ਤਾਜਾ ਖ਼ਬਰਾਂ


ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  about 1 hour ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  about 2 hours ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  about 2 hours ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  about 2 hours ago
ਚੰਡੀਗੜ੍ਹ, 19 ਅਪ੍ਰੈਲ - ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  about 2 hours ago
ਟਾਂਡਾ, 19 ਅਪ੍ਰੈਲ- ਵਿਜੀਲੈਂਸ ਟੀਮ ਵਲੋਂ ਅੱਜ ਦੁਪਹਿਰ ਟਾਂਡਾ ਦੇ ਇੱਕ ਪੈਲੇਸ 'ਚ ਆਬਕਾਰੀ ਵਿਭਾਗ ਦੇ ਈ. ਟੀ. ਓ. ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲਗਭਗ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਂ ਹੱਥੀਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਉਕਤ ਪੈਲੇਸ ਦੇ...
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  about 2 hours ago
ਸੰਗਰੂਰ, 19 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੁਰਜੀਤ ਸਿੰਘ ਐਡਵੋਕੇਟ ਨੇ ਅੱਜ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 22 ਅਪ੍ਰੈਲ ਨੂੰ ਸੰਗਰੂਰ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸਾਡਾ ਸੂਝਵਾਨ ਮਨ ਅਸ਼ਾਂਤ ਕਿਉਂ ਰਹਿੰਦਾ ਹੈ?

ਧਰਤੀ ਉੱਪਰ ਅੱਜ ਤੋਂ ਲਗਪਗ ਸਾਢੇ ਤਿੰਨ ਅਰਬ ਵਰ੍ਹੇ ਪਹਿਲਾਂ ਜੀਵਨ ਪੁੰਗਰਿਆ, ਜਿਸ ਦਾ ਬੀਤਦੇ ਸਮੇਂ ਨਾਲ ਭਿੰਨ-ਭਿੰਨ ਜੀਵ-ਨਸਲਾਂ 'ਚ ਵਿਕਾਸ ਹੋਇਆ | ਹੋਏ ਵਿਕਾਸ ਦੇ ਫਲਸਰੂਪ ਅਸੀਂ ਵੀ, ਸੂਝਵਾਨ ਦਿਮਾਗ਼ 'ਚੋਂ ਪੁੰਗਰੇ ਮਨ ਸਹਿਤ, ਸੰਸਾਰ 'ਚ ਪ੍ਰਵੇਸ਼ ਕੀਤਾ | ਸਾਡਾ ਇਹ ਮਨ ਓਨਾ ਖਿੜਿਆ ਨਹੀਂ ਵਿਚਰਦਾ, ਜਿੰਨਾ ਅਸ਼ਾਂਤ ਮਨ ਵਿਚਰਦਾ ਹੈ | ਫਿਰ, ਮੰਦੇ ਰਉਂ 'ਚ ਉਲਝ ਕੇ ਉਦਾਸੀਆਂ-ਦਿਲਗੀਰੀਆਂ ਦਾ ਸ਼ਿਕਾਰ ਵੀ ਇਹ ਹੁੰਦਾ ਰਹਿੰਦਾ ਹੈ | ਮੁਰਝਾਏ ਮਨ ਨਾਲ ਉਦਾਸ ਰਹਿ ਰਿਹਾ ਵਿਅਕਤੀ ਇਕ ਤਰ੍ਹਾਂ ਦੋਜ਼ਖ਼ ਭੋਗ ਰਿਹਾ ਹੁੰਦਾ ਹੈ | ਉਸ ਦਾ ਕੁਝ ਵੀ ਕਰਨ ਨੂੰ ਜੀਅ ਨਹੀਂ ਕਰਦਾ ਅਤੇ ਹੋਰਨਾਂ ਨਾਲ ਮਿਲ ਬੈਠਣਾ ਵੀ ਉਸ ਨੂੰ ਮੁਸੀਬਤ ਲੱਗਣ ਲਗਦਾ ਹੈ | ਆਪਣੇ-ਆਪ ਨਾਲ ਕੁਝ ਚੰਗਾ ਬੀਤਣ ਦੀ ਆਸ ਵੀ ਉਹ ਗੁਆ ਬੈਠਦਾ ਹੈ | ਟਾਂਵਿਆਂ-ਟਾਂਵਿਆਂ ਨੂੰ ਪ੍ਰਭਾਵਿਤ ਕਰ ਰਹੀ ਅਜਿਹੀ ਹੀ ਸਥਿਤੀ 'ਚੋਂ ਪਾਰ ਹੋ ਰਹੇ ਗ਼ਾਲਿਬ ਦਾ ਅਨੁਭਵ ਸੀ :
'ਰਹੀ ਨਾ ਤਾਕਤ-ਏ ਗੁਫ਼ਤਾਰ, ਔਰ ਅਗਰ ਹੋ ਭੀ,
ਤੋ ਕਿਸ ਉਮੀਦ ਪੇ ਕਹੀਏ ਕਿ ਆਰਜ਼ੂ ਕਿਆ ਹੈ |'
ਅਜਿਹੀ ਘੋਰ ਗੰਭੀਰ ਮਾਨਸਿਕ ਅਵਸਥਾ, ਚਿਰ ਸਥਾਈ ਬਣੀ ਨਹੀਂ ਰਹਿੰਦੀ : ਸਮੇਂ ਨਾਲ ਢੈਲੀ ਪੈਂਦੀ-ਪੈਂਦੀ ਛੇਕੜ ਇਹ ਆਲੋਪ ਹੋ ਜਾਂਦੀ ਹੈ | ਮਨ ਦੀ ਇਕ ਹੋਰ ਅਵਸਥਾ ਅਜਿਹੀ ਹੈ, ਜਿਸ ਦੇ ਸੱਭ, ਕਿਸੇ ਨਾ ਕਿਸੇ ਸਮੇਂ, ਸ਼ਿਕਾਰ ਹੁੰਦੇ ਰਹਿੰਦੇ ਹਨ | ਇਹ ਹੈ ਮਾਨਸਿਕ ਤਣਾਓ, ਜਿਸ ਦਾ ਉਸ ਰੁਚੀ 'ਚੋਂ ਜਨਮ ਹੁੰਦਾ ਹੈ, ਜਿਹੜੀ ਸਾਨੂੰ ਇਕ ਦੂਜੇ ਤੋਂ ਅਗਾਂਹ ਵਧਦੇ ਰਹਿਣ ਲਈ ਉਕਸਾਉਂਦੀ ਰਹਿੰਦੀ ਹੈ | ਇਹ ਰੁਚੀ ਗਿਣੇ-ਚੁਣੇ ਦੋ ਚਾਰ ਜੀਨਾਂ ਦੀ ਸਾਨੂੰ ਦੇਣ ਹੈ ਅਤੇ ਇਸੇ ਕਾਰਨ ਇਹ ਹਰ ਇਕ ਦੇ ਘੱਟ ਜਾਂ ਵੱਧ ਹਿੱਸੇ ਆ ਰਹੀ ਹੈ |
ਹਰ ਇਕ ਵਿਅਕਤੀ ਮਾਨਸਿਕ ਤਣਾਓ ਨਾਲ ਆਪਣੇ ਹੀ ਵੱਖਰੇ ਢੰਗ ਨਾਲ ਭੁਗਤ ਰਿਹਾ ਹੈ | ਕਈ ਤਾਂ ਤਣਾਓ ਕਾਰਨ ਮਾਮੂਲੀ ਪਰੇਸ਼ਾਨ ਰਹਿੰਦੇ ਹਨ ਜਦ ਕਿ ਕਈ ਇਸ ਸਦਕਾ ਹੁਸੜੇ, ਨੀਂਦਰ ਗੁਆ ਬੈਠਦੇ ਹਨ ਅਤੇ ਲਹੂ ਦੇ ਵਧੇ ਦਬਾਓ ਦਾ ਰੋਗ ਸਹੇੜ ਬੈਠਦੇ ਹਨ | ਇਸ ਅਵਸਥਾ ਦੌਰਾਨ ਮਨਚਾਹੇ ਰੁਝੇਵੇਂ ਦੀ ਅਣਹੋਂਦ ਵੀ ਪਰੇਸ਼ਾਨੀ 'ਚ ਵਾਧਾ ਹੁੰਦੇ ਰਹਿਣ ਦਾ ਕਾਰਨ ਬਣਦੀ ਰਹਿੰਦੀ ਹੈ | ਇਸੇ ਕਾਰਨ, ਅਜਿਹੀ ਅਵਸਥਾ 'ਚ ਉਪਰਾਮ ਹੋ ਕੇ ਕੁਝ ਵੀ ਨਾ ਕਰਨ ਨਾਲੋਂ, ਰੁਝੇ ਰਹਿਣਾ ਹੀ ਉੱਚਿਤ ਹੈ |
ਅਸੀਂ ਸਿਆਣੇ ਪ੍ਰਾਣੀ ਹਾਂ, ਸੂਝ-ਸਮਝ ਦੇ ਮਾਲਿਕ | ਸਮਝਦਾਰ ਹੋ ਕੇ ਵੀ ਸਾਡਾ ਮਨ ਅਸ਼ਾਂਤ ਰਹਿੰਦਾ ਹੈ | ਕਿਉਂ? ਇਸ ਦੇ ਭਿੰਨ ਭਿੰਨ ਕਈ ਕਾਰਨ ਹਨ, ਜਦ ਕਿ ਮੁੱਖ ਕਾਰਨ ਸਾਡਾ ਅਪਣਾਇਆ ਜੀਵਨ-ਢੰਗ ਹੈ, ਜਿਸ 'ਚ ਸੂਝ ਨਾਲੋਂ ਭਾਵਨਾਵਾਂ ਦਾ ਕਿਧਰੇ ਵੱਧ ਦਖ਼ਲ ਹੈ | ਭਾਵਨਾਵਾਂ ਦੁਆਰਾ ਮਧੋਲਿਆ ਜਾ ਰਿਹਾ ਸਾਡਾ ਮਨ ਬੇ-ਸਿਰ-ਪੈਰ ਦੇ ਵਿਚਾਰਾਂ 'ਚ ਉਲਝਿਆ ਰਹਿੰਦਾ ਹੈ | ਬਚਪਨ ਬਿਤਾਉਂਦਿਆਂ ਅਸੀਂ ਵੱਡਿਆਂ ਵਾਂਗ ਖੁਦਸਿਰ ਹੋ ਕੇ ਵਿਚਰਨਾ ਲੋਚਦੇ ਰਹਿੰਦੇ ਹਾਂ ਅਤੇ ਜਦ ਵੱਡੇ ਹੋ ਜਾਂਦੇ ਹਾਂ, ਤਦ ਬਚਪਨ 'ਚ ਪਰਤ ਜਾਣ ਲਈ ਤਾਂਘਣ ਲਗਦੇ ਹਾਂ | ਹਰ ਸਮੇਂ, ਉਸ ਨਾਲੋਂ ਵੱਖਰੇ ਕੁਝ ਨੂੰ ਪ੍ਰਾਪਤ ਕਰਨ ਲਈ ਅਸੀਂ ਬਿਹਬਲ ਰਹਿੰਦੇ ਹਾਂ | ਜੋ ਕੋਲ ਨਹੀਂ ਹੁੰਦਾ ਅਤੇ ਜੋ ਸਾਡੇ ਕੁੋਲ ਹੁੰਦਾ ਹੈ, ਭਾਵੇਂ ਉਹ ਕਿੰਨਾ ਵੀ ਅਨਮੋਲ ਕਿਉਂ ਨਾ ਹੋਵੇ, ਉਸ ਨਾਲ ਅਸੀਂ ਸੰਤੁਸ਼ਟ ਨਹੀਂ ਹੁੰਦੇ | ਉੱਚੀ ਤੋਂ ਉੱਚੀ ਪਦਵੀ 'ਤੇ ਬਿਰਾਜਮਾਨ ਹੋ ਕੇ ਵੀ ਹੋਰ ਉਤਾਂਹ ਜਾਣ ਲਈ ਅਸੀਂ ਸਟਪਟਾਉਂਦੇ ਰਹਿੰਦੇ ਹਾਂ | ਅਜਿਹੇ ਭਾਵਹੀਣ ਵਿਚਾਰਾਂ 'ਚ ਘਿਰਿਆ ਮਨ ਸ਼ਾਂਤ ਕਿਵੇਂ ਰਹਿ ਸਕਦਾ ਹੈ ?
ਇਹ ਵੀ ਹੈ ਕਿ ਦੌਲਤ ਇਕੱਤਰ ਕਰਦਿਆਂ ਅਸੀਂ ਅਰੋਗਤਾ ਪ੍ਰਤੀ ਲਾਪ੍ਰਵਾਹ ਹੋਏ, ਇਸ ਨੂੰ ਗੁਆ ਬੈਠਦੇ ਹਾਂ ਅਤੇ ਫਿਰ ਗੁਆਚੀ ਅਰੋਗਤਾ ਨੂੰ ਮੁੜ ਪ੍ਰਾਪਤ ਕਰਨ ਲਈ ਅਸੀਂ ਇਕੱਤਰ ਕੀਤੀ ਦੌਲਤ ਨੂੰ ਦੋਵੀਂ ਹੱਥੀ ਲੁਟਾਉਣ ਵੀ ਲਗਦੇ ਹਾਂ | ਹੋਰ ਇਹ ਵੀ ਕਿ ਵਰਤਮਾਨ 'ਚ ਵਿਚਰਦਿਆਂ ਸਾਨੂੰ ਭਵਿੱਖ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ | ਉਸ ਭਵਿਖ਼ ਦੀ ਜਿਹੜਾ ਕਦੀ ਕਿਸੇ ਦੇ ਹੱਥ ਨਹੀਂ ਆਉਂਦਾ | ਮਨ ਨੂੰ ਟਿਕੇ ਨਾ ਰਹਿਣ ਦੇਣ ਵਾਲੀ ਅਜਿਹੀ ਵਿਚਾਰਧਾਰਾ ਅਸੀਂ ਨਾ ਚਹੁੰਦਿਆਂ ਵੀ ਇਸ ਲਈ ਅਪਣਾ ਰੱਖੀ ਹੈ, ਕਿਉਂਕਿ ਇਹ ਸਾਨੂੰ ਵਿਰਸੇ 'ਚ ਮਿਲ ਰਹੀਆਂ ਭਾਵਨਾਵਾਂ ਦੀ ਦੇਣ ਹੈ | ਭਾਵਨਾਵਾਂ ਹੀ ਹਨ, ਜਿਹੜੀਆਂ ਅਸਾਨੂੰ ਸਦਾ ਸੁਆਰਥ ਦੀ ਚਾਸ਼ਣੀ 'ਚ ਡੁਬੋਈ ਰੱਖਦੀਆਂ ਹਨ, ਜਿਸ ਕਾਰਨ ਮਨ ਚਿੰਤਾਵਾਂ 'ਚ ਘਿਰੇ ਰਹਿਣ ਦਾ ਆਦੀ ਬਣ ਗਿਆ ਹੈ | ਅਸੀਂ ਪ੍ਰਚਾਰ ਭਾਵੇਂ ਕਿੰਨਾ ਵੀ ਸੂਝ-ਸਮਝ ਦੀ ਅਗਵਾਈ ਸਵੀਕਾਰ ਕਰਨ ਦਾ ਕਰੀਏ ਅਤੇ ਕਿੰਨੀ ਵੀ ਤਰਕ ਆਧਾਰਿਤ ਫ਼ਲਸਫ਼ੇ ਦੀ ਹਾਮੀ ਭਰੀਏ, ਪਰ ਜੋ ਵੀ ਕਰਦੇ ਹਾਂ, ਉਹ ਭਾਵਨਾਵਾਂ ਦੇ ਗ਼ੁਲਾਮ ਬਣੇ, ਇਨ੍ਹਾਂ ਦੇ ਇਸ਼ਾਰਿਆਂ 'ਤੇ ਨੱਚਦੇ ਹੋਏ ਕਰਦੇ ਰਹਿੰਦੇ ਹਾਂ | ਅਜਿਹਾ ਇਸ ਲਈ ਹੈ, ਕਿਉਂਕਿ ਸੂਝ ਨਾਲੋਂ ਸਾਡੀ ਮਾਨਸਿਕਤਾ 'ਚ ਭਾਵਨਾਵਾਂ ਵੱਧ ਡੂੰਘੀਆਂ ਖੁੱਭੀਆਂ ਹੋਈਆਂ ਹਨ | ਸਿਆਸਤਦਾਨਾਂ ਨੇ ਇਸ ਸਥਿਤੀ ਨੂੰ ਸਮਝ ਕੇ, ਭਲੀ ਪ੍ਰਕਾਰ ਪੱਲ੍ਹੇ ਬੰਨ੍ਹ ਲਿਆ ਹੈ ਅਤੇ ਇਸ ਦਾ ਭਰਪੂਰ ਲਾਭ ਲੈ ਵੀ ਰਹੇ ਹਨ |
ਅਸੀਂ ਆਪਣੀਆਂ ਲੋੜਾਂ ਦੀ ਸੂਚੀ 'ਚ ਵਾਧਾ ਕਰਦੇ ਰਹਿਣ ਪ੍ਰਤੀ ਵੀ ਅਤੀ ਉਦਾਰ ਹਾਂ | ਇਕ ਲੋੜ ਪੂਰੀ ਹੁੰਦੀ ਨਹੀਂ ਕਿ ਦੂਜੀ ਨਾਲ ਅਸੀਂ ਆਸ਼ਨਾਈ ਗੰਢ ਲੈਂਦੇ ਹਾਂ | ਸਿਰ 'ਤੇ ਖਲੋਤੀਆਂ ਲੋੜਾਂ ਪੂਰੀਆਂ ਕਰਨ ਦੀ ਚਿੰਤਾ ਨਾਲ ਵੀ ਮਨ ਵੱਖ ਪਰੇਸ਼ਾਨ ਰਹਿ ਰਿਹਾ ਹੈ | ਸਮਝਦਾਰ ਹੁੰਦੇ ਹੋਏ ਵੀ ਅਸੀਂ ਕਿਉਂ ਨਹੀਂ ਸਮਝ ਰਹੇ ਕਿ ਲੋੜਾਂ ਘਟਾਇਆਂ ਹੀ ਲੋੜਵੰਦ ਹੋਣ ਦੀ ਚਿੰਤਾ ਤੋਂ ਮੁਕਤੀ ਮਿਲ ਸਕਦੀ ਹੈ ਅਤੇ ਨਾਲ ਹੀ ਨਿਰਮੂਲ ਲੋੜਾਂ ਪੂਰੀਆਂ ਕਰਨ ਦੀ ਚਿੰਤਾ ਤੋਂ ਵੀ | ਅਜਿਹੀ ਅਵਸਥਾ ਨੂੰ ਪੁੱਜਾ ਵਿਅਕਤੀ ਹੀ ਸਤਿਕਾਰ ਸਹਿਤ ਜੀਵਨ ਭੋਗ ਰਿਹਾ ਹੈ | ਇਸ ਦੇ ਬਾਵਜੂਦ ਜੇਕਰ ਅਸੀਂ ਲੋੜਾਂ ਘੱਟ ਨਹੀਂ ਕਰ ਰਹੇ, ਤਦ ਇਸ ਲਈ, ਕਿਉਂਕਿ ਅਸੀਂ ਸੰਬੰਧੀਆਂ ਅਤੇ ਗੁਆਂਢੀਆਂ ਦੇ ਟਾਕਰੇ ਵੱਧ ਖ਼ੁਸ਼ਹਾਲ ਲੱਗਣ ਲਈ ਲਲਚਾਉਂਦੇ ਰਹਿੰਦੇ ਹਾਂ |
ਸਾਡੀ ਮਾਨਸਿਕ ਅਵਸਥਾ ਦੇ ਸਹਿਮੇ-ਸਿਮਟੇ ਰਹਿਣ ਦਾ ਕਾਰਨ ਇਹ ਵੀ ਹੈ ਕਿ ਜਿਸ ਕੁਦਰਤੀ ਵਾਤਾਵਰਨ 'ਚ ਵਣਮਾਨਸ ਮਨੁੱਖ ਬਣਿਆ ਅਤੇ ਸੂਝ ਨਾਲ ਪ੍ਰਣਾਇਆ ਗਿਆ, ਅੱਜ ਅਸੀਂ ਉਸੇ ਤੋਂ ਪਰਾਏ ਬਣੇ ਵਿਚਰ ਰਹੇ ਹਾਂ | ਸਾਡੀ ਕੁਦਰਤ ਤੋਂ ਬੇਗਾਨਗੀ ਵੀ ਸਾਡੇ ਮਨਾਂ ਨੂੰ ਸ਼ਾਂਤ ਨਹੀਂ ਰਹਿਣ ਦੇ ਰਹੀ | ਹਰੇ ਭਰੇ, ਰੁੱਖਾਂ-ਪੌਦਿਆਂ ਨਾਲ ਲਹਿ-ਲਹਾ ਰਹੇ ਜਿਸ ਵਾਤਾਵਰਨ 'ਚ ਸਾਡਾ ਦਿਮਾਗ਼ ਸੂਝ ਨਾਲ ਪ੍ਰਣਾਇਆ ਗਿਆ ਅਤੇ ਉਸ 'ਚੋਂ ਮਨ ਪੁੰਗਰਿਆ, ਉਸ 'ਚ ਪੰਛੀਆਂ ਦਾ ਸੰਗੀਤ ਸੀ ਅਤੇ ਆਕਾਸ਼ 'ਚ ਬੱਦਲਾਂ-ਘਟਾਵਾਂ ਦੀ ਗਹਿਮਾ-ਗਹਿਮੀ ਸੀ | ਅੱਜ, ਇਸੇ ਕਾਰਨ, ਕੰਧਾਂ-ਛੱਤਾਂ ਦੇ ਸੌੜੇਪਣ 'ਚ ਘਿਰ ਕੇ ਗੁੰਮ-ਸੁੰਮ ਹੋਇਆ ਸਾਡਾ ਮਨ ਮੋਕਲੇ ਆਲੇ-ਦੁਆਲੇ 'ਚ ਵਿਚਰਨ ਲਈ ਤਾਂਘ ਰਿਹਾ ਹੈ | ਉਦਾਸੀਆਂ-ਦਿਲਗੀਰੀਆਂ ਦੀ ਦਲਦਲ 'ਚ ਫਾਥੇ ਆਪਣੇ ਮਨ ਨੂੰ ਜੇਕਰ ਅਸੀਂ ਸੁਤੰਤਰ ਹੋਂਦ ਦਾ ਅਹਿਸਾਸ ਕਰਵਾਉਣ ਦੇ ਚਾਹਵਾਨ ਹਾਂ, ਤਦ ਅਸਨੂੰ ਆਕਾਸ਼ 'ਚ ਤੈਰਦੇ ਬੱਦਲਾਂ ਨਾਲ, ਆਕਾਸ਼ੀਂ ਉਮਡਦੀਆਂ ਘਟਾਵਾਂ ਨਾਲ, ਰੁੱਖਾਂ-ਪੌਦਿਆਂ ਨਾਲ ਆਫ਼ਰੇ ਵਣਾਂ ਨਾਲ, ਬਰਫਾਨੀ ਚੋਟੀਆਂ ਅਤੇ ਇਨ੍ਹਾਂ ਵਿਚਕਾਰ ਵਿਛੀਆਂ ਵਾਦੀਆਂ ਨਾਲ ਅਤੇ ਵਗਦੇ ਪਾਣੀਆਂ ਦੀ ਰਵਾਨੀ ਨਾਲ ਮੋਹ ਪਾਉਣ ਦੀ ਲੋੜ ਹੈ | ਬੇਹਿਰਸ ਹੋਈਆਂ ਆਪਣੀਆਂ ਰੁਚੀਆਂ ਨੂੰ ਉਤੇਜਿਤ ਕਰਨ ਲਈ ਅਤੇ ਸੁੰਨ ਹੋਈ ਆਪਣੀ ਕਲਪਨਾ ਨੂੰ ਪ੍ਰਵਾਜ਼ ਦੇ ਯੋਗ ਬਣਾਉਣ ਲਈ ਸਾਨੂੰ ਵਿਸ਼ਾਲ ਕੁਦਰਤੀ ਵਾਤਾਵਰਨ ਨਾਲ ਜੁੜ ਜਾਣ ਦੀ ਲੋੜ ਹੈ |
ਅੱਜ, ਪਰ, ਸਾਨੂੰ ਗਲੇਫ ਰਿਹਾ ਸੌੜਾਪਣ, ਮੋਕਲਾ ਹੋਣ ਦੀ ਬਜਾਏ ਪਲੋ-ਪਲ ਸੰਘਣਾ ਹੋਈ ਜਾ ਰਿਹਾ ਹੈ | ਹਰ ਬੀਤ ਰਹੇ ਪਲ ਸਾਡੀ ਗਿਣਤੀ ਵਧ ਰਹੀ ਹੈ ਅਤੇ ਜਿਸ ਗਤੀ ਨਾਲ ਇਹ ਵਧ ਰਹੀ ਹੈ, ਉਸੇ ਗਤੀ ਨਾਲ ਕੁਦਰਤ ਸੁੰਗੜਦੀ-ਸਿਮਟਦੀ ਜਾ ਰਹੀ ਹੈ | ਇਸ ਕਾਰਨ ਸਾਡੇ ਕੁਦਰਤ ਨਾਲ ਸਬੰਧ ਦਿਨੋਂ-ਦਿਨ ਨਿੱਘੇ ਹੋਣ ਦੀ ਥਾਂ ਫਿੱਕੇ ਪੈ ਰਹੇ ਹਨ | ਸਾਡੀ ਵਧਦੀ ਜਾ ਰਹੀ ਗਿਣਤੀ ਦੇ ਨਾਲ ਨਾਲ ਅਜਿਹੇ ਵਿਅਕਤੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ, ਜਿਨ੍ਹਾਂ ਕੋਲ ਕਰਨ ਨੂੰ ਕੁਝ ਨਹੀਂ | ਆਹਰ-ਪਾਹਰ ਬਿਨਾਂ ਜੀਵਨ ਨਿਰਮੰਤਵ, ਅਪੂਰਣ ਅਤੇ ਖੜ੍ਹ-ਸੁੱਕ ਬੀਤਣ ਲਗਦਾ ਹੈ | ਜਿਨ੍ਹਾਂ ਨੂੰ ਕੋਈ ਨਾ ਕੋਈ ਸ਼ੌਕ ਹੈ ਅਤੇ ਕੋਲ ਸਾਧਨ ਵੀ ਹਨ, ਉਹ ਜੀਵਨ ਨੂੰ ਸਾਹਿਤ ਪੜ੍ਹਦਿਆਂ, ਸੰਗੀਤ ਮਾਣਦਿਆਂ, ਨਵੀਂ ਭਾਸ਼ਾ ਸਿੱਖਦਿਆਂ, ਗਿਆਨ ਗ੍ਰਹਿਣ ਕਰਦਿਆਂ ਰੌਚਿਕਤਾ ਅਰਪਣ ਕਰ ਸਕਦੇ ਹਨ | ਜੀਵਨ ਨੂੰ ਸੰਤੁਸ਼ਟ ਅਤੇ ਸੁਆਦਲਾ ਮਾਣਨ ਲਈ ਰਚਨਾਤਮਿਕ ਰੁਝੇਵੇਂ ਅਤੀ ਜ਼ਰੂਰੀ ਹਨ, ਜਦ ਕਿ ਰੁਝੇਵਿਆਂ ਲਈ ਤਾਂਘ ਰਹੇ ਵਿਅਕਤੀਆਂ ਦੀ ਗਿਣਤੀ, ਸਾਡੀ ਵਧਦੀ ਜਾ ਰਹੀ ਵਸੋਂ ਦੇ ਨਾਲ ਨਾਲ ਵਧਦੀ ਜਾ ਰਹੀ ਹੈ | ਬਰਨਾਰਡ ਸ਼ਾਅ ਤੋਂ ਜਦ ਪੁੱਛਿਆ ਗਿਆ ਕਿ ਕੀ ਉਹ ਆਪਣੇ ਜੀਵਨ ਤੋਂ ਖੁਸ਼ ਹੈ ? ਤਾਂ ਉਸ ਦਾ ਉ ੱਤਰ ਸੀ :
'ਮੈਂ ਇੰਨਾ ਰੁਝਾ ਹੋਇਆ ਹਾਂ ਕਿ ਮੈਂਨੂੰ ਇਹ ਸੋਚਣ ਦੀ ਵੀ ਵਿਹਲ ਨਹੀਂ ਕਿ ਮੈਂ ਖੁਸ਼ ਹਾਂ ਜਾਂ ਨਹੀਂ |'
ਮਾਸ-ਪੇਸ਼ੀਆਂ ਦੀ ਹਰਕਤ ਦੁਆਰਾ ਵੀ ਮਨ ਨੂੰ ਉਦਾਸੀਆਂ 'ਚੋਂ ਉਭਾਰਿਆ ਜਾ ਸਕਦਾ ਹੈ | ਕਸਰਤ ਕਰਦਿਆਂ ਤੇਜ਼ ਵਗ ਰਿਹਾ ਲਹੂ ਸਰੀਰ ਦੀ ਹਰ ਇਕ ਨੁਕਰ ਸਿੰਜਣ ਲਗਦਾ ਹੈ ਅਤੇ ਤਦ ਦਿਮਾਗ਼ ਨੂੰ ਵੀ ਜੋ ਚਾਹੀਦਾ ਹੈ, ਉਹ ਭਰਪੂਰ ਮਾਤਰਾ 'ਚ ਮਿਲਣ ਲਗਦਾ ਹੈ | ਕਸਰਤ ਕਰਦਿਆਂ ਦਿਮਾਗ਼ ਅੰਦਰ ਖੁਸ਼ੀ ਦਾ ਅਨੁਭਵ ਕਰਵਾਉਂਦੇ ਐਾਡਾਰਫਿਨ ਵੀ ਰਿਸਣ ਲਗਦੇ ਹਨ ਅਤੇ ਸਿੱਟੇ ਵਜੋਂ ਮਨ ਚਿੰਤਾਵਾਂ ਤੋਂ ਮੁਕਤ ਹੋਇਆ ਅਨੁਭਵ ਕਰਨ ਲਗਦਾ ਹੈ | ਮਾਸ-ਪੇਸ਼ੀਆਂ ਦੀ ਲਗਾਤਾਰ ਹਰਕਤ ਲਈ ਕੋਈ ਵੀ ਸਾਧਨ ਵਰਤਿਆ ਜਾ ਸਕਦਾ ਹੈ : ਪੈਦਲ ਤੋਰਾ-ਫੇਰਾ ਜਾਂ ਫਿਰ ਸੁਸਤ ਚਾਲ ਦੀ ਦੌੜ; ਪੌੜੀਆਂ ਚੜ੍ਹਨਾ ਅਤੇ ਉਤਰਨਾ, ਸਾਈਕਲ ਦੀ ਸਵਾਰੀ; ਬਾਗ਼ਬਾਨੀ ਅਤੇ ਜਾਂ ਫਿਰ ਕੋਈ ਨਾ ਕੋਈ ਖੇਡ |
ਮਨ ਨੂੰ ਤਣਾਓ ਤੋਂ ਮੁਕਤ ਕਰਵਾਉਣ ਦਾ ਅਤੇ ਸੰਤੁਸ਼ਟਤਾ ਦਾ ਸਹਿਜ ਅਨੁਭਵ ਕਰਵਾਉਣ ਦਾ ਅਨੋਖਾ ਸਾਧਨ, ਹੋਰਨਾਂ ਦਾ ਭਲਾ ਕਰਨ ਦਾ ਕੋਈ ਨਾ ਕੋਈ ਰਾਹ ਅਪਣਾ ਲੈਣਾ ਵੀ ਹੈ | ਹੋਰਨਾਂ ਦਾ ਕੇਵਲ ਭਲਾ ਚਾਹੁਣ ਨਾਲ ਖੇੜੇ ਦਾ ਉਹ ਅਨੁਭਵ ਨਹੀਂ ਹੁੰਦਾ, ਜਿਹੋ ਜਿਹਾ ਹੋਰਨਾਂ ਲਈ ਕੁਝ ਨਾ ਕੁਝ ਕਰਕੇ ਹੁੰਦਾ ਹੈ | ਕਈਆਂ 'ਚ ਇਹ ਰੁਚੀ ਅਤੀ ਪ੍ਰਬਲ ਹੁੰਦੀ ਹੈ | ਅਜਿਹੇ ਵਿਅਕਤੀ ਸਭਿਆਚਾਰ ਦੀ ਅਤੇ ਸੇਵਾ ਕਰਦੀਆਂ ਸੰਸਥਾਵਾਂ ਦੀ ਧਰੋਹਰ ਬਣਦੇ ਰਹੇ ਹਨ ਅਤੇ ਮਾਨਵੀ ਆਦਰਸ਼ਾਂ ਦੀ ਪਾਲਣਾ ਕਰਨ 'ਚ ਵੀ ਇਹ ਅਗਾਂਹ ਰਹਿੰਦੇ ਰਹੇ ਹਨ |
ਉਪਰੋਕਤ ਸੁਝਾਅ, ਦੌਲਤ ਸਮੇਟਣ 'ਚ ਰੁੱਝੀ ਸਾਡੀ ਸੋਚ ਨਾਲੋਂ ਹਟਵੇਂ ਹੋਣ ਕਰਕੇ ਅਮਲ ਅਧੀਨ ਲਿਆਉਣੇ ਸਹਿਲ ਨਹੀਂ | ਜੇਕਰ ਉੱਖੜੇ-ਉਲਝੇ, ਚਿੰਤਾਵਾਂ-ਗ੍ਰਸੇ ਮਨ ਨੂੰ ਸ਼ਾਂਤ ਅਵਸਥਾ ਅਰਪਣ ਕਰਨ ਦੀ ਚਾਹ ਹੈ ਤਾਂ ਇਨ੍ਹਾਂ ਉਪਰ ਅਮਲ ਕਰਨਾ ਬਣਦਾ ਹੀ ਹੈ | ਦਵਾ-ਦਾਰੂ ਦੁਆਰਾ ਅਜਿਹਾ ਕਰ ਸਕਣਾ ਸੰਭਵ ਨਹੀਂ | ਇਕ ਤਾਂ ਮਨ ਉਪਰ ਦਵਾ-ਦਾਰੂ ਦਾ ਪਿਆ ਪ੍ਰਭਾਵ ਥੋੜ੍ਹ-ਚਿਰਾ, ਆਰਜ਼ੀ ਹੁੰਦਾ ਹੈ ਅਤੇ ਦੂਜਾ, ਮਨ ਨੂੰ ਪ੍ਰਭਾਵਿਤ ਕਰਨ ਯੋਗ ਦਵਾਈਆਂ ਦਾ ਨਸ਼ੀਲਾ ਸੁਭਾਅ ਹੋਣ ਕਾਰਨ, ਇਨ੍ਹਾਂ ਦੀ ਆਦਤ ਪੈ ਜਾਣ ਦੀ ਵੀ ਸੰਭਾਵਨਾਂ ਹੁੰਦੀ ਹੈ |
ਸਾਡਾ ਮਨ ਸਰਪਟ ਭੱਜੇ ਜਾ ਰਹੇ ਘੋੜੇ ਵਾਂਗ ਹੈ, ਜਿਸ ਦੀ ਨਾ ਲਗਾਮ ਸਾਡੇ ਹੱਥ ਹੈ ਅਤੇ ਨਾ ਰਕਾਬ 'ਚ ਸਾਡੇ ਪੈਰ ਹਨ | ਇਸੇ ਸਥਿਤੀ ਦਾ ਪ੍ਰਤੀਕ ਗ਼ਾਲਿਬ ਦਾ ਇਹ ਸ਼ਿਅਰ ਹੈ :
'ਰੌ ਮੇਂ ਹੈ ਰਖ਼ਸ਼-ਏ ਉਮਰ, ਕਹਾਂ ਦੇਖੀਏ ਥਮੇਂ,
ਨਾ ਹਾਥ ਬਾਗ ਪਰ ਹੈ, ਨਾ ਪਾ ਹੈ ਰਕਾਬ ਮੇਂ'

-ਸੰਪਰਕ : 0175-2214547


ਖ਼ਬਰ ਸ਼ੇਅਰ ਕਰੋ

ਭੁੱਲ-ਵਿੱਸਰ ਰਹੀਆਂ ਨੇ ਹੁਣ ਲੋਰੀਆਂ

'ਲੋਰੀ' ਲੋਕ-ਗੀਤਾਂ ਦੀ ਇਕ ਪ੍ਰਮੁੱਖ ਵੰਨਗੀ ਹੈ | ਲੋਰੀਆਂ ਓਨੀਆ ਹੀ ਪੁਰਾਣੀਆਂ ਹਨ, ਜਿੰਨਾ ਮਨੁੱਖੀ ਜੀਵਨ ਪੁਰਾਣਾ ਹੈ | ਮਨੁੱਖ ਜਾਤੀ ਦੀ ਉਤਪਤੀ ਦੇ ਨਾਲ ਹੀ 'ਲੋਰੀ' ਨੇ ਜਨਮ ਲਿਆ | ਇਹ ਉਹ ਮੌਕਾ ਸੀ, ਜਦੋਂ ਮਨੁੱਖੀ ਜੀਵ ਨੇ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਬੋਲੀ ਨੂੰ ਮਾਧਿਅਮ ਵਜੋਂ ਅਪਣਾਇਆ ਸੀ | ਉਹ (ਮਾਂ ਦੇ ਰੂਪ ਵਿਚ) ਆਪਣੇ ਨਵ-ਜਾਤ (ਬੱਚੇ) ਨੂੰ ਜਦੋਂ ਉਹ ਚੀਕਦਾ, ਰੋਂਦਾ ਜਾਂ ਆਮ ਤੌਰ 'ਤੇ ਸਾਧਾਰਨ ਅਵਸਥਾ ਵਿਚ ਆਪਣੇ ਆਪ ਨੂੰ ਨਾ-ਖ਼ੁਸ਼ ਮਹਿਸੂਸ ਕਰਦਾ ਤਾਂ ਇਸ ਦਾ ਅਨੁਭਵ ਜਦੋਂ ਮਾਂ ਨੂੰ ਹੁੰਦਾ, ਉਸ ਵਕਤ ਉਹ ਆਪਣੇ ਬੱਚੇ ਨੂੰ ਆਪਣੀਆਂ ਬਾਹਾਂ ਵਿਚ ਲੈ ਕੇ ਆਪਣੇ ਸੁਭਾਵਕ ਆਚਾਰ ਜਾਂ ਸੰਕੇਤ ਲਹਿਜ਼ੇ ਤੋਂ ਥੋੜ੍ਹੀ ਜਿਹੀ ਹਟਵੀਂ ਸਹਿਜ ਰੂਪ ਵਿਚ ਕੋਈ ਹੇਕ ਕੱਢਦੀ ਹੈ ਤਾਂ ਬੱਚਾ ਆਰਾਮ ਮਹਿਸੂਸ ਕਰਨ ਦੇ ਨਾਲ-ਨਾਲ ਆਮ ਅਵਸਥਾ 'ਚ ਆ ਕੇ ਆਰਾਮ ਨਾਲ ਸੌਾ ਜਾਂਦਾ ਸੀ ਜਾਂ ਪਰਚ ਜਾਂਦਾ ਸੀ |
ਇਹੋ ਹੀ ਮੁੱਢਲੀ ਕਿਸਮ ਦੀ ਲੋਰੀ ਸੀ, ਜੋ ਅੱਜ ਦੇ ਸਮਿਆਂ ਵਿਚ ਦੁਨੀਆ ਦੇ ਹਰ ਕੋਨੇ ਵਿਚ ਮਾਨਵ ਜਾਤੀ ਦੇ ਬੱਚਿਆਂ ਨੂੰ ਪਿਆਰ ਭਰੇ ਅੰਦਾਜ਼ 'ਚ, ਨਵਜਾਤ ਜਾਂ ਹੋਸ਼ ਸੰਭਾਲ ਰਹੇ ਜਾਂ ਤੁਰਨ ਦੀ ਅਵਸਥਾ ਤੋਂ ਪਹਿਲੀ ਅਵਸਥਾ ਵਿਚ ਹੋਵੇ, ਨੂੰ ਦਿੱਤੀ ਜਾਂਦੀ ਹੈ ਅਤੇ ਦਿੱਤੀ ਜਾਂਦੀ ਰਹੇਗੀ |
ਦੁਨੀਆਂ ਦਾ ਕੋਈ ਖੇਤਰ, ਇਨ੍ਹਾਂ ਰਸ ਤੇ ਮੋਹ ਭਿੰਨੀਆਂ ਲੋਰੀਆਂ ਤੋਂ ਸੱਖਣਾ ਨਹੀਂ ਹੈ | ਭਾਵੇਂ ਭਾਰਤ ਦਾ ਪੰਜਾਬ ਹੋਵੇ ਜਾਂ ਕੋਈ ਹੋਰ ਦੇਸ਼, ਗੱਲ ਕੀ ਦੁਨੀਆਂ ਦੇ ਹਰ ਖਿੱਤੇ ਵਿਚ ਵਸਣ ਵਾਲੇ ਲੋਕ ਆਪੋ-ਆਪਣੇ ਅੰਦਾਜ਼ ਅਤੇ ਸੁਰ ਵਿਚ ਆਪਣੇ ਬੱਚਿਆਂ ਨੂੰ ਵਰਾਉਣ, ਪ੍ਰਚਾਉਣ, ਲਾਡ-ਲਡਾਉਣ ਅਤੇ ਸਲਾਉਣ ਵਾਸਤੇ ਇਸ ਪਿਆਰੇ ਕਾਵਿ-ਰੂਪ ਲੋਰੀ ਦਾ ਸੁਰ ਅਲਾਪਦੇ ਹਨ |
ਲੋਰੀ ਦੀ ਮਿੱਠੀ ਰਸ-ਭਿੰਨੀ, ਪਿਆਰ-ਪਰੁੱਤੀ ਅਤੇ ਹਿਰਦੇ ਵੇਦਕ ਸੁਰ ਹਮੇਸ਼ਾ ਸੰਬੋਧਨੀ ਰੂਪ ਵਿਚ ਹੁੰਦੀ ਹੈ ਅਤੇ ਵਿਸ਼ੇਸ਼ ਪ੍ਰਕਾਰ ਦੇ ਲੋਰ ਵਿਚ ਅਲਾਪੀ ਜਾਂਦੀ ਹੈ | ਇਥੇ ' ਲੋਰ ' ਤੋਂ ਭਾਵ ਦਿਲ ਵਿਚ ਉੱਠੀ ਲਹਿਰ ਅਥਵਾ ਤਰੰਗ, ਚਾਅ , ਬਿਹਬਲਤਾ ਅਥਵਾ ਨਸ਼ੇ ਜਿਹੀ ਪੂਰਨ ਝੋਕ ਤੋਂ ਲਿਆ ਜਾ ਸਕਦਾ ਹੈ | ਇਸ ਝੋਕ ਦੀ ਪ੍ਰਕਿਰਤੀ ਲਾਡਾਂ-ਚਾਵਾਂ, ਮਲਾਰਾਂ ਅਤੇ ਉਮੰਗਾਂ ਵਾਲੀ ਹੁੰਦੀ ਹੈ | ਇਸ ਵਿਚ ਛਲ-ਕਪਟ ਨੂੰ ਕੋਈ ਥਾਂ ਨਹੀਂ ਹੁੰਦੀ | ਬਸ ਪਿਆਰ ਹੀ ਪਿਆਰ ਹੁੰਦਾ ਹੈ | ਇਸ ਪ੍ਰਕਾਰ ਦੇ ਭਾਵਾਂ ਅਤੇ ਉਪਭਾਵਾਂ ਦੇ ਸੰਬੋਧਨ ਦਾ ਵਾਹਕ ਬੱਚੇ ਦੀ ਮਾਂ, ਵੱਡੀ ਭੈਣ, ਨਾਨੀ, ਦਾਦੀ, ਚਾਚੀ, ਤਾਈ, ਭੂਆ, ਮਾਸੀ, ਮਾਮੀ, ਆਂਢਣ-ਗੁਆਂਢਣ ਜਾਂ ਖਿਡਾਵੀ ਆਦਿ ਵਿਚੋਂ ਕੋਈ ਵੀ ਹੋ ਸਕਦੀ ਹੈ |
ਲੋਰੀ-ਗੀਤ ਦੀ ਸ਼ਾਬਦਿਕ ਬਣਤਰ ਵੱਖਰੇ-ਵੱਖਰੇ ਭਾਸ਼ਾਈ ਸੱਭਿਆਚਾਰਕ ਖੇਤਰਾਂ, ਪ੍ਰਾਤਾਂ ਜਾਂ ਦੇਸ਼ਾਂ ਆਦਿ ਵਿਚ ਇਕੋ ਜਿਹੀ ਨਹੀਂ ਹੁੰਦੀ | ਸਗੋਂ ਸਥਾਨਕ, ਇਲਾਕਾਈ ਰੰਗਣ ਇਸ ਵਿਚ ਵਿਆਪਕ ਰੂਪ ਵਿਚ ਆਪਣੀ ਉਚਾਰ ਅਤੇ ਧੁਨੀਆਤਮਕ ਟੋਨ ਦੀ ਪੱਧਰ ਉੱਤੇ ਪੱਸਰੀ ਹੋਈ ਹੁੰਦੀ ਹੈ | ਇਹ ਪ੍ਰਵਿਰਤੀ ਬਿਲਕੁਲ ਉਸੇ ਤਰ੍ਹਾਂ ਸਮਿਲਤ ਹੁੰਦੀ ਹੈ ਜਿਸ ਤਰ੍ਹਾਂ ਕਿਸੇ ਖੇਤਰ ਜਾਂ ਦੇਸ਼ ਦੇ ਸੱਭਿਆਚਾਰ ਵਿਚਲੇ ਹੋਰ ਮਾਂਗਲਿਕ ਅਤੇ ਸੋਗਮਈ ਲੋਕ-ਕਾਵਿ ਰੂਪਾਂ ਵਿਚ | ਉਦਾਹਰਣ ਵਜੋਂ ਅਸੀਂ ਸੁਹਾਗ, ਘੋੜੀਆਂ, ਸਿੱਠਣੀਆਂ, ਕੀਰਨੇ-ਅਲਾਹੁਣੀਆਂ ਆਦਿ ਵੇਖ ਸਕਦੇ ਹਾਂ | ਪਰੰਤੂ ਲੋਰੀ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਹ ਹਮੇਸ਼ਾਂ ਛੋਟੇ ਬੱਚੇ ਨੂੰ ਹੀ ਸੰਬੋਧਨੀ ਰੂਪ ਵਿਚ ਦਿੱਤੀ ਜਾਂਦੀ ਹੈ | ਰੋਂਦੇ ਹੋਏ ਬੱਚੇ ਨੂੰ ਮਾਂ ਅਕਸਰ ਇਸ ਤਰ੍ਹਾਂ ਆਖਦੀ ਹੈ—
ਸੌਾ ਜਾ ਮੇਰੇ ਨਿੱਕੇ,
ਸੌਾ ਜਾ... ਅ... ਅ
ਸੁਹਣੇ ਕੱਪੜੇ ਪਾਵਾਂਗੇ, ਨਾਨਕਿਆਂ ਨੂੰ ਜਾਵਾਂਗੇ |
ਖੀਰਾਂ ਪੂੜੇ ਖਾਵਾਂਗੇ, ਮੋਟ ੇ ਹੋ ਕੇ ਆਵਾਂਗੇ |
ਸੌਾ ਜਾ....ਊਾ.... ਊਾ...., ਸੌਾ....ਜਾ.. ਊਾ....ਊਾ.... |
ਲੋਰੀ ਉਚਾਰਕਾਂ ਦੇ ਇਸ ਪ੍ਰਕਾਰ ਦੇ ਮਨੋਵੇਗਾਂ ਅਤੇ ਉਪਭਾਵਾਂ ਦਾ ਸੰਚਾਰ ਰੋਜ਼ਾਨਾ ਜੀਵਨ ਦੇ ਵੱਖ-ਵੱਖ ਪਲਾਂ ਅਤੇ ਰੁਝੇਵਿਆਂ ਵਿਚੋਂ ਆਪ ਹੁਦਰੇ ਹੀ ਹੋਈ ਜਾਂਦਾ ਹੈ | ਕਸੀਦਾ ਕੱਢਦੀ ਮੁਟਿਆਰ, ਆਟਾ ਗੁੰਨ੍ਹਦੀ ਸਵਾਣੀ, ਪੀਹਣ ਕਰਦੀ ਦਾਦੀ ਜਾਂ ਚੱਕੀ ਪੀਂਹਦੀ ਮਾਂ ਆਪਣੇ ਛੋਟੇ ਲਾਲੜੇ ਨੂੰ ਭਾਵੇਂ ਉਹ ਕਿਸੇ ਪੰਘੂੜੇ ਵਿਚ ਪਾਇਆ ਹੋਵੇ ਜਾਂ ਚਾਦਰ ਦੀ ਝਲੂੰਗੀ ਜਾਂ ਝੋਲੀ ਜੋ ਭਾਵੇਂ ਮੰਜੇ ਦੀ ਬਾਹੀ ਨਾਲ ਹੀ ਕਿਉਂ ਨਾ ਬੱਧੀ ਹੋਵੇ, ਉਸ ਨੂੰ ਹਿਲਾਈ ਜਾਂਦੀਆਂ ਹਨ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਏ-9, ਚਾਹਲ ਨਗਰ, ਫਗਵਾੜਾ-144401
ਮੋਬਾਈਲ : 98142-09732.

ਖੇਲਾਂ, ਖੇਡੀਏ ਤੇ ਜਿੱਤੀਏ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਿਆਣਿਆ ਦੇ ਕਹੇ ਅਨੁਸਾਰ ਸੋਚੀਏ ਤਾ ਕੁਝ ਗੱਲਾਂ ਧਿਆਨ ਮੰਗਦੀਆਂ ਹਨ | ਜਿਵੇਂ ਕਿ ਪਹਿਲਾਂ, ਹਰ ਮਨੁੱਖ ਸਰੀਰਕ ਪੱਖੋਂ ਹੀ ਨਹੀਂ ਕਲਾਤਮਿਕ ਪੱਖੋਂ ਵੀ ਭਿੰਨ ਹੁੰਦਾ ਹੈ | ਦੂਜੀ ਸਿਹਤ ਤੇ ਤੰਦਰੁਸਤੀ ਇਸ ਸਰੀਰ ਦਾ ਮੂਲ ਆਧਾਰ ਹਨ ਅਤੇ ਤੀਜਾ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ | ਭਾਵ ਖੇਡਾਂ ਲਈ ਕਲਾਵਾਂ, ਸਿਹਤ, ਤੰਦਰੁਸਤੀ ਅਤੇ ਸੱਟਾਂ ਫੇਟਾਂ ਤੋਂ ਬਚਾਅ ਕੀਤਿਆਂ ਹੀ ਖੇਡ-ਮੁਕਾਬਲਿਆਂ ਵਿਚ ਹਿੱਸਾ ਤੇ ਹਿੱਸੇਦਾਰੀ ਕੀਤੀ ਜਾ ਸਕਦੀ ਹੈ | ਨਰੋਏ ਸਰੀਰ, ਨਰੋਏ ਮਨ ਅਤੇ ਸੂਖਮ-ਸਹਿਜ ਭਰੀ ਕਲਾਤਮਿਕ ਪੇਸ਼ਕਾਰੀ ਹੀ ਖਿਡਾਰੀ ਨੂੰ ਸਿਖਰ ਦੀਆਂ ਮੰਜ਼ਿਲਾਂ ਉਪਰ ਲਿਜਾ ਸਕਦੀ ਹੈ | ਕਹਿੰਦੇ ਹਨ ਕਿ ਉਠਣਾ ਤੇ ਡਿਗਣਾ ਇਕੱਠੇ ਸਿੱਖੀਦੈ, ਜਿੱਤਣਾ ਤੇ ਹਾਰਨਾ ਵੀ ਇਕੋ ਵਾਰ ਵਿਚ ਹੀ ਸਮਝ ਆ ਜਾਂਦਾ ਹੈ | ਅਗਲਾ ਕਦਮ ਵੀ ਇਕੋ ਵਾਰ ਵਿਚ ਹੀ ਸਮਝ ਆ ਜਾਂਦਾ ਹੈ ਕਿ ਅਗਲਾ ਕਦਮ ਚੁੱਕਣ ਲਈ ਪਿਛਲਾ ਕਦਮ ਬਹੁਤ ਅਹਿਮੀਅਤ ਵਾਲਾ ਹੋਣਾ ਲੋਚਦਾ ਹੈ | ਖਿਡਾਰੀ ਲਈ ਬਹੁਤ ਜ਼ਰੂਰੀ ਹੈ ਕਿ ਉਹ ਸਿਹਤਮੰਦ ਹੋਵੇ, ਤੰਦਰੁਸਤ ਵੀ ਅਤੇ ਸਰੀਰਕ ਕਲਾਵਾਂ ਦੀਆਂ ਸਿਖਰਾਂ ਛੂਹਣ ਲਈ ਸੱਟਾਂ ਬਿਮਾਰੀਆਂ ਤੋਂ ਬਚਿਆ ਰਹੇ | ਇਸ ਕਾਰਜ ਲਈ ਖੇਡਾਂ ਅਤੇ ਖੇਡ-ਮੁਕਾਬਲਿਆਂ ਨੂੰ ਵਿਗਿਆਨਕ ਦਿ੍ਸ਼ਟੀ ਤੋਂ ਸਮਝਣਾ ਅੱਜ ਦੀ ਮੁੱਖ ਲੋੜ ਹੈ | ਖਿਡਾਰੀ ਨੂੰ ਸਰੀਰਕ ਪੱਖੋਂ, ਮਾਨਸਿਕ ਪੱਖੋਂ, ਸਮਾਜਿਕ ਪੱਖੋਂ, ਸੁਭਾਅ ਪੱਖੋਂ ਲਬਰੇਜ਼ ਕਰਨਾ ਹੋਵੇਗਾ ਤਾਂ ਜੋ ਉਹ ਆਪਣਾ ਪ੍ਰਦਰਸ਼ਨ ਅਤੇ ਜਿੱਤਾਂ ਨੂੰ ਦਰਜ ਕਰਵਾਉਣ ਦੇ ਯੋਗ ਹੋ ਸਕੇੇ |
ਖੇਲਾਂ ਲਈ ਮਾਹੌਲ, ਖੇਡਾਂ ਲਈ ਸਾਮੱਗਰੀ, ਸਾਜ਼ੋ-ਸਮਾਨ ਅਤੇ ਖੇਡ-ਮੁਕਾਬਲਿਆਂ ਲਈ ਪੁਖਤਾ ਪ੍ਰਬੰਧ ਕਰਨ ਲਈ ਸਿੱਖਿਆ, ਸਮਾਜ ਤੇ ਸਰਕਾਰ ਨੂੰ ਨਿੱਠ ਕੇ ਸੋਚਣਾ ਪਵੇਗਾ | ਅੱਜ ਸੰਚਾਰ-ਸੂਚਨਾ ਦੇ ਯੁੱਗ ਵਿਚ ਅਜਿਹਾ ਕਰਨਾ ਬਹੁਤ ਸੌਖਾ ਹੈ, ਜੇ ਨੀਅਤ ਭਲੀ ਹੋਵੇ, ਨਹੀਂ ਤਾਂ ਸਭ ਕੁਝ ਹੁੰਦਿਆਂ ਵੀ ਕੁਝ ਨਹੀਂ ਹੋ ਸਕਦਾ | ਖੋਜਾਂ, ਨਜ਼ਰ ਗੋਚੀਰੀਆਂ ਹਨ ਕਿ ਖਿਡਾਰੀ, ਵਿਦਵਾਨ, ਸੂਝਵਾਨ ਅਤੇ ਲੀਡਰ ਲੋਕ ਸਮੂਹਾਂ ਵਿਚੋਂ ਉਸ ਵਕਤ ਹੀ ਪੈਦਾ ਹੋ ਸਕਦੇ ਹਨ ਜਦੋਂ ਇਸ ਸਬੰਧੀ ਵਹੀਰਾਂ ਘੱਤ ਲਈਆਂ ਜਾਣ | ਸਿਰ ਗੱਡ ਕੇ ਅਕਲ ਤੇ ਹੋਸ਼ ਨਾਲ ਸਮੇਂ ਦੀਆਂ ਗੱਲਾਂ ਕੀਤੀਆਂ ਜਾਣ | ਨਸ਼ਾ ਕਰਨਾ, ਸ਼ਰਾਰਤਾਂ ਕਰਨਾ ਵਿਹਲੇ ਤੇ ਅਸ਼ਾਂਤ ਮਨ ਦੀਆਂ ਖਰਮਸਤੀਆਂ ਹਨ, ਜਿਸ ਨੂੰ ਪ੍ਰੇਰਣਾਦਾਇਕ ਤਰੀਕੇ ਨਾਲ ਸਰੀਰਕ ਮਸ਼ਕਾਂ, ਖੇਡਾਂ ਅਤੇ ਸਮਾਜਿਕ ਵਸੀਲਿਆਂ ਵਿਚ ਵਰਤ ਕੇ ਕੁਝ ਨਵਾਂ ਕਰਨ ਦਾ ਮੌਕਾ ਹੈ ਅਤੇ ਇਹ ਸਦਾ ਹੀ ਰਹੇਗਾ | ਅਜਿਹਾ ਸਿਰਫ ਇਕ-ਪਾਸੜ ਯਤਨਾਂ ਨਾਲ ਨਹੀਂ ਸਗੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਕੇਵਲ ਅਕਾਦਮਿਕ ਪੱਖ ਤੋਂ ਹੀ ਨਹੀਂ, ਸਗੋਂ ਹਰ ਪੱਖ ਤੋਂ ਲਾਹੇਵੰਦ ਸਾਬਿਤ ਹੋਵੇਗਾ | ਭਾਵ ਸਿਰਫ ਖਿਡਾਰੀ ਹੀ ਨਹੀਂ, ਕੋਚ ਵੀ ਇਸ ਵਿਚ ਬਰਾਬਰ ਦੇ ਹਿੱਸੇਦਾਰ ਹੋਣਗੇ | ਗਰਾਊਾਡ ਦੇ ਕਾਮੇ ਵੀ ਤੇ ਸਮਾਜ ਵੀ ਇਸ ਦਾ ਭਾਗੀਦਾਰ ਬਣਦਾ ਹੈ | ਵਿਦਿਆਰਥੀਆਂ ਦੇ ਹੁਨਰਾਂ ਨੂੰ ਪਹਿਚਾਣ ਕੇ, ਨਿਖਾਰ ਕੇ ਤਰਤੀਬ-ਬਾਰ ਸਿੱਖਿਅਤ ਕਰਕੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣਾ ਹੀ ਠੀਕ ਕਿੱਤਾਕਾਰੀ ਹੈ | ਮਨੁੱਖੀ ਸਰੀਰ ਦੀਆਂ ਸਿੱਖਣ ਦੀਆਂ ਸੀਮਾਵਾਂ ਅਸੀਮ ਹਨ ਅਤੇ ਖਾਸ ਕਰਕੇ ਸਰੀਰਕ, ਮਾਨਸਿਕ ਸੀਮਾਵਾਂ | ਇਕ ਕਦਮ ਦਾ ਰਾਹੀ ਕਈ ਮੀਲਾਂ ਦਾ ਪੈਂਡਾ ਤੈਅ ਕਰ ਸਕਦਾ ਹੈ | ਲੋੜ ਹੈ ਕਦਮ-ਦਰ-ਕਦਮ ਤੁਰ ਪੈਣ ਦੀ | ਵਿਗਿਆਨ ਦੇ ਸਾਰੇ ਅਜਿਹੇ ਖੇਤਰ ਕਦਮਾਂ ਦੀ ਪਹਿਚਾਣ, ਪੜਚੋਲ ਅਤੇ ਪਹਿਰੇਦਾਰੀ ਕਰ ਸਕਦੇ ਹਨ | ਅੱਜ ਦੇ ਤਕਨੀਕੀ ਯੁੱਗ ਵਿਚ ਜਦੋਂ ਹਰ ਖੇਤਰ ਵਿਚ ਕੰਪਿਊਟਰ ਦਾ ਸਹਿਯੋਗ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਖੇਡਾਂ ਵਿਚ ਕਿਉਂ ਨਹੀਂ ਕੀਤਾ ਜਾ ਸਕਦਾ? ਅੱਜ ਜਦੋਂ ਅਸੀਂ ਅਜੇ ਵਿਗਿਆਨਕ ਲੀਹਾਂ ਰਾਹੀਂ ਖੇਡਣ ਦੀ ਗੱਲ ਕਰਨ ਲੱਗੇ ਹਾਂ, ਜਦ ਕਿ ਸੰਸਾਰ ਵਿਚ ਕੰਪਿਊਟਰਯੁਕਤ ਖੇਡਾਂ, ਖੇਡ-ਮੁਕਾਬਲਿਆਂ ਦੀ ਗੱਲ ਹੋ ਰਹੀ ਹੈ | ਖਿਡਾਰੀਆਂ ਦੀ ਸਰੀਰਕ ਕਾਬਲੀਅਤ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ | ਜ਼ਿੰਦਗੀ ਦੀ ਸ਼ੁਰੂਆਤ ਇਕ ਸਰੀਰਕ ਅਜ਼ਮਾਇਸ਼ ਹੈ ਅਤੇ ਜ਼ਿੰਦਗੀ ਦਾ ਅੰਤ ਇਸ ਹਰਕਤ ਦਾ ਰੁਕਣਾ | ਕਦੇ ਸਮਾਂ ਸੀ ਜਦੋਂ ਖੇਡਣਾ ਇਕ ਲਗਾਤਾਰ ਕੀਤਾ ਜਾਣ ਵਾਲਾ ਅਭਿਆਸ ਸੀ ਅਤੇ ਇਸ ਨੂੰ ਬਰਕਰਾਰ ਰੱਖਣਾ ਇਸ ਨੂੰ ਦਿੱਤੀ ਜਾਣ ਵਾਲੀ ਖੁਰਾਕ ਦਾ ਅਨਿੱਖੜਵਾਂ ਅੰਗ ਸੀ | ਅੱਜ ਦੇ ਵਿਗਿਆਨਕ ਯੁੱਗ ਵਿਚ ਸਥਿਤੀਆਂ ਨੇ ਬਹੁਤ ਹੀ ਵੱਡਾ ਬਦਲ ਪੈਦਾ ਕੀਤਾ ਹੈ ਤੇ ਵਿਗਿਆਨ ਦੀ ਹੋਂਦ ਰਾਹੀਂ ਖਿਡਾਰੀਆਂ ਦੀ ਸਿਹਤ-ਸੰਭਾਲ ਨੂੰ ਸਮੇਟਦੇ ਹੋਏ ਉਨ੍ਹਾਂ ਦੀਆਂ ਖੇਲ ਕਲਾਵਾਂ ਨੂੰ ਸਿਖਰਾਂ ਵੱਲ ਲਿਜਾਇਆ ਜਾ ਰਿਹਾ ਹੈ | ਸਰੀਰ ਦੇ ਕੁਲ ਊਰਜਾ ਸਰੋਤਾਂ ਨੂੰ ਖੇਡ ਦੀਆਂ ਸਥਿਤੀਆਂ ਪ੍ਰਸਥਿਤੀਆਂ ਨਾਲ ਜੋੜ ਕੇ, ਬਿਨਾਂ ਸੱਟ-ਫੇਟ ਖਾਧੇ, ਅਸੀਮ ਤਰ੍ਹਾਂ ਦੀਆਂ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਨ | ਖਿਡਾਰੀਆਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਇਕ ਵਿਅਕਤੀ ਤੱਕ ਭਾਵ ਕੋਚ ਤੱਕ ਸੀਮਿਤ ਨਹੀਂ ਰਹਿ ਗਈ | ਇਕ ਖਿਡਾਰੀ ਜਾਂ ਇਕ ਟੀਮ ਨੂੰ ਤਿਆਰ ਕਰਨ ਵਾਲੀ ਇਕ ਹੋਰ ਟੀਮ ਹੈ ਜਿਸ ਵਿਚ ਲੋੜ ਅਨੁਸਾਰ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਹਨ ਅਤੇ ਉਨ੍ਹਾਂ ਦੀ ਸਮੂਹਿਕ ਪ੍ਰਾਪਤੀ ਹੈ ਇਕ ਖਿਡਾਰੀ ਜਾਂ ਇਕ ਪੂਰੀ ਟੀਮ | ਨਵੀਨ ਸਮੇਂ ਦਾ ਖੇਡ ਸੱਭਿਆਚਾਰਕ ਢਾਂਚਾ ਬਹੁਤ ਹੀ ਨਿਵੇਕਲਾ ਹੈ, ਜਿਸ ਵਿਚ ਵਿਗਿਆਨ, ਸਮਾਜ ਤੇ ਫ਼ਲਸਫ਼ੇ ਦਾ ਅਜੀਬ ਮਿਲਗੋਭਾ ਕੰਮ ਵਿਚ ਲੱਗਾ ਹੋਇਆ ਹੈ ਅਤੇ ਵੱਖ-ਵੱਖ ਮੁਕਾਬਲਿਆਂ ਰਾਹੀਂ ਪ੍ਰਾਪਤੀਆਂ ਦਾ ਮੁੱਢ ਬੱਝ ਰਿਹਾ ਹੈ |
ਖੇਲਾਂ ਖੇਡਣੀਆਂ, ਖੇਡਾਂ ਦਾ ਪ੍ਰਬੰਧ ਕਰਨਾ ਅਤੇ ਖੇਡ-ਮੁਕਾਬਲਿਆਂ ਦਾ ਸੰਸਾਰ ਪੱਧਰੀ ਪ੍ਰਦਰਸ਼ਨ ਬਹੁਤ ਸਾਰੇ ਸਵਾਲ ਅਤੇ ਜਵਾਬ ਮੂੰਹ ਅੱਡੀ ਖੜ੍ਹੇ ਹਨ | ਉਪਦੇਸ਼ ਦੇਣਾ ਬਹੁਤ ਸੌਖਾ ਹੁੰਦਾ ਹੈ ਪਰ ਉਪਦੇਸ਼ ਨੂੰ ਜੀਉਣਾ ਬਹੁਤ ਔਖਾ ਹੁੰਦਾ ਹੈ | ਸਮਾਜ ਵਿਚ ਖੇਲਾਂ ਪ੍ਰਤੀ ਜਾਗਰੂਕਤਾ ਰਾਹੀਂ ਕੀਤੇ ਜਾਣ ਵਾਲੇ ਬਹੁਤ ਸਾਰੇ ਪ੍ਰਬੰਧਾਂ ਜਿਵੇਂ ਖੇਡਾਂ ਦੀ ਤਕਨੀਕੀ, ਸਿਖਲਾਈ, ਖਿਡਾਰੀਆਂ ਦੀ ਖੁਰਾਕ, ਖੇਡ ਮੈਦਾਨਾਂ, ਸਾਜ਼ੋ-ਸਮਾਨ ਆਦਿ ਬਹੁਤ ਹੀ ਅਹਿਮੀਅਤ ਦੇ ਮੁੱਦੇ ਹਨ |
ਖੇਲਾਂ ਨੂੰ ਖੇਡਾਂ ਦੀ ਭਾਵਨਾ ਨਾਲ ਖੇਡਣਾ, ਖੇਡਾਂ ਵਿਚ ਵਿਗਿਆਨਕ ਲੋੜਾਂ, ਖੇਡਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨਾ, ਖੇਡਾਂ ਦੀ ਵਿਉਂਤਬੰਦੀ ਕਰਨਾ, ਖੇਡਾਂ ਦੀ ਮਾਨਸਿਕ ਉਤੇਜਨਾ, ਖੇਡਾਂ ਤੇ ਸਮਾਜਿਕ ਢਾਂਚੇ ਦੀ ਬਣਤਰ ਕੁਝ ਅਜਿਹੇ ਵਿਸ਼ੇ ਹਨ ਜਿਨ੍ਹਾਂ ਨੂੰ ਬਹੁਤ ਗੌਰ ਨਾਲ ਸਮਝਣਾ ਅਤੇ ਅਪਣਾਉਣਾ ਪਵੇਗਾ | ਜਦ ਤੱਕ ਅਜੋਕੇ 'ਖੇਡ-ਸੱਭਿਆਚਾਰ' ਬਾਰੇ ਭਾਵ ਸੰਸਾਰੀਕਰਨ ਤੋਂ ਬਾਅਦ ਵਿਚ ਪੈਦਾ ਹੋਏ 'ਸਮਾਜਿਕ ਤੰਤਰੀਕਰਨ' ਨੂੰ ਛੱਡ ਕੇ ਨਹੀਂ ਸੋਚਿਆ ਜਾਂਦਾ, ਵੱਡੀਆਂ ਪ੍ਰਾਪਤੀਆਂ ਸੰਭਵ ਹੀ ਨਹੀਂ | ਖੇਲੋ ਇੰਡੀਆ ਵਿਚ ਪੰਜਾਬ ਦੀਆਂ ਪ੍ਰਾਪਤੀਆਂ ਕਿਸੇ ਤੋਂ ਲੁਕੀਆਂ ਨਹੀਂ ਕਿ ਕਿਵੇਂ ਅਸੀਂ ਦਰਜਾ-ਬ-ਦਰਜਾ ਹੇਠਾਂ ਨੂੰ ਖਿਸਕੇ ਹਾਂ | ਇਹ ਪੜਚੋਲਣਾ ਅਤੇ ਖੋਜਣਾ ਪਵੇਗਾ ਕਿ ਕੀ ਅਸੀਂ ਸਰੀਰਕ ਪੱਖੋਂ ਜਾਂ ਮਾਨਸਿਕ ਪੱਖੋਂ ਜਾਂ ਸੁਭਾਅ ਪੱਖੋਂ ਤੇ ਜਾਂ ਫਿਰ ਸਮਾਜ ਪੱਖੋਂ ਹੀ, ਇਸ ਕਾਬਿਲ ਨਹੀਂ ਰਹੇ ਕਿ ਅਸੀਂ ਖੇਡ-ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕਰ ਸਕੀਏ | ਦੇਸ਼ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਸਰਵੇਖਣ ਇਹ ਸਿੱਧ ਕਰਦੇ ਹਨ ਕਿ ਖਿਡਾਰੀਆਂ ਦੀ ਖੇਡ ਕਲਾ ਵਿਚ ਊਣਤਾਈਆਂ ਘੱਟ ਹਨ ਬਸ਼ਰਤੇ ਇਸ ਦੇ ਕਿ ਸਾਡੇ ਪ੍ਰਬੰਧਾਂ, ਸਿਖਲਾਈ, ਬਚਾਅ ਪ੍ਰਬੰਧਾਂ ਵਿਚ ਸੁਧਾਰ ਲਿਆਂਦਾ ਜਾਵੇ ਅਤੇ ਪੂਰੀ ਇਮਾਨਦਾਰੀ ਨਾਲ ਖਿਡਾਰੀਆਂ ਦੀਆਂ ਖੇਡ ਕਲਾਵਾਂ ਨੂੰ ਸਮੇਂ ਸਿਰ ਪਹਿਚਾਣਿਆ ਜਾਵੇ ਅਤੇ ਯੋਗ ਖਿਡਾਰੀਆਂ ਨੂੰ ਅੱਗੇ ਲਿਆਂਦਾ ਜਾਵੇ | ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਆਮ ਮਨੁੱਖ ਦੀ ਸਿਹਤ ਜਾਗਰੂਕਤਾ ਇਸ ਗੱਲ ਦਾ ਮੁੱਢ ਬੰਨ੍ਹਦੀ ਹੈ ਕਿ ਸਮਾਜਿਕ ਸਿਹਤ ਕਿਹੋ ਜਿਹੀ ਹੈ | ਖਿਡਾਰੀ ਦੀ ਸਿਹਤ, ਕਲਾ-ਕੁਸ਼ਲਤਾ, ਖੁਰਾਕ ਅਤੇ ਸੁਚੱਜੇ ਖੇਡ ਤੇ ਬਚਾਅ ਪ੍ਰਬੰਧ ਇਹ ਨਿਯਤ ਕਰਦੇ ਹਨ ਕਿ ਸਮਾਜ ਵਿਚ ਖੇਡ-ਪ੍ਰਬੰਧ ਅਤੇ ਖੇਡ-ਸੱਭਿਆਚਾਰ ਹੈ ਜਾਂ ਨਹੀਂ | ਫਿੱਟਨੈਸ ਸੈਂਟਰ ਜਾਂ ਜਿੰਮ ਪ੍ਰਬੰਧ ਸਮੁੱਚਾ ਖੇਡ-ਸਭਿਆਚਾਰ ਨਹੀਂ ਹੈ, ਖਿਡਾਰੀ, ਖਿਡਾਰੀਆਂ ਦਾ ਪੱਧਰ, ਖੇਡਾਂ ਦੇ ਪ੍ਰਬੰਧ, ਕੋਚਾਂ ਦੀ ਜਾਣਕਾਰੀ ਤੇ ਤਜ਼ਰਬਾ, ਸਵੇਰੇ-ਸ਼ਾਮ ਖੇਡਾਂ ਦਾ ਰੁਝਾਨ, ਹਫ਼ਤਾਵਾਰੀ ਮਹੀਨੇ-ਵਾਰ ਖੇਡਾਂ ਜਾਂ ਖੇਡ-ਮੁਕਾਬਲੇ (ਭਾਵੇਂ ਘਰੇਲੂ ਹੋਣ, ਦੋਸਤਾਨਾ ਹੋਣ ਜਾਂ ਪ੍ਰਬੰਧਕੀ ਮੁਕਾਬਲੇ ਹੋਣ) ਇਹ ਸੁਨਿਸਚਿਤ ਕਰਦੇ ਹਨ ਕਿ ਸਮਾਜ ਖੇਡਾਂ ਲਈ ਤਿਆਰ ਹੈ ਅਤੇ ਸਮਾਜ ਦੀ ਖੇਡ ਸੱਭਿਆਚਾਰਕ ਚੇਤਨਾ ਕਿਹੋ ਜਿਹੀ ਹੈ | ਪਰ ਇਸ ਵਿਚ ਸੰਭਾਵਨਾਵਾਂ ਅੱਜ ਵੀ ਬਹੁਤ ਹਨ | ਜੇਕਰ ਇਸ ਨੂੰ ਨਿੱਠ ਕੇ ਪ੍ਰਫੁੱਲਿਤ ਕਰਨ ਹਿੱਤ ਉਪਰਾਲੇ, ਖੇਡਾਂ ਨੂੰ ਇਕ ਖਾਸ ਨਜ਼ਰੀਏ ਰਾਹੀਂ ਸਮਝ ਕੇ (ਅੰਤਰ ਰਾਸ਼ਟਰੀ ਦਰਜਾਬੰਦੀ ਨੂੰ ਧਿਆਨ ਵਿਚ ਰੱਖ ਕੇ) ਖਿਡਾਰੀਆਂ ਦੀਆਂ ਸਰੀਰਕ, ਮਾਨਸਿਕ, ਸਮਾਜਿਕ ਤੇ ਭਾਵਨਾਤਮਿਕ ਲੋੜਾਂ ਦੇ ਵਿਗਿਆਨਕ ਸਬੰਧ ਅਤੇ ਟੀਚੇ ਮੁਤਾਬਿਕ ਸਮਾਂਬੱਧ ਪ੍ਰਦਰਸ਼ਨਾਂ ਨੂੰ ਸਚਿਆਇਆ ਜਾਵੇ | ਫਿਰ ਉਹ ਦਿਨ ਦੂਰ ਨਹੀਂ ਅਸੀਂ ਖੇਲਾਂ ਵੀ ਖੇਡਾਂਗੇ ਤੇ ਜਿੱਤਾਂ ਵੀ ਦਰਜ ਕਰਾਵਾਂਗੇ, ਉਨ੍ਹਾਂ ਖੇਡ-ਮੁਕਾਬਲਿਆਂ ਵਿਚ ਜਿਨ੍ਹਾਂ ਵਿਚ ਅਸੀਂ ਪਹਿਲਾਂ ਤੋਂ ਹਾਂ ਅਤੇ ਉਨ੍ਹਾਂ ਵਿਚ ਵੀ ਜਿਨ੍ਹਾਂ ਬਾਰੇ ਸਾਡੇ ਖਿਡਾਰੀਆਂ ਨੇ ਆਪਣੇ ਸੁਪਨੇ ਬਣਾਏ ਹੋਏ ਹਨ |
(ਸਮਾਪਤ)

-ਸਪੋਰਟਸ ਸਾਇੰਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਫੋਨ : 0175-3046185 tparamvir@yahoo.com

ਅਣਵੰਡੇ ਪੰਜਾਬ ਦੀ ਭੁੱਲੀ ਦਾਸਤਾਨ ਮਰਾਸੀ

ਅੱਜ ਅਸੀਂ ਅਣਵੰਡੇ ਪੰਜਾਬ ਦੇ ਉਨ੍ਹਾਂ ਲੋਕਾਂ ਦੀ ਦਾਸਤਾਨ ਬਿਆਨ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਤੋਂ ਬਗ਼ੈਰ ਪੰਜਾਬੀ ਭਾਈਚਾਰੇ ਦੀ ਸੰਪੂਰਨਤਾ ਨਹੀਂ ਹੁੰਦੀ ਅਤੇ ਇਹ ਇਸ ਭਾਈਚਾਰੇ ਦਾ ਅਨਿੱਖੜਵਾਂ ਅੰਗ ਰਹੇ ਹਨ | ਨਵੀਂ ਦੁਨੀਆ ਵਿਚ ਇਨ੍ਹਾਂ ਦਾ ਨਾਂਅ ਮਿਟਦਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਦਾ ਕੰਮ ਖ਼ਤਮ ਹੋ ਗਿਆ ਹੈ | ਪੰਜਾਬੀ ਸੱਭਿਆਚਾਰ ਵਿਚ ਇਨ੍ਹਾਂ ਨੂੰ ਮਰਾਸੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਇਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਸੀ | ਜਿਵੇਂ ਕਿ ਮੀਰਜ਼ਾਦਾ, ਡੂਮ, ਭੱਟ, ਮਰਾਸੀ ਅਤੇ ਦਾਦਾ | ਦਿੱਲੀ ਦੇ ਲਾਗੇ ਲੋਹਾਰੂ ਰਿਆਸਤ ਸੀ | ਇੱਥੇ ਇਨ੍ਹਾਂ ਨੂੰ ਢਡੀ ਕਿਹਾ ਜਾਂਦਾ ਸੀ | ਉਥੋਂ ਦੇ ਸ਼ੇਰਵਾਨ ਜੱਟ ਇਨ੍ਹਾਂ ਨੂੰ ਦਾਦਾ ਕਹਿੰਦੇ ਸਨ | ਦਾਦਾ ਸ਼ਬਦ ਅਸਲ ਵਿਚ ਕੋਈ ਵੱਖਰਾ ਸ਼ਬਦ ਨਹੀਂ ਸਗੋਂ ਮੀਰਜ਼ਾਦੇ ਸ਼ਬਦ ਵਿਚੋਂ ਮੀਰ ਕਢ ਕੇ ਜ਼ਾਦਾ ਤੇ ਜ਼ਾਦਾ ਨੂੰ ਲੋਕਾਂ ਨੇ ਦਾਦਾ ਬਣਾ ਲਿਆ ਹੈ ਅਤੇ ਜਿਹੜਾ ਮੀਰਜ਼ਾਦਾ ਸ਼ਬਦ ਹੈ ਉਹ ਅਸਲ ਵਿਚ ਅਮੀਰਜ਼ਾਦਾ ਹੈ ਜਿਸ ਦਾ ਮਤਲਬ ਅਮੀਰ ਦਾ ਬੇਟਾ | ਜਿਸ ਤਰ੍ਹਾਂ ਸਾਹਿਬਜ਼ਾਦਾ-ਸਾਹਿਬ ਦਾ ਬੇਟਾ, ਨਵਾਬਜ਼ਾਦਾ-ਨਵਾਬ ਦਾ ਬੇਟਾ ਅਤੇ ਸ਼ਹਿਜ਼ਾਦਾ-ਸ਼ਾਹ ਦਾ ਬੇਟਾ ਆਦਿ ਇਹ ਸਾਰੇ ਫਾਰਸੀ ਦੇ ਲਫ਼ਜ਼ ਹਨ | ਮਰਾਸੀ ਲਫ਼ਜ਼ ਅਰਬੀ ਦੇ ਮਰਾਸ ਲਫ਼ਜ਼ ਤੋਂ ਨਿਕਲਿਆ ਹੈ ਜਿਸ ਦਾ ਮਤਲਬ ਹੈ 'ਜਾਇਦਾਦ' | ਕਿਉਂਕਿ ਜਾਇਦਾਦ ਕਿਸੇ ਬੰਦੇ, ਬਜ਼ੁਰਗ ਜਾਂ ਪਰਿਵਾਰ ਦੀ ਹੁੰਦੀ ਹੈ ਤੇ ਮਰਾਸੀ ਉਨ੍ਹਾਂ ਪਰਿਵਾਰਾਂ ਦੇ ਛਜਰੇ ਯਾਨੀ ਵੰਸ਼ਾਵਲੀ (ਕੁਰਸੀਨਾਮਾ) ਨੂੰ ਜਾਂ ਤੇ ਲਿਖ ਕੇ ਰਖਦੇ ਸਨ ਜਾਂ ਜ਼ਾਬਾਨੀ ਯਾਦ ਰੱਖਦੇ ਸਨ | ਅੰਗਰੇਜ਼ਾਂ ਨੇ ਵੀ ਇਨ੍ਹਾਂ ਬਾਰੇ ਬਹੁਤ ਲਿਖਿਆ ਹੈ | ਉਦਾਹਰਨ ਦੇ ਤੌਰ 'ਤੇ ਇਕ ਅੰਗਰੇਜ਼ ਲਿਖਾਰੀ ਏ.ਐਚ. ਰੋਜ਼ ਨੇ ਆਪਣੀ ਕਿਤਾਬ 'ਏ ਗਲੋਸਰੀ ਆਫ਼ ਟਰਾਈਬ ਐਾਡ ਕਾਸਟ ਇਨ ਪੰਜਾਬ ਐਾਡ ਨੌਰਥ ਵੈਸਟ ਪਰੋਵਿਨਸ' ਵਿਚ ਲਿਖਿਆ ਹੈ ਕਿ ਮਰਾਸੀ ਵੰਸ਼ਾਵਲੀ ਦੇ ਮਾਹਿਰ ਹੁੰਦੇ ਸਨ | ਭਾਵ ਮਰਾਸੀ ਅਰਬੀ ਵਿਚ ਮਤਲਬ ਮੂਰਸੀ ਜਾਂ ਮਰਾਸ ਹੋਣਾ | ਇਹ ਵੱਖ-ਵੱਖ ਇਲਾਕਿਆਂ ਦੇ ਵੱਖ-ਵੱਖ ਖਾਨਦਾਨਾਂ ਦਾ ਇੱਕਠ ਹੁੰਦਾ ਸੀ ਤੇ ਇਹ ਕਈ ਖਾਨਦਾਨਾਂ ਨਾਲ ਸਬੰਧ ਰੱਖਦੇ ਸਨ ਬਲਕਿ ਇਹ ਕਈ ਕਿੱਤਿਆਂ ਵਿਚ ਕੰਮ ਕਰਦੇ ਸਨ | ਭਾਵ ਕਿ ਦੁਕਾਨਦਾਰ, ਮੁਲਾਜ਼ਮਤ ਜਾਂ ਕੋਈ ਹੋਰ ਕੰਮ ਪਰ ਇਨ੍ਹਾਂ ਨੂੰ ਮਰਾਸੀ ਹੀ ਕਿਹਾ ਜਾਂਦਾ ਸੀ | ਹਾਲਾਂਕਿ ਇਹ ਕੋਈ ਕੌਮ ਜਾਂ ਜਾਤ ਨਹੀਂ |
ਪਿਛੋਕੜ : ਕਿਉਂਕਿ ਪੰਜਾਬ ਵਿਚ ਤਿੰਨ ਧਰਮਾਂ ਦੇ ਲੋਕ ਵੱਸਦੇ ਹਨ | ਇਸ ਲਈ ਮਰਾਸੀ ਵੀ ਤਿੰਨ ਧਰਮਾਂ ਵਿਚ ਵੰਡੇ ਹੋਏ ਸਨ | ਮਰਾਸੀ ਜਿਸ ਧਰਮ ਦੇ ਵੀ ਹੋਣ ਉਹ ਆਪਣਾ ਪਿਛੋਕੜ ਆਪਣੇ ਧਰਮ ਗੁਰੂਆਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ | ਮਰਾਸੀ ਮੁਸਲਮਾਨ ਧਰਮ ਦੇ ਹੋਣ ਤਾਂ ਆਪਣਾ ਪਿਛੋਕੜ ਮੁਹੰਮਦ ਸਾਹਿਬ ਜੀ ਤੇ ਹਿੰਦੂ ਹੋਣ ਤਾਂ ਰਾਮ ਚੰਦਰ ਜੀ ਨਾਲ ਤੇ ਸਿੱਖ ਹੋਣ ਤਾਂ ਭਾਈ ਮਰਦਾਨਾ ਜੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ | ਮਰਾਸੀਆਂ ਵਿਚੋਂ 95 ਫ਼ੀਸਦੀ ਲੋਕ ਇਸਲਾਮ ਧਰਮ ਨਾਲ ਸਬੰਧ ਰੱਖਦੇ ਹਨ | ਹਿੰਦੋਸਤਾਨ ਦੇ ਮੁਸਲਮਾਨ ਮਰਾਸੀ ਇਥੋਂ ਦੇ ਹੀ ਵਾਸੀ ਹਨ ਪਰ ਇਨ੍ਹਾਂ ਵਿਚੋਂ ਕੁਝ ਇਕ ਨੇ ਆਪਣੇ-ਆਪ ਬਾਰੇ ਅਰਬ ਮੁਲਕਾਂ ਨਾਲ ਸਬੰਧਤ ਹੋਣ ਦਾ ਦਾਅਵਾ ਵੀ ਕੀਤਾ ਹੋਇਆ ਹੈ, ਤਾਂ ਕਿ ਇਹ ਲੋਕ ਆਪਣੇ-ਆਪ ਨੂੰ ਮੁਹੰਮਦ ਸਾਹਿਬ ਜੀ ਨਾਲ ਜੋੜ ਸਕਣ | ਇਸ ਗੱਲ ਦੀ ਪੁਸ਼ਟੀ ਕਿਤਾਬਾਂ ਵਿਚ ਮਿਲਦੀ ਹੈ | ਇਨ੍ਹਾਂ ਦੀ ਬਣਾਈ ਹੋਈ ਵੰਸ਼ਾਵਲੀ (ਛਜਰੇ) ਦੇ ਮੁਤਾਬਕ ਅਰਬ ਵਿਚ ਇਕ ਅਬਦੁਲ ਬਿਨਾਫ ਨਾਂਅ ਦਾ ਬੰਦਾ ਸੀ ਜਿਹੜਾ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਪੜਦਾਦਾ ਸੀ | ਅਬਦੁਲ ਬਿਨਾਫ ਦੇ ਬੇਟੇ ਮਤਲਬ ਕਿ ਦੋ ਬੇਟੇ ਅਬਦੁੱਲਾ ਤੇ ਅਬੂਤਾਲਿਬ ਸਨ ਪਰ ਮਰਾਸੀਆਂ ਨੇ ਇਕ ਹੋਰ ਨਾਂਅ ਨਾਲ ਜੋੜ ਲਿਆ ਜਿਸ ਦਾ ਨਾਂਅ ਆਮੀਨ ਸੀ | ਅਬੂਤਾਲਿਬ ਦੇ ਬੇਟੇ ਦਾ ਨਾਂਅ ਅਲੀ ਸੀ ਤੇ ਉਸਦੇ ਦੋ ਬੇਟੇ ਹਸਨ ਤੇ ਹੁਸੈਨ ਸਨ ਜਿਹੜੇ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਦੋਤਰੇ ਸਨ | ਮੁਸਲਮਾਨ ਮਰਾਸੀ ਆਪਣਾ ਛਜ਼ਰਾ ਆਮੀਨ ਤੋਂ ਤੋਰਦੇ ਹਨ ਤੇ ਆਮੀਨ ਦਾ ਬੇਟਾ ਉਕਾਸਾ ਤੇ ਉਕਾਸਾ ਦਾ ਬੇਟਾ ਅਬਦੁਲ ਨਬੀ, ਅਬਦੁਲ ਨਬੀ ਦਾ ਬੇਟਾ ਅਬਦੁਲ ਖਾਲਿਕ ਤੇ ਇਸ ਦਾ ਬੇਟਾ ਪਹਾੜ, ਤੇ ਪਹਾੜ ਦਾ ਬੇਟਾ ਬਾਗੜਾ, ਤੇ ਬਾਗੜਾ ਦਾ ਬੇਟਾ ਪੱਸੀ ਤੇ ਪੱਸੀ ਦੇ ਤਿੰਨ ਬੇਟੇ ਕਾਲੂ, ਉਮਰਦੀਨ ਤੇ ਵਾਹਿਦ | ਇਹ ਆਪਣਾ ਛਜਰਾ ਵਾਹਿਦ ਤੋਂ ਤੋਰਦੇ ਹਨ | ਪਰ ਇਨ੍ਹਾਂ ਤੱਥਾਂ ਦੀ ਇਤਿਹਾਸਕ ਤੌਰ 'ਤੇ ਪੁਸ਼ਟੀ ਨਹੀਂ ਹੁੰਦੀ | ਇਸ ਤਰ੍ਹਾਂ ਜੱਟਾਂ ਤੇ ਰਾਜਪੂਤਾਂ ਦੇ ਚਲੇ ਆ ਰਹੇ ਛਜਰਿਆਂ ਵਿਚ ਵੀ ਬਹੁਤ ਸਾਰੀ ਕਲਪਤ ਸਮੱਗਰੀ ਸ਼ਾਮਿਲ ਹੋ ਜਾਂਦੀ ਰਹੀ ਹੈ | ਮਰਾਸੀਆਂ ਨੂੰ ਇਨ੍ਹਾਂ ਦੀਆਂ 5/7 ਪੁਸ਼ਤਾਂ ਹੀ ਜ਼ਬਾਨੀ ਯਾਦ ਹੁੰਦੀਆਂ ਸਨ ਬਾਕੀ ਸਾਰੀ ਕਲਪਨਾ ਹੀ ਹੁੰਦੀ ਸੀ ਕਿਉਂਕਿ ਮਰਾਸੀ ਅਨਪੜ੍ਹ ਹੁੰਦੇ ਸਨ | ਇਹ ਛਜਰੇ ਰਾਮਚੰਦਰ ਜੀ ਨਾਲ ਵੀ ਮਿਲਾਣ ਕਰ ਦਿੰਦੇ ਸਨ ਜੋ ਕਿ ਲਗਪਗ 4000 ਸਾਲ ਪੁਰਾਣਾ ਹੈ, ਉਦੋਂ ਇਤਿਹਾਸ ਲਿਖਿਆ ਹੋਇਆ ਨਹੀਂ ਹੁੰਦਾ ਸੀ |
ਹੁੰਦਾ ਇਸ ਤਰ੍ਹਾਂ ਸੀ ਕਿ ਜਦੋਂ ਕਿਸੇ ਮਰਾਸੀ ਦਾ ਪਿਉ ਮਰਦਾ ਸੀ ਤੇ ਜਿੰਨੀਆਂ ਪੁਸ਼ਤਾਂ ਉਸ ਨੂੰ ਯਾਦ ਹੁੰਦੀਆਂ ਸਨ ਉਸ ਦਾ ਇਲਮ ਉਹ ਆਪਣੇ ਪੁੱਤਰ ਨੂੰ ਦੇ ਦਿੰਦਾ ਸੀ | ਪੁੱਤਰ ਅਗਲੀਆਂ ਪੁਸ਼ਤਾਂ ਉਨ੍ਹਾਂ ਵਿਚ ਜੋੜ ਕੇ ਤੇ ਪਿਛਲੀਆਂ ਜਿੰਨੀਆਂ ਉਸ ਨੂੰ ਯਾਦ ਹੁੰਦੀਆਂ ਸਨ, ਰੱਖ ਲੈਂਦਾ ਸੀ | ਅਗਲੀਆਂ ਪੁਸ਼ਤਾਂ ਵਿਚ ਜੋੜ ਕੇ ਪਿਛਲੀਆਂ ਭੁੱਲ ਜਾਂਦਾ ਸੀ | ਜਦੋਂ ਮਰਾਸੀ ਆਪਸ ਵਿਚ ਮਿਲਦੇ-ਜੁਲਦੇ ਸਨ ਤੇ ਜਾਅਲੀ ਨਾਂਅ ਇਕ ਦੂਜੇ ਤੋਂ ਉਧਾਰ ਲੈ ਲੈਂਦੇ ਸਨ | ਇਸੇ ਲਈ ਲਗਭਗ ਵੀਹ ਪੁਸ਼ਤਾਂ ਤੋਂ ਪਿੱਛੋਂ ਸਾਰੇ ਨਾਂਅ ਇਕੋ ਜਿਹੇ ਹੁੰਦੇ ਸਨ | ਮਿ. ਰੋਜ਼ ਲਿਖਦਾ ਹੈ ਕਿ ਮੁਸਲਮਾਨ ਮਰਾਸੀ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਉਹ ਅਰਬ ਵਿਚੋਂ ਆਏ ਹਨ | ਇਸ ਸਬੰਧੀ ਉਨ੍ਹਾਂ ਵਿਚ ਮੁਹੰਮਦ ਸਾਹਿਬ ਨਾਲ ਸਬੰਧਤ ਕਈ ਕਹਾਣੀਆਂ ਪ੍ਰਚਲਤ ਹਨ |
ਮਰਾਸੀਆਂ ਦੀਆਂ ਸਮਾਜਿਕ ਜ਼ਿੰਮੇਦਾਰੀਆਂ : ਮਰਾਸੀ ਸਾਡੇ ਸਮਾਜ ਦੇ ਕੰਮ ਆਉਣ ਵਾਲੇ ਮੈਂਬਰ ਸਨ ਕਿਉਂਕਿ ਪੁਰਾਣੇ ਜ਼ਮਾਨੇ ਵਿਚ ਆਵਾਜਾਈ, ਸੜਕਾਂ, ਟੈਲੀਫੋਨ ਤੇ ਹੋਰ ਸੁਖ ਸਹੂਲਤਾਂ ਦੀ ਘਾਟ ਸੀ ਤੇ ਪਿੰਡ ਸ਼ਹਿਰਾਂ ਨਾਲੋਂ ਦੂਰ-ਦੁਰਾਡੇ ਹੁੰਦੇ ਸਨ | ਇਸ ਲਈ ਸ਼ਹਿਰ ਵਿਚਲੇ ਕੰਮ ਜਾਂ ਕਚਹਿਰੀਆਂ ਤੇ ਸਰਕਾਰੀ ਕੰਮ ਆਦਿ ਇਨ੍ਹਾਂ ਨੂੰ ਦਿੱਤੇ ਜਾਂਦੇ ਸਨ | ਇਹ ਲੋਕਾਂ ਦੇ ਰਿਸ਼ਤੇ ਨਾਤੇ ਵੀ ਕਰਵਾਉਂਦੇ ਸਨ | ਇਹ ਜ਼ਿੰਮੀਦਾਰਾਂ ਦੀਆਂ ਬਹੁ-ਬੇਟੀਆਂ ਨਾਲ ਖੁਸ਼ੀ ਜਾਂ ਗਮੀ ਦੇ ਮੌਕੇ ਵੀ ਜਾਂਦੇ ਸਨ, ਕਿਉਂਕਿ ਘਰ ਦਾ ਮਰਦ ਨਾਲ ਨਹੀਂ ਜਾਂਦਾ ਸੀ | ਮੁਸਲਮਾਨਾਂ ਦੇ ਘਰਾਂ ਵਿਚ ਤੇ ਖਾਸ ਕਰਕੇ ਰਾਜਪੂਤਾਂ ਦੇ ਘਰਾਂ ਵਿਚ ਪਰਦਾ ਕਾਫੀ ਹੁੰਦਾ ਸੀ ਤੇ ਗ਼ੈਰ ਬੰਦਾ ਆਪ ਵੀ ਉਨ੍ਹਾਂ ਦੇ ਜ਼ਨਾਨਾਖਾਨੇ ਵਿਚ, ਜਿੱਥੇ ਔਰਤਾਂ ਰਹਿੰਦੀਆਂ ਸਨ, ਨਹੀਂ ਜਾ ਸਕਦਾ ਸੀ | ਉਥੇ ਮਰਾਸੀਆਂ ਨੂੰ ਜਾਣ ਦੀ ਇਜਾਜ਼ਤ ਹੁੰਦੀ ਸੀ ਤੇ ਇਹ ਇਸ ਗੱਲ ਦਾ ਲਿਹਾਜ਼ ਵੀ ਰੱਖਦੇ ਸਨ ਤੇ ਕਦੀ ਕੋਈ ਐਸੀ ਗੱਲ ਨਹੀਂ ਨਿਕਲੀ ਕਿ ਇਨ੍ਹਾਂ ਨੇ ਕੋਈ ਬਦਤਮਿਜ਼ੀ ਕੀਤੀ ਹੋਵੇ | ਇਸ ਲਈ ਇਹ ਘਰਾਂ ਵਿਚ ਕੰਮ ਵੀ ਕਰਦੇ ਸਨ ਤੇ ਜਦੋਂ ਕਦੇ ਬਾਹਰ ਦੇ ਕੰਮ ਦੀ ਲੋੜ ਪੈਂਦੀ ਤਾਂ ਇਨ੍ਹਾਂ ਨੂੰ ਉਸ ਕੰਮ ਲਈ ਭੇਜਿਆ ਜਾਂਦਾ ਸੀ | ਇਹ ਲੋਕਾਂ ਦੇ ਰਿਸ਼ਤੇ ਵੀ ਕਰਵਾਉਂਦੇ ਸਨ ਤੇ ਇਨ੍ਹਾਂ ਦੇ ਦੱਸੇ ਹੋਏ ਰਿਸ਼ਤਿਆਂ 'ਤੇ ਯਕੀਨ ਕੀਤਾ ਜਾਂਦਾ ਸੀ ਕਿਉਂਕਿ ਇਹ ਬੜੇ ਇਤਬਾਰੀ ਤੇ ਇਮਾਨਦਾਰ ਸਨ |
ਅੰਗਰੇਜ਼ਾਂ ਦੇ ਰਾਜ ਵਿਚ ਜਦੋਂ ਕਿੱਤੇ ਕਿਸੇ ਪਰਿਵਾਰ ਦਾ ਜਾਇਦਾਦ, ਜ਼ਮੀਨ ਦਾ ਝਗੜਾ ਕਚਹਿਰੀ ਵਿਚ ਆਉਂਦਾ ਤਾਂ ਅਦਾਲਤ ਵਿਚ ਮਰਾਸੀ ਦੀ ਗਵਾਹੀ ਨੂੰ ਸਹੀ ਮੰਨਿਆ ਜਾਂਦਾ ਸੀ | ਮਰਾਸੀ ਦੱਸਦਾ ਸੀ ਕਿ ਕੌਣ ਕਿਸਦਾ ਪੁੱਤਰ ਹੈ ਤੇ ਕੌਣ ਕਿਸਦੀ ਧੀ ਹੈ ਤੇ ਇਸਦੀ ਗਵਾਹੀ ਨੂੰ ਪੱਕਾ ਮੰਨਿਆ ਜਾਂਦਾ ਸੀ | ਅੰਗਰੇਜ਼ ਰਾਜ ਦੌਰਾਨ ਪਿੰਡਾਂ ਦੀਆਂ ਜ਼ਮੀਨਾਂ ਜਾਇਦਾਦ ਦੀਆਂ ਫਾਈਲਾਂ ਤਿਆਰ ਹੋਈਆਂ ਤੇ ਉਨ੍ਹਾਂ ਨੇ ਛਜਰੇ ਵੀ ਤਿਆਰ ਕੀਤੇ | ਪਹਿਲੀ ਬੰਦੋਬਸਤ 1881 ਸੰਨ ਵਿਚ ਹੋਈ | ਉਸਦੀਆਂ ਕਿਤਾਬਾਂ ਮੈਂ ਦੇਖੀਆਂ ਹਨ | ਉਸ ਵਿਚ ਜਿਥੇ ਥੱਲੇ ਛਜਰਾ ਹੁੰਦਾ ਹੈ, ਉਥੇ ਮਰਾਸੀ ਦਾ ਨਾਂਅ ਹੁੰਦਾ ਸੀ ਅਤੇ ਇਹ ਲਿਖਦੇ ਸਨ ਕਿ ਇਹ ਛਜਰਾ ਫਲਾਣੇ ਮਰਾਸੀ ਨੇ ਤਸਦੀਕ ਕੀਤਾ ਤੇ ਉਹ ਮਰਾਸੀ ਉਸੇ ਖਾਨਦਾਨ ਨਾਲ ਸੰਬੰਧ ਰੱਖਦਾ ਹੈ | ਹਰ ਜਾਤ ਦੇ ਮਰਾਸੀ ਵੱਖ-ਵੱਖ ਹੁੰਦੇ ਸਨ | ਜਿਵੇਂ ਰਾਜਪੂਤ, ਜੱਟ, ਡੋਗਰ, ਸੈਣੀ ਤੇ ਗੁੱਜਰ ਤੇ ਹੋਰ ਬਹੁਤ ਸਾਰੇ ਕਬੀਲੇ ਹਨ ਸਭ ਦੇ ਮਰਾਸੀ ਵੱਖ-ਵੱਖ ਸਨ | ਇਥੋਂ ਤੱਕ ਹਰ ਜਾਤ ਦੀ ਗੋਤ ਦਾ ਮਰਾਸੀ ਵੀ ਵੱਖ-ਵੱਖ ਸੀ | ਉਦਾਹਰਣ ਦੇ ਤੌਰ ਤੇ ਜੱਟਾਂ ਦਾ ਗੋਤ ਰੰਧਾਵੇ ਦਾ ਮਰਾਸੀ ਵੀ ਵੱਖਰਾ ਸੀ ਤੇ ਅੱਗੋਂ ਨਸਲ ਦਰ ਨਸਲ ਇਹ ਰੰਧਾਵੇ ਗੋਤ ਦੇ ਜੱਟਾਂ ਨਾਲ ਹੀ ਸੰਬੰਧ ਰੱਖਦੇ ਸਨ | ਉਨ੍ਹਾਂ ਦੇ ਛਜਰੇ ਵੀ ਉਨ੍ਹਾਂ ਦੇ ਮਰਾਸੀਆਂ ਕੋਲ ਹੁੰਦੇ ਸਨ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਲਿੱਪੀਅੰਤਰ : ਜੇ.ਐਸ. ਭੱਟੀ
ਮੋਬਾਈਲ : 07696994800

ਬਰਸੀ 'ਤੇ ਵਿਸ਼ੇਸ਼

ਜੁਝਾਰਵਾਦੀ ਕਵੀ ਅਵਤਾਰ ਪਾਸ਼

ਪੰਜਾਬੀ ਦੀ ਜੁਝਾਰਵਾਦੀ ਕਾਵਿ-ਧਾਰਾ ਦੇ ਪ੍ਰਮੁੱਖ ਕਵੀ ਅਵਤਾਰ ਪਾਸ਼ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਤਲਵੰਡੀ ਸਲੇਮ ਵਿਖੇ 9 ਸਤੰਬਰ, 1950 ਨੂੰ ਹੋਇਆ | ਪਾਸ਼ ਦਾ ਜੀਵਨ ਨਕਸਲਵਾਦੀ ਲਹਿਰ ਤੋਂ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋਇਆ | ਉਸ ਨੇ ਇਸ ਵਿਚਾਰਧਾਰਾ ਦਾ ਪ੍ਰਭਾਵ ਕਬੂਲਿਆ ਅਤੇ ਦੇਸ਼ ਦੀਆਂ ਫਿਰਕੂਪ੍ਰਸਤ ਤਾਕਤਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਸਦਕਾ ਉਸ ਦਾ ਵਧੇਰੇ ਜੀਵਨ ਜੇਲ੍ਹ ਦੀ ਚਾਰਦੀਵਾਰੀ ਅੰਦਰ ਹੀ ਗੁਜ਼ਰਿਆ | ਪੰਜਾਬ ਦੇ ਨਾਖੁਸ਼ਗਵਾਰ ਹਾਲਾਤ ਅਤੇ ਸਮਾਜ ਅੰਦਰ ਵਧ ਰਹੀ ਨਾ ਬਰਾਬਰੀ ਨੇ ਉਸ ਨੂੰ ਪੰਜਾਬ ਛੱਡਣ ਲਈ ਮਜਬੂਰ ਕਰ ਦਿੱਤਾ | ਉਹ ਅਮਰੀਕਾ ਚਲਾ ਗਿਆ ਪਰੰਤੂ ਉੱਥੇ ਵੀ ਉਸ ਦਾ ਮਨ ਨਾ ਲੱਗਿਆ ਅਤੇ ਉਹ ਛੇਤੀ ਹੀ ਵਤਨ ਪਰਤ ਆਇਆ | ਪੰਜਾਬ ਵਿਚ ਖਾੜਕੂ ਦੌਰ ਸਮੇਂ ਪਾਸ਼ ਦੀ ਕਲਮ ਸਰਕਾਰ ਦੀਆਂ ਨੀਤੀਆਂ ਅਤੇ ਬੇਕਸੂਰ ਲੋਕਾਂ ਦੇ ਹੋ ਰਹੇ ਕਤਲੇਆਮ ਦਾ ਡਟ ਕੇ ਵਿਰੋਧ ਕਰਦੀ ਰਹੀ | ਅੰਤ ਵਿਚ 23 ਮਾਰਚ, 1988 ਨੂੰ ਅਣਪਛਾਤੇ ਵਿਅਕਤੀਆਂ ਵਲੋਂ ਪਾਸ਼ ਦਾ ਕਤਲ ਕਰ ਕੇ ਉਸ ਦੀ ਕਲਮ ਨੂੰ ਸਦਾ ਲਈ ਚੁੱਪ ਕਰਾ ਦਿੱਤਾ ਗਿਆ |
ਪਾਸ਼ ਸੱਤਵੇਂ ਦਹਾਕੇ ਦੌਰਾਨ ਚੱਲੀ ਜੁਝਾਰਵਾਦੀ ਕਾਵਿ-ਧਾਰਾ ਦਾ ਪ੍ਰਮੁੱਖ ਕਵੀ ਸੀ | ਛੋਟੀ ਉਮਰ ਵਿਚ ਹੀ ਉਸ ਨੇ ਇਸ ਵਿਚਾਰਧਾਰਾ ਦੇ ਕਵੀਆਂ ਵਿਚ ਉੱਚਾ ਮੁਕਾਮ ਹਾਸਲ ਕੀਤਾ | ਇਸ ਕਾਵਿ–ਧਾਰਾ ਨਾਲ ਸਬੰਧਤ ਉਸਦੇ ਤਿੰਨ ਕਾਵਿ–ਸੰਗ੍ਰਹਿ 'ਲੋਹ ਕਥਾ'(1970), 'ਉਡਦੇ ਬਾਜ਼ਾਂ ਮਗਰ' (1974) ਅਤੇ 'ਸਾਡੇ ਸਮਿਆਂ ਵਿਚ' (1978) 'ਚ ਪ੍ਰਕਾਸ਼ਿਤ ਹੋਏ | ਪਾਸ਼ ਦੀ ਮੌਤ ਮਗਰੋਂ ਉਸਦੀਆਂ ਅਣਛਪੀਆਂ ਕਵਿਤਾਵਾਂ ਅਮਰਜੀਤ ਚੰਦਨ ਨੇ 'ਖਿਲਰੇ ਹੋਏ ਵਰਕੇ' ਸਿਰਲੇਖ ਅਧੀਨ 1989 ਵਿਚ ਛਪਵਾਈਆਂ | ਪਾਸ਼ ਮੈਮੋਰੀਅਲ ਟਰੱਸਟ ਵਲੋਂ ਵੀ ਉਸਦੀਆਂ ਚਿੱਠੀਆਂ ਅਤੇ ਡਾਇਰੀ ਨੂੰ ਚੋਣਵੀਂ ਕਵਿਤਾ ਦਾ ਰੂਪ ਦੇ ਕੇ 'ਅੱਖਰ-ਅੱਖਰ' ਸਿਰਲੇਖ ਅਧੀਨ ਪ੍ਰਕਾਸ਼ਿਤ ਕਰਵਾਇਆ ਗਿਆ | ਪਾਸ਼ ਨੇ ਥੋੜੀ ਕਵਿਤਾ ਲਿਖ ਕੇ ਇਸ ਕਾਵਿ-ਧਾਰਾ ਦੀ ਮੁਹਰਲ਼ੀ ਕਤਾਰ ਵਿਚ ਆਪਣਾ ਨਾਂਅ ਦਰਜ ਕਰਵਾਇਆ |
ਪਾਸ਼ ਦੀ ਸਮੱਚੀ ਕਵਿਤਾ ਪੰਜਾਬੀ ਲੋਕ ਜੀਵਨ, ਪੰਜਾਬ ਦੀ ਧਰਤੀ, ਆਰਥਕ ਅਸਮਾਨਤਾ, ਸੰਘਰਸ਼, ਕ੍ਰਾਂਤੀਕਾਰੀ ਨਜ਼ਰੀਆ, ਸੱਭਿਆਚਾਰਕ ਸਾਂਝ, ਰਾਜਨੀਤਕ ਕੋਹਜ ਅਤੇ ਜਾਤ-ਪਾਤ ਨੂੰ ਲੈ ਕੇ ਤੰਗਦਿਲੀ ਦਿ੍ਸ਼ਟੀਕੋਣ ਦੀ ਪੇਸ਼ਕਾਰੀ ਕਰਦੀ ਹੈ | ਪਾਸ਼ ਸਾਧਾਰਨ ਵਰਗ ਦਾ ਕਵੀ ਹੈ | ਉਸਨੇ ਸੰਤਾਪ ਭੋਗ ਰਹੇ ਲੋਕਾਂ ਅਤੇ ਦੱਬੀ ਕੁਚਲੀ ਮਾਨਸਿਕਤਾ ਦੀ ਸਫਲਤਾਪੂਰਵਕ ਪੇਸ਼ਕਾਰੀ ਕੀਤੀ ਹੈ |
ਪਾਸ਼ ਬਿਨਾਂ ਕਿਸੇ ਡਰ ਤੋਂ ਬੇਬਾਕ ਹੋ ਕੇ ਸੱਤਾਧਾਰੀ ਵਰਗ ਨੂੰ ਬੇਨਕਾਬ ਕਰਨ ਦਾ ਯਤਨ ਕਰਦਾ ਹੈ | ਉਸ ਨੇ ਆਪਣੀ ਕਵਿਤਾ ਰਾਹੀਂ ਸਮਾਜ ਅੰਦਰ ਇਕ ਨਵੀਂ ਕਾਂ੍ਰਤੀ ਦੀ ਚਿਣਗ ਪੈਦਾ ਕਰਨ ਦਾ ਉਪਰਾਲਾ ਕੀਤਾ ਹੈ | ਪਾਸ਼ ਨੇ ਅਜਿਹੇ ਹਲਾਤ ਨਾਲ ਨਿਪਟਣ ਲਈ ਇਕੋ- ਇਕ ਹੱਲ ਸੰਘਰਸ਼ ਕਰਨ ਨੂੰ ਮੰਨਿਆ ਹੈ | ਉਸਦਾ ਮੰਨਣਾ ਹੈ ਕਿ ਸਮਾਜਿਕ ਢਾਂਚੇ ਨੂੰ ਬਦਲਣ ਲਈ ਕ੍ਰਾਂਤੀ ਹੀ ਸਭ ਤੋਂ ਵੱਡਾ ਹਥਿਆਰ ਜਾਪਦਾ ਹੈ:
ਕ੍ਰਾਂਤੀ ਕੋਈ ਦਾਅਵਤ ਨਹੀਂ,
ਨੁਮਾਇਸ਼ ਵਿਚ ਵਗਦਾ ਦਰਿਆ ਨਹੀਂ |
ਵਰਗਾਂ ਦਾ, ਰੁਚੀਆਂ ਦਾ, ਦਰਿੰਦਰਾਨਾ ਭਿੜਨਾ ਹੈ |
ਮਰਨਾ ਹੈ, ਮਾਰਨਾ ਹੈ ਤੇ ਮੌਤ ਨੂੰ ਖਤਮ ਕਰਨਾ ਹੈ |
ਪਾਸ਼ ਸਮਾਜ ਅੰਦਰ ਕਿਰਤੀ, ਕਿਸਾਨਾਂ ਅਤੇ ਨਿਮਨ ਵਰਗ ਦੀ ਹੋ ਰਹੀ ਲੁੱਟ ਖਸੁੱਟ ਨੂੰ ਬਰਦਾਸ਼ਤ ਨਹੀਂ ਕਰਦਾ | ਇਸੇ ਲਈ ਉਸਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਾਧਾਰਨ ਮਨੁੱਖ ਨੂੰ ਸੰਘਰਸ਼ ਕਰਨ ਲਈ ਪ੍ਰੇਰਿਆ | ਉਹ ਅਜਿਹੇ ਵਰਗ ਲਈ ਲਿਖੀ ਗਈ ਕਵਿਤਾ ਵਿਚ ਯੁੱਧ, ਬੰਦੂਕਾਂ, ਗੋਲੀਆਂ, ਸਟੇਨਗੰਨਾਂ ਵਰਗੀ ਸ਼ਬਦਾਵਲੀ ਵਰਤ ਕੇ ਨਵੀਂ ਚੇਤਨਾ ਪੈਦਾ ਕਰਦਾ ਹੈ | ਉਸਨੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦਾ ਰਾਹ ਚੁਣਿਆ ਹੈ:
ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ |
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ |
ਅਸੀਂ ਲੜਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ ਲਈ |
ਪਾਸ਼ ਨੂੰ ਭਾਵੇਂ ਅਸੀਂ ਕ੍ਰਾਂਤੀਕਾਰੀ ਕਵੀ ਵਜੋਂ ਵੇਖਦੇ ਹਾਂ ਪਰੰਤੂ ਇਸਦੇ ਬਾਵਜੂਦ ਕਿਧਰੇ–ਕਿਧਰੇ ਉਸਦੀ ਕਵਿਤਾ ਵਿਚ ਰੁਮਾਂਟਿਕ ਰੰਗ ਵੀ ਵੇਖਣ ਨੂੰ ਮਿਲਦਾ ਹੈ | ਪਾਸ਼ ਭਾਵੇਂ ਕਿਸੇ ਵੀ ਹਾਲਾਤ ਵਿਚੋਂ ਗੁਜ਼ਰ ਰਿਹਾ ਹੋਵੇ ਉਸ ਨੇ ਕ੍ਰਾਂਤੀ ਦਾ ਪੱਲਾ ਕਦੇ ਵੀ ਨਹੀਂ ਛੱਡਿਆ | ਆਪਣੀ ਲੋਕਮੁਖੀ ਵਿਚਾਰਧਾਰਾ ਸਦਕਾ ਉਹ ਸਾਧਾਰਨ ਮਨੁੱਖ ਦਾ ਕਵੀ ਹੋ ਨਿਬੜਦਾ ਹੈ | ਨਿਸਚੇ ਹੀ ਉਹ ਜੁਝਾਰਵਾਦੀ ਕਾਵਿ-ਧਾਰਾ ਦਾ ਇਕ ਸਫਲ ਕਵੀ ਹੈ |

-ਡੀ.ਏ.ਵੀ.ਕਾਲਜ, ਹੁਸ਼ਿਆਰਪੁਰ |

ਸ਼ੈਲੇਂਦਰ ਉਰਫ਼ ਮਾਰੇ ਗਏ ਗੁਲਫ਼ਾਮ

ਮੱਖਣ ਜੀਨ ਦੀ ਪੈਂਟ, ਜਿਸ ਨੂੰ ਆਰ-52 ਕਹਿੰਦੇ ਹਨ, ਬੋਸਕੀ ਦੀ ਕਮੀਜ਼ ਅਤੇ ਗੋਲਡ ਫਲੇਕ ਦਾ ਡੱਬਾ, ਪੰਜਾਹ ਸਿਗਰਟਾਂ ਦਾ ਇਹ ਸ਼ੈਲੇਂਦਰ ਦੀ ਚੰਗੇ ਦਿਨਾਂ ਦੀ ਤਸਵੀਰ ਹੈ | ਪੈਰਾਂ ਵਿਚ ਚੱਪਲ, ਸ਼ਾਇਦ ਕੋਲ੍ਹਾਪੁਰੀ | ਚੰਗੀ ਤਰ੍ਹਾਂ ਯਾਦ ਨਹੀਂ...... ਗੂੜ੍ਹਾ ਸਾਂਵਲਾਂ ਰੰਗ ਉਸ 'ਤੇ ਲਿਸ਼ਕਦੀ ਨਿਮੀਂ-ਨਿਮੀਂ ਮੁਸਕਾਨ ਉਨ੍ਹਾਂ ਦੇ ਆਪਣੇ ਹੀ ਕਿਸੇ ਮਿਸਰੇ ਵਾਂਗ |
ਉਦੋਂ ਉਸ ਦੇ ਟ੍ਰੇਡ ਯੂਨੀਅਨ ਦੇ ਪਿਛੋਕੜ ਬਾਰੇ ਮੈਂ ਰਾਜ ਕਪੂਰ ਸਾਅਬ ਤੋਂ ਸੁਣਿਆ ਸੀ | ਪਰ ਮੈਂ ਜਦੋਂ ਉਨ੍ਹਾਂ ਨੂੰ ਮਿਲਿਆ ਉਨ੍ਹੀ ਦਿਨੀਂ ਉਹ ਫ਼ਿਲਮਾਂ ਲਈ ਲਿਖ ਰਹੇ ਸਨ | ਰੇਡੀਓ 'ਤੇ ਸੈਲੇਂਦਰ ਅਤੇ ਲਤਾ ਮੰਗੇਸ਼ਕਰ, ਸ਼ੰਕਰ ਜੈ ਕਿਸ਼ਨ ਅਜਿਹੇ ਨਾਂਅ ਸਨ ਜੋ ਸਾਰਾ ਦਿਨ ਤਸਬੀ ਦੇ ਦਾਣਿਆਂ ਵਾਂਗ ਦੋਹਰਾਏ ਜਾਂਦੇ ਸਨ | ਲਗਦਾ ਸੀ ਮਾਲਾ ਦਾ ਜਾਪ ਹੋ ਰਿਹਾ ਹੈ | ਹਸਰਤ ਜੈ ਪੁਰੀ ਨਾਲ ਜੋੜੀ ਸੀ ਉਨ੍ਹਾਂ ਦੀ, ਪਰ ਇੰਝ ਲੱਗਦਾ ਸੀ, ਸ਼ੰਕਰ ਜੈ ਕਿਸ਼ਨ ਦੇ ਉੱਥੇ ਜ਼ਿਆਦਾ ਉਹੀ ਲਿਖ ਰਹੇ ਸਨ |
ਮੇਰੀ ਇਕ ਮੁਲਾਕਾਤ ਪਤਾ ਨਹੀਂ ਉਹ ਪਹਿਲੀ ਸੀ ਜਾਂ ਨਹੀਂ ਪਰ ਮੋਹਰਲੀਆਂ ਮੁਲਾਕਾਤਾਂ ਵਿਚੋਂ ਹੀ ਸੀ.... ਬਾਪੂ ਨਿਵਾਸ ਵਿਚ ਹੋਈ |
ਇਕ ਨਿੱਕੀ ਜਿਹੀ ਥਾਂ, ਇਕ ਕਮਰਾ, ਇਕ ਕਿਚਨ, ਇਕ ਵਰਾਂਡਾ.... ਜਿੱਥੇ ਬਾਸੂ, ਦੀਬੂ ਅਤੇ ਹਿਮਾਕਰੀ ਇਕ ਪੇਂਟਰ ਸਨ, ਇਹ ਤਿੰਨੋਂ ਰਹਿੰਦੇ ਸਨ | ਥਾਂ ਸ਼ੈਲੇਂਦਰ ਨੇ ਕਿਰਾਏ 'ਤੇ ਲਈ ਸੀ | ਇਕਾਂਤ ਵਿਚ ਬਹਿ ਕੇ ਲਿਖਣ ਲਈ ਬਾਸੂ ਅਤੇ ਦੀਬੂ ਵਿਮਲ-ਦਾ ਦੇ ਅਸਿਸਟੈਂਟ ਸਨ | ਰਹਿਣ ਲਈ ਥਾਂ ਨਹੀਂ ਸੀ ਇਸ ਲਈ ਸੈਲੇਂਦਰ ਨੇ ਆਰਜ਼ੀ ਤੌਰ 'ਤੇ ਇਨ੍ਹਾਂ ਤਿੰਨਾਂ ਨੂੰ ਰਹਿਣ ਲਈ ਦੇ ਦਿੱਤੀ ਸੀ |
ਜਿੱਥੇ ਸਲਿਲ ਚੌਧਰੀ ਸਮਾਂ ਕੱਟਣ ਲਈ ਆਉਂਦੇ ਰਹਿੰਦੇ ਸਨ (ਜਾਂ ਦਾਰੂ ਪੀਣ ਲਈ ਜਾਂ ਸ਼ੈਲੇਂਦਰ ਨੂੰ ਲੱਭਣ) ਕੁਝ ਸਟ੍ਰਗਲਰਜ਼ ਸਨ | ਮੁਕੁਲ ਦੱਤ ਵਿਮਲ ਦੱਤ ਉਹ ਵੀ ਅਕਸਰ ਉੱਥੇ ਹੀ ਪਏ ਰਹਿੰਦੇ ਸਨ ਅਤੇ ਜੋ ਬੰਦਾ ਖਾਣਾ ਬਣਾਉਂਦਾ ਸੀ ਉਸ ਦੇ ਪਿੰਡ ਤੋਂ ਆਏ ਲੋਕ ਵੀ | ਕੱਛੇ ਬਨੈਣਾਂ ਤੋਂ ਲੈ ਕੇ ਧੋਤੀ ਕੁਰਤਾ, ਚਾਦਰਾਂ ਅਤੇ ਦਰੀਆਂ ਤੱਕ ਉਥੇ ਸੁੱਕਣ ਲਈ ਟੰਗੀਆਂ ਰਹਿੰਦੀਆਂ ਸਨ |
ਸਲਿਲ-ਦਾ ਦੇ 2ombay youth chair ਦੀਆਂ ਮੀਟਿੰਗਾਂ ਵੀ ਅਕਸਰ ਇੱਥੇ ਹੀ ਹੁੰਦੀਆਂ ਸਨ | ਰੋਮਾਂ ਗਾਂਗੁਲੀ ਕਿਸ਼ੋਰ ਕੁਮਾਰ ਦੀ ਪਤਨੀ ਉਸ ਦੀ ਪਰੈਜ਼ੀਡੈਂਟ ਜਾਂ ਸੈਕਰੇਟਰੀ ਕੁਝ ਸੀ | ਚਾਹ ਦੁੱਧ ਸ਼ੱਕਰ ਦਾ ਸਟਾਕ ਕਿਉਂਕਿ ਜਲਦੀ ਮੁੱਕ ਜਾਂਦਾ ਸੀ | ਇਸ ਲਈ ਇਹ ਜ਼ਿੰਮੇਵਾਰੀ ਅਕਸਰ ਗੁਆਂਢੀਆਂ 'ਤੇ ਸੁੱਟੀ ਜਾਂਦੀ ਸੀ |
ਇਹ ਉਹ ਇਕੱਲ ਦੀ ਥਾਂ ਸੀ ਜਿੱਥੇ ਸ਼ੈਲੇਂਦਰ ਲਿਖਣ ਲਈ ਆਇਆ ਕਰਦੇ ਸਨ | ਉਥੇ ਸਾਰੇ ਰਹਿੰਦੇ ਸਨ, ਕਿਰਾਇਆ ਸ਼ੈਲੇਂਦਰ ਹੀ ਦਿੰਦੇ ਸਨ | ਦੂਜੇ ਵਿਸ਼ਵ ਯੁੱਧ, ਯੂ. ਐਨ. ਏ. ਤੋਂ ਲੈ ਕੇ ਰੂਸ ਚੀਨ ਸਭ 'ਤੇ ਬਹਿਸ ਹੁੰਦੀ ਸੀ | ਮਹਾਦੇਵੀ ਵਰਮਾਂ, ਸੁਭਾਸ਼ ਮੁਖੋਧਿਆਇ, ਫੈਜ਼, ਨਰੂਦਾ, ਹਾਵਰਡ ਫਾਸਟ, ਮਹਾਸ਼ਵੇਤਾ ਦੇਵੀ, ਯਸ਼ਪਾਲ, ਮੰਟੋ ਇਨ੍ਹਾਂ ਸਾਰਿਆਂ ਦੀਆਂ ਨਜ਼ਮਾਂ ਅਫਸਾਨਿਆਂ 'ਤੇ ਜੰਗਾਂ ਹੁੰਦੀਆਂ ਸਨ |
ਫ਼ਿਲਮਾਂ ਦੇ ਗਾਣੇ, ਸ਼ੈਲੇਂਦਰ ਕਦੋਂ ਅਤੇ ਕਿਵੇਂ ਲਿਖਦੇ ਸਨ, ਹੁਣ ਤੱਕ ਭੇਤ ਹੈ | ਇਕ ਵਾਰ ਮੈਨੂੰ ਉਨ੍ਹਾਂ ਕਿਹਾ 'ਸਵੇਰ ਤੋਂ ਲੈ ਕੇ ਲੰਚ ਤੱਕ ਦਾ ਸਮਾਂ ਸ਼ੰਕਰ ਜੈ ਕਿਸ਼ਨ ਲਈ ਹੈ, ਉਹ ਅਨੁਸ਼ਾਸਨ ਟੁੱਟ ਨਹੀਂ ਸਕਦਾ | ਉਹ ਟੁੱਟ ਗਿਆ ਤਾਂ ਮੁਸ਼ਕਿਲ ਹੋ ਜਾਵੇਗੀ |'
'ਪਰਖ' ਦੇ ਡਾਇਲਗ ਲਿਖੇ ਸਨ | ਫਿਰ 'ਪਿੰਜਰੇ ਦੇ ਪੰਛੀ' ਵਿਚ ਤੈਅ ਹੋਇਆ ਸੀ ਕਿ ਉਹ ਸਕਰਿਪਟ ਲਿਖਣਗੇ, ਮੈਂ ਗਾਣੇ ਲਿਖਾਂਗਾ | ਪਰ ਵਕਤ ਦੀ ਕਿੱਲਤ ਨੇ ਫੈਸਲਾ ਬਦਲ ਦਿੱਤਾ | ਮੈਂ ਸਕਰਿਪਟ ਲਿਖੀ 'ਤੇ ਸ਼ੈਲੇਂਦਰ ਦੇ ਗਾਣੇ ਲਿਖੇ |
ਫਿਰ ਇਕ ਫ਼ਿਲਮ ਬਣਾਈ ਸ਼ੈਲੇਂਦਰ ਨੇ 'ਤੀਸਰੀ ਕਸਮ' | ਰੇਣੂ ਜੀ ਦੀ ਕਹਾਣੀ ਇਕ ਵਾਰ ਸ਼ਾਇਦ 'ਮਾਰੇ ਗਏ ਗੁਲਫਾਮ' ਦੇ ਨਾਂਅ ਤੋਂ ਬਾਪੂ ਨਿਵਾਸ ਵਿਚ ਪੜ੍ਹੀ ਗਈ ਸੀ |'
ਫ਼ਿਲਮਾਂ ਦੇ ਮਾਹੌਲ ਵਿਚ ਰਹਿੰਦਿਆਂ, ਸ਼ੈਲੇਂਦਰ ਦੇ ਮਾਹੌਲ ਵਿਚ ਸਾਹਿਤ ਲਗਾਤਾਰ ਮਹਿਕਦਾ ਰਿਹਾ | ਇਕ ਆਮ ਅਤੇ ਮਾਮੂਲੀ ਕਿਸਮ ਦੀ ਸਿਚੁਏਸ਼ਨ ਵਿਚ ਗਾਣੇ ਨੂੰ ਸਾਹਿਤ ਦਾ ਦਰਜਾ ਦੇ ਦੇਣਾ, ਸ਼ੈਲੇਂਦਰ ਦਾ ਹਿੱਸਾ ਸੀ | ਮੈਂ ਕਈ ਥਾਵਾਂ 'ਤੇ ਕਹਿ ਚੁੱਕਿਆ ਹਾਂ ਕਿ ...
Shailendra is the best lyricist, ever happened to the 8indi 6ilm industry.
ਨਜ਼ਮ ਅਤੇ ਨਗ਼ਮੇ ਦਾ ਫਰਕ ਉਹ ਜਾਣਦੇ ਸਨ | ਨਜ਼ਮ ਕਿਵੇਂ ਨਗ਼ਮਾ ਬਣਦੀ ਹੈ, ਉਨ੍ਹਾਂ ਨੂੰ ਉਸਦੀ ਖ਼ਬਰ ਸੀ | ਉਸ ਲਈ ਲੋਕਾਂ ਦੇ ਨਾਲ, ਲੋਕ ਕਲਾਵਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ | ਮਾਮੂਲੀ ਜਿਹੀ ਸਿਚੁਏਸ਼ਨ ਵਿਚ, ਮਾਮੂਲੀ ਜਿਹੇ ਸ਼ਬਦਾਂ ਵਿਚ ਵੱਡੀ ਗੱਲ ਕਹਿ ਜਾਣਾ, ਸ਼ੈਲੇਂਦਰ ਦੀ ਖ਼ਾਸੀਅਤ ਸੀ | ਇਕ ਆਮ ਮਨੁੱਖ, ਆਮ ਬਾਸ਼ਿੰਦੇ ਦੇ ਪਛਾਣ ਵੇਖੋ:-
ਹੋਵਾਂਗੇ ਰਾਜੇ ਰਾਜ ਕੁਮਾਰ
ਅਸੀਂ ਵਿਗੜੇ ਦਿਲ ਸ਼ਹਿਜ਼ਾਦੇ
ਅਸੀਂ ਸਿੰਘਾਸਨ 'ਤੇ ਜਾ ਬੈਠੇ
ਜਦੋਂ-ਜਦੋਂ ਕੀਤੇ ਇਰਾਦੇ
ਸੂਰਤ ਹੈ ਜਾਣੀ-ਪਛਾਣੀ
ਦੁਨੀਆਂ ਨੂੰ ਹੈਰਾਨੀ
ਸਿਰ 'ਤੇ ਲਾਲ ਟੋਪੀ ਰੂਸੀ
ਫਿਰ ਭੀ ਦਿਲ ਹੈ ਹਿੰਦੁਸਤਾਨੀ |
ਉਨ੍ਹਾਂ ਦੀ ਆਪਣੀ ਵਿਚਾਰਧਾਰਾ ਹੱਥ ਵਿਚ ਹੱਥ ਪਾ ਉਨ੍ਹਾਂ ਦੇ ਨਾਲ ਤੁਰਦੀ ਹੈ | ਤੇਜ਼ ਹਯੂਮਰ |
ਸੀਧੀ ਸੀ ਬਾਤ ਨਾ ਮਿਰਚ ਮਸਾਲਾ
ਕਹਿ ਕੇ ਰਹੇਗਾ ਕਹਿਨੇ ਵਾਲਾ....
ਉਨ ਕੀ ਕਲਪਨਾ, ਉਨ ਕੀ ਜੁਬਾਨ....
ਚਿੱਠੀਆਂ ਹੋ ਤੋਂ ਹਰ ਕੋਈ ਬਾਂਜੇ,
ਭਾਗ ਨਾ ਬਾਂਜੇ ਕੋਇ |
ਔ ਪੰਛੀ ਪਿਆਰੇ, ਸਾਂਝ ਸਕਾਰੇ,
ਬੋਲੇ ਤੂ ਕੋਨ ਸੀ ਬੋਲੀ |
ਅਬ ਕੇ ਬਰਸ ਭੇਜ ਭੈਯਾ ਕੋ ਬਾਬੁਲ,
ਸਾਵਨ ਮੇਂ ਲੀਜੋ ਬੁਲਾਇ ਰੇ |
ਸਚਿਨ-ਦਾ ਅਤੇ ਐਸ.ਡੀ. ਬਰਮਨ ਦੀ ਆਪਸ ਵਿਚ ਇਕ ਵਾਰ ਨਰਾਜ਼ਗੀ ਹੋ ਗਈ | ਦੀਬੂ ਨੇ ਮੈਨੂੰ ਕਿਹਾ ਕਿ 'ਵਿਮਲ-ਦਾ ਨੂੰ ਮਿਲੋ | ਇਕ ਗੀਤ ਲਿਖਵਾਉਣਾ ਹੈ' ਮੈਂ ਮਨ੍ਹਾਂ ਕਰ ਦਿੱਤਾ |
ਸ਼ੈਲੇਂਦਰ ਨੇ ਮੱਲੋ-ਮੱਲੀ ਮੈਨੂੰ ਭੇਜ ਦਿੱਤਾ | 'ਜਾ ਜਾ ਤੇਰਾ ਮੋਟਰ ਗੈਰੇਜ ਨਹੀਂ ਛੁੱਟ ਜਾਵੇਗਾ |' ਮੈਂ ਉਨ੍ਹਾਂ ਦਿਨਾਂ ਵਿਚ ਮੋਟਰ ਗੈਰੇਜ ਵਿਚ ਕੰਮ ਕਰਦਾ ਸੀ |
ਮੈਂ ਫ਼ਿਲਮ ਵਿਚ ਆਪਣਾ ਪਹਿਲਾ ਗੀਤ ਲਿਖਿਆ |
ਮੇਰਾ ਗੋਰਾ ਅੰਗ ਲਈ ਲੇ,
ਮੋਹੇ ਸ਼ਾਮ ਰੰਗ ਦੇਈਦੇ |
ਮੇਰੇ ਪਹਿਲੇ ਗਾਣੇ ਦੀ ਥਾਂ ਸ਼ੈਲੇਂਦਰ ਨੇ ਥੋੜੇ ਸਮੇਂ ਵਿਚ ਖ਼ਾਲੀ ਕਰ ਦਿੱਤੀ ਸੀ ਅਤੇ ਕਿਹਾ 'ਜ਼ਰਾ ਇਸ ਸੀਟ 'ਤੇ ਬਹਿ, ਮੈਂ ਹੁਣੇ ਆਉਂਦਾ ਹਾਂ |'
ਸ਼ੈਲੇਂਦਰ ਉਸ ਫ਼ਿਲਮ ਵਿਚ ਵਾਪਸ ਵੀ ਆਏ 'ਤੇ ਤੁਰ ਵੀ ਪਏ | ਮੈਂ ਹਾਲੇ ਵੀ ਇਸ ਸੀਟ 'ਤੇ ਖਲੋਤਾ ਉਡੀਕ ਕਰ ਰਿਹਾ ਹਾਂ | ਕਿਸੇ ਦੀ ਕੀ ਮਜਾਲ ਕਿ ਕੋਈ ਸੈਲੇਂਦਰ ਦੀ ਥਾਂ ਭਰ ਸਕੇ | ਕੋਈ ਹੋਰ ਇਸ ਸੀਟ 'ਤੇ ਬਹਿ ਹੀ ਨਹੀਂ ਸਕਦਾ |

-ਅਨੁਵਾਦ : ਭੁਪਿੰਦਰ ਕੌਰ 'ਪ੍ਰੀਤ'
ਮੋਬਾ. 98141-77954

ਕੰਪਿਊਟਰ ਦੀ ਵਰਤੋਂ ਕਰਨ ਦੇ ਮਹੱਤਵਪੂਰਨ ਨੁਕਤੇ

ਆਧੁਨਿਕ ਯੁਗ ਵਿਚ ਹਰ ਉਮਰ ਦਾ, ਵਰਗ ਦਾ ਇਨਸਾਨ ਵੱਖ-ਵੱਖ ਤਰ੍ਹਾਂ ਨਾਲ ਕੰਪਿਊਟਰ, ਸਮਾਰਟਫੋਨ, ਲੈਪਟਾਪ, ਨੋਟਬੁੱਕ ਦੀ ਵਰਤੋਂ ਕਰਦਾ ਹੈ ਅਤੇ ਕੋਈ ਵੀ ਕੰਮ ਹੋਵੇ, ਕੁਝ ਹੀ ਸਕਿੰਟਾਂ ਵਿਚ ਕੰਪਿਊਟਰ ਰਾਹੀਂ ਕਰ ਲੈਂਦਾ ਹੈ | ਕੰਪਿਊਟਰ ਉਤੇ ਕੰਮ ਕਰਨਾ ਆਸਾਨ ਤਾਂ ਹੈ ਪਰ ਬਹੁਤ ਘੱਟ ਲੋਕ ਹੀ ਇਸ ਨੂੰ ਚਲਾਉਣ ਦੇ ਸਹੀ ਤਰੀਕੇ ਜਾਣਦੇ ਹਨ | ਆਓ ਜਾਣੀਏ ਕੰਪਿਊਟਰ ਨੂੰ ਵਰਤਣ ਅਤੇ ਚਲਾਉਣ ਦੇ ਮਹੱਤਵਪੂਰਨ ਨੁਕਤੇ:
• ਜਿਸ ਵੀ ਕਮਰੇ ਵਿਚ ਕੰਪਿਊਟਰ ਹੋਵੇ, ਉਸ ਵਿਚ ਹਵਾ ਦਾ ਆਉਣਾ-ਜਾਣਾ ਸਹੀ ਢੰਗ ਨਾਲ ਹੋਣਾ ਚਾਹੀਦਾ ਹੈ ਅਤੇ ਰੋਸ਼ਨੀ ਵੀ ਸਹੀ ਮਾਤਰਾ ਵਿਚ ਹੋਣੀ ਚਾਹੀਦੀ ਹੈ | ਜ਼ਿਆਦਾ ਸਮੇਂ ਤੱਕ ਚੱਲਣ ਕਾਰਨ ਕੰਪਿਊਟਰ ਗਰਮੀ ਛੱਡਦੇ ਹਨ ਜਿਸ ਨਾਲ ਕਮਰੇ ਦਾ ਤਾਪਮਾਨ ਆਮ ਨਾਲੋਂ ਕੁਝ ਵਧੇਰੇ ਹੁੰਦਾ ਹੈ ਜੋ ਕੰਪਿਊਟਰ ਵਰਤਣ ਵਾਲੇ ਦੀ ਸਿਹਤ ਲਈ ਸਹੀ ਨਹੀਂ | ਇਸ ਲਈ ਕੰਪਿਊਟਰ ਵਾਲੇ ਕਮਰੇ ਵਿਚ ਹਵਾ ਦੀ ਆਵਾਜਾਈ ਠੀਕ ਹੋਣੀ ਚਾਹੀਦੀ ਹੈ ਅਤੇ ਏ.ਸੀ. ਦੀ ਸਹੂਲਤ ਹੋਣੀ ਲਾਜ਼ਮੀ ਹੈ |
• ਕੰਪਿਊਟਰ ਮੁਹਰੇ ਬੈਠ ਕੇ ਕੰਮ ਕਰਨ ਸਮੇਂ ਰੀੜ ਦੀ ਹੱਡੀ ਸਿੱਧੀ ਹੋਣੀ ਚਾਹੀਦੀ ਹੈ ਤੇ ਪੈਰ ਜ਼ਮੀਨ ਤੇ ਸਿੱਧੇ ਰੱਖੇ ਹੋਏ ਹੋਣੇ ਚਾਹੀਦੇ ਅਤੇ ਕੰਪਿਊਟਰ ਟੇਬਲ ਦੀ ਉਚਾਈ ਸਹੀ ਹੋਣੀ ਚਾਹੀਦੀ ਹੈ, ਨਹੀਂ ਤਾਂ ਗਲਤ ਪੋਸਚਰ ਭਾਵ ਗ਼ਲਤ ਢੰਗ ਨਾਲ ਬੈਠਣ ਕਾਰਨ ਬਹੁਤ ਸਾਰੇ ਸਿਹਤ ਦੇ ਵਿਕਾਰ ਪੈਦਾ ਹੋ ਜਾਂਦੇ ਹਨ |
• ਮੋਨੀਟਰ ਉਤੇ ਐਾਟੀ ਗਲੇਅਰ ਸਕਰੀਨ ਗਾਰਡ ਲਗਾਉਣਾ ਚਾਹੀਦਾ ਹੈ ਜਾਂ ਫਿਰ ਐਾਟੀ ਗਲੇਅਰ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਕੰਪਿਊਟਰ ਉਤੇ ਕੰਮ ਕਰਦੇ ਸਮੇਂ ਉਸ ਵਿਚੋਂ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਦਾ ਅੱਖਾਂ ਉਤੇ ਮਾੜਾ ਪ੍ਰਭਾਵ ਨਾ ਪਵੇ |
• ਲਗਾਤਾਰ 15 ਮਿੰਟ ਤੋਂ ਵੱਧ ਕੰਪਿਊਟਰ 'ਤੇ ਬੈਠ ਕੇ ਕੰਮ ਨਹੀਂ ਕਰਨਾ ਚਾਹੀਦਾ ਹੈ | ਉਠ ਕੇ ਥੋੜ੍ਹਾ ਘੰੁਮ ਕੇ ਆ ਕੇ ਬੈਠ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਅੱਖਾਂ ਉਤੇ ਹੱਥਾਂ ਨੂੰ ਰਗੜ ਕੇ ਰੱਖਣਾ ਲਾਹੇਵੰਦ ਹੁੰਦਾ ਹੈ | ਜੇਕਰ ਅੱਖਾਂ ਵਿਚ ਰੁੱਖਾਪਨ ਲੱਗੇ ਤਾਂ ਤਾਜੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ ਜਾਂ ਫਿਰ ਫਿਊ ਡਰਾਪ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ |
• ਕੰਪਿਊਟਰ ਨਾਲ ਜੁੜੇ ਸਾਰੇ ਉਪਕਰਨਾਂ ਦਾ ਪਾਣੀ ਤੋਂ, ਧੂੜ ਮਿੱਟੀ ਤੋਂ ਬਾਚਅ ਕਰਨਾ ਚਾਹੀਦਾ ਹੈ ਕਿਉਂਕਿ ਮਿੱਟੀ ਦੇ ਨਾਲ ਸੰਵੇਦਨਸ਼ੀਲ ਅਤੇ ਬਰੀਕ ਸਰਕਟਾਂ ਵਿਚ ਖਰਾਬੀ ਪੈ ਜਾਂਦੀ ਹੈ |
• ਕੰਪਿਊਟਰ ਨੂੰ ਸਾਫ਼, ਨਰਮ ਸੂਤੀ ਕੱਪੜੇ ਨਾਲ ਰੋਜ਼ਾਨਾ ਸਾਫ਼ ਕਰਨਾ ਚਾਹੀਦਾ ਹੈ | ਕਦੇ ਵੀ ਗਿੱਲੇ ਕੱਪੜੇ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਅਤੇ ਜੇਕਰ ਕੰਪਿਊਟਰ ਨੂੰ ਕਵਰ ਕਰਕੇ ਰੱਖਦੇ ਹੋ ਤਾਂ ਕੰਪਿਊਟਰ ਨੂੰ ਚਲਾਉਣ ਤੋਂ ਪਹਿਲਾਂ ਉਸ ਦੇ ਕਵਰ ਹਟਾਉਣੇ ਜ਼ਰੂਰੀ ਹੁੰਦੇ ਹਨ ਕਿਉਂਕਿ ਸੀ.ਪੀ.ਯੂ. ਅਤੇ ਮੋਨੀਟਰ ਵਿਚੋਂ ਗਰਮੀ ਦਾ ਨਿਕਾਸ ਹੋ ਰਿਹਾ ਹੁੰਦਾ ਹੈ, ਜਿਸ ਨੂੰ ਪਲਾਸਟਿਕ ਜਾਂ ਕੱਪੜੇ ਦਾ ਕਵਰ ਬਾਹਰ ਕੱਢਣ ਵਿਚ ਰੁਕਾਵਟ ਪੈਦਾ ਕਰਦਾ ਹੈ | ਕੰਪਿਊਟਰ ਨੂੰ ਬੰਦ ਕਰਨ ਤੋਂ ਬਾਅਦ ਮਿੱਟੀ ਤੋਂ ਬਚਾਉਣ ਲਈ ਕਵਰ ਪਾ ਕੇ ਰੱਖਣਾ ਚਾਹੀਦਾ ਹੈ |
• ਕੰਪਿਊਟਰ ਦੇ ਨੇੜੇ ਬੈਠ ਕੇ ਕੁਝ ਵੀ ਖਾਣਾ/ਪੀਣਾ ਨਹੀਂ ਚਾਹੀਦਾ ਕਿਉਂਕਿ ਜੇ ਖਾਣ ਲੱਗੇ ਕੁਝ ਇਸ ਉਤੇ ਡਿੱਗ ਜਾਵੇ ਤਾਂ ਉਹ ਭਾਗ ਖਰਾਬ ਹੋ ਸਕਦਾ ਹੈ |
• ਵਿੰਡੋ ਨੂੰ ਕਰੱਪਟ ਹੋਣ ਤੋਂ ਬਚਾਉਣ ਲਈ ਸਹੀ ਸਟੈੱਪ ਅਪਣਾ ਕੇ ਕੰਪਿਊਟਰ ਨੂੰ ਸਟਾਰਟ/ਸਟਾਪ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਸਿੱਧੇ ਸਵਿੱਚ ਤੋਂ ਕੰਪਿਊਟਰ ਬੰਦ ਕਰ ਦੇਵਾਂਗੇ ਤਾਂ ਆਪਰੇਟਿੰਗ ਸਿਸਟਮ ਵਿਚ ਨੁਕਸ ਪੈ ਜਾਂਦਾ ਹੈ |
• ਲੈਬ ਵਿਚ ਅਰਥਿੰਗ ਸਹੀ ਤਰ੍ਹਾਂ ਨਾਲ ਹੋਣੀ ਜ਼ਰੂਰੀ ਹੈ ਤਾਂ ਕਿ ਵਧੇਰੇ ਵੋਲਟੇਜ ਆਉਣ 'ਤੇ ਕੰਪਿਊਟਰ ਸਿਸਟਮ ਨੂੰ ਸੜਨ ਤੋਂ ਬਚਾਇਆ ਜਾ ਸਕੇ | ਯੂ.ਪੀ.ਐਸ. ਅਤੇ ਸਟੈਬਲਾਈਜ਼ਰ ਦੀ ਵਰਤੋਂ ਕਰਨੀ ਲਾਜ਼ਮੀ ਹੈ ਕਿਉਂਕਿ ਇਹ ਵੋਲਟੇਜ ਘਟਣ-ਵਧਣ ਤੋਂ ਕੰਪਿਊਟਰ ਨੂੰ ਬਚਾਉਂਦੇ ਹਨ | ਕਦੇ ਵੀ ਕੰਪਿਊਟਰ ਨੂੰ ਸਿੱਧਾ ਬਿਜਲੀ ਕੁਨੈਕਸ਼ਨ ਨਹੀਂ ਦੇਣਾ ਚਾਹੀਦਾ ਹੈ |
• ਕੰਪਿਊਟਰ ਦੀਆਂ ਤਾਰਾਂ ਨੂੰ ਖਿੱਚਣਾ ਜਾਂ ਮਰੋੜਨਾ ਨਹੀਂ ਚਾਹੀਦਾ | ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਉਸ ਭਾਗ ਵਿਚ ਖਰਾਬੀ ਆ ਜਾਂਦੀ ਹੈ ਅਤੇ ਉਹ ਚੱਲਣਾ ਬੰਦ ਹੋ ਜਾਂਦਾ ਹੈ |

-ਕੰਪਿਊਟਰ ਫੈਕਲਟੀ ਸ.ਹ.ਸ. ਕਲਿਆਣਪੁਰ (ਜਲੰਧਰ) | ਮੋਬਾਈਲ : 98764-89369.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਜਦੋਂ ਸ੍ਰੀਨਗਰ (ਕਸ਼ਮੀਰ) 'ਚ ਪੰਜਾਬੀ ਕਾਨਫਰੰਸ ਹੋਈ ਸੀ, ਉਸ ਵਕਤ ਖਿੱਚੀ ਗਈ ਸੀ | ਉਦੋਂ ਸ੍ਰੀ ਗੁਲਾਮ ਨਬੀ ਆਜ਼ਾਦ ਸੂਬੇ ਦੇ ਮੁੱਖ ਮੰਤਰੀ ਸਨ | ਉਸ ਕਾਨਫਰੰਸ ਵਿਚ ਮੁੱਖ ਮਹਿਮਾਨ ਡਾ: ਜੈ ਰੂਪ ਸਿੰਘ ਸਨ ਕਿਉਂਕਿ ਉਹ ਉਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ.ਸੀ. ਸਨ | ਤਸਵੀਰ ਵਿਚ ਗੁਲਾਮ ਨਬੀ ਆਜ਼ਾਦ ਨਾਲ ਡਾ: ਸੰਧੂ ਗੱਲਬਾਤ ਕਰ ਰਹੇ ਹਨ |

-ਮੋਬਾਈਲ : 98767-41231


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX