ਤਾਜਾ ਖ਼ਬਰਾਂ


ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  7 minutes ago
ਮੁੰਬਈ, 24 ਮਾਰਚ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 45 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ...
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  3 minutes ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  20 minutes ago
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਫੌਜੀ ਖੇਤਰ 'ਚ ਸਥਿਤ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਨਾਮੀ ਕੰਟੀਨ ਦੇ ਸਾਹਮਣਿਓਂ ਅੱਜ ਬਾਰੂਦੀ ਸੁਰੰਗ ਵਿਛਾਉਣ ਲਈ ਇਸਤੇਮਾਲ ਕੀਤਾ ਜਾਂਦਾ ਬੰਬ (ਮਾਈਨ) ਮਿਲਿਆ। ਇਸ ਮਗਰੋਂ ਫੌਜ ਨੇ...
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  3 minutes ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  33 minutes ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  39 minutes ago
ਪਣਜੀ, 24 ਮਾਰਚ- ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅੱਜ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਨਾਇਡੂ ਨੇ ਟਵੀਟ ਕਰਕੇ ਕਿਹਾ, ''ਅੱਜ ਗੋਆ 'ਚ...
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  about 1 hour ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  about 1 hour ago
ਇਸਲਾਮਾਬਾਦ, 24 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੰਧ ਸੂਬੇ 'ਚ ਦੋ ਨਾਬਾਲਗ ਹਿੰਦੂ ਲੜਕੀਆਂ ਦੀ ਅਗਵਾਕਾਰੀ, ਜਬਰਨ ਵਿਆਹ, ਧਰਮ ਪਰਿਵਰਤਨ ਅਤੇ ਘੱਟ ਉਮਰ 'ਚ ਵਿਆਹ ਕਰਾਏ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ...
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  about 1 hour ago
ਨਵੀਂ ਦਿੱਲੀ, 24 ਮਾਰਚ - ਹਰਿਆਣਾ ਦੀ ਪ੍ਰਸਿੱਧ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਨੇ ਕਿਹਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ। ਪ੍ਰਿਅੰਕਾ ਗਾਂਧੀ ਵਾਡਰਾ ਨਾਲ ਜੋ ਉਨ੍ਹਾਂ ਦੀਆਂ ਤਸਵੀਰਾਂ ਛਾਇਆ ਹੋਇਆਂ ਹਨ, ਉਹ ਪੁਰਾਣੀਆਂ ਹਨ। ਸਪਨਾ ਨੇ ਕਿਹਾ ਕਿ ਉਹ...
ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਚੁੱਕੀਆਂ ਹਨ- ਮਾਨ
. . .  about 2 hours ago
ਮਹਿਲ ਕਲਾਂ, 24 ਮਾਰਚ (ਤਰਸੇਮ ਸਿੰਘ ਚੰਨਣਵਾਲ)- ਅਨਾਜ ਮੰਡੀ ਮਹਿਲ ਕਲਾਂ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਦੇਸ਼...
ਹੋਰ ਖ਼ਬਰਾਂ..

ਲੋਕ ਮੰਚ

ਆਓ ਅਪਣਾਈਏ ਮਨੁੱਖੀ ਕਦਰਾਂ-ਕੀਮਤਾਂ

ਮਨੁੱਖ ਦੀ ਬੌਧਿਕ ਸਮਰੱਥਾ ਵਿਚੋਂ ਉਪਜੀ ਤਰੱਕੀ ਦੀ ਉਦਾਹਰਨ ਅਸੀਂ ਮਨੁੱਖ ਜਾਤੀ ਦੇ ਪੱਥਰ ਯੁੱਗ ਤੋਂ ਲੈ ਕੇ ਅੱਜ ਦੇ ਆਧੁਨਿਕ ਯੁੱਗ ਤੱਕ ਦੇ ਵਿਕਾਸ ਦੇ ਸਫਰ ਵਿਚੋਂ ਕਿਤੋਂ ਵੀ ਲੈ ਸਕਦੇ ਹਾਂ। ਮਨੁੱਖ ਨੇ ਇਸ ਹਜ਼ਾਰਾਂ-ਲੱਖਾਂ ਸਾਲਾਂ ਦੇ ਸਫਰ ਵਿਚ ਜੋ ਅੱਗ ਅਤੇ ਪਹੀਏ ਦੀ ਖੋਜ ਤੋਂ ਲੈ ਕੇ ਅੱਜ ਅਤੀ ਵਿਕਸਿਤ ਸੰਚਾਰ ਸਾਧਨਾਂ ਤੱਕ ਦੀ ਖੋਜ ਰਾਹੀਂ, ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਅੱਤ ਦੇ ਉੱਚੇ ਦਰਜੇ ਦੀ ਬਣਾਇਆ ਹੈ, ਉਹ ਇਕ ਹੈਰਾਨੀਜਨਕ ਮਨੁੱਖੀ ਕਾਰਨਾਮਾ ਹੈ। ਵਰਤਮਾਨ ਵਿਚ ਜੇਕਰ ਦੇਖਿਆ ਜਾਵੇ ਤਾਂ ਇਕ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਹੈ ਕਿ ਇੱਕੀਵੀਂ ਸਦੀ ਦੇ ਆਧੁਨਿਕ ਕਹਾਉਣ ਵਾਲੇ ਅੱਜ ਦੇ ਮਨੁੱਖ ਅੰਦਰੋਂ ਜਜ਼ਬਾਤ, ਸੰਵੇਦਨਾਵਾਂ, ਪਿਆਰ, ਦੂਜਿਆਂ ਦੀ ਮਦਦ ਕਰਨ ਦੀ ਭਾਵਨਾ, ਸਹਿਣਸ਼ੀਲਤਾ ਆਦਿ ਵਰਗੇ ਅਤਿ ਅਣਮੁੱਲੇ ਗੁਣ ਕਿੱਥੇ ਅਲੋਪ ਹੁੰਦੇ ਜਾ ਰਹੇ ਹਨ? ਧਰਤੀ 'ਤੇ ਵਿਚਰ ਰਹੇ ਦੂਜੇ ਜੀਵ-ਜੰਤੂਆਂ ਤੋਂ ਕਿਧਰੇ ਉਤਾਂਹ ਦੀਆਂ ਸਮਰੱਥਾਵਾਂ ਰੱਖਣ ਵਾਲਾ ਮਨੁੱਖ ਅੱਜ ਪਸ਼ੂਆਂ ਦੀ ਨਿਆਈਂ ਖ਼ੁਦ ਹੀ ਮਨੁੱਖਤਾ ਲਈ ਘਾਤਕ ਸਿੱਧ ਕਿਉਂ ਹੋ ਰਿਹਾ ਹੈ? ਅੱਜ ਦਾ ਮਨੁੱਖ ਆਪਣੇ ਅਧਿਕਾਰਾਂ ਦੀ ਪੂਰਨ ਪ੍ਰਾਪਤੀ ਚਾਹੁੰਦਾ ਹੈ, ਪਰ ਸਮਾਜ, ਮਨੁੱਖਤਾ ਅਤੇ ਕੁਦਰਤ ਪ੍ਰਤੀ ਨਿਭਾਏ ਜਾਣ ਵਾਲੇ ਆਪਣੇ ਕਰਤੱਵਾਂ ਤੋਂ ਮੁਖ ਮੋੜੀ ਬੈਠਾ ਹੈ। ਆਪਣੀ ਹਉਮੈ ਖਾਤਰ ਅਤੇ ਸਮਾਜ ਵਿਚ ਆਪਣੇ ਰੁਤਬੇ ਅਤੇ ਆਪਣੀ ਅਮੀਰੀ ਦਿਖਾਉਣ ਲਈ ਅਸੀਂ ਆਪਣੇ ਬੱਚਿਆਂ ਦੇ ਵਿਆਹਾਂ-ਸ਼ਾਦੀਆਂ, ਜਨਮ ਦਿਨਾਂ ਦੀਆਂ ਪਾਰਟੀਆਂ 'ਤੇ ਲੱਖਾਂ ਰੁਪਏ ਕੇਵਲ ਇਕ ਦਿਨ ਲਈ ਖਰਚ ਕਰ ਸਕਦੇ ਹਾਂ, ਪਰ ਮਨੁੱਖਤਾ ਦੀ ਭਲਾਈ ਸਮੇਂ ਅਸੀਂ ਅੱਖਾਂ ਮੀਟ ਕੇ ਬੈਠਣਾ ਪਸੰਦ ਕਰਦੇ ਹਾਂ। ਹਜ਼ਾਰਾਂ-ਲੱਖਾਂ ਰੁਪਇਆਂ ਦਾ ਭੋਜਨ ਵਿਆਹ-ਸ਼ਾਦੀਆਂ ਦੇ ਸਮਾਗਮਾਂ ਵਿਚ ਕੂੜੇ ਵਾਂਗ ਰੁਲ ਰਿਹਾ ਹੁੰਦਾ ਹੈ, ਜਦਕਿ ਕੇਵਲ ਭਾਰਤ ਦੇਸ਼ ਦੇ ਅੰਦਰ ਲੱਖਾਂ ਲੋਕ ਹਰ ਰੋਜ਼ ਰਾਤ ਨੂੰ ਭੁੱਖੇ ਸੌਂਦੇ ਹਨ। ਵੱਡੇ-ਵੱਡੇ ਸ਼ਹਿਰਾਂ, ਮਹਾਨਗਰਾਂ ਦੀਆਂ ਸੜਕਾਂ ਉੱਤੇ ਝੁੱਗੀਆਂ-ਝੌਂਪੜੀਆਂ ਦੀ ਭਰਮਾਰ, ਗਰੀਬੀ, ਫੁੱਟਪਾਥਾਂ 'ਤੇ ਵਿਲਕਦੇ ਨਿੱਕੇ-ਨਿੱਕੇ ਵਸਤਰਹੀਣ ਬੱਚੇ ਆਧੁਨਿਕ ਕਹਾਏ ਜਾਣ ਵਾਲੇ ਯੁੱਗ ਅਤੇ ਮਨੁੱਖ ਦੇ ਸਾਹਮਣੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹਨ। ਸੋ ਸਮਾਜ ਵਿਚਲੀਆਂ ਪਨਪਦੀਆਂ ਅਜਿਹੀਆਂ ਅਨੇਕਾਂ ਹੀ ਬੁਰਾਈਆਂ ਅਤੇ ਮਨੁੱਖੀ ਜੀਵਨ ਨਾਲ ਸਬੰਧਿਤ ਅਨੇਕਾਂ ਹੀ ਮਸਲਿਆਂ ਨੂੰ ਵਿਚਾਰੀਏ। ਜਿੱਥੇ ਅਸੀਂ ਸਮਾਜ ਵਿਚ ਰਹਿੰਦੇ ਹੋਏ ਆਪਣੇ ਜੀਵਨ ਦੇ ਨਿਰਬਾਹ ਲਈ ਅਨੇਕਾਂ ਢੰਗ-ਵਸੀਲੇ ਵਰਤਦੇ ਹਾਂ, ਉੱਥੇ ਇਸ ਗੱਲ ਨੂੰ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਆਪਣੇ ਅੰਦਰੋਂ ਤੰਗਦਿਲੀਆਂ ਨੂੰ ਕੱਢ ਕੇ ਆਪਣੀ ਭਲਾਈ ਦੇ ਨਾਲ-ਨਾਲ ਸਮਾਜ ਵਿਚਲੇ ਲੋੜਵੰਦ ਲੋਕਾਂ ਦੀ ਭਲਾਈ ਲਈ ਵੀ ਯਤਨ ਆਰੰਭੀਏ, ਦੂਜਿਆਂ ਦੇ ਬਣਦੇ ਹੱਕ ਉਨ੍ਹਾਂ ਨੂੰ ਦੇਈਏ। ਪਿਆਰ-ਮੁਹੱਬਤਾਂ ਦਾ ਪੱਲਾ ਫੜਦੇ ਹੋਏ, ਮਨੁੱਖ ਅੰਦਰੋਂ ਘਟ ਰਹੀਆਂ ਮਨੁੱਖੀ ਕਦਰਾਂ-ਕੀਮਤਾਂ ਨੂੰ ਅਪਣਾਈਏ ਅਤੇ ਵਾਕਿਆ ਹੀ ਆਧੁਨਿਕ ਯੁੱਗ ਦੇ ਹਾਣੀ ਬਣ ਕੇ ਧਰਤੀ ਦੇ ਸਰਵਸ੍ਰੇਸ਼ਠ ਪ੍ਰਾਣੀ ਹੋਣ ਦਾ ਕਥਨ ਕਾਇਮ ਰੱਖੀਏ।

-ਸ੍ਰੀ ਅੰਮ੍ਰਿਤਸਰ। ਮੋਬਾ: 87278-00372


ਖ਼ਬਰ ਸ਼ੇਅਰ ਕਰੋ

ਰਹਿੰਦ-ਖੂੰਹਦ ਦੀ ਵਰਤੋਂ ਕੁਦਰਤੀ ਖੇਤੀ ਲਈ ਲਾਹੇਵੰਦ

ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਦੀ ਜ਼ਿਆਦਾਤਰ ਆਬਾਦੀ ਪਿੰਡਾਂ ਵਿਚ ਰਹਿੰਦੀ ਹੈ। ਭਾਰਤ ਵਿਚ ਤਕਰੀਬਨ ਪੌਣੇ ਛੇ ਲੱਖ ਪਿੰਡਾਂ ਵਿਚ ਖੇਤੀਬਾੜੀ, ਖੇਤੀ ਸਹਾਇਕ ਧੰਦੇ, ਪਸ਼ੂ ਪਾਲਣ ਆਦਿ ਨਾਲ ਲੋਕ ਜੁੜੇ ਹੋਏ ਹਨ, ਜਿਨ੍ਹਾਂ ਦਾ ਸਿੱਧਾ ਸਬੰਧ ਇਨ੍ਹਾਂ ਧੰਦਿਆਂ ਨਾਲ ਹੈ। ਪਸ਼ੂ ਪਾਲਣ ਅਤੇ ਖੇਤੀਬਾੜੀ ਦੋਵੇਂ ਹੀ ਧੰਦੇ ਉਪਜਾਊ ਜ਼ਮੀਨ, ਖੁੱਲ੍ਹੀਆਂ ਚਾਰਗਾਹਾਂ ਜੰਗਲ ਆਦਿ ਕੁਦਰਤੀ ਸੋਮਿਆਂ 'ਤੇ ਨਿਰਭਰ ਹੈ। ਖੇਤੀ ਅਤੇ ਪਸ਼ੂਆਂ ਨਾਲ ਸਬੰਧਤ ਧੰਦੇ ਸਾਨੂੰ ਬਹੁਤ ਸਾਰੇ ਉਤਪਾਦ ਅਤੇ ਬਾਕੀ ਰਹਿੰਦ-ਖੂੰਹਦ ਵਾਲੇ ਪਦਾਰਥ ਪ੍ਰਦਾਨ ਕਰਦੇ ਹਨ। ਜਿਵੇਂ ਫਸਲਾਂ ਦੀ ਰਹਿੰਦ-ਖੂੰਹਦ, ਝੋਨੇ ਕਣਕ ਦਾ ਨਾੜ, ਪਸ਼ੂਆਂ ਦਾ ਗੋਹਾ, ਮਲ-ਮੂਤਰ, ਮੁਰਗੀਆਂ ਦੀਆਂ ਬਿੱਠਾਂ ਤੇ ਸਬਜ਼ੀਆਂ ਦੀਆਂ ਛਿੱਲਾਂ, ਪੋਲਟਰੀ ਫਾਰਮਾਂ ਦੀ ਰਹਿੰਦ-ਖੂੰਹਦ ਆਦਿ ਸਭ ਖੇਤੀਬਾੜੀ ਰਹਿੰਦ-ਖੂੰਹਦ ਵਿਚ ਗਿਣੇ ਜਾਂਦੇ ਹਨ। ਇਹ ਸਾਰੇ ਉਤਪਾਦ ਐਵੇਂ ਵਿਅਰਥ ਨਹੀਂ ਹਨ। ਆਮ ਦੇਖਿਆ ਜਾਂਦਾ ਹੈ ਕਿ ਇਨ੍ਹਾਂ ਸਾਰੇ ਕਾਰਬਨਿਕ ਪਦਾਰਥਾਂ ਦੀ ਠੀਕ ਤਰੀਕੇ ਨਾਲ ਵਰਤੋਂ ਨਹੀਂ ਕੀਤੀ ਜਾਂਦੀ। ਕਿਸੇ ਵੀ ਪਿੰਡ ਵਿਚ ਜਾਂਦੇ ਹਾਂ ਤਾਂ ਪਸ਼ੂਆਂ ਦਾ ਗੋਹਾ ਰੂੜੀਆਂ ਆਖ ਰਾਹਾਂ ਵਿਚ ਖਿਲਰਿਆ ਪਿਆ ਦੇਖਿਆ ਜਾ ਸਕਦਾ ਹੈ। ਇਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ। ਖੇਤੀ ਦੀ ਰਹਿੰਦ-ਖੂੰਹਦ, ਪਸ਼ੂਆਂ ਦਾ ਗੋਹਾ ਅਤੇ ਹੋਰ ਘਰਾਂ ਦਾ ਕਚਰਾ, ਹੋਰ ਪਦਾਰਥੀਵੀ ਕਚਰਾ ਪਿਆ ਅੱਗੇ ਤੋਂ ਅੱਗੇ ਖਿੱਲਰੀ ਜਾਂਦਾ ਹੈ, ਜੋ ਖੇਤੀ ਲਈ ਸੋਨੇ ਦਾ ਬਰਾਬਰ ਹੈ। ਇਸ ਸੋਨੇ ਵਰਗੇ ਪਦਾਰਥ ਨਾਲ ਦੂਜੇ ਪਾਸੇ ਵਾਤਾਵਰਨ ਦਾ ਪ੍ਰਦੂਸ਼ਤ ਹੋਣਾ ਲਾਜ਼ਮੀ ਹੈ, ਜਿਹੜਾ ਬਹੁਤ ਹਾਨੀਕਾਰਕ ਹੁੰਦਾ ਹੈ। ਮਨੁੱਖ ਇਸ ਨੂੰ ਸੁਚੱਜੇ ਢੰਗ ਨਾਲ ਵਰਤ ਕੇ ਲਾਹੇਵੰਦ ਬਣਾ ਸਕਦਾ ਹੈ। ਪਸ਼ੂਆਂ ਦੇ ਗੋਹੇ, ਮਲ-ਮੂਤਰ ਤੇ ਹੋਰ ਪਦਾਰਥੀ ਕਚਰੇ ਨੂੰ ਟੋਇਆ ਪੁੱਟ ਕੇ ਰੂੜੀ ਖਾਦ ਤਿਆਰ ਕੀਤੀ ਜਾ ਸਕਦੀ ਹੈ। ਇਸ ਖਾਦ ਨੂੰ ਖੇਤਾਂ, ਦਰੱਖਤਾਂ, ਬਾਗਾਂ, ਸਬਜ਼ੀਆਂ ਉਗਾਉਣ ਵਿਚ ਵਰਤਿਆ ਜਾ ਸਕਦਾ ਹੈ। ਰੂੜੀ ਖਾਦ ਪਾਉਣੀ ਫਸਲਾਂ ਨੂੰ ਰਸਾਇਣਕ ਖਾਦਾਂ ਤੋਂ ਕਿਤੇ ਵੱਧ ਫਾਇਦੇਮੰਦ ਹੈ, ਫਸਲਾਂ ਨੂੰ ਕਈ ਤਰ੍ਹਾਂ ਦੇ ਸੂਖਮ ਤੱਤ ਮਿਲਦੇ ਹਨ ਤੇ ਧਰਤੀ ਵੀ ਜ਼ਹਿਰੀ ਹੋਣ ਤੋਂ ਬਚ ਸਕਦੀ ਹੈ। ਬਿਨਾਂ ਜ਼ਹਿਰ ਖੁਰਾਕੀ ਤੱਤ ਪ੍ਰਲੱਭਤ ਹੁੰਦੇ ਹਨ। ਖੇਤਾਂ ਵਿਚੋਂ ਨਿਕਲੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਨੂੰ ਕੰਪੋਸਟ ਖਾਦ ਤਿਆਰ ਕਰਨ ਨਾਲ ਪਰਾਲੀ ਦੇ ਨਾਲ ਪਸ਼ੂਆਂ ਦੇ ਮਲ-ਮੂਤਰ ਤੋਂ ਵੀ ਬਹੁਤ ਖੁਰਾਕੀ ਤੱਤ ਮਿਲਦੇ ਹਨ। ਇਸ ਖਾਦ ਨੂੰ ਖਾਸ ਕਰਕੇ ਮਿੱਟੀ ਵਿਚ ਰਲਾ ਕੇ ਖੇਤਾਂ ਵਿਚ ਛੱਟਾ ਦੇਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਹੁਤ ਜ਼ਿਆਦਾ ਵਧਦੀ ਹੈ। ਇਹ ਖਾਦ ਦੇ ਨਾਲ ਸਿਹਤਮੰਦ ਫਸਲ ਅਤੇ ਭਰਪੂਰ ਝਾੜ ਮਿਲਦਾ ਹੈ। ਜੇ ਸੋਚਿਆ ਜਾਵੇ ਤਾਂ ਮਿੱਟੀ ਵਿਚ ਪਾਏ ਜਾਣ ਵਾਲੇ ਗੰਡੋਏ ਸਾਡੇ ਲਈ ਬਹੁਤ ਲਾਹੇਵੰਦ ਹਨ। ਪਸ਼ੂਆਂ ਦਾ ਗੋਹਾ, ਰਸੋਈ ਦਾ ਕੂੜਾ-ਕਚਰਾ ਅਤੇ ਹੋਰ ਰਹਿੰਦ-ਖੂੰਹਦ ਤੇ ਗੰਡੋਇਆਂ ਰਾਹੀਂ ਵਰਮੀ ਕੰਪੋਸਟ ਖਾਦ ਤਿਆਰ ਕੀਤੀ ਜਾ ਸਕਦੀ ਹੈ। ਗੰਡੋਏ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖਾ ਕੇ ਜ਼ਮੀਨ ਨੂੰ ਬਹੁਤ ਤਾਕਤਵਰ ਬਣਾਉਂਦੇ ਹਨ। ਜੇ ਸੋਚੀਏ ਤਾਂ ਅਸੀਂ ਰਸਾਇਣਕ ਖਾਦਾਂ ਪਾ ਕੇ ਨਵੀਆਂ ਤਕਨੀਕਾਂ ਨਾਲ ਪੈਦਾਵਾਰ ਵਿਚ ਵਾਧਾ ਕੀਤਾ ਪਰ ਲੋੜ ਤੋਂ ਵੱਧ ਰਸਾਇਣਕ ਵਾਤਾਵਰਨ ਨੂੰ ਨੁਕਸਾਨ ਕਰ ਰਹੇ ਹਨ। ਮਨੁੱਖ ਨੂੰ ਕੁਦਰਤ ਦੇ ਚੱਕਰ ਨੂੰ ਜਾਨਣਾ ਚਾਹੀਦਾ ਹੈ। ਅੱਜ ਬਾਗੀ ਹੋਇਆ ਮੌਸਮ, ਖ਼ਤਮ ਹੋ ਰਹੀ ਹਰਿਆਲੀ, ਰੁੱਸੀ ਮਿੱਟੀ ਧਰਤੀ ਮਾਤਾ, ਗੁੱਸੇ ਵਿਚ ਆਈ ਹਵਾ, ਪੂਰਾ ਰੁੱਸਿਆ ਹੋਇਆ ਪਾਣੀ ਨੂੰ ਦਿਲੋਂ ਮਨਾਉਣ ਲਈ ਉਪਰਾਲਾ ਕਰਨ ਦੀ ਲੋੜ ਹੈ।

-ਪਿੰਡ ਝੱਤਰੇ, ਤਹਿ: ਜ਼ੀਰਾ (ਫਿਰੋਜ਼ਪੁਰ)-152028. ਮੋਬਾ: 98551-43537

ਕੀ ਚਿੰਤਾਗ੍ਰਸਤ ਅਧਿਆਪਕ ਇਕ ਚੰਗਾ ਮਾਰਗ ਦਰਸ਼ਕ ਬਣ ਸਕਦੈ?

ਮੇਰਾ ਪਹਿਲਾ ਅਧਿਆਪਕ ਰੂਸ ਦੇ ਲੇਖਕ ਚੰਗੇਜ਼ ਆਇਤਮਾਤੋਵ ਦੀ ਵਿਸ਼ਵ ਪ੍ਰਸਿੱਧ ਰਚਨਾ ਹੈ। ਇਸ ਵਿਚ ਲੇਖਕ ਵਿਦਿਆਰਥੀ ਦੇ ਜੀਵਨ ਵਿਚ ਉਸ ਦੇ ਪਹਿਲੇ ਅਧਿਆਪਕ ਵਲੋਂ ਪਾਏ ਅਹਿਮ ਯੋਗਦਾਨ ਅਤੇ ਅਧਿਆਪਕ ਵਲੋਂ ਦਿੱਤੇ ਯੋਗ ਮਾਰਗ ਦਰਸ਼ਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਾ ਹੈ। ਲੇਖਕ ਦੱਸਦਾ ਹੈ ਕਿ ਕਿਸ ਤਰ੍ਹਾਂ ਵਿਅਕਤੀ ਦੇ ਜੀਵਨ ਦੇ ਹਰ ਪੱਖ ਅਤੇ ਹਰ ਫੈਸਲੇ ਵਿਚੋਂ ਉਸ ਦੇ ਪਹਿਲੇ ਅਧਿਆਪਕ ਦੇ ਆਦਰਸ਼ ਅਤੇ ਸਿੱਖਿਆਵਾਂ ਝਲਕਦੀਆਂ ਹਨ। ਚੰਗੇਜ਼ ਆਇਤਮਾਤੋਵ ਦੀ ਕਹਾਣੀ ਵਿਚ ਪਿੰਡ ਦਾ ਅਧਿਆਪਕ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਦੇਸ਼ ਦੀਆਂ ਮੁਸ਼ਕਿਲਾਂ, ਰੂਸ ਦੀ ਕ੍ਰਾਂਤੀ ਅਤੇ ਅਹਿਮ ਘਟਨਾਵਾਂ ਬਾਰੇ ਵੀ ਜਾਣਕਾਰੀ ਦਿੰਦਾ। ਉਹ ਬੱਚਿਆਂ ਨੂੰ ਲੈਟਿਨ ਅਤੇ ਕਾਰਲ ਮਾਕਸ ਦੀਆਂ ਮਹਾਨ ਸ਼ਖ਼ਸੀਅਤਾਂ ਤੋਂ ਜਾਣੂ ਕਰਵਾਉਂਦਾ ਹੈ। ਉਸ ਅਧਿਆਪਕ ਦੇ ਪੜ੍ਹਾਏ ਹੋਏ ਵਿਦਿਆਰਥੀ ਦੇਸ਼ ਵਿਚ ਅਹਿਮ ਪਦਾਂ 'ਤੇ ਪਹੁੰਚਦੇ ਹਨ। ਇਸ ਤਰ੍ਹਾਂ ਇਕ ਪੀੜ੍ਹੀ ਦੀ ਵਿਚਾਰਧਾਰਾ, ਸੁਹਿਰਦਤਾ, ਦੂਰ-ਦਿਸ਼੍ਰਟੀ ਅਤੇ ਲੋਕਹਿਤ ਭਾਵਨਾ ਅਗਲੀ ਪੀੜ੍ਹੀ ਵਿਚ ਵਿਵਸਥਾ ਦਾ ਹਿੱਸਾ ਬਣ ਜਾਂਦੀ ਹੈ। ਇਹ ਗੱਲ ਪੰਜਾਬੀ ਦੀ ਕਹਾਵਤ 'ਜੋ ਬੀਜਾਂਗੇ ਉਹ ਵੱਢਾਂਗੇ' ਅਨੁਸਾਰ ਬਿਲਕੁਲ ਸਹੀ ਢੁਕਦੀ ਹੈ। ਦੇਸ਼ ਦੇ ਸਟੀਕ ਵਿਕਾਸ ਲਈ ਬੱਚਿਆਂ ਦੀ ਸਮਾਜਿਕ ਅਤੇ ਮਾਨਸਿਕ ਸਿੱਖਿਆ ਪ੍ਰਤੀ ਗੰਭੀਰ ਹੋਣਾ ਲਾਜ਼ਮੀ ਸ਼ਰਤ ਹੈ। ਬੱਚਿਆਂ ਦੀ ਮਾਨਸਿਕਤਾ 'ਤੇ ਉਹ ਗੱਲ ਜ਼ਿਆਦਾ ਅਸਰ ਕਰਦੀ ਹੈ, ਜੋ ਵਾਪਰ ਰਹੀ ਹੋਵੇ, ਬਜਾਏ ਕੀ ਜੋ ਉਨ੍ਹਾਂ ਨੂੰ ਪੜ੍ਹਾਇਆ ਗਿਆ ਹੋਵੇ। ਇਹ ਗੱਲ ਬਿਲਕੁਲ ਇਸ ਤਰ੍ਹਾਂ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਮਹਾਤਮਾ ਗਾਂਧੀ ਬਾਰੇ ਪੜ੍ਹਾਇਆ ਤਾਂ ਜਾਂਦਾ ਹੈ ਪਰ ਬੱਚਿਆਂ ਵਿਚ ਗੁਣ ਅਧਿਆਪਕ ਜਾਂ ਮਾਤਾ-ਪਿਤਾ ਵਾਲੇ ਵਿਕਸਿਤ ਹੁੰਦੇ ਹਨ। ਕਿਸੇ ਵੀ ਸਫਲ ਵਿਅਕਤੀ ਦੀ ਸਫਲਤਾ ਉਸ ਦੇ ਗਿਆਨ ਅਤੇ ਗੁਣਾਂ 'ਤੇ ਨਿਰਭਰ ਕਰਦੀ ਹੈ, ਜੋ ਕਿ ਉਸ ਦੇ ਅਧਿਆਪਕ ਵਲੋਂ ਉਨ੍ਹਾਂ ਨੂੰ ਸਿਖਾਏ ਜਾਂਦੇ ਹਨ। ਅੱਜ ਦੇ ਸਮਾਜ ਵਿਚ ਨੌਜਵਾਨਾਂ ਦੀ ਜ਼ਿੰਦਗੀ ਭੱਜ-ਦੌੜ ਅਤੇ ਰੁਜ਼ਗਾਰ ਦੀ ਸੱਮਸਿਆ ਨਾਲ ਉਲਝਦੇ ਹੋਏ ਬਤੀਤ ਹੋ ਰਹੀ ਹੈ। ਮਾਂ-ਬਾਪ ਕੰਮ-ਕਾਜ ਨਾਲ ਭਰੇ ਰੁਝੇਵਿਆਂ ਕਰਕੇ ਆਪਣੇ ਬੱਚਿਆਂ ਨੂੰ ਬਹੁਤ ਘੱਟ ਸਮਾਂ ਦੇ ਪਾਉਂਦੇ ਹਨ। ਬੱਚਿਆਂ ਦਾ ਜ਼ਿਆਦਾਤਰ ਸਮਾਂ ਆਪਣੇ ਅਧਿਆਪਕਾਂ ਨਾਲ ਅਤੇ ਦੋਸਤਾਂ ਨਾਲ ਬਤੀਤ ਹੁੰਦਾ ਹੈ ਅਤੇ ਅਧਿਆਪਕ ਹੀ ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਦਾ ਆਇਨਾ ਬਣਦੇ ਹਨ।
ਪੰਜਾਬ ਵਿਚ ਅਧਿਆਪਕਾਂ ਦੀ ਦਸ਼ਾ ਦੇਖ ਕੇ ਇਕ ਫਿਕਰ ਪੈਦਾ ਹੋ ਰਿਹਾ ਹੈ। ਜੇਕਰ ਅਧਿਆਪਕ ਆਪਣੇ ਪਰਿਵਾਰ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਚਿੰਤਾ ਵਿਚ ਉਲਝਿਆ ਰਹੇਗਾ ਤਾਂ ਉਸ ਵਲੋਂ ਪੜ੍ਹਾਏ ਜਾ ਰਹੇ ਬੱਚਿਆਂ ਦੇ ਮੂੰਹ-ਮਹਾਂਦਰੇ ਵੀ ਚਿੰਤਾ ਨਿਰਾਸ਼ਾ ਵਰਗੇ ਹੋ ਜਾਣਗੇ। ਇਕ ਅਧਿਆਪਕ ਜਾਂ ਗੁਰੂ-ਵਿਦਿਆਰਥੀਆਂ ਵਿਚ ਆਪਣੀ ਸ਼ਖ਼ਸੀਅਤ ਦੇ ਪ੍ਰਤੀਬਿੰਬ ਉਸਾਰਦਾ ਹੈ, ਚਿੰਤਾ ਇਸ ਗੱਲ ਦੀ ਹੈ ਕਿ ਹੁਣ ਇਹ ਪ੍ਰਤੀਬਿੰਬ ਸੜਕਾਂ 'ਤੇ ਧਰਨੇ ਦਿੰਦੇ, ਪੁਲਿਸ ਦੀਆਂ ਲਾਠੀਆਂ ਖਾ ਕੇ ਨਿਰਾਸ਼ ਅਤੇ ਮੁਰਝਾਏ ਹੋਏ ਪੈਦਾ ਹੋਣਗੇ। ਜਿਨ੍ਹਾਂ ਵਿਚ ਜੀਵਨ ਪ੍ਰਤੀ ਉਤਸ਼ਾਹ ਅਤੇ ਜੀਵਨ ਸਿਰਜਣ ਦੀ ਰੀਝ ਮਰ-ਮੁੱਕ ਗਈ ਨਜ਼ਰ ਆਵੇਗੀ। ਜਿਸ ਦੇਸ਼ ਵਿਚ ਪੜ੍ਹਾ ਰਹੇ ਅਧਿਆਪਕ ਹੀ ਆਪਣੇ ਭਵਿੱਖ ਦੀ ਚਿੰਤਾ ਵਿਚ ਡੁੱਬੇ ਹੋਏ ਹਨ, ਉਸ ਦੇਸ਼ ਦੇ ਵਿਦਿਆਰਥੀ ਆਪਣੇ-ਆਪ ਨੂੰ ਕਿਸ ਥਾਂ 'ਤੇ ਸੋਚਣਗੇ, ਇਸ ਦਾ ਕਿਆਸ ਤੁਸੀਂ ਖੁਦ ਲਗਾ ਸਕਦੇ ਹੋ। ਜੇਕਰ ਮਾਪੇ ਆਪਣੇ ਬੱਚਿਆਂ ਦੇ ਦਾਖਲੇ ਲਈ ਕਿਸੇ ਸੰਸਥਾ ਵਿਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਧਿਆਪਕਾਂ ਦੀ ਮਨੋਦਸ਼ਾ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਇਹ ਨਿਰਾਸ਼ ਅਧਿਆਪਕ ਉਨ੍ਹਾਂ ਦੇ ਬੱਚਿਆਂ ਦੀ ਮਾਨਸਿਕ ਦਸ਼ਾ ਵਿਚ ਵੀ ਨਿਰਾਸ਼ਾ ਦੇ ਬੀਜ ਨਾ ਬੋਅ ਦੇਣ। ਸਰਕਾਰ ਜੇਕਰ ਅਧਿਆਪਕਾਂ ਦੀ ਪ੍ਰਵਾਹ ਨਹੀਂ ਕਰ ਰਹੀ ਤਾਂ ਬੱਚੇ ਜੋ ਕਿ ਦੇਸ਼ ਦਾ ਭਵਿੱਖ ਹਨ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿਚ ਤੰਤਰ ਦਾ ਹਿੱਸਾ ਬਣ ਕੇ ਦੇਸ਼ ਦਾ ਵਿਕਾਸ ਕਰਨਾ ਹੈ, ਉਨ੍ਹਾਂ ਬਾਰੇ ਜ਼ਰੂਰ ਸੋਚੇ।

-(ਸਹਾਇਕ ਪ੍ਰੋਫੈਸਰ),
ਪਿੰਡ ਰੋੜਗੜ੍ਹ, ਪਟਿਆਲਾ।
ਮੋਬਾ: 88724-92584

ਡਰ ਹੀ ਪੈਦਾ ਕਰਦੈ ਅੰਧ ਵਿਸ਼ਵਾਸ

ਅਸੀਂ ਅਕਸਰ ਸੁਣਿਆ ਹੈ ਕਿ ਪੜ੍ਹਨ-ਲਿਖਣ ਨਾਲ ਸਾਡੇ ਵਿਚ ਨਵੀਨਤਾ ਆਉਂਦੀ ਹੈ, ਸਹੀ-ਗ਼ਲਤ ਪਰਖਣ ਦੀ ਸੋਝੀ ਆਉਂਦੀ ਹੈ। ਅੱਜਕਲ੍ਹ ਜ਼ਿਆਦਾਤਰ ਲੋਕ ਪੜ੍ਹੇ-ਲਿਖੇ ਹੀ ਹਨ, ਮਤਲਬ ਉਨ੍ਹਾਂ ਵਿਚ ਸਹੀ-ਗ਼ਲਤ ਪਰਖਣ ਦੀ ਸੋਝੀ ਹੈ ਪਰ ਇਹ ਸੋਝੀ ਬਹੁਤੇ ਲੋਕਾਂ ਵਿਚ ਸਿਰਫ ਡਿਗਰੀਆਂ ਤੱਕ ਹੀ ਸੀਮਤ ਹੈ। ਅਸਲ ਕਹਾਣੀ ਤਾਂ ਉਨ੍ਹਾਂ ਦੀ ਅਨਪੜ੍ਹਾਂ ਵਾਲੀ ਹੀ ਹੈ। ਉਹ ਅੱਜ ਵੀ ਉਸੇ ਅੰਧਵਿਸ਼ਵਾਸ ਦੇ ਚੌਰਾਹੇ 'ਤੇ ਹੀ ਖੜ੍ਹੇ ਹਨ। ਇਨ੍ਹਾਂ ਅੰਧ-ਵਿਸ਼ਵਾਸਾਂ ਦੇ ਕਈ ਕਾਰਨ ਹਨ। ਸਮਾਂ ਤੇ ਮਜਬੂਰੀਆਂ ਕਈ ਵਾਰ ਇਹੋ ਜਿਹੇ ਹਾਲਾਤ ਪੈਦਾ ਕਰ ਦਿੰਦੀਆਂ ਹਨ ਕਿ ਅੰਧ-ਵਿਸ਼ਵਾਸ ਵੀ ਇਕ ਇਲਾਜ ਦਾ ਜ਼ਰੀਆ ਲੱਗਣ ਲੱਗ ਜਾਂਦੇ ਹਨ। ਵਿਸ਼ਵਾਸ ਤੇ ਅੰਧ-ਵਿਸ਼ਵਾਸ ਵਿਚ ਵੈਸੇ ਬਹੁਤ ਫਰਕ ਹੈ। ਵਿਸ਼ਵਾਸ ਅਜਿਹੀ ਹਾਲਤ ਹੈ ਜੋ ਮੁਰਦੇ ਵਿਚ ਵੀ ਜਾਨ ਪਾ ਸਕਦਾ ਅਤੇ ਅੰਧ-ਵਿਸ਼ਵਾਸ ਅਜਿਹੀ ਲਾਹਣਤ ਹੈ ਜੋ ਚੰਗੇ-ਭਲੇ ਬੰਦੇ ਨੂੰ ਲਾਈਨ ਤੋਂ ਲਾਹ ਸਕਦਾ ਹੈ। ਅੰਧ-ਵਿਸ਼ਵਾਸ ਵੀ ਅਲੱਗ-ਅਲੱਗ ਲੋਕਾਂ ਵਿਚ ਅਲੱਗ-ਅਲੱਗ ਪਲਦੇ ਹਨ। ਬਹੁਤੇ ਅੰਧ-ਵਿਸ਼ਵਾਸ ਤਾਂ ਪੁਰਾਣੇ ਸਮਿਆਂ ਤੋਂ ਇਕ ਰੀਤ ਬਣ ਕੇ ਸਾਡੇ ਮਨਾਂ ਵਿਚ ਵਸਦੇ ਆ ਰਹੇ ਹਨ ਅਤੇ ਬਹੁਤੇ ਅਸੀਂ ਨਵੇਂ ਬਣਾ ਲਏ ਹਨ। ਮੇਰੇ ਅਨੁਸਾਰ ਅੰਧ-ਵਿਸ਼ਵਾਸ ਦਾ ਸਭ ਤੋਂ ਵੱਡਾ ਕਾਰਨ ਸਾਡਾ ਡਰ, ਮਜਬੂਰੀ ਹੈ। ਜਦੋਂ ਸਾਡੇ 'ਤੇ ਕੋਈ ਸਮੱਸਿਆ ਆਉਂਦੀ ਹੈ ਤਾਂ ਅਸੀਂ ਹਰ ਹੀਲਾ-ਵਸੀਲਾ ਕਰਕੇ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ। ਚਾਹੇ ਸਾਨੂੰ ਕੋਈ ਵੀ ਨਵਾਂ-ਪੁਰਾਣਾ, ਚੰਗਾ-ਮਾੜਾ ਦਾਅ-ਪੇਚ ਕਿਉਂ ਨਾ ਲਾਉਣਾ ਪਵੇ। ਇਹੀ ਡਰ ਸਾਡੇ ਅੰਧ-ਵਿਸ਼ਵਾਸ ਦਾ ਕਾਰਨ ਬਣ ਜਾਂਦਾ ਹੈ। ਮੁਸੀਬਤ ਵਿਚ ਸਾਡਾ ਮਨ ਹੀ ਇਸ ਤਰ੍ਹਾਂ ਬਣ ਜਾਂਦਾ ਹੈ ਕਿ ਹਰ ਨਿੱਕੀ ਤੋਂ ਨਿੱਕੀ ਬਾਹਰੀ ਤਾਕਤ ਸਾਡੇ 'ਤੇ ਭਾਰੂ ਹੋ ਜਾਂਦੀ ਹੈ। ਅੱਜ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਲੱਖਾਂ ਬਾਬੇ ਬਣੇ ਲੋਕ, ਲੋਕਾਂ ਦੀਆਂ ਮਜਬੂਰੀਆਂ ਤੋਂ ਬਣੇ ਅੰਧ-ਵਿਸ਼ਵਾਸਾਂ ਦਾ ਫਾਇਦਾ ਚੁੱਕ ਕੇ ਆਪਣੀ ਸਾਰੀ ਜ਼ਿੰਦਗੀ ਬਿਨਾਂ ਮਿਹਨਤ ਕੀਤੇ ਹੀ ਗੁਜ਼ਾਰ ਲੈਂਦੇ ਹਨ। ਗੁਰਬਾਣੀ ਤੋਂ ਉੱਪਰ ਕੁਝ ਵੀ ਨਹੀਂ, ਕੋਈ ਵੀ ਗ੍ਰੰਥ, ਜੋ ਸਾਨੂੰ ਕੋਈ ਚੰਗੀ ਗੱਲ ਦੱਸਦਾ, ਉਹ ਚੰਗਾ ਹੀ ਚੰਗਾ ਹੈ, ਫਿਰ ਚਾਹੇ ਕਿਸੇ ਵੀ ਧਰਮ ਦਾ ਹੋਵੇ। ਧਰਮ ਦਾ ਸਬੰਧ ਗਿਆਨ ਦੇਣ ਨਾਲ ਹੈ। ਧਰਮ-ਗ੍ਰੰਥ ਜਾਂ ਕੋਈ ਵੀ ਧਰਮ ਇਹ ਨਹੀਂ ਕਹਿੰਦਾ ਕਿ ਧਾਰਮਿਕ ਭੇਖ-ਪਾਖੰਡ ਕਰੋ। ਉਹ ਕਹਿੰਦਾ ਹੈ ਕਿ ਮੈਨੂੰ ਉਚਾਰੋ ਤੇ ਜੋ ਮੈਂ ਚੰਗੀਆਂ ਗੱਲਾਂ, ਗਿਆਨ ਦੇਣਾ ਚਾਹੁੰਦਾ ਹਾਂ, ਉਸ ਨੂੰ ਗ੍ਰਹਿਣ ਕਰੋ। ਧਰਮ ਦਾ, ਗਿਆਨ ਦਾ ਸਬੰਧ ਸਾਡੇ ਮਨ ਨਾਲ ਹੈ, ਤਨ ਨਾਲ ਨਹੀਂ। ਬਹੁਤੇ ਬਾਹਰੀ ਦਿਖਾਵੇ ਕਰਕੇ ਗਿਆਨੀ ਨਹੀਂ ਬਣਿਆ ਜਾ ਸਕਦਾ। ਇਨ੍ਹਾਂ ਅੰਧ-ਵਿਸ਼ਵਾਸਾਂ 'ਚੋਂ ਨਿਕਲਣ ਦਾ ਇਕ ਹੀ ਜ਼ਰੀਆ ਹੈ, ਉਹ ਹੈ ਸਾਡੇ ਗਿਆਨ ਦੀ ਸੋਝੀ। ਜੋ ਜ਼ਰੂਰੀ ਨਹੀਂ ਕਿ ਡਿਗਰੀਆਂ ਕਰਕੇ ਹੀ ਹਾਸਲ ਕੀਤੀ ਜਾ ਸਕਦੀ ਹੈ। ਪਰ ਜਦੋਂ ਸਾਡੇ 'ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਇਹ ਗਿਆਨ ਦੀ ਸੋਝੀ ਬੁਝ ਜਾਂਦੀ ਹੈ ਤੇ ਅੰਧ-ਵਿਸ਼ਵਾਸ ਪੈਦਾ ਹੋ ਜਾਂਦਾ ਹੈ। ਜੇਕਰ ਅਸੀਂ ਮੁਸੀਬਤ ਵਿਚ ਇਕ-ਦੂਜੇ ਦਾ ਪੱਕਾ ਸਹਾਰਾ ਬਣ ਕੇ ਸਾਥ ਦੇਈਏ, ਤਾਂ ਹੀ ਅੰਧ-ਵਿਸ਼ਵਾਸ ਤੋਂ ਛੁਟਕਾਰਾ ਪਾ ਸਕਦੇ ਹਾਂ।

-ਸ੍ਰੀ ਮੁਕਤਸਰ ਸਾਹਿਬ। ਮੋਬਾ: 94654-08758

ਕੀ ਅਸੀਂ ਪੰਜਾਬੀ ਮਾਂ-ਬੋਲੀ ਦਾ ਪਤਨ ਦੇਖਣਾ ਚਾਹੁੰਦੇ ਹਾਂ?

ਰੱਬ ਦੇ ਬਾਅਦ ਮਾਂ ਨੂੰ ਰੱਬ ਮੰਨਿਆ ਜਾਂਦਾ ਹੈ। ਮਾਂ ਅੱਗੇ ਜਾ ਕੇ ਕੁਝ ਹੋਰ ਰੂਪਾਂ ਵਿਚ ਵੰਡੀ ਜਾਂਦੀ ਹੈ। ਰੂਪ ਕੋਈ ਵੀ ਹੋਵੇ, ਇਸ ਦੇ ਰਿਸ਼ਤੇ ਦੀ ਮਿਠਾਸ ਤੇ ਨਿੱਘ ਹਰ ਰੂਪ ਵਿਚ ਮਿਲਦਾ ਹੈ। ਹੁਣ ਮੈਂ ਗੱਲ ਕਰਾਂਗਾ ਮਾਂ-ਬੋਲੀ ਪੰਜਾਬੀ ਬਾਰੇ। ਜਨਮ ਤੋਂ ਲੈ ਕੇ ਬੋਲੀ ਜਾਣ ਵਾਲੀ ਮੁਢਲੀ ਬੋਲੀ ਨੂੰ ਮਾਂ-ਬੋਲੀ ਕਹਿੰਦੇ ਹਨ। ਪਰ ਕੁਝ ਸਮੇਂ ਤੋਂ ਪੱਛਮੀ ਸੱਭਿਅਤਾ ਤੇ ਵਿਸ਼ਵੀਕਰਨ ਦੇ ਪ੍ਰਭਾਵ ਕਰਕੇ ਪੰਜਾਬੀ ਲੋਕ ਹੀ ਆਪਣੀ ਮਾਂ-ਬੋਲੀ ਪੰਜਾਬੀ ਨਾਲ ਵਿਤਕਰਾ ਕਰਨ ਲੱਗ ਪਏ ਹਨ। ਅਸੀਂ ਪੰਜਾਬੀ ਲਿਖਣੀ ਤਾਂ ਭੁੱਲ ਹੀ ਗਏ ਹਾਂ ਪਰ ਸਾਡੀ ਬੋਲਚਾਲ ਵਿਚ ਵੀ ਅੰਗਰੇਜ਼ੀ ਭਾਸ਼ਾ ਵਰਗੀਆਂ ਹੋਰ ਬਾਹਰੀ ਬੋਲੀਆਂ ਨੂੰ ਰੋਜ਼ਾਨਾ ਦੀ ਬੋਲੀ ਵਿਚ ਸ਼ਾਮਿਲ ਕਰ ਲਿਆ ਹੈ, ਜਿਸ ਦੇ ਨਤੀਜੇ ਵਜੋਂ ਅਸੀਂ ਸ਼ੁੱਧ ਪੰਜਾਬੀ ਤੇ ਠੇਠ ਬੋਲੀ ਤੋਂ ਦੂਰ ਹੋ ਰਹੇ ਹਾਂ। ਪੰਜਾਬੀ ਮਾਂ ਬੋਲੀ ਆਪਣੇ-ਆਪ ਵਿਚ ਇਕ ਵਿਲੱਖਣ ਬੋਲੀ ਹੈ। ਪੰਜਾਬੀ ਮਾਂ-ਬੋਲੀ ਸਾਡੀ ਪੰਜਾਬੀਆਂ ਦੀ ਪਛਾਣ ਹੈ। ਸਾਨੂੰ ਆਪਣੀ ਮਾਂ-ਬੋਲੀ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ। ਸਾਡਾ ਇਤਿਹਾਸ ਕਿੰਨਾ ਵੀ ਸੁਨਹਿਰੀ ਰਿਹਾ ਹੋਵੇ ਪਰ ਸਾਡੇ ਭਵਿੱਖ ਨੂੰ ਸਾਡਾ ਵਰਤਮਾਨ ਹੀ ਸੁਨਹਿਰੀ ਬਣਾ ਸਕਦਾ ਹੈ। ਕਦੇ ਵੀ ਇਕ ਮਾਂ-ਬੋਲੀ ਇਕੱਲੀ ਖ਼ਤਮ ਨਹੀਂ ਹੋ ਸਕਦੀ, ਉਸ ਦੇ ਨਾਲ ਉਸ ਬੋਲੀ ਦੀ ਨਸਲ ਤੇ ਕੌਮ ਵੀ ਖਤਮ ਹੋਵੇਗੀ। ਸਾਡੀਆਂ ਸਰਕਾਰਾਂ ਨੇ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ, ਜਿਸ ਕਰਕੇ ਸਾਨੂੰ ਆਪਣੀ ਬੋਲੀ, ਆਪਣਾ ਦੇਸ਼ ਸੁਰੱਖਿਅਤ ਮਹਿਸੂਸ ਨਹੀਂ ਹੁੰਦੇ, ਜਿਸ ਦੇ ਸਿੱਟੇ ਵਜੋਂ ਹੋਰ ਭਾਸ਼ਾਵਾਂ ਨੂੰ ਸਿੱਖਣ ਦੀ ਭੇਡ-ਚਾਲ ਨੇ ਸਾਥੋਂ ਸਾਡੀ ਮਾਂ-ਬੋਲੀ ਖੋਹ ਲਈ, ਮਾਂ ਨੂੰ ਪੁੱਤ ਨਫਰਤ ਨਾਲ ਦੇਖਣ ਲੱਗ ਪਏ। ਆਪਣੇ ਹੁਨਰ ਨੂੰ ਸਹੀ ਮੁਕਾਮ, ਸਹੀ ਉਡਾਣ ਦੇਣੀ ਹੈ ਤਾਂ ਹੋਰ ਦੇਸ਼ਾਂ ਤੇ ਹੋਰ ਭਾਸ਼ਾਵਾਂ ਦਾ ਸਹਾਰਾ ਲੈਣ ਵਿਚ ਕੋਈ ਸਮੱਸਿਆ ਨਹੀਂ, ਸਗੋਂ ਮਾਣ ਹੋਣਾ ਚਾਹੀਦਾ ਪਰ ਮਾਂ-ਬੋਲੀ ਦੀ ਹਿੱਕ ਉੱਪਰ ਪੈਰ ਰੱਖ ਕੇ ਅਸੀਂ ਉੱਚੇ ਨਹੀਂ ਹੋ ਸਕਦੇ। ਇਹ ਸਚਾਈ ਹੈ। ਅਸੀਂ ਸ਼ਰਮ ਮਹਿਸੂਸ ਕਰਨੀ ਸ਼ੁਰੂ ਹੀ ਕੀਤੀ ਸੀ ਕਿ ਪੰਜਾਬੀ ਮਾਂ-ਬੋਲੀ ਤੋਂ, ਅੰਗਰੇਜ਼ੀ ਸਕੂਲਾਂ ਨੇ ਮਾਪਿਆਂ ਦੀਆਂ ਜੇਬਾਂ 'ਤੇ ਸ਼ਰ੍ਹੇਆਮ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ। ਬਹੁ-ਮੰਜ਼ਲੀ ਇਮਾਰਤਾਂ ਨੇ ਸਾਡੇ ਸਰਕਾਰੀ ਸਕੂਲ ਨਿਗਲ ਲਏ ਹਨ। ਸਾਨੂੰ ਇਸ ਧੋਖੇ ਦੀ ਦੁਨੀਆ 'ਚੋਂ ਬਾਹਰ ਨਿਕਲਣਾ ਪਵੇਗਾ ਕਿ ਕਿਸੇ ਹੋਰ ਭਾਸ਼ਾ ਵੱਲ ਸਾਡੇ ਝੁਕਾਅ ਨੇ ਇਕੱਲੀ ਸਾਡੀ ਮਾਂ-ਬੋਲੀ ਨੂੰ ਹੀ ਸਾਥੋਂ ਦੂਰ ਕੀਤਾ। ਸਿੱਧੇ ਜਾਂ ਅਸਿੱਧੇ ਰੂਪ ਨਾਲ ਬਹੁਤ ਕੁਝ ਖੋਹ ਲਿਆ, ਸਾਡੇ ਕੋਲੋਂ ਸਾਡਾ ਵਜੂਦ, ਸਾਡੀ ਪਛਾਣ ਖੋਹ ਲਈ। ਰਿਸ਼ਤਿਆਂ ਉੱਪਰ ਹਨੇਰੇ ਬੱਦਲਾਂ ਦਾ ਪ੍ਰਭਾਵ ਏਨਾ ਵੀ ਸੰਘਣਾ ਨਾ ਹੋਣ ਦਿਓ ਕਿ ਮੇਰੀ ਮਾਂ-ਬੋਲੀ ਦਾ ਸੂਰਜ ਛੁਪ ਜਾਵੇ। ਇਸ ਸੂਰਜ ਦੀ ਲੋਅ ਨੂੰ ਤੇਜ਼ ਕਰਨ ਲਈ ਸਾਨੂੰ ਸਭ ਨੂੰ ਯਤਨਸ਼ੀਲ ਕਦਮ ਪੁੱਟਣੇ ਪੈਣਗੇ। ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਹਰ ਦਫਤਰ ਵਿਚ ਪੰਜਾਬੀ ਭਾਸ਼ਾ ਵਿਚ ਕੰਮ ਕੀਤੇ ਜਾਣ। ਸੜਕਾਂ 'ਤੇ ਲੱਗੇ ਬੋਰਡਾਂ ਉੱਪਰ ਪਹਿਲਾਂ ਪੰਜਾਬੀ ਲਿਖੀ ਜਾਵੇ। ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਇਸ ਪਵਿੱਤਰ ਰਿਸ਼ਤੇ ਦਾ ਨਿੱਘ ਬਣਾਈ ਰੱਖਣ ਲਈ ਪਹਿਲਕਦਮੀ ਸ਼ੁਰੂ ਹੋਵੇ। ਇਹ ਆਉਣ ਵਾਲੀ ਨਸਲ ਲਈ ਸਭ ਤੋਂ ਵਧੀਆ ਤੋਹਫ਼ਾ ਹੋਵੇਗਾ। ਪੰਜਾਬੀ ਬੋਲੀ ਨੂੰ ਖ਼ਤਮ ਕਰਨਾ ਹੈ ਜਾਂ ਇਹੋ ਜਿਹਾ ਮੁਕਾਮ ਦੇਣਾ ਹੈ ਕਿ ਹਰ ਕੋਈ ਪੰਜਾਬੀ ਬੋਲਣਾ, ਪੜ੍ਹਨਾ, ਲਿਖਣਾ ਪਸੰਦ ਕਰੇ, ਇਸ ਦੇ ਸਫਰ ਦੀ ਹੱਦ ਸਾਡੀ ਇਸ ਪ੍ਰਤੀ ਨਫਰਤ ਜਾਂ ਪਿਆਰ ਤੈਅ ਕਰੇਗਾ। ਆਓ, ਪੰਜਾਬੀ ਦੇ ਇਸ ਸੂਰਜ ਨੂੰ ਕਦੇ ਵੀ ਨਾ ਖ਼ਤਮ ਹੋਣ ਵਾਲੇ ਹਨੇਰੇ 'ਚ ਅਸਤ ਹੋਣ ਤੋਂ ਬਚਾ ਲਈਏ।

-ਮੋਬਾ: 81468-08995

ਅੰਗ ਦਾਨ ਸਬੰਧੀ ਮਹੱਤਵਪੂਰਨ ਜਾਣਕਾਰੀ

ਅੰਗ ਦਾਨ ਕਿਸੇ ਵਿਅਕਤੀ ਨੂੰ ਜੀਵਨ ਦਾਨ ਦਾ ਤੋਹਫਾ ਹੈ, ਜਿਸ ਰਾਹੀਂ ਵਿਅਕਤੀ ਜਿਊਂਦੇ-ਜੀਅ ਜਾਂ ਮਰਨ ਉਪਰੰਤ ਬਿਮਾਰੀ ਦੀ ਅੰਤਿਮ ਅਵਸਥਾ ਨਾਲ ਜੂਝ ਰਹੇ ਕਿਸੇ ਦੂਸਰੇ ਲੋੜਵੰਦ ਵਿਅਕਤੀ ਨੂੰ ਆਪਣਾ ਅੰਗ ਦਾਨ ਕਰਕੇ ਉਸ ਦੀ ਜ਼ਿੰਦਗੀ ਬਚਾਉਂਦਾ ਹੈ। ਭਾਰਤ ਵਿਚ ਅੰਗਦਾਨ ਦੀ ਦਰ 0.8 ਪ੍ਰਤੀ 10 ਲੱਖ ਹੈ, ਭਾਵ 10 ਲੱਖ ਵਿਚੋਂ ਕੇਵਲ ਇਕ ਵਿਅਕਤੀ ਹੀ ਅੰਗ ਦਾਨ ਕਰਦਾ ਹੈ ਜਦੋਂ ਕਿ ਸਪੇਨ ਵਿਚ 36 ਵਿਅਕਤੀ ਅਤੇ ਅਮਰੀਕਾ ਵਿਚ 25 ਵਿਅਕਤੀ ਪ੍ਰਤੀ 10 ਲੱਖ ਅੰਗਦਾਨ ਕਰਦੇ ਹਨ। ਹਰ ਸਾਲ ਭਾਰਤ ਵਿਚ ਲਗਪਗ 5 ਲੱਖ ਲੋਕ ਲੋੜੀਂਦੇ ਅੰਗ ਨਾ ਮਿਲਣ ਕਾਰਨ ਦਮ ਤੋੜ ਜਾਂਦੇ ਹਨ। ਭਾਰਤ ਸਰਕਾਰ ਵਲੋਂ ਅੰਗ ਦਾਨ ਸਬੰਧੀ ਦੇਖ-ਰੇਖ ਲਈ ਕੇਂਦਰ ਵਿਚ ਨੋਟੋ (ਕੇਂਦਰੀ ਅੰਗ ਦਾਨ ਅਤੇ ਟਿਸ਼ੂ ਟਰਾਂਸਪਲਾਂਟ ਸੰਸਥਾ) ਅਤੇ ਖੇਤਰਾਂ ਵਿਚ 5 ਰੋਟੋ ਕੇਂਦਰ (ਖੇਤਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਸਥਾ) ਸਥਾਪਤ ਕੀਤੇ ਗਏ ਹਨ। ਉੱਤਰੀ ਭਾਰਤ ਦਾ ਖੇਤਰੀ ਕੇਂਦਰ ਰੋਟੋ, ਪੀ.ਜੀ.ਆਈ. ਚੰਡੀਗੜ੍ਹ ਵਿਖੇ ਸਥਾਪਤ ਹੈ, ਜੋ 7 ਰਾਜਾਂ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੂੰ ਕੰਟਰੋਲ ਕਰਦਾ ਹੈ। ਭਾਰਤ ਸਰਕਾਰ ਵਲੋਂ ਮਨੁੱਖੀ ਅੰਗ ਦਾਨ ਅਤੇ ਟਰਾਂਸਪਲਾਂਟ ਐਕਟ 1994 ਮੁਤਾਬਕ ਅੰਗ ਦਾਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜ਼ਿੰਦਾ ਰਹਿੰਦੇ ਹੋਏ 18 ਸਾਲ ਤੋਂ ਵੱਧ ਉਮਰ ਦਾ ਸਿਹਤਮੰਦ ਵਿਅਕਤੀ ਅੰਗਦਾਨ ਐਕਟ ਮੁਤਾਬਕ ਆਪਣੇ ਪਰਿਵਾਰਕ ਮੈਂਬਰ ਜਾਂ ਨਜ਼ਦੀਕੀ ਰਿਸ਼ਤੇਦਾਰ ਨੂੰ ਲੋੜ ਪੈਣ 'ਤੇ ਅੰਗ ਦਾਨ ਕਰ ਸਕਦਾ ਹੈ। ਇਕ ਅੰਗ ਦਾਨੀ 8 ਜ਼ਿੰਦਗੀਆਂ ਬਚਾਉਂਦਾ ਹੈ ਅਤੇ 75 ਜ਼ਿੰਦਗੀਆਂ ਨੂੰ ਬਿਹਤਰ ਕਰ ਸਕਦਾ ਹੈ। ਜਿਊਂਦੇ-ਜੀਅ ਇਕ ਗੁਰਦਾ, ਜਿਗਰ ਅਤੇ ਪੈਂਕਰੀਆਜ਼ ਦਾ ਕੁਝ ਹਿੱਸਾ ਦਾਨ ਕੀਤਾ ਜਾ ਸਕਦਾ ਹੈ ਅਤੇ ਮਰਨ ਉਪਰੰਤ, ਦਿਮਾਗ਼ੀ ਮੌਤ ਹੋਣ ਤੋਂ ਬਾਅਦ 2 ਗੁਰਦੇ, ਜਿਗਰ, ਦਿਲ, 2 ਫੇਫੜੇ, ਪੈਂਕਰੀਆਜ਼, ਅੱਖਾਂ, ਦਿਲ ਦੇ ਵਾਲਵ, ਚਮੜੀ, ਹੱਡੀਆਂ, ਬੋਨਮੈਰੋ ਅਤੇ ਖੂਨ ਦੀਆਂ ਨਾਲੀਆਂ ਦਾਨ ਕੀਤੀਆਂ ਜਾ ਸਕਦੀਆਂ ਹਨ। ਅੰਗ ਦਾਨ ਕੇਵਲ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਆਦਮੀ ਦੀ ਦਿਮਾਗੀ ਮੌਤ ਹਸਪਤਾਲ ਵਿਚ ਹੁੰਦੀ ਹੈ। ਘਰ ਵਿਚ ਮੌਤ ਜਾਂ ਕੁਦਰਤੀ ਮੌਤ ਹੋਣ ਨਾਲ ਸਿਰਫ ਚਮੜੀ ਅਤੇ ਅੱਖਾਂ ਹੀ ਦਾਨ ਕੀਤੀਆਂ ਜਾ ਸਕਦੀਆਂ ਹਨ। ਅੰਗ ਦਾਨ ਦੋ ਤਰ੍ਹਾਂ ਨਾਲ ਹੋ ਸਕਦਾ ਹੈ। ਜਿਊਂਦੇ ਜੀਅ ਡੋਨਰ ਫਾਰਮ ਭਰ ਕੇ ਜਾਂ ਮੌਤ ਤੋਂ ਬਾਅਦ ਪਰਿਵਾਰ ਦੀ ਇੱਛਾ ਨਾਲ। ਅੰਗ ਦਾਨ ਕਰਨ ਲਈ ਡੋਨਰ ਫਾਰਮ 7, ਪੀ.ਜੀ.ਆਈ. ਚੰਡੀਗੜ੍ਹ ਦੇ ਟਰਾਂਸਪਲਾਂਟ ਵਿਭਾਗ ਜਾਂ ਰੋਟੋ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਫਾਰਮ ਰਾਹੀਂ ਕੋਈ ਵੀ ਵਿਅਕਤੀ ਆਪਣਾ ਡੋਨਰ ਕਾਰਡ ਬਣਵਾ ਸਕਦਾ ਹੈ, ਜਿਸ ਵਿਚ ਉਹ ਇਹ ਇੱਛਾ ਜ਼ਾਹਰ ਕਰਦਾ ਹੈ ਕਿ ਉਸ ਦੇ ਅੰਗ ਉਸ ਦੇ ਮਰਨ ਤੋਂ ਬਾਅਦ ਦਾਨ ਕਰ ਦਿੱਤੇ ਜਾਣ। ਇਸ ਫਾਰਮ ਨੂੰ ਵੈੱਬਸਾਈਟ www.rottop{}mer.}n ਤੋਂ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ। ਫਾਰਮ ਪ੍ਰਾਪਤ ਕਰਨ ਤੋਂ ਬਾਅਦ ਅੰਗ ਦਾਨ ਕਾਰਡ ਰੋਟੋ ਦੁਆਰਾ ਜਾਰੀ ਕੀਤਾ ਜਾਂਦਾ ਹੈ।

-ਚੰਡੀਗੜ੍ਹ। ਮੋਬਾ: 98552-50641

ਰੁਕ ਨਹੀਂ ਰਹੀ ਮਿਲਾਵਟੀ ਵਸਤਾਂ ਦੀ ਵਿਕਰੀ

ਤਿਉਹਾਰਾਂ ਦੇ ਦਿਨਾਂ ਦੌਰਾਨ ਮਠਿਆਈਆਂ ਦੀ ਵਧਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਨਕਲੀ ਦੁੱਧ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੇ ਪੂਰੀ ਤਾਕਤ ਲਗਾਈ। ਇਹ ਲੋਕ ਵੱਡੇ ਪੱਧਰ 'ਤੇ ਨਕਲੀ ਦੁੱਧ ਤਿਆਰ ਕਰਕੇ ਇਸ ਦੀ ਵਰਤੋਂ ਮਠਿਆਈਆਂ ਤੇ ਹੋਰ ਖਾਧ ਪਦਾਰਥ ਬਣਾ ਕੇ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਪਰ ਦੇਸ਼ ਵਿਚ ਅਜਿਹੇ ਲੋਕਾਂ ਖਿਲਾਫ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਇਹ ਲੋਕ ਬੇਖੌਫ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਇਹ ਜ਼ਹਿਰੀਲਾ ਦੁੱਧ ਏਨਾ ਜ਼ਿਆਦਾ ਖ਼ਤਰਨਾਕ ਹੈ ਕਿ ਇਸ ਦੇ ਨਤੀਜੇ ਸਾਨੂੰ ਜਲਦੀ ਮਿਲਣੇ ਸ਼ੁਰੂ ਹੋ ਜਾਣਗੇ। ਵਿਸ਼ਵ ਸਿਹਤ ਸੰਗਠਨ ਨੇ ਇਹ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਸਾਲ 2025 ਤੱਕ ਭਾਰਤ ਦੀ 81 ਫੀਸਦੀ ਆਬਾਦੀ ਨੂੰ ਕੈਂਸਰ ਦਾ ਖਤਰਾ ਹੈ। ਫਿਰ ਵੀ ਇਹ ਲੋਕਾਂ ਖਿਲਾਫ ਕੋਈ ਠੋਸ ਸ਼ਿਕੰਜਾ ਨਹੀਂ ਕੱਸਿਆ ਜਾ ਰਿਹਾ। ਦੇਸ਼ ਵਿਚ ਸਫਾਈ ਅਭਿਆਨ ਚਲਾਏ ਜਾ ਰਹੇ ਹਨ ਤਾਂ ਜੋ ਦੇਸ਼ ਸਾਫ਼-ਸੁਥਰਾ ਲੱਗ ਸਕੇ। ਸਾਫ਼-ਸੁਥਰੇ ਮੁਲਕ ਨੂੰ ਦੇਖਣ ਲਈ ਕੋਈ ਤੰਦਰੁਸਤ ਨਾਗਰਿਕ ਬਚੇਗਾ, ਤਾਂ ਹੀ ਕੋਈ ਸੋਹਣੇ ਮੁਲਕ ਨੂੰ ਵੇਖੇਗਾ। ਜਿਸ ਹਿਸਾਬ ਨਾਲ ਮਿਲਾਵਟਖੋਰੀ ਹੋ ਰਹੀ ਹੈ, ਇਸ ਤਰ੍ਹਾਂ ਲਗਦਾ ਹੈ ਕਿ ਸਾਡਾ ਅੰਤ ਨੇੜੇ ਹੀ ਹੈ। ਦੁੱਧ ਤੋਂ ਇਲਾਵਾ ਹੋਰ ਵੀ ਲਗਪਗ ਸਾਰੇ ਖਾਧ ਪਦਾਰਥ ਜਿਵੇਂ ਫਲ, ਸਬਜ਼ੀਆਂ ਵਿਚ ਵੀ ਕਈ ਤਰ੍ਹਾਂ ਦੇ ਰਸਾਇਣ ਪਾਏ ਜਾ ਰਹੇ ਹਨ। ਇਹ ਰਸਾਇਣ ਸਾਨੂੰ ਅੰਦਰੋ-ਅੰਦਰੀ ਕਮਜ਼ੋਰ ਬਣਾ ਰਹੇ ਹਨ। ਕਦੇ-ਕਦੇ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਇਹ ਦੇਸ਼ ਬਿਨਾਂ ਸਰਕਾਰ ਤੋਂ ਹੀ ਚੱਲ ਰਿਹਾ ਹੈ। ਮਿਲਾਵਟਖੋਰੀ ਪੂਰੇ ਜ਼ੋਰਾਂ 'ਤੇ ਹੋ ਰਹੀ ਹੈ। ਇਹ ਸਭ ਦੇਖ ਕੇ ਮਨ ਬਹੁਤ ਉਦਾਸ ਹੁੰਦਾ ਹੈ। ਪੈਸੇ ਦੇ ਕੇ ਵੀ ਸਹੀ ਚੀਜ਼ ਨਹੀਂ ਮਿਲਦੀ। ਖਾਧ ਪਦਾਰਥ ਦੇਸ਼ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ। ਜੇ ਇਹੀ ਖਰਾਬ ਤਾਂ ਦੇਸ਼ ਦੇ ਨਾਗਰਿਕਾਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ? ਸਾਨੂੰ ਕਾਨੂੰਨ ਵੀ ਇਹੀ ਕਹਿੰਦਾ ਹੈ ਕਿ 'ਇਕ ਤੰਦਰੁਸਤ ਨਾਗਰਿਕ ਦੇਸ਼ ਦੀ ਵਡਮੁੱਲੀ ਪੂੰਜੀ ਹੈ।' ਜੋ ਇਸ ਵਡਮੁੱਲੀ ਪੂੰਜੀ ਨੂੰ ਖਰਾਬ ਕਰਦਾ ਹੈ, ਉਸ ਵਿਰੁੱਧ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਉਹ ਦੁਬਾਰਾ ਇਹ ਗ਼ਲਤੀ ਨਾ ਕਰੇ। ਜੇ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਪੂਰੀ ਤਰ੍ਹਾਂ ਬਿਮਾਰੀਆਂ ਦੀ ਗ੍ਰਿਫਤ ਵਿਚ ਆ ਚੁੱਕਾ ਹੋਵੇਗਾ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਮੌਜੂਦਾ ਸਰਕਾਰਾਂ ਦੀ ਹੋਵੇਗੀ। ਸਮੇਂ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਮਿਲਾਵਟਖੋਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

-ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ। ਮੋਬਾ: 99143-21818

ਲਿੰਕ ਸੜਕਾਂ ਦੀ ਵੀ ਲਓ ਸਾਰ

ਲਿੰਕ ਸੜਕਾਂ ਨੂੰ ਸੰਪਰਕ ਸੜਕਾਂ ਅਤੇ ਆਮ ਆਦਮੀ ਦੀਆਂ ਸੜਕਾਂ ਵੀ ਕਿਹਾ ਜਾਂਦਾ ਹੈ। ਚੰਗੀ ਗੱਲ ਹੈ ਕਿ ਪੰਜਾਬ ਵਿਚ ਇਨ੍ਹਾਂ ਸੜਕਾਂ ਜਾਲ ਵਿਸ਼ਿਆ ਹੋਇਆ ਹੈ। ਸ਼ਾਇਦ ਹੀ ਪੰਜਾਬ ਦਾ ਕੋਈ ਪਿੰਡ-ਕਸਬਾ ਹੋਵੇ ਜੋ ਇਨ੍ਹਾਂ ਸੜਕਾਂ ਤੋਂ ਵਿਰਵਾ ਹੋਵੇ। ਆਵਾਜਾਈ ਵਿਚ ਇਨ੍ਹਾਂ ਸੜਕਾਂ ਦਾ ਅਹਿਮ ਸਥਾਨ ਹੈ। ਜਿਥੇ ਇਹ ਸੜਕਾਂ, ਪਿੰਡਾਂ, ਕਸਬਿਆਂ, ਸ਼ਹਿਰਾਂ ਨੂੰ ਆਪਸ ਵਿਚ ਜੋੜਦੀਆਂ ਹਨ, ਉਥੇ ਇਹ ਸੜਕਾਂ ਮੁੱਖ ਸੜਕਾਂ ਜਿਵੇਂ ਚਹੁੰ-ਮਾਰਗੀ ਅਤੇ ਛੇ ਮਾਰਗੀ ਸੜਕਾਂ ਨਾਲ ਜੋੜਨ ਦਾ ਅਹਿਮ ਕਾਰਜ ਕਰਦੀਆਂ ਹਨ। ਮੁੱਖ ਸੜਕਾਂ 'ਤੇ ਜਦੋਂ ਕਿਸੇ ਕਾਰਨ-ਆਵਾਜਾਈ ਵਿਚ ਵਿਘਨ ਪੈਂਦਾ ਹੈ ਤਾਂ ਲਿੰਕ ਸੜਕਾਂ ਰਾਹੀਂ ਹੀ ਆਵਾਜਾਈ ਨੂੰ ਚਾਲੂ ਰੱਖਣ ਲਈ ਬੇਰੋਕ ਵਿਵਸਥਾ ਉਪਲਬਧ ਹੋ ਜਾਂਦੀ ਹੈ। ਆਮ ਆਦਮੀ ਅਤੇ ਆਮ ਜਨਜੀਵਨ ਦੀ ਗਤੀਸ਼ੀਲਤਾ ਲਈ ਲਿੰਕ ਸੜਕਾਂ ਦਾ ਅਹਿਮ ਸਥਾਨ ਹੈ। ਪਿੰਡਾਂ ਵਿਚ ਜਨਤਕ ਥਾਵਾਂ, ਧਾਰਮਿਕ ਸਥਾਨ, ਸ਼ਮਸ਼ਾਨਘਾਟ, ਫਿਰਨੀਆਂ, ਸਕੂਲਾਂ, ਬਸਤੀਆਂ, ਕਾਲੋਨੀਆਂ ਆਦਿ ਨੂੰ ਸੰਪਰਕ ਸੜਕਾਂ ਨਾਲ ਜੋੜਿਆ ਗਿਆ ਹੈ। ਸੋ, ਸੰਪਰਕ ਸੜਕਾਂ ਦੀ ਸਮਾਜਿਕ, ਆਰਥਿਕ ਅਤੇ ਆਵਾਜਾਈ ਵਿਕਾਸ ਪੱਖ ਤੋਂ ਬਹੁਤ ਮਹੱਤਤਾ ਹੈ। ਪਰ ਅਫਸੋਸ, ਇਨ੍ਹਾਂ ਲਿੰਕ ਸੜਕਾਂ ਨੂੰ ਇਕ ਵਾਰ ਬਣਾ ਕੇ ਮੁੜ ਕੇ ਇਨ੍ਹਾਂ ਦੀ ਸਾਰ ਨਹੀਂ ਲਈ ਜਾਂਦੀ। ਮੁਰੰਮਤ ਪੱਖੋਂ ਇਨ੍ਹਾਂ ਦੀ ਘਾਟ ਮਹੇਸ਼ਾ ਰੜਕਦੀ ਰਹਿੰਦੀ ਹੈ। ਦਹਾਕੇ ਪਹਿਲਾਂ ਬਣੀਆਂ ਸੜਕਾਂ ਟੁੱਟ-ਭੱਜ ਗਈਆਂ ਹਨ। ਇਨ੍ਹਾਂ ਸੜਕਾਂ ਦੀ ਹਾਲਤ ਕੱਚੇ ਰਸਤਿਆਂ ਨਾਲੋਂ ਵੀ ਮਾੜੀ ਹੋ ਗਈ ਹੈ। ਇਨ੍ਹਾਂ ਵਿਚ ਅੱਖਲੀਆਂ, ਟੋਏ, ਖੱਡੇ ਪੈ ਚੁੱਕੇ ਹਨ। ਜਿਥੇ ਇਨ੍ਹਾਂ ਸੜਕਾਂ 'ਤੇ ਆਵਾਜਾਈ 'ਚ ਵਿਘਨ ਪੈਂਦਾ ਹੈ, ਉਥੇ ਹਮੇਸ਼ਾ ਦੁਰਘਟਨਾਵਾਂ ਵਾਪਰਨ ਦਾ ਖਦਸ਼ਾ ਹਮੇਸ਼ਾ ਮੰਡਰਾਉਂਦਾ ਰਹਿੰਦਾ ਹੈ। ਇਕ ਇਹ ਸੜਕਾਂ ਪਹਿਲਾਂ ਹੀ ਤੰਗ ਰਸਤਿਆਂ ਵਿਚ ਬਣੀਆਂ ਹੋਈਆਂ ਹਨ। ਇਨ੍ਹਾਂ ਦੇ ਪਾਸਿਆਂ ਦੀ ਜਗ੍ਹਾ (ਵਰਮ) ਘੱਟ ਚੌੜੀ ਹੈ। ਕਈ ਜਗ੍ਹਾ 'ਤੇ ਇਹ ਵਰਮ ਸੜਕ ਦੇ ਨਾਲ ਲਗਦੇ ਖੇਤਾਂ ਵਿਚ ਰੋਕੇ ਹੋਏ ਹਨ। ਇਨ੍ਹਾਂ ਵਰਮਾਂ ਵਿਚ ਡੂੰਘੇ ਟੋਏ ਪਏ ਹੋਏ ਹਨ, ਜਿਸ ਕਰਕੇ ਵਾਹਨਾਂ ਦੇ ਪਾਸ ਕਰਨ ਦੀ ਸਮੱਸਿਆ ਵੀ ਆਉਂਦੀ ਰਹਿੰਦੀ ਹੈ। ਲਿੰਕ ਸੜਕਾਂ ਤੋਂ ਸਾਈਨ ਬੋਰਡ ਵੀ ਘੱਟ ਹੀ ਨਜ਼ਰ ਪੈਂਦੇ ਹਨ। ਕਈ ਜਗ੍ਹਾ 'ਤੇ ਇਨ੍ਹਾਂ ਸੜਕਾਂ ਨੂੰ ਪਾਰ ਕਰਦੇ ਨਿਕਾਸੀ ਨਾਲੇ, ਡਰੇਨਾਂ ਦੇ ਪੁਲ ਵੀ ਘੋਨੇ ਬਣੇ ਹੋਏ ਹਨ, ਜਿਸ ਕਰਕੇ ਕਿਸੇ ਵੀ ਸਮੇਂ ਘਟਨਾ ਵਾਪਰ ਸਕਦੀ ਹੈ। ਸੋ, ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਦੋਂ ਕੋਈ ਲਿੰਕ ਸੜਕ ਬਣਾਈ ਜਾਂਦੀ ਹੈ ਤਾਂ ਇਸ ਦੀ ਮੁਰੰਮਤ ਲਈ ਵੀ ਸਮਾਂ ਸੀਮਾ ਨਿਰਧਾਰਤ ਕੀਤੀ ਜਾਵੇ। ਜਿਥੇ ਚਾਰ ਮਾਰਗੀ, ਛੇ ਮਾਰਗੀ, ਫਲਾਈਓਵਰ ਪੁਲ ਬਣਾਏ ਜਾ ਰਹੇ ਹਨ, ਉਥੇ ਸੰਪਰਕ ਸੜਕਾਂ ਦੀ ਮੁਰੰਮਤ ਅਤੇ ਦੇਖਭਾਲ ਵੀ ਸਮੇਂ ਸਿਰ ਕੀਤੀ ਜਾਵੇ।

-ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿ: ਤਪਾ, ਜ਼ਿਲ੍ਹਾ ਬਰਨਾਲਾ-148100


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX