ਤਾਜਾ ਖ਼ਬਰਾਂ


ਨਾਕੇ 'ਤੇ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਸ਼ਾਹਕੋਟ, 23 ਅਪ੍ਰੈਲ (ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ 'ਤੇ ਪੁਲ ਉੱਪਰ ਅੱਜ ਦੇਰ ਰਾਤ ਨਾਕੇ ਦੌਰਾਨ ਡਿਊਟੀ ਦੇ ਰਹੇ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ...
ਆਈ.ਪੀ.ਐੱਲ 2019 : ਚੇਨਈ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
'ਟਵਿੱਟਰ 'ਤੇ ਸਾਂਪਲਾ ਨੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਹਟਾਇਆ
. . .  1 day ago
ਹੁਸ਼ਿਆਰਪੁਰ ,23 ਅਪ੍ਰੈਲ - ਟਿਕਟ ਕੱਟੇ ਜਾਣ ਪਿੱਛੋਂ ਬੋਲੇ ਵਿਜੇ ਸਾਂਪਲਾ, 'ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ। ਉਨ੍ਹਾਂ ਨੇ 'ਟਵਿੱਟਰ 'ਤੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਵੀ ਹਟਾਇਆ...
ਆਈ.ਪੀ.ਐੱਲ 2019 : ਹੈਦਰਾਬਾਦ ਨੇ ਚੇਨਈ ਨੂੰ ਦਿੱਤਾ ਜਿੱਤਣ ਲਈ 176 ਦੌੜਾਂ ਦਾ ਟੀਚਾ
. . .  1 day ago
ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਗੁਰਦਾਸਪੁਰ ਤੋਂ ਸੰਨੀ ਦਿਉਲ ਅਤੇ ਚੰਡੀਗੜ੍ਹ ਤੋਂ ਕਿਰਨ ਖੇਰ ਹੋਣਗੇ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ - ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਚੇਨਈ ਵੱਲੋਂ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਜੈਸ਼ ਨੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ
. . .  1 day ago
ਲਖਨਊ, 23 ਅਪ੍ਰੈਲ- ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਸਮੇਤ ਕਈ ਵੱਡੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਇਕ ਚਿੱਠੀ ਦੇ ਜਰੀਏ ਦਿੱਤੀ ....
7.50 ਕਰੋੜ ਦੀ ਹੈਰੋਇਨ ਸਮੇਤ ਪੁਲਿਸ ਵੱਲੋਂ ਇਕ ਵਿਅਕਤੀ ਗ੍ਰਿਫ਼ਤਾਰ
. . .  1 day ago
ਮੋਗਾ, 23 ਅਪ੍ਰੈਲ- ਮੋਗਾ ਦੇ ਪਿੰਡ ਕੋਟ ਈਸੇ ਖਾਂ ਦੇ ਕੋਲ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਤੋਂ ਡੇਢ ਕਿੱਲੋ ਗਰਾਮ ਹੈਰੋਇਨ ਬਰਾਮਦ ਕੀਤੀ ਹੈ ਜੋ ਕਿ ਮੋਗਾ ਦੇ ਪਿੰਡ ਦੋਲੇ ਵਾਲਾ ਵਿਖੇ ਸਪਲਾਈ ਹੋਣੀ ਸੀ। ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ .....
ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਪਟਿਆਲਾ, 23 ਅਪ੍ਰੈਲ (ਅ.ਸ. ਆਹਲੂਵਾਲੀਆ)- ਲੋਕ ਸਭਾ ਹਲਕਾ ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਨ੍ਹਾਂ ਉਮੀਦਵਾਰਾਂ ਦੇ ਨਾਂਅ ਗੁਰਨਾਮ ਸਿੰਘ ਅਤੇ ਜਸਵੀਰ ਸਿੰਘ ....
ਗੌਤਮ ਗੰਭੀਰ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ....
ਹੋਰ ਖ਼ਬਰਾਂ..

ਦਿਲਚਸਪੀਆਂ

ਮਿੰਨੀ ਵਿਅੰਗ: ਧੇਲੇ ਦੀ ਬੁੜ੍ਹੀ...

ਸਾਡੀ ਹਰਮਨ-ਪਿਆਰੀ ਮੋਤੀਆਂ ਵਾਲੀ ਸਰਕਾਰ ਨੇ ਜਨਤਾ ਦੀ ਸਹੂਲਤ ਲਈ ਇਕ ਅਹਿਮ ਫ਼ੈਸਲਾ ਬਲੱਡ ਰੀਲੇਸ਼ਨ ਲਈ ਰਜਿਸਟਰੀ ਕਰਾਉਣ ਦਾ ਕੀਤਾ ਹੈ ਕਿ ਕੋਈ ਸੱਜਣ ਆਪਣੇ ਬਲੱਡ ਰੀਲੇਸ਼ਨ 'ਚ ਹੁਣ ਵਸੀਅਤ ਦੀ ਬਜਾਏ ਤੁੱਛ ਜੇਹੀ ਫੀਸ ਦੇ ਕੇ ਰਜਿਸਟਰੀ ਕਰਵਾ ਸਕਦਾ ਹੈ | ਜਨਤਾ ਇਨ੍ਹਾਂ ਹੁਕਮਾਂ ਦੇ ਬਲਿਹਾਰੇ ਜਾਂਦੀ, ਸਰਕਾਰ ਦੇ ਸੋਹਲੇ ਗਾਉਂਦੀ ਅਸ਼-ਅਸ਼ ਕਰਨ ਲੱਗੀ | ਜਦ ਇਸ ਦੀ ਉਡਦੀ-ਉਡਦੀ ਖ਼ਬਰ ਮਾਸਟਰ ਬੰਦਗੀ ਰਾਮ ਕੰਜੂਸ ਦੇ ਕੰਨਾਂ 'ਚ ਪਈ ਤਾਂ ਉਹ ਬਾਗੋ-ਬਾਗ਼ ਤੇ ਗਲੈਡੋ-ਗਲੈਡ ਹੋ ਗਿਆ ਤੇ ਘਰ ਆ ਕੇ ਆਪਣੀ ਸ੍ਰੀਮਤੀ ਉਰਫ਼ ਵੇਲ੍ਹਣਿਆਂ ਵਾਲੀ ਸਰਕਾਰ ਨਾਲ ਸਲਾਹ-ਮਸ਼ਵਰਾ ਕੀਤਾ ਤੇ ਕਿਹਾ, 'ਭਾਗਵਾਨੇ, ਜ਼ਿੰਦਗੀ ਦਾ ਕੀ ਭਰੋਸਾ, ਹਿੰਗ ਨਾ ਲੱਗੇ ਨਾ ਫਟੜਕੀ, ਆਪਾਂ ਜਿਊਾਦੇ ਜੀਅ ਆਪਣੀ ਚਲ ਤੇ ਅਚੱਲ ਜਾਇਦਾਦ, ਚਾਰਾਂ ਸੁਲੱਗਾਂ ਦੇ ਨਾਂਅ ਕਰਵਾ ਦੇਈਏ ਤਾਂ ਜੋ ਬਾਅਦ 'ਚ ਇਨ੍ਹਾਂ 'ਚ ਕੋਈ ਝਗੜਾ-ਤਕਰਾਰ ਨਾ ਹੋਵੇ |'
ਸ੍ਰੀਮਤੀ ਦੀ ਸਹਿਮਤੀ ਲੈ, ਮੋਢੇ 'ਤੇ ਥੈਲਾ ਲਟਕਾਈ, ਉਸ ਅਰਜ਼ੀ ਨਵੀਸ ਦੇ ਦਰ 'ਤੇ ਜਾ ਅਲਖ ਜਗਾਈ ਤੇ ਉਨ੍ਹਾਂ ਅੱਖ ਪੁਟਦਿਆਂ ਕਿਹਾ, 'ਮਾਸਟਰ ਜੀ, ਸਰਕਾਰ ਨੇ ਜੋ ਫੈਸਲਾ ਕੀਤਾ ਹੈ ਬੜਾ ਚੰਗਾ ਤੇ ਸੁਲਾਹੁਣਯੋਗ ਹੈ | ਪਰ ਇਥੇ 'ਤੰਦ ਨਹੀਂ ਤਾਣੀ ਉਲਝੀ ਪਈ ਹੈ |' ਪੰ੍ਰਤੂ ਸ਼ਹਿਰ ਦੀ ਹਦੂਦ 'ਚ ਛੇ ਸੌ ਵੀਹ ਰੁਪਏ ਫੀਸ ਅਤੇ ਲਾਲ ਲਕੀਰ ਤੋਂ ਬਾਹਰ ਛੇ ਵੀਹ ਪਲੱਸ ਤਿੰਨ ਸੌ ਰੁਪਏ ਇੰਤਕਾਲ ਦੇ ਹਨ | ਪੰ੍ਰਤੂ ਜਦੋਂ ਆਪਾਂ ਬਾਬੂ ਜੀ ਤੋਂ ਰਸੀਦ ਕਟਾਈ ਤਾਂ ਉਹ ਗਿਆਰਾਂ-ਬਾਰਾਂ ਸੌ ਰੁਪਏ ਲਏ ਤੋਂ ਬਿਨਾਂ ਰਸੀਦ ਨਹੀਂ ਕੱਟੇਗਾ | ਬਾਕੀ ਰਜਿਸਟਰੀ ਲਿਖਵਾਈ, ਰੀਡਰ ਤੋਂ ਮਾਰਕ ਕਰਵਾਈ, ਨੰਬਰਦਾਰ ਦੀ ਗਵਾਹੀ ਪਵਾਈ, ਕੰਪਿਊਟਰ ਤੇ ਫੋਟੋ ਖਿਚਵਾਈ, ਫਿਰ ਦਸਤਖ਼ਤ ਕਰਵਾਈ ਤੇ ਅੰਗੂਠਾ ਲਵਾਈ ਅਤੇ ਰਜਿਸਟਰੀ ਲੈਣ 'ਤੇ ਮੰੂਹ ਕੌੜਾ-ਮਿੱਠਾ ਕਰਵਾਈ ਆਦਿ ਦੇ ਤਿੰਨ-ਚਾਰ ਹਜ਼ਾਰ ਰੁਪਏ ਲੱਗਣਗੇ | ਜੇਕਰ ਤੁਹਾਡੀ ਰਜਿਸਟਰੀ ਲਾਲ ਲਕੀਰ ਤੋਂ ਬਾਹਰ ਹੈ ਤਾਂ ਤੁਸੀਂ ਰਜਿਸਟਰੀ ਕਰਾਉਣ ਸਮੇਂ ਇੰਤਕਾਲ ਦੀ ਫੀਸ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੀ ਹੈ, ਫਿਰ ਵੀ ਨੁਕਲ-ਪਾਣੀ ਲਈ ਮੁੱਠੀ ਗਰਮ ਕਰਨੀ ਹੀ ਪਵੇਗੀ |
ਇਹ ਸੁਣ ਮਾਸਟਰ ਬੰਦਗੀ ਰਾਮ ਜੀ ਚਕਰਾ ਗਏ ਤੇ ਉਨ੍ਹਾਂ ਗਰਮ ਰੁੱਤ 'ਚ ਠੰਢਾ ਹਓਕਾ ਖਿਚਦਿਆਂ ਕਿਹਾ, 'ਜਨਾਬ! ਸਰਕਾਰੀ ਫੀਸ ਛੇ ਸੌ ਵੀਹ ਰੁਪਏ ਤੇ ਉਤਲਾ ਖਰਚਾ ਪੰਜ ਹਜ਼ਾਰ ਰੁਪਏ | ਫਿਰ ਤਾਂ ਇਹ ਗੱਲ ਹੋਈ ਕਿ 'ਧੇਲੇ ਦੀ ਬੁੜ੍ਹੀ ਟਕਾ ਸਿਰ ਮੁਨਾਈ |'

-ਸਟਰੀਟ ਆਰ.ਕੇ. ਸ਼ਟਰਿੰਗ ਵਾਲੀ, ਇੱਛੇ ਵਾਲਾ ਰੋਡ, ਫਿਰੋਜ਼ਪੁਰ ਸ਼ਹਿਰ | ਮੋਬਾਈਲ : 90418-26726.


ਖ਼ਬਰ ਸ਼ੇਅਰ ਕਰੋ

ਗਸ਼ਤ

ਉਹ ਉਪਰਲੀ ਮੰਜ਼ਲ 'ਤੇ ਰਹਿੰਦਾ ਸੀ | ਉਸ ਕੋਲ ਇਕ ਸਾਈਕਲ ਸੀ | ਉੱਪਰ ਚੜ੍ਹਨ ਤੋਂ ਪਹਿਲਾਂ ਉਹ ਉਸ ਨੂੰ ਆਪਣੇ ਘਰ ਦੀਆਂ ਪੌੜੀਆਂ ਕੋਲ ਖੜ੍ਹੀ ਕਰ ਦਿੰਦਾ | ਇਕ ਦਿਨ ਉਸ ਨੇ ਵੇਖਿਆ ਕਿ ਇਕ ਬੰਦਾ ਜਿਸ ਦੇ ਖਾਕੀ ਰੰਗ ਦੇ ਕੱਪੜੇ ਪਹਿਨੇ ਹੋਏ ਸਨ, ਉਸ ਦੀ ਸਾਈਕਲ ਲਿਜਾ ਰਿਹਾ ਸੀ | ਸ਼ਾਇਦ ਉਹ ਕੋਈ ਪੁਲਿਸ ਦਾ ਕਰਮਚਾਰੀ ਲਗਦਾ ਸੀ, ਉਹ ਉਸ ਦੇ ਪਿਛੇ ਦੌੜਿਆ, 'ਭਾਈ ਸਾਹਿਬ ਇਹ ਕੀ? ਤੁਸੀਂ ਤਾਂ ਕਮਾਲ ਹੀ ਕਰ ਦਿੱਤਾ | ਮੇਰੀ ਸਾਈਕਲ ਲਿਜਾ ਰਹੇ ਹੋ |'
'ਫਿਰ ਕੀ ਹੋਇਆ? ਇਕ ਗ਼ਲਤੀਆਂ ਕਰਦੇ ਹੋ ਦੂਜੇ ਸਫਾਈਆਂ ਪੇਸ਼ ਕਰਦੇ ਹੋ?'
'ਐਸੀ ਤਾਂ ਕੋਈ ਗੱਲ ਨਹੀਂ |'
'ਤੇਰੀ ਸਾਈਕਲ ਖੁੱਲ੍ਹੀ ਸੀ |'
'ਤੁਸੀਂ ਮੈਨੂੰ ਆਪਣੇ ਕੋਲ ਬੁਲਾ ਕੇ ਸਮਝਾ ਦਿੰਦੇ | ਇਹ ਕੋਈ ਤਰੀਕਾ ਹੋਇਆ ਭਲਾ |'
'ਮੈਂ ਗਸ਼ਤ 'ਤੇ ਸਾਂ | ਆਪਣੀ ਡਿਊਟੀ 'ਤੇ |'
'ਇਹ ਠੀਕ ਨਹੀਂ | ਮੈਂ ਵੀ ਪੜਿ੍ਹਆ-ਲਿਖਿਆ ਹਾਂ | ਐਨਾ ਤਾਂ ਮੈਨੂੰ ਵੀ ਪਤਾ ਐ |'
'ਕੀ ਠੀਕ ਐ, ਕੀ ਗ਼ਲਤ ਐ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ | ਤੁਹਾਡੇ ਵਰਗੇ ਬੰਦਿਆਂ ਨਾਲ ਸਾਡਾ ਵਾਸਤਾ ਹਰ ਰੋਜ਼ ਪੈਂਦਾ ਐ | ਆਪਣੀ ਸਾਈਕਲ ਫੜੋ ਤੇ ਦੌੜਦੇ ਨਜ਼ਰ ਆਓ, ਜ਼ਿਆਦਾ ਬੋਲਣ ਦੀ ਲੋੜ ਨਹੀਂ |' ਏਨਾ ਕਹਿੰਦਾ ਹੋਇਆ ਉਹ ਮੰੂਹ ਲਟਕਾ ਕੇ ਅੱਗੇ ਚਲਾ ਗਿਆ |
ਹੋਰ ਕਰਦਾ ਵੀ ਕੀ?

-ਡਾ: ਮਨੋਹਰ ਸਿੰਗਲ

ਨੇਕ ਰੂਹਾਂ

ਰਿਸ਼ਤੇ ਪਰਮਾਤਮਾ ਵਲੋਂ ਜ਼ਿੰਦਗੀ ਨੂੰ ਮੋਹ ਮੁਹੱਬਤ ਕਰਕੇ ਅਨੰਦਮਈ ਬਣਾਉਣਾ ਵਾਲਾ ਵਰਦਾਨ ਹਨ | ਵਰਤਾਓ ਵਾਲੇ ਰਿਸ਼ਤੇਦਾਰਾਂ ਨਾਲ ਹੀ ਦੁੱਖ-ਸੁੱਖ ਸਾਂਝਾ ਕੀਤਾ ਜਾਂਦਾ ਹੈ | ਖੁਸ਼ੀ ਸਾਂਝੀ ਕੀਤੇ ਤੋਂ ਵਧਦੀ ਹੈ ਦੁੱਖ-ਸਾਂਝਾ ਕੀਤੇ ਤੋਂ ਘਟਦਾ ਹੈ | ਬੰਦਾ ਰਿਸ਼ਤੇਦਾਰਾਂ ਦੇ ਮਾਣ ਨਾਲ ਹੌਸਲੇ ਦੇ ਖੰਭਲਾ ਕੇ ਉਡਿਆ ਫਿਰਦਾ ਹੈ | ਬਜ਼ੁਰਗਾਂ ਦਾ ਸਿਰ 'ਤੇ ਹੱਥ ਬੱਚਿਆਂ ਦਾ ਮਾਣ ਬੰਦੇ ਨੂੰ ਤਿਲਕਣ ਤੋਂ ਬਚਾਈ ਰੱਖਦੇ ਹਨ | ਰਿਸ਼ਤੇ ਦਾ ਵਰਤਾਓ ਨਿਰ-ਸੁਆਰਥ ਹੋਵੇ ਤਾਂ ਅਤੁੱਟ ਨਿਭਦਾ ਹੈ | ਪਿਆਰ ਨਾਲ ਨਫ਼ਰਤ ਮਾਰੀ ਜਾ ਸਕਦੀ ਹੈ ਪਰ ਨਫ਼ਰਤ ਨਾਲ ਪਿਆਰ ਨਹੀਂ ਪਾਇਆ ਜਾ ਸਕਦਾ | ਅੱਜ ਸਮੇਂ ਦਾ ਸੁਆਰਥ ਭਰਿਆ ਦੌਰ ਚਲ ਰਿਹਾ ਹੈ | ਪੈਸਾ ਮੁੱਖ ਸਮਝਿਆ ਜਾਣ ਲੱਗਿਆ ਹੈ ਕਿਉਂਕਿ ਰਿਸ਼ਤਿਆਂ ਨੂੰ ਕੀਮਤ ਨਾਲ ਤੋਲਿਆ-ਮਿਥਿਆ ਜਾਣ ਲੱਗਾ | ਇਨਸਾਨ ਅਹਿਸਾਨ ਫਰਾਮੋਸ਼ ਹੋ ਗਿਆ ਹੈ | ਆਪਣੇ ਤੋਂ ਮੁਨਕਰ ਆਮ ਜਿਹੀ ਗੱਲ ਹੈ, ਰਿਸ਼ਤੇ ਦੀ ਪ੍ਰੀਭਾਸ਼ਾ ਧੰੁਦਲੀ ਪੈ ਰਹੀ ਹੈ |
ਪਰ ਫਿਰ ਵੀ ਮੋਹ-ਮੁਹੱਬਤ ਅਜੇ ਮਰੀ ਨਹੀਂ ਖਤਮ ਨਹੀਂ ਹੋ ਸਕਦੀ | ਕਈ ਨੇਕ ਰੂਹਾਂ ਵਾਲੇ ਇਨਸਾਨ ਅਜਿਹੇ ਦਇਆ ਭਰੇ ਕਿਰਦਾਰ ਨਿਭਾਅ ਰਹੇ ਹਨ ਜੋ ਸਮਾਜ ਲਈ ਸਿੱਖਿਆਦਾਇਕ ਬਣ ਜਾਂਦੇ ਹਨ | ਸੌਾ ਰਹੀਆਂ ਜ਼ਮੀਰਾਂ ਨੂੰ ਜਗਾ ਰਹੇ ਹਨ, ਸੀਮੈਂਟ ਇੱਟਾਂ ਨਾਲ ਸਿਰਫ਼ ਇਮਾਰਤਾਂ ਖੜ੍ਹੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਘਰ ਦਾ ਰੂਪ ਪਰਿਵਾਰ ਦੇ ਜੀਆਂ ਦੀ ਮੋਹ-ਮੁਹੱਬਤ ਦਿੰਦੀ ਹੈ | ਐਸਾ ਹੀ ਪਰਿਵਾਰ ਸੀ ਜਿਸ ਨੇ ਮੋਹ ਮੁਹੱਬਤ ਦੀ ਮਿਸਾਲ ਪੈਦਾ ਕੀਤੀ ਤੇ ਸਮਾਜ ਨੂੰ ਸਲਾਮ ਕਰਨ ਲਈ ਮਜਬੂਰ ਕਰ ਦਿੱਤਾ |
ਗੱਲ 14 ਸਾਲ ਪੁਰਾਣੀ ਹੈ | ਸਾਡੀ ਰਿਸ਼ਤੇਦਾਰੀ 'ਚੋਂ ਸ: ਸੁਖਦੇਵ ਸਿੰਘ ਆਪਣੇ ਦੋ ਬੇਟਿਆਂ ਰਾਜਿੰਦਰ ਸਿੰਘ ਤੇ ਜਗਸੀਰ ਸਿੰਘ ਨਾਲ ਰਲ-ਮਿਲ ਕੇ ਜੀਵਨ ਬਸਰ ਕਰ ਰਹੇ ਸਨ | ਰਾਜਿੰਦਰ ਸਿੰਘ-ਜਸਵਿੰਦਰ ਕੌਰ, ਜਗਸੀਰ ਸਿੰਘ ਦੀ ਪਤਨੀ ਕਰਮਜੀਤ ਕੌਰ, ਰਜਿੰਦਰ ਸਿੰਘ ਦੇ 9 ਸਾਲ ਦੀ ਬੇਟੀ ਤੇ ਸੱਤ ਸਾਲ ਦਾ ਬੇਟਾ, ਜਗਸੀਰ ਸਿੰਘ ਦੇ 2 ਸਾਲ ਦਾ ਬੇਟਾ ਸੀ | ਅਚਾਨਕ ਜਗਸੀਰ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ | ਘਰ ਵਿਚ ਮਾਤਮ ਛਾ ਗਿਆ | ਹਾਸੇ ਰੋਣੇ ਵਿਚ ਬਦਲ ਗਏ | ਭੋਗ 'ਤੇ ਦੋਵੇਂ ਪੰਚਾਇਤਾਂ ਇਕੱਠੀਆਂ ਹੋਈਆਂ | ਲੜਕੀ ਵਾਲਿਆਂ ਨੇ ਲੜਕੀ ਨੂੰ ਕਿਤੇ ਹੋਰ ਤੋਰਨ ਦੇ ਇਰਾਦੇ ਨਾਲ ਲੜਕੀ ਨੂੰ ਆਪਣੇ ਨਾਲ ਲੈ ਕੇ ਜਾਣ ਦਾ ਫੈਸਲਾ ਸੁਣਾ ਦਿੱਤਾ | ਕਰਮਜੀਤ ਵਾਸਤੇ ਇਹ ਬਹੁਤ ਵੱਡੀ ਪ੍ਰੀਖਿਆ ਸੀ | ਇਕ ਪਾਸੇ ਮਾਂ-ਬਾਪ ਦਾ ਫੈਸਲਾ ਦੂਜੇ ਪਾਸੇ ਸਵਰਗੀ ਪਤੀ ਦੀਆਂ ਯਾਦਾਂ ਸਮੇਟੀ ਬੈਠਾ ਸਹੁਰਾ ਘਰ | ਕਰਮਜੀਤ ਕੌਰ ਨੇ ਅੰਦਰ ਜਸਵਿੰਦਰ ਕੌਰ ਨੂੰ ਕਿਹਾ, ਭੈਣ ਮੈਂ ਤੇਰੇ ਰੱਖਣ ਦੀ ਹਾਂ, ਮੈਂ ਜੋ ਸੁੱਖ ਭੋਗਣਾ ਸੀ, ਭੋਗ ਲਿਆ | ਮੈਂ ਇਸ ਘਰ ਨੂੰ ਛੱਡ ਕੇ ਨ੍ਹੀਂ ਜਾਣਾ ਚਾਹੁੰਦੀ, ਆਪਣੇ ਹਾਲ 'ਤੇ ਇਸੇ ਘਰ ਵਿਚ ਖੁਸ਼ ਹਾਂ | ਜਸਵਿੰਦਰ ਕੌਰ ਨੇ ਉਸ ਨੂੰ ਹੌਸਲਾ ਦਿੱਤਾ | ਦੋਵੇਂ ਦਰਾਣੀ-ਜਠਾਣੀ ਪੰਚਾਇਤਾਂ ਵਿਚ ਆ ਗਈਆਂ, ਆਪਣਾ ਫੈਸਲਾ ਸੁਣਾ ਦਿੱਤਾ |
ਮੈਂ ਆਪਣੀ ਭੈਣ ਵਰਗੀ ਦਰਾਣੀ ਨੂੰ ਏਸੇ ਘਰ ਵਿਚ ਰੱਖੂੰਗੀ |
ਭਾਈ ਕੁੜੀਏ, ਤੂੰ ਇਸ ਨੂੰ ਕਿਸ ਦੇ ਸਿਰ 'ਤੇ ਰੱਖੇਂਗੀ, ਪੰਚਾਇਤਾਂ ਵਿਚੋਂ ਕਿਸੇ ਨੇ ਸਵਾਲ ਕੀਤਾ | ਸਦਕੇ ਜਾਈਏ ਪੰਜਾਬ ਦੀ ਅਣਖਾਂ 'ਚ ਗੜੁੱਚ ਮਿੱਟੀ 'ਚੋਂ ਪਲੀ ਸੂਰਤ ਜਸਵਿੰਦਰ ਕੌਰ ਦੇ, ਜਿਸ ਦਾ ਜਵਾਬ ਸੀ, ਮੈਂ ਇਸ ਨੂੰ ਆਪਣੇ ਘਰਵਾਲੇ ਤੋਂ ਪੱਗ ਦਿਵਾ ਕੇ ਰੱਖੰੂਗੀ | ਸਭ ਸਿਆਣਿਆਂ-ਨਿਆਣਿਆਂ ਦੇ ਮੰੂਹ ਅੱਡੇ ਰਹਿ ਗਏ | ਐਡੀ ਵੱਡੀ ਕੁਰਬਾਨੀ ਨਾ ਸੁਣੀ, ਨਾ ਕਿਤੇ ਵੇਖੀ | ਔਰਤ ਆਪਣੇ ਬੱਚੇ ਵੰਡ ਸਕਦੀ ਹੈ ਘਰ ਵੰਡ ਸਕਦੀ ਹੈ ਸਭ ਕੁਝ ਵੰਡ ਸਕਦੀ ਹੈ ਪਰ ਘਰਵਾਲਾ ਨਹੀਂ ਵੰਡ ਸਕਦੀ | ਐਡਾ ਦਇਆ ਵਾਲਾ ਕਿਰਦਾਰ ਕੋਈ ਸ਼ੀਹਣੀ ਮਾਂ ਦੀ ਜਾਈ ਨਿਭਾਅ ਸਕਦੀ ਹੈ | ਪੰਚਾਇਤ ਵਾਪਸ ਚਲੀ ਗਈ | ਫਿਰ ਵੀ ਕਰਮਜੀਤ ਦੇ ਪੇਕਿਆਂ ਨੇ ਹਾਰ ਨਹੀਂ ਮੰਨੀ | ਉਹ ਜਸਵਿੰਦਰ ਕੌਰ ਦੇ ਪੇਕਿਆਂ ਕੋਲ ਗਏ | ਉਸ ਦੇ ਪਿਤਾ ਤੇ ਭਰਾਵਾਂ ਨੂੰ ਨਾਲ ਲੈ ਕੇ ਦੁਬਾਰਾ ਫਿਰ ਆਏ | ਜਸਵਿੰਦਰ ਕੌਰ ਨੂੰ ਮਜਬੂਰ ਕਰਨ ਲੱਗੇ ਪਰ ਸਿਦਕੀ ਕਦੋਂ ਸਿਦਕ ਨੂੰ ਦਾਗ ਲੱਗਣ ਦਿੰਦੇ ਨੇ | ਗੁੱਸੇ ਵਿਚ ਜਸਵਿੰਦਰ ਕੌਰ ਦੇ ਬਾਪੂ ਨੇ ਇਥੋਂ ਤੱਕ ਆਖ ਦਿੱਤਾ ਕੁੜੀਏ ਅਸੀਂ ਤੈਨੂੰ ਤਿਆਗ ਦਿਆਂਗੇ, ਮਰੀ ਸਮਝਾਂਗੇ | ਕੋਈ ਗੱਲ ਨ੍ਹੀਂ ਬਾਪੂ ਜੀ, ਦੋਵੇਂ ਪੰਚਾਇਤਾਂ ਫਿਰ ਵਾਪਸ ਚਲੀ ਗਈਆਂ | ਜਸਵਿੰਦਰ ਕੌਰ ਦੇ ਪੇਕੇ ਆਉਣੋ ਹਟ ਗਏ | ਸਮਾਂ ਆਪਣੀ ਚਾਲ ਚਲਦਾ ਗਿਆ | ਬੱਚੇ ਜਵਾਨ ਹੋ ਗਏ, ਇਸੇ ਸਮੇਂ ਵਿਚ ਜਸਵਿੰਦਰ ਕੌਰ ਦੇ ਪਿਤਾ ਦੀ ਮੌਤ ਹੋ ਗਈ | ਉਸ ਦੇ ਭਰਾਵਾਂ ਨੇ ਉਸ ਨੂੰ ਨਾ ਸੱਦਿਆ | ਸਿਦਕ 'ਤੇ ਪੱਕੀ ਰਹੀ | ਕਿਸੇ ਦੇ ਬੁਰੇ ਵਕਤ ਵਿਚ ਕੰਮ ਆਉਣਾ ਹੀ ਜ਼ਿੰਦਗੀ ਦਾ ਅਸਲੀ ਮਕਸਦ ਹੈ | ਮੈਂ ਕਈ ਸਾਲਾਂ ਤੋਂ ਇਹ ਵਾਰਤਾ ਸਾਂਝੀ ਕਰਨ ਲਈ ਤਤਪਰ ਸੀ | ਰਿਸ਼ਤੇ ਸਿਰਫ਼ ਖ਼ੂਨ ਦੀ ਸਾਂਝ ਦੇ ਨਹੀਂ ਹੁੰਦੇ, ਅਸਲ ਰਿਸ਼ਤੇ ਰੂਹਾਂ ਦੀ ਸਾਂਝ ਦੇ ਹੁੰਦੇ ਹਨ | ਜਦੋਂ ਮੈਂ ਇਕ ਵਾਰ ਉਨ੍ਹਾਂ ਦੇ ਘਰਗਿਆ ਸੀ ਤਾਂ ਮੈਂ ਦੇਖਿਆ ਦੋਵੇਂ ਦਰਾਣੀ-ਜਠਾਣੀ ਇਕੋ ਥਾਲੀ ਵਿਚ ਰੋਟੀ ਖਾ ਰਹੀਆਂ ਸਨ | ਮੈਨੂੰ ਉਸ ਘਰ ਵਿਚ ਰੱਬਦਾ ਵਾਸਾ ਲੱਗਿਆ |

-138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ) |
ਮੋਬਾਈਲ : 98783-25301.

ਪ੍ਰਾਹੁਣਾ

'ਚੱਲ ਭਾਗਵਾਨੇ ਆਪਾਂ ਪਿੰਡ ਗੇੜਾ ਮਾਰ ਆਈਏ | ਰਾਤੀਂ ਸੁਪਨਾ ਵੀ ਬਾਹਲਾ ਮਾੜਾ ਹੀ ਆਇਆ ਆ | ਕੱਲ੍ਹ ਪਿੰਡ ਤੋਂ ਲੰਬੜਾਂ ਦਾ ਮੰੁਡਾ ਸ਼ੀਰਾ ਬਾਜ਼ਾਰ ਵਿਚ ਇਕ ਹੱਟੀ 'ਤੇ ਮਿਲਿਆ ਸੀ, ਆਖਦਾ ਸੀ ਭਾਈਏ ਦਾ ਹਾਲ ਜ਼ਿਆਦਾ ਹੀ ਮਾੜਾ ਹੈ | ਉਹ ਤਾਂ ਕਹਿ ਰਿਹਾ ਸੀ, ਲੋਕੀਂ ਵੀ ਹੁਣ ਆਖਣ ਲੱਗ ਪਏ ਹਨ, ਭਾਈਆ ਦੋ-ਚਾਰ ਦਿਨ ਦਾ ਹੀ ਪ੍ਰਾਹੁਣਾ ਹੈ | ਇਥੇ ਹੀ ਬੈਠੇ-ਸੁੱਤੇ ਹੀ ਖ਼ਬਰ ਨਾ ਸੁਣਨੀ ਪੈ ਜਾਵੇ, ਵੇਲਾ ਸੰਭਾਲਣਾ ਜ਼ਰੂਰੀ ਹੈ', ਕਰਮ ਸਿੰਘ ਆਪਣੀ ਪਤਨੀ ਨੂੰ , ਆਪਣੇ ਜੱਦੀ ਘਰ ਜਾਣ ਲਈ ਮਜਬੂਰ ਕਰ ਰਿਹਾ ਸੀ | ਅੱਗੋਂ ਪਤਨੀ ਬੋਲੀ, 'ਐਵੇਂ ਚਿੰਤਾ ਨਾ ਕਰ, ਕੁਝ ਨਹੀਂ ਹੋਣ ਲੱਗਾ? ਤਿੰਨ-ਚਾਰ ਦਿਨ ਬਾਅਦ ਸੰਗਰਾਂਦ ਹੈ | ਅਗਲੇ ਹਫ਼ਤੇ ਜਾਵਾਂਗੇ ਨਾਲੇ ਸ਼ੀਰੇ ਹੋਰਾਂ ਕੋਲੋਂ ਆਪਣੀ ਜ਼ਮੀਨ ਦਾ ਸਾਲਾਨਾ ਮਾਮਲਾ ਵੀ ਲੈ ਆਵਾਂਗੇ | ਜਾ ਕੇ ਹੁਣ ਆਪਾਂ ਕਰਨਾ ਵੀ ਕੀ ਆ? ਜ਼ਮੀਨ-ਜਾਇਦਾਦ ਤਾਂ ਚਿਰੋਕਣੀ ਆਪਾਂ ਵੰਡ ਚੁੱਕੇ ਹਾਂ | ਹੁਣ ਕੀ ਉਸ ਕੋਲ ਹੋਣਾ ਆ? ਬਥੇਰੀ ਉਮਰ ਭੋਗ ਲਈ ਆ |? ਪੇਂਡੂ ਜ਼ਨਾਨੀਆਂ ਬੋਲਦੀਆਂ ਸਨ, ਸੌ ਦੇ ਨੇੜੇ-ਤੇੜੇ ਆ |' ਪਤਨੀ ਦੀਆਂ ਗੱਲਾਂ ਸੁਣਨ ਬਾਅਦ ਕਰਮਾ ਸਹਿਜੇ ਹੀ ਬੋਲਿਆ, 'ਗੱਲ ਤਾਂ ਤੇਰੀ ਠੀਕ ਆ, ਲੋਕਾਂ ਨੂੰ ਅੱਜ ਤੱਕ ਇਹੀ ਕਹਿੰਦਾ ਰਿਹਾ ਹੈ ਕਿ ਮੇਰਾ ਜਨਮ ਦੁਨੀਆ ਦੀ ਪਹਿਲੀ ਲੜਾਈ ਦੇ ਅਖੀਰਲੇ ਸਾਲ ਹੋਇਆ ਸੀ | ਪੰ੍ਰਤੂ ਭਾਗਵਾਨੇ ਉਮਰ ਛੱਡ, ਵੇਲਾ ਸੰਭਾਲਣਾ ਜ਼ਰੂਰੀ ਆ... ਕੱਲ੍ਹ ਨੂੰ ਅਫ਼ਸੋਸ ਕਰਦਿਆਂ, ਸ਼ਰੀਕਾ ਭਾਈਚਾਰੇ ਨੂੰ ਕੀ ਵਜ੍ਹਾ ਦੱਸਾਂਗੇ ਕਿ ਆਖਰੀ ਵਾਰ ਮੰੂਹ ਕਿਉਂ ਨਹੀਂ ਵੇਖਣ ਆਏ? ਸਿਆਣੇ ਬਣੀਦਾ, ਜਲਦੀ ਕਰ, ਨਾਲੇ ਤਾਂ ਭਾਈਏ ਦੇ ਆਖਰੀ ਦਰਸ਼ਨ ਕਰ ਲਵਾਂਗੇ ਅਤੇ ਦੂਸਰਾ ਉਹ ਵੀ ਸਾਨੂੰ ਵੇਖ ਕੇ ਆਪਣਾ ਆਖਰੀ ਸਾਹ ਤਸੱਲੀ ਨਾਲ ਲੈ ਕੇ ਦੁਨੀਆ ਤੋਂ ਸੌਖਾ, ਵਿਦਾ ਹੋ ਜਾਊਗਾ | ਕੱਲ੍ਹ ਨੂੰ ਅਫ਼ਸੋਸ 'ਤੇ ਬੈਠ ਕੇ ਸ਼ਰਮਿੰਦਗੀ ਵੀ ਨਹੀਂ ਵੇਖਣੀ ਪਵੇਗੀ | ਘੱਟੋ-ਘੱਟ, ਲੋਕਾਂ ਨੂੰ ਮੁਸਕਰਾ ਕੇ ਗੱਲਾਂ ਦੇ ਜਵਾਬ ਤਾਂ ਦੇ ਸਕਾਂਗੇ', ਪਤਨੀ ਨੇ ਗੱਲਾਂ ਸਮੇਟਦਿਆਂ ਕਿਹਾ, 'ਚੱਲ ਤੇਰੀ ਮਰਜ਼ੀ, ਚਲੇ ਜਾਂਦੇ ਹਾਂ |' ਕੁਝ ਸਮੇਂ ਬਾਅਦ ਇਕ ਬੈਗ ਵਿਚ ਕੁਝ ਕੱਪੜੇ ਪਾਈ, ਉਹ ਪਤੀ-ਪਤਨੀ ਬੱਸ ਵਿਚ ਬੈਠ ਕੇ ਸਮਾਜਿਕ ਪੱਖਾਂ ਨੂੰ ਪੂਰਿਆਂ ਕਰਨ ਲਈ ਆਪਣੇ ਪ੍ਰਾਹੁਣੇ ਭਾਈਏ ਨੂੰ ਸਦਾ ਲਈ ਦੁਨੀਆ ਤੋਂ ਵਿਦਾ ਕਰਨ ਲਈ, ਆਪਣੇ ਜੱਦੀ ਘਰ ਨੂੰ ਜਾ ਰਹੇ ਸਨ |

-ਦੂਰਦਰਸ਼ਨ ਇਨਕਲੇਵ, ਜਲੰਧਰ |
ਮੋਬਾਈਲ : 98144-32347.

ਜਵਾਬ ਇੰਜ ਵੀ ਮਿਲਦੈ

ਕੁਝ ਦਿਨ ਪਹਿਲਾਂ ਮੈਨੂੰ ਮੇਰਾ ਇਕ ਪੜ੍ਹਾਇਆ ਹੋਇਆ ਵਿਦਿਆਰਥੀ ਮਿਲ ਗਿਆ, ਉਸ ਦੀ ਨਮਸਤੇ ਦਾ ਜਵਾਬ ਦੇਣ ਤੋਂ ਬਾਅਦ ਮੈਂ ਉਸ ਨੂੰ ਪੁੱਛਿਆ, 'ਬੇਟਾ ਜੀ, ਕੀ ਕਰਦੈਂ ਅੱਜਕਲ੍ਹ?' ਉਸ ਦਾ ਉੱਤਰ ਸੀ, 'ਸਰ ਰੇਲਵੇ ਵਿਭਾਗ ਵਿਚ ਉੱਕਾ-ਪੁੱਕਾ ਤਨਖਾਹ 'ਤੇ ਲੱਗਾ ਹੋਇਆ ਹਾਂ | ਅਫ਼ਸਰਾਂ ਦਾ ਕਹਿਣਾ ਹੈ, ਆਪਣੇ ਬਾਪੂ ਵਾਂਗ ਕੰਮ ਕਰ, ਥੋੜ੍ਹੀ ਦੇਰ ਮਗਰੋਂ ਪੱਕਾ ਵੀ ਕਰ ਦਿਆਂਗੇ |' ਮੇਰਾ ਉਸ ਨੂੰ ਅਗਲਾ ਸਵਾਲ ਸੀ, 'ਤੂੰ ਕਿਸੇ ਅਫਸਰ ਦੀ ਸਿਫਾਰਸ਼ ਨਾਲ ਲੱਗਿਐਾ?' ਉਹ ਬੋਲਿਆ, 'ਸਰ, ਗੱਲ ਇਸ ਤਰ੍ਹਾਂ ਬਣੀ | ਮੇਰੇ ਪਿਤਾ ਜੀ ਬਹੁਤ ਹੀ ਇਮਾਨਦਾਰ, ਮਿਹਨਤੀ ਅਤੇ ਅਫਸਰਾਂ ਦਾ ਕਹਿਣਾ ਮੰਨਣ ਵਾਲੇ ਸਨ | ਉਨ੍ਹਾਂ ਦੇ ਨਾਲ ਦੇ ਕਰਮਚਾਰੀ ਉਨ੍ਹਾਂ ਦੀ ਇਮਾਨਦਾਰੀ ਦਾ ਮਜ਼ਾਕ ਉਡਾਉਂਦੇ ਰਹਿੰਦੇ ਸਨ | ਕੋਈ ਉਨ੍ਹਾਂ ਨੂੰ ਅਫਸਰਾਂ ਦਾ ਪਿੱਠੂ, ਕੋਈ ਅਫ਼ਸਰਾਂ ਦਾ ਚਮਚਾ ਤੇ ਕੋਈ ਉਨ੍ਹਾਂ ਨੂੰ ਡਰਾਮੇਬਾਜ਼ ਕਹਿੰਦਾ ਰਹਿੰਦਾ ਸੀ | ਪਿਤਾ ਜੀ ਉਨ੍ਹਾਂ ਦੀਆਂ ਗੱਲਾਂ ਸੁਣ ਤਾਂ ਲੈਂਦੇ ਸਨ ਪਰ ਬੋਲਦੇ ਕੁਝ ਨਹੀਂ ਸਨ | ਉਨ੍ਹਾਂ ਨੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਆਪਣੀ ਨੇਕ ਨੀਤੀ ਨਹੀਂ ਛੱਡੀ | ਉਨ੍ਹਾਂ ਦੀ ਨੇਕ ਨੀਤੀ ਦਾ ਫਲ ਮੈਨੂੰ ਮਿਲਿਆ |'
ਮੈਂ ਉਸ ਨੂੰ ਸਵਾਲ ਕੀਤਾ, 'ਉਹ ਕਿਵੇਂ ਭਲਾ?' ਉਸ ਨੇ ਅੱਗੋਂ ਦੱਸਿਆ, 'ਸਰ, ਜਿਸ ਦਿਨ ਮੇਰੇ ਪਿਤਾ ਜੀ ਦੀ ਸੇਵਾਮੁਕਤੀ ਦਾ ਦਿਨ ਸੀ ਉਸ ਦਿਨ ਉਨ੍ਹਾਂ ਦੇ ਅਫਸਰ ਨੇ ਉਨ੍ਹਾਂ ਦੀ ਸੇਵਾਮੁਕਤੀ 'ਤੇ ਬੋਲਦਿਆਂ ਕਿਹਾ, 'ਭਾਈ ਹੁਸਨ ਚੰਦ, ਤੂੰ ਆਪਣੀ ਸਾਰੀ ਨੌਕਰੀ ਦੌਰਾਨ ਸਾਡੀ ਸੇਵਾ ਕੀਤੀ ਹੈ, ਹੁਣ ਵਾਰੀ ਸਾਡੀ ਹੈ | ਕੱਲ੍ਹ ਤੋਂ ਤੂੰ ਆਪਣੀ ਥਾਂ 'ਤੇ ਆਪਣਾ ਪੁੱਤਰ ਭੇਜ ਦੇ |' ਸਰ ਉਸ ਅਫਸਰ ਨੇ ਸਾਡੇ ਬੇੜੇ ਤਾਰ ਦਿੱਤੇ ਨੇ | ਗੱਲਾਂ ਕਰਨ ਵਾਲਿਆਂ ਨੂੰ ਜਵਾਬ ਮਿਲ ਗਿਆ |' ਮੈਂ ਉਸ ਦੇ ਪਿਤਾ ਜੀ ਨੂੰ ਵੇਖਿਆ ਤਾਂ ਨਹੀਂ ਸੀ ਪਰ ਉਸ ਦੀ ਨੇਕ ਨੀਤੀ ਨੇ ਉਸ ਨੂੰ ਮੇਰੇ ਸਾਹਮਣੇ ਖੜ੍ਹਾ ਕਰ ਦਿੱਤਾ | ਉਹ ਦੁਨੀਆ ਵਿਚ ਨਾ ਹੁੰਦੇ ਹੋਏ ਵੀ ਮੇਰੇ ਲਈ ਜਿਊਾਦੇ ਸਨ |

-ਮਾਧਵ ਨਗਰ, ਨੰਗਲ ਟਾਊਨਸ਼ਿਪ (ਰੋਪੜ) |
ਮੋਬਾਈਲ : 98726-27136.

ਮਿਹਨਤ ਦੀ ਲਗਨ

ਇਕ ਵਾਰੀ ਸਵਾਮੀ ਵਿਵੇਕਾਨੰਦ ਪੈਰਿਸ ਘੰੁਮਣ ਲਈ ਗਏ | ਉਨ੍ਹਾਂ ਦੀ ਇਕ ਪ੍ਰਸੰਸਕ ਨੇ ਇਕ ਘੋੜਾ ਬੱਗੀ ਕਿਰਾਏ 'ਤੇ ਲੈ ਕੇ ਵਿਵੇਕਾਨੰਦ ਨੂੰ ਨਾਲ ਬਿਠਾਇਆ ਤੇ ਦੋਵੇਂ ਜਣੇ ਸ਼ਹਿਰ ਵੱਲ ਨੂੰ ਸੈਰ ਕਰਨ ਲਈ ਨਿਕਲ ਪਏ | ਘੋੜਾ ਬੱਗੀ ਚਲਾਉਣ ਵਾਲਾ ਇਕ ਜਗ੍ਹਾ ਰੁਕਿਆ ਤੇ ਥੋੜ੍ਹੀ ਦੂਰ ਬੈਠੇ ਦੋ ਬੱਚਿਆਂ ਨੂੰ ਪਿਆਰ ਕਰਕੇ ਵਾਪਸ ਆ ਗਿਆ | ਵਿਵੇਕਾਨੰਦ ਨਾਲ ਬੈਠੀ ਉਸ ਦੀ ਪ੍ਰਸੰਸਕ ਨੇ ਘੋੜਾ ਬੱਗੀ ਦੇ ਚਾਲਕ ਨੂੰ ਪੁੱਛਿਆ, 'ਤੂੰ ਬੱਗੀ ਰੋਕ ਕੇ ਉਨ੍ਹਾਂ ਬੱਚਿਆਂ ਕੋਲ ਕਿਉਂ ਗਿਆ?' ਬੱਗੀ ਚਾਲਕ ਨੇ ਬਿਨਾਂ ਕੋਈ ਜਵਾਬ ਦਿੱਤਿਆਂ ਉਸ ਨੂੰ ਸਵਾਲ ਕੀਤਾ, 'ਤੁਸੀਂ ਪੈਰਿਸ ਦੇ ਸਭ ਤੋਂ ਵੱਡੇ ਬੈਂਕ ਦਾ ਨਾਂਅ ਜਾਣਦੇ ਹੋ?' ਪ੍ਰਸੰਸਕ ਕੁੜੀ ਨੇ ਕਿਹਾ, 'ਉਹ ਬੈਂਕ ਬਾਰੇ ਤਾਂ ਸਾਰਾ ਪੈਰਿਸ ਜਾਣਦਾ ਹੈ ਜੋ ਦੀਵਾਲੀਆ ਹੋ ਗਈ ਸੀ |' ਬੱਗੀ ਵਾਲਾ ਬੋਲਿਆ, 'ਭੈਣ ਜੀ, ਮੈਂ ਉਸ ਬੈਂਕ ਦਾ ਮੈਨੇਜਰ ਸੀ, ਬੈਂਕ ਦੀਵਾਲੀਆ ਹੋ ਗਈ, ਮੈਂ ਕਰਜ਼ਾਈ ਹੋ ਗਿਆ | ਮੈਂ ਤੇ ਮੇਰੇ ਬੱਚੇ ਸੜਕ 'ਤੇ ਆ ਗਏ | ਜਿਨ੍ਹਾਂ ਬੱਚਿਆਂ ਕੋਲ ਗਿਆ ਸੀ, ਇਹ ਮੇਰੇ ਬੱਚੇ ਹਨ ਤੇ ਜਿਥੇ ਬੈਠੇ ਹਨ ਉਹੀ ਮਕਾਨ ਮੈਂ ਕਿਰਾਏ 'ਤੇ ਲਿਆ ਹੋਇਆ ਹੈ | ਮੈਂ ਥੋੜ੍ਹੇ ਜਿੰਨੇ ਪੈਸੇ ਖਰਚ ਕੇ ਘੋੜਾ ਬੱਗੀ ਲੈ ਲਈ | ਮੈਂ ਦਿਨ-ਰਾਤ ਮਿਹਨਤ ਕਰਦਾ ਹਾਂ, ਕਰਜ਼ਾ ਉਤਾਰਨ ਤੋਂ ਬਾਅਦ ਮੈਂ ਪੈਸੇ ਜੋੜ ਕੇ ਦੁਬਾਰਾ ਤੋਂ ਕੋਈ ਬਿਜ਼ਨੈੱਸ ਸ਼ੁਰੂ ਕਰਾਂਗਾ ਤੇ ਮੁੜ ਤੋਂ ਇਹੀ ਰੁਤਬਾ ਹਾਸਲ ਕਰਾਂਗਾ |'
ਉਸ ਪ੍ਰਸੰਸਕ ਨਾਲ ਬੈਠੇ ਵਿਵੇਕਾਨੰਦ ਨੂੰ ਬੜੀ ਹੈਰਾਨੀ ਤੇ ਖੁਸ਼ੀ ਹੋਈ | ਉਨ੍ਹਾਂ ਨੇ ਕਿਹਾ ਕਿ ਇਹ ਵਿਅਕਤੀ ਇਕ ਉੱਚੇ ਅਹੁਦੇ ਤੋਂ ਹੇਠਾਂ ਡਿੱਗ ਕੇ ਵੀ ਡੋਲਿਆ ਨਹੀਂ | ਉਸ ਦੀ ਮਿਹਨਤ ਪ੍ਰਤੀ ਆਸਥਾ ਜ਼ਰਾ ਵੀ ਡਗਮਗਾਈ ਨਹੀਂ | ਇਹ ਇਕ ਨਾ ਇਕ ਦਿਨ ਜ਼ਰੂਰ ਸਫ਼ਲ ਹੋਵੇਗਾ ਤੇ ਦੂਸਰਿਆਂ ਲਈ ਪ੍ਰੇਰਨਾ ਸਰੋਤ ਬਣੇਗਾ, ਇਹ ਮੇਰਾ ਵਿਸ਼ਵਾਸ ਹੈ |

-511, ਖਹਿਰਾ ਇਨਕਲੇਵ, ਜਲੰਧਰ-144007.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX