ਤਾਜਾ ਖ਼ਬਰਾਂ


ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  4 minutes ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  11 minutes ago
ਮੁੰਬਈ, 24 ਮਾਰਚ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 45 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ...
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  7 minutes ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  24 minutes ago
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਫੌਜੀ ਖੇਤਰ 'ਚ ਸਥਿਤ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਨਾਮੀ ਕੰਟੀਨ ਦੇ ਸਾਹਮਣਿਓਂ ਅੱਜ ਬਾਰੂਦੀ ਸੁਰੰਗ ਵਿਛਾਉਣ ਲਈ ਇਸਤੇਮਾਲ ਕੀਤਾ ਜਾਂਦਾ ਬੰਬ (ਮਾਈਨ) ਮਿਲਿਆ। ਇਸ ਮਗਰੋਂ ਫੌਜ ਨੇ...
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  7 minutes ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  37 minutes ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  43 minutes ago
ਪਣਜੀ, 24 ਮਾਰਚ- ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅੱਜ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਨਾਇਡੂ ਨੇ ਟਵੀਟ ਕਰਕੇ ਕਿਹਾ, ''ਅੱਜ ਗੋਆ 'ਚ...
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  about 1 hour ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  about 1 hour ago
ਇਸਲਾਮਾਬਾਦ, 24 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੰਧ ਸੂਬੇ 'ਚ ਦੋ ਨਾਬਾਲਗ ਹਿੰਦੂ ਲੜਕੀਆਂ ਦੀ ਅਗਵਾਕਾਰੀ, ਜਬਰਨ ਵਿਆਹ, ਧਰਮ ਪਰਿਵਰਤਨ ਅਤੇ ਘੱਟ ਉਮਰ 'ਚ ਵਿਆਹ ਕਰਾਏ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ...
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  about 1 hour ago
ਨਵੀਂ ਦਿੱਲੀ, 24 ਮਾਰਚ - ਹਰਿਆਣਾ ਦੀ ਪ੍ਰਸਿੱਧ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਨੇ ਕਿਹਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ। ਪ੍ਰਿਅੰਕਾ ਗਾਂਧੀ ਵਾਡਰਾ ਨਾਲ ਜੋ ਉਨ੍ਹਾਂ ਦੀਆਂ ਤਸਵੀਰਾਂ ਛਾਇਆ ਹੋਇਆਂ ਹਨ, ਉਹ ਪੁਰਾਣੀਆਂ ਹਨ। ਸਪਨਾ ਨੇ ਕਿਹਾ ਕਿ ਉਹ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਖ਼ੁਸ਼ਬੂ

ਉਹ ਸ਼ੁਰੂ ਤੋਂ ਹੀ ਇੱਕਲਾ ਸੀ | ਮਾਂ-ਬਾਪ ਦਾ ਇਕੱਲਾ ਪੁੱਤਰ | ਸਭ ਕੁਝ ਸੀ, ਉਸ ਲਈ ਉਸ ਘਰ ਵਿਚ | ਗੱਲ ਉਹ ਮੂੰਹੋਂ ਬਾਅਦ ਵਿਚ ਕੱਢਦਾ ਪਰ ਪੂਰੀ ਪਹਿਲਾਂ ਹੁੰਦੀ ਸੀ | ਪਰ ਫਿਰ ਵੀ ਉਹ ਉਦਾਸ ਤੇ ਚੁੱਪ-ਚਾਪ ਰਹਿੰਦਾ | ਗਲੀ ਵਿਚ ਵੀ ਘੱਟ ਹੀ ਨਿਕਲਦਾ, ਬੱਚਿਆਂ ਨਾਲ ਵੀ ਨਾ ਖੇਡਦਾ | ਉਸ ਦਾ ਕੋਈ ਯਾਰ-ਬੇਲੀ ਨਹੀਂ ਸੀ | ਮਾਂ-ਬਾਪ ਵੀ ਉਸ ਦੀ ਚਿੰਤਾ ਕਰਦੇ | ਉਹ ਕਹਿ-ਕਹਿ ਕੇ ਥੱਕ ਚੁੱਕੇ ਸੀ ਉਸ ਨੂੰ ਕਿ ਤੂੰ ਬਾਹਰ ਨਿਕਲ, ਕੋਈ ਦੋਸਤ ਬਣਾ | ਬੱਚਿਆਂ ਨਾਲ ਖੇਡਿਆ ਕਰ | ਪਰ ਉਹ ਚੁੱਪ-ਚੁੱਪ ਘਰ ਹੀ ਬੈਠਾ ਰਹਿੰਦਾ | ਉਸ ਦੇ ਮੰਮੀ ਪਾਪਾ ਦੋਵੇਂ ਨੌਕਰੀ ਕਰਦੇ ਸਨ | ਉਹ ਸਕੂਲ ਜਾਂਦਾ ਤੇ ਸਕੂਲੋਂ ਆ ਕੇ ਫਿਰ ਉਹ ਆਪਣੀ ਪਹਿਲਾਂ ਵਾਲੀ ਰੂਟੀਨ | ਪਰ ਫਿਰ ਇਕ ਦਮ ਜਿਵੇਂ ਉਸ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆ ਗਿਆ ਸੀ | ਉਹ ਚੁੱਪ-ਚਾਪ ਰਹਿਣ ਵਾਲਾ ਲੜਕਾ ਹੁਣ ਗੱਲਾਂ ਕਰਦਾ ਨਹੀਂ ਸੀ ਥੱਕਦਾ | ਉਸ ਦੀਆਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਸਨ | ਉਹ ਹੁਣ ਛੇਵੀਂ ਕਲਾਸ ਵਿਚ ਹੋਇਆ ਸੀ | ਇਕ ਦਿਨ ਉਨ੍ਹਾਂ ਦੇ ਘਰ ਕੁਝ ਮਹਿਮਾਨ ਆਏ | ਉਸ ਦੇ ਪਿਤਾ ਜੀ ਦੇ ਦੋਸਤ ਨਾਲ ਉਨ੍ਹਾਂ ਦੀ ਘਰਵਾਲੀ ਤੇ ਬੇਟੀ | ਉਨ੍ਹਾਂ ਦੀ ਬੇਟੀ ਨੂੰ ਉਨ੍ਹਾਂ ਦੇ ਸ਼ਹਿਰ ਦੇ ਕਾਲਜ ਵਿਚ ਇੰਜੀਨੀਅਰਿੰਗ ਦੀ ਸੀਟ ਮਿਲੀ ਸੀ ਤੇ ਹੋਸਟਲ ਵਿਚ ਜਗ੍ਹਾ ਨਾ ਹੋਣ ਕਰਕੇ ਉਸ ਨੇ ਉਨ੍ਹਾਂ ਦੇ ਘਰ ਹੀ ਰਹਿਣਾ ਸੀ | ਬੜਾ ਪਿਆਰਾ ਜਿਹਾ ਨਾਂਅ ਸੀ ਉਸ ਦਾ ਰੂਬੀ | ਉਹ ਉਸ ਨੂੰ ਛੱਡ ਕੇ ਚਲੇ ਗਏ | ਪਹਿਲਾਂ-ਪਹਿਲਾਂ ਤਾਂ ਉਹ ਉਸ ਕੋਲੇ ਵੀ ਨਹੀਂਾ ਸੀ ਆਉਂਦਾ | ਜੇਕਰ ਉਹ ਬੁਲਾਉਂਦੀ ਤਾਂ ਵੀ ਚੁੱਪ ਰਹਿੰਦਾ ਸੀ | ਇਕ ਦਿਨ ਉਸਦੀ ਮੰਮੀ ਨੇ ਰੂਬੀ ਨੇ ਕਿਹਾ ਬੇਟਾ ਇਸ ਨੂੰ ਕਿਹਾ ਕਰ ਉਹ ਸਭ ਨਾਲ ਘੁਲਿਆ ਮਿਲਿਆ ਕਰੇ | ਬਿਲਕੁਲ ਚੁੱਪ-ਚਾਪ ਬੈਠਾ ਰਹਿੰਦਾ ਹੈ | ਨਾ ਕਿਸੇ ਨਾਲ ਖੇਡਦਾ ਹੈ ਤੇ ਨਾ ਹੀ ਕਿਸੇ ਨਾਲ ਹੱਸ ਕੇ ਬੋਲਦਾ ਹੈ | ਉਸ ਦਿਨ ਪਹਿਲੀ ਵਾਰ ਰੂਬੀ ਉਸ ਦੇ ਕਮਰੇ ਵਿਚ ਗਈ ਸੀ | ਉਹ ਆਪਣੀ ਵੀਡੀਓ ਗੇਮ ਖੇਡ ਰਿਹਾ ਸੀ | ਉਹ ਚੁੱਪ-ਚਾਪ ਉਸ ਦੇ ਪਿੱਛੇ ਜਾ ਕੇ ਬੈਠ ਗਈ | ਉਹ ਖੇਡਣ ਵਿਚ ਏਨਾ ਮਗਨ ਸੀ ਕਿ ਉਸ ਨੂੰ ਕੁਝ ਪਤਾ ਨਾ ਲੱਗਾ ਕਿ ਕੋਈ ਉਸ ਦੇ ਕਮਰੇ ਵਿਚ ਆਇਆ ਸੀ | ਫਿਰ ਕੁਝ ਦੇਰ ਬਾਅਦ ਰੂਬੀ ਨੇ ਕਿਹਾ ਅਮਨ | ਉਸ ਨੇ ਇਕਦਮ ਤ੍ਰਭਕ ਕੇ ਪਿੱਛੇ ਦੇਖਿਆ | ਰੂਬੀ ਨੇ ਫਿਰ ਕਿਹਾ ਅਮਨ ਤੂੰ ਮੈਨੂੰ ਆਪਣੇ ਨਾਲ ਖਿਡਾਵੇਂਗਾ | ਪਹਿਲਾਂ ਤਾਂ ਉਹ ਚੁੱਪ ਰਿਹਾ ਪਰ ਫਿਰ ਉਸ ਆਪਣੀ ਵੀਡੀਓ ਗੇਮ ਉਸ ਅੱਗੇ ਕਰ ਦਿੱਤੀ | ਉਹ ਖੇਡਣ ਲੱਗੀ ਪਰ ਉਸ ਨੂੰ ਜਾਚ ਨਹੀਂ ਸੀ ਆਉਂਦੀ | ਉਸ ਫਿਰ ਕਿਹਾ ਅਮਨ ਮੈਨੂੰ ਵੀ ਸਿਖਾ ਨਾ, ਮੈਨੂੰ ਤਾਂ ਬਿਲਕੁਲ ਵੀ ਜਾਂਚ ਨਹੀਂ | ਉਹ ਪਹਿਲਾਂ ਤਾਂ ਝਿਜਕਿਆ ਤੇ ਫਿਰ ਉਹ ਉਸ ਨੂੰ ਦੱਸਣ ਲੱਗਾ ਤੇ ਕੁਝ ਦੇਰ ਬਾਅਦ ਉਸ ਦੇ ਮੂੰਹੋਂ ਵਾਰ-ਵਾਰ ਨਿਕਲ ਰਿਹਾ ਸੀ, ਰੂਬੀ ਦੀਦੀ ਇਸ ਤਰ੍ਹਾਂ ਨਹੀਂ | ਦੀਦੀ ਇਸ ਨੂੰ ਨੱਪੋ ਦੀਦੀ, ਇਸ ਨਾਲ ਤੁਸੀਂ ਆਊਟ ਹੋ ਜਾਓਗੇ | ਦੀਦੀ ਇਸ ਤਰ੍ਹਾਂ, ਦੀਦੀ ਉਸ ਤਰ੍ਹਾਂ ਤੇ ਪਤਾ ਨਹੀਂ ਕਿੰਨਾ ਕੁਝ | ਤੇ ਉਹ ਦੋਵੇਂ ਕਾਫੀ ਦੇਰ ਖੇਡਦੇ ਰਹੇ | ਅੱਜ ਉਹ ਬਹੁਤ ਖੁਸ਼ ਸੀ | ਵੀਡੀਓ ਗੇਮ ਤਾਂ ਉਹ ਰੋਜ਼ ਖੇਡਦਾ ਸੀ ਪਰ ਅੱਜ ਉਸ ਨੂੰ ਇਕ ਦੀਦੀ ਮਿਲ ਗਈ ਸੀ, ਉਸ ਨਾਲ ਖੇਡਣ ਵਾਲੀ | ਹੁਣ ਤਾਂ ਬਸ ਉਹ ਰੋਜ਼ ਦੀਦੀ-ਦੀਦੀ ਕਰਦਾ ਥੱਕਦਾ ਨਹੀਂ ਸੀ | ਜਿਸ ਦਿਨ ਰੂਬੀ ਕਾਲਜ ਤੋਂ ਲੇਟ ਹੋ ਜਾਂਦੀ, ਉਹ ਪਤਾ ਨਹੀਂ ਕਿੰਨੀ ਵਾਰ ਬੂਹੇ 'ਤੇ ਜਾ ਕੇ ਵੇਖਦਾ ਤੇ ਜਦ ਉਹ ਘਰ ਆਉਂਦੀ ਤਾਂ ਪਤਾ ਨਹੀਂ ਕਿੰਨੀ ਵਾਰ ਉਸ ਨੂੰ ਪੁੱਛਦਾ ਦੀਦੀ, ਤੁਸੀਂ ਕਿੱਥੇ ਸੀ | ਤੁਸੀਂ ਏਨੀ ਲੇਟ ਕਿਉਂ ਆਏ | ਹਰ ਰੋਜ਼ ਉਹ ਉਸ ਲਈ ਆਪਣੇ ਸਕੂਲ ਦੀ ਕੰਟੀਨ ਤੋਂ ਕੁਝ ਨਾ ਕੁਝ ਲੈ ਕੇ ਆਉਂਦਾ ਤੇ ਹਰ ਰੋਜ਼ ਆਪਣੇ ਅਮਨ ਲਈ ਉਹ ਵੀ ਕੁਝ ਨਾ ਕੁਝ ਲੈ ਕੇ ਆਉਂਦੀ | ਮੰਮੀ ਡੈਡੀ ਵੀ ਅਮਨ ਵਿਚ ਆਏ ਬਦਲਾਅ ਤੋਂ ਖੁਸ਼ ਸਨ | ਉਹ ਹੁਣ ਖੁਸ਼ ਰਹਿੰਦਾ ਸੀ | ਹਮੇਸ਼ਾ ਕੋਈ ਨਾ ਕੋਈ ਸ਼ਰਾਰਤ ਕਰਦਾ ਰਹਿੰਦਾ ਸੀ ਤੇ ਇਸ ਵਾਰ ਰੱਖੜੀ ਦੇ ਤਿਉਹਾਰ ਤੇ ਰੂਬੀ ਨੇ ਉਸ ਦੇ ਗੁੱਟ 'ਤੇ ਰੱਖੜੀ ਬੰਨ੍ਹੀ ਤੇ ਨਾਲ ਹੀ ਚਾਕਲੇਟ ਨਾਲ ਉਸ ਦਾ ਮੂੰਹ ਮਿੱਠਾ ਕਰਵਾਇਆ ਸੀ | ਕਿੰਨੇ ਦਿਨ ਉਸ ਰੱਖੜੀ ਆਪਣੀ ਬਾਂਹ 'ਤੇ ਬੰਨ੍ਹੀ ਰੱਖੀ ਸੀ | ਬੜਾ ਪਿਆਰ ਕਰਨ ਲੱਗ ਪਿਆ ਸੀ, ਉਹ ਆਪਣੀ ਦੀਦੀ ਨਾਲ | ਇਕ ਦਿਨ ਰੂਬੀ ਉਸ ਨੂੰ ਆਪਣੇ ਨਾਲ ਆਪਣੇ ਕਾਲਜ ਲੈ ਗਈ ਸੀ | ਉਸ ਦੀਆਂ ਸਹੇਲੀਆਂ ਨੇ ਅਮਨ ਨੂੰ ਘੇਰ ਲਿਆ ਤੇ ਰੂਬੀ ਨੇ ਆਪਣੀਆਂ ਸਭ ਸਹੇਲੀਆਂ ਨੂੰ ਕਿਹਾ ਕਿ ਇਹ ਉਸ ਦਾ ਛੋਟਾ ਵੀਰਾ ਅਮਨ ਹੈ | ਉਸ ਦਿਨ ਉਹ ਏਨਾ ਖੁਸ਼ ਹੋਇਆ ਜਿੰਨਾ ਉਹ ਕਦੇ ਵੀ ਨਹੀਂ ਸੀ ਹੋਇਆ | ਦੋਵੇਂ ਭੈਣ-ਭਰਾ ਛੋਟੀਆਂ ਛੋਟੀਆਂ ਖੇਡਾਂ ਖੇਡਦੇ | ਇਸ ਤਰ੍ਹਾਂ ਲਗਦਾ ਸੀ ਜਿਵੇਂ ਰੂਬੀ ਦੇ ਪਿਆਰ ਨੇ ਮੁਰਝਾਏ ਹੋਵੇ ਗੁਲਾਬ ਨੂੰ ਇਕ ਨਵੀਂ ਦਿੱਖ ਪ੍ਰਦਾਨ ਕੀਤੀ ਸੀ ਤੇ ਉਹ ਮੁੜ ਖੁਸ਼ਬੂ ਨਾਲ ਭਰ ਗਿਆ ਸੀ | ਰੂਬੀ ਉਸ ਨੂੰ ਪੜ੍ਹਾਉਂਦੀ ਵੀ ਤੇ ਨਿੱਕੀਆਂ-ਨਿੱਕੀਆਂ ਗ਼ਲਤੀਆਂ ਕਰਨ ਤੋਂ ਰੋਕਦੀ ਸੀ | ਪਰ ਇਹ ਸਭ ਕੁਝ ਉਸ ਨੂੰ ਚੰਗਾ ਲਗਦਾ ਸੀ ਤੇ ਹਰ ਸਾਲ ਜਦੋਂ ਛੁੱਟੀਆਂ ਵਿਚ ਰੂਬੀ ਆਪਣੇ ਘਰ ਵਾਪਸ ਜਾਂਦੀ ਤਾਂ ਉਹ ਦੋ ਮਹੀਨੇ ਉਸ ਲਈ ਕੱਢਣੇ ਮੁਸ਼ਕਿਲ ਹੋ ਜਾਂਦੇ ਸਨ ਤੇ ਉਸ ਦੀ ਜ਼ਿੰਦਗੀ ਵਿਚ ਆਈ ਤਬਦੀਲੀ ਫਿਰ ਬਦਲ ਜਾਂਦੀ ਤੇ ਉਹ ਫਿਰ ਪਹਿਲਾਂ ਵਾਲਾ ਅਮਨ ਬਣ ਜਾਂਦਾ | ਫਿਰ ਜਦ ਰੂਬੀ ਆ ਜਾਂਦੀ ਤਾਂ ਉਹ ਫਿਰ ਖਿੜ ਜਾਂਦਾ | ਰੂਬੀ ਕਦੀ ਮਿਠਾਈਆਂ ਤੇ ਕਈ ਕਿਸਮ ਦੇ ਖਿਡਾਉਣੇ ਉਸ ਲਈ ਲੈ ਕੇ ਆਉਂਦੀ | ਪਰ ਉਸ ਲਈ ਤਾਂ ਰੂਬੀ ਦੀਦੀ ਦਾ ਆਉਣਾ ਹੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਸੀ ਤੇੇ ਉਸ ਨੂੰ ਯਾਦ ਸੀ ਕਿ ਇਕ ਵਾਰ ਜਦੋਂ ਰੂਬੀ ਦਾ ਜਨਮ ਦਿਨ ਸੀ ਤਾਂ ਉਸ ਨੂੰ ਪਤਾ ਸੀ ਕਿ ਦੀਦੀ ਨੂੰ ਫੁੱਲ ਬਹੁਤ ਹੀ ਪਸੰਦ ਸਨ ਉਹ ਗੁਲਾਬ ਦੇ ਫੁੱਲ ਤੋੜ ਕੇ ਲਿਆਇਆ ਸੀ | ਜਦ ਉਸ ਨੇ ਰੂਬੀ ਨੂੰ ਫੁੱਲ ਦਿੱਤੇ ਤਾਂ ਰੂਬੀ ਨੇ ਉਸ ਨੂੰ ਸਮਝਾਇਆ ਕਿ ਫੁੱਲ ਟਾਹਣੀ ਨਾਲ ਲੱਗੇ ਹੀ ਸੋਹਣੇ ਲੱਗਦੇੇ ਹਨ | ਇਨ੍ਹਾਂ ਦੀ ਮਹਿਕ ਟਾਹਣੀ ਨਾਲ ਲੱਗੇ ਹੋਣ 'ਤੇ ਹੀ ਚੰਗੀ ਲਗਦੀ ਹੈ | ਫੁੱਲ ਨਹੀਂ ਤੋੜੀਦੇ, ਤੂੰ ਅੱਗੋਂ ਤੋਂ ਫੁੱਲ ਨਾ ਤੋੜੀਂ | ਸੱਚ-ਮੁੱਚ ਉਸ ਤੋਂ ਬਾਅਦ ਉਸ ਨੇ ਫੁੱਲ ਤੋੜਨਾ ਬੰਦ ਕਰ ਦਿੱਤਾ ਤੇ ਫੇਰ ਪਤਾ ਨਹੀਂ ਸਮਾਂ ਕਦੋਂ ਉਡਾਰੀ ਮਾਰ ਕੇ ਉਡ ਗਿਆ | ਕਦੋਂ ਚਾਰ ਸਾਲ ਬੀਤ ਗਏ | ਰੂਬੀ ਦੀ ਡਿਗਰੀ ਪੂਰੀ ਹੋ ਗਈ ਤੇ ਅਮਨ ਵੀ ਦਸਵੀਂ ਵਿਚ ਹੋ ਗਿਆ ਤੇ ਅਖੀਰ ਉਹ ਦਿਨ ਆ ਗਿਆ ਜਦ ਉਸ ਦੀ ਦੀਦੀ ਨੇ ਉਸ ਕੋਲੋਂ ਦੂਰ ਹੋ ਜਾਣਾ ਸੀ | ਉਹ ਆਪਣੇ ਘਰ ਜਾ ਰਹੀ ਸੀ | ਅਮਨ ਰਾਤ ਦਾ ਹੀ ਚੁੱਪ ਸੀ | ਰੂਬੀ ਦੇ ਮੰਮੀ ਡੈਡੀ ਉਸ ਨੂੰ ਲੈਣ ਆਏ ਸਨ | ਤੁਰਨ ਤੋਂ ਪਹਿਲਾਂ ਮੰਮੀ ਪਾਪਾ ਨੇ ਉਸ ਨੂੰ ਬਹੁਤ ਸਾਰੇ ਤੋਹਫੇ ਦਿੱਤੇ ਤੇ ਮੰਮੀ ਉਸ ਦੇ ਗੱਲ ਲਗ ਕੇ ਬਹੁਤ ਰੋਈ | ਉਸ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਸ ਦੀ ਆਪਣੀ ਧੀ ਜਾ ਰਹੀ ਸੀ | ਰੂਬੀ ਦੀਆਂ ਅੱਖਾਂ ਵਿਚ ਵੀ ਅੱਥਰੂ ਸਨ | ਅਖੀਰ ਸਭ ਨੂੰ ਮਿਲਣ ਤੋਂ ਬਾਅਦ ਉਸ ਨੇ ਪੱੁਛਿਆ ਅੰਟੀ ਅਮਨ ਕਿੱਥੇ ਏ | ਮੰਮੀ ਨੇ ਕਿਹਾ ਜਦ ਦਾ ਉਸ ਨੇ ਸੁਣਿਆ ਹੈ ਕਿ ਤੂੰ ਚਲੀ ਜਾਣਾ ਹੈ, ਉਹ ਚੁੱਪ-ਚਾਪ ਆਪਣੇ ਕਮਰੇ ਵਿਚ ਬੈਠਾ ਏ | ਉਹ ਤੇਜ਼ੀ ਨਾਲ ਉਸ ਦੇ ਕਮਰੇ ਵਿਚ ਆਈ | ਉਸ ਕਿਹਾ ਅਮਨ, ਤੇ ਅਮਨ ਸ਼ਾਇਦ ਜੋ ਉਸ ਦੀ ਉਡੀਕ ਕਰ ਰਿਹਾ ਸੀ, ਭਿੱਜੀਆਂ ਹੋਈਆਂ ਅੱਖਾਂ ਉੱਪਰ ਚੁੱਕੀਆਂ ਤੇ ਕਿਹਾ ਦੀਦੀ ਤੂੰ ਨਾ ਜਾ, ਰੂਬੀ ਦੀਆਂ ਜਿਵੇਂ ਭੁੱਬਾ ਨਿਕਲ ਗਈਆਂ | ਉਸ ਅਮਨ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਸੀ ਤਾਂ ਫਿਰ ਉਸ ਅਮਨ ਨੂੰ ਪਤਾ ਨਹੀਂ ਕਿੰਨਾ ਕੁਝ ਕਿਹਾ ਕਿ ਉਦਾਸ ਨਾ ਹੋੲੀਂ, ਮੈਨੂੰ ਫੋਨ ਕਰਿਆ ਕਰੀਂ, ਚਿੱਠੀ ਲਿਖਿਆ ਕਰੀ, ਛੁੱਟੀਆਂ ਵਿਚ ਆੲੀਂ ਤੇ ਪਤਾ ਨਹੀਂ ਕਿੰਨਾ ਕੁਝ ਤੇ ਫਿਰ ਕਿੰਨੀ ਦੇਰ ਭੈਣ-ਭਰਾ ਗੱਲਾਂ ਕਰਦੇ ਰਹੇ | ਅਖੀਰ ਤੁਰਨ ਲੱਗਿਆਂ ਅਮਨ ਨੇ ਗੁਲਾਬ ਦੇ ਫੁੱਲਾਂ ਦਾ ਵੱਡਾ ਸਾਰਾ ਗੁਲਦਸਤਾ ਆਪਣੀ ਦੀਦੀ ਨੂੰ ਦਿੱਤਾ | ਉਸ ਦੇ ਕਹਿਣ ਤੋਂ ਪਹਿਲਾਂ ਹੀ ਅਮਨ ਬੋਲ ਪਿਆ | ਦੀਦੀ ਇਹ ਫੁੱਲ ਮੈਂ ਟਹਿਣੀ ਤੋਂ ਨਹੀਂ ਤੋੜੇ ਇਹ ਨਕਲੀ ਹਨ, ਪਰ ਲਗਦੇ ਸੱਚਮੁੱਚ ਦੇ ਹਨ | ਉਸ ਦੀ ਦੀਦੀ ਨੇ ਭਿੱਜੀਆਂ ਹੋਈਆਂ ਅੱਖਾਂ ਨਾਲ ਫੁੱਲ ਲੈ ਲਏ ਸਨ ਤੇ ਫਿਰ ਪਤਾ ਨਹੀਂ ਉਸ ਦੇ ਦਿਲ ਵਿਚ ਕੀ ਆਇਆ, ਉਸ ਨੇ ਕੁਝ ਫੁੱਲ ਗੁਲਦਸਤੇ ਵਿਚੋਂ ਕੱਢ ਕੇ ਅਮਨ ਨੂੰ ਫੜਾ ਦਿੱਤੇ ਤੇ ਕਿਹਾ ਅਮਨ ਤੂੰ ਜਦ ਵੀ ਮੈਨੂੰ ਯਾਦ ਕਰਿਆ ਕਰੇਂ ਤਾਂ ਇਨ੍ਹਾਂ ਫੁੱਲਾਂ ਨੂੰ ਸੁੰਘੀਂ ਤਾਂ ਤੈਨੂੰ ਲੱਗੇਗਾ ਤੇਰੀ ਦੀਦੀ ਤੇਰੇ ਕੋਲ ਹੀ ਏ, ਕਿਤੇ ਨਹੀਂ ਗਈ | ਆਖੀਰ ਉਹ ਘੜੀ ਆ ਹੀ ਗਈ, ਤੇ ਫਿਰ ਜਦ ਤੱਕ ਰੂਬੀ ਉਸ ਦੀਆਂ ਅੱਖਾਂ ਤੋਂ ਓਝਲ ਨਾ ਹੋ ਗਈ ਤਦ ਤੱਕ ਉਹ ਉਹਨੂੰ ਦੇਖਦਾ ਰਿਹਾ ਤੇ ਫਿਰ ਉਹ ਇਕ ਦਮ ਉਸ ਕਮਰੇ ਵਿਚ ਗਿਆ ਜਿਥੇ ਉਸ ਰੂਬੀ ਵਲੋਂ ਦਿੱਤੇ ਫੁੱਲ ਰੱਖੇ ਸਨ | ਜਦ ਉਹ ਉਨ੍ਹਾਂ ਕੋਲ ਗਿਆ ਤੇ ਉਸ ਨੇ ਉਨ੍ਹਾਂ ਨੂੰ ਆਪਣੇ ਹੱਥਾਂ ਵਿਚ ਲੈ ਲਿਆ | ਸੱਚਮੁੱਚ ਉਹ ਫੁੱਲ ਨਕਲੀ ਸੀ | ਪਰ ਉਹਨੂੰ ਉਨ੍ਹਾਂ ਵਿਚੋਂ ਆਪਣੇ ਦੀਦੀ ਦੇ ਹੱਥਾਂ ਦੀ ਖੁਸ਼ਬੂ ਆ ਰਹੀ ਸੀ |

-2974, ਗਲੀ ਨੰ; 1, ਹਰਗੋਬਿੰਦਪੁਰਾ, ਵਡਾਲੀ ਰੋਡ, ਛੇਹਰਟਾ, ਅੰਮਿ੍ਤਸਰ |
ਮੋਬਾਈਲ: 9855250502


ਖ਼ਬਰ ਸ਼ੇਅਰ ਕਰੋ

ਬਹਾਦਰ ਕੌਮ

ਰਮਨਦੀਪ ਸਕੂਲ ਦਾ ਬਹੁਤ ਹੁਸ਼ਿਆਰ ਤੇ ਆਗਿਆਕਾਰੀ ਵਿਦਿਆਰਥੀ ਸੀ | ਇਸ ਸਾਲ ਸਕੂਲ ਦੇ ਸਲਾਨਾ ਸਮਾਰੋਹ ਵਿਚ ਪੰਜਾਬ ਨਾਲ ਸਬੰਧਿਤ ਲੇਖ ਰਚਨਾ ਦੀ ਪ੍ਰਤੀਯੋਗਤਾ ਸਕੂਲੀ ਵਿਦਿਆਰਥੀਆਂ ਵਿਚਕਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ | ਜਮਾਤ ਇੰਚਾਰਜ ਨੇ ਇਸ ਲਈ ਹੋਣਹਾਰ ਰਮਨਦੀਪ ਦੀ ਚੋਣ ਕਰ ਲਈ ਤੇ ਉਸ ਨੂੰ ਉਪਰੋਕਤ ਵਿਸ਼ੇ ਤੇ ਲੇਖ ਤਿਆਰ ਕਰ ਕੇ ਸਕੂਲ ਦੀ ਪ੍ਰਾਰਥਨਾ ਸਭਾ ਵਿਚ ਪੜ੍ਹਨ ਨੂੰ ਕਹਿ ਦਿੱਤਾ | ਰਮਨਦੀਪ ਨੇ ਅਗਲੇ ਦਿਨ 'ਬਹਾਦਰ ਕੌਮ' ਨਾਂਅ ਦਾ ਲੇਖ ਲਿਖ ਲਿਆਂਦਾ ਤੇ ਸਕੂਲ ਦੀ ਪ੍ਰਾਰਥਨਾ ਸਭਾ ਵਿਚ ਪੜ੍ਹਨਾ ਸ਼ੁਰੂ ਕਰ ਦਿੱਤਾ | ਉਸ ਨੇ ਬੋਲਣਾ ਸ਼ੁਰੂ ਕੀਤਾ ਕਿ ਅਸੀਂ ਪੰਜਾਬੀ ਬੜੀ ਬਹਾਦਰ ਕੌਮ ਹਾਂ | ਸਾਡੇ ਜਿੰਨਾ ਸਾਹਸੀ ਤੇ ਬਹਾਦਰ ਦੁਨੀਆ ਵਿਚ ਕੋਈ ਨਹੀਂ ਹੋ ਸਕਦਾ | ਉਸ ਨੇ ਕਿਹਾ ਕਿ ਮੇਰੀ ਇਹ ਗੱਲ ਤੱਥਾਂ 'ਤੇ ਆਧਾਰਤ ਹੈ | ਉਸ ਨੇ ਅੱਗੇ ਬੋਲਣਾ ਸ਼ੁਰੂ ਕੀਤਾ ਕਿ ਅਸੀਂ ਜ਼ਹਿਰਾਂ ਬੀਜਦੇ ਹਾਂ, ਨਕਲੀ ਦੁੱਧ (ਯੂਰੀਆ ਅਤੇ ਕੱਪੜੇ ਧੋਣ ਵਾਲੇ ਸੋਢੇ ਤੋਂ ਬਣਿਆ ਪੀਂਦੇ ਹਾਂ), ਤਾਜ਼ੀਆਂ ਸਪਰੇਆਂ ਕੀਤੀਆਂ ਸਬਜ਼ੀਆਂ ਤੇ ਹੋਰ ਮਿਲਾਵਟੀ ਸਾਮਾਨ ਸਵਾਦ ਨਾਲ ਖਾਂਦੇ ਹਾਂ, ਭਾਵੇਂ ਸਾਡੇ ਗੁਰਦੇ ਖਰਾਬ ਹੋਣ ਤੇ ਭਾਵੇਂ ਸਾਨੂੰ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਆ ਚਿੰਬੜਨ | ਸਾਡੇ ਵਿਆਹਾਂ ਦੇ ਭੋਜਨ ਵਿਚ ਪਨੀਰ ਦੀ ਕੋਈ ਘਾਟ ਨਹੀਂ ਹੁੰਦੀ ਭਾਵੇਂ ਸਾਡੇ ਕੋਲ ਪਨੀਰ ਬਣਾਉਣ ਲਈ ਲੋੜੀਂਦਾ ਦੁੱਧ ਵੀ ਉਪਲੱਬਧ ਨਾ ਹੋਵੇ | ਅਸੀਂ ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਰੱਜ ਕੇ ਦੂਸ਼ਿਤ ਅਤੇ ਖ਼ਤਮ ਕਰ ਰਹੇ ਹਾਂ, ਭਾਵੇਂ ਇਨਸਾਨ ਪਾਣੀ ਤੋਂ ਬਿਨਾਂ 36 ਘੰਟੇ ਤੱਕ ਵੀ ਜਿਊਾਦਾ ਨਹੀਂ ਰਹਿ ਸਕਦਾ | ਅਸੀਂ ਕਾਰਖਾਨਿਆਂ, ਕਾਰਾਂ, ਬੱਸਾਂ, ਟਰੱਕਾਂ ਆਦਿ ਦੀਆਂ ਚਿਮਨੀਆਂ, ਸਲੰਸਰਾਂ 'ਚੋਂ ਨਿਕਲੀ ਪ੍ਰਦੂਸ਼ਿਤ ਹਵਾ ਮਿਲਾ-ਮਿਲਾ ਕੇ ਹਵਾ ਵੀ ਜ਼ਹਿਰੀਲੀ ਕਰ ਦਿੱਤੀ ਹੈ ਅਤੇ ਉਸ ਜ਼ਹਿਰੀਲੀ ਹਵਾ ਵਿਚ ਅਸੀਂ ਧੜੱਲੇ ਨਾਲ ਸਾਹ ਲੈਂਦੇ ਹੋਏ ਆਪਣੀ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਦੀ ਪਰਵਾਹ ਕੀਤੇ ਬਗੈਰ ਭੱਜੇ ਫਿਰਦੇ ਹਾਂ | ਸਾਨੂੰ ਇਸ ਗੱਲ ਦੀ ਵੀ ਕੋਈ ਪ੍ਰਵਾਹ ਨਹੀਂ ਹੈ ਕਿ ਇਸ ਘਾਤਕ ਪ੍ਰਦੂਸ਼ਣ ਦਾ ਕੋਮਲ ਬੱਚਿਆਂ ਦੀ ਸਿਹਤ ਤੇ ਕੀ ਮਾਰੂ ਪ੍ਰਭਾਵ ਪੈ ਰਿਹਾ ਹੈ | ਸਾਡੇ ਇੱਥੇ ਕੁਝ ਛੋਟੇ-ਛੋਟੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਜਿਵੇਂ ਕਣਕ ਤੋਂ ਐਲਰਜੀ, ਅੰਤੜੀ ਰੋਗ, ਸਾਹ ਰੋਗ ਆਦਿ ਚਿੰਬੜ ਰਹੇ ਹਨ | ਅਸੀਂ ਵਿਕਾਸ ਲਈ ਉਨ੍ਹਾਂ ਦਰੱਖਤਾਂ ਦੀ ਵੱਡੇ ਪੱਧਰ 'ਤੇ ਬਲੀ ਦੇ ਦਿੱਤੀ ਹੈ ਜੋ ਸਾਡੇ ਲਈ ਆਕਸੀਜਨ ਯੁਕਤ ਸ਼ੁੱਧ ਹਵਾ ਦਾ ਪ੍ਰਬੰਧ ਮੁਫਤ ਵਿਚ ਕਰਦੇ ਸਨ | ਅਸੀਂ ਇਹ ਸਭ ਦੀ ਪ੍ਰਵਾਹ ਕੀਤੇ ਬਗੈਰ ਪੈਸੇ ਕਮਾਉਣ ਦੀ ਲਾਲਸਾ ਵਿਚ ਰੁੱਝੇ ਹੋਏ ਹਾਂ | ਅਸੀਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਵੀ ਚਿੰਤਤ ਨਹੀਂ ਹਾਂ | ਇਸ ਤਰ੍ਹਾਂ ਰਮਨਦੀਪ ਨੇ ਆਪਣਾ ਭਾਸ਼ਣ ਖਤਮ ਕਰਦੇ ਹੋਏ ਅੰਤਲੀ ਲਾਈਨ ਵਿਚ ਕਿਹਾ ਕਿ ਉਪਰੋਕਤ ਗੱਲਾਂ ਤੋਂ ਸਿੱਧ ਹੁੰਦਾ ਹੈ ਕਿ ਅਸੀਂ ਪੰਜਾਬੀ ਬਹੁਤ ਬਹਾਦਰ ਕੌਮ ਹਾਂ | ਰਮਨ ਨੇ ਆਪਣਾ ਭਾਸ਼ਣ ਤਾਂ ਖਤਮ ਕਰ ਦਿੱਤਾ ਪਰ ਅਧਿਆਪਕ ਤੇ ਕੁਝ ਸੂਝਵਾਨ ਬੱਚਿਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਤਾੜੀਆਂ ਰਮਨ ਦੇ ਇਸ ਭਾਸ਼ਣ ਰਾਹੀਂ ਪੰਜਾਬ ਦੀ ਹਾਲਤ 'ਤੇ ਕੀਤੇ ਤਿੱਖੇ ਵਿਅੰਗ ਰਾਹੀਂ ਸਾਡੀਆਂ ਅੱਖਾਂ ਖੋਲ੍ਹਣ ਲਈ ਵਜਾਈਆਂ ਜਾਣ ਜਾਂ ਬਹਾਦਰ ਕੌਮ ਦੇ ਖਿਤਾਬ ਲਈ |

-ਕੋਕਰੀ ਕਲਾਂ (ਮੋਗਾ)
ਮੋਬਾਈਲ : 9855000964

ਤਿੰਨ ਮਿੰਨੀ ਕਹਾਣੀਆਂ

ਝੂਠ ਦਾ ਭਾਂਡਾ
'ਇਹ ਜਿੰਨੇ ਐਵਾਰਡ ਵੀ ਉਹਨੇ ਪ੍ਰਾਪਤ ਕੀਤੇ ਹਨ, ਇਹ ਸਭ ਉਹਦਾ ਜੁਗਾੜ ਹੈ... ਜਿਹੜਾ ਬੰਦਾ ਕਦੇ ਸਕੂਲ ਹੀ ਨਾ ਵੜਿਆ ਹੋਵੇ, ਉਹ ਸਹੀ ਤੌਰ 'ਤੇ ਕਿਵੇਂ ਐਵਾਰਡ ਪ੍ਰਾਪਤ ਕਰ ਸਕਦਾ ਹੈ?... ਜਿਉਂਦਾ ਰਹੇ ਪੀ.ਟੀ. ਮਾਸਟਰ ਜਿਹਦੀਆਂ, ਖੇਡਾਂ ਦੀਆਂ ਸਾਰੀਆਂ ਪ੍ਰਾਪਤੀਆਂ, ਉਹਨੇ ਆਪਣੇ ਨਾਂਅ ਕਰ ਲਈਆਂ ਹਨ, ਰਹੀ ਗੱਲ ਸਕੂਲ ਵਿਚ ਕਮਰੇ ਬਣਾਉਣ ਦੀ, ਉਹ ਪਿੰਡ ਦੇ ਸਰਪੰਚ ਦੀ ਹਲਕੇ ਦੇ ਐਮ.ਪੀ. ਨਾਲ ਨੇੜਤਾ ਦਾ ਨਤੀਜਾ ਹੈ | ਐਮ.ਪੀ. ਨੇ ਆਪਣੇ ਕੋਟੇ ਵਿਚੋਂ ਕਈ ਲੱਖ ਦਿੱਤੇ ਸਨ, ਜਿਸ ਨਾਲ ਇਹ ਸਾਰੇ ਕਮਰੇ ਬਣੇ ਸਨ, ਏਸ ਬੰਦੇ ਨੇ, ਉਨ੍ਹਾਂ ਪੈਸਿਆਂ ਨੂੰ ਵੀ ਆਪਣੇ ਨਾਂਅ ਨਾਲ ਜੋੜ ਲਿਆ ਸੀ ਤੇ ਕੇਸ ਬਣਾ ਕੇ ਮਹਿਕਮੇ ਨੂੰ ਭੇਜ ਦਿੱਤਾ ਸੀ | ਹੋਰ ਤਾਂ ਹੋਰ ਜਿਹੜਾ ਬੰਦਾ, ਆਪਣੇ ਮੁਢਲੇ ਸਕੂਲ ਵਿਚ, ਕਮਰਿਆਂ ਦੀ ਦੇਖ-ਭਾਲ ਲਈ, ਇਕ ਪੌੜੀ ਵੀ ਨਾ ਚੜ੍ਹਾ ਸਕਿਆ ਹੋਵੇ, ਉਹ ਲੋਕਾਂ ਕੋਲੋਂ ਕਮਰਿਆਂ ਲਈ ਦਾਨ ਕਿਵੇਂ ਮੰਗ ਸਕਦਾ ਹੈ?... ਮੇਰੀ ਤਾਂ ਇਹ ਐਵਾਰਡਾਂ ਦੀ ਪ੍ਰਾਪਤੀ, ਸਮਝ ਤੋਂ ਬਾਹਰ ਦੀ ਗੱਲ ਹੈ... ਇਥੇ ਤਾਂ ਅੰਨ੍ਹੀ ਨੂੰ ਬੋਲਾ ਖਿੱਚਦਾ ਹੈ... |' ਸਕੂਲ ਦੇ ਕਲਰਕ ਨੇ, ਅਸਲੀਅਤ ਬਿਆਨ ਕਰ ਦਿੱਤੀ ਸੀ ਤੇ ਝੂਠ ਦਾ ਭਾਂਡਾ ਚੁਰਾਹੇ ਭੰਨ ਦਿੱਤਾ ਸੀ |
ਢੋਲ ਦਾ ਪੋਲ
ਨਗਰ ਪਾਲਿਕਾ ਦੀਆਂ ਚੋਣਾਂ ਵਿਚ ਢੋਲ ਦੇ ਨਿਸ਼ਾਨ ਵਾਲਾ ਉਮੀਦਵਾਰ, ਆਪਣੇ ਵਾਰਡ ਵਿਚ, ਆਪਣਾ ਪ੍ਰਚਾਰ ਬੜੇ ਜ਼ੋਰ-ਸ਼ੋਰ ਨਾਲ ਕਰ ਰਿਹਾ ਸੀ | ਉਸ ਨੂੰ ਆਸ ਸੀ ਕਿ ਉਹ ਘੱਟੋ-ਘੱਟ, ਇਕ ਸੌ ਵੋਟਾਂ ਦੇ ਫਰਕ ਨਾਲ ਜ਼ਰੂਰ ਜਿੱਤੇਗਾ, ਪਰ ਜਦੋਂ ਉਹਦੀਆਂ ਵੋਟਾਂ ਦੀ ਗਿਣਤੀ ਹੋਈ ਤਾਂ ਉਸ ਦੀ ਆਪਣੀ ਇਕ ਵੋਟ ਹੀ, ਉਸ ਦੇ ਪੱਖ ਵਿਚ ਸੀ | ਦੁੱਖ ਤਾਂ ਇਸ ਗੱਲ ਦਾ ਸੀ ਕਿ ਉਹਦੀ ਆਪਣੀ ਘਰ ਵਾਲੀ ਵੀ, ਉਹਦਾ ਸਾਥ ਛੱਡ ਗਈ ਸੀ | ਘਰ ਵਾਲੀ ਨਾਲ ਉਹ ਹਮੇਸ਼ਾ ਹੀ ਇੱਟ ਖੜੱਕਾ ਰੱਖਦਾ ਸੀ | ਘਰਵਾਲੀ ਨੇ ਵੀ ਇਹੋ ਮੌਕਾ ਉਹਨੂੰ ਸਬਕ ਸਿਖਾਉਣ ਲਈ ਚੰਗਾ ਸਮਝਿਆ ਸੀ |
ਇਸ ਤਰ੍ਹਾਂ ਉਹਦੇ ਢੋਲ ਦਾ ਪੋਲ ਖੁੱਲ੍ਹ ਗਿਆ ਸੀ |
ਸੁਪਨਸਾਜ਼
ਜਦੋਂ ਉਹ ਛੋਟੀ ਭੈਣ ਦੇ ਸਹੁਰੇ ਘਰ ਪੁੱਜਿਆ ਤਾਂ ਭੈਣ ਦਾ ਨਵਾਂ ਘਰ ਉਸਾਰੀ ਅਧੀਨ ਸੀ | ਉਹਦਾ ਬਹਿਨੋਈ, ਬਾਹਰ ਖੜ੍ਹਾ, ਉਸਾਰੀ ਦੀ ਦੇਖ-ਭਾਲ ਕਰ ਰਿਹਾ ਸੀ |
ਸੁਪਨਸਾਜ਼ ਨੇ ਖੜ੍ਹੇ ਬਹਿਨੋਈ ਨੂੰ ਰਾਮ ਸੱਤ ਕਹਿ ਕੇ, ਅਗਲੀ ਗੱਲ ਛੇੜੀ, 'ਤੁਸੀਂ ਘਰ ਦਾ ਦਰਵਾਜ਼ਾ ਬਹੁਤ ਛੋਟਾ ਰਖਵਾ ਰਹੇ ਹੋ, ਇਹ ਤਾਂ ਬਹੁਤ ਵੱਡਾ ਹੋਣਾ ਚਾਹੀਦਾ ਹੈ |'
'ਸਾਨੂੰ ਛੋਟੇ ਆਦਮੀਆਂ ਨੂੰ ਛੋਟਾ ਹੀ ਬਥੇਰਾ ਹੈ', ਬਹਿਨੋਈ ਕਹਿ ਰਿਹਾ ਸੀ |
'ਪਰ ਇਸ ਛੋਟੇ ਦਰਵਾਜ਼ੇ ਵਿਚੋਂ ਮੇਰੀ ਕਾਰ ਕਿਵੇਂ ਲੰਘੇਗੀ?' ਕੁਝ ਤਾਂ ਸੋਚੋ |
'ਪਰ ਹੁਣ ਤਾਂ ਤੁਸੀਂ ਪੈਦਲ ਹੀ ਆਏ ਹੋ, ਜਦੋਂ ਕਾਰ ਲਿਆਓਗੇ, ਜ਼ਰੂਰ ਸੋਚਾਂਗੇ', ਬਹਿਨੋਈ ਦਾ ਉੱਤਰ ਸੀ |

-ਮੋਬਾ: 95927-27087.

ਨਹਿਲੇ 'ਤੇ ਦਹਿਲਾ ਸ਼ੌਹਰ ਕੇ ਸਿਵਾ

ਕਲਕੱਤਾ ਦੀ ਰਹਿਣ ਵਾਲੀ ਮਸ਼ਹੂਰ ਗਾਇਕਾ ਗੌਹਰ ਜਹਾਨ ਵਾਹੀ ਇਲਾਹਾਬਾਦ ਆਈ ਅਤੇ ਆਪਣੀ ਸਹੇਲੀ ਜਾਨਕੀ ਬਾਈ ਵੇਸਵਾ ਦੇ ਘਰ ਠਹਿਰੀ | ਇਕ ਦੋ ਦਿਨ ਰੁਕਣ ਤੋਂ ਬਾਅਦ ਵਾਪਸ ਕਲਕੱਤੇ ਜਾਣ ਤੋਂ ਪਹਿਲਾਂ ਉਸ ਨੇ ਆਪਣੀ ਸਹੇਲੀ ਨੂੰ ਮਸ਼ਹੂਰ ਹਾਸਰਸ ਦੇ ਸ਼ਾਇਰ ਜਨਾਬ ਅਕਬਰ ਇਲਾਹਾਬਾਦੀ ਨੂੰ ਮਿਲਣ ਦੀ ਇੱਛਾ ਦੱਸੀ | ਜਾਨਕੀ ਬਾਈ ਉਸ ਨੂੰ ਮਿਲਾਣ ਲਈ ਜਨਾਬ ਅਕਬਰ ਇਲਾਹਾਬਾਦੀ ਦੇ ਘਰ ਲੈ ਗਈ | ਸਲਾਮ ਦੁਆ ਕਰਕੇ ਦੋਵੇਂ ਉਨ੍ਹਾਂ ਦੇ ਲਾਗੇ ਬੈਠ ਗਈਆਂ | ਜਾਨਕੀ ਬਾਈ ਨੇ ਗੌਹਰ ਜਹਾਨ ਦੀ ਪਛਾਣ ਕਰਾਉਂਦਿਆਂ ਬੜੇ ਅੱਛੇ ਅੰਦਾਜ਼ ਵਿਚ ਕਿਹਾ, 'ਇਹ ਮੋਹਤਰਮਾ ਗੌਹਰ ਜਹਾਨ ਜੀ ਕਲਕੱਤਾ ਦੀ ਰਹਿਣ ਵਾਲੀ ਹੈ | ਇਹ ਸੰਸਾਰ ਪ੍ਰਸਿੱਧ ਗਾਇਕਾ ਹੈ | ਇਨ੍ਹਾਂ ਦੇ ਗੀਤ, ਨਜ਼ਮਾਂ ਅਤੇ ਗ਼ਜ਼ਲਾਂ ਸੁਣ ਕੇ ਸਰੋਤੇ ਮਸਤ ਹੋ ਜਾਂਦੇ ਹਨ | ਇਨ੍ਹਾਂ ਨੂੰ ਸੁਣਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਹੁੰਦੀ ਹੈ | ਇਹ ਤੁਹਾਨੂੰ ਮਿਲਣਾ ਚਾਹੁੰਦੀ ਸੀ, ਇਸ ਲਈ ਮੈਂ ਇਨ੍ਹਾਂ ਨੂੰ ਤੁਹਾਡੇ ਦਰਸ਼ਨ ਕਰਾਉਣ ਲਈ ਲੈ ਕੇ ਆਈ ਹਾਂ | ਇਕ ਗੱਲ ਹੋਰ ਦੱਸ ਦਿਆਂ ਕਿ ਇਨ੍ਹਾਂ ਨੇ ਆਪਣਾ ਪੂਰਾ ਜੀਵਨ ਸੰਗੀਤ ਨੂੰ ਅਰਪਣ ਕੀਤਾ ਹੋਇਆ ਹੈ | ਇਸ ਲਈ ਹੀ ਵਿਆਹ ਨਹੀਂ ਕਰਵਾਇਆ |'
ਇਹ ਸੁਣ ਕੇ ਅਕਬਰ ਇਲਾਹਾਬਾਦੀ ਨੇ ਕਹਿਣਾ ਸ਼ੁਰੂ ਕੀਤਾ, 'ਜ਼ਹੇ ਨਸੀਬ, ਨਹੀਂ ਤਾਂ ਨਾ ਮੈਂ ਨਬੀ, ਨਾ ਇਮਾਮ, ਨਾ ਕੋਈ ਵਲੀ ਜੋ ਧਾਰਮਿਕ ਯਾਤਰਾ ਦੇ ਯੋਗ ਸਮਝਿਆ ਜਾਵਾਂ | ਪਹਿਲਾਂ ਜੱਜ ਸਾਂ ਹੁਣ ਰਿਟਾਇਰ ਹੋ ਕੇ ਸਿਰਫ਼ ਅਕਬਰ ਹੀ ਰਹਿ ਗਿਆ ਹਾਂ | ਮੈਂ ਪ੍ਰੇਸ਼ਾਨ ਹਾਂ ਕਿ ਇਨ੍ਹਾਂ ਦੀ ਖਿਦਮਤ ਵਿਚ ਕੀ ਤੋਹਫ਼ਾ ਪੇਸ਼ ਕਰਾਂ | ਖ਼ੈਰ, ਇਕ ਸ਼ਿਅਰ ਬਤੌਰ ਯਾਦ ਨਿਸ਼ਾਨੀ ਲਿਖ ਦਿੰਦਾ ਹਾਂ |'
ਇਹ ਆਖ ਕੇ ਉਨ੍ਹਾਂ ਨੇ ਕਾਗਜ਼ 'ਤੇ ਉਰਦੂ ਭਾਸ਼ਾ ਵਿਚ ਇਹ ਸ਼ਿਅਰ ਲਿਖ ਕੇ ਗੌਹਰ ਜਹਾਨ ਨੂੰ ਫੜਾ ਦਿੱਤਾ |
ਖ਼ੁਸ਼ ਨਸੀਬ ਆਜ ਭਲਾ ਕੌਨ ਹੈ ਗੌਹਰ ਕੇ ਸਿਵਾ,
ਸਭ ਕੁਝ ਅੱਲਾ ਨੇ ਦੇ ਰਖਾ ਹੈ ਸ਼ੌਹਰ ਕੇ ਸਿਵਾ |

(ਸ਼ੌਹਰ ਅਰਥਾਤ ਪਤੀ)
-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.

ਮਾਪੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਮਾਪਿਆਂ ਬਾਰੇ ਹੋਰ ਵੀ ਅਖਾਣ ਪ੍ਰਸਿੱਧ ਹੈ—ਮਾਪੇ ਹੁੰਦੇ ਨੇ ਬੋਹੜ ਦੀਆਂ ਛਾਵਾਂ, ਨਸੀਬਾਂ ਵਾਲੇ ਛਾਂ ਮਾਣਦੇ | ਮਾਤਾ-ਪਿਤਾ ਦੀ ਛਤਰ-ਛਾਇਆ 'ਚ ਜੋ ਸੁਖ ਤੇ ਆਨੰਦ ਹੈ, ਉਹ ਹੋਰ ਕਿਤੇ ਵੀ ਨਹੀਂ | ਉਨ੍ਹਾਂ ਤੋਂ ਪੁੱਛੋ ਜਿਨ੍ਹਾਂ ਦੇ ਮਾਤਾ-ਪਿਤਾ ਦੁਨੀਆ ਤੋਂ ਜਾ ਚੁੱਕੇ ਹਨ |
• ਮੁਫ਼ਤ 'ਚ ਸਿਰਫ਼ ਮਾਤਾ-ਪਿਤਾ ਦਾ ਪਿਆਰ ਮਿਲਦਾ ਹੈ | ਇਸ ਤੋਂ ਬਾਅਦ ਦੁਨੀਆ ਵਿਚ ਹਰ ਰਿਸ਼ਤੇ ਲਈ ਕੁਝ ਨਾ ਕੁਝ ਚੁਕਾਉਣਾ ਪੈਂਦਾ ਹੈ |
• ਆਪਣੀ ਮਿੱਟੀ, ਆਪਣੇ ਮਾਪੇ, ਛੱਡ ਕੇ ਭੈਣ-ਭਰਾਵਾਂ ਨੂੰ , ਪਿੰਜਰੇ ਦੇ ਵਿਚ ਪਾ ਕੇ ਰੱਖਣਾ ਪੈਂਦਾ, ਆਪਣੇ ਦਿਲ ਦੇ ਚਾਵਾਂ ਨੂੰ , ਬੋਹੜਾਂ ਵਰਗੀ ਛਾਂ ਨਹੀਂ ਦਿੰਦੇ, ਰੁੱਖ ਪ੍ਰਦੇਸਾਂ ਦੇ, ਵਤਨਾਂ ਵਾਲੇ ਕੀ ਜਾਨਣ, ਕੀ ਦੁੱਖ ਹਨ ਪ੍ਰਦੇਸਾਂ ਦੇ |
• ਮਾਂ-ਪਿਓ ਦੀ ਛਾਂ ਤੇ ਉਨ੍ਹਾਂ ਦੇ ਪੈਰਾਂ ਵਿਚਲੀ ਥਾਂ ਸਭ ਤੋਂ ਮਹਿੰਗੀ ਹੈ |
• ਜਦੋਂ ਮਾਪੇ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਤਾਂ ਪੁੱਤਰਾਂ ਲਈ ਮਾਪੇ ਚਲਾਣਾ ਹੀ ਕਰਦੇ ਹਨ, ਜਦੋਂ ਕਿ ਧੀਆਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ |
• ਕਦੇ ਕਿਸੇ ਪਿੱਛੇ ਲੱਗ ਕੇ ਐਵੇਂ ਸ਼ੁਦਾਈ ਨਾ ਬਣੋ, ਬੱਸ ਇਥੇ ਮਾਤਾ-ਪਿਤਾ ਤੋਂ ਬਿਨਾਂ ਹੋਰ ਕੋਈ ਆਪਣਾ ਨਹੀਂ ਹੁੰਦਾ |
• ਅਸਲ ਤੇ ਦਿਲੀ ਪਿਆਰ ਮਾਂ-ਬਾਪ ਕਰਦੇ ਹਨ | ਲੋਕ ਤਾਂ ਸਿਰਫ਼ ਗੱਲਾਂ ਕਰਨ ਵਾਲੇ ਹੀ ਹੁੰਦੇ ਹਨ |
• ਆਪਣੇ ਮਾਂ-ਬਾਪ ਨਾਲੋਂ ਰਿਸ਼ਤਾ ਤੋੜਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਵੋ ਕਿ ਟਾਹਣੀਆਂ ਨਾਲੋਂ ਟੁੱਟ ਕੇ ਪੱਤੇ ਕਦੇ ਹਰੇ ਨਹੀਂ ਰਹਿੰਦੇ |
• ਜਿੰਨਾ ਚਿਰ ਤੱਕ ਮਾਪੇ, ਪੁੱਤਰਾਂ ਕੋਲੋਂ ਕੁਝ ਮੰਗਦੇ ਨਹੀਂ ਤਾਂ ਉਹ ਉਨ੍ਹਾਂ ਨੂੰ ਬਹੁਤ ਚੰਗੇ ਲਗਦੇ ਹਨ | ਜੇਕਰ ਮਾਪੇ ਉਨ੍ਹਾਂ ਦੀਆਂ ਇਛਾਵਾਂ, ਲੋੜਾਂ ਦੀ ਪੂਰਤੀ ਕਰੀ ਜਾਂਦੇ ਹਨ ਤਾਂ ਉਹ (ਮਾਪੇ) ਉਨ੍ਹਾਂ ਨੂੰ ਹੋਰ ਵੀ ਚੰਗੇ ਲਗਦੇ ਹਨ | ਜਿੰਨਾ ਚਿਰ ਤੱਕ ਉਹ ਅਜਿਹਾ ਕਰੀ ਜਾਂਦੇ |
• ਮਾਂ-ਬਾਪ ਦਾ ਹੱਥ ਫੜ ਕੇ ਰੱਖੋ, ਲੋਕਾਂ ਦੇ ਪੈਰ ਫੜਨ ਦੀ ਲੋੜ ਨਹੀਂ ਪਵੇਗੀ |
• ਮਾਤਾ-ਪਿਤਾ ਦੀ ਸੇਵਾ ਵੱਡਾ ਤੀਰਥ ਤੱਪ, ਪੂਜਾ ਹੈ |
• ਇਕ ਚੰਗਾ ਪੁੱਤਰ ਜੋ ਮਾਂ-ਬਾਪ ਨੂੰ ਬੁਢਾਪੇ ਵਿਚ ਸਹਾਰਾ ਦਿੰਦਾ ਹੈ, ਉਹ ਤਾਂ ਇਕ ਹੀ ਬਹੁਤ ਹੁੰਦਾ ਹੈ, ਇਸ ਲਈ ਕਿਹਾ ਗਿਆ ਹੈ ਕਿ ਸੌ ਤੋਂ ਇਕ ਭਲਾ |
• ਜਨਮ ਮਰਨ ਦੀ ਮੈਲ ਉਤਾਰਨੀ ਹੈ ਤਾਂ ਮਾਤਾ-ਪਿਤਾ ਦੀ ਸੇਵਾ ਕਰੋ |
• ਮਾਤਾ-ਪਿਤਾ ਦੀ ਸੇਵਾ ਕਰੋ, ਸਾਰੇ ਤੀਰਥਾਂ ਦਾ ਫਲ ਘਰ ਬੈਠਿਆਂ ਹੀ ਮਿਲ ਜਾਂਦਾ ਹੈ |
• ਮਾਪੇ ਸਾਂਭ ਲਓ, ਸੇਵਾ ਕਰ ਲਓ, ਤੁਹਾਨੂੰ ਦੁਨੀਆ ਦਾ ਸਭ ਤੋਂ ਵੱਡਾ ਸਕੂਨ ਮਿਲੇਗਾ |
• ਜਦੋਂ ਮਾਤਾ-ਪਿਤਾ ਵਰਗੀ ਚੀਜ਼ ਸਾਡੇ ਕੋਲ ਹੋਵੇ, ਉਸ ਦੀ ਕਦਰ ਅਸੀਂ ਘੱਟ ਕਰਦੇ ਹਾਂ, ਜਦੋਂ ਇਹ ਚੀਜ਼ ਸਾਡੇ ਕੋਲੋਂ ਚਲੀ ਜਾਵੇ ਤਾਂ ਫਿਰ ਅਸੀਂ ਉਸ ਦੀ ਵਧੇਰੇ ਕਦਰ ਕਰਦੇ ਹਾਂ, ਇਹ ਮਨੁੱਖੀ ਫਿਤਰਤ ਹੈ |
• ਯਤੀਮ ਬੱਚੇ ਅਤੇ ਜਿਨ੍ਹਾਂ ਤੋਂ ਮਾਪੇ ਖੁਸ ਗਏ ਹੋਣ, ਉਹ ਮਾਪਿਆਂ ਦੀ ਅਹਿਮੀਅਤ ਨੂੰ ਵਧੇਰੇ ਜਾਣਦੇ ਹਨ |
• ਸਿਆਣਿਆਂ ਦਾ ਕਹਿਣਾ ਹੈ ਕਿ ਸੌ ਤੀਰਥੀਂ ਨਹਾਵੇ, ਜੋ ਮਾਪਿਆਂ ਨੂੰ ਗਲ ਲਾਵੇ |
• ਭਾਵੇਂ ਲੱਖ ਕਰੋ ਤੁਸੀਂ ਪੂਜਾ ਅਤੇ ਤੀਰਥ ਕਰੋ ਹਜ਼ਾਰ, ਮਾਂ-ਬਾਪ ਨੂੰ ਠੁਕਰਾਇਆ ਤਾਂ ਸਭ ਕੁਝ ਹੈ ਬੇਕਾਰ |
• ਤਿੰਨ ਵਿਅਕਤੀਆਂ ਦਾ ਹਮੇਸ਼ਾ ਸਤਿਕਾਰ ਕਰੋ : ਮਾਤਾ, ਪਿਤਾ ਅਤੇ ਗੁਰੂ |
• ਰੱਬ ਦੇ ਦਰਸ਼ਨ ਕੀ ਹਨ? ਕਿੱਥੇ ਨੇ? ਕਿਵੇਂ ਕਰਨੇ ਨੇ? ਦਾ ਜਵਾਬ ਇਕ ਹੀ ਹੈ ਕਿ ਰੱਬ ਦੇ ਦਰਸ਼ਨ ਕਰਨੇ ਬਹੁਤ ਸੌਖੇ ਹਨ ਤੇ ਉਸ ਦਾ ਇਕੋ ਹੀ ਤਰੀਕਾ ਹੈ ਕਿ ਮਾਂ-ਬਾਪ ਦੇ ਚਿਹਰੇ 'ਤੇ ਖੁਸ਼ੀ ਤੇ ਖੇੜਾ ਲੈ ਆਓ | ਆਪਣੇ-ਆਪ ਰੱਬ ਦੇ ਦਰਸ਼ਨ ਹੋ ਜਾਣਗੇ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਸਬੂਤ ਚਾਹੀਦੈ

ਪੁਲਵਾਮਾ ਦਾ ਬਦਲਾ ਲੈ ਲਿਆ |
ਪਾਪੀ ਕੇ ਮਾਰਨੇ ਕੋ, ਪਾਪ ਮਹਾਂਬਲੀ ਹੈ |
ਤਰਥਲੀ ਹੈ, ਤਰਥਲੀ ਹੈ, ਖਲਬਲੀ ਹੈ ਖਲਬਲੀ ਹੈ, ਮੋਦੀ ਮਹਾਂਬਲੀ ਹੈ |
ਸੁੱਤਾ ਸੀ ਪਾਕਿਸਤਾਨ, ਸੁਬਾਹ ਸਵੇਰੇ, ਤੜਕਸਾਰ ਹੀ ਏਅਰਫੋਰਸ ਦੇ ਜਹਾਜ਼ਾਂ ਹੱਲਾ ਬੋਲਿਆ, ਬਾਲਾਕੋਟ 'ਚ ਬੰਬ ਵਰਸਾ ਕੇ, ਅੱਤਵਾਦੀ ਅੱਡਿਆਂ ਨੂੰ ਤਬਾਹ ਕਰਕੇ, ਮੌਤ ਅਚਾਨਕ ਘੱਲੀ ਹੈ | ਪਾਕਿਸਤਾਨ 'ਚ ਵੀ ਖਲਬਲੀ ਹੈ, ਹਿੰਦੁਸਤਾਨ 'ਚ ਵੀ ਖਲਬਲੀ ਹੈ |
ਜਿਹੜੇ ਮਰੇ ਹੋਣਗੇ, ਉਨ੍ਹਾਂ ਲਈ ਤਾਬੂਤ ਚਾਹੀਦਾ ਤੇ ਸਾਡੇ ਹਿੰਦੁਸਤਾਨ ਵਿਚ ਆਪੋਜੀਸ਼ਨ ਪਾਰਟੀਆਂ ਨੂੰ ਕਿੰਨੇ ਮਾਰੇ, ਕਿੰਨੇ ਮਰੇ, ਲਾਸ਼ਾਂ ਦਾ ਸਬੂਤ ਚਾਹੀਦਾ |
* ਇਬਨੇ ਬਬੂਤਾ, ਪਾਓ ਮੇਂ ਜੂਤਾ, ਫਟਾ ਹੈ ਕਿ ਸਾਬਤ ਸਬੂਤਾ | ਸਬੂਤ ਚਾਹੀਦਾ |
* ਹਈ ਜਮਾਲੋ |
ਜਮਾਲੋ ਦਾ ਜਮਾਲ ਹੈ ਕਿ ਸ਼ੋਰ ਫਿਲਹਾਲ ਹੈ, ਇਨ੍ਹਾਂ ਨੂੰ ਸਬੂਤ ਚਾਹੀਦਾ |
* ਦਾਲ 'ਚ ਕੋਕੜੂ, ਰਾਹ ਵਿਚ ਰੋੜੇ, ਲੰਗੜੇ ਘੋੜੇ, ਫਿੰਸੀਆਂ-ਫੋੜੇ, ਕੱਚੇ ਧਾਗੇ, ਪੀੜਾਂ ਦੇ ਪਰਾਗੇ, ਹੋ ਗਏ ਲਾਗੇ ਲਾਗੇ, ਸਭਨਾਂ ਨੂੰ ਇਹਦਾ ਜੀ, ਸਬੂਤ ਚਾਹੀਦਾ |
ਇਨ੍ਹਾਂ ਤੋਂ ਪਹਿਲਾਂ...
ਇਨ੍ਹਾਂ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਵਲੋਂ ਇਹੀ ਪ੍ਰਤੀਕਰਮ ਆਇਆ ਕਿ ਭਾਰਤੀ ਹਵਾਈ ਫ਼ੌਜ ਦੇ ਜਹਾਜ਼ਾਂ ਨੇ ਕੋਈ ਹੱਲਾ ਨਹੀਂ ਬੋਲਿਆ | ਫਿਰ ਇਹ ਤਾਂ ਮੰਨ ਲਿਆ ਕਿ ਹੱਲਾ ਬੋਲਿਆ ਹੈ ਪਰ ਨਾਲ ਹੀ ਮਜ਼ਾਕ ਵੀ ਉਡਾਇਆ ਕਿ ਭਾਰਤੀ ਏਅਰ ਫੋਰਸ ਨੇ ਬੰਬ ਤਾਂ ਡੇਗੇ ਹਨ ਪਰ ਜਿਹੜੇ ਨਿਸ਼ਾਨੇ 'ਤੇ ਡੇਗਣੇ ਸਨ, ਉਸੇ ਥਾਂ ਨਹੀਂ ਡਿੱਗੇ, ਜੰਗਲ ਜਿਹੇ ਇਲਾਕੇ 'ਤੇ ਸੁੱਟੇ, ਜਿਥੇ ਕੁਝ ਦਰੱਖਤ ਤੇ ਬੂਟੇ ਤਬਾਹ ਹੋਏ, ਕੋਈ ਬੰਦਾ ਨਹੀਂ ਮਰਿਆ, ਹਾਂ ਇਕ ਸੁੱਕੇ ਦਰੱਖਤ 'ਤੇ ਇਕ 'ਕਾਂ' ਬੈਠਾ ਸੀ, ਉਹ ਜ਼ਰੂਰ ਮਰਿਐ | 'ਕਾਂ' ਦਾ ਜ਼ਿਕਰ ਨਾ ਹੀ ਕਰਦੇ ਤਾਂ ਚੰਗਾ ਸੀ, ਕਿਉਂਕਿ ਕਾਵਾਂ ਦੀ ਫਿਤਰਤ ਹੈ ਕਿ ਉਹ ਸੁੱਕੇ ਦਰੱਖਤ 'ਤੇ ਨਹੀਂ ਹਰੇ-ਭਰੇ ਦਰੱਖਤ 'ਤੇ 'ਕੱਠੇ ਝੰੁਡ ਦੇ ਰੂਪ ਵਿਚ ਰਹਿੰਦੇ ਹਨ ਤੇ ਜੇਕਰ ਕਿਸੇ ਤਰ੍ਹਾਂ ਵੀ ਇਕ ਕਾਂ ਵੀ ਮਰ ਜਾਏ ਤਾਂ ਉਹ ਇਕੱਠੇ ਹੀ, ਮਰੇ ਕਾਂ ਦੇ ਆਲੇ-ਦੁਆਲੇ ਇਕੱਤਰ ਹੋ ਕੇ ਉੱਚੀ-ਉੱਚੀ ਕਾਵਾਂ ਰੌਲੀ ਪਾ ਦਿੰਦੇ ਹਨ |
ਹਾਂ, ਅਸਲੀ ਕਾਂ ਤਾਂ ਮਰਿਆ ਨਹੀਂ, ਪਰ ਮਨੁੱਖ ਰੂਪੀ ਕਾਂ ਪਾਕਿਸਤਾਨੀ ਕਾਂ ਤੇ ਕੁਝ ਐਧਰਲੇ ਹਿੰਦੁਸਤਾਨੀ ਕਾਂ ਜ਼ਰੂਰ ਇਕੱਠੇ ਹੋ ਗਏ ਹਨ, ਜ਼ਿਆਦਾ ਕਾਂ ਗ੍ਰਸੇ ਹੋਏ ਮੋਦੀ ਵਿਰੋਧ 'ਚ ਕਾਵਾਂ ਰੌਲੀ ਪਾ ਰਹੇ ਹਨ...
ਮਾਂ ਨੀ ਮਾਂ
ਐਡੇ ਵੱਡੇ ਢੋਢਰ ਕਾਂ |
ਭਲਾ ਕੋਈ ਪੁੱਛੇ ਇਨ੍ਹਾਂ ਤੋਂ ਕਿ 12 ਮਿੰਟ 'ਚ ਸਤਾਰ੍ਹਾਂ ਲੜਾਕੂ ਹਵਾਈ ਜਹਾਜ਼ ਮਿਥੇ ਟਿਕਾਣਿਆਂ 'ਤੇ ਬੰਬ ਸੁੱਟ ਕੇ ਸੱੁਖੀ-ਸਾਂਦੀ ਵਾਪਸ ਵੀ ਭਾਰਤ ਪਰਤ ਆਏ | ਉਹ ਉਥੇ ਗਿਣਤੀ ਕਿਵੇਂ ਕਰਦੇ ਕਿ ਥੱਲੇ ਕਿੰਨੇ ਮਰੇ ਹਨ ਤੇ ਕਿੰਨੇ ਜਿਊਾਦੇ ਬਚੇ ਹਨ?
ਇਨ੍ਹਾਂ ਲੜਾਕੂ ਜਹਾਜ਼ਾਂ ਦੇ ਇਕ ਪਾਲਿਟ ਨੇ ਕਿੰਨਾ ਸੋਹਣਾ ਤੇ ਸਟੀਕ ਵਿਅੰਗ ਕੱਸਿਆ ਹੈ, ਇਨ੍ਹਾਂ 'ਤੇ 'ਜੇਕਰ ਮੈਨੂੰ ਪਤਾ ਹੁੰਦਾ ਕਿ ਇਨ੍ਹਾਂ ਨੇ ਪੁੱਛਣੈ ਕਿ ਕਿੰਨੇ ਅੱਤਵਾਦੀ ਮਰੇ ਨੇ ਥੱਲੇ ਸਾਡੀ ਬੰਬਾਰੀ ਨਾਲ ਤਾਂ ਮੈਂ ਇਨ੍ਹਾਂ 'ਚੋਂ ਇਕ ਨੂੰ ਆਪਣੇ ਜਹਾਜ਼ ਦੀ ਕਾਰਪਿਟ 'ਚ ਬਿਠਾ ਕੇ ਨਾਲ ਲੈ ਜਾਂਦਾ ਤੇ ਜਿਸ ਨਿਸ਼ਾਨੇ 'ਤੇ ਗਾਈਡਿਡ ਮਿਜ਼ਾਈਲਾਂ ਦਾਗੀਆਂ ਹਨ, ਉਥੇ ਹੀ ਇਹਨੂੰ ਵੀ ਥੱਲੇ ਸੁੱਟ ਦਿੰਦਾ ਕਿ ਬਹਿ ਕੇ ਗਿਣੀ ਜਾੲੀਂ, ਕਿੰਨੇ ਕੁ ਮਰੇ ਨੇ |'
'ਜੈਸ਼-ਏ-ਮੁਹੰਮਦ' ਆਤੰਕੀ ਸੰਗਠਨ ਦੇ ਮੁਖੀ ਮਸੂਦ ਅਜ਼ਹਰ ਦਾ ਅੱਤਵਾਦੀ ਟਰੇਂਡ ਕਰਨ ਦਾ ਅੱਡਾ ਸੀ ਬਾਲਾਕੋਟ ਜਿਸ 'ਤੇ ਬੰਬ ਡੇਗੇ, ਭਾਰਤੀ ਹਵਾਬਾਜ਼ਾਂ ਨੇ ਜਦ ਤੋਂ ਇਹ ਹਵਾਈ ਹੱਲਾ ਹੋਇਆ ਹੈ, ਮਸੂਦ ਅਜ਼ਹਰ ਬਾਰੇ ਕਈ ਖ਼ਬਰਾਂ ਆਈਆਂ ਹਨ ਕਿ ਉਹ ਇਸਲਾਮਾਬਾਦ 'ਚ ਫ਼ੌਜੀ ਹਸਪਤਾਲ 'ਚ ਭਰਤੀ ਹੈ ਤੇ ਗੰਭੀਰ ਹਾਲਤ 'ਚ ਹੈ, ਉਹਦਾ ਗੁਰਦਾ ਖਰਾਬ ਹੈ ਤੇ ਲਗਾਤਾਰ ਡਾਇਲੈਸਿਸ ਸਹਾਰੇ ਹੈ | ਪਰ ਮੇਰੇ ਕੋਲ ਇਕ ਭਾਰਤ ਦੇ ਸਭ ਤੋਂ ਜ਼ਿਆਦਾ ਛਪਣ ਵਾਲੇ ਅੰਗਰੇਜ਼ੀ ਅਖ਼ਬਾਰ 'ਚ ਛਪੀ ਖ਼ਬਰ ਹੈ ਕਿ ਮਸੂਦ ਅਜ਼ਹਰ ਜਿਸ ਦਿਨ ਭਾਰਤੀ ਏਅਰਫੋਰਸ ਨੇ ਉਸ ਦੇ ਨਾਪਾਕ ਅੱਡੇ 'ਤੇ ਬੰਬ ਵਰਸਾਏ, ਉਸ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ, ਇਸੇ ਲਈ ਪਾਕਿਸਤਾਨੀ ਇਸ ਸੱਚ ਨੂੰ ਛੁਪਾਉਣ ਲਈ ਉਹਦਾ ਗੁਰਦਾ ਫੇਲ੍ਹ ਹੋਣ ਦਾ ਝੂਠ ਫੈਲਾ ਕੇ ਇਸ ਸੱਚ ਨੂੰ ਲੁਕਾ ਰਹੇ ਹਨ | ਪਹਿਲਾਂ ਤਾਂ ਖ਼ਬਰ ਇਹ ਵੀ ਆਈ ਸੀ ਕਿ ਉਹ ਤੁਰ ਗਿਐ ਅੱਲਾਹ ਕੋਲ, ਜਿਥੇ ਉਸ ਨੇ ਅੱਤਵਾਦੀਆਂ ਨੂੰ 71-71 ਹੂਰਾਂ ਮਿਲਣ ਦਾ ਲਾਲਚ ਦਿੱਤਾ ਸੀ | ਉਹਦੇ ਮਰਨ ਦੀ ਖ਼ਬਰ ਦੀ ਪੁਸ਼ਟੀ ਨਹੀਂ ਹੋ ਸਕੀ, ਹਾਲਾਂ ਤਾੲੀਂ ਪਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਜ਼ਰੂਰ ਮੰਨਿਆ ਹੈ ਕਿ ਉਹ ਸੱਚਮੁੱਚ ਬਹੁਤ ਬਿਮਾਰ ਹੈ |
ਭਾਰਤੀ ਏਅਰਫੋਰਸ ਦੇ ਮੁਖੀ ਏਅਰ ਮਾਰਸ਼ਲ ਬਰਿੰਦਰ ਸਿੰਘ ਧਨੋਆ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਏਅਰ ਫੋਰਸ ਨੂੰ ਜਿਹੜਾ ਟਾਰਗਿਟ ਦਿੱਤਾ ਗਿਆ ਸੀ ਕਿ ਫਲਾਣੀ ਥਾਂ 'ਤੇ ਹਮਲਾ ਕਰਨਾ ਹੈ, ਉਸ ਟਾਰਗਿਟ ਨੂੰ ਸਾਡੇ ਪਾਇਲਟਾਂ ਨੇ ਪੂਰੀ ਸਫ਼ਲਤਾ ਨਾਲ ਪੂਰਾ ਕੀਤਾ ਹੈ |
ਇਕ ਕਾਂਗਰਸੀ ਨੇ ਬਿਨਾਂ ਕਿਸੇ ਸਬੂਤ ਦੇ ਇਹ ਦਾਅਵਾ ਕੀਤਾ ਕਿ ਭਾਰਤੀ ਹਵਾਈ ਫ਼ੌਜ ਦੇ ਇਸ ਹਮਲੇ 'ਚ ਸਿਰਫ਼ ਇਕ ਪਾਕਿਸਤਾਨੀ ਬੰਦਾ ਮਰਿਐ | ਉਹਨੇ ਅੱਤਵਾਦੀ ਕਹਿਣਾ ਵੀ ਮੁਨਾਸਿਬ ਨਹੀਂ ਸਮਝਿਆ... (ਸ਼ਾਇਦ ਦਿੱਲੀ 'ਚ ਹੋਏ ਬਾਟਲਾ ਹਾਊਸ ਵਾਲੇ ਕਿਸੇ ਦੀ ਯਾਦ ਆ ਗਈ ਹੋਵੇ, ਇਸ ਵਾਰ ਜਿਹੜੀ ਲੜਾਈ ਹੋਈ, ਹੁਣ ਤਾੲੀਂ ਹਵਾ ਹਵਾਈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX