ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  11 minutes ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  13 minutes ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  28 minutes ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  51 minutes ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 1 hour ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 1 hour ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 1 hour ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 1 hour ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 2 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 1 hour ago
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਮੌਸਮੀ ਤਬਦੀਲੀ- ਕੁਦਰਤ ਹਰ ਰੋਜ਼ ਦੇ ਰਹੀ ਚਿਤਾਵਨੀ

ਪਿਛਲੇ ਕਈ ਦਿਨਾਂ ਤੋਂ ਸੂਬੇ 'ਚ ਅਤੇ ਨਾਲ ਲਗਦੇ ਇਲਾਕਿਆਂ ਵਿਚ ਪੈ ਰਹੀ ਬਰਸਾਤ ਨੇ ਜਨ-ਜੀਵਨ ਦੀ ਚਾਲ ਨੂੰ ਮੱਠਾ ਕੀਤਾ ਹੈ ਅਤੇ ਕਿਸਾਨਾਂ ਖਾਸ ਕਰਕੇ ਆਲੂ ਉਤਪਾਦਕਾਂ ਦੀਆਂ ਮੁਸ਼ਕਿਲਾਂ 'ਚ ਅਥਾਹ ਵਾਧਾ ਕੀਤਾ ਹੈ | ਇਸ ਬੇਮੌਸਮੀ ਬਰਸਾਤ ਦੀ ਝੜੀ ਨੇ ਵਿਗਿਆਨਕਾਂ ਤੇ ਵਾਤਾਵਰਨ ਪ੍ਰੇਮੀਆਂ ਦੇ ਨਾਲ ਬੁੱਧੀਜੀਵੀਆਂ ਨੂੰ ਚਿੰਤਨ ਕਰਨ 'ਤੇ ਮਜਬੂਰ ਕੀਤਾ ਹੈ | ਪਿਛਲੇ ਦਿਨੀਂ ਹੀ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਅਤੇ ਨਾਲ ਲਗਦੇ ਇਲਾਕੇ 'ਚ ਪਹਾੜੀ ਖੇਤਰ ਦੀ ਤਰਜ਼ 'ਤੇ ਬਰਫਬਾਰੀ ਦੇਖਣ ਨੂੰ ਮਿਲੀ ਜਿਸ ਨੇ ਫ਼ਸਲਾਂ ਦੀ ਬਰਬਾਦੀ 'ਚ ਕੋਈ ਕਸਰ ਨਹੀਂ ਛੱਡੀ ਸੀ | ਮੌਸਮ 'ਚ ਆਈ ਇਹ ਤਬਦੀਲੀ ਇਕਦਮ ਹੀ ਨਹੀਂ ਵਾਪਰੀ ਸਗੋਂ ਲੰਮੇ ਸਮੇ ਤੋਂ ਵਧ ਰਹੇ ਪ੍ਰਦੂਸ਼ਣ ਅਤੇ ਮਨੁੱਖੀ ਗਲਤੀਆਂ ਦਾ ਨਤੀਜਾ ਹੈ | ਇਨ੍ਹਾਂ ਗੁਨਾਹਾਂ ਦੀ ਸਜ਼ਾ ਸਮੁੱਚੀ ਮਨੁੱਖਤਾ ਚੁਕਾਉਣ ਲਈ ਮਜਬੂਰ ਹੈ | ਦੇਸ਼ ਦੇ ਮੌਸਮ ਵਿਭਾਗ ਨੇ ਆਉਣ ਵਾਲੇ ਸਮੇ 'ਚ ਤਾਪਮਾਨ ਔਸਤ ਤਾਪਮਾਨ ਤੋਂ ਜ਼ਿਆਦਾ ਰਹਿਣ ਦੀ ਸ਼ੰਕਾ ਜਤਾਈ ਹੈ | ਮੌਸਮ 'ਚ ਆਈ ਇਕਦਮ ਤਬਦੀਲੀ ਆਲਮੀ ਤਪਸ਼ ਨਾਲ ਜੁੜੇ ਸੰਭਾਵੀ ਖਤਰਿਆਂ ਨੂੰ ਬਿਆਨ ਕਰ ਰਹੀ ਹੈ | 19ਵੀ ਸਦੀ ਦੇ ਅੰਤ 'ਚ ਉਦਯੋਗਿਕ ਕ੍ਰਾਂਤੀ ਕਾਰਨ ਧਰਤੀ ਦੇ ਵਾਤਾਵਰਨ ਅਤੇ ਸਮੁੰਦਰੀ ਜੀਵਨ 'ਚ ਵਧੇ ਤਾਪਮਾਨ ਨੂੰ ਆਲਮੀ ਤਪਸ਼ ਦਾ ਨਾਂਅ ਦਿੱਤਾ ਗਿਆ ਸੀ |
ਵਧਦੇ ਪ੍ਰਦੂਸ਼ਣ ਅਤੇ ਕਾਰਬਨਡਾਈਆਕਸਾਈਡ ਗੈਸ ਦੀ ਵਧੇਰੇ ਮਾਤਰਾ ਨੇ ਹਰਾ ਗ੍ਰਹਿ ਪ੍ਰਭਾਵ ਨੂੰ ਜਨਮ ਦਿੱਤਾ ਹੈ ਅਤੇ ਆਲਮੀ ਤਪਸ਼ ਦਾ ਖ਼ਤਰਾ ਵਧਾ ਦਿੱਤਾ ਹੈ | ਕਾਰਬਨਡਾਈਆਕਸਾਈਡ ਗੈਸ 'ਚ ਪਰਾਬੈਂਗਣੀ ਕਿਰਨਾਂ ਨੂੰ ਸੋਖਣ ਦੀ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਤਾਪਮਾਨ ਬਹੁਤ ਵਧ ਜਾਂਦਾ ਹੈ | ਜਿੰਨੀ ਇਸ ਗੈਸ ਦੀ ਮਾਤਰਾ ਵੱਧ ਹੋਵੇਗੀ ਉਨ੍ਹੀਆਂ ਹੀ ਪਰਾਬੈਂਗਣੀ ਕਿਰਨਾਂ ਦਾ ਸੋਖਣ ਜ਼ਿਆਦਾ ਹੋਵੇਗਾ | ਨਤੀਜੇ ਵਜੋਂ ਧਰਤੀ ਅਤੇ ਸਮੁੰਦਰਾਂ ਦੇ ਤਾਪਮਾਨ 'ਚ ਵਾਧਾ ਹੋਵੇਗਾ | ਅਜੋਕੇ ਦੌਰ 'ਚ ਇਹੀ ਵਰਤਾਰਾ ਵਾਪਰ ਰਿਹਾ ਹੈ | ਵਿਕਾਸਸ਼ੀਲ ਦੇਸ਼ਾਂ ਦੇ ਨਾਲ ਵਿਕਸਿਤ ਦੇਸ਼ਾਂ ਨੇ ਵੀ ਧੜਾਧੜ ਹਰਾ ਗ੍ਰਹਿ ਪ੍ਰਭਾਵ ਦੀਆਂ ਗੈਸਾਂ ਨੂੰ ਉਪਜਾਇਆ ਹੈ, ਉਂਜ ਸਾਰੇ ਇਨ੍ਹਾਂ ਨੂੰ ਘਟਾਉਣ ਦੀ ਹਟ ਲਗਾਉਂਦੇ ਹਨ ਪਰ ਹਕੀਕਤ 'ਚ ਇਹ ਦਿਖਾਵਾ ਮਾਤਰ ਹੈ | ਇਕੱਲਾ ਅਮਰੀਕਾ ਹੀ ਵਿਸ਼ਵ ਦੇ ਕਈ ਦੇਸ਼ਾਂ ਜਿੰਨੀ ਕਾਰਬਨਡਾਈਆਕਸਾਈਡ ਗੈਸ ਉਪਜਾ ਰਿਹਾ ਹੈ |
ਵਧਦੀਆਂ ਜ਼ਹਿਰੀਲੀਆਂ ਗੈਸਾਂ ਅਤੇ ਧੂੜ ਨੇ ਧਰਤੀ ਨੂੰ ਵਧੇਰੇ ਗਰਮ ਹੋਣ ਲਈ ਮਜਬੂਰ ਕੀਤਾ ਹੈ, ਹਰ ਸਾਲ ਤਾਪਮਾਨ ਲਗਭਗ 0.6 ਸੈਲੀਅਸ ਦੀ ਦਰ ਨਾਲ ਵਧ ਰਿਹਾ ਹੈ | ਆਉਣ ਵਾਲੇ ਸਮੇਂ 'ਚ ਧਰਤੀ ਦਾ ਤਾਪਮਾਨ ਦੋ ਤੋਂ ਚਾਰ ਡਿਗਰੀ ਸੈਲਸੀਅਸ ਵਧ ਜਾਵੇਗਾ | ਇਸੇ ਕਰਕੇ ਗਲੇਸ਼ੀਅਰਾਂ ਦਾ ਪਿਘਲਣਾ ਜਾਰੀ ਹੈ, ਹਿਮਾਲਿਆ 'ਚ ਸਥਿਤ ਗੰਗੋਤਰੀ ਗਲੇਸੀਅਰ ਦੇ ਪਿਘਲਣ ਦੀ ਦਰ ਹੁਣ ਤੀਹ ਮੀਟਰ ਪ੍ਰਤੀ ਸਾਲ ਹੈ | ਸਮੁੰਦਰਾਂ 'ਚ ਬਰਫ ਦੇ ਤੋਦਿਆਂ ਦਾ ਮਿਲਣਾ ਆਮ ਜਿਹੀ ਗੱਲ ਹੋ ਗਈ ਹੈ | ਇਸ ਦੇ ਫਲ਼ਸਰੂਪ ਸਮੁੰਦਰਾਂ ਦੇ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਕਰਕੇ ਹੜ੍ਹ, ਸੁਨਾਮੀ ਆਦਿ ਖਤਰਿਆਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ | ਪਿਛਲੇ ਸਮੇ ਦੌਰਾਨ ਸੁਨਾਮੀ ਅਤੇ ਹੋਰ ਅਣਗਿਣਤ ਕੁਦਰਤੀ ਆਫਤਾਂ ਇਸਦੀ ਮੂੰਹ ਬੋਲਦੀ ਤਸਵੀਰ ਹੈ | ਗਲੇਸ਼ੀਅਰਾਂ ਦੇ ਅਨਿਯਮਤ ਮਾਤਰਾ 'ਚ ਪਿਘਲਣ ਕਾਰਨ ਉੱਥੇ ਰਹਿਣ ਵਾਲੀ ਰਿੱਛਾਂ ਦੀ ਪ੍ਰਜਾਤੀ ਆਲੋਪ ਹੋਣ ਕੰਢੇ ਪਹੁੰਚ ਚੁੱਕੀ ਹੈ | ਪ੍ਰਜਣਨ ਦੇ ਸਹੀ ਹਾਲਾਤ ਅਤੇ ਵਾਤਾਵਰਨ 'ਚ ਲਗਾਤਾਰ ਹੋ ਰਹੇ ਬਦਲਾਵਾਂ ਕਾਰਨ ਉਹ ਗੰਭੀਰ ਸਥਿਤੀ ਵਿਚੀਂ ਗੁਜ਼ਰ ਰਹੇ ਹਨ |
ਮਨੁੱਖ ਨੇ ਆਪਣੇ ਚੰਦ ਮੁਨਾਫੇ ਅਤੇ ਕੁਝ ਸਮੇ ਦੀ ਖੁਸ਼ੀ ਲਈ ਸਾਰਿਆਂ ਲਈ ਕੰਡੇ ਬੀਜੇ ਹਨ | ਪ੍ਰਦੂਸ਼ਿਤ ਹੋ ਰਹੇ ਹਵਾ, ਪਾਣੀ ਨੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਚੁਣੌਤੀ ਦਿੱਤੀ ਹੈ | ਪ੍ਰਦੂਸ਼ਣ ਕਾਰਨ ਉਪਜਦੀਆਂ ਜ਼ਹਿਰੀਲੀਆਂ ਗੈਸਾਂ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ ਆਦਿ ਵਾਤਾਵਰਨ ਨੂੰ ਦੂਸ਼ਿਤ ਕਰ ਰਹੀਆਂ ਹਨ | ਬੱਚੇ, ਬਜ਼ੁਰਗ ਅਤੇ ਸਾਹ ਦਮੇ ਦੇ ਮਰੀਜ਼ਾਂ ਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ | ਉਨ੍ਹਾਂ ਨੂੰ ਸਾਹ ਲੈਣ ਵਿਚ ਬੜੀ ਦਿੱਕਤ ਆਉਂਦੀ ਹੈ | ਤੰਦਰੁਸਤ ਲੋਕਾਂ ਨੂੰ ਵੀ ਸਾਹ ਲੈਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ | ਅੱਖਾਂ ਤੇ ਗਲੇ ਵਿਚ ਜਲਣ ਦੀ ਸਮੱਸਿਆ ਬਹੁਤ ਵਧ ਜਾਂਦੀ ਹੈ | ਹਵਾ ਵਿਚ ਬੇਲੋੜੇ ਧੂੜ ਕਣਾਂ ਤੇ ਗੈਸਾਂ ਦੀ ਮਾਤਰਾ ਵਧਣ ਨੇ ਧਰਤੀ ਨੂੰ ਵਧੇਰੇ ਗਰਮ ਹੋਣ ਲਈ ਮਜਬੂਰ ਕੀਤਾ ਹੈ ਜਿਸ ਨੇ ਆਲਮੀ ਤਪਸ਼ ਦਾ ਖ਼ਤਰਾ ਵਧਾ ਦਿੱਤਾ ਹੈ | ਹਵਾ ਸਭ ਤੋਂ ਵੱਧ ਹਵਾ ਕਾਰਬਨ ਮੋਨੋਆਕਸਾਈਡ ਗੈਸ ਨਾਲ ਪ੍ਰਦੂਸ਼ਿਤ ਹੋ ਰਹੀ ਹੈ | ਇਸ ਦਾ ਹਵਾ ਪ੍ਰਦੂਸ਼ਣ ਵਿਚ 50 ਫੀਸਦੀ ਯੋਗਦਾਨ ਹੈ |
ਵਧਦੇ ਹਵਾ ਪ੍ਰਦੂਸ਼ਣ ਦੇ ਮਾੜੇ ਸਿੱਟੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਜਿਵੇਂ ਬੇਮੌਸਮੀ ਬਰਸਾਤ, ਤੇਜਾਬੀ ਵਰਖਾ ਆਦਿ | ਹਵਾ ਵਿਚ ਵਧਦੀ ਸਲਫਰ ਡਾਈਆਕਸਾਈਡ, ਨਾਈਟਰੋਜਨ ਅਕਸਾਈਡ, ਹਾਈਕਲੋਰਿਕ ਐਸਿਡ ਦੇ ਜ਼ਹਿਰੀਲੇ ਤੱਤਾਂ ਨੇ ਤੇਜ਼ਾਬੀ ਵਰਖਾ ਨੂੰ ਸੱਦਾ ਦਿੱਤਾ ਹੈ | ਹੁਣ ਤਕ ਸਭ ਤੋਂ ਤੇਜ਼ਾਬੀ ਵਰਖਾ ਪੱਛਮੀ ਵਰਜੀਨੀਆ ਵਿਚ ਹੋਈ ਜਿਸਦਾ ਪੀਐਚ ਮੁੱਲ 1.5 ਸੀ | ਜਰਮਨੀ, ਸਵੀਡਨ, ਰੋਮਾਨੀਆ ਅਤੇ ਪੋਲੈਂਡ ਜਿਹੇ ਦੇਸ਼ਾਂ ਵਿਚ 50 ਫੀਸਦੀ ਕੁਦਰਤੀ ਜੰਗਲ ਤੇਜ਼ਾਬੀ ਵਰਖਾ ਨੇ ਨਸ਼ਟ ਕਰ ਦਿੱਤੇ ਹਨ | ਇਸ ਨੇ ਤਾਂ ਤਾਜ ਮਹੱਲ ਨੂੰ ਵੀ ਨਹੀਂ ਬਖਸ਼ਿਆ | ਉਸ ਦੀ ਸੁੰਦਰਤਾ ਨੂੰ ਦਾਗ ਲੱਗਣੇ ਸ਼ੁਰੂ ਹੋ ਗਏ ਹਨ |
ਸੰਨ 1985 ਵਿਚ ਪਹਿਲੀ ਵਾਰ ਅੰਟਾਰਟਿਕਾ ਵਿਖੇ ਓਜ਼ੋਨ ਵਿਚ ਸੁਰਾਖ (ਓਜ਼ੋਨ ਦੀ ਘਣਤਾ ਘਟਣਾ) ਫਾਰਮੈਨ ਐਟ ਅਲ ਵਿਗਿਆਨੀ ਨੇ ਖੋਜਿਆ ਸੀ | ਸੰਨ 1992 ਵਿਚ ਇਹ ਸੁਰਾਖ ਤੇਈ ਮਿਲੀਅਨ ਵਰਗ ਕਿਲੋਮੀਟਰ ਸੀ ਤੇ 2002 ਵਿਚ 28 ਮਿਲੀਅਨ ਵਰਗ ਕਿਲੋਮੀਟਰ ਹੋ ਗਿਆ | ਇਕ ਛੋਟਾ ਸੁਰਾਖ 1990 ਵਿਚ ਉੱਤਰੀ ਧਰੁਵ 'ਤੇ ਵੀ ਵੇਖਿਆ ਗਿਆ ਸੀ | ਹੁਣ ਪਰਾਬੈਂਗਣੀ ਕਿਰਨਾਂ ਦਾ ਧਰਤੀ 'ਤੇ ਪਹੁੰਚਣਾ ਜਾਰੀ ਹੈ, ਜਿਸਦੇ ਗੰਭੀਰ ਨਤੀਜੇ ਸੁਣ ਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ | ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇ 'ਚ ਬਹੁਤ ਜ਼ਿਆਦਾ ਲੋਕ ਚਮੜੀ ਦੇ ਕੈਂਸਰ ਅਤੇ ਅੰਨ੍ਹੇਪਣ ਦਾ ਸ਼ਿਕਾਰ ਹੋ ਜਾਣਗੇ | ਪ੍ਰਮਾਣੂ ਤਜਰਬਿਆਂ ਤੇ ਸੁਰਖਿਆ ਦੇ ਸਾਜ਼ੋ-ਸਾਮਾਨ ਨੇ ਵੀ ਪ੍ਰਦੂਸ਼ਣ ਵਿਚ ਵਾਧਾ ਕੀਤਾ ਹੈ | ਪੁਲਾੜ 'ਚ ਫੈਲ ਰਹੇ ਈ ਕਚਰੇ ਨੇ ਵੀ ਪ੍ਰਦੂਸ਼ਣ ਨੂੰ ਚਰਮ ਸੀਮਾ 'ਤੇ ਪਹੁੰਚਾ ਕੇ ਰੱਖ ਦਿੱਤਾ ਹੈ |
ਬੇਮੌਸਮੀ ਗਰਮੀ ਸਰਦੀ ਨੇ ਫ਼ਸਲਾਂ ਦੇ ਝਾੜ ਉੱਪਰ ਵੀ ਡੂੰਘਾ ਅਸਰ ਪਾਇਆ ਹੈ | ਅਜੋਕੇ ਸਮੇ ਦੌਰਾਨ ਜਦ ਫ਼ਸਲਾਂ ਨੂੰ ਸਰਦੀ ਦੀ ਲੋੜ ਹੁੰਦੀ ਹੈ ਤਾਂ ਮੌਸਮ 'ਚ ਗਰਮੀ ਹੁੰਦੀ ਹੈ | ਪਿਛਲੇ ਸਮੇ ਦੇ ਮੁਕਾਬਲੇ ਅੱਜ ਸਰਦੀ ਦੇ ਮੌਸਮ ਦਾ ਵਕਫ਼ਾ ਕਾਫੀ ਘਟ ਗਿਆ ਹੈ | ਜਿਸ ਰਫਤਾਰ ਨਾਲ ਤਪਸ਼ ਵਧ ਰਹੀ ਹੈ, ਉਸ ਨੂੰ ਦੇਖ ਕੇ ਜਾਪਦਾ ਹੈ ਸਰਦੀ ਤਾਂ ਬਿਲਕੁਲ ਖਤਮ ਹੀ ਹੋ ਜਾਵੇਗੀ | ਇਸ ਪੂਰੇ ਵਰਤਾਰੇ ਕਾਰਨ ਫ਼ਸਲੀ ਚੱਕਰ ਦੇ ਨਾਲ ਜਲ ਚੱਕਰ ਵੀ ਗੜਬੜਾ ਗਿਆ ਹੈ | ਜਲ ਹੀ ਜੀਵਨ ਹੈ ਅਤੇ ਇਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ | ਗੁਰੂ ਸਾਹਿਬਾਨ ਨੇ ਪਾਣੀ ਨੂੰ ਪਿਤਾ ਆਖ ਕੇ ਵਡਿਆਇਆ ਹੈ | ਜਲ ਕੁਦਰਤ ਦਾ ਸਾਨੂੰ ਦਿੱਤਾ ਹੋਇਆ ਅਨਮੋਲ ਸਰਮਾਇਆ ਹੈ | ਪਾਣੀ ਹੀ ਬਨਸਪਤੀ ਅਤੇ ਜੀਵਾਂ ਦੀ ਆਧਾਰਸ਼ਿਲਾ ਹੈ ਤੇ ਇਸ ਦੀ ਗੈਰ-ਮੌਜੂਦਗੀ ਜੀਵਾਂ ਲਈ ਸੰਕਟ ਹੋ ਨਿੱਬੜਦੀ ਹੈ | ਪਾਣੀ ਦੀ ਉਪਲੱਬਧਤਾ 78 ਫੀਸਦੀ ਜਲ ਸਮੁੰਦਰਾਂ 'ਚ ਹੈ ਤੇ ਜ਼ਮੀਨਦੋਜ਼ ਪਾਣੀ 2 ਫੀਸਦੀ ਹੈ ਜੋ ਆਧੁਨਿਕ ਵਿਧੀਆਂ ਨਾਲ ਜ਼ਮੀਨ 'ਚੋਂ ਪ੍ਰਾਪਤ ਕੀਤਾ ਜਾਂਦਾ ਹੈ | ਜ਼ਮੀਨੀ ਪਾਣੀ ਦਾ ਡਿੱਗਦਾ ਪੱਧਰ ਅਤੇ ਜਲ ਸੋਮਿਆਂ 'ਚੋਂ ਪਾਣੀ ਦੀ ਘਟ ਰਹੀ ਮਾਤਰਾ ਨੇ ਦੇਸ਼ ਵਿਚ ਸੋਕੇ ਦਾ ਸੰਕਟ ਪੈਦਾ ਕੀਤਾ ਹੈ | ਪਿਛਲੇ ਕੁਝ ਸਮੇ ਦੌਰਾਨ ਦੇਸ਼ ਦੇ ਜਲ ਸੋਮਿਆਂ ਵਿਚ 23 ਫੀਸਦੀ ਪਾਣੀ ਦੀ ਗਿਰਾਵਟ ਪਾਈ ਗਈ ਹੈ ਜੋ ਆਉਣ ਵਾਲੇ ਸਮੇ ਲਈ ਚੰਗੇ ਸੰਕੇਤ ਨਹੀਂ ਹਨ | ਬਦਲਦੇ ਮੌਸਮੀ ਮਿਜਾਜ਼ ਅਤੇ ਆਬਾਦੀ ਦੇ ਬੋਝ ਨੇ ਇਸ ਜ਼ਮੀਨੀ ਪਾਣੀ ਨੂੰ ਢਾਹ ਲਗਾਈ ਹੈ | ਉਦਯੋਗਾਂ, ਖੇਤੀਬਾੜੀ ਅਤੇ ਘਰੇਲੂ ਲੋੜਾਂ ਲਈ ਪਾਣੀ ਦੀ ਅੰਨੇਵਾਹ ਵਰਤੋਂ ਨੇ ਦੁਨੀਆ ਲਈ ਪਾਣੀ ਦੀ ਥੁੜ ਦਾ ਸੰਕਟ ਪੈਦਾ ਕੀਤਾ ਹੈ | ਵਧਦੇ ਪ੍ਰਦੂਸ਼ਣ ਅਤੇ ਕੀਟਨਾਸ਼ਕਾਂ ਨੇ ਪਾਣੀ ਨੂੰ ਸਾਫ ਰਹਿਣ ਦੀ ਚੁਣੌਤੀ ਦਿੱਤੀ ਹੈ ਤੇ ਜਿਸ ਅੱਗੇ ਪਾਣੀ ਗੋਡੇ ਟੇਕਦਾ ਮਹਿਸੂਸ ਹੁੰਦਾ ਹੈ | ਇਸ ਲਈ ਲੋਕਾਈ ਪੀਣ ਵਾਲੇ ਸਾਫ ਪਾਣੀ ਤੋਂ ਵੀ ਵਾਂਝੀ ਹੋ ਰਹੀ ਹੈ ਅਤੇ ਭਾਰੀਆਂ ਧਾਤਾਂ ਦੇ ਮਿਸ਼ਰਣ ਵਾਲਾ ਪਾਣੀ ਪੀ ਕੇ ਮੌਤ ਨੂੰ ਸੱਦਾ ਦੇ ਰਹੀ ਹੈ |
ਸਾਡੇ ਦੇਸ਼ ਦੀ ਇਕ ਚੌਥਾਈ ਆਬਾਦੀ ਭਾਵ 33 ਕਰੋੜ ਲੋਕ ਸੋਕੇ ਦੀ ਮਾਰ ਹੇਠਾਂ ਹਨ | ਸਾਲ 2016 ਵਿਚ ਦੇਸ਼ ਦੇ 256 ਜ਼ਿਲ੍ਹੇ ਸੋਕੇ ਤੋਂ ਬੁਰੀ ਤਰ੍ਹਾਂ ਪੀੜਿਤ ਸਨ | ਮੌਨਸੂਨ ਦੀ ਅਨਿਯਮਤਾ ਅਤੇ ਤਪਸ਼ ਨੇ ਸੋਕੇ ਦੀ ਸਥਿਤੀ ਹੋਰ ਵੀ ਗੰਭੀਰ ਕਰ ਦਿੱਤੀ ਸੀ | ਦੇਸ਼ ਦੇ 12 ਸੂਬੇ ਸੋਕੇ ਨਾਲ ਜੂਝਣ ਲਈ ਮਜਬੂਰ ਸਨ ਜਿਨ੍ਹਾਂ ਵਿਚ ਉੱਤਰ ਪ੍ਰਦੇਸ਼ ਦੇ 75 ਜ਼ਿਲਿ੍ਹਆਂ 'ਚੋਂ 50 ਜ਼ਿਲ੍ਹੇ, ਉੜੀਸਾ ਦੇ 30 'ਚੋਂ 27, ਆਂਧਰਾ ਪ੍ਰਦੇਸ਼ ਦੇ 13 'ਚੋਂ 10, ਕਰਨਾਟਕ ਦੇ 30 'ਚੋਂ 27, ਛੱਤੀਸਗੜ੍ਹ ਦੇ 27 'ਚੋਂ 25, ਝਾਰਖੰਡ ਦੇ 24 'ਚੋਂ 22, ਤੇਲੰਗਾਨਾ ਦੇ 10 'ਚੋਂ 7, ਮੱਧ ਪ੍ਰਦੇਸ਼ ਦੇ 51 'ਚੋਂ 46, ਮਹਾਰਾਸ਼ਟਰ ਦੇ 36 'ਚੋਂ 21 ਅਤੇ ਰਾਜਸਥਾਨ ਦੇ 33 'ਚੋਂ 19 ਜ਼ਿਲ੍ਹੇ ਪਾਣੀ ਦੇ ਗੰਭੀਰ ਸੰਕਟ 'ਚ ਸਨ | ਦੇਸ਼ ਦੇ ਮਹਾਰਾਸ਼ਟਰ ਸੂਬੇ ਵਿਚ ਮਰਾਠਵਾੜਾ ਬੁਰੀ ਤਰ੍ਹਾਂ ਪ੍ਰਭਾਵਿਤ ਸੀ ਅਤੇ ਲੋਕ ਬੂੰਦ-ਬੂੰਦ ਪਾਣੀ ਲਈ ਤਰਸ ਰਹੇ ਸਨ | ਪਾਣੀ ਦੀ ਰਾਖੀ ਕਰਦੇ ਲੋਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਚ ਨਸ਼ਰ ਹੋਈਆਂ ਸਨ | ਉਨ੍ਹਾਂ ਨੂੰ ਦੇਖ ਕੇ ਲਗਦਾ ਸੀ ਅਗਰ ਪਹਿਲਾਂ ਮੌਕਾ ਸੰਭਾਲਿਆ ਹੁੰਦਾ ਤਾਂ ਸ਼ਾਇਦ ਇਹ ਨੌਬਤ ਨਾ ਹੀ ਆਉਂਦੀ | ਜਿਸ ਹਿਸਾਬ ਨਾਲ ਅਜੋਕੇ ਹਾਲਾਤ ਉੱਭਰ ਰਹੇ ਹਨ ਤਾਂ ਭਵਿੱਖ 'ਚ ਹੋਰ ਵੀ ਗੰਭੀਰ ਸਥਿਤੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ |
ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ ਆਲਮੀ ਤਪਸ਼ ਦੇ ਵਧਦੇ ਵਰਤਾਰੇ ਨੂੰ ਰੋਕਣ ਲਈ ਸਵਾਰਥੀ ਹਿਤਾਂ ਨੂੰ ਤਿਆਗ ਦੇਣਾ ਚਾਹੀਦਾ ਹੈ | ਲੋਕਾਈ ਨੂੰ ਇਸ ਨਾਲ ਜੁੜੇ ਸੰਭਾਵੀ ਖਤਰਿਆਂ ਨੂੰ ਹੁਣ ਤਾਂ ਭਾਂਪ ਲੈਣਾ ਚਾਹੀਦਾ ਹੈ ਕਿ ਕੁਦਰਤ ਨਾਲ ਕੀਤੀ ਛੇੜਛਾੜ ਕਿਸ ਕਦਰ ਮਹਿੰਗੀ ਪੈ ਸਕਦੀ ਹੈ | ਉਸ ਨੂੰ ਕੁਦਰਤ ਨੇ ਆਪ ਵੀ ਬਹੁਤ ਵਾਰ ਸਮਝਾ ਦਿੱਤਾ ਹੈ | ਕੁਦਰਤ ਹਰ ਰੋਜ਼ ਚਿਤਾਵਨੀ 'ਤੇ ਚਿਤਾਵਨੀ ਦੇ ਰਹੀ ਹੈ ਪਰ ਮਨੁੱਖ ਅਣਗਹਿਲੀਵਸ ਉਸ ਨੂੰ ਅਣਗੌਲਿਆ ਕਰ ਰਿਹਾ ਹੈ | ਇਹੀ ਲਾਪ੍ਰਵਾਹੀ ਉਸ ਨੂੰ ਵਿਨਾਸ਼ ਵੱਲ ਲੈ ਕੇ ਜਾ ਰਹੀ ਹੈ |

-ਪਿੰਡ ਤੇ ਡਾਕ: ਚੱਕ ਬਖਤੂ, ਤਹਿ: ਤੇ ਜ਼ਿਲ੍ਹਾ ਬਠਿੰਡਾ-151101
ਸੰਪਰਕ : 94641-72783 gurtejsingh72783@gmail.com


ਖ਼ਬਰ ਸ਼ੇਅਰ ਕਰੋ

ਵਧ ਰਿਹਾ ਹੈ ਡਾਂਸ ਫਿਟਨੈੱਸ ਕਲੱਬਾਂ ਦਾ ਰੁਝਾਨ

ਪੁਰਾਣੇ ਸਮਿਆਂ 'ਚ ਸਰੀਰਕ ਤੰਦਰੁਸਤੀ ਲਈ ਨੌਜਵਾਨ ਖੁੱਲ੍ਹੀਆਂ ਥਾਵਾਂ ਵਿਚ ਕਬੱਡੀ ਤੇ ਹੋਰ ਖੇਡਾਂ ਖੇਡਣ ਦੇ ਨਾਲ-ਨਾਲ ਪੱਥਰ ਚੁੱਕਣ, ਬੋਰੀ ਚੁੱਕਣ ਤੇ ਦੰਡ-ਬੈਠਕਾਂ ਮਾਰਨ ਨੂੰ ਤਰਜੀਹ ਦਿੰਦੇ ਸਨ | ਫਿਰ ਖੇਡ ਮੈਦਾਨਾਂ ਤੇ ਸਟੇਡੀਅਮਾਂ ਦਾ ਸਮਾਂ ਆਇਆ | ਨਾਲ ਹੀ ਕਈ ਖੇਡਾਂ ਪ੍ਰਚਲਿਤ ਹੋਈਆਂ ਤੇ ਕਈ ਖੇਡਾਂ 'ਚ ਵੱਡੀ ਤਬਦੀਲੀ ਵੀ ਆਈ | ਇਸ ਬਦਲਾਅ 'ਚ ਕਰੀਬ ਦੋ ਕੁ ਦਹਾਕੇ ਪਹਿਲਾਂ ਸਰੀਰ ਦੀ ਸੁੰਦਰ ਦਿੱਖ ਦਿਖਾਉਣ ਦਾ ਨੌਜਵਾਨਾਂ 'ਚ ਰੁਝਾਨ ਸ਼ੁਰੂ ਹੋਇਆ | ਸਮੇਂ ਦੇ ਨਾਲ ਸ਼ਹਿਰਾਂ ਤੇ ਕਸਬਿਆਂ ਅੰਦਰ ਵੱਡੀ ਪੱਧਰ 'ਤੇ ਨਿੱਜੀ ਹੈਲਥ ਕਲੱਬ ਖੁੱਲ੍ਹੇ, ਜਿਨ੍ਹਾਂ 'ਚ ਸਵੇਰ ਅਤੇ ਸ਼ਾਮ ਵੇਲੇ ਨੌਜਵਾਨ ਜਾ ਕੇ ਮਸ਼ੀਨਾਂ ਦੀ ਮਦਦ ਕਸਰਤ ਕਰਕੇ ਆਪਣੇ ਸਰੀਰ ਨੂੰ ਸੰੁਦਰ ਦਿੱਖ ਦੇਣ ਲਈ ਪੂਰੀ ਵਾਹ ਲਗਾਉਂਦੇ ਹਨ | ਇੱਥੋਂ ਤੱਕ ਕਿ ਇਸ ਦੇ ਲਈ ਅਨੇਕਾਂ ਨੌਜਵਾਨ ਕਈ ਤਰ੍ਹਾਂ ਦੇ ਹੈਲਥ ਪ੍ਰੋਡਕਟਸ ਵੀ ਖਾਂਦੇ ਹਨ | ਇਸੇ ਦੌਰਾਨ ਕਈ ਲੋਕ ਮੋਟਾਪਾ ਘਟਾਉਣ ਲਈ ਵੀ ਹੈਲਥ ਕਲੱਬਾਂ 'ਚ ਪਹੁੰਚ ਗਏ | ਸਮੇਂ ਦੀ ਮੰਗ ਨੂੰ ਦੇਖਦਿਆਂ ਕਈ ਥਾਵਾਂ 'ਤੇ ਔਰਤਾਂ ਲਈ ਵੱਖਰੇ ਤੌਰ 'ਤੇ ਹੈਲਥ ਕਲੱਬ ਵੀ ਖੁੱਲ੍ਹੇ | ਪਰ ਹੁਣ ਹੈਲਥ ਕਲੱਬਾਂ ਦੀ ਥਾਂ 'ਤੇ ਡਾਂਸ ਫਿਟਨੈੱਸ ਕਲੱਬਾਂ ਦਾ ਰੁਝਾਨ ਵਧਣ ਲੱਗਾ ਹੈ | ਸਿਰਫ਼ ਨੌਜਵਾਨ ਹੀ ਨਹੀਂ, ਸਗੋਂ ਹਰ ਉਮਰ ਵਰਗ ਦੇ ਲੋਕ ਇਨ੍ਹਾਂ ਡਾਂਸ ਫਿਟਨੈੱਸ ਕਲੱਬਾਂ ਵੱਲ ਆਕਰਸ਼ਿਤ ਹੋਣ ਲੱਗੇ ਹਨ | ਅਜਿਹੇ ਕਲੱਬਾਂ ਦੀ ਗਿਣਤੀ ਪੂਰੇ ਦੇਸ਼ ਅਤੇ ਖ਼ਾਸ ਕਰਕੇ ਪੰਜਾਬ ਅੰਦਰ ਤੇਜ਼ੀ ਨਾਲ ਵਧਣ ਲੱਗੀ ਹੈ | ਕੁੱਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਅਜਿਹੇ ਡਾਂਸ ਫਿਟਨੈੱਸ ਕਲੱਬਾਂ ਦਾ ਪ੍ਰਚਾਰ ਤੇ ਪਸਾਰ ਤੇਜ਼ੀ ਨਾਲ ਹੋ ਰਿਹਾ ਹੈ | ਕਲੱਬਾਂ ਵਲੋਂ ਆਪਣੇ ਕੋਚਾਂ ਦੇ ਨਾਲ ਅਤੇ ਕੋਚਾਂ ਦੇ ਬਿਨਾਂ ਪੰਜਾਬੀ ਗੀਤਾਂ 'ਤੇ ਕਮਾਲ ਦੀ ਚੁਸਤੀ-ਫੁਰਤੀ ਅਤੇ ਸਟੈੱਪ ਦਰਸਾਉਂਦੇ ਡਾਂਸ ਜਾਂ ਭੰਗੜੇ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਹਨ | ਬਹੁ-ਗਿਣਤੀ ਵੀਡੀਓਜ਼ 'ਚ ਜਵਾਨ ਮੁੰਡੇ-ਕੁੜੀਆਂ ਹੀ ਦਿਖਾਈ ਦਿੰਦੇ ਹਨ ਅਤੇ ਇਹ ਵੀਡੀਓਜ਼ ਇੰਨੀਆਂ ਆਕਰਸ਼ਿਤ ਹਨ ਕਿ ਦੇਖਣ ਵਾਲਾ ਵੀ ਹੈਰਾਨ ਰਹਿ ਜਾਂਦਾ ਹੈ | ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਇਹ ਗੱਲ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਰੁਝਾਨ ਵਿਦੇਸ਼ਾਂ ਤੋਂ ਪੰਜਾਬ ਅੰਦਰ ਆਇਆ ਹੈ | ਪਰ ਹੁਣ ਇਸ ਦਾ ਜਾਦੂ ਅਨੇਕਾਂ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਕਿਉਂਕਿ ਬਹੁ ਗਿਣਤੀ ਵੀਡੀਓਜ਼ ਦਾ ਫ਼ਿਲਮਾਂਕਣ ਪੰਜਾਬੀ ਗੀਤਾਂ ਨਾਲ ਹੀ ਕੀਤਾ ਗਿਆ ਹੈ | ਲੋਕ ਇਸ ਨੂੰ ਸਰੀਰ ਦੇ ਨਾਲ-ਨਾਲ ਮਾਨਸਿਕ ਤੰਦਰੁਸਤੀ ਦਾ ਵੱਡਾ ਸਾਧਨ ਮੰਨ ਰਹੇ ਹਨ | ਇਸ ਦਾ ਇਕ ਪੱਖ ਇਹ ਵੀ ਹੈ ਕਿ ਕਸਰਤ ਕਰਨ ਲਈ ਬਹੁਤੀਆਂ ਮਹਿੰਗੀਆਂ ਮਸ਼ੀਨਾਂ ਲੈਣ ਲਈ ਲੱਖਾਂ ਰੁਪਏ ਖ਼ਰਚਣ ਦੀ ਬਜਾਏ ਹੁਣ ਸਿਰਫ਼ ਇਕ ਹਾਲ ਅਤੇ ਚੰਗੇ ਸਾਊਾਡ ਸਿਸਟਮ ਦੇ ਨਾਲ-ਨਾਲ ਇਕ ਡਾਂਸ ਜਾਂ ਭੰਗੜਾ ਕੋਚ ਰੱਖ ਕੇ ਹੀ ਅਜਿਹੇ ਡਾਂਸ ਫਿਟਨੈੱਸ ਕਲੱਬ ਖੋਲ੍ਹੇ ਜਾ ਰਹੇ ਹਨ | ਇਥੋਂ ਤੱਕ ਕਿ ਅਜਿਹੇ ਕਲੱਬਾਂ ਵਲੋਂ ਆਪਣੀਆਂ ਵੀਡੀਓਜ਼ ਹਾਲ ਦੇ ਨਾਲ-ਨਾਲ ਖੁੱਲ੍ਹੇ ਥਾਵਾਂ 'ਤੇ ਫ਼ਿਲਮਾਂ ਕੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ | ਵਿਦੇਸ਼ਾਂ ਤੋਂ ਬਾਅਦ ਹੁਣ ਪੰਜਾਬ ਅੰਦਰ ਵੀ ਅਜਿਹੇ ਡਾਂਸ ਫਿਟਨੈੱਸ ਕਲੱਬ ਖੁੱਲ੍ਹਣੇ ਸ਼ੁਰੂ ਹੋ ਗਏ ਹਨ ਅਤੇ ਇਨ੍ਹਾਂ ਪ੍ਰਤੀ ਲੋਕਾਂ ਦਾ ਰੁਝਾਨ ਵੀ ਵਧਣ ਲੱਗਾ ਹੈ |

-ਵਰਸੋਲਾ (ਗੁਰਦਾਸਪੁਰ) ਮੋਬਾਈਲ : 8437925062

ਆਪਣੀ ਦਵਾਈ ਖ਼ੁਦ ਬਣੋ ਤੇ ਜੁੱਗ ਜੁੱਗ ਜੀਓ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਚੋਣ ਆਪੋ-ਆਪਣੀ ਕਿ ਤੁਸੀਂ ਪਿੰਡ ਦੀ ਜ਼ਿੰਦਗੀ ਪਸੰਦ ਕਰਦੇ ਹੋ ਜਾਂ ਸ਼ਹਿਰ ਦੀ | ਮਾਹਿਰਾਂ ਦੀ ਸਲਾਹ ਹੈ ਕਿ ਜ਼ਿੰਦਗੀ ਦੀ ਸ਼ਾਮ ਸ਼ਹਿਰ ਵਿਚ ਹੀ ਬਿਤਾਈ ਜਾਵੇ | ਇਕ ਅੰਦਾਜ਼ੇ ਮੁਤਾਬਿਕ 2050 ਤੱਕ, ਦੁਨੀਆ ਦੀ 60 ਫ਼ੀਸਦੀ ਆਬਾਦੀ ਸ਼ਹਿਰੀ ਹੀ ਹੋਵੇਗੀ | ਜਿਥੋਂ ਤੱਕ ਤਨਹਾਈ, ਚਿੱਤ ਦੀ ਸ਼ਾਂਤੀ, ਓਦਰਾਪਨ ਆਦਿ ਦਾ ਸਵਾਲ ਹੈ, ਇਸ ਭਰੀ ਦੁਨੀਆ ਵਿਚ, ਟੱਬਰਾਂ ਵਿਚ, ਕਿਤੇ ਵੀ, ਇਨਸਾਨ ਇਨ੍ਹਾਂ ਅਲਾਮਤਾਂ ਦਾ ਸ਼ਿਕਾਰ ਹੋ ਸਕਦਾ ਹੈ | ਸ਼ਹਿਰਾਂ ਵਿਚ ਆਧੁਨਿਕ ਹਸਪਤਾਲ, ਆਹਲਾ ਦਰਜੇ ਦੇ ਮਾਹਿਰ ਡਾਕਟਰ, ਦਵਾਈਆਂ ਆਦਿ ਛੇਤੀ ਦੇਣੇ ਉਪਲਬੱਧ ਨੇ | ਜੀ ਪਰਚਾਵੇ ਵਾਸਤੇ ਸਿਨੇਮਾ ਹਾਲ, ਥੀਏਟਰ, ਦੇਖਣ ਵਾਸਤੇ ਚਿੜੀਆਘਰ, ਅਜਾਇਬ ਘਰ ਹਨ | ਸੈਰ ਕਰਨ ਵਾਸਤੇ ਪਾਰਕਾਂ ਹਨ, ਜਿਥੇ ਨਵੀਆਂ ਦੋਸਤੀਆਂ ਗੰਢੀਆਂ ਜਾ ਸਕਦੀਆਂ ਹਨ | ਪਿੰਡਾਂ ਨਾਲੋਂ ਸ਼ਹਿਰਾਂ ਵਿਚ ਸਹੂਲਤਾਂ ਬਾਹਲੀਆਂ ਹਨ | ਬੱਸ, ਉਹ ਸ਼ਹਿਰ ਪ੍ਰਦੂਸ਼ਣ ਰਹਿਤ ਹੋਣਾ ਚਾਹੀਦਾ ਹੈ |
ਇਨਸਾਨ ਨੂੰ ਕਦੀਮਾਂ ਤੋਂ ਪਤਾ ਹੈ ਕਿ ਬੁਢਾਪੇ ਨੂੰ ਸਹੀ ਗੁਜ਼ਾਰਨ, ਇਸ ਨੂੰ ਚਲਦਾ ਰੱਖਣ ਵਾਸਤੇ, ਕੰਮ ਕਰਦੇ ਰਹਿਣ, ਵਿਹਲੇ ਨਾ ਬੈਠਣ, ਕੁਝ ਨਾ ਕੁਝ ਨਵਾਂ ਸਿਖਦੇ, ਕਰਦੇ ਰਹਿਣ, ਨਿੱਕੀਆਂ ਵੱਡੀਆਂ ਪ੍ਰਾਪਤੀਆਂ ਹਾਸਲ ਕਰਦੇ ਰਹਿਣ, ਨਾਲੇ ਦਿਨ ਚੰਗਾ ਲੰਘਦਾ ਹੈ, ਰਾਤ ਨੂੰ ਗੂੜ੍ਹੀ ਨੀਂਦ ਆਉਂਦੀ ਹੈ, ਭੁੱਖ ਠੀਕ ਲਗਦੀ ਹੈ | ਹੁਣ ਮਾਹਿਰ ਵੀ ਇਹੋ ਆਖਦੇ ਨੇ ਕਿ ਜੇਕਰ ਤੁਸੀਂ ਬੁਢਾਪੇ ਨੂੰ ਰੰਗੀਨੀਆਂ ਨਾਲ ਭਰਨਾ ਚਾਹੁੰਦੇ ਹੋ ਤਾਂ ਐਕਸਰਸਾਈਜ਼ ਕਰੋ, ਉਮਰ ਮੁਤਾਬਿਕ ਕਰੋ, ਆਪਣੀ ਰਫ਼ਤਾਰ ਨਾਲ ਕਰੋ ਪਰ ਕਰੋ ਜ਼ਰੂਰ | ਭਾਵ ਜਦ ਤੁਸੀਂ ਇਕ ਘੰਟਾ ਜਾਂ ਅੱਧਾ ਘੰਟਾ ਜਾਂ ਵੀਹ ਮਿੰਟ (ਪਰ ਤੇਜ਼) ਹਫ਼ਤੇ ਵਿਚ ਪੰਜ ਦਿਨ ਸੈਰ ਕਰਦੇ ਹੋ ਤਾਂ ਤੁਸੀਂ ਨਾ ਸਿਰਫ਼ ਦੇਹ ਨੂੰ , ਲੱਤਾਂ ਬਾਹਾਂ ਨੂੰ ਹਿਲਾਉਂਦੇ ਹੋ, ਸਗੋਂ ਤੁਸੀਂ ਸਰੀਰ, ਦਿਮਾਗ ਦੇ ਕਈ ਹੋਰ ਸਿਸਟਮਾਂ ਨੂੰ ਕੰਮ ਕਰਨ ਵਾਸਤੇ ਹਿਲਾ ਦਿੰਦੇ ਹੋ | ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ, ਸ਼ੂਗਰ 'ਤੇ ਕੰਟਰੋਲ ਰਹਿੰਦਾ ਹੈ, ਦਿਲ ਠੀਕ ਰਹਿੰਦਾ ਹੈ, ਦਿਮਾਗ਼ ਲੋਰ ਵਿਚ ਰਹਿੰਦਾ ਹੈ, ਹੱਡ ਪੈਰ ਖੁੱਲ੍ਹ ਜਾਂਦੇ ਨੇ | ਪਿਛਲੀ ਉਮਰ ਵਿਚ ਯਾਦਦਾਸ਼ਤ ਓਨੀ ਤਿੱਖੀ, ਛੋਹਲੀ ਨਹੀਂ ਰਹਿੰਦੀ | ਕਈ ਏਨੇ ਭੁਲੱਕੜ ਹੋ ਜਾਂਦੇ ਨੇ ਉਨ੍ਹਾਂ ਦੀ ਯਾਦਦਾਸ਼ਤ ਉਕਾ ਹੀ ਚਲੀ ਜਾਂਦੀ ਹੈ ਕਿ ਉਹ ਆਪਣਿਆਂ ਨੂੰ ਵੀ ਪਛਾਨਣ ਤੋਂ ਰਹਿ ਜਾਂਦੇ ਹਨ | ਇਸ ਬਿਮਾਰੀ ਨੂੰ 'ਅਲਜ਼ਹੇਮਰ' ਆਖਦੇ ਹਨ | ਇਸ ਦਾ ਕੋਈ ਪੁਖਤਾ ਇਲਾਜ ਹਾਲੇ ਤੱਕ ਹੈ ਨਹੀਂ ਪਰ ਡਾਕਟਰ ਇਸ 'ਤੇ ਕੰਟਰੋਲ ਰੱਖਣ ਲਈ, ਵਿਚ ਸੁਧਾਰ ਲਿਆਉਣ ਲਈ ਐਕਸਰਸਾਈਜ਼ 'ਤੇ ਜ਼ੋਰ ਦਿੰਦੇ ਹਨ, ਯੋਗਾ, ਸਮਾਧੀ, ਪ੍ਰਾਣਯਾਮਾ ਕਰਨ ਦੀ ਸਲਾਹ ਦਿੰਦੇ ਹਨ | ਦਿਮਾਗ਼ ਦੀ ਅੰਦਰੂਨੀ ਮੁਰੰਮਤ ਲਈ ਲੰਮੀਆਂ ਸੈਰਾਂ ਲਾਹੇਵੰਦ ਹਨ | ਜਿਨ੍ਹਾਂ ਬਜ਼ੁਰਗਾਂ ਦੇ ਸਰੀਰ ਇਜਾਜ਼ਤ ਦਿੰਦੇ ਹਨ, ਹਿੰਮਤ ਰੱਖਦੇ ਹਨ, ਉਹ ਨੱਬੇ ਦੀ ਉਮਰ ਵਿਚ ਵੀ ਮੈਰੇਥਨਾਂ/ਲੰਮੀਆਂ ਦੌੜਾਂ, ਚੱਲਣ ਦੀਆਂ ਰੇਸਾਂ ਵਿਚ ਮੁਕਾਬਲੇ ਕਰ ਰਹੇ ਹਨ | ਯਾਦ ਹੈ ਸਰਦਾਰ ਫ਼ੌਜਾ ਸਿੰਘ ਜੀਹਨੇ ਵਿਸ਼ਵ ਪੱਧਰ 'ਤੇ ਲੰਮੀਆਂ ਦੌੜਾਂ ਵਿਚ ਹਿੱਸਾ ਲਿਆ ਹੈ, ਸਾਡੇ ਵਾਸਤੇ ਜ਼ਿੰਦਾ ਮਿਸਾਲ ਤੇ ਪ੍ਰੇਰਨਾ ਹੈ | ਬੇਬੇ ਮਾਨ ਕੌਰ ਬੀਬੀਆਂ ਲਈ ਜ਼ਿੰਦਾ ਮਿਸਾਲ ਹੈ | ਜੇਕਰ ਇਹ ਕਰ ਸਕਦੇ ਹਨ ਤਾਂ ਸਾਡੇ ਵਿਚਕਾਰ ਵੀ ਬਹੁਤ ਬਜ਼ੁਰਗ ਹਨ, ਜਿਹੜੇ ਸ਼ਾਇਦ ਉਨ੍ਹਾਂ ਨਾਲੋਂ ਵੀ ਵਧੀਆ ਕਰ ਸਕਦੇ ਹਨ | ਜ਼ਰੂਰੀ ਨਹੀਂ ਕਿ ਭੱਜਣਾ ਹੀ ਹੈ, ਹੋਰ ਬਹੁਤ ਖੇਤਰ ਨੇ ਜਿਥੇ ਜ਼ੋਰਅਜ਼ਮਾਈ, ਹਿੰਮਤਅਜ਼ਮਾਈ ਕੀਤੀ ਜਾ ਸਕਦੀ ਹੈ | ਬਾਗਬਾਨੀ ਕਰਨੀ ਚੰਗਾ ਰੁਝੇਵਾਂ ਹੈ, ਚੰਗੀ ਆਦਤ ਹੈ | ਇਸ ਦੌਰਾਨ ਸਰੀਰ ਨੂੰ ਕਸਰਤ ਮਿਲਦੀ ਹੈ, ਦਿਮਾਗ਼ ਲੋਰ ਵਿਚ ਰਹਿੰਦਾ ਹੈ | ਫੁੱਲਾਂ ਤੋਂ ਇਲਾਵਾ ਸਬਜ਼ੀਆਂ ਉਗਾਓ, ਖੁਦ ਖਾਓ, ਪੂਰੇ ਟੱਬਰ ਨੂੰ ਖਵਾਓ |
ਸ਼ੂਗਰ, ਬਲੱਡ ਪ੍ਰੈਸ਼ਰ, ਆਲਜ਼ਹੇਮਰ ਬਿਮਾਰੀ 'ਤੇ ਕੰਟਰੋਲ, ਦਿਮਾਗ਼ ਦੀ ਤੀਖਣਤਾ, ਮਾਨਸਿਕਤਾ ਦਾ ਸੰਤੁਲਣ, ਜ਼ਿੰਦਗੀ ਦੀ ਖੁਸ਼ਹਾਲੀ, ਵਧੀਆ ਮਹਿਸੂਸ, ਸਰੀਰਕ ਤੰਦਰੁਸਤੀ, ਚੜ੍ਹਦੀ ਕਲਾ ਦੀ ਖੁਮਾਰੀ, ਚੰਗੀ ਨੀਂਦ ਆਦਿ ਦੀ...ਇਨਸਾਨ ਆਪਣੀ ਕਰਨੀ ਰਾਹੀਂ, ਯੋਗਾ, ਪ੍ਰਾਣਯਾਮ, ਸਮਾਧੀ, ਐਕਸਰਸਾਈਜ਼ ਰਾਹੀਂ, ਸਹੀ ਖਾਣ-ਪੀਣ ਰਾਹੀਂ, ਖੁਦ ਸਿਰਜਣਾ ਕਰ ਸਕਦਾ ਹੈ, ਬਰਕਰਾਰ ਰੱਖ ਸਕਦਾ ਹੈ | ਦੂਸਰੇ ਸ਼ਬਦਾਂ ਵਿਚ ਕਿ ਇਨਸਾਨ ਆਪਣੀ ਦਵਾਈ ਖੁਦ ਬਣ ਸਕਦਾ ਹੈ | ਦਵਾਈ, ਜਿਸ ਵਿਚ ਕੋਈ ਮਿਲਾਵਟ ਨਹੀਂ, ਕਦੇ ਕੋਈ ਸਾਈਡ ਇਫੈਕਟ ਨਹੀਂ, ਮੁਫ਼ਤ ਹੈ, ਕੁਦਰਤੀ ਹੈ | ਉਠੋ, ਤੁਰੋ, ਕੰਮ ਵਿਚ ਰੁਝੋ, ਬਾਗ਼ਬਾਨੀ/ ਕਿਚਨ ਗਾਰਡਨ ਵਿਚ ਰੰਬਾ ਪਾਓ, ਗਮਲਿਆਂ ਵਿਚ, ਫੁੱਲਾਂ ਨੂੰ ਪਾਣੀ ਦਿਓ... ਕੁਝ ਤਾਂ ਕਰੋ, ਜ਼ਰੂਰ ਕਰੋ, ਜਿਸ ਵਿਚ ਜੀ ਲਗਦਾ ਹੋਵੇ | ਹਰ ਰੋਜ਼ ਦੀ ਉਮਰ ਮੁਤਾਬਿਕ, ਦਸ ਮਿੰਟਾਂ ਦੀ ਜੇਕਰ ਸਕਦੇ ਹੋ ਤਾਂ ਸਖ਼ਤ ਕਸਰਤ, ਤੁਹਾਡੀ ਜ਼ਿੰਦਗੀ ਵਿਚ ਫਰਕ ਲਿਆ ਸਕਦੀ ਹੈ | ਸੱਤਾ ਦਿਨਾਂ ਵਿਚੋਂ ਦੋ ਦਿਨ ਤਾਂ ਕਸਰਤ ਦੇ ਲੇਖੇ ਲਾ ਦੇਵੋ |
ਰੱਬ ਦਾ ਨਾਂਅ ਜਪਣਾ, ਸਿਹਤ, ਰੂਹਾਨੀਅਤ ਲਈ ਠੀਕ ਹੈ | ਮੰਦਰ, ਮਸਜਿਦ, ਗਿਰਜੇ, ਗੁਰਦੁਆਰਾ ਸਾਹਿਬ ਆਦਿ, ਵਿਚ ਜਾਣਾ ਤੇ ਸੰਗਤ ਵਿਚ ਬੈਠਣਾ, ਫਾਇਦੇ ਦੀ ਗੱਲ ਹੈ | ਜਦ ਅਸੀਂ ਰੱਬ ਦੇ ਘਰ ਵਿਚ ਵੜਦੇ ਹਾਂ ਤਾਂ ਅਸੀਂ ਆਪਣੀ ਆਕੜ ਹਉਮੈ ਆਦਿ ਨੂੰ ਜੋੜਿਆਂ ਨਾਲ ਬਾਹਰ ਹੀ ਛੱਡ ਕੇ, ਸੱਚੀ ਹਲੀਮੀ ਨਾਲ, ਹੱਥ ਜੋੜ ਕੇ, ਰੱਬ ਦੇ ਸਾਹਮਣੇ ਖੜ੍ਹੇ ਹੋ ਕੇ, ਆਪਣਾ ਸੀਸ ਨਿਵਾਉਂਦੇ ਹਾਂ | ਥੱਲੇ ਵਿਛੀਆਂ ਚਿੱਟੀਆਂ ਚਾਦਰਾਂ 'ਤੇ ਜਾ ਬੈਠਦੇ ਹਾਂ ਤੇ ਇਕ ਪਵਿੱਤਰ ਖ਼ਾਮੋਸ਼ੀ, ਸ਼ਾਂਤੀ ਦਾ ਹਿੱਸਾ ਬਣ ਜਾਂਦੇ ਹਾਂ | ਰੱਬ ਦੇ ਨਾਂਅ ਨੂੰ ਜਦ ਹਲਕੇ ਜਿਹੇ ਰਾਗ ਵਿਚ ਉਚਾਰਿਆ ਜਾਂਦਾ ਹੈ ਤਾਂ ਸੰਗੀਤ ਦੀ ਮਿਠਾਸ ਤੇ ਸ਼ਬਦਾਂ ਦੇ ਇਲਾਹੀ ਮਾਨਿ੍ਹਆਂ ਨਾਲ... ਇਕ ਰੱਬੀ ਮਾਹੌਲ ਬਣ ਜਾਇਆ ਕਰਦਾ ਹੈ, ਜਿਥੇ ਇਨਸਾਨ ਨੂੰ ਰੱਬ ਦੀ ਹਜ਼ੂਰੀ ਵਿਚ ਕੁਝ ਨੇੜਤਾ ਮਹਿਸੂਸ ਹੁੰਦੀ ਹੈ | ਇਰਦ-ਗਿਰਦ ਸੰਗਤ ਹੁੰਦੀ ਹੈ ਜਿਸ ਦੇ ਮਕਸਦ ਦੀ ਤੁਹਾਡੇ ਮਕਸਦ ਨਾਲ ਸਾਂਝ ਹੁੰਦੀ ਹੈ | ਉਚੇਰੀ ਸ਼ਕਤੀ, ਪਰਮਾਤਮਾ ਨਾਲ ਇਨਸਾਨੀ ਆਤਮਾ ਦੀ ਨੇੜਤਾ ਹੋਣ ਨਾਲ ਇਨਸਾਨੀ ਰੂਹ 'ਤੇ ਚੰਗਾ ਅਸਰ ਪੈਂਦਾ ਹੈ | ਸਾਰੇ ਕੰਮ ਧੰਦੇ-ਛੱਡ ਕੇ, ਕੁਝ ਮਿੰਟਾਂ ਲਈ ਆਪਣੇ-ਆਪ ਨੂੰ ਸੁੱਚਾ, ਪਵਿੱਤਰ, ਮਹਿਸੂਸਣ ਨਾਲ ਰੱਬ ਦੇ ਸ਼ਰਧਾਲੂ ਨੂੰ ਕੁਝ ਤਾਂ ਨਸੀਬ ਹੁੰਦਾ ਹੈ, ਜਿਸ ਦਾ ਇਨਸਾਨੀ ਤੰਦਰੁਸਤੀ 'ਤੇ ਸਿੱਧਾ ਤੇ ਚੰਗਾ ਅਸਰ ਪੈਂਦਾ ਹੈ | ਰੂਹ ਤੇ ਸਰੀਰ ਦੇ ਸੁਮੇਲ ਨਾਲ, ਇਨਸਾਨੀ ਵਜੂਦ, ਸ਼ਾਇਦ ਇਕ ਡੰੂਘੇ ਆਰਾਮ/ਨਿਸਲਤਾ ਵਿਚ ਚਲਾ ਜਾਂਦਾ ਹੈ, ਜਿਵੇਂ ਸਮਾਧੀ, ਯੋਗਾ ਦੌਰਾਨ ਹੁੰਦਾ ਹੈ | ਰੱਬੀ ਸਥਾਨ 'ਤੇ ਸ਼ਰਧਾਲੂ ਗ੍ਰੰਥ ਦੇ ਪਵਿੱਤਰ ਸਲੋਕ ਸੁਣਦਾ ਹੈ | ਸਲੋਕਾਂ ਦੀ ਪੂਰੀ ਸਮਝ ਆਵੇ ਜਾਂ ਨਾ, ਪਰ ਇਨ੍ਹਾਂ ਦੀ ਮਿਠਾਸ ਜੋ ਕੰਨਾਂ ਵਿਚ ਵੜਦੀ ਹੈ ਕਿ ਉਹ ਸਲੋਕ ਸੁਣ ਰਿਹਾ ਹੁੰਦਾ ਹੈ | ਏਨਾ ਕੁ ਅਹਿਸਾਸ ਬਹੁਤ ਹੁੰਦਾ ਹੈ | ਡਾਕਟਰ, ਮਾਹਿਰ ਮੰਨਦੇ ਨੇ ਕਿ ਰੱਬ ਦੇ ਨਾਂਅ ਵਿਚ ਮੁਕੰਮਲ ਵਿਸ਼ਵਾਸ, ਇਨਸਾਨੀ ਮਾਨਸਿਕਤਾ ਦੀ ਕੁਝ ਤਾਂ ਪੂਰਤੀ ਕਰਦਾ ਹੈ, ਜਿਸ ਕਰਕੇ ਬਿਮਾਰੀਆਂ 'ਤੇ ਕੰਟਰੋਲ, ਉਮਰ ਲੰਮੇਰੀ ਹੋਣ ਵਿਚ ਸੰਗਤ ਦੀ ਸੰਗਤ ਦਾ ਕੁਝ ਤਾਂ ਯੋਗਦਾਨ ਹੈ | ਅਸੀਂ ਆਪਣੇ ਪਿਆਰੇ ਲਈ ਜਿਹੜਾ ਦੂਰ ਰਹਿੰਦਾ ਹੈ ਜਾਂ ਸਾਡਾ ਕੋਈ ਖ਼ੈਰ-ਖੁਆ, ਦੂਰੋਂ ਸਾਡੇ ਲਈ ਅਰਦਾਸ ਕਰਦਾ ਹੈ, ਇਨ੍ਹਾਂ ਅਰਦਾਸਾਂ ਦਾ ਇਨਸਾਨੀ ਬਿਹਤਰੀ 'ਤੇ ਕੋਈ ਅਸਰ ਹੈ ਕਿ ਨਹੀਂ, ਰੱਬ 'ਤੇ ਹੀ ਛੱਡਣ ਵਾਲੀ ਗੱਲ ਹੈ ਕਿਉਂਕਿ ਅਜਿਹੇ ਅਸਰ ਦਾ ਜਾਇਜ਼ਾ ਲੈਣਾ ਮੁਸ਼ਕਿਲ ਹੈ | ਹਾਂ, ਜੇਕਰ ਕੋਈ ਉਪਰੇਸ਼ਨ ਦੀ ਕਾਮਯਾਬੀ ਦੇ ਚਾਂਸ ਜ਼ਰੂਰ ਵੱਧ ਜਾਂਦੇ ਨੇ, ਮੁਕਾਬਲਤਨ ਕਿਸੇ ਹੋਰ ਮਰੀਜ਼ ਦੇ ਜਿਸ ਦੇ ਮਨ ਵਿਚ ਇਹ ਅਹਿਸਾਸ ਹੈ ਹੀ ਨਹੀਂ | ਕੋਈ ਜ਼ਰੂਰੀ ਨਹੀਂ ਕਿ ਬੰਦਾ ਜੇਕਰ ਆਪਣੇ ਮਜ਼੍ਹਬ ਵਿਚ ਪੱਕਾ ਹੈ ਤਾਂ ਹੀ ਰੱਬ ਦੇ ਨਾਂਅ ਦੇ ਫਾਇਦੇ ਮਿਲ ਸਕਦੇ ਨੇ | ਤੁਸੀਂ ਸਿੱਖ ਹੋ, ਮਿਸਾਲ ਵਜੋਂ ਤੁਸੀਂ ਕਦੀ ਕਦਾੲੀਂ ਗਿਰਜੇ ਵਿਚ ਵੀ ਜਾਂਦੇ ਹੋ ਤਾਂ ਤੁਹਾਨੂੰ ਗੁਰਦੁਆਰੇ ਨਾਲ ਫਾਇਦੇ ਮਿਲ ਸਕਦੇ ਹਨ | ਗੱਲ ਮਜ਼੍ਹਬ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਕਿੰਨੀ ਸ਼ਰਧਾ ਨਾਲ ਸੰਗਤ ਵਿਚ ਬੈਠ ਕੇ, ਰੱਬ ਨਾਲ ਉਸ ਇਲਾਹੀ ਨਾਲ ਤੁਸੀਂ ਆਪਣੀ ਰੂਹ ਨੂੰ ਮੇਲਦੇ ਹੋ | ਇਹ ਅਹਿਸਾਸ ਕਿ ਤੁਸੀਂ ਉਸ ਬੇਅੰਤ ਸ਼ਕਤੀ ਦੀ ਹਜ਼ੂਰੀ ਵਿਚ ਹੋ, ਬਸ ਕਾਫ਼ੀ ਹੈ ਪੂਰੇ ਫਾਇਦੇ ਲੈਣ ਲਈ | ਘਰ ਵਿਚ ਇਕੱਲਿਆਂ, ਸੱਚੀਂ ਨੀਅਤ ਨਾਲ ਰੱਬ ਦਾ ਨਾਂਅ ਜਪਣਾ ਤੇ ਰੱਬੀ ਸਥਾਨ 'ਤੇ ਸੰਗਤ ਵਿਚ ਬੈਠ ਕੇ ਰੱਬ ਨਾਲ ਲਿਵ ਲਾਉਣੀ, ਪਿਛਲੀ ਗੱਲ ਦਾ ਪਲੜਾ ਭਾਰੀ ਹੈ | ਹਮਖਿਆਲੀ ਸੰਗਤ ਵਿਚ ਸ਼ਮੂਲੀਅਤ, ਅਸਲੀ ਫ਼ਰਕ ਹੈ |
ਅਸੀਂ ਸਕੂਲ, ਕਾਲਜ, ਵਰਸਿਟੀ ਛੱਡਦੇ ਹਾਂ, ਵਿਆਹ ਦੇ ਬੰਧਨ ਵਿਚ ਬੱਝ ਜਾਂਦੇ ਹਾਂ, ਨੌਕਰੀ ਮਿਲਣ 'ਤੇ ਸਾਡੀ ਬਦਲੀ ਕਿਸੇ ਹੋਰ ਥਾਂ 'ਤੇ ਆ ਜਾਂਦੀ ਹੈ... ਅਸੀਂ ਆਪਣੇ ਯਾਰਾਂ ਨੂੰ ਪਾਸੇ ਹਟਾ ਕੇ ਨਵੇਂ ਸਫ਼ਰ 'ਤੇ ਚੜ੍ਹ ਜਾਂਦੇ ਹਾਂ | ਜਿਵੇਂ ਗੱਲ ਮਸ਼ਹੂਰ ਹੈਕਿ 'ਮੰਗਿਆ ਗਿਆ ਤਾਂ ਯਾਰਾਂ ਤੋਂ ਗਿਆ, ਵਿਆਹਿਆ ਗਿਆ ਤਾਂ ਘਰਦਿਆਂ ਤੋਂ ਵੀ ਗਿਆ |', ਦੋਸਤੀ, ਯਾਰੀ ਕੋਈ ਬੰਧਨ ਨਹੀਂ, ਜਿਵੇਂ ਵਿਆਹ ਹੁੰਦਾ ਹੈ | ਨਾ ਹੀ ਆਮ ਤੌਰ 'ਤੇ, ਇਹ ਖ਼ੂਨ ਦਾ ਰਿਸ਼ਤਾ ਹੁੰਦਾ ਹੈ, ਜਿਵੇਂ ਆਪਣਾ ਪਰਿਵਾਰ/ਦੋਸਤੀ, ਦੋ ਇਨਸਾਨਾਂ ਦਾ ਇਕ ਲੱਚਕਦਾਰ ਮੇਲ ਹੁੰਦਾ ਹੈ | ਅਸੀਂ ਦੋਸਤ ਨੂੰ ਚੁਣਦੇ ਹਾਂ ਤੇ ਦੋਸਤ ਸਾਨੂੰ ਯਾਨੀ ਇਹ ਦੋ ਮਰਜ਼ੀਆਂ ਦਾ ਆਪਸੀ ਮਾਮਲਾ ਹੁੰਦਾ ਹੈ |
ਹੁਣ, ਵਕਤ ਬਦਲ ਚੁੱਕੇ ਨੇ, ਜ਼ਿੰਦਗੀ ਤੇਜ਼ ਰਫ਼ਤਾਰ ਨਾਲ ਭੱਜ ਰਹੀ ਹੈ | ਫਿਰ ਇਕ ਦਿਨ ਇਉਂ ਵੀ ਆਉਂਦਾ ਹੈ ਕਿ ਆਲ੍ਹਣਾ ਛੱਡ ਕੇ ਕਿਸੇ ਹੋਰ ਥਾਂ ਜਾਂ ਬਾਹਰਲੇ ਮੁਲਕ ਵਿਚ ਬੱਚੇ ਸੈੱਟ ਹੋ ਜਾਂਦੇ ਨੇ | ਤੁਸੀਂ ਦੋ ਜੀਅ ਇਕੱਲੇ ਰਹਿ ਜਾਂਦੇ ਹੋ | ਜਦ ਨੂੰ ਇਨਸਾਨ ਔਸਤ ਉਮਰ ਟਪਦਾ ਹੈ, ਤਦ ਨੂੰ ਕਈ ਜਿਗਰੀ ਯਾਰ, ਰਿਸ਼ਤੇਦਾਰ, ਤੁਰ ਗਏ ਹੁੰਦੇ ਹਨ | ਤੁਸੀਂ ਇਕੱਲੇ ਜਿਹੇ, ਸੱਖਣੇ ਜਿਹੇ, ਵੀਰਾਨ ਜਿਹੇ ਮਹਿਸੂਸਦੇ ਹੋ, ਕਿਉਂਕਿ ਤੁਹਾਡੇ ਆਪਣਿਆਂ ਦੀ, ਯਾਰਾਂ ਦੀ ਵਾੜ ਜਿਹੀ ਢਹਿ ਗਈ ਲਗਦੀ ਹੈ | ਤੁਸੀਂ ਚੁਫੇਰਿਉਂ, ਕਿਸੇ ਵੀ ਆਫ਼ਤ ਦੀ ਮਾਰ ਥੱਲੇ ਆਪਣੇ-ਆਪ ਨੂੰ ਮਹਿਸੂਸਦੇ ਹੋ | ਇਸ ਇਕਲਾਪੇ ਕਰਕੇ, ਕਈ ਬਜ਼ੁਰਗ ਉਦਾਸੀਨਤਾ ਦਾ ਸ਼ਿਕਾਰ ਹੋ ਜਾਂਦੇ ਹਨ, ਜ਼ਿੰਦਗੀ ਦਾ ਸੁਆਦ ਮਾਰਿਆ ਜਾਂਦਾ ਹੈ, ਇਕ ਖਲਲ ਜਿਹਾ ਮਚਿਆ ਰਹਿੰਦਾ ਹੈ | ਉਦਾਸੀ, ਡਰ ਨਾਲ ਹਰ ਵਕਤ ਲਿਬੜਿਆ ਅਸ਼ਾਂਤ ਚਿੱਤ, ਫਿਰ ਜਾਨ ਨੂੰ ਖ਼ਤਰਾ ਖੜ੍ਹਾ ਕਰ ਦਿੰਦਾ ਹੈ, ਕਈਆਂ ਨੂੰ ਤਾਂ ਲੈ ਹੀ ਡੁਬਦਾ ਹੈ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 97806-66268.

ਸਾਡਾ ਵਰਤੋਂ-ਵਿਹਾਰ : ਆਸ ਕਦੀ ਛੱਡੀਏ ਨਾ, ਨਿਰਾਸ਼ ਕਦੀ ਹੋਈਏ ਨਾ

ਮਨੁੱਖੀ ਜੀਵਨ ਇਕ ਬਹੁ-ਰੰਗੇ, ਬਹੁ-ਭਾਂਤੇ ਅਤੇ ਬਹੁ-ਆਕਾਰੀ ਗੁਲਦਸਤੇ ਵਾਂਗ ਹੈ | ਬੁਨਿਆਦੀ ਤੌਰ 'ਤੇ ਸਮਾਨ ਅਤੇ ਇਕ ਹੀ ਹੋਣ ਦੇ ਬਾਵਜੂਦ, ਇਸ ਵਿਚ ਅਣਗਿਣਤ ਨਾਬਰਾਬਰੀਆਂ ਅਤੇ ਭਿੰਨਤਾਵਾਂ ਮੌਜੂਦ ਹਨ | ਜੇਕਰ ਇਕ ਇਸ ਨੂੰ ਸੁਹਾਣਾ ਸਫ਼ਰ ਜਾਂ ਫੁੱਲਾਂ ਦੀ ਸੇਜ ਸਮਝਦਾ ਹੈ ਤਾਂ ਕੋਈ ਹੋਰ ਇਸ ਨੂੰ ਗਮਾਂ ਦਾ ਦਰਿਆ, ਹੰਝੂਆਂ ਦਾ ਹਾਰ ਜਾਂ ਕੰਡਿਆਂ ਦਾ ਵਿਛਾਉਣਾ ਗਰਦਾਨਦਾ ਹੈ | ਇਸ ਤਰ੍ਹਾਂ ਹੀ ਕੋਈ ਇਸ ਜੀਵਨ ਨੂੰ ਕੁਦਰਤ ਦਾ ਅਨਮੋਲ ਤੋਹਫ਼ਾ ਸਮਝਦਾ ਹੈ, ਜਦ ਕਿ ਕੋਈ ਇਸ ਨੂੰ ਮਨੁੱਖ ਨੂੰ ਮਿਲੀ ਕਿਸੇ ਸਜ਼ਾ ਤੋਂ ਘੱਟ ਨਹੀਂ ਸਮਝਦਾ | ਜੀਵਨ ਪ੍ਰਤੀ ਅਜਿਹੀਆਂ ਵਿਚਾਰਕ ਭਿੰਨਤਾਵਾਂ ਦੇ ਨਿਰਸੰਦੇਹ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਇਨ੍ਹਾਂ ਵਿਚੋਂ ਮੁੱਖ ਕਾਰਨ ਮਨੁੱਖ ਦੀ ਆਪਣੀ ਸੋਚ, ਉਸ ਦੀ ਜੀਵਨ ਪ੍ਰਤੀ ਪਹੁੰਚ ਅਤੇ ਉਸ ਦੀ ਜੀਵਨ-ਸ਼ੈਲੀ ਹੀ ਹੁੰਦੇ ਹਨ | ਜੇਕਰ ਇਹ ਸਭ ਸਹੀ ਹੋਣ ਤਾਂ ਅੱਵਲ ਤਾਂ ਕੋਈ ਸਮੱਸਿਆ ਪੈਦਾ ਹੀ ਨਹੀਂ ਹੁੰਦੀ ਅਤੇ ਜੇਕਰ ਕਦੀ ਕੋਈ ਸਮੱਸਿਆ ਦਰਪੇਸ਼ ਆਉਂਦੀ ਵੀ ਹੈ ਤਾਂ ਉਹ ਸੁਖਾਲਿਆਂ ਹੀ ਇਸ ਦਾ ਹੱਲ ਲੱਭ ਲੈਂਦਾ ਹੈ | ਇਨ੍ਹਾਂ ਸਭ ਨੂੰ ਸਹੀ ਰੱਖਣ ਲਈ ਮਨੁੱਖ ਨੂੰ ਲੋੜ ਹੁੰਦੀ ਹੈ ਆਪਣੇ ਜੀਵਨ ਵਿਚ ਵਿਹਾਰਕ ਸੋਚ ਅਪਣਾਉਣ, ਵਿਹਾਰਕ ਹੋ ਕੇ ਫ਼ੈਸਲੇ ਲੈਣ ਅਤੇ ਸਮੁੱਚੇ ਤੌਰ 'ਤੇ ਵਿਹਾਰਕ ਹੋ ਕੇ ਜੀਵਨ ਜਿਊਣ ਦੀ |
ਸ਼ੁਰੂ ਵਿਚ ਹੀ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਵਿਹਾਰਕਤਾ ਤੋਂ ਸਾਡਾ ਕੀ ਭਾਵ ਹੈ ਵਿਹਾਰਕਤਾ ਮਨੁੱਖੀ ਸੁਭਾਅ ਦਾ ਉਹ ਗੁਣ ਹੈ, ਜੋ ਇਕ ਰਾਹ-ਦਸੇਰੇ ਵਾਂਗ ਮਨੁੱਖ ਦੀ ਹਰ ਕਦਮ 'ਤੇ ਅਗਵਾਈ ਕਰਦਾ ਹੈ ਅਤੇ ਉਸ ਨੂੰ ਜੀਵਨ ਦੇ ਹਰ ਯਥਾਰਥ ਨੂੰ ਜਿਵੇਂ ਉਹ ਹੈ, ਉਸੇ ਤਰ੍ਹਾਂ ਹੀ ਬਿਨਾਂ ਕਿਸੇ ਸ਼ਿਕਵੇ-ਸ਼ਿਕਾਇਤ ਅਤੇ ਰੰਜਿਸ਼-ਰੋਸੇ ਦੇ ਸਵੀਕਾਰ ਕਰਨ ਦੀ ਜਾਚ ਸਿਖਾਉਂਦਾ ਹੈ | ਵਿਹਾਰਕ ਸੋਚ ਵਾਲਾ ਮਨੁੱਖ ਕੁਝ ਵੀ ਕਹਿਣ, ਕੋਈ ਵੀ ਫ਼ੈਸਲਾ ਲੈਣ ਜਾਂ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਉਸ ਬਾਰੇ ਸੋਚਦਾ ਹੈ, ਉਸ ਦੇ ਸਾਰੇ ਪੱਖਾਂ 'ਤੇ ਵਿਚਾਰ ਕਰਦਾ ਹੈ ਅਤੇ ਉਸ ਦੇ ਸੰਭਾਵੀ ਨਤੀਜਿਆਂ ਨੂੰ ਮੱਦੇਨਜ਼ਰ ਰੱਖਦਾ ਹੈ | ਸਿਆਣਿਆਂ ਦਾ ਕਥਨ ਹੈ: ਪਹਿਲਾਂ ਤੋਲੋ ਅਤੇ ਫਿਰ ਬੋਲੋ; ਪਹਿਲਾਂ ਸੋਚੋ ਅਤੇ ਫਿਰ ਕਦਮ ਚੁੱਕੋ | ਇਸ ਦਾ ਭਾਵ ਹੈ ਕਿ ਗੱਲ ਉਦੋਂ ਕਰੋ ਜਦੋਂ ਇਸ ਦੀ ਲੋੜ ਹੋਵੇ ਅਤੇ ਓਨੀ ਹੀ ਕਰੋ ਜਿੰਨੀ ਲੋੜ ਹੋਵੇ | ਬਗੈਰ ਸੋਚੇ-ਸਮਝੇ ਅਤੇ ਬੇਲੋੜਾ ਬੋਲਣ ਨਾਲ ਮਨੁੱਖ ਦੀ ਕਦਰ ਘਟਦੀ ਹੈ | ਇਸ ਤਰ੍ਹਾਂ ਹੀ ਪਹਿਲਾਂ ਸੋਚ-ਵਿਚਾਰ ਕਰੋ ਤੇ ਫਿਰ ਕੋਈ ਕਦਮ ਚੁੱਕੋ ਅਤੇ ਆਪਣਾ ਕੰਮ ਆਰੰਭ ਕਰੋ, ਪਰ ਇਸ ਦਾ ਇਹ ਭਾਵ ਬਿਲਕੁਲ ਨਹੀਂ ਕਿ ਕੇਵਲ ਸੋਚੀ ਹੀ ਜਾਓ, ਕਰੋ ਕੁਝ ਨਾ, ਕਿਉਂਕਿ ਜੀਵਨ ਵਿਚ ਦੋ ਕਿਸਮ ਦੇ ਵਿਅਕਤੀਆਂ ਨੂੰ ਆਖਰ ਪਛਤਾਉਣਾ ਹੀ ਪੈਂਦਾ ਹੈ- ਪਹਿਲੇ ਉਹ ਜਿਹੜੇ ਕੇਵਲ ਸੋਚੀ ਹੀ ਜਾਂਦੇ ਹਨ ਅਤੇ ਕਰਦੇ ਕੁਝ ਨਹੀਂ; ਦੁਜੇ ਉਹ ਜਿਹੜੇ ਕੁਝ ਕਰਨ ਤੋਂ ਬਾਅਦ ਹੀ ਸੋਚਦੇ ਹਨ | ਸਭ ਕੁਛ ਲੁਟਾ ਕਰ ਹੋਸ਼ ਮੇਂ ਆਏ, ਤੋ ਕਿਆ ਆਏ |
ਸਿਆਣੇ ਕਹਿੰਦੇ ਹਨ ਜਿਸ ਗੱਲ ਨੂੰ ਤੁਸੀਂ ਸਵੀਕਾਰ ਨਹੀਂ ਕਰ ਸਕਦੇ, ਉਸ ਨੂੰ ਬਦਲ ਲਵੋ ਤੇ ਜਿਸ ਨੂੰ ਬਦਲ ਨਹੀਂ ਸਕਦੇ, ਉਸ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਵੋ | ਨਿਰਸੰਦੇਹ, ਅਸੀਂ ਆਪਣੀਆਂ ਕੁਝ ਚੀਜ਼ਾਂ, ਜੋ ਸਾਨੂੰ ਪਸੰਦ ਨਹੀਂ ਹੁੰਦੀਆਂ, ਉਨ੍ਹਾਂ ਤੋਂ ਖਹਿੜਾ ਛੁਡਾਅ ਸਕਦੇ ਹਾਂ ਜਾਂ ਉਨ੍ਹਾਂ ਨੂੰ ਬਦਲ ਸਕਦੇ ਹਾਂ | ਪਰ ਸਾਡੇ ਜੀਵਨ ਵਿਚ ਬਹੁਤ ਕੁਝ ਅਜਿਹਾ ਵੀ ਹੁੰਦਾ ਹੈ, ਜਿਸ ਤੋਂ ਅਸੀਂ ਨਾ ਖਹਿੜਾ ਛੁਡਾਅ ਸਕਦੇ ਹਾਂ ਅਤੇ ਨਾ ਹੀ ਉਸ ਨੂੰ ਬਦਲ ਸਕਦੇ ਹਾਂ | ਅਜਿਹੀ ਹਾਲਤ ਵਿਚ ਇਹੀ ਬਿਹਤਰ ਹੁੰਦਾ ਹੈ ਕਿ ਅਸੀਂ ਉਨ੍ਹਾਂ ਨੂੰ ਪਸੰਦ ਕਰਨਾ ਅਤੇ ਮਾਣਨਾ ਸਿੱਖ ਲਈਏ | ਉਦਾਹਰਨ ਵਜੋਂ, ਸਾਡੇ ਸਰੀਰ ਦੀ ਬਣਤਰ-ਸਾਡਾ ਕੱਦ-ਕਾਠ, ਸਾਡਾ ਰੰਗ-ਰੂਪ, ਸਾਡੇ ਨੈਣ-ਨਕਸ਼-ਜਿਹੋ ਜਿਹੇ ਵੀ ਹਨ, ਉਹੋ ਜਿਹੇ ਹੀ ਰਹਿਣਗੇ, ਬਦਲੇ ਨਹੀਂ ਜਾ ਸਕਦੇ | ਫਿਰ ਉਨ੍ਹਾਂ ਨੂੰ ਹੀ ਸੋਹਣੇ ਤੇ ਮਨਮੋਹਣੇ ਕਿਉਂ ਨਾ ਸਮਝ ਲਿਆ ਜਾਵੇ? ਹੋ ਸਕਦਾ ਹੈ ਤੁਹਾਡਾ ਘਰ ਬਹੁਤ ਭੀੜਾ ਅਤੇ ਪੁਰਾਣੇ ਫੈਸ਼ਨ ਦਾ ਹੋਵੇ ਪਰ ਤੁਹਾਡੇ ਵਿਚ ਕੋਈ ਨਵਾਂ ਅਤੇ ਵਡ-ਅਕਾਰੀ ਘਰ ਬਣਾਉਣ ਜਾਂ ਖਰੀਦਣ ਦੀ ਸਮਰੱਥਾ ਨਾ ਹੋਵੇ | ਫਿਰ ਜਦ ਤਕ ਕੋਈ ਬਿਹਤਰ ਪ੍ਰਬੰਧ ਨਹੀਂ ਹੋ ਜਾਂਦਾ ਤਦ ਤਕ ਕਿਉਂ ਨਾ ਆਪਣੇ ਉਸ ਘਰ ਨੂੰ ਹੀ ਸ਼ੀਸ਼ ਮਹਿਲ ਸਮਝ ਲਿਆ ਜਾਵੇ? ਇਸ ਤਰ੍ਹਾਂ ਹੀ ਮੰਨ ਲਵੋ ਕਿਸੇ ਕਾਰਨ ਕਿਸੇ ਨੂੰ ਆਪਣਾ ਜੀਵਨ-ਸਾਥੀ ਜਾਂ ਜੀਵਨ-ਸਾਥਣ ਪਸੰਦ ਨਾ ਹੋਵੇ | ਲੜਾਈ-ਝਗੜਾ ਜੀਵਨ ਨੂੰ ਨਰਕ ਬਣਾ ਦੇਵੇਗਾ | ਤਲਾਕ ਆਦਿ ਬਾਰੇ ਸੋਚਣਾ ਵੀ ਮੂਰਖਤਾ ਹੋਵੇਗੀ | ਫਿਰ ਕੀ ਕੀਤਾ ਜਾਵੇ? ਬਸ ਇਹੀ - ਆਪਣੀ ਘਰ ਵਾਲੀ ਜਾਂ ਘਰਵਾਲੇ ਨੂੰ ਦੁਨੀਆ ਦਾ ਸਭ ਤੋਂ ਸਿਆਣਾ/ਸਿਆਣੀ, ਸੁੰਦਰ, ਸੁਹਿਰਦ ਅਤੇ ਵਫ਼ਾਦਾਰ ਔਰਤ/ਮਰਦ ਸਮਝਦਿਆਂ ਜੀਵਨ ਦਾ ਲੁਤਫ਼ ਲਿਆ ਜਾਵੇ | ਇਹੀ ਹੁੰਦੀ ਹੈ ਵਿਹਾਰਕਤਾ ਅਤੇ ਇਹੀ ਹੁੰਦਾ ਹੈ ਸਭ ਤੋਂ ਬੁਰੇ ਨੂੰ ਸਭ ਤੋਂ ਚੰਗਾ ਸਮਝਣ ਦਾ ਵਿਧੀ-ਵਿਧਾਨ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-(ਸ਼੍ਰੋਮਣੀ ਸਾਹਿਤਕਾਰ)
-292/13, ਸੋਹਜ ਵਿਲਾ, ਪੀਰ ਕਾਲੋਨੀ, ਸਰਹਿੰਦ (ਜ਼ਿਲ੍ਹਾ: ਫਤਹਿਗੜ੍ਹ ਸਾਹਿਬ)
ਮੋਬਾਈਲ : 98155-01381 email: achhrusingh@yahoo.com

ਰੁੱਤ 'ਫੁੱਲ ਸ਼ੋਆਂ' ਦੀ ਆਈ

ਕਈ ਵਰ੍ਹੇ ਪਹਿਲਾਂ ਅਮਰੀਕਾ ਦੇ ਸ਼ਹਿਰ ਲਾਸ ਏਾਜਲਸ 'ਚ ਬਹੁਪੱਖੀ ਫਲਾਵਰ ਸ਼ੋਅ ਇਕ ਵਿਸ਼ਾਲ ਪਾਰਕ 'ਚ ਵੇਖਣ ਦਾ ਸਬੱਬ ਬਣਿਆ | ਇਕੱਲੇ ਫੁੱਲ-ਬੂਟੇ ਹੀ ਨਹੀਂ, ਜੋ ਕਿ ਇਕ ਕੋਨੇ ਵਿਚ ਪ੍ਰਦਰਸ਼ਤ ਕੀਤੇ ਗਏ ਸਨ, ਨਾਲ ਹੀ ਨਾਚ-ਗਾਣੇ, ਸੰਗੀਤ, ਭਾਸ਼ਣਬਾਜ਼ੀ ਵੀ ਚੱਲ ਰਹੀ ਸੀ | ਨੌਜਵਾਨ, ਬਜ਼ੁਰਗ, ਬੱਚੇ, ਔਰਤਾਂ ਤੇ ਮਰਦ ਸਾਰੇ ਹਾਸਾ-ਠੱਠਾ ਕਰ ਇਲਾਹੀ ਰੰਗ 'ਚ ਰੰਗੇ ਹੋਏ ਸਨ | ਹਾਂ, ਇਹ ਨਜ਼ਾਰੇ ਕੁਝ ਡਾਲਰ ਖਰਚ ਕਰਕੇ ਹੀ ਮਾਣੇ ਜਾ ਸਕਦੇ ਸਨ |
ਸਾਡੇ ਇਥੇ 'ਫੁੱਲ-ਬੂਟਿਆਂ' ਦੀਆਂ ਪ੍ਰਦਰਸ਼ਨੀਆਂ ਲਗਾਉਣੀਆਂ ਫ਼ੌਜੀ ਛਾਉਣੀਆਂ ਤੱਕ ਹੀ ਸੀਮਤ ਰਹੀਆਂ ਜਾਂ ਬਾਅਦ 'ਚ ਖੇਤੀ ਯੂਨੀਵਰਸਿਟੀ ਦੇ ਸਾਬਕਾ ਵੀ. ਸੀ. ਡਾ: ਮਹਿੰਦਰ ਸਿੰਘ ਰੰਧਾਵਾ ਨੇ ਇਸ ਲਈ ਭਰਵਾਂ ਉਤਸ਼ਾਹ ਪੈਦਾ ਕੀਤਾ ਸੀ | ਕੁਝ ਸਾਲਾਂ ਤੋਂ ਪੰਜਾਬ ਦੇ ਕਈ ਵੱਡੇ ਸ਼ਹਿਰਾਂ 'ਚ ਫੁੱਲ ਮੇਲੇ ਲੱਗਣੇ ਸ਼ੁਰੂ ਹੋਏ ਹਨ, ਜਿਥੇ ਵੇਖੀਦਾ ਹੈ ਕਿ ਦਰਸ਼ਕਾਂ ਦੀ ਬਹੁਤੀ ਵੱਡੀ ਤਾਦਾਦ ਨਹੀਂ ਹੁੰਦੀ | ਜਦੋਂ ਕਿ ਫੁੱਲ-ਬੂਟੇ ਉਗਾਉਣਾ, ਦੇਖ-ਭਾਲ ਕਰਨੀ, ਮੋਹ ਰੱਖਣਾ, ਇਨਸਾਨ ਅੰਦਰ ਸਾਕਾਰਾਤਮਕ ਸੋਚ ਨੂੰ ਜਨਮ ਦਿੰਦਾ ਹੈ | ਇਸੇ ਲਈ ਇਸ ਪਾਸੇ ਤਵੱਜੋਂ ਦੇਣ ਦੀ ਹੋਰ ਲੋੜ ਹੈ |
ਸਾਡੇ ਖਿੱਤੇ 'ਚ ਅੰਗਰੇਜ਼ ਰਾਜ ਦੌਰਾਨ ਬਣੀਆਂ ਛਾਉਣੀਆਂ 'ਚ ਸਿਵਲ ਦੇ ਮੁਕਾਬਲੇ ਵਧ ਫੁੱਲ-ਬੂਟੇ ਅਤੇ ਰੁੱਖ ਲਗਾਉਣ ਉਪਰ ਜ਼ੋਰ ਦਿੱਤਾ ਗਿਆ | ਉਨ੍ਹਾਂ ਹੀ 'ਫਲਾਵਰ' ਸ਼ੋਅ ਵੀ ਲਗਾਏ, ਮੁਕਾਬਲੇ ਵੀ ਰੱਖੇ |
ਸਿਵਲ 'ਚ ਪਹਿਲਾਂ-ਪਹਿਲ ਚੰਡੀਗੜ੍ਹ 'ਚ ਫੁੱਲ-ਬੂਟੇ ਲਗਾਉਣ ਦਾ, ਸਾਂਭ-ਸੰਭਾਲ ਕਰ ਕੇ ਨੇਪਰੇ ਚੜ੍ਹਾਉਣ ਦਾ ਉੱਦਮ ਹੋਇਆ ਜੋ ਕਿ ਡਾ: ਮਹਿੰਦਰ ਸਿੰਘ ਰੰਧਾਵਾ ਦੇ ਅਣਥੱਕ ਯਤਨਾਂ ਸਦਕਾ ਨੇਪਰੇ ਚੜਿ੍ਹਆ | ਸ਼ਹਿਰ ਚੰਡੀਗੜ੍ਹ ਅੱਜ ਭਾਰਤ 'ਚ ਹੀ ਨਹੀਂ ਵਿਸ਼ਵ ਭਰ 'ਚ ਵਧੀਆ, ਸੰੁਦਰ, ਸੁਖਦਾਇਕ ਲੈਂਡਸਕੇਪ ਵਜੋਂ ਮਸ਼ਹੂਰ ਹੋਇਆ ਹੈ |
ਖੇਤੀ ਯੂਨੀਵਰਸਿਟੀ ਦੇ ਕੈਂਪਸ ਨੂੰ ਅੱਜ ਵਿਸ਼ਵ ਭਰ 'ਚ ਵਧੀਆ ਲੈਂਡਸਕੇਪ ਵਾਲੀ ਯੂਨੀਵਰਸਿਟੀ ਵਜੋਂ ਜਾਣਿਆ ਜਾਂਦਾ ਹੈ | ਹਰ ਸਾਲ ਦੀ ਤਰ੍ਹਾਂ ਡਾ: ਰੰਧਾਵਾ ਦੀ ਯਾਦ ਨੂੰ ਸਮਰਪਿਤ ਫਲਾਵਰ ਸ਼ੋਅ ਫਰਵਰੀ 26-27 ਤਰੀਕ ਨੂੰ ਪੀ.ਏ.ਯੂ. ਲੁਧਿਆਣਾ ਦੇ ਕੈਂਪਸ 'ਚ ਹੋ ਰਿਹਾ ਹੈ | ਕੁਦਰਤੀ ਹੁਸਨ ਦੇ ਨਜ਼ਾਰਿਆਂ ਦਾ ਆਨੰਦ ਮਾਣ ਸਕਦੇ ਹਨ |

-dosanjhsps@gmail.com

ਅੱਜ ਭੋਗ 'ਤੇ ਵਿਸ਼ੇਸ਼ ਅਲਵਿਦਾ! ਕਰਨਲ ਗੁਰਦੀਪ ਜਗਰਾਉਂ

ਉੱਘੇ ਸਾਹਿਤਕਾਰ, ਪੰਜਾਬੀ ਜ਼ਬਾਨ ਦੇ ਬੁਲੰਦ ਕਲਮਕਾਰ, ਜ਼ਿੰਦਾਦਿਲ ਤੇ ਖ਼ੁਸ਼ਮਿਜਾਜ਼ ਤਬੀਅਤ ਦੇ ਮਾਲਕ ਕਰਨਲ ਗੁਰਦੀਪ ਜਗਰਾਉਂ ਦਾ ਨਾਂਅ ਕਿਸੇ ਜਾਣ-ਪਹਿਚਾਣ ਦਾ ਮੁਹਥਾਜ ਨਹੀਂ | ਭਾਵੇਂ ਉਨ੍ਹਾਂ ਦੇ ਪਿਤਾ ਪਿ੍ੰ: ਤਖਤ ਸਿੰਘ ਪ੍ਰਸਿੱਧ ਗਜ਼ਲਗੋ ਸਨ ਅਤੇ ਸ਼ਹੀਦ ਕਰਨੈਲ ਸਿੰਘ ਈਸੜੂ ਉਨ੍ਹਾਂ ਦੇ ਚਾਚਾ ਜੀ ਸਨ, ਜਿਨ੍ਹਾਂ 'ਤੇ ਦੇਸ਼ ਅਤੇ ਪੰਜਾਬੀਆਂ ਨੂੰ ਵੱਡਾ ਮਾਣ ਹੈ ਅਤੇ ਇਹ ਸਨਮਾਨ ਉਨ੍ਹਾਂ ਦੇ ਨਾਂਅ ਨਾਲ ਜੁੜਦੇ ਹਨ, ਪਰ ਉਨ੍ਹਾਂ ਦੀ ਆਪਣੀ ਵੱਖਰੀ ਪਹਿਚਾਣ ਸੀ |
ਦੇਸ਼ ਦੀਆਂ ਸਰੱਹਦਾਂ ਨੂੰ ਨਾਪਦਿਆਂ ਦੁਸ਼ਮਣਾਂ ਨੂੰ ਆਪਣੀ ਬੰਦੂਕ ਨਾਲ ਖਦੇੜਣ ਤੋਂ ਲੈ ਕੇ ਸਾਹਿਤ ਦੇ ਵਿਸ਼ਾਲ ਖੇਤਰ 'ਚ ਆਪਣੀ ਕਲਮ ਦੁਆਰਾ ਪੰਜਾਬੀ ਜ਼ਬਾਨ ਦੇ ਅਨਮੋਲ ਸ਼ਬਦਾਂ ਰਾਹੀਂ ਠੇਠ ਪੰਜਾਬੀ 'ਚ ਆਪਣੇ ਤਜਰਬੇ ਸਾਂਝੇ ਕਰਨ ਦੇ ਨਾਲ-ਨਾਲ ਅਹਿਮ ਜਾਣਕਾਰੀ ਭਰੇ ਲੇਖਾਂ ਦੁਆਰਾ ਪਾਠਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਕਰਨਲ ਗੁਰਦੀਪ ਜਗਰਾਉਂ ਦਾ ਜਨਮ ਪਾਕਿਸਤਾਨ ਦੇ ਚੱਕ 74, ਠੀਕਰੀਵਾਲ ਧਾਂਦਰਾ ਵਿਖੇ ਪਿਤਾ ਪਿ੍ੰ: ਤਖ਼ਤ ਸਿੰਘ ਦੇ ਘਰ ਮਾਤਾ ਗੁਰਭਜਨ ਕੌਰ ਦੀ ਕੁੱਖੋਂ ਨਾਨਕੇ ਘਰ 3 ਜਨਵਰੀ 1938 ਨੂੰ ਹੋਇਆ | ਦੇਸ਼ ਦੀ ਵੰਡ ਤੋਂ ਪਹਿਲਾਂ ਉਨ੍ਹਾਂ ਦੇ ਪੁਰਖਿਆਂ ਦਾ ਪਿੰਡ ਈਸੜੂ ਸੀ | ਇਥੋਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਅਤੇ ਉਥੇ ਹੀ ਇਨ੍ਹਾਂ ਦਾ ਜਨਮ ਹੋਇਆ | ਫਿਰ ਦੇਸ਼ ਦੀ ਵੰਡ ਸਮੇਂ ਉਨ੍ਹਾਂ ਦਾ ਪਰਿਵਾਰ ਫਿਰ ਤੋਂ ਭਾਰਤ ਆ ਗਿਆ ਅਤੇ ਪੰਜਾਬ ਦੇ ਪਿੰਡ ਲੋਪੋ (ਮੋਗਾ) ਵਿਖੇ ਆ ਵਸਿਆ | ਉਨ੍ਹਾਂ ਦੇ ਪਿਤਾ ਪ੍ਰਸਿੱਧ ਗਜ਼ਲਗੋ ਪਿ੍ੰ: ਤਖ਼ਤ ਸਿੰਘ ਉਨ੍ਹਾਂ ਦਿਨਾਂ 'ਚ ਅਜੇ ਅਧਿਆਪਕ ਹੀ ਸਨ | ਜਿਸ ਪਿੰਡ ਦੇ ਸਕੂਲ 'ਚ ਉਨ੍ਹਾਂ ਦੀ ਡਿਊਟੀ ਹੁੰਦੀ, ਉਹ ਪਰਿਵਾਰ ਸਮੇਤ ਉਥੇ ਹੀ ਰਹਿਣ ਲਗਦੇ, ਜਿਸ ਕਰਕੇ ਕਰਨਲ ਗੁਰਦੀਪ ਜਗਰਾਉਂ ਵੀ ਵੱਖ-ਵੱਖ ਸਕੂਲਾਂ ਵਿਚ ਆਪਣੀ ਪੜ੍ਹਾਈ ਕਰਦੇ ਰਹੇ | ਉਹ ਕੋਕਰੀ ਕਲਾਂ ਰਹੇ, ਫਿਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੋਹਲਾ-ਨਥਾਣਾ ਵੀ ਰਹੇ | ਇਥੇ ਹੀ ਉਨ੍ਹਾਂ ਨੇ ਜਵਾਨੀ 'ਚ ਪੈਰ ਰੱਖਿਆ ਅਤੇ ਉਨ੍ਹਾਂ ਦੇ ਜ਼ਿਆਦਾ ਦੋਸਤ ਇਸ ਇਲਾਕੇ ਦੇ ਹੀ ਸਨ | ਇਸ ਉਪਰੰਤ ਉਨ੍ਹਾਂ ਦਾ ਪਰਿਵਾਰ ਪੱਕੇ ਤੌਰ 'ਤੇ ਜਗਰਾਉਂ ਦੇ ਅਗਵਾੜ ਗੁਜਰਾਂ, 5 ਨੰਬਰ ਚੁੰਗੀ ਕੋਲ ਆ ਵਸਿਆ | ਫੌਜ ਵਿਚੋਂ ਰਿਟਾਇਰ ਹੋਣ ਉਪਰੰਤ ਉਨ੍ਹਾਂ ਨੇ ਕੋਠੇ ਪੋਨਾ ਰੋਡ 'ਤੇ ਆਪਣਾ ਰੈਣ ਬਸੇਰਾ ਬਣਾਇਆ, ਜਿਥੇ ਉਹ ਅੱਜਕਲ੍ਹ ਰਹਿ ਰਹੇ ਸਨ |
12 ਫਰਵਰੀ 1955 'ਚ 17 ਕੁ ਸਾਲ ਦੀ ਉਮਰ 'ਚ ਉਹ ਫੌਜ ਵਿਚ ਟੈਂਕ ਰਸਾਲਾ (ਆਰਮਡ ਕੋਰ) ਅਹਿਮਦਗੜ੍ਹ (ਮਹਾਰਾਸ਼ਟਰ) ਸਿਪਾਹੀ ਭਰਤੀ ਹੋਏ ਅਤੇ ਆਪਣੀ ਬਹਾਦਰੀ, ਚੁਸਤ ਤੇ ਫੁਰਤੀਲੇ ਸਰੀਰ ਤੇ ਮਿੱਠੇ ਸੁਭਾਅ ਦੇ ਨਾਲ-ਨਾਲ ਮਿਹਨਤ ਸਦਕਾ ਉਹ ਕਮਿਸ਼ਨ ਲੈ ਕੇ ਲੈਫਟੀਨੈਂਟ ਬਣੇ ਅਤੇ ਫਿਰ ਕੈਪਟਨ, ਮੇਜਰ, ਕਰਨਲ ਤੋਂ ਫੁੱਲ ਕਰਨਲ ਬਣੇ | ਉਹ ਆਸਾਮ ਰੈਜਮੈਂਟ ਦੇ ਡਿਪਟੀ ਕਮਾਂਡੈਂਟ ਦੇ ਤੌਰ 'ਤੇ ਸ਼ਿਲਾਂਗ ਰਹੇ | ਉਨ੍ਹਾਂ ਨੇ 1962 ਦੀ ਚੀਨ ਨਾਲ ਜੰਗ ਲੜੀ ਅਤੇ ਪਾਕਿਸਤਾਨ ਨਾਲ ਦੋਵੇਂ ਜੰਗਾਂ (1965 ਤੇ 1971 ) ਵੀ ਲੜੀਆਂ | ਉਹ ਭੰਗੜੇ, ਫੁੱਟਬਾਲ ਤੇ ਵਾਲੀਬਾਲ ਦੇ ਚੰਗੇ ਖਿਡਾਰੀ ਸਨ | ਉਨ੍ਹਾਂ ਦੀ ਯੂਨਿਟ ਵਿਚ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਫਿਲਮ ਅਦਾਕਾਰ ਦੇਵ ਆਨੰਦ ਉਨ੍ਹਾਂ ਦੇ ਗੂੜੇ੍ਹ ਮਿੱਤਰ ਬਣ ਗਏ ਸਨ | ਉਹ ਦੋ ਭਰਾ ਸਨ, ਉਨ੍ਹਾਂ ਦਾ ਵਿਆਹ 16 ਜੂਨ 1968 ਨੂੰ ਦੇਹਰਾਦੂਨ ਫੌਜ ਅਕੈਡਮੀ ਵਿਖੇ ਹੀ ਗੁਰਸ਼ਰਨਦੀਪ ਕੌਰ ਨਾਲ ਹੋਇਆ ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਬੇਟਿਆਂ ਨੇ ਜਨਮ ਲਿਆ | ਛੋਟੇ ਪੁੱਤਰ ਦੀ ਚੰਡੀਗੜ੍ਹ ਪੜ੍ਹਦਿਆਂ ਮੌਤ ਹੋ ਗਈ ਸੀ |
28 ਫਰਵਰੀ 1990 ਵਿਚ 35 ਸਾਲ ਦੀ ਸਰਵਿਸ ਕਰਨ ਉਪਰੰਤ ਫੌਜ 'ਚੋਂ ਸੇਵਾ-ਮੁਕਤ ਹੋਏ ਅਤੇ ਫਿਰ ਉਨ੍ਹਾਂ ਨੇ ਆਪਣੇ-ਆਪ ਨੂੰ ਰੱੁਝਿਆ ਰੱਖਣ ਲਈ ਆਪਣੇ ਪਿਤਾ ਗਜ਼ਲਗੋ ਸਵਰਗੀ ਪਿ੍ੰ: ਤਖ਼ਤ ਸਿੰਘ ਦੇ ਪਦ ਚਿਨ੍ਹਾਂ ਦੇ ਚਲਦਿਆਂ ਸਾਹਿਤ ਨੂੰ ਅਪਣਾਇਆ | ਪੜ੍ਹਨਾ, ਲਿਖਣਾ, ਖੋਜ ਕਰਨੀ, ਰੋਜ਼ਾਨਾ ਸੈਰ ਕਰਨੀ, ਸਮਾਧੀ ਲਾਉਣਾ ਉਨ੍ਹਾਂ ਦਾ ਰੋਜ਼ਾਨਾ ਦਾ ਨਿਤਨੇਮ ਸੀ, ਜਿਸ ਤੋਂ ਉਹ ਕਦੇ ਵੀ ਖੁੰਝਦੇ ਨਹੀਂ ਸਨ | ਇਕ ਘੰਟਾ ਹਰ ਰੋਜ਼ ਸੈਰ ਕਰਨਾ, ਅੱਧਾ ਘੰਟਾ ਸਮਾਧੀ ਲਾਉਣਾ, ਫਿਰ ਸਵੇਰੇ-ਸਵੇਰੇ ਲਿਖਣ ਬੈਠਣਾ ਅਤੇ ਸ਼ਾਮ ਨੂੰ ਚੰਗਾ ਸਾਹਿਤ ਪੜ੍ਹਨਾ, ਲਿਖਣ ਲਈ ਦਿਮਾਗ ਚਲਾਉਣਾ ਉਨ੍ਹਾਂ ਦੇ ਰੁਟੀਨ ਵਿਚ ਸ਼ਾਮਿਲ ਸੀ | ਉਨ੍ਹਾਂ ਨੇ ਠੇਠ ਪੰਜਾਬੀ 'ਚ ਆਪਣੇ ਲਗਭਗ 200 ਲੇਖਾਂ ਨੂੰ 'ਅਜੀਤ' ਰਾਹੀਂ ਲੋਕਾਂ ਤੱਕ ਪਹੁੰਚਾਇਆ, ਜਿਨ੍ਹਾਂ ਨੂੰ ਪਾਠਕਾਂ ਨੇ ਬੇਹੱਦ ਸਰਾਹਿਆ | ਅਦਾਰਾ 'ਅਜੀਤ' ਨਾਲ ਉਨ੍ਹਾਂ ਦੀ ਗੂੜ੍ਹੀ ਸਾਂਝ ਸੀ ਜਿਸ ਦਾ ਉਹ ਅਕਸਰ ਮਹਿਫ਼ਲ ਵਿਚ ਜ਼ਿਕਰ ਕਰਦੇ ਰਹਿੰਦੇ | ਭਾਅ ਜੀ ਡਾ: ਬਰਜਿੰਦਰ ਸਿੰਘ ਹਮਦਰਦ ਨਾਲ ਉਹ ਅਕਸਰ ਪੰਜਾਬੀ ਸਾਹਿਤ ਸਬੰਧੀ ਵਿਚਾਰ ਚਰਚਾ ਕਰਦੇ ਰਹਿੰਦੇ |
ਅੱਜ ਉਨ੍ਹਾਂ ਨਮਿੱਤ ਪਿੰਡ ਗਗੜਾ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਹੋ ਰਿਹਾ ਹੈ |

-ਮੋਬਾਈਲ : 9872193320

ਫ਼ਿਲਮੀ ਬੂਹੇ-ਬਾਰੀਆਂ: ਫਕੀਰ ਬਾਦਸ਼ਾਹ ਹੈ ਪੰਜਾਬੀ ਸਿਨੇਮਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਗਾਇਕ ਆਪਣੀਆਂ ਫ਼ਿਲਮਾਂ ਨੂੰ ਫਾਈਨੈਂਸ ਕਿਉਂ ਕਰਦੇ ਹਨ? ਇਸ ਉਦੇਸ਼ ਦੇ ਪਿੱਛੇ ਵੀ ਉਨ੍ਹਾਂ ਦਾ ਨਿੱਜੀ ਸੁਆਰਥ ਲੁਕਿਆ ਹੋਇਆ ਹੈ | ਫ਼ਿਲਮ ਚੱਲੇ ਜਾਂ ਫਲਾਪ ਹੋਵੇ, ਇਸ ਗੱਲ ਨਾਲ ਇਨ੍ਹਾਂ ਨਿਰਮਾਤਾਵਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ | ਨਿਸ਼ਾਨਾ ਤਾਂ ਇਹ ਹੈ ਕਿ ਫ਼ਿਲਮਾਂ ਦੀ ਟੇਕ ਲੈ ਕੇ ਵਿਦੇਸ਼ਾਂ ਦੇ ਟੂਰ ਕੱਟਣਾ ਅਤੇ ਆਪਣੀਆਂ ਜੇਬਾਂ ਗਰਮ ਕਰਨਾ | ਲਿਹਾਜ਼ਾ, ਫ਼ਿਲਮਾਂ ਤਾਂ ਧੜਾਧੜ ਬਣ ਰਹੀਆਂ ਹਨ, ਪਰ ਗੁਣਵੱਤਾ ਦੇ ਪੱਖ ਤੋਂ ਮਾਰ ਖਾ ਰਹੀਆਂ ਹਨ | ਇਕ ਵੀ ਅਜਿਹਾ ਬੈਨਰ ਨਹੀਂ ਹੈ, ਜਿਹੜਾ ਕਿ ਇਹ ਦਾਅਵਾ ਕਰ ਸਕੇ ਕਿ ਉਹ ਨਿਰੰਤਰ ਰੂਪ 'ਚ ਸਵੱਛ ਫ਼ਿਲਮਾਂ ਦਾ ਨਿਰਮਾਣ ਕਰ ਰਿਹਾ ਹੈ |
ਆਡੂਰ ਗੋਪਾਲਾਕ੍ਰਿਸ਼ਨਨ ਨੇ ਇਕ ਵਾਰ ਕਿਹਾ ਸੀ ਕਿ ਪ੍ਰਾਂਤਕ ਸਿਨੇਮਾ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਇਹ ਜ਼ਰੂਰੀ ਹੈ ਕਿ ਸਬੰਧਿਤ ਭਾਸ਼ਾ ਦੀਆਂ ਸਾਹਿਤਕ ਕਿਰਤਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ | ਸ਼ਾਇਦ ਇਹੀ ਆਧਾਰ ਸੀ ਕਿ ਤਾਮਿਲ ਸਿਨੇਮਾ ਇਸ ਲਈ ਮਜ਼ਬੂਤ ਹੋਇਆ, ਕਿਉਂਕਿ ਉਸ ਕੋਲ ਚੱਕਰ ਪਾਣੀ ਵਰਗਾ ਇਕ ਉੱਚ-ਕੋਟੀ ਦਾ ਸਾਹਿਤਕਾਰ ਮੌਜੂਦ ਸੀ | ਸਤਿਆਜੀਤ ਰੇਅ ਵੀ ਖੁਦ ਆਪ ਇਕ ਵਧੀਆ ਲੇਖਕ ਸੀ | ਪਰ ਪੰਜਾਬੀ ਸਿਨੇਮਾ ਇਸ ਪੱਖ ਤੋਂ ਕੋਰਾ ਰਹਿ ਗਿਆ ਹੈ | ਅਜੇ ਵੀ ਪੰਜਾਬੀ ਫ਼ਿਲਮਾਂ 'ਚੋਂ ਹਿੱਟ ਸਮਝੀਆਂ ਜਾਣ ਵਾਲੀਆਂ ਫ਼ਿਲਮਾਂ ਦੇ ਲੇਖਕ ਕੋਈ ਵੱਡੇ ਸਾਹਿਤਕਾਰ ਨਹੀਂ ਹਨ, ਬਲਕਿ ਕਾਮੇਡੀ ਸ਼ੋਅ ਲਿਖਣ ਵਾਲੇ ਮਸਾਲਾ ਲੇਖਕ ਹਨ |
ਗੱਲ ਇਹ ਵੀ ਨਹੀਂ ਹੈ ਕਿ ਪੰਜਾਬੀ ਸਾਹਿਤ ਜਾਂ ਸੱਭਿਆਚਾਰ ਕਿਸੇ ਹੋਰ ਪ੍ਰਾਂਤਕ ਭਾਸ਼ਾ ਨਾਲੋਂ ਊਣਾ ਹੈ | ਸੱਚਾਈ ਤਾਂ ਇਹ ਹੈ ਕਿ ਪੰਜਾਬੀ ਸਾਹਿਤ ਸੱਭਿਆਚਾਰ ਬਹੁਤ ਹੀ ਅਮੀਰ ਹੈ | ਵਰਤਮਾਨ ਸਮੇਂ 'ਚ ਪੰਜਾਬੀ ਸੰਗੀਤ ਤਾਂ ਬਾਲੀਵੁੱਡ 'ਚ ਵੀ ਛਾਇਆ ਪਿਆ ਹੈ | ਪੰਜਾਬੀ ਕਿਰਦਾਰ ਵੀ ਦਰਸ਼ਕਾਂ ਨੂੰ ਪਸੰਦ ਆ ਰਹੇ ਹਨ, ਕਿਉਂਕਿ ਹਿੰਦੀ ਸਿਨੇਮਾ ਵਾਲੇ ਇਸ ਬਹੁ-ਰੰਗੀ ਵਿਰਸੇ ਨੂੰ ਸੁਹਜਾਤਮਿਕ ਢੰਗ ਨਾਲ ਸੁਨਹਿਰੀ ਪਰਦੇ 'ਤੇ ਢਾਲਣ 'ਚ ਕਾਮਯਾਬ ਰਹਿੰਦੇ ਹਨ | ਇਸ ਲਈ ਉਨ੍ਹਾਂ ਦੀਆਂ ਫ਼ਿਲਮਾਂ 'ਚ ਪੰਜਾਬੀਅਤ ਨਿਖਰ ਕੇ ਆਉਂਦੀ ਹੈ | ਮਿਸਾਲ ਦੇ ਤੌਰ 'ਤੇ ਯਸ਼ ਚੋਪੜਾ ਦੀਆਂ ਫ਼ਿਲਮਾਂ ਚ ਆਮ ਤੌਰ 'ਤੇ ਪੰਜਾਬੀ ਤੜਕਾ ਹਾਵੀ ਰਿਹਾ ਹੈ |
ਪਰ ਸਾਡੇ ਪ੍ਰਾਂਤਕ ਨਿਰਦੇਸ਼ਕ ਅਜਿਹਾ ਇਸ ਲਈ ਨਹੀਂ ਕਰ ਸਕਦੇ, ਕਿਉਂਕਿ ਉਨ੍ਹਾਂ ਕੋਲ ਲੋੜੀਂਦੀ ਯੋਗਤਾ ਨਹੀਂ ਹੈ | ਬੇਸ਼ੱਕ ਅਨੁਰਾਗ ਸਿੰਘ 'ਜੱਟ ਐਾਡ ਜੂਲੀਅਟ', ਸਿਮਰਜੀਤ ਸਿੰਘ 'ਨਿੱਕਾ ਜ਼ੈਲਦਾਰ' ਅਤੇ ਅੰਬਰਦੀਪ 'ਲਾਹੌਰੀਏ' ਆਪੋ-ਆਪਣੇ ਢੰਗ ਨਾਲ ਪਟਕਥਾ ਨੂੰ ਪੇਸ਼ ਕਰਨ ਦੀ ਲੋੜੀਂਦੀ ਸਮਰੱਥਾ ਰੱਖਦੇ ਹਨ, ਪਰ ਅਜੇ ਤੱਕ ਵੀ ਉਨ੍ਹਾਂ ਕੋਲੋਂ ਦਰਸ਼ਕਾਂ ਦੀ ਅੰਤਰ-ਆਤਮਾ ਨੂੰ ਛੂਹਣ ਵਾਲੀ ਸਦਾਬਹਾਰ ਫ਼ਿਲਮ ਬਣ ਨਹੀਂ ਸਕੀ ਹੈ |
ਸੋ, ਕੁਝ ਕੁ ਅਜਿਹੇ ਨਿਰਦੇਸ਼ਕਾਂ ਨੂੰ ਛੱਡ ਦੇਈਏ ਤਾਂ ਬਹੁਗਿਣਤੀ 'ਚ ਪੰਜਾਬੀ ਨਿਰਦੇਸ਼ਕ ਅਜਿਹੇ ਹਨ, ਜਿਹੜੇ ਕਿ ਨਿਰਦੇਸ਼ਨ ਦੀਆਂ ਬਾਰੀਕੀਆਂ ਤੋਂ ਪੂਰੀ ਤਰ੍ਹਾਂ ਨਾਲ ਵਾਕਿਫ਼ ਨਹੀਂ ਹਨ | 100 'ਚੋਂ 90 ਨਿਰਦੇਸ਼ਕ ਤਾਂ ਉਹ ਹਨ, ਜਿਹੜੇ ਕੁਝ ਕੁ ਮਿਊਜ਼ਿਕ ਵੀਡੀਓਜ਼ ਬਣਾ ਕੇ ਆਪਣੇ-ਆਪ ਨੂੰ ਨਿਪੰੁਨ ਨਿਰਦੇਸ਼ਕ ਸਮਝਣ ਲੱਗ ਪੈਂਦੇ ਹਨ |
ਸਿਨੇਮਾ ਇਕ ਦਿਖ ਦਾ ਮਾਧਿਅਮ ਹੈ | ਇਸ ਵਿਚ ਸੰਗੀਤ, ਸਾਹਿਤ ਅਤੇ ਕਿੱਸਾਗੋਈ ਦਾ ਸਮਾਵੇਸ਼ ਹੁੰਦਾ ਹੈ | ਇਹ ਮਿਸ਼ਰਣ ਸੰਤੁਲਤ ਮਾਤਰਾ 'ਚ ਹੋਣਾ ਚਾਹੀਦਾ ਹੈ | ਪੰਜਾਬੀ ਸਿਨੇਮਾ ਦੇ ਕੋਲ ਇਕ ਅਮੀਰ ਵਿਰਸਾ ਹੈ ਪਰ ਇਸ ਖਜ਼ਾਨੇ ਨੂੰ ਤਲਾਸ਼ਣ 'ਚ ਸਾਡੇ ਨਿਰਮਾਤਾ-ਨਿਰਦੇਸ਼ਕ ਅਸਮਰੱਥ ਹਨ | ਲਿਹਾਜ਼ਾ, ਗਿਣਤੀ 'ਚ ਭਾਵੇਂ ਉਹ ਅਸੀਮਤ ਫ਼ਿਲਮਾਂ ਬਣਾਈ ਜਾਣ, ਉਨ੍ਹਾਂ ਦੇ ਯਤਨ ਸਾਰਥਿਕ ਨਹੀਂ ਹੋ ਸਕਦੇ | ਜਿਸ ਦਿਨ ਉਨ੍ਹਾਂ ਕੋਲ ਇਸ ਖਜ਼ਾਨੇ ਨੂੰ ਲੱਭਣ ਦੀ ਚਾਬੀ ਹੱਥ ਆ ਜਾਵੇਗੀ, ਉਸ ਦਿਨ ਉਹ ਪਾਲੀਵੁੱਡ ਨੂੰ ਵੀ ਮਾਲਾਮਾਲ ਕਰ ਦੇਣਗੇ | ਪਰ ਅਜੇ ਤਾਂ ਪੰਜਾਬੀ ਸਿਨੇਮਾ ਦੀ ਹਾਲਤ ਉਸ ਬਾਦਸ਼ਾਹ ਵਰਗੀ ਹੈ, ਜਿਹੜਾ ਕਿ ਦੌਲਤਮੰਦ ਹੁੰਦਿਆਂ ਹੋਇਆਂ ਵੀ ਭਿਖਾਰੀ ਦੀ ਤਰ੍ਹਾਂ ਹੈ | ਅਜਿਹੀਆਂ ਪ੍ਰਸਥਿਤੀਆਂ ਵਿਚ ਤਾਂ ਅਸੀਂ ਇਸ ਨਾਲ ਹਮਦਰਦੀ ਹੀ ਕਰ ਸਕਦੇ ਹਾਂ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਖ਼ੁਸ਼ੀਆਂ ਕਿੱਥੋਂ ਮਿਲਦੀਆਂ ਨੇ?

ਆਓ, ਆਪਾਂ ਖ਼ੁਸ਼ੀਆਂ ਦਾ ਦਰ ਮੱਲੀਏ
ਆਓ ਆਪਾਂ ਖ਼ੁਸ਼ੀਆਂ ਦੇ ਘਰ ਚੱਲੀਏ |

ਖ਼ੁਸ਼ੀ ਦਾ ਲਫ਼ਜ਼, ਜ਼ਬਾਨ 'ਤੇ ਆਉਂਦਿਆਂ ਹੀ ਅਸੀਂ ਖਿੜਪੁੜ ਜਾਂਦੇ ਹਾਂ | ਰਾਹ ਚਲਦਿਆਂ ਕਦੇ ਕਿਸੇ ਬਜ਼ੁਰਗ ਨੂੰ ਪ੍ਰਣਾਮ ਕਰੀਏ ਤਾਂ ਉਹ ਖ਼ੁਸ਼ ਹੋ ਕੇ ਕਹਿੰਦਾ ਹੈ, 'ਖ਼ੁਸ਼ ਰਹੋ ਬੇਟਾ' ਬਾਅਦ ਵਿਚ ਉਹ ਤੁਹਾਨੂੰ ਲੰਬੀ ਉਮਰ ਜਾਂ ਤੰਦਰੁਸਤ ਰਹਿਣ ਵਰਗਾ ਅਸ਼ੀਰਵਾਦ ਵੀ ਦੇ ਸਕਦਾ ਹੈ | ਪਰ ਅਸੀਂ ਕੀ ਕਦੇ ਸੋਚਦੇ ਹਾਂ ਕਿ ਖ਼ੁਸ਼ੀ ਹੀ ਲੰਬੀ ਉਮਰ ਜਾਂ ਤੰਦਰੁਸਤੀ ਦਾ ਦਰਵਾਜ਼ਾ ਤੁਹਾਡੇ ਲਈ ਖੋਲ੍ਹਦੀ ਹੈ | ਖ਼ੁਸ਼ੀਆਂ ਸਾਨੂੰ ਕਿਸੇ ਦੁਕਾਨ ਤੋਂ ਨਹੀਂ ਮਿਲਦੀਆਂ ਉਹ ਸਾਡੇ ਆਸ-ਪਾਸ ਹੀ ਹਨ ਜਾਂ ਇੰਜ ਕਹੋ ਕਿ ਸਿਤਾਰਿਆਂ ਵਾਂਗੂ ਵਾਲਾਂ ਨਾਲ ਚੰਬੜੀਆਂ ਹੋਈਆਂ ਹਨ, ਕੱਪੜਿਆਂ ਦੇ ਖ਼ੂਬਸੂਰਤ ਰੰਗਾਂ ਵਾਂਗੂ ਸਾਡੇ ਵਜੂਦ ਨਾਲ ਲਿਪਟੀਆਂ ਹੋਈਆਂ ਹਨ ਤੇ ਤਾਜ਼ੇ-ਤਾਜ਼ੇ ਖਿੜੇ ਪੁੱਲਾਂ ਦੀ ਖ਼ੁਸ਼ਬੂ ਵਾਂਗੂ ਸਾਡੇ ਦਿਲੋ-ਦਿਮਾਗ 'ਤੇ ਛਾਈਆਂ ਹੋਈਆਂ ਹਨ | ਬਸ ਕਮੀ ਸਾਡੇ ਵਿਚ ਏਹੀ ਹੈ ਕਿ ਅਸੀਂ ਉਨ੍ਹਾਂ ਨੂੰ ਪਛਾਣ ਨਹੀਂ ਸਕਦੇ | ਅਸੀਂ ਆਪਣੇ ਆਸ-ਪਾਸ ਦੇ ਸੋਹਣੇ ਖ਼ੁਸ਼ਨੁਮਾ ਮਾਹੌਲ ਵਿਚ ਹੱਥ ਵਧਾ ਕੇ ਉਨ੍ਹਾਂ ਨੂੰ ਫੜ ਨਹੀਂ ਸਕਦੇ ਕਿਉਂਕਿ ਅਸੀਂ ਉਨ੍ਹਾਂ ਖ਼ੁਸ਼ੀਆਂ ਦੇ ਘੇਰੇ ਵਿਚ ਖ਼ੁਸ਼ੀਆਂ ਨੂੰ ਫੜਦੇ ਹੋਏ ਟਟਿਹਣਿਆਂ ਵਰਗੇ ਲੋਕਾਂ ਨੂੰ ਖ਼ੁਸ਼ ਨਹੀਂ ਦੇਖ ਸਕਦੇ ਜਿਨ੍ਹਾਂ ਦੇ ਹੱਥ ਕੋਈ ਖ਼ੁਸ਼ੀ ਜੁਗਨੂੰ ਵਾਂਗੂੰ ਟਿਮਟਿਮਾ ਰਹੀ ਹੈ | ਖ਼ੁਸ਼ੀਆਂ ਹਰ ਇਨਸਾਨ ਕੋਲ ਹੁੰਦੀਆਂ ਹਨ ਪਰ ਕਈ ਤੰਗ ਦਿਲ ਬੰਦੇ ਉਨ੍ਹਾਂ ਕੋਲੋਂ ਖੋਹ ਲੈਂਦੇ ਹਨ |
ਹੁਣ ਤੁਸੀਂ ਰਿਸ਼ਤਿਆਂ ਨੂੰ ਹੀ ਲੈ ਲਓ | ਸਭ ਤੋਂ ਜ਼ਿਆਦਾ ਖ਼ੁਸ਼ੀ ਸਾਨੂੰ ਰਿਸ਼ਤਿਆਂ ਵਿਚੋਂ ਹੀ ਮਿਲਦੀ ਹੈ | ਮਾਂ-ਪੁੱਤ ਦਾ ਰਿਸ਼ਤਾ, ਬਾਪ-ਬੇਟੀ ਦਾ ਰਿਸ਼ਤਾ, ਮਾਂ-ਧੀ ਦਾ, ਨੂੰ ਹ-ਸੱਸ ਦਾ, ਭੈਣ-ਭਾਈ ਦਾ, ਇਹ ਸਭ ਰਿਸ਼ਤੇ ਖ਼ੁਸ਼ੀਆਂ ਦੇਣ ਵਾਲੇ ਹਨ | ਹੁਣ ਸੱਸ-ਨੂੰਹ ਨੂੰ ਹੀ ਲੈ ਲਓ, ਸਭ ਤੋਂ ਨੇੜੇ ਦਾ ਤੇ ਸਭ ਤੋਂ ਪਿਆਰਾ ਰਿਸ਼ਤਾ ਹੈ ਪਰ ਕੀ ਸੱਚਮੁੱਚ ਹੀ ਇਹ ਅਜਿਹਾ ਨਿਭਦਾ ਹੈ | ਕਿੰਨੇ ਚਾਵਾਂ ਨਾਲ ਸੱਸ ਨੂੰ ਹ ਨੂੰ ਪਸੰਦ ਕਰਦੀ ਹੈ | ਚਾੲੀਂ-ਚਾੲੀਂ ਉਸ ਲਈ ਗਹਿਣੇ ਕੱਪੜੇ ਖਰੀਦਦੀ ਹੈ | ਨੂੰ ਹ ਪੁੱਤਰ ਦੇ ਸਿਰ ਤੋਂ ਸ਼ਗਨਾਂ ਦਾ ਪਾਣੀ ਵਾਰ-ਵਾਰ ਕੇ ਪੀਂਦੀ ਹੈ ਤੇ ਬਾਅਦ ਵਿਚ? ਹਮੇਸ਼ਾ ਨਹੀਂ-ਨਹੀਂ, ਹਮੇਸ਼ਾ ਨਹੀਂ ਪਰ ਅਕਸਰ ਸੱਸ-ਨੂੰਹ ਇਕ-ਦੂਜੀ ਦੀਆਂ ਖ਼ੁਸ਼ੀਆਂ 'ਤੇ ਕੁਹਾੜਾ ਮਾਰਦੀਆਂ ਰਹਿੰਦੀਆਂ ਹਨ | ਗੱਲ ਤਾਂ ਬਹੁਤ ਨਿਗੂਣੀ ਜੇਹੀ ਹੈ | ਕਿਸੇ ਰਿਸ਼ਤੇਦਾਰ ਦੇ ਘਰ ਮੰੁਡਾ ਜੰਮਿਆ ਉਹ ਲੱਡੂਆਂ ਦਾ ਡਿੱਬਾ ਦੇ ਗਿਆ, ਸਭ ਖ਼ੁਸ਼ ਹੋਏ, ਲੱਡੂਆਂ ਵਾਲੇ ਨੂੰ ਵਧਾਈ ਦਿੱਤੀ, ਸਭ ਨੇ ਲੱਡੂ ਖਾ ਲਏ | ਦੋ ਲੱਡੂ ਬਚ ਗਏ | ਰੋਟੀ ਖਾਣ ਤੋਂ ਬਾਅਦ ਮਿੱਠੇ ਦੀ ਲਲਕ ਕਰਕੇ ਸੱਸ ਨੇ ਇਕ ਲੱਡੂ ਹੋਰ ਖਾ ਲਿਆ | ਲਓ ਜੀ ਪੈ ਗਿਆ ਪੁਆੜਾ | ਬਹੂ ਨੇ ਤਿੱਖੀ ਆਵਾਜ਼ ਵਿਚ ਸੱਸ ਨੂੰ ਕਿਹਾ, 'ਮਾਤਾ ਜੀ, ਪਹਿਲਾਂ ਜਿਹੜੇ ਲੱਡੂ ਖਾਧੇ ਸੀ, ਕੀ ਉਨ੍ਹਾਂ ਨਾਲ ਤਸੱਲੀ ਨਹੀਂ ਸੀ ਹੋਈ, ਇਹ ਦੋ ਲੱਡੂ ਮੈਂ ਆਪਣੀ ਕੰਮ ਵਾਲੀ ਬਾਈ ਲਈ ਰੱਖੇ ਸੀ |' ਵਿਚਾਰੀ ਸੱਸ ਰੋਣ ਹਾਕੀ ਹੋ ਗਈ | ਚੁੱਪ ਕਰ ਗਈ | ਪਰ ਨੀਂਦ ਨਹੀਂ ਸੀ ਆ ਰਹੀ | ਪੁੱਤਰ ਬੈਠਾ ਲੈਪਟਾਪ 'ਤੇ ਕੋਈ ਕੰਮ ਕਰ ਰਿਹਾ ਸੀ | ਨੂੰ ਹ ਵੀ ਕੋਲ ਹੀ ਬੈਠੀ ਸੀ | ਸੱਸ ਕੋਲ ਆ ਕੇ ਬੋਲੀ, 'ਮੁਆਫ਼ ਕਰੀਂ ਬਹੂ ਮੈਨੂੰ ਪਤਾ ਨਹੀਂ ਸੀ ਕਿ ਇਹ ਲੱਡੂ ਤੂੰ ਬਾਈ ਲਈ ਰੱਖੇ ਸੀ, ਤੂੰ ਮੈਨੂੰ ਪਹਿਲਾਂ ਹੀ ਦੱਸ ਦਿੰਦੀ, ਹੁਣ ਖਾਣ ਤੋਂ ਬਾਅਦ ਦੱਸਣ ਦਾ ਕੀ ਫਾਇਦਾ | ਹੁਣ ਮੈਂ ਤੈਨੂੰ ਢਿੱਡ 'ਚੋਂ ਕੱਢ ਕੇ ਤਾਂ ਦੇਣ ਤੋਂ ਰਹੀ |' ਪੁੱਤਰ ਸਭ ਕੁਝ ਸਮਝ ਗਿਆ | ਉਸ ਨੇ ਆਪਣੀ ਵਹੁਟੀ ਨੂੰ ਖੂਬ ਝਿੜਕਿਆ ਤੇ ਜਿਹੜਾ ਇਕ ਇਕਲੌਤਾ ਲੱਡੂ ਬੱਚਿਆ ਹੋਇਆ ਸੀ, ਉਹ ਵੀ ਚੁੱਕ ਕੇ ਕੂੜੇ ਵਾਲੇ ਡੱਬੇ ਵਿਚ ਸੁੱਟ ਦਿੱਤਾ | ਲਓ ਜੀ, ਲੈ ਲਓ ਸੁਆਦ ਹੁਣ ਕੌਣ ਖੁਸ਼ ਹੋਇਆ | ਸੱਸ ਨੇ ਨੂੰ ਹ ਜਾਂ ਵਹੁਟੀ ਨੂੰ ਝਿੜਕ ਕੇ ਪੁੱਤਰ, ਇਸ ਤਰ੍ਹਾਂ ਅਸੀਂ ਦੂਜਿਆਂ ਦੀਆਂ ਖ਼ੁਸ਼ੀਆਂ ਖੋਹ ਲੈਂਦੇ ਹਾਂ ਤੇ ਖੁਸ਼ੀਆਂ ਏਦਾਂ ਸਾਡੇ ਦੇਖਦਿਆਂ-ਦੇਖਦਿਆਂ ਖੰਭ ਲਾ ਕੇ ਉੱਡ ਜਾਂਦੀਆਂ ਹਨ | ਦੇਖੋ ਬਈ ਤੁਸੀਂ ਸਾਰੇ ਇੰਜ ਨਾ ਕਰਿਆ ਜੇ | ਗੱਲ ਭਾਵੇਂ ਲੱਡੂਆਂ ਦੀ ਨਹੀਂ ਸੀ ਪਰ ਨੂੰ ਹ-ਸੱਸ ਨੂੰ ਖੁਸ਼ ਦੇਖਣਾ ਨਹੀਂ ਸੀ ਚਾਹੁੰਦੀ, ਯਾਦ ਰੱਖੋ ਆਪਾਂ ਇਸ ਤਰ੍ਹਾਂ ਦੇ ਨਿੱਕੇ-ਨਿੱਕੇ ਮਨ ਮੁਟਾਵ ਕਰਕੇ ਦੂਜਿਆਂ ਦੀਆਂ ਖ਼ੁਸ਼ੀਆਂ ਉਨ੍ਹਾਂ ਤੋਂ ਨਾ ਖੋਹੀਏ | ਬਲਕਿ ਉਨ੍ਹਾਂ ਨੂੰ ਹੋਰ ਵਧਾਈਏ, ਕਿਉਂਕਿ ਖ਼ੁਸ਼ੀਆਂ ਸਾਡੇ ਕੋਲ ਹੀ ਹਨ, ਉਨ੍ਹਾਂ ਨੂੰ ਬਚਾ ਕੇ ਰੱਖੀਏ |
ਮੈਂ ਹੁਣ ਤੁਹਾਨੂੰ ਆਪਣੀ ਹੀ ਇਕ ਗੱਲ ਦੱਸਣ ਲੱਗੀ ਹਾਂ | ਦੋ ਕੁ ਸਾਲ ਹੋ ਗਏ ਹਨ | ਮੈਂ ਡੇਂਗੂ ਤੋਂ ਪੀੜਤ ਹੋ ਕੇ ਹਸਪਤਾਲ ਵਿਚ ਦਾਖਲ ਸਾਂ, ਹਫ਼ਤਾ ਕੁ ਮਗਰੋਂ ਠੀਕ ਵੀ ਹੋ ਗਈ, ਬਹੁਤ ਖ਼ੁਸ਼ ਸਾਂ, ਅਗਲੇ ਦਿਨ ਛੁੱਟੀ ਹੋਣ ਵਾਲੀ ਸੀ | ਮੇਰੀ ਕੰਮ ਵਾਲੀ ਬਾਈ ਨੇ ਫੋਨ ਕਰਕੇ ਮੈਨੂੰ ਦੱਸਿਆ ਕਿ ਆਪਣੇ ਘਰ ਦੀ ਅਗਲੀ ਦੀਵਾਰ ਟੁੱਟੀ ਹੋਣ ਕਰਕੇ ਗੁਆਂਢੀਆਂ ਦੀ ਕੰਮ ਵਾਲੀ ਰੋਜ਼ ਲੋਕਾਂ ਦੇ ਘਰਾਂ ਦੀ ਸਫਾਈ ਕਰਕੇ ਕੂੜਾ ਸਾਡੇ ਵਿਹੜੇ ਵਿਚ ਸੁੱਟ ਦਿੰਦੀ ਹੈ | ਮੇਰੇ ਰੋਕਿਆਂ ਤਾਂ ਉਹ ਰੁਕਦੀ ਨਹੀਂ ਤੁਸੀਂ ਹੀ ਉਸ ਨੂੰ ਰੋਕੋ | ਕਹਿੰਦੇ ਨੇ ਕਿ ਗੁਆਂਢੀ ਤੁਹਾਡਾ ਸਭ ਤੋਂ ਨੇੜੇ ਦਾ ਤੇ ਸਭ ਤੋਂ ਪਿਆਰਾ ਰਿਸ਼ਤੇਦਾਰ ਹੁੰਦਾ ਹੈ | ਮੇਰੇ ਗੁਆਂਢੀ ਪਰਿਵਾਰ ਨਾਲ ਚੰਗੇ ਸਬੰਧ ਰਹੇ ਹਨ, ਮੈਂ ਉਨ੍ਹਾਂ ਦੇ ਘਰ ਫੋਨ ਕਰਕੇ ਕਿਹਾ ਬਈ ਉਹ ਆਪਣੀ ਕੰਮ ਵਾਲੀ ਨੂੰ ਅਜਿਹਾ ਕਰਨ ਤੋਂ ਰੋਕ ਦੇਣ | ਫੋਨ ਕੁਦਰਤੀ ਘਰ ਦੇ ਮਾਲਕ ਨੇ ਚੁੱਕਿਆ ਤੇ ਔਖਾ ਹੋ ਕੇ ਬੋਲਿਆ, 'ਬਾਈ ਸਿਰਫ਼ ਸਾਡਾ ਹੀ ਕੂੜਾ ਥੋੜ੍ਹਾ ਸੁੱਟਦੀ ਹੈ, ਹੋਰ ਘਰਾਂ ਦਾ ਵੀ ਤਾਂ ਉਥੇ ਸੁੱਟਦੀ ਹੈ, ਅਸੀਂ ਕੀਹਨੂੰ-ਕੀਹਨੂੰ ਰੋਕੀਏ | ਅਸੀਂ ਉਨ੍ਹਾਂ ਨਾਲ ਦੁਸ਼ਮਣੀ ਕਿਉ ਮੁੱਲ ਲਈਏ |' ਸੁਣ ਕੇ ਮੈਨੂੰ ਵੀ ਗੁੱਸਾ ਚੜ੍ਹ ਗਿਆ, ਮੈਂ ਕਿਹਾ, 'ਠੀਕ ਹੈ ਜੇਕਰ ਤੁਸੀਂ ਨਹੀਂ ਰੋਕ ਸਕਦੇ ਤਾਂ ਪੁਲਿਸ ਰੋਕੇਗੀ | ਮੈਂ ਆ ਕੇ ਥਾਣੇ ਰਿਪੋਰਟ ਕਰਾਂਗੀ |' ਬਸ ਜੀ ਬੰਦੇ ਨੂੰ ਤਾਂ ਅੰਤਾਂ ਦਾ ਗੁੱਸਾ ਚੜ੍ਹ ਗਿਆ | ਕੜਕ ਕੇ ਬੋਲਿਆ, 'ਤੂੰ ਹੁੰਦੀ ਕੌਣ ਹੈਾ ਸਾਨੂੰ ਪੁਲਿਸ ਦੇ ਹਵਾਲੇ ਕਰਨ ਵਾਲੀ, ਤੂੰ ਆ ਸਹੀ ਇਕ ਵਾਰੀ ਆਪਣੇ ਘਰ, ਤੈਨੂੰ ਦੇਖ ਲਵਾਂਗਾ |' ਮੈਂ ਬਥੇਰਾ ਕਿਹਾ, 'ਬਈ ਮੈਂ ਤੁਹਾਡੀ ਰਿਪੋਰਟ ਥੋੜ੍ਹੇ ਕਰਨੀ ਹੈ | ਮੈਂ ਤਾਂ ਸਿਰਫ਼ ਕੰਮ ਵਾਲੀ ਬਈ ਲਈ ਹੀ ਕਿਹਾ ਹੈ, ਉਸ ਨੂੰ ਡਰਾਉਣ ਲਈ ਪਰ ਨਾ ਜੀ, ਉਸ ਭਲੇ ਮਾਣਸ 'ਤੇ ਕੋਈ ਅਸਰ ਨਹੀਂ ਹੋਇਆ | ਉਹ ਅੱਜ ਤੱਕ ਮੇਰੇ ਨਾਲ ਨਹੀਂ ਬੋਲਿਆ, ਬਲਕਿ ਆਏ ਦਿਨ ਮੇਰਾ ਕੋਈ ਨਾ ਕੋਈ ਨੁਕਸਾਨ ਹੀ ਕਰਦਾ ਰਹਿੰਦਾ ਹੈ | ਇਸ ਤਰ੍ਹਾਂ ਮੇਰੀ ਹਸਪਤਾਲ ਤੋਂ ਛੁੱਟੀ ਹੋਣ ਵਾਲੀ ਖ਼ੁਸ਼ੀ ਤਾਂ ਗਧੇ ਦੇ ਸਿੰਗਾਂ ਵਾਗੰੂ ਪਤਾ ਨਹੀਂ ਕਿਥੇ ਗਾਇਬ ਹੋ ਗਈ | ਸੋ, ਇਸ ਤਰ੍ਹਾਂ ਅਸੀਂ ਦੂਜਿਆਂ ਦੀਆਂ ਖ਼ੁਸ਼ੀਆਂ ਖੋਹ ਲੈਂਦੇ ਹਾਂ |
ਸੋ ਆਓ, ਆਪਾਂ ਏਦਾਂ ਨਾ ਕਰੀਏ, ਉਨ੍ਹਾਂ ਦੀਆਂ ਖ਼ੁਸ਼ੀਆਂ ਉਨ੍ਹਾਂ ਕੋਲ ਰਹਿਣ ਦੇਈਏ | ਆਓ ਆਪਾਂ ਖ਼ੁਸ਼ੀਆਂ ਦੇ ਬਗੀਚੇ ਵਿਚ ਹੋਰ ਖ਼ੁਸ਼ੀਆਂ ਬੀਜੀਏ, ਉਥੋਂ ਫਿਰ ਫੁੱਲਾਂ ਵਾਂਗੂ ਖ਼ੁਸ਼ੀਆਂ ਨੂੰ ਤੋੜ-ਤੋੜਕੇ ਆਪਣੇ ਘਰ ਲੈ ਕੇ ਆਈਏ |
ਆਓ, ਆਪਾਂ ਧਰਤੀ 'ਤੇ ਛਾਏ ਹੋਏ ਨੀਲੇ ਅੰਬਰਾਂ ਤੋਂ ਟਿਮਟਿਮਾਉਂਦੇ ਹੋਏ ਖੁਸ਼ੀਆਂ ਦੇ ਸਿਤਾਰੇ ਤੋੜੀਏ ਤੇ ਉਨ੍ਹਾਂ ਨੂੰ ਆਪਣੇ ਵਾਲਾਂ ਵਿਚ ਸਜਾਈਏ |
ਆਓ, ਆਪਾਂ ਇਸ ਸਾਰੀ ਕਾਇਨਾਤ ਦੇ ਬੰਦਿਆਂ ਨੂੰ ਪਿਆਰ ਕਰੀਏ, ਇਨ੍ਹਾਂ ਸਭ ਨੇ ਹੌਲੀ-ਹੌਲੀ ਕਿਸੇ ਹੋਰ ਜਹਾਨ ਵਿਚ ਜਾ ਵਸਣਾ ਹੈ, ਪਤਾ ਨਹੀਂ ਕੌਣ ਕਿਤਨੇ ਦਿਨਾਂ ਦਾ ਮਹਿਮਾਨ ਹੈ, ਜਿਹੜਾ ਅੱਜ ਮਿਲਿਆ ਹੈ, ਉਸ ਨੇ ਫਿਰ ਕਦੇ ਕੀ ਪਤਾ ਤੁਹਾਨੂੰ ਮਿਲਣਾ ਵੀ ਹੈ ਕਿ ਨਹੀਂ | ਇਸ ਕਰਕੇ ਖ਼ੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ ਰਹਿਣ ਦਿਓ | ਆਮੀਨ!

-ਮੋਬਾਈਲ : 99881-52523.

ਬੇਹੱਦ ਰਹੱਸਮਈ ਪਹਾੜੀ ਵਾਈਟ ਹੌਰਸ ਹਿਲ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸੂਰਜ ਘੋੜਾ

ਸੋਲਰ ਹੌਰਸ (ਸੂਰਜੀ ਘੋੜਾ) ਦੇ ਅਧਿਐਨ ਨੇ ਮੈਨੂੰ ਬਹੁਤ ਆਕਰਸ਼ਿਤ ਕੀਤਾ ਸੀ, ਜੋ ਸਾਡੀ ਇਸ ਯਾਤਰਾ ਦਾ ਮੁੱਖ ਕਾਰਨ ਸੀ | ਇਹ ਅਧਿਐਨ ਪੁਰਾਤਨ ਆਧਿਆਤਮਕ ਜਾਂ ਲੋਕ ਕਥਾਵਾਂ 'ਤੇ ਆਧਾਰਿਤ ਹੈ ਕਿ ਸੂਰਜ, ਆਕਾਸ਼ ਵਿਚ ਘੁੰਮਣ ਲਈ ਘੋੜਿਆਂ ਦੀ ਵਰਤੋਂ ਕਰਦਾ ਹੈ ਜੋ ਇਕ ਸੁਨਹਿਰੀ ਘੋੜੇ ਰੱਥ ਬਣਾਉਂਦੇ ਹਨ | ਤਦੇ ਤਾਂ ਵਾਈਟ ਹੌਰਸ ਸੂਰਜ ਦੀ ਦਿਸ਼ਾ ਦੇ ਨਾਲ ਵਿਸ਼ੇਸ਼ ਤਾਲਮੇਲ ਨਾਲ ਬਣਾਇਆ ਗਿਆ ਹੈ, ਵਿਸ਼ੇਸ਼ ਕਰਕੇ ਮੱਧ ਸੀਤ ਮੌਸਮ ਨੇ ਜਿਵੇਂ ਕਿ ਦਸੰਬਰ ਮਹੀਨੇ ਜਦੋਂ ਅਸੀਂ ਉਥੇ ਗਏ ਸੀ | ਸੂਰਜੀ ਘੋੜੇ ਦਾ ਅਧਿਐਨ ਵਿਸ਼ੇਸ਼ ਭਾਰਤ ਦੀ ਸੂਰਜ ਦੇਵ ਦੀ ਪੁਰਾਤਨ ਕਥਾ ਤੋਂ ਪ੍ਰਭਾਵਿਤ ਹੈ ਜਿਸ ਵਿਚ ਵੀ ਸੂਰਜ ਦੇਵ ਆਪਣੇ ਘੋੜੇ ਰੱਥ 'ਤੇ ਘੁੰਮਿਆ ਕਰਦੇ ਹਨ |
ਅਤੀਤ ਤੋਂ ਵਰਤਮਾਨ ਤੱਕ
ਕੁਝ ਦੇਰ ਪਹਿਲਾਂ ਅਸੀਂ ਇਕ ਔਰਤ ਨੂੰ ਮਿਲੇ ਸੀ ਜੋ ਆਪਣੇ ਪਾਲਤੂ ਕੁੱਤੇ ਨੂੰ ਘੁਮਾ ਰਹੀ ਸੀ | ਉਸ ਨੇ ਸਾਨੂੰ ਦੱਸਿਆ ਸੀ ਕਿ ਘੋੜੇ ਦੀ ਰੂਪ-ਰੇਖਾ ਦੀ ਚਾਕ-ਮਿੱਟੀ ਇਸ ਲਈ ਏਨੀ ਸਫੇਦ ਦਿਸਦੀ ਹੈ ਕਿਉਂਕਿ ਉਸ ਨੂੰ ਸਮੇਂ-ਸਮੇਂ 'ਤੇ ਪੁੱਟ ਕੇ ਨਵੀਂ ਚਾਕ-ਮਿੱਟੀ ਭਰਨ ਦੀ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ | ਵਰਤਮਾਨ ਵਿਚ ਇਕ ਦਿਨ 'ਚਾਕਿੰਗ ਡੇਅ', ਸਾਲ ਵਿਚ ਨਿਰਧਾਰਿਤ ਕੀਤਾ ਗਿਆ ਹੈ ਜਦੋਂ ਆਲੇ-ਦੁਆਲੇ ਦੇ ਪਿੰਡ ਵਾਲੇ ਚਾਕ ਮਿੱਟੀ ਦੀਆਂ ਬਾਲਟੀਆਂ, ਹਥੌੜੀਆਂ ਅਤੇ ਗੋਡੇ ਦੇ ਪੈਡ ਲੈ ਕੇ ਵਾਈਟ ਹੌਰਸ ਹਿਲ 'ਤੇ ਪਹੁੰਚਦੇ ਹਨ | ਪੁਰਾਣੇ ਸਖ਼ਤ ਹੋਈ, ਮੈਲੀ ਚਾਕ ਮਿੱਟੀ ਨੂੰ ਤੋੜ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ, ਜੰਗਲੀ ਘਾਹ ਪੁੱਟ ਦਿੱਤੀ ਜਾਂਦੀ ਹੈ ਅਤੇ ਸਾਫ਼-ਸਫੈਦ ਚਾਕ ਮਿੱਟੀ ਦੁਬਾਰਾ ਭਰ ਦਿੱਤੀ ਜਾਂਦੀ ਹੈ | ਇਸ ਤਰ੍ਹਾਂ ਸਦੀਆਂ ਤੋਂ ਚਿੱਟੇ ਘੋੜੇ ਨੂੰ ਲੁਪਤ ਹੋਣ ਤੋਂ ਬਚਾਇਆ ਗਿਆ ਹੈ | ਦੂਜੇ ਵਿਸ਼ਵ ਯੁੱਧ ਵਿਚ ਦੁਸ਼ਮਣ ਜਹਾਜ਼ਾਂ ਵਲੋਂ ਕੀਤੀ ਜਾ ਰਹੀ ਬੰਬਾਰੀ ਤੋਂ ਬਚਾਉਣ ਲਈ ਵਾਈਟ ਹੌਰਸ ਨੂੰ ਸੁੱਕੀ ਘਾਹ ਨਾਲ ਢਕਿਆ ਗਿਆ ਸੀ |
ਡ੍ਰੈਗਨ ਹਿਲ
ਨਕਸ਼ੇ ਅਨੁਸਾਰ ਦੂਰ ਹੇਠਾਂ ਘਾਟੀ ਵਿਚ ਸਾਨੂੰ ਸੁੰਦਰ ਡ੍ਰੈਗਨ ਪਹਾੜੀ ਦਿਸੀ, ਜਿਸ ਦਾ ਉੱਪਰਲਾ ਹਿੱਸਾ ਪੱਧਰਾ ਹੈ ਅਤੇ ਉਹ ਸਿਰਫ਼ 15 ਮੀਟਰ ਉੱਚੀ ਹੈ | ਪਹਾੜੀ ਦੇ ਤਲ 'ਤੇ ਕਾਲੀ-ਸਿਆਹ ਸੜਕ ਤੋਂ ਹੋ ਕੇ ਕੁਝ ਦੇਰ ਪਹਿਲਾਂ ਅਸੀਂ ਕਾਰ ਪਾਰਕ ਵਲ ਗਏ ਸੀ | ਅਸੀਂ ਦੇਖਿਆ ਸੀ ਕਿ ਉਸ 'ਤੇ ਸੈਲਾਨੀਆਂ ਲਈ ਕੱਟ ਕੇ ਪੌੜੀਆਂ ਬਣਾਈਆਂ ਗਈਆਂ ਹਨ | ਡ੍ਰੈਗਨ ਹਿੱਲ ਕੁਦਰਤੀ ਚਾਕ ਮਿੱਟੀ ਦੀ ਪਹਾੜੀ ਹੈ ਜਿਸ ਦੀ ਕਥਾ ਇੰਗਲੈਂਡ ਦੇ ਪ੍ਰਸਿੱਧ ਸੇਂਟ ਜਾਰਜ ਦੀ ਕਥਾ ਨਾਲ ਸਬੰਧਿਤ ਹੈ | ਇਸ ਤਰ੍ਹਾਂ ਦੀ ਮਾਨਤਾ ਹੈ ਕਿ ਇਸ ਥਾਂ 'ਤੇ ਸੇਂਟ ਜਾਰਜ ਨੇ ਭਿਆਨਕ ਵਿਸ਼ਾਲ ਡ੍ਰੈਗਨ ਨੂੰ ਮਾਰ ਸੁੱਟਿਆ ਸੀ ਜਿਸ ਦਾ ਖੂਨ ਇਸ ਪਹਾੜੀ 'ਤੇ ਖਿੱਲਰ ਗਿਆ ਸੀ ਉਦੋਂ ਤੋਂ ਹੀ ਇਸ 'ਤੇ ਕੁਝ ਨਹੀਂ ਉੱਗਦਾ ਅਤੇ ਇਸ ਦਾ ਉਪਰਲਾ ਹਿੱਸਾ ਪੱਧਰਾ ਹੈ |
ਇਕ ਹੋਰ ਕਿੱਸੇ ਅਨੁਸਾਰ ਡ੍ਰੈਗਨ ਹਿਲ 'ਚ ਲੋਹ ਯੁੱਗ ਮਾਨਵ ਜਾਂ ਕੇਲਟ ਜਾਤੀ ਲਈ ਵਿਸ਼ੇਸ਼ ਥਾਂ ਸੀ ਜਿਸ 'ਤੇ ਲੋਕ ਬੈਠ ਕੇ ਅੱਗ ਬਾਲ ਕੇ ਰਹੱਸਮਈ ਸਰਗਰਮੀਆਂ ਕਰਦੇ ਸਨ | ਦੂਜੇ ਪਾਸੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਡ੍ਰੈਗਨ ਹਿੱਲ ਬਰਫ਼ ਯੁੱਗ ਦੇ ਸਮੇਂ ਖ਼ੁਦ ਬਣੀ ਸੀ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-seemaanandchopra@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX