ਤਾਜਾ ਖ਼ਬਰਾਂ


ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  6 minutes ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  13 minutes ago
ਮੁੰਬਈ, 24 ਮਾਰਚ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 45 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ...
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  9 minutes ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  26 minutes ago
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਫੌਜੀ ਖੇਤਰ 'ਚ ਸਥਿਤ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਨਾਮੀ ਕੰਟੀਨ ਦੇ ਸਾਹਮਣਿਓਂ ਅੱਜ ਬਾਰੂਦੀ ਸੁਰੰਗ ਵਿਛਾਉਣ ਲਈ ਇਸਤੇਮਾਲ ਕੀਤਾ ਜਾਂਦਾ ਬੰਬ (ਮਾਈਨ) ਮਿਲਿਆ। ਇਸ ਮਗਰੋਂ ਫੌਜ ਨੇ...
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  9 minutes ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  39 minutes ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  45 minutes ago
ਪਣਜੀ, 24 ਮਾਰਚ- ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅੱਜ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਨਾਇਡੂ ਨੇ ਟਵੀਟ ਕਰਕੇ ਕਿਹਾ, ''ਅੱਜ ਗੋਆ 'ਚ...
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  about 1 hour ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  about 1 hour ago
ਇਸਲਾਮਾਬਾਦ, 24 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੰਧ ਸੂਬੇ 'ਚ ਦੋ ਨਾਬਾਲਗ ਹਿੰਦੂ ਲੜਕੀਆਂ ਦੀ ਅਗਵਾਕਾਰੀ, ਜਬਰਨ ਵਿਆਹ, ਧਰਮ ਪਰਿਵਰਤਨ ਅਤੇ ਘੱਟ ਉਮਰ 'ਚ ਵਿਆਹ ਕਰਾਏ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ...
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  about 1 hour ago
ਨਵੀਂ ਦਿੱਲੀ, 24 ਮਾਰਚ - ਹਰਿਆਣਾ ਦੀ ਪ੍ਰਸਿੱਧ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਨੇ ਕਿਹਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ। ਪ੍ਰਿਅੰਕਾ ਗਾਂਧੀ ਵਾਡਰਾ ਨਾਲ ਜੋ ਉਨ੍ਹਾਂ ਦੀਆਂ ਤਸਵੀਰਾਂ ਛਾਇਆ ਹੋਇਆਂ ਹਨ, ਉਹ ਪੁਰਾਣੀਆਂ ਹਨ। ਸਪਨਾ ਨੇ ਕਿਹਾ ਕਿ ਉਹ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਖੇਲਾਂ, ਖੇਡੀਏ ਤੇ ਜਿੱਤੀਏ

ਆਮ ਤੌਰ 'ਤੇ ਖੇਲਾਂ ਨੂੰ ਖੇਡਾਂ ਤੇ ਖੇਡਾਂ ਨੂੰ ਖੇਡ ਮੁਕਾਬਲੇ ਸਮਝ ਕੇ ਅਸੀਂ ਅਸਲ ਮੂਲ ਤੋਂ ਖੁੰਝ ਜਾਂਦੇ ਹਾਂ | ਖੇਲਾਂ ਦੀ ਧਰਾਤਲ ਮਨ-ਪਰਚਾਵਾ ਤੇ ਮਨੋਰੰਜਨ ਹਨ | ਖੇਡਾਂ ਨੂੰ ਅਸੀਂ ਸਿਲਸਿਲੇਬੱਧ ਤਰੀਕੇ ਨਾਲ ਕਰਵਾਉਂਦੇ ਹਾਂ ਅਤੇ ਇਸ ਨਾਲ ਮਨੋਰੰਜਨ ਵੀ ਹੁੰਦਾ | ਪਰ ਖੇਡ-ਮੁਕਾਬਲੇ ਹਾਰ ਜਿੱਤ ਵਿਚ ਹਨ, ਭਾਵ ਖੇਲ ਵੀ, ਖੇਡ ਵੀ ਅਤੇ ਮੁਕਾਬਲਾ ਵੀ, ਪਰੰਤੂ ਫੈਸਲਾ ਕੁਝ ਵੀ ਯਾਨੀ ਇਕ ਦੀ ਜਿੱਤ ਜਾਂ ਦੂਜੇ ਦੀ ਹਾਰ ਤੇ ਬਰਾਬਰੀ | ਹੁਣ ਗੱਲ ਇਹ ਕਿ ਮੂਲ ਕੀ ਹੈ? ਖੇਲ, ਖੇਡਾਂ ਤੇ ਫਿਰ ਖੇਡ-ਮੁਕਾਬਲੇ ਦੀ ਤਿ੍ਕੋਣ ਹੀ ਮੂਲ ਹੈ | ਖੇਲ, ਮਨੋਰੰਜਨ, ਮਨ-ਪਰਚਾਵਾ, ਦਿਲਚਸਪੀ, ਉਤਸੁਕਤਾ ਆਦਿ ਮਨੁੱਖ ਦਾ ਸੁਭਾਅ ਹੈ ਕਿ ਇਹ ਹੱਸਦਾ, ਰੋਂਦਾ, ਸੌਾਦਾ, ਦੌੜਦਾ, ਖੜ੍ਹਦਾ, ਚੜ੍ਹਦਾ, ਲਹਿੰਦਾ ਰਹਿੰਦਾ ਹੈ ਪਰ ਇਹ ਕੁੱਦਦਾ ਉਸ ਵਕਤ ਹੀ ਹੈ ਜਦੋਂ ਇਸ ਦੇ ਮਨ ਵਿਚ ਕੋਈ ਫੁਰਨਾ-ਫੁਰਦਾ ਹੈ ਤੇ ਫਿਰ ਉਹ ਰੁਕਦਾ ਨਹੀਂ ਫਟ ਕੇ ਬਾਹਰ ਆਉਂਦਾ ਹੈ ਭਾਵੇਂ ਸਰੀਰਕ ਤੌਰ 'ਤੇ ਅਤੇ ਭਾਵੇਂ ਮਾਨਸਿਕ ਤੌਰ 'ਤੇ | ਗੱਲ ਸਿਰੇ ਉਦੋਂ ਲਗਦੀ ਹੈ ਜਦੋਂ ਮਨ ਤੇ ਸਰੀਰ ਦੋਵੇਂ ਇਕੱਠੇ ਹੀ ਝੂਮਦੇ ਹਨ ਤੇ ਮਨੁੱਖ ਨੱਚਦਾ, ਕੁੱਦਦਾ, ਮਖੌਲ-ਮਸਖਰੀਆਂ ਕਰਦਾ ਘੁੰਮਦਾ ਹੈ | ਸੁਭਾਵਿਕ ਹੀ ਕੁਝ ਮਨੁੱਖ ਅਜਿਹਾ ਕਰਦੇ ਹਨ ਕਿਉਂਕਿ ਇਹ ਮਨ ਦੀਆਂ ਬਿਰਤੀਆਂ ਨਾਲ ਜੁੜਿਆ ਹੋਇਆ ਹੈ | ਇਸ ਲਈ ਜਦੋਂ ਮਨ ਸਰੀਰ ਨੂੰ ਪ੍ਰੇਰਿਤ ਕਰਦਾ ਹੈ ਤਾਂ ਖੇਲ ਪੈਦਾ ਹੁੰਦੀ ਹੈ, ਸਰੀਰ ਕੁਝ ਖਾਸ ਕਿਸਮ ਦੀਆਂ ਹਰਕਤਾਂ ਕਰਦਾ ਹੈ ਜਿਸ ਨੂੰ ਅਸੀਂ ਭਾਸ਼ਾਈ ਤਰੀਕੇ ਨਾਲ ਖੇਲ, ਪਲੇਅ, ਡਾਂਸ, ਨੱਚਣਾ ਆਦਿ ਨਾਮਕਰਨ ਕਰਦੇ ਹਾਂ | ਇਥੋਂ ਤੱਕ ਕਿ ਮਨ ਦੀ ਅਵਸਥਾ ਅਨੁਸਾਰ ਹੀ ਮਨੁੱਖ ਗੁਣ-ਗੁਣਾਉਂਦਾ ਹੈ ਭਾਵ ਮਾਨਸਿਕ ਉਤਸੁਕਤਾ ਹੀ ਮੰੂਹ, ਹੱਥ, ਪੈਰ, ਸਰੀਰ ਨੂੰ ਹਰਕਤ ਪੈਦਾ ਕਰਨ ਲਈ ਉਤੇਜਿਤ ਕਰਦੀ ਹੈ | ਮੁੱਢ-ਕਦੀਮ ਤੋਂ ਹੀ ਮਨੁੱਖ ਨੇ ਅਜਿਹਾ ਕੁਝ ਖੇਲ ਦੇ ਰੂਪ ਵਿਚ ਕੀਤਾ ਚਾਹੇ ਉਹ ਆਪਣੇ-ਆਪ ਲਈ ਹੋਵੇ, ਚਾਹੇ ਕਿਸੇ ਦੂਜੇ ਲਈ ਤੇ ਚਾਹੇ ਫਿਰ ਉਸ ਅਣਕਿਆਸੀ ਸ਼ੈਅ ਲਈ, ਭਾਵ ਰੱਬ ਲਈ ਹੋਵੇ | ਖੇਲਾਂ ਦਾ ਇਤਿਹਾਸ ਵੀ ਅਜਿਹਾ ਮੰਨਦਾ ਹੈ ਕਿ ਖੇਲਾਂ ਦੀ ਸ਼ੁਰੂਆਤ ਵੀ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਕੀਤੀਆਂ ਜਾਣ ਵਾਲੀਆਂ ਸਰੀਰਕ ਹਰਕਤਾਂ, ਮਸ਼ਕਾਂ ਜਾਂ ਪ੍ਰਦਰਸ਼ਨਕਾਰੀਆਂ ਹੀ ਸਨ | ਇਹ ਪ੍ਰਦਰਸ਼ਨ ਤੇ ਉਤਸੁਕਤਾ ਹੀ ਬਾਅਦ ਵਿਚ ਕੁਝ ਖਾਸ ਮੌਕਿਆਂ 'ਤੇ ਕੀਤੀਆਂ ਜਾਣ ਵਾਲੀਆਂ ਖੇਲ-ਸਭਾਵਾਂ, ਖੇਡ ਮੇਲੇ ਬਣ ਗਈਆਂ ਅਤੇ ਹੌਲੀ-ਹੌਲੀ ਇਹ ਖੇਡ-ਮੇਲੇ, ਖੇਡ-ਮੁਕਾਬਲਿਆਂ ਦਾ ਰੂਪ ਅਖਤਿਆਰ ਕਰ ਗਏ | ਸਦੀਆਂ ਦੇ ਖੇਲਾਂ, ਖੇਡਾਂ ਅਤੇ ਖੇਡ-ਮੁਕਾਬਲਿਆਂ ਨੂੰ ਇਨ੍ਹਾਂ ਪਰਦਰਸ਼ਨਾਂ ਨੇ ਐਨਾ ਪਰਚੰਡ ਕਰ ਦਿੱਤਾ ਕਿ ਇਹ ਅਜੋਕੇ ਦੌਰ ਤੱਕ ਵੱਖ-ਵੱਖ ਖੇਡ ਮੁਕਾਬਲਿਆਂ ਦਾ ਰੂਪ ਅਖਤਿਆਰ ਕਰ ਗਏ ਅਤੇ ਬੰਦੇ ਨੇ ਖੇਡਾਂ ਵਿਚ ਕੀਰਤੀਮਾਨ ਸਥਾਪਿਤ ਕੀਤੇ |
ਇਤਿਹਾਸ ਇਹ ਵੀ ਦਰਸਾਉਂਦਾ ਹੈ ਕਿ ਪੁਰਾਤਨ ਸਮੇਂ ਵਿਚ ਇਹ ਖੇਡ-ਮੁਕਾਬਲੇ ਪਹਿਲਾਂ ਸ਼ਿਕਾਰ ਕਰਨ ਲਈ, ਫਿਰ ਆਪਣੇ ਬਚਾਅ ਕਰਨ ਲਈ ਤੇ ਫਿਰ ਕੁਝ ਜਾਤੀਆਂ ਵਿਚ ਲੜਾਈਆਂ ਦੇ ਰੂਪ ਵਿਚ ਸ਼ੁਰੂ ਹੋਏ ਪਰ ਮਨੁੱਖ ਨੇ ਆਪਣੀ ਸਮਾਜਿਕ ਸਮਝ ਨੂੰ ਵਰਤਦੇ ਹੋਏ ਇਸ ਨੂੰ ਮੁਕਾਬਲੇ ਦੇ ਰੂਪ ਵਿਚ ਇੰਝ ਢਾਲਿਆ ਕਿ ਇਹ ਲੜਾਈ, ਅਸੂਲਾਂ ਤੇ ਢੰਗ-ਤਰੀਕਿਆਂ ਨਾਲ ਕੀਤੀ ਜਾਣ ਲੱਗੀ ਤੇ ਹਾਰ-ਜਿੱਤ ਅੰਕਾਂ ਦੇ ਰੂਪ ਵਿਚ ਬਿਨਾਂ ਜਾਨੀ ਨੁਕਸਾਨ ਮੰਨੀ ਪ੍ਰਵਾਨੀ ਜਾਣ ਲੱਗੀ | ਅਜੋਕੇ ਦੌਰ ਵਿਚ ਵੀ ਇਨ੍ਹਾਂ ਖੇਡ-ਮੁਕਾਬਲਿਆਂ ਨੂੰ ਸ਼ਾਂਤੀ ਦਾ ਪ੍ਰਤੀਕ ਮੰਨ ਕੇ ਹੀ ਪਿਛਲੀ ਇਕ ਸਦੀ ਤੋਂ ਲਗਾਤਾਰ ਪ੍ਰਵਾਨਿਆ ਜਾ ਰਿਹਾ ਹੈ ਭਾਵੇਂ ਕਿ ਇਸ ਵਿਚ ਬਹੁਤ ਸਾਰੇ ਉਤਰਾਅ-ਚੜ੍ਹਾਅ ਵੀ ਆਏ ਤੇ ਬਿਨਾਂ ਨੁਕਸਾਨ ਕੀਤੇ ਇਹ ਖੇਡ-ਮੁਕਾਬਲੇ ਦੁਨੀਆ ਵਿਚ ਪ੍ਰਚੱਲਿਤ ਹੁੰਦੇ ਗਏ | ਖੇਡ-ਮੁਕਾਬਲਿਆਂ ਬਾਰੇ ਤਾਂ ਇਥੋਂ ਤੱਕ ਕਿਹਾ ਜਾ ਚੁੱਕਾ ਹੈ ਕਿ ਇਹ ਲੜਾਈ ਬਿਨਾਂ ਜੰਗ ਤੇ ਗੋਲੀ ਦੇ ਲੜੀ ਜਾਂਦੀ ਹੈ ਅਤੇ ਇਸ ਦਾ ਨਿਬੇੜਾ ਵੀ ਬਹੁਤ ਸਲੀਕੇ ਨਾਲ ਹੁੰਦਾ | ਸਰ ਕੂਬਰਤਿਨ ਨੇ ਕਿਹਾ ਸੀ ਕਿ ਖੇਡ ਮੁਕਾਬਲੇ ਸ਼ਾਂਤੀ ਦਾ ਪ੍ਰਤੀਕ ਹਨ ਅਤੇ ਹੁਣ ਸੰਸਾਰ ਦੀਆਂ ਲੜਾਈਆਂ ਦਾ ਨਿਬੇੜਾ ਖੇਡ ਦੇ ਮੈਦਾਨਾਂ ਵਿਚ ਹੋਇਆ ਕਰੇਗਾ |
ਸੰਸਾਰ ਦੇ ਪੰਜ-ਖਿੱਤਿਆਂ ਭਾਵ ਏਸ਼ੀਆ, ਅਫਰੀਕਾ, ਯੂਰਪ, ਅਮਰੀਕਾ, ਅੰਟਾਰਟਿਕਾ ਵਿਚ ਕੁਦਰਤੀ ਪੱਖੋਂ ਭੂਗੋਲਿਕ ਤੇ ਜਲਵਾਯੂ ਦੇ ਵੱਖਰੇਵੇਂ ਹਨ | ਇਨ੍ਹਾਂ ਵੱਖਰੇਵਿਆਂ ਦੇ ਕਾਰਨ ਰਹਿਣ-ਸਹਿਣ, ਖਾਣ-ਪੀਣ, ਸਮਾਜਿਕ ਅਤੇ ਸਰੀਰਕ ਵਖਰੇਵੇਂ ਵੀ ਹਨ, ਜਿਨ੍ਹਾਂ ਨੂੰ ਅਸੀਂ ਕਈ ਤਰੀਕਿਆਂ ਨਾਲ ਖਿੱਤਾਬੱਧ ਵੀ ਕੀਤਾ ਹੋਇਆ ਹੈ | ਬਹੁਤ ਸਾਰੀਆਂ ਮਨੁੱਖੀ ਜਾਤੀਆਂ ਪ੍ਰਜਾਤੀਆਂ ਕੇਵਲ ਇਕ ਖਿੱਤੇ ਵਿਚ ਹੀ ਨਹੀਂ, ਇਨ੍ਹਾਂ ਵੱਖ-ਵੱਖ ਭੂਗੋਲਿਕ ਖਿੱਤਿਆਂ ਵਿਚ ਵੀ ਹਨ ਅਤੇ ਇਹ ਇਕ ਵੱਖਰਾ ਵਿਸ਼ਾ ਹੈ, ਪੜ੍ਹਾਈ ਲਿਖਾਈ ਤੇ ਖੋਜ ਦਾ ਜਿਸ ਨੂੰ ਵਿਗਿਆਨ ਦੀ ਭਾਸ਼ਾ ਵਿਚ 'ਐਨਥਰੋਪੋਲੋਜੀ' ਭਾਵ ਮਾਨਵ-ਵਿਗਿਆਨ ਵੀ ਕਿਹਾ ਜਾਂਦਾ ਹੈ ਜਿਸ ਰਾਹੀਂ ਮਾਨਵ ਦੀ ਉਤਪਤੀ, ਵਿਕਾਸ, ਵਿਸ਼ਵਾਸ ਤੇ ਰੀਤੀਆਂ ਰਿਵਾਜਾਂ ਨੂੰ ਵੀ ਜਾਣਿਆ ਪਹਿਚਾਣਿਆ ਜਾਂਦਾ ਹੈ | ਮਨੁੱਖੀ ਸਮਾਜ ਦਾ ਵਾਧਾ-ਵਿਕਾਸ ਅਤੇ ਇਤਿਹਾਸ ਵੀ ਕੁਝ ਅਜਿਹਾ ਹੀ ਸਮਾਜ-ਸ਼ਾਸਤਰ ਵੱਖ-ਵੱਖ ਖਿੱਤਿਆਂ ਵਿਚ ਸਮੋਈ ਬੈਠਾ ਹੈ | ਕਹਿੰਦੇ ਹਨ ਲੋੜ ਹੀ ਕਾਢ ਦੀ ਮਾਂ ਹੁੰਦੀ ਹੈ | ਇਸ ਲਈ ਇਨ੍ਹਾਂ ਖਿੱਤਿਆਂ ਦੇ ਮਨੁੱਖੀ ਇਤਿਹਾਸ ਦੇ ਪੰਨਿਆਂ 'ਤੇ ਹਰ ਤਰ੍ਹਾਂ ਦੇ ਵਿਸ਼ਲੇਸ਼ਣਾਂ ਨੇ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਭਿੰਨਤਾਵਾਂ, ਯੋਗਤਾਵਾਂ ਅਤੇ ਜਗਿਆਸਾਵਾਂ ਨੂੰ ਜਨਮ ਦਿੱਤਾ | ਹਰ ਮਨੁੱਖੀ ਸਮਾਜ ਨੇ ਆਪੋ-ਆਪਣਾ ਇਤਿਹਾਸ ਬਣਾਇਆ, ਸੱਭਿਆਚਾਰ ਬਣਾਇਆ, ਸਰੀਰਕ ਆਧਾਰ ਬਣਾਇਆ ਅਤੇ ਸਰੀਰਕ ਵੰਨਗੀਆਂ ਪੈਦਾ ਕੀਤੀਆਂ ਤਾਂ ਜੋ ਮਨੁੱਖ ਇਸ ਕੁਦਰਤ ਵਿਚ ਰਹਿ ਸਕੇ |
ਕੁਦਰਤ ਨੇ ਮਨੁੱਖ ਦੇ ਸਰੀਰ ਦੀ ਰਚਨਾ ਕਰਕੇ ਇਕ ਉੱਤਮ ਪਹਿਲਕਦਮੀ ਇਹ ਕੀਤੀ ਕਿ ਮਨੁੱਖ ਨੂੰ ਦੋ ਪੈਰਾਂ ਉੱਪਰ ਤੁਰਨ ਦੇ ਸਮਰੱਥ ਬਣਾਇਆ ਅਤੇ ਇਸ ਨੂੰ ਸਰੀਰਕ ਹਰਕਤਾਂ ਦੀ ਅਤਿਅੰਤ ਭਰਮਾਰ ਅਤੇ ਸਰੀਰਕ ਯੋਗਤਾਵਾਂ ਨੂੰ ਵਧਾਉਣ ਤੇ ਬਹੁਤ ਸਿਖਰ ਤੱਕ ਲੈ ਜਾਣ ਦੀ ਕਾਬਲੀਅਤ ਪੈਦਾ ਕੀਤੀ | ਮੂਲ ਰੂਪ ਵਿਚ ਮਨੁੱਖੀ ਸਰੀਰ ਵਿਚ ਸੋਚਣ, ਸਿੱਖਣ ਤੇ ਸੰਜੋਣ ਦੀ ਅਸੀਮ ਸ਼ਕਤੀ ਹੈ | ਮਨੁੱਖੀ ਸਰੀਰ ਦੀ ਸਰੀਰਕ, ਮਾਨਸਿਕ, ਭਾਵਨਾਤਮਿਕ ਅਤੇ ਸਮਾਜਿਕ ਯੋਗਤਾ ਹੀ ਇਸ ਦੀ ਮੂਲ ਸਿਹਤ ਹੈ ਅਤੇ ਇਸ ਦਾ ਪ੍ਰਦਰਸ਼ਨ ਇਸ ਦੀਆਂ ਕਲਾਤਮਿਕ ਯੋਗਤਾਵਾਂ ਦੀ ਅਗਲੀ ਪੌੜੀ ਹੈ | ਇਨ੍ਹਾਂ ਕਲਾਵਾਂ ਦੀਆਂ ਭਿੰਨਤਾਵਾਂ ਮਨੁੱਖ ਤੋਂ ਮਨੁੱਖ ਦਾ ਵਖਰੇਵਾਂ ਕਰਦੀਆਂ ਹਨ ਅਤੇ ਉਨ੍ਹਾਂ ਦੀ ਯੋਗ, ਯੋਗਤਾ ਨੂੰ ਸਿੱਧ ਕਰਦੀਆਂ ਹਨ | ਸੰਸਾਰ ਦੇ ਵੱਖੋ-ਵੱਖਰੇ ਭੂਗੋਲਿਕ ਖਿੱਤਿਆਂ ਵਿਚ ਸਰੀਰ ਦੀਆਂ ਇਨ੍ਹਾਂ ਯੋਗਤਾਵਾਂ ਨੇ ਹੀ ਵੱਖੋੋ-ਵੱਖਰੀਆਂ ਰਵਾਇਤੀ ਖੇਲਾਂ, ਖੇਡਾਂ ਅਤੇ ਖੇਡ-ਮੁਕਾਬਲੇ ਆਰੰਭ ਕੀਤੇ | ਅੱਜ ਵੀ ਵੱਖ-ਵੱਖ ਮਹਾਂਦੀਪਾਂ ਵਿਚ ਆਪੋ-ਆਪਣੇ ਰਵਾਇਤੀ ਖੇਡਾਂ ਅਤੇ ਖੇਡ-ਮੁਕਾਬਲੇ ਹੁੰਦੇ ਹਨ ਜਿਨ੍ਹਾਂ ਨੂੰ ਨਵੀਨ ਸਮੇਂ ਵਿਚ 'ਖੇਡ-ਸੱਭਿਆਚਾਰ' ਦਾ ਰੂਪ ਵੀ ਦਿੱਤਾ ਜਾਂਦਾ ਹੈ | ਖੇਡ-ਸੱਭਿਆਚਾਰ ਇਕ ਆਧਾਰ ਹੈ ਕਿ ਇਕ ਖਿੱਤੇ ਦੇ ਲੋਕ ਕਿਹੜੀਆ ਖੇਲਾਂ, ਖੇਡਾਂ ਜਾਂ ਖੇਡ-ਮੁਕਾਬਲਿਆਂ ਦੀ ਚਾਹਤ ਰੱਖਦੇ ਹਨ? ਉਨ੍ਹਾਂ ਦੀ ਇਨ੍ਹਾਂ ਮੁਕਾਬਲਿਆਂ ਪ੍ਰਤੀ ਕੀ ਪਹੁੰਚ ਹੈ? ਉਨ੍ਹਾਂ ਨੇ ਇਨ੍ਹਾਂ ਨੂੰ ਵਿਕਸਤ ਕਰਨ ਲਈ ਕੀ ਕੀਤਾ? ਉਨ੍ਹਾਂ ਦੀਆਂ ਖੇਡਾਂ ਲਈ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਿਕ ਪਰਵਿਰਤੀਆਂ ਕਿਹੋ ਜਿਹੀਆਂ ਹਨ? ਦੁਨੀਆ ਵਿਚ ਅੱਜ ਵੀ ਚਾਹੇ ਉਹ ਉਲੰਪਿਕ ਖੇਡ-ਮੁਕਾਬਲੇ ਹਨ, ਚਾਹੇ ਏਸ਼ੀਅਨ ਖੇਡ-ਮੁਕਾਬਲੇ ਹਨ, ਚਾਹੇ ਯੂਰਪੀਅਨ ਖੇਡਾਂ ਦੇ ਮੁਕਾਬਲੇ ਹਨ ਅਤੇ ਚਾਹੇ ਵੱਖ-ਵੱਖ ਚੈਂਪੀਅਨਸ਼ਿਪ ਮੁਕਾਬਲੇ ਹਨ, ਖੋਜਿਆਂ ਇਹੀ ਲੱਭਦਾ ਹੈ ਕਿ ਇਹ ਮੂਲ ਰੂਪ ਵਿਚ ਪੁਰਾਤਨ ਰਵਾਇਤੀ ਖੇਡਾਂ ਦਾ ਹੀ ਬਦਲਿਆ ਜਾਂ ਸੁਧਰਿਆ ਰੂਪ ਹੀ ਹਨ |
ਦੁਨੀਆ ਦੇ ਖੇਡਾਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪ੍ਰਤੱਖ ਵਖਰੇਵਾਂ ਤਾਂ ਹੈ ਹੀ ਜਿਸ ਨੂੰ ਸੱਭਿਆਚਾਰਕ ਵਖਰੇਵਾਂ ਜਾਂ ਖੇਡ-ਸੱਭਿਆਚਾਰ ਦੀ ਪਹੁੰਚ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ | ਪਰੰਤੂ ਇਹ ਪ੍ਰਮਾਣਿਕ ਤੌਰ 'ਤੇ ਸਿੱਧ ਹੈ ਕਿ ਜਿਹੜੇ ਸੱਭਿਅਕ ਸਮਾਜਾਂ ਨੇ ਮਨੁੱਖ ਦੀ ਕੁਦਰਤੀ ਹੋਂਦ ਨੂੰ ਸਵੀਕਾਰ ਕਰਦੇ ਹੋਏ ਪਹਿਚਾਣਿਆ, ਵਿਕਸਤ ਕਰਨ ਦੇ ਯਤਨ ਕੀਤੇ ਅਤੇ ਵਿਗਿਆਨਕ ਦਿ੍ਸ਼ਟੀਕੋਣ ਦਿੱਤੇ, ਉਨ੍ਹਾਂ ਨੇ ਖੇਡ-ਮੁਕਾਬਲਿਆਂ ਦੇ ਇਤਿਹਾਸ ਨੂੰ ਪ੍ਰੇਰਣਾਦਾਇਕ ਬਣਾਇਆ ਅਤੇ ਲਗਾਤਾਰ ਬਣਾ ਰਹੇ ਹਨ | ਪਹਿਲੀ ਗੱਲ ਖੇਡ-ਸੱਭਿਆਚਾਰ ਨਾ ਤਾਂ ਇਕ ਦੀ ਖੇਡ ਹੈ ਤੇ ਨਾ ਹੀ ਇਕ ਦਿਨ ਦੀ | ਇਹ ਉਪਜ ਹੈ ਲੋਕਾਂ ਦੇ ਸਮੂਹਿਕ ਉੱਦਮਾਂ ਦੀ, ਇਹ ਖੋਜ ਹੈ ਲਗਾਤਾਰ ਕੀਤੇ ਕਾਰਜਾਂ ਦੀ, ਮਿਹਨਤਾਂ ਦੀ, ਅਭਿਆਸਾਂ ਦੀ, ਪੜਚੋਲਾਂ ਦੀ ਅਤੇ ਅਣਥੱਕ ਯਤਨਾਂ ਦੀ | ਦੂਜੀ ਗੱਲ ਹੈ ਅੱਜ ਦੇ ਸੱਚ ਦੀ, ਉਹ ਇਹ ਕਿ ਖੇਲਾਂ, ਖੇਡਾਂ ਜਾਂ ਖੇਡ-ਮੁਕਾਬਲਿਆਂ ਦਾ ਮੂਲ ਸਰੋਤ ਹੈ | ਸਿਹਤ ਅਤੇ ਅਸਲ ਕਾਮਯਾਬੀ ਦਾ ਸਿਹਰਾ ਹੈ ਤੰਦਰੁਸਤੀ ਤੇ ਸਰੀਰਕ ਕਲਾਵਾਂ ਵਿਚ ਨਿਪੁੰਨਤਾ ਅਤੇ ਉਨ੍ਹਾਂ ਦਾ ਸਮੇਂ ਸਿਰ ਕੀਤਾ ਪ੍ਰਦਰਸ਼ਨ | ਤੀਜੀ ਗੱਲ ਖੇਡ-ਕਲਾਵਾਂ ਦੀਆਂ ਸਿਖਰਾਂ ਨੂੰ ਛੂਹਣਾ ਅੰਨ੍ਹੀ ਦੌੜ ਨਹੀਂ ਹੈ ਸਗੋਂ ਇਹ ਇਕ ਵਿਗਿਆਨਕ ਸੱਚ ਹੈ ਜਿਸ ਨੂੰ ਵਿਗਿਆਨ ਰਾਹੀਂ ਸੌਖਿਆਂ ਹੀ ਹਾਸਲ ਕੀਤਾ ਜਾ ਸਕਦਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਸਪੋਰਟਸ ਸਾਇੰਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਫੋਨ : 0175-3046185
tparamvir@yahoo.com


ਖ਼ਬਰ ਸ਼ੇਅਰ ਕਰੋ

ਰੰਗਾਂ ਦਾ ਸਫ਼ਰ

ਰੰਗਾਂ ਦਾ ਤਿਉਹਾਰ ਹੋਲੀ ਨੇੜੇ ਹੈ | ਆਓ ਇਸ ਮੌਕੇ ਇਹ ਜਾਣਦੇ ਹਾਂ ਕਿ ਕਿਵੇਂ ਰੰਗਾਂ ਨੇ ਆਪਣਾ ਸਫ਼ਰ ਪੂਰਾ ਕੀਤਾ ਹੈ |
ਰੰਗਾਂ ਨੇ ਦਿਵਾਇਆ ਨੋਬਲ : ਕਰੀਬ ਸਵਾ ਸੌ ਸਾਲ ਪਹਿਲਾਂ ਪੱਛਮ ਵਿਚ ਉਦਯੋਗਿਕ ਕ੍ਰਾਂਤੀ ਨੇ ਜ਼ੋਰ ਫੜਿਆ | ਕੱਪੜਾ ਰੰਗਣ ਲਈ ਕੁਦਰਤੀ ਰੰਗ ਨਾ ਸਿਰਫ ਘੱਟ ਸਾਬਤ ਹੋਏ, ਸਗੋਂ ਘੱਟ ਮਾਤਰਾ ਅਤੇ ਬੇਹੱਦ ਘੱਟ ਕਿਸਮਾਂ ਵਿਚ ਉਪਲਬਧ ਸਨ | ਇਹ ਵਧੀ ਹੋਈ ਮੰਗ ਦੀ ਪੂਰਤੀ ਕਰਨ ਵਿਚ ਵੀ ਸਮਰੱਥ ਨਹੀਂ ਸਨ | ਇਸ ਲਈ ਬਣਾਵਟੀ ਰਸਾਇਣਕ ਰੰਗ ਬਣਾਉਣ ਵਿਚ ਦੁਨੀਆ ਭਰ ਦੇ ਵਿਗਿਆਨੀ ਲੱਗੇ ਹੋਏ ਹਨ | ਸੰਨ 1856 ਵਿਚ ਵਿਲੀਅਮ ਪਾਰਕੀਸਨ ਰਾਇਲ ਕਾਲਜ ਆਫ਼ ਕੈਮਿਸਟਰੀ, ਲੰਡਨ ਵਿਚ ਐਨੀਲੀਨ ਤੋਂ ਮਲੇਰੀਆ ਦੀ ਦਵਾਈ ਕੁਨੀਨ ਬਣਾਉਣ ਦੀ ਪ੍ਰਕਿਰਿਆ ਵਿਚ ਬੈਂਗਣੀ ਰੰਗ ਬਣਾ ਬੈਠੇ | ਸੰਯੋਗਵਸ ਤਿਆਰ ਹੋਏ ਇਸ ਬਣਾਵਟੀ ਰੰਗ ਨੂੰ ਮੋਵ ਕਿਹਾ ਗਿਆ | ਇਸ ਤੋਂ ਬਾਅਦ 1860 ਵਿਚ ਮੈਜੰਟਾ, 1862 ਵਿਚ ਅਨਲੀਨ ਬਲਿਊ ਅਤੇ ਅਗਲੇ ਸਾਲ ਐਨਲੀਨ ਬਲੈਕ ਫਿਰ 1865 ਵਿਚ ਬਿਸਮਾਈ ਬ੍ਰਾਊਨ ਤੇ 1880 ਵਿਚ ਕਾਟਨ ਬਲੈਕ ਵਰਗੇ ਰਸਾਇਣਕ ਰੰਗ ਲਗਾਤਾਰ ਬਾਜ਼ਾਰ ਵਿਚ ਆਉਂਦੇ ਗਏ |
ਸੰਨ 1865 ਵਿਚ ਜਰਮਨ ਰਸਾਇਣ ਵਿਗਿਆਨੀ ਅਡੋਲਫ ਫੋਨ ਨੇ ਨੀਲ ਦਾ ਰਸਾਇਣਕ ਸੰਘਟਕ ਲੱਭਣਾ ਸ਼ੁਰੂ ਕੀਤਾ | ਕਈ ਅਸਫ਼ਲਤਾਵਾਂ ਅਤੇ ਲੰਬੀ ਮਿਹਨਤ ਤੋਂ ਬਾਅਦ 1882 ਵਿਚ ਉਹ ਸਫ਼ਲ ਹੋਇਆ ਅਤੇ ਇਸ ਤੋਂ ਅਗਲੇ ਸਾਲ ਰਸਾਇਣਕ ਨੀਲ ਵੀ ਬਣਨ ਲੱਗਾ | ਇਸ ਲਈ 1905 ਦਾ ਨੋਬਲ ਪੁਰਸਕਾਰ ਉਨ੍ਹਾਂ ਨੂੰ ਦਿੱਤਾ ਗਿਆ | ਅਸੀਂ ਭਾਰਤ ਵਾਸੀ ਨਕਲੀ ਨੀਲ ਦੇ ਬਣ ਜਾਣ ਦਾ ਅਤੇ ਉਸ ਦੇ ਨਾ ਬਣਨ ਤੱਕ ਸਹੇ ਜਾਣ ਵਾਲੇ ਅੱਤਿਆਚਾਰ ਦੇ ਚਲਦਿਆਂ ਇਸ ਦੀ ਮਹੱਤਤਾ ਖ਼ੂਬ ਸਮਝ ਸਕਦੇ ਹਾਂ | ਸਬੱਬ ਇਹ ਕਿ ਸੱਚਮੁੱਚ 'ਚ ਦੇਖੀਏ ਤਾਂ ਹੋਲੀ ਦੇ ਰੰਗ ਦਾ ਰੰਗ ਬਸ ਸੌ ਸਾਲ ਪਹਿਲਾਂ ਹੀ ਬੱਝਾ ਹੈ | ਮਤਲਬ ਇਹ ਕਿ ਹੋਲਿਕਾ ਅਤੇ ਪ੍ਰਹਿਲਾਦ ਦਾ ਕਿੱਸਾ ਪੁਰਾਣਾਂ ਜ਼ਰੀਏ ਆਮ ਹੋਣ 'ਤੇ ਇਹ ਬਿਨ ਰੰਗ ਵਾਲਾ ਵੈਦਿਕ ਤਿਉਹਾਰ ਹੋਲੀ ਉਤਸਵ ਬਣਿਆ ਅਤੇ ਫਿਰ ਹੌਲੀ-ਹੌਲੀ ਇਸ ਵਿਚ ਰੰਗ ਸਮਾਉਂਦੇ ਗਏ |
ਭਵਿੱਖ ਪੁਰਾਣ ਅਤੇ ਕਈ ਦੂਜੇ ਪੁਰਾਣਾਂ ਵਿਚ ਵੀ ਰੰਗ ਨਾਲ ਖੇਡਣ ਦਾ ਜ਼ਿਕਰ ਹੈ | ਮੰਨਿਆ ਜਾਂਦਾ ਹੈ ਕਿ ਰੰਗਾਂ ਦਾ ਜਨਮ ਲਗਪਗ 2000 ਈਸਾ ਪੂਰਬ ਹੋਇਆ ਹੋਵੇਗਾ ਪਰ ਭਾਰਤ ਭੂਮੀ 'ਤੇ ਰੰਗਾਂ ਦਾ ਜ਼ਿਕਰ ਉਸ ਤੋਂ ਵੀ ਪਹਿਲਾਂ ਦਾ ਮਿਲਦਾ ਹੈ | ਕਿਸ ਦੇਵਤਾ ਦਾ ਕੀ ਵਰਣ ਹੈ, ਕਿਸ ਨੂੰ ਕਿਸ ਰੰਗ ਦਾ ਫੁੱਲ ਚੜ੍ਹਾਉਣਾ ਹੈ, ਕਿਸ ਨੇ ਕਿਸ ਰੰਗ ਦੇ ਕੱਪੜੇ ਧਾਰਨ ਕੀਤੇ ਹੋਏ ਹਨ, ਵਰਗੀਆਂ ਸਾਰੀਆਂ ਗੱਲਾਂ ਹਜ਼ਾਰਾਂ ਸਾਲ ਪਹਿਲਾਂ ਦੀਆਂ ਮਿਥੀਆਂ ਹੋਈਆਂ ਹਨ | ਵੈਦਿਕ ਕਾਲ ਵਿਚ ਵੀ ਰੰਗਾਂ ਦਾ ਜ਼ਿਕਰ ਹੈ | ਇਹ ਰੰਗਾਂ ਦੇ ਬਹੁਤਾਤ ਵਿਚ ਵਰਤੋਂ ਦਾ ਹੀ ਪ੍ਰਭਾਵ ਲਗਦਾ ਹੈ ਕਿ ਸਾਡੇ ਖਾਣ-ਪੀਣ, ਰਹਿਣ-ਸਹਿਣ, ਰੀਤੀ-ਰਿਵਾਜ, ਧਰਮ-ਕਰਮ, ਅਧਿਆਤਮਕ, ਜੋਤਿਸ਼ ਅਤੇ ਕਰਮ-ਕਾਂਡ ਤੋਂ ਲੈ ਕੇ ਦਵਾਈ ਅਤੇ ਬਿਮਾਰੀ ਦੇ ਇਲਾਜ ਤੱਕ ਜੀਵਨ ਦੇ ਹਰ ਕਦਮ ਅਤੇ ਹਰੇਕ ਖੇਤਰ ਵਿਚ ਰੰਗਾਂ ਦੀ ਸ਼ਮੂਲੀਅਤ ਹੈ | ਭੂਗੋਲਿਕ, ਜਲਵਾਯੂ ਅਤੇ ਸਮਾਜਿਕ ਭਿੰਨਤਾ ਨੇ ਸਾਨੂੰ ਜਿੰਨੇ ਕੁਦਰਤੀ ਰੰਗ ਬਖਸ਼ੇ ਹਨ, ਸ਼ਾਇਦ ਕਿਸੇ ਹੋਰ ਨੂੰ ਨਹੀਂ | ਇਸ ਦਾ ਅਸਰ ਸਾਡੀ ਵਨਸਪਤੀ, ਜੀਵ-ਜੰਤੂਆਂ ਦੀ ਰੰਗੀਲੀ ਦਿੱਖ ਤੋਂ ਦਿਸਦਾ ਹੈ | ਇਹੀ ਨਹੀਂ ਇਸ ਦੇ ਪ੍ਰਭਾਵ ਵੱਖ-ਵੱਖ ਸਮਾਜਾਂ, ਸੱਭਿਆਚਾਰਾਂ ਅਤੇ ਉਨ੍ਹਾਂ ਦੇ ਪਹਿਰਾਵੇ ਅਤੇ ਦੂਜੇ ਕੰਮਾਂ-ਕਾਰਾਂ ਵਿਚ ਵੀ ਦਿਸਦੇ ਹਨ |
ਮੁਗ਼ਲ ਕਾਲ 'ਚ ਰੰਗਾਂ ਦਾ ਵਿਕਾਸ :” ਪਹਿਲਾਂ ਕੁਦਰਤੀ ਰੰਗਾਂ ਦੀ ਵਰਤੋਂ ਕਰਨਾ ਮਜਬੂਰੀ ਸੀ | ਕੁਦਰਤ ਵਿਚ ਪਾਏ ਜਾਣ ਵਾਲੇ ਤਿੰਨ ਪਹਿਲੇ ਰੰਗ ਲਾਲ, ਹਰੇ ਅਤੇ ਨੀਲੇ ਨੂੰ ਜੋੜ, ਘਟਾ ਕੇ ਅਤੇ ਬਾਕੀ ਵਿਧੀਆਂ ਨਾਲ ਕਈ ਤਰ੍ਹਾਂ ਦੇ ਰੰਗ ਬਣਾਏ ਪਰ ਫਿਰ ਵੀ ਇਹ ਸੀਮਤ ਹੀ ਸਨ | ਮੋਹੰਜੋਦੜੋ ਅਤੇ ਹੜੱਪਾ ਦੀ ਖੁਦਾਈ ਵਿਚ ਸਿੰਧੂ ਘਾਟੀ ਸੱਭਿਅਤਾ ਵਿਚ ਮਿਲੇ ਭਾਂਡੇ ਅਤੇ ਮੂਰਤੀਆਂ ਤੋਂ ਇਲਾਵਾ ਕੱਪੜੇ ਵੀ ਰੰਗੇ ਹੋਏ ਮਿਲੇ | ਲਾਲ ਰੰਗ ਦੇ ਕੱਪੜੇ ਬਾਰੇ ਇਹ ਪਤਾ ਲੱਗਾ ਕਿ ਉਹ ਮਜੀਠ ਦੀ ਜੜ੍ਹ ਅਤੇ ਬੱਕਮ ਦਰੱਖਤ ਦੀ ਛਿੱਲ ਤੋਂ ਬਣੇ ਲਾਲ ਰੰਗ ਨਾਲ ਰੰਗਿਆ ਹੋਇਆ ਹੈ | ਇਹ ਰੰਗ ਹਜ਼ਾਰਾਂ ਸਾਲਾਂ ਤੱਕ ਬਣਦਾ ਰਿਹਾ | ਪਿੱਪਲ, ਗੂਲਰ ਅਤੇ ਪਾਕੜ ਵਰਗੇ ਦਰੱਖਤਾਂ 'ਤੇ ਲੱਗਣ ਵਾਲੀ ਲਾਖ ਦੀਆਂ ਕਰੁੰਬਲਾਂ ਨਾਲ ਮਹਾਵਰੀ ਰੰਗ ਤਿਆਰ ਹੋਇਆ ਤੇ ਪੀਲਾ ਰੰਗ ਹਲਦੀ ਤੋਂ ਅਤੇ ਸੰਧੂਰ ਦਾ ਤਾਂ ਖ਼ੈਰ ਦਰੱਖਤ ਹੀ ਹੁੰਦਾ ਸੀ | ਕਿੰਸ਼ੂਕ ਭਾਵ ਢਾਕ ਜਾਂ ਟੇਸੂ, ਪਲਾਸ ਦੇ ਫੁੱਲ ਤੋਂ ਬਣੇ ਰੰਗ ਹੋਲੀ ਵਿਚ ਬਹੁਤ ਕੰਮ ਆਉਂਦੇ ਸਨ, ਅਮੀਰ ਲੋਕ ਚੰਦਨ, ਕੇਸਰ ਨੂੰ ਮਿਲਾ ਕੇ ਕੇਸਰੀਆ ਰੰਗ ਨਾਲ ਹੋਲੀ ਖੇਡਦੇ ਸਨ | ਤੁਲਸੀ ਦੀਆਂ ਪੱਤੀਆਂ, ਲਾਲ ਚੰਦਨ ਜਾਂ ਗੁੜਹਲ, ਜਵਾਕੁਸੁਮ ਤੋਂ ਲਾਲ ਰੰਗ ਤਿਆਰ ਕੀਤਾ ਜਾਂਦਾ ਸੀ | ਭਾਰਤ 'ਚ ਮੌਜੂਦ ਉਦੋਂ ਦੇ ਕੁਦਰਤੀ ਸਾਧਨਾਂ ਨਾਲ ਰੰਗ ਬਣਾਏ ਜਾਂਦੇ ਸਨ ਜੋ ਇਕ ਸਖ਼ਤ ਮਿਹਨਤ, ਬੇਹੱਦ ਤਿਆਰੀ ਤੇ ਸਮਾਂ ਲੈਣ ਵਾਲਾ ਕੰਮ ਸੀ | ਮੁਗ਼ਲ ਅਤੇ ਬਰਤਾਨਵੀ ਕਾਲ ਵਿਚ ਭਾਰਤ ਵਿਚ ਰੰਗ ਕਲਾ ਨੂੰ ਜ਼ਿਆਦਾ ਮਹੱਤਵ ਮਿਲਿਆ | ਨਵੇਂ ਬਣਾਵਟੀ ਰੰਗ ਆਏ ਅਤੇ ਕਈ ਨਵੇਂ-ਨਵੇਂ ਰੰਗਾਂ ਦੀ ਖੋਜ ਹੋਈ |

-ਫਿਊਚਰ ਮੀਡੀਆ ਨੈੱਟਵਰਕ

20 ਮਾਰਚ ਨੂੰ ਕੌਮਾਂਤਰੀ ਚਿੜੀ ਦਿਵਸ 'ਤੇ ਵਿਸ਼ੇਸ਼

ਚਿੜੀਆਂ ਹੋਈਆਂ ਬੇ-ਘਰ

ਵਾਤਾਵਰਨ ਵਿਚ ਨਿਤ ਦਿਨ ਆ ਰਹੀਆਂ ਤਬਦੀਲੀਆਂ ਦੀ ਬਦੌਲਤ ਬਹੁਤ ਸਾਰੇ ਜੀਵ ਜੰਤੂ ਆਲੋਪ ਹੋ ਰਹੇ ਹਨ | ਇਨ੍ਹਾਂ ਆਲੋਪ ਹੋ ਰਹੇ ਜੰਤੂਆਂ ਵਿਚੋਂ ਇਕ ਹੈ ਘਰੇਲੂ ਚਿੜੀ | ਚਿੜੀਆਂ ਦੀ ਤੇਜ਼ੀ ਨਾਲ ਘਟਦੀ ਗਿਣਤੀ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਿਆਂ 20 ਮਾਰਚ ਦਾ ਦਿਨ ਹਰ ਵਰ੍ਹੇ ਕੌਮਾਂਤਰੀ ਚਿੜੀ ਦਿਵਸ ਵਜੋਂ ਮਨਾਇਆ ਜਾਂਦਾ ਹੈ | ਪਹਿਲਾ ਕੌਮਾਂਤਰੀ ਚਿੜੀ ਦਿਵਸ 2010 ਵਿਚ ਮਨਾਇਆ ਗਿਆ ਸੀ | ਚਿੜੀਆਂ ਦੀ ਸੁਰੱਖਿਆ ਅਤੇ ਗਿਣਤੀ ਵਿਚ ਵਾਧਾ ਕਰਨ ਹਿੱਤ ਬਿਹਤਰ ਜੀਵਨ ਹਾਲਾਤ ਮੁਹੱਈਆ ਕਰਵਾਉਣ ਬਾਰੇ ਸੋਚਣਾ ਹੀ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਹੈ | ਇਸ ਦਿਨ ਸਕੂਲਾਂ ਅਤੇ ਕਾਲਜਾਂ ਵਿਚ ਪੇਂਟਿੰਗ ਮੁਕਾਬਲੇ ਅਤੇ ਲੇਖ ਮੁਕਾਬਲੇ ਕਰਵਾਉਣ ਦੇ ਨਾਲ-ਨਾਲ ਚਿੜੀਆਂ ਦੀ ਘਟਦੀ ਗਿਣਤੀ ਨੂੰ ਠੱਲ੍ਹਣ ਅਤੇ ਇਨ੍ਹਾਂ ਦੇ ਜੀਵਨ ਲਈ ਹੋਰ ਉਸਾਰੂ ਯੋਗਦਾਨ ਦੇਣ ਵਾਲੀਆਂ ਸ਼ਖਸ਼ੀਅਤਾਂ ਅਤੇ ਸੰਸਥਾਵਾਂ ਨੂੰ ਹਰ ਵਰ੍ਹੇ ਇਨਾਮ ਵੀ ਦਿੱਤੇ ਜਾਂਦੇ ਹਨ | ਚਿੜੀ ਇਕ ਬਹੁਤ ਹੀ ਨਾਜ਼ੁਕ ਜਿਹਾ ਕਿਸੇ ਦੂਸਰੇ ਜੀਵ ਨੂੰ ਭੁੱਲ ਕੇ ਵੀ ਨੁਕਸਾਨ ਨਾ ਪਹੁੰਚਾਉਣ ਵਾਲਾ ਪੰਛੀ ਹੈ | ਇਸ ਦੀ ਖੁਰਾਕ ਵੀ ਬੜੀ ਸਾਧਾਰਨ ਜਿਹੀ ਹੈ | ਇਸ ਦਾ ਸੁਭਾਅ ਵੀ ਬਹੁਤ ਭੋਲਾ ਜਿਹਾ ਹੁੰਦਾ ਹੈ, ਚਲਾਕੀ ਤਾਂ ਜਿਵੇਂ ਇਸ ਦੇ ਸੁਭਾਅ ਦਾ ਹਿੱਸਾ ਹੀ ਨਹੀਂ | ਚਿੜੀ ਦੇ ਭੋਲੇਪਣ ਬਾਬਤ ਬਹੁਤ ਸਾਰੀਆਂ ਲੋਕ ਕਹਾਣੀਆਂ ਵੀ ਬਜ਼ੁਰਗਾਂ ਕੋਲੋਂ ਸੁਣਨ ਨੂੰ ਮਿਲਦੀਆਂ ਰਹੀਆਂ ਹਨ | ਇਕੱਠੀਆਂ ਹੋਈਆਂ ਚਿੜੀਆਂ ਦੀ ਚੀਂ-ਚੀਂ ਬਹੁਤ ਪਿਆਰੀ ਹੁੰਦੀ ਹੈ ਅਤੇ ਇਨ੍ਹਾਂ ਨੂੰ ਭਜਾਉਣ ਦਾ ਵੀ ਵੱਖਰਾ ਹੀ ਨਜ਼ਾਰਾ ਹੁੰਦਾ ਹੈ | ਚਿੜੀਆਂ ਦੀਆਂ ਬਹੁਤੀਆਂ ਆਦਤਾਂ ਅਤੇ ਗੁਣ ਕੁੜੀਆਂ ਨਾਲ ਮਿਲਦੇ ਹਨ | ਸ਼ਾਇਦ ਇਸੇ ਲਈ ਹੀ ਸ਼ਬਦ ਕੁੜੀਆਂ-ਚਿੜੀਆਂ ਪੰਜਾਬੀ ਜਨ ਜੀਵਨ ਵਿਚ ਅਕਸਰ ਵਰਤਿਆ ਜਾਂਦਾ ਹੈ | ਕੁੜੀਆਂ ਦੀ ਪੇਕੇ ਘਰ ਤੋਂ ਸਹੁਰੇ ਘਰ ਦੀ ਵਿਦਾਈ ਨੂੰ ਵੀ 'ਸਾਡਾ ਚਿੜੀਆਂ ਦਾ ਚੰਬਾ, ਵੇ ਬਾਬਲ ਅਸਾਂ ਉੱਡ ਜਾਣਾ' ਕਹਿ ਕੇ ਤੁਲਨਾਇਆ ਜਾਂਦਾ ਹੈ | ਰੌਲਾ ਪਾਉਂਦੀਆਂ ਕੁੜੀਆਂ ਅਤੇ ਚੀਂ-ਚੀਂਾ ਕਰਦੀਆਂ ਚਿੜੀਆਂ ਤਕਰੀਬਨ ਇਕੋ ਜਿਹੀਆਂ ਲੱਗਦੀਆਂ ਹਨ | ਇਨ੍ਹਾਂ ਦੀਆਂ ਮਿਲਦੀਆਂ ਜੁਲਦੀਆਂ ਆਦਤਾਂ ਕਰਕੇ ਹੀ ਸ਼ਾਇਦ ਇਨ੍ਹਾਂ ਦੇ ਜੀਵਨ 'ਤੇ ਸੰਕਟ ਵੀ ਇਕੱਠਾ ਹੀ ਆਇਆ ਹੈ | ਬੇਸ਼ੱਕ ਇਨ੍ਹਾਂ ਦੇ ਜੀਵਨ ਸੰਕਟ ਦੀਆਂ ਸ਼ਰਤਾਂ ਅਤੇ ਹਾਲਾਤ ਬਿਲਕੁੱਲ ਵੱਖੋ ਵੱਖਰੇ ਹਨ | ਪਰ ਅਜੋਕੇ ਸਮੇਂ 'ਚ ਚਿੜੀਆਂ ਅਤੇ ਕੁੜੀਆਂ ਦੀ ਘਟਦੀ ਗਿਣਤੀ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ |
ਕੋਈ ਸਮਾਂ ਸੀ ਜਦੋਂ ਇਨਸਾਨ ਚਿੜੀਆਂ ਦੀਆਂ ਆਵਾਜ਼ਾਂ ਸੰਗ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਸਨ | ਬਜ਼ੁਰਗ ਦੱਸਦੇ ਹਨ ਕਿ ਸਵੇਰੇ ਮੁਰਗੇ ਦੀ ਬਾਂਗ ਨਾਲ ਸ਼ੁਰੂ ਹੋਈ ਸਵੇਰ ਚਿੜੀਆਂ ਦੀ ਚੀਂ-ਚੀਂ ਨਾਲ ਆਪਣੀ ਚਰਮ ਸੀਮਾ 'ਤੇ ਪੁੱਜ ਜਾਂਦੀ ਸੀ | ਸਵੇਰ ਦੇ ਸ਼ਾਂਤ ਅਤੇ ਸ਼ੁੱਧ ਵਾਤਵਰਨ ਵਿਚ ਪਸਰਿਆ ਚਿੜੀਆਂ ਦਾ ਚੀਕ ਚਿਹਾੜਾ ਵੱਖਰਾ ਹੀ ਨਜ਼ਾਰਾ ਪੇਸ਼ ਕਰਦਾ ਸੀ | ਚਿੜੀਆਂ ਦਾ ਰੈਣ ਬਸੇਰਾ ਵੀ ਇਨਸਾਨਾਂ ਦੇ ਘਰਾਂ ਦੀਆਂ ਛੱਤਾਂ ਹੀ ਹੁੰਦੀਆਂ ਸਨ | ਕੱਚੇ ਘਰਾਂ ਦੀਆਂ ਛਤੀਰੀਆਂ ਅਤੇ ਬਾਲਿਆਂ ਵਾਲੀਆਂ ਛੱਤਾਂ ਦੇ ਝਰੋਖਿਆਂ ਵਿਚ ਇਨ੍ਹਾਂ ਦਾ ਡੇਰਾ ਹੁੰਦਾ ਸੀ | ਇਨ੍ਹਾਂ ਦੇ ਰੈਣ ਬਸੇਰਿਆਂ ਵਿਚੋਂ ਡਿੱਗਦਾ ਘਾਹ ਫੂਸ ਘਰਾਂ ਵਿਚ ਗੰਦ ਵੀ ਖਿਲਾਰ ਦਿੰਦਾ ਸੀ, ਪਰ ਕੁਦਰਤ ਅਤੇ ਜੀਵ ਜੰਤੂਆਂ ਦੇ ਅੰਗ ਸੰਗ ਜ਼ਿੰਦਗੀ ਜੀਣ ਵਾਲਾ ਪੁਰਾਤਨ ਮਨੁੱਖ ਇਸ ਗੰਦਗੀ ਦਾ ਰਤਾ ਵੀ ਬੁਰ੍ਹਾ ਨਹੀਂ ਸੀ ਮਨਾਉਂਦਾ | ਇਨ੍ਹਾਂ ਦੇ ਰੈਣ ਬਸੇਰੇ ਨੂੰ ਨੁਕਸਾਨ ਪਹੁੰਚਾਉਣ ਦੀ ਸੋਚਣਾ ਤਾਂ ਦੂਰ ਦੀ ਗੱਲ, ਸਵੇਰ ਵੇਲੇ ਰੋਟੀ ਖਾਂਦੇ ਘਰਾਂ ਦੇ ਬਜ਼ੁਰਗ ਆਪਣੀ ਰੋਟੀ ਵਿਚੋਂ ਰੋਟੀ ਦੇ ਛੋਟੇ-ਛੋਟੇ ਟੁਕੜੇ ਇਨ੍ਹਾਂ ਚਿੜੀਆਂ ਨੂੰ ਜ਼ਰੂਰ ਪਾਉਂਦੇ ਸਨ | ਬਿਨਾਂ ਕਿਸੇ ਡਰ ਦੇ ਇਨਸਾਨਾਂ ਦੇ ਨਾਲ ਹੀ ਰੋਟੀ ਖਾਂਦੀਆਂ ਚਿੜੀਆਂ ਦਾ ਝੁਰਮਟ ਛੋਟੇ ਬੱਚਿਆਂ ਦਾ ਮਨ ਮੋਹ ਲੈਂਦਾ ਸੀ |
ਇਨਸਾਨ ਜਿਉਂ-ਜਿਉਂ ਆਧੁਨਿਕ ਹੁੰਦਾ ਗਿਆ ਤਿਉਂ-ਤਿਉਂ ਕੁਦਰਤ ਅਤੇ ਜੀਵ ਜੰਤੂਆਂ ਤੋਂ ਵੀ ਦੂਰ ਹੁੰਦਾ ਚਲਿਆ ਗਿਆ | ਖੇਤੀ ਖੇਤਰ ਵਿਚ ਕੀਟ ਨਾਸ਼ਕਾਂ ਦੇ ਇਸਤੇਮਾਲ ਦੀ ਹੋਈ ਸ਼ੁਰੂਆਤ ਨੇ ਬਾਕੀ ਜੀਵ ਜੰਤੂਆਂ ਦੇ ਨਾਲ-ਨਾਲ ਚਿੜੀਆਂ ਦਾ ਜੀਵਨ ਵੀ ਖ਼ਤਰੇ ਵਿਚ ਪਾ ਦਿੱਤਾ | ਕੱਚੇ ਘਰਾਂ ਨੂੰ ਢਾਹ ਕੇ ਇਨਸਾਨ ਨੇ ਆਪਣੇ ਲਈ ਤਾਂ ਪੱਕੇ ਸੰਗਮਰਮਰੀ ਘਰ ਅਤੇ ਕੋਠੀਆਂ ਬਣਾ ਲਈਆਂ,ਪਰ ਚਿੜੀਆਂ ਦੇ ਰੈਣ ਬਸੇਰੇ ਬਾਬਤ ਸੋਚਣਾ ਹੀ ਭੁੱਲ ਗਿਆ | ਇਨਸਾਨ ਨੇ ਸਿਰਫ ਕੱਚੇ ਘਰ ਢਾਹ ਕੇ ਹੀ ਚਿੜੀਆਂ ਦਾ ਰੈਣ ਬਸੇਰਾ ਖ਼ਤਮ ਨਹੀਂ ਕੀਤਾ, ਸਗੋਂ ਇਨ੍ਹਾਂ ਲਈ ਰੈਣ ਬਸੇਰੇ ਦੀ ਰਹਿੰਦੀ ਖੂੰਹਦੀਂ ਉਮੀਦ ਰੁੱਖਾਂ ਦਾ ਵੀ ਵੱਡੇ ਪੱਧਰ 'ਤੇ ਉਜਾੜਾ ਕਰ ਦਿੱਤਾ | ਕੱਚੇ ਘਰ ਢਾਹ ਕੇ ਅਤੇ ਰੁੱਖ ਕੱਟ ਕੇ ਘਰੋਂ ਬੇਘਰ ਕੀਤਾ ਚਿੜੀਆਂ ਦਾ ਚੰਬਾ ਤਾਂ ਜਿਵੇਂ ਕਿਸੇ ਅਣਦੱਸੀ ਥਾਂ 'ਤੇ ਹੀ ਤੁਰ ਗਿਆ ਹੈ | ਚਿੜੀਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਦੇ ਤਾਂ ਖ਼ਤਮ ਹੋਣ ਦੀਆਂ ਖ਼ਬਰਾਂ ਹਨ ਅਤੇ ਬਾਕੀ ਬਚਦੀਆਂ ਦਾ ਖ਼ਾਤਮਾ ਵੀ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ |
ਚਿੜੀ ਦਿਵਸ ਮਨਾਉਣ ਦਾ ਮਕਸਦ ਇਸ ਦਿਨ ਚਿੜੀਆਂ ਬਾਰੇ ਵਿਚਾਰਾਂ ਜਾਂ ਫ਼ਿਕਰਮੰਦੀ ਕਰ ਲੈਣ ਨਾਲ ਹੀ ਪੂਰਾ ਨਹੀਂ ਹੋ ਜਾਂਦਾ, ਬਲਕਿ ਚਿੜੀਆਂ ਨੰੂ ਦਰਪੇਸ਼ ਖ਼ਤਰਿਆਂ ਨੂੰ ਅਮਲੀ ਰੂਪ ਵਿਚ ਦੂਰ ਕਰਨਾ ਜ਼ਰੂਰੀ ਹੈ | ਸਭ ਤੋਂ ਪਹਿਲਾਂ ਤਾਂ ਇਸ ਦਿਨ 'ਤੇ ਪਿਛਲੇ 8 ਵਰਿ੍ਹਆਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਮੀਖਿਆ ਕੀਤੀ ਜਾਣੀ ਬਣਦੀ ਹੈ, ਕਿ ਇਸ ਦਿਵਸ ਨੂੰ ਮਨਾਉਣ ਦਾ ਮਨੋਰਥ ਕਿਸ ਪੱਧਰ ਤੱਕ ਪੂਰਾ ਹੋ ਰਿਹਾ ਹੈ? ਇਸ ਦਿਨ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਬਦਲਦੀਆਂ ਜੀਵਨ ਹਾਲਤਾਂ ਦੇ ਅਨੁਕੂਲ ਚਿੜੀਆਂ ਲਈ ਵੀ ਰੈਣ ਬਸੇਰਿਆਂ ਦਾ ਪ੍ਰਬੰਧ ਕਰੀਏ | ਬਿਨਾਂ ਸ਼ੱਕ ਹਰ ਇਨਸਾਨ ਆਪਣੇ ਪੱਕੇ ਘਰਾਂ ਅਤੇ ਕੋਠੀਆਂ ਵਿਚ ਚਿੜੀਆਂ ਦੀ ਸੰਗਤ ਵਾਲਾ ਕੁਦਰਤੀ ਵਾਤਾਵਰਨ ਤਾਂ ਚਾਹੁੰਦਾ ਹੈ, ਪਰ ਇਨ੍ਹਾਂ ਵਲੋਂ ਪਾਏ ਜਾਣ ਵਾਲ ਥੋੜੇ੍ਹ ਬਹੁਤੇ ਗੰਦ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੁੰਦਾ | ਜੇਕਰ ਇਨ੍ਹਾਂ ਵਿਚਾਰੀਆਂ ਨੂੰ ਸੰਗਮਰਮਰੀ ਕੋਠੀਆਂ ਵਿਚ ਸਥਾਨ ਨਹੀਂ ਦੇਣਾ ਤਾਂ ਘੱਟੋ ਘੱਟ ਇਨ੍ਹਾਂ ਦੇ ਰੈਣ ਬਸੇਰੇ ਲਈ ਦਰੱਖਤ ਲਗਾਉਣ ਅਤੇ ਗਰਮੀਆਂ ਦੇ ਦਿਨਾਂ ਵਿਚ ਇਨ੍ਹਾਂ ਨੂੰ ਪਾਣੀ ਉਪਲਬੱਧ ਕਰਵਾਉਣ ਦਾ ਅਹਿਦ ਤਾਂ ਇਸ ਦਿਨ 'ਤੇ ਕਰ ਹੀ ਲਈਏ |

-ਗਲੀ ਨੰਬਰ 1, ਸ਼ਕਤੀ ਨਗਰ, ਬਰਨਾਲਾ |
ਮੋਬਾਈਲ : 98786-05965.

ਬਾਂਦਰ ਤੋਂ ਮਨੁੱਖ ਤੱਕ...

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਦਿਮਾਗ ਅਤੇ ਹੱਥਾਂ ਦੇ ਇਸ ਸਮਾਨ ਵਿਕਾਸ ਤਹਿਤ ਅਸੀਂ ਦੇਖ ਸਕਦੇ ਹਾਂ ਕਿ ਮਨੁੱਖ ਦੀਆਂ ਦੋ ਪ੍ਰਮੁੱਖ ਵਿਸ਼ੇਸ਼ਤਾਵਾਂ ਦਾ ਵਾਸਤਵਿਕ ਰੂਪ ਵਿਚ ਜਨਮ ਹੋਇਆ: ਔਜ਼ਾਰਾਂ ਦਾ ਇਸਤੇਮਾਲ ਅਤੇ ਬੋਲਚਾਲ |
ਮੁੱਢਲੇ ਗ਼ੈਰ-ਮਨੁੱਖੀ ਜੀਵ ਕੁਦਰਤੀ ਚੀਜ਼ਾਂ ਜਿਵੇਂ ਸੋਟੀ ਅਤੇ ਪੱਥਰ ਨੂੰ ਵਰਤ ਸਕਦੇ ਸਨ, ਇਥੋਂ ਤੱਕ ਕਿ ਇਕਦਮ ਜ਼ਰੂਰਤ ਅਨੁਸਾਰ ਉਨ੍ਹਾਂ ਨੂੰ ਥੋੜ੍ਹਾ ਬਹੁਤ ਤੋੜ-ਮਰੋੜ ਸਕਦੇ ਸਨ | ਪ੍ਰੰਤੂ ਇਦਾਂ ਦੀਆਂ ਵਸਤੂਆਂ ਅਤੇ ਮਨੁੱਖੀ ਔਜ਼ਾਰਾਂ ਜਿਵੇਂ ਕਿ ਰੋੜ-ਕੁੱਟਣਾ, ਹਥੌੜਾ, ਕੁਹਾੜੀ, ਅਤੇ ਟਕੂਏ ਵਿਚਕਾਰ ਵੱਡੇ ਗੁਣਾਤਮਕ ਫਰਕ ਹਨ | ਇਕ ਔਜ਼ਾਰ ਅਜਿਹੀ ਕਿਰਤ ਦਾ ਉਤਪਾਦ ਹੁੰਦਾ ਹੈ ਜਿਸ ਦਾ ਮਕਸਦ ਉਪਭੋਗ ਨਹੀਂ ਬਲਕਿ ਉਤਪਾਦਨ ਹੁੰਦਾ ਹੈ (7R492) | ਇਸ ਲਈ ਇਸਦੀ ਘਾੜਤ ਕਿਸੇ ਉਤਪਾਦਨ ਦੇ ਔਜ਼ਾਰ ਦੀ ਤੋੜ-ਮਰੋੜ (Manipulation) ਨਾਲੋਂ ਉੱਚੇ ਪੱਧਰ ਦੀ ਮਕਸਦ ਭਰਪੂਰ ਕਿਰਿਆ ਦੀ ਮੰਗ ਕਰਦੀ ਹੈ ਕਿਉਂਕਿ ਜਿੱਥੇ ਤੋੜ-ਮਰੋੜ ਇਕ ਖਾਸ ਉਤਪਾਦ ਲਈ ਕੀਤੀ ਜਾਂਦੀ ਹੈ ਉਥੇ ਇਸ ਦੀ ਘਾੜਤ ਇਕ ਖਾਸ ਕਿਸਮ ਦੇ ਉਤਪਾਦਨ ਲਈ ਕੀਤੀ ਜਾਂਦੀ ਹੈ |
ਇੱਥੋਂ ਇਹ ਸਮਝਿਆ ਜਾ ਸਕਦਾ ਹੈ ਕਿ ਔਜ਼ਾਰਾਂ ਦੇ ਇਸਤੇਮਾਲ ਲਈ ਉਚ-ਪੱਧਰੀ ਸਮਝ, ਬਲਕਿ ਇਕ ਨਵੀਂ ਕਿਸਮ ਦੀ ਸਮਝ, ਜੋ ਬੋਲੀ (Speech) ਨਾਲੋਂ ਵੱਖਰੀ ਨਹੀਂ ਹੋ ਸਕਦੀ, ਲੋੜੀਂਦੀ ਹੈ | ਹੁਣ ਹੱਥ ਦੇ ਚਾਲਕ ਅੰਗ (Motor Organs) ਅਤੇ ਬੋਲਣ ਦੇ ਅੰਗ ਦੋਵੇਂ ਹੀ ਦਿਮਾਗ ਦੇ ਦੋ ਜੁੜਤ ਭਾਗਾਂ ਵਲੋਂ ਨਿਯਮਿਤ ਕੀਤੇ ਜਾਂਦੇ ਹਨ | ਇਸੇ ਕਾਰਨ ਸਾਨੂੰ ਇਕ ਤੋਂ ਦੂਸਰੇ ਤੱਕ ਸਾਂਝਾ 'ਫੈਲਾਅ' ਮਿਲਦਾ ਹੈ | ਜੋ ਬੱਚੇ ਹਾਲੇੇ ਜੀਭ ਨੂੰ ਘੁਮਾਉਣਾ, ਇਥੋਂ ਤੱਕ ਕਿ ਕਿਸੇ ਸ਼ਬਦ ਦਾ ਉਚੀ ਉਚਾਰਣ ਕਰਨਾ ਸਿਖਦੇ ਹਨ ਉਨ੍ਹਾਂ ਨੂੰ ਵੀ ਧਿਆਨ ਪੂਰਵਕ ਆਪਣੇ ਹੱਥਾਂ ਦੀਆਂ ਹਰਕਤਾਂ ਨੂੰ ਕਾਬੂ ਵਿਚ ਰੱਖਣਾ ਪੈਂਦਾ ਹੈ ਅਤੇ ਗੱਲ ਕਰਦੇ ਹੋਏ ਉਹ ਬਾਲਗਾਂ ਨਾਲੋਂ ਵਧੇਰੇ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ | ਇਹ ਬਹੁਤ ਮੁਢਲੇ ਲੱਛਣ ਹਨ | ਜਾਂਗਲੀਆਂ ਅਤੇ ਲੰਗੂਰਾਂ ਵਿਚ ਵੀ ਇਨ੍ਹਾਂ ਇਸ਼ਾਰਿਆਂ ਦੀ ਵਰਤੋਂ ਬਹੁਤਾਤ ਵਿਚ ਪਾਈ ਜਾਂਦੀ ਹੈ | ਕੁਝ ਪੁਰਾਤਨ ਭਾਸ਼ਾਵਾਂ ਵਿਚ ਇਸ਼ਾਰੇ ਬੋਲੀ ਨਾਲ ਇੰਨੇ ਕੁ ਇਕਮਿਕ ਸਨ ਕਿ ਬਿਨਾਂ ਇਸ਼ਾਰਿਆਂ ਤੋਂ ਕੇਵਲ ਬੋਲੀ ਨਾਲ ਅਰਥਾਂ ਦਾ ਸੰਚਾਰ ਸੰਭਵ ਨਹੀਂ ਸੀ | ਅਸਲ ਵਿਚ, ਅਸੀਂ ਕੇਵਲ ਖੁਦ ਨੂੰ ਵੀ ਇਹੋ ਗੱਲ ਕਰਦੇ ਦੇਖ ਸਕਦੇ ਹਾਂ ਕਿ 'ਫੈਲਾਓ' ਕਦੇ ਵੀ ਖਤਮ ਨਹੀਂ ਹੋਇਆ | ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਪੁਰਾਤਨ ਮਨੁੱਖ ਦੇ ਸਰੀਰਕ ਕਾਰਜ, ਆਪਣੀ ਗੁੰਝਲਤਾ ਦੇ ਅਨੁਪਾਤ ਅਨੁਸਾਰ ਘੱਟ ਜਾਂ ਵੱਧ ਬੋਲਚਾਲ ਦੇ ਅੰਗਾਂ ਦਾ ਹੀ ਇਕ ਪ੍ਰਤੀਬਿੰਬ ਸਨ | ਬਾਅਦ ਵਿਚ ਇਹ ਬੋਲਚਾਲ ਦੀਆਂ ਕਿਰਿਆਵਾਂ ਚੇਤੰਨ ਤੌਰ 'ਤੇ ਮਨੁੱਖੀ ਕਾਰਜਾਂ ਨੂੰ ਨਿਰਦੇਸ਼ਤ ਕਰਨ ਦਾ ਕੰਮ ਕਰਨ ਲੱਗੀਆਂ | ਅੰਤ ਵਿਚ ਇਹ ਹੱਥਾਂ ਦੀਆਂ ਕਿਰਿਆਵਾਂ ਦੇ ਤਾਲ-ਮੇਲ ਨਾਲ ਸਵੈ-ਨਿਰਭਰ ਬੋਲਚਾਲ ਦੇ ਮਾਧਿਅਮ ਵਜੋਂ ਵਿਕਸਤ ਹੋ ਗਈਆਂ |
ਦੂਜੀ ਸੰਕੇਤ ਪ੍ਰਣਾਲੀ
ਜੈਵਿਕ ਜੀਵਨ ਦੇ ਵਿਕਾਸ ਕਾਲ ਦੌਰਾਨ ਵੱਖੋ-ਵੱਖ ਜੀਵਾਂ ਨੇ ਸੰਰਚਨਾ ਅਤੇ ਕੰਮਕਾਰ ਵਜੋਂ ਆਪਣੇ ਆਪ ਨੂੰ ਬਦਲਦੇ ਵਾਤਾਵਰਨ ਦੇ ਅਨੁਕੂਲ ਕਰ ਲਿਆ | ਉਨ੍ਹਾਂ ਵਿਚੋਂ ਉਚ ਪੱਧਰ ਦੇ ਜੀਵਾਂ ਨੇ ਆਪਣੇ ਆਪ ਨੂੰ ਦਿਮਾਗ ਦੀ ਗੁੰਝਲਤਾ ਅਤੇ ਸਰੀਰਕ ਸਾਇਜ਼ ਰਾਹੀਂ ਵਖਰਾਅ ਲਿਆ ਜਿਸ ਨੇ ਉਨ੍ਹਾਂ ਨੂੰ ਕੁਦਰਤ ਨਾਲ ਹੋਰ ਵਿਭਿੰਨਤਾ ਅਤੇ ਨਿਪੁੰਨਤਾ ਨਾਲ ਰਹਿਣ ਵਿਚ ਮਦਦ ਕੀਤੀ |
ਰੀੜ੍ਹ ਦੀ ਹੱਡੀ ਤੋਂ ਬਿਨਾਂ ਵਾਲੇ ਸਭ ਤੋਂ ਪਹਿਲੇ ਜਾਨਵਰ ਧਰਤੀ ਉਪਰ 500 ਮਿਲੀਅਨ ਸਾਲਾਂ ਤੋਂ ਵੀ ਪਹਿਲਾਂ ਹੋਂਦ ਵਿਚ ਆਏ, ਮੱਛੀਆਂ ਲਗਭਗ 400 ਮਿਲੀਅਨ ਸਾਲ ਪਹਿਲਾਂ, ਸੱਪ-ਕਿਰਲੇ ਆਦਿ ਲਗਭਗ 250 ਮਿਲੀਅਨ ਸਾਲ ਪਹਿਲਾਂ, ਥਣਧਾਰੀ 200 ਮਿਲੀਅਨ ਸਾਲਾਂ ਤੋਂ ਥੋੜ੍ਹਾ ਘੱਟ ਅਤੇ ਮਨੁੱਖ ਲਗਭਗ 3 ਮਿਲੀਅਨ ਸਾਲ ਪਹਿਲਾਂ | ਇਨ੍ਹਾਂ ਤੱਥਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਨਵੇਂ ਪਾਤਰਾਂ ਵਿਚ ਵਾਧਾ ਤਦ ਹੋਰ ਵਧ ਜਾਂਦਾ ਹੈ ਜਦੋਂ ਵਿਕਾਸ ਦਰ ਵਧਦੀ ਹੈ ਅਤੇ ਜਿਸਦੇ ਸਿਖ਼ਰ ਉੱਪਰ ਮਨੁੱਖ ਖਲੋਤਾ ਹੈ | ਮਨੁੱਖ ਦੀ ਹੋਂਦ ਇਕਦਮ ਵਿਕਾਸ ਦੀ ਕ੍ਰਾਂਤੀਕਾਰੀ ਤੇਜ਼ੀ ਦਾ ਨਤੀਜਾ ਹੈ ਜਿਸਨੂੰ ਅਸੀਂ ਗੁਣਾਤਮਕ ਤਬਦੀਲੀ ਦਾ ਨਾਂ ਦੇ ਸਕਦੇ ਹਾਂ | ਇਹ ਪਾਵਲੋਵ (Pavlov) ਨੇ ਆਪਣੇ ਹਾਲਾਤੀ ਪ੍ਰਤੀਕਿਰਿਆ (3onditioned Reflexes) ਅਧਿਐਨ ਵਿਚ ਇਹ ਦਿਖਾਇਆ ਹੈ ਕਿ ਇਹ ਬਦਲਾਅ ਅਸਲ ਦਿਮਾਗੀ ਕਾਰਜ-ਪ੍ਰਣਾਲੀ ਰਾਹੀਂ ਕਿਵੇਂ ਘੋਖਿਆ ਜਾ ਸਕਦਾ ਹੈ |
ਇਕ ਪ੍ਰਤੀਬਿੰਬਤ ਕਿਰਿਆ (Reflex), ਪਾਵਲੋਵ ਅਨੁਸਾਰ, ਉਤੇਜਨਾ (Stimulus) ਉਪਰ ਇਕ ਪ੍ਰਤੀਕਿਰਿਆ ਹੈ | ਜਦੋਂ ਭੋਜਨ ਸਾਡੇ ਮੂੰਹ ਵਿਚ ਜਾਂਦਾ ਹੈ ਤਾਂ ਇਹ ਲਾਰ (Sliva) ਨਾਲ ਲਿਪਟ ਜਾਂਦਾ ਹੈ ਜੋ ਇਸ ਨੂੰ ਚੀਕ੍ਹਣਾ ਬਣਾ ਦਿੰਦਾ ਹੈ ਅਤੇ ਜਿਸ ਨਾਲ ਇਸ ਨੂੰ ਨਿਗਲਣਾ ਅਸਾਨ ਹੋ ਜਾਂਦਾ ਹੈ | ਬਹੁਤ ਸਾਰੇ ਕੁੱਤਿਆਂ ਉਪਰ ਯੋਜਨਾਬੱਧ ਪ੍ਰਯੋਗ ਕਰਨ ਤੋਂ ਬਾਅਦ ਉਹ ਦੱਸਦਾ ਹੈ ਕਿ ਭੋਜਨ ਦੇ ਮੂੰਹ ਵਿਚ ਚਲੇ ਜਾਣ ਨਾਲ ਕਰਿਆਵਾਂ ਦੀ ਇਕ ਲੰਮੀ ਲੜੀ ਸ਼ੁਰੂ ਹੋ ਜਾਂਦੀ ਹੈ ਜੋ ਤੰਤੂ-ਰੇਸ਼ੇ (Nervefibre) ਤੋਂ ਸ਼ੁਰੂ ਹੁੰਦੀ ਹੋਈ ਦਿਮਾਗ ਤੱਕ ਪਹੁੰਚਦੀ ਹੈ ਅਤੇ ਵਾਪਿਸ ਮੂੰਹ ਤੱਕ ਆਉਂਦੀ ਹੈ | ਇਥੇ ਇਹ ਲਾਰ-ਗ੍ਰੰਥੀਆਂ (Slivary 7lands) ਨੂੰ ਕਿਰਿਆਸ਼ੀਲ ਕਰਦੀ ਹੈ |
ਪ੍ਰਤੀਕਿਰਿਆਵਾਂ (Reflexes) ਨਿਰਧਾਰਿਤ ਅਤੇ ਗ਼ੈਰ ਨਿਰਧਾਰਿਤ (3onditioned and Unconditioned) ਹੋ ਸਕਦੀਆਂ ਹਨ | ਦਿੱਤੀ ਗਈ ਉਦਾਹਰਣ ਗ਼ੈਰ-ਨਿਰਧਾਰਿਤ (Unconditioned) ਹੈ | ਇਕ ਅਣਬੱਝੀ ਪ੍ਰਤੀਕਿਰਿਆ (Reflex) ਜਨਮਜਾਤ ਹੁੰਦੀ ਹੈ | ਇਸ ਦੇ ਵਿਕਾਸ ਲਈ ਲੋੜੀਂਦੇ ਹਾਲਾਤ ਹਰ ਇਕ ਵਿਚ ਜਨਮ ਤੋਂ ਹੀ ਪਏ ਹੁੰਦੇ ਹਨ | ਇਕ ਚੂਜ਼ਾ ਚੁੰਝ ਮਾਰਨੀ ਨਹੀਂ ਸਿੱਖਦਾ ਅਤੇ ਇਕ ਬੱਚੇ ਨੂੰ ਚੁੰਘਣਾ ਨਹੀਂ ਸਿਖਾਉਣਾ ਪੈਂਦਾ | ਇਹ ਗ਼ੈਰ-ਨਿਰਧਾਰਿਤ ਪ੍ਰਕਿਰਿਆਵਾਂ ਹਨ |
ਲਾਰ ਕਿਸੇ ਛੋਹ ਤੋਂ ਬਿਨਾਂ ਵੀ ਵਹਾਈ ਜਾ ਸਕਦੀ ਹੈ | ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਈ ਵਾਰ ਭੋਜਨ ਨੂੰ ਕੇਵਲ ਦੇਖਣ ਜਾਂ ਸੁੰਘਣ ਨਾਲ ਹੀ ਸਾਡੇ ਮੂੰਹ ਵਿਚ ਪਾਣੀ ਆ ਜਾਂਦਾ ਹੈ | ਇਸ ਤਰ੍ਹਾਂ ਦੀ ਪ੍ਰਤੀਕਿਰਿਆ ਨਿਰਧਾਰਿਤ ਪ੍ਰਤੀਕਿਰਿਆ ਹੈ | ਬਹੁਤ ਸਾਰੇ ਦਿ੍ਸ਼ ਅਤੇ ਖੁਸ਼ਬੋਆਂ ਹਨ ਜਿਨ੍ਹਾਂ ਨੂੰ ਅਸੀਂ ਖਾਣ ਵਾਲੀਆਂ ਵਸਤੂਆਂ ਨਾਲ ਜੋੜਨਾ ਸਿੱਖ ਚੁੱਕੇ ਹਾਂ | ਇਥੇ 'ਸਿੱਖਣ' ਤੋਂ ਕੀ ਭਾਵ ਹੈ? ਪਾਵਲੋਵ ਦੇ ਇਕ ਕੁੱਤੇ ਨੂੰ ਲਗਾਤਾਰ ਕੁਝ ਵਕਫ਼ੇ ਬਾਅਦ ਕੁਝ ਖਾਣ ਲਈ ਦਿੱਤਾ ਜਾਂਦਾ ਸੀ ਅਤੇ ਹਰ ਇਕ ਖਾਣੇ ਤੋਂ ਪਹਿਲਾਂ ਇਕ ਘੰਟੀ ਵਜਾਈ ਜਾਂਦੀ ਸੀ ਅਤੇ ਇਸ ਤਰ੍ਹਾਂ ਉਹ ਇਸ ਰੀਤ ਦਾ ਆਦੀ ਹੋ ਗਿਆ | ਫੇਰ ਇਹ ਪਾਇਆ ਗਿਆ ਕਿ ਘੰਟੀ ਦੇ ਵੱਜਣ ਨਾਲ ਹੀ ਉਸਦੀ ਲਾਰ ਵਹਿ ਤੁਰਦੀ ਸੀ | ਕੁੱਤੇ ਦੀ ਖਾਣਾ ਖਾਣ ਦੀ ਉਤੇਜਨਾ ਘੰਟੀ ਦੇ ਵੱਜਣ ਨਾਲ ਜੋੜ ਦਿੱਤੀ ਗਈ | ਦੂਜੇ ਪੜਾਅ ਵਿਚ, ਘੰਟੀ ਵਜਦੀ ਸੀ ਪਰ ਖਾਣ ਲਈ ਕੋਈ ਭੋਜਨ ਨਹੀਂ ਸੀ ਦਿੱਤਾ ਜਾਂਦਾ ਅਤੇ ਇਸ ਦੌਰਾਨ ਲਾਰ ਦਾ ਵਹਾਅ ਰੁਕ ਗਿਆ | ਇਹ ਰੋਕ ਦਿੱਤਾ ਗਿਆ ਸੀ ਤੇ ਦੂਜੇ ਪਾਸੇ ਨਵੀਆਂ ਹਾਲਤਾਂ ਪੈਦਾ ਕਰ ਦਿੱਤੀਆਂ ਗਈਆਂ ਸਨ ਅਤੇ ਹੁਣ ਪੁਰਾਣੀ ਪ੍ਰਤੀਕਿਰਿਆ ਦਬ ਗਈ ਸੀ | ਪਾਵਲੋਵ ਨੇ ਦਿਖਾਇਆ ਕਿ ਅਜਿਹੀਆਂ ਨਿਰਧਾਰਿਤ ਪ੍ਰਤੀਕਿਰਿਆਵਾਂ ਇਕ ਖਾਸ ਤਰ੍ਹਾਂ ਨਾਲ ਕੰਮ ਕਰ ਰਹੀ ਚੇਤਨਾ (3ortex) ਦੀ ਗ਼ੈਰ-ਹਾਜ਼ਰੀ ਵਿਚ ਕੰਮ ਨਹੀਂ ਕਰਦੀਆਂ |
ਨਿਰਧਾਰਿਤ ਤੇ ਗ਼ੈਰ-ਨਿਰਧਾਰਿਤ ਪ੍ਰਤੀਕਿਰਿਆਵਾਂ ਦਾ ਨਿਚੋੜ ਇਕ ਜੈਵਿਕ ਏਕਾ ਬਣਾਉਂਦਾ ਹੈ ਜਿਸ ਨੂੰ ਪਾਵਲੋਵ ਪਹਿਲੀ ਸੰਕੇਤ ਪ੍ਰਣਾਲੀ ਕਹਿੰਦਾ ਹੈ | ਵਿਕਾਸ ਦਰ ਅਨੁਸਾਰ ਘੱਟ ਜਾਂ ਵੱਧ ਵਿਕਸਤ ਹੋਏ ਸਾਰੇ ਜੀਵਾਂ ਦਾ ਇਹ ਪ੍ਰਣਾਲੀਬੱਧ ਲੱਛਣ ਹੈ | ਮਨੁੱਖ ਵਿਚ ਪੂਰੀ ਤਰ੍ਹਾਂ ਨਵੇਂ ਕਿਸਮ ਦੀਆਂ ਪ੍ਰਤੀਕਿਰਿਆਵਾਂ ਦਾ ਆਧਾਰ ਬਣਾਉਣ ਲਈ ਇਹ ਹੋਰ ਗੁੰਝਲਦਾਰ ਹੋ ਗਿਆ ਜੋ ਬਾਕੀਆਂ ਨਾਲ ਕਾਰਜ ਕਰਦਾ ਹੋਇਆ ਦੂਜੀ ਸੰਕੇਤ ਪ੍ਰਣਾਲੀ ਵੀ ਬਣਾਉਂਦਾ ਹੈ |
ਪਾਵਲੋਵ ਦੇ ਇਕ ਵਿਦਿਆਰਥੀ ਨੇ ਹੇਠ ਦਿੱਤਾ ਪ੍ਰਯੋਗ ਕੀਤਾ | ਇਕ ਬੱਚੇ ਦੀ ਉਂਗਲ ਉਪਰ ਬਿਜਲਈ ਕਰੰਟ ਲਗਾਇਆ ਗਿਆ, ਬੱਚੇ ਨੇ ਉਂਗਲ ਪਿੱਛੇ ਕਰ ਲਈ | ਇਹ ਕਿਰਿਆ ਦੁਬਾਰਾ ਕੀਤੀ ਗਈ | ਕੁਝ ਸਮੇਂ ਬਾਅਦ ਕਰੰਟ ਲਗਾਉਣ ਤੋਂ ਪਹਿਲਾਂ ਘਟੀ ਵਜਾਈ ਗਈ ਅਤੇ ਜਦੋਂ ਇਹ ਕਿਰਿਆ ਦੁਹਰਾਈ ਗਈ ਤਾਂ ਬੱਚੇ ਨੇ ਘੱਟੀ ਵਜਦੇ ਸਾਰ ਹੀ ਆਪਣੀ ਉਂਗਲ ਪਿੱਛੇ ਖਿੱਚ ਲਈ | ਇਸ ਤੋਂ ਬਾਅਦ, ਘੰਟੀ ਬਜਾਏ ਬਗ਼ੈਰ ਪ੍ਰਯੋਗਕਰਤਾ ਨੇ ਬੋਲ ਕੇ ਆਖਿਆ 'ਘੰਟੀ' ਅਤੇ ਬੱਚੇ ਨੇ ਸ਼ਬਦ ਸੁਣਦਿਆਂ ਹੀ ਆਪਣੀ ਉਂਗਲੀ ਪਿੱਛੇ ਖਿੱਚ ਲਈ | ਫੇਰ, ਸ਼ਬਦ ਬੋਲਣ ਦੀ ਥਾਂ ਉਸਨੇ 'ਘੰਟੀ' ਨੂੰ ਇਕ ਕਾਗਜ਼ ਉਪਰ ਲਿਖ ਲਿਆ ਅਤੇ ਬੱਚੇ ਨੇ ਲਿਖਿਆ ਹੋਇਆ ਸ਼ਬਦ ਦੇਖਕੇ ਹੀ ਆਪਣੀ ਉਂਗਲ ਪਿੱਛੇ ਹਟਾ ਲਈ | ਅਖੀਰ ਇਹ ਬੱਚਾ ਘੰਟੀ ਦਾ ਵਿਚਾਰ ਦਿਮਾਗ ਵਿਚ ਆਉਣ 'ਤੇ ਹੀ ਉਂਗਲ ਨੂੰ ਇਕਦਮ ਕਿਸੇ ਵੀ ਤਰੀਕੇ ਪਿੱਛੇ ਹਟਾਉਣ ਲੱਗ ਪਿਆ |
ਪ੍ਰਯੋਗ ਗ਼ੈਰ-ਨਿਰਧਾਰਿਤ ਪ੍ਰਤੀਕਿਰਿਆ ਤੋਂ ਸ਼ੁਰੂ ਹੋਇਆ ਸੀ ਜਿਸ ਵਿਚ ਬੱਚੇ ਨੇ ਕਰੰਟ ਲੱਗਣ ਉਪਰੰਤ ਇਕਦਮ ਆਪਣੀ ਉਂਗਲ ਪਾਸੇ ਕਰ ਲਈ ਸੀ | ਫੇਰ ਇਹ ਨਿਰਧਾਰਿਤ ਪ੍ਰਤੀਕਿਰਿਆ ਵਲ ਵਧਿਆ ਜਿਸ ਵਿਚ ਬੱਚੇ ਨੇ ਘੰਟੀ ਦੀ ਆਵਾਜ਼ ਸੁਣ ਕੇ ਉਂਗਲ ਪਰ੍ਹਾਂ ਕਰ ਲਈ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਅਨੁਵਾਦ: ਵਿਨੋਦ ਮਿੱਤਲ (ਡਾ.)
ਮੋਬਾਈਲ : 94631-53296
vinodpru@gmail.com

ਚੁੱਲ੍ਹੇ ਦੀ ਆਤਮਕਥਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪੰਜਾਬੀ ਸਮਾਜ ਵਿਚ ਮੈਨੂੰ ਬੜਾ ਮਾਣ-ਸਤਿਕਾਰ ਮਿਲਿਆ ਹੈ | ਘਰ ਵਿਚ ਬਾਲ ਦੇ ਜਨਮ ਤੋਂ ਬਾਅਦ ਮਿੱਥੇ ਸਮੇਂ 'ਤੇ ਜੱਚਾ ਨੂੰ 'ਚੌਾਕੇ ਚੜ੍ਹਾਉਣ' ਦੀ ਰੀਤ ਕੀਤੀ ਜਾਂਦੀ ਹੈ | ਬਾਕੀ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਨਾਲ ਉਹ ਮੇਰੇ ਉਤੇ ਖਿਚੜੀ ਜਾਂ ਭੋਜਨ ਤਿਆਰ ਕਰਦੀ ਹੈ ਜਿਸ ਨੂੰ ਬਰਾਦਰੀ ਵਿਚ ਵੀ ਵੰਡਿਆ ਜਾਂਦਾ ਹੈ | ਵਿਆਹ ਤੋਂ ਇੱਕ ਦਿਨ ਪਹਿਲਾਂ ਨਾਨਕੀਆਂ ਵਲੋਂ ਜਾਗੋ ਕੱਢਦਿਆਂ ਘਰਾਂ ਦੇ ਚੁੱਲ੍ਹੇ ਢਾਹ ਕੇ ਮਰਦ ਪ੍ਰਧਾਨ ਸਮਾਜ ਪ੍ਰਤੀ ਵਿਦਰੋਹੀ ਭਾਵਨਾਵਾਂ ਦਾ ਇਜ਼ਹਾਰ ਕੀਤਾ ਜਾਂਦਾ ਹੈ | ਇਸੇ ਤਰ੍ਹਾਂ ਨਵੀਂ ਵਿਆਹੀ ਵਹੁਟੀ ਨੂੰ ਘਰ ਵਿਚ ਰਿੰਨ੍ਹਣ-ਪਕਾਉਣ ਦਾ ਕੰਮ ਆਰੰਭ ਕਰਾਉਣ ਲਈ ਪਹਿਲੀ ਵਾਰ ਚੌਾਕੇ ਚੜ੍ਹਾਉਣ ਵੇਲੇ 'ਚੌਾਕਾ ਨਵਾਂ ਕਰਨ' ਦੀ ਰੀਤ ਕੀਤੀ ਜਾਂਦੀ ਹੈ | ਜਦੋਂ ਉਹ ਮਹਿੰਦੀ ਰੰਗੇ ਤੇ ਚੂੜੇ ਵਾਲੇ ਹੱਥਾਂ ਨਾਲ ਮੇਰੇ ਉਤੇ ਪਹਿਲੀ ਵਾਰ ਮਿੱਠੇ ਚੌਲ, ਮਿੱਠੀ ਰੋਟੀ, ਕੜਾਹ ਜਾਂ ਖਿਚੜੀ ਬਣਾ ਕੇ ਘਰ ਦੇ ਜੀਆਂ ਨੂੰ ਖਵਾਉਂਦੀ ਹੈ ਤਾਂ ਸਾਰੇ ਜੀਅ ਉਸ ਨੂੰ ਸ਼ਗਨ ਦਿੰਦੇ ਹਨ ਅਤੇ ਮੈਂ ਧੁਰ ਅੰਦਰੋਂ ਉਸ ਨੂੰ ਸੁਹਾਗਣ-ਭਾਗਣ ਰਹਿਣ ਦੀ ਅਸੀਸ ਦਿੰਦਾ ਹਾਂ | ਜੇ ਪਿੰਡ ਵਿਚ ਕਿਸੇ ਪਰਿਵਾਰ ਦੇ ਜੀਅ ਦੀ ਮੌਤ ਹੋ ਜਾਂਦੀ ਤਾਂ ਕੋਈ ਘਰ ਉਨੀਂ ਦੇਰ ਚੁੱਲ੍ਹੇ ਅੱਗ ਨਾ ਬਾਲਦਾ ਜਿੰਨੀ ਦੇਰ ਮਿ੍ਤਕ ਦਾ ਸੰਸਕਾਰ ਕਰਕੇ ਲੋਕ ਮੁੜ ਨਾ ਆਉਂਦੇ | ਅਜਿਹਾ ਕਰਕੇ ਸਾਰਾ ਪਿੰਡ ਉਸ ਪਰਿਵਾਰ ਦੇ ਦੁੱਖ ਦੀ ਘੜੀ ਵਿਚ ਭਾਈਵਾਲ ਬਣਦਾ ਸੀ |
ਲੋਕ-ਕਹਾਣੀਆਂ ਰਾਹੀਂ ਤੁਸੀਂ ਸੁਣਿਆ ਹੀ ਹੋਣੈ ਕਿ ਮੇਰੇ ਨਿਵਾਸ-ਸਥਾਨ ਨੂੰ ਘਰ ਦੀ ਸਭ ਤੋਂ ਸੁਰੱਖਿਅਤ ਜਗ੍ਹਾ ਦਾ ਮਾਣ ਹਾਸਲ ਸੀ | ਇਸੇ ਲਈ ਘਰਵਾਲੇ ਘਰ ਦੀ ਸੰਪਤੀ ਭਾਵ ਸੋਨੇ, ਚਾਂਦੀ, ਮੁਹਰਾਂ ਅਤੇ ਕੀਮਤੀ ਚੀਜ਼ਾਂ ਨੂੰ ਕਿਸੇ ਘੜੇ, ਘੜੋਲੀ ਜਾਂ ਤੌਲੇ ਵਿਚ ਪਾ ਕੇ ਮੇਰੇ ਥੱਲੇ ਦੱਬ ਦਿੰਦੇ ਸਨ |
ਲੋਕ ਸਾਹਿਤ ਰਚਦਿਆਂ ਲੋਕਾਂ ਨੇ ਆਪਣੇ ਭਾਵਾਂ ਦੇ ਇਜ਼ਹਾਰ ਲਈ ਮੈਨੂੰ ਵੀ ਚੁਣਿਆ | ਸਵਾਣੀ ਦਾ ਬਹੁਤਾ ਸਮਾਂ ਰਸੋਈ ਨਾਲ ਜੁੜੇ ਕੰਮ ਹੀ ਲੈ ਲੈਂਦੇ ਹਨ ਅਤੇ ਜੇ ਪੋਹ-ਮਾਘ ਦਾ ਮਹੀਨਾ ਹੋਵੇ ਫਿਰ ਤਾਂ ਦਿਨ ਛੋਟੇ ਹੋਣ ਕਰਕੇ ਉਸ ਦਾ ਸਾਰਾ ਸਮਾਂ ਰੋਟੀ-ਟੁੱਕ ਤੇ ਬੁਹਾਰੀ-ਬਹੁਕਰ ਕਰਦਿਆਂ ਹੀ ਗੁਜ਼ਰ ਜਾਂਦਾ ਹੈ, ਅਖੇ 'ਪੋਹ ਮਾਘ ਦੀ ਦਿਹਾੜੀ, ਚੁੱਲ੍ਹਾ, ਚੌਾਕਾ ਤੇ ਬੁਹਾਰੀ |' ਜੇ ਕਿਸੇ ਵਿਅਕਤੀ ਦੀ ਰਹਿਣੀ-ਬਹਿਣੀ ਤੇ ਸੁਭਾਅ ਜਦੋਂ ਉਸ ਦੇ ਅਮਲਾਂ ਤੋਂ ਉਲਟ ਹੋਣ ਤਾਂ ਉਸ ਬਾਰੇ ਕਿਹਾ ਜਾਂਦਾ ਹੈ, 'ਚੁੱਲ੍ਹਾ ਪੱਟ ਕੇ ਖਾ ਜਾਏ ਨਾਂਅ ਸੰਤੋਖ ਸਿੰਘ |' ਅਤਿਅੰਤ ਕੰਗਾਲੀ ਦੀ ਅਵਸਥਾ ਦਾ ਇਜ਼ਹਾਰ ਕਰਦੇ ਲੋਕਾਂ ਦੇ ਮੂੰਹੋਂ ਤੁਸੀਂ ਇਹ ਮੁਹਾਵਰਾ ਆਮ ਸੁਣਿਆ ਹੋਵੇਗਾ, 'ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ |' ਛੜਿਆਂ ਦੀ ਬੁਰੀ ਜੂਨ ਦਰਸਾਉਣ ਲਈ ਵੀ ਇਸੇ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ | ਸਮਾਜਿਕ ਪ੍ਰਸਥਿਤੀਆਂ ਤੋਂ ਬਿਨਾਂ ਵਿਅਕਤੀ ਦੀ ਮਾਨਸਿਕਤਾ ਨੂੰ ਪੇਸ਼ ਕਰਨ ਲਈ ਵੀ ਪੰਜਾਬੀਆਂ ਨੇ ਮੈਨੂੰ ਲੈ ਕੇ ਕਈ ਅਖੌਤਾਂ ਤੇ ਮੁਹਾਵਰੇ ਘੜੇ | ਲੋਕ-ਕਾਵਿ ਦੀ ਗੱਲ ਛੇੜਾਂ ਤਾਂ ਪਿਆਰ-ਮੁਹੱਬਤ ਨਾਲ ਸੰਬੰਧਤ ਬੋਲੀਆਂ ਵਿਚ ਵੀ ਮੇਰਾ ਥਾਂ-ਪੁਰ-ਥਾਂ ਜ਼ਿਕਰ ਹੋਇਆ ਮਿਲਦਾ ਹੈ | ਲੋਕ-ਮਨ ਵਲੋਂ ਮੇਰੇ ਸੁਭਾਅ ਤੇ ਗੁਣਾਂ ਨਾਲ ਮਨੁੱਖੀ ਫ਼ਿਤਰਤ ਦੀ ਕੀਤੀ ਗਈ ਸਮਾਨਤਾ ਵੇਖੋ:
ਵਿਹੜੇ ਦੇ ਵਿਚ ਪਈ ਏਾ ਭਾਬੀਏ,
ਚਿੱਟਾ ਚਾਦਰਾ ਤਾਣੀ
ਸਾਨੂੰ ਵੇਖ ਕੇ ਘੁੰਡ ਕੱਢ ਲੈਂਦੀ,
ਨਾ ਅੰਨ੍ਹੀ ਨਾ ਕਾਣੀ
ਲਾ ਕੇ ਦੋਸਤੀਆਂ, ਪਾ ਗਈ ਚੁੱਲ੍ਹੇ ਵਿਚ ਪਾਣੀ | ਘਰ ਦੀਆਂ ਜ਼ਿੰਮੇਵਾਰੀਆਂ ਸਾਂਭਣ ਦੇ ਬਾਵਜੂਦ ਜੇ ਅਣਖੀਲੀ ਪੰਜਾਬਣ ਮੁਟਿਆਰ ਦਾ ਪਤੀ ਟੋਕ-ਟਕਾਈ ਜਾਂ ਉਸ ਨੂੰ ਗਾਲ੍ਹ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਬਰਦਾਸ਼ਤ ਨਹੀਂ ਕਰਦੀ | ਆਪਣੇ ਨਾਲ ਹੁੰਦੀ ਜ਼ਿਆਦਤੀ ਵੇਖ ਕੇ ਉਸ ਦੀ ਅਣਖ ਬੋਲੀ ਰਾਹੀਂ ਬਗ਼ਾਵਤ ਦਾ ਰੂਪ ਧਾਰ ਲੈਂਦੀ ਹੈ :
ਚੁੱਲ੍ਹੇ ਪਕਾਵਾਂ ਰੋਟੀਆਂ,
ਕੋਈ ਹਾਰੇ ਧਰਦੀ ਦਾਲ |
ਜੈਤੋ ਦਾ ਕਿਲ੍ਹਾ ਵਿਖਾਦੂੰ,
ਜੇ ਕੱਢੀ ਮਾਂ ਦੀ ਗਾਲ੍ਹ |
ਅੱਜ ਦੇ ਮਹਿੰਗਾਈ ਭਰੇ ਯੁੱਗ ਵਿਚ ਰੋਜ਼ ਕਮਾਉਣ-ਖਾਣ ਵਾਲੇ ਗਰੀਬਾਂ ਲਈ ਤਾਂ ਗੁਜ਼ਾਰਾ ਕਰਨਾ ਹੀ ਮੁਸ਼ਕਿਲ ਹੋ ਗਿਆ ਹੈ | ਸਿਆਣੇ ਮਾਪੇ ਔਲਾਦ ਨੂੰ ਵਿੱਤ ਅਨੁਸਾਰ ਖ਼ਰਚ ਕਰਨ ਦੀ ਸਿੱਖਿਆ ਦਿੰਦੇ ਹਨ, 'ਥੋੜ੍ਹਾ ਥੋੜ੍ਹਾ ਖਾਈਏ ਦੁਵੇਲੇ ਚੁੱਲ੍ਹਾ ਤਾਈਏ |' ਮੇਰੀ ਐਨੀ ਲੰਬੀ ਕਹਾਣੀ ਸੁਣ ਕੇ ਤੁਸੀਂ ਥੱਕ ਗਏ ਹੋਵੋਗੇ | ਮੈਂ ਆਪਣੀ ਗੱਲ ਖ਼ਤਮ ਕਰਨ ਲੱਗਾ ਹਾਂ ਪਰੰਤੂ ਇਸ ਤੋਂ ਪਹਿਲਾਂ ਤੁਸੀਂ ਆਪਣੇ ਦਿਲ 'ਤੇ ਹੱਥ ਰੱਖ ਕੇ ਜ਼ਰੂਰ ਦੱਸਣਾ ਕਿ ਕੀ ਪੰਜਾਬੀ ਸਮਾਜ ਮੇਰੇ ਯੋਗਦਾਨ ਨੂੰ ਭੁਲਾ ਸਕਦਾ ਹੈ? (ਸਮਾਪਤ)

-ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 85678-86223.

ਆਪਣੀ ਦਵਾਈ ਖ਼ੁਦ ਬਣੋ ਤੇ ਜੁੱਗ ਜੁੱਗ ਜੀਓ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮੈਂ ਕਿਉਂ ਤੁਹਾਨੂੰ ਜ਼ਿੰਦਗੀ ਦੀਆਂ ਭੀੜੀਆਂ, ਕਾਣੀਆਂ, ਅੰਨ੍ਹੀਆਂ ਗਲੀਆਂ ਵਿਚ ਘੁਮਾਈ ਜਾ ਰਿਹਾ ਹਾਂ | ਹੋਣੀ ਜਦ ਆਏਗੀ ਦੇਖੀ ਜਾਊ | ਦੇਖਣਾ ਵੀ ਕੀ ਹੈ | ਪਤਾ ਨਹੀਂ ਕਿਸ ਬਹਾਨੇ ਆਊਗੀ | ਕਿਉਂ ਇਸ 'ਤੇ ਅਗਾਊਾ ਮੱਥਾ ਮਾਰਨਾ ਹੈ | ਬਜ਼ੁਰਗ ਉਮਰ ਗੰਭੀਰਤਾ, ਸੂਖਮ ਇਹਤਿਆਤ ਮੰਗਦੀ ਹੈ | ਇਹ ਫੁਟਲ ਸ਼ੈਅ ਹੈ, ਮਾੜੀ ਜਿਹੀ ਠੇਸ ਲੱਗੀ ਨਹੀਂ ਕਿ ਇਹ ਬਿਖਰ ਜਾਏਗੀ | ਬਚਪਨ ਤੋਂ ਲੈ ਕੇ ਬਜ਼ੁਰਗ ਉਮਰ ਵਿਚ ਪ੍ਰਵੇਸ਼ ਕਰਨਾ, ਆਪਣੇ-ਆਪ ਵਿਚ ਇਕ ਵਿਲੱਖਣ ਪ੍ਰਾਪਤੀ ਹੈ ਕਿਉਂਕਿ ਜਦ ਨੂੰ ਤੁਸੀਂ ਸੀਨੀਅਰ ਸਿਟੀਜ਼ਨ ਬਣਦੇ ਹੋ ਤਦ ਨੂੰ ਤੁਹਾਡੇ ਨਾਲ ਦੇ ਕਈ ਪ੍ਰਾਣੀ ਇਸ ਗ੍ਰਹਿ ਨੂੰ ਛੱਡ ਚੁੱਕੇ ਹੁੰਦੇ ਹਨ | ਬਜ਼ੁਰਗੀ ਦੇ ਮੁਕਾਮ ਤੱਕ ਪਹੁੰਚਣਾ ਕੋਈ ਸੌਖੀ ਘਾਲਣਾ ਨਹੀਂ ਹੁੰਦੀ, ਇਕ ਇਕ ਪਲ ਦੀ ਕੀਮਤ ਚੁਕਾ ਰੱਖੀ ਹੁੰਦੀ ਹੈ | ਮਿਸਾਲ ਵਜੋਂ, ਫ਼ੌਜ ਆਪਣੇ ਪੂਰੇ ਸਾਜ਼ੋ-ਸਾਮਾਨ, ਅਸਲ੍ਹੇ ਨਾਲ ਲੈਸ 50 ਕਿਲੋਮੀਟਰ, ਦਿਨ-ਰਾਤ ਠਿਬਲ-ਠੋਲੇ ਖਾਂਦੀ ਹੋਈ ਦੁਸ਼ਮਣ ਤੋਂ 500 ਮੀਟਰ ਪਿਛਾਂਹ, ਹਮਲਾ ਕਰਨ ਵਾਸਤੇ ਕਿਸੇ ਤਰਤੀਬ ਵਿਚ ਤਿਆਰ ਹੋ ਜਾਂਦੀ ਹੈ ਪਰ ਆਖਰੀ 500 ਮੀਟਰ ਨਹੀਂ ਤੁਰਦੀ, ਹਮਲਾ ਬੋਲਣ ਦੀ ਹਿੰਮਤ ਨਹੀਂ ਕਰਦੀ, ਤਾਂ ਫਿਰ ਏਨੀ ਜ਼ਹਿਮਤ, ਤਕਲੀਫ਼ ਉਠਾਉਣ ਦੀ ਕੀ ਲੋੜ ਸੀ, ਜੇਕਰ ਆਪਣੇ ਮਿਸ਼ਨ ਨੂੰ ਕਿਸੇ ਅੰਜ਼ਾਮ, ਨਤੀਜੇ ਤੱਕ ਲੈ ਕੇ ਜਾਣਾ ਹੀ ਨਹੀਂ ਸੀ, ਲੋੜ ਪੈਣ 'ਤੇ ਫਾਲਤੂ ਫ਼ਾਸਲਾ ਤੈਅ ਹੀ ਨਹੀਂ ਸੀਕਰਨਾ | ਇਸੇ ਤਰਜ਼, ਲੈਅ 'ਤੇ ਕਿ ਪੂਰੀ ਜ਼ਿੰਦਗੀ ਝੱਖ ਮਾਰਨ ਬਾਅਦ ਜੇ ਸਾਨੂੰ ਪੱਕੜ ਉਮਰ ਦਾ ਮਿੱਠਾ ਤੋਹਫ਼ਾ ਨਸੀਬ ਹੋਇਆ ਹੈ ਤਾਂ ਇਸ ਦੇ ਬਣਦੇ ਅੰਜਾਮ ਤੱਕ ਲੈ ਕੇ ਜਾਣਾ, ਇਨ੍ਹਾਂ ਆਖ਼ਰੀ ਵਰਿ੍ਹਆਂ ਦਾ ਸੁਆਦ ਮਾਣਨਾ, ਇਨ੍ਹਾਂ ਵਿਚ ਆਪਣੇ ਸਰੀਰ, ਦਿਮਾਗ ਨੂੰ ਸਿਹਤਮੰਦ ਢੰਗਾਂ ਨਾਲ ਮੜਕ ਵਿਚ ਚਲਦੇ ਰੱਖਣਾ, ਬਜ਼ੁਰਗਾਂ ਦੀ ਜਾਤੀ ਜ਼ਿੰਮੇਵਾਰੀ ਹੈ | ਡਾਕਟਰਾਂ, ਰਿਸ਼ਤੇਦਾਰਾਂ, ਯਾਰਾਂ ਆਦਿ ਦੀ ਮਦਦ ਨੂੰ ਰੰੂਗਾ, ਬੋਨਸ ਜਾਣ ਕੇ ਲੈਣਾ ਹੈ | ਮਦਦ ਜਿਸ ਮਾਤਰਾ ਵਿਚ ਮਿਲਦੀ ਹੈ, ਜੇ ਮਿਲਦੀ ਹੈ, ਖਿੜੇ ਮੱਥੇ ਲੈਣੀ ਹੈ | ਕੋਸ਼ਿਸ਼ ਇਹੋ ਰਹਿਣੀ ਚਾਹੀਦੀ ਹੈ ਕਿ ਬਜ਼ੁਰਗ ਆਪਣਾ ਕਾਰਜ ਆਪ ਸੁਆਰਨ | ਹਰੇਕ ਆਪਣੇ ਸੁਫਨਿਆਂ ਦਾ ਪਿੱਛਾ ਕਰ ਰਿਹਾ ਹੈ, ਜੋ ਸਹੀ ਹੈ | ਅਸੀਂ ਬਜ਼ੁਰਗ, ਬਾਕੀਆਂ ਦੀ ਭਾਜ ਵਿਚ ਸਿਰਫ਼ ਅਣਸਰਦਾ ਅੜਿੱਕਾ ਬਣੀਏ | ਧਾਰਨਾ ਤੇ ਕਰਨੀ ਇਹੋ ਰਹਿਣੀ ਚਾਹੀਦੀ ਹੈ ਕਿ ਮੈਂ ਤਾਂ ਦੇਖ ਚੁੱਕਿਆ ਹਾਂ ਜੋ ਮੇਰੇ ਨਸੀਬਾਂ ਵਿਚ ਸੀ, ਮੈਂ ਤਾਂ ਜਾਣਾ ਹੀ ਹੈ ਅੱਜ ਨਹੀਂ ਤਾਂ ਭਲਕ ਨੂੰ , ਮੈਂ ਬਾਕੀਆਂ ਨੂੰ ਕਿਉਂ ਆਪਣੀਆਂ ਤਕਲੀਫਾਂ ਵਿਚ ਉਲਝਾਵਾਂ, ਘਸੀਟਾਂ, ਮੈਂ ਬਾਇੱਜ਼ਤ ਇਸ ਗ੍ਰਹਿ ਤੋਂ ਸਦਾ ਵਾਸਤੇ ਕੂਚ ਕਰ ਜਾਵਾਂ, ਬਿਨਾਂ ਸੀ ਕੀਤਿਆਂ |
ਇਸ ਵਾਸਤੇ ਉਠੋ, ਹਿੰਮਤ ਕਰੋ, ਹੱਡ-ਪੈਰ ਹਿਲਾਓ, ਸਮਾਧੀ ਦੀ ਸ਼ਾਂਤਮਈ ਅਵਸਥਾ ਦੇ ਗੁੱਝੇ ਫਾਇਦਿਆਂ ਨੂੰ ਹਾਸਲ ਕਰੋ, ਯੋਗਾ, ਪ੍ਰਾਣਯਾਮਾਂ ਰਾਹੀਂ ਗਿਣਵੇ ਸੁਆਸਾਂ ਨੂੰ ਜ਼ਰਬਾਂਦਿਓ, ਸੈਰਾਂ, ਲੰਮੀਆਂ ਸੈਰਾਂ ਰਾਹੀਂ ਸਰੀਰ, ਦਿਮਾਗ਼ ਦੀਆਂ ਹਿਲੀਆਂ ਤਾਰਾਂ ਨੂੰ ਫਿਰ ਤੋਂ ਗੰਢਾਂ ਮਾਰੋ, ਸ਼ੂਗਰ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖੋ, ਸਾਰਾ ਸਾਲ ਠੰਢੇ ਪਾਣੀ ਨਾਲ ਨਹਾਓ (ਦਿਲ ਦੇ ਰੋਗੀ ਇਸ ਤੋਂ ਗੁਰੇਜ਼ ਕਰਨ), ਰੱਬ ਦੇ ਘਰ ਜਾਓ ਤੇ ਸੰਗਤ ਵਿਚ ਬੈਠੋ, ਜਿੰਮ ਵਿਚ ਕਸਰਤ ਕਰੋ ਜਿਹੜੇ ਕਰ ਸਕਦੇ ਹਨ, ਆਪਣੀ ਉਮਰ ਦੇ ਗਰੁੱਪਾਂ ਵਿਚ ਮੁਕਾਬਲੇ ਕਰੋ ਤੇ ਤਗਮੇ ਜਿੱਤਣ ਦੀ ਕੋਸ਼ਿਸ਼ ਕਰੋ, ਬਾਗ਼ਬਾਨੀ ਕਰਨ ਲਈ ਫੁੱਲਾਂ, ਸਬਜ਼ੀਆਂ ਵਿਚ ਰੰਬਾ ਚਲਾਉਂਦੇ ਰਹੋ, ਯਾਰਾਂ ਨਾਲ ਮੇਲ-ਮਿਲਾਪ ਰੱਖੋ ਅਤੇ ਉਨ੍ਹਾਂ ਦੇ ਦੁੱਖਾਂ-ਸੁੱਖਾਂ ਵਿਚ ਸ਼ਾਮਿਲ ਹੋਵੋ, ਆਪਣੇ ਹੱਥੀਂ ਆਪਣਿਆਂ ਜਾਂ ਹੋਰਾਂ ਨੂੰ ਦਾਨ ਕਰਦੇ ਰਹੋ, ਆਪਣੀ ਦਵਾਈ ਖੁਦ ਬਣਨ ਦੇ ਯਤਨਾਂ ਵਿਚ ਰਹੋ | ਚੜ੍ਹ ਜਾਓ ਟ੍ਰੈਕਿੰਗ 'ਤੇ, ਪਹਾੜਾਂ, ਰੇਗਸਤਾਨ ਵਿਚੋਂ ਦੀ, ਨਜ਼ਾਰੇ ਲੈਂਦੇ ਹੋਏ | ਏਨੇ ਲੰਮੇ-ਚੌੜੇ ਗ੍ਰਹਿ 'ਤੇ ਬਹੁਤ ਕੁਝ ਹੈ ਦੇਖਣ ਨੂੰ , ਭਾਂਤ-ਭਾਂਤ ਦੇ ਲੋਕ, ਉਨ੍ਹਾਂ ਦੀਆਂ ਅਜੀਬ-ਅਜੀਬ ਕਲਚਰਾਂ, ਰਿਵਾਜ, ਹੈਰਤਅੰਗੇਜ਼ ਇਲਾਕੇ, ਨਜ਼ਾਰੇ... ਸੇਵਨ ਕਰੋ, ਰੱਬ ਦੀਆਂ ਕਰਾਮਾਤਾਂ ਦਾ, ਇਨਸਾਨਾਂ ਦੀਆਂ ਸਿਰਜਣਾਈਆਂ, ਕਲਾਕ੍ਰਿਤੀਆਂ ਦਾ |
ਸੋਜਿਸ਼, ਸਾਡੇ ਸਰੀਰ ਦਾ ਪੁਰਅਸਰ ਹਥਿਆਰ ਹੈ ਜਿਸ ਰਾਹੀਂ ਇਹ ਬਿਮਾਰੀ ਆਦਿ ਨਾਲ ਲੜਦੀ ਹੈ | ਸਾਡੇ ਸੱਟ ਲੱਗਦੀ ਹੈ, ਭਰਿੰਡ ਲੜਦੀ ਹੈ ਤਾਂ ਝੱਟ ਸੋਜਿਸ਼ ਆ ਜਾਂਦੀ ਹੈ | ਸੱਟ ਆਦਿ ਠੀਕ ਹੋਣ ਮਗਰੋਂ ਗਾਇਬ ਹੋ ਜਾਂਦੀ ਹੈ | ਇਥੋਂ ਤੱਕ ਤਾਂ ਰਾਹ ਸਿਰ ਦੀ ਗੱਲ ਹੈ | ਪਰ ਕਈ ਕਾਰਨਾਂ ਕਰਕੇ ਇਹ ਅੰਦਰ ਅੰਤੜੀਆਂ ਵਿਚ ਆਉਂਦੀ ਹੈ ਤੇ ਫਿਰ ਜਾਣ ਦਾ ਨਾਂਅ ਨਹੀਂ ਲੈਂਦੀ, ਜਿਸ ਕਰਕੇ ਦਿਲ ਦਾ ਰੋਗ, ਕੈਂਸਰ ਆਦਿ ਉਪਜ ਪੈਂਦੇ ਹਨ | ਇਸ ਸੋਜ਼ੇ ਨੂੰ ਇਸ ਦੀ ਬਣਦੀ ਮਿਕਦਾਰ/ਮਾਤਰਾ ਵਿਚ ਸੀਮਤ ਰੱਖਣ ਲਈ ਮਾਹਿਰ ਕੁਝ ਇਕ ਸਬਜ਼ੀਆਂ, ਫਲ, ਸੇਵਨ ਕਰਨ ਦੀ ਸਲਾਹ ਦਿੰਦੇ ਹਨ | ਮੈਕਰਲ ਮੱਛੀ ਨੂੰ ਆਲਵ ਤੇਲ ਨਾਲ ਲਬੇੜ ਕੇ, ਉਪਰ ਨਿੰਬੂ ਨਿਚੋੜ ਕੇ, ਰੋਸਟ ਕਰਕੇ ਖਾਓ | ਹਰੀ ਪਾਲਕ ਵਿਚ ਐਵੋਕਾਡੋ (ਨਾਸ਼ਪਤੀਨੁਮਾ ਫਲ) ਪਾ ਕੇ ਸਲਾਦ ਦੇ ਤੌਰ 'ਤੇ ਖਾਓ | ਇਵੇਂ ਨਾਸ਼ਪਤੀ ਨੂੰ ਕੱਟ ਕੇ, ਵਿਚ ਅਖਰੋਟ ਗਿਰੀਆਂ ਤੇ ਪਨੀਰ ਪਾ ਕੇ, ਸਲਾਦ ਵਜੋਂ ਖਾਧਾ ਜਾਵੇ | ਸ਼ਿਮਲਾ ਮਿਰਚ 'ਤੇ ਸਿਰਕਾ ਛਿੜਕ ਕੇ, ਲੂਣ-ਕਾਲੀ ਮਿਰਚ ਭੁੱਕ ਕੇ ਕੱਚੀ ਖਾਧੀ ਜਾਵੇ | ਅਨਾਰ ਦਾਣਾ ਜਾਂ ਅਨਾਰ ਦਾ ਫਲ ਬੀਜ਼ਾਂ ਸਮੇਤ, ਬਹੁਤ ਲਾਹੇਵੰਦ ਹੈ | ਆਮ ਤੌਰ 'ਤੇ ਹਰੀ ਚਾਹ ਦੇ ਗੁਣ ਗਾਏ ਜਾਂਦੇ ਹਨ ਪਰ ਕਾਲੀ ਚਾਹ ਵੀ ਓਨੀ ਹੀ ਗੁਣਕਾਰੀ ਹੈ | ਇਸ ਵਿਚ ਦੁੱਧ ਜਾਂ ਸ਼ਹਿਦ ਜਾਂ ਨਿੰਬੂ ਪਾ ਕੇ ਪੀਤਾ ਜਾ ਸਕਦਾ ਹੈ | ਖੰਡ, ਦੇਸੀ ਘਿਓ, ਪੂਰੀ ਫੈਟ ਵਾਲਾ ਦੁੱਧ ਆਦਿ ਸੋਜਿਸ਼ ਨੂੰ ਵਧਾਉਂਦੇ ਹਨ, ਜਿਸ ਕਰਕੇ ਇਨ੍ਹਾਂ ਦਾ ਸੇਵਨ ਜ਼ਰਾ ਸੋਚ-ਸਮਝ ਨਾਲ ਹੀ ਕਰਨਾ ਠੀਕ ਹੈ |
ਉਮਰ ਪੱਖੋਂ, ਅੱਜ ਦੇ ਦਿਨ, ਇਨਸਾਨ ਇਸ ਗ੍ਰਹਿ 'ਤੇ ਜੀਵ-ਜੰਤੂ ਜਗਤ ਵਿਚ ਲਗਪਗ ਵਿਚਾਲੇ ਜਿਹੇ ਆਉਂਦਾ ਹੈ, ਯਾਨੀ ਤਿੰਨ ਵੀਹਾਂ ਤੇ ਗਿਆਰਾਂ ਵਰ੍ਹੇ ਹੰਢਾਉਂਦਾ ਹੈ |
ਜ਼ਰਾ ਸੋਚੋ 'ਮੇਅਫਲਾਈ' ਬਾਰੇ ਜਿਹੜੀ ਆਪਣੀ ਪੂਰੀ ਜ਼ਿੰਦਗੀ ਟੋਟਲ ਪੰਜਾਂ ਮਿੰਟਾਂ ਵਿਚ... ਜੰਮਣ ਤੋਂ ਲੈ ਕੇ ਮਰਨ ਤੱਕ ਅੰਡੇ ਦੇ ਕੇ ਖਤਮ ਹੋ ਜਾਂਦੀ ਹੈ | ਇਕ ਹੋਰ ਮੱਖੀ 'ਗੈਲਮਿਜ' ਸਵੇਰੇ ਪੂਰੀ ਤਿਆਰ ਹੋਕੇ ਖੁੱਡ ਵਿਚੋਂ ਨਿਕਲਦੀ ਹੈ, ਸਾਥੀ ਲੱਭਦੀ ਹੈ ਤੇ ਅੰਡੇ ਦੇ ਕੇ ਦੁਪਹਿਰ ਤੱਕ ਸਦਾ ਮੁੱਕ ਜਾਂਦੀ ਹੈ | ਆਪਣੇ ਅੱਧੇ ਦਿਨ ਦੇ ਜੀਵਨ ਕਾਲ ਵਿਚ ਇਸ ਧਰਤੀ 'ਤੇ ਬਿਨੰ ਕੁਝ ਖਾਧਿਆਂ ਤੁਰਦੀ ਲਗਦੀ ਹੈ | ਕੱਛੂ ਕੰੁਮਾ, ਸੌ ਸਾਲ ਤੱਕ ਘਾਹ ਆਦਿ ਮੌਜ ਨਾਲ ਚੱਬਦਾ ਰਹਿੰਦਾ ਹੈ | ਜੈਲੀ ਫਿਸ਼ ਨੂੰ ਜਦ ਵੀ ਜਾਨ ਲੇਵਾ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਸੰੁਘੜ ਕੇ ਬਾਲੀਆਂ ਉਮਰ ਵਿਚ ਜਾ ਵੜਦੀ ਹੈ ਤੇ ਫਿਰ ਮੁੱਢ ਤੋਂ ਜ਼ਿੰਦਗੀ ਸ਼ੁਰੂ ਕਰਦੀ ਹੈ | ਇਹ ਕਿੰਨੀ ਕੁ ਉਮਰ ਭੋਗਦੀ ਹੈ, ਕੋਈ ਅੰਦਾਜ਼ਾ ਨਹੀਂ, ਸ਼ਾਇਦ ਕੁਦਰਤੀ ਤੌਰ 'ਤੇ ਮਰਦੀ ਨਹੀਂ | ਦਿਮਾਗੀ ਇਨਸਾਨ ਲੱਗਾ ਹੋਇਆ ਹੈ ਕਿ ਇਹ ਆਪਣੀ ਉਮਰ ਨੂੰ ਕਿਵੇਂ ਤੇ ਕਿਥੋਂ ਤੱਕ ਲੰਮੇਰੀ ਕਰ ਸਕੇ | ਇਹਨੂੰ ਕਿੰਨੀ ਵੀ ਲੰਮੇਰੀ ਉਮਰ ਮਿਲ ਜਾਵੇ, ਇਸ ਦਾ ਇਹੋ ਹਾਲ ਰਹੇਗਾ, ਜਿਵੇਂ ਅੱਜ ਹੈ |
ਇਸ ਦੁਨੀਆ ਵਿਚ ਕੁਝ ਅਜਿਹੇ ਵੀ ਇਲਾਕੇ ਨੇ ਜਿਥੋਂ ਦੀ ਜ਼ਿਆਦਾ ਆਬਾਦੀ 100 ਸਾਲ ਟੱਪ ਕੇ ਹੀ ਇਸ ਗ੍ਰਹਿ ਨੂੰ ਅਲਵਿਦਾ ਆਖਦੀ ਹੈ | ਸ਼ਾਇਦ ਉਨ੍ਹਾਂ ਇਲਾਕਿਆਂ ਦੀ ਆਬੋਹਵਾ ਹੀ ਸਿਹਤਯਾਫ਼ਤਾ ਹੈ ਜਾਂ ਉਨ੍ਹਾਂ ਲੋਕਾਂ ਦੀ ਖੁਰਾਕ ਵਿਚ ਕੁਝ ਜਾਦੂ ਹੈ ਜਾਂ ਉਨ੍ਹਾਂ ਦੇ ਸੱਭਿਆਚਾਰਾਂ, ਰਹਿਣ ਸਹਿਣ ਦਾ ਕਮਾਲ ਹੈ | ਇਟਲੀ ਦਾ 'ਸਾਰਡੀਨ' ਜਾਪਾਨ ਵਿਚ ਉਕੀਨਾਵਾ, ਯੂਨਾਨ ਵਿਚ 'ਇਕੇਰੀਆ' ਆਦਿ ਦੀ ਝੰਡੀ ਹੈ | ਮਾਹਿਰਾਂ ਵਲੋਂ ਇਨ੍ਹਾਂ ਇਲਾਕਿਆਂ ਦਾ ਅਧਿਐਨ ਤਕਰੀਬਨ ਉਹੀ ਨੁਕਤੇ ਦੱਸਦਾ ਹੈ, ਜਿਹੜੇ ਮੈਂ ਇਸ ਲੇਖ ਵਿਚ ਲਿਖ ਚੁੱਕਾ ਹਾਂ | ਇਸੇ ਤਰ੍ਹਾਂ ਮਾਹਿਰਾਂ ਨੇ ਕੁਝ ਇਲਾਕਿਆਂ ਜਾਂ ਦੇਸ਼ਾਂ ਦੀ ਪਛਾਣ ਕਰ ਰੱਖੀ ਹੈ, ਜਿਥੇ ਬਜ਼ੁਰਗਾਂ ਵਾਸਤੇ ਆਖਰੀ ਉਮਰ ਬਿਤਾਉਣ ਦਾ ਸਭ ਤੋਂ ਚੰਗਾ ਮਾਹੌਲ ਹੈ | ਆਪਣੇ ਵਾਸਤੇ ਮੈਂ ਤਾਂ ਜਗਰਾਉਂ ਚੁਣ ਰੱਖੀ ਹੈ |
ਪਸੰਦ ਆਪੋ-ਆਪਣੀ, ਜੇ ਵਾਹ ਲੱਗੇ ਤਾਂ ਬਜ਼ੁਰਗਾਂ ਨੂੰ ਵੱਡੇ ਹਸਪਤਾਲਾਂ ਨੇੜੇ ਹੀ ਆਪਣੇ ਡੇਰੇ ਰੱਖਣ ਵਿਚ ਅਮਲੀ ਸਿਆਣਪ ਹੈ | ਬਾਕੀ ਲੱਗੇ ਰਹੋ ਆਪਣੇ ਬੁਢਾਪੇ ਦੀ ਹਜ਼ੂਰੀ ਵਿਚ ਇਸ ਨੂੰ ਬਿਹਤਰਾਉਣ ਵਿਚ | ਕੋਸ਼ਿਸ਼ ਇਹੋ ਰਹਿਣੀ ਚਾਹੀਦੀ ਹੈ ਕਿ ਤੁਸੀਂ ਘੱਟ ਤੋੋਂ ਘੱਟ ਦੂਸਰਿਆਂ ਦੇ ਮੁਥਾਜ ਰਹੋ ਕਿਉਂਕਿ ਮੁਥਾਜਗੀ ਤਾਂ ਖੰੂਡੀ ਵੀ ਨਹੀਂ ਮਾਣ | ਆਪਣੇ ਸਰੀਰ, ਦਿਮਾਗ ਨੂੰ ਹਰਕਤ ਵਿਚ ਰੱਖੋ | ਸਭ ਤੋਂ ਉਤਮ ਡਾਕਟਰ ਆਪਣਾ ਸਰੀਰ ਹੀ ਹੈ, ਜਿਹੜਾ ਆਖਰੀ ਸਾਹਾਂ ਤੱਕ ਮੌਤ ਵਿਰੁੱਧ ਲੜਦਾ ਹੈ | ਸਰੀਰ ਵਲੋਂ, ਦਿਮਾਗ਼ ਵਲੋਂ ਆਪਣੀ ਦਵਾਈ ਖ਼ੁਦ ਬਣਨ ਦੀ ਖੂਬੀ ਨੂੰ , ਵਰਤੋਂ ਵਿਚ ਰੱਖੋ ਤੇ ਜੁਗ-ਜੁਗ ਜੀਓ | ਹਾਂ ਸੱਚ, ਜੇ ਬੇਸਿਸ ਸਪਲੀਮੈਂਟ ਮਿਲਦਾ ਹੈ ਤਾਂ ਇਕ ਅੱਧੀ ਪੁੜੀ ਸਾਨੂੰ ਵੀ ਭੇਜਣ ਦੀ ਇਨਾਇਤ/ਕ੍ਰਿਪਾਲਤਾ ਕਰ ਦੇਣੀ | (ਸਮਾਪਤ)

-ਮੋਬਾਈਲ : 97806-66268.

ਪੰਜਾਬੀ ਸਿਨੇਮਾ ਦਾ ਪਿਤਾਮਾ ਦਾਰਾ ਸਿੰਘ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਦਾਰਾ ਸਿੰਘ ਨੇ ਲਗਪਗ 200 ਹਿੰਦੀ ਫ਼ਿਲਮਾਂ 'ਚ ਕੰਮ ਕੀਤਾ ਸੀ | ਇਨ੍ਹਾਂ 'ਚੋਂ 16 ਵਾਰ ਉਸ ਨੇ ਮੁਮਤਾਜ਼ ਦੇ ਵਿਰੁੱਧ ਕੰਮ ਕੀਤਾ ਸੀ | ਆਪਣੇ ਸਮੇਂ ਦਾ ਉਹ ਇਕ ਮਹਿੰਗਾ ਸਟਾਰ ਸੀ ਅਤੇ ਉਸ ਦੀ ਕੀਮਤ 4 ਲੱਖ ਪ੍ਰਤੀ ਫ਼ਿਲਮ ਸੀ | ਦਾਰਾ ਸਿੰਘ ਦੀ ਹਿੰਦੀ ਸਿਨੇਮਾ ਨੂੰ ਦੇਣ ਬਾਰੇ ਉਸ ਸਮੇਂ (1963) ਦੇ P93TUR5 POST ਮਾਸਿਕ ਨੇ ਲਿਖਿਆ ਸੀ, 'ਇਹ ਕਹਿਣਾ ਹੀ ਪਵੇਗਾ ਕਿ ਦਾਰਾ ਸਿੰਘ ਨੇ ਸਿਰਫ਼ ਆਪਣੀ ਹੋਂਦ ਦੇ ਨਾਲ ਹਿੰਦੀ ਫ਼ਿਲਮ ਜਗਤ ਨੂੰ ਖੁਸ਼ਹਾਲ ਬਣਾ ਦਿੱਤਾ ਹੈ |'
ਪਰ ਅਸੀਂ ਦਾਰਾ ਸਿੰਘ ਦੀ ਹਿੰਦੀ ਸਿਨੇਮਾ ਨੂੰ ਨਹੀਂ ਬਲਕਿ ਪੰਜਾਬੀ ਸਿਨੇਮਾ ਨੂੰ ਦੇਣ ਦਾ ਵਿਸ਼ਲੇਸ਼ਣ ਕਰਨਾ ਹੈ | ਦਾਰਾ ਸਿੰਘ ਦਾ ਮਨ ਹਿੰਦੀ ਸਿਨੇਮਾ 'ਚ ਨਹੀਂ ਲਗਦਾ ਸੀ | ਉਸ ਦਾ ਕਾਰਨ ਇਹ ਸੀ ਕਿ ਉਸ ਦੀ ਹਿੰਦੀ ਕਮਜ਼ੋਰ ਸੀ ਅਤੇ ਅਕਸਰ ਉਸ ਦੀ ਆਵਾਜ਼ ਡੱਬ ਕਰਨੀ ਪੈਂਦੀ ਸੀ | ਵੈਸੇ ਉਸ ਨੇ ਹਿੰਦੀ ਸਿੱਖਣ ਲਈ ਇਕ ਅਧਿਆਪਕ ਵੀ ਰੱਖਿਆ ਹੋਇਆ ਸੀ | ਪਰ ਨਤੀਜੇ ਕੁਝ ਖਾਸ ਨਹੀਂ ਨਿਕਲ ਰਹੇ ਸਨ | ਇਕ ਦੋ ਸਾਲਾਂ ਤੋਂ ਬਾਅਦ ਤਾਂ ਦਾਰਾ ਸਿੰਘ ਨੇ ਖੁਦ ਮਜ਼ਾਕ 'ਚ ਕਿਹਾ ਸੀ, 'ਮੇਰਾ ਮਾਸਟਰ ਤਾਂ ਮੈਨੂੰ ਸਿਖਾ ਨਹੀਂ ਸਕਿਆ ਪਰ ਮੇਰੇ ਕੋਲੋਂ ਉਸ ਨੇ ਪੰਜਾਬੀ ਜ਼ਰੂਰ ਸਿੱਖ ਲਈ ਹੈ |'
ਇਕ ਹੋਰ ਦਿਲਚਸਪ ਪੱਖ ਦਾਰਾ ਸਿੰਘ ਦੀ ਸ਼ਖ਼ਸੀਅਤ ਦਾ ਇਹ ਵੀ ਸੀ ਕਿ ਪੰਜਾਬੀ ਸਾਹਿਤਕਾਰਾਂ ਦਾ ਉਹ ਬਹੁਤ ਹੀ ਸਨਮਾਨ ਕਰਦਾ ਹੁੰਦਾ ਸੀ | ਉਸ ਦੀ ਦੋਸਤੀ ਦਾਇਰੇ 'ਚ ਉਸ ਵੇਲੇ ਦਾ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਵੀ ਸੀ | ਇਸ ਝੁਕਾਅ ਦਾ ਇਕ ਕਾਰਨ ਇਹ ਵੀ ਸੀ ਕਿ ਦਾਰਾ ਸਿੰਘ ਦੇ ਲੜਕੇ ਪਰਦੁੱਮਨ ਨੂੰ ਪੰਜਾਬੀ ਸਾਹਿਤ ਪੜ੍ਹਨ ਦੀ ਬਹੁਤ ਹੀ ਦਿਲਚਸਪੀ ਸੀ |
ਸਪੱਸ਼ਟ ਹੈ ਕਿ ਦਾਰਾ ਸਿੰਘ ਦਾ ਝੁਕਾਅ ਪੰਜਾਬੀ ਫ਼ਿਲਮਾਂ ਪ੍ਰਤੀ ਹੋਣਾ ਹੀ ਸੀ | ਇਸ ਲਈ ਉਸ ਨੇ ਬੀ.ਆਰ. ਝਿੰਗਣ ਨੂੰ ਇਕ ਵਧੀਆ ਕਹਾਣੀ ਲਿਖਣ ਲਈ ਕਿਹਾ | ਪਰ ਜਿਹੜੀ ਕਹਾਣੀ ਝਿੰਗਣ ਨੇ ਦਾਰਾ ਜੀ ਨੂੰ ਸੁਣਾਈ ਉਹ ਉਸ ਨੂੰ ਪਸੰਦ ਨਹੀਂ ਆਈ ਸੀ | ਇਸ ਲਈ ਉਸ ਨੇ ਖੁਦ ਹੀ ਇਕ ਪੰਜਾਬੀ ਫ਼ਿਲਮ 'ਨਾਨਕ ਦੁਖੀਆ ਸਭ ਸੰਸਾਰ' ਦਾ ਲੇਖਕ ਤੇ ਨਿਰਦੇਸ਼ਕ ਬਣਨ ਦਾ ਫੈਸਲਾ ਕਰ ਲਿਆ |
ਇਸ ਦੌਰਾਨ ਦਾਰਾ ਸਿੰਘ ਨੂੰ ਲੈ ਕੇ ਇਕ ਪੰਜਾਬੀ ਫ਼ਿਲਮ 'ਜੱਗਾ' ਵੀ ਸੁਪਰਹਿੱਟ ਸਾਬਤ ਹੋਈ | ਇਸ ਸਫ਼ਲਤਾ ਤੋਂ ਪ੍ਰੇਰਨਾ ਲੈ ਕੇ ਦਾਰਾ ਸਿੰਘ ਨੇ 'ਨਾਨਕ ਦੁਖੀਆ ਸਭ ਸੰਸਾਰ' ਨੂੰ ਪੇਸ਼ ਕੀਤਾ | ਫ਼ਿਲਮ ਇਕ ਸਮਾਜਿਕ, ਧਾਰਮਿਕ ਕਿਸਮ ਦੀ ਸੀ | ਦਾਰਾ ਜੀ ਨੇ ਇਸ 'ਤੇ ਬੜੀ ਮਿਹਨਤ ਵੀ ਕੀਤੀ ਸੀ | ਲਿਹਾਜ਼ਾ ਇਸ ਵਾਰ ਵੀ ਸਫ਼ਲਤਾ ਨੇ ਉਸ ਦੇ ਪੈਰ ਚੰੁਮੇ ਸਨ |
ਇਸ ਤੋਂ ਬਾਅਦ ਲਗਾਤਾਰ ਦਾਰਾ ਸਿੰਘ ਨੇ ਆਪਣੇ ਬੈਨਰ ਦਾਰਾ ਪ੍ਰੋਡਕਸ਼ਨਜ਼ ਦੇ ਅਧੀਨ ਕਈ ਪੰਜਾਬੀ ਫ਼ਿਲਮ 'ਧੰਨਾ ਭਗਤ', 'ਸਵਾ ਲਾਖ ਸੇ ਏਕ ਲੜਾਊਾ' ਦਾ ਨਿਰਮਾਣ ਕੀਤਾ |
ਪੰਜਾਬੀ ਸਿਨੇਮਾ ਦੀ ਪ੍ਰਗਤੀ ਦੇ ਲਈ ਦਾਰਾ ਸਿੰਘ ਨੇ ਮੁਹਾਲੀ 'ਚ ਇਕ ਫ਼ਿਲਮ ਸਟੂਡੀਓ ਦਾ ਨਿਰਮਾਣ ਕੀਤਾ ਸੀ ਪਰ ਲੋੜੀਂਦੀ ਸਹਾਇਤਾ ਨਾ ਮਿਲਣ ਕਰਕੇ ਅੱਜਕਲ੍ਹ ਇਹ ਸਟੂਡੀਓ ਖਸਤਾ ਹਾਲਤ ਵਿਚ ਹੀ ਹੈ |
ਫਿਰ ਵੀ, ਦਾਰਾ ਸਿੰਘ ਨੇ ਆਪਣੀ ਮਾਤ ਭਾਸ਼ਾ ਦੇ ਸਿਨੇਮਾ ਲਈ ਹਰੇਕ ਪੱਖ ਤੋਂ ਯੋਗਦਾਨ ਪਾਇਆ ਸੀ | ਉਸ ਦੀ ਆਖਰੀ ਫ਼ਿਲਮ 'ਜਬ ਵੀ ਮੈਟ' ਸੀ ਜਿਸ 'ਚ ਪੰਜਾਬੀ ਸੱਭਿਆਚਾਰ ਦਾ ਤੜਕਾ ਉਸ ਦੀ ਅਦਾਇਗੀ ਨੇ ਹੀ ਲਾਇਆ ਸੀ |
ਖੇਡ, ਜਗਤ ਅਤੇ ਸਿਨੇਮਾ ਜਗਤ ਤੋਂ ਭਰਪੂਰ ਪਿਆਰ ਹਾਸਲ ਕਰਨ ਵਾਲੇ ਦਾਰਾ ਸਿੰਘ ਨੂੰ ਰਾਜਨੀਤਕ ਅਦਾਰਿਆਂ ਨੇ ਵੀ ਸਨਮਾਨ ਨਾਲ ਨਿਵਾਜਿਆ | ਉਹ ਪਹਿਲਾ ਖੇਡ ਜਗਤ ਦਾ ਉਮੀਦਵਾਰ ਸੀ ਜਿਸ ਨੂੰ ਰਾਜ ਸਭਾ ਦੀ ਮਨੋਨੀਤ ਕੀਤਾ ਗਿਆ ਸੀ |
ਪਰ ਬਾਵਜੂਦ ਇਨ੍ਹਾਂ ਪ੍ਰਾਪਤੀਆਂ ਦੇ ਦਾਰਾ ਸਿੰਘ ਬਹੁਤ ਹੀ ਕੋਮਲ ਅਤੇ ਨਿੱਘੇ ਸੁਭਾਅ ਵਾਲਾ ਸੀ | ਮੈਨੂੰ ਖ਼ੁਸ਼ੀ ਹੈ ਕਿ ਮੇਰੇ ਗੁਆਂਢੀ ਹਰਜੀਤ ਮਾਨ ਦੇ ਲੜਕੇ ਨਾਲ ਉਸ ਦੀ ਲੜਕੀ ਵਿਆਹੀ ਹੋਈ ਹੈ ਹੈ | ਇਸ ਲਈ ਕਈ ਅਵਸਰਾਂ 'ਤੇ ਉਸ ਨੂੰ ਨਜ਼ਦੀਕ ਹੋ ਕੇ ਦੇਖਣ ਦਾ ਵੀ ਮੌਕਾ ਮਿਲਿਆ | ਦਾਰਾ ਜੀ ਦੇ ਪਿਤਾ (ਸੂਰਤਾ ਸਿੰਘ) ਅਤੇ ਲੜਕੇ (ਪਰਦੁੱਮਨ) ਦੇ ਨਾਲ ਵੀ ਮੇਰੀ ਕਾਫੀ ਨੇੜਤਾ ਰਹੀ ਹੈ |
ਪਰ ਰੁਸਤਮ-ਏ-ਹਿੰਦ ਦਾ ਖਿਤਾਬ ਹਾਸਲ ਕਰਨ ਵਾਲਾ ਇਹ ਸ਼ਖ਼ਸ ਦੁਨੀਆ ਦੇ ਕਿਸੇ ਪਹਿਲਵਾਨ ਤੋਂ ਨਹੀਂ ਹਾਰਿਆ ਬਲਕਿ ਉਸ ਦਾ ਆਪਣਾ ਹੀ ਦਿਲ ਉਸ ਨੂੰ ਦਗ਼ਾ ਦੇ ਗਿਆ ਸੀ | 2012 ਨੂੰ ਜਦੋਂ ਮੈਨੂੰ ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਮਿਲੀ ਤਾਂ ਅਚਨਚੇਤ ਹੀ ਉਨ੍ਹਾਂ ਦੀ ਇਕ ਫ਼ਿਲਮ ਦਾ ਗੀਤ ਯਾਦ ਆ ਗਿਆ:
ਦਿਲ ਹੈ ਹਮਾਰਾ ਫੂਲ ਸੇ ਨਾਜ਼ੁਕ
ਬਾਜੂ ਹੈਾ ਫੌਲਾਦ |
ਤੂਫ਼ਾਨੋਂ ਮੇਂ ਰਹਿਨੇ ਵਾਲੇ
ਰਹਿਤੇ ਹੈਾ ਆਜ਼ਾਦ |
(ਫੌਲਾਦ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਰੁੱਤ ਫੁੱਲ ਮੇਲਿਆਂ ਦੀ ਆਈ

ਮੌਸਮ ਨੇ ਕਰਵਟ ਬਦਲੀ, 'ਬਹਾਰ' ਨੇ ਦਸਤਕ ਦੇ ਦਿੱਤੀ, ਨਾਲ ਹੀ ਕੁਦਰਤੀ ਹੁਸਨ ਦਾ ਆਗਮਨ ਹੋਇਆ | ਸਿੱਟੇ ਵਜੋਂ ਸਿਰਜਣਹਾਰ ਦੀ ਸਿਰਜੀ ਕਾਇਨਾਤ ਨੇ ਰੰਗ ਬਿਖੇਰਨੇ ਸ਼ੁਰੂ ਕਰ ਦਿੱਤੇ | ਫੁੱਲ-ਬੂਟਿਆਂ ਨੇ ਰੌਣਕ ਲਗਾਈ | ਸਿੱਟੇ ਵਜੋਂ ਮਨੁੱਖ ਦੁਆਰਾ ਮੌਸਮੀ ਫੁੱਲਾਂ ਦੀ ਜੋ ਸੇਵਾ ਕੀਤੀ ਗਈ ਸੀ, ਉਹ ਪ੍ਰਵਾਨ ਚੜ੍ਹੀ ਤੇ ਵਾਤਾਵਰਨ, ਆਲਾ-ਦੁਆਲਾ, ਰੰਗੀਨ, ਖ਼ੁਸ਼ਗਵਾਰ ਹੋ ਗਿਆ | ਨਾਲ ਹੀ ਕਈ ਥਾੲੀਂ ਕੁਦਰਤੀ ਹੁਸਨ, ਫੁੱਲ-ਬੂਟਿਆਂ ਦੀਆਂ 'ਨੁਮਾਇਸ਼ਾਂ', 'ਮੁਕਾਬਲੇ' ਆਰੰਭ ਹੋਏ | ਸਾਨੂੰ ਕਈ ਸੰਸਥਾਵਾਂ ਵਲੋਂ ਫੁੱਲ-ਬੂਟਿਆਂ ਦੀਆਂ ਨੁਮਾਇਸ਼ਾਂ 'ਚ ਸ਼ਿਰਕਤ ਲਈ ਸੱਦੇ ਮਿਲੇ, ਜਿਨ੍ਹਾਂ 'ਚੋਂ ਕੁਝ ਇਕ ਦੀ ਕਾਰਵਾਈ ਦਾ 'ਅੱਖੀਂ ਡਿੱਠਾ ਹਾਲ' ਆਪ ਨਾਲ ਸਾਂਝਾ ਕਰ ਰਿਹਾ ਹਾਂ |
ਫੁੱਲ ਉਗਾਉਣ ਵਾਲੇ ਭਾਵੇਂ ਭਾੜੇ ਦੇ ਮਾਲੀ ਜਾਂ ਖੁਦ ਮਿਹਨਤ ਨਾਲ ਫੁੱਲ-ਬੂਟੇ ਉਗਾਉਣ ਵਾਲੇ ਹੋਣ, ਜ਼ਰੂਰ ਚਾਹੁੰਦੇ ਹਨ ਕਿ ਉਨ੍ਹਾਂ ਦੀ ਘਾਲਣਾ ਨੂੰ ਸਰਾਹਿਆ ਜਾਵੇ, ਜੇਕਰ ਇਨਾਮ ਮਿਲ ਜਾਵੇ ਤਾਂ ਹੋਰ ਵੀ ਚੰਗਾ |
ਕਿਉਂ ਜੋ ਮੇਰਾ ਸਾਰਾ ਜੀਵਨ ਇਸੇ ਵਿਸ਼ੇ ਦੁਆਲੇ ਘੰੁਮਿਆ ਹੈ, ਸ਼ੌਕ ਵੀ ਹੈ, ਪੜਿ੍ਹਆ ਅਤੇ ਪੜ੍ਹਾਇਆ ਵੀ ਹੈ | ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਅੱਗੋਂ ਵੀ ਇਸ ਪਾਸੇ ਕਾਰਜਸ਼ੀਲ ਰਹਿਣ ਦੀ ਤਮੰਨਾ ਹੈ |
ਸ਼ੁਰੂਆਤ ਕਰਾਂਗਾ ਆਪਣੀ 'ਪਿਤਰੀ' ਸੰਸਥਾ ਪੀ.ਏ.ਯੂ. ਲੁਧਿਆਣਾ ਨਾਲ | ਮੇਰੇ ਮਰਹੂਮ ਗੁਰੂ ਡਾ: ਮਹਿੰਦਰ ਸਿੰਘ ਰੰਧਾਵਾ ਦੇ ਨਾਂਅ 'ਤੇ ਰੱਖਿਆ ਫੁੱਲ ਮੇਲਾ 26-27 ਫਰਵਰੀ ਨੂੰ ਖੂਬ ਭਰਿਆ | ਡਾ: ਕਿਰਨਜੀਤ ਕੌਰ ਮੁਖੀ ਅਤੇ ਤਮਾਮ ਫਲੋਰੀਕਲਚਰ ਅਤੇ ਲੈਂਡਸਕੇਪ ਮਹਿਕਮੇ ਦੀ ਟੀਮ ਦੇ ਯਤਨਾਂ ਸਦਕਾ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਪ੍ਰਦਰਸ਼ਿਤ ਕੀਤੇ ਹੋਏ ਨਮੂਨੇ ਵੇਖੇ ਅਤੇ ਹੋਰ ਜਾਣਕਾਰੀ ਪ੍ਰਾਪਤ ਕੀਤੀ |
ਦੂਜਾ ਫਲਾਵਰ ਸ਼ੋਅ ਵੇਖਿਆ ਜਲੰਧਰ ਦੀ ਲਵਲੀ ਯੂਨੀਵਰਸਿਟੀ ਦਾ | ਡਾ: ਰਮੇਸ਼ ਕੁਮਾਰ ਡੀਨ ਖੇਤੀ ਕਾਲਜ ਦੀ ਵੱਡੀ ਘਾਲਣਾ ਸਦਕਾ, ਭਾਰੀ ਗਿਣਤੀ ਵਿਚ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਅਤੇ ਵੇਖਣ ਦੇ ਸ਼ੌਕੀਨਾਂ ਨੇ ਖੂਬ ਰੰਗ ਬੰਨਿ੍ਹਆ | ਸਾਨੂੰ ਜੱਜਾਂ ਨੂੰ ਖਾਸੀ ਮਿਹਨਤ ਕਰਨੀ ਪਈ, ਇਨਾਮੀ ਚੋਣ ਲਈ ਕਿਉਂ ਜੋ ਵੰਨਗੀਆਂ ਦਾ ਆਪਸ 'ਚ 'ਜ਼ਬਰਦਸਤ ਮੁਕਾਬਲਾ' ਸੀ |
ਤੀਜਾ ਫਲਾਵਰ ਸ਼ੋਅ ਲੁਧਿਆਣਾ ਵਿਖੇ ਸਰਾਭਾ ਨਗਰ ਦੀ ਗੁਰਦੁਆਰਾ ਕਮੇਟੀ ਵਲੋਂ ਲਗਾਇਆ ਜਾਂਦਾ ਹੈ, ਜੋ ਇਸ ਸਾਲ ਵੀ ਲਗਾਇਆ ਗਿਆ | ਭਾਰੀ ਗਿਣਤੀ 'ਚ ਸ਼ੌਕੀਨਾਂ ਨੇ ਇਸ ਮੁਕਾਬਲੇ 'ਚ ਸ਼ਿਰਕਤ ਕੀਤੀ | ਇਸ ਵੱਡੇ ਉਪਰਾਲੇ ਦਾ ਸਿਹਰਾ ਸ: ਐਮ.ਐਸ. ਗਰੇਵਾਲ, ਚਰਨਜੀਤ ਸਿੰਘ ਅਤੇ ਤਮਾਮ ਮੈਨੇਜਿੰਗ ਕਮੇਟੀ ਨੂੰ ਜਾਂਦਾ ਹੈ | ਸਮਾਂ ਸੀ ਜਦੋਂ ਫ਼ੌਜੀ ਵੀ ਭਰਵੇਂ ਫੁੱਲ ਮੇਲੇ ਆਯੋਜਿਤ ਕਰਦੇ ਸਨ | ਪਰ ਹੁਣ ਕਿਉਂ ਇਹ ਚੰਗਾ ਉਪਰਾਲਾ ਨਹੀਂ ਕਰਦੇ? ਪਤਾ ਨਹੀਂ |

dosanjhsps@gmail.com

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਸ: ਸੁਰਜੀਤ ਸਿੰਘ ਹਾਕੀ ਖਿਡਾਰੀ ਨੇ ਉਸ ਵਕਤ ਆਪਣੇ ਮਾਤਾ ਜੀ ਨਾਲ ਖਿਚਵਾਈ ਸੀ, ਜਦੋਂ 1975 ਵਿਚ ਭਾਰਤ ਦੀ ਹਾਕੀ ਟੀਮ ਵਿਸ਼ਵ ਕੱਪ ਜਿੱਤ ਕੇ ਆਈ ਸੀ ਤੇ ਸੁਰਜੀਤ ਸਿੰਘ ਬਟਾਲਾ ਪੁੱਜੇ ਸਨ | ਇਸ ਵਕਤ ਦੋਵੇਂ ਮਾਂ-ਪੁੱਤ ਇਸ ਸੰਸਾਰ ਵਿਚ ਨਹੀਂ ਹਨ | ਸਾਡੇ ਕੋਲ ਉਨ੍ਹਾਂ ਦੀ ਇਹ ਤਸਵੀਰ ਹੀ ਯਾਦਗਾਰ ਹੈ |

-ਮੋਬਾਈਲ : 98767-41231


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX