ਤਾਜਾ ਖ਼ਬਰਾਂ


ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  3 minutes ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  10 minutes ago
ਮੁੰਬਈ, 24 ਮਾਰਚ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 45 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ...
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  6 minutes ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  23 minutes ago
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਫੌਜੀ ਖੇਤਰ 'ਚ ਸਥਿਤ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਨਾਮੀ ਕੰਟੀਨ ਦੇ ਸਾਹਮਣਿਓਂ ਅੱਜ ਬਾਰੂਦੀ ਸੁਰੰਗ ਵਿਛਾਉਣ ਲਈ ਇਸਤੇਮਾਲ ਕੀਤਾ ਜਾਂਦਾ ਬੰਬ (ਮਾਈਨ) ਮਿਲਿਆ। ਇਸ ਮਗਰੋਂ ਫੌਜ ਨੇ...
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  6 minutes ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  36 minutes ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  42 minutes ago
ਪਣਜੀ, 24 ਮਾਰਚ- ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅੱਜ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਨਾਇਡੂ ਨੇ ਟਵੀਟ ਕਰਕੇ ਕਿਹਾ, ''ਅੱਜ ਗੋਆ 'ਚ...
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  about 1 hour ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  about 1 hour ago
ਇਸਲਾਮਾਬਾਦ, 24 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੰਧ ਸੂਬੇ 'ਚ ਦੋ ਨਾਬਾਲਗ ਹਿੰਦੂ ਲੜਕੀਆਂ ਦੀ ਅਗਵਾਕਾਰੀ, ਜਬਰਨ ਵਿਆਹ, ਧਰਮ ਪਰਿਵਰਤਨ ਅਤੇ ਘੱਟ ਉਮਰ 'ਚ ਵਿਆਹ ਕਰਾਏ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ...
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  about 1 hour ago
ਨਵੀਂ ਦਿੱਲੀ, 24 ਮਾਰਚ - ਹਰਿਆਣਾ ਦੀ ਪ੍ਰਸਿੱਧ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਨੇ ਕਿਹਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ। ਪ੍ਰਿਅੰਕਾ ਗਾਂਧੀ ਵਾਡਰਾ ਨਾਲ ਜੋ ਉਨ੍ਹਾਂ ਦੀਆਂ ਤਸਵੀਰਾਂ ਛਾਇਆ ਹੋਇਆਂ ਹਨ, ਉਹ ਪੁਰਾਣੀਆਂ ਹਨ। ਸਪਨਾ ਨੇ ਕਿਹਾ ਕਿ ਉਹ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਖੇਤੀ ਖੋਜ : ਨਵੇਂ ਉਪਰਾਲੇ

ਖੇਤੀ ਦੇ ਸਬੰਧ ਵਿਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਨਜ਼ਰ ਆ ਰਹੀਆਂ ਹਨ ਜੋ ਕਿ ਚੁਣੌਤੀਆਂ ਅਤੇ ਮੌਕਿਆਂ ਨਾਲ ਭਰਪੂਰ ਹਨ। ਖੇਤੀ ਬਾਰੇ ਚੱਲ ਰਹੀਆਂ ਚਰਚਾਵਾਂ ਵਿਚੋਂ ਉਸਾਰੂ ਅਤੇ ਅਸਲੀਅਤ ਨਾਲ ਜੁੜੇ ਹੋਏ ਰਸਤੇ ਦੀ ਭਾਲ ਜ਼ਰੂਰੀ ਬਣ ਗਈ ਹੈ। ਖੋਜ ਅਤੇ ਪਸਾਰ ਕਿਸੇ ਇਕ ਦਿਸ਼ਾ ਵੱਲ ਸੰਕੇਤ ਕਰਨ ਦੀ ਬਜਾਏ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਨੂੰ ਪੇਸ਼ ਕਰਦੇ ਹਨ। ਇਸੇ ਵਿਚੋਂ ਇਕ ਸਿਰਜਣਾਤਮਕ ਜੋੜ ਦੇ ਮੌਕੇ ਭਾਲੇ ਜਾ ਸਕਦੇ ਹਨ। ਖੇਤੀ ਮਨੁੱਖੀ ਸਮਾਜ ਦੀ ਨੀਂਹ ਹੈ ਪਰ ਅਸੀਂ ਇਸ ਸਚਾਈ ਤੋਂ ਵੀ ਜਾਣੂੰ ਹਾਂ ਕਿ ਹੁਣ ਖੇਤੀ ਜੀਵਨ-ਸ਼ੈਲੀ ਤੋਂ ਇਕ ਵਪਾਰਕ ਕਿੱਤੇ ਵਿਚ ਤਬਦੀਲ ਹੋ ਗਈ ਹੈ। ਵਿਕਸਤ ਦੇਸ਼ਾਂ ਦੀ ਆਬਾਦੀ ਦਾ ਵੱਡਾ ਹਿੱਸਾ ਖੇਤੀ ਤੋਂ ਸਨਅਤ ਅਤੇ ਨੌਕਰੀਆਂ ਖੇਤਰ ਵਿਚ ਜਾ ਚੁੱਕਾ ਹੈ। ਸਾਡੇ ਦੇਸ਼ ਵਿਚ ਵੀ ਕੋਈ 50 ਕੁ ਫ਼ੀਸਦੀ ਲੋਕ ਜੋ ਖੇਤੀ 'ਤੇ ਨਿਰਭਰ ਹਨ, ਸਿਰਫ਼ 17 ਫ਼ੀਸਦੀ ਕੁੱਲ ਘਰੇਲੂ ਉਤਪਾਦ ਦੇ ਹਿੱਸੇਦਾਰ ਹਨ। ਖੇਤੀ ਅਤੇ ਦੂਜੇ ਕਿੱਤਿਆਂ ਵਿਚ ਆਮਦਨ ਪੱਖੋਂ ਫਾਸਲਾ ਲਗਾਤਾਰ ਵਧ ਰਿਹਾ ਹੈ। ਪੰਜਾਬ ਵਿਚ ਕਿਸਾਨੀ ਪਰਿਵਾਰ ਦੀ ਆਮਦਨ ਭਾਵੇਂ ਦੇਸ਼ ਵਿਚੋਂ ਸਭ ਤੋਂ ਘੱਟ ਹੈ ਪਰ ਅਸੀਂ ਵੀ ਇਸ ਗੁੱਝੀ ਬੇਰੁਜ਼ਗਾਰੀ ਦੇ ਸ਼ਿਕਾਰ ਹਾਂ। ਇਹ ਹਾਲਾਤ ਕਿਸਾਨੀ ਨਾਲ ਜੁੜੇ ਵਰਗ ਨੂੰ ਰੁਜ਼ਗਾਰ ਦੇ ਹੋਰ ਰਸਤਿਆਂ ਵੱਲ ਜਾਣ ਲਈ ਮਜਬੂਰ ਕਰ ਰਹੇ ਹਨ ਪਰ ਇਹ ਤਬਦੀਲੀ ਵੀ ਸਾਧਨ ਸੰਪੰਨ ਅਤੇ ਪੜ੍ਹੇ-ਲਿਖੇ ਹਿੱਸੇ ਦੀ ਪਹੁੰਚ ਵਿਚ ਹੀ ਹੈ। ਇਨ੍ਹਾਂ ਕਾਰਨਾਂ ਕਰਕੇ ਛੋਟੇ ਕਿਸਾਨਾਂ ਅਤੇ ਕਾਮਿਆਂ ਦੀ ਆਮਦਨ ਅਤੇ ਜੀਵਨ ਪੱਧਰ ਵਿਚ ਸੁਧਾਰ ਬਹੁਤ ਜ਼ਰੂਰੀ ਹੈ। ਬਹੁਤ ਸਾਰੀਆਂ ਸਰਕਾਰੀ ਨੀਤੀਆਂ ਵੀ ਹੁਣ ਇਸ ਵਰਗ ਵੱਲ ਜ਼ਿਆਦਾ ਧਿਆਨ ਦੇ ਰਹੀਆਂ ਹਨ। ਖੇਤੀ ਦੀ ਪੈਦਾਵਾਰ ਅਤੇ ਕੁਦਰਤੀ ਸੋਮਿਆਂ ਦੀ ਸੁਚਾਰੂ ਵਰਤੋਂ ਤੋਂ ਅਗਾਂਹ ਚੱਲ ਕੇ ਖੇਤੀ ਉਤਪਾਦ ਦੀ ਗੁਣਵੱਤਾ ਨੂੰ ਵਧਾਉਣਾ ਅਤੇ ਆਮਦਨ ਦੇ ਨਵੇਂ ਸਾਧਨਾਂ ਦੀ ਨਿਸ਼ਾਨਦੇਹੀ ਹੁਣ ਯੂਨੀਵਰਸਿਟੀ ਲਈ ਬਰਾਬਰ ਦੀ ਅਹਿਮੀਅਤ ਰੱਖਦੇ ਹਨ। ਅਸੀਂ ਹਰ ਸਾਲ ਕਿਸਾਨ ਮੇਲੇ 'ਤੇ ਇਸ ਰਾਹ 'ਤੇ ਚਲਦੇ ਹੋਏ ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਸਨਮਾਨ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਇਹ ਕਿਸਾਨ ਬਾਕੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਨ। ਇਹ ਵੀ ਲੋਚਦੇ ਹਾਂ ਕਿ ਹੇਠ ਦਰਸਾਈਆਂ ਨਵੀਂਆਂ ਖੋਜਾਂ ਤੁਹਾਨੂੰ ਇਸ ਨਵੇਂ ਕਿਰਦਾਰ ਨੂੰ ਅਪਨਾਉਣ ਵਿਚ ਸਹਾਈ ਹੋਣਗੀਆਂ।
ਕਣਕ ਝੋਨੇ ਦਾ ਫਸਲੀ ਚੱਕਰ ਤੋਂ ਸ਼ੁਰੂ ਕਰਦੇ ਹੋਏ ਇਹ ਦੱਸਣ ਯੋਗ ਹੈ ਕਿ ਪੰਜਾਬ ਵਿਚ ਕਣਕ ਦੀਆਂ ਕਿਸਮਾਂ ਦੀ ਵੰਨ-ਸੁਵੰਨਤਾ ਵਿਚ ਵਾਧਾ ਨਜ਼ਰ ਆਇਆ ਹੈ। ਮੌਜੂਦਾ ਸਾਲ ਵਿਚ ਸਭ ਤੋਂ ਵਧੇਰੇ ਬੀਜੀ ਗਈ ਕਿਸਮ ਹੇਠ ਵੀ 40 ਫ਼ੀਸਦੀ ਰਕਬਾ ਹੈ। ਨਵੀਆਂ ਕਿਸਮਾਂ ਜਿਵੇਂ ਕਿ ਪੀ. ਬੀ. ਡਬਲਯੂ. 725, ਉੱਨਤ ਪੀ. ਬੀ. ਡਬਲਯੂ. 343 ਅਤੇ ਉੱਨਤ ਪੀ. ਬੀ. ਡਬਲਯੂ. 550 ਕ੍ਰਮਵਾਰ 10 ਫ਼ੀਸਦੀ, 9 ਫ਼ੀਸਦੀ ਅਤੇ 5 ਫ਼ੀਸਦੀ ਰਕਬੇ ਵਿਚ ਬੀਜੀਆਂ ਗਈਆਂ ਹਨ। ਕੁਝ ਕਿਸਾਨਾਂ ਨੇ ਜ਼ਿੰਕ ਦੀ ਵੱਧ ਮਾਤਰਾ ਵਾਲੀ ਪੀ. ਬੀ. ਡਬਲਯੂ.-1 ਜ਼ਿੰਕ ਕਿਸਮ ਨੂੰ ਆਪਣੀ ਘਰੇਲੂ ਵਰਤੋਂ ਲਈ ਤਰਜੀਹ ਦਿੱਤੀ ਹੈ। ਬੀਜ ਦਰ ਪ੍ਰਤੀ ਏਕੜ ਵੱਧ ਹੋਣ ਕਰਕੇ ਕਣਕ ਵਿਚ ਨਵੀਆਂ ਕਿਸਮਾਂ ਦੇ ਫੈਲਾਅ ਦੀ ਗਤੀ ਝੋਨੇ ਦੇ ਮੁਕਾਬਲੇ ਕਾਫ਼ੀ ਘੱਟ ਹੈ। ਕਿਸਾਨਾਂ ਦੇ ਖੇਤਾਂ ਤੇ ਵੰਨ-ਸੁਵੰਨਤਾ ਕਿਸਮਾਂ ਦੇ ਫੇਰ ਬਦਲ ਵਿਚ ਸਹਾਈ ਹੁੰਦੀ ਹੈ, ਜੋ ਬਿਮਾਰੀਆਂ ਦੀਆਂ ਨਵੀਆਂ ਪ੍ਰਜਾਤੀਆਂ ਦੇ ਨੁਕਸਾਨ ਦੀ ਦਰ ਨੂੰ ਘਟਾਉਂਦੀ ਹੈ। ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਪਟਿਆਲਾ, ਲੁਧਿਆਣਾ, ਮੋਗਾ ਅਤੇ ਸੰਗਰੂਰ ਵਿਚ ਇਸ ਸਾਲ (2018) ਦੀ ਚੰਗੀ ਮਾਨਸੂਨੀ ਬਰਸਾਤ ਦੇ ਬਾਵਜੂਦ ਜੂਨ ਤੋਂ ਅਕਤੂਬਰ ਦੇ ਵਕਫ਼ੇ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਕ੍ਰਮਵਾਰ 1.38, 1.28, 0.87 ਅਤੇ 1.63 ਮੀਟਰ ਹੇਠਾਂ ਡਿੱਗਿਆ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਝੋਨੇ ਦੀ ਲਵਾਈ ਦਾ ਸਮਾਂ 20 ਜੂਨ ਤੋਂ ਅਗੇਤਾ ਕਰਨਾ ਕੋਈ ਦੂਰ ਅੰਦੇਸ਼ੀ ਨਹੀਂ ਹੋਵੇਗੀ।
ਪਰਾਲੀ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੇ ਇਸ ਵਾਰੀ ਜੋ ਭਰਵਾਂ ਹੁੰਗਾਰਾ ਦਿੱਤਾ ਉਹ ਵੀ ਬੇਮਿਸਾਲ ਅਤੇ ਸ਼ਲਾਘਾਯੋਗ ਹੈ। ਭਾਵੇਂ ਅਜੇ ਅਨੁਮਾਨ ਲਗਾਏ ਜਾ ਰਹੇ ਹਨ ਪਰ ਮੁੱਢਲੇ ਅੰਕੜਿਆਂ ਅਨੁਸਾਰ ਕੋਈ 55 ਫ਼ੀਸਦੀ ਤੋਂ ਵੱਧ ਰਕਬੇ ਵਿਚ ਬਿਨਾਂ ਪਰਾਲੀ ਨੂੰ ਸਾੜੇ ਇਸ ਦੀ ਖੇਤ ਵਿਚ ਜਾਂ ਖੇਤ ਤੋਂ ਬਾਹਰ ਸੰਭਾਲ ਲਈ ਕੋਈ ਨਾ ਕੋਈ ਵਿਧੀ ਅਪਣਾਈ ਗਈ ਹੈ। ਨਰਮੇ ਵਿਚ ਵੀ ਰਿਕਾਰਡ ਤੋੜ 778 ਕਿੱਲੋ ਰੂੰ ਪ੍ਰਤੀ ਹੈਕਟੇਅਰ ਝਾੜ ਦਾ ਅਨੁਮਾਨ ਆਇਆ ਹੈ ਪਰ ਆਉਣ ਵਾਲੇ ਸੀਜ਼ਨ ਦੌਰਾਨ ਖੋਜੀਆਂ ਅਤੇ ਕਾਸ਼ਤਕਾਰਾਂ ਵਿਚ ਨਰਮੇ ਲਈ ਦੱਖਣੀ ਸੂਬਿਆਂ ਵੱਲੋਂ ਗੁਲਾਬੀ ਸੁੰਡੀ ਦੀ ਆਮਦ ਦੀ ਚੁਣੌਤੀ ਬਣ ਸਕਦੀ ਹੈ।
ਫਸਲੀ ਵੰਨ-ਸੁਵੰਨਤਾ ਨੂੰ ਮੁੱਖ ਰਖਦਿਆਂ ਨਵੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ। ਬਾਸਮਤੀ ਦੀ ਕਿਸਮ ਪੂਸਾ ਬਾਸਮਤੀ 1718 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਪ੍ਰਚਲਿਤ ਪੂਸਾ ਬਾਸਮਤੀ 1121 ਨੂੰ ਝੁਲਸ ਰੋਗ ਦੇ ਟਾਕਰੇ ਪੱਖੋਂ ਸੋਧ ਕੇ ਆਈ. ਏ. ਆਰ. ਆਈ. ਵਲੋਂ ਤਿਆਰ ਕੀਤੀ ਕਿਸਮ ਹੈੈ। ਸਾਉਣੀ ਰੁੱਤ ਦੀ ਮੱਕੀ ਦੀ ਕਿਸਮ ਪੀ. ਐਮ. ਐਚ.-11 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਲੰਮੇ ਸਮੇਂ ਵਿਚ ਪੱਕਣ ਵਾਲੀ ਦੋਗਲੀ ਕਿਸਮ ਹੈ ਜਿਸ ਦਾ ਝਾੜ ਪੀ. ਐਮ. ਐਚ.-1 ਨਾਲੋਂ 10 ਫ਼ੀਸਦੀ ਜ਼ਿਆਦਾ ਹੈ। ਦਾਲਾਂ ਵਿਚੋਂ ਸਭ ਤੋਂ ਵੱਧ ਰਕਬੇ 'ਤੇ ਬੀਜੀ ਜਾ ਰਹੀ ਬਹਾਰ ਅਤੇ ਗਰਮੀ ਰੁੱਤ ਦੀ ਮੂੰਗੀ ਦੀ ਨਵੀਂ ਕਿਸਮ ਐਸ. ਐਮ. ਐਲ.-1827 ਵਿਕਸਤ ਕੀਤੀ ਗਈ ਹੈ ਜੋ ਕਿ ਪੀਲੇ ਚਿਤਕਬਰੇ ਰੋਗ ਦਾ ਟਾਕਰਾ ਕਰਨ ਵਿਚ ਸਮਰੱਥ ਹੈ। ਇਸ ਅਹਿਮ ਗੁਣ ਲਈ ਜੀਨ ਰਾਈਸਬੀਨ ਵਿਚੋਂ ਲਏ ਗਏ ਹਨ। ਚਾਰੇ ਦੀ ਨਵੀਂ ਕਿਸਮ ਨੇਪੀਅਰ ਬਾਜਰਾ ਪੀ.ਬੀ.ਐਨ.-342 ਵਿਕਸਤ ਕੀਤੀ ਗਈ ਹੈ ਜਿਸ ਦਾ ਝਾੜ ਪੀ. ਬੀ. ਐਨ. 346 ਨਾਲੋਂ 18 ਫ਼ੀਸਦੀ ਵੱਧ ਹੈ। ਇਸ ਕਿਸਮ ਦੀ ਸਿਫ਼ਾਰਸ਼ ਰਾਸ਼ਟਰੀ ਪੱਧਰ 'ਤੇ ਕੀਤੀ ਗਈ ਹੈ। ਫਲਾਂ ਵਿਚ ਪੰਜਾਬ ਐਪਲ ਅਮਰੂਦ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਸ ਦੇ ਫਲ ਗੂੜ੍ਹੀ ਲਾਲ ਛਿੱਲ ਵਾਲੇ ਅਤੇ ਗੁੱਦਾ ਕਰੀਮ ਰੰਗ ਦਾ ਹੈ। ਇਹ ਕਿਸਮ ਸਿਆਲੂ ਫਸਲ ਲਈ ਬਹੁਤ ਢੁੱਕਵੀਂ ਹੈ। ਅੰਜੀਰ ਦੀ ਪੰਜਾਬ ਅੰਜੀਰ ਕਿਸਮ ਵਿਕਸਿਤ ਕੀਤੀ ਗਈ ਹੈ ਜਿਸ ਦੇ ਬੂਟੇ ਛੋਟੇ ਕੱਦ ਦੇ ਅਤੇ ਘਰੇਲੂ ਬਗੀਚੀ ਲਈ ਢੁੱਕਵੇਂ ਹਨ।
ਪੰਜਾਬ ਦੇ ਦੱਖਣ-ਪੱਛਮੀ ਇਲਾਕੇ ਵਿਚ ਡੇਜ਼ੀ ਸੰਤਰੇ ਦੀ ਸਫਲ ਕਾਸ਼ਤ ਲਈ ਇਸ ਦੇ ਜੱਟੀ-ਖੱਟੀ ਦੇ ਜੜ੍ਹ ਮੁੱਢ ਤੇ ਪਿਉਂਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ ਕਿਉਂਕਿ ਕਰੀਜ਼ੋ ਮੁੱਢ 'ਤੇ ਡੇਜ਼ੀ ਅਰਧ ਪਹਾੜੀ ਤੇ ਕੇਂਦਰੀ ਇਲਾਕਿਆਂ ਲਈ ਦਿੱਤੀ ਗਈ ਸੀ ਪਰ ਉਹ ਵੱਧ ਖਾਰਾ ਅੰਗ (ਪੀ. ਐਚ.) ਜ਼ਮੀਨ ਵਾਲੇ ਦੱਖਣ-ਪੱਛਮੀ ਇਲਾਕੇ ਲਈ ਅਨੁਕੂਲ ਨਹੀਂ ਸੀ। ਨਵੇਂ ਫਸਲੀ ਚੱਕਰ ਜਿਵੇਂ ਸੋਇਆਬੀਨ-ਮਟਰ-ਗਰਮੀ ਰੁੱਤ ਦੀ ਮੂੰਗੀ ਅਤੇ ਸਿੱਧੀ ਬਿਜਾਈ ਵਾਲਾ ਝੋਨਾ-ਆਲੂ-ਮੈਂਥਾ ਸੁਝਾਏ ਗਏ ਹਨ ਜੋ ਕਿ ਅਨੁਕੂਲ ਖਿੱਤਿਆਂ ਵਿਚ ਅਪਣਾਏ ਜਾ ਸਕਦੇ ਹਨ।
ਉਮੀਦ ਕਰਦੇ ਹਾਂ ਭਵਿੱਖ ਵਿਚ ਕਿਸਾਨ ਨੂੰ ਸਿਰਫ ਅੰਨਦਾਤੇ ਦੇ ਰੂਪ ਵਿਚ ਨਹੀਂ ਬਲਕਿ ਸਾਡੇ ਕੁਦਰਤੀ ਸੋਮਿਆਂ ਦੇ ਪਹਿਰੇਦਾਰ ਅਤੇ ਆਪਣੇ ਉਤਪਾਦਨ ਦੇ ਮੁੱਲ ਵਾਧੇ ਲਈ ਢੁੱਕਵੀਆਂ ਵਿਧੀਆਂ ਅਪਣਾਉਣ ਵਾਲੇ ਉਦਯੋਗਿਕ ਉਦਮੀ ਵਜੋਂ ਵੀ ਦੇਖਿਆ ਜਾਵੇਗਾ।


ਖ਼ਬਰ ਸ਼ੇਅਰ ਕਰੋ

ਕਿਸਾਨਾਂ ਨੂੰ ਉਤਸ਼ਾਹਿਤ ਕਰਦਾ ਹੈ ਪਸ਼ੂ ਪਾਲਣ ਮੇਲਾ

ਮੇਲੇ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਅੱਜ ਦੇ ਸਮੇਂ ਵਿਚ ਗਿਆਨ ਅਤੇ ਵਿਗਿਆਨ ਨੂੰ ਦਰਸਾਉਣ ਵਾਲੇ ਮੇਲੇ ਵੀ ਲਗਾਏ ਜਾਂਦੇ ਹਨ। ਇਸੇ ਸੰਦਰਭ ਵਿਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਸਾਲ ਵਿਚ ਦੋ ਵਾਰ ਮਾਰਚ ਅਤੇ ਸਤੰਬਰ ਦੇ ਮਹੀਨੇ 'ਪਸ਼ੂ ਪਾਲਣ ਮੇਲਾ' ਯੂਨੀਵਰਸਿਟੀ ਦੇ ਕੈਂਪਸ ਲੁਧਿਆਣਾ ਵਿਖੇ ਲਗਾਇਆ ਜਾਂਦਾ ਹੈ। ਸੰਨ 2006 ਵਿਚ ਸਥਾਪਿਤ ਹੋਈ ਇਹ ਯੂਨੀਵਰਸਿਟੀ ਪਸ਼ੂ ਪਾਲਣ ਕਿੱਤਿਆਂ ਸਬੰਧੀ ਬੜੇ ਸੁਚਾਰੂ ਤਰੀਕੇ ਨਾਲ ਪਸ਼ੂ ਪਾਲਕਾਂ ਨੂੰ ਜਾਗਰੂਕ ਕਰ ਰਹੀ ਹੈ। ਭਾਰਤੀ ਖੇਤੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਵਲੋਂ ਇਸ ਯੂਨੀਵਰਸਿਟੀ ਨੂੰ ਦੇਸ਼ ਦੀਆਂ ਸਾਰੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿਚੋਂ ਚੋਟੀ ਦੀ ਯੂਨੀਵਰਸਿਟੀ ਮੰਨਿਆ ਗਿਆ ਹੈ। ਇਸ ਯੂਨੀਵਰਸਿਟੀ ਵਲੋਂ ਮਾਰਚ ਦੇ ਮਹੀਨੇ ਵਿਚ ਇਹ ਮੇਲਾ 15 ਅਤੇ 16 ਤਾਰੀਖ ਨੂੰ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਇਨ੍ਹਾਂ ਕਿੱਤਿਆਂ ਨਾਲ ਜੁੜੇ ਕਿਸਾਨਾਂ ਦੀ ਹਰ ਜ਼ਰੂਰਤ, ਮੁਸ਼ਕਿਲ ਅਤੇ ਜਗਿਆਸਾ ਦੇ ਹੱਲ ਲਈ ਭਿੰਨ-ਭਿੰਨ ਤਕਨੀਕਾਂ ਅਤੇ ਗਿਆਨ ਪ੍ਰਦਰਸ਼ਿਤ ਕੀਤਾ ਜਾਂਦਾ ਹੈ।
ਯੂਨੀਵਰਸਿਟੀ ਦੇ ਉੱਤਮ ਪਸ਼ੂ ਜਿਨ੍ਹਾਂ ਵਿਚ ਮੱਝਾਂ, ਗਾਂਵਾਂ, ਬੱਕਰੀਆਂ, ਮੁਰਗੀਆਂ, ਬਟੇਰ, ਖਰਗੋਸ਼, ਸੂਰ ਅਤੇ ਮੱਛੀਆਂ ਦੀਆਂ ਵੱਖ-ਵੱਖ ਕਿਸਮਾਂ ਮੇੇਲੇ ਵਿਚ ਖਿੱਚ ਦਾ ਕੇਂਦਰ ਬਣਦੇ ਹਨ। ਪਸ਼ੂਆਂ ਦੇ ਵਧੀਆ ਨਸਲ ਦੇ ਬੱਚੇ ਲੈਣ ਲਈ ਪਸ਼ੂ ਪਾਲਕਾਂ ਨੂੰ ਬਿਹਤਰ ਤਰੀਕਿਆਂ ਅਤੇ ਨਸਲ ਸੁਧਾਰ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਪਸ਼ੂ ਪਾਲਕ ਵੱਖੋ-ਵੱਖਰੇ ਕਿੱਤਿਆਂ ਸਬੰਧੀ ਸਿਖਲਾਈ ਲੈਣ ਲਈ ਮੇਲੇ ਵਿਚ ਆਪਣਾ ਨਾਂਅ ਵੀ ਦਰਜ ਕਰਵਾ ਸਕਦੇ ਹਨ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗ ਜਿਵੇਂ ਡੇਅਰੀ ਵਿਕਾਸ ਵਿਭਾਗ, ਮੱਛੀ ਪਾਲਣ ਵਿਭਾਗ, ਮਿਲਕਫੈਡ, ਮਾਰਕਫੈਡ ਅਤੇ ਪਸ਼ੂ ਪਾਲਣ ਵਿਭਾਗਾਂ ਦੇ ਨੁਮਾਇੰਦੇ ਵੀ ਇਥੇ ਪਹੁੰਚਦੇ ਹਨ ਅਤੇ ਪਸ਼ੂ ਪਾਲਕਾਂ ਨੂੰ ਸਰਕਾਰੀ ਸਕੀਮਾਂ ਅਤੇ ਸਬਸਿਡੀਆਂ ਬਾਰੇ ਜਾਗਰੂਕ ਕਰਦੇ ਹਨ। ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਪਸ਼ੂ ਪਾਲਕਾਂ ਦੀਆਂ ਮੁਸ਼ਕਿਲਾਂ ਅਤੇ ਜਗਿਆਸਾਵਾਂ ਸਬੰਧੀ ਇਕ ਸੁਆਲ-ਜੁਆਬ ਸੈਸ਼ਨ ਵੀ ਰੱਖਿਆ ਜਾਂਦਾ ਹੈ, ਜਿਸ ਵਿਚ ਪਸ਼ੂ ਪਾਲਕ ਆਪਣੀ ਕੋਈ ਵੀ ਸਮੱਸਿਆ ਦਾ ਹੱਲ ਪਤਾ ਕਰ ਸਕਦਾ ਹੈ।
ਇਸ ਮੇਲੇ ਵਿਚ ਗਾਂਵਾਂ, ਮੱਝਾਂ, ਬੱਕਰੀਆਂ, ਸੂਰ, ਮੁਰਗੀਆਂ, ਮੱਛੀਆਂ ਅਤੇ ਪਸ਼ੂਧਨ ਉਤਪਾਦ ਬਣਾਉਣ ਵਾਲੇ ਕਿੱਤਿਆਂ ਵਿਚ ਅਗਾਂਹਵਧੂ ਪਸ਼ੂ ਪਾਲਕਾਂ ਨੂੰ ਮੁੱਖ ਮੰਤਰੀ ਪੁਰਸਕਾਰਾਂ ਨਾਲ ਨਿਵਾਜਿਆ ਜਾਂਦਾ ਹੈ, ਜਿਸ ਵਿਚ ਨਗਦ ਰਕਮ ਤੋਂ ਇਲਾਵਾ ਸਨਮਾਨ ਪੱਤਰ ਅਤੇ ਦੁਸ਼ਾਲਾ ਭੇਟ ਕੀਤਾ ਜਾਂਦਾ ਹੈ।
ਪਸ਼ੂ ਪਾਲਕਾਂ ਦੇ ਇਲਾਜ ਅਤੇ ਖੁਰਾਕ ਨਾਲ ਜੁੜੀਆਂ ਕੰਪਨੀਆਂ ਆਪਣੀਆਂ ਦਵਾਈਆਂ ਅਤੇ ਉਤਪਾਦਾਂ ਦੀ ਨੁਮਾਇਸ਼ ਕਰਦੀਆਂ ਹਨ ਜਿਨ੍ਹਾਂ ਵਿਚ ਪਸ਼ੂਆਂ ਦੇ ਫੀਡ ਨਿਰਮਾਤਾ, ਪਸ਼ੂ ਪਾਲਣ ਧੰਦਿਆਂ ਦੀ ਮਸ਼ੀਨਰੀ ਬਣਾਉਣ ਵਾਲੇ, ਪਸ਼ੂ ਚਾਰੇ ਦੇ ਬੀਜਾਂ ਵਾਲੇ, ਬੈਂਕ ਅਤੇ ਹੋਰ ਵਿਤੀ ਸੰਸਥਾਵਾਂ ਕਿਸਾਨਾਂ ਵਾਸਤੇ ਲਾਹੇਵੰਦ ਜਾਣਕਾਰੀ ਦਿੰਦੀਆਂ ਹਨ। ਇਹ ਦਵਾਈਆਂ ਅਤੇ ਉਤਪਾਦ ਇਥੇ ਪਸ਼ੂ ਪਾਲਕਾਂ ਨੂੰ ਬਾਜ਼ਾਰ ਤੋਂ ਘੱਟ ਕੀਮਤ 'ਤੇ ਅਤੇ ਇਕੋ ਥਾਂ ਤੋਂ ਪ੍ਰਾਪਤ ਹੋ ਜਾਂਦੇ ਹਨ।


-ਮੋਬਾਈਲ : 98159-09003

ਇਸ ਮਹੀਨੇ ਦੇ ਖੇਤੀ ਰੁਝੇਵੇਂ

ਸ਼ਹਿਦ ਦੀਆਂ ਮੱਖੀਆਂ ਪਾਲਣਾ : ਇਸ ਮਹੀਨੇ ਸਰ੍ਹੋਂ ਜਾਤੀ ਅਤੇ ਸਫ਼ੈਦੇ ਦਾ ਫੁੱਲ-ਫੁਲਾਕਾ ਕਾਫ਼ੀ ਮਿਲਦਾ ਹੈ। ਆੜੂ ਅਤੇ ਨਾਸ਼ਪਾਤੀ ਵੀ ਫੁਲਾਂ 'ਤੇ ਹੁੰਦੇ ਹਨ। ਇਹ ਮਹੀਨਾ ਸ਼ਹਿਦ ਮੱਖੀ ਕਟੁੰਬਾਂ ਦੇ ਵਧਾਰੇ ਲਈ ਅਤੇ ਸ਼ਹਿਦ ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਬਹੁਤ ਹੀ ਸੁਖਾਵਾਂ ਅਤੇ ਢੁਕਵਾਂ ਹੈ। ਜੇਕਰ ਸਰਦੀ ਘੱਟ ਗਈ ਹੋਵੇ ਤਾਂ ਸਰਦੀ ਦੀ ਪੈਕਿੰਗ ਕੱਢ ਦਿਉ। ਹਾਈਵ ਦੀ ਸਫ਼ਾਈ ਕਰੋ। ਕਿਸੇ ਨਿੱਘੇ ਦਿਨ ਦੁਪਹਿਰ ਵੇਲੇ ਕਟੁੰਬਾਂ ਦਾ ਨਿਰੀਖਣ ਕਰਕੇ ਖ਼ੁਰਾਕ, ਬਰੂਡ ਦੀ ਹੋਂਦ ਅਤੇ ਸਮੱਸਿਆ ਅਤੇ ਰਾਣੀ ਮੱਖੀ ਦੀ ਕਾਰ-ਗੁਜ਼ਾਰੀ ਸਬੰਧੀ ਨਰੀਖਣ ਕਰੋ। ਕਮਜ਼ੋਰ ਕਟੁੰਬਾਂ ਨੂੰ ਆਪਸ ਵਿਚ ਅਤੇ ਰਾਣੀ ਰਹਿਤ ਕਟੁੰਬਾਂ ਨੂੰ ਰਾਣੀ ਵਾਲੇ ਕਟੁੰਬਾਂ ਨਾਲ ਜੋੜ ਦਿਉ। ਲੋੜ ਹੋਵੇ ਤਾਂ ਖੰਡ ਦੇ ਘੋਲ ਦੀ ਉਤਸ਼ਾਹਕ ਖ਼ੁਰਾਕ (ਖੰਡ : ਪਾਣੀ 1 : 2) ਦਿਉ। ਤਰਜੀਹ ਦੇ ਆਧਾਰ 'ਤੇ ਇਹ ਖੁਰਾਕ ਬਣੇ ਹੋਏ ਛੱਤਿਆਂ ਵਿਚ ਦਿਉ, ਵਰਨਾ ਇਹ ਖੁਰਾਕ ਡਵੀਜ਼ਨ-ਬੋਰਡ ਫੀਡਰ ਵਿਚ ਦਿਓ। ਰਾਣੀ ਮੱਖੀ ਦੀ ਅੰਡੇ ਦੇਣ ਅਤੇ ਕਾਮਾ ਮੱਖੀਆਂ ਦੇ ਕੰਮ ਦੀ ਰਫ਼ਤਾਰ ਮੁਤਾਬਿਕ ਹੋਰ ਬਣੇ-ਬਣਾਏ ਛੱਤੇ ਜਾਂ ਕਾਮਾ ਬਰੂਡ ਸੈਲਾਂ ਦੇ ਪ੍ਰਿੰਟ ਵਾਲੀਆਂ ਮੋਮੀ ਸ਼ੀਟਾਂ ਲਾ ਕੇ ਫ਼ਰੇਮਾਂ ਦਿਉ।
ਲੋੜ ਅਨੁਸਾਰ ਕਟੁੰਬਾਂ ਨੂੰ ਸੁਪਰ ਚੈਂਬਰ ਦਿਉ ਜਿਸ ਵਿਚ ਨਵੀਆਂ ਫਰੇਮਾਂ 'ਤੇ ਸ਼ਹਿਦ ਮੱਖੀਆਂ ਦੀ ਕਾਰਗੁਜ਼ਾਰੀ ਨੂੰ ਉਤਸਾਹਿਤ ਕਰਨ ਲਈ ਸ਼ਹਿਦ ਵਾਲੇ ਛੱਤੇ ਵੀ ਨਾਲ ਦਿਉ। ਸ਼ਹਿਦ ਮੱਖੀ ਫਾਰਮਾਂ ਦੇ ਸਾਰੇ ਕਟੁੰਬਾਂ ਨੂੰ ਪਰਾਗ ਅਤੇ ਸ਼ਹਿਦ, ਬਰੂਡ ਅਤੇ ਬਲਤਾ ਦੇ ਆਧਾਰ 'ਤੇ ਢੁਕਵੀਆਂ ਵਿਧੀਆਂ ਦੁਆਰਾ ਆਪਸ ਵਿਚ ਬਰਾਬਰ ਕਰੋ। ਬਰੂਡ ਨੂੰ ਬਾਹਰੀ ਪਰਜੀਵੀ ਚਿਚੜੀ (ਟਰੋਪੀਲੀਲੈਪਸ ਕਲੇਰੀ) ਦੇ ਹਮਲੇ ਤੋਂ ਬਚਾਉਣ ਲਈ ਛੱਤਿਆਂ ਦੇ ਉਪਰਲੇ ਡੰਡਿਆਂ ਉਪਰ ਸਲਫ਼ਰ ਦਾ ਧੂੜਾ ਇਕ ਗ੍ਰਾਮ ਪ੍ਰਤੀ ਛੱੱਤੇ ਦੇ ਹਿਸਾਬ ਨਾਲ ਧੂੜੋ। ਢੁਕਵੇਂ ਬਦਲਾਅ ਦੇ ਤੌਰ 'ਤੇ ਫਾਰਮਿਕ ਐਸਿਡ (85%) 5 ਮਿਲੀਲਿਟਰ ਹਰ ਰੋਜ਼ ਦੇ ਹਿਸਾਬ ਨਾਲ ਲਗਾਤਾਰ ਦੋ ਹਫ਼ਤੇ ਵਰਤੋ। ਫਾਰਮਿਕ ਐਸਿਡ ਵਰੋਆ ਚਿਚੜੀ ਦੀ ਰੋਕਥਾਮ ਲਈ ਵੀ ਫ਼ਾਇਦੇਮੰਦ ਹੈ ਪਰ ਇਸ ਨੂੰ ਨੈਕਟਰ ਦੀ ਆਮਦ ਸਮੇਂ ਨਾ ਵਰਤੋ। ਵਰੋਆ ਚਿੱਚੜੀ ਦਾ ਜ਼ਿਆਦਾ ਹਮਲਾ ਹੋਣ ਦੀ ਸੂਰਤ ਵਿਚ ਸੀਲ ਡਰੋਨ ਬਰੂਡ ਵਾਲੇ ਛੱਤਿਆਂ ਨੂੰ ਕੱਟ ਕੇ ਨਸ਼ਟ ਕਰਨਾ, ਚਿੱਚੜੀ ਨੂੰ ਡਰੋਨ ਬਰੂਡ ਵਾਲੇ ਛੱਤਿਆਂ ਵਿਚ ਫਸਾ ਕੇ ਇਨ੍ਹਾਂ ਨੂੰ ਨਸ਼ਟ ਕਰਨਾ, ਮਹੀਨ ਪੀਸੀ ਖੰਡ ਮੱਖੀਆਂ ਉਪਰ ਧੂੜਨਾ, ਬੌਟਮ ਬੋਰਡ ਉਤੇ ਚਿਪਕਣ ਵਾਲਾ ਕਾਗਜ਼ (ਸਟਿੱਕਰ) ਰੱਖਣਾ ਅਤੇ ਜਾਲੀਦਾਰ ਬੌਟਮ ਬੋਰਡ ਵਰਤਣਾ, ਆਦਿ ਗੈਰ-ਰਸਾਇਣਕ ਤਰੀਕੇ ਇਸ ਚਿੱਚੜੀ ਦੀ ਰੋਕਥਾਮ ਵਾਸਤੇ ਸਹਾਈ ਹੁੰਦੇ ਹਨ। ਔਗਜੈਲਿਕ ਤੇਜਾਬ (60 ਪ੍ਰਤੀਸ਼ਤ ਖੰਡ ਅਤੇ ਪਾਣੀ ਦੇ ਘੋਲ ਵਿਚ 4.2 ਪ੍ਰਤੀਸ਼ਤ ਔਗਜੈਲਿਕ ਤੇਜ਼ਾਬ ਦਾ ਘੋਲ) ਦਾ 5 ਮਿ.ਲਿ. ਪ੍ਰਤੀ ਛੱਤੇ ਦੇ ਹਿਸਾਬ ਨਾਲ ਛੱਤਿਆਂ ਉੱਪਰ ਛਿੜਕਾਅ ਜਾਂ ਇਹੀ ਮਾਤਰਾ ਦੋ ਛੱਤਿਆਂ ਵਿਚਕਾਰ ਸਰਿੰਜ ਨਾਲ ਦੇਰ ਸ਼ਾਮ ਨੂੰ ਹਫਤੇ-ਹਫਤੇ ਦੇ ਵਕਫੇ 'ਤੇ ਤਿੰਨ ਵਾਰ ਪਾਉਣਾ ਇਸ ਚਿੱਚੜੀ ਦੀ ਰੋਕਥਾਮ ਲਈ ਸਹਾਈ ਹੁੰਦਾ ਹੈ। ਬਰੂਡ ਬਿਮਾਰੀਆਂ ਬਾਰੇ ਸੁਚੇਤ ਰਹੋ ਅਤੇ ਇਨ੍ਹਾਂ ਦੇ ਹੋਣ ਦੇ ਸ਼ੱਕ ਦੀ ਸੂਰਤ ਵਿਚ ਮਾਹਿਰਾਂ ਦੀ ਸਲਾਹ ਲਉ ਅਤੇ ਸੁਝਾਏ ਉਪਰਾਲੇ ਕਰੋ। ਗੈਰ-ਰਸਾਇਣਕ ਤਰੀਕਿਆਂ ਨੂੰ ਤਰਜੀਹ ਦਿਉ। ਐਂਟੀਬਾਇਟਿਕਾਂ ਦੀ ਵਰਤੋਂ ਤੋਂ ਪ੍ਰਹੇਜ਼ ਕਰੋ। ਪੁਰਾਣੀਆਂ ਰਾਣੀਆਂ ਤਬਦੀਲ ਕਰਨ ਲਈ ਜਾਂ ਕਟੁੰਬਾਂ ਦੀ ਵੰਡ ਲਈ (ਗਿਣਤੀ ਵਧਾਉਣ ਲਈ) ਜਾਂ ਕਟੁੰਬਾਂ ਨੂੰ ਵੇਚਣ ਲਈ ਲੋੜੀਂਦੀਆਂ ਜ਼ਿਆਦਾ ਰਾਣੀ ਮੱਖੀਆਂ ਤਿਆਰ ਕਰਨ ਵਾਸਤੇ ਕਟੁੰਬਾਂ ਦੀ ਤਿਆਰੀ ਸ਼ੁਰੂ ਕੀਤੀ ਜਾ ਸਕਦੀ ਹੈ।

ਕਣਕ ਹਾੜ੍ਹੀ ਦੀ ਹੰਢਣਸਾਰ ਫ਼ਸਲ ਬਣੀ ਰਹੇਗੀ

ਇਸ ਸਾਲ ਕਣਕ ਦਾ ਰਿਕਾਰਡ ਉਤਪਾਦਨ ਹੋਣ ਦੀ ਸੰਭਾਵਨਾ ਹੈ। ਆਈ. ਸੀ. ਏ. ਆਰ.-ਆਈ. ਆਈ. ਡਬਲਿਊ. ਬੀ. ਆਰ. ਵਲੋਂ ਲਗਾਏ ਗਏ ਅਨੁਮਾਨ ਅਨੁਸਾਰ ਇਹ 100 ਮਿਲੀਅਨ ਟਨ ਨੂੰ ਛੂਹ ਜਾਵੇਗਾ। ਇਹ ਪਿਛਲੇ ਸਾਲਾਂ ਨਾਲੋਂ ਵੱਧ ਉਤਪਾਦਨ ਅਨੁਕੂਲ ਮੌਸਮ ਤੇ ਵਾਤਾਵਰਨ, ਯਕੀਨੀ ਮੰਡੀਕਰਨ ਤੇ ਐਮ. ਐਸ. ਪੀ. ਵਿਚ 105 ਰੁਪਏ ਕੁਇੰਟਲ ਦਾ ਵਾਧਾ ਕਰ ਕੇ ਪਿਛਲੇ ਸਾਲ ਦੇ 1735 ਰੁਪਏ ਦੇ ਮੁਕਾਬਲੇ 1840 ਰੁਪਏ ਕੀਤੇ ਜਾਣ ਵਜੋਂ ਹੋਵੇਗਾ। ਭਾਰਤ ਵਿਚ ਕਣਕ ਦੀ ਕਾਸ਼ਤ ਥੱਲੇ ਰਕਬਾ 30 ਮਿਲੀਅਨ ਹੈਕਟੇਅਰ ਨੂੰ ਛੂਹ ਗਿਆ। ਇਹ ਰਕਬਾ ਪਿਛਲੇ ਸਾਲ 29.80 ਮਿਲੀਅਨ ਹੈਕਟੇਅਰ ਸੀ। ਇਸ ਵਿਚੋਂ ਇਕ-ਤਿਹਾਈ ਦੇ ਕਰੀਬ ਰਕਬਾ ਉੱਤਰ ਪ੍ਰਦੇਸ਼ 'ਚ ਹੈ। ਤਕਰੀਬਨ 60 ਲੱਖ ਹੈਕਟੇਅਰ ਰਕਬਾ ਮੱਧ ਪ੍ਰਦੇਸ਼ 'ਚ ਕਾਸ਼ਤ ਕੀਤਾ ਗਿਆ ਹੈ। ਪੰਜਾਬ ਵਿਚ 35 ਲੱਖ ਹੈਕਟੇਅਰ ਤੇ ਹਰਿਆਣਾ ਵਿਚ 25 ਲੱਖ ਹੈਕਟੇਅਰ ਰਕਬਾ ਕਣਕ ਦੀ ਕਾਸ਼ਤ ਥੱਲੇ ਹੈ। ਆਸਾਮ, ਮਹਾਰਾਸ਼ਟਰ, ਝਾਰਖੰਡ, ਗੁਜਰਾਤ, ਕਰਨਾਟਕ, ਜੰਮੂ ਕਸ਼ਮੀਰ ਤੇ ਪੱਛਮੀ ਬੰਗਾਲ ਵਿਚ ਕਣਕ ਦੀ ਕਾਸ਼ਤ ਥੱਲੇ ਰਕਬਾ ਘਟਿਆ ਹੈ, ਬਾਕੀ ਸਭ ਰਾਜਾਂ ਵਿਚ ਵਧਿਆ ਹੈ। ਮੱਧ ਪ੍ਰਦੇਸ਼ 'ਚ ਸਭ ਨਾਲੋਂ ਵੱਧ 5.97 ਲੱਖ ਹੈਕਟੇਅਰ ਦਾ ਇਜ਼ਾਫਾ ਹੋ ਕੇ ਉਥੇ 60 ਲੱਖ ਹੈਕਟੇਅਰ ਦੇ ਕਰੀਬ ਰਕਬੇ 'ਤੇ ਕਣਕ ਬੀਜੀ ਗਈ ਹੈ। ਭਾਵੇਂ ਰਕਬੇ ਸਬੰਧੀ ਪੰਜਾਬ ਤੀਜੇ ਦਰਜੇ 'ਤੇ ਆਉਂਦਾ ਹੈ। ਉਤਪਾਦਨ ਪੱਖੋਂ ਇਸ ਦਾ ਦਰਜਾ ਦੂਜਾ ਹੈ ਤੇ ਉਤਪਾਦਕਤਾ ਵਿਚ ਸਭ ਰਾਜਾਂ ਨਾਲੋਂ ਮੋਹਰੀ ਹੈ। ਪੰਜਾਬ ਦਾ ਕੇਂਦਰ ਅੰਨ ਭੰਡਾਰ 'ਚ ਵੀ ਯੋਗਦਾਨ ਸਭ ਰਾਜਾਂ ਨਾਲੋਂ ਵੱਧ ਹੈ। ਪੰਜਾਬ ਦਾ ਰਕਬਾ ਭਾਰਤ ਵਿਚ ਕੁੱਲ ਕਣਕ ਦੀ ਕਾਸ਼ਤ ਥੱਲੇ ਰਕਬੇ ਦਾ 12 ਪ੍ਰਤੀਸ਼ਤ ਬਣਦਾ ਹੈ। ਮੱਧ ਪ੍ਰਦੇਸ਼ ਦਾ 20 ਫ਼ੀਸਦੀ ਅਤੇ ਉੱਤਰ ਪ੍ਰਦੇਸ਼ ਦਾ 33 ਫ਼ੀਸਦੀ। ਪੰਜਾਬ 'ਚ ਉਤਪਾਦਨ ਵੱਧ ਹੋਣ ਤੇ ਕੇਂਦਰ ਭੰਡਾਰ 'ਚ ਸਭ ਰਾਜਾਂ ਨਾਲੋਂ ਵੱਧ ਯੋਗਦਾਨ ਪਾਉਣ ਦਾ ਕਾਰਨ ਇੱਥੇ ਦੀ ਵੱਧ ਉਤਪਾਦਕਤਾ (51 ਕੁਇੰਟਲ ਪ੍ਰਤੀ ਹੈਕਟੇਅਰ) ਹੈ। ਜੋ ਅਮਰੀਕਾ ਤੇ ਕਈ ਹੋਰ ਕਣਕ ਪੈਦਾ ਕਰਨ ਵਾਲੇ ਮੁਲਕਾਂ ਤੋਂ ਵੀ ਵੱਧ ਹੈ। ਹਰਿਆਣਾ ਦੀ ਉਤਪਾਦਕਤਾ 44 ਕੁਇੰਟਲ ਅਤੇ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੀ ਤਰਤੀਬਵਾਰ 33 ਕੁਇੰਟਲ ਤੇ 30 ਕੁਇੰਟਲ ਪ੍ਰਤੀ ਹੈਕਟੇਅਰ ਹੈ। ਉਂਝ ਤਾਂ ਸਾਰੇ ਉੱਤਰੀ ਜ਼ੋਨ ਦੇ ਰਾਜਾਂ ਵਿਚ ਹਾੜ੍ਹੀ ਦੀ ਸਭ ਤੋਂ ਜ਼ਿਆਦਾ ਕਾਸ਼ਤ ਕੀਤੀ ਜਾਣ ਵਾਲੀ ਫ਼ਸਲ ਕਣਕ ਹੀ ਹੈ ਪਰ ਪੰਜਾਬ, ਹਰਿਆਣਾ ਦੀ ਤਾਂ ਇਹ ਉੱਤਮ ਫ਼ਸਲ ਹੈ ਜੋ ਹਰ ਛੋਟਾ, ਵੱਡਾ ਕਿਸਾਨ ਬੀਜਦਾ ਹੈ। ਤਕਰੀਬਨ 55 ਪ੍ਰਤੀਸ਼ਤ ਜਨਸੰਖਿਆ ਦਾ ਰੋਟੀ - ਰੋਜ਼ੀ ਦਾ ਸਾਧਨ ਖੇਤੀ ਹੀ ਹੈ।
ਆਈ. ਸੀ. ਏ. ਆਰ.-ਭਾਰਤੀ ਕਣਕ ਖੋਜ ਸੰਸਥਾਨ ਦੇ ਨਿਰਦੇਸ਼ਕ ਡਾ: ਗਿਆਨਇੰਦਰ ਪ੍ਰਤਾਪ ਸਿੰਘ ਰਿਕਾਰਡ ਉਤਪਾਦਨ ਦਾ ਕਾਰਨ ਇਸ ਸਾਲ ਠੰਢ ਦਾ ਪੈਣਾ ਅਤੇ ਤਾਪਮਾਨ ਘੱਟ ਰਹਿਣਾ ਦੱਸਦੇ ਹਨ। ਇਸ ਸਾਲ ਜੋ ਤਾਪਮਾਨ ਘੱਟ ਰਿਹਾ, ਉਸ ਨਾਲ ਕਣਕ ਨੂੰ ਬਹੁਤ ਹੀ ਲਾਭ ਹੋਇਆ। ਮੌਸਮ ਵਿਭਾਗ ਅਨੁਸਾਰ ਹੁਣ ਵੀ ਮਾਰਚ ਦੇ ਦੌਰਾਨ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਪਹਾੜਾਂ ਵਿਚ ਅਜੇ ਵੀ ਬਰਫ਼ ਗਿਰ ਰਹੀ ਹੈ, ਜਿਸ ਨਾਲ ਮੌਸਮ ਠੰਢਾ ਰਹਿਣ ਦਾ ਯਕੀਨ ਬਣਿਆ ਹੋਇਆ ਹੈ। ਇਸ ਸਾਲ ਕਣਕ ਪੱਕਣ ਨੂੰ ਵੀ ਕੁਝ ਵੱਧ ਦਿਨ ਲਵੇਗੀ। ਪੰਜਾਬ ਵਿਚ ਕਿਤੇ ਕਿਤੇ ਵਿਸ਼ੇਸ਼ ਕਰ ਕੇ ਤਲਹਟੀ ਦੇ ਇਲਾਕੇ ਵਿਚ ਨਮੀਂ ਰਹਿਣ ਕਾਰਨ ਪੀਲੀ ਕੁੰਗੀ ਦੀਆਂ ਰਿਪੋਰਟਾਂ ਮਿਲੀਆਂ ਸਨ, ਜਿਸ 'ਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾ: ਕਾਹਨ ਸਿੰਘ ਪਨੂੰ ਅਨੁਸਾਰ ਸਮੇਂ ਸਿਰ ਕਾਬੂ ਪਾ ਲਿਆ ਗਿਆ।
ਕੇਂਦਰ ਦੇ ਅੰਨ ਸੁਰੱਖਿਆ ਪ੍ਰੋਗਰਾਮ ਥੱਲੇ ਪੰਜਾਬ ਦੇ ਕਿਸਾਨਾਂ ਨੂੰ 2.5 ਲੱਖ ਕੁਇੰਟਲ ਵੱਖੋ ਵੱਖ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੇ ਸੁਧਰੇ ਬੀਜ 1000 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ 'ਤੇ ਮੁਹੱਈਆ ਕੀਤੇ ਗਏ। ਇਸ ਵਿਚੋਂ 54000 ਕੁਇੰਟਲ ਬੀਜ ਪਨਸੀਡ ਨੇ ਸਵੈ ਪੈਦਾ ਕੀਤਾ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ 267 ਕਰੋੜ ਰੁਪਏ ਦੀ ਰਿਆਇਤ ਕਿਸਾਨਾਂ ਨੂੰ 28000 ਖੇਤੀ ਸੰਦ ਦੇ ਕੇ ਪ੍ਰਦਾਨ ਕੀਤੀ। ਇਨ੍ਹਾਂ ਸੰਦਾਂ ਵਿਚ ਹੈਪੀ ਸੀਡਰ (ਜਿਸ ਦੀ ਉਪਯੋਗਤਾ ਵਿਵਾਦ ਗ੍ਰਸਤ ਹੈ) ਤੇ ਰੋਟਾਵੇਟਰ ਜਿਹੇ ਮਹਿੰਗੇ ਤੇ ਬੜੇ ਆਕਾਰ ਵਾਲੇ ਸੰਦ ਵੀ ਸ਼ਾਮਿਲ ਸਨ। ਇਸ ਪ੍ਰੋਗਰਾਮ ਥੱਲੇ ਜੋ ਪਿਛਲੇ ਸਾਲਾਂ ਵਿਚ ਪੀਲੀ ਕੁੰਗੀ 'ਤੇ ਛਿੜਕਾਅ ਕਰਨ ਲਈ 'ਪ੍ਰੋਪੀਕੋਨਾਜ਼ੋਲ' (ਟਿੱਲਟ) 'ਤੇ ਸਬਸਿਡੀ ਦਿੱਤੀ ਜਾਂਦੀ ਸੀ, ਉਹ ਇਸ ਸਾਲ ਨਹੀਂ ਦਿੱਤੀ ਜਾਏਗੀ। ਹਾਲਾਂਕਿ ਇਸ ਸਾਲ ਨਮੀਂ ਵਧੇਰੇ ਹੋਣ ਕਾਰਨ ਉੱਲੀਨਾਸ਼ਕ ਨੂੰ ਕਣਕ 'ਤੇ ਛਿੜਕਾਅ ਕਰਨਾ ਕਿਸਾਨਾਂ ਲਈ ਜ਼ਰੂਰੀ ਹੈ। ਪੀਲੀ ਕੁੰਗੀ ਦੇ ਹਮਲੇ ਨੂੰ ਰੋਕਣ ਲਈ ਕਿਸਾਨਾਂ ਨੂੰ ਖੇਤਾਂ ਦਾ ਲਗਾਤਾਰ ਸਰਵੇਖਣ ਕਰਨਾ ਚਾਹੀਦਾ ਹੈ ਅਤੇ ਕੋਈ ਉੱਲੀਨਾਸ਼ਕ ਹਮਲੇ ਵਾਲੀਆਂ ਧੌੜੀਆਂ 'ਤੇ ਛਿੜਕਣਾ ਲੋੜੀਂਦਾ ਹੈ। ਇਹ ਛਿੜਕਾਅ ਦੁਬਾਰਾ ਦੋਹਰਾਉਣ ਦੀ ਵੀ ਸਿਫਾਰਸ਼ ਪੀ. ਏ. ਯ. ਵਲੋਂ ਕੀਤੀ ਗਈ ਹੈ ਤਾਂ ਜੋ ਟੀਸੀ ਵਾਲਾ ਪੱਤਾ ਬਿਮਾਰੀ - ਰਹਿਤ ਰਹੇ। ਭੂਰੀ ਕੁੰਗੀ ਦੀ ਰੋਕਥਾਮ ਲਈ ਵੀ ਵਿਜੇਤਾ/ਟਿੱਲਟ ਦੇੇ ਛਿੜਕਾਅ ਕੀਤੇ ਜਾ ਸਕਦੇ ਹਨ।
ਖੇਤੀਬਾੜੀ ਵਿਭਾਗ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਏਰੀ ਅਨੁਸਾਰ ਖੇਤਾਂ ਵਿਚ ਕਣਕ ਦੀ ਫ਼ਸਲ ਸਿਹਤਆਵਰ ਰੂਪ ਵਿਚ ਲਹਿ-ਲਹਾ ਰਹੀ ਹੈ। ਪਿਛਲੇ ਸਾਲਾਂ ਦੇ ਸਿਖਰ ਦੇ 178.50 ਲੱਖ ਟਨ ਤੋਂ ਉਤਪਾਦਨ ਟੱਪ ਜਾਣ ਦੀ ਆਸ ਬਣੀ ਹੈ। ਡਾਇਰੈਕਟਰ ਏਰੀ ਅਨੁਸਾਰ ਹੁਣ ਦਾਣੇ ਭਰਨ ਸਮੇਂ ਝਾੜ ਵਧਾਉਣ ਲਈ ਪੋਟਾਸ਼ੀਅਮ ਨਾਈਟਰੇਟ (13:0:45) ਜਾਂ 19:19:19 ਸਪਰੇਅ ਕਰ ਦੇਣਾ ਚਾਹੀਦਾ ਹੈ। ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ ਅਤੇ ਦੂਜਾ ਬੂਰ ਪੈਣ (ਸਿੱਟੇ ਵਿਚ ਦੁੱਧ ਪੈਣ ਸਮੇਂ) ਸਮੇਂ ਕਰਨ ਦੀ ਲੋੜ ਹੈ। ਛਿੜਕਾਅ ਸਾਫ਼ ਮੌਸਮ ਵਿਚ ਇਕਸਾਰ ਹੋਣਾ ਚਾਹੀਦਾ ਹੈ। ਕਰਨਾਲ ਬੰਟ (ਜੋ ਅਜਿਹੀ ਬਿਮਾਰੀ ਹੈ ਜੋ ਦਾਣੇ ਨੂੰ ਖਾਣ ਯੋਗ ਨਹੀਂ ਰਹਿਣ ਦਿੰਦੀ) ਤੋਂ ਰਹਿਤ ਕਰਨ ਲਈ ਫ਼ਸਲ 'ਤੇ 200 ਮਿਲੀਲਿਟਰ ਟਿਲਟ/ ਫੋਲੀਕੁਰ 25 ਈ ਸੀ ਪ੍ਰਤੀ ਏਕੜ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ।


-ਮੋਬਾਈਲ : 98152-36307

ਇਹ ਵੀ ਸੇਵਾ ਹੈ

ਸਰੀਰਕ ਅਰੋਗਤਾ ਹਰ ਬੰਦੇ ਦੀ ਲੋੜ ਹੈ। ਰੋਗੀ ਸਰੀਰ ਨੂੰ ਠੀਕ ਕਰਨ ਲਈ, ਮਨੁੱਖ ਸੌ ਅਹੁੜ-ਪਹੁੜ ਕਰਦਾ ਹੈ। ਕਦੇ ਕਾਮਯਾਬ ਹੋ ਜਾਂਦਾ ਹੈ ਤੇ ਕਦੇ ਫੇਲ੍ਹ ਹੋ ਅਗਲੇ ਸਫ਼ਰ 'ਤੇ ਤੁਰ ਜਾਂਦਾ ਹੈ। ਜੇ ਆਲੇ-ਦੁਆਲੇ ਨਿਗਾਹ ਮਾਰੀਏ ਤਾਂ, ਲੱਖਾਂ ਹਸਪਤਾਲ ਤੇ ਤਰ੍ਹਾਂ-ਤਰ੍ਹਾਂ ਦੇ ਡਾਕਟਰ, ਸਾਡੀਆਂ ਜੇਬਾਂ ਦੀ ਸਫਾਈ ਕਰਨ ਲਈ ਤਿਆਰੀ ਵਿਚ ਮਿਲ ਜਾਂਦੇ ਹਨ। ਪਰ ਸਾਰੇ ਹੀ ਇਸ ਤਰ੍ਹਾਂ ਦੇ ਨਹੀਂ ਹੁੰਦੇ। ਮਨੁੱਖਤਾ ਲਈ ਦਰਦ ਰੱਖਣ ਵਾਲੇ ਵੀ ਬਹੁਤ ਹਨ। ਜ਼ਰੂਰੀ ਨਹੀਂ ਕਿ ਬੰਦਾ ਡਾਕਟਰ ਹੋ ਕੇ ਵੀ ਸੇਵਾ ਕਰ ਸਕਦਾ ਹੈ। ਜਦ ਕੁਦਰਤ ਨੇ ਵਧੀਆ ਸਰੀਰ ਬਣਾਇਆ ਹੈ ਤਾਂ ਫਿਰ ਅਸੀਂ ਰੋਗੀ ਹੀ ਕਿਉਂ ਹੁੰਦੇ ਹਾਂ? ਮੇਰੀ ਸਮਝ ਤਾਂ ਇਹੀ ਕਹਿੰਦੀ ਹੈ ਕਿ ਅਸੀਂ ਹੀ ਕੋਈ ਗ਼ਲਤੀ ਜਾਂ ਅਜਿਹਾ ਕਰਦੇ ਹਾਂ, ਜੋ ਕੁਦਰਤ ਦੇ ਨੇਮ ਦੇ ਉਲਟ ਹੁੰਦਾ ਹੈ। ਜਿਹੜੇ ਇਨਸਾਨ ਆਪਣੀ ਗਲਤੀ ਲੱਭ ਲੈਂਦੇ ਹਨ ਤੇ ਗ਼ਲਤੀ ਨੂੰ ਸੁਧਾਰ ਲੈਂਦੇ ਹਨ। ਉਨ੍ਹਾਂ ਦੇ ਠੀਕ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸੇ ਤਰ੍ਹਾਂ ਕੁਝ ਰੋਗ ਪ੍ਰਹੇਜ਼ ਜਾਂ ਕੁਦਰਤੀ ਵਸਤੂਆਂ ਦੀ ਵਰਤੋਂ ਨਾਲ ਹੁੰਦੇ ਹੀ ਨਹੀਂ। ਛੋਟੀ ਕਣਕ ਦਾ ਰਸ ਉਨ੍ਹਾਂ ਗੁਣਕਾਰੀ ਚੀਜ਼ਾਂ 'ਚੋਂ ਇਕ ਹੈ। ਮੌੜ ਮੰਡੀ ਦੇ ਕੋਲ ਇਕ ਕਿਸਾਨ ਨਿਰਭੈ ਸਿੰਘ ਖ਼ਾਲਸਾ ਹੈ ਜੋ ਲਗਾਤਾਰ ਇਹ ਕਣਕ ਬੀਜਦਾ ਹੈ। ਇਹ ਸੇਵਾ ਮੁਫ਼ਤ ਕਰਦਾ ਹੈ, ਲੋੜਵੰਦ ਨੇ ਬਸ ਆਪਣੇ ਹਿੱਸੇ ਦੇ ਰਸ ਜੋਗੀ ਕਣਕ ਆਪ ਹੀ ਕੂੰਡੀ ਸੋਟੇ ਨਾਲ ਰਗੜਨੀ ਹੁੰਦੀ ਹੈ।


-ਮੋਬਾ: 98159-45018

ਸੂਰਜੀ ਊਰਜਾ ਨਾਲ ਪਾਣੀ ਗਰਮ ਕਰਨ ਵਾਲਾ ਉਪਕਰਨ

ਸੋਲਰ ਵਾਟਰ ਹੀਟਰ

ਸੋਲਰ ਵਾਟਰ ਹੀਟਰ ਸੂਰਜੀ ਊਰਜਾ ਨਾਲ ਚੱਲਣ ਵਾਲਾ ਇੱਕ ਅਜਿਹਾ ਉਪਕਰਨ ਹੈ, ਜੋ ਸੂਰਜੀ ਊਰਜਾ ਨਾਲ ਪਾਣੀ ਗਰਮ ਕਰਦਾ ਹੈ। ਗਰਮ ਪਾਣੀ ਨੂੰ ਨਹਾਉਣ, ਕੱਪੜੇ ਧੋਣ, ਸਫ਼ਾਈ ਆਦਿ ਲਈ ਵਰਤਿਆ ਜਾ ਸਕਦਾ ਹੈ। ਆਮ ਤੌਰ 'ਤੇ ਇਸ ਉਪਕਰਨ ਨੂੰ ਘਰ/ਇਮਾਰਤ ਦੀ ਛੱਤ 'ਤੇ ਜਿੱਥੇ ਸਾਰਾ ਦਿਨ ਧੁੱਪ ਪੈਂਦੀ ਹੋਵੇ ਲਗਾਇਆ ਜਾਂਦਾ ਹੈ। ਇਸ ਉਪਕਰਨ ਵਿਚ ਸੂਰਜੀ ਊਰਜਾ ਨੂੰ ਇਕੱਤਰ ਕਰਨ ਲਈ ਸੋਲਰ ਕੁਲੈਕਟਰ ਅਤੇ ਗਰਮ ਪਾਣੀ ਨੂੰ ਸਟੋਰ ਕਰਨ ਲਈ ਸਟੋਰੇਜ ਟੈਂਕ ਹੁੰਦਾ ਹੈ। ਸਟੋਰੇਜ ਟੈਂਕ ਨੂੰ ਇੰਨਸੂਲੇਟ ਕੀਤਾ ਹੁੰਦਾ ਹੈ ਤਾਂ ਜੋ ਗਰਮ ਪਾਣੀ ਠੰਡਾ ਨਾ ਹੋਵੇ। ਇਹ ਦੋਵੇਂ ਆਪੋ ਵਿਚ ਜੁੜੇ ਹੁੰਦੇ ਹਨ। ਦਿਨ ਦੇ ਸਮੇਂ ਸੋਲਰ ਕੁਲੈਕਟਰਜ਼ ਵਿਚਲਾ ਪਾਣੀ ਗਰਮ ਹੋ ਜਾਂਦਾ ਹੈ, ਜਿਸ ਨੂੰ ਜਾਂ ਤਾਂ ਪੰਪ ਕਰ ਲਿਆ ਜਾਂਦਾ ਹੈ ਜਾਂ ਫਿਰ ਇਹ ਆਪਣੇ ਆਪ ਕੁਦਰਤੀ ਸਰਕੂਲੇਸ਼ਨ ਨਾਲ ਸਟੋਰੇਜ ਟੈਂਕ ਵਿਚ ਚਲਾ ਜਾਂਦਾ ਹੈ। ਟੈਂਕ ਵਿਚ ਸਟੋਰ ਕੀਤੇ ਗਰਮ ਪਾਣੀ ਨੂੰ ਆਪਣੀਆਂ ਵੱਖੋ ਵੱਖ ਲੋੜਾਂ ਲਈ ਵਰਤਿਆ ਜਾ ਸਕਦਾ ਹੈ।
ਸੋਲਰ ਵਾਟਰ ਹੀਟਰ ਦੋ ਤਰ੍ਹਾਂ ਦੇ ਉਪਲਬਧ ਹਨ। ਇੱਕ ਫਲੈਟ (ਚਪਟੀ) ਪਲੇਟ ਕੁਲੈਕਟਰ 'ਤੇ ਅਤੇ ਦੂਸਰਾ ਇਵੈਕੂਏਟਿਡ ਟਿਊਬ ਕੁਲੈਕਟਰ ਹੁੰਦਾ ਹੈ। ਫਲੈਟ ਪਲੇਟ ਕੁਲੈਕਟਰ ਧਾਤ ਅਤੇ ਇਵੈਕੂਏਟਿਡ ਟਿਊਬ ਕੁਲੈਕਟਰ ਸ਼ੀਸ਼ੇ ਦੀਆਂ ਟਿਊਬਾਂ ਦਾ ਬਣਿਆ ਹੁੰਦਾ ਹੈ। ਇਵੈਕੂਏਟਿਡ ਟਿਊਬ ਕੁਲੈਕਟਰਜ਼ ਆਧਾਰਿਤ ਸਿਸਟਮ ਫਲੈਟ ਪਲੇਟ ਕੁਲੈਕਟਰਜ਼ ਆਧਾਰਿਤ ਸਿਸਟਮ ਨਾਲੋਂ ਸਸਤੇ ਪੈਂਦੇ ਹਨ। ਇਹ ਲੋੜੀਂਦੇ ਉੱਚ ਤਾਪਮਾਨ ਨੂੰ ਜਲਦੀ ਹੀ ਹਾਸਿਲ ਕਰ ਲੈਂਦੇ ਹਨ ਅਤੇ ਭਰ ਸਰਦੀ ਵਿਚ ਵੀ ਇਹ ਤਪਸ਼ ਨੂੰ ਗ੍ਰਹਿਣ ਅਤੇ ਸੰਭਾਲ ਕੇ ਰੱਖਣ ਦੀ ਸਮਰੱਥਾ ਰੱਖਦੇ ਹਨ। ਹੋਰਨਾਂ ਖੇਤਰਾਂ ਵਿਚ ਇਹਨਾਂ ਦੋਹਾਂ ਦੀ ਕਾਰਗੁਜਾਰੀ ਵਧੀਆ ਰਹਿੰਦੀ ਹੈ। ਇਹ ਦੋਵੇਂ ਸਿਸਟਮ ਪੰਪ ਨਾਲ ਜਾਂ ਇਸ ਤੋਂ ਬਿਨਾਂ ਵੀ ਆਪਣਾ ਕਾਰਜ ਕਰ ਸਕਦੇ ਹਨ। ਬਿਨਾਂ ਪੰਪ ਤੋਂ ਕੰਮ ਕਰਨ ਵਾਲੇ ਪ੍ਰਬੰਧ ਨੂੰ ਕੁਦਰਤੀ ਸਰਕੂਲੈਸ਼ਨ ਪ੍ਰਬੰਧ ਵਜੋਂ ਜਾਣਿਆ ਜਾਂਦਾ ਹੈ ਅਤੇ ਪੰਪ ਨਾਲ ਕੰਮ ਕਰਨ ਵਾਲੇ ਪ੍ਰਬੰਧ ਨੂੰ ਫੋਰਸਡ ਸਰਕੂਲੇਸ਼ਨ ਸਿਸਟਮ ਵਜੋਂ ਜਾਣਿਆ ਜਾਂਦਾ ਹੈ । ਕੁਦਰਤੀ ਸਰਕੂਲੇਸ਼ਨ ਦੇ ਸਿਧਾਂਤ 'ਤੇ ਕੰਮ ਕਰਨ ਵਾਲੇ ਸਿਸਟਮ ਸਿੱਧ ਪੱਧਰੇ ਹੁੰਦੇੇ ਹਨ ਅਤੇ ਜ਼ਿਆਦਾ ਮਹਿੰਗੇ ਵੀ ਨਹੀਂ ਹੁੰਦੇ। ਇਹ ਘਰੇਲੂ ਅਤੇ ਛੋਟੇ ਪੱਧਰ ਦੀਆਂ ਸੰਸਥਾਵਾਂ ਦੀਆਂ ਲੋੜਾਂ ਦੀ ਪੂਰਤੀ ਲਈ ਵਧੇਰੇ ਢੁਕਵੇਂ ਰਹਿੰਦੇ ਹਨ। ਫੋਰਸਿਡ ਸਰਕੂਲੇਸ਼ਨ ਸਿਸਟਮਾਂ ਦੇ ਸਿਧਾਂਤ 'ਤੇ ਕੰਮ ਕਰਨ ਵਾਲੇ ਸਿਸਟਮਾਂ ਵਿਚ ਪਾਣੀ ਨੂੰ ਕੁਲੈਕਟਰ ਅਤੇ ਸਟੋਰੇਜ ਟੈਂਕ ਦੇ ਵਿਚ ਘੁਮਾਉਣ ਲਈ ਬਿਜਲਈ ਪੰਪ ਲਗਾਉਣੇ ਪੈਂਦੇ ਹਨ। ਫੋਰਸਡ ਸਰਕੂਲੈਸਨਜ਼ ਸਿਸਟਮਾਂ ਨੂੰ ਜ਼ਿਆਦਾਤਰ ਉਦਯੋਗਿਕ ਇਕਾਈਆਂ ਜਾਂ ਵੱਡੇ ਪੱਧਰ ਦੀਆ ਸੰਸਥਾਵਾਂ ਵਿਚ ਲਗਾਏ ਜਾਂਦੇ ਹਨ ਜਿੱਥੇ ਗਰਮ ਪਾਣੀ ਦੀ ਨਿਰੰਤਰ ਸਪਲਾਈ ਲੋੜੀਂਦੀ ਹੁੰਦੀ ਹੈ । ਕੁਦਰਤੀ ਸਰਕੂਲੈਸ਼ਨ ਇਵੈਕੁਏਟਿਡ ਟਿਊਬ ਕੁਲੈਕਟਰ ਸੋਲਰ ਵਾਟਰ ਹੀਟਰ ਹੋਰ ਸੋਲਰ ਵਾਟਰ ਹੀਟਰਾਂ ਨਾਲੋਂ ਕੁਸਲ ਅਤੇ ਸਸਤਾ ਪੈਂਦਾ ਹੈ। ਇਸ ਦਾ ਵੇਰਵਾ ਹੇਠਾਂ ਦੱਸਿਆ ਗਿਆ ਹੈ। ਇਵੈਕੂਏਟਿਡ ਟਿਊਬ ਕੁਲੈਕਟਰ : ਇਵੈਕੁਏਟਿਡ ਟਿਊਬ ਕੁਲੈਕਟਰ ਵਿਚ ਬਹੁਤ ਸਾਰੀਆਂ ਸ਼ੀਸ਼ੇ ਦੀਆਂ ਇਵੈਕੂਏਟਿਡ ਟਿਊਬਾਂ ਹੁੰਦੀਆਂ ਹਨ। ਹਰੇਕ ਇਵੈਕੁਏਟਿਡ ਟਿਊਬ ਵਿਚ ਦੋ ਸ਼ੀਸ਼ੇ ਦੀਆਂ ਪਰਤਾਂ ਹੁੰਦੀਆਂ ਹਨ । ਅੰਦਰਲੀ ਟਿਊਬ ਦੀ ਬਾਹਰਲੀ ਗੋਲਾਈ 'ਤੇ ਸੂਰਜੀ ਕਿਰਨਾਂ ਨੂੰ ਵਧੇਰੇ ਚੰਗੀ ਤਰ੍ਹਾਂ ਜਜ਼ਬ ਕਰਨ ਲਈ ਖਾਸ ਪਰਤ ਲੱਗੀ ਹੁੰਦੀ ਹੈ। ਦੋਵਾਂ ਪਰਤਾਂ ਵਿਚਾਲੇ ਹਵਾ ਨਹੀਂ ਹੁੰਦੀ ਜਿਸ ਕਰਕੇ ਪਾਣੀ ਦੀ ਗਰਮੀ ਬਾਹਰ ਨਹੀਂ ਜਾ ਸਕਦੀ। ਇਵੈਕੂਏਟਿਡ ਟਿਊਬ ਆਮ ਤੌਰ 'ਤੇ 1.8 ਮੀਟਰ ਲੰਬੀ ਹੁੰਦੀ ਹੈ।
ਸਟੋਰੇਜ ਟੈਂਕ : ਸਟੋਰੇਜ ਟੈਂਕ ਨੂੰ ਸੋਲਰ ਕੁਲੈਕਟਰ ਦੇ ਉਪਰ ਰੱਖਿਆ ਜਾਂਦਾ ਹੈ। ਸਟੋਰੇਜ ਟੈਂਕ ਦੋ ਟੈਂਕਾ ਦਾ ਬਣਿਆ ਹੁੰਦਾ ਹੈ, ਜਿਹਨਾਂ ਵਿਚੋਂ ਇੱਕ ਦੂਸਰੇ ਦੇ ਅੰੰਦਰ ਹੁੰਦਾ ਹੈ। ਅੰਦਰਲੇ ਟੈਂਕ ਵਿਚ ਪਾਣੀ ਹੁੰਦਾ ਹੈ। ਅੰਦਰਲੇ 'ਤੇ ਬਾਹਰਲੇ ਟੈਂਕ ਦੇ ਵਿਚਕਾਰਲੀ ਥਾਂ ਨੂੰ ਇੰਸੂਲੇਸ਼ਨ ਨਾਲ ਭਰਿਆ ਹੁੰਦਾ ਹੈ ਤਾਂ ਜੋ ਟੈਂਕ ਦੇ ਵਿਚਲਾ ਪਾਣੀ ਠੰਢਾ ਨਾ ਹੋਵੇ। ਟੈਂਕ ਆਮ ਤੌਰ 'ਤੇ ਜਿਸਤ ਜਾਂ ਅਲਮੀਨੀਅਮ ਜਾਂ ਸਟੀਲ ਦਾ ਬਣਿਆ ਹੁੰਦਾ ਹੈ। ਇੰਸੂਲੇਸ਼ਨ ਆਮ ਤੌਰ 'ਤੇ ਪੋਲੀਯੂਰੀਥੇਨ ਫੋਮ (ਪਫ) ਦੀ ਕੀਤੀ ਜਾਂਦੀ ਹੈ।
ਸਪਲਾਈ ਟੈਂਕ : ਸਪਲਾਈ ਟੈਂਕ ਨੂੰ ਉੱਚਾ ਕਰ ਕੇ ਰੱਖਿਆ ਜਾਂਦਾ ਹੈ। ਉੱਚਾ ਕਰ ਕੇ ਰੱਖੇ ਸਪਲਾਈ ਟੈਂਕ ਦੀ ਨਿਕਾਸੀ ਨੂੰ ਸਟੋਰੇਜ ਟੈਂਕ ਨਾਲ ਜੋੜਿਆ ਜਾਂਦਾ ਹੈ ਅਤੇ ਪ੍ਰਵੇਸ਼ ਨੂੰ ਤਾਜ਼ੇ ਪਾਣੀ ਦੀ ਸਪਲਾਈ ਨਾਲ ਜੋੜਿਆ ਜਾਂਦਾ ਹੈ। ਇਹ ਸਟੋਰੇਜ ਟੈਂਕ ਵਿਚ ਪਾਣੀ ਦੇ ਪੱਧਰ ਨੂੰ ਇਕਸਾਰ ਬਣਾਏ ਰੱਖਦਾ ਹੈ ਇਹ ਛੋਟੇ ਆਕਾਰ ਦਾ ਟੈਂਕ ਹੁੰਦਾ ਹੈ, ਜੋ ਕਿ ਜਿਸਤੀ ਚਾਦਰ ਦਾ ਬਣਿਆ ਹੁੰਦਾ ਹੈ।
ਸੋਲਰ ਵਾਟਰ ਹੀਟਰ ਦੀ ਸਮਰੱਥਾ : ਸੋਲਰ ਵਾਟਰ ਹੀਟਰ ਦੀ ਸਮਰੱਥਾ ਨੂੰ ਪ੍ਰਤੀ ਦਿਨ ਗਰਮ ਹੋਏ ਪਾਣੀ ਦੀ ਮਾਤਰਾ ਮੁਤਾਬਿਕ ਵੇਖਿਆ ਜਾਂਦਾ ਹੈ ਅਤੇ ਇਸ ਨੂੰ ਆਮ ਤੌਰ 'ਤੇ ਲੀਟਰ ਪ੍ਰਤੀ ਦਿਨ ਵਿਚ ਵਰਨਣ ਕੀਤਾ ਜਾਂਦਾ ਹੈ। ਗਰਮ ਹੋਏ ਪਾਣੀ ਦੀ ਮਾਤਰਾ ਸਟੋਰੇਜ ਟੈਂਕ ਵਿਚਲੇ ਪਾਣੀ ਦੀ ਮਾਤਰਾ ਦੇ ਬਰਾਬਰ ਹੁੰਦੀ ਹੈ।
ਉਪਕਰਨ ਲਗਾਉਣ ਦੀ ਵਿਧੀ ਅਤੇ ਇਸ ਦੀ ਦੇਖਭਾਲ : ਸੋਲਰ ਵਾਟਰ ਹੀਟਿੰਗ ਸਿਸਟਮ ਨੂੰ ਲਗਾਉਣ ਵੇਲੇ ਕੁਲੈਕਟਰਜ਼ ਦਾ ਮੂੰਹ ਦੱਖਣ ਦਿਸ਼ਾ ਵੱਲ ਛਾਂ ਤੋਂ ਮੁਕਤ ਖੇਤਰ ਵਿਚ ਰੱਖੋ। 100 ਲੀਟਰ ਪ੍ਰਤੀ ਦਿਨ ਆਕਾਰ ਦੇ ਸੋਲਰ ਵਾਟਰ ਹੀਟਰ ਲਈ 4 ਵਰਗਮੀਟਰ ਥਾਂ ਚਾਹੀਦੀ ਹੈ। ਆਮ ਤੌਰ 'ਤੇ ਇਸ ਉਪਕਰਨ ਨੂੰ ਘਰ ਦੀ ਛੱਤ 'ਤੇ ਰੱਖਿਆ ਜਾਂਦਾ ਹੈ। ਇੱਥੇ ਇਹ ਵੀ ਖਾਸ ਧਿਆਨ ਦੇਣ ਯੋਗ ਹੈ ਕਿ ਘਰ ਦੀ ਇਮਾਰਤ ਦੀ ਉਸਾਰੀ ਵੇਲੇ ਛੱਤ ਤੋਂ ਲੈ ਕੇ ਗੁਸਲਖਾਨੇ, ਰਸੋਈ ਆਦਿ ਤੱਕ ਪਹਿਲਾਂ ਹੀ ਇੰਸੂਲੇਟਿਡ ਪਾਇਪ ਲਾਈਨ ਵਿਛਾ ਦਿਉ। ਸੋਲਰ ਵਾਟਰ ਹੀਟਰ ਨਾਲ ਸਪਲਾਈ ਟੈਂਕ ਜ਼ਰੂਰ ਲਗਵਾਉ ਤਾਂ ਜੋ ਗਰਮ ਪਾਣੀ ਲੈਣ ਉਪਰੰਤ ਸਟੋਰੇਜ ਟੈਂਕ ਤੱਕ ਠੰਢਾ ਪਾਣੀ ਪਹੁੰਚਾਇਆ ਜਾ ਸਕੇ। ਇਸ ਨਾਲ ਸਟੋਰੇਜ ਟੈਂਕ ਵਿਚ ਪਾਣੀ ਦਾ ਇੱਕਸਾਰ ਪੱਧਰ ਬਣਿਆ ਰਹਿੰਦਾ ਹੈ। ਸੋਲਰ ਵਾਟਰ ਹੀਟਰ ਬਹੁਤ ਘੱਟ ਦੇਖਭਾਲ ਮੰਗਦੇ ਹਨ ਕਿਉਕਿ ਇਹਨਾਂ ਵਿਚ ਗਤੀਸ਼ੀਲ ਪੁਰਜੇ ਨਹੀਂ ਹੁੰਦੇ ਅਤੇ ਤਾਪਮਾਨ ਦਾ ਪੱਧਰ ਵੀ 70-80 ਡਿਗਰੀ ਸੈਂਟੀਗ੍ਰੇਡ ਤੋਂ ਥੱਲੇ ਹੀ ਹੁੰਦਾ ਹੈ। ਇਸ ਨੂੰ ਚਲਾਉਣ ਲਈ ਸਿਰਫ ਇਸ ਦੇ ਸ਼ੀਸ਼ੇ ਦੀਆਂ ਟਿਊਬਾਂ ਨੂੰ ਸਾਫ਼ ਰੱਖਣਾ ਅਤੇ ਪਾਣੀ ਦੀ ਸਪਲਾਈ ਨਿਰੰਤਰ ਬਣਾਈ ਰੱਖਣਾ ਜ਼ਰੂਰੀ ਹੈ।


-ਸੁਖਮੀਤ ਸਿੰਘ , ਆਰ. ਐਸ. ਗਿੱਲ, ਵੀ. ਐਸ. ਹਾਂਸ
ਰੀਨਿਉਏਬਲ ਅਨਰਜੀ ਇੰਜੀਨੀਅਰਿੰਗ ਵਿਭਾਗ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ , ਪੀ.ਏ.ਯੂ. ਲੁਧਿਆਣਾ।

ਕਿਸਾਨ ਮੇਲੇ 'ਤੇ ਵਿਸ਼ੇਸ਼

ਮੇਲੇ ਆਵੀਂ ਤੂੰ ਕਿਸਾਨਾ

* ਰਮੇਸ਼ ਬੱਗਾ ਚੋਹਲਾ *

ਨਵਾਂ ਚਾਹੁੰਦਾ ਜੇ ਗਿਆਨ, ਦੇਣਾ ਪਵੇਗਾ ਧਿਆਨ,
ਪੈਣਾ ਕੁਝ ਨਹੀਂ ਪੱਲੇ ਜੇ ਤੂੰ ਰਿਹਾ ਬੇਧਿਆਨਾ,
ਮਿਲੂ ਨਵੀਂ ਜਾਣਕਾਰੀ ਮੇਲੇ ਆਵੀਂ ਤੂੰ ਕਿਸਾਨਾ।

ਆਧੁਨਿਕ ਢੰਗ ਤੇ ਤਰੀਕੇ, ਸਹੀ ਸੋਚ ਤੇ ਸਲੀਕੇ,
ਯੂਨੀਵਰਸਿਟੀ ਦੇ ਵੱਲੋਂ ਜਾਂਦੇ ਮੇਲੇ ਲਈ ਉਲੀਕੇ,
ਬਣ ਸਮੇਂ ਦਾ ਤੂੰ ਹਾਣੀ ਮੰਗ ਕਰਦਾ ਜ਼ਮਾਨਾ।
ਮਿਲੂ ਨਵੀਂ...।

ਕਿਵੇਂ ਵਧੇ ਪੈਦਾਵਾਰ, ਦੱਸਦੇ ਨੇ ਖੇਤੀ ਮਾਹਿਰ,
ਰਹਿਣ ਫਸਲਾਂ ਨਿਰੋਗ ਦੱਸੇ ਜਾਂਦੇ ਉਪਚਾਰ,
ਦੇਣੇ ਕੀਮਤੀ ਸੁਝਾਅ ਮੇਲੇ ਆਏ ਮਹਿਮਾਨਾਂ।
ਮਿਲੂ ਨਵੀਂ...।

ਗੱਲ ਸਮਝ ਲੈ ਤੂੰ ਛੇਤੀ, ਹੁਣ ਅਕਲਾਂ ਦੀ ਖੇਤੀ,
ਮੇਲੇ ਆਏ ਤੋਂ ਬਗੈਰ ਕਿੰਝ ਹੋਵੇਂਗਾ ਤੂੰ ਭੇਤੀ,
ਭੇਤੀ ਹੋਏ ਬਿਨਾਂ ਕਦੇ ਆਵੇ ਹੱਥ ਨਾ ਖਜ਼ਾਨਾ।
ਮਿਲੂ ਨਵੀਂ...।

ਹੁੰਦੀ ਮੇਲੇ ਦੀ ਇਹ ਰੀਤ, ਨਾਲੇ ਗੱਲਾਂ ਨਾਲੇ ਗੀਤ,
ਖੇਤੀ ਵਿਸ਼ਿਆਂ ਦੇ ਉਤੇ ਕੀਤੀ ਜਾਂਦੀ ਬਾਤ ਚੀਤ,
ਸਿੱਧਾ ਆ ਜਾਵੀਂ 'ਚੋਹਲਾ' ਜਿਥੇ ਲੱਗਾ ਸ਼ਮਿਆਨਾ
ਮਿਲੂ ਨਵੀਂ ਜਾਣਕਾਰੀ ਮੇਲੇ ਆਵੀਂ ਤੂੰ ਕਿਸਾਨਾ।


-# 1348/17/1 ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)।
ਮੋਬਾਈਲ : 94631-32719.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX