ਤਾਜਾ ਖ਼ਬਰਾਂ


ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  about 1 hour ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  about 2 hours ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  about 2 hours ago
ਚੰਡੀਗੜ੍ਹ, 19 ਅਪ੍ਰੈਲ - ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  about 2 hours ago
ਟਾਂਡਾ, 19 ਅਪ੍ਰੈਲ- ਵਿਜੀਲੈਂਸ ਟੀਮ ਵਲੋਂ ਅੱਜ ਦੁਪਹਿਰ ਟਾਂਡਾ ਦੇ ਇੱਕ ਪੈਲੇਸ 'ਚ ਆਬਕਾਰੀ ਵਿਭਾਗ ਦੇ ਈ. ਟੀ. ਓ. ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲਗਭਗ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਂ ਹੱਥੀਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਉਕਤ ਪੈਲੇਸ ਦੇ...
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  about 2 hours ago
ਸੰਗਰੂਰ, 19 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੁਰਜੀਤ ਸਿੰਘ ਐਡਵੋਕੇਟ ਨੇ ਅੱਜ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 22 ਅਪ੍ਰੈਲ ਨੂੰ ਸੰਗਰੂਰ...
ਹੋਰ ਖ਼ਬਰਾਂ..

ਬਾਲ ਸੰਸਾਰ

ਵਿਸਾਖੀ 'ਤੇ ਵਿਸ਼ੇਸ਼

ਆ ਗਈਆਂ ਵਾਢੀਆਂ

ਆ ਗਈਆਂ ਹੁਣ ਵਾਢੀਆਂ,
ਹੋ ਜਾਓ ਸਭ ਤਿਆਰ |
ਦਾਤੀਆਂ ਨੂੰ ਦੰਦੇ ਕਢਵਾ ਲਓ,
ਤਿੱਖੀ ਕਰੋ ਉਨ੍ਹਾਂ ਦੀ ਧਾਰ |
ਅਸੀਂ ਹੱਥਾਂ ਨਾਲ ਵਾਢੀ ਕਰਨੀ,
ਕੀਤਾ ਪੱਕਾ ਮਨ ਇਸ ਵਾਰ |
ਨਾ ਆਸ ਕੰਬਾਈਨ ਦੀ ਰੱਖਣੀ,
ਮਿਹਨਤ ਕਰੂ, ਪੂਰਾ ਪਰਿਵਾਰ |
ਕਹਿੰਦੇ ਵਾਢੀ ਲੋਕ, ਜੋ ਕਰਦੇ,
ਹੋਣ ਨਾ ਸਾਰਾ ਸਾਲ ਬਿਮਾਰ |
ਮੇਰੀ ਦਾਤੀ ਨੂੰ ਲਵਾ ਦਿਓ ਘੁੰਗਰੂ,
ਕਹੇ ਪਿੰਡ ਦੀ ਹਰ ਮੁਟਿਆਰ |
ਐਵੇਂ ਪਿੱਛੇ ਪਏ ਆਰਾਮ ਦੇ,
ਭੱੁਲ ਬੈਠੀਏ ਨਾ ਸੱਭਿਆਚਾਰ |
ਪਾਣੀ ਠੰਢਾ-ਠਾਰ ਪੀਣ ਲਈ,
ਘੜੇ ਲਈ, ਕਹਿ ਆਇਆ ਘੁਮਿਆਰ |
ਖੇਤਾਂ ਵਿਚ ਪਾਣੀ ਪਿਲਾਉਣ ਲਈ,
ਚਾਚੇ ਕਰਤਾਰੇ, ਕਰ ਲਈ ਮਸ਼ਕ ਤਿਆਰ |
ਖਾਣ ਲਈ ਗੁੜ ਵੀ ਸਾਂਭਿਆ,
ਮਿੱਟੀ-ਘੱਟਾ ਨਾ ਕਰੇ ਖੁਆਰ |
ਕਸ਼ਟ ਥੋੜ੍ਹੇ ਦਿਨਾਂ ਦਾ ਜਾਪਦਾ,
ਸਾਰਾ ਸਾਲ ਮੌਜ ਕਰੇ ਸੰਸਾਰ |
ਸੋਨੇ ਰੰਗੀਆਂ ਕਣਕਾਂ ਦੀਆਂ ਬੱਲੀਆਂ,
ਕਰੋ ਮਿਹਨਤ, ਕਹਿਣ ਪੁਕਾਰ |
ਲੱਸੀ-ਲੋਟੀ ਭੱਤਾ ਲੈ ਜਾਵਣਾ,
ਸੁਆਣੀ ਹਰ ਘਰ ਹੋਈ ਹੁਸ਼ਿਆਰ |

-ਬਹਾਦਰ ਸਿੰਘ ਗੋਸਲ,
ਮ: ਨੰ: 3098, ਸੈਕਟਰ 37-ਡੀ, ਚੰਡੀਗੜ੍ਹ |
ਮੋਬਾ: 98764-52223


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਇਨਸਾਨੀ ਫਰਜ਼

ਵਿਜੈ ਸੁੰਦਰ ਅੰਬਾਲੇ ਤੋਂ ਲੁਧਿਆਣੇ ਜਾਣ ਲਈ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਅੰਬਾਲੇ ਤੋਂ ਲੁਧਿਆਣੇ ਜਾਣ ਵਾਲੀ ਗੱਡੀ ਪਲੇਟਫਾਰਮ 'ਤੇ ਖੜ੍ਹੀ ਸੀ | ਉਸ ਨੇ ਕਾਹਲੀ-ਕਾਹਲੀ ਟਿਕਟ ਖਰੀਦੀ ਤੇ ਗੱਡੀ ਚੜ੍ਹਨ ਲਈ ਆਪਣੇ ਤੇਜ਼ੀ ਨਾਲ ਕਦਮ ਵਧਾਏ | ਅਜੇ ਉਸ ਨੇ ਆਪਣੇ ਪੈਰ ਗੱਡੀ ਵਿਚ ਰੱਖੇ ਹੀ ਸਨ ਕਿ ਗੱਡੀ ਚੱਲ ਪਈ |
ਗੱਡੀ ਥੋੜ੍ਹੀ ਦੂਰ ਹੀ ਗਈ ਸੀ ਕਿ ਟੀ. ਟੀ. ਸਾਹਿਬ ਟਿਕਟਾਂ ਚੈੱਕ ਕਰਨ ਲਈ ਆ ਗਏ | ਉਨ੍ਹਾਂ ਨੇ ਸਾਰੀਆਂ ਸਵਾਰੀਆਂ ਦੀਆਂ ਟਿਕਟਾਂ ਚੈੱਕ ਕੀਤੀਆਂ | ਜਿਹੜੇ ਬੰਦੇ ਬਿਨਾਂ ਟਿਕਟ ਦੇ ਸਨ, ਉਨ੍ਹਾਂ ਦੀਆਂ ਜੁਰਮਾਨੇ ਲਗਾ ਕੇ ਟਿਕਟਾਂ ਕੱਟ ਦਿੱਤੀਆਂ | ਉਨ੍ਹਾਂ ਨੇ ਵਿਜੈ ਸੁੰਦਰ ਨੂੰ ਵੀ ਆਪਣੀ ਟਿਕਟ ਦਿਖਾਉਣ ਲਈ ਕਿਹਾ | ਉਸ ਨੇ ਆਪਣੀ ਟੋਕਰੀ ਵਿਚ ਪਰਸ ਦੇਖਿਆ, ਸੀਟ ਦੇ ਉੱਪਰ-ਥੱਲੇ ਤੇ ਇਧਰੋਂ-ਉਧਰੋਂ ਵੀ ਪਰਸ ਦੇਖਿਆ ਪਰ ਪਰਸ ਕਿਤੇ ਵੀ ਨਾ ਮਿਲਿਆ | ਉਹ ਪਰਸ ਨਾ ਮਿਲਣ ਕਰਕੇ ਬਹੁਤ ਪ੍ਰੇਸ਼ਾਨ ਹੋਈ | ਉਸ ਦਾ ਪਰਸ ਸ਼ਾਇਦ ਕਾਹਲੀ-ਕਾਹਲੀ ਗੱਡੀ ਚੜ੍ਹਨ ਵੇਲੇ ਡਿਗ ਪਿਆ ਸੀ |
ਟੀ.ਟੀ. ਸਾਹਿਬ ਨੇ ਵਿਜੈ ਸੁੰਦਰ ਨੂੰ ਪੱੁਛ ਕੇ ਅੰਬਾਲੇ ਤੋਂ ਲੁਧਿਆਣੇ ਦੀ ਟਿਕਟ ਕੱਟ ਕੇ ਉਸ ਦੇ ਹੱਥ ਫੜਾ ਦਿੱਤੀ ਪਰ ਵਿਜੈ ਸੁੰਦਰ ਨੇ ਕਿਹਾ, 'ਵੀਰ ਜੀ, ਮੇਰਾ ਪਰਸ ਕਿਤੇ ਡਿਗ ਪਿਆ ਹੈ, ਮੈਂ ਤੁਹਾਨੂੰ ਟਿਕਟ ਦੇ ਪੈਸੇ ਨਹੀਂ ਦੇ ਸਕਦੀ |' ਟੀ. ਟੀ. ਨੇ ਕਿਹਾ, 'ਭੈਣ ਜੀ, ਮੈਂ ਤੁਹਾਡੀ ਮਜਬੂਰੀ ਸਮਝਦਾ ਹਾਂ ਪਰ ਇਹ ਪੈਸੇ ਮੈਂ ਆਪਣੇ ਕੋਲੋਂ ਦੇ ਰਿਹਾ ਹਾਂ, ਤਾਂ ਜੋ ਮੈਂ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਾਂ | ਜੇ ਮੈਂ ਹੋਰਾਂ ਸਵਾਰੀਆਂ ਦੀ ਟਿਕਟ ਕੱਟੀ ਹੈ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪ ਜੀ ਕੋਲੋਂ ਵੀ ਪੈਸੇ ਲੈ ਕੇ ਟਿਕਟ ਕੱਟਾਂ, ਕਾਰਨ ਕੋਈ ਵੀ ਹੋਵੇ |' ਅਜਿਹਾ ਕਹਿ ਕੇ ਟੀ. ਟੀ. ਨੇ ਆਪਣੀ ਜੇਬ ਵਿਚੋਂ ਇਕ ਹੋਰ 100 ਦਾ ਨੋਟ ਕੱਢ ਕੇ ਕਿਹਾ, 'ਲਓ ਭੈਣ ਜੀ, ਤੁਸੀਂ ਇਹ ਰੱਖ ਲਓ, ਤੁਸੀਂ ਸਟੇਸ਼ਨ ਤੋਂ ਅੱਗੇ ਘਰ ਵੀ ਤਾਂ ਜਾਣਾ ਹੈ | ਤੁਹਾਨੂੰ ਪੈਸਿਆਂ ਦੀ ਲੋੜ ਤਾਂ ਪਵੇਗੀ ਹੀ |' ਵਿਜੈ ਸੁੰਦਰ ਬੜੀ ਹੈਰਾਨੀ ਨਾਲ ਟੀ. ਟੀ. ਦੇ ਮੰੂਹ ਵੱਲ ਦੇਖ ਰਹੀ ਸੀ ਤੇ ਸੋਚ ਰਹੀ ਸੀ ਕਿ ਦੁਨੀਆ ਵਿਚ ਇਹੋ ਜਿਹੇ ਵੀ ਲੋਕ ਹਨ, ਜੋ ਕਿਸੇ ਦੀ ਮਜਬੂਰੀ ਸਮਝ ਕੇ ਉਨ੍ਹਾਂ ਦੀ ਮਦਦ ਕਰਦੇ ਹਨ | ਵਿਜੈ ਸੁੰਦਰ ਨੇ ਸੌ ਦਾ ਨੋਟ ਫੜ ਕੇ ਕਿਹਾ, 'ਵੀਰ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ | ਤੁਸੀਂ ਮੈਨੂੰ ਆਪਣਾ ਟੈਲੀਫੋਨ ਨੰਬਰ ਦੇ ਦਿਓ ਤੇ ਘਰ ਦਾ ਪਤਾ ਵੀ ਦੱਸ ਦਿਓ, ਮੈਂ ਤੁਹਾਡੇ ਬਣਦੇ ਪੈਸੇ ਮਨੀਆਰਡਰ ਰਾਹੀਂ ਭੇਜ ਦੇਵਾਂਗੀ | ਟੀ. ਟੀ. ਨੇ ਬੜੇ ਨਰਮ ਲਹਿਜ਼ੇ ਨਾਲ ਕਿਹਾ, 'ਨਹੀਂ ਭੈਣ ਜੀ, ਇਸ ਦੀ ਕੋਈ ਲੋੜ ਨਹੀਂ | ਮੈਂ ਤੁਹਾਡੇ ਕੋਲੋਂ ਪੈਸੇ ਵਾਪਸ ਨਹੀਂ ਲੈਣੇ | ਤੁਹਾਡੀ ਮਦਦ ਕਰਨਾ ਮੇਰਾ ਇਨਸਾਨੀ ਫਰਜ਼ ਸੀ, ਜੋ ਮੈਂ ਨਿਭਾਇਆ ਹੈ | ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ |' ਅਜਿਹਾ ਕਹਿ ਕੇ ਉਹ ਅਗਲੇ ਡੱਬੇ ਵਿਚ ਚੈਕਿੰਗ ਕਰਨ ਲਈ ਚਲੇ ਗਏ | ਸਾਰੀਆਂ ਸਵਾਰੀਆਂ ਉਨ੍ਹਾਂ ਦੀ ਪ੍ਰਸੰਸਾ ਕਰ ਰਹੀਆਂ ਸਨ | ਟੀ. ਟੀ. ਸਾਹਿਬ ਵੀ ਦਿਲੋਂ ਖੁਸ਼ ਸਨ ਕਿ ਉਨ੍ਹਾਂ ਨੇ ਕਿਸੇ ਲੋੜਵੰਦ ਦੀ ਮਦਦ ਕੀਤੀ |

-ਬੀ.ਐਕਸ.ਐਕਸ.ਵੀ, 216/2, ਗੁਰਸਾਗਰ ਵਿਹਾਰ, ਸਲੇਮ ਟਾਬਰੀ, ਲੁਧਿਆਣਾ | ਮੋਬਾ: 97800-32199

ਕੀ ਹੈ ਵੀ. ਵੀ. ਪੈਟ

ਬੱਚਿਓ, ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ | ਇਸ ਮਸ਼ੀਨ 'ਤੇ ਸ਼ੰਕੇ ਪੈਦਾ ਹੋਏ ਸਨ | ਇਨ੍ਹਾਂ ਸ਼ੰਕਿਆਂ ਨੂੰ ਦੂਰ ਕਰਨ ਲਈ ਇਸ ਮਸ਼ੀਨ ਨਾਲ ਵੀ. ਵੀ. ਪੈਟ ਜੋੜਿਆ ਗਿਆ ਹੈ | ਵੀ. ਵੀ. ਪੈਟ ਦਾ ਅਰਥ ਵੋਟਰ ਵੈਰੀਫਾਈਡ ਪੇਪਰ ਆਡਿ ਟ੍ਰੇਲ ਹੈ | ਵੀ. ਵੀ. ਪੈਟ ਇਕ ਮਸ਼ੀਨ ਹੈ | ਇਸ ਨੂੰ ਵੋਟਿੰਗ ਮਸ਼ੀਨ ਨਾਲ ਜੋੜਿਆ ਜਾਂਦਾ ਹੈ |
ਵੋਟਿੰਗ ਮਸ਼ੀਨ ਵਿਚ ਜਿਸ ਉਮੀਦਵਾਰ ਨੂੰ ਵੋਟ ਪਾਉਣੀ ਹੈ, ਉਸ ਦੇ ਚੋਣ ਨਿਸ਼ਾਨ ਦੇ ਸਾਹਮਣੇ ਦਾ ਬਟਨ ਦਬਾਉਣ 'ਤੇ ਵੋਟ ਪੈ ਜਾਂਦੀ ਹੈ | ਵੋਟਿੰਗ ਮਸ਼ੀਨ ਦਾ ਬਟਨ ਦਬਾਉਣ ਤੋਂ ਬਾਅਦ ਵੀ. ਵੀ. ਪੈਟ 'ਤੇ ਇਕ ਪਰਚੀ ਬਣਦੀ ਹੈ | ਇਸ ਪਰਚੀ 'ਤੇ ਜਿਸ ਉਮੀਦਵਾਰ ਨੂੰ ਵੋਟ ਪਾਈ ਹੈ, ਉਸ ਦਾ ਨਾਂਅ ਅਤੇ ਚੋਣ ਨਿਸ਼ਾਨ ਲਿਖਿਆ ਹੁੰਦਾ ਹੈ | ਇਹ ਪਰਚੀ ਵੀ. ਵੀ. ਪੈਟ ਮਸ਼ੀਨ 'ਤੇ ਲੱਗੀ ਸਕਰੀਨ 'ਤੇ ਦੇਖੀ ਜਾ ਸਕਦੀ ਹੈ | ਇਹ ਪਰਚੀ ਕੇਵਲ 7 ਸੈਕਿੰਡ ਲਈ ਦਿਖਾਈ ਦਿੰਦੀ ਹੈ | ਇਸ ਪਰਚੀ ਨੂੰ ਦੇਖ ਕੇ ਮਤਦਾਤਾ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਜਿਸ ਉਮੀਦਵਾਰ ਨੂੰ ਵੋਟ ਪਾਈ ਹੈ, ਉਹ ਵੋਟ ਉਸੇ ਉਮੀਦਵਾਰ ਨੂੰ ਪਈ ਹੈ | ਇਹ ਪਰਚੀ ਤੁਹਾਨੂੰ ਨਹੀਂ ਮਿਲੇਗੀ | ਇਹ ਪਰਚੀ ਡਰਾਪ ਬਾਕਸ ਵਿਚ ਡਿਗ ਜਾਂਦੀ ਹੈ | ਗਿਣਤੀ ਦੇ ਸਮੇਂ ਵੋਟਿੰਗ ਮਸ਼ੀਨ ਦੇ ਰਜਿਸਟਰ ਨਾਲ ਇਨ੍ਹਾਂ ਪਰਚੀਆਂ ਦੀ ਮੈਚਿੰਗ ਕੀਤੀ ਜਾਵੇਗੀ | ਵੀ. ਵੀ. ਪੈਟ ਮਸ਼ੀਨ ਦਾ ਮਕਸਦ ਗ਼ਲਤੀ ਦੀ ਗੁੰਜਾਇਸ਼ ਨੂੰ ਦੂਰ ਕਰਨਾ ਹੈ |

-ਸਾਇੰਸ ਮਾਸਟਰ, ਖ਼ਾਲਸਾ ਸਕੂਲ, ਖੰਨਾ | ਮੋਬਾ: 79864-99563

ਚੁਟਕਲੇ

• ਦੋ ਅਮਲੀਆਂ ਨੇ ਨਸ਼ਾ ਵੱਧ ਕਰ ਲਿਆ ਤੇ ਪਹਿਲਾ ਅਮਲੀ ਅਸਮਾਨ ਵੱਲ ਇਸ਼ਾਰਾ ਕਰਕੇ ਦੂਜੇ ਨੂੰ ਪੱੁਛਣ ਲੱਗਾ, 'ਇਹ ਸੂਰਜ ਹੈ ਜਾਂ ਚੰਦ?'
ਦੂਜਾ ਅਮਲੀ-ਪਤਾ ਨ੍ਹੀਂ ਯਾਰ, ਮੈਂ ਤਾਂ ਇਸ ਸ਼ਹਿਰ ਵਿਚ ਨਵਾਂ ਹਾਂ |
• ਪਤਨੀ-ਹੁਣ ਤਾਂ ਕਿਸੇ 'ਤੇ ਵਿਸ਼ਵਾਸ ਨਹੀਂ ਰਿਹਾ, ਚੋਰੀਆਂ ਵਧ ਗਈਆਂ |
ਪਤੀ-ਹੁਣ ਕੀ ਹੋਇਆ ਭਾਗਵਾਨੇ?
ਪਤਨੀ-ਦੇਖੋ ਜੀ, ਜੋ ਆਪਾਂ ਦੋ ਤੌਲੀਏ ਸ਼ਿਮਲੇ ਹੋਟਲ ਅਤੇ ਦਿੱਲੀ ਹੋਟਲ ਤੋਂ ਲਿਆਏ ਸੀ, ਦੋਵੇਂ ਹੀ ਗਾਇਬ ਹਨ |
• ਇਕ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਡਾਇਰੈਕਟਰ ਨੇ ਹੀਰੋ ਨੂੰ ਕਿਹਾ ਕਿ 20 ਫੱੁਟ ਉਚਾਈ ਤੋਂ ਸਵਿਮਿੰਗ ਪੂਲ ਵਿਚ ਛਾਲ ਮਾਰਨੀ ਹੈ, ਓ. ਕੇ.?
ਹੀਰੋ-ਪਰ ਮੈਨੂੰ ਤਾਂ ਤੈਰਨਾ ਨਹੀਂ ਆਉਂਦਾ |
ਡਾਇਰੈਕਟਰ-ਕੋਈ ਗੱਲ ਨਹੀਂ, ਫਿਕਰ ਨਾ ਕਰ, ਸਵਿਮਿੰਗ ਪੂਲ ਵਿਚ ਪਾਣੀ ਵੀ ਨਹੀਂ ਹੈ |
• ਡਾਕਟਰ-ਮੋਟਾਪੇ ਦਾ ਇਕੋ-ਇਕ ਇਲਾਜ ਹੈ, ਬਸ ਇਕ ਰੋਟੀ ਖਾਇਆ ਕਰ |
ਰਾਣੋ-ਡਾਕਟਰ ਸਾਹਿਬ ਇਹ ਇਕ ਰੋਟੀ, ਭੋਜਨ ਤੋਂ ਪਹਿਲਾਂ ਜਾਂ ਬਾਅਦ ਵਿਚ |

-ਅਮਨਦੀਪ ਮਾਨ ਭੰੂਦੜੀ,
ਕੈਲੋਨਾ ਬਿ੍ਟਿਸ਼ ਕੋਲੰਬੀਆ, ਕੈਨੇਡਾ | ਫੋਨ : +1(647) 9675565

ਬਾਲ ਨਾਵਲ-106: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਹਰੀਸ਼ ਦੇ ਅੰਮਿ੍ਤਸਰ ਆਉਣ ਤੋਂ ਬਾਅਦ ਉਨ੍ਹਾਂ ਦੀ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਸੀ | ਜਦੋਂ ਹਰੀਸ਼ ਨੇ ਸਕੂਲ ਦੇ ਇਕ ਕਮਰੇ ਵਿਚ ਆਪਣਾ ਪਹਿਲਾ ਕਲੀਨਿਕ ਖੋਲਿ੍ਹਆ ਤਾਂ ਉਸ ਨੇ ਇਸ ਬਾਰੇ ਡਾ: ਪ੍ਰੀਤੀ ਨੂੰ ਦੱਸਿਆ | ਡਾ: ਪ੍ਰੀਤੀ ਕੁਝ ਛੱੁਟੀਆਂ ਲੈ ਕੇ ਜਦੋਂ ਜਲੰਧਰ ਆਪਣੇ ਘਰ ਆਈ ਤਾਂ ਇਕ ਦਿਨ ਉਹ ਅੰਮਿ੍ਤਸਰ ਡਾ: ਹਰੀਸ਼ ਨੂੰ ਮਿਲਣ ਅਤੇ ਉਸ ਦਾ ਨਵਾਂ ਕਲੀਨਿਕ ਦੇਖਣ ਆ ਗਈ | ਉਹ ਸਕੂਲ ਦਾ ਵਾਤਾਵਰਨ ਦੇਖ ਕੇ ਅਤੇ ਮਾਤਾ ਜੀ, ਸਿਧਾਰਥ ਤੇ ਮੇਘਾ ਨੂੰ ਮਿਲ ਕੇ ਬਹੁਤ ਪ੍ਰਭਾਵਿਤ ਹੋਈ | ਉਹ ਕਦੇ ਸੋਚ ਵੀ ਨਹੀਂ ਸੀ ਸਕਦੀ ਕਿ ਅੱਜ ਦੇ ਸਮੇਂ ਵਿਚ ਐਨੇ ਸੇਵਾ-ਭਾਵ ਵਾਲੇ ਲੋਕ ਵੀ ਹੋ ਸਕਦੇ ਹਨ |
ਉਹ ਆਈ ਤਾਂ ਦੋ-ਚਾਰ ਘੰਟਿਆਂ ਲਈ ਸੀ ਪਰ ਮਾਤਾ ਜੀ, ਸਿਧਾਰਥ ਅਤੇ ਮੇਘਾ ਨੇ ਉਸ ਨੂੰ ਰਾਤ ਰੁਕਣ ਵਾਸਤੇ ਮਨਾ ਲਿਆ | ਉਸ ਰਾਤ ਸਿਧਾਰਥ ਅਤੇ ਮੇਘਾ ਵੀ ਮਾਤਾ ਜੀ ਵੱਲ ਰੁਕ ਗਏ | ਮਾਤਾ ਜੀ ਅਤੇ ਮੇਘਾ ਅੱਧੀ ਰਾਤ ਤੱਕ ਪ੍ਰੀਤੀ ਨਾਲ ਗੱਲਾਂਬਾਤਾਂ ਕਰਦੇ ਰਹੇ |
ਸਵੇਰੇ ਉਠ ਕੇ ਸਾਰੇ ਆਪੋ-ਆਪਣੇ ਕੰਮਾਂ 'ਤੇ ਚਲੇ ਗਏ | ਪ੍ਰੀਤੀ ਵੀ ਵਾਪਸ ਜਾਣ ਲਈ ਤਿਆਰ ਸੀ | ਮਾਤਾ ਜੀ ਨੇ ਹਰੀਸ਼ ਨੂੰ ਕਿਹਾ, 'ਜਾਹ ਬੇਟਾ, ਕੁੜੀ ਨੂੰ ਸਕੂਟਰ 'ਤੇ ਬੱਸ ਸਟੈਂਡ ਛੱਡ ਆ |'
'ਉਹ ਆਪੇ ਚਲੀ ਜਾਵੇਗੀ ਮਾਤਾ ਜੀ, ਮੈਂ ਹਸਪਤਾਲ ਲੇਟ ਹੋ ਜਾਵਾਂਗਾ |'
'ਕੋਈ ਨਹੀਂ ਲੇਟ ਹੁੰਦਾ, ਅੱਧਾ ਘੰਟਾ ਲੇਟ ਹੋ ਵੀ ਜਾਏਾਗਾ ਤਾਂ ਕੋਈ ਆਖਰ ਨਹੀਂ ਆ ਚੱਲੀ | ਮੈਂ ਕੁੜੀ ਨੂੰ ਇਕੱਲਿਆਂ ਬੱਸ ਸਟੈਂਡ ਨਹੀਂ ਭੇਜਣਾ |' ਮਾਤਾ ਜੀ ਨੇ ਬੜੇ ਰੋਹਬ ਨਾਲ ਹਰੀਸ਼ ਨੂੰ ਕਿਹਾ |
'ਠੀਕ ਐ ਮਾਤਾ ਜੀ, ਜਿਵੇਂ ਤੁਹਾਡਾ ਹੁਕਮ', ਕਹਿ ਕੇ ਉਹ ਸਕੂਟਰ ਸਟਾਰਟ ਕਰਨ ਲੱਗ ਪਿਆ |
ਪ੍ਰੀਤੀ, ਮਾਤਾ ਜੀ ਨੂੰ ਮਿਲ ਕੇ ਜਦੋਂ ਹਰੀਸ਼ ਦੇ ਸਕੂਟਰ ਦੇ ਪਿੱਛੇ ਬੈਠੀ ਤਾਂ ਮਾਤਾ ਜੀ ਦੇ ਚਿਹਰੇ 'ਤੇ ਅਨੋਖੀ ਖੁਸ਼ੀ ਝਲਕ ਰਹੀ ਸੀ | ਉਹ ਦਿਲ ਹੀ ਦਿਲ ਵਿਚ ਸੋਚ ਰਹੇ ਸਨ ਕਿ 'ਦੋਵਾਂ ਦੀ ਜੋੜੀ ਬੜੀ ਫਬ ਰਹੀ ਹੈ |'
ਮਾਤਾ ਜੀ ਨੂੰ ਡਾ: ਪ੍ਰੀਤੀ ਕੁਝ ਜ਼ਿਆਦਾ ਹੀ ਪਸੰਦ ਆ ਗਈ ਲਗਦੀ ਸੀ | ਉਹ ਸਾਰਾ ਦਿਨ ਹਰੀਸ਼ ਅਤੇ ਪ੍ਰੀਤੀ ਦੀ ਜੋੜੀ ਬਾਰੇ ਹੀ ਸੋਚਦੇ ਰਹੇ | ਸੋਚ ਹੀ ਸੋਚ ਵਿਚ ਉਹ ਉਨ੍ਹਾਂ ਬਾਰੇ ਕਈ ਤਰ੍ਹਾਂ ਦੇ ਸੁਪਨੇ ਦੇਖੀ ਗਏ |
ਹਫ਼ਤੇ-ਦਸੀਂ ਦਿਨੀਂ ਮਾਤਾ ਜੀ ਹਰੀਸ਼ ਨੂੰ ਜ਼ਰੂਰ ਪੱੁਛਦੇ, 'ਪ੍ਰੀਤੀ ਦਾ ਕੋਈ ਫੋਨ ਆਇਐ?'
'ਨਹੀਂ ਮਾਤਾ ਜੀ', ਹਰੀਸ਼ ਸੰਖੇਪ ਵਿਚ ਜਵਾਬ ਦਿੰਦਾ |
'ਉਸ ਦਾ ਜੇ ਕੋਈ ਫੋਨ ਨਹੀਂ ਆਇਆ ਤਾਂ ਤੰੂ ਫੋਨ ਕਰਕੇ ਉਸ ਦਾ ਹਾਲ-ਚਾਲ ਪੱੁਛ ਲੈਂਦਾ |'
'ਵਕਤ ਨਹੀਂ ਮਿਲਿਆ, ਮਾਤਾ ਜੀ |'
ਮਾਤਾ ਜੀ ਉਸ ਦਾ ਜਵਾਬ ਸੁਣ ਕੇ ਨਿਰਾਸ਼ ਜਿਹੇ ਹੋ ਜਾਂਦੇ | ਜੇ ਕਦੇ ਹਰੀਸ਼ ਕਹਿ ਦਿੰਦਾ ਕਿ ਉਸ ਦਾ ਫੋਨ ਆਇਆ ਸੀ ਅਤੇ ਉਹ ਠੀਕ-ਠਾਕ ਹੈ ਤਾਂ ਮਾਤਾ ਜੀ ਦੇ ਚਿਹਰੇ 'ਤੇ ਰੌਣਕ ਆ ਜਾਂਦੀ |
ਸਿਧਾਰਥ ਅਤੇ ਮੇਘਾ ਜਦੋਂ ਵੀ ਮਾਤਾ ਜੀ ਕੋਲ ਆਉਂਦੇ, ਮਾਤਾ ਜੀ ਡਾ: ਪ੍ਰੀਤੀ ਦਾ ਜ਼ਿਕਰ ਜ਼ਰੂਰ ਕਰਦੇ | ਸਿਧਾਰਥ ਅਤੇ ਮੇਘਾ ਨੂੰ ਵੀ ਪ੍ਰੀਤੀ ਬੜੀ ਚੰਗੀ ਲੱਗੀ ਸੀ ਪਰ ਉਹ ਹਰੀਸ਼ ਤੋਂ ਪੱੁਛੇ ਬਿਨਾਂ ਕੋਈ ਕਦਮ ਨਹੀਂ ਸੀ ਚੱੁਕਣਾ ਚਾਹੁੰਦੇ |
ਹਰੀਸ਼ ਨੇ ਜਦੋਂ ਇਕ ਕਮਰੇ ਵਾਲੇ ਕਲੀਨਿਕ ਤੋਂ ਤਿੰਨ ਕਮਰਿਆਂ ਵਾਲੇ ਹਸਪਤਾਲ ਵਿਚ ਸ਼ਿਫਟ ਕੀਤਾ ਤਾਂ ਉਦੋਂ ਵੀ ਇਕ ਵਾਰੀ ਪ੍ਰੀਤੀ ਅੰਮਿ੍ਤਸਰ ਆਈ | ਉਹ ਤਾਂ ਹਰੀਸ਼ ਦੀ ਮਰੀਜ਼ਾਂ ਪ੍ਰਤੀ ਨਿਸ਼ਕਾਮ ਸੇਵਾ ਦੇਖ ਕੇ ਪਹਿਲਾਂ ਨਾਲੋਂ ਵੀ ਜ਼ਿਆਦਾ ਪ੍ਰਭਾਵਿਤ ਹੋਈ | ਉਹ ਹੈਰਾਨ ਹੁੰਦੀ ਸੀ ਕਿ ਕਿਵੇਂ ਅੱਜ ਦੇ ਸਮੇਂ ਵਿਚ ਸਾਰੇ ਜਣੇ ਬਿਨਾਂ ਕਿਸੇ ਲਾਲਚ ਦੇ ਐਨੇ ਮਹਾਨ ਕੰਮ ਵਿਚ ਲੱਗੇ ਹੋਏ ਹਨ | ਉਸ ਨੇ ਮਾਤਾ ਜੀ ਨੂੰ ਆਪਣੇ ਵਲੋਂ ਕੁਝ ਪੈਸੇ ਹਸਪਤਾਲ ਦੀ ਉਸਾਰੀ ਵਾਸਤੇ ਦਿੱਤੇ | ਮਾਤਾ ਜੀ ਨੇ ਉਸ ਕੋਲੋਂ ਪੈਸੇ ਲੈਣ ਤੋਂ ਬੜੀ ਨਾਂਹ-ਨੱੁਕਰ ਕੀਤੀ ਪਰ ਪ੍ਰੀਤੀ ਨਾ ਮੰਨੀ | ਅਖੀਰ ਮਾਤਾ ਜੀ ਨੂੰ ਪ੍ਰੀਤੀ ਦੀ ਗੱਲ ਮੰਨਣੀ ਪਈ |

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ (43)

ਇਕ ਨਿੱਕਾ ਜਿਹਾ ਸਕਿਉਰਟੀ ਗਾਰਡ,
ਜਿਸ ਦੀ ਬਾਡੀ ਬਹੁਤ ਹੀ ਹਾਰਡ |
ਘਰਾਂ, ਦੁਕਾਨਾਂ ਦੀ ਰਾਖੀ ਕਰਦਾ,
ਗਰਮੀ-ਸਰਦੀ ਉਹ ਤਨ 'ਤੇ ਜਰਦਾ |
ਨਾ ਤਨਖਾਹ ਨਾ ਹੀ ਭੱਤਾ ਲੈਂਦਾ,
ਪਰ ਬੂਹੇ ਅੱਗੇ ਉਹ ਡਟਿਆ ਰਹਿੰਦਾ |
ਮਾਲਕ ਦੇ ਆਉਣ ਤੱਕ ਨਾ ਛੱਡਦਾ,
ਕੁੰਡੇ ਨੂੰ ਜੱਫੀ ਪਾ ਕੇ ਰੱਖਦਾ |
ਜਦ ਕੋਈ ਚੋਰ-ਉਚੱਕਾ ਆਉਂਦਾ,
ਕੱਟਿਆ ਜਾਂਦਾ ਪਰ ਫਰਜ਼ ਨਿਭਾਉਂਦਾ |
ਅਲੀਗੜ੍ਹ ਇਹਦੇ ਪੁਰਖੇ ਰਹਿੰਦੇ,
ਫਰਜ਼ ਨਿਭਾਉਣ ਲਈ ਜੋ ਨੇ ਕਹਿੰਦੇ |
ਭਲੂਰੀਏ ਇਹ ਬਾਤ ਹੈ ਜੋੜੀ,
ਦਿਮਾਗੀ ਕਸਰਤ ਕਰੋ ਹੁਣ ਥੋੜ੍ਹੀ |
--0--
ਸੋਨੀ ਕਹਿੰਦਾ ਦੱਸ ਹੁਣ ਬਿੰਦਰਾ,
ਬਿੰਦਰ ਕਹਿੰਦਾ ਇਹ ਹੈ ਜਿੰਦਰਾ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਮੈਂ ਪੈਸਾ ਹਾਂ

• ਮੈਂ ਲੂਣ ਦੀ ਤਰ੍ਹਾਂ ਹਾਂ, ਜੋ ਜ਼ਰੂਰੀ ਤਾਂ ਹੈ ਪਰ ਜੇਕਰ ਜ਼ਰੂਰਤ ਤੋਂ ਜ਼ਿਆਦਾ ਹੋਵੇ ਤਾਂ ਜ਼ਿੰਦਗੀ ਦਾ ਸੁਆਦ ਵਿਗਾੜ ਦਿੰਦਾ ਹਾਂ |
• ਮੈਂ ਰੱਬ ਨਹੀਂ ਹਾਂ ਪਰ ਲੋਕ ਮੈਨੂੰ ਰੱਬ ਵਾਂਗ ਪੂਜਦੇ ਹਨ | ਮੱਥਾ ਟੇਕਦੇ ਹਨ, ਚੁੰਮਦੇ ਹਨ, ਮੱਥੇ ਨਾਲ ਲਾਉਂਦੇ ਹਨ, ਧੂਫ ਧੁਖਾਉਂਦੇ ਹਨ |
• ਮਰਨ ਤੋਂ ਬਾਅਦ ਲੋਕ ਮੈਨੂੰ ਉੱਪਰ ਨਹੀਂ ਲਿਜਾ ਸਕਦੇ ਪਰ ਜਿਊਾਦੇ ਜੀਅ ਮੈਂ ਤੁਹਾਨੂੰ ਬਹੁਤ ਉੱਪਰ ਤੱਕ ਲਿਜਾ ਸਕਦਾ ਹਾਂ |
• ਮੈਂ ਨਵੀਆਂ-ਨਵੀਆਂ ਰਿਸ਼ਤੇਦਾਰੀਆਂ ਬਣਾਉਂਦਾ ਹਾਂ ਪਰ ਅਸਲੀ ਅਤੇ ਪੁਰਾਣੀਆਂ ਰਿਸ਼ਤੇਦਾਰੀਆਂ, ਸਾਂਝਾਂ, ਦੋਸਤੀਆਂ ਨੂੰ ਵਿਗਾੜ ਵੀ ਦਿੰਦਾ ਹਾਂ |
• ਮੈਂ ਕੁਝ ਵੀ ਨਹੀਂ ਹਾਂ ਪਰ ਮੈਂ ਨਿਰਧਾਰਤ ਕਰਦਾ ਹਾਂ ਕਿ ਲੋਕ ਤੁਹਾਨੂੰ ਕਿੰਨੀ ਇੱਜ਼ਤ ਦਿੰਦੇ ਹਨ |
• ਮੈਨੂੰ ਪਸੰਦ ਕਰੋ, ਸਿਰਫ ਇਸ ਹੱਦ ਤੱਕ ਕਿ ਲੋਕ ਤੁਹਾਨੂੰ ਨਾਪਸੰਦ ਨਾ ਕਰਨ ਲੱਗਣ |
• ਮੈਂ ਸਾਰੇ ਫਸਾਦ ਦੀ ਜੜ੍ਹ ਹਾਂ ਪਰ ਫਿਰ ਵੀ ਪਤਾ ਨਹੀਂ ਕਿਉਂ ਸਭ ਮੇਰੇ ਪਿੱਛੇ ਪਾਗਲ ਹਨ |
• ਮੈਂ ਸ਼ੈਤਾਨ ਨਹੀਂ ਹਾਂ ਪਰ ਲੋਕ ਅਕਸਰ ਮੇਰੇ ਕਰਕੇ ਗੁਨਾਹ ਕਰਦੇ ਹਨ |
• ਮੈਂ ਤੀਜਾ ਵਿਅਕਤੀ ਨਹੀਂ ਹਾਂ ਪਰ ਮੇਰੀ ਵਜ੍ਹਾ ਨਾਲ ਪਤੀ-ਪਤਨੀ ਵੀ ਆਪਸ ਵਿਚ ਉਲਝ ਪੈਂਦੇ ਹਨ |
• ਮੈਂ ਕਦੇ ਕਿਸੇ ਲਈ ਕੁਰਬਾਨੀ ਨਹੀਂ ਦਿੱਤੀ ਪਰ ਕਈ ਲੋਕ ਮੇਰੇ ਲਈ ਆਪਣੀ ਜਾਨ ਦੇ ਰਹੇ ਹਨ |
• ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਲਈ ਸਭ ਕੁਝ ਖਰੀਦ ਸਕਦਾ ਹਾਂ, ਤੁਹਾਡੇ ਲਈ ਦਵਾਈਆਂ ਲਿਆ ਸਕਦਾ ਹਾਂ ਪਰ ਤੁਹਾਡੀ ਉਮਰ ਨਹੀਂ ਵਧਾ ਸਕਦਾ |
• ਜਦੋਂ ਤੁਹਾਡੀ ਮੌਤ ਹੋਵੇਗੀ ਤਾਂ ਮੈਂ ਤੁਹਾਡੇ ਨਾਲ ਨਹੀਂ ਜਾਵਾਂਗਾ ਅਤੇ ਤੁਹਾਨੂੰ ਆਪਣੇ ਪਾਪਾਂ ਦੀ ਸਜ਼ਾ ਭੁਗਤਣ ਲਈ ਇਕੱਲਾ ਛੱਡ ਦੇਵਾਂਗਾ ਅਤੇ ਇਹ ਸਥਿਤੀ ਕਦੇ ਵੀ ਆ ਸਕਦੀ ਹੈ |
• ਇਤਿਹਾਸ ਵਿਚ ਕਈ ਇਹੋ ਜਿਹੀਆਂ ਉਦਾਹਰਨਾਂ ਹਨ, ਜਿਨ੍ਹਾਂ ਦੇ ਕੋਲ ਮੈਂ ਬੇਸ਼ੁਮਾਰ ਸਾਂ ਪਰ ਫਿਰ ਵੀ ਉਹ ਮਰੇ ਤਾਂ ਉਨ੍ਹਾਂ ਨੂੰ ਰੋਣ ਵਾਲਾ ਕੋਈ ਨਹੀਂ ਸੀ |
• ਇਕ ਵਾਰ ਫਿਰ ਦੱਸ ਦੇਵਾਂ ਕਿ ਮੈਂ ਭਗਵਾਨ ਨਹੀਂ ਅਤੇ ਹਾਂ, ਮੈਨੂੰ ਆਜ਼ਾਦ ਰਹਿਣ ਦੀ ਆਦਤ ਹੈ, ਮੈਨੂੰ ਜਿੰਦਰੇ ਵਿਚ ਬੰਦ ਕਰਕੇ ਨਾ ਰੱਖੋ |

-ਰਾਮ ਤੀਰਥ (ਅੰਮਿ੍ਤਸਰ) | ਮੋਬਾ: 97813-76990

ਅਨਮੋਲ ਬਚਨ

• ਉਸ ਮੋਮਬੱਤੀ ਨੇ ਉਹੀ ਹੱਥ ਸਾੜ ਦਿੱਤਾ, ਜਿਹੜਾ ਹਵਾ ਦੇ ਬੱੁਲੇ ਤੋਂ ਬਚਾ ਰਿਹਾ ਸੀ |
• ਖੁਸ਼ੀਆਂ ਤਾਂ ਮੁਫ਼ਤ ਵਿਚ ਮਿਲ ਜਾਂਦੀਆਂ ਹਨ ਇਸ ਦੁਨੀਆ ਅੰਦਰ ਪਰ ਲੱਭਣ ਵਾਲੇ ਮਹਿੰਗੀਆਂ ਦੁਕਾਨਾਂ ਵਿਚ ਲੱਭ ਰਹੇ ਹਨ |
• ਜਿਸ ਦੇ ਲਫਜ਼ਾਂ ਵਿਚੋਂ ਸਾਨੂੰ ਆਪਣਾ ਅਕਸ ਮਿਲਦਾ ਹੈ, ਬੜੇ ਨਸੀਬਾਂ ਨਾਲ ਸਾਨੂੰ ਉਹ ਸ਼ਖ਼ਸ ਮਿਲਦਾ ਹੈ |
• ਦੁਨੀਆ 'ਚ ਹਰ ਚੀਜ਼ ਠੋਕਰ ਲੱਗਣ 'ਤੇ ਟੱੁਟ ਜਾਂਦੀ ਹੈ ਪਰ ਸਿਰਫ ਕਾਮਯਾਬੀ ਠੋਕਰਾਂ ਲੱਗਣ 'ਤੇ ਮਿਲਦੀ ਹੈ |
• ਵਕਤ ਦਾ ਖਾਸ ਹੋਣਾ ਜ਼ਰੂਰੀ ਨਹੀਂ ਪਰ ਕਿਸੇ ਖਾਸ ਲਈ ਵਕਤ ਦਾ ਹੋਣਾ ਬਹੁਤ ਜ਼ਰੂਰੀ ਹੈ |
• ਕਦੇ-ਕਦੇ ਉਹ ਲੋਕ ਵੀ ਰਿਸ਼ਤਿਆਂ ਦੀ ਕੀਮਤ ਸਮਝਾ ਦਿੰਦੇ ਹਨ, ਜਿਨ੍ਹਾਂ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਹੁੰਦਾ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ) | ਮੋਬਾ: 95018-10181

ਬਾਲ ਕਵਿਤਾ: ਗਿਆਨ ਦਾ ਚਸ਼ਮਾ

ਬੱਚਿਓ ਬਸਤੇ ਮੋਢੇ ਪਾ ਲਓ,
ਗਿਆਨ ਦੇ ਦੀਪ ਜਗਾ ਲਓ |
ਤੀਜੇ ਨੇਤਰ ਕੋਲ ਲਿਆਵੋ,
ਜ਼ਿੰਦਗੀ ਨੂੰ ਖੁਸ਼ਹਾਲ ਬਣਾਵੋ |
ਨਾਲ ਕਿਤਾਬਾਂ ਕਰ ਲਓ ਕੁਸ਼ਤੀ,
ਸੁਸਤੀ ਛੱਡ ਕੇ ਫੜ ਲਓ ਚੁਸਤੀ |
ਅਨਪੜ੍ਹਤਾ ਦੀ ਪੱੁਟ ਦਿਓ ਜੜ੍ਹ,
ਗੱੁਡੀ ਅਸਮਾਨੀਂ ਜਾਊਗੀ ਚੜ੍ਹ |
ਮਾਸਟਰ ਜੀ ਨੂੰ ਫ਼ਤਹਿ ਬੁਲਾਇਓ,
ਖਜ਼ਾਨਾ ਝੋਲੀ ਭਰ ਲਿਆਇਓ |
ਵਿੱਦਿਅਕ ਨੁਕਤੇ ਲਵੋਗੇ ਸਿੱਖ,
ਸੁਨਹਿਰੀ ਬਣ ਜਾਊਗਾ ਭਵਿੱਖ |
ਅੱਜ ਦਾ ਕੰਮ ਨਾ ਹੋਵੇ ਕੱਲ੍ਹ,
ਅਨਪੜ੍ਹਤਾ ਚਿੱਕੜ ਦਲਦਲ |
ਊੜੇ-ਐੜੇ ਦੀ ਵਗਾ ਦਿਓ ਛੱਲ,
ਕੁਰਸੀ ਤੁਸੀਂ ਲਵੋਗੇ ਮੱਲ |
ਡਾਕਟਰ ਬਣਨਾ, ਮਾਸਟਰ ਬਣਨਾ,
ਵੱਡੇ-ਵੱਡੇ ਸਾਗਰ ਤਰਨਾ |
'ਲੰਗੇਆਣੀਏ' ਕੋਲੋਂ ਸਾਹਿਤ ਵੀ ਸਿੱਖਿਓ,
ਕਹਾਣੀ, ਕਵਿਤਾ-ਲੇਖ ਵੀ ਲਿਖਿਓ |

-ਡਾ: ਸਾਧੂ ਰਾਮ ਲੰਗੇਆਣਾ,
ਪਿੰਡ ਲੰਗੇਆਣਾ ਕਲਾਂ (ਮੋਗਾ) |
ਮੋਬਾ: 98781-17285


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX