ਤਾਜਾ ਖ਼ਬਰਾਂ


ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  about 1 hour ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  about 2 hours ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  about 2 hours ago
ਚੰਡੀਗੜ੍ਹ, 19 ਅਪ੍ਰੈਲ - ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  about 2 hours ago
ਟਾਂਡਾ, 19 ਅਪ੍ਰੈਲ- ਵਿਜੀਲੈਂਸ ਟੀਮ ਵਲੋਂ ਅੱਜ ਦੁਪਹਿਰ ਟਾਂਡਾ ਦੇ ਇੱਕ ਪੈਲੇਸ 'ਚ ਆਬਕਾਰੀ ਵਿਭਾਗ ਦੇ ਈ. ਟੀ. ਓ. ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲਗਭਗ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਂ ਹੱਥੀਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਉਕਤ ਪੈਲੇਸ ਦੇ...
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  about 2 hours ago
ਸੰਗਰੂਰ, 19 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੁਰਜੀਤ ਸਿੰਘ ਐਡਵੋਕੇਟ ਨੇ ਅੱਜ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 22 ਅਪ੍ਰੈਲ ਨੂੰ ਸੰਗਰੂਰ...
ਹੋਰ ਖ਼ਬਰਾਂ..

ਖੇਡ ਜਗਤ

ਭਾਰਤੀ ਕ੍ਰਿਕਟ ਟੀਮ ਦੀ ਵਿਸ਼ਵ ਕੱਪ ਦਾਅਵੇਦਾਰੀ ਨੂੰ ਲੱਗਿਆ ਝਟਕਾ

ਮਈ ਦੇ ਅਖੀਰ 'ਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਕ੍ਰਿਕਟ 'ਚ ਭਾਰਤੀ ਟੀਮ ਦੀ ਖਿਤਾਬੀ ਦਾਅਵੇਦਾਰੀ ਨੂੰ ਆਸਟ੍ਰੇਲੀਆ ਨੇ ਜ਼ਬਰਦਸਤ ਝਟਕਾ ਦਿੱਤਾ ਹੈ। ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਭਾਰਤੀ ਟੀਮ ਨੇ ਪ੍ਰਦਰਸ਼ਨ ਕੀਤਾ ਅਤੇ ਦਰਜਾਬੰਦੀ 'ਚ ਪਹਿਲੀਆਂ ਥਾਵਾਂ 'ਚ ਲਗਾਤਾਰ ਜਗ੍ਹਾ ਬਣਾਈ ਰੱਖੀ ਸੀ, ਇਥੋਂ ਤੱਕ ਕਿ ਵਿਦੇਸ਼ਾਂ 'ਚ ਜਾ ਕੇ ਵੀ ਜਿੱਤ ਦੇ ਝੰਡੇ ਗੱਡੇ ਸਨ, ਉਸ ਤੋਂ ਲਗਦਾ ਸੀ ਕਿ ਵਿਸ਼ਵ ਕੱਪ ਤਾਂ ਵੱਟ 'ਤੇ ਹੀ ਪਿਆ ਹੈ ਪਰ ਆਸਟ੍ਰੇਲੀਆ ਵਿਰੁੱਧ ਆਪਣੇ ਹੀ ਘਰ 'ਚ ਜਿਸ ਤਰ੍ਹਾਂ ਪਹਿਲੇ ਦੋ ਮੈਚ ਜਿੱਤਣ ਤੋਂ ਬਾਅਦ ਪੰਜ ਮੈਚਾਂ ਦੀ ਲੜੀ 3-2 ਨਾਲ ਗੁਆਈ, ਉਸ ਨਾਲ ਟੀਮ ਦੇ ਅੰਦਰੋਂ ਖੋਖਲਾਪਨ ਨਜ਼ਰ ਆਉਣ ਲੱਗ ਪਿਆ ਹੈ। ਇੰਜ ਲੱਗਣ ਲੱਗ ਪਿਆ ਹੈ ਕਿ ਟੀਮ 3-4 ਖਿਡਾਰੀਆਂ ਦੇ ਦੁਆਲੇ ਹੀ ਘੁੰਮ ਰਹੀ ਹੈ।
ਭਾਰਤੀ ਕਪਤਾਨ ਵਿਰਾਟ ਕੋਹਲੀ ਲੜੀ ਖ਼ਤਮ ਹੋਣ ਤੋਂ ਬਾਅਦ ਚਾਹੇ ਲੱਖ ਕਹੀ ਜਾਵੇ ਕਿ ਲੜੀ ਗੁਆਉਣ ਦੇ ਬਾਵਜੂਦ ਉਨ੍ਹਾਂ ਦੇ ਹੌਸਲੇ ਬੁਲੰਦ ਹਨ ਪਰ ਅਸਲੀਅਤ ਇਹ ਹੈ ਕਿ ਰਾਂਚੀ 'ਚ ਸਾਡੇ ਬੱਲੇਬਾਜ਼ 313 ਦੌੜਾਂ ਦਾ ਟੀਚਾ ਹਾਸਲ ਨਹੀਂ ਕਰ ਪਾਏ। ਮੁਹਾਲੀ 'ਚ ਜੇ ਰੋਹਿਤ ਤੇ ਸ਼ਿਖਰ ਧਵਨ ਦਾ ਬੱਲਾ ਚੱਲਿਆ ਅਤੇ ਟੀਮ ਨੇ 358 ਦੌੜਾਂ ਦਾ ਪਹਾੜ ਵੀ ਖੜ੍ਹਾ ਕਰ ਲਿਆ ਤਾਂ ਵੀ ਭਾਰਤੀ ਗੇਂਦਬਾਜ਼ ਇਸ ਦੀ ਰੱਖਿਆ ਨਹੀਂ ਕਰ ਪਾਏ। ਕਸੂਰ ਗੇਂਦਬਾਜ਼ਾਂ ਦਾ ਨਹੀਂ ਹੈ। ਵਾਰ-ਵਾਰ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ, ਚਾਹਲ ਨੂੰ ਲੈਅ 'ਚ ਹੋਣ ਅਤੇ ਵਿਕਟਾਂ ਲੈਣ ਦੇ ਬਾਵਜੂਦ ਬਾਕੀ ਗੇਂਦਬਾਜ਼ਾਂ ਨੂੰ ਪਰਖਣ ਦੇ ਨਾਂਅ 'ਤੇ ਬਾਹਰ ਬਿਠਾਉਣਾ ਦਾ ਹੀ ਨਤੀਜਾ ਹੈ ਕਿ ਇਨ੍ਹਾਂ ਦਾ ਆਤਮਵਿਸ਼ਵਾਸ ਡਾਵਾਂਡੋਲ ਹੋਇਆ। ਵਿਸ਼ਵ ਕੱਪ ਵਿਦੇਸ਼ੀ ਧਰਤੀ 'ਤੇ ਹੋਣਾ ਹੈ ਪਰ ਬੁਮਰਾਹ ਨੂੰ ਵਿਦੇਸ਼ਾਂ 'ਚ ਵੀ 'ਆਰਾਮ' ਦੇ ਕੇ ਵਿਦੇਸ਼ੀ ਪਿੱਚਾਂ ਦਾ ਅਨੁਭਵ ਲੈਣ ਤੋਂ ਵਾਂਝੇ ਕੀਤਾ ਗਿਆ। ਚਾਹਲ ਤੇ ਕੁਲਦੀਪ ਯਾਦਵ ਜੇ ਮੈਚ ਜਿਤਾਉਣ ਵਾਲੀ ਗੇਂਦਬਾਜ਼ੀ ਲਗਾਤਾਰ ਕਰ ਰਹੇ ਸਨ ਤਾਂ ਇਨ੍ਹਾਂ ਵਿਚੋਂ ਇਕ ਨੂੰ ਅੰਦਰ-ਬਾਹਰ ਕਰਨ ਦਾ ਕੋਈ ਤੁਕ ਨਹੀਂ ਹੈ। ਪਰਖਣ ਦੇ ਚੱਕਰ ਵਿਚ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵੇਂ ਪਾਸੇ ਅਜਿਹੇ ਚੱਕਰ ਪਾਏ ਗਏ ਕਿ ਪੂਰੀ ਟੀਮ ਦਾ ਤਾਣਾ-ਬਾਣਾ ਹੀ ਉਲਝ ਕੇ ਰਹਿ ਗਿਆ। ਲੜੀ ਜਦੋਂ 2-2 ਨਾਲ ਬਰਾਬਰ ਸੀ ਤਾਂ 'ਮਜ਼ਬੂਤ' ਭਾਰਤੀ ਬੱਲੇਬਾਜ਼ੀ, ਜਿਹੜੀ ਕਿ ਅੱਜਕਲ੍ਹ 'ਚੇਜ਼ ਮਾਸਟਰ' ਕਹਾਉਂਦੀ ਹੈ, ਉਹ 272 ਦਾ ਅੰਕੜਾ ਵੀ 35 ਦੌੜਾਂ ਨਾਲ ਛੂਹ ਨਾ ਸਕੀ।
ਕਪਤਾਨ ਕੋਹਲੀ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਵਿਚ ਕਿਹੜੇ 11 ਖਿਡਾਰੀ ਖੇਡਣਗੇ, ਇਹ ਲਗਪਗ ਤੈਅ ਹੈ। ਇਕ ਆਲਰਾਊਂਡਰ ਤੇ ਦੂਜੇ ਵਿਕਟਕੀਪਰ ਨੂੰ ਲੈ ਕੇ ਕੁਝ ਦੁਚਿੱਤੀ ਹੈ ਪਰ ਲਗਦਾ ਹੈ ਕਿ ਇਹ ਮਸਲਾ ਵੀ ਹੁਣ ਸੁਲਝ ਗਿਆ ਹੈ। ਕੋਹਲੀ ਦੇ ਮਨ ਵਿਚ ਕੀ ਹੈ, ਇਹ ਤਾਂ ਉਹੀ ਜਾਣਦਾ ਹੈ ਪਰ ਮੌਜੂਦਾ ਲੜੀ ਤੋਂ ਬਾਅਦ ਹਾਲੇ ਵੀ ਲਗਦਾ ਹੈ ਕਿ ਪਹਿਲੀਆਂ 3 ਥਾਵਾਂ ਤੋਂ ਬਾਅਦ ਚੌਥੇ, ਪੰਜਵੇਂ, ਛੇਵੇਂ ਨੰਬਰ 'ਤੇ ਕੌਣ ਖੇਡੇਗਾ, ਇਹ ਪੱਕਾ ਨਹੀਂ ਹੈ। ਅੰਬਾਤੀ ਰਾਇਡੂ ਨੂੰ ਚੌਥੇ ਨੰਬਰ 'ਤੇ ਵਾਰ-ਵਾਰ ਭੇਜਿਆ ਗਿਆ ਪਰ ਇਕ-ਦੋ ਚੰਗੀਆਂ ਪਾਰੀਆਂ ਤੋਂ ਇਲਾਵਾ ਉਸ ਨੇ ਨਿਰਾਸ਼ ਕੀਤਾ। ਆਲਰਾਊਂਡਰ ਵਿਜੈ ਸ਼ੰਕਰ ਨੇ ਕੁਝ ਮੈਚਾਂ 'ਚ ਚੌਥੇ ਨੰਬਰ 'ਤੇ ਵਧੀਆ ਖੇਡ ਦਿਖਾਈ ਹੈ ਅਤੇ ਲਗਦਾ ਵੀ ਹੈ ਕਿ ਇਸ ਥਾਂ ਲਈ ਉਸ 'ਤੇ ਹੀ ਦਾਅ ਖੇਡਿਆ ਜਾਵੇਗਾ। ਪੰਜਵੇਂ-ਛੇਵੇਂ ਲਈ ਧੋਨੀ ਤੇ ਕੇਦਾਰ ਯਾਦਵ ਨੂੰ ਮੌਕੇ ਮਿਲ ਰਹੇ ਹਨ ਅਤੇ ਕਦੇ-ਕਦਾਈਂ ਰਿਸ਼ਭ ਪੰਤ ਤੇ ਕੇ. ਐਲ. ਰਾਹੁਲ ਵੀ ਇਨ੍ਹਾਂ ਥਾਵਾਂ ਲਈ ਨਜ਼ਰਾਂ ਵਿਚ ਹਨ। ਪੰਤ ਕਰਕੇ ਦਿਨੇਸ਼ ਕਾਰਤਿਕ ਨੁੱਕਰੇ ਲੱਗ ਰਿਹਾ ਹੈ ਜਦ ਕਿ ਉਹ ਆਪਣੀ ਬੱਲੇਬਾਜ਼ੀ ਦੇ ਸਿਰ 'ਤੇ ਟੀਮ 'ਚ ਟਿਕਿਆ ਹੋਇਆ ਸੀ। ਹੇਠਲੇ ਕ੍ਰਮ 'ਚ ਆਲਰਾਊਂਡਰ ਦੀ ਥਾਂ ਹਾਰਦਿਕ ਪਾਂਡੇ ਦੇ ਖਾਤੇ 'ਚ ਜਾਵੇਗੀ।
ਵਿਸ਼ਵ ਕੱਪ ਤੋਂ ਪਹਿਲਾਂ ਲਗਪਗ ਦੋ ਮਹੀਨੇ ਆਈ.ਪੀ.ਐਲ. ਦਾ ਰੁਝੇਵਿਆਂ ਭਰਿਆ ਸੀਜ਼ਨ ਹੋਵੇਗਾ। ਭਾਵੇਂ ਕਿ ਇਹ ਟਵੰਟੀ-20 ਦੀ ਤਰਜ਼ 'ਤੇ ਖੇਡਿਆ ਜਾਂਦਾ ਹੈ ਪਰ ਫਿਰ ਵੀ ਇਥੋਂ ਨਿਖਰ ਕੇ ਸਾਹਮਣੇ ਆਉਣ ਵਾਲੇ ਹੀ ਕੌਮੀ ਟੀਮ ਦਾ ਦਰਵਾਜ਼ਾ ਖੜਕਾਉਂਦੇ ਹਨ। ਸ਼੍ਰੇਅਸ ਅਈਅਰ, ਮਯੰਕ ਅਗਰਵਾਲ, ਪ੍ਰਿਥਵੀ ਸ਼ਾਹ, ਸ਼ੁਭਮਨ ਗਿੱਲ ਤੇ ਕੁਝ ਹੋਰ ਖਿਡਾਰੀਆਂ ਨੂੰ ਚਾਹੇ ਪਿਛਲੇ ਸਮੇਂ ਵਿਚ ਸੰਭਾਵੀ ਖਿਡਾਰੀ ਨਾ ਮੰਨਦੇ ਹੋਏ ਮੌਕਾ ਨਹੀਂ ਮਿਲਿਆ ਪਰ ਆਈ.ਪੀ.ਐਲ. 'ਚ ਧਾਕੜ ਪ੍ਰਦਰਸ਼ਨ ਹਾਲੇ ਵੀ ਇਨ੍ਹਾਂ ਸਮੇਤ ਕਿਸੇ ਵੀ ਖਿਡਾਰੀ ਲਈ ਰਸਤਾ ਖੋਲ੍ਹ ਸਕਦਾ ਹੈ।


-'ਸਹਿ-ਪ੍ਰੇਮ' ਨਿਵਾਸ, 63, ਪ੍ਰੋਫੈਸਰ ਕਾਲੋਨੀ, ਰਾਮਾਮੰਡੀ, ਜਲੰਧਰ।


ਖ਼ਬਰ ਸ਼ੇਅਰ ਕਰੋ

ਚੈਂਪੀਅਨਜ਼ ਲੀਗ :

ਨਾਕ ਆਊਟ ਗੇੜ ਵਿਚ ਹੋਏ ਵੱਡੇ ਉਲਟਫੇਰ

ਫੁੱਟਬਾਲ 'ਚ ਕਲੱਬ ਮੁਕਾਬਲਿਆਂ ਦਾ ਮਹਾਂਕੁੰਭ ਕਹੇ ਜਾਣ ਵਾਲੇ 'ਚੈਂਪੀਅਨਜ਼ ਲੀਗ' ਦੇ ਨਾਕਆਊਟ ਗੇੜ ਦੀ ਸ਼ੁਰੂਆਤ ਹੋ ਚੁੱਕੀ ਹੈ। ਚੈਂਪੀਅਨਜ਼ ਲੀਗ ਦੇ ਇਨ੍ਹਾਂ ਮੁਕਾਬਲਿਆਂ ਨੂੰ ਅਨਿਸਚਿਤਾਵਾਂ ਭਰਪੂਰ ਮੰਨਿਆ ਜਾਂਦਾ ਹੈ ਅਤੇ ਆਪਣੀ ਇਸੇ ਕਵਾਇਦ 'ਤੇ ਇਹ ਮੁਕਾਬਲੇ ਖਰੇ ਵੀ ਉਤਰੇ। ਪਿਛਲੇ ਤਿੰਨ ਸੰਸਕਰਣਾਂ ਦੀ ਜੇਤੂ ਟੀਮ ਰੀਅਡ ਮੈਡਰਿਡ ਸਮੇਤ ਬੇਰਨ ਮਿਊਨਿਖ ਤੇ ਪੈਰਿਸ ਸੇਂਟ ਜਰਮੇਨ ਜਿਹੀਆਂ ਧਾਕੜ ਟੀਮਾਂ ਨੂੰ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ। ਇਤਿਹਾਸਕ ਹੋ ਨਿਬੜੇ ਇਸ ਗੇੜ ਦੇ ਮੁਕਾਬਲਿਆਂ ਵਿਚ ਕਈ ਹੋਰ ਵੀ ਉਤਰਾਅ-ਚੜ੍ਹਾਅ ਦੇਖੇ ਗਏ।
ਇਨ੍ਹਾਂ ਮੁਕਾਬਲਿਆਂ ਵਿਚੋਂ ਸਭ ਤੋਂ ਅਹਿਮ ਮਨਚੈਸਟਰ ਯੂਨਾਈਟਿਡ ਤੇ ਪੈਰਿਸ ਸੇਂਟ ਜਰਮੇਨ ਵਿਚਕਾਰ ਹੋਏ ਮੁਕਾਬਲੇ ਨੂੰ ਮੰਨਿਆ ਜਾ ਰਿਹਾ ਹੈ। ਪਹਿਲੇ ਮੈਚ ਵਿਚ ਆਪਣੇ ਘਰੇਲੂ ਮੈਦਾਨ 'ਤੇ ਮਨਚੈਸਟਰ ਦੀ ਟੀਮ ਨੂੰ 2 ਗੋਲਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਤੱਕ ਦੇ ਇਤਿਹਾਸ ਵਿਚ ਵਿਰੋਧੀ ਦੇ ਘਰੇਲੂ ਮੈਦਾਨ 'ਤੇ 2 ਗੋਲਾਂ ਦੇ ਫਰਕ ਨੂੰ ਕਦੇ ਵੀ ਜਿੱਤ ਵਿਚ ਤਬਦੀਲ ਨਹੀਂ ਸੀ ਕੀਤਾ ਗਿਆ। ਪੈਰਿਸ ਸੇਂਟ ਜਰਮੇਨ ਜਿਹੀ ਟੀਮ ਨੂੰ ਉਸ ਦੇ ਘਰੇਲੂ ਮੈਦਾਨ 'ਤੇ 1-3 ਗੋਲਾਂ ਦੇ ਫਰਕ ਨਾਲ ਹਰਾ ਕੇ ਮਨਚੈਸਟਰ ਦੀ ਟੀਮ ਨੇ ਇਤਿਹਾਸ ਸਿਰਜ ਦਿੱਤਾ। ਭਾਵੇਂ ਕਿ ਦੋਵੇਂ ਟੀਮਾਂ ਦੋਵਾਂ ਮੈਚਾਂ ਬਾਅਦ 3-3 ਗੋਲਾਂ ਦੀ ਬਰਾਬਰੀ 'ਤੇ ਰਹੀਆਂ ਪਰ ਗੋਲ ਪ੍ਰਣਾਲੀ ਦੇ ਨਿਯਮਾਂ ਅਨੁਸਾਰ ਮਨਚੈਸਟਰ ਦੀ ਝੋਲੀ ਜਿੱਤ ਪਈ। ਇਨ੍ਹਾਂ ਦੇ ਨਾਲ ਹੀ ਹੋਏ ਦੂਜੇ ਮੁਕਾਬਲੇ ਵਿਚ ਏ.ਐਸ. ਰੋਮਾ ਦੀ ਟੀਮ ਐਫ.ਸੀ. ਪੋਰਤੋ 'ਤੇ ਪਹਿਲੇ ਮੈਚ ਦੀ 2-1 ਦੀ ਬੜ੍ਹਤ ਕਾਇਮ ਨਾ ਰੱਖ ਸਕੀ ਅਤੇ ਦੂਜੇ ਮੁਕਾਬਲੇ ਵਿਚ ਉਸ ਨੂੰ 3-1 ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸਾਲ ਬਾਰਸੀਲੋਨਾ ਜਿਹੀ ਮਜ਼ਬੂਤ ਟੀਮ ਨੂੰ ਹਰਾਉਣ ਵਾਲੀ ਰੋਮਾ ਇਸ ਵਾਰ ਪੋਰਤੋ ਹੱਥੋਂ 4-3 ਗੋਲਾਂ ਦੇ ਫਰਕ ਨਾਲ ਹਾਰ ਕੇ ਇਸ ਵੱਕਾਰੀ ਮੁਕਾਬਲੇ 'ਚੋਂ ਬਾਹਰ ਹੋ ਗਈ।
ਟੂਰਨਾਮੈਂਟ ਦਾ ਇਕ ਹੋਰ ਵੱਡਾ ਉਲਟਫੇਰ ਅਜੈਕਸ ਐਮਟਰਡੈਮ ਕਲੱਬ ਵਲੋਂ ਕੀਤਾ ਗਿਆ। ਮਜ਼ਬੂਤ ਵਿਰੋਧੀ ਰੀਅਡ ਮੈਡਰਿਡ ਹੱਥੋਂ ਪਹਿਲਾ ਮੈਚ ਆਪਣੇ ਘਰੇਲੂ ਮੈਦਾਨ 'ਤੇ 2-1 ਦੇ ਫਰਕ ਨਾਲ ਹਾਰਨ ਤੋਂ ਬਾਅਦ ਅਜੈਕਸ ਕਲੱਬ ਵਲੋਂ ਕੀਤੀ ਗਈ ਵਾਪਸੀ ਨੇ ਫੁੱਟਬਾਲ ਜਗਤ ਨੂੰ ਹੈਰਾਨ ਕਰ ਦਿੱਤਾ। ਰੀਅਲ ਮੈਡਰਿਡ ਜਿਹੀ ਮਜ਼ਬੂਤ ਟੀਮ ਨੂੰ ਉਸ ਦੇ ਹੀ ਘਰੇਲੂ ਮੈਦਾਨ ਵਿਚ ਅਜੈਕਸ ਨੇ 4-1 ਦੀ ਵੱਡੀ ਜਿੱਤ ਦਰਜ ਕੀਤੀ ਅਤੇ ਪਿਛਲੇ 3 ਵਾਰ ਦੀ ਚੈਂਪੀਅਨ ਰੀਅਡ ਮੈਡਰਿਡ ਨੂੰ ਨਮੋਸ਼ੀਜਨਕ ਹਾਰ ਨਾਲ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾਇਆ। ਹੋਰ ਮੁਕਾਬਲੇ 'ਚ ਟੋਟਨਹੈਮ ਹੋਸਟਪਰ ਨੇ ਅਸਾਨੀ ਨਾਲ ਬੋਰਸੀਆ ਡੌਰਟਮੰਡ ਨੂੰ ਹਰਾ ਕੇ ਅਗਲੇ ਗੇੜ ਵਿਚ ਦਾਖਲਾ ਪਾਇਆ। ਇਸ ਤੋਂ ਇਲਾਵਾ ਲਿਓਨ ਦੀ ਟੀਮ ਨੇ ਬਾਰਸੀਲੋਨਾ ਨੂੰ ਕਿਸੇ ਤਰ੍ਹਾਂ ਪਹਿਲੇ ਮੁਕਾਬਲੇ 'ਚ ਤਾਂ ਗੋਲ ਰਹਿਤ ਬਰਾਬਰੀ 'ਤੇ ਰੋਕ ਲਿਆ ਪਰ ਦੂਜੇ ਮੁਕਾਬਲੇ ਵਿਚ ਸਟਾਰ ਫੁੱਟਬਾਲਰ ਮੈਸੀ ਦੀ ਸ਼ਾਨਦਾਰ ਖੇਡ ਸਦਕਾ ਬਾਰਸੀਲੋਨਾ ਨੇ 5-1 ਦੀ ਵੱਡੀ ਜਿੱਤ ਦਰਜ ਕੀਤੀ। ਕੁਝ ਇਸੇ ਤਰ੍ਹਾਂ ਦੀ ਖੇਡ ਮਨਚੈਸਟਰ ਸਿਟੀ ਨੇ ਵੀ ਦਿਖਾਈ। ਪਹਿਲੇ ਮੁਕਾਬਲੇ ਵਿਚ ਸਾਹਲਕੇ 04 'ਤੇ 3-2 ਦੀ ਕਰੀਬੀ ਜਿੱਤ ਤੋਂ ਬਾਅਦ ਮਨਚੈਸਟਰ ਨੇ ਦੂਜੇ ਮੈਚ 'ਚ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ। ਸਾਹਲਕੇ 04 ਦੀ ਟੀਮ 7-0 ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਗੇੜ ਦੇ ਦਿਲਚਸਪ ਮੁਕਾਬਲੇ ਲੀਵਰਪੂਲ ਤੇ ਬੇਅਰਨ ਮਿਊਨਿਖ ਦਰਮਿਆਨ ਅਤੇ ਜੂਵੈਨਟਸ ਤੇ ਅਟਲੈਟਿਕੋ ਮੈਡਰਿਡ ਦਰਮਿਆਨ ਕਿਆਸੇ ਗਏ ਸਨ ਅਤੇ ਇਹ ਮੁਕਾਬਲੇ ਫੁੱਟਬਾਲ ਮਾਹਿਰਾਂ ਦੀ ਕਸੌਟੀ 'ਤੇ ਖਰੇ ਵੀ ਉਤਰੇ। ਆਪਣੇ ਘਰੇਲੂ ਮੈਦਾਨ 'ਤ ਖੇਡਦੇ ਹੋਏ ਅਟਲੈਟਿਕੋ ਨੇ 2 ਗੋਲਾਂ ਦੀ ਬੜਤ ਹਾਸਲ ਕਰਦਿਆਂ ਜੂਵੈਨਟਸ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ ਸੀ ਪਰ ਜੂਵੈਨਟਸ ਦੀ ਟੀਮ ਨੇ ਆਪਣੇ ਘਰੇਲੂ ਮੈਦਾਨ ਵਿਚ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੀ ਸ਼ਾਨਦਾਰ ਹੈਟ੍ਰਿਕ 'ਤੇ ਸਵਾਰ ਹੁੰਦਿਆਂ ਇਸ ਚੁਣੌਤੀ ਨੂੰ ਪਾਰ ਕਰ ਲਿਆ। ਚੈਂਪੀਅਨਜ਼ ਲੀਗ ਵਿਚ ਸ਼ਾਨਦਾਰ ਖੇਡ ਸਦਕਾ ਜਾਣੇ ਜਾਂਦੇ ਰੋਨਾਲਡੋ ਦੀ ਇਹ 8ਵੀਂ ਹੈਟ੍ਰਿਕ ਸੀ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਵੀ ਰੋਨਾਲਡੋ ਦੇ ਨਾਂਅ ਹੀ ਹੈ। ਦੂਜੇ ਮੁਕਾਬਲੇ ਲਿਵਰਪੂਲ ਤੇ ਬੇਅਰਨ ਮਿਊਨਿਖ 'ਤੇ ਵੀ ਸਭ ਦੀਆਂ ਨਜ਼ਰਾਂ ਸਨ। ਪਹਿਲਾ ਮੈਚ ਗੋਲ ਰਹਿਤ ਬਰਾਬਰ ਰਹਿਣ ਕਾਰਨ ਦੋਵਾਂ ਟੀਮਾਂ 'ਤੇ ਵੱਡਾ ਦਬਾਅ ਸੀ। ਇਸ ਮੁਕਾਬਲੇ ਵਿਚ ਲੀਵਰਪੂਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੇਅਰਨ ਮਿਊਨਿਖ ਨੂੰ ਉਸ ਦੇ ਹੀ ਘਰੇਲੂ ਮੈਦਾਨ ਵਿਚ 1 ਦੇ ਮੁਕਾਬਲੇ 3 ਗੋਲ ਦਾਗ ਕੇ ਬਾਹਰ ਦਾ ਰਸਤਾ ਦਿਖਾਇਆ।
ਭਾਵੇਂ ਜੂਵੈਨਟਸ, ਬਾਰਸੀਲੋਨਾ ਤੇ ਲੀਵਰਪੂਲ ਦੀਆਂ ਟੀਮਾਂ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਹੋਰਾਂ ਟੀਮਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਕੁਆਟਰ ਫਾਈਨਲ ਮੁਕਾਬਲਿਆਂ ਵਿਚ ਵੀ ਫੁੱਟਬਾਲ ਪ੍ਰੇਮੀਆਂ ਨੂੰ ਹੋਰ ਵੀ ਚੰਗੇ ਮੁਕਾਬਲੇ ਦੇਖਣ ਨੂੰ ਮਿਲਣਗੇ।


- ਪਿੰਡ ਭੀਖੀ ਖੱਟੜਾ, ਜ਼ਿਲ੍ਹਾ ਲੁਧਿਆਣਾ। ਮੋਬਾਈਲ : 96532-96535

ਛੋਟੀ ਉਮਰੇ ਉੱਭਰਦਾ ਨਿਸ਼ਾਨੇਬਾਜ਼

ਟਿੱਕਾ ਜੈ ਸਿੰਘ ਸੋਢੀ

ਜਿਸ ਉਮਰ ਵਿਚ ਬੱਚੇ ਆਪਣਾ ਸਕੂਲ ਦਾ ਕੰਮ ਕਰ ਰਹੇ ਹੁੰਦੇ ਹਨ ਜਾਂ ਇਮਤਿਹਾਨਾਂ ਦੀ ਤਿਆਰੀ ਵਿਚ ਰੁੱਝੇ ਹੁੰਦੇ ਹਨ ਜਾਂ ਆਪਣੇ ਦੋਸਤਾਂ-ਮਿੱਤਰਾਂ ਨਾਲ ਮੌਜ-ਮਸਤੀ ਕਰਨਾ ਪਸੰਦ ਕਰਦੇ ਹਨ, ਉਸ ਉਮਰ ਵਿਚ ਮੁਹਾਲੀ ਦੇ ਨੌਜਵਾਨ ਟਿੱਕਾ ਜੈ ਸਿੰਘ ਨੇ ਸਖ਼ਤ ਮਿਹਨਤ ਕਰਕੇ ਇਕ ਸਾਲ ਵਿਚ 31 ਤਗਮੇ ਜਿੱਤੇ ਤੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਇੰਡੀਆ ਨੇ 2019 ਲਈ ਉਸ ਦੀ ਚੋਣ ਅੰਤਰਰਾਸ਼ਟਰੀ ਸ਼ੂਟਿੰਗ ਮੁਕਾਬਲਿਆਂ ਲਈ ਕੀਤੀ ਹੈ। ਟਿੱਕਾ ਸੋਢੀ ਦਾ ਨਿਸ਼ਾਨਾ 2024 ਵਿਚ ਪੈਰਿਸ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਹਨ। ਟਿੱਕੇ ਨੂੰ ਬਚਪਨ ਤੋਂ ਹੀ ਸ਼ੂਟਿੰਗ ਦਾ ਸ਼ੌਕ ਸੀ। ਉਹ ਕਰੀਬ 10 ਸਾਲ ਦਾ ਸੀ, ਜਦੋਂ ਉਸ ਨੇ 2012 ਲੰਡਨ ਉਲੰਪਿਕ ਖੇਡਾਂ ਟੈਲੀਵਿਜ਼ਨ 'ਤੇ ਵੇਖੀਆਂ, ਜਿਸ ਵਿਚ ਭਾਰਤੀ ਨਿਸ਼ਾਨੇਬਾਜ਼ ਵਿਜੇ ਕੁਮਾਰ ਨੂੰ 'ਬੁੱਲ ਆਈ' ਹਿੱਟ ਕਰਦਿਆਂ ਵੇਖ ਕੇ ਹੈਰਾਨੀ ਹੁੰਦੀ ਸੀ ਤੇ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਉਸ ਨੂੰ ਗੋਲਫਰ ਬਣਾਉਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਉਸ ਨੂੰ ਚੰਡੀਗੜ੍ਹ ਗੋਲਫ ਐਸੋਸੀਏਸ਼ਨ ਦਾ ਮੈਂਬਰ ਬਣਵਾ ਕੇ ਟ੍ਰੇਨਿੰਗ ਵੀ ਦਿਵਾਈ ਪਰ ਗੋਲਫ ਵਿਚ ਉਸ ਦੀ ਰੁਚੀ ਨਹੀਂ ਬਣੀ।ਟਿੱਕਾ ਸੋਢੀ ਕੁਝ ਵੱਖਰਾ ਪ੍ਰਾਪਤ ਕਰਨਾ ਚਾਹੁੰਦਾ ਸੀ ਤੇ ਇਸ ਲਈ ਬਹੁਤ ਸਖ਼ਤ ਮਿਹਨਤ ਦੀ ਲੋੜ ਸੀ ਅਤੇ ਉਹ ਪਿਛਲਾ ਸਾਰਾ ਸਾਲ ਦਿੱਲੀ ਵਿਚ ਫਲੈਟ ਕਿਰਾਏ 'ਤੇ ਲੈ ਕੇ ਇਕੱਲਾ ਰਿਹਾ, ਕਿਉਂਕਿ ਡਾ: ਕਰਨੀ ਸਿੰਘ ਸ਼ੂਟਿੰਗ ਰੇਂਜ ਦਿੱਲੀ ਵਿਚ ਸਾਰੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮਿਲਦੀਆਂ ਹਨ ਤੇ ਇਸ ਸਮੇਂ ਭਾਰਤ ਦੇ ਨਾਮਵਰ ਕੋਚ ਸ੍ਰੀ ਸੁਭਾਸ਼ ਰਾਣਾ ਤੋਂ ਕੋਚਿੰਗ ਲੈ ਰਿਹਾ ਹੈ। 16 ਸਾਲ ਦੀ ਉਮਰ ਵਿਚ ਉਹ ਪਰਿਵਾਰ ਤੋਂ ਦੂਰ ਰਿਹਾ, ਸਖ਼ਤ ਮਿਹਨਤ ਕੀਤੀ, ਤਾਂ ਜੋ ਉਸ ਦੇ ਮਾਪੇ ਫ਼ਖਰ ਮਹਿਸੂਸ ਕਰ ਸਕਣ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਦਾ ਨਾਂਅ ਰੌਸ਼ਨ ਕਰ ਰਿਹਾ ਹੈ।
ਟਿੱਕਾ ਜੈ ਸਿੰਘ ਸੋਢੀ ਦੇ ਕੋਚ ਸੁਭਾਸ਼ ਰਾਣਾ ਦੀ ਸੋਚ ਹੈ ਕਿ 18 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਜੇਕਰ ਟਿੱਕਾ ਨੇ ਨੈਸ਼ਨਲ ਸਕੁਐਡ ਵਿਚ ਥਾਂ ਬਣਾਈ ਹੈ, ਜਿਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਅੰਦਰ ਕੋਈ ਕਲਾ ਹੈ। ਉਨ੍ਹਾਂ ਦੱਸਿਆ ਕਿ ਟਿੱਕਾ ਦਾ ਸਭ ਤੋਂ ਵੱਡਾ ਹਥਿਆਰ ਉਸ ਦੇ ਮਾਪੇ ਹਨ, ਜਿਨ੍ਹਾਂ ਦਾ ਉਸ ਦੀ ਸਫ਼ਲਤਾ ਪਿੱਛੇ ਬਹੁਤ ਵੱਡਾ ਹੱਥ ਹੈ। ਰਾਣਾ ਅਨੁਸਾਰ ਅਭਿਨਵ ਬਿੰਦਰਾ ਦੀ ਸਫ਼ਲਤਾ ਦਾ ਕਾਰਨ ਵੀ ਉਸ ਦੇ ਮਾਮਿਆਂ ਦੀ ਉਸ ਦੇ ਨਾਲ ਕੀਤੀ ਸਖ਼ਤ ਮਿਹਨਤ ਸੀ, ਜਿਸ ਨੂੰ ਨਿਸ਼ਾਨੇਬਾਜ਼ ਜਾਂ ਉਸ ਦਾ ਪਰਿਵਾਰ ਹੀ ਸਮਝ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟਿੱਕਾ ਸੋਢੀ ਦੇ ਪਿਤਾ ਅਰੁਨਜੋਤ ਸਿੰਘ ਸੋਢੀ ਆਪਣਾ ਸਾਰਾ ਕਾਰੋਬਾਰ ਆਦਿ ਪਿੱਛੇ ਛੱਡ ਕੇ ਕੇਵਲ ਆਪਣੇ ਪੁੱਤਰ ਨੂੰ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਬਣਾਉਣ 'ਤੇ ਲੱਗੇ ਹੋਏ ਹਨ। ਟਿੱਕਾ ਦੀ ਵੱਡੀ ਭੈਣ ਤਰੰਨੁਮ ਕੌਰ ਪੂਨਾ ਵਿਖੇ ਪੜ੍ਹਾਈ ਕਰ ਰਹੀ ਹੈ ਅਤੇ ਉਸ ਦੀ ਮਾਤਾ ਹਰਜੀਤ ਕੌਰ ਪੰਜਾਬ ਨੈਸ਼ਨਲ ਬੈਂਕ ਮੁਹਾਲੀ ਵਿਖੇ ਮੈਨੇਜਰ ਹੈ। ਉਸ ਦੇ ਦਾਦਾ ਜੀ ਸ: ਮਨਜਿੰਦਰ ਸਿੰਘ ਸੋਢੀ ਸੇਵਾਮੁਕਤ ਲੈਕਚਰਾਰ ਹਨ ਅਤੇ ਪਿੱਛੋਂ ਉਹ ਮੁਕਤਸਰ ਜ਼ਿਲ੍ਹੇ ਦੇ ਸ਼ਹਿਰ ਮਲੋਟ ਦੇ ਰਹਿਣ ਵਾਲੇ ਹਨ। ਇਸ ਸਮੇਂ ਟਿੱਕਾ ਜੈ ਸਿੰਘ ਮੁਹਾਲੀ ਦੇ ਲਰਨਿੰਗ ਪਾਥਸ ਸਕੂਲ ਦਾ 10ਵੀਂ ਕਲਾਸ ਦਾ ਵਿਦਿਆਰਥੀ ਹੈ। ਪਿਛਲੇ ਸਾਲ ਉਹ ਹੈਨੋਵਰ, ਜਰਮਨੀ ਵਿਖੇ ਹੋਏ ਅੰਤਰਰਾਸ਼ਟਰੀ ਸ਼ੂਟਿੰਗ ਮੁਕਾਬਲਿਆਂ ਵਿਚ ਭਾਗ ਲੈਣ ਲਈ ਗਿਆ ਸੀ, ਜਿੱਥੇ ਉਸ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ ਤੇ ਇਸ ਸਾਲ ਉਹ ਦੁਬਾਰਾ ਮਈ ਮਹੀਨੇ ਵਿਚ ਜਰਮਨ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਮੁਕਾਬਲੇ ਵਿਚ ਜਾ ਰਿਹਾ ਹੈ।
ਜਰਮਨੀ ਦੇਸ਼ ਉਸ ਲਈ ਲੱਕੀ ਹੈ, ਕਿਉਂਕਿ ਉਥੋਂ ਉਸ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਅੰਤਰਰਾਸ਼ਟਰੀ ਤਗਮਾ ਜਿੱਤਿਆ ਸੀ ਅਤੇ ਇਸ ਵਾਰ ਉਹ ਸੋਨ ਤਗਮਾ ਜਿੱਤ ਕੇ ਲਿਆਵੇਗਾ। ਟਿੱਕਾ ਦਾ ਮੁੱਖ ਨਿਸ਼ਾਨਾ 2024 ਵਿਚ ਪੈਰਿਸ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਤਗਮਾ ਜਿੱਤਣਾ ਹੈ ਤੇ ਇਸ ਸਮੇਂ ਉਹ ਠਰ੍ਹੰਮੇ ਨਾਲ ਪੌੜੀਆਂ ਚੜ੍ਹ ਰਿਹਾ ਹੈ ਤੇ ਉਹ ਆਪਣਾ ਮੁਕਾਮ ਹਾਸਲ ਕਰਨ ਵਿਚ ਕਾਮਯਾਬ ਹੋ ਜਾਵੇਗਾ। ਟਿੱਕਾ ਸੋਢੀ ਨੇ ਆਪਣੀ ਸਫ਼ਲਤਾ ਦਾ ਰਾਜ਼ ਦੱਸਿਆ ਕਿ ਚੰਗਾ ਨਿਸ਼ਾਨੇਬਾਜ਼ ਬਣਨ ਲਈ ਸ਼ਾਂਤ ਦਿਮਾਗ ਅਤੇ ਤੰਦਰੁਸਤ ਸਰੀਰ ਦੀ ਜ਼ਰੂਰਤ ਹੈ, ਜਿਸ ਲਈ ਸਭ ਤੋਂ ਅਹਿਮ ਯੋਗਾ ਅਭਿਆਸ ਅਤੇ ਸਰੀਰਕ ਕਸਰਤ ਹੈ। ਕੇਰਲ ਵਿਖੇ ਹੋਈਆਂ 61ਵੀਆਂ ਰਾਸ਼ਟਰੀ ਖੇਡਾਂ ਵਿਚ ਚੰਗੇ ਪ੍ਰਦਰਸ਼ਨ ਕਰਕੇ ਟਿੱਕਾ ਸੋਢੀ ਦੀ ਚੋਣ 25 ਮੀਟਰ ਸਟੈਂਡਰਡ ਪਿਸਟਲ ਅਤੇ 25 ਮੀਟਰ ਸਪੋਰਟਸ ਪਿਸਟਲ ਲਈ ਕੀਤੀ ਗਈ ਹੈ। ਟਿੱਕਾ ਸੋਢੀ ਨੇ ਸਾਲ 2018 ਵਿਚ ਵੱਖ-ਵੱਖ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਰਾਜ ਪੱਧਰੀ ਮੁਕਾਬਲਿਆਂ ਵਿਚ 31 ਤਗਮੇ ਹਾਸਲ ਕੀਤੇ ਹਨ ਤੇ 26 ਜਨਵਰੀ, 2019 ਨੂੰ ਗਣਤੰਤਰਤਾ ਦਿਵਸ ਮੌਕੇ ਉਸ ਨੂੰ ਪੰਜਾਬ ਸਰਕਾਰ ਵਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।


-ਮੋਬਾ: 98729-78781

ਕੁਸ਼ਤੀ ਵਿਚ ਪਿੰਡ ਭੋਮਾ ਦਾ ਨਾਂਅ ਪੂਰੀ ਦੁਨੀਆ 'ਚ ਚਮਕਾਉਣ ਵਾਲਾ ਗੁਰਪਾਲ ਸਿੰਘ ਪੱਡਾ ਉਰਫ਼ ਪ੍ਰਿੰਸ ਮਾਨ ਸਿੰਘ

ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਨਜ਼ਦੀਕ ਛੋਟਾ ਜਿਹਾ ਪਿੰਡ ਹੈ ਭੋਮਾ, ਜਿੱਥੋਂ ਦੇ ਜੰਮਪਲ ਗੁਰਪਾਲ ਸਿੰਘ ਪੱਡਾ ਨੇ ਆਪਣੇ ਬਲਬੂਤੇ 'ਤੇ ਕੁਸ਼ਤੀ ਦੇ ਖੇਤਰ 'ਚ ਆਪਣਾ ਤੇ ਆਪਣੇ ਪਿੰਡ ਦਾ ਨਾਂਅ ਪੂਰੀ ਦੁਨੀਆ 'ਚ ਚਮਕਾਇਆ। ਗੁਰਪਾਲ ਸਿੰਘ ਦਾ ਜਨਮ 12 ਅਕਤੂਬਰ, 1941 ਨੂੰ ਪਿੰਡ ਭੋਮਾ ਵਿਖੇ ਮਾਤਾ ਚਰਨ ਕੌਰ ਦੀ ਕੁੱਖੋਂ ਤੇ ਪਿਤਾ ਸੰਤਾ ਸਿੰਘ ਦੇ ਘਰ ਹੋਇਆ। 1952 ਵਿਚ ਆਪਣੇ ਪਰਿਵਾਰ ਨਾਲ ਸਿੰਘਾਪੁਰ ਜਾ ਵੱਸੇ ਤੇ ਸਕੂਲ 'ਚ ਪੜ੍ਹਦੇ-ਪੜ੍ਹਦੇ ਮਿੱਟੀ ਵਾਲੀਆਂ ਕੁਸ਼ਤੀਆਂ ਦੇ ਸ਼ੌਕੀਨ ਹੋਣ ਕਰਕੇ ਸਿੰਘਾਪੁਰ ਵਿਚ ਨਾਮੀ ਪਹਿਲਵਾਨ ਗਾਮੇ ਪਹਿਲਵਾਨ ਦੇ ਭਤੀਜੇ ਪਹਿਲਵਾਨ ਹਰੀ ਪ੍ਰਸਾਦ ਗੋਰਖਪੁਰ ਦੇ ਅਖਾੜੇ ਵਿਚ ਜਾਣਾ ਤੇ ਕੁਸ਼ਤੀ ਸਿੱਖਣੀ ਹੌਲੀ-ਹੌਲੀ ਇਹ ਸ਼ੌਕ ਜਨੂੰਨ ਬਣ ਗਿਆ। ਗੁਰਪਾਲ ਸਿੰਘ ਪੱਡਾ ਨੇ ਆਪਣੀ ਜ਼ਿੰਦਗੀ ਦੇ ਲਮਹਿਆਂ ਨੂੰ ਸਾਂਝੇ ਕਰਦਿਆਂ ਦੱਸਿਆ ਕਿ 1952 ਤੋਂ 20 ਦਸੰਬਰ, 1959 ਤੱਕ ਸਿੰਘਾਪੁਰ ਰਹੇ। 20 ਦਸੰਬਰ ਨੂੰ ਸ਼ਿਪ ਰਾਹੀਂ ਯੂ.ਕੇ. (ਲੰਡਨ) ਚਲਾ ਗਿਆ। 10 ਜਨਵਰੀ, 1960 ਨੂੰ ਮੈਂ ਨੌਕਰੀ 'ਤੇ ਲੱਗਾ ਤੇ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਅੰਗਰੇਜ਼ਾਂ ਨਾਲ ਪਹਿਲਵਾਨੀ ਸ਼ੁਰੂ ਕੀਤੀ। 1966 ਵਿਚ ਦਾਰਾ ਸਿੰਘ, ਸਰਦਾਰਾ ਸਿੰਘ ਤੇ ਸੌਦਾਗਰ ਸਿੰਘ ਪਹਿਲਵਾਨਾਂ ਜੋ ਧਰਮੁਚੱਕ (ਅੰੰਮ੍ਰਿਤਸਰ) ਦੇ ਲੰਡਨ ਵਿਚ ਸਨ, ਨਾਲ ਇਕੱਠਿਆਂ ਕੁਸ਼ਤੀ ਲੜਨੀ ਸ਼ੁਰੂ ਕੀਤੀ। ਇਸੇ ਦੌਰਾਨ ਹੀ ਲੰਡਨ ਦੇ ਰਾਇਲ ਐਲਬਟ ਹਾਲ 'ਚ 6 ਫੁੱਟ 4 ਇੰਚ ਕੱਦ ਵਾਲੇ ਨਾਮੀ ਪਹਿਲਵਾਨ ਪੈਟ ਰੋਚ ਇੰਗਲੈਂਡ ਨਾਲ ਪ੍ਰੋਫ਼ੈਸ਼ਨਲ ਮੁਫ਼ਤ ਸਟਾਈਲ ਕੁਸ਼ਤੀ ਹੋਈ, ਜਿਸ 'ਚ ਜਿੱਤ ਹਾਸਲ ਹੋਈ। ਇਸੇ ਤਰ੍ਹਾਂ 1977 ਵਿਚ ਪੰਜਾਬ ਪੁਲਿਸ ਵਲੋਂ ਬਠਿੰਡਾ 'ਚ ਕੁਸ਼ਤੀਆਂ ਕਰਵਾਈਆਂ ਗਈਆਂ, ਜਿਸ ਵਿਚ ਕੁਸ਼ਤੀ ਰੁਸਤਮੇ ਹਿੰਦ ਦਾਰਾ ਸਿੰਘ ਨਾਲ ਹੋਈ, ਜਿਸ ਵਿਚ ਬਰਾਬਰ ਰਹੇ।
ਉਨ੍ਹਾਂ ਦੱਸਿਆ ਕਿ ਮੇਰਾ ਵਿਆਹ ਦਾਰਾ ਸਿੰਘ ਨੇ ਵਿਚੋਲਾ ਬਣ ਕੇ ਪਹਿਲਵਾਨ ਸੌਦਾਗਰ ਸਿੰਘ ਦੀ ਭਾਣਜੀ ਅਮਰਜੀਤ ਕੌਰ ਨਾਲ 1967 ਵਿਚ ਪਿੰਡ ਕੱਸੋਆਣਾ ਜ਼ੀਰਾ (ਫਿਰੋਜ਼ਪੁਰ) ਨਾਲ ਕਰਵਾਇਆ। ਉਨ੍ਹਾਂ ਦੱਸਿਆ ਕਿ 1972 ਵਿਚ ਜਦੋਂ ਦਾਰਾ ਸਿੰਘ ਨਾਲ ਮੋਰੇਸ਼ੀਅਸ ਗਏ ਤਾਂ ਉਸ ਸਮੇਂ ਤੋਂ ਹੀ ਲੋਕ ਮੈਨੂੰ ਪ੍ਰਿੰਸ ਦੇ ਨਾਂਅ ਨਾਲ ਬੁਲਾਉਣ ਲੱਗੇ। ਇਸ ਦੌਰਾਨ 1978 ਵਿਚ ਇਕ ਵਾਰ ਫਿਰ ਕੋਲਕਾਤਾ ਵਿਚ ਦਾਰਾ ਸਿੰਘ ਨਾਲ ਕੁਸ਼ਤੀ ਹੋਈ। ਦੁਬਈ ਦੇ ਅਲਨਾਸਰ ਸਟੇਡੀਅਮ ਵਿਚ 1981 ਵਿਚ ਹੋਈਆਂ ਕੁਸ਼ਤੀਆਂ ਨੂੰ ਗੁਰਪਾਲ ਅੱਜ ਵੀ ਆਪਣੀ ਜ਼ਿੰਦਗੀ ਦੀ ਵਿਸ਼ੇਸ਼ ਪ੍ਰਾਪਤੀ ਮੰਨਦਾ ਹੋਇਆ ਦੱਸਦਾ ਹੈ ਕਿ ਉਸ ਸਮੇਂ ਲੋਕਾਂ ਵਲੋਂ ਇਹ ਜ਼ਿੱਦ ਕੀਤੀ ਗਈ ਸੀ ਕਿ ਜੇ ਪ੍ਰਿੰਸ ਮਾਨ ਸਿੰਘ ਕੁਸ਼ਤੀ ਲੜੇਗਾ ਤਾਂ ਹੀ ਟਿਕਟ ਖਰੀਦਣਗੇ। ਗੁਰਪਾਲ ਦੱਸਦਾ ਹੈ ਕਿ ਕੁਸ਼ਤੀ ਦੀ ਇਹ ਚੇਟਕ ਉਸ ਨੂੰ ਆਪਣੇ ਜੱਦੀ ਪਿੰਡ ਭੋਮਾ ਵਿਖੇ ਪੈਂਦੀ ਸਾਲਾਨਾ ਛਿੰਝ ਤੋਂ ਹੀ ਲੱਗੀ ਸੀ ਤੇ ਏਨੀਆਂ ਪ੍ਰਾਪਤੀਆਂ ਤੋਂ ਬਾਅਦ ਨੌਜਵਾਨ ਪਹਿਲਵਾਨਾਂ ਨੂੰ ਸੇਧ ਦੇਣ ਲਈ 2003 ਤੋਂ ਆਪਣੇ ਪਿੰਡ ਵਿਚ ਹੀ ਪਦਮਸ੍ਰੀ ਕਰਤਾਰ ਸਿੰਘ ਆਈ.ਜੀ. (ਪੰਜਾਬ ਪੁਲਿਸ) ਦੀ ਮਦਦ ਨਾਲ ਅੰਤਰਰਾਸ਼ਟਰੀ ਮੇਲਾ ਕਰਵਾਉਣਾ ਆਰੰਭ ਕਰ ਦਿੱਤਾ। ਅੱਜ ਇਹ ਮੇਲਾ ਪੰਜਾਬ ਦੇ ਨਾਮਵਰ ਮੇਲਿਆਂ ਵਿਚ ਆਪਣਾ ਨਾਂਅ ਦਰਜ ਕਰਵਾ ਚੁੱਕਾ ਹੈ। ਹਰ ਸਾਲ ਫੱਗਣ ਦੀ ਸੰਗਰਾਂਦ ਤੋਂ ਸ਼ੁਰੂ ਹੋਣ ਵਾਲੇ ਇਸ ਮੇਲੇ ਦੀ ਤਿਆਰੀ ਲਈ ਗੁਰਪਾਲ ਪਰਿਵਾਰ ਸਮੇਤ ਯੂ.ਕੇ. ਤੋਂ ਇਕ ਮਹੀਨਾ ਪਹਿਲਾਂ ਹੀ ਆਪਣੇ ਪਿੰਡ ਭੋਮਾ ਵਿਖੇ ਆ ਕੇ ਤਿਆਰੀਆਂ ਸ਼ੁਰੂ ਕਰ ਦਿੰਦਾ ਹੈ।


-ਘੁਮਾਣ।

ਅਪਾਹਜ ਹੋ ਕੇ ਵੀ ਬੁਲੰਦੀਆਂ ਛੂਹ ਰਿਹਾ ਹੈ ਦਿਗਵਿਜੇ ਸਿੰਘ ਉੱਤਰਾਖੰਡ

ਅਪਾਹਜ ਅਥਲੀਟ ਦਿਗਵਿਜੇ ਸਿੰਘ ਉੱਤਰਾਖੰਡ ਪ੍ਰਾਂਤ ਦੇ ਸਵਰਗ ਦੁਆਰ ਮੰਨੇ ਜਾਂਦੇ ਸ਼ਹਿਰ ਹਰਿਦੁਆਰ ਦੇ ਨਾਲ ਲਗਦੇ ਇਕ ਪਿੰਡ ਦਾਬਕੀ ਕਲਾਂ ਨਾਲ ਸਬੰਧ ਰੱਖਦਾ ਹੈ ਅਤੇ ਉਹ ਸਿਰਫ ਦੋ ਕੁ ਸਾਲ ਦਾ ਸੀ ਕਿ ਉਸ ਨੂੰ ਤੇਜ਼ ਬੁਖਾਰ ਹੋਣ ਕਾਰਨ ਉਹ ਸਾਰੇ ਸਰੀਰ ਤੋਂ ਪੋਲੀਓ ਗ੍ਰਸਤ ਹੋ ਗਿਆ ਪਰ ਪਿਤਾ ਜਤਿੰਦਰ ਸਿੰਘ ਨੇ ਹਾਰ ਨਾ ਮੰਨੀ ਅਤੇ ਉਹ ਦਿਗਵਿਜੇ ਸਿੰਘ ਨੂੰ ਕੁੱਛੜ ਚੁੱਕ ਡਾਕਟਰਾਂ ਕੋਲ ਲੈ ਗਿਆ ਅਤੇ ਬੜੇ ਲੰਮੇ ਇਲਾਜ ਤੋਂ ਬਾਅਦ ਉਸ ਦੀ ਗਰਦਨ ਅਤੇ ਦੋਵੇਂ ਹੱਥਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਉਸ ਦੇ ਦੋਵੇਂ ਪੈਰ ਸਹੀ ਨਹੀਂ ਹੋ ਸਕੇ ਅਤੇ ਉਹ ਹਮੇਸ਼ਾ ਲਈ ਵੀਲ੍ਹਚੇਅਰ ਜਾਂ ਬੈਸਾਖੀਆਂ ਦੇ ਸਹਾਰੇ ਚੱਲਣ ਲਈ ਮਜਬੂਰ ਹੋ ਗਿਆ ਪਰ ਜਿਵੇਂ ਬਾਪ ਨੇ ਹਿੰਮਤ ਨਹੀਂ ਹਾਰੀ, ਉਸੇ ਤਰ੍ਹਾਂ ਦਿਗਵਿਜੇ ਸਿੰਘ ਨੇ ਵੀ ਹਿੰਮਤ ਨਹੀਂ ਹਾਰੀ, ਭਾਵੇਂ ਕਿ ਜ਼ਿੰਦਗੀ ਮੁਸ਼ਕਿਲਾਂ ਭਰੀ ਸੀ। ਦਿਗਵਿਜੇ ਸਿੰਘ ਦਾ ਸਕੂਲ ਜਾਣਾ ਬੇਹੱਦ ਕਠਿਨ ਸੀ, ਇਸ ਲਈ ਉਸ ਦੀ ਪੜ੍ਹਾਈ ਘਰ ਸੀ ਸ਼ੁਰੂ ਕਰ ਦਿੱਤੀ ਗਈ ਅਤੇ ਇਸੇ ਤਰ੍ਹਾਂ ਉਸ ਦਾ ਬਚਪਨ ਬੀਤਿਆ ਅਤੇ ਜਦ ਉਸ ਨੇ ਜਵਾਨੀ ਵਿਚ ਪੈਰ ਧਰਿਆ ਤਾਂ ਉਹ ਆਮ ਲੋਕਾਂ ਵਾਂਗ ਹੀ ਆਮ ਜ਼ਿੰਦਗੀ ਜਿਊਣ ਦਾ ਇਛੁਕ ਸੀ ਅਤੇ ਉਹ ਆਪਣੀ ਅਪਾਹਜਤਾ ਨੂੰ ਪਿੱਛੇ ਛੱਡ ਉਹ ਕੰਮ ਕਰਨ ਲੱਗਿਆ, ਜਿਹੜੇ ਆਮ ਆਦਮੀ ਤਾਂ ਕਰ ਹੀ ਸਕਦੇ ਹਨ ਪਰ ਇਕ ਅਪਾਹਜ ਨੌਜਵਾਨ ਲਈ ਅਸੰਭਵ ਸੀ।
ਦਿਗਵਿਜੇ ਸਿੰਘ ਜਿੱਥੇ ਮੁਸ਼ਕਿਲਾਂ ਨਾਲ ਲੜਦਾ ਜ਼ਿੰਦਗੀ ਦੀ ਦੌੜ ਵਿਚ ਅੱਗੇ ਵਧਦਾ ਗਿਆ, ਉਥੇ 12ਵੀਂ ਤੱਕ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਪੋਲੀਟੈਕਨਿਕ ਵੀ ਕਰ ਲਈ ਅਤੇ ਹੁਣ ਉਹ ਪੋਸਟ ਗ੍ਰੈਜ਼ੂਏਸ਼ਨ ਵੀ ਨਾਲੋ-ਨਾਲ ਕਰ ਰਿਹਾ ਹੈ। ਦਿਗਵਿਜੇ ਸਿੰਘ ਨੇ ਖੇਡਾਂ ਦੇ ਖੇਤਰ ਵਿਚ ਪੈਰ ਧਰਿਆ ਅਤੇ ਉਹ ਵੀਲ੍ਹਚੇਅਰ 'ਤੇ ਪਾਵਰਲੈਫਟਿੰਗ ਕਰਨ ਲੱਗਿਆ ਪਰ ਅਫਸੋਸ ਕਿ ਉਸ ਦੇ ਬਾਪ ਜਤਿੰਦਰ ਸਿੰਘ ਦੀ ਅਚਾਨਕ ਮੌਤ ਹੋ ਗਈ, ਜੋ ਦਿਗਵਿਜੇ ਸਿੰਘ ਲਈ ਇਕ ਸਦਮਾ ਤਾਂ ਸੀ ਪਰ ਰੋਜ਼ੀ-ਰੋਟੀ ਲਈ ਵੀ ਇਕ ਵੱਡੀ ਚੁਣੌਤੀ ਸੀ ਪਰ ਉਸ ਦੀ ਜੀਵਨ ਸਾਥੀ ਨੇ ਅਜਿਹਾ ਸਾਥ ਨਿਭਾਇਆ ਕਿ ਦਿਗਵਿਜੇ ਸਿੰਘ ਨੇ ਛੇਤੀ ਹੀ ਸਾਰੀਆਂ ਚੁਣੌਤੀਆਂ ਨੂੰ ਪਾਰ ਕਰ ਲਿਆ ਅਤੇ ਅੱਜ ਉਹ ਉੱਤਰਾਖੰਡ ਦੀ ਵੀਲ੍ਹਚੇਅਰ ਕ੍ਰਿਕਟ ਟੀਮ ਦਾ ਨੈਸ਼ਨਲ ਖਿਡਾਰੀ ਹੈ ਅਤੇ 'ਖੇਲੋ ਇੰਡੀਆ' ਅਤੇ 'ਖੇਲ ਮਹਾਂ-ਕੁੰਭ' ਵਰਗੇ ਵੱਡੇ ਮੁਕਾਬਲਿਆਂ ਵਿਚ ਤਗਮੇ ਜਿੱਤ ਚੁੱਕਾ ਹੈ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਉੱਤਰਾਖੰਡ ਸਰਕਾਰ ਉਸ ਨੂੰ 'ਦਕਸ ਖਿਡਾਰੀ ਪੁਰਸਕਾਰ' ਨਾਲ ਸਨਮਾਨਿਤ ਕਰ ਚੁੱਕੀ ਹੈ ਅਤੇ ਯੰਗ ਇੰਡੀਆ ਆਰਗੇਨਾਈਜੇਸ਼ਨ ਉਸ ਨੂੰ ਦਿਵਿਆਂਗ ਰਤਨ ਨਾਲ ਸਨਮਾਨਿਤ ਕਰ ਚੁੱਕੀ ਹੈ। ਦਿਗਵਿਜੇ ਸਿੰਘ ਆਖਦਾ ਹੈ ਕਿ, 'ਕੋਈ ਬਾਤ ਨਹੀਂ, ਤੁਮਾਰੇ ਪਾਸ ਕਮ ਵਕਤ ਬਚਾ ਹੈ ਪਰ ਐਸੀ ਸਥਿਤੀ ਮੇਂ ਹੀ ਲੋਗੋਂ ਨੇ ਇਤਿਹਾਸ ਰਚਾ ਹੈ।'


-ਮੋਬਾ: 98551-14484

ਸਿੱਖ ਜਗਤ ਦੀ ਸ਼ਾਨ ਕੇਸਾਧਾਰੀ ਹਾਕੀ ਖਿਡਾਰੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਖਡੂਰ ਸਾਹਿਬ, ਨਾਮਧਾਰੀ ਇਲੈਵਨ ਭੈਣੀ ਸਾਹਿਬ, ਸ਼ਾਹਬਾਦ ਹਰਿਆਣਾ ਪੀ.ਆਈ.ਐਸ. ਹਾਕੀ ਅਕੈਡਮੀ ਮੁਹਾਲੀ, ਪੀ.ਆਈ.ਐਸ. ਹਾਕੀ ਅਕੈਡਮੀ ਲੁਧਿਆਣਾ ਦੇ 128 ਜੂੜੇ ਵਾਲੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਨੀਲੀ ਐਸਟਰੋਟਰਫ 'ਤੇ ਖੇਡਦਿਆਂ ਸਿੱਖੀ ਦੀ ਸ਼ਾਨ ਨੂੰ ਚਾਰ ਚੰਦ ਲਾਏ। ਪੂਰੇ ਭਾਰਤ 'ਚ ਖੇਡੇ ਜਾਂਦੇ ਗੋਲਡ ਕੱਪ ਹਾਕੀ ਟੂਰਨਾਮੈਂਟ 'ਚ ਇਹ ਗੋਲਡ ਕੱਪ ਆਕਾਰ 'ਚ ਸਭ ਤੋਂ ਵੱਡਾ ਸੀ ਯਾਨੀ ਢਾਈ ਫੁੱਟ ਦਾ ਸੀ। ਟੂਰਨਾਮੈਂਟ ਪ੍ਰਬੰਧਕਾਂ ਨੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਮੈਨ ਆਫ ਦੀ ਮੈਚ, ਪਲੇਅਰ ਆਫ ਦਾ ਟੂਰਨਾਮੈਂਟ, ਟਾਪ ਸਕੋਰਰ, ਵਧੀਆ ਗੋਲਕੀਪਰ ਆਦਿ ਨਿਵਾਜਿਆ, ਕੌਂਸਲ ਵਲੋਂ ਇਕ-ਇਕ ਟੀ-ਸ਼ਰਟ ਵੀ ਦਿੱਤੀ ਗਈ। ਅੰਤਰਰਾਸ਼ਟਰੀ ਸਿੱਖ ਸਪੋਰਟਸ ਕੌਂਸਲ ਵਲੋਂ ਇਹ ਟੂਰਨਾਮੈਂਟ ਪਹਿਲਾ ਯਤਨ ਸੀ, ਕੁਝ ਖਾਮੀਆਂ ਦਾ ਰਹਿ ਜਾਣਾ ਵੀ ਯਕੀਨਨ ਸੀ। ਸਭ ਤੋਂ ਵੱਡੀ ਖਾਮੀ ਸਾਨੂੰ ਇਹ ਦਿਸੀ ਕਿ ਪਲੇਠੇ ਟੂਰਨਾਮੈਂਟ 'ਚ ਪ੍ਰਭਾਵਸ਼ਾਲੀ ਸਾਬਤ-ਸੂਰਤ ਸਿੱਖ ਦੇ ਸਰੂਪ 'ਚ ਖੇਡਣ ਵਾਲੇ ਖਿਡਾਰੀਆਂ ਲਈ ਕੋਈ ਵਿਸ਼ੇਸ਼ ਇਨਾਮਾਂ ਦਾ ਪ੍ਰਬੰਧ ਨਹੀਂ ਸੀ, ਜਦੋਂ ਕਿ ਇਹ ਸੰਸਥਾ ਇਸੇ ਨਿਸ਼ਾਨੇ ਨੂੰ ਲੈ ਕੇ ਚੱਲੀ ਸੀ। ਇਸ ਲਈ ਵਿਸ਼ੇਸ਼ ਇਨਾਮਾਂ ਦਾ ਪ੍ਰਬੰਧ ਕੀਤਾ ਜਾਵੇ। ਇਸ ਕਿਸਮ ਦੇ ਮਿਸ਼ਨਰੀ ਹਾਕੀ ਟੂਰਨਾਮੈਂਟ 'ਚ ਸਿੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਵੀ ਯਕੀਨੀ ਬਣਾਈ ਜਾਵੇ। ਅਸੀਂ ਚਾਹੁੰਦੇ ਹਾਂ ਕਿ ਇਸ ਕਿਸਮ ਦੇ ਟੂਰਨਾਮੈਂਟਾਂ ਦੀ ਕੁਮੈਂਟਰੀ ਲਈ ਬੁਲਾਰਾ ਉਹ ਹੋਵੇ, ਜਿਸ ਨੂੰ ਸਿੱਖ ਜਗਤ ਅਤੇ ਹਾਕੀ ਜਗਤ ਦੀ ਜਾਣਕਾਰੀ ਦਾ ਸੁਮੇਲ ਕਰਨਾ ਆਉਂਦਾ ਹੋਵੇ। ਟੂਰਨਾਮੈਂਟ ਦੇ ਨਾਲ-ਨਾਲ ਸਿੱਖ ਸਾਹਿਤ ਦੀ ਪ੍ਰਦਰਸ਼ਨੀ ਵੀ ਲੱਗ ਜਾਵੇ ਤਾਂ ਬਹੁਤ ਬਿਹਤਰ। ਮੁਹਾਲੀ ਵਾਲਾ ਕੇਸਾਧਾਰੀ ਹਾਕੀ ਟੂਰਨਾਮੈਂਟ ਦੇਸ਼ ਦੀਆਂ ਬਾਕੀ ਸਿੱਖ ਸੰਸਥਾਵਾਂ ਨੂੰ ਵੀ ਇਸ ਪੱਖੋਂ ਪ੍ਰੇਰਿਤ ਕਰੇਗਾ ਅਤੇ ਆਉਣ ਵਾਲੇ ਸਮੇਂ ਵਿਚ ਇਸ ਕਿਸਮ ਦੇ ਯਤਨ ਬਾਕੀ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ ਵਲੋਂ ਵੀ ਹੋਣੇ ਚਾਹੀਦੇ ਹਨ। ਸਾਡੀ ਵਿਸ਼ਵ ਸਿੱਖ ਭਾਈਚਾਰੇ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਅੰਤਰਰਾਸ਼ਟਰੀ ਸਿੱਖ ਸਪੋਰਟਸ ਕੌਂਸਲ ਦੀ ਆਰਥਿਕ ਪੱਖੋਂ ਸਹਾਇਤਾ ਕਰੇ ਤਾਂ ਕਿ ਇਹ ਕੌਂਸਲ ਆਉਣ ਵਾਲੇ ਸਮੇਂ ਵਿਚ ਇਸ ਤੋਂ ਵਧੀਆ ਅਤੇ ਵੱਡੇ ਪੱਧਰ 'ਤੇ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾ ਸਕਣ। ਸੁਝਾਅ ਹੈ ਕਿ ਜੋ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਅਜਿਹੇ ਟੂਰਨਾਮੈਂਟ ਕਰਵਾਉਣ ਦੀ ਪਹਿਲ ਨਹੀਂ ਕਰ ਸਕਦੀਆਂ, ਉਨ੍ਹਾਂ ਨੂੰ ਕੌਮਾਂਤਰੀ ਸਿੱਖ ਸਪੋਰਟਸ ਕੌਂਸਲ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਸਾਰੇ ਮਿਲ-ਜੁਲ ਕੇ ਖੇਡਾਂ ਦੇ ਖੇਤਰ ਵਿਚ, ਵਿਸ਼ੇਸ਼ ਕਰਕੇ ਹਾਕੀ ਦੇ ਖੇਤਰ ਵਿਚ ਸਿੱਖ ਜਗਤ ਦੀ ਬੁਲੰਦੀ ਲਈ ਆਪਣੇ ਉਪਰਾਲੇ ਬਰਕਰਾਰ ਰੱਖ ਸਕਣ। ਸਿੱਖਾਂ ਦੀ ਧਾਰਮਿਕ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ 'ਤੇ ਅਜਿਹੇ ਟੂਰਨਾਮੈਂਟਾਂ ਨੂੰ ਸਪਾਂਸਰ ਕਰੇ। (ਸਮਾਪਤ)


-ਡੀ.ਏ.ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX