ਤਾਜਾ ਖ਼ਬਰਾਂ


ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  3 minutes ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  10 minutes ago
ਮੁੰਬਈ, 24 ਮਾਰਚ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 45 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ...
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  6 minutes ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  23 minutes ago
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਫੌਜੀ ਖੇਤਰ 'ਚ ਸਥਿਤ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਨਾਮੀ ਕੰਟੀਨ ਦੇ ਸਾਹਮਣਿਓਂ ਅੱਜ ਬਾਰੂਦੀ ਸੁਰੰਗ ਵਿਛਾਉਣ ਲਈ ਇਸਤੇਮਾਲ ਕੀਤਾ ਜਾਂਦਾ ਬੰਬ (ਮਾਈਨ) ਮਿਲਿਆ। ਇਸ ਮਗਰੋਂ ਫੌਜ ਨੇ...
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  6 minutes ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  36 minutes ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  42 minutes ago
ਪਣਜੀ, 24 ਮਾਰਚ- ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅੱਜ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਨਾਇਡੂ ਨੇ ਟਵੀਟ ਕਰਕੇ ਕਿਹਾ, ''ਅੱਜ ਗੋਆ 'ਚ...
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  about 1 hour ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  about 1 hour ago
ਇਸਲਾਮਾਬਾਦ, 24 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੰਧ ਸੂਬੇ 'ਚ ਦੋ ਨਾਬਾਲਗ ਹਿੰਦੂ ਲੜਕੀਆਂ ਦੀ ਅਗਵਾਕਾਰੀ, ਜਬਰਨ ਵਿਆਹ, ਧਰਮ ਪਰਿਵਰਤਨ ਅਤੇ ਘੱਟ ਉਮਰ 'ਚ ਵਿਆਹ ਕਰਾਏ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ...
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  about 1 hour ago
ਨਵੀਂ ਦਿੱਲੀ, 24 ਮਾਰਚ - ਹਰਿਆਣਾ ਦੀ ਪ੍ਰਸਿੱਧ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਨੇ ਕਿਹਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ। ਪ੍ਰਿਅੰਕਾ ਗਾਂਧੀ ਵਾਡਰਾ ਨਾਲ ਜੋ ਉਨ੍ਹਾਂ ਦੀਆਂ ਤਸਵੀਰਾਂ ਛਾਇਆ ਹੋਇਆਂ ਹਨ, ਉਹ ਪੁਰਾਣੀਆਂ ਹਨ। ਸਪਨਾ ਨੇ ਕਿਹਾ ਕਿ ਉਹ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਸ੍ਰੀ ਗੋਇੰਦਵਾਲ ਸਾਹਿਬ

ਮਾਝੇ ਦੀ ਇਤਿਹਾਸਕ ਨਗਰੀ ਗੋਇੰਦਵਾਲ ਸਾਹਿਬ ਪੂਰੇ ਵਿਸ਼ਵ ਵਿਚ ਸਿੱਖੀ ਦੇ ਧੁਰੇ ਵਜੋਂ ਜਾਣੀ ਜਾਂਦੀ ਹੈ। ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਸਮੇਤ ਅੱਠ ਗੁਰੁੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਵਿਸ਼ਵ ਦੀ ਪ੍ਰਚਾਰ ਫੇਰੀ ਮੌਕੇ ਪੁੱਜੇ ਸਨ। ਪੁਸਤਕ ਤਵਾਰੀਖ ਗੁਰੂ ਖਾਲਸਾ ਦੇ ਲਿਖਾਰੀ ਗਿਆਨੀ ਗਿਆਨ ਸਿੰਘ ਅਨੁਸਾਰ ਗੁਰੂੁ ਸਾਹਿਬ ਗੋਇੰਦਵਾਲ ਸਾਹਿਬ ਵਿਖੇ 3 ਦਿਨ ਰੁਕੇ। ਆਪਣੀ ਫੇਰੀ ਦੌਰਾਨ ਗੁਰੂ ਸਾਹਿਬ ਨੇ ਸਥਾਨਕ ਨਗਰ ਵਾਸੀਆਂ ਨੂੰ ਪਰਮਾਤਮਾ ਦੇ ਰੱਬੀ ਗਿਆਨ ਨਾਲ ਜੋੜਿਆ, ਜਿਸ ਤੋਂ ਬਾਅਦ ਦੂਸਰੇ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਗੁਰੂ ਅਮਰਦਾਸ ਜੀ ਨੇ ਇਸ ਸਥਾਨ 'ਤੇ ਨਿਵਾਸ ਕੀਤਾ।
ਗੋਇੰਦਵਾਲ ਸਾਹਿਬ ਦਰਿਆ ਬਿਆਸ ਦੇ ਕੰਢੇ ਸਥਿਤ ਹੋਣ ਕਰਕੇ ਪੁਰਾਤਨ ਸਮੇਂ ਵਿਚ ਦਿੱਲੀ ਅਤੇ ਲਾਹੌਰ ਦੇ ਰਸਤੇ ਵਿਚ ਸੀ, ਜਿਸ ਕਰਕੇ ਬਹੁਤ ਸਾਰੇ ਵਪਾਰੀ ਇਸ ਜਗ੍ਹਾ ਰੁਕਦੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਤੀਸਰੇ ਗੁਰੂ ਅਮਰਦਾਸ ਜੀ ਨੇ 1609 ਬਿਕਰਮੀ ਨੂੰ ਗੋਇੰਦਵਾਲ ਸਾਹਿਬ ਨਗਰ ਦੀ ਸਥਾਪਨਾ ਕੀਤੀ ਅਤੇ ਸਿੱਖ ਕੌਮ ਦੇ ਪਹਿਲੇ ਤੀਰਥ ਅਸਥਾਨ 84 ਪੌੜੀਆਂ ਵਾਲੀ ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ। ਗੁਰੂ ਨਾਨਕ ਦੇਵ ਜੀ ਵਲੋਂ ਦਿਖਾਏ ਮਾਰਗ 'ਤੇ ਚਲਦਿਆਂ ਹੋਇਆਂ ਗੁਰੂ ਅਮਰਦਾਸ ਜੀ ਨੇ ਧਾਰਮਿਕ ਅਤੇ ਅਧਿਆਤਮਿਕ ਸਿੱਖਿਆ ਦੇਣ ਦੇ ਨਾਲ-ਨਾਲ ਸਮਾਜ ਸੁਧਾਰ ਵੱਲ ਧਿਆਨ ਦੇ ਕੇ ਸਮਾਜ ਨੂੰ ਇਕ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕੀਤੀ। ਗੁਰੂ ਨਾਨਕ ਦੇਵ ਜੀ ਵਲੋਂ ਚਲਾਈ ਲੰਗਰ ਪ੍ਰਥਾ ਦੀ ਰਸਮ ਨੂੰ ਪ੍ਰਪੱਕ ਕਰਦਿਆਂ ਹੋਇਆਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਹੁਕਮ ਦਿੱਤਾ ਕਿ ਦਰਸ਼ਨਾਂ ਤੋਂ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕ ਕੇ ਹੀ ਸੰਗਤਾਂ ਦਰਸ਼ਨ ਕਰਨ। ਮੁਗਲ ਸਮਰਾਟ ਅਕਬਰ ਅਤੇ ਹਰੀਪੁਰ ਦੇ ਰਾਜੇ ਨੇ ਆਪਣੀਆਂ ਰਾਣੀਆਂ ਸਮੇਤ ਇਸ ਹੁਕਮ ਦੀ ਪਾਲਣਾ ਕੀਤੀ। ਗੁਰੁੂ ਸਾਹਿਬਾਨ ਦੀ ਯਾਦ ਵਿਚ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਬਾਉਲੀ ਸਾਹਿਬ, ਗੁ: ਚੁਬਾਰਾ ਸਾਹਿਬ, ਗੁ: ਖੂਹ ਸਾਹਿਬ ਤੇ ਹੋਰ ਧਾਰਮਿਕ ਸਥਾਨ ਸਥਿਤ ਹਨ। ਰੋਜ਼ਾਨਾ ਹੀ ਵੱਡੀ ਗਿਣਤੀ ਵਿਚ ਸੰਗਤਾਂ ਇਸ ਸਥਾਨ 'ਤੇ ਪੁੱਜ ਕੇ ਗੁਰੂ ਘਰਾਂ ਦੇ ਦਰਸ਼ਨ ਕਰਦੀਆਂ ਹਨ।
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਦੇ ਸਬੰਧ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੋਇੰਦਵਾਲ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਸਥਾਨਾਂ ਦੇ ਵਿਕਾਸ ਲਈ ਉਲੀਕੀ ਗਈ ਯੋਜਨਾ ਵਿਚ ਗੋਇੰਦਵਾਲ ਸਾਹਿਬ ਨਗਰ ਦੇ ਰਹਿੰਦੇ ਵਿਕਾਸ ਕਾਰਜ ਹੋਣ ਦੀ ਸੰਭਾਵਨਾ ਹੈ।


ਖ਼ਬਰ ਸ਼ੇਅਰ ਕਰੋ

ਗੁਰਦੁਆਰਾ ਸੰਸਥਾ ਕਿੰਝ ਬਣੇ ਸਿੱਖ ਸਮਾਜ ਦੇ ਬਹੁਪੱਖੀ ਜੀਵਨ ਦਾ ਚਾਨਣ ਮੁਨਾਰਾ?

ਪੰਜਾਬ 'ਚ ਲਗਪਗ 13 ਹਜ਼ਾਰ ਪਿੰਡ ਹਨ ਅਤੇ ਹਰ ਪਿੰਡ ਵਿਚ ਔਸਤਨ ਤਿੰਨ ਗੁਰਦੁਆਰੇ ਹਨ। ਅੰਮ੍ਰਿਤਸਰ ਜ਼ਿਲ੍ਹੇ ਦਾ ਵਰਪਾਲ ਪਿੰਡ ਅਜਿਹਾ ਹੈ, ਜਿੱਥੇ ਸਭ ਤੋਂ ਵੱਧ, 45 ਗੁਰਦੁਆਰੇ ਹਨ। ਪਿੱਛੇ ਜਿਹੇ 'ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼' ਵਲੋਂ ਪੰਜਾਬ 'ਚ ਗੁਰਦੁਆਰਿਆਂ ਸਬੰਧੀ ਕੀਤੇ ਇਕ ਸਰਵੇਖਣ ਅਨੁਸਾਰ ਅੰਮ੍ਰਿਤਸਰ ਤੇ ਜਲੰਧਰ ਜ਼ਿਲ੍ਹੇ 'ਚ ਹਰ 650 ਸਿੱਖਾਂ ਪਿੱਛੇ ਇਕ ਗੁਰਦੁਆਰਾ ਹੈ। ਦੁਆਬਾ ਖੇਤਰ 'ਚ ਬਹੁਤ ਥਾਈਂ ਪਰਿਵਾਰਾਂ ਨੇ ਨਿੱਜੀ ਗੁਰਦੁਆਰੇ ਤੱਕ ਉਸਾਰੇ ਹੋਏ ਹਨ। ਹੁਣ ਵਿਦੇਸ਼ਾਂ 'ਚ ਵੀ ਸੰਪਰਦਾਵਾਂ, ਜਾਤਾਂ-ਗੋਤਾਂ ਅਤੇ ਇਲਾਕਿਆਂ ਦੇ ਆਧਾਰ 'ਤੇ ਕਿਰਾਏ ਦੀਆਂ ਇਮਾਰਤਾਂ 'ਚ ਸੰਸਥਾਵਾਂ, ਸੁਸਾਇਟੀਆਂ ਬਣਾ ਕੇ ਨਿੱਜੀ ਗੁਰਦੁਆਰੇ ਉਸਾਰਨ ਦਾ ਰੁਝਾਨ ਤੇਜ਼ ਹੋ ਰਿਹਾ ਹੈ।
ਹਾਲਾਂਕਿ ਇਕ ਪਿੰਡ 'ਚ ਇਕ ਤੋਂ ਜ਼ਿਆਦਾ ਗੁਰਦੁਆਰਿਆਂ ਲਈ ਰਾਜਨੀਤਕ ਧੜੇਬੰਦੀਆਂ, ਚੌਧਰ ਅਤੇ ਹਉਮੈ ਦੀ ਭੁੁੱਖ ਵੀ ਮੁੱਖ ਕਾਰਨ ਹਨ ਪਰ ਜਾਤ-ਪਾਤ 'ਤੇ ਆਧਾਰਤ ਗੁਰਦੁਆਰਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਪਿੰਡਾਂ ਦੇ ਗੁਰਦੁਆਰੇ ਸਿਰਫ਼ 'ਗੁਰਦੁਆਰਾ ਸਾਹਿਬ' ਨਹੀਂ, ਸਗੋਂ 'ਜੱਟਾਂ ਦਾ ਗੁਰਦੁਆਰਾ', 'ਰਾਮਗੜ੍ਹੀਆਂ ਦਾ ਗੁਰਦੁਆਰਾ', 'ਮਜ਼੍ਹਬੀ ਸਿੱਖਾਂ ਦਾ ਗੁਰਦੁਆਰਾ' ਅਤੇ 'ਰਵਿਦਾਸੀਆਂ ਦਾ ਗੁਰਦੁਆਰਾ' ਆਦਿ ਨਾਵਾਂ ਨਾਲ ਜਾਣੇ ਜਾਂਦੇ ਹਨ। ਇਹ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਹੈ, ਕਿਉਂਕਿ ਦਸ ਗੁਰੂ ਸਾਹਿਬਾਨ ਨੇ ਆਪਣੀ ਉਮਤਿ ਵਿਚੋਂ ਜਾਤ-ਪਾਤ ਅਤੇ ਊਚ-ਨੀਚ ਦਾ ਖ਼ਾਤਮਾ ਕਰਦਿਆਂ ਸੰਸਾਰ ਨੂੰ 'ਰੱਬੀ ਏਕਤਾ' ਅਤੇ 'ਸਰਬ-ਸਾਂਝੀਵਾਲਤਾ' ਦਾ ਸੰਦੇਸ਼ ਦਿੱਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 6 ਗੁਰੂ ਸਾਹਿਬਾਨ ਤੋਂ ਇਲਾਵਾ ਵੱਖ-ਵੱਖ ਜਾਤਾਂ, ਧਰਮਾਂ ਤੇ ਖਿੱਤਿਆਂ ਨਾਲ ਸਬੰਧਤ 15 ਭਗਤਾਂ, 11 ਭੱਟਾਂ ਅਤੇ ਗੁਰੂ-ਘਰ ਦੇ ਚਾਰ ਗੁਰਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਕਰਕੇ 'ਸਰਬ-ਸਾਂਝੀਵਾਲਤਾ' ਦਾ ਨਾਯਾਬ ਉਪਦੇਸ਼ ਦਿੱਤਾ ਗਿਆ ਹੈ। ਪਰ ਸਮੇਂ ਦੇ ਨਾਲ ਵਰਣ-ਵੰਡ ਸੋਚ ਦੇ ਪ੍ਰਭਾਵ ਅਤੇ ਸਮਾਜਿਕ ਪੱਧਰ 'ਤੇ ਸੂਖ਼ਮ ਤੌਰ 'ਤੇ ਧਸੀ ਜਾਤ-ਪਾਤ ਅਤੇ ਚੌਧਰਾਂ ਦੀ ਲਾਲਸਾ ਕਾਰਨ ਸਿੱਖਾਂ ਨੇ ਗੁਰਦੁਆਰੇ ਹੀ ਜਾਤਾਂ ਦੇ ਆਧਾਰ 'ਤੇ ਵੰਡ ਲਏ ਅਤੇ ਇੱਥੋਂ ਤੱਕ ਕਿ ਦੂਜੀਆਂ ਜਾਤਾਂ ਦੇ ਲੋਕਾਂ ਨੂੰ ਮੱਥਾ ਟੇਕਣ ਅਤੇ ਖ਼ੁਸ਼ੀ-ਗ਼ਮੀ ਦੇ ਸਮਾਗਮ ਤੱਕ ਕਰਨ ਤੋਂ ਰੋਕਿਆ ਜਾਣ ਲੱਗਾ ਹੈ। ਇਸ ਤਰ੍ਹਾਂ ਪਿੰਡਾਂ 'ਚ ਇਕ ਤੋਂ ਵਧੇਰੇ ਗੁਰਦੁਆਰੇ ਧੜੇਬੰਦੀਆਂ, ਨਫ਼ਰਤ ਅਤੇ ਭਾਈਚਾਰਕ ਵੰਡੀਆਂ ਦਾ ਕਾਰਨ ਬਣ ਰਹੇ ਹਨ। ਜਾਤ-ਪਾਤ ਜਾਂ ਧੜੇਬੰਦੀਆਂ ਦੇ ਆਧਾਰ 'ਤੇ ਗੁਰਦੁਆਰਿਆਂ ਦੀ ਬਹੁਤਾਤ ਕਾਰਨ ਅੱਜ ਗੁਰਦੁਆਰਾ ਸੰਸਥਾ ਗ਼ੈਰ-ਪ੍ਰਸੰਗਿਕ ਅਤੇ ਅਸਰਹੀਣ ਸਾਬਤ ਹੋ ਰਹੀ ਹੈ, ਕਿਉਂਕਿ ਗੁਰਦੁਆਰਾ ਸਿੱਖ ਧਰਮ ਅਤੇ ਸਮਾਜ ਦਾ ਕੇਵਲ ਇਕ ਧਰਮ ਅਸਥਾਨ ਹੀ ਨਹੀਂ, ਸਗੋਂ ਇਹ ਸਮੁੱਚੇ ਸਿੱਖੀ ਜੀਵਨ ਅਤੇ ਸਮਾਜਿਕ-ਮਨੁੱਖੀ ਸਰੋਕਾਰਾਂ ਦਾ ਕੇਂਦਰੀ ਧੁਰਾ ਹੈ।
ਗੁਰਦੁਆਰਾ ਸੰਸਥਾ ਦਾ ਮੂਲ ਮਕਸਦ ਧਰਮ ਦੇ ਨਾਲ-ਨਾਲ ਸਮਾਜ ਭਲਾਈ ਦੇ ਬਹੁਪੱਖੀ ਕਾਰਜ ਕਰਦਿਆਂ ਸਿੱਖੀ ਦੇ ਸੁਨੇਹੇ ਨੂੰ ਸਿੱਖ ਪੰਥ ਤੇ ਸਮਾਜ ਦੇ ਚਾਰੇ ਪਾਸੇ ਪਹੁੰਚਾਉਣਾ ਸੀ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ 'ਗੁਰਦੁਆਰਾ ਉਹ ਪਵਿੱਤਰ ਅਸਥਾਨ ਹੈ, ਜਿਥੇ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਵੇ। ਗੁਰਦੁਆਰੇ ਵਿਦਿਆਰਥੀਆਂ ਲਈ ਸਕੂਲ, ਆਤਮ-ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਤੇ ਮੁਸਾਫ਼ਿਰਾਂ ਲਈ ਵਿਸ਼ਰਾਮ ਘਰ ਹੁੰਦੇ ਹਨ।' ਨਿਰਸੰਦੇਹ ਗੁਰੂ ਸਾਹਿਬਾਨ ਦੀ ਸਿਧਾਂਤਕ ਵਿਚਾਰਧਾਰਾ ਦਾ ਮਰਿਯਾਦਾਬੱਧ ਪ੍ਰਚਾਰ ਗੁਰਦੁਆਰਾ ਸੰਸਥਾ ਦਾ ਮੁੱਖ ਕਾਰਜ ਹੈ, ਪਰ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਦੇ ਸਿੱਟੇ ਹਾਸਲ ਕਰਨ ਲਈ ਜਗਿਆਸੂਆਂ ਲਈ ਗਿਆਨ ਦੀ ਪਾਠਸ਼ਾਲਾ, ਯਾਤਰੂਆਂ ਲਈ ਰਿਹਾਇਸ਼, ਭੁੱਖਿਆਂ ਲਈ ਲੰਗਰ, ਲੋੜਵੰਦ ਬਿਮਾਰਾਂ ਲਈ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਉਣਾ ਇਸ ਦੇ ਲਾਜ਼ਮੀ ਸੰਸਥਾਗਤ ਉਦੇਸ਼ ਹਨ। ਇਨ੍ਹਾਂ ਵਿਚੋਂ ਕਿਸੇ ਵੀ ਇਕ ਕੜੀ ਦਾ ਕਮਜ਼ੋਰ ਹੋ ਜਾਣਾ, ਗੁਰਦੁਆਰਾ ਸੰਸਥਾ ਨੂੰ ਸੰਕਲਪਹੀਣ ਕਰ ਦਿੰਦਾ ਹੈ।
ਗੁਰਦੁਆਰਾ ਸੰਸਥਾ ਦੀ ਪੁਰਾਤਨ ਸਮਿਆਂ 'ਚ ਸਾਡੇ ਮੁੱਢਲੇ ਸਮਾਜਿਕ ਅਤੇ ਮਨੁੱਖੀ ਜੀਵਨ ਦੇ ਵਿਕਾਸ 'ਚ ਵੀ ਬਹੁਤ ਵੱਡੀ ਦੇਣ ਰਹੀ ਹੈ। ਗੁਰਦੁਆਰੇ 'ਚੋਂ ਗੁਰੂ ਦੀ ਮੱਤ (ਧਾਰਮਿਕ ਅਤੇ ਨੈਤਿਕ ਗੁਣ) ਧਾਰਨ ਕਰਕੇ ਗੁਰਸਿੱਖ ਅੱਗੋਂ ਆਦਰਸ਼ਕ ਸਮਾਜ ਦੀ ਸਿਰਜਣਾ ਕਰਦੇ ਰਹੇ ਹਨ। ਗੁਰਦੁਆਰਾ ਸਾਹਿਬਾਨ ਦਾ ਮੁੱਢਲੇ ਤੌਰ 'ਤੇ ਮਾਂ-ਬੋਲੀ ਦੇ ਪ੍ਰਚਾਰ-ਪ੍ਰਸਾਰ 'ਚ ਵੀ ਵੱਡਾ ਯੋਗਦਾਨ ਰਿਹਾ ਹੈ। ਪੁਰਾਣੇ ਸਮਿਆਂ 'ਚ ਬਹੁਤ ਸਾਰੇ ਅਨਪੜ੍ਹ ਲੋਕ, ਜੋ ਕਦੇ ਸਕੂਲ ਵੀ ਨਹੀਂ ਗਏ, ਉਹ ਚੰਗੀ ਤਰ੍ਹਾਂ ਗੁਰਮੁਖੀ ਲਿਖਣੀ-ਪੜ੍ਹਨੀ ਗੁਰਦੁਆਰਿਆਂ ਵਿਚੋਂ ਹੀ ਸਿੱਖਦੇ ਸਨ। ਪਿੰਡਾਂ ਦੇ ਗੁਰੂ-ਘਰ ਭਾਈਚਾਰੇ, ਏਕਤਾ ਅਤੇ ਸਦਭਾਵਨਾ ਦਾ ਵੀ ਮੁੱਖ ਕੇਂਦਰ ਹੁੰਦੇ ਸਨ। ਪਿੰਡਾਂ ਦੇ ਸਾਂਝੇ ਫ਼ੈਸਲੇ ਗੁਰਦੁਆਰਿਆਂ 'ਚ ਬੈਠ ਕੇ ਲਏ ਜਾਂਦੇ ਸਨ। ਭਾਈ-ਗ੍ਰੰਥੀ ਸਾਂਝੀਵਾਲਤਾ ਦੇ ਜਾਮਨ ਹੁੰਦੇ ਸਨ। ਹੁਣ ਇਕ ਤੋਂ ਵੱਧ ਗਰਦੁਆਰਿਆਂ ਵਾਲੇ ਪਿੰਡਾਂ 'ਚ ਧੜੇਬੰਦੀਆਂ, ਸਿਆਸੀ ਖਿੱਚੋਤਾਣ ਅਤੇ ਸਮਾਜਿਕ ਤੰਦਾਂ ਜ਼ਿਆਦਾ ਉਲਝੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਨਾ ਤਾਂ ਭਾਈ-ਗ੍ਰੰਥੀਆਂ ਦਾ ਉਹ ਸਤਿਕਾਰ ਰਿਹਾ, ਜਿਸ ਦੇ ਉਹ ਹੱਕਦਾਰ ਹਨ ਅਤੇ ਨਾ ਹੀ ਜ਼ਿਆਦਾਤਰ ਪਿੰਡਾਂ 'ਚ ਕਾਬਲ, ਗਿਆਨਵਾਨ, ਯੋਗਤਾ ਪ੍ਰਾਪਤ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਭਾਈ-ਗ੍ਰੰਥੀ ਮਿਲਦੇ ਹਨ। ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਸਤਿਕਾਰ ਅਤੇ ਮਾਣ-ਮਰਿਯਾਦਾ ਦੀ ਪਾਲਣਾ ਵੀ ਬਿਹਤਰ ਤਰੀਕੇ ਨਾਲ ਨਹੀਂ ਹੁੰਦੀ। ਪਿਛਲੇ ਸਮਿਆਂ ਦੌਰਾਨ ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਇਕ ਅਹਿਮ ਕਾਰਨ ਪਿੰਡਾਂ ਦੇ ਗੁਰਦੁਆਰਿਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ 'ਚ ਪ੍ਰਬੰਧਕੀ ਅਵੇਸਲਾਪਨ ਵੀ ਸਾਹਮਣੇ ਆਇਆ ਸੀ।
ਬੇਸ਼ੱਕ ਕਾਫ਼ੀ ਅਰਸਾ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇਕ ਪਿੰਡ 'ਚ ਇਕੋ ਗੁਰਦੁਆਰਾ ਸਾਹਿਬ ਹੋਣ ਸਬੰਧੀ ਆਦੇਸ਼ ਜਾਰੀ ਹੋਇਆ ਸੀ, ਪਰ ਇਸ ਨੂੰ ਅਮਲ ਵਿਚ ਲਿਆਉਣ ਲਈ ਯਤਨਸ਼ੀਲਤਾ ਅਤੇ ਲੋੜੀਂਦੀ ਸਮਾਜਿਕ ਚੇਤਨਾ ਦੀ ਘਾਟ ਰਹੀ ਹੈ। ਅਜਿਹੇ ਅਵੇਸਲੇਪਨ ਕਾਰਨ ਹੀ ਸ਼੍ਰੋਮਣੀ ਕਮੇਟੀ ਸਿੱਖ ਸਮਾਜ ਦੀ ਅਲੋਚਨਾ ਦਾ ਸ਼ਿਕਾਰ ਹੁੰਦੀ ਰਹੀ ਹੈ। ਇਸ ਅਵੇਸਲੇਪਨ ਨੂੰ ਦੂਰ ਕਰਨ ਦੀ ਦਿਸ਼ਾ 'ਚ ਦਿਲਚਸਪੀ ਦਿਖਾਉਂਦਿਆਂ ਪਿਛਲੇ ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ 'ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ' ਦੀ ਸ਼ੁਰੂਆਤ ਕੀਤੀ ਸੀ। ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਚਾਇਤਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਸੀ, ਜੋ ਆਪਣੇ ਪਿੰਡਾਂ 'ਚ ਇਕ ਗੁਰਦੁਆਰਾ ਸਾਹਿਬ ਰੱਖਣ ਦਾ ਫ਼ੈਸਲਾ ਕਰਨਗੀਆਂ। ਸ਼੍ਰੋਮਣੀ ਕਮੇਟੀ ਨੇ ਇਕ ਤੋਂ ਵੱਧ ਗੁਰਦੁਆਰਿਆਂ ਤੋਂ ਇਕ ਗੁਰਦੁਆਰਾ ਕਰਨ ਵਾਲੇ ਪਿੰਡਾਂ 'ਚ ਬਾਕੀ ਗੁਰਦੁਆਰਿਆਂ ਦੀਆਂ ਇਮਾਰਤਾਂ ਨੂੰ ਪਿੰਡ ਦੇ ਲੋਕਾਂ ਲਈ ਹੋਰ ਸਮਾਜਿਕ ਤੇ ਸਾਰਥਿਕ ਕਾਰਜਾਂ, ਜਿਵੇਂ ਲਾਇਬ੍ਰੇਰੀਆਂ, ਡਿਸਪੈਂਸਰੀਆਂ, ਖੇਡ ਕਲੱਬ ਜਾਂ ਗੁਰਬਾਣੀ-ਕੀਰਤਨ ਸਿਖਲਾਈ ਕੇਂਦਰਾਂ ਲਈ ਵਰਤਣ ਦਾ ਸੁਝਾਅ ਦਿੱਤਾ ਸੀ, ਜੋ ਸਮਾਜ ਦੀ ਭਲਾਈ ਲਈ ਗੁਰਮਤਿ ਦੇ ਸਰਬ-ਸਾਂਝੀਵਾਲਤਾ ਵਾਲੇ ਸੰਦਰਭ 'ਚ ਬਿਹਤਰ ਸੰਕਲਪ ਹੈ।
ਸਾਲ ਕੁ ਅੰਦਰ ਸ਼੍ਰੋਮਣੀ ਕਮੇਟੀ ਦੋ ਦਰਜਨ ਦੇ ਕਰੀਬ ਪਿੰਡਾਂ 'ਚ 'ਇਕ ਗੁਰਦੁਆਰਾ ਸਾਹਿਬ' ਕਰਵਾ ਚੁੱਕੀ ਹੈ, ਪਰ ਗੁਰਦਾਸਪੁਰ ਜ਼ਿਲ੍ਹੇ ਦਾ 1200 ਦੀ ਆਬਾਦੀ ਵਾਲਾ ਸਰਹੱਦੀ ਪਿੰਡ ਸਰਫਕੋਟ ਇਕਲੌਤਾ ਪਿੰਡ ਹੈ, ਜਿੱਥੋਂ ਦੇ ਨੌਜਵਾਨਾਂ ਨੇ ਖ਼ੁਦ 'ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ' ਤੋਂ ਪ੍ਰਭਾਵਿਤ ਹੁੰਦਿਆਂ ਪੰਜ ਗੁਰਦੁਆਰਿਆਂ ਤੋਂ ਇਕ ਗੁਰਦੁਆਰਾ ਸਾਹਿਬ ਕਰ ਲਿਆ।
ਬੇਸ਼ੱਕ ਦੂਜੀ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨ ਤੋਂ ਬਾਅਦ ਮੁੜ ਭਾਈ ਗੋਬਿੰਦ ਸਿੰਘ ਲੌਂਗੋਵਾਲ 'ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ' ਨੂੰ ਸਰਗਰਮ ਕਰਨ ਦੇ ਯਤਨ ਕਰ ਰਹੇ ਹਨ, ਪਰ ਇਸ ਮੁਹਿੰਮ ਨੂੰ ਜਿਹੜੇ ਸਾਰਥਿਕ ਨਤੀਜੇ ਮਿਲਣੇ ਚਾਹੀਦੇ ਸਨ, ਪਿੰਡਾਂ ਦੇ ਲੋਕਾਂ ਦੀ ਭਰਵੀਂ ਸਮਾਜਿਕ ਸ਼ਮੂਲੀਅਤ ਦੀ ਘਾਟ ਕਾਰਨ ਉਹ ਨਹੀਂ ਮਿਲ ਸਕੇ। ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪੋ-ਆਪਣੀਆਂ ਚੌਧਰਾਂ ਦੀ ਲਾਲਸਾ ਅਤੇ ਅੜੀ ਛੱਡ ਕੇ ਗੁਰੂ ਸਾਹਿਬਾਨ ਦੇ ਸੰਦੇਸ਼ ਤੇ ਸਤਿਕਾਰ ਨੂੰ ਮੁੱਖ ਰੱਖਦਿਆਂ ਅੱਗੇ ਆਉਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਜੇਕਰ ਪਿੰਡ-ਪਿੰਡ 'ਚ ਗੁਰਦੁਆਰਾ ਕਮੇਟੀਆਂ ਤੇ ਪੰਚਾਇਤਾਂ ਨਾਲ ਨਿੱਜੀ ਮਿਲਣੀਆਂ ਕਰਕੇ ਉਨ੍ਹਾਂ ਨੂੰ ਜਾਗਰੂਕ ਕਰਨ, ਉਨ੍ਹਾਂ ਨਾਲ ਸੰਵਾਦ ਕਰਨ, ਤਾਂ 'ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ' ਸਮਾਜਿਕ ਉਥਾਨ ਦਾ ਆਧਾਰ ਬਣ ਸਕਦੀ ਹੈ। ਪੰਚਾਇਤਾਂ ਨੂੰ ਸਮਾਜਿਕ ਏਕਤਾ ਅਤੇ ਧਾਰਮਿਕ ਸਦਭਾਵਨਾ ਲਈ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਜਾਗਰੂਕ ਕਰਨ 'ਚ ਘਰੇਲੂ ਔਰਤਾਂ ਵਧੇਰੇ ਚੰਗੀ ਭੂਮਿਕਾ ਨਿਭਾਅ ਸਕਦੀਆਂ ਹਨ। ਪੜ੍ਹੇ-ਲਿਖੇ ਵਰਗ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਕਿਉਂਕਿ ਸਿੰਘ ਸਭਾ ਲਹਿਰ ਵਾਂਗ ਆਮ ਸਿੱਖ ਸਮਾਜ ਨੂੰ ਵੀ ਇਸ ਲਹਿਰ ਦੀ ਸਫਲਤਾ ਲਈ ਲਾਮਬੰਦ ਕਰਨਾ ਪਵੇਗਾ। ਨਾਂਹ-ਪੱਖੀ ਰੁਚੀਆਂ, ਨਿੱਜਵਾਦ ਅਤੇ ਉਪਰਾਮਤਾ ਦੀ ਸ਼ਿਕਾਰ ਹੋ ਰਹੀ ਅਜੋਕੀ ਨੌਜਵਾਨ ਪੀੜ੍ਹੀ ਨੂੰ ਵੀ ਇਸ ਸੰਦਰਭ 'ਚ ਆਪਣੀ ਸ਼ਕਤੀ ਅਤੇ ਸੰਭਾਵਨਾਵਾਂ ਨੂੰ ਤਰਾਸ਼ਣ ਦੀ ਲੋੜ ਹੈ।
ਸੋਸ਼ਲ ਮੀਡੀਆ 'ਤੇ ਸਮਾਂ ਵਿਅਰਥ ਕਰਨ ਦੀ ਥਾਂ ਨੌਜਵਾਨਾਂ ਨੂੰ ਆਪਣੇ ਪਿੰਡ ਦੇ ਗੁਰੂ-ਘਰ ਅੰਦਰ ਸਵੇਰੇ-ਸ਼ਾਮ ਦੇ ਨਿੱਤਨੇਮ ਅਤੇ ਕਥਾ, ਕੀਰਤਨ ਵਿਚ ਨਿੱਜੀ ਤੌਰ 'ਤੇ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਸਮਾਜਿਕ ਸਰਗਰਮੀਆਂ, ਵਾਤਾਵਰਨ, ਕੁਦਰਤੀ ਖੇਤੀ, ਹਸਤ ਕਲਾਵਾਂ ਅਤੇ ਹੋਰ ਕੋਮਲ ਹੁਨਰਾਂ ਦੀ ਗੱਲ ਵੀ ਨੌਜਵਾਨ ਗੁਰੂ-ਘਰਾਂ ਦੇ ਮੰਚ ਤੋਂ ਤੋਰ ਸਕਦੇ ਹਨ। ਇਸ ਨਾਲ ਜਿੱਥੇ ਨੌਜਵਾਨ ਮਾਰੂ ਕੁਰੀਤੀਆਂ ਅਤੇ ਢਾਹੂ ਬਿਰਤੀਆਂ ਤੋਂ ਬਚ ਕੇ ਨਰੋਈ ਸੋਚ ਦੇ ਧਾਰਨੀ ਬਣਨਗੇ, ਉਥੇ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਨਿਖਾਰ ਕੇ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਮੌਕਾ ਵੀ ਮਿਲੇਗਾ। 'ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ' ਨੂੰ ਸਿੱਟਾਮੁਖੀ ਬਣਾਉਣ ਲਈ ਸਾਰੇ ਵਰਗਾਂ ਨੂੰ ਆਪੋ-ਆਪਣੇ ਸੁਝਾਅ ਵੀ ਦੇਣੇ ਚਾਹੀਦੇ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਖਿੜੇ ਮੱਥੇ ਸਵੀਕਾਰ ਕਰਕੇ ਲਹਿਰ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਸਾਡੇ ਸਮਾਜ ਦੇ ਸਾਰੇ ਹਿੱਸਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੰਗੀ ਪਹਿਲ 'ਇਕ ਪਿੰਡ, ਇਕ ਗੁਰਦੁਆਰਾ ਮੁਹਿੰਮ' ਨੂੰ ਸਫਲ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਲਹਿਰ ਵਿਦੇਸ਼ਾਂ 'ਚ ਵੀ ਪਹੁੰਚਣੀ ਚਾਹੀਦੀ ਹੈ, ਜਿੱਥੇ ਸੰਪਰਦਾਵਾਂ, ਇਲਾਕਿਆਂ ਅਤੇ ਜਾਤਾਂ ਦੇ ਆਧਾਰ 'ਤੇ ਬਣੇ ਗੁਰਦੁਆਰੇ ਆਏ ਦਿਨੀਂ ਸਿੱਖਾਂ ਵਿਚ ਆਪਸੀ ਧੜੇਬੰਦੀਆਂ ਅਤੇ ਟਕਰਾਅ ਦਾ ਕਾਰਨ ਬਣ ਰਹੇ ਹਨ।
ਜੇਕਰ ਇਕ ਪਿੰਡ 'ਚ ਇਕ ਗੁਰਦੁਆਰਾ ਹੋਵੇਗਾ ਤਾਂ ਪਿੰਡ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾਬੱਧ ਸੇਵਾ-ਸੰਭਾਲ ਬਿਹਤਰੀਨ ਨਿਭਾਉਣ 'ਚ ਵਧੇਰੇ ਯਤਨਸ਼ੀਲ ਹੋ ਸਕਣਗੇ। ਗ੍ਰੰਥੀ ਸਿੰਘ ਵਧੇਰੇ ਕਾਬਲ ਅਤੇ ਸਿੱਖਿਅਤ ਰੱਖੇ ਜਾ ਸਕਣਗੇ। ਗੁਰਦੁਆਰਾ ਸੰਸਥਾ ਆਪਣੇ ਮੂਲ ਸੰਕਲਪ ਵੱਲ ਸੇਧਿਤ ਹੋਵੇਗੀ ਅਤੇ ਸਿੱਖੀ ਦੇ ਬਹੁਪੱਖੀ ਪ੍ਰਚਾਰ-ਪ੍ਰਸਾਰ ਦਾ ਸਹੀ ਰੂਪ 'ਚ ਕੇਂਦਰ ਬਣੇਗੀ। ਪਿੰਡ 'ਚ ਇਕੋ ਗੁਰਦੁਆਰਾ ਹੋਣ ਕਾਰਨ ਚੜ੍ਹਤ ਇਕੋ ਥਾਂ ਇਕੱਠੀ ਹੋਵੇਗੀ ਅਤੇ ਦਸਵੰਧ ਰੂਪ 'ਚ ਇਸ ਚੜ੍ਹਾਵੇ ਦੀ ਗ਼ਰੀਬਾਂ, ਲੋੜਵੰਦਾਂ ਦੀ ਸਹਾਇਤਾ, ਸਿੱਖਿਆ, ਸਿਹਤ ਤੇ ਧਰਮ-ਗਿਆਨ ਦੇ ਪ੍ਰਸਾਰ ਅਤੇ ਹੋਰ ਸਮਾਜਿਕ ਸਰੋਕਾਰਾਂ ਲਈ ਇਸ ਦੀ ਸਦਵਰਤੋਂ ਹੋ ਸਕੇਗੀ। ਅਜਿਹੀ ਲਹਿਰ ਜਿੱਥੇ ਸਿੱਖ ਸਮਾਜ ਅੰਦਰ ਜਾਤ-ਪਾਤ ਦੀਆਂ ਵੰਡੀਆਂ ਨੂੰ ਖ਼ਤਮ ਕਰਕੇ ਗੁਰੂ ਸਾਹਿਬਾਨ ਦੇ 'ਸਰਬ-ਸਾਂਝੀਵਾਲਤਾ' ਅਤੇ 'ਰੱਬੀ ਏਕਤਾ' ਵਾਲੇ ਫ਼ਲਸਫ਼ੇ ਦੇ ਪ੍ਰਚਾਰ ਨੂੰ ਮੁਖਾਤਿਬ ਹੋ ਸਕਦੀ ਹੈ, ਉਥੇ ਸਮਾਜਿਕ ਏਕਤਾ ਵਿਚ ਵੀ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ।


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008
e-mail: ts1984buttar@yahoo.com

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬੀਬੀ ਹਰਸ਼ਰਨ ਕੌਰ

ਰੂਹਾਨੀ ਇਸ਼ਕ ਦੀ ਖੰਡੇਧਾਰ ਤੋਂ ਕੁਰਬਾਨ ਹੋ ਜਾਣ ਵਾਲੀਆਂ ਵੀਰਾਂਗਣਾਂ ਵਿਚ ਬੀਬੀ ਹਰਸ਼ਰਨ ਕੌਰ ਦਾ ਨਾਂਅ ਸਿਤਾਰੇ ਵਾਂਗ ਚਮਕਦਾ ਹੈ। ਚਮਕੌਰ ਦੀ ਗੜ੍ਹੀ ਵਿਚ ਇਕੱਲੇ-ਇਕੱਲੇ ਸਿੰਘ ਨੂੰ ਲੱਖਾਂ ਨਾਲ ਲੜਾਉਂਦੇ ਹੋਏ ਸ੍ਰੀ ਦਸਮੇਸ਼ ਜੀ ਇਲਾਹੀ ਇਸ਼ਕ ਦਾ ਸਬਕ ਪੜ੍ਹਾ ਰਹੇ ਸਨ। ਚਮਕੌਰ ਦੇ ਲਾਗਲੇ ਪਿੰਡ ਘਰੁੰਡ (ਰਾਇਪੁਰ) ਵਿਚ ਇਕ ਸਿਦਕੀ ਸਿੱਖ ਪਰਿਵਾਰ ਰਹਿੰਦਾ ਸੀ। ਇਸ ਦਾ ਮੁਖੀ ਪ੍ਰੀਤਮ ਸਿੰਘ ਜੰਗ ਵਿਚ ਸ਼ਹੀਦ ਹੋ ਗਿਆ ਸੀ। ਘਰ ਵਿਚ ਉਸ ਦੀ ਸਿੰਘਣੀ ਚੰਮ ਕੌਰ ਅਤੇ ਇਕਲੌਤੀ ਬੇਟੀ ਹਰਸ਼ਰਨ ਕੌਰ ਸਨ। ਇਨ੍ਹਾਂ ਨੇ ਸਤਿਗੁਰਾਂ ਅਤੇ ਸਿੰਘਾਂ ਲਈ ਲੰਗਰ ਤਿਆਰ ਕੀਤਾ ਪਰ ਮੁਗ਼ਲਾਂ ਨੇ ਉਹ ਲੁੱਟ ਲਿਆ। 22 ਦਸੰਬਰ, 1704 ਨੂੰ ਹਨੇਰਾ ਪੈਣ ਤੱਕ ਵੱਡੇ ਸਾਹਿਬਜ਼ਾਦੇ, ਤਿੰਨ ਪਿਆਰੇ ਅਤੇ 29 ਸਿੰਘ ਸ਼ਹਾਦਤ ਦੇ ਜਾਮ ਪੀ ਚੁੱਕੇ ਸਨ। ਪੰਥ ਖਾਲਸੇ ਦੀ ਬੇਨਤੀ 'ਤੇ ਮਹਾਰਾਜ ਜੀ ਨੇ ਗੜ੍ਹੀ ਨੂੰ ਛੱਡ ਕੇ ਮਾਛੀਵਾੜੇ ਵੱਲ ਚਾਲੇ ਪਾ ਦਿੱਤੇ ਸਨ। ਚਮਕੌਰ ਸਾਹਿਬ ਵਿਚ ਮੁਨਾਦੀ ਹੋ ਰਹੀ ਸੀ ਕਿ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਰਣਭੂਮੀ ਵਿਚ ਖਿਲਰੀਆਂ ਪਈਆਂ ਹਨ। ਇਹ ਸੁਣ ਕੇ ਮਾਵਾਂ-ਧੀਆਂ ਦਾ ਖੂਨ ਖੌਲ ਉਠਿਆ। ਬੀਬੀ ਹਰਸ਼ਰਨ ਕੌਰ ਨੇ ਆਪਣੀ ਬਿਰਧ ਮਾਤਾ ਤੋਂ ਆਗਿਆ ਅਤੇ ਅਸੀਸ ਮੰਗੀ ਕਿ ਉਹ ਸ਼ਹੀਦ ਸਿੰਘਾਂ ਦਾ ਸਸਕਾਰ ਕਰ ਸਕੇ। ਮਾਤਾ ਨੇ ਕਿਹਾ ਕਿ ਹਨੇਰੀ ਕਕਰੀਲੀ ਰਾਤ ਹੈ, ਤੂੰ ਕੁਆਰੀ ਕੰਨਿਆ ਹੈਂ, ਕਦਮ-ਕਦਮ 'ਤੇ ਫੌਜੀ ਪਹਿਰਾ ਹੈ, ਤੂੰ ਬੇਅੰਤ ਲਾਸ਼ਾਂ ਵਿਚੋਂ ਸਿੰਘਾਂ ਦੇ ਸਰੀਰ ਕਿਵੇਂ ਪਛਾਣੇਂਗੀ, ਕਿਵੇਂ ਇਕੱਠੇ ਕਰੇਂਗੀ, ਕਿਵੇਂ ਸਸਕਾਰ ਕਰੇਂਗੀ? ਬੀਬੀ ਨੇ ਕਿਹਾ ਕਿ ਮੈਂ ਕਲਗੀਧਰ ਪਿਤਾ ਜੀ ਦੀ ਅੰਮ੍ਰਿਤਧਾਰੀ ਸਪੁੱਤਰੀ ਹਾਂ। ਮੈਨੂੰ ਵੀ ਜੂਝ ਮਰਨ ਦਾ ਚਾਅ ਹੈ। ਜੇ ਸਹੀ-ਸਲਾਮਤ ਮੈਦਾਨਿ-ਜੰਗ ਵਿਚ ਪੁੱਜ ਗਈ ਤਾਂ ਸ਼ਹੀਦਾਂ ਦਾ ਅੰਗੀਠਾ ਬਣਾ ਕੇ ਆਪਣਾ ਫਰਜ਼ ਪੂਰਾ ਕਰਾਂਗੀ।
ਮਾਤਾ ਨੇ ਕੋਰਾ ਕੱਪੜਾ ਅਤੇ ਪਾਣੀ ਦਾ ਘੜਾ ਦੇ ਕੇ ਕਿਹਾ ਕਿ ਸ਼ਹੀਦਾਂ ਦੇ ਮੁੱਖ ਧੋ ਕੇ ਕੋਰਾ ਕੱਪੜਾ ਉੱਪਰ ਪਾ ਦਈਂ, ਮੈਂ ਤੇਰੇ ਲਈ ਅਰਦਾਸ ਕਰਾਂਗੀ। ਬੀਬੀ ਨੇ ਆਪਣਾ ਭੇਸ ਬਦਲਿਆ ਅਤੇ ਸਾਵਧਾਨੀ ਨਾਲ ਰਣਭੂਮੀ ਵੱਲ ਤੁਰ ਪਈ। ਅੱਧੀ ਰਾਤ ਦਾ ਸਮਾਂ ਸੀ। ਮੁਗ਼ਲ ਫੌਜੀ ਜਿੱਤ ਦਾ ਜਸ਼ਨ ਮਨਾ ਰਹੇ ਸਨ। ਉਹ ਨਸ਼ੇ ਵਿਚ ਹੀ ਗੜੁੱਚ ਹੋਏ ਬੈਠੇ ਸਨ। ਇਸ ਸਮੇਂ ਦਾ ਲਾਭ ਉਠਾਉਂਦਿਆਂ ਬੀਬੀ ਹਰਸ਼ਰਨ ਕੌਰ ਨੇ ਸਿੰਘ ਸ਼ਹੀਦਾਂ ਅਤੇ ਸਾਹਿਬਜ਼ਾਦਿਆਂ ਦੇ ਸਰੀਰ ਲੱਭ ਲਏ ਸਨ। ਉਸ ਨੇ ਬੜੇ ਵੈਰਾਗ ਅਤੇ ਸਤਿਕਾਰ ਨਾਲ ਪਵਿੱਤਰ ਦੇਹੀਆਂ ਨੂੰ ਇਕੱਠਾ ਕੀਤਾ, ਲੱਕੜੀਆਂ ਇਕੱਠੀਆਂ ਕੀਤੀਆਂ, ਅਰਦਾਸ ਕੀਤੀ ਅਤੇ ਅੰਗੀਠੇ ਨੂੰ ਅਗਨੀ ਦੇ ਦਿੱਤੀ। ਅੱਗ ਦਾ ਏਡਾ ਭਾਂਬੜ ਦੇਖ ਕੇ ਅਤੇ ਇਕ ਇਸਤਰੀ ਨੂੰ ਕੋਲ ਖੜ੍ਹਿਆਂ ਦੇਖ ਕੇ ਮੁਗ਼ਲ ਸੈਨਿਕ ਘਬਰਾ ਗਏ ਕਿ ਸ਼ਾਇਦ ਕੋਈ ਬਲਾ ਆ ਗਈ ਹੈ। ਹੌਲੀ-ਹੌਲੀ ਉਹ ਨੇੜੇ ਆਏ ਅਤੇ ਪੁੱਛਿਆ ਕਿ ਤੂੰ ਕੌਣ ਹੈਂ? ਬੀਬੀ ਨੇ ਨਿਧੜਕ ਹੋ ਕੇ ਜਵਾਬ ਦਿੱਤਾ ਕਿ ਉਹ ਕਲਗੀਧਰ ਜੀ ਦੀ ਸਪੁੱਤਰੀ ਹੈ ਅਤੇ ਆਪਣੇ ਮਹਾਨ ਵੀਰਾਂ ਦਾ ਸੰਸਕਾਰ ਕਰ ਰਹੀ ਹੈ। ਪਹਿਰੇਦਾਰਾਂ ਨੇ ਸ਼ਸਤਰਾਂ ਨਾਲ ਬੀਬੀ 'ਤੇ ਹਮਲਾ ਕਰ ਦਿੱਤਾ। ਬੀਬੀ ਨੇ ਅਜਿਹੀ ਚੰਡੀ ਵਾਹੀ ਕਿ ਕਈ ਸੈਨਿਕ ਝਟਕਾ ਸੁੱਟੇ। ਬੀਰਤਾ ਨਾਲ ਜੂਝਦਿਆਂ ਬੀਬੀ ਸਖ਼ਤ ਜ਼ਖਮੀ ਹੋ ਕੇ ਡਿੱਗ ਪਈ। ਖਿਝੇ ਹੋਏ ਫੌਜੀਆਂ ਨੇ ਬੀਬੀ ਨੂੰ ਜਿਉਂਦਿਆਂ ਹੀ ਸ਼ਹੀਦਾਂ ਦੇ ਬਲਦੇ ਅੰਗੀਠੇ ਵਿਚ ਸੁੱਟ ਦਿੱਤਾ। ਇਹ ਮਹਾਨ ਬੀਬੀ ਜੈਕਾਰੇ ਲਗਾਉਂਦੀ ਹੋਈ ਇਸ਼ਕ ਦੀ ਲਾਟ 'ਤੇ ਕੁਰਬਾਨ ਹੋ ਗਈ। ਬੀਬੀ ਜੀ ਦੀ ਯਾਦ ਵਿਚ ਸ੍ਰੀ ਚਮਕੌਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ।

ਮਹਾਰਾਣੀ ਜਿੰਦਾਂ ਦਾ ਲਾਹੌਰ ਤੋਂ ਨਿਕਾਲਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਦਲੀਪ ਸਿੰਘ ਤੇ ਉਸ ਦੀ ਈਥੋਪੀਅਨ ਮਹਾਰਾਣੀ ਇੰਗਲੈਂਡ ਵਿਚ ਮਸ਼ਹੂਰ ਹਸਤੀਆਂ ਬਣ ਗਏ। ਉਹ ਆਪਣੇ ਅਲਾਊਂਸ ਨਾਲੋਂ ਵੱਧ ਖਰਚਾ ਕਰਨ ਲੱਗੇ। ਕਰਜ਼ਾ ਵਧਦਾ ਗਿਆ ਤੇ ਉਗਰਾਹੁਣ ਵਾਲਿਆਂ ਦਾ ਦਬਾਅ ਵੀ। ਦਲੀਪ ਦਾ ਯੂਰਪ ਦੀ ਸਮਾਜਿਕ ਜ਼ਿੰਦਗੀ ਤੋਂ ਵੀ ਮਨ ਉਕਤਾ ਚੁੱਕਾ ਸੀ। ਉਸ ਨੇ ਸੋਚਿਆ ਕਿ ਕਿਉਂ ਨਾ ਭਾਰਤ ਵਾਪਸ ਮੁੜਿਆ ਜਾਵੇ ਤੇ ਆਪਣੇ ਰਾਜ ਦਰਬਾਰ ਦੀ ਬਹਾਲੀ ਦੇ ਉਪਰਾਲੇ ਕੀਤੇ ਜਾਣ। ਉਸ ਨੇ ਬਹੁਤ ਸਾਰੇ ਭਾਰਤੀ ਰਿਆਸਤੀ ਰਾਜਿਆਂ ਤੇ ਸਿੱਖ ਸਰਦਾਰਾਂ ਨਾਲ ਖਤ-ਪੱਤਰ ਕੀਤੇ। ਆਪਣੀਆਂ ਉਮੀਦਾਂ ਪੱਕੀਆਂ ਕਰਨ ਵਾਸਤੇ ਉਸ ਨੇ ਉਸੇ ਸ਼ਿੱਦਤ ਨਾਲ ਈਸਾਈਅਤ ਨੂੰ ਰੱਦ ਕੀਤਾ, ਜਿਸ ਸ਼ਿੱਦਤ ਨਾਲ ਇਸ ਨੂੰ ਅਪਣਾਇਆ ਸੀ ਤੇ ਆਪਣੇ-ਆਪ ਨੂੰ ਸਿੱਖ ਧਰਮ ਵਿਚ ਵਾਪਸ ਆ ਜਾਣ ਦਾ ਐਲਾਨ ਕੀਤਾ। ਉਸ ਨੇ ਹਿੰਦੁਸਤਾਨ ਆਉਣ ਦੀ ਕੋਸ਼ਿਸ਼ ਕੀਤੀ ਪਰ ਐਦਨ ਦੀ ਜਗ੍ਹਾ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਉਸ ਨੇ ਫਰਾਂਸ ਦੀ ਸਰਕਾਰ, ਰੂਸ ਦੀ ਜ਼ਾਰ, ਜਰਮਨ ਦੇ ਕੈਸਰ ਤੇ ਹੋਰ ਯੂਰਪੀਨ ਤਾਕਤਾਂ ਦੀ ਹਮਾਇਤ ਹਾਸਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਸ ਨੇ ਇਕ ਆਦਮੀ ਦੀ ਪ੍ਰਵਾਸੀ ਸਰਕਾਰ ਵੀ ਬਣਾ ਲਈ ਤੇ ਸੰਧਾਵਾਲੀਆਂ ਵਿਚੋਂ ਇਕ ਸਰਦਾਰ ਨੂੰ ਆਪਣਾ ਪ੍ਰਧਾਨ ਮੰਤਰੀ ਮੁਕੱਰਰ ਕੀਤਾ। ਉਸ ਨੇ ਉੱਤਰ-ਪੱਛਮੀ ਸਰਹੱਦ ਵਲੋਂ ਭਾਰਤ 'ਤੇ ਹਮਲੇ ਦੀ ਧਮਕੀ ਵੀ ਦਿੱਤੀ ਪਰ ਨਾ ਪੰਜਾਬ ਵਿਚ ਤੇ ਨਾ ਕਿਧਰੇ ਹੋਰ ਕਿਸੇ ਨੇ ਦਲੀਪ ਸਿੰਘ ਨੂੰ ਗੰਭੀਰਤਾ ਨਾਲ ਲਿਆ। ਇਹ ਸ਼ੇਖ ਚਿਲੀ ਵਾਲਾ ਦੌਰ ਕੁਝ ਸਾਲ ਚਲਦਾ ਰਿਹਾ। ਇਹ ਯਕੀਨ ਦਿਵਾਏ ਜਾਣ 'ਤੇ ਕਿ ਉਸ ਦੇ ਕਰਜ਼ੇ ਦਾ ਭੁਗਤਾਨ ਕਰ ਦਿੱਤਾ ਜਾਵੇਗਾ, ਉਸ ਨੇ ਆਪਣੇ ਕੰਮਾਂ ਬਾਰੇ ਮਹਾਰਾਣੀ ਤੋਂ ਮੁਆਫ਼ੀ ਮੰਗ ਲਈ ਤੇ ਆਪਣੀ ਫਜ਼ੂਲ ਖਰਚੀ ਵਾਲੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਦਿੱਤੀ। ਆਪਣੀ ਇਥੋਪੀਅਨ ਬੀਵੀ ਦੇ ਮਰਨ ਤੋਂ ਬਾਅਦ ਉਸ ਨੇ ਇਕ ਫਰਾਂਸੀਸੀ ਔਰਤ ਨਾਲ ਸ਼ਾਦੀ ਕਰ ਲਈ। ਦਲੀਪ ਸਿੰਘ 23 ਅਕਤੂਬਰ, 1893 ਨੂੰ ਪੈਰਿਸ ਦੇ ਇਸ ਹੋਟਲ ਵਿਚ ਪੂਰਾ ਹੋ ਗਿਆ।
ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾਂ ਨੂੰ 1848 ਵਿਚ ਲਾਹੌਰ ਤੋਂ ਨਿਕਾਲਾ ਦੇ ਦਿੱਤਾ ਗਿਆ ਸੀ। ਉਸ ਦਾ ਭੱਤਾ ਲਗਾਤਾਰ ਪਹਿਲਾਂ ਡੇਢ ਲੱਖ ਤੋਂ ਘਟਾ ਕੇ 48 ਹਜ਼ਾਰ ਸਾਲਾਨਾ ਕੀਤਾ ਤੇ ਫਿਰ ਅਖੀਰ ਵਿਚ 12,000 ਹੀ ਰਹਿਣ ਦਿੱਤਾ ਗਿਆ ਸੀ। ਬਨਾਰਸ ਭੇਜਣ ਤੋਂ ਪਹਿਲਾਂ ਉਸ ਦੇ ਸਾਰੇ ਜ਼ਾਤੀ ਜ਼ੇਵਰਾਤ ਵੀ ਜ਼ਬਤ ਕਰ ਲਏ ਗਏ ਸਨ। ਉਹ 18 ਅਪ੍ਰੈਲ, 1849 ਨੂੰ ਆਪਣੇ ਪਹਿਰੇਦਾਰਾਂ ਨੂੰ ਚਕਮਾ ਦੇ ਕੇ ਕਾਠਮੰਡੂ ਪਹੁੰਚ ਗਈ। ਉਹ ਇਹ ਸਮਝਦੀ ਸੀ ਕਿ ਪੰਜਾਬ ਦੇ ਲੋਕ ਅੰਗਰੇਜ਼ਾਂ ਖਿਲਾਫ ਉੱਠ ਖੜ੍ਹੇ ਹੋਣਗੇ ਜਾਂ ਇਹ ਉਮੀਦ ਵੀ ਰੱਖਦੀ ਸੀ ਕਿ ਪੰਜਾਬ ਨੂੰ ਆਜ਼ਾਦ ਕਰਵਾਉਣ ਵਿਚ ਗੋਰਖੇ ਉਸ ਦੀ ਮਦਦ ਕਰਨਗੇ। ਇਨ੍ਹਾਂ ਸਾਰੀਆਂ ਉਮੀਦਾਂ ਉੱਪਰ ਪਾਣੀ ਫਿਰਦਾ ਦੇਖ ਕੇ ਉਸ ਨੇ ਪਨਾਹਗਿਰੀ ਛੱਡ ਦਿੱਤੀ ਤੇ 1861 ਵਿਚ ਉਸ ਨੂੰ ਇੰਗਲੈਂਡ ਜਾ ਕੇ ਆਪਣੇ ਪੁੱਤਰ ਨੂੰ ਮਿਲਣ ਦੀ ਆਗਿਆ ਦੇ ਦਿੱਤੀ ਗਈ। ਉਸ ਨੇ ਆਪਣਾ ਇਕ ਵੱਖਰਾ ਘਰ ਕੀਨਿੰਗਸਟਨ ਵਿਚ ਬਣਾਇਆ, ਜਿਥੇ ਉਹ ਦੋ ਸਾਲ ਬਾਅਦ ਚਲਾਣਾ ਕਰ ਗਈ, ਇਕ ਬਹੁਤ ਉਦਾਸ ਤੇ ਬੇਚੈਨ ਔਰਤ। ਉਸ ਦੀ ਆਖਰੀ ਖਾਹਿਸ਼ ਸੀ ਕਿ, 'ਮੇਰੀਆਂ ਹੱਡੀਆਂ ਇਸ ਨਾਪਾਕ ਮੁਲਕ ਵਿਚ ਨਾ ਗਲਣ ਦੇਣੀਆਂ।' ਉਸ ਦਾ ਪੁੱਤਰ ਉਸ ਦੀ ਰਾਖ ਲੈ ਕੇ ਭਾਰਤ ਵਿਚ ਹਰਿਦੁਆਰ ਪਹੁੰਚਿਆ ਤੇ ਗੰਗਾ ਵਿਚ ਪਰਵਾਹ ਕਰ ਦਿੱਤੀਆਂ।
ਦੀਵਾਨ ਮੂਲ ਰਾਜ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਆਂਦਾ ਗਿਆ। ਉਸ ਉੱਪਰ ਵਾਂਗ ਐਗਨੀਊ ਤੇ ਐਂਡਰਸਨ ਦੇ ਕਤਲ ਦਾ ਮੁਕੱਦਮਾ ਚਲਾਇਆ ਗਿਆ। ਇਹ ਮੁਕੱਦਮਾ ਇਕ ਕਾਨੂੰਨੀ ਨਾਟਕ ਹੀ ਸੀ, ਕਿਉਂਕਿ ਲਾਰਡ ਡਲਹੌਜ਼ੀ ਨੇ ਇਸ ਜੁਰਮ ਬਾਰੇ ਪਹਿਲਾਂ ਹੀ ਆਪਣਾ ਮਨ ਬਣਾਇਆ ਹੋਇਆ ਸੀ। ਇਸ ਦੀ ਸੁਣਵਾਈ ਤੋਂ ਤਿੰਨ ਮਹੀਨੇ ਪਹਿਲਾਂ ਡਲਹੌਜ਼ੀ ਨੇ ਲਿਖਿਆ ਸੀ ਕਿ 'ਮੈਂ ਉਸ ਨੂੰ ਫਾਂਸੀ ਨਹੀਂ ਦੇ ਸਕਦਾ ਪਰ ਮੈਂ ਉਸ ਨੂੰ ਅਜਿਹੀ ਚੀਜ਼ ਦੇਵਾਂਗਾ, ਜੋ ਉਹ ਵੀ ਸੋਚੇਗਾ ਕਿ ਫਾਂਸੀ ਨਾਲੋਂ ਹਜ਼ਾਰ ਗੁਣਾ ਭੈੜੀ ਹੈ। ਮੈਂ ਉਸ ਨੂੰ ਹਜ਼ਾਰਾਂ ਮੀਲ ਦੂਰ ਸਮੁੰਦਰੋਂ ਪਾਰ ਉਸ ਥਾਂ ਉੱਪਰ ਭੇਜਾਂਗਾ, ਜਿਸ ਨੂੰ ਲੋਕ 'ਕਾਲਾ ਪਾਣੀ' ਕਹਿੰਦੇ ਹਨ ਤੇ ਉਹ ਮੌਤ ਨਾਲੋਂ ਜ਼ਿਆਦਾ ਭਿਅੰਕਰ ਹੈ।' ਤਿੰਨ ਜੱਜਾਂ ਦੇ ਬੈਂਚ ਵਾਲੀ ਅਦਾਲਤ ਨੇ ਮੂਲ ਰਾਜ ਨੂੰ ਇਨ੍ਹਾਂ ਦੋ ਅੰਗਰੇਜ਼ੀ ਅਫਸਰਾਂ ਦੀ ਮੌਤ ਵਿਚ ਸ਼ਾਮਿਲ ਮੰਨਿਆ ਤੇ ਮੌਤ ਦੀ ਸਜ਼ਾ ਸੁਣਾਈ, ਜੋ ਬਾਅਦ ਵਿਚ ਬਦਲ ਕੇ ਕਾਲੇ ਪਾਣੀ ਦੀ ਕਰ ਦਿੱਤੀ ਗਈ। ਜਿਵੇਂ ਡਲਹੌਜ਼ੀ ਨੇ ਪਹਿਲਾਂ ਹੀ ਅੰਦਾਜ਼ਾ ਲਗਾਇਆ ਸੀ ਕਿ ਮੂਲ ਰਾਜ ਕਾਲੇ ਪਾਣੀ ਤੋਂ ਬਹੁਤ ਘਬਰਾ ਜਾਵੇਗਾ, ਉਹ ਕਲਕੱਤੇ ਵਿਚ ਕਿਸ਼ਤੀ ਦਾ ਇੰਤਜ਼ਾਰ ਕਰਦੇ ਬਿਮਾਰ ਹੋ ਗਿਆ। ਉਸ ਨੇ ਮਰਨ ਵਾਸਤੇ ਬਨਾਰਸ ਜਾਣ ਦੀ ਆਗਿਆ ਮੰਗੀ। ਇਹ ਆਗਿਆ ਮਨਜ਼ੂਰ ਕਰ ਲਈ ਗਈ ਤੇ ਉਹ ਪਵਿੱਤਰ ਸ਼ਹਿਰ ਦੇ ਰਸਤੇ ਵਿਚ ਹੀ 11 ਅਗਸਤ, 1851 ਨੂੰ ਮਰ ਗਿਆ। ਉਸ ਦੀ ਉਮਰ 36 ਸਾਲ ਦੀ ਸੀ।
ਅਸਲੀ ਕਾਤਲ ਗੋਦਰ ਸਿੰਘ ਵੀ ਫੜਿਆ ਹੋਇਆ ਸੀ। ਉਹ ਮੁਜਰਿਮ ਕਰਾਰ ਦਿੱਤਾ ਗਿਆ ਤੇ ਉਸ ਨੂੰ ਫਾਂਸੀ ਦੀ ਸਜ਼ਾ ਮਿਲੀ।
ਕਾਹਨ ਸਿੰਘ, ਜਿਸ ਨੇ ਮੂਲ ਰਾਜ ਦੀ ਜਗ੍ਹਾ ਮੁਲਤਾਨ ਦਾ ਗਵਰਨਰ ਬਣਨਾ ਸੀ, ਬਹੁਤ ਉਦਾਸੀ ਤੇ ਤਕਲੀਫ ਕੱਟ ਕੇ ਪੂਰਾ ਹੋਇਆ। ਅੰਗਰੇਜ਼ ਅਫਸਰਾਂ ਦੇ ਕਤਲ ਤੋਂ ਬਾਅਦ ਇਸ ਨੂੰ ਤੇ ਇਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰਕੇ, ਹੱਥਕੜੀਆਂ ਤੇ ਬੇੜੀਆਂ ਲਗਾ ਕੇ ਕਿਲ੍ਹੇ ਦੀ ਕਾਲ ਕੋਠੜੀ ਵਿਚ ਕੈਦ ਕਰ ਦਿੱਤਾ ਗਿਆ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਲਾਹੌਰ ਦਾ ਇਕੋ-ਇਕ ਸ਼ਮਸ਼ਾਨਘਾਟ ਫਿਰ ਹੋਇਆ ਗ਼ਾਇਬ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਹਾਲਾਂਕਿ ਲਾਹੌਰ ਦੇ ਹਿੰਦੂਆਂ ਦੇ ਵਾਰ-ਵਾਰ ਮੰਗ ਕਰਨ 'ਤੇ ਪਾਕਿਸਤਾਨ ਇਵੇਕੂਈ ਟਰੱਸਟ ਪ੍ਰਾਪਰਟੀ ਬੋਰਡ ਨੇ ਸੰਨ 1976 ਵਿਚ ਸ਼ਮਸ਼ਾਨਘਾਟ ਲਈ ਉਨ੍ਹਾਂ ਨੂੰ ਲਾਹੌਰ ਦੀ ਬੰਦ ਰੋਡ 'ਤੇ ਇਕ ਪਲਾਟ ਤਾਂ ਅਲਾਟ ਕੀਤਾ ਪਰ ਉਸ 'ਤੇ ਪਹਿਲਾਂ ਤੋਂ ਹੀ ਕੁਝ ਪਠਾਣਾਂ ਨੇ ਨਾਜਾਇਜ਼ ਤੌਰ 'ਤੇ ਕਬਜ਼ਾ ਕੀਤਾ ਹੋਇਆ ਸੀ। ਉਸ ਦੇ ਬਾਅਦ ਮਈ, 1999 ਵਿਚ ਸਰਕਾਰ ਦੁਆਰਾ ਸ਼ਮਸ਼ਾਨਘਾਟ ਲਈ 10 ਕਨਾਲ ਭੂਮੀ ਅਲਾਟ ਕੀਤੀ ਗਈ, ਜੋ ਕਿ ਕਾਗ਼ਜ਼ਾਂ ਤੱਕ ਹੀ ਸੀਮਤ ਰਹੀ। ਇਸ ਦੇ ਬਾਅਦ 7 ਅਗਸਤ, 2010 ਨੂੰ ਪਾਕਿਸਤਾਨ ਸਰਕਾਰ ਦੁਆਰਾ ਲਾਹੌਰ ਦੇ ਹਿੰਦੂਆਂ ਦੀ ਮੰਗ 'ਤੇ ਮੁੜ ਵਿਚਾਰ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਮ੍ਰਿਤਕਾਂ ਦੇ ਦਾਹ ਸਸਕਾਰ ਲਈ ਬਾਬੂ ਸਾਬੂ ਚੌਕ (ਬੱਕਰ ਮੰਡੀ ਦੇ ਪਾਸ ਜਿੱਥੇ ਸੰਨ 1947 ਤੋਂ ਪਹਿਲਾਂ 36 ਏਕੜ ਭੂਮੀ 'ਤੇ ਸ਼ਮਸ਼ਾਨਘਾਟ ਹੋਇਆ ਕਰਦਾ ਸੀ) ਵਿਚ ਜਗ੍ਹਾ ਅਲਾਟ ਕਰ ਦਿੱਤੀ ਗਈ, ਪਰ ਇਸ ਵਾਰ ਵੀ ਇਹ ਸਿਰਫ਼ 'ਕਾਗ਼ਜ਼ੀ ਘੋਸ਼ਣਾ' ਬਣ ਕੇ ਰਹਿ ਗਈ।
ਇਸ ਉਪਰੰਤ ਇਕ ਵਾਰ ਫਿਰ ਪਾਕਿਸਤਾਨੀ ਹਿੰਦੂਆਂ ਦੁਆਰਾ ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ, ਜਿਸ ਦੇ ਬਾਅਦ ਅਦਾਲਤ ਵਲੋਂ ਅਗਸਤ, 2012 ਵਿਚ ਸੂਬਾ ਸਰਕਾਰ ਨੂੰ ਸ਼ਮਸ਼ਾਨਘਾਟ ਲਈ ਭੂਮੀ ਅਲਾਟ ਕਰਨ ਦਾ ਹੁਕਮ ਜਾਰੀ ਕੀਤਾ ਗਿਆ। ਕੋਈ ਕਾਰਵਾਈ ਨਾ ਹੋਣ 'ਤੇ ਅਦਾਲਤ ਦੁਆਰਾ ਮੁੜ 25 ਦਸੰਬਰ, 2013 ਤੱਕ ਸ਼ਮਸ਼ਾਨਘਾਟ ਲਈ 14,200 ਵਰਗ ਫੁੱਟ ਭੂਮੀ ਅਲਾਟ ਕਰਨ ਦੇ ਹੁਕਮ ਜਾਰੀ ਕੀਤੇ ਗਏ, ਜਿਸ 'ਤੇ ਸੂਬਾ ਸਰਕਾਰ ਦੁਆਰਾ ਮਈ, 2014 ਵਿਚ ਸ਼ਮਸ਼ਾਨ-ਭੂਮੀ ਅਲਾਟ ਕਰਕੇ ਸ਼ਮਸ਼ਾਨਘਾਟ ਲਈ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ। ਇਸ ਦਾ ਨਿਰਮਾਣ ਪੂਰਾ ਕਰਕੇ ਜਦੋਂ ਇਹ ਸਮਾਰਕ ਸੰਨ 2015 ਦੇ ਅੰਤ 'ਚ ਹਿੰਦੂਆਂ ਦੇ ਸਪੁਰਦ ਕੀਤਾ ਜਾਣਾ ਸੀ, ਉਸ ਤੋਂ ਸਿਰਫ਼ ਇਕ ਰਾਤ ਪਹਿਲਾਂ ਸਥਾਨਕ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਇਹ ਕਹਿ ਕੇ ਵਿਰੋਧ ਸ਼ੁਰੂ ਕਰ ਦਿੱਤਾ ਕਿ ਸ਼ਮਸ਼ਾਨਘਾਟ ਦੀ ਭੂਮੀ 'ਤੇ ਮੁਸਲਿਮ ਸੰਤ ਹਵੇਲੀ ਸ਼ਾਹ ਦੀ ਮਜ਼ਾਰ ਸਥਾਪਿਤ ਹੈ, ਇਸ ਲਈ ਉੱਥੇ ਕਿਸੇ ਕਾਫ਼ਰ ਨੂੰ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਨ ਦਿੱਤਾ ਜਾਵੇਗਾ। ਉਧਰ ਪਾਕਿਸਤਾਨੀ ਹਿੰਦੂਆਂ ਦਾ ਦਾਅਵਾ ਹੈ ਕਿ ਸ਼ਮਸ਼ਾਨਘਾਟ ਦੀ ਭੂਮੀ 'ਤੇ ਮੁਸਲਿਮ ਸੰਤ ਨਹੀਂ, ਸਗੋਂ ਹਿੰਦੂ ਸੰਤ ਬਾਬਾ ਹਵੇਲੀ ਰਾਮ ਦੀ ਸਮਾਧੀ ਮੌਜੂਦ ਹੈ ਅਤੇ ਆਸ-ਪਾਸ ਦੀ ਸਾਰੀ ਭੂਮੀ ਇਸ ਹਿੰਦੂ ਸਮਾਧ ਦੇ ਨਾਂਅ ਹੈ। ਖੈਰ, ਲੰਬੀ ਜਦੋ-ਜਹਿਦ ਦੇ ਬਾਅਦ ਇਕ ਵਾਰ ਫਿਰ ਅਦਾਲਤ ਦੀ ਦਖ਼ਲਅੰਦਾਜ਼ੀ ਦੇ ਚੱਲਦਿਆਂ ਮੁੜ ਤੋਂ ਉਕਤ ਸ਼ਮਸ਼ਾਨਘਾਟ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਹੈ, ਪਰ ਇਸ ਦੇ ਬਾਵਜੂਦ ਲਾਹੌਰ ਦੇ ਹਿੰਦੂਆਂ ਨੂੰ ਆਪਣੇ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਲਈ ਨਸੀਬ ਹੋਇਆ ਇਹ ਸ਼ਮਸ਼ਾਨਘਾਟ ਉਨ੍ਹਾਂ ਨੂੰ ਮਿਲੇਗਾ ਜਾਂ ਨਹੀਂ, ਇਸ ਬਾਰੇ ਕੁਝ ਵੀ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ।


-ਅੰਮ੍ਰਿਤਸਰ। ਮੋਬਾ: 93561-27771

20ਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ

ਜੋੜ ਮੇਲੇ 'ਤੇ ਵਿਸ਼ੇਸ਼

ਸੰਤ ਬਾਬਾ ਅਤਰ ਸਿੰਘ ਨੇ ਉਦੋਂ ਇਸ ਧਰਤੀ 'ਤੇ ਅਵਤਾਰ ਧਾਰਿਆ, ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਅੰਗਰੇਜ਼ਾਂ ਦੇ ਰਾਜ ਵਿਚ ਜਗਤ ਭਿਆਨਕ ਹਾਲਾਤ 'ਚੋਂ ਗੁਜ਼ਰ ਰਿਹਾ ਸੀ। ਸਿੱਖਾਂ ਦੀ ਗਿਣਤੀ ਇਕ ਕਰੋੜ ਤੋਂ ਘਟ ਕੇ 1866 ਈ: ਵਿਚ ਸਿਰਫ ਕੋਈ 10 ਕੁ ਲੱਖ ਦੇ ਕਰੀਬ ਰਹਿ ਗਈ ਸੀ। ਅੰਗਰੇਜ਼ਾਂ ਦਾ ਕਿਆਫਾ ਸੀ ਕਿ ਸੰਨ 1900 ਈਸਵੀ ਦੇ ਨੇੜੇ ਤੱਕ ਕੋਈ ਸਿੱਖ ਨਹੀਂ ਰਹੇਗਾ ਅਤੇ ਉਸ ਵਕਤ ਤੱਕ ਹਰਿਮੰਦਰ ਸਾਹਿਬ ਅੰਮ੍ਰਿਤਸਰ ਵੀ ਗਿਰਜਾਘਰ ਵਿਚ ਬਦਲਿਆ ਜਾ ਚੁੱਕਾ ਹੋਵੇਗਾ, ਪਰ ਉਹ ਸਿੱਖ ਪੰਥ ਜਿਸ ਨੂੰ ਆਕਾਲ ਪੁਰਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਪ੍ਰਗਟ ਕੀਤਾ, ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਆਪਣਾ ਤਪ-ਤੇਜ਼ ਅਤੇ ਸ਼ਹੀਦੀਆਂ ਦੇ ਕੇ ਪ੍ਰਫੁੱਲਿਤ ਅਤੇ ਪ੍ਰਪੱਕ ਕੀਤਾ ਅਤੇ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਿਤਾ, ਪਰਿਵਾਰ, ਚਾਰ ਸਾਹਿਬਜ਼ਾਦੇ ਅਤੇ ਆਪਾ ਵਾਰ ਕੇ ਇਸ ਦੀਆਂ ਜੜ੍ਹਾਂ ਪਾਤਾਲ ਤੋਂ ਵੀ ਡੂੰਘੀਆਂ ਗੱਡ ਦਿੱਤੀਆਂ।
ਸੰਤ ਅਤਰ ਸਿੰਘ ਜੀ ਦਾ ਜਨਮ ਪਿੰਡ ਚੀਮਾ (ਸੰਗਰੂਰ) ਵਿਖੇ ਚੇਤ ਸੁਦੀ ਏਕਮ 1923 ਬਿਕਰਮੀ (17 ਮਾਰਚ 1866 ਈ:) ਨੂੰ ਮਾਤਾ ਭੋਲੀ ਕੌਰ ਦੀ ਕੁੱਖੋਂ ਪਿਤਾ ਕਰਮ ਸਿੰਘ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਨੇ ਮੁਢਲੀ ਵਿੱਦਿਆ ਪਿੰਡ ਦੇ ਨਿਰਮਲਾ ਡੇਰੇ ਵਿਚ ਭਾਈ ਬੂਟਾ ਸਿੰਘ ਪਾਸੋਂ ਲਈ, ਜਿਥੇ ਕਿ ਉਨ੍ਹਾਂ ਨੇ ਗੁਰਮੁਖੀ ਪੜ੍ਹਨੀ-ਲਿਖਣੀ ਸਿੱਖੀ। ਉਨ੍ਹਾਂ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਕੰਮ-ਕਾਜ ਵੀ ਕਰਦੇ ਸਨ। ਉਹ ਮਾਤਾ-ਪਿਤਾ ਦੀ ਆਗਿਆ ਲੈ ਕੇ ਫੌਜ ਵਿਚ ਭਰਤੀ ਹੋ ਗਏ ਅਤੇ ਫੌਜ ਵਿਚ ਹੀ ਪਲਟਣ ਦੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤਪਾਨ ਕੀਤਾ ਪਰ ਉਨ੍ਹਾਂ ਨੇ ਫੌਜ ਦੀ ਨੌਕਰੀ ਛੱਡ ਦਿੱਤੀ ਅਤੇ ਡੇਰਾ ਗਾਜ਼ੀ ਖਾਂ ਤੋਂ ਪੈਦਲ ਚੱਲ ਕੇ ਹਜ਼ੂਰ ਸਾਹਿਬ ਨੰਦੇੜ (ਮਹਾਰਾਸ਼ਟਰ) ਪੁੱਜੇ ਤੇ ਉਥੇ ਦੋ ਸਾਲ ਅਤੁੱਟ ਸਿਮਰਨ ਕੀਤਾ। ਫਿਰ ਪੈਦਲ ਹੀ ਹਰਿਦੁਆਰ ਤੇ ਰਿਸ਼ੀਕੇਸ਼ ਆਏ, ਜਿਥੇ ਇਕ ਸਾਲ ਅਤੁੱਟ ਨਾਮ ਅਭਿਆਸ ਕੀਤਾ। ਸਾਹਾਂ ਦੀ ਢੇਰੀ ਪਿੰਡ ਵਿਚ ਭਾਈ ਗੁਰਮੁਖ ਸਿੰਘ ਦੇ ਬੇਨਤੀ ਕਰਨ 'ਤੇ 9 ਮਹੀਨੇ ਉਨ੍ਹਾਂ ਪਾਸ ਠਹਿਰੇ, ਜਿਥੇ ਉਨ੍ਹਾਂ ਨੇ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੁੱਟ ਪਾਠ ਕੀਤੇ। ਉਨ੍ਹਾਂ ਨੇ ਕਨੋਹੇ (ਅੱਜਕਲ੍ਹ ਪਾਕਿਸਤਾਨ) ਦੇ ਜੰਗਲਾਂ ਵਿਚ 40 ਦਿਨ, ਫਿਰ 6 ਮਹੀਨੇ, ਫਿਰ ਇਕ ਸਾਲ ਬਿਨਾਂ ਕੁਝ ਖਾਧੇ-ਪੀਤੇ ਭਾਰੀ ਤਪੱਸਿਆ ਕੀਤੀ।
ਇਸ ਮਹਾਨ ਤਪ ਦੇ ਪਿੱਛੋਂ ਸੰਤ ਜੀ ਦੀ ਮਹਿਮਾ ਦੂਰ-ਦੂਰ ਤੱਕ ਫੈਲ ਗਈ ਅਤੇ ਸੰਗਤਾਂ ਦਰਸ਼ਨਾਂ ਲਈ ਖਿੱਚੀਆਂ ਆਉਣ ਲੱਗ ਪਈਆਂ। ਉਨ੍ਹਾਂ ਨੇ ਪੋਠੋਹਾਰ, ਰਾਵਲਪਿੰਡੀ, ਮਾਲਵਾ, ਦੁਆਬਾ, ਮਾਝਾ, ਦਿੱਲੀ ਤੇ ਦੇਸ਼ ਦੇ ਕੋਨੇ-ਕੋਨੇ ਵਿਚ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜਿਆ। ਉਨ੍ਹਾਂ ਆਪਣੇ ਜੀਵਨ ਕਾਲ ਵਿਚ ਪੁਖਤਾ ਸਾਧਨ ਨਾ ਹੋਣ ਦੇ ਬਾਵਜੂਦ 14 ਲੱਖ ਦੇ ਲਗਪਗ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਵਾਇਆ ਅਤੇ ਗੁਰਸਾਗਰ ਮਸਤੂਆਣਾ ਸਾਹਿਬ, ਗੁਰੂ ਕਾਸ਼ੀ ਦਮਦਮਾ ਸਾਹਿਬ ਅਤੇ ਹੋਰ ਕਈ ਗੁਰਦੁਆਰਿਆਂ ਦੀ ਮਹਾਨ ਸੇਵਾ ਕਰਵਾਈ। ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਕਈ ਉੱਘੇ ਵਿਅਕਤੀ ਜਿਵੇਂ ਮਾਸਟਰ ਤਾਰਾ ਸਿੰਘ, ਭਾਈ ਹਰਕਿਸ਼ਨ, ਮਲਕ ਮੋਹਨ ਸਿੰਘ, ਸਾਬਕਾ ਰਾਜਦੂਤ ਮਲਕ ਹਰਦਿੱਤ ਸਿੰਘ ਅਤੇ ਸਿੱਖ ਰਿਆਸਤਾਂ ਦੇ ਕਈ ਰਾਜੇ-ਮਹਾਰਾਜੇ ਗੁਰੂ-ਸ਼ਬਦ ਨਾਲ ਜੁੜੇ। ਵਿੱਦਿਆ ਦੇ ਖੇਤਰ ਵਿਚ ਵੀ ਉਨ੍ਹਾਂ ਨੇ ਮਹਾਨ ਕਾਰਜ ਕੀਤੇ। ਮਸਤੂਆਣਾ ਸਾਹਿਬ ਵਿਚ ਸੰਨ 1906 ਈਸਵੀ ਵਿਚ ਲੜਕੀਆਂ ਦਾ ਸਕੂਲ ਖੋਲ੍ਹਿਆ ਅਤੇ ਫਿਰ ਲੜਕਿਆਂ ਦਾ ਸਕੂਲ ਅਤੇ ਅਕਾਲ ਡਿਗਰੀ ਕਾਲਜ ਦੀ ਸਥਾਪਨਾ ਕੀਤੀ। ਮਦਨ ਮੋਹਨ ਮਾਲਵੀਆ ਤੇ ਹੋਰ ਰਾਜੇ-ਮਹਾਰਾਜਿਆਂ ਦੇ ਕਹਿਣ 'ਤੇ ਉਨ੍ਹਾਂ ਨੇ ਬਨਾਰਸ ਦੀ ਹਿੰਦੂ ਯੂਨੀਵਰਸਿਟੀ ਦੀ ਨੀਂਹ ਰੱਖੀ। ਹਰ ਸਿੱਖ ਐਜੂਕੇਸ਼ਨ ਕਾਨਫਰੰਸ ਦੀ ਹਾਜ਼ਰੀ ਭਰੀ ਅਤੇ ਅਧਿਆਤਮਿਕ ਅਗਵਾਈ ਕੀਤੀ। ਉਨ੍ਹਾਂ ਦੇ ਅਨਿੰਨ ਸੇਵਕ ਸੰਤ ਬਾਬਾ ਤੇਜਾ ਸਿੰਘ ਨੇ ਹਿਮਾਚਲ 'ਚ ਬੜੂ ਪਿੰਡ ਦੀ ਖੋਜ ਕਰਕੇ ਉਥੇ ਨਾਮ ਸਿਮਰਨ ਅਤੇ ਅਧਿਆਤਮਿਕ ਵਿੱਦਿਆ ਦਾ ਪ੍ਰਵਾਹ ਚਲਾਇਆ ਅਤੇ ਉਸ ਅਸਥਾਨ ਦੀ ਸੇਵਾ ਸੰਭਾਲ ਦੀ ਡਿਊਟੀ ਬਾਬਾ ਇਕਬਾਲ ਸਿੰਘ ਬੜੀ ਹੀ ਸ਼ਿੱਦਤ ਨਾਲ ਨਿਭਾਅ ਰਹੇ ਹਨ। ਸੰਤ ਬਾਬਾ ਅਤਰ ਸਿੰਘ 1927 ਈਸਵੀ ਨੂੰ ਜੋਤੀ-ਜੋਤ ਸਮਾ ਗਏ। ਸੰਤ ਜੀ ਦੀ ਯਾਦ ਤਾਜ਼ਾ ਕਰਨ ਲਈ ਉਨ੍ਹਾਂ ਦਾ ਜਨਮ ਦਿਹਾੜਾ ਹਰ ਸਾਲ 15, 16 ਅਤੇ 17 ਮਾਰਚ ਨੂੰ ਜਿਥੇ ਚੀਮਾ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਉਥੇ ਨਾਲ ਹੀ ਸੰਤ ਜੀ ਦੇ ਨਾਨਕਾ ਨਗਰ ਫਤਹਿਗੜ੍ਹ ਗੰਢੂਆਂ ਦੇ ਗੁਰਦੁਆਰਾ ਮਾਤਾ ਭੋਲੀ ਕੌਰ ਵਿਖੇ ਵੀ ਇਸ ਮੌਕੇ ਮਹਾਨ ਇਕੋਤਰੀ ਸਮਾਗਮ ਕਰਵਾਇਆ ਜਾਂਦਾ ਹੈ, ਜਿੱਥੇ ਕਿ ਦੂਰੋਂ-ਨੇੜਿਓਂ ਸੰਗਤਾਂ ਨਤਮਸਤਕ ਹੋੋਣ ਪਹੁੰਚਦੀਆਂ ਹਨ।


-ਧਰਮਗੜ੍ਹ (ਸੰਗਰੂਰ)। ਮੋਬਾ: 95014-07381
Email : chahalajit333@rediffmail.com

14 ਮਾਰਚ ਨੂੰ ਸ਼ਹੀਦੀ 'ਤੇ ਵਿਸ਼ੇਸ਼

ਸਿੱਖ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ

ਅਕਾਲੀ ਫੂਲਾ ਸਿੰਘ ਉਹ ਮਹਾਨ ਸਿੱਖ ਜਰਨੈਲ ਹੋਏ ਹਨ, ਜਿਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵਡਮੁੱਲਾ ਯੋਗਦਾਨ ਪਾਇਆ। ਆਪ ਦਾ ਜਨਮ 1 ਜਨਵਰੀ ਸੰਨ 1761 ਈ: ਵਿਚ ਇਕ ਛੋਟੇ ਜਿਹੇ ਪਿੰਡ ਸ਼ੀਹਾਂ (ਸੰਗਰੂਰ) ਵਿਖੇ ਪਿਤਾ ਸ: ਈਸ਼ਰ ਸਿੰਘ ਅਤੇ ਮਾਤਾ ਹਰਿ ਕੌਰ ਦੇ ਘਰ ਹੋਇਆ। ਵੱਡੇ ਘੱਲੂਘਾਰੇ ਸਮੇਂ ਸਿੱਖ ਫ਼ੌਜਾਂ ਵਿਚ ਸ਼ਾਮਿਲ ਹੋ ਕੇ ਅਕਾਲੀ ਫੂਲਾ ਸਿੰਘ ਦੇ ਪਿਤਾ ਨੇ ਹਿੱਸਾ ਲਿਆ। ਉਸ ਵੇਲੇ ਅਕਾਲੀ ਬਾਬਾ ਫੂਲਾ ਸਿੰਘ ਦੀ ਉਮਰ ਇਕ ਸਾਲ ਦੇ ਕਰੀਬ ਸੀ। ਕੁਝ ਸਮਾਂ ਪਿੱਛੋਂ ਹੀ ਆਪ ਦੇ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ। ਆਪ ਦੇ ਪਿਤਾ ਦੇ ਦੋਸਤ ਸਰਦਾਰ ਨਰੈਣ ਸਿੰਘ (ਨੈਣਾ ਸਿੰਘ) ਨੇ ਫੂਲਾ ਸਿੰਘ ਦੀ ਪਰਵਰਿਸ਼ ਕੀਤੀ, ਉਹ ਬੁੱਢਾ ਦਲ ਦੇ ਪੰਜਵੇਂ ਜਥੇਦਾਰ ਸਨ। ਛੋਟੀ ਉਮਰ ਵਿਚ ਹੀ ਅਕਾਲੀ ਫੂਲਾ ਸਿੰਘ ਘੋੜ-ਸਵਾਰੀ, ਨਿਸ਼ਾਨੇਬਾਜ਼ੀ ਅਤੇ ਬੀਰਤਾ ਭਰਪੂਰ ਹੋਰ ਕਰਤੱਵਾਂ ਵਿਚ ਨਿਪੁੰਨਤਾ ਹਾਸਲ ਕਰ ਗਏ। ਆਪ ਨੇ ਸ: ਨਰੈਣ ਸਿੰਘ (ਨੈਣਾ ਸਿੰਘ) ਤੋਂ ਪ੍ਰਭਾਵਿਤ ਹੋ ਕੇ ਨਿਹੰਗ ਬਾਣਾ ਧਾਰਨ ਕੀਤਾ। ਸ: ਨਰੈਣ ਸਿੰਘ ਦੀ ਮੌਤ ਤੋਂ ਬਾਅਦ ਆਪ ਅੰਮ੍ਰਿਤਸਰ ਵਿਖੇ ਰਹਿਣ ਲੱਗ ਪਏ। 1802 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ 'ਤੇ ਚੜ੍ਹਾਈ ਕਰ ਦਿੱਤੀ। ਇਸ ਸ਼ਹਿਰ 'ਤੇ ਭੰਗੀ ਮਿਸਲ ਦਾ ਕਬਜ਼ਾ ਸੀ। ਜਦ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਖਾਲਸੇ ਨੂੰ ਖਾਲਸੇ ਵਿਰੁੱਧ ਟਕਰਾਅ ਦੀ ਹਾਲਤ ਵਿਚ ਦੇਖਿਆ ਤਾਂ ਉਸ ਦੇ ਮਨ 'ਤੇ ਬਹੁਤ ਅਸਰ ਹੋਇਆ। ਉਨ੍ਹਾਂ ਨੇ ਦੋਵਾਂ ਧਿਰਾਂ ਦਾ ਸਮਝੌਤਾ ਕਰਵਾਇਆ। ਉਨ੍ਹਾਂ ਸ਼ਹਿਰ ਰਣਜੀਤ ਸਿੰਘ ਦੇ ਹਵਾਲੇ ਕਰਵਾ ਕੇ ਭੰਗੀ ਸਰਦਾਰਾਂ ਨੂੰ ਜਗੀਰ ਦਿਵਾਈ।
ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਜੀ ਦੇ ਅਧੀਨ ਅਕਾਲ ਨਾਂਅ ਦੀ ਰੈਜੀਮੈਂਟ ਬਣਾਈ ਤੇ ਉਨ੍ਹਾਂ ਨੂੰ ਉਸ ਦਾ ਮੁਖੀ ਥਾਪ ਦਿੱਤਾ। ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਦਾ ਬੇਹੱਦ ਸਤਿਕਾਰ ਕਰਦੇ ਸਨ। ਗਿਆਨੀ ਰੇਸ਼ਮ ਸਿੰਘ ਆਪਣੇ ਇਕ ਲੇਖ ਵਿਚ ਹਵਾਲਾ ਦਿੰਦੇ ਹਨ। 1813 ਈਸਵੀ ਕਸ਼ਮੀਰ ਦੀ ਮੁਹਿੰਮ, 1816 ਈ: ਖਾਨਗੜ੍ਹ ਦੀ ਮੁਹਿੰਮ, 1816 ਦੀ ਮੁਲਤਾਨ ਦੀ ਫ਼ਤਹਿ, 1818 ਈ: ਨੂੰ ਪੇਸ਼ਾਵਰ ਦੀ ਚੜ੍ਹਾਈ ਸਮੇਂ ਅਕਾਲੀ ਫੂਲਾ ਸਿੰਘ ਨੇ ਮੂਹਰੇ ਹੋ ਕੇ ਲੜਾਈਆਂ ਲੜੀਆਂ। ਉਨ੍ਹਾਂ ਤਨੋ ਤੇ ਮਨੋ ਹੋ ਕੇ ਪੰਥਕ ਸ਼ਾਨ ਅਤੇ ਖ਼ਾਲਸਾ ਰਾਜ ਦੀ ਪ੍ਰਭੂਸੱਤਾ ਲਈ ਕਾਰਜ ਕੀਤਾ। ਮੁਲਤਾਨ ਦੀ ਲੜਾਈ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਹੁਰਾਂ ਨੂੰ 'ਖਾਲਸਾ ਰਾਜ ਦੇ ਰਾਖੇ' ਦਾ ਖਿਤਾਬ ਦਿੱਤਾ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਔਖੀਆਂ ਮੁਹਿੰਮਾਂ ਵਿਚ ਹਮੇਸ਼ਾ ਸਹਾਇਤਾ ਕੀਤੀ। ਮੁਲਤਾਨ ਦੀ ਮੁਹਿੰਮ ਵੇਲੇ ਅਕਾਲੀ ਫੂਲਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਾਥ ਦੇਣ ਦੀ ਬੇਨਤੀ ਕੀਤੀ, ਜਿਸ 'ਤੇ ਆਪ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਅਕਾਲੀ ਸੂਰਬੀਰ ਘੋੜਸਵਾਰਾਂ ਨੂੰ ਲੈ ਕੇ ਮੁਲਤਾਨ 'ਤੇ ਚੜ੍ਹਾਈ ਕੀਤੀ। ਕਿਲ੍ਹੇ ਦੀ ਕੰਧ ਵਿਚ ਪਾੜ ਪਾ ਕੇ ਆਪ ਆਪਣੇ ਘੋੜਸਵਾਰ ਯੋਧੇ ਲੈ ਕੇ ਕਿਲ੍ਹੇ ਅੰਦਰ ਦਾਖਲ ਹੋਏ ਅਤੇ ਐਸੀ ਤਲਵਾਰ ਚਲਾਈ ਕਿ ਲਾਸ਼ਾਂ ਦੇ ਢੇਰ ਲੱਗ ਗਏ। ਨਵਾਬ ਤੇ ਉਸ ਦੇ ਪੁੱਤਰਾਂ ਨੂੰ ਮਾਰ ਮੁਕਾ ਆਪ ਨੇ ਕਿਲ੍ਹਾ ਫ਼ਤਹਿ ਕਰ ਲਿਆ। ਇਸ ਤੋਂ ਇਲਾਵਾ ਅਕਾਲੀ ਫੂਲਾ ਸਿੰਘ ਨੇ ਕਸ਼ਮੀਰ, ਪਿਸ਼ਾਵਰ ਤੇ ਨੁਸ਼ਹਿਰੇ ਦੇ ਯੁੱਧਾਂ ਵਿਚ ਸ਼ਾਮਿਲ ਹੋ ਕੇ ਸਿੱਖ ਰਾਜ ਦੀ ਉਸਾਰੀ ਵਿਚ ਵਡਮੁੱਲਾ ਯੋਗਦਾਨ ਪਾਇਆ। ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ ਵਲੋਂ ਲੜੀ ਗਈ ਆਖਰੀ ਲੜਾਈ ਨੌਸ਼ਹਿਰੇ ਦੀ ਸੀ। ਇਸ ਲੜਾਈ ਵਿਚ ਜਿੱਤ ਦਾ ਝੰਡਾ ਲਹਿਰਾਉਂਦਿਆਂ ਆਪ 14 ਮਾਰਚ, 1823 ਨੂੰ ਸ਼ਹੀਦ ਹੋ ਗਏ। ਇਹ ਲੜਾਈ ਵੀ ਬਾਕੀ ਲੜਾਈਆਂ ਦੀ ਤਰ੍ਹਾਂ ਆਪ ਦੀ ਸੂਰਬੀਰਤਾ ਕਰਕੇ ਜਿੱਤੀ ਜਾ ਸਕੀ ਸੀ। ਉਹ ਨਿਰਭੈ, ਅਣਖੀਲੇ ਅਤੇ ਨਿਧੜਕ ਜਰਨੈਲ ਸਨ। ਇਸੇ ਦਾ ਹੀ ਨਤੀਜਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦਿਆਂ ਆਪ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ। ਆਪ ਅੰਮ੍ਰਿਤਸਰ ਵਿਖੇ ਜਿਸ ਸਥਾਨ 'ਤੇ ਰਹੇ, ਉਥੇ ਅੱਜਕਲ੍ਹ 'ਬੁਰਜ ਬਾਬਾ ਫੂਲਾ ਸਿੰਘ ਅਕਾਲੀ' ਬਣਿਆ ਹੋਇਆ ਹੈ। ਇਥੇ ਹੀ ਛਾਉਣੀ ਨਿਹੰਗ ਸਿੰਘਾਂ ਵੀ ਹੈ, ਜਿਸ ਦਾ ਪ੍ਰਬੰਧ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਕੋਲ ਹੈ। ਹਰ ਸਾਲ 14 ਮਾਰਚ ਨੂੰ ਆਪ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਸ਼੍ਰੋਮਣੀ ਸੇਵਾ ਰਤਨ ਨਾਲ ਨਿਵਾਜੇ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਮਨਾਇਆ ਜਾਂਦਾ ਹੈ, ਜੋ ਇਸ ਵਾਰ ਵੀ ਸਤਿਕਾਰ ਸਹਿਤ ਮਨਾਇਆ ਜਾਵੇਗਾ।


-ਸਕੱਤਰ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ।
ਸਾਬਕਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਸ਼ਬਦ ਵਿਚਾਰ

ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ॥

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਸਿਰੀਰਾਗੁ ਮਹਲਾ ੩
ਖਟੁ ਦਰਸਨ ਜੋਗੀ ਸੰਨਿਆਸੀ
ਬਿਨੁ ਗੁਰ ਭਰਮਿ ਭੁਲਾਏ॥
ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ
ਹਰਿ ਜੀਉ ਮੰਨਿ ਵਸਾਏ॥
ਸਚੀ ਬਾਣੀ ਸਿਉ ਚਿਤੁ ਲਾਗੈ
ਆਵਣੁ ਜਾਣੁ ਰਹਾਏ॥ ੫॥
ਪੰਡਿਤ ਪੜਿ ਪੜਿ ਵਾਦੁ ਵਖਾਣਹਿ
ਬਿਨੁ ਗੁਰ ਭਰਮਿ ਭੁਲਾਏ॥
ਲਖ ਚਉਰਾਸੀਹ ਫੇਰੁ ਪਇਆ
ਬਿਨੁ ਸਬਦੈ ਮੁਕਤਿ ਨ ਪਾਏ॥
ਜਾ ਨਾਉ ਚੇਤੈ ਤਾ ਗਤਿ ਪਾਏ
ਜਾ ਸਤਿਗੁਰੁ ਮੇਲਿ ਮਿਲਾਏ॥ ੬॥
ਸਤਸੰਗਤਿ ਮਹਿ ਨਾਮੁ ਹਰਿ ਉਪਜੈ
ਜਾ ਸਤਿਗੁਰੁ ਮਿਲੈ ਸੁਭਾਏ॥
ਮਨੁ ਤਨੁ ਅਰਪੀ ਆਪੁ ਗਵਾਈ
ਚਲਾ ਸਤਿਗੁਰ ਭਾਏ॥
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ
ਜਿ ਹਰਿ ਸੇਤੀ ਚਿਤੁ ਲਾਏ॥ ੭॥
ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ
ਹਰਿ ਸੇਤੀ ਰੰਗਿ ਰਾਤਾ॥
ਪ੍ਰਭ ਨਿਕਟਿ ਵਸੈ ਸਭਨਾ ਘਟ ਅੰਤਰਿ
ਗੁਰਮੁਖਿ ਵਿਰਲੈ ਜਾਤਾ॥
ਨਾਨਕ ਨਾਮੁ ਮਿਲੈ ਵਡਿਆਈ
ਗੁਰ ਕੈ ਸਬਦਿ ਪਛਾਤਾ॥ ੮॥ ੫॥ ੨੨॥
(ਅੰਗ 67-68)
ਪਦ ਅਰਥ : ਖਟੁ-ਛੇ। ਖਟੁ ਦਰਸਨੁ-ਛੇ ਭੇਖ (ਜੋਗੀ, ਸੰਨਿਆਸੀ, ਜੰਗਮ, ਸਰੇਵੜੇ, ਬੈਰਾਗੀ ਅਤੇ ਬੋਧੀ)। ਭਰਮਿ-ਭਰਮ ਵਿਚ ਪੈ ਕੇ, ਭਟਕਣਾ ਵਿਚ ਪੈ ਕੇ। ਭੁਲਾਏ-ਕੁਰਾਹੇ ਪਏ ਰਹਿੰਦੇ ਹਨ। ਗਤਿ-ਉੱਚੀ ਆਤਮਿਕ ਅਵਸਥਾ। ਮਿਤਿ-ਮਰਯਾਦਾ, ਜੀਵਨ ਜੁਗਤ। ਪਾਵਹਿ-ਪ੍ਰਾਪਤ ਕਰ ਲੈਂਦੇ ਹਨ, ਨੂੰ ਪ੍ਰਾਪਤ ਹੁੰਦੇ ਹਨ। ਆਵਣੁ ਜਾਣੁ-ਜੰਮਣ ਮਰਨ ਦਾ ਗੇੜ। ਰਹਾਏ-ਮੁਕਾ ਲੈਂਦਾ ਹੈ।
ਵਾਦੁ-ਚਰਚਾ। ਵਖਾਣਹਿ-ਵਿਆਖਿਆ ਕਰਦੇ ਹਨ। ਫੇਰੁ-ਗੇੜ। ਫੇਰੁ ਪਇਆ-ਗੇੜ ਬਣਿਆ ਹੀ ਰਹਿੰਦਾ ਹੈ। ਬਿਨੁ ਸਬਦੈ-ਗੁਰੂ ਦੇ ਸ਼ਬਦ ਤੋਂ ਬਿਨਾਂ। ਮੁਕਤਿ ਨ ਪਾਏ-(ਜੰਮਣ ਮਰਨ ਦੇ ਗੇੜ ਤੋਂ) ਖਲਾਸੀ ਨਹੀਂ ਹੁੰਦੀ। ਜਾ-ਜਦੋਂ। ਤਾ ਗਤਿ ਪਾਏ-ਤਾਂ ਹੀ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਕਰਦਾ ਹੈ।
ਉਪਜੈ-ਪੈਦਾ ਹੁੰਦਾ ਹੈ, ਪ੍ਰਗਟ ਹੁੰਦਾ ਹੈ। ਸੁਭਾਏ-ਸੁਭਾਵਿਕ ਹੀ, ਸੁਤੇ ਹੀ। ਅਰਪੀ-ਭੇਟ ਕਰਦਿਆਂ, ਹਵਾਲੇ ਕਰਦਿਆਂ। ਆਪੁ ਗਵਾਈ-ਆਪਾ ਭਾਵ ਛੱਡਦਿਆਂ, ਹੰਕਾਰ ਛੱਡ ਦਿਆਂ। ਸਤਿਗੁਰ ਭਾਏ-ਸਤਿਗੁਰ ਦੀ ਮਰਜ਼ੀ ਅਨੁਸਾਰ। ਚਲਾ-(ਜੀਵਨ) ਬਤੀਤ ਕਰਾਂ। ਵਿਟਹੁ-ਤੋਂ। ਜਿ-ਜਿਹੜਾ। ਸੇਤੀ-ਨਾਲ। ਸਦ-ਸਦਾ।
ਸੋ-ਉਹ। ਬਿੰਦੇ ਪਛਾਣਦਾ ਹੈ। ਰੰਗਿ-ਪ੍ਰੇਮ ਵਿਚ। ਰਾਤਾ-ਰੰਗਿਆ ਰਹਿੰਦਾ ਹੈ। ਨਿਕਟਿ-ਨੇੜੇ। ਸਭਨਾ ਘਟ ਅੰਤਰਿ-ਸਭਨਾਂ ਦੇ ਹਿਰਦਿਆਂ ਦੇ ਅੰਦਰ। ਜਾਤਾ-ਜਾਣਦਾ ਹੈ, ਸਮਝਦਾ ਹੈ।
ਗੁਰਮਤਿ ਵਿਚ ਭੇਖ ਨੂੰ ਕੋਈ ਸਥਾਨ ਪ੍ਰਾਪਤ ਨਹੀਂ। ਗੁਰਮਤਿ ਦਾ ਨਿਸ਼ਾਨਾ ਬੜਾ ਸਪੱਸ਼ਟ ਹੈ ਕਿ ਪਰਮਾਤਮਾ ਭੇਖਾਂ ਨਾਲ ਨਹੀਂ ਮਿਲਦਾ ਭਾਵ ਪਰਮਾਤਮਾ ਨੂੰ ਭੇਖਾਂ ਨਾਲ ਰੀਝਾਇਆ ਨਹੀਂ ਜਾ ਸਕਦਾ। ਪਰਮਾਤਮਾ ਨਾਲ ਮਿਲਾਪ ਗੁਰੂ ਦੀ ਸਿੱਖਿਆ ਭਾਵ ਉਪਦੇਸ਼ ਤੋਂ ਬਿਨਾਂ ਨਹੀਂ ਹੁੰਦਾ। ਸ਼ਹੀਦਾਂ ਦੇ ਸਿਰਤਾਜ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਾਗੁ ਮਾਰੂ ਕੀ ਵਾਰ ਮਹਲਾ ੫ ਵਿਚ ਪਾਵਨ ਬਚਨ ਹਨ-
ਭੇਖੀ ਪ੍ਰਭੂ ਨ ਲਭਈ
ਵਿਣੁ ਸਚੀ ਸਿਖੰ॥
(ਅੰਗ 1099)
ਸਿਖੰ-ਸਿੱਖਿਆ, ਉਪਦੇਸ਼।
ਅਥਵਾ
ਖਟੁ ਦਰਸਨੁ ਭ੍ਰਮਤੇ ਫਿਰਹਿ
ਨਹ ਮਿਲੀਐ ਭੇਖੰ॥
(ਅੰਗ 1099)
ਭ੍ਰਮਤੇ ਫਿਰਹਿ-ਭਰਮਦੇ ਫਿਰਦੇ ਹਨ।
ਭਾਵ ਛੇ ਪ੍ਰਕਾਰ ਦੇ ਭੇਖੀ ਭਟਕਦੇ ਰਹਿੰਦੇ ਹਨ ਪਰ ਇਨ੍ਹਾਂ ਭੇਖਾਂ ਦੇ ਕਰਨ ਨਾਲ (ਕਿਸੇ ਨੂੰ) ਪਰਮਾਤਮਾ ਨਹੀਂ ਮਿਲਦਾ।
ਭਗਵਾਂ ਵੇਸ ਕਰਕੇ ਧਰਤੀ 'ਤੇ ਭੌਂਦੇ ਫਿਰਨ ਨਾਲ ਵਿਕਾਰਾਂ ਤੋਂ ਛੁਟਕਾਰਾ ਨਹੀਂ ਹੁੰਦਾ। ਸਰੀਰ ਨੂੰ ਕਸ਼ਟ ਦੇ ਕੇ ਕਠਿਨ ਤਪੱਸਿਆ ਕਰਨ ਨਾਲ ਵੀ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰਵਾਕ ਹੈ-
ਭਗਵੈ ਵੇਸਿ ਭ੍ਰਮਿ ਮੁਕਤਿ ਨ ਹੋਇ॥
ਬਹੁ ਸੰਜਮਿ ਸਾਂਤਿ ਨ ਪਾਵੈ ਕੋਇ॥
(ਰਾਗੁ ਬਸੰਤੁ ਮਹਲਾ ੩,
ਅੰਗ 1175)
ਪਰ ਜੋ ਪ੍ਰਾਣੀ ਗੁਰੂ ਦੀ ਮੱਤ ਲੈਂਦਾ ਹੈ, ਗੁਰੂ ਦੇ ਦਰਸਾਏ ਮਾਰਗ 'ਤੇ ਚਲਦਾ ਹੈ, ਉਸ ਨੂੰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ-
ਗੁਰਮਤਿ ਨਾਮੁ ਪਰਾਪਤਿ ਹੋਇ॥
(ਅੰਗ 1175)
ਆਪ ਜੀ ਦਾ ਇਕ ਹੋਰ ਬੜਾ ਸੁੰਦਰ ਕਥਨ ਹੈ ਕਿ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਆ ਵਸਦਾ ਹੈ, ਸ਼ਬਦ ਦੀ ਬਰਕਤ ਨਾਲ ਉਨ੍ਹਾਂ ਦੇ ਜੀਵਨ ਵਿਚ ਸੁਹਾਵਣਾਪਨ ਆ ਜਾਂਦਾ ਹੈ, ਉਨ੍ਹਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ-
ਗੁਰ ਕਾ ਸਬਦੁ ਵਸਿਆ
ਘਟ ਅੰਤਰਿ
ਸੇ ਜਨ ਸਬਦਿ ਸੁਹਾਏ॥
(ਰਾਗੁ ਸੂਹੀ ਮਹਲਾ ੩, ਅੰਗ 770)
ਸੁਹਾਏ, ਸੋਹਣੇ ਜੀਵਨ ਵਾਲੇ। ਘਟ ਅੰਤਰਿ-ਹਿਰਦੇ ਘਰ ਵਿਚ।
ਅਜਿਹੇ ਸਾਧਕਾਂ ਦੇ ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ, ਖੁਸ਼ੀਆਂ ਬਣੀਆਂ ਰਹਿੰਦੀਆਂ ਹਨ, ਕਿਉਂਕਿ ਪ੍ਰਭੂ ਕਿਰਪਾ ਕਰਕੇ ਉਨ੍ਹਾਂ ਦੇ ਹਿਰਦੇ ਘਰ ਵਿਚ ਆ ਵਸਦਾ ਹੈ-
ਨਾਨਕ ਤਿਨ ਘਰਿ ਸਦ ਹੀ ਸੋਹਿਲਾ
ਹਰਿ ਕਰਿ ਕਿਰਪਾ ਘਰਿ ਆਏ॥
(770)
ਘਰਿ-ਹਿਰਦੇ ਘਰ ਵਿਚ। ਸੋਹਿਲਾ-ਮੰਗਲਾਚਰਣ ਦੇ ਗੀਤ, ਖੁਸ਼ੀ ਦੇ ਗੀਤ, ਆਨੰਦਮਈ ਅਵਸਥਾ।
ਅੱਖਰੀਂ ਅਰਥ : ਛੇ ਭੇਖਾਂ ਦੇ ਅਨੁਆਈ ਭਾਵੇਂ ਉਹ ਜੋਗੀ ਹੋਣ ਜਾਂ ਸੰਨਿਆਸੀ, ਗੁਰੂ ਤੋਂ ਬਿਨਾਂ (ਮਾਇਆ ਦੀ) ਭਟਕਣਾ ਵਿਚ ਪੈ ਕੇ(ਜੀਵਨ ਦੇ ਸਹੀ ਮਾਰਗ ਤੋਂ) ਕੁਰਾਹੇ ਪਏ ਰਹਿੰਦੇ ਹਨ ਪਰ ਜਦੋਂ ਉਹ ਗੁਰੂ ਦੀ ਸ਼ਰਨ ਆਉਂਦੇ ਹਨ ਤਾਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦੇ ਹਨ, ਜਿਸ ਸਦਕਾ ਫਿਰ ਉਹ ਉੱਚੀ ਆਤਮਿਕ ਅਵਸਥਾ ਅਤੇ ਸਹੀ ਜੀਵਨ-ਜੁਗਤ ਨੂੰ ਪ੍ਰਾਪਤ ਹੁੰਦੇ ਹਨ। ਇਸ ਪ੍ਰਕਾਰ ਜਿਸ ਜਗਿਆਸੂ ਦਾ ਗੁਰੂ ਦੀ ਸੱਚੀ ਬਾਣੀ ਵਿਚ ਮਨ ਪਤੀਜ ਜਾਂਦਾ ਹੈ, ਉਹ ਫਿਰ ਆਪਣਾ ਆਉਣ-ਜਾਣ (ਜਨਮ-ਮਰਨ) ਦਾ ਚੱਕਰ ਮੁਕਾ ਲੈਂਦਾ ਹੈ।
ਪੰਡਿਤ ਲੋਕ ਧਰਮ ਸ਼ਾਸਤਰਾਂ ਨੂੰ ਪੜ੍ਹ-ਪੜ੍ਹ ਕੇ ਕੇਵਲ ਇਨ੍ਹਾਂ ਦੀ ਵਿਆਖਿਆ ਹੀ ਕਰਦੇ ਹਨ। ਗੁਰੂ ਤੋਂ ਬਿਨਾਂ (ਅਜਿਹੇ ਪ੍ਰਾਣੀ) ਵੀ (ਮਾਇਆ ਦੀ) ਭਟਕਣਾ ਵਿਚ ਪੈ ਕੇ (ਅਸਲ ਜੀਵਨ ਮਨੋਰਥ ਤੋਂ) ਖੁੰਝੇ ਪਏ ਰਹਿੰਦੇ ਹਨ। ਗੁਰੂ ਦੇ ਸ਼ਬਦ ਤੋਂ ਬਿਨਾਂ ਚੌਰਾਸੀ ਲੱਖ ਜੂਨਾਂ ਦਾ ਗੇੜ ਪਿਆ ਹੀ ਰਹਿੰਦਾ ਹੈ, ਇਸ ਤੋਂ ਛੁਟਕਾਰਾ ਨਹੀਂ ਹੋ ਸਕਦਾ। ਜਦੋਂ ਨਾਮ ਦੇ ਸਿਮਰਨ ਸਦਕਾ ਜਦੋਂ ਸਤਿਗੁਰੂ ਜਗਿਆਸੂ ਦਾ ਪਰਮਾਤਮਾ ਨਾਲ ਮਿਲਾਪ ਕਰਵਾ ਦਿੰਦਾ ਹੈ ਤਾਂ ਫਿਰ ਉਹ ਜਗਿਆਸੂ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ।
ਜਦੋਂ ਗੁਰੂ ਨਾਲ ਸੁਧੇ ਹੀ ਮਿਲਾਪ ਹੋ ਜਾਂਦਾ ਹੈ ਤਾਂ (ਗੁਰੂ ਦੀ ਮਿਹਰ ਸਦਕਾ) ਸਤਿਸੰਗਤ ਕਰਨ ਨਾਲ ਸਾਧਕ ਦੇ ਮਨ ਵਿਚ ਪ੍ਰਭੂ ਦਾ ਨਾਮ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਜੀ ਦ੍ਰਿੜ੍ਹ ਕਰਵਾ ਰਹੇ ਹਨ (ਕਿ ਮੇਰੀ ਵੀ ਮਨ ਦੀ ਇੱਛਾ ਹੈ) ਕਿ ਮੈਂ ਆਪਣਾ ਮਨ ਅਤੇ ਤਨ ਗੁਰੂ ਅੱਗੇ ਭੇਟ ਕਰ ਦਿਆਂ, ਆਪਣੀ ਹੰਗਤਾ (ਮੈਂ ਮੇਰੀ) ਨੂੰ ਤਿਆਗ ਕੇ ਗੁਰੂ ਦੇ ਭਾਣੇ ਵਿਚ ਰਹਿ ਕੇ ਜੀਵਨ ਬਤੀਤ ਕਰਾਂ। ਜਿਹੜਾ ਗੁਰੂ (ਮੇਰੇ) ਮਨ ਨੂੰ ਪਰਮਾਤਮਾ ਵਿਚ ਜੋੜ ਦਿੰਦਾ ਹੈ, ਮੈਂ ਆਪਣੇ ਅਜਿਹੇ ਗੁਰੂ ਤੋਂ ਸਦਾ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ।
ਉਹ ਬ੍ਰਾਹਮਣ ਹੈ, ਜਿਸ ਨੂੰ ਬ੍ਰਹਮ (ਪਰਮਾਤਮਾ) ਦੀ ਪਛਾਣ ਹੈ, ਪਰਮਾਤਮਾ ਦੇ ਗੁਣਾਂ ਦੀ ਸੋਝੀ ਹੈ ਅਤੇ ਸਦਾ ਪਰਮਾਤਮਾ ਦੇ ਪ੍ਰੇਮ ਵਿਚ ਰੰਗਿਆ ਰਹਿੰਦਾ ਹੈ। ਪ੍ਰਭੂ ਤਾਂ ਸਭਨਾਂ ਦੇ ਹਿਰਦਿਆਂ ਵਿਚ ਨੇੜੇ ਤੋਂ ਨੇੜੇ ਵਸਦਾ ਹੈ ਪਰ ਇਸ ਗੱਲ ਦੀ ਸੋਝੀ ਕਿਸੇ ਵਿਰਲੇ ਗੁਰਮੁਖ ਨੂੰ ਹੀ ਹੁੰਦੀ ਹੈ।
ਅੰਤ ਵਿਚ ਤੀਜੀ ਨਾਨਕ ਜੋਤਿ ਦ੍ਰਿੜ੍ਹ ਕਰਵਾ ਰਹੇ ਹਨ ਕਿ ਗੁਰੂ ਦੇ ਸ਼ਬਦ ਵਿਚ ਜੁੜਿਆਂ, ਜਿਨ੍ਹਾਂ ਨੇ ਇਸ ਗੱਲ ਨੂੰ ਪਛਾਣਿਆ ਹੈ, ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਪੈ ਗਈ ਹੈ, ਉਨ੍ਹਾਂ ਨੂੰ ਫਿਰ ਨਾਮ ਅਤੇ ਵਡਿਆਈ ਮਿਲਦੇ ਹਨ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਇੱਛਾ ਸ਼ਕਤੀ ਅਤੇ ਬੌਧਿਕਤਾ, ਸਾਕਾਰ ਕਰਦੀ ਹੈ ਕਲਪਨਾ ਨੂੰ

ਸੁਪਨੇ ਹਰ ਕੋਈ ਲੈਂਦਾ ਹੈ। ਜਾਗਦੇ ਸਮੇਂ ਸੁਪਨੇ ਲੈਣ ਨੂੰ ਕਲਪਨਾ ਕਹਿੰਦੇ ਹਨ। ਅੱਜ ਦੁਨੀਆ ਵਿਚ ਜਿੰਨੀ ਵੀ ਵਿਗਿਆਨਕ ਤਰੱਕੀ ਜਾਂ ਉਸਾਰੀ ਅਸੀਂ ਦੇਖਦੇ ਹਾਂ, ਉਹ ਸਾਰੀ ਕਲਪਨਾ ਦੀ ਹੀ ਪੂਰਤੀ ਹੈ। ਵਿਗਿਆਨੀਆਂ ਦੀ ਇੱਛਾ ਸ਼ਕਤੀ ਅਤੇ ਸੂਝਬੂਝ ਨਾਲ ਹੀ ਉਸ ਕਲਪਨਾ ਨੂੰ ਉਸਾਰੂ ਰੂਪ ਮਿਲਿਆ, ਜੋ ਉਨ੍ਹਾਂ ਨੇ ਕੀਤੀ ਸੀ। ਮਨੁੱਖੀ ਜੀਵਨ ਵੀ ਵਹਿੰਦੀ ਨਦੀ ਦੀ ਤਰ੍ਹਾਂ ਨਿਰੰਤਰ ਪ੍ਰਵਾਹ ਕਰਦਾ ਹੈ। ਇਸੇ ਵਹਾਅ ਕਾਰਨ ਹੀ ਮਨੁੱਖ ਵਿਕਾਸ ਕਰਦਾ ਹੋਇਆ ਤਰੱਕੀ ਦੇ ਸਿਖ਼ਰ 'ਤੇ ਪੁੱਜਿਆ ਹੈ। ਇਹ ਪ੍ਰਾਪਤੀਆਂ ਮਨੁੱਖੀ ਕਲਪਨਾ ਦਾ ਹੀ ਸਾਕਾਰ ਰੂਪ ਹਨ। ਮਨੁੱਖੀ ਇੱਛਾਸ਼ਕਤੀ ਅਤੇ ਬੌਧਿਕਤਾ ਨੇ ਹੀ ਇਸ ਕਲਪਨਾ ਨੂੰ ਵਿਕਸਿਤ ਕੀਤਾ ਹੈ। ਇਹ ਸੂਝਬੂਝ ਤੇ ਇੱਛਾਸ਼ਕਤੀ ਹੀ ਮਨੁੱਖ ਨੂੰ ਸਰਬਉੱਤਮ ਜੀਵ ਬਣਾਉਂਦੀ ਹੈ। ਜਦ ਮਨੁੱਖ ਵਿਚ ਇੱਛਾਸ਼ਕਤੀ ਹੁੰਦੀ ਹੈ ਅਤੇ ਉਹ ਆਪਣੀ ਸੂਝਬੂਝ ਨਾਲ ਮੌਕੇ ਦੀ ਸਹੀ ਵਰਤੋਂ ਕਰਦਾ ਹੈ ਤਾਂ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਹਨ। ਮੌਕੇ ਅਨੁਸਾਰ ਫ਼ੈਸਲਾ ਲੈਣ ਦੀ ਯੋਗਤਾ ਸਾਡੇ ਵਿਵੇਕ 'ਤੇ ਨਿਰਭਰ ਕਰਦੀ ਹੈ। ਇਹ ਵਿਵੇਕ ਸਾਡੇ ਅੰਦਰ ਛੁਪੀਆਂ ਸ਼ਕਤੀਆਂ ਦਾ ਭੰਡਾਰ ਹੈ। ਸਾਡੀ ਸਾਰੀ ਬੌਧਿਕ ਅਤੇ ਅਧਿਆਤਮਕ ਯੋਗਤਾ ਇਸ ਵਿਚ ਸਮਾਈ ਹੋਈ ਹੈ। ਇਸ ਦਾ ਇਕ ਭਾਗ ਪ੍ਰਸ਼ਨ ਕਰਦਾ ਹੈ ਅਤੇ ਦੂਜਾ ਉੱਤਰ ਦਿੰਦਾ ਹੈ। ਸਵਾਮੀ ਵਿਵੇਕਾਨੰਦ ਨੌਜਵਾਨਾਂ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਆਪਣੇ ਵਿਵਾਕ ਦੀ ਸਮੇਂ 'ਤੇ ਵਰਤੋਂ ਕਰੋ ਅਤੇ ਆਪਣੀ ਕਲਪਨਾ ਨੂੰ ਉਸਾਰੂ ਰੱਖੋ ਅਤੇ ਇੱਛਾਸ਼ਕਤੀ ਤੇ ਫ਼ੈਸਲਾਕੁੰਨ ਸਮਰੱਥਾ ਨਾਲ ਇਸ ਕਲਪਨਾ ਨੂੰ ਸਾਕਾਰ ਕਰੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਪ੍ਰਸਿੱਧ ਤੇ ਪ੍ਰਾਚੀਨ ਮੰਦਰ ਜਾਖੂ ਸ਼ਿਮਲਾ

ਹਿਮਾਚਲ ਪ੍ਰਦੇਸ਼ ਨੂੰ ਦੁਨੀਆ ਵਿਚ ਦੇਵ-ਭੂਮੀ ਵਜੋਂ ਜਾਣਿਆ ਜਾਂਦਾ ਹੈ। ਇਥੇ ਹਰ ਸ਼ਹਿਰ, ਕਸਬੇ ਵਿਚ ਪ੍ਰਾਚੀਨ ਮੰਦਰ ਦੇਖੇ ਜਾ ਸਕਦੇ ਹਨ। ਇਸ ਲਈ ਸਾਰੇ ਹਿਮਾਚਲ ਨੂੰ ਮੰਦਰਾਂ ਦੀ ਭੂਮੀ ਵੀ ਕਿਹਾ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਸਥਿਤ ਹੈ ਵਿਸ਼ਵ ਪ੍ਰਸਿੱਧ ਪ੍ਰਾਚੀਨ 'ਜਾਖੂ ਮੰਦਰ', ਜੋ ਸ਼ਿਮਲਾ ਦੇ ਰਿੱਜ ਮੈਦਾਨ ਤੋਂ 2.5 ਕਿਲੋਮੀਟਰ (ਤਕਰੀਬਨ 1500 ਫੁੱਟ) ਦੀ ਉਚਾਈ 'ਤੇ ਪਹਾੜ ਦੀ ਚੋਟੀ ਉੱਪਰ ਸਥਿਤ ਹੈ। ਇਸ ਮੰਦਿਰ ਦੀ ਉਚਾਈ ਸਮੁੰਦਰੀ ਤਲ ਤੋਂ 8500 ਫੁੱਟ ਹੈ। ਇਤਿਹਾਸਕ ਤੇ ਮਿਥਿਹਾਸਕ ਹਵਾਲਿਆਂ ਅਨੁਸਾਰ ਤ੍ਰੇਤਾ ਯੁੱਗ ਵਿਚ ਜਦੋਂ ਸ੍ਰੀ ਰਾਮਚੰਦਰ ਜੀ ਸ੍ਰੀਲੰਕਾ ਵਿਚ ਰਾਵਣ ਨਾਲ ਯੁੱਧ ਕਰ ਰਹੇ ਸਨ ਤਾਂ ਯੁੱਧ ਦੌਰਾਨ ਸ੍ਰੀ ਲਕਸ਼ਮਣ ਮੂਰਛਤ ਹੋ ਗਏ ਸਨ। ਲਕਸ਼ਮਣ ਨੂੰ ਜੀਵਤ ਕਰਨ ਲਈ ਸ੍ਰੀ ਹਨੂਮਾਨ ਨੂੰ ਹਿਮਾਲਿਆ ਪਰਬਤ ਤੋਂ ਸੰਜੀਵਨੀ ਬੂਟੀ ਲੈਣ ਲਈ ਭੇਜਿਆ ਗਿਆ ਸੀ। ਹਿਮਾਲਿਆ ਜਾਂਦੇ ਹੋਏ ਸ੍ਰੀ ਹਨੂਮਾਨ ਜਾਖੂ ਪਹਾੜੀ ਸ਼ਿਮਲਾ ਵਿਖੇ ਰੁਕੇ ਸਨ, ਜਿਥੇ ਉਹ ਜਖਸ ਨਾਂਅ ਦੇ ਸਾਧੂ ਨੂੰ ਮਿਲੇ ਸਨ, ਜੋ ਪਹਾੜੀ ਦੀ ਚੋਟੀ ਉੱਪਰ ਤਪੱਸਿਆ ਕਰ ਰਿਹਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਹਨੂਮਾਨ ਨੇ ਜਖਸ ਸਾਧੂ ਤੋਂ ਸੰਜੀਵਨੀ ਬੂਟੀ ਦੀ ਜਾਣਕਾਰੀ ਹਾਸਲ ਕੀਤੀ ਸੀ। ਇਹ ਜਖਸ ਸਾਧੂ ਹੀ ਸਮਾਂ ਪਾ ਕੇ ਜਾਖੂ ਕਹਿਲਾਇਆ ਸੀ। ਉਸ ਸਮੇਂ ਇਥੇ ਇਕ ਹਨੂਮਾਨ ਮੰਦਰ ਵੀ ਸਥਾਪਤ ਕੀਤਾ ਗਿਆ ਸੀ। ਪ੍ਰਸਿੱਧ ਫਿਲਮ ਸਟਾਰ ਅਮਿਤਾਬ ਬੱਚਨ ਦੀ ਬੇਟੀ ਸਵੇਤਾ ਬੱਚਨ ਦਾ ਸਹੁਰਾ ਪਰਿਵਾਰ ਸ਼ਿਮਲਾ ਵਿਚ ਰਹਿੰਦਾ ਹੈ। ਸਵੇਤਾ ਬੱਚਨ ਦੇ ਸਹੁਰਾ ਨੰਦਾ ਪਰਿਵਾਰ ਨੇ ਇਸ ਮੰਦਰ ਵਿਚ 108 ਫੁੱਟ ਉੱਚੀ ਹਨੂੰਮਾਨ ਦੀ ਇਕ ਮੂਰਤੀ ਸਥਾਪਤ ਕੀਤੀ ਸੀ, ਜਿਸ ਦਾ ਉਦਘਾਟਨ 2010 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰੋ: ਪ੍ਰੇਮ ਕੁਮਾਰ ਧੂਮਲ ਨੇ ਕੀਤਾ ਸੀ। ਇਸ ਦੇ ਉਦਘਾਟਨ ਸਮੇਂ ਅਭਿਸ਼ੇਕ ਬੱਚਨ ਖਾਸ ਤੌਰ 'ਤੇ ਮੁੰਬਈ ਤੋਂ ਇਥੇ ਪਹੁੰਚੇ ਸਨ। ਇਹ ਮੂਰਤੀ ਐਚ.ਸੀ. ਨੰਦਾ ਵਲੋਂ ਸਮਰਿਪਤ ਕੀਤੀ ਗਈ ਸੀ। ਦੇਵਦਾਰ ਦੇ ਰੁੱਖਾਂ ਨਾਲ ਘਿਰੀ ਇਹ ਪਹਾੜੀ ਚੋਟੀ ਦੂਰੋਂ-ਦੂਰੋਂ ਆ ਰਹੇ ਸੈਲਾਨੀਆਂ ਦਾ ਸਵਾਗਤ ਕਰਦੀ ਹੈ। ਇਸ ਪ੍ਰਾਚੀਨ ਮੰਦਰ ਦਾ ਆਲਾ-ਦੁਆਲਾ ਬਹੁਤ ਰਮਣੀਕ ਹੈ। ਮੰਦਰ ਦੇ ਦਰਸ਼ਨ ਕਰਦੇ ਸਮੇਂ ਲਸਾਨੀ ਆਨੰਦ ਪ੍ਰਾਪਤ ਹੁੰਦਾ ਹੈ। ਦੁਨੀਆ ਭਰ ਦੇ ਸੈਲਾਨੀ ਸ਼ਰਧਾ ਵਜੋਂ ਇਸ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਹਨ। ਰਿੱਜ ਮੈਦਾਨ ਸ਼ਿਮਲਾ ਤੋਂ ਪੈਦਲ ਸਫਰ ਕਰਦੇ ਸਮੇਂ ਸਾਨੂੰ ਭੁੱਖੇ ਬਾਂਦਰਾਂ ਤੋਂ ਬਚਣ ਲਈ ਕੁਝ ਸਾਵਧਾਨੀਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ, ਤਾਂ ਜੋ ਯਾਤਰਾ ਨੂੰ ਸਫਲ ਕੀਤਾ ਜਾ ਸਕੇ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।
ਮੋਬਾ: 94653-69343

ਸ਼ਹੀਦੀ ਸਮਾਗਮ 'ਤੇ ਵਿਸ਼ੇਸ਼ ਗ਼ਦਰੀ ਸ਼ਹੀਦ

ਭਾਈ ਬਲਵੰਤ ਸਿੰਘ ਅਤੇ ਭਾਈ ਰੰਗਾ ਸਿੰਘ ਖੁਰਦਪੁਰ

ਜ਼ਿਲ੍ਹਾ ਜਲੰਧਰ ਦੇ ਕਸਬਾ ਆਦਮਪੁਰ ਨੇੜਲੇ ਪਿੰਡ ਖੁਰਦਪੁਰ ਦੇ ਜੰਮਪਲ ਭਾਈ ਰੰਗਾ ਸਿੰਘ ਅਤੇ ਭਾਈ ਬਲਵੰਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਦੇ ਝੰਡੇ ਹੇਠ ਲੜੀ ਗਈ ਪਹਿਲੀ ਹਥਿਆਰਬੰਦ ਲੜਾਈ ਵਿਚ ਪੂਰੀ ਸਰਗਰਮੀ ਨਾਲ ਹਿੱਸਾ ਲਿਆ। ਭਾਈ ਬਲਵੰਤ ਸਿੰਘ ਨੇ ਵਿਦੇਸ਼ ਵਿਚ ਗ਼ਦਰ ਲਹਿਰ ਦੇ ਮੋਢੀ ਵਜੋਂ ਇਕ ਆਗੂ ਦੀ ਭੂਮਿਕਾ ਨਿਭਾਈ। ਕੈਨੇਡਾ ਸਰਕਾਰ ਨੇ ਭਾਰਤੀਆਂ ਦੇ ਦਾਖਲੇ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਤੇ ਭਾਈ ਬਲਵੰਤ ਸਿੰਘ ਨੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਪੂਰੀ ਬਹਾਦਰੀ ਨਾਲ ਲੜਾਈ ਲੜੀ। ਜਦੋਂ ਬਰਮਾ-ਸਿਆਮ ਫਰੰਟ ਉੱਤੇ ਹਿੰਦੁਸਤਾਨ ਦੇ ਨਾਲ ਹੀ ਗ਼ਦਰ ਕਰਨ ਦੀ ਸਕੀਮ ਸੀ ਤਾਂ ਇਸ ਵਾਸਤੇ ਗ਼ਦਰ ਪਾਰਟੀ ਦੇ ਜਿਨ੍ਹਾਂ ਆਗੂਆਂ ਦੀ ਡਿਊਟੀ ਲਾਈ ਗਈ ਸੀ, 17 ਜੁਲਾਈ 1915 ਨੂੰ ਭਾਈ ਬਲਵੰਤ ਸਿੰਘ ਵੀ ਉਨ੍ਹਾਂ ਨਾਲ ਆ ਰਲਿਆ ਪਰ ਅਫ਼ਸੋਸ ਕਿ ਉਹ 15 ਦਿਨ ਬਾਅਦ ਹੀ ਗ੍ਰਿਫ਼ਤਾਰ ਹੋ ਗਿਆ। ਉਸ ਨੂੰ ਸਿਆਮ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਅਤੇ ਸੰਨ 1917 ਵਿਚ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਰੰਗਾ ਸਿੰਘ ਨੇ ਗ਼ਦਰੀਆਂ ਵਿਚ ਆਪਸੀ ਸੰਪਰਕ ਬਣਾਉਣ, ਪਾਰਟੀ ਦੇ ਸੁਨੇਹੇ, ਸਾਹਿਤ ਸਾਰਿਆਂ ਤੱਕ ਪਹੁੰਚਾਉਣ ਅਤੇ ਪਾਰਟੀ ਦੇ ਪੱਕੇ ਅੱਡੇ ਕਾਇਮ ਕਰਨ ਦੇ ਕੰਮ ਬੜੇ ਸੁਚਾਰੂ ਢੰਗ ਨਾਲ ਕੀਤੇ। ਪਾਰਟੀ ਲਈ ਹਥਿਆਰਾਂ ਦੀ ਲੋੜ ਪੂਰੀ ਕਰਨ ਵਾਸਤੇ ਹਥਿਆਰ ਲੁੱਟਣ ਦੀਆਂ ਕਾਰਵਾਈਆਂ ਵਿਚ ਵੀ ਭਾਈ ਰੰਗਾ ਸਿੰਘ ਨੇ ਆਪਣੇ ਸਾਥੀਆਂ ਸਮੇਤ ਬੰਤਾ ਸਿੰਘ ਸੰਘਵਾਲ ਦੀ ਅਗਵਾਈ 'ਚ ਡਟ ਕੇ ਹਿੱਸਾ ਲਿਆ, ਜਿਸ ਕਰਕੇ ਭਾਈ ਰੰਗਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸੰਨ 1916 ਵਿਚ ਫਾਂਸੀ ਦੇ ਫੰਦੇ 'ਤੇ ਲਟਕਾ ਕੇ ਸ਼ਹੀਦ ਕੀਤਾ ਗਿਆ।
ਪਿੰਡ ਖੁਰਦਪੁਰ ਦੇ ਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 16 ਮਾਰਚ (ਦਿਨ ਸਨਿਚਰਵਾਰ) ਨੂੰ ਗੁਰਦੁਆਰਾ ਸ੍ਰੀ ਤਪਸਰ ਸਾਹਿਬ ਬਖੂਹਾ (ਖੁਰਦਪੁਰ) ਵਿਖੇ ਭਾਈ ਬਲਵੰਤ ਸਿੰਘ ਅਤੇ ਭਾਈ ਰੰਗਾ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਉੱਘੇ ਰਾਗੀ-ਢਾਡੀ ਸੰਗਤਾਂ ਨੂੰ ਨਿਹਾਲ ਕਰਨਗੇ, ਵੱਖ-ਵੱਖ ਬੁਲਾਰੇ ਸ਼ਹੀਦਾਂ ਦੀਆਂ ਕੁਰਬਾਨੀਆਂ 'ਤੇ ਚਾਨਣ ਪਾਉਣਗੇ ਅਤੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ।


-ਪਿੰਡ ਖੁਰਦਪੁਰ (ਜਲੰਧਰ)। ਮੋਬਾ: 94630-61638

ਬਰਸੀ 'ਤੇ ਵਿਸ਼ੇਸ਼

ਸੇਵਾ ਤੇ ਸਿਮਰਨ ਦੇ ਸੋਮੇ ਸੰਤ ਮਹਿੰਦਰ ਸਿੰਘ ਹਰਖੋਵਾਲ ਵਾਲੇ

ਸ਼ਾਂਤੀ ਦੇ ਪੁੰਜ ਅਤੇ ਗੁਰਬਾਣੀ ਕੀਰਤਨ ਦੇ ਧਨੀ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਤੋਂ ਵਰੋਸਾਏ ਸੰਤ ਮਹਿੰਦਰ ਸਿੰਘ ਹਰਖੋਵਾਲ ਵਾਲਿਆਂ ਦਾ ਜਨਮ ਪਿਤਾ ਸ: ਸੁੰਦਰ ਸਿੰਘ ਦੇ ਘਰ ਮਾਤਾ ਇੰਦਰ ਕੌਰ ਦੀ ਕੁੱਖੋਂ 28 ਮਾਰਚ 1926 ਈ: ਨੂੰ ਪਿੰਡ ਲੱਖਣਪੁਰ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਆਪ ਕਰਨੀ, ਕਥਨੀ ਵਿਚ ਪੂਰੇ ਗੁਰਸਿੱਖ ਸਨ, ਜਿਨ੍ਹਾਂ ਨੇ ਸਾਰੀ ਉਮਰ ਸ਼ਬਦ ਦੀ ਕਮਾਈ ਕੀਤੀ, ਪ੍ਰਭੂ ਦਾ ਸਿਮਰਨ ਹਰ ਸਮੇਂ ਕਰਦੇ ਰਹਿੰਦੇ ਅਤੇ ਸੰਗਤਾਂ ਨੂੰ ਸਿਮਰਨ ਕਰਾਉਂਦੇ ਰਹੇ। ਹੋਤੀ ਮਰਦਾਨ ਸੰਪਰਦਾ ਦੇ ਚਾਨਣ ਸੰਤ ਬਾਬਾ ਆਇਆ ਸਿੰਘ ਦੀ ਆਗਿਆ ਦਾ ਪਾਲਣ ਕਰਕੇ ਸੇਵਾ ਸਿਮਰਨ ਅਤੇ ਬੰਦਗੀ ਵਾਸਤੇ ਹੁਸ਼ਿਆਰਪੁਰ ਤੋਂ 8 ਕੁ ਮੀਲ ਦੂਰੀ 'ਤੇ ਸੰਤ ਬਾਬਾ ਜਵਾਲਾ ਸਿੰਘ ਨੇ 1919 ਈ: ਵਿਚ ਧਰਮ ਪ੍ਰਚਾਰ ਕੇਂਦਰ ਦੀ, ਸੰਤਗੜ੍ਹ ਡੇਰਾ, ਹਰਖੋਵਾਲ ਵਿਚ ਸਥਾਪਨਾ ਕੀਤੀ।
ਦੋਆਬੇ ਦੀ ਪਾਵਨ ਧਰਤੀ 'ਤੇ ਜਲੰਧਰ ਸ਼ਹਿਰ ਦੇ ਨਜ਼ਦੀਕ ਕਪੂਰਥਲਾ ਰੋਡ 'ਤੇ 15 ਨਵੰਬਰ 1982 ਨੂੰ ਨਵ-ਡੇਰਾ ਸੰਤਗੜ੍ਹ ਹਰਖੋਵਾਲ ਦੀ ਸਥਾਪਨਾ ਕਰਵਾ ਕੇ ਸਿੱਖੀ ਦੀ ਪਾਵਨ ਮਹਿਕ ਨੂੰ ਬਿਖੇਰਨ ਲਈ ਸਿੱਖ ਧਰਮ ਦਾ ਮਹਾਨ ਕੇਂਦਰ ਉਸਾਰਿਆ, ਜਿਥੇ ਕਿ ਆਪ ਜੀ ਤੋਂ ਵਰੋਸਾਏ ਸੰਤ ਬਾਬਾ ਦੀਦਾਰ ਸਿੰਘ ਹਰਖੋਵਾਲ ਵਾਲਿਆਂ ਨੇ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕਰਵਾਈ।
ਆਖਰੀ ਸਮੇਂ ਆਪ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਦੇ ਨਜ਼ਦੀਕ ਇਕ ਪਿੰਡ ਵਿਚ ਸਿੱਖੀ ਪ੍ਰਚਾਰ ਵਾਸਤੇ ਗਏ ਹੋਏ ਸਨ, ਜਿਥੇ ਕਿ 12 ਮਾਰਚ 1984 ਈ: ਨੂੰ ਆਪ ਸਦਾ ਲਈ ਪ੍ਰਭੂ ਚਰਨਾਂ 'ਚ ਅਭੇਦ ਹੋ ਗਏ। ਆਪ ਨੇ 58 ਸਾਲ ਗੁਰਮਤਿ ਪ੍ਰਚਾਰ ਦੀਆਂ ਕਿਰਨਾਂ ਦੁਆਰਾ ਸਿੱਖ ਸੰਗਤ ਨੂੰ ਰੁਸ਼ਨਾਇਆ। ਹਰ ਸਾਲ ਦੀ ਤਰ੍ਹਾਂ ਆਪ ਦਾ ਜਨਮ ਦਿਨ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਦੀਦਾਰ ਸਿੰਘ ਹਰਖੋਵਾਲ ਵਾਲਿਆਂ ਦੀ ਰਹਿਨੁਮਾਈ ਅਤੇ ਸੰਤ ਬਾਬਾ ਭਗਵਾਨ ਸਿੰਘ ਦੀ ਦੇਖ-ਰੇਖ ਹੇਠ 10 ਤੋਂ 12 ਮਾਰਚ ਤੱਕ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਡੇਰਾ ਸੰਤਗੜ੍ਹ, ਕਪੂਰਥਲਾ ਰੋਡ, ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ।


-ਮੋਬਾ: 76528-09190

ਧਾਰਮਿਕ ਸਾਹਿਤ

ਦਸਤਾਰ
ਲੇਖਕ : ਅਮਰੀਕ ਸਿੰਘ ਚੰਡੀਗੜ੍ਹ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ।
ਸਫੇ : 132, ਮੁੱਲ : 160 ਰੁਪਏ
ਸੰਪਰਕ : 98156-63344


ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੀ ਲਿਖੀ ਇਹ ਵਾਰਤਕ ਪੁਸਤਕ ਮਨੁੱਖੀ ਪਹਿਰਾਵੇ ਦੇ ਪ੍ਰਮੁੱਖ ਅਤੇ ਮਹੱਤਵਪੂਰਨ ਭਾਗ ਦਸਤਾਰ (ਪੱਗ, ਪਗੜੀ) ਦਾ ਵਿਸਥਾਰਪੂਰਵਕ ਮਹੱਤਵ ਬਿਆਨਦੀ ਹੈ। ਪੁਸਤਕ ਦੇ ਆਰੰਭ ਵਿਚ ਲੇਖਕ ਨੇ ਮਨੁੱਖੀ ਪਹਿਰਾਵੇ ਦਾ ਇਤਿਹਾਸਕ ਮਹੱਤਵ ਦਰਸਾਉਂਦਿਆਂ ਫਿਰ ਆਪਣੀ ਕਲਮ ਦੀ ਨੋਕ ਦਸਤਾਰ ਸਬੰਧੀ ਸਾਰੇ ਪੱਖਾਂ 'ਤੇ ਪੂਰੀ ਨੀਝ ਅਤੇ ਲਗਨ ਨਾਲ ਟਿਕਾਈ ਹੈ। ਇਸੇ ਕਰਕੇ ਪੁਸਤਕ ਦੇ ਮੁੱਖ ਬੰਦ ਲੇਖਕ ਬਲਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਜ਼ਿਲ੍ਹਾ ਰੋਪੜ ਨੇ ਲਿਖਿਆ ਹੈ, 'ਸਿੱਖ ਕੌਮ ਹਮੇਸ਼ਾ ਦਸਤਾਰ ਦੀ ਮਹੱਤਤਾ ਲਈ ਸੰਘਰਸ਼ਸ਼ੀਲ ਰਹੀ ਹੈ, ਕਿਉਂਕਿ ਸਿੱਖਾਂ ਲਈ ਇਹ ਕੇਵਲ ਕੱਪੜਾ ਮਾਤਰ ਨਹੀਂ, ਬਲਕਿ ਸਿਰ ਦਾ ਤਾਜ ਹੈ, ਸਰਦਾਰੀ ਦਾ ਪ੍ਰਤੀਕ ਹੈ। ਮਨੁੱਖੀ ਜੀਵਨ ਦੇ ਧਾਰਮਿਕ ਪਿਛੋਕੜ ਦਾ ਵੇਰਵਾ ਦਰਜ ਕਰਦਿਆਂ ਪੁਸਤਕ ਵਿਚ ਯਹੂਦੀ ਤੇ ਇਸਲਾਮ ਧਰਮ ਵਿਚ ਪੱਗ ਦੀ ਮਹਾਨਤਾ ਇਤਿਹਾਸਕ ਦਸਤਾਵੇਜ਼ਾਂ ਦੇ ਆਧਾਰ ਦੇ ਕੇ ਲੇਖਕ ਨੇ ਪਾਠਕ ਦੀ ਜਾਣਕਾਰੀ ਵਿਚ ਅਥਾਹ ਵਾਧਾ ਕੀਤਾ ਹੈ। ਲੇਖਕ ਨੇ ਲਿਖਿਆ ਹੈ, 'ਇਸਲਾਮ ਧਰਮ ਦੀਆਂ ਹਦੀਸਾਂ ਵਿਚ ਵੀ ਪੱਗ ਦਾ ਜ਼ਿਕਰ ਆਉਂਦਾ ਹੈ। ਹਜ਼ਰਤ ਮੁਹੰਮਦ ਸਾਹਿਬ ਖੁਦ ਸਫੈਦ ਰੰਗ ਦੀ ਪੱਗ ਬੰਨ੍ਹਦੇ ਸਨ ਅਤੇ ਪੱਗਾਂ ਦਾ ਹੀ ਸੀਰੀਆ ਵਿਚ ਖੁਦ ਵਪਾਰ ਕਰਦੇ ਸਨ। ਇਸੇ ਤਰ੍ਹਾਂ ਸਿੱਖ ਧਰਮ 'ਚੋਂ ਕਈ ਮਹੱਤਵਪੂਰਨ ਘਟਨਾਵਾਂ ਅਤੇ ਵੇਰਵੇ ਦੇ ਕੇ ਲੇਖਕ ਨੇ ਪੱਗ ਦੇ ਮਹੱਤਵ ਨੂੰ ਸਮਝਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਸ ਪੁਸਤਕ ਦੀ ਸ਼ੈਲੀ ਅਤੇ ਬੋਲੀ ਬੇਹੱਦ ਸੁਆਦਲੀ ਹੈ। ਵਿਚਾਰਾਂ ਦਾ ਬੱਝਵਾਂ ਪ੍ਰਭਾਵ ਪਾਉਣ ਦੀ ਕਲਾ ਲੇਖਕ ਦੀ ਕਲਮ ਦਾ ਮੂੰਹ ਚੜ੍ਹ ਕੇ ਬੋਲਣ ਵਾਲਾ ਗੁਣ ਹੈ। ਇਸ ਪੁਸਤਕ ਦੇ ਅੰਤ ਵਿਚ ਦਿੱਤੀ ਪੁਸਤਕ ਹਵਾਲਾ ਸੂਚੀ ਇਸ ਪੁਸਤਕ 'ਚ ਦਸਤਾਰ ਬਾਰੇ ਦਿੱਤੀ ਜਾਣਕਾਰੀ ਤੇ ਸਾਰਥਿਕਤਾ ਵਾਲੀ ਮੋਹਰ ਲਗਾਉਂਦੀ ਹੈ। ਸਿੱਖ ਧਰਮ ਦੇ ਬੱਚਿਆਂ ਦੀ ਨਵੀਂ ਪੀੜ੍ਹੀ ਨੂੰ ਹਰ ਹੀਲੇ ਇਹ ਪੁਸਤਕ ਪੜ੍ਹਨੀ-ਪੜ੍ਹਾਉਣੀ ਚਾਹੀਦੀ ਹੈ। ਤਦ ਹੀ ਉਨ੍ਹਾਂ ਨੂੰ ਪੰਜਾਬੀ ਕੌਮ ਦੀ ਪ੍ਰਮੁੱਖ ਪਛਾਣ ਦਸਤਾਰ ਦੀ ਲੋੜ ਅਤੇ ਮਹੱਤਵ ਸਮਝ ਆਵੇਗਾ। ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੀ ਲਿਖੀ ਇਸ ਵਾਰਤਕ ਪੁਸਤਕ ਦਾ ਪੰਜਾਬੀ ਸਾਹਿਤ ਜਗਤ ਵਿਚ ਭਰਵਾਂ ਸਵਾਗਤ ਕੀਤਾ ਜਾਣਾ ਚਾਹੀਦਾ ਹੈ।


-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾ: 98146-81444


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX