ਤਾਜਾ ਖ਼ਬਰਾਂ


ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  12 minutes ago
ਲਖਨਊ, 19 ਅਪ੍ਰੈਲ- ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਰਾਸ਼ਟਰੀ ਲੋਕ ਦਲ (ਰਾਲੋਦ) ਦੀ ਅੱਜ ਸਾਂਝੀ ਰੈਲੀ ਹੋਈ। ਇਸ ਰੈਲੀ 'ਚ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਬਸਪਾ ਮੁਖੀ...
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  39 minutes ago
ਮੁੰਬਈ, 19 ਅਪ੍ਰੈਲ- ਪ੍ਰਿਅੰਕਾ ਚਤੁਰਵੇਦੀ ਅੱਜ ਸ਼ਿਵ ਸੈਨਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਮੁੰਬਈ 'ਚ ਪਾਰਟੀ ਪ੍ਰਧਾਨ ਊਧਵ ਠਾਕਰੇ ਦੀ ਮੌਜੂਦਗੀ 'ਚ ਸ਼ਿਵ ਸੈਨਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਜ਼ਿਕਰਯੋਗ ਹੈ ਕਿ ਕਾਂਗਰਸ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼...
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  54 minutes ago
ਰਾਏਪੁਰ, 19 ਅਪ੍ਰੈਲ- ਛੱਤੀਸਗੜ੍ਹ ਦੇ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬਰਾਤੀਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਦੇ ਪਲਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬੀਤੀ ਰਾਤ ਕਸਡੋਰ...
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  about 1 hour ago
ਭੋਪਾਲ, 19 ਅਪ੍ਰੈਲ- ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਵਲੋਂ ਮਹਾਰਾਸ਼ਟਰ ਦੇ ਸ਼ਹੀਦ ਅਤੇ ਸੀਨੀਅਰ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਇਸ ਸੰਬੰਧੀ ਸਾਧਵੀ ਦੀ ਅੱਜ ਸੋਸ਼ਲ ਮੀਡੀਆ...
ਕਾਂਗਰਸ ਨੂੰ ਛੱਡ ਸ਼ਿਵ ਸੈਨਾ ਦਾ 'ਹੱਥ' ਫੜੇਗੀ ਪ੍ਰਿਅੰਕਾ ਚਤੁਰਵੇਦੀ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਤੋਂ ਅਸਤੀਫ਼ਾ ਦੇਣ ਵਾਲੀ ਪ੍ਰਿਅੰਕਾ ਚਤੁਰਵੇਦੀ ਹੁਣ ਸ਼ਿਵ ਸੈਨਾ 'ਚ ਸ਼ਾਮਲ ਹੋਵੇਗੀ। ਇਸ ਗੱਲ ਦੀ ਜਾਣਕਾਰੀ ਪਾਰਟੀ ਨੇਤਾ ਸੰਜੈ ਰਾਊਤ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਿਅੰਕਾ ਅੱਜ ਹੀ ਪਾਰਟੀ...
ਗੈਸ ਸਲੰਡਰ ਨੂੰ ਲੱਗੀ ਅੱਗ, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ
. . .  39 minutes ago
ਓਠੀਆ, 19 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆ 'ਚ ਅੱਜ ਇੱਕ ਦਰਜੀ ਦੀ ਦੁਕਾਨ 'ਚ ਰੱਖੇ ਗੈਸ ਸਲੰਡਰ 'ਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਨਜ਼ਦੀਕੀ ਦੁਕਾਨਦਾਰਾਂ ਨੂੰ ਵੀ ਭਾਜੜਾਂ ਪੈ ਗਈਆਂ। ਇਸ ਹਾਦਸੇ 'ਚ ਕਿਸੇ...
ਪ੍ਰਿਅੰਕਾ ਚਤੁਰਵੇਦੀ ਨੇ ਛੱਡੀ ਕਾਂਗਰਸ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਪਾਰਟੀ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼ ਲਾਉਣ ਵਾਲੇ ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਨੇ ਪਾਰਟੀ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਬੀਤੀ ਰਾਤ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ...
ਪ੍ਰਿਅੰਕਾ ਚਤੁਰਵੇਦੀ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਂ
. . .  about 2 hours ago
ਨਵੀਂ ਦਿੱਲੀ, 19 ਅਪ੍ਰੈਲ- ਲੋਕ ਸਭਾ ਚੋਣਾਂ ਵਿਚਾਲੇ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਪਾਰਟੀ ਤੋਂ ਅਸਤੀਫ਼ਾ ਦੇ ਸਕਦੀ ਹੈ। ਅਸਲ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਤੋਂ...
ਜਗਮੀਤ ਸਿੰਘ ਬਰਾੜ ਦੇ ਘਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਘਰ 'ਚ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹੁੰਚ ਚੁੱਕੇ ਹਨ। ਕੁਝ ਸਮੇਂ ਬਾਅਦ ਹੀ ਸਮਾਗਮ ਦੌਰਾਨ...
ਏ. ਟੀ. ਐੱਮ. ਅਤੇ ਡਾਕਖ਼ਾਨੇ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਫ਼ਰਾਰ ਹੋਏ ਲੁਟੇਰੇ
. . .  about 2 hours ago
ਦੇਵੀਗੜ੍ਹ, 19 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)- ਬੀਤੀ ਰਾਤ ਲੁਟੇਰੇ ਦੁਧਨ ਸਾਧਾਂ (ਪਟਿਆਲਾ) ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਇੱਕ ਬਰਾਂਚ ਨੂੰ ਤੋੜ ਕੇ ਉਸ 'ਚੋਂ 2 ਲੱਖ ਅਤੇ 81 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇੰਨਾ ਹੀ ਨਹੀਂ, ਇਸੇ ਰਾਤ ਲੁਟੇਰਿਆਂ...
ਹੋਰ ਖ਼ਬਰਾਂ..

ਖੇਡ ਜਗਤ

ਰਫ਼ਤਾਰ ਦੀ ਖੇਡ ਫਾਰਮੂਲਾ ਵੰਨ ਦੇ ਸੀਜ਼ਨ ਦਾ ਆਗ਼ਾਜ਼

ਰਫ਼ਤਾਰ ਦੀ ਨਿਵੇਕਲੀ ਖੇਡ ਫਾਰਮੂਲਾ ਵੰਨ ਕਾਰ ਰੇਸਿੰਗ ਦੇ ਨਵੇਂ ਸੀਜ਼ਨ ਦਾ ਆਗ਼ਾਜ਼ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿਚ 14 ਮਾਰਚ ਨੂੰ ਕੁਆਲੀਫਾਇੰਗ ਰੇਸ ਨਾਲ ਹੋ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਦਾ ਫਾਰਮੂਲਾ ਵੰਨ ਕਾਰ ਰੇਸਿੰਗ ਸੀਜ਼ਨ ਮਾਰਚ ਮਹੀਨੇ ਸ਼ੁਰੂ ਹੋ ਕੇ 21 ਰੇਸਾਂ ਦਾ ਸਫ਼ਰ ਤੈਅ ਕਰਦਾ ਹੋਇਆ ਇਕ ਦਸੰਬਰ ਤੱਕ ਚੱਲੇਗਾ। 'ਮਰਸੀਡੀਜ਼' ਟੀਮ ਦਾ ਅੰਗਰੇਜ਼ ਡਰਾਈਵਰ ਲੂਈਸ ਹੈਮਿਲਟਨ ਪਿਛਲੀ ਵਾਰ ਸ਼ਾਨਦਾਰ ਢੰਗ ਨਾਲ ਜੇਤੂ ਬਣਨ ਤੋਂ ਬਾਅਦ ਪੂਰੀ ਤਰ੍ਹਾਂ ਲੈਅ ਵਿਚ ਹਨ। ਇਸੇ ਤਰ੍ਹਾਂ 'ਕੰਸਟ੍ਰਕਟਰ' ਯਾਨੀ ਕਾਰ ਕੰਪਨੀਆਂ ਦੀ ਅੰਕ ਸੂਚੀ ਵਿਚ ਵੀ ਲੂਈਸ ਹੈਮਿਲਟਨ ਦੀ ਟੀਮ 'ਮਰਸੀਡੀਜ਼' ਨੇ ਲਗਾਤਾਰ ਪੰਜਵੀਂ ਵਾਰ ਜਿੱਤ ਕੇ ਦੂਹਰੀ ਉਪਲਬਧੀ ਆਪਣੇ ਨਾਂਅ ਕੀਤੀ ਹੋਈ ਹੈ। 'ਫਰਾਰੀ' ਟੀਮ ਦੇ ਸਾਬਕਾ ਵਿਸ਼ਵ ਜੇਤੂ ਸਬੈਸਟੀਅਨ ਵੈੱਟਲ ਅਤੇ ਇਸ ਖੇਡ ਦਾ ਉੱਭਰਦਾ ਸਿਤਾਰਾ ਫਰਾਂਸ ਦਾ ਚਾਰਲਜ਼ ਲੈਕਲੇਅਰ ਵੀ ਆਪਣੀ ਟੀਮ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਫਾਰਮੂਲਾ ਵੰਨ ਵਿਚਲੀ ਇਕੋ-ਇਕ ਭਾਰਤੀ ਟੀਮ, 'ਫੋਰਸ ਇੰਡੀਆ' ਇਸ ਵਾਰ ਨਜ਼ਰ ਨਹੀਂ ਆਵੇਗੀ, ਕਿਉਂਕਿ ਇਸ ਟੀਮ ਦੀ ਹਿੱਸੇਦਾਰੀ ਹੁਣ ਨਵੀਂ ਟੀਮ 'ਰੇਸਿੰਗ ਪੁਆਇੰਟ' ਨਾਂਅ ਦੀ ਟੀਮ ਨੇ ਖ਼ਰੀਦ ਲਈ ਹੈ।
ਫਾਰਮੂਲਾ ਵੰਨ ਕਾਰ ਰੇਸ ਦੌਰਾਨ ਸਿਰਫ਼ 10-12 ਸਕਿੰਟਾਂ ਦੇ ਅੰਦਰ ਮਾਹਿਰਾਂ ਵਲੋਂ ਗੱਡੀ ਦੇ ਟਾਇਰ ਬਦਲਣ ਤੋਂ ਲੈ ਕੇ ਤੇਜ਼-ਤਰਾਰ ਸਰਵਿਸ ਕਰ ਦੇਣ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਫਾਰਮੂਲਾ ਵੰਨ ਬਾਰੇ ਇਕ ਹੋਰ ਦਿਲਚਸਪ ਤੱਥ ਇਹ ਹੈ ਕਿ ਰੇਸ ਦੌਰਾਨ ਰਫ਼ਤਾਰ ਕਾਰਨ ਪੈਦਾ ਹੋਈਆਂ ਸਥਿਤੀਆਂ ਨਾਲ ਡਰਾਈਵਰ ਦੇ ਸਰੀਰ ਵਿਚੋਂ ਪਾਣੀ ਏਨਾ ਘਟ ਜਾਂਦਾ ਹੈ ਕਿ ਡੇਢ-ਦੋ ਘੰਟੇ ਦੀ ਹਰ ਰੇਸ ਪਿੱਛੋਂ ਡਰਾਈਵਰ ਦਾ ਭਾਰ ਆਮ ਤੌਰ 'ਤੇ 3-4 ਕਿਲੋਗ੍ਰਾਮ ਘੱਟ ਹੋ ਜਾਂਦਾ ਹੈ ਪਰ ਬਾਕੀ ਖੇਡਾਂ ਵਾਂਗ ਇਨ੍ਹਾਂ ਖਿਡਾਰੀਆਂ ਦਾ ਫਿਟਨੈੱਸ ਪੱਧਰ ਵੀ ਕਾਫੀ ਵਧੀਆ ਹੁੰਦਾ ਹੈ। ਸੰਨ 1950 ਵਿਚ ਸ਼ੁਰੂ ਹੋਈ ਫਾਰਮੂਲਾ ਵੰਨ ਦੀਆਂ ਕਾਰਾਂ, ਆਮ ਕਾਰਾਂ ਤੋਂ ਬਹੁਤ ਵੱਖਰੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਚਲਾਉਣ ਵਾਲੇ ਰੇਸਰ ਲਗਪਗ 200 ਤੋਂ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੱਡੀ ਚਲਾਉਂਦੇ ਹਨ, ਜਦਕਿ ਇਕ ਜਹਾਜ਼ 270 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਉੱਤੇ ਉਡਾਣ ਭਰ ਲੈਂਦਾ ਹੈ। ਅਸਲ ਵਿਚ ਇਨ੍ਹਾਂ ਕਾਰਾਂ ਉੱਤੇ ਖਾਸ 'ਐਰੋਡਾਇਨੈਮਿਕ ਪ੍ਰਣਾਲੀ' ਲੱਗੀ ਹੁੰਦੀ ਹੈ, ਤਾਂ ਕਿ ਕਾਰ ਜ਼ਮੀਨ ਉੱਤੇ ਹੀ ਰਹੇ ਅਤੇ ਉੱਡ ਨਾ ਸਕੇ। ਇਕ ਰੇਸ ਜਿੱਤਣ ਵਾਲੇ ਡਰਾਈਵਰ ਨੂੰ 25 ਅੰਕ ਮਿਲਦੇ ਹਨ, ਦੂਜੇ ਸਥਾਨ ਉੱਤੇ ਆਉਣ ਵਾਲੇ ਨੂੰ 18 ਅਤੇ ਤੀਜੇ ਸਥਾਨ ਉੱਤੇ ਰਹਿਣ ਵਾਲੇ ਨੂੰ 15 ਅੰਕ ਮਿਲਦੇ ਹਨ। 10ਵੇਂ ਸਥਾਨ ਵਾਲੇ ਨੂੰ 1 ਅੰਕ ਮਿਲਦਾ ਹੈ, ਜਦਕਿ ਉਸ ਤੋਂ ਬਾਅਦ ਆਉਣ ਵਾਲੇ ਕਿਸੇ ਹੋਰ ਨੂੰ ਕੋਈ ਅੰਕ ਨਹੀਂ ਮਿਲਦਾ। ਹੁਣ ਕੁਝ ਦਿਨ ਬਾਅਦ, ਨਵੇਂ ਨਕੋਰ ਸੀਜ਼ਨ ਵਿਚ ਫਾਰਮੂਲਾ ਵੰਨ ਦੀਆਂ ਕਾਰਾਂ ਭੱਜਣ ਲਈ ਤਿਆਰ ਹਨ, ਜਦਕਿ ਰਫ਼ਤਾਰ ਦੇ ਪ੍ਰਸੰਸਕ ਵੀ ਇਸ ਨਿਵੇਕਲੀ ਖੇਡ ਦੇ ਰੋਮਾਂਚ ਲਈ ਤਿਆਰ ਹਨ। ਭਾਰਤ ਵਿਚ ਖੇਡ ਚੈਨਲ 'ਸਟਾਰ ਸਪੋਰਟਸ ਸਿਲੈਕਟ' ਵਲੋਂ ਇਸ ਨਿਵੇਕਲੀ ਖੇਡ ਦੇ ਹਰ ਪਲ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਸਿੱਖ ਜਗਤ ਦੀ ਸ਼ਾਨ ਕੇਸਾਧਾਰੀ ਹਾਕੀ ਖਿਡਾਰੀ

ਵਿਸ਼ਵ ਸਿੱਖ ਜਗਤ ਇਸ ਗੱਲ ਨੂੰ ਲੈ ਕੇ ਹਮੇਸ਼ਾ ਗੰਭੀਰ ਅਤੇ ਚਿੰਤਤ ਰਿਹਾ ਹੈ ਕਿ ਖੇਡਾਂ ਦੀ ਦੁਨੀਆ 'ਚ ਸਾਬਤ ਸੂਰਤ ਸਿੱਖ ਦੀ ਹਾਜ਼ਰੀ ਲਗਵਾਉਣ ਵਾਲੇ ਖਿਡਾਰੀ ਨਾਮਾਤਰ ਹੀ ਹਨ। ਅਜਿਹੇ ਰੁਝਾਨ ਨੇ ਸਿੱਖ ਭਾਈਚਾਰੇ ਨੂੰ ਡੂੰਘੀ ਸੋਚ 'ਚ ਤਾਂ ਪਾਇਆ ਪਰ ਵਿਸ਼ਵ ਪੱਧਰ 'ਤੇ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ ਜੋ ਸਿੱਖੀ ਦੇ ਗੌਰਵ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹਨ, ਕੋਈ ਬਹੁਤੇ ਠੋਸ ਕਦਮ ਇਸ ਪਤਿਤਪੁਣੇ ਵਿਰੁੱਧ ਨਹੀਂ ਚੁੱਕ ਸਕੀਆਂ। ਦੂਜੇ ਪਾਸੇ ਇਹ ਹੋਰ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਸਾਬਤ-ਸੂਰਤ ਸਿੱਖ ਦੇ ਰੂਪ ਵਿਚ ਖੇਡ ਮੈਦਾਨਾਂ ਦੀ ਸ਼ਾਨ ਬਣਨਾ ਤਾਂ ਇਕ ਪਾਸੇ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ 'ਚ ਹੁਣ ਜੂੜਿਆਂ ਤੋਂ ਬਗੈਰ ਖੇਡਦੇ ਸਿੱਖ ਖਿਡਾਰੀ ਆਪਣੀ ਕੌਮ ਦੀ ਪਛਾਣ ਨੂੰ ਦਰਸਾਉਣ ਤੋਂ ਵੀ ਅਸਮਰੱਥ ਪ੍ਰਤੀਤ ਹੁੰਦੇ ਜਾ ਰਹੇ ਹਨ।
ਸਾਨੂੰ ਉਦੋਂ ਬੇਹੱਦ ਖੁਸ਼ੀ ਹੋਈ ਜਦੋਂ ਸਾਨੂੰ ਪਤਾ ਲੱਗਾ ਕਿ ਅੰਤਰਰਾਸ਼ਟਰੀ ਸਿੱਖ ਸਪੋਰਟਸ ਕੌਂਸਲ ਸਿੱਖ ਖਿਡਾਰੀਆਂ 'ਚ ਪਤਿਤਪੁਣੇ ਦੇ ਰੁਝਾਨ ਵਿਰੁੱਧ ਲਾਮਬੰਦ ਹੋਈ ਹੈ। ਦੱਸਦੇ ਜਾਈਏ ਕਿ ਅੰਤਰਰਾਸ਼ਟਰੀ ਸਿੱਖ ਸਪੋਰਟਸ ਕੌਂਸਲ ਸ: ਜਸਬੀਰ ਸਿੰਘ ਦੀ ਪ੍ਰਧਾਨਗੀ ਵਿਚ ਖਿਡਾਰੀਆਂ 'ਚ ਸਾਬਤ-ਸੂਰਤ ਸਿੱਖ ਸਰੂਪ ਪ੍ਰਤੀ ਸਤਿਕਾਰ ਪੈਦਾ ਕਰਦਿਆਂ ਨੌਜਵਾਨ ਪੀੜ੍ਹੀ ਲਈ ਖੇਡਾਂ ਦੀ ਦੁਨੀਆ ਸਿੱਖੀ ਸਰੂਪ ਨੂੰ ਰਾਜਦੂਤ ਬਣਾਉਣ ਲਈ ਯਤਨਸ਼ੀਲ ਹੋਈ ਹੈ। ਇਸ ਸਪੋਰਟਸ ਕੌਂਸਲ ਦੇ ਸੈਕਟਰੀ ਸ: ਮਹਾਂਵੀਰ ਸਿੰਘ ਡਾਇਰੈਕਟਰ ਸ: ਕਰਨੈਲ ਸਿੰਘ ਅਤੇ ਸਰਪ੍ਰਸਤ ਸ: ਐਸ. ਪੀ. ਸਿੰਘ ਉਬਰਾਏ ਹਨ। ਪ੍ਰੈੱਸ ਸਕੱਤਰ ਸ: ਮਨਮੋਹਨ ਸਿੰਘ ਹਨ। ਅਸੀਂ ਇਸ ਸਪੋਰਟਸ ਕੌਂਸਲ ਦੀ ਦਿਲੀ ਪ੍ਰਸੰਸਾ ਵੀ ਕਰਦੇ ਹਾਂ ਕਿ ਉਨ੍ਹਾਂ ਨੇ ਸਿੱਖ ਜਗਤ ਅਤੇ ਹਾਕੀ ਜਗਤ ਦੇ ਪੀੜ੍ਹੀਓ-ਪੀੜ੍ਹੀ ਚਲੇ ਆ ਰਹੇ ਡੂੰਘੇ ਰਿਸ਼ਤੇ ਦੀ ਸੰਵੇਦਨਾ ਨੂੰ ਵੀ ਭਲੀਭਾਂਤ ਸਮਝਿਆ ਹੈ, ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੌਣ ਨਹੀਂ ਜਾਣਦਾ ਕਿ ਹਾਕੀ ਦੇ ਸੰਸਾਰ ਵਿਚ ਪੰਜਾਬੀਆਂ ਖਾਸ ਕਰਕੇ ਸਿੱਖ (ਜੂੜੇ ਵਾਲੇ) ਖਿਡਾਰੀਆਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਜੂੜੇ ਵਾਲੇ ਸਿੱਖ ਖਿਡਾਰੀਆਂ ਤੋਂ ਬਿਨਾਂ ਹਾਕੀ ਦੀ ਕਹਾਣੀ ਮੁਕੰਮਲ ਨਹੀਂ ਹੋ ਸਕਦੀ, ਅਧੂਰੀ ਰਹਿ ਜਾਵੇਗੀ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਬਤ-ਸੂਰਤ ਸਿੱਖ ਦੇ ਸਰੂਪ 'ਚ ਇਹ ਕਹਾਣੀ ਹੋਰ ਵੀ ਗੌਰਵਸ਼ਾਲੀ ਬਣ ਸਕਦੀ ਹੈ। ਇਹ ਸਰੂਪ ਇਕ ਐਸੀ ਹਿੰਮਤ ਬਖਸ਼ੇਗਾ, ਇਕ ਐਸੀ ਦਲੇਰੀ ਦੀ ਭਾਵਨਾ ਦਾ ਸੰਚਾਰ ਕਰੇਗਾ, ਖੇਡ ਦੇ ਮੈਦਾਨ 'ਚ ਜੂਝਣ ਵਾਲੇ ਹਾਕੀ ਖਿਡਾਰੀ ਐਸੇ ਯੋਧੇ ਬਣ ਜਾਣਗੇ, ਜਿਨ੍ਹਾਂ ਦੇ ਰੂਬਰੂ ਸ਼ਕਤੀਸ਼ਾਲੀ ਟੀਮਾਂ 'ਚ ਵੀ ਇਕ ਤਹਿਲਕਾ ਮਚ ਜਾਵੇਗਾ। 'ਦੇਹਿ ਸ਼ਿਵਾ ਬਰ ਮੋਹਿ...' ਦੇ ਸ਼ਬਦ ਦੀ ਗੂੰਜ ਤੋਂ ਬਾਅਦ 'ਬੋਲੇ ਸੋ ਨਿਹਾਲ...' ਦੇ ਜੋਸ਼ੀਲੇ ਜੈਕਾਰੇ ਨਾਲ ਮੈਦਾਨ 'ਚ ਉਤਰਨ ਵਾਲੀਆਂ ਟੀਮਾਂ ਨੂੰ ਇਕ ਅਜਿਹੀ ਸ਼ਕਤੀ, ਇਕ ਅਜਿਹਾ ਬਲ ਮਿਲੇਗਾ, ਜੋ ਮਨੋਵਿਗਿਆਨਕ ਤੌਰ 'ਤੇ ਖਿਡਾਰੀ ਦੇ ਅੰਦਰ ਲੁਕੇ ਸਿੱਖੀ ਦੇ ਜਜ਼ਬੇ ਦੀ ਚਿਣਗ ਨੂੰ ਚੁਆਤੀ ਲਾਉਣ ਦਾ ਕੰਮ ਵੀ ਕਰੇਗਾ।
ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਸਾਡੀ ਜਾਚੇ ਇਸੇ ਸੋਚ 'ਤੇ ਪਹਿਰਾ ਦੇਣ ਲਈ ਹੀ ਅੱਗੇ ਆਈ ਹੈ. ਜਦੋਂ ਪਿੱਛੇ ਜਿਹੇ ਉਨ੍ਹਾਂ ਨੇ ਮੁਹਾਲੀ ਵਿਖੇ ਦੁਨੀਆ ਦਾ ਪਹਿਲਾ ਤੇ ਵਿਲੱਖਣ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਆਯੋਜਿਤ ਕਰਵਾਉਣ ਬਾਰੇ ਸੋਚਿਆ। ਅਸੀਂ ਮਹਿਸੂਸ ਕਰਦੇ ਹਾਂ ਕਿ ਹੁਣ ਵਿਸ਼ਵ ਸਿੱਖ ਭਾਈਚਾਰਾ ਇਸ ਸਪੋਰਟਸ ਕੌਂਸਲ ਨਾਲ ਹਮਕਦਮ ਹੋ ਕੇ ਜ਼ਰੂਰ ਤੁਰੇਗਾ। ਖੁਸ਼ੀ ਦੀ ਗੱਲ ਇਹ ਹੈ ਕਿ ਕੁਝ ਹਫਤੇ ਪਹਿਲਾਂ ਹੀ ਇਹ ਕੇਸਾਧਾਰੀ ਹਾਕੀ ਟੂਰਨਾਮੈਂਟ ਨਿਹਾਇਤ ਸਫਲਤਾਪੂਰਵਕ ਤਰੀਕੇ ਨਾਲ ਸੰਪੰਨ ਹੋਇਆ, ਜਿਸ ਦੀ ਧਾਰਮਿਕ ਤੇ ਖੇਡਾਂ ਦੇ ਖੇਤਰ ਵਿਚ ਬੇਹੱਦ ਪ੍ਰਸੰਸਾ ਹੋਈ। ਇਸੇ ਕੇਸਾਧਾਰੀ ਗੋਲਡ ਕੱਪ ਵਿਚ ਜਿਸ ਦੀ ਸਰਪ੍ਰਸਤੀ ਸ: ਐਸ. ਪੀ. ਸਿੰਘ ਉਬਰਾਏ ਨੇ ਕੀਤੀ, ਦੇਸ਼ ਦੀਆਂ 8 ਨਾਮਵਰ ਟੀਮਾਂ ਸੁਰਜੀਤ ਹਾਕੀ ਅਕੈਡਮੀ ਜਲੰਧਰ, ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਡੀ.ਏ.ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਕੀ ਮਹਿੰਦਰ ਸਿੰਘ ਧੋਨੀ ਵਿਸ਼ਵ ਕੱਪ ਪਿੱਛੋਂ ਸੰਨਿਆਸ ਲਵੇਗਾ?

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਵਾਕਿਆ ਹੀ ਕੋਈ ਜਵਾਬ ਨਹੀਂ। ਇਹ ਤਾਰੀਫ ਇਨ੍ਹਾਂ ਦੇ ਕਿਸੇ ਇਕ ਮੈਚ ਜਾਂ ਲੜੀ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਨਹੀਂ ਕੀਤੀ ਜਾ ਰਹੀ, ਸਗੋਂ ਇਸ ਖਿਡਾਰੀ ਵਲੋਂ ਭਾਰਤੀ ਕ੍ਰਿਕਟ ਨੂੰ ਬੁਲੰਦੀਆਂ 'ਤੇ ਲੈ ਕੇ ਜਾਣ ਲਈ ਦਿੱਤੇ ਯੋਗਦਾਨ ਵਜੋਂ ਕੀਤੀ ਜਾ ਰਹੀ ਹੈ। ਉਮਰ ਦੇ 38ਵੇਂ ਸਾਲ ਜਿਥੇ ਕਈ ਖਿਡਾਰੀਆਂ ਦੀ ਬਸ ਹੋ ਜਾਂਦੀ ਹੈ, ਉਥੇ ਇਹ ਖਿਡਾਰੀ ਹਾਲੇ ਵੀ ਕਈ ਨੌਜਵਾਨ ਖਿਡਾਰੀਆਂ ਨਾਲੋਂ ਜ਼ਿਆਦਾ ਫਿੱਟ ਨਜ਼ਰ ਆਉਂਦਾ ਹੈ।
ਧੋਨੀ ਦੀ ਪਹਿਲਾਂ ਚੋਣ ਇਕ-ਦਿਨਾ ਮੈਚਾਂ ਲਈ ਹੋਈ ਸੀ, ਸਾਲ 2004 'ਚ। ਪਹਿਲੇ ਮੈਚ 'ਚ ਜ਼ੀਰੋ 'ਤੇ ਆਊਟ ਹੋਣ ਤੋਂ ਬਾਅਦ ਅਗਲੇ 3 ਮੈਚਾਂ 'ਚ ਵੀ ਇਸ ਦਾ ਬੱਲਾ ਖਾਮੋਸ਼ ਰਿਹਾ। ਉਸ ਵੇਲੇ ਦੇ ਕਪਤਾਨ ਸੌਰਵ ਗਾਂਗੁਲੀ ਨੂੰ ਇਸ ਦੀ ਵਿਕਟਕੀਪਿੰਗ ਭਾਅ ਗਈ ਅਤੇ ਉਸ ਨੇ ਇਸ ਨੂੰ ਟੀਮ 'ਚ ਬਰਕਰਾਰ ਰੱਖਣ ਦੀ ਫਰਮਾਇਸ਼ ਕੀਤੀ। ਆਪਣੇ ਪੰਜਵੇਂ ਹੀ ਮੈਚ ਵਿਚ ਪਾਕਿਸਤਾਨ ਵਿਰੁੱਧ ਇਸ ਨੇ 148 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਚੋਣ ਨੂੰ ਸਾਰਥਿਕ ਕੀਤਾ। ਇਥੋਂ ਹੀ ਸਿਖਰਾਂ 'ਤੇ ਚੜ੍ਹਨ ਦਾ ਇਸ ਦਾ ਇਸ ਤਰ੍ਹਾਂ ਦਾ ਸਫਰ ਸ਼ੁਰੂ ਹੋਇਆ ਕਿ ਇਸ ਨੇ ਰੁਕਣ ਦਾ ਨਾਂਅ ਹੀ ਨਹੀਂ ਲਿਆ। ਟੈਸਟ ਮੈਚਾਂ 'ਚ 4 ਹਜ਼ਾਰ ਤੋਂ ਵੱਧ ਸਕੋਰ ਬਣਾਉਣ ਵਾਲਾ ਇਹ ਪਹਿਲਾ ਭਾਰਤੀ ਵਿਕਟਕੀਪਰ ਬਣਿਆ। ਇਕ ਦੋਹਰੇ ਸੈਂਕੜੇ ਸਮੇਤ ਇਸ ਨੇ ਹੇਠਲੇ ਕ੍ਰਮ 'ਚ ਬੱਲੇਬਾਜ਼ੀ ਕਰਦਿਆਂ 6 ਸੈਂਕੜੇ ਲਗਾਏ ਅਤੇ 33 ਅੱਧ ਸੈਂਕੜੇ ਵੀ ਇਸ ਦੇ ਨਾਂਅ ਹਨ। ਵਿਕਟ ਪਿੱਛੇ 256 ਕੈਚ ਫੜਨ ਤੋਂ ਇਲਾਵਾ 38 ਸਟੰਪ ਵੀ ਇਸ ਨੇ ਕੀਤੇ।
ਇਕ-ਦਿਨੀ ਮੈਚਾਂ 'ਚ ਸਚਿਨ, ਗਾਂਗੁਲੀ ਤੇ ਰਾਹੁਲ ਦ੍ਰਾਵਿੜ ਤੋਂ ਬਾਅਦ ਧੋਨੀ ਹੀ ਹੈ, ਜਿਸ ਨੇ 10 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਅਤੇ ਔਸਤ ਵੀ ਇਸ ਦੀ 50 ਤੋਂ ਉੱਤੇ ਹੀ ਚੱਲ ਰਹੀ ਹੈ। ਇਕ ਖਾਲਿਸ ਬੱਲੇਬਾਜ਼ ਇਸ ਰਿਕਾਰਡ 'ਤੇ ਘੱਟ ਹੀ ਪੁੱਜਦਾ ਹੈ ਪਰ ਇਸ ਨੇ ਤਾਂ ਨਾਲ ਵਿਕਟਕੀਪਿੰਗ ਵੀ ਕੀਤੀ ਹੈ ਅਤੇ 313 ਕੈਚ ਤੇ 120 ਸਟੰਪ ਵੀ ਇਸ ਦੇ ਨਾਂਅ ਹਨ। ਮੈਚ ਜਿਤਾਉਣ ਲਈ ਪੂਰਾ ਭਾਰ ਆਪਣੇ ਮੋਢਿਆਂ 'ਤੇ ਚੁੱਕਣ ਦਾ ਕਾਰਨਾਮਾ ਇਸ ਨੇ ਕਈ ਵਾਰ ਦਿਖਾਇਆ ਹੈ। ਕਈ ਦਾਅ ਇਸ ਨੇ ਅਜਿਹੇ ਖੇਡੇ, ਜਿਹੜੇ ਨਿਸ਼ਾਨੇ 'ਤੇ ਪੂਰੇ ਲੱਗੇ ਅਤੇ ਵਾਹ-ਵਾਹ ਵੀ ਪੂਰੀ ਹੋਈ। ਜੇ ਇਹ ਨਿਸ਼ਾਨੇ 'ਤੇ ਨਾ ਲਗਦੇ ਤਾਂ ਆਲੋਚਨਾ ਵੀ ਬਹੁਤ ਹੋਣੀ ਸੀ ਪਰ ਇਸ ਨੇ ਪ੍ਰਵਾਹ ਨਹੀਂ ਕੀਤੀ ਅਤੇ ਟੀਮ ਨੂੰ ਚੋਟੀ ਵੱਲ ਲੈ ਕੇ ਤੁਰਨਾ ਜਾਰੀ ਰੱਖਿਆ। ਟੀ-20 'ਚ ਇਸ ਨੇ ਸਿਰਫ 98 ਮੈਚ ਹੀ ਖੇਡੇ ਤੇ ਕੋਈ ਲੰਮਾ-ਚੌੜਾ ਰਿਕਾਰਡ ਇਸ ਦੇ ਨਾਂਅ ਭਾਵੇਂ ਨਹੀਂ ਹੈ ਪਰ ਟੀ-20 ਦਾ ਪਹਿਲਾ ਵਿਸ਼ਵ ਕੱਪ ਜਿਹੜਾ 2007 'ਚ ਹੋਇਆ ਸੀ, ਉਹ ਜਿੱਤ ਕੇ ਇਸ ਨੇ ਆਪਣੀ ਅਗਵਾਈ ਯੋਗਤਾ ਦੀ ਛਾਪ ਛੱਡੀ।
ਖਿਡਾਰੀ ਦੇ ਤੌਰ 'ਤੇ ਯੋਗਦਾਨ ਦੇਣ ਦੇ ਨਾਲ-ਨਾਲ ਕਪਤਾਨ ਦੇ ਤੌਰ 'ਤੇ ਵੀ ਇਸ ਨੇ ਵੱਡੇ ਮਾਅਰਕੇ ਮਾਰੇ ਹਨ। ਇਸ ਟੀ-20 ਦਾ ਵਿਸ਼ਵ ਖਿਤਾਬ ਜਿਤਵਾਉਣ ਤੋਂ ਬਾਅਦ ਇਸ ਨੇ ਕਾਮਨਵੈਲਥ ਬੈਂਕ ਵਰਲਡ ਸੀਰੀਜ਼ ਜਿਤਵਾਈ। ਏਸ਼ੀਆ ਕੱਪ 2010 ਤੇ 2016 ਦਾ ਭਾਰਤ ਦੇ ਨਾਂਅ ਲਿਖਵਾਇਆ। ਸਾਲ 2011 'ਚ 28 ਸਾਲਾਂ ਦਾ ਸੋਕਾ ਖਤਮ ਕਰਦਿਆਂ ਭਾਰਤੀ ਟੀਮ ਨੂੰ ਮੁੜ ਵਿਸ਼ਵ ਕੱਪ ਚੈਂਪੀਅਨ ਬਣਵਾਇਆ। ਸਾਲ 2013 'ਚ ਇਸ ਨੇ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਵੀ ਭਾਰਤ ਦੀ ਝੋਲੀ ਪਾਈ। ਧੋਨੀ ਭਾਰਤ ਦਾ ਅਜਿਹਾ ਪਹਿਲਾ ਕਪਤਾਨ ਹੈ, ਜਿਸ ਨੇ ਆਈ.ਸੀ.ਸੀ. ਦੀਆਂ ਮਿਥੇ ਓਵਰ ਦੀਆਂ 3 ਪ੍ਰਮੁੱਖ ਵਿਸ਼ਵ ਚੈਂਪੀਅਨਸ਼ਿਪ ਭਾਰਤ ਦੇ ਨਾਂਅ ਲਿਖੀਆਂ।
ਮਹਿੰਦਰ ਸਿੰਘ ਧੋਨੀ ਦੇ ਸੰਘਰਸ਼ ਤੋਂ ਸਫ਼ਲਤਾ ਦੀ ਕਹਾਣੀ ਦਰਸਾਉਂਦੀ ਇਕ ਫਿਲਮ ਬਣੀ, ਜਿਹੜੀ ਸਫ਼ਲ ਵੀ ਸਿੱਧ ਹੋਈ। ਝਾਰਖੰਡ ਦੇ ਸ਼ਹਿਰ ਰਾਂਚੀ ਤੋਂ ਜਦੋਂ ਇਹ ਭਾਰਤੀ ਟੀਮ 'ਚ ਆਇਆ ਸੀ ਤਾਂ ਕਈ ਮਾਹਿਰਾਂ ਨੇ ਇਸ ਨੂੰ ਸਾਧਾਰਨ ਵਿਕਟਕੀਪਰ ਦੱਸਿਆ। ਕਿਉਂਕਿ ਇਸ ਨੇ ਬਚਪਨ 'ਚ ਟੈਨਿਸ ਗੇਂਦ ਨਾਲ ਸ਼ਾਟ ਮਾਰਨੇ ਸਿੱਖੇ ਸਨ, ਇਸ ਲਈ ਇਸ ਸੱਜੇ ਹੱਥ ਨਾਲ ਹੀ ਸਟਰੋਕ ਜ਼ਿਆਦਾ ਖੇਡਦਾ ਸੀ, ਜਿਹੜਾ ਕਿ ਮਾਹਿਰਾਂ ਨੂੰ ਅੱਖਰਦਾ ਸੀ ਅਤੇ ਇਸ ਨੂੰ ਲੱਪੇਬਾਜ਼ ਕਹਿ ਕੇ ਇਸ ਨੂੰ ਲੰਮੀ ਦੌੜ ਦਾ ਘੋੜਾ ਨਹੀਂ ਮੰਨਦੇ ਸਨ। ਧੋਨੀ ਨੇ ਆਪਣੀ ਤਕਨੀਕ ਨਹੀਂ ਬਦਲੀ ਅਤੇ ਏਸੇ ਨੂੰ ਜਾਰੀ ਰੱਖਿਆ। ਇਸੇ ਤਕਨੀਕ ਨਾਲ ਜਦੋਂ ਉਸ ਨੇ ਛਿੱਕੇ ਮਾਰੇ ਤਾਂ ਉਹੀ ਕ੍ਰਿਕਟ ਮਾਹਿਰ ਇਸ ਨੂੰ 'ਹੈਲੀਕਾਪਟਰ ਸ਼ਾਟ' ਕਹਿ ਕੇ ਤਾਰੀਫ ਕਰਨ ਤੋਂ ਨਹੀਂ ਹਟੇ।
ਭਾਵੇਂ ਧੋਨੀ ਨੇ ਤਿੰਨਾਂ ਸਰੂਪਾਂ 'ਚ ਕਪਤਾਨੀ ਛੱਡ ਦਿੱਤੀ ਹੈ ਅਤੇ ਟੈਸਟ ਮੈਚਾਂ ਤੋਂ ਵੀ ਸੰਨਿਆਸ ਲੈ ਲਿਆ ਹੈ ਪਰ ਹਾਲੇ ਵੀ ਕਪਤਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਇਸ ਦੀ ਸਲਾਹ ਤੋਂ ਬਿਨਾਂ ਨਹੀਂ ਚਲਦੇ। ਵਿਕਟ ਦੇ ਪਿੱਛੇ ਖੜ੍ਹ ਕੇ ਗੇਂਦਬਾਜ਼ਾਂ ਨੂੰ ਗੇਂਦ ਕਿਸ ਤਰ੍ਹਾਂ ਦੀ ਸੁੱਟਣੀ ਹੈ, ਬੱਲੇਬਾਜ਼ ਕਿਸ ਤਰ੍ਹਾਂ ਖੇਡ ਰਿਹਾ ਹੈ ਤੇ ਕਿਥੇ ਕਿਹੜੀ ਗ਼ਲਤੀ ਕਰ ਸਕਦਾ ਹੈ, ਫੀਲਡਿੰਗ ਕਿਸ ਤਰ੍ਹਾਂ ਦੀ ਲਗਾਉਣੀ ਹੈ, ਇਸ ਬਾਰੇ ਸਲਾਹ ਦਿੰਦਿਆਂ ਇਸ ਨੂੰ ਸਟੰਪ ਕੈਮਰੇ ਰਾਹੀਂ ਮੈਚ ਦੇਖ ਰਹੇ ਕ੍ਰਿਕਟ ਪ੍ਰੇਮੀ ਅਕਸਰ ਸੁਣਦੇ ਹਨ।
ਇੰਜ ਲਗਦਾ ਹੈ ਕਿ ਇਸ ਵਿਸ਼ਵ ਕੱਪ ਤੋਂ ਬਾਅਦ ਉਹ ਸੰਨਿਆਸ ਲੈ ਲਵੇਗਾ। ਫਿਲਹਾਲ ਵਿਸ਼ਵ ਕੱਪ ਤੱਕ ਉਸ ਦੀ ਕਾਬਲੀਅਤ ਦਾ ਭਾਰਤੀ ਟੀਮ ਨੂੰ ਪੂਰਾ ਲਾਹਾ ਲੈਣਾ ਚਾਹੀਦਾ ਹੈ।


-ਮੋਬਾ: 98141-32420

ਪੁਰਸ਼ ਤੇ ਮਹਿਲਾ ਟੀ-20 ਦਾ ਲੇਖਾ-ਜੋਖਾ

ਪੁਰਸ਼ਾਂ ਦੀ ਜੇਤੂ ਮੁਹਿੰਮ ਰੁਕੀ ਤੇ ਮਹਿਲਾਵਾਂ ਨੂੰ ਹਾਰ

ਮਿਤੀ 10 ਫਰਵਰੀ ਨੂੰ ਭਾਰਤੀ ਟੀਮ ਦਾ ਨਿਊਜ਼ੀਲੈਂਡ ਦਾ ਦੌਰਾ ਖਤਮ ਹੋ ਗਿਆ, ਪਰ ਪੁਰਸ਼ ਤੇ ਮਹਿਲਾ ਕ੍ਰਿਕਟ ਦੌਰੇ ਦਾ ਅੰਤ ਬਹੁਤ ਹੈਰਾਨੀਜਨਕ ਹੋਇਆ ਜਦੋਂ ਪੁਰਸ਼ ਵੰਨਗੀ ਵਿਚ ਭਾਰਤ ਨੇ ਆਸ ਤੋਂ ਉਲਟ ਇਤਿਹਾਸ ਨਾ ਰਚਦੇ ਹੋਏ ਇਹ ਕ੍ਰਿਕਟ ਲੜੀ ਆਪਣੇ ਨਾਂਅ ਨਾ ਕੀਤੀ ਤੇ ਉਨ੍ਹਾਂ ਦੀ ਜੇਤੂ ਮਹਿੰਮ ਨੂੰ ਵਿਰਾਮ ਲੱਗ ਗਿਆ। ਇਸ ਤਰ੍ਹਾਂ ਭਾਰਤੀ ਕ੍ਰਿਕਟ ਨੇ ਇਸ ਖੇਡ ਵਿਚ ਪਹਿਲਾਂ ਤਾਂ ਨਿਰੰਤਰਤਾ ਕਾਇਮ ਰਖਦੇ ਹੋਏ ਪਹਿਲਾਂ ਟੈਸਟ ਲੜੀ ਜਿੱਤੀ, ਫਿਰ 50 ਓਵਰਾਂ ਦੀ ਲੜੀ ਜਿੱਤੀ ਪਰ ਹੁਣ ਟੀ-20 ਵਿਚ ਆਪਣੀ ਜਿੱਤ ਨਹੀਂ ਹਾਸਲ ਕੀਤੀ ਤੇ ਬਾਹਰਲੀ ਧਰਤੀ 'ਤੇ ਇਕ ਨਵਾਂ ਇਤਿਹਾਸ ਨਹੀਂ ਸਿਰਜ ਸਕੇ। ਜੇ ਪੁਰਸ਼ ਕ੍ਰਿਕਟ ਦੀ ਗੱਲ ਕੀਤੀ ਜਾਵੇ ਤਾਂ 3 ਮੈਚਾਂ ਵਿਚ ਭਾਰਤ ਨੇ ਇਹ ਲੜੀ 2-1 ਨਾਲ ਗਵਾਈ ਪਰ ਮਹਿਲਾ ਕ੍ਰਿਕਟ ਵਿਚ ਭਾਰਤ ਕੋਈ ਵੀ ਮੈਚ ਆਪਣੇ ਨਾਂਅ ਨਾ ਕਰ ਸਕਿਆ ਤੇ ਇਹ ਮਹੱਤਵਪੂਰਨ ਲੜੀ 3-0 ਨਾਲ ਹਾਰ ਗਿਆ। ਮਾਹਿਰਾਂ ਦਾ ਇਹ ਕਹਿਣਾ ਬਹੁਤ ਯੋਗ ਹੈ ਕਿ ਭਾਰਤ ਦੀ ਇਸ ਲੜੀ ਬਾਹਰਲੇ ਮੁਲਕ ਵਿਚ ਪਹਿਲੀ ਵਾਰ ਜਿੱਤਣ ਦੀ ਹਸਰਤ ਇਸ ਵਿਚ ਹਾਰਨ ਦੇ ਕਾਰਨ ਪੂਰੀ ਨਾ ਹੋ ਸਕੀ। ਮਾਹਿਰਾਂ ਅਨੁਸਾਰ ਭਾਰਤ ਇਸ ਗੱਲ ਦਾ ਸੰਤੋਸ਼ ਕਰ ਸਕਦਾ ਹੈ ਕਿ ਚਾਹੇ ਨਿਊਜ਼ੀਲੈਂਡ ਨੇ ਇਹ ਲੜੀ ਦੋਵੇਂ ਵੰਨਗੀਆਂ ਵਿਚ ਆਪਣੇ ਨਾਂਅ ਕਰ ਲਈ ਹੈ ਪਰ ਭਾਰਤ ਨੇ ਵੀ ਉੱਤਮ ਪ੍ਰਦਰਸ਼ਨ ਦੀ ਪੇਸ਼ਕਾਰੀ ਕਰਦੇ ਹੋਏ ਇਸ ਸਮੁੱਚੇ ਦੌਰੇ ਵਿਚ ਆਪਣੇ ਸਵੈਮਾਣ ਨੂੰ ਬਰਕਰਾਰ ਰੱਖਿਆ ਹੈ।
ਮਾਹਿਰ ਇਸ ਦੁੱਵਲੀ ਹਾਰ ਦਾ ਇਕ ਕਾਰਨ ਇਹ ਵੀ ਦੱਸ ਰਹੇ ਹਨ ਕਿ ਕ੍ਰਿਕਟ ਗਰਾਊਂਡ ਛੋਟਾ ਹੋਣ ਦੇ ਕਾਰਨ ਤੇ ਇਸ ਦਾ ਅਨੁਭਵ ਨਾ ਹੋਣ ਕਾਰਨ ਇਹ ਲੜੀ ਦੋਵੇਂ ਵੰਨਗੀਆਂ ਵਿਚ ਗਵਾਈ ਹੈ। ਮਾਹਿਰਾਂ ਦਾ ਹੁਣ ਇਹ ਕਹਿਣਾ ਹੈ ਕਿ ਨਿਊਜ਼ੀਲੈਂਡ ਦੀ ਘਰੇਲੂ ਗਰਾਊਂਡ ਹੋਣ ਉਹ ਪੂਰੀ ਤਰ੍ਹਾਂ ਇਸ ਵਿਚ ਖੇਡਣ ਦੇ ਸਮਰੱਥ ਹੋ ਚੁੱਕੇ ਸਨ ਤੇ ਭਾਰਤੀ ਵੱਡੀਆਂ ਗਰਾਊਂਡਾਂ ਵਿਚ ਖੇਡਣ ਦੇ ਆਦੀ ਸਨ। ਕੁਝ ਆਮ ਲੋਕ ਇਸ ਧਾਰਨਾ ਨਾਲ ਸਹਿਮਤੀ ਨਹੀਂ ਭਰਦੇ ਪਰ ਮਾਹਿਰਾਂ ਦੀ ਆਪਣੀ ਸੋਚ ਹੈ।
ਇਹ ਗੱਲ ਬੜੇ ਸੰਤੋਸ਼ਮਈ ਢੰਗ ਨਾਲ ਬਿਆਨ ਕੀਤੀ ਜਾ ਸਕਦੀ ਹੈ ਕਿ ਭਾਰਤ ਪੁਰਸ਼ ਤੇ ਮਹਿਲਾ ਦੋਵੇਂ ਵੰਨਗੀਆਂ ਵਿਚ ਆਪਣੀ ਚੰਗੀ ਕਾਰਗੁਜ਼ਾਰੀ ਦਿਖਾ ਰਿਹਾ ਸੀ, ਇਵੇਂ ਜਾਪਣ ਲੱਗ ਪਿਆ ਸੀ ਕਿ ਭਾਰਤ ਇਸ ਲੜੀ ਨੂੰ ਪੁਰਸ਼ ਵੰਨਗੀ ਵਿਚ ਆਪਣੇ ਨਾਂਅ ਕਰ ਲਵੇਗਾ, ਪਰ ਅਜਿਹਾ ਹੋ ਨਾ ਸਕਿਆ। ਦੋਵੇਂ ਖੇਤਰਾਂ ਵਿਚ ਪਿਛਲੇ ਦੋ ਮੈਚ ਇਸ ਤਰ੍ਹਾਂ ਖੇਡੇ ਗਏ ਕਿ ਆਖਰੀ ਬਾਲ ਤੱਕ ਇਹ ਪਤਾ ਨਹੀਂ ਸੀ ਚੱਲ ਰਿਹਾ ਕਿ ਮੈਚ ਕਿਸ ਪਾਸੇ ਜਾ ਸਕਦਾ ਹੈ। ਪੁਰਸ਼ ਵੰਨਗੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਆਖਰੀ ਮੈਚ ਭਾਰਤ ਨੇ ਸਿਰਫ਼ 4 ਦੌੜਾਂ ਨਾਲ ਹਾਰਿਆ ਤੇ ਮਹਿਲਾਵਾਂ ਨੇ 2 ਦੌੜਾਂ ਨਾਲ। ਪੁਰਸ਼ਾਂ ਦੇ ਆਖਰੀ ਮੈਚ ਵਿਚ ਮਾਹਿਰਾਂ ਅਨੁਸਰ ਇਕ ਫੌਰੀ ਕਾਰਨ ਇਕ ਇਤਫਾਕ ਨੇ ਵੀ ਆਪਣੀ ਨਕਾਰਾਤਮਿਕ ਭੂਮਿਕਾ ਨਿਭਾਈ। ਜਦੋਂ ਭਾਰਤ ਜਿੱਤ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ ਤਾਂ ਦੋ ਵਾਰੀ ਬਹੁਤ ਹੀ ਤੇਜ਼ ਹਿੱਟ ਸਾਹਮਣੇ ਵਿਕਟਾਂ 'ਤੇ ਜਾ ਟਕਰਾਈ ਤੇ ਗੇਂਦ ਦੀ ਤੇਜ਼ੀ ਵਿਚ ਬਹੁਤ ਰੁਕਾਵਟ ਆਈ। ਖੇਡ ਪ੍ਰੇਮੀਆਂ ਦਾ ਇਹ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਇਕ ਵੀ ਜੇਕਰ ਗਰਾਊਂਡ ਤੋਂ ਬਾਹਰ ਚਲਾ ਜਾਂਦਾ ਤੇ ਚੌਕਾ ਬਣ ਜਾਂਦਾ ਤਾਂ ਮੈਚ ਭਾਰਤ ਦੀ ਝੋਲੀ ਵਿਚ ਪੈ ਸਕਦਾ ਸੀ। ਇਵੇਂ ਲਗਦਾ ਸੀ ਇਹ ਦੌਰੇ ਦਾ ਆਖਰੀ ਦਿਨ ਭਾਰਤ ਦਾ ਨਹੀਂ ਸੀ। ਪੁਰਸ਼ਾਂ ਦੇ ਮੈਚ ਵਿਚ ਇਕ ਖਾਸ ਪ੍ਰਵਿਰਤੀ ਦੇਖਣ ਨੂੰ ਮਿਲੀ ਕਿ ਕਈ ਕੈਚ ਮੁਸ਼ਕਿਲ ਤੇ ਆਸਾਨ ਵੀ ਸਾਡੇ ਖਿਡਾਰੀਆਂ ਦੇ ਹੱਥਾਂ ਵਿਚੋਂ ਨਿਕਲ ਗਏ। ਕ੍ਰਿਕਟ ਪ੍ਰੇਮੀ ਇਸ ਕਹਾਵਤ ਤੋਂ ਜਾਣੂ ਹਨ ਕਿ ਇਹ ਫਾਰਮੈਟ ਟੀ-20 ਖਾਸ ਤੌਰ 'ਤੇ ਕੈਚ ਲੈਣ 'ਤੇ ਨਿਰਭਰ ਕਰਦਾ ਹੈ ਤੇ ਕਹਾਵਤ 'ਕੈਚਿਜ਼ ਵਿਨ ਮੈਚਜ਼' ਇਹ ਕ੍ਰਿਕਟ ਵਿਚ ਟੀ-20 'ਤੇ ਖਾਸ ਢੁਕਦੀ ਹੈ।
ਇਹ ਤੱਥ ਬਿਲਕੁਲ ਮਹਿਲਾਵਾਂ ਦੇ ਫਾਰਮੈਟ 'ਤੇ ਵੀ ਲਾਗੂ ਹੈ, ਜਿੱਥੇ ਵੀ ਸਾਧਾਰਨ ਕੈਚ ਗਵਾਏ ਗਏ। ਮਿਤਾਲੀ ਰਾਜ ਬਾਰੇ ਇਹ ਭਰਮ ਵੀ ਟੁੱਟ ਗਿਆ ਕਿ ਪਿਛਲੀਆਂ ਹਾਰਾਂ ਦਾ ਅਹਿਮ ਕਾਰਨ ਉਸ ਦਾ ਹਿੱਸਾ ਨਾ ਲੈਣਾ ਸੀ। ਦੂਜੇ ਪਾਸੇ ਕਪਤਾਨ ਹਰਮਨਪ੍ਰੀਤ ਵੀ ਦਰਸ਼ਕਾਂ ਦੀਆਂ ਆਸਾਂ 'ਤੇ ਪੂਰੀ ਨਾ ਉਤਰ ਸਕੀ ਤੇ ਛੇਤੀ-ਛੇਤੀ ਆਊਟ ਹੋ ਗਈ। ਸ੍ਰੀਮਤੀ ਮੰਧਾਨਾ ਦੀ ਲਾਜਵਾਬ 86 ਦੌੜਾਂ ਦੀ ਪਾਰੀ ਵੀ ਕੁਝ ਨਾ ਸੰਵਾਰ ਸਕੀ।
ਇਸ ਤਰ੍ਹਾਂ ਹੀ ਪੁਰਸ਼ ਵੰਨਗੀ ਵਿਚ ਇਕ ਦਿਨ ਦੇ ਮੈਚਾਂ ਵਿਚ ਪੰਜਾਬ ਦਾ ਨਵਾਂ ਖਿਡਾਰੀ ਹਰਮਨ ਗਿੱਲ ਅਜੇ ਆਪਣੀ ਪੂਰੀ ਚਮਕ ਨਹੀਂ ਦਿਖਾ ਸਕਿਆ। ਉਸ ਨੂੰ ਟੀ-20 ਵਿਚ ਬਾਹਰ ਰੱਖਿਆ ਗਿਆ। ਕੁਝ ਲੋਕਾਂ ਦਾ ਇਹ ਵੀ ਖਿਆਲ ਹੈ ਕਿ ਅਜੇ ਹਰਮਨ ਨੂੰ ਥਾਂ ਬਦਲ ਕੇ ਪਿਛਲੀਆਂ ਥਾਵਾਂ 'ਤੇ ਖਿਡਾਉਣ ਦੀ ਲੋੜ ਹੈ, ਜਦੋਂ ਉਸ ਨੂੰ ਲੋੜੀਂਦਾ ਅਨੁਭਵ ਪ੍ਰਾਪਤ ਹੋ ਜਾਵੇਗਾ ਤਾਂ ਉਸ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ, ਇਸ ਨਾਲ ਉਸ ਦਾ ਮਨੋਬਲ ਵਧੇਗਾ। ਕੁਲ ਮਿਲਾ ਕੇ ਇਹ ਨਿਉਜ਼ੀਲੈਂਡ ਦਾ ਦੌਰਾ ਭਾਰਤੀ ਖਿਡਾਰੀਆਂ ਲਈ ਬਹੁਤ ਕਾਰਗਰ ਸਾਬਤ ਹੋਇਆ ਹੈ। ਇਸ ਨਾਲ ਸਾਡੇ ਨਾਮਵਰ ਖਿਡਾਰੀ ਧੋਨੀ ਪਹਿਲੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ 300 ਟੀ-20 ਮੈਚ ਖੇਡੇ ਹਨ ਤੇ ਰੋਹਿਤ ਸ਼ਰਮਾ ਭਾਰਤੀ ਖਿਡਾਰੀਆਂ ਵਿਚ ਦੂਜੇ ਖਿਡਾਰੀ ਬਣ ਗਏ ਹਨ। ਇਸ ਦੌਰੇ ਤੋਂ ਬਾਅਦ ਆਈ.ਸੀ.ਸੀ. ਦੀ ਤਾਜ਼ਾ ਰੈਂਕਿੰਗ ਵਿਚ ਗੇਂਦਬਾਜ਼ਾਂ ਦੀ ਸੂਚੀ ਵਿਚ ਯਾਦਵ ਦੂਸਰੇ ਸਥਾਨ 'ਤੇ ਰਾਸ਼ਿਦ ਤੋਂ ਬਾਅਦ ਪਹੁੰਚ ਗਿਆ ਹੈ। ਉਸ ਨੇ 20 ਦੌੜਾਂ ਦੇ ਕੇ 2 ਵਿਕਟਾਂ ਲਈਆਂ ਹਨ। ਇਸ ਵਿਚ ਕੋਹਲੀ ਤੇ ਹੋਰ ਸੰਘਰਸ਼ ਕਰ ਰਹੇ ਖਿਡਾਰੀਆਂ ਨੂੰ ਲੋੜੀਂਦਾ ਆਰਾਮ ਦਿੱਤਾ ਗਿਆ ਹੈ, ਜੋ ਕਿ ਵਿਸ਼ਵ ਕੱਪ ਦੀ ਤਿਆਰੀ ਲਈ ਇਕ ਸਾਰਥਿਕ ਕਦਮ ਕਿਹਾ ਜਾ ਸਕਦਾ ਹੈ, ਜਿਸ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਭਾਰਤ ਕੋਲ ਲੋੜੀਂਦੀ ਬੈਂਚ ਪਾਵਰ ਹੈ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਹਾਦਸਾ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਦੀ ਦੌੜ ਵਿਚ ਅੱਗੇ ਸੋਮਜੀਤ ਸਿੰਘ

ਸੋਮਜੀਤ ਸਿੰਘ ਭਾਰਤੀ ਵੀਲ੍ਹਚੇਅਰ ਕ੍ਰਿਕਟ ਟੀਮ ਦਾ ਉਹ ਮਜ਼ਬੂਤ ਹਿੱਸਾ ਹੈ, ਜਿਸ ਨੇ ਆਪਣੇ ਦ੍ਰਿੜ੍ਹ ਇਰਾਦਿਆਂ ਅਤੇ ਇੱਛਾ ਸ਼ਕਤੀ ਨਾਲ ਕ੍ਰਿਕਟ ਦੀ ਦੁਨੀਆ ਵਿਚ ਹੀ ਮੁਕਾਮ ਹਾਸਲ ਨਹੀਂ ਕੀਤਾ, ਸਗੋਂ ਉਹ ਦੂਸਰਿਆਂ ਲਈ ਇਕ ਬੇਹੱਦ ਪ੍ਰੇਰਨਾ ਸਰੋਤ ਹੈ। ਸੋਮਜੀਤ ਸਿੰਘ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ ਅਤੇ ਆਪਣੇ ਇਸ ਸ਼ੌਕ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਉਸ ਨੇ ਕ੍ਰਿਕਟ ਦਾ ਬੱਲਾ ਫੜ ਲਿਆ ਅਤੇ ਕ੍ਰਿਕਟ ਦੇ ਦਾਅ-ਪੇਚ ਸਿੱਖਣ ਲਈ ਆਪਣੇ ਸਾਥੀਆਂ ਨਾਲ ਕ੍ਰਿਕਟ ਖੇਡਣ ਲੱਗਿਆ ਪਰ ਸ਼ਾਇਦ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਸ ਨਾਲ ਐਸਾ ਹਾਦਸਾ ਵਾਪਰੇਗਾ ਕਿ ਕ੍ਰਿਕਟ ਦੀ ਦੁਨੀਆ ਵਿਚ ਨਾਮ ਕਮਾਉਣ ਦੇ ਸੁਪਨੇ ਉਸ ਦੇ ਧਰੇ-ਧਰਾਏ ਰਹਿ ਜਾਣਗੇ। 9 ਸਾਲ ਦੀ ਉਮਰ ਸੀ ਅਤੇ ਉਹ ਚਲਦੇ-ਚਲਦੇ ਡਿਗ ਪਿਆ ਅਤੇ ਐਸਾ ਡਿਗਿਆ ਕਿ ਉਹ ਦੂਸਰੀ ਵਾਰ ਉਠ ਨਹੀਂ ਸਕਿਆ। ਉਸ ਦੀ ਡਾਕਟਰਾਂ ਨੇ ਸਰਜਰੀ ਵੀ ਕੀਤੀ ਪਰ ਉਸ ਦੇ ਹੇਠਲੇ ਹਿੱਸੇ ਨੂੰ ਲਕਵਾ ਮਾਰ ਗਿਆ ਅਤੇ ਉਸ ਦਾ ਜੀਵਨ ਬੈਸਾਖੀਆਂ 'ਤੇ ਆ ਟਿਕਿਆ ਪਰ ਕ੍ਰਿਕਟ ਖੇਡਣ ਦਾ ਉਸ ਦਾ ਜਨੂੰਨ ਮੱਧਮ ਨਾ ਪਿਆ। ਉਸ ਦਾ ਮਨ ਕਰਦਾ ਕਿ ਕਿਸੇ ਨਾ ਕਿਸੇ ਢੰਗ ਨਾਲ ਉਹ ਦੁਬਾਰਾ ਫਿਰ ਕ੍ਰਿਕਟ ਖੇਡੇ ਅਤੇ ਉਸ ਦਾ ਜਨੂੰਨ ਉਸ ਨੂੰ ਵੀਲ੍ਹਚੇਅਰ ਕ੍ਰਿਕਟ ਤੱਕ ਲੈ ਗਿਆ ਅਤੇ ਸਾਲ 2014 ਵਿਚ ਉਹ ਲਖਨਊ ਵਿਚ ਦੂਸਰੇ ਵੀਲ੍ਹਚੇਅਰ ਖਿਡਾਰੀਆਂ ਨਾਲ ਵੀਲ੍ਹਚੇਅਰ 'ਤੇ ਕ੍ਰਿਕਟ ਖੇਡਣ ਲੱਗਿਆ।
ਹੌਲੀ-ਹੌਲੀ ਉਹ ਵੀਲ੍ਹਚੇਅਰ ਕ੍ਰਿਕਟ ਵਿਚ ਆਪਣੇ ਚੰਗੇ ਪ੍ਰਦਰਸ਼ਨ ਕਾਰਨ ਚਰਚਾ ਵਿਚ ਆਉਣ ਲੱਗਿਆ। 3 ਦਸੰਬਰ, 2015 ਨੂੰ ਇਲਾਹਾਬਾਦ ਵਿਚ ਯੂ.ਪੀ. ਅਤੇ ਰੈਸਟ ਆਫ ਇੰਡੀਆ ਵਿਚਕਾਰ ਇਕ ਮੈਚ ਖੇਡਿਆ ਗਿਆ, ਜੋ ਕਿ ਆਪਣੇ-ਆਪ ਵਿਚ ਇਕ ਵਿਲੱਖਣ ਸਥਾਨ ਹੀ ਨਹੀਂ ਸੀ ਰੱਖਦਾ, ਸਗੋਂ ਉਹ ਮੈਚ ਭਾਰਤ ਵਿਚ ਹੋਣ ਵਾਲਾ ਪਹਿਲਾ ਮੈਚ ਸੀ ਅਤੇ ਇਸ ਦਾ ਸਿਹਰਾ ਸੋਮਜੀਤ ਸਿੰਘ ਨੂੰ ਗਿਆ ਅਤੇ ਉਸ ਤੋਂ ਬਾਅਦ ਵੀਲ੍ਹਚੇਅਰ ਕ੍ਰਿਕਟ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸੋਮਜੀਤ ਸਿੰਘ ਆਪਣੇ ਦੂਸਰੇ ਖਿਡਾਰੀਆਂ ਨਾਲ ਦਿਨ-ਰਾਤ ਇਕ ਕਰਨ ਲੱਗਿਆ ਅਤੇ ਉਸ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਸੋਮਜੀਤ ਸਿੰਘ ਵੀਲ੍ਹਚੇਅਰ ਕ੍ਰਿਕਟ ਟੀਮ ਦਾ ਚਮਕਦਾ ਹੋਇਆ ਉਹ ਸਿਤਾਰਾ ਹੈ, ਜਿਸ ਤੋਂ ਭਵਿੱਖ ਵਿਚ ਦੇਸ਼ ਨੂੰ ਵੱਡੀਆਂ ਆਸਾਂ ਹਨ ਅਤੇ ਸੋਮਜੀਤ ਸਿੰਘ ਨੂੰ ਇਹ ਮਾਣ ਵੀ ਜਾਂਦਾ ਹੈ ਕਿ ਉਹ ਯੂ.ਪੀ. ਦੀ ਵੀਲ੍ਹਚੇਅਰ ਕ੍ਰਿਕਟ ਟੀਮ ਦਾ ਕਪਤਾਨ ਹੁੰਦਿਆਂ ਵੀਲ੍ਹਚੇਅਰ ਕ੍ਰਿਕਟ ਦੀਆਂ ਕਈ ਸਫਲ ਲੜੀਆਂ ਜਿੱਤ ਚੁੱਕਾ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਖਿਲਾਫ ਖੇਡੇ ਮੈਚਾਂ ਵਿਚ ਵੀ ਆਪਣਾ ਸਫਲ ਪ੍ਰਦਰਸ਼ਨ ਕਰਕੇ ਵੀ ਭਾਰਤ ਦੀ ਝੋਲੀ ਜਿੱਤਾਂ ਦਰਜ ਕਰ ਚੁੱਕਾ ਹੈ। ਕ੍ਰਿਕਟ ਦੀ ਦੁਨੀਆ ਤੋਂ ਇਲਾਵਾ ਉਹ ਇਕ ਸਫਲ ਸਿੱਖਿਅਕ ਵੀ ਹੈ ਅਤੇ ਉਸ ਨੇ ਬੀ. ਐਸ. ਸੀ. ਕਰਨ ਦੇ ਨਾਲ-ਨਾਲ ਬੀ. ਕਾਮ. ਦੀ ਡਿਗਰੀ ਦੇ ਨਾਲ ਡਬਲ ਗ੍ਰੈਜੂਏਟ ਵੀ ਹੈ ਅਤੇ ਹੁਣ ਉਹ ਸੋਸ਼ਲ ਵਰਕ ਵਿਚ ਮਾਸਟਰ ਡਿਗਰੀ ਵੀ ਕਰ ਰਿਹਾ ਹੈ। ਸੋਮਜੀਤ ਸਿੰਘ 23 ਸਾਲਾ ਨੌਜਵਾਨ ਹੈ ਅਤੇ ਉਹ ਅਪਾਹਜਾਂ ਲਈ ਹੀ ਨਹੀਂ, ਸਗੋਂ ਦੂਸਰਿਆਂ ਲਈ ਵੀ ਪ੍ਰੇਰਨਾ ਸਰੋਤ ਹੈ। '


-ਮੋਬਾ: 98551-14484

ਵਿਸ਼ਵ ਕੱਪ 'ਚ ਸੋਨੇ 'ਤੇ ਨਿਸ਼ਾਨਾ ਲਗਾਉਣ ਵਾਲੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ

ਸਾਡੇ ਭਾਰਤ ਨੂੰ ਪੁਰਸ਼ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ ਪਰ ਬਹੁਤ ਸਾਰੇ ਅਜਿਹੇ ਖੇਤਰ ਹਨ, ਜਿਨ੍ਹਾਂ ਵਿਚ ਔਰਤਾਂ ਨੇ ਇਸ ਦੇਸ਼ ਦੀ ਲਾਜ ਰੱਖੀ ਹੈ। ਜੇਕਰ ਗੱਲ ਵਿਸ਼ੇਸ਼ ਤੌਰ 'ਤੇ ਖੇਡਾਂ ਦੇ ਖੇਤਰ ਦੀ ਕਰੀਏ ਤਾਂ ਔਰਤਾਂ ਨੇ ਭਾਰਤ ਦਾ ਝੰਡਾ ਬੁਲੰਦ ਕੀਤਾ ਹੈ। ਭਾਰਤ ਦੀਆਂ ਧੀਆਂ ਨੇ ਭਾਵੇਂ ਉਹ ਉਲੰਪਿਕ ਖੇਡਾਂ ਹੋਣ, ਰਾਸ਼ਟਰ ਮੰਡਲ ਖੇਡਾਂ ਹੋਣ, ਏਸ਼ਿਆਈ ਖੇਡਾਂ, ਵਰਲਡ ਕੱਪ ਜਾਂ ਅੰਤਰਰਾਸ਼ਟਰੀ ਪੱਧਰ ਦਾ ਕੋਈ ਵੀ ਵੱਡਾ ਟੂਰਨਾਮੈਂਟ ਹੋਵੇ, ਭਾਰਤ ਦੀਆਂ ਧੀਆਂ ਨੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਨਿਸ਼ਾਨੇਬਾਜ਼ੀ, ਕੁਸ਼ਤੀ, ਸਾਈਕਲਿੰਗ, ਕਬੱਡੀ, ਅਥਲੈਟਿਕਸ ਆਦਿ ਖੇਡਾਂ ਵਿਚ ਭਾਰਤ ਦੀਆਂ ਧੀਆਂ ਨੇ ਤਗਮੇ ਜਿੱਤੇ ਹਨ। ਅੱਜ ਗੱਲ ਕਰਦੇ ਹਾਂ ਭਾਰਤ ਦੀ ਨਿਸ਼ਾਨੇਬਾਜ਼ ਧੀ ਅਪੂਰਵੀ ਚੰਦੇਲਾ ਦੀ। ਇਸ ਭਾਰਤੀ ਮਹਿਲਾ ਨਿਸ਼ਾਨੇਬਾਜ਼ ਨੇ ਭਾਰਤ ਲਈ ਅਨੇਕਾਂ ਤਗਮੇ ਜਿੱਤ ਕੇ ਭਾਰਤ ਦੀ ਝੋਲੀ ਪਾਏ ਹਨ। ਜੇਕਰ ਗੱਲ ਚੰਦੇਲਾ ਦੇ ਖੇਡ ਕਰੀਅਰ ਦੀ ਕਰੀਏ ਤਾਂ ਅਪੂਰਵੀ ਚੰਦੇਲਾ ਦਾ ਜਨਮ ਜੈਪੁਰ (ਰਾਜਸਥਾਨ) ਵਿਚ ਹੋਈਆ। ਅਪੂਰਵੀ ਚੰਦੇਲਾ ਦੇ ਪਿਤਾ ਕੁਲਦੀਪ ਸਿੰਘ ਚੰਦੇਲਾ ਇਕ ਨਿੱਜੀ ਕਾਰੋਬਾਰੀ ਹਨ। ਅਪੂਰਵੀ ਚੰਦੇਲਾ ਨੇ ਨਿਸ਼ਾਨੇਬਾਜ਼ੀ 2008 ਵਿਚ ਸ਼ੁਰੂ ਕੀਤੀ। 10 ਮੀਟਰ ਏਅਰ ਰਾਈਫ਼ਲ ਈਵੈਂਟ ਵਿਚ ਅਨੇਕਾਂ ਤਗਮੇ ਜਿੱਤੇ। ਅਪੂਰਵੀ ਚੰਦੇਲਾ ਨੇ ਸਾਲ 2012 ਵਿਚ ਨਵੀਂ ਦਿੱਲੀ ਵਿਚ 10 ਮੀਟਰ ਏਅਰ ਰਾਈਫਲ ਵਿਚ ਸੋਨ ਤਗਮਾ ਜਿੱਤਿਆ। ਸਾਲ 2014 ਵਿਚ, ਹੇਗ ਇਨਟਰਸ਼ੂਟ ਚੈਂਪੀਅਨਸ਼ਿਪ ਵਿਚ 4 ਤਗਮੇ ਜਿੱਤੇ, ਜਿਸ ਵਿਚ 2 ਵਿਅਕਤੀਗਤ ਅਤੇ 2 ਟੀਮ ਤਗਮੇ ਸ਼ਾਮਲ ਸਨ। ਸਾਲ 2014 ਗਲਾਸਗੋ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਲਈ ਸੋਨੇ ਦਾ ਤਗਮਾ ਜਿੱਤਿਆ ਤੇ 206.7 ਅੰਕ ਨਾਲ ਇਕ ਨਵਾਂ ਗੇਮ ਰਿਕਾਰਡ ਵੀ ਬਣਾਇਆ। ਅਪੂਰਵੀ ਚੰਦੇਲਾ ਨੇ ਮਹਿਲਾ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ 2016 ਰੀਓ ਉਲੰਪਿਕ ਲਈ ਕੁਆਲੀਫਾਈ ਕੀਤਾ ਤੇ ਰੀਓ ਉਲੰਪਿਕ ਵਿਚ 34ਵੇਂ ਸਥਾਨ 'ਤੇ ਰਹੀ। 2018 ਦੀਆਂ ਏਸ਼ੀਆਈ ਖੇਡਾਂ ਵਿਚ 10 ਮੀਟਰ ਏਅਰ ਰਾਈਫਲ ਮਿਕਸਡ ਟੂਰਨਾਮੈਂਟ ਲਈ ਰਵੀ ਕੁਮਾਰ ਨਾਲ ਮਿਲ ਕੇ ਕਾਂਸੀ ਦਾ ਤਗਮਾ ਜਿੱਤਿਆ। ਸਾਲ 2018 ਦੀਆਂ ਗੋਲਡ ਕੋਸਟ ਰਾਸ਼ਟਰ ਮੰਡਲ ਖੇਡਾਂ 'ਚ 10 ਮੀਟਰ ਏਅਰ ਰਾਈਫਲ ਵਿਚ ਕਾਂਸੀ ਦਾ ਤਗਮਾ ਜਿੱਤਿਆ। 2018 ਚੇਂਗਵੌਨ ਵਰਲਡ ਚੈਂਪੀਅਨਸ਼ਿਪ 'ਚ 10 ਮੀਟਰ ਦੀ ਟੀਮ ਏਅਰ ਰਾਈਫਲ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ। ਮੇਰਾ ਅਗਲਾ ਟੀਚਾ ਟੋਕੀਓ 2020 ਵਿਚ ਤਗਮਾ ਜਿੱਤਣਾ ਹੈ। ਆਸ ਕਰਦੇ ਹਾਂ ਜਿਸ ਤਰ੍ਹਾ ਅਪੂਰਵੀ ਚੰਦੇਲਾ ਨੇ ਵੱਖ-ਵੱਖ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਟੂਰਨਾਮੈਂਟਾਂ ਵਿਚ ਤਗਮੇ ਜਿੱਤ ਕੇ ਭਾਰਤ ਦੀ ਝੋਲੀ ਪਾਏ ਹਨ, ਉਸੇ ਤਰ੍ਹਾਂ 2020 ਟੋਕੀਓ ਉਲੰਪਿਕ ਖੇਡਾਂ ਵਿਚ ਸੋਨ ਤਗਮੇ ਨਾਲ ਭਾਰਤ ਦਾ ਝੰਡਾ ਬੁਲੰਦ ਕਰੇਗੀ।


-ਜਗਦੀਪ ਸਿੰਘ ਕਾਹਲੋਂ
ਮੋਬਾ: 82888-47042


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX