੰਡ ਚੱਕ ਹਕੀਮ ਪਹੁੰਚੇ, ਜਲੰਧਰ, ਸੁਲਤਾਨਪੁਰ ਲੋਧੀ, ਕਪੂਰਥਲਾ, ਖੁਰਾਲਗੜ੍ਹ ਆਦਿ ਸਥਾਨਾਂ 'ਤੇ ਗਏ। ਇਤਿਹਾਸਕ ਧਰਮ ਅਸਥਾਨ ਖੁਰਾਲਗੜ੍ਹ (ਖੁਰਾਲੀ), ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੀ ਧਰਤੀ ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਤਿਹਾਸਕਾਰਾਂ ਅਨੁਸਾਰ ਸ੍ਰੀ ਗੁਰੂ ਰਵਿਦਾਸ ਜੀ ਸੀਰ ਗੋਵਰਧਨਪੁਰ ਬਨਾਰਸ (ਕਾਂਸ਼ੀ) ਯੂ. ਪੀ. ਤੋਂ ਪੈਦਲ ਲੁਧਿਆਣਾ ਹੁੰਦੇ ਹੋਏ ਸੰਨ 1515 ਈਸਵੀ ਵਿਚ ਇਸ ਅਸਥਾਨ 'ਤੇ ਆਏ ਸਨ। ਸ੍ਰੀ ਗੁਰੂ ਰਵਿਦਾਸ ਜੀ ਦੇ ਇਸ ਅਸਥਾਨ 'ਤੇ ਪਹੁੰਚਣ ਸਮੇਂ ਉਨ੍ਹਾਂ ਦੀਆਂ ਸੇਵਿਕਾਵਾਂ ਮੀਰਾ ਬਾਈ, ਝਾਲਾਂ ਬਾਈ ਅਤੇ ਭਾਨਵਤੀ ਜੀ ਵੀ ਨਾਲ ਸਨ। ਸ੍ਰੀ ਗੁਰੂ ਰਵਿਦਾਸ ਜੀ ਇਸ ਅਸਥਾਨ 'ਤੇ 4 ਸਾਲ 2 ਮਹੀਨੇ 11 ਦਿਨ ਠਹਿਰੇ। ਇਸ ਸਮੇਂ ਉਹ ਖੁਦ ਪ੍ਰਭੂ ਦਾ ਨਾਮ ਸਿਮਰਨ ਕਰਦੇ, ਸੰਗਤਾਂ ਨੂੰ ਸੁਣਾਉਂਦੇ ਅਤੇ ਜੀਵਾਂ ਨੂੰ ਨਾਮ ਸਿਮਰਨ ਦੀ ਬਖਸ਼ਿਸ਼ ਕਰਦੇ ਰਹੇ। ਬਹੁਤ ਸਾਰੇ ਪ੍ਰਾਣੀ ਉਨ੍ਹਾਂ ਦੇ ਸੇਵਕ ਬਣ ਗਏ।
ਗੁਰੂ ਰਵਿਦਾਸ ਜੀ ਨੇ ਆਪਣੇ ਸੰਘਰਸ਼ਮਈ ਜੀਵਨ ਦੁਆਰਾ ਸੁੱਤੇ ਹੋਏ ਭਾਰਤੀ ਸਮਾਜ ਨੂੰ ਜਗਾਇਆ। ਉਸ ਸਮੇਂ ਦੇ ਕਈ ਰਾਜਿਆਂ ਨੇ ਆਪ ਜੀ ਨੂੰ ਆਪਣਾ ਰਾਜਗੁਰੂ ਬਣਾਇਆ। ਉਨ੍ਹਾਂ ਵਿਚ ਰਾਣਾ ਕੁੰਭਾ, ਰਾਜਾ ਨਾਗਰਮਲ, ਰਾਜਾ ਪੀਪਾ, ਰਾਜਾ ਬਹਾਦਰ ਸ਼ਾਹ, ਰਾਜਾ ਸਿਕੰਦਰ ਲੋਧੀ, ਪੰਡਿਤ ਸ਼ਰਧਾ ਰਾਮ, ਰਾਜਾ ਬੈਨ ਸਿੰਘ, ਰਾਮ ਲਾਲ, ਰਾਜਾ ਚੰਦਰਹਾਂਸ, ਪੰਡਿਤ ਗੰਗਾ ਰਾਮ, ਰਾਜਾ ਚੰਦਰ ਪ੍ਰਤਾਪ, ਰਾਉ ਦੂਦਾ, ਹਰਦੇਵ ਸਿੰਘ ਨਾਗਰ, ਵੀਰ ਸਿੰਘ ਬਘੇਲਾ, ਰਾਣਾ ਸਾਂਗਾ, ਬੀਬੀ ਭਾਨਮਤੀ, ਰਾਣੀ ਝਾਲੀ, ਮੀਰਾ ਬਾਈ ਪ੍ਰਸਿੱਧ ਹਨ। ਇਨ੍ਹਾਂ ਦੇ ਨਾਲ-ਨਾਲ ਦੇਸ਼-ਵਿਦੇਸ਼ ਦੇ ਲੋਕਾਂ ਨੇ ਵੀ ਆਪ ਜੀ ਦੀ ਧਾਰਮਿਕ ਵਿਚਾਰਧਾਰਾ ਦਾ ਸਮਰਥਨ ਕੀਤਾ।
ਬੇਗਮਪੁਰਾ ਸ਼ਹਿਰ ਗੁਰੂ ਰਵਿਦਾਸ ਜੀ ਦੇ ਆਪਣੇ ਸ਼ਬਦਾਂ ਵਿਚ ਇਕ ਐਸਾ ਸਥਾਨ ਹੈ, ਜਿੱਥੇ ਮਾਨਵਤਾ ਦੀ ਪੂਰੀ ਸੁਤੰਤਰਤਾ ਹੈ।
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀਂ ਤਿਹਿ ਠਾੳ॥
ਨਾ ਤਸਵੀਸ ਖਿਰਾਜੁ ਨਾ ਮਾਲੁ॥
ਖਓੁਫੁ ਨ ਖਤਾ ਨ ਤਰਸੁ ਜਵਾਲੁ॥੧॥
ਅਬ ਮੋਹਿ ਖੂਬ ਵਤਨ ਗਹ ਪਾਈ।
ਓੁਹਾਂ ਖੈਰਿ ਸਦਾ ਮੇਰੇ ਪਾਈ॥ ਰਹਾਉ॥
ਕਾਇਮੁ ਦਾਇਮੁ ਸਦਾ ਪਾਤਿਸਾਹੀ।
ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥
ਉਹਾਂ ਗਨੀ ਬਸਹਿ ਮਾਮੂਰ॥੨॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ।
ਕਹਿ ਰਵਿਦਾਸ ਖਲਾਸ ਚਮਾਰਾ।
ਜੋ ਹਮ ਸਹਰੀ ਸੁ ਮੀਤੁ ਹਮਾਰਾ॥੩॥ (ਅੰਗ 345)
ਗੁਰੂ ਰਵਿਦਾਸ ਜੀ ਦੇ ਅੰਤਿਮ ਸਮੇਂ ਬਾਰੇ ਕੋਈ ਠੋਸ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਹੈ। ਬਹੁਤੇ ਇਤਿਹਾਸਕਾਰਾਂ ਅਨੁਸਾਰ ਆਪ 151 ਸਾਲ ਦੀ ਉਮਰ ਭੋਗ ਕੇ ਸੰਮਤ 1584 ਨੂੰ ਜੋਤੀ ਜੋਤ ਸਮਾ ਗਏ। ਚਿਤੌੜਗੜ੍ਹ ਵਿਚ ਮੀਰਾਂ ਬਾਈ ਦੇ ਮੰਦਿਰ ਦੇ ਬਾਹਰ ਬਣੀ ਛਤਰੀ ਹੇਠਾਂ ਆਪ ਜੀ ਦੇ ਚਰਨ ਕਮਲਾਂ ਦੇ ਨਿਸ਼ਾਨ ਮੌਜੂਦ ਹਨ। ਵੱਖ-ਵੱਖ ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ ਦੇ ਆਗੂ ਵਾਰਾਨਸੀ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਗਟ ਉਤਸਵ 'ਤੇ ਪਹੁੰਚਦੇ ਹਨ। ਸਰਕਾਰ ਵਲੋਂ ਸਮੇਂ-ਸਮੇਂ 'ਤੇ ਵਾਰਾਨਸੀ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਵਿਚ ਪ੍ਰਾਜੈਕਟ ਬਣਾਏ ਗਏ ਹਨ। ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਖੁਰਾਲੀ ਦਾ ਨਾਂਅ ਸ੍ਰੀ ਖੁਰਾਲਗੜ੍ਹ ਸਾਹਿਬ ਰੱਖਿਆ ਗਿਆ ਹੈ ਅਤੇ ਯਾਦਗਾਰ ਸਥਾਪਿਤ ਕਰਨ ਲਈ 110 ਕਰੋੜ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ 151 ਫੁੱਟ ਉੱਚਾ ਮੀਨਾਰ-ਏ-ਬੇਗਮਪੁਰਾ ਬਣਾਇਆ ਜਾਵੇਗਾ। ਅੱਜ 19 ਫਰਵਰੀ, 2019 ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਗਟ ਉਤਸਵ ਦੇਸ਼-ਵਿਦੇਸ਼ਾਂ ਵਿਚ ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਮਨਾਉਣ ਦਾ ਅਸਲੀ ਮੰਤਵ ਪੂਰਾ ਕਰਨ ਲਈ ਸਾਨੂੰ ਉਨ੍ਹਾਂ ਵਲੋਂ ਦਿੱਤੀਆਂ ਸਿੱਖਿਆਵਾਂ ਨੂੰ ਅਪਣਾ ਕੇ ਦੁਨੀਆ ਵਿਚ ਬਰਾਬਰਤਾ ਵਾਲਾ ਆਪਸੀ ਭਾਈਚਾਰਾ ਬਣਾ ਕੇ ਸ਼ਾਂਤੀ ਸਥਾਪਿਤ ਕਰਨੀ ਚਾਹੀਦੀ ਹੈ।


-ਨੇੜੇ ਸਰਕਾਰੀ ਪ੍ਰਾਇਮਰੀ ਸਕੂਲ, ਦੋਭੇਟਾ,
ਤਹਿ: ਨੰਗਲ, ਜ਼ਿਲ੍ਹਾ ਰੂਪਨਗਰ।
ਮੋਬਾ: 94175-63054

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁਰੂ ਤੇਗ਼ ਬਹਾਦਰ ਸਾਹਿਬ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵੱਲ੍ਹਾ

ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨਛੋਹ ਪ੍ਰਾਪਤ ਹੈ ਇਤਿਹਾਸਕ ਗੁਰਦੁਆਰਾ ਸ੍ਰੀ ਕੋਠਾ ਸਾਹਿਬ, ਜੋ ਕਿ ਅੰਮ੍ਰਿਤਸਰ ਤੋਂ ਕੇਵਲ 5 ਕਿਲੋਮੀਟਰ ਦੀ ਦੂਰੀ 'ਤੇ ਪੂਰਬ ਵਾਲੇ ਪਾਸੇ ਮਹਿਤਾ ਰੋਡ 'ਤੇ ਪੈਂਦੇ ਕਸਬਾ ਵੱਲ੍ਹਾ ਵਿਖੇ ਸੁਸ਼ੋਭਿਤ ਹੈ। ਇਤਿਹਾਸ ਮੁਤਾਬਕ ਸੰਨ 1664 ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਗੁਰਗੱਦੀ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਭਾਈ ਮੱਖਣ ਸ਼ਾਹ ਲੁਬਾਣਾ, ਭਾਈ ਦਵਾਰਕਾ ਦਾਸ, ਭਾਈ ਗੜ੍ਹੀਆ ਦੇ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਆਪਣੇ ਮਹਾਨ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਪਹੁੰਚੇ ਅਤੇ ਇਥੋਂ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਤਾਂ ਉਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕ ਮੀਣੇ ਬਾਬਾ ਪ੍ਰਿਥੀ ਚੰਦ ਦਾ ਪੋਤਰਾ ਹਰਿ ਜੀ ਸੋਢੀ ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਧੀਰ ਮੱਲ ਦੀ ਦੁਰਦਸ਼ਾ ਹੋਈ ਵੇਖ ਚੁੱਕਾ ਸੀ ਤੇ ਇਸੇ ਡਰ ਦੇ ਮਾਰੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨੀ ਦਰਵਾਜ਼ੇ ਬੰਦ ਕਰਕੇ ਚਾਬੀਆਂ ਸਰੋਵਰ ਵਿਚ ਸੁੱਟ ਕੇ ਆਪਣੇ ਪਿੰਡ ਹੇਅਰ ਚਲਾ ਗਿਆ। ਗੁਰੂੁ ਸਾਹਿਬ ਨੇ ਦਰਵਾਜ਼ੇ ਬੰਦ ਵੇਖ ਬਾਹਰੋਂ ਹੀ ਮੱਥਾ ਟੇਕ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਜੇ ਪਾਸੇ ਇਕ ਬੇਰੀ ਦੇ ਰੁੱਖ ਹੇਠ ਕੁਝ ਸਮਾਂ ਬੈਠ ਕੇ ਪਿੰਡ ਵੱਲ੍ਹਾ ਵੱਲ ਤੁਰ ਪਏ।
ਰਾਤ ਨੂੰ ਜਦ ਇਹ ਗੱਲ ਸ਼ਹਿਰ ਵਿਚ ਧੁੰਮੀ ਤਾਂ ਪ੍ਰੇਮੀਆ ਅਤੇ ਬੀਬੀਆਂ-ਮਾਈਆਂ ਨੇ ਬਹੁਤ ਪਛਤਾਵਾ ਕੀਤਾ ਤੇ ਸਾਰਿਆਂ ਨੇ ਸਵੇਰੇ ਅੰਮ੍ਰਿਤ ਵੇਲੇ ਹੀ ਗੁਰੂ ਜੀ ਵੱਲ ਵਹੀਰਾਂ ਪਾ ਲਈਆਂ ਅਤੇ ਬੇਨਤੀਆਂ ਕਰਕੇ ਗੁਨਾਹ ਬਖ਼ਸ਼ਵਾਇਆ ਅਤੇ ਸੰਗਤਾਂ ਦੀ ਸ਼ਰਧਾ ਭਾਵਨਾ ਵੇਖ ਕੇ ਗੁਰੂ ਜੀ ਨੇ 'ਵੱਲ੍ਹਾ ਗੁਰੂੁ ਕਾ ਗੱਲਾ। ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ' ਦਾ ਵਰ ਦਿੱਤਾ ਤੇ ਗੁਰੂ ਸਾਹਿਬ ਇਥੇ 17 ਦਿਨ ਰਹੇ। ਅੰਮ੍ਰਿਤਸਰ ਦੇ ਪ੍ਰੇਮੀਆਂ ਨੇ ਗੁਰੂ ਜੀ ਨੂੰ ਅੰਮ੍ਰਿਤਸਰ ਲੈ ਜਾਣ ਲਈ ਬਹੁਤ ਜ਼ੋਰ ਲਾਇਆ, ਪਰ ਗੁਰੂ ਜੀ ਨਹੀਂ ਗਏ। ਗੁਰੂ ਸਾਹਿਬ ਦੀ ਯਾਦ 'ਚ ਭਾਵੇਂ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਰਹੀ ਪਿੰਡ ਦੇ ਮੋਹਤਬਰਾਂ ਦੀ 21 ਮੈਂਬਰੀ ਕਮੇਟੀ ਦੇ ਇਥੇ ਨਿਯੁਕਤ ਕੀਤੇ ਗਏ ਪ੍ਰਬੰਧਕਾਂ ਤੋਂ ਸਾਲਾਨਾ ਮੇਲਾ ਭਾਵੇਂ 6 ਫਰਵਰੀ ਤੋਂ ਆਰੰਭ ਕੀਤਾ ਗਿਆ ਹੈ ਪਰ ਅਸਲੀਅਤ 'ਚ ਇਹ ਸਾਲਾਨਾ ਜੋੜ ਮੇਲਾ ਦੇਸੀ ਮਹੀਨੇ ਮਾਘ ਦੀ ਪੂੁਰਨਮਾਸ਼ੀ ਜੋ ਇਸ ਵਾਰ 19 ਫਰਵਰੀ ਨੂੰ ਹੈ, ਤੋਂ ਆਰੰਭ ਹੋ ਕੇ 10 ਮਾਰਚ ਤੱਕ ਚੱਲੇਗਾ। ਜੋੜ ਮੇਲੇ ਦੌਰਾਨ ਇਥੇ ਦੇਸ਼-ਵਿਦੇਸ਼ ਅਤੇ ਦੂਰ-ਦੁਰਾਡੇ ਤੋਂ ਵੱਡੀ ਸੰਖਿਆ ਵਿਚ ਸੰਗਤਾਂ ਨਤਮਸਤਕ ਹੁੰਦੀਆਂ ਹਨ।


-ਵੇਰਕਾ। ਮੋਬਾ: 98554-20842

ਅੰਗਰੇਜ਼ਾਂ ਲਈ ਚਿਲਿਆਂਵਾਲੇ ਦੀ ਹਾਰ ਸਭ ਤੋਂ ਬੁਰੀ ਹਾਰ ਸੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਲੜਾਈ ਵਿਚ ਪੈਨੀਸਿਉਕ, ਉਸ ਦਾ ਪੁੱਤਰ ਤੇ ਅੰਗਰੇਜ਼ੀ ਫੌਜ ਦੇ ਸੈਂਕੜੇ ਅਫਸਰ ਤੇ ਸਿਪਾਹੀ ਮਾਰੇ ਗਏ ਸਨ। ਅੰਗਰੇਜ਼ਾਂ ਤੇ ਪੰਜਾਬੀਆਂ ਵਿਚ ਇਹ ਸਭ ਤੋਂ ਵਧ ਕੇ ਗਹਿਗੱਚ ਦੀ ਲੜਾਈ ਸੀ। ਇਕ ਅੰਗਰੇਜ਼ ਮਾਤਹਿਤ ਅਫਸਰ ਨੇ ਲਿਖਿਆ ਕਿ, 'ਸਿੱਖ ਆਪਣੇ ਦੁਸ਼ਮਣਾਂ ਉੱਪਰ ਰਾਖਸ਼ਾਂ ਦੀ ਤਰ੍ਹਾਂ ਟੁੱਟ ਪਏ। ਉਹ ਹਾਰਦੀ ਦਿਸਦੀ ਜੰਗ ਵਿਚ ਬਹੁਤ ਹਮਲਾਵਰ ਸਨ। ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਸੀ ਦੇਖਿਆ ਕਿ ਕਿਸ ਤਰ੍ਹਾਂ ਉਹ ਤਾਣੀਆਂ ਹੋਈਆਂ ਸੰਗੀਨਾਂ ਵੱਲ ਝਪਟਦੇ ਤੇ ਮਾਰਨ ਵਾਲੇ ਨੂੰ ਦਬੋਚਦੇ।'
ਇਹ ਖੂਨੀ ਜੰਗ ਹਨੇਰਾ ਹੋਣ ਤੱਕ ਚਲਦੀ ਰਹੀ। ਪੰਜਾਬੀਆਂ ਨੇ ਅੰਗਰੇਜ਼ਾਂ ਦੀਆਂ ਚਾਰ ਤੋਪਾਂ ਉੱਪਰ ਕਬਜ਼ਾ ਕੀਤਾ ਤੇ ਤਿੰਨ ਰੈਜਮੈਂਟਾਂ ਦੇ ਮਾਟੋ ਖੋਹੇ। ਉਹ ਰਾਤ ਅੰਗਰੇਜ਼ਾਂ ਵਾਸਤੇ ਬਹੁਤ ਖੌਫ ਦੀ ਸੀ। ਜਨਰਲ ਥਾਕਵੈਲ ਨੇ ਲਿਖਿਆ ਹੈ ਕਿ, 'ਸਾਰੀ ਫੌਜ ਵਿਚ ਹੀ ਉਲਝਣਾਂ ਪਈਆਂ ਹੋਈਆਂ ਸਨ। ਇਹ ਡਰ ਵੀ ਬਹੁਤ ਸਤਾ ਰਿਹਾ ਸੀ ਕਿ ਪੰਜਾਬੀ ਦੁਸ਼ਮਣ ਰਾਤ ਨੂੰ ਹਮਲਾ ਕਰ ਸਕਦੇ ਸਨ। ਜੇ ਉਹ ਵਾਕਿਆ ਹੀ ਅਜਿਹਾ ਹਮਲਾ ਕਰ ਦਿੰਦੇ ਤਾਂ ਸਾਡਾ ਕੁਝ ਵੀ ਨਹੀਂ ਬਚਣਾ ਸੀ। ਜੰਗਲ ਉਨ੍ਹਾਂ ਦਾ ਸਾਥੀ ਬਣਿਆ ਹੋਇਆ ਸੀ, ਭਾਵੇਂ ਕਿ ਹੁਣ ਜੰਗਲ ਹੀ ਸਾਡੀ ਰਾਖੀ ਕਰ ਰਿਹਾ ਸੀ।'
ਜਨਰਲ ਥਾਕਵੈਲ ਨੇ ਅਗਲੇ ਦਿਨ ਦਾ ਦ੍ਰਿਸ਼ ਵੀ ਬਹੁਤ ਭਿਅੰਕਰ ਬਿਆਨ ਕੀਤਾ ਹੈ, 'ਅੰਗਰੇਜ਼ੀ ਫੌਜਾਂ ਦੇ ਪ੍ਰਿੰਸ ਐਲਬਰਟ ਕਿਸਮ ਦੇ ਟੋਪ ਤੇ ਮਿਲਟਰੀ ਜੁੱਤੇ ਸਾਰੇ ਪਾਸੇ ਖਿੱਲਰੇ ਵਿਖਾਈ ਦੇ ਰਹੇ ਸਨ। ਕੈਂਪ ਦਾ ਸਾਰਾ ਦਿਨ ਲਾਸ਼ਾਂ ਸੰਭਾਲਦੇ ਤੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਕਰਦਿਆਂ ਬੀਤ ਗਿਆ। ਆਖਰ ਅੰਗਰੇਜ਼ੀ ਫੌਜ ਦੇ 3000 ਲੋਕ ਇਨ੍ਹਾਂ ਝਾੜੀਆਂ ਤੇ ਖਾਈਆਂ ਵਿਚ ਮਾਰੇ ਗਏ ਸਨ।'
ਭਾਰਤ ਵਿਚ ਅੰਗਰੇਜ਼ਾਂ ਨੇ ਜਿੰਨੀਆਂ ਵੀ ਲੜਾਈਆਂ ਭਾਰਤੀਆਂ ਵਿਰੁੱਧ ਲੜੀਆਂ ਸਨ, ਚਿਲਿਆਂਵਾਲੇ ਦੀ ਹਾਰ ਸਭ ਤੋਂ ਬੁਰੀ ਕਿਸਮ ਦੀ ਹਾਰ ਸੀ। ਲਾਰਡ ਗੱਫ ਨੂੰ ਹਟਾ ਦਿੱਤਾ ਗਿਆ ਤੇ ਉਸ ਦੀ ਜਗ੍ਹਾ ਇੰਗਲੈਂਡ ਤੋਂ ਜਨਰਲ ਨੇਪੀਅਰ ਨੂੰ ਬੁਲਾਇਆ ਜਾ ਰਿਹਾ ਸੀ ਕਿ ਉਹ ਕਮਾਂਡ ਸੰਭਾਲੇ।
ਸ਼ੇਰ ਸਿੰਘ ਅਟਾਰੀਵਾਲਾ ਨੇ ਪੰਜਾਬੀਆਂ ਦੀ ਜਿੱਤ ਦੀ ਖੁਸ਼ੀ ਵਿਚ ਤੋਪਾਂ ਦੇ 21 ਗੋਲੇ ਦਾਗ ਕੇ ਸਲਾਮ ਦਿੱਤੀ।
ਅੰਗਰੇਜ਼ ਆਪਣੀ ਅਗਲੀ ਤਬਾਹੀ ਦਾ ਬਿਲਕੁਲ ਢੇਰੀ ਢਾਹ ਕੇ ਇੰਤਜ਼ਾਰ ਕਰ ਰਹੇ ਸਨ। ਫਿਰੋਜ਼ਸ਼ਾਹ ਦੀ ਤਰ੍ਹਾਂ ਇਥੇ ਵੀ ਇਕ ਵਾਰ ਫਿਰ ਪੰਜਾਬੀ ਆਪਣੀ ਕਾਮਯਾਬੀ ਨੂੰ ਇਕ ਫੈਸਲਾਕੁੰਨ ਜਿੱਤ ਵਿਚ ਨਹੀਂ ਬਦਲ ਸਕੇ। ਉਨ੍ਹਾਂ ਦਾ ਆਪਣਾ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਚੁੱਕਾ ਸੀ ਤੇ ਉਨ੍ਹਾਂ ਨੂੰ ਨਹੀਂ ਸੀ ਅੰਦਾਜ਼ਾ ਕਿ ਦੁਸ਼ਮਣ ਦਾ ਕਿਸ ਹੱਦ ਤੱਕ ਦਾ ਨੁਕਸਾਨ ਉਹ ਕਰ ਚੁੱਕੇ ਹਨ। ਪੰਜਾਬੀਆਂ ਕੋਲ ਗੋਲਾ-ਬਾਰੂਦ ਖ਼ਤਮ ਹੋ ਰਿਹਾ ਸੀ ਤੇ ਤੋਪਖਾਨੇ ਦਾ ਕਮਾਂਡਰ ਜਨਰਲ ਇਲਾਹੀ ਬਖਸ਼ ਕਮਜ਼ੋਰੀ ਦੀ ਹਾਲਤ ਵਿਚ ਹਥਿਆਰ ਸੁੱਟ ਰਿਹਾ ਸੀ। ਸਪਲਾਈ ਦੀ ਹਾਲਤ ਬਹੁਤ ਖ਼ਰਾਬ ਸੀ। ਇਥੋਂ ਤੱਕ ਕਿ ਜਦੋਂ ਚਤਰ ਸਿੰਘ ਦੀਆਂ ਫੌਜਾਂ ਆ ਕੇ ਉਸ ਦੇ ਪੁੱਤਰ ਦੀਆਂ ਫੌਜਾਂ ਨਾਲ ਮਿਲੀਆਂ ਤਾਂ ਉਨ੍ਹਾਂ ਵਾਸਤੇ ਕਾਫੀ ਰਾਸ਼ਨ ਨਹੀਂ ਲਿਆ ਸਕੀਆਂ। ਉਧਰੋਂ ਮੌਸਮ ਵੀ ਅੰਗਰੇਜ਼ਾਂ ਦੀ ਮਦਦ ਵਿਚ ਆ ਗਿਆ। ਜਿਉਂ ਹੀ ਇਹ ਲੜਾਈ ਖ਼ਤਮ ਹੋਈ ਸੀ, ਜ਼ੋਰ ਦੀ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਅਗਲੇ ਤਿੰਨ ਦਿਨ ਲਗਾਤਾਰ ਝੜੀ ਲੱਗੀ ਰਹੀ। ਜਿਹੜੀਆਂ ਖਾਈਆਂ ਪੰਜਾਬੀਆਂ ਤੇ ਅੰਗਰੇਜ਼ਾਂ ਨੂੰ ਅੱਡ ਕਰ ਰਹੀਆਂ ਸਨ, ਪਾਣੀ ਨਾਲ ਭਰ ਗਈਆਂ ਤੇ ਉਨ੍ਹਾਂ ਦੇ ਵਿਚਕਾਰ ਦਲਦਲ ਫੈਲ ਗਈ। ਚੌਥੇ ਦਿਨ ਜਦੋਂ ਸੂਰਜ ਨਿਕਲਿਆ ਤਾਂ ਪੰਜਾਬੀਆਂ ਨੇ ਦੇਖਿਆ ਕਿ ਅੰਗਰੇਜ਼ ਚਿਲਿਆਂਵਾਲਾ ਤੋਂ ਪਿਛਾਂਹ ਹਟ ਗਏ ਹਨ ਤੇ ਚੱਜ ਤੋਂ ਪਾਰ ਚਨਾਬ ਦੇ ਕੰਢੇ ਜਾ ਪਹੁੰਚੇ ਸਨ।
ਇਕ ਅੰਗਰੇਜ਼ੀ ਕਵੀ ਜਾਰਜ ਮੀਰੇਦਿਥ ਨੇ ਚਿਲਿਆਂਵਾਲਾ ਦੀ ਲੜਾਈ ਬਾਰੇ ਹੇਠ ਲਿਖੀ ਨਜ਼ਮ ਲਿਖੀ-
ਚਿਲਿਆਂਵਾਲਾ, ਓ ਚਿਲਿਆਂਵਾਲਾ,
ਤੂੰ ਪਿੰਡ ਹੈ ਇਕ ਕਾਲਾ ਤੇ ਨੀਵਾਂ।
ਖੂਨੀ ਜੇਹਲਮ ਦਰਿਆ ਦੇ ਕਿਨਾਰੇ,
ਜੁਝਾਰੂ ਦੁਸ਼ਮਣਾਂ ਦਾ ਡੱਕਿਆ ਹੋਇਆ।
ਅਤੇ ਸਰਦ ਰੁੱਤ ਦੇ ਠੰਢੇ ਪਾਣੀ ਦੇ ਪਾਰ
ਉਹ ਤਿਆਰ ਹੈ ਪਿੱਛੇ ਹਟਣ ਵਾਸਤੇ।
ਜਦੋਂ ਲਾਸ਼ਾਂ ਦੇ ਢੇਰਾਂ ਉੱਪਰੋਂ ਚੀਰਦੇ,
ਗੋਲਿਆਂ ਨੇ ਹਾਰ ਦਾ ਨਜ਼ਰਾਨਾ ਦਿੱਤਾ।
ਚਿਲਿਆਂਵਾਲਾ, ਓ ਚਿਲਿਆਂਵਾਲਾ,
ਤੇਰਾ ਇਹ ਚੌੜਾ ਤੇ ਉਦਾਸੀ ਭਰਿਆ ਮੈਦਾਨ,
ਸੰਘਣੇ ਜੰਗਲਾਂ ਵਿਚ ਘਿਰਿਆ
ਲਹੂ ਨਾਲ ਗੜੁੱਚ ਦਰੀ ਵਿਛਾ ਕੇ
ਉਥੇ ਕਾਤਲ ਮੂੰਹਾਂ ਵਾਲੀਆਂ ਤੋਪਾਂ
ਮੌਤਾਂ ਭਰੀਆਂ ਘਾਤਾਂ ਲਗਾ ਕੇ
ਸੁੱਟਦੀਆਂ ਨੇ ਧੋਖਾ ਦੇਂਦੇ ਚੰਗਿਆੜੇ
ਹੱਡ ਮਾਸ ਦੇ ਬੰਦਿਆਂ ਉੱਤੇ।
ਚਿਲਿਆਂਵਾਲਾ, ਓ ਚਿਲਿਆਂਵਾਲਾ
ਜਦੋਂ ਰਾਤ ਉਤਰੀ ਤੇ ਨਾਲ ਹੀ ਮੀਂਹ
ਤੇ ਆ ਗਏ ਹਿੰਸਾ ਵਰਸਾਉਂਦੇ ਰਾਖਸ਼
ਮਾਰੇ ਜਾ ਚੁੱਕਿਆਂ ਨੂੰ ਸੰਭਾਲਣ
ਜ਼ਖਮੀਆਂ ਤੇ ਮਰ ਰਹਿਆਂ ਨੂੰ,
ਠੰਢੇ ਲਹੂ ਬਿਖਰੇ ਨੇ ਚਾਰ-ਚੁਫੇਰੇ
ਆਪਣੇ ਸਾਥੀਆਂ ਦੀਆਂ ਪਈਆਂ ਨੇ
ਲਾਸ਼ਾਂ ਇਕ ਮੁਰਦਾ ਹਨੇਰੇ ਵਿਚ।
ਚਿਲਿਆਂਵਾਲਾ, ਓ ਚਿਲਿਆਂਵਾਲਾ
ਤੂੰ ਇਕ ਮੁਰਝਾਇਆ, ਸੁੰਨਸਾਨ ਹਿੱਸਾ
ਅਤੇ ਇਕ ਭੇਦ ਭਰੇ ਦੁਖਾਂਤ ਨੂੰ
ਨਹੀਂ ਲੋੜ ਕਿਸੇ ਸੁਰੀਲੇ ਸ਼ਬਦ ਦੀ
ਦਿਲ ਉਛਲ ਜਾਵੇਗਾ ਦੁੱਖ ਵਿਚ
ਜਿਹੜਾ ਸਮਝੇਗਾ ਤੈਨੂੰ ਚੰਗੀ ਤਰ੍ਹਾਂ
ਸਾਰੀਆਂ ਉਮੀਦਾਂ ਧੁੰਦਲੀਆਂ ਰਹਿਣਗੀਆਂ
ਜਦੋਂ ਤੱਕ ਤੇਰੀ ਯਾਦ ਰਹੇਗੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਸਾਕਾ ਨਨਕਾਣਾ ਸਾਹਿਬ 'ਤੇ ਵਿਸ਼ੇਸ਼

ਸਾਕਾ ਨਨਕਾਣਾ ਸਾਹਿਬ

'ਸਾਕਾ ਨਨਕਾਣਾ ਸਾਹਿਬ' ਸਾਨੂੰ ਉਨ੍ਹਾਂ ਮਰਜੀਵੜੇ ਸਿੱਖੀ ਸਿਦਕ ਵਿਚ ਪਰਪੱਕ ਸ਼ਹੀਦਾਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ, ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਕੁਕਰਮੀ ਮਹੰਤ ਤੋਂ ਆਜ਼ਾਦ ਕਰਵਾਇਆ ਸੀ।
ਸ੍ਰੀ ਨਨਕਾਣਾ ਸਾਹਿਬ ਉਹ ਮੁਕੱਦਸ ਅਸਥਾਨ ਹੈ, ਜਿੱਥੇ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਧਾਰਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਨੇ ਹੀ ਇਸ ਨੂੰ 'ਤਲਵੰਡੀ ਰਾਏ ਭੋਇ ਕੀ' ਤੋਂ 'ਨਨਕਾਣਾ ਸਾਹਿਬ' ਹੋਣ ਦਾ ਮਾਣ ਬਖ਼ਸ਼ਿਆ। ਇਸ ਅਸਥਾਨ ਦੀ ਸੇਵਾ ਸੰਭਾਲ ਮਹੰਤ ਨਰੈਣੂ (ਨਰਾਇਣ ਦਾਸ) ਕੋਲ ਸੀ, ਜੋ ਕਿ ਇਕ ਗਿਰੇ ਹੋਏ ਇਖ਼ਲਾਕ ਦਾ ਵਿਅਕਤੀ ਸੀ। ਉਸ ਦੇ ਪ੍ਰਬੰਧ ਹੇਠ ਨਨਕਾਣਾ ਸਾਹਿਬ ਵਿਚ ਉਹ ਸਭ ਕੁਝ ਹੋ ਰਿਹਾ ਸੀ ਜੋ ਸਿੱਖ ਕੌਮ ਲਈ ਬਰਦਾਸ਼ਤ ਕਰਨਾ ਔਖਾ ਸੀ। ਇਸ ਤਰ੍ਹਾਂ ਨਿੱਤ ਨਵੇਂ ਦਿਨ ਮਹੰਤ ਅਤੇ ਉਸ ਦੇ ਗੁੰਡਿਆਂ ਦੀਆਂ ਸੰਗਤ ਨਾਲ ਦੁਰਵਿਵਹਾਰ ਦੀਆਂ ਹਰਕਤਾਂ ਵੇਖਣ-ਸੁਣਨ ਨੂੰ ਮਿਲਣ ਲੱਗੀਆਂ।
ਮਹੰਤ ਦੇ ਇਨ੍ਹਾਂ ਕਾਲੇ ਕਾਰਨਾਮਿਆਂ ਨੂੰ ਠੱਲ੍ਹ ਪਾਉਣ ਲਈ ਜਨਵਰੀ, 1921 'ਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਫ਼ੈਸਲਾ ਕੀਤਾ ਕਿ 4, 5, 6 ਮਾਰਚ, 1921 ਨੂੰ ਨਨਕਾਣਾ ਸਾਹਿਬ ਵਿਖੇ ਸਿੱਖ ਕੌਮ ਦਾ ਇਕ ਭਾਰੀ ਇਕੱਠ ਕੀਤਾ ਜਾਵੇਗਾ, ਜਿਸ ਵਿਚ ਮਹੰਤ ਨੂੰ ਇਹ ਕੁਕਰਮੀ ਕੰਮ ਛੱਡਣ ਲਈ ਕਿਹਾ ਜਾਵੇਗਾ। ਮਹੰਤ ਨੂੰ ਜਦੋਂ ਇਸ ਬਾਬਤ ਸੂਚਨਾ ਮਿਲੀ ਤਾਂ ਉਸ ਨੇ ਸਾਰੀ ਪਹੁੰਚ ਰਹੀ ਸਿੱਖ ਸੰਗਤ ਦਾ ਕਤਲ-ਏ-ਆਮ ਕਰਨ ਦੀ ਰਣਨੀਤੀ ਤਿਆਰ ਕਰ ਲਈ, ਜਿਸ ਦੀ ਸੂਹ ਸ: ਕਰਤਾਰ ਸਿੰਘ ਝੱਬਰ ਨੂੰ ਲੱਗ ਗਈ ਅਤੇ ਉਨ੍ਹਾਂ ਨੇ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਟਹਿਲ ਸਿੰਘ, ਭਾਈ ਬੂਟਾ ਸਿੰਘ ਅਤੇ ਸ: ਤੇਜਾ ਸਿੰਘ ਨਾਲ ਸਲਾਹ-ਮਸ਼ਵਰਾ ਕਰਕੇ 19 ਫਰਵਰੀ ਦੀ ਰਾਤ ਨੂੰ ਸਿੱਖਾਂ ਦੇ ਜਥੇ ਲੈ ਕੇ ਨਨਕਾਣਾ ਸਾਹਿਬ ਜਾਣ ਦਾ ਫ਼ੈਸਲਾ ਕੀਤਾ। ਪ੍ਰੋਗਰਾਮ ਇਹ ਬਣਾਇਆ ਗਿਆ ਕਿ 20 ਫਰਵਰੀ ਨੂੰ ਜਦੋਂ ਮਹੰਤ 'ਲਾਹੌਰ ਕਾਨਫ਼ਰੰਸ' ਵਿਚ ਹਿੱਸਾ ਲੈਣ ਗਿਆ ਹੋਵੇਗਾ ਤਾਂ ਪੰਥ ਗੁਰੂ-ਘਰ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਵੇਗਾ। ਜਥਿਆਂ ਦੇ ਮਿਲਣ ਦਾ ਸਥਾਨ ਚੰਦਰਕੋਟ ਦੀ ਝਾਲ ਰੱਖੀ ਗਈ। ਇੱਧਰ 19 ਫਰਵਰੀ, 1921 ਨੂੰ 'ਅਕਾਲੀ' ਅਖ਼ਬਾਰ ਦੇ ਲਾਹੌਰ ਦਫ਼ਤਰ ਵਿਖੇ ਤੇਜਾ ਸਿੰਘ ਸਮੁੰਦਰੀ ਅਤੇ ਹੋਰ ਸਿੱਖ ਮੁਖੀਆਂ ਨੇ ਇਹ ਫ਼ੈਸਲਾ ਕੀਤਾ ਕਿ ਮਾਰਚ ਦੇ ਇਕੱਠ ਤੋਂ ਪਹਿਲਾਂ ਕੋਈ ਵੀ ਜਥਾ ਨਨਕਾਣਾ ਸਾਹਿਬ ਨਾ ਜਾਵੇ।
ਸ: ਕਰਤਾਰ ਸਿੰਘ ਝੱਬਰ ਅਤੇ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਜਥਿਆਂ ਨੂੰ ਰੋਕਣ ਲਈ ਭਾਈ ਦਲੀਪ ਸਿੰਘ ਨੂੰ ਭੇਜਿਆ ਗਿਆ। ਮਹੰਤ ਨੂੰ ਵੀ ਅਕਾਲੀਆਂ ਦੀ ਨਨਕਾਣਾ ਸਾਹਿਬ ਵਿਖੇ ਪਹੁੰਚਣ ਦੀ ਖ਼ਬਰ ਰੇਲਵੇ ਸਟੇਸ਼ਨ ਤੋਂ ਲੱਗ ਗਈ। ਉਸ ਨੇ ਆਪਣੇ ਸਾਰੇ ਗੁੰਡੇ-ਬਦਮਾਸ਼ਾਂ ਨੂੰ ਹਥਿਆਰਾਂ ਨਾਲ ਲੈਸ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰ ਲੁਕ ਕੇ ਪਹਿਰੇ 'ਤੇ ਬਿਠਾ ਦਿੱਤਾ ਤੇ ਹੁਕਮ ਕੀਤਾ ਕਿ ਜਦੋਂ ਸਿੱਖ ਗੁਰਦੁਆਰਾ ਸਾਹਿਬ ਦੇ ਅੰਦਰ ਆ ਜਾਣ ਤਾਂ ਦਰਵਾਜ਼ੇ ਬੰਦ ਕਰਕੇ ਉਨ੍ਹਾਂ ਦਾ ਕਤਲ-ਏ-ਆਮ ਕੀਤਾ ਜਾਵੇ। ਭਾਈ ਦਲੀਪ ਸਿੰਘ ਸ: ਕਰਤਾਰ ਸਿੰਘ ਝੱਬਰ ਹੁਰਾਂ ਨੂੰ ਰੋਕਣ ਵਿਚ ਤਾਂ ਕਾਮਯਾਬ ਹੋ ਗਏ ਪਰ ਝੱਬਰ ਜੀ ਨੇ ਕਿਹਾ ਕਿ ਉਹ ਤਾਂ ਰੁਕ ਗਏ ਹਨ ਪਰ ਹੋਰ ਜਿਹੜੇ ਜਥੇ ਆ ਰਹੇ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਕਿਸ ਦੀ ਹੈ, ਜੇ ਉਨ੍ਹਾਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਗਈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਉਸ ਸਮੇਂ ਭਾਈ ਦਲੀਪ ਸਿੰਘ ਨੇ ਬਾਕੀ ਜਥਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲੈ ਲਈ ਪਰ ਭਾਈ ਲਛਮਣ ਸਿੰਘ ਨਾਲ ਉਨ੍ਹਾਂ ਦਾ ਮੇਲ ਨਾ ਹੋਇਆ ਤਾਂ ਉਨ੍ਹਾਂ ਸੋਚਿਆ ਕਿ ਸ਼ਾਇਦ ਉਹ ਕਿਸੇ ਹੋਰ ਸੁਨੇਹੇ ਰਾਹੀਂ ਵਾਪਸ ਚਲੇ ਗਏ ਹੋਣ। ਫਿਰ ਵੀ ਉਨ੍ਹਾਂ ਨੇ ਭਾਈ ਵਰਿਆਮ ਸਿੰਘ ਨੂੰ ਇਹ ਜ਼ਿੰਮੇਵਾਰੀ ਦਿੱਤੀ ਤੇ ਆਪ ਉੱਤਮ ਸਿੰਘ ਦੇ ਕਾਰਖ਼ਾਨੇ ਚਲੇ ਗਏ, ਜੋ ਕਿ ਨਨਕਾਣਾ ਸਾਹਿਬ ਜੀ ਦੇ ਨਜ਼ਦੀਕ ਹੀ ਸੀ।
ਜਦੋਂ ਭਾਈ ਵਰਿਆਮ ਸਿੰਘ ਨੇ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਜਥੇ ਨੂੰ ਮਿਲਣ ਉਪਰੰਤ ਨਨਕਾਣਾ ਸਾਹਿਬ ਨਾ ਜਾਣ ਦਾ ਸੁਨੇਹਾ ਦਿੱਤਾ ਤਾਂ ਭਾਈ ਲਛਮਣ ਸਿੰਘ ਦੇ ਜਥੇ ਨੇ ਕਿਹਾ ਕਿ ਉਹ ਅਰਦਾਸਾ ਸੋਧ ਕੇ ਚੱਲੇ ਸਨ ਤੇ ਹੁਣ ਉਹ ਰੁਕ ਨਹੀਂ ਸਕਦੇ ਅਤੇ ਜੋ ਵੀ ਹੋਵੇਗਾ, ਉਹ ਪਰਮਾਤਮਾ ਦਾ ਭਾਣਾ ਸਮਝ ਕੇ ਜਰ ਲੈਣਗੇ। ਭਾਈ ਲਛਮਣ ਸਿੰਘ ਦਾ ਜਥਾ ਕਰੀਬ 6 ਵਜੇ ਸਵੇਰੇ ਨਨਕਾਣਾ ਸਾਹਿਬ ਅੰਦਰ ਦਾਖਲ ਹੋਇਆ, ਭਾਈ ਸਾਹਿਬ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ। ਮਹੰਤ ਜੋ ਕਿ ਪਹਿਲਾਂ ਹੀ ਮੌਕੇ ਦੀ ਤਾਕ ਵਿਚ ਤਿਆਰੀ ਕਰਕੇ ਬੈਠਾ ਸੀ, ਨੇ ਆਪਣੇ ਗੁੰਡਿਆਂ-ਬਦਮਾਸ਼ਾਂ ਨੂੰ ਨਿਹੱਥੇ ਸਿੰਘਾਂ 'ਤੇ ਹਮਲਾ ਕਰਨ ਦਾ ਹੁਕਮ ਸੁਣਾ ਦਿੱਤਾ। ਉਸ ਦੇ ਬਦਮਾਸ਼ਾਂ ਨੇ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਸਿੱਖਾਂ ਉੱਤੇ ਗੋਲੀਆਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ। ਭਾਈ ਲਛਮਣ ਸਿੰਘ ਵੀ ਗੋਲੀ ਲੱਗਣ ਕਾਰਨ ਬੇਸੁੱਧ ਹੋ ਕੇ ਡਿੱਗ ਪਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ 'ਤੇ ਵੀ ਗੋਲੀਆਂ ਲੱਗੀਆਂ। ਇਸ ਬੀੜ ਨੂੰ 'ਸ਼ਹੀਦੀ ਬੀੜ' ਕਿਹਾ ਜਾਂਦਾ ਹੈ, ਜੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਪਾਸ ਸੰਭਾਲੀ ਹੋਈ ਹੈ। ਭਾਈ ਲਛਮਣ ਸਿੰਘ ਨੂੰ ਗੋਲੀ ਲੱਗਣ ਤੋਂ ਬਾਅਦ ਜੰਡ ਨਾਲ ਪੁੱਠੇ ਬੰਨ੍ਹ ਕੇ ਸਾੜਿਆ ਗਿਆ।
ਮਹੰਤ ਘੋੜੀ 'ਤੇ ਸਵਾਰ ਹੋ ਕੇ ਆਪਣੇ ਗੁੰਡਿਆਂ ਨੂੰ ਹੁਕਮ ਦੇ ਰਿਹਾ ਸੀ। ਜਿਹੜਾ ਵੀ ਸਿੱਖ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਕੇ ਡਿਗ ਪੈਂਦਾ, ਉਸ ਨੂੰ ਗੰਡਾਸੇ-ਛਵ੍ਹੀਆਂ ਨਾਲ ਬੇਰਹਿਮੀ ਨਾਲ ਵੱਢਿਆ ਜਾਂਦਾ, ਫਿਰ ਉਸ ਨੂੰ ਜਿਊਂਦੇ ਜੀਅ ਬਲ ਰਹੀ ਭੱਠੀ ਵਿਚ ਸੁੱਟ ਦਿੱਤਾ ਜਾਂਦਾ। ਗੋਲੀਆਂ ਦੀ ਆਵਾਜ਼ ਸੁਣ ਕੇ ਉੱਤਮ ਸਿੰਘ ਦੇ ਕਾਰਖ਼ਾਨੇ ਮੌਜੂਦ ਭਾਈ ਦਲੀਪ ਸਿੰਘ ਵੀ ਆ ਗਏ ਤੇ ਉਨ੍ਹਾਂ ਨੇ ਮਹੰਤ ਨੂੰ ਇਹ ਖੂਨੀ ਖੇਲ੍ਹ ਬੰਦ ਕਰਨ ਲਈ ਕਿਹਾ ਪਰ ਮਹੰਤ ਨੇ ਉਨ੍ਹਾਂ ਨੂੰ ਵੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਇਸ ਸਾਕੇ ਵਿਚ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹੋਣ ਦਾ ਮਾਣ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਜਰਗ ਦੇ ਵਾਸੀ ਕਾਕਾ ਦਰਬਾਰ ਸਿੰਘ ਨੂੰ ਪ੍ਰਾਪਤ ਹੈ, ਜੋ ਕਿ ਬੜੀ ਚੜ੍ਹਦੀ ਕਲਾ ਵਿਚ ਆਪਣੇ ਪਿਤਾ ਹਵਾਲਦਾਰ ਕੇਹਰ ਸਿੰਘ ਨਾਲ ਜਥੇ ਵਿਚ ਸ਼ਹੀਦ ਹੋਣ ਲਈ ਸ਼ਾਮਿਲ ਹੋਇਆ ਸੀ। ਜਦੋਂ ਮਹੰਤ ਦੇ ਗੁੰਡੇ ਸਿੱਖਾਂ ਉੱਤੇ ਗੋਲੀਆਂ ਚਲਾ ਰਹੇ ਸਨ ਤਾਂ ਸਿੱਖਾਂ ਨੇ ਜਨਮ ਸਥਾਨ ਅੰਦਰ ਕਾਕਾ ਦਰਬਾਰਾ ਸਿੰਘ ਨੂੰ ਇਕ ਅਲਮਾਰੀ ਵਿਚ ਬੰਦ ਕਰ ਦਿੱਤਾ, ਤਾਂ ਜੋ ਉਸ ਦੀ ਜਾਨ ਬਚ ਜਾਵੇ ਪਰ ਦਰਬਾਰਾ ਸਿੰਘ ਅਲਮਾਰੀ ਅੰਦਰੋਂ ਲਗਾਤਾਰ ਆਵਾਜ਼ ਦੇ ਰਿਹਾ ਸੀ ਕਿ ਉਸ ਨੂੰ ਬਾਹਰ ਕੱਢੋ, ਉਸ ਨੇ ਵੀ ਆਪਣੇ ਪਿਤਾ ਜੀ ਨਾਲ ਸ਼ਹੀਦ ਹੋਣਾ ਹੈ। ਮਗਰੋਂ ਮਹੰਤ ਦੇ ਗੁੰਡਿਆਂ ਨੇ ਇਸ 9 ਸਾਲ ਦੇ ਬਾਲਕ ਨੂੰ ਉਸ ਦੇ ਪਿਤਾ ਕੇਹਰ ਸਿੰਘ ਦੀ ਬਲ ਰਹੀ ਲਾਸ਼ ਉੱਪਰ ਸੁੱਟ ਕੇ ਸ਼ਹੀਦ ਕਰ ਦਿੱਤਾ। ਇੰਜ ਇਸ ਜਥੇ ਦੇ ਤਕਰੀਬਨ ਸਾਰੇ ਸਿੰਘ, ਜਿਨ੍ਹਾਂ ਦੀ ਗਿਣਤੀ 150 ਦੇ ਲਗਭਗ ਸੀ, ਸ਼ਹਾਦਤ ਦਾ ਜਾਮ ਪੀ ਗਏ।
ਇਸ ਦਰਦਨਾਕ ਹਾਦਸੇ ਦੀ ਸੂਚਨਾ ਉਤਮ ਸਿੰਘ ਨੇ ਸਬੰਧਿਤ ਅਧਿਕਾਰੀਆਂ ਨੂੰ ਤਾਰਾਂ ਭੇਜ ਕੇ ਦਿੱਤੀ। ਸਿੱਖ ਸੰਗਤ ਖ਼ਬਰ ਮਿਲਣ 'ਤੇ ਵਹੀਰਾਂ ਘੱਤ ਕੇ ਨਨਕਾਣਾ ਸਾਹਿਬ ਪਹੁੰਚਣੀ ਸ਼ੁਰੂ ਹੋ ਗਈ। ਸ: ਕਰਤਾਰ ਸਿੰਘ ਝੱਬਰ ਆਪਣੇ 2200 ਸਿੰਘਾਂ ਦੇ ਜਥੇ ਨੂੰ ਨਾਲ ਲੈ ਕੇ ਨਨਕਾਣਾ ਸਾਹਿਬ ਪਹੁੰਚ ਗਿਆ। ਮੌਕੇ 'ਤੇ ਪਹੁੰਚੇ ਡਿਪਟੀ ਕਮਿਸ਼ਨਰ ਕਰੀ ਨੇ ਆਪਣੇ ਸਿਪਾਹੀਆਂ ਨਾਲ ਨਨਕਾਣਾ ਸਾਹਿਬ ਦੀ ਘੇਰਾਬੰਦੀ ਕਰ ਦਿੱਤੀ ਤਾਂ ਕਿ ਸਿੱਖ ਨਨਕਾਣਾ ਸਾਹਿਬ ਅੰਦਰ ਨਾ ਆ ਸਕਣ ਪਰ ਸ: ਕਰਤਾਰ ਸਿੰਘ ਝੱਬਰ ਨੇ ਅੰਗਰੇਜ਼ ਅਫ਼ਸਰ ਨੂੰ ਵੰਗਾਰ ਕੇ ਕਿਹਾ, 'ਪਹਿਲਾਂ ਅਸੀਂ ਨਿਹੱਥੇ ਸ਼ਹਾਦਤ ਦੇਣ ਆਏ ਸਾਂ ਪਰ ਹੁਣ ਅਸੀਂ ਜਾਨਾਂ ਵੀ ਲਵਾਂਗੇ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵੀ।' ਉਸ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਅੰਗਰੇਜ਼ ਸਿਪਾਹੀਆਂ ਦੀ ਗੋਲੀ ਲੱਗਣ ਉਪਰੰਤ ਜੇਕਰ ਕੋਈ ਸਿੱਖ ਜ਼ਮੀਨ 'ਤੇ ਥੱਲੇ ਡਿਗਦਾ ਹੈ ਤਾਂ ਉਸ ਨੂੰ ਨਹੀਂ ਚੁੱਕਣਾ, ਤੁਸੀਂ ਸਿੱਧੇ ਸਿਪਾਹੀਆਂ ਦੀਆਂ ਬੰਦੂਕਾਂ ਖੋਹਣੀਆਂ ਹਨ ਅਤੇ ਗੁਰਦੁਆਰਾ ਸਾਹਿਬ ਦਾ ਕਬਜ਼ਾ ਲੈਣਾ ਹੈ। ਉਸ ਦੇ ਤਿੱਖੇ ਤੇਵਰ ਵੇਖ ਕੇ ਅੰਗਰੇਜ਼ ਅਫ਼ਸਰ ਘਬਰਾ ਗਿਆ ਤੇ ਉਸ ਨੇ ਗੁਰਦੁਆਰਾ ਸਾਹਿਬਾਨ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤੀਆਂ। 23 ਫਰਵਰੀ, 1921 ਨੂੰ ਇਨ੍ਹਾਂ ਕੌਮ ਦੇ ਮਹਾਨ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ। ਸ਼ਹੀਦਾਂ ਦੇ ਸਸਕਾਰ ਵਾਲੇ ਸਥਾਨ 'ਤੇ ਸ਼ਹੀਦ ਗੰਜ ਦੀ ਉਸਾਰੀ ਕਰਵਾਈ ਗਈ ਅਤੇ ਅੰਮ੍ਰਿਤਸਰ ਵਿਖੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ 'ਸ਼ਹੀਦ ਸਿੱਖ ਮਿਸ਼ਨਰੀ ਕਾਲਜ' ਸਥਾਪਿਤ ਕੀਤਾ ਗਿਆ ਹੈ।
ਅਦਾਲਤ ਨੇ ਮਹੰਤ ਅਤੇ ਉਸ ਦੇ ਸਾਥੀਆਂ ਨੂੰ 12 ਅਕਤੂਬਰ, 1921 ਨੂੰ ਸਜ਼ਾ ਸੁਣਾਈ ਗਈ, ਜਿਸ ਵਿਚ ਮਹੰਤ ਅਤੇ ਹੋਰ 7 ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ, ਅੱਠ ਕਾਤਲਾਂ ਨੂੰ ਕਾਲ਼ੇਪਾਣੀ ਦੀ ਸਜ਼ਾ ਅਤੇ 16 ਹੋਰ ਨੂੰ 7-7 ਸਾਲ ਦੀ ਕੈਦ ਦਾ ਹੁਕਮ ਹੋਇਆ ਪਰ ਬਾਅਦ ਵਿਚ ਹਾਈਕੋਰਟ ਵਿਚ ਅਪੀਲ ਕਰਨ 'ਤੇ ਦੋਸ਼ੀ ਮਹੰਤ ਨੂੰ ਕਾਲ਼ੇਪਾਣੀ ਦੀ ਸਜ਼ਾ, ਤਿੰਨ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਅਤੇ 2ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਬਾਕੀ ਦੇ ਸਾਥੀਆਂ ਨੂੰ ਬਰੀ ਕਰ ਦਿੱਤਾ ਗਿਆ। ਇਸ ਖ਼ੂਨੀ ਸਾਕੇ ਦੀ ਖ਼ਬਰ ਸਾਰੇ ਕੌਮੀ ਅਖ਼ਬਾਰਾਂ ਨੇ ਪ੍ਰਮੁੱਖਤਾ ਨਾਲ ਛਾਪਦੇ ਹੋਏ ਸਿੱਖਾਂ ਦੀਆਂ ਆਪਣੇ ਗੁਰਧਾਮਾਂ ਲਈ ਪਾਈਆਂ ਗਈਆਂ ਸ਼ਹਾਦਤਾਂ ਨੂੰ ਸਿਜਦਾ ਕੀਤਾ।


-ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ, ਤਹਿ: ਗੜ੍ਹਸ਼ੰਕਰ,
ਜ਼ਿਲ੍ਹਾ ਹੁਸ਼ਿਆਰਪੁਰ।

ਮਹੰਤ ਨਰਾਇਣ ਦਾਸ ਕੌਣ ਸੀ?

ਨਨਕਾਣਾ ਬਾਬੇ ਨਾਨਕ ਦੇ ਨਾਂਅ 'ਤੇ ਬਣਿਆ ਜਿਹੜਾ ਰੱਬ ਨੂੰ ਬਹੁਤ ਪਿਆਰਾ। ਪੰਜਾਬ ਦੀ ਧਰਤੀ ਬੜੀ ਭਾਗਾਂ ਵਾਲੀ ਏ ਤੇ ਇਹ ਅਣਖੀ ਲੋਕਾਂ ਦਾ ਦੇਸ਼ ਵੀ ਏ, ਇਥੇ ਪਿਆਰ, ਮੁਹੱਬਤ ਤੇ ਭਾਈਚਾਰਾ ਹਮੇਸ਼ਾ ਦੁਪਹਿਰ ਦੇ ਸੂਰਜ ਵਾਂਗੂੰ ਜਵਾਨ ਰਿਹਾ ਹੈ ਪਰ ਜਦੋਂ ਇਸ ਧਰਤੀ 'ਤੇ ਕਿਸੇ ਨੇ ਵੀ ਇੱਜ਼ਤ ਗ਼ੈਰਤ ਦਾ ਸੌਦਾ ਕਰਨ ਦੀ ਕੋਸ਼ਿਸ ਕੀਤੀ ਤਾਂ ਇਥੋਂ ਦੇ ਅਣਖੀ ਲੋਕਾਂ ਨੇ ਆਪਣਾ ਸੀਨਾ ਅੱਗੇ ਕੀਤਾ ਤੇ ਜ਼ਾਲਮ ਨੂੰ ਹਮੇਸ਼ਾ ਲਈ ਦੌੜਾ ਦਿਤਾ।
ਪੰਜਾਬ ਦੀ ਧੁੰਨੀ ਵਿਚ ਵਸਿਆ ਨਨਕਾਣਾ ਸਾਹਿਬ ਪਿਆਰਾ ਤੇ ਪਵਿੱਤਰ ਅਸਥਾਨ ਹੈ, ਜਿਥੇ ਬਾਬਾ ਗੁਰੂ ਨਾਨਕ ਜੀ ਦਾ ਜਨਮ ਹੋਇਆ। ਇਸ ਪਵਿੱਤਰ ਤੇ ਪਿਆਰ ਵਾਲੀ ਧਰਤੀ 'ਤੇ ਬਾਬਾ ਨਾਨਕ ਜੀ ਦਾ ਜਨਮ ਸੱਚੇ ਰੱਬ ਦਾ ਫੈਸਲਾ ਸੀ, ਨੇਕ ਧਰਤੀ 'ਤੇ ਨੇਕ ਬੰਦੇ ਹੀ ਜੰਮਦੇ ਹਨ। ਜ਼ੁਲਮ ਦੀ ਉਮਰ ਬਹੁਤ ਥੋੜ੍ਹੀ ਹੁੰਦੀ ਹੈ, ਇਕ ਜ਼ਾਲਮ ਨੇ ਇਸ ਧਰਤੀ 'ਤੇ ਸ਼ੈਤਾਨੀ ਖ਼ੇਲ ਸ਼ੁਰੂ ਕੀਤਾ ਤੇ ਸਿੱਖ ਧਰਮ ਨੂੰ ਮੰਨਣ ਵਾਲਿਆਂ ਨੇ ਆਪਣੀਆਂ ਜਾਨਾਂ ਦਾ ਨਜ਼ਰਾਨਾ ਦੇ ਕੇ ਉਸ ਨੂੰ ਕੱਢਿਆ। ਇਸ ਜ਼ਾਲਮ ਤੇ ਸ਼ੈਤਾਨ ਦਾ ਨਾਂਅ ਮਹੰਤ ਨਰਾਇਣ ਦਾਸ ਹੈ। ਨਨਕਾਣਾ ਸਾਹਿਬ ਦੇ ਆਸ-ਪਾਸ ਦੇ ਲੋਕ ਇਸ ਨੂੰ ਬਾਵਾ ਨਰਾਇਣ ਦਾਸ ਦੇ ਨਾਂਅ ਨਾਲ ਜਾਣਦੇ ਹਨ। ਇਸ ਦਾ ਜਨਮ 1878 ਈ: ਨੂੰ ਇਕ ਹਿੰਦੂ ਟੱਬਰ ਵਿਚ ਹੋਇਆ। ਨਰਾਇਣ ਦਾਸ ਹੁਰੀਂ ਦੋ ਭਰਾ ਸਨ। ਵੱਡੇ ਦਾ ਨਾਂਅ ਸ਼ਾਮ ਦਾਸ ਸੀ। ਇਨ੍ਹਾਂ ਦਾ ਜੱਦੀ ਪਿੰਡ ਮੋਹਦਕੇ, ਤਹਿਸੀਲ ਪੱਤੋਕੀ, ਜ਼ਿਲ੍ਹਾ ਕਸੂਰ ਜੋ ਅੱਜਕਲ੍ਹ ਲਹਿੰਦੇ ਪੰਜਾਬ ਵਿਚ ਹੈ, ਇਹ ਪਿੰਡ ਤਹਿਰੀਖੀ ਤੌਰ 'ਤੇ ਮਾਝੇ ਦਾ ਇਕ ਬੜਾ ਵੱਡਾ ਪਿੰਡ ਮਿਥਿਆ ਜਾਂਦਾ ਹੈ। ਮਹੰਤ ਦੇ ਪਿਓ ਦਾ ਨਾਂਅ ਸੁੰਦਰ ਦਾਸ ਸੀ। ਇਹ ਪਿੰਡ ਮੋਹਦਕਿਆਂ ਵਿਚ ਕਰਿਆਨੇ ਦੀ ਦੁਕਾਨਦਾਰੀ ਕਰਦਾ ਸੀ। ਇਹ ਪਿੰਡ ਅੱਜ ਵੀ ਉਸੇ ਤਰ੍ਹਾਂ ਆਬਾਦ ਹੈ। ਮਹੰਤ ਦਾ ਵਿਆਹ ਨਹੀਂ ਸੀ ਹੋਇਆ।
ਮਹੰਤ ਦੇ ਖਾਨਦਾਨ ਦਾ ਇਨ੍ਹਾਂ ਪੁੱਠੇ ਕੰਮਾਂ ਨਾਲ ਕੀ ਤੁਆਲਕ ਸੀ, ਇਹ ਜਾਣਨ ਲਈ ਮਹੰਤ ਦੇ ਵੱਡੇ ਭਰਾ ਸ਼ਾਮ ਦਾਸ ਦਾ ਵੇਰਵਾ ਕੁਝ ਜ਼ਰੂਰੀ ਹੈ। ਸ਼ਾਮ ਦਾਸ ਜਦੋਂ ਜਵਾਨ ਹੋਇਆ ਤਾਂ ਚੋਰੀਆਂ-ਚਕਾਰੀਆਂ ਕਰਦਾ-ਕਰਦਾ ਵੱਡੇ ਡਾਕਿਆਂ 'ਤੇ ਪਹੁੰਚ ਗਿਆ। ਪੰਜਾਬ ਵਿਚ 12 ਡਾਕੂਆਂ ਦੀ ਕਹਾਣੀ ਬੜੀ ਮਸ਼ਹੂਰ ਹੈ। ਇਹ ਵੀ ਉਨ੍ਹਾਂ ਵਿਚ ਰਲ ਗਿਆ। ਇਸ ਨੇ ਵੀ ਅੰਬਾਲਾ ਜੇਲ੍ਹ ਦੀ ਸਜ਼ਾ ਕੱਟੀ ਹੋਈ ਹੈ। ਜਦੋਂ ਅੰਗਰੇਜ਼ ਸਰਕਾਰ ਨੇ ਇਨ੍ਹਾਂ 12 ਡਾਕੂਆਂ ਨੂੰ ਅੰਬਾਲਾ ਜੇਲ੍ਹ ਵਿਚ ਕੈਦ ਕੀਤਾ ਹੋਇਆ ਸੀ, ਇਨ੍ਹਾਂ ਡਾਕੂਆਂ ਨੇ ਇਕੱਠੇ ਹੋ ਕੇ ਜੇਲ੍ਹ ਤੋੜੀ ਅਤੇ ਆਪਣੇ-ਆਪਣੇ ਇਲਾਕਿਆਂ ਨੂੰ ਨੱਸ ਨਿਕਲੇ ਅਤੇ ਜੰਗਲਾਂ ਵਿਚ ਜਾ ਲੁਕੇ ਅਤੇ ਤਿੰਨ ਟੋਲੇ ਬਣਾ ਲਏ। ਡਾਕੇ ਮਾਰਨ ਦਾ ਕੰਮ ਜਾਰੀ ਰੱਖਿਆ। ਇਨ੍ਹਾਂ ਵਿਚ ਸਾਰੇ ਧਰਮਾਂ ਨਾਲ ਸਬੰਧਤ ਲੋਕ ਸਨ। ਉਂਜ ਇਨ੍ਹਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਸੀ, ਇਨ੍ਹਾਂ ਦਾ ਪੇਸ਼ਾ ਹੀ ਡਾਕੇ ਮਾਰਨੇ ਤੇ ਪੁੱਠੇ ਕੰਮ ਕਰਨੇ ਸੀ। ਇਨ੍ਹਾਂ ਬਾਰਾਂ ਡਾਕੂਆਂ ਦੇ ਨਾਂਅ ਕੁਝ ਇਸ ਤਰ੍ਹਾਂ ਹਨ : (1) ਨਿਜ਼ਾਮ ਲੁਹਾਰ ਪਿੰਡ ਸੋਹਲਾਂ (ਮਾਝਾ), (2) ਜਬਰੂ ਨਾਈ ਪਿੰਡ ਜਾਮਣ (ਮਾਝਾ) ਇਹ ਦੋਵੇਂ ਪਿੰਡ ਕਸੂਰ ਜ਼ਿਲ੍ਹੇ ਦੇ ਹਨ, (3) ਚੁਰਾਗਾ ਮਾਛੀ, (4) ਘੱਮਾਂ ਮਾਨ, (5) ਵਧਾਵਾ (6) ਵੱਛੋ, ਇਹ ਚਾਰੇ ਪਿੰਡ ਵੱਛੋ, ਚੂਨੀਆਂ ਦੇ ਸਨ, (7) ਭੋਲਾ ਘੁਮਿਆਰ, (8) ਵੱਸਣ ਸਿੰਘ ਇਹ ਦੋ ਡਾਕੂ ਮਾਂਗਾ ਮੰਡੀ ਦੇ ਸਨ, (9) ਕਪੂਰ ਸਿੰਘ, (10) ਸ਼ਾਮ ਦਾਸ ਇਹ ਦੋਵੇਂ ਮਹੋਦਕਿਆਂ ਪਿੰਡ ਦੇ ਸਨ, (11) ਸੁੰਦਰ ਸਿੰਘ ਪਿੰਡ ਜੱਗਾਂ, (12) ਸ਼ਾਬਾ ਭੱਟੀ ਪਿੰਡ ਲੱਖੋਕੀ ਤਹਿਸੀਲ ਪੱਤੋਕੀ ਕਸੂਰ, ਇਹ ਸਾਰੇ ਪਿੰਡ ਜ਼ਿਲ੍ਹਾ ਕਸੂਰ ਵਿਚ ਇਸ ਵਕਤ ਮੌਜੂਦ ਹਨ। ਇਨ੍ਹਾਂ ਤੋਂ ਹੀ ਮਹੰਤ ਨਰਾਇਣ ਦਾਸ ਨੂੰ ਸ਼ਹਿ ਮਿਲੀ ਅਤੇ ਇਸ ਨੇ ਵੀ ਪੁੱਠੇ ਕੰਮ ਸ਼ੁਰੂ ਕਰ ਦਿੱਤੇ।
ਅੰਗਰੇਜ਼ਾਂ ਦਾ ਦੌਰ ਸੀ। ਦੇਸ਼ ਦੇ ਲੋਕ ਇਨ੍ਹਾਂ ਵਿਰੁੱਧ ਸੰਘਰਸ਼ ਕਰ ਰਹੇ ਸਨ। ਮਹੰਤ ਡਾਕੂਆਂ ਦੇ ਹੱਕ ਵਿਚ ਕੋਰਟ-ਕਚਹਿਰੀ ਅਤੇ ਸਰਕਾਰੇ-ਦਰਬਾਰੇ ਜਾਂਦਾ ਰਹਿੰਦਾ ਸੀ। ਅੰਗਰੇਜ਼ ਸਿੱਖਾਂ ਨੂੰ ਆਪਣਾ ਵੱਡਾ ਦੁਸ਼ਮਣ ਸਮਝਦਾ ਸੀ, ਇਸ ਲਈ ਅੰਗਰੇਜ਼ਾਂ ਨੇ ਇਕ ਤਾਂ ਡਾਕੂਆਂ ਨੂੰ ਫੜਨ ਲਈ ਮਹੰਤ ਨੂੰ ਆਪਣਾ ਮੁਖ਼ਬਰ ਬਣਾਇਆ, ਦੂਜਾ ਉਸ ਨੂੰ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਕਾਬਜ਼ ਕਰ ਦਿੱਤਾ ਪਰ ਮਹੰਤ ਨੇ ਆਪਣੇ ਡਾਕੂ ਸਾਥੀਆਂ ਦੀ ਮੁਖ਼ਬਰੀ ਨਹੀਂ ਕੀਤੀ, ਸਗੋਂ ਇਹ ਵੇਲੇ-ਕੁਵੇਲੇ ਮਹੰਤ ਕੋਲ ਗੁਰਦੁਆਰਾ ਸਾਹਿਬ ਵਿਚ ਆਣ ਰੁਕਦੇ। ਗੁਰਦੁਆਰਾ ਸਾਹਿਬ ਦੀ ਬੇਬਹਾਅ ਆਮਦਨ ਸੀ। ਸਿੱਖਾਂ ਨੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਉਣ ਦੀ ਮੁਹਿੰਮ ਆਰੰਭ ਦਿੱਤੀ। ਮਹੰਤ ਨੂੰ ਡਾਕੂਆਂ ਦੀ ਟੇਕ ਸੀ, ਇਸ ਲਈ ਇਹ ਵਿਗੜਿਆ ਸ਼ਰਾਬੀ, ਕਬਾਬੀ ਅਤੇ ਜ਼ਾਲਮ ਇਨਸਾਨ ਗੁਰਦੁਆਰਾ ਸਾਹਿਬ ਵਿਚ ਪੁੱਠੇ ਕੰਮ ਕਰਦਾ ਰਿਹਾ ਅਤੇ ਡਾਕੂਆਂ ਦੀ ਟੇਕ ਕਰਕੇ ਭੂਹੇ ਚੜ੍ਹਿਆ ਰਹਿੰਦਾ। ਇਸੇ ਵਜ੍ਹਾ ਕਰਕੇ ਸਾਕਾ ਵਾਪਰਿਆ। ਨਨਕਾਣਾ ਸਾਹਿਬ ਦੇ ਨੇੜੇ-ਤੇੜੇ ਦੇ ਪਿੰਡਾਂ ਦੇ ਪੁੱਠੇ ਕੰਮ ਕਰਨ ਵਾਲੇ ਧਨਾਡ ਮੁਸਲਮਾਨ ਚੌਧਰੀਆਂ ਵੱਲ ਵੀ ਮਹੰਤ ਦਾ ਆਉਣਾ-ਜਾਣਾ ਸੀ, ਜਿਨ੍ਹਾਂ ਕਰਕੇ ਮਹੰਤ ਹੋਰ ਵੇਹਰਿਆ ਫਿਰਦਾ ਸੀ।
ਮਹੰਤ ਦੇ ਦੋ ਸਾਥੀ ਆਮੂ ਤੇ ਸ਼ਾਮੂ ਜੋ ਮਾਛੀ ਮੁਸਲਮਾਨ ਸਨ, ਇਨ੍ਹਾਂ ਦਾ ਮਾਂ-ਬਾਪ ਨਹੀਂ ਸੀ। ਇਨ੍ਹਾਂ ਦਾ ਜੱਦੀ ਪਿੰਡ ਜੁਗਾਤਣ ਸੀ। ਇਕ ਰਾਏ ਹੁਸੈਨ ਨਾਂਅ ਦੇ ਮੁਸਲਮਾਨ ਨੇ ਇਹ ਦੋਵੇਂ ਬੱਚੇ ਛੋਟੇ ਹੁੰਦੇ ਹੀ ਮਹੰਤ ਨੂੰ ਦੇ ਦਿੱਤੇ, ਜੋ ਮਹੰਤ ਕੋਲ ਹੀ ਪਲੇ ਅਤੇ ਮਹੰਤ ਦੀ ਖ਼ਿਦਮਤ ਕਰਦੇ ਰਹੇ। ਇਨ੍ਹਾਂ ਨੇ ਸਾਕੇ ਵਿਚ ਸਭ ਤੋਂ ਵੱਧ ਸਿੱਖਾਂ ਦਾ ਨੁਕਸਾਨ ਕੀਤਾ। ਇਹ ਦੋਵੇਂ ਬੰਦੂਕਚੀ ਸਨ। ਇਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਛੱਤ 'ਤੇ ਚੜ੍ਹ ਕੇ ਬੇਬਹਾਅ ਗੋਲੀਆਂ ਚਲਾਈਆਂ। ਮਹੰਤ ਦੇ ਭਰਾ ਸ਼ਾਮ ਦਾਸ ਦਾ ਮੁੰਡਾ ਇੰਦਰ ਸਿੰਘ ਸੀ। ਇਹ ਵੀ ਮਹੰਤ ਦੇ ਨਾਲ ਹੀ ਰਹਿੰਦਾ ਸੀ। ਮਹੰਤ ਦੇ ਸਾਰੇ ਕੰਮਾਂ ਦੀ ਨਿਗਰਾਨੀ ਕਰਦਾ ਸੀ।
ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਦਾ ਸਟੇਸ਼ਨ ਮਾਸਟਰ ਕਰਮ ਚੰਦ ਬਾਬੂ ਮਹੰਤ ਦਾ ਖਾਸ ਬੇਲੀ ਸੀ। ਮਹੰਤ ਅਕਸਰ ਸਟੇਸ਼ਨ ਦੇ ਗੈਸਟ ਹਾਊਸ ਵਿਚ ਕਰਮ ਚੰਦ ਨਾਲ ਸ਼ਰਾਬ ਕਬਾਬ ਦੀ ਮਹਿਫਿਲ ਲਾਉਂਦਾ ਅਤੇ ਕਰਮ ਚੰਦ ਗੁਰਦੁਆਰਾ ਸਾਹਿਬ ਵਿਚ ਮਹੰਤ ਦੀਆਂ ਮਹਿਫਲਾਂ ਵਿਚ ਸ਼ਾਮਿਲ ਹੁੰਦਾ। ਕਰਮ ਚੰਦ ਸਾਕੇ ਦੌਰਾਨ ਗੱਡੀ 'ਤੇ ਆਉਣ ਵਾਲੇ ਸਿੱਖਾਂ ਦੀ ਮਹੰਤ ਨੂੰ ਇਤਲਾਹ ਵੀ ਕਰਦਾ ਰਿਹਾ। ਸਾਕੇ ਵਿਚ ਇਕ ਹੋਰ ਕਿਰਦਾਰ ਲਾਲੂ ਪਿਆਰੇ ਚੰਦ ਮਹੰਤ ਦਾ ਬੜਾ ਯਾਰ ਸੀ। ਇਸੇ ਨੇ ਮਹੰਤ ਨੂੰ ਚੁੱਕਣਾ ਦਿੱਤੀ ਹੋਈ ਸੀ ਕਿ ਸਿੱਖਾਂ ਨਾਲ ਸੁਲਾਹ ਨਹੀਂ ਕਰਨੀ ਅਸੀਂ ਸਿੱਖਾਂ ਨਾਲ ਜੰਗ ਲੜਨੀ ਹੈ।
ਨਨਕਾਣੇ ਦੇ ਆਲੇ-ਦੁਆਲੇ ਦੇ ਕਈ ਲੋਕ ਮਹੰਤ ਦੇ ਯਾਰ ਬੇਲੀ ਸਨ। ਇਨ੍ਹਾਂ ਵਿਚ ਵੱਟੂ, ਚੇਡੂ, ਵਸੀਰ ਬਹਾਦਰਕੇ, ਨੋਲ, ਨੂਏ ਕੇ, ਕੁਰੇਸ਼ੀ, ਭੱਟੀ ਅਤੇ ਰਨੇਰੇ ਕੌਮਾਂ ਦੇ ਬੰਦੇ ਸਨ, ਜੋ ਮਹੰਤ ਦੇ ਯਾਰ ਬੇਲੀ ਸਨ। ਇਨ੍ਹਾਂ ਦੀ ਇਹ ਕੋਸ਼ਿਸ਼ ਸੀ ਕਿ ਮਹੰਤ ਅਤੇ ਸਿੱਖਾਂ ਦੀ ਲੜਾਈ ਨਾ ਹੋਵੇ ਪਰ ਮਹੰਤ ਨੇ ਉਨ੍ਹਾਂ ਦੀ ਇਕ ਨਾ ਮੰਨੀ। ਇਹ ਲੋਕ ਪਾਸੇ ਹੋ ਗਏ, ਮੁੜ ਕਿਸੇ ਗੱਲ ਵਿਚ ਨਾ ਆਏ। ਗੁਰਦੁਆਰਾ ਸਾਹਿਬ ਦੀ ਆਮਦਨ ਬਹੁਤ ਜ਼ਿਆਦਾ ਸੀ। ਮਹੰਤ ਹਰ ਹਾਲ ਵਿਚ ਗੁਰਦੁਆਰੇ 'ਤੇ ਕਾਬਜ਼ ਰਹਿਣਾ ਚਾਹੁੰਦਾ ਸੀ। ਮਹੰਤ ਨੇ ਸਿੱਖਾਂ ਨਾਲ ਲੜਾਈ ਲਈ 10-12 ਪਠਾਣ ਸੱਦੇ, ਜੋ ਬਹੁਤ ਨਿਸ਼ਾਨਚੀ ਸਨ। ਇਸ ਤੋਂ ਇਲਾਵਾ ਬ੍ਰਾਹਮਣ ਅਤੇ ਮਾਛੀ ਮੁਸਲਾਨ ਵੀ ਵੰਗਾਰੇ, ਜਿਨ੍ਹਾਂ ਨੇ ਲੜਾਈ ਵਿਚ ਮਹੰਤ ਦਾ ਸਾਥ ਦਿੱਤਾ। ਚਾਰ ਬੰਦੇ ਖੇਰੂ ਖੋਖਰ, ਸ਼ਾਹੂ ਪੌਲੀ, ਮਾਣੀ ਕੈਂਬੋਕਾ ਤੇ ਵਸਾਵਾ ਵੱਟੂ ਮਹੰਤ ਲਈ ਦਿਲ ਖੋਲ੍ਹ ਕੇ ਲੜੇ ਅਤੇ ਸਿੱਖਾਂ ਦਾ ਕਤਲ ਕੀਤਾ। ਮਹੰਤ ਨੇ ਸਿੱਖਾਂ ਵਿਰੁੱਧ ਲੜਨ ਲਈ ਸਭ ਨੂੰ ਕਸਮਾਂ ਚੁਕਾਈਆਂ। ਇਨ੍ਹਾਂ ਵਿਚ ਮੁਸਲਮਾਨ, ਹਿੰਦੂ ਅਤੇ ਸਿੱਖ ਵੀ ਸ਼ਾਮਿਲ ਸਨ, ਜੋ ਜ਼ਰਾਇਮ ਪੇਸ਼ਾ ਸਨ।
ਇਥੇ ਇਕ ਗੱਲ ਜ਼ਿਕਰ ਕਰਨੀ ਬਣਦੀ ਹੈ ਕਿ ਇਕ ਵਾਰ ਮਹੰਤ ਲਾਹੌਰ ਤੋਂ ਮਿਸਟਰ ਕਿੰਗ ਨੂੰ ਮਿਲ ਕੇ ਆ ਰਿਹਾ ਸੀ ਤਾਂ ਸ਼ੇਖੂਪੁਰ ਦੇ ਵੱਡੇੇ ਬਜ਼ਾਰ ਵਿਚ ਇਨ੍ਹਾਂ ਦਾ ਲਛਮਣ ਸਿੰਘ ਧਾਰੋਵਾਲੀ ਅਤੇ ਕਰਤਾਰ ਸਿੰਘ ਝੱਬਰ ਨਾਲ ਟਾਕਰਾ ਹੋ ਗਿਆ। ਮਹੰਤ ਪਿੱਛੇ ਦੂਰ ਸੀ, ਅੱਗੇ ਮਹੰਤ ਦਾ ਚੇਲਾ ਲੱਧੂ ਰਾਮ ਜੋ ਸਿੱਖਾਂ ਦੇ ਹੱਥੇ ਚੜ੍ਹ ਗਿਆ। ਸਿੱਖਾਂ ਨੇ ਲੱਧੂ ਰਾਮ ਦਾ ਕੁਟਾਪਾ ਕਰ ਦਿੱਤਾ। ਮਹੰਤ ਵੀ ਪਹੁੰਚ ਗਿਆ। ਉਸ ਨਾਲ ਆਮੂ ਤੇ ਸ਼ਾਮੂ ਦੋਵੇਂ ਭਰਾ ਸਨ, ਜਿਨ੍ਹਾਂ ਕੋਲ ਬੰਦੂਕਾਂ ਸਨ, ਲੜਾਈ ਤਾਂ ਟਲ ਗਈ ਪਰ ਮਹੰਤ ਉਸ ਦਿਨ ਤੋਂ ਸਿੱਖਾਂ ਨਾਲ ਬਹੁਤ ਖਾਰ ਖਾਣ ਲੱਗ ਪਿਆ।
ਮਹੰਤ ਦਾ ਲਾਂਗਰੀ ਕਿਰਪਾ ਸਿੰਘ ਜੋ ਲੰਗਰ ਬਣਾਉਣ ਦਾ ਬਹੁਤ ਮਾਹਿਰ ਸੀ, ਸਾਕੇ ਦੌਰਾਨ ਆਪਣੀ ਦਾੜ੍ਹੀ ਕੱਪੜੇ ਨਾਲ ਬੰਨ੍ਹ ਕੇ ਭੱਜ ਨਿਕਲਿਆ। ਇਸ ਨੇ ਲੜਾਈ ਵਿਚ ਹਿੱਸਾ ਨਹੀਂ ਲਿਆ। ਇਸ ਲੜਾਈ ਦੇ ਨਤੀਜੇ ਵਿਚ ਸੈਂਕੜੇ ਸਿੱਖ ਮਾਰੇ ਗਏ ਸਨ। ਸਿੱਖਾਂ ਨੂੰ ਅੱਗ ਵਿਚ ਸਾੜਿਆ ਗਿਆ ਸੀ। ਚਸ਼ਮਦੀਦਾਂ ਦੀਆਂ ਪੱਕੀਆਂ-ਠੱਕੀਆਂ ਗੱਲਾਂ ਮੁਤਾਬਿਕ 480 ਕੜੇ ਰਾਖ ਵਿਚੋਂ ਮਿਲੇ ਸਨ, ਕੁਝ ਲੋਕ 430 ਕਹਿੰਦੇ ਨੇ।
ਸਾਕੇ ਤੋਂ ਬਾਅਦ ਸਿੱਖ ਰੋਹ ਵਿਚ ਆ ਗਏ। ਹਜ਼ਾਰਾਂ ਸਿੱਖ ਨਨਕਾਣਾ ਸਾਹਿਬ ਵਿਚ ਆਣ ਢੁਕੇ, ਸਰਕਾਰ ਨੂੰ ਮਹੰਤ ਨੂੰ ਗ੍ਰਿਫਤਾਰ ਕਰਨਾ ਹੀ ਪਿਆ, ਇਸ ਦੇ ਕੁਝ ਸਾਥੀ ਭੱਜ ਗਏ। ਪਠਾਣ ਅਤੇ ਮਾਸ਼ੀ ਫੜੇ ਗਏ। ਗੁਜਰਾਂਵਾਲੇ ਦੀ ਸੈਸ਼ਨ ਕੋਰਟ ਵਿਚ ਕੇਸ ਚੱਲਿਆ, 4 ਸਾਲ ਬਾਅਦ ਇਨ੍ਹਾਂ ਨੂੰ ਤਾਜ਼ੀਰਾਤੇ ਹਿੰਦ ਦਫਾ 302 ਵਿਚ ਹਿੰਦੂ ਜੱਜ ਸ਼ਾਂਤੀ ਲਾਲ ਨੇ ਮਹੰਤ ਅਤੇ ਉਸ ਦੇ ਸਾਥੀਆਂ ਨੂੰ ਮੌਤ ਦੀ ਸਜ਼ਾ ਸੁਣਾਈ। ਫਾਂਸੀ ਦਾ ਹੁਕਮ ਹੋਇਆ। ਇਹ ਕਾਲ ਕੋਠੜੀ ਵਿਚ ਮੌਤ ਦੀ ਸਜ਼ਾ ਕੱਟ ਹੀ ਰਿਹਾ ਸੀ ਕਿ 1947 ਵਿਚ ਦੇਸ਼ ਦੀ ਵੰਡ ਹੋ ਗਈ। ਲੋਕਾਂ ਦੇ ਤਬਾਦਲੇ ਨਾਲ ਕੈਦੀਆਂ ਦਾ ਵੀ ਤਬਾਦਲਾ ਹੋ ਗਿਆ। ਉਸ ਤਬਾਦਲੇ ਵਿਚ ਲਾਲੂ ਪਿਆਰੇ ਚੰਦ, ਮਹੰਤ ਨਰਾਇਣ ਦਾਸ ਤੇ ਲੱਧੂ ਰਾਮ ਮਹੰਤ ਦਾ ਚੇਲਾ ਇਨ੍ਹਾਂ ਨੂੰ ਹਿੰਦੁਸਤਾਨ ਭੇਜ ਦਿੱਤਾ, ਬਾਕੀ ਮੁਸਲਮਾਨ ਇਥੇ ਹੀ ਰਹੇ। ਬਾਅਦ ਵਿਚ ਮਹੰਤ ਜੇਲ੍ਹ ਵਿਚੋ ਛੁੱਟ ਗਿਆ ਅਤੇ ਦਿੱਲੀ ਦੇ ਕੋਲ ਉਸ ਵਕਤ ਪੰਜਾਬ ਦੇ ਕਿਸੇ ਪਿੰਡ ਵਿਚ ਰਹਿਣ ਲੱਗ ਪਿਆ। ਮਹੰਤ ਮੁੜ 1964 ਦੇ ਕਰੀਬ ਨਨਕਾਣਾ ਸਾਹਿਬ ਆਇਆ। ਆਪਣੇ ਯਾਰਾਂ-ਬੇਲੀਆਂ ਨੂੰ ਮਿਲਿਆ। ਬਹੁਤ ਲੋਕ ਮਹੰਤ ਨੂੰ ਵੇਖਣ ਗਏ। ਮੇਰੇ ਵਾਲਿਦ ਸਾਹਿਬ ਨੇ ਵੀ ਇਸ ਨੂੰ ਵੇਖਿਆ ਹੈ। ਮੈਂ ਬਹੁਤ ਛੋਟਾ ਸਾਂ। ਮੈਨੂੰ ਯਾਦ ਹੈ ਮੈਂ ਵੀ ਮਹੰਤ ਨੂੰ ਵੇਖਿਆ ਸੀ। ਬਹੁਤ ਬਜ਼ੁਰਗ ਹੋ ਚੁੱਕਾ ਸੀ, ਰੰਗ ਦਾ ਗੋਰਾ, ਉੱਚਾ-ਲੰਮਾ, ਮੂੰਹ ਦਾ ਚੌਖਟਾ ਚੌੜਾ, ਆਵਾਜ਼ ਧੀਮੀ ਸੀ। ਉਹ ਆਪਣੇ ਮੁਸਲਮਾਨ ਚੌਧਰੀ ਯਾਰਾਂ ਨੂੰ ਮਿਲ ਕੇ ਵਾਪਸ ਚਲਾ ਗਿਆ। ਨਨਕਾਣਾ ਸਾਹਿਬ ਦੇ ਨੇੜੇ-ਤੇੜੇ ਇਸ ਸਾਕੇ ਨੂੰ ਅੱਖੀਂ ਵੇਖਣ ਵਾਲੇ ਰੱਬ ਨੂੰ ਮੰਨਣ ਵਾਲੇ ਮੁਸਲਮਾਨ ਜਦੋਂ ਵੀ ਸਾਕੇ ਦੀ ਗੱਲ ਕਰਦੇ ਨੇ ਤਾਂ ਇਸ ਜ਼ੁਲਮ ਨੂੰ ਯਾਦ ਕਰਕੇ ਅੱਖਾਂ ਭਰ ਲੈਂਦੇ ਨੇ। ਕਈ ਤਾਂ ਧਾਹੀਂ ਰੋਣ ਲੱਗ ਪੈਂਦੇ ਨੇ। ਜ਼ੁਲਮ ਦੀ ਵੀ ਹੱਦ ਹੁੰਦੀ ਹੈ। ਆਪਣੀਆਂ ਜਾਨਾਂ ਦੇ ਕਿ ਨਨਕਾਣਾ ਸਾਹਿਬ ਦਾ ਕਬਜ਼ਾ ਲੈਣ ਵਾਲਿਆਂ ਦੀਆਂ ਉੱਚੀਆਂ ਸ਼ਾਨਾਂ ਨੇ। ਨਨਕਾਣਾ ਅੱਜ ਵੀ ਸੱਚੇ ਰੱਬ ਦਾ ਘਰ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਸਿੱਖ ਅਤੇ ਹੋਰ ਧਰਮਾਂ ਦੀਆਂ ਸੰਗਤਾਂ ਇਥੇ ਨਤਮਸਤਕ ਹੁੰਦੀਆਂ ਹਨ।


-ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਮੋਬਾ: 98140-44425

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਸਿੱਧਸਰ ਕਾਲਾਮਲ੍ਹਾ ਸਾਹਿਬ ਛਾਪਾ (ਬਰਨਾਲਾ)

ਇਤਿਹਾਸਕ ਗੁਰਦੁਆਰਾ ਸਿੱਧਸਰ ਕਾਲਾਮਲ੍ਹਾ ਸਾਹਿਬ ਛਾਪਾ (ਬਰਨਾਲਾ) ਵਿਖੇ ਸੱਚਖੰਡ ਵਾਸੀ ਸੰਤ ਬਾਬਾ ਜਸਵੀਰ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਚਲਾਈ ਗਈ ਪਰੰਪਰਾ ਅਨੁਸਾਰ ਸਿੱਖ ਇਤਿਹਾਸ ਵਿਚ ਅਹਿਮ ਮੁਕਾਮ ਰੱਖਦੇ 1762 ਈ: ਦੇ ਅਤਿ ਵੱਡੇ ਘੱਲੂਘਾਰੇ ਸਮੇਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਦਲੇਰੀ ਨਾਲ ਟਾਕਰਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ 35 ਹਜ਼ਾਰ ਮਹਾਨ ਸ਼ਹੀਦ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਸਾਲ ਵਿਚ ਦੋ ਵਾਰ 5, 6, 7 ਫੱਗਣ ਤੇ 5, 6, 7 ਭਾਦਰੋਂ ਨੂੰ ਮਹਾਨ ਗੁਰਮਤਿ ਸਮਾਗਮ, ਸ਼ਹੀਦੀ ਮਾਰਚ, ਨਗਰ ਕੀਰਤਨ ਕਰਵਾ ਕੇ ਵੱਡੇ ਘੱਲੂਘਾਰੇ ਦੇ ਸ਼ਾਨਾਮੱਤੇ ਇਤਿਹਾਸ ਨੂੰ ਘਰ-ਘਰ ਤੱਕ ਪ੍ਰਚਾਰਨ ਤੇ ਨਵੀਂ ਪਨੀਰੀ ਨੂੰ ਜਾਣੂ ਕਰਵਾਉਣ ਦਾ ਉੱਦਮ ਮੌਜੂਦਾ ਮੁੱਖ ਸੇਵਾਦਾਰ ਸੰਤ ਜਗਤਾਰ ਸਿੰਘ ਖਾਲਸਾ ਵਲੋਂ ਨਿਰੰਤਰ ਕੀਤਾ ਜਾ ਰਿਹਾ ਹੈ। ਗੁਰਦੁਆਰਾ ਕਾਲਾਮਲ੍ਹਾ ਸਾਹਿਬ ਪੁਰਾਤਨ ਸਮੇਂ ਵਿਚ ਵਿੱਦਿਆ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਸੀ। ਇਸ ਪਰੰਪਰਾ ਨੂੰ ਅੱਗੇ ਤੋਰਦਿਆਂ ਸੰਤ ਜਸਵੀਰ ਸਿੰਘ ਖਾਲਸਾ ਵਲੋਂ ਵਿਸ਼ੇਸ਼ ਉਪਰਾਲਾ ਕਰਕੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸ਼ਹੀਦਾਂ ਦੀ ਯਾਦ ਵਿਚ ਸ: ਜੱਸਾ ਸਿੰਘ ਆਹਲੂਵਾਲੀਆ ਗੁਰਮਤਿ ਸੰਗੀਤ ਵਿਦਿਆਲਾ ਅਤੇ ਬਾਬਾ ਮੱਲ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਫ਼ਲਤਾਪੂਰਬਕ ਚੱਲ ਰਹੇ ਹਨ।
ਪਿੰਡ ਛਾਪਾ ਦੇ ਬਜ਼ੁਰਗਾਂ ਅਨੁਸਾਰ ਗੁਰਦੁਆਰਾ ਕਾਲਾਮਲ੍ਹਾ ਸਾਹਿਬ ਵਿਖੇ ਸੰਘਣੇ ਮਲ੍ਹੇ-ਝਾੜੀਆਂ ਹੋਣ ਕਾਰਨ ਇੱਥੇ ਦਿਨ ਸਮੇਂ ਵੀ ਹਨੇਰਾ ਰਹਿੰਦਾ ਸੀ, ਜਿਸ ਕਰਕੇ ਇਸ ਅਸਥਾਨ ਦਾ ਨਾਂਅ ਕਾਲਾਮਲ੍ਹਾ ਸਾਹਿਬ ਪਿਆ। 1762 ਈ: ਦੇ ਕੁੱਪ ਰੋਹੀੜਾ ਤੋਂ ਲੈ ਕੇ ਹੋਏ ਵੱਡੇ ਘੱਲੂਘਾਰੇ ਸਮੇਂ ਮੁਗਲ ਫੌਜਾਂ ਨਾਲ ਲੜਦਿਆਂ ਜ਼ਖਮੀ ਹੋਏ ਸਿੰਘਾਂ ਦੀ ਇਸ ਅਸਥਾਨ 'ਤੇ ਮੱਲ੍ਹਮ-ਪੱਟੀ ਹੁੰਦੀ ਰਹੀ। ਸਿੱਖ ਜਰਨੈਲ ਸ: ਜੱਸਾ ਸਿੰਘ ਆਹਲੂਵਾਲੀਆ ਜੋ ਸਿੱਖ ਫੌਜਾਂ ਦੀ ਅਗਵਾਈ ਕਰਦਿਆਂ ਗੰਭੀਰ ਰੂਪ ਵਿਚ ਜ਼ਖਮੀ ਹੋਏ, ਇੱਥੇ ਜ਼ੇਰੇ ਇਲਾਜ ਰਹੇ। ਇਸ ਅਸਥਾਨ ਨੇ ਫੱਟੜ ਸਿੰਘਾਂ ਲਈ ਉਸ ਸਮੇਂ ਹਸਪਤਾਲ ਦਾ ਕੰਮ ਕੀਤਾ। ਮਹਾਨ ਸ਼ਹੀਦਾਂ ਦੀ ਯਾਦ ਵਿਚ 21 ਪਿੰਡਾਂ ਦਾ ਦੋ ਰੋਜ਼ਾ ਸ਼ਹੀਦੀ ਮਾਰਚ (ਨਗਰ ਕੀਰਤਨ) ਕੱਢ ਕੇ ਸੰਗਤਾਂ ਨੂੰ ਵੱਡੇ ਘੱਲੂਘਾਰੇ ਦੇ ਇਤਿਹਾਸ ਤੋਂ ਜਾਣੂ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ। ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮੁੱਖ ਸੇਵਾਦਾਰ ਸੰਤ ਜਗਤਾਰ ਸਿੰਘ ਖਾਲਸਾ ਦੀ ਅਗਵਾਈ ਹੇਠ ਚੱਲ ਰਹੇ ਪੰਜ ਰੋਜ਼ਾ ਗੁਰਮਤਿ ਸਮਾਗਮ, ਸਾਲਾਨਾ ਜੋੜ-ਮੇਲੇ ਦਾ ਵਿਸ਼ਾਲ ਸਮਾਪਤੀ ਸਮਾਗਮ 19 ਫ਼ਰਵਰੀ ਦਿਨ ਮੰਗਲਵਾਰ ਨੂੰ ਗੁਰਦੁਆਰਾ ਕਾਲਾਮਲ੍ਹਾ ਸਾਹਿਬ ਛਾਪਾ (ਬਰਨਾਲਾ) ਵਿਖੇ ਹੋਵੇਗਾ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਵਾਸੀ ਸੰਤ ਬਾਬਾ ਜਸਵੀਰ ਸਿੰਘ ਖਾਲਸਾ ਦੀ ਯਾਦ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸੰਤ-ਮਹਾਂਪੁਰਸ਼, ਕਥਾਵਾਚਕ, ਕੀਰਤਨੀ ਜਥੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।


-ਮਹਿਲ ਕਲਾਂ (ਬਰਨਾਲਾ)। ਮੋਬਾ: 98762-01118

ਸ਼ਬਦ ਵਿਚਾਰ

ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ॥

ਸਿਰੀਰਾਗੁ ਮਹਲਾ ੩
ਗੁਰਮੁਖਿ ਨਾਮੁ ਧਿਆਈਐ
ਮਨਮੁਖਿ ਬੂਝ ਨ ਪਾਇ॥
ਗੁਰਮੁਖਿ ਸਦਾ ਮੁਖ ਊਜਲੇ
ਹਰਿ ਵਸਿਆ ਮਨਿ ਆਇ॥
ਸਹਜੇ ਹੀ ਸੁਖੁ ਪਾਈਐ
ਸਹਜੇ ਰਹੈ ਸਮਾਇ॥ ੧॥
ਭਾਈ ਰੇ ਦਾਸਨਿ ਦਾਸਾ ਹੋਇ॥
ਗੁਰ ਕੀ ਸੇਵਾ ਗੁਰ ਭਗਤਿ ਹੈ
ਵਿਰਲਾ ਪਾਏ ਕੋਇ॥ ੧॥ ਰਹਾਉ॥
ਸਦਾ ਸੁਹਾਗੁ ਸੁਹਾਗਣੀ
ਜੇ ਚਲਹਿ ਸਤਿਗੁਰ ਭਾਇ॥
ਸਦਾ ਪਿਰੁ ਨਿਹਚਲੁ ਪਾਈਐ
ਨ ਓਹੁ ਮਰੈ ਨ ਜਾਇ॥
ਸਬਦਿ ਮਿਲੀ ਨਾ ਵੀਛੁੜੈ
ਪਿਰ ਕੈ ਅੰਕਿ ਸਮਾਇ॥ ੨॥
ਹਰਿ ਨਿਰਮਲੁ ਅਤਿ ਊਜਲਾ
ਬਿਨੁ ਗੁਰ ਪਾਇਆ ਨ ਜਾਇ॥
ਪਾਠੁ ਪੜੈ ਨ ਬੂਝਈ ਭੇਖੀ ਭਰਮਿ ਭੁਲਾਇ॥
ਗੁਰਮਤੀ ਹਰਿ ਸਦਾ ਪਾਇਆ
ਰਸਨਾ ਹਰਿ ਰਸੁ ਸਮਾਇ॥ ੩॥
ਮਾਇਆ ਮੋਹੁ ਚੁਕਾਇਆ
ਗੁਰਮਤੀ ਸਹਜਿ ਸੁਭਾਇ॥
ਬਿਨੁ ਸਬਦੈ ਜਗੁ ਦੁਖੀਆ ਫਿਰੈ
ਮਨਮੁਖਾ ਨੋ ਗਈ ਖਾਇ॥
ਸਬਦੇ ਨਾਮੁ ਧਿਆਈਐ
ਸਬਦੇ ਸਚਿ ਸਮਾਇ॥ ੪॥
ਮਾਇਆ ਭੂਲੇ ਸਿਧ ਫਿਰਹਿ
ਸਮਾਧਿ ਨ ਲਗੈ ਸੁਭਾਇ॥
ਤੀਨੇ ਲੋਅ ਵਿਆਪਤ ਹੈ
ਅਧਿਕ ਰਹੀ ਲਪਟਾਇ॥
ਬਿਨੁ ਗੁਰ ਮੁਕਤਿ ਨ ਪਾਈਐ
ਨਾ ਦੁਬਿਧਾ ਮਾਇਆ ਜਾਇ॥ ੫॥
ਮਾਇਆ ਕਿਸ ਨੋ ਆਖੀਐ
ਕਿਆ ਮਾਇਆ ਕਰਮ ਕਮਾਇ॥
ਦੁਖਿ ਸੁਖਿ ਏਹੁ ਜੀਉ ਬਧੁ ਹੈ
ਹਉਮੈ ਕਰਮ ਕਮਾਇ॥
ਬਿਨੁ ਸਬਦੈ ਭਰਮੁ ਨ ਚੂਕਈ
ਨ ਵਿਚਹੁ ਹਉਮੈ ਜਾਇ॥ ੬॥
ਬਿਨੁ ਪ੍ਰੀਤੀ ਭਗਤਿ ਨ ਹੋਵਈ
ਬਿਨੁ ਸਬਦੈ ਥਾਇ ਨ ਪਾਇ॥
ਸਬਦੇ ਹਉਮੈ ਮਾਰੀਐ
ਮਾਇਆ ਕਾ ਭ੍ਰਮੁ ਜਾਇ॥
ਨਾਮੁ ਪਦਾਰਥੁ ਪਾਈਐ
ਗੁਰਮੁਖਿ ਸਹਜਿ ਸੁਭਾਇ॥ ੭॥
ਬਿਨੁ ਗੁਰ ਗੁਣ ਨ ਜਾਪਨੀ
ਬਿਨੁ ਗੁਣ ਭਗਤਿ ਨ ਹੋਇ॥
ਭਗਤਿ ਵਛਲੁ ਹਰਿ ਮਨਿ ਵਸਿਆ
ਸਹਜਿ ਮਿਲਿਆ ਪ੍ਰਭੁ ਸੋਇ॥
ਨਾਨਕ ਸਬਦੇ ਹਰਿ ਸਾਲਾਹੀਐ
ਕਰਮਿ ਪਰਾਪਤਿ ਹੋਇ॥ ੮॥ ੪॥ ੨੧॥ (ਅੰਗ 66-67)
ਪਦ ਅਰਥ : ਗੁਰਮੁਖਿ-ਗੁਰੂ ਦੇ ਸਨਮੁਖ ਰਹਿਣ ਵਾਲਾ। ਨਾਮੁ ਧਿਆਈਐ-ਨਾਮ ਦਾ ਸਿਮਰਨ ਕਰਦਾ ਹੈ। ਮਨਮੁਖਿ-ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਬੂਝ ਨ ਪਾਇ-ਸੋਝੀ (ਸਮਝ) ਨਹੀਂ ਪੈਂਦੀ। ਸਹਜੇ ਰਹੈ ਸਮਾਇ-ਆਤਮਿਕ ਅਡੋਲਤਾ ਵਿਚ ਟਿਕੇ ਰਹਿਣ ਸਦਕਾ। ਸਹਜੇ ਹੀ ਸੁਖੁ ਪਾਈਐ-ਆਤਮਿਕ ਅਨੰਦ ਨੂੰ ਪ੍ਰਾਪਤ ਹੁੰਦੇ ਹਨ। ਦਾਸਨਿ ਦਾਸਾ-ਦਾਸਾਂ ਦੇ ਦਾਸ, ਸੇਵਕਾਂ ਦੇ ਸੇਵਕ। ਵਿਰਲਾ ਪਾਏ ਕੋਇ-ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਹੀ ਪ੍ਰਾਪਤ ਹੁੰਦੀ ਹੈ। ਸਦਾ ਸੁਹਾਗੁ-ਸਦਾ ਸੁਹਾਗ ਭਾਗ ਵਾਲੀਆਂ ਰਹਿੰਦੀਆਂ ਹਨ। ਜੇ ਚਲਹਿ-ਜਿਹੜੀਆਂ ਤੁਰਦੀਆਂ ਹਨ। ਸਤਿਗੁਰ ਭਾਇ-ਗੁਰੂ ਦੇ ਪ੍ਰੇਮ ਵਿਚ। ਪਿਰੁ-ਪ੍ਰਭੂ ਪਤੀ। ਨਿਹਚਲੁ-ਅਟੱਲ, ਸਦਾ ਥਿਰ ਰਹਿਣ ਵਾਲਾ। ਨ ਜਾਇ-ਨਾ ਜੰਮਦਾ ਹੈ। ਸਬਦਿ ਮਿਲੀ-ਗੁਰੂ ਦੇ ਸ਼ਬਦ ਦੁਆਰਾ ਪ੍ਰਭੂ ਵਿਚ ਮਿਲਦੀ ਹੈ। ਨ ਵੀਛੁੜੈ-(ਫਿਰ ਪ੍ਰਭੂ ਨਾਲੋਂ ਕਦੀ) ਵਿਛੜਦੀ ਨਹੀਂ। ਅੰਕਿ-ਅੰਗ ਵਿਚ, ਸਰੂਪ ਵਿਚ, ਗੋਦ ਵਿਚ।
ਨਿਰਮਲੁ-ਪਵਿੱਤਰ। ਅਤਿ ਊਜਲਾ-ਬੜਾ ਉੱਜਲਾ ਵੀ ਹੈ। ਪਾਠੁ ਪੜੈ-ਧਾਰਮਿਕ ਗ੍ਰੰਥਾਂ ਦਾ ਨਿਰਾ ਪਾਠ ਹੀ ਪੜ੍ਹਨ (ਕਰਨ) ਨਾਲ। ਨ ਬੂਝਈ-ਪਰਮਾਤਮਾ ਦੇ ਭੇਦਾਂ ਨੂੰ ਨਹੀਂ ਪਾ ਸਕਦਾ। ਭੇਖੀ-ਨਿਰੇ ਭੇਖ ਕਰਨ ਨਾਲ। ਭਰਮਿ ਭੁਲਾਇ-ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਈਦਾ ਹੈ। ਗੁਰਮਤੀ-ਗੁਰੂ ਦੀ ਮੱਤ 'ਤੇ ਚੱਲਣ ਨਾਲ, ਮੱਤ ਗ੍ਰਹਿਣ ਕਰਨ ਨਾਲ ਹੀ। ਰਸਨਾ-ਜੀਭ 'ਤੇ। ਹਰਿ ਰਸੁ-ਪ੍ਰਭੂ ਦਾ ਨਾਮ ਰਸ, ਪ੍ਰਭੂ ਦੇ ਨਾਮ ਦਾ ਸੁਆਦ। ਸਮਾਇ-ਸਮਾਇਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ।
ਸਹਜਿ ਸੁਭਾਇ-ਸਹਜ ਸੁਭਾਵਿਕ ਹੀ। ਗਈ ਖਾਇ-ਮਾਇਆ ਰੂਪੀ ਤ੍ਰਿਸ਼ਨਾ (ਸੱਪਣੀ) ਖਾ ਗਈ ਹੈ। ਧਿਆਈਐ-ਧਿਆਉਣਾ ਚਾਹੀਦਾ ਹੈ। ਸਮਾਇ-ਸਮਾਈਦਾ ਹੈ, ਲੀਨ ਹੋ ਸਕੀਦਾ ਹੈ।
ਸਲੋਕ ਵਾਰਾਂ ਤੇ ਵਧੀਕ ਮਹਲਾ ੩ ਵਿਚ ਗੁਰੂ ਜੀ ਦ੍ਰਿੜ੍ਹ ਕਰਵਾ ਰਹੇ ਹਨ ਕਿ ਹੇ ਮਿੱਤਰ, ਗੁਰਮੁਖਾਂ ਨਾਲ ਮਿੱਤਰਤਾ ਪਾਓ ਅਤੇ ਮਨ ਨੂੰ ਗੁਰੂ ਵਿਚ ਜੋੜੀ ਰੱਖੋ। ਇਸ ਤਰ੍ਹਾਂ ਕੀਤਿਆਂ ਜਨਮ-ਮਰਨ ਦਾ ਗੇੜ ਮੁੱਢ ਤੋਂ ਭਾਵ ਸਦਾ ਲਈ ਕੱਟਿਆ ਜਾਂਦਾ ਹੈ ਅਤੇ ਸਦੀਵੀ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ-
ਗੁਰਮੁਖਿ ਸਉ ਕਰਿ ਦੋਸਤੀ
ਸਤਿਗੁਰ ਸਉ ਲਾਇ ਚਿਤੁ॥
ਜੰਮਣ ਮਰਣ ਕਾ ਮੂਲੁ ਕਟੀਐ
ਤਾਂ ਸੁਖੁ ਹੋਵੀ ਮਿਤ॥
(ਸਲੋਕ ਨੰ: 66, ਅੰਗ 1421)
ਮਿਤ-ਹੇ ਮਿੱਤਰ।
ਦੂਜੇ ਬੰਨੇ ਹੇ ਮਿੱਤਰ, ਆਪਣੇ ਮਨ ਦੇ ਆਖੇ ਲੱਗਣ ਵਾਲੇ ਮਨਮੁਖਾਂ ਨਾਲ ਦੋਸਤੀ ਪਾ ਕੇ ਤੂੰ ਸੁਖ ਦੀ ਆਸ ਕਿਵੇਂ ਰੱਖ ਸਕਦਾ ਹੈਂ ਭਾਵ ਸੁਖੀ ਕਿਵੇਂ ਰਹਿ ਸਕਦਾ ਹੈਂ-
ਮਨਮੁਖ ਸਉ ਕਰਿ ਦੋਸਤੀ
ਸੁਖ ਕਿ ਪੁਛਹਿ ਮਿਤ॥ (ਅੰਗ 1421)
ਜਿਸ ਮਨੁੱਖ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲਿਆ ਹੈ, ਉਸ ਨੇ ਆਪਣੇ ਅੰਦਰੋਂ ਖੁਸ਼ੀ, ਗ਼ਮੀ ਅਤੇ ਮੋਹ ਨੂੰ ਦੂਰ ਕਰ ਲਿਆ ਹੈ। ਉਸ ਦੀ ਲਿਵ ਫਿਰ ਸਦਾ ਇਕ ਪ੍ਰਭੂ ਵਿਚ ਹੀ ਲੱਗੀ ਰਹਿੰਦੀ ਹੈ ਅਤੇ ਸਾਧਕ ਫਿਰ ਸਦਾ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ। ਗੁਰਵਾਕ ਹੈ-
ਗੁਰਮਤੀ ਹਰਿ ਮੰਨਿ ਵਸਾਇਆ॥
ਹਰਖੁ ਸੋਗੁ ਸਭੁ ਮੋਹੁ ਗਵਾਇਆ॥
ਇਕਸੁ ਸਿਉ ਲਿਵ ਲਾਗੀ ਸਦ ਹੀ
ਹਰਿ ਨਾਮੁ ਮੰਨਿ ਵਸਾਵਣਿਆ॥
(ਰਾਗੁ ਮਾਝ ਮਹਲਾ ੩, ਅੰਗ 122)
ਅੱਖਰੀਂ ਅਰਥ : ਗੁਰੂ ਦੇ ਸਨਮੁਖ ਰਹਿਣ ਅਰਥਾਤ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਨਾਲ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ, ਜਿਸ ਦੀ ਸੋਝੀ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖ ਨੂੰ ਨਹੀਂ ਹੁੰਦੀ। ਗੁਰੂ ਦੇ ਸਨਮੁਖ ਰਹਿਣ ਨਾਲ ਗੁਰਮੁਖ ਦਾ ਮੁਖ ਉੱਜਲਾ ਹੁੰਦਾ ਹੈ ਅਤੇ ਪ੍ਰਭੂ ਮਨ ਵਿਚ ਆ ਵਸਦਾ ਹੈ। ਆਤਮਿਕ ਅਡੋਲਤਾ ਦੁਆਰਾ ਹੀ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਾਧਕ ਸਹਜ ਅਵਸਥਾ ਵਿਚ ਟਿਕਿਆ ਰਹਿੰਦਾ ਹੈ।
ਹੇ ਭਾਈ, ਪਰਮਾਤਮਾ ਦੇ ਸੇਵਕਾਂ ਦਾ ਸੇਵਕ ਹੋ ਕੇ (ਬਣ ਕੇ) ਰਹੁ। ਗੁਰ ਦੀ ਸੇਵਾ ਹੀ ਗੁਰੂ ਦੀ ਦੱਸੀ ਭਗਤੀ ਕਰਨਾ ਹੈ, ਜਿਸ ਦੀ ਪ੍ਰਾਪਤੀ ਕਿਸੇ ਵਿਰਲੇ ਸੇਵਕ ਨੂੰ ਹੀ ਹੁੰਦੀ ਹੈ।
ਜਿਹੜੀਆਂ ਜੀਵ-ਇਸਤਰੀਆਂ ਗੁਰੂ ਦੇ ਭਾਣੇ ਅਥਵਾ ਪ੍ਰੇਮ ਵਿਚ ਰਹਿੰਦੀਆਂ ਹੋਈਆਂ ਜੀਵਨ ਬਤੀਤ ਕਰਦੀਆਂ ਹਨ, ਉਨ੍ਹਾਂ ਜੀਵ-ਇਸਤਰੀਆਂ ਦਾ ਸੁਹਾਗ ਭਾਗ ਸਦਾ ਕਾਇਮ ਰਹਿੰਦਾ ਹੈ। ਉਨ੍ਹਾਂ ਨੂੰ (ਸਦਾ ਥਿਰ ਰਹਿਣ ਵਾਲਾ) ਪ੍ਰਭੂ ਪਤੀ ਮਿਲ ਪੈਂਦਾ ਹੈ ਜੋ ਨਾ ਕਦੇ ਮਰਦਾ ਹੈ ਅਤੇ ਨਾ ਹੀ ਕਦੇ ਜੰਮਦਾ ਹੈ ਭਾਵ ਜੋ ਜਨਮ-ਮਰਨ ਤੋਂ ਮੁਕਤ ਹੈ। ਅਜਿਹੀ ਜੀਵ ਇਸਤਰੀ ਜੋ ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਵਿਚ ਅਭੇਦ ਹੋ ਜਾਂਦੀ ਹੈ, ਉਹ ਫਿਰ ਕਦੇ ਪਰਮਾਤਮਾ ਨਾਲੋਂ ਵਿਛੜਦੀ ਨਹੀਂ ਅਤੇ ਸਦਾ ਲਈ ਪਰਮਾਤਮਾ ਦੇ ਸਰੂਪ ਵਿਚ ਸਮਾਈ ਰਹਿੰਦੀ ਹੈ।
ਪਰਮਾਤਮਾ ਜੋ ਪਵਿੱਤਰ ਹੈ ਅਤੇ ਹਰੇਕ ਤਰ੍ਹਾਂ ਦੀ ਮੈਲ ਤੋਂ ਰਹਿਤ ਹੈ ਭਾਵ ਉੱਜਲਾ ਹੈ, ਉਸ ਦੀ ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੋ ਸਕਦੀ। ਧਾਰਮਿਕ ਪੁਸਤਕਾਂ ਦਾ ਪਾਠ ਕਰਨ ਜਾਂ ਪੜ੍ਹਨ ਨਾਲ ਪਰਮਾਤਮਾ (ਦੇ ਗੁਣਾਂ) ਦੀ ਸੋਝੀ ਨਹੀਂ ਪੈਂਦੀ। ਭੇਖਾਂ ਦੁਆਰਾ ਕੇਵਲ ਭਰਮ ਅਤੇ ਭੁਲੇਖਿਆਂ ਵਿਚ ਪੈ ਕੇ ਕੁਰਾਹੇ ਹੀ ਪਏ ਰਹੀਦਾ ਹੈ। ਗੁਰੂ ਦੀ ਮੱਤ ਦੁਆਰਾ ਹੀ ਸਦਾ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ, ਜਿਸ ਸਦਕਾ ਸਾਧਕ ਦੀ ਜੀਭ ਫਿਰ ਸਦਾ ਪ੍ਰਭੂ ਦੇ ਨਾਮ ਰਸ ਵਿਚ ਲੀਨ ਰਹਿੰਦੀ ਹੈ ਅਰਥਾਤ ਜੀਭ 'ਤੇ ਫਿਰ ਸਦਾ ਪ੍ਰਭੂ ਦੇ ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ। ਜੋ ਪ੍ਰਾਣੀ ਗੁਰੂ ਦੀ ਮੱਤ ਅਨੁਸਾਰ ਵਿਚਰਦਾ ਹੈ, ਉਹ ਫਿਰ ਆਪਣੇ ਅੰਦਰੋਂ ਸਹਿਜ ਸੁਭਾਵਿਕ ਹੀ ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ (ਮੋਹ ਮਾਇਆ ਵਿਚ ਫਸ ਕੇ) ਸਾਰਾ ਜਗਤ ਦੁਖੀ ਹੋਈ ਫਿਰਦਾ ਹੈ। ਅਜਿਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖਾਂ ਨੂੰ ਮਾਇਆ ਦੀ ਤ੍ਰਿਸ਼ਨਾ ਨੇ ਖਾ ਲਿਆ ਹੈ ਭਾਵ ਅਜਿਹੇ ਮਨਮੁਖ ਮਾਇਆ ਦੀ ਤ੍ਰਿਸ਼ਨਾ ਵਿਚ ਗ੍ਰਸੇ ਰਹਿੰਦੇ ਹਨ। ਇਸ ਲਈ ਹੇ ਭਾਈ, ਗੁਰੂ ਦੇ ਸ਼ਬਦ ਅਥਵਾ ਉਪਦੇਸ਼ ਦੁਆਰਾ ਪਰਮਾਤਮਾ ਨੂੰ ਧਿਆਉਣਾ ਕਰ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰ। ਗੁਰੂ ਦੇ ਸ਼ਬਦ ਸਦਕਾ ਹੀ ਸਦਾ ਥਿਰ ਪ੍ਰਭੂ ਵਿਚ ਸਮਾਈਦਾ ਹੈ, ਲੀਨ ਹੋ ਸਕੀਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


217-ਆਰ, ਮਾਡਲ ਟਾਊਨ, ਜਲੰਧਰ।

ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਸਵਾਮੀ ਸਰੂਪਾਨੰਦ ਜੀ

108 ਬ੍ਰਹਮ ਗਿਆਨੀ ਸਰੂਪਾਨੰਦ ਦਾ ਜਨਮ ਸਤੰਬਰ, 1900 ਵਿਚ ਪਿਤਾ ਵੀਰ ਸਿੰਘ ਤੇ ਮਾਤਾ ਵੀਰ ਕੌਰ ਦੀ ਕੁੱਖੋਂ ਪਿੰਡ ਜਗਮਾਲਵਾਲੀ, ਜ਼ਿਲ੍ਹਾ ਬਠਿੰਡਾ (ਅੱਜਕਲ੍ਹ ਜ਼ਿਲ੍ਹਾ ਸਿਰਸਾ, ਹਰਿਆਣਾ) ਵਿਖੇ ਹੋਇਆ। ਆਪ ਦੀ ਉਮਰ ਜਦ 12 ਕੁ ਸਾਲ ਦੀ ਹੋਈ ਤਾਂ ਆਪ ਦੇ ਤਾਇਆ ਜੀ ਨੇ ਸੁਆਮੀ ਜੀ ਨੂੰ ਮੱਝਾਂ ਚਾਰਨ ਲਈ ਭੇਜਣਾ ਸ਼ੁਰੂ ਕਰ ਦਿੱਤਾ। ਮੱਝ ਚਾਰਦੇ ਹੋਏ ਇਕ ਦਿਨ ਆਪ ਦਾ ਮੇਲ ਸ੍ਰੀ 108 ਭੂਰੀ ਵਾਲੇ ਗਰੀਬਦਾਸੀਏ ਬ੍ਰਹਮ ਗਿਆਨੀ ਜਗਦੀਸਰਾ ਨੰਦ ਨਾਲ ਹੋਇਆ। ਕੁਝ ਸਮਾਂ ਪਾ ਕੇ ਇਹ ਮੇਲ ਮਿੱਤਰਤਾ ਵੱਲ ਵਧ ਕੇ ਗੁਰੂ-ਚੇਲੇ ਵਿਚ ਬਦਲ ਗਿਆ। ਕਰੀਬ 1935 ਵਿਚ ਮਾਲਵੇ ਤੋਂ ਸੰਗਤਾਂ ਦੇ ਨਾਲ ਘੁਮਾਣ ਦੀ ਧਰਤੀ 'ਤੇ ਸ਼੍ਰੋਮਣੀ ਭਗਤ ਨਾਮਦੇਵ ਦੇ ਜੋੜ ਮੇਲੇ 'ਤੇ ਦਰਸ਼ਨ ਕਰਨ ਆਏ। ਇੱਥੇ ਪਹੁੰਚ ਕੇ ਸੁਆਮੀ ਜੀ ਕਥਾ ਵਿਚਾਰ ਕਰਦੇ ਸਨ। ਘੁਮਾਣ ਦੇ ਨਜ਼ਦੀਕ ਪਿੰਡ ਮੰਡ (ਜ਼ਿਲ੍ਹਾ ਗੁਰਦਾਸਪੁਰ) ਦੀ ਸੰਗਤ ਵੀ ਜੋੜ ਮੇਲੇ 'ਤੇ ਘੁਮਾਣ ਪੁੱਜੀ ਹੋਈ ਸੀ। ਇਥੋਂ ਹੀ ਸੰਗਤ ਦੀ ਬੇਨਤੀ 'ਤੇ ਸਵਾਮੀ ਜੀ ਘੁਮਾਣ ਪਿੰਡ ਤੋਂ ਮੰਡ ਆ ਗਏ। ਇੱਥੇ ਪਹੁੰਚ ਕੇ ਨਹਿਰ ਦੇ ਕਿਨਾਰੇ ਇਕਾਂਤ ਵਿਚ ਇਕ ਕੁਟੀਆ ਬਣਾ ਕੇ ਭਜਨ ਬੰਦਗੀ ਕਰਨ ਲੱਗੇ। 1945 ਵਿਚ ਜਦੋਂ ਦੇਸ਼ ਦੀ ਵੰਡ ਹੋਈ, ਉਸ ਸਮੇਂ ਸਵਾਮੀ ਜੀ ਨੇ ਔਖੇ ਹਾਲਾਤ ਵਿਚ ਨਜ਼ਦੀਕੀ ਪਿੰਡਾਂ ਦੇ ਲੋੜਵੰਦ ਲੋਕਾਂ ਦੀ ਖਾਣ-ਪੀਣ ਤੇ ਹੋਰ ਰਹਿਣ-ਸਹਿਣ ਦੀ ਭਰਪੂਰ ਮਦਦ ਕੀਤੀ। ਸਵਾਮੀ ਜੀ ਇਥੇ ਰਹਿ ਕੇ ਭਜਨ ਬੰਦਗੀ ਕਰਦੇ ਤੇ ਸਥਾਨਕ ਲੋਕਾਂ ਨੂੰ ਗੁਰਬਾਣੀ ਨਾਲ ਜੋੜਦੇ। ਪਿੰਡ ਮੰਡ ਵਿਖੇ ਰਹਿ ਕੇ ਸਵਾਮੀ ਸਰੂਪਾਨੰਦ ਨੇ ਕਰੀਬ 20 ਸਾਲ ਭਜਨ ਬੰਦਗੀ ਕੀਤੀ। ਸੰਨ 1955 ਦੇ ਕਰੀਬ ਸਵਾਮੀ ਜੀ ਇਥੋਂ ਥੋੜ੍ਹੀ ਦੂਰੀ 'ਤੇ ਪਿੰਡ ਚੱਕ ਚਾਓ (ਨਵਾਂ ਬੱਲੜਵਾਲ) ਵਿਖੇ ਚਲੇ ਗਏ, ਜਿੱਥੇ ਪਹੁੰਚ ਕੇ ਉਨ੍ਹਾਂ ਵਲੋਂ ਗਰੀਬਦਾਸੀਏ ਸੰਪਰਦਾ ਨਾਲ ਸਬੰਧਿਤ ਡੇਰੇ ਦੀ ਸਥਾਪਨਾ ਕੀਤੀ ਗਈ। ਸੰਨ 1983 ਵਿਚ ਸਵਾਮੀ ਸਰੂਪਾਨੰਦ ਜੋਤੀ ਜੋਤ ਸਮਾ ਗਏ। ਸਵਾਮੀ ਗੁਰਬਖਸ਼ ਦੇਵੀ ਦੀ ਯੋਗ ਅਗਵਾਈ 'ਚ ਹਰ ਸਾਲ ਦੀ ਤਰ੍ਹਾਂ ਸਵਾਮੀ ਸਰੂਪਾਨੰਦ ਦੀ ਯਾਦ 'ਚ ਸਾਲਾਨਾ ਭੰਡਾਰਾ 22, 23, 24 ਫਰਵਰੀ ਨੂੰ ਤਪ ਅਸਥਾਨ ਪਿੰਡ ਮੰਡ, ਨੇੜੇ ਘੁਮਾਣ (ਗੁਰਦਾਸਪੁਰ) ਵਿਖੇ ਕਰਵਾਇਆ ਜਾ ਰਿਹਾ ਹੈ। 25 ਫਰਵਰੀ ਨੂੰ ਭੰਡਾਰੇ ਨੂੰ ਸਮਰਪਿਤ ਅਖੰਡ ਪਾਠਾਂ ਦੀ ਲੜੀ ਦੇ ਭੋਗ ਪੈਣਗੇ ਅਤੇ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ। 23 ਤੇ 24 ਫਰਵਰੀ ਨੂੰ ਦੋ ਰੋਜ਼ਾ ਖੇਡ ਮੇਲਾ ਵੀ ਕਰਵਾਇਆ ਜਾ ਰਿਹਾ ਹੈ।


-ਭੁਪਿੰਦਰ ਸਿੰਘ ਬੰਮਰਾਹ
ਮੋਬਾ: 98725-76002

ਸੰਗ ਮੇਲੇ 'ਤੇ ਵਿਸ਼ੇਸ਼

ਭਾਰਤ ਇਕ ਅਜਿਹਾ ਦੇਸ਼ ਹੈ ਜਿਥੇ ਵੱਖ-ਵੱਖ ਧਰਮਾਂ, ਜਾਤੀਆਂ, ਕੌਮਾਂ, ਫਿਰਕਿਆਂ ਦੇ ਲੋਕ ਇਕ ਗੁਲਦਸਤੇ ਦੀ ਤਰ੍ਹਾਂ ਰਹਿੰਦੇ ਹਨ। ਇਕ-ਦੂਜੇ ਦੇ ਧਾਰਮਿਕ ਸਮਾਗਮਾਂ ਵਿਚ ਬੜੇ ਪਿਆਰ-ਸਤਿਕਾਰ ਨਾਲ ਸ਼ਿਰਕਤ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਂਦੇ ਹਨ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਦਾ ਸੰਗ ਮੇਲਾ ਹਰ ਸਾਲ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ।
ਇਹ ਇਤਿਹਾਸਕ ਯਾਦਗਾਰੀ ਚੋਲਾ ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਚੌਥੀ ਉਦਾਸੀ ਸਮੇਂ ਅਰਬ ਦੇਸ਼ ਵਿਚ ਪ੍ਰਾਪਤ ਹੋਇਆ ਸੀ, ਜਿਸ ਉੱਪਰ 30 ਸੁਪਾਰੇ ਕੁਰਾਨ ਸ਼ਰੀਫ ਦੇ 7 ਅਰਬੀ ਫਾਰਸੀ ਭਾਵ 5 ਪ੍ਰਕਾਸ਼ ਦੇ ਅੱਖਰ ਉਕਰੇ ਹੋਏ ਹਨ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਤੋਂ ਬਾਅਦ ਆਖਰੀ ਅਵਸਥਾ ਸਮੇਂ ਆਪਣੇ ਪਰਿਵਾਰ ਸਹਿਤ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਪਹੁੰਚੇ ਤਾਂ ਉਨ੍ਹਾਂ ਉਦਾਸੀ ਬਾਣਾ ਉਤਾਰ ਕੇ ਸੰਸਾਰੀ ਬਸਤਰ ਪਹਿਨ ਲਏ। ਗੁਰੂ ਸਾਹਿਬ ਨੇ 17 ਸਾਲ 7 ਮਹੀਨੇ 9 ਦਿਨ ਕਰਤਾਰਪੁਰ-ਡੇਰਾ ਬਾਬਾ ਨਾਨਕ ਵਿਖੇ ਰਹਿ ਕੇ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਦਾ ਸੰਦੇਸ਼ ਦਿੱਤਾ, ਖੇਤੀਬਾੜੀ ਕੀਤੀ ਤੇ ਭਾਈ ਲਹਿਣਾ ਜੀ ਨੂੰ ਗੁਰਤਾਗੱਦੀ ਬਖਸ਼ੀ। ਲੰਮੀ ਸੋਚ-ਵਿਚਾਰ ਤੋਂ ਬਾਅਦ ਬਾਬਾ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਨੇ ਗੜਵੇ ਨੂੰ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਅਤੇ ਗੁਰੂ ਜੀ ਦੀ ਯਾਦ ਵਿਚ ਇਹ ਸ਼ਹਿਰ ਆਬਾਦ ਕੀਤਾ, ਜਿਸ ਦਾ ਨਾਂਅ ਡੇਰਾ ਬਾਬਾ ਨਾਨਕ ਰੱਖਿਆ ਗਿਆ ਅਤੇ ਆਪਣੇ ਪਰਿਵਾਰ ਨੂੰ ਇਸ ਅਸਥਾਨ 'ਤੇ ਵਸਾਇਆ।
ਬਾਬਾ ਕਾਬਲੀ ਮਲ 21 ਫੱਗਣ, 1740 ਈ: ਨੂੰ ਇਹ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਸਹਿਤ ਬੜੇ ਪਿਆਰ ਤੇ ਸਤਿਕਾਰ ਨਾਲ ਲੈ ਕੇ ਆਏ। ਇਸੇ ਯਾਦ ਵਿਚ ਹੀ ਇਸ ਸੰਗ ਮੇਲੇ ਦੀ ਆਰੰਭਤਾ ਹੋਈ, ਜਿਸ ਨੂੰ ਬੜੇ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਇਨ੍ਹਾਂ ਸਤਰਾਂ ਦੇ ਲੇਖਕ ਅਤੇ ਇਸ ਗੱਦੀ ਦੇ ਮੌਜੂਦਾ ਗੱਦੀਨਸ਼ੀਨ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਇਹ ਮੇਲਾ 1 ਮਾਰਚ ਤੋਂ 10 ਮਾਰਚ ਤੱਕ ਮਨਾਇਆ ਜਾ ਰਿਹਾ ਹੈ।


-ਮੋਬਾ: 98728-09039

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਸ੍ਰੀ ਡੰਡਾ ਸਾਹਿਬ ਸੱਤਵੀਂ ਪਾਤਸ਼ਾਹੀ, ਸੰਧਵਾਂ (ਨਵਾਂਸ਼ਹਿਰ)

ਫਗਵਾੜਾ-ਬੰਗਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਬਹਿਰਾਮ ਤੋਂ ਕਰੀਬ 4 ਕਿਲੋਮੀਟਰ ਦੀ ਦੂਰੀ 'ਤੇ ਮਾਹਿਲਪੁਰ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਪਿੰਡ ਸੰਧਵਾਂ ਦਾ ਸਿੱਖ ਇਤਿਹਾਸ ਵਿਚ ਅਹਿਮ ਸਥਾਨ ਹੈ। ਮਿਲੇ ਵੇਰਵਿਆਂ ਅਨੁਸਾਰ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਾਲਵੇ ਤੋਂ ਹੁੰਦੇ ਮਹਿਰਾਜ ਤੋਂ ਸ੍ਰੀ ਕੀਰਤਪੁਰ ਸਾਹਿਬ ਨੂੰ ਜਾਣ ਸਮੇਂ ਸੰਗਤਾਂ ਨੂੰ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਉਦੇਸ਼ ਦਿੰਦੇ ਫਗਵਾੜਾ ਨੇੜਲੇ ਪਿੰਡ ਪਲਾਹੀ ਤੋਂ ਹੁੰਦਿਆਂ ਆਪਣੇ 2200 ਘੋੜਸਵਾਰਾਂ ਸਮੇਤ 1713 ਬਿਕ੍ਰਮੀ (1656 ਈ:) ਨੂੰ ਪਿੰਡ ਸੰਧਵਾਂ 'ਚ ਚਰਨ ਪਾਏ। ਸੰਗਤਾਂ ਦੂਰੋਂ-ਦੂਰੋਂ ਗੁਰੂ ਜੀ ਦੇ ਦਰਸ਼ਨ ਤੇ ਉਪਦੇਸ਼ ਸੁਣਨ ਆਉਣ ਲੱਗੀਆਂ। ਇਕ ਦਿਨ ਗੁਰੂ ਸਾਹਿਬ ਨੇ ਮੌਜ ਵਿਚ ਆ ਫਲਾਹੀ ਦੀ ਦਾਤਣ ਕਰ ਕੇ ਉਸ ਜਗ੍ਹਾ ਗੱਡ ਦਿੱਤੀ, ਜੋ ਹੌਲੀ-ਹੌਲੀ ਇਕ ਫਲਾਹੀ ਦਾ ਵੱਡਾ ਦਰੱਖਤ ਬਣ ਗਿਆ, ਜੋ ਕਿ ਅੱਜ ਵੀ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਵਿਚ ਸੁਸ਼ੋਭਿਤ ਹੈ।
ਇਸ ਦਰੱਖਤ ਦੇ ਨਾਂਅ ਤੋਂ ਹੀ ਗੁਰੂ ਸਾਹਿਬ ਜੀ ਦੀ ਯਾਦ 'ਚ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਦਾ ਨਾਂਅ ਦੁਨੀਆ ਵਿਚ ਪ੍ਰਸਿੱਧ ਹੋਇਆ। ਗੁਰੂ-ਘਰ ਦੇ ਮੁੱਖ ਸੇਵਾਦਾਰ ਜਥੇ ਹਰਜੀਤ ਸਿੰਘ ਸੰਧੂ, ਸੈਕਟਰੀ ਜਥੇ ਬਲਵੀਰ ਸਿੰਘ ਸੰਧੂ ਆਦਿ ਪ੍ਰਬੰਧਕਾਂ ਨੇ ਦੱਸਿਆ ਕਿ 19 ਤੇ 20 ਫਰਵਰੀ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਸਜਾਏ ਜਾ ਰਹੇ ਧਾਰਮਿਕ ਦੀਵਾਨਾਂ 'ਚ ਸੰਤ-ਮਹਾਂਪੁਰਸ਼ ਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ 'ਤੇ ਚਾਨਣਾ ਪਾ ਕੇ ਨਿਹਾਲ ਕਰਨਗੇ। ਇੰਡੀਅਨ ਓਵਰਸੀਜ ਡਿਵੈਲਪਮੈਂਟ ਕਮੇਟੀ ਯੂ. ਕੇ. ਦੇ ਚੇਅਰਮੈਨ ਸ: ਮੋਹਣ ਸਿੰਘ ਸੰਧੂ ਭਗਤਾਂ ਦਾ, ਜਨਰਲ ਸੈਕਟਰੀ ਸ: ਨਿਰਮਲ ਸਿੰਘ ਸੰਧੂ, ਪ੍ਰਧਾਨ ਸ਼ਿੰਦਰ ਸਿੰਘ ਗਿੱਲ, ਪ੍ਰਧਾਨ ਅਮਰੀਕ ਸਿੰਘ ਸੰਧੂ, ਨੰਬਰਦਾਰ ਸੋਹਣ ਸਿੰਘ ਸੰਧੂ ਅਤੇ ਸ: ਸੁਰਿੰਦਰ ਸਿੰਘ ਸੰਧੂ ਯੂ. ਕੇ. ਆਦਿ ਪ੍ਰਬੰਧਕਾਂ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਸਾਹਿਬ ਜੀ ਦੀ ਯਾਦ ਵਿਚ 21 ਫਰਵਰੀ ਨੂੰ ਹਲਟ ਤੇ ਬੈਲਗੱਡੀਆਂ ਦੀਆਂ ਦੋਹਰੀਆਂ ਦੌੜਾਂ, 23 ਫਰਵਰੀ ਨੂੰ 55 ਕਿਲੋ ਤੇ 65 ਕਿਲੋਗ੍ਰਾਮ ਭਾਰ ਦੇ ਅਤੇ 24 ਫਰਵਰੀ ਨੂੰ ਆਲ ਓਪਨ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ।

-ਸੰਧਵਾਂ (ਨਵਾਂਸ਼ਹਿਰ)।

ਧਾਰਮਿਕ ਸਾਹਿਤ

ਸ਼ਬਦ ਵਿਚਾਰ
ਸਲੋਕ ਵਾਰਾਂ ਤੇ ਵਧੀਕ ਮਹਲਾ ੩
ਲੇਖਕ : ਸਾਧੂ ਸਿੰਘ ਗੋਬਿੰਦਪੁਰੀ
ਪ੍ਰਕਾਸ਼ਕ : ਸੁੰਦਰ ਬੁੱਕ ਡਿੱਪੂ, ਜਲੰਧਰ।
ਪੰਨੇ : 272, ਕੀਮਤ : 280 ਰੁਪਏ
ਸੰਪਰਕ : 98760-55217


ਇਹ ਪੁਸਤਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਪੁਸਤਕ ਵਿਚ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਅਲੌਕਿਕ ਜੀਵਨ ਦੀਆਂ ਕੁਝ ਝਲਕਾਂ ਪ੍ਰਸਤੁਤ ਕਰਕੇ ਉਨ੍ਹਾਂ ਦੀ ਬਾਣੀ-ਸਲੋਕ ਵਾਰਾਂ ਤੇ ਵਧੀਕ ਮਹਲਾ ੩ ਨੂੰ ਵਿਚਾਰਿਆ ਗਿਆ ਹੈ। ਗੁਰਬਾਣੀ ਅਗੰਮ, ਅਗਾਧ, ਅਗੋਚਰ ਅਤੇ ਅਕੱਥ ਹੈ। ਕੋਈ ਦਾਅਵਾ ਨਹੀਂ ਕਰ ਸਕਦਾ ਕਿ ਗੁਰਬਾਣੀ ਦੇ ਅਰਥ ਕੀ ਹਨ। ਲੇਖਕ ਨੇ ਵੀ ਬਹੁਤ ਬੇਬਾਕੀ ਨਾਲ ਲਿਖਿਆ ਹੈ ਕਿ ਉਹ ਬੁੱਧੀਜੀਵੀ ਵਰਗ ਲਈ ਨਹੀਂ ਲਿਖਦਾ, ਸਗੋਂ ਉਨ੍ਹਾਂ ਲੱਖਾਂ ਗੁਰਬਾਣੀ ਸ਼ਰਧਾਵਾਨ ਪ੍ਰੇਮੀਆਂ ਲਈ ਲਿਖਦਾ ਹੈ, ਜੋ ਗੁਰਬਾਣੀ ਦੇ ਸ਼ਬਦਾਂ ਨੂੰ ਪੂਰਨ ਤੌਰ 'ਤੇ ਨਹੀਂ ਸਮਝ ਸਕਦੇ। ਗੁਰਬਾਣੀ ਦੇ ਅਥਾਹ ਸਮੁੰਦਰ ਵਿਚ ਜਿੰਨਾ ਡੂੰਘਾ ਕੋਈ ਉਤਰੇਗਾ, ਓਨੇ ਹੀ ਮਾਣਕ ਮੋਤੀ ਲੈ ਆਵੇਗਾ। ਲੇਖਕ ਨੇ ਸ਼ਰਧਾ ਅਤੇ ਪਿਆਰ ਵਿਚ ਆ ਕੇ ਗੁਰਬਾਣੀ ਵਿਚ ਚੁੱਭੀਆਂ ਲਾਈਆਂ ਹਨ।
ਸਲੋਕ ਵਾਰਾਂ ਤੇ ਵਧੀਕ ਮਹਲਾ ੩ ਦੇ ਅੰਤਰਗਤ ਤੀਜੇ ਪਾਤਸ਼ਾਹ ਜੀ ਦੇ 67 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਸ਼ੋਭਿਤ ਹਨ। ਸੂਝਵਾਨ ਲੇਖਕ ਨੇ ਬਹੁਤ ਸੁੰਦਰ ਢੰਗ ਨਾਲ ਇਨ੍ਹਾਂ ਸਲੋਕਾਂ ਦੀ ਵਿਆਖਿਆ ਕੀਤੀ ਹੈ। ਕੁਝ ਸਲੋਕ ਤਾਂ ਸਾਡੇ ਦਿਲਾਂ ਵਿਚ ਜੜੇ ਹੋਏ ਹਨ, ਜਿਵੇਂ-
* ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ॥
* ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਰਾ ਅੰਤਰਿ ਸੁਰਤਿ ਗਿਆਨੁ॥
* ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ॥
* ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ॥
* ਸਬਦੇ ਸਦਾ ਬਸੰਤੁ ਹੈ ਜਿਨੁ ਤਨੁ ਮਨੁ ਹਰਿਆ ਹੋਇ॥
ਇਹ ਪੁਸਤਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਹੈ। ਇਸ ਦਾ ਭਰਪੂਰ ਸਵਾਗਤ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX