ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਨਾਰੀ ਸੰਸਾਰ

ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ

ਸੰਘਰਸ਼ ਦੀ ਭੱਠੀ ਵਿਚ ਤਪ ਕੇ ਹੀ ਮਨੁੱਖ ਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਸਹੀ ਇਰਾਦਾ ਹੀ ਇਕ ਮਜ਼ਬੂਤ ਇਰਾਦਾ ਬਣਦਾ ਹੈ, ਜੋ ਕਿ ਤੁਹਾਡੇ ਭਰੋਸੇ ਵਿਚ ਤਬਦੀਲ ਹੁੰਦਾ ਹੈ। ਕਿੰਨਿਆਂ ਨੇ ਤੁਹਾਡਾ ਭਰੋਸਾ ਤੋੜਿਆ, ਇਹ ਤੁਹਾਡੀ ਆਪਣੀ ਸਮਝ 'ਤੇ ਨਿਰਭਰ ਹੈ ਕਿ ਤੁਸੀਂ ਕਿਨ੍ਹਾਂ ਲੋਕਾਂ 'ਤੇ ਭਰੋਸਾ ਕਰਨ ਬਾਰੇ ਸੋਚਿਆ। ਕਿੰਨੇ ਲੋਕ ਤੁਹਾਡੇ 'ਤੇ ਭਰੋਸਾ ਕਰਦੇ ਹਨ, ਇਹ ਤੁਹਾਡੇ ਇਰਾਦੇ ਅਤੇ ਚਰਿੱਤਰ 'ਤੇ ਨਿਰਭਰ ਕਰਦਾ ਹੈ। ਸਿਰਫ ਇਕ ਹੀ ਵਿਅਕਤੀ ਹੈ, ਜੋ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਅਤੇ ਉਹ ਵਿਅਕਤੀ ਹੈ ਤੁਸੀਂ ਖੁਦ। ਤੁਸੀਂ ਕਿੰਨੀ ਜ਼ਿੰਦਗੀ ਭੋਗੀ, ਇਸ ਨਾਲੋਂ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਜੀਵਿਆ। ਭਾਸ਼ਾ ਵਾਂਗ ਹਰ ਕੰਮ ਦੀ ਆਪਣੀ ਇਕ ਵਿਆਕਰਨ ਹੁੰਦੀ ਹੈ ਅਤੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੀ ਵੀ ਇਕ ਵਿਆਕਰਨ ਹੈ। ਜ਼ਿੰਦਗੀ ਦੇ ਆਪਣੇ ਕਾਇਦੇ-ਕਾਨੂੰਨ, ਨਿਯਮ ਅਤੇ ਅਸੂਲ ਹੁੰਦੇ ਹਨ, ਜਿਨ੍ਹਾਂ ਨੂੰ ਸਮਝਣਾ ਅਤੇ ਧੁਰ ਅੰਦਰ ਤੱਕ ਮਹਿਸੂਸ ਕਰਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਜ਼ਰੂਰੀ ਹੁੰਦਾ ਹੈ। ਜਿਥੇ ਸਲੀਕਾ ਨਹੀਂ ਹੋਵੇਗਾ, ਉਥੇ ਤਰੀਕਾ ਵੀ ਨਹੀਂ ਹੋਵੇਗਾ। ਜੇਕਰ ਇਰਾਦਾ ਸਹੀ ਨਹੀਂ ਤਾਂ ਵਿਹਾਰ ਵੀ ਸਹੀ ਨਹੀਂ ਹੋਵੇਗਾ। ਲੱਕੜ ਵਾਂਗ ਕਈਆਂ ਦੀ ਸੋਚ ਨੂੰ ਵੀ ਸਿਉਂਕ ਲੱਗੀ ਹੁੰਦੀ ਹੈ। ਜਿਥੇ ਕਦਰ ਨਹੀਂ, ਉਥੇ ਸਤਿਕਾਰ ਵੀ ਨਹੀਂ ਹੋਵੇਗਾ ਅਤੇ ਜਿਥੇ ਸਤਿਕਾਰ ਨਹੀਂ ਹੋਵੇਗਾ, ਉਥੇ ਪਿਆਰ ਦਾ ਬੂਟਾ ਵੀ ਵਧਦਾ-ਫੁਲਦਾ ਨਹੀਂ। ਅਸੀਂ ਗੁਲਾਮ ਹਾਂ ਆਪਣੀ ਸੋਚ ਅਤੇ ਆਦਤਾਂ ਦੇ। ਅਸੀਂ ਆਪਣੀ ਅੰਦਰਲੀ ਖੁਸ਼ੀ ਅਤੇ ਅਨੰਦ ਨੂੰ ਖੁਦ ਹੀ ਵਿਗਸਣ ਤੋਂ ਰੋਕਦੇ ਹਾਂ।
ਜ਼ਿਆਦਾਤਰ ਔਰਤਾਂ ਦੀ ਜ਼ਿੰਦਗੀ ਦਾ ਦਾਇਰਾ ਸੀਮਤ ਹੋਣ ਕਾਰਨ ਉਹ ਵਹਿਮ-ਭਰਮ, ਚਿੰਤਾਵਾਂ, ਫਿਕਰਾਂ, ਸੰਸਿਆਂ, ਤੌਖਲਿਆਂ ਦਾ ਵੱਧ ਸ਼ਿਕਾਰ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਦਾ ਵਧੇਰੇ ਹਿੱਸਾ ਝਮੇਲਿਆਂ ਵਿਚ ਹੀ ਲੰਘ ਜਾਂਦਾ ਹੈ। ਕਈ ਵਾਰ ਜ਼ਿੰਮੇਵਾਰੀਆਂ ਦਾ ਬੋਝ ਉਨ੍ਹਾਂ ਨੂੰ ਉਨ੍ਹਾਂ ਦੀ ਉਮਰ ਤੋਂ ਪਹਿਲਾਂ ਬੁੱਢਾ ਕਰ ਦਿੰਦਾ ਹੈ। ਮਨੋਰਥਹੀਣ ਜ਼ਿੰਦਗੀ ਰਸਹੀਣ ਹੁੰਦੀ ਹੈ। ਅਕਸਰ ਮਨੋਰਥ ਤੋਂ ਬਗੈਰ ਜ਼ਿੰਦਗੀ ਅਨੁਸ਼ਾਸਨਹੀਣ ਹੋ ਜਾਂਦੀ ਹੈ, ਕਿਉਂਕਿ ਜੇਕਰ ਮਨੋਰਥ ਹੋਵੇ ਤਾਂ ਸਮੇਂ ਦੀ ਪਾਬੰਦੀ ਦਾ ਗਿਆਨ ਵੀ ਆ ਜਾਂਦਾ ਹੈ ਅਤੇ ਮਿਹਨਤ ਅਤੇ ਲਗਨ ਵੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ, ਪਰ ਮਨੋਰਥ ਦੇ ਨਾਲ-ਨਾਲ ਸਾਡੀ ਜ਼ਿੰਦਗੀ ਦਾ ਵਿਵਹਾਰਕ ਪੱਖ ਵੀ ਸਹੀ ਹੋਣਾ ਚਾਹੀਦਾ ਹੈ। ਇਹੋ ਜਿਹੇ ਅਤੇ ਕਿੰਨੇ ਲੋਕ ਤੁਹਾਨੂੰ ਮਿਲਦੇ ਹਨ, ਇਸ ਨਾਲੋਂ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਕਿੰਨੇ ਲੋਕ ਤੁਹਾਨੂੰ ਆਪਣੇ ਦਿਲਾਂ ਵਿਚ ਸਾਂਭ ਕੇ ਰੱਖਦੇ ਹਨ। ਤਬਦੀਲੀ ਸਮੇਂ ਨਾਲ ਨਹੀਂ, ਸਗੋਂ ਸੰਕਲਪ ਨਾਲ ਆਉਂਦੀ ਹੈ। ਤੁਹਾਡਾ ਇਰਾਦਾ ਦੱਸ ਦਿੰਦਾ ਹੈ ਕਿ ਤੁਸੀਂ ਕਿੰਨੇ ਮਜ਼ਬੂਤ ਹੋ। ਤੁਹਾਡੇ ਕੰਮ ਦੱਸ ਦਿੰਦੇ ਹਨ ਕਿ ਤੁਸੀਂ ਕਿਸ ਦਿਸ਼ਾ ਵੱਲ ਜਾ ਰਹੇ ਹੋ। ਤੁਹਾਡਾ ਵਿਹਾਰ ਦੱਸ ਦਿੰਦਾ ਹੈ ਕਿ ਤੁਸੀਂ ਕਿੰਨੇ ਕੀਮਤੀ ਹੋ ਅਤੇ ਤੁਹਾਡਾ ਚਰਿੱਤਰ ਦੱਸ ਦਿੰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ। ਜੇਕਰ ਤੁਸੀਂ ਖੁਦ ਚੰਗੇ ਨਹੀਂ ਹੋ ਤਾਂ ਤੁਹਾਨੂੰ ਮਿਲਣ ਵਾਲੇ ਲੋਕ ਵੀ ਤੁਹਾਡੇ ਨਾਲ ਤੁਹਾਡੇ ਵਰਗਾ ਹੀ ਵਿਹਾਰ ਕਰਨਗੇ। ਜ਼ਿੰਦਗੀ ਜਿਉਣ ਦੀ ਮੜਕ ਦੱਸ ਦਿੰਦੀ ਹੈ ਕਿ ਤੁਸੀਂ ਕਿੰਨੇ ਲੰਮੇ ਪੈਂਡੇ ਤੈਅ ਕਰਨ ਵਾਲੇ ਹੋ। ਜ਼ਿੰਦਗੀ ਦੀ ਮੜਕ ਇੱਜ਼ਤ ਨਾਲ ਬਣਦੀ ਹੈ। ਆਪਣੇ ਤੋਂ ਵੱਧ ਆਪਣੇ ਮਾਪਿਆਂ ਦੀ ਇੱਜ਼ਤ ਕਰਨ ਦਾ ਖਿਆਲ ਸਾਡੀਆਂ ਬੇਟੀਆਂ ਦੇ ਹਿੱਸੇ ਆਇਆ ਜ਼ਿੰਦਗੀ ਦਾ ਉਹ ਸਬਰ ਹੈ ਜਿਹੜਾ ਉਨ੍ਹਾਂ ਨੂੰ ਬਾਕੀਆਂ ਦੀ ਜ਼ਿੰਦਗੀ ਤੋਂ ਵੱਖਰਾ ਬਣਾਉਂਦਾ ਹੈ। ਸਾਡੀਆਂ ਹੋਣਹਾਰ ਬੇਟੀਆਂ ਸਾਡੀਆਂ ਕੌਮਾਂ ਨੂੰ ਸਿਰਜਣ ਵਾਲੀਆਂ ਮਾਵਾਂ ਬਣਦੀਆਂ ਹਨ। ਰੱਬ ਜ਼ਿੰਦਗੀ ਦਿੰਦਾ ਹੈ, ਅੱਗੇ ਜ਼ਿੰਦਗੀ ਤੁਸੀਂ ਖੁਦ ਜਿਊਣੀ ਅਤੇ ਸਿਰਜਣੀ ਹੈ। ਅਗਿਆਨਤਾ ਬਿਮਾਰੀ ਹੈ ਅਤੇ ਗਿਆਨ ਇਸ ਦੀ ਦਵਾਈ।
ਜ਼ਿੰਦਗੀ ਦੀ ਮੜਕ ਇਸ ਗੱਲ ਨਾਲ ਵੀ ਬਣਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿੰਨੀ ਸ਼ਿੱਦਤ ਨਾਲ ਜਿਊਂਦੇ ਹਾਂ ਅਤੇ ਕੁਝ ਨਵਾਂ ਸਿੱਖਣ ਦੀ ਸਮਰੱਥਾ ਸਾਡੇ ਵਿਚ ਕਿੰਨੀ ਹੈ। ਜ਼ਿੰਦਗੀ ਵਿਚ ਹਾਰ-ਜਿੱਤ, ਦੁੱਖ-ਸੁਖ ਆਦਿ ਜ਼ਿੰਦਗੀ ਦਾ ਹਿੱਸਾ ਹਨ, ਟੀਚਾ ਨਹੀਂ। ਸਿਆਣਪ ਸਵੀਕਾਰ ਕਰਦੀ ਹੈ ਅਤੇ ਮੂਰਖਤਾ ਚੀਕਾਂ ਮਾਰਦੀ ਹੈ। ਕਈਆਂ ਦੀ ਸਾਰੀ ਜ਼ਿੰਦਗੀ ਦੂਜਿਆਂ ਦੇ ਨੁਕਸ ਕੱਢਣ ਅਤੇ ਲੱਭਣ ਵਿਚ ਹੀ ਬੀਤ ਜਾਂਦੀ ਹੈ ਅਤੇ ਉਨ੍ਹਾਂ ਦੀ ਇਹ ਆਦਤ ਸਾਰੀ ਜ਼ਿੰਦਗੀ ਉਨ੍ਹਾਂ ਦੇ ਨਾਲ ਚੁੰਬੜੀ ਰਹਿੰਦੀ ਹੈ। ਆਪਣੇ ਖੁਦ ਦੇ ਅੰਦਰ ਦੀ ਸਮੱਸਿਆ ਨੂੰ ਸਵੀਕਾਰ ਕਰਨਾ ਸਿੱਖੋ। ਆਪਣੇ ਗੁਨਾਹਾਂ ਨੂੰ ਸੱਚੇ ਦਿਲ ਨਾਲ ਕਬੂਲ ਕਰਨਾ ਅਤੇ ਗ਼ਲਤੀ ਦਾ ਪਛਤਾਵਾ ਤੁਹਾਨੂੰ ਅਗਲੀਆਂ ਗ਼ਲਤੀਆਂ ਤੋਂ ਬਚਾਉਂਦਾ ਹੈ। ਉਸ ਨੂੰ ਵੀ ਸਵੀਕਾਰ ਕਰਨਾ ਸਿੱਖੋ, ਜਿਸ ਨੂੰ ਤੁਸੀਂ ਬਦਲ ਨਹੀਂ ਸਕਦੇ। ਤੁਹਾਡਾ ਕੱਦ ਲੰਮਾ ਨਹੀਂ ਹੈ, ਇਸ ਲਈ ਲੰਮੇ ਹੋਣ ਬਾਰੇ ਸੋਚਣਾ ਚਿੰਤਾ ਪੈਦਾ ਕਰਦਾ ਹੈ। ਚਮੜੀ ਦਾ ਰੰਗ ਕਾਲਾ ਹੈ ਕੋਈ ਗੱਲ ਨਹੀਂ ਪਰ ਆਪਣੇ ਦਿਲ ਨੂੰ ਕਾਲਾ ਹੋਣ ਤੋਂ ਬਚਾਓ। ਇਸ ਗੱਲ ਦਾ ਝੋਰਾ ਨਾ ਕਰੋ ਕਿ ਤੁਹਾਡਾ ਜਨਮ ਗਰੀਬ ਪਰਿਵਾਰ ਵਿਚ ਕਿਉਂ ਹੋਇਆ? ਜ਼ਰਾ ਸੋਚੋ, ਕਿੰਨੇ ਕੁ ਲੋਕ ਹਨ ਜੋ ਹਰ ਰੋਜ਼ ਉਹ ਤੁਹਾਡੇ ਵਰਗਾ ਬਣਨਾ ਲੋਚਦੇ ਹਨ। ਤੁਹਾਡੀ ਜ਼ਿੰਦਗੀ ਕਿੰਨੇ ਲੋਕਾਂ ਦਾ ਸੁਪਨਾ ਹੈ। ਇਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਾਮਯਾਬੀ ਹੈ ਕਿ ਤੁਹਾਨੂੰ ਯਾਦ ਕਰਦਿਆਂ ਹੀ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਆ ਜਾਵੇ। ਦੋ ਕਦਮ ਘੱਟ ਚੱਲੋ ਪਰ ਮੜਕ ਨਾਲ ਚੱਲੋ। ਇੱਜ਼ਤ ਵਾਲੀ ਜ਼ਿੰਦਗੀ ਜੀਓ ਤਾਂ ਕਿ ਲੋਕ ਅੱਖਾਂ ਮੀਟ ਕੇ ਤੁਹਾਡੇ 'ਤੇ ਵਿਸ਼ਵਾਸ ਕਰਨ। ਇੱਜ਼ਤ ਅਤੇ ਭਰੋਸਿਆਂ ਦੀ ਦੌਲਤ ਤੁਹਾਨੂੰ ਕਦੇ ਗਰੀਬ ਨਹੀਂ ਹੋਣ ਦੇਵੇਗੀ।


-ਪਿੰਡ ਗੋਲੇਵਾਲਾ (ਫ਼ਰੀਦਕੋਟ)। ਮੋਬਾ: 94179-49079


ਖ਼ਬਰ ਸ਼ੇਅਰ ਕਰੋ

ਬਦਲ ਰਹੀ ਹੈ ਬਜ਼ੁਰਗਾਂ ਦੀ ਸੋਚ

ਬਦਲਦੇ ਸਮੇਂ ਦੇ ਨਾਲ ਬਜ਼ੁਰਗਾਂ ਦੀ ਸੋਚ ਵੀ ਬਦਲ ਰਹੀ ਹੈ। ਹੁਣ ਉਹ ਆਪਣੇ-ਆਪ ਨੂੰ ਦੀਨ, ਹੀਣ, ਕਮਜ਼ੋਰ ਜਾਂ ਲਾਚਾਰ ਸਮਝਣ ਦੀ ਬਜਾਏ ਬੁਢਾਪੇ ਵਿਚ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਕੰਮ ਕਰਕੇ ਖੁਸ਼ ਰਹਿਣਾ ਚਾਹੁੰਦੇ ਹਨ। ਸਮੇਂ ਦੇ ਨਾਲ-ਨਾਲ ਜ਼ਿੰਮੇਵਾਰੀਆਂ ਖ਼ਤਮ ਹੋ ਜਾਂਦੀਆਂ ਹਨ। ਆਉਣ ਵਾਲੇ ਸਮੇਂ ਤੋਂ ਡਰ ਲੱਗਣ ਲੱਗ ਜਾਂਦਾ ਹੈ, ਨਜ਼ਰ ਵੀ ਕਮਜ਼ੋਰ ਹੋ ਜਾਂਦੀ ਹੈ ਅਤੇ ਦਵਾਈਆਂ ਦੀ ਲੋੜ ਵੀ ਮਹਿਸੂਸ ਹੋਣ ਲੱਗ ਜਾਂਦੀ ਹੈ। ਇਸ ਨੂੰ ਕਹਿੰਦੇ ਹਨ ਬਿਰਧ ਅਵਸਥਾ। ਲੱਖ ਕਮਜ਼ੋਰੀਆਂ ਦੇ ਬਾਵਜੂਦ ਵੀ ਇਹ ਅਵਸਥਾ ਅਨੁਭਵਾਂ ਅਤੇ ਸੰਸਕਾਰਾਂ ਦਾ ਖਜ਼ਾਨਾ ਹੁੰਦੀ ਹੈ। ਇਸ ਤਰ੍ਹਾਂ ਦੀ ਸੋਚ ਲੈ ਕੇ ਅੱਜ ਸਾਡੇ ਬਜ਼ੁਰਗ ਜ਼ਿੰਦਾਦਿਲੀ ਦੀ ਮਿਸਾਲ ਬਣ ਰਹੇ ਹਨ। ਇਸ ਦੇ ਨਾਲ-ਨਾਲ ਉਹ ਯੁਵਾ ਪੀੜ੍ਹੀ ਦੇ ਵੀ ਰਾਹਦਸੇਰਾ ਬਣ ਰਹੇ ਹਨ।
ਉਨ੍ਹਾਂ ਦਾ ਵਿਚਾਰ ਹੈ ਕਿ ਕੋਈ ਵੀ ਆਦਮੀ ਉਮਰ ਨਾਲ ਨਹੀਂ, ਬਲਕਿ ਸੋਚ ਨਾਲ ਬੁੱਢਾ ਹੁੰਦਾ ਹੈ। ਸੋਚ ਹਮੇਸ਼ਾ ਜਵਾਨ ਰੱਖੋ, ਜਿਹੜੀ ਤੁਹਾਨੂੰ ਹਮੇਸ਼ਾ ਕੁਝ ਨਾ ਕੁਝ ਕਰਨ ਲਈ ਪ੍ਰੇਰਿਤ ਕਰੇਗੀ। ਅੱਜਕਲ੍ਹ ਤਾਂ ਲੋਕ ਰਿਟਾਇਰ ਹੋਣ ਤੋਂ ਪਹਿਲਾਂ ਹੀ ਯੋਜਨਾ ਬਣਾ ਲੈਂਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਕਿਸ ਤਰ੍ਹਾਂ ਦਾ ਕੰਮ ਕੀਤਾ ਜਾਵੇ। ਇਸ ਅਵਸਥਾ ਵਿਚ ਸਮਾਜ ਸੇਵਾ ਕਰਨਾ ਸਭ ਤੋਂ ਉੱਤਮ ਕੰਮ ਹੈ। ਅੱਜ ਸਾਡੇ ਸ਼ਹਿਰ ਵਿਚ ਹੀ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੇ ਸੇਵਾਮੁਕਤ ਹੋ ਕੇ, ਛੋਟੇ-ਛੋਟੇ ਸਕੂਲ ਖੋਲ੍ਹੇ ਹਨ ਅਤੇ ਉਨ੍ਹਾਂ ਗਰੀਬ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ ਜੋ ਵਿੱਦਿਆ ਤੋਂ ਵਾਂਝੇ ਰਹਿ ਰਹੇ ਸਨ। ਉਨ੍ਹਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਦੇ ਨਾਲ-ਨਾਲ ਨੈਤਿਕ ਸਿੱਖਿਆ ਦਾ ਵੀ ਗਿਆਨ ਦੇ ਰਹੇ ਹਨ। ਬਜ਼ੁਰਗਾਂ ਦਾ ਇਹ ਉਪਰਾਲਾ ਸਮਾਜ ਲਈ ਇਕ ਵਡਮੁੱਲਾ ਯੋਗਦਾਨ ਬਣ ਕੇ ਸਾਹਮਣੇ ਆ ਰਿਹਾ ਹੈ।
ਬਹੁਤ ਸਾਰੀਆਂ ਥਾਵਾਂ 'ਤੇ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਕਈ ਬਜ਼ੁਰਗ ਔਰਤਾਂ ਜੋ ਜ਼ਿਆਦਾ ਪੜ੍ਹੀਆਂ-ਲਿਖੀਆਂ ਨਹੀਂ ਹਨ ਪਰ ਸਿਲਾਈ-ਕਢਾਈ ਵਿਚ ਮਾਹਿਰ ਹਨ, ਬੱਚੀਆਂ ਨੂੰ ਇਹ ਸਿੱਖਿਆ ਦੇ ਕੇ ਆਤਮਨਿਰਭਰ ਬਣਾ ਰਹੀਆਂ ਹਨ। ਇਸ ਤਰ੍ਹਾਂ ਉਨ੍ਹਾਂ ਵਿਚ ਆਤਮਵਿਸ਼ਵਾਸ ਵੀ ਪੈਦਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਵੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਵੀ ਇਸ ਕੰਮ ਨੂੰ ਅੱਗੇ ਜਾਰੀ ਰੱਖ ਸਕਦੀਆਂ ਹਨ। ਕਈ ਔਰਤਾਂ ਤਾਂ ਆਪਣੇ ਛੋਟੇ-ਛੋਟੇ ਘਰਾਂ ਵਿਚ ਵੀ ਪਾਪੜ-ਅਚਾਰ ਬਣਾਉਣ ਦੀ ਟ੍ਰੇਨਿੰਗ ਦਿੰਦੀਆਂ ਹਨ। ਬਹੁਤੇ ਲੋਕ ਇਸ ਦੁਆਰਾ ਆਪਣੀ ਰੋਜ਼ੀ-ਰੋਟੀ ਕਮਾ ਸਕਦੇ ਹਨ।
ਅੱਜ ਕਮਾਈ ਕਰਨ ਦੇ ਸਾਧਨ ਬਹੁਤ ਵਧ ਗਏ ਹਨ। ਜੇ ਸੋਚ ਸਾਕਾਰਾਤਮਕ ਹੋਵੇ ਤਾਂ ਉਹ ਕਈਆਂ ਨੂੰ ਲਾਭ ਪਹੁੰਚਾ ਸਕਦੀ ਹੈ। ਇਸ ਤਰ੍ਹਾਂ ਦੇ ਵੀ ਬਜ਼ੁਰਗ ਹਨ, ਜੋ ਲੋਕਾਂ ਨੂੰ ਰਜਾਈਆਂ, ਬੈਗ, ਕਈ ਤਰ੍ਹਾਂ ਦੇ ਕਵਰ ਅਤੇ ਖਿਡੌਣੇ ਆਦਿ ਬਣਾਉਣੇ ਸਿਖਾ ਰਹੇ ਹਨ। ਆਪਣੇ ਅਨੁਭਵਾਂ ਨੂੰ ਵੰਡਦੇ ਹੋਏ ਉਹ ਆਪਣਾ ਸਮਾਂ ਰੁਝੇਵੇਂ ਵਿਚ ਬਤੀਤ ਕਰਦੇ ਹਨ, ਜਿਹੜਾ ਉਨ੍ਹਾਂ ਨੂੰ ਨਕਾਰਾਤਮਕ ਸੋਚ ਤੋਂ ਦੂਰ ਰੱਖ ਕੇ ਤੰਦਰੁਸਤ ਰਹਿਣ ਵਿਚ ਮਦਦ ਕਰਦਾ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਹੁਣ ਬਜ਼ੁਰਗ ਵੀ ਪਹਿਲਾਂ ਨਾਲੋਂ ਜ਼ਿਆਦਾ ਜਾਗਰੂਕ ਹੋ ਗਏ ਹਨ। ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਉਹ ਹਰ ਕੰਮ ਜ਼ਿਆਦਾ ਆਜ਼ਾਦੀ ਨਾਲ ਕਰ ਸਕਦੇ ਹਨ। ਇਸ ਸੋਚ ਦਾ ਸਹਾਰਾ ਲੈ ਕੇ ਜਿਥੇ ਉਹ ਝੁੱਗੀ-ਝੌਂਪੜੀਆਂ ਵਾਲਿਆਂ ਦੀ ਮਦਦ ਕਰਦੇ ਹਨ, ਉਥੇ ਉਨ੍ਹਾਂ ਨੂੰ ਸਿਹਤ, ਸਫ਼ਾਈ, ਸਿੱਖਿਆ ਆਦਿ ਬਾਰੇ ਵੀ ਜਾਣਕਾਰੀ ਦਿੰਦੇ ਹਨ।
ਕਈ ਬਜ਼ੁਰਗ ਤਾਂ ਜੀਵਨ ਦੇ ਅਧੂਰੇ ਸੁਪਨੇ ਵੀ ਇਸ ਉਮਰ ਵਿਚ ਪੂਰੇ ਕਰਦੇ ਹਨ। ਕਈ ਲੋਕ ਜੀਵਨ ਦੇ ਇਸ ਪੜਾਅ 'ਤੇ ਵੀ ਤਗਮੇ ਅਤੇ ਪੁਰਸਕਾਰ ਜਿੱਤ ਕੇ ਆਪਣੇ-ਆਪਣੇ ਖੇਤਰ ਦਾ ਨਾਂਅ ਰੌਸ਼ਨ ਕਰਨ ਦੇ ਨਾਲ-ਨਾਲ ਦੂਜਿਆਂ ਦਾ ਵੀ ਮਾਰਗ ਦਰਸ਼ਨ ਕਰਦੇ ਹਨ। ਪਿਛਲੇ ਦਿਨੀਂ ਕਈ ਸੀਨੀਅਰ ਸਿਟੀਜ਼ਨਾਂ ਨੇ ਤੈਰਾਕੀ, ਗਾਇਕੀ ਅਤੇ ਅਲੱਗ-ਅਲੱਗ ਖੇਡਾਂ ਵਿਚ ਇਨਾਮ ਜਿੱਤੇ। ਅਲੱਗ-ਅਲੱਗ ਖੇਡਾਂ ਦੇ ਕੋਚ ਆਪਣੇ ਅਨੁਭਵਾਂ ਰਾਹੀਂ ਯੁਵਾ ਖਿਡਾਰੀਆਂ ਨੂੰ ਨਵੇਂ-ਨਵੇਂ ਗੁਰ ਸਿਖਾ ਕੇ ਸਮਾਜ ਨੂੰ ਚੰਗੇ ਖਿਡਾਰੀ ਦੇ ਕੇ ਖੇਡ ਦੇ ਖੇਤਰ ਵਿਚ ਯੋਗਦਾਨ ਪਾ ਰਹੇ ਹਨ।
ਸਲਾਮ ਹੈ ਉਨ੍ਹਾਂ ਬਜ਼ੁਰਗਾਂ ਦੀ ਸੋਚ ਨੂੰ, ਜਿਨ੍ਹਾਂ ਨੇ ਬੁਢਾਪੇ ਦੇ ਅਰਥ ਹੀ ਬਦਲ ਦਿੱਤੇ ਹਨ। ਉਨ੍ਹਾਂ ਅਨੁਸਾਰ ਵਿਹਲਾ ਬੈਠਣਾ ਨਕਾਰਾਤਮਕ ਸੋਚ ਨੂੰ ਜਨਮ ਦੇਣਾ ਹੈ। ਇਸ ਲਈ ਹਮੇਸ਼ਾ ਕਿਸੇ ਚੰਗੇ ਕੰਮ ਵਿਚ ਰੁੱਝੇ ਰਹੋ। ਜੀਵਨ ਬਹੁਤ ਅਨਮੋਲ ਹੈ, ਜੋ ਵਾਰ-ਵਾਰ ਨਹੀਂ ਮਿਲਦਾ। ਇਸ ਦੇ ਇਕ-ਇਕ ਪਲ ਦਾ ਜਸ਼ਨ ਮਨਾਓ। ਬਿਨਾਂ ਇਹ ਸੋਚੇ ਕਿ ਕੋਈ ਕਿੰਨੀ ਉਮਰ ਦਾ ਜਾਂ ਕਿਸ ਤਰ੍ਹਾਂ ਜੀਵਨ ਬਤੀਤ ਕਰ ਰਿਹਾ ਹੈ। ਜੀਵਨ ਦੇ ਇਸ ਪੜਾਅ ਦਾ ਵੀ ਏਨਾ ਅਨੰਦ ਮਾਣੋ ਕਿ ਲੋਕ ਤੁਹਾਡੇ 'ਤੇ ਮਾਣ ਮਹਿਸੂਸ ਕਰਨ। ਜੀਵਨ ਦੀ ਢਲਦੀ ਸ਼ਾਮ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਬੁਢਾਪਾ ਇਕ ਤਰਸਯੋਗ ਅਵਸਥਾ ਨਹੀਂ, ਬਲਕਿ ਇਸ ਨਾਲ ਹੀ ਜੀਵਨ ਸੰਪੂਰਨ ਹੁੰਦਾ ਹੈ।


-ਮੋਬਾ: 98782-49944

ਕਲਾਸਿਕ ਰਸਗੁੱਲਾ

ਸਮੱਗਰੀ : * ਸਾਢੇ 8 ਕੱਪ ਦੁੱਧ (ਹੋਲ ਮਿਲਕ), * 2 ਤੋਂ 3 ਚਮਚੇ ਨਿੰਬੂ ਦਾ ਰਸ, * 5 ਚਮਚੇ ਆਟਾ, * 2 ਕੱਪ ਚੀਨੀ, * 4 ਕੱਪ ਪਾਣੀ, * 2 ਤੋਂ 3 ਚਮਚੇ ਗੁਲਾਬ ਜਲ ਜਾਂ ਕੁਝ ਪੱਤੀਆਂ ਕੇਸਰ।
ਵਿਧੀ : * ਸਾਰੀ ਸਮੱਗਰੀ ਨੂੰ ਇਕੱਠਾ ਕਰ ਲਓ।
* ਮੱਧਮ ਅੱਗ 'ਤੇ ਦੁੱਧ ਨੂੰ ਉਬਾਲੋ। ਇਸ ਨੂੰ ਵਿਚ-ਵਿਚ ਹਿਲਾਉਂਦੇ ਰਹੋ, ਤਾਂ ਜੋ ਦੁੱਧ ਸੜ ਨਾ ਜਾਵੇ।
* ਦੁੱਧ ਦੇ ਚੰਗੀ ਤਰ੍ਹਾਂ ਉਬਲਣ 'ਤੇ ਉਸ ਵਿਚ ਨਿੰਬੂ ਦਾ ਰਸ ਚੰਗੀ ਤਰ੍ਹਾਂ ਮਿਲਾਓ।
* ਜਦੋਂ ਦੁੱਧ ਫਟਣ ਲੱਗ ਜਾਵੇ, ਸੇਕ ਬੰਦ ਕਰਕੇ 10 ਮਿੰਟ ਇਕ ਪਾਸੇ ਰੱਖ ਦਿਓ ਤਾਂ ਕਿ ਦੁੱਧ ਚੰਗੀ ਤਰ੍ਹਾਂ ਫਟ ਜਾਵੇ।
* ਪਨੀਰ ਬਣਾ ਲਓ ਤੇ ਇਸ ਨੂੰ ਪਾਣੀ ਹੇਠਾਂ ਸਾਫ਼ ਕਰੋ। ਹੁਣ ਨਿੰਬੂ ਰਸ ਨਿਕਲ ਜਾਵੇਗਾ।
* ਇਕ ਘੰਟੇ ਲਈ ਇਕ ਕੱਪੜੇ ਵਿਚ ਪਾ ਕੇ ਟੰਗ ਦਿਓ। ਹੁਣ ਪਨੀਰ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ।
* ਇਕ ਬਾਉਲ ਵਿਚ ਪਨੀਰ ਰੱਖ ਦਿਓ ਤੇ ਇਸ ਨੂੰ ਚੰਗੀ ਤਰ੍ਹਾਂ ਗੁੰਨ੍ਹ ਲਓ ਤੇ ਕੋਈ ਗਿਲਟੀ ਨਾ ਰਹਿ ਜਾਵੇ।
* ਜਦੋਂ ਇਸ ਮਿਕਸਚਰ ਨਾਲ ਤੁਹਾਡੇ ਹੱਥ ਕੁਝ ਥੰਦਾ ਮਹਿਸੂਸ ਕਰਨ ਤਾਂ ਸਮਝੋ ਰਸਗੁੱਲਿਆਂ ਲਈ ਇਹ ਤਿਆਰ ਹੋ ਗਿਆ ਹੈ।
* ਹੁਣ ਪਨੀਰ 'ਤੇ ਆਟਾ ਛਿੜਕ ਕੇ ਮਿਕਸ ਕਰ ਲਓ।
* ਖੰਡ ਵਿਚ ਪਾਣੀ ਪਾ ਕੇ ਇਕ ਕੁੱਕਰ 'ਤੇ ਚਾਸ਼ਣੀ ਤਿਆਰ ਕਰੋ। ਕੁੱਕਰ ਏਨਾ ਖੁੱਲ੍ਹਾ ਹੋਣਾ ਚਾਹੀਦਾ ਹੈ ਕਿ ਸਾਰੇ ਰਸਗੁੱਲੇ ਚੰਗੀ ਤਰ੍ਹਾਂ ਰਸ ਨਾਲ ਭਿੱਜ ਜਾਣ।
* ਜਦੋਂ ਚੀਨੀ-ਪਾਣੀ ਉਬਲ ਰਹੇ ਹੋਣ ਤਾਂ ਆਪਣੀ ਹਥੇਲੀ ਨਾਲ ਮਿਕਸਚਰ ਨੂੰ ਰਸਗੁੱਲੇ ਦਾ ਆਕਾਰ ਦਿਓ।
* ਬੜੇ ਆਰਾਮ ਨਾਲ ਇਨ੍ਹਾਂ ਨੂੰ ਚੀਨੀ ਦੇ ਘੋਲ ਵਿਚ ਪਾਈ ਜਾਓ।
* ਕੁੱਕਰ ਦਾ ਢੱਕਣ ਬੰਦ ਕਰਕੇ ਇਕ ਸੀਟੀ ਵੱਜਣ ਤੱਕ ਪਕਾਓ।
* ਪਹਿਲੀ ਸੀਟੀ ਵੱਜਣ ਪਿੱਛੋਂ 8-10 ਮਿੰਟ ਬਾਅਦ ਕੁੱਕਰ ਨੂੰ ਖੋਲ੍ਹੋ। ਭਾਫ ਨਿਕਲਣ 'ਤੇ ਰਸਗੁੱਲਿਆਂ ਨੂੰ ਠੰਢਾ ਹੋਣ ਦਿਓ। ਜਦੋਂ ਇਹ ਗਰਮ ਹੋਣਗੇ ਤਾਂ ਬੜੇ ਨਰਮ ਅਤੇ ਆਪਣੇ ਆਕਾਰ ਤੋਂ ਦੁੱਗਣੇ ਹੋ ਗਏ ਹੋਣਗੇ।
* ਜਦੋਂ ਇਹ ਠੰਢੇ ਹੋ ਜਾਣ ਤਾਂ ਇਨ੍ਹਾਂ ਨੂੰ ਗੁਲਾਬ ਜਲ ਜਾਂ ਕੇਸਰ ਦੀਆਂ ਪੱਤੀਆਂ ਵਾਲੇ ਮਿੱਠੇ ਦੇ ਰਸ ਵਿਚ ਪਾਓ।
* ਪਰੋਸਣ ਤੋਂ ਕੁਝ ਘੰਟੇ ਪਹਿਲਾਂ ਇਨ੍ਹਾਂ ਨੂੰ ਠੰਢਾ ਕਰ ਸਕਦੇ ਹੋ। ਹੁਣ ਸਵਾਦੀ ਰਸਗੁੱਲਿਆਂ ਦਾ ਅਨੰਦ ਮਾਣੋ।

ਚਿਹਰੇ 'ਤੇ ਸਮੇਂ ਤੋਂ ਪਹਿਲਾਂ ਆਉਂਦੀਆਂ ਝੁਰੜੀਆਂ

ਕਾਰਨ : * ਮਾਨਸਿਕ ਅਸੰਤੁਲਨ ਅਤੇ ਜ਼ਿਆਦਾ ਸਰੀਰਕ ਅਤੇ ਮਾਨਸਿਕ ਮਿਹਨਤ ਨਾਲ ਚਮੜੀ 'ਤੇ ਸਮੇਂ ਤੋਂ ਪਹਿਲਾਂ ਝੁਰੜੀਆਂ ਪੈਣ ਲਗਦੀਆਂ ਹਨ।
* ਵਾਤਾਵਰਨ ਵਿਚ ਵਧਦੇ ਪ੍ਰਦੂਸ਼ਣ ਦੇ ਕਾਰਨ ਵਾਯੂਮੰਡਲ ਦੀ ਓਜ਼ੋਨ ਪਰਤ ਕੁਝ ਪਤਲੀ ਹੋ ਗਈ ਹੈ, ਜਿਸ ਕਾਰਨ ਸੂਰਜ ਦੀਆਂ ਕਿਰਨਾਂ ਦੇ ਨਾਲ ਪੈਰਾਬੈਂਗਣੀ ਕਿਰਨਾਂ ਜ਼ਿਆਦਾ ਮਾਤਰਾ ਵਿਚ ਪਹੁੰਚਦੀਆਂ ਹਨ, ਜਦੋਂ ਕਿ ਸਿਰਫ ਇਕ ਫੀਸਦੀ ਆਉਣੀਆਂ ਚਾਹੀਦੀਆਂ ਹਨ। ਇਸ ਲਈ ਹਰ ਰੋਜ਼ ਜ਼ਿਆਦਾ ਸਮੇਂ ਤੱਕ ਤੇਜ਼ ਧੁੱਪ ਵਿਚ ਰਹਿਣ ਨਾਲ ਚਮੜੀ ਦੀਆਂ ਕੋਸ਼ਿਕਾਵਾਂ ਵਿਚ ਟੁੱਟ-ਭੱਜ ਹੋਣ ਲਗਦੀ ਹੈ, ਜਿਸ ਨਾਲ ਸਮੇਂ ਤੋਂ ਪਹਿਲਾਂ ਹੀ ਚਿਹਰੇ 'ਤੇ ਝੁਰੜੀਆਂ ਦਿਸਣ ਲਗਦੀਆਂ ਹਨ।
* ਤੇਜ਼ ਐਲੋਪੈਥਿਕ ਦਵਾਈਆਂ ਦੇ ਜ਼ਿਆਦਾ ਸੇਵਨ ਨਾਲ ਸਮੇਂ ਤੋਂ ਪਹਿਲਾਂ ਚਿਹਰੇ 'ਤੇ ਝੁਰੜੀਆਂ ਆਉਣ ਲਗਦੀਆਂ ਹਨ।
* ਈਰਖਾ, ਤਣਾਅ, ਕ੍ਰੋਧ ਅਤੇ ਚਿੰਤਾ ਆਦਿ ਦਾ ਵੀ ਚਿਹਰੇ ਦੀ ਚਮੜੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਮਾਸਪੇਸ਼ੀਆਂ ਵਿਚ ਤਣਾਅ ਆਉਂਦਾ ਹੈ ਜੋ ਚਿਹਰੇ 'ਤੇ ਛਾਈਆਂ ਦੇ ਰੂਪ ਵਿਚ ਦਿਖਾਈ ਦਿੰਦਾ ਹੈ। ਅੱਗੇ ਚੱਲ ਕੇ ਇਹੀ ਧਾਰੀਆਂ ਪੱਕਾ ਰੂਪ ਅਖ਼ਤਿਆਰ ਕਰ ਲੈਂਦੀਆਂ ਹਨ ਅਤੇ ਚਿਹਰਾ ਝੁਰੜੀਆਂ ਵਾਲਾ ਹੋ ਜਾਂਦਾ ਹੈ।
* ਮੇਕਅੱਪ ਕਰਨ ਨਾਲ ਮੇਕਅੱਪ ਸਮੱਗਰੀ ਚਮੜੀ ਦੇ ਰੋਮਾਂ ਨੂੰ ਬੰਦ ਕਰ ਦਿੰਦੀ ਹੈ। ਨਤੀਜੇ ਵਜੋਂ ਕੁਦਰਤੀ ਰੂਪ ਨਾਲ ਚਮੜੀ ਵਿਚ ਸ਼ਵਸਨ ਨਹੀਂ ਹੁੰਦਾ। ਇਸ ਲਈ ਸਮੇਂ ਤੋਂ ਪਹਿਲਾਂ ਹੀ ਚਿਹਰੇ ਦੀ ਚਮੜੀ 'ਤੇ ਝੁਰੜੀਆਂ ਉੱਭਰਨ ਲਗਦੀਆਂ ਹਨ।
* ਮਾਲਿਸ਼ ਝੁਰੜੀਆਂ ਤੋਂ ਚਮੜੀ ਨੂੰ ਬਚਾਉਣ ਦਾ ਵਧੀਆ ਉਪਾਅ ਹੈ। ਨਿਯਮਤ ਮਾਲਿਸ਼ ਨਾਲ ਮਾਸਪੇਸ਼ੀਆਂ ਵਿਚ ਕਸਾਅ ਆਉਂਦਾ ਹੈ। ਨਤੀਜੇ ਵਜੋਂ ਸਮੇਂ ਤੋਂ ਪਹਿਲਾਂ ਚਿਹਰੇ ਦੀ ਚਮੜੀ 'ਤੇ ਆਈਆਂ ਝੁਰੜੀਆਂ ਦੂਰ ਹੋ ਜਾਂਦੀਆਂ ਹਨ। ਮਾਲਿਸ਼ ਲਈ ਬਦਾਮ ਜਾਂ ਜੈਤੂਨ ਦਾ ਤੇਲ ਵਰਤੋ।
* ਪ੍ਰਸਾਧਨ ਸਮਗਰੀਆਂ ਦੀ ਘੱਟ ਤੋਂ ਘੱਟ ਵਰਤੋਂ ਕਰੋ ਅਤੇ ਸੌਣ ਤੋਂ ਪਹਿਲਾਂ ਮੇਕਅੱਪ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ।
* ਤੇਜ਼ ਧੁੱਪ ਵਿਚ ਜ਼ਿਆਦਾ ਦੇਰ ਨਾ ਰਹੋ ਅਤੇ ਤੇਜ਼ ਧੁੱਪ ਵਿਚ ਜਾਂਦੇ ਸਮੇਂ ਧੁੱਪ ਦਾ ਚਸ਼ਮਾ ਜ਼ਰੂਰ ਪਹਿਨੋ।
* ਹਮੇਸ਼ਾ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਗ੍ਰਹਿਣ ਕਰੋ। ਇਸ ਨਾਲ ਸਰੀਰਕ ਅੰਗਾਂ ਦੀ ਕਾਰਜ ਸਮਰਥਾ ਵਧ ਕੇ ਚਮੜੀ ਨੂੰ ਵੀ ਲੋੜੀਂਦਾ ਪੋਸ਼ਣ ਮਿਲਦਾ ਹੈ। ਸਰੀਰ ਤੰਦਰੁਸਤ ਬਣਿਆ ਰਹੇ, ਇਸ ਵਾਸਤੇ ਵੈਸੇ ਖਾਧ ਪਦਾਰਥ ਭੋਜਨ ਵਿਚ ਸ਼ਾਮਿਲ ਕਰੋ, ਜਿਸ ਵਿਚ ਵਿਟਾਮਿਨ 'ਏ', 'ਬੀ', 'ਸੀ', ਲੋਹ ਤੱਤ ਭਰਪੂਰ ਮਾਤਰਾ ਵਿਚ ਹੋਣ। * ਪਾਣੀ ਕਾਫੀ ਮਾਤਰਾ ਵਿਚ ਪੀਓ।
* ਚਿਹਰੇ ਨੂੰ ਸਦਾ ਆਰਾਮਦੇਹ ਮੁਦਰਾ ਵਿਚ ਰੱਖੋ। ਇਸ ਨਾਲ ਚਿਹਰੇ 'ਤੇ ਛੇਤੀ ਝੁਰੜੀਆਂ ਨਹੀਂ ਪੈਂਦੀਆਂ।
* ਬੇਸਣ ਵਿਚ ਦਹੀਂ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ ਲੇਪ ਦੇ ਸੁੱਕ ਜਾਣ 'ਤੇ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। ਅਜਿਹਾ ਕੁਝ ਦਿਨਾਂ ਤੱਕ ਨਿਯਮਤ ਰੂਪ ਨਾਲ ਕਰਨ ਨਾਲ ਝੁਰੜੀਆਂ ਮਿਟਦੀਆਂ ਹਨ। * ਬਹੁਤ ਜ਼ਿਆਦਾ ਲੋੜ ਹੋਣ 'ਤੇ ਹੀ ਤੇਜ਼ ਐਲੋਪੈਥਿਕ ਦਵਾਈਆਂ ਦੀ ਵਰਤੋਂ ਕਰੋ। ਇਨ੍ਹਾਂ ਦੇ ਮਾੜੇ ਪ੍ਰਭਾਵ ਦੇ ਕਾਰਨ ਵੀ ਚਿਹਰੇ 'ਤੇ ਝੁਰੜੀਆਂ ਪੈਂਦੀਆਂ ਹਨ।

ਬੱਚੇ ਦਾ ਭੈਅ ਮੁਕਤ ਇਮਤਿਹਾਨ ਅਤੇ ਮਾਪਿਆਂ ਦੀ ਭੂਮਿਕਾ

ਇਮਤਿਹਾਨ ਕੋਈ ਹਊਆ ਨਹੀਂ, ਇਹ ਤਾਂ ਇਕ ਅਜਿਹੀ ਪੌੜੀ ਹੈ, ਜਿਸ ਰਾਹੀਂ ਵਿਦਿਆਰਥੀ ਇਕ ਪੜਾਅ ਨੂੰ ਪਾਰ ਕਰਕੇ ਦੂਸਰੇ ਪੜਾਅ ਤੱਕ ਅੱਪੜਦਾ ਹੈ ਅਤੇ ਅਖੀਰ ਆਪਣੀ ਮੰਜ਼ਿਲ ਪਾਉਂਦਾ ਹੈ। ਪ੍ਰੀਖਿਆ ਤਾਂ ਤੁਹਾਡੀ ਸਾਲ ਭਰ ਕੀਤੀ ਪੜ੍ਹਾਈ ਅਤੇ ਇਕਾਗਰਤਾ ਨਾਲ ਕੀਤੇ ਅਧਿਐਨ ਦਾ ਟੈਸਟ ਮਾਤਰ ਹੈ। ਫਿਰ ਇਸ ਵਿਚ ਚਿੰਤਾ ਕਿਸ ਗੱਲ ਦੀ ਹੈ। ਪ੍ਰੀਖਿਆਵਾਂ ਤਾਂ ਤੁਸੀਂ ਪਹਿਲਾਂ ਵੀ ਦਿੰਦੇ ਆਏ ਹੋ ਅਤੇ ਚੰਗੇ ਅੰਕਾਂ ਨਾਲ ਸਫਲ ਵੀ ਹੁੰਦੇ ਰਹੇ ਹੋ। ਘਬਰਾਹਟ ਤੇ ਪ੍ਰੇਸ਼ਾਨੀ ਦਾ ਕੀ ਮਤਲਬ, ਇਮਤਿਹਾਨ ਦਾ ਤਾਂ ਅਸਲ ਮਨੋਰਥ ਵਿਦਿਆਰਥੀ ਦੇ ਗਿਆਨ ਦਾ ਮੁਲਾਂਕਣ ਕਰਨਾ ਹੁੰਦਾ ਹੈ। ਇਮਤਿਹਾਨ ਦਾ ਦਬਾਅ ਸਿਰਫ ਬੱਚੇ 'ਤੇ ਹੀ ਨਹੀਂ, ਸਗੋਂ ਉਸ ਦੇ ਮਾਪਿਆਂ ਉੱਤੇ ਵਧੇਰੇ ਹੁੰਦਾ ਹੈ। ਹਰ ਬੱਚੇ ਦੇ ਮਾਤਾ-ਪਿਤਾ ਦੀ ਚਾਹਤ ਹੁੰਦੀ ਹੈ ਕਿ ਉਨ੍ਹਾਂ ਦਾ ਬੇਟਾ ਚੰਗੇ ਅੰਕ ਪ੍ਰਾਪਤ ਕਰੇ। ਇਸ ਲਈ ਉਹ ਉਸ 'ਤੇ ਬੇਲੋੜਾ ਦਬਾਅ ਵੀ ਬਣਾਉਂਦੇ ਹਨ। ਉਹ ਬੱਚੇ ਨੂੰ ਮਿਹਨਤ ਨਾਲ ਤਿਆਰੀ ਕਰਨ ਲਈ ਜ਼ੋਰ ਦਿੰਦੇ ਹਨ ਅਤੇ ਉਸ ਦੀ ਮਦਦ ਲਈ ਹਰ ਢੰਗ-ਤਰੀਕਾ ਵਰਤਣ ਤੱਕ ਜਾਂਦੇ ਹਨ।
ਇਮਤਿਹਾਨ ਸ਼ਬਦ ਹੀ ਅਜਿਹਾ ਹੈ, ਜਿਸ ਤੋਂ ਥੋੜ੍ਹਾ-ਬਹੁਤਾ ਡਰ ਹਰੇਕ ਨੂੰ ਲਗਦਾ ਹੈ। ਫਿਰ ਬੱਚੇ ਤਾਂ ਬੱਚੇ ਹੀ ਹੁੰਦੇ ਹਨ, ਜੋ ਪ੍ਰੀਖਿਆ ਦੇ ਭੈਅ ਕਾਰਨ ਉਨ੍ਹਾਂ ਦਾ ਤਣਾਅ ਗ੍ਰਸਤ ਹੋ ਜਾਣਾ ਕੁਦਰਤੀ ਹੈ। ਇਹ ਮਾਨਸਿਕ ਦਬਾਅ ਉਨ੍ਹਾਂ ਦੀ ਸਿਹਤ 'ਤੇ ਬੁਰਾ ਅਸਰ ਪਾਉਂਦਾ ਹੈ, ਕਿਉਂਕਿ ਇਹ ਭੈਅ ਉਸ ਦੀ ਭੁੱਖ ਤੇ ਨੀਂਦ ਨੂੰ ਵੀ ਪ੍ਰਭਾਵਿਤ ਕਰਦਾ ਹੈ। ਪ੍ਰੇਸ਼ਾਨ ਰਹਿਣ ਕਰਕੇ ਉਸ ਦਾ ਪੜ੍ਹਾਈ ਵਿਚ ਮਨ ਨਹੀਂ ਲਗਦਾ, ਪੜ੍ਹਦੇ ਹਨ ਪਰ ਯਾਦ ਨਹੀਂ ਰਹਿੰਦਾ। ਅਜਿਹੇ ਮੌਕੇ ਮਾਪਿਆਂ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ। ਮਾਪੇ ਬੱਚਿਆਂ ਦੀ ਪੜ੍ਹਾਈ ਤੇ ਪ੍ਰੀਖਿਆ ਦੀ ਤਿਆਰੀ ਲਈ ਸ਼ਾਂਤ, ਸ਼ੁੱਧ, ਲੋੜੀਂਦੀ ਰੌਸ਼ਨੀ, ਕੁਰਸੀ ਤੇ ਮੇਜ਼ ਵਾਲਾ ਕਮਰਾ ਮੁਹੱਈਆ ਕਰਵਾਉਣ, ਖਾਸ ਕਰਕੇ ਮਾਂ ਉਸ ਦੇ ਪੌਸ਼ਟਿਕ ਭੋਜਨ ਅਤੇ ਉਸ ਦੇ ਆਰਾਮ ਦਾ ਧਿਆਨ ਰੱਖੇ। ਉਹ ਚੰਗੀ ਨੀਂਦ ਲੈ ਸਕੇ, ਇਸ ਲਈ ਉਸ ਨੂੰ ਮਨੋਰੰਜਨ ਤੇ ਬਾਹਰ ਘੁੰਮਣ-ਫਿਰਨ ਦਾ ਵੀ ਮੌਕਾ ਦਿੱਤਾ ਜਾਵੇ। ਮਾਪੇ ਆਪਣੇ ਬੱਚੇ ਦੀ ਤੁਲਨਾ ਕਿਸੇ ਦੂਸਰੇ ਬੱਚੇ ਨਾਲ ਨਾ ਕਰਨ, ਸਗੋਂ ਉਸ ਨੂੰ ਆਪਣੀ ਤੁਲਨਾ ਖੁਦ ਨਾਲ ਕਰਨ ਲਈ ਉਤਸ਼ਾਹਤ ਕਰਨ। ਇਹ ਗਲਤ ਹੈ ਕਿ ਜਿਵੇਂ ਅਮਿਤ ਨੇ 80 ਫੀਸਦੀ ਨੰਬਰ ਲਏ, ਤੂੰ 90 ਫੀਸਦੀ ਲੈਣੇ ਹੋਣਗੇ। ਸਗੋਂ ਬੱਚੇ ਦੇ ਮਨੋਬਲ ਤੇ ਆਤਮਵਿਸ਼ਵਾਸ ਨੂੰ ਬੜਾਵਾ ਦੇਣ ਲਈ ਹਰ ਸੰਭਵ ਯਤਨ ਕਰਨੇ ਹੋਣਗੇ।


-ਪ੍ਰੀਤ ਨਗਰ (ਅੰਮ੍ਰਿਤਸਰ)-143109. ਮੋਬਾ: 98140-82217

ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?

ਕੀ ਕਰੀਏ : * ਫਰਨੀਚਰ ਦੀ ਉਮਰ ਵਧਾਉਣ ਲਈ ਸਭ ਤੋਂ ਜ਼ਰੂਰੀ ਹੈ ਉਸ ਦੀ ਸਹੀ ਦੇਖਭਾਲ ਅਤੇ ਸਾਫ਼-ਸਫ਼ਾਈ। ਸਾਫ਼-ਸਫ਼ਾਈ ਦਾ ਇਹ ਅਰਥ ਨਹੀਂ ਹੈ ਕਿ ਪਾਣੀ ਵਿਚ ਕੱਪੜਾ ਭਿਉਂਤਾ ਅਤੇ ਸਾਰੇ ਫਰਨੀਚਰ 'ਤੇ ਘੁਮਾ ਦਿੱਤਾ। ਅਜਿਹਾ ਕਰਨ ਨਾਲ ਫਰਨੀਚਰ ਦੀ ਪਾਲਿਸ਼ ਖਰਾਬ ਹੋ ਜਾਂਦੀ ਹੈ।
* ਫਰਨੀਚਰ ਨੂੰ ਸਾਫ਼-ਸੁਥਰਾ ਅਤੇ ਚਮਕਦਾਰ ਬਣਾਉਣ ਲਈ ਜ਼ਰੂਰੀ ਹੈ ਕਿ ਸਾਲ ਵਿਚ ਇਕ ਜਾਂ ਦੋ ਵਾਰ ਬੀਜਵੈਕਸ ਪਾਲਿਸ਼ ਫਰਨੀਚਰ 'ਤੇ ਕਰਵਾਓ। ਇਸ ਨਾਲ ਫਰਨੀਚਰ ਦੀ ਉਮਰ ਤਾਂ ਵਧਦੀ ਹੈ, ਨਾਲ ਹੀ ਫਰਨੀਚਰ ਦੀ ਨਵੀਂ ਦਿੱਖ ਹਮੇਸ਼ਾ ਬਣੀ ਰਹਿੰਦੀ ਹੈ।
* ਫਰਨੀਚਰ ਦੀ ਸਮੇਂ ਸਿਰ ਮੁਰੰਮਤ ਕਰਾਉਣੀ ਜ਼ਰੂਰੀ ਹੈ। ਫਰਨੀਚਰ ਵਿਚ ਕਿਤੇ ਵੀ ਤਰੇੜ ਆਉਣ 'ਤੇ ਜਾਂ ਸਨਮਾਈਕਾ ਉਤਰ ਜਾਣ 'ਤੇ ਜਾਂ ਢਿੱਲਾ ਹੋਣ 'ਤੇ ਉਸ ਨੂੰ ਸਮੇਂ ਸਿਰ ਠੀਕ ਕਰਵਾਉਣ ਲੈਣ ਨਾਲ ਫਰਨੀਚਰ ਦੀ ਦਿੱਖ ਠੀਕ ਬਣੀ ਰਹਿੰਦੀ ਹੈ।
* ਜੇ ਫਰਨੀਚਰ ਵਿਚ ਕਿਤੇ ਵੀ ਸਕ੍ਰੈਚ ਨਜ਼ਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਇਸ ਗੱਲ 'ਤੇ ਧਿਆਨ ਦਿਓ ਕਿ ਸਕ੍ਰੈਚ ਕਿੰਨਾ ਡੂੰਘਾ ਹੈ। ਜੇ ਇਹ ਸਿਰਫ ਉਪਰਲੀ ਸਤਹ 'ਤੇ ਹੈ ਤਾਂ ਉਸ ਨੂੰ ਭਰਨ ਲਈ ਹਲਕਾ ਰੰਗ, ਵੈਕਸ ਅਤੇ ਵਾਰਨਿਸ਼ ਦੀ ਵਰਤੋਂ ਕਰਕੇ ਉਸ ਨੂੰ ਠੀਕ ਕਰ ਲਓ। ਨਿਸ਼ਾਨ ਨੂੰ ਢਕਣ ਲਈ ਵੀ ਵੈਕਸ ਪਾਲਿਸ਼ ਕਰ ਦਿਓ।
ਕੀ ਨਾ ਕਰੀਏ : * ਕਦੇ ਵੀ ਫਰਨੀਚਰ ਨੂੰ ਸੇਕ ਵਾਲੀ ਜਗ੍ਹਾ 'ਤੇ ਨਾ ਰੱਖੋ। ਇਸ ਨਾਲ ਫਰਨੀਚਰ ਦੀ ਨਮੀ ਉਡ ਜਾਂਦੀ ਹੈ ਅਤੇ ਉਹ ਖਰਾਬ ਹੋਣ ਲਗਦਾ ਹੈ। ਨਾਲ ਹੀ ਉਸ ਦਾ ਆਕਾਰ ਵੀ ਵਿਗੜ ਜਾਂਦਾ ਹੈ।
* ਹਾਈਰੇਂਜ ਲਾਈਟਸ ਚਾਹੇ ਕੁਦਰਤੀ ਹੋਵੇ ਜਾਂ ਬਣਾਉਟੀ, ਲੱਕੜੀ ਦੇ ਫਰਨੀਚਰ ਲਈ ਨੁਕਸਾਨਦਾਇਕ ਹੁੰਦੀ ਹੈ। ਇਸ ਕਾਰਨ ਫਰਨੀਚਰ ਦੀ ਪਾਲਿਸ਼ ਦੀ ਚਮਕ ਹਲਕੀ ਪੈ ਜਾਂਦੀ ਹੈ। ਤੇਜ਼ ਰੌਸ਼ਨੀ ਨਾਲ ਫਰਨੀਚਰ ਨੂੰ ਬਚਾਉਣ ਲਈ ਪਰਦਿਆਂ ਅਤੇ ਬਲਾਇੰਡਸ ਦੀ ਵਰਤੋਂ ਕਰੋ।
* ਦਾਗ-ਧੱਬੇ ਹਟਾਉਣ ਲਈ ਕਿਸੇ ਵੀ ਤਰ੍ਹਾਂ ਦੇ ਬਲੀਚ ਦੀ ਵਰਤੋਂ ਨਾ ਕਰੋ।
* ਫਰਨੀਚਰ ਤੋਂ ਮੋਮਬੱਤੀ ਦੇ ਨਿਸ਼ਾਨ ਹਟਾਉਣ ਲਈ ਕਿਸੇ ਵੀ ਸਖ਼ਤ ਚੀਜ਼ ਨਾਲ ਨਾ ਰਗੜੋ, ਕਿਉਂਕਿ ਇਸ ਨਾਲ ਫਰਨੀਚਰ 'ਤੇ ਝਰੀਟ ਪੈ ਸਕਦੀ ਹੈ। ਇਸ ਲਈ ਪ੍ਰੈੱਸ ਗਰਮ ਕਰੋ ਅਤੇ ਚਿੱਟੇ ਕੱਪੜੇ ਨੂੰ ਸਪਾਟ 'ਤੇ ਰੱਖੋ, ਤਾਂ ਕਿ ਗਰਮੀ ਨਾਲ ਮੋਮ ਪਿਘਲ ਕੇ ਕੱਪੜੇ 'ਤੇ ਆ ਜਾਵੇ ਅਤੇ ਫਰਨੀਚਰ ਦੀ ਉਪਰਲੀ ਸਤਹ ਬਿਲਕੁਲ ਸਾਫ਼ ਹੋ ਜਾਵੇ।
ਥੋੜ੍ਹੀ ਜਿਹੀ ਸਾਵਧਾਨੀ ਅਤੇ ਸਮਝਦਾਰੀ ਨਾਲ ਤੁਸੀਂ ਫਰਨੀਚਰ ਨੂੰ ਸਦਾਬਹਾਰ ਬਣਾਈ ਰੱਖ ਸਕਦੇ ਹੋ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX