ਤਾਜਾ ਖ਼ਬਰਾਂ


ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  5 minutes ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  12 minutes ago
ਮੁੰਬਈ, 24 ਮਾਰਚ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 45 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ...
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  8 minutes ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  25 minutes ago
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਫੌਜੀ ਖੇਤਰ 'ਚ ਸਥਿਤ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਨਾਮੀ ਕੰਟੀਨ ਦੇ ਸਾਹਮਣਿਓਂ ਅੱਜ ਬਾਰੂਦੀ ਸੁਰੰਗ ਵਿਛਾਉਣ ਲਈ ਇਸਤੇਮਾਲ ਕੀਤਾ ਜਾਂਦਾ ਬੰਬ (ਮਾਈਨ) ਮਿਲਿਆ। ਇਸ ਮਗਰੋਂ ਫੌਜ ਨੇ...
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  8 minutes ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  38 minutes ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  44 minutes ago
ਪਣਜੀ, 24 ਮਾਰਚ- ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅੱਜ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਨਾਇਡੂ ਨੇ ਟਵੀਟ ਕਰਕੇ ਕਿਹਾ, ''ਅੱਜ ਗੋਆ 'ਚ...
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  about 1 hour ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  about 1 hour ago
ਇਸਲਾਮਾਬਾਦ, 24 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੰਧ ਸੂਬੇ 'ਚ ਦੋ ਨਾਬਾਲਗ ਹਿੰਦੂ ਲੜਕੀਆਂ ਦੀ ਅਗਵਾਕਾਰੀ, ਜਬਰਨ ਵਿਆਹ, ਧਰਮ ਪਰਿਵਰਤਨ ਅਤੇ ਘੱਟ ਉਮਰ 'ਚ ਵਿਆਹ ਕਰਾਏ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ...
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  about 1 hour ago
ਨਵੀਂ ਦਿੱਲੀ, 24 ਮਾਰਚ - ਹਰਿਆਣਾ ਦੀ ਪ੍ਰਸਿੱਧ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਨੇ ਕਿਹਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ। ਪ੍ਰਿਅੰਕਾ ਗਾਂਧੀ ਵਾਡਰਾ ਨਾਲ ਜੋ ਉਨ੍ਹਾਂ ਦੀਆਂ ਤਸਵੀਰਾਂ ਛਾਇਆ ਹੋਇਆਂ ਹਨ, ਉਹ ਪੁਰਾਣੀਆਂ ਹਨ। ਸਪਨਾ ਨੇ ਕਿਹਾ ਕਿ ਉਹ...
ਹੋਰ ਖ਼ਬਰਾਂ..

ਫ਼ਿਲਮ ਅੰਕ

ਤਮੰਨਾ ਭਾਟੀਆ

ਈਰਖਾਲੂ ਨਾਇਕਾ

ਆਪਣੀ ਨਵੀਂ ਫ਼ਿਲਮੀ ਗੱਲਬਾਤ ਦੌਰਾਨ ਤਮੰਨਾ ਭਾਟੀਆ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਬਾਕਾਇਦਾ ਇਹ ਸਮਝੌਤਾ-ਪੱਤਰ ਤਿਆਰ ਕਰਦੀ ਹੈ ਕਿ ਫ਼ਿਲਮ ਲਈ ਇਕ ਪਰਦੇ ਤੇ ਉਹ ਚੁੰਮਣ ਦ੍ਰਿਸ਼ ਲਗਾਤਾਰ ਨਹੀਂ ਦਵੇਗੀ, ਇਸ ਤੋਂ ਬਚ ਕੇ ਰਹੇਗੀ। ਨਹੀਂ ਮਨਜ਼ੂਰ ਤਾਂ ਫ਼ਿਲਮ ਨੂੰ ਨਾਂਹ ਕਰ ਦਿੰਦੀ ਹੈ। ਹੁਣ ਰਿਤਿਕ ਰੌਸ਼ਨ ਦੀ ਉਹ ਬੜੀ ਦੀਵਾਨੀ ਹੈ। ਸਹੇਲੀਆਂ ਨੂੰ ਕਹਿਣ ਲੱਗੀ ਤਾਂ ਰਿਤਿਕ ਨਾਲ ਚੁੰਮਣ ਦ੍ਰਿਸ਼ ਪਰਦੇ 'ਤੇ ਦੇਣਾ ਹੋਵੇ ਤਾਂ ਉਹ ਆਪਣਾ ਇਹ ਨਿਯਮ ਰਿਤਿਕ ਤੇ ਸਿਰਫ਼ ਰਿਤਕ ਕਰਕੇ ਤੋੜ ਸਕਦੀ ਹੈ। ਚਲੋ ਜੀ ਹੁਣ ਨਿਰਮਾਤਾ ਜੇ ਤਮੰਨਾ ਭਾਟੀਆ ਦੇ ਚੁੰਮਣ ਦ੍ਰਿਸ਼ ਦਿਖਾਉਣਾ ਚਾਹੁੰਦੇ ਹਨ ਤਾਂ ਹੀਰੋ ਰਿਤਿਕ ਰੌਸ਼ਨ ਹੋਣਾ ਚਾਹੀਦਾ ਹੈ। ਟਾਲੀਵੁੱਡ ਦੀ 'ਮਿਲਕੀ ਬਿਊਟੀ' ਕਹਾਉਣ ਵਾਲੀ ਤਮੰਨਾ ਭਾਟੀਆ ਅੰਗਰੇਜ਼ੀ ਗਾਣਿਆਂ ਤੇ ਦੇਸੀ ਅੰਦਾਜ਼ ਨਾਲ ਥਿਰਕਦੀ ਨਜ਼ਰ ਆਈ ਸੀ, ਪਿਛਲੇ ਦਿਨੀਂ ਤੇ ਨਾਲ ਹੀ ਉਸ ਨੇ ਕਿਹਾ ਸੀ ਕਿ ਜੇ ਅਨੁਸ਼ਕਾ ਨਾ ਹੁੰਦੀ ਤਾਂ ਅੱਜ ਉਹ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਜੀਵਨ ਸਾਥਣ ਹੁੰਦੀ। ਮਤਲਬ ਕਿ ਤਮੰਨਾ ਦਾ ਦਿਲ ਜੇ ਕਿਸੇ ਲਈ ਧੜਕਿਆ ਹੈ ਤਾਂ ਉਹ ਹੈ ਵਿਰਾਟ ਕੋਹਲੀ। ਹੀਰਿਆਂ ਨਾਲ ਉਸ ਨੂੰ ਬਹੁਤ ਪਿਆਰ ਹੈ ਤੇ ਉਸ ਦਾ ਘਰ ਦਾ ਨਾਂਅ ਤੰਨੂ ਹੈ। ਜਦ ਇਕ ਸ਼ਖ਼ਸ ਨੇ ਪੰਜਾਬ 'ਚ ਸ਼ੂਟਿੰਗ 'ਤੇ ਆਈ ਤਮੰਨਾ ਦੇ ਸਾਹਮਣੇ 'ਤੇਨੂ' ਲਫ਼ਜ਼ ਬੋਲਿਆ ਤਾਂ ਉਹ ਹੈਰਾਨ ਹੋ ਗਈ ਤੇ ਕਹਿਣ ਲੱਗੀ ਉਸ ਨੂੰ ਇਸ 'ਚੋਂ ਅਪਣੱਤ ਮਹਿਸੂਸ ਹੋਈ ਹੈ। ਮਾਧੁਰੀ ਦੀਕਸ਼ਤ ਦੇ ਨਾਚ ਤੋਂ ਪ੍ਰਭਾਵਿਤ ਤਮੰਨਾ ਦਾ ਆਪਣਾ ਵਪਾਰ ਵੀ ਹੈ ਤੇ ਉਸ ਅਨੁਸਾਰ ਆਰਥਿਕ ਪੱਖੋਂ ਉਸ ਨੂੰ ਕੋਈ ਕਮੀ ਨਹੀਂ ਹੈ ਪਰ ਉਹ ਚਾਹੁੰਦੀ ਹੈ ਕਿ ਮਰਦ ਹੀਰੋਜ਼ ਦੀ ਤਰ੍ਹਾਂ ਉਹ ਵੀ ਮਹਿੰਗੀ ਕੀਮਤ ਵਸੂਲ ਕਰੇ ਤੇ ਬਹੁ-ਕਰੋੜੀ ਹੀਰੋਇਨ ਬਣ ਕੇ ਇਕ ਨਵਾਂ ਰਿਕਾਰਡ ਬਣਾਏ। ਇਹ ਔਰਤਾਂ ਦੇ ਹੱਕ ਦੀ ਆਵਾਜ਼ ਹੈ ਜਾਂ ਫਿਰ ਮਰਦਾਂ ਨਾਲ ਨਫ਼ਰਤ, ਕੁਝ ਵੀ ਸਮਝ ਲਵੋ ਪਰ ਇਹ ਗੱਲ ਯਕੀਨਨ ਪੱਕੀ ਹੈ ਕਿ ਤਮੰਨਾ ਭਾਟੀਆ 'ਚ ਈਰਖਾ ਭਾਵਨਾ ਬਹੁਤ ਹੈ। ਇਸ ਦਾ ਪਤਾ ਕਈ ਵਾਰ ਉਸ ਦੇ ਬਿਆਨਾਂ ਤੋਂ ਵੀ ਲੱਗਦਾ ਰਹਿੰਦਾ ਹੈ।


ਖ਼ਬਰ ਸ਼ੇਅਰ ਕਰੋ

ਜੈਕਲਿਨ ਫਰਨਾਂਡਿਜ਼

ਪੰਜ ਦੇਸ਼ਾਂ ਦੀ ਧੀ

ਸ਼ਰਾਰਤਾਂ ਤੇ ਜੈਕਲਿਨ ਨਾ ਕਰੇ, ਇਹ ਤਾਂ ਅਸੰਭਵ ਹੈ। ਦੰਦਾਂ ਦੇ ਡਾਕਟਰ ਕੋਲ ਜਦ ਉਹ ਬੀਤੇ ਕੱਲ੍ਹ ਗਈ ਤਾਂ ਆਪ ਹੀ ਦੰਦ 'ਚ ਕੁਝ ਫਸਾ ਲਿਆ ਤੇ ਫਿਰ ਪੁੱਠੇ-ਸਿੱਧੇ ਮੂੰਹ ਬਣਾਉਂਦੀ ਨੇ ਉਥੇ ਆਏ ਮਰੀਜ਼ ਵੀ ਹਸਾ ਦਿੱਤੇ। ਇਕ ਬਾਇਓਪਿਕ ਫ਼ਿਲਮ ਕਰ ਰਹੀ ਜੈਕਲਿਨ ਫਰਨਾਂਡਿਜ਼ ਦਾ ਇਹ ਸ਼ਰਾਰਤਾਂ ਵਾਲਾ ਵੀਡੀਓ ਵਾਇਰਲ ਹੋ ਕੇ ਸਭ ਨੂੰ ਹਸਾ ਰਿਹਾ ਹੈ। ਸਾਰੇ ਕਹਿ ਰਹੇ ਹਨ ਕਿ ਕੁਝ ਵੀ ਹੋਵੇ, ਜੈਕੀ ਹੱਸਮੁੱਖ ਕੁੜੀ ਹੈ। ਰੋਂਦਿਆਂ ਨੂੰ ਹਸਾ ਦਿੰਦੀ ਹੈ। ਆਈਟਮ ਗੀਤਾਂ ਨੂੰ ਅਲਵਿਦਾ ਕਹਿ ਚੁੱਕੀ ਜੈਕੀ ਨੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਆਪਣੀ ਫ਼ਿਲਮ 'ਡਰਾਈਵ' ਨੂੰ ਆਪਣੀ ਲੀਕ ਤੋਂ ਹਟਵੀਂ ਫ਼ਿਲਮ ਕਿਹਾ ਹੈ। ਸਲਮਾਨ ਪਰਿਵਾਰ ਦੇ ਕਾਫ਼ੀ ਨੇੜੇ ਹੈ, ਉਹ ਤੇ ਇਸ ਸਮੇਂ ਉਹ ਹਰ ਕੰਮ ਯੋਜਨਾ ਨਾਲ ਕਰ ਰਹੀ ਹੈ। ਹੋਰ ਤੇ ਹੋਰ ਸਲਮਾਨ ਖ਼ਾਨ 'ਬੁਰਾ ਹੈ' ਮੈਂ ਨਹੀਂ, 'ਗੂਗਲ' ਕਹਿੰਦੀ ਹੈ, ਕਹਿ ਕੇ ਸ਼ਰਾਰਤੀ ਹਾਸਾ ਹੱਸਦੀ ਜੈਕੀ ਰਤਾ ਵੀ ਨਹੀਂ ਡਰੀ ਕਿ ਕਿਤੇ ਸਲਮਾਨ ਖ਼ਾਨ ਇਸ ਗੱਲੋਂ ਉਸ ਨਾਲ ਨਾਰਾਜ਼ ਹੀ ਨਾ ਹੋ ਜਾਵੇ। ਔਰਤਾਂ ਨਾਲ ਜ਼ਬਰਦਸਤੀ ਦੇ ਮਾਮਲਿਆਂ 'ਤੇ ਟਿੱਪਣੀ ਕਰਦੀ ਜੈਕੀ ਨੇ ਕਿਹਾ ਕਿ ਇਹ ਇੰਡਸਟਰੀ 'ਚ ਹੀ ਕਿਉਂ ਸਮਾਜ 'ਚ ਸਦੀਆਂ ਤੋਂ ਹੋ ਰਿਹਾ ਹੈ। ਇਥੇ ਤਾਂ ਹੁਣ ਗੁਆਂਢੀ ਦਾ ਵੀ ਇਤਬਾਰ ਨਹੀਂ ਰਿਹਾ, ਕਹਿ ਕੇ ਜੈਕੀ ਨੇ ਸਮੁੱਚੀ ਦੁਨੀਆ ਤੇ ਸੱਚੀ ਟਿੱਪਣੀ ਕੀਤੀ ਹੈ। ਪਿਓ ਸ੍ਰੀਲੰਕਾ ਦਾ ਤੇ ਮਾਂ ਮਲੇਸ਼ੀਆ ਦੀ ਤੇ ਦਾਦਾ ਕੈਨੇਡੀਅਨ ਤਾਂ ਫਿਰ ਭਲਾ ਸ੍ਰੀਲੰਕਾ ਦੀ ਕਿਵੇਂ ਹੋਈ ਜੈਕਲਿਨ। ਇਹ ਵੀ ਉਸ ਅਨੁਸਾਰ ਸੋਚਣ ਵਾਲੀ ਗੱਲ ਹੈ ਤੇ ਨਾਲੇ ਉਸ ਦਾ ਜਨਮ ਬਹਿਰੀਨ ਦਾ ਹੈ। ਵੱਖਰੇ-ਵੱਖਰੇ ਦੇਸ਼ਾਂ ਨਾਲ ਸਬੰਧਿਤ ਖਾਨਦਾਨਾਂ ਦੀ ਪੈਦਾਇਸ਼ ਜੈਕਲਿਨ ਫਰਨਾਂਡਿਜ਼ ਇਸ ਹਿਸਾਬ ਨਾਲ ਲੰਕਾ-ਮਲੇਸ਼ੀਆ-ਬਹਿਰੀਨ ਤੇ ਕੈਨੇਡਾ ਚਾਰ ਦੇਸ਼ਾਂ ਦੀ ਰਲੀ-ਮਿਲੀ ਮਿੱਟੀ 'ਚੋਂ ਉਪਜੀ ਤੇ ਪੰਜਵੇਂ ਭਾਰਤ ਦੇਸ਼ ਦੀ ਮਿੱਟੀ 'ਚੋਂ ਕਮਾਈ ਕਰਨ ਵਾਲੀ ਹੈਰਾਨੀਜਨਕ ਅਭਿਨੇਤਰੀ ਹੈ।

ਪੂਜਾ ਹੇਗੜੇ

ਸੁਨਹਿਰੀ ਸਮਾਂ ਆ ਗਿਐ

'ਮੋਹੰਜਦੜੋ' ਨਾਂਅ ਦੀ ਫਲਾਪ ਫ਼ਿਲਮ ਨਾਲ ਸ਼ੁਰੂਆਤ ਤਾਂ ਹੋਈ ਪਰ ਪੂਜਾ ਹੈਗੜੇ ਨੇ ਕਦੇ ਵੀ ਇਸ 'ਤੇ ਅਫ਼ਸੋਸ ਨਹੀਂ ਕੀਤਾ। ਆਖਦੀ ਹੈ ਜਦ ਇਰਾਦੇ ਹੀ ਹੋਰ ਹੋਣ ਤੇ ਮਿਲ ਇਰਾਦਿਆਂ ਤੋਂ ਜ਼ਿਆਦਾ ਜਾਏ ਤਾਂ ਫਲਾਪ-ਹਿੱਟ ਦਾ ਕੀ ਮਤਲਬ ਰਹਿ ਜਾਂਦਾ ਹੈ? ਦੇਖੋ ਜਦ ਉਹ ਛੋਟੀ ਸੀ ਤਦ ਡਾਕੀਆ ਬਣਨ ਦਾ ਇਰਾਦਾ ਰੱਖਦੀ ਸੀ ਕਿ ਇਸ ਤੋਂ ਵਧੀਆ ਹੋਰ ਕੋਈ ਨੌਕਰੀ ਨਹੀਂ ਹੈ। ਛੋਟੇ-ਛੋਟੇ ਬੁਆਏ ਕੱਟ ਵਾਲਾਂ ਕਾਰਨ 'ਟਾਮ ਬੁਆਏ' ਉਸ ਨੂੰ ਸਕੂਲ-ਕਾਲਜ 'ਚ ਕਿਹਾ ਜਾਂਦਾ ਸੀ। ਹਰ ਸਾਲ ਨਵੇਂ ਥਾਂ ਦੀ ਯਾਤਰਾ ਉਹ ਜ਼ਰੂਰ ਕਰਦੀ ਸੀ। ਯਾਤਰਾ ਉਸ ਦਾ ਵੱਡਾ ਸ਼ੌਕ ਸੀ। ਬਹੁਤ ਗੁੱਸਾ ਆਉਂਦਾ ਹੈ ਜਦ ਇਕੱਲਾ ਪੂਜਾ ਕਹਿ ਕੇ ਉਸ ਨੂੰ ਕੋਈ ਬੁਲਾਏ ਤੇ ਹੋਰ ਗੁੱਸਾ ਤਦ ਜਦ ਹੈਗੜੇ ਨੂੰ ਹੇਗੜੇ-ਹੈਗਦੇ ਅਰਥਾਤ ਪਿਛਲੇ ਨਾਂਅ ਨੂੰ ਗ਼ਲਤ ਉਚਾਰਨ ਕਰੇ। ਨਿੱਕੀ ਜਿਹੀ ਗੱਲੋਂ ਹੀ ਗੁੱਸਾ ਆਉਣਾ ਇਹੀ ਖਰਾਬ ਆਦਤ ਉਸ ਨੂੰ ਇਸ ਇੰਡਸਟਰੀ 'ਚ ਘਾਟੇ ਦਾ ਸੌਦਾ ਬਣ ਮਿਲ ਰਹੀ ਹੈ। 'ਹਲੀਮ' ਉਸ ਦਾ ਮਨਪਸੰਦ ਖਾਣਾ ਹੈ ਤੇ ਜਦ ਬਾਹਰ ਜਾਣਾ ਪਏ ਯਾਤਰਾ 'ਤੇ ਨਾਲ ਹੀ 'ਹਲੀਮ' ਦਾ ਭਰਿਆ ਬੈਗ ਹੁੰਦਾ ਹੈ। 'ਹਲੀਮ' ਅਰਥਾਤ ਕੁਝ ਕਣਕ ਦਾ ਆਟਾ, ਨਾਲ ਬਰੇਲੀ ਦਾ ਪੇਠਾ ਤੇ ਨਾਲ ਘਰੇ ਬਣਾਏ ਦੇਸੀ ਮਸਾਲੇ। ਅਜੀਬੋ-ਗਰੀਬ ਖਾਣਾ ਹੈ ਪੂਜਾ ਦਾ। ਤਮੰਨਾ ਬਹੁਤ ਚਿੰਤਤ ਹੈ ਕਿ ਅਮਰੀਕਨ ਹੀਰੋ ਜੋਸ਼ੂਆ ਡੇਵਿਡ ਨਾਲ ਫ਼ਿਲਮ ਜ਼ਰੂਰ ਕਰਨੀ ਹੈ। ਟੀ.ਵੀ. ਤੋਂ ਪੂਰੀ ਅਲਰਜ਼ੀ ਹੈ ਉਸ ਨੂੰ। ਸਿਰਫ਼ ਤੇ ਸਿਰਫ਼ ਉਹ ਅੰਗਰੇਜ਼ੀ ਫ਼ਿਲਮਾਂ ਤੇ ਅੰਗਰੇਜ਼ੀ ਡਰਾਮੇ ਹੀ ਵੇਖਦੀ ਹੈ। ਟੈਨਿਸ ਖੇਡਣੀ, ਸਾਹਿਤ ਪੜ੍ਹਨਾ ਉਸ ਦੇ ਦੂਸਰੇ ਸ਼ੌਕ ਹਨ। ਜਿਥੋਂ ਤੱਕ ਕੰਮ ਦੀ ਗੱਲ ਹੈ ਤਾਂ ਦੱਖਣ ਦੀਆਂ ਫ਼ਿਲਮਾਂ ਵੀ ਉਸ ਨੇ ਕੀਤੀਆਂ ਹਨ। ਰਣਬੀਰ ਕਪੂਰ ਨਾਲ ਹੀਰੋ ਸਕੂਟਰੀ ਦੀ ਮਸ਼ਹੂਰੀ ਵੀ ਕਰ ਚੁੱਕੀ ਪੂਜਾ ਹੈਗੜੇ 'ਹਾਊਸਫੁਲ-4' 'ਚ ਫਿਰ ਆ ਕੇ ਪਿਛਲੀਆਂ ਕਸਰਾਂ ਇਕ ਹੀ ਫ਼ਿਲਮ ਨਾਲ ਕੱਢਣ ਲਈ ਤਿਆਰ ਹੈ। 200 ਕਰੋੜ ਦੇ ਬਜਟ ਵਾਲੀ ਫ਼ਿਲਮ ਦਾ ਹਿੱਸਾ ਬਣ ਕੇ ਇਹ ਅਜੀਬੋ-ਗਰੀਬ ਅਭਿਨੇਤਰੀ ਆਪਣੇ ਗੁੰਮਨਾਮੀ ਦੇ ਦੌਰ ਨੂੰ ਅਲਵਿਦਾ ਕਹਿਣ ਵਾਲੀ ਹੈ। ਸ਼ਾਇਦ ਪੂਜਾ ਹੈਗੜੇ ਦਾ ਸੁਨਹਿਰੀ ਸਮਾਂ ਇਕ ਵਾਰ ਫਿਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਪੂਜਾ ਦੀ ਸਰੀਰਕ ਭਾਸ਼ਾ ਵੀ ਹੁਣ ਇਹੀ ਦਰਸਾ ਰਹੀ ਹੈ।

ਸ਼ਾਹਿਦ ਕਪੂਰ

ਹੁਣ ਪਹਿਲਾਂ ਤੋਲਾਂਗਾ ਫਿਰ ਬੋਲਾਂਗਾ

ਕਹਿਣਾ ਸੌਖਾ ਕਿ ਫ਼ਿਲਮੀ ਘਰਾਣੇ ਦੇ ਬੱਚੇ ਮੂੰਹ 'ਚ ਚਾਂਦੀ ਦਾ ਚਮਚਾ ਪਾ ਕੇ ਹੀ ਜਨਮ ਲੈਂਦੇ ਹਨ ਪਰ ਸ਼ਾਹਿਦ ਕਪੂਰ ਨੂੰ ਪੁੱਛੋ ਜਿਸ ਦੇ ਮਾਪੇ ਫ਼ਿਲਮੀ ਹੋਣ ਦੇ ਬਾਵਜੂਦ ਉਹ ਚਾਰ ਸਾਲ ਤੱਕ ਸ਼ਾਹਰੁਖ ਖ਼ਾਨ, ਕ੍ਰਿਸ਼ਮਾ ਕਪੂਰ, ਮਾਧੁਰੀ ਦੀਕਸ਼ਤ ਤੇ ਐਸ਼ਵਰਿਆ ਰਾਏ ਦੇ ਪਿਛੇ ਨੱਚਦਾ ਰਿਹਾ ਸੀ। ਇਹ ਸੰਘਰਸ਼ ਕੌਣ ਜਾਣਦਾ ਹੈ। 'ਤਾਲ', 'ਦਿਲ ਤੋ ਪਾਗਲ ਹੈ' ਦਾ ਜੂਨੀਅਰ ਕਲਾਕਾਰ ਸ਼ਾਹਿਦ ਕਪੂਰ 'ਇਸ਼ਕ ਵਿਸ਼ਕ' ਨਾਲ ਹੀਰੋ ਬਣਿਆ। ਅੱਜ ਕੱਲ੍ਹ ਉਹ 'ਕਬੀਰ ਸਿੰਘ' ਫ਼ਿਲਮ 'ਚ ਰੁਝਿਆ ਹੋਇਆ ਹੈ। ਬਾਈਕ ਰਾਈਡਿੰਗ ਦੀ ਇਕ ਵੱਡੇ ਬਜਟ ਦੀ ਨਵੀਂ ਫ਼ਿਲਮ ਵੀ ਸ਼ਾਹਿਦ ਦੇ ਹੱਥ ਆ ਗਈ ਹੈ। ਕਿਆਰਾ ਅਡਵਾਨੀ ਤੇ ਟੀਨਾ ਸਿੰਘ ਨਾਲ ਉਹ 'ਕਬੀਰ ਸਿੰਘ' ਕਰ ਰਿਹਾ ਹੈ। 'ਬੱਤੀ ਗੁੱਲ ਮੀਟਰ ਚਾਲੂ' ਨੇ ਚਾਹੇ ਸ਼ਾਹਿਦ ਦੀ ਬੱਤੀ ਗੁੱਲ ਕਰ ਦਿੱਤੀ ਪਰ 'ਕਬੀਰ ਸਿੰਘ' ਕਾਮਯਾਬੀ ਦਾ ਮੀਟਰ ਚਾਲੂ ਕਰੇਗੀ, ਇਹ ਯਕੀਨ ਹੈ ਉਸ ਨੂੰ ਤੇ ਹੁਣ ਸ਼ਾਹਿਦ ਨੇ ਫੈਸਲਾ ਕੀਤਾ ਹੈ ਕਿ ਉਹ ਸੋਚ-ਸਮਝ ਕੇ ਟਵੀਟ ਕਰਿਆ ਕਰੇਗਾ ਕਿਉਂਕਿ 'ਪੁਲਵਾਮਾ' ਹਮਲੇ ਦੇ ਸਬੰਧ ਵਿਚ ਉਸ ਦੇ ਟਵੀਟ 'ਚ ਉਸ ਦੀ ਆਲੋਚਨਾ ਬਹੁਤ ਹੋਈ ਸੀ। ਸ਼ਾਹਿਦ ਨੇ ਬਾਅਦ 'ਚ ਮੁਆਫੀ ਵੀ ਮੰਗ ਲਈ ਸੀ ਪਰ ਤੋਲ ਕੇ ਬੋਲ ਦੀ ਨਿਯਮਾਂਵਲੀ ਹੁਣ ਉਸ ਨੇ ਅਪਨਾਉਣ ਦਾ ਫੈਸਾਲ ਕੀਤਾ ਹੈ ਕਿਉਂਕਿ ਨਿੱਕੀ ਜਿਹੀ ਗ਼ਲਤੀ ਨੁਕਸਾਨ ਵੱਡਾ ਕਰ ਜਾਂਦੀ ਹੈ।


-ਸੁਖਜੀਤ ਕੌਰ

ਸਾਰਾ ਅਲੀ ਅਤੇ ਜਾਹਨਵੀ ਕਪੂਰ ਵਿਚਕਾਰ ਨਹੀਂ ਹੈ ਮੁਕਾਬਲੇਬਾਜ਼ੀ

ਸਾਰਾ ਅਲੀ ਅਤੇ ਜਾਹਨਵੀ ਕਪੂਰ ਨੂੰ ਲੈ ਕੇ ਮੀਡੀਆ ਭਾਵੇਂ ਇਨ੍ਹੀਂ ਦਿਨੀਂ ਮੁਕਾਬਲੇਬਾਜ਼ੀ ਦੀ ਗੱਲ ਨੂੰ ਬਹੁਤ ਉਛਾਲ ਰਿਹਾ ਹੈ, ਸੱਚ ਤਾਂ ਇਹ ਹੈ ਕਿ ਇਨ੍ਹਾਂ ਦੋਵਾਂ ਵਿਚਕਾਰ ਕੋਈ ਮੁਕਾਬਲੇਬਾਜ਼ੀ ਨਹੀਂ ਹੈ। ਦੋਵੇਂ ਹੀ ਆਪਣੇ-ਆਪਣੇ ਢੰਗ ਨਾਲ ਫਿਲਮਾਂ ਕਰ ਰਹੀਆਂ ਹਨ। ਵੈਸੇ ਦੋਵੇਂ ਇਕ-ਦੂਸਰੇ ਦੀਆਂ ਦੋਸਤ ਵੀ ਨਹੀਂ ਹਨ ਪਰ ਇੰਡਸਟਰੀ ਵਿਚ ਆਉਣ ਤੋਂ ਪਹਿਲਾਂ ਪਰਿਵਾਰਕ ਅਤੇ ਆਪਣੇ-ਆਪਣੇ ਦੋਸਤਾਂ ਨਾਲ ਕਾਫ਼ੀ ਸਮਾਂ ਬਤੀਤ ਕੀਤਾ ਹੈ। ਇਸ ਦੇ ਨਾਲ ਹੀ ਦੋਵਾਂ ਦੇ ਮਨਾਂ ਵਿਚ ਇਕ ਪ੍ਰਤੀਯੋਗਤਾ ਦੀ ਭਾਵਨਾ ਤਾਂ ਹੈ ਪਰ ਦੋਵੇਂ ਹੀ ਇਸ ਗੱਲ ਤੋਂ ਸਾਫ਼ ਇਨਕਾਰ ਕਰਦੀਆਂ ਹਨ ਕਿ ਉਹ ਇਕ-ਦੂਸਰੇ ਨਾਲ ਮੁਕਾਬਲੇਬਾਜ਼ੀ 'ਚ ਹਨ। ਦੇਖਿਆ ਜਾਵੇ ਤਾਂ ਪ੍ਰਤੀਯੋਗਤਾ ਵਾਲੀ ਗੱਲ ਸੁਭਾਵਿਕ ਹੀ ਹੈ ਕਿਉਂਕਿ ਦੋਵੇਂ ਹੀ ਹਮ-ਉਮਰ ਹਨ। ਫਿਰ ਵੀ ਕਹਾਣੀਆਂ ਘੜਨ ਵਾਲੇ ਸਾਰਾ ਅਤੇ ਜਾਹਨਵੀ ਦਾ ਨਾਂਅ ਇਕੋ ਸਮੇਂ ਲੈਂਦੇ ਰਹਿੰਦੇ ਹਨ। ਪਰ ਇਸ ਦੇ ਬਾਵਜੂਦ ਇਨ੍ਹਾਂ ਦੋਵਾਂ ਦੇ ਪਰਿਵਾਰਕ ਰਿਸ਼ਤੇ 'ਚ ਉਸ ਤਰ੍ਹਾਂ ਦੀ ਮਾਰੂ ਵਾਲੀ ਮੁਕਾਬਲੇਬਾਜ਼ੀ ਨਹੀਂ ਹੈ। ਹੁਣ ਸਾਰਾ ਹਮੇਸ਼ਾ ਜਾਹਨਵੀ ਦਾ ਜ਼ਿਕਰ ਆਉਣ ਉਸ ਦੀ ਤਾਰੀਫ਼ ਕਰਦੀ ਹੈ, ਉਹ ਕਹਿੰਦੀ 'ਮੇਰੀ ਫਿਟਨੈੱਸ 'ਚ ਮੋਟਾਪਾ ਹੈ ਪਰ ਜਾਹਨਵੀ ਤਾਂ ਇਕਦਮ ਫਿਟ ਹੈ। ਮੇਰੇ ਸਾਹਮਣੇ ਫੈਟ ਕੁਕੀਜ਼ ਰੱਖੇ ਜਾਣ 'ਤੇ ਮੈਂ ਜਾਹਨਵੀ ਦੀ ਗੱਲ ਸੋਚਦੀ ਹਾਂ। ਜਾਹਨਵੀ ਵਰਗਾ ਫਿੱਗਰ ਬਣਾਉਣ ਲਈ ਮੈਨੂੰ ਆਪਣੇ ਲਾਲਚ ਨੂੰ ਕਾਬੂ ਵਿਚ ਰੱਖਣਾ ਪੈਂਦਾ ਹੈ। ਇਹ ਸੋਚ ਕੇ ਮੈਂ ਉਸ ਫੈਟ ਕੁਕੀਜ਼ ਵਾਲੀ ਪਲੇਟ ਨੂੰ ਅੱਗੇ ਸਰਕਦਾ ਦਿੰਦੀ ਹਾਂ। ਇਹੀ ਨਹੀਂ ਕਿਸੇ ਵਧੀਆ ਪਹਿਰਾਵੇ ਵਿਚ ਜਾਹਨਵੀ ਦੀ ਤਸਵੀਰ ਦੇਖਣ 'ਤੇ ਸਾਰਾ ਜਲਦੀ ਉਸ ਤਰ੍ਹਾਂ ਦਾ ਪਹਿਰਾਵਾ ਲੈ ਕੇ ਇਸ ਤਸਵੀਰ ਨੂੰ ਲੱਭ ਕੇ ਦੋਵਾਂ ਦਾ ਕਲਾਜ਼ ਬਣਾ ਕੇ ਉਹ ਤਸਵੀਰ ਜਾਹਨਵੀ ਨੂੰ ਭੇਜ ਦਿੰਦੀ ਹੈ। ਸਾਰਾ ਦੀ ਅਜਿਹੀ ਗੱਲ ਨੂੰ ਤੁਸੀਂ ਉਮਰ ਦਾ ਤਕਾਜ਼ਾ ਵੀ ਕਹਿ ਸਕਦੇ ਹੋ। ਦੂਸਰੇ ਪਾਸੇ ਜਾਹਨਵੀ ਹੈ ਜੋ ਸਾਰਾ ਦੀ ਸੁੰਦਰਤਾ ਦੀ ਮੁਰੀਦ ਹੈ। ਉਹ ਕਹਿੰਦੀ ਹੈ, 'ਸਾਰਾ ਕਿੰਨੀਆਂ ਵਧੀਆ ਗੱਲਾਂ ਕਰਦੀ ਹੈ। ਉਸ 'ਚ ਗਜ਼ਬ ਦਾ ਵਿਸ਼ਵਾਸ ਹੈ। ਕੈਮਰੇ ਦੇ ਸਾਹਮਣੇ ਉਹ ਕਦੇ ਪ੍ਰੇਸ਼ਾਨੀ ਮਹਿਸੂਸ ਨਹੀਂ ਕਰਦੀ ਜਦੋਂ ਕਿ ਮੈਂ ਬਹੁਤ ਸੋਚਦੀ ਹਾਂ। ਵੈਸੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਸਾਰਾ ਦੀ ਤਰ੍ਹਾਂ ਮੈਂ ਝਟਪਟ ਸਵਾਲਾਂ ਦੇ ਜਵਾਬ ਦੇ ਸਕਾਂ। ਇਸ ਲਈ ਉਸ ਦੇ ਸਾਰੇ ਇੰਟਰਵਿਊ ਮੈਂ ਬੜੇ ਧਿਆਨ ਨਾਲ ਦੇਖਦੀ ਹਾਂ।' ਇਹ ਜਾਹਨਵੀ ਦੀ ਇਕ ਸੌਖੀ ਸਵੀਕ੍ਰਿਤੀ ਹੈ। ਇਹ ਦੋਵੇਂ ਕਾਫੀ ਹੱਦ ਤੱਕ ਦੋਵੇਂ ਇਕੋ ਤਰ੍ਹਾਂ ਦੀਆਂ ਹੀ ਹਨ। ਪ੍ਰਤੀਯੋਗਤਾਨੁਮਾ ਸਵਾਲ ਦੇ ਜਵਾਬ ਵਿਚ ਦੋਵਾਂ ਦਾ ਉੱਤਰ ਇਕ ਹੀ ਹੁੰਦਾ ਹੈ ਕਿ, 'ਉਹ ਮੈਨੂੰ ਉਤਸ਼ਾਹਿਤ ਕਰਦੀ ਹੈ।'

ਦੀਪਿਕਾ ਪਾਦੂਕੋਨ

ਹੁਣ ਰਾਜਨੀਤੀ ਵੀ ਕਰੇਗੀ

'ਮਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੀ ਹਾਂ, ਪਰ ਉਹ ਬਹੁਤ ਹੀ ਕੁਦਰਤੀ ਤੇ ਸੁਭਾਵਿਕ ਹੈ', ਇਹ ਕੈਪਸ਼ਨ ਇੰਸਟ੍ਰਾਗ੍ਰਾਮ 'ਤੇ ਆਪਣੀ ਮਾਂ ਉਜਲਾ ਪਾਦੂਕੋਨ ਨਾਲ ਪਾਈ ਆਪਣੀ ਤੇ ਮਾਂ ਦੀ ਫੋਟੋ ਹੇਠ ਦੀਪਿਕਾ ਪਾਦੂਕੋਨ ਨੇ ਲਿਖੀ ਹੈ। ਲੋਕਾਂ ਨੂੰ ਪਤਾ ਚੱਲਿਆ ਹੈ ਕਿ ਆਪਣੀ ਮਾਂ ਦੇ ਚਿਹਰੇ 'ਤੇ ਹਮੇਸ਼ਾ ਮੁਸਕਾਨ ਦੇਖਣਾ ਚਾਹੁੰਦੀ ਹੈ ਦੀਪੀ ਤੇ ਮਾਂ ਉਸ ਲਈ ਰੱਬ ਦਾ ਦੂਜਾ ਨਾਂਅ ਹੈ। ਇਧਰ ਰਣਬੀਰ ਕਪੂਰ ਨਾਲ ਉਸ ਦੀ ਨਵੀਂ ਮਸ਼ਹੂਰੀ ਦੀ ਫੋਟੋ ਵਾਇਰਲ ਹੋ ਕੇ ਲੋਕਾਂ 'ਚ ਖਿਚ ਦਾ ਕੇਂਦਰ ਬਣੀ ਹੋਈ ਹੈ। ਸਲਮਾਨ ਖ਼ਾਨ ਨਾਲ ਉਸ ਨੇ ਪਹਿਲੀ ਫ਼ਿਲਮ ਕਰਨੀ ਸੀ ਪਰ ਨਾ ਹੋ ਸਕੀ ਤੇ ਫਿਰ 'ਪ੍ਰੇਮ ਰਤਨ ਧਨ ਪਾਯੋ', 'ਕਿੱਕ', 'ਸੁਲਤਾਨ', 'ਟਿਊਬਲਾਈਟ' ਵੀ ਉਹ ਤਰੀਕਾਂ ਕਰਕੇ ਨਾ ਕਰ ਸਕੀ ਤੇ ਹੁਣ ਲੰਬੇ ਚਿਰ ਬਾਅਦ ਸੰਜੇ ਲੀਲਾ ਭੰਸਾਲੀ ਹੋਰੀਂ ਸੱਲੂ ਨੂੰ ਲੈ ਕੇ ਫ਼ਿਲਮ ਕਰਨ ਜਾ ਰਹੇ ਹਨ ਤੇ ਖਾਸ ਗੱਲ ਇਹ ਕਿ ਦੀਪਿਕਾ ਨੇ ਹਾਂ ਕਰ ਦਿੱਤੀ ਹੈ। ਆਖਿਰ ਸਲਮਾਨ-ਦੀਪਿਕਾ ਦੀ ਜੋੜੀ ਤਾਂ ਫਿਰ ਪੂਰਾ ਰੌਲਾ ਪੈਣਾ ਲਾਜ਼ਮੀ ਹੈ। 'ਛਪਾਕ' ਫ਼ਿਲਮ ਕਰ ਰਹੀ ਦੀਪਿਕਾ ਲਈ ਪਾਰਟੀਆਂ ਤਿਆਰ ਰਹਿਣ। ਚੋਣਾਂ ਦਾ ਮਾਹੌਲ ਭਖਣ ਵਾਲਾ ਹੈ ਤੇ ਦੀਪੀ ਨੇ ਰਾਜਨੀਤੀ 'ਚ ਆਉਣ ਦਾ ਇਰਾਦਾ ਜ਼ਾਹਿਰ ਕੀਤਾ ਹੈ।

ਔਰਤ ਦੇ ਦੁੱਖਾਂ ਦੀ ਬਾਤ ਪਾਊ ਮੀਰਾ

ਨਵੇਂ ਨਿਰਮਾਤਾ ਕਪਿਲ ਪਾਠਾਰੇ ਨੇ ਲਘੂ ਫ਼ਿਲਮ 'ਮੀਰਾ' ਦਾ ਨਿਰਮਾਣ ਕੀਤਾ ਹੈ ਅਤੇ ਇਹ ਸੁਨੀਲ ਪਾਠਾਰੇ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ। ਫ਼ਿਲਮ ਵਿਚ ਮੀਰਾ ਨਾਮੀ ਔਰਤ ਦੀ ਕਹਾਣੀ ਦਿਖਾਈ ਗਈ ਹੈ ਜੋ ਮੁੰਬਈ ਵਿਚ ਰਹਿੰਦੀ ਹੈ। ਮੀਰਾ ਨੂੰ ਇਹ ਲਗਦਾ ਹੁੰਦਾ ਹੈ ਕਿ ਮੁੰਬਈ ਮਹਾਨਗਰ ਔਰਤਾਂ ਲਈ ਸੁਰੱਖਿਅਤ ਹੈ ਪਰ ਉਸ ਦਾ ਇਹ ਭਰਮ ਉਦੋਂ ਟੁੱਟ ਜਾਂਦਾ ਹੈ ਜਦੋਂ ਚਾਰ ਬਦਮਾਸ਼ ਉਸ ਦੇ ਘਰ ਵਿਚ ਵੜ ਕੇ ਉਸ ਨਾਲ ਜ਼ਬਰਦਸਤੀ ਕਰਦੇ ਹਨ। ਕਾਨੂੰਨ ਭਰੋਸੇ ਨਾ ਰਹਿ ਕੇ ਮੀਰਾ ਖ਼ੁਦ ਉਨ੍ਹਾਂ ਨੂੰ ਕਿਵੇਂ ਸਜ਼ਾ ਦਿੰਦੀ ਹੈ, ਇਹ ਇਸ ਦੀ ਕਹਾਣੀ ਹੈ। ਮੀਰਾ ਦੀ ਭੂਮਿਕਾ ਇਥੇ ਕਿਮਾਇਆ ਭੱਟਾਚਾਰੀਆ ਵਲੋਂ ਨਿਭਾਈ ਗਈ ਹੈ। ਅੱਠ ਤੇਲਗੂ ਫ਼ਿਲਮਾਂ ਕਰਨ ਵਾਲੀ ਕਿਮਾਇਆ ਪਹਿਲਾਂ ਬਾਲਾਜੀ ਦੇ ਲੜੀਵਾਰ 'ਗੁੰਮਰਾਹ' ਵਿਚ ਕੰਮ ਕਰ ਚੁੱਕੀ ਹੈ ਪਰ ਹੁਣ ਮੀਰਾ ਨੂੰ ਬਾਲੀਵੁੁੱਡ ਵਿਚ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। 'ਇਸ ਵਿਚ ਔਰਤਾਂ ਦੀ ਇੱਜ਼ਤ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ ਅਤੇ ਇਹ ਗੱਲ ਮੈਨੂੰ ਅਪੀਲ ਕਰ ਗਈ ਸੀ, ਸੋ ਮੈਂ ਹਾਂ ਕਹਿ ਦਿੱਤੀ ਸੀ', ਉਹ ਕਹਿੰਦੀ ਹੈ। ਨਿਰਦੇਸ਼ਕ ਸੁਨੀਲ ਪਾਠਾਰੇ ਨੇ ਪੰਜ ਦਿਨ ਦੀ ਸ਼ੂਟਿੰਗ ਕਰਕੇ ਇਹ ਲਘੂ ਫ਼ਿਲਮ ਬਣਾਈ ਹੈ। ਉਹ ਕਹਿੰਦੇ ਹਨ, 'ਮੇਰੀ ਫ਼ਿਲਮ ਦਾ ਵਿਸ਼ਾ ਇਸ ਤਰ੍ਹਾਂ ਦਾ ਹੈ ਕਿ ਮੈਂ ਇਸ ਵਿਚ ਬੋਲਡ ਦ੍ਰਿਸ਼ ਰੱਖ ਸਕਦਾ ਸੀ ਪਰ ਮੈਂ ਇਸ ਤੋਂ ਪਰਹੇਜ਼ ਕੀਤਾ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਇਸ 'ਤੇ ਘਟੀਆ ਫ਼ਿਲਮ ਦਾ ਠੱਪਾ ਲਗ ਜਾਵੇ। ਮੈਂ ਇਹ ਫ਼ਿਲਮ ਵਿਸ਼ੇਸ਼ ਤੌਰ 'ਤੇ ਔਰਤਾਂ ਲਈ ਬਣਾਈ ਹੈ ਅਤੇ ਮੈਂ ਆਪਣੀ ਫ਼ਿਲਮ ਵਿਚ ਉਨ੍ਹਾਂ ਨੂੰ ਪ੍ਰਦਰਸ਼ਨ ਦੀ ਚੀਜ਼ ਦੇ ਤੌਰ 'ਤੇ ਨਹੀਂ ਪੇਸ਼ ਕਰਨਾ ਚਾਹੁੰਦਾ ਸੀ।'ਫ਼ਿਲਮ ਵਿਚ ਮੋਇਨ ਸੂਰਜਵੰਸ਼ੀ, ਗੌਰੀ ਸਿੰਘ, ਦੇਵਿਆਨੀ ਅਈਅਰ, ਪੁਲਕਿਤ ਸੰਧੂ, ਸਵਿਤਾ ਗਾਇਕਵਾਡ ਆਦਿ ਨੇ ਵੀ ਅਭਿਨੈ ਕੀਤਾ ਹੈ ਅਤੇ ਇਸ ਦੀ ਕਹਾਣੀ ਮਨੋਜ ਸਿਸੋਦੀਆ ਵਲੋਂ ਲਿਖੀ ਗਈ ਹੈ।

ਨੂਤਨ ਦੀ ਪੋਤੀ ਦੀ ਨੋਟਬੁੱਕ

'ਫ਼ਿਲਮੀਸਤਾਨ' ਤੇ 'ਮਿੱਤਰੋ' ਨਾਲ ਪ੍ਰਸਿੱਧ ਹੋਏ ਨਿਰਦੇਸ਼ਕ ਨਿਤਿਨ ਕੱਕੜ ਦੀ ਨਵੀਂ ਪੇਸ਼ਕਸ਼ 'ਨੋਟਬੁੱਕ' ਦੀ ਖ਼ਾਸ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਕਸ਼ਮੀਰ ਦੀਆਂ ਵਾਦੀਆਂ ਵਿਚ ਫ਼ਿਲਮਾਈ ਗਈ ਹੈ ਅਤੇ ਇਸ ਫ਼ਿਲਮ ਰਾਹੀਂ ਸਵਰਗੀ ਅਭਿਨੇਤਰੀ ਨੂਤਨ ਦੀ ਪੋਤੀ ਤੇ ਅਭਿਨੇਤਾ ਮੋਹਨੀਸ਼ ਬਹਿਲ ਦੀ ਬੇਟੀ ਪਰਨੂਤਨ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਨਾਲ ਹੀ ਨਵੇਂ ਹੀਰੋ ਜ਼ਹੀਰ ਇਕਬਾਲ ਵੀ ਇਸ ਫ਼ਿਲਮ ਰਾਹੀਂ ਬਾਲੀਵੁੱਡ ਵਿਚ ਕਦਮ ਰੱਖ ਰਹੇ ਹਨ।
ਸਲਮਾਨ ਖਾਨ ਵਲੋਂ ਬਣਾਈ ਗਈ ਇਸ ਫ਼ਿਲਮ ਨੂੰ ਕਸ਼ਮੀਰ ਵਿਚ ਫ਼ਿਲਮਾਂਕਿਤ ਕਰਨ ਬਾਰੇ ਨਿਤਿਨ ਕਹਿੰਦੇ ਹਨ, 'ਮੇਰੀਆਂ ਫ਼ਿਲਮਾਂ ਵਿਚ ਲੋਕੇਸ਼ਨ ਵੀ ਕਹਾਣੀ ਦਾ ਮੁੱਖ ਹਿੱਸਾ ਹੁੰਦੀ ਹੈ। 'ਮਿੱਤਰੋ' ਵਿਚ ਅਹਿਮਦਾਬਾਦ ਸ਼ਹਿਰ ਦੀਆਂ ਗਲੀਆਂ ਕਹਾਣੀ ਦਾ ਹਿੱਸਾ ਸਨ। ਉਸੇ ਤਰ੍ਹਾਂ ਕਸ਼ਮੀਰ ਵੀ 'ਨੋਟਬੁੱਕ' ਦੀ ਕਹਾਣੀ ਵਿਚ ਮਹੱਤਵਪੂਰਨ ਹੈ। ਮੈਂ ਆਪਣੀ ਫ਼ਿਲਮ ਦੇ ਨਾਇਕ ਤੇ ਨਾਇਕਾ ਨੂੰ ਮਾਸੂਮ ਦਿਖਾਉਣਾ ਸੀ ਅਤੇ ਇਨ੍ਹਾਂ ਨੂੰ ਮੁੰਬਈ ਵਾਸੀ ਦਿਖਾ ਕੇ ਉਨ੍ਹਾਂ ਦੇ ਕਿਰਦਾਰਾਂ ਵਿਚ ਮਾਸੂਮੀਅਤ ਦਿਖਾਉਣਾ ਸੰਭਵ ਨਹੀਂ ਸੀ। ਸੋ, ਇਨ੍ਹਾਂ ਨੂੰ ਕਸ਼ਮੀਰ ਵਾਸੀ ਦਿਖਾਇਆ ਗਿਆ ਹੈ।'
ਇਥੇ ਕਹਾਣੀ ਦਾ ਕਾਲਖੰਡ 2007-08 ਦਾ ਰੱਖਿਆ ਗਿਆ ਹੈ। ਇਸ ਦੀ ਵਜ੍ਹਾ ਦੱਸਦੇ ਹੋਏ ਨਿਤਿਨ ਕਹਿੰਦੇ ਹਨ, 'ਕਹਾਣੀ ਵਿਚ ਉਸ ਸਮੇਂ ਦੀ ਗੱਲ ਹੈ ਜਦੋਂ ਮੋਬਾਈਲ ਫੋਨ ਦਾ ਰਿਵਾਜ ਨਹੀਂ ਆਇਆ ਸੀ। 2007 ਦੇ ਸਮੇਂ ਵਿਚ ਕਸ਼ਮੀਰ ਦੇ ਅੰਦਰੂਨੀ ਪਿੰਡਾਂ ਵਿਚ ਨਾ ਮੋਬਾਈਲ ਹੁੰਦੇ ਸਨ ਤੇ ਨਾ ਹੀ ਨੈੱਟਵਰਕ। ਫ਼ਿਲਮ ਵਿਚ ਇਕ ਇਸ ਤਰ੍ਹਾਂ ਦੇ ਪ੍ਰੇਮੀ ਜੋੜੇ ਦੀ ਕਹਾਣੀ ਹੈ ਜਿਨ੍ਹਾਂ ਨੂੰ ਇਕ ਦੂਜੇ ਨਾਲ ਸੰਪਰਕ ਵਿਚ ਆਏ ਬਿਨਾਂ ਪਿਆਰ ਹੋ ਜਾਂਦਾ ਹੈ। ਇਸ ਵਜ੍ਹਾ ਨਾਲ ਕਹਾਣੀ ਵਿਚ ਉਸ ਜ਼ਮਾਨੇ ਦੀ ਮੁਹੱਬਤ ਦੀ ਦਾਸਤਾਨ ਪੇਸ਼ ਕੀਤੀ ਗਈ ਹੈ।
ਫ਼ਿਲਮ ਵਿਚ ਛੇ ਨੰਨ੍ਹੇ ਬਾਲ ਕਲਾਕਾਰ ਵੀ ਹਨ ਅਤੇ ਇਨ੍ਹਾਂ ਨੂੰ ਕਸ਼ਮੀਰ ਦੇ ਸਕੂਲਾਂ ਵਿਚੋਂ ਚੁਣਿਆ ਗਿਆ ਸੀ। ਕੁਝ ਸਮੇਂ ਤੱਕ ਇਨ੍ਹਾਂ ਨੂੰ ਨਾਲ ਰੱਖਿਆ ਗਿਆ ਤਾਂ ਕਿ ਆਪਸ ਵਿਚ ਘੁਲ-ਮਿਲ ਜਾਣ। ਉਸ ਤੋਂ ਬਾਅਦ ਇਨ੍ਹਾਂ ਨੂੰ ਲੈ ਕੇ ਸ਼ੂਟਿੰਗ ਸ਼ੁਰੂ ਕੀਤੀ ਗਈ। ਪਰਨੂਤਨ ਦੇ ਨਾਲ-ਨਾਲ ਜ਼ਹੀਰ ਵੀ ਮੁੰਬਈ ਵਾਸੀ ਹੈ। ਇਸ ਵਜ੍ਹਾ ਕਰਕੇ ਇਨ੍ਹਾਂ ਵੀ ਕਸ਼ਮੀਰ ਲੈ ਜਾ ਕੇ ਕਾਫ਼ੀ ਦਿਨਾਂ ਤੱਕ ਇਥੇ-ਉਥੇ ਘੁੰਮਣ ਨੂੰ ਕਿਹਾ ਤਾਂ ਕਿ ਉਥੇ ਦੇ ਸੱਭਿਆਚਾਰ ਤੋਂ ਜਾਣੂ ਹੋਣ ਤੇ ਕਸ਼ਮੀਰੀ ਕਿਰਦਾਰ ਵਿਚ ਖ਼ੁਦ ਨੂੰ ਢਾਲਣ ਵਿਚ ਸੌਖ ਰਹੇ।
ਇਨ੍ਹੀਂ ਦਿਨੀਂ ਜੋ ਵੀ ਫ਼ਿਲਮ ਕਸ਼ਮੀਰ ਦੇ ਹਾਲਾਤ 'ਤੇ ਆਧਾਰਿਤ ਹੁੰਦੀ ਹੈ, ਉਸ ਵਿਚ ਅੱਤਵਾਦ ਦਾ ਜ਼ਿਕਰ ਜ਼ਰੂਰ ਦੇਖਣ ਨੂੰ ਮਿਲਦਾ ਹੈ। ਆਪਣੀ ਫ਼ਿਲਮ ਬਾਰੇ ਨਿਤਿਨ ਕਹਿੰਦੇ ਹਨ, 'ਮੈਂ ਉਥੇ ਅੱਤਵਾਦ ਤਾਂ ਨਹੀਂ ਦਿਖਾਇਆ ਪਰ ਇਹ ਜ਼ਰੂਰ ਦਿਖਾਇਆ ਹੈ ਕਿ ਅੱਤਵਾਦ ਦੀ ਅੱਗ ਮਾਸੂਮਾਂ ਦੀ ਜ਼ਿੰਦਗੀ 'ਤੇ ਕੀ ਅਸਰ ਪਾਉਂਦੀ ਹੈ।'
ਹਾਲਾਂਕਿ ਫ਼ਿਲਮ ਵਿਚ ਪ੍ਰੇਮੀ ਜੋੜੇ ਦੀ ਗੱਲ ਕਹੀ ਹੈ ਪਰ ਇਥੇ ਪਿਆਰ ਦੇ ਨਾਂਅ 'ਤੇ ਗੰਦਗੀ ਨਹੀਂ ਪਰੋਸੀ ਗਈ ਹੈ। ਇਹ ਪੂਰੀ ਤਰ੍ਹਾਂ ਨਾਲ ਸਾਫ-ਸੁਥਰੀ ਫ਼ਿਲਮ ਹੈ ਅਤੇ ਪਰਿਵਾਰ ਦੇ ਨਾਲ ਬੈਠ ਕੇ ਬੇਝਿਜਕ ਦੇਖੀ ਜਾ ਸਕਦੀ ਹੈ।
ਇਸ ਤਰ੍ਹਾਂ ਦੀ ਪਾਕ ਫ਼ਿਲਮ ਬਣਾਉਣ ਲਈ ਸਲਮਾਨ ਖਾਨ ਵਾਕਈ ਵਧਾਈ ਦੇ ਹੱਕਦਾਰ ਹਨ।


-ਪੰਨੂੰ

ਕੰਮ ਮੰਗਣ 'ਚ ਸ਼ਰਮ ਕਾਹਦੀ : ਸਿਕੰਦਰ ਖੇਰ

ਅਦਾਕਾਰਾ ਕਿਰਨ ਖੇਰ ਦੇ ਬੇਟੇ ਸਿਕੰਦਰ ਨੇ 'ਵੁਡਸਟਾਕ ਵਿੱਲਾ', 'ਸਮਰ 2007', 'ਖੇਲੇ ਹਮ ਜੀ ਜਾਨ ਸੇ', 'ਪਲੇਅਰਜ਼', 'ਤੇਰੇ ਬਿਨ ਲਾਦੇਨ-2', 'ਮਰਜਾਵਾਂ', 'ਔਰੰਗਜ਼ੇਬ' ਆਦਿ ਫ਼ਿਲਮਾਂ ਵਿਚ ਕੰਮ ਕੀਤਾ ਪਰ ਉਨ੍ਹਾਂ ਨੂੰ ਹੁਣ ਤਕ ਉਹ ਸਫਲਤਾ ਹਾਸਲ ਨਹੀਂ ਹੋ ਸਕੀ ਜਿਸ ਦੇ ਉਹ ਹੱਕਦਾਰ ਹਨ। ਆਪਣੀਆਂ ਅਸਫਲ ਫ਼ਿਲਮਾਂ ਦੀ ਕਤਾਰ ਨੂੰ ਦੇਖ ਕੇ ਕੋਈ ਵੀ ਕਲਾਕਾਰ ਨਿਰਾਸ਼ ਤੇ ਨਾਉਮੀਦ ਹੋ ਸਕਦਾ ਹੈ ਪਰ ਲਗਦਾ ਹੈ ਸਿਕੰਦਰ ਵੱਖਰੀ ਹੀ ਮਿੱਟੀ ਦਾ ਬਣਿਆ ਹੈ ਅਤੇ ਆਪਣੀ ਲੜਾਈ ਖ਼ੁਦ ਲੜੀ ਜਾ ਰਿਹਾ ਹੈ। ਚਿਹਰੇ 'ਤੇ ਨਿਰਾਸ਼ਾ ਦੇ ਭਾਵ ਲਿਆਂਦੇ ਬਿਨਾਂ ਉਹ ਕਹਿੰਦੇ ਹਨ, 'ਹਾਂ, ਮੈਂ ਮੰਨਦਾ ਹਾਂ ਕਿ ਮੇਰੀਆਂ ਫ਼ਿਲਮਾਂ ਅਸਫਲ ਰਹੀਆਂ ਹਨ ਪਰ ਮੈਨੂੰ ਉਮੀਦ ਹੈ ਕਿ ਇਕ ਦਿਨ ਮੇਰਾ ਨਾਂਅ ਵੀ ਸਫਲ ਕਲਾਕਾਰਾਂ ਦੀ ਕਤਾਰ ਵਿਚ ਦਰਜ ਹੋਵੇਗਾ। ਆਪਣੇ ਵਲੋਂ ਮਿਹਨਤ ਕਰਨ ਵਿਚ ਮੈਂ ਕੋਈ ਕਸਰ ਨਹੀਂ ਛੱਡ ਰਿਹਾ। ਮੈਂ ਅੱਜ ਵੀ ਵੱਡੇ ਨਿਰਦੇਸ਼ਕਾਂ ਤੋਂ ਕੰਮ ਮੰਗ ਰਿਹਾ ਹਾਂ। ਮੈਂ ਨਿਰਦੇਸ਼ਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਸਿਰਫ ਦਸ ਮਿੰਟ ਦੇਣ ਦੀ ਬੇਨਤੀ ਕਰਦਾ ਹਾਂ। ਉਨ੍ਹਾਂ ਨੂੰ ਸ਼ੋਅ ਰੀਲ ਇਸ ਉਮੀਦ ਨਾਲ ਦਿਖਾਉਂਦਾ ਹਾਂ ਕਿ ਜੇਕਰ ਉਨ੍ਹਾਂ ਨੂੰ ਮੇਰੇ 'ਚ ਕੋਈ ਗੱਲ ਨਜ਼ਰ ਆਏਗੀ ਤਾਂ ਆਪਣੀ ਫ਼ਿਲਮ ਵਿਚ ਜ਼ਰੂਰ ਲੈਣਗੇ। ਨਹੀਂ ਤਾਂ ਅਗਲੀ ਫ਼ਿਲਮ ਵਿਚ ਲੈਣਗੇ। ਕੰਮ ਮੰਗਣ ਦਾ ਮੇਰਾ ਇਹ ਤਰੀਕਾ ਹੈ ਅਤੇ ਮੇਰਾ ਮੰਨਣਾ ਹੈ ਕਿ ਕੰਮ ਮੰਗਣ ਵਿਚ ਸ਼ਰਮ ਕਿਹੋ ਜਿਹੀ?
* ਕੀ ਇਸ ਸ਼ੋਅ ਰੀਲ ਨੂੰ ਦੇਖ ਕੇ ਤਿਗਮਾਂਸ਼ੂ ਧੁਲੀਆ ਨੇ ਤੁਹਾਨੂੰ 'ਮਿਲਨ ਟਾਕੀਜ਼' ਵਿਚ ਲਿਆ ਸੀ?
-ਨਹੀਂ। ਇਹ ਵੱਖਰੀ ਕਹਾਣੀ ਹੈ। ਹੋਇਆ ਇਹ ਸੀ ਕਿ ਮੈਂ ਉਨ੍ਹਾਂ ਨੂੰ ਆਪਣੀ ਪਛਾਣ ਦੱਸਦਾ ਹੋਇਆ ਇਕ ਸੰਦੇਸ਼ ਭੇਜਿਆ ਅਤੇ ਦਸ ਮਿੰਟ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਆਇਆ। ਕੁਝ ਦਿਨ ਬਾਅਦ ਮੈਂ ਫਿਰ ਸੰਦੇਸ਼ ਭੇਜਿਆ। ਪਰ ਕੋਈ ਜਵਾਬ ਨਹੀਂ। ਮੇਰੇ ਵਲੋਂ ਫਿਰ ਇਕ ਸੰਦੇਸ਼ ਅਤੇ ਫਿਰ ਜਵਾਬ ਆਇਆ ਕਿ ਕਲ੍ਹ ਦੁਪਹਿਰ ਦੋ ਵਜੇ ਦਫ਼ਤਰ ਆ ਜਾਓ। ਮੈਂ ਆਪਣਾ ਲੈਪਟਾਪ ਲੈ ਕੇ ਗਿਆ ਤਾਂ ਕਿ ਤਿੰਨ ਮਿੰਟ ਦਾ ਸ਼ੋਅ ਰੀਲ ਦਿਖਾ ਸਕਾਂ ਪਰ ਉਨ੍ਹਾਂ ਨੇ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਕਿ 'ਮੈਂ ਦੂਜਿਆਂ ਦੇ ਕੰਮ ਨਹੀਂ ਦੇਖਦਾ।' ਉਹ ਮੇਰੇ ਵੱਲ ਕੁਝ ਦੇਰ ਦੇਖਦੇ ਰਹੇ ਅਤੇ ਅਚਾਨਕ ਪੁੱਛਿਆ, 'ਵਿਲੇਨ ਦੀ ਭੂਮਿਕਾ ਕਰਨਾ ਚਾਹੋਗੇ?' ਮੈਂ ਤਾਂ ਕੰਮ ਮੰਗਣ ਗਿਆ ਸੀ, ਸੋ, ਨਾਂਹ ਕਿਵੇਂ ਦੀ। ਇਸ ਤਰ੍ਹਾਂ ਮੈਨੂੰ ਇਹ ਫ਼ਿਲਮ ਮਿਲੀ।
* ਜਦੋਂ ਤੁਸੀਂ ਕਿਸੇ ਨਿਰਦੇਸ਼ਕ ਨੂੰ ਸੰਦੇਸ਼ ਭੇਜਦੇ ਹੋ ਅਤੇ ਸਾਹਮਣੇ ਤੋਂ ਕੋਈ ਜਵਾਬ ਨਹੀਂ ਆਉਂਦਾ ਤਾਂ ਕੀ ਤੁਸੀਂ ਉਨ੍ਹਾਂ ਪ੍ਰਤੀ ਕੋਈ ਰੰਜਿਸ਼ ਰੱਖਦੇ ਹੋ?
-ਜੀ ਨਹੀਂ। ਮੈਂ ਜਾਣਦਾ ਹਾਂ ਕਿ ਮੈਨੂੰ ਉਨ੍ਹਾਂ ਦੀ ਜ਼ਰੂਰਤ ਹੈ, ਨਾ ਕਿ ਉਨ੍ਹਾਂ ਨੂੰ ਮੇਰੀ। ਮੈਂ ਇਹ ਵੀ ਜਾਣਦਾ ਹਾਂ ਕਿ ਵੱਡੇ ਨਿਰਦੇਸ਼ਕ ਕਿੰਨੇ ਰੁੱਝੇ ਰਹਿੰਦੇ ਹਨ। ਇਸ ਤਰ੍ਹਾਂ ਮੈਨੂੰ ਸਮਾਂ ਨਾ ਦੇਣ ਤੋਂ ਅਸਮਰੱਥ ਹਨ ਤਾਂ ਇਸ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ। ਜਦੋਂ ਕੋਈ ਨਿਰਦੇਸ਼ਕ ਇਹ ਕਹਿੰਦਾ ਹੈ ਕਿ ਉਹ ਦੇਸ਼ ਤੋਂ ਬਾਹਰ ਹੈ ਅਤੇ ਪੰਦਰਾਂ ਦਿਨ ਬਾਅਦ ਵਾਪਸ ਆਏਗਾ ਤਾਂ ਮੈਂ ਆਪਣੇ ਰਿਮਾਂਈਂਡਰ ਵਿਚ ਸਟੋਰ ਕਰ ਲੈਂਦਾ ਹਾਂ।


-ਮੁੰਬਈ ਪ੍ਰਤੀਨਿਧ

ਮੈਂ ਖ਼ੁਦ ਨੂੰ ਸਮੇਂ ਦੇ ਨਾਲ ਬਦਲਿਆ ਹੈ ਕੰਵਲਜੀਤ ਸਿੰਘ

ਅਭਿਨੇਤਾ ਕੰਵਲਜੀਤ ਦਾ ਨਿਰਦੇਸ਼ਕ ਲੇਖ ਟੰਡਨ ਨਾਲ ਗੂੜ੍ਹਾ ਸਬੰਧ ਰਿਹਾ ਹੈ। ਉਨ੍ਹਾਂ ਨੇ ਇਸ ਸਰਵਗੀ ਨਿਰਦੇਸ਼ਕ ਦੇ ਨਾਲ 'ਫਰਮਾਨ', 'ਅਭਿਮਾਨ' ਸਮੇਤ ਕਈ ਲੜੀਵਾਰਾਂ ਵਿਚ ਕੰਮ ਕੀਤਾ ਸੀ। ਇਹੀ ਨਹੀਂ, ਲੇਖ ਟੰਡਨ ਵਲੋਂ ਨਿਰਦੇਸ਼ਿਤ ਕੀਤੀ ਗਈ ਆਖ਼ਰੀ ਫ਼ਿਲਮ 'ਫਿਰ ਉਸੀ ਮੋੜ ਪਰ' ਵਿਚ ਵੀ ਕੰਵਲਜੀਤ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।
ਲੇਖ ਜੀ ਦੇ ਨਾਲ ਆਪਣੇ ਸਬੰਧਾਂ ਬਾਰੇ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਹੋਏ ਉਹ ਕਹਿੰਦੇ ਹਨ, 'ਉਹ ਮੇਰੇ ਪਿਤਾ ਸਮਾਨ ਸਨ। ਮੈਂ ਉਨ੍ਹਾਂ ਦੀ ਜਾਣ-ਪਛਾਣ ਵਿਚ ਉਦੋਂ ਆਇਆ ਜਦੋਂ ਉਹ ਲੜੀਵਾਰ 'ਫਰਮਾਨ' ਬਣਾ ਰਹੇ ਸਨ। ਇਸ ਦੀ ਸ਼ੂਟਿੰਗ ਹੈਦਰਾਬਾਦ ਵਿਚ ਕੀਤੀ ਜਾ ਰਹੀ ਸੀ ਅਤੇ ਉਹ ਇਕ ਕਲਾਕਾਰ ਦੇ ਕੰਮ ਤੋਂ ਖ਼ੁਸ਼ ਨਹੀਂ ਸਨ। ਨਵਾਬ ਦੀ ਇਸ ਭੂਮਿਕਾ ਲਈ ਉਨ੍ਹਾਂ ਨੂੰ ਲੱਗਿਆ ਕਿ ਕੰਵਲਜੀਤ ਸਹੀ ਰਹੇਗਾ। ਸੋ, ਉਨ੍ਹਾਂ ਦੀ ਯੂਨਿਟ ਤੋਂ ਮੈਨੂੰ ਫੋਨ ਆਇਆ। ਹਾਂ ਕਹਿਣ ਤੋਂ ਪਹਿਲਾਂ ਮੈਂ ਸ਼ਬਾਨਾ (ਆਜ਼ਮੀ) ਨਾਲ ਲੇਖ ਜੀ ਬਾਰੇ ਪੁੱਛਗਿੱਛ ਕੀਤੀ ਕਿਉਂਕਿ ਉਹ ਉਨ੍ਹਾਂ ਨਾਲ 'ਏਕ ਬਾਰ ਕਹੋ' ਵਿਚ ਕੰਮ ਕਰ ਚੁੱਕੀ ਸੀ। ਸ਼ਬਾਨਾ ਕੋਲੋਂ ਉਨ੍ਹਾਂ ਦੀ ਤਾਰੀਫ਼ ਸੁਣ ਕੇ ਮੈਂ ਹਾਂ ਕਹਿ ਦਿੱਤੀ ਅਤੇ ਉਨ੍ਹਾਂ ਨਾਲ ਗੂੜ੍ਹਾ ਸਬੰਧ ਵੀ ਬਣ ਗਿਆ।
* ਉਨ੍ਹਾਂ ਨਾਲ ਚੰਗੀ ਕਮਿਸਟਰੀ ਦਾ ਕਲਾਕਾਰ ਦੇ ਨਾਤੇ ਤੁਹਾਨੂੰ ਕਿੰਨਾ ਫਾਇਦਾ ਮਿਲਿਆ?
-ਬਹੁਤ। ਉਹ ਮੇਰਾ ਚਿਹਰਾ ਦੇਖਦੇ ਹੀ ਮੇਰੀ ਪਰੇਸ਼ਾਨੀ ਸਮਝ ਜਾਂਦੇ। ਮੈਨੂੰ ਉਨ੍ਹਾਂ ਨੂੰ ਆਪਣੀ ਪਰੇਸ਼ਾਨੀ ਬਿਆਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸੀ। ਕਈ ਵਾਰ ਉਰਦੂ ਸੰਵਾਦ ਬੋਲਣ ਵਿਚ ਮੁਸ਼ਕਿਲ ਹੁੰਦੀ ਤਾਂ ਉਹ ਤੁਰੰਤ ਸੰਵਾਦ ਬਦਲ ਦਿੰਦੇ ਸਨ। ਉਹ ਖ਼ੁਦ ਵੀ ਐਕਟਰ ਸਨ। ਸੋ, ਕਲਾਕਾਰ ਦੀ ਭਾਵਨਾ ਸਮਝ ਲੈਂਦੇ ਸਨ।
* ਤੁਹਾਨੂੰ ਅਭਿਨੈ ਵਿਚ ਤੀਹ ਤੋਂ ਜ਼ਿਆਦਾ ਸਾਲ ਹੋ ਗਏ ਹਨ। ਏਨੀ ਲੰਬੀ ਪਾਰੀ ਦਾ ਸਿਹਰਾ ਤੁਸੀਂ ਕਿਸ ਨੂੰ ਦੇਣਾ ਚਾਹੋਗੇ?
-ਇਸ ਦਾ ਸਿਹਰਾ ਮੇਰੀ ਕੰਮ ਕਰਦੇ ਰਹਿਣ ਦੀ ਲਲਕ ਨੂੰ ਜਾਂਦਾ ਹੈ। ਹਰ ਵੇਲੇ ਰੁੱਝੇ ਰਹਿਣਾ ਮੈਨੂੰ ਪਸੰਦ ਹੈ ਅਤੇ ਉੱਪਰ ਵਾਲੇ ਦੀ ਮਿਹਰਬਾਨੀ ਨਾਲ ਮੈਨੂੰ ਕੰਮ ਵੀ ਮਿਲਦਾ ਰਿਹਾ ਹੈ। ਦੂਜੀ ਗੱਲ ਇਹ ਕਿ ਮੈਂ ਖ਼ੁਦ ਨੂੰ ਸਮੇਂ ਦੇ ਨਾਲ ਬਦਲਿਆ ਹੈ। ਜਦੋਂ ਲੜੀਵਾਰਾਂ ਦਾ ਜ਼ਮਾਨਾ ਆਇਆ ਤਾਂ ਮੈਂ ਛੋਟੇ ਪਰਦੇ 'ਤੇ ਆ ਗਿਆ ਅਤੇ ਕੰਮ ਕਰਦਾ ਚਲਾ ਗਿਆ। ਹੁਣ ਵੈੱਬ ਸੀਰੀਜ਼ ਦਾ ਜ਼ਮਾਨਾ ਆਇਆ ਹੈ ਤਾਂ ਮੈਂ ਵੈੱਬ ਸੀਰੀਜ਼ ਵਿਚ ਵੀ ਕੰਮ ਕਰ ਰਿਹਾ ਹਾਂ।'


-ਮੁੰਬਈ ਪ੍ਰਤੀਨਿਧ

ਆਪਣੇ ਰੋਲ ਦੀ ਸਾਰਥਿਕਤਾ ਨੂੰ ਵਧੇਰੇ ਧਿਆਨ ਵਿਚ ਰੱਖਿਐ - ਦੀਪ ਗਿੱਲ ਪਾਂਘਲੀਆਂ

ਗ਼ਮ, ਬਿਰਹਾ, ਪੀੜ ਦੀ ਜਿਸ ਤਰ੍ਹਾਂ ਕੋਈ ਉਮਰ ਨਹੀਂ ਹੁੰਦੀ, ਬਿਲਕੁਲ ਇਸੇ ਤਰ੍ਹਾਂ ਕਿਸੇ ਵੀ ਪ੍ਰਤਿਭਾ ਦਾ ਕਿਸੇ ਵੀ ਖੇਤਰ ਵਿਚ ਮਿਹਨਤ ਅਤੇ ਲਗਨ ਨਾਲ ਅੱਗੇ ਆ ਜਾਣਾ ਵੀ ਕੋਈ ਅਚੰਭੇ ਵਾਲੀ ਗੱਲ ਨਹੀਂ। ਇਸੇ ਲੜੀ ਵਿਚ ਆਈ ਹੈ ਲੇਖਿਕਾ ਅਤੇ ਅਦਾਕਾਰਾ ਦੀਪ ਗਿੱਲ ਪਾਂਘਲੀਆਂ। ਪਿਤਾ ਖੁਸ਼ਵਿੰਦਰ ਸਿੰਘ ਅਤੇ ਮਾਤਾ ਅਮਰਜੀਤ ਕੌਰ ਦੇ ਘਰ ਜਨਮੀ ਦੀਪ ਗਿੱਲ ਪਾਂਘਲੀਆਂ ਨੇ ਜਿੱਥੇ ਆਪਣੀ ਪੁਸਤਕ 'ਸ਼ਾਇਰੀ ਪਰਾਗਾਂ ਅੱਖਰਾਂ ਦਾ ਰਥ' ਨੂੰ ਗੁਰਮੁਖੀ ਦੇ ਨਾਲ-ਨਾਲ ਸ਼ਾਹਮੁਖੀ ਲਿਪੀ ਵਿਚ ਵੀ ਪ੍ਰਕਾਸ਼ਿਤ ਕਰ ਕੇ ਪਾਠਕਾਂ ਦਾ ਧਿਆਨ ਖਿੱਚਿਆ, ਉੱਥੇ ਉਨ੍ਹਾਂ ਦੁਆਰਾ ਲਿਖੀ ਕਹਾਣੀ 'ਤੇ ਫ਼ਿਲਮ 'ਰਾਮੂ ਕੀ ਬੀਵੀ' ਦੇ ਜ਼ਰੀਏ ਵੀ ਆਪਣੀ ਭੂਮਿਕਾ ਨੂੰ ਦਮਦਾਰ ਢੰਗ ਨਾਲ ਨਿਭਾਅ ਕੇ ਇਕ ਚੰਗੀ ਅਦਾਕਾਰਾ ਹੋਣ ਦਾ ਵੀ ਅਹਿਸਾਸ ਕਰਵਾਇਆ ਹੈ। ਐਮ.ਏ.ਪੰਜਾਬੀ ਆਨਰ ਦੀ ਤਾਲੀਮ ਪ੍ਰਾਪਤ ਦੀਪ ਗਿੱਲ ਪਾਂਘਲੀਆਂ ਨੇ ਕਿਹਾ ਕਿ ਆਪਣੀਆਂ 57 ਰਚਨਾਵਾਂ 'ਤੇ ਆਧਾਰਤ ਪੁਸਤਕ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕਰ ਕੇ ਵੀ ਖੁਸ਼ੀ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਜਿੱਥੇ ਉਹ ਸਕੂਲ, ਕਾਲਜ ਦੀ ਪੜ੍ਹਾਈ ਦੌਰਾਨ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਸਰਗਰਮ ਰਹੀ ਉੱਥੇ ਬਤੌਰ ਕਬੱਡੀ ਦੀ ਖਿਡਾਰਨ ਵੀ ਨੈਸ਼ਨਲ ਪੱਧਰ ਤੱਕ ਖੇਡਣ ਦਾ ਵੀ ਮਾਣ ਮਿਲਿਆ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਉਸ ਨੂੰ ਮੁੰਬਈ ਦੇ ਫ਼ਿਲਮ ਨਿਰਦੇਸ਼ਕ ਰੂਫੀ ਖ਼ਾਨ ਦੀ ਨਿਰਦੇਸ਼ਨਾ ਵਿਚ ਅਦਾਕਾਰੀ ਦੇ ਕੇ ਕਾਫ਼ੀ ਕੁਝ ਸਿੱਖਣ ਦਾ ਵੀ ਮੌਕਾ ਮਿਲਿਆ ਹੈ ਉੱਥੇ ਬਤੌਰ ਸਹਿ-ਨਿਰਦੇਸ਼ਕ ਵਜੋਂ ਵੀ ਕੰਮ ਕਰਕੇ ਸਕੂਨ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਹੁਤ ਸਾਰੇ ਵਿਸ਼ੇ ਹਨ ਜਿਨ੍ਹਾਂ 'ਤੇ ਫ਼ਿਲਮ ਨਿਰਮਾਤਾ ਨਿਰਦੇਸ਼ਕਾਂ ਨੂੰ ਫ਼ਿਲਮਾਂ ਬਣਾਉਣ ਦੀ ਲੋੜ ਹੈ ਜੋ ਕਿ ਸਮੇਂ ਦੀ ਮੰਗ ਵੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦਰਸ਼ਕਾਂ ਨੂੰ ਮਨੋਰੰਜਨ ਦੀ ਜ਼ਰੂਰਤ ਹੈ ਉੱਥੇ ਸਮਾਜ ਵਿਚਲੇ ਅਹਿਮ ਮੁੱਦਿਆਂ ਨੂੰ ਉਠਾਉਣਾ ਸਿਨੇਮੇ ਦੀ ਜ਼ਿੰਮੇਵਾਰੀ ਬਣਦੀ ਹੈ, ਕਿਉਂ ਜੋ ਸਿਨੇਮੇ ਨਾਲ ਸਮਾਜ ਨੂੰ ਇਕ ਵੱਡੀ ਪਹੁੰਚ ਦੇ ਨਾਲ ਚੰਗੀ ਸੇਧ ਦਿੱਤੀ ਜਾ ਸਕਦੀ ਹੈ। ਦੀਪ ਗਿੱਲ ਪਾਂਘਲੀਆਂ ਦਾ ਇਹ ਵੀ ਮੰਨਣਾ ਹੈ ਕਿ ਦੱਖਣੀ ਫ਼ਿਲਮਾਂ ਦੀ ਤਰ੍ਹਾਂ ਸਾਡਾ ਆਪਣੀ ਬੋਲੀ, ਭਾਸ਼ਾ ਨਾਲ ਬਰਾਬਰ ਪਿਆਰ ਅਤੇ ਸਤਿਕਾਰ ਹੋਣਾ ਚਾਹੀਦਾ ਹੈ ਤਦ ਹੀ ਅਸੀਂ ਚੰਗਾ ਸਿਨੇਮਾ ਸਿਰਜ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ,ਪੰਜਾਬੀ ਭਾਸ਼ਾ ਪ੍ਰਤੀ ਸਾਊਥ ਦੇ ਲੋਕਾਂ ਵਾਂਗ ਸਾਨੂੰ ਵੀ ਪਹਿਰਾ ਦੇਣ ਦੀ ਲੋੜ ਹੈ ਅਤੇ ਇਸ ਧਾਰਨਾ ਨਾਲ ਹੀ ਅਸੀਂ ਮਾਂ-ਬੋਲੀ, ਭਾਸ਼ਾ ਅਤੇ ਸੱਭਿਆਚਾਰ ਨੂੰ ਵਧੇਰੇ ਪ੍ਰਫੁੱਲਿਤ ਕਰਨ ਦੇ ਸਮਰੱਥ ਹੋ ਸਕਦੇ ਹਾਂ। ਦੀਪ ਗਿੱਲ ਪਾਂਘਲੀਆਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਆਪਣੇ ਰੋਲ ਦੀ ਸਾਰਥਿਕਤਾ ਨੂੰ ਹੀ ਵਧੇਰੇ ਧਿਆਨ ਵਿਚ ਰੱਖਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਨੇਮਾ ਇਕ ਅਜਿਹੀ ਵਿਧਾ ਜਿਸ ਦੇ ਜ਼ਰੀਏ ਮਾਂ-ਬੋਲੀ, ਭਾਸ਼ਾ ਅਤੇ ਸੱਭਿਆਚਾਰ ਨੂੰ ਵਧੇਰੇ ਪ੍ਰਫੁੱਲਿਤ ਕੀਤਾ ਜਾ ਸਕਦੈ।


-ਅਜਾਇਬ ਸਿੰਘ ਔਜਲਾ, ਚੰਡੀਗੜ੍ਹ।

ਸੁਪਰਹਿੱਟ ਗੀਤਾਂ ਦਾ ਸਿਰਜਕ : ਸਵਰਨ ਸਿਵੀਆ

ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਸੁਪਰਹਿੱਟ ਗੀਤ 'ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ', ਸੁਰਜੀਤ ਬਿੰਦਰਖੀਆ ਦਾ ਲੋਕਾਂ ਦੀ ਜ਼ਬਾਨ 'ਤੇ ਚੜ੍ਹਿਆ ਗੀਤ 'ਤੇਰੇ ਲੱਕ ਦੇ ਹੁਲਾਰਿਆਂ ਦਾ ਮੁੱਲ ਕੋਈ ਨਾ', ਸਰਦੂਲ ਸਿਕੰਦਰ ਦਾ ਚਰਚਿਤ ਗੀਤ 'ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ' ਅਤੇ ਹੋਰ ਅਨੇਕਾਂ ਸੁਪਰਹਿਟ ਗੀਤਾਂ ਦੇ ਸਿਰਜਕ ਸਵਰਨ ਸਿਵੀਆ ਦੇ ਹੁਣ ਤੱਕ 1000 ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਹਨ, ਜਿਨ੍ਹਾਂ ਨੂੰ ਸੰਗੀਤ ਪ੍ਰੇਮੀਆਂ ਨੇ ਮਾਣਿਆ ਅਤੇ ਪ੍ਰਵਾਨ ਕੀਤਾ। ਜ਼ਿਲ੍ਹਾ ਕਚਹਿਰੀਆਂ ਮੋਹਾਲੀ ਵਿਖੇ ਮੁੱਖ ਪ੍ਰਬੰਧਕ ਅਫ਼ਸਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਇਸ ਚਰਚਿਤ ਗੀਤਕਾਰ ਦੇ ਗੀਤਾਂ ਨੂੰ ਅੰਮ੍ਰਿਤਾ ਵਿਰਕ, ਕੁਲਦੀਪ ਮਾਣਕ, ਮੁਹੰਮਦ ਸਦੀਕ-ਰਣਜੀਤ ਕੌਰ, ਸਤਵਿੰਦਰ ਬਿੱਟੀ, ਸਤਵਿੰਦਰ ਬੁੱਗਾ, ਰੰਜਨਾ, ਜਸਪਿੰਦਰ ਨਰੂਲਾ, ਸੁਰਿੰਦਰ ਸ਼ਿੰਦਾ, ਕੁਲਵਿੰਦਰ ਜੌਹਲ, ਇੰਦਰਜੀਤ ਨਿੱਕੂ ਸਮੇਤ ਸੈਂਕੜੇ ਗਾਇਕਾਂ ਨੇ ਗਾਇਆ। ਜਿਥੇ ਅਮਰ ਸਿੰਘ ਚਮਕੀਲੇ ਨੇ ਸਿਵੀਆ ਦੇ 13 ਧਾਰਮਿਕ ਗੀਤ ਰਿਕਾਰਡ ਕਰਵਾਏ, ਉਥੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ ਉਨ੍ਹਾਂ ਦਾ ਲਿਖਿਆ ਧਾਰਮਿਕ ਪ੍ਰਸੰਗ 'ਖ਼ਾਲਸੇ ਦਾ ਰਾਜ ਹੋ ਗਿਆ' ਵੀ ਰਿਕਾਰਡ ਕਰਵਾਇਆ।
'ਸਾਕਾ ਸਰਸਾ ਤੋਂ ਸਰਹਿੰਦ' ਅਤੇ 'ਲਾਡਲੇ ਬਾਜਾਂ ਵਾਲੇ ਦੇ' ਸਮੇਂ ਕਈ ਟੈਲੀ ਫ਼ਿਲਮਾਂ ਦੇ ਲੇਖਕ ਸਵਰਨ ਸਿਵੀਆ ਦਾ ਬੇਟਾ ਸੁੱਖੀ ਸਿਵੀਆ ਵੀ ਗਾਇਕੀ ਦੇ ਪਿੜ ਵਿਚ ਪੱਕੇ ਪੈਰੀਂ ਉਤਰਿਆ ਹੈ। 'ਕੀ ਹਾਲ ਸੋਹਣਿਆ ਦੇ... ਕਿਥੇ ਰਹਿੰਦੀਆਂ ਨੇ ਹੁਣ ਸਰਕਾਰਾਂ' ਗੀਤ ਰਾਹੀਂ ਆਪਣੀ ਪਛਾਣ ਬਣਾਉਣ ਵਾਲਾ ਸੁੱਖੀ ਸਿਵੀਆ ਵੀ ਆਪਣੇ ਪਿਤਾ ਦੀਆਂ ਪੈੜਾਂ 'ਤੇ ਚਲਦਾ ਹੋਇਆ ਗਾਇਕੀ ਖੇਤਰ ਵਿਚ ਅੱਗੇ ਵਧ ਰਿਹਾ ਹੈ।


-ਧਰਵਿੰਦਰ ਸਿੰਘ ਔਲਖ
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮ੍ਰਿਤਸਰ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX