ਤਾਜਾ ਖ਼ਬਰਾਂ


ਭਾਜਪਾ ਐਮ.ਪੀ ਦੀ ਰਿਹਾਇਸ਼ 'ਚ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਮਾਰੀ ਗੋਲੀ, ਮੌਤ
. . .  22 minutes ago
ਨਵੀਂ ਦਿੱਲੀ, 12 ਦਸੰਬਰ - ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਰਿਹਾਇਸ਼ 'ਤੇ ਤਾਇਨਾਤ ਕਾਂਸਟੇਬਲ ਨੇ ਸ਼ੱਕੀ ਹਾਲਾਤਾਂ 'ਚ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ...
ਆਵਾਰਾ ਪਸ਼ੂਆਂ ਨੂੰ ਲੈ ਕੇ ਸਬ ਕਮੇਟੀ ਵੱਲੋਂ ਮੀਟਿੰਗ
. . .  29 minutes ago
ਚੰਡੀਗੜ੍ਹ, 12 ਦਸੰਬਰ - ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਪਸ਼ੂ ਪਾਲ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿੱਖਿਆ ਮੰਤਰੀ...
ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਵਿਦਿਆਰਥੀਆ ਵੱਲੋਂ ਪ੍ਰਦਰਸ਼ਨ
. . .  34 minutes ago
ਕੋਲਕਾਤਾ, 12 ਦਸੰਬਰ - ਨਾਗਰਿਕਤਾ ਸੋਧ ਬਿਲ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਸ ਦੇ ਤਹਿਤ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੇ ਵਿਦਿਆਰਥੀਆ ਨੇ ਨਾਗਰਿਕਤਾ ਸੋਧ ਬਿੱਲ...
ਯੂ.ਕੇ ਦੀਆਂ ਚੋਣਾਂ ਵਿਚ ਪੰਜਾਬੀਆਂ ਦੀ ਗਹਿਮਾ ਗਹਿਮੀ
. . .  59 minutes ago
ਲੰਡਨ, 12 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬਰਤਾਨੀਆ ਦੀਆਂ ਆਮ ਚੋਣਾਂ ਵਿਚ ਜਿੱਥੇ ਪੰਜਾਬੀ ਮੂਲ ਦੇ ਉਮੀਦਵਾਰ ਵੱਖ ਵੱਖ ਪਾਰਟੀਆਂ ਵੱਲੋਂ ਕਿਸਮਤ ਅਜ਼ਮਾ ਰਹੇ ਹਨ। ਉੱਥੇ ਪੰਜਾਬੀ...
ਮਾਲਵਾ ਖੇਤਰ ਵਿਚ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਲਗਾਤਾਰ ਜਾਰੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਰਣਜੀਤ ਸਿੰਘ ਢਿੱਲੋਂ) - ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਲਗਾਤਾਰ 14 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ। ਲਗਾਤਾਰ ਲੱਗੀ ਝੜੀ ਕਾਰਨ ਜਨਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਮੀਂਹ ਕਾਰਨ ਜਿੱਥੇ ਠੰਢ...
ਖੁਦਰਾ ਮਹਿੰਗਾਈ ਦਰ ਵੱਧ ਕੇ ਹੋਈ 5.54 ਫ਼ੀਸਦੀ - ਭਾਰਤ ਸਰਕਾਰ
. . .  about 1 hour ago
ਨਵੀਂ ਦਿੱਲੀ, 12 ਦਸੰਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਵਿਚ ਖੁਦਰਾ ਮਹਿੰਗਾਈ ਦਰ ਅਕਤੂਬਰ ਮਹੀਨੇ 'ਚ 4.62 ਤੋਂ ਵੱਧ ਕੇ 5.54 ਫ਼ੀਸਦੀ...
ਡਿਬਰੂਗੜ੍ਹ ਹਵਾਈ ਅੱਡੇ 'ਤੇ ਫਸੇ 178 ਯਾਤਰੀ ਲਿਆਂਦੇ ਗਏ ਗੁਹਾਟੀ
. . .  about 1 hour ago
ਦਿਸਪੁਰ, 12 ਦਸੰਬਰ - ਅਸਮ ਵਿਚ ਨਾਗਰਿਕਤਾ ਸੋਧ ਬਲ ਨੂੰ ਲੈ ਕੇ ਚੱਲ ਰਹੀ ਹਿੰਸਾ ਦੌਰਾਨ ਡਿਬੂਰਗੜ੍ਹ ਹਵਾਈ ਅੱਡੇ 'ਚ ਫਸੇ 178 ਯਾਤਰੀ ਹਵਾਈ ਜਹਾਜ਼ ਰਾਹੀ ਸੁਰੱਖਿਅਤ ਗੁਹਾਟੀ...
ਟਰੈਕਟਰ ਹੇਠਾਂ ਆਉਣ ਕਾਰਨ ਚਾਲਕ ਦੀ ਮੌਤ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 12 ਦਸੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ, ਦਲਜੀਤ ਸਿੰਘ ਮੱਕੜ)- ਪਿੰਡ ਤੋਲਾਵਾਲ ਦੇ ਇੱਕ ਨੌਜਵਾਨ ਦੀ ਟਰੈਕਟਰ ਹੇਠ ਆਉਣ ਕਾਰਨ ਮੌਤ...
ਨਿਰਭਯਾ ਮਾਮਲਾ : ਦੋਸ਼ੀ ਅਕਸ਼ੈ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
. . .  about 2 hours ago
ਨਵੀਂ ਦਿੱਲੀ, 12 ਦਸੰਬਰ- ਨਿਰਭਯਾ ਮਾਮਲੇ ਦੇ ਦੋਸ਼ੀ ਅਕਸ਼ੈ ਕੁਮਾਰ ਸਿੰਘ ਦੀ ਪੁਨਰ ਸਮੀਖਿਆ ਪਟੀਸ਼ਨ 'ਤੇ ਸੁਪਰੀਮ ਕੋਰਟ...
ਹਮੀਰਾ ਵਿਖੇ ਐੱਸ. ਟੀ. ਐੱਫ. 'ਤੇ ਹਮਲਾ ਕਰਨ ਵਾਲਿਆਂ 'ਚੋਂ 6 ਵਿਅਕਤੀ ਗ੍ਰਿਫ਼ਤਾਰ
. . .  about 2 hours ago
ਕਪੂਰਥਲਾ, 12 ਦਸੰਬਰ (ਅਮਰਜੀਤ ਸਿੰਘ ਸਡਾਨਾ)- ਬੀਤੀ ਦੇਰ ਸ਼ਾਮ ਥਾਣਾ ਸੁਭਾਨਪੁਰ ਅਧੀਨ ਆਉਂਦੇ ਪਿੰਡ ਹਮੀਰਾ ਵਿਖੇ ਨਸ਼ਾ ਤਸਕਰਾਂ ਵਲੋਂ ਐੱਸ. ਟੀ. ਐੱਫ. ਦੀ ਟੀਮ 'ਤੇ ਹਮਲਾ ਕਰਕੇ ਪੰਜ ਪੁਲਿਸ ਕਰਮਚਾਰੀਆਂ ਨੂੰ...
ਹੋਰ ਖ਼ਬਰਾਂ..

ਖੇਡ ਜਗਤ

ਮੇਰਾਜ ਤੇ ਅੰਗਦ ਦੀ ਮੁਕਾਬਲੇਬਾਜ਼ੀ ਵਿਚ ਉਲੰਪਿਕ ਤਗਮੇ ਦਾ ਸੁਪਨਾ

ਦਿੱਲੀ ਦੀ ਡਾ: ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ 29 ਨਵੰਬਰ ਨੂੰ ਨੈਸ਼ਨਲ ਸ਼ਾਟਗਨ ਚੈਂਪੀਅਨਸ਼ਿਪ ਦੇ ਸਕੀਟ ਫਾਈਨਲ ਵਿਚ ਛੇ ਵਿਚੋਂ ਸਿਰਫ਼ ਦੋ ਸ਼ੂਟਰ-ਮੇਰਾਜ ਅਹਿਮਦ ਖਾਨ ਅਤੇ ਅੰਗਦ ਵੀਰ ਸਿੰਘ ਬਾਜਵਾ-ਸੋਨ ਤਗਮੇ ਦੀ ਦੌੜ ਵਿਚ ਰਹਿ ਗਏ ਸਨ। ਦੋ ਹਫ਼ਤੇ ਪਹਿਲਾਂ ਵੀ ਮੇਰਾਜ ਤੇ ਅੰਗਦ ਦੋਹਾ ਵਿਚ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸੋਨ ਤਗਮੇ ਲਈ ਸ਼ੂਟ-ਆਫ਼ ਵਿਚ ਸਨ, ਉਦੋਂ ਸਥਾਪਿਤ ਖਿਡਾਰੀ ਮੇਰਾਜ ਤੋਂ ਉਮਰ ਵਿਚ 20 ਸਾਲ ਛੋਟੇ 24 ਸਾਲਾ ਅੰਗਦ ਨੇ ਸੋਨ ਤਗਮਾ ਆਪਣੇ ਨਾਂਅ ਕਰ ਲਿਆ ਸੀ।
29 ਨਵੰਬਰ ਨੂੰ ਵੀ ਇਹੀ ਹੋਇਆ, ਮੇਰਾਜ ਤੋਂ ਪਹਿਲਾਂ ਗ਼ਲਤੀ ਹੋਈ ਅਤੇ ਅੰਗਦ 60/60 ਦੇ ਪਰਫੈਕਟ ਸਕੋਰ ਦੇ ਨਾਲ ਨਿਸ਼ਾਨੇ 'ਤੇ ਸੀ ਅਤੇ ਨਤੀਜੇ ਵਜੋਂ ਰਾਸ਼ਟਰੀ ਇਨਾਮ ਦੇ ਹੱਕਦਾਰ ਬਣੇ। ਕੁਆਲੀਫਿਕੇਸ਼ਨ ਵਿਚ ਮੇਰਾਜ ਨੇ 125 ਦਾ ਪਰਫੈਕਟ ਸਕੋਰ ਹਾਸਲ ਕੀਤਾ ਸੀ, ਪਰ ਫਾਈਨਲ ਵਿਚ ਉਨ੍ਹਾਂ ਦੇ ਦੋ ਨਿਸ਼ਾਨੇ ਠੀਕ ਨਹੀਂ ਲੱਗੇ ਅਤੇ ਉਨ੍ਹਾਂ ਨੂੰ ਦੋਹਾ ਦੀ ਤਰ੍ਹਾਂ ਦਿੱਲੀ ਵਿਚ ਵੀ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ।
ਤੁਗਲਕਾਬਾਦ ਰੇਂਜ ਵਿਚ ਚੰਗੇ ਦਰਸ਼ਕ ਮੌਜੂਦ ਸਨ ਅਤੇ ਉਹ ਹਰ ਸ਼ਾਟ 'ਤੇ ਤਾੜੀਆਂ ਵਜਾ ਰਹੇ ਸਨ, ਖ਼ਾਸ ਕਰਕੇ ਇਸ ਲਈ ਕਿ ਭਾਰਤੀ ਸ਼ੂਟਿੰਗ ਵਿਚ ਇਕ ਨਵੀਂ ਮੁਕਾਬਲੇਬਾਜ਼ੀ ਨੂੰ ਉੱਭਰਦਾ ਹੋਇਆ ਉਹ ਦੇਖ ਰਹੇ ਸਨ। ਪਰ ਨਾਲ ਹੀ ਇਸ ਗੱਲ ਦੀ ਵੀ ਖੁਸ਼ੀ ਸੀ ਕਿ ਦੋਵੇਂ ਮੇਰਾਜ ਤੇ ਅੰਗਦ ਨੇ 2020 ਟੋਕੀਓ ਉਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ, ਜਿਸ ਨਾਲ ਸ਼ਾਟਗਨ ਵਿਚ ਉਲੰਪਿਕ ਤਗਮੇ ਦੀ ਸੰਭਾਵਨਾ ਵਧ ਜਾਂਦੀ ਹੈ ਅਤੇ ਇਹ ਭਾਰਤੀ ਸ਼ਾਟਗਨ ਸ਼ੂਟਿੰਗ ਲਈ ਵੀ ਚੰਗੀ ਖ਼ਬਰ ਹੈ। ਵਰਨਣਯੋਗ ਹੈ ਕਿ ਮੇਰਾਜ ਉਲੰਪਿਕ ਵਿਚ ਪਹਿਲਾਂ ਵੀ ਹਿੱਸਾ ਲੈ ਚੁੱਕੇ ਹਨ-ਰੀਓ 2016 ਵਿਚ। ਉਹ ਫਾਈਨਲ ਲਈ ਕੁਆਲੀਫਾਈ ਕਰਨ ਲਈ ਬਹੁਤ ਨੇੜੇ ਆ ਗਏ ਸਨ। ਮੇਰਾਜ ਨੇ ਪਹਿਲੇ ਰਾਊਂਡ ਵਿਚ 121/125 ਦਾ ਸਕੋਰ ਕੀਤਾ ਸੀ ਅਤੇ ਉਹ ਫਾਈਨਲ ਵਿਚ ਛੇ ਤੇ ਆਖ਼ਰੀ ਸਪਾਟ ਨੂੰ ਪਾਉਣ ਲਈ ਸ਼ੂਟ-ਆਫ਼ ਵਿਚ ਪੰਜ ਸ਼ੂਟਰਸ ਦੇ ਨਾਲ ਦਾਅਵੇਦਾਰ ਸਨ, ਪਰ ਗ਼ਲਤੀ ਕਰ ਗਏ। ਮੇਰਾਜ ਦਾ ਕਹਿਣਾ ਹੈ, 'ਸ਼ੂਟਿੰਗ ਪਰਫੈਕਸ਼ਨ ਦੀ ਖੇਡ ਹੈ। ਨਿਸ਼ਾਨਾ ਖੁੰਝਿਆ ਅਤੇ ਤੁਸੀਂ ਹਾਰ ਗਏ। ਅੱਜ ਮੈਂ ਨਿਸ਼ਾਨਾ ਖੁੰਝਿਆ ਅਤੇ ਅੰਗਦ ਜਿੱਤ ਗਿਆ, ਦੋਹਾ ਵਿਚ ਵੀ ਇਹੀ ਹੋਇਆ ਸੀ।'
ਮੇਰਾਜ ਦਾ ਕਹਿਣਾ ਹੈ ਕਿ ਅੰਗਦ ਵਰਗੇ ਸ਼ੂਟਰ ਤੁਹਾਨੂੰ ਮੌਕਾ ਨਹੀਂ ਦਿੰਦੇ। 'ਜੇਕਰ ਮੈਂ ਨਿਸ਼ਾਨਾ ਨਾ ਖੁੰਝਦਾ ਤਾਂ ਉਹ ਦਬਾਅ ਵਿਚ ਰਹੇਗਾ। ਪਰ ਮੈਨੂੰ ਖੁਸ਼ੀ ਹੈ ਕਿ ਸਕੀਟ ਹੁਣ ਭਾਰਤ ਵਿਚ ਚੰਗੇ ਪੱਧਰ 'ਤੇ ਹੈ।'
ਅਮਰੀਕਾ ਦੇ ਲੀਜੈਂਡਰੀ ਡਬਲ ਟ੍ਰੈਪ ਤੇ ਸਕੀਟ ਸ਼ੂਟਰ ਕਿੰਬਰਲੀ ਸੂਸਨ ਰੋਡ, ਜਿਨ੍ਹਾਂ ਨੇ ਛੇ ਉਲੰਪਿਕ ਤਗਮੇ ਜਿੱਤੇ, ਨੇ ਇਕ ਵਾਰ ਮੇਰਾਜ ਨੂੰ ਕਿਹਾ ਸੀ ਕਿ 'ਮਿਸ ਨਾ ਕਰਨਾ'। ਮੇਰਾਜ ਕਹਿੰਦੇ ਹਨ, 'ਮੈਂ ਰੇਂਜ ਵਿਚ ਹਰ ਦਿਨ ਇਸੇ ਨਜ਼ਰੀਏ ਨਾਲ ਜਾਂਦਾ ਹਾਂ, ਧਿਆਨ ਜ਼ਿਆਦਾਤਰ 125 ਸਕੋਰ ਕਰਨ 'ਤੇ ਰਹਿੰਦਾ ਹੈ। ਜੇਕਰ ਮੈਂ ਟ੍ਰੇਨਿੰਗ ਵਿਚ ਨਿਸ਼ਾਨੇ ਖੁੰਝਦਾ ਹਾਂ ਤਾਂ ਜ਼ਿਆਦਾ ਦੁੱਖ ਹੁੰਦਾ ਹੈ ਕਿਉਂਕਿ ਉਦੋਂ ਦਬਾਅ ਨਹੀਂ ਹੁੰਦਾ ਹੈ।'
ਏਅਰ ਰਾਈਫਲ ਤੇ ਪਿਸਟਲ ਵਿਚ ਭਾਰਤੀ ਸ਼ੂਟਰਜ਼ ਦਾ ਕੌਮਾਂਤਰੀ ਮੰਚ 'ਤੇ ਕਈ ਸਾਲਾਂ ਤੋਂ ਦਬਦਬਾ ਰਿਹਾ ਹੈ, ਪਰ ਸ਼ਾਟਗਨ ਸ਼ੂਟਿੰਗ ਕਾਫੀ ਲੰਮੇ ਸਮੇਂ ਤੋਂ ਨਿਸ਼ਾਨਾ ਲਗਾਉਣ ਲਈ ਸੰਘਰਸ਼ ਕਰ ਰਹੀ ਸੀ। ਹੁਣ ਅੰਗਦ ਵਰਗੇ ਨੌਜਵਾਨ ਹੁਨਰ ਦੇ ਉੱਭਰਨ ਨਾਲ ਬਦਲਾਅ ਦੇ ਕੁਝ ਸੰਕੇਤ ਮਿਲ ਰਹੇ ਹਨ। ਮੇਰਾਜ ਕਹਿੰਦੇ ਹਨ, 'ਪਿਛਲੀ ਵਾਰ ਮੈਂ ਇਕੱਲਾ ਉਲੰਪਿਕਸ ਵਿਚ ਸੀ, ਪਰ ਇਸ ਵਾਰ ਅਸੀਂ ਦੋ ਹੋਵਾਂਗੇ। ਅਸੀਂ ਦੋਵੇਂ ਇਕੱਠੇ ਟ੍ਰੇਨਿੰਗ ਕਰਾਂਗੇ ਅਤੇ ਇਕ ਦੂਜੇ ਨੂੰ ਅੱਗੇ ਵਧਣ ਲਈ ਪ੍ਰੋਤਸਾਹਿਤ ਕਰਾਂਗੇ। ਹੁਣ ਸਾਨੂੰ ਇਕ ਦੂਜੇ ਨੂੰ ਅੱਗੇ ਕਰਦੇ ਹੋਏ ਤਿੰਨ ਸਾਲ ਹੋ ਗਏ ਹਨ। ਮੈਂ ਉਮੀਦ ਕਰਦਾ ਹਾਂ ਕਿ ਅਸੀਂ ਦੋਵੇਂ ਟੋਕੀਓ ਵਿਚ ਇਹੀ ਕੰਮ (ਸੋਨ ਤੇ ਚਾਂਦੀ) ਕਰ ਸਕਾਂਗੇ।' ਧਿਆਨ ਰਹੇ ਕਿ 2012 ਵਿਚ ਕੁਝ ਸਮੇਂ ਲਈ ਮੇਰਾਜ ਨੇ ਅੰਗਦ ਨੂੰ ਸਿਖਲਾਈ ਵੀ ਦਿੱਤੀ ਸੀ।
ਰੀਓ 2016 ਤੋਂ ਪਹਿਲਾਂ ਮੇਰਾਜ ਚੰਗੀ ਫਾਰਮ ਵਿਚ ਸਨ। ਉਸ ਸਾਲ ਰੀਓ ਵਿਸ਼ਵ ਕੱਪ ਵਿਚ ਉਨ੍ਹਾਂ ਨੇ ਚਾਂਦੀ ਤਗਮਾ ਜਿੱਤਿਆ ਸੀ। ਉਦੋਂ ਉਲੰਪਿਕ ਲਈ ਕੁਆਲੀਫਾਈ ਕਰਦੇ ਹੋਏ ਉਨ੍ਹਾਂ ਦਾ ਔਸਤ ਸਕੋਰ 124 ਪਲੱਸ ਸੀ ਅਤੇ ਦਿੱਲੀ ਵਿਚ ਵੀ ਟੋਕੀਓ ਲਈ ਕੁਆਲੀਫਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਹਿਲੇ ਮੁਕਾਬਲੇ ਵਿਚ 125 ਸ਼ਾਟ ਲਗਾਏ। ਪਰ ਹਰ ਵਾਰ ਨਵੀਂ ਸ਼ੁਰੂਆਤ ਕਰਨੀ ਪੈਂਦੀ ਹੈ। ਫਿਲਹਾਲ, ਮੇਰਾਜ ਨੂੰ ਦੁੱਖ ਇਸ ਗੱਲ ਦਾ ਹੈ ਕਿ ਉਨ੍ਹਾਂ ਨੂੰ ਸਰਕਾਰ ਦੀ ਫਲੈਗਸ਼ਿਪ ਟਾਰਗੇਟ ਉਲੰਪਿਕ ਪੋਡੀਅਮ ਸਕੀਮ ਵਿਚ ਸ਼ਾਮਿਲ ਨਹੀਂ ਕੀਤਾ ਗਿਆ, ਜੋ ਉਲੰਪਿਕ ਤਗਮੇ ਦੇ ਸੰਭਾਵਿਤ ਨੂੰ ਆਰਥਿਕ ਸਹਿਯੋਗ ਦਿੰਦੀ ਹੈ। ਮੇਰਾਜ ਦਾ ਚਾਂਗਵਨ ਵਿਸ਼ਵ ਕੱਪ ਵਿਚ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ ਅਤੇ ਸਰਕਾਰ ਨੇ 2018 ਵਿਚ ਉਨ੍ਹਾਂ ਨੂੰ ਇਸ ਯੋਜਨਾ ਵਿਚ ਸ਼ਾਮਿਲ ਨਹੀਂ ਕੀਤਾ। ਉਹ ਕਹਿੰਦੇ ਹਨ, 'ਮੈਨੂੰ ਸਰਕਾਰ ਤੋਂ ਕੁਝ ਨਹੀਂ ਮਿਲਿਆ ਹੈਂ ਕਿਉਂਕਿ ਇਕ ਮੁਕਾਬਲੇ ਵਿਚ ਮੇਰਾ ਪ੍ਰਦਰਸ਼ਨ ਖਰਾਬ ਰਿਹਾ। ਇਸ ਤਰ੍ਹਾਂ ਦੀ ਖੇਡ ਵਿਚ ਹੋ ਜਾਂਦਾ ਹੈ, ਪਰ ਤੁਸੀਂ ਆਪਣੇ 'ਵਧੀਆ ਅਥਲੀਟ' ਨੂੰ ਅਣਦੇਖਿਆ ਨਹੀਂ ਕਰ ਸਕਦੇ। ਮੈਂ ਸ਼ਾਲੀਨਤਾ ਨਾਲ ਨਿਰਣਾ ਸਵੀਕਾਰ ਕਰ ਲਿਆ ਅਤੇ ਅੱਗੇ ਵਧ ਗਿਆ।' ਨੌਜਵਾਨ ਸ਼ੂਟਰਜ਼ ਨੂੰ ਟ੍ਰੇਨਿੰਗ ਦੇ ਕੇ ਮੇਰਾਜ ਆਪਣੇ ਸ਼ੌਕ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤੀ ਸਕੀਟ ਪ੍ਰਦਰਸ਼ਨ ਵਿਚ ਜੋ ਨਵਾਂ ਬਦਲਾਅ ਆਇਆ ਹੈ, ਉਸ ਦਾ ਸਿਹਰਾ ਇਟਲੀ ਦੇ ਉਲੰਪਿਕ ਚੈਂਪੀਅਨ ਅੰਨਿਓ ਫਾਲਕੋ ਨੂੰ ਦਿੱਤਾ ਜਾਣਾ ਚਾਹੀਦਾ ਹੈ ਜੋ ਭਾਰਤੀ ਸਕੀਟ ਟੀਮ ਦੇ ਕੋਚ ਹਨ। ਫਾਲਕੋ 2013 ਵਿਚ ਆਏ ਅਤੇ ਉਨ੍ਹਾਂ ਨੇ ਮੇਰਾਜ ਨੂੰ ਕਿਹਾ ਕਿ ਜੇਕਰ ਤੁਸੀਂ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਆਪਣਾ ਗਿਲਾਸ ਖਾਲੀ ਕਰ ਦਿਉ। ਮੇਰਾਜ ਨੇ ਜ਼ੀਰੋ ਤੋਂ ਸ਼ੁਰੂ ਕੀਤਾ, ਸੰਘਰਸ਼ ਕਰਨਾ ਪਿਆ, ਪਰ ਫਿਰ ਉਨ੍ਹਾਂ ਨੇ ਰੀਓ ਵਿਸ਼ਵ ਕੱਪ 'ਚ ਚਾਂਦੀ ਦਾ ਤਗਮਾ ਜਿੱਤਿਆ, ਏਸ਼ੀਅਨ ਚੈਂਪੀਅਨਸ਼ਿਪ ਤਗਮੇ ਜਿੱਤੇ ਅਤੇ ਉਲੰਪਿਕ ਦੇ ਲਗਪਗ ਫਾਈਨਲ ਵਿਚ ਪਹੁੰਚ ਗਏ ਸਨ। ਇਸ ਦਾ ਅਰਥ ਸੀ ਕਿ ਉਹ ਸਹੀ ਟ੍ਰੈਕ 'ਤੇ ਸੀ ਅਤੇ ਹੁਣ ਵੀ ਉਹ ਉਸੇ ਤਰ੍ਹਾਂ ਨਾਲ ਸ਼ੂਟ ਕਰ ਰਹੇ ਹਨ।
ਹੁਣ ਉਨ੍ਹਾਂ ਦਾ ਬੱਸ ਇਕ ਹੀ ਨਿਸ਼ਾਨਾ ਹੈ-ਟੋਕੀਓ ਵਿਚ ਸੋਨਾ। ਅਸਫਲ ਹੋਣ ਦਾ ਡਰ ਹਮੇਸ਼ਾ ਰਹਿੰਦਾ ਹੈ। ਪ੍ਰਤੀਯੋਗਿਤਾ ਵਿਚ ਦਬਾਅ ਦਾ ਅਹਿਸਾਸ ਵੀ ਰਹਿੰਦਾ ਹੈ। ਮੇਰਾਜ ਕਹਿੰਦੇ ਹਨ, 'ਅਭਿਨਵ ਬਿੰਦਰਾ ਨੇ ਇਕ ਵਾਰ ਕਿਹਾ ਸੀ ਕਿ 'ਦਰਦ ਦਾ ਅਨੰਦ ਲਓ' ਤਾਂ ਮੈਂ ਦਰਦ ਦਾ ਮਜ਼ਾ ਲੈ ਰਿਹਾ ਹਾਂ।'


ਖ਼ਬਰ ਸ਼ੇਅਰ ਕਰੋ

11 ਦਸੰਬਰ ਲਈ ਵਿਸ਼ੇਸ਼

ਫ਼ੀਫ਼ਾ ਕਲੱਬ ਵਿਸ਼ਵ ਕੱਪ 2019 ਫੁੱਟਬਾਲ ਕਲੱਬਾਂ ਦੇ ਵਿਸ਼ਵ ਕੱਪ ਦਾ ਵੇਲਾ

ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬ ਟੂਰਨਾਮੈਂਟ, ਫ਼ੀਫ਼ਾ ਕਲੱਬ ਵਿਸ਼ਵ ਕੱਪ 2019 ਦੇ ਮੁਕਾਬਲੇ ਬੁੱਧਵਾਰ 11 ਦਸੰਬਰ ਤੋਂ ਖਾੜੀ ਦੇਸ਼ ਕਤਰ ਵਿਖੇ ਸ਼ੁਰੂ ਹੋ ਰਹੇ ਹਨ ਅਤੇ ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਸਿਰਫ ਦੁਨੀਆ ਦੀਆਂ ਚੈਂਪੀਅਨ ਟੀਮਾਂ ਯਾਨੀ ਉੱਚ ਕੋਟੀ ਦੀਆਂ ਟੀਮਾਂ ਹੀ ਖੇਡਦੀਆਂ ਹਨ। ਵਿਸ਼ਵ ਫੁੱਟਬਾਲ ਜਥੇਬੰਦੀ 'ਫ਼ੀਫ਼ਾ' ਵਲੋਂ ਕਰਵਾਏ ਜਾਂਦੇ ਫ਼ੀਫ਼ਾ ਕਲੱਬ ਵਿਸ਼ਵ ਕੱਪ ਵਿਚ ਹਰ ਸਾਲ ਵੱਖ-ਵੱਖ ਦੇਸ਼ਾਂ ਦੀਆਂ ਕੁੱਲ 7 ਕਲੱਬ ਟੀਮਾਂ ਖੇਡਦੀਆਂ ਹਨ। ਆਪੋ-ਆਪਣੇ ਦੇਸ਼ ਦੀ ਨਹੀਂ ਬਲਕਿ ਆਪੋ-ਆਪਣੇ ਮਹਾਂਦੀਪ ਵਿਚ ਪਹਿਲੇ ਨੰਬਰ ਉੱਤੇ ਰਹਿਣ ਵਾਲੀ ਯਾਨੀ ਉਸ ਮਹਾਂਦੀਪ ਦੀ ਚੈਂਪੀਅਨ ਟੀਮ ਨੂੰ ਇਸ ਮੁਕਾਬਲੇ ਵਿਚ ਸਿੱਧਾ ਦਾਖਲਾ ਮਿਲਦਾ ਹੈ। ਇਸ ਤੋਂ ਇਲਾਵਾ ਮੇਜ਼ਬਾਨ ਦੇਸ਼ ਦੀ ਇਕ ਚੋਣਵੀਂ ਟੀਮ ਨੂੰ ਵੀ ਫ਼ੀਫ਼ਾ ਕਲੱਬ ਵਿਸ਼ਵ ਕੱਪ ਵਿਚ ਖੇਡਣ ਦਾ ਮੌਕਾ ਦਿੱਤਾ ਜਾਂਦਾ ਹੈ। 11 ਦਸੰਬਰ ਤੋਂ 21 ਦਸੰਬਰ ਦੇ ਫ਼ਾਈਨਲ ਤੱਕ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਤਹਿਤ ਇਸ ਵੱਕਾਰੀ ਖਿਤਾਬ ਲਈ ਕੁੱਲ 7 ਟੀਮਾਂ ਜ਼ੋਰ ਅਜ਼ਮਾਈ ਕਰਨਗੀਆਂ। ਇਸ ਟੂਰਨਾਮੈਂਟ ਰਾਹੀਂ ਕਤਰ ਦੇਸ਼ ਦੀ ਵੀ ਪਰਖ ਹੋਵੇਗੀ, ਕਿਉਂਕਿ ਤਿੰਨ ਸਾਲ ਬਾਅਦ ਸਾਲ 2022 ਵਿਚ ਇਸੇ ਕਤਰ ਦੇਸ਼ ਨੇ ਫ਼ੀਫ਼ਾ ਵਿਸ਼ਵ ਕੱਪ ਦੀ ਵੀ ਮੇਜ਼ਬਾਨੀ ਕਰਨੀ ਹੈ।
ਐਤਕੀਂ ਇਸ ਫ਼ੀਫ਼ਾ ਕਲੱਬ ਵਿਸ਼ਵ ਕੱਪ ਵਿਚ ਜੋ ਜੇਤੂ ਟੀਮਾਂ ਖੇਡਣਗੀਆਂ, ਉਨ੍ਹਾਂ ਦਰਮਿਆਨ ਤਕੜਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਦੱਖਣ ਅਮਰੀਕਾ ਮਹਾਂਦੀਪ ਤੋਂ ਬ੍ਰਾਜ਼ੀਲ ਦੀ ਜੇਤੂ ਟੀਮ ਫਲਾਮੈਂਗੋ ਹਿੱਸਾ ਲਵੇਗੀ, ਜੋ ਤੇਜ਼-ਤਰਾਰ ਕਲਾਤਮਕ ਫੁੱਟਬਾਲ ਖੇਡਦੀ ਹੈ, ਜਦਕਿ ਉੱਤਰ ਅਮਰੀਕੀ ਪਾਸੇ ਦੀ ਜੇਤੂ ਟੀਮ ਮੈਕਸੀਕੋ ਦੇਸ਼ ਦੀ ਕਲੱਬ ਟੀਮ ਮੋਂਟਰੇਰੀ ਜਿੱਤ ਕੇ ਇਥੇ ਆਈ ਹੈ। ਯੂਰਪ ਤੋਂ ਯੂਏਫਾ ਚੈਂਪੀਅਨਜ਼ ਲੀਗ ਦਾ ਖਿਤਾਬ ਜੇਤੂ ਇੰਗਲੈਂਡ ਦੀ ਇਤਿਹਾਸਕ ਟੀਮ ਲਿਵਰਪੂਲ ਹੈ, ਜਿਸ ਨੇ ਪੂਰੇ ਦਸੰਬਰ ਮਹੀਨੇ ਵਿਚ ਕਈ ਮੈਚ ਖੇਡਣੇ ਹਨ। ਫ਼ੀਫ਼ਾ ਕਲੱਬ ਵਿਸ਼ਵ ਕੱਪ ਵਿਚ ਸਾਡੇ ਏਸ਼ੀਆ ਖਿੱਤੇ ਦੀ ਅਗਵਾਈ ਸਾਊਦੀ ਅਰਬ ਦੀ ਟੀਮ 'ਅਲ-ਹਿਲਾਲ' ਕਰੇਗੀ, ਜਦਕਿ ਟਾਪੂ ਦੇਸ਼ਾਂ ਤੋਂ ਟਿਊਨੀਸ਼ੀਆ ਦੇਸ਼ ਦੀ ਟੀਮ ਆਪਣੇ ਖੇਤਰ ਦੀ ਪ੍ਰਤੀਨਿਧਤਾ ਕਰੇਗੀ। ਮੇਜ਼ਬਾਨ ਦੇਸ਼ ਕਤਰ ਦੀ ਟੀਮ 'ਅਲ-ਸਾਢ' ਅਤੇ ਇਕ ਟੀਮ ਫਰਾਂਸ ਦੇਸ਼ ਦੇ ਵਿਸ਼ੇਸ਼ ਖਿੱਤੇ 'ਕੈਲੇਡੋਨਿਆ' ਤੋਂ ਵੀ ਹਿੱਸਾ ਲਵੇਗੀ। ਟੂਰਨਾਮੈਂਟ ਦੀ ਬਣਤਰ ਇਸ ਤਰ੍ਹਾਂ ਹੈ ਕਿ ਦਰਜਾਬੰਦੀ ਦੇ ਹਿਸਾਬ ਨਾਲ ਮੁਕਾਬਲੇ ਸ਼ੁਰੂ ਹੋਣਗੇ, ਜਿਸ ਤਹਿਤ ਅਲ-ਸਾਢ ਅਤੇ ਕੈਲੇਡੋਨਿਆ ਦੀ ਟੀਮ ਪਹਿਲੇ ਗੇੜ ਵਿਚ ਟੂਰਨਾਮੈਂਟ ਦਾ ਆਗਾਜ਼ ਕਰਨਗੇ ਜਦਕਿ ਦੂਜੇ ਗੇੜ ਵਿਚ ਪਹਿਲੇ ਗੇੜ ਦੀ ਜੇਤੂ ਟੀਮ, ਅੱਗੇ ਅਲ-ਹਿਲਾਲ, ਟਿਊਨਿਸ਼ੀਆ ਅਤੇ ਮੋਂਟਰੇਰੀ ਨਾਲ ਖੇਡੇਗੀ। ਦਰਜਾਬੰਦੀ ਵਿਚ ਸਭ ਤੋਂ ਉੱਪਰ ਦੀਆਂ ਟੀਮਾਂ ਫਲਾਮੈਂਗੋ ਅਤੇ ਲਿਵਰਪੂਲ ਸਿੱਧਾ ਸੈਮੀਫ਼ਾਈਨਲ ਵਿਚ ਦਾਖਲ ਹੋਣਗੀਆਂ।
ਉਂਜ ਤਾਂ ਕਲੱਬ ਫੁੱਟਬਾਲ ਦੇ ਮੁਕਾਬਲੇ ਸਾਰਾ ਸਾਲ ਚਲਦੇ ਰਹਿੰਦੇ ਹਨ ਪਰ ਇਸ ਟੂਰਨਾਮੈਂਟ ਦੀ ਖਾਸ ਗੱਲ ਇਹ ਹੈ ਕਿ ਇਕ ਤਾਂ ਇਹ ਫ਼ੀਫ਼ਾ ਵਲੋਂ ਕਰਵਾਇਆ ਜਾਂਦਾ ਹੈ ਅਤੇ ਇਸ ਰਾਹੀਂ ਵਿਸ਼ਵ ਦਾ ਸਭ ਤੋਂ ਵਧੀਆ ਕਲੱਬ ਪਰਖਿਆ ਜਾਂਦਾ ਹੈ। ਇਸੇ ਤਰ੍ਹਾਂ ਹਿੱਸਾ ਲੈ ਰਹੀਆਂ ਟੀਮਾਂ ਨੂੰ ਆਪੋ-ਆਪਣੇ ਇਲਾਕੇ ਤੋਂ ਬਾਹਰ, ਨਵੇਂ ਹਾਲਾਤ ਅਤੇ ਨਵੀਆਂ ਟੀਮਾਂ ਖਿਲਾਫ਼ ਪਹਿਲੀ ਵਾਰ ਖੇਡਣ ਦਾ ਤਜਰਬਾ ਹੁੰਦਾ ਹੈ ਅਤੇ ਖੇਡ ਦਾ ਨਵਾਂ ਪਹਿਲੂ ਪਰਖਿਆ ਜਾਂਦਾ ਹੈ। ਮਤਲਬ ਇਹ ਕਿ ਇਹੋ ਜਿਹੇ ਫੁੱਟਬਾਲ ਕਲੱਬ ਮੁਕਾਬਲੇ ਕਿਧਰੇ ਹੋਰ ਨਹੀਂ ਹੁੰਦੇ। ਇੰਜ, ਦਸ ਦਿਨ ਦੇ ਰੋਮਾਂਚਕ ਸਫਰ ਦੇ ਬਾਅਦ ਸਾਰੇ ਵਿਸ਼ਵ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ, ਇਹ ਵੇਖਣ ਲਈ ਕਿ ਦੁਨੀਆ ਦੇ ਸਭ ਤੋਂ ਵੱਡੇ ਕਲੱਬ ਫੁੱਟਬਾਲ ਮੁਕਾਬਲੇ ਦਾ ਜੇਤੂ ਕੌਣ ਬਣਦਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com

ਕਬੱਡੀ ਕੁਮੈਂਟਰੀ ਦੀ ਦਿੱਗਜ਼ ਤਿੱਕੜੀ-ਰੁਪਿੰਦਰ ਜਲਾਲ, ਅਮਰੀਕ ਖੋਸਾ ਤੇ ਅਮਨ ਲੋਪੋ

ਖੇਡ ਜਗਤ ਅੰਦਰ ਕਿਸੇ ਵੀ ਖੇਡ ਦਾ ਅਨਿੱਖੜਵਾਂ ਅੰਗ ਹੈ ਕੁਮੈਂਟਰੀ ਕਲਾ। ਕੁਮੈਂਟਰੀ ਨਾਲ ਹਰ ਖੇਡ ਦੇ ਖਿਡਾਰੀ ਵਿਚ ਊਰਜਾ ਤੇ ਜਨੂੰਨ ਪੈਦਾ ਹੁੰਦਾ ਹੈ। ਕਬੱਡੀ ਕੁਮੈਂਟਰੀ ਦੇ ਥੰਮ੍ਹ ਵਜੋਂ ਜਾਣੀ ਜਾਂਦੀ ਕੁਮੈਂਟੇਟਰਾਂ ਦੀ ਤਿਕੜੀ ਰੁਪਿੰਦਰ ਜਲਾਲ, ਅਮਨ ਲੋਪੋ ਤੇ ਅਮਰੀਕ ਖੋਸਾ ਕੋਟਲਾ ਅੱਜ ਦੇ ਸਮੇਂ ਦੇ ਸਟਾਰ ਕਬੱਡੀ ਬੁਲਾਰ ਹਨ, ਇਨ੍ਹਾਂ ਦੀ ਹਾਜ਼ਰੀ ਬਿਨਾਂ ਪੰਜਾਬ ਭਰ ਅਤੇ ਦੇਸ਼-ਵਿਦੇਸ਼ਾਂ ਦੇ ਕਬੱਡੀ ਮੇਲੇ ਅਧੂਰੇ ਜਾਪਦੇ ਹਨ। ਮਾਲਵੇ ਖਿੱਤੇ ਦੇ ਤਿੰਨੋਂ ਨੌਜਵਾਨ ਖੇਡ ਕਬੱਡੀ ਦੇ ਧੁਨੰਤਰ ਕੁਮੈਂਟੇਟਰਾਂ ਬਾਰੇ ਇਸ ਲੇਖ ਰਾਹੀਂ ਸੰਖੇਪ ਜਾਣਕਾਰੀ ਖੇਡ ਪ੍ਰੇਮੀਆਂ ਦੀ ਨਜ਼ਰ:
ਅਮਰੀਕ ਖੋਸਾ ਕੋਟਲਾ
ਮੋਹ ਦੀ ਮੂਰਤ, ਚਿਹਰੇ ਉੱਪਰ ਮਿੱਠੀ ਜਿਹੀ ਮੁਸਕਾਨ ਤੇ ਸਾਊ ਸੁਭਾਅ ਵਾਲੇ ਖੇਡ ਕਬੱਡੀ ਦੇ ਮਹਾਨ ਬੁਲਾਰੇ ਅਮਰੀਕ ਖੋਸਾ ਕੋਟਲਾ ਦੇ ਕਬੱਡੀ ਜਗਤ 'ਚ ਖੂਬ ਚਰਚੇ ਹਨ, ਕਬੱਡੀ ਕੁਮੈਂਟਰੀ ਦਾ ਅਲੰਬਰਦਾਰ ਹੈ ਅਮਰੀਕ। ਕੁਮੈਂਟਰੀ ਦੌਰਾਨ ਉਸ ਦੀ ਠੇਠ ਪੰਜਾਬੀ 'ਚ ਬੋਲਣ ਦੀ ਅਦਾ ਹਰ ਇਕ ਵਿਅਕਤੀ ਨੂੰ ਕਾਇਲ ਕਰਦੀ ਹੈ, ਇਹੀ ਉਸ ਦੀ ਕਾਮਯਾਬੀ ਤੇ ਅਨੋਖਾ ਅੰਦਾਜ਼ ਵੀ ਹੈ। ਕਲਾ ਅਤੇ ਤਕਨੀਕ ਨਾਲ ਤੁਰਨ ਵਾਲਾ ਅਨੁਸ਼ਾਸਨੀ ਕਬੱਡੀ ਬੁਲਾਰਾ ਹੈ ਅਮਰੀਕ। ਸਾਲ 2011 'ਚ ਪਿੰਡ ਖੋਸਾ ਕੋਟਲਾ ਦੇ ਖੇਡ ਮੇਲੇ ਤੋਂ ਉੱਘੇ ਕਬੱਡੀ ਕੁਮੈਂਟੇਟਰ ਬੂਟਾ ਉਮਰੀਆਣਾ ਵਲੋਂ ਜਗਾਇਆ ਇਹ ਦੀਪ ਅੱਜ ਪੁੰਨਿਆਂ ਦਾ ਚੰਦਰਮਾ ਬਣ ਦੁਨੀਆ ਭਰ ਦੇ ਕਬੱਡੀ ਪ੍ਰੇਮੀਆ ਲਈ ਗਿਆਨ ਤੇ ਮਨੋਰੰਜਨ ਦਾ ਚਾਨਣ ਬਿਖੇਰ ਰਿਹਾ ਹੈ। ਕੋਮਲ ਹਿਰਦੇ ਦਾ ਮਾਲਕ ਤੇ ਯਾਰਾਂ ਦਾ ਯਾਰ ਅਮਰੀਕ ਖੋਸਾ ਕੋਟਲਾ ਗਿਆਨ ਦਾ ਵਹਿੰਦਾ ਦਰਿਆ ਹੈ, ਜੋ ਖੇਡ ਕਬੱਡੀ ਦੇ ਨਾਲ-ਨਾਲ ਲੋਕ ਅਖਾਣਾਂ ਤੇ ਮੁਹਾਵਰਿਆਂ ਜ਼ਰੀਏ ਸਮਾਜ ਦੀਆਂ ਅਸਲ ਤਲਖ ਸਚਾਈਆਂ ਦੀ ਬਾਤ ਪਾਉਂਦਾ ਹੈ। ਕਬੱਡੀ ਮੈਚਾਂ ਦੌਰਾਨ ਆਪਣੀ ਮਨਮੋਹਕ ਕੁਮੈਂਟਰੀ ਨਾਲ ਵੱਖਰਾ ਰੰਗ ਭਰਨ ਵਾਲੇ ਅਮਰੀਕ ਨੇ ਸੰਨ 2015, 2016 ਅਤੇ 2017 'ਚ ਯੂਰਪ ਮਹਾਂਦੀਪ ਦੇ ਕਬੱਡੀ ਸੀਜ਼ਨ ਦੌਰਾਨ ਵੱਖ-ਵੱਖ ਦੇਸ਼ਾਂ ਜਰਮਨ, ਫਰਾਂਸ, ਸਪੇਨ, ਨਾਰਵੇ, ਬੈਲਜੀਅਮ, ਹਾਲੈਂਡ, ਪੁਰਤਗਾਲ ਤੇ ਇਟਲੀ ਆਦਿ 'ਚ ਕੁਮੈਂਟਰੀ ਦੇ ਜੌਹਰ ਦਿਖਾਏ। 2018 'ਚ ਕੈਨੇਡਾ ਕਬੱਡੀ ਸੀਜ਼ਨ ਅਤੇ 2019 ਦੇ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਮਨੀਲਾ ਦੇ ਖੇਡ ਮੇਲਿਆਂ ਵਿਚ ਆਪਣੀ ਕੁਮੈਂਟਰੀ ਕਲਾ ਦੇ ਰੰਗ ਦਿਖਾਉਂਦਿਆਂ ਵੱਡੀ ਸ਼ੁਹਰਤ ਦੇ ਨਾਲ-ਨਾਲ ਅਥਾਹ ਦੌਲਤ ਵੀ ਆਪਣੇ ਮਿੱਠੇ ਬੋਲਾਂ ਨਾਲ ਪ੍ਰਾਪਤ ਕੀਤੀ।
ਰੁਪਿੰਦਰ ਜਲਾਲ
ਕਿਤਾਬਾਂ ਪੜ੍ਹਨ ਦਾ ਸ਼ੌਕੀਨ ਰੁਪਿੰਦਰ ਜਲਾਲ ਆਪਣੇ ਮੁਖਾਰਬਿੰਦ 'ਚੋਂ ਸਾਹਿਤਕ ਬੋਲਾਂ ਨਾਲ ਗਰਾਊਡਾਂ 'ਚ ਕਬੱਡੀ ਖਿਡਾਰੀਆਂ ਦੀ ਕਲਾਤਮਿਕ ਖੇਡ, ਭਰਵੇਂ ਤੇ ਜਰਵਾਣੇ ਜੁੱਸਿਆਂ ਦੀ ਹਮੇਸ਼ਾ ਵਡਿਆਈ ਕਰਦਾ ਰਹਿੰਦਾ ਹੈ। ਨਸ਼ਿਆਂ ਦੇ ਸਖ਼ਤ ਖਿਲਾਫ ਰੁਪਿੰਦਰ ਖੇਡ ਕਬੱਡੀ ਵਿਚ ਨਸ਼ਿਆਂ ਦੇ ਹੋਏ ਪ੍ਰਵੇਸ਼ ਤੋਂ ਡਾਢਾ ਚਿੰਤਤ ਹੈ। ਇਹ ਗੱਭਰੂ ਆਪਣੀ ਕੁਮੈਂਟਰੀ ਦੌਰਾਨ ਨਸ਼ਿਆਂ ਖਿਲਾਫ ਖੁੱਲ੍ਹ ਕੇ ਬੋਲਦਾ ਤੇ ਖਿਡਾਰੀਆਂ ਨੂੰ ਆਪਣੀ ਸਾਫ਼-ਸੁਥਰੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਅਕਸਰ ਬੇਨਤੀ ਕਰਦਾ ਰਹਿੰਦਾ ਹੈ। ਉਮਰੋਂ ਸਿਆਣੀਆਂ ਗੱਲਾਂ ਕਰਨ ਵਾਲਾ ਰੁਪਿੰਦਰ ਨਿੱਤ ਦਿਨ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਸਾਦਗੀ ਪਸੰਦ ਰੁਪਿੰਦਰ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਤੇ ਮੱਖਣ ਅਲੀ ਨੂੰ ਇਸ ਖੇਤਰ ਵਿਚ ਆਪਣਾ ਉਸਤਾਦ ਮੰਨਦਾ ਹੈ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਜਮੇਰ ਜਲਾਲ ਨੂੰ ਕੁਮੈਂਟਰੀ ਖੇਤਰ ਦਾ ਰਾਹ ਦਸੇਰਾ ਸਮਝਦਾ ਹੈ। ਰੁਪਿੰਦਰ ਨੇ ਵਿਦੇਸ਼ਾਂ ਦੀ ਧਰਾਤਲ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਦੁਬਈ, ਮਲੇਸ਼ੀਆ ਆਦਿ ਵਿਖੇ ਆਪਣੀ ਕੁਮੈਂਟਰੀ ਕਲਾ ਦੇ ਖੂਬਸੂਰਤ ਤੇ ਮਾਖਿਓਂ ਮਿੱਠੀ ਆਵਾਜ਼ ਵਿਚ ਖੂਬ ਜਲਵੇ ਬਿਖੇਰੇ।
ਅਮਨ ਲੋਪੋ
ਮਿਲਣਸਾਰ ਤਾਸੀਰ ਦਾ ਮਾਲਕ ਪ੍ਰਸਿੱਧ ਕਬੱਡੀ ਕੁਮੈਂਟੇਟਰ ਅਮਨ ਲੋਪੋ ਕਬੱਡੀ ਖੇਡ ਜਗਤ ਦਾ ਜਾਣਿਆ-ਪਹਿਚਾਣਿਆ ਨਾਂਅ ਹੈ। ਪੇਂਡੂ ਖੇਡ ਮੇਲਿਆਂ ਵਿਚ ਉਸ ਦੀ ਤੂਤੀ ਖੂਬ ਬੋਲਦੀ ਹੈ। ਪੰਜਾਬ ਭਰ ਦੇ ਖੇਡ ਮੇਲਿਆਂ ਵਿਚ ਉਸ ਦੀ ਹਾਜ਼ਰੀ ਯਕੀਨੀ ਹੈ, ਖਾਸ ਕਰ ਮਾਲਵੇ ਦੇ ਕਬੱਡੀ ਟੂਰਨਾਮੈਂਟ ਉਸ ਦੀ ਹਾਜ਼ਰੀ ਬਿਨਾਂ ਅਧੂਰੇ ਜਾਪਦੇ ਹਨ, ਕਿਉਂਕਿ ਮਾਲਵੇ ਖਿੱਤੇ ਦੇ ਲੋਕ ਕਬੱਡੀ ਮੈਚਾਂ ਦੀ ਬਜਾਏ ਅਮਨ ਲੋਪੋ ਦੇ ਸੱਚੇ ਬੋਲਾਂ ਨੂੰ ਸੁਣਨ ਲਈ ਕਬੱਡੀ ਖੇਡ ਦੇ ਮੈਦਾਨਾਂ ਵਿਚ ਆਉਂਦੇ ਹਨ। ਖੇਡ ਕਬੱਡੀ ਵਿਚ ਨਸ਼ਿਆਂ ਦੇ ਹੋਏ ਪ੍ਰਵੇਸ਼ ਨੂੰ ਉਹ ਮਾਂ-ਖੇਡ ਕਬੱਡੀ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਸਰਾਪ ਸਮਝਦਾ ਹੈ। ਪਿੰਡ ਲੋਪੋ ਤੋਂ ਕੁਮੈਂਟਰੀ ਕਲਾ ਦੀ ਸ਼ੁਰੂਆਤ ਕਰਨ ਵਾਲੇ ਅਮਨ ਲੋਪੋ ਦਾ ਕਬੱਡੀ ਜਗਤ 'ਚ ਸਥਾਪਿਤ ਕੁਮੈਂਟੇਟਰ ਵਜੋਂ ਵੱਡਾ ਨਾਂਅ ਹੈ। ਪ੍ਰੋਫੈਸਰ ਮੱਖਣ ਸਿੰਘ ਅਤੇ ਰਿੰਪੀ ਬਰਾੜ ਗੱਜਣਵਾਲਾ ਦੀ ਕੁਮੈਂਟਰੀ ਦਾ ਆਸ਼ਕ ਇਨ੍ਹਾਂ ਨੂੰ ਆਪਣਾ ਉਸਤਾਦ ਮੰਨਦਾ ਹੈ। ਅਮਨ ਲੋਪੋ ਤੇ ਰੁਪਿੰਦਰ ਜਦ ਮਿਲ ਕੇ ਕੁਮੈਂਟਰੀ ਕਰਦੇ ਹਨ ਤਾਂ ਦਰਸ਼ਕ ਕਬੱਡੀ ਮੈਚ ਦੇਖਣ ਦੀ ਬਜਾਏ ਸਾਹ ਰੋਕ ਕੇ ਇਨ੍ਹਾਂ ਦੇ ਠੇਠ ਪੰਜਾਬੀ ਵਿਚ ਬੋਲੇ ਟੋਟਕਿਆਂ ਦਾ ਰੱਜ ਕੇ ਨਜ਼ਾਰਾ ਲੈਂਦੇ ਹਨ। ਕੁਮੈਂਟਰੀ ਕਲਾ ਕਰਕੇ ਉਸ ਦੇ ਅਨੇਕਾਂ ਸਨਮਾਨ ਹੋਏ ਹਨ ਪਰ ਅਸਲ ਸਨਮਾਨ ਉਹ ਦਰਸ਼ਕਾਂ ਤੋਂ ਮਿਲੇ ਪਿਆਰ ਨੂੰ ਸਮਝਦਾ ਹੈ।


-ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)। ਮੋਬਾ: 98147-45867

ਹਾਦਸਾ ਹੋ ਜਾਣ ਦੇ ਬਾਵਜੂਦ ਵੀ ਨਹੀਂ ਰੁਕੇ ਕਦਮ ਸੁਬਾਸ਼ਿਸ ਗੋਸ ਕਲਕੱਤਾ ਦੇ

ਸੁਭਾਸ਼ਿਸ ਗੋਸ ਹਾਦਸਾ-ਦਰ-ਹਾਦਸੇ ਦਾ ਨਾਂਅ ਹੈ, ਕਿਉਂਕਿ ਜਦ ਉਸ ਨੇ ਜਨਮ ਲਿਆ ਤਾਂ ਉਸ ਦੇ ਦਿਲ ਦੀ ਧੜਕਨ ਐਨੀ ਤੇਜ਼ ਸੀ ਕਿ ਪਰਿਵਾਰ ਨੂੰ ਲਗਦਾ ਸੀ ਕਿ ਸੁਭਾਸ਼ਿਸ ਗੋਸ ਦੀ ਇਹ ਬਿਮਾਰੀ ਕਦੇ ਵੀ ਦੂਰ ਨਹੀਂ ਹੋਵੇਗੀ ਅਤੇ ਇਹ ਲੜਕਾ ਜ਼ਿੰਦਗੀ ਕਿਵੇਂ ਬਤੀਤ ਕਰੇਗਾ। ਇਹ ਸਦਮਾ ਤਾਂ ਅਜੇ ਪਰਿਵਾਰ ਸਾਹਮਣੇ ਮੂੰਹ ਅੱਡੀ ਖੜ੍ਹਾ ਸੀ ਕਿ ਸਾਲ 2005 ਵਿਚ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਦੌਰਾਨ ਉਸ ਦਾ ਖੱਬਾ ਪੈਰ ਬੁਰੀ ਤਰ੍ਹਾਂ ਚੀਥੜਿਆ ਗਿਆ, ਜਿਸ ਨੂੰ ਡਾਕਟਰਾਂ ਵਲੋਂ ਕੱਟਣ ਦੇ ਸਿਵਾਏ ਕੋਈ ਚਾਰਾ ਨਹੀਂ ਸੀ ਅਤੇ ਉਹ ਤਿੰਨ ਸਾਲ ਦੇ ਕਰੀਬ ਬੈੱਡ 'ਤੇ ਹੀ ਪਿਆ ਰਿਹਾ ਅਤੇ ਸੁਭਾਸ਼ਿਸ ਗੋਸ ਸੋਚਣ ਲੱਗਾ ਕਿ ਜ਼ਿੰਦਗੀ ਬਦਲ ਹੀ ਨਹੀਂ ਗਈ, ਸਗੋਂ ਰੁਕ ਗਈ। ਸੁਭਾਸ਼ਿਸ ਗੋਸ ਦਾ ਜਨਮ 17 ਸਤੰਬਰ, 1978 ਨੂੰ ਕਲਕੱਤਾ ਦੇ ਸ਼ਹਿਰ ਹਾਵੜਾ ਵਿਖੇ ਪਿਤਾ ਗੌਰ ਕਾਂਤੀ ਗੋਸ ਦੇ ਘਰ ਮਾਤਾ ਸੁਪਤਾ ਗੋਸ ਦੀ ਕੁੱਖੋਂ ਹੋਇਆ। ਸੁਭਾਸ਼ਿਸ ਗੋਸ ਨੇ ਸਾਲ 2016 ਵਿਚ ਇੰਟਰਨੈੱਟ 'ਤੇ ਦੌੜਨ ਦੇ ਫਾਇਦੇ ਵੇਖੇ ਅਤੇ ਨਾਲ ਹੀ ਉਸ ਨੇ ਕਲਕੱਤਾ ਵਿਖੇ ਹੋਈ ਫੁੱਲ ਮੈਰਾਥਨ ਦੌੜ ਵੀ ਵੇਖੀ ਤਾਂ ਉਸ ਨੇ ਇਹ ਫੈਸਲਾ ਕਰ ਲਿਆ ਕਿ ਉਹ ਵੀ ਦੌੜੇਗਾ ਅਤੇ ਛੇਤੀ ਹੀ ਉਸ ਨੇ 10 ਕਿਲੋਮੀਟਰ ਦੀ ਮੈਰਾਥਨ ਦੌੜ ਵਿਚ ਭਾਗ ਲੈਣ ਦਾ ਮਨ ਬਣਾ ਲਿਆ। ਉਸ ਲਈ ਉਹ ਵੱਡੀ ਦੌੜ ਸੀ ਅਤੇ 2 ਜਨਵਰੀ, 2017 ਵਿਚ ਉਸ ਨੇ ਫਿਰ ਮੈਰਾਥਨ ਦੌੜ ਵਿਚ ਹਿੱਸਾ ਲਿਆ ਪਰ ਉਸ ਦੌੜ ਨੂੰ ਉਹ ਪੂਰਾ ਨਹੀਂ ਦੌੜ ਸਕਿਆ ਅਤੇ ਉਸ ਦਾ ਸਾਹ ਬੁਰੀ ਤਰਾਂ ਚੜ੍ਹ ਗਿਆ ਪਰ ਉੁਸ ਨੇ ਹਿੰਮਤ ਨਾ ਹਾਰੀ। ਉਹ ਹਰ ਰੋਜ਼ ਦੌੜਦਾ ਅਤੇ ਅਤੇ ਉਸ ਦਾ ਸਾਹ ਟਿਕਣ ਲੱਗਿਆ ਅਤੇ ਸੁਭਾਸ਼ਿਸ ਗੋਸ ਲਈ ਖੁਸ਼ੀ ਦਾ ਟਿਕਾਣਾ ਨਾ ਰਿਹਾ, ਕਿਉਂਕਿ ਉਹ ਰੁਕਣਾ ਨਹੀਂ, ਸਗੋਂ ਦੌੜਨਾ ਚਾਹੁੰਦਾ ਸੀ ਅਤੇ ਉਸ ਨੂੰ ਹੀ ਉਹ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੁੰਦਾ ਸੀ।
ਜਨਵਰੀ, 2017 ਵਿਚ ਉਸ ਨੇ ਪਹਿਲੀ ਮੈਰਾਥਨ ਦੌੜ ਕੇ ਪੂਰੀ ਕੀਤੀ ਤਾਂ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਫਿਰ ਸੁਭਾਸ਼ਿਸ ਗੋਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ, ਸਗੋਂ ਅੱਗੇ ਹੀ ਵਧਦਾ ਗਿਆ ਅਤੇ ਉਹ ਹੁਣ ਤੱਕ 10 ਮੈਰਾਥਨ ਦੌੜਾਂ ਹੈਦਰਾਬਾਦ, ਬੈਂਗਲੂਰ, ਦਿੱਲੀ ਅਤੇ ਮੁੰਬਈ ਸ਼ਾਮਿਲ ਹੈ ਅਤੇ ਇਨ੍ਹਾਂ ਦੌੜਾਂ ਵਿਚ 30 ਕਿਲੋਮੀਟਰ, 25 ਕਿਲੋਮੀਟਰ, 10 ਕਿਲੋਮੀਟਰ ਅਤੇ 5 ਕਿਲੋਮੀਟਰ ਸ਼ਾਮਿਲ ਹੈ। ਸਾਲ 2019 ਵਿਚ ਉਸ ਨੇ ਏਕਲ ਰਨ ਅਤੇ ਸਾਲ 2018 ਵਿਚ ਰੋਟਰੀ ਰਨ ਦੌੜ ਪੂਰੀ ਕਰ ਕੇ ਹੋਰ ਰਿਕਾਰਡ ਵੀ ਆਪਣੇ ਨਾਂਅ ਕਰ ਲਏ ਹਨ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਸਦਕਾ ਸਾਲ 2019 ਵਿਚ ਉਸ ਨੂੰ 'ਸਟਾਰ ਸਪੋਰਟਸ ਬਲੀਵ ਐਵਾਰਡ' ਕ੍ਰਿਕਟ ਦੇ ਸਮਰਾਟ ਰਹੇ ਸਚਿਨ ਤੇਂਦੁਲਕਰ ਦੇ ਹੱਥੋਂ ਦੇ ਕੇ ਸਨਮਾਨਿਆ ਗਿਆ। ਸੁਭਾਸ਼ਿਸ ਗੋਸ ਆਖਦਾ ਹੈ ਕਿ ਮੈਂ ਲੋਕਾਂ ਲਈ ਚੁਣੌਤੀ ਨਹੀਂ ਹਾਂ, ਮੈਂ ਚੁਣੌਤੀ ਆਪਣੀ ਅਪਾਹਜਤਾ ਲਈ ਹਾਂ। ਸੁਭਾਸ਼ਿਸ ਗੋਸ ਨੇ ਇਕ 'ਹੈਪੀ ਫੀਟ ਰਨਰਜ਼' ਗਰੁੱਪ ਵੀ ਬਣਾਇਆ ਹੋਇਆ ਹੈ, ਜਿਸ ਵਿਚ ਉਹ ਆਪਣੇ ਵਰਗੇ ਹੋਰਾਂ ਨੂੰ ਵੀ ਦੌੜਨ ਲਈ ਪ੍ਰੇਰਿਤ ਕਰਦਾ ਹੈ। ਸੁਭਾਸ਼ਿਸ ਗੋਸ ਮੈਰਾਥਨ ਦੌੜਾਂ ਦੌੜਨ ਦੇ ਨਾਲ-ਨਾਲ ਕੰਪਿਊਟਰ ਇੰਜੀਨੀਅਰ ਵੀ ਹੈ ਅਤੇ ਉਸ ਦਾ ਨਿਸ਼ਾਨਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਕੋਈ ਇਕ ਲੱਖ ਦੇ ਕਰੀਬ ਉਸ ਵਰਗੇ ਲੋਕਾਂ ਦੀ ਮਦਦ ਕਰਕੇ, ਉਨ੍ਹਾਂ ਨੂੰ ਆਪਣੇ ਸਿਰ ਖੜ੍ਹੇ ਵੇਖਣਾ ਚਾਹੁੰਦਾ ਹੈ।


-ਮੋਬਾ: 98551-14484

ਸ਼ੁਰੂ ਹੋਈ ਆਈ.ਪੀ.ਐਲ. ਦੀ ਹਲਚਲ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਤਾਜ਼ਾ ਜਾਣਕਾਰੀ ਮੁਤਾਬਿਕ ਰਹਾਣੇ ਤੋਂ ਬਾਅਦ ਕ੍ਰਿਸ਼ਣਅੱਪਾ ਗੋਥਮ ਵੀ ਆਈ.ਪੀ.ਐਲ. 2020 'ਚ ਰਾਜਸਥਾਨ ਲਈ ਖੇਡਦੇ ਨਜ਼ਰ ਨਹੀਂ ਆਉਣਗੇ, ਗੋਥਮ ਨੂੰ ਪੰਜਾਬ ਨੇ ਆਪਣੀ ਟੀਮ 'ਚ ਸ਼ਾਮਿਲ ਕੀਤਾ ਹੈ। ਰਾਜਸਥਾਨ ਰਾਇਲਜ਼ ਲਈ 9 ਸੀਜ਼ਨ ਖੇਡਣ ਵਾਲੇ ਅਜਿੰਕਯ ਰਹਾਣੇ ਹੁਣ ਇਸ ਲੀਗ 'ਚ ਦਿੱਲੀ ਕੈਪੀਟਲ ਲਈ ਖੇਡਣਗੇ। ਦਿੱਲੀ ਨੂੰ ਰਾਹੁਲ ਤੇਵਤਿਆ ਅਤੇ ਮਯੰਕ ਮਾਰਕੰਡੇ ਦੀ ਜਗ੍ਹਾ ਇਸ ਖਿਡਾਰੀ ਨੂੰ ਆਪਣੀ ਟੀਮ 'ਚ ਸ਼ਾਮਿਲ ਕੀਤਾ ਹੈ। ਆਈ.ਪੀ.ਐਲ. ਦੇ 140 ਮੈਚਾਂ ਵਿਚ ਰਹਾਣੇ ਦੇ ਨਾਂਅ 3820 ਦੌੜਾਂ ਹਨ। ਆਸਟ੍ਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵਨ ਸਮਿਥ ਨੂੰ ਫਿਰ ਰਾਜਸਥਾਨ ਰਾਇਲਜ਼ ਦਾ ਕਪਤਾਨ ਬਣਾਇਆ ਗਿਆ ਹੈ। ਅੱਠ ਫ੍ਰੈਂਚਾਇਜੀ ਵਿਚੋਂ ਰਾਇਲ ਚੈਲੰਜਰ ਬੈਂਗਲਰੂ ਨੇ ਸਭ ਤੋਂ ਜ਼ਿਆਦਾ (12) ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਬੀ.ਸੀ.ਸੀ.ਆਈ. ਮੁਤਾਬਿਕ 'ਕਿੰਗਜ਼ ਇਲੈਵਨ ਪੰਜਾਬ ਕੋਲ ਨਿਲਾਮੀ ਲਈ ਸਭ ਤੋਂ ਜ਼ਿਆਦਾ 'ਸੈਲਰੀ ਕੈਪ' ਉਪਲਬਧ ਹਨ, ਜਦਕਿ ਰਾਇਲ ਚੈਲੰਜਰ ਬੈਂਗਲਰੂ ਕੋਲ ਸਭ ਤੋਂ ਜ਼ਿਆਦਾ ਖਿਡਾਰੀਆਂ ਦੀ ਜਗ੍ਹਾ ਖਾਲੀ ਹੈ।'
ਟ੍ਰੇਡਿੰਗ ਵਿੰਡੋ ਬੰਦ ਹੋਣ ਤੋਂ ਬਾਅਦ ਇਕ ਵਾਰ ਫਿਰ ਸਾਰਿਆਂ ਦੀਆਂ ਨਜ਼ਰਾਂ ਤਿੰਨ ਵਾਰ ਦੀ ਜੇਤੂ ਟੀਮ ਚੇਨਈ ਸੁਪਰ ਕਿੰਗਜ਼ 'ਤੇ ਰਹੀਆਂ, ਜਿਨ੍ਹਾਂ ਨੇ ਆਪਣੇ ਉਮਰਦਰਾਜ ਖਿਡਾਰੀਆਂ 'ਤੇ ਯਕੀਨ ਰੱਖਿਆ। ਇਸ ਵਿਚ ਸ਼ੇਨ ਵਾਟਸਨ, ਡਵੇਨ ਬਰਾਵੋ ਵਰਗੇ ਖਿਡਾਰੀ ਸ਼ਾਮਿਲ ਹਨ। ਕਿਹਾ ਜਾਂਦਾ ਹੈ ਕਿ ਮਹਿੰਦਰ ਸਿੰਘ ਧੋਨੀ ਨੇ ਉਮਰਦਰਾਜ ਖਿਡਾਰੀਆਂ ਤੋਂ ਬਿਹਤਰ ਨਤੀਜੇ ਕੱਢੇ ਹਨ। ਕਿੰਗਜ਼ ਇਲੈਵਨ ਪੰਜਾਬ ਨੇ ਪਿਛਲੇ ਅੱਠ ਸੀਜ਼ਨਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੇਵਿਡ ਮਿਲਰ ਕਿੰਗਜ਼ ਅਤੇ ਆਸਟ੍ਰੇਲੀਆ ਦੇ ਗੇਂਦਬਾਜ਼ ਐਡਰੀਉ ਨੂੰ ਰਿਲੀਜ਼ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਪਰ ਉਮਰਦਰਾਜ ਵੈਸਟ ਇੰਡੀਜ਼ ਦੇ 40 ਸਾਲਾ ਖਿਡਾਰੀ ਕ੍ਰਿਸ ਗੇਲ ਨੂੰ ਟੀਮ 'ਚ ਸ਼ਾਮਿਲ ਕੀਤਾ ਹੈ।
ਭਾਰਤੀ ਕ੍ਰਿਕਟ ਬੋਰਡ ਨੇ 2008 'ਚ ਪ੍ਰੀਮੀਅਰ ਟੀਮ-20 ਕ੍ਰਿਕਟ ਲੀਗ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਕਾਰਪੋਰੇਟ ਜਗਤ ਦੀਆਂ 8 ਟੀਮਾਂ ਨੇ ਹਿੱਸਾ ਲਿਆ। ਇਸ ਦੀ ਸਫਲਤਾ ਨੂੰ ਦੇਖ ਕੇ ਦੋ ਹੋਰ ਟੀਮਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਪਰ ਬਾਅਦ ਵਿਚ ਫਿਰ ਸੰਖਿਆ 8 ਕਰ ਦਿੱਤੀ ਗਈ। ਮੁੰਬਈ ਇੰਡੀਅਨਜ਼ ਦੀ ਟੀਮ ਨੇ ਇਸ ਲੀਗ ਦਾ ਖਿਤਾਬ ਸਭ ਤੋਂ ਵੱਧ ਚਾਰ ਵਾਰ ਜਿੱਤਿਆ ਹੈ ਜਦਕਿ ਚੇਨਈ ਸੁਪਰ ਕਿੰਗਜ਼ ਤਿੰਨ ਵਾਰ ਖਿਤਾਬ ਜਿੱਤ ਚੁੱਕੀ ਹੈ। (ਸਮਾਪਤ)


-ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋਬਾ: 94636-12204

ਭਾਰਤੀ ਖਿਡਾਰੀ ਕਿਉਂ ਨਹੀਂ ਤਿਆਗਦੇ ਹਿੰਸਕ ਵਤੀਰਾ?

ਹਾਲ ਹੀ ਵਿਚ ਦਿੱਲੀ ਵਿਖੇ ਹੋਏ ਇਕ ਹਾਕੀ ਟੂਰਨਾਮੈਂਟ ਦੌਰਾਨ ਪੰਜਾਬ ਪੁਲਿਸ ਅਤੇ ਪੰਜਾਬ ਨੈਸ਼ਨਲ ਬੈਂਕ ਦੀਆਂ ਟੀਮਾਂ ਦਰਮਿਆਨ ਹੋਏ ਮੈਚ ਦੌਰਾਨ ਖਿਡਾਰੀਆਂ ਦਰਮਿਆਨ ਜੰਮ ਕੇ ਲੜਾਈ ਹੋਈ, ਜੋ ਭਾਰਤੀ ਖਿਡਾਰੀਆਂ ਦੇ ਹਿੰਸਕ ਵਤੀਰੇ ਦੀ ਸਪੱਸ਼ਟ ਤਸਵੀਰ ਹੈ। ਅਕਸਰ ਹੀ ਭਾਰਤੀ ਖਿਡਾਰੀ ਨਿੱਕੀਆਂ-ਨਿੱਕੀਆਂ ਗੱਲਾਂ 'ਤੇ ਖੇਡ ਮੈਦਾਨਾਂ 'ਚ ਭੜਕ ਜਾਂਦੇ ਹਨ ਅਤੇ ਘਸੁੰਨ-ਮੁੱਕੀ 'ਤੇ ਉੱਤਰ ਆਉਂਦੇ ਹਨ। ਸਾਡੇ ਮੁਲਕ 'ਚ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਪਹਿਲਾਂ ਵੀ ਇਸ ਤਰ੍ਹਾਂ ਦੇ ਕਾਫੀ ਵਾਕਿਆਤ ਹੋ ਚੁੱਕੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖ ਕੇ ਜਾਪਦਾ ਹੈ ਕਿ ਸਾਡੇ ਖਿਡਾਰੀਆਂ ਨੂੰ ਖੇਡਾਂ ਦੇ ਸਹੀ ਅਰਥਾਂ ਤੇ ਨਿਸ਼ਾਨਿਆਂ ਦਾ ਪਤਾ ਨਹੀਂ ਜਾਂ ਲੜਨਾ-ਝਗੜਨਾ ਇਨ੍ਹਾਂ ਦੀ ਫਿਤਰਤ ਬਣ ਗਿਆ ਹੈ।
ਤਾਜ਼ਾ ਘਟਨਾ : ਨਵੀਂ ਦਿੱਲੀ ਵਿਖੇ ਨਹਿਰੂ ਹਾਕੀ ਦੇ ਫਾਈਨਲ ਮੁਕਾਬਲੇ ਦੌਰਾਨ ਪੰਜਾਬ ਪੁਲਿਸ ਤੇ ਪੰਜਾਬ ਨੈਸ਼ਨਲ ਬੈਂਕ ਦੀਆਂ ਟੀਮਾਂ ਜਿਸ ਵੇਲੇ 3-3 ਗੋਲਾਂ ਨਾਲ ਬਰਾਬਰ ਚੱਲ ਰਹੀਆਂ ਸਨ ਤੇ ਗੇਂਦ ਪੰਜਾਬ ਪੁਲਿਸ ਦੀ ਡੀ ਵਿਚ ਸੀ, ਉਸ ਵੇਲੇ ਦੋਵਾਂ ਟੀਮਾਂ ਦੇ ਖਿਡਾਰੀਆਂ 'ਚ ਲੜਾਈ ਹੋ ਗਈ, ਜਿਸ ਦੌਰਾਨ ਜੰਮ ਕੇ ਹਾਕੀਆਂ ਬਰਸੀਆਂ ਅਤੇ ਘਸੁੰਨ-ਮੁੱਕੇ ਚੱਲੇ। ਟੂਰਨਾਮੈਂਟ ਪ੍ਰਬੰਧਕਾਂ ਨੇ ਕਾਫੀ ਜੱਦੋ-ਜਹਿਦ ਉਪਰੰਤ ਦੋਵਾਂ ਟੀਮਾਂ ਦੀ ਲੜਾਈ ਰੁਕਵਾਈ। ਦੋਵਾਂ ਟੀਮਾਂ ਦੇ 3-3 ਖਿਡਾਰੀਆਂ ਨੂੰ ਲਾਲ ਕਾਰਡ ਦਿਖਾਏ ਗਏ ਅਤੇ ਬਾਕੀ ਰਹਿੰਦਾ ਮੈਚ ਦੋਵਾਂ ਟੀਮਾਂ ਨੇ 8-8 ਖਿਡਾਰੀਆਂ ਨਾਲ ਖੇਡਿਆ। ਬੈਂਕ ਦੀ ਟੀਮ 6-3 ਨਾਲ ਮੈਚ ਜਿੱਤਣ 'ਚ ਸਫਲ ਰਹੀ। ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਹਿੰਸਕ ਵਰਤਾਰੇ ਨੂੰ ਦੇਖਦਿਆਂ ਨਹਿਰੂ ਹਾਕੀ ਪ੍ਰਬੰਧਕਾਂ ਨੇ ਪੰਜਾਬ ਪੁਲਿਸ ਦੀ ਟੀਮ 'ਤੇ ਆਪਣੇ ਵਕਾਰੀ ਟੂਰਨਾਮੈਂਟ 'ਚ ਖੇਡਣ 'ਤੇ 4 ਸਾਲ ਦੀ ਪਾਬੰਦੀ ਲਗਾ ਦਿੱਤੀ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਟੀਮ 'ਤੇ 2 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹਾਕੀ ਇੰਡੀਆ ਨੇ ਵੀ ਸਮੁੱਚੇ ਘਟਨਾਕ੍ਰਮ ਨੂੰ ਬੜੀ ਗੰਭੀਰਤਾ ਤੇ ਸਖ਼ਤ ਰਵੱਈਏ ਨਾਲ ਲਿਆ ਹੈ ਅਤੇ ਟੂਰਨਾਮੈਂਟ ਪ੍ਰਬੰਧਕਾਂ ਤੋਂ ਮਾਮਲੇ ਦੀ ਲਿਖਤੀ ਰਿਪੋਰਟ ਲੈਣ ਉਪਰੰਤ ਦੋਵਾਂ ਟੀਮਾਂ ਦੇ ਕੁਝ ਖਿਡਾਰੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਕਿਉਂ ਹਿੰਸਕ ਹੁੰਦੇ ਹਨ ਖਿਡਾਰੀ : ਭਾਰਤੀ ਖਿਡਾਰੀ ਅਕਸਰ ਹੀ ਖੇਡ ਮੈਦਾਨਾਂ 'ਚ ਹਿੰਸਕ ਹੋ ਜਾਂਦੇ ਹਨ। ਅੰਪਾਇਰਾਂ ਦੇ ਫੈਸਲਿਆਂ 'ਤੇ ਟੀਕਾ-ਟਿੱਪਣੀ ਕਰਨੀ ਤਾਂ ਆਮ ਜਿਹੀ ਗੱਲ ਹੈ ਅਤੇ ਦੋਵਾਂ ਟੀਮਾਂ ਦੇ ਖਿਡਾਰੀਆਂ ਦਾ ਆਪਸ 'ਚ ਭਿੜਨਾ ਵੀ ਸੁਭਾਅ ਦਾ ਹਿੱਸਾ ਬਣ ਗਿਆ ਹੈ। ਸਾਡੇ ਖਿਡਾਰੀ ਆਮ ਤੌਰ 'ਤੇ ਅੰਪਾਇਰਾਂ ਦੇ ਫੈਸਲੇ ਖਿਲਾਫ ਪਹਿਲਾਂ ਅੰਪਾਇਰ ਨਾਲ ਉਲਝਦੇ ਹਨ ਪਰ ਅੰਪਾਇਰ ਬਹਿਸ ਕਰਨ ਦੀ ਬਜਾਏ ਆਪਣੇ ਫੈਸਲੇ 'ਤੇ ਅਟੱਲ ਰਹਿੰਦੇ ਹਨ ਅਤੇ ਚੁੱਪ ਵੱਟ ਲੈਂਦੇ ਹਨ। ਇਸ ਉਪਰੰਤ ਖਿਡਾਰੀ ਆਪਸ 'ਚ ਖਹਿਬੜ ਪੈਂਦੇ ਹਨ ਅਤੇ ਮਾਮਲਾ ਹੱਥੋ-ਪਾਈ ਤੱਕ ਪੁੱਜ ਜਾਂਦਾ ਹੈ। ਇਸ ਤੋਂ ਇਲਾਵਾ ਸਾਡੇ ਖਿਡਾਰੀ ਮੈਚ ਦੌਰਾਨ ਇਕ-ਦੂਜੇ ਨਾਲ ਅਚਾਨਕ ਟਕਰਾ ਜਾਣ ਨੂੰ ਵੀ ਲੜਾਈ ਦਾ ਰੂਪ ਦੇ ਦਿੰਦੇ ਹਨ, ਜਿਸ ਨਾਲ ਮੈਦਾਨ 'ਚ ਬੈਠੇ ਦਰਸ਼ਕਾਂ ਨੂੰ ਬਹੁਤ ਨਿਰਾਸ਼ਾ ਹੁੰਦੀ ਹੈ। ਇਸ ਤਰ੍ਹਾਂ ਦੇ ਮਾਮਲਿਆਂ 'ਚੋਂ ਦੂਸਰੀ ਗੱਲ ਇਹ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸਾਡੇ ਜ਼ਿਆਦਾਤਰ ਖਿਡਾਰੀਆਂ 'ਚ ਸਹਿਣਸ਼ੀਲਤਾ ਨਹੀਂ ਹੈ, ਜਦੋਂ ਕਿ ਖੇਡਾਂ ਸਿਖਾਉਂਦੀਆਂ ਹੀ ਸ਼ਹਿਣਸ਼ੀਲਤਾ ਹਨ ਅਤੇ ਟੀਮ ਭਾਵਨਾ ਨਾਲ ਖੇਡਣ ਦਾ ਬਲ ਬਖਸ਼ਦੀਆਂ ਹਨ। ਵਿਦੇਸ਼ੀ ਖਿਡਾਰੀ ਜਦੋਂ ਮੈਦਾਨ 'ਚ ਉੱਤਰਦੇ ਹਨ ਤਾਂ ਉਹ ਹਿੰਸਕ ਨਹੀਂ ਹੁੰਦੇ, ਸਗੋਂ ਠੰਢੇ ਦਿਮਾਗ ਨਾਲ ਖੇਡਦੇ ਹਨ। ਪਰ ਸਾਡੇ ਖਿਡਾਰੀ ਕਦੇ ਵੀ ਉਨ੍ਹਾਂ ਤੋਂ ਸਬਕ ਨਹੀਂ ਲੈਂਦੇ। ਕਈ ਵਾਰ ਦਿਮਾਗ 'ਚ ਇਹ ਗੱਲ ਆਉਂਦੀ ਹੈ ਕਿ ਸਾਡੇ ਖਿਡਾਰੀਆਂ ਨੂੰ ਮਿਲਣ ਵਾਲੀਆਂ ਵੱਡੀਆਂ ਸਹੂਲਤਾਂ ਤੇ ਅਹੁਦੇ ਵੀ ਇਨ੍ਹਾਂ ਦੀ ਮਾਨਸਿਕਤਾ ਨੂੰ ਝਗੜਾਲੂ ਬਣਾ ਰਹੇ ਹਨ। ਵੱਡੇ-ਵੱਡੇ ਅਹੁਦਿਆਂ 'ਤੇ ਲੱਗੇ ਸਾਡੇ ਖਿਡਾਰੀ ਅਕਸਰ ਹੀ ਖੇਡਾਂ ਦੇ ਕਾਇਦੇ-ਕਾਨੂੰਨ ਤੋੜ ਕੇ ਹੋਰਨਾਂ ਖਿਡਾਰੀਆਂ ਦੀ ਕੁੱਟਮਾਰ ਕਰ ਦਿੰਦੇ ਹਨ।
ਨਵੀਂ ਪੀੜ੍ਹੀ 'ਤੇ ਅਸਰ : ਖੇਡ ਮੈਦਾਨਾਂ 'ਚ ਹੋਣ ਵਾਲੀਆਂ ਲੜਾਈਆਂ ਦਾ ਨਵੀਂ ਪੀੜ੍ਹੀ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਦਿੱਲੀ ਵਿਖੇ ਹੋਈ ਤਾਜ਼ਾ ਲੜਾਈ ਸਬੰਧੀ ਹਾਕੀ ਦੇ ਨਾਮਵਰ ਲਿਖਾਰੀ ਅਰੂਮੰਗਮ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਉਹ ਆਪਣੀ ਅਕੈਡਮੀ ਦੇ ਉੱਭਰਦੇ ਖਿਡਾਰੀਆਂ ਨੂੰ ਉਕਤ ਮੈਚ ਦਿਖਾਉਣ ਲਈ ਲੈ ਕੇ ਗਿਆ। ਉੱਭਰਦੇ ਖਿਡਾਰੀ ਆਪਣੇ ਦੇਸ਼ ਦੇ ਨਾਇਕ ਖਿਡਾਰੀਆਂ ਨੂੰ ਦੇਖਣ ਲਈ ਬੜੇ ਚਾਅ ਨਾਲ ਗਏ ਸਨ ਪਰ ਜਦੋਂ ਬੱਚਿਆਂ ਨੇ ਮੈਦਾਨ 'ਚ ਉਕਤ ਖਿਡਾਰੀਆਂ ਨੂੰ ਲੜਦੇ ਦੇਖਿਆ ਤਾਂ ਬਹੁਤ ਨਿਰਾਸ਼ ਹੋਏ ਅਤੇ ਉਨ੍ਹਾਂ ਦੇ ਮਨਾਂ 'ਚ ਆਪਣੇ ਨਾਇਕਾਂ ਦਾ ਅਕਸ ਬਦਲਣਾ ਸੁਭਾਵਿਕ ਹੀ ਹੈ। ਇਸ ਤਰ੍ਹਾਂ ਖੇਡ ਮੈਦਾਨਾਂ 'ਚ ਵਾਪਰਦੀ ਹਰੇਕ ਘਟਨਾ ਦਰਸ਼ਕਾਂ 'ਤੇ ਜ਼ਰੂਰ ਪ੍ਰਭਾਵ ਛੱਡਦੀ ਹੈ।
ਸਮਝਦਾਰ ਬਣਨ ਦੀ ਲੋੜ : ਸਾਡੇ ਮੁਲਕ ਦੇ ਖਿਡਾਰੀਆਂ ਨੂੰ ਚਾਹੀਦਾ ਹੈ ਕਿ ਉਹ ਖੇਡਾਂ ਦੇ ਅਸਲ ਮਨੋਰਥ ਸਮਝਣ। ਖੇਡਾਂ ਸਰੀਰ ਨੂੰ ਤੰਦਰੁਸਤ ਬਣਾਉਣ, ਆਪਸੀ ਸਾਂਝ ਵਧਾਉਣ, ਦਰਸ਼ਕਾਂ ਦਾ ਮਨੋਰੰਜਨ ਕਰਨ ਅਤੇ ਦੇਸ਼-ਵਿਦੇਸ਼ 'ਚ ਨਾਮਣਾ ਖੱਟਣ ਵਾਸਤੇ ਖੇਡੀਆਂ ਜਾਂਦੀਆਂ ਹਨ ਨਾ ਕਿ ਧੌਂਸ ਜਮਾਉਣ ਲਈ। ਦੂਸਰਾ ਮੁੱਦਾ ਜੇਕਰ ਸਾਡੇ ਖਿਡਾਰੀ ਖੇਡਾਂ ਨੂੰ ਸਿਰਫ ਜਿੱਤ-ਹਾਰ ਲਈ ਖੇਡਦੇ ਹਨ ਤਾਂ ਅਜਿਹੀਆਂ ਘਟਨਾਵਾਂ ਵਾਪਰਨੀਆਂ ਸੁਭਾਵਿਕ ਹੀ ਹਨ। ਜੇਕਰ ਸਾਡੇ ਖਿਡਾਰੀ ਖੇਡ ਭਾਵਨਾ 'ਚ ਰਹਿ ਕੇ, ਆਪਣੀ ਖੇਡ ਕਾਰਗੁਜ਼ਾਰੀ ਦਾ ਸੌ ਫੀਸਦੀ ਦੇਣ ਦੀ ਨੀਅਤ ਨਾਲ ਖੇਡਣਗੇ ਤਾਂ ਕਦੇ ਵੀ ਮੈਦਾਨਾਂ 'ਚ ਹਿੰਸਕ ਨਹੀਂ ਹੋਣਗੇ। ਅਖੀਰ 'ਚ ਤਾਂ ਸਾਡੇ ਖਿਡਾਰੀਆਂ ਨੂੰ ਨੱਥ ਪਾਉਣ ਲਈ ਪਾਬੰਦੀਆਂ ਤੇ ਜੁਰਮਾਨੇ ਹੀ ਰਹਿ ਜਾਂਦੇ ਹਨ। ਖਿਡਾਰੀਆਂ ਨੂੰ ਚਾਹੀਦਾ ਹੈ ਕਿ ਉਹ ਹਿੰਸਕ ਰਵੱਈਆ ਤਿਆਗ ਦੇਣ ਅਤੇ ਖੇਡਾਂ ਤੇ ਆਪਣੇ ਅਕਸ ਨੂੰ ਖਰਾਬ ਨਾ ਕਰਨ।


-ਪਟਿਆਲਾ। ਮੋਬਾ: 97795-90575

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX